ਛੋਟੇ ਘਰ, ਵੱਡੇ ਦਿਲ
ਕਿਸਾਨੀ ਜੰਗ ਲਈ ਪੰਜਾਬ ਦਾ ਦਸਵੰਧ !
ਚਰਨਜੀਤ ਭੁੱਲਰ
ਚੰਡੀਗੜ੍ਹ : ‘ਦਿੱਲੀ ਮੋਰਚੇ’ ਲਈ ਪੰਜਾਬ ਦੇ ਛੋਟੇ ਘਰ ਹੁਣ ਵੱਡਾ ਦਿਲ ਦਿਖਾ ਰਹੇ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਛਿੜੀ ਜੰਗ ਲਈ ਹਰ ਕੋਈ ਦਸਵੰਧ ਕੱਢ ਰਿਹਾ ਹੈ। ਪੰਜਾਬ ’ਚ ਹਫ਼ਤੇ ਤੋਂ ਪਿੰਡਾਂ ’ਚ ਹਾੜ੍ਹੀ ਦਾ ਫੰਡ ਇਕੱਠਾ ਕਰਨ ਦੀ ਮੁਹਿੰਮ ਚੱਲੀ ਹੈ। ਕਿਸਾਨ ਧਿਰਾਂ ਨੇ ਘਰੋ-ਘਰੀ ਜਾ ਕੇ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ ਹੈ। ਕੋਈ ਨਗਦ ਰਾਸ਼ੀ ਅਤੇ ਕੋਈ ਕਣਕ ਦੇ ਰਿਹਾ ਹੈ। ਮਾਨਸਾ ਦੇ ਪਿੰਡ ਖੜਕ ਸਿੰਘ ਵਾਲਾ ’ਚ ਤਾਂ ਔਰਤਾਂ ਨੇ ਅੱਗੇ ਲੱਗ ਕੇ ਜਦੋਂ ਪਿੰਡ ’ਚ ਗੇੜਾ ਲਾਇਆ ਤਾਂ ਹਰ ਘਰ ਨੇ ਦਿੱਲੀ ਮੋਰਚੇ ਲਈ ਕਣਕ ਦਾਨ ਵਜੋਂ ਦਿੱਤੀ।ਬਠਿੰਡਾ ਦੇ ਪਿੰਡ ਪਿੱਥੋ ਦਾ ਮਗਨਰੇਗਾ ਮਜ਼ਦੂਰ ਪਿਆਰਾ ਸਿੰਘ ਕਿਸਾਨ ਆਗੂਆਂ ਨੂੰ ਜਦੋਂ ਫੰਡ ਦੇਣ ਦੀ ਜ਼ਿੱਦ ਕਰਨ ਲੱਗਾ ਤਾਂ ਉਸ ਤੋਂ ਕਿਸਾਨ ਆਗੂਆਂ ਨੇ ਸਿਰਫ 50 ਰੁਪਏ ਹੀ ਲਏ। ਇੱਥੋਂ ਦੇ ਦਿਹਾੜੀ ਕਰਦੇ ਮੁਸਲਿਮ ਵਿਅਕਤੀ ਮੁਗਰੀ ਲਾਲ ਨੇ ਮੂੰਹੋਂ ਮੰਗਿਆ ਫੰਡ ਦੇਣ ਦੀ ਇੱਛਾ ਜ਼ਾਹਰ ਕੀਤੀ ਪ੍ਰੰਤੂ ਕਿਸਾਨ ਆਗੂਆਂ ਨੇ ਸਿਰਫ ਇੱਕ ਸੌ ਰੁਪਏ ਲੈ ਕੇ ਹੀ ਖੁਸ਼ੀ ਪ੍ਰਾਪਤ ਕੀਤੀ। ਮਾਨਸਾ ਦੇ ਪਿੰਡ ਭੈਣੀ ਬਾਘਾ ਦਾ ਕੁਲਵੰਤ ਸਿੰਘ ਖੁਦਕੁਸ਼ੀ ਕਰ ਗਿਆ ਸੀ ਅਤੇ ਉਸ ਦੀ ਵਿਧਵਾ ਜਸਵੀਰ ਕੌਰ ਨੇ ਕਿਸਾਨ ਮੋਰਚੇ ’ਚ ਸੀਰ ਪਾਉਣ ਲਈ 300 ਰੁਪਏ ਨਗਦ ਦਿੱਤੇ।
ਇਵੇਂ ਜਵਾਹਰਕੇ ਪਿੰਡ ਦੀ ਵਿਧਵਾ ਸਰਬਜੀਤ ਕੌਰ ਖੁਦ ਢਾਈ ਏਕੜ ਦੀ ਖੇਤੀ ਕਰਦੀ ਹੈ। ਉਸ ਨੇ 40 ਕਿਲੋ ਕਣਕ ਬਤੌਰ ਫੰਡ ਕਿਸਾਨ ਧਿਰ ਨੂੰ ਆਵਾਜ਼ ਮਾਰ ਕੇ ਚੁਕਾਈ। ਬੀਕੇਯੂ (ਉਗਰਾਹਾਂ) ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਦਿੱਲੀ ਮੋਰਚੇ ਕਰਕੇ ਜਥੇਬੰਦੀ ਨੂੰ ਪਿੰਡਾਂ ਵਿਚ ਐਤਕੀਂ ਦੁੱਗਣਾ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ’ਚ ਇਸ ਗੱਲੋਂ ਜੋਸ਼ ਹੈ ਕਿ ਦਿੱਲੀ ਮੋਰਚੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ।ਬਠਿੰਡਾ ਦੇ ਪਿੰਡ ਕੋਠਾ ਗੁਰੂ ਦਾ ਡੇਢ ਏਕੜ ਦੇ ਮਾਲਕ ਕਿਸਾਨ ਮਹਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਇੱਕ ਹਜ਼ਾਰ ਰੁਪਏ ਦਾ ਫੰਡ ਸਮੇਤ 20 ਕਿਲੋ ਕਣਕ ਦਿੱਤਾ। ਨੌਜਵਾਨ ਆਗੂ ਗੁਰਪ੍ਰੀਤ ਸਿੰਘ ਕੋਠਾ ਗੁੁਰੂ ਨੇ ਦੱਸਿਆ ਕਿ ਪਿੰਡ ’ਚ ਇੱਕ ਵੀਰਪਾਲ ਮਹੰਤ ਨੇ ਇੱਕ ਬੋਰੀ ਕਣਕ ਅਤੇ 100 ਰੁਪਏ ਦਾ ਫੰਡ ਦਿੱਤਾ। ਇਸ ਤੋਂ ਇਲਾਵਾ ਪਿੰਡ ਮਾਈਸਰਖਾਨਾ ਦੇ ਦੋ ਕਿਸਾਨ ਦਿੱਲੀ ਮੋਰਚੇ ਵਿਚ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੇ ਪਰਿਵਾਰਾਂ ਨੇ ਕਿਸਾਨ ਮੋਰਚੇ ’ਚ ਸੀਰ ਪਾਉਣ ਲਈ ਦਸ ਦਸ ਹਜ਼ਾਰ ਦਾ ਫੰਡ ਦਿੱਤਾ ਹੈ। ਮੁਕਤਸਰ ਜ਼ਿਲ੍ਹੇ ਦੇ ਪਿੰਡ ਕਿੱਲਿਆਂਵਾਲੀ ’ਚ ਸਿਰਫ ਛੇ ਕਨਾਲ ਜ਼ਮੀਨ ਦੇ ਮਾਲਕ ਨੇ ਦੋ ਬੋਰੀਆਂ ਕਣਕ ਕਿਸਾਨ ਜਥੇਬੰਦੀ ਨੂੰ ਫੰਡ ਵਜੋਂ ਦਿੱਤੀਆਂ ਹਨ।
ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰ ਤਾਂ ਵਿੱਤੋਂ ਬਾਹਰ ਜਾ ਕੇ ਵੀ ਫੰਡ ਦੇ ਰਹੇ ਹਨ। ਫਾਜ਼ਿਲਕਾ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਲਾਲਾਬਾਦ ਹਲਕੇ ਵਿਚ ਲੋਕ ਦਿੱਲੀ ਮੋਰਚੇ ਲਈ ਕਣਕ ਦੇ ਰਹੇ ਹਨ। ਮੌੜ ਹਲਕੇ ਦੇ ਪਿੰਡ ਘੁੰਮਣ ਕਲਾਂ ’ਚ ਇੱਕ ਡੇਰੇ ਦੇ ਪ੍ਰਬੰਧਕਾਂ ਨੇ ਫੈਸਲਾ ਹੀ ਕੀਤਾ ਹੈ ਕਿ ਉਹ ਜੋ ਇਮਾਰਤ ਦੇ ਨਿਰਮਾਣ ਲਈ ਪਿੰਡ ’ਚੋਂ ਚੰਦਾ ਇਕੱਠਾ ਕਰਦੇ ਹਨ, ਉਹ ਐਤਕੀਂ ਨਹੀਂ ਕਰਨਗੇ ਬਲਕਿ ਸਾਰੀ ਰਾਸ਼ੀ ਦਿੱਲੀ ਮੋਰਚੇ ਨੂੰ ਇਕੱਠੀ ਕਰਕੇ ਦੇਣਗੇ। ਇਸ ਪਿੰਡ ਦੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਵੀ ਗੁਰੂ ਦੀ ਗੋਲਕ ’ਚੋਂ ਕਰੀਬ 22 ਹਜ਼ਾਰ ਰੁਪਏ ਦਾ ਦਾਨ ਕੱਢ ਕੇ ਦਿੱਲੀ ਮੋਰਚੇ ਲਈ ਭੇਜਿਆ ਹੈ। ਇਵੇਂ ਹੀ ਮੌੜ ਹਲਕੇ ਦੇ ਇੱਕ ਪਿੰਡ ਦੇ 32 ਫੌਜੀ ਜਵਾਨਾਂ ਨੇ ਆਪਣੀ ਇੱਕ ਮਹੀਨੇ ਦੀ ਅੱਧੀ ਤਨਖਾਹ ਕਿਸਾਨ ਧਿਰਾਂ ਨੂੰ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਲੋਕਾਂ ਨੇ ਦਿਲ ਖੋਲ੍ਹੇ: ਨਰਾਇਣ ਦੱਤ
ਬੀਕੇਯੂ ਡਕੌਂਦਾ ਵੱਲੋਂ ਵੀ ਹਫਤੇ ਤੋਂ ਜ਼ਿਲ੍ਹਾ ਬਰਨਾਲਾ ਵਿਚ ਫੰਡ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਨਕਲਾਬੀ ਆਗੂ ਨਰਾਇਣ ਦੱਤ ਨੇ ਦੱਸਿਆ ਕਿ ਇਸ ਵਾਰ ਦਿੱਲੀ ਘੋਲ ਕਰਕੇ ਫੰਡ ਪਹਿਲਾਂ ਨਾਲੋਂ ਦੁੱਗਣਾ ਇਕੱਠਾ ਹੋ ਰਿਹਾ ਹੈ। ਪਤਾ ਲੱਗਾ ਹੈ ਕਿ ਆਉਂਦੇ ਦਿਨਾਂ ਵਿਚ ਬਾਕੀ ਕਿਸਾਨ ਧਿਰਾਂ ਵੱਲੋਂ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਦਿੱਲੀ ਘੋਲ ਵਿਚ ਕਿਸਾਨ ਧਿਰਾਂ ਦੇ ਖਰਚੇ ਇਕਦਮ ਵਧ ਗਏ ਹਨ ਜਿਨ੍ਹਾਂ ਦੀ ਪੂਰਤੀ ਲਈ ਪੰਜਾਬ ਦੇ ਲੋਕਾਂ ਨੇ ਦਿਲ ਖੋਲ ਦਿੱਤੇ ਹਨ। ਇਹ ਵੀ ਪਤਾ ਲੱਗਾ ਹੈ ਕਿ ਦਿੱਲੀ ਮੋਰਚੇ ਵਿਚ ਕਾਫੀ ਲੋਕ ਗੁਪਤ ਦਾਨ ਵਜੋਂ ਵੀ ਫੰਡ ਦੇ ਰਹੇ ਹਨ।
Very Good bhuller sahib,
ReplyDelete
ReplyDeleteਬਹੁਤ ਵਧੀਆ ਸਹਿਯੋਗ ਦੇ ਰਹੇ ਹਨ ਪੰਜਾਬ ਦੇ ਪਿੰਡਾਂ ਦੇ ਸਾਰੇ ਲੋਕ ,ਬਹੁਤ ਵਧੀਆ ਜਾਣਕਾਰੀ ਦਿੱਤੀ ਭੁੱਲਰ ਜੀ ਨੇ ਇਸ ਤਰ੍ਹਾਂ ਹੀ ਹੋਰ ਲੋਕਾਂ ਨੂੰ ਵੀ ਸਹਾਇਤਾ ਕਰਨ ਵਿੱਚ ਯੋਗਦਾਨ ਪਾਉਣ ਦਾ ਹੌਸਲਾ ਤੇ ਮਨ ਬਣਦਾ ਹੈ।
ਗਰੀਬਾਂ ਬਾਰੇ ਵੀ ਸੋਚੀਏ ਅੱਜ ਸੋਸ਼ਲ ਮੀਡੀਆ ਤੇ ਝੋਨੇ ਦੀ ਲਵਾਈ ਲਈ ਪੰਚਾਇਤ ਵਲੋਂ 3200/ ਰੁਪਏ ਤੋਂ ਵੱਧ ਨਾ ਦੇਣ ਦਾ ਫੈਸਲਾ ਪੋਸਟ ਹੋ ਰਿਹਾ ਹੈ।
ReplyDeleteਉਹਨਾਂ ਗਰੀਬਾਂ ਬਾਰੇ ਵੀ ਸੋਚੀਏ।
ਇਸ ਤੋਂ ਪਤਾ ਲੱਗਦਾ ਹੈ ਕੇ ਕਿੰਨੇ ਲੋਕ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਹਨ ਅਤੇ ਮੋਦੀ ਸਰਕਾਰ ਕਹਿ ਰਹੀ ਹੈ ਕਿ ਵਿਰੋਧੀ ਧਿਰ ਦੇ ਉਕਸਾਏ ਹੋਏ ਮੁੱਠੀ ਭਰ ਲੋਕ ਕਾਲੇ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੇ ਬਾਡਰਾਂ ਤੇ ਬੈਠੇ ਹਨ। ਅਸਲੀਅਤ ਇਹ ਹੈ ਕਿ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਗਿਆ ਹੈ ਅਤੇ ਹਰ ਕੋਈ ਇਸ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ
ReplyDelete