Friday, April 30, 2021

                                                        ਧੰਨ ਤੇਰਾ ਜਿਗਰਾ
                                     ਕਿਸਾਨੀ ਘੋਲ ਦੇ ਯੋਧੇ ਕਣਕ ’ਚ ਜੇਤੂ!
                                                          ਚਰਨਜੀਤ ਭੁੱਲਰ     

ਚੰਡੀਗੜ੍ਹ :  ਖੇਤੀ ਕਾਨੂੰਨਾਂ ਦੇ ਹੱਲੇ ਦੇ ਬਾਵਜੂਦ ਪੰਜਾਬ ਨੇ ਕਣਕ ਦੀ ਪੈਦਾਵਾਰ ਵਿਚ ਦੇਸ਼ ਦੀ ਪਿੱਠ ਨਹੀਂ ਲੱਗਣ ਦਿੱਤੀ। ਹਾਲਾਂਕਿ ਕਿਸਾਨ ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨ ਘੋਲ ’ਚ ਕੁੱਦੇ ਹੋਏ ਸਨ ਪ੍ਰੰਤੂ ਕਿਸਾਨਾਂ ਨੇ ਪੈਦਾਵਾਰ ਲਈ ਆਪਣਾ ਪਸੀਨਾ ਵਹਾਉਣ ’ਚ ਕਮੀ ਨਹੀਂ ਛੱਡੀ। ਪੰਜਾਬ ਵਿੱਚ ਹੁਣ ਕਣਕ ਦੀ ਖਰੀਦ 100 ਲੱਖ ਮੀਟਰਿਕ ਟਨ ਦੇ ਟੀਚੇ ਨੂੰ ਸਫ਼ਲਤਾ ਨਾਲ ਪਾਰ ਕਰ ਗਈ ਹੈ ਜੋ ਕਿ ਸਮੁੱਚੇ ਦੇਸ਼ ਵਿਚ ਹੋਏ ਖਰੀਦ ਦਾ ਕਰੀਬ 39 ਫੀਸਦੀ ਬਣਦੀ ਹੈ। ਕਿਸਾਨੀ ਘੋਲ ’ਚ ਕੁੱਦੇ ਬਹੁਤੇ ਕਿਸਾਨਾਂ ਦੀ ਫਸਲ ਤਾਂ ਐਤਕੀਂ ਹਾੜ੍ਹੀ ਦੌਰਾਨ ਪੇਂਡੂ ਨੌਜਵਾਨਾਂ ਅਤੇ ਔਰਤਾਂ ਨੇ ਹੀ ਸੰਭਾਲੀ ਸੀ।ਪੰਜਾਬ ਵਿਚ ਕਣਕ ਦੀ ਖਰੀਦ 10 ਅਪਰੈਲ ਤੋਂ ਸ਼ੁਰੂ ਹੋਈ ਸੀ ਅਤੇ 19 ਦਿਨਾਂ ਵਿਚ ਹੀ ਮੰਡੀਆਂ ’ਚੋਂ 100.39 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਦੇਸ਼ ਦੇ 12 ਸੂਬਿਆਂ ’ਚੋਂ ਕਿਸੇ ਵੀ ਰਾਜ ਨੇ ਇਹ ਅੰਕੜਾ ਨਹੀਂ ਛੂਹਿਆ ਹੈ। ਪੰਜਾਬ ਸਰਕਾਰ ਨੇ ਐਤਕੀਂ 130 ਲੱਖ ਮੀਟਰਿਕ ਟਨ ਖਰੀਦ ਦਾ ਟੀਚਾ ਮਿਥਿਆ ਹੈ ਜਿਸ ’ਚੋਂ ਕਰੀਬ 77 ਫੀਸਦੀ ਫ਼ਸਲ ਦੀ ਖਰੀਦ ਹੋ ਚੁੱਕੀ ਹੈ। ਕੇਂਦਰ ਸਰਕਾਰ ਨੇ ਬਿਹਾਰ ’ਚ ਹਾਲੇ ਤੱਕ ਇੱਕ ਦਾਣਾ ਵੀ ਖਰੀਦ ਨਹੀਂ ਕੀਤਾ ਹੈ। ਗੁਆਂਢੀ ਸੂਬੇ ਹਰਿਆਣਾ ਵਿਚ ਹੁਣ ਤੱਕ 77.28 ਲੱਖ ਮੀਟਰਿਕ ਟਨ ਦੀ ਖਰੀਦ ਹੋਈ ਹੈ।

             ਮੱਧ ਪ੍ਰਦੇਸ਼ ਨੇ ਇਸ ਵਾਰ ਪੰਜਾਬ ਤੋਂ ਜ਼ਿਆਦਾ 135 ਲੱਖ ਮੀਟਰਿਕ ਟਨ ਕਣਕ ਖਰੀਦ ਦਾ ਟੀਚਾ ਮਿਥਿਆ ਸੀ ਪ੍ਰੰਤੂ ਮੱਧ ਪ੍ਰਦੇਸ਼ ਨੇ ਹੁਣ ਤੱਕ 62.89 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਰੁਝਾਨਾਂ ਤੋਂ ਜਾਪਦਾ ਹੈ ਕਿ ਇਸ ਵਾਰ ਪੰਜਾਬ ਕਣਕ ਪੈਦਾਵਾਰ ’ਚ ਮੱਧ ਪ੍ਰਦੇਸ਼ ਨੂੰ ਵੀ ਪਿਛਾਂਹ ਛੱਡ ਜਾਵੇਗਾ। ਦੇਸ਼ ਭਰ ਵਿਚ ਹੁਣ ਤੱਕ 258.73 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋਈ ਹੈ ਜਿਸ ’ਚੋਂ ਉੱਤਰ ਪ੍ਰਦੇਸ਼ ’ਚੋਂ 9.79 ਲੱਖ ਮੀਟਰਿਕ ਟਨ, ਰਾਜਸਥਾਨ ’ਚੋਂ 7.29 ਲੱਖ ਐੱਮਟੀ, ਉੱਤਰਾਖੰਡ ’ਚੋਂ 41 ਹਜ਼ਾਰ ਮੀਟਰਿਕ ਟਨ, ਗੁਜਰਾਤ ’ਚੋਂ 49 ਹਜ਼ਾਰ ਮੀਟਰਿਕ ਟਨ ਅਤੇ ਦਿੱਲੀ ’ਚੋਂ ਤਿੰਨ ਹਜ਼ਾਰ ਐੱਮਟੀ ਕਣਕ ਖਰੀਦ ਕੀਤੀ ਹੈ।ਪੰਜਾਬ ਦੇ ਕਿਸਾਨਾਂ ਦੀ ਊਰਜਾ ਪੂਰੀ ਤਰ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਘੋਲ ਵਿਚ ਲੱਗੀ ਹੋਈ ਹੈ ਅਤੇ ਉਪਰੋਂ ਕੋਵਿਡ ਮਹਾਂਮਾਰੀ ਦਾ ਪ੍ਰਕੋਪ ਸਿਰ ’ਤੇ ਹੈ। ਇਨ੍ਹਾਂ ਦੁਸ਼ਵਾਰੀਆਂ ਦੇ ਬਾਵਜੂਦ ਪੰਜਾਬ ਦਾ ਕਿਸਾਨ ਪਿਛਾਂਹ ਨਹੀਂ ਹਟਿਆ। ਭਾਰਤੀ ਖੁਰਾਕ ਨਿਗਮ ਨੇ ਹੁਣ ਤੱਕ ਦੇਸ਼ ਭਰ ’ਚੋਂ 20.40 ਲੱਖ ਮੀਟਰਿਕ ਟਨ ਕਣਕ ਖਰੀਦ ਕੀਤੀ ਹੈ ਜਿਸ ਚੋਂ ਪੰਜਾਬ ’ਚੋਂ 8.77 ਲੱਖ, ਹਰਿਆਣਾ ’ਚੋਂ 6.07 ਲੱਖ ਅਤੇ ਰਾਜਸਥਾਨ ’ਚੋਂ 5.06 ਲੱਖ ਮੀਟਰਿਕ ਟਨ ਕਣਕ ਖਰੀਦ ਕੀਤੀ ਗਈ ਹੈ। 

              ਪੰਜਾਬ ਦੀਆਂ ਮੰਡੀਆਂ ’ਚੋਂ ਸਭ ਤੋਂ ਵੱਧ ਸੰਗਰੂਰ ਜ਼ਿਲ੍ਹੇ ’ਚ 10.12 ਲੱਖ ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ। ਸੰਗਰੂਰ ਤੋਂ ਬਾਅਦ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਕ੍ਰਮਵਾਰ 8.25 ਲੱਖ ਮੀਟ੍ਰਿਕ ਟਨ ਅਤੇ 8.16 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਪੰਜਾਬ ਵਿਚ ਐਤਕੀਂ ਬਾਰਦਾਨੇ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਿੱਧੀ ਅਦਾਇਗੀ ਲਈ ਨਵੀਂ ਪ੍ਰਣਾਲੀ ਵੀ ਲਾਗੂ ਕੀਤੀ ਗਈ ਹੈ। ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਐਤਕੀਂ ਬਿਪਤਾ ਝੱਲ ਕੇ ਵੀ ਕਣਕ ਦੀ ਪੈਦਾਵਾਰ ’ਚ ਕਿਸਾਨਾਂ ਨੇ ਝੰਡੀ ਲਈ ਹੈ। ਉਨ੍ਹਾਂ ਦੱਸਿਆ ਕਿ ਬੇਮੌਸਮੀ ਬਾਰਸ਼ ਕਰਕੇ ਕਿਸਾਨੀ ਨੂੰ ਪੈਦਾਵਾਰ ਦੇ ਝਾੜ ਵਿਚ ਵੀ ਸੱਟ ਵੱਜੀ ਹੈ ਪਰ ਫਿਰ ਵੀ ਦੂਸਰੇ ਸੂਬਿਆਂ ਤੋਂ ਪੰਜਾਬ ਅੱਗੇ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਦੇ ਵੀ ਕਿਸਾਨ ਦੇ ਪਸੀਨੇ ਦਾ ਮੁੱਲ ਨਹੀਂ ਪਾਇਆ ਹੈ ਅਤੇ ਹੁਣ ਵੀ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈ ਕੇ ਕਿਸਾਨਾਂ ਨਾਲ ਧਰੋਹ ਕਮਾ ਰਹੀ ਹੈ।

                                       77 ਫੀਸਦ ਕਣਕ ਦੀ ਖਰੀਦ ਹੋਈ: ਆਸ਼ੂ

ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ 19 ਦਿਨਾਂ ਦਰਮਿਆਨ ਕੁੱਲ ਖ਼ਰੀਦ ਕਾਰਜਾਂ ਦਾ ਲਗਪਗ 77 ਫ਼ੀਸਦ ਕੰਮ ਮੁਕੰਮਲ ਕਰ ਲਿਆ ਗਿਆ ਹੈ। ਮੰਡੀਆਂ ਵਿੱਚ ਹੁਣ ਤੱਕ 101.86 ਲੱਖ ਮੀਟ੍ਰਿਕ ਟਨ ਦੀ ਆਮਦ ਦਰਜ ਕੀਤੀ ਗਈ ਹੈ। ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਕਰੀਬ 164 ਫ਼ੀਸਦ ਵਧੇਰੇ ਕਣਕ ਦੀ ਆਮਦ ਹੋਈ ਹੈ। ਨਵੀਂ ਲਾਗੂ ਕੀਤੀ ਡੀਬੀਟੀ ਪ੍ਰਣਾਲੀ ਤਹਿਤ 6.03 ਲੱਖ ਕਿਸਾਨਾਂ ਨੂੰ 15500 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ ਜਾ ਚੁੱਕਾ ਹੈ। 



Thursday, April 29, 2021

                                                       ਛੋਟੇ ਘਰ, ਵੱਡੇ ਦਿਲ 
                                  ਕਿਸਾਨੀ ਜੰਗ ਲਈ ਪੰਜਾਬ ਦਾ ਦਸਵੰਧ !
                                                         ਚਰਨਜੀਤ ਭੁੱਲਰ       

ਚੰਡੀਗੜ੍ਹ :  ‘ਦਿੱਲੀ ਮੋਰਚੇ’ ਲਈ ਪੰਜਾਬ ਦੇ ਛੋਟੇ ਘਰ ਹੁਣ ਵੱਡਾ ਦਿਲ ਦਿਖਾ ਰਹੇ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਛਿੜੀ ਜੰਗ ਲਈ ਹਰ ਕੋਈ ਦਸਵੰਧ ਕੱਢ ਰਿਹਾ ਹੈ। ਪੰਜਾਬ ’ਚ ਹਫ਼ਤੇ ਤੋਂ ਪਿੰਡਾਂ ’ਚ ਹਾੜ੍ਹੀ ਦਾ ਫੰਡ ਇਕੱਠਾ ਕਰਨ ਦੀ ਮੁਹਿੰਮ ਚੱਲੀ ਹੈ। ਕਿਸਾਨ ਧਿਰਾਂ ਨੇ ਘਰੋ-ਘਰੀ ਜਾ ਕੇ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ ਹੈ। ਕੋਈ ਨਗਦ ਰਾਸ਼ੀ ਅਤੇ ਕੋਈ ਕਣਕ ਦੇ ਰਿਹਾ ਹੈ। ਮਾਨਸਾ ਦੇ ਪਿੰਡ ਖੜਕ ਸਿੰਘ ਵਾਲਾ ’ਚ ਤਾਂ ਔਰਤਾਂ ਨੇ ਅੱਗੇ ਲੱਗ ਕੇ ਜਦੋਂ ਪਿੰਡ ’ਚ ਗੇੜਾ ਲਾਇਆ ਤਾਂ ਹਰ ਘਰ ਨੇ ਦਿੱਲੀ ਮੋਰਚੇ ਲਈ ਕਣਕ ਦਾਨ ਵਜੋਂ ਦਿੱਤੀ।ਬਠਿੰਡਾ ਦੇ ਪਿੰਡ ਪਿੱਥੋ ਦਾ ਮਗਨਰੇਗਾ ਮਜ਼ਦੂਰ ਪਿਆਰਾ ਸਿੰਘ ਕਿਸਾਨ ਆਗੂਆਂ ਨੂੰ ਜਦੋਂ ਫੰਡ ਦੇਣ ਦੀ ਜ਼ਿੱਦ ਕਰਨ ਲੱਗਾ ਤਾਂ ਉਸ ਤੋਂ ਕਿਸਾਨ ਆਗੂਆਂ ਨੇ ਸਿਰਫ 50 ਰੁਪਏ ਹੀ ਲਏ। ਇੱਥੋਂ ਦੇ ਦਿਹਾੜੀ ਕਰਦੇ ਮੁਸਲਿਮ ਵਿਅਕਤੀ ਮੁਗਰੀ ਲਾਲ ਨੇ ਮੂੰਹੋਂ ਮੰਗਿਆ ਫੰਡ ਦੇਣ ਦੀ ਇੱਛਾ ਜ਼ਾਹਰ ਕੀਤੀ ਪ੍ਰੰਤੂ ਕਿਸਾਨ ਆਗੂਆਂ ਨੇ ਸਿਰਫ ਇੱਕ ਸੌ ਰੁਪਏ ਲੈ ਕੇ ਹੀ ਖੁਸ਼ੀ ਪ੍ਰਾਪਤ ਕੀਤੀ। ਮਾਨਸਾ ਦੇ ਪਿੰਡ ਭੈਣੀ ਬਾਘਾ ਦਾ ਕੁਲਵੰਤ ਸਿੰਘ ਖੁਦਕੁਸ਼ੀ ਕਰ ਗਿਆ ਸੀ ਅਤੇ ਉਸ ਦੀ ਵਿਧਵਾ ਜਸਵੀਰ ਕੌਰ ਨੇ ਕਿਸਾਨ ਮੋਰਚੇ ’ਚ ਸੀਰ ਪਾਉਣ ਲਈ 300 ਰੁਪਏ ਨਗਦ ਦਿੱਤੇ।

             ਇਵੇਂ ਜਵਾਹਰਕੇ ਪਿੰਡ ਦੀ ਵਿਧਵਾ ਸਰਬਜੀਤ ਕੌਰ ਖੁਦ ਢਾਈ ਏਕੜ ਦੀ ਖੇਤੀ ਕਰਦੀ ਹੈ। ਉਸ ਨੇ 40 ਕਿਲੋ ਕਣਕ ਬਤੌਰ ਫੰਡ ਕਿਸਾਨ ਧਿਰ ਨੂੰ ਆਵਾਜ਼ ਮਾਰ ਕੇ ਚੁਕਾਈ। ਬੀਕੇਯੂ (ਉਗਰਾਹਾਂ) ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਦਿੱਲੀ ਮੋਰਚੇ ਕਰਕੇ ਜਥੇਬੰਦੀ ਨੂੰ ਪਿੰਡਾਂ ਵਿਚ ਐਤਕੀਂ ਦੁੱਗਣਾ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ’ਚ ਇਸ ਗੱਲੋਂ ਜੋਸ਼ ਹੈ ਕਿ ਦਿੱਲੀ ਮੋਰਚੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ।ਬਠਿੰਡਾ ਦੇ ਪਿੰਡ ਕੋਠਾ ਗੁਰੂ ਦਾ ਡੇਢ ਏਕੜ ਦੇ ਮਾਲਕ ਕਿਸਾਨ ਮਹਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਇੱਕ ਹਜ਼ਾਰ ਰੁਪਏ ਦਾ ਫੰਡ ਸਮੇਤ 20 ਕਿਲੋ ਕਣਕ ਦਿੱਤਾ। ਨੌਜਵਾਨ ਆਗੂ ਗੁਰਪ੍ਰੀਤ ਸਿੰਘ ਕੋਠਾ ਗੁੁਰੂ ਨੇ ਦੱਸਿਆ ਕਿ ਪਿੰਡ ’ਚ ਇੱਕ ਵੀਰਪਾਲ ਮਹੰਤ ਨੇ ਇੱਕ ਬੋਰੀ ਕਣਕ ਅਤੇ 100 ਰੁਪਏ ਦਾ ਫੰਡ ਦਿੱਤਾ। ਇਸ ਤੋਂ ਇਲਾਵਾ ਪਿੰਡ ਮਾਈਸਰਖਾਨਾ ਦੇ ਦੋ ਕਿਸਾਨ ਦਿੱਲੀ ਮੋਰਚੇ ਵਿਚ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੇ ਪਰਿਵਾਰਾਂ ਨੇ ਕਿਸਾਨ ਮੋਰਚੇ ’ਚ ਸੀਰ ਪਾਉਣ ਲਈ ਦਸ ਦਸ ਹਜ਼ਾਰ ਦਾ ਫੰਡ ਦਿੱਤਾ ਹੈ। ਮੁਕਤਸਰ ਜ਼ਿਲ੍ਹੇ ਦੇ ਪਿੰਡ ਕਿੱਲਿਆਂਵਾਲੀ ’ਚ ਸਿਰਫ ਛੇ ਕਨਾਲ ਜ਼ਮੀਨ ਦੇ ਮਾਲਕ ਨੇ ਦੋ ਬੋਰੀਆਂ ਕਣਕ ਕਿਸਾਨ ਜਥੇਬੰਦੀ ਨੂੰ ਫੰਡ ਵਜੋਂ ਦਿੱਤੀਆਂ ਹਨ। 

            ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰ ਤਾਂ ਵਿੱਤੋਂ ਬਾਹਰ ਜਾ ਕੇ ਵੀ ਫੰਡ ਦੇ ਰਹੇ ਹਨ। ਫਾਜ਼ਿਲਕਾ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਲਾਲਾਬਾਦ ਹਲਕੇ ਵਿਚ ਲੋਕ ਦਿੱਲੀ ਮੋਰਚੇ ਲਈ ਕਣਕ ਦੇ ਰਹੇ ਹਨ। ਮੌੜ ਹਲਕੇ ਦੇ ਪਿੰਡ ਘੁੰਮਣ ਕਲਾਂ ’ਚ ਇੱਕ ਡੇਰੇ ਦੇ ਪ੍ਰਬੰਧਕਾਂ ਨੇ ਫੈਸਲਾ ਹੀ ਕੀਤਾ ਹੈ ਕਿ ਉਹ ਜੋ ਇਮਾਰਤ ਦੇ ਨਿਰਮਾਣ ਲਈ ਪਿੰਡ ’ਚੋਂ ਚੰਦਾ ਇਕੱਠਾ ਕਰਦੇ ਹਨ, ਉਹ ਐਤਕੀਂ ਨਹੀਂ ਕਰਨਗੇ ਬਲਕਿ ਸਾਰੀ ਰਾਸ਼ੀ ਦਿੱਲੀ ਮੋਰਚੇ ਨੂੰ ਇਕੱਠੀ ਕਰਕੇ ਦੇਣਗੇ। ਇਸ ਪਿੰਡ ਦੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਵੀ ਗੁਰੂ ਦੀ ਗੋਲਕ ’ਚੋਂ ਕਰੀਬ 22 ਹਜ਼ਾਰ ਰੁਪਏ ਦਾ ਦਾਨ ਕੱਢ ਕੇ ਦਿੱਲੀ ਮੋਰਚੇ ਲਈ ਭੇਜਿਆ ਹੈ। ਇਵੇਂ ਹੀ ਮੌੜ ਹਲਕੇ ਦੇ ਇੱਕ ਪਿੰਡ ਦੇ 32 ਫੌਜੀ ਜਵਾਨਾਂ ਨੇ ਆਪਣੀ ਇੱਕ ਮਹੀਨੇ ਦੀ ਅੱਧੀ ਤਨਖਾਹ ਕਿਸਾਨ ਧਿਰਾਂ ਨੂੰ ਦੇਣ ਦਾ ਐਲਾਨ ਕੀਤਾ ਹੈ।

                                   ਪੰਜਾਬ ਦੇ ਲੋਕਾਂ ਨੇ ਦਿਲ ਖੋਲ੍ਹੇ: ਨਰਾਇਣ ਦੱਤ

ਬੀਕੇਯੂ ਡਕੌਂਦਾ ਵੱਲੋਂ ਵੀ ਹਫਤੇ ਤੋਂ ਜ਼ਿਲ੍ਹਾ ਬਰਨਾਲਾ ਵਿਚ ਫੰਡ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਨਕਲਾਬੀ ਆਗੂ ਨਰਾਇਣ ਦੱਤ ਨੇ ਦੱਸਿਆ ਕਿ ਇਸ ਵਾਰ ਦਿੱਲੀ ਘੋਲ ਕਰਕੇ ਫੰਡ ਪਹਿਲਾਂ ਨਾਲੋਂ ਦੁੱਗਣਾ ਇਕੱਠਾ ਹੋ ਰਿਹਾ ਹੈ। ਪਤਾ ਲੱਗਾ ਹੈ ਕਿ ਆਉਂਦੇ ਦਿਨਾਂ ਵਿਚ ਬਾਕੀ ਕਿਸਾਨ ਧਿਰਾਂ ਵੱਲੋਂ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਦਿੱਲੀ ਘੋਲ ਵਿਚ ਕਿਸਾਨ ਧਿਰਾਂ ਦੇ ਖਰਚੇ ਇਕਦਮ ਵਧ ਗਏ ਹਨ ਜਿਨ੍ਹਾਂ ਦੀ ਪੂਰਤੀ ਲਈ ਪੰਜਾਬ ਦੇ ਲੋਕਾਂ ਨੇ ਦਿਲ ਖੋਲ ਦਿੱਤੇ ਹਨ। ਇਹ ਵੀ ਪਤਾ ਲੱਗਾ ਹੈ ਕਿ ਦਿੱਲੀ ਮੋਰਚੇ ਵਿਚ ਕਾਫੀ ਲੋਕ ਗੁਪਤ ਦਾਨ ਵਜੋਂ ਵੀ ਫੰਡ ਦੇ ਰਹੇ ਹਨ।

Monday, April 26, 2021

                                                          ਵਿਚਲੀ ਗੱਲ
                                                 ਪੁਤਲੇ ਹਮ ਮਾਟੀ ਕੇ..!
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਅਸੀਂ ਜੀਅ ਰਹੇ ਹਾਂ, ਤਾਂ ਜੋ ਵੇਖ ਸਕੀਏ ਕਿੰਜ ਸਾਹਾਂ ਦਾ ਵਣਜ ਕਰੇਂਦੇ ਨੇ, ਸ਼ਮਸ਼ਾਨਾਂ ਦੇ ਸ਼ਾਹੂਕਾਰ। ਜਦ ਆਤਮਾ ਮਰ ਜਾਏ, ਸਰੀਰਾਂ ਨੂੰ ਭਟਕਣਾ ਪੈਂਦੇ। ਮੁੱਲ ਦੇ ਸਾਹਾਂ ਲਈ, ਉਧਾਰੇ ਦੀ ਜ਼ਿੰਦਗੀ ਲਈ। ਤੁਸਾਂ ਦੇ ਲੋਕ ਰਾਜ ’ਤੇ, ਹੁਣ ਯਮਰਾਜ ਦਾ ਰਾਜ ਐ। ਵਿਸ਼ਵ ਗੁਰੂ! ਸ਼ਮਸ਼ਾਨਾਂ ਦੇ ਠੇਕੇ ਵੀ ਮਹਿੰਗੇ ਹੋਏ ਨੇ। ਜ਼ਿੰਦਗੀ ਨਾਲ ਮੜਿੱਕੋਗੇ, ਗਲੋਟੇ ਵਾਂਗੂ ਉੱਧੜੋਗੇ। ਕੈਸੀ ਆਈ ਕਰੋਨਾ ਲਾਗ, ਮੁਲਕ ਨੂੰ ਲਾਗੀ ਬਣਾ ’ਤਾ। ਭਾੜੇ ਦਾ ਆਕਸੀਜਨ, ਕਿਵੇਂ ਭੰਨ੍ਹੇ ਫੇਫੜਿਆਂ ਦਾ ਬੰਜਰ, ਤਖ਼ਤਾਂ ਵਾਲੇ ਹੀ ਪੱਥਰ ਹੋ ਗਏ। ‘ਸੂਈ ਨਾਲ ਖੂਹ ਨਹੀਂ ਪੁੱਟੇ ਜਾ ਸਕਦੇ।’ ਅਸੀਂ ਖੜ੍ਹ ਗਏ ਸੀ, ਤਾਂ ਜੋ ਸੁਣ ਸਕੀਏ। ਨੀਰੋ ਦੀ ਬੰਸਰੀ ਨੂੰ, ਜੀਹਦੀ ਧੁਨ ‘ਦੀਦੀ-ਓ-ਦੀਦੀ’, ਬੰਗਾਲੀ ਧਰਤ ’ਤੇ ਗੂੰਜੀ। ਲੱਖਾਂ ਦੀ ਭੀੜ ਵੇਖ, ਨਰਿੰਦਰ ਭਾਈ ਗੱਜੇ... ਧੰਨਭਾਗ! ਬੰਗਾਲੀਓ ਖੁਸ਼ ਕੀਤਾ। ਠੀਕ ਉਨ੍ਹਾਂ ਪਲਾਂ ’ਚ ਕਰੋਨਾ ਦੇਸ਼ ’ਤੇ ਭੀੜਾਂ ਪਾ ਰਿਹਾ ਸੀ। ‘ਮਾੜੇ ਪੇੜ ਤੋਂ ਚੰਗੇ ਫ਼ਲ ਦੀ ਆਸ ਨਾ ਕਰੋ।’ ਬੰਗਾਲ ਦੀ ਚੋਣ ਜੰਗ ਨੇ, ਜ਼ਿੰਦਗੀ ’ਚ ਭੰਗ ਪਾ’ਤੀ। ‘ਜੇਹਾ ਸੰਤ, ਤੇਹਾ ਚੜ੍ਹਾਵਾ’। ਤੁਸਾਂ ਮੋਮਬੱਤੀ ਵੀ ਜਲਾਈ, ਤਾੜੀ ਤੇ ਥਾਲੀ ਵੀ ਖੜਕਾਈ। ਕੁੰਭ ਸਜਾਏ, ਰਾਸ ਨਾ ਆਏ।

                ਅਸੀਂ ਰੁਕ ਗਏ ਹਾਂ, ਤਾਂ ਜੋ ਜਾਣ ਸਕੀਏ। ਕਰੋਨਾ ਦੌਰ ’ਚ ਪ੍ਰਧਾਨ ਮੰਤਰੀ ਨੇ, ਸਿਆਸੀ ਹਮਾਮ ’ਚ ਕਿੰਨੇ ਗੇੜੇ ਲਾਏ। ਇੱਕ ਤੈਰਵੀਂ ਨਜ਼ਰ... ਪਹਿਲੀ ਮਾਰਚ ਤੋਂ ਹੁਣ ਤੱਕ, ਨਰਿੰਦਰ ਮੋਦੀ ਨੇ ਦੇਸ਼ ’ਚ ਕੁੱਲ 14 ਗੇੜੇ ਲਾਏ, ਇਕੱਲੇ ਬੰਗਾਲ ’ਚ 12 ਦੌਰੇ ਕੀਤੇੇ। ਦੂਸਰੀ ਪਾਰੀ ਮਈ 2019 ਤੋਂ ਸ਼ੁਰੂ ਹੋਈ। ਚੱਕਰਵਰਤੀ ਫਕੀਰ ਨੇ ਕੁੱਲ 72 ਗੇੜੇ ਲਾਏ, ਜਿਨ੍ਹਾਂ ’ਚੋਂ 30 ਨਿਰੋਲ ਸਿਆਸੀ ਦੌਰੇ ਕੀਤੇ। ਪੱਛਮੀ ਬੰਗਾਲ ਦੇ 16, ਅਸਾਮ ਦੇ 10 ਤੇ ਗੁਜਰਾਤ ਦੇ ਸੱਤ। ਮਹਾਮਾਰੀ ਨੇ ਜ਼ਿੰਦਗੀ ਦੇ ਮੌਰ ਸੇਕੇ ਨੇ, ਉਨ੍ਹਾਂ ਦੀ ਤੋਤਾ ਰਟ ਐ, ਬਈ! ਬੰਗਾਲ ਜਿੱਤਣਾ ਐਂ, ਫੇਰ ਦਿਆਂਗੇ ਮੁਫ਼ਤ ਵੈਕਸੀਨ। ‘ਲਾਹੌਰੀ ਸ਼ੌਕੀਨ, ਬੋਝੇ ’ਚ ਗਾਜਰਾਂ।’ ਅਸੀਂ ਮੌਣ ’ਤੇ ਚੜ੍ਹੇ ਹਾਂ, ਤਾਂ ਜੋ ਵੇਖ ਸਕੀਏ। ਮਨੁੱਖਤਾ ਦਾ ਪੱਤਣ, ਜ਼ਮੀਰਾਂ ਦਾ ਪਤਨ। ‘ਸਮੂਹਿਕ ਸਸਕਾਰ’ ਤੇ ਕਿਤੇ ਫੁੱਟ ਪਾਥ ਸ਼ਮਸ਼ਾਨ ਬਣੇ ਨੇ। ਸੁਆਸਾਂ ਦੀ ਪੂੰਜੀ ਮੁੱਕਣ ਲੱਗੀ ਹੈ। ਇਨਸਾਨ ਪਿੰਜਰ ਬਣੇ ਨੇ। ਤਾਲਾਬੰਦੀ ਹਕੂਮਤੀ ਬੁੱਲ੍ਹਾਂ ’ਤੇ ਐ, ਮੌਤ ਨ੍ਰਿਤ ਕਰ ਰਹੀ ਐ। ਚਿੱਤ ਨਾ ਚੇਤੇ ਸੀ, ਕਿਤੇ ‘ਆਕਸੀਜਨ ਐਕਸਪ੍ਰੈੱਸ’ ਵੀ ਚੱਲੇਗੀ। ਗਾਜ਼ੀਆਬਾਦ ਦੇ ਗੁਰੂ ਘਰ ’ਚ, ਆਕਸੀਜਨ ਦਾ ਲੰਗਰ ਲੱਗਿਐ। ਮਹਾਮਾਰੀ ਨੇ ਮੁਲਕ ਖ਼ਾਨੇ ਦੇ ਮੇਚ ਕੀਤੈ। ‘ਤੂਫ਼ਾਨ ਆਉਣ ’ਤੇ ਹੀ ਮਲਾਹ ਦਾ ਪਤਾ ਲੱਗਦੈ।’

                 ਅਸੀਂ ਖੜਸੁੱਕ ਬਣ ਗਏ, ਇਨਸਾਨਪੁਰੇ ਦੀ ਦਰਸ਼ਨੀ ਡਿਉਢੀ ਵੇਖ। ਪਟਨਾ ਦੇ ਤਿੰਨ ਸਿਵੇ ਇੱਕ ਪ੍ਰਾਈਵੇਟ ਕੰਪਨੀ ਨੂੰ ਦੇਣੇ ਪਏ। ਹੈਦਰਾਬਾਦ ਦੇ ਇੱਕ ਪਿੰਡ ਦੇ ਸਰਪੰਚ ਨੇ, ਇੱਕ ਮਾਂ ਨੂੰ ਪਿੰਡੋਂ ਬਾਹਰ ਸੁੱਟ’ਤਾ, ਜੇਸੀਬੀ ਮਸ਼ੀਨ ’ਚ ਪਾਕੇ। ਮੱਧ ਪ੍ਰਦੇਸ਼ ’ਚ ਮਾਂ ਲਈ ਆਕਸੀਜਨ ਮੰਗੀ, ਅੱਗਿਓਂ ਕੇਂਦਰੀ ਮੰਤਰੀ ਪ੍ਰਹਿਲਾਦ ਪੈ ਨਿਕਲੇ.. ‘ਇਵੇਂ ਬੋਲੇਗਾ, ਦੋ ਖਾਏਂਗਾ।’ ਆਖ਼ਰ ਮਾਂ ਚੜ੍ਹਾਈ ਕਰ ਗਈ। ਇੰਜ ਵੀ ਹੋਣਾ ਸੀ, ਲਾਸ਼ਾਂ ਦਾ ਮੋਢਿਆਂ ’ਤੇ ਢੋਣਾ, ਜ਼ਿੰਦਗੀ ਦਾ ਵਿਛੌਣਾ,ਮੌਤ ਨੇ ਬਣਨਾ ਸੀ। ਭੋਪਾਲ ਦੇ ਸਾਬਕਾ ਮੇਅਰ ਨੇ, ਪਤਾ ਨਹੀਂ ਕਿਸ ਦਾ ਜੂਠਾ ਖਾਧੈ, ਅਰਥੀਆਂ ਨੂੰ ਹਰੀ ਝੰਡੀ ਦਿਖਾਉਣ ਲੱਗ ਪਿਆ। ‘ਜੇਹੇ ਪੀਰ, ਤੇਰੇ ਮੁਰੀਦ।’ ਅਸੀਂ ਬੈਠ ਗਏ ਹਾਂ, ਤਾਂ ਜੋ ਸੁਣ ਸਕੀਏ। ਅਦਾਲਤੀ ਫੈਸਲੇ, ਇੱਕ ਜੱਜ ਨੇ ‘ਰਾਜ ਧਰਮ’ ਚੇਤੇ ਕਰਾਇਆ, ਦੂਸਰੇ ਨੇ ਕਿਹਾ,‘ਆਕਸੀਜਨ ਰੋਕੀ ਤਾਂ ਟੰਗ ਦਿਆਂਗੇ।’ ਬੰਬਈ ਹਾਈ ਕੋਰਟ ਹੈਰਾਨ ਪ੍ਰੇਸ਼ਾਨ, ਅਖੇ, ‘ਸਭਿਅਕ ਸਮਾਜ ’ਚ ਏਦਾਂ ਕਿਵੇਂ ਹੋ ਸਕਦੈ।’ ਸ਼ੈਲੇ ਦਾ ਪ੍ਰਵਚਨ ਐ, ‘ਤਾਕਤ ਕਿਸੇ ਮਾਰੂ ਪਲੇਗ ਵਾਂਗੂ ਹੁੰਦੀ ਹੈ, ਜਿਸ ਨੂੰ ਛੂਹ ਲਵੇ, ਓਹੀ ਨਸ਼ਟ ਹੋ ਜਾਂਦਾ ਹੈ।’ ਭਾਵੇਂ ਦੇਸ਼ ਭਗਤਾਂ ਨੂੰ ਪੁੱਛ ਲਓ, ਜੋ ਪੱਛਮੀ ਬੰਗਾਲ ’ਚ ਰੈਲੀਆਂ ’ਚ ਸਜ ਧਜ ਬੈਠੇ। ਦਸੌਂਧਾ ਸਿੰਘ ਦੀ ਗੱਲ ’ਚ ਵਜ਼ਨ ਐ, ਮੌਤ ਨਾਲ ਹਿੰਢ ਕਾਹਦੀ, ਰੈਲੀਆਂ ਨੂੰ ਛੱਡ, ਕਿਤੇ ਕਰੋਨਾ ਨੂੰ ਵਲਦੇ, ਆਹ ਦਿਨ ਨਾ ਵੇਖਣੇ ਪੈਂਦੇ। ਖ਼ੈਰ, ਅਕਲ ਦੇ ਕੜਛੇ ਕਿਸੇ ਨੂੰ ਹੀ ਮਿਲਦੇ ਨੇ।

              ਅਸੀਂ ਤੁਰ ਪਏ ਹਾਂ, ਤਾਂ ਜੋ ਲੱਭ ਸਕੀਏ। ਕਪਾਲ ਭਾਤੀ ਵਾਲੇ ਨੂੰ। ਬਾਬਾ ਰਾਮਦੇਵ ਬੋਲੇ... ‘ਯੋਗ ਕਰੋ, ਕਰੋਨਾ ਭਜਾਓ’। ਗੱਲ ਨਾ ਬਣੇ, ਪਤੰਜਲੀ ਦੀ ਕੋਰੋਨਿਲ ਖਾਓ। ਪਤੰਜਲੀ ਆਸ਼ਰਮ ’ਚ 83 ਕੇਸ ਪਾਜ਼ੇਟਿਵ ਕੇਸ ਆਏ ਹਨ। ‘ਬਿਪਤਾ ਬਣੀ ਤੇ ਨਾ ਬਹੁੜੇ ਕੋਈ।’ ਰਾਮਦੇਵ ਉਦੋਂ ਵੀ ਦੌੜੇ, ਜ਼ਨਾਨਾ ਕੱਪੜੇ ਪਾ ਕੇ, ਜਦੋਂ ਦਿੱਲੀ ’ਚ ਪੁਲੀਸ ਝਪਟੀ ਸੀ। ਯੋਗ ਕਮਾਉਣ ਵਾਲੇ ਜੋਗੀ, ਹੁਣ ਕਿਥੇ। ਓਹ ਤਪੱਸਿਆ ਕਰਦੇ, ਅਭਿਆਸ ਕਰਦੇ, ਸੁਆਸ ਰੋਕਣ ਦੀ ਕਲਾ ਵੀ ਸੀ। ਸਿਆਸੀ ਗੋਰਖ ਦਾ ਚੇਲਾ, ਕਾਰੋਬਾਰ ਕਰਦੈ, ਕਿਥੋਂ ਲੱਭੀਏ। ‘ਰਾਜਾ ਕੀ ਜਾਣੇ, ਭੁੱਖੇ ਦੀ ਸਾਰ।’ ਅਸੀਂ ਰੀਝ ਨਾਲ ਤੱਕ ਰਹੇ ਹਾਂ, ਤਾਂ ਜੋ ਕਰ ਸਕੀਏ। ਅਮਰਿੰਦਰ ਸਿੰਘ ਦੇ ਦਰਸ਼ਨ-ਦੀਦਾਰੇ। ਈਸ਼ਵਰ ਭੰਦੋਹਲ (ਬੁੰਗਾ ਖੁਰਦ) ਨੇ ਲੱਖਣ ਲਾ ਦੱਸਿਐ, ਮਹਾਰਾਜੇ ਦੇ ਸਿਸਵਾਂ ਫਾਰਮ ਹਾਊਸ ਵੱਲ, ਆਕਸੀਜਨ ਲੈਵਲ ਪੰਜਾਬ ਨਾਲੋਂ ਕਿਤੇ ਉੱਚੈ। ਅਮਰਿੰਦਰ ਆਫਰ ਕਰ ਚੁੱਕੇ ਨੇ, ‘ਮੇਰੇ ਦਰਵਾਜੇ ਸਭ ਲਈ ਖੁੱਲ੍ਹੇ ਨੇ।’ ਛੱਜੂ ਰਾਮ ਦਾ ਤੌਖਲੈ, ਕਿਤੇ ਪਰਜਾ ‘ਸਿਸਵਾਂ ਫਾਰਮ ਹਾਊਸ’ ਨਾ ਪਹੁੰਚ ਜਾਏ। ਚਲੋ ਪੰਜਾਬ ‘ਦਰਸ਼ਨ ਮੇਲਾ’ ਕਰਜੂ, ਨਾਲੇ ਆਕਸੀਜਨ ਦੀ ਘਾਟ ਵਾਧ ਪੂਰੀ ਹੋ ਜਾਊ। ‘ਗਾਂ ਉਹ ਚੰਗੀ, ਜਿਹੜੀ ਦੁੱਧ ਦੇਵੇ।’

              ਸਾਜੀ ਨਿਵਾਜੀ ਸਾਧ ਸੰਗਤ! ਏਹ ਮਹਾਮਾਰੀ ਨਹੀਂ, ਇੱਕ ਠੋਕਰ ਐ, ਨਵੇਂ ਸਬਕ ਲੈਣ ਲਈ। ਮਹਾਨ ਭਾਰਤ ਨੇ ਵਿਸ਼ਵ ਨੂੰ ਦਿਖਾ ਦਿੱਤਾ, ਅਸੀਂ ਕਿਸੇ ਨਾਲੋਂ ਘੱਟ ਨਹੀਂ, ਆਫ਼ਤਾਂ ’ਚ ਵੀ। ਹਾਕਮਾਂ ਦਾ ਘੁਮੰਡ ਤੋੜਿਐ, ਕਰੋਨਾ ਲਾਗ ਨੇ ਔਕਾਤ ਵੀ ਦਿਖਾਈ ਐ। ਸਾਹਾਂ ਦੀ ਕੀਮਤ, ਉਸ ਨੂੰ ਪੁੱਛੋ, ਜੋ ਸਿਲੰਡਰ ਲਈ ਲੇਲ੍ਹੜੀਆਂ ਕੱਢਦਾ ਫਿਰਦੈ। ਸਾਹਾਂ ਤੋਂ ਪਿਆਰੇ ਅੱਜ ਅੰਤਿਮ ਸਾਹ ਲੈ ਰਹੇ ਨੇ ਸਿਵਿਆਂ ਦੇ ਬਿਰਖਾਂ ਦੇ ਗਲ ਲੱਗ ਵਾਰਸ ਰੋਏ ਨੇ, ਕੋਈ ਮੋਢਾ ਨਹੀਂ ਮਿਲਿਆ। ਮੀਆਂ ਮੁਹੰਮਦ ਬਖ਼ਸ਼ ਦੀ ਫਰਿਆਦ, ‘ਰੱਬਾ ਕਿਸ ਨੂੰ ਫੋਲ ਸੁਣਾਵਾਂ, ਦਰਦ ਦਿਲੇ ਦਾ ਸਾਰਾ/ਕੌਣ ਹੋਵੇ ਅੱਜ ਸਾਥੀ ਮੇਰਾ, ਦੁੱਖ ਵੰਡਾਵਣ ਹਾਰਾ।’ ਜ਼ਿੰਦਗੀ ਸਾਹਾਂ ਨਾਲ ਹੀ ਧੜਕਦੀ ਐ। ਮਨੁੱਖ ਤਾਂ ਹੈ ਹੀ ਮਿੱਟੀ ਦਾ ਪੁਤਲਾ। ਕਬੀਰ ਜੀ ਫਰਮਾ ਗਏ, ‘ਕਬੀਰ ਮਾਟੇ ਕੇ ਹਮ ਪੂਤਰੇ ਮਾਨਸੁ ਰਾਖਿਓ ਨਾਉ।’ ਜਿਹਨਾਂ ਤੌੜੀ ਦਾ ਦੁੱਧ ਪੀਤੈ, ਉਹ ਨਹੀਓਂ ਭੁੱਲਦੇ, ‘ਦਮ ਦਾ ਕੀ ਧਰਵਾਸਾ, ਜਿਵੇਂ ਪਾਣੀ ਵਿਚ ਪਤਾਸਾ।’ ਖੱਟੀ ਲੱਸੀ ਵਰਗੇ ਹਾਕਮਾਂ ’ਚੋਂ ਵੱਟ ਨਹੀਂ ਗਿਆ। ਰਸਕਿਨ ਦੀ ਵੀ ਸੁਣੋ, ‘ਘੁਮੰਡ ਨਾਲ ਆਦਮੀ ਫੁਲ ਤਾਂ ਸਕਦਾ ਹੈ ਪਰ ਫੈਲ ਨਹੀਂ ਸਕਦਾ।’ ਤਖ਼ਤ ’ਚ ਮਹਾਮਾਰੀ ਨੇ ਚਿੱਬ ਪਾਇਐ, ਤਾਹੀਓਂ ਵਰਚੁਅਲ ਰੈਲੀਆਂ ਬੇਰੋਕ ਹਨ। ਐਗਜ਼ਿਟ ਪੋਲ ਸੁਣੋ... ਆਖਰ ਮਨੁੱਖਤਾ ਹਾਰ ਗਈ।

                ਜ਼ਿੰਦਗੀ ਸਾਹੋ ਸਾਹ ਐ। ਨੇਤਾ ਅਕਲੋਂ ਪੈਦਲ ਨਿਕਲੇ। ਮਹਾਮਾਰੀ ਬਾਘੀਆਂ ਪਾ ਰਹੀ ਹੈ। ਨਗਰ ਕੌਂਸਲਾਂ ਤੇ ਨਿਗਮਾਂ ਦੇ ਮੇਅਰ ਤੇ ਪ੍ਰਧਾਨਾਂ ਦੇ ਹਾਰ ਪੈ ਰਹੇ ਨੇ। ਗੁਲਾਲ ਪੈ ਰਹੇ ਨੇ, ਵਾਜੇ ਵੱਜ ਰਹੇ ਨੇ। ਜਤਿੰਦਰ ਪੰਨੂ ਨੇ ਮਿਹਣਾ ਮਾਰਿਐ,‘ਬਲਦੇ ਦਿਨੇ ਤੇ ਰਾਤ ਸਿਵੇ ਦੀਂਹਦੇ, ਉਡਦੀ ਸੜਕਾਂ ਦੇ ਤੀਕ ਹੈ ਰਾਖ ਬੇਲੀ/ ਚੜ੍ਹਿਆ ਜਿਨ੍ਹਾਂ ਨੂੰ ਚਾਅ ਪ੍ਰਧਾਨੀਆਂ ਦਾ, ‘ਸ਼ਰਮ ਕਰੋ’ ਨਾਲ ਇਨ੍ਹਾਂ ਨੂੰ ਆਖ ਬੇਲੀ।’ ਅਸੀਂ ਖੜ੍ਹਾਂਗੇ, ਖੇਤਾਂ ਦੇ ਜਾਇਆਂ ਨਾਲ। ਕਰੋਨਾ ਕਾਲ ’ਚ ਵੀ ਜੋ ਭਿੜੇ ਨੇ। ਮਿੱਟੀ ਦੇ ਪੁੱਤ ਨਿਆਂ ਮੰਗਦੇ ਨੇ, ਦਿਲਾਂ ’ਚ ਸ਼ਮਸ਼ਾਨ ਬਾਲ ਕੇ। ਫ਼ਸਲ ਤੇ ਨਸਲ ਨਾ ਰੁਲੇ, ਤਾਹੀਂ ਘਰ-ਬਾਰ ਛੱਡ ਬੈਠੇ ਨੇ। ਕਿਸਾਨਾਂ ਪੱਲੇ ਸਿਰੜ ਹੈ ਅਤੇ ਝੋਲੇ ਵਿਚ ਸਿਦਕ। ਹੌਸਲੇ ਪਹਾੜ ਬਣੇ ਨੇ। ਹਕੂਮਤ ਦੇ ਬੁੱਲ੍ਹਾਂ ’ਤੇ ਸਿੱਕਰੀ ਆਈ ਐ। ਅੰਤ ’ਚ ਡਾ. ਜਗਤਾਰ ਦੀ ਗਜ਼ਲ ਦੇ ਬੋਲ...‘ਪੈਰਾਂ ’ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ/ ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।’

Saturday, April 24, 2021

                                                       ਅੰਦੋਲਨ ਦਾ ਪ੍ਰਤਾਪ
                                        ਜ਼ਿੰਦਗੀ ਦਾ ਰੰਗ ਹੋਇਆ ਬਸੰਤੀ
                                                        ਚਰਨਜੀਤ ਭੁੱਲਰ      

ਚੰਡੀਗੜ੍ਹ :  ਕਿਸਾਨ ਅੰਦੋਲਨ ਦਾ ਪ੍ਰਤਾਪ ਹੈ ਕਿ ਪੰਜਾਬ ’ਚ ਔਰਤਾਂ ਦੀ ਜ਼ਿੰਦਗੀ ’ਚ ਨਵੇਂ ਰੰਗ ਉੱਘੜੇ ਹਨ। ਜਿਥੇ ਔਰਤਾਂ ਨੇ ਬਸੰਤੀ ਰੰਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਹੈ, ਉਥੇ ਹਰਾ ਰੰਗ ਵੀ ਔਰਤਾਂ ਦੇ ਪਹਿਰਾਵੇ ’ਚ ਰਚਿਆ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਏ ਦਿੱਲੀ ਮੋਰਚੇ ਨੇ ਔਰਤਾਂ ਦੇ ਰਹਿਣ-ਸਹਿਣ ਅਤੇ ਪਹਿਰਾਵੇ ਦੇ ਤੌਰ ਤਰੀਕੇ ਬਦਲ ਦਿੱਤੇ ਹਨ। ਵਿਧਵਾ ਔਰਤਾਂ ਨੇ ਚਿੱਟੀ ਚੁੰਨੀ ਲਾਹ ਸੁੱਟੀ ਹੈ ਅਤੇ ਇਹ ਔਰਤਾਂ ਹੁਣ ਬਸੰਤੀ ਚੁੰਨੀ ਦੀ ਸ਼ਰਨ ’ਚ ਹਨ।ਪਟਿਆਲਾ ਦੇ ਪਿੰਡ ਨਿਆਲ ਦੀ ਮਹਿਲਾ ਕਮਲਪ੍ਰੀਤ ਕੌਰ ਹੁਣ ਸਿਰੋਂ ਬਸੰਤੀ ਚੁੰਨੀ ਨਹੀਂ ਲਾਹੁੰਦੀ। ਉਸ ਨੇ ਤਾਂ ਕਿਸਾਨ ਜਥੇਬੰਦੀ ਦੇ ਲੋਗੋ ਵਾਲਾ ਸੂਟ ਵੀ ਡਿਜ਼ਾਈਨ ਕਰਾ ਲਿਆ ਹੈ। ਸਿੰਘੂ/ਟਿਕਰੀ ’ਤੇ ਅਜਿਹੇ ਸੂਟ ਦੂਰੋਂ ਨਜ਼ਰ ਪੈਣ ਲੱਗੇ ਹਨ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਕਿਸਾਨ ਜਥੇਬੰਦੀ ਦੇ ਰੰਗਾਂ ’ਚ ਡਿਜ਼ਾਈਨ ਕਰਾਇਆ ਗਿਆ ਹੈ। ਇੱਕ ਮਹਿਲਾ ਨੇ ਆਪਣੇ ਸੂਟ ’ਤੇ ਜਥੇਬੰਦੀ ਦੇ ਝੰਡੇ ਹੀ ਡਿਜ਼ਾਈਨ ਕਰਾ ਲਏ ਹਨ। ਸੈਂਕੜੇ ਔਰਤਾਂ ਹਨ ਜੋ ਕਿਸੇ ਵੀ ਖੁਸ਼ੀ ਗਮੀ ਦੇ ਮੌਕੇ ਆਪਣੀ ਬਸੰਤੀ ਚੁੰਨੀ ਤੋਂ ਵੱਖ ਨਹੀਂ ਹੁੰਦੀਆਂ।

             ਕਿਸਾਨ ਘੋਲ ਨੇ ਪੰਜਾਬ ਦੇ ਸਭਿਆਚਾਰ ’ਚ ਨਵੀਂ ਪੈੜ ਪਾਈ ਹੈ। ਔਰਤਾਂ ’ਚ ਬਸੰਤੀ ਚੁੰਨੀਆਂ ਦਾ ਖਿਆਲ ਕਿਸੇ ਫੈਸ਼ਨ ’ਚੋਂ ਨਹੀਂ ਬਲਕਿ ਇਨ੍ਹਾਂ ਨੂੰ ਆਪਣੇ ਸੰਘਰਸ਼ੀ ਧਰਾਤਲ ’ਚੋਂ ਚਿਣਗ ਲੱਗੀ ਹੈ। ਪਿੰਡ ਬਰਾਸ ਦੀ 65 ਵਰ੍ਹਿਆਂ ਦੀ ਔਰਤ ਮਹਿੰਦਰ ਕੌਰ ਬਸੰਤੀ ਚੁੰਨੀ ਅੰਗ-ਸੰਗ ਰੱਖਦੀ ਹੈ। ਉਹ ਦੱਸਦੀ ਹੈ ਕਿ ਕਈ ਖੁਸ਼ੀ ਦੇ ਸਮਾਗਮ ਵੀ ਆਏ। ਸੂਟ ਦੇ ਰੰਗ ਬਦਲ ਗਏ ਪ੍ਰੰਤੂ ਚੁੰਨੀ ਬਸੰਤੀ ਹੀ ਰਹੀ। ਦਿੱਲੀ ਘੋਲ ਮਗਰੋਂ ਜਿਥੇ ਹਰੀਆਂ, ਲਾਲ ਤੇ ਪੀਲੀਆਂ ਪੱਗਾਂ ਦਾ ਰੁਝਾਨ ਵਧਿਆ ਹੈ, ਉਥੇ ਨੌਜਵਾਨ ਪੀੜ੍ਹੀ ਵੀ ਇਨ੍ਹਾਂ ਰੰਗਾਂ ਦੇ ਨੇੜੇ ਹੋਈ ਹੈ।ਬੀਕੇਯੂ (ਉਗਰਾਹਾਂ) ਨੇ ਸਾਲ 2016 ਵਿਚ ‘ਰੰਗ ਦੇ ਬਸੰਤੀ’ ਕਾਨਫਰੰਸ ਕੀਤੀ ਸੀ ਜਿਸ ਵਿਚ ਪੰਜ ਹਜ਼ਾਰ ਔਰਤਾਂ ਨੂੰ ਬਸੰਤੀ ਚੁੰਨੀਆਂ ਖਰੀਦ ਕੇ ਦਿੱਤੀਆਂ ਗਈਆਂ ਸਨ। ਜਥੇਬੰਦੀ ਦੀ ਮਹਿਲਾ ਆਗੂ ਹਰਿੰਦਰ ਬਿੰਦੂ ਦੱਸਦੀ ਹੈ ਕਿ 21 ਫਰਵਰੀ ਨੂੰ ਜਦੋਂ ਬਰਨਾਲਾ ਵਿਚ ਔਰਤਾਂ ਦਾ ਵੱਡਾ ਇਕੱਠ ਕੀਤਾ ਤਾਂ ਜਥੇਬੰਦੀ ਵੱਲੋਂ 20 ਲੱਖ ਦੀ ਲਾਗਤ ਨਾਲ 40 ਹਜ਼ਾਰ ਔਰਤਾਂ ਨੂੰ ਬਸੰਤੀ ਚੁੰਨੀਆਂ ਦਿੱਤੀਆਂ। ਟਿਕਰੀ ਬਾਰਡਰ ’ਤੇ ਜਦੋਂ ਮਹਿਲਾ ਦਿਵਸ ਮੌਕੇ ਔਰਤਾਂ ਦਾ ਇਕੱਠ ਜੁੜਿਆ ਤਾਂ 32.50 ਲੱਖ ਦੀਆਂ ਚੁੰਨੀਆਂ ਔਰਤਾਂ ਨੂੰ ਦਿੱਤੀਆਂ ਗਈਆਂ।

             ਬੀਕੇਯੂ (ਡਕੌਂਦਾ) ਨੇ ਵੀ ਦੋ ਵਰ੍ਹਿਆਂ ਤੋਂ ਔਰਤਾਂ ਨੂੰ ਹਰੀਆਂ ਚੁੰਨੀਆਂ ਦਾ ਜਾਗ ਲਾਇਆ। ਹਜ਼ਾਰਾਂ ਔਰਤਾਂ ਹਨ ਜੋ ਇਸ ਜਥੇਬੰਦੀ ਦੇ ਇਕੱਠਾਂ ਵਿਚ ਹੁਣ ਹਰੀਆਂ ਚੁੰਨੀਆਂ ਲੈ ਕੇ ਪੁੱਜਦੀਆਂ ਹਨ। ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਆਖਦੇ ਹਨ ਕਿ ਹਰੀ ਪੱਗ ਤੇ ਚੁੰਨੀਆਂ ਖੇਤੀ ਦਾ ਪ੍ਰਤੀਕ ਹੈ ਜਿਸ ਨੂੰ ਗ੍ਰਹਿਣ ਕਰਕੇ ਔਰਤਾਂ ਮਾਣ ਮਹਿਸੂਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵੀ ਹੁਣ ਹਰੇ ਰੰਗ ਦੀਆਂ ਪੱਗਾਂ ਬੰਨ੍ਹਣ ਲੱਗੇ ਹਨ।ਬਰਨਾਲਾ ਦੇ ਪਿੰਡ ਫਤਹਿਗੜ੍ਹ ਛੰਨਾ ਦੀ ਪਰਮਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਕਦੇ ਹਰੀ ਚੁੰਨੀ ਸਿਰ ਤੋਂ ਨਹੀਂ ਲਾਹੀ। ਇਹ ਦੋਵੇਂ ਵਿਧਵਾ ਔਰਤਾਂ ਹਨ ਜੋ ਚਿੱਟੀ ਚੁੰਨੀ ਲਾਹ ਕੇ ਹੁਣ ਹਰੀ ਚੁੰਨੀ ’ਚ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਪਤਾ ਲੱਗਾ ਹੈ ਕਿ ਸੰਗਰੂਰ ਜ਼ਿਲ੍ਹੇ ਵਿਚ ਇੱਕ ਮਹਿਲਾ ਨੇ ਆਪਣੇ ਲੜਕੇ ਦੇ ਵਿਆਹ ਸਮੇਂ ਵੀ ਸੂਟ ਦੇ ਨਾਲ ਬਸੰਤੀ ਚੁੰਨੀ ਨੂੰ ਤਰਜੀਹ ਦਿੱਤੀ। ਬਠਿੰਡਾ ਦੇ ਪਿੰਡ ਪਿੱਥੋ ਦੀਆਂ ਕਰੀਬ 35 ਔਰਤਾਂ ਦਾ ਕਾਫਲਾ ਹਮੇਸ਼ਾ ਬਸੰਤੀ ਚੁੰਨੀਆਂ ਨਾਲ ਚੱਲਦਾ ਹੈ।

                                             ਰੰਗਾਂ ਨੇ ਔਰਤਾਂ ਨੂੰ ਤਾਕਤ ਬਖ਼ਸ਼ੀ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਔਰਤਾਂ ਹੁਣ ਬਸੰਤੀ ਚੁੰਨੀ ਦੇ ਮਾਅਨੇ ਵੀ ਪਿੰਡਾਂ ਵਿਚ ਸਮਝਾ ਰਹੀਆਂ ਹਨ ਅਤੇ ਹੋਰਨਾਂ ਔਰਤਾਂ ਨੂੰ ਵੀ ਪ੍ਰੇਰ ਰਹੀਆਂ ਹਨ। ਪੰਜਾਬ ਵਿਚ ਬਾਕੀ ਕਿਸਾਨ ਧਿਰਾਂ ਨੇ ਵੀ ਆਪੋ ਆਪਣੀ ਜਥੇਬੰਦੀ ਦੇ ਪਛਾਣ ਦੇ ਰੰਗ ਪ੍ਰਤੀ ਔਰਤਾਂ ਨੂੰ ਪ੍ਰੇਰਿਤ ਕੀਤਾ ਹੈ। ਕਿਸਾਨ ਆਗੂ ਆਖਦੇ ਹਨ ਕਿ ਬਸੰਤੀ ਚੁੰਨੀਆਂ ਅਤੇ ਹਰੀਆਂ ਚੁੰਨੀਆਂ ਹੁਣ ਹਕੂਮਤ ਨੂੰ ਚੁਭਣ ਲੱਗੀਆਂ ਹਨ ਪ੍ਰੰਤੂ ਇਨ੍ਹਾਂ ਰੰਗਾਂ ਨੇ ਔਰਤਾਂ ਨੂੰ ਤਾਕਤ ਬਖਸ਼ੀ ਹੈ ਅਤੇ ਔਰਤਾਂ ਦੇ ਹੌਸਲੇ ਨੂੰ ਖੰਭ ਲਾਏ ਹਨ।

Friday, April 23, 2021

                                                            ਖੇਤਾਂ ਦੇ ਨਾਇਕ
                                        ਅਸਾਂ ਮੁੜਨਾ ਨਹੀਂਓ ਪੰਜਾਬ ਖਾਲੀ
                                                            ਚਰਨਜੀਤ ਭੁੱਲਰ      

ਚੰਡੀਗੜ੍ਹ : ਬਿਰਧ ਮਲਕੀਤ ਕੌਰ ‘ਦਿੱਲੀ ਮੋਰਚਾ’ ਦੀ ਅਸਲ ਨਾਇਕਾ ਹੈ ਜਿਸ ਦੀ ਜ਼ਿੱਦ ਵੀ ਵਾਜਬ ਹੈ ਕਿ ਬਿਨਾਂ ਘੋਲ ਜਿੱਤੇ ਘਰ ਵਾਪਸੀ ਨਹੀਓਂ ਕਰਨੀ। ਵਿਧਵਾ ਮਲਕੀਤ ਕੌਰ ਆਪਣੇ ਖੇਤ ਬਚਾਉਣ ਲਈ ਦਿੱਲੀ ਦੀ ਸਰਹੱਦ ’ਤੇ ਬੈਠੀ ਹੈ। ਗੈਰਹਾਜ਼ਰੀ ’ਚ ਉਸ ਦਾ ਸੁੰਨਾ ਘਰ ਮਗਰੋਂ ਚੋਰਾਂ ਨੇ ਉਜਾੜ ਦਿੱਤਾ। ਫਾਜ਼ਿਲਕਾ ਦੇ ਪਿੰਡ ਆਜ਼ਮਵਾਲਾ ਦੀ ਇਹ ਮਾਂ ਮਲਕੀਤ ਕੌਰ ਆਪਣੇ ਪੁੱਤ ਨਾਲ 26 ਨਵੰਬਰ ਤੋਂ ਦਿੱਲੀ ਮੋਰਚੇ ’ਚ ਡਟੀ ਬੈਠੀ ਹੈ।ਬਿਰਧ ਨੂੰ ਪਹਿਲਾਂ ਬਿਮਾਰੀ ਨੇ ਮੋਰਚੇ ’ਚ ਪਰਖਿਆ। ਉਸ ਪਿੱਛੋਂ ਪਿੰਡ ਆਜ਼ਮਵਾਲਾ ’ਚ ਉਸ ਦਾ ਘਰ ਚੋਰਾਂ ਨੇ ਸਾਫ ਕਰ ਦਿੱਤਾ। ਉਹ ਆਪਣੇ ਮਿਸ਼ਨ ’ਚ ਇਕਾਗਰ ਹੈ ਤੇ ਮਾਸਾ ਪਿਛਾਂਹ ਹਟਣ ਨੂੰ ਤਿਆਰ ਨਹੀਂ। ਉਹ ਆਖਦੀ ਹੈ ਕਿ ਆਖ਼ਰੀ ਸਾਹ ਤੱਕ ਲੜਾਂਗੀ। ਨਾਇਕਾ ਮਲਕੀਤ ਕੌਰ ਦੱਸਦੀ ਹੈ ਕਿ ਕਦੇ ਘਰੋਂ ਇੱਕ ਰਾਤ ਬਾਹਰ ਨਹੀਂ ਕੱਟੀ ਸੀ। ਜਦੋਂ ਬਿਪਤਾ ਸਿਰ ਆ ਪਵੇ ਤਾਂ ਘਰ ਵਿਚ ਚੈਨ ਕਿਥੇ। ਮੁਕਤਸਰ ਦੇ ਪਿੰਡ ਹਰੀ ਨੌ ਦਾ ਅਪਾਹਜ ਕਿਸਾਨ ਜਸਵਿੰਦਰ ਸਿੰਘ ਵੀ ਕਿਸੇ ਨਾਇਕ ਤੋਂ ਘੱਟ ਨਹੀਂ। 26 ਨਵੰਬਰ ਤੋਂ ਟਿਕਰੀ ਸੀਮਾ ’ਤੇ ਬੈਠਾ ਹੈ। ਉਹ ਆਖਦਾ ਹੈ ਕਿ ਖੇਤੀ ਕਾਨੂੰਨਾਂ ਨੇ ਸਮੁੱਚੀ ਕਿਸਾਨੀ ਨੂੰ ਅਪਾਹਜ ਬਣਾ ਦੇਣਾ ਹੈ। ਬਿਨਾਂ ਜਿੱਤੇ ਘਰ ਨਹੀਂ ਮੁੜਾਂਗੇ।

              ਸਿੰਘੂ/ਟਿਕਰੀ ਸਰਹੱਦ ’ਤੇ ਕਿਸਾਨ ਮੋਰਚਾ ਦੇ ਹਜ਼ਾਰਾਂ ਏਦਾਂ ਦੇ ਨਾਇਕ ਹਨ ਜਿਨ੍ਹਾਂ ਨੇ 26 ਨਵੰਬਰ ਮਗਰੋਂ ਮੁੜ ਪੰਜਾਬ ਪੈਰ ਨਹੀਂ ਪਾਇਆ। ਅਜਿਹੇ ਸਾਧਾਰਨ ਕਿਸਾਨ ਉਨ੍ਹਾਂ ਲੋਕਾਂ ਲਈ ਰੋਲ ਮਾਡਲ ਬਣੇ ਹਨ ਜਿਨ੍ਹਾਂ ਨੇ ਹਾਲੇ ਤੱਕ ਕਿਸਾਨ ਮੋਰਚੇ ’ਚ ਹਾਜ਼ਰੀ ਨਹੀਂ ਭਰੀ ਹੈ। ਬਠਿੰਡਾ ਦੇ ਜਗਾ ਰਾਮ ਤੀਰਥ ਦੀ ਮੁਸਲਿਮ ਮਹਿਲਾ ਅਕਬਰੀ ਅਤੇ ਉਸ ਦਾ ਸਿੱਖ ਪਤੀ, ਦੋਵੇਂ ਜੀਅ ਗਿਆਰਾਂ ਦਿਨਾਂ ਵਿਚ ਪੈਦਲ ਚੱਲ ਕੇ ‘ਦਿੱਲੀ ਮੋਰਚੇ’ ’ਚ ਪੁੱਜੇ ਸਨ। ਇਹ ਜੋੜਾ ਬੇਜ਼ਮੀਨਾ ਹੈ ਅਤੇ ਪਤੀ ਆਪਣੀ ਨੌਕਰੀ ਵੀ ਗੁਆ ਬੈਠਾ ਹੈ। ਅਕਬਰੀ ਆਖਦੀ ਹੈ ਕਿ ਬੇਟੀ ਪਿਛੇ ਘਰ ਹੈ ਜੋ ਵਾਰ ਵਾਰ ਬੁਲਾ ਰਹੀ ਹੈ। ਉਹ ਦੱਸਦੀ ਹੈ ਕਿ ਕੁਝ ਵੀ ਹੋ ਜਾਵੇ, ਉਹ ਘਰੋਂ ਪ੍ਰਣ ਕਰਕੇ ਤੁਰੇ ਸਨ ਕਿ ਬਿਨਾਂ ਜਿੱਤੇ ਪਿੰਡ ਦੀ ਜੂਹ ਵਿਚ ਪੈਰ ਨਹੀਂ ਧਰਨਾ। ਜੋੜਾ ਆਖਦਾ ਹੈ ਕਿ ਬੇਸ਼ੱਕ ਉਹ ਬੇਜ਼ਮੀਨੇ ਹਨ ਪ੍ਰੰਤੂ ਜੇ ਕਿਸਾਨਾਂ ਕੋਲ ਜ਼ਮੀਨ ਨਾ ਬਚੀ ਤਾਂ ਉਨ੍ਹਾਂ ਦੀਆਂ ਆਸਾਂ ਵੀ ਦਮ ਤੋੜ ਦੇਣਗੀਆਂ। ਦੇਖਿਆ ਜਾਵੇ ਤਾਂ ਦਿੱਲੀ ਮੋਰਚੇ ਦੇ ਬਹੁਤੇ ਆਗੂ ਵੀ ਪੰਜਾਬ ਵਿਚ ਗੇੜੇ ਮਾਰ ਚੁੱਕੇ ਹਨ ਪ੍ਰੰਤੂ ਸੈਂਕੜੇ ਛੁਪੇ ਰੁਸਤਮਾਂ ਨੇ ਘਰਾਂ ਦੀ ਯਾਦ ਅਤੇ ਦੁੱਖ ਸੁੱਖ ਅੱਗੇ ਗੋਡੇ ਨਹੀਂ ਟੇਕੇ।

               ਮਹਿਤਾ ਚੌਕ (ਅੰਮ੍ਰਿਤਸਰ) ਦਾ 65 ਵਰ੍ਹਿਆਂ ਦਾ ਹਰਦੀਪ ਸਿੰਘ ਵੀ ਸ਼ੁਰੂ ਤੋਂ ਹੀ ਦਿੱਲੀ ਸਰਹੱਦ ’ਤੇ ਬੈਠਾ ਹੈ। ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਟੋਰ ਨੂੰ ਸੰਭਾਲ ਰਿਹਾ ਹੈ। ਹਰਦੀਪ ਸਿੰਘ ਆਖਦਾ ਹੈ ਕਿ ਜਿੰਨਾ ਸਮਾਂ ਗੱਲ ਸਿਰੇ ਨਹੀਂ ਲੱਗਦੀ, ਪੰਜਾਬ ਨੂੰ ਉਨ੍ਹਾਂ ਸਮਾਂ ਮੂੰਹ ਨਹੀਂ ਦਿਖਾਉਣਾ। ਬਰਨਾਲਾ ਦੇ ਪਿੰਡ ਸੁਖਪੁਰਾ ਮੌੜ ਦਾ ਦੋਵਾਂ ਲੱਤਾਂ ਤੋਂ ਅਪਾਹਜ ਬਲਵਿੰਦਰ ਸਿੰਘ ਘਰ ਤੋਂ ਬਾਗੀ ਹੋ ਕੇ ਦਿੱਲੀ ਆ ਬੈਠਾ ਹੈ। ਕਦੇ ਲੰਗਰ ਵਿਚ ਸੇਵਾ ਕਰਦਾ ਹੈ ਅਤੇ ਸਫਾਈ ਦਾ ਕੰਮ ਸੰਭਾਲਦਾ ਹੈ। ਖੇਤਾਂ ਦੀ ਪਿੱਠ ਨਹੀਂ ਲੱਗਣ ਦੇਣੀ, ਉਹ ਇਹ ਸੋਚ ਕੇ ਇੱਥੇ ਬੈਠਾ ਹੈ। ਇਹ ਨਾਇਕ ਕਰੀਬ ਸਾਢੇ ਚਾਰ ਮਹੀਨਿਆਂ ਤੋਂ ਦਿੱਲੀ ’ਚ ਫਰਜ਼ ਨਿਭਾ ਰਿਹਾ ਹੈ।ਇਵੇਂ ਹੀ ਅਬਲੂ ਕੋਟਲੀ ਦਾ ਸੂਬਾ ਸਿੰਘ ਘਰ ਮੁੜਨ ਦਾ ਨਾਮ ਨਹੀਂ ਲੈ ਰਿਹਾ ਹੈ। 26 ਨਵੰਬਰ ਤੋਂ ਦਿੱਲੀ ਵਿਚ ਜੜ੍ਹ ਲਾਈ ਬੈਠਾ ਹੈ। ਉਹ ਆਖਦਾ ਹੈ ਕਿ ਖਾਲੀ ਹੱਥ ਕਿਵੇਂ ਮੁੜ ਜਾਈਏ। ਪਟਿਆਲਾ ਦੇ ਪਿੰਡ ਤੁੰਗਾ ਦਾ ਕਾਲਾ ਸਿੰਘ ਇੱਥੇ ਫੈਕਟਰੀ ’ਚ ਨੌਕਰੀ ਕਰਦਾ ਸੀ। ਨੌਕਰੀ ਛੱਡ ਕੇ ਦਿੱਲੀ ਮੋਰਚੇ ’ਚ ਜਾ ਬੈਠਾ। ਬਰਨਾਲਾ ਦੇ ਪਿੰਡ ਈਸ਼ਰ ਸਿੰਘ ਵਾਲਾ ਦਾ ਗੁਲਾਬ ਸਿੰਘ ਵੀ ਦਿੱਲੀ ਘੋਲ ’ਚ ਮਹਿਕ ਰਿਹਾ ਹੈ। ਪਿਛਾਂਹ ਮੁੜਨ ਦਾ ਨਾਮ ਨਹੀਂ ਲੈ ਰਿਹਾ ਹੈ।

              ਏਦਾਂ ਦੇ ਹਜ਼ਾਰਾਂ ਯੋਧੇ ਹਨ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਲੜਾਈ ਨੂੰ ਸਿਰ-ਧੜ ਦੀ ਬਾਜ਼ੀ ਮੰਨਿਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ‘ਅਪਰੇਸ਼ਨ ਕਲੀਨ’ ਕਿਸਾਨ ਮੋਰਚੇ ਦਾ ਵਾਲ ਵਿੰਗਾ ਨਹੀਂ ਕਰ ਸਕੇਗਾ। ਉਹ ਅਜਿਹੇ ਅਪਰੇਸ਼ਨ ਅੱਗੇ ਡਟਣਗੇ। ਮਹਿਲਾ ਆਗੂ ਜਸਵੀਰ ਕੌਰ ਨੱਤ ਆਖਦੀ ਹੈ ਕਿ ਅਜਿਹੇ ਨਾਇਕਾਂ ’ਚ ਆਜ਼ਾਦੀ ਦੇ ਪਰਵਾਨਿਆਂ ਵਰਗਾ ਸਿਦਕ ਦੇਖਣ ਨੂੰ ਮਿਲ ਰਿਹਾ ਹੈ ਜੋ ਰੋਟੀ ਦੀ ਲੜਾਈ ਲਈ ਘਰ ਬਾਰ ਤਿਆਗ ਕੇ ਦਿੱਲੀ ਸਰਹੱਦ ’ਤੇ ਆ ਗੱਜੇ ਹਨ। ਇਹ ਅਣਥੱਕ ਯੋਧੇ ਹਨ ਜਿਨ੍ਹਾਂ ਦੇ ਜਜ਼ਬੇ ਤੇ ਭਾਵਨਾ ਤੋਂ ਹਕੂਮਤ ਅਣਜਾਣ ਹੈ। 

Thursday, April 22, 2021

                                                        ਹਾੜ੍ਹੀ ਵਿਚਾਲੇ ਛੱਡ 
                                     ਦਿੱਲੀ ਦੇ ਰਾਹ ਪਏ ਪੰਜਾਬ ਦੇ ਕਿਸਾਨ
                                                          ਚਰਨਜੀਤ ਭੁੱਲਰ    

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੀ ਇੱਕ ਆਵਾਜ਼ ’ਤੇ ਪੰਜਾਬ ਦੇ ਕਿਸਾਨ ਹਾੜ੍ਹੀ ਦੀ ਫਸਲ ਅੱਧ ਵਿਚਾਲੇ ਛੱਡ ਕੇ ਮੁੜ ਦਿੱਲੀ ਦੇ ਰਾਹ ਪੈ ਗਏ ਹਨ। ਕੋਈ ਕੰਬਾਈਨ ਖੇਤਾਂ ’ਚ ਛੱਡ ਦਿੱਲੀ ਵੱਲ ਤੁਰ ਪਿਆ ਹੈ ਜਦਕਿ ਬਹੁਤੇ ਕਿਸਾਨ ਮੰਡੀਆਂ ’ਚ ਕਣਕ ਛੱਡ ਆਪ ਦਿੱਲੀ ਆ ਬੈਠੇ ਹਨ। ਕੇਂਦਰ ਸਰਕਾਰ ਵੱਲੋਂ ਜਦੋਂ ‘ਅਪਰੇਸ਼ਨ ਕਲੀਨ’ ਦਾ ਖ਼ੌਫ ਦਿਖਾਇਆ ਗਿਆ ਤਾਂ ਸਮੁੱਚਾ ਪੰਜਾਬ ਮੁੜ ਪੱਬਾਂ ਭਾਰ ਹੋ ਗਿਆ ਹੈ। ਅਪਰੇਸ਼ਨ ਕਲੀਨ ਨੂੰ ਟੱਕਰ ਦੇਣ ਲਈ ਪਿੰਡਾਂ ’ਚ ਨਵੀਂ ਲਹਿਰ ਖੜ੍ਹੀ ਹੋ ਗਈ ਹੈ। ਮਾਨਸਾ ਦੇ ਪਿੰਡ ਭੈਣੀ ਬਾਘਾ ਦੀ ਗੁਰਦੇਵ ਕੌਰ ਆਪਣਾ ਘਰ ਸੁੰਨਾ ਛੱਡ ਕੇ ਅੱਜ ਦਿੱਲੀ ਪੁੱਜ ਗਈ ਹੈ। ਉਸ ਦਾ ਲੜਕਾ ਦੀਪ ਸਿੰਘ ਕਈ ਦਿਨਾਂ ਤੋਂ ਮੰਡੀ ਵਿਚ ਬੈਠਾ ਹੈ। ਘਰ ਹੁਣ ਇਕੱਲੀਆਂ ਔਰਤਾਂ ਹਨ। ਉਹ ਆਖਦੀ ਹੈ,‘‘ਭੀੜ ਪਈ ਤੋਂ ਘਰ ਬੈਠ ਗਏ ਤਾਂ ਜੁਆਕ ਮਿਹਣੇ ਦੇਣਗੇ।’’ 22 ਔਰਤਾਂ ਦਾ ਜਥਾ ਲੈ ਕੇ ਉਹ ਟਿਕਰੀ ਸਰਹੱਦ ਪੁੱਜੀ ਹੈ। ਪਿੰਡ ਦਿਆਲਪੁਰਾ ਦੇ ਕਿਸਾਨ ਜਗਮੇਲ ਸਿੰਘ ਨੂੰ ਕਣਕ ਤੋਂ ਵੱਧ ‘ਕਿਸਾਨ ਘੋਲ’ ਪਿਆਰਾ ਜਾਪਦਾ ਹੈ। ਉਹ ਗੁਆਂਢੀ ਨੂੰ ਇਹ ਆਖ ਦਿੱਲੀ ਵੱਲ ਤੁਰ ਪਿਆ ਕਿ ਮੰਡੀ ਵਿਚ ਫਸਲ ਦੀ ਬੋਲੀ ਨਾਲੇ ਤੁਲਾਈ ਕਰਾ ਦੇਵੇ। 

               ਇੰਜ ਹੀ ਗੋਬਿੰਦਪੁਰਾ ਦੇ ਕਿਸਾਨਾਂ ਸੋਹਣ ਅਤੇ ਹਰਜੀਤ ਸਿੰਘ ਨੂੰ ਜਦੋਂ ਕਿਸਾਨ ਮੋਰਚੇ ਦਾ ਸੁਨੇਹਾ ਲੱਗਾ ਤਾਂ ਉਹ ਵਾਢੀ ਮਗਰੋਂ ਸਿੱਧੇ ਦਿੱਲੀ ਪੁੱਜ ਗਏੇ। ਹਾਲਾਂਕਿ ਉਨ੍ਹਾਂ ਦੇ ਖੇਤਾਂ ਵਿਚ ਤੂੜੀ ਬਣਾਉਣ ਦਾ ਕੰਮ ਪਿਆ ਸੀ। ਸਾਰੇ ਕਿਸਾਨਾਂ ਦਾ ਇੱਕੋ ਤੌਖਲਾ ਹੈ ਕਿ ਦਿੱਲੀ ਮੋਰਚਾ ਸੁੰਨਾ ਰਹਿ ਗਿਆ ਤਾਂ ਕਿਤੇ ਹਕੂਮਤ ਖਿੰਡਾ ਨਾ ਦੇਵੇ। ਵਾਢੀ ਮਗਰੋਂ ਮਾਲਵੇ ਦੀਆਂ ਤਿੰਨ ਅੰਤਰਰਾਜੀ ਸਰਹੱਦਾਂ ਤੋਂ ਅੱਜ ਹਜ਼ਾਰਾਂ ਕਿਸਾਨ ਦਿੱਲੀ ਪੁੱਜ ਗਏ ਹਨ। ਮਾਝੇ ਦੇ ਗੁਰਦਾਸਪੁਰ ’ਚੋਂ ਵੱਡਾ ਕਾਫਲਾ ਦਿੱਲੀ ਦੇ ਰਾਹਾਂ ਵਿਚ ਹੈ। ਬਠਿੰਡਾ ਦੇ ਪਿੰਡ ਬੁਰਜ ਸੇਮਾ ਦਾ ਕਿਸਾਨ ਬਲਵਿੰਦਰ ਸਿੰਘ ਮੰਡੀ ਵਿਚ ਕਣਕ ਦੀ ਰਾਖੀ ਲਈ ਬੈਠਾ ਸੀ। ਜਦੋਂ ਦਿੱਲੀਓਂ ਸੁਨੇਹਾ ਪੁੱਜਿਆ  ਤਾਂ ਉਹ ਮੰਡੀ ਵਿਚ ਕਣਕ ਛੱਡ ਕੇ ਦਿੱਲੀ ਚਲਾ ਗਿਆ। ਦੂਜੇ ਕਿਸਾਨ ਆਗੂ ਉਸ ਦੀ ਫਸਲ ਦੀ ਤੁਲਾਈ ਤੇ ਬੋਲੀ ਲਗਵਾਉਣਗੇ।  ਨਾਭਾ ਬਲਾਕ ਦੇ ਪਿੰਡ ਸਾਲੂਵਾਲ ਦਾ ਕਿਸਾਨ ਜਸਵਿੰਦਰ ਸਿੰਘ ਆਪਣੀ ਫਸਲ ਕੋਲ ਮੰਡੀ ਵਿਚ ਬੈਠਾ ਸੀ। ਜਿਵੇਂ ਹੀ ਉਸ ਨੂੰ ‘ਅਪਰੇਸ਼ਨ ਕਲੀਨ’ ਦੀ ਭਿਣਕ ਪਈ ਤਾਂ ਉਹ ਮੰਡੀ ਵਿਚ ਆਪਣੇ ਪੁੱਤ ਨੂੰ ਬਿਠਾ ਕੇ ਦਿੱਲੀ ਪੁੱਜ ਗਿਆ। ਉਹ ਆਖਦਾ ਹੈ ਕਿ ਕਿਸਾਨ ਆਗੂਆਂ ਦੇ ਬੋਲਾਂ ਨੂੰ ਭੁੰਜੇ ਨਹੀਂ ਲੱਗਣ ਦੇਣਾ। ਇਸੇ ਤਰ੍ਹਾਂ ਦਾ ਜਜ਼ਬਾ ਪਿੰਡ ਸਿਰੀਏਵਾਲਾ ਦੇ ਕਿਸਾਨਾਂ ਹਰਪ੍ਰੀਤ ਸਿੰਘ ਤੇ ਨਾਇਬ ਸਿੰਘ ’ਚ ਦੇਖਣ ਨੂੰ ਮਿਲਿਆ ਜੋ ਮੰਡੀ ’ਚ ਕਣਕ ਛੱਡ ਦਿੱਲੀ ਮੋਰਚੇ ’ਚ ਜਾ ਬੈਠੇ ਨੇ। ਉਹ ਗੁਆਂਢੀ ਨੂੰ ਆਖ ਗਏ, ‘ਕਣਕ ਤੁਲਾ ਦੇਣਾ।’ 

              ਸੂਬੇ ਦੇ ਕਿਸਾਨਾਂ ਨੂੰ ਫਸਲੀ ਝਾੜ ਵਿਚ ਕਮੀ ਨੇ ਵਿੱਤੀ ਸੱਟ ਮਾਰੀ ਹੈ। ਉਪਰੋਂ ਖਰੀਦ ਕੇਂਦਰਾਂ ਵਿਚ ਬਾਰਦਾਨੇ ਦੀ ਕਮੀ ਨੇ ਕਿਸਾਨਾਂ ਨੂੰ ਖੁਆਰ ਕੀਤਾ ਹੈ। ਤਰਨ ਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦਾ ਕਿਸਾਨ ਆਗੂ ਗੁਰਲਾਲ ਸਿੰਘ ਵਾਢੀ ਦੀ ਤਿਆਰੀ ’ਚ ਸੀ। ‘ਅਪਰੇਸ਼ਨ ਕਲੀਨ’ ਦੀ ਕਨਸੋਅ ਮਿਲੀ ਤਾਂ ਉਹ ਕਟਾਈ ਵਿੱਚੇ ਛੱਡ ਕਿਸਾਨ ਮੋਰਚੇ ’ਚ ਜਾ ਬੈਠਾ। ਪਿਛੋਂ ਪਿੰਡ ਵਾਲਿਆਂ ਨੇ ਪਹਿਲਾਂ ਉਸ ਦੀ ਫਸਲ ਵੱਢੀ ਤੇ ਫਿਰ ਮੰਡੀ ਵਿਚ ਸੁੱਟੀ। ਬਹੁਤੇ ਕਿਸਾਨ ਪੁੱਤ ਦਿੱਲੀ ਸਰਹੱਦ ’ਤੇ ਬੈਠੇ ਹਨ ਜਦੋਂ ਕਿ ਬਾਪ ਮੰਡੀਆਂ ਵਿਚ ਹਨ। ਬਾਪ ਨੂੰ ਕਣਕ ਨਾ ਵਿਕਣ ਦਾ ਝੋਰਾ ਹੈ ਜਦੋਂ ਕਿ ਪੁੱਤ ਨੂੰ ਖੇਤ ਬਚਾਉਣ ਦੀ ਫਿਕਰ ਹੈ। ਕਪੂਰਥਲਾ ਦੇ ਪਿੰਡ ਟੋਡਰਵਾਲ ਦਾ ਦਿਲਪ੍ਰੀਤ ਸਿੰਘ ਖੁਦ ਕਿਸਾਨ ਮੋਰਚੇ ’ਚ ਡਟਿਆ ਹੋਇਆ ਹੈ ਜਦੋਂ ਕਿ ਉਸ ਦਾ ਪਿਤਾ ਮੰਡੀ ਵਿਚ ਬੈਠਾ ਬਾਰਦਾਨਾ ਉਡੀਕ ਰਿਹਾ ਹੈ। ਪਿੰਡ ਜਿਉਂਦ ਦੇ ਕਿਸਾਨ ਆਗੂ ਗੁਲਾਬ ਸਿੰਘ ਦੀ ਫਸਲ ਪਿੰਡ ਵਾਲਿਆਂ ਨੇ ਹੀ ਵੱਢ ਦਿੱਤੀ। ਹਰ ਪਿੰਡ ਦੀ ਇਹੋ ਕਹਾਣੀ ਹੈ ਕਿ ਕੰਮ ਦੀ ਰੁੱਤੇ ਕਿਸਾਨ ਸਭ ਕੁਝ ਛੱਡ ਕੇ ਕਿਸਾਨ ਘੋਲ ਦੀ ਤਾਕਤ ਬਣ ਬੈਠੇ ਹਨ। 

                                               ਵਿਦਿਆਰਥੀ ਦਿੱਲੀ ਵਿਚ

‘ਅਪਰੇਸ਼ਨ ਕਲੀਨ’ ਦੇ ਡਰ ਮਗਰੋਂ ਪੰਜਾਬ ’ਚੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਦਿੱਲੀ ਮੋਰਚੇ ਵਿਚ ਪੁੱਜਣ ਲੱਗ ਪਏ ਹਨ। ਕਪੂਰਥਲਾ ਦੇ ਵਿਦਿਆਰਥੀ ਸੋਨੂ ਨੇ ਦੱਸਿਆ ਕਿ ਜ਼ਿਲ੍ਹੇ ’ਚੋਂ ਕਾਫੀ ਵਿਦਿਆਰਥੀ ਦਿੱਲੀ ਆਏ ਹਨ। ਬਠਿੰਡਾ ਦੇ ਪਿੰਡ ਸਿਰੀਏਵਾਲਾ ਦਾ ਵਿਦਿਆਰਥੀ ਹਰਮਨਜੀਤ ਸਿੰਘ ਵੀ ਸਾਥੀਆਂ ਨਾਲ ਮੋਰਚੇ ’ਚ ਪੁੱਜਾ ਹੈ। ਵਿਦਿਆਰਥੀ ਵਰਗ ਵੀ ‘ਕਿਸਾਨ ਘੋਲ’ ਦਾ ਸਾਂਝੀਦਾਰ ਬਣ ਰਿਹਾ ਹੈ।

Monday, April 19, 2021

                                                           ਵਿਚਲੀ ਗੱਲ
                                                 ਫ਼ਰੀਦਾ ਤੁਰਿਆ ਚੱਲ..!
                                                         ਚਰਨਜੀਤ ਭੁੱਲਰ     

ਚੰਡੀਗੜ੍ਹ :  ਓਹ ਵੇਲਾ ਭਲਾ ਸੀ, ਲੋਕ ਖਰੇ ਸਨ, ਰੱਬ ’ਤੇ ਏਡਾ ਭਰੋਸਾ, ਜੇਡਾ ਬੁਰਜ ਖਲੀਫ਼ਾ। ਪਾਣੀ-ਝਾਰਾ ਕਹੋ, ਚਾਹੇ ‘ਛੋਟੀ ਮਾਤਾ’, ਸ਼ਹਿਰਾਂ ਵਾਲੇ ਚੇਚਕ ਆਖਦੇ। ਪਿੰਡ ਵਾਲੇ ਸਾਧ ਦਾ ਡੇਰਾ, ਪੀ.ਜੀ.ਆਈ ਲੱਗਦਾ। ਜਟਾਧਾਰੀ ਬਾਬਾ ਏਨਾ ਮਸ਼ਹੂਰ, ਜਿੰਨਾ ਨਰਿੰਦਰ ਮੋਦੀ। ਵੱਡੇ ਸਾਧ ਦੇ ਹਥੌਲ਼ੇ ਨਾਲ, ‘ਛੋਟੀ ਮਾਤਾ’ ਡੰਡੀ ਪੈ ਜਾਂਦੀ। ਬਹੁਤੇ ਚੇਚਕ ਦੇ ਸਤਾਏ, ਜਰਗ ਦੇ ਮੇਲੇ ਬਹੁੜਦੇ। ਕੋਈ ਮਲਵੈਣ ਨਹੀਂ ਭੁੱਲੀ, ਜਰਗ ਦੀ ਚੌਂਕੀ ਭਰਨੀ। ਮੇਲੇ ’ਚ ਪ੍ਰਤਾਪੀ ਖੋਤੇ ਵੀ ਖੜਦੇ, ਜਿਨ੍ਹਾਂ ਨੂੰ ਲੋਕ ਗੁਲਗੁਲੇ ਛਕਾਉਂਦੇ। ਅੱਗਿਓਂ ਖੋਤਾ ਹਿਣਕ ਪਵੇ, ਸਮਝੋ ਚੇਚਕ ਹੋ ਗਈ ਛੂ ਮੰਤਰ। ‘ਤੁਰੰਤ ਦਾਨ, ਫੌਰੀ ਕਲਿਆਣ।’ ਮਧੇ ਕੇ (ਮੋਗਾ) ਵਾਲੇ ਵੈਦ, ਅੱਜ ਚੇਤਿਆਂ ’ਚ ਵਸਦੇ ਨੇ। ਯੁੱਗਾਂ ਦੇ ਮੀਲ ਪੱਥਰ ਪੈੜਾਂ ਦੇ ਗਵਾਹ ਨੇ। ਲੰਮੇ ਕਦਮੀਂ ਸੋਕੜਾ ਆਇਆ, ਨਿੱਕੇ ਬੱਚੇ ਕਮਜ਼ੋਰ ਪੈਣ ਲੱਗੇ, ਵੈਦਾਂ ਨੇ ਲੱਖਾਂ ਬੱਚੇ ਸੁੱਕਣੋਂ ਬਚਾਏ। ਰਵਾਂਡਾ ਦਾ ਵਾਕ ਐ..‘ਏਹ ਜ਼ਰੂਰੀ ਨਹੀਂ, ਵੱਡੀ ਅੱਖ ਵਾਲੇ ਦੀ ਨਿਗ੍ਹਾ ਵੀ ਤਿੱਖੀ ਹੋਵੇ।’ ਫ਼ਰੀਦਾ ਤੁਰਿਆ ਤੁਰਿਆ ਚੱਲ..। ਅੱਗੇ ਖੜ੍ਹਾ ਮਹੀਨਾ ਕੱਤਕ, ਵਰ੍ਹਾ 1918 ਦਾ। ਪਲੇਗ ਤਾਂ ਗਿਰਝਾਂ ਵਾਂਗੂ ਪਈ। ਪੇਂਡੂ ‘ਕੱਤੇ ਦੀ ਬਿਮਾਰੀ’ ਆਖਦੇ। ਪਿੰਡ-ਸ਼ਹਿਰ, ਸ਼ਮਸ਼ਾਨ ਬਣ ਗਏ। ਲੋਕ ਦਮ ਲੈ ਲੈ ਲਾਸ਼ਾਂ ਢੋਂਦੇ।

              ਥਾਮਸ ਮਾਨ ਆਖਦੇ ਨੇ..‘ਬੰਦੇ ਦਾ ਮਰਨਾ ਆਪਣਾ ਮਸਲਾ ਨਹੀਂ ਹੁੰਦਾ, ਇਹ ਤਾਂ ਵਾਰਸਾਂ ਦਾ ਮਸਲਾ ਹੁੰਦੈ।’ ਕਿਸ ਵੇਲੇ ਦਮ ਲੈਂਦੇ ਵਾਰਸ। ਕਦੇ ਹੈਜ਼ੇ ਨੇ ਦਮੋਂ ਕੱਢੇ, ਕਦੇ ਟਾਈਫ਼ਾਈਡ ਨੇ। ਜ਼ਰੂਰ ਵਡੇਰਿਆਂ ਨੇ ਰੱਬ ਦੇ ਮਾਂਹ ਮਾਰੇ ਹੋਣਗੇ। ਖੋਜਾਂ ਵਾਲੇ ਯੁੱਗ ਆਏ, ਕੋਲ ਅਕਲਾਂ ਦੀ ਦੂਰਬੀਨ, ‘ਅਲਖ ਨਿਰੰਜਨ’ ਆਖ ਵਿਗਿਆਨੀ ਪਧਾਰੇ। ਪਿੱਛੇ ਪਿਛੇ ਦਬੇ ਪੈਰੀਂ ਵਾਇਰਸ ਆਏ। ਦੇਸ਼ ’ਚ ਹੋਏ ‘ਵਿਸ਼ਾਣੂ ਨਾਚ’ ਨੇ ਜਰਗ ਦੇ ਖੋਤੇ ਹਿਣਕਣੋਂ ਹਟਾ’ਤੇ। ਜ਼ਿੰਦਗੀ ਮਧੂ ਬਾਲਾ ਨਹੀਂ, ਪ੍ਰੇਮ ਚੋਪੜਾ ਵੀ ਹੈ। ਪ੍ਰਧਾਨ ਸੇਵਕ ਲੋਕ ਨਾਇਕ ਹੈ ਜਾਂ ਖਲਨਾਇਕ, ਨਵੇਂ ਮਹਿਮਾਨ ਕਰੋਨਾ ਤੋਂ ਪੁੱਛੋ। ਪੀਰਾਂ ਦੇ ਪੀਰ ਆਖਦੇ ਨੇ, ਬਈ! ਮੌਤ ਕਿਸੇ ਦੀ ਸਕੀ ਨਹੀਂ। ਭੇਤੀ ਨੇ ਕੰਨ ’ਚ ਦੱਸਿਐ, ਨਰੇਂਦਰ ਬਾਬੂ ਤੇ ਸ਼ਾਹ ਜੀ, ਸੁਰਮਾ ਦਿੱਲੀ ’ਚ ਬੈਠ ਪਾਉਂਦੇ ਨੇ, ਮਟਕਾਉਂਦੇ ਪੱਛਮੀ ਬੰਗਾਲ ’ਚ ਨੇ। ਪੰਜਾਬੀ ਗਾਣਾ ਐ..‘ਸੁਰਮਾ ਪੰਜ ਰੱਤੀਆਂ, ਪਾ ਕੇ ਮੋੜ ’ਤੇ ਖੜਦੀ।’ ਬਹਿਨੋਂ ਔਰ ਭਾਈਓ! ਤਾਹੀਂ ਦੇਸ਼ ਚੁਰਾਹੇ ’ਚ ਖੜ੍ਹੈ। ਕਰੋਨਾ ਮਹਾਂਮਾਰੀ, ਲੋਕਾਂ ਦੇ ਘਰਾਂ ’ਚ ਵੜੀ ਐ। ਦੇਖੋ ਤਾਂ ਸਹੀ, ਭਾਜਪਾਈ ਨੱਢਾ ਸਾਹਿਬ, ਬੰਗਾਲ ’ਚ ਕਿਵੇਂ ਰੋਡ ਸ਼ੋਅ ਕੱਢ ਰਹੇ ਨੇ, ਭੀੜਾਂ ਜੁੜੀਆਂ ਨੇ, ਭਾਵੇਂ ਕਰੋਨਾ ਬੀਡੀਂ ਜੁੜਿਐ, ਦੰਦੀਆਂ ਕੱਢਣੋਂ ਨਹੀਂ ਹਟ ਰਿਹੈ। ਉੱਤਰਾਖੰਡ ਦਾ ਮੁੱਖ ਮੰਤਰੀ, ਤੀਰਥ ਰਾਵਤ ਵਾਜਾਂ ਮਾਰ ਰਿਹੈ, ਜਿਵੇਂ ਜਰਗ ਦੇ ਮੇਲੇ ’ਚ ਖੜ੍ਹਾ ਹੋਵੇ, ‘ਕੁੰਭ ਮੇੇਲੇ ਆਓ, ਗੰਗਾ ਮਾਂ ਕਿਰਪਾ ਕਰੇਗੀ, ਤੁਸਾਂ ਇਸ਼ਨਾਨ ਕਰਨਾ, ਕਰੋਨਾ ਦੀ ਕੀ ਮਜਾਲ।’

              ਹਰਿਦੁਆਰ ਦੇ ਕੁੰਭ ਮੇਲੇ ’ਚ, 48 ਲੱਖ ਤੀਰਥ ਯਾਤਰੀ ਪੁੱਜੇ, ਗੰਗਾ ਮਈਆ ’ਕੱਲੀ ਕੀ ਕਰੇ.. ਪਾਪ ਧੋਣ ਵਾਲੇ ਲੱਖਾਂ। ਨਾਗੇ ਸਾਧਾਂ ਨੇ ਡੁਬਕੀ ਲਾਈ। ਡੁਬਕੀ ਵਾਲੇ 1700 ਜਣੇ ਕਰੋਨਾ ਪਾਜ਼ੇਟਿਵ ਨਿਕਲੇ। ਹਾਲੇ ਪੁਲੀਸ ਵਾਲਿਆਂ ਨੇ ਵੀ ਇਸ਼ਨਾਨ ਕਰਨੈ। ਇੰਜ ਲੱਗਦੈ, ਜਿਵੇਂ ਬਾਕੀ ਪਾਪ ਕਰੋਨਾ ਮਾਈ ਨਿਚੋੜੂ। ਭਵਸਾਗਰ ਦੇ ਤਾਰੂ, ਹੁਣ ਹਸਪਤਾਲਾਂ ’ਚ ਬਿਰਾਜਮਾਨ ਨੇ। ਡੁਡੇਕ ਲੂਈਸ ਸਮਝਾ ਰਹੇ ਨੇ.. ‘ਬਹੁਤੇ ਬੌਧਿਕ ਪੱਧਰ ’ਤੇ ਇਸ਼ਨਾਨਾਂ ਨਹੀਂ ਕਰਦੇ, ਨਾ ਕਦੇ ਦਿਮਾਗਾਂ ’ਤੇ ਚੜ੍ਹੀ ਸਦੀਆਂ ਪੁਰਾਣੀ ਮੈਲ ਧੋਂਦੇ ਨੇ।’ ਕਿਤਾਬਾਂ ਦੇ ਮੇਲਿਆਂ ’ਚ ਜਾਣ ਵਾਲੇ, ਕਦੇ ਕੁੰਭ ’ਤੇ ਨਹੀਂ ਜਾਂਦੇ।ਕੋਈ ਜੋਤਸ਼ੀ ਦੱਸ ਰਿਹੈ, ਨਰੇਂਦਰ ਭਾਈ ਕਿਤੇ ਕੁੰਭ ਨਹਾਉਂਦੇ, ਕਰੋਨਾ ਨੇ ਰਾਹ ਛੱਡਣੇ ਸਨ। ਕੁੰਭ ਇਸ਼ਨਾਨੀ, ਮਹਾਂ ਗਿਆਨੀ, ਐਤਕੀਂ ਅਨਪੜ੍ਹ ਨਿਕਲੇ। ਬੈਰਾਗੀ ਕਰੋਨਾ ਵਾਲਾ ਸਿਹਰਾ ਸੰਨਿਆਸੀ ਅਖਾੜੇ ਦੇ ਬੰਨ੍ਹ ਰਹੇ ਨੇ। ਸਾਧ ਦੀ ਭੂਰੀ ’ਤੇ ’ਕੱਠ ਐ। ਮੁਲਕ ਮੌਤ ਦੀ ਵਾਦੀ ਬਣਿਐ। ਕਿਤੇ ਲੌਕਡਾਊਨ, ਕਿਤੇ ਕਰਫਿਊ ਐ। ਪਰਵਾਸੀ ਮਜ਼ਦੂਰ ਮੁੜ ਤੁਰੇ ਨੇ, ਪੈਰਾਂ ’ਚ ਛਾਲੇ, ਅੱਖਾਂ ’ਚ ਛਲਕ ਐ। ਯਮਰਾਜ ਉਡੀਕ ਸੂਚੀ ਬਣਾਉਣ ਲੱਗਿਐ। ‘ਟੀਕਾ ਉਤਸਵ’ ਕਿਸ ਖੁਸ਼ੀ ’ਚ ਮਨਾਈਏ। ‘ਵੈਕਸੀਨ ਗੁਰੂ’ ਏਨਾ ਕੁ ਦੱਸਣ, ‘ਦੁੱਖਾਂ ਦੇ ਮੇਲੇ’ ਕਿਹੜੇ ਮੁਲਕ ਦੀ ਕਾਢ ਐ। ਰੋਜ਼ਾਨਾ ਸਵਾ ਦੋ ਲੱਖ ਨਵੇਂ ਮਰੀਜ਼ ਆਉਂਦੇ ਨੇ। ਜਿਧਰ ਵੇਖੋ, ਖ਼ੌਫ ਦਾ ਕੁੰਭ ਭਰਿਐ।

              ਲੌਗੋਂਵਾਲ ਵਾਲੇ ਸਾਧ ਵਾਂਗੂ, ਹਕੂਮਤ ਸਭ ਨੂੰ ਟਿੱਚ ਜਾਣਦੀ ਐ। ਅੰਮ੍ਰਿਤਾ ਪ੍ਰੀਤਮ ਦਾ ਅੰਦਾਜ਼ਾ ਠੀਕ ਐ..‘ ਸ਼ਰਾਫ਼ਤ ਇਨਸਾਨ ਦੀ ਤਬੀਅਤ ਵਿਚ ਹੁੰਦੀ ਹੈ, ਉਸ ਦੀ ਵਿਰਾਸਤ ਵਿਚ ਨਹੀਂ।’ ਓਧਰ ਵੀ ਦੇਖੋ, ਟੱਲਾਂ ਵਾਲੇ ਸਾਧ ਦਾ ਕ੍ਰਿਸ਼ਮਾ, ਪੈਰ ਚੱਕਰ ਐ, ਟਿਕ ਕੇ ਕਿਵੇਂ ਖੜ੍ਹਨ, ਮੂੰਹ ਸਿਰ ਬੰਨ੍ਹਿਐ। ਪਿੱਛੇ ਸੰਗਤ ਲਾਈ ਐ..। ‘ਭਾਰਤ ਦਰਸ਼ਨ’ ’ਤੇ ਨਿਕਲੇ ਨੇ। ਸ਼ੁਰੂਆਤ ਲਖਨਊ ਦੇ ਸਿਵਿਆਂ ਤੋਂ, ਕੋਈ ਅੰਗੀਠਾ ਖਾਲੀ ਨਹੀਂ, ਦਰੱਖਤਾਂ ਹੇਠ ਸਿਵੇ ਬਲ ਰਹੇ ਨੇ। ਹਸਪਤਾਲ ’ਚ ਬੈੱਡ ਨਹੀਂ, ਆਕਸੀਜਨ ਨਹੀਂ, ਸਿਵਿਆਂ ’ਚ ਜਗ੍ਹਾ ਨਹੀਂ। ਮੱਧ ਵਰਗ ਕਤਾਰਾਂ ’ਚ ਖੜ੍ਹੈ। ਲਖਨਊ ਦੇ ਜ਼ਿਲ੍ਹਾ ਜੱਜ (ਰਿਟਾ), ਟੱਲਾਂ ਵਾਲੇ ਸਾਧ ਨੂੰ ਦੱਸਦੇ ਪਏ ਨੇ, ਕਿਵੇਂ ਐਬੂਲੈਂਸ ਦੀ ਉਡੀਕ ’ਚ ਪਤਨੀ ਗੁਆ ਬੈਠਾ। ਕੋਈ ਹੁਣ ਲਾਸ਼ ਚੁੱਕਣ ਵਾਲਾ ਨਹੀਂ।

               ਅਗਲਾ ਪੜਾਅ ਸੂਰਤ ’ਚ ਕੀਤੈ। ਸੰਗਤਾਂ ਬਿਜਲਈ ਸ਼ਮਸ਼ਾਨ ਘਾਟ ਪੁੱਜੀਆਂ ਨੇ, ਜਿਥੇ ਚਿਮਨੀ ਪਿਘਲ ਗਈ, ਲਾਸ਼ਾਂ ਨਹੀਂ ਮੁੱਕੀਆਂ। ਛਤੀਸਗੜ੍ਹ ’ਚ ਕੂੜੇ ਵਾਲੀ ਗੱਡੀ ਦੇ ਦਰਸ਼ਨ ਵੀ ਕਰੋ, ਜਿਸ ’ਚ ਲਾਸ਼ਾਂ ਢੋਈਆਂ ਨੇ। ਗੁਜਰਾਤੀ ਡਾਕਟਰ ਦੇ ਵੀ ਧੰਨ ਹੋਵੋ, ਜਿਹਨੇ ਕਾਰ ਜ਼ਬਤ ਕਰਕੇ ਡੈੱਡ ਬਾਡੀ ਦਿੱਤੀ। ਗਾਜ਼ੀਆਬਾਦ ’ਚ ਟੱਲ ਖੜਕੇ ਨੇ। ਸੰਗਤਾਂ ਦੇ ਅੱਥਰੂ ਵਹਿ ਤੁਰੇ, ਅਰਥੀਆਂ ਦੀ ਲੰਮੀ ਕਤਾਰ ਵੇਖ। ਸਿਵਿਆਂ ਦਾ ਮੈਨੇਜਰ ਟੋਕਨ ਵੰਡ ਰਿਹੈ। ਭੋਪਾਲ ’ਚ ਸੰਸਕਾਰਾਂ ਲਈ ਵੀ ਸਿਫਾਰਸ਼ ਚੱਲੀ।ਨਾ ਜ਼ਿੰਦਗੀ ਨੂੰ ਹੱਕ ਮਿਲੇ, ਨਾ ਮੋਇਆਂ ਨੂੰ। ਕਾਸ਼! ਅੱਜ ਪਟਿਆਲੇ ਵਾਲੇ ਦਸੌਂਧੀ ਰਾਮ ਉਰਫ ਵੀਰ ਜੀ ਹੁੰਦੇ। ਕੋਈ ਲਾਸ਼ ਨਹੀਂਓ ਰੁਲਣੀ ਸੀ। ਬਰਾਤ ਤਿਆਰ ਬਰ ਤਿਆਰ ਸੀ, ਲਾੜਾ ਦਸੌਂਧੀ ਰਾਮ, ਰੇਹੜੀ ’ਤੇ ਲਾਸ਼ਾਂ ਢੋਈ ਜਾਵੇ। ਵੀਰ ਜੀ ਦੇ ਹੁੰਦੇ ਕਿਸੇ ਲਾਵਾਰਸ ਦੀ ਮਿੱਟੀ ਖਰਾਬ ਨਹੀਂ ਹੋਈ। ਗੱਦੀ ਵਾਲੇ ਵੀ ਹੈਰਾਨ ਨੇ, ਕਰੋਨਾ ਏਨਾ ਕਮੀਨਾ ਨਿਕਲੇਗਾ, ਸੋਚਿਆ ਨਹੀਂ ਸੀ। ਦੁਨੀਆ ਹਲਟ ਵਰਗੀ ਐ, ਭਰਿਆਂ ਨੇ ਖਾਲੀ, ਖਾਲੀਆਂ ਨੇ ਭਰਨਾ ਹੁੰਦੈ। ਚਾਣਕਯ ਦਾ ਲੱਖਣ ਸਹੀ ਐ.. ‘ਕਮਜ਼ੋਰ ਬੰਦਾ ਸਾਧੂ ਬਣਦੈ, ਗਰੀਬ ਬ੍ਰਹਮਚਾਰੀ ਹੁੰਦਾ ਹੈ, ਰੋਗੀ ਬੰਦਾ ਭਗਤ ਅਖਵਾਉਂਦੈ ਤੇ ਬੁੱਢੀ ਔਰਤ ਪਵਿੱਤਰ ਹੋ ਜਾਂਦੀ ਹੈ। ’

              ਟੱਲਾਂ ਵਾਲਾ ਸਾਧ ਫਰਜ਼ਾਂ ਦਾ ਪੱਕੈ। ਹੁਣ ਪੱਛਮੀ ਬੰਗਾਲ ਜਾ ਬਹੁੜਿਐ। ਸੰਗਤਾਂ ਨੂੰ ਦਿਖਾ ਰਿਹੈ, ਅਮਿਤ ਸ਼ਾਹ ਦੀ ਰੈਲੀ, ਨਾਲੇ ਮਮਤਾ ਦਾ ਜਲਸਾ। ਕੁਰਸੀ ਵੱਡੀ ਹੋਵੇ ਤਾਂ ਕਰੋਨਾ ਛੋਟਾ ਪੈਂਦੈ। ਐਵੇਂ ਜਾਨ ਕੌਣ ਤਲੀ ’ਤੇ ਰੱਖਦੈੈ। ਸਿਆਣੀ ਮੱਤ ਐ..‘ਜਦੋਂ ਨਾਨੀਆਂ ਦਾਦੀਆਂ ਬੋਲਦੀਆਂ ਹਨ ਤਾਂ ਧਰਤੀ ਦੇ ਜ਼ਖ਼ਮ ਭਰਨ ਲੱਗਦੇ ਨੇ।’ ਕਰੋਨਾ ਦੇ ਜ਼ਖ਼ਮ ਅੱਲੇ ਨੇ, ਤਾਹੀਂ ਬਜ਼ੁਰਗ ਘਰਾਂ ’ਚ ਕੈਦ ਚੁੱਪ ਬੈਠੇ ਨੇ।ਟੱਲਾਂ ਵਾਲਾ ਸਾਧ ਪੰਜਾਬ ਮੁੜਿਐ। ਧੂਣਾ ਬਲ ਰਿਹਾ ਐ, ਅੰਨੇ ਭਗਤ ਸਜੇ ਬੈਠੇ ਨੇ। ਸਾਧੂ ਸਮਝਾ ਰਹੇ ਨੇ, ਭਲਿਓ! ਮੁੱਖ ਮੰਤਰੀ ਤੋਂ ਸਿੱਖੋ। ਸਮਾਜਿਕ ਦੂਰੀ ਦਾ ਫ਼ਾਰਮੂਲਾ। ਕਰੋਨਾ ਤਾਂ ਕੱਲ ਆਇਐ, ਅਮਰਿੰਦਰ ਚਾਰ ਸਾਲਾਂ ਤੋਂ ਪਹਿਰਾ ਦੇ ਰਹੇ ਨੇ। ਪੰਜਾਬ ’ਚ ਨੌ ਮਣ ਨਹੀਂ, ਹਜ਼ਾਰਾਂ ਟਨ ਰੇਤ ਭਿੱਜੀ ਐ। ਖੇਤੀ ਕਾਨੂੰਨ ਜਦੋਂ ਤੋਂ ਜੰਮੇ ਨੇ, ਕਿਸਾਨੀ ਦਾ ਮਰਨਾ ਕੀਤੈ। ਕਿਸਾਨ ਅੰਦੋਲਨ ਦੇ ਹੈੱਡ ਗਰੰਥੀ, ਹੁਣ ਪ੍ਰਭਾਤ ਫੇਰੀਆਂ ’ਤੇ ਨੇੇ। ‘ਕਿਸੇ ਦੀ ਕਬਰ ’ਚ ਕੋਈਂ ਨਹੀਂ ਲੇਟਦਾ।’ ਪੰਜਾਬੀ ਤਾਂ ਜੰਮੇ ਹੀ ਲੇਟਣ ਲਈ ਨੇੇ। ਕਿਸਾਨਾਂ ਮਜ਼ਦੂਰਾਂ ਨੇ ਆਪਣੇ ਸੁੱਖ ਸੰਤੋਖ ਲਏ ਨੇ। ਕਾਨੂੰਨ ਤੇ ਕਰੋਨਾ ਤੋਂ ਖਹਿੜਾ ਸੁੱਟੇ, ਦਸੌਂਧਾ ਸਿੰਘ ਨੇ ਲਾਲਾਂ ਵਾਲੇ ਦਾ ਰੋਟ ਸੁੱਖਿਐ। ਵਾਢੀ ਕਾਹਦੀ ਸ਼ੁਰੂ ਹੋਈ, ਏਨੀ ਤੇਜ਼ ਹਨੇਰੀ ਜਿਵੇਂ ਬਠਿੰਡੇ ਵਾਲਾ ਦਿਓ ਆਇਆ ਹੋਵੇ। ਨੇਰੀਆਂ ਨੇ ਕੱਪੜੇ ਉਡਾ ਦਿੱਤੇ, ਟੱਲਾਂ ਵਾਲੇ ਸਾਧ ਦਾ ਮੂੰਹ ਨੰਗਾ ਹੋ ਗਿਆ। ਸੰਗਤਾਂ ਮੂੰਹ ਵੱਲ ਦੇਖ ਦੰਗ ਰਹਿ ਗਈਆਂ। ਹੈਰਾਨ ਪ੍ਰੇਸ਼ਾਨ ਸੰਗਤ ਇੱਕੋ ਸੁਰ ’ਚ ਬੋਲੀ.. ਔਹ ਛੱਜੂ ਰਾਮਾਂ ਤੂੰ..।

Monday, April 12, 2021

                                                          ਵਿਚਲੀ ਗੱਲ
                                               ਟੁਕੜੇ ਖੋਹ ਲਏ ਕਾਂਵਾਂ..!
                                                        ਚਰਨਜੀਤ ਭੁੱਲਰ     

ਚੰਡੀਗੜ੍ਹ :  ਦਮਾਮੇ ਦੇ ਵਾਰਸ, ਓਹ ਪੈਲੀ ਦੇ ਪਾਰਸ, ਪੈੜਾਂ ਲੱਭ ਰਹੇ ਨੇ। ਅੱਗਿਓਂ ਟੱਕਰੇ ਧਨੀ ਰਾਮ ਚਾਤ੍ਰਿਕ, ਵਾਜਾਂ ਮਾਰਦੇ ਪਏ ਸਨ, ‘ਚੱਲ ਨੀ ਪਰੇਮੀਏ! ਵਿਸਾਖੀ ਚੱਲੀਏ।’ ਤੂੜੀ ਤੰਦ ਸਾਂਭ, ਏਹ ਖੇਤਾਂ ਦੇ ਮੇਲੀ, ਚੜ੍ਹਦੇ ਵੱਲ ਗੱਜਣਗੇ ‘ਪ੍ਰੇਮੀ ਜਨੋ! ਆਓ ਦਿੱਲੀ ਚੱਲੀਏ।’ ਖ਼ਾਨਿਓਂ ਧਨੀ ਰਾਮ ਦਿਓਂ ਗਈ, ਬਈ ! ਵਿਸਾਖੀ ਦਮਦਮੇ ਐ, ਇਨ੍ਹਾਂ ਕਿਹੜੇ ਰਾਹੇ ਫੜੇ ਨੇ। ‘ਸਿੱਧਾ ਰਾਹ ਨਾ ਛੋੜੀਏ, ਭਾਵੇਂ ਹੋਵੇ ਦੂਰ।’ ਦਸੌਂਧਾ ਸਿੰਘ ਕੋਲ ਏਨੀ ਵਿਹਲ ਕਿਥੇ, ਆਖਦੈ ‘ਵਿਸਾਖੀ’ ਦੀ ਸੁੱਖ ਲਈ ਦਿੱਲੀ ਚੱਲੋ। ਗਦਰੀ ਬਾਬਾ ਵਿਸਾਖਾ ਸਿੰਘ ਨੇ ਪੈਰਾਂ ਨਾਲ ਰਸਤੇ ਨਾਪੇ। ਬਾਬਾ ਪਰਲੋਕ ’ਚ ਬੈਠੈ, ਮਾਤਲੋਕ ’ਚ ‘ਆਜ਼ਾਦੀ’ ਨੇ, ਕਿਸਾਨਾਂ ਤੋਂ ਘੁੰਢ ਕੱਢਿਐ। ਵਿਚੋਂ ਕੋਈ ਬੋਲਿਐ, ‘ਪੰਜਾਬ ਤੇਰਾ ਜੇਠ ਲੱਗਦੈ।’ ਦਸੌਂਧਾ ਸਿੰਘ ਦੇ ਵਚਨ ਵਿਲਾਸ ਸੁਣੋ, ‘ਪਹਿਲੋਂ ਝਨਾਂ ਖੋਹੇ, ਪਿੱਛੋਂ ਖ਼ੁਆਬ ਖੋਹੇ, ਕਾਵਾਂ ਨੇ ਟੁੱਕ ਖੋਹੇ, ਮਾਵਾਂ ਤੋਂ ਪੁੱਤ ਖੋਹੇ, ਭੈਣਾਂ ਤੋਂ ਹੱਕ ਖੋਹੇ, ਬਾਬਲ ਤੋਂ ਲਾਡ।’

               ਲੱਖ ਰੁਪਏ ਦੀ ਗੱਲ, ਮੁਫ਼ਤ ’ਚ ਸੁਣੋ,‘ ਸੰਗਤੋ! ਏਹ ਹਾਕਮ ਪਰਿਵਾਰ ਦੇ ਮਹਿਮਾਨ ਨੇ। ਚਾਹੇ ਅੱਜ ਦਾ ‘ਕੰਪਨੀ ਰਾਜ’ ਆਖ ਲਓ। ਤਾਹੀਂ ਖੇਤੀ ਕਾਨੂੰਨਾਂ ਦਾ ਟੀਕਾ, ਪੰਜਾਬ ਦੇ ਪੁੜੇ ’ਚ ਲਾਇਐ। ‘ਸਾਈਂ ਅੱਖਾਂ ਫੇਰੀਆਂ, ਵੈਰੀ ਕੁੱਲ ਜਹਾਨ।’ ਵਿਸ਼ਵ ਗੁਰੂ ਦਾ ‘ਕੰਪਨੀ ਰਾਜ’, ਪੈਲ਼ੀਆਂ ਤੋਂ ਸ੍ਰੀ ਗਣੇਸ਼ ਕਰੇਗਾ। ਜਾਗੋ ਜਾਗੋ ਬੰਦਿਓ! ਕਿਤੇ ਸੁੱਤੇ ਰਹੇ ਤਾਂ ਕੌਣ ਰੋਕੂ ਵਿਸਾਖੀ ਦੀ ਕੁਰਕੀ। ਵੇਲਾ ਵਿਚਾਰੋ, ਭਾਣਾ ਟਾਲੋ। ਕਾਰਪੋਰੇਟ ਤਿਉਹਾਰਾਂ ਦਾ ਇੰਤਕਾਲ ਕਰਾਉਣ ਨੂੰ ਫਿਰਦੈ।ਅਚਾਰੀਆ ਰਜਨੀਸ਼ ਫਰਮਾ ਗਏ, ‘ਗੱਦੀ ’ਤੇ ਕੌਣ ਬੈਠੈ, ਸੁਆਲ ਏਹ ਨਹੀਂ, ਸੁਆਲ ਤੁਹਾਡੇ ਜਾਗਣ ਦਾ ਹੈ।’ ਈਸਟ ਇੰਡੀਆ ਕੰਪਨੀ ਨੇ ਚਾਹ ਵੇਚੀ, ਸਿਲਕ ਵੇਚੀ, ਅਫ਼ੀਮ ਵੀ ਵੇਚੀ। ਰਾਜੇਵਾਲ ਜੁਆਬ ਮੰਗਦੈ ‘ਜਿਹੜਾ ਮੁਲਕ ਵੇਚਣ ਤੁਰ ਪਏ, ਉਹ ਕਿਵੇਂ ਘੱਟ ਹੋਇਐ..। ‘ਖੁਸ਼ੀ ਦਾ ਭੁੱਖੇ ਪੇਟ ਨਾਲ ਕਾਹਦਾ ਯਾਰਾਨਾ।’ ਔਰਤਾਂ ਘਰ ਦੀਆਂ ਦੌਲਤਾਂ, ਹੁਣ ਕਿੰਜ ਆਖਣ, ‘ਮਾਹੀ ਚੱਲੀਏ ਵਿਸਾਖੀ ਦੇ ਮੇਲੇ, ਜਲੇਬੀਆਂ ਨੂੰ ਜੀਅ ਕਰਦਾ।’ ਭਲਕੇ ਵਿਸਾਖੀ ਐ, ਖ਼ਾਲਸੇ ਦਾ ਸਾਜਣਾ ਦਿਵਸ। ਗੁਰੂ ਨੂੰ ਧਿਆ ਕੇ, ਹੁੁਣ ਵੈਸਾਖਾਂ ਦੀਆਂ ਖੈਰਾਂ, ਭੁਜੰਗੀ ਵੀ ਮੰਗਦੇ ਨੇ। ਕਿਸਾਨ ਘੋਲ ਨੇ ਮਮੀਰੇ ਵਾਲਾ ਸੁਰਮਾ, ਟਿਕੈਤ ਦੇ ਹੰਝੂਆਂ ਤੋਂ ਤਿਆਰ ਕੀਤੈ।

             ਗੁਰਮਿੰਦਰ ਸੰਧੂ ਦੀ ਅਰਜੋਈ ਵਸੂਲ ਕਰੀਏ ,‘ਕਣਕ ਦੀਏ ਬੱਲੀਏ ਨੀਂ! ਮੋਤੀ ਹੁਣ ਕੇਰ ਦੇ, ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ ’ਤੇ ਫੇਰ ਦੇ।’ ਬੁਰਜ ਹਰੀ (ਮਾਨਸਾ) ਦਾ ਵਿਸਾਖਾ ਸਿਓਂ, ਵਿਸਾਖੀ ਤੋਂ ਵਿਸਰਿਐ। ਨਾ ਜ਼ਮੀਨ ਬਚੀ, ਨਾ ਜਵਾਨ ਪੁੱਤ। ਗੱਜੂਮਾਜਰਾ (ਪਟਿਆਲਾ) ਦੇ ਮਰਹੂਮ ਬਜ਼ੁਰਗ ਬਖ਼ਸ਼ੀਸ਼ ਦੇ ਵਿਹੜੇ, ਕਦੇ ਖੁਸ਼ੀ ਨਾ ਨਿੱਸਰੀ। ਹੱਥੋਂ ਚਾਰ ਪੁੱਤ ਕਿਰ ਗਏ। ਜ਼ਮੀਨ ਨੇ ਕਿਥੋਂ ਬਚਣਾ ਸੀ। ਹੁਣ ਰੂਹਾਂ ਨੂੰ ਕਾਹਦੇ ਉਲਾਂਭੇ।ਪ੍ਰੋ. ਪੂਰਨ ਸਿੰਘ ਵਾਜਾਂ ਮਾਰ ਰਿਹੈ, ‘ਪੰਜਾਬ ਤੂੰ ਮੁੜ ਆ।’ ਸੈਦੋਕੇ ਦਾ ਅਜੈਬ ਸਿਓਂ, ਸਭ ਆਖਦੇ ਨੇ, ਭਲਾ ਬੰਦਾ ਸੀ। ਚਾਰ ਪੁੱਤ ਗੁਆਏ, ਨਾਲੇ ਜ਼ਮੀਨ। ਘਰ ਨੂੰ ਜਿੰਦਰਾ ਵੱਜਾ। ਜਦੋਂ ਅਜੈਬ ਸਿੰਘ ਮੁੱਕਿਆ, ਕੋਈ ਅਰਥੀ ਨੂੰ ਮੋਢਾ ਦੇਣ ਵਾਲਾ ਨਾ ਥਿਆਵੇ। ਜੱਗੋਂ ਤੇਰ੍ਹਵੀਂ ਪਿੰਡ ਗਿੱਦੜ (ਬਠਿੰਡਾ) ਦੀ ਵੀਰਾਂ ਕੌਰ ਨਾਲ ਹੋਈ। ਸੁਹਾਗ ਦੋ ਵਾਰ ਉਜੜਿਆ।

             ਵੀਰਾਂ ਨੇ ਪੁੱਤ ਦਾ ਨਾਮ ‘ਸਿਕੰਦਰ’ ਰੱਖਿਆ। ਅਪਾਹਜ ਸਿਕੰਦਰ ਹੁਣ ਟਿਕਰੀ ਜਾਂਦੈ। ਖਾਲਸ ਗੁੜ੍ਹਤੀ, ਗੁਆਚੀ ਸੁਰਤੀ, ਸੰਘਰਸ਼ਾਂ ’ਚੋਂ ਲੱਭ ਰਿਹੈ। ਸਿਆਣੇ ਆਖ ਗਏ, ਏਹ ਜ਼ਿੰਦਗੀ ਬੜੀ ਡਾਢੀ ਸ਼ੈਅ ਐ, ਚਾਹ ਵਾਂਗੂ ਛਕੋ, ਚਾਹੇ ਅੰਬ ਵਾਂਗੂ ਚੂਪੋ। ਭਾਵੇਂ ਇੱਕੋ ਹਾੜੇ ਡਕਾਰ ਲਵੋ। ਬੰਦੇ ਦੀ ਜੂਨੀ ਆਏ ਹੋ, ਹੱਸ ਕੇ ਹੀ ਜਿਉਣਾ ਪੈਣੈ। ‘ਕੰਪਨੀ ਰਾਜ’ ਦੀ ਅੱਖ ਦਸਹਿਰੇ ’ਤੇ ਵੀ ਐ। ਐਵੇਂ ਕਾਰਪੋਰੇਟੀ ਪੁਤਲੇ ਨਹੀਂ ਸਾੜੇ ਸਨ। ਦੁੱਲੇ ਭੱਟੀ ਦੀ ਲੋਹੜੀ ਦਾ ਸੇਕ ਇਹ ਕਿਵੇਂ ਹਜ਼ਮ ਕਰਨ। ਦੀਵਾਲ਼ੀ ਦੀ ਲੱਛਮੀ ਇਨ੍ਹਾਂ ਨੂੰ ਚੁਭਦੀ ਹੈ। ਏਹ ਇੱਛਾਧਾਰੀ ਨੇ, ਬਸੰਤੀ ਚੁੰਨੀਆਂ ਨਹੀਂ, ਚਿੱਟੀਆਂ ਚੁੰਨੀਆਂ ਵੇਖਣਾ ਲੋਚਦੇ ਨੇ। ‘ਅਕਲਾਂ ਦਾ ਦੀਵਾ ਕੀਕਣ ਬਲੇ।’ਆਓ ਤੈਰਵੀਂ ਨਜ਼ਰ ਮਾਰੀਏ। ਕਿਵੇਂ ‘ਕੰਪਨੀ ਰਾਜ’ ਵਿਰਾਸਤ ’ਤੇ ਝਪਟਿਐ। ਦੇਸ਼ ਦੇ 27 ਵਿਰਾਸਤੀ ਧਰੋਹਰ ਕਾਰਪੋਰੇਟਾਂ ਨੇ ਗੋਦ ਲਏ ਨੇ। ਡਾਲਮੀਆਂ ‘ਲਾਲ ਕਿਲੇ’ ਤੇ ਆਂਧਰਾ ਦੇ ‘ਗਾਂਦੀਕੋਟਾ ਕਿਲੇ’ ਨੂੰ ਲੋਰੀਆਂ ਦੇ ਰਿਹੈ। ‘ਕੁਤਬ ਮੀਨਾਰ’ ਅਤੇ ‘ਜੰਤਰ ਮੰਤਰ’ ਦੇ ਕੰਧਾੜੇ ਵੀ ਕੰਪਨੀ ਚੜ੍ਹੀ ਐ। ਕੋਈ ਛੱਜੂ ਰਾਮ ਦੀ ਵੀ ਸੁਣੋ.. ਜਾਗੋ ਜਾਗੋ ਸਾਥਿਓ! ਨਾ ਜਾਗੇ ਤਾਂ ਇਹ ਖੇਤ ਖੋਹਣਗੇ, ਫੇਰ ਅਸਾਡੇ ਜੋੜ ਮੇਲੇ ਵੀ। ਰੱਖਿਆ ਮੰਤਰੀ ਰਾਜ ਨਾਥ ਫੜ ਮਾਰ ਬੈਠਾ, ‘ਕੋਈ ‘ਮਾਂ ਦਾ ਲਾਲ’ ਕਿਸਾਨਾਂ ਤੋਂ ਜ਼ਮੀਨ ਨਹੀਂ ਖੋਹ ਸਕਦਾ।’ ਨਰੇਂਦਰ ਮੋਦੀ ਹਲਕਾ ਜੇਹਾ ਮੁਸਕਰਾਏ।

             ਕਿੱਧਰ ਗਈ ਹਲਟਾਂ ਦੀ ਟੱਕ ਟੱਕ, ਬਲਦਾਂ ਦੀ ਛਣ-ਛਣ, ਤਾੜੇ ਦੀ ਠੱਕ-ਠੱਕ। ਹਰੀ ਕਰਾਂਤੀ ਨੇ ਜ਼ਿੰਦਗੀ ਦੌਣ ਵਾਂਗੂ ਕਸ’ਤੀ। ਦੁੱਲੇ ਤੇ ਬੁੱਲ੍ਹੇ ਦੀ ਧਰਤੀ ਬਾਂਝਪਣ ਝੱਲ ਰਹੀ ਐ। ‘ਕੈਂਸਰ ਟਰੇਨ’ ਨਾਨ-ਸਟਾਪ ਚੱਲੀ ਐ। ਪੰਜਾਬ ’ਚ ਹਰ ਘੰਟੇ ਤਿੰਨ ਜਾਨਾਂ ਕੈਂਸਰ ਲੈਂਦੈ। ‘ਨਵੇਂ ਨਰੋਏ ਪੰਜਾਬ’ ਦਾ ਸੱਚ ਐ। ਲੁੱਡੀ ਪਾਉਂਦੇ ਜਵਾਨ ਤਸਵੀਰਾਂ ’ਚ ਦਿਖਦੇ ਨੇ। ‘ਚਿੱਟਾ ਚਿੱਟਾ’ ਹੋ ਗਿਆ ਸਤਰੰਗਾ ਪੰਜਾਬ। ਏਹ ਕਿਸਾਨ ਕੋਈ ਕਿਸਮਤ ਪੁੜੀ ’ਚੋਂ ਨਹੀਂ ਨਿਕਲੇ। ਸਭਨਾਂ ਕੋਲ ਜਲ੍ਹਿਆਂ ਵਾਲਾ ਬਾਗ ਐ, ਊਧਮ ਸਿੰਘ ਦੀ ਸੋਚ ਦੀਆਂ ਲਗਰਾਂ ਵੀ। ਨਾਨਕ ਸਿੰਘ ਦੀ ਕਾਵਿ ਰਚਨਾ ‘ਖੂਨੀ ਵਿਸਾਖ਼ੀ’ ਵੀ ਪੜ੍ਹੀ ਐ।ਸ਼ੇਕਸਪੀਅਰ ਸੱਚ ਫਰਮਾ ਗਏ ਨੇ, ‘ਕੁਝ ਲੋਕ ਜਨਮ ਤੋਂ ਮਹਾਨ ਹੁੰਦੇ ਨੇ, ਕੁਝ ਮਹਾਨਤਾ ਹਾਸਿਲ ਕਰਦੇ ਨੇ ਅਤੇ ਕੁਝ ਲੋਕਾਂ ’ਤੇ ਮਹਾਨਤਾ ਲੱਦ ਦਿੱਤੀ ਜਾਂਦੀ ਹੈ।’ ਪੰਜਾਬੀਆਂ ਕੋਲ ਜਮਾਂਦਰੂ ਮਹਾਨਤਾ ਐ। ਆਈ ’ਤੇ ਆ ਜਾਣ, ਓਜ਼ੋਨ ’ਚ ਛੇਦ ਕੀ ਨਾ ਕਰ ਦੇਣ। ਖੇਤੀ ਕਾਨੂੰਨਾਂ ਦੇ ਝੋਕੇ ਨੇ, ਭੱਠ ਵਾਂਗੂ ਤਪਾਏ ਨੇ। ‘ਕਦੇ ਚਾਚੇ ਦੀਆਂ, ਕਦੇ ਬਾਬੇ ਦੀਆਂ।’ ਜਿਮੀਂਦਾਰ ਇਸ਼ਟਾਂ ’ਤੇ ਖੜ੍ਹੇ ਨੇ, ਧੁਰ ਅੰਦਰੋਂ ਖਰੇ ਨੇ, ਬੱਸ ਜੌਹਰੀ ਨਹੀਂ ਲੱਭ ਰਿਹਾ। ‘ਜਿਸ ਚੁੰਝ ਦਿੱਤੀ ਏ, ਚੋਗ ਵੀ ਦੇਸੀ।’ ਭਲਕੇ ਕਿਸਾਨ ਦਮਦਮੇ ਵੀ ਜਾਣਗੇ, ‘ਕਿਸਾਨ ਕਾਨਫਰੰਸ’ ਐ 13 ਅਪਰੈਲ ਨੂੰ। ਸ਼ਾਹੂਕਾਰਾਂ ਨੇ ਜੈ ਸ੍ਰੀ ਰਾਮ ਦੇ ਨਾਅਰੇ ਵੀ ਲਾਏ, ਆੜ੍ਹਤ ਵਾਲਾ ਪੱਤਾ, ਪਤਾ ਨਹੀਂ ਕਾਹਤੋਂ ਕੱਟ’ਤਾ। ਅਮਿਤ ਸ਼ਾਹ ਸਾਹੋ ਸਾਹ ਹੋਇਐ, ਬੰਗਾਲੀ ਪੜ੍ਹੇ ਲਿਖੇ ਜੋ ਹੋਏ।

             ਪੰਜਾਬ ਲੂਹਲੁਹਾਨ ਐ, ਇਰਾਦਾ-ਏ-ਕਤਲ ਦੀ ਰਪਟ ਕੌਣ ਲਿਖੂ। ‘ਪੰਜਾਬੀ ਤਾਂ ਫੱਟੜ ਵੀ ਨਹੀਂ ਮਾਣ।’ ਸੁਖਦੇਵ ਸਿੰਘ ਢੀਂਡਸਾ ਆਖਦੇ ਨੇ, ‘ਅਸੀਂ ਬਚਾਵਾਂਗੇ ਪੰਜਾਬ।’ ‘ਆਪ’ ਵਾਲੇ ਹਰਪਾਲ ਚੀਮਾ ਬੋਲੇ, ਢੀਂਡਸਾ ਟਰਾਂਸਪੋਰਟ ਵਾਲਿਓ, ਆਓ ‘ਆਪ’ ਦੇ ਜੌਂਗੇ ’ਚ ਬਹਿ ਜਾਓ। ਜੋਗਿੰਦਰ ਉਗਰਾਹਾਂ ਨੇ ਸਭ ਚੁੱਪ ਕਰਾਤੇ। ‘ਭਰਾਵੋ! ਕਿਸਾਨ ਅੰਦੋਲਨ ਦੀ ਮੈਟਰੋ ’ਚ ਬੈਠੋ, ਏਹ ਟੀਟੀ ਥੋਡਾ ਆਪਣਾ ਖੂਨ ਨੇ।’ ਓਧਰ ਜਦੋਂ ਬੋਹਲ਼ ਰੋਣ ਲੱਗੇ, ਡਾ. ਦਰਸ਼ਨ ਪਾਲ ਨੇ ਸੰਘਰਸ਼ ਦੀ ਜਨਮ ਘੁੱਟੀ ਪਿਲਾ ਦਿੱਤੀ।‘ਤਿੱਖੇ ਔਜ਼ਾਰਾਂ ਨਾਲ ਮਜ਼ਾਕ ਚੰਗੇ ਨਹੀਂ ਹੁੰਦੇ।’ ਚੜ੍ਹਦੀ ਕਲਾ ਦੀ ਗੁੜ੍ਹਤੀ ਆਨੰਦਪੁਰੋਂ ਮਿਲੀ ਐ। ਜਿਨ੍ਹਾਂ ਵਣਜ ਹੀ ਸ਼ੁਰੂ ਤੋਂ ਧਾੜਵੀਆਂ ਨਾਲ ਕੀਤੇ, ਉਨ੍ਹਾਂ ਦਾ ‘ਕੰਪਨੀ ਰਾਜ’ ਕੀ ਵਾਲ ਵਿੰਗਾ ਕਰੂ। ਅੰਤ ਸੋਸ਼ਲ ਮੀਡੀਆ ਦੀ ਇੱਕ ਸਾਖੀ ਨਾਲ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ, 1615 ਵਿੱਚ ਪਹਿਲਾਂ ਦਰਬਾਰੀ ਗੱਠੇ, ਫੇਰ ਬਾਦਸ਼ਾਹ ਜਹਾਂਗੀਰ ਤੋਂ ਵਪਾਰ ਕਰਨ ਦੀ ਆਗਿਆ ਮੰਗੀ।

              ਦਰਬਾਰੀ ਇਕੱਠੇ ਹੋਏ, ਜਹਾਂਗੀਰ ਨੂੰ ਪੜ੍ਹਤ ਪੜਾਈ, ਜਹਾਂਪਨਾਹ! ਕਾਰੋਬਾਰ ਅੰਗਰੇਜ਼ ਕਰਨਗੇ, ਤੁਸੀਂ ਵਿਹਲੇ ਬੈਠ ਟੈਕਸ ਛਕਿਓ। ਈਸਟ ਇੰਡੀਆ ਕੰਪਨੀ ਨੇ ਕਾਰੋਬਾਰ ਸ਼ੁਰੂ ਕਰ’ਤਾ। ਸਦੀਆਂ ਨੇ ਕਰਵਟ ਲਈ, ਜਹਾਂਗੀਰੀ ਪੀੜੀ ਦਾ ਬਹਾਦਰ ਸ਼ਾਹ ਜਫ਼ਰ ਤਰਲੇ ਪਾਉਂਦਾ ਮਰ ਗਿਆ, ਅੰਗਰੇਜ਼ ਕੰਪਨੀ ਨੇ ਪੈਨਸ਼ਨ ਨਾ ਲਾਈ। ‘ਦਰਬਾਰੀ’ ਜਹਾਂਗੀਰ ਦੇ ਦਰਬਾਰ ’ਚ ਬੁੱਲ੍ਹੇ ਲੁੱਟਦੇ ਰਹੇ, ਫੇਰ ਅੰਗਰੇਜ਼ਾਂ ਦੇ ਪਿੱਠੂ ਬਣ ਕੇ। ਏਹੋ ਦਰਬਾਰੀ ਹੁਣ ਨੇ ਜੋ ਸਹੁੰ ਚੁੱਕ ਮੰਤਰੀ ਸਜੇ ਨੇ। ਇੱਕੋ ਸੁਰ, ਇੱਕੋ ਰਾਗ..‘ਖੇਤੀ ਕਾਨੂੰਨ ਬੜੇ ਅੱਛੇ ਨੇ।’ ਕਿਸਾਨਾਂ ਨੇ ਵਰ੍ਹਿਆਂ ਮਗਰੋਂ ‘ਸੰਮਾਂ ਵਾਲੀ ਡਾਂਗ’ ਚੁੱਕੀ ਐ, ਬਾਕੀ ਡਾ. ਸਾਹਿਬ ਸਿੰਘ ਨੂੰ ਪੁੱਛ ਲਿਓ..।

Friday, April 9, 2021

                                                    ਮੁਫ਼ਤ ਬੱਸ ਸਫ਼ਰ
                                         ਬੀਬੀਆਂ ਨੂੰ ਹੁਣ ਮੌਜਾਂ ਹੀ ਮੌਜਾਂ.. 
                                                     ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਸਰਕਾਰ ਦੀ ਔਰਤਾਂ ਨੂੰ ਮੁਫ਼ਤ ਬੱਸ ਸਹੂਲਤ ਨੇ ਪ੍ਰਾਈਵੇਟ ਬੱਸਾਂ ਨੂੰ ਭੁੰਜੇ ਲਾਹ ਦਿੱਤਾ ਹੈ। ਜਿਨ੍ਹਾਂ ਬੱਸ ਮਾਲਕਾਂ ਨੇ ਪ੍ਰਾਈਵੇਟ ਬੱਸਾਂ ਨੂੰ ਅੱਗੇ ਠੇਕੇ ’ਤੇ ਦਿੱਤਾ ਹੋਇਆ ਸੀ, ਉਨ੍ਹਾਂ ਨੂੰ ਠੇਕੇ ਘਟਾਉਣੇ ਪੈ ਰਹੇ ਹਨ। ਇੱਥੋਂ ਤੱਕ ਕਿ ਮਾਲਵਾ ਖ਼ਿੱਤੇ ’ਚ ਪ੍ਰਾਈਵੇਟ ਬੱਸ ਮਾਲਕਾਂ ਨੂੰ ਛੋਟਾਂ ਦੇ ਐਲਾਨ ਕਰਨੇ ਪੈ ਰਹੇ ਹਨ। ਦੂਸਰੀ ਤਰਫ਼ ਸਰਕਾਰੀ ਬੱਸਾਂ ’ਚ ਹੁਣ ਪੈਰ ਧਰਨ ਨੂੰ ਥਾਂ ਨਹੀਂ ਬਚੀ ਹੈ, ਜਿਨ੍ਹਾਂ ’ਚ ਰੋਜ਼ਾਨਾ ਮਹਿਲਾ ਮੁਸਾਫਰਾਂ ਦੀ ਗਿਣਤੀ ਵਧ ਰਹੀ ਹੈ।ਵੇਰਵਿਆਂ ਅਨੁਸਾਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ’ਚ ਪੰਜ ਦਿਨਾਂ ਵਿੱਚ ਮਹਿਲਾ ਮੁਸਾਫ਼ਰਾਂ ਦਾ ਅੰਕੜਾ ਪੰਜ ਗੁਣਾ ਵਧ ਗਿਆ ਹੈ। ਰੋਡਵੇਜ਼ ਦੇ ਪੱਟੀ ਅਤੇ ਤਰਨ ਤਾਰਨ ਡਿੱਪੂ ’ਚ ਤਾਂ ਮਹਿਲਾ ਮੁਸਾਫ਼ਰਾਂ ਦੀ ਗਿਣਤੀ 70 ਫੀਸਦੀ ਤੱਕ ਪੁੱਜ ਗਈ ਹੈ। ਰੋਡਵੇਜ਼ ਦੇ ਡੇਢ ਦਰਜਨ ਡਿੱਪੂ ਦੀਆਂ 919 ਬੱਸਾਂ ਵਿਚ ਪਹਿਲੀ ਅਪਰੈਲ ਨੂੰ 15,076 ਔਰਤਾਂ ਨੇ ਸਫ਼ਰ ਕੀਤਾ ਸੀ ਜਦੋਂਕਿ ਚਾਰ ਦਿਨਾਂ ਮਗਰੋਂ ਇੱਕੋ ਦਿਨ ’ਚ ਇਨ੍ਹਾਂ ਬੱਸਾਂ ’ਚ 53,000 ਔਰਤਾਂ ਨੇ ਸਫ਼ਰ ਕੀਤਾ। ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਆਮਦਨੀ ਨੂੰ 25 ਤੋਂ 30 ਫੀਸਦੀ ਸੱਟ ਵੱਜੀ ਹੈ। ਇਸੇ ਤਰ੍ਹਾਂ ਪੀਆਰਟੀਸੀ ਰੋਜ਼ਾਨਾ 55 ਲੱਖ ਔਰਤਾਂ ਸਫ਼ਰ ਕਰਨ ਲੱਗੀਆਂ ਹਨ ਜਦੋਂ ਕਿ ਪਹਿਲਾਂ ਸਿਰਫ 40 ਫੀਸਦੀ ਔਰਤਾਂ ਹੁੰਦੀਆਂ ਸਨ। ਮੁਸਾਫ਼ਰ ਔਰਤਾਂ ਦੀ ਗਿਣਤੀ ’ਚ 15 ਤੋਂ 20 ਫੀਸਦੀ ਵਾਧਾ ਹੋਇਆ ਹੈ। ਪੀਆਰਟੀਸੀ ਨੂੰ ਪ੍ਰਤੀ ਮਹੀਨਾ 18 ਕਰੋੜ ਦਾ ਵਿੱਤੀ ਨੁਕਸਾਨ ਵੀ ਹੋਣ ਲੱਗਾ ਹੈ।
             ਚੇਤੇ ਰਹੇ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਪੰਜਾਬ ’ਚ ਔਰਤਾਂ ਨੂੰ ਮੁਫ਼ਤ ਸਫ਼ਰ ਸਹੂਲਤ ਦਿੱਤੀ ਗਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਾਂ ਪ੍ਰਾਈਵੇਟ ਬੱਸ ਮਾਲਕਾਂ ਨੂੰ ਵੀ ਔਰਤਾਂ ਨੂੰ ਬੱਸਾਂ ਵਿਚ ਛੋਟ ਦੇਣ ਦੀ ਅਪੀਲ ਕੀਤੀ ਸੀ। ਬਠਿੰਡਾ ਅੰਮ੍ਰਿਤਸਰ ਰੂਟ ’ਤੇ ਇੱਕ ਪ੍ਰਾਈਵੇਟ ਟਰਾਂਸਪੋਰਟਰ ਨੇ ਕਿਰਾਏ ਵਿਚ 15 ਤੋਂ 20 ਫੀਸਦੀ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਤੋਂ ਚੱਲਦੀ ਇੱਕ ਪ੍ਰਾਈਵੇਟ ਟਰਾਂਸਪੋਰਟ ਵੱਲੋਂ ਦੋ ਸਵਾਰੀਆਂ ਨਾਲ ਇੱਕ ਸਵਾਰੀ ਦਾ ਸਫਰ ਮੁਫਤ ਲਿਜਾਣ ਦਾ ਐਲਾਨ ਕੀਤਾ ਹੈ। ਮਾਲਵਾ ਜ਼ੋਨ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਦੇ ਕਨਵੀਨਰ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਡੀਜ਼ਲ ਦੇ ਭਾਅ ਨੇ ਅਤੇ ਹੁਣ ਸਰਕਾਰ ਦੀ ਮੁਫ਼ਤ ਸਹੂਲਤ ਨੇ ਪ੍ਰਾਈਵੇਟ ਟਰਾਂਸਪੋਰਟ ਲਈ ਹਾਲਾਤ ਏਦਾਂ ਦੇ ਬਣਾ ਦਿੱਤੇ ਹਨ ਕਿ ਹੁਣ ਪ੍ਰਾਈਵੇਟ ਬੱਸਾਂ ਖਾਲੀ ਖੜਕਣ ਲੱਗੀਆਂ ਹਨ। ਮਿਨੀ ਬੱਸ ਅਪਰੇਟਰ ਯੂਨੀਅਨ ਦੇ ਤੀਰਥ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਸੰਪਰਕ ਸੜਕਾਂ ਦੀ ਮਹਿਲਾ ਸਵਾਰੀ ਵੀ ਹੁਣ ਮੁੱਖ ਸੜਕ ਮਾਰਗ ’ਤੇ ਹੀ ਉਤਰ ਜਾਂਦੀ ਹੈ ਜਿਥੇ ਉਹ ਅੱਗਿਓਂ ਸਰਕਾਰੀ ਬੱਸ ਉਡੀਕਦੀ ਹੈ। ਇੱਕ ਘਰਾਣੇ ਦੀ ਏਸੀ ਬੱਸ ਸੇਵਾ ਦੇ ਠੇਕੇਦਾਰਾਂ ਦੇ ਹੱਥ ਖੜ੍ਹੇ ਹੋ ਗਏ ਹਨ ਜਿਸ ਮਗਰੋਂ ਬੱਸ ਮਾਲਕਾਂ ਨੂੰ ਠੇਕੇ ’ਚ ਕਰੀਬ ਤਿੰਨ ਹਜ਼ਾਰ ਰੁਪਏ ਦੀ ਕਟੌਤੀ ਕਰਨੀ ਪਈ ਹੈ।
              ਸਮਾਲ ਸਕੇਲ ਬੱਸ ਅਪਰੇਟਰ ਯੂਨੀਅਨ ਲੁਧਿਆਣਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਜਿਨ੍ਹਾਂ ਰੂਟਾਂ ’ਤੇ ਸਰਕਾਰੀ ਬੱਸ ਸਰਵਿਸ ਜ਼ਿਆਦਾ ਹੈ, ਉਨ੍ਹਾਂ ਰੂਟਾਂ ’ਤੇ ਪ੍ਰਾਈਵੇਟ ਬੱਸ ਸਰਵਿਸ ਨੂੰ ਵੱਡਾ ਧੱਕਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ-ਪਠਾਨਕੋਟ ਰੂਟ ’ਤੇ ਜੋ ਬੱਸਾਂ ਠੇਕੇਦਾਰ ਚਲਾ ਰਹੇ ਸਨ, ਉਨ੍ਹਾਂ ਦੇ ਠੇਕੇ ’ਚ ਬੱਸ ਮਾਲਕਾਂ ਨੂੰ ਕਰੀਬ ਤਿੰਨ ਹਜ਼ਾਰ ਰੁਪਏ ਦੀ ਪ੍ਰਤੀ ਦਿਨ ਕਟੌਤੀ ਕਰਨੀ ਪਈ ਹੈ। ਮੁਕਤਸਰ ਤੋਂ ਮੁਹਾਲੀ ਰੂਟ ’ਤੇ ਠੇਕੇ ’ਚ ਦੋ ਹਜ਼ਾਰ ਦੀ ਕਟੌਤੀ ਹੋਈ ਹੈ।ਪੰਜਾਬ ਵਿੱਚ ਅੰਦਾਜ਼ਨ 6700 ਮਿਨੀ ਬੱਸਾਂ ਦੇ ਰੂਟ ਪਰਮਿਟ ਹਨ ਜਦੋਂਕਿ ਛੇ ਹਜ਼ਾਰ ਵੱਡੀਆਂ ਬੱਸਾਂ ਚੱਲਦੀਆਂ ਹਨ। ਦੂਜੇ ਪਾਸੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ 2689 ਬੱਸਾਂ ਹਨ ਜੋ ਰੋਜ਼ਾਨਾਂ 7.16 ਲੱਖ ਕਿਲੋਮੀਟਰ ਦਾ ਪੈਂਡਾ ਤੈਅ ਕਰਦੀਆਂ ਹਨ। ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਤੋਂ ਪਹਿਲਾਂ ਇਨ੍ਹਾਂ ਬੱਸਾਂ ’ਚ ਰੋਜ਼ਾਨਾ 4.90 ਲੱਖ ਮੁਸਾਫਿਰ ਸਫਰ ਕਰਦੇ ਸਨ। ਜਲੰਧਰ ਦੇ ਪ੍ਰਾਈਵੇਟ ਬੱਸ ਅਪਰੇਟਰ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਜਲੰਧਰ- ਪਠਾਨਕੋਟ ਰੂਟ ’ਤੇ ਤਾਂ ਠੇਕੇ ’ਚ ਦੋ ਹਜ਼ਾਰ ਪ੍ਰਤੀ ਦਿਨ ਦੀ ਕਟੌਤੀ ਕਰਨੀ ਪਈ ਹੈ।
                                 ਮੁਫ਼ਤ ਸਫਰ ਸਹੂਲਤ ਨੂੰ ਭਰਵਾਂ ਹੁੰਗਾਰਾ: ਚੌਧਰੀ
ਸਮਾਜਿਕ ਸੁਰੱਖਿਆ ਅਤੇ ਔਰਤ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਸੀ ਕਿ ਮੁਫਤ ਬੱਸ ਸਹੂਲਤ ਦਾ ਹੇਠਲੇ ਪੱਧਰ ਤੱਕ ਔਰਤਾਂ ਨੂੰ ਫਾਇਦਾ ਪੁੱਜਣ ਲੱਗਾ ਹੈ। ਔਰਤਾਂ ਦੀ ਗਿਣਤੀ ਸਰਕਾਰੀ ਬੱਸਾਂ ਵਿਚ ਵਧਣ ਲੱਗੀ ਹੈ। ਹੁਣ ਪਿੰਡ ਪੱਧਰ ’ਤੇ ਮੁਨਿਆਦੀ ਕਰਾਈ ਜਾ ਰਹੀ ਹੈ ਤਾਂ ਜੋ ਪੇਂਡੂ ਔਰਤਾਂ ਇਸ ਸਹੂਲਤ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਔਰਤਾਂ ਦੇ ਸਫਰ ਖਰਚੇ ਹੁਣ ਘਟ ਗਏ ਹਨ।

Monday, April 5, 2021

                                                            ਵਿਚਲੀ ਗੱਲ
                                                 ਨਿੱਕੇ ਨਿੱਕੇ ਅਬਦਾਲੀ..!
                                                          ਚਰਨਜੀਤ ਭੁੱਲਰ                

ਚੰਡੀਗੜ੍ਹ : ਏਹ ਜੂਹਾਂ ਵਾਲੇ, ਪ੍ਰੇਸ਼ਾਨ ਅਸ਼ਾਂਤ ਰੂਹਾਂ ਤੋਂ ਨੇ। ਕੋਈ ਪੰਡਤ ਮਿਲੇ ਤਾਂ ਸਹੀ। ਟਿਕਰੀ ਵਿਹੜੇ ਵੀ ਭਾਗ ਲੱਗਣ। ਫੇਰ ਦੇਖਿਓ, ਬੇਬੇ ਪੋਚਾ ਲਾਊ, ਨਾਲੇ ਚਰਨੀਂ ਹੱਥ, ਬਾਪੂ ਜਲ ਛਕਾਊ। ਖੀਰਾਂ ਦਾ ਲੰਗਰ ਦੇਖ, ਦੇਵਤਾ ਧੰਨ ਹੋ ਜਾਊ। ‘ਖਾਧਾ ਪੀਤਾ ਲਾਹੇ ਦਾ..ਬਾਕੀ ‘ਆਨੀ ਬਾਨੀ’ ਦਾ! ਅੰਨਦਾਤੇ ਦੀ ਦਾਤ ਵੱਡੀ, ਉਸ ਤੋਂ ਵੱਡੀ ਅਰਦਾਸ। ‘ਹਾਲੀ ਪਾਲੀ ਦੇ ਨਾਂ, ਚਿੜੀ ਜਨੌਰ ਦੇ ਨਾ, ਰਾਹੀ ਪਾਂਧੀ ਦੇ ਨਾ..।’ ਦਿੱਲੀ ਦੀ ਨਿਆਈਂ ’ਚ, ਖੇਤਾਂ ਦਾ ਹਲ਼, ਔੜਾਂ ਭੰਨਣ ਆਇਐ।‘ਜਾਗੋ ਜਾਗੋ ਬੰਦਿਓ, ਨੀਂਦ ਨਾਲ ਨਾ ਕਰੋ ਪਿਆਰ/ ਜੈਸਾ ਸੁਪਨਾ ਰੈੈਣ ਦਾ, ਤੈਸਾ ਇਹ ਸੰਸਾਰ।’ ਜਦ ਖੇਤੀ ਕਾਨੂੰਨਾਂ ਨੇ ਪੈਲ ਪਾਈ, ਤਰੇਲੀ ਧਰਤੀ ਹੇਠਲੇ ਬੌਲਦ ਨੂੰ ਆਈ, ਸਿੰਗ ਸੰਸਦ ਵਿੱਚੋਂ ਜਾ ਨਿਕਲੇ। ਭਾਜਪਾਈ ਕੇਰਾਂ ਤਾਂ ਕੁਰਸੀਆਂ ਨੂੰ ਚਿੰਬੜੇ। ਇੰਜ ਬੌਲਦ ਨੇ ਧਰਤ ਹਿਲਾਈ, ਭੁਚਾਲ ਦਾ ਕੇਂਦਰ ਧੁਰਾ ਪੰਜਾਬ ਰਿਹਾ। ਧਰਤੀ ਦੇ ਜਾਏ, ਅੱਕੇ-ਅਕਾਏ, ਪੰਜਾਬ ਨੂੰ ਦਿੱਲੀ ਚੁੱਕ ਲਿਆਏ। ਨਗਾਰਾ-ਏ-ਤਖ਼ਤ, ਪੰਜਾਬ ਨੂੰ ਜਗਾ ਗਿਆ, ਸੋਚਾਂ ਤੋਂ ਜਾਲੇ ਲਾਹ ਸੁੱਟੇ। ਔਹ ਮਾਂ ਪੰਜਾਬ ਕੌਰ, ਸਿੰਘੂ ਸੀਮਾ ’ਤੇ ਡਟੀ ਐ, ਸਾਢੇ ਚਾਰ ਮਹੀਨੇ ਤੋਂ। ‘ਰੱਬ ਜਿਨ੍ਹਾਂ ਨੂੰ ਰੱਖਸੀ, ਰਹਿਣ ਕਿੱਲੀ ਦੇ ਸੰਗ।’ ਏਹ ਬੇਬੇ ’ਕੱਲੀ ਨਹੀਂ, ਪੁੱਤ ਪੋਤੇ ਵੀ ਅੰਗ ਸੰਗ ਨੇ।

            ਪੋਤਿਆਂ ਨੂੰ ਬਾਤਾਂ ਪਾਉਂਦੀ, ਬੇਬੇ ਪੰਜਾਬ ਕੌਰ ਕਿਹੜੇ ਵੇਲੇ ਸੌਂ ਗਈ, ਪਤਾ ਨਹੀਂ ਚੱਲਿਆ। ਸੁਪਨ ਸੰਸਾਰ ’ਚ ਹੀ  ਗੁਆਚ ਗਈ। ਪਿੰਡ ਸਿੰਘੂ ਦੇ ਖੇਤਾਂ ’ਚ, ਸਭ ਮਾਈ-ਭਾਈ ਨੇ, ਪਰਵਰਦਿਗਾਰ ਧਿਆ ਕੇ, ਇੱਟਾਂ ਦੀ ਵੱਡੀ ਮਟੀ ਬਣਾਈ। ਹਰਦੁਆਰੀ ਪੰਡਤ ਕੋਲ ਨੇ, ਗਲ ’ਚ ਪੱਲੂ ਐ। ਕਲੀ ਕੂਚੀ ਵੀ ਕਰਕੇ, ਪੰਜ ਭੂਤੀ ਸਰੀਰਾਂ ਨੇ ਮਟੀ ਨੂੰ ਲੱਸੀ ਨਾਲ  ਇਸ਼ਨਾਨਾ ਕਰਾਇਐ। ਪੰਜਾਬ ਕੌਰ ਨੇ ਪਾਸਾ ਲਿਐ, ਸੁਪਨ ਲੜੀ ਟੁੱਟ ਨਹੀਂ ਰਹੀ। ਖੇਤ ’ਚ ਮਜਮਾ ਭਰਿਐ, ਪੰਡਤ ਅਸ਼ਾਂਤ ਰੂਹਾਂ ਦੇ ਦਰਸ਼ਨ-ਏ-ਦੀਦਾਰੇ ਕਰਾ ਰਹੇ ਨੇ।ਦੇਵਤਾ ਜੀ! ਔਹ ਕੌਣ ਐ ਭਲਾ। ਭਲਿਓ! ਏਹ ਅਬਦਾਲੀ ਦੀ ਰੂਹ ਐ। ਸਭਨਾਂ ਦੇ ਹੋਸ਼ ਉੱਡ ਗਏ, ਜਦੋਂ ਏਸ ਸਰਾਪੀ ਰੂਹ ਦਾ ਅਮਿਤ ਸ਼ਾਹ ਦੇ ਚਰਨਾਂ ’ਚ ਨਿਵਾਸ ਦੇਖਿਆ। ਏਹ ਮਹਿਫਲ-ਏ-ਰੰਗ ਵੇਖ, ਜੋਗਿੰਦਰ ਉਗਰਾਹਾਂ ਬੋਲੇ, ‘ਹੱਛਾ ਹੱਛਾ..ਵੱਡਿਆਂ ਨੂੰ ਨਿੱਕੇ ਨਿੱਕੇ ਟੱਕਰਗੇ।’ ਪੱਛਮੀ ਬੰਗਾਲ ’ਚ ਜੈ ਸ੍ਰੀ ਰਾਮ ਦੀ ਗੂੰਜ ਪਈ ਐ। ਯੂਪੀ ਵਾਲੇ ਯੋਗੀ ਭਖੇ ਹੋਏ ਬੋਲੇ..‘ਰਾਮ ਧ੍ਰੋਹੀ ਹੈ ਮਮਤਾ’। ਹੁਣ ਆਈ ਐ ਦੀਦੀ ਚੇਤੇ।

            ‘ਦੀਨ-ਏ-ਇਲਾਹੀ’ ਅਕਬਰ ਦੀ ਰੂਹ ਵੀ ਬਹੁਤ ਤੜਫੀ ਹੋਏਗੀ। ਡਾ. ਅਬਰਾਹਮ ਟੀ ਕਾਵੂਰ ਦੀ ਕਿਤਾਬ ‘ਦੇਵ ਦੈਂਤ ਤੇ ਰੂਹਾਂ’ ਨਾਲ, ਹਰਿਦੁਆਰ ਭੋਰਾ ਸਹਿਮਤ ਨਹੀਂ। ਰਾਜੇਵਾਲ ਜੀ! ਤੁਸਾਂ ਦੱਸੋ, ਜੇ ਜਿਊਂਦੇ ਜੀਅ ਗਤੀ ਹੁੰਦੀ ਤਾਂ ਰੂਹਾਂ ਕਿਉਂ ਭਟਕਦੀਆਂ। ਮੁਗਲਾਂ ਦੀ ਰੂਹ, ਖਾਨ ਬਹਾਦਰ, ਰਾਏ ਬਹਾਦਰ ਦੀ ਰੂਹ ਵੀ ਭਟਕ ਰਹੀ ਐ। ਐਮ.ਪੀ ਭਗਵੰਤ ਮਾਨ ਆਖਦੈ, ਦਿੱਲੀ ਦੇ ਲੈਫਟੀਨੈਂਟ ਗਵਰਨਰ ’ਚ, ਵਾਇਸਰਾਏ ਦੀ ਰੂਹ ਪ੍ਰਗਟ ਹੋਈ ਐ। ਵਾਇਸਰਾਏ ਵਾਲੇ ਪੁਰਾਣੇ ਬੰਗਲੇ ’ਚ, ਹੁਣ ਦਿੱਲੀ ਦਾ ਲਫਟੈਨ ਰਹਿੰਦੈ। ਰੂਹਾਂ ਵਾਂਗੂ, ਗੱਲ ਵੀ ਹੋਰ ਪਾਸੇ ਭਟਕੀ ਐ, ਮਾਂ ਪੰਜਾਬ ਕੌਰ ਦਾ ਸੁਪਨਾ ਚਲੋ ਚਾਲ ਐ..।ਸੁਪਨ-ਖਟੋਲੇ ’ਚ ਚੜ੍ਹ, ਬੇਬੇ ਦਿੱਲੀ ਦੀ ਪਰਿਕਰਮਾ ਕਰ ਆਈ। ਔਰੰਗਜ਼ੇਬ ਰੋਡ ’ਤੇ ਔਰੰਗੀ ਰੂਹ ਵੇਖੀ, ਤੁਗਲਕ ਰੋਡ ’ਤੇ ਤੁਗਲਕੀ ਫ਼ਰਮਾਨ ਦੇਖੇ, ਓਧਰ ਨਾਦਰ ਸ਼ਾਹ ਦੀ ਰੂਹ ਵੀ ਵੇਖੀ, ਸਿਰ ’ਤੇ ਤਖਤੇ ਤਾਊਸ ਚੁੱਕਿਆ ਸੀ। ਨਾਦਰੀ ਰੂਹ ਕਾਰਪੋਰੇਟਾਂ ਦਾ ਮੱਥਾ ਚੁੰਮਦੀ ਵੀ ਵੇਖੀ। ‘ਔਰੰਗੇ ਦਾ ਰੰਗ ਬੁਰਾ, ਮੁਹੰਮਦੇ ਦਾ ਢੰਗ ਬੁਰਾ।’ ਸੂਬੇਦਾਰ ਮੀਰ ਮਨੂੰ ਦੀ ਰੂਹ ‘ਦੇਸ਼ ਭਗਤਾਂ’ ਦੇ ਪੈਰ ਨਹੀਂ ਛੱਡ ਰਹੀ। ਗ਼ਜ਼ਨਵੀ ਰੂਹ ਬਾਘੀਆਂ ਪਾ ਰਹੀ ਸੀ। 

            ‘ਗੋਰਾ ਆਦਮੀ ਕਦੇ ਯੂਰਪ ਨਹੀਂ ਭੁੱਲਦਾ।’ ਮਲਿਕਾ ਦੀ ਰੂਹ ਬੱਘੀ ’ਚ ਬੈਠੀ ਰਹੀ। ਖੇਤੀ ਕਾਨੂੰਨ ਪਾਸ ਹੋ ਗਏ, ਵਾਪਸ ਚਲੀ ਗਈ। ਆਸਕਰ ਵਾਈਲਡ ਦਾ ਪ੍ਰਵਚਨ ਐ.. ‘ਕੁਝ ਲੋਕਾਂ ਦੇ ਆਉਣ ਨਾਲ ਖੁਸ਼ੀ ਦਾ ਮਾਹੌਲ ਬਣਦੈ, ਕੁਝ ਲੋਕਾਂ ਦੇ ਜਾਣ ਮਗਰੋਂ ਇੰਝ ਹੋ ਜਾਂਦੈ।’ ਅੱਧੀ ਰਾਤ ਹੋ ਚੱਲੀ ਐ, ਬੇਬੇ ਪੰਜਾਬ ਕੌਰ ਦੇ ਸੁਪਨੇ ਨਹੀਂ ਟੁੱਟ ਰਹੇ। ਉਸ ਨੂੰ ਆਪਣੀ ਮਾਂ ਚੇਤੇ ਆਈ ਐ। ਝੁਰੜੀਆਂ ਵਾਲਾ ਚਿਹਰਾ, ਹੱਥ ’ਚ ਕੰਧੂਈ ਐ, ਤੋਪੇ ਲਾ ਕੇ ਜ਼ਿੰਦਗੀ ਸੰਵਾਰ ਰਹੀ ਐ। ਪੰਜਾਬ ਕੌਰ ਨੇ ਪੁਕਾਰ ਪਾਈ, ‘ਮਾਂ! ਇੱਧਰ ਵੀ ਵੇਖ, ਤੇਰੇ ਕਿਸਾਨ ਪੁੱਤਾਂ ਦੀ ਲਗਾਰ ਹੋਈ ਜ਼ਿੰਦਗੀ।’ ਰੋਪੜੀਏ ਲੇਖਕ ਸਵਰਨ ਬੈਂਸ ਦੀ ਪੁਸਤਕ ਹੱਥ ਲੱਗੀ ‘ਜੱਟਾ ਸ਼ਾਹੀ’। ਪੜ੍ਹੋਗੇ ਤਾਂ ਇੰਜ ਸੋਚੋਗੇ ਕਿ ਕਿਤੇ ਮੁੜ ‘ਜੱਟਾ ਸ਼ਾਹੀ’ ਆਵੇ। ਰੁਲਦੂ ਮਾਨਸਾ ਨੇ ਵਿਚੋਂ ਟੋਕਿਐ,..‘ਕਿਤਾਬਾਂ ਨੂੰ ਛੱਡੋ, ਏਹ ਤਾਂ ਜਨ ਅੰਦੋਲਨ ਐ, ਜਿਥੋਂ ਮਰਜ਼ੀ ਪੜ੍ਹ ਲਓ। ਅੱਗੇ ਵਧਦੇ ਹਾਂ। ਜਦੋਂ ਰਾਏਸੀਨਾ ਪਿੰਡ ਉਜਾੜਿਆ ਗਿਆ, ਕਿਸਾਨਾਂ ਤੋਂ ਖੇਤ ਖੋਹੇ, ਨਾਲੇ ਆਸਾਂ ਵੀ। ਕਿਸਾਨੀ ਸੁਪਨੇ ਨੀਂਹਾਂ ’ਚ ਦਬ ਗਏ, ਅੰਗਰੇਜ਼ਾਂ ਨੇ ਉਪਰ ‘ਵਾਇਸਰਾਏ ਪੈਲੇਸ’ ਬਣਾ’ਤਾ। ਹੁਣ ਇਹ ‘ਰਾਸ਼ਟਰਪਤੀ ਭਵਨ’ ਅਖਵਾਉਂਦੈ। ਕਿਤੇ ਰਾਏਸੀਨਾ ਪਿੰਡ ਆਲੀ ਨਾ ਹੋਵੇ, ਤਾਹੀਓਂ ਕਿਸਾਨ ਸਿੰਘੂ/ਟਿਕਰੀ ਬੈਠੇ ਨੇ, ਕੋਲ ਚਾਚਾ ਅਜੀਤ ਸਿੰਘ ਦੀ ਪੱਗ ਐ। ਹਕੂਮਤ ਨੇ ‘ਡੈਡਲਾਕ’ ਕੀਤੈ, ਚਾਬੀ ਲੈ ਕੇ ਪੱਛਮੀ ਬੰਗਾਲ ਜਾ ਬੈਠੀ। ਸਿਆਸੀ ਗੁਮਾਸ਼ਤੇ ਆਖਦੇ ਨੇ..‘ਏਹ ਤਾਂ ਕਿਸਾਨ ਹੀ ਨਹੀਂ।’

             ‘ਅਸੀਂ ਕੌਣ ਹਾਂ’ ਚਤਰ ਸਿੰਘ ਬੀਰ ਆਪਣੀ ਕਵਿਤਾ ’ਚ ਦੱਸਦੈ, ‘ਸਾਨੂੰ ਪਿੰਜਰੇ ਵਿਚ, ਜੇ ਕਿਸੇ ਪਾਇਆ, ਖੋਲ੍ਹੇ ਖੰਭ ਤੇ ਪਿੰਜਰੇ ਤੋੜ ਛੱਡੇ/ਅਸੀਂ ਉਹ ਹਾਂ, ਜਿਨ੍ਹਾਂ ਦੇ ਸੀਨਿਆਂ ਨੇ,  ਤਿੱਖੇ ਨੇਜ਼ਿਆਂ ਦੇ ਮੂੰਹ ਤੋੜ ਛੱਡੇ।’ ਸਿੰਘੂ ਸਟੇਜ ਤੋਂ  ਨਾਅਰਾ ਲੱਗਾ, ਪੰਡਾਲ ਗੂੰਜ ਉੱਠਿਆ। ਮਾਂ ਪੰਜਾਬ ਕੌਰ ਅੱਭੜਵਾਹੇ ਉੱਠੀ। ਟਰਾਲੀ ਚੋਂ ਬਾਹਰ ਝਾਤੀ ਮਾਰੀ, ਪੰਡਾਲ ਭਰਿਆ ਪਿਆ ਸੀ। ਸੁਪਨ ਸੰਸਾਰ ’ਚ ਗੁਆਚੀ ਮਾਂ ‘ਵਾਹਿਗੁਰੂ’ ਆਖ ਮੂੰਹ ਧੋਣ ਲੱਗ ਪਈ। ਸਪੇਨੀ ਬਾਬੇ ਆਖਦੇ ਹਨ ਕਿ ‘ਆਸ਼ਾਵਾਦੀ ਮਰਦਾ ਵੀ ਹੇਕਾਂ ਲਾਉਂਦਾ ਹੈ।’ ਪੈਲ਼ੀਆਂ ਵਾਲਿਆਂ ਦੇ ਵੀ ਸੁਰ ਮਿਲੇ ਨੇ। ਕਣਕਾਂ ਦੇ ਖੇਤ ਅਸੀਸਾਂ ਦੇ ਢੇਰ ਲਾ ਰਹੇ ਹਨ। ਦਿੱਲੀ ਦਾ ‘ਲੁਟੀਅਨ ਜ਼ੋਨ’ ਚਾਦਰ ਤਾਣ ਸੁੱਤਾ ਹੈ। ਮੰਡਾਸੇ ਬੰਨ੍ਹ ਕਿਸਾਨ ਉਤਰ ਦੱਖਣ ਤੁਰੇ ਨੇ, ਪਿੰਡੋਂ-ਪਿੰਡ, ਸ਼ਹਿਰੋ-ਸ਼ਹਿਰ, ਇੱਕੋ ਸਿਰੜ ਨਾਲ ਕਿ ਅਸ਼ਾਂਤ ਰੂਹਾਂ ਦੀ ਗਤੀ ਕਰਾਂਗੇ। ਦਸੌਂਧਾ ਸਿੰਘ ਜਦੋਂ ਕੁਝ ਬੋਲਦੈ, ਅੱਗਾ ਪਿੱਛਾ ਨਹੀਂ ਵੇਂਹਦਾ, ‘ਭਰਾਵੋ! ਜੋ ਮਰਜ਼ੀ ਕਰਿਓ ਪਰ ਮਲੋਟ ਆਲੀ ਨਾ ਕਰਿਓ।’ ਚਾਣਕਯ ਵੀ ਚੌਕਸ ਕਰ ਰਿਹੈ, ‘ਪਰਜਾ ਦਾ ਗੁੱਸਾ ਹਰ ਤਰ੍ਹਾਂ ਦੇ ਗੁੱਸੇ ਤੋਂ ਭਿਅੰਕਰ ਹੁੰਦਾ ਹੈ।’ ਨਾ ਮਨੋਹਰ ਖੱਟਰ ਨੇ ਗੌਰ ਕੀਤੀ, ਨਾ ਹੀ ਦੁਸ਼ਯੰਤ ਚੌਟਾਲਾ ਨੇ।

              ਨਾਰਦਮੁਨੀ ਮੌਸਮਾਂ ਦੇ ਹਾਲ ਦੱਸਦੈ, ‘ਬੱਦਲ ਪੰਜਾਬ ਤੋਂ ਚੜ੍ਹਿਐ, ਚਾਰੇ ਪਾਸੇ ਘਟਾ ਛਾਈ ਐ..ਦਿੱਲੀ ’ਚ ਗੜੇ ਵੀ ਪੈ ਸਕਦੇ ਨੇ। ਛੱਜੂ ਰਾਮ ਤੋਲ ਕੇ ਸਲਾਹ ਦਿੰਦੈ, ਕੁਰਸੀ ਪ੍ਰੇਮੀਓ! ਘੱਟੋ ਘੱਟ ਬੱਦਲਾਂ ਵੱਲ ਹੀ ਵੇਖ ਲਓ। ਡਰ ਅੱਗੇ ਭੂਤ ਚਾਹੇ ਨਾ ਵੀ ਨੱਚਣ, ਕੱਥਕ ਜ਼ਰੂਰ ਕਰਦੇ ਹੋਣਗੇ। ਡਰ ਦੇ ਥੋਕ ’ਚ ਕਿਸੇ ਨੇ ਖੱਟੀ ਖਾਧੀ, ਆਓ ਤੈਰਵੀਂ ਨਜ਼ਰ ਮਾਰੀਏ। ਲੰਘੇ ਚਾਰ ਸਾਲਾਂ ’ਚ, ਸੂਬਿਆਂ ’ਚ 405 ਵਿਧਾਇਕਾਂ ਨੇ ਆਪਣੇ ਸਿਆਸੀ ਦਲ ਛੱਡੇ, 182 ਨੇ ਭਾਜਪਾ ਜੁਆਇਨ ਕੀਤੀ। ਰਾਹੁਲ ਗਾਂਧੀ ਭਮੰਤਰਿਆ ਫਿਰਦੈ। ਕਾਕਾ ਰਾਹੁਲ ਦੀ ਦਾਦੀ ਦੇ ਜ਼ਮਾਨੇ ਵੇਲੇ, 1967-71 ਦੇ ਚਾਰ ਵਰ੍ਹਿਆਂ ’ਚ 1969 ਦਲ ਬਦਲੂ ਖੁੰਭਾਂ ਵਾਂਗੂ ਨਿਕਲੇ ਸਨ। ਥੱਲੇ ਧੜੱਮ ਕਰਕੇ 32 ਸਰਕਾਰਾਂ ਡਿੱਗੀਆਂ। 212 ਦਲ ਬਦਲੂਆਂ ਦੇ ਮੋਢੇ ’ਤੇ ਵਜ਼ੀਰੀ ਦੇ ਸਟਾਰ ਸਜੇ। ਦਿੱਲੀ ਦੀਆਂ ਬਰੂਹਾਂ ਤੇ ਜੋ ਗੱਜ ਰਹੇ ਹਨ, ਸਭ ਕਿਸਾਨਪੁਰੀ ਦੇ ਵਾਸੀ ਨੇ। ਨਾ ਕੁਰਸੀ ਦਾ ਲਾਲਚ, ਨਾ ਸਹੁੰ ਚੁੱਕਣ ਦਾ। ਖੇਤਾਂ ਦੀ ਲੋਈ ਬਚ ਜਾਏ, ਘਰ ਬਾਰ ਛੱਡੀ ਬੈਠੇ ਨੇ। ‘ਭਠਿ ਪਏ ਤੇਰੀ ਚਿੱਟੀ ਚਾਦਰ, ਚੰਗੀ ਫਕੀਰਾਂ ਦੀ ਲੋਈ।’ ਕਈ ਸੂਬਿਆਂ ਦੇ ਕਿਸਾਨ ਨੇ, ਭਾਸ਼ਾ ਅਲੱਗ, ਬੋਲੀ ਅਲੱਗ, ਪਹਿਰਾਵਾ ਵੱਖਰਾ, ਰੰਗ ਵੱਖਰਾ। ਬੱਸ ਧਰਮ ਇੱਕੋ ਕਿਸਾਨੀ ਦਾ ਹੈ। ਗੁਰਭਜਨ ਗਿੱਲ ਦੇ ਬੋਲ ਢੁਕਵੇਂ ਨੇ, ‘ਅਸੀਂ ਵਾਰਿਸ ਸ਼ਾਹ ਦੇ ਵਾਰਸ ਹਾਂ, ਤੇ ਨਾਨਕ ਦੀ ਸੰਤਾਨ ਵੀ ਹਾਂ/ ਅੱਜ ਕਿੱਦਾਂ ਏਹ ਗੱਲ ਭੁੱਲ ਜਾਈਏ, ਕਲਬੂਤ ਅਲੱਗ, ਇੱਕ ਜਾਨ ਵੀ ਹਾਂ।’

Saturday, April 3, 2021

                                                         ਬਿਜਲੀ ਸੋਧ ਬਿੱਲ
                                   ਕੇਂਦਰ ਵੱਲੋਂ ਮੁੜ ਝਟਕਾ ਦੇਣ ਦੀ ਤਿਆਰੀ
                                                          ਚਰਨਜੀਤ ਭੁੱਲਰ      

ਚੰਡੀਗੜ੍ਹ : ਕੇਂਦਰ ਸਰਕਾਰ ਨੇ ਮੁੜ ਬਿਜਲੀ (ਸੋਧ) ਬਿੱਲ-2020 ਨੂੰ ਠੰਢੇ ਬਸਤੇ ’ਚੋਂ ਕੱਢ ਲਿਆ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਸੂਬਿਆਂ ਤੋਂ ਇਨ੍ਹਾਂ ਸੋਧਾਂ ਬਾਰੇ ਮੁੜ ਸੁਝਾਅ ਲੈਣੇ ਸ਼ੁਰੂ ਕੀਤੇ ਹਨ ਤਾਂ ਜੋ ਸੰਸਦ ਦੇ ਅਗਲੇ ਸੈਸ਼ਨ ’ਚ ਬਿਜਲੀ ਸੋਧ ਬਿੱਲ ਨੂੰ ਲਿਆਂਦਾ ਜਾ ਸਕੇ। ਹਾਲਾਂਕਿ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗਾਂ ਦੌਰਾਨ ਬਿਜਲੀ ਸੋਧ ਬਿੱਲ ਨੂੰ ਸੰਸਦ ਵਿਚ ਨਾ ਲੈ ਕੇ ਆਉਣ ਬਾਰੇ ਰਜ਼ਾਮੰਦੀ ਜ਼ਾਹਿਰ ਕਰ ਦਿੱਤੀ ਸੀ। ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਬਿਜਲੀ ਸੋਧ ਬਿੱਲ ਬਾਰੇ ਬਿਆਨ ਵੀ ਜਾਰੀ ਕਰ ਦਿੱਤਾ ਸੀ। ਕੇਂਦਰੀ ਬਿਜਲੀ ਮੰਤਰਾਲੇ ਨੇ 19 ਮਾਰਚ ਨੂੰ ਬਿਜਲੀ ਸੋਧ ਬਿੱਲ ਬਾਰੇ ਹੋਈ ਮੀਟਿੰਗ ਦੀ ਕਾਰਵਾਈ ਜਾਰੀ ਕੀਤੀ ਹੈ। ਕੇਂਦਰੀ ਮੰਤਰਾਲੇ ਵੱਲੋਂ 17 ਫਰਵਰੀ ਨੂੰ ਸੂਬਾ ਸਰਕਾਰਾਂ ਨਾਲ ਬਿਜਲੀ ਸੋਧ ਬਿੱਲ ਬਾਰੇ ਸੁਝਾਅ ਲੈਣ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਕੀਤੀ ਗਈ। ਪੰਜਾਬ ਦੇ ਵਧੀਕ ਮੁੱਖ ਸਕੱਤਰ (ਪਾਵਰ) ਨੇ 25 ਮਾਰਚ ਨੂੰ ਕੇਂਦਰੀ ਬਿਜਲੀ ਮੰਤਰਾਲੇ ਨੂੰ ਪੱਤਰ ਲਿਖ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਕੇਂਦਰ ਦੇ ਇਨ੍ਹਾਂ ਬਿਜਲੀ ਸੁਧਾਰਾਂ ਦੇ ਪੱਖ ਵਿਚ ਨਹੀਂ ਹੈ ਜਿਸ ਕਰਕੇ ਪੰਜਾਬ ਦੇ ਦਰਜ ਪੱਖ ’ਚ ਸੋਧ ਕੀਤੀ ਜਾਵੇ।

           ਪੰਜਾਬ ਸਰਕਾਰ ਨੇ ਇਹ ਨੁਕਤਾ ਵੀ ਰੱਖਿਆ ਹੈ ਕਿ ਬਿਜਲੀ ਸੁਧਾਰਾਂ ਦਾ ਮਾਮਲਾ ਹਾਲੇ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਕੇਂਦਰੀ ਬਿਜਲੀ ਮੰਤਰਾਲੇ ਦੀ ਬਿਜਲੀ ਸੋਧ ਬਿੱਲ ਬਾਰੇ 17 ਫਰਵਰੀ ਨੂੰ ਹੋਈ ਮੀਟਿੰਗ ਵਿਚ ਪੰਜਾਬ ਵੱਲੋਂ ਵਧੀਕ ਮੁੱਖ ਸਕੱਤਰ (ਪਾਵਰ) ਅਤੇ ਪਾਵਰਕੌਮ ਦੇ ਸੀਐਮਡੀ ਸ਼ਾਮਲ ਹੋਏ ਸਨ। ਇਸ ਮੀਟਿੰਗ ਵਿਚ ਕੇਂਦਰ ਸਰਕਾਰ ਨੇ ਤਜਵੀਜ਼ਤ ਬਿਜਲੀ ਸੁਧਾਰਾਂ ਦੀ ਗੱਲ ਰੱਖੀ ਅਤੇ ਬਿਜਲੀ ਖੇਤਰ ਵਿਚ ਪਿਛਲੇ ਸਮੇਂ ਦੌਰਾਨ ਕੀਤੇ ਸੁਧਾਰਾਂ ਨੂੰ ਲੈ ਕੇ ਆਪਣੀ ਪਿੱਠ ਵੀ ਥਾਪੜੀ।ਕੇਂਦਰੀ ਮੀਟਿੰਗ ’ਚ ਬਿਜਲੀ ਮੰਤਰਾਲੇ ਦੇ ਅਧਿਕਾਰੀਆਂ ਨੇ ਧਿਆਨ ਬਿਜਲੀ ਵੰਡ ਦੇ ਖੇਤਰ ਵਿਚ ਸੁੁਧਾਰ ਕੀਤੇ ਜਾਣ ’ਤੇ ਕੇਂਦਰਤ ਰੱਖਿਆ ਜਿਸ ਤਹਿਤ ਬਿਜਲੀ ਵੰਡ ਦੇ ਕੰਮ ਨੂੰ ਪ੍ਰਾਈਵੇਟ ਹੱਥਾਂ ਵਿਚ ਦਿੱਤਾ ਜਾਣਾ ਹੈ। ਸੂਤਰਾਂ ਮੁਤਾਬਕ ਨਵੀਂ ਤਜਵੀਜ਼ ਤਹਿਤ ਪ੍ਰਾਈਵੇਟ ਕੰਪਨੀਆਂ ਖਪਤਕਾਰਾਂ ਤੱਕ ਬਿਜਲੀ ਪੁੱਜਦੀ ਕਰਨਗੀਆਂ। ਦੇਖਿਆ ਜਾਵੇ ਤਾਂ ਬਿਜਲੀ ਸੋਧ ਬਿੱਲ ਵਿਚ ਸਬਸਿਡੀ ਕਿਸਾਨਾਂ ਦੇ ਸਿੱਧੀ ਖਾਤਿਆਂ ਵਿਚ ਪਾਉਣ ਦਾ ਮਾਮਲਾ ਵੀ ਸ਼ਾਮਲ ਹੈ। ਬੀਕੇਯੂ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਆਖਦੇ ਹਨ ਕਿ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਖੁਦ ਇਹ ਰਜ਼ਾਮੰਦੀ ਦਿੱਤੀ ਸੀ ਕਿ ਬਿਜਲੀ ਸੋਧ ਬਿੱਲ ਨੂੰ ਸੰਸਦ ਵਿਚ ਨਹੀਂ ਲਿਆਂਦਾ ਜਾਵੇਗਾ।

            ਉਨ੍ਹਾਂ ਕਿਹਾ ਕਿ ਅਗਰ ਕੇਂਦਰ ਨੇ ਮੁੜ ਬਿਜਲੀ ਸੋਧ ਬਿੱਲ ’ਤੇ ਕਾਰਵਾਈ ਵਿੱਢੀ ਹੈ ਤਾਂ ਅਜਿਹਾ ਕਰਕੇ ਕੇਂਦਰ ਨੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਖੁਦ ਮੀਡੀਆ ਕੋਲ ਬਿਜਲੀ ਸੋਧ ਬਿੱਲ ਨਾ ਲੈ ਕੇ ਆਉਣ ਦੀ ਸਹਿਮਤੀ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਨੇ ਮੁੜ ਬਿਜਲੀ ਸੋਧ ਬਿੱਲ ਦਾ ਮਾਮਲਾ ਚੁੱਕ ਕੇ ਕਿਸਾਨਾਂ ਨਾਲ ਸਿੱਧਾ ਧੋਖਾ ਕੀਤਾ ਹੈ। ਪਾਵਰਕੌਮ ਦੇ ਸੀਐਮਡੀ ਏ. ਵੇਨੂੰ ਪ੍ਰਸਾਦ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੀ ਮੀਟਿੰਗ ਵਿਚ ਪੰਜਾਬ ਵੱਲੋਂ ਅਜਿਹੀ ਕੋਈ ਸਹਿਮਤੀ ਨਹੀਂ ਦਿੱਤੀ ਗਈ ਸੀ ਅਤੇ ਇਹ ਮਾਮਲਾ ਤਾਂ ਮੀਟਿੰਗ ’ਚ ਵਿਚਾਰਿਆ ਹੀ ਨਹੀਂ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰੀ ਬਿਜਲੀ ਮੰਤਰਾਲੇ ਨੂੰ ਪੱਤਰ ਲਿਖ ਕੇ ਆਖ ਦਿੱਤਾ ਗਿਆ ਹੈ ਕਿ ਕਾਰਵਾਈ ਰਿਪੋਰਟ ਦੇ ਲੜੀ ਨੰਬਰ 7(1) ’ਚ ਸੋਧ ਕੀਤੀ ਜਾਵੇ ਕਿਉਂਕਿ ਪੰਜਾਬ ਇਸ ਬਾਰੇ ਸਹਿਮਤ ਨਹੀਂ ਹੈ।