Wednesday, February 28, 2018

                                                         ਕਿਧਰ ਜਾਈਏ..
                     ਜ਼ਿੰਦਗੀ ਦਾ ਖੇੜਾ ਮੁੱਕਿਆ, ਡੇਰੇ ਦੁੱਖਾਂ ਨੇ ਵਿਹੜੇ ਵਿਚ ਲਾਏ
                                                          ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ’ਚ ‘ਪੱਕੇ ਮੋਰਚੇ’ ਚੋਂ ਨਿੱਤ ਇਹੋ ਗੂੰਜ ਉੱਠਦੀ ਹੈ, ‘ਨਾ ਖੋਹ ਨੌਕਰੀ,ਅਸੀਂ ਨੀ ਪੱਕੇ, ਸਾਡੇ ਪੱਲੇ ਨਾ ਪਾ ਧੱਕੇ’। 58 ਦਿਨਾਂ ਮਗਰੋਂ ਵੀ ਇਹ ਗੂੰਜ ਸਰਕਾਰੀ ਦਰਬਾਰ ਨੂੰ ਨਹੀਂ ਸੁਣੀ। ਨਾਅਰੇ ਮਾਰਨ ਵਾਲੇ ਕਿਸੇ ਹੱਥ ’ਚ ਡਿਪਲੋਮਾ ਹੈ ਤੇ ਕਿਸੇ ਹੱਥ ’ਚ ਡਿਗਰੀ। ਸਭਨਾਂ ਕੋਲ ਜਜ਼ਬਾ ਹੈ, ਯੋਗਤਾ ਹੈ, ਜੋਸ਼ ਦੀ ਕੋਈ ਕਮੀ ਨਹੀਂ, ਇੱਕੋ ਮਲਾਲ ਹੈ ਕਿ ਬਠਿੰਡਾ ਥਰਮਲ ਦੇ ਝਟਕੇ ਨੇ ਜ਼ਿੰਦਗੀ ਦਾ ਖੇੜਾ ਉਜਾੜ ਦਿੱਤਾ ਹੈ। ਦੂਸਰੇ ਬੰਨੇ੍ਹ ਪੰਜਾਬ ’ਚ ਅੱਜ ਕੱਲ੍ਹ ਕਈ ਸ਼ਹਿਰਾਂ ’ਚ ਸਰਕਾਰੀ ਤੰਬੂ ਲੱਗੇ ਹੋਏ ਹਨ ਜਿਨ੍ਹਾਂ ’ਤੇ ‘ਨੌਕਰੀ ਮੇਲਾ’ ਦੇ ਬੈਨਰ ਸਜੇ ਹੋਏ ਹਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਆਖਦੇ ਹਨ ‘ਇੱਕੋ ਵਰੇ੍ਹ ’ਚ 35 ਹਜ਼ਾਰ ਨੂੰ ਨੌਕਰੀ ਦੇਵਾਂਗੇ’। ਪਹਿਲੀ ਜਨਵਰੀ ਤੋਂ ਇੱਥੇ ਸਕੱਤਰੇਤ ਅੱਗੇ ਮੋਰਚੇ ’ਚ ਡਟੇ ਨੌਜਵਾਨ ਭੰਬਲਭੂਸੇ ’ਚ ਹਨ। ਦਰਜਨਾਂ ਨੌਜਵਾਨ ਕਦੇ ਬੰਦ ਕੀਤੇ ਥਰਮਲ ਵੱਲ ਵੇਖਦੇ ਹਨ ਤੇ ਕਦੇ ‘ਨੌਕਰੀ ਮੇਲੇ’ ਦੇ ਸਜੇ ਸਟਾਲਾਂ ਵੱਲ। ਤਾਂਹੀਓਂ, ਲੀਡਰਾਂ ਦਾ ਖੇਡ ਤਮਾਸ਼ਾ ਉਨ੍ਹਾਂ ਦੀ ਸਮਝੋਂ ਬਾਹਰ ਹੈ। ਬਠਿੰਡਾ ਥਰਮਲ ਦੀ ਬੰਦੀ ਨੇ 635 ਕੱਚੇ ਕਾਮਿਆਂ ਦੇ ਰੁਜ਼ਗਾਰ ਨੂੰ ਸੱਟ ਮਾਰੀ ਹੈ ਜੋ ਹੁਣ ਸੜਕਾਂ ਤੇ ਉੱਤਰੇ ਹੋਏ ਹਨ।
                     ਬਠਿੰਡਾ ਦੇ ਆਦਰਸ਼ ਨਗਰ ਦੇ ਰਵਿੰਦਰ ਸਿੰਘ ਕੋਲ 75 ਫ਼ੀਸਦੀ ਅੰਕਾਂ ਨਾਲ ਇਲੈਕਟ੍ਰੀਕਲ ਦੀ ਡਿਗਰੀ ਹੈ ਜੋ ਢਾਈ ਵਰ੍ਹਿਆਂ ਤੋਂ ਥਰਮਲ ’ਚ ਮਹਿਜ਼ 6500 ਰੁਪਏ ਦਾ ਨੌਕਰੀ ਕਰ ਰਿਹਾ ਸੀ। ਜਦੋਂ ਉਸ ਦੇ ਘਰ ਢਾਈ ਮਹੀਨੇ ਪਹਿਲਾਂ ਬੇਟੇ ਗੁਰਫਤਹਿ ਸਿੰਘ ਨੇ ਜਨਮ ਲਿਆ ਤਾਂ ਉਸ ਨੂੰ ਸਾਰਾ ਜਹਾਨ ਮੁੱਠੀ ’ਚ ਜਾਪਿਆ। 15 ਦਿਨਾਂ ਪਿੱਛੋਂ ਥਰਮਲ ਬੰਦੀ ਦਾ ਸੁਨੇਹਾ ਆ ਗਿਆ, ਸਭ ਕੱੁਝ ਮੁੱਠੀ ਚੋਂ ਰੇਤ ਵਾਂਗ ਕਿਰ ਗਿਆ। ਡਿਗਰੀ ਹੋਲਡਰ ਰਵਿੰਦਰ ਸਿੰਘ ਸਰਕਾਰੀ ਨਜ਼ਰ ’ਚ ਥਰਮਲ ਦਾ ‘ਕੱਚਾ ਕਾਮਾ’ ਹੈ। ਗਿੱਲਪੱਤੀ ਦਾ ਗੁਰਜੀਤ ਸਿੰਘ ਡਿਪਲੋਮਾ ਹੋਲਡਰ ਹੈ ਤੇ ਡਿਗਰੀ ਕਰ ਰਿਹਾ ਹੈ। ਸਾਢੇ ਤਿੰਨ ਵਰ੍ਹਿਆਂ ਤੋਂ ਥਰਮਲ ’ਚ ਡਿਊਟੀ ਤੇ ਸੀ ਪਰ ਹੁਣ ਸੜਕ ਤੇ ਹੈ। ਨੌਕਰੀ ਬਚਾਉਣ ਲਈ ਨਾਅਰੇ ਵੀ ਮਾਰ ਰਿਹਾ ਹੈ ਤੇ ਨਾਲ ਹੀ ਉਸ ਨੇ ਆਈਲੈਟਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹ ਆਖਦਾ ਹੈ ਕਿ ਜਦੋਂ ਸਰਕਾਰ ਦੀ ਨੀਅਤ ’ਚ ਖੋਟ ਹੈ ਤਾਂ ਇੱਥੇ ਰਹਿਣ ਦਾ ਵੀ ਕੋਈ ਹੱਜ ਨਹੀਂ। ਉਹ ਵਿਦੇਸ਼ ਜਾਣ ਲਈ ਪਾਪੜ ਵੇਲਣ ਲੱਗਾ ਹੈ।
                  ਇਵੇਂ ਹੀ ਦਵਿੰਦਰ ਸਿੰਘ ਦੀ ਜ਼ਿੰਦਗੀ ਚੋਂ ਥਰਮਲ ਨੂੰ ਲੱਗੇ ਤਾਲੇ ਨੇ ਸਭ ਚੋਜ ਮੁੱਕਾ ਦਿੱਤੇ ਹਨ। ਉਹ 70 ਫ਼ੀਸਦੀ ਅੰਕਾਂ ਨਾਲ ਕੀਤੀ ਡਿਗਰੀ ਦਿਖਾਉਂਦਾ ਹੈ ਪ੍ਰੰਤੂ ਭਵਿੱਖ ਦਾ ਉਹ ਕੋਈ ਨਕਸ਼ਾ ਨਹੀਂ ਦਿਖਾ ਸਕਿਆ। ਆਖਦਾ ਹੈ ਕਿ ਇੱਕ ਦਫ਼ਾ ਸੜਕ ਤੇ ਆ ਗਏ ਹਾਂ, ਬਾਕੀ ਉਮੀਦ ਹਾਲੇ ਮਰੀ ਨਹੀਂ ਹੈ। ਇਹ ਨੌਜਵਾਨ ਵੀ ਹੁਣ ਵਿਦੇਸ਼ ਜਾਣ ਬਾਰੇ ਸੋਚਣ ਲੱਗਾ ਹੈ। ਇਨ੍ਹਾਂ ਨੌਜਵਾਨਾਂ ਦੇ ਹਿੱਸੇ ਤਾਂ ਥਰਮਲ ਦਾ ‘ਕੱਚਾ ਕਾਮਾ’ ਬਣਨਾ ਵੀ ਨਹੀਂ ਆਇਆ। ਅਬੋਹਰ ਦਾ ਸੁਨੀਲ ਕੁਮਾਰ ‘ਕੱਚਾ ਕਾਮਾ’ ਹੈ ਪ੍ਰੰਤੂ ਉਹ ਡਿਗਰੀ ਹੋਲਡਰ ਹੈ। ਸਭ ਉਸ ਨੂੰ ‘ਇੰਜੀਨੀਅਰ’ ਆਖਦੇ ਹਨ ਲੇਕਿਨ ਉਹ ‘ਕੱਚੀ ਨੌਕਰੀ’ ਬਚਾਉਣ ਲਈ 58 ਦਿਨਾਂ ਤੋਂ ਮੋਰਚੇ ’ਤੇ ਡਟਿਆ ਹੋਇਆ ਹੈ। ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਨੇ ਹੁਣ ਹੋਰ ਪ੍ਰੀਖਿਆਵਾਂ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਮਹਿਮਾ ਸਰਜਾ ਦਾ ਅਰਸ਼ਦੀਪ ਹੁਣ ਫ਼ਰਸ਼ ਤੇ ਹੈ ਜਿਸ ਕੋਲ 75 ਫ਼ੀਸਦੀ ਅੰਕਾਂ ਵਾਲੀ ਮਕੈਨੀਕਲ ਦੀ ਡਿਗਰੀ ਹੈ। ਉਹ ਆਖਦਾ ਹੈ ਕਿ ਥਰਮਲ ਚੋਂ 7500 ਰੁਪਏ ਤਨਖ਼ਾਹ ਮਿਲਦੀ ਸੀ। ਸਰਕਾਰ ਨੇ ਥਰਮਲ ਬੰਦ ਕਰਦੇ ਉਨ੍ਹਾਂ ਦੀ ਜ਼ਿੰਦਗੀ ਨੂੰ ਹਨੇਰ ਗੁਫ਼ਾ ’ਚ ਧੱਕ ਦਿੱਤਾ ਹੈ।
                   ਇਨ੍ਹਾਂ ਨੌਜਵਾਨਾਂ ਦੇ ਮਾਪੇ ਫ਼ਿਕਰਮੰਦ ਹਨ ਜਿਨ੍ਹਾਂ ਨੇ ਗੁਰਬਤਾਂ ਨਾਲ ਟੱਕਰ ਲੈ ਕੇ ਬੱਚੇ ਪੜਾਏ ਸਨ। ‘ਪੱਕੇ ਮੋਰਚੇ’ ’ਚ ਇਨ੍ਹਾਂ ਨੌਜਵਾਨਾਂ ਦੇ ਮਾਪੇ ਵੀ ਪੁੱਜਦੇ ਹਨ। ਕਿਸੇ ਦੀ ਮਾਂ, ਕਿਸੇ ਦੀ ਦਾਦੀ ਤੇ ਕਿਸੇ ਦੀ ਪਤਨੀ, ਲੋਕ ਤਾਕਤ ਦਾ ਹਿੱਸਾ ਬਣਦੀ ਹੈ। ਮਾਪੇ ਆਖਦੇ ਹਨ ਕਿ ਉਨ੍ਹਾਂ ਨੇ ਬੱਚੇ ਸੜਕਾਂ ਤੇ ਨਾਅਰੇ ਮਾਰਨ ਲਈ ਨਹੀਂ ਪੜਾਏ ਸਨ। ਸਭਨਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕੋ ਮਿਹਣਾ ਸੀ, ‘ ਘਰ ਘਰ ਨੌਕਰੀ ਤਾਂ ਕੀ ਦੇਣੀ ਸੀ, ਜੋ ਕੱਚੀ ਪੱਕੀ ਸੀ, ਉਹ ਵੀ ਖੋਹ ਲਈ।’ ਉਨ੍ਹਾਂ ਆਖਿਆ ਕਿ ਖ਼ਜ਼ਾਨਾ ਮੰਤਰੀ ਦੀ ਜ਼ਮੀਰ ਤਾਂ ਗਿਰਗਿਟ ਵਾਂਗ ਜਾਪਦੀ ਹੈ, ਜਿਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਥਰਮਲ ਦਾ ਮੋਹ ਜਾਗਦਾ ਸੀ, ਕੁਰਸੀ ਮਿਲਣ ਮਗਰੋਂ ਮਨ ਨਿਰਮੋਹਾ ਹੋ ਗਿਆ। ਦਰਜਨਾਂ ਨੌਜਵਾਨਾਂ ਕੋਲ ਉੱਚ ਡਿਗਰੀਆਂ ਹਨ ਤੇ ਡਿਪਲੋਮੇ ਵੀ ਹਨ। ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਵਿਜੇ ਕੁਮਾਰ ਦਾ ਕਹਿਣਾ ਸੀ ਕਿ ਸਰਕਾਰ ਨੇ ਫੋਕਾ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ।
                  ਰੁਜ਼ਗਾਰ ਦੇਣਾ ਤਾਂ ਕੀ ਸੀ, ਉਲਟਾ ਉਨ੍ਹਾਂ ਨੂੰ ਨੀਲੇ ਅਸਮਾਨ ਹੇਠ ਕਰ ਦਿੱਤਾ ਹੈ। ਉਹ ਆਖਦਾ ਕਿ ਸੰਘਰਸ਼ ਨੂੰ ਸੁੱਕਾ ਨਹੀਂ ਜਾਣ ਦਿਆਂਗੇ। ਮੁਲਾਜ਼ਮਾਂ ਤੋਂ ਰੋਟੀ ਖੋਹਣ ਵਾਲਿਆਂ ਦੇ ਮੂੰਹ ਵਿਚ ਰੋਟੀ ਕਿਵੇਂ ਫਲਾਉਣੀ ਹੈ, ਮੁਲਾਜ਼ਮਾਂ ਦਾ ਸਿਰੜੀ ਸੰਘਰਸ਼ ਜਲਦੀ ਦੱਸੇਗਾ।  ਦੱਸਣਯੋਗ ਹੈ ਕਿ ਸਰਕਾਰ ਨੇ ਬਠਿੰਡਾ ਥਰਮਲ ਵਿਚ ਕੰਮ ਕਰਦੇ ਪੱਕੇ ਮੁਲਾਜ਼ਮਾਂ ਦੇ ਤਬਾਦਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਚੋਂ ਕਾਫ਼ੀ ਲਹਿਰਾ ਮੁਹੱਬਤ ਵਿਖੇ ਜੁਆਇਨ ਵੀ ਕਰ ਗਏ ਹਨ। ਤਾਲਮੇਲ ਮੁਲਾਜ਼ਮ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਰਕਾਰ ਤੇ ਮੈਨੇਜਮੈਂਟ ਨੇ ਕੋਈ ਠੋਸ ਪੱਲਾ ਨਹੀਂ ਫੜਾਇਆ ਹੈ ਅਤੇ ਸਰਕਾਰ ਸਿਰਫ਼ ਪ੍ਰਾਈਵੇਟ ਕੰਪਨੀਆਂ ਦੇ ਮੁਨਾਫ਼ੇ ਖ਼ਾਤਰ ਮੁਲਾਜ਼ਮਾਂ ਦੇ ਹਿਤਾਂ ਨੂੰ ਦਾਅ ਤੇ ਲਾ ਰਹੀ ਹੈ। ਉਨ੍ਹਾਂ ਆਖਿਆ ਕਿ ਸੰਘਰਸ਼ ਜ਼ਰੂਰ ਰੰਗ ਲਿਆਏਗਾ।
                      ਦਾਨੀ ਸੱਜਣ ਅੱਗੇ ਆਏ
ਦਾਨੀ ਸੱਜਣਾਂ ਨੇ ਇਨ੍ਹਾਂ ਸੰਘਰਸ਼ੀ ਕਾਮਿਆਂ ਦੇ ਹੌਸਲੇ ਬੁਲੰਦ ਕੀਤੇ ਹੋਏ ਹਨ। ਬੀ.ਕੇ.ਯੂ ਦੇ ਆਗੂ ਸੁਰਮੁੱਖ ਸਿੰਘ ਨੇ ਬੀਤੇ ਕੱਲ੍ਹ ਪੰਜ ਬੋਰੀਆਂ ਆਲੂ ਇਕੱਠੇ ਕਰਕੇ ਇਸ ਮੋਰਚੇ ਦੇ ਲੰਗਰ ਵਾਸਤੇ ਭੇਜੇ ਹਨ । ਦਰਜਨਾਂ ਪਿੰਡਾਂ ਚੋਂ ਇਸ ਮੋਰਚੇ ਦੇ  ਲੰਗਰ ਵਿਚ ਦੁੱਧ ਅਤੇ ਸਬਜ਼ੀਆਂ ਵਗ਼ੈਰਾ ਰੋਜ਼ਾਨਾ ਆ ਰਹੀਆਂ ਹਨ। ਅੱਜ ਵੀ ਮੋਰਚੇ ਦੇ ਮੁਲਾਜ਼ਮ ਪਿੰਡਾਂ ਚੋ ਰਾਸ਼ਨ ਇਕੱਠਾ ਕਰਨ ਵਿਚ ਜੁਟੇ ਹੋਏ ਸਨ। ਸ਼ਹਿਰੀ ਵਪਾਰੀ ਵੀ ਇਨ੍ਹਾਂ ਮੁਲਾਜ਼ਮਾਂ ਦੀ ਹਮਾਇਤ ਵਿਚ ਤਿਲ ਫ਼ੁਲ ਮਦਦ ਕਰ ਰਹੇ ਹਨ।


Tuesday, February 27, 2018

                                                           ਬਠਿੰਡਾ ਥਰਮਲ
                            ਏਥੇ ਬਲਦੇ ਦੀਵੇ ਦੁੱਖਾਂ ਦੇ, ਨਾ ਹਾਕਮ ਭਰਨ ਹੁੰਗਾਰਾ
                                                            ਚਰਨਜੀਤ ਭੁੱਲਰ
ਬਠਿੰਡਾ : ਇਕੱਲਾ ਬਠਿੰਡਾ ਥਰਮਲ ਨੂੰ ਜਿੰਦਰਾ ਨਹੀਂ ਵੱਜਿਆ, ਸੈਂਕੜੇ ਪ੍ਰਵਾਰਾਂ ਦੇ ਘਰਾਂ ’ਚ ਘਾਹ ਉੱਗਿਆ ਹੈ। ਹੁਣ ਇਨ੍ਹਾਂ ਪ੍ਰਵਾਰਾਂ ਲਈ ਜ਼ਿੰਦਗੀ ਦਾ ਗਢੀਰਾ ਰੋੜ੍ਹਨਾ ਮੁਸ਼ਕਲ ਹੈ। ਕੈਪਟਨ ਹਕੂਮਤ ਨੇ ਇੱਕੋ ਕਲਮ ਝਰੀਟ ਕੇ ਇਨ੍ਹਾਂ ਪ੍ਰਵਾਰਾਂ ਦੀ ਜ਼ਿੰਦਗੀ ’ਚ ਨਵੀਂ ਛਿੰਗੜੀ ਛੇੜ ਦਿੱਤੀ। ਜਿਨ੍ਹਾਂ ਘਰਾਂ ’ਚ ਸੰਨਾਟੇ ਵਰਗੀ ਚੁੱਪ ਦਾ ਵਾਸਾ ਹੈ, ਉਨ੍ਹਾਂ ਕੋਲ ਸਿਰਫ਼ ਲੋਕ ਤਾਕਤ ਦਾ ਮੁੱਕਾ ਬਚਿਆ ਹੈ। ਦੱਸਣਯੋਗ ਹੈ ਕਿ ਬਠਿੰਡਾ ਥਰਮਲ ਦੇ ਬੰਦ ਕਰਨ ਦੇ ਫ਼ੈਸਲੇ ਨੇ 635 ਕੱਚੇ ਕਾਮਿਆਂ ਦਾ ਭਵਿੱਖ ਸੂਤ ਦਿੱਤਾ ਹੈ। ਪੂਰੇ 57 ਦਿਨਾਂ ਤੋਂ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਇਹ ਕੱਚੇ ਆਪਣੇ ਪ੍ਰਵਾਰਾਂ ਨਾਲ ‘ਪੱਕੇ ਮੋਰਚੇ’ ’ਚ ਬੈਠੇ ਹੋਏ ਹਨ। ਘਰ ਘਰ ਨੌਕਰੀ ਦੇਣ ਦੇ ਐਲਾਨ ਵਾਲੀ ਸਰਕਾਰ ਨੂੰ ਹਾਲੇ ਤੱਕ ਇਨ੍ਹਾਂ ਕਾਮਿਆਂ ਦਾ ਸੰਘਰਸ਼ੀ ਟੈਂਟ ਨਜ਼ਰ ਨਹੀਂ ਪਿਆ। ਜਦੋਂ ਇਨ੍ਹਾਂ ਕਾਮਿਆਂ ਨਾਲ ਘਰਾਂ ਦੇ ਦੁੱਖ ਫਰੋਲੇ ਗਏ ਤਾਂ ਉਨ੍ਹਾਂ ਦੇ ਮੂੰਹੋਂ ਇਹੋ ਨਿਕਲਿਆ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਤਾਂ ਉਨ੍ਹਾਂ ਦੇ ਅਰਮਾਨਾਂ ਦਾ ਗਾਟਾ ਹੀ ਵੱਢ ਦਿੱਤਾ ਹੈ।
                   ਮਹਿਮਾ ਸਰਜਾ ਦੇ ਕੱਚੇ ਕਾਮੇ ਜਗਸੀਰ ਸਿੰਘ ਲਈ ਉਦੋਂ ਹੀ ਬੋਦੀ ਵਾਲਾ ਤਾਰਾ ਚੜ ਗਿਆ ਸੀ ਜਦੋਂ ਥਰਮਲ ਨੂੰ ਪਹਿਲੀ ਜਨਵਰੀ ਤੋਂ ਬੰਦ ਕਰ ਦਿੱਤਾ ਸੀ। ਤਿੰਨ ਜਨਵਰੀ ਨੂੰ ਉਸ ਦੀ ਜੀਵਨ ਸਾਥਣ ਜ਼ਿੰਦਗੀ ਨੂੰ ਅਲਵਿਦਾ ਆਖ ਗਈ। ਇੱਕੋ ਵੇਲੇ ਦੁੱਖਾਂ ਦੇ ਦੋ ਪਹਾੜ ਡਿੱਗੇ। ਇਵੇਂ ਕੱਚੇ ਕਾਮੇ ਗਗਨਦੀਪ ਸਿੰਘ ਕੋਲੋਂ ਪਹਿਲਾਂ ਨੌਕਰੀ ਖੱੁਸ ਗਈ ਤੇ ਫਿਰ ਸੰਘਰਸ਼ ਦੇ ਦਿਨਾਂ ਦੌਰਾਨ ਉਸ ਦੀ ਮਾਂ ਉਰਮਿਲਾ ਜਹਾਨੋਂ ਚਲੀ ਗਈ। ਰੁਜ਼ਗਾਰ ਨਾ ਹੋਣ ਕਰਦੇ ਉਹ ਮਾਂ ਦਾ ਇਲਾਜ ਨਾ ਸਕਿਆ। ਇਹੋ ਝੋਰਾ ਉਸ ਨੂੰ ਪੂਰੀ ਜ਼ਿੰਦਗੀ ਚੋਭ ਮਾਰੇਗਾ। ਥਰਮਲ ਕਾਮਾ ਪ੍ਰਸ਼ੋਤਮ ਦਾਸ ਆਪਣੇ ਖੋਟੇ ਭਾਗਾਂ ਨੂੰ ਕੋਸਦਾ ਹੈ। ਥਰਮਲ ਬੰਦੀ ਮਗਰੋਂ ਉਹ ਆਪਣੀ ਲੜਕੀ ਕੰਚਨ ਰਾਣੀ ਨੂੰ ਨਰਸਿੰਗ ਕੋਰਸ ’ਚ ਕਿਸੇ ਤਣ ਪਤਨ ਨਹੀਂ ਲਾ ਸਕਿਆ। ਉਸ ਨੇ ਦੱਸਿਆ ਕਿ ਡੇਢ ਸਾਲ ਦਾ ਕੋਰਸ ਹੋ ਚੁੱਕਾ ਹੈ ਅਤੇ ਹੁਣ 70 ਹਜ਼ਾਰ ਫ਼ੀਸ ਦੀ ਲੋੜ ਹੈ। ਅੱਧ ਵਿਚਾਲੇ ਕੋਰਸ ਛਡਵਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ। ਕੰਚਨ ਰਾਣੀ ਦੀ ਸੱਧਰ ਤੇ ਥਰਮਲ ਨੇ ਅਣਕਿਆਸੀ ਕਾਲਖ ਫੇਰ ਦਿੱਤੀ ਹੈ।
                   ਮੁਲਾਜ਼ਮ ਸੁਰਿੰਦਰ ਕੁਮਾਰ ਉਦੋਂ ਗੱਚ ਭਰ ਲੈਂਦਾ ਹੈ ਜਦੋਂ ਉਹ ਆਪਣੀਆਂ ਸਕੂਲ ਪੜ੍ਹਦੀਆਂ ਧੀਆਂ ਦੇ ਬੂਟ ਫਟੇ ਹੋਣ ਦੀ ਗੱਲ ਕਰਦਾ ਹੈ। ਨਾਲ ਹੀ ਮਾਂ ਦੇ ਫਰੈਕਚਰ ਹੋਏ ਪੈਰ ਦਾ ਦਰਦ ਬਿਆਨਦਾ ਹੈ। ਆਖਦਾ ਹੈ ਕਿ ਮਾਂ ਨੇ ਪੈਰਾਂ ਨਾਲ ਲੀਰਾਂ ਲਪੇਟ ਲਈਆਂ ਹਨ, ਦਰਦ ਦੀ ਚੀਸ ਨੂੰ ਮਾਂ ਥਰਮਲ ਬੰਦੀ ਦੇ ਫੱਟ ਤੋਂ ਛੋਟਾ ਆਖਦੀ ਹੈ। ਮੁਲਾਜ਼ਮ ਰਾਮ ਵਰੁਣ ਨੂੰ ਇਹੋ ਮਲਾਲ ਹੈ ਕਿ ਉਸ ਦੀਆਂ ਦੋਵੇਂ ਧੀਆਂ ਨੂੰ ਕਾਲਜ ਪ੍ਰਬੰਧਕਾਂ ਨੇ ਫ਼ੀਸ ਭਰੇ ਬਿਨਾਂ ਪ੍ਰੀਖਿਆ ਵਿਚ ਨਹੀਂ ਬੈਠਣ ਦੇਣਾ। ਰਾਮ ਵਰੁਣ ਆਖਦਾ ਹੈ ਕਿ ਕਿਧਰੋਂ ਪੈਸੇ ਨਾ ਜੁੜੇ ਤਾਂ ਧੀ ਡੋਲੀ ਤੇ ਖ਼ੁਸ਼ੀ ਸਮੇਂ ਦੀ ਰਮਜ਼ ਨੂੰ ਸਮਝ ਲੈਣਗੀਆਂ ਕਿ ਹਾਕਮਾਂ ਲਈ ਹਰ ਧੀ ਭੈਣ ਇੱਕ ਨਹੀਂ ਹੁੰਦੀ। ਮੁਲਾਜ਼ਮ ਆਗੂ ਵਿਜੇ ਕੁਮਾਰ ਖ਼ੁਦ ਦੱਸਦਾ ਹੈ ਕਿ ਰੁਜ਼ਗਾਰ ਖੱੁਸ ਗਿਆ ਤੇ ਮਕਾਨ ਮਾਲਕ ਦਾ ਕਿਰਾਇਆ ਨਹੀਂ ਤਾਰਿਆ ਗਿਆ। ਦੁਕਾਨਦਾਰ ਨੇ ਰਾਸ਼ਨ ਦੇਣਾ ਬੰਦ ਕਰ ਦਿੱਤਾ। ਅਖੀਰ ਪਤਨੀ ਦੇ ਗਹਿਣੇ 6500 ਰੁਪਏ ਵਿਚ ਗਿਰਵੀ ਰੱਖੇ ਹਨ।
                  ਕਾਮਤਾ ਪ੍ਰਸ਼ਾਦ ਤੇ ਉਸ ਦਾ ਲੜਕਾ ਸੁਰੇਸ਼ ਕੁਮਾਰ ਦੋਵੇਂ ਥਰਮਲ ਬੰਦੀ ਨੇ ਵਿਹਲੇ ਕਰ ਦਿੱਤੇ ਹਨ। ਦੋਵੇਂ ਹੁਣ ਸੰਘਰਸ਼ੀ ਪਿੜ ਚੋਂ ਠੰਢਾ ਬੱੁਲ੍ਹਾ ਉਡੀਕ ਰਹੇ ਹਨ। ਕਾਮਤਾ ਪ੍ਰਸ਼ਾਦ ਨੇ ਦੱਸਿਆ ਕਿ ਉਸ ਨੂੰ ਇਸ ਮਹੀਨੇ ਆਪਣਾ ਸਾਈਕਲ 500 ਰੁਪਏ ਵਿਚ ਵੇਚ ਕੇ ਘਰ ਦਾ ਰਾਸ਼ਨ ਲੈਣਾ ਪਿਆ ਹੈ। ਮੁਲਾਜ਼ਮ ਤਿਲਕ ਰਾਜ ਜਦੋਂ ਸੰਘਰਸ਼ੀ ਰਾਹ ਤੇ ਪੈ ਗਿਆ ਤਾਂ ਪਿੱਛੋਂ ਉਸ ਦੀਆਂ ਤਿੰਨ ਬੱਕਰੀਆਂ ਮਰ ਗਈਆਂ। ਉਸ ਕੋਲ ਹੁਣ ਕੋਈ ਢਾਰਸ ਨਹੀਂ ਬਚੀ ਹੈ। ਮਾਲੀ ਤੰਗੀਆਂ ਇਨ੍ਹਾਂ ਕਾਮਿਆਂ ਦੀ ਪ੍ਰੀਖਿਆ ਲੈ ਰਹੀਆਂ ਹਨ। ਇਨ੍ਹਾਂ ਕਾਮਿਆਂ ਦੇ ਹੱਥ ਤਾਂ ਖ਼ਾਲੀ ਹਨ ਪ੍ਰੰਤੂ ਇਨ੍ਹਾਂ ਦੇ ਮੁੱਕੇ ਤਣੇ ਹੋਏ ਹਨ। ਸੰਘਰਸ਼ੀ ਜਿੱਤ ਦਾ ਭਰੋਸਾ ਉਨ੍ਹਾਂ ਨੂੰ ਡੋਲਣ ਨਹੀਂ ਦੇ ਰਿਹਾ। ਰਾਮ ਲਾਲ ਦਾ ਚੌਥੀ ਵਿਚ ਪੜਦਾ ਬੇਟਾ ਵਰੁਣ ਦਿਲ ਦਾ ਮਰੀਜ਼ ਹੈ। ਇਹ ਬੱਚਾ ਰੋਸ ਮਾਰਚਾਂ ’ਚ ਉੱਚੀ ਉੱਚੀ ਨਾਅਰਾ ਮਾਰਦਾ ਰਿਹਾ, ਅਖੀਰ ਉਸ ਦੀ ਸਮੱਸਿਆ ਵਧ ਗਈ। ਰਾਮ ਲਾਲ ਆਖਦਾ ਹੈ ਕਿ ਇਲਾਜ ਲਈ ਹੁਣ ਕਿਹੜਾ ਖੂਹ ਪੁਟਾ।
         ਕਾਮਿਆਂ ਦੇ ਤੰਬੂ ਨੇ ਕਦੇ ਡਿਪਟੀ ਕਮਿਸ਼ਨਰ ਨੂੰ ਕਦੇ ਨਹੀਂ ਹਲੂਣਿਆ ਜੋ ਦਿਨ ਵਿਚ ਕਈ ਕਈ ਵਾਰ ਇਸ ਤੰਬੂ ਕੋਲ ਲੰਘਦਾ ਹੈ। ਸਰਕਾਰ ਨੇ 57 ਦਿਨਾਂ ਮਗਰੋਂ ਵੀ ਆਪਣੀ ਚੁੱਪ ਨਹੀਂ ਤੋੜੀ ਹੈ। ਹਾਲਾਂਕਿ ਦਾਨੀ ਸੱਜਣ ਅਤੇ ਸ਼ਹਿਰੀ ਲੋਕ ਵੀ ਇਨ੍ਹਾਂ ਕਾਮਿਆਂ ਦੀ ਕਿਸੇ ਨਾ ਕਿਸੇ ਰੂਪ ਵਿਚ ਮਦਦ ਕਰ ਰਹੇ ਹਨ। ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਵਿਜੇ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ 57 ਦਿਨਾਂ ਵਿਚ ਸਰਕਾਰ ਤੋਂ ਸਿਰਫ਼ ਪੁਲੀਸ ਕੇਸ ਮਿਲੇ ਹਨ। ਰਾਜੇ ਦੀ ਹਕੂਮਤ ਨੇ ਤਾਂ ਉਨ੍ਹਾਂ ਦੇ ਰੋਸ ਮਾਰਚ ਨੂੰ ਖੇਡ ਤਮਾਸ਼ਾ ਹੀ ਸਮਝਿਆ ਹੈ। ਉਨ੍ਹਾਂ ਆਖਿਆ ਕਿ ਕਾਮੇ ਹਾਲੇ ਸਬਰ ਦਾ ਘੁੱਟ ਭਰੀ ਬੈਠੇ ਹਨ। ਜਰਨੈਲੀ ਪਹੇ ਤੋਂ ਉਤਰ ਗਏ ਤਾਂ ਸਰਕਾਰਾਂ ਨੂੰ ਵਾਹਣੀਂ ਪਾ ਲੈਣਗੇ।
                    ਰੁੱਤ ਟਿੱਕ ਕੇ ਬੈਠਣ ਦੀ ਨਹੀਂ : ਸੰਧੂ
ਤਾਲਮੇਲ ਮੁਲਾਜ਼ਮ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਖ਼ਜ਼ਾਨਾ ਮੰਤਰੀ ਨੇ ਤਾਂ ਇਨ੍ਹਾਂ ਕਾਮਿਆਂ ਨੂੰ ਪਹਿਲੇ ਹੱਲੇ ਹੀ ਪੰਜੀ ਦਾ ਭੌਣ ਦਿਖਾ ਦਿੱਤਾ ਹੈ।  ਮਨਪ੍ਰੀਤ ਬਾਦਲ ਚੋਣ ਪ੍ਰਚਾਰ ਦੌਰਾਨ ਆਖਦੇ ਸਨ ਕਿ ‘ਜਦੋਂ ਉਹ ਗਿੱਦੜਬਹੇ ਵਾਲੇ ਪਾਸਿਓ ਆਉਂਦੇ ਹਨ ਤਾਂ ਥਰਮਲ ਦੀਆਂ ਬੰਦ ਚਿਮਨੀਆਂ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ।’ ਇਨ੍ਹਾਂ ਚਿਮਨੀਆਂ ਚੋਂ ਧੂੰਆਂ ਜ਼ਰੂਰ ਨਿਕਲੇਗਾ, ਇਹ ਵਾਅਦਾ ਮਨਪ੍ਰੀਤ ਬਾਦਲ ਕਰਦੇ ਹੁੰਦੇ ਸਨ। ਹੁਣ ਵਿੱਤ ਮੰਤਰੀ ਨੇ ਹੀ ਬਠਿੰਡਾ ਕੋਲੋਂ ਵਿਰਾਸਤ ਖੋਹ ਲਈ, ਕਾਮਿਆਂ ਤੋਂ ਰੁਜ਼ਗਾਰ ਖੋਹ ਲਿਆ। ਰੁੱਤ ਹੁਣ ਟਿੱਕ ਕੇ ਬੈਠਣ ਦੀ ਨਹੀਂ ਰਹੀ।


Monday, February 26, 2018

                                                           ਗੁੱਝੇ ਭੇਤ..
                              ਅਰੂਸਾ ਦੇ ਆਲਮ ਬਾਰੇ ਹੋਈਆਂ ਚੁੱਪ ਸਰਕਾਰਾਂ !
                                                         ਚਰਨਜੀਤ ਭੁੱਲਰ
ਬਠਿੰਡਾ : ਮਹਿਮਾਨ ਦੋਸਤ ਅਰੂਸਾ ਆਲਮ ਦੀ ਠਹਿਰ ਦਾ ਗੁੱਝਾ ਭੇਤ ਖੁੱਲ੍ਹਣਾ ਮੁਸ਼ਕਲ ਜਾਪਦਾ ਹੈ। ਕੋਈ ਸਰਕਾਰ ਤੇ ਕੋਈ ਵੀ ਅਫ਼ਸਰ ਇਸ ਪਾਕਿਸਤਾਨੀ ਪਰੀ ਦਾ ਭੇਤ ਨਸ਼ਰ ਕਰਦੇ ਖ਼ਤਰਾ ਮੁੱਲ ਲੈਣ ਨੂੰ ਤਿਆਰ ਨਹੀਂ ਹੈ। ਚਰਚੇ ਇਹੋ ਚੱਲਦੇ ਹਨ ਕਿ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਦੀ ਦੋਸਤ ਅਰੂਸਾ ਆਲਮ ਭਾਰਤ ਫੇਰੀ ਮੌਕੇ ਚੰਡੀਗੜ੍ਹ ਠਹਿਰਦੀ ਹੈ ਜਾਂ ਫਿਰ ਹਿਮਾਚਲ ਪ੍ਰਦੇਸ਼ ਠਹਿਰ ਰੱਖਦੀ ਹੈ। ਜਦੋਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਆਰਟੀਆਈ ਤਹਿਤ ਇਸ ਪਾਕਿਸਤਾਨੀ ਮਹਿਮਾਨ ਦੀ ਪਹਿਲੀ ਜਨਵਰੀ 2016 ਤੋਂ ਹੁਣ ਤੱਕ ਠਹਿਰ ਬਾਰੇ ਪੁੱਛਿਆ ਤਾਂ ਸਰਕਾਰ ਨੇ ਇਸ ਦਾ ਜੁਆਬ ਹੀ ਦੇਣ ਤੋਂ ਕੰਨੀ ਵੱਟ ਲਈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਹਾੜੀ ਰਾਜ ਦੇ ਕੱੁਝ ਗੇੜਿਆਂ ਹੀ ਸੂਚਨਾ ਦਿੱਤੀ ਹੈ। ਜਦੋਂ ਯੂ.ਟੀ ਚੰਡੀਗੜ੍ਹ ਦੇ ਐਸ.ਐਸ.ਪੀ ਨੂੰ ਪਾਕਿਸਤਾਨੀ ਮਹਿਲਾ ਦੀ ਲੰਘੇ ਦੋ ਵਰ੍ਹਿਆਂ ਦੀ ਠਹਿਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਰ.ਟੀ. ਆਈ ਦੀ ਇਹ ਦਰਖਾਸਤ ਡੀ.ਐਸ.ਪੀ (ਸੀ.ਆਈ.ਡੀ), ਡੀ.ਐਸ.ਪੀ ਸਕਿਉਰਿਟੀ ਵਿੰਗ ਤੇ ਡੀ.ਐਸ.ਪੀ ਹੈੱਡਕੁਆਟਰ ਕੋਲ ਭੇਜ ਦਿੱਤੀ।
                   ਡੀ.ਐਸ.ਪੀ (ਸੀਆਈਡੀ) ਯੂ.ਟੀ ਚੰਡੀਗੜ੍ਹ ਨੇ 21 ਫਰਵਰੀ ਨੂੰ ਪੱਤਰ ਨੰਬਰ 201 ਤਹਿਤ ਪਾਕਿਸਤਾਨੀ ਮਹਿਲਾ ਦੀ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਇਸ ਦਾ ਤੁਅੱਲਕ ਬਿਊਰੋ ਆਫ ਇਮੀਗਰੇਸ਼ਨ ਨਾਲ ਹੈ ਅਤੇ ਆਰਟੀਆਈ ਐਕਟ 2005 ਤਹਿਤ ਬਿਊਰੋ ਆਫ ਇਮੀਗਰੇਸ਼ਨ ਨੂੰ ਛੋਟ ਮਿਲੀ ਹੋਈ ਹੈ। ਯੂ.ਟੀ ਪੁਲੀਸ ਨੇ ਛੋਟ ਦੀ ਹਵਾਲਾ ਦੇ ਕੇ ਪਾਕਿਸਤਾਨੀ ਮਹਿਲਾ ਦੀ ਠਹਿਰ ਦੇ ਪਤੇ ਟਿਕਾਣੇ, ਠਹਿਰਨ ਦੀ ਤਰੀਕ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਦਰਖਾਸਤ ਨੂੰ ਰੱਦ ਕਰ ਦਿੱਤਾ ਹੈ। ਗੌਰਤਲਬ ਹੈ ਕਿ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਥੋੜ੍ਹਾ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਹਵਾਲੇ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਮੰਗੀ ਸੀ। ਉਨ੍ਹਾਂ ਅਰੂਸਾ ਆਲਮ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਹੋਈ ਪਾਰਟੀ ਵਿਚ ਸ਼ਮੂਲੀਅਤ ਹੋਣ ਦੀ ਗੱਲ ਆਖੀ ਸੀ।
                   ਅਰੂਸਾ ਆਲਮ ਨੂੰ ਲੈ ਕੇ ਵਿਰੋਧੀ ਹਮੇਸ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਹਾਲਾਂਕਿ ਅਰੂਸਾ ਆਲਮ ਨੇ 26 ਦਸੰਬਰ 2007 ਨੂੰ ਖ਼ੁਦ ਚੰਡੀਗੜ੍ਹ ਵਿਚ ਮੀਡੀਆ ਸਾਹਮਣੇ ਅਮਰਿੰਦਰ ਸਿੰਘ ਦੀ ਸਿਰਫ਼ ਦੋਸਤ ਹੋਣ ਦੀ ਗੱਲ ਕਬੂਲੀ ਸੀ। ਨੇਮਾਂ ਅਨੁਸਾਰ ਕਿਸੇ ਵੀ ਵਿਦੇਸ਼ੀ ਨੂੰ ਭਾਰਤ ਵਿਚ ਆਪਣੀ ਠਹਿਰ ਬਾਰੇ ਸੂਚਨਾ ਦੇਣੀ ਹੁੰਦੀ ਹੈ। ਪਹਿਲੋਂ ਚਰਚੇ ਛਿੜੇ ਸਨ ਕਿ ਅਰੂਸਾ ਆਲਮ ਵਾਦੀਆਂ ਵਿਚ ਇੱਕ ਜਨਮ ਦਿਨ ਸਮਾਰੋਹਾਂ ਵਿਚ ਸ਼ਾਮਲ ਹੋਈ ਹੈ। ਇਸ ਪੱਤਰਕਾਰ ਵੱਲੋਂ ਜਦੋਂ ਪਹਿਲਾਂ ਚੰਡੀਗੜ੍ਹ ਯੂ.ਟੀ ਦੇ ਗ੍ਰਹਿ ਵਿਭਾਗ ਨੂੰ ਅਰੂਸਾ ਆਲਮ ਸਬੰਧੀ ਆਰਟੀਆਈ ਪਾਈ ਤਾਂ ਗ੍ਰਹਿ ਵਿਭਾਗ ਨੇ ਪਹਿਲਾਂ ਤਾਂ ਪੱਤਰ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਆਮ ਇਹ ਅਚੰਭਾ ਤੇ ਭੇਤ ਬਣਿਆ ਹੋਇਆ ਹੈ ਕਿ ਅਰੂਸਾ ਆਲਮ ਕਿਥੇ ਠਹਿਰਦੀ ਹੈ ,ਇਸ ਬਾਰੇ ਜਾਣਨ ਲਈ ਹਰ ਕੋਈ ਇੱਛੁਕ ਹੈ। ਕੋਈ ਵੀ ਸਰਕਾਰੀ ਅਧਿਕਾਰੀ ਇਸ ਦਾ ਭੇਤ ਖੋਲ੍ਹਣ ਲਈ ਤਿਆਰ ਨਹੀਂ ਹੈ।
            ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿਚ ਹੁੰਦੇ ਹਨ ਤਾਂ ਉਦੋਂ ਉਹ ਸਟੇਟ ਮਹਿਮਾਨ ਹੁੰਦੇ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਲ 2017-18 ਦੌਰਾਨ ਅਮਰਿੰਦਰ ਦੇ ਬਤੌਰ ਸਟੇਟ ਮਹਿਮਾਨ ਪੁੱਜਣ ਦੀ ਬਹੁਤ ਥੋੜ੍ਹੀ ਸੂਚਨਾ ਆਰਟੀਆਈ ਤਹਿਤ ਦਿੱਤੀ ਹੈ। ਹਿਮਾਚਲ ਸਰਕਾਰ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਅਤੇ 28 ਅਪਰੈਲ 2017 ਨੂੰ ਸ਼ਿਮਲਾ/ਕਾਂਡਲੀ ਵਿਚ ਠਹਿਰੇ ਸਨ ਅਤੇ ਉਸ ਮਗਰੋਂ 18 ਮਈ ਤੋਂ 22 ਮਈ 2017 ਤੱਕ ਸ਼ਿਮਲਾ/ਕਾਂਡਿਆਲੀ ਵਿਖੇ ਠਹਿਰੇ ਸਨ। ਸਰਕਾਰ ਨੇ ਦੋ ਦੌਰਿਆਂ ਦੀ ਹੀ ਸੂਚਨਾ ਦਿੱਤੀ ਹੈ ਜਦੋਂ ਕਿ ਹਿਮਾਚਲ ਸਰਕਾਰ ਨੇ ਅਰੂਸਾ ਆਲਮ ਦੇ ਪਹਾੜੀ ਰਾਜ ਵਿਚਲੇ ਦੌਰਿਆਂ ਬਾਰੇ ਚੁੱਪ ਵੱਟ ਲਈ ਹੈ।








Saturday, February 24, 2018

                                                       ਕੈਪਟਨ ਹਕੂਮਤ 
                            ਸਿਆਸੀ ਲੱਠਮਾਰਾਂ ਵੱਲੋਂ ਹੁਣ ਠੇਕੇਦਾਰਾਂ ਨੂੰ ਦਬਕੇ 
                                                         ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ ਦੇ ਸਿਆਸੀ ਲੱਠਮਾਰ ਹੁਣ ਰਿਫ਼ਾਈਨਰੀ ਦੇ ਉਸਾਰੀ ਠੇਕੇਦਾਰਾਂ ਨੂੰ ਦਬਕੇ ਮਾਰਨ ਲੱਗੇ ਹਨ ਜੋ ਠੇਕੇਦਾਰ ‘ਗੁੰਡਾ ਟੈਕਸ’ ਦੇਣੋਂ ਇਨਕਾਰੀ ਹਨ। ਮੁੱਖ ਮੰਤਰੀ ਨੇ ਤਾਂ ‘ਗੁੰਡਾ ਟੈਕਸ’ ਦਾ ਅੰਤ ਕਰਨ ਦਾ ਦਾਅਵਾ ਕੀਤਾ ਹੈ ਪ੍ਰੰਤੂ ਇੱਕ ਠੇਕੇਦਾਰ ਨੇ ਹੁਣ ਨਵੀਂ ਪੋਲ ਖੋਲ੍ਹ ਦਿੱਤੀ ਹੈ। ਜ਼ੋਰਾਵਰਾਂ ਦੀ ਇੱਕ ਜੋੜੀ ਦੇ ਏਨਾ ਹੌਸਲਾ ਵਧਿਆ ਕਿ ਉਨ੍ਹਾਂ ਨੇ 22 ਫਰਵਰੀ ਨੂੰ ਰਿਫ਼ਾਈਨਰੀ ਨੇੜੇ ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੂੰ ਦਫ਼ਤਰ ਵਿਚ ਜਾ ਕੇ ਧਮਕਾ ਦਿੱਤਾ। ਇਸ ਧਮਕੀ ਮਗਰੋਂ ਠੇਕੇਦਾਰ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਸਬੂਤ ਵਜੋਂ ਧਮਕੀ ਦੇਣ ਵਾਲਿਆਂ ਦੀ ਇੱਕ ਆਡੀਓ ਕਲਿੱਪ ਵੀ ਭੇਜੀ ਹੈ ਰਿਫ਼ਾਈਨਰੀ ਅੰਦਰ ਪੈਟਰੋ ਕੈਮੀਕਲ ਪ੍ਰੋਜੈਕਟ ਦੇ ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੇ ਪ੍ਰਧਾਨ ਮੰਤਰੀ,ਹਾਈਕੋਰਟ,ਮੁੱਖ ਮੰਤਰੀ ਤੇ ਡੀਜੀਪੀ ਨੂੰ ਫ਼ੌਰੀ ਈ-ਮੇਲ ਭੇਜ ਕੇ ‘ਗੁੰਡਾ ਟੈਕਸ’ ਤੋਂ ਜਾਣੂ ਕਰਾਇਆ ਹੈ।
                   ਲਿਖਤੀ ਸ਼ਿਕਾਇਤ ਅਤੇ ਆਡੀਓ ਕਲਿੱਪ ਅਨੁਸਾਰ ਠੇਕੇਦਾਰ ਨੇ ਆਖਿਆ ਹੈ ਕਿ ਪੰਜਾਬ ਸਰਕਾਰ ‘ਗੁੰਡਾ ਟੈਕਸ’ ਨੂੰ ਰੋਕਣ ਵਿਚ ਫ਼ੇਲ੍ਹ ਰਹੀ ਹੈ ਅਤੇ ਅਫ਼ਸਰਾਂ ਦੀ ਕਾਰਵਾਈ ਮਹਿਜ਼ ਅੱਖਾਂ ਪੂੰਝਣ ਵਾਲੀ ਹੈ। ਮੁੱਖ ਮੰਤਰੀ ਦਫ਼ਤਰ ਨੇ ਇਹ ਸ਼ਿਕਾਇਤ ਪ੍ਰਾਪਤ ਹੋਣ ਮਗਰੋਂ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਮਾਮਲੇ ’ਤੇ ਫ਼ੌਰੀ ਕਾਰਵਾਈ ਕਰਨ ਦੇ ਹੁਕਮ ਕੀਤੇ ਹਨ। ਸ਼ਿਕਾਇਤ ’ਚ ਹਾਕਮ ਧਿਰ ਦੇ ਇੱਕ ਕਾਂਗਰਸੀ ਵਿਧਾਇਕ ਅਤੇ ਉਸ ਦੇ ਨੇੜਲੇ ਜ਼ੋਰਾਵਰਾਂ ਦੀ ਜੋੜੀ ਦੇ ਨਾਮ ਵੀ ਲਿਖੇ ਹਨ ਜਿਨ੍ਹਾਂ ਦੇ ਮੋਬਾਈਲ ਨੰਬਰਾਂ ਦੀ ਪੂਰੀ ਪੜਤਾਲ ਕਰਨ ਦੀ ਮੰਗ ਕੀਤੀ ਹੈ ਜਿਸ ਨਾਲ ‘ਗੁੰਡਾ ਟੈਕਸ’ ਨਾਲ ਜੁੜੇ ਸਿਆਸੀ ਲੋਕਾਂ ਦੇ ਭੇਤ ਖੁੱਲ੍ਹ ਸਕਣਗੇ। 20 ਫਰਵਰੀ ਨੂੰ ਡਿਪਟੀ ਕਮਿਸ਼ਨਰ ਨੇ ਇੱਕ ਰਿਫ਼ਾਈਨਰੀ ਪ੍ਰਤੀਨਿਧ ਤੋਂ ‘ਗੁੰਡਾ ਟੈਕਸ’ ਦਾ ਸਟੇਟਸ ਪੁੱਛਿਆ ਸੀ।
                   ਪ੍ਰਸ਼ਾਸਨ ਦੀ ਹੱਲਾਸ਼ੇਰੀ ਮਗਰੋਂ ਠੇਕੇਦਾਰ ਅਸ਼ੋਕ ਬਾਂਸਲ ਨੇ ‘ਸਭ ਅੱਛਾ’ ਸਮਝ ਕੇ ਦੋ ਟਿੱਪਰ ਮੰਗਵਾ ਲਏ। ਅਗਲੇ ਦਿਨ ਹੀ ਦੋ ਜ਼ੋਰਾਵਰ ਸਵਿਫ਼ਟ ਕਾਰ ਵਿਚ ਠੇਕੇਦਾਰ ਦੇ ਦਫ਼ਤਰ ਪੁੱਜ ਗਏ। ਆਡੀਓ ਕਲਿੱਪ ਅਨੁਸਾਰ ਇੱਕ ਜ਼ੋਰਾਵਰ ਨੇ ਧਮਕੀ ਦਿੱਤੀ ਕਿ ‘ਤੁਸੀਂ ਸਾਡੀ ਸਹਿਮਤੀ ਬਿਨਾਂ ਕਿਵੇਂ ਕੱਚਾ ਮਾਲ ਮੰਗਵਾ ਰਹੇ ਹੋ’। ਜਦੋਂ ਠੇਕੇਦਾਰ ਨੇ ‘ਗੁੰਡਾ ਟੈਕਸ’ ਸਮਾਪਤੀ ਦੀ ਗੱਲ ਆਖੀ ਤਾਂ ਜੋੜੀ ਨੇ ਦਬਕੇ ਮਾਰਿਆ  ‘ਸਾਨੂੰ ਤਾਂ ਪ੍ਰਧਾਨ ਮੰਤਰੀ ਨਹੀਂ ਰੋਕ ਸਕਦਾ’ । ‘ਸਾਡੇ ਪੁੱਛੇ ਬਿਨਾਂ ਕੋਈ ਮਾਲ ਨਹੀਂ ਆਵੇਗਾ’। ਜੋੜੀ ਨਾਲੇ ਤਾਂ ਠੇਕੇਦਾਰ ਨੂੰ ਪਲੋਸਦੀ ਰਹੀ ਤੇ ਨਾਲ ਧਮਕਾਉਂਦੀ ਰਹੀ। ਠੇਕੇਦਾਰ ਨੇ ਏਦਾ ਦੇ ਮਾਹੌਲ ’ਚ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ ਅਤੇ ਜ਼ੋਰਾਵਰਾਂ ਵੱਲੋਂ ਕੋਈ ਝੂਠਾ ਕੇਸ ਵੀ ਦਰਜ ਕਰਾਏ ਜਾਣ ਦਾ ਡਰ ਜ਼ਾਹਿਰ ਕੀਤਾ।
           ਠੇਕੇਦਾਰ ਨੇ ਆਖਿਆ ਕਿ ਪਹਿਲਾਂ ਗੱਠਜੋੜ ਸਰਕਾਰ ਨੇ ਏਦਾਂ ਲੁੱਟ ਸ਼ੁਰੂ ਕੀਤੀ ਸੀ ਅਤੇ ਹੁਣ ਕਾਂਗਰਸ ਸਰਕਾਰ ਵੀ ਕੱੁਝ ਨਹੀਂ ਰੁਕਿਆ ਹੈ। ਗੁੰਡਾ ਟੈਕਸ ਸਰਕਾਰੀ ਖ਼ਜ਼ਾਨੇ ਲਈ ਵੀ ਘਾਤਕ ਹੈ। ਇਸ ਠੇਕੇਦਾਰ ਨੇ ਪਹਿਲਾਂ 5 ਫਰਵਰੀ ਨੂੰ ਡੀ.ਜੀ.ਪੀ,ਐਸ.ਐਸ.ਪੀ,ਮਨੁੱਖੀ ਅਧਿਕਾਰ ਕਮਿਸ਼ਨ ਨੂੰ ਈਮੇਲ ਭੇਜ ਕੇ ‘ਗੁੰਡਾ ਟੈਕਸ’ ਤੋਂ ਜਾਣੂ ਕਰਾਇਆ ਅਤੇ ਮਾਫ਼ੀਏ ਦੀ ਇੱਕ ਆਡੀਓ ਕਲਿੱਪ ਵੀ ਭੇਜੀ ਸੀ ਜਿਸ ਵਿਚ ਮਾਫ਼ੀਆ ‘ਮੁੱਖ ਮੰਤਰੀ ਹਾਊਸ’ ਚੋਂ ਹੁਕਮ ਆਏ ਹੋਣ ਦੀ ਗੱਲ ਕਰਦੇ ਵਸੂਲੀ ਦੀ ਗੱਲ ਕਰ ਰਿਹਾ ਸੀ।’ ਇਸ ਪੱਤਰ ’ਤੇ ਅੱਜ ਤੱਕ ਗ਼ੌਰ ਨਹੀਂ ਹੋਈ।   
            ਬਠਿੰਡਾ ਪੁਲੀਸ ਆਖਦੀ ਹੈ ਕਿ ਨਫ਼ਰੀ ਤੇ ਗਸ਼ਤ ਵਧਾਈ ਹੈ ਤੇ ਵਿੱਤ ਮੰਤਰੀ ਆਖਦੇ ਹਨ ਕਿ ਰਿਫ਼ਾਈਨਰੀ ਕੋਲ ਸੀਸੀਟੀਵੀ ਕੈਮਰੇ ਲਗਾ ਦਿੱਤੇ। ਠੇਕੇਦਾਰ ਆਖਦੇ ਹਨ ਕਿ ਜ਼ਮੀਨੀ ਹਕੀਕਤ ਬਦਲੀ ਨਹੀਂ। ਇੱਕ ਹੋਰ ਟਰਾਂਸਪੋਰਟਰ ਗੌਰਵ ਗਰਗ ਨੂੰ ਰਿਫ਼ਾਈਨਰੀ ਚੋਂ ਸਕਰੈਪ ਤੇ ਮਸ਼ੀਨਰੀ ਬਾਹਰ ਨਹੀਂ ਲਿਜਾਣ ਦਿੱਤੀ ਗਈ। ਮਾਫ਼ੀਏ ਨੇ ਗੱਡੀਆਂ ਦੇ ਕਾਗ਼ਜ਼ਾਤ ਤੇ ਨਗਦੀ ਖੋਹ ਲਈ। 8 ਫਰਵਰੀ ਨੂੰ ਲਿਖਤੀ ਸ਼ਿਕਾਇਤ ਅਤੇ ਆਡੀਓ ਕਲਿੱਪ ਵੀ ਦਿੱਤੀ। ਸ਼ਿਕਾਇਤ ਤੇ ਕਾਰਵਾਈ ਤਾਂ ਨਹੀਂ ਹੋਈ ਪ੍ਰੰਤੂ ਪੁਲੀਸ ਅਫ਼ਸਰਾਂ ਨੇ ਕੱਲ੍ਹ ਉਸ ਨੂੰ ਬੁਲਾ ਕੇ ਆਖ ਦਿੱਤਾ ਕਿ ਉਸ ਦਾ ਕੰਮ ਸ਼ੁਰੂ ਕਰਾ ਦਿੱਤਾ ਜਾਵੇਗਾ।
                  ਗੌਰਵ  ਨੇ ਦੱਸਿਆ ਕਿ ਜੋ ਕੰਮ ਉਸ ਨੇ ਕਰਨਾ ਸੀ, ਇਸੇ ਰੌਲ਼ੇ ਰੱਪੇ ਵਿਚ ਉਸ ਦਾ ਕੰਮ ਕਿਸੇ ਹੋਰ ਹਕੂਮਤੀ ਚਹੇਤੇ ਨੂੰ ਦਿਵਾ ਦਿੱਤਾ। ਜ਼ਿਲ੍ਹਾ ਪੁਲੀਸ ਨੇ ਪਿਛਲੇ ਦਿਨਾਂ ਵਿਚ ਰੇਤਾ ਬਜਰੀ ਤੇ ਨਜਾਇਜ਼ ਵਸੂਲੀ ਦਾ ਇੱਕ ਕੇਸ ਅਣਪਛਾਤੇ ਵਿਅਕਤੀਆਂ ਤੇ ਦਰਜ ਕੀਤਾ। ਸ਼ਿਕਾਇਤਕਰਤਾ ਸਿੁਰੰਦਰ ਵਾਲੀਆ ਦਾ ਕਹਿਣਾ ਸੀ ਕਿ ਉਸ ਨੇ 16 ਦਸੰਬਰ ਨੂੰ ਭਿਸੀਆਣਾ ਅੱਡੇ ਤੇ ਗੱਡੀਆਂ ਰੋਕੇ ਜਾਣ ਦੀ ਸ਼ਿਕਾਇਤ ਕੀਤੀ ਸੀ। ਮਗਰੋਂ ਸਮਝੌਤਾ ਹੋ ਗਿਆ ਸੀ। ਏਨੀ ਦੇਰ ਮਗਰੋਂ ਦਰਜ ਕੇਸ ਕਰਨ ਦੀ ਗੱਲ ਸਮਝ ਨਹੀਂ ਲੱਗੀ ਜਦੋਂ ਕਿ ਹੁਣ ਤਾਂ ਕੇਸ ਦਰਜ ਨਹੀਂ ਕਰਾਉਣਾ ਚਾਹੁੰਦੇ ਸਨ।
                    ਰਿਫਾਈਨਰੀ ਪ੍ਰਬੰਧਕਾਂ ਵੱਲੋਂ ਏਦਾ ਦੇ ਮਾਹੌਲ ਵਿਚ ਬਦਲ ਤਰਾਸ਼ੇ ਜਾ ਰਹੇ ਹਨ ਅਤੇ ਰੇਲ ਰਸਤੇ ਰੇਤਾ ਬਜਰੀ ਮੰਗਵਾਏ ਜਾਣ ਤੋਂ ਇਲਾਵਾ ਹਰਿਆਣਾ ਵਾਲੇ ਪਾਸੇ ਰਿਫ਼ਾਈਨਰੀ ਨੇ ਇੱਕ ਗੇਟ ਕੱਢਣ ਦੀ ਯੋਜਨਾਬੰਦੀ ਵੀ ਬਣਾਈ ਹੈ। ਅਫ਼ਸਰ ਫੋਕੇ ਦਬਕੇ ਤਾਂ ਮਾਰ ਰਹੇ ਹਨ ਪ੍ਰੰਤੂ ਕਾਰਵਾਈ ਕਿਸੇ ਖ਼ਿਲਾਫ਼ ਨਹੀਂ ਕਰਦੇ। ਠੇਕੇਦਾਰਾਂ ਨੇ ਦੱਸਿਆ ਕਿ ਇਸ ਮਾਹੌਲ ’ਚ ਪੰਜਾਬ ਵੱਲ ਕੋਈ ਮੂੰਹ ਨਹੀਂ ਕਰੇਗਾ ਅਤੇ ਸਨਅਤੀ ਵਿਕਾਸ ਨੂੰ ਸੱਟ ਵੱਜੇਗੀ।
                    ਤਿੰਨ ਦਿਨਾਂ ਤੋਂ ਮਾਹੌਲ ਠੀਕ  : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਦਾ ਕਹਿਣਾ ਸੀ ਕਿ ਰਿਫ਼ਾਈਨਰੀ ਕੋਲ ਤਿੰਨ ਦਿਨਾਂ ਤੋਂ ਬਿਲਕੁਲ ਮਾਹੌਲ ਸ਼ਾਂਤ ਹੈ ਤੇ ਕੋਈ ਗ਼ਲਤ ਵਸੂਲੀ ਨਹੀਂ ਹੋ ਰਹੀ ਹੈ। ਅੱਜ ਠੇਕੇਦਾਰ ਦੀ ਸ਼ਿਕਾਇਤ ਮਗਰੋਂ ਵੱਖ ਵੱਖ ਸਰੋਤਾਂ ਤੋਂ ਪਤਾ ਕੀਤਾ ਤਾਂ ਕਿਤੇ ਕਿਧਰੇ ਕੱੁਝ ਗ਼ਲਤ ਨਹੀਂ ਲੱਭਾ। ਪਹਿਲਾਂ ਹੀ ਅਕਸ ਬਹੁਤ ਖ਼ਰਾਬ ਹੋਇਆ ਹੈ ਅਤੇ ਹੋਰ ਧੱਬਾ ਸਹਿਣ ਨਹੀਂ ਕੀਤਾ ਜਾਵੇਗਾ।



Wednesday, February 21, 2018

                                                           ਗੁੰਡਾ ਟੈਕਸ 
                          ਰਿਫਾਈਨਰੀ ’ਚ ਰੇਲ ਰਸਤੇ ਆਏਗਾ ਰੇਤਾ ਬਜਰੀ ?
                                                        ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਰਿਫਾਈਨਰੀ ਹੁਣ ‘ਗੁੰਡਾ ਟੈਕਸ’ ਦੇ ਰੱਫੜ ਤੋਂ ਬਚਾਓ ਲਈ ਰੇਤਾ ਬਜਰੀ ਰੇਲ ਰਸਤੇ ਮੰਗਵਾਏ ਜਾਣ ਦੀ ਵਿਉਂਤ ਉਲੀਕਣ ਲੱਗੀ ਹੈ। ਪੈਟਰੋ ਕੈਮੀਕਲ ਪ੍ਰੋਜੈਕਟ ਦੇ ਪ੍ਰਬੰਧਕਾਂ ਨੂੰ ‘ਗੁੰਡਾ ਟੈਕਸ’ ਪ੍ਰੋਜੈਕਟ ਪਛੜਨ ਦਾ ਡਰ ਬਣਿਆ ਹੈ। ਭਾਵੇਂ ਪ੍ਰਬੰਧਕਾਂ ਨੇ ਕੋਈ ਲਿਖਤੀ ਫੈਸਲਾ ਤਾਂ ਨਹੀਂ ਕੀਤਾ ਪ੍ਰੰਤੂ ਹਰਿਆਣਾ ਤੇ ਰਾਜਸਥਾਨ ਚੋਂ ਰੇਲ ਰਸਤੇ ‘ਰੇਤਾ ਬਜਰੀ’ ਮੰਗਵਾਏ ਜਾਣ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਹਿਮ ਸੂਤਰ ਦੱਸਦੇ ਹਨ ਕਿ ਆਉਂਦੇ ਦਿਨਾਂ ’ਚ ‘ਗੁੰਡਾ ਟੈਕਸ’ ਨੇ ਟਰੱਕਾਂ ਦੇ ਰਾਹ ਰੋਕੇ ਤਾਂ ਰਿਫਾਈਨਰੀ ਬਦਲਵੇਂ ਪ੍ਰਬੰਧਾਂ ਲਈ ਅਗਲਾ ਪੈਰ ਪੁੱਟ ਸਕਦੀ ਹੈ। ਰਿਫਾਈਨਰੀ ਕੋਲ ਰੇਲ ਲਿੰਕ ਮੌਜੂਦ ਹੈ ਜਿਸ ਕਰਕੇ ਰੇਤਾ ਬਜਰੀ ਰੇਲਵੇ ਰਾਹੀਂ ਮੰਗਵਾਉਣ ’ਚ ਕੋਈ ਅੜਿੱਕਾ ਵੀ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਗੁੰਡਾ ਟੈਕਸ’ ਬਾਰੇ ਸਖ਼ਤੀ ਤਾਂ ਦਿਖਾਈ ਹੈ ਪ੍ਰੰਤੂ ਬਹੁਤੀ ਜ਼ਮੀਨੀ ਹਕੀਕਤ ਨਾ ਬਦਲਣ ਦੀ ਸੂਰਤ ਵਿਚ ਰਿਫਾਈਨਰੀ ਰੇਤਾ ਬਜਰੀ ਲਈ ਗੁਆਂਢੀ ਸੂਬਿਆਂ ਵੱਲ ਮੂੰਹ ਕਰ ਸਕਦੀ ਹੈ। ਪ੍ਰਬੰਧਕਾਂ ਨੇ ਉਸਾਰੀ ਠੇਕੇਦਾਰਾਂ ਨੂੰ ਵੀ ਹੌਸਲਾ ਦਿੱਤਾ ਹੈ ਕਿ ਜੇ ਲੋੜ ਪਈ ਤਾਂ ਉਹ ਰੇਲ ਰਸਤੇ ਰੇਤਾ ਬਜਰੀ ਸਪਲਾਈ ਕਰਾ ਦੇਣਗੇ।
                   ਰੇਲ ਮਾਰਗ ਰਾਹੀਂ ਦੂਸਰੇ ਸੂਬਿਆਂ ਚੋਂ ਰੇਤਾ ਬਜਰੀ ਆਉਂਦੀ ਹੈ ਤਾਂ ਇਹ ਪੰਜਾਬ ਸਰਕਾਰ ਦੇ ਮੂੰਹ ਤੇ ਵੱਡੀ ਚਪੇੜ ਹੋਵੇਗੀ ਤੇ ਪੰਜਾਬ ਦੀ ਟਰਾਂਸਪੋਰਟ ਨੂੰ ਵੱਡੀ ਸੱਟ ਵੱਜੇਗੀ। ਪੈਟਰੋਲ ਕੈਮੀਕਲ ਪ੍ਰੋਜੈਕਟ ਦੀ ਲਾਗਤ 25 ਹਜ਼ਾਰ ਕਰੋੜ ਦੀ ਹੈ। ਇਹ ਪ੍ਰੋਜੈਕਟ ਤਿੰਨ ਵਰ੍ਹਿਆਂ ’ਚ ਮੁਕੰਮਲ ਹੋਣਾ ਹੈ ਜਿਨ੍ਹਾਂ ਨੂੰ ਮੌਜੂਦਾ ਹਾਲਾਤ ਪ੍ਰਭਾਵਿਤ ਕਰ ਰਹੇ ਹਨ। ਵੇਰਵਿਆਂ ਅਨੁਸਾਰ ਯੂ.ਪੀ ਵਿਚ ਰੇਤਾ ਬਜਰੀ ਰੇਲ ਮਾਰਗ ਰਾਹੀਂ ਰਾਜਸਥਾਨ ਅਤੇ ਹਰਿਆਣਾ ਚੋਂ ਜਾ ਰਿਹਾ ਹੈ। ਹਾਲ ਹੀ ਵਿਚ ਰਾਜਸਥਾਨ ਦੇ ਭਗੇਗਾ ਰੇਲਵੇ ਸਟੇਸ਼ਨ ਤੋਂ ਅਲੀਗੜ੍ਹ ਅਤੇ ਮੇਰਠ ਲਈ ਸੜਕ ਉਸਾਰੀ ਵਾਸਤੇ ਮੈਸਰਜ ਐਪਕੋ ਇਨਫਰਾਟੈਕ ਅਤੇ ਹੋਰ ਕੰਪਨੀਆਂ ਨੇ ਰੇਤਾ ਬਜਰੀ ਮੰਗਵਾਇਆ ਹੈ। ਹਰਿਆਣਾ ਚੋਂ ਵੀ ਰੇਤਾ ਬਜਰੀ ਰੇਲ ਲਿੰਕ ਰਾਹੀਂ ਯੂ.ਪੀ ਵਿਚ ਜਾ ਰਿਹਾ ਹੈ। ਸੂਤਰ ਦੂਸਰਾ ਪੱਖ ਵੀ ਦੱਸਦੇ ਹਨ ਕਿ ਰੇਲ ਮਾਰਗ ਰਾਹੀਂ ਰੇਤਾ ਬਜਰੀ ਮਹਿੰਗਾ ਵੀ ਪੈ ਸਕਦਾ ਹੈ ਪ੍ਰੰਤੂ ਰਿਫਾਈਨਰੀ ਪ੍ਰਬੰਧਕ ਝਮੇਲੇ ਚੋਂ ਨਿਕਲਣ ਲਈ ਕੋਈ ਵੀ ਬਦਲ ਪ੍ਰਵਾਨ ਕਰ ਸਕਦੇ ਹਨ।  
                 ਜਾਣਕਾਰੀ ਅਨੁਸਾਰ ਪੈਟਰੋ ਕੈਮੀਕਲ ਪ੍ਰੋਜੈਕਟ ’ਚ ਇੱਕ ਭਾਗ ‘ਮੌਡਿਡ ਬੁਲੇਟ’ ਦੀ ਉਸਾਰੀ ਦਾ ਹੈ ਜਿਸ ਦੀ ਲਾਗਤ ਕਰੀਬ 400 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਰਿਫਾਈਨਰੀ ਦੀ ਸਰਕਾਰੀ ਸਲਾਹਕਾਰੀ ਏਜੰਸੀ ‘ਇੰਜੀਨੀਅਰਿੰਗ ਇੰਡੀਆ ਲਿਮਟਿਡ’(ਈਆਈਐਲ) ਨੇ ਰੇਤੇ ਦਾ ਸਡਿਊਲਡ ਰੇਟ ਕਰੀਬ 1400 ਰੁਪਏ ਪ੍ਰਤੀ ਕਿਊਬਿਕ ਮੀਟਰ ਨਿਰਧਾਰਤ ਕੀਤਾ ਹੋਇਆ ਹੈ। ਸੂਤਰ ਦੱਸਦੇ ਹਨ ਕਿ ਜਦੋਂ ‘ਮੌਡਿਡ ਬੁਲੇਟ’ ਦੀ ਉਸਾਰੀ ਲਈ ਦੋ ਉਸਾਰੀ ਕੰਪਨੀਆਂ ਨੇ ਟੈਂਡਰ ਪਾਏ ਤਾਂ ਇਨ੍ਹਾਂ ਕੰਪਨੀਆ ਨੇ ਰੇਤੇ ਦੇ ਰੇਟ ਕਰੀਬ 2300 ਰੁਪਏ ਪ੍ਰਤੀ ਕਿਊਬਿਕ ਮੀਟਰ ਪਾ ਦਿੱਤੇ ਜੋ ਕਾਫ਼ੀ ਉੱਚੇ ਸਨ।
                  ਸੂਤਰਾਂ ਨੇ ਦੱਸਿਆ ਕਿ ‘ਗੁੰਡਾ ਟੈਕਸ’ ਉੱਚੇ ਰੇਟ ਪਾਉਣ ਦਾ ਕਾਰਨ ਬਣਿਆ ਹੈ। ਸੂਤਰਾਂ ਅਨੁਸਾਰ ਰਿਫਾਈਨਰੀ ਨੇ ਦੋਵੇਂ ਕੰਪਨੀਆਂ ਦੇ ਟੈਂਡਰ ਰੱਦ ਕਰ ਦਿੱਤੇ ਹਨ ਅਤੇ ਹੁਣ ਨਵੇਂ ਸਿਰਿਓ ਟੈਂਡਰ ਪ੍ਰਕਾਸ਼ਿਤ ਕਰ ਦਿੱਤੇ ਹਨ ਜਿਨ੍ਹਾਂ ਦੀ ਆਖਰੀ ਤਰੀਕ 7 ਮਾਰਚ ਹੈ। ‘ਮੌਡਿਡ ਬੁਲੇਟ’ ਦੀ  ਉਸਾਰੀ ਲਈ ਕਰੀਬ ਇੱਕ ਲੱਖ ਕਿਊਬਿਕ ਮੀਟਰ ਰੇਤੇ ਦੀ ਲੋੜ ਹੈ। ਪੈਟਰੋ ਕੈਮੀਕਲ ਪ੍ਰੋਜੈਕਟ ਦੇ ਜਨਰਲ ਮੈਨੇਜਰ ਸ੍ਰ. ਸੁੱਚਾ ਸਿੰਘ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ੍ਹਾਂ ਫੋਨ ਨਹੀਂ ਚੁੱਕਿਆ।
              ਯੋਜਨਾਬੰਦੀ ਨਹੀਂ ਦੱਸ ਸਕਦੇ : ਪ੍ਰਬੰਧਕ
ਰਿਫਾਈਨਰੀ ਦੇ ਲੋਕ ਸੰਪਰਕ ਵਿੰਗ ਦੇ ਇੰਚਾਰਜ ਪੰਕਜ ਵਿਨਾਇਕ ਨੇ ਇਸ ਮਾਮਲੇ ’ਤੇ ਲਿਖਤੀ ਪੱਖ ਭੇਜਿਆ ਹੈ। ਉਨ੍ਹਾਂ ਨੇ ‘ਰੇਲ ਮਾਰਗ ਰਾਹੀਂ ਰੇਤਾ ਬਜਰੀ ਮੰਗਵਾਉਣ’ ਦੇ ਮਾਮਲੇ ’ਤੇ ਸਿਰਫ਼ ਏਨਾ ਹੀ ਆਖਿਆ ਹੈ ਕਿ ਪਾਲਿਸੀ ਦੇ ਮੱਦੇਨਜ਼ਰ ਰਿਫਾਈਨਰੀ ਆਪਣੀਆਂ ‘ਕਾਰੋਬਾਰੀ ਯੋਜਨਾਵਾਂ’ ਨਹੀਂ ਦੱਸ ਸਕਦੀ। ਦੋ ਕੰਪਨੀਆਂ ਦੇ ਟੈਂਡਰ ਰੱਦ ਕਰਨ ਦੇ ਮਾਮਲੇ ’ਤੇ ਬੁਲਾਰੇ ਨੇ ਆਖਿਆ ਕਿ ਉਸਾਰੀ ਕੰਮਾਂ ਦੇ ਟੈਂਡਰ ਕੱਢੇ ਗਏ ਸਨ ਜਿਨ੍ਹਾਂ ਤੇ ਕੰਪਨੀ ਦੀ ਪਾਲਿਸੀ ਮੁਤਾਬਿਕ ਫੈਸਲਾ ਲਿਆ ਗਿਆ।


Monday, February 19, 2018

                        ਗੁੰਡਾ ਪਰਚੀ
  ਫੰਡਰਾਂ ਦੀ ਖੱਲ ਲਾਹੁਣ ਤੁਰੇ ਠੇਕੇਦਾਰ 
                       ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ‘ਗੁੰਡਾ ਟੈਕਸ’ ਦੀ ਮਾਰ ‘ਫੰਡਰ ਪਸ਼ੂ’ ਵੀ ਝੱਲ ਰਹੇ ਹਨ। ਬੇਜੁਬਾਨਾਂ ਦੀ ਖੱਲ ਲਾਹ ਕੇ ਪ੍ਰਾਈਵੇਟ ਚੌਧਰੀ ਜੇਬਾਂ ਭਰ ਰਹੇ ਹਨ। ਸਰਕਾਰੀ ਛੱਤਰ ਹੇਠ ‘ਗੁੰਡਾ ਟੈਕਸ’ ਵਸੂਲੀ ਦਾ ਧੰਦਾ ਚੱਲ ਰਿਹਾ ਹੈ। ਪੰਜਾਬ-ਹਰਿਆਣਾ ਅਤੇ ਪੰਜਾਬ-ਰਾਜਸਥਾਨ ਸੀਮਾ ’ਤੇ ਅੱਧੀ ਦਰਜਨ ‘ਗੁੰਡਾ ਟੈਕਸ ਨਾਕੇ’ ਚੱਲ ਰਹੇ ਹਨ। ਦੂਸਰੇ ਸੂਬਿਆਂ ’ਚ ਜਾਂਦੇ ਪਸ਼ੂਆਂ ’ਤੇ ਪ੍ਰਤੀ ਗੱਡੀ 10 ਹਜ਼ਾਰ ਰੁਪਏ ਤੱਕ ‘ਗੁੰਡਾ ਟੈਕਸ’ ਵਸੂਲਦੇ ਹਨ। ਰੋਜ਼ਾਨਾ ਸੈਂਕੜੇ ਵਾਹਨ ਪੰਜਾਬ ਚੋਂ ਜਾਂਦੇ ਹਨ ਜਿਸ ਕਰਕੇ। ਪਸ਼ੂ ਵਪਾਰੀਆਂ ਨੂੰ ਨਿੱਤ ਲੱਖਾਂ ਦਾ ਸੇਕ ਲੱਗਦਾ ਹੈ। ਡੇਰਾ ਬੱਸੀ ਖ਼ਿੱਤੇ ’ਚ ‘ਗੁੰਡਾ ਟੈਕਸ’ ਦੀ ਵਸੂਲੀ ਸਭ ਤੋਂ ਉੱਚੀ ਹੈ ਜਿਥੇ ਮੀਟ ਪਲਾਂਟ ਚੱਲ ਰਹੇ ਹਨ। ਹੁਣ ਤਾਂ ਸੂਰਾਂ ਨੂੰ ਵੀ ਵਸੂਲੀ ਦੇ ਘੇਰੇ ਵਿਚ ਲੈ ਲਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਪਸ਼ੂ ਮੇਲਿਆਂ ਦਾ 1 ਜੁਲਾਈ 2017 ਤੋਂ 30 ਜੂਨ 2018 ਤੱਕ ਦਾ ਠੇਕਾ ‘ਯੂਨਾਈਟਿਡ ਕੈਟਲ ਫੇਅਰ ਆਰਗੇਨਾਈਜ਼ਰ’ ਨੂੰ 105.50 ਕਰੋੜ ਵਿਚ ਦਿੱਤਾ ਹੈ ਜੋ ਸਾਲ 2016-17 ਵਿਚ ‘ਰਾਜਪੁਰਾ ਕੈਟਲ ਫੇਅਰ ਟਰੇਡਰਜ਼’ ਕੋਲ ਸੀ। ਪੰਜਾਬ ਵਿਚ ਕਰੀਬ 45 ਸ਼ਹਿਰਾਂ ’ਚ ਹਰ ਮਹੀਨੇ 42 ਪਸ਼ੂ ਮੇਲੇ ਲੱਗਦੇ ਹਨ ਜਿਨ੍ਹਾਂ ਚੋਂ ਮੌੜ ,ਰਾਮਪੁਰਾ ਤੇ ਧਨੌਲੇ ਦੇ ਵੱਡੇ ਮੇਲੇ ਹਨ।
                    ਕੈਪਟਨ ਹਕੂਮਤ ਨੇ 3 ਅਗਸਤ 2017 ਨੂੰ ਪਸ਼ੂ ਮੇਲੇ ਠੇਕੇ ਤੇ ਦੇਣ ਲਈ ਪ੍ਰਾਈਵੇਟ ਫਰਮ ਨਾਲ ਐਗਰੀਮੈਂਟ ਕੀਤਾ।ਪੰਜਾਬ ਕੈਟਲ ਫੇਅਰਜ਼ (ਰੈਗੂਲੇਸ਼ਨ) ਐਕਟ 1967 ਤਹਿਤ ਪਸ਼ੂ ਮੇਲਿਆਂ ਵਿਚ ਪਸ਼ੂਆਂ ਦੀ ਖਰੀਦੋ ਤੇ ਚਾਰ ਫੀਸਦੀ ਫੀਸ ਵਸੂਲੀ ਜਾਂਦੀ ਹੈ। ਪਹਿਲਾਂ ਸਰਕਾਰ ਫੀਸ ਵਸੂਲਦੀ ਸੀ ਪ੍ਰੰਤੂ ਗਠਜੋੜ ਸਰਕਾਰ ਨੇ ਮੇਲਿਆਂ ਨੂੰ ਠੇਕੇ ਤੇ ਦੇਣਾ ਸ਼ੁਰੂ ਕਰ ਦਿੱਤਾ ਜਦੋਂ ਕਿ ਐਕਟ ਵਿਚ ਠੇਕੇ ਤੇ ਦੇਣ ਦੀ ਵਿਵਸਥਾ ਨਹੀਂ ਹੈ। ਇਸ ਨਾਲ ਹੀ ‘ਗੁੰਡਾ ਟੈਕਸ’ ਦਾ ਰਾਹ ਖੁੱਲ੍ਹਿਆ। ਐਕਟ ਅਨੁਸਾਰ ‘ਪਸ਼ੂ ਮੇਲੇ’ ’ਚ ਹੀ ਸਰਕਾਰੀ ਫੀਸ ਵਸੂਲੀ ਜਾਣੀ ਹੈ। ਠੇਕੇਦਾਰਾਂ ਦੇ ‘ਭਾੜੇ ਦੇ ਬੰਦੇ’ ਪਸ਼ੂ ਮੇਲਿਆਂ ਤੋਂ ਬਾਹਰ ਸੜਕਾਂ ਤੇ ‘ਗੁੰਡਾ ਪਰਚੀ’ ਵਸੂਲ ਰਹੇ ਹਨ। ‘ਗੁੰਡਾ ਪਰਚੀ’ ਦੇ ਸਤਾਏ ਲੋਕਾਂ ਨੂੰ ਹਾਈਕੋਰਟ ਨੇ (ਸੀਡਬਲਿਊ ਨੰਬਰ 6730 ਆਫ 2016) ਰਾਹਤ ਦਿੰਦੇ ਹੋਏ ਮੇਲਿਆਂ ਤੋਂ ਬਾਹਰ ਵਸੂਲੀ ਤੇ ਰੋਕ ਲਾਈ ਸੀ। ਪਸ਼ੂ ਵਪਾਰੀਆਂ ਨੇ 16 ਅਗਸਤ 2017 ਨੂੰ ਵਿਜੀਲੈਂਸ ਨੂੰ ਪੱਤਰ ਲਿਖਿਆ ਕਿ ਠੇਕੇਦਾਰਾਂ ਵਲੋਂ ਗ਼ੈਰਕਨੂੰਨੀ ਨਾਕੇ ਲਗਾ ਕੇ ਪ੍ਰਤੀ ਪਸ਼ੂ ਇੱਕ ਹਜ਼ਾਰ ਤੋਂ 1500 ਰੁਪਏ ਵਸੂਲੇ ਜਾ ਰਹੇ ਹਨ।
                 ਇਵੇਂ ਖਿੜਕੀਆਂ ਵਾਲਾ (ਮੁਕਤਸਰ) ਦੇ ਕਿਸਾਨ ਸ਼ਮਸ਼ੇਰ ਸਿੰਘ ਨੇ ਸਰਦੂਲਗੜ ਥਾਣੇ ਵਿਚ 23 ਜੁਲਾਈ 2017 ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਉਸ ਨੂੰ ਹਰਿਆਣਾ ਵਿਚ ਪਸ਼ੂ ਵੇਚਣ ਜਾਣ ਤੋਂ ਗ਼ੈਰਕਨੂੰਨੀ ਨਾਕੇ ਤੇ ਰੋਕਿਆ ਗਿਆ ਤੇ ਪ੍ਰਤੀ ਪਸ਼ੂ 1500 ਰੁਪਏ ਮੰਗੇ ਗਏ।ਸੂਤਰ ਅਨੁਸਾਰ ਠੇਕੇਦਾਰਾਂ ਨੇ ਡਬਵਾਲੀ ਮਲੋਟ ਰੋਡ, ਮਾਨਸਾ ’ਚ ਖੈਰਾ ਕੈਂਚੀਆਂ, ਸੰਗਰੂਰ ਪਟਿਆਲਾ ’ਚ ਖਨੌਰੀ ਕੋਲ,ਫਾਜਿਲਕਾ ’ਚ ਸੀਤੋ ਗੁੰਨੋ ਕੋਲ ਗੈਰਕਾਨੂੰਨੀ ਨਾਕੇ ਲਾਏ ਹਨ। ਪਸ਼ੂ ਵਪਾਰ ਯੂਨੀਅਨ ਦੇ ਮੀਤ ਪ੍ਰਧਾਨ ਸੌਦਾਗਰ ਮੌੜ ਨੇ ਦੱਸਿਆ ਕਿ 28 ਜਨਵਰੀ ਨੂੰ ਸਰਦੂਲਗੜ ਥਾਣੇ ਵਿਚ ‘ਗੁੰਡਾ ਬ੍ਰੀਗੇਡ’ ਦਾ ਇੱਕ ਆਦਮੀ ਫੜਾਇਆ ਸੀ, ਬਾਕੀ ਤਿੰਨ ਜਣੇ ਭੱਜ ਗਏ ਸਨ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਸਬੂਤ ‘ਸਰਕਾਰੀ ਫੀਸ’ ਦੇ ਨਾਮ ਹੇਠ ਹੁੰਦੀ ਵਸੂਲੀ ਦੀ ਹਾਮੀ ਭਰਦੇ ਹਨ  ਸਬੂਤਾਂ ਅਨੁਸਾਰ ਮੰਡੀ ਕਿੱਲਿਆਂ ਵਾਲੀ ’ਚ ਹਰ ਸ਼ੱੁਕਰਵਾਰ ਪਸ਼ੂ ਮੇਲਾ ਲੱਗਦਾ ਹੈ। ਠੇਕੇਦਾਰਾਂ ਨੇ ਜੁਲਾਈ 2017 ਵਿਚ (ਜੁਲਾਈ 10,16, 18,19, 22, 29 ਤੇ 30 ਜੁਲਾਈ) ਨੂੰ ਸਰਕਾਰੀ ਰਸੀਦਾਂ ਕੱਟ ਕੇ ਵਸੂਲੀ ਕੀਤੀ ਜਦੋਂ ਕਿ ਇਨ੍ਹਾਂ ਤਰੀਕਾਂ ਨੂੰ ਸ਼ੱੁਕਰਵਾਰ ਨਹੀਂ ਸੀ।
                     ਐਕਟ ਅਨੁਸਾਰ ਪਸ਼ੂ ਮੇਲਾ ਫੀਸ ਸਿਰਫ਼ ‘ਪਸ਼ੂ ਮੇਲੇ’ ਦੇ ਅੰਦਰ ਹੀ ਵਸੂਲੀ ਜਾ ਸਕਦੀ ਹੈ ਜਦੋਂ ਕਿ ਇਹ ਰਸੀਦਾਂ ਮੇਲਿਆਂ ਤੋਂ ਬਾਹਰ ਸੜਕਾਂ ਤੇ ਕੱਟ ਕੇ  ਦੂਸਰੇ ਰਾਜਾਂ ’ਚ ਜਾਣ ਵਾਲੇ ਟਰੱਕਾਂ,ਕੈਂਟਰਾਂ ਦੇ ਰਜਿਸਟ੍ਰੇਸ਼ਨ ਨੰਬਰ ਵੀ ਪਾਏ ਹੋਏ ਸਨ। ਮਿਸਾਲ ਦੇ ਤੌਰ ਤੇ ਫਾਜਿਲਕਾ ਤੋਂ ਯੂ.ਪੀ ਜਾ ਰਹੇ ਵਾਹਨ ਨੰਬਰ ਪੀਬੀ 22 ਕੇ6189 ਤੋਂ 28 ਜੁਲਾਈ 2017 ਨੂੰ ਛੇ ਹਜ਼ਾਰ ਵਸੂਲੇ ਗਏ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਫੂਲ ਅਤੇ ਮਾਲਵਾ ਯੂਥ ਫੈਡਰੇਸ਼ਨ ਦੇ ਪ੍ਰਧਾਨ ਲਖਵੀਰ ਸਧਾਣਾ ਨੇ ਦੱਸਿਆ ਕਿ ਰਾਮਪੁਰਾ ਮੇਲੇ ਵਿਚ ਤਿੰਨ ਤਿੰਨ ਗੁਣਾ ਜਿਆਦਾ ਫੀਸ ਵਸੂਲਦੇ ਠੇਕੇਦਾਰ ਫੜ ਲਏ ਸਨ ਜਿਨ੍ਹਾਂ ਨੇ ਸਮਝੌਤਾ ਕਰਕੇ ਖਹਿੜਾ ਛੁਡਾਇਆ ਸੀ। ਲੋੜ ਪੈਣ ਤੇ ਮੁੜ ਮੋਰਚਾ ਖੋਲਣਗੇ। ਠੇਕੇਦਾਰਾਂ ਵਿਚ ਅਕਾਲੀ ਤੇ ਕਾਂਗਰਸੀ ਦੋਵੇਂ ਸ਼ਾਮਿਲ ਹਨ।
                    ਐਕਟ ਤੋਂ ਲਾਂਭੇ ਜਾ ਕੇ ਠੇਕੇਦਾਰ ਜਰਮਾਨੇ ਵੀ ਵਸੂਲ ਰਹੇ ਹਨ। ਪਸ਼ੂ ਵਪਾਰ ਯੂਨੀਅਨ ਦੇ ਸਕੱਤਰ ਸਤਿਨਾਮ ਸਿੰਘ ਦਾ ਕਹਿਣਾ ਸੀ ਕਿ ਅਫਸਰਾਂ ਤੇ ਪੁਲੀਸ ਦੀ ਮਿਲੀਭੁਗਤ ਨਾਲ ‘ਗੁੰਡਾ ਟੈਕਸ’ ਚੱਲ ਰਿਹਾ ਹੈ। ਐਕਟ ਦੇ ਖ਼ਿਲਾਫ਼ ਪਹਿਲਾਂ ਪਸ਼ੂ ਮੇਲੇ ਠੇਕੇ ਤੇ ਦਿੱਤੇ ਅਤੇ ਨਵੀਂ ਸਰਕਾਰ ਨੇ ਤਾਂ ਐਗਰੀਮੈਂਟ ਵਿਚ ਐਕਟ ਦੇ ਉਲਟ ਠੇਕੇਦਾਰਾਂ ਨੂੰ ਪਸ਼ੂ ਮੇਲਿਆਂ ਤੋਂ ਬਾਹਰ ਫੀਸ ਵਸੂਲਣ ਦੀ ਆਗਿਆ ਦਿੱਤੀ ਜੋ ਗ਼ੈਰਕਨੂੰਨੀ ਹੈ। ਇਸ ‘ਆਗਿਆ’ ਪਿਛੇ ਕਈ ਰਾਜ ਹਨ।
                           ਐਗਰੀਮੈਂਟ ਅਨੁਸਾਰ ਫੀਸ ਵਸੂਲਦੇ ਹਾਂ : ਵਿਰਕ
‘ਯੂਨਾਈਟਿਡ ਕੈਟਲ ਫੇਅਰ’ ਫਰਮ ਦੇ ਹਿੱਸੇਦਾਰ ਰਾਮ ਵਿਰਕ ਦਾ ਕਹਿਣਾ ਸੀ ਕਿ ਸਰਕਾਰੀ ਐਗਰੀਮੈਂਟ ਅਨੁਸਾਰ ਮੇਲਿਆਂ ਤੋਂ ਬਾਹਰ ਚੈਕਿੰਗ ਕਰਕੇ ਸਰਕਾਰੀ ਫੀਸ ਵਸੂਲਦੇ ਹਨ ਜੋ ਗੁੰਡਾ ਪਰਚੀ ਨਹੀਂ ਹੈ। ਉਨ੍ਹਾਂ ਨੂੰ ਤਾਂ ਸਰਕਾਰ ਵਲੋਂ ਵਧਾਏ ਠੇਕੇ ਕਰਕੇ ਘਾਟਾ ਪੈ ਰਿਹਾ ਹੈ ਪ੍ਰੰਤੂ ਕੁਝ ਵਪਾਰੀ ਉਨ੍ਹਾਂ ਨੂੰ ਫੇਲ੍ਹ ਕਰਨ ਲਈ ਬਦਨਾਮ ਕਰ ਰਹੇ ਹਨ। ਉਹ ਮੰਡੀਆਂ ’ਚ ਸਭ ਸਹੂਲਤਾਂ ਦੇ ਰਹੇ ਹਨ ਤੇ ਕੋਈ ਗੈਰਕਾਨੂੰਨੀ ਕੰਮ ਨਹੀਂ ਕਰ ਰਹੇ ਹਨ।
                                      ਐਕਟ ’ਚ ਸੋਧ ਕਰਾਂਗੇ : ਡਿਪਟੀ ਡਾਇਰੈਕਟਰ
ਪੰਚਾਇਤ ਵਿਭਾਗ ਦੇ ਸਬੰਧਿਤ ਡਿਪਟੀ ਡਾਇਰੈਕਟਰ ਜੋਗਿੰਦਰ ਕੁਮਾਰ ਦਾ ਤਰਕ ਸੀ ਕਿ ਮੇਲਿਆਂ ਤੋਂ ਬਾਹਰ ਪਸ਼ੂ ਵਪਾਰੀ ਖਰੀਦੋ ਫਰੋਖਤ ਕਰਦੇ ਸਨ ਜਿਸ ਕਰਕੇ ਐਗਰੀਮੈਂਟ ਵਿਚ ਠੇਕੇਦਾਰਾਂ ਨੂੰ ਮੇਲਿਆਂ ਤੋਂ ਬਾਹਰ ਚੈਕਿੰਗ ਤੇ ਫੀਸ ਵਸੂਲਣ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਮੰਨਿਆ ਕਿ ਇਹ ਐਕਟ ਤੋਂ ਉਲਟ ਹੈ ਪ੍ਰੰਤੂ ਇਸ ਐਕਟ ਵਿਚ ਜਲਦੀ ਸੋਧ ਕੀਤੀ ਜਾਵੇਗੀ।


                         ਸਿਆਸੀ ਚੌਧਰੀ 
    ਗੁੰਡਾ ਟੈਕਸ ਦੀ ‘ਭੇਲੀ’ ਤੋਂ ਭਿੜਨ ਲੱਗੇ 
                          ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਦੇ ਸਿਆਸੀ ਚੌਧਰੀ ਅੰਦਰੋਂ ਅੰਦਰੀਂ ਰਿਫਾਈਨਰੀ ਦੇ ‘ਗੁੰਡਾ ਟੈਕਸ’ ਦੀ ‘ਭੇਲੀ’ ਤੋਂ ਲੜ ਰਹੇ ਹਨ। ‘ਗੁੰਡਾ ਟੈਕਸ’ ਨਾਲ ਹਰ ਚੌਧਰੀ ਹੱਥ ਰੰਗਣ ਲਈ ਕਾਹਲਾ ਹੈ। ਜਦੋਂ ਅਕਾਲੀ ਵਜ਼ਾਰਤ ਸੀ, ਉਦੋਂ ਵੀ ‘ਗੁੰਡਾ ਟੈਕਸ’ ਚੱਲਦਾ ਸੀ ਪ੍ਰੰਤੂ ਉਦੋਂ ਸਿਆਸੀ ਚੌਧਰੀ ਇੱਕੋ ਰਿਹਾ ਹੈ। ਗਠਜੋੜ ਸਰਕਾਰ ਸਮੇਂ ਤਲਵੰਡੀ ਸਾਬੋ ਦੀ ਹਕੂਮਤ ਜਿਸ ਆਗੂ ਦੇ ਹੱਥ ਆ ਜਾਂਦੀ ਸੀ, ਉਸ ਦਾ ਹੀ ‘ਗੁੰਡਾ ਟੈਕਸ’ ਤੇ ਕਬਜ਼ਾ ਹੋ ਜਾਂਦਾ ਸੀ। ਕਾਂਗਰਸ ਪਾਰਟੀ ਦੀ ਵਜ਼ਾਰਤ 10 ਵਰ੍ਹਿਆਂ ਮਗਰੋਂ ਆਈ ਹੈ ਅਤੇ ਮਾਲਵੇ ਦਾ ਇੱਕੋ ਵੱਡਾ ਪ੍ਰੋਜੈਕਟ ਰਿਫਾਈਨਰੀ ਦਾ ਪੈਟਰੋ ਕੈਮੀਕਲ ਯੂਨਿਟ ਹੈ ਜੋ ਕਰੀਬ 25 ਹਜ਼ਾਰ ਕਰੋੜ ਦਾ ਹੈ। ਕਾਂਗਰਸੀ ਦੇ ਵੱਡੇ ਛੋਟੇ ਨੇਤਾਵਾਂ ਨੇ ਮੌਕਾ ਮਿਲਦੇ ਹੀ ਰਿਫਾਈਨਰੀ ਵੱਲ ਦੌੜ ਲਗਾ ਦਿੱਤੀ। ਬਠਿੰਡਾ ਜ਼ਿਲ੍ਹੇ ਦੇ ਇੱਕ ਪੁਰਾਣੇ ਠੇਕੇਦਾਰ ਨੇ ਨੁਕਤਾ ਸਮਝਾਇਆ ਕਿ ਗਠਜੋੜ ਸਰਕਾਰ ਸਮੇਂ ਜਦੋਂ ਰਿਫਾਈਨਰੀ ਦੀ ਉਸਾਰੀ ਸ਼ੁਰੂ ਹੋਈ ਤਾਂ ਤਤਕਾਲੀ ਹਕੂਮਤੀ ਨੇਤਾ ਨੇ ਉਸਾਰੀ ’ਚ ਲੱਗੇ ਠੇਕੇਦਾਰਾਂ ਦੇ ਕੰਮ ਦੇ ਹਿਸਾਬ ਨਾਲ ਏ,ਬੀ,ਸੀ ਗਰੁੱਪ ਬਣਾਏ ਹੋਏ ਸਨ। ਜੋ ਬਾਹਰਲੇ ਸੂਬਿਆਂ ਦੇ ਉਸਾਰੀ ਠੇਕੇਦਾਰ ਸਨ, ਉਨ੍ਹਾਂ ਤੇ ਜਿਆਦਾ ਗੁੰਡਾ ਟੈਕਸ ਦੀ ਦਰ ਸੀ ਜਦੋਂ ਕਿ ਸਥਾਨਿਕ ਠੇਕੇਦਾਰਾਂ ਤੋਂ ਗੁੰਡਾ ਟੈਕਸ ਘੱਟ ਵਸੂਲਿਆ ਜਾਂਦਾ ਸੀ।
                      ਗਠਜੋੜ ਸਰਕਾਰ ਸਮੇਂ ਇੱਕੋਂ ‘ਖਿਡਾਰੀ’ ਗੁੰਡਾ ਟੈਕਸ ਦੀ ਵਸੂਲੀ ਕਰਦਾ ਰਿਹਾ। ਰਿਫਾਈਨਰੀ ਦੀ ਉਸਾਰੀ ਮਗਰੋਂ ਕੰਮ ਘੱਟ ਗਿਆ ਜਿਸ ਕਰਕੇ ਗੁੰਡਾ ਟੈਕਸ ਦਾ ਮਾਮਲਾ ਬਹੁਤਾ ਉੱਠਿਆ ਨਹੀਂ ਸੀ। ਜਦੋਂ ਗੁੰਡਾ ਟੈਕਸ ਦਾ ਰੌਲਾ ਪੈਦਾ ਸੀ, ਪੁਲੀਸ ਸਮਝੌਤਾ ਕਰਾ ਦਿੰਦੀ ਸੀ। ਰਿਫਾਈਨਰੀ ਟਾਊਨਸ਼ਿਪ ’ਚ ਨਵੀਂ ਉਸਾਰੀ ਸ਼ੁਰੂ ਹੋਣ ਨਾਲ ਸਿਆਸੀ ਚੌਧਰੀ ਸਰਗਰਮ ਹੋ ਗਏ। ਕਾਂਗਰਸੀ ਹਕੂਮਤ ਮਗਰੋਂ ਟਾਊਨਸ਼ਿਪ ਦੀ ਉਸਾਰੀ ਠੇਕੇਦਾਰ ਨੇ ਸ਼ੁਰੂਆਤੀ ਪੜਾਅ ਤੇ ‘ਗੁੰਡਾ ਟੈਕਸ’ ਖ਼ਿਲਾਫ਼ ਪੁਲੀਸ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ। ਉਦੋਂ ਦੋ ਕਾਂਗਰਸੀ ਵਿਧਾਇਕਾਂ ਨੇ ਇਸ ਠੇਕੇਦਾਰ ਦੀ ਪਿੱਠ ਥਾਪੜੀ ਸੀ ਅਤੇ ਚੰਡੀਗੜ੍ਹ ਵਿਚ ਉਸ ਦੀਆਂ ਮੁਲਾਕਾਤਾਂ ਵੀ ਕਰਾ ਦਿੱਤੀਆਂ ਸਨ। ਜਦੋਂ ਹੁਣ ਪੈਟਰੋ ਕੈਮੀਕਲ ਯੂਨਿਟ ਦੇ ਟੈਂਡਰ ਹੋ ਗਏ ਤਾਂ ਕਾਂਗਰਸੀ ਲੀਡਰਾਂ ਵਿਚ ਦੌੜ ਲੱਗ ਗਏ। ਛੋਟੇ ਲੀਡਰਾਂ ਨੂੰ ਜਦੋਂ ‘ਗੁੰਡਾ ਟੈਕਸ’ ਦੇ ਪਿੜ ਚੋਂ ਵੱਡਿਆਂ ਨੇ ਪਾਸੇ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੁਕਾਬਲਾ ਸ਼ੁਰੂ ਹੋ ਗਿਆ। ‘ਗੁੰਡਾ ਟੈਕਸ’ ਦੇ ਮਾਮਲੇ ਵਿਚ ‘ਆਪ’ ਨੇਤਾ ਵੀ ਘਿਰਦੇ ਨਜ਼ਰ ਆਉਣ ਲੱਗੇ ਹਨ।
            ਕਾਂਗਰਸੀ ਲੀਡਰਾਂ ਦੇ ਇਸ ਮੁਕਾਬਲੇ ਵਿਚ ਉਸਾਰੀ ਠੇਕੇਦਾਰ ਪਿਸਣ ਲੱਗੇ ਜਿਨ੍ਹਾਂ ਨੇ ਡਿਪਟੀ ਕਮਿਸ਼ਨਰ ਕੋਲ ਆਪਣੀ ਸ਼ਿਕਾਇਤ ਰੱਖ ਦਿੱਤੀ। ਜਦੋਂ ਗੁੰਡਾ ਟੈਕਸ ਦਾ ਰੌਲਾ ਪੈ ਰਿਹਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਚੰਡੀਗੜ੍ਹ ਰਹਿੰਦਾ ਇੱਕ ‘ਖਿਡਾਰੀ’ ਕਾਂਗਰਸੀ ਵਸਤਰ ਪਹਿਨ ਕੇ ਰਿਫਾਈਨਰੀ ਦੇ ਮੈਦਾਨ ਵਿਚ ਕੁੱਦ ਪਿਆ ਜਿਸ ਤੋਂ ਕਈ ਅਸਲੀ ਕਾਂਗਰਸੀ ਲੀਡਰ ਅੌਖੇ ਹੋ ਗਏ। ਇਸ ਨਵੇਂ ਕਾਂਗਰਸੀ ਦੀ ਚੰਡੀਗੜ੍ਹ ਵਿਚ ਵੱਡੇ ਲੀਡਰ ਦੇ ਫਰਜ਼ੰਦ ਤੱਕ ਸਿੱਧੀ ਪਹੁੰਚ ਹੈ ਅਤੇ ਇਸ ਕਾਂਗਰਸੀ ਵਸਤਰ ਵਾਲੇ ਨੇਤਾ ਨੇ ਚੋਣਾਂ ਸਮੇਂ ਸਿਖਰਲੇ ਘਰ ਤੱਕ ਮੋਟਾ ਫੰਡ ਦਿੱਤਾ ਸੀ। ਅਹਿਮ ਸੂਤਰਾਂ ਨੇ ਦੱਸਿਆ ਕਿ ਉਦੋਂ ਇਸ ਅਕਾਲੀ ਨੇਤਾ ਨੇ ਫਾਰਚੂਨਰ ਗੱਡੀ ਵੀ ਭੇਟ ਕੀਤੀ ਸੀ ਜਿਸ ਦੀ ਬਦੌਲਤ ਉਹ ਹੁਣ ‘ਗੁੰਡਾ ਟੈਕਸ’ ਵਿਚ ਭਾਗੀਦਾਰ ਬਣ ਗਿਆ ਹੈ।
                    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਗੁੰਡਾ ਟੈਕਸ’ ਰੋਕਣ ਲਈ ਡੰਡਾ ਖੜਕਾਇਆ ਹੈ ਜਿਸ ਮਗਰੋਂ ਬਠਿੰਡਾ ਪੁਲੀਸ ਨੇ ਵੀ ਨੱਠ ਭੱਜ ਸ਼ੁਰੂ ਕੀਤੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਖੁਦ ਮੰਨਿਆ ਹੈ ਕਿ ਗੁੰਡਾ ਟੈਕਸ ਵਸੂਲਣ ਵਾਲੇ ਅਨਸਰ ਬਖਸੇ ਨਹੀਂ ਜਾਣਗੇ ਅਤੇ ਇਨ੍ਹਾਂ ਅਨਸਰਾਂ ਨੇ ਨਿਵੇਸ਼ ਪ੍ਰਭਾਵਿਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੋਲ ਖੋਲ ਰੈਲੀਆਂ ਵਿਚ ਗੁੰਡਾ ਟੈਕਸ ਨੂੰ ਮੁੱਦਾ ਬਣਾ ਲਿਆ। ਰਿਫਾਈਨਰੀ ਦੇ ਦੌਰੇ ਸਮੇਂ ਸੁਖਬੀਰ ਬਾਦਲ ਦੀ ਜੁਬਾਨ ਟਪਲਾ ਖਾ ਗਈ ਤੇ ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਸਰਕਾਰ ਏਨਾ ਗੁੰਡਾ ਟੈਕਸ ਨਹੀਂ ਲੈਂਦੀ ਸੀ ਜਿਨ੍ਹਾਂ ਹੁਣ ਵੱਧ ਗਿਆ ਹੈ। ਸੁਖਬੀਰ ਨੇ ਗੁੰਡਾ ਟੈਕਸ ਦਾ ਰੌਲਾ ਪਾ ਕੇ ਮਨਪ੍ਰੀਤ ਬਾਦਲ ਨੂੰ ਨਿਸ਼ਾਨਾ ਬਣਾਇਆ।










Saturday, February 17, 2018

                                                         ਕਪਤਾਨੀ ਮਿਹਰ 
                               ਵੱਡੇ ਘਰਾਂ ਦੀ ਟਰਾਂਸਪੋਰਟ ’ਤੇ ਛੱਤਰੀ ਤਾਣੀ !
                                                          ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ ਵੱਡੇ ਘਰਾਂ ਦੀਆਂ ਬੱਸਾਂ ਨੂੰ ਰਾਹ ਛੱਡਣ ਲੱਗੀ ਹੈ। ਕਾਂਗਰਸ ਹਕੂਮਤ ਦੇ ਇੱਕ ਵਰੇਂ ਮਗਰੋਂ ਵੀ ਵੱਡੇ ਘਰਾਣੇ ਦੀ ਬੱਸ ਸੇਵਾ ਦੀ ਸਰਦਾਰੀ ਹੈ। ਤਾਹੀਓ ਵੱਡੇ ਘਰ ਦੀਆਂ ਬੱਸਾਂ ਦਾ ਕੋਈ ਟਾਈਮ ਟੇਬਲ ਛੇੜਿਆ ਗਿਆ ਹੈ । ਗਠਜੋੜ ਸਰਕਾਰ ਸਮੇਂ ਵੱਡੇ ਘਰਾਣੇ ਦੀ ਹਰ ਬੱਸ ਨੂੰ ਬੱਸ ਅੱਡੇ ਤੇ ਸਵਾਰੀ ਚੁੱਕਣ ਲਈ ਦਸ ਦਸ ਜਾਂ ਫਿਰ 12-12 ਮਿੰਟ ਮਿਲਦੇ ਸਨ ਜੋ ਹੁਣ ਵੀ ਜਾਰੀ ਹਨ। ਕਾਂਗਰਸ ਨੇ ਚੋਣਾਂ ਸਮੇਂ ਵਾਅਦਾ ਤੇ ਐਲਾਨ ਕੀਤਾ ਸੀ ਕਿ ਸਭ ਬੱਸਾਂ ਦੇ ਟਾਈਮ ਟੇਬਲ ਇਕਸਾਰ ਹੋਣਗੇ। ਮੁੱਖ ਸਕੱਤਰ (ਟਰਾਂਸਪੋਰਟ) ਨੇ ਜਨਵਰੀ ਦੇ ਅੱਧ ਤੋਂ ਪਹਿਲਾਂ ਟਾਈਮ ਟੇਬਲ ਬਾਰੇ ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਸਮੂਹ ਰਿਜ਼ਨਲ ਟਰਾਂਸਪੋਰਟ ਅਥਾਰਟੀਆਂ ਨੂੰ ਇੱਕ ਪੱਤਰ ਜਾਰੀ ਕੀਤਾ ਸੀ ਕਿ 30 ਦਿਨਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਟਾਈਮ ਟੇਬਲ ਇਕਸਾਰ ਕੀਤਾ ਜਾਵੇ। ਸਰਕਾਰੀ ਬੱਸਾਂ ਤੇ ਪ੍ਰਾਈਵੇਟ ਬੱਸਾਂ ਦੀ ਗਰੱੁਪਿੰਗ ਕਰ ਦਿੱਤੀ ਜਾਵੇ। ਮਤਲਬ ਕਿ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦਾ ਟਾਈਮ ਵੱਖੋ ਵੱਖਰਾ ਇੱਕ ਥਾਂ ਕਰ ਦਿੱਤਾ ਜਾਵੇ। ਸੂਤਰਾਂ ਅਨੁਸਾਰ ਵੱਡੇ ਘਰਾਣੇ ਦੀਆਂ ਬੱਸਾਂ ਵਾਲਾ ਟਾਈਮ ਟੇਬਲ ਹਾਲੇ ਤੱਕ ਕਿਸੇ ਅਫਸਰ ਨੇ ਛੇੜਿਆ ਤੱਕ ਨਹੀਂ ਹੈ। ਆਰਟੀਏ ਸੰਗਰੂਰ ਨੇ ਦੋ ਦਫ਼ਾ ਮੀਟਿੰਗ ਰੱਖੀ ਤੇ ਮੁਲਤਵੀ ਕਰ ਦਿੱਤੀ।
                     ਬਠਿੰਡਾ ਅੰਮ੍ਰਿਤਸਰ ਰੂਟ ਦੇ ਟਾਈਮ ਟੇਬਲ ਬਾਰੇ ਗੇਂਦ ਫਰੀਦਕੋਟ ਦੇ ਆਰਟੀਏ ਦੇ ਪਾਲੇ ਵਿਚ ਸੁੱਟ ਦਿੱਤੀ ਗਈ। ਸੂਤਰ ਦੱਸਦੇ ਹਨ ਕਿ ਆਰਟੀਏ ਫਰੀਦਕੋਟ ਨੇ ਜੋ ਕੋਟਕਪੂਰਾ ਮੋਗਾ ਰੂਟ ਦਾ ਨਵਾਂ ਟਾਈਮ ਟੇਬਲ ਬਣਾਇਆ ਹੈ, ਉਸ ’ਚ ਵੱਡੇ ਘਰਾਣੇ ਨੂੰ ਮੁੜ ਗੱਫਾ ਮਿਲਿਆ ਹੈ। ਅੌਰਬਿਟ ਅਤੇ ਡਬਵਾਲੀ ਬੱਸ ਕੰਪਨੀ ਦੇ ਲੁਧਿਆਣਾ, ਜਲੰਧਰ ਅਤੇ ਸੰਗਰੂਰ ਲਈ ਕਰੀਬ 34 ਰੂਟ ਬਠਿੰਡਾ ਤੋਂ ਹੀ ਚੱਲਦੇ ਹਨ। ਪਟਿਆਲਾ ਚੰਡੀਗੜ੍ਹਂ ਵੱਖਰੇ ਹਨ। ਟਾਈਮ ਟੇਬਲ ਅਨੁਸਾਰ ਬਠਿੰਡਾ ਬਰਨਾਲਾ ਰੂਟ ਤੇ ਬਠਿੰਡਾ ਬੱਸ ਅੱਡੇ ਚੋਂ ਕਰੀਬ 193 ਰੂਟ (ਆਮ ਬੱਸਾਂ ਦੇ) ਚੱਲਦੇ ਹਨ ਜਿਨਂਾਂ ਚੋਂ ਦਰਜਨ ਆਮ ਬੱਸਾਂ ਨੂੰ ਤਾਂ ਸਿਰਫ਼ ਦੋ ਦੋ ਮਿੰਟ ਦਾ ਸਮਾਂ ਅਤੇ 62 ਬੱਸਾਂ ਨੂੰ ਸਿਰਫ਼ ਤਿੰਨ ਤਿੰਨ ਮਿੰਟ ਹੀ ਅੱਡੇ ਵਿਚ ਸਵਾਰੀ ਚੁੱਕਣ ਲਈ ਮਿਲਦੇ ਹਨ। ਵੱਡੇ ਘਰਾਣੇ ਨੂੰ ਦਸ ਦਸ ਮਿੰਟ ਵੀ ਮਿਲ ਰਹੇ ਹਨ। ਬੱਸ ਅਪਰੇਟਰ ਐਸੋਸੀਏਸ਼ਨ (ਬਠਿੰਡਾ ਜ਼ੋਨ) ਦੇ ਕਨਵੀਨਰ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਟਰਾਂਸਪੋਰਟ ਅਫਸਰ ਟਾਈਮ ਟੇਬਲ ਇਕਸਾਰ ਕਰਨ ਤੋਂ ਆਨਾਕਾਨੀ ਕਰ ਰਹੇ ਹਨ ਅਤੇ ਵੱਡੇ ਘਰਾਂ ਤੋਂ ਅਧਿਕਾਰੀ ਡਰ ਰਹੇ ਹਨ ਜਿਸ ਕਰਕੇ ਟਾਈਮ ਟੇਬਲ ਨੂੰ ਟਾਲਿਆ ਜਾ ਰਿਹਾ ਹੈ। ਵੱਡੇ ਘਰਾਂ ਦੀਆਂ ਬੱਸਾਂ ਦੇ ਟਾਈਮ ਟੇਬਲ ਵਿਚ ਕਿਧਰੇ ਵੀ ਕੋਈ ਤਬਦੀਲੀ ਨਜ਼ਰ ਨਹੀਂ ਆਈ ਹੈ।
                  ਵੇਰਵਿਆਂ ਅਨੁਸਾਰ ਬੁਢਲਾਡਾ ਡਿਪੂ ਦੀ ਵੱਡੇ ਘਰ ਦੀ ਮਰਸਡੀਜ਼ ਬੱਸ ਦੇ ਅੱਗੇ ਮਾਨਸਾ ਤੋਂ ਚੰਡੀਗੜਂ ਰੂਟ ਤੇ ਸਰਕਾਰੀ ਬੱਸ ਯੋਜਨਾ ਦੀ ਮੁੱਖ ਮੰਤਰੀ ਦੇ ਇੱਕ ਸਲਾਹਕਾਰ ਨੇ ਹੀ ਫੇਲਂ ਕਰ ਦਿੱਤੀ।  ਮਾਨਸਾ ਤੋਂ ਸਵੇਰ ਵਕਤ 5.05 ਵਜੇ ਮਰਸਡੀਜ਼ ਬੱਸ ਚੱਲਦੀ ਹੈ ਅਤੇ ਬੁਢਲਾਡਾ ਡਿਪੂ ਉਸ ਤੋਂ ਪਹਿਲਾਂ 4.50 ਵਜੇ ਚੰਡੀਗੜ੍ਹਂ ਬੱਸ ਚਲਾਉਣਾ ਚਾਹੁੰਦਾ ਸੀ ਪ੍ਰੰਤੂ ਇੱਕ ਸਲਾਹਕਾਰ ਨੇ ਪੀਆਰਟੀਸੀ ਨੂੰ ‘ਹੱਦਾਂ’ ’ਚ ਰਹਿਣ ਦੀ ਘੁਰਕੀ ਦੇ ਦਿੱਤੀ। ਅਖੀਰ ਮਰਸਡੀਜ਼ ਤੋਂ ਮਗਰੋਂ ਸਰਕਾਰੀ ਬੱਸ ਨੂੰ ਸਮਾਂ ਦਿੱਤਾ ਗਿਆ। ਜਨਰਲ ਮੈਨੇਜਰ ਹਰਬੰਸ ਭੱਟੀ ਨੇ ਏਨਾ ਹੀ ਆਖਿਆ ਕਿ ਦਰਖਾਸਤ ਦਿੱਤੀ ਸੀ। ਆਰਟੀਏ ਬਠਿੰਡਾ ਸ੍ਰੀ ਉਦੇਦੀਪ ਸਿੰਘ ਦਾ ਕਹਿਣਾ ਸੀ ਕਿ ਹਾਈਕੋਰਟ ਦੇ ਹੁਕਮਾਂ ਅਤੇ ਕਿਸੇ ਟਰਾਂਸਪੋਰਟ ਤਰਫ਼ੋਂ ਕੋਈ ਇਤਰਾਜ਼ ਨਾ ਮਿਲਣ ਕਰਕੇ ਕੋਈ ਨਵਾਂ ਟਾਈਮ ਟੇਬਲ ਨਹੀਂ ਬਣਾਇਆ ਗਿਆ ਹੈ। ਉਨਂਾਂ ਦੱਸਿਆ ਕਿ ਬੁਢਲਾਡਾ ਡਿਪੂ ਨੂੰ ਪਹਿਲਾਂ ਸਮਾਂ ਦੇਣ ਨਾਲ ਸਾਰੇ ਟਾਈਮ ਟੇਬਲ ਨਾਲ ਛੇੜਛਾੜ ਹੋਣੀ ਸੀ। ਉਨਂਾਂ ਹੋਰ ਵੀ ਬਹੁਤ ਸਾਰੇ ਕਾਰਨ ਹੋਣ ਦੀ ਗੱਲ ਆਖੀ।
                    ਦੱਸਣਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਚੋੋਣਾਂ ਤੋਂ ਪਹਿਲਾਂ ਆਪਣੇ ‘ਤਾਏ’ ਦੀ ਟਰਾਂਸਪੋਰਟ ਦੀ ਗੱਲ ਚੋਣ ਪ੍ਰਚਾਰ ਦੌਰਾਨ ਰੱਖਦਾ ਰਿਹਾ ਹੈ। ਪੀ.ਆਰ.ਟੀ.ਸੀ ਦੇ ਐਮ.ਡੀ ਮਨਜੀਤ ਸਿੰਘ ਨਾਰੰਗ ਦਾ ਕਹਿਣਾ ਸੀ ਕਿ ਪਿਛਲੇ ਅਰਸੇ ਤੋਂ ਕਾਰਪੋਰੇਸ਼ਨ ਦੀ ਆਮਦਨ ਵਿਚ ਕਾਫੀ ਸੁਧਾਰ ਹੋਇਆ ਹੈ। ਪ੍ਰਮੁੱਖ ਸਕੱਤਰ ਟਰਾਂਸਪੋਰਟ ਨਾਲ ਸੰਪਰਕ ਦੀ ਕੋਸ਼ਿਸ਼ ਕੀਤਾ ਪ੍ਰੰਤੂ ਉਨਂਾਂ ਫੋਨ ਨਹੀਂ ਚੁੱਕਿਆ।ਪੰਜਾਬ ਰੋਡਵੇਜ਼ ਐਂਪਲਾਈਜ ਯੂਨੀਅਨ (ਆਜ਼ਾਦ) ਦੇ ਜਨਰਲ ਸਕੱਤਰ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਵੱਡੇ ਘਰਾਣੇ ਤੋਂ ਡਰਦੇ ਟਰਾਂਸਪੋਰਟ ਅਫਸਰ ਕਿਸੇ ਵੀ ਟਾਈਮ ਟੇਬਲ ਨੂੰ ਛੇੜ ਨਹੀਂ ਰਹੇ ਹਨ ਅਤੇ ਹਾਲੇ ਵੀ ਵੱਡੇ ਘਰਾਂ ਦੀਆਂ ਬੱਸਾਂ ਦੇ ਕਾਰੋਬਾਰ ਵਿਚ ਉਵੇਂ ਹੀ ਤੂਤੀ ਬੋਲਦੀ ਹੈ। ਉਨਂਾਂ ਆਖਿਆ ਕਿ ਪ੍ਰਮੁੱਖ ਸਕੱਤਰ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਕੋਈ ਅਫਸਰ ਸੰਜੀਦਗੀ ਨਹੀਂ ਦਿਖਾ ਰਿਹਾ ਹੈ।
     











Friday, February 16, 2018

                      ਗੁੰਡਾ ਟੈਕਸ   
   ਖ਼ੁਫੀਆ ਰਿਪੋਰਟ ਨੇ ਪਾਜ ਉਧੇੜੇ
                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੀ ਖ਼ੁਫੀਆ ਰਿਪੋਰਟ ਨੇ ਬਠਿੰਡਾ ਰਿਫਾਈਨਰੀ ਦੇ ‘ਗੁੰਡਾ ਟੈਕਸ’ ਦੇ ਪਾਜ ਉਧੇੜ ਦਿੱਤੇ ਹਨ। ਖੁਫੀਆ ਰਿਪੋਰਟ ਨੇ ਇਸ ਮਾਮਲੇ ’ਚ ਹਾਕਮ ਧਿਰ ਦੇ ਤਿੰਨ ਵਿਧਾਇਕਾਂ ਅਤੇ ਇੱਕ ਪੁਲੀਸ ਅਫਸਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਖੁਫੀਆ ਰਿਪੋਰਟ ਤੇ ਵਿਚਾਰ ਚਰਚਾ ਮਗਰੋਂ ਸਰਕਾਰ ਹਰਕਤ ਵਿਚ ਆ ਗਈ ਹੈ। ਉੱਚ ਪੁਲੀਸ ਅਫਸਰਾਂ ਨੇ ਅੱਜ ਇਸ ਰਿਪੋਰਟ ਨੂੰ ਅੰਤਿਮ ਛੋਹ ਦੇ ਦਿੱਤੀ ਸੀ। ਪੰਜਾਬੀ ਟ੍ਰਿਬਿਊਨ ਤਰਫੋਂ ਗੁੰਡਾ ਟੈਕਸ ਮਾਮਲੇ ਨੂੰ ਪ੍ਰਮੁਖਤਾ ਨਾਲ ਉਭਾਰਿਆ ਗਿਆ ਸੀ। ਉਸ ਮਗਰੋਂ ਸਰਕਾਰ ਨੇ ਖੁਫੀਆ ਰਿਪੋਰਟ ਮੰਗੀ ਸੀ।  ਅਹਿਮ ਸੂਤਰਾਂ ਅਨੁਸਾਰ ਪੰਜਾਬ ਪੁਲੀਸ ਦੇ ਆਰਗੇਨਾਈਜਡ ਕਰਾਈਮ ਕੰਟਰੋਲ ਯੂਨਿਟ (ਓਕੂ) ਤਰਫੋਂ ‘ਗੁੰਡਾ ਟੈਕਸ’ ਬਾਰੇ ਇੱਕ ਖੁਫੀਆ ਰਿਪੋਰਟ ਤਿਆਰ ਕਰਾਈ ਗਈ। ਖੁਫੀਆ ਵਿੰਗ ਦੇ ਮੁਲਾਜਮਾਂ ਦੀ ਤਿੱਕੜੀ ਨੇ ਰਿਫਾਈਨਰੀ ਖ਼ਿੱਤੇ ’ਚ ਹਫਤਾ ਲਗਾ ਕੇ ਗੁਪਤ ਭੇਤ ਕੱਢੇ ਹਨ ਜਿਨ੍ਹਾਂ ਨੇ ਦੋ ਦਿਨ ਪਹਿਲਾਂ ‘ਗੁੰਡਾ ਟੈਕਸ’ ਤੇ ਇੱਕ ਗੁਪਤ ਰਿਪੋਰਟ ਭੇਜੀ ਹੈ। ਵੇਰਵਿਆਂ ਅਨੁਸਾਰ ਇਨ੍ਹਾਂ ਖੁਫੀਆ ਰਿਪੋਰਟ ਤਿਆਰ ਕਰਨ ਵਾਲੇ ਮੁਲਾਜ਼ਮਾਂ ਨੂੰ ਉੱਚ ਪੁਲੀਸ ਅਫਸਰਾਂ ਨੇ 14 ਫਰਵਰੀ ਨੂੰ ਚੰਡੀਗੜ੍ਹ ਸੱਦਿਆ ਗਿਆ ਜੋ ਡੀਜੀਪੀ (ਇਟੈਲੀਜੈਂਸ) ਦੇ ਦਫਤਰ ਵਿਚ ਵੀ ਪੇਸ਼ ਹੋਏ ਸਨ।
                   ਅਹਿਮ ਸੂਤਰਾਂ ਅਨੁਸਾਰ ਓਕੂ ਵਿੰਗ ਨੇ ਤਿੰਨ ਨਵੇਂ ਖੁਫੀਆ ਮੁਲਾਜ਼ਮਾਂ ਨੂੰ ਇਹ ਜਿੰਮੇਵਾਰੀ ਸੌਂਪੀ ਸੀ ਕਿ ‘ਗੁੰਡਾ ਟੈਕਸ’ ਦੇ ਪਰਦੇ ਪਿੱਛੇ ਹੱਥ ਰੰਗਣ ਵਾਲੇ ਲੀਡਰਾਂ ਅਤੇ ਅਫਸਰਾਂ ਦਾ ਭੇਤ ਕੱਢਣ। ਖੁਫੀਆ ਵਿੰਗ ਦੀ ਤਿੱਕੜੀ ਤਰਫੋਂ ਜੋ ਉੱਚ ਅਫਸਰਾਂ ਨੂੰ ਰਿਪੋਰਟ ਭੇਜੀ ਹੈ, ਉਸ ਦੇ ਅਹਿਮ ਵੇਰਵੇ ਸੂਤਰਾਂ ਰਾਹੀਂ ਹਾਸਲ ਹੋਏ ਹਨ।  ਅਹਿਮ ਸੂਤਰ ਦੱਸਦੇ ਹਨ ਕਿ ਖ਼ੁਫੀਆ ਰਿਪੋਰਟ ਅਨੁਸਾਰ ਕਾਂਗਰਸ ਲੀਡਰਾਂ ਦੇ ਦੋ ਗਰੁੱਪ ‘ਗੁੰਡਾ ਟੈਕਸ’ ਅਤੇ ‘ਕੈਸੀਨੋ’ ਚਲਾ ਰਹੇ ਹਨ। ਬਠਿੰਡਾ ਸ਼ਹਿਰ ’ਚ ਚੱਲਦੇ ਕੈਸੀਨੋ ਅਤੇ ਲਾਟਰੀ ਦੇ ਧੰਦੇ ਦੇ ਮਾਮਲੇ ਵਿਚ ਇੱਕ ਵੱਡੇ ਨੇਤਾ ਅਤੇ ਉਸ ਦੇ ਦੋ ਚੇਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇੱਕ ਵੱਡੇ ਪੁਲੀਸ ਅਫਸਰ ਦਾ ‘ਗੁੰਡਾ ਟੈਕਸ’ ’ਚ ਇੱਕ ਵੱਡੇ ਨੇਤਾ ਨਾਲ ਠੇਕੇਦਾਰਾਂ ਦੀ ਗੰਢ ਤੁਪ ਕਰਾਏ ਜਾਣ ਦਾ ਜ਼ਿਕਰ ਹੈ। ਖੁਫੀਆ ਵਿੰਗ ਦੀ ਤਿੱਕੜੀ ਨੂੰ ਸਖਤ ਹਦਾਇਤ ਸੀ ਕਿ ਉਨ੍ਹਾਂ ਵਲੋਂ ਕਿਸੇ ਵੀ ਸੂਰਤ ਵਿਚ ਸਥਾਨਿਕ ਪੁਲੀਸ ਨਾਲ ਕੋਈ ਸੰਪਰਕ ਨਾ ਰੱਖਿਆ ਜਾਵੇ ਅਤੇ ਰਿਪੋਰਟ ਸਿੱਧੀ ਚੰਡੀਗੜ੍ਹ ਭੇਜੀ ਜਾਵੇ।
                    ਓਕੂ ਦੇ ਅਫਸਰਾਂ ਨੇ 22 ਮੁਲਾਜ਼ਮਾਂ ਚੋਂ ਇਸ ਤਿੱਕੜੀ ਦੀ ਚੋਣ ਕਰਕੇ ਗੁੰਡਾ ਟੈਕਸ ਦੇ ਮਿਸ਼ਨ ਤੇ ਮਿਸ਼ਨ ਭੇਜਿਆ ਗਿਆ ਸੀ। ਫਰੀਦਕੋਟ ਤੇ ਬਠਿੰਡਾ ਜ਼ਿਲ੍ਹੇ ਦੇ ਤਿੰਨ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਉਨ੍ਹਾਂ ਦੇ ਇੱਕ ਰਿਸ਼ਤੇਦਾਰ, ਇੱਕ ਚੋਣ ਹਾਰੇ ਹੋਏ ਆਗੂ ਅਤੇ ‘ਆਪ’ ਦੇ ਐਮ.ਐਲ.ਏ ਨੂੰ ਰਿਫਾਈਨਰੀ ਦੇ ‘ਗੁੰਡਾ ਟੈਕਸ’ ਨਾਲ ਜੇਬਾਂ ਭਰਨ ਦਾ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ। ਰਿਫਾਈਨਰੀ ਨੇੜੇ ਚੱਲਦੇ ਇੱਕ ਕੈਸੀਨੋ ਦੀ ਫੋਟੋ ਵੀ ਰਿਪੋਰਟ ਨਾਲ ਭੇਜੀ ਗਈ ਹੈ। ਪੁਲੀਸ ਦੇ ਚੰਡੀਗੜ੍ਹ ਵਿਚਲੇ ਸੀਨੀਅਰ ਅਧਿਕਾਰੀ ਇਸ ਤਰ੍ਹਾਂ ਦੀ ਰਿਪੋਰਟ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘ਗੁੰਡਾ ਟੈਕਸ’ ਦਾ ਮਾਮਲਾ ਤਾਂ ਜੱਗ ਜ਼ਾਹਰ ਹੀ ਹੈ।
                 ਪ੍ਰਤਾਪ ਬਾਜਵਾ ਵਲੋਂ ਰਾਹੁਲ ਗਾਂਧੀ ਨੂੰ ਪੱਤਰ
ਮੈਂਬਰ ਪਾਰਲੀਮੈਂਟ ਤੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਰਿਫਾਈਨਰੀ ਦੇ ‘ਗੁੰਡਾ ਟੈਕਸ’ ਦੇ ਮਾਮਲੇ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖਿਆ ਹੈ। ਤਿੰਨ ਦਿਨ ਪਹਿਲਾਂ ਭੇਜੇ ਪੱਤਰ ’ਚ ਬਾਜਵਾ ਨੇ ‘ਗੁੰਡਾ ਟੈਕਸ’ ਨੂੰ ਨੱਥ ਪਾਉਣ ਲਈ ਰਾਹੁਲ ਗਾਂਧੀ ਦੇ ਦਾਖਲ ਦੀ ਮੰਗ ਕੀਤੀ ਹੈ। ਅਹਿਮ ਸੂਤਰਾਂ ਅਨੁਸਾਰ ਬਾਜਵਾ ਨੇ ਲਿਖਿਆ ਹੈ ਕਿ ਗੁੰਡਾ ਟੈਕਸ ਦੇ ਮਾਮਲੇ ਕਾਰਨ ਸਰਕਾਰ ਦੇ ਅਕਸ ਨੂੰ ਢਾਹ ਲੱਗ ਰਹੀ ਹੈ ਜਿਸ ਦਾ ਸੇਕ ਅਗਾਮੀ ਲੋਕ ਸਭਾ ਚੋਣਾਂ ਵਿਚ ਲੱਗ ਸਕਦਾ ਹੈ। ਜੋ ਵਾਅਦੇ ਕਰਕੇ ਸਰਕਾਰ ਬਣੀ ਹੈ, ਉਨ੍ਹਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਅਕਾਲੀਆਂ ਵਾਲੇ ਰਾਹ ਤੇ ਚੱਲਣ ਵਾਲਿਆਂ ਨੂੰ ਮੋੜਾ ਪਾਏ ਜਾਣ ਦੀ ਗੱਲ ਵੀ ਆਖੀ ਈ ਹੈ।
                   ਮੁੱਖ ਮੰਤਰੀ ਨਜ਼ਰ ਰੱਖ ਰਹੇ ਹਨ : ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਧਿਆਨ ਵਿਚ ‘ਗੁੰਡਾ ਟੈਕਸ’ ਦਾ ਮਾਮਲਾ ਲਿਆ ਦਿੱਤਾ ਸੀ ਅਤੇ ਹੁਣ ਮੁੱਖ ਮੰਤਰੀ ਇਸ ਤੇ ਨਜ਼ਰ ਰੱਖ ਰਹੇ ਹਨ। ਉਹ ਖੁਫੀਆ ਵਿੰਗ ਤੋਂ ਜਰੂਰ ਰਿਪੋਰਟ ਲੈ ਰਹੇ ਹੋਣਗੇ ਪ੍ਰੰਤੂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦੁਹਰਾਇਆ ਕਿ ਕਿਸੇ ਵੀ ਪੱਧਰ ਤੇ ਬਦਮਾਸ਼ੀ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਰਾਜ ’ਚ ਨਿਵੇਸ਼ ਪ੍ਰਭਾਵਿਤ ਹੋਣ ਦਿੱਤਾ ਜਾਵੇਗਾ।


Thursday, February 15, 2018

                         ਮੁੱਲ ਦਾ ਸਫ਼ਰ
   ਪੰਜਾਬੀਆਂ ਨੇ ਸੜਕਾਂ ਉੱਤੇ ਵਿਛਾਏ ਨੋਟ 
                          ਚਰਨਜੀਤ ਭੁੱਲਰ
ਬਠਿੰਡਾ : ਕੌਮੀ ਸ਼ਾਹਰਾਹਾਂ ਦਾ ਸਫਰ ਪੰਜਾਬ ’ਚ ਹੁਣ ਮਹਿੰਗਾ ਸੌਦਾ ਬਣ ਗਿਆ ਹੈ। ਰੋਜ਼ਾਨਾ ਅੌਸਤਨ ਢਾਈ ਕਰੋੜ ਦਾ ਟੌਲ ਪੰਜਾਬੀ ਤਾਰਦੇ ਹਨ। ਲੰਘੇ ਪੌਣੇ ਚਾਰ ਵਰਿਂਆਂ ’ਚ ਪੰਜਾਬੀ ਲੋਕਾਂ ਨੇ ਇਕੱਲੇ ਕੌਮੀ ਸ਼ਾਹਰਾਹਾਂ ਦੇ ਸਫਰ ਦੌਰਾਨ 2023 ਕਰੋੜ ਰੁਪਏ ਟੌਲ ਦਿੱਤਾ ਹੈ। ਸਟੇਟ ਹਾਈਵੇ ਇਸ ’ਚ ਸ਼ਾਮਲ ਕਰੀਏ ਤਾਂ ਇਹ ਅੰਕੜਾ ਤਿੰਨ ਹਜ਼ਾਰ ਕਰੋੜ ਨੂੰ ਪਾਰ ਕਰਦਾ ਹੈ। ਪੰਜਾਬ ਵਿਚ ਕੌਮੀ ਸੜਕਾਂ ਅਤੇ ਸਟੇਟ ਹਾਈਵੇ ’ਤੇ ਕਰੀਬ 30 ਟੌਲ ਪਲਾਜ਼ਾ ਚੱਲ ਰਹੇ ਹਨ ਜਦੋਂ ਕਿ ਨੌ ਹੋਰ ਟੌਲ ਪਲਾਜ਼ਾ ਡੇਢ ਮਹੀਨੇ ’ਚ ਸ਼ੁਰੂ ਹੋ ਜਾਣੇ ਹਨ। ਪੰਜਾਬ ਨੇ ਚਾਰੇ ਪਾਸਿਓ ਟੌਲ ਪਲਾਜਿਆਂ ’ਚ ਘਿਰ ਜਾਣਾ ਹੈ। ਲੋਕ ਆਖਦੇ ਹਨ ਕਿ ਜਦੋਂ ਉਨਂਾਂ ਨੇ ਜੇਬ ਖਾਲੀ ਕਰਕੇ ਸਫਰ ਕਰਨਾ ਹੈ ਤਾਂ ਸਰਕਾਰ ਕਿਉਂ ਦਮਗਜੇ ਮਾਰਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ’ਚ ਜੋ ਕੌਮੀ ਸ਼ਾਹਰਾਹ ਹਨ, ਉਨਂਾਂ ਦੇ ਟੌਲ ਦਿਨੋ ਦਿਨ ਵਧ ਰਹੇ ਹਨ। ਨਜ਼ਰ ਮਾਰੀਏ ਤਾਂ ਸਾਲ 2012-13 ਵਿਚ ਇਨਂਾਂ ਮਾਰਗਾਂ ਤੋਂ ਸਿਰਫ਼ 266 ਕਰੋੜ ਦਾ ਟੌਲ ਵਸੂਲਿਆ ਗਿਆ ਜੋ ਕਿ ਸਾਲ 2013-14 ਵਿਚ ਵਧ ਕੇ 304 ਕਰੋੜ ਰੁਪਏ ਹੋ ਗਿਆ ਸੀ। ਉਸ ਮਗਰੋਂ ਤੇਜ ਰਫ਼ਤਾਰ ਨਾਲ ਟੌਲ ਵਧਿਆ ਹੈ। ਵਰਂਾ 2014-15 ਵਿਚ ਪੰਜਾਬ ਚੋਂ 403 ਕਰੋੜ ਰੁਪਏ ਕੌਮੀ ਮਾਰਗਾਂ ਦੇ ਟੌਲ ਪਲਾਜ਼ਿਆਂ ਨੇ ਵਸੂਲੇ ਜਦੋਂ ਕਿ ਵਰਂਾ 2015-16 ਵਿਚ ਇਹ ਵਸੂਲੀ 547 ਕਰੋੜ ਰੁਪਏ ਤੇ ਪੁੱਜ ਗਈ।
                     ਇਵੇਂ ਸਾਲ 2016-17 ਵਿਚ ਟੌਲ ਵਸੂਲੀ 563 ਕਰੋੜ ਰੁਪਏ ਰਹੀ ਜਦੋਂ ਕਿ ਚਾਲੂ ਮਾਲੀ ਵਰਂੇ 2017-18 (ਦਸੰਬਰ ਤੱਕ) ਦੀ ਵਸੂਲੀ 510 ਕਰੋੜ ਰੁਪਏ ਹੋ ਚੁੱਕੀ ਹੈ। ਤਿੰਨ ਮਹੀਨੇ ਬਾਕੀ ਪਏ ਹਨ।ਪੌਣੇ ਛੇ ਵਰਿਂਆਂ ’ਚ ਕੌਮੀ ਮਾਰਗਾਂ ਤੋਂ ਕਰੀਬ 2563 ਕਰੋੜ ਦਾ ਟੌਲ ਟੈਕਸ ਪੰਜਾਬ ਦੇ ਲੋਕਾਂ ਨੂੰ ਤਾਰਨਾ ਪਿਆ ਹੈ। ਜੋ ਸਟੇਟ ਹਾਈਵੇ ਹਨ, ਉਨਂਾਂ ਤੋਂ ਅੌਸਤਨ ਕਰੀਬ ਇੱਕ ਕਰੋੜ ਰੁਪਏ ਦੀ ਵਸੂਲੀ ਰੋਜ਼ਾਨਾ ਹੋ ਰਹੀ ਹੈ। ਤਿੰਨ ਮਹੀਨੇ ਪਹਿਲਾਂ ਹੀ ਬਠਿੰਡਾ ਜ਼ੀਰਕਪੁਰ ਸੜਕ ਤੇ ਦੋ ਟੌਲ ਪਲਾਜ਼ਾ ਚਾਲੂ ਹੋਏ ਹਨ ਜਦੋਂ ਕਿ ਤਿੰਨ ਹੋਰ ਟੌਲ ਪਲਾਜੇ ਚੱਲਣੇ ਹਨ। ਜਲਦੀ ਹੀ ਬਠਿੰਡਾ ਅੰਮ੍ਰਿਤਸਰ ਕੌਮੀ ਮਾਰਗ ਤੇ ਤਿੰਨ ਟੌਲ ਪਲਾਜ਼ੇ ਚੱਲਣੇ ਹਨ ਅਤੇ ਜਲੰਧਰ ਮੋਗਾ ਬਰਨਾਲਾ ਸੜਕ ਤੇ ਦੋ ਟੌਲ ਪਲਾਜ਼ਾ ਤਿਆਰ ਹਨ। ਇਵੇਂ ਸੰਗਰੂਰ ਖਨੌਰੀ ਸੜਕ ਤੇ ਇੱਕ ਟੌਲ ਚਾਲੂ ਹੋਣਾ ਹੈ। ਡੇਢ ਸਾਲ ਮਗਰੋਂ ਰੋਪੜ ਫਗਵਾੜਾ ਸੜਕ ਤੇ ਦੋ ਟੌਲ, ਚੰਡੀਗੜਂ ਲੁਧਿਆਣਾ ਸੜਕ ਤੇ ਦੋ ਟੌਲ ਪਲਾਜਾ ਚਾਲੂ ਹੋ ਜਾਣੇ ਹਨ। ਲੁਧਿਆਣਾ ਤਲਵੰਡੀ ਭਾਈ ਤੇ ਵੀ ਦੋ ਟੌਲ ਚਾਲੂ ਹੋਣੇ ਹਨ।
             ਅੰਬਾਲਾ ਤੋਂ ਅੰਮ੍ਰਿਤਸਰ ਤੱਕ ਕਰੀਬ ਚਾਰ ਪੰਜ ਟੌਲ ਪਲਾਜ਼ੇ ਚੱਲ ਰਹੇ ਹਨ। ਕੌਮੀ ਮਾਰਗਾਂ ’ਚ ਅੰਮ੍ਰਿਤਸਰ ਪਠਾਨਕੋਟ, ਜਲੰਧਰ ਪਠਾਨਕੋਟ ਤੇ ਵੀ ਟੌਲ ਚੱਲ ਰਹੇ ਹਨ। ਇਸ ਤੋਂ ਬਿਨਂਾਂ ਸਟੇਟ ਹਾਈਵੇ ਤੇ ਕਰੀਬ 20 ਟੌਲ ਪਲਾਜ਼ੇ ਚੱਲ ਰਹੇ ਹਨ ਜਿਨਂਾਂ ਤੇ ਟੌਲ ਵਸੂਲੀ ਕੌਮੀ ਮਾਰਗਾਂ ਨਾਲੋ ਘੱਟ ਹੈ। ਕੇਂਦਰ ਸਰਕਾਰ ਤਰਫੋਂ ਨੈਸ਼ਨਲ ਹਾਈਵੇਜ ਫੀਸ ਰੂਲਜ਼ 2008 ਅਨੁਸਾਰ ਟੌਲ ਨਿਰਧਾਰਤ ਕੀਤਾ ਜਾਂਦਾ ਹੈ ਜਿਸ ਤਹਿਤ 60 ਕਿਲੋਮੀਟਰ ਦੇ ਘੇਰੇ ਵਿਚ ਇੱਕ ਟੌਲ ਪਲਾਜਾ ਬਣ ਸਕਦਾ ਹੈ। ਇਨਂਾਂ ਰੂਲਜ਼ ਅਨੁਸਾਰ ਕਾਰ/ਜੀਪ/ਵੈਨ ਦਾ ਪ੍ਰਤੀ ਕਿਲੋਮੀਟਰ 0.65 ਰੁਪਏ, ਲਾਈਟ ਕਮਰਸ਼ੀਅਲ ਵਹੀਕਲ ਦਾ 1.05 ਰੁਪਏ,ਬੱਸ/ਟਰੱਕ ਦਾ 2.20 ਰੁਪਏ ਪ੍ਰਤੀ ਕਿਲੋਮੀਟਰ ਟੌਲ ਨਿਸ਼ਚਿਤ ਕੀਤਾ ਜਾਂਦਾ ਹੈ।
                    ਲੋਕ ਨਿਰਮਾਣ ਵਿਭਾਗ ਦੇ ਸਾਬਕਾ ਮੁੱਖ ਇੰਜਨੀਅਰ (ਕੌਮੀ ਹਾਈਵੇ) ਸ੍ਰੀ ਏ. ਕੇ.ਸਿੰਗਲਾ ਦਾ ਪ੍ਰਤੀਕਰਮ ਸੀ ਕਿ ਇੱਕ ਸਾਲ ਮਗਰੋਂ ਪੰਜਾਬ ਦੀਆਂ ਤਕਰੀਬਨ ਮੁੱਖ ਸੜਕਾਂ ਤੇ ਟੌਲ ਪਲਾਜ਼ੇ ਚਾਲੂ ਹੋ ਜਾਣੇ ਹਨ। ਉਨਂਾਂ ਆਖਿਆ ਕਿ ਪੰਜਾਬ ’ਚ ਹੁਣ ਇਨਂਾਂ ਸੜਕਾਂ ਤੇ ਸਫਰ ਜਿਥੇ ਸੁਰੱਖਿਆ ਹੋਇਆ ਹੈ,ਉਥੇ ਸਮੇਂ ਦੀ ਬੱਚਤ ਵੀ ਹੋਈ ਹੈ। ਪੰਜਾਬ ’ਚ ਹੋਰ ਵੀ ਸੜਕਾਂ ਦਾ ਜਾਲ ਵਿਛ ਰਿਹਾ ਹੈ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਕੁਲਬੀਰ ਸੰਧੂ ਦਾ ਕਹਿਣਾ ਸੀ ਕਿ ਬਠਿੰਡਾ ਅੰਮ੍ਰਿਤਸਰ ਮਾਰਗ ਦਾ ਟੌਲ ਜਲਦੀ ਚਾਲੂ ਹੋ ਜਾਣਾ ਹੈ ਅਤੇ 90 ਫੀਸਦੀ ਸੜਕ ਮੁਕੰਮਲ ਹੋ ਚੁੱਕੀ ਹੈ।



Wednesday, February 14, 2018

                                ਆਮ ਆਦਮੀ 
             ਪਿਰਮਲ ਦੇ ਘਰ ਹੋਈ ਝਿਲਮਿਲ !
                               ਚਰਨਜੀਤ ਭੁੱਲਰ
ਬਠਿੰਡਾ : ਆਮ ਆਦਮੀ ਪਾਰਟੀ ਦਾ ਐਮ.ਐਲ.ਏ ਪਿਰਮਲ ਸਿੰਘ ਸੱਚਮੁੱਚ ਛੁਪਾ ਰੁਸਤਮ ਨਿਕਲਿਆ ਜਿਸ ਨੇ ਅੱਜ ਚੁੱਪ ਚੁਪੀਤੇ ਸਾਦਗੀ ਦੇ ਲਹਿਜੇ ’ਚ ਵਿਆਹ ਕਰਾ ਲਿਆ ਹੈ। ਭਦੌੜ ਹਲਕੇ ਤੋਂ ਐਮ.ਐਲ.ਏ ਤੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਨੇ ਵਿਆਹ ਦਾ ਪੂਰਾ ਭੇਤ ਰੱਖਿਆ। ਇੱਥੋਂ ਤੱਕ ਪਿਰਮਲ ਧੌਲਾ ਨੇ ਵਿਆਹ ਦੀ ਭਿਣਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਪੈਣ ਨਹੀਂ ਦਿੱਤੀ। ਵਿਰੋਧੀ ਧਿਰ ਦਾ ਨੇਤਾ ਸੁਖਪਾਲ ਖਹਿਰਾ ਅਤੇ ਐਮ.ਪੀ ਭਗਵੰਤ ਮਾਨ ਵੀ ‘ਆਪ’ ਐਮ.ਐਲ.ਏ ਦੇ ਵਿਆਹ ਤੋਂ ਅਣਜਾਣ ਰਹੇ। ਐਮ.ਐਲ.ਏ ਦਾ ਵਿਆਹ ਪੂਰੀ ਤਰਂਾਂ ਸਾਦਾ ਰਿਹਾ। ਕਾਫ਼ੀ ਕੁਝ ਖਾਸ ਵੀ ਰਿਹਾ, ਜਿਵੇਂ ਪਿਰਪਲ ਸਿੰਘ ਨੇ ‘ਆਪ’ ਲੀਡਰਾਂ ਨਾਲੋਂ ਆਪਣੇ ਸੰਘਰਸ਼ੀ ਦੋਸਤਾਂ ਨੂੰ ਬਰਾਤੀ ਬਣਾਉਣ ਦੀ ਤਰਜੀਹ ਦਿੱਤੀ। ਭਦੌੜ ਦਾ ਐਮ.ਐਲ.ਏ ਪਿਰਮਲ ਸਿੰਘ ਪਿੰਡ ਧੌਲ਼ਾ ਦਾ ਬਾਸ਼ਿੰਦਾ ਹੈ ਤੇ ਸੰਗਰੂਰ ਵਿਖੇ ਰਹਿ ਰਿਹਾ ਹੈ। ਉਸ ਦੀ ਬਰਾਤ ਅੱਜ 22 ਬਰਾਤੀਆਂ ਨਾਲ ਫਰੀਦਕੋਟ ਪੁੱਜੀ ਜਿਥੋਂ ਦੇ ਗੁਰੂ ਘਰ ਵਿਚ ਸਾਦਗੀ ਨਾਲ ਪਿਰਮਲ ਸਿੰਘ ਨੇ ਲੈਕਚਰਾਰ ਜਸਵੀਰ ਕੌਰ ਨਾਲ ਵਿਆਹ ਰਚਾਇਆ। ਪਿਰਮਲ ਸਿੰਘ ਤੇ ਉਸ ਦੀ ਪਤਨੀ ਜਸਵੀਰ ਕੌਰ ਅੰਮ੍ਰਿਤਧਾਰੀ ਹਨ। ਫਰੀਦਕੋਟ ਦੀ ਗਰੀਨ ਐਵਨਿਊ ਕਲੋਨੀ ਦੇ ਸਰਕਾਰੀ ਅਧਿਕਾਰੀ ਤੇਜਵੀਰ ਸਿੰਘ ਦੀ ਬੇਟੀ ਜਸਵੀਰ ਕੌਰ ਫਰੀਦਕੋਟ ਦੇ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਕੰਪਿਊਟਰ ਦੀ ਲੈਕਚਰਾਰ ਹੈ।
                  ਮਿਲਣੀ ਮੌਕੇ ਦੋਵੇਂ ਪ੍ਰਵਾਰਾਂ ਨੇ ਇੱਕ ਦੂਸਰੇ ਨੂੰ ਸਿਰੋਪੇ ਪਾਏ ਅਤੇ ਲੰਗਰ ਵੀ ਬਰਾਤ ਨੇ ਗੁਰੂ ਘਰ ਵਿਚ ਹੀ ਛਕਿਆ। ਭਦੌੜ ਹਲਕਾ ਵੀ ਆਪਣੇ ਨੁਮਾਇੰਦੇ ਦੇ ਵਿਆਹ ਤੋਂ ਅਣਜਾਣ ਰਿਹਾ। ਪ੍ਰਵਾਰਿਕ ਮੈਂਬਰਾਂ ਤੋਂ ਬਿਨਂਾਂ ਬਰਾਤ ਵਿਚ 10 ਕੁ ਦੋਸਤ ਸ਼ਾਮਿਲ ਹੋਏ ਜਿਨਂਾਂ ਚੋਂ ਸੱਤ ਦੋਸਤ ਬੇਰੁਜ਼ਗਾਰ ਲਾਈਨਮੈਨ ਸਨ। ਇੱਥੋਂ ਤੱਕ ਕਿ ਪਿਰਮਲ ਸਿੰਘ ਦਾ ਵਿਚੋਲਾ ਵੀ ਬੇਰੁਜ਼ਗਾਰ ਲਾਈਨਮੈਂਨ ਹਰਪ੍ਰੀਤ ਸਿੰਘ ਖਾਲਸਾ ਹੀ ਬਣਿਆ। ਵਿਆਹ ਵਿਚ ਕੋਈ ਲੈਣ ਦੇਣ ਨਹੀਂ ਹੋਇਆ ਅਤੇ ਨਾ ਹੀ ਕੋਈ ਧੂਮ ਧੜੱਕਾ ਸੀ। ਲਾਈਨਮੈਨ ਦੋਸਤ ਗੁਰਪ੍ਰੀਤ ਢਪਾਲੀ ਨੇ ਦੱਸਿਆ ਕਿ ਪਿਰਮਲ ਸਿੰਘ ਦੇ ਆਨੰਦ ਕਾਰਜ ਸਮੇਂ ਫੇਸਬੁੱਕ ਤੇ ਲਾਈਵ ਟੈਲੀਕਾਸਟ ਕੀਤਾ ਗਿਅ ਜਿਸ ਨੂੰ ਉਸ ਵੇਲੇ ਕਰੀਬ 10 ਹਜ਼ਾਰ ਲੋਕ ਵੇਖ ਰਹੇ ਸਨ। ਉਨਂਾਂ ਦੱਸਿਆ ਕਿ ਵਿਆਹ ਵਿਚ ਕੋਈ ਵੀਆਈਪੀ ਨਹੀਂ ਸੀ ਅਤੇ ਫਰੀਦਕੋਟ ਤੋਂ ‘ਆਪ’ ਦੇ ਨੇਤਾ ਵੀ ਵਿਆਹ ਵਿਚ ਨਹੀਂ ਸਨ। ਜਦੋਂ ਅੱਜ ਸੋਸ਼ਲ ਮੀਡੀਆ ’ਤੇ ਪਿਰਮਲ ਦਾ ਵਿਆਹ ਜੱਗ ਜ਼ਾਹਰ ਹੋਇਆ ਤਾਂ ‘ਆਪ’ ਦਾ ਹਰ ਛੋਟਾ ਵੱਡਾ ਨੇਤਾ ਹੈਰਾਨ ਰਹਿ ਗਿਆ। ਕਈ ‘ਆਪ’ ਆਗੂਆਂ ਨੇ ਆਖਿਆ ਕਿ ਅਸਲ ਵਿਚ ਪਿਰਮਲ ਸਿੰਘ ਨੇ ਸਭਨਾਂ ਨੂੰ ‘ਸਰਪ੍ਰਾਈਜ’ ਹੀ ਦਿੱਤਾ ਹੈ।
                  ਵਿਧਾਇਕ ਪਿਰਮਲ ਸਿੰਘ ਦਾ ਕਹਿਣਾ ਸੀ ਕਿ ਉਹ ਪੂਰੀ ਤਰਂਾਂ ਸਮਾਜਿਕ ਤੇ ਸਾਦਾ ਪ੍ਰੋਗਰਾਮ ਰੱਖਣ ਦੇ ਪਹਿਲਾਂ ਹੀ ਹੱਕ ਵਿਚ ਸਨ ਜਿਸ ਕਰਕੇ ਵਿਆਹ ਨੂੰ ਪੂਰੀ ਤਰਂਾਂ ਸਿਆਸਤ ਤੋਂ ਪਾਸੇ ਰੱਖਿਆ ਹੈ। ਪਿਰਮਲ ਦੇ ਦੋਸਤਾਂ ਨੇ ਦੱਸਿਆ ਕਿ ਬੀਤੀ ਰਾਤ ਸੁਖਪਾਲ ਖਹਿਰਾ ਦਾ ਪਿਰਮਲ ਸਿੰਘ ਨੂੰ ਫੋਨ ਆਇਆ ਸੀ ,ਜਿਸ ਨੇ ਸਿਰਫ ਏਨਾ ਹੀ ਆਖਿਆ ‘ ਉੱਡਦੀ ਉੱਡਦੀ ਖੁਸ਼ੀ ਦਾ ਖਬਰ ਸੁਣੀ ਹੈ।‘ਆਪ’ ਦੇ ਕਈ ਹੋਰ ਵਿਧਾਇਕ ਵੀ ਹਾਲੇ ਕੁਆਰੇ ਹਨ। ਦੇਖਣਾ ਇਹ ਹੋਵੇਗਾ ਕਿ ਉਹ ਆਪਣੇ ਵਿਆਹ ‘ਪਿਰਮਲ ਸਟਾਈਲ’ ਰਚਾਉਂਦੇ ਹਨ ਤਾਂ ਪੂਰੇ ਵਾਜੇ ਗਾਜ਼ੇ ਨਾਲ ਕਰਨਗੇ। ਅੱਜ ਬਹੁਤੇ ਲੋਕਾਂ ਨੇ ਪਿਰਮਲ ਸਿੰਘ ਦੇ ਦੋਸਤਾਂ ਨੂੰ ਵਿਆਹ ਦਾ ਪਤਾ ਲੱਗਣ ਮਗਰੋਂ ਇਹ ਸੁਨੇਹਾ ਲਾਏ , ‘ਪਿਰਮਲ ਤਾਂ ਛੁਪਾ ਰੁਸਤਮ ਨਿਕਲਿਆ’।
 

Monday, February 12, 2018

                                                       ਸਿਆਸੀ ਮਜਬੂਰੀ
                         ਡੇਰਾ ਸਿਰਸਾ ਨੂੰ ਮਿਲਿਆ ਮੋਤੀਆਂ ਵਾਲੇ ਦਾ ਆਸਰਾ
                                                           ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਅਮਰਿੰਦਰ ਦੀ ਸਰਕਾਰ ਨੇ ਚੁੱਪ ਚੁਪੀਤੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੂੰ ‘ਨਾਮ ਚਰਚਾ’ ਕਰਨ ਅਤੇ ਡੇਰੇ ਖੋਲ੍ਹਣ ਲਈ ਹਰੀ ਝੰਡੀ ਦੇ ਦਿੱਤੀ ਹੈ। ਕਰੀਬ ਛੇ ਮਹੀਨੇ ਦੇ ਵਕਫ਼ੇ ਮਗਰੋਂ ਪੰਜਾਬ ’ਚ ਡੇਰਾ ਸਿਰਸਾ ਦੇ ‘ਨਾਮ ਚਰਚਾ ਘਰ’ ਖੁੱਲ੍ਹਣ ਲੱਗੇ ਹਨ। ਪੁਲੀਸ ਅਫਸਰਾਂ ਨੇ ਜ਼ਬਾਨੀ ਕਲਾਮੀ ਪ੍ਰਬੰਧਕਾਂ ਨੂੰ ‘ਨਾਮ ਚਰਚਾ’ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਹੈ। ਡੇਰਾ ਸਿਰਸਾ ਦੇ ਪੰਜਾਬ ਵਿਚਲੇ ਮੁੱਖ ਡੇਰਾ ਸਲਾਵਤਪੁਰਾ ’ਚ 14 ਜਨਵਰੀ ਤੋਂ ‘ਨਾਮ ਚਰਚਾ’ ਹੋਣੀ ਸ਼ੁਰੂ ਹੋ  ਗਈ ਹੈ ਜਦੋਂ ਕਿ ਬਠਿੰਡਾ ਮਲੋਟ ਮਾਰਗ ’ਤੇ ਪੈਂਦੇ ‘ਨਾਮ ਚਰਚਾ ਘਰ’ ਵਿਚ ਬੀਤੇ ਕੱਲ ਨਾਮ ਚਰਚਾ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ। ਇਨ੍ਹਾਂ ਡੇਰਿਆਂ ਤੇ ਨਾਮ ਚਰਚਾ ਘਰਾਂ ਵਿਚ ਆਖਰੀ ਦਫਾ ਅਗਸਤ 2017 ਦੇ ਪਹਿਲੇ ਹਫਤੇ ‘ਨਾਮ ਚਰਚਾ’ ਹੋਈ ਸੀ। ਉਸ ਮਗਰੋਂ ਡੇਰਾ ਸਿਰਸਾ ’ਚ ਸੱਤ ਅਗਸਤ ਤੋਂ 15 ਅਗਸਤ 2017 ਤੱਕ ਸਮਾਗਮ ਹੋਏ ਸਨ। ਕਾਂਗਰਸ ਹਕੂਮਤ ਹੁਣ ਅੰਦਰੋਂ ਅੰਦਰੀ ਡੇਰਾ ਪੈਰੋਕਾਰਾਂ ਨੂੰ ਖੁਸ਼ ਵੀ ਰੱਖਣਾ ਚਾਹੁੰਦੀ ਹੈ ਜਿਸ ਵਜੋਂ ਪੁਲੀਸ ਅਫਸਰ ਵੀ ਇਸ ਮਾਮਲੇ ’ਚ ‘ਦਿਆਲਤਾ’ ਦਿਖਾ ਰਹੇ ਹਨ। ਡੇਰਾ ਸਿਰਸਾ ਤਰਫ਼ੋਂ 14 ਜਨਵਰੀ ਨੂੰ ਡੇਰਾ ਸਲਾਵਤਪੁਰਾ ਵਿਚ ਸ਼ਾਹ ਸਤਿਨਾਮ ਜੀ ਦਾ ਜਨਮ ਦਿਹਾੜਾ ਮਨਾਇਆ ਸੀ ਜਿਸ ਦੀ ਪ੍ਰਵਾਨਗੀ ਲੈਣ ਲਈ ਦਰਖਾਸਤ ਐਸ.ਡੀ.ਐਮ ਰਾਮਪੁਰਾ ਨੂੰ ਦਿੱਤੀ ਗਈ ਸੀ।
                   ਐਸ.ਡੀ.ਐਮ ਸੁਭਾਸ਼ ਖਟਕ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪ੍ਰਵਾਨਗੀ ਲਈ ਪੁਲੀਸ ਤੋਂ ਰਿਪੋਰਟ ਮੰਗੀ ਸੀ ਜਿਸ ਦਾ ਪੁਲੀਸ ਤੋਂ ਕੋਈ ਜੁਆਬ ਨਹੀਂ ਆਇਆ ਜਦੋਂ ਕਿ ਡੀ.ਐਸ.ਪੀ ਰਾਮਪੁਰਾ ਜਸਵਿੰਦਰ ਸਿੰਘ ਚਹਿਲ ਦਾ ਕਹਿਣਾ ਸੀ ਕਿ ਇਸ ਬਾਰੇ ਕੁਝ ਪਤਾ ਨਹੀਂ ਹੈ ਤੇ ਪ੍ਰਵਾਨਗੀ ਸਿਵਲ ਪ੍ਰਸ਼ਾਸਨ ਦਾ ਮਾਮਲਾ ਹੈ। ਡੇਰਾ ਸਲਾਵਤਪੁਰਾ ’ਚ ਡੇਰਾ ਪੈਰੋਕਾਰਾਂ ਨੇ 14 ਜਨਵਰੀ ਨੂੰ ਹਜ਼ਾਰਾਂ ਦਾ ਇਕੱਠ ਕੀਤਾ ਸੀ ਅਤੇ ਡੇਰਾ ਮੁਖੀ ਦੀ ਸੀ.ਡੀ ਵੀ ਸਕਰੀਨ ਤੇ ਚਲਾਈ ਗਈ ਸੀ ਜਿਸ ਤੇ ਪੁਲੀਸ ਨੇ ਥੋੜਾ ਇਤਰਾਜ਼ ਵੀ ਕੀਤਾ ਸੀ। ਉਸ ਮਗਰੋਂ ਹਰ ਐਤਵਾਰ ਰੈਗੂਲਰ ਸਤਸੰਗ ਹੋ ਰਹੀ ਹੈ। ਡੇਰਾ ਸਲਾਵਤਪੁਰਾ ਦੇ ਮੁੱਖ ਪ੍ਰਬੰਧਕ ਜੋਰਾ ਸਿੰਘ ਦੀ 6 ਦਸੰਬਰ ਨੂੰ ਹੀ ਜ਼ਮਾਨਤ ਹੋਈ ਹੈ ਜਿਨ੍ਹਾਂ ਦੇ ਬੇਟੇ ਅਤੇ ਸਰਪੰਚ ਗੁਰਦੀਪ ਸਿੰਘ ਆਦਮਪੁਰਾ ਨੇ ਦੱਸਿਆ ਕਿ ਉਹ ਦੋ ਤਿੰਨ ਵਿਅਕਤੀ ਆਈ.ਜੀ ਬਠਿੰਡਾ ਨੂੰ ਮਿਲੇ ਸਨ ਜਿਨ੍ਹਾਂ ਨੇ ਨਾਮ ਚਰਚਾ ਕਰਨ ਦੀ ਜ਼ਬਾਨੀ ਪ੍ਰਵਾਨਗੀ ਦੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸ਼ਾਮ ਵਕਤ ਇੱਕ ਘੰਟਾ ਨਾਮ ਚਰਚਾ ਹੁੰਦੀ ਹੈ ਅਤੇ ਐਤਵਾਰੀ ਨਾਮ ਚਰਚਾ ’ਚ ਪੈਰੋਕਾਰਾਂ ਦੀ ਥੋੜੀ ਗਿਣਤੀ ਵਧ ਜਾਂਦੀ ਹੈ। ਬਹੁਤਾ ਵੱਡਾ ਇਕੱਠ ਨਹੀਂ ਹੁੰਦਾ ਹੈ।
           ਦੱਸਣਯੋਗ ਹੈ ਕਿ ਡੇਰਾ ਮੁਖੀ ਨੂੰ 28 ਅਗਸਤ 2017 ਨੂੰ ਸਜ਼ਾ ਸੁਣਾਏ ਜਾਣ ਮਗਰੋਂ ਡੇਰਿਆਂ ਅਤੇ ਨਾਮ ਚਰਚਾ ਘਰਾਂ ’ਤੇ ਪੁਲੀਸ ਹਾਵੀ ਹੋ ਗਈ ਸੀ ਅਤੇ ਪੈਰੋਕਾਰ ਤੇ ਪ੍ਰਬੰਧਕ ਆਊਟ ਹੋ ਗਏ ਸਨ। ਡੇਰਾ ਸਲਾਵਤਪੁਰਾ ਦੀ ਸੁਰੱਖਿਆ ਤੇ ਕਰੀਬ ਅੱਧੀ ਦਰਜਨ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਪੰਜਾਬ ਵਿਚ ਡੇਰਾ ਸਿਰਸਾ ਦੇ ਕਰੀਬ 97 ਡੇਰੇ ਅਤੇ ਨਾਮ ਚਰਚਾ ਘਰ ਹਨ ਜਿਨ੍ਹਾਂ ਦੇ ਹੁਣ ਮੁੜ ਖੁੱਲ੍ਹਣ ਦੇ ਅਸਾਰ ਬਣ ਗਏ ਹਨ। ਸਲਾਬਤਪੁਰਾ ਡੇਰਾ ਦੀ ਕੰਟੀਨ ਵੀ ਮੁੜ ਖੁੱਲ੍ਹ ਗਈ ਹੈ। ਡੇਰੇ ਤੇ ਪੈਰੋਕਾਰ ਆਪਣਾ ਠੀਕਰੀ ਪਹਿਰਾ ਵੀ ਲਾਉਣ ਲੱਗੇ ਹਨ। ਬਠਿੰਡਾ ਮਲੋਟ ਰੋਡ ਤੇ ਪੈਂਦੇ ਨਾਮ ਚਰਚਾ ਘਰ ਨੂੰ ਮੁੜ ਖੁਲ੍ਹਾਉਣ ’ਤੇ ਇੱਕ ਕਾਂਗਰਸੀ ਨੇਤਾ ਦਾ ਹੱਥ ਹੈ ਜੋ ਅੱਜ ਕੱਲ ਸੁਰਖੀਆ ਵਿਚ ਹੈ। ਸੂਤਰ ਦੱਸਦੇ ਹਨ ਕਿ ਇੱਕ ‘ਡੀਲ’ ਤਹਿਤ ਨਾਮ ਚਰਚਾ ਮੁੜ ਡੇਰਿਆਂ ਵਿਚ ਸ਼ੁਰੂ ਹੋਈ ਹੈ।
          ਪੁਲੀਸ ਅਫਸਰਾਂ ਨੇ ਲਿਖਤੀ ਰੂਪ ਵਿਚ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ। ਦੂਸਰੀ ਤਰਫ਼ ਪੁਲੀਸ ਮੌੜ ਧਮਾਕੇ ਦੀ ਜਾਂਚ ਵਿਚ ਡੇਰਾ ਸਿਰਸਾ ਤੇ ਸੂਈ ਰੱਖ ਰਹੀ ਹੈ। ਸੂਤਰ ਦੱਸਦੇ ਹਨ ਕਿ ਪੰਚਕੂਲਾ ਹਿੰਸਾ ਮਗਰੋਂ ਜੋ ਡੇਰਾ ਆਗੂ ਤੇ ਪੈਰੋਕਾਰ ਜੇਲ੍ਹਾਂ ਵਿਚ ਬੰਦ ਸਨ, ਉਨ੍ਹਾਂ ਦੀਆਂ ਜ਼ਮਾਨਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਕਰਕੇ ਇਹ ਪ੍ਰਬੰਧਕ ਮੁੜ ਡੇਰਿਆਂ ਦੇ ਬੂਹੇ ਖੋਲ੍ਹਣਾ ਚਾਹੁੰਦੇ ਹਨ। ਸੂਤਰ ਦੱਸਦੇ ਹਨ ਕਿ ਪੰਚਕੂਲਾ ਹਿੰਸਾ ਮਗਰੋਂ ਡੇਰਾ ਪੈਰੋਕਾਰਾਂ ਨੂੰ ਡਰਾ ਡਰਾ ਕੇ ਕਈ ਪੁਲੀਸ ਥਾਣੇਦਾਰਾਂ ਨੇ ਹੱਥ ਵੀ ਰੰਗੇ ਹਨ ਜਿਨ੍ਹਾਂ ਚੋਂ ਇੱਕ ਥਾਣੇਦਾਰ ਦੀ ਰਿਪੋਰਟ ਸਰਕਾਰ ਤੱਕ ਵੀ ਪੁੱਜੀ ਹੈ।
                        ਸ਼ਾਂਤੀ ਪੂਰਬਕ ਕਰ ਸਕਦੇ ਹਨ : ਛੀਨਾ
ਬਠਿੰਡਾ ਜ਼ੋਨ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਡੇਰਾ ਸਿਰਸਾ ਦੇ ਸਲਾਵਤਪੁਰਾ ਡੇਰਾ ਦਾ ਇੱਕ ਵਫਦ ਉਨ੍ਹਾਂ ਨੂੰ ਮਿਲਿਆ ਸੀ ਜਿਨ੍ਹਾਂ ਨੇ ਨਾਮ ਚਰਚਾ ਸ਼ੁਰੂ ਕਰਨ ਦੀ ਮੰਗ ਰੱਖੀ ਸੀ। ਉਨ੍ਹਾਂ ਨੇ ਵਫ਼ਦ ਨੂੰ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਕਰਨ ਦੀ ਸ਼ਰਤ ਤੇ ਆਗਿਆ ਦਿੱਤੀ ਹੈ ਅਤੇ ਸਪੱਸ਼ਟ ਆਖਿਆ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਕਿਸੇ ਸੂਰਤ ਵਿਚ ਖਰਾਬ ਨਹੀਂ ਹੋਣੀ ਚਾਹੀਦੀ।




Sunday, February 11, 2018

                             ਗੁੰਡਾ ਟੈਕਸ 
          ਹੁਣ ਪ੍ਰਗਟ ਹੋਈ ‘ਬੰਬੂਕਾਟ ਬ੍ਰਿਗੇਡ’
                            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਰਿਫਾਈਨਰੀ ਦੇ ਕੋਲ ਹੁਣ ‘ਬੰਬੂਕਾਟ ਬ੍ਰਿਗੇਡ’ ਪ੍ਰਗਟ ਹੋ ਗਈ ਹੈ ਜਿਨ੍ਹਾਂ ਦੇ ਪਹਿਲਾ ਤੰਬੂ ਲੱਗੇ ਹੋਏ ਸਨ। ਨਵੀਂ ਬ੍ਰਿਗੇਡ ਦਾ ਉਦੋਂ ਪਤਾ ਲੱਗਾ ਜਦੋਂ ਬਜਰੀ ਦੇ ਭਰੇ ਇੱਕ ਟਰਾਲੇ ਨੂੰ ਅੱਜ ਕਰੀਬ 9.30 ਵਜੇ ਸਵੇਰੇ ਦੋ ਮੋਟਰ ਸਾਈਕਲ ਸਵਾਰਾਂ ਨੇ ਰਿਫਾਈਨਰੀ ਰੋਡ ਤੇ ਰੋਕ ਲਿਆ। ਜਦੋਂ ਟਰਾਲਾ ਨੰਬਰ ਆਰਜੇ 13 ਏਜੇ 0189 ਦੇ ਡਰਾਈਵਰ ਜਗਤਾਰ ਸਿੰਘ ਨੇ ਇਸ ਜੋੜੀ ਤੋਂ ਰੋਕਣ ਦੀ ਵਜਾ ਪੁੱਛੀ ਤਾਂ ਉਨ੍ਹਾਂ ਨੇ ਕਾਗ਼ਜ਼ਾਤ ਮੰਗਣੇ ਸ਼ੁਰੂ ਕਰ ਦਿੱਤੇ। ਡਰਾਈਵਰ ਨੇ ਮੌਕੇ ਤੇ ਟਰਾਲਾ ਮਾਲਕ ਨਾਲ ਮੋਬਾਇਲ ਤੇ ਗੱਲ ਕਰਾ ਦਿੱਤੀ। ਮਾਲਕ ਦੀ ਹਦਾਇਤ ਤੇ ਜਦੋਂ ਡਰਾਇਵਰ ਨੇ ਟਰਾਲਾ ਤੋਰ ਲਿਆ ਤਾਂ ਇਸ ਜੋੜੀ ਨੇ ਫੋਨ ਖੜਕਾ ਦਿੱਤੇ। ਥੋੜੀ ਦੂਰ ਅੱਗੇ ਚਾਰ ਪੰਜ ਮੋਟਰ ਸਾਈਕਲ ਆ ਗਏ ਜਿਨ੍ਹਾਂ ਤੇ ਸਵਾਰ ਨੌਜਵਾਨਾਂ ਨੇ ਟਰਾਲਾ ਡਰਾਇਵਰ ਤੋਂ ਬਿੱਲ ਬਿਲਟੀ ਤੇ ਕਾਗ਼ਜ਼ਾਤ ਵਗੈਰਾ ਖੋਹ ਲਏ। ਨਿਊਜ ਪੀਜੀਆਰ ਟਰਾਂਸਪੋਰਟ ਕੰਪਨੀ ਦੇ ਮਾਲਕ ਧਰਮ ਸਿੰਘ ਨੇ ਉਦੋਂ ਹੀ ਪੁਲੀਸ ਦੇ 181 ਨੰਬਰ ਤੇ ਫੋਨ ਖੜਕਾ ਕੇ ਸੂਚਨਾ ਦੇ ਦਿੱਤੀ। ਉਸ ਮਗਰੋਂ ਟਰਾਲਾ ਮਾਲਕ ਨੇ ਐਸ.ਐਸ.ਪੀ ਬਠਿੰਡਾ ਨੂੰ ਫੋਨ ਕਰਕੇ ਸਾਰੀ ਸੂਚਨਾ ਦੇ ਦਿੱਤੀ। ਉਸ ਮੌਕੇ ਪੁਲੀਸ ਦਾ ਫੋਨ ਵੀ ਟਰਾਲਾ ਡਰਾਇਵਰ ਨੂੰ ਚਲਾ ਗਿਆ ਸੀ।
                    ਸ਼ਾਮ ਵਕਤ ਜਦੋਂ ਟਰਾਲਾ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਆਖ ਕੇ ਫੋਨ ਕੱਟ ਦਿੱਤਾ ਕਿ ਟਰਾਲੇ ਦਾ ਪੁਲੀਸ ਨੇ ਚਲਾਨ ਕੱਟ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਟਰਾਂਸਪੋਰਟ ਕੰਪਨੀ ‘ਬੰਬੂਕਾਟ ਬ੍ਰਿਗੇਡ’ ਦੀ ਤਾਕਤ ਅੱਗੇ ਫਿੱਕੀ ਪੈ ਗਈ ਹੈ। ਦੱਸਣਯੋਗ ਹੈ ਕਿ ਹੁਣ ਕੈਪਟਨ ਦੇ ਚੌਧਰੀਆਂ ਨੇ ਤਰੀਕਾ ਬਦਲ ਲਿਆ ਹੈ ਅਤੇ ਤੰਬੂ ਦੀ ਥਾਂ ‘ਬੰਬੂਕਾਟ ਬ੍ਰਿਗੇਡ’ ਬਣਾ ਦਿੱਤੀ ਹੈ। ਡੀ.ਐਸ.ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਦਾ ਕਹਿਣਾ ਸੀ ਕਿ ਅੱਜ ਰਿਫਾਈਨਰੀ ਰੋਡ ਤੇ ਇੱਕ ਓਵਰਲੋਡ ਟਰਾਲੇ ਦਾ ਚਲਾਨ ਕੱਟਿਆ ਹੈ ਅਤੇ ਹੋਰ ਕੋਈ ਮਾਮਲਾ ਧਿਆਨ ਵਿਚ ਨਹੀਂ ਆਇਆ ਹੈ। ਉਨ੍ਹਾਂ ਨੇ ਅੱਜ ਖੁਦ ਵੀ ਰਿਫਾਈਨਰੀ ਇਲਾਕੇ ਵਿਚ ਗੇੜਾ ਮਾਰਿਆ ਸੀ ਪ੍ਰੰਤੂ ਕੋਈ ਬੰਦਾ ਲੱਭਿਆ ਨਹੀਂ ਹੈ। ਦੂਸਰੀ ਤਰਫ਼ ‘ਨੌਰਦਨ ਲੌਜਿਸਟਿਕ’ ਕੰਪਨੀ ਦੇ ਡਾਇਰੈਕਟਰ ਗੌਰਵ ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਦੋ ਦਿਨ ਪਹਿਲਾਂ ਧੱਕੇਸ਼ਾਹੀ ਹੋਈ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿਚ ਰਿਫਾਈਨਰੀ ਕੋਲ ਧੱਕਾ ਕਰਨ ਵਾਲਿਆਂ ਦੇ ਨਾਮ ਵੀ ਲਿਖੇ ਹਨ।
                  ਬਠਿੰਡਾ ਖ਼ਿੱਤੇ ਦੇ ਪੁਲੀਸ ਅਫਸਰਾਂ ਨੇ ਇਸ ਮਾਮਲੇ ਤੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਕੋਈ ਵੀ ਪੁਲੀਸ ਅਫਸਰ ‘ਗੁੰਡਾ ਟੈਕਸ’ ਖ਼ਿਲਾਫ਼ ਕੋਈ ਕਦਮ ਚੁੱਕਣ ਲਈ ਤਿਆਰ ਨਹੀਂ ਹੈ। ਹਾਲਾਂਕਿ ਰਿਫਾਈਨਰੀ ਕੋਲ ਪੁਲੀਸ ਚੌਂਕੀ ਵੀ ਬਣਾਈ ਗਈ ਹੈ ਪ੍ਰੰਤੂ ਫਿਰ ਵੀ ਧੱਕੇਸ਼ਾਹੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਕੋਲ ਹੁਣ ਇੱਕ ਹੋਰ ਈਮੇਲ ਵੀ ਭੇਜੀ ਗਈ ਹੈ ਜਿਸ ਵਿਚ ਰਿਫਾਈਨਰੀ ਕੋਲ ‘ਗੁੰਡਾ ਟੈਕਸ’ ਵਸੂਲਣ ਵਾਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਟਰਾਂਸਪੋਰਟ ਕੰਪਨੀ ਦੇ ਡਾਇਰੈਕਟਰ ਗੌਰਵ ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕੰਮ ਲੁਧਿਆਣਾ ਅਤੇ ਜੀਰਕਪੁਰ ਵਿਚ ਵੀ ਹੈ ਪ੍ਰੰਤੂ ਉਥੇ ਏਦਾ ਦੀ ਦਿੱਕਤ ਨਹੀਂ ਹੈ।
                 ਬਠਿੰਡਾ ਪ੍ਰਸ਼ਾਸਨ ਕੋਲ ਇੱਕ ਕਾਂਗਰਸੀ ਨੇਤਾ ਨੇ ਵੀ ਪਹੁੰਚ ਕੀਤੀ ਹੈ ਪ੍ਰੰਤੂ ਸਿਵਲ ਅਫਸਰਾਂ ਦੀ ਪੁਲੀਸ ਵਾਲੇ ਸੁਣਨ ਨੂੰ ਤਿਆਰ ਨਹੀਂ ਹਨ। ਆਮ ਲੋਕਾਂ ਵਿਚ ਹੁਣ ਪੁਲੀਸ ਅਫਸਰਾਂ ’ਤੇ ਵੀ ਉਂਗਲ ਉੱਠਣ ਲੱਗੀ ਹੈ। ਇੱਕ ਟਰਾਂਸਪੋਰਟ ਕੰਪਨੀ ਨੇ ਦੱਸਿਆ ਕਿ ਅਗਰ ਪਾਣੀ ਸਿਰੋਂ ਲੰਘ ਗਿਆ ਤਾਂ ਉਹ ਸਬੂਤਾਂ ਸਮੇਤ ਪ੍ਰੈਸ ਕਾਨਫਰੰਸ ਕਰਕੇ ਸਭ ਕੁਝ ਜੱਗ ਜ਼ਾਹਰ ਕਰ ਦੇਣਗੇ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਨੇ ਗੁੰਡਾ ਟੈਕਸ ਖ਼ਿਲਾਫ਼ ਬੋਲਣਾ ਸ਼ੁਰੂ ਕੀਤਾ ਹੈ।


Friday, February 9, 2018

                                                           ਸੁਰਾਗ ਮਿਲੇ
                                    ਮੌੜ ਧਮਾਕੇ ਦੀ ਗੂੰਜ ਡੇਰਾ ਸਿਰਸਾ ਪੁੱਜੀ 
                                                         ਚਰਨਜੀਤ ਭੁੱਲਰ
ਬਠਿੰਡਾ :  ਮੌੜ ਬੰਬ ਧਮਾਕੇ ਦੀ ਪੈੜ ਡੇਰਾ ਸਿਰਸਾ ਪੁੱਜ ਗਈ ਹੈ ਜਿਸ ਨੇ ਬੰਬ ਕਾਂਡ ਨੂੰ ਨਵਾਂ ਮੋੜਾ ਦੇ ਦਿੱਤਾ ਹੈ। ਪੰਜਾਬ ਪੁਲੀਸ ਦੇ ਹੱਥ ਮੌੜ ਧਮਾਕੇ ਦੇ ਸੁਰਾਗ ਲੱਗ ਗਏ ਜਾਪਦੇ ਹਨ। ਤਾਹੀਓਂ ਪੁਲੀਸ ਪੱਬਾਂ ਭਾਰ ਹੈ। ਕਿਸੇ ਵੇਲੇ ਵੀ ਪੁਲੀਸ ਬੰਬ ਧਮਾਕੇ ਦੇ ਰਾਜ ਖੋਲ੍ਹ ਸਕਦੀ ਹੈ। ਪੰਜਾਬ ਪੁਲੀਸ ਵਲੋਂ ਹਰਿਆਣਾ ਚੋਂ ਚਾਰ ਵਿਅਕਤੀ ਹਿਰਾਸਤ ਵਿਚ ਲਏ ਗਏ ਹਨ ਜਿਨ੍ਹਾਂ ਚੋਂ  ਦੋ ਜਣੇ ਡੇਰਾ ਸਿਰਸਾ ਦੀ ਵਰਕਸ਼ਾਪ ਦੇ ਪੇਂਟਰ ਤੇ ਡੈਂਟਰ ਦੱਸੇ ਜਾ ਰਹੇ ਹਨ। ਅਹਿਮ ਸੂਤਰਾਂ ਅਨੁਸਾਰ ਡੇਰਾ ਸਿਰਸਾ ਦੀ ਵੀ.ਆਈ.ਪੀ ਵਰਕਸ਼ਾਪ ਵਿਚ ਬੰਬ ਧਮਾਕੇ ਵਿਚ ਵਰਤੀ ਗਈ ਕਾਰ ਨੂੰ ਪੇਂਟ ਹੋਇਆ ਹੈ ਜਿਸ ਦੀ ਪੁਸ਼ਟੀ ਪੁਲੀਸ ਕੋਲ ਡੇਰੇ ਦੀ ਵਰਕਸ਼ਾਪ ਦੇ ਫੜੇ ਡੈਂਟਰ ਤੇ ਪੇਂਟਰ ਨੇ ਕੀਤਾ ਹੈ। ਭਾਵੇਂ ਪੁਲੀਸ ਦੀ ਤਫ਼ਤੀਸ਼ ਦੀ ਪੂਰੀ ਤੰਦ ਤਾਂ ਨਹੀਂ ਖੁੱਲ੍ਹ ਸਕੀ ਪ੍ਰੰਤੂ ਡੇਰੇ ’ਚ ਕਾਰ ਨੂੰ ਪੇਂਟ ਹੋਣ ਦੀ ਗੱਲ ਨਿਕਲੀ ਹੈ। ਦੱਸਣਯੋਗ ਹੈ ਕਿ ਪੰਜਾਬ ਚੋਣਾਂ ਸਮੇਂ 31 ਜਨਵਰੀ 2017 ਦੀ ਰਾਤ ਨੂੰ ਮੌੜ ਮੰਡੀ ਵਿਖੇ ਮਾਰੂਤੀ ਕਾਰ ਵਿਚ ਬੰਬ ਧਮਾਕਾ ਹੋਇਆ ਸੀ ਜਿਸ ਵਿਚ ਚਾਰ ਬੱਚਿਆਂ ਸਮੇਤ ਸੱਤ ਜਣਿਆ ਦੀ ਮੌਤ ਹੋ ਗਈ ਸੀ। ਬੰਬ ਧਮਾਕੇ ’ਚ ਡੇਰਾ ਮੁਖੀ ਦੇ ਰਿਸ਼ਤੇਦਾਰ ਤੇ ਕਾਂਗਰਸੀ ਨੇਤਾ ਹਰਮਿੰਦਰ ਜੱਸੀ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਵਾਲ ਵਾਲ ਬਚ ਗਏ ਸਨ। ਧਮਾਕੇ ਵਾਲੀ ਕਾਰ ਵਿਚ ਵਰਤੀ ਗਈ ਬੈਂਟਰੀ ਵੀ ਸਿਰਸਾ ਤੋਂ ਖਰੀਦੀ ਗਈ ਸੀ। ਜਾਂਚ ਉਸ ਤੋਂ ਅੱਗੇ ਨਹੀਂ ਵਧੀ ਸੀ।
                   ਹੁਣ ਨਵੇਂ ਸੁਰਾਗ ਪੁਲੀਸ ਦੇ ਹੱਥ ਲੱਗੇ ਹਨ। ਡੀ.ਆਈ.ਜੀ ਰਣਬੀਰ ਖੱਟੜਾ ਦੀ ਅਗਵਾਈ ਵਿਚ ਇੱਕ ਗੁਪਤ ਟੀਮ ਪਿਛਲੇ ਇੱਕ ਹਫਤੇ ਤੋਂ ਬਠਿੰਡਾ ਮਾਨਸਾ ’ਚ ਗੇੜੇ ਕੱਢ ਰਹੀ ਹੈ। ਸੂਤਰਾਂ ਅਨੁਸਾਰ ਧਮਾਕੇ ਵਿਚ ਵਰਤੀ ਗਈ ਮਾਰੂਤੀ ਕਾਰ ਦਾ ਅਸਲ ਲਾਲ (ਮੈਰੂਨ) ਰੰਗ ਸੀ ਜਿਸ ਨੂੰ ਚਿੱਟਾ ਪੇਂਟ ਕੀਤਾ ਗਿਆ। ਡੀ.ਆਈ.ਜੀ ਖੱਟੜਾ 7 ਫਰਵਰੀ ਨੂੰ ਦੁਪਾਹਿਰ ਵਕਤ ਥਾਣਾ ਮੌੜ ਵਿਚ ਫੜੇ ਗਏ ਡੈਂਟਰ ਤੇ ਪੇਂਟਰ ਨੂੰ ਲੈ ਕੇ ਪੁੱਜੇ ਜਿਨ੍ਹਾਂ ਨੇ ਥਾਣੇ ਵਿਚ ਖੜੀ ਕਾਰ ਖੁਚਰ ਕੇ ਹੇਠਾਂ ਤੋਂ ਲਾਲ ਰੰਗ ਕੱਢ ਕੇ ਵੀ ਦਿਖਾਇਆ। ਉਸ ਮਗਰੋਂ ਪੁਲੀਸ ਨੂੰ ਯਕੀਨ ਬੱਝ ਗਿਆ। ਥਾਣਾ ਮੌੜ ਦੇ ਥਾਣੇਦਾਰ ਮਨੋਜ ਕੁਮਾਰ ਦਾ ਕਹਿਣਾ ਸੀ ਕਿ ਡੀ.ਆਈ.ਜੀ ਤਾਂ ਕਿਸੇ ਕੇਸ ਦੇ ਸਬੰਧ ਵਿਚ ਥਾਣੇ ਆਏ ਸਨ। ਸੂਤਰਾਂ ਅਨੁਸਾਰ ਡੇਰੇ ਅੰਦਰ ਡੇਰਾ ਮੁਖੀ ਦੀਆਂ ਗੱਡੀਆਂ ਦੀ ਵੀਆਈਪੀ ਵਰਕਸ਼ਾਪ ਹੈ ਜਿਥੇ ਡੇਰਾ ਮੁਖੀ ਦੀਆਂ ਗੱਡੀਆਂ ਮੋਡੀਫਾਈ ਹੁੰਦੀਆਂ ਸਨ। ਪੁਲੀਸ ਨੇ ਸਿਰਸਾ ਤੋਂ ਬੀਤੇ ਕੱਲ ਵੀ ਇੱਕ ਹੋਰ ਵਿਅਕਤੀ ਹਿਰਾਸਤ ਵਿਚ ਲਿਆ ਹੈ। ਫੜੇ ਵਿਅਕਤੀਆਂ ’ਚ ਇੱਕ ਇਲੈਕਟ੍ਰੀਸ਼ਨ ਵੀ ਹੈ।
        ਸੂਤਰ ਦੱਸਦੇ ਹਨ ਕਿ ਸਿਰਸਾ ਦੇ ਇੱਕ ਬੈਟਰੀਆਂ ਵਾਲੇ ਦੁਕਾਨਦਾਰ ਤੋਂ ਤਫ਼ਤੀਸ਼ ਅੱਗੇ ਤੁਰੀ ਹੈ ਜਿਸ ਨੇ ਮਾਨਸਾ ਜ਼ਿਲ੍ਹੇ ਦੇ ਇੱਕ ਵਿਅਕਤੀ ਨਾਲ ਤੰਦ ਜੋੜੇ ਜੋ ਡੇਰਾ ਵਰਕਸ਼ਾਪ ਵਿਚ ਦੋ ਦਫ਼ਾ ਗੇੜਾ ਵੀ ਮਾਰ ਕੇ ਆਇਆ ਸੀ। ਪੁਲੀਸ ਵਲੋਂ ਫੜੇ ਚਾਰ ਵਿਅਕਤੀਆਂ ਦੇ ਅਧਾਰ ਤੇ ਬੰਬ ਧਮਾਕੇ ਦੇ ਕੇਸ ਵਿਚ ਜ਼ਿਲ੍ਹਾ ਮਾਨਸਾ ਦੇ ਅਮਰੀਕ ਸਿੰਘ ਅਤੇ ਡਬਵਾਲੀ ਇਲਾਕੇ ਦੇ ਕਾਲਾ ਸਿੰਘ ਨੂੰ ਨਾਮਜ਼ਦ ਕੀਤਾ ਜਾਣਾ ਹੈ। ਤਲਵੰਡੀ ਸਾਬੋ ਅਦਾਲਤ ’ਚ ਅੱਜ ਪੁਲੀਸ ਵਲੋਂ ਫੜੇ ਚਾਰ ਵਿਅਕਤੀਆਂ ਨੇ ਧਾਰਾ 164 ਤਹਿਤ ਬਿਆਨ ਕਲਮਬੰਦ ਕਰਾਏ ਹਨ ਜਿਨ੍ਹਾਂ ਚੋਂ ਦੋ ਨੇ ਮਾਨਸਾ ਜ਼ਿਲ੍ਹੇ ਦੇ ਵਸਨੀਕ ਅਤੇ ਡੇਰਾ ਮੁਖੀ ਦੇ ਵਿਸ਼ੇਸ਼ ਸਕਿਊਰਿਟੀ ਗਾਰਡ ’ਤੇ ਉਂਗਲ ਉਠਾਈ ਹੈ। ਦੱਸਣਯੋਗ ਹੈ ਕਿ ਪੁਲੀਸ ਵਲੋਂ ਪਹਿਲਾਂ ਇਸ ਧਮਾਕੇ ਦੀ ਕਾਰਵਾਈ ਨੂੰ ਗਰਮਦਲੀਆ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ।
                ਡੀਜੀਪੀ ਵਲੋਂ ਪਿਛਲੇ ਦਿਨਾਂ ਦੌਰਾਨ ਇਸ ਟੀਮ ਨੂੰ ਮੌੜ ਬੰਬ ਕਾਂਡ ਅਤੇ ਬਰਗਾੜੀ ਕਾਂਡ ਦੀ ਟਾਸਕ ਦਿੱਤੀ ਸੀ। ਸੂਤਰ ਦੱਸਦੇ ਹਨ ਜਿਸ ਵਰਕਸ਼ਾਪ ਵਿਚ ਇਹ ਮਾਰੂਤੀ ਕਾਰ ਨੂੰ ਰੰਗ ਹੋਇਆ ਦੱਸਿਆ ਜਾ ਰਿਹਾ ਹੈ, ਉਸ ਵਰਕਸ਼ਾਪ ਵਿਚ ਸਿਰਫ਼ ਡੇਰਾ ਮੁਖੀ ਅਤੇ ਹਨੀਪ੍ਰੀਤ ਦਾ ਦਾਖਲਾ ਹੀ ਹੁੰਦਾ ਰਿਹਾ ਹੈ। ਪੁਲੀਸ ਇਸ ਮਾਮਲੇ ’ਚ ਡੇਰਾ ਮੁਖੀ ਤੇ ਹਨੀਪ੍ਰੀਤ ਨੂੰ ਵੀ ਘੇਰੇ ਵਿਚ ਲੈ ਸਕਦੀ ਹੈ। ਹਾਲਾਂਕਿ ਇਸ ਧਮਾਕੇ ਦੇ ਨਿਸ਼ਾਨੇ ਤੇ ਡੇਰਾ ਮੁਖੀ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਸਨ ਪ੍ਰੰਤੂ ਪੁਲੀਸ ਕਿਸੇ ਡੂੰਘੀ ਸਾਜ਼ਿਸ਼ ਦੀਆਂ ਪਰਤਾਂ ਵੀ ਫਰੋਲ ਰਹੀ ਹੈ। ਬਠਿੰਡਾ ਪੁਲੀਸ ਨੇ ਬੰਬ ਕਾਂਡ ਦਾ ਤਫ਼ਤੀਸ਼ੀ ਅਫਸਰ ਹੁਣ ਥਾਣਾ ਦਿਆਲਪੁਰਾ ਦੇ ਦਲਬੀਰ ਸਿੰਘ ਨੂੰ ਬਣਾਇਆ ਹੈ ਜੋ ਸਾਈਬਰ ਕਰਾਈਮ ਦੇ ਮਾਹਿਰ ਹਨ।
             ਜਲਦੀ ਅਹਿਮ ਖ਼ੁਲਾਸੇ ਹੋਣਗੇ : ਡੀ.ਆਈ.ਜੀ
ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦਾ ਕਹਿਣਾ ਸੀ ਕਿ ਮੌੜ ਧਮਾਕੇ ਦੀ ਜਾਂਚ ਆਖਰੀ ਪੜਾਅ ਤੇ ਹੈ ਅਤੇ ਜਲਦੀ ਅਹਿਮ ਖ਼ੁਲਾਸੇ ਕੀਤੇ ਜਾਣਗੇ। ਜਦੋਂ ਡੇਰਾ ਸਿਰਸਾ ਬਾਰੇ ਪੁੱਛਿਆ ਤਾਂ ਉਨ੍ਹਾਂ ਟਾਲ-ਮਟੋਲ ਕੀਤੀ ਅਤੇ ਫੜੇ ਗਏ ਵਿਅਕਤੀਆਂ ਦੇ ਨਾਮ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ। ਏਨਾ ਦੱਸਿਆ ਕਿ ਜਾਂਚ ਨੇੜੇ ਲੱਗੀ ਹੋਈ ਹੈ। ਖੱਟੜਾ ਨੇ ਅੱਜ ਤਖਤ ਦਮਦਮਾ ਸਾਹਿਬ ਤੇ ਪਹਿਲਾਂ ਮੱਥਾ ਟੇਕਿਆ ਅਤੇ ਮਗਰੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕੀਤੀ।
             ਅਦਾਲਤ ਵਿਚ ਬਿਆਨ ਕਲਮਬੰਦ ਕਰਾਏ
ਪੁਲੀਸ ਨੇ ਅੱਜ ਤਲਵੰਡੀ ਸਾਬੋ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿਚ ਮੌੜ ਕਾਂਡ ਦੇ ਸਬੰਧ ਵਿਚ ਚਾਰ ਜਣਿਆ ਨੂੰ ਪੇਸ਼ ਕੀਤਾ ਜਿਨ੍ਹਾਂ ਨੇ ਅਦਾਲਤ ਵਿਚ ਧਾਰਾ 164 ਤਹਿਤ ਬਿਆਨ ਕਲਮਬੰਦ ਕਰਾਏ ਗਏ। ਤਫ਼ਤੀਸ਼ੀ ਅਫਸਰ ਦਲਬੀਰ ਸਿੰਘ ਨੇ ਅਦਾਲਤ ਨੂੰ ਦਰਖਾਸਤ ਦਿੱਤੀ ਸੀ ਕਿ ਮੌੜ ਕਾਂਡ ਦੀ ਤਫ਼ਤੀਸ਼ ਵਿਚ ਉਹ ਹਿਰਾਸਤ ਵਿਚ ਲਏ ਚਾਰ ਵਿਅਕਤੀਆਂ ਦੇ ਬਿਆਨ ਕਲਮਬੰਦ ਕਰਾਉਣਾ ਚਾਹੁੰਦੇ ਹਨ ਜਿਸ ਦੀ ਇਜਾਜ਼ਤ ਮਗਰੋਂ ਬਿਆਨ ਦਰਜ ਕਰਾਏ ਗਏ। ਇਸ ਮੌਕੇ ਡੀ.ਆਈ.ਜੀ ਰਣਬੀਰ ਖੱਟੜਾ, ਬਠਿੰਡਾ ਦੇ ਤਤਕਾਲੀ ਐਸ.ਐਸ.ਪੀ ਸਵੱਪਨ ਸ਼ਰਮਾ,ਐਸ.ਪੀ ਰਜਿੰਦਰ ਸੋਹਲ ਅਤੇ ਤਫ਼ਤੀਸ਼ੀ ਅਫਸਰ ਦਲਬੀਰ ਸਿੰਘ ਹਾਜ਼ਰ ਰਹੇ।



Tuesday, February 6, 2018

                                                          ਖ਼ਬਰ ਦਾ ਅਸਰ
                                    ਚੌਧਰੀਆਂ ਨੇ ਬਦਨਾਮੀ ਦੇ ਡਰੋਂ ਤੰਬੂ ਪੁੱਟੇ
                                                            ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ ਦੇ ਚੌਧਰੀਆਂ ਨੇ ਆਖਰ ਬਦਨਾਮੀ ਦੇ ਡਰੋਂ ਅੱਜ ‘ਗੁੰਡਾ ਟੈਕਸ’ ਦੀ ਉਗਰਾਹੀ ਵਾਲੇ ਤੰਬੂ ਪੁੱਟ ਲਏ ਹਨ। ਰਿਫਾਈਨਰੀ ਰੋਡ ਤੋਂ ‘ਗੁੰਡਾ ਬ੍ਰੀਗੇਡ’ ਨੇ ਕਰੀਬ ਦੁਪਹਿਰ 12 ਵਜੇ ਆਪਣਾ ਨਾਕਾ ਹਟਾ ਲਿਆ ਹੈ। ਬਠਿੰਡਾ-ਡਬਵਾਲੀ ਕੌਮੀ ਸ਼ਾਹਰਾਹ ਤੋਂ ਜੋ ਰਿਫਾਈਨਰੀ ਰੋਡ ਸ਼ੁਰੂ ਹੁੰਦੀ ਹੈ, ਉਸ ’ਤੇ ਹੀ ‘ਗੁੰਡਾ ਟੈਕਸ’ ਵਾਲਾ ਤੰਬੂ ਲੱਗਾ ਹੋਇਆ ਸੀ। ਦੁਪਹਿਰ ਵਕਤ ਦੇਖਿਆ ਕਿ ਤੰਬੂ ਗਾਇਬ ਸੀ ਅਤੇ ਸਿਰਫ਼ ਪਰਾਲੀ ਪਈ ਹੋਈ ਸੀ। ਸੰਗਤ ਮੰਡੀ ਦੇ ਰੋਜ਼ਾਨਾ ਦੇ ਰਾਹਗੀਰ ਸੁਖਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਵਕਤ ਤਾਂ ਰਿਫਾਈਨਰੀ ਰੋਡ ਦੇ ਟੀ-ਪੁਆਇੰਟ ਤੇ ਤੰਬੂ ਲੱਗਾ ਹੋਇਆ ਸੀ ਪ੍ਰੰਤੂ ਸ਼ਾਮ ਵਕਤ ਕੋਈ ਵੀ ਤੰਬੂ ਨਜ਼ਰ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਪਹਿਲਾਂ ਇਥੇ ਤੰਬੂ ਕੋਲ ਟਰੱਕ ਰੋਕੇ ਜਾਂਦੇ ਸਨ। ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਵਲੋਂ ਹਕੂਮਤ ਦੇ ਚੌਧਰੀਆਂ ਵਲੋਂ ਰਿਫਾਈਨਰੀ ਕੋਲ ‘ਗੁੰਡਾ ਟੈਕਸ’ ਦੀ ਉਗਰਾਹੀ ਦੇ ਮਾਮਲੇ ਨੂੰ ਪ੍ਰਮੁਖਤਾ ਨਾਲ ਉਭਾਰਿਆ ਗਿਆ। ਰਿਫਾਈਨਰੀ ਅੰਦਰ 25 ਹਜ਼ਾਰ ਕਰੋੜ ਦੀ ਲਾਗਤ ਵਾਲੇ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਵਿਚ ਸ਼ਾਮਲ ਅੱਧੀ ਦਰਜਨ ਕੰਪਨੀਆਂ ‘ਗੁੰਡਾ ਟੈਕਸ’ ਤੋਂ ਪ੍ਰੇਸ਼ਾਨ ਸਨ ਅਤੇ 25 ਜਨਵਰੀ ਤੋਂ ਰੇਤਾ ਬਜਰੀ ਰਿਫਾਈਨਰੀ ਅੰਦਰ ਜਾਣਾ ਬੰਦ ਹੋ ਗਿਆ ਸੀ।
                   ਪਹਿਲੋਂ ਕੰਪਨੀਆਂ ਨੇ ਡਿਪਟੀ ਕਮਿਸ਼ਨਰ ਕੋਲ ਦੁੱਖ ਰੋਇਆ ਅਤੇ ਮਗਰੋਂ ‘ਬਾਂਸਲ ਇਨਫਰਾਟੈੱਕ ਸਨੈਰਜੀਜ ਇੰਡੀਆ ਲਿਮਟਿਡ’ ਨੇ ਰਿਫਾਈਨਰੀ ਪ੍ਰਬੰਧਕਾਂ ਨੂੰ ਪੱਤਰ ਲਿਖ ਕੇ ਹਕੂਮਤ ਦੀ ਅੱਤ ਨੂੰ ਬੇਪਰਦ ਕਰ ਦਿੱਤਾ। ‘ਗੁੰਡਾ ਟੈਕਸ’ ਪੰਜਾਬ ਦੇ ਸਨਅਤੀ ਨਿਵੇਸ਼ ਦੇ ਰਾਹਾਂ ਵਿਚ ਰੋੜਾ ਬਣਨ ਲੱਗਾ ਹੈ। ਮਾਮਲਾ ਇਕੱਲੇ ਪੈਟਰੋ ਕੈਮੀਕਲ ਯੂਨਿਟ ਦਾ ਨਹੀਂ ਬਲਕਿ ਇਸ ਯੂਨਿਟ ਦੇ ਨਾਲ ਜੋ ਹੋਰ ਨਿਵੇਸ਼ ਹੋਣਾ ਹੈ ਤੇ ਰੁਜ਼ਗਾਰ ਦੇ ਮੌਕੇ ਖੱੁਲ੍ਹਣੇ ਹਨ, ਉਨ੍ਹਾਂ ਦੇ ਵੀ ਪ੍ਰਭਾਵਿਤ ਹੋਣ ਦਾ ਡਰ ਹੈ। ਸੂਤਰ ਦੱਸਦੇ ਹਨ ਕਿ ਅੱਜ ਚੰਡੀਗੜ੍ਹ ਵਿਚ ‘ਗੁੰਡਾ ਟੈਕਸ’ ਦੀ ਵਸੂਲੀ ਦੇ ਮਾਮਲੇ ’ਤੇ ਗੁਪਤ ਮੀਟਿੰਗ ਵੀ ਹੋਈ ਹੈ। ਉੱਚ ਸੂਤਰ ਦੱਸਦੇ ਹਨ ਕਿ ‘ਗੁੰਡਾ ਟੈਕਸ’ ਦੀ ਉਗਰਾਹੀ ਕਾਰਨ ਲੋਕਾਂ ਵਿਚ ਸਰਕਾਰ ਦੇ ਖਰਾਬ ਹੋ ਰਹੇ ਅਕਸ ਤੇ ਫਿਕਰ ਜ਼ਾਹਰ ਕੀਤੇ ਗਏ। ਉਸ ਮਗਰੋਂ ਹੀ ਚੌਧਰੀਆਂ ਨੂੰ ਖ਼ਬਰਦਾਰ ਕਰ ਦਿੱਤਾ ਗਿਆ। ਚਰਚੇ ਇਹੋ ਹਨ ਕਿ ਗੁੰਡਾ ਟੈਕਸ ਦੀ ਉਗਰਾਹੀ ਆਰਜ਼ੀ ਤੌਰ ਤੇ ਰੁਕੀ ਹੈ ਪ੍ਰੰਤੂ ਅੱਜ ਤੰਬੂ ਪੁੱਟੇ ਜਾਣ ਮਗਰੋਂ ਇੱਕਾ ਦੁੱਕਾ ਟਰੱਕਾਂ ਦੀ ਸ਼ੁਰੂਆਤ ਵੀ ਹੋਈ ਹੈ। ਇਸੇ ਦੌਰਾਨ ਰਿਫਾਈਨਰੀ ਅੰਦਰੋਂ ਕਰੀਬ 100 ਟਰੱਕਾਂ ਦੀ ਸਪਲਾਈ ਪੱਛਮੀ ਬੰਗਾਲ ਵਿਚ ਲਿਜਾਣ ਵਾਲੀ ਟਰਾਂਸਪੋਰਟ ਕੰਪਨੀ ਨੇ ਵੀ ਝੰਡਾ ਚੁੱਕ ਲਿਆ।                                                                                           ਐਲ ਐਂਡ ਟੀ ਹਾਈਡਰੋਕਾਰਬਿਨ ਇੰਜਨੀਅਰਿੰਗ ਵਲੋਂ ਬਠਿੰਡਾ ਦੀ ਇੱਕ ਕੰਪਨੀ ਨੂੰ ਰਿਫਾਈਨਰੀ ਚੋਂ ਪੱਛਮੀ ਬੰਗਾਲ ਵਿਚ ਮੈਟੀਰੀਅਲ ਪਹੁੰਚਾਉਣ ਲਈ 1 ਫਰਵਰੀ ਨੂੰ ਆਰਡਰ ਦਿੱਤਾ ਸੀ। ਬਠਿੰਡਾ ਦੀ ਟਰਾਂਸਪੋਰਟ ਕੰਪਨੀ ਦੇ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਕ ਰਿਫਾਈਨਰੀ ਸਾਈਟ ਤੇ ਖੜ੍ਹੇ ਹਨ। ਪਹਿਲੀ ਫਰਵਰੀ ਤੋਂ ਰਿਫਾਈਨਰੀ ਅੰਦਰੋਂ ਮਾਲ ਚੁੱਕਣਾ ਸੀ ਪ੍ਰੰਤੂ ਉਥੇ ਮੌਜੂਦ ਸਿਆਸੀ ਲੋਕਾਂ ਦੇ ਆਦਮੀਆਂ ਨੇ ਅਜਿਹਾ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਅਤੇ ਉਹ ਹਕੂਮਤ ਦੇ ਡਰੋਂ ਆਖਰ ਚੁੱਪ ਕਰ ਗਏ। ਇਸ ਡਾਇਰੈਕਟਰ ਨੇ ‘ਲੈਟਰ ਆਫ਼ ਇਨਟੈਨ’ ਦੀ ਕਾਪੀ ਵੀ ਦਿੱਤੀ। ਸੂਤਰ ਦੱਸਦੇ ਹਨ ਕਿ ਸਰਕਾਰ ਨੇ ਭਾਪ ਲਿਆ ਕਿ ‘ਗੁੰਡਾ ਟੈਕਸ’ ਦੀ ਵਸੂਲੀ ਪੈਟਰੋ ਕੈਮੀਕਲ ਯੂਨਿਟ ਦਾ ਕੰਮ ਪ੍ਰਭਾਵਿਤ ਕਰ ਸਕਦੀ ਹੈ ਅਤੇ ਵਿਰੋਧੀ ਧਿਰਾਂ ਇਸ ਮਾਮਲੇ ਤੋਂ ਸਿਆਸੀ ਲਾਹਾ ਲੈ ਸਕਦੀਆਂ ਹਨ ਜਿਸ ਕਰਕੇ ਸਰਕਾਰ ਨੇ ਇਸ ਮਾਮਲੇ ’ਤੇ ਠੰਡਾ ਛਿੜਕਿਆ ਹੈ।
   
 






Monday, February 5, 2018

                                                           ਗੁੰਡਾ ਟੈਕਸ 
                               ਚੌਧਰੀਆਂ ਦੀ ਸਤਾਈ ਕੰਪਨੀ ਨੇ ਝੰਡਾ ਚੁੱਕਿਆ
                                                          ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਰਿਫਾਈਨਰੀ ਕੋਲ ‘ਗੁੰਡਾ ਟੈਕਸ’ ਤੋਂ ਸਤਾਈ ਦਿੱਲੀ ਦੀ ਇੱਕ ਕੰਪਨੀ ਨੇ ਰਿਫਾਈਨਰੀ ਅੰਦਰ ਝੀਲਾਂ ਦੀ ਉਸਾਰੀ ਦਾ ਕੰਮ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਦਿੱਲੀ ਦੀ ‘ਬਾਂਸਲ ਇਨਫਰਾਟੈੱਕ ਸਨੈਰਜੀਜ ਇੰਡੀਆ ਲਿਮਟਿਡ’ ਨੇ ਅੱਜ ਬਠਿੰਡਾ ਰਿਫਾਈਨਰੀ ਦੇ ਜਨਰਲ ਮੈਨੇਜਰ ਅਤੇ ਉਸਾਰੀ ਮੈਨੇਜਰ ਨੂੰ ਪੱਤਰ ਲਿਖ ਕੇ ਟੇਢੇ ਢੰਗ ਨਾਲ ‘ਗੁੰਡਾ ਟੈਕਸ’ ਦੇ ਮਾਮਲੇ ਖ਼ਿਲਾਫ਼ ਝੰਡਾ ਚੁੱਕਿਆ ਹੈ। ਬਠਿੰਡਾ ਰਿਫਾਈਨਰੀ ’ਚ ਪੈਟਰੋ ਕੈਮੀਕਲ ਯੂਨਿਟ  ਦੀ ਉਸਾਰੀ ’ਚ ਅੱਧੀ ਦਰਜਨ ਪ੍ਰਾਈਵਟ ਫਰਮਾਂ ਕੰਮ ਕਰ ਰਹੀਆਂ ਹਨ। ਜਿਨ੍ਹਾਂ ਨੇ ਪਹਿਲਾਂ ਡਿਪਟੀ ਕਮਿਸ਼ਨਰ ਕੋਲ ਆਪਣਾ ਰੋਣਾ ਰੋਇਆ। ਅੱਜ ਇਸ ਕੰਪਨੀ ਨੇ ਸ਼ਰੇਆਮ ਰੇਤਾ ਬਜਰੀ ਦੇ ਉੱਚੇ ਭਾਆਂ ਦੇ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ ਜੋ ਗੁੰਡਾ ਟੈਕਸ ਦੀ ਅੱਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਕਾਂਗਰਸੀ ਹਕੂਮਤ ਦੇ ਕੁਝ ਲੀਡਰਾਂ ਵਲੋਂ ਰਿਫਾਈਨਰੀ ਕੋਲ ‘ਗੁੰਡਾ ਟੈਕਸ’ ਦੀ ਉਗਰਾਹੀ ਕੀਤੀ ਜਾ ਰਹੀ ਹੈ ਜਿਸ ਨੂੰ ਪੰਜਾਬੀ ਟ੍ਰਿਬਿਊਨ ਨੇ ਪ੍ਰਖੁਖਤਾ ਨਾਲ ਉਭਾਰਿਆ ਹੈ। ਉਸਾਰੀ ਕੰਪਨੀਆਂ ਨੇ ਜਦੋਂ ਉੱਚੇ ਭਾਅ ਤੇ ਰੇਤਾ ਬਜਰੀ ਲੈਣ ਤੋਂ ਤੌਬਾ ਕਰ ਦਿੱਤੀ ਤਾਂ 25 ਜਨਵਰੀ ਤੋਂ ਰੇਤਾ ਬਜਰੀ ਨੂੰ ਬਰੇਕ ਲੱਗ ਗਏ।
                   ਬਾਂਸਲ ਇਨਫਾਟੈੱਕ ਸਨੈਰਜੀਜ ਇੰਡੀਆ ਲਿਮਟਿਡ ਨੇ ਰਿਫਾਈਨਰੀ ਪ੍ਰਬੰਧਕਾਂ ਨੂੰ ਲਿਖੇ ਪੱਤਰ (ਨੰਬਰ ਬੀ 018//ਜੀਜੀਐਸਪੀਏਪੀ/ਆਰਡਬਲਿਊਆਰ/ਸੀਐਂਡਪੀ ਬੀ 151 ਐਲ/130) ’ਚ ਆਖਿਆ ਹੈ ਕਿ ‘ਤੁਸੀਂ ਜਾਣੂ ਹੀ ਹੋ ਕਿ ਕੁਝ ਹਫਤਿਆਂ ਤੋਂ ਉਸਾਰੀ ਲਈ ਕੱਚਾ ਮਾਲ ਮਿਲ ਨਹੀਂ ਰਿਹਾ ਹੈ ਤੇ ਉਸਾਰੀ ਸਾਈਟ ਤੇ ਭੰਡਾਰ ਖਤਮ ਹੋਣ ਕਿਨਾਰੇ ਹੈ।’ ਕੰਪਨੀ ਨੇ ਲਿਖਿਆ ਹੈ ਕਿ ‘ਸਿਡੀਕੇਟਸ’ ਸਭ ਮੈਟੀਰੀਅਲ ਅਤੇ ਟਰਾਂਸਪੋਰਟ ਚਾਰਜਜ ਬਹੁਤ ਉੱਚੇ ਮੰਗ ਰਹੇ ਹਨ। ਇਸ ਕੰਪਨੀ ਨੇ ਲਿਖਿਆ ਹੈ ਕਿ ਉਹ ਏਦਾ ਦੀ ਸਮੱਸਿਆ ਨਜਿੱਠਣ ਦੇ ਯੋਗ ਨਹੀਂ ਹਨ ਅਤੇ ਉਨ੍ਹਾਂ ਨੂੰ ਵੱਡੇ ਵਿੱਤੀ ਘਾਟੇ ਦਾ ਡਰ ਹੈ, ਉਹ ਮਿਥੇ ਸਮੇਂ ਸਿਰ ਕੰਮ ਕਰਨ ਤੋਂ ਬੇਵੱਸ ਹਨ। ਕੰਪਨੀ ਨੇ ਪ੍ਰਬੰਧਕਾਂ ਨੂੰ ਇਸ ਮਾਮਲੇ ਦਾ ਜਲਦੀ ਨਿਪਟਾਰਾ ਕਰਨ ਵਾਸਤੇ ਆਖਿਆ ਹੈ। ਦੱਸਣਯੋਗ ਹੈ ਕਿ ਪੈਟਰੋ ਕੈਮੀਕਲ ਯੂਨਿਟ ਵਿਚ ਇਸ ਕੰਪਨੀ ਵਲੋਂ ਝੀਲਾਂ ਦੀ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਕਰੀਬ 40 ਕਰੋੜ ਦਾ ਹੈ। ਅੱਜ ਇਸੇ ਦੌਰਾਨ ਰਿਫਾਈਨਰੀ ਦੇ ‘ਗੁੰਡਾ ਟੈਕਸ’ ਦੀ ਖੁਫ਼ੀਆ ਰਿਪੋਰਟ ਵੀ ਤਿਆਰ ਹੋਣ ਲੱਗੀ ਹੈ ਜਿਸ ’ਚ ਸ਼ਾਮਲ ਸਿਆਸੀ ਲੋਕਾਂ ਦਾ ਭੇਤ ਕੱਢਿਆ ਜਾਣ ਲੱਗਾ ਹੈ।
                 ਰਿਫਾਈਨਰੀ ਦਾ ਗੁੰਡਾ ਟੈਕਸ ਕਾਂਗਰਸ ਹਕੂਮਤ ਲਈ ਬਦਨਾਮੀ ਦਾ ਟਿੱਕਾ ਬਣਨ ਲੱਗਾ ਹੈ।ਭਾਵੇਂ ਕਾਂਗਰਸੀ ਚੌਧਰੀਆਂ ਨੇ ਅੱਜ ਰੁਖ ਵਿਚ ਥੋੜੀ ਨਰਮੀ ਲਿਆਂਦੀ ਹੈ ਪ੍ਰੰਤੂ ਰਿਫਾਈਨਰੀ ਰੋਡ ’ਤੇ ਅੱਜ ਸਵੇਰ ਵਕਤ ਚਾਰ ਪੰਜ ਟਰੱਕ ਮੁੜ ਰੋਕੇ ਗਏ ਹਨ। ਸੂਤਰ ਦੱਸਦੇ ਹਨ ਕਿ ਉਦੋਂ ਟਰੱਕਾਂ ਵਾਲਿਆਂ ਨੇ ਪੁਲੀਸ ਦੇ ਕੰਟਰੋਲ ਰੂਮ ’ਤੇ ਵੀ ਫੋਨ ਖੜਕਾਏ ਸਨ। ਪਤਾ ਇਹ ਵੀ ਲੱਗਾ ਹੈ ਕਿ ਹਕੂਮਤ ਇਸ ਗੱਲੋਂ ਵੀ ਡਰੀ ਹੈ ਕਿ ਰਿਫਾਈਨਰੀ ਦੇ ਪ੍ਰੋਜੈਕਟ ਪ੍ਰਭਾਵਿਤ ਹੁੰਦੇ ਹਨ ਤਾਂ ਇਸ ਦਾ ਸਿਆਸੀ ਅਸਰ ਵੀ ਪੈ ਸਕਦਾ ਹੈ। ਜਿਸ ਦੇ ਵਜੋਂ ਅੱਜ ਕੁਝ ਗੱਡੀਆਂ ਦੀ ਆਮਦ ਵੀ ਮੁੜ ਸ਼ੁਰੂ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਐਲਾਨ ਕੀਤਾ ਹੈ ਕਿ ਅਗਰ ਕਾਂਗਰਸ ਸਰਕਾਰ ਨੇ ਗੁੰਡਾ ਟੈਕਸ ਨਾ ਬੰਦ ਕੀਤਾ ਤਾਂ ਅਕਾਲੀ ਦਲ ਇਸ ਮਾਮਲੇ ਤੇ ਸੰਘਰਸ਼ ਵਿੱਢੇਗਾ। ਉਨ੍ਹਾਂ ਜਾਰੀ ਬਿਆਨ ਵਿਚ ਆਖਿਆ ਕਿ ਕਾਂਗਰਸੀ ਹਕੂਮਤ ਰਾਜ ਦੇ ਪ੍ਰੋੁਜੈਕਟਾਂ ਨੂੰ ਉਜਾੜਨ ਦੇ ਰਾਹ ਪਈ ਹੈ ਜਿਸ ਤੋਂ ਅੱਕੇ ਪ੍ਰਾਈਵੇਟ ਉਸਾਰੀਆਂ ਕੰਪਨੀਆਂ ਨੇ ਉਸਾਰੀ ਦੇ ਕੰਮ ਕਰਨ ਤੋਂ ਹੱਥ ਖੜੇ ਕਰ ਦਿੱਤੇ ਹਨ।
                  ਅਗਰ ਪ੍ਰੋਜੈਕਟ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਨਾਲ ਰੁਜ਼ਗਾਰ ਨੂੰ ਵੀ ਸੱਟ ਵੱਜੇਗੀ। ਮਲੂਕਾ ਨੇ ਆਖਿਆ ਕਿ ਕਾਂਗਰਸੀ ਗੁੰਡਾਗਰਦੀ ਦੇ ਖ਼ਿਲਾਫ਼ ਅਕਾਲੀ ਦਲ ਨਿੱਤਰੇਗਾ। ਦੂਸਰੀ ਤਰਫ਼ ‘ਆਪ’ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ.ਬਲਜਿੰਦਰ ਕੌਰ ਦੀ ‘ਗੁੰਡਾ ਟੈਕਸ’ ਦੇ ਮਾਮਲੇ ਤੇ ਚੁੱਪ ’ਤੇ ਵੀ ਉਂਗਲ ਉੱਠਣ ਲੱਗੀ ਹੈ। ਪਿਛਲੇ ਅਰਸੇ ਦੌਰਾਨ ਗੁੰਡਾ ਟੈਕਸ ਖ਼ਿਲਾਫ਼ ਬੋਲਣ ਵਾਲੀ ਮਹਿਲਾ ਵਿਧਾਇਕਾ ਹੁਣ ਕਾਫ਼ੀ ਸਮੇਂ ਤੋਂ ਇਸ ਮਾਮਲੇ ਤੇ ਚੁੱਪ ਹੈ ਜਿਸ ਤੇ ਲੋਕ ਹੈਰਾਨ ਵੀ ਹਨ। ਮਹਿਲਾ ਵਿਧਾਇਕਾ ਨੂੰ ਜਦੋਂ ਫੋਨ ਕੀਤਾ ਤਾਂ ਉਨ੍ਹਾਂ ਚੁੱਕਿਆ ਨਹੀਂ। ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਐਸ.ਐਸ.ਪੀ ਨੂੰ ਮਾਮਲਾ ਦੇਖਣ ਲਈ ਆਖਿਆ ਹੈ ਪ੍ਰੰਤੂ ਇਸ ਮਾਮਲੇ ਵਿਚ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ।
     




Sunday, February 4, 2018

                                                            ਗੁੰਡਾ ਟੈਕਸ
                              ਕੈਪਟਨ ਦੇ ਚੌਧਰੀਆਂ ਵਲੋਂ ‘ਘੁਰਕੀ ਤੇ ਬੁਰਕੀ’ 
                                                           ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਦੇ ਚੌਧਰੀਆਂ ਵਲੋਂ ਗੁੰਡਾ ਟੈਕਸ ਦੀ ਵਸੂਲੀ ਲਈ ‘ਘੁਰਕੀ ਤੇ ਬੁਰਕੀ’ ਦਾ ਪੈਂਤੜਾ ਲਿਆ ਹੈ। ਭਿਸੀਆਣਾ ਹਵਾਈ ਅੱਡੇ ਤੋਂ ‘ਗੁੰਡਾ ਟੈਕਸ’ ਵਸੂਲੀ ਦੇ ਖ਼ਿਲਾਫ਼ ਜਦੋਂ ਟਰੱਕ ਅਪਰੇਟਰਾਂ ਨੇ ਤੇਵਰ ਦਿਖਾਏ ਤਾਂ ਕਾਂਗਰਸੀ ਚੌਧਰੀਆਂ ਨੇ ਪਹਿਲਾਂ ਸਖ਼ਤੀ ਦਾ ਰੌਂਅ ਦਿਖਾਇਆ। ਮਗਰੋਂ ਠੇਕੇਦਾਰਾਂ ਤੇ ਅਪਰੇਟਰਾਂ ਨਾਲ ‘ਦੋਸਤਾਨਾ ਮੈਚ’ ਖੇਡਣ ਦਾ ਫੈਸਲਾ ਕਰ ਲਿਆ। ਇਵੇਂ ਬਠਿੰਡਾ ਰਿਫਾਈਨਰੀ ਦੇ ‘ਗੁੰਡਾ ਟੈਕਸ’ ਖ਼ਿਲਾਫ਼ ਜਦੋਂ ਬੀਤੇ ਕੱਲ ਠੇਕੇਦਾਰ ਆਪੇ ਤੋਂ ਬਾਹਰ ਹੋ ਗਏ ਤਾਂ ਅੱਜ ਸਰਕਾਰੀ ਦਰਬਾਰ ਦਾ ਮੋਹਾਲੀ ਤੋਂ ਇੱਕ ‘ਏਲਚੀ’ ਰਿਫਾਈਨਰੀ ਸਾਈਟ ਤੇ ਪੁੱਜ ਗਿਆ। ਕਾਂਗਰਸੀ ਏਲਚੀ ਨੇ ਇਕੱਲੇ ਇਕੱਲੇ ਠੇਕੇਦਾਰ ਨੂੰ ਬੁਲਾ ਕੇ ਇੱਕ ਕੰਕਰੀਟ ਪਲਾਂਟ ਤੇ ਮੀਟਿੰਗ ਕੀਤੀ। ਇਸ ਏਲਚੀ ਨੇ ‘ਗੁੰਡਾ ਟੈਕਸ’ ’ਚ 10 ਫੀਸਦੀ ਛੋਟ ਦੇਣ ਦੀ ਪੇਸ਼ਕਸ਼ ਕੀਤੀ। ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਵਲੋਂ ਕਾਂਗਰਸੀ ਲੀਡਰਾਂ ਵਲੋਂ ਰਿਫਾਈਨਰੀ ’ਤੇ ਹੁੰਦੀ ‘ਗੁੰਡਾ ਟੈਕਸ’ ਦੀ ਵਸੂਲੀ ਦੇ ਮਾਮਲੇ ਨੂੰ ਪ੍ਰਮੁਖਤਾ ਨਾਲ ਛਾਪਿਆ ਗਿਆ। ਉਸ ਮਗਰੋਂ ਉਪਰੋਂ ਆਏ ‘ਏਲਚੀ’ ਨੇ ਅੱਜ ਭਿਸੀਆਣਾ ਵਾਂਗ ‘ਦੋਸਤਾਨਾ ਮੈਚ’ ਖੇਡਣ ਦਾ ਫਾਰਮੂਲਾ ਰੱਖਿਆ। ਇੱਕ ਠੇਕੇਦਾਰ ਨੇ ਦੱਸਿਆ ਕਿ ‘ਗੁੰਡਾ ਟੈਕਸ’ ਵਿਚ ਛੋਟ ਦੇਣ ਦੀ ਗੱਲ ਆਖੀ ਗਈ ਪ੍ਰੰਤੂ ਉਨ੍ਹਾਂ ਨੂੰ ਮਨਜ਼ੂਰ ਨਹੀਂ।
                  ਠੇਕੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਰਿਫਾਈਨਰੀ ਦੀ ਸਬੰਧਿਤ ਮੈਨੇਜਮੈਂਟ ਨੂੰ ਸੂਚਿਤ ਕਰ ਦਿੱਤਾ ਹੈ ਜਿਸ ਕਰਕੇ ਹੁਣ ਰਿਫਾਈਨਰੀ ਪ੍ਰਬੰਧਕ ਸੋਚਣ। ਸੂਤਰ ਆਖਦੇ ਹਨ ਕਿ ਅਗਰ ਠੇਕੇਦਾਰ ਅੜ ਗਏ ਤਾਂ ਰਿਫਾਈਨਰੀ ’ਚ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਨੂੰ ਧੱਕਾ ਲੱਗ ਸਕਦਾ ਹੈ। ਡਿਪਟੀ ਕਮਿਸ਼ਨਰ ਆਖ ਚੁੱਕੇ ਹਨ ਕਿ ਉਹ ਜ਼ਿਲ੍ਹਾ ਪੁਲੀਸ ਮੁਖੀ ਨੂੰ ਆਖ ਚੁੱਕੇ ਹਨ ਜਦੋਂ ਕਿ ਬਠਿੰਡਾ ਜ਼ੋਨ ਦੇ ਆਈ.ਜੀ ਅਤੇ ਐਸ.ਐਸ.ਪੀ ਬਠਿੰਡਾ ਨੇ ਫੋਨ ਨਹੀਂ ਚੁੱਕਿਆ।ਸੂਤਰ ਦੱਸਦੇ ਹਨ ਕਿ ਰਿਫਾਈਨਰੀ ਸਾਈਟ ’ਤੇ ਇੱਕ ਕਾਂਗਰਸੀ ਨੇਤਾ ਦੇ ਰਿਸ਼ਤੇਦਾਰਾਂ ਵਲੋਂ ਤਾਂ ਬਕਾਇਦਾ ਫਰਮਾਂ ਬਣਾ ਕੇ ਕੰਮ ਸ਼ੁਰੂ ਕੀਤਾ ਹੋਇਆ ਹੈ। ਅੱਜ ਪੰਜਾਬੀ ਟ੍ਰਿਬਿਊਨ ਨੂੰ ਭਿਸੀਆਣਾ ਹਵਾਈ ਅੱਡੇ ਅਤੇ ਬਠਿੰਡਾ ਕੈਂਟ ’ਚ ਉਸਾਰੀ ਦਾ ਕੰਮ ਕਰਦੀਆਂ ਫਰਮਾਂ ਦੇ ਕੁਝ ਦਸਤਾਵੇਜ਼ ਵੀ ਹੱਥ ਲੱਗੇ ਹਨ। ਐਮ.ਈ.ਐਸ ਬਿਲਡਰਜ਼ ਐਸੋਸੀਏਸ਼ਨ ਬਠਿੰਡਾ ਦੇ ਚੇਅਰਮੈਨ ਸੁਰਿੰਦਰ ਵਾਲੀਆ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਗੱਡੀਆਂ ਰੋਕ ਲਈਆਂ ਜਾਂਦੀਆਂ ਸਨ ਜਿਸ ਬਾਰੇ ਉਨ੍ਹਾਂ ਨੇ ਐਸ.ਐਸ.ਪੀ ਨੂੰ ਪੱਤਰ ਵੀ ਲਿਖਿਆ ਸੀ ਪ੍ਰੰਤੂ ਹੁਣ ਬੈਠ ਕੇ ਉਨ੍ਹਾਂ ਦਾ ਮਸਲਾ ਹੱਲ ਹੋ ਗਿਆ ਹੈ।
                 ਇਵੇਂ ਮੱਖਣ ਇੰਟਰਪ੍ਰਾਈਜਜ ਦੇ ਸ੍ਰੀ ਮੱਖਣ ਨੇ ਦੱਸਿਆ ਕਿ ਦੋ ਤਿੰਨ ਮਹੀਨੇ ਤੋਂ ਟਰੱਕ ਰੋਕਣੇ ਬੰਦ ਕਰ ਦਿੱਤੇ ਗਏ ਹਨ। ਮਾਮਲਾ ਹੱਲ ਹੋ ਗਿਆ ਹੈ। ਬਠਿੰਡਾ ਕੈਂਟ ਦੇ ਇੱਕ ਹੋਰ ਬਿਲਡਰ ਨੇ ਦੱਸਿਆ ਕਿ ਟਰੱਕਾਂ ਤੋਂ ਪ੍ਰਤੀ ਫੁੱਟ ਦੋ ਰੁਪਏ ‘ਗੁੰਡਾ ਟੈਕਸ’ ਲਿਆ ਜਾਂਦਾ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ਕੈਂਟ ਵਿਚ ਤਾਂ ਹੁਣ ਉਸਾਰੀ ਦਾ ਕੰਮ ਮੱਠਾ ਪੈ ਗਿਆ ਹੈ ਜਦੋਂ ਕਿ ਭਿਸੀਆਣਾ ਹਵਾਈ ਅੱਡੇ ਅੰਦਰ ਕਈ ਪ੍ਰੋਜੈਕਟ ਚੱਲ ਰਹੇ ਹਨ। ਕਾਂਗਰਸੀ ਲੀਡਰਾਂ ਨੇ ਹਵਾਈ ਅੱਡਾ ਸਾਈਟ ’ਤੇ ‘ਗੁੰਡਾ ਟੈਕਸ’ ਵਸੂਲੀ ਲਈ ਟਰੱਕ ਯੂਨੀਅਨ ਦੇ ਇੱਕ ਸਾਬਕਾ ਅਕਾਲੀ ਪ੍ਰਧਾਨ ਦੀਆਂ ਸੇਵਾਵਾਂ ਲਈਆਂ ਹਨ। ਵੇਰਵਿਆਂ ਅਨੁਸਾਰ ਕਰੀਬ ਇੱਕ ਮਹੀਨਾ ਪਹਿਲਾਂ ਜਦੋਂ ਇੱਕ ਟਰਾਂਸਪੋਰਟਰ ਦੀਆਂ ਗੱਡੀਆਂ ਨੂੰ ਬਿਨ੍ਹਾਂ ਗੁੰਡਾ ਟੈਕਸ ਦਿੱਤੇ ਹਵਾਈ ਅੱਡੇ ਵਿਚ ਦਾਖਲ ਨਾ ਦਿੱਤਾ ਤਾਂ ਰੌਲਾ ਪੈ ਗਿਆ ਸੀ। ਉਦੋਂ ਕੁਝ ਟਰਾਂਸਪੋਰਟਰ ਇਕੱਠੇ ਹੋ ਕੇ ਆਈ.ਜੀ ਨੂੰ ਮਿਲੇ ਸਨ ਜਿਨ੍ਹਾਂ ਥਾਣਾ ਸਦਰ ਦੇ ਥਾਣੇਦਾਰ ਨੂੰ ਮਾਮਲਾ ਹੱਲ ਕਰਨ ਵਾਸਤੇ ਆਖ ਦਿੱਤਾ ਸੀ। ਥਾਣਾ ਸਦਰ ਦੇ ਮੁੱਖ ਥਾਣਾ ਅਫਸਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਭਿਸੀਆਣਾ ਵਿਚ ਰੇਤਾ ਬਜਰੀ ਦੀ ਸਪਲਾਈ ਦੇ ਮਾਮਲੇ ਵਿਚ ਇੱਕ ਟਰਾਂਸਪੋਰਟਰ ਦਾ ਮਾਮਲਾ ਸੀ ਅਤੇ ਉਨ੍ਹਾਂ ਨੇ ਦੂਸਰੇ ਟਰਾਂਸਪੋਰਟਰਾਂ ਨੂੰ ਬੁਲਾ ਕੇ ਮਸਲਾ ਹੱਲ ਕਰ ਦਿੱਤਾ ਸੀ।
                 ਉਨ੍ਹਾਂ ਦੱਸਿਆ ਕਿ ਯੂਨੀਅਨ ਰੇਟ ਤੇ ਸਪਲਾਈ ਦੇਣ ਤੇ ਸਹਿਮਤੀ ਹੋ ਗਈ ਸੀ। ਸੂਤਰ ਦੱਸਦੇ ਹਨ ਕਿ ਭਿਸੀਆਣਾ ਹਵਾਈ ਅੱਡੇ ਤੇ ਰੇਤਾ ਬਜਰੀ ਪ੍ਰਤੀ ਫੁੱਟ ਪਹਿਲਾਂ 5 ਰੁਪਏ ‘ਗੁੰਡਾ ਟੈਕਸ’ ਸੀ ਅਤੇ ਰੌਲਾ ਪੈਣ ਮਗਰੋਂ ਇਹ ਰੇਟ ਤਿੰਨ ਤੋਂ ਚਾਰ ਰੁਪਏ ਪ੍ਰਤੀ ਫੁੱਟ ਨਿਸ਼ਚਿਤ ਹੋ ਗਿਆ ਸੀ। ਰਿਫਾਈਨਰੀ ’ਚ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਕੰਮ ਆਰਐਸਬੀ ਦੇ ਮੁਲਾਜ਼ਮ ਹੁਕਮ ਸਿੰਘ ਨੇ ਆਖਿਆ ਕਿ ਏਦਾ ਦੇ ਮਾਹੌਲ ਵਿਚ ਕੰਮ ਕਰਨਾ ਮੁਸ਼ਕਲ ਹੈ, 10 ਦਿਨਾਂ ਤੋਂ ਗੱਡੀਆਂ ਬੰਦ ਹੋਣ ਕਰਕੇ ਲੇਬਰ ਵਿਹਲੀ ਬੈਠੀ ਹੈ। ਉਨ੍ਹਾਂ ਆਖਿਆ ਕਿ ਕੁਝ ਲੋਕ ਰੇਤਾ ਬਜਰੀ ਦੇ ਨਾਰਮਲ ਰੇਟ ਤੋਂ ਜਿਆਦਾ ਦੀ ਮੰਗ ਕਰ ਰਹੇ ਹਨ।
                   ਫੌਰੀ ਬੰਦ ਹੋਵੇ ‘ਗੁੰਡਾ ਟੈਕਸ’ : ਖਹਿਰਾ
ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਵਿਧਾਇਕ ਸੁਖਪਾਲ ਖਹਿਰਾ ਦਾ ਕਹਿਣਾ ਸੀ ਕਿ ਕਾਂਗਰਸ ਲੀਡਰ ਵੀ ਅਕਾਲੀ ਤਰਜ਼ ਤੇ ਗੁੰਡਾ ਟੈਕਸ ਵਸੂਲਣ ਲੱਗੇ ਹਨ ਜੋ ਫੌਰੀ ਬੰਦ ਹੋਣਾ ਚਾਹੀਦਾ ਹੈ। ਪਹਿਲੋਂ ਪਠਾਨਕੋਟ ਵਿਚ ਏਦਾ ਹੁੰਦਾ ਰਿਹਾ ਹੈ ਅਤੇ ਗੁੰਡਾ ਟੈਕਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ,ਜਿਵੇਂ ਅਕਾਲੀ ਦਲ ਨੇ ਭੁਗਤਿਆ ਹੈ। ਉਨ੍ਹਾਂ ਆਖਿਆ ਗੁੰਡਾ ਟੈਕਸ ਵਸੂਲੀ ਦੇ ਮਾਮਲੇ ’ਚ ਅਕਾਲੀ ਕਾਂਗਰਸੀ ਇੱਕੋ ਜੇਹੇ ਹਨ।
                   ਗੁੰਡਾਗਰਦੀ ਨਹੀਂ ਚੱਲਣ ਦਿਆਂਗੇ : ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ‘ਗੁੰਡਾ ਟੈਕਸ’ ਦਾ ਸਖਤ ਨੋਟਿਸ ਲੈਂਦਿਆਂ ਆਖਿਆ ਕਿ ਉਹ ਗੁੰਡਾ ਟੈਕਸ ਨਹੀਂ ਚੱਲਣ ਦੇਣਗੇ ਅਤੇ ਉਹ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਇਸ ਦੀ ਪੜਚੋਲ ਕਰਨਗੇ। ਕਾਂਗਰਸ ਸਰਕਾਰ ਨੇ ਹੀ ਟਰੱਕ ਯੂਨੀਅਨਾਂ ਖਤਮ ਕਰਕੇ ‘ਗੁੰਡਾ ਟੈਕਸ’ ਦੀ ਪਿਰਤ ਨੂੰ ਖਤਮ ਕਰਨ ਵਿਚ ਪਹਿਲ ਕੀਤੀ ਹੈ। ਜਾਖੜ ਨੇ ਆਖਿਆ ਕਿ ਭਾਵੇਂ ਕੋਈ ਵੀ ਹੋਵੇ, ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਵੇਗੀ।
                       












Saturday, February 3, 2018

                                                             ਗੁੰਡਾ ਟੈਕਸ..
                                ਕੈਪਟਨ ਦੇ ਚੌਧਰੀਆਂ ਨੇ ਰਿਫਾਈਨਰੀ ਸੋਧੀ !
                                                            ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਹਕੂਮਤ ਦੀ ‘ਲੀਡਰ ਜੋੜੀ’ ਬਠਿੰਡਾ ਰਿਫਾਈਨਰੀ ਤੋਂ ਕਰੀਬ 15 ਲੱਖ ਰੁਪਏ ਰੋਜ਼ਾਨਾ ‘ਗੁੰਡਾ ਟੈਕਸ’ ਵਸੂਲਣ ਲੱਗੀ ਹੈ ਜਿਸ ਤੋਂ ਤਪੇ ਹੋਏ ਠੇਕੇਦਾਰਾਂ ਨੇ ਰਿਫਾਈਨਰੀ ਅੰਦਰ ਪੈਟਰੋ ਕੈਮੀਕਲ ਯੂਨਿਟ ਦੇ ਕੰਮ ਨੂੰ ਬਰੇਕ ਲਾ ਦਿੱਤੀ ਹੈ। ਰੇਤਾ ਬਜਰੀ ਚੋਂ ਹੁਣ ਬਠਿੰਡਾ ਜ਼ਿਲ੍ਹੇ ਦੇ ਦੋ ਲੀਡਰ ਹੱਥ ਰੰਗਣ ਲੱਗੇ ਹਨ ਜਿਨ੍ਹਾਂ ਦੀ ‘ਗੁੰਡਾ ਬ੍ਰੀਗੇਡ’ ਨੇ ਰਿਫਾਈਨਰੀ ਰੋਡ ’ਤੇ ਤੰਬੂ ਵੀ ਲਾਏ ਹੋਏ ਹਨ। ਪੁਲੀਸ ਅਫਸਰ ਖੁਦ ਇਸ ਨੂੰ ਰੋਕਣ ਤੋਂ ਬੇਵੱਸ ਹਨ। ਜਦੋਂ ‘ਲੀਡਰ ਜੋੜੀ’ ਨੇ ‘ਗੁੰਡਾ ਟੈਕਸ’ ਦੇ ਰੇਟ ਵਧਾ ਦਿੱਤੇ ਤਾਂ ਉਸਾਰੀ ਠੇਕੇਦਾਰ ਆਪੇ ਤੋਂ ਬਾਹਰ ਹੋ ਗਏ। ਹਕੂਮਤ ਦੇ ਡਰੋਂ ਕੋਈ ਠੇਕੇਦਾਰ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੈ। ਜਦੋਂ ਡਿਪਟੀ ਕਮਿਸ਼ਨਰ ਬਠਿੰਡਾ ਅੱਜ ਰਿਫਾਈਨਰੀ ’ਚ ਗਏ ਤਾਂ ਅੱਕੇ ਹੋਏ ਠੇਕੇਦਾਰਾਂ ਨੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਉਸਾਰੀ ਕੰਪਨੀਆਂ ਦੇ ਪ੍ਰਤੀਨਿਧ ਅਤੇ ਦੋ ਰਿਫਾਈਨਰੀ ਅਧਿਕਾਰੀ ਸ਼ਾਮਲ ਸਨ।ਠੇਕੇਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਸਾਫ ਆਖਿਆ ਕਿ ਰਿਫਾਈਨਰੀ ਅੰਦਰ 25 ਜਨਵਰੀ ਤੋਂ ਰੇਤਾ ਬਜਰੀ ਨਹੀਂ ਆ ਰਿਹਾ ਹੈ ਜਿਸ ਕਰਕੇ ਸਿਰਫ਼ ਤਿੰਨ ਦਿਨਾਂ ਦਾ ਹੀ ਭੰਡਾਰ ਹੀ ਬਚਿਆ ਹੈ। ਠੇਕੇਦਾਰਾਂ ਨੇ ਆਖਿਆ ਕਿ ਉਸਾਰੀ ਦਾ ਕੰਮ ਬੰਦ ਕਰੇ ਬਿਨ੍ਹਾਂ ਕੋਈ ਚਾਰਾ ਨਹੀਂ ਬਚਣਾ। ਇਨ੍ਹਾਂ ਠੇਕੇਦਾਰਾਂ ਨੇ ਕਾਂਗਰਸ ਦੀ ‘ਲੀਡਰ ਜੋੜੀ’ ਵਲੋਂ ਵਸੂਲੇ ਜਾਂਦੇ ‘ਗੁੰਡਾ ਟੈਕਸ’ ਨੂੰ ਮੀਟਿੰਗ ਵਿਚ ਬੇਪਰਦ ਕਰ ਦਿੱਤਾ ਜਿਸ ਤੋਂ ਡਿਪਟੀ ਕਮਿਸ਼ਨਰ ਵੀ ਹੈਰਾਨ ਹੋ ਗਏ।
                  ਇਨ੍ਹਾਂ ਠੇਕੇਦਾਰਾਂ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਜੋ ਬਾਜ਼ਾਰ ਵਿਚ ਬਜਰੀ ਦਾ ਟਰੱਕ 42 ਹਜ਼ਾਰ ਦਾ ਹੈ, ਉਹ 60 ਹਜ਼ਾਰ ਦਾ ਮਿਲਦਾ ਹੈ। ਰੋਜ਼ਾਨਾ ਕਰੀਬ 100 ਟਰੱਕ ਰੇਤਾ ਬਜਰੀ ਦਾ ਰਿਫਾਈਨਰੀ ਵਿਚ ਆਉਂਦਾ ਹੈ।ਦੋ ਠੇਕੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਅੱਜ ਰਿਫਾਈਨਰੀ ਰੋਡ ’ਤੇ ‘ਗੁੰਡਾ ਟੈਕਸ’ ਦੀ ਵਸੂਲੀ ਕਰਨ ਵਾਲੀ ‘ਗੁੰਡਾ ਬ੍ਰੀਗੇਡ’ ਵਲੋਂ ਲਾਇਆ ਤੰਬੂ ਵੀ ਦਿਖਾਇਆ। ਮੌਕੇ ਤੇ ਬ੍ਰੀਗੇਡ ਵਾਲੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਰਿਫਾਈਨਰੀ ਟਾਊਨਸ਼ਿਪ ਦੀ ਉਸਾਰੀ ’ਚ ਲੱਗੀ ਸੈਮ ਇੰਡੀਆ ਕੰਪਨੀ ਵਲੋਂ  8 ਅਕਤੂਬਰ 2017 ਨੁੰ ਪੁਲੀਸ ਅਫਸਰਾਂ ਨੂੰ ਈ ਮੇਲ ਭੇਜ ਕੇ ਰੇਤਾ ਬਜਰੀ ’ਤੇ ਲੱਗਦੇ ਗੁੰਡਾ ਟੈਕਸ ਦਾ ਮਾਮਲਾ ਉਠਾਇਆ ਸੀ। ਦੱਸਣਯੋਗ ਹੈ ਕਿ ਰਿਫਾਈਨਰੀ ਅੰਦਰ 25 ਹਜ਼ਾਰ ਕਰੋੜ ਦੀ ਲਾਗਤ ਨਾਲ ਪੈਟਰੋ ਕੈਮੀਕਲ ਯੂਨਿਟ ਉਸਰ ਰਿਹਾ ਹੈ ਜਿਸ ਲਈ ਰੇਤਾ ਬਜਰੀ ਦੀ ਲੋੜ ਪੈਂਦੀ ਹੈ। ਕਰੀਬ ਦਸ ਕੰਪਨੀਆਂ ਉਸਾਰੀ ਕਰ ਰਹੀਆਂ ਹਨ।ਰਿਫਾਈਨਰੀ ਦੇ ਬਾਹਰ ਕਰੀਬ ਸੱਤ ‘ਕੰਕਰੀਟ ਪਲਾਂਟ’ ਲੱਗੇ ਹਨ ਅਤੇ ਰੇਤਾ ਬਜਰੀ ਦੀ ਆਮਦ ਰੁਕਣ ਕਰਕੇ ਤਿੰਨ ਪਲਾਂਟ ਵੀ ਬੰਦ ਹੋ ਗਏ ਹਨ। ਠੇਕੇਦਾਰ ਇਸ ਗੱਲ ਲਈ ਬਜ਼ਿਦ ਹਨ ਕਿ ਉਹ ‘ਗੁੰਡਾ ਟੈਕਸ’ ਦਾ ਵੱਡਾ ਭਾਰ ਝੱਲਣੋਂ ਬੇਵੱਸ ਹਨ। ਹਾਲਾਤ ਇਹੋ ਰਹੇ ਤਾਂ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਪਛੜ ਸਕਦੀ ਹੈ।
                ਇਸੇ ਦੌਰਾਨ ਰਿਫਾਈਨਰੀ ਤੋਂ ਬੂਟਾ ਸਿੰਘ ਨਾਮ ਦੇ ਵਿਅਕਤੀ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇੱਕ ਪੱਤਰ ਜੋ ਪੰਜਾਬੀ ਟ੍ਰਿਬਿਊਲ ਕੋਲ ਮੌਜੂਦ ਹੈ, ਲਿਖ ਕੇ ਕੈਪਟਨ ਹਕੂਮਤ ਦੇ ‘ਗੁੰਡਾ ਟੈਕਸ’ ਬਾਰੇ ਚਾਨਣਾ ਪਾਇਆ ਹੈ। ਪੱਤਰ ’ਚ ਇੱਕ ਕਾਂਗਰਸੀ ਵਿਧਾਇਕ ਦਾ ਨਾਮ ਲਿਖ ਕੇ ਆਖਿਆ ਹੈ ਕਿ ਉਸ ਦੀ ‘ਗੁੰਡਾ ਬ੍ਰੀਗੇਡ’ ਨੂੰ ਬਿਨ੍ਹਾਂ ਭਾਰੀ ਪੈਸਾ ਦਿੱਤੇ ਕੋਈ ਟਰੱਕ ਅੰਦਰ ਨਹੀਂ ਜਾ ਸਕਦਾ ਹੈ। ਬੂਟਾ ਸਿੰਘ ਵਲੋਂ ਸਪੀਡ ਪੋਸਟ ਰਾਹੀਂ ਭੇਜੇ ਪੱਤਰ ਵਿਚ ਲਿਖਿਆ ਹੈ ਕਿ ਅਗਰ ਕੋਈ ‘ਗੁੰਡਾ ਟੈਕਸ’ ਦੇਣੋਂ ਇਨਕਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਝੂਠਾ ਕੇਸ ਦਰਜ ਕਰਾ ਦਿੱਤਾ ਜਾਂਦਾ ਹੈ। ਸੁਚੇਤ ਕੀਤਾ ਹੈ ਕਿ ਅਗਰ ਇਹੋ ਹਾਲ ਰਿਹਾ ਤਾਂ ਪੰਜਾਬ ਚੋਂ ਲੋਕ ਸਭਾ ਚੋਣਾਂ 2019 ਵਿਚ ਸਫਾਇਆ ਤੈਅ ਹੈ। ਠੇਕੇਦਾਰਾਂ ਵਲੋਂ ‘ਗੁੰਡਾ ਬ੍ਰੀਗੇਡ’ ਦੇ ਮੁਖੀ ਨਾਲ ਫੋਨ ਤੇ ਹੋਈ ਕਾਲ ਰਿਕਾਰਡਿੰਗ ਦੀ ਕਲਿੱਪ ਵੀ ਪ੍ਰਸ਼ਾਸਨ ਨੂੰ ਭੇਜੀ ਗਈ ਹੈ। ਤਿੰਨ ਮਿੰਟ ਦੀ ਆਡਿਓ ਕਲਿੱਪ ਵਿਚ ਸਾਫ ਆਖਿਆ ਜਾ ਰਿਹਾ ਹੈ ਕਿ ‘ ਮੁੱਖ ਮੰਤਰੀ ਹਾਊਸ ਚੋਂ ਫੋਨ ਕਰਾ ਦਿਓ, ਫਿਰ ਗੱਡੀਆਂ ਜਾਣ ਦਿਆਂਗੇ।’ ਹਾਊਸ ਚੋਂ ਹੀ ਹੁਕਮ ਹਨ ਕਿ ਮਾਲ ਉੱਤਰਨ ਨਹੀਂ ਦੇਣਾ।
               ਬਠਿੰਡਾ ਜ਼ੋਨ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਕੁਝ ਸਮਾਂ ਪਹਿਲਾਂ ਸ਼ਿਕਾਇਤ ਆਈ ਸੀ ਤਾਂ ਉਦੋਂ ਉਨ੍ਹਾਂ ਨੇ ਰਿਫਾਈਨਰੀ ਗੇਟ ਤੋਂ ‘ਤੰਬੂ’ ਚੁਕਵਾ ਦਿੱਤੇ ਸਨ। ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਦਾ ਕਹਿਣਾ ਸੀ ਕਿ ਰਿਫਾਈਨਰੀ ਦੇ ਕੁਝ ਠੇਕੇਦਾਰਾਂ ਨੇ ਅੱਜ ਇਹ ਮਾਮਲਾ ਉਠਾਇਆ ਹੈ ਅਤੇ ‘ਗੁੰਡਾ ਟੈਕਸ’ ਵਸੂਲੇ ਜਾਣ ਦਾ ਦਾਅਵਾ ਕੀਤਾ ਹੈ ਜਿਸ ਦੀ ਉਹ ਜਾਂਚ ਕਰਾਉਣਗੇ। ਉਹ ਇਸ ਮਾਮਲੇ ਤੇ ਐਸ.ਐਸ.ਪੀ ਨੂੰ ਲਿਖ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਤਾਂ ਅੱਜ ਰੁਜ਼ਗਾਰ ਦੇ ਮਾਮਲੇ ਸਬੰਧੀ ਰਿਫਾਈਨਰੀ ਵਿਚ ਗਏ ਸਨ।