Showing posts with label old age. Show all posts
Showing posts with label old age. Show all posts

Monday, December 7, 2020

                                                             ਜ਼ਿੰਦਗੀ ਦੇ ਯੋਧੇ
                                    ਉਨ੍ਹਾਂ ਕਦੇ ਨਾ ਮੰਨੀ ਈਨ..!
                                             ਚਰਨਜੀਤ ਭੁੱਲਰ                              

ਚੰਡੀਗੜ੍ਹ : ਮਾਨਸਾ ਜ਼ਿਲ੍ਹੇ ਦੇ ਪਿੰਡ ਦੋਦੜਾ ਦੀ ਪੜਦਾਦੀ ਹਮੀਰ ਕੌਰ ਨੇ ਬਿਮਾਰੀ ਅੱਗੇ ਈਨ ਨਹੀਂ ਮੰਨੀ। ਦਿੱਲੀ ਮੋਰਚੇ 'ਚ ਜ਼ਿੱਦ ਕਰੀ ਬੈਠੀ ਹੈ ਕਿ ਉਹ ਵਾਪਸ ਨਹੀਂ ਜਾਵੇਗੀ। 84 ਸਾਲ ਦੀ ਇਹ ਬੇਬੇ ਦੋ ਵਾਰ ਬਿਮਾਰ ਹੋ ਚੁੱਕੀ ਹੈ ਅਤੇ ਉਸ ਨੂੰ ਰੋਹਤਕ ਹਸਪਤਾਲ ਭਰਤੀ ਕਰਾਉਣਾ ਪਿਆ। ਜਦੋਂ ਹਸਪਤਾਲੋਂ ਛੁੱਟੀ ਮਿਲਦੀ ਹੈ, ਪਿੰਡ ਦੀ ਬਜਾਏ ਮੁੜ ਦਿੱਲੀ ਮੋਰਚੇ 'ਚ ਪਹੁੰਚ ਜਾਂਦੀ ਹੈ। ਕਿਸਾਨ ਆਗੂ ਬੇਬੇ ਨੂੰ ਪਿੰਡ ਮੁੜਨ ਲਈ ਮਨਾਉਂਦੇ ਹਨ ਪਰ ਉਹ ਆਖਦੀ ਹੈ ਕਿ ਔਖੇ ਸਮੇਂ ਪਿੜ ਨਹੀਂ ਛੱਡੀਦਾ।ਬਿਰਧ ਹਮੀਰ ਕੌਰ ਦਾ 80 ਸਾਲ ਦਾ ਭਰਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਢਡੋਲੀ ਤੋਂ ਦਿੱਲੀ ਮੋਰਚੇ 'ਚ ਆਇਆ ਹੈ। ਜਦੋਂ ਵਿਹਲ ਮਿਲਦੀ ਹੈ ਤਾਂ ਇਹ ਬਿਰਧ ਭੈਣ ਭਰਾ ਮਿਲ ਬੈਠਦੇ ਹਨ। ਸੰਗਰੂਰ ਦੇ ਪਿੰਡ ਆਲੋਰਖ ਦੀ ਮਹਿੰਦਰ ਕੌਰ ਕਿਹੜਾ ਘੱਟ ਹੈ। ਉਹ 70 ਵਰ੍ਹਿਆਂ ਦੀ ਹੈ ਅਤੇ ਦਿੱਲੀ ਮੋਰਚੇ ਦੌਰਾਨ ਉਸ ਦੀ ਲੱਤ ਟੁੱਟ ਗਈ। ਹਸਪਤਾਲ ਭਰਤੀ ਕਰਾਇਆ। ਜਦੋਂ ਲੱਤ 'ਤੇ ਪਲਸਤਰ ਕਰਨ ਮਗਰੋਂ ਛੁੱਟੀ ਮਿਲੀ ਤਾਂ ਉਹ ਮੁੜ ਦਿੱਲੀ ਮੋਰਚੇ 'ਚ ਪੁੱਜ ਗਈ। ਉਹ ਆਖਦੀ ਹੈ ਕਿ ਲੱਤ ਟੁੱਟੀ ਹੈ, ਹੌਸਲਾ ਨਹੀਂ।
             ਦਿੱਲੀ ਮੋਰਚੇ 'ਚ ਹੁਣ ਤੱਕ ਅੱਧੀ ਦਰਜਨ ਜਾਨਾਂ ਚਲੀਆਂ ਗਈਆਂ ਹਨ ਜਿਨ੍ਹਾਂ 'ਚੋਂ ਮਾਨਸਾ ਦੇ ਕਿਸਾਨ ਧੰਨਾ ਸਿੰਘ ਦਾ ਅੱਜ ਭੋਗ ਸਮਾਗਮ ਸੀ। ਪਿੰਡ ਬੱਛੋਆਣਾ ਦੇ ਜੰਟਾ ਸਿੰਘ ਨੂੰ ਦਿੱਲੀ ਮੋਰਚੇ ਦੌਰਾਨ ਇਨਫੈਕਸ਼ਨ ਹੋ ਗਈ। ਰੋਹਤਕ ਹਸਪਤਾਲ ਭਰਤੀ ਕਰਾਇਆ ਗਿਆ। ਛੁੱਟੀ ਮਿਲਣ ਮਗਰੋਂ ਜਦੋਂ ਉਸ ਨੂੰ ਪਿੰਡ ਜਾਣ ਲਈ ਆਖਿਆ ਤਾਂ ਉਹ ਐਂਬੂਲੈਂਸ ਵਿੱਚ ਮੁੜ ਦਿੱਲੀ ਵੱਲ ਆਉਣ ਲੱਗਾ। ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਚਾਰ ਦਿਨਾਂ ਤੋਂ ਬਹਾਦਰਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਪਈ ਹੈ।  ਪਿੰਡ ਭੈਣੀ ਜੱਸਾ ਦਾ ਭੋਲਾ ਸਿੰਘ ਇਸ ਵੇਲੇ ਜ਼ਖ਼ਮੀ ਹੈ। ਉਸ ਦੇ ਪੈਰ ਉਪਰੋਂ ਗੱਡੀ ਲੰਘ ਗਈ ਸੀ। ਭੋਲਾ ਸਿੰਘ ਦਿੱਲੀ ਮੋਰਚੇ ਵਿੱਚ ਮੁੜ ਡਟ ਗਿਆ ਹੈ। ਬਠਿੰਡਾ ਦੇ ਪਿੰਡ ਗਿੱਦੜ ਦੀ ਯੂਨੀਵਰਸਿਟੀ ਪੜ੍ਹਦੀ ਲੜਕੀ ਦਿੱਲੀ ਆ ਰਹੀ ਸੀ, ਰਸਤੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹੁਣ ਰੋਹਤਕ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਦਿੱਲੀ ਮੋਰਚੇ ਵਿੱਚ ਸੈਂਕੜੇ ਅੰਗਹੀਣ ਵੀ ਡਟੇ ਹੋਏ ਹਨ ਜਿਨ੍ਹਾਂ ਨੂੰ ਆਪਣਾ ਦੁੱਖ ਛੋਟਾ ਲੱਗਦਾ ਹੈ, ਖੇਤੀ ਕਾਨੂੰਨਾਂ ਦਾ ਮਸਲਾ ਵੱਡਾ।  
           ਦਿੱਲੀ ਸਰਹੱਦ 'ਤੇ ਦੋ ਉਹ ਬਜ਼ੁਰਗ ਵੀ ਬੈਠੇ ਹਨ ਜਿਨ੍ਹਾਂ ਦੇ ਹਰਿਆਣਾ ਪੁਲੀਸ ਦੇ ਅੱਥਰੂ ਗੈਸ ਦੇ ਗੋਲੇ ਲੱਗੇ ਹੋਏ ਹਨ। ਇੱਕ ਬਜ਼ੁਰਗ ਤਾਂ ਅੱਖ 'ਤੇ ਪੱਟੀ ਬੰਨ੍ਹ ਕੇ ਬੈਠਾ ਹੈ। ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਆਖਦੀ ਹੈ ਕਿ ਸੈਂਕੜੇ ਔਰਤਾਂ ਹਨ ਜੋ ਬਿਮਾਰ ਹੋਣ ਦੇ ਬਾਵਜੂਦ ਦਿੱਲੀ ਮੋਰਚੇ 'ਚ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਜੋਸ਼ ਤੇ ਜਾਨੂੰਨ ਅੱਗੇ ਕੋਈ ਵੀ ਬਿਮਾਰੀ ਟਿਕ ਨਹੀਂ ਰਹੀ। ਪਿੰਡ ਗੰਢੂਆਂ ਦਾ ਕੁੰਦਨ ਸਿੰਘ ਦਿੱਲੀ ਸਰਹੱਦ 'ਤੇ ਬੈਠਾ ਹੈ। ਉਸ ਦੀਆਂ ਦੋਹੇਂ ਬਾਹਾਂ ਕੱਟੀਆਂ ਹੋਈਆਂ ਹਨ ਅਤੇ ਇਸੇ ਤਰ੍ਹਾਂ ਪਿੰਡ ਹਸਨ ਦਾ ਨਿਰਮਲ ਸਿੰਘ ਦੋਵੇਂ ਬਾਹਾਂ ਤੋਂ ਵਿਹੂਣਾ ਹੈ ਪਰ ਇਹ ਦੋਵੇਂ ਮੋਰਚੇ ਵਿਚ ਡਿਊਟੀ ਵੀ ਨਿਭਾ ਰਹੇ ਹਨ।  ਪਿੰਡ ਛਾਜਲੀ ਦਾ ਦਰਬਾਰਾ ਸਿੰਘ ਕਾਲੇ ਪੀਲੀਏ ਦਾ ਮਰੀਜ਼ ਹੈ ਅਤੇ ਉਹ ਬਿਨਾਂ ਬਿਮਾਰੀ ਦੀ ਪ੍ਰਵਾਹ ਕੀਤੇ ਦਿੱਲੀ ਮੋਰਚੇ ਵਿਚ ਅੱਗੇ ਵਧ ਕੇ ਲੜ ਰਿਹਾ ਹੈ। ਉਹ ਆਖਦਾ ਹੈ ਕਿ ਜੇ ਖੇਤ ਹੀ ਮਾਰ ਦਿੱਤੇ ਤਾਂ ਕਾਲੇ ਪੀਲੀਏ ਦਾ ਇਲਾਜ ਵੀ ਕਿਥੋਂ ਕਰਾਊਂਗਾ।
          ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਕਿਸਾਨ ਧਿਰਾਂ ਨੂੰ ਅਪੀਲ ਕੀਤੀ ਸੀ ਕਿ ਦਿੱਲੀ ਮੋਰਚੇ 'ਚੋਂ ਬਜ਼ੁਰਗਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਇਨ੍ਹਾਂ ਬਜ਼ੁਰਗਾਂ ਦਾ ਪ੍ਰਤੀਕਰਮ ਹੈ ਕਿ ਤੋਮਰ ਮੱਤਾਂ ਦੇਣ ਵਾਲਾ ਕੌਣ ਹੁੰਦਾ ਹੈ। 4ਬੀਕੇਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਮਰੀਜ਼ਾਂ ਲਈ ਟਿਕਰੀ ਬਾਰਡਰ 'ਤੇ ਇੱਕ ਕਮੇਟੀ ਬਣਾਈ ਗਈ ਹੈ ਜਿਸ ਵਿਚ ਡਾਕਟਰ ਅਤੇ ਜਥੇਬੰਦੀ ਦੇ ਨੁਮਾਇੰਦੇ ਸ਼ਾਮਲ ਹਨ। ਐਮਰਜੈਂਸੀ ਲੋੜ ਪੈਣ 'ਤੇ ਇਹ ਟੀਮ ਫੌਰੀ ਮਰੀਜ਼ ਨੂੰ ਹਸਪਤਾਲ ਲੈ ਕੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਠੰਢ ਦੇ ਬਾਵਜੂਦ ਬਜ਼ੁਰਗ ਚੜ੍ਹਦੀ ਕਲਾ ਵਿਚ ਹਨ।

Monday, April 15, 2019

                                     ਸੇਕ ਨੋਟਬੰਦੀ ਦਾ
              ਅਸੀਂ ਬੁਢਾਪੇ ’ਚ ਹੁਣ ਕਿਧਰ ਜਾਈਏ ! 
                                     ਚਰਨਜੀਤ ਭੁੱਲਰ
ਬਠਿੰਡਾ  : ਪਿੰਡ ਸੰਧੂ ਖੁਰਦ ਦੀ ਬਜ਼ੁਰਗ ਦਲੀਪ ਕੌਰ ਦਾ ਨੋਟਬੰਦੀ ਨੇ ਬੁਢਾਪਾ ਰੋਲ ਦਿੱਤਾ ਹੈ। ਜ਼ਿੰਦਗੀ ਦੇ ਆਖਰੀ ਮੋੜ ’ਤੇ ਖੜ੍ਹੀ ਇਸ ਬਿਰਧ ਦੇ ਹੱਥ ਖਾਲੀ ਹਨ। ਚੋਣਾਂ ਵਿਚ ਹੁਣ ਜਦੋਂ ਮੋਦੀ ਦੇ ਜੁਮਲੇ ਕੰਨੀ ਪੈਣ ਲੱਗੇ ਹਨ ਤਾਂ ਇਸ ਬਜ਼ੁਰਗ ਦੇ ਮੂੰਹੋਂ ਬਦ-ਅਸੀਸਾਂ ਹੀ ਨਿਕਲਦੀਆਂ ਹਨ। 80 ਵਰ੍ਹਿਆਂ ਦੀ ਬਜ਼ੁਰਗ ਨੇ ਵਰ੍ਹਿਆਂ ’ਚ ਸਕੂਲ ਅੱਗੇ ਟਾਫੀਆਂ ਵੇਚ ਵੇਚ ਕੇ 9500 ਰੁਪਏ ਦੀ ਰਾਸ਼ੀ ਜਮ੍ਹਾ ਕੀਤੀ ਸੀ। ਬਜ਼ੁਰਗ ਦੱਸਦੀ ਹੈ ਕਿ ਨੋਟਬੰਦੀ ਨੇ ਸਾਲਾਂ ਦੀ ਕਮਾਈ ਸੰਦੂਕ ਵਿਚ ਪਈ ਹੀ ਰਾਖ ਕਰ ਦਿੱਤੀ। ਇਸ ਬਿਰਧ ਦੇ ਸਿਰੜ ਤੇ ਮਿਹਨਤ ਦੀ ਪੂਰਾ ਪਿੰਡ ਦਾਦ ਦਿੰਦਾ ਹੈ। ਪਤੀ ਦੀ ਮੌਤ ਮਗਰੋਂ ਇਸ ਬਜ਼ੁਰਗ ਮਾਈ ਨੇ ਖੁਦ ਖੇਤੀ ਕੀਤੀ ਅਤੇ ਗੋਹਾ ਕੂੜਾ ਕੀਤਾ। ਪੰਜ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਖੁਦ ਟਿੱਬੇ ਪੱਧਰ ਕਰਕੇ ਜ਼ਮੀਨ ਖੇਤੀਯੋਗ ਬਣਾਈ।  ਦਲੀਪ ਕੌਰ ਆਖਦੀ ਹੈ ਕਿ ਦਵਾਈ ਲੈਣ ਲਈ ਪੈਸੇ ਨਹੀਂ ਹਨ। ਉਸ ਨੇ ਤਾਂ ਇਸ ਨੋਟਬੰਦੀ ਚੋਂ ਘਾਟਾ ਹੀ ਖੱਟਿਆ ਹੈ। ਬਰਨਾਲਾ ਦੇ ਪਿੰਡ ਹਮੀਦੀ ਦੀ 90 ਵਰ੍ਹਿਆਂ ਦੀ ਮਾਈ ਦਾ ਨਾਮ ਵੀ ਦਲੀਪ ਕੌਰ ਹੈ। ਜਦੋਂ ਉਸ ਕੋਲ ਮੋਦੀ ਦੀ ਨੋਟਬੰਦੀ ਦੀ ਗੱਲ ਕੀਤੀ ਤਾਂ ਉਹ ਇੱਕੋ ਸਾਹ ਕਿੰਨਾ ਕੁਝ ਹੀ ਮੋਦੀ ਨੂੰ ਬੁਰਾ ਭਲਾ ਬੋਲ ਗਈ। ਬਜ਼ੁਰਗ ਦਲੀਪ ਕੌਰ ਨੇ ਬੁਢਾਪਾ ਪੈਨਸ਼ਨ ਦੇ ਪੈਸੇ ਬਚਾ ਬਚਾ ਕੇ ਰੱਖੇ ਸਨ। ਪਤਾ ਹੀ ਨਾ ਲੱਗਾ ਕਿ ਕਦੋਂ ਨੋਟਬੰਦੀ ਉਸ ਦੇ ਨੋਟਾਂ ਨੂੰ ਸੁਆਹ ਕਰ ਗਈ। ਉਹ ਆਖਦੀ ਹੈ ਕਿ ਬੁਢਾਪੇ ਵਾਸਤੇ ਪੈਨਸ਼ਨ ਜੋੜ ਕੇ ਰੱਖੀ ਸੀ ਜੋ ਬਿਨਾਂ ਕਸੂਰੋਂ ਮੋਦੀ ਨੇ ਖੋਹ ਲਈ।
                  ਦੱਸਣਯੋਗ ਹੈ ਕਿ ਪੇਂਡੂ ਬਜ਼ੁਰਗਾਂ ਨੇ ਸੰਜਮਾਂ ਨਾਲ ਪੈਸੇ ਜੋੜ ਕੇ ਰੱਖੇ ਹੋਏ ਸਨ ਜੋ ਸੰਦੂਕਾਂ ’ਚ ਹੀ ਬੰਦ ਰਹਿ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਜਿਸ ਮਗਰੋਂ ਲੋਕਾਂ ਵਿਚ ਹਾਹਾਕਾਰ ਮਚ ਗਈ। ਸਰਦੇ ਪੁੱਜਦੇ ਤਾਂ ਨੋਟ ਬਦਲੀ ਕਰਾ ਗਏ ਜੋ ਪੇਂਡੂ ਬਜ਼ੁਰਗ ਸਨ, ਉਨ੍ਹਾਂ ਦੀ ਬੱਚਤ ਪੂੰਜੀ ਸੰਦੂਕਾਂ ’ਚ ਹੀ ਪਈ ਰਹਿ ਗਈ। ਹੁਣ ਚੋਣਾਂ ਮੌਕੇ ਨਰਿੰਦਰ ਮੋਦੀ ਤਾਂ ਨੋਟਬੰਦੀ ਦੀ ਚਰਚਾ ਨਹੀਂ ਛੇੜਦੇ ਪ੍ਰੰਤੂ ਨੋਟਬੰਦੀ ਦੀ ਸੱਟ ਝੱਲਣ ਵਾਲੇ ਬਜ਼ੁਰਗਾਂ ਨੇ ਨੋਟਬੰਦੀ ਦਾ ਗੁੱਡਾ ਬੰਨ੍ਹ ਰੱਖਿਆ ਹੈ। ਮਾਨਸਾ ਦੇ ਪਿੰਡ ਅਨੂਪਗੜ ਮਾਖਾ ਦੀ ਮਾਤਾ ਚਤਿੰਨ ਕੌਰ ਨੂੰ ਅੱਖਾਂ ਤੋਂ ਦਿਸਦਾ ਨਹੀਂ ਹੈ। ਉਸ ਨੇ ਬੁਢਾਪੇ ਲਈ ਬੁਢਾਪਾ ਪੈਨਸ਼ਨ ਜੋੜ ਜੋੜ ਕੇ ਰੱਖੀ। ਜਦੋਂ ਮਾਈ ਬਿਮਾਰ ਹੋਈ ਤਾਂ ਉਸ ਨੇ ਸੰਦੂਕ ਚੋਂ ਪੈਸਾ ਕੱਢ ਲਏ। ਪੁੱਤਾਂ ਨੇ ਦੱਸਿਆ ਕਿ ‘ਬੇਬੇ ਇਹ ਤਾਂ ਹੁਣ ਫੋਕੇ ਕਾਗ਼ਜ਼ ਨੇ’। ਬਜ਼ੁਰਗ ਨੋਟਬੰਦੀ ’ਤੇ ਹੁਣ ਝੂਰ ਰਹੀ ਹੈ। ਬਠਿੰਡਾ ਮਾਨਸਾ ਦੇ ਕਈ ਬਜ਼ੁਰਗਾਂ ਨੇ ਇਹ ਗੱਲ ਆਖੀ ਕਿ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਉਨ੍ਹਾਂ ਦੇ ਪਿੰਡ ਆਈ ਤਾਂ ਉਹ ਨੋਟਬੰਦੀ ਦੇ ਨਫ਼ੇ ਬਾਰੇ ਜਰੂਰ ਪੁੱਛਣਗੇ। ਪਿੰਡ ਕੋਟਸ਼ਮੀਰ ਦੀ ਘਰੇਲੂ ਅੌਰਤ ਬਲਜੀਤ ਕੌਰ ਨੋਟਬੰਦੀ ਖਤਮ ਹੋਣ ਮਗਰੋਂ ਪੰਜ ਹਜ਼ਾਰ ਦੇ ਨੋਟ ਚੁੱਕ ਕੇ ਕਈ ਦਿਨ ਘੁੰਮਦੀ ਰਹੀ। ਆਖਰ ਉਸ ਨੇ ਚੁੱਲ੍ਹੇ ਵਿਚ ਫੂਕ ਦਿੱਤੇ। ਇਸ ਮਹਿਲਾ ਨੇ ਬੱਚਤ ਕਰ ਕਰ ਕੇ ਰਾਸ਼ੀ ਜੋੜੀ ਸੀ।
               ਇਵੇਂ ਬਾਲਿਆਂ ਵਾਲੀ ਦੀ ਮਜ਼ਦੂਰ ਅੌਰਤ ਦਿਆਲ ਕੌਰ ਦੇ ਤਿੰਨ ਹਜ਼ਾਰ ਕੂੜਾ ਹੋ ਗਏ। ਉਹ ਆਖਦੀ ਹੈ ਕਿ ਮੋਦੀ ਨੇ ਬੁਢਾਪੇ ਵਿਚ ਜੇਬਾਂ ਲੁੱਟ ਲਈਆਂ। ਜ਼ਿਲ੍ਹਾ ਮੁਕਤਸਰ ਦੇ ਪਿੰਡ ਭੁੱਟੀਵਾਲਾ ਦੇ ਬਜ਼ੁਰਗ ਮਹਿੰਦਰ ਸਿੰਘ ਦੀ 25 ਵਰ੍ਹਿਆਂ ਦੀ ਕਮਾਈ ਖਾਕ ਹੋ ਗਈ। ਉਹ ਦੱਸਦਾ ਹੈ ਕਿ ਦਿਹਾੜੀ ਕਰ ਕਰਕੇ ਇੱਕ ਲੱਖ ਰੁਪਏ ਜੋੜੇ ਸਨ। ਨੋਟਬੰਦੀ ਦੇ ਐਲਾਨ ਮਗਰੋਂ ਉਸ ਨੇ ਡਰ ਵਿਚ ਬੱਚਿਆਂ ਨੂੰ ਪੈਸੇ ਵੰਡ ਦਿੱਤੇ। ਹੁਣ ਜਦੋਂ ਉਸ ਨੂੰ ਇਲਾਜ ਲਈ ਪੈਸੇ ਲੋੜੀਂਦੇ ਹਨ ਤਾਂ ਖੀਸਾ ਖਾਲੀ ਹੈ। ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਮਨਗਰ ਛੰਨਾ ਦੀ ਮੁਖਤਿਆਰ ਕੌਰ (80 ਸਾਲ) ਨਾਲ ਵੀ ਨੋਟਬੰਦੀ ਨੇ ਜੱਗੋਂ ਤੇਰ੍ਹਵੀਂ ਕੀਤੀ। ਉਹ ਵੀ ਨੋਟ ਬਦਲਨੋਂ ਖੁੰਝ ਗਈ ਸੀ। ਹੁਣ ਉਹ ਰੱਬ ਦਾ ਭਾਣਾ ਮੰਨ ਕੇ ਬੈਠ ਗਈ ਹੈ। ਕਾਫ਼ੀ ਬਜ਼ੁਰਗ ਤਾਂ ਹੁਣ ਵੀ ਸੰਦੂਕਾਂ ਵਿਚ ਪਏ ਪੁਰਾਣੇ ਨੋਟਾਂ ਦਾ ਭੇਤ ਖੋਲ੍ਹਣ ਤੋਂ ਡਰ ਗਏ ਹਨ ਕਿ ਕਿਤੇ ਸਰਕਾਰ ਕੇਸ ਹੀ ਦਰਜ ਨਾ ਕਰ ਦੇਵੇ। ਏਦਾਂ ਦੇ ਵੀ ਕਾਫ਼ੀ ਬਜ਼ੁਰਗ ਹਨ ਜਿਨ੍ਹਾਂ ਨੇ ਸਹੁੰ ਖਾਧੀ ਹੈ ਕਿ ਐਤਕੀਂ ਉਹ ਵੋਟ ਪਾਉਣ ਜ਼ਰੂਰ ਜਾਣਗੇ। ਨੋਟਬੰਦੀ ਦਾ ਚੇਤਾ ਵੀ ਨਹੀਂ ਭੁੱਲਣਗੇ।


Tuesday, October 9, 2018

                                                             ਜ਼ਿੰਦਗੀ ਦੇ ਰੰਗ
                                ਜੀਅ ਨੀ ਜਾਣ ਨੂੰ ਕਰਦਾ, ਰੰਗਲੀ ਦੁਨੀਆਂ ਤੋਂ..
                                                             ਚਰਨਜੀਤ ਭੁੱਲਰ
ਬਠਿੰਡਾ : ਹਲਕਾ ਗੁਰੂ ਹਰਸਹਾਏ ਦੇ ਬਜ਼ੁਰਗ ਮਨਜਿੰਦਰ ਸਿੰਘ ਨੂੰ ਹਾਲੇ ਵੀ ਜ਼ਿੰਦਗੀ ਛੋਟੀ ਲੱਗ ਰਹੀ ਹੈ। ਉਸ ਦੀ ਉਮਰ ਪੂਰੇ 120 ਵਰ੍ਹਿਆਂ ਦੀ ਹੋ ਗਈ ਹੈ। ਫਿਰ ਵੀ ਉਸ ਦਾ ਰੰਗਲੀ ਦੁਨੀਆਂ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਉਸ ਨੇ ਜ਼ਿੰਦਗੀ ਦੇ ਹਰ ਰੰਗ ਵੇਖ ਲਏ ਹਨ। ਜ਼ਿੰਦਗੀ ਦੇ ਆਖ਼ਰੀ ਮੋੜ ’ਤੇ ਖੜੇ ਇਸ ਬਜ਼ੁਰਗ ਦੀ ਜੀਣ ਦੀ ਲਾਲਸਾ ਹਾਲੇ ਮਰੀ ਨਹੀਂ। ਇਸ ਹਲਕੇ ਦਾ ਰਵਿੰਦਰ ਸਿੰਘ 122 ਵਰ੍ਹਿਆਂ ਦਾ ਹੈ ਜੋ ਭਰਿਆ ਪਰਿਵਾਰ ਛੱਡ ਕੇ ਹਾਲੇ ਰੁਖ਼ਸਤ ਨਹੀਂ ਹੋਣਾ ਚਾਹੁੰਦਾ। ਜਦੋਂ ਕਿ ਹੁਣ ਮਨੁੱਖੀ ਜ਼ਿੰਦਗੀ ਦੀ ਅੌਸਤਨ ਉਮਰ ਕਾਫ਼ੀ ਹੇਠਾਂ ਆ ਗਈ ਹੈ ਪ੍ਰੰਤੂ ਪੁਰਾਣੇ ਬਜ਼ੁਰਗ ਹਾਲੇ ਜ਼ਿੰਦਾ ਹੈ ਜੋ ਸਾਡੇ ਕੋਲ ਪੁਰਾਣਾ ਮਨੱੁਖੀ ਖ਼ਜ਼ਾਨਾ ਹਨ। ਪੰਜਾਬ ਵਿਚ ਇਸ 255 ਬਜ਼ੁਰਗ ਅਜਿਹੇ ਹਨ ਜਿਨ੍ਹਾਂ ਦੀ ਉਮਰ 117 ਸਾਲਾਂ ਤੋਂ ਉੱਪਰ ਹੈ ਜਿਨ੍ਹਾਂ ਵਿਚ 108 ਅੌਰਤਾਂ ਹਨ ਜਦੋਂ ਕਿ 147 ਪੁਰਸ਼ ਹਨ। ਭੁੱਚੋ ਹਲਕੇ ਦਾ ਹਜ਼ਾਰਾ ਸਿੰਘ 119 ਵਰ੍ਹਿਆਂ ਦਾ ਹੈ ਅਤੇ ਧਰਮਕੋਟ ਹਲਕੇ ਦਾ ਗੁਰਤਾਰ ਸਿੰਘ ਵੀ 119 ਵਰ੍ਹਿਆਂ ਦੀ ਉਮਰ ਵਿਚ ਹੈ। ਇਨ੍ਹਾਂ ਬਜ਼ੁਰਗਾਂ ਦੇ ਲੰਮੇ ਚੌੜੇ ਪਰਿਵਾਰ ਹਨ। ਭਾਵੇਂ ਹੁਣ ਸਰੀਰਕ ਤੌਰ ’ਤੇ ਖੜਸੱੁਕ ਦਰਖ਼ਤ ਵਾਂਗ ਹਨ ਪ੍ਰੰਤੂ ਉਨ੍ਹਾਂ ਦੀ ਅੰਦਰਲਾ ਜਜ਼ਬਾ ਹਰਾ ਭਰਿਆ ਹੈ।  ਰਾਏਕੋਟ ਹਲਕੇ ਦੀ ਨਸੀਬ ਕੌਰ ਦੇ ਚੰਗੇ ਭਾਗ ਹਨ ਕਿ ਉਸ ਦੀ ਉਮਰ 107 ਸਾਲ ਹੈ। ਏਦਾਂ ਦੇ ਟਾਵੇਂ ਬਜ਼ੁਰਗ ਹੀ ਬਚੇ ਹਨ ਅਤੇ ਆਉਂਦੇ ਵਰ੍ਹਿਆਂ ਵਿਚ ਏਨੀ ਉਮਰ ਅਚੰਭਾ ਬਣ ਜਾਣੀ ਹੈ।
                  ਬਠਿੰਡਾ ਦੇ ਕਸਬਾ ਫੂਲ ਦਾ ਗੁਰਦਿਆਲ ਸਿੰਘ ਹੁਣ 116 ਵਰ੍ਹਿਆਂ ਦਾ ਹੈ ਜਿਸ ਦੀ ਹੁਣ ਸੱਤਵੀਂ ਪੀੜੀ ਚੱਲ ਰਹੀ ਹੈ। ਪਰਿਵਾਰ ਵਾਲੇ ਦੱਸਦੇ ਹਨ ਕਿ ਉਹ ਹਾਲੇ ਵੀ ਤੁਰ ਕੇ ਗੁਰੂ ਘਰ ਰੋਜ਼ਾਨਾ ਜਾਂਦਾ ਹੈ ਅਤੇ ਕਦੇ ਕੋਈ ਬਿਮਾਰੀ ਨੇੜੇ ਨਹੀਂ ਲੱਗੀ ਹੈ। ਪੰਜਾਬ ਵਿਚ 468 ਬਜ਼ੁਰਗ ਅੌਰਤਾਂ ਉਹ ਹਨ ਜਿਨ੍ਹਾਂ ਦੀ ਉਮਰ 105 ਸਾਲ ਦੇ ਆਸ ਪਾਸ ਹੈ। ਇਵੇਂ ਹੀ ਪੰਜਾਬ ਵਿਚ 5500 ਦੇ ਕਰੀਬ ਉਹ ਬਜ਼ੁਰਗ ਹਨ ਜਿਨ੍ਹਾਂ ਨੇ ਜ਼ਿੰਦਗੀ ਦਾ ਸੈਂਕੜਾ ਮਾਰ ਲਿਆ ਹੈ ਅਤੇ ਉਨ੍ਹਾਂ ਦੀ ਉਮਰ  100 ਸਾਲ ਤੋਂ 102 ਸਾਲ ਦੇ ਦਰਮਿਆਨ ਹੈ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਰਵੀ ਰਵਿੰਦਰ ਦਾ ਪ੍ਰਤੀਕਰਮ ਸੀ ਕਿ ਇਨਸਾਨੀ ਫ਼ਿਤਰਤ ਹੈ ਕਿ ਮਨੁੱਖ ਦੀ ਜ਼ਿੰਦਗੀ ਨੂੰ ਜੀਣ ਦੀ ਸੱਧਰ ਕਦੇ ਮਰਦੀ ਨਹੀਂ। ਅੰਦਰਲਾ ਜਜ਼ਬਾ ਅਤੇ ਇੱਛਾ ਸ਼ਕਤੀ ਬਹੁਤੀਆਂ ਸਰੀਰਕ ਅਲਾਮਤਾਂ ਨੂੰ ਢਾਹ ਲੈਂਦੀ ਹੈ। ਪੁਰਾਣੇ ਖਾਣ ਪੀਣ ਦੇ ਤੌਰ ਤਰੀਕੇ ਅਤੇ ਕੁਦਰਤ ਦੇ ਨੇੜੇ ਹੋਣ ਕਰਕੇ ਸੌ ਦੀ ਉਮਰ ਪਾਰ ਕਰਨ ਵਾਲੇ ਬਹੁਤੇ ਬਜ਼ੁਰਗ ਹਨ। ਉਨ੍ਹਾਂ ਮਸ਼ਵਰਾ ਦਿੱਤਾ ਕਿ ਲੰਮੀ ਜ਼ਿੰਦਗੀ ਜੀਣ ਵਾਲੇ ਬਜ਼ੁਰਗਾਂ ’ਤੇ ਬਕਾਇਦਾ ਮੈਡੀਕਲ ਨਜ਼ਰੀਏ ਤੋਂ ਵੀ ਖੋਜ ਹੋਣੀ ਚਾਹੀਦੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਰੰਗਪੁਰਾ ਦੀ ਬਜ਼ੁਰਗ ਜੋੜੀ ਥੋੜ੍ਹਾ ਸਮਾਂ ਪਹਿਲਾਂ ਹੀ ਜਹਾਨੋਂ ਗਈ ਹੈ। ਹਰਰੰਗਪੁਰਾ ਦਾ ਭਗਵਾਨ ਸਿੰਘ 111 ਵਰ੍ਹਿਆਂ ਦਾ ਸੀ ਜਦੋਂ ਕਿ ਉਸ ਦੀ ਪਤਨੀ ਧੰਨ ਕੌਰ ਦੀ ਉਮਰ ਉਸ ਤੋਂ ਜ਼ਿਆਦਾ ਸੀ।
                   ਦੋਵੇਂ ਮੀਆਂ ਬੀਵੀ ਇਸ ਵਰੇ੍ਹ ਵਿਚ ਗੁਜਰ ਗਏ ਹਨ। ਗੁਰਦਾਸਪੁਰ ਦੇ ਕਾਦੀਆਂ ਹਲਕੇ ਦਾ ਫ਼ਤਿਹ ਸਿੰਘ ਵੀ ਇਸ ਵੇਲੇ 111 ਵਰ੍ਹਿਆਂ ਦਾ ਹੈ। ਹਰ ਵਰੇ੍ਹ ਏਦਾ ਦੇ ਬਜ਼ੁਰਗ ਭਰਿਆ ਸੰਸਾਰ ਛੱਡ ਕੇ ਜਾ ਰਹੇ ਹਨ। ਪੰਜਾਬ ਵਿਚ ਜੋ ਆਜ਼ਾਦੀ ਤੋਂ ਥੋੜ੍ਹੀ ਵੱਡੀ ਉਮਰ ਦੇ ਬਜ਼ੁਰਗ ਹਨ ਉਨ੍ਹਾਂ ਦੀ ਗਿਣਤੀ 4.88 ਲੱਖ ਬਣਦੀ ਹੈ ਜਿਨ੍ਹਾਂ ਵਿਚ 2.46 ਲੱਖ ਬਜ਼ੁਰਗ ਪੁਰਸ਼ ਅਤੇ 2.42 ਲੱਖ ਅੌਰਤਾਂ ਹਨ। ਇਨ੍ਹਾਂ ਬਜ਼ੁਰਗਾਂ ਦਾ ਜਨਮ ਬਟਵਾਰੇ ਦੌਰਾਨ ਜਾਂ ਫਿਰ ਵੰਡ ਦੇ ਨੇੜੇ ਹੋਇਆ। ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵਡੇਰੇ ਉਮਰ ਦੇ ਬਜ਼ੁਰਗ ਹਨ। ਪੰਚਾਇਤ ਯੂਨੀਅਨ ਦੇ ਸਾਬਕਾ ਆਗੂ ਬਲਦੇਵ ਸਿੰਘ ਝੰਡੂਕੇ ਦਾ ਕਹਿਣਾ ਸੀ ਕਿ ਮਾਲਵੇ ਵਿਚ ਤਾਂ ਰਵਾਇਤ ਹੈ ਕਿ ਜਦੋਂ ਵੀ ਕੋਈ ਬਜ਼ੁਰਗ ਲੰਮੀ ਉਮਰ ਭੋਗ ਕੇ ਸਰੀਰ ਛੱਡਦਾ ਹੈ ਤਾਂ ਉਸ ਦੇ ਭੋਗ ਸਮਾਗਮਾਂ ’ਤੇ ਮਠਿਆਈ ਪਕਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਹੁਤੀਆਂ ਪੰਚਾਇਤਾਂ ਨੇ ਇਸ ਨੂੰ ਫ਼ਜ਼ੂਲ ਖ਼ਰਚੀ ਦੱਸ ਕੇ ਮਤੇ ਪਾਸ ਵੀ ਕੀਤੇ ਹਨ ਜਿਸ ਨੂੰ ਚੰਗਾ ਕਦਮ ਵੀ ਆਖਿਆ ਜਾ ਸਕਦਾ ਹੈ। ਯੂਨੀਵਰਸਿਟੀ ਕਾਲਜ ਘੁੱਦਾ ਦੀ ਡਾ. ਨੀਤੂ ਅਰੋੜਾ (ਕਵਿੱਤਰੀ) ਦਾ ਕਹਿਣਾ ਸੀ ਕਿ ਵੱਡੀ ਉਮਰ ਦੇ ਬਜ਼ੁਰਗ ਵੀ ਸਾਡਾ ਸਰਮਾਇਆ ਹਨ ਜੋ ਪੂਰਾ ਇਤਿਹਾਸ ਸਮੋਈ ਬੈਠੇ ਹਨ ਜਿਨ੍ਹਾਂ ਦੇ ਲੰਮੇਰੇ ਤਜਰਬਿਆਂ ਅਤੇ ਅੱਖੀਂ ਵੇਖੇ ਵਰਤਾਰਿਆਂ ਤੋਂ ਨਵਾਂ ਪੋਚ ਕਾਫ਼ੀ ਕੱੁਝ ਸਿੱਖ ਸਕਦਾ ਹੈ।
                                     16 ਹਜ਼ਾਰ ਬਜ਼ੁਰਗ ਬਾਦਲ ਦੇ ਹਾਣੀ !
ਇਨ੍ਹਾਂ ਦਿਨਾਂ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਵਡੇਰੇ ਉਮਰ ਤੋਂ ਚਰਚਾ ਵਿਚ ਹਨ। ਉਨ੍ਹਾਂ ਦੀ ਉਮਰ 93 ਸਾਲ ਹੈ। ਬਾਦਲ ਦੀ ਉਮਰ ਦੇ ਇਸ ਵੇਲੇ ਪੰਜਾਬ ਵਿਚ 16,277 ਬਜ਼ੁਰਗ (ਪੁਰਸ਼) ਹਨ। ਸਾਬਕਾ ਮੁੱਖ ਮੰਤਰੀ ਬਾਦਲ ਨੇ ਪਟਿਆਲਾ ਰੈਲੀ ਦੀ ਤਿਆਰੀ ਦੌਰਾਨ ਆਪਣੀ ਉਮਰ ਦੀ ਗੱਲ ਨੂੰ ਬਹੁਤ ਉਭਾਰਿਆ। ਉਨ੍ਹਾਂ ਤਕਰੀਬਨ ਹਰ ਮੀਟਿੰਗ ਵਿਚ ਆਖਿਆ ਕਿ ਉਹ 93 ਵਰ੍ਹਿਆਂ ਦਾ ਹੋ ਕੇ ਤਿਆਰੀ ਵਿਚ ਜੁਟਿਆ ਹੋਇਆ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਵੋਟ ਦਾ ਹੱਕ ਵੀ ਪੰਜਾਬੀਆਂ ਤੋਂ ਖੋਹ ਲਿਆ ਹੈ। ਹਾਸੇ ਹਾਸੇ ਵਿਚ ਵੀ ਬਾਦਲ ਕਈ ਦਫ਼ਾ ਆਖ ਚੁੱਕੇ ਹਨ ਕਿ ਉਹ ਤਾਂ ਹਾਲੇ ਜਵਾਨ ਹਨ।



Wednesday, October 3, 2012

                                 ਜਜ਼ਬਾ
             ਜੀਅ ਨੀ ਜਾਣ ਨੂੰ ਕਰਦਾ…
                           ਚਰਨਜੀਤ ਭੁੱਲਰ
ਬਠਿੰਡਾ  : ਪਿੰਡ ਮੰਡੀ ਕਲਾਂ ਦੇ ਪੂਰਨ ਰਾਮ ਦੀ ਉਮਰ 100 ਸਾਲ ਤੋ ਉਪਰ ਹੈ। ਉਸ ਦੀ ਜ਼ਿੰਦਗੀ ਜੀਣ ਦੀ ਤਮੰਨਾ ਹਾਲੇ ਮਰੀ ਨਹੀਂ ਹੈ। ਹਾਲਾਂ ਕਿ ਉਹ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਤੇ ਪੁੱਜ ਗਿਆ ਹੈ ਪ੍ਰੰਤੂ ਉਸ ਦਾ ਦਿਲ ਜ਼ਿੰਦਗੀ ਤੋ ਭਰਿਆ ਨਹੀਂ ਹੈ। ਬਚਪਨ ਤੋ ਉਸ ਦਾ ਵਾਹ ਵਾਸਤਾ ਤੰਗੀਆਂ ਤੁਰਸ਼ੀਆਂ ਨਾਲ ਰਿਹਾ ਹੈ ਲੇਕਿਨ ਉਸ ਨੇ ਹਰ ਮੁਸ਼ਕਲ ਨੂੰ ਖਿੜੇ ਮੱਥੇ ਸਲਾਮ ਕੀਤਾ ਹੈ। ਏਦਾ ਦੇ ਕਿੰਨੇ ਹੀ ਬਜ਼ੁਰਗ ਹਨ ਜਿਨ•ਾਂ ਨੂੰ 100 ਸਾਲ ਦੀ ਉਮਰ ਵੀ ਛੋਟੀ ਲੱਗਦੀ ਹੈ। ਏਵੇਂ ਹੀ ਇੱਥੋਂ ਦਾ ਬਜ਼ੁਰਗ ਅਜਮੇਰ ਸਿੰਘ ਆਪਣੀ ਜ਼ਿੰਦਗੀ ਦੇ ਮਿੱਠੇ ਕੌੜੇ ਤਜਰਬੇ ਦੱਸਦਾ ਹੈ। ਉਸ ਦੀ ਉਮਰ 85 ਸਾਲ ਹੈ ਅਤੇ ਉਹ ਪੂਰੇ 100 ਵਰੇ• ਜੀਣ ਦੀ ਇੱਛਾ ਜ਼ਾਹਰ ਕਰਦਾ ਹੈ। ਇਨ•ਾਂ ਬਜ਼ੁਰਗਾਂ ਦੇ ਦਿਲਾਂ ਵਿੱਚ ਬਟਵਾਰੇ ਦੀ ਚੀਸ ਹਾਲੇ ਵੀ ਪੈਂਦੀ ਹੈ। ਉਹ ਆਖਦੇ ਹਨ ਕਿ ਮੁਲਕਾਂ ਦੀ ਵੰਡ ਵਿੱਚ ਮਨੁੱਖਤਾ ਦੇ ਹੋਏ ਘਾਣ ਦਾ ਪਰਛਾਵਾਂ ਪਿਛਾ ਨਹੀਂ ਛੱਡਦਾ ਹੈ।
           ਪਿੰਡ ਮਹਿਰਾਜ ਦਾ ਜਗਰੂਪ ਸਿੰਘ 100 ਸਾਲ ਦੀ ਉਮਰ ਪੂਰੀ ਕਰ ਚੁੱਕਾ ਹੈ। ਉਹ ਸੇਵਾ ਮੁਕਤ ਡੀ ਐਸ ਪੀ ਹੈ। ਉਸ ਨੇ ਆਪਣੀ ਜ਼ਿੰਦਗੀ ਵਿੱਚ ਚੰਗੇ ਮਾੜੇ ਦਿਨ ਵੇਖੇ ਹਨ ਅਤੇ ਉਨ•ਾਂ ਵਿੱਚ ਜ਼ਿੰਦਗੀ ਜੀਣ ਦਾ ਜਜ਼ਬਾ ਹਾਲੇ ਵੀ ਉਬਾਲੇ ਖਾ ਰਿਹਾ ਹੈ। ਇਸ ਪਿੰਡ ਦਾ ਤੇਜ ਸਿੰਘ 95 ਵਰਿ•ਆਂ ਦਾ ਹੈ। ਉਹ ਆਪਣੀ ਤੰਦਰੁਸਤੀ ਦਾ ਰਾਜ ਪੁਰਾਣੀਆਂ ਖ਼ੁਰਾਕਾਂ ਨੂੰ ਦੱਸਦਾ ਹੈ। ਉਸ ਦੀ ਨਿਗ•ਾ ਕਾਇਮ ਹੈ ਅਤੇ ਉਹ ਏਨੀ ਉਮਰ ਵਿੱਚ ਵੀ ਸਾਈਕਲ ਚਲਾਉਂਦਾ ਹੈ। ਉਸ ਦੇ ਲੜਕੇ ਪ੍ਰਧਾਨ ਬਾਬੂ ਸਿੰਘ ਨੇ ਦੱਸਿਆ ਕਿ ਉਨ•ਾਂ ਨੇ ਆਪਣੇ ਬਾਪ ਨੂੰ ਕਦੇ ਢਹਿੰਦੀ ਕਲਾ ਵਿੱਚ ਨਹੀਂ ਵੇਖਿਆ ਹੈ। ਉਨ•ਾਂ ਦੱਸਿਆ ਕਿ ਏਨੀ ਉਮਰ ਦੇ ਬਾਵਜੂਦ ਉਹ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦੇ ਹਨ। ਪਿੰਡ ਜੱਜਲ ਦੀ 100 ਸਾਲ ਦੀ ਬਜ਼ੁਰਗ ਭਗਵਾਨ ਕੌਰ ਨੂੰ ਜਦੋਂ ਉਸ ਦੇ ਪੁੱਤ ਪੁੱਛਦੇ ਹਨ ਕਿ ਬੇਬੇ ਤੂੰ ਹੁਣ ਜਾਣਾ ਨਹੀਂ ਤਾਂ ਇਹ ਬਿਰਧ ਆਖਦੀ ਹੈ ਕਿ ਜਾਣ ਨੂੰ ਜੀਅ ਹੀ ਨਹੀਂ ਕਰਦਾ। ਉਸ ਦੇ ਬੇਟੇ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ 100 ਸਾਲ ਦੇ ਬਾਵਜੂਦ ਹਾਲੇ ਵੀ ਘਰ ਦੇ ਕੰਮ ਵਿੱਚ ਹੱਥ ਵਟਾਉਂਦੀ ਹੈ। ਉਸ ਨੇ ਦੱਸਿਆ ਕਿ ਮਾਂ ਬਿਮਾਰੀਆਂ ਦੇ ਹੱਲੇ ਤੋ ਪੂਰੀ ਤਰ•ਾਂ ਬਚੀ ਹੋਈ ਹੈ।
          ਜਦੋਂ ਇਨ•ਾਂ ਬਜ਼ੁਰਗਾਂ ਨਾਲ ਗੱਲ ਕੀਤੀ ਤਾਂ ਇਹ ਨਵੇਂ ਜ਼ਮਾਨੇ ਤੋ ਨਿਰਾਸ਼ ਦਿਖੇ। ਪੁਰਾਣੇ ਕਲਚਰ,ਪੁਰਾਣੀ ਖੁਰਾਕ ਅਤੇ ਪੁਰਾਣੇ ਰਿਸ਼ਤਿਆਂ ਦੀ ਗੱਲ ਉਹ ਵਾਰ ਵਾਰ ਕਰਨੋ ਨਹੀਂ ਥੱਕਦੇ। ਉਨ•ਾਂ ਨੂੰ ਮੌਜੂਦਾ ਤਾਣਾ ਬਾਣਾ ਚੰਗਾ ਨਹੀਂ ਲੱਗਦਾ ਹੈ। ਉਨ•ਾਂ ਦਾ ਕਹਿਣਾ ਹੈ ਕਿ ਭਾਵੇਂ ਉਨ•ਾਂ ਲਈ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਸੀ ਪ੍ਰੰਤੂ ਉਨ•ਾਂ ਨੂੰ ਜ਼ਿੰਦਗੀ ਨਾਲ ਕੋਈ ਸ਼ਿਕਵਾ ਨਹੀਂ ਹੈ। ਦੇਖਿਆ ਹੈ ਕਿ ਪਿੰਡਾਂ ਵਿੱਚ ਹੁਣ 100 ਸਾਲ ਤੋ ਉਪਰ ਦੀ ਉਮਰ ਦੇ ਬਜ਼ੁਰਗਾਂ ਦੀ ਗਿਣਤੀ ਇੱਕਾ ਦੁੱਕਾ ਰਹਿ ਗਈ ਹੈ। ਇਹ ਬਜ਼ੁਰਗ ਨਵੇਂ ਪੋਚ ਲਈ ਮਿਸਾਲ ਬਣੇ ਹੋਏ ਹਨ। ਪਿੰਡ ਡਿੱਖ ਦਾ ਹਰਨੇਕ ਸਿੰਘ ਪਤੰਗ 85 ਵਰਿ•ਆਂ ਦਾ ਹੋ ਗਿਆ ਹੈ ਅਤੇ ਹਾਲੇ ਵੀ ਕਈ ਕਈ ਘੰਟੇ ਪਾਠ ਕਰ ਲੈਂਦਾ ਹੈ। ਉਂਝ ਅੱਜ ਕੱਲ ਔਸਤਨ ਉਮਰ ਕਾਫ਼ੀ ਘੱਟ ਗਈ ਹੈ ਜਿਸ ਕਰਕੇ ਬਜ਼ੁਰਗ ਹੀ ਸਾਡੇ ਰੋਲ ਮਾਡਲ ਰਹਿ ਗਏ ਹਨ।
           ਇਕੱਲਾ ਇਹੋ ਪੱਖ ਨਹੀਂ,ਦੂਸਰਾ ਪੱਖ ਇਹ ਵੀ ਹੈ ਕਿ ਬਹੁਤੇ ਬਜ਼ੁਰਗ 60 ਸਾਲ ਦੀ ਉਮਰ ਵਿੱਚ ਹੀ ਜ਼ਿੰਦਗੀ ਤੋ ਪਰੇਸ਼ਾਨ ਹੋ ਗਏ ਹਨ ਅਤੇ ਉਹ ਜਾਣ ਦੀ ਕਾਹਲ ਵਿੱਚ ਹਨ। ਜਿਨ•ਾਂ ਬਜ਼ੁਰਗਾਂ ਨੂੰ ਘਰਾਂ ਚੋ ਦੁਰਕਾਰਿਆ ਗਿਆ ਹੈ,ਉਨ•ਾਂ ਨਾਲ ਜ਼ਿੰਦਗੀ ਹੁਣ ਹੁੰਗਾਰੇ ਨਹੀਂ ਭਰਦੀ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੇ ਸ੍ਰੀ ਲੋਕ ਬੰਧੂ ਬਠਿੰਡਾ ਦਾ ਕਹਿਣਾ ਸੀ ਕਿ ਅਸਲ ਵਿੱਚ ਵੱਡੀ ਉਮਰ ਦੇ ਬਜ਼ੁਰਗਾਂ ਵਿੱਚ ਬਹੁਤ ਅਧੂਰੀਆਂ ਇੱਛਾਵਾਂ ਪਈਆਂ ਹੁੰਦੀਆਂ ਹਨ ਜਿਨ•ਾਂ ਦੀ ਪੂਰਤੀ ਦੀ ਉਡੀਕ ਉਨ•ਾਂ ਨੂੰ ਬਣੀ ਰਹਿੰਦੀ ਹੈ। ਉਨ•ਾਂ ਦਾ ਕਹਿਣਾ ਸੀ ਕਿ ਇਹ ਗੱਲ ਵੀ ਭਾਰੂ ਹੁੰਦੀ ਹੈ ਕਿ ਮਨੁੱਖੀ ਜਾਮਾ ਵਾਰ ਵਾਰ ਨਹੀਂ ਮਿਲਦਾ ਹੈ ਜਿਸ ਕਰਕੇ ਬਜ਼ੁਰਗਾਂ ਦੀ ਲਾਲਸਾ ਪੂਰੀ ਜ਼ਿੰਦਗੀ ਹੰਢਾਉਣ ਦੀ ਬਣੀ ਰਹਿੰਦੀ ਹੈ। ਉਨ•ਾਂ ਦਾ ਕਹਿਣਾ ਸੀ ਕਿ ਇਨ•ਾਂ ਬਜ਼ੁਰਗਾਂ ਨੂੰ ਪੁਰਾਣੀ ਪੌਸਟਿਕ ਖੁਰਾਕ ਅਤੇ ਪੌਸਟਿਕ ਵਾਤਾਵਰਨ ਨੇ ਏਡੀ ਜ਼ਿੰਦਗੀ ਬਖਸ਼ੀ ਹੈ।
          ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਨੂੰ ਸਿਰਫ਼ ਬੁਢਾਪਾ ਪੈਨਸ਼ਨ ਜੋਗਾ ਹੀ ਸਮਝਿਆ ਜਾਂਦਾ ਹੈ ਜੋ ਕਿ ਸਮੇਂ ਸਿਰ ਮਿਲਦੀ ਨਹੀਂ ਹੈ। ਬਜ਼ੁਰਗਾਂ ਦਾ ਗਿਲਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਬੁਢਾਪਾ ਪੈਨਸ਼ਨ 250 ਰੁਪਏ ਤੋ ਵਧਾ ਕੇ 400 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਪ੍ਰੰਤੂ ਹਾਲੇ ਤੱਕ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ ਹੈ। ਬਜ਼ੁਰਗਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੀ ਤਰਜੀਹ ਤੇ ਨਹੀਂ ਹਨ ਜਿਸ ਕਰਕੇ ਉਨ•ਾਂ ਨੂੰ ਸਰਕਾਰ ਵੀ ਅਣਗੌਲਿਆ ਹੀ ਕਰ ਰਹੀ ਹੈ।
                                               ਸੀਨੀਅਰ ਸਿਟੀਜਨ ਹੋਮ ਬਣਾਏ ਜਾਣ
ਸੀਨੀਅਰ ਸਿਟੀਜਨ ਕੌਸਲ ਬਠਿੰਡਾ ਦੇ ਵਿੱਤ ਸਕੱਤਰ ਪਿਆਰੇ ਲਾਲ ਗਰਗ ਦਾ ਸ਼ਿਕਵਾ ਹੈ ਕਿ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ। ਉਨ•ਾਂ ਦਾ ਕਹਿਣਾ ਸੀ ਕਿ ਸੀਨੀਅਰ ਸਿਟੀਜਨ ਦਾ ਸਰਕਾਰੀ ਪੱਧਰ ਤੇ ਕੋਈ ਦਿਨ ਮਨਾਇਆ ਨਹੀਂ ਜਾਂਦਾ ਹੈ ਅਤੇ ਨਾ ਹੀ ਹਰ ਜ਼ਿਲ•ੇ ਵਿਚ ਹਾਲੇ ਤੱਕ ਕੋਈ ਸੀਨੀਅਰ ਸਿਟੀਜਨ ਹੋਮ ਬਣਾਏ ਗਏ ਹਨ। ਉਨ•ਾਂ ਮੰਗ ਕੀਤੀ ਕਿ ਪਹਿਲੀ ਅਕਤੂਬਰ ਨੂੰ ਸਰਕਾਰ ਇਸ ਦਿਹਾੜੇ ਨੂੰ ਵੀ ਸਰਕਾਰੀ ਪੱਧਰ ਤੇ ਮਨਾਵੇ। ਉਨ•ਾਂ ਆਖਿਆ ਕਿ ਸਰਕਾਰੀ ਪੱਧਰ ਤੇ ਬਿਰਧ ਆਸ਼ਰਮ ਖੋਲ•ਣ ਵਿੱਚ ਵੀ ਸਰਕਾਰ ਦੀ ਨੀਤੀ ਢਿੱਲ ਮੱਠ ਵਾਲੀ ਹੀ ਰਹੀ ਹੈ।
     

Monday, March 19, 2012

                            ਕੁਵੇਲੇ ਦੀਆਂ ਟੱਕਰਾਂ
           ਬਾਬਾ ਜੀ ਤਾਂ ਪੇਪਰ ਦੇਣ ਗਏ ਨੇ...
                              ਚਰਨਜੀਤ ਭੁੱਲਰ
ਬਠਿੰਡਾ : ਜ਼ਿੰਦਗੀ ਦੀ ਢਲਦੀ ਸ਼ਾਮ ਵਿੱਚ ਹੁਣ ਬਾਬੇ ਪੇਪਰ ਦੇ ਰਹੇ ਹਨ, ਜੋ ਬਚਪਨ ਉਮਰੇ ਪੜ੍ਹਨੋਂ ਖੁੰਝ ਗਏ ਹਨ, ਉਹ ਹੁਣ ਬੁਢਾਪੇ ਵਿੱਚ ਪੜ੍ਹਨ ਦੇ ਰਾਹ ਪਏ ਹਨ। ਇਹ ਵੱਖਰੀ ਗੱਲ ਹੈ ਕਿ ਬਹੁਤੇ ਬਜ਼ੁਰਗਾਂ ਦੇ ਪੁੱਤ ਪੋਤੇ ਵੀ ਪੜ੍ਹ ਲਿਖ ਕੇ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਖੜ੍ਹੇ ਹਨ। ਕੇਂਦਰ ਸਰਕਾਰ ਵੱਲੋਂ ਭਾਰਤ ਸਾਖਰ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ। ਇਸ ਵਿੱਚ ਬਠਿੰਡਾ ਜ਼ਿਲ੍ਹਾ ਵੀ ਸ਼ਾਮਲ ਹੈ। ਭਾਰਤ ਸਾਖਰ ਮਿਸ਼ਨ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਵਿੱਚ ਬਜ਼ੁਰਗਾਂ ਦੀ ਪ੍ਰੀਖਿਆ ਲਈ ਗਈ ਤਾਂ ਜੋ ਉਨ੍ਹਾਂ ਨੂੰ ਸਾਖਰ ਬਣਾਇਆ ਜਾ ਸਕੇ। ਲਰਨਰ ਅਸੈਸਮੈਂਟ ਟੈਸਟ ਵਿੱਚ ਅੱਜ ਜ਼ਿਲ੍ਹੇ ਭਰ ਵਿੱਚ ਕਰੀਬ 10 ਹਜ਼ਾਰ ਵਿਅਕਤੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ।ਪਿੰਡ ਤੁੰਗਵਾਲੀ ਦੇ 87 ਵਰ੍ਹਿਆਂ ਦੇ ਬਜ਼ੁਰਗ ਹਰਭਜਨ ਸਿੰਘ ਨੇ ਅੱਜ ਪ੍ਰੀਖਿਆ ਦਿੱਤੀ ਹੈ, ਉਹ ਹੁਣ ਪੜ੍ਹਨਾ ਚਾਹੁੰਦਾ ਹੈ। ਉਸ ਦਾ ਇਕ ਲੜਕਾ ਸਾਬਕਾ ਵਿਧਾਇਕ (ਗੁਰਾਂ ਸਿੰਘ ਤੁੰਗਵਾਲੀ) ਹੈ, ਜਦੋਂ ਕਿ ਉਸ ਦੀ ਪੋਤੀ ਬੀ.ਐੱਡ ਕਰ ਰਹੀ ਹੈ। ਬਾਬੇ ਦਾ ਇਕ ਲੜਕਾ ਸਕੂਲ ਵੀ ਚਲਾ ਰਿਹਾ ਹੈ। ਇਸ ਬਾਬੇ ਦੀ ਇੱਛਾ ਹੁਣ ਪੜ੍ਹਨ ਲਿਖਣ ਦੀ ਹੈ। ਅੱਜ ਤੁੰਗਵਾਲੀ ਦੇ ਪ੍ਰੀਖਿਆ ਕੇਂਦਰ ਵਿੱਚ 35 ਦੇ ਕਰੀਬ ਵਿਅਕਤੀ ਸਨ।
           ਪਿੰਡ ਖੋਖਰ ਦੇ ਪ੍ਰੀਖਿਆ ਕੇਂਦਰ ਵਿੱਚ ਅੱਜ 60 ਸਾਲ ਦੀ ਬਜ਼ੁਰਗ ਔਰਤ ਸੱਤਿਆ ਦੇਵੀ ਅਤੇ 58 ਸਾਲ ਦੀ ਬਜ਼ੁਰਗ ਮਹਿੰਦਰ ਕੌਰ ਨੇ ਵੀ ਪ੍ਰੀਖਿਆ ਦਿੱਤੀ। ਅਧਿਆਪਕ ਨਾਜ਼ਮ ਸਿੰਘ ਨੇ ਦੱਸਿਆ ਕਿ ਬਜ਼ੁਰਗਾਂ ਵਿੱਚ ਪ੍ਰੀਖਿਆ ਦੇਣ ਦੀ ਕਾਫੀ ਰੁਚੀ ਸੀ।ਪਿੰਡ ਮੰਡੀ ਕਲਾਂ ਵਿੱਚ ਅੱਜ 67 ਸਾਲ ਦੀ ਔਰਤ ਕਰਨੈਲ ਕੌਰ ਨੇ ਪ੍ਰੀਖਿਆ ਦਿੱਤੀ। ਇਥੋਂ ਦੇ ਹੀ 62 ਸਾਲ ਦੇ ਮੱਖਣ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਪੜ੍ਹ ਲਿਖ ਨਹੀਂ ਸਕੇ ਪਰ ਹੁਣ ਦੋ ਚਾਰ ਅੱਖਰ ਪੜ੍ਹ ਜਾਵਾਂਗੇ ਤਾਂ ਘੱਟੋ ਘੱਟ ਬੱਸ ਅੱਡਿਆਂ ਤੇ ਬੱਸ ਤਾਂ ਨਹੀਂ ਪੁੱਛਣੀ ਪਵੇਗੀ। 60 ਸਾਲ ਦੇ ਸਤਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਹੁਣ ਪੜ੍ਹਨ ਦੀ ਇੱਛਾ ਜਾਗੀ ਹੈ। ਪ੍ਰੀਖਿਆ ਡਿਊਟੀ 'ਤੇ ਤਾਇਨਾਤ ਪ੍ਰੇਰਕ ਰਾਜਵਿੰਦਰ ਕੌਰ ਦਾ ਕਹਿਣਾ ਸੀ ਕਿ ਇਹ ਪ੍ਰੀਖਿਆ ਕੇਵਲ ਅਸੈਸਮੈਂਟ ਲੈਣ ਲਈ ਹੀ ਹੈ। ਪਿੰਡ ਚਾਉਕੇ ਵਿੱਚ ਅੱਜ 65 ਵਰ੍ਹਿਆਂ ਦੇ ਮਿੱਠੂ ਸਿੰਘ ਨੇ ਵੀ ਪ੍ਰੀਖਿਆ ਦਿੱਤੀ। ਪ੍ਰੀਖਿਆ ਵਿੱਚ ਤਸਵੀਰਾਂ ਦੀ ਪਛਾਣ, ਅੱਖਰ ਲਿਖਣ ਅਤੇ ਕੁਝ ਗਣਿਤ ਦੇ ਸਵਾਲ ਸਨ।ਭਗਤਾ ਭਾਈ ਦੇ ਪ੍ਰੀਖਿਆ ਕੇਂਦਰ ਵਿੱਚ ਬਜ਼ੁਰਗ ਔਰਤ ਜਸਵਿੰਦਰ ਕੌਰ ਨੇ ਵੀ ਪ੍ਰੀਖਿਆ ਦਿੱਤੀ ਹੈ। ਉਹ ਬਚਪਨ ਉਮਰੇ ਸਿਰਫ਼ ਤਿੰਨ ਜਮਾਤਾਂ ਪੜ੍ਹੀ ਸੀ। ਉਸ ਦੇ ਲੜਕੇ ਸਵਰਨਜੀਤ ਸਿੰਘ ਨੇ ਵੀ ਬੀ.ਏ. ਅਤੇ ਈ.ਟੀ.ਟੀ. ਕੀਤੀ ਹੋਈ ਹੈ, ਜੋ ਬੇਰੁਜ਼ਗਾਰ ਹੈ। ਉਸ ਦਾ ਕਹਿਣਾ ਸੀ ਕਿ ਇਹ ਤਾਂ ਅਫਸੋਸ ਹੈ ਕਿ ਇੱਥੇ ਡਿਗਰੀਆਂ ਦਾ ਕੋਈ ਮੁੱਲ ਨਹੀਂ ਪੈਂਦਾ ਪਰ ਪੜ੍ਹਨ ਲਿਖਣ ਨਾਲ ਜ਼ਿੰਦਗੀ ਜਿਊਣ ਦੀ ਜਾਂਚ ਆ ਜਾਂਦੀ ਹੈ। ਏਦਾਂ ਦੇ ਹਜ਼ਾਰਾਂ ਬਜ਼ੁਰਗ ਸਨ, ਜਿਨ੍ਹਾਂ ਪ੍ਰੀਖਿਆ ਵੀ ਦਿੱਤੀ ਤੇ ਨਾਲੋਂ ਨਾਲ ਸਰਕਾਰਾਂ ਨੂੰ ਵੀ ਕੋਸਿਆ ਕਿ ਇਥੇ ਪੜ੍ਹਾਈ ਲਿਖਾਈ ਦਾ ਕੋਈ ਮੁੱਲ ਨਹੀਂ ਪੈਂਦਾ। ਬਜ਼ੁਰਗਾਂ ਦਾ ਕਹਿਣਾ ਸੀ ਕਿ ਜੋ ਪੜ੍ਹੇ ਲਿਖੇ ਹਨ, ਉਹ ਤਾਂ ਵਿਹਲੇ ਫਿਰਦੇ ਹਨ ਅਤੇ ਬਜ਼ੁਰਗਾਂ ਨੂੰ ਪੜ੍ਹਾਉਣ ਲਈ ਸੈਂਟਰ ਖੋਲ੍ਹ ਰਹੀ ਹੈ।
           ਸਾਖਰ ਭਾਰਤ ਮਿਸ਼ਨ ਤਹਿਤ ਬਠਿੰਡਾ ਜ਼ਿਲ੍ਹੇ ਦੇ ਹਰ ਪਿੰਡ ਵਿੱਚ 5000 ਦੀ ਆਬਾਦੀ ਪਿੱਛੇ ਇਕ ਅਡਲਟ ਐਜ਼ੂਕੇਸ਼ਨ ਸੈਂਟਰ ਖੋਲ੍ਹਿਆ ਗਿਆ ਹੈ। ਇਸ ਜ਼ਿਲ੍ਹੇ ਵਿੱਚ 337 ਐਜ਼ੂਕੇਸ਼ਨ ਸੈਂਟਰ ਖੋਲ੍ਹੇ ਗਏ ਹਨ। ਹਰ ਸੈਂਟਰ ਵਿੱਚ ਬਜ਼ੁਰਗਾਂ ਨੂੰ ਪੜ੍ਹਾਉਣ ਖਾਤਰ ਦੋ ਦੋ ਪ੍ਰੇਰਕ ਰੱਖੇ ਗਏ ਹਨ। ਕੇਂਦਰ ਸਰਕਾਰ ਵੱਲੋਂ ਸਾਲ 2009 ਵਿੱਚ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਪਰ ਬਠਿੰਡਾ ਜ਼ਿਲ੍ਹੇ ਵਿੱਚ ਇਹ ਪ੍ਰਾਜੈਕਟ ਸਾਲ 2011 ਵਿੱਚ ਸ਼ੁਰੂ ਹੋਇਆ। ਹੁਣ ਤੱਕ ਕਰੀਬ 29 ਲੱਖ ਰੁਪਏ ਦੀ ਰਾਸ਼ੀ ਆ ਚੁੱਕੀ ਹੈ, ਜਿਸ ਵਿੱਚੋਂ 10 ਲੱਖ ਰੁਪਏ ਦੀ ਰਾਸ਼ੀ ਖਰਚੀ ਜਾ ਚੁੱਕੀ ਹੈ।
                                              ਪਹਿਲੀ ਤਨਖਾਹ ਨਸੀਬ ਨਹੀਂ ਹੋਈ
ਸਾਖਰ ਭਾਰਤ ਮਿਸ਼ਨ ਤਹਿਤ ਰੱਖੇ ਪੌਣੇ ਸੱਤ ਸੌ ਪ੍ਰੇਰਕਾਂ ਨੂੰ ਹਾਲੇ ਪਹਿਲੀ ਤਨਖਾਹ ਵੀ ਨਹੀਂ ਮਿਲ ਸਕੀ। ਇਹ ਪ੍ਰੇਰਕ ਪਿੰਡਾਂ ਵਿੱਚ ਕੰਮ ਤਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਾਢੇ ਤਿੰਨ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ, ਜਿਸ ਕਰਕੇ ਉਨ੍ਹਾਂ ਵਿੱਚ ਰੋਸ ਹੈ। ਸਰਕਾਰ ਵੱਲੋਂ ਜੋ ਫੰਡ ਦਿੱਤੇ ਗਏ ਹਨ, ਉਹ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ 'ਤੇ ਤਾਂ ਪੁੱਜ ਗਏ ਹਨ ਪਰ ਪਿੰਡਾਂ ਨੂੰ ਹਾਲੇ ਫੰਡ ਜਾਰੀ ਨਹੀਂ ਕੀਤੇ ਗਏ, ਜਿਸ ਕਰਕੇ ਪ੍ਰੇਰਕਾਂ ਨੂੰ ਤਨਖਾਹ ਨਹੀਂ ਮਿਲ ਸਕੀ। ਹਰ ਪ੍ਰੇਰਕ ਨੂੰ ਦੋ ਹਜ਼ਾਰ ਰੁਪਏ ਤਨਖਾਹ ਦਿੱਤੀ ਜਾਣੀ ਹੈ। ਅੱਜ ਇਨ੍ਹਾਂ ਪ੍ਰੇਰਕਾਂ ਨੇ ਵੀ ਬਜ਼ੁਰਗਾਂ ਦਾ ਅਸੈਸਮੈਂਟ ਟੈਸਟ ਲਿਆ।