Thursday, December 31, 2020

                                                       ਕਾਰਪੋਰੇਟੀ ਗੱਫਾ
                                     ਸਿਆਸੀ ਘਰਾਣੇ ’ਤੇ ਨੋਟਾਂ ਦਾ ਮੀਂਹ
                                                        ਚਰਨਜੀਤ ਭੁੱਲਰ        

ਚੰਡੀਗੜ੍ਹ : ਅਮਰੀਕੀ ਕੰਪਨੀ ਦੇ ਖੁੱਲ੍ਹੇ ਗੱਫੇ ਨੇ ਪੰਜਾਬ ਦੇ ਇੱਕ ਵੱਡੇ ਘਰਾਣੇ ਨੂੰ ਨਿਹਾਲ ਕਰ ਦਿੱਤਾ ਹੈ। ਬਹੁਕੌਮੀ ਕੰਪਨੀ ਵਾਲਮਾਰਟ ਵੱਲੋਂ ਇਸ ਸਿਆਸੀ ਘਰਾਣੇ ਨੂੰ ਸਾਲਾਨਾ 7.77 ਕਰੋੜ ਰੁਪਏ ਕਿਰਾਇਆ ਦਿੱਤਾ ਜਾ ਰਿਹਾ। ਮਤਲਬ ਕਿ ਇਸ ਘਰਾਣੇ ਦੀ ਪੁਰਾਣੀ ਕੰਪਨੀ ਨੂੰ ਰੋਜ਼ਾਨਾ ਦਾ ਔਸਤਨ 2.12 ਲੱਖ ਰੁਪਏ ਕਿਰਾਇਆ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਛੇੜੇ ਅੰਦੋਲਨ ਦੌਰਾਨ ਕਾਰਪੋਰੇਟਾਂ ਨੂੰ ਨਿਸ਼ਾਨੇ ’ਤੇ ਰੱਖਿਆ ਜਾ ਰਿਹਾ ਹੈ ਅਤੇ ਕਾਰਪੋਰਟ ਅਦਾਰਿਆਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਗਿਆ ਹੈ।‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਦਸਤਾਵੇਜ਼ਾਂ ਮੁਤਾਬਕ ‘ਤਾਜ ਟਰੈਵਲਜ਼ ਪ੍ਰਾਈਵੇਟ ਲਿਮਟਿਡ’ ਵੱਲੋਂ ਬਠਿੰਡਾ-ਚੰਡੀਗੜ੍ਹ ਕੌਮੀ ਸੜਕ ਮਾਰਗ ’ਤੇ (ਭੁੱਚੋ ਮੰਡੀ ਲਾਗੇ) 7 ਕਨਾਲ 7 ਮਰਲੇ ਜਗ੍ਹਾ (ਕਰੀਬ 40 ਹਜ਼ਾਰ ਵਰਗ ਫੁੱਟ) ਵਾਲਾ ਕੰਪਲੈਕਸ ‘ਵਾਲਮਾਰਟ ਇੰਡੀਆ ਪ੍ਰਾਈਵੇਟ ਲਿਮਟਿਡ’ ਨੂੰ 30 ਵਰ੍ਹਿਆਂ ਲਈ ਲੀਜ਼  ’ਤੇ ਦਿੱਤਾ ਹੋਇਆ ਹੈ। ਜੁਆਇੰਟ ਸਬ ਰਜਿਸਟਰਾਰ ਨਥਾਣਾ ਦੇ ਦਫ਼ਤਰ ਵਿੱਚ ਇਹ ਲੀਜ਼  ਡੀਡ ਵਸੀਕਾ ਨੰਬਰ 1352 ਮਿਤੀ 6 ਅਗਸਤ 2014 ਨੂੰ ਰਜਿਸਟਰਡ ਹੋਈ। 

               ਕਰੀਬ ਇੱਕ ਏਕੜ ਤੋਂ ਘੱਟ ਇਸ ਜਗ੍ਹਾ ਦਾ ‘ਤਾਜ ਟਰੈਵਲਜ਼’ ਨੂੰ ਲੰਘੇ ਛੇ ਵਰ੍ਹਿਆਂ ਵਿੱਚ 46.62 ਕਰੋੜ ਰੁਪਏ ਕਿਰਾਇਆ ਪ੍ਰਾਪਤ ਹੋ ਚੁੱਕਾ ਹੈ। ਲੀਜ਼ ਦੀ ਮਿਆਦ ਵਾਲੇ 30 ਵਰ੍ਹਿਆਂ ਵਿੱਚ ਇਸ ਕੰਪਲੈਕਸ ਦੇ ਕਿਰਾਏ ਵਜੋਂ ਵੱਡੇ ਘਰਾਣੇ ਨੂੰ ਵਾਲਮਾਰਟ ਤੋਂ 233.10 ਕਰੋੜ ਰੁਪਏ ਕਿਰਾਇਆ ਮਿਲੇਗਾ। ‘ਤਾਜ ਟਰੈਵਲਜ਼ ਲਿਮਟਿਡ’ ਦਾ ਜੋ ਮੈਨੇਜਿੰਗ ਡਾਇਰੈਕਟਰ ਹੈ, ਉਹ ਔਰਬਿਟ ਰਿਜ਼ੌਰਟ ਦਾ ਐੱਮ.ਡੀ  ਅਤੇ ਔਰਬਿਟ ਐਵੀਏਸ਼ਨ, ਡੱਬਵਾਲੀ ਟਰਾਂਸਪੋਰਟ, ਇੰਡੋ ਕੈਨੇਡੀਅਨ ਟਰਾਂਸਪੋਰਟ ਕੰਪਨੀ ਸਮੇਤ 14 ਕੰਪਨੀਆਂ ਦਾ ਡਾਇਰੈਕਟਰ ਵੀ ਹੈ। ‘ਤਾਜ ਟਰੈਵਲਜ਼ ਪ੍ਰਾਈਵੇਟ ਲਿਮਟਿਡ’ ਦਾ ਇੱਕ ਡਾਇਰੈਕਟਰ ਦੂਸਰੀ ਹੋਰ ਕੰਪਨੀ ‘ਸਰਾਇਆ ਐਵੀਏਸ਼ਨ’ ’ਚ ਗੁਰਮੇਹਰ ਸਿੰਘ ਮਜੀਠੀਆ ਦੇ ਨਾਲ ਡਾਇਰੈਕਟਰ ਹੈ। ਤਾਜ ਟਰੈਵਲਜ਼ ਦਾ ਦੂਸਰਾ ਡਾਇਰੈਕਟਰ ‘ਔਰਬਿਟ ਰਿਜ਼ੌਰਟ’ ਅਤੇ ‘ਇੰਡੋ ਕੈਨੇਡੀਅਨ ਕੰਪਨੀ’ ਸਮੇਤ 11 ਹੋਰ ਕੰਪਨੀਆਂ ਵਿੱਚ ਵੀ ਡਾਇਰੈਕਟਰ ਹੈ।ਵੇਰਵਿਆਂ ਅਨੁਸਾਰ ਵਾਲਮਾਰਟ ਦੇ ਪੰਜਾਬ ਵਿੱਚ ‘ਬੈਸਟ ਪ੍ਰਾਈਸ ਮਾਡਰਨ ਹੌਲਸੇਲ’ ਦੇ ਨਾਂਅ ਹੇਠ ਪੰਜ ਕੰਪਲੈਕਸ ਹਨ। ਮੌਜੂਦਾ ਕੈਪਟਨ ਸਰਕਾਰ ਨਾਲ ਵਾਲਮਾਰਟ ਨੇ ਜੂਨ 2017 ਵਿੱਚ ਪੰਜਾਬ ਵਿੱਚ 10 ਹੋਰ ‘ਬੈਸਟ ਪ੍ਰਾਈਸ’ ਖੋਲ੍ਹਣ ਦੇ ਐੱਮ.ਓ.ਯੂ. ’ਤੇ ਦਸਤਖ਼ਤ ਵੀ ਕੀਤੇ ਹਨ। 

           ਪੰਜਾਬ ਦੇ ਸਿਆਸੀ ਘਰਾਣੇ ਦੇ ਰਿਲਾਇੰਸ ਇੰਫੋਟੈੱਕ ਅਤੇ ਰਿਲਾਇੰਸ ਇੰਡਸਟਰੀਜ਼ ਨਾਲ ਦੋ ਹੋਰ ਰੈਂਟਲ ਐਗਰੀਮੈਂਟ ਹਨ। ਭਾਵੇਂ ਇਸ ’ਚ ਕੁਝ ਵੀ ਗ਼ੈਰਕਾਨੂੰਨੀ ਨਹੀਂ  ਪਰ ਲੋਕ ਨੇਤਾ ਵਜੋਂ ਵਿਚਰਨ ਵਾਲਿਆਂ ’ਤੇ ਉਂਗਲ ਉੱਠਣੀ ਸੁਭਾਵਿਕ ਹੈ। ਖਾਸ ਕਰਕੇ ਉਦੋਂ ਜਦੋਂ ਕਾਰਪੋਰੇਟਾਂ ਦੀ ਲੁੱਟ ਦਾ ਰੌਲਾ ਕਿਸਾਨ ਜ਼ੋਰ-ਸ਼ੋਰ ਨਾਲ ਪਾ ਰਹੇ ਹੋਣ। ਦੇਖਣਾ  ਬਣਦਾ  ਕਿ ਸਿਆਸੀ ਲੋਕ ਨਿੱਜੀ ਜਾਇਦਾਦਾਂ ਕਾਰਪੋਰੇਟਾਂ ਨੂੰ ਕਿਰਾਏ ’ਤੇ ਦੇ ਕੇ ਹੱਥ ਰੰਗਦੇ ਹਨ ਜਦਕਿ ਸਰਕਾਰੀ ਜਾਇਦਾਦ ਨੂੰ ਮਿੱਟੀ ਦੇ ਭਾਅ ਕਾਰਪੋਰੇਟਾਂ ਹਵਾਲੇ ਕਰ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਦੀ ਕਰੀਬ 1300 ਏਕੜ ਜ਼ਮੀਨ ’ਤੇ ਡਰੱਗ ਪਾਰਕ ਸਥਾਪਤ ਕਰਨਾ ਹੈ। ਸੂਬਾ ਸਰਕਾਰ ਵੱਲੋਂ ਹਾਲ ਹੀ ਵਿੱਚ ਇਹ ਜ਼ਮੀਨ ਇੱਕ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲੀਜ਼ ਦੇਣ ਦੀ ਪ੍ਰਾਈਵੇਟ ਕੰਪਨੀਆਂ ਨੂੰ ਪੇਸ਼ਕਸ਼ ਕੀਤੀ ਗਈ ਹੈ। ਗਠਜੋੜ ਸਰਕਾਰ ਵੇਲੇ ਬਠਿੰਡਾ ਵਿਚਲੇ ਮੈਕਸ ਹਸਪਤਾਲ ਨੂੰ ਸਰਕਾਰੀ ਜਗ੍ਹਾ 50 ਰੁਪਏ ਲੀਜ਼ ’ਤੇ ਪੰਜਾਹ ਸਾਲ ਲਈ ਦਿੱਤੀ ਗਈ ਸੀ। ਪਿਛਲੇ ਸਮੇਂ ’ਚ ਸਰਕਾਰੀ ਜਾਇਦਾਦਾਂ ਦੀ ਵਿੱਕਰੀ ਦਾ ਰੌਲਾ ਵੀ ਪੈਂਦਾ ਰਿਹਾ ਹੈ। 

                                 ਸਿਆਸੀ ਨੇਤਾ ਕਾਰਪੋਰੇਟਾਂ ਨਾਲੋਂ ਸਬੰਧ ਤੋੜਨ: ਫੂਲ

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਮੁਤਾਬਕ ਲੋਕਾਂ ਨੂੰ ਕਾਰਪੋਰੇਟਾਂ ਦੇ ਜੋਟੀਦਾਰਾਂ ਦੀ ਪਛਾਣ ਕਰਨੀ ਅਤੇ ਸਰਕਾਰੀ ਲੁੱਟ ਦੀ ਕਹਾਣੀ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਡਟਣ ਵਾਲੇ ਸਿਆਸੀ ਆਗੂ ਪਹਿਲਾਂ ਕਾਰਪੋਰੇਟਾਂ ਨਾਲੋਂ ਸਬੰਧ ਤੋੜਨ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਹੈ ਕਿ ਸਿਆਸੀ ਆਗੂ ਨਿੱਜੀ ਫਾਇਦੇ ਲਈ ਅੰਦਰਖਾਤੇ ਕਾਰਪੋਰੇਟਾਂ ਨੂੰ ਸਰਕਾਰੀ ਖਾਤੇ ’ਚੋਂ ਛੋਟਾਂ ’ਤੇ ਰਿਆਇਤਾਂ ਦੇ ਗੱਫੇ ਦਿੰਦੇ ਹਨ। ਕਾਰਪੋਰੇਟਾਂ ਨੇ ਹੀ ਖੇਤੀ ਕਾਨੂੰਨਾਂ ਵਾਲੀ ਵੱਡੀ ਸੱਟ ਮਾਰੀ ਹੈ।   

Wednesday, December 30, 2020

                                                         ਗੁਜਰਾਤੀ ਮੰਤਰ
                                         ਅਡਾਨੀ ਨੇ ਪਾਏ ਪੰਜਾਬ ’ਤੇ ਡੋਰੇ 
                                                         ਚਰਨਜੀਤ ਭੁੱਲਰ                   

ਚੰਡੀਗੜ੍ਹ :  ਅਡਾਨੀ ਗਰੁੱਪ ਨੇ ਤਿੰਨ ਵਰ੍ਹੇ ਪਹਿਲਾਂ ਹੀ ਪੰਜਾਬ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ, ਜਿਸ ਦੇ ਭੇਤ ਹੁਣ ਖੁੱਲ੍ਹਣ ਲੱਗੇ ਹਨ। ਸੂਰਜੀ ਊਰਜਾ ’ਚ ਅਡਾਨੀ ਨੇ ਪੰਜਾਬ ’ਚ ਦੋ ਕਦਮ ਹੋਰ ਵਧਾ ਲਏ ਹਨ। ਸਿੱਟੇ ਵਜੋਂ ਪੰਜਾਬ ਸਰਕਾਰ ਹੁਣ ਅਡਾਨੀ ਗਰੁੱਪ ਤੋਂ ਮਹਿੰਗੀ ਬਿਜਲੀ ਵੀ ਖ਼ਰੀਦੇਗੀ। ਅਡਾਨੀ ਗਰੁੱਪ ਨੇ ਖਾਸ ਕਰਕੇ ਮਾਲਵਾ ਖ਼ਿੱਤੇ ’ਚ ਸੱਤ ਨਵੀਆਂ ਕੰਪਨੀਆਂ ਬਣਾ ਲਈਆਂ ਹਨ।‘ਪੰਜਾਬੀ ਟ੍ਰਿਬਿਊਨ’ ਦੀ ਪੜਤਾਲ ਅਨੁਸਾਰ ਅਡਾਨੀ ਗਰੁੱਪ ਨੇ ਮਾਨਸਾ ਜ਼ਿਲ੍ਹੇ ਵਿਚਲੇ ਦੋ ਸੋਲਰ ਪ੍ਰੋਜੈਕਟ ਖਰੀਦ ਲਏ ਹਨ। ਇਨ੍ਹਾਂ ਵਿੱਚ ਪਿੰਡ ਲਖਮੀਰ ਵਾਲਾ ਅਤੇ ਪਿੰਡ ਬਰ੍ਹੇ ਦੇ ਦੋ ਸੋਲਰ ਪਲਾਂਟ ਸ਼ਾਮਲ ਹਨ। ਪਿੰਡ ਬਰ੍ਹੇ (ਮਾਨਸਾ) ’ਚ ‘ਐਸਲ ਰੀਨਿਊਏਬਲ ਐਨਰਜੀ ਲਿਮਟਿਡ’ ਵੱਲੋਂ ਸੋਲਰ ਪ੍ਰੋਜੈਕਟ ਲਾਇਆ ਗਿਆ ਅਤੇ ਇਸ ਕੰਪਨੀ ਨੇ 30 ਦਸੰਬਰ 2013 ਨੂੰ 25 ਸਾਲਾਂ ਲਈ 8.65 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਾਵਰਕੌਮ ਨੂੰ ਬਿਜਲੀ ਦੇਣ ਦਾ ਸਮਝੌਤਾ ਕੀਤਾ। ਪਿੰਡ ਲਖਵੀਰ ਵਾਲਾ ਵਿਚ ‘ਐੱਸਲ ਕਲੀਨ ਐਨਰਜੀ ਲਿਮਟਿਡ’ ਦੇ ਸੋਲਰ ਪ੍ਰੋਜੈਕਟ ਤੋਂ ਪਾਵਰਕੌਮ ਨੂੰ 8.70 ਰੁਪਏ ਪ੍ਰਤੀ ਯੂਨਿਟ ਬਿਜਲੀ ਪਾਵਰਕੌਮ ਨੂੰ ਮਿਲ ਰਹੀ ਹੈ ਅਤੇ ਇਹ ਸਮਝੌਤਾ ਵੀ 25 ਸਾਲਾਂ ਲਈ 30 ਦਸੰਬਰ 2013 ਨੂੰ ਕੀਤਾ ਗਿਆ। ਇਹ ਦੋਵੇਂ ਸੋਲਰ ਪ੍ਰੋਜੈਕਟ ਹੁਣ ਅਡਾਨੀ ਗਰੁੱਪ ਨੇ ਖਰੀਦ ਕਰ ਲਏ ਹਨ।                                                                                                                       ਪਾਵਰਕੌਮ ਹੁਣ ਮਹਿੰਗੀ ਬਿਜਲੀ ਅਡਾਨੀ ਦੇ ਇਨ੍ਹਾਂ ਪ੍ਰੋਜੈਕਟਾਂ ਤੋਂ ਖਰੀਦ ਕਰੇਗਾ। ਇਸੇ ਤਰ੍ਹਾਂ ਅਡਾਨੀ ਗਰੁੱਪ ਦੀ ‘ਪ੍ਰਾਰਥਨਾ ਡਿਵੈਲਪਰ ਲਿਮਟਿਡ’ ਵੱਲੋਂ ਬਠਿੰਡਾ ਦੇ ਪਿੰਡ ਚੁੱਘੇ ਕਲਾਂ ਵਿਚ 100 ਮੈਗਾਵਾਟ ਦਾ ਸੋਲਰ ਪ੍ਰੋਜੈਕਟ ਲਾਇਆ ਗਿਆ। ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 8 ਨਵੰਬਰ 2016 ਨੂੰ ਇਸ ਸੋਲਰ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ। ਅਡਾਨੀ ਵੱਲੋਂ ਪਾਵਰਕੌਮ ਨੂੰ 50 ਮੈਗਾਵਾਟ ਬਿਜਲੀ 5.95 ਰੁਪਏ ਪ੍ਰਤੀ ਯੂਨਿਟ ਅਤੇ ਬਾਕੀ 50 ਮੈਗਾਵਾਟ ਬਿਜਲੀ 5.80 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਾਵਰਕੌਮ ਨੂੰ 25 ਸਾਲਾਂ ਲਈ ਦੇਣੀ ਹੈ। ਇੱਕੋ ਕੰਪਲੈਕਸ ਵਿਚ ਲੱਗੇ ਸੋਲਰ ਪ੍ਰੋਜੈਕਟ ਦੀ ਬਿਜਲੀ ਦੇ ਦੋ ਭਾਅ ਦਿੱਤੇ ਗਏ ਹਨ। ਇਹ ਪ੍ਰੋਜੈਕਟ 641 ਏਕੜ ਵਿਚ ਲੱਗਿਆ ਹੋਇਆ ਹੈ।ਅਡਾਨੀ ਗਰੁੱਪ ਦਾ ਮੋਗਾ ਵਿਚ ਸਾਇਲੋ ਪਲਾਂਟ ਹੈ, ਜੋ ਸਾਲ 2007 ਵਿਚ ਚਾਲੂ ਹੋਇਆ ਸੀ। ਭਾਰਤੀ ਖੁਰਾਕ ਨਿਗਮ ਵੱਲੋਂ 20 ਸਾਲ ਲਈ ਅਨਾਜ ਭੰਡਾਰਨ ਵਾਸਤੇ ਸਮਝੌਤਾ ਅਡਾਨੀ ਗਰੁੱਪ ਨਾਲ ਕੀਤਾ ਹੋਇਆ ਹੈ। ਇਸੇ ਤਰ੍ਹਾਂ ਕਿਲ੍ਹਾ ਰਾਏਪੁਰ ਵਿਚ ਅਡਾਨੀ ਗਰੁੱਪ ਦਾ ਲੌਜਿਸਟਿਕ ਪਾਰਕ ਹੈ। ਕੋਟਕਪੂਰਾ ਵਿਚ ਵੀ ਅਡਾਨੀ ਗਰੁੱਪ ਵੱਲੋਂ ਸਾਇਲੋ ਸਥਾਪਤ ਕੀਤਾ ਜਾਣਾ ਹੈ। ਕਿਸਾਨ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਬਾਨੀ ਤੇ ਅਡਾਨੀ ਨੂੰ ਨਿਸ਼ਾਨੇ ’ਤੇ ਰੱਖਿਆ ਹੋਇਆ ਹੈ, ਜਿਸ ਦੇ ਕਾਰੋਬਾਰੀ ਅਦਾਰਿਆਂ ਦਾ ਕਿਸਾਨ ਵਿਰੋਧ ਕਰ ਰਹੇ ਹਨ। ਤਾਜ਼ਾ ਬਣੇ ਹਾਲਾਤ ਵਿਚ ਅਡਾਨੀ ਗਰੁੱਪ ਪੰਜਾਬ ਵੱਲ ਮੂੰਹ ਕਰਨ ਤੋਂ ਝਿਜਕੇਗਾ। ਅਡਾਨੀ ਗਰੁੱਪ ਵੱਲੋਂ ਪਹਿਲਾਂ ਹੀ ਪੰਜਾਬ ’ਤੇ ਡੋਰੇ ਪਾਉਣ ਲਈ ਲੰਮੀ ਵਿਉਂਤਬੰਦੀ ਕੀਤੀ ਹੋਈ ਸੀ।                                                                           ਅਡਾਨੀ ਗਰੁੱਪ ਨੇ ਪੰਜਾਬ ਵਿਚ ਸੱਤ ਕੰਪਨੀਆਂ ਬਣਾ ਲਈਆਂ ਸਨ। ਛੇ ਕੰਪਨੀਆਂ ਜਨਵਰੀ 2017 ਵਿਚ ਬਣਾਈਆਂ ਗਈਆਂ ਸਨ, ਜਿਨ੍ਹਾਂ ’ਚ ਅਡਾਨੀ ਐਗਰੀ ਲੌਜਿਸਟਿਕ ਬਰਨਾਲਾ, ਅਡਾਨੀ ਐਗਰੀ ਲੌਜਿਸਟਿਕ ਬਠਿੰਡਾ, ਅਡਾਨੀ ਐਗਰੀ ਲੌਜਿਸਟਿਕ ਰਾਮਾਂ, ਅਡਾਨੀ ਐਗਰੀ ਲੌਜਿਸਟਿਕ ਮਾਨਸਾ, ਅਡਾਨੀ ਐਗਰੀ ਲੌਜਿਸਟਿਕ ਨਕੋਦਰ ਅਤੇ ਅਡਾਨੀ ਐਗਰੀ ਲੌਜਿਸਟਿਕ ਮੋਗਾ ਸ਼ਾਮਲ ਹਨ। ਇਸੇ ਤਰ੍ਹਾਂ 25 ਜਨਵਰੀ 2019 ਨੂੰ ਅਡਾਨੀ ਐਗਰੀ ਲੌਜਿਸਟਿਕ ਕੋਟਕਪੂਰਾ ਵੀ ਬਣਾਈ ਗਈ। ਭਵਿੱਖ ਵਿਚ ਖੇਤੀ ਕਾਰੋਬਾਰ ਲਈ ਅਡਾਨੀ ਗਰੁੱਪ ਵਲੋਂ ਤਿਆਰੀ ਕੀਤੀ ਗਈ ਹੈ। ਇਨ੍ਹਾਂ ਸਾਰੀਆਂ ਕੰਪਨੀਆਂ ਦਾ ਪਤਾ ਅਡਾਨੀ ਹਾਊਸ, ਅਹਿਮਦਾਬਾਦ (ਗੁਜਰਾਤ) ਹੈ।ਬੀ.ਕੇ.ਯੂ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਕਾਰਪੋਰੇਟ ਘਰਾਣਿਆਂ ਨੇ ਅੰਦਰਖਾਤੇ ਖੇਤੀ ਨੂੰ ਹਥਿਆਉਣ ਲਈ ਜਾਲ ਬੁਣਨਾ ਸ਼ੁਰੂ ਕਰ ਦਿੱਤਾ ਸੀ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਅਡਾਨੀ ਨੂੰ ਪੰਜਾਬ ਦਾ ਰਾਹ ਖੋਲ੍ਹਿਆ, ਜਿਸ ਦਾ ਤਾਣਾ ਹੁਣ ਬੇਪਰਦ ਹੋਣ ਲੱਗਿਆ ਹੈ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਕਹਿਣਾ ਹੈ ਕਿ ਕਿਸਾਨ ਘੋਲ ਮਗਰੋਂ ਹੁਣ ਅਡਾਨੀ ਅੰਬਾਨੀ ਬੇਪਰਦ ਹੋਣ ਲੱਗੇ ਹਨ ਅਤੇ ਲੋਕਾਂ ਨੂੰ ਹੁਣ ਕਾਰਪੋਰੇਟੀ ਲੁੱਟ ਸਮਝ ਪੈਣ ਲੱਗੀ ਹੈ।

Monday, December 28, 2020

                                                             ਵਿਚਲੀ ਗੱਲ 
                                            ਪੰਜਾਬ ਐਂਡ ਸੰਨਜ਼
                                                            ਚਰਨਜੀਤ ਭੁੱਲਰ                

ਚੰਡੀਗੜ੍ਹ : ਟਿਕਰੀ ਸੀਮਾ ’ਤੇ, ਕੋਈ ਸੀਮਾ ਨਹੀਂ। ਅਕਲਾਂ ਵਾਲੇ, ਫ਼ਸਲਾਂ ਵਾਲੇ, ਜਿੱਧਰ ਵੇਖੋ, ਪੈਲ਼ੀਆਂ ਦੇ ਪੁੱਤ ਬੈਠੇ ਨੇ। ਟਰਾਲੀ ਖੇਤ ਵਾਲੀ ਪਹੀ ’ਚ ਖੜ੍ਹਦੀ, ਗੱਲ ਦਿੱਲੀ ’ਚ ਪਹੇ ਦੀ ਨਾ ਹੁੰਦੀ। ਉਪਰੋਂ ਨੀਲੀ ਛੱਤਰੀ ਵਾਲਾ, ਨਾਲ ਬਾਜ਼ਾਂ ਵਾਲਾ, ਸਾਹਮਣੇ ਤਾਜਾਂ ਵਾਲਾ। ਬਿਨਾਂ ਗੱਲੋਂ ਟਰਾਲੀ ਜੂਹ ’ਤੇ ਨਹੀਂ ਆਈ। ਨਵੀਂ ਚਾਹੇ ਪੁਰਾਣੀ, ਹੁਣ ਹਰ ਟਰਾਲੀ ਦਾ ਇੱਕੋ ਸਿਰਨਾਵਾਂ ਹੈ। ਨਿੱਤ ਅੰਮ੍ਰਿਤ ਵੇਲੇ, ਮਾਹੌਲ ਇਲਾਹੀ ਬਣਦੈ। ਜੱਟ ਦੀਆਂ ਹੁਣ ਸੌ ਨਹੀਂ, ਲੱਖਾਂ ਮਾਵਾਂ ਨੇ। ਅਰਦਾਸ ਸਭਨਾਂ ਦੀ ਇੱਕੋ, ‘ਅੰਨਦਾਤੇ ਨੂੰ ਤਾਕਤ, ਤਖ਼ਤਾਂ ਵਾਲੇ ਨੂੰ ਸੁਮੱਤ ਬਖਸ਼ੀਂ। ਤੁਸੀਂ ਪੁੱਛ ਰਹੇ ਹੋ, ਏਹ ਅਰਦਾਸਾਂ ਵਾਲੇ ਕੌਣ ਨੇ? ‘ਪੰਜਾਬ ਦੇ ਜੁਆਨ, ਸ਼ੇਰ ਦੀ ਸੰਤਾਨ’। ਕੋਈ ਸੁਖਚੈਨਪੁਰੀ ਦੇ ਬਾਸ਼ਿੰਦੇ ਨਹੀਂ। ਓਹਦੇ ਕਾਨੂੰਨਾਂ ਨੇ, ਇਹਦੇ ਖੇਤਾਂ ਨੂੰ ਹੁਬਕੋ ਹੁਬਕੀ ਕੀਤੈ। ਅੌਹ ਬਾਪੂ ਦਾ ਧੰਨ ਜਿਗਰਾ, ਕਦੇ ਸਕੀਰੀ ’ਚ ਰਾਤ ਨਹੀਂ ਕੱਟੀ ਸੀ, ਹੁਣ ਮਹੀਨੇ ਤੋਂ ਟਰਾਲੀ ’ਚ ਬੈਠਾ। ਮਨੋ ਮਨ ਕਚੀਚੀ ਵੀ ਵੱਟਦੈ, ‘ਐਂ ਕਿਵੇਂ ਚੜ੍ਹਨਗੇ ਵੱਟ ’ਤੇ, ਅੰਬਾਨੀ ਦੀ ਮਾਂ ਸਾਰੇ ਐ’। ਮਿੱਟੀ ਦੇ ਸਕੇ ਪੁੱਤ, ਦਿੱਲੀ ਦੀ ਮਤਰੇਈ ਵੱਟ ’ਤੇ ਬੈਠੇ ਨੇ। ਹੁਣ ਭਾਜਪਾਈ ਵੱਟੋ ਵੱਟ ਪਏ ਨੇ। ਕੇਂਦਰ ਨੇ ਕਾਨੂੰਨ ਬਣਾਏ, ਉਪਰੋਂ ਲਲਕਾਰਾ ਮਾਰਿਆ... ਹੈ ਕੋਈ ਮਾਈ ਦਾ ਲਾਲ। 
             ਸਿੰਘੂ/ਟਿਕਰੀ ’ਤੇ ਹੁਣ ਮਾਈ ਦੇ ਲਾਲ ਬੈਠੇ ਨੇ। ਇਨ੍ਹਾਂ ਦੀ ਵੱਢੀ ਰੂਹ ਨਹੀਂ ਕਰਦੀ ਪੰਜਾਬ ਮੁੜਨ ਨੂੰ। ਹੁਣ ਘਰ ਵੀ ਚੰਗੇ ਨਹੀਂ ਲੱਗਦੇ। ਕਿਤੇ ਦਸੌਂਧਾ ਸਿਓਂ ਦਾ ਵੱਸ ਚੱਲੇ, ਦਿੱਲੀ ਦੀ ਜੂਹ ’ਤੇ, ਵੱਡਾ ਸਾਰਾ ਫਲੈਕਸ ਲਾਵੇ, ਮੋਟੇ ਅੱਖਰਾਂ ’ਚ ਲਿਖ ਕੇ, ‘ਪੰਜਾਬ ਐਂਡ ਸੰਨਜ਼’। ਸਿੰਘੂ ਦੀ ਸਰਹੱਦ, ਦਿਨੇ ਲਾਲ ਸੁਰਖ਼ ਹੁੰਦੀ ਹੈ। ਹਵਾ ਨਾਲ ਗੱਲਾਂ ਕਰਦੇ ਨੇ, ਮੁੱਕੇ ਤਣੇ ਹੋਏ ਨੇ, ਕੋਲ ਜ਼ਾਬਤੇ ਦੀ ਐੱਮਬੀਡੀ ਐ। ਹਾਲੇ ਵੀ ਪੁੱਛਦੇ ਪਏ ਹੋ, ਏਹ ਝੁਰੜੀਆਂ ਵਾਲੇ ਕੌਣ ਨੇ? ਰਵੀ ਸ਼ੰਕਰ ਪ੍ਰਸਾਦ ਆਖਦੇ ਨੇ,‘ਏਹ ਟੁਕੜੇ-ਟੁਕੜੇ ਗੈਂਗ ਵਾਲੇ ਨੇ।’ ਗੁਰੂ ਘਰ ਦਾ ਪ੍ਰਸ਼ਾਦ ਛਕਿਆ ਹੁੰਦਾ ਤਾਂ ਕੇਂਦਰੀ ਮੰਤਰੀ ਰਵੀ ਸ਼ੰਕਰ ਦੇ ਖ਼ਾਨੇ ਜ਼ਰੂਰ ਪੈਂਦੀ, ‘ਬਈ ਇਹ ਤਾਂ ਬੰਦ-ਬੰਦ ਕਟਾਉਣ ਵਾਲਿਆਂ ਦੇ ਵਾਰਸ ਨੇ, ਬੇਸ਼ੱਕ ਕੁਰਸੀਨਾਮਾ ਵੇਖ ਲਓ।’ ਪੋਹ, ਪਾਲੇ ਦਾ ਰੋਹ, ਕਿਵੇਂ ਝੱਲਦੇ ਨੇ। ਰਵੀ ਬਾਬੂ! ਕਦੇ ਟਰਾਲੀ ’ਚ ਬੈਠਣਾ, ਬਾਬਿਆਂ ਤੋਂ ਸੁਣਨਾ, ਠੰਢੇ ਬੁਰਜ ਦੀ ਗਾਥਾ। ਮਰਚੀ ਨਿਆਲ ਦਾ ਵੱਖਰਾ ਤਜਰਬੈ, ‘ਆਪਣੇ ਮਨ ਅੰਦਰ ਚੱਲਦੇ ਯੁੱਧਾਂ ਨੂੰ ਖ਼ਤਮ ਕਰਕੇ ਹੀ ਤੁਸੀਂ ਸੰਸਾਰ ਭਰ ’ਚ ਚੱਲਦੇ ਯੁੱਧਾਂ ਨੂੰ ਖ਼ਤਮ ਕਰ ਸਕਦੇ ਹੋ’। ਕੌਣ ਪ੍ਰਧਾਨ ਸੇਵਕ ਨੂੰ ਆਖੇ, ਭਾਈ! ਮਨ ਸਾਫ ਕਰ, ਮੂੰਹ ਕੁੰਡਲੀ ਵੱਲ ਕਰ। ਕੁੰਡਲੀ ਸਰਹੱਦ ’ਤੇ ਮੁਖਤਿਆਰ ਸਿਓਂ ਡੰਡ ਬੈਠਕਾਂ ਮਾਰ ਰਿਹੈ। ਬਾਬਾ 85 ਵਰ੍ਹਿਆਂ ਦਾ ਹੈ, ਕਿਤੋਂ ਤਾਂ ਜੋਸ਼ ਮਿਲਦੈ। ਮੋਢਿਆਂ ’ਤੇ ਪੋਤੇ ਨੂੰ ਚੜ੍ਹਾ ਕੇ, ਮੁੱਖ ਦਿੱਲੀ ਵੱਲ ਕਰਕੇ, ਬਾਬਾ ਬੋਲਿਆ...‘ਦਿਖਦੈ ਪੁੱਤ ਕਿਤੇ, ਭੌਂਕਿਆਂ ਦਾ ਲਾਣਾ।’ 
             ਬਾਬਾ ਆਪਣੇ ਅਤੀਤ ’ਚ ਗੁਆਚ ਗਿਆ। ਜ਼ਰੂਰ ਬਚਪਨ ਚੇਤੇ ਆਇਆ ਹੋਣੈ, ਉਹ ਵੀ ਕਦੇ ਵੱਟ ’ਤੇ ਖੜ੍ਹੇ ਬਾਪੂ ਦੇ ਮੋਢੇ ਚੜ੍ਹਿਆ ਸੀ। ਵਰ੍ਹਿਆਂ ਪਿੱਛੋਂ ਅੱਜ ਬਾਪੂ ਦੇ ਬੋਲ ਕੰਨੀਂ ਗੂੰਜੇ...‘ਸ਼ੇਰ ਬੱਗਿਆ, ਅੌਹ ਦੇਖ ਟਾਹਲੀ, ਨਾਲੇ ਏਹ ਸਾਰੇ ਖੇਤ ਆਪਣੇ ਨੇ, ਵੱਡਾ ਹੋ ਕੇ ਤੂੰ ਹੀ ਰਾਖਾ ਬਣਨੈ।’ ਕੁੰਡਲੀ ਸਟੇਜ ਤੋਂ ਨਾਅਰੇ ਵੱਜੇ, ਬਾਬੇ ਦੀ ਸੋਚਾਂ ਦੀ ਲੜੀ ਟੁੱਟ ਗਈ। ਤੁਸੀਂ ਪੁੱਛਦੇ ਪਏ ਹੋ, ਏਹ ਸੋਚਾਂ ਵਾਲੇ ਕੌਣ ਨੇ? ਮਨੋਹਰ ਖੱਟਰ ਇੰਜ ਦੱਸਦੈ, ‘ਅੰਦੋਲਨ ’ਚ ਤਾਂ ਚੰਦ ਲੋਕ ਨੇ।’ ਹਰਿਆਣਾ ਦੇ ਮੰਤਰੀ ਜੇਪੀ ਦਲਾਲ ਨੇ ਸ਼ਗੂਫਾ ਛੱਡਿਐ, ‘ਕਿਸਾਨ ਮੋਰਚੇ ਪਿੱਛੇ ਚੀਨ/ਪਾਕਿ ਦਾ ਹੱਥ ਐ।’ ਉੱਡਦਾ ਪੰਛੀ ਦੱਸ ਰਿਹੈ, ‘ਹੱਥਾਂ ਨੂੰ ਛੱਡੋ, ਇਨ੍ਹਾਂ ਨੇ ਤਾਂ ਦੁੱਲੇ ਭੱਟੀ ਦਾ ਜੂਠਾ ਖਾਧੈ।’ ਨਿਰੇ ਮਿੱਟੀ ਦੇ ਬਾਵੇ ਨਹੀਂ। ਮਘਦੇ ਅੰਗਿਆਰ ਨੇ। ਵਸੀਅਤਾਂ ’ਚ ਘੋਲ ਖੇਡ ਮਿਲਦੇ ਨੇ। ਬੰਸਰੀ ਵਾਦਕ ਨਾ ਸਮਝ ਲੈਣਾ, ਵਾਜੇ ਵਜਾਉਣਾ ਵੀ ਜਾਣਦੇ ਨੇ। ਢਿੱਡ ਨੂੰ ਗੰਢਾਂ ਵੀ ਦਿੰਦੇ ਨੇ, ਨਾਲੇ ਧਨੇਸੜੀ ਵੀ। ‘ਦਿੱਲੀ ਮੋਰਚਾ’ ਇੱਕ ਮਹੀਨੇ ਦਾ ਹੋਇਐ। ਪਿੰਡ ਜਗਰ ਤੋਂ ਬਜ਼ੁਰਗ ਜੋਗਿੰਦਰ ਸਿੰਘ ਪੈਦਲ ਚੱਲਿਆ। ਉਮਰ ਸੱਠ ਸਾਲ, ਪੈਰਾਂ ਨਾਲ ਮਿਣੇ 330 ਕਿਲੋਮੀਟਰ। ਇਵੇਂ ਬੁਰਜ ਦੁੱਨਾ (ਮੋਗਾ) ਦਾ ਅਪਾਹਜ ਨਿਰਮਲ ਸਿੰਘ। ਟਰਾਈ ਸਾਈਕਲ ’ਤੇ ’ਕੱਲਾ ਦਿੱਲੀ ਪੁੱਜਿਐ। ਤਿੰਨ ਕਨਾਲ ਜ਼ਮੀਨ ਵਾਲਾ ਆਖਦੈ, ‘ਲੜਾਂਗੇ ਤੇ ਜਿਤਾਂਗੇ।’ ਬਰਕਤ ਪੁਰਖਿਆਂ ਤੋਂ ਮਿਲੀ। ਤੁਸੀਂ ਤਫ਼ਸੀਲ ’ਚ ਪੁੱਛ ਰਹੇ ਹੋ, ਏਹ ਟਰਾਈ ਸਾਈਕਲਾਂ ਵਾਲੇ ਕੌਣ ਨੇ? ਕੇਂਦਰੀ ਮੰਤਰੀ ਗਿਰੀਰਾਜ ਆਖਦੇ ਨੇ, ‘ਵਿਦੇਸ਼ੀ ਤਾਕਤਾਂ ਦਾ ਹੱਥ ਐ ਅੰਦੋਲਨ ਪਿੱਛੇ।’ ਕੇਂਦਰੀ ਮੰਤਰੀ ਪਿਊਸ਼ ਗੋਇਲ, ‘ਮਾਓਵਾਦੀ ਲੋਕਾਂ ਦਾ ਹੱਥ ਹੈ।’ ਕੇਂਦਰੀ ਮੰਤਰੀ ਰਾਵ ਸਾਹਿਬ ਦਾਨਵੇ, ਸਭ ਦੇ ਬਾਪ ਨਿਕਲੇ, ‘ਅੰਦੋਲਨ ਪਿੱਛੇ ਚੀਨ ਦਾ ਹੱਥ ਹੈ।’ 
             ਵਜ਼ੀਰ-ਏ-ਆਜ਼ਮ, ਹੱਥ ਵੇਖਣੇ ਨੇ ਤਾਂ ਅੌਹ ਮਾਂ ਦੇ ਦੇਖੋ। ਖੁੱਲ੍ਹੀ ਜਰਨੈਲੀ ਸੜਕ ’ਤੇ ਬੈਠ, ਪਹਿਲਾਂ ਚੁੱਲ੍ਹਾ ਲਿੱਪਿਆ, ਫੇਰ ਫਲਾਈਓਵਰ ਦੀ ਕੰਧ। ਕਿਸਾਨ ਪੁੱਤ ਨੀਝ ਨਾਲ ਮਾਂ ਨੂੰ ਵੇਖਦਾ ਰਿਹਾ। ਚੇਤਿਆਂ ’ਚ ਬਚਪਨ ਘੁੰਮਿਆ। ਜਦੋਂ ਮਾਂ ਕੰਧੋਲ਼ੀ ’ਤੇ ਮੋਰ ਵਾਹੁੰਦੀ। ਉਹ ਰੋਣ ਲੱਗਦਾ, ਮਾਂ ਨੇ ਰੋਟੀ ਦੀ ਬੁਰਕੀ ਫੜਾ ਦੇਣੀ। ਕਾਂ ਖੋਹ ਕੇ ਲੈ ਜਾਂਦੇ। ਮਾਂ ਪਿੱਠ ਭੁਆਂਉਂਦੀ, ਬੁਰਕੀ ’ਤੇ ਕਾਂ ਝਪਟ ਪੈਂਦੇ। ‘ਜ਼ਮੀਨਾਂ ਖੋਹਣ ਨਹੀਂ ਦਿਆਂਗੇ’, ਪੰਡਾਲ ਚੋਂ ਆਵਾਜ਼ ਕੰਨੀ ਪਈ। ਕਿਸਾਨ ਪੁੱਤ, ਖਿਆਲਾਂ ’ਚੋਂ ਨਿਕਲਿਆ, ਪੰਡਾਲ ’ਚ ਆ ਬੈਠਿਆ। ਤੁਹਾਡੀ ਸੂਈ ਅੜੀ ਐ... ਏਹ ਬੁਰਕੀ ਵਾਲੇ ਕੌਣ ਨੇ? ਹੁਣ ਵਾਰੀ ਬਿਹਾਰੀ ਖੇਤੀ ਮੰਤਰੀ ਅਮਰਿੰਦਰ ਪ੍ਰਤਾਪ ਦੀ, ‘ਏਹ ਸਭ ਕਿਸਾਨ ਨਹੀਂ, ਦਲਾਲ ਨੇ।’ ਵਿਧਾਇਕ ਲੀਲਾ ਰਾਮ ਕੈਂਥਲ ਵੀ ਘੱਟ ਨਹੀਂ, ‘ਨੇੜਿਓਂ ਦੇਖੋ, ਖਾਲਿਸਤਾਨੀ ਨੇ।’ ਅਫ਼ਰੀਕੀ ਪ੍ਰਵਚਨ ਐ, ‘ਕੌੜਾ ਦਿਲ ਆਪਣੇ ਮਾਲਕ ਨੂੰ ਖਾ ਜਾਂਦਾ ਹੈ।’ ਖੰਨਾ ਮੰਡੀ ਦਾ ਨਰਪਿੰਦਰ, ਮਹੀਨੇ ਤੋਂ ਸਿੰਘੂ ਮੋਰਚੇ ’ਚ ਬੈਠੈ। ਘਰ ਨੂੰ ਖਾਲੀ ਕਿਵੇਂ ਜਾਵੇ। 62 ਸਾਲ ਦਾ ਇੱਕ ਬਾਬਾ। ਕਿਸਾਨ ਮੋਰਚੇ ’ਚ ਚੌਕੀਦਾਰੀ ਕਰਦੈ। ਕਿਸੇ ਪੁੱਛਿਆ, ‘ਰਾਤ ਨੂੰ ਏਨੀਆਂ ਸੀਟੀਆਂ ਕਿਉਂ ਮਾਰਦੈ।’ ਜੁਆਬ ਵੀ ਸੁਣੋ, ‘ਭਾਈ ਕਿਤੇ ਜ਼ਮੀਰਾਂ ਨਾ ਸੌਂ ਜਾਣ।’ ਪੰਜਾਬੀ ’ਵਰਸਿਟੀ ਦੀਆਂ ਦੋ ਕੁੜੀਆਂ। ਉਨ੍ਹਾਂ ਨੂੰ ਨੀਂਦ ਕਿਥੇ। ਦੋਹਾਂ ਨੇ ਸਕੂਟੀ ਚੁੱਕੀ, ਰਾਤੋ ਰਾਤ ਮੋਰਚੇ ’ਚ ਪੁੱਜੀਆਂ। ਜਗਤਪੁਰ ਤੋਂ ਮਹਿਲਾ ਕਬੱਡੀ ਕੋਚ ਜਸਕਰਨ ਕੌਰ, ਪੂਰੀ ਟੀਮ ਨਾਲ ਲੈ ਆਈ। ਜਦੋਂ ਮੈਚ ਫਸ ਜਾਵੇ, ਉਦੋਂ ਬੀਂਡੀ ਜੁੜਨਾ ਪੈਂਦੈ। ਇਕਵੰਜਾ ਨੇਤਰਹੀਣ ਮੁੰਡੇ ਵੀ ਗੱਜੇ ਨੇ। ਭਾਸ਼ਨਾਂ ਦੀ ਗੂੰਜ ਸੁਣੀ, ਅੱਖਾਂ ਖੁੱਲ੍ਹ ਗਈਆਂ। ਇੱਕ ਸੂਰਮਾ ਸਿੰਘ, ਮੁੱਕਾ ਤਣ ਕੇ ਬੋਲਿਆ, ‘ਅੜੀ ਵਾਲਿਓ, ਅਸੀਂ ਚਮਕੌਰ ਦੀ ਗੜ੍ਹੀ ਵਾਲੇ ਹਾਂ’। ਤੁਸੀਂ ਫਿਰ ਪੁੱਛਣੋਂ ਨਹੀਂ ਟਲਦੇ, ਏਹ ਸੂਰਮੇ ਸਿੰਘ ਹੈ ਕੌਣ? 
            ਮੱਧ ਪ੍ਰਦੇਸ਼ ਦੇ ਖੇਤੀ ਮੰਤਰੀ ਕਮਲ ਪਟੇਲ ਨੇ ਜੁਆਬ ਦਿੱਤੈ,‘ਇਹ ਕਿਸਾਨ ਨਹੀਂ, ਦੇਸ਼ ਵਿਰੋਧੀ ਨੇ, ਕਿਸਾਨ ਸੰਗਠਨ ਵੀ ਖੁੰਬਾਂ ਵਾਂਗੂ ਉਗੇ ਨੇ।’ ਨੇਕ ਸਲਾਹ ਸੁਣੋ ‘ਜਦੋਂ ਲੂੰਬੜੀ ਉਪਦੇਸ਼ ਦੇਵੇ, ਉਦੋਂ ਬੱਤਖ਼ਾਂ ਦਾ ਖਿਆਲ ਰੱਖੋ।’ ਧੰਨਭਾਗ! ਪੰਜਾਬ ਦਾ ਨਵਾਂ ਜਨਮ ਹੋਇਐ। ਸਭ ਧੰਨ ਹੋਏ ਨੇ, ਸੰਤ ਰਾਮ ਉਦਾਸੀ ਵੀ, ‘ਸਾਡੀ ਪੈਲ਼ੀਆਂ ਦਾ ਨੂਰ, ਚੜ੍ਹੇ ਦੇਖ ਕੇ ਸਰੂਰ, ਤੋੜ ਦਿਆਂਗੇ ਗਰੂਰ, ਤੇਰਾ ਜ਼ੋਰ ਵਿਹਲੜਾ।’ ‘ਦਿੱਲੀ ਮੋਰਚੇ’ ਦੀ ਆਬੋ ਹਵਾ ਵੇਖ ਲੱਗਦੈ ਜਿਵੇਂ ਸੰਜੇ ਕਾਕ ਦੀ ‘ਮਿੱਟੀ ਕੇ ਲਾਲ’ ਦਸਤਾਵੇਜ਼ੀ ਚੱਲ ਰਹੀ ਹੋਵੇ। ਕੋਈ ਜੱਟ ਆਟਾ ਗੁੰਨ੍ਹਦੈ, ਝੋਕਾ ਸੀਰੀ ਲਾਉਂਦੈ, ਮੁੰਡਾ ਰੋਟੀ ਤਪਾਉਂਦੈ। ਸੰਘਰਸ਼ੀ ਸੀਰਪੁਣਾ ਦੇਖ ਗੁਰਸ਼ਰਨ ਭਾਅ ਜੀ ਦਾ ‘ਇੱਕੋ ਮਿੱਟੀ ਦੇ ਪੁੱਤ’ ਨਾਟਕ ਚੇਤੇ ਆਉਂਦੈ। ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ‘ਇੰਜਨ’ ਬਣਿਐ। ਦੂਸਰੇ ਸੂਬਿਆਂ ’ਚੋਂ ਚੱਲ ਪਏ ਨੇ ਡੱਬੇ। ਸਿਆਸੀ ਟੀਟੀ ਵਿਸ੍ਹਲਾਂ ਵਜਾਉਣ ਲੱਗੇ ਨੇ। ਬਈ! ਫਾਟਕ ਤਾਂ ਸਾਰੇ ਹੀ ਘੋਨੇ ਨੇ। ਹੁਣ ਫ਼ੈਸਲਾ ‘ਮੋਦੀ ਐਂਡ ਭਗਤਜ਼’ ਕਰ ਲੈਣ, ‘ਦਿੱਲੀ ਮੋਰਚੇ’ ’ਚ ਬੈਠਣ ਵਾਲੇ ਕੌਣ ਨੇ। ‘ਦੇਸ਼ ਵਿਰੋਧੀ ਜਾਂ ਜ਼ਮੀਰਾਂ ਵਾਲੇ’। ਵੈਸੇ ਸਦਕੇ ਜਾਵਾਂ ਕਿਸਾਨ ਨੇਤਾਵਾਂ ਦੇ, ਜਿਨ੍ਹਾਂ ਦੱਸ ਦਿੱਤਾ ਕਿ ਉਹ ‘ਟੁਕੜੇ-ਟੁਕੜੇ’ ਨਹੀਂ ਬਲਕਿ ਇੱਕੋ ਮਿੱਟੀ ਦੇ ਜਾਏ ਨੇ।’ ਸੱਜਣੋ, ਭੁੱਲ ਨਾ ਜਾਣਾ, ਅੱਜ ਰੇਡੀਓ ’ਤੇ ਐਤਵਾਰੀ ‘ਮਨ ਕੀ ਬਾਤ’ ਆਏਗੀ। ਜਿਨ੍ਹਾਂ ਇੱਟ ਨਾਲ ਇੱਟ ਖੜਕਾਈ ਹੋਵੇ, ਉਨ੍ਹਾਂ ਨੂੰ ਥਾਲ਼ੀ ਖੜਕਾਉਣੀ ਕੀ ਅੌਖੀ ਐ। ਚਾਰ ਦਿਨਾਂ ਮਗਰੋਂ ਨਵਾਂ ਸਾਲ ਚੜ੍ਹਨੈ। ਪੰਜਾਬ ’ਚ ਨਵਾਂ ਸੂਰਜ, ਸਭਨਾਂ ਦੀ ਖ਼ੈਰ ਹੋਵੇ। ‘ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।’ ਬਾਕੀ ਤੋਮਰ ਸਾਹਿਬ ਦੀ ਮਰਜ਼ੀ।ਰਹੀ ਗੱਲ ਛੱਜੂ ਰਾਮ ਦੀ। ਉਹ ਇੱਕੋ ਗੱਲ ਸਮਝਾ ਰਿਹੈ, ਕਿਸਾਨ ਭਰਾਵੋ ! ਸਾਰੇ ਨਾਅਰੇ ਦਿੱਲੀ ’ਚ ਹੀ ਨਾ ਮੁਕਾ ਬੈਠਣਾ, ਪੰਜਾਬ ਲਈ ਵੀ ਬਚਾ ਕੇ ਰੱਖਿਓ।

Friday, December 25, 2020

                                                         ਟਾਵਰਾਂ ਦੀ ਤਾਲਾਬੰਦੀ 
                                       ਪੰਜਾਬ ਵਿਚ ਜੀਓ ‘ਆਊਟ ਆਫ ਰੇਂਜ’
                                                            ਚਰਨਜੀਤ ਭੁੱਲਰ                        

ਚੰਡੀਗੜ੍ਹ : ਪੰਜਾਬ ਭਰ ’ਚ ਲੰਘੇ ਤਿੰਨ ਦਿਨਾਂ ਵਿੱਚ ਰਿਲਾਇੰਸ ਜੀਓ ਦੇ 200 ਮੋਬਾਈਲ ਟਾਵਰ ਬੰਦ ਹੋਏ ਹਨ। ਇਸ ਕਾਰਨ ਤਿੰਨ ਦਿਨਾਂ ’ਚ ਰਿਲਾਇੰਸ ਜੀਓ ਨੂੰ ਕਰੀਬ ਪੰਜ ਤੋਂ ਦਸ ਕਰੋੜ ਰੁਪਏ ਦੀ ਵਿੱਤੀ ਸੱਟ ਵੱਜੀ ਹੈ। ਕਿਸਾਨ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਬਾਨੀ ਤੇ ਅਡਾਨੀ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਰਿਲਾਇੰਸ ਜੀਓ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ ਅਤੇ ਟਾਵਰਾਂ ਦੇ ਨੁਕਸਾਨ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨ ਧਿਰਾਂ ਵੱਲੋਂ ਭਖਾਏ ਮਾਹੌਲ ਸਦਕਾ ਪੰਜਾਬ ਸਰਕਾਰ ਇਸ ਮਾਮਲੇ ’ਤੇ ਫਿਲਹਾਲ ਚੁੱਪ ਹੈ। ਰਿਲਾਇੰਸ ਨੇ ‘ਆਨਲਾਈਨ ਪੜ੍ਹਾਈ’ ਦਾ ਬਹਾਨਾ ਲਾ ਕੇ ਵੀ ਟਾਵਰਾਂ ਦੀ ਤਾਲਾਬੰਦੀ ਰੋਕਣ ਲਈ ਹੀਲਾ ਕੀਤਾ ਸੀ। ਪੰਜਾਬ ਵਿਚ ਤਾਂ ਹੁਣ ਪੰਚਾਇਤਾਂ ਨੇ ਵੀ ਟਾਵਰਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਰਿਲਾਇੰਸ ਜੀਓ ਵੱਲੋਂ ਲਿਖੇ ਪੱਤਰ ਅਨੁਸਾਰ ਮੋਬਾਈਲ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਪੰਜਾਬ ਵਿਚ ਛੇ ਖ਼ਿੱਤਿਆਂ ’ਚ ਜੀਓ ਕੰਪਨੀ ਦੇ ਲੱਖਾਂ ਕੁਨੈਕਸ਼ਨ ਪ੍ਰਭਾਵਿਤ ਹੋ ਗਏ ਹਨ, ਜਨ੍ਹਿਾਂ ਵਿਚ ਬਠਿੰਡਾ, ਜਗਰਾਉਂ, ਸਮਰਾਲਾ, ਬਲਾਚੌਰ, ਸੁਨਾਮ ਅਤੇ ਮੋਗਾ ਖ਼ਿੱਤੇ ਸ਼ਾਮਲ ਹਨ।

              ਜੀਓ ਨੂੰ ਇੱਕ ਹਫ਼ਤੇ ਪਹਿਲਾਂ ਸੇਕ ਲੱਗਣਾ ਸ਼ੁਰੂ ਹੋਇਆ। ਤਿੰਨ ਦਿਨਾਂ ਵਿਚ 200 ਟਾਵਰ ਪੂਰਨ ਰੂਪ ਵਿਚ ਪ੍ਰਭਾਵਿਤ ਹੋਏ ਹਨ। ਜੀਓ ਕੰਪਨੀ ਨੇ ਲਿਖਿਆ ਹੈ ਕਿ ਇਨ੍ਹਾਂ ਥਾਵਾਂ ’ਤੇ ਭੰਨਤੋੜ ਹੋਈ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਜੀਓ ਕੰਪਨੀ ਦੇ 1.40 ਕਰੋੜ ਕੁਨੈਕਸ਼ਨ ਹਨ ਅਤੇ 4ਜੀ ਦੀ ਹਾਈ ਸਪੀਡ ਕੁਨੈਕਟੇਵਿਟੀ ਹੈ। ਪੰਜਾਬ ਵਿਚ ਰਿਲਾਇੰਸ ਜੀਓ ਦੇ ਕਰੀਬ 9 ਹਜ਼ਾਰ ਟਾਵਰ ਹਨ ਅਤੇ ਕਰੀਬ 250 ਰਿਲਾਇੰਸ ਦਫ਼ਤਰ ਹਨ। ਇਸ ਤੋਂ ਇਲਾਵਾ 300 ਪ੍ਰਮੁੱਖ ਥਾਵਾਂ ਹਨ। ਸਤੰਬਰ ਮਹੀਨੇ ਤੋਂ ਜੀਓ ਦਫ਼ਤਰਾਂ ਨੂੰ ਬੰਦ ਕਰਨ ਲਈ ਕਿਸਾਨਾਂ ਨੇ ਮੁਹਿੰਮ ਵਿੱਢ ਦਿੱਤੀ ਸੀ। ਜਲੰਧਰ ਤੇ ਲੁਧਿਆਣਾ ’ਚ 11-11 ਟਾਵਰ ਬੰਦ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਰੋਜ਼ਾਨਾ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਮੁਕਤਸਰ ਦੇ ਗਿੱਦੜਬਾਹਾ, ਮਲੋਟ ਤੇ ਮੁਕਤਸਰ ’ਚ ਟਾਵਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਵੇਰਵਿਆਂ ਅਨੁਸਾਰ ਸੰਗਰੂਰ ’ਚ 7 ਟਾਵਰ, ਹੁਸ਼ਿਆਰਪੁਰ ਵਿਚ ਛੇ, ਕਪੂਰਥਲਾ, ਫ਼ਾਜ਼ਿਲਕਾ ਤੇ ਮਾਨਸਾ ਵਿਚ ਪੰਜ-ਪੰਜ, ਅੰਮ੍ਰਿਤਸਰ ਵਿਚ 9, ਗੁਰਦਾਸਪੁਰ, ਬਠਿੰਡਾ, ਫ਼ਿਰੋਜ਼ਪੁਰ, ਤਰਨ ਤਾਰਨ ਤੇ ਰੋਪੜ ਵਿਚ ਚਾਰ-ਚਾਰ ਟਾਵਰ, ਫ਼ਰੀਦਕੋਟ, ਮੋਗਾ, ਨਵਾਂਸ਼ਹਿਰ ਅਤੇ ਪਠਾਨਕੋਟ ਵਿਚ ਤਿੰਨ-ਤਿੰਨ ਟਾਵਰ ਪ੍ਰਭਾਵਿਤ ਹੋਏ ਹਨ। ਬਠਿੰਡਾ ਦੇ ਪਿੰਡ ਭੁੱਖਿਆਂ ਵਾਲੀ ਦੇ ਜੈਲਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਬੀ.ਕੇ.ਯੂ. ਨੇ ਪਿੰਡ ਵਾਸੀਆਂ ਨੂੰ ਦੋ ਦਿਨਾਂ ’ਚ ਜੀਓ ਸਿਮ ਬੰਦ ਕਰਾਉਣ ਲਈ ਆਖ ਦਿੱਤਾ ਹੈ। 

             ਲੁਧਿਆਣਾ ਦੇ ਪਿੰਡ ਗੌਂਸਗੜ੍ਹ ਅਤੇ ਬੀਜਾ ਦੀ ਪੰਚਾਇਤ ਨੇ ਜੀਓ ਟਾਵਰਾਂ ਦੇ ਕੁਨੈਕਸ਼ਨ ਕੱਟੇ ਹਨ। ਬੀਜਾ ਦੇ ਸਰਪੰਚ ਸੁਖਰਾਜ ਸਿੰਘ ਨੇ ਜੀਓ ਸਿਮ ਬੰਦ ਕਰਾਏ ਜਾਣ ਦਾ ਮਤਾ ਵੀ ਪਾਸ ਕੀਤਾ ਹੈ। ਫ਼ਿਰੋਜ਼ਪੁਰ ਦੇ ਪਿੰਡ ਸ਼ੇਰਖਾਨ, ਪਟਿਆਲਾ ਇਲਾਕੇ ਦੇ ਪਿੰਡ ਭੇਡਪੁਰਾ, ਕੋਟਲੀ ਤੇ ਦੋਦੜਾ ਵਿਚ ਵੀ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਬੰਦ ਕਰ ਦਿੱਤੇ ਗਏ ਹਨ। ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਜੀਓ ਨੈੱਟਵਰਕ ਡਗਮਗਾ ਗਿਆ ਹੈ। ਜੀਓ ਦੇ ਲੱਖਾਂ ਖ਼ਪਤਕਾਰਾਂ ਤੱਕ ਖੇਤੀ ਕਾਨੂੰਨਾਂ ਦਾ ਸੇਕ ਪੁੱਜ ਗਿਆ ਹੈ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਘੁੰਮਣ ਅਤੇ ਮੀਤ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਲਕੇ ਤੋਂ ਕੰਢੀ ਖ਼ਿੱਤੇ ਵਿਚ ਜੀਓ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸ਼ਹਿਰਾਂ ਤੇ ਪਿੰਡਾਂ ਵਿਚ ਜੀਓ ਦੇ ਸਿਮ ਤਬਦੀਲ ਕਰਾਉਣ ਦੀ ਵੱਡੀ ਮੁਹਿੰਮ ਵੀ ਚੱਲ ਰਹੀ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਜੀਓ ਮੋਬਾਈਲ ਟਾਵਰਾਂ ਨੂੰ ਕਿਧਰੇ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ ਬਲਕਿ ਇਨ੍ਹਾਂ ਟਾਵਰਾਂ ਦੀ ਸਿਰਫ਼ ਬਿਜਲੀ ਬੰਦ ਕੀਤੀ ਗਈ ਹੈ।

                                            ਜੀਓ ਦੇ ਡੈੱਡ ਕੁਨੈਕਸ਼ਨ ਵਧੇ

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੀ 23 ਦਸੰਬਰ ਦੀ ਰਿਪੋਰਟ ਅਨੁਸਾਰ ਰਿਲਾਇੰਸ ਜੀਓ ਦੇ ਪੰਜਾਬ ਵਿਚ ਐਕਟਿਵ ਕੁਨੈਕਸ਼ਨਾਂ ਦੀ ਗਿਣਤੀ ਵਿਚ ਅਕਤੂਬਰ ’ਚ ਕਮੀ ਆਈ। ਜੀਓ ਦੇ ਸਤੰਬਰ ਮਹੀਨੇ ’ਚ 66.56 ਫੀਸਦੀ ਕੁਨੈਕਸ਼ਨ ਐਕਟਿਵ ਸਨ, ਜੋ ਅਕਤੂਬਰ ’ਚ 65.93 ਫੀਸਦੀ ਰਹਿ ਗਏ ਹਨ। ਇਸੇ ਤਰ੍ਹਾਂ ਪੰਜਾਬ ’ਚ ਸਭ ਕੰਪਨੀਆਂ ਦੇ ਸਿਮ ਤਬਦੀਲੀ ਲਈ ਸਤੰਬਰ ’ਚ 24 ਹਜ਼ਾਰ ਦਰਖਾਸਤਾਂ ਪੁੱਜੀਆਂ ਸਨ ਜਦੋਂ ਕਿ ਅਕਤੂਬਰ ਮਹੀਨੇ ’ਚ ਇਹ ਗਿਣਤੀ 26 ਹਜ਼ਾਰ ਦਰਖ਼ਾਸਤਾਂ ਦੀ ਹੋ ਗਈ ਹੈ। 

Wednesday, December 23, 2020

                                                          ਅੰਬਾਨੀ ਦੀ ਗੰਗਾ 
                                      ‘ਰਿਲਾਇੰਸ’ ਨੇ ਸਿਆਸੀ ਨੇਤਾ ਤਾਰੇ
                                                           ਚਰਨਜੀਤ ਭੁੱਲਰ                      

ਚੰਡੀਗੜ੍ਹ : ਪੰਜਾਬ ਦੇ ਸਿਆਸੀ ਨੇਤਾਵਾਂ ਨੇ ਮੋਬਾਈਲ ਟਾਵਰਾਂ ਲਈ ਕਿਰਾਏ ’ਤੇ ਜ਼ਮੀਨਾਂ ਦੇ ਕੇ ਰਿਲਾਇੰਸ ਕੰਪਨੀ ਤੋਂ ਚੰਗੇ ਹੱਥ ਰੰਗ ਲਏ ਹਨ। ‘ਕਿਸਾਨ ਘੋਲ’ ਨੇ ਇਨ੍ਹਾਂ ਸਿਆਸੀ ਆਗੂਆਂ ’ਤੇ ਉਂਗਲ ਉਠਾਈ ਹੈ ਜੋ ਰਿਲਾਇੰਸ ਕੰਪਨੀ ਤੋਂ ਇਨ੍ਹਾਂ ਟਾਵਰਾਂ ਬਦਲੇ ਹਰ ਮਹੀਨੇ ਚੰਗਾ ਕਿਰਾਇਆ ਵਸੂਲ ਰਹੇ ਹਨ। ਰਿਲਾਇੰਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂ ਵਾਲੀ ਨੂੰ 10 ਮੋਬਾਇਲ ਟਾਵਰਾਂ ਲਈ ਦਿੱਤੀ ਜ਼ਮੀਨ ਬਦਲੇ ਕਿਰਾਇਆ ਦਿੱਤਾ ਜਾ ਰਿਹਾ ਹੈ।ਵਿਜੀਲੈਂਸ ਬਠਿੰਡਾ ਵੱਲੋਂ ਜਦੋਂ ਕੋਲਿਆਂ ਵਾਲੀ ’ਤੇ ਪਰਚਾ ਦਰਜ ਕੀਤਾ ਗਿਆ ਸੀ, ਉਦੋਂ ਸਾਬਕਾ ਚੇਅਰਮੈਨ ਕੋਲਿਆਂ ਵਾਲੀ ਨੇ ਖੁਦ ਕਬੂਲ ਕੀਤਾ ਹੈ ਕਿ ਉਸ ਨੂੰ 11 ਮੋਬਾਈਲ ਟਾਵਰਾਂ ਵਾਲੀ ਜ਼ਮੀਨ ਤੋਂ ਮਹੀਨਾਵਾਰ ਕਿਰਾਇਆ ਆ ਰਿਹਾ ਹੈ। ਵਿਜੀਲੈਂਸ ਰਿਪੋਰਟ ਅਨੁਸਾਰ ਸਾਬਕਾ ਚੇਅਰਮੈਨ ਦੀ ਧਰਮਪਤਨੀ ਦੇ ਨਾਮ ਵਾਲੀ ਜ਼ਮੀਨ ’ਤੇ ਰਿਲਾਇੰਸ ਦੇ ਪਿੰਡ ਬੋਦੀਵਾਲਾ, ਕਿੱਲਿਆਂ ਵਾਲੀ, ਭਲਾਈਆਣਾ, ਭੈਣੀ ਚੂਹੜ ’ਚ ਟਾਵਰ ਹਨ ।

               ਇਸੇ ਤਰ੍ਹਾਂ ਹੀ ਕੋਲਿਆਂ ਵਾਲੀ ਦੇ ਲੜਕੇ ਦੇ ਨਾਮ ਵਾਲੀ ਜ਼ਮੀਨ ’ਤੇ ਪਿੰਡ ਕਬਰਵਾਲਾ, ਅਰਨੀਵਾਲਾ ਮੰਡੀ, ਸ਼ਾਮ ਖੇੜਾ,ਜੱਸੀ ਬਾਗਵਾਲੀ ਅਤੇ ਕੋਲਿਆਂ ਵਾਲੀ ਦੀ ਲੜਕੀ ਦੇ ਨਾਮ ਵਾਲੀ ਜ਼ਮੀਨ ’ਤੇ ਪਿੰਡ ਦਾਨੇਵਾਲਾ, ਗੁਰੂਸਰ ਵਿਖੇ ਰਿਲਾਇੰਸ ਦੇ ਟਾਵਰ ਹਨ ਜਿਨ੍ਹਾਂ ਲਈ ਕਿਰਾਏ ’ਤੇ ਜ਼ਮੀਨ ਦਿੱਤੀ ਗਈ ਹੈ। ਕੋਲਿਆਂ ਵਾਲੀ ਦੇ ਖੁਦ ਦੇ ਨਾਮ ’ਤੇ ਇੱਕ ਟਾਵਰ ਹੈ ਜੋ ਏਅਰਟੈੱਲ ਕੰਪਨੀ ਦਾ ਹੈ। ਭਾਵੇਂ ਕਾਨੂੰਨੀ ਤੌਰ ’ਤੇ ਕੁਝ ਵੀ ਗਲਤ ਨਹੀਂ ਹੈ ਪ੍ਰੰਤੂ ਰਿਲਾਇੰਸ ਵੱਲੋਂ ਸਿਰਫ ਨੇਤਾਵਾਂ ਦੀ ਜ਼ਮੀਨ ਦੀ ਹੀ ਚੋਣ ਕਰਨਾ ਸ਼ੰਕੇ ਖੜ੍ਹੇ ਕਰਦਾ ਹੈ।ਜਦੋਂ ਪੰਜਾਬ ’ਚ ਗਠਜੋੜ ਸਰਕਾਰ ਸੀ, ਉਦੋਂ ਰਿਲਾਇੰਸ ਨੂੰ ਅਕਾਲੀ ਆਗੂਆਂ ਨੇ ਮੋਬਾਈਲ ਟਾਵਰਾਂ ਲਈ ਜ਼ਮੀਨ ਦਿੱਤੀ ਸੀ। ਸੂਤਰਾਂ ਅਨੁਸਾਰ ਨੇਤਾਵਾਂ ਨੇ ਪਹਿਲਾਂ ਰਿਲਾਇੰਸ ਤੋਂ ਟਾਵਰ ਲਗਾਏ ਜਾਣ ਵਾਲੀ ਜਗ੍ਹਾ ਦੀ ਸੂਚੀ ਹਾਸਲ ਕਰ ਲਈ ਅਤੇ ਮਗਰੋਂ ਸ਼ਨਾਖ਼ਤ ਕੀਤੇ ਪਿੰਡਾਂ ਵਿਚ ਥੋੜੀ ਥੋੜੀ ਜ਼ਮੀਨ ਖਰੀਦ ਲਈ। ਇਸ ਖਰੀਦ ਕੀਤੀ ਜ਼ਮੀਨ ’ਤੇ ਰਿਲਾਇੰਸ ਨੇ ਮੋਬਾਈਲ ਟਾਵਰ ਖੜ੍ਹੇ ਕਰ ਦਿੱਤੇ ਅਤੇ ਆਗੂਆਂ ਨੂੰ ਹਰ ਮਹੀਨੇ ਕਿਰਾਇਆ ਦੇਣਾ ਸ਼ੁਰੂ ਕਰ ਦਿੱਤਾ। ਪੇਂਡੂ ਖੇਤਰ ਵਿਚ ਪ੍ਰਤੀ ਟਾਵਰ 20 ਹਜ਼ਾਰ ਰੁਪਏ ਤੱਕ ਪ੍ਰਤੀ ਮਹੀਨਾ ਕਿਰਾਇਆ ਮਿਲ ਰਿਹਾ ਹੈ। 

      ਜ਼ਿਲ੍ਹਾ ਮਾਨਸਾ ਦੇ ਇੱਕ ਵਿਧਾਇਕ ਤੇ ਉਸ ਦੇ ਪਰਿਵਾਰ ਵੱਲੋਂ ਕਰੀਬ 11 ਪਿੰਡਾਂ ਵਿਚ ਪਹਿਲਾਂ ਥੋੜੀ ਥੋੜੀ ਜਗ੍ਹਾ ਖਰੀਦ ਕੀਤੀ ਗਈ ਜਿਨ੍ਹਾਂ ’ਤੇ ਮਗਰੋਂ ਰਿਲਾਇੰਸ ਕੰਪਨੀ ਨੇ ਮੋਬਾਈਲ ਟਾਵਰ ਖੜ੍ਹੇ ਕਰ ਦਿੱਤੇ। ਇਹ ਜਗ੍ਹਾ ਮਾਨਸਾ ਦੇ ਖੈਰਾ ਖੁਰਦ, ਸਰਦੂਲਗੜ੍ਹ, ਕਾਹਨ ਸਿੰਘ ਵਾਲਾ, ਕਾਹਨੇਵਾਲਾ, ਮੁਕਤਸਰ ’ਚ ਲੱਖੇਵਾਲੀ ਤੇ ਥਾਂਦੇਵਾਲਾ, ਸੰਗਰੂਰ ’ਚ ਪਿੰਡ ਬੰਗਾ,ਲੁਧਿਆਣਾ ’ਚ ਪਿੰਡ ਹਠੂਰ ਅਤੇ ਫਾਜ਼ਿਲਕਾ ਦੇ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਆਦਿ ਵਿਚ ਖਰੀਦ ਕੀਤੀ ਗਈ। ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕੁੱਦੇ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ।ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਬਾਦਲ ਪਰਿਵਾਰ ਦੇ ਅਤਿ ਨੇੜਲੇ ਅਤੇ ਯੂਥ ਅਕਾਲੀ ਆਗੂ ਦੀ ਜ਼ਮੀਨ ’ਤੇ ਦਰਜਨਾਂ ਮੋਬਾਈਲ ਟਾਵਰ ਲੱਗੇ ਹੋਏ ਹਨ ਜਿਨ੍ਹਾਂ ਤੋਂ ਚੰਗਾ ਕਿਰਾਇਆ ਹਾਸਲ ਕੀਤਾ ਜਾ ਰਿਹਾ ਹੈ। ਇੱਕ ਵੱਡੇ ਘਰਾਣੇ ਦੀ ਇੱਕ ਕੰਪਨੀ ਵਿਚ ਹਿੱਸੇਦਾਰ ਦੇ ਨਾਮ ਵਾਲੀ ਸ਼ਹਿਰੀ ਜਗ੍ਹਾ ਵਿਚ ਰਿਲਾਇੰਸ ਦੇ ਟਾਵਰ ਹਨ। 

             ਇਸੇ ਘਰਾਣੇ ਦੇ ਇੱਕ ਹੋਰ ਪੁਰਾਣੇ ਨੇੜਲੇ ਦੇ ਨਾਮ ਵਾਲੀ ਜਗ੍ਹਾ ’ਤੇ ਹੀ ਟਾਵਰ ਹਨ। ਜ਼ਿਲ੍ਹਾ ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਨੇਤਾਵਾਂ ਦੇ ਖਾਸ ਵਿਅਕਤੀਆਂ ਦੀ ਜ਼ਮੀਨ ’ਤੇ ਰਿਲਾਇੰਸ ਦੇ ਟਾਵਰ ਹਨ। ਸੂਤਰਾਂ ਅਨੁਸਾਰ ਰਾਮਪੁਰਾ ਦੇ ਵੀ ਇੱਕ ਸ਼ਹਿਰੀ ਆਗੂ ਦੇ ਨਾਮ ਵਾਲੀ ਜ਼ਮੀਨ ’ਤੇ ਟਾਵਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ’ਤੇ ਤਾਂ ਰਿਲਾਇੰਸ ਦੇ ਦੋ ਤੇਲ ਪੰਪ ਪਿੰਡ ਰੁਪਾਣਾ ਅਤੇ ਡੂਮਵਾਲੀ ਵਿਚ ਹਨ। ਵੇਰਵਿਆਂ ਅਨੁਸਾਰ ਰਿਲਾਇੰਸ ਕੰਪਨੀ ਵੱਲੋਂ ਤੇਲ ਪੰਪਾਂ ਲਈ ਜੋ ਜਗ੍ਹਾ ਲਈ ਜਾਂਦੀ ਹੈ, ਉਹ 30 ਸਾਲ ਲਈ ਸਲਾਨਾ ਇੱਕ ਰੁਪਏ ਲੀਜ਼ ’ਤੇ ਲਈ ਜਾਂਦੀ ਹੈ। ਤੇਲ ਪੰਪ ਚਲਾਉਣ ਵਾਲਾ ਡੀਲਰ ਕਿਸੇ ਝਗੜਾ ਹੋਣ ਦੀ ਸੂਰਤ ਵਿਚ ਕਿਤੇ ਭੱਜ ਨਹੀਂ ਸਕੇਗਾ ਕਿਉਂਕਿ ਲੀਜ਼ 30 ਸਾਲ ਲਈ ਕੀਤੀ ਜਾਂਦੀ ਹੈ। ਜਿਕਰਯੋਗ ਹੈ ਕਿ ਕਿਸਾਨ ਧਿਰਾਂ ਵੱਲੋਂ ਅੰਬਾਨੀ ਅਡਾਨੀ ਦੇ ਕਾਰੋਬਾਰ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਸੀ। ਪੰਜਾਬ ’ਚ ਗ੍ਰਾਹਕਾਂ ਵੱਲੋਂ ਰਿਲਾਇੰਸ ਜੀਓ ਦੇ ਸਿਮ ਛੱਡੇ ਜਾ ਰਹੇ ਹਨ ਅਤੇ ਪਿੰਡਾਂ ਵਿਚ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। 

                     ਨਾਤਾ ਤੋੜਨ ਸਿਆਸੀ ਆਗੂ : ਕਿਸਾਨ ਧਿਰਾਂ 

ਬੀ.ਕੇ.ਯੂ (ਕਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਅਪੀਲ ਕੀਤੀ ਹੈ ਕਿ ਅਗਰ ਸਿਆਸੀ ਆਗੂ ਕਿਸਾਨੀ ਪ੍ਰਤੀ ਸੁਹਿਰਦ ਹਨ ਤਾਂ ਉਹ ਫੌਰੀ ਅੰਬਾਨੀ ਅਡਾਨੀ ਦੇ ਕਾਰੋਬਾਰਾਂ ਨਾਲੋਂ ਨਾਤਾ ਤੋੜਨ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਦਾ ਵੀ ਹੁਣ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਦੋਂ ਆਮ ਲੋਕ ਕਿਸਾਨੀ ਦੀ ਹਮਾਇਤ ’ਚ ਕਾਰਪੋਰੇਟਾਂ ਨਾਲੋਂ ਨਾਤਾ ਤੋੜ ਰਹੇ ਹਨ ਤਾਂ ਸਿਆਸੀ ਲੋਕ ਵੀ ਕਾਰਪੋਰੇਟਾਂ ’ਦੇ ਕਾਰੋਬਾਰ ਛੱਡਣ ਤਾਂ ਹੀ ਉਨ੍ਹਾਂ ਦੀ ਸੰਜੀਦਗੀ ਦਾ ਪਤਾ ਲੱਗੇਗਾ ਅਤੇ ਹਕੀਕਤ ਸਾਹਮਣੇ ਆਏਗੀ। 

   


 

Monday, December 21, 2020

                                                              ਕਿਸਾਨ ਘੋਲ
                                            ਪਿੰਡ ਸਿੰਘੂ ਬਣਿਆ ਧਰੂ ਤਾਰਾ
                                                            ਚਰਨਜੀਤ ਭੁੱਲਰ           

ਚੰਡੀਗੜ੍ਹ : ਦਿੱਲੀ ਦਾ ਪਿੰਡ ਸਿੰਘੂ ਹੁਣ ਦਿਨ ਰਾਤ ਜਾਗਦਾ ਹੈ। ਕਿਸਾਨੀ ਗੂੰਜ ਨੇ ਪਿੰਡ ਸਿੰਘੂ ’ਚ ਜੋਸ਼ ਭਰ ਦਿੱਤਾ ਹੈ। ਸਿੰਘੂ ਪਿੰਡ ਦੇ ਕਿਸਾਨ ਵੀ ਘਰਾਂ ’ਚੋਂ ਤੁਰੇ ਹਨ। ਹਰਿਆਣਾ-ਦਿੱਲੀ ਦੀ ਐਨ ਸਰਹੱਦ ’ਤੇ ਪੈਂਦਾ ਇਹ ਪਿੰਡ ਹਰ ਨਿਆਣੇ ਸਿਆਣੇ ਦੀ ਜ਼ੁਬਾਨ ’ਤੇ ਹੈ। ‘ਦਿੱਲੀ ਮੋਰਚਾ’ 27 ਨਵੰਬਰ ਤੋਂ ਸਿੰਘੂ ਸਰਹੱਦ ’ਤੇ ਚੱਲ ਰਿਹਾ ਹੈ। ਕਿਸਾਨ ਘੋਲ ਨੇ ਪਿੰਡ ਸਿੰਘੂ ਨੂੰ ਬੁਲੰਦੀ ਬਖ਼ਸ਼ ਦਿੱਤੀ ਹੈ। ਸਿੰਘੂ ਦੇ ਕਈ ਘਰਾਂ ਦੇ ਬੂਹੇ ਕਿਸਾਨਾਂ ਲਈ ਖੁੱਲ੍ਹੇ ਹਨ। ਸਿੰਘੂ ਦੇ ਬਾਸ਼ਿੰਦੇ ‘ਕਿਸਾਨ ਘੋਲ’ ਦੇ ਮਦਦਗਾਰ ਵੀ ਬਣੇ ਹਨ। ਦਿੱਲੀ ਦਾ ਪਿੰਡ ਸਿੰਘੂ ਕਰੀਬ 347 ਸਾਲ ਪੁਰਾਣਾ ਹੈ। ਤਿੰਨ ਘਰਾਂ ਨਾਲ ਪਿੰਡ ਦੀ ਮੋੜੀ ਗੱਡੀ ਗਈ। ਹੁਣ 14ਵੀਂ ਪੀੜ੍ਹੀ ਦੇ ਲੋਕ ਸਿੰਘੂ ’ਚ ਵਸਦੇ ਹਨ। ਵਿਧਾਨ ਸਭਾ ਹਲਕਾ ਨਰੇਲਾ ’ਚ ਪੈਂਦੇ ਇਸ ਪਿੰਡ ਦੀ ਮੂਲ ਆਬਾਦੀ ਕਰੀਬ 4800 ਹੈ ਅਤੇ ਦੋ ਹਜ਼ਾਰ ਦੇ ਕਰੀਬ ਘਰਾਂ ਦੀ ਗਿਣਤੀ ਹੈ। ਬਹੁਗਿਣਤੀ ਪਰਵਾਸੀ ਲੋਕਾਂ ਦੀ ਪਿੰਡ ਸਿੰਘੂ ਵਿੱਚ ਰਹਿੰਦੇ ਹਨ। ਇਨ੍ਹਾਂ ਪਰਵਾਸੀ ਲੋਕਾਂ ਦਾ ਲੰਗਰ ਪਾਣੀ 27 ਨਵੰਬਰ ਤੋਂ ‘ਕਿਸਾਨ ਘੋਲ’ ’ਚੋਂ ਹੀ ਚੱਲ ਰਿਹਾ ਹੈ। ਪ੍ਰਾਈਵੇਟ ਕੰਪਨੀਆਂ ਦਾ ਸੇਕ ਪੰਜਾਬ ਤੋਂ ਪਹਿਲਾਂ ਪਿੰਡ ਸਿੰਘੂ ’ਚ ਪੁੱਜਾ ਹੈ। ਪਿੰਡ ਸਿੰਘੂ ਦਾ ਕਿਸਾਨ ਸੁਰਿੰਦਰ ਦੱਸਦਾ ਹੈ ਕਿ ਪ੍ਰਾਈਵੇਟ ਕੰਪਨੀਆਂ ਨੇ ਇਸ ਪਿੰਡ ਦੀ ਕਰੀਬ 300 ਏਕੜ ਜ਼ਮੀਨ ਹੁਣ ਤੱਕ ਖਰੀਦ ਲਈ ਹੈ। ਇਨ੍ਹਾਂ ਕੰਪਨੀਆਂ ਵੱਲੋਂ ਮੁੜ ਕਿਸਾਨਾਂ ਨੂੰ ਠੇਕੇ ’ਤੇ ਜ਼ਮੀਨ ਦੇ ਦਿੱਤੀ ਗਈ ਹੈ। ਸੁਰਿੰਦਰ ਦੱਸਦਾ ਹੈ ਕਿ ਉਹ ਖੁਦ ਵੀ ਕੰਪਨੀਆਂ ਤੋਂ 28 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ। ਵੇਰਵਿਆਂ ਅਨੁਸਾਰ ਸਿੰਘੂ ਪਿੰਡ ਦੇ ਕਈ ਕਿਸਾਨਾਂ ਦੀ ਸਾਰੀ ਦੀ ਸਾਰੀ ਜ਼ਮੀਨ ਵਿਕ ਚੁੱਕੀ ਹੈ ਜਿਨ੍ਹਾਂ ਨੇ ਹਰਿਆਣਾ ਵਿਚ ਜ਼ਮੀਨ ਲਈ ਹੈ। 

               ਸਿੰਘੂ ਦੇ ਕਿਸਾਨ ਸਮੁੰਦਰ ਦੀ ਸਾਰੀ ਜ਼ਮੀਨ ਦੀ ਮਾਲਕੀ ਹੁਣ ਪ੍ਰਾਈਵੇਟ ਕੰਪਨੀ ਕੋਲ ਹੈ। ਉਹ ਖੁਦ ਕੰਪਨੀਆਂ ਤੋਂ ਕਰੀਬ 32 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ। ਕਿਸਾਨ ਨਵੀਨ ਵੀ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ। ਪਿੰਡ ਦੇ ਬਹੁਤੇ ਕਿਸਾਨ ਖੇਤੀ ਕਾਨੂੰਨਾਂ ਤੋਂ ਅਣਜਾਣ ਹਨ। ਪਿੰਡ ਸਿੰਘੂ ਦਾ ਨੌਜਵਾਨ ਸੰਦੀਪ ਦੱਸਦਾ ਹੈ ਕਿ ਪਿੰਡ ਦੇ ਲੋਕ ਕਿਸਾਨ ਘੋਲ ’ਚ ਆਪਣੀ ਤਰਫੋਂ ਲੰਗਰ ਲਗਾ ਕੇ ਆਉਂਦੇ ਹਨ। ਡਾਇਵਰਟ ਕੀਤੀ ਆਵਾਜਾਈ ਨੂੰ ਬਹਾਲ ਰੱਖਣ ਲਈ ਪਿੰਡ ਦੇ ਨੌਜਵਾਨ ਅੱਧੀ-ਅੱਧੀ ਰਾਤ ਤੱਕ ਖੜ੍ਹਦੇ ਹਨ। ਪਿੰਡ ਸਿੰਘੂ ਵਿੱਚ ਸਿਆਸੀ ਤੌਰ ’ਤੇ ਭਾਜਪਾ ਭਾਰੂ ਹੈ। ਸਿੰਘੂ ਦੇ ਕਈ ਆਗੂਆਂ ਨੇ ਖੇਤੀ ਕਾਨੂੰਨਾਂ ਦੇ ਕੁਝ ਹਿੱਸੇ ਨੂੰ ਸਹੀ ਵੀ ਦੱਸਿਆ। ਪਿੰਡ ਸਿੰਘੂ ਦੀ ਨੁਮਾਇੰਦਗੀ ਵੀ ਭਾਜਪਾ ਕੌਂਸਲਰ ਸੁਨੀਤ ਚੌਹਾਨ ਕਰਦਾ ਹੈ। ਸਿੰਘੂ ਪਿੰਡ ਵਿੱਚ ਵੱਡੀ ਗਿਣਤੀ ਕਿਰਾਏਦਾਰਾਂ ਦੀ ਹੈ। ਪਿੰਡ ਸਿੰਘੂ ਦੇ ਲੋਕਾਂ ਨੇ ਕਿਰਾਏਦਾਰਾਂ ਵਾਸਤੇ ਮਕਾਨ ਬਣਾਏ ਹੋਏ ਹਨ। ਪਿੰਡ ਦੇ ਜ਼ਿਆਦਾ ਲੋਕ ਨੌਕਰੀ ਪੇਸ਼ਾ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਤੋਂ ਕਿਸਾਨ ਘੋਲ ਚੱਲਿਆ ਹੈ, ਸਵੇਰ ਵਕਤ ਗੁਰਬਾਣੀ ਦੀ ਆਵਾਜ਼ ਕੰਨੀ ਪੈਂਦੀ ਹੈ। ਪਿੰਡ ਵਾਸੀ ਪ੍ਰਦੀਪ ਨੇ ਦੱਸਿਆ ਕਿ ਕਿਸਾਨ ਘੋਲ ਦੇ ਜੋਸ਼ੀਲੇ ਨਾਅਰੇ ਜੋਸ਼ ਭਰਦੇ ਹਨ।

               ਜਦੋਂ ਨਿਹੰਗ ਸਿੰਘ ਦਿੱਲੀ ਮੋਰਚੇ ’ਚ ਪੁੱਜੇ ਤਾਂ ਘੋੜਿਆਂ ਦੀ ਖੁਰਾਕ ਲਈ ਪ੍ਰਬੰਧ ਪਿੰਡ ਸਿੰਘੂ ਦੇ ਕੁਝ ਲੋਕਾਂ ਨੇ ਕੀਤਾ। ਪਿੰਡ ਵਾਸੀ ਸਤਪਾਲ ਦੱਸਦਾ ਹੈ ਕਿ ਕਿਸਾਨ ਘੋਲ ਕਰਕੇ ਕਿਸਾਨਾਂ ਨੇ ਸਿੰਘੂ ਦੇ ਖੇਤਾਂ ਵਿਚ ਟਿਊਬਵੈੱਲ ਚਲਾ ਦਿੱਤੇ ਹਨ। ਘਰਾਂ ਵਿੱਚ ਕਿਸਾਨਾਂ ਲਈ ਬਿਸਤਰੇ ਲਾ ਦਿੱਤੇ ਹਨ। ਪਿੰਡ ਸਿੰਘੂ ਦੇ ਲੋਕ ਕਿਸਾਨ ਘੋਲ ’ਚੋਂ ਕਿਸਾਨੀ ਜ਼ਿੰਦਗੀ ਨੂੰ ਨੇੜਿਓਂ ਦੇਖ ਰਹੇ ਹਨ। ਪਿੰਡ ਦੇ ਗਰੀਬ ਲੋਕ ਕਿਸਾਨ ਘੋਲ ’ਚ ਜ਼ਿਆਦਾ ਸਮਾਂ ਰਹਿੰਦੇ ਹਨ। ਪਿੰਡ ਸਿੰਘੂ ਦੇ ਕਾਫੀ ਕਿਸਾਨ ਹੁਣ ਜ਼ਮੀਨ ਵਿਹੂਣੇ ਹੋ ਗਏ ਹਨ। ਪਿੰਡ ਦੇ ਕਈ ਨੌਜਵਾਨਾਂ ਨੂੰ ਕਿਸਾਨ ਘੋਲ ’ਚੋਂ ਸਾਹਿਤ ਦੀ ਚੇਟਕ ਵੀ ਲੱਗੀ ਹੈ। ਪਿੰਡ ਸਿੰਘੂ ਦੀਆਂ ਔਰਤਾਂ ਵੱਲੋਂ ਵਾਰੋ ਵਾਰੀ ਕਿਸਾਨ ਘੋਲ ਵਿਚ ਗੇੜਾ ਮਾਰਿਆ ਗਿਆ ਹੈ। ਪਰਵਾਸੀ ਔਰਤ ਲੱਛਮੀ ਨੇ ਦੱਸਿਆ ਕਿ ਕਿਸਾਨ ਖੁੱਲ੍ਹੇ ਦਿਲ ਵਾਲੇ ਹਨ, ਉਨ੍ਹਾਂ ਨੂੰ ਕਿੰਨੇ ਦਿਨਾਂ ਤੋਂ ਕਿਸਾਨ ਹੀ ਲੰਗਰ ਦੇ ਰਹੇ ਹਨ। ਉਹ ਦੱਸਦੀ ਹੈ ਕਿ ਜੋ ਲੋਕ ਫੈਕਟਰੀ ਬੰਦ ਹੋਣ ਕਰਕੇ ਵਿਹਲੇ ਹੋ ਗਏ ਹਨ, ਉਹ ਕਿਸਾਨ ਅੰਦੋਲਨ ਵਿੱਚ ਯੋਗਦਾਨ ਪਾ ਰਹੇ ਹਨ।ਦਿੱਲੀ ਦੇ ਨਰੇਲਾ ਹਲਕੇ ਤੋਂ ‘ਆਪ’ ਵਿਧਾਇਕ ਸ਼ਰਦ ਚੌਹਾਨ ਦਾ ਕਹਿਣਾ ਸੀ ਕਿ ਪਿੰਡ ਸਿੰਘੂ ਦੀ 40 ਫੀਸਦੀ ਆਬਾਦੀ ਤਾਂ ਪੂਰੀ ਤਰ੍ਹਾਂ ਕਿਸਾਨ ਘੋਲ ਨਾਲ ਜੁੜੀ ਹੋਈ ਹੈ। ਪਿੰਡ ਵਾਸੀ ਹਰ ਸੰਭਵ ਮਦਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਰਹਿਣ-ਸਹਿਣ ਵਾਸਤੇ ਵੀ ਪੇਸ਼ਕਸ਼ ਕਰਦੇ ਹਨ। ਵਿਧਾਇਕ ਦਾ ਕਹਿਣਾ ਸੀ ਕਿ ਕਿਸਾਨ ਘੋਲ ਨੇ ਸਿੰਘੂ ਪਿੰਡ ਦੀ ਪਛਾਣ ਕੌਮਾਂਤਰੀ ਪੱੱਧਰ ’ਤੇ ਪਹੁੰਚਾ ਦਿੱਤੀ ਹੈ। 

Sunday, December 20, 2020

                                                           ਵਿਚਲੀ ਗੱਲ      
                                               ਅਸੀਂ ਸਾਦ ਮੁਰਾਦੇ ਬੰਦੇ..
                                                         ਚਰਨਜੀਤ ਭੁੱਲਰ                          

ਚੰਡੀਗੜ੍ਹ : ਲਿਖਤਮ ਭਾਗ ਸਿੰਘ, ਪਿੰਡ ਬੱਦੋਵਾਲ, ਜ਼ਿਲ੍ਹਾ ਲੁਧਿਆਣਾ। ਪਿਆਰੇ ਤੋਮਰ ! ਤੁਹਾਡਾ ਖ਼ਤ ਪੜ੍ਹਿਆ। ਕਿਤੇ ਤੁਸੀਂ ਅੰਨਦਾਤੇ ਦਾ ਚਿਹਰਾ ਪੜ੍ਹਦੇ। ਦਿੱਲੀ ਦੀ ਹੱਦ ’ਤੇ, ਦੁੱਖਾਂ ਦੀ ਸਰਹੱਦ ’ਤੇ, ਅੱਜ ਨਾਅਰੇ ਨਾ ਗੂੰਜਦੇ। ਜ਼ਮੀਨਾਂ ਦੇ ਬਚਾ ਲਈ ਗਏ, ਜਾਨਾਂ ਗੁਆ ਬੈਠੇ। ਯਮਦੂਤ ਪਹਿਲੋਂ ਟੱਕਰ ਗਏ, ਨਹੀਂ ਜਰੂਰ ਦੱਸਦੇ, ਕੀ ਭਾਅ ਵਿਕਦੀ ਐ। ਅਸੀਂ ਹੁਣ ਪਰਲੋਕ ਦੇ ਵਾਸੀ ਹਾਂ। ਦਿਲ ’ਚ ਗੱਠ ਬੰਨ੍ਹ ਕੇ ਆਉਣਾ ਪਿਐ। ਹੁਣ ਮੋਇਆਂ ਤੋਂ ਕਾਹਦਾ ਡਰ।‘ਐਸਾ ਕਹਿਰ ਕਦੇ ਨਾ ਡਿੱਠਾ’। ਤੋਮਰ ਸਾਹਿਬ ! ਥੋਨੂੰ ਕੀ ਪਤੈ। ਭਾਗ ਸਿਓ ਨੇ ਕਿਵੇਂ ਦੋਜ਼ਖ਼ ਝੱਲੇ। ‘ਠੰਢਾ ਪਾਣੀ, ਤੇਜ਼  ਬੁਛਾੜਾਂ, ਪੱਗ ਕਿਤੇ, ਮੈਂ ਕਿਤੇ। ਖੱਟਰੀ ਡਾਂਗ ਨੀਲ ਪਾ ਗਈ।’ ਜਿੰਨੀਆਂ ਤਨ ਮੇਰੇ ਤੇ ਲੱਗੀਆਂ..। ਟਿੱਪਰੀ ਸਰਹੱਦ ’ਤੇ ਜਾਨ ਹੂਲ ਦਿੱਤੀ। ਤਾਰੇ ਤਾਂ ਦਿਨੇ ਹੀ ਦਿਖਾਉਣੇ ਸੀ। ਧਰਮਰਾਜ ਦਾ ਅਰਦਲੀ ਕਿਤੇ ਵਾਜ ਨਾ ਮਾਰਦਾ, ‘ਭਾਗ ਸਿਓ ਹਾਜ਼ਰ ਹੋ।’ ਤੁਸੀਂ ਵੀ ਘੱਟ ਨਹੀਂ ਗੁਜ਼ਾਰੀ। ਭਲਾ ਮੋਇਆ ਤੋਂ ਕੌਣ ਪ੍ਰੀਖਿਆ ਲੈਂਦੈ। ਹਸਪਤਾਲ ਦਾ ਫਰੀਜ਼ਰ, ਵਿੱਚ ਬੁੱਢਾ ਸਰੀਰ, ਉਪਰੋਂ ਤਾਲੇ ਮਾਰ ਦਿੱਤੇ। ਏਨਾ ਖ਼ੌਫ ਕਿਸ ਲਈ।

              ਤਿੱਖੇ ਅੌਜ਼ਾਰਾਂ ਨਾਲ ਕਾਹਦੀ ਮਸ਼ਕਰੀ। ਤੋਮਰ ਜੀ! ਅਸੀਂ 24 ਕਿਸਾਨ ਹਾਂ, ਪੈਲ਼ੀਆਂ ਵਾਲੇ। ਤੁਸਾਂ ਤੋਂ ਧਰਮਰਾਜ ਵੀ ਖੁਸ਼ ਹੂਆ। ਤੁਸੀਂ ਚਿੱਠੀ ਲਿਖੀ, ਅਸਾਂ ਪੜ੍ਹ ਲਈ। ‘ਹੱਥ ਲੱਗਣ ਜਮਦੂਤ ਦੇ, ਟਾਹਣੇ ਟੁੱਟਣ ਤੂਤ ਦੇ।’ ਝੱਖੜ ’ਚ ਕਿੰਨੇ ਜੜੋਂ੍ਹ ਪੁੱਟੇ ਗਏ। ਤੋਮਰ ਭਾਈ! ਚਿੱਠੀਆਂ ਛੱਡੋ, ਆਓ ਪੰਜਾਬ ਦਾ ਕੁੰਡਾ ਖੜਕਾ ਦਿਖਾਈਏ। ਪੀੜ੍ਹਾਂ ਦੀ ਤਪੀ ਭੱਠੀ, ਘਰਾਂ ਦੇ ਠੰਢੇ ਚੁੱਲ੍ਹੇ। ਤੰਦੂਰ ਵਾਂਗੂ ਤਪੇ ਮੁੰਡੇ ਵੀ ਦੇਖਣਾ। ਜਰਾ ਇੱਧਰ ਆਓ। ਤੋਮਰ ਬਾਬੂ ! ਏਹ ਭਾਦਸੋ ਦੀ ਮਾਂ ਅਮਰਜੀਤ ਕੌਰ ਐ, ਵਸਦੀ ਉੱਜੜ ਗਈ। ਸੌ ਵਰ੍ਹਿਆਂ ਨੂੰ ਢੁੱਕੀ ਐ। ਛੇ ਪੁੱਤ ਸਨ, ਡਾਂਗ ਵਰਗੇ। ਚਾਰ ਪੁੱਤ ਪਹਿਲੋਂ ਤੁਰ ਗਏ, ਪੰਜਵੇਂ ਪਾਲ ਸਿਓ ਨੂੰ, ਥੋਡੀ ਹਠ ਖਾ ਗਈ। ਦੋ ਕਮਰੇ ਹਨ, ਉਹ ਵੀ ਕੱਚੇ, ਸੈਲਫ ’ਤੇ ਪੰਜ ਤਸਵੀਰਾਂ ਨੇ। ਜਦੋਂ ਮਾਂ ਚੁੰਨੀ ਨਾਲ ਪੂੰਝਦੀ ਹੈ, ਤਸਵੀਰਾਂ ’ਤੇ ਅੱਥਰੂ ਡਿੱਗਦੇ ਨੇ। ਯਾਦ ਰੱਖਣਾ ਇਸ ਮਾਂ ਦੀ ਬਦ ਦੁਆ। ਡਿੱਗੇ ਹੰਝੂ ਅਜਾਈਂ ਨਹੀਂ ਜਾਣਗੇ। ਜਿਗਰਾ ਤਾਂ ਦੇਖੋ, ਪੰਜ ਗੁਆ ਕੇ ਵੀ ਜਿੰਦਾ ਹੈ। ਆਖਦੇ ਨੇ ਰੱਬ ਹਰ ਥਾਂ ਕਿਥੋਂ ਜਾਵੇ, ਤਾਹੀਂ ਉਸ ਨੇ ਮਾਵਾਂ ਬਣਾਈਆਂ ਨੇ। ਜ਼ਿਲ੍ਹਾ ਮਾਨਸਾ ਦਾ ਏਹ ਬੱਛੋਆਣਾ ਪਿੰਡ ਐ। ਕਿਸਾਨ ਗੁਰਜੰਟ ਸਿੰਘ ਦੇ ਅੱਜ ਭੋਗ ਸਮਾਗਮ ਨੇ। ਦੇਖੋ ਕਿੰਨਾ ’ਕੱਠ ਹੋਇਐ। ਪੰਜ ਏਕੜ ਜ਼ਮੀਨ, ਉਪਰ ਸੱਤ ਲੱਖ ਕਰਜ਼ਾ। ਹੱਕ ਲੈਣ ਦਿੱਲੀ ਗਿਆ। ਹੋਣੀ ਨੇ ਝਪਟ ਲਿਆ, ਛੇ ਦਿਨ ਫਰੀਜ਼ਰ ’ਚ ਕੱਢੇ। ਧੰਨ ਐ ਪਿੰਡ ਬਰ੍ਹੇ ਵਾਲੀ ਤੇਜ ਕੌਰ। ਲਾਸ਼ 19 ਦਿਨ ਰੁਲਦੀ ਰਹੀ। ਨਾ ਜਿਉਂਦੇ ਨਿਆਂ ਮਿਲਿਆ, ਨਾ ਹੀ ਮਰ ਕੇ। 

       ਫੱਤਾ ਮਾਲੋਕਾ ਦੀ ਅੌਹ ਮਾਂ ਮਨਪ੍ਰੀਤ ਕੌਰ ਦੀ ਦੁਹੱਥੜ ਸੁਣ। ਦਿੱਲੀ ਜਾਣ ਤੋਂ ਪਹਿਲਾਂ ਪੁੱਤ ਅੱਗੇ ਬੈਠਿਆ। ਮਾਂ ਨੇ ਨੀਝ ਲਾ ਪੁੱਤ ਨੁਹਾਇਆ। ਭੋਲੀ ਮਾਂ ਕੀ ਜਾਣੇ, ਲੇਖਾਂ ਦੇ ਆਖਰੀ ਮੇਲ ਨੂੰ। ਪਤਨੀ ਦਾ ਸੁਹਾਗ ਉਜੜਿਆ, ਮਾਂ ਦਾ ਸੰਸਾਰ। ਦੋਸਤ ਆਖਦੇ ਨੇ, ਮਰਦ ਬੱਚਾ ਸੀ ਜਤਿੰਦਰ। ਦਿੱਲੀ ਘੋਲ ’ਚ ਹਫਤਾ ਊਰੀ ਬਣਿਆ ਰਿਹਾ। ‘ਤੇਰੀਆਂ ਤੂੰ ਜਾਣੇ ਕਰਤਾਰਾ..।’ ਹਜ਼ੂਰ-ਏ-ਤੋਮਰ! ਆਪਣੇ ਬੇਪੀਰੇ ਫ਼ਕੀਰ ਨੂੰ ਦੱਸਣਾ... ਏਹ ਮਾਵਾਂ ਫੇਰ ਵੀ ਜਿੰਦਾ ਹਨ। ਪਿੰਡ ਘਰਾਚੋਂ ਦੀ ਗੁਰਮੇਲ ਕੌਰ। ਵੀਹ ਵਰੇ੍ਹ ਪਹਿਲਾਂ ਪੁੱਤ ਹੱਥੋਂ ਕਿਰ ਗਿਆ। ਦਿੱਲੀ ਲਈ ਤੁਰਨ ਲੱਗੀ, ਪਹਿਲਾਂ ਪੁੱਤ ਦੀ ਫੋਟੋ ਅੱਗੇ ਖੜ੍ਹੀ..‘ਅੱਜ ਤੂੰ ਹੁੰਦਾ ਪੁੱਤਾਂ, ਮੈਨੂੰ ਡੁੱਬੜੀ ਨੂੰ.. ਆਖ ਭੱੁਬਾਂ ਮਾਰ ਰੋ ਪਈ।’ ਦਿੱਲੀਓ ਤਾਂ ਇਹ ਮਾਂ ਮੁੜੀ, ਘਰ ਨਸੀਬ ਨਾ ਹੋਇਆ, ਪੁੱਤ ਕੋਲ ਪਰਲੋਕ ਚਲੀ ਗਈ। ਇਸ ਮਾਂ ਨੂੰ ਪੂਰੇ ਦਸ ਦਿਨ ਮਿੱਟੀ ਨਸੀਬ ਨਾ ਹੋਈ। ਇਹ ਮੋਏ ਆਪਣਾ ਕਸੂਰ ਪੁੱਛਦੇ ਨੇ। ‘ਸੱਚ ਨੂੰ ਕੀ ਅੱਗ ਦਾ ਡਰ।’

       ਤੋਮਰ ਜੀ ! ਇਨ੍ਹਾਂ ਅਣਭੋਲ ਬੱਚਿਆਂ ਨੂੰ ਦੱਸੋਂ, ਕਿਉਂ ਬਚਪਨ ਖੋਹਿਐ। ਬਠਿੰਡਾ ਜ਼ਿਲੇ੍ਹ ਦਾ ਪਿੰਡ ਤੁੰਗਵਾਲੀ। ਨਾਅਰਾ ਵੱਜਿਆ, ‘ਜੈ ਜਵਾਨ, ਜੈ ਕਿਸਾਨ’, ਕਿਸਾਨ ਜੈ ਸਿੰਘ ਖੇਸੀ ਚੁੱਕ ਅੱਗੇ ਲੱਗਿਆ, ਦਿੱਲੀ ’ਚ ਗੱਜਿਆ। ਉਪਰੋਂ ਸੱਦਾ ਆ ਗਿਆ, ਪੰਜ ਤੱਤਾਂ ਦਾ ਪੁਤਲਾ ਮਿੱਟੀ ਹੋ ਗਿਆ। ਪਰਿਵਾਰ ਨਾ ਜ਼ਮੀਨ ਬਚਾ ਪਾਇਆ, ਨਾ ਹੀ ਪੁੱਤ। ਸੱਤ ਲੱਖ ਦਾ ਕਰਜ਼, ਬੂਹੇ ’ਤੇ ਖੜ੍ਹੈ। ਪਿੱਛੇ ਦੋ ਧੀਆਂ ਨੇ ਤੇ ਇੱਕ ਪੁੱਤ। ਜਦੋਂ ਇਨ੍ਹਾਂ ਧੀਆਂ ਦੀ ਡੋਲੀ ਤੁਰੇਗੀ ਤਾਂ ਉਦੋਂ ਖੇਤੀ ਕਾਨੂੰਨ ਮੱਥੇ ’ਚ ਵੱਜਣਗੇ। ਕੌਣ ਕਰੂ ਇਨ੍ਹਾਂ ਧੀਆਂ ਨੂੰ ਵਿਦਾ..। ਸਿਆਣੇ ਆਖਦੇ ਨੇ, ‘ਤੁਹਾਡਾ ਹੰਝੂ ਹੋਰ ਕੋਈ ਨਹੀਂ, ਤੁਹਾਡਾ ਆਪਣਾ ਹੱਥ ਪੂੰਝਦੈ।’ ਦੁਖੇ ਸਿਰ, ਬੰਨੋ੍ਹ ਗੋਡਾ। ਸੂਲੀ ਪੰਜਾਬ ਟੰਗਿਐ, ਮੁਹਾਰਨੀ ਮੱਧ ਪ੍ਰਦੇਸ਼ ’ਚ ਪੜ੍ਹੀ। ਪ੍ਰਧਾਨ ਮੰਤਰੀ ਨੇ, ਖੇਤੀ ਸੁਧਾਰਾਂ ਦੇ ਨੁਕਤੇ ਦੱਸੇ। ਜਨਾਬੇ ਅਲੀ ! ਨਰਿੰਦਰ ਮੋਦੀ ਨੂੰ ਚਾਣਨਾ ਪਾਉਣਾ। ਜ਼ਮੀਰਾਂ ਦੀ ਪੂੰਜੀ ਮੁੱਕ ਜਾਏ। ਮੁਹੱਬਤਾਂ ਦਾ ਸੋਮਾ ਸੁੱਕ ਜਾਏ। ਭੱਠੀ ਹਠ ਦੀ ਧੁਖ ਜਾਏ। ਉਦੋਂ ਸਿਵੇ ਬਲਦੇ ਨੇ, ਸੱਥਰ ਵਿਛਦੇ ਨੇ। ਤੋਮਰ ਦੀ ਚਿੱਠੀ ਕਿਸਾਨਾਂ ਦੇ ਨਾਮ, ਪੂਰੇ ਅੱਠ ਸਫ਼ਿਆਂ ਦੀ ਹੈ। ਦੋ ਸ਼ਬਦ ਨਹੀਂ ਜੁੜ ਸਕੇ, ਫੌਤ ਹੋਏ ਅੰਨਦਾਤੇ ਦੇ ਦੁੱਖ ’ਚ। 

              ਪ੍ਰਧਾਨ ਮੰਤਰੀ ਦਾ ਦਿਲ ਪੱਥਰ ਦਾ ਲੱਗਦੈ। ਕੱਛ ਇਲਾਕੇ ’ਚ ਗਏ। ਗੁਜਰਾਤੀ ਮੱਝਾਂ ਦੀ ਪ੍ਰਸੰਸਾ ’ਚ ਪੁਲ ਬੰਨੇ੍ਹ। ਜੋ ਦਿੱਲੀ ਸਰਹੱਦ ’ਤੇ ਜਾਨ ਗੁਆ ਬੈਠੇ, ਉਨ੍ਹਾਂ ਲਈ ਦੋ ਲਫਜ਼ ਨਹੀਂ ਬੋਲ ਸਕੇ। ਪਾਕਿ ਵਾਲੇ ਨਵਾਜ਼ ਸ਼ਰੀਫ਼ ਨੂੰ ਚਿੱਠੀ ਰਾਤੋ ਰਾਤ ਲਿਖੀ। ‘ਪਿਆਰੇ ਮੀਆਂ ਸਾਹਿਬ! ਤੁਹਾਡੀ ਮਾਂ ਦੇ ਚਲੇ ਜਾਣ ਦਾ ਦੁੱਖ ਹੈ। ਮਾਲਕ ਤੁਹਾਨੂੰ ਘਾਟਾ ਸਹਿਣ ਦੀ ਤਾਕਤ ਦੇਵੇ।’ ਹਜ਼ੂਰ ਏ ਆਲਾ! ਇੰਝ ਨਾ ਕਰੋ, ਜਿਨ੍ਹਾਂ ਤੁਹਾਨੂੰ ਸਿਆਸੀ ਤਾਕਤ ਦਿੱਤੀ, ਉਨ੍ਹਾਂ ਲਈ ਵੀ ਦੋ ਹੰਝੂ ਕੇਰ ਦਿਓ, ਚਾਹੇ ਝੂਠੇ ਮੂਠੇ ਹੀ ਸਹੀ। ਬਜ਼ੁਰਗਾਂ ਨੇ ਸੱਚ ਆਖਿਐ, ‘ਕਬਰਾਂ ਅਜਿਹੇ ਮਨੁੱਖਾਂ ਨਾਲ ਭਰੀਆਂ ਪਈਆਂ ਨੇ, ਜਿਹੜੇ ਸੋਚਦੇ ਸਨ ਕਿ ਸੰਸਾਰ ਉਨ੍ਹਾਂ ਬਿਨਾਂ ਨਹੀਂ ਚੱਲ ਸਕਦਾ।’ ਏਹ ਵੀ ਗੌਰ ਕਰੋ। ‘ਫ਼ਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤੇ ਖਾ ਕੇ, ਸੁਭਾ ਫੇਰ ਖੜ੍ਹੀ।’ ਮਸਲਾ ਲੂਣ, ਤੇਲ, ਲੱਕੜਾਂ ਦਾ ਹੋਵੇ, ਉਦੋਂ ਖੇਤਾਂ ਦੇ ਨਗੌਰੀ ਸ਼ੂਕਦੇ ਨੇ, ਗਪੌੜੀ ਕੰਬਦੇ ਨੇ। ਮਹਾਂ ਨਗਰ ਦੇ ਬੱਚੇ, ਬਾਬਿਆਂ ਨੂੰ ਦੇਖ ਬੋਲੇ, ‘ਪੰਜਾਬ ਦੇ ਸਪਾਈਡਰਮੈਨ’। ‘ਦਿੱਲੀ ਮੋਰਚੇ’ ’ਚ ਅੱਜ ਗੂੰਜ ਪਏਗੀ..‘ਖੇਤੀ ਸ਼ਹੀਦ-ਜ਼ਿੰਦਾਬਾਦ’। ਉਸਤਾਦ ਦਾਮਨ ਵੀ ਇਹੋ ਆਖਦਾ ਤੁਰ ਗਿਆ,‘ ਕੁਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ, ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਹਾਂ।’

              ਸਿੰਘੂ ਸਰਹੱਦ ’ਤੇ ਜੋਸ਼ ਟੀਸੀ ਚੜ੍ਹਿਐ। ਮੁੰਡਿਆਂ ਨੇ ਪੱਬ ਚੁੱਕੇ ਨੇ। ਪੈਲੀ ਦੀ ਜੰਗ ’ਚ ਸਭ ਜਾਇਜ਼ ਹੈ। ਪੋਸਟਰ ਵੀ ਤੇ ਕਿਤਾਬਾਂ ਵੀ। ਰਾਜੇਵਾਲ ਸਾਹਿਬ ! ਵਕਤ ਮਿਲੇ ਤਾਂ ਲਿਓ ਤਾਲਸਤਾਏ ਦੀ ‘ਮੋਇਆ ਦੀ ਜਾਗ’ ਹਕੂਮਤੀ ਜੋੜੀ ਨੂੰ ਫੜਾ ਆਉਣਾ। ਕੀ ਪਤੈ, ਨੀਂਦ ਖੁੱਲ੍ਹ ਜਾਏ। ਲਾਲਾ ਹਰਦਿਆਲ ਵੀ ਸਮਝਾ ਕੇ ਥੱਕ ਗਏ,‘ ਜੇ ਮਨੁੱਖੀ ਸਮਾਜ ਇਨਸਾਫ ਤੇ ਅਧਾਰਿਤ ਨਾ ਹੋਵੇ ਤਾਂ ਇਹ ਸਿਰਫ਼ ਜਾਨਵਰਾਂ ਦੇ ਝੁੰਡ ਵਾਂਗ ਹੁੰਦਾ ਹੈ।’ਗੋਦੀ ਮੀਡੀਏ ਤੋਂ ਭਾਲਦੇ ਹੋ ਨਿਆਂ? ਅਗਲਿਆਂ ਨੇ ‘ਟਰਾਲੀ ਟਾਈਮਜ਼’ ਕੱਢ ਮਾਰਿਆ ਜਿਹੜਾ ਜੌਨ ਸਟੈਨਬੈਕ ਦੇ ਨਾਵਲ ‘ਦਾ ਗਰੇਪਸ ਆਫ਼ ਰਾਥ੍ਹ’ ਦਾ ਚੇਤਾ ਕਰਾਉਂਦੈ। ਮੁਜਾਰਾ ਜੋਡ, ਲਲਕਾਰ ਮਾਰਦੈ,‘ ਜਮਾਂਬੰਦੀ ਵਿਚ ਨਾਮ ਦਰਜ ਕਰਾ ਕੇ ਕੋਈ ਮਾਲਕ ਨਹੀਂ ਬਣ ਜਾਂਦਾ, ਅਸੀਂ ਇਸ ਜ਼ਮੀਨ ’ਚ ਪੈਦਾ ਹੋਏ, ਬੱਚੇ ਇਸੇ ਮਿੱਟੀ ’ਚ ਖੇਡੇ, ਜਿਉਣਾ ਮਰਨਾ ਇਸੇ ਜ਼ਮੀਨ ’ਤੇ ਹੈ। ਸਾਡੇ ਬਜ਼ੁਰਗਾਂ ਨੇ ਜ਼ਹਿਰੀਲੇ ਸੱਪ ਮਾਰ ਕੇ ਇਹ ਜ਼ਮੀਨ ਪੱਧਰ ਕੀਤੀ ਸੀ, ਅਸੀਂ ਬੈਂਕਾਂ ਨੂੰ ਵੀ ਮਾਰ ਸਕਦੇ ਹਾਂ।’ ‘ਜਾਗਦੇ ਦਾ ਲੱਖ, ਸੁੱਤੇ ਦਾ ਕੱਖ’। ਤਾਹੀਂਓ ਪੰਜਾਬ ਜਾਗਿਐ। ਸਿਆਸੀ ਲੋਕਾਂ ਨੂੰ ਦਹਿਲ ਪਿਐ। ਛੱਜੂ ਰਾਮ ਇਸ ਗੱਲੋਂ ਖੁਸ਼ ਹੈ ਕਿ ਉਸ ਦੀ ਦਿਲ ਦੀ ਹੋ ਗਈ। ਏਨੀ ਠੰਡ ’ਚ ਨਹੀਂ ਕੌਣ ਪਿੰਡੋਂ ਪਿੰਡ ‘ਟਰਾਲੀ ਟਾਈਮਜ਼’ ਵੰਡਦੈ।

    





 

Friday, December 18, 2020

                                                    ਜੀਓ ਪੰਜਾਬੀਓ ਜੀਓ
                        ਅੰਬਾਨੀ ਦੀ ਚਾਂਦੀ ਪੰਜਾਬ ’ਚ ਹੋਣ ਲੱਗੀ ਮਿੱਟੀ                                                      ਚਰਨਜੀਤ ਭੁੱਲਰ                            

ਚੰਡੀਗੜ੍ਹ : ਪੰਜਾਬੀ ਲੋਕ ਆਪਣੇ ਘਰਾਂ ’ਚੋਂ ਅੰਬਾਨੀ ਦੇ ‘ਜੀਓ’ ਨੂੰ ਅਲਵਿਦਾ ਆਖਣ ਲੱਗੇ ਹਨ। ਕਿਸਾਨ ਧਿਰਾਂ ਦੀ ਅੰਬਾਨੀ ਦੇ ਜੀਓ ਮੋਬਾਈਲ ਦੇ ਬਾਈਕਾਟ ਦੀ ਅਪੀਲ ਨੂੰ ਪੰਜਾਬ ਨੇ ਸਿਰ ਮੱਥੇ ਕਬੂਲ ਕੀਤਾ ਹੈ। ਜੀਓ ਮੋਬਾਈਲ ਨੇ ਪੰਜਾਬੀ ਘਰਾਂ ’ਚ ਏਨੀ ਘੁਸਪੈਠ ਕਰ ਲਈ ਸੀ ਕਿ ਪੰਜਾਬ ਦੇ ਹਰ ਘਰ ’ਚ ਜੀਓ ਦੇ ਔਸਤਨ ਦੋ ਮੋਬਾਈਲ ਸਨ। ਤੱਥ ਉੱਭਰੇ ਹਨ ਕਿ ਪੰਜਾਬੀ ਹੁਣ ਜੀਓ ਦੇ ਸਿਮ ਚਲਾਉਣ ਤੋਂ ਪਾਸਾ ਵੱਟਣ ਲੱਗੇ ਹਨ। ਤਾਹੀਓਂ ਰਿਲਾਇੰਸ ਜੀਓ ਨੇ ਟੈਲੀਕਾਮ ਅਥਾਰਿਟੀ ਕੋਲ ਸ਼ਿਕਾਇਤ ਦਰਜ ਕਰਾਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੇ 3 ਦਸੰਬਰ, 2020 ਦੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਸਤੰਬਰ ਮਹੀਨੇ ਕੁੱਲ 3.88 ਕਰੋੜ ਮੋਬਾਈਲ ਕੁਨੈਕਸ਼ਨ ਸਨ, ਭਾਵ ਪੰਜਾਬ ਦੇ ਹਰ ਘਰ ’ਚ ਔਸਤਨ 7 ਕੁਨੈਕਸ਼ਨ ਸਨ। ਇਨ੍ਹਾਂ ਕੁਨੈਕਸ਼ਨਾਂ ’ਚੋਂ 1.39 ਕਰੋੜ (35.99 ਫ਼ੀਸਦੀ) ਜੀਓ ਦੇ ਹਨ।               ਦੇਖਿਆ ਜਾਵੇ ਤਾਂ ਪੰਜਾਬ ’ਚ ਜੰਮਦੇ ਬੱਚੇ ਦੇ ਹਿੱਸੇ ਵੀ ਇੱਕ ਮੋਬਾਈਲ ਕੁਨੈਕਸ਼ਨ ਆਉਂਦਾ ਹੈ। ਜੀਓ ਦੀ ਸ਼ੁਰੂਆਤੀ ਮੁਫ਼ਤ ਆਫਰ ਦੇ ਲਾਲਚ ’ਚ ਪੰਜਾਬੀ ਸਭ ਤੋਂ ਵੱਧ ਫਸੇ। ‘ਦਿੱਲੀ ਮੋਰਚੇ’ ਵਿੱਚ ਕਿਸਾਨ ਧਿਰਾਂ ਨੇ ਇਨ੍ਹਾਂ ਘਰਾਣਿਆਂ ਦੇ ਉਤਪਾਦਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਟੈਲੀਕਾਮ ਅਥਾਰਿਟੀ ਦੇ ਤੱਥਾਂ ਅਨੁਸਾਰ ਰਿਲਾਇੰਸ ਜੀਓ ਦੇ ਚਾਲੂ ਕੁਨੈਕਸ਼ਨਾਂ ਦੀ ਦਰ ਵੀ ਘਟਣ ਲੱਗੀ ਹੈ। ਪੰਜਾਬ ’ਚ ਚਾਲੂ ਵਰ੍ਹੇ ਦੇ ਸਤੰਬਰ ਮਹੀਨੇ ’ਚ ਜੀਓ ਦੇ ਡੈੱਡ ਕੁਨੈਕਸ਼ਨਾਂ ਦੀ ਦਰ 33.44 ਫ਼ੀਸਦੀ ਹੋ ਗਈ ਹੈ, ਜੋ ਜਨਵਰੀ 2019 ਵਿੱਚ 20.16 ਫ਼ੀਸਦੀ ਸੀ। ਰਿਲਾਇੰਸ ਜੀਓ ਦੇ ਪੰਜਾਬ ਵਿਚਲੇ 1.39 ਕਰੋੜ ਕੁਨੈਕਸ਼ਨਾਂ ਵਿੱਚੋਂ ਸਿਰਫ਼ 66.56 ਫ਼ੀਸਦੀ ਕੁਨੈਕਸ਼ਨ ਹੀ ਵਰਤੋਂ ਵਿੱਚ ਹਨ ਜਦਕਿ ਦੇਸ਼ ਭਰ ਵਿੱਚ ਜੀਓ ਦੇ 78.76 ਫ਼ੀਸਦੀ ਕੁਨੈਕਸ਼ਨ ਐਕਟਿਵ ਹਨ। ਪੰਜਾਬ ਵਿੱਚ ਏਅਰਟੈੱਲ ਕੰਪਨੀ ਦੇ 97.78 ਫ਼ੀਸਦੀ, ਆਈਡੀਆ ਦੇ 88.93 ਫ਼ੀਸਦੀ ਅਤੇ ਬੀਐੱਸਐੱਨਐੱਲ ਦੇ 39.24 ਫ਼ੀਸਦੀ ਕੁਨੈਕਸ਼ਨ ਐਕਟਿਵ ਹਨ।             ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਆਖਦੇ ਹਨ ਕਿ ਕਿਸਾਨ ਧਿਰਾਂ ਦੀ ਅੰਬਾਨੀ ਅਡਾਨੀ ਦੇ ਬਾਈਕਾਟ ਦੀ ਅਪੀਲ ਨੂੰ ਸਭ ਤੋਂ ਵੱਧ ਬੂਰ ਪੰਜਾਬ ’ਚ ਪਿਆ ਹੈ। ਪੰਜਾਬ ਵਿੱਚ ਇਕੱਲੇ ਸਤੰਬਰ ਮਹੀਨੇ ਸਿਮ ਇੱਕ ਕੰਪਨੀ ਤੋਂ ਦੂਸਰੀ ਕੰਪਨੀ ਵਿੱਚ ਤਬਦੀਲ ਕਰਾਉਣ ਲਈ 10 ਹਜ਼ਾਰ ਦਰਖਾਸਤਾਂ ਕੰਪਨੀਆਂ ਕੋਲ ਪੁੱਜੀਆਂ ਹਨ, ਜਿਸ ’ਚ ਜੀਓ ਵੀ ਸ਼ਾਮਲ ਹੈ। ਬੁਢਲਾਡਾ ਦੇ ਮੋਬਾਈਲ ਕੁਨੈਕਸ਼ਨ ਕਾਰੋਬਾਰੀ ਸੁਖਚੈਨ ਸਿੰਘ ਨੇ ਦੱਸਿਆ ਕਿ ਜੀਓ ਸਿਮ ਤਬਦੀਲ ਕਰਾਉਣ ਵਾਲੇ ਖਪਤਕਾਰਾਂ ਦੀ ਗਿਣਤੀ ਵਧੀ ਹੈ। ਮਾਨਸਾ ਜ਼ਿਲ੍ਹੇ ਦੇ ਰਣਬੀਰ ਸਿੰਘ ਨੇ ਕਿਹਾ ਕਿ ਬਾਈਕਾਟ ਦਾ ਸੱਦਾ ਸਭਨਾਂ ਨੇ ਪ੍ਰਵਾਨ ਕੀਤਾ ਹੈ। ਰਿਲਾਇੰਸ ਜੀਓ ਨੇ ਟੈਲੀਕਾਮ ਅਥਾਰਿਟੀ ਨੂੰ ਲਿਖੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਵੱਲੋਂ ਖਪਤਕਾਰਾਂ ਵਿੱਚ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਕੰਪਨੀਆਂ ਨੇ ਰਿਲਾਇੰਸ ਜੀਓ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ।             ਪੱਖ ਜਾਣਨ ਲਈ ਰਿਲਾਇੰਸ ਜੀਓ ਦੇ ਪੰਜਾਬ ਦੇ ਮੁੱਖ ਕਾਰਜਕਾਰੀ ਅਫ਼ਸਰ ਨਾਲ ਸੰਪਰਕ ਕੀਤਾ, ਜਿਨ੍ਹਾਂ ਫੋਨ ਨਹੀਂ ਚੁੱਕਿਆ। ਬੀ.ਕੇ.ਯੂ (ਪੰਜਾਬ) ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਦੱਸਿਆ ਕਿ ਲੋਕਾਂ ਨੇ ਕਿਸਾਨ ਧਿਰਾਂ ਦੀ ਬਾਈਕਾਟ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਵੱਡੀ ਪੱਧਰ ’ਤੇ ਜੀਓ ਦੇ ਕੁਨੈਕਸ਼ਨ ਛੱਡਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ 32 ਕਿਸਾਨ ਧਿਰਾਂ ਦੀ ਮੀਟਿੰਗ ਵਿੱਚ ਸਭਨਾਂ ਸੂਬਿਆਂ ਤੋਂ ਫੀਡਬੈਕ ਮਿਲਿਆ ਹੈ ਕਿ ਅੰਬਾਨੀ ਅਡਾਨੀ ਦੇ ਉਤਪਾਦਾਂ ਤੋਂ ਲੋਕ ਪਾਸਾ ਵੱਟਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਵਿੱਚੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਦੇਸ਼ ਭਰ ’ਚ ਰਿਲਾਇੰਸ ਜੀਓ ਨੇ ਚੰਗੀ ਕਮਾਈ ਕੀਤੀ ਹੈ ਅਤੇ ਇਸ ਵੇਲੇ ਮੋਬਾਈਲ ਕੁਨੈਕਸ਼ਨ ਕਾਰੋਬਾਰ ’ਚ ਦੇਸ਼ ਭਰ ਵਿੱਚ ਸਭ ਤੋਂ ਵੱਧ ਮਾਰਕੀਟ ਸ਼ੇਅਰ 35.19 ਫ਼ੀਸਦੀ ਰਿਲਾਇੰਸ ਜੀਓ ਦਾ ਹੈ, ਜੋ ਨਵੰਬਰ 2016 ਵਿੱਚ ਸਿਰਫ਼ 4.72 ਫ਼ੀਸਦੀ ਸੀ। ਇਸੇ ਤਰ੍ਹਾਂ ਮੁਲਕ ’ਚ ਵੋਡਾਫੋਨ ਦਾ 25.73 ਫ਼ੀਸਦੀ, ਏਅਰਟੈੱਲ ਦਾ 28.44 ਫ਼ੀਸਦੀ ਅਤੇ ਬੀਐੱਸਐੱਨਐੱਲ ਦਾ 10.36 ਫ਼ੀਸਦੀ ਮਾਰਕੀਟ ਸ਼ੇਅਰ ਹੈ। ਭਾਵੇਂ ਪੰਜਾਬ ’ਚ ਹੁਣ ਤਕ ਰਿਲਾਇੰਸ ਜੀਓ ਦੀ ਚਾਂਦੀ ਰਹੀ ਹੈ ਪਰ ਹੁਣ ਬਾਈਕਾਟ ਦਾ ਸੱਦਾ ਜੀਓ ਨੂੰ ਮਹਿੰਗਾ ਪਵੇਗਾ।

Thursday, December 17, 2020

                                                       ਜਿਗਰਾਂ ਦੇ ਟੋਟੇ
                                        ਕਾਸ਼! ਕੋਈ ਤਸਵੀਰ ਬੋਲ ਪੈਂਦੀ...
                                                      ਚਰਨਜੀਤ ਭੁੱਲਰ                            

ਚੰਡੀਗੜ੍ਹ : ਵਿਧਵਾ ਬਲਦੇਵ ਕੌਰ ਨਾ ਪੁੱਤ ਬਚਾ ਸਕੀ ਅਤੇ ਨਾ ਹੀ ਪਤੀ। ਉਸ ਕੋਲ ਸਿਰਫ਼ ਦੋ ਤਸਵੀਰਾਂ ਬਚੀਆਂ ਹਨ, ਜਿਨ੍ਹਾਂ ਨੂੰ ਚੁੱਕ ਅੱਜ ਉਹ ਦਿੱਲੀ ਮੋਰਚੇ ’ਚ ਬੈਠੀ ਹੈ। ਇੱਕ ਹੱਥ ਵਿੱਚ ਪਤੀ ਤੇ ਦੂਜੇ ਵਿੱਚ ਪੁੱਤ ਦੀ ਤਸਵੀਰ ਹੈ। ਪੰਡਾਲ ’ਚ ਬੈਠੀ ਉੱਚੀ ਚੁੱਕ ਚੁੱਕ ਤਸਵੀਰਾਂ ਦਿਖਾ ਰਹੀ ਸੀ। ਭੰਮੇ ਕਲਾਂ ਦੀ ਇਸ ਮਹਿਲਾ ਕੋਲ ਸਿਰਫ਼ ਹੰਝੂ ਬਚੇ ਹਨ। ਦਿੱਲੀ ਮੋਰਚੇ ਦੀ ਸਟੇਜ ’ਤੇ ਇਸ ਦੁਖਿਆਰੀ ਨੇ ਇੰਝ ਆਪਣੇ ਦਰਦ ਬਿਆਨ ਕੀਤੇ, ‘ਖ਼ੁਦਕੁਸ਼ੀਆਂ ਦੇ ਰਾਹੇ ਤੁਰ ਗਏ, ਪਿਉ ਤੇ ਪੁੱਤ ਕੁੜੇ।’ਪੰਜਾਬ ਦੀ ਕਪਾਹ ਪੱਟੀ ’ਚ ਤਿੰਨ ਦਹਾਕੇ ਤੋਂ ਵਿਰਲਾਪ ਹੋ ਰਿਹਾ ਹੈ। ਵਿਧਵਾਂ ਔਰਤਾਂ ਤਸਵੀਰਾਂ ਨੂੰ ਚੁੱਕ ਕੇ ਕਦੇ ਸਰਕਾਰੀ ਦਫ਼ਤਰਾਂ ’ਚ ਗਈਆਂ ਅਤੇ ਕਦੇ ਧਰਨਿਆਂ ਵਿੱਚ ਬੈਠੀਆਂ। ਪਹਿਲੀ ਦਫ਼ਾ ਹੈ ਕਿ ਉਨ੍ਹਾਂ ਨੂੰ ਤਸਵੀਰਾਂ ਚੁੱਕ ਕੇ ਦਿੱਲੀ ਦੀਆਂ ਬਰੂਹਾਂ ’ਤੇ ਆਉਣਾ ਪਿਆ। ਪਹਿਲਾਂ ਬਲਦੇਵ ਕੌਰ ਦਾ ਪਤੀ ਮਿੱਠੂ ਸਿੰਘ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਿਆ ਅਤੇ ਮਗਰੋਂ ਪੁੱਤ ਕੁਲਵਿੰਦਰ ਸਿੰਘ ਵੀ ਉਸੇ ਰਾਹੇ ਚਲਾ ਗਿਆ। ਨਰਮਾ ਪੱਟੀ ਦੇ ਬਹੁਤੇ ਘਰਾਂ ਦੀ ਇਹੋ ਕਹਾਣੀ ਹੈ।

              ਕਾਸ਼, ਇਹ ਤਸਵੀਰਾਂ ਬੋਲਦੀਆਂ ਹੁੰਦੀਆਂ ਤਾਂ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੀਆਂ। ਪਿੰਡ ਝੇਰਿਆਂ ਵਾਲੀ ਦੀ ਦਲੀਪ ਕੌਰ ਕੋਲ ਦੋ ਤਸਵੀਰਾਂ ਸਨ। ਇੱਕ ਪੁੱਤ ਜੱਗਾ ਸਿੰਘ ਦੀ ਤੇ ਦੂਜੀ ਨੂੰਹ ਕਰਮਜੀਤ ਕੌਰ ਦੀ। ਅੱਗੇ ਪਿੱਛੇ ਦੋਵੇਂ ਜੀਅ ਖ਼ੁਦਕੁਸ਼ੀ ਦੇ ਰਾਹ ਪੈ ਗਏ। ਦਲੀਪ ਕੌਰ ਆਖਦੀ ਹੈ ਕਿ ਉਹ ਨਾ ਪੁੱਤ ਬਚਾ ਸਕੀ ਅਤੇ ਨਾ ਹੀ ਜ਼ਮੀਨ। ਪੋਤੇ ਹੀ ਉਸ ਦੀ ਆਖ਼ਰੀ ਢਾਰਸ ਹਨ ਅਤੇ ਬਿਰਧ ਪਤੀ ਮੰਜੇ ਜੋਗਾ ਰਹਿ ਗਿਆ ਹੈ। ਨਰਮਾ ਪੱਟੀ ਦੇ ਅੱਧੀ ਦਰਜਨ ਜ਼ਿਲ੍ਹਿਆਂ ਵਿੱਚੋਂ ਇਹ ਔਰਤਾਂ ਦਿੱਲੀ ਪੁੱਜੀਆਂ ਸਨ ਤਾਂ ਜੋ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਅੰਦੋਲਨ ’ਚ ਆਪਣੀ ਆਵਾਜ਼ ਚੁੱਕ ਸਕਣ। ਕਿਸਾਨ ਆਗੂ ਮਲਕੀਤ ਸਿੰਘ ਆਖਦਾ ਹੈ ਕਿ ਜਦੋਂ ਕਮਾਊ ਜੀਅ ਚਲੇ ਗਏ ਤਾਂ ਇਨ੍ਹਾਂ ਵਿਧਵਾ ਔਰਤਾਂ ਦੀ ਜ਼ਿੰਦਗੀ ਵੀ ਸ਼ਮਸ਼ਾਨ ਬਣ ਗਈ। ਪੰਜਾਬ ਸਰਕਾਰ ਤੋਂ ਕਈ ਔਰਤਾਂ ਨੂੰ ਹਾਲੇ ਕੋਈ ਵਿੱਤੀ ਮਦਦ ਨਹੀਂ ਮਿਲੀ। ਪਿੰਡ ਕੋਟਧਰਮੂ ਦਾ ਨਾਜ਼ਰ ਸਿੰਘ ਜਦੋਂ ਕਰਜ਼ ਨਾ ਉਤਾਰ ਸਕਿਆ, ਫਾਹਾ ਲੈ ਕੇ ਖ਼ੁਦਕੁਸ਼ੀ ਕਰ ਗਿਆ। ਉਹੀ ਕਰਜ਼ਾ ਪੁੱਤ ਸਿਰ ਹੋ ਗਿਆ। ਪੁੱਤਰ ਰਾਮ ਸਿੰਘ ਵੀ ਸਲਫਾਸ ਖਾ ਗਿਆ। ਮਾਂ ਲੀਲੋ ਕੌਰ ਹੁਣ ਕਿੱਧਰ ਜਾਏ।

             ਸੈਂਕੜੇ ਪਰਿਵਾਰ ਹਨ, ਜਿਨ੍ਹਾਂ ’ਚ ਦੋ ਦੋ ਕਮਾਊ ਜੀਅ ਖੇਤੀ ਸੰਕਟ ਦੀ ਭੇਟ ਚੜ੍ਹ ਗਏ ਹਨ। ਇੱਕ ਬਿਰਧ ਔਰਤ ਨੇ ਦੱਸਿਆ ਕਿ ਜਦੋਂ ਉਹ ਦਿੱਲੀ ਲਈ ਤੁਰੀ ਤਾਂ ਉਸ ਨੇ ਪਹਿਲਾਂ ਪੁੱਤ ਦੀ ਫੋਟੋ ਨੂੰ ਆਵਾਜ਼ ਦਿੱਤੀ, ‘ਆ ਵੇ ਪੁੱਤਾ, ਦਿੱਲੀ ਚੱਲੀਏ।’ ਫਿਰ ਫੋਟੋ ਚੁੱਕ ਕੇ ਬੱਸ ਵਿੱਚ ਬੈਠ ਗਈ। ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਆਖਦੀ ਹੈ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਇਨ੍ਹਾਂ ਤਸਵੀਰਾਂ ਦਾ ਹੜ੍ਹ ਆ ਜਾਣਾ ਹੈ। ਉਸ ਦਾ ਕਹਿਣਾ ਸੀ ਕਿ ਇਹ ਤਸਵੀਰਾਂ ਨਹੀਂ, ਮੋਢਿਆਂ ’ਤੇ ਲਾਸ਼ਾਂ ਚੁੱਕੀ ਫਿਰਦੀਆਂ ਹਨ। ਹਰ ਤਸਵੀਰ ਦੀ ਆਪਣੀ ਕਹਾਣੀ ਸੀ। ਦਿੱਲੀ ਮੋਰਚੇ ਦੇ ਪੰਡਾਲ ’ਚ ਜਿਨ੍ਹਾਂ ਔਰਤਾਂ ਦੇ ਹੱਥਾਂ ਵਿੱਚ ਦੋ ਦੋ ਤਸਵੀਰਾਂ ਸਨ, ਉਨ੍ਹਾਂ ਦੇ ਚਿਹਰੇ ਦੱਸਦੇ ਸਨ ਕਿ ਹਾਕਮਾਂ ਨੇ ਖ਼ੈਰ ਨਹੀਂ ਗੁਜ਼ਾਰੀ। ਇੱਕ ਬਿਰਧ ਔਰਤ ਨੇ ਪੁੱਤ ਦੀ ਤਸਵੀਰ ਚੁੱਕੀ ਹੋਈ ਸੀ। ਉਹ ਆਖਦੀ ਹੈ, ‘ਜਦੋਂ ਤਸਵੀਰ ਚੁੱਕਦੀ ਹਾਂ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਂਦੀ।’

                                               ਲੰਮੇ ਪੈਂਡੇ, ਨੰਨ੍ਹੇ ਰਾਹੀ

ਦਿੱਲੀ ਮੋਰਚੇ ’ਚ ਉਹ ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ਦੇ ਬਾਪ ਖ਼ੁਦਕੁਸ਼ੀ ਦੇ ਰਾਹ ਚਲੇ ਗਏ ਹਨ। ਕਈ ਬੱਚੇ ਛੋਟੇ ਸਨ, ਜੋ ਸੁਰਤ ਸੰਭਲਣ ਤੋਂ ਪਹਿਲਾਂ ਬਾਪ ਦਾ ਚਿਹਰਾ ਨਹੀਂ ਵੇਖ ਸਕੇ ਸਨ। ਇਨ੍ਹਾਂ ਬੱਚਿਆਂ ਦੇ ਹਿੱਸੇ ਸਿਰਫ਼ ਤਸਵੀਰ ਹੀ ਆਈ ਹੈ। ਅਣਭੋਲ ਬੱਚੇ ਅੱਜ ਤਸਵੀਰਾਂ ਹੱਥ ’ਚ ਚੁੱਕ ਕੇ ਪੰਡਾਲ ’ਚੋਂ ਦਿਖਾ ਰਹੇ ਸਨ। ਕਈ ਬੱਚੇ ਆਪਣੀਆਂ ਦਾਦੀਆਂ ਨਾਲ ਆਏ ਹੋਏ ਸਨ।

Wednesday, December 16, 2020

                                                           ਜ਼ਮੀਨੀ ਪ੍ਰੀਖਿਆ
                                 ਲੋਹੇ ਦੀ ਲੱਠ ਨੇ ਏਹ ਮਾਵਾਂ..!
                                            ਚਰਨਜੀਤ ਭੁੱਲਰ                          

ਚੰਡੀਗੜ੍ਹ : ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਖੁਰਦ ਦੀ ਬੇਬੇ ਭਗਵਾਨ ਕੌਰ ਨੇ ਦੋ ਹੱਲੇ ਵੇਖੇ ਹਨ। ਜਦੋਂ ਥੋੜੀ ਸੁਰਤ ਸੰਭਲੀ, ਦੇਸ਼ ਦੇ ਦੋ ਟੋਟੇ ਵੇਖੇ। ਹੱਲਾ-ਗੁੱਲਾ ਅੱਖੀਂ ਦੇਖਿਆ। ਜ਼ਮੀਨਾਂ ਖੁਸੀਆਂ ਵੀ, ਮੁੜ ਮਿਲੀਆਂ ਵੀ। ਹੁਣ ਜਦੋਂ ਜ਼ਿੰਦਗੀ ਦੇ ਆਖਰੀ ਮੋੜ 'ਤੇ ਹੈ, ਉਹ ਦੂਸਰਾ ਹੱਲਾ ਵੇਖ ਰਹੀ ਹੈ। ਬਿਰਧ ਭਗਵਾਨ ਕੌਰ ਗੜ੍ਹਕ ਕੇ ਬੋਲੀ, 'ਅੰਬਾਨੀ ਕੋਈ ਰੱਬ ਨੇ।' ਪਹਿਲੇ ਦਿਨ ਤੋਂ ਉਹ ਦਿੱਲੀ ਮੋਰਚੇ 'ਚ ਬੈਠੀ ਹੋਈ ਹੈ। 80 ਵਰ੍ਹਿਆਂ ਦੀ ਇਸ ਮਾਂ ਨੇ ਵੰਡ ਵੇਲੇ ਸੂਏ ਦਾ ਲਾਲ ਪਾਣੀ ਵੇਖਿਆ ਸੀ।  ਬੇਬੇ ਭਗਵਾਨ ਕੌਰ ਦਾ ਤੌਖ਼ਲਾ ਹੈ ਕਿ 'ਜਾਂਦੀ ਉਮਰੇ ਮੁੜ ਕਿਤੇ ਲਾਲ ਪਾਣੀ ਨਾ ਵੇਖਣਾ ਪੈ ਜਾਵੇ।' ਉਹ ਸੁੱਖ ਮੰਗ ਰਹੀ ਹੈ। ਦਿੱਲੀ ਮੋਰਚੇ 'ਚ ਉਨ੍ਹਾਂ ਔਰਤਾਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਵੰਡ ਦੀ ਚੀਸ ਝੱਲੀ ਹੈ। ਹੁਣ ਉਮਰ ਅਤੇ ਠੰਢ ਨਾਲ ਵੀ ਭਿੜ ਰਹੀਆਂ ਹਨ। ਪਟਿਆਲਾ ਦੇ ਪਿੰਡ ਬੁਰੜ ਦੀ ਮਾਈ ਜੋਗਿੰਦਰ ਕੌਰ ਦੋ-ਤਿੰਨ ਵਰ੍ਹਿਆਂ ਦੀ ਸੀ ਜਦੋਂ ਦੇਸ਼ ਦੀ ਵੰਡ ਹੋਈ। ਹੋਸ਼ ਸੰਭਾਲੀ ਤਾਂ ਤਾਏ ਨੇ ਦੱਸਿਆ ਕਿ ਕਿਵੇਂ ਉਸ ਦਾ ਬਚਪਨ ਟੱਪਰੀਵਾਸਾਂ ਵਾਂਗ ਗੁਜ਼ਰਿਆ।
         ਜੋਗਿੰਦਰ ਕੌਰ ਨੇ ਬਚਪਨ ਉਮਰੇ ਵੱਡੇ ਫੱਟ ਵੇਖ ਲਏ। ਵੰਡ ਵੇਲੇ ਜੋਗਿੰਦਰ ਕੌਰ ਦਾ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਆ ਗਿਆ ਸੀ। ਛੇ ਮੁਰੱਬੇ ਜ਼ਮੀਨ ਛੱਡ ਕੇ ਪਰਿਵਾਰ ਭਾਰਤ ਪੁੱਜਾ। ਉਧਰੋਂ ਖੁੱਸੀ ਜ਼ਮੀਨ ਇੱਧਰ ਮਿਲ ਗਈ। ਬਿਰਧ ਮਾਂ ਆਖਦੀ ਹੈ ਕਿ ਹੁਣ ਜ਼ਮੀਨ ਖੁਸ ਗਈ ਤਾਂ ਪੁੱਤ-ਪੋਤੇ ਕਿਧਰ ਜਾਣਗੇ। ਪਿੰਡ ਬੁਰੜ ਦੀਆਂ ਛੇ ਔਰਤਾਂ 'ਚ ਇੱਕ ਉਹ ਵੀ ਹੈ, ਜੋ ਸਭਨਾਂ ਨੂੰ ਚੜ੍ਹਦੀ ਕਲਾ 'ਚ ਰੱਖਦੀ ਹੈ। ਕਿਸਾਨੀ ਤਾਕਤ 'ਤੇ ਏਨਾ ਮਾਣ ਹੈ ਕਿ ਹੁਣ ਉਸ ਨੂੰ ਜੰਗ ਜਿੱਤਣ ਦਾ ਹੌਸਲਾ ਹੈ। ਇਹ ਔਰਤਾਂ ਪਿੰਡੋਂ ਵੀ ਜ਼ਿੱਦ ਕਰਕੇ ਦਿੱਲੀ ਪੁੱਜੀਆਂ ਹਨ। ਮਹਿਲਾ ਕਿਸਾਨ ਆਗੂ ਗੁਰਪ੍ਰੀਤ ਕੌਰ ਬਰਾਸ ਦੱਸਦੀ ਹੈ ਕਿ ਜਦੋਂ ਉਹ ਪਿੰਡੋਂ ਤੁਰਨ ਲੱਗੇ ਤਾਂ ਇਹ ਛੇ ਬਿਰਧ ਔਰਤਾਂ ਨੇ ਵਾਸਤਾ ਪਾਇਆ, ਧੀਏ! ਸਾਨੂੰ ਦਿੱਲੀ ਲੈ ਜਾਓ। ਪਿੰਡ ਧੌਲਾ ਦੀ 80 ਸਾਲ ਦੀ ਬਜ਼ੁਰਗ ਬਸੰਤ ਕੌਰ ਹੁਣ ਵੀ ਵੰਡ ਦੇ ਸਮੇਂ ਨੂੰ ਯਾਦ ਕਰਕੇ ਅੱਖਾਂ ਨਮ ਕਰ ਲੈਂਦੀ ਹੈ। ਉਦੋਂ ਨਿੱਕੀ ਉਮਰੇ ਗਲੀਆਂ 'ਚ ਲਹੂ ਵਹਿੰਦਾ ਦੇਖਿਆ ਤਾਂ ਦਹਿਲ ਬੈਠ ਗਿਆ।
         ਦਿੱਲੀ ਮੋਰਚੇ 'ਚ ਹੁਣ ਜੋਸ਼ ਨੇ ਬਜ਼ੁਰਗ ਨੂੰ ਲੋਹੇ ਦੀ ਲੱਠ ਬਣਾ ਦਿੱਤਾ ਹੈ। ਉਹ ਆਖਦੀ ਹੈ ਕਿ ਇਹ ਦੂਸਰਾ ਹੱਲਾ ਵੇਖਣਾ ਪੈ ਰਿਹਾ ਹੈ।  ਬਸੰਤ ਕੌਰ ਆਖਦੀ ਹੈ,''ਜੇ ਅੱਜ ਘਰ ਬੈਠ ਜਾਂਦੇ ਤਾਂ ਪੁੱਤ-ਪੋਤਿਆਂ ਨੇ ਆਖਣਾ ਸੀ, ਬੇਬੇ! ਜਦੋਂ ਕਿਸਾਨ ਦਿੱਲੀ 'ਚ ਮੋਰਚੇ 'ਤੇ ਬੈਠੇ ਸਨ ਤਾਂ ਤੁਸੀਂ ਮੂੰਹ ਕਿਉਂ ਮੋੜੇ।'' 77 ਸਾਲ ਦੀ ਜਸਵੀਰ ਕੌਰ ਦਾ ਬਚਪਨ ਵੀ ਇਵੇਂ ਹੀ ਗੁਜ਼ਰਿਆ। ਉਹ ਆਖਦੀ ਹੈ ਕਿ ਜੇ ਅੱਜ ਡਰ ਗਏ ਤਾਂ ਜ਼ਮੀਨ ਕਿਵੇਂ ਬਚੂ। ਸਾਰੇ ਪਰਿਵਾਰ ਸਮੇਤ ਇਹ ਮਾਂ ਦਿੱਲੀ ਮੋਰਚੇ 'ਚ ਡਟੀ ਹੈ। ਸੰਗਰੂਰ ਦੇ ਪਿੰਡ ਡਸਕਾ ਦਾ 80 ਸਾਲ ਦਾ ਬਿਰਧ ਗੁਰਚਰਨ ਸਿੰਘ ਆਖਦਾ ਹੈ ਕਿ ਮੋਦੀ ਸਰਕਾਰ ਨੇ ਤਾਂ 1947 ਵਾਲਾ ਹੱਲਾ ਵੀ  ਭੁਲਾ ਦਿੱਤਾ ਹੈ। ਉਹ ਦੱਸਦਾ ਹੈ ਕਿ ਵੰਡ ਦੇ ਸਮੇਂ ਪਿੰਡ ਉਜੜਦੇ ਵੇਖੇ, ਮਾਵਾਂ ਦੇ ਕਤਲ ਵੇਖੇ, ਕੋਲ ਪਏ ਜਿਉਂਦੇ ਬੱਚੇ ਵੇਖੇ।  ਜਦੋਂ ਗੁਰਚਰਨ ਸਿੰਘ ਘਰੋਂ ਤੁਰਿਆ, ਪੋਤਿਆਂ ਨੇ ਰਾਹ ਰੋਕਣਾ ਚਾਹਿਆ। ਉਹ ਆਖਦਾ ਹੈ ਕਿ ਹੁਣ ਘਰ ਰੁਕ ਜਾਂਦਾ ਤਾਂ ਜ਼ਮੀਨਾਂ ਨੇ ਹੱਥੋਂ ਰੁਕਣਾ ਨਹੀਂ ਸੀ। ਉਹ ਜੰਗ ਜਿੱਤਣ ਦੀ ਗੱਲ ਕਰਦਾ ਹੈ।
         ਬਠਿੰਡਾ ਦੇ ਪਿੰਡ ਜੋਧਪੁਰ ਪਾਖਰ ਦੇ ਜੋਗਿੰਦਰ ਸਿੰਘ ਲਈ ਜ਼ਿੰਦਗੀ ਦੀ ਇਹ ਦੂਸਰੀ ਪ੍ਰੀਖਿਆ ਹੈ। ਉਮਰ 83 ਸਾਲ ਹੈ ਤੇ ਦੱਸਦਾ ਹੈ ਕਿ ਜਦੋਂ ਮੁਲਕ ਦਾ ਬਟਵਾਰਾ ਹੋਇਆ, ਉਦੋਂ ਉਸ ਨੇ ਆਪਣੇ ਗੁਆਂਢੀ ਮੁਸਲਿਮ ਦੋਸਤ ਨੂੰ ਬਾਜਰੇ ਦੇ ਖੇਤ 'ਚ ਲੁਕੋ ਲਿਆ ਸੀ।   ਉਹ ਦੱਸਦਾ ਹੈ ਕਿ ਉਸ ਵਕਤ ਏਨਾ ਕਹਿਰ ਵਰ੍ਹਿਆ ਕਿ ਦੋਸਤ ਨੂੰ ਬਚਾ ਨਾ ਸਕਿਆ। ਉਹ ਆਖਦਾ ਹੈ ਕਿ ਹੁਣ ਅੰਬਾਨੀ-ਅਡਾਨੀ ਦਾ ਵੀ ਹੱਲਾ ਵੱਡਾ ਹੈ, ਜੇ ਹੁਣ ਉਹ ਜ਼ਮੀਨ ਬਚਾ ਨਾ ਸਕਿਆ ਤਾਂ ਜ਼ਿੰਦਗੀ ਨੇ ਕਦੇ ਮੁਆਫ਼ ਨਹੀਂ ਕਰਨਾ। ਉਹ ਆਖਦਾ ਹੈ ਕਿ ਅਸਲ 'ਚ ਬਜ਼ੁਰਗਾਂ ਨੂੰ ਕੇਂਦਰ ਨੇ ਪਰਖਿਆ ਹੈ ਪ੍ਰੰਤੂ ਉਨ੍ਹਾਂ ਨੇ ਵੀ ਪੁਰਾਣੀਆਂ ਖੁਰਾਕਾਂ ਖਾਧੀਆਂ ਹਨ, ਜੰਗ ਜਿੱਤ ਕੇ ਹੀ ਮੁੜਨਗੇ। ਇੱਕ ਬਜ਼ੁਰਗ ਬੇਬੇ ਨੇ ਇਹ ਦੱਸਿਆ ਕਿ ਦੇਸ਼ ਦੇ ਬਟਵਾਰੇ ਸਮੇਂ ਉਸ ਦੀ ਉਮਰ 13 ਸਾਲ ਸੀ। ਉਦੋਂ ਉਸ ਨੇ ਔਰਤਾਂ ਵਿਚ ਇਕੱਠੇ ਬੈਠ ਕੇ ਰੋਟੀਆਂ ਲਾਹੀਆਂ ਸਨ। ਉਹ ਹੁਣ ਵੀ ਦਿੱਲੀ ਮੋਰਚੇ 'ਚ ਬੈਠੀ ਰੋਟੀਆਂ ਪਕਾ ਰਹੀ ਹੈ।

Tuesday, December 15, 2020

                                                          ਦਿੱਲੀ ਮੋਰਚਾ
                            ਜਦੋਂ 'ਤਾਊ ਤੇ ਭਾਊ' ਦੀ ਪਈ ਜੱਫੀ
                                          ਚਰਨਜੀਤ ਭੁੱਲਰ                                   

ਚੰਡੀਗੜ੍ਹ : 'ਦਿੱਲੀ ਮੋਰਚੇ' ਦਾ ਇਹ ਧੰਨਭਾਗ ਸਮਝੋ ਜਿਸ ਨੇ ਪੰਜਾਬ ਦੇ ਭਾਊ ਤੇ ਹਰਿਆਣਾ ਦੇ ਤਾਊ ਦੀ ਜੱਫੀ ਪਵਾ ਦਿੱਤੀ ਹੈ। ਕਿਸਾਨ ਅੰਦੋਲਨ ਨੇ ਨਵੇਂ ਦ੍ਰਿਸ਼ ਸਿਰਜੇ ਹਨ। ਕੋਈ ਭਾਊ ਆਟਾ ਗੁੰਨ ਰਿਹਾ ਹੁੰਦਾ ਹੈ ਤਾਂ ਤਾਊ ਸਬਜ਼ੀ ਬਣਾ ਰਿਹਾ ਹੁੰਦਾ ਹੈ। ਇੱਕੋਂ ਟਰਾਲੀ 'ਚ ਮਾਝੇ ਦੇ ਭਾਊ ਵੀ ਸੌਂਦੇ ਹਨ ਤੇ ਤਾਊ ਵੀ ਪੈਂਦੇ ਹਨ। ਜੱਟ ਤੇ ਜਾਟ ਵਿਚਲੀ ਲਕੀਰ ਫਿੱਕੀ ਪਈ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖਹਿਰਾ ਦਾ ਕਿਸਾਨ ਗੁਰਨਾਮ ਸਿੰਘ ਦਸ ਦਿਨਾਂ ਤੋਂ ਦਿੱਲੀ ਮੋਰਚੇ ਵਿਚ ਹੈ। ਉਸ ਨੇ ਦੱਸਿਆ ਕਿ ਰਾਤ ਸਮੇਂ ਜਦੋਂ 'ਜੱਟ ਤੇ ਜਾਟ' ਇਕੱਠੇ ਬੈਠਦੇ ਹਨ ਤਾ ਭਾਵੁਕ ਸਾਂਝ ਦਾ ਮਾਹੌਲ ਬਣਦਾ ਹੈ। ਉਨ੍ਹਾਂ ਕਿਹਾ ਕਿ ਨੇਤਾਵਾਂ ਨੇ ਕੁਰਸੀ ਖਾਤਰ ਪੰਜਾਬ ਨੂੰ ਵੰਡ ਦਿੱਤਾ ਸੀ। ਪਾਣੀਆਂ ਦੇ ਨਾਂ 'ਤੇ ਕੰਧਾਂ ਉਸਾਰ ਦਿੱਤੀਆਂ ਪਰ ਕਿਸਾਨ ਘੋਲ ਨੇ ਮੁੜ ਦਿਲਾਂ ਨੂੰ ਜੋੜ ਦਿੱਤਾ ਹੈ। ਹਰਿਆਣਾ ਦੇ ਕਿਸਾਨਾਂ ਦੇ ਪੰਡਾਲ 'ਚ ਸਰ ਛੋਟੂ ਰਾਮ ਅਤੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੋਸਟਰ ਲੱਗੇ ਹੋਏ ਹਨ।
           ਹਰਿਆਣਾ ਦੇ ਪਿੰਡ ਸੌਂਗਲ ਦਾ ਕਿਸਾਨ ਅਨਿਲ ਆਖਦਾ ਹੈ ਕਿ ਦਿਲੀ ਮੋਰਚੇ ਨੇ 'ਮਹਾਂ ਪੰਜਾਬ' ਦਿਖਾ ਦਿੱਤਾ ਹੈ ਜਿਸ ਨੂੰ ਕਿਸੇ ਵੇਲੇ ਟੋਟੇ ਟੋਟੇ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਵੱਡਾ ਭਰਾ ਹੈ ਜਿਸ ਨਾਲ ਬੈਠ ਕੇ ਮਾਣ ਮਹਿਸੂਸ ਹੁੰਦਾ ਹੈ। ਹਰਿਆਣਵੀਂ ਕਿਸਾਨ ਨੱਥੂ ਰਾਮ ਆਖਦਾ ਹੈ ਕਿ ਸਿਆਸੀ ਲੀਡਰਾਂ ਨੇ ਦੋਹਾਂ ਸੂਬਿਆਂ ਦੇ ਕਿਸਾਨਾਂ 'ਚ ਪਾਣੀਆਂ ਦੇ ਨਾਂ 'ਤੇ ਨਫਰਤ ਭਰੀ। ਰਾਤ ਵਕਤ ਜਦੋਂ ਇੱਕ ਥਾਂ 'ਤਾਊ ਤੇ ਭਾਊ' ਜੁੜਦੇ ਹਨ, ਦਿਲ ਫਰੋਲਦੇ ਹਨ, ਜੱਫੀਆਂ ਪਾਉਂਦੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੜ੍ਹੀ ਗੁਰਦਾਸ ਨੰਗਲ ਦਾ ਕਿਸਾਨ ਜਤਿੰਦਰ ਸਿੰਘ ਆਖਦਾ ਹੈ ਕਿ ਹਰਿਆਣਾ ਦੇ ਕਿਸਾਨਾਂ ਨੇ ਸਾਥ ਦਿੱਤਾ ਤਾਂ ਹੀ 'ਦਿੱਲੀ ਮੋਰਚੇ' ਦਾ ਪਿੜ ਬੱਝ ਸਕਿਆ ਹੈ। ਸਿਆਸੀ ਆਗੂਆਂ ਨੇ ਨਫਰਤ ਵੰਡੀ ਅਤੇ ਕਿਸਾਨ ਘੋਲ ਹੁਣ ਪਿਆਰ ਵੰਡ ਰਿਹਾ ਹੈ। ਜਾਟ ਮੋਟਾ ਪਹਿਲਵਾਨ ਆਖਦਾ ਹੈ ਕਿ ਕਿਸਾਨ ਘੋਲ ਨੇ ਦੋ ਸੂਬਿਆਂ ਦੇ ਕਿਸਾਨਾਂ 'ਚ ਬਣੀ ਦੂਰੀ ਨੂੰ ਦੂਰ ਕਰ ਦਿੱਤਾ ਹੈ।
         ਹਰਿਆਣਾ ਦੇ ਕਿਸਾਨਾਂ ਨੇ ਕਿਸਾਨ ਘੋਲ 'ਚ ਦੁੱਧ ਦੀਆਂ ਨਦੀਆਂ ਵਗਾ ਦਿੱਤੀਆਂ ਹਨ। ਤਰਨ ਤਾਰਨ ਦੇ ਪਿੰਡ ਮਾੜੀ ਮੇਘਾ ਦਾ ਕਿਸਾਨ ਸੰਦੀਪ ਸਿੰਘ ਆਖਦਾ ਹੈ ਕਿ ਹਰਿਆਣਾ ਦੇ ਕਿਸਾਨ ਇੱਕੋ ਗੱਲ ਆਖਦੇ ਹਨ ਕਿ ਪੰਜਾਬ ਨੇ ਵੱਡੇ ਭਰਾ ਵਾਲੀ ਭੂਮਿਕਾ ਨਿਭਾ ਕੇ ਹਰਿਆਣਾ ਦੇ ਕਿਸਾਨਾਂ ਨੂੰ ਜਗਾ ਦਿੱਤਾ ਹੈ। ਉਹ ਦੱਸਦਾ ਹੈ ਕਿ ਦੋਵੇਂ ਸੂਬਿਆਂ ਦੇ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਇੱਕੋ ਥਾਂ ਬੈਠ ਕੇ ਮੋਰਚੇ ਵਿੱਚ ਲੰਗਰ ਤਿਆਰ ਕਰਦੀਆਂ ਹਨ। ਕਿਸਾਨ ਘੋਲ ਦੀਆਂ ਸਟੇਜਾਂ ਤੋਂ ਦੋਵੇਂ ਸੂਬਿਆਂ ਦੇ ਕਿਸਾਨ ਆਗੂ ਬੋਲਦੇ ਹਨ। ਕਿਸਾਨਾਂ ਦਾ ਇੱਕੋ ਤਰਕ ਹੈ ਕਿ ਕਿਸਾਨ ਘੋਲ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਲੜੀ ਵਿਚ ਪਰੋ ਦਿੱਤਾ ਹੈ।ਗਰਾਮੀਣ ਕਿਸਾਨ ਮਜ਼ਦੂਰ ਸਮਿਤੀ ਰਾਜਸਥਾਨ ਦੇ ਬੁਲਾਰੇ ਸੰਤਵੀਰ ਸਿੰਘ ਮੋਹਨਪੁਰਾ ਨੇ ਕਿਹਾ ਕਿ ਕਿਸਾਨ ਘੋਲ ਵਿੱਚ ਪੰਜਾਬ ਇੰਜਨ ਬਣਿਆ ਹੈ ਜਿਸ ਦੇ ਪਿੱਛੇ ਸਭ ਸੂਬਿਆਂ ਦੇ ਕਿਸਾਨ ਡੱਬੇ ਬਣ ਕੇ ਲੱਗੇ ਹਨ ਜਿਸ ਕਰਕੇ ਉਹ ਪੰਜਾਬ ਦੇ ਦੇਣਦਾਰ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਵਖਰੇਵੇਂ ਖਤਮ ਕਰ ਦਿੱਤੇ ਹਨ। ਕਿਸਾਨ ਆਪਣੇ ਵਜੂਦ ਦਾ ਲੜਾਈ ਲੜ ਰਹੇ ਹਨ ਜਿਸ 'ਚ ਜਿੱਤ ਜ਼ਰੂਰ ਮਿਲੇਗੀ।
                              ਕਿਸਾਨਾਂ ਨੂੰ ਭਰਮਾਉਣਾ ਔਖਾ
ਦਿੱਲੀ ਵਿਚ ਕਈ ਦਿਨਾਂ ਤੋਂ ਡਟਿਆ ਤਰਕਸ਼ੀਲ ਆਗੂ ਰਾਮ ਸਵਰਨ ਆਖਦਾ ਹੈ ਕਿ ਕਿਸਾਨੀ ਘੋਲ ਨੇ ਇੰਨੀ ਸਮਾਜਿਕ ਜਾਗ੍ਰਿਤੀ ਪੈਦਾ ਕਰ ਦਿੱਤੀ ਹੈ ਕਿ ਸਿਆਸੀ ਧਿਰਾਂ ਨੂੰ ਭਵਿੱਖ ਵਿਚ ਕਿਸਾਨੀ 'ਤੇ ਜਾਲ ਸੁੱਟਣਾ ਮੁਸ਼ਕਲ ਹੋ ਜਾਵੇਗਾ। ਉਹ ਦੱਸਦਾ ਹੈ ਕਿ ਸਭ ਸੂਬਿਆਂ ਦੇ ਕਿਸਾਨ ਇੱਕੋ ਪੰਗਤ ਵਿਚ ਬੈਠਦੇ ਹਨ, ਇੱਕੋ ਜਗ੍ਹਾ ਨਹਾਉਂਦੇ ਹਨ, ਇੱਕੋ ਥਾਂ ਸੌਂਦੇ ਹਨ। ਤਰਕਸ਼ੀਲ ਆਗੂ ਦਾ ਕਹਿਣਾ ਹੈ ਕਿ ਸਭ ਦੀ ਆਮ ਸੂਝ ਕਾਫੀ ਵਧੀ ਹੈ।

Monday, December 14, 2020

                                          ਵਿਚਲੀ ਗੱਲ
                             ਸ਼ਾਹ ਮੁਹੰਮਦਾ ਮੱਤ ਕੌਣ ਦੇਵੇ..!
                                         ਚਰਨਜੀਤ ਭੁੱਲਰ                       

ਚੰਡੀਗੜ• : ਧੀਰੂ ਭਾਈ ਅੰਬਾਨੀ ਦੀ ਵੇਲ ਵਧੀ ਹੈ। 'ਛੋਟਾ ਮਾਲਕ' ਘਰ ਆਇਐ। ਮੁਕੇਸ਼ ਅੰਬਾਨੀ ਦਾਦਾ ਬਣ ਗਏ। ਧੰਨਭਾਗ! ਨੀਤਾ ਅੰਬਾਨੀ ਬੋਲੀ। ਚੰਨ ਵਰਗੀ ਦਾਦੀ ਵੇਖ, ਪੋਤਾ ਧੰਨ ਹੋਇਆ। ਮੁਬਾਰਕਾਂ! ਦੇਸ਼ ਵਾਸੀਓ, ਤੁਹਾਨੂੰ ਨਵਾਂ ਵਾਰਸ ਮਿਲਿਐ। ਪਰਲੋਕ 'ਚ ਬੈਠੇ ਧੀਰੂ ਭਾਈ ਪੜਦਾਦਾ ਬਣ ਗਏ। ਕਿਤੇ ਜਹਾਨ 'ਚ ਹੁੰਦੇ, ਪੜਪੋਤੇ ਨੂੰ ਗੁੜ•ਤੀ ਦਿੰਦੇ।ਗੱਲ ਵੀਹ ਵਰ•ੇ ਪੁਰਾਣੀ ਐ। ਅੰਬਾਨੀ ਦੇ ਘਰ ਨਰਿੰਦਰ ਮੋਦੀ ਤਸ਼ਰੀਫ਼ ਲਿਆਏ। ਧੀਰੂ ਭਾਈ ਨੇ ਇੰਝ ਆਸ਼ੀਰਵਾਦ ਦਿੱਤਾ, 'ਤੁਸੀਂ ਲੰਮੀ ਰੇਸ ਦੇ ਘੋੜੇ ਹੋ, ਇੱਕ ਦਿਨ ਪ੍ਰਧਾਨ ਮੰਤਰੀ ਬਣੋਗੇ।' ਬਚਨ ਬਿਲਾਸ ਸੱਚ ਹੋ ਗਏ। ਅਨਿਲ ਅੰਬਾਨੀ ਨੇ ਟੇਵਾ ਲਾਇਆ, 'ਜਦੋਂ ਮੋਦੀ ਨੇ ਸਹੁੰ ਚੁੱਕੀ, ਸਵਰਗ 'ਚ ਪਾਪਾ ਮੁਸਕਰਾਏ ਹੋਣਗੇ।' ਜਿਨ•ਾਂ ਦੇ ਬੋਲਾਂ ਨਾਲ ਗੱਦੀ ਮਿਲੀ, ਉਨ•ਾਂ ਦੇ ਬੋਲ ਨਾ ਪੁਗਾਏ ਤਾਂ ਅਕ੍ਰਿਤਘਣ ਵੱਜਣਗੇ। ਟਿਕਰੀ ਸਰਹੱਦ 'ਤੇ ਕਿਸਾਨ ਬੱਦਲ ਵਾਂਗੂ ਗੱਜੇ। 'ਅੰਬਾਨੀ ਅਡਾਨੀ ਦਾ ਕਰੋ ਬਾਈਕਾਟ।' ਇਹ ਕੌਣ ਕੰਬਖ਼ਤ ਨੇ, ਜੋ ਏਨਾ ਚੀਕਦੇ ਨੇ। ਬਈ! 'ਛੋਟਾ ਮਾਲਕ' ਆਇਐ, ਮੁਬਾਰਕ ਘੜੀ ਹੈ, ਚੁੱਪ ਨਹੀਂ ਬੈਠ ਸਕਦੇ। ਕੰਧਾਂ ਦੇ ਕੰਨ ਨਾ ਹੁੰਦੇ, ਨਰਿੰਦਰ ਭਾਈ ਨੇ ਪੈਰ ਜੁੱਤੀ ਨਹੀਂ ਪਾਉਣੀ ਸੀ। ਪੋਤਾ ਸਾਹਿਬ ਨੂੰ ਸ਼ਗਨ ਦਿੰਦੇ, ਗੇਟ 'ਤੇ ਨਿੰਮ ਬੰਨ• ਕੇ ਆਉਂਦੇ। ਨਾਲੇ ਛੂਛਕ ਵਾਲਾ ਫ਼ਰਜ਼ ਵੀ ਨਿਭਾਉਂਦੇ। 'ਜੱਟ ਲੌਂਗੋਵਾਲ ਦਾ, ਇਹੋ ਗੱਲਾਂ ਭਾਲਦਾ।'
            'ਖੁਸ਼ੀ ਨੂੰ ਜਿੰਨਾ ਵੰਡੋ, ਓਨੀ ਵਧਦੀ ਹੈ', ਇਹ ਗੁਜਰਾਤੀ ਸੋਚ ਹੈ। 'ਦੁੱਖ ਵੰਡਾ ਲਿਆ ਜਾਵੇ ਤਾਂ ਘਟਦਾ ਹੈ', ਇਹ ਪੰਜਾਬੀ ਲੱਖਣ ਹੈ। ਚਾਣਕਯ ਨੇ ਕੰਨ 'ਚ ਦੱਸਿਐ, 'ਹਰੇਕ ਗੁੱਸੇ ਤੋਂ ਪਰਜਾ ਦਾ ਗੁੱਸਾ ਭਿਅੰਕਰ ਹੁੰਦੈ।' 'ਮੌਨੀ ਬਾਬੇ' ਕਾਹਤੋਂ ਬਣੇ ਨੇ ਸਿਆਸੀ ਬਖ਼ਤਾਵਰ। 'ਧੰਨਦਾਤਾ! ਸਲਾਮਤ ਰਹੇ', ਇਹੋ ਖੈਰਾਂ ਮੰਗਦੇ ਨੇ। ਅੰਨਦਾਤਾ ਨੂੰ ਕੋਈ ਝੱਲ ਲੈਂਦਾ, ਬੁਛਾੜਾਂ ਝੱਲਣ ਤੋਂ ਬਚਦੇ। 'ਰੱਤ ਦੇਣ ਨੂੰ ਮਜਨੂੰ, ਚੂਰੀ ਖਾਣ ਨੂੰ ਹੋਰ।' ਛੰਨਾ ਯਾਰ ਦਾ ਹੋਵੇ, ਅੰਬਾਨੀ ਛਕਦੇ ਪਏ ਹੋਣ। ਗੌਣ ਵੱਜਦਾ ਹੋਵੇ, 'ਤੈਨੂੰ ਤਲੀਆਂ 'ਤੇ ਚੋਗ ਚੁਗਾਵਾਂ।' ਨੀਤਾ ਅੰਬਾਨੀ ਡਾਂਡੀਆਂ ਕਰਦੀ ਹੋਵੇ। ਮਗਰੋਂ ਹੱਥ ਜੋੜ ਆਖਦੀ ਹੋਏਗੀ.. 'ਭਾਈ ਸਾਹਬ! ਪੋਤੇ ਦੇ ਤੜਾਗੀ ਤੁਸੀਂ ਬੰਨ• ਕੇ ਜਾਇਓ।'
            ਪ੍ਰਧਾਨ ਮੰਤਰੀ ਖੁਸ਼ੀ 'ਚ ਦਿਲੋਂ ਖੀਵੇ ਨੇ। ਅਡਵਾਨੀ 93 ਵਰਿ•ਆਂ ਨੂੰ ਢੁੱਕੇ ਨੇ, ਮੋਦੀ ਪੈਰ ਛੂਹ ਕੇ ਬੋਲੇ, ਤਾਇਆ! ਹੈਪੀ ਬਰਥ ਡੇਅ।' ਗੱਦ ਗੱਦ ਵੱਡੇ ਬਾਦਲ ਵੀ ਹੋਏ, ਜਦੋਂ ਦਿੱਲੀਓਂ ਵਧਾਈ ਮਿਲੀ। ਸੋਨੀਆ ਨੂੰ ਵੀ ਜਨਮ ਦਿਨ ਮੁਬਾਰਕ ਕਿਹਾ। ਨਰਿੰਦਰ ਮੋਦੀ ਹੋਸ਼ ਹਵਾਸ 'ਚ ਸੰਪੂਰਨ ਨੇ। ਕਿਸਾਨ ਕਿਉਂ ਨਜ਼ਰ ਨਹੀਂ ਚੜ•ਦੇ। ਸ਼ੇਖ ਸਾਅਦੀ ਆਖਦੇ ਨੇ, 'ਜੇ ਚਿੜੀਆਂ ਏਕਾ ਕਰ ਲੈਣ ਤਾਂ ਸ਼ੇਰ ਦੀ ਖੱਲ ਉਧੇੜ ਸਕਦੀਆਂ ਹਨ।' ਹਰਪਾਲ ਸਿੰਘ ਪੰਨੂ ਦੀ ਨਵੀਂ ਪੁਸਤਕ 'ਤੱਥ ਤੋਂ ਮਿੱਥ ਤੱਕ' ਵਿੱਚ ਵਿਟੋਰੀਓ ਅਲਫ਼ਾਇਰੀ ਦੇ ਦੀਦਾਰੇ ਹੁੰਦੇ ਨੇ। ਅਲਫ਼ਾਇਰੀ ਦਾ ਪਹਿਲਾ ਵਾਕ, 'ਉਹ ਸਭ ਤੋਂ ਭੈੜੀ ਜ਼ਾਲਮ ਸਰਕਾਰ ਹੁੰਦੀ ਹੈ, ਜਿਹੜੀ ਪਰਜਾ ਨੂੰ ਜੁਆਬ ਦੇਣਾ, ਹਿਸਾਬ ਦੇਣਾ ਮੁਨਾਸਬ ਨਾ ਸਮਝੇ।' ਇੰਜ ਜਾਪਦੈ ਜਿਵੇਂ ਅਲਫ਼ਾਇਰੀ ਨੇ ਕੁੰਡਲੀ ਬਾਰਡਰ ਦਾ ਭਰਮਣ ਕੀਤਾ ਹੋਵੇ। ਅਲਫ਼ਾਇਰੀ ਦਾ ਦੂਜਾ ਵਾਕ, 'ਚੰਗੀ ਸਰਕਾਰ ਦਾ ਕਾਨੂੰਨ, ਦਿਲ ਵਿੱਚ ਡਰ ਤਾਂ ਪੈਦਾ ਕਰਦੈ, ਨਫ਼ਰਤ ਨਹੀਂ। ਜ਼ਾਲਮ ਸਰਕਾਰ ਦੇ ਹਰ ਅਮਲ 'ਚ ਘ੍ਰਿਣਾ ਦੇ ਅੰਸ਼ ਮਿਲੇ ਹੁੰਦੇ ਹਨ।' ਕੌਣ ਸਮਝਾਏ ਮਹਾਂ ਮੂਰਖਾਂ ਨੂੰ, ਆਪਣੇ ਮੋਦੀ ਅਤੇ ਅਮਿਤ ਸ਼ਾਹ ਦਿਲ ਦੇ ਸਾਫ਼ ਨੇ। ਜੋ ਜੋੜੀ ਦੇ ਅੰਦਰ, ਉਹੀ ਬਾਹਰ। ਘ੍ਰਿਣਾ ਨੂੰ ਦਿਲ 'ਚ ਭੰਡਾਰ ਨਹੀਂ ਕਰਦੇ। ਚੋਣ ਛੋਟੀ ਹੋਵੇ, ਚਾਹੇ ਹੋਵੇ ਵੱਡੀ, ਦਿਲ 'ਚੋਂ ਸਭ ਮੈਲ ਕੱਢ ਮਾਰਦੇ ਨੇ। ਮਗਰੋਂ ਸਾਫ਼ ਦਿਲੀ ਨਾਲ ਹਕੂਮਤ ਵਾਹੁੰਦੇ ਨੇ।
           ਅਟਲ ਬਿਹਾਰੀ ਵਾਜਪਾਈ ਅੱਜ ਹਾਜ਼ਰ ਹੁੰਦੇ, ਉਨ•ਾਂ ਨੂੰ ਫੌਰੀ ਟੋਕ ਦਿੰਦੇ, 'ਸੱਜਣਾ! ਰਾਜ ਧਰਮ ਅੱਗੇ ਸਿਰ ਝੁਕਾਓ।' ਗੁਰਮੰਤਰ ਵੀ ਦੱਸਦੇ, 'ਲੋਕਾਈ ਨਾਲ ਪਿਆਰ, ਭਾਈਵਾਲਾਂ ਦਾ ਸਤਿਕਾਰ' ਅਮਿਤ ਸ਼ਾਹ ਤੋਂ ਕਿਤੇ ਝੱਲ ਹੋਣਾ ਸੀ, 'ਤੂੰ ਹੀਰ ਦਾ ਮਾਮਾ ਲੱਗਦੈਂ।' ਵਾਜਪਾਈ ਵਾਲੇ ਦਿਨ ਪੁੱਗੇ ਨੇ। ਜਦੋਂ ਉਹ ਦਿੱਲੀਓਂ ਬੱਸ ਲੈ ਕੇ ਲਾਹੌਰ ਪੁੱਜੇ, ਵੱਡੇ ਬਾਦਲ ਨਾਲ ਬਿਠਾਏ ਸਨ। ਵਾਜਪਾਈ ਬਦਜ਼ਬਾਨੀ ਤੋਂ ਕੋਹਾਂ ਦੂਰ ਸਨ। ਵਿਰੋਧੀਆਂ ਦਾ ਵਿੱਤੋਂ ਵੱਧ ਇੱਜ਼ਤ ਮਾਣ। ਜਦੋਂ ਪ੍ਰਧਾਨ ਮੰਤਰੀ ਸਨ, ਕਲਕੱਤੇ ਗਏ ਮਮਤਾ ਬੈਨਰਜੀ ਦੇ ਘਰ। ਮਮਤਾ ਦੀ ਮਾਂ ਗਾਇਤਰੀ ਦੇਵੀ ਦੇ ਪੈਰ ਛੂਹੇ, ਦੁੱਖ ਸੁੱਖ ਵੀ ਕਰਦੇ ਰਹੇ। ਨਾਲੇ ਮਿੱਠਾ ਉਲਾਂਭਾ ਦਿੱਤਾ, 'ਆਪਣੀ ਕੁੜੀ ਨੂੰ ਸਮਝਾਓ, ਕਦੇ ਕਦੇ ਆਖੇ ਨਹੀਂ ਲੱਗਦੀ।' ਵਾਜਪਾਈ ਸਾਹਬ, 'ਦੇਖਦੇ ਜਾਇਓ, ਆਖੇ ਕਿਵੇਂ ਨਹੀਂ ਲੱਗੇਗੀ, ਬੰਗਾਲ ਚੋਣਾਂ ਤਾਂ ਆਉਣ ਦਿਓ। ਕੋਈ ਸ਼ੱਕ ਹੋਵੇ ਤਾਂ ਬਿਹਾਰੀ ਛੋਕਰੇ ਨੂੰ ਪੁੱਛ ਲੈਣਾ।' ਖ਼ੈਰ, ਦੋਵਾਂ ਦੇ ਦਿਲ 'ਚ ਕੁਛ ਨਹੀਂ। ਦਿਲ ਦੇ ਬੇਇਮਾਨ ਨਹੀਂ। 'ਏਕ ਨੇ ਕਹੀ ਦੂਸਰੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ।' ਪ੍ਰਧਾਨ ਮੰਤਰੀ ਨੇ ਤਪ ਬਚਪਨ ਤੋਂ ਕੀਤੈ। ਪੁਰਾਣੀ ਭਗਤੀ ਹੁਣ ਦੇਸ਼ ਦੇ ਕੰਮ ਆ ਰਹੀ ਹੈ। ਅੰਬਾਨੀ-ਅਡਾਨੀ ਤਾਂ ਐਵੇਂ ਬਦਨਾਮ ਨੇ। ਨਵੀਂ ਸਦੀ ਦਾ ਨਵਾਂ ਭਾਰਤ ਉਸਰ ਰਿਹੈ। ਇੱਕ ਜਣਾ ਪੈੜ 'ਤੇ ਚੜਿ•ਐ, ਦੂਜਾ ਗੁਣੀਆ ਕਰ ਰਿਹੈ। ਸਿਆਸੀ ਤੇਸੀ ਚੱਲਦੀ ਦੇਖੋ। ਕੋਈ ਮੀਨ ਮੇਖ ਰਹਿ ਗਈ ਤਾਂ ਫੇਰ ਉਲਾਂਭੇ ਦੇਣਾ ਵਾਜਪਾਈ ਜੀ। ਕਿਸਾਨ ਤਾਂ ਨਿਰੇ ਗਵਾਰ ਤੇ ਅਨਪੜ• ਨੇ। ਭਾਰਤ ਨਵਾਂ ਬਣਨੈ, ਪੁਰਾਣੇ ਖੇਤੀ ਕਾਨੂੰਨ ਚੱਟਣੇ ਨੇ। ਮਜਾਲ ਐ ਤੋਮਰ ਬਾਬੂ ਦੀ ਸੁਣ ਲੈਣ।
            ਕਿਸਾਨੀ ਘੋਲ 74 ਦਿਨਾਂ ਦਾ ਹੋ ਗਿਐ। ਪ੍ਰਧਾਨ ਮੰਤਰੀ ਤੋਲ ਕੇ ਬੋਲੇ ਨੇ..'ਅਖੇ ਜੋ ਤੋਮਰ ਆਖਦੈ, ਉਸ ਨੂੰ ਸਮਝੋ।' ਨਾਸਮਝ ਦਿੱਲੀ ਦੇ ਬਾਰਡਰ 'ਤੇ 'ਕੱਠੇ ਹੋਣੋਂ ਨੀਂ ਹਟਦੇ। ਰੋਮਨ ਆਖਦੇ ਨੇ..'ਭੁੱਖੇ ਦੇ ਰਾਹ 'ਚ ਕਦੇ ਨਾ ਖੜ•ੋ।' ਅੰਦੋਲਨੀ ਕਿਸਾਨਾਂ ਦੇ ਹੌਸਲੇ ਵੇਖੋ, ਪਰਬਤਾਂ ਤੋਂ ਉੱਚੇ। ਜੋਸ਼ ਤਾਂ ਦੇਖੋ, ਰਗ ਰਗ 'ਚ ਦੌੜਦੈ। ਡੱਡੂਆਂ ਦੀ ਪੰਸੇਰੀ ਨਹੀਂ, ਸੱਚਮੁੱਚ ਨਾਗਾਂ ਦੀ ਪਟਾਰੀ ਨੇ। ਖੇਸੀਆਂ ਵਾਲੇ, ਪਰਨਿਆਂ ਵਾਲੇ, ਕੋਈ ਕਮਲੇ ਰਮਲੇ ਨਹੀਂ। ਬਾਬਿਆਂ ਦੀਆਂ ਝੁਰੜੀਆਂ ਵੱਲ ਨਾ ਦੇਖੋ, ਜਨੂੰਨ ਤੇ ਇਤਿਹਾਸ ਵੇਖੋ। ਬਸ ਇਨ•ਾਂ ਇਖਲਾਕ ਖੱਟਿਆ, 'ਆਏ ਨੀਂ ਨਿਹੰਗ, ਬੂਹਾ ਖੋਲ•ਦੇ ਨਿਸੰਗ।' ਕਲਗੀਧਰ ਤੋਂ ਥਾਪੜਾ ਲਿਐ। ਦੇਗਾਂ ਵਾਲੇ, ਤੇਗਾਂ ਵਾਲੇ, ਇਨ•ਾਂ ਦੇ ਪ੍ਰੇਰਨਾ ਸਰੋਤ ਨੇ। ਤਿੰਨ ਵਰ•ੇ ਪੁਰਾਣੀ ਗੱਲ ਚੇਤੇ ਕਰੋ। ਉਦੋਂ ਯੂ.ਪੀ ਚੋਣਾਂ ਸਨ। ਅਖਿਲੇਸ਼ ਯਾਦਵ ਨੇ ਗੁਜਰਾਤ ਦੇ ਜੰਗਲੀ ਗਧਿਆਂ 'ਤੇ ਟਕੋਰ ਕੀਤੀ। ਕੋਈ ਸ਼ੱਕ ਨਹੀਂ, ਪ੍ਰਧਾਨ ਮੰਤਰੀ ਬਹੁਤ ਘੱਟ ਸੌਂਦੇ ਨੇ। ਨਰਿੰਦਰ ਮੋਦੀ ਨੇ ਕਬੂਲ ਕੀਤਾ ਕਿ ਉਹ ਗਧੇ ਤੋਂ ਪ੍ਰੇਰਨਾ ਲੈਂਦੇ ਹਨ। ਅੱਗੇ ਇੰਝ ਕਿਹਾ, 'ਛੋਟੂ ਅਖਿਲੇਸ਼ ਕੀ ਜਾਣੇ, ਗਧੇ ਦੀ ਮਾਲਕ ਪ੍ਰਤੀ ਵਫ਼ਾਦਾਰੀ, ਨਾਲੇ ਗਧਾ ਜ਼ਿੰਮੇਵਾਰੀ ਨਿਭਾਉੁਂਦੈ।' ਪ੍ਰਧਾਨ ਸੇਵਕ ਗੜਕ ਕੇ ਬੋਲੇ, 'ਕਰੋੜਾਂ ਦੇਸ਼ ਵਾਸੀ ਉਨ•ਾਂ ਦੇ ਮਾਲਕ ਨੇ।' ਗੱਲ ਸੋਲ•ਾਂ ਆਨੇ ਸੱਚ, ਜਮਹੂਰੀਅਤ 'ਚ ਨੇਤਾ ਸੇਵਕ, ਜਨਤਾ ਮਾਲਕ। ਪੰਜਾਹ ਤੋਪਾਂ ਦੀ ਸਲਾਮੀ ਇਸ ਗਧਾਗਿਰੀ ਨੂੰ। 'ਉਹ ਰਾਜ ਚੰਗਾ, ਜਿੱਥੇ ਦੁੱਧ ਦੀ ਵਗੇ ਗੰਗਾ।'
            ਇਸੇ ਗੰਗਾ 'ਚ ਖੇਤੀ ਕਾਨੂੰਨ ਧੋਤੇ ਨੇ। ਕਿਸਾਨਾਂ ਦੇ ਨੱਕ ਹੇਠ ਫੇਰ ਨਹੀਂ ਆਏ। ਵਿੱਲ ਰੌਜਰਜ਼ ਦੀ ਵੀ ਸੁਣੋ, 'ਪਾਰਲੀਮੈਂਟ ਵਾਲੇ ਜਦੋਂ ਕਦੇ ਮਜ਼ਾਕ ਕਰਦੇ ਹਨ ਤਾਂ ਇਹ ਕਾਨੂੰਨ ਬਣ ਜਾਂਦਾ ਹੈ ਅਤੇ ਜਦੋਂ ਕਦੇ ਕੋਈ ਕਾਨੂੰਨ ਬਣਾਉਂਦੇ ਹਨ ਤਾਂ ਇਹ ਮਜ਼ਾਕ ਬਣ ਜਾਂਦਾ ਹੈ।'ਕੇਂਦਰ ਨੇ ਖੇਤੀ ਕਾਨੂੰਨ ਜਾਨ ਹਥੇਲੀ 'ਤੇ ਰੱਖ ਕੇ ਬਣਾਏ। ਕੋਵਿਡ-19 ਦੀ ਪ੍ਰਵਾਹ ਤਕ ਨਹੀਂ ਕੀਤੀ। ਕੇਰਾਂ ਪ੍ਰਤਾਪ ਸਿੰਘ ਕੈਰੋਂ ਦੀ ਗੱਡੀ ਅੱਗੇ ਖਰਗੋਸ਼ ਆ ਗਿਆ। ਅੱਧੀ ਸੜਕ ਪਾਰ ਕੀਤੀ, ਵਾਪਸ ਮੁੜਨ ਲੱਗਾ, ਦਰੜਿਆ ਗਿਆ। ਕੈਰੋਂ ਨੇ ਮੱਥੇ 'ਤੇ ਹੱਥ ਮਾਰਿਆ..'ਸਾਲਾ, ਫ਼ੈਸਲਾ ਨਹੀਂ ਕਰ ਸਕਿਆ, ਅੱਗੇ ਜਾਵਾਂ ਜਾਂ ਪਿੱਛੇ, ਤਾਹੀਂ ਮਰਿਐ।' ਸਿੰਘੂ ਬਾਰਡਰ ਵਾਲੇ ਤਾਂ ਫ਼ੈਸਲਾ ਸੁਣਾ ਚੁੱਕੇ ਨੇ। ਕੇਂਦਰ ਦੀ ਹਾਲਤ ਖਰਗੋਸ਼ ਵਾਲੀ ਹੈ। ਖੇਤੀ ਕਾਨੂੰਨਾਂ ਦਾ ਯੱਭ ਛੇਤੀ ਨਿੱਬੜੇ ਤਾਂ ਅਮਰਿੰਦਰ ਸਿਓਂ ਕਰਜ਼ੇ 'ਤੇ ਲੀਕ ਮਾਰੇ। ਦਿੱਲੀਓਂ ਆਉਂਦਿਆਂ ਨੂੰ ਕਰਜ਼ਾ ਮੁਆਫ਼ੀ ਦਾ ਤੋਹਫ਼ਾ ਦੇਣੈ। ਸ਼੍ਰੋਮਣੀ ਅਕਾਲੀ ਦਲ, ਯਾਨੀ ਕਿ ਥੋਡੀ ਮਾਂ ਪਾਰਟੀ। ਉਡੀਕ ਰਹੀ ਹੈ ਕਿਸਾਨ ਭਰਾਵੋ। ਕਿਤੇ ਨਿਰਮੋਹੇ ਨਾ ਹੋ ਜਾਇਓ। ਨਵਜੋਤ ਸਿੱਧੂ ਦਾ ਵੀ ਮੁੱਲ ਪਾਉਣਾ। ਕਿਸਾਨੀ ਖ਼ਾਤਰ 74 ਦਿਨਾਂ ਤੋਂ ਟਿਕ 'ਕੇ ਨਹੀਂ ਬੈਠਾ। ਬਾਂਦਰ ਵਾਲੀ ਨੱਠ ਭੱਜ 'ਆਪ' ਵਾਲੇ ਕਰ ਰਹੇ ਨੇ। ਟਿਕਰੀ ਬਾਰਡਰ 'ਤੇ ਇੱਕ ਮਾੜਕੂ ਜੇਹਾ ਹਿੱਕ ਥਾਪੜ ਕੇ ਆਖਦੈ, 'ਐਤਕੀਂ ਲੀਡਰਾਂ ਦੀ ਦੁਕਾਨ ਬੰਦ ਨਾ ਕਰਾਤੀ, ਮੈਨੂੰ ਛੱਜੂ ਰਾਮ ਨਾ ਆਖਿਓ।' ਸ਼ਿਵ ਬਟਾਲਵੀ ਦੀ ਸਲਾਮ ਵੀ ਕਬੂਲੋ, 'ਹਾੜ• ਦੀ ਗਰਮੀ ਸਿਰ 'ਤੇ ਝੱਲੇ ਸਿਰ 'ਤੇ ਪੋਹ ਦਾ ਪਾਲਾ/ ਮੁੜ•ਕਾ ਡੋਲ ਕੇ ਹਰੇ ਤੂੰ ਕਰਦਾ ਬੰਜਰ ਤੇ ਵੀਰਾਨ/ ਜੈ ਜਵਾਨ, ਜੈ ਕਿਸਾਨ।'

Saturday, December 12, 2020

                                                          ਪੈਲੀ ਦੀ ਜੰਗ
                              ਬਾਪੂ ਹੱਦਾਂ 'ਤੇ,ਪੁੱਤ ਸਰਹੱਦਾਂ 'ਤੇ
                                           ਚਰਨਜੀਤ ਭੁੱਲਰ                                        

ਚੰਡੀਗੜ੍ਹ : ਦਿੱਲੀ ਮੋਰਚੇ 'ਚ ਬਾਪ ਪੈਲੀ ਲਈ ਜੰਗ ਲੜ ਰਿਹਾ ਹੈ ਜਦੋਂ ਕਿ ਜਵਾਨ ਪੁੱਤ ਸਰਹੱਦ 'ਤੇ ਦੇਸ਼ ਲਈ ਲੜ ਰਹੇ ਹਨ। ਅਜਿਹੇ ਹਜ਼ਾਰਾਂ ਕਿਸਾਨ ਪਰਿਵਾਰ ਹਨ ਜਿਨ੍ਹਾਂ ਦੇ ਹਿੱਸੇ ਜੰਗ ਆਈ ਹੈ। 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਇਨ੍ਹਾਂ ਪਰਿਵਾਰਾਂ ਨੂੰ ਹੁਣ ਝੰਜੋੜ ਰਿਹਾ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਜਦੋਂ ਤੋਂ ਕਿਸਾਨ ਘੋਲ ਸ਼ੁਰੂ ਹੋਇਆ ਹੈ, ਉਦੋਂ ਤੋਂ ਇਨ੍ਹਾਂ ਪਰਿਵਾਰਾਂ 'ਚ ਪਿੱਛੇ ਔਰਤਾਂ ਰਹਿ ਗਈਆਂ ਹਨ। ਹਜ਼ਾਰਾਂ ਬਾਪ ਹੁਣ ਟਿਕਰੀ ਅਤੇ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ ਜਿਨ੍ਹਾਂ ਦੇ ਪੁੱਤ ਹੱਲਾਸ਼ੇਰੀ ਦੇ ਰਹੇ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਦਾ ਕਿਸਾਨ ਬਲਦੇਵ ਸਿੰਘ 10 ਦਿਨਾਂ ਤੋਂ ਦਿੱਲੀ ਮੋਰਚੇ 'ਚ ਬੈਠਾ ਹੈ। ਉਸ ਦੇ ਦੋਵੇਂ ਲੜਕੇ ਫ਼ੌਜ ਵਿਚ ਹਨ । ਬਲਦੇਵ ਸਿੰਘ ਆਖਦਾ ਹੈ,''ਪੈਲੀ ਤਾਂ ਕਿਸਾਨ ਦੀ ਮਾਂ ਹੁੰਦੀ ਹੈ, ਮਾਂ ਦੀ ਇੱਜ਼ਤ ਲਈ ਦਿੱਲੀ ਬੈਠੇ ਹਾਂ। ਸਾਡੇ ਹਿੱਸੇ ਤਾਂ ਲੜਨਾ ਹੀ ਆਇਆ ਹੈ।'' ਕਈ ਕਿਸਾਨ ਦੱਸਦੇ ਹਨ ਕਿ ਫ਼ੌਜੀ ਪੁੱਤ ਸਰਹੱਦਾਂ 'ਤੇ ਬੈਠੇ ਹੀ ਫੋਨ ਕਰਕੇ ਹੱਲਾਸ਼ੇਰੀ ਦੇ ਰਹੇ ਹਨ।  
           ਫਰੀਦਕੋਟ ਦੇ ਪਿੰਡ ਬੀਰੇ ਵਾਲਾ ਕਲਾਂ ਦਾ ਕਿਸਾਨ ਕਰਮਜੀਤ ਸਿੰਘ ਪੰਜ ਏਕੜ ਦਾ ਮਾਲਕ ਹੈ। ਉਸ ਦਾ ਲੜਕਾ ਫ਼ੌਜ ਵਿਚ 10 ਸਾਲ ਤੋਂ ਹੈ ਅਤੇ ਉਹ ਕੌਮਾਂਤਰੀ ਸਰਹੱਦਾਂ 'ਤੇ ਡਟਿਆ ਰਿਹਾ ਹੈ। ਇਨ੍ਹਾਂ ਕਿਸਾਨਾਂ ਦੇ ਪੁੱਤ ਦੇਸ਼ ਧਰਮ ਨਿਭਾ ਰਹੇ ਹਨ ਜਦੋਂ ਕਿ ਖੁਦ ਕਿਸਾਨ ਖੇਤਾਂ ਲਈ ਠੰਢੀਆਂ ਰਾਤਾਂ ਦਿੱਲੀ ਦੀ ਸਰਹੱਦ 'ਤੇ ਬਿਤਾ ਰਹੇ ਹਨ। ਬਹੁਤੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਵੀ ਪੁੱਤਾਂ ਦਾ ਫੋਨ ਆਉਂਦਾ ਹੈ ਤਾਂ ਉਹ ਇਹੋ ਆਖਦੇ ਹਨ,'ਬਾਪੂ! ਤੁਸੀਂ ਡਟੇ ਰਹਿਣਾ।' ਕਿਸਾਨ ਤਰਸੇਮ ਸਿੰਘ ਦਾ ਲੜਕਾ ਵੀ ਅੱਠ ਸਾਲ ਤੋਂ ਫ਼ੌਜ 'ਚ ਹੈ। ਉਹ ਆਖਦਾ ਹੈ ਕਿ ਪੁੱਤ ਨੂੰ ਪੈਲੀ ਦਾ ਫਿਕਰ ਹੈ। ਦਿੱਲੀ ਮੋਰਚੇ 'ਚ ਹੁਣ ਤੱਕ ਡੇਢ ਦਰਜਨ ਦੇ ਕਰੀਬ ਕਿਸਾਨ ਫੌਤ ਹੋ ਚੁੱਕੇ ਹਨ ਜਿਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਕਿਸਾਨ ਧਿਰਾਂ ਨੂੰ ਮੁਜ਼ਾਹਰੇ ਵੀ ਕਰਨੇ ਪਏ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕਿਸਾਨੀ ਦੀ ਲੜਾਈ ਵੀ ਜੰਗ ਤੋਂ ਘੱਟ ਨਹੀਂ ਹੈ ਪ੍ਰੰਤੂ ਕਦੇ ਵੀ ਫੌਤ ਹੋਣ ਵਾਲੇ ਕਿਸਾਨਾਂ ਨੂੰ 'ਖੇਤੀ ਸ਼ਹੀਦ' ਦਾ ਦਰਜਾ ਨਹੀਂ ਮਿਲਦਾ।
          ਵੇਰਵਿਆਂ ਅਨੁਸਾਰ ਦਿੱਲੀ ਮੋਰਚੇ 'ਚ ਕਈ ਉਹ ਕਿਸਾਨ ਵੀ ਬੈਠੇ ਹਨ ਜਿਨ੍ਹਾਂ ਦੇ ਪੁੱਤ ਸਰਹੱਦਾਂ 'ਤੇ ਸ਼ਹੀਦ ਹੋ ਚੁੱਕੇ ਹਨ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਕਿਸਾਨੀ ਦੀ ਲੜਾਈ ਲੰਮੇ ਸਮੇਂ ਤੋਂ ਲੜ ਰਿਹਾ ਹੈ। ਉਸ ਦਾ ਲੜਕਾ ਫ਼ੌਜ ਵਿਚ ਦੇਸ਼ ਲਈ ਲੜ ਰਿਹਾ ਹੈ।ਪਰਿਵਾਰ ਵਿਚ ਪਿੱਛੇ ਘਰ 'ਚ ਔਰਤਾਂ ਹੀ ਬਚੀਆਂ ਹਨ ਜਿਨ੍ਹਾਂ ਨੂੰ ਨਿੱਤ ਦੀਆਂ ਮੁਸ਼ਕਲਾਂ ਅਤੇ ਇਕਲਾਪੇ ਦੀ ਜੰਗ ਲੜਨੀ ਪੈ ਰਹੀ ਹੈ। ਇਸੇ ਤਰ੍ਹਾਂ 27 ਨਵੰਬਰ ਤੋਂ ਦਿੱਲੀ ਦੀ ਹੱਦ 'ਤੇ ਬੈਠਾ ਘੁੰਮਣ ਕਲਾਂ ਦੇ ਕਿਸਾਨ ਮੇਜਰ ਸਿੰਘ ਦਾ ਲੜਕਾ ਵੀ ਫ਼ੌਜ ਵਿਚ ਹੈ। ਇਸੇ ਪਿੰਡ ਦੇ ਕਿਸਾਨ ਗੁਰਮੇਲ ਸਿੰਘ ਦਾ ਲੜਕਾ ਵੀ ਸਰਹੱਦਾਂ ਦੀ ਰਾਖੀ ਕਰ ਰਿਹਾ ਹੈ। ਕਈ ਕਿਸਾਨ ਵੱਡੀ ਉਮਰ ਦੇ ਹਨ, ਜਿਨ੍ਹਾਂ ਦੀ ਸਿਹਤ ਦਾ ਫਿਕਰ ਵੀ ਫੌਜੀ ਪੁੱਤਾਂ ਨੂੰ ਲੱਗਾ ਹੋਇਆ ਹੈ।  ਇਨ੍ਹਾਂ ਪਰਿਵਾਰਾਂ ਦੀਆਂ ਮਾਵਾਂ ਅਰਦਾਸਾਂ ਕਰ ਰਹੀਆਂ ਹਨ। ਉਹ ਸਿਰ ਦੇ ਸਾਈਂ ਦੀ ਸੁੱਖ ਤੇ ਪੁੱਤਾਂ ਦੀ ਸੁੱਖ-ਸਾਂਦ ਮੰਗਦੀਆਂ ਹਨ। ਦਰਜਨਾਂ ਮਾਵਾਂ ਵੀ ਦਿੱਲੀ ਮੋਰਚੇ ਵਿਚ ਪਹੁੰਚੀਆਂ ਹੋਈਆਂ ਹਨ ਜਿਨ੍ਹਾਂ ਦੇ ਪੁੱਤ ਦੇਸ਼ ਦੀ ਰੱਖਿਆ ਵਿਚ ਤਾਇਨਾਤ ਹਨ।
                                   ਏਸ ਮਾਂ ਨੂੰ ਸਲਾਮ
ਦਿੱਲੀ ਮੌਰਚੇ 'ਚ ਸ਼ਾਮਲ ਬਿਰਧ ਮਾਂ ਨੂੰ ਸਲਾਮ ਕਰਨਾ ਬਣਦਾ ਹੈ। ਉਸ ਦੀ ਉਮਰ 87 ਸਾਲ ਦੀ ਹੈ ਅਤੇ ਉਸ ਲਈ ਚੱਲਣਾ-ਫਿਰਨਾ ਵੀ ਮੁਸ਼ਕਲ ਹੈ। ਉਸ ਦਾ ਲੜਕਾ ਕਈ ਵਰ੍ਹੇ ਪਹਿਲਾਂ ਫ਼ੌਜ ਵਿਚ ਸ਼ਹੀਦ ਹੋ ਚੁੱਕਾ ਹੈ। ਉਸ ਨੇ ਆਪਣੇ ਪੋਤਰੇ ਨੂੰ ਦਿੱਲੀ ਮੋਰਚੇ ਵਿਚ ਭੇਜਿਆ ਹੈ ਜੋ ਕਿਸਾਨਾਂ ਨਾਲ ਮੋਰਚੇ 'ਤੇ ਡਟਿਆ ਹੋਇਆ ਹੈ। ਇਸ ਮਾਂ ਨੇ ਖੁਦ ਹੌਸਲਾ ਨਹੀਂ ਹਾਰਿਆ। ਉਹ ਆਪ ਵੀ ਦੋ ਖੂੰਡੀਆਂ ਦੇ ਸਹਾਰੇ ਕਿਸਾਨ ਮੋਰਚੇ ਵਿਚ ਸ਼ਮੂਲੀਅਤ ਕਰਦੀ ਹੈ

Friday, December 11, 2020

                                                  ਸਾਂਝੀ ਸੁਰ, ਸਾਂਝੀ ਹੇਕ
                            ਹਰ ਰਾਹ ਕਿਸਾਨੀ ਯੱਗ ਵੱਲ..!
                                       ਚਰਨਜੀਤ ਭੁੱਲਰ                

ਚੰਡੀਗੜ੍ਹ : 'ਦਿੱਲੀ ਘੋਲ' ਨੇ ਸਾਂਝੀ ਸੁਰ ਛੇੜ ਦਿੱਤੀ ਹੈ। ਆਮ ਲੋਕ ਕਿਸਾਨੀ ਦੀ ਹੇਕ ਲਾ ਰਹੇ ਹਨ, ਜਿਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਟਰੈਕਟਰ 'ਤੇ ਝੰਡਾ ਕਿਹੜੀ ਕਿਸਾਨ ਧਿਰ ਦਾ ਹੈ। ਦਿੱਲੀ ਵੱਲ ਦੇ ਜਰਨੈਲੀ ਮਾਰਗਾਂ ਤੋਂ ਲੰਘਦੇ ਬਹੁਤੇ ਟਰੈਕਟਰਾਂ ਅਤੇ ਗੱਡੀਆਂ 'ਤੇ ਇੱਕ ਪਾਸੇ ਲਾਲ ਝੰਡਾ, ਦੂਜੇ ਪਾਸੇ ਹਰਾ ਝੰਡਾ ਲਹਿਰਾ ਰਿਹਾ ਹੁੰਦਾ ਹੈ। ਕਿਸਾਨ ਅੰਦੋਲਨ ਵਲਗਣਾਂ ਤੋਂ ਆਜ਼ਾਦ ਹੈ ਅਤੇ ਹੁਣ ਲੋਕ ਘੋਲ ਬਣ ਗਿਆ ਹੈ। ਇਸ ਸੰਘਰਸ਼ ਦਾ ਸਰਬ-ਸਾਂਝਾ ਯੱਗ ਹੁਣ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਹੈ।ਮਾਨਸਾ ਦੇ ਪਿੰਡ ਵਣਾਂਵਾਲੀ ਦਾ ਗੁਰਪ੍ਰੀਤ ਸਿੰਘ ਦੱਸਦਾ ਹੈ ਕਿ ਦਿੱਲੀ ਜਾਣ ਵਾਲੇ ਪਿੰਡਾਂ ਦੇ ਆਮ ਲੋਕਾਂ 'ਚ ਝੰਡਿਆਂ ਦੀ ਵੱਡੀ ਮੰਗ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਲੋਕ ਖ਼ੁਦ ਪੈਸੇ ਇਕੱਠੇ ਕਰਕੇ ਵੀ ਝੰਡਾ ਬਣਵਾ ਰਹੇ ਹਨ। ਕਿਸਾਨ ਧਿਰਾਂ ਤੋਂ ਝੰਡਿਆਂ ਤੇ ਬੈਜਾਂ ਦੀ ਮੰਗ ਪੂਰੀ ਨਹੀਂ ਹੋ ਰਹੀ ਹੈ। ਦਿੱਲੀ ਮੋਰਚੇ ਮਗਰੋਂ ਝੰਡਿਆਂ ਦੀ ਮੰਗ ਸਿਖ਼ਰ 'ਤੇ ਜਾ ਪੁੱਜੀ ਹੈ।  ਲਾਲੜੂ ਦਾ ਮਲਕੀਤ ਸਿੰਘ ਦੱਸਦਾ ਹੈ ਕਿ ਪਿੰਡਾਂ ਦੇ ਲੋਕ ਜੋ ਦਿੱਲੀ ਗਏ ਹਨ, ਉਨ੍ਹਾਂ ਨੇ ਸਿਰਫ਼ ਝੰਡਾ ਮੰਗਿਆ ਹੈ, ਚਾਹੇ ਕਿਸੇ ਵੀ ਕਿਸਾਨ ਧਿਰ ਦਾ ਹੋਵੇ। ਉਨ੍ਹਾਂ ਕਿਹਾ ਕਿ ਸਰਬ ਸਾਂਝੇ ਘੋਲ ਵਿਚ ਹੁਣ ਨਾਇਕ ਕਿਸਾਨ ਹੈ, ਝੰਡਿਆਂ ਦਾ ਰੰਗ ਮਾਇਨਾ ਨਹੀਂ ਰੱਖ ਰਿਹਾ।
          ਇੱਕ ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਅਜਿਹੇ ਵਾਹਨ ਸੜਕਾਂ 'ਤੇ  ਮਿਲੇ, ਜਿਨ੍ਹਾਂ 'ਤੇ ਪੋਸਟਰ ਤਾਂ ਲੱਖੋਵਾਲ ਧੜੇ ਦੇ ਲੱਗੇ ਹੋਏ ਸਨ ਜਦੋਂ ਕਿ ਝੰਡੇ ਉਗਰਾਹਾਂ ਧੜੇ ਦੇ ਲਹਿਰਾ ਰਹੇ ਸਨ। ਲੋਕ ਆਖਦੇ ਹਨ ਕਿ ਉਨ੍ਹਾਂ ਲਈ ਕਿਸਾਨ ਧਿਰਾਂ ਦੀ ਵਿਚਾਰਧਾਰਾ ਪ੍ਰਮੁੱਖ ਨਹੀਂ, ਉਨ੍ਹਾਂ ਲਈ ਕਿਸਾਨੀ ਦੀ ਭਾਸ਼ਾ ਅਹਿਮ ਹੈ।  ਟਿਕਰੀ ਬਾਰਡਰ 'ਤੇ ਖੜ੍ਹੇ ਕਈ ਟਰੈਕਟਰਾਂ 'ਤੇ ਦੋ-ਦੋ ਰੰਗਾਂ ਵਾਲੇ ਝੰਡੇ ਲਹਿਰਾ ਰਹੇ ਸਨ। ਬੀ.ਕੇ.ਯੂ. (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਉਹ ਦਿੱਲੀ ਮੋਰਚੇ ਦੌਰਾਨ ਹੁਣ ਤੱਕ 50 ਹਜ਼ਾਰ ਝੰਡੇ ਲੈ ਚੁੱਕੇ ਹਨ ਅਤੇ 70 ਹਜ਼ਾਰ ਬੈਜ ਨਵੇਂ ਲਏ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਕਿਸਾਨ ਟਰੈਕਟਰਾਂ 'ਤੇ ਦੋ-ਦੋ ਧਿਰਾਂ ਦੇ ਝੰਡੇ ਲਾ ਕੇ ਪੁੱਜ ਰਹੇ ਹਨ। ਰਤੀਆ ਦੇ ਕਿਸਾਨ ਬੋਹੜ ਸਿੰਘ ਨੇ ਦੱਸਿਆ ਕਿ ਅਜਿਹੀਆਂ ਕਈ ਟਰਾਲੀਆਂ ਵੇਖੀਆਂ, ਜਿਨ੍ਹਾਂ 'ਚ ਬੈਠੇ ਕਿਸਾਨਾਂ ਕੋਲ ਵੱਖ-ਵੱਖ ਰੰਗਾਂ ਦੇ ਝੰਡੇ ਫੜੇ ਹੋਏ ਸਨ। ਮੁਹਾਲੀ ਜ਼ਿਲ੍ਹੇ ਤੋਂ ਨੌਜਵਾਨਾਂ ਦਾ ਇੱਕ ਜਥਾ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੰਜ ਦਿਨਾਂ ਵਿਚ ਪੈਦਲ ਮਾਰਚ ਕਰਕੇ ਦਿੱਲੀ ਪੁੱਜਿਆ ਹੈ। ਇਹ ਨੌਜਵਾਨ ਆਖਦੇ ਹਨ ਕਿ ਪਹਿਲਾਂ ਕਿਸਾਨ, ਮਗਰੋਂ ਝੰਡਾ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਦਿੱਲੀ ਮੋਰਚੇ ਦੌਰਾਨ ਉਨ੍ਹਾਂ ਨੇ 22 ਹਜ਼ਾਰ ਝੰਡੇ ਨਵੇਂ ਲਏ ਹਨ ਅਤੇ 20 ਹਜ਼ਾਰ ਝੰਡਿਆਂ ਦਾ ਆਰਡਰ ਦਿੱਤਾ ਹੋਇਆ ਹੈ। 
          43 ਹਜ਼ਾਰ ਬੈਜ ਆ ਚੁੱਕੇ ਹਨ ਅਤੇ ਮੰਗ ਕਿਤੇ ਜ਼ਿਆਦਾ ਹੈ। ਸੰਤ ਸਮਾਜ ਵਾਲੇ ਵੀ ਉਨ੍ਹਾਂ ਤੋਂ ਝੰਡੇ ਮੰਗ ਰਹੇ ਹਨ।ਦਿੱਲੀ ਦੇ ਕਿਸਾਨ ਪੰਡਾਲ ਦੀ ਪ੍ਰਬੰਧਕ ਧਿਰ ਕੋਈ ਹੋਰ ਹੁੰਦੀ ਹੈ ਜਦੋਂ ਕਿ ਉਸ 'ਚ ਦੂਸਰੇ ਰੰਗ ਦੀ ਪੱਗ ਵਾਲੇ ਆਮ ਲੋਕ ਵੀ ਬੈਠੇ ਦੇਖੇ ਜਾਂਦੇ ਹਨ, ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਅੱਗੇ ਕਿਹੜੀ ਧਿਰ ਪ੍ਰਬੰਧਕ ਹੈ, ਉਨ੍ਹਾਂ ਨੂੰ ਚਾਰੇ ਪਾਸੇ ਕਿਸਾਨ ਹੀ ਨਜ਼ਰ ਆਉਂਦਾ ਹੈ।ਪੰਜਾਬ 'ਚੋਂ ਦੋ ਦਿਨਾਂ ਤੋਂ ਆੜ੍ਹਤੀਏ  ਵੀ ਦਿੱਲੀ ਵੱਲ ਚਾਲੇ ਪਾਉਣ ਲੱਗੇ ਹਨ। ਭਦੌੜ ਦੇ ਆੜ੍ਹਤੀਏ ਅਜੇ ਕੁਮਾਰ ਨੇ ਦੱਸਿਆ ਕਿ ਮੰਡੀ ਦੇ ਹਰ ਆੜ੍ਹਤੀ ਵੱਲੋਂ ਦਿੱਲੀ ਮੋਰਚੇ 'ਚ ਹਾਜ਼ਰੀ ਭਰੀ ਜਾ ਰਹੀ ਹੈ।  ਬਰਨਾਲਾ ਦੇ ਆੜ੍ਹਤੀਏ ਹੀਰਾ ਲਾਲ ਤੇ ਜੀਵਨ ਬਾਂਸਲ ਨੇ ਦੱਸਿਆ ਕਿ ਦਿੱਲੀ ਮੋਰਚਾ ਤਾਂ ਸਾਂਝੀ ਲੜਾਈ ਦਾ ਪ੍ਰਤੀਕ ਹੈ ਅਤੇ ਵੱਡੀ ਗਿਣਤੀ ਵਿਚ ਆੜ੍ਹਤੀਏ ਦਿੱਲੀ ਗਏ ਹਨ। ਮੌੜ ਮੰਡੀ ਦੇ ਰਾਜੇਸ਼ ਜੈਨ ਨੇ ਦੱਸਿਆ ਕਿ ਕਿਸਾਨ ਸਭ ਦੀ ਲੜਾਈ ਲੜ ਰਿਹਾ ਹੈ, ਜਿਸ ਕਰਕੇ ਮੌੜ ਮੰਡੀ ਤੋਂ ਵੀ ਵੱਡੀ ਗਿਣਤੀ 'ਚ ਆੜ੍ਹਤੀਏ ਦਿੱਲੀ ਗਏ ਹਨ। ਇਸੇ ਤਰ੍ਹਾਂ ਗਿੱਦੜਬਾਹਾ ਦਾ ਆੜ੍ਹਤੀਆ ਬਿੰਟਾ ਅਰੋੜਾ ਦੱਸਦਾ ਹੈ ਕਿ ਕਿਸਾਨ ਆੜ੍ਹਤੀਆਂ ਏਕਤਾ ਦੇ ਬੈਨਰ ਹੁਣ ਸ਼ਹਿਰਾਂ ਵਿਚ ਦਿੱਖਣ ਲੱਗੇ ਹਨ  ਅਤੇ ਦਿੱਲੀ ਵੀ ਸਭ ਤਬਕੇ ਜਾ ਰਹੇ ਹਨ।
                     ਘੋਲ ਨੇ ਲਕੀਰਾਂ ਮਿਟਾਈਆਂ: ਪ੍ਰੋ. ਸੁਰਜੀਤ ਲੀਅ
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਸੁਰਜੀਤ ਲੀਅ ਆਖਦੇ ਹਨ ਕਿ ਕਿਸਾਨ ਅੰਦੋਲਨ ਨੇ ਸਮਾਜਿਕ ਵਿੱਥਾਂ ਮਿਟਾ ਦਿੱਤੀਆਂ ਹਨ। ਸਮੁੱਚੇ ਸਮਾਜ ਨੂੰ ਇਹ ਆਪਣਾ ਘੋਲ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਲੰਮੇਰੇ ਸਮਾਜਿਕ ਤੇ ਸਭਿਆਚਾਰਕ ਪ੍ਰਭਾਵ ਪੈਣਗੇ। ਭਾਈਚਾਰਕ ਸਾਂਝ ਗੂੜ੍ਹੀ ਹੋਵੇਗੀ ਅਤੇ ਵਰਗਾਂ 'ਚ ਪਈ ਖਾਈ ਭਰੀ ਜਾਵੇਗੀ। ਪੇਂਡੂ ਪੰਜਾਬ ਨੂੰ ਆਪਣਾ ਗੁਆਚਾ ਮੂਲ ਲੱਭੇਗਾ।  

Thursday, December 10, 2020

              ਜਾਗ ਪਏ
ਧਰਤੀ ਦੇ ਜਾਏ ਜਾਗ ਪਏ
          ਚਰਨਜੀਤ ਭੁੱਲਰ                            

ਚੰਡੀਗੜ੍ਹ : ਕਿਸਾਨ ਅੰਦੋਲਨ ਨੇ ਪੰਜਾਬ ਵਿਚ ਨਵਾਂ ਜਾਗ ਲਾਇਆ ਹੈ। ਗਲੋਬਲ ਪਿੰਡ 'ਚ ਕਿਸਾਨ ਨਾਇਕ ਵਜੋਂ ਉਭਰਿਆ ਹੈ। ਨਵੇਂ ਰਾਹ ਬਣਾਏ ਹਨ ਅਤੇ ਵਿੱਥਾਂ ਨੂੰ ਭਰਿਆ ਹੈ। ਬਠਿੰਡਾ ਦੇ ਪਿੰਡ ਮੰਡੀ ਕਲਾਂ ਦੇ ਹਰਜਸ ਸਿੰਘ ਨੇ ਜਦੋਂ ਕਿਸਾਨ ਆਗੂਆਂ ਦੀ ਸਾਦਗੀ ਦੇਖੀ ਤਾਂ ਉਸ ਨੇ ਆਪਣੀ ਬੋਲੇਰੋ ਗੱਡੀ ਦੀ ਚਾਬੀ ਕਿਸਾਨ ਯੂਨੀਅਨ ਨੂੰ ਸੌਂਪ ਦਿੱਤੀ। ਹਰਜਸ ਸਿੰਘ ਆਖਦਾ ਹੈ ਕਿ ਬੀ.ਕੇ.ਯੂ (ਸਿੱਧੂਪੁਰ) ਦਾ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਖੇਤੀ ਕਰਦਾ ਹੈ ਅਤੇ ਬੱਸ 'ਤੇ ਸਫ਼ਰ ਕਰਦਾ ਹੈ। ਹਰਜਸ ਸਿੰਘ ਨੂੰ ਜਦੋਂ ਪਤਾ ਲੱਗਿਆ ਕਿ ਇਸੇ ਯੂਨੀਅਨ ਦਾ ਇੱਕ ਜ਼ਿਲ੍ਹਾ ਆਗੂ ਮੋਟਰਸਾਈਕਲ 'ਤੇ ਦਿੱਲੀ ਮੋਰਚੇ 'ਤੇ ਗਿਆ ਹੈ ਤਾਂ ਉਸ ਦਾ ਮਨ ਝੰਜੋੜਿਆ ਗਿਆ। ਉਸ ਨੇ ਆਪਣੀ ਬੋਲੈਰੋ ਗੱਡੀ ਇਨ੍ਹਾਂ ਆਗੂਆਂ ਨੂੰ ਸੌਂਪ ਦਿੱਤੀ। ਸਹਿਕਾਰੀ ਅਧਿਕਾਰੀ ਹਰਮੀਤ ਿਸੰਘ (ਏਆਰ) ਨੇ ਕਿਸਾਨ ਆਗੂਆਂ ਨੂੰ 1.10 ਲੱਖ ਰੁਪਏ ਿਵੱਚ ਸਾਊਂਡ, ਟੈਂਟ ਆਦਿ ਦਾ ਸਾਮਾਨ ਲੈ ਕੇ ਦੇ ਦਿੱਤਾ। ਦਿੱਲੀ ਮੋਰਚੇ ਵਿਚ ਕੁਝ ਪਰਵਾਸੀ ਪੰਜਾਬੀਆਂ ਨੇ ਡੈਨਮਾਰਕ ਦੇ ਲੂਹੇ ਦੁੱਧ ਦਾ ਲੰਗਰ ਲਾ ਦਿੱਤਾ, ਜੋ ਵੰਡਿਆ ਜਾ ਰਿਹਾ ਹੈ। ਲੂਹੇ ਦੁੱਧ ਦੇ ਉਤਪਾਦ ਦਾ ਇੱਕ ਚਮਚਾ ਲੈਣ ਨਾਲ ਸਰਦੀ ਨਹੀਂ ਲੱਗਦੀ।
           ਇਸੇ ਤਰ੍ਹਾਂ ਮੋਗਾ ਅਤੇ ਅੰਮ੍ਰਿਤਸਰ ਦੇ ਦੋ ਮਹੰਤਾਂ, ਜੋ ਅਕਸਰ ਵਧਾਈ ਮੰਗ ਕੇ ਗੁਜ਼ਾਰਾ ਕਰਦੇ ਹਨ, ਨੇ ਦਿੱਲੀ ਮੋਰਚੇ ਲਈ 5100-5100 ਰੁਪਏ ਭੇਜੇ ਹਨ। ਸੰਗਰੂਰ ਜ਼ਿਲ੍ਹੇ ਦਾ ਸੁਖਪਾਲ ਸਿੰਘ ਮਾਣਕ ਆਪਣਾ ਦੁੱਧ ਦਾ ਕਾਰੋਬਾਰ ਛੱਡ ਕੇ ਦਿੱਲੀ ਮੋਰਚੇ ਵਿਚ ਬੈਠ ਗਿਆ। ਉਸ ਨੇ ਪਰਿਵਾਰ ਨੂੰ ਸੁਨੇਹਾ ਭੇਜ ਦਿੱਤਾ ਕਿ ਉਸ ਦੀ ਉਡੀਕ ਨਾ ਕਰਨ। ਕਿਸਾਨ ਅੰਦੋਲਨ ਸਰਬ ਸਾਂਝਾ ਘੋਲ ਬਣ ਗਿਆ ਹੈ, ਜਿਸ 'ਚ ਹਿੱਸੇਦਾਰੀ ਪਾਉਣਾ ਹਰ ਕੋਈ ਆਪਣਾ ਇਖ਼ਲਾਕੀ ਫ਼ਰਜ਼ ਸਮਝਣ ਲੱਗਿਆ ਹੈ। ਮਲੋਟ ਇਲਾਕੇ ਵਿਚ ਇੱਕ ਵਿਆਹ ਦੀ ਰਿਸੈਪਸ਼ਨ ਮੌਕੇ ਮਾਪਿਆਂ ਨੇ ਲੋਕਾਂ ਤੋਂ ਸ਼ਗਨ ਨਹੀਂ ਲਿਆ ਬਲਕਿ ਸਮਾਗਮ ਵਿਚ ਇੱਕ ਡੱਬਾ ਰੱਖ ਕੇ ਸਟੇਜ ਤੋਂ ਐਲਾਨ ਕਰਵਾਇਆ ਕਿ ਮਹਿਮਾਨ ਸ਼ਗਨ ਨਾ ਦੇਣ ਬਲਕਿ ਡੱਬੇ ਵਿਚ ਸਵੈ-ਇੱਛਾ ਨਾਲ ਦਾਨ ਪਾ ਜਾਣ। ਇਹ ਡੱਬਾ ਕਿਸਾਨ ਅੰਦੋਲਨ ਲਈ ਰੱਖਿਆ ਗਿਆ ਸੀ। ਮਾਲਵਾ ਖ਼ਿੱਤੇ ਦੇ ਦਰਜਨਾਂ ਵਿਆਹ ਸਮਾਰੋਹਾਂ ਵਿਚ ਜਦੋਂ ਡੀਜੇ ਲੱਗਿਆ ਤਾਂ ਨੌਜਵਾਨਾਂ ਨੇ ਕਿਸਾਨੀ ਵਾਲੇ ਗਾਣਿਆਂ ਨੂੰ ਤਰਜੀਹ ਦਿੱਤੀ।  ਕਿਸਾਨ ਘੋਲ ਨੇ ਖੁਸ਼ੀ-ਗਮੀ ਸਮਾਗਮਾਂ ਦੇ ਰੰਗ ਵੀ ਬਦਲ ਦਿੱਤੇ ਹਨ। ਨਾਭਾ ਦੇ ਪਿੰਡ ਦੁਲੱਦੀ ਵਿਚ ਵਿਆਹ ਪ੍ਰੋਗਰਾਮ 'ਚ ਜਦੋਂ ਜਾਗੋ ਕੱਢੀ ਗਈ ਤਾਂ ਕਿਸਾਨ ਘੋਲ ਦੀ ਹਮਾਇਤ ਵਿਚ ਨਾਅਰੇ ਲਾਏ ਗਏ। ਲੰਘੇ ਦਿਨਾਂ 'ਚ ਦਰਜਨਾਂ ਵਿਆਹ ਸਮਾਗਮਾਂ ਦੌਰਾਨ ਲਾੜਿਆਂ ਨੇ ਬਰਾਤੀ ਗੱਡੀ ਅੱਗੇ ਕਿਸਾਨ ਯੂਨੀਅਨ ਦਾ ਝੰਡਾ ਲਾਇਆ ਹੈ।
          ਇਸ ਜ਼ਿਲ੍ਹੇ ਦੇ ਪਿੰਡ ਸਕਰੌਦੀ ਦੇ ਲੋਕਾਂ ਨੇ ਇਕੱਠੇ ਹੋ ਕੇ ਨਵਾਂ ਫ਼ੈਸਲਾ ਕੀਤਾ ਹੈ। ਪਿੰਡ ਵਾਸੀ ਤੇ ਸਾਬਕਾ ਇੰਸਪੈਕਟਰ (ਪੀਆਰਟੀਸੀ) ਨਿਰੰਜਨ ਸਿੰਘ ਗਰੇਵਾਲ ਨੇ ਦੱਸਿਆ ਕਿ ਸਮੁੱਚੇ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਹੈ ਕਿ ਜਿਸ ਪਰਿਵਾਰ ਦਾ ਕੋਈ ਜੀਅ 'ਦਿੱਲੀ ਮੋਰਚੇ' ਵਿਚ ਨਹੀਂ ਜਾਵੇਗਾ, ਉਸ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਪਿੰਡ 'ਚੋਂ ਲੋਕ ਦਿੱਲੀ ਮੋਰਚੇ ਵਿਚ ਜਾਣ ਲੱਗੇ ਹਨ। ਇਵੇਂ ਹੀ ਤਲਵੰਡੀ ਸਾਬੋ ਇਲਾਕੇ ਦੇ ਦੋ ਹਲਵਾਈ ਸਰਬੀ ਅਤੇ ਸਤਿਨਾਮ ਨੇ ਆਪਣਾ ਕੰਮ ਬੰਦ ਕਰਕੇ ਦਿੱਲੀ ਮੋਰਚੇ ਵਿਚ ਡੇਰੇ ਲਾ ਲਏ ਹਨ, ਜੋ ਲੰਗਰ ਤਿਆਰ ਕਰਾਉਣ ਵਿਚ ਜੁਟੇ ਹੋਏ ਹਨ। ਚਮਕੌਰ ਸਾਹਿਬ ਤੋਂ ਸਵਰਨ ਭੰਗੂ ਤੇ ਗੁਰਪ੍ਰੀਤ ਕੌਰ ਭੰਗੂ ਤੋਂ ਇਲਾਵਾ ਮਲਕੀਤ ਰੌਣੀ ਨੇ ਦਿੱਲੀ ਮੋਰਚੇ ਵਿਚ ਇੱਕ ਹਜ਼ਾਰ ਕੰਬਲ ਅਤੇ 500 ਸ਼ਾਲ ਭੇਜੇ ਹਨ। ਹਰਿਆਣਾ ਦੇ ਪਿੰਡ ਕਾਰਾ ਵਿਚ ਪੰਚਾਇਤ ਦਾ ਸਾਂਝਾ ਮੱਛੀ ਫਾਰਮ ਹੈ, ਜਿਥੋਂ ਦਾ ਅਨਿਲ ਦੱਸਦਾ ਹੈ ਕਿ ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਮੱਛੀ ਫਾਰਮ ਦੀ ਸਾਰੀ ਕਮਾਈ ਕਿਸਾਨ ਘੋਲ 'ਤੇ ਲਾਈ ਜਾਵੇਗੀ।
           ਪੀ.ਏ.ਯੂ ਦੇ ਖੇਤੀ ਮਾਹਿਰ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਘੋਲ ਨੇ ਪੰਜਾਬ ਦੇ ਸਭ ਦਾਗ ਧੋ ਸੁੱਟੇ ਹਨ ਅਤੇ ਪੰਜਾਬ ਦੀ ਗੁਆਚੀ ਆਨ-ਸ਼ਾਨ ਮੁੜ ਪਰਤ ਆਈ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚਾਰ ਗੁਰਸਿੱਖ ਨੌਜਵਾਨਾਂ ਨੇ ਦਰਦਾਂ ਨਾਲ ਕੁਰਲਾ ਰਹੀ ਗਰਭਵਤੀ ਮਹਿਲਾ ਨੂੰ ਹਸਪਤਾਲ ਭਰਤੀ ਕਰਾਇਆ।  ਦਿੱਲੀ ਦੀ ਲੜਕੀ ਕੁਲਦੀਪ ਕੌਰ ਨੇ ਦਿੱਲੀ ਮੋਰਚੇ 'ਚ ਭਾਸ਼ਣ ਸੁਣਨ ਮਗਰੋਂ ਕਿਹਾ ਕਿ ਉਸ ਨੂੰ ਮਾਪਿਆਂ ਨੇ ਕਦੇ ਭਗਤ ਸਿੰਘ ਤੇ ਹੋਰਨਾਂ ਯੋਧਿਆਂ ਬਾਰੇ ਨਹੀਂ ਦੱਸਿਆ ਸੀ, ਇਸ ਕਰਕੇ ਹੁਣ ਉਸ ਨੇ ਪੂਰਾ ਇਤਿਹਾਸ ਪੜ੍ਹਨ ਦਾ ਅਹਿਦ ਲਿਆ ਹੈ। ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਨੌਜਵਾਨ ਰੁਪਿੰਦਰ ਸਿੰਘ ਅਤੇ ਮੇਜਰ ਸਿੰਘ ਨੇ ਅੱਜ ਦਿੱਲੀ ਮੋਰਚੇ 'ਚ ਕੁਝ ਦਿਨਾਂ ਦੀ ਠਹਿਰ ਮਗਰੋਂ ਦੱਸਿਆ ਕਿ ਦੁਨੀਆ ਵਿਚ ਪੰਜਾਬੀਆਂ ਦੀ ਭੱਲ ਸਿਖ਼ਰ ਵੱਲ ਵਧੀ ਹੈ। ਉਨ੍ਹਾਂ ਦੱਸਿਆ ਕਿ ਟਵਿੱਟਰ 'ਤੇ ਦੂਸਰੇ ਸੂਬਿਆਂ ਦੇ ਲੱਖਾਂ ਲੋਕਾਂ ਨੇ ਪੰਜਾਬੀ ਭਾਸ਼ਾ ਸਿੱਖਣ ਵਿਚ ਰੁਚੀ ਦਿਖਾਈ ਹੈ।

Tuesday, December 8, 2020

                                           ਸੰਘਰਸ਼ੀ ਸਕੂਲ
                                ਅਸੀਂ ਗਮਲੇ ਦੇ ਫੁੱਲ ਨਹੀਂ..!
                                           ਚਰਨਜੀਤ ਭੁੱਲਰ               

ਚੰਡੀਗੜ੍ਹ : ਛੇ ਵਰ੍ਹਿਆਂ ਦੀ ਬੱਚੀ ਸਿਮਰਨ 12 ਦਿਨਾਂ ਤੋਂ 'ਦਿੱਲੀ ਮੋਰਚੇ' ਦੇ ਅੰਗ ਸੰਗ ਹੈ। ਖੇਤੀ ਕਾਨੂੰਨਾਂ ਦਾ ਮਸਲਾ ਵੱਡਾ ਹੈ, ਸਿਮਰਨ ਦੀ ਉਮਰ ਛੋਟੀ ਹੈ। ਜਦੋਂ ਉਹ ਪੰਡਾਲ ਦਾ ਚਿਹਰਾ ਪੜ੍ਹਦੀ ਹੈ ਤਾਂ ਉੁਸ ਨੂੰ ਲੱਗਦਾ ਹੈ ਕਿ ਗੱਲ ਕੋਈ ਛੋਟੀ ਨਹੀਂ। ਬੇਸਮਝ ਬੱਚੀ ਸਿਮਰਨ ਏਨਾ ਕੁ ਜਾਣੂ ਹੋਣੀ ਹੈ ਕਿ ਪੰਜਾਬ ਦੇ ਵਿਹੜੇ 'ਚ ਸੁੱਖ ਨਹੀਂ। ਪਟਿਆਲਾ ਦੇ ਪਿੰਡ ਨਿਆਲ ਦੀ ਸਿਮਰਨ ਆਪਣੇ ਦਾਦੀ ਅੱਗੇ ਕਈ ਸੁਆਲ ਖੜ੍ਹੇ ਕਰਦੀ ਹੈ। 'ਦਿੱਲੀ ਮੋਰਚਾ' ਕੋਰੀ ਸਲੇਟ 'ਤੇ ਨਵੀਂ ਸੰਘਰਸ਼ੀ ਇਬਾਰਤ ਲਿਖ ਰਿਹਾ ਹੈ।  'ਦਿੱਲੀ ਮੋਰਚੇ' 'ਚ ਲੰਗਰ ਦੀ ਪੰਗਤ ਹੋਵੇ, ਬੇਸ਼ੱਕ ਪੰਡਾਲ ਹੋਵੇ, ਹਰ ਪਾਸੇ ਮਾਵਾਂ ਤੇ ਦਾਦੀਆਂ ਨਾਲ ਇਹ ਬੱਚੇ ਬੈਠੇ ਨਜ਼ਰ ਆਉਂਦੇ ਹਨ। ਦੇਖਿਆ ਜਾਵੇ ਤਾਂ ਸੰਘਰਸ਼ੀ ਪੰਡਾਲ 'ਚ ਬੈਠੇ ਬੱਚੇ ਨਹੀਂ, ਨਾਟਕਾਂ ਦੇ ਪਾਤਰ ਜਾਪਦੇ ਹਨ।ਜ਼ਿਲ੍ਹਾ ਮਾਨਸਾ ਦੇ ਪਿੰਡ ਦੋਦੜਾ ਦੀ ਬੱਚੀ ਹਰਮਨਪ੍ਰੀਤ ਅੱਠ ਵਰ੍ਹਿਆਂ ਦੀ ਹੈ, ਅੱਠ ਦਿਨਾਂ ਤੋਂ ਦਿੱਲੀ ਘੋਲ 'ਚ ਹੈ। ਜਦੋਂ ਸ਼ਾਹੀਨ ਬਾਗ 'ਚ ਮੋਰਚਾ ਖੁੱਲ੍ਹਿਆ ਸੀ ਤਾਂ ਇਹ ਬੱਚੀ ਦੋ ਦਿਨ ਦਾਦੀਆਂ ਦੇ ਨਿੱਘ 'ਚ ਬੈਠੀ ਸੀ।
           ਪੰਜਵੀਂ ਜਮਾਤ 'ਚ ਪੜ੍ਹਦੀ ਇਹ ਬੱਚੀ ਹੁਣ ਸੰਘਰਸ਼ੀ ਵਰਕੇ ਫਰੋਲ ਰਹੀ ਹੈ। ਬਾਪ ਜਗਸੀਰ ਸਿੰਘ ਦੱਸਦਾ ਹੈ ਕਿ ਬੇਟੀ ਨੇ ਇਨਕਲਾਬੀ ਸਾਹਿਤ 'ਚ ਰੁਚੀ ਲੈਣੀ ਸ਼ੁਰੂ ਕੀਤੀ ਹੈ। ਹਰਮਨਪ੍ਰੀਤ ਪੰਡਾਲ ਦੇ ਭਾਸ਼ਣਾਂ 'ਚੋਂ ਆਪਣੇ ਘਰ ਦੀ ਹਾਲਤ ਵੇਖਦੀ ਹੈ। ਇਹ ਬੱਚੇ ਗਮਲੇ ਦੇ ਫੁੱਲ ਨਹੀਂ ਜਾਪਦੇ, ਧਰਤੀ ਦੇ ਫੁੱਲ ਲੱਗਦੇ ਹਨ ਜਿਨ੍ਹਾਂ ਦੀ ਵੱਖਰੀ ਕਿਆਰੀ ਹੈ। ਦਿੱਲੀ ਦੇ ਪਬਲਿਕ ਸਕੂਲ ਦਾ 10 ਵਰ੍ਹਿਆਂ ਦਾ ਬੱਚਾ ਮਨਮੀਤ ਰੋਜ਼ਾਨਾ ਸੰਘਰਸ਼ੀ ਸਕੂਲ 'ਚ ਆਉਂਦਾ ਹੈ। ਉਹ ਆਖਦਾ ਹੈ ਕਿ ਕਿਸਾਨ ਨਹੀਂ ਰਹੇਗਾ ਤਾਂ ਸਭ ਦੀ ਹੋਂਦ ਖਤਰੇ 'ਚ ਪੈ ਜਾਵੇਗੀ। ਮਾਨਸਾ ਜ਼ਿਲ੍ਹੇ ਵਿਚੋਂ ਬਚਨ ਕੌਰ ਦੱਸਦੀ ਹੈ ਕਿ ਸੰਘਰਸ਼ਾਂ 'ਚ ਆਏ ਬੱਚਿਆਂ ਦੀ ਮੰਗ ਬਦਲ ਗਈ ਹੈ। ਇਨ੍ਹਾਂ ਬੱਚਿਆਂ ਦੀ ਗੱਲਬਾਤ ਦਾ ਮੁਹਾਂਦਰਾ ਬਦਲ ਗਿਆ ਹੈ। ਸੰਘਰਸ਼ੀ ਘੋਲ 'ਚ ਰਾਤ ਵੇਲੇ ਮਾਵਾਂ ਇਨ੍ਹਾਂ ਬੱਚਿਆਂ ਨੂੰ ਯੁੱਗ ਬਦਲਣ ਵਾਲੇ ਯੋਧਿਆਂ ਦੀਆਂ ਬਾਤਾਂ ਸੁਣਾਉਂਦੀਆਂ ਹਨ। ਗਿਆਰਾਂ ਸਾਲ ਦੀ ਇੱਕ ਬੱਚੀ ਹਰਮਨ ਖੇਤਾਂ ਕਾਨੂੰਨਾਂ ਵਜੋਂ ਆਏ ਤੂਫਾਨ ਦੀ ਗਹਿਰਾਈ ਨੂੰ ਸਮਝਦੀ ਹੈ।
           ਬਹੁਤੇ ਬੱਚਿਆਂ ਦੇ ਇਹੋ ਸੁਆਲ ਹਨ ਕਿ ਇੰਝ ਕਿਉਂ ਹੁੰਦਾ ਹੈ, ਝੰਡੇ ਕਿਉਂ ਚੁੱਕਣੇ ਪੈਂਦੇ ਨੇ, ਪੁਲੀਸ ਰਾਹ ਕਿਉਂ ਘੇਰਦੀ ਹੈ, ਕਦੋਂ ਮੁੱਕੇਗਾ ਇਹ ਘੋਲ। ਦਿੱਲੀ ਦੇ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ 'ਤੇ ਸੈਂਕੜੇ ਬੱਚੇ ਸੰਘਰਸ਼ 'ਚ ਸ਼ਾਮਲ ਹਨ ਜਿਨ੍ਹਾਂ ਦੀ ਉਮਰ 10 ਸਾਲ ਤੋਂ ਘੱਟ ਹੈ। ਇਹ ਬੱਚੇ ਪੰਡਾਲ 'ਚ ਨਾਅਰਿਆਂ ਦੀ ਗੂੰਜ ਬਣਦੇ ਹਨ। ਝੰਡਿਆਂ ਨੂੰ ਹੱਥਾਂ 'ਚ ਚੁੱਕ ਲਹਿਰਾਉਂਦੇ ਨੇ। ਬਹੁਤੇ ਸਕੂਲੀ ਬੱਚੇ ਦਿਨੇ ਪੰਡਾਲ 'ਚ ਸਜਦੇ ਨੇ, ਰਾਤਾਂ ਨੂੰ ਪੜ੍ਹਾਈ ਕਰਦੇ ਹਨ। ਟਰਾਲੀਆਂ ਵਿਚ ਹੀ ਇਹ ਬੱਚੇ ਰਾਤ ਵੇਲੇ ਪੜ੍ਹਾਈ ਕਰਦੇ ਹਨ। ਸ਼ਹਿਰੀ ਮਾਪੇ ਵੀ ਆਪਣੇ ਬੱਚਿਆਂ ਨੂੰ ਸੰਘਰਸ਼ 'ਚ ਲੈ ਕੇ ਗਏ ਹਨ ਤਾਂ ਜੋ ਜ਼ਮੀਨੀ ਹਕੀਕਤ 'ਚੋਂ ਅੱਖੀਂ ਵਿਚਰ ਲੈਣ।
          ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੱਨਾ ਦੀ ਤਾਜਾ ਬੇਗਮ ਆਪਣੇ ਤਿੰਨ ਬੱਚਿਆਂ ਨੂੰ ਦਿੱਲੀ ਮੋਰਚੇ ਲੈ ਕੇ ਗਈ ਹੈ। ਗਿਆਰਾਂ ਸਾਲ ਦਾ ਮੁਹੰਮਦ ਅਰਫਾਨ, 10 ਸਾਲ ਦਾ ਮੁਹੰਮਦ ਅਰਸ਼ੀਦ ਅਤੇ 3 ਸਾਲ ਦਾ ਮੁਹੰਮਦ ਸਵਰਾਟ, ਕਈ ਦਿਨਾਂ ਤੋਂ ਸੰਘਰਸ਼ ਦੀ ਹਰ ਪੈੜ ਨੂੰ ਆਪਣੀ ਬਚਪਨ ਦੀ ਅੱਖ ਨਾਲ ਵੇਖ ਰਹੇ ਹਨ। ਮਹਿਲਾ ਚੌਕ ਦੀ 14 ਸਾਲ ਦੀ ਬੱਚੀ ਅਰਮਾਨ ਜੋਤ ਜਦੋਂ ਤੋਂ ਸੰਘਰਸ਼ੀ ਉਂਗਲ ਫੜ ਤੁਰੀ ਹੈ, ਇਨਕਲਾਬੀ ਸਾਹਿਤ ਪੜ੍ਹਨ ਲੱਗੀ ਹੈ।
                              ਵੱਡੇ ਹੋਣ 'ਤੇ ਪਹੁੰਚ ਵੱਖਰੀ ਹੋਵੇਗੀ
ਪੰਜਾਬੀ 'ਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਸੁਖਮਿੰਦਰ ਕੌਰ ਆਖਦੇ ਹਨ ਕਿ ਕਿਸਾਨ ਅੰਦੋਲਨ ਵਿਚ ਸ਼ਾਮਲ ਬੱਚਿਆਂ ਦੇ ਬਚਪਨ 'ਤੇ ਲੰਬੀ ਛਾਪ ਛੱਡੇਗਾ ਜਿਸ ਨਾਲ ਬੱਚਿਆਂ 'ਚ ਮੁਸ਼ਕਲਾਂ ਸਮਝਣ ਤੇ ਉਨ੍ਹਾਂ ਨੂੰ ਹੱਲ ਕਰਨ ਦੀ ਸਮਰੱਥਾ ਵਿਚ ਵਾਧਾ ਹੋਵੇਗਾ। ਜਦੋਂ ਇਹ ਬੱਚੇ ਵੱਡੇ ਹੋਣਗੇ ਤਾਂ ਉਨ੍ਹਾਂ ਦੀ ਪਹੁੰਚ ਵੱਖਰੀ ਕਿਸਮ ਦੀ ਹੋਵੇਗੀ। ਸੰਘਰਸ਼ ਦੇ ਰੰਗਾਂ ਤੋਂ ਬੱਚਾ ਨਵੇਂ ਤਜਰਬੇ ਸਿੱਖਦਾ ਹੈ ਅਤੇ ਹਕੀਕੀ ਦੁਨੀਆਂ ਤੋਂ ਜਾਣੂ ਹੁੰਦਾ ਹੈ।  

Monday, December 7, 2020

                                                             ਜ਼ਿੰਦਗੀ ਦੇ ਯੋਧੇ
                                    ਉਨ੍ਹਾਂ ਕਦੇ ਨਾ ਮੰਨੀ ਈਨ..!
                                             ਚਰਨਜੀਤ ਭੁੱਲਰ                              

ਚੰਡੀਗੜ੍ਹ : ਮਾਨਸਾ ਜ਼ਿਲ੍ਹੇ ਦੇ ਪਿੰਡ ਦੋਦੜਾ ਦੀ ਪੜਦਾਦੀ ਹਮੀਰ ਕੌਰ ਨੇ ਬਿਮਾਰੀ ਅੱਗੇ ਈਨ ਨਹੀਂ ਮੰਨੀ। ਦਿੱਲੀ ਮੋਰਚੇ 'ਚ ਜ਼ਿੱਦ ਕਰੀ ਬੈਠੀ ਹੈ ਕਿ ਉਹ ਵਾਪਸ ਨਹੀਂ ਜਾਵੇਗੀ। 84 ਸਾਲ ਦੀ ਇਹ ਬੇਬੇ ਦੋ ਵਾਰ ਬਿਮਾਰ ਹੋ ਚੁੱਕੀ ਹੈ ਅਤੇ ਉਸ ਨੂੰ ਰੋਹਤਕ ਹਸਪਤਾਲ ਭਰਤੀ ਕਰਾਉਣਾ ਪਿਆ। ਜਦੋਂ ਹਸਪਤਾਲੋਂ ਛੁੱਟੀ ਮਿਲਦੀ ਹੈ, ਪਿੰਡ ਦੀ ਬਜਾਏ ਮੁੜ ਦਿੱਲੀ ਮੋਰਚੇ 'ਚ ਪਹੁੰਚ ਜਾਂਦੀ ਹੈ। ਕਿਸਾਨ ਆਗੂ ਬੇਬੇ ਨੂੰ ਪਿੰਡ ਮੁੜਨ ਲਈ ਮਨਾਉਂਦੇ ਹਨ ਪਰ ਉਹ ਆਖਦੀ ਹੈ ਕਿ ਔਖੇ ਸਮੇਂ ਪਿੜ ਨਹੀਂ ਛੱਡੀਦਾ।ਬਿਰਧ ਹਮੀਰ ਕੌਰ ਦਾ 80 ਸਾਲ ਦਾ ਭਰਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਢਡੋਲੀ ਤੋਂ ਦਿੱਲੀ ਮੋਰਚੇ 'ਚ ਆਇਆ ਹੈ। ਜਦੋਂ ਵਿਹਲ ਮਿਲਦੀ ਹੈ ਤਾਂ ਇਹ ਬਿਰਧ ਭੈਣ ਭਰਾ ਮਿਲ ਬੈਠਦੇ ਹਨ। ਸੰਗਰੂਰ ਦੇ ਪਿੰਡ ਆਲੋਰਖ ਦੀ ਮਹਿੰਦਰ ਕੌਰ ਕਿਹੜਾ ਘੱਟ ਹੈ। ਉਹ 70 ਵਰ੍ਹਿਆਂ ਦੀ ਹੈ ਅਤੇ ਦਿੱਲੀ ਮੋਰਚੇ ਦੌਰਾਨ ਉਸ ਦੀ ਲੱਤ ਟੁੱਟ ਗਈ। ਹਸਪਤਾਲ ਭਰਤੀ ਕਰਾਇਆ। ਜਦੋਂ ਲੱਤ 'ਤੇ ਪਲਸਤਰ ਕਰਨ ਮਗਰੋਂ ਛੁੱਟੀ ਮਿਲੀ ਤਾਂ ਉਹ ਮੁੜ ਦਿੱਲੀ ਮੋਰਚੇ 'ਚ ਪੁੱਜ ਗਈ। ਉਹ ਆਖਦੀ ਹੈ ਕਿ ਲੱਤ ਟੁੱਟੀ ਹੈ, ਹੌਸਲਾ ਨਹੀਂ।
             ਦਿੱਲੀ ਮੋਰਚੇ 'ਚ ਹੁਣ ਤੱਕ ਅੱਧੀ ਦਰਜਨ ਜਾਨਾਂ ਚਲੀਆਂ ਗਈਆਂ ਹਨ ਜਿਨ੍ਹਾਂ 'ਚੋਂ ਮਾਨਸਾ ਦੇ ਕਿਸਾਨ ਧੰਨਾ ਸਿੰਘ ਦਾ ਅੱਜ ਭੋਗ ਸਮਾਗਮ ਸੀ। ਪਿੰਡ ਬੱਛੋਆਣਾ ਦੇ ਜੰਟਾ ਸਿੰਘ ਨੂੰ ਦਿੱਲੀ ਮੋਰਚੇ ਦੌਰਾਨ ਇਨਫੈਕਸ਼ਨ ਹੋ ਗਈ। ਰੋਹਤਕ ਹਸਪਤਾਲ ਭਰਤੀ ਕਰਾਇਆ ਗਿਆ। ਛੁੱਟੀ ਮਿਲਣ ਮਗਰੋਂ ਜਦੋਂ ਉਸ ਨੂੰ ਪਿੰਡ ਜਾਣ ਲਈ ਆਖਿਆ ਤਾਂ ਉਹ ਐਂਬੂਲੈਂਸ ਵਿੱਚ ਮੁੜ ਦਿੱਲੀ ਵੱਲ ਆਉਣ ਲੱਗਾ। ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਚਾਰ ਦਿਨਾਂ ਤੋਂ ਬਹਾਦਰਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਪਈ ਹੈ।  ਪਿੰਡ ਭੈਣੀ ਜੱਸਾ ਦਾ ਭੋਲਾ ਸਿੰਘ ਇਸ ਵੇਲੇ ਜ਼ਖ਼ਮੀ ਹੈ। ਉਸ ਦੇ ਪੈਰ ਉਪਰੋਂ ਗੱਡੀ ਲੰਘ ਗਈ ਸੀ। ਭੋਲਾ ਸਿੰਘ ਦਿੱਲੀ ਮੋਰਚੇ ਵਿੱਚ ਮੁੜ ਡਟ ਗਿਆ ਹੈ। ਬਠਿੰਡਾ ਦੇ ਪਿੰਡ ਗਿੱਦੜ ਦੀ ਯੂਨੀਵਰਸਿਟੀ ਪੜ੍ਹਦੀ ਲੜਕੀ ਦਿੱਲੀ ਆ ਰਹੀ ਸੀ, ਰਸਤੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹੁਣ ਰੋਹਤਕ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਦਿੱਲੀ ਮੋਰਚੇ ਵਿੱਚ ਸੈਂਕੜੇ ਅੰਗਹੀਣ ਵੀ ਡਟੇ ਹੋਏ ਹਨ ਜਿਨ੍ਹਾਂ ਨੂੰ ਆਪਣਾ ਦੁੱਖ ਛੋਟਾ ਲੱਗਦਾ ਹੈ, ਖੇਤੀ ਕਾਨੂੰਨਾਂ ਦਾ ਮਸਲਾ ਵੱਡਾ।  
           ਦਿੱਲੀ ਸਰਹੱਦ 'ਤੇ ਦੋ ਉਹ ਬਜ਼ੁਰਗ ਵੀ ਬੈਠੇ ਹਨ ਜਿਨ੍ਹਾਂ ਦੇ ਹਰਿਆਣਾ ਪੁਲੀਸ ਦੇ ਅੱਥਰੂ ਗੈਸ ਦੇ ਗੋਲੇ ਲੱਗੇ ਹੋਏ ਹਨ। ਇੱਕ ਬਜ਼ੁਰਗ ਤਾਂ ਅੱਖ 'ਤੇ ਪੱਟੀ ਬੰਨ੍ਹ ਕੇ ਬੈਠਾ ਹੈ। ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਆਖਦੀ ਹੈ ਕਿ ਸੈਂਕੜੇ ਔਰਤਾਂ ਹਨ ਜੋ ਬਿਮਾਰ ਹੋਣ ਦੇ ਬਾਵਜੂਦ ਦਿੱਲੀ ਮੋਰਚੇ 'ਚ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਜੋਸ਼ ਤੇ ਜਾਨੂੰਨ ਅੱਗੇ ਕੋਈ ਵੀ ਬਿਮਾਰੀ ਟਿਕ ਨਹੀਂ ਰਹੀ। ਪਿੰਡ ਗੰਢੂਆਂ ਦਾ ਕੁੰਦਨ ਸਿੰਘ ਦਿੱਲੀ ਸਰਹੱਦ 'ਤੇ ਬੈਠਾ ਹੈ। ਉਸ ਦੀਆਂ ਦੋਹੇਂ ਬਾਹਾਂ ਕੱਟੀਆਂ ਹੋਈਆਂ ਹਨ ਅਤੇ ਇਸੇ ਤਰ੍ਹਾਂ ਪਿੰਡ ਹਸਨ ਦਾ ਨਿਰਮਲ ਸਿੰਘ ਦੋਵੇਂ ਬਾਹਾਂ ਤੋਂ ਵਿਹੂਣਾ ਹੈ ਪਰ ਇਹ ਦੋਵੇਂ ਮੋਰਚੇ ਵਿਚ ਡਿਊਟੀ ਵੀ ਨਿਭਾ ਰਹੇ ਹਨ।  ਪਿੰਡ ਛਾਜਲੀ ਦਾ ਦਰਬਾਰਾ ਸਿੰਘ ਕਾਲੇ ਪੀਲੀਏ ਦਾ ਮਰੀਜ਼ ਹੈ ਅਤੇ ਉਹ ਬਿਨਾਂ ਬਿਮਾਰੀ ਦੀ ਪ੍ਰਵਾਹ ਕੀਤੇ ਦਿੱਲੀ ਮੋਰਚੇ ਵਿਚ ਅੱਗੇ ਵਧ ਕੇ ਲੜ ਰਿਹਾ ਹੈ। ਉਹ ਆਖਦਾ ਹੈ ਕਿ ਜੇ ਖੇਤ ਹੀ ਮਾਰ ਦਿੱਤੇ ਤਾਂ ਕਾਲੇ ਪੀਲੀਏ ਦਾ ਇਲਾਜ ਵੀ ਕਿਥੋਂ ਕਰਾਊਂਗਾ।
          ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਕਿਸਾਨ ਧਿਰਾਂ ਨੂੰ ਅਪੀਲ ਕੀਤੀ ਸੀ ਕਿ ਦਿੱਲੀ ਮੋਰਚੇ 'ਚੋਂ ਬਜ਼ੁਰਗਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਇਨ੍ਹਾਂ ਬਜ਼ੁਰਗਾਂ ਦਾ ਪ੍ਰਤੀਕਰਮ ਹੈ ਕਿ ਤੋਮਰ ਮੱਤਾਂ ਦੇਣ ਵਾਲਾ ਕੌਣ ਹੁੰਦਾ ਹੈ। 4ਬੀਕੇਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਮਰੀਜ਼ਾਂ ਲਈ ਟਿਕਰੀ ਬਾਰਡਰ 'ਤੇ ਇੱਕ ਕਮੇਟੀ ਬਣਾਈ ਗਈ ਹੈ ਜਿਸ ਵਿਚ ਡਾਕਟਰ ਅਤੇ ਜਥੇਬੰਦੀ ਦੇ ਨੁਮਾਇੰਦੇ ਸ਼ਾਮਲ ਹਨ। ਐਮਰਜੈਂਸੀ ਲੋੜ ਪੈਣ 'ਤੇ ਇਹ ਟੀਮ ਫੌਰੀ ਮਰੀਜ਼ ਨੂੰ ਹਸਪਤਾਲ ਲੈ ਕੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਠੰਢ ਦੇ ਬਾਵਜੂਦ ਬਜ਼ੁਰਗ ਚੜ੍ਹਦੀ ਕਲਾ ਵਿਚ ਹਨ।