Saturday, September 5, 2026

 ਆਸਾਂ ਦੀ ਖੁਦਾਈ
 ਗੁਆਚੀਆਂ ਨਹਿਰਾਂ ਦੇ ਲੱਭੇ ਸਿਰਨਾਵੇਂ
ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦੇ ਜਲ ਸਰੋਤ ਵਿਭਾਗ ਦੇ ਅਫਸਰ ਪਿਛਲੇ ਦਿਨੀਂ ਜ਼ਿਲ੍ਹਾ ਤਰਨ ਤਾਰਨ ਦੇ ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਲਈ ਕੋਈ ਹੱਲ ਲੱਭਣ ਗਏ ਸਨ ਪਰ ਅੱਗਿਓਂ ਇੱਕ ਨਹਿਰ ਅਤੇ ਦੋ ਮਾਈਨਰਾਂ ਲੱਭ ਗਈਆਂ ਜਿਨ੍ਹਾਂ ਦਾ ਕਿਸੇ ਨੂੰ ਕੋਈ ਇਲਮ ਹੀ ਨਹੀਂ ਸੀ। ਮਹਿਕਮੇ ਨੇ ਹੁਣ ਇਨ੍ਹਾਂ ਦੀ ਖੁਦਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਦੀ ਬਹਾਲੀ ਨਾਲ ਦਰਜਨਾਂ ਪਿੰਡਾਂ ਦੇ 15 ਹਜ਼ਾਰ ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲ ਸਕੇਗਾ।ਪ੍ਰਾਪਤ ਵੇਰਵਿਆਂ ਅਨੁਸਾਰ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸੇ ਝੋਨੇ ਦੇ ਸੀਜ਼ਨ ਦੌਰਾਨ ਅਜਿਹੇ ਪਿੰਡਾਂ ਦੀ ਸ਼ਨਾਖ਼ਤ ਕੀਤੀ ਸੀ ਜਿੱਥੇ ਬਿਜਲੀ ਦੀ ਖ਼ਪਤ ਜ਼ਿਆਦਾ ਨਜ਼ਰ ਆ ਰਹੀ ਹੈ। ਇਸ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ ਅਜਿਹੇ ਦਰਜਨਾਂ ਪਿੰਡ ਮਿਲੇ ਜਿੱਥੇ ਬਿਜਲੀ ਦੀ ਖ਼ਪਤ ਜ਼ਿਆਦਾ ਨਿਕਲੀ। ਅਸਲ ’ਚ ਮਹਿਕਮਾ ਇਨ੍ਹਾਂ ਪਿੰਡਾਂ ਲਈ ਨਹਿਰੀ ਪਾਣੀ ਦੀ ਵਿਉਂਤ ਬਣਾਉਣਾ ਚਾਹੁੰਦਾ ਸੀ ਪਰ ਅਫਸਰਾਂ ਨੂੰ ਇਨ੍ਹਾਂ ਪਿੰਡਾਂ ਵਿੱਚ ਜੋਧ ਸਿੰਘ ਰਜਵਾਹਾ, ਭੁੰਗਾਲਾ ਮਾਈਨਰ ਅਤੇ ਗੱਜਲ ਮਾਈਨਰ ਦਾ ਸੁਰਾਗ਼ ਮਿਲ ਗਿਆ। 

       ਜਦੋਂ ਅਫਸਰਾਂ ਨੇ ਪੈੜ ਨੱਪੀ ਤਾਂ ਇਸ ਰਜਵਾਹੇ ਤੇ ਮਾਈਨਰਾਂ ਦਾ ਮੌਕੇ ’ਤੇ ਕੋਈ ਵਜੂਦ ਹੀ ਨਹੀਂ ਸੀ। ਦੱਸਣਯੋਗ ਹੈ ਕਿ ਸਾਲ 2002 ’ਚ ਕਸੂਰ ਬਰਾਂਚ ’ਚੋਂ ਅੱਗੇ ਜੋਧ ਸਿੰਘ ਰਜਵਾਹਾ ਬਣਾਉਣ ਲਈ ਜ਼ਮੀਨ ਐਕੁਆਇਰ ਕੀਤੀ ਗਈ ਸੀ ਅਤੇ ਕਰੀਬ 15 ਕਿਲੋਮੀਟਰ ਇਸ ਰਜਵਾਹੇ ਦੀ ਲੰਬਾਈ ਸੀ। 45 ਹਜ਼ਾਰ ਫੁੱਟ ਲੰਮੇ ਬਣਨ ਵਾਲੇ ਇਸ ਰਜਵਾਹੇ ਦੀ ਕਰੀਬ 14 ਹਜ਼ਾਰ ਫੁੱਟ ਜ਼ਮੀਨ ’ਚ ਉਸਾਰੀ ਦਾ ਕੰਮ ਹੋ ਚੁੱਕਾ ਹੈ ਪਰ 24 ਸਾਲ ਤੋਂ ਇਸ ’ਚ ਕਦੇ ਪਾਣੀ ਚੱਲਿਆ ਹੀ ਨਹੀਂ। ਰਜਵਾਹੇ ਦਾ 1500 ਫੁੱਟ ਹਿੱਸਾ ਮਿੱਟੀ ਨਾਲ ਪੂਰਾ ਭਰਿਆ ਹੋਇਆ ਹੈ ਅਤੇ 12,500 ਫੁੱਟ ਹਿੱਸੇ ’ਚ 15 ਫੁੱਟ ਤੱਕ ਮਿੱਟੀ ਭਰੀ ਹੋਈ ਹੈ। ਜਿਸ ਹਿੱਸੇ ’ਚ ਰਜਵਾਹੇ ਦੀ ਹਾਲੇ ਉਸਾਰੀ ਸ਼ੁਰੂ ਨਹੀਂ ਹੋਈ, ਉਸ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਲ ਸਰੋਤ ਵਿਭਾਗ ਨੇ ਇਸ ਰਜਵਾਹੇ ਦੀ ਨਿਸ਼ਾਨਦੇਹੀ ਕਰਾ ਲਈ ਹੈ ਅਤੇ ਖੁਦਾਈ ਸ਼ੁਰੂ ਕਰ ਦਿੱਤੀ ਹੈ। ਖ਼ਾਸ ਗੱਲ ਇਹ ਕਿ ਐਕੁਆਇਰ ਕੀਤੀ ਜ਼ਮੀਨ ਦਾ ਪੈਸਾ ਲੋਕ ਲੈ ਚੁੱਕੇ ਹਨ।

      ਅੱਗੇ ਇਸੇ ਰਜਵਾਹੇ ’ਚੋਂ ਇੱਕ ਢਾਈ ਕਿਲੋਮੀਟਰ ਲੰਬੀ ਭੰਗਾਲਾ ਮਾਈਨਰ ਅਤੇ ਸਵਾ ਸੱਤ ਕਿੱਲੋਮੀਟਰ ਲੰਬੀ ਗੱਜਲ ਮਾਈਨਰ ਨਿਕਲਣੀ ਸੀ। ਇਨ੍ਹਾਂ ਦੋਵੇਂ ਮਾਈਨਰਾਂ ਦਾ ਵੀ ਕੋਈ ਵਜੂਦ ਨਹੀਂ ਹੈ ਅਤੇ ਇਨ੍ਹਾਂ ਮਾਈਨਰਾਂ ਵਾਲੀ ਜ਼ਮੀਨ ’ਤੇ ਕਿਸਾਨ ਖੇਤੀ ਕਰ ਰਹੇ ਹਨ। ਇਸ ਰਜਵਾਹੇ ਤੇ ਮਾਈਨਰਾਂ ਦੀ ਪੁਟਾਈ ਹੋਣ ਮਗਰੋਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੋਟਲੀ ਵਸਾਵਾ, ਗੱਜਲ, ਬਹਾਦਰ ਨਗਰ, ਜੋਧ ਸਿੰਘ ਵਾਲਾ, ਤਲਵੰਡੀ, ਝੁੱਗੀਆਂ ਪੀਰ ਬਖਸ਼, ਤੂਤ, ਰਾਮ ਸਿੰਘ ਵਾਲਾ ਆਦਿ ਦੇ 15 ਹਜ਼ਾਰ ਏਕੜ ਰਕਬੇ ਨੂੰ ਪਾਣੀ ਮਿਲੇਗਾ। ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਤਰਨ ਤਾਰਨ ’ਚ 2.2 ਕਿਲੋਮੀਟਰ ਲੰਬਾ ਸਰਹਾਲੀ ਰਜਵਾਹਾ ਲੱਭਿਆ ਸੀ ਜਿਸ ਦੀ ਬਹਾਲੀ ਮਗਰੋਂ 4737 ਏਕੜ ਰਕਬੇ ਨੂੰ ਪਾਣੀ ਮਿਲਣ ਲੱਗਿਆ ਹੈ। ਪੱਟੀ ਹਲਕੇ ’ਚ ਇੱਕ ਡੂਮਨੀਵਾਲਾ ਰਜਵਾਹਾ ਲੱਭਿਆ ਸੀ। ਜ਼ਿਲ੍ਹਾ ਤਰਨ ਤਾਰਨ ’ਚ ਹੁਣ ਤੱਕ 23 ਰਜਵਾਹੇ ਤੇ ਮਾਈਨਰਾਂ ਦੀ ਬਹਾਲੀ ਕੀਤੀ ਗਈ ਹੈ ਜਿਨ੍ਹਾਂ ਦੀ ਲੰਬਾਈ ਕਰੀਬ 71 ਕਿਲੋਮੀਟਰ ਬਣਦੀ ਹੈ ਇਸ ਤੋਂ ਇਲਾਵਾ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ’ਚ ਵੀ ਇੱਕ ਮਾਈਨਰ ਲੱਭੀ ਹੈ ਜਿਸ ਦੀ ਖੁਦਾਈ ਦਾ ਕੰਮ ਹਾਲੇ ਸ਼ੁਰੂ ਕੀਤਾ ਜਾਣਾ ਹੈ।

No comments:

Post a Comment