Monday, April 5, 2021

                                                            ਵਿਚਲੀ ਗੱਲ
                                                 ਨਿੱਕੇ ਨਿੱਕੇ ਅਬਦਾਲੀ..!
                                                          ਚਰਨਜੀਤ ਭੁੱਲਰ                

ਚੰਡੀਗੜ੍ਹ : ਏਹ ਜੂਹਾਂ ਵਾਲੇ, ਪ੍ਰੇਸ਼ਾਨ ਅਸ਼ਾਂਤ ਰੂਹਾਂ ਤੋਂ ਨੇ। ਕੋਈ ਪੰਡਤ ਮਿਲੇ ਤਾਂ ਸਹੀ। ਟਿਕਰੀ ਵਿਹੜੇ ਵੀ ਭਾਗ ਲੱਗਣ। ਫੇਰ ਦੇਖਿਓ, ਬੇਬੇ ਪੋਚਾ ਲਾਊ, ਨਾਲੇ ਚਰਨੀਂ ਹੱਥ, ਬਾਪੂ ਜਲ ਛਕਾਊ। ਖੀਰਾਂ ਦਾ ਲੰਗਰ ਦੇਖ, ਦੇਵਤਾ ਧੰਨ ਹੋ ਜਾਊ। ‘ਖਾਧਾ ਪੀਤਾ ਲਾਹੇ ਦਾ..ਬਾਕੀ ‘ਆਨੀ ਬਾਨੀ’ ਦਾ! ਅੰਨਦਾਤੇ ਦੀ ਦਾਤ ਵੱਡੀ, ਉਸ ਤੋਂ ਵੱਡੀ ਅਰਦਾਸ। ‘ਹਾਲੀ ਪਾਲੀ ਦੇ ਨਾਂ, ਚਿੜੀ ਜਨੌਰ ਦੇ ਨਾ, ਰਾਹੀ ਪਾਂਧੀ ਦੇ ਨਾ..।’ ਦਿੱਲੀ ਦੀ ਨਿਆਈਂ ’ਚ, ਖੇਤਾਂ ਦਾ ਹਲ਼, ਔੜਾਂ ਭੰਨਣ ਆਇਐ।‘ਜਾਗੋ ਜਾਗੋ ਬੰਦਿਓ, ਨੀਂਦ ਨਾਲ ਨਾ ਕਰੋ ਪਿਆਰ/ ਜੈਸਾ ਸੁਪਨਾ ਰੈੈਣ ਦਾ, ਤੈਸਾ ਇਹ ਸੰਸਾਰ।’ ਜਦ ਖੇਤੀ ਕਾਨੂੰਨਾਂ ਨੇ ਪੈਲ ਪਾਈ, ਤਰੇਲੀ ਧਰਤੀ ਹੇਠਲੇ ਬੌਲਦ ਨੂੰ ਆਈ, ਸਿੰਗ ਸੰਸਦ ਵਿੱਚੋਂ ਜਾ ਨਿਕਲੇ। ਭਾਜਪਾਈ ਕੇਰਾਂ ਤਾਂ ਕੁਰਸੀਆਂ ਨੂੰ ਚਿੰਬੜੇ। ਇੰਜ ਬੌਲਦ ਨੇ ਧਰਤ ਹਿਲਾਈ, ਭੁਚਾਲ ਦਾ ਕੇਂਦਰ ਧੁਰਾ ਪੰਜਾਬ ਰਿਹਾ। ਧਰਤੀ ਦੇ ਜਾਏ, ਅੱਕੇ-ਅਕਾਏ, ਪੰਜਾਬ ਨੂੰ ਦਿੱਲੀ ਚੁੱਕ ਲਿਆਏ। ਨਗਾਰਾ-ਏ-ਤਖ਼ਤ, ਪੰਜਾਬ ਨੂੰ ਜਗਾ ਗਿਆ, ਸੋਚਾਂ ਤੋਂ ਜਾਲੇ ਲਾਹ ਸੁੱਟੇ। ਔਹ ਮਾਂ ਪੰਜਾਬ ਕੌਰ, ਸਿੰਘੂ ਸੀਮਾ ’ਤੇ ਡਟੀ ਐ, ਸਾਢੇ ਚਾਰ ਮਹੀਨੇ ਤੋਂ। ‘ਰੱਬ ਜਿਨ੍ਹਾਂ ਨੂੰ ਰੱਖਸੀ, ਰਹਿਣ ਕਿੱਲੀ ਦੇ ਸੰਗ।’ ਏਹ ਬੇਬੇ ’ਕੱਲੀ ਨਹੀਂ, ਪੁੱਤ ਪੋਤੇ ਵੀ ਅੰਗ ਸੰਗ ਨੇ।

            ਪੋਤਿਆਂ ਨੂੰ ਬਾਤਾਂ ਪਾਉਂਦੀ, ਬੇਬੇ ਪੰਜਾਬ ਕੌਰ ਕਿਹੜੇ ਵੇਲੇ ਸੌਂ ਗਈ, ਪਤਾ ਨਹੀਂ ਚੱਲਿਆ। ਸੁਪਨ ਸੰਸਾਰ ’ਚ ਹੀ  ਗੁਆਚ ਗਈ। ਪਿੰਡ ਸਿੰਘੂ ਦੇ ਖੇਤਾਂ ’ਚ, ਸਭ ਮਾਈ-ਭਾਈ ਨੇ, ਪਰਵਰਦਿਗਾਰ ਧਿਆ ਕੇ, ਇੱਟਾਂ ਦੀ ਵੱਡੀ ਮਟੀ ਬਣਾਈ। ਹਰਦੁਆਰੀ ਪੰਡਤ ਕੋਲ ਨੇ, ਗਲ ’ਚ ਪੱਲੂ ਐ। ਕਲੀ ਕੂਚੀ ਵੀ ਕਰਕੇ, ਪੰਜ ਭੂਤੀ ਸਰੀਰਾਂ ਨੇ ਮਟੀ ਨੂੰ ਲੱਸੀ ਨਾਲ  ਇਸ਼ਨਾਨਾ ਕਰਾਇਐ। ਪੰਜਾਬ ਕੌਰ ਨੇ ਪਾਸਾ ਲਿਐ, ਸੁਪਨ ਲੜੀ ਟੁੱਟ ਨਹੀਂ ਰਹੀ। ਖੇਤ ’ਚ ਮਜਮਾ ਭਰਿਐ, ਪੰਡਤ ਅਸ਼ਾਂਤ ਰੂਹਾਂ ਦੇ ਦਰਸ਼ਨ-ਏ-ਦੀਦਾਰੇ ਕਰਾ ਰਹੇ ਨੇ।ਦੇਵਤਾ ਜੀ! ਔਹ ਕੌਣ ਐ ਭਲਾ। ਭਲਿਓ! ਏਹ ਅਬਦਾਲੀ ਦੀ ਰੂਹ ਐ। ਸਭਨਾਂ ਦੇ ਹੋਸ਼ ਉੱਡ ਗਏ, ਜਦੋਂ ਏਸ ਸਰਾਪੀ ਰੂਹ ਦਾ ਅਮਿਤ ਸ਼ਾਹ ਦੇ ਚਰਨਾਂ ’ਚ ਨਿਵਾਸ ਦੇਖਿਆ। ਏਹ ਮਹਿਫਲ-ਏ-ਰੰਗ ਵੇਖ, ਜੋਗਿੰਦਰ ਉਗਰਾਹਾਂ ਬੋਲੇ, ‘ਹੱਛਾ ਹੱਛਾ..ਵੱਡਿਆਂ ਨੂੰ ਨਿੱਕੇ ਨਿੱਕੇ ਟੱਕਰਗੇ।’ ਪੱਛਮੀ ਬੰਗਾਲ ’ਚ ਜੈ ਸ੍ਰੀ ਰਾਮ ਦੀ ਗੂੰਜ ਪਈ ਐ। ਯੂਪੀ ਵਾਲੇ ਯੋਗੀ ਭਖੇ ਹੋਏ ਬੋਲੇ..‘ਰਾਮ ਧ੍ਰੋਹੀ ਹੈ ਮਮਤਾ’। ਹੁਣ ਆਈ ਐ ਦੀਦੀ ਚੇਤੇ।

            ‘ਦੀਨ-ਏ-ਇਲਾਹੀ’ ਅਕਬਰ ਦੀ ਰੂਹ ਵੀ ਬਹੁਤ ਤੜਫੀ ਹੋਏਗੀ। ਡਾ. ਅਬਰਾਹਮ ਟੀ ਕਾਵੂਰ ਦੀ ਕਿਤਾਬ ‘ਦੇਵ ਦੈਂਤ ਤੇ ਰੂਹਾਂ’ ਨਾਲ, ਹਰਿਦੁਆਰ ਭੋਰਾ ਸਹਿਮਤ ਨਹੀਂ। ਰਾਜੇਵਾਲ ਜੀ! ਤੁਸਾਂ ਦੱਸੋ, ਜੇ ਜਿਊਂਦੇ ਜੀਅ ਗਤੀ ਹੁੰਦੀ ਤਾਂ ਰੂਹਾਂ ਕਿਉਂ ਭਟਕਦੀਆਂ। ਮੁਗਲਾਂ ਦੀ ਰੂਹ, ਖਾਨ ਬਹਾਦਰ, ਰਾਏ ਬਹਾਦਰ ਦੀ ਰੂਹ ਵੀ ਭਟਕ ਰਹੀ ਐ। ਐਮ.ਪੀ ਭਗਵੰਤ ਮਾਨ ਆਖਦੈ, ਦਿੱਲੀ ਦੇ ਲੈਫਟੀਨੈਂਟ ਗਵਰਨਰ ’ਚ, ਵਾਇਸਰਾਏ ਦੀ ਰੂਹ ਪ੍ਰਗਟ ਹੋਈ ਐ। ਵਾਇਸਰਾਏ ਵਾਲੇ ਪੁਰਾਣੇ ਬੰਗਲੇ ’ਚ, ਹੁਣ ਦਿੱਲੀ ਦਾ ਲਫਟੈਨ ਰਹਿੰਦੈ। ਰੂਹਾਂ ਵਾਂਗੂ, ਗੱਲ ਵੀ ਹੋਰ ਪਾਸੇ ਭਟਕੀ ਐ, ਮਾਂ ਪੰਜਾਬ ਕੌਰ ਦਾ ਸੁਪਨਾ ਚਲੋ ਚਾਲ ਐ..।ਸੁਪਨ-ਖਟੋਲੇ ’ਚ ਚੜ੍ਹ, ਬੇਬੇ ਦਿੱਲੀ ਦੀ ਪਰਿਕਰਮਾ ਕਰ ਆਈ। ਔਰੰਗਜ਼ੇਬ ਰੋਡ ’ਤੇ ਔਰੰਗੀ ਰੂਹ ਵੇਖੀ, ਤੁਗਲਕ ਰੋਡ ’ਤੇ ਤੁਗਲਕੀ ਫ਼ਰਮਾਨ ਦੇਖੇ, ਓਧਰ ਨਾਦਰ ਸ਼ਾਹ ਦੀ ਰੂਹ ਵੀ ਵੇਖੀ, ਸਿਰ ’ਤੇ ਤਖਤੇ ਤਾਊਸ ਚੁੱਕਿਆ ਸੀ। ਨਾਦਰੀ ਰੂਹ ਕਾਰਪੋਰੇਟਾਂ ਦਾ ਮੱਥਾ ਚੁੰਮਦੀ ਵੀ ਵੇਖੀ। ‘ਔਰੰਗੇ ਦਾ ਰੰਗ ਬੁਰਾ, ਮੁਹੰਮਦੇ ਦਾ ਢੰਗ ਬੁਰਾ।’ ਸੂਬੇਦਾਰ ਮੀਰ ਮਨੂੰ ਦੀ ਰੂਹ ‘ਦੇਸ਼ ਭਗਤਾਂ’ ਦੇ ਪੈਰ ਨਹੀਂ ਛੱਡ ਰਹੀ। ਗ਼ਜ਼ਨਵੀ ਰੂਹ ਬਾਘੀਆਂ ਪਾ ਰਹੀ ਸੀ। 

            ‘ਗੋਰਾ ਆਦਮੀ ਕਦੇ ਯੂਰਪ ਨਹੀਂ ਭੁੱਲਦਾ।’ ਮਲਿਕਾ ਦੀ ਰੂਹ ਬੱਘੀ ’ਚ ਬੈਠੀ ਰਹੀ। ਖੇਤੀ ਕਾਨੂੰਨ ਪਾਸ ਹੋ ਗਏ, ਵਾਪਸ ਚਲੀ ਗਈ। ਆਸਕਰ ਵਾਈਲਡ ਦਾ ਪ੍ਰਵਚਨ ਐ.. ‘ਕੁਝ ਲੋਕਾਂ ਦੇ ਆਉਣ ਨਾਲ ਖੁਸ਼ੀ ਦਾ ਮਾਹੌਲ ਬਣਦੈ, ਕੁਝ ਲੋਕਾਂ ਦੇ ਜਾਣ ਮਗਰੋਂ ਇੰਝ ਹੋ ਜਾਂਦੈ।’ ਅੱਧੀ ਰਾਤ ਹੋ ਚੱਲੀ ਐ, ਬੇਬੇ ਪੰਜਾਬ ਕੌਰ ਦੇ ਸੁਪਨੇ ਨਹੀਂ ਟੁੱਟ ਰਹੇ। ਉਸ ਨੂੰ ਆਪਣੀ ਮਾਂ ਚੇਤੇ ਆਈ ਐ। ਝੁਰੜੀਆਂ ਵਾਲਾ ਚਿਹਰਾ, ਹੱਥ ’ਚ ਕੰਧੂਈ ਐ, ਤੋਪੇ ਲਾ ਕੇ ਜ਼ਿੰਦਗੀ ਸੰਵਾਰ ਰਹੀ ਐ। ਪੰਜਾਬ ਕੌਰ ਨੇ ਪੁਕਾਰ ਪਾਈ, ‘ਮਾਂ! ਇੱਧਰ ਵੀ ਵੇਖ, ਤੇਰੇ ਕਿਸਾਨ ਪੁੱਤਾਂ ਦੀ ਲਗਾਰ ਹੋਈ ਜ਼ਿੰਦਗੀ।’ ਰੋਪੜੀਏ ਲੇਖਕ ਸਵਰਨ ਬੈਂਸ ਦੀ ਪੁਸਤਕ ਹੱਥ ਲੱਗੀ ‘ਜੱਟਾ ਸ਼ਾਹੀ’। ਪੜ੍ਹੋਗੇ ਤਾਂ ਇੰਜ ਸੋਚੋਗੇ ਕਿ ਕਿਤੇ ਮੁੜ ‘ਜੱਟਾ ਸ਼ਾਹੀ’ ਆਵੇ। ਰੁਲਦੂ ਮਾਨਸਾ ਨੇ ਵਿਚੋਂ ਟੋਕਿਐ,..‘ਕਿਤਾਬਾਂ ਨੂੰ ਛੱਡੋ, ਏਹ ਤਾਂ ਜਨ ਅੰਦੋਲਨ ਐ, ਜਿਥੋਂ ਮਰਜ਼ੀ ਪੜ੍ਹ ਲਓ। ਅੱਗੇ ਵਧਦੇ ਹਾਂ। ਜਦੋਂ ਰਾਏਸੀਨਾ ਪਿੰਡ ਉਜਾੜਿਆ ਗਿਆ, ਕਿਸਾਨਾਂ ਤੋਂ ਖੇਤ ਖੋਹੇ, ਨਾਲੇ ਆਸਾਂ ਵੀ। ਕਿਸਾਨੀ ਸੁਪਨੇ ਨੀਂਹਾਂ ’ਚ ਦਬ ਗਏ, ਅੰਗਰੇਜ਼ਾਂ ਨੇ ਉਪਰ ‘ਵਾਇਸਰਾਏ ਪੈਲੇਸ’ ਬਣਾ’ਤਾ। ਹੁਣ ਇਹ ‘ਰਾਸ਼ਟਰਪਤੀ ਭਵਨ’ ਅਖਵਾਉਂਦੈ। ਕਿਤੇ ਰਾਏਸੀਨਾ ਪਿੰਡ ਆਲੀ ਨਾ ਹੋਵੇ, ਤਾਹੀਓਂ ਕਿਸਾਨ ਸਿੰਘੂ/ਟਿਕਰੀ ਬੈਠੇ ਨੇ, ਕੋਲ ਚਾਚਾ ਅਜੀਤ ਸਿੰਘ ਦੀ ਪੱਗ ਐ। ਹਕੂਮਤ ਨੇ ‘ਡੈਡਲਾਕ’ ਕੀਤੈ, ਚਾਬੀ ਲੈ ਕੇ ਪੱਛਮੀ ਬੰਗਾਲ ਜਾ ਬੈਠੀ। ਸਿਆਸੀ ਗੁਮਾਸ਼ਤੇ ਆਖਦੇ ਨੇ..‘ਏਹ ਤਾਂ ਕਿਸਾਨ ਹੀ ਨਹੀਂ।’

             ‘ਅਸੀਂ ਕੌਣ ਹਾਂ’ ਚਤਰ ਸਿੰਘ ਬੀਰ ਆਪਣੀ ਕਵਿਤਾ ’ਚ ਦੱਸਦੈ, ‘ਸਾਨੂੰ ਪਿੰਜਰੇ ਵਿਚ, ਜੇ ਕਿਸੇ ਪਾਇਆ, ਖੋਲ੍ਹੇ ਖੰਭ ਤੇ ਪਿੰਜਰੇ ਤੋੜ ਛੱਡੇ/ਅਸੀਂ ਉਹ ਹਾਂ, ਜਿਨ੍ਹਾਂ ਦੇ ਸੀਨਿਆਂ ਨੇ,  ਤਿੱਖੇ ਨੇਜ਼ਿਆਂ ਦੇ ਮੂੰਹ ਤੋੜ ਛੱਡੇ।’ ਸਿੰਘੂ ਸਟੇਜ ਤੋਂ  ਨਾਅਰਾ ਲੱਗਾ, ਪੰਡਾਲ ਗੂੰਜ ਉੱਠਿਆ। ਮਾਂ ਪੰਜਾਬ ਕੌਰ ਅੱਭੜਵਾਹੇ ਉੱਠੀ। ਟਰਾਲੀ ਚੋਂ ਬਾਹਰ ਝਾਤੀ ਮਾਰੀ, ਪੰਡਾਲ ਭਰਿਆ ਪਿਆ ਸੀ। ਸੁਪਨ ਸੰਸਾਰ ’ਚ ਗੁਆਚੀ ਮਾਂ ‘ਵਾਹਿਗੁਰੂ’ ਆਖ ਮੂੰਹ ਧੋਣ ਲੱਗ ਪਈ। ਸਪੇਨੀ ਬਾਬੇ ਆਖਦੇ ਹਨ ਕਿ ‘ਆਸ਼ਾਵਾਦੀ ਮਰਦਾ ਵੀ ਹੇਕਾਂ ਲਾਉਂਦਾ ਹੈ।’ ਪੈਲ਼ੀਆਂ ਵਾਲਿਆਂ ਦੇ ਵੀ ਸੁਰ ਮਿਲੇ ਨੇ। ਕਣਕਾਂ ਦੇ ਖੇਤ ਅਸੀਸਾਂ ਦੇ ਢੇਰ ਲਾ ਰਹੇ ਹਨ। ਦਿੱਲੀ ਦਾ ‘ਲੁਟੀਅਨ ਜ਼ੋਨ’ ਚਾਦਰ ਤਾਣ ਸੁੱਤਾ ਹੈ। ਮੰਡਾਸੇ ਬੰਨ੍ਹ ਕਿਸਾਨ ਉਤਰ ਦੱਖਣ ਤੁਰੇ ਨੇ, ਪਿੰਡੋਂ-ਪਿੰਡ, ਸ਼ਹਿਰੋ-ਸ਼ਹਿਰ, ਇੱਕੋ ਸਿਰੜ ਨਾਲ ਕਿ ਅਸ਼ਾਂਤ ਰੂਹਾਂ ਦੀ ਗਤੀ ਕਰਾਂਗੇ। ਦਸੌਂਧਾ ਸਿੰਘ ਜਦੋਂ ਕੁਝ ਬੋਲਦੈ, ਅੱਗਾ ਪਿੱਛਾ ਨਹੀਂ ਵੇਂਹਦਾ, ‘ਭਰਾਵੋ! ਜੋ ਮਰਜ਼ੀ ਕਰਿਓ ਪਰ ਮਲੋਟ ਆਲੀ ਨਾ ਕਰਿਓ।’ ਚਾਣਕਯ ਵੀ ਚੌਕਸ ਕਰ ਰਿਹੈ, ‘ਪਰਜਾ ਦਾ ਗੁੱਸਾ ਹਰ ਤਰ੍ਹਾਂ ਦੇ ਗੁੱਸੇ ਤੋਂ ਭਿਅੰਕਰ ਹੁੰਦਾ ਹੈ।’ ਨਾ ਮਨੋਹਰ ਖੱਟਰ ਨੇ ਗੌਰ ਕੀਤੀ, ਨਾ ਹੀ ਦੁਸ਼ਯੰਤ ਚੌਟਾਲਾ ਨੇ।

              ਨਾਰਦਮੁਨੀ ਮੌਸਮਾਂ ਦੇ ਹਾਲ ਦੱਸਦੈ, ‘ਬੱਦਲ ਪੰਜਾਬ ਤੋਂ ਚੜ੍ਹਿਐ, ਚਾਰੇ ਪਾਸੇ ਘਟਾ ਛਾਈ ਐ..ਦਿੱਲੀ ’ਚ ਗੜੇ ਵੀ ਪੈ ਸਕਦੇ ਨੇ। ਛੱਜੂ ਰਾਮ ਤੋਲ ਕੇ ਸਲਾਹ ਦਿੰਦੈ, ਕੁਰਸੀ ਪ੍ਰੇਮੀਓ! ਘੱਟੋ ਘੱਟ ਬੱਦਲਾਂ ਵੱਲ ਹੀ ਵੇਖ ਲਓ। ਡਰ ਅੱਗੇ ਭੂਤ ਚਾਹੇ ਨਾ ਵੀ ਨੱਚਣ, ਕੱਥਕ ਜ਼ਰੂਰ ਕਰਦੇ ਹੋਣਗੇ। ਡਰ ਦੇ ਥੋਕ ’ਚ ਕਿਸੇ ਨੇ ਖੱਟੀ ਖਾਧੀ, ਆਓ ਤੈਰਵੀਂ ਨਜ਼ਰ ਮਾਰੀਏ। ਲੰਘੇ ਚਾਰ ਸਾਲਾਂ ’ਚ, ਸੂਬਿਆਂ ’ਚ 405 ਵਿਧਾਇਕਾਂ ਨੇ ਆਪਣੇ ਸਿਆਸੀ ਦਲ ਛੱਡੇ, 182 ਨੇ ਭਾਜਪਾ ਜੁਆਇਨ ਕੀਤੀ। ਰਾਹੁਲ ਗਾਂਧੀ ਭਮੰਤਰਿਆ ਫਿਰਦੈ। ਕਾਕਾ ਰਾਹੁਲ ਦੀ ਦਾਦੀ ਦੇ ਜ਼ਮਾਨੇ ਵੇਲੇ, 1967-71 ਦੇ ਚਾਰ ਵਰ੍ਹਿਆਂ ’ਚ 1969 ਦਲ ਬਦਲੂ ਖੁੰਭਾਂ ਵਾਂਗੂ ਨਿਕਲੇ ਸਨ। ਥੱਲੇ ਧੜੱਮ ਕਰਕੇ 32 ਸਰਕਾਰਾਂ ਡਿੱਗੀਆਂ। 212 ਦਲ ਬਦਲੂਆਂ ਦੇ ਮੋਢੇ ’ਤੇ ਵਜ਼ੀਰੀ ਦੇ ਸਟਾਰ ਸਜੇ। ਦਿੱਲੀ ਦੀਆਂ ਬਰੂਹਾਂ ਤੇ ਜੋ ਗੱਜ ਰਹੇ ਹਨ, ਸਭ ਕਿਸਾਨਪੁਰੀ ਦੇ ਵਾਸੀ ਨੇ। ਨਾ ਕੁਰਸੀ ਦਾ ਲਾਲਚ, ਨਾ ਸਹੁੰ ਚੁੱਕਣ ਦਾ। ਖੇਤਾਂ ਦੀ ਲੋਈ ਬਚ ਜਾਏ, ਘਰ ਬਾਰ ਛੱਡੀ ਬੈਠੇ ਨੇ। ‘ਭਠਿ ਪਏ ਤੇਰੀ ਚਿੱਟੀ ਚਾਦਰ, ਚੰਗੀ ਫਕੀਰਾਂ ਦੀ ਲੋਈ।’ ਕਈ ਸੂਬਿਆਂ ਦੇ ਕਿਸਾਨ ਨੇ, ਭਾਸ਼ਾ ਅਲੱਗ, ਬੋਲੀ ਅਲੱਗ, ਪਹਿਰਾਵਾ ਵੱਖਰਾ, ਰੰਗ ਵੱਖਰਾ। ਬੱਸ ਧਰਮ ਇੱਕੋ ਕਿਸਾਨੀ ਦਾ ਹੈ। ਗੁਰਭਜਨ ਗਿੱਲ ਦੇ ਬੋਲ ਢੁਕਵੇਂ ਨੇ, ‘ਅਸੀਂ ਵਾਰਿਸ ਸ਼ਾਹ ਦੇ ਵਾਰਸ ਹਾਂ, ਤੇ ਨਾਨਕ ਦੀ ਸੰਤਾਨ ਵੀ ਹਾਂ/ ਅੱਜ ਕਿੱਦਾਂ ਏਹ ਗੱਲ ਭੁੱਲ ਜਾਈਏ, ਕਲਬੂਤ ਅਲੱਗ, ਇੱਕ ਜਾਨ ਵੀ ਹਾਂ।’

No comments:

Post a Comment