Monday, April 19, 2021

                                                           ਵਿਚਲੀ ਗੱਲ
                                                 ਫ਼ਰੀਦਾ ਤੁਰਿਆ ਚੱਲ..!
                                                         ਚਰਨਜੀਤ ਭੁੱਲਰ     

ਚੰਡੀਗੜ੍ਹ :  ਓਹ ਵੇਲਾ ਭਲਾ ਸੀ, ਲੋਕ ਖਰੇ ਸਨ, ਰੱਬ ’ਤੇ ਏਡਾ ਭਰੋਸਾ, ਜੇਡਾ ਬੁਰਜ ਖਲੀਫ਼ਾ। ਪਾਣੀ-ਝਾਰਾ ਕਹੋ, ਚਾਹੇ ‘ਛੋਟੀ ਮਾਤਾ’, ਸ਼ਹਿਰਾਂ ਵਾਲੇ ਚੇਚਕ ਆਖਦੇ। ਪਿੰਡ ਵਾਲੇ ਸਾਧ ਦਾ ਡੇਰਾ, ਪੀ.ਜੀ.ਆਈ ਲੱਗਦਾ। ਜਟਾਧਾਰੀ ਬਾਬਾ ਏਨਾ ਮਸ਼ਹੂਰ, ਜਿੰਨਾ ਨਰਿੰਦਰ ਮੋਦੀ। ਵੱਡੇ ਸਾਧ ਦੇ ਹਥੌਲ਼ੇ ਨਾਲ, ‘ਛੋਟੀ ਮਾਤਾ’ ਡੰਡੀ ਪੈ ਜਾਂਦੀ। ਬਹੁਤੇ ਚੇਚਕ ਦੇ ਸਤਾਏ, ਜਰਗ ਦੇ ਮੇਲੇ ਬਹੁੜਦੇ। ਕੋਈ ਮਲਵੈਣ ਨਹੀਂ ਭੁੱਲੀ, ਜਰਗ ਦੀ ਚੌਂਕੀ ਭਰਨੀ। ਮੇਲੇ ’ਚ ਪ੍ਰਤਾਪੀ ਖੋਤੇ ਵੀ ਖੜਦੇ, ਜਿਨ੍ਹਾਂ ਨੂੰ ਲੋਕ ਗੁਲਗੁਲੇ ਛਕਾਉਂਦੇ। ਅੱਗਿਓਂ ਖੋਤਾ ਹਿਣਕ ਪਵੇ, ਸਮਝੋ ਚੇਚਕ ਹੋ ਗਈ ਛੂ ਮੰਤਰ। ‘ਤੁਰੰਤ ਦਾਨ, ਫੌਰੀ ਕਲਿਆਣ।’ ਮਧੇ ਕੇ (ਮੋਗਾ) ਵਾਲੇ ਵੈਦ, ਅੱਜ ਚੇਤਿਆਂ ’ਚ ਵਸਦੇ ਨੇ। ਯੁੱਗਾਂ ਦੇ ਮੀਲ ਪੱਥਰ ਪੈੜਾਂ ਦੇ ਗਵਾਹ ਨੇ। ਲੰਮੇ ਕਦਮੀਂ ਸੋਕੜਾ ਆਇਆ, ਨਿੱਕੇ ਬੱਚੇ ਕਮਜ਼ੋਰ ਪੈਣ ਲੱਗੇ, ਵੈਦਾਂ ਨੇ ਲੱਖਾਂ ਬੱਚੇ ਸੁੱਕਣੋਂ ਬਚਾਏ। ਰਵਾਂਡਾ ਦਾ ਵਾਕ ਐ..‘ਏਹ ਜ਼ਰੂਰੀ ਨਹੀਂ, ਵੱਡੀ ਅੱਖ ਵਾਲੇ ਦੀ ਨਿਗ੍ਹਾ ਵੀ ਤਿੱਖੀ ਹੋਵੇ।’ ਫ਼ਰੀਦਾ ਤੁਰਿਆ ਤੁਰਿਆ ਚੱਲ..। ਅੱਗੇ ਖੜ੍ਹਾ ਮਹੀਨਾ ਕੱਤਕ, ਵਰ੍ਹਾ 1918 ਦਾ। ਪਲੇਗ ਤਾਂ ਗਿਰਝਾਂ ਵਾਂਗੂ ਪਈ। ਪੇਂਡੂ ‘ਕੱਤੇ ਦੀ ਬਿਮਾਰੀ’ ਆਖਦੇ। ਪਿੰਡ-ਸ਼ਹਿਰ, ਸ਼ਮਸ਼ਾਨ ਬਣ ਗਏ। ਲੋਕ ਦਮ ਲੈ ਲੈ ਲਾਸ਼ਾਂ ਢੋਂਦੇ।

              ਥਾਮਸ ਮਾਨ ਆਖਦੇ ਨੇ..‘ਬੰਦੇ ਦਾ ਮਰਨਾ ਆਪਣਾ ਮਸਲਾ ਨਹੀਂ ਹੁੰਦਾ, ਇਹ ਤਾਂ ਵਾਰਸਾਂ ਦਾ ਮਸਲਾ ਹੁੰਦੈ।’ ਕਿਸ ਵੇਲੇ ਦਮ ਲੈਂਦੇ ਵਾਰਸ। ਕਦੇ ਹੈਜ਼ੇ ਨੇ ਦਮੋਂ ਕੱਢੇ, ਕਦੇ ਟਾਈਫ਼ਾਈਡ ਨੇ। ਜ਼ਰੂਰ ਵਡੇਰਿਆਂ ਨੇ ਰੱਬ ਦੇ ਮਾਂਹ ਮਾਰੇ ਹੋਣਗੇ। ਖੋਜਾਂ ਵਾਲੇ ਯੁੱਗ ਆਏ, ਕੋਲ ਅਕਲਾਂ ਦੀ ਦੂਰਬੀਨ, ‘ਅਲਖ ਨਿਰੰਜਨ’ ਆਖ ਵਿਗਿਆਨੀ ਪਧਾਰੇ। ਪਿੱਛੇ ਪਿਛੇ ਦਬੇ ਪੈਰੀਂ ਵਾਇਰਸ ਆਏ। ਦੇਸ਼ ’ਚ ਹੋਏ ‘ਵਿਸ਼ਾਣੂ ਨਾਚ’ ਨੇ ਜਰਗ ਦੇ ਖੋਤੇ ਹਿਣਕਣੋਂ ਹਟਾ’ਤੇ। ਜ਼ਿੰਦਗੀ ਮਧੂ ਬਾਲਾ ਨਹੀਂ, ਪ੍ਰੇਮ ਚੋਪੜਾ ਵੀ ਹੈ। ਪ੍ਰਧਾਨ ਸੇਵਕ ਲੋਕ ਨਾਇਕ ਹੈ ਜਾਂ ਖਲਨਾਇਕ, ਨਵੇਂ ਮਹਿਮਾਨ ਕਰੋਨਾ ਤੋਂ ਪੁੱਛੋ। ਪੀਰਾਂ ਦੇ ਪੀਰ ਆਖਦੇ ਨੇ, ਬਈ! ਮੌਤ ਕਿਸੇ ਦੀ ਸਕੀ ਨਹੀਂ। ਭੇਤੀ ਨੇ ਕੰਨ ’ਚ ਦੱਸਿਐ, ਨਰੇਂਦਰ ਬਾਬੂ ਤੇ ਸ਼ਾਹ ਜੀ, ਸੁਰਮਾ ਦਿੱਲੀ ’ਚ ਬੈਠ ਪਾਉਂਦੇ ਨੇ, ਮਟਕਾਉਂਦੇ ਪੱਛਮੀ ਬੰਗਾਲ ’ਚ ਨੇ। ਪੰਜਾਬੀ ਗਾਣਾ ਐ..‘ਸੁਰਮਾ ਪੰਜ ਰੱਤੀਆਂ, ਪਾ ਕੇ ਮੋੜ ’ਤੇ ਖੜਦੀ।’ ਬਹਿਨੋਂ ਔਰ ਭਾਈਓ! ਤਾਹੀਂ ਦੇਸ਼ ਚੁਰਾਹੇ ’ਚ ਖੜ੍ਹੈ। ਕਰੋਨਾ ਮਹਾਂਮਾਰੀ, ਲੋਕਾਂ ਦੇ ਘਰਾਂ ’ਚ ਵੜੀ ਐ। ਦੇਖੋ ਤਾਂ ਸਹੀ, ਭਾਜਪਾਈ ਨੱਢਾ ਸਾਹਿਬ, ਬੰਗਾਲ ’ਚ ਕਿਵੇਂ ਰੋਡ ਸ਼ੋਅ ਕੱਢ ਰਹੇ ਨੇ, ਭੀੜਾਂ ਜੁੜੀਆਂ ਨੇ, ਭਾਵੇਂ ਕਰੋਨਾ ਬੀਡੀਂ ਜੁੜਿਐ, ਦੰਦੀਆਂ ਕੱਢਣੋਂ ਨਹੀਂ ਹਟ ਰਿਹੈ। ਉੱਤਰਾਖੰਡ ਦਾ ਮੁੱਖ ਮੰਤਰੀ, ਤੀਰਥ ਰਾਵਤ ਵਾਜਾਂ ਮਾਰ ਰਿਹੈ, ਜਿਵੇਂ ਜਰਗ ਦੇ ਮੇਲੇ ’ਚ ਖੜ੍ਹਾ ਹੋਵੇ, ‘ਕੁੰਭ ਮੇੇਲੇ ਆਓ, ਗੰਗਾ ਮਾਂ ਕਿਰਪਾ ਕਰੇਗੀ, ਤੁਸਾਂ ਇਸ਼ਨਾਨ ਕਰਨਾ, ਕਰੋਨਾ ਦੀ ਕੀ ਮਜਾਲ।’

              ਹਰਿਦੁਆਰ ਦੇ ਕੁੰਭ ਮੇਲੇ ’ਚ, 48 ਲੱਖ ਤੀਰਥ ਯਾਤਰੀ ਪੁੱਜੇ, ਗੰਗਾ ਮਈਆ ’ਕੱਲੀ ਕੀ ਕਰੇ.. ਪਾਪ ਧੋਣ ਵਾਲੇ ਲੱਖਾਂ। ਨਾਗੇ ਸਾਧਾਂ ਨੇ ਡੁਬਕੀ ਲਾਈ। ਡੁਬਕੀ ਵਾਲੇ 1700 ਜਣੇ ਕਰੋਨਾ ਪਾਜ਼ੇਟਿਵ ਨਿਕਲੇ। ਹਾਲੇ ਪੁਲੀਸ ਵਾਲਿਆਂ ਨੇ ਵੀ ਇਸ਼ਨਾਨ ਕਰਨੈ। ਇੰਜ ਲੱਗਦੈ, ਜਿਵੇਂ ਬਾਕੀ ਪਾਪ ਕਰੋਨਾ ਮਾਈ ਨਿਚੋੜੂ। ਭਵਸਾਗਰ ਦੇ ਤਾਰੂ, ਹੁਣ ਹਸਪਤਾਲਾਂ ’ਚ ਬਿਰਾਜਮਾਨ ਨੇ। ਡੁਡੇਕ ਲੂਈਸ ਸਮਝਾ ਰਹੇ ਨੇ.. ‘ਬਹੁਤੇ ਬੌਧਿਕ ਪੱਧਰ ’ਤੇ ਇਸ਼ਨਾਨਾਂ ਨਹੀਂ ਕਰਦੇ, ਨਾ ਕਦੇ ਦਿਮਾਗਾਂ ’ਤੇ ਚੜ੍ਹੀ ਸਦੀਆਂ ਪੁਰਾਣੀ ਮੈਲ ਧੋਂਦੇ ਨੇ।’ ਕਿਤਾਬਾਂ ਦੇ ਮੇਲਿਆਂ ’ਚ ਜਾਣ ਵਾਲੇ, ਕਦੇ ਕੁੰਭ ’ਤੇ ਨਹੀਂ ਜਾਂਦੇ।ਕੋਈ ਜੋਤਸ਼ੀ ਦੱਸ ਰਿਹੈ, ਨਰੇਂਦਰ ਭਾਈ ਕਿਤੇ ਕੁੰਭ ਨਹਾਉਂਦੇ, ਕਰੋਨਾ ਨੇ ਰਾਹ ਛੱਡਣੇ ਸਨ। ਕੁੰਭ ਇਸ਼ਨਾਨੀ, ਮਹਾਂ ਗਿਆਨੀ, ਐਤਕੀਂ ਅਨਪੜ੍ਹ ਨਿਕਲੇ। ਬੈਰਾਗੀ ਕਰੋਨਾ ਵਾਲਾ ਸਿਹਰਾ ਸੰਨਿਆਸੀ ਅਖਾੜੇ ਦੇ ਬੰਨ੍ਹ ਰਹੇ ਨੇ। ਸਾਧ ਦੀ ਭੂਰੀ ’ਤੇ ’ਕੱਠ ਐ। ਮੁਲਕ ਮੌਤ ਦੀ ਵਾਦੀ ਬਣਿਐ। ਕਿਤੇ ਲੌਕਡਾਊਨ, ਕਿਤੇ ਕਰਫਿਊ ਐ। ਪਰਵਾਸੀ ਮਜ਼ਦੂਰ ਮੁੜ ਤੁਰੇ ਨੇ, ਪੈਰਾਂ ’ਚ ਛਾਲੇ, ਅੱਖਾਂ ’ਚ ਛਲਕ ਐ। ਯਮਰਾਜ ਉਡੀਕ ਸੂਚੀ ਬਣਾਉਣ ਲੱਗਿਐ। ‘ਟੀਕਾ ਉਤਸਵ’ ਕਿਸ ਖੁਸ਼ੀ ’ਚ ਮਨਾਈਏ। ‘ਵੈਕਸੀਨ ਗੁਰੂ’ ਏਨਾ ਕੁ ਦੱਸਣ, ‘ਦੁੱਖਾਂ ਦੇ ਮੇਲੇ’ ਕਿਹੜੇ ਮੁਲਕ ਦੀ ਕਾਢ ਐ। ਰੋਜ਼ਾਨਾ ਸਵਾ ਦੋ ਲੱਖ ਨਵੇਂ ਮਰੀਜ਼ ਆਉਂਦੇ ਨੇ। ਜਿਧਰ ਵੇਖੋ, ਖ਼ੌਫ ਦਾ ਕੁੰਭ ਭਰਿਐ।

              ਲੌਗੋਂਵਾਲ ਵਾਲੇ ਸਾਧ ਵਾਂਗੂ, ਹਕੂਮਤ ਸਭ ਨੂੰ ਟਿੱਚ ਜਾਣਦੀ ਐ। ਅੰਮ੍ਰਿਤਾ ਪ੍ਰੀਤਮ ਦਾ ਅੰਦਾਜ਼ਾ ਠੀਕ ਐ..‘ ਸ਼ਰਾਫ਼ਤ ਇਨਸਾਨ ਦੀ ਤਬੀਅਤ ਵਿਚ ਹੁੰਦੀ ਹੈ, ਉਸ ਦੀ ਵਿਰਾਸਤ ਵਿਚ ਨਹੀਂ।’ ਓਧਰ ਵੀ ਦੇਖੋ, ਟੱਲਾਂ ਵਾਲੇ ਸਾਧ ਦਾ ਕ੍ਰਿਸ਼ਮਾ, ਪੈਰ ਚੱਕਰ ਐ, ਟਿਕ ਕੇ ਕਿਵੇਂ ਖੜ੍ਹਨ, ਮੂੰਹ ਸਿਰ ਬੰਨ੍ਹਿਐ। ਪਿੱਛੇ ਸੰਗਤ ਲਾਈ ਐ..। ‘ਭਾਰਤ ਦਰਸ਼ਨ’ ’ਤੇ ਨਿਕਲੇ ਨੇ। ਸ਼ੁਰੂਆਤ ਲਖਨਊ ਦੇ ਸਿਵਿਆਂ ਤੋਂ, ਕੋਈ ਅੰਗੀਠਾ ਖਾਲੀ ਨਹੀਂ, ਦਰੱਖਤਾਂ ਹੇਠ ਸਿਵੇ ਬਲ ਰਹੇ ਨੇ। ਹਸਪਤਾਲ ’ਚ ਬੈੱਡ ਨਹੀਂ, ਆਕਸੀਜਨ ਨਹੀਂ, ਸਿਵਿਆਂ ’ਚ ਜਗ੍ਹਾ ਨਹੀਂ। ਮੱਧ ਵਰਗ ਕਤਾਰਾਂ ’ਚ ਖੜ੍ਹੈ। ਲਖਨਊ ਦੇ ਜ਼ਿਲ੍ਹਾ ਜੱਜ (ਰਿਟਾ), ਟੱਲਾਂ ਵਾਲੇ ਸਾਧ ਨੂੰ ਦੱਸਦੇ ਪਏ ਨੇ, ਕਿਵੇਂ ਐਬੂਲੈਂਸ ਦੀ ਉਡੀਕ ’ਚ ਪਤਨੀ ਗੁਆ ਬੈਠਾ। ਕੋਈ ਹੁਣ ਲਾਸ਼ ਚੁੱਕਣ ਵਾਲਾ ਨਹੀਂ।

               ਅਗਲਾ ਪੜਾਅ ਸੂਰਤ ’ਚ ਕੀਤੈ। ਸੰਗਤਾਂ ਬਿਜਲਈ ਸ਼ਮਸ਼ਾਨ ਘਾਟ ਪੁੱਜੀਆਂ ਨੇ, ਜਿਥੇ ਚਿਮਨੀ ਪਿਘਲ ਗਈ, ਲਾਸ਼ਾਂ ਨਹੀਂ ਮੁੱਕੀਆਂ। ਛਤੀਸਗੜ੍ਹ ’ਚ ਕੂੜੇ ਵਾਲੀ ਗੱਡੀ ਦੇ ਦਰਸ਼ਨ ਵੀ ਕਰੋ, ਜਿਸ ’ਚ ਲਾਸ਼ਾਂ ਢੋਈਆਂ ਨੇ। ਗੁਜਰਾਤੀ ਡਾਕਟਰ ਦੇ ਵੀ ਧੰਨ ਹੋਵੋ, ਜਿਹਨੇ ਕਾਰ ਜ਼ਬਤ ਕਰਕੇ ਡੈੱਡ ਬਾਡੀ ਦਿੱਤੀ। ਗਾਜ਼ੀਆਬਾਦ ’ਚ ਟੱਲ ਖੜਕੇ ਨੇ। ਸੰਗਤਾਂ ਦੇ ਅੱਥਰੂ ਵਹਿ ਤੁਰੇ, ਅਰਥੀਆਂ ਦੀ ਲੰਮੀ ਕਤਾਰ ਵੇਖ। ਸਿਵਿਆਂ ਦਾ ਮੈਨੇਜਰ ਟੋਕਨ ਵੰਡ ਰਿਹੈ। ਭੋਪਾਲ ’ਚ ਸੰਸਕਾਰਾਂ ਲਈ ਵੀ ਸਿਫਾਰਸ਼ ਚੱਲੀ।ਨਾ ਜ਼ਿੰਦਗੀ ਨੂੰ ਹੱਕ ਮਿਲੇ, ਨਾ ਮੋਇਆਂ ਨੂੰ। ਕਾਸ਼! ਅੱਜ ਪਟਿਆਲੇ ਵਾਲੇ ਦਸੌਂਧੀ ਰਾਮ ਉਰਫ ਵੀਰ ਜੀ ਹੁੰਦੇ। ਕੋਈ ਲਾਸ਼ ਨਹੀਂਓ ਰੁਲਣੀ ਸੀ। ਬਰਾਤ ਤਿਆਰ ਬਰ ਤਿਆਰ ਸੀ, ਲਾੜਾ ਦਸੌਂਧੀ ਰਾਮ, ਰੇਹੜੀ ’ਤੇ ਲਾਸ਼ਾਂ ਢੋਈ ਜਾਵੇ। ਵੀਰ ਜੀ ਦੇ ਹੁੰਦੇ ਕਿਸੇ ਲਾਵਾਰਸ ਦੀ ਮਿੱਟੀ ਖਰਾਬ ਨਹੀਂ ਹੋਈ। ਗੱਦੀ ਵਾਲੇ ਵੀ ਹੈਰਾਨ ਨੇ, ਕਰੋਨਾ ਏਨਾ ਕਮੀਨਾ ਨਿਕਲੇਗਾ, ਸੋਚਿਆ ਨਹੀਂ ਸੀ। ਦੁਨੀਆ ਹਲਟ ਵਰਗੀ ਐ, ਭਰਿਆਂ ਨੇ ਖਾਲੀ, ਖਾਲੀਆਂ ਨੇ ਭਰਨਾ ਹੁੰਦੈ। ਚਾਣਕਯ ਦਾ ਲੱਖਣ ਸਹੀ ਐ.. ‘ਕਮਜ਼ੋਰ ਬੰਦਾ ਸਾਧੂ ਬਣਦੈ, ਗਰੀਬ ਬ੍ਰਹਮਚਾਰੀ ਹੁੰਦਾ ਹੈ, ਰੋਗੀ ਬੰਦਾ ਭਗਤ ਅਖਵਾਉਂਦੈ ਤੇ ਬੁੱਢੀ ਔਰਤ ਪਵਿੱਤਰ ਹੋ ਜਾਂਦੀ ਹੈ। ’

              ਟੱਲਾਂ ਵਾਲਾ ਸਾਧ ਫਰਜ਼ਾਂ ਦਾ ਪੱਕੈ। ਹੁਣ ਪੱਛਮੀ ਬੰਗਾਲ ਜਾ ਬਹੁੜਿਐ। ਸੰਗਤਾਂ ਨੂੰ ਦਿਖਾ ਰਿਹੈ, ਅਮਿਤ ਸ਼ਾਹ ਦੀ ਰੈਲੀ, ਨਾਲੇ ਮਮਤਾ ਦਾ ਜਲਸਾ। ਕੁਰਸੀ ਵੱਡੀ ਹੋਵੇ ਤਾਂ ਕਰੋਨਾ ਛੋਟਾ ਪੈਂਦੈ। ਐਵੇਂ ਜਾਨ ਕੌਣ ਤਲੀ ’ਤੇ ਰੱਖਦੈੈ। ਸਿਆਣੀ ਮੱਤ ਐ..‘ਜਦੋਂ ਨਾਨੀਆਂ ਦਾਦੀਆਂ ਬੋਲਦੀਆਂ ਹਨ ਤਾਂ ਧਰਤੀ ਦੇ ਜ਼ਖ਼ਮ ਭਰਨ ਲੱਗਦੇ ਨੇ।’ ਕਰੋਨਾ ਦੇ ਜ਼ਖ਼ਮ ਅੱਲੇ ਨੇ, ਤਾਹੀਂ ਬਜ਼ੁਰਗ ਘਰਾਂ ’ਚ ਕੈਦ ਚੁੱਪ ਬੈਠੇ ਨੇ।ਟੱਲਾਂ ਵਾਲਾ ਸਾਧ ਪੰਜਾਬ ਮੁੜਿਐ। ਧੂਣਾ ਬਲ ਰਿਹਾ ਐ, ਅੰਨੇ ਭਗਤ ਸਜੇ ਬੈਠੇ ਨੇ। ਸਾਧੂ ਸਮਝਾ ਰਹੇ ਨੇ, ਭਲਿਓ! ਮੁੱਖ ਮੰਤਰੀ ਤੋਂ ਸਿੱਖੋ। ਸਮਾਜਿਕ ਦੂਰੀ ਦਾ ਫ਼ਾਰਮੂਲਾ। ਕਰੋਨਾ ਤਾਂ ਕੱਲ ਆਇਐ, ਅਮਰਿੰਦਰ ਚਾਰ ਸਾਲਾਂ ਤੋਂ ਪਹਿਰਾ ਦੇ ਰਹੇ ਨੇ। ਪੰਜਾਬ ’ਚ ਨੌ ਮਣ ਨਹੀਂ, ਹਜ਼ਾਰਾਂ ਟਨ ਰੇਤ ਭਿੱਜੀ ਐ। ਖੇਤੀ ਕਾਨੂੰਨ ਜਦੋਂ ਤੋਂ ਜੰਮੇ ਨੇ, ਕਿਸਾਨੀ ਦਾ ਮਰਨਾ ਕੀਤੈ। ਕਿਸਾਨ ਅੰਦੋਲਨ ਦੇ ਹੈੱਡ ਗਰੰਥੀ, ਹੁਣ ਪ੍ਰਭਾਤ ਫੇਰੀਆਂ ’ਤੇ ਨੇੇ। ‘ਕਿਸੇ ਦੀ ਕਬਰ ’ਚ ਕੋਈਂ ਨਹੀਂ ਲੇਟਦਾ।’ ਪੰਜਾਬੀ ਤਾਂ ਜੰਮੇ ਹੀ ਲੇਟਣ ਲਈ ਨੇੇ। ਕਿਸਾਨਾਂ ਮਜ਼ਦੂਰਾਂ ਨੇ ਆਪਣੇ ਸੁੱਖ ਸੰਤੋਖ ਲਏ ਨੇ। ਕਾਨੂੰਨ ਤੇ ਕਰੋਨਾ ਤੋਂ ਖਹਿੜਾ ਸੁੱਟੇ, ਦਸੌਂਧਾ ਸਿੰਘ ਨੇ ਲਾਲਾਂ ਵਾਲੇ ਦਾ ਰੋਟ ਸੁੱਖਿਐ। ਵਾਢੀ ਕਾਹਦੀ ਸ਼ੁਰੂ ਹੋਈ, ਏਨੀ ਤੇਜ਼ ਹਨੇਰੀ ਜਿਵੇਂ ਬਠਿੰਡੇ ਵਾਲਾ ਦਿਓ ਆਇਆ ਹੋਵੇ। ਨੇਰੀਆਂ ਨੇ ਕੱਪੜੇ ਉਡਾ ਦਿੱਤੇ, ਟੱਲਾਂ ਵਾਲੇ ਸਾਧ ਦਾ ਮੂੰਹ ਨੰਗਾ ਹੋ ਗਿਆ। ਸੰਗਤਾਂ ਮੂੰਹ ਵੱਲ ਦੇਖ ਦੰਗ ਰਹਿ ਗਈਆਂ। ਹੈਰਾਨ ਪ੍ਰੇਸ਼ਾਨ ਸੰਗਤ ਇੱਕੋ ਸੁਰ ’ਚ ਬੋਲੀ.. ਔਹ ਛੱਜੂ ਰਾਮਾਂ ਤੂੰ..।

2 comments: