Monday, July 26, 2021

                                                  ਸਟੱਡੀ ਵੀਜ਼ਾ
                                   ਪੰਜਾਬ ’ਚੋਂ ਉੱਡੇ ਭਰ-ਭਰ ਜਹਾਜ਼..! 
                                                  ਚਰਨਜੀਤ ਭੁੱਲਰ   

ਚੰਡੀਗੜ੍ਹ : ‘ਸਟੂਡੈਂਟ ਵੀਜ਼ਾ’ ਦੇ ਰੁਝਾਨ ਵੱਲ ਵੇਖੀਏ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਹੁਣ ਪੰਜਾਬ ਖਾਲੀ ਹੋ ਗਿਆ ਹੋਵੇ। ਲੰਘੇ ਪੰਜ ਵਰਿ੍ਹਆਂ ’ਚ 2.62 ਲੱਖ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਪੰਜਾਬ ਛੱਡ ਚੁੱਕੇ ਹਨ। ‘ਘਰ-ਘਰ ਰੁਜ਼ਗਾਰ’ ਦਾ ਨਾਅਰਾ ਵੀ ਜਵਾਨੀ ਦੇ ਰਾਹ ਨਹੀਂ ਰੋਕ ਸਕਿਆ। ਇਨ੍ਹਾਂ ਵਰਿ੍ਹਆਂ ਦਾ ਅੰਕੜਾ ਗਵਾਹ ਹੈ ਕਿ ਸਟੂਡੈਂਟ ਵੀਜ਼ਾ ਲੈਣ ’ਚ ਦੇਸ਼ ਭਰ ਚੋਂ ਪੰਜਾਬ ਦਾ ਦੂਜਾ ਨੰਬਰ ਹੈ ਜਦੋਂ ਕਿ ਵਰ੍ਹਾ 2019 ’ਚ ਪੰਜਾਬ ਨੇ ਸਟੱਡੀ ਵੀਜ਼ੇ ਲੈਣ ’ਚ ਮੁਲਕ ਚੋਂ ਪਹਿਲਾ ਨੰਬਰ ਲਿਆ। ਕੋਵਿਡ ਮਹਾਂਮਾਰੀ ਅੜਿੱਕਾ ਨਾ ਬਣਦੀ ਤਾਂ ਰਫਤਾਰ ਨੂੰ ਠੱਲ ਨਹੀਂ ਪੈਣੀ ਸੀ।ਬਿਊਰੋ ਆਫ ਇੰਮੀਗਰੇਸ਼ਨ ਦੇ ਤਾਜਾ ਵੇਰਵਿਆਂ ਅਨੁਸਾਰ ਪੰਜਾਬ ਚੋਂ ਸਟੱਡੀ ਵੀਜ਼ੇ ’ਤੇ ਜਨਵਰੀ 2016 ਤੋਂ ਫਰਵਰੀ 2021 ਤੱਕ 2.62 ਲੱਖ ਵਿਦਿਆਰਥੀ ਪੜ੍ਹਨ ਲਈ ਵਿਦੇਸ਼ ਜਾ ਚੁੱਕੇ ਹਨ। ਇਨ੍ਹਾਂ ਸਾਲਾਂ ਦੀ ਔਸਤਨ ਦੇਖੀਏ ਤਾਂ ਪੰਜਾਬ ਚੋਂ ਰੋਜ਼ਾਨਾ ਔਸਤਨ 140 ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਜਹਾਜ਼ ਚੜ੍ਹ ਰਹੇ ਹਨ। ਵਰ੍ਹਾ 2019 ਵਿਚ ਤਾਂ ਰੋਜ਼ਾਨਾ ਔਸਤਨ 201 ਵਿਦਿਆਰਥੀਆਂ ਨੇ ਵਿਦੇਸ਼ ਚਾਲੇ ਪਾਏ ਸਨ। ਅੱਜ ਤੱਕ ਇਸ ਅੰਕੜੇ ਦਾ ਭੇਤ ਸੀ ਜਦੋਂ ਕਿ ਪੰਜਾਬੀ ਟ੍ਰਿਬਿਊਨ ਹੁਣ ਇਸ ਨਸ਼ਰ ਕਰ ਰਿਹਾ ਹੈ। ਇਹ ਅੰਕੜਾ ਹਾਕਮ ਜਮਾਤਾਂ ’ਤੇ ਵੀ ਉਂਗਲ ਉਠਾ ਰਿਹਾ ਹੈ ਜੋ ਰੁਜ਼ਗਾਰ ਦੇ ਦਾਅਵੇ ਕਰਦੀਆਂ ਹਨ। 

             ਪੰਜਾਬ ’ਚ ਕਰੀਬ 55 ਲੱਖ ਘਰ ਹੈ ਅਤੇ ਇਸ ਲਿਹਾਜ ਨਾਲ ਵੇਖੀਏ ਤਾਂ ਪੰਜਾਬ ਦੇ ਔਸਤਨ ਹਰ 20ਵੇਂ ਦਾ ਜਵਾਨ ਜੀਅ ‘ਸਟੱਡੀ ਵੀਜ਼ਾ’ ਤੇ ਵਿਦੇਸ਼ ਪੜ੍ਹ ਰਿਹਾ ਹੈ। ਔਸਤਨ 15 ਲੱਖ ਰੁਪਏ ਪ੍ਰਤੀ ਵਿਦਿਆਰਥੀ ਖਰਚਾ ਮੰਨੀਏ ਤਾਂ ਪੰਜਾਬ ਚੋਂ ਲੰਘੇ ਪੰਜ ਵਰਿ੍ਹਆਂ ’ਚ 3930 ਕਰੋੜ ਰੁਪਏ ਦਾ ਸਰਮਾਇਆ ਵਿਦੇਸ਼ ਜਾ ਚੁੱਕਾ ਹੈ। ਪੰਜਾਬ ਚੋਂ ਸਾਲ 2016 ਮਗਰੋਂ ਸਟੱਡੀ ਵੀਜ਼ੇ ਨੇ ਰਫਤਾਰ ਫੜੀ ਸੀ। ਉਸ ਮਗਰੋਂ ਹੀ ਪੰਜਾਬ ’ਚ ਆਈਲੈੱਟਸ ਸੈਂਟਰਾਂ ਅਤੇ ਇੰਮੀਗੇ੍ਰਸ਼ਨ ਦਫਤਰਾਂ ਦਾ ਹੜ੍ਹ ਆਇਆ ਹੈ। ਤੱਥਾਂ ਅਨੁਸਾਰ ਸਮੁੱਚੇ ਦੇਸ਼ ਚੋਂ ਉਕਤ ਸਮੇਂ ਦੌਰਾਨ 21.96 ਵਿਦਿਆਰਥੀ ਵਿਦੇਸ਼ ਪੜਨ ਗਿਆ ਹੈ ਜਿਸ ਚੋਂ 2.62 ਲੱਖ ਇਕੱਲੇ ਪੰਜਾਬ ਚੋਂ ਹੈ। ਇਨ੍ਹਾਂ ਵਰਿ੍ਹਆਂ ਦੀ ਔਸਤਨ ਮੁਤਾਬਿਕ ਦੇਸ਼ ਭਰ ਚੋਂ ‘ਸਟੱਡੀ ਵੀਜ਼ਾ’ ਲੈਣ ਵਾਲਿਆਂ ’ਚ ਪੰਜਾਬ ਦੂਜੇ ਨੰਬਰ ਹੈ ਜਦੋਂ ਕਿ ਆਂਧਰਾ ਪ੍ਰਦੇਸ਼ ਪਹਿਲੇ ਨੰਬਰ ’ਤੇ ਹੈ। ਵੇਰਵਿਆਂ ਅਨੁਸਾਰ ਪੰਜਾਬ ਚੋਂ ਸਾਲ 2016 ਵਿਚ 36,743 ਵਿਦਿਆਰਥੀ, 2017 ਵਿਚ 52,160 ਵਿਦਿਆਰਥੀ, 2018 ਵਿਚ 60,331 ਵਿਦਿਆਰਥੀ,2019 ਵਿਚ 73574 ਅਤੇ ਸਾਲ 2020 ਵਿਚ 33,413 ਵਿਦਿਆਰਥੀ ਵਿਦੇਸ਼ ਪੜ੍ਹਨ ਵਾਸਤੇ ਗਏ ਹਨ। ਵਰ੍ਹਾ 2021 ਦੇ ਪਹਿਲੇ ਦੋ ਮਹੀਨਿਆਂ ਵਿਚ 5791 ਸਟੱਡੀ ਵੀਜ਼ੇ ਤੇ ਗਏ ਹਨ। 

     ਮਾਨਵ ਭਾਸ਼ਾ ਵਿਗਿਆਨੀ ਪ੍ਰੋ. ਸੁਰਜੀਤ ਲੀਅ ਆਖਦੇ ਹਨ ਕਿ ਪੰਜਾਬ ਦੀ ਜਵਾਨੀ ’ਚ ਇਹ ਧਾਰਨਾ ਪਕੇਰੀ ਹੋਈ ਹੈ ਕਿ ਇੱਥੇ ਨਾ ਰੁਜ਼ਗਾਰ ਮਿਲਣਾ ਹੈ ਅਤੇ ਨਾ ਹੀ ਜੀਵਨ ਪੱਧਰ ਜੋ ਇੱਕ ਸੱਚ ਵੀ ਹੈ। ਅੰਕੜਿਆਂ ਅਨੁਸਾਰ ਸਾਲ 2016 ਵਿਚ ਪੰਜਾਬ ਚੋਂ ਔਸਤਨ ਰੋਜ਼ਾਨਾ 100 ਵਿਦਿਆਰਥੀ ਜਹਾਜ਼ ਚੜ੍ਹਦੇ ਸਨ ਅਤੇ ਦੇਸ਼ ਚੋਂ ਪੰਜਾਬ ਦਾ ਇਸ ਮਾਮਲੇ ’ਚ ਨੰਬਰ ਚੌਥਾ ਸੀ। ਵਰ੍ਹਾ 2017 ਵਿਚ ਪੰਜਾਬ ਚੋਂ ਔਸਤਨ ਰੋਜ਼ਾਨਾ 142 ਵਿਦਿਆਰਥੀ ਵਿਦੇਸ਼ ਪੜ੍ਹਨ ਗਏ ਅਤੇ ਮੁਲ਼ਕ ਚੋਂ ਪੰਜਾਬ ਤੀਜੇ ਨੰਬਰ ’ਤੇ ਆ ਗਿਆ। ਵਰ੍ਹਾ 2018 ਵਿਚ ਦੇਸ਼ ਭਰ ਚੋਂ ਪੰਜਾਬ ਦੂਜੇ ਨੰਬਰ ’ਤੇ ਪੁੱਜ ਗਿਆ । ਅੱਗੇ ਪੁਲਾਂਘ ਪੁੱਟਦਿਆਂ ਪੰਜਾਬ ਸਾਲ 2019 ਵਿਚ ਦੇਸ਼ ਚੋਂ ਪਹਿਲੇ ਨੰਬਰ ’ਤੇ ਪੁੱਜ ਗਿਆ ਅਤੇ ਇਸ ਵਰੇ੍ਹ ’ਚ ਪੰਜਾਬ ਚੋਂ ਰੋਜ਼ਾਨਾ ਵਿਦੇਸ਼ ਜਾਣ ਵਾਲੇ ਵਿਦਿਆਰਥੀ ਦੀ ਗਿਣਤੀ ਔਸਤਨ 201 ਰਹੀ। ਦੂਸਰੇ ਸੂਬਿਆਂ ਵੱਲ ਵੇਖੀਏ ਤਾਂ ਆਂਧਰਾ ਪ੍ਰਦੇਸ਼ ਚੋਂ ਸਭ ਤੋਂ ਜਿਆਦਾ ਲੰਘੇ ਪੰਜ ਵਰਿ੍ਹਆਂ ਵਿਚ 2.70 ਲੱਖ ਵਿਦਿਆਰਥੀ ਵਿਦੇਸ਼ ਗਏ ਹਨ ਜਦੋਂ ਕਿ ਦੂਜਾ ਨੰਬਰ ਪੰਜਾਬ ਦਾ ਹੈ। ਤੀਸਰੇ ਨੰਬਰ ’ਤੇ ਮਹਾਰਾਸ਼ਟਰ ਹੈ ਜਿਥੋਂ ਦੇ 2.54 ਲੱਖ ਵਿਦਿਆਰਥੀ ਵਿਦੇਸ਼ ਸਟੱਡੀ ਵੀਜੇ ’ਤੇ ਗਏ ਹਨ। 

             ਗੁਆਂਢੀ ਸੂਬਾ ਹਰਿਆਣਾ ਦੇ ਪੰਜ ਵਰਿ੍ਹਆਂ ’ਚ ਸਿਰਫ 42,113 ਵਿਦਿਆਰਥੀ ਸਟੱਡੀ ਵੀਜੇ ਤੇ ਗਏ ਹਨ ਜਦੋਂ ਕਿ ਯੂ.ਪੀ ਵਰਗੇ ਵੱਡੀ ਆਬਾਦੀ ਵਾਲੇ ਸੂਬੇ ਦੇ 81,530 ਵਿਦਿਆਰਥੀ ਪੰਜ ਸਾਲਾਂ ’ਚ ਗਏ ਹਨ। ‘ਆਪ’ ਦੀ ਹਕੂਮਤ ਵਾਲੇ ਦਿੱਲੀ ਇਲਾਕੇ ਚੋਂ 1.54 ਲੱਖ ਵਿਦਿਆਰਥੀ ਵਿਦੇਸ਼ ਪੜਨ ਗਏ ਹਨ ਜਦੋਂ ਕਿ ਚੰਡੀਗੜ੍ਹ ਯੂਟੀ ਚੋਂ ਪੰਜ ਸਾਲਾਂ ’ਚ 1.14 ਲੱਖ ਵਿਦਿਆਰਥੀ ਵਿਦੇਸ਼ ਗਏ ਹਨ। ਪੰਜਾਬ ’ਚ ਤਾਂ ਕਿਸਾਨ ਪਰਿਵਾਰਾਂ ਵੱਲੋਂ ਕਰਜ਼ੇ ਚੁੱਕ ਕੇ ਬੱਚੇ ਵਿਦੇਸ਼ ਭੇਜੇ ਜਾ ਰਹੇ ਅਤੇ ਬਹੁਤੇ ਜ਼ਮੀਨਾਂ ਵੇਚਣ ਲਈ ਵੀ ਮਜਬੂਰ ਹੁੰਦੇ ਹਨ।

                          ਸਟੱਡੀ ਵੀਜ਼ੇ ਦੇ ਬਹੁਪੱਖੀ ਕਾਰਨ ਹਨ : ਸੰਧੂ

ਪੰਜਾਬੀ ’ਵਰਸਿਟੀ ਦੇ ਪੱਤਰ ਵਿਹਾਰ ਸਿੱਖਿਆ ਦੇ ਮੁੱਖੀ ਡਾ. ਸਤਨਾਮ ਸਿੰਘ ਸੰਧੂ ਦਾ ਕਹਿਣਾ ਸੀ ਕਿ ਅਸਲ ਵਿਚ ਸਮਾਜਿਕ -ਸਭਿਆਚਾਰਕ ਮੁਹਾਂਦਰਾ ਇਸ ਕਿਸਮ ਦਾ ਹੈ ਕਿ ਪੰਜਾਬੀ ਹਰ ਨਵੇਂ ਮੁਹਾਣ ਵੱਲ ਮੋਹਰੀ ਬਣਦੇ ਹਨ। ਉਨ੍ਹਾਂ ਕਿਹਾ ਕਿ ਵਰਿ੍ਹਆਂ ਦੀ ਧਾੜਵੀ ਕਲਚਰ ਦੀ ਪੈਦਾਇਸ਼ ਚੋਂ ਨਿਕਲਣ ਕਰਕੇ ਪੰਜਾਬੀਆਂ ਨੂੰ ਉਜੜਨ ਤੇ ਵਸਣ ’ਚ ਬਹੁਤੀ ਦਿੱਕਤ ਵੀ ਨਹੀਂ ਆਉਂਦੀ। ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਦੇਸ਼ ਜਾਣ ਪਿਛੇ ਇਹ ਕਾਰਨ ਵੀ ਹਨ।

                 ਪੰਜਾਬ ਵਿਚ ਮੌਕਿਆਂ ਦੀ ਕਮੀ ਹੈ : ਜੋਧਕਾ

ਜਵਾਹਰ ਲਾਲ ਨਹਿਰੂ ’ਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੇ ਪ੍ਰੋ. ਸੁਰਿੰਦਰ  ਜੋਧਕਾ ਆਖਦੇ ਹਨ ਕਿ ਸਨਅਤੀਕਰਨ ਦੀ ਖੜੋਤ ਕਰਕੇ ਪੰਜਾਬ ਵਿਚ ਆਰਥਿਕ ਸਮਾਜਿਕ ਗਤੀਸ਼ੀਲਤਾ ਘਟੀ ਹੈ ਅਤੇ ਮੌਕਿਆਂ ਦੀ ਘਾਟ ਕਰਕੇ ਵਿਦਿਆਰਥੀ ਵਰਗ ਦਾ ਰੁਝਾਨ ਵਿਦੇਸ਼ ਵੱਲ ਵਧਿਆ ਹੈ। ਵਿਦੇਸ਼ ’ਚ ਸਟੇਟਸ ਕੋਈ ਮੈਟਰ ਨਹੀਂ ਕਰਦਾ ਜਿਸ ਕਰਕੇ ਇੱਥੋਂ ਦੇ ਸਰਦੇ ਪੁੱਜਦੇ ਵਿਦੇਸ਼ ਵਿਚ ਡਰਾਈਵਰੀ ਵਿਚ ਵੀ ਕੋਈ ਸ਼ਰਮ ਨਹੀਂ ਮੰਨਦੇ।

      ਸਟੱਡੀ ਵੀਜ਼ਾ : ਸੂਬਿਆਂ/ਯੂਟੀਜ਼ ਦਾ ਪੰਜ ਸਾਲ ਦਾ ਰੁਝਾਨ

ਰਾਜ ਦਾ ਨਾਮ ਵਿਦੇਸ਼ ਗਏ ਵਿਦਿਆਥੀਆਂ ਦੀ ਗਿਣਤੀ

ਆਂਧਰਾ ਪ੍ਰਦੇਸ਼ 2,70,761

ਪੰਜਾਬ 2,62,000

ਮਹਾਂਰਾਸ਼ਟਰ 2,54,782

ਗੁਜਰਾਤ 1,71,146

ਦਿੱਲੀ 1,54,327

ਚੰਡੀਗੜ੍ਹ 1,14,900

ਉੱਤਰ ਪ੍ਰਦੇਸ਼ 81,530

ਪੱਛਮੀ ਬੰਗਾਲ 58,148

ਹਰਿਆਣਾ 42,113

 


Wednesday, July 21, 2021

                                               ਬਿਜਲੀ ਸਬਸਿਡੀ
                                  ਵੱਡੇ ਘਰਾਣੇ ਲੈ ਰਹੇ ਨੇ ਖੁੱਲ੍ਹਾ ਗੱਫਾ !
                                                ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਧਨਾਢ ਸਨਅਤ ਮਾਲਕਾਂ ਨੂੰ ਚੁੱਪ ਚੁਪੀਤੇ ਬਿਜਲੀ ਸਬਸਿਡੀ ਦੇ ਖੁੱਲ੍ਹੇ ਗੱਫੇ ਦਿੱਤੇ ਜਾਂਦੇ ਹਨ ਜਦੋਂ ਕਿ ਕਿਸਾਨਾਂ ਦੀ ਬਿਜਲੀ ਸਬਸਿਡੀ ਦਾ ਢੋਲ ਵੱਜ ਜਾਂਦੇ ਹਨ। ਦਿਲਚਸਪ ਤੱਥ ਹਨ ਕਿ ਪੰਜਾਬ ਦੇ ਸਿਖਰਲੇ ਇੱਕ ਸੌ ਸਨਅਤ ਮਾਲਕ ਸਲਾਨਾ ਕਰੀਬ 500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਲੈ ਰਹੇ ਹਨ ਜਿਨ੍ਹਾਂ ਚੋਂ ਇਕੱਲੇ ਨਾਹਰ ਗਰੁੱਪ (ਪੰਜ ਕੁਨੈਕਸ਼ਨ) ਨੂੰ 33.20 ਕਰੋੜ ਅਤੇ ਵਰਧਮਾਨ ਗਰੁੱਪ (ਚਾਰ ਕੁਨੈਕਸ਼ਨ) ਨੂੰ 27.86 ਕਰੋੜ ਦੀ ਬਿਜਲੀ ਸਪਲਾਈ ਲੰਘੇ ਵਰ੍ਹੇ ਦਿੱਤੀ ਹੈ। ਪੰਜਾਬ ’ਚ ਕੁੱਲ ਕਰੀਬ 94 ਲੱਖ ਬਿਜਲੀ ਕੁਨੈਕਸ਼ਨ ਹਨ ਅਤੇ ਕਰੀਬ 37 ਫੀਸਦੀ ਖਪਤਕਾਰ ਇਸ ਵੇਲੇ ਬਿਜਲੀ ਸਬਸਿਡੀ ਲੈ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਤਰਫ਼ੋਂ ਕਰੀਬ ਨੌ ਹਜ਼ਾਰ ਵੱਡੇ ਸਨਅਤਕਾਰਾਂ (ਲਾਰਜ ਸਪਲਾਈ) ਨੂੰ ਕਰੀਬ 1261 ਕਰੋੜ ਰੁਪਏ ਸਲਾਨਾ ਸਬਸਿਡੀ ਬਿਜਲੀ ਖਪਤ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ। ਸਿੱਧਾ ਮਤਲਬ ਕਿ ਪ੍ਰਤੀ ਸਨਅਤਕਾਰ ਔਸਤਨ 14 ਲੱਖ ਰੁਪਏ ਸਲਾਨਾ ਸਬਸਿਡੀ ਮਿਲ ਰਹੀ ਹੈ। ਦੂਸਰੀ ਤਰਫ਼ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਔਸਤਨ ਪ੍ਰਤੀ ਕਿਸਾਨ ਸਲਾਨਾ 47,857 ਰੁਪਏ ਦੀ ਸਬਸਿਡੀ ਮਿਲ ਰਹੀ ਹੈ। ਪੰਜਾਬ ਵਿਚ ਕਰੀਬ 14 ਲੱਖ ਖੇਤੀ ਕੁਨੈਕਸ਼ਨ ਹਨ ਜਿਨ੍ਹਾਂ ਨੂੰ 6700 ਕਰੋੜ ਦੀ ਬਿਜਲੀ ਸਪਲਾਈ ਮਿਲਦੀ ਹੈ। 

               ਮੌਜੂਦਾ ਸਰਕਾਰ ਵੱਲੋਂ ਉਦਯੋਗਿਕ ਖੇਤਰ ਦੀ ਲਾਰਜ ਅਤੇ ਮੀਡੀਅਮ ਸਪਲਾਈ ਸਨਅਤ ਨੂੰ ਬਿਜਲੀ ਪ੍ਰਤੀ ਯੂਨਿਟ 5 ਰੁਪਏ ਦਿੱਤੀ ਜਾ ਰਹੀ ਹੈ ਅਤੇ ਫਿਕਸਿਡ ਚਾਰਜਜ ਵਿਚ ਕੋਈ ਰਿਆਇਤ ਨਹੀਂ ਦਿੱਤੀ ਗਈ ਹੈ। ਸਮਾਲ ਸਪਲਾਈ ਸਨਅਤਾਂ ਨੂੰ ਫਿਕਸਡ ਚਾਰਜਜ਼ ਤੋਂ ਛੋਟ ਤੋਂ ਇਲਾਵਾ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਵਰ੍ਹਾ 2020-21 ਵਿਚ ਉਦਯੋਗਿਕ ਖੇਤਰ ਨੂੰ 1558 ਕਰੋੜ ਦੀ ਬਿਜਲੀ ਸਪਲਾਈ ਦਿੱਤੀ ਗਈ ਹੈ ਜਿਨ੍ਹਾਂ ਚੋਂ ਸਭ ਤੋਂ ਵੱਧ 1261 ਕਰੋੜ ਦੀ ਬਿਜਲੀ ਸਬਸਿਡੀ ਵੱਡੇ ਉਦਯੋਗਾਂ ਨੂੰ ਮਿਲੀ ਹੈ। ਵਰ੍ਹਾ 2020-21 ਵਿਚ ਸਮਾਲ ਪਾਵਰ ਸਨਅਤਾਂ ਨੂੰ ਸਿਰਫ਼ 137.33 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਮੀਡੀਅਮ ਸਪਲਾਈ ਸਨਅਤਾਂ ਨੂੰ 160.49 ਕਰੋੜ ਦੀ ਬਿਜਲੀ ਸਬਸਿਡੀ ਮਿਲੀ ਹੈ। ਨਜ਼ਰ ਮਾਰੀਏ ਤਾਂ ਕਰੀਬ 31 ਹਜ਼ਾਰ ਮੀਡੀਅਮ ਸਪਲਾਈ ਸਨਅਤਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 51,773 ਰੁਪਏ ਸਲਾਨਾ ਬਿਜਲੀ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਕਰੀਬ 94 ਹਜ਼ਾਰ ਸਮਾਲ ਪਾਵਰ ਸਨਅਤਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 14,610 ਰੁਪਏ ਸਲਾਨਾ ਸਬਸਿਡੀ ਮਿਲੀ ਹੈ। 

      ਐਸ.ਸੀ/ਬੀ.ਸੀ/ਬੀਪੀਐਲ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਕੈਟਾਗਿਰੀ ’ਚ ਕਰੀਬ 23 ਲੱਖ ਪਰਿਵਾਰ ਆਉਂਦੇ ਹਨ ਜਿਨ੍ਹਾਂ ਨੂੰ ਵਰ੍ਹਾ 2020-21 ਵਿਚ 1943 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ। ਮਤਲਬ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 8447 ਰੁਪਏ ਸਲਾਨਾ ਸਬਸਿਡੀ ਮਿਲ ਰਹੀ ਹੈ। ਸਭਨਾਂ ਕੈਟਾਗਿਰੀਆਂ ਚੋਂ ਧਨਾਢ ਸਨਅਤਕਾਰ ਬਿਜਲੀ ਸਬਸਿਡੀ ਦਾ ਭਾਰੀ ਗੱਫਾ ਲੈਣ ਵਿਚ ਅੱਗੇ ਹਨ ਜਦੋਂ ਕਿ ਪੰਜਾਬ ਦੇ ਸਿਆਸੀ ਮੈਦਾਨ ਵਿਚ ਚਰਚਾ ਸਿਰਫ਼ ਕਿਸਾਨਾਂ ਤੇ ਗਰੀਬ ਪਰਿਵਾਰਾਂ ਦੀ ਬਿਜਲੀ ਸਬਸਿਡੀ ਦੀ ਹੁੰਦੀ ਹੈ। ਵਰ੍ਹਾ 2020-21 ਨੂੰ ਅਧਾਰ ਬਣਾ ਕੇ ਦੇਖੀਏ ਤਾਂ ਪੰਜਾਬ ਵਿਚ ਟੌਪ ਦੇ 100 ਸਨਅਤਕਾਰਾਂ ਨੂੰ 521.98 ਕਰੋੜ ਦੀ ਬਿਜਲੀ ਸਪਲਾਈ ਇੱਕ ਵਰ੍ਹੇ ’ਚ ਮਿਲੀ ਹੈ। ਪੰਜਾਬ ’ਚ ਜੋ ਸਿਖ਼ਰਲੇ ਦੇ 10 ਉਦਯੋਗਪਤੀ ਹਨ, ਉਨ੍ਹਾਂ ਨੂੰ ਇਸ ਵਰ੍ਹੇ ਵਿਚ 138.30 ਕਰੋੜ ਦੀ ਬਿਜਲੀ ਸਬਸਿਡੀ ਮਿਲੀ ਹੈ। ਪੰਜਾਬ ਦੇ ਲਾਰਜ ਸਪਲਾਈ ਵਾਲੇ 9 ਹਜ਼ਾਰ ਸਨਅਤਾਂ ਨੂੰ ਮਿਲਦੀ ਸਬਸਿਡੀ ਚੋਂ ਟੌਪ ਦੇ 100 ਸਨਅਤਕਾਰਾਂ ਹੀ ਸਬਸਿਡੀ ਦਾ 500 ਕਰੋੜ ਦੀ ਸਬਸਿਡੀ ਮਿਲ ਜਾਂਦੀ ਹੈ। 

                ਪਾਵਰਕੌਮ ਦੇ ਤੱਥਾਂ ਅਨੁਸਾਰ ਵਰ੍ਹਾ 2020-21 ਦੌਰਾਨ ਮੈਸਰਜ ਪੰਜਾਬ ਅਲਕਲੀਜ ਐਂਡ ਕੈਮੀਕਲਜ਼ ਨੂੰ 23.63 ਕਰੋੜ ਰੁਪਏ ਸਲਾਨਾ ਦੀ ਬਿਜਲੀ ਸਬਸਿਡੀ ਮਿਲੀ ਹੈ ਜਦੋਂ ਕਿ ਆਰਤੀ ਸਟੀਲਜ਼ ਨੂੰ 11.56 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ। ਨਾਹਰ ਗਰੁੱਪ ਦੇ ਕਈ ਕੁਨੈਕਸ਼ਨਾਂ ’ਤੇ ਕਰੋੜਾਂ ਦੀ ਸਬਸਿਡੀ ਦਿੱਤੀ ਗਈ ਹੈ। ਬਰਨਾਲਾ ਦੇ ਟਰਾਈਡੈਂਟ ਗਰੁੱਪ ਨੂੰ ਦੋ ਕੁਨੈਕਸ਼ਨਾਂ ’ਤੇ 6.52 ਕਰੋੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਬਠਿੰਡਾ ਜ਼ਿਲ੍ਹੇ ’ਚ ਪਿੰਡ ਜੀਦਾ ਲਾਗਲੀ ਸਪੋਟਕਿੰਗ ਸਨਅਤ ਨੂੰ 4.79 ਕਰੋੜ ਦੀ ਇੱਕੋ ਵਰ੍ਹੇ ’ਚ ਸਬਸਿਡੀ ਮਿਲੀ ਹੈ। ਹੁਸ਼ਿਆਰਪੁਰ ਵਿਚਲੀ ਮੈਸਰਜ਼ ਰਿਲਾਇੰਸ ਇੰਡਸਟਰੀਜ਼ ਲਿਮ. ਨੂੰ 2.45 ਕਰੋੜ ਦੀ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਬਠਿੰਡਾ ਰਿਫਾਈਨਰੀ ਨੂੰ 3.42 ਕਰੋੜ ਦੀ ਸਬਸਿਡੀ ਦਿੱਤੀ ਗਈ ਹੈ। ਨੈਸਲੇ ਇੰਡੀਆ ਨੂੰ 3.85 ਕਰੋੜ ਦੀ ਸਬਸਿਡੀ ਮਿਲੀ ਹੈ ਅਤੇ ਇਸੇ ਤਰ੍ਹਾਂ ਰੋਪੜ ਜ਼ਿਲ੍ਹੇ ਵਿਚਲੀ ਮੈਕਸ ਸਪੈਸ਼ਲਿਟੀ ਫਿਲਮਜ਼ ਨੂੰ 6.92 ਕਰੋੜ ਦੀ ਸਬਸਿਡੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਲਟਾਟੈੱਕ ਸੀਮਿੰਟ ਲਿਮ. ਨੂੰ 2.79 ਕਰੋੜ ਦੀ ਸਬਸਿਡੀ ਮਿਲਦੀ ਹੈ। 

                               ਇਕੱਲੇ ਕਿਸਾਨ ਦਾ ਢੰਡੋਰਾ ਕਿਉਂ : ਰਜਿੰਦਰ

 ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਰਸੂਖਵਾਨਾਂ ਨੂੰ ਦਿੱਤੀ ਜਾਂਦੀ ਸਬਸਿਡੀ ਦੀ ਭਾਫ ਨਹੀਂ ਕੱਢਦੀ ਹੈ ਜਦੋਂ ਕਿ ਕਿਸਾਨਾਂ ਅਤੇ ਹੋਰ ਵਰਗਾਂ ਨੂੰ ਮਿਲਦੀ ਬਿਜਲੀ ਸਬਸਿਡੀ ਦਾ ਢੰਡੋਰਾ ਪਿਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਵਿਚ ਵੀ ਬਿਜਲੀ ਸਬਸਿਡੀ ਦਾ ਛੋਟਾ ਹਿੱਸਾ ਹੀ ਛੋਟੇ ਕਿਸਾਨਾਂ ਦੇ ਹਿੱਸੇ ਆਉਂਦਾ ਹੈ। 

  ਧਨਾਢਾਂ ਨੂੰ ਬਿਜਲੀ ਸਬਸਿਡੀ (2020-21)

          ਸਨਅਤ ਦਾ ਨਾਮ   ਰਾਸ਼ੀ ਦਾ ਵੇਰਵਾ (ਕਰੋੜਾਂ ’ਚ)

1.  ਪੰਜਾਬ ਅਲਕਲੀਜ 23.63 ਕਰੋੜ

2.  ਮਾਧਵ ਅਲਾਏਜ਼ 17.13 ਕਰੋੜ

3.      ਵਰਧਮਾਨ ਗਰੁੱਪ  (4 ਕੁਨੈਕਸ਼ਨ)  27.86 ਕਰੋੜ

4.     ਨਾਹਰ ਗਰੁੱਪ (5 ਕੁਨੈਕਸ਼ਨ)    33.20 ਕਰੋੜ

4.     ਆਰਤੀ ਸਟੀਲਜ        11.56 ਕਰੋੜ

5.     ਟਰਾਈਡੈਂਟ ਗਰੁੱਪ 6.52 ਕਰੋੜ

6.     ਰਿਲਾਇੰਸ ਇੰਡਸਟਰੀਜ               2.45 ਕਰੋੜ


         







Tuesday, July 20, 2021

                                                 ਬਿਗਾਨੇ ਤਰਸੇ
                                    ਆਪਣਿਆਂ ਨੂੰ ‘ਸਿਆਸੀ ਤੋਹਫਾ’
                                                ਚਰਨਜੀਤ ਭੁੱਲਰ   

ਚੰਡੀਗੜ੍ਹ : ਕੈਪਟਨ ਸਰਕਾਰ ਵੱਲੋਂ ਅੱਜ ਕਰੀਬ 21 ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਾ ‘ਸਿਆਸੀ ਤੋਹਫਾ’ ਦਿੱਤਾ ਗਿਆ ਹੈ। ਚਾਹੇ ਇਸ ਨੂੰ ਇਤਫ਼ਾਕ ਸਮਝੋ ਪਰ ਅੱਜ ਉਨ੍ਹਾਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਨਵੀਂ ਇਨੋਵਾ ਗੱਡੀ ਦਿੱਤੀ ਗਈ ਹੈ, ਜਿਨ੍ਹਾਂ ਦੀ ਗਿਣਤੀ ਕੈਪਟਨ ਕੈਂਪ ਵਿੱਚ ਕੀਤੀ ਜਾਂਦੀ ਹੈ। ਟਰਾਂਸਪੋਰਟ ਵਿਭਾਗ ਪੰਜਾਬ ਨੇ ਕਿਸੇ ਰੌਲੇ-ਰੱਪੇ ਦੇ ਡਰੋਂ ਅੱਜ ਕਈ ਇਨੋਵਾ ਗੱਡੀਆਂ ਦੀ ਡਲਿਵਰੀ ਮੁਹਾਲੀ ਦੀ ਇਨੋਵਾ ਏਜੰਸੀ ਤੋਂ ਹੀ ਕਰਾ ਦਿੱਤੀ ਹੈ।ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਅੱਧੀ ਦਰਜਨ ਸੰਸਦ ਮੈਂਬਰਾਂ ਅਤੇ ਇੱਕ ਦਰਜਨ ਤੋਂ ਉਪਰ ਵਿਧਾਇਕਾਂ ਨੂੰ ਇਨੋਵਾ ਦਿੱਤੀਆਂ ਹਨ। ਟਰਾਂਸਪੋਰਟ ਵਿਭਾਗ ਪੰਜਾਬ ਨੇ ਜੈੱਮ ਪੋਰਟਲ ਜ਼ਰੀਏ ਇਨ੍ਹਾਂ ਗੱਡੀਆਂ ਦੀ ਖ਼ਰੀਦ ਕੀਤੀ ਹੈ। ਸੂਤਰ ਦੱਸਦੇ ਹਨ ਕਿ ਮੁਹਾਲੀ ਦੀ ਏਜੰਸੀ ਤੋਂ ਇਨ੍ਹਾਂ ਗੱਡੀਆਂ ਦੀ ਡਲਿਵਰੀ ਲਈ ਗਈ ਹੈ, ਜਿਸ ਤੋਂ ਕਾਫੀ ਚਰਚੇ ਵੀ ਛਿੜੇ ਹਨ। 

              ਦੱਸਦੇ ਹਨ ਕਿ ਇਨ੍ਹਾਂ ’ਚੋਂ ਬਹੁਤੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਵੀ ਜੁਲਾਈ ਦੇ ਪਹਿਲੇ ਹਫ਼ਤੇ ਦੀ ਹੋਈ ਹੈ ਪਰ ਸਰਕਾਰ ਨੇ ਅਲਾਟਮੈਂਟ ਰੋਕੀ ਹੋਈ ਸੀ। ਇਨ੍ਹਾਂ ਗੱਡੀਆਂ ਦੀ ਖਰੀਦ ’ਤੇ ਕਰੀਬ ਸਵਾ ਚਾਰ ਕਰੋੜ ਤੋਂ ਵੱਧ ਰਾਸ਼ੀ ਖਰਚ ਕੀਤੀ ਗਈ ਹੈ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨੇੜਲੇ ਸਮਝੇ ਜਾਂਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਅੱਜ ਨਵੀਂ ਇਨੋਵਾ ਗੱਡੀ ਦਿੱਤੀ ਗਈ ਹੈ।ਇਸੇ ਤਰ੍ਹਾਂ ਸੰਸਦ ਮੈਂਬਰ ਪਰਨੀਤ ਕੌਰ, ਡਾ. ਅਮਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਗੱਡੀ ਮਿਲੀ ਹੈ। ਇਵੇਂ ਹੀ ਵਿਧਾਇਕਾਂ ’ਚੋਂ ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ, ਕਾਕਾ ਲੋਹਗੜ੍ਹ ਸਮੇਤ 15 ਵਿਧਾਇਕਾਂ ਨੂੰ ਇਨੋਵਾ ਗੱਡੀ ਦਿੱਤੀ ਗਈ ਹੈ। ਸੂਤਰ ਆਖਦੇ ਹਨ ਕਿ ਟਰਾਂਸਪੋਰਟ ਵਿਭਾਗ ਤਰਫੋਂ ਉਸ ਵੇਲੇ ਇਨ੍ਹਾਂ ਗੱਡੀਆਂ ਦੀ ਡਲਿਵਰੀ ਦਿੱਤੀ ਗਈ, ਜਦੋਂ ਨਵਜੋਤ ਸਿੱਧੂ ਦੀ ਪ੍ਰਧਾਨਗੀ ਸਬੰਧੀ ਕਾਂਗਰਸ ’ਚ ਅੰਦਰੂਨੀ ਕਲੇਸ਼ ਠੰਢਾ ਨਹੀਂ ਹੋਇਆ ਹੈ। 

            ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦਾ ਕਹਿਣਾ ਸੀ ਕਿ ਉਨ੍ਹਾਂ ਵਿਧਾਇਕਾਂ ਨੂੰ ਸਕਿਉਰਿਟੀ ਵਹੀਕਲ ਅੱਜ ਮਿਲੇ ਹਨ, ਜਿਨ੍ਹਾਂ ਦੀਆਂ ਪੁਰਾਣੀਆਂ ਗੱਡੀਆਂ ਦੀ ਮਾਈਲੇਜ ਪੂਰੀ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਕਿਸੇ ਸਿਆਸੀ ਏਜੰਡੇ ਤਹਿਤ ਅੱਜ ਗੱਡੀਆਂ ਦਿੱਤੇ ਜਾਣ ਦੇ ਦੋਸ਼ ਬੇਬੁਨਿਆਦ ਹਨ ਅਤੇ ਇਹ ਤਾਂ ਰੁਟੀਨ ਦੀ ਕਾਰਵਾਈ ਹੈ।  ਸਰਕਾਰੀ ਪੱਖ ਜਾਣਨ ਲਈ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਵਾਰ-ਵਾਰ ਫੋਨ ਕੀਤੇ ਗਏ ਪਰ ਉਨ੍ਹਾਂ ਫੋਨ ਚੁੱਕਿਆ ਨਹੀਂ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਟਰਾਂਸਪੋਰਟ ਵਿਭਾਗ ਵੱਲੋਂ ਸਿਰਫ ਕੈਪਟਨ ਖੇਮੇ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਨਵੀਆਂ ਗੱਡੀਆਂ ਦੀ ਅਲਾਟਮੈਂਟ ਕਰਨੀ ਵੀ ਭ੍ਰਿਸ਼ਟਾਚਾਰ ਹੈ ਕਿਉਂਕਿ ਇੱਕ ਤਰੀਕੇ ਨਾਲ ਇਹ ਵਿਧਾਇਕਾਂ ਦੀ ਖਰੀਦ ਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੱਡੀਆਂ ਰੁਟੀਨ ਵਿੱਚ ਮੈਰਿਟ ਦੇ ਆਧਾਰ ’ਤੇ ਸਭ ਨੂੰ ਮਿਲਣੀਆਂ ਚਾਹੀਦੀਆਂ ਹਨ।

Monday, July 19, 2021

                                                ਵਿਚਲੀ ਗੱਲ
                                     ਤੈਨੂੰ ਕਾਹਦਾ ਚਾਅ ਚੜ੍ਹਿਆ..!
                                               ਚਰਨਜੀਤ ਭੁੱਲਰ    

ਚੰਡੀਗੜ੍ਹ : ਕੋਈ ਕਹੇਗਾ, ਗੁਰੂ ਛਾਇਆ, ਕੋਈ ਕਹੇਗਾ, ਸਿੱਧੂ ਆਇਆ, ਨਵੀਆਂ ਗੁੱਡੀਆਂ ਨਵੇਂ ਪਟੋਲੇ, ਨਵਾਂ ਐਡੀਸ਼ਨ ਲੈ ਕੇ ਆਇਆ। ਦਿੱਲੀਓਂ ਆਈ ਖ਼ਬਰ, ਦਸੌਂਧਾ ਸਿਓਂ ਨੇ ਭੰਗੜਾ ਪਾਇਆ, ਖਿਝ ਕੇ ਘਰ ਵਾਲੀ ਬੋਲੀ, ‘ਤੈਨੂੰ ਕਾਹਦਾ ਚਾਅ ਚੜ੍ਹਿਆ।’ ਦਸੌਂਧਾ ਸਿੰਘ ਉਦੋਂ ਵੀ ਮੀਰਾ ਤੋਂ ਵੱਧ ਨੱਚਿਆ ਸੀ, ਜਦ ਹੱਥ ’ਚ ਖੂੰਡਾ ਲੈ ਅਮਰਿੰਦਰ ਗੱਜਿਆ ਸੀ। ਜੈਕਾਰੇ ਉਦੋਂ ਵੀ ਛੱਡੇ, ਜਦੋਂ ਅਮਰਿੰਦਰ ਬੋਲੇ ਸੀ, ‘ਆਹ ਗੁਟਕਾ ਸਾਹਿਬ ਦੀ ਸਹੁੰ..!’ ਰਾਜਨੇਤਾ ਹਮੇਸ਼ਾ ਅਗਲੀ ਚੋਣ ਬਾਰੇ ਸੋਚਦੈ, ਭਲਾ ਨੇਤਾ ਅਗਲੀ ਪੀੜੀ ਬਾਰੇ। ਪ੍ਰਸ਼ਾਂਤ ਕਿਸ਼ੋਰ ਨੇ, ਜ਼ਰੂਰ ਕੁਝ ਸੋਚ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਐ। ਲਓ ਜੀ! ਹੁਣ ਸ਼ੇਰ ਨਹੀਂ, ਬੱਬਰ ਸ਼ੇਰ ਆਇਐ। ਜਤਿੰਦਰ ਪੰਨੂ ਖਿਝ ਕੇ ਬੋਲੇ, ‘ਪੰਜਾਬ ਕੋਈ ਜੰਗਲ ਨਹੀਂ।’ ਪਹਿਲਾਂ ਇੱਕ ਲਤੀਫ਼ਾ ਹੋ ਜੇ। ਲਾਲੂ ਪ੍ਰਸ਼ਾਦ ਉਦੋਂ ਮੁੱਖ ਮੰਤਰੀ ਸਨ। ਜਾਪਾਨੀ ਆਗੂ ਪੂਰਾ ਬਿਹਾਰ ਘੁੰਮ ਕੇ ਬੋਲੇ, ‘ਮਿਸਟਰ ਲਾਲੂ! ਸਾਨੂੰ ਸਿਰਫ਼ ਛੇ ਮਹੀਨੇ ਲਈ ਬਿਹਾਰ ਦਿਓ, ਅਸੀਂ ਜਾਪਾਨ ਬਣਾ ਦਿਆਂਗੇ।’ ਲਾਲੂ ਦਾ ਆਤਮਵਿਸ਼ਵਾਸ ਵੇਖੋ, ‘ਜਾਪਾਨੀ ਬਾਬੂ! ਸਾਨੂੰ ਛੇ ਦਿਨਾਂ ਲਈ ਹੀ ਜਾਪਾਨ ਦੇ ਦਿਓ, ਅਸੀਂ ਬਿਹਾਰ ਬਣਾ ਦਿਆਂਗੇ।’ ‘ਬੱਦਲ ਚੜ੍ਹਿਆ ਚੰਬਲੋਂ, ਡੰਗਰ ਵੱਛੇ ਸਾਂਭ’ਲੋ।’

             ਨਵੇਂ ਪ੍ਰਧਾਨ ਸਿੱਧੂ ਨੂੰ ਕੰਨ ’ਚ ਦੱਸੋ, ਪੰਜਾਬ ਕਿਹੋ ਜੇਹਾ ਬਣਾਉਣੈ। ਫੇਰ ਚਾਹੇ ਘੁਰਾੜੇ ਮਾਰਿਓਂ। ਅਠਾਰਾਂ ਮੁੱਦੇ ਆਹ ਛੇਆਂ ਮਹੀਨਿਆਂ ’ਚ ਪੂਰੇ ਕਰਾਊਂ। ਸਰਦਾਰ ਭਗਵੰਤ ਸਿੰਘ ਦਾ ਇਮਾਨੀ ਮੁੰਡਾ ਸਭ ਨੂੰ ਭਾਜੜ ਪਾਊ। ਬੱਸ ਹੁਣ ਸਿਹਰਾਬੰਦੀ ਹੋਣੀ ਐ। ਕਾਂਗਰਸੀ ਵਿਹੜੇ ਕੜਾਹੀ ਚੜ੍ਹੀ ਹੈ। ਦਿਨ ਸ਼ਗਨਾਂ ਦਾ ਆਇਐ, ਨਾਲੇ ਪਰੀਹੇ ਵੀ। ਬਰਾਤ ਦੀ ਤਿਆਰੀ ਸੀ, ਆਹ ਅਮਰਿੰਦਰ ਸਿਓਂ ਐਵੇਂ ‘ਫੁੱਫੜ’ ਬਣ ਬੈਠਾ ਸੀ। ਅਖ਼ੇ, ਪਹਿਲਾਂ ਸਿੱਧੂ ਮੁਆਫ਼ੀ ਮੰਗੇ, ਐਂ ਬਰਾਤ ਕਿਵੇਂ ਚੜੂ। ‘ਰੱਬ ਬੰਦੇ ਦੀਆਂ ਸਕੀਮਾਂ ’ਤੇ ਹੱਸਦੈ।’ ਪ੍ਰਤਾਪ ਬਾਜਵਾ ਸਿੱਧੇ ਅਮਰਿੰਦਰ ਕੋਲ ਘਰੇ ਗਏ। ਦੋਹੇਂ ਆਗੂ ਖੁਸ਼ਨੁਮਾ ਅੰਦਾਜ਼ ’ਚ ਬੈਠੇ, ਚਿੱਟੇ ਦੁੱਧ ਵਰਗੇ ਲਿਬਾਸ, ਮਜ਼ਾਲ ਐ ਕੋਈ ਦਾਗ਼ ਦਿਖ’ਜੇ। ‘ਬੇਰੀਆਂ ਦੇ ਬੇਰ ਪੱਕਗੇ, ਰੁੱਤ ਯਾਰੀਆਂ ਲਾਉਣ ਦੀ ਆਈ।’ ਕੋਈ ਲੱਖ ਕਹੇ, ਸਿੱਧੂ ਨੂੰ ਮਿਲਣੈ ਔਖੇ। ਔਹ ਦੇਖੋ, ਕਿਵੇਂ ਸ਼ਰੀਕੇ ਕਬੀਲੇ ’ਚ ਪੈਰੀਂ ਹੱਥ ਲਾਉਂਦਾ ਫਿਰਦੈ। ਏਨੀ ਨਿਮਰਤਾ, ਰਹੇ ਰੱਬ ਦਾ ਨਾਂ। ਮਸੀਹਾ ਬਣਨਾ ਹੋਵੇ, ਸਲੀਬ ਆਪ ਚੁੱਕਣੀ ਪੈਂਦੀ ਹੈ। ਟਕਸਾਲੀ ਬਾਬੇ ‘ਸਿੱਧੂ’ ਦੇ ਦਰਸ਼ਨ-ਦੀਦਾਰੇ ਕਰ ਧੰਨ ਹੋ ਗਏ। ਅਮਰਿੰਦਰ ਕਹਿੰਦਾ, ‘ਪਹਿਲਾਂ ਮੁਆਫ਼ੀ ਮੰਗੋ, ਮਗਰੋਂ ਦਰਸ਼ਨ ਦਿਆਂਗੇ।’

             ਨਵਜੋਤ ਨੂੰ ਸੁਰਮਾ ਪਾਉਣਾ, ਨਾਲੇ ਮਟਕਾਉਣਾ ਵੀ ਆਉਂਦੈ। ਸੁਰਮਚੂ ਪਰਗਟ ਸਿੰਘ ਫੜੀ ਖੜ੍ਹੈ, ਲੱਗਦੇ ਹੁਣ ਰੁੱਸੇ ‘ਫੁੱਫੜ’ ਨੂੰ ਕੀਹਨੇ ਮਨਾਉਣੈ। ਗਲੀ ’ਚ ਭਗਵੰਤ ਮਾਨ ਗੇੜੇ ਮਾਰਦਾ ਫਿਰਦੈ, ਹੱਥ ’ਚ ਖੁਰਚਣੈ, ਅਖ਼ੇ ਟਵੀਟਾਂ ਦਾ ਹਿਸਾਬ ਲਵਾਂਗੇ। ਲੜਾਈ ਸਿੱਧੂਆਂ ਦੀ, ਮਾਨ ਐਵੇਂ ਟੰਗ ਅੜਾ ਰਿਹੈ। ਨਵਜੋਤ ਵੀ ਸਿੱਧੂ, ਅਮਰਿੰਦਰ ਵੀ ਸਿੱਧੂ, ਦੋਵੇਂ ਪਟਿਆਲੇ ਦੇ, ਇੱਕ ਪਜਾਮੀ ਪਾਉਂਦੈ, ਦੂਜਾ ਸਲਵਾਰ। ਇੱਕ ਕੁਰਸੀ ਬਚਾਉਣ ਲਈ, ਦੂਜਾ ਪਾਉਣ ਲਈ ਲੜ ਰਿਹੈ। ਇੱਕ ਸਿੱਧੂ ਘੱਟ ਬੋਲਦੈ, ਦੂਜਾ ਬੋਲਣੋਂ ਨਹੀਂ ਹਟਦਾ।ਜਦੋਂ ਨਵਜੋਤ ਕਾਂਗਰਸੀ ਸਜੇ, ਉਦੋਂ ਅਮਰਿੰਦਰ ਕੋਲ ਝੁਕ ਕੇ ਬੋਲੇ ‘ਡੈਡੀ ਜੀ ਪੈਰੀਂ ਪੈਣੈ।’ ਵੱਡੇ ਬਾਦਲ ਫੌਰੀ ਬੋਲੇ, ‘ਸਿੱਧੂ ਮੈਨੂੰ ਵੀ ਪਿਓ ਕਹਿੰਦਾ ਹੁੰਦਾ ਸੀ।’ ਬਾਦਲਾਂ ਨੂੰ ਸਿੱਧੂ ਬਹੁਤ ਪੈਂਦੈ, ਪੈਰੀਂ ਪੈਣ ਵਾਲਾ ਸਿੱਧੂ ਕਦੇ ਕੁਰਸੀ ਨੂੰ ਪਊ, ਅਮਰਿੰਦਰ ਦੇ ਕਿੱਥੇ ਚੇਤੇ ਸੀ। ‘ਸ਼ਰੀਕ ਤਾਂ ਮਿੱਟੀ ਦਾ ਮਾਣ ਨਹੀਂ ਹੁੰਦਾ।’ ਢੋਲੀ ਆਖਦੇ ਨੇ, ਸਾਨੂੰ ਘਾਟਾ ਪੈ ਰਿਹੈ, ਬਰਾਤ ਚੜ੍ਹਾਓ, ਗੱਲ ਮੁਕਾਓ। ਹਾਈਕਮਾਨ ਨੇ ਤਾਂ ਮੁਕਾ’ਤੀ, ਹੁਣ ਵਜਾਓ ਢੋਲ। ‘ਤੁਹਾਡੀ ਬੁੱਧੀ ਹੀ ਤੁਹਾਡੀ ਗੁਰੂ ਹੁੰਦੀ ਹੈ।’ 

            ਟਵੀਟਾਂ ’ਤੇ ਨਵਜੋਤ ਨੇ ਮੁਆਫ਼ੀ ਮੰਗੀ ਤਾਂ ਕਿਤੇ ਪੰਗਾ ਨਾ ਪੈ ਜਾਏ। ਪੰਜਾਬ ਜ਼ਰੂਰ ਗਲ਼ ਪੈ ਸਕਦੈ, ਮੁਆਫ਼ੀ ਦਾ ਮਤਲਬ ਬੇਅਦਬੀ ਦੇ ਮਾਮਲੇ, ਨਸ਼ਿਆਂ ਅਤੇ ਮਾਫੀਏ ਦੇ ਖ਼ਾਤਮੇ ਤੋਂ ਮੁਕਰਨਾ। ਖੁਸ਼ੀ ਦੀ ਲਹਿਰ ਸ਼ੰਭੂ ਖੜ੍ਹੀ ਐ, ਅਖ਼ੇ ਕਰੋ ਸਿਹਰਾਬੰਦੀ, ਮੈਂ ਦੌੜਨੈ। ਕਿਸੇ ਪੇਂਡੂ ਘਰ ’ਚ ਪੋਤਰਾ ਟੀਵੀ ’ਤੇ ਸਿੱਧੂ ਨੂੰ ਵੇਖ ਬੋਲਿਆ, ਦਾਦੀ-ਦਾਦੀ! ਔਹ ਵੇਖੋ ‘ਟਵੀਟਾਂ ਵਾਲਾ’। ਅਨਪੜ੍ਹ ਦਾਦੀ, ਸਿੱਧੂ ਦੇ ਹੱਥਾਂ ਤੇ ਲਾਲ ਖੰਬਣੀਆਂ ਦੇਖ ਬੋਲੀ... ‘ਏਹ ਤਬੀਤਾਂ ਵਾਲਾ ਬਾਬਾ ਕੌਣ ਐ।’ ਕੋਲ ਖੜ੍ਹ ਅਮਲੀ ਨੇ ਮਸ਼ਕਰੀ ਕੀਤੀ। ਅੰਬੋ! ਪੰਜਾਬ ਨੇ ਜਦੋਂ ਤੋਂ ਟੂਣਾ ਟੱਪਿਐ, ਓਪਰੀ ਕਸਰ ਚਿੰਬੜੀ ਐ, ਸੁੱਕ ਕੇ ਤੀਲਾ ਬਣਿਐ। ਹੁਣ ਤਬੀਤਾਂ ਵਾਲਾ ਯਾਨਿ ਕਿ ਨਵਾਂ ਪ੍ਰਧਾਨ ਨਵਜੋਤ ਸਿੱਧੂ ਹਥੌਲ਼ਾ ਪਾਊ। ‘ਅੱਗੇ ਤੇਰੇ ਭਾਗ ਲੱਛੀਏ। ਐਸ.ਤਰਸੇਮ ਨੇ ਠੀਕ ਫਰਮਾਇਐ, ‘ਨਾ ਰੋਸ਼ਨਦਾਨ, ਨਾ ਬੂਹਾ, ਨਾ ਖਿੜਕੀ ਬਣਾਉਂਦਾ ਹੈ, ਮੇਰੇ ਹੁਣ ਸ਼ਹਿਰ ਦਾ ਹਰ ਮਿਸਤਰੀ ਕੁਰਸੀ ਬਣਾਉਂਦਾ ਹੈ। ਬਿਨਾਂ ਮੰਗੀ ਸਲਾਹ ਹੈ, ਮੁੱਖ ਮੰਤਰੀ ਹੀ ਤਿੰਨ ਚਾਰ ਬਣਾ ਦਿਓ। ਮਾਲਵੇ ਦਾ, ਇੱਕ ਮਾਝੇ ਤੇ ਇੱਕ ਦੁਆਬੇ ਦਾ। ਪੰਜਾਬ ਦਾ ਕੋਈ ਸਕਾ ਬਣਦਾ, ਅੱਜ ਤਰਸ ਦਾ ਪਾਤਰ ਕਿਉਂ ਬਣਦਾ। ‘ਤੇਰੀ ਕੋਈ ਨਾ ਬੇਲੀ ਰਾਮ।’ ਤਾਹੀਂ ਲੋਕ ਦਿਲਾਂ ਦੇ ਤਖਤ ’ਤੇ ਨਹੀਂ ਬਿਠਾਉਂਦੇ। ਛੱਜੂ ਰਾਮ ਉਨ੍ਹਾਂ ’ਤੇ ਬਹੁਤ ਖ਼ਫੈ, ਜੋ ਸਿਆਸੀ ਰੈਲੀਆਂ ਦੀ ਭੀੜ ਬਣਦੇ ਨੇ, ਜੈਕਾਰੇ ਛੱਡਦੇ ਨੇ।

            ’ਪੰਜਾਬੀ ਮਾਵਾਂ ਨੇ ਪੁੱਤ ‘ਵਰਕਰ’ ਬਣਾਉਣ ਲਈ ਨਹੀਂ ਜੰਮੇ। ਹੁਣ ਕਹੋਗੇ ‘ਚੱਕ ਦਿਓ ਫੱਟੇ, ਨੱਪ ਦਿਓ ਕਿੱਲੀ।’ ਸਿੱਧੂ ਸਾਹਬ! ਫਿਕਰ ਛੱਡੋ, ਜ਼ਰੂਰ ਠੋਕਣਗੇ ਤਾਲੀ। ਪਿਆਰਿਓ! ਨਾਅਰੇ ਲਾਇਓ... ਜਦੋਂ ਸਸਤੀ ਬਿਜਲੀ ਦੇ ਲਾਟੂ ਜਗੇ। ਭੰਗੜੇ ਪਾਇਓ... ਜਦੋਂ ਹੱਥਾਂ ਨੂੰ ਰੁਜ਼ਗਾਰ ਮਿਲੇ। ਮਿੱਠਾ ਵੀ ਖਾਇਓ... ਜਦ ਨਸ਼ੇ ਮੁੱਕ ਗਏ। ਸ਼ੁਕਰ ਮਨਾਇਓ... ਜਦ ਬੇਅਦਬੀ ਦੇ ਦੋਸ਼ੀ ਫੜੇ। ਢੋਲੇ ਦੀਆਂ ਲਾਇਓ... ਜਦ ਸੱਥਰ ਵਿਛਣੋਂ ਰੁਕ ਗਏ। ਢੋਲ ਵਜਾਇਓ... ਜਦ ਰਾਮ ਰਾਜ ਆਇਐ। ‘ਰਾਹਾਂ ਨੂੰ ਉਲ੍ਹਾਮੇ ਦੇਣ ਨਾਲੋਂ ਆਪ ਤੇਜ਼ ਤੁਰੋ।’ ਪੰਜਾਬ ਤੋਂ ਭੁੱਲ ਹੋਈ ਐ, ਹੁਣ ਪਛਤਾ ਰਿਹੈ। ਕਿਤੇ ਪ੍ਰਧਾਨ ਜੀ ਨੂੰ 25 ਸਾਲ ਦਿੱਤੇ ਹੁੰਦੇ, ਨਕਸ਼ਾ ਬਦਲ ਜਾਂਦਾ। ਜਾਪਾਨੀ ਵੀ ਸੋੋਚਦੇ, ਬਈ! ਅਸੀਂ ਪੰਜਾਹ ਸਾਲ ਪਿੱਛੇ ਕਿਵੇਂ ਪੈ ਗਏ। ‘ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਐ।’ ਨਵਜੋਤ ਸਿੱਧੂ ਬਰੈਂਡ ਨਿਊ ਪ੍ਰਧਾਨ ਨੇ। ਅੰਤਾਂ ਦਾ ਜਜ਼ਬੈ, ਸੱਚੀ ਗੱਲ ਤੋਂ, ਮਜ਼ਾਲ ਐ ਪਿਛਾਂਹ ਹਟਣ। ਥੋਡੇ ਉਦੋਂ ਮੱਥੇ ਲੱਗਣਗੇ, ਜਦੋਂ ਟਵੀਟਾਂ ਵਾਲੇ 18 ਨੁਕਤੇ ਅਮਰਿੰਦਰ ਤੋਂ ਪੂਰੇ ਕਰਾ ਲਏ। ਕਿਸਾਨ ਜ਼ਿੰਦਗੀ ਦੀ ਜ਼ੀਰੋ ਲਾਈਨ ’ਤੇ ਬੈਠੈ। ਜੰਗ ਪੈਲ਼ੀਆਂ ਲਈ ਹੈ। ਉਪਰੋਂ ਘਰਾਂ ਦੇ ਉਜਾੜੇ ਦਾ ਤੌਖਲੈ, ਅੱਖਾਂ ਵਿੱਚ ਪਾ ਅੱਖਾਂ, ਦਿੱਲੀ ਵੱਲ ਦੇਖ ਰਿਹੈ। ਅੰਨਦਾਤਾ ਭਾਜੀ ਮੋੜਨ ਤੁਰਿਐ। ਜਾਗੇ ਲੋਕ ਦਿੱਲੀ ਬੈਠੇ ਨੇ। ਸੁੱਤਿਆਂ ਦਾ ਕਰੀਏ! ਜੋ ਸਿਆਸੀ ਰੈਲੀਆਂ ’ਚ ਹੇਕਾਂ ਲਾਉਣਗੇ... ਜਿੱਤੂਗਾ ਬਈ ਜਿੱਤੂਗਾ! ਕੋਈ ਗਾ ਰਿਹੈ... ‘ਤਖ਼ਤੇ ਨਹੀਂ ਪਲਟਾਉਣੇ ਸੱਜਣਾਂ, ਵਿਕੀਆਂ ਵੋਟਾਂ ਨੇ।’

             ਦਰਅਸਲ, ਜਦੋਂ ਰੱਬ ਨੇ ਅਕਲ ਵੰਡੀ, ਏਹ ਤਖ਼ਤੇ ਉਹਲੇ ਲੁਕ ਗਏ। ਕਿਤੇ ਅਕਲ ਬਦਾਮ ਛਕਣ ਨਾਲ ਆਉਂਦੀ, ਐੱਨਆਰਆਈ ਭਰਾਵਾਂ ਨੂੰ ਆਖਦਾ, ਬਈ! ਐਤਕੀ ਬਦਾਮਾਂ ਦੇ ਜਹਾਜ਼ ਭੇਜੋ। ਪੰਜਾਬ ਦੀ ਹਾਲਤ ਤਾਂ ਚੁੰਨੀ ਚੜ੍ਹਾਉਣ ਵਾਲੀ ਬਣੀ ਐ। ਕਾਂਗਰਸੀ ਹੁਣ ਸਿਹਰਾਬੰਦੀ ’ਚ ਜੁਟਣਗੇ। ਪ੍ਰਧਾਨ ਸਿੱਧੂ ਅੱਗੇ ਕੰਡੇ ਹੀ ਕੰਡੇ ਹਨ। ਦੋ ਦਿਨਾਂ ਤੋਂ ਚੁਗਣੇ ਸ਼ੁਰੂ ਕੀਤੇ ਨੇ। ਇੱਧਰ, ਘਾਹੀ ਘਾਹ ਖੋਤ ਰਹੇ ਨੇ। ਕਾਲੇ ਝੰਡਿਆਂ ਦਾ ਪਿੰਡਾਂ ’ਚ ਹੜ੍ਹ ਆਇਐ, ਨੇਤਾ ਕਿਧਰ ਜਾਣ। ਜਾਂਦੇ-ਜਾਂਦੇ ਇੱਕ ਲਤੀਫ਼ਾ ਹੋਰ ਜੋ ਕਿਸੇ ਦੋਸਤ ਨੇ ਸੁੁਣਾਇਐ। ‘ਕਿਸਾਨਾਂ ਦੀ ਕੁੱਟ ਤੋਂ ਅੱਕੇ ਗਿੱਦੜਾਂ ਨੇ ਸਭਾ ਬੁਲਾਈ। ਵੱਡੀ ਉਮਰ ਦੇ ਗਿੱਦੜ ਨੂੰ ਪ੍ਰਧਾਨ ਚੁਣਿਆ ਗਿਆ। ਪਛਾਣ ਵਜੋਂ ਪੂਛ ’ਤੇ ਛੱਜ ਬੰਨ’ਤਾ। ਖੇਤਾਂ ’ਤੇ ਹੱਲਾ ਬੋਲਿਆ, ਅੱਗਿਓਂ ਕਿਸਾਨ ਪੈ ਨਿਕਲੇ। ਗਿੱਦੜ ਖੱਡਾਂ ’ਚ ਵੜ ਗਏ। ਪ੍ਰਧਾਨ ਜੀ, ਖੁੱਡ ’ਚ ਵੜਨ ਲੱਗੇ, ਪਿੱਛੋਂ ਛੱਜ ਫਸ ਗਿਆ। ਕਿਸਾਨਾਂ ਨੇ ਪ੍ਰਧਾਨ ਨੂੰ ਛੱਜ ਤੋਂ ਫੜ ਕੇ ਧੂਹ ਲਿਆ, ਕੁੱਟ-ਕੁੱਟ ਕਰ’ਤਾ ਬੁਰਾ ਹਾਲ। ਕਿਸਾਨ ਗਏ ਤਾਂ ਖੁੱਡਾਂ ’ਚੋਂ ਨਿਕਲੇ ਗਿੱਦੜਾਂ ਨੇ ‘ਪ੍ਰਧਾਨ’ ਦਾ ਹਾਲ ਦੇਖ ਕਿਹਾ, ਜਨਾਬ! ਸਿਆਣੇ-ਬਿਆਣੇ ਹੋ, ਭੱਜ ਕੇ ਖੁੱਡ ’ਚ ਵੜਦੇ, ਆਹ ਕੀ ਹਾਲ ਬਣਾਇਐ। ਅੱਗਿਓਂ ਪ੍ਰਧਾਨ ਜੀ ਬੋਲੇ, ਵੜਦਾ ਕਿਵੇਂ, ਆਹ ਪਿੱਛੇ ਜਿਹੜਾ ਪ੍ਰਧਾਨਗੀ ਦਾ ਛੱਜ ਬੰਨਿਐ, ਏਹ ਵੜਨ ਨਹੀਂ ਦਿੰਦਾ।’

Friday, July 16, 2021

                                             ਕੌਣ ਮੰਗੇ ਜੁਆਬ 
                     ਖਾਲੀ ਨਿਕਲਿਆ ਕੈਬਨਿਟ ਕਮੇਟੀਆਂ ਦਾ ਸੰਦੂਕ
                                              ਚਰਨਜੀਤ ਭੁੱਲਰ  

ਚੰਡੀਗੜ੍ਹ :  ਪੰਜਾਬ ਦੇ ਵਜ਼ੀਰਾਂ ਕੋਲ ਏਨੀ ਵਿਹਲ ਨਹੀਂ ਕਿ ਉਹ ‘ਕੈਬਨਿਟ ਸਬ-ਕਮੇਟੀ’ ਨੂੰ ਸਮਾਂ ਦੇ ਸਕਣ, ਜਿਸ ਕਾਰਨ ਲੋਕ ਮਸਲੇ ਕਿਸੇ ਤਣ ਪੱਤਣ ਨਹੀਂ ਲੱਗਦੇ। ਕੈਪਟਨ ਹਕੂਮਤ ਵੱਲੋਂ ਜਿੰਨੇ ਮੁੱਦਿਆਂ ’ਤੇ ‘ਕੈਬਨਿਟ ਸਬ-ਕਮੇਟੀ’ ਬਣਾਈ ਗਈ, ਉਹ ਮਸਲੇ ਹਾਲੇ ਵੀ ਹਵਾ ’ਚ ਲਟਕੇ ਹੋਏ ਹਨ। ਜਦੋਂ ਹੁਣ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਆਖਰੀ ਵਰ੍ਹਾ ਹੈ ਤਾਂ ਲੋਕ ਇਨ੍ਹਾਂ ਕਮੇਟੀਆਂ ’ਤੇ ਉਂਗਲ ਚੁੱਕਣ ਲੱਗੇ ਹਨ, ਜਿਨ੍ਹਾਂ ਨੇ ਹਾਲੇ ਤੱਕ ਰਿਪੋਰਟ ਪੇਸ਼ ਨਹੀਂ ਕੀਤੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮਸਲੇ ਠੰਢੇ ਬਸਤੇ ’ਚ ਪਾਉਣ ਦਾ ਇਹ ਨਵਾਂ ਢੰਗ ਹੈ।ਵੇਰਵਿਆਂ ਅਨੁਸਾਰ ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਕੁੱਲ 31 ਕੈਬਨਿਟ ਸਬ-ਕਮੇਟੀਆਂ/ਇੰਮਪਾਵਰਮੈਂਟ ਕਮੇਟੀਆਂ/ ਗਰੁੱਪ ਆਫ਼ ਮਨਿਸਟਰਜ਼ ਦਾ ਗਠਨ ਕੀਤਾ ਹੈ। ਇਨ੍ਹਾਂ ’ਚੋਂ ਹੁਣ ਤੱਕ ਸਿਰਫ਼ ਛੇ ਕਮੇਟੀਆਂ ਨੇ ਹੀ ਆਪਣੀ ਰਿਪੋਰਟ ਪੇਸ਼ ਕੀਤੀ ਹੈ ਜਦੋਂਕਿ 25 ਕੈਬਨਿਟ ਸਬ-ਕਮੇਟੀਆਂ/ਇੰਮਪਾਵਰਮੈਂਟ ਕਮੇਟੀਆਂ/ਗਰੁੱਪ ਆਫ਼ ਮਨਿਸਟਰਜ਼ ਨੇ ਆਪਣੀ ਰਿਪੋਰਟ ਹੀ ਹਾਲੇ ਤੱਕ ਪੇਸ਼ ਨਹੀਂ ਕੀਤੀ ਹੈ। ਵਰ੍ਹਾ 2017-18 ’ਚ ਬਣੀਆਂ ਇਨ੍ਹਾਂ ਕਮੇਟੀਆਂ ਦਾ ਵੀ ਇਹੋ ਹਾਲ ਹੈ। 

             ਚਰਚਾ ਹੈ ਕਿ ਪੰਜਾਬ ਸਰਕਾਰ ਨੇ ਲਗਾਮ ਢਿੱਲੀ ਛੱਡੀ ਹੈ ਜਾਂ ਕੈਬਨਿਟ ਮੰਤਰੀਆਂ ਕੋਲ ਵਿਹਲ ਨਹੀਂ ਹੈ। ਪੰਜਾਬ ਵਜ਼ਾਰਤ ਵੱਲੋਂ ਰਾਜ ਦੇ ਗੰਭੀਰ ਮਸਲਿਆਂ ਦੇ ਹੱਲ ਲਈ ਇਨ੍ਹਾਂ ਕਮੇਟੀਆਂ ਜਾਂ ਮੰਤਰੀ ਸਮੂਹਾਂ ਦਾ ਗਠਨ ਕੀਤਾ ਗਿਆ ਸੀ। ਬਹੁਤੀਆਂ ਕੈਬਨਿਟ ਸਬ-ਕਮੇਟੀਆਂ ਤਿੰਨ-ਤਿੰਨ ਵਜ਼ੀਰਾਂ ’ਤੇ ਆਧਾਰਿਤ ਹਨ ਜਿਨ੍ਹਾਂ ਨੇ ਆਪਣੀ ਰਿਪੋਰਟ ਤਿਆਰ ਕਰਕੇ ਪੰਜਾਬ ਮੰਤਰੀ ਮੰਡਲ ਨੂੰ ਹੀ ਸੌਂਪਣੀ ਸੀ। ਕਈ ਸਬ ਕਮੇਟੀਆਂ ’ਚ ਚਾਰ-ਚਾਰ ਵਜ਼ੀਰ ਵੀ ਮੈਂਬਰ ਹਨ। ਮਿਸਾਲ ਦੇ ਤੌਰ ’ਤੇ ‘ਪੰਜਾਬ ਫਾਰਮਰਜ਼ ਪਾਲਿਸੀ’ ਨੂੰ ਕੈਬਨਿਟ ਸਬ ਕਮੇਟੀ ਬਣਾ ਕੇ ਉਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਕਰਨ ਨਾਲ ਮੂਲ ਮੁੱਦਾ ਹਵਾ ’ਚ ਲਟਕ ਜਾਂਦਾ ਹੈ।ਪੰਜਾਬ ਮੰਤਰੀ ਮੰਡਲ ਦੀਆਂ ਬੈਠਕਾਂ ਵਿਚ ਵਜ਼ੀਰਾਂ ’ਤੇ ਅਧਾਰਿਤ ਇਨ੍ਹਾਂ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਹੈ। ਜਿਨ੍ਹਾਂ ਕੈਬਨਿਟ ਸਬ-ਕਮੇਟੀਆਂ ਨੂੰ ਰਿਪੋਰਟ ਦੇਣ ਲਈ ਸਮਾਂ ਵੀ ਨਿਰਧਾਰਤ ਕੀਤਾ ਜਾਂਦਾ ਹੈ, ਉਹ ਵੀ ਆਪਣੀ ਰਿਪੋਰਟ ਸਮੇਂ ਸਿਰ ਨਹੀਂ ਦਿੰਦੀਆਂ ਹਨ। ਜੁਲਾਈ 2018 ਵਿਚ ‘ਸਟੇਟ ਮਾਈਨਿੰਗ ਪਾਲਿਸੀ’ ਨੂੰ ਰੀਵਿਊ ਕਰਨ ਲਈ ਕੈਬਨਿਟ ਸਬ-ਕਮੇਟੀ ਬਣਾ ਦਿੱਤੀ ਗਈ ਸੀ। ਇਹ ਮਸਲਾ ਲੰਮਾ ਸਮਾਂ ਲਟਕਦਾ ਰਿਹਾ। ਸਾਬਕਾ ਮੰਤਰੀ ਨਵਜੋਤ ਸਿੱਧੂ ਦੀ ਅਗਵਾਈ ਵਿਚ ਵੀ ਕਈ ਕੈਬਨਿਟ ਸਬ-ਕਮੇਟੀਆਂ ਬਣੀਆਂ ਸਨ।

           ਪੰਜਾਬ ’ਚ ਸਰਕਾਰੀ ਜਾਇਦਾਦਾਂ ’ਤੇ ਨਾਜਾਇਜ਼ ਕਬਜ਼ਿਆਂ ਦੇ ਮਸਲੇ ’ਤੇ ਵੀ ਕੈਬਨਿਟ ਸਬ-ਕਮੇਟੀ ਬਣੀ ਸੀ। ਸੂਤਰ ਦੱਸਦੇ ਹਨ ਕਿ ਕੈਬਨਿਟ ਸਬ-ਕਮੇਟੀ ਦੀ ਛੇਤੀ ਕਿਤੇ ਮੀਟਿੰਗ ਹੁੰਦੀ ਨਹੀਂ ਹੈ। ਅਗਰ ਹੋ ਵੀ ਜਾਵੇ ਤਾਂ ਵਜ਼ੀਰ ਚਾਹ ਪਾਣੀ ਪੀ ਕੇ ਰਸਮੀ ਪੂਰਤੀ ਕਰ ਦਿੰਦੇ ਹਨ। ਸਰਕਾਰੀ ਮੁਲਾਜ਼ਮਾਂ ਦੇ ਮਸਲਿਆਂ ’ਤੇ ਵੀ ਇਵੇਂ ਹੀ ਕੈਬਨਿਟ ਸਬ-ਕਮੇਟੀ ਬਣੀ ਸੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਆਖਦੇ ਹਨ ਕਿ ‘ਕੈਬਨਿਟ ਸਬ-ਕਮੇਟੀ’ ਸਿਰਫ਼ ਲੋਕ ਦਿਖਾਵੇ ਲਈ ਬਣਦੀ ਹੈ ਅਤੇ ਕੋਈ ਵੀ ਵਜ਼ੀਰ ਲੋਕ ਮਸਲਿਆਂ ਵਿਚ ਰੁਚੀ ਨਹੀਂ ਦਿਖਾਉਂਦਾ। ਜਦੋਂ ਲੋਕ ਦਬਾਓ ਵਧ ਜਾਂਦਾ ਹੈ ਤਾਂ ਮੁੱਖ ਮੰਤਰੀ ਵੱਲੋਂ ਕੈਬਨਿਟ ਸਬ-ਕਮੇਟੀ ਬਣਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਕਮੇਟੀ ਰਿਪੋਰਟ ਵੀ ਦੇ ਦੇਵੇ ਤਾਂ ਵੀ ਉਸ ਨੂੰ ਵਿਧਾਨ ਸਭਾ ’ਚ ਰੱਖਿਆ ਨਹੀਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ’ਚ ਲੋਕ ਕਾਂਗਰਸ ਤੋਂ ਇਸ ਦਾ ਜੁਆਬ ਮੰਗਣਗੇ।

Tuesday, July 13, 2021

                                               ਇੰਜ ਕਰੋ ਸਰਫ਼ਾ
                              ਵਿਧਾਇਕ ਬੀਬੀ ਦਾ ਬਿਜਲੀ ਬਿੱਲ ਜ਼ੀਰੋ ! 
                                                ਚਰਨਜੀਤ ਭੁੱਲਰ    

ਚੰਡੀਗੜ੍ਹ :  ਕਾਂਗਰਸੀ ਵਿਧਾਇਕਾ ਬੀਬੀ ਸਤਕਾਰ ਕੌਰ ਦੀ ਕੋਠੀ ਦਾ ਬਿਜਲੀ ਬਿੱਲ ਜ਼ੀਰੋ ਯੂਨਿਟ ਆ ਰਿਹਾ ਹੈ। ਇਸ ਕੋਠੀ ਤੱਕ ਮਹਿੰਗੀ ਬਿਜਲੀ ਦਾ ਸੇਕ ਨਹੀਂ ਪੁੱਜਾ ਹੈ। ਫਿਰੋਜ਼ਪੁਰ (ਦਿਹਾਤੀ) ਤੋਂ ਇਸ ਵਿਧਾਇਕਾ ਦੀ ਕੋਠੀ ’ਚ ਬਿਜਲੀ ਲੋਡ 4.98 ਕਿਲੋਵਾਟ ਹੈ। ਰਿਹਾਇਸ਼ ਦੇ ਬਾਵਜੂਦ ਇਸ ਕੋਠੀ ਦੀ ਬਿਜਲੀ ਖ਼ਪਤ ਦਸੰਬਰ 2020 ਤੋਂ ਹੁਣ ਤੱਕ ਜ਼ੀਰੋ ਯੂਨਿਟ ਹੀ ਹੈ। ਫਿਰੋਜ਼ਪੁਰ ਦੇ ਆਲੇਵਾਲਾ ’ਚ ਵਿਧਾਇਕਾ ਦੀ ਰਿਹਾਇਸ਼ ਹੈ ਜਿਥੇ ਬਿਜਲੀ ਮੀਟਰ ਲਾਉਣ ਲਈ 2500 ਰੁਪਏ ਦੀ 2 ਜੁਲਾਈ 2019 ਨੂੰ ਸਕਿਊਰਿਟੀ ਭਰੀ ਗਈ ਸੀ।  ਪਾਵਰਕੌਮ ਤੋਂ ਪ੍ਰਾਪਤ ਰਿਕਾਰਡ ਅਨੁਸਾਰ ਇਹ ਬਿਜਲੀ ਮੀਟਰ ਵਿਧਾਇਕਾਂ ਦੇ ਪਤੀ ਜਸਮੇਲ ਸਿੰਘ ਦੇ ਨਾਮ ’ਤੇ ਲੱਗਾ ਹੋਇਆ ਹੈ। ਸ਼ੁਰੂ ਤੋਂ ਲੈ ਕੇ ਹੁਣ ਜੁਲਾਈ 2021 ਤੱਕ ਇਸ ਕੋਠੀ ਦਾ ਬਿਜਲੀ ਬਿੱਲ ਇੱਕ ਦਫਾ ਅੱਠ ਹਜ਼ਾਰ ਰੁਪਏ ਭਰਿਆ ਗਿਆ ਹੈ। ਆਖਰੀ ਬਿੱਲ ਹੁਣ 14 ਜੁਲਾਈ ਤੱਕ 1190 ਰੁਪਏ ਭਰਿਆ ਜਾਣਾ ਹੈ। ਨਵੰਬਰ 2019 ਤੋਂ ਸਤੰਬਰ 2020 ਦੌਰਾਨ ਇਸ ਕੋਠੀ ’ਚ ਬਿਜਲੀ ਖਪਤ ਕੁੱਲ 258 ਯੂਨਿਟ ਰਹੀ ਹੈ, ਔਸਤਨ ਪ੍ਰਤੀ ਦਿਨ ਪੌਣਾ ਯੂਨਿਟ।

      ਦਸੰਬਰ 2020 ਤੋਂ ਬਿਜਲੀ ਖਪਤ ਜ਼ੀਰੋ ਹੋ ਗਈ ਹੈ। ਬਿਜਲੀ ਦੇ ਮੀਟਰ ਵਿਚ ਨੁਕਸ ਵੀ ਕੋਈ ਨਹੀਂ ਹੈ। ਮੀਟਰ ਰੀਡਰ ਬਿਜਲੀ ਖਪਤ ਜ਼ੀਰੋ ਹੀ ਰਿਪੋਰਟ ਕਰ ਰਿਹਾ ਹੈ। ਦੂਸਰੀ ਤਰਫ ਫਿਰੋਜ਼ਪੁਰ ਦਿਹਾਤੀ ’ਚ ਗਰੀਬ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਬਿੱਲ ਤਾਰਨੇ ਔਖੇ ਹਨ। ਫਿਰੋਜ਼ਪੁਰ ਕੈਂਟ ਦੇ ਐਸ.ਡੀ.ਓ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਵਿਧਾਇਕਾ ਦੀ ਰਿਹਾਇਸ਼ ਆਲੇਵਾਲ ਵਿਚ ਹੈ ਪ੍ਰੰਤੂ ਉੁਨ੍ਹਾਂ ਦੀ ਬਿਜਲੀ ਖਪਤ ਘੱਟ ਹੋਣ ਬਾਰੇ ਕੋਈ ਪਤਾ ਨਹੀਂ ਹੈ। ਉਹ ਪਤਾ ਕਰਨਗੇ।  ਇਸੇ ਤਰ੍ਹਾਂ ਹੀ ਸਾਬਕਾ ਐਮ.ਪੀ ਸ਼ੇਰ ਸਿੰਘ ਘੁਬਾਇਆ ਅਤੇ ਮੌਜੂਦਾ ਵਿਧਾਇਕ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਪਿੰਡ ਘੁਬਾਇਆ ਵਿਚਲੀ ਰਿਹਾਇਸ਼ ’ਚ ਜੋ ਸ਼ੇਰ ਸਿੰਘ ਘੁਬਾਇਆ ਦੇ ਨਾਮ ’ਤੇ ਬਿਜਲੀ ਮੀਟਰ ਲੱਗਾ ਹੈ, ਉਸ ਦਾ ਬਿਜਲੀ ਲੋਡ 7.39 ਕਿਲੋਵਾਟ ਹੈ।   ਏਨਾ ਲੋਡ ਹੋਣ ਦੇ ਬਾਵਜੂਦ ਇਸ ਮੀਟਰ ਤੋਂ ਬਿਜਲੀ ਖਪਤ ਦਸੰਬਰ 2020 ਤੋਂ ਜੂਨ 2021 ਤੱਕ 267 ਯੂਨਿਟ ਹੀ ਰਹੀ ਹੈ ਜੋ ਔਸਤਨ ਕਰੀਬ ਇੱਕ ਯੂਨਿਟ ਪ੍ਰਤੀ ਦਿਨ ਬਣਦੀ ਹੈ।                                              ਇਸ ਬਿਜਲੀ ਮੀਟਰ ਦਾ ਦਸੰਬਰ ਮਹੀਨੇ ਦੇ 68 ਦਿਨਾਂ ਦਾ ਬਿੱਲ ਸਿਰਫ 16 ਯੂਨਿਟ ਖਪਤ ਦਾ ਆਇਆ ਜਦੋਂ ਕਿ ਅਗਲੇ 60 ਦਿਨਾਂ ਦਾ ਬਿੱਲ ਜ਼ੀਰੋ ਯੂਨਿਟ ਆਇਆ। ਅਪਰੈਲ 2021 ਵਾਲੇ ਬਿੱਲ ’ਚ 55 ਦਿਨਾਂ ਦੀ ਬਿਜਲੀ ਖਪਤ 13 ਯੂਨਿਟ ਹੀ ਰਹੀ ਹੈ। ਤਾਜਾ ਬਿੱਲ 73 ਦਿਨਾਂ ਦਾ 248 ਯੂਨਿਟ ਖਪਤ ਦਾ ਆਇਆ ਹੈ। ਪਿਛੇ ਦੇਖੀਏ ਤਾਂ ਇਸ ਮੀਟਰ ਦੀ ਬਿਜਲੀ ਖਪਤ ਅਪਰੈਲ 2019 ਵਿਚ 13 ਯੂਨਿਟ, ਨਵੰਬਰ 2019 ਵਿਚ ਜ਼ੀਰੋ ਯੂਨਿਟ ਅਤੇ ਫਰਵਰੀ 2020 ਵਿਚ ਵੀ ਜ਼ੀਰੋ ਯੂਨਿਟ ਖਪਤ ਰਹੀ ਹੈ।  ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਹ ਮੀਟਰ ਭੱਠੇ ’ਤੇ ਲੱਗਾ ਹੁੰਦਾ ਸੀ ਜੋ ਬੰਦ ਕਰਾ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਇਹ ਘਰੇਲੂ ਮੀਟਰ ਹੋਣ ਦੀ ਗੱਲ ਆਖੀ ਤਾਂ ਉਨ੍ਹਾਂ ਕਿਹਾ ਕਿ ਰਿਹਾਇਸ਼ ’ਤੇ ਹੋਰ ਮੀਟਰ ਲੱਗੇ ਹੋਏ ਹਨ। ਉਹ ਇੱਕ ਮੀਟਰ ਬੰਦ ਕਰਨ ਬਾਰੇ ਲਿਖਤੀ ਤੌਰ ’ਤੇ ਮਹਿਕਮੇ ਨੂੰ ਦੇ ਚੁੱਕੇ ਹਨ। 

                              ਬਿਜਲੀ ਘੱਟ ਹੀ ਬਾਲਦੇ ਹਾਂ : ਸਤਕਾਰ ਕੌਰ

ਵਿਧਾਇਕਾ ਸਤਕਾਰ ਕੌਰ ਦਾ ਕਹਿਣਾ ਸੀ ਕਿ ਉਹ ਇਥੇ ਕਾਫੀ ਘੱਟ ਰਹਿੰਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਬਿਜਲੀ ਜਿਆਦਾ ਬਾਲਣ ਤੋਂ ਪਰਹੇਜ਼ ਹੀ ਕਰਦੇ ਹਨ ਜਿਸ ਕਰਕੇ ਖਪਤ ਘਟੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਹੋਰ ਕਮਰੇ ਬਣਾਏ ਹਨ ਅਤੇ ਨਵਾਂ ਬਿਜਲੀ ਜਿਆਦਾ ਆਵੇਗਾ।


Monday, July 12, 2021

                                                    ਵਿਚਲੀ ਗੱਲ
                                           ਯੈੱਸ ਮੈਨ ਦੀ ਲਾਲਟੈਨ..!
                                                  ਚਰਨਜੀਤ ਭੁੱਲਰ    

ਚੰਡੀਗੜ੍ਹ : ‘ਦੇਸ਼ ਕਾ ਨੇਤਾ’ ਏਨਾ ਟੁੱਟ ਪੈਣੇ, ਜ਼ਰਾ ਵੀ ਹੱਸੋਗੇ, ਦੰਦ ਗਿਣੇਗਾ। ਠਹਾਕਾ ਮਾਰ ਹੱਸੋਗੇ ਤਾਂ ਵੇਲਾ ਹੱਥ ਨਹੀਂ ਆਏਗਾ। ਬਿਨਾਂ ਪੈਰ ਜੁੱਤੀ ਪਾਏ, ਕੋਈ ਗੜਗੱਜ ‘ਦਰਬਾਰੀ’ ਜਾਏਗਾ। ਸਿਆਸੀ ਬੱਘੀ ਦੀ ਲਗਾਮ ਫੜ, ਇੰਜ ਫਰਮਾਏਗਾ... ਬਾਦਸ਼ਾਹੋ! ਫਕੀਰਪੁਰੇ ’ਚ ਕੋਈ ਹਾਸੜ ਮਚਾਏ, ਅਸਾਂ ਤੋਂ ਝੱਲ ਨਹੀਓਂ ਹੁੰਦਾ। ਦਰਬਾਰੀ ਪੁੱਤ ‘ਗੁੱਡ ਮੈਨ ਦੀ ਲਾਲਟੈਨ’ ਅਖਵਾਏਗਾ। ਇੱਧਰ ਹਾਸੜ ਮੱਲ, ਬਾਗੀ ਦਾ ਰੁਤਬਾ ਪਾਏਗਾ, ਜਦ ਜੇਲ੍ਹ ਜਾਏਗਾ, ਹੱਸਣਾ ਤਾਂ ਛੱਡੋ, ਰੋਣਾ ਵੀ ਨਹੀਂ ਆਏਗਾ। ਬੱਸ ਸੁਰਖ਼ੀ ਹੀ ਛਪੇਗੀ ‘ਸਟੈਨ ਸਵਾਮੀ ਨਹੀਂ ਰਹੇ।’ਅਮਰੀਕਨ ਬੀਬੀ ਫਰਾਂਸੈਸਕਾ ਗਿਨੋ ਦੀ ਕਿਤਾਬ ਐ ‘ਰੈਬਲ ਟੇਲੈਂਟ’ (ਬਾਗੀ ਪ੍ਰਤਿਭਾ)। ਮੱਤ ਦਿੰਦੀ ਐ, ਪਾਣੀ ਦੇ ਵਹਾਅ ਦੇ ਉਲਟ ਤੈਰੋ, ਕੰਮ ਤੇ ਜ਼ਿੰਦਗੀ ’ਚ ਉਸਾਰੂ ਬਾਗੀਪੁਣਾ ਦਿਖਾਓਂ, ਅਸਹਿਮਤੀ ਨੂੰ ਮੋਢੇ ਬਿਠਾਓ। ਕਿਤਾਬੀ ਕਵਰ ’ਤੇ ਭੇਡਾਂ ਦੀ ਤਸਵੀਰ ਐ। ਕਿਸੇ ਠੀਕ ਕਿਹੈ, ‘ਹੁਕਮ ਚਲਾਉਣਾ ਵੀ ਇੱਕ ਕਲਾ ਹੈ, ਭਾਵੇਂ ਭੇਡਾਂ ਦੇ ਇੱਜੜ ’ਤੇ ਹੀ ਚਲਾਉਣਾ ਹੋਵੇ।’ ਮਿੱਤਰੋ! ਮਹਾਮਾਰੀ ਮੇ ਸਭ ਕਾ ਸਾਥ ਚਾਹੀਏ। ਦਸੌਂਧਾ ਸਿੰਘ ਕਿਧਰੋਂ ਵਿੱਚ ਭੇਡਾਂ ਲੈ ਵੜਿਐ, ਅਖ਼ੇ ਨਵੀਂ ਕੈਬਨਿਟ ਦਾ ਚਾਅ ਐ।

             ਭੇਡਪੁਣਾ ਛੱਡੋ, ਨਵੇਂ ਵਜ਼ੀਰਾਂ ਦੀ ਥਾਹ ਪਾਈਏ। ਕਾਕਾ ਅਨੁਰਾਗ ਠਾਕੁਰ, ਹੁਣੇ ਖੇਡ ਮੰਤਰੀ ਬਣਿਐ, ਚੋਣਾਂ ਮੌਕੇ ਭਾਜਪਾਈ ਕਿੰਨਾ ਨੱਚੇ, ਜਦੋਂ ਠਾਕੁਰ ਬਾਬੂ ਫਰਮਾਏ... ‘ਦੇਸ਼ ਕੇ ਗੱਦਾਰੋ ਕੋ...।’ ਅੱਗੇ ਕਿੰਨਾ ਨਚਾਉਣਗੇ, ਜੁਝਾਰੂ ਕਵੀ ਜਗਸੀਰ ਜੀਦਾ ਦੱਸ ਰਿਹੈ, ‘ਅਸੀਂ ਉਂਗਲਾਂ ’ਤੇ ਸਿੱਖ ਗਏ ਨਚਾਉਣਾ, ਜਦੋਂ ਦੇ ਬਣੇ ਖੇਡ ਮੰਤਰੀ।’ ਨਵੇਂ ਪੰਚਾਇਤ ਮੰਤਰੀ ਗਿਰੀਰਾਜ ਚੋਣਾਂ ’ਚ ਗੱਜੇ ਸਨ, ਅਖੇ ‘ਪਾਕਿਸਤਾਨ ਚਲੇ ਜਾਓ...।’ ‘ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ।’ ਹਵਾਬਾਜ਼ੀ ਮੰਤਰੀ ਮਹਾਰਾਜਾ ਸਿੰਧੀਆਂ, ਹੁਣ ਹਵਾ ’ਚ ਉੱਡਣਗੇ। ਕਾਂਗਰਸੀ ਜਹਾਜ਼ ਮੱਧ ਪ੍ਰਦੇਸ਼ ’ਚ ਲੈਂਡ ਕਰਾਇਐ, ਮੋਦੀ ਨੇ ਸੇਫ ਲੈਂਡਿੰਗ ਦਾ ਮੁੱਲ ਪਾਇਐ। ਅਮਰਿੰਦਰੀ ਜਹਾਜ਼ ‘ਬਾਦਲਗੜ੍ਹ’ ਵਿੱਚ ਫਸਿਐ। ਸਿਆਸਤ ’ਚ ਕੁਝ ਸਥਾਈ ਨਹੀਂ ਹੁੰਦਾ। ਅੰਗਰੇਜ਼ ਦੇ ਜ਼ਮਾਨੇ ’ਚ, ਗੁੱਡਮੈਨ ਕੰਪਨੀ ਦੀ ਲਾਲਟੈਨ ਆਈ। ਭਾਰਤੀ ਫ਼ੌਜ ’ਚ ਸਾਬਾਸ਼ ਦੇਣੀ ਹੋਵੇ, ਅਫ਼ਸਰ ਜਵਾਨਾਂ ਨੂੰ ‘ਗੁੱਡਮੈਨ ਦੀ ਲਾਲਟੈਨ’ ਆਖਦੇ। ਸਿਆਸਤ ਦੇ ਮੁਹਾਂਦਰੇ ਬਦਲੇ ਨੇ। ਹੁਣ ‘ਯੈੱਸ ਮੈਨ ਦੀ ਲਾਲਟੈਨ’ ਦਾ ਵੇਲਾ ਆਇਐ। ਚੰਗਿਆਂ ਨੂੰ ਕੌਣ ਪੁੱਛਦੈ।

             ‘ਯੈੱਸ ਮੈਨ’ ਦਾ ਸਿੱਕਾ ਚੱਲਦੈ। ਅੱਗੇ-ਅੱਗੇ ਨੇਤਾ ਚੱਲਦੇ ਨੇ, ਪਿੱਛੇ-ਪਿੱਛੇ ਮਹਿਮਾ ਗਾਇਣ। ‘ਮੋਦੀ ਹੈ ਤਾਂ ਮੁਮਕਿਨ ਐ’, ‘ਸਬ ਦਾ ਨਾਅਰਾ, ਕੈਪਟਨ ਦੁਬਾਰਾ’, ‘ਕੇਜਰੀਵਾਲ ਤੇਰੇ ਨਾਲ’। ਰਾਗ ਦਰਬਾਰੀ ਸਭ ਨੂੰ ਭਾਉਂਦੈ। ਔਹ ਦੇਖੋ, ਦਸੌਂਧਾ ਸਿੰਘ ਜਾ ਰਿਹੈ, ਪਿੱਛੇ-ਪਿੱਛੇ ਭੇਡਾਂ ਨੇ। ਸਾਥੀ ਆਜੜੀ ਨੂੰ ਦੱਸਦਾ ਪਿਐ, ਬਈ! ਭੇਡਾਂ ਪਾਲਣ ਦਾ ਕੋਰਸ ਨਾਗਪੁਰੋਂ ਕੀਤੈ।ਇੱਕ ਖ਼ਬਰ, ‘ਸਹਿਕਾਰਤਾ ਮੰਤਰਾਲਾ ਵੱਖਰਾ ਕੀਤਾ, ਮੰਤਰੀ ਅਮਿਤ ਸ਼ਾਹ ਬਣਾਏ ਨੇ।’ ਸ਼ਾਇਦ ਭੇਡਾਂ ਪਾਲਣ ਲਈ ਪੈਕੇਜ ਮਿਲੂ। ਲੱਗਦੇ ਹੱਥ ਇੱਕ ਹੋਰ ਲਤੀਫ਼ਾ। ‘ਸਿਆਸੀ ਪਾਰਟੀ ‘ਤਾਲੀ ਦਲ’ ਵਿੱਚ ਗੱਲ ਤੁਰੀ, ਜਸਟਿਸ ਫੁਰਮਾਨ ਸਿੰਘ ਨੂੰ ਮੁੱਖ ਮੰਤਰੀ ਬਣਾਓ। ਰੌਲਾ ਪੈ ਗਿਆ, ਅਖੇ, ਉਹ ਤਾਂ ਪੜ੍ਹਿਆ ਲਿਖਿਐ। ਲਓ ਜੀ, ਫੁਰਮਾਨ ਸਿੰਘ ਨੇ ਮਸਾਂ ਤਸੱਲੀ ਕਰਾਈ। ਬਈ! ਕਿੰਨੇ ਵਰ੍ਹੇ ਹੋ ਗਏ ਦਲ ’ਚ ਆਏ ਨੂੰ, ਹੁਣ ਕਾਹਦਾ ਪੜ੍ਹਿਆ ਰਹਿ ਗਿਆ, ਛੇਤੀ ਕਰੋ, ਸਹੁੰ ਚੁਕਾਓ।ਵੇਲੇ ਗਏ ਜਦੋਂ ਪੰਥਕ ਟਿਕਟ ਉਸ ਦੀ ਝੋਲੀ ਪੈਂਦੀ, ਜੀਹਨੇ ਵੱਧ ਜੇਲ੍ਹ ਕੱਟੀ ਹੁੰਦੀ। ਕਾਂਗਰਸੀ ਟਿਕਟ ਪੁਰਾਣੇ ਖੱਦਰਧਾਰੀ ਨੂੰ ਮਿਲਦੀ। ਹੁਣ ‘ਯੈੱਸ ਮੈਨ’ ਦਾ ਯੁੱਗ ਹੈ। ਕਿਸੇ ਦੌਲਤ ਮੱਲ ਨੂੰ ਟਿਕਟ ਮਿਲ ਜਾਵੇ, ਫੇਰ ਹਾਲ-ਏ-ਪਰਜਾ ਨੁੱਚੜੇ ਹੋਏ ਨਿੰਬੂ ਵਰਗਾ ਹੁੰਦੈ। ਪੰਜਾਬ ਚੋਣਾਂ ਦੂਰ ਨਹੀਂ, ਪੱਗਾਂ ਦੇ ਰੰਗ ਬਦਲਣਗੇ। ਢੋਲੇ ਦੀਆਂ ‘ਯੈੱਸ ਮੈਨ’ ਲਾਉਣਗੇ, ਬਾਕੀ ਬਾਗੀ ਅਖਵਾਉਣਗੇ। ਟੌਹੜਾ ਸਾਹਿਬ ਪੰਥ ’ਚੋਂ ਬਾਹਰ ਹੋਏ, ਕਾਂਗਰਸ ਦੀ ਬੀ-ਟੀਮ ਅਖਵਾਏ। ਕਾਂਗਰਸ ਦੀ ਬੀ-ਟੀਮ ਦਾ ਟੈਗ ਕਦੇ ਬਰਨਾਲੇ ਦੇ, ਕਦੇ ਤਲਵੰਡੀ ਦੇ ਮੋਢੇ ’ਤੇ, ਕਦੇ ਚੰਦੂਮਾਜਰਾ ਦੇ ਮੋਢੇ ’ਤੇ ਲੱਗਾ, ਹੁਣ ਢੀਂਡਸੇ ਦਾ ਮੋਢਾ ਤਿਆਰ ਰਹੇ। ‘ਹੱਥ ਖਾਲੀ, ਰੱਬ ਬਾਲੀ।’

           ‘ਗੁੱਡ ਮੈਨ ਦੀ ਲਾਲਟੈਨ’ ਕੌਣ ਨੇ? ਧਰਤ ਨੂੰ ਗੁਲਜ਼ਾਰ ਬਣਾਉਣਾ ਲੋਚਣ ਵਾਲੇ। ਅਦਾਕਾਰ ਰਣਬੀਰ ਰਾਣਾ, ਵਿਦੇਸ਼ਾਂ ’ਚ ‘ਗੁੱਡ ਮੈਨ ਦੀ ਲਾਲਟੈਨ’ ਦੇ ਸ਼ੋਅ ਕਰਦਾ ਫਿਰਦੈ। ਦੇਸ਼ ਪੰਜਾਬ ’ਚ, ਅਕਾਲੀ ‘ਬਾਦਲਾਂ’ ਦੀ, ਕਾਂਗਰਸੀ ‘ਕੈਪਟਨ’ ਦੀ, ‘ਆਪ’ ਵਾਲੇ ‘ਕੇਜਰੀਵਾਲ’ ਦੀ ਢੱਡ ਖੜਕਾ ਰਹੇ ਨੇ। ਯਹੂਦੀ ਵਾਕ ਐ, ‘ਸਨਮਾਨ ਦੀਆਂ ਕੁਰਸੀਆਂ ’ਤੇ ਬੈਠਣ ਵਾਲੇ ਸਾਰੇ ਮਾਣਯੋਗ ਨਹੀਂ ਹੁੰਦੇ।’ ਜ਼ਰੂਰ ਮਸੂਰੀ ਅਕੈਡਮੀ ’ਚ ਅਫ਼ਸਰਾਂ ਨੇ ‘ਯੈੱਸ ਸਰ’ ਵਾਲਾ ਪਾਠ ਪੜ੍ਹਿਆ ਹੋਊ। ਐਵੇਂ ਨਹੀਂ ਡੁੱਬਿਆ ਪੰਜਾਬ ਦਾ ਬੇੜਾ।ਜਦੋਂ ਸਰਕਾਰ ਬਣੀ, ਅਮਰਿੰਦਰ ਨੇ ਪੰਜਾਬ ਨੂੰ ਪੰਡ ’ਚ ਵਲ੍ਹੇਟ ਕੇ, ਪਾਸੇ ਰੱਖ’ਤਾ। ‘ਯੈੱਸ ਮੈਨ’ ਦੀ ਦੌਲਤ ਪਰਬਤ ਬਣ ਗਈ, ਲੋਕਾਂ ਦੀ ਗਰੀਬੀ ਪਤਾਲ। ਹੁਣ ਮੁੜ ਪੰਡ ਖੋਲ੍ਹੀ ਹੈ, ਅਖੇ ਨਵਾਂ ਪੰਜਾਬ ਬਣਾਉਣੈ। ਏਹ ਸਭ ਢਵੱਈਏ ਨੇ! ਪੰਜਾਬ, ਉਸਰਈਏ ਲੱਭਦਾ ਪਿਐ। ਸੁਨੀਲ ਜਾਖੜ ਰਾਜੇ ਦੇ ਸਲਾਹਕਾਰਾਂ ਨੂੰ ਮਾੜਾ ਆਖ ਬੈਠਾ, ਪਤਾ ਨਹੀਂ ਹੁਣ ਕੀ ਬਣੂ। ਅਮਰਿੰਦਰ ਦੇ ਗੜਵਈ, ਗੱਜੇ ਨੇ ‘ਦੁਬਾਰਾ ਸਰਕਾਰ ਬਣੂ।’ ਨਾਮ ਕੋਈ ਵੀ ਦਿਓ,‘ਯੈੱਸ ਮੈਨ’, ਚਾਪਲੂਸ, ਖੁਸ਼ਾਮਦੀਏ ਜਾਂ ਫੇਰ ਚਮਚੇ। ਮਜਾਲ ਐ ਪਿੱਠ ਲੱਗਣ ਦੇਣ। ‘ਬੁੱਢੇ ਲੂੰਬੜਾਂ ਨੂੰ ਉਸਤਾਦਾਂ ਦੀ ਲੋੜ ਨਹੀਂ ਹੁੰਦੀ।’

            ਇੱਕ ਲਤੀਫ਼ਾ ਹੋਰ...। ਅਕਬਰ ਆਖਣ ਲੱਗਾ, ਬੈਂਗਣਾਂ ਦਾ ਕੋਈ ਤੋੜ ਨਹੀਂ। ਅੱਗਿਓਂ ਬੀਰਬਲ ਬੋਲਿਆ, ਮਹਾਰਾਜ! ਜੋ ਹੋਇਆ ਹੀ ਬਹੁਗੁਣਾ, ਉਹ ਦੀ ਕਾਹਦੀ ਰੀਸ। ਅਕਬਰ ਮੁੜ ਬੋਲੇ, ਬੈਂਗਣ ਐਸੇ ਚੰਦਰੇ ਨੇ, ਅੰਦਰੋਂ ਸੁੰਡੀਆਂ ਹੀ ਮਿਲਦੀਆਂ ਨੇ। ਬੀਰਬਾਲ ਦੀ ਹਾਜ਼ਰ-ਜੁਆਬੀ, ਹਜ਼ੂਰ! ਬੈਂਗਣ ਤਾਂ ਹੈ ਹੀ ਬੇ-ਗੁਣਾ, ਸਬਜ਼ੀ ਸੁਆਹ ਬਣਨੀ ਸੀ। ਅਕਬਰ ਪੁੱਛਣ ਲੱਗੇ, ਬੀਰਬਲ! ਪਹਿਲਾਂ ਤੂੰ ਬੈਂਗਣਾਂ ਨੂੰ ਗੁਣਾਕਾਰੀ ਦੱਸਿਆ, ਮਗਰੋਂ ਬੇਗੁਣਾ। ਬਾਦਸ਼ਾਹ ਸਲਾਮਤ! ਅਸਾਂ ਨੌਕਰੀ ਥੋਡੀ ਕਰਨੀ ਐ, ਬੈਂਗਣਾਂ ਦੀ ਨਹੀਂ। ਮੁਕੇਸ਼ ਗਾ ਰਿਹੈ, ‘ਜੋ ਤੁਮ ਕੋ ਹੋ ਪਸੰਦ ਵੋ ਹੀ ਬਾਤ ਕਰੇਂਗੇ...। ‘ਯੈੱਸ ਮੈਨ’ ਦੀ ਕੀ-ਕੀ ਸਿਫ਼ਤ ਕਰਾਂ! ਹਰ ਮੌਸਮ ਦੇ ਅਨੁਕੂਲ, ਪਹਾੜਾਂ ’ਚ ਵੀ, ਮੈਦਾਨੀ ’ਚ ਵੀ, ਨਾ ਤਪੱਸਿਆ ਦੀ ਲੋੜ, ਨਾ ਵਿਟਾਮਿਨ ਖਾਣ ਦੀ। ਕੇਰਾਂ ਬੰਗਲਾ ਦੇਸ਼ ’ਚ ਨਵੇਂ ਉਮੀਦਵਾਰ ਨੇ ਚੋਣ ਨਿਸ਼ਾਨ ‘ਚਮਚਾ’ ਲਿਆ, ਸਿਰਫ਼ ਜ਼ਮੀਰਾਂ ਝੰਜੋੜਨ ਲਈ। ਚੋਣ ਪਿੜ ’ਚ ਕੜਛੇ ਸਨ, ‘ਚਮਚਾ’ ਜ਼ਮਾਨਤ ਜ਼ਬਤ ਕਰਾ ਬੈਠਾ। ਬੰਗਾਲ ’ਚ ਮਮਤਾ ਨੇ ਕਰੰਟ ਮਾਰਿਐ। ਦੇਸ਼ ਦਾ ਪਤਾ ਨਹੀਂ, ਪੰਜਾਬ ਜ਼ਰੂਰ ਫਿਊਜ਼ ਉਡਾਏਗਾ, ਨੇਤਾ ਨੰਗੇ ਪੈਰੀਂ ਪਿੰਡਾਂ ’ਚ ਜਾਣੋਂ ਡਰਦੇ ਨੇ। ਕਿਸਾਨਾਂ ਦੀ ਬੈਟਰੀ ਦੀ ਤਾਰ ਅੰਦੋਲਨੀ ਡਾਇਨਮੋ ਨਾਲ ਕਾਹਦੀ ਜੁੜੀ ਐ, ਫਾਰਚੂਨਰਾਂ ਨੂੰ ਬਜਾਜ ਚੇਤਕ ਹੀ ਰੋਕਣ ਲੱਗੇ ਨੇ। ਜਿਨ੍ਹਾਂ ਘਰਾਂ ’ਚ ਜ਼ਮੀਰਾਂ ਦੇ ਸੱਥਰ ਵਿਛੇ ਨੇ, ਉਥੇ ਹਾਲੇ ਵੀ ਹਾਕਮਾਂ ਦੀ ਕੁਰਸੀ ਨੂੰ ਮੋਢਾ ਮਿਲ ਰਿਹੈ।

            ਅੱਜ ਕੱਲ ਧਨੌਲੇ ਵਾਲੇ ਭਾਜਪਾਈ ਹਰਜੀਤ ਗਰੇਵਾਲ ਦੇ ਚਰਚੇ ਨੇ। ਪਹਿਲੋਂ ਧਨੌਲੇ ਦਾ ਮਨੋਰੋਗਾਂ ਦਾ ਹਸਪਤਾਲ ਬੜਾ ਮਸ਼ਹੂਰ ਸੀ। ਜੀਹਨੂੰ ਪਾਗਲਪਨ ਦੇ ਦੌਰੇ ਪੈਣੇ, ਸਭ ਆਖਦੇ, ਭਾਈ! ਏਹਨੂੰ ਧਨੌਲੇ ਲੈ ਜਾਓ। ਬਿਜਲੀਆਂ ਦੇ ਝਟਕੇ, ਮਰੀਜ਼ਾਂ ਨੂੰ ਟਣਕਣ ਲਾਉਂਦੇ। ਐਵੇਂ ਗੱਲ ਤਿਲਕ ਗਈ। ਗਰੇਵਾਲ ਨੇ ਕਿਸਾਨਾਂ ਨੂੰ ਅਤਿਵਾਦੀ ਕਿਹੈ। ਭਾਜਪਾਈ ਸੋਚ ਦੇ ਸੰਤਰੀ, ਕਦੇ ਕਿਸਾਨਾਂ ਨੂੰ ਨਕਸਲੀ ਆਖਦੇ ਨੇ, ਕਦੇ ਮਾਓਵਾਦੀ। ਕੇਂਦਰ ਦੇ ‘ਯੈੱਸ ਮੈਨ’ ਕਹਿਣੋਂ ਨਹੀਂ ਥੱਕਦੇ, ‘ਕਾਨੂੰਨ ਅੱਛੇ ਹਨ’। ਕਿਸਾਨ ਅੰਦੋਲਨ ਨੇ ਏਨਾ ਕਰੰਟ ਛੱਡਿਐ, ਪੂਰਾ ਪੰਜਾਬ ਧਨੌਲਾ ਬਣਿਐ। ਤਾਹੀ ਕਿਸਾਨ ਵਿਦਰੋਹੀ ਜਾਪਦੇ ਨੇ। ਦੇਸ਼ ’ਚ ਜੋ ਹਾਮੀ ਨਹੀਂ ਭਰਦਾ, ਬਾਗੀ ਅਖਵਾਉਂਦੈ। ਕਿਦਾਰ ਨਾਥ ਬਾਗੀ ਨੂੰ ਵੀ ਸੁਣੋ, ‘ਜੋ ਲੱਤਾਂ ਮਾਰੇ ਕਬਰਾਂ ’ਤੇ, ਮੈਂ ਉਸ ਤੈਮੂਰ ਤੋਂ ਬਾਗੀ ਹਾਂ/ਜੋ ਨਹੀਂ ਮਜ਼ਦੂਰੀ ਲੈ ਸਕਦਾ, ਮੈਂ ਉਸ ਮਜ਼ਦੂਰ ਤੋਂ ਬਾਗੀ ਹਾਂ।’ ਬੇਈਮਾਨੀ ਨੂੰ ਤਰੱਕੀ ਦਾ ਤਗ਼ਮਾ ਮਿਲਦੈ, ਇਮਾਨ ਦਾ ਤਬਾਦਲਾ ਹੁੰਦੈ। ਸਿਆਣੇ ਕਹਿੰਦੇ ਨੇ, ‘ਇਕੱਲਾ ਡਟਣ ਵਾਲਾ ਦੁਨੀਆ ਦਾ ਸਭ ਤੋਂ ਤਕੜਾ ਆਦਮੀ ਹੁੰਦੈ।’ ਕਿਸਾਨੀ ਡਟੀ ਐ, ਹਾਕਮ ਬਹੁਤ ਹਠੀ ਹੈ। ਛੱਜੂ ਰਾਮ ਧਨੌਲੇ ਗਿਐ, ਪੁਰਾਣੇ ਹਸਪਤਾਲ ਦਾ ਪਤਾ ਕਰਨ। ਸਟੈਨ ਸਵਾਮੀ ਦੀ ਰੂਹ ਦਾ ਹਾਸਾ ਨਹੀਂ ਰੁਕ ਰਿਹਾ।


Thursday, July 8, 2021

                                             ਬਿਜਲੀ ਦੇ ਸੌਦਾਗਰ
                                ਸੂਰਜੀ ਊਰਜਾ ’ਚ ਚਾੜ੍ਹਿਆ ਨਵਾਂ ਚੰਨ !
                                                ਚਰਨਜੀਤ ਭੁੱਲਰ    

ਚੰਡੀਗੜ੍ਹ :  ਪੰਜਾਬ ਵਿੱਚ ਸੂਰਜੀ ਊਰਜਾ ਦੇ 17 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੀ ਬਿਜਲੀ ਸੌਦੇ ਹੋਏ ਹਨ ਜਿਨ੍ਹਾਂ ਨੇ ਕਾਰਪੋਰੇਟਾਂ ਦੇ ਵਾਰੇ ਨਿਆਰੇ ਕਰ ਦਿੱਤੇ ਹਨ। ਪ੍ਰਾਈਵੇਟ ਤਾਪ ਬਿਜਲੀ ਘਰਾਂ ਨਾਲ ਹੋਏ ਬਿਜਲੀ ਖ਼ਰੀਦ ਸੌਦੇ ਮਗਰੋਂ ਹੁਣ ਸੂਰਜੀ ਊਰਜਾ ਦੇ ਖ਼ਰੀਦ ਸੌਦਿਆਂ ਦੀ ਵੀ ਪੋਲ ਖੁੱਲ੍ਹਣ ਲੱਗੀ ਹੈ। ਇੱਥੋਂ ਤੱਕ ਕਿ ਕੈਪਟਨ ਸਰਕਾਰ ਨੇ ਵੀ ਬਾਇਓਮਾਸ ਪ੍ਰਾਜੈਕਟਾਂ ਨਾਲ 8.10 ਰੁਪਏ ਪ੍ਰਤੀ ਯੂਨਿਟ ਬਿਜਲੀ ਲੈਣ ਦੇ ਮਹਿੰਗੇ ਸੌਦੇ ਕੀਤੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਲੰਘੇ ਦਸ ਵਰ੍ਹਿਆਂ ਦੌਰਾਨ ਪੰਜਾਬ ਵਿੱਚ ਸੂਰਜੀ ਊਰਜਾ ਦੇ ਕਰੀਬ 91 ਪ੍ਰਾਜੈਕਟ  ਲੱਗੇ ਹਨ ਜੋ ਕਿ 884.22 ਮੈਗਾਵਾਟ ਸਮਰੱਥਾ ਦੇ ਹਨ। ਗਠਜੋੜ ਸਰਕਾਰ ਨੇ ਇਨ੍ਹਾਂ ’ਚੋਂ ਤਿੰਨ ਕੰਪਨੀਆਂ ਨਾਲ ਸੂਰਜੀ ਊਰਜਾ ਖ਼ਰੀਦਣ ਲਈ ਪ੍ਰਤੀ ਯੂਨਿਟ 17.91 ਰੁਪਏ ਦੇ ਹਿਸਾਬ ਨਾਲ ਸਮਝੌਤੇ ਕੀਤੇ ਹਨ ਜਦੋਂ ਕਿ ਇੱਕ ਕੰਪਨੀ ਨਾਲ 14.91 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦ ਸੌਦਾ ਕੀਤਾ ਗਿਆ ਹੈ।

          ਤੱਥਾਂ ਅਨੁਸਾਰ ਲੰਘੇ ਦਹਾਕੇ ’ਚ 22 ਸੂਰਜੀ ਊਰਜਾ ਪ੍ਰਾਜੈਕਟਾਂ ਨਾਲ ਬਿਜਲੀ ਖ਼ਰੀਦ ਸਮਝੌਤੇ ਅੱਠ ਰੁਪਏ ਜਾਂ ਉਸ ਤੋਂ ਜਿਆਦਾ ਰਾਸ਼ੀ ਦੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਹੋਏ ਹਨ ਜਦੋਂ ਕਿ 35 ਪ੍ਰਾਜੈਕਟਾਂ ਨਾਲ 7 ਤੋਂ 8 ਰੁਪਏ ਪ੍ਰਤੀ ਯੂਨਿਟ ਦੇ ਲਿਹਾਜ਼ ਨਾਲ ਸਮਝੌਤੇ ਕੀਤੇ ਗਏ ਹਨ। ਬਹੁਤੇ ਸਮਝੌਤੇ 25-25 ਵਰ੍ਹਿਆਂ ਲਈ ਕੀਤੇ ਗਏ ਹਨ। 91 ਪ੍ਰਾਜੈਕਟਾਂ ’ਚੋਂ 21 ਪ੍ਰਾਜੈਕਟ  ਤਾਂ ਇੱਕੋ ਕੰਪਨੀ ਦੇ ਹਨ ਜਦੋਂ ਕਿ 35 ਪ੍ਰਾਜੈਕਟ  ਇਕੱਲੇ ਬਠਿੰਡਾ, ਮਾਨਸਾ ਤੇ ਮੁਕਤਸਰ ਜ਼ਿਲ੍ਹੇ ਵਿੱਚ ਲੱਗੇ ਹਨ। ਅਡਾਨੀ ਦਾ ਪ੍ਰਾਜੈਕਟ  ਵੀ ਬਠਿੰਡਾ ਵਿੱਚ ਹੈ।ਮਾਹਿਰ ਆਖਦੇ ਹਨ ਕਿ ਸ਼ੁਰੂਆਤੀ ਵਰ੍ਹਿਆਂ ਵਿੱਚ ਤਕਨਾਲੋਜੀ ਮਹਿੰਗੀ ਹੋਣ ਕਰਕੇ ਮਹਿੰਗੇ ਭਾਅ ਹੋਣੇ ਸੁਭਾਵਿਕ ਹਨ ਪਰ ਪੰਜਾਬ ਸਰਕਾਰ ਨੇ ਕਈ ਸਾਲਾਂ ਪਿੱਛੋਂ ਵੀ ਉੱਚੇ ਭਾਅ ’ਤੇ ਸੂਰਜੀ ਊਰਜਾ ਦੇ ਸਮਝੌਤੇ ਕੀਤੇ। ਪਾਵਰਕੌਮ ਵੱਲੋਂ 2011-12 ਤੋਂ 2021-21 ਤੱਕ 4487 ਕਰੋੜ ਦੀ ਸੂਰਜੀ ਊਰਜਾ ਅਤੇ 1928 ਕਰੋੜ ਦੀ ਊਰਜਾ ਬਾਇਓਮਾਸ ਪ੍ਰਾਜੈਕਟਾਂ ਤੋਂ ਖ਼ਰੀਦ ਕੀਤੀ ਗਈ ਹੈ। 

             ਵਰ੍ਹਾ 2020-2021 ਦੌਰਾਨ 905 ਕਰੋੜ ਦੀ ਸੂਰਜੀ ਊਰਜਾ ਖ਼ਰੀਦੀ ਹੈ ਜਦੋਂ ਕਿ ਬਾਇਓਮਾਸ ਪ੍ਰਾਜੈਕਟਾਂ ਤੋਂ 415 ਕਰੋੜ ਦੀ ਬਿਜਲੀ ਖ਼ਰੀਦ ਕੀਤੀ ਹੈ। ਤੈਰਵੀਂ ਨਜ਼ਰ ਮਾਰੀਏ ਤਾਂ ਵਰ੍ਹਾ 2014-15 ਵਿੱਚ ਔਸਤਨ 7.57 ਰੁਪਏ ਪ੍ਰਤੀ ਯੂਨਿਟ, ਸਾਲ 2015-16 ਵਿਚ 8.06 ਰੁਪਏ ਔਸਤਨ ਅਤੇ ਵਰ੍ਹਾ 2017-18 ਵਿਚ ਔਸਤਨ 7.19 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖ਼ਰੀਦ ਸਮਝੌਤੇ ਹੋਏ ਹਨ। ਲੰਘੇ ਵਰ੍ਹੇ ਔਸਤ 6.67 ਰੁਪਏ ਪ੍ਰਤੀ ਯੂਨਿਟ ਦੀ ਰਹੀ ਹੈ। ਇਸ ਉਪਰ 20 ਫ਼ੀਸਦੀ ਬਿਜਲੀ ਕਰ ਅਤੇ ਕਰੀਬ ਦੋ ਰੁਪਏ ਬਿਜਲੀ ਖਰਚੇ ਦੇ ਪੈਣ ਨਾਲ ਖਪਤਕਾਰਾਂ ਲਈ ਮੌਜੂਦਾ ਸਮੇਂ ਪ੍ਰਤੀ ਯੂਨਿਟ ਔਸਤਨ ਕੀਮਤ 10 ਰੁਪਏ ਦੇ ਕਰੀਬ ਪੈਂਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨੀਂ 139 ਬਿਜਲੀ ਖ਼ਰੀਦ ਸਮਝੌਤਿਆਂ ਦੀ ਗੱਲ ਕਰਦੇ ਹੋਏ ਕੇਵਲ 17 ਸਮਝੌਤਿਆਂ ਨਾਲ ਹੀ ਬਿਜਲੀ ਪੂਰਤੀ ਹੋਣ ਦੀ ਗੱਲ ਆਖੀ ਹੈ। ਜੋ ਬਾਕੀ 122 ਬਿਜਲੀ ਖ਼ਰੀਦ ਸੌਦੇ ਹਨ, ਉਨ੍ਹਾਂ ਵਿੱਚ ਜ਼ਿਆਦਾ ਸੂਰਜੀ ਊਰਜਾ ਅਤੇ ਬਾਇਓਮਾਸ ਪ੍ਰਾਜੈਕਟਾਂ ਦੇ ਸੌਦੇ ਹਨ ਜਿਨ੍ਹਾਂ ’ਤੇ ਮੁੱਖ ਮੰਤਰੀ ਨੇ ਵੀ ਉਂਗਲ ਚੁੱਕੀ ਹੈ। ਜੋ ਅਗਸਤ 2010 ਵਿਚ 17.91 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਮਝੌਤੇ ਹੋਏ ਹਨ, ਉਨ੍ਹਾਂ ’ਚ 12.24 ਰੁਪਏ ਯੂਨਿਟ ਦੀ ਸਬਸਿਡੀ ਕੇਂਦਰ ਸਰਕਾਰ ਨੇ ਤਾਰੀ ਹੈ ਜਦੋਂ ਕਿ ਪਾਵਰਕੌਮ ਨੇ 5.67 ਰੁਪਏ ਪ੍ਰਤੀ ਯੂਨਿਟ ਦਿੱਤੇ ਹਨ। 

                                              ਕਾਂਗਰਸੀ ਵਿਧਾਇਕ ਨਿਹਾਲ

ਕੈਪਟਨ ਸਰਕਾਰ ਵੀ ਮਹਿੰਗੇ ਸੌਦੇ ਕਰਨ ਵਿੱਚ ਪਿੱਛੇ ਨਹੀਂ ਰਹੀ। ਮੌਜੂਦਾ ਸਰਕਾਰ ਨੇ 1 ਫਰਵਰੀ 2018 ਵਿੱਚ ਦੋ ਬਾਇਓਮਾਸ ਪ੍ਰਾਜੈਕਟਾਂ, ਜੋ ਕਿ ਮਾਲਵੇ ਵਿਚ ਲੱਗੇ ਹਨ, ਨਾਲ ਪ੍ਰਤੀ ਯੂਨਿਟ 8.16 ਰੁਪਏ ਦਾ ਖ਼ਰੀਦ ਸੌਦਾ ਕੀਤਾ ਹੈ। ਇਨ੍ਹਾਂ ਪ੍ਰਾਜੈਕਟਾਂ ਦੀ ਤੰਦ ਇੱਕ ਕਾਂਗਰਸੀ ਵਿਧਾਇਕ ਨਾਲ ਜੁੜਦੀ ਹੈ। ਗਠਜੋੜ ਸਰਕਾਰ ਸਮੇਂ ਇਨ੍ਹਾਂ ਦੋਵੇਂ ਪ੍ਰਾਜੈਕਟਾਂ ਦੇ ਟੈਂਡਰ ਆਦਿ ਹੋਏ ਸਨ ਪਰ ਬਿਜਲੀ ਖ਼ਰੀਦ ਸਮਝੌਤਾ ਮੌਜੂਦਾ ਕਾਂਗਰਸ ਸਰਕਾਰ ਨੇ ਕੀਤਾ ਹੈ। ਹਰ ਵਰ੍ਹੇ ਕੀਮਤ ਵਿਚ ਪੰਜ ਫ਼ੀਸਦੀ ਦਾ ਵਾਧਾ ਵੀ ਹੋਣਾ ਹੈ। ਇਹ ਸਮਝੌਤੇ 20 ਸਾਲਾਂ ਲਈ ਕੀਤੇ ਗਏ ਹਨ। ਪੰਜਾਬ ’ਚ ਅੱਠ ਬਾਇਓਮਾਸ ਪ੍ਰਾਜੈਕਟ  ਹਨ ਜਿਨ੍ਹਾਂ ਚੋਂ ਸਭ ਤੋਂ ਮਹਿੰਗਾ ਭਾਅ ਕਾਂਗਰਸੀ ਵਿਧਾਇਕ ਦੇ ਪ੍ਰਾਜੈਕਟਾਂ ਨੂੰ ਮਿਲਿਆ ਹੈ। 

Wednesday, July 7, 2021

                                              ਸਵਾਂਗ ਦਾ ਮਾਮਲਾ 
                              ਸਾਬਕਾ ਮੰਤਰੀ ਲੰਗਾਹ ਨੂੰ ਕਲੀਨ ਚਿੱਟ !
                                                ਚਰਨਜੀਤ ਭੁੱਲਰ       

ਚੰਡੀਗੜ੍ਹ : ਪੰਜਾਬ ਸਰਕਾਰ ਦੇ ਪ੍ਰਾਸੀਕਿਊਸ਼ਨ ਅਤੇ ਲਿਟੀਗੇਸ਼ਨ ਵਿਭਾਗ ਨੇ ਅੰਮ੍ਰਿਤ ਛਕਣ ਦਾ ਸਵਾਂਗ ਕਰਕੇ ਧਾਰਮਿਕ ਭਾਵਨਾਵਾਂ ਭੜਕਾਏ ਜਾਣ ਦੇ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਬਿਊਰੋ ਆਫ ਇਨਵੈਸੀਟੀਗੇਸ਼ਨ ਨੇ ਇਹ ਮਾਮਲਾ ਹੁਣ ਗ੍ਰਹਿ ਵਿਭਾਗ ਪੰਜਾਬ ਨੂੰ ਭੇਜ ਦਿੱਤਾ ਹੈ ਜਿਸ ’ਚ ਐਡਵੋਕੇਟ ਜਨਰਲ ਦਾ ਮਸ਼ਵਰਾ ਲਏ ਜਾਣ ਦੀ ਗੱਲ ਵੀ ਆਖੀ ਗਈ ਹੈ। ਚੇਤੇ ਰਹੇ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਹਾਲ ਹੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮੁੜ ਅਪੀਲ ਕੀਤੀ ਹੈ ਕਿ ਜਾਣੇ ਅਨਜਾਣੇ ਵਿਚ ਹੋਈਆਂ ਭੁੱਲਾਂ ਨੂੰ ਮੁਆਫ਼ ਕੀਤਾ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਿਕਾਇਤਾਂ ਮਿਲਣ ਮਗਰੋਂ ਇੱਕ ਮਹਿਲਾ ਦੇ ਮਾਮਲੇ ’ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ 6 ਅਗਸਤ 2017 ਨੂੰ ਸਿੱਖ ਪੰਥ ਚੋਂ ਛੇਕ ਦਿੱਤਾ ਗਿਆ ਸੀ। ਗੁਰਦਾਸਪੁਰ ਪੁਲੀਸ ਵੱਲੋਂ ਇੱਕ ਮਹਿਲਾ ਦੀ ਸ਼ਿਕਾਇਤ ’ਤੇ ਸਾਬਕਾ ਮੰਤਰੀ ਖ਼ਿਲਾਫ਼ 29 ਸਤੰਬਰ 2017 ਨੂੰ ਉਸ ਵਕਤ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ ਜਦੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਹੋ ਰਹੀ ਸੀ। ਜ਼ਿਲ੍ਹਾ ਅਦਾਲਤ ਨੇ ਜੁਲਾਈ 2018 ਵਿਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇਸ ਕੇਸ ਚੋਂ ਬਰੀ ਕਰ ਦਿੱਤਾ ਸੀ।     

              ਸਾਬਕਾ ਮੰਤਰੀ ਲੰਗਾਹ ਨੇ 3 ਅਗਸਤ 2020 ਨੂੰ ਗੁਰਦਾਸਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸਨੰਗਲ ਦੇ ਗੁਰਦੁਆਰਾ ਸਾਹਿਬ ’ਚ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋ ਕੇ ਅੰਮ੍ਰਿਤਪਾਨ ਕਰ ਲਿਆ ਸੀ ਅਤੇ ਇਸ ਮੌਕੇ ਲੰਗਾਹ ਨੂੰ ਸੇਵਾ ਵੀ ਲਾਈ ਗਈ ਸੀ। ਇਸ ਮਗਰੋਂ ਗੁਰਦਾਸਪੁਰ ਦੇ ਸਤਨਾਮ ਸਿੰਘ ਵਗੈਰਾ ਨੇ ਪੰਜਾਬ ਪੁਲੀਸ ਕੋਲ ਸੁੱਚਾ ਸਿੰਘ ਲੰਗਾਹ ਤੇ ਹੋਰਨਾਂ ਦੀ ਸ਼ਿਕਾਇਤ ਕਰ ਦਿੱਤੀ ਸੀ। ਇਵੇਂ ਹੀ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੁੱਜ ਗਿਆ। ਜਥੇਦਾਰ ਤਰਫ਼ੋਂ ਪੰਥ ਚੋਂ ਛੇਕੇ ਵਿਅਕਤੀ ਨਾਲ ਮਿਲਵਰਤਣ ਰੱਖੇ ਜਾਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਇੱਕ ਹੋਰ ਰਤਨ ਸਿੰਘ ਜੱਫਰਵਾਲ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਸੀ। ਦੂਸਰੀ ਤਰਫ਼ ਬਿਊਰੋ ਆਫ਼ ਇੰਨਵੈਸਟੀਗੇਸ਼ਨ ਵੱਲੋਂ ਸਤਨਾਮ ਸਿੰਘ ਵਗੈਰਾ ਦੀ ਸ਼ਿਕਾਇਤ ’ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ। ਸਤਨਾਮ ਸਿੰਘ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਅੰਮ੍ਰਿਤ ਸੰਚਾਰ ਦੌਰਾਨ ਅੰਮ੍ਰਿਤ ਛੱਕਣ ਦਾ ਸਵਾਂਗ ਕਰਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿਚ ਸੁੱਚਾ ਸਿੰਘ ਲੰਗਾਹ ਅਤੇ ਹੋਰਨਾਂ ’ਤੇ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। 

     ਗ੍ਰਹਿ ਵਿਭਾਗ ਨੇ ਇਹ ਮਾਮਲਾ ਪ੍ਰਾਸੀਕਿਊਸ਼ਨ ਅਤੇ ਲਿਟੀਗੇਸ਼ਨ ਵਿਭਾਗ ਨੂੰ ਭੇਜ ਦਿੱਤਾ ਅਤੇ ਇਸ ਵਿਭਾਗ ਵੱਲੋਂ ਕਾਨੂੰਨੀ ਮਾਹਿਰਾਂ ਦੀ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਕੀਤੀ ਗਈ। ਸ਼ਿਕਾਇਤ ’ਚ ਕਿਹਾ ਗਿਆ ਕਿ ਪੰਥ ਚੋਂ ਛੇਕੇ ਕਿਸੇ ਵਿਅਕਤੀ ਨੂੰ ਪੰਥਕ ਪਰੰਪਰਾਵਾਂ ਅਨੁਸਾਰ ਪੰਜ ਪਿਆਰੇ ਅੰਮ੍ਰਿਤ ਨਹੀਂ ਛਕਾ ਸਕਦੇ ਜਿਨ੍ਹਾਂ ਸਮਾਂ ਪੰਜ ਸਿੰਘ ਸਾਹਿਬਾਨ ਉਸ ਵਿਅਕਤੀ ਨੂੰ ਮੁੜ ਪੰਥ ਵਿਚ ਸ਼ਾਮਿਲ ਨਹੀਂ ਕਰ ਲੈਂਦੇ।  ਸ਼ਿਕਾਇਤ ਕਰਤਾ ਅਨੁਸਾਰ ਗੁਰਦਾਸਨੰਗਲ ਦੇ ਗੁਰਦੁਆਰਾ ਸਾਹਿਬ ਵਿਚ ਲੰਗਾਹ ਨੂੰ ਮੁੜ ਪੰਥ ਵਿਚ ਸ਼ਾਮਿਲ ਕਰਕੇ ਸਿੱਧੇ ਤੌਰ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਪਰੰਪਰਾ ਵਿਚ ਸਰਬ ਉੱਚਤਾ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਮਾਮਲੇ ਵਿਚ ਇੱਕ ਦਰਖਾਸਤ ਜਗਰੂਪ ਸਿੰਘ ਸਾਬਕਾ ਚੇਅਰਮੈਨ ਅਤੇ ਹੋਰ ਦਸ ਲੋਕਾਂ ਵੱਲੋਂ ਵੀ ਦਿੱਤੀ ਗਈ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦਾ ਪੜਤਾਲ ਰਿਪੋਰਟ ਅਨੁਸਾਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਵੱਲੋਂ ਸੁੱਚਾ ਸਿੰਘ ਲੰਗਾਹ ਤੇ ਹੋਰਨਾਂ ਨੂੰ ਧਾਰਾ 295-ਏ ਦੇ ਮਾਮਲੇ ’ਚ ਕਲੀਨ ਚਿੱਟ ਦਿੱਤੀ ਗਈ ਹੈ।   ਵਿਭਾਗ ਨੇ ਕਿਹਾ ਹੈ ਕਿ ਅਗਰ ਸਰਕਾਰ ਚਾਹੇ ਤਾਂ ਇਸ ਬਾਰੇ ਕਾਨੂੰਨੀ ਰਾਇ ਐਡਵੋਕੇਟ ਜਨਰਲ ਤੋਂ ਵੀ ਲੈਣੀ ਉਚਿਤ ਹੋਵੇਗੀ। 

              ਪੜਤਾਲ ਰਿਪੋਰਟ ਅਨੁਸਾਰ ਸਾਬਕਾ ਮੰਤਰੀ ਲੰਗਾਹ ਨੇ ਗੁਰਦਾਸਨੰਗਲ ਦੇ ਗੁਰਦੁਆਰਾ ਸਾਹਿਬ ਵਿਚ ਪੰਜ ਪਿਆਰਿਆ ਦੇ ਸਨਮੁਖ ਪੇਸ਼ ਹੋ ਕੇ ਅੰਮ੍ਰਿਤਪਾਨ ਕੀਤਾ ਸੀ ਅਤੇ ਇਸ ਮੌਕੇ ਲੰਗਾਹ ਨੂੰ 21 ਦਿਨ ਗੁਰੂ ਘਰ ਵਿਚ ਝਾੜੂ ਮਾਰਨ ਦੀ ਸੇਵਾ ਵੀ ਲਗਾਈ ਗਈ ਸੀ। ਰਿਪੋਰਟ ਅਨੁਸਾਰ ਪੰਜ ਪਿਆਰਿਆਂ ਵੱਲੋਂ ਸਿੱਖ ਰਹਿਤ ਮਰਿਆਦਾ ਦੇ ਤਹਿਤ ਹੀ ਸਾਬਕਾ ਮੰਤਰੀ ਲੰਗਾਹ ਨੂੰ ਅੰਮ੍ਰਿਤਪਾਨ ਕਰਾਇਆ ਗਿਆ। ਇਸ ਬਾਬਤ ਸਿੱਖ ਰਹਿਤ ਮਰਿਆਦਾ ਦੀ ਨੱਥੀ ਪੁਸਤਿਕਾ ਵਿਚ ਕੋਈ ਅਨੁਛੇਦ ਨਹੀਂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਦੇ ਬਿਨਾਂ ਪੰਜ ਪਿਆਰਿਆਂ ਵੱਲੋਂ ਪੰਥ ਚੋਂ ਛੇਕੇ ਗਏ ਸਿੱਖ ਨੂੰ ਅੰਮ੍ਰਿਤਪਾਨ ਨਹੀਂ ਕਰਾਇਆ ਜਾ ਸਕਦਾ ਜਿਸ ਕਰਕੇ ਇੱਥੇ ਸਿੱਖ ਰਹਿਤ ਮਰਿਆਦਾ ਦੀ ਕੋਈ ਉਲੰਘਣਾ ਨਹੀਂ ਹੋਈ ਹੈ। ਵਿਭਾਗੀ ਰਿਪੋਰਟ ਅਨੁਸਾਰ ਪੰਜ ਪਿਆਰਿਆ ਵੱਲੋਂ ਲੰਗਾਹ ਨੂੰ ਕਰਾਇਆ ਗਿਆ ਅੰਮ੍ਰਿਤਪਾਨ ਸਵਾਂਗ ਨਹੀਂ ਕਿਹਾ ਜਾ ਸਕਦਾ ਹੈ। ਇਹ ਸਭ ਸਿੱਖ ਪੰਥ ਵਿਚ ਸ਼ਾਮਿਲ ਹੋਣ ਦੀ ਕੋਸ਼ਿਸ਼ ਜਾਪਦਾ ਹੈ ਅਤੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਨਹੀਂ ਕੀਤਾ ਜਾਪਦਾ। ਇਸ ਬਾਰੇ ਨਿਰਣਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਲਿਆ ਜਾ ਸਕਦਾ ਹੈ। 

   



Tuesday, July 6, 2021

                                                ਇੱਕ ਤੀਰ ਏਹ ਵੀ 
                                       ਵਾਲ ਵਾਲ ਬਚ ਗਏ ਪੰਜਾਬੀ ! 
                                                 ਚਰਨਜੀਤ ਭੁੱਲਰ     

ਚੰਡੀਗੜ੍ਹ : ਪੰਜਾਬ ਦੇ ਲੋਕ ਮਹਿੰਗੀ ਬਿਜਲੀ ਦੇ ਇੱਕ ਗੁਪਤ ਤੀਰ ਤੋਂ ਵਾਲ ਵਾਲ ਬਚੇ ਹਨ। ਬਾਰਾਂ ਵਰੇ੍ਹ ਪਹਿਲਾਂ ਸਰਕਾਰੀ ਨਿਸ਼ਾਨਾ ਠੀਕ ਲੱਗ ਜਾਂਦਾ ਤਾਂ ਬਿਜਲੀ ਹੋਰ ਮਹਿੰਗੀ ਹੋਣੀ ਸੀ। ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਦਾ ਉਦੋਂ ਦਾ ਚੇਅਰਮੈਨ ਸਟੈਂਡ ਨਾ ਲੈਂਦਾ ਤਾਂ ਅੱਜ ਪੰਜਾਬ ਨੂੰ ਪ੍ਰਤੀ ਯੂਨਿਟ 45 ਪੈਸੇ ਹੋਰ ਤਾਰਨੇ ਪੈਂਦੇ। ਹੁਣ ਜਦੋਂ ਬਿਜਲੀ ਖਰੀਦ ਸਮਝੌਤਿਆਂ ਦੀ ਸਮੀਖਿਆ ਦੀ ਗੱਲ ਛਿੜੀ ਹੈ ਤਾਂ ਤਤਕਾਲੀ ਸਰਕਾਰ ਦਾ ਹੁਣ ਇਹ ਇੱਕ ਹੋਰ ਭੇਤ ਖੁੱਲ੍ਹਾ ਹੈ ਕਿ ਉਦੋਂ ਬਿਨਾਂ ਮੁਕਾਬਲੇ ਤੋਂ ਇੱਕ ਪ੍ਰਾਈਵੇਟ ਕੰਪਨੀ ਤੋਂ ਸਰਕਾਰ ਨੇ ਮਹਿੰਗੇ ਭਾਅ ’ਤੇ ਬਿਜਲੀ ਖਰੀਦਣ ਲਈ ਵਾਹ ਲਾਈ ਸੀ।  ਵੇਰਵਿਆਂ ਅਨੁਸਾਰ ਤਲਵੰਡੀ ਸਾਬੋ ਥਰਮਲ ਪਲਾਂਟ ਲਈ ਸੱਤ ਯੋਗ ਫਰਮਾਂ ਚੋਂ ਚਾਰ ਕੰਪਨੀਆਂ ਨੇ ਟੈਂਡਰ ਭਰੇ ਸਨ ਜਿਨ੍ਹਾਂ ਚੋਂ ਵੇਦਾਂਤਾ ਗਰੁੱਪ ਨਾਲ ਪ੍ਰਤੀ ਯੂਨਿਟ 2.86 ਰੁਪਏ ’ਤੇ ਖਰੀਦ ਸਮਝੌਤਾ ਕੀਤਾ ਗਿਆ ਸੀ। ਉਸ ਪਿੱਛੋਂ ਰਾਜਪੁਰਾ ਥਰਮਲ ਲਈ 9 ਯੋਗ ਫਰਮਾਂ ਚੋਂ ਸੱਤ ਕੰਪਨੀਆਂ ਨੇ ਟੈਂਡਰ ਪ੍ਰਾਪਤ ਕੀਤੇ ਪ੍ਰੰਤੂ ਛੇ ਫਰਮਾਂ ਨੇ ਟੈਂਡਰ ਪਾਏ ਹੀ ਨਹੀਂ। ਇਕਲੌਤੀ ਲੈਂਕੋ ਕੰਪਨੀ ਨੇ ਪ੍ਰਤੀ ਯੂਨਿਟ 3.38 ਰੁਪਏ ਯੂਨਿਟ ਦਾ ਰੇਟ ਪਾਇਆ। ਸਰਕਾਰ ਬਿਨਾਂ ਮੁਕਾਬਲੇ ਤੋਂ ਇਕਲੌਤੀ ਕੰਪਨੀ ਨਾਲ ਬਿਜਲੀ ਖਰੀਦ ਸਮਝੌਤਾ ਕਰਨ ਨੂੰ ਤਿਆਰ ਹੋ ਗਈ।

     ਮਾਹਿਰ ਹੈਰਾਨ ਸਨ ਕਿ ਇਕਲੌਤੀ ਕੰਪਨੀ ਹੀ ਕਿਉਂ ਅੱਗੇ ਆਈ ਹੈ। ਸ਼ੱਕ ਦੀ ਉਂਗਲ ਉਠੀ ਸੀ ਪ੍ਰੰਤੂ ਉਦੋਂ ਬਿਜਲੀ ਬੋਰਡ ਨੇ 23 ਦਸੰਬਰ 2008 ਨੂੰ ਪੰਜਾਬ ਸਰਕਾਰ ਨੂੰ ਆਖ ਦਿੱਤਾ ਕਿ ਇਕਲੌਤੀ ਕੰਪਨੀ ਨਾਲ ਸਮਝੌਤਾ ਕਰਨ ਤੋਂ ਪਹਿਲਾਂ ਗੱਲਬਾਤ ਲਈ ਕਮੇਟੀ ਬਣਾ ਲਈ ਜਾਵੇ। ਕਮੇਟੀ ਨੇ ਗੱਲਬਾਤ ਕਰਦੇ ਹੋਏ ਪ੍ਰਤੀ ਯੂਨਿਟ 7 ਪੈਸੇ ਘਟਾ ਕੇ ਰੇਟ 3.31 ਰੁਪਏ ਪ੍ਰਤੀ ਯੂਨਿਟ ਕਰਾ ਲਿਆ। ਪੰਜਾਬ ਕੈਬਨਿਟ ਨੇ 20 ਫਰਵਰੀ 2009 ਨੂੰ ਇਸ ’ਤੇ ਮੋਹਰ ਲਾ ਦਿੱਤੀ। ਉਸ ਵੇਲੇ ਬਿਜਲੀ ਵਿਭਾਗ ਨੇ ਕੈਬਨਿਟ ਅੱਗੇ ਤਿੰਨ ਤਜਵੀਜ਼ਾਂ ਰੱਖੀਆਂ ਸਨ ਕਿ ਇਕੱਲੌਤੀ ਫਰਮ ਨੂੰ ਵਿਚਾਰ ਲਿਆ ਜਾਵੇ ਜਾਂ ਪਬਲਿਕ ਸੈਕਟਰ ’ਚ ਪਲਾਂਟ ਲਾ ਲਿਆ ਜਾਵੇ ਜਾਂ ਫਿਰ ਮੁੜ ਟੈਂਡਰ ਕੀਤੇ ਜਾਣ। ਕੈਬਨਿਟ ਨੇ ਪਹਿਲੀ ਤਜਵੀਜ਼ ਪ੍ਰਵਾਨ ਕਰ ਦਿੱਤੀ। ਜਦੋਂ ਮਾਮਲਾ ਪਾਸ ਹੋਣ ਵਾਸਤੇ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਕੋਲ ਗਿਆ ਤਾਂ ਤਤਕਾਲੀ ਚੇਅਰਮੈਨ ਜੈ ਸਿੰਘ ਗਿੱਲ ਨੇ ਇਹ ਤਜਵੀਜ਼ ਰੱਦ ਕਰ ਦਿੱਤੀ। ਉਨ੍ਹਾਂ ਇਤਰਾਜ਼ ਲਗਾਏ ਕਿ ਇਸ ਬਿਜਲੀ ਖਰੀਦ ਸਮਝੌਤੇ ’ਚ ਕੋਈ ਮੁਕਾਬਲਾ ਨਹੀਂ ਹੈ ਅਤੇ ਇਕਲੌਤੀ ਫਰਮ ਹੈ। 

   ਰੈਗੂਲੇਟਰੀ ਕਮਿਸ਼ਨ ਨੇ ਇਹ ਵੀ ਉਂਗਲ ਉਠਾਈ ਕਿ ਤਲਵੰਡੀ ਸਾਬੋ ਪਲਾਂਟ ਦੇ ਪ੍ਰਤੀ ਯੂਨਿਟ 2.86 ਰੁਪਏ ਦੇ ਰੇਟ ਦੇ ਮੁਕਾਬਲੇ ਇਸ ਦਾ ਰੇਟ 3.31 ਰੁਪਏ ਪ੍ਰਤੀ ਯੂਨਿਟ ਹੈ ਜੋ ਪ੍ਰਤੀ ਯੂਨਿਟ 45 ਪੈਸੇ ਵੱਧ ਹੈ। ਕਮਿਸ਼ਨ ਨੇ ਮੁੜ ਟੈਂਡਰ ਕਰਨ ਵਾਸਤੇ ਆਖ ਦਿੱਤਾ ਜਿਸ ਕਰਕੇ ਸਰਕਾਰ ਦਾ ਆਪਣੀ ਪਸੰਦ ਦੀ ਕੰਪਨੀ ਨਾਲ ਮਹਿੰਗਾ ਸੌਦਾ ਕਰਨਾ ਖੂਹ ਖਾਤੇ ਪੈ ਗਿਆ। ਜਦੋਂ ਰਾਜਪੁਰਾ ਥਰਮਲ ਦਾ ਦੁਬਾਰਾ ਟੈਂਡਰ ਹੋਇਆ ਤਾਂ ਐਲ ਐਂਡ ਟੀ ਕੰਪਨੀ ਨੂੰ 2.89 ਰੁਪਏ ਪ੍ਰਤੀ ਯੂਨਿਟ ਰੇਟ ਫਾਈਨਲ ਹੋਇਆ ਜੋ ਲੈਂਕੋ ਕੰਪਨੀ ਦੀ ਪਹਿਲੀ ਆਫਰ 3.31 ਨਾਲੋਂ 42 ਪੈਸੇ ਘੱਟ ਸੀ। ਕਮਿਸ਼ਨ ਸਟੈਂਡ ਨਾ ਲੈਂਦਾ ਤਾਂ ਮਹਿੰਗੀ ਬਿਜਲੀ ਦਾ ਲੋਕਾਂ ’ਤੇ ਹਰ ਵਰੇ੍ਹ ਕਰੀਬ 450 ਕਰੋੜ ਦਾ ਬੋਝ ਹੋਰ ਪੈਣਾ ਸੀ। 

                 ਤਿੰਨ ਥਰਮਲਾਂ ਦੇ ਸਮਝੌਤੇ ਰੱਦ ਹੋਏ!

ਸਰਕਾਰ ਨੇ 21 ਜੂਨ 2010 ਨੂੰ ਨਵੀਂ ਜਨਰੇਸ਼ਨ ਪਾਲਿਸੀ ਬਣਾਈ ਜਿਸ ਤਹਿਤ ਸਰਕਾਰ ਨੇ ਪੰਜ ਕੰਪਨੀਆਂ ਨਾਲ 6640 ਮੈਗਾਵਾਟ ਦੇ ਹੋਰ ਬਿਜਲੀ ਖਰੀਦ ਸਮਝੌਤੇ ਕੀਤੇ ਸਨ ਜੋ ਕੋਲੇ ਦੀ Çਲੰਕਜ਼ ਨਾ ਮਿਲਣ ਕਰਕੇ ਰੱਦ ਹੋ ਗਏ ਸਨ। ਲੈਂਕੋ ਕੰਪਨੀ ਨਾਲ ਕੋਟਸ਼ਮੀਰ ਵਿਖੇ 1320 ਮੈਗਾਵਾਟ ਲਾਏ ਜਾਣ ਦਾ ਅਤੇ ਇੰਡੀਆ ਬੁਲਜ਼ ਨਾਲ ਗੋਬਿੰਦਪੁਰਾ ’ਚ 1320 ਮੈਗਾਵਾਟ ਦਾ ਥਰਮਲ ਪਲਾਂਟ ਲਾਏ ਜਾਣ ਦਾ ਐਮ.ਓ.ਯੂ ਸਾਈਨ ਹੋਇਆ ਸੀ। ਇਵੇਂ ਗਿੱਦੜਬਹਾ ’ਚ 2640 ਮੈਗਾਵਾਟ ਦੇ ਥਰਮਲ ਦਾ ਐਨਟੀਪੀਸੀ ਨਾਲ, ਤਲਵੰਡੀ ਸਾਬੋ ਪਲਾਂਟ ’ਚ ਇੱਕ ਹੋਰ 660 ਮੈਗਾਵਾਟ ਦਾ ਯੂਨਿਟ ਅਤੇ ਰਾਜਪੁਰਾ ਥਰਮਲ ’ਚ ਇੱਕ ਹੋਰ 700 ਮੈਗਾਵਾਟ ਦੇ ਯÇੂਨਟ ਲਾਏ ਜਾਣ ਦਾ ਐਮ.ਓ.ਯੂ ਸਾਈਨ ਹੋਇਆ ਸੀ। ਇਹ ਸਮਝੌਤੇ ਸਿਰੇ ਚੜ ਜਾਂਦੇ ਤਾਂ ਸੱਚਮੁੱਚ ਪੰਜਾਬ ਵਿਚ ਬਿਜਲੀ ਸਰਪਲੱਸ ਹੋ ਜਾਣੀ ਸੀ।



Monday, July 5, 2021

                                                            ਵਿਚਲੀ ਗੱਲ
                                      ਐਡਾ ਮੇਰਾ ਕਿਹੜਾ ਦਰਦੀ..!
                                               ਚਰਨਜੀਤ ਭੁੱਲਰ   

ਚੰਡੀਗੜ੍ਹ : ਪ੍ਰਸ਼ਾਤ ਕਿਸ਼ੋਰ ਤਾਂ ਕੱਲ੍ਹ ਦਾ ਜੁਆਕ ਐ। ਚਾਣਕਿਆ, ਸਿਆਸਤ ਦਾ ਲੱਕੜਦਾਦੈ, ਜਿਨ੍ਹਾਂ ਠੀਕ ਟੇਵਾ ਲਾਇਐ, ‘ਪਰਜਾ ਦਾ ਗੁੱਸਾ ਸਭ ਤੋਂ ਭਿਅੰਕਰ ਹੁੰਦਾ ਹੈ।ਬਿਜਲੀ ਦੇ ਤਪਾਏ, ਲੋਕ ਜਿਉਂ ਸੜਕਾਂ ਤੇ ਆਏ, ਬਿਨਾਂ ਕੋਈ ਦੇਰ ਲਾਏ, ਅਕਾਲੀ ਪੱਖੀਆਂ ਚੁੱਕ ਲਿਆਏ। ਕਿਸਾਨਾਂ ਦੇ ਖ਼ਾਨਿਓਂ ਗਈ, ਕਿਧਰੋਂ ਗੂੰਜ ਪਈ, ‘ਐਡਾ ਮੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।ਗਰਮੀ ਦਾ ਵੱਟ, ਵੋਟਾਂ ਚ ਵਟ ਜਾਏ, ਪੰਥ ਇੰਜ ਹੀ ਸੋਚਦਾ ਹੋਣੈ। ਅਕਾਲੀ ਪੱਖੀ ਵੰਡ’ ’ਚ ਤੇਜ਼ ਨਿਕਲੇ। ਰੋਪੜ ਚ ਨਜ਼ਾਰਾ ਡਾ. ਦਲਜੀਤ ਚੀਮਾ ਨੇ ਬੰਨ੍ਹਿਆ, ਸੱਜੇ ਹੱਥ ਚ ਨੀਲੇ ਰੰਗ ਦੀ ਪੱਖੀ, ਖੱਬੇ ਹੱਥ ਚ ਲਾਲ। ਕੋਈ ਟਿੱਚਰੀ ਬੋਲਿਐ, ਚੀਮਾ ਸਾਹਿਬ! ਨੀਲਾ ਤਾਂ ਠੀਕ ਐ, ਆਹ ਲਾਲ ਰੰਗ ਤਾਂ ਕਾਮਰੇਡਾਂ ਦਾ ਏ! ਵਿਚੋਂ ਕੋਈ ਬੋਲਿਆ, ਭਾਈ! ਹਾਥੀ ਦੀ ਸਵਾਰੀ ਕੋਲ ਐ, ਲੱਗਦੇ ਹੱਥ ਕਾਮਰੇਡਾਂ ਦੇ ਵੀ ਚਰਨ ਪਾ ਆਓ। ਭੋਲੂ ਦਾਸ ਨੂੰ ਕੌਣ ਦੱਸੇ, ‘ਜੰਗ ਚ ਸਭ ਕੁਝ ਜਾਇਜ਼ ਹੁੰਦੈ।ਅੱਗੇ ਫੇਰ ਤੁਰਦੇ ਹਾਂ, ਪਹਿਲਾਂ ਆਹ ਸੁਣ ਲਓ। ਮਾਝੇ ਚ ਅਕਾਲੀ ਕਾਨਫਰੰਸ ਸਜੀ। ਚੋਣਾਂ ਦੇ ਸਿਖ਼ਰ ਤੇ ਵੱਡੇ ਨੇਤਾ ਨੇ ਸਿਰਾ ਲਾਤਾ। ਸਾਧ ਸੰਗਤ ਜੀ! ਵੋਟਾਂ ਤੱਕੜੀ ਨੂੰ ਪਾਇਓ, ਸਰਕਾਰ ਬਣਨ ਤੇ ਸਿੱਧੀਆਂ ਕੁੰਡੀਆਂ ਲਾਇਓ।ਪੰਡਾਲ ਚ ਜੈਕਾਰੇ ਤੇ ਜੈਕਾਰਾ ਗੂੰਜੇ। ਜਿਹਾ ਦੇਵਤਾ, ਤਿਹੀ ਪੂਜਾ।

               ਆਓ ਸਤੌਜ ਪਿੰਡ ਵੀ ਚੱਲੀਏ। ਕਿਤੇ ਭਗਵੰਤ ਮਾਨ ਸੁਣੇ, ਜ਼ਰੂਰ ਆਖਾਂਗੇ, ਬਈ! ਤੁਸੀਂ ਲਾਲਟੈਨਾਂ ਵੰਡ ਦਿਓ। ਘਰ-ਘਰ ਨੌਕਰੀਨਾ ਸਹੀ, ਦੀਵੇ ਤਾਂ ਜਗਾਓ। ਕੀ ਪਤਾ ਸਰਪਲੱਸ ਬਿਜਲੀਲੱਭ ਜਾਏ। ਅਕਾਲੀ ਗੁੱਸਾ ਖਾ ਗਏ, ‘ਅਸਾਂ ਸਰਪਲੱਸ ਕੀਤੀ, ਤੁਸਾਂ ਤੋਂ ਸਾਂਭੀ ਨਹੀਂ ਗਈ।ਗੱਲ ਲੱਖ ਰੁਪਏ ਦੀ ਕੀਤੀ ਐ। ਅੱਜ ਦੇ ਬਾਣੀਏ, ਕੱਲ੍ਹ ਦੇ ਸੇਠ।ਔਹ ਦੇਖੋ ਦਸੌਂਧਾ ਸਿੰਘ ਨੂੰ, ‘ਪੰਜਾਬਦੇ ਹੱਥਾਂ ਤੇ ਘੋਰ ਕੰਡੇ ਕਰਦਾ ਪਿਐੈ, ‘ਹਾਲ਼ੀਓ ਪਾਲੀਓ ਕਿਤੇ ਅਮਰਿੰਦਰ ਵੇਖਿਆ ਹੋਵੇ..!ਉਧਰ, ਮੁੱਖ ਮੰਤਰੀ ਫਾਰਮ ਹਾਊਸ ਤੇ ਚੜ੍ਹੇ ਨੇ। ਚਹੁੰ ਬੰਨਿਓਂ ਨਾਅਰੇ ਗੱਜੇ। ਅਸਮਾਨ ਵੱਲ ਤੱਕ, ਅਮਰਿੰਦਰ ਲੱਗੇ ਜੋਦੜੀ ਕਰਨ, ਐ ਤਿੱਤਰ ਖੰਭੀਂ ਬੱਦਲੀ! ਛੇਤੀ ਠਾਰ ਪੰਜਾਬ ਦਾ ਸੀਨਾ। ਚੋੋਣਾਂ ਬਹੁਤੀਆਂ ਦੂਰ ਨਹੀਂ, ਮੌਨਸੂਨ ਦਾ ਇਲਮ ਨਹੀਂ। ਪੰਜਾਬ ਬੁੱਕ ਸੈਂਟਰ ਵਾਲੇ ਪੌਲ ਸਾਹਿਬ ਆਖਦੇ ਨੇ...ਗਰੀਬ ਨੂੰ ਪਾਲਾ ਮਾਰਦੈ, ਅਮੀਰ ਨੂੰ ਸਰਦੀ..!ਖੈਰ, ਬਿਨਾਂ ਗੱਲੋਂ ਤਾਂ ਕੌਣ ਪੱਖੀ ਝੱਲਦੈ। ਆਪਨੇ ਪਾਣੀ ਦੀਆਂ ਬੁਛਾੜਾਂ ਐਵੇਂ ਨਹੀਂ ਝੱਲੀਆਂ।

              ਜੋਸਫ ਚੈਂਬਰਲੇਨ ਫਰਮਾ ਰਹੇ ਨੇ, ‘ਸਿਆਸਤ ਚ ਪੰਦੜਵਾੜੇ ਤੋਂ ਅੱਗੇ ਬਾਰੇ ਸੋਚਣ ਦਾ ਕੋਈ ਮਤਲਬ ਨਹੀਂ ਹੁੰਦਾ।ਸਾਡੇ ਆਲੇ ਕਿਸਾਨ ਲੰਮੀ ਸੋਚ ਕੇ ਦਿੱਲੀ ਬੈਠੇ ਨੇ। ਖੇਤੀ ਕਾਨੂੰਨਾਂ ਵਿਰੁੱਧ ਸਿੰਘ ਸਭੀਏ ਬਣ ਕੇ ਡਟੇ ਨੇ। ਡੁੱਬਦਾ ਆਦਮੀ ਮੀਂਹ ਦੀ ਪ੍ਰਵਾਹ ਨਹੀਂ ਕਰਦਾ।ਜਿਨ੍ਹਾਂ ਦੇ ਚੁੱਲ੍ਹੇ ਠਰੇ ਨੇ, ਉਨ੍ਹਾਂ ਦੇ ਸੀਨੇ ਤਪਦਾ ਥਲ ਬਣੇ ਨੇ। ਤੱਤੀਆਂ ਤਵੀਆਂ ਨੂੰ ਧਿਆ ਕੇ, ਏਹ ਮਸ਼ਾਲਾਂ ਬਾਲ ਤੁਰੇ ਨੇ। ਨਾ ਪੱਖੀ ਦਾ ਡਰ, ਨਾ ਪੱਲੇ ਦਾ ਖੌਫ਼। ਪੁਰਾਣੀ ਗੱਲ ਵੀ ਸੁਣਦੇ ਜਾਓ, ਕਦੇ ਜਨ ਸੰਘ ਦਾ ਚੋਣ ਨਿਸ਼ਾਨ ਦੀਵਾਸੀ। ਲੁਧਿਆਣਾ ਚ ਕਾਨਫਰੰਸ ਹੋਈ, ਕਾਂਗਰਸ ਪ੍ਰਧਾਨ ਗਿਆਨੀ ਜੈਲ ਸਿੰਘ ਸਨ, ਮੁੱਖ ਮਹਿਮਾਨ ਇੰਦਰਾ ਗਾਂਧੀ। ਚੋਣ ਪ੍ਰਚਾਰ ਮੁੱਕਣ ਤੇ ਸੀ, ਜਦੋਂ ਵੱਡਾ ਕੱਠ ਵੇਖਿਆ, ਇੰਦਰਾ ਭਾਸ਼ਨ ਪਿੱਛੋਂ ਜੈਲ ਸਿੰਘ ਨਾਲ ਅੱਖ ਮਿਲਾ, ਸਾੜੀ ਦਾ ਪੱਲਾ ਹਿਲਾਉਂਦੀ ਸਟੇਜੋਂ ਉੱਤਰੀ। ਗਿਆਨੀ ਜੀ ਨੇ ਰੈਲੀ ਨੂੰ ਇੰਜ ਸੰਤੋਖਿਆ..ਪੱਲਾ ਮਾਰ ਕੇ ਬੁਝਾ ਗਈ ਦੀਵਾ’, ਅੱਖ ਨਾਲ ਗੱਲ ਕਰਗੀ।

           ਕਿਤੇ ਅਮਰਿੰਦਰ ਸਿੱਧੇ ਮੂੰਹ ਗੱਲ ਕਰਦੇ, ਸੱਚੇ ਰੱਬ ਕੋਲੋਂ ਡਰਦੇ, ਬੇਰੁਜ਼ਗਾਰਾਂ/ਮੁਲਾਜ਼ਮਾਂ ਤੋਂ ਭੈਅ ਨਹੀਂ ਆਉਣਾ ਸੀ। ਬਿਜਲੀ ਕੱਟ ਨਹੀਂ, ਏਹ ਹੱਕ ਮੰਗਦੇ ਨੇ। ਕੁਝ ਲੋਕ ਏਨੇ ਗਰੀਬ ਹੁੰਦੇ ਹਨ ਕਿ ਉਨ੍ਹਾਂ ਕੋਲ ਪੈਸੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ।ਹੁਕਮਰਾਨ ਬੁੱਲ੍ਹੇ ਲੁੱਟਦੇ ਹਨ, ਗਰੀਬ ਦੇ ਘਰ ਠੰਢਾ ਬੁੱਲ੍ਹਾ ਕਿਥੋਂ ਆਵੇ। ਕਿਥੇ ਮਹਿਲ ਮੁਨਾਰੇ, ਕਿਥੇ ਗਰੀਬ ਦੇ ਢਾਰੇ। ਨੇਤਾਵਾਂ ਦਾ ਢਿੱਡ ਵੇਖ, ਛੱਜੂ ਰਾਮ ਨੂੰ ਘਰ ਦਾ ਖਾਲੀ ਭੜੋਲਾ ਚੇਤੇ ਆਉਂਦੈ। ਨਰਕ ਵਿਚ ਰਹਿਣ ਵਾਲੇ ਸੁਆਹ ਤੋਂ ਨਹੀਂ ਡਰਦੇ। ਉਪਰੋਂ ਬਾਬਿਆਂ ਦੀ ਜੈ ਹੋਵੇ। ਸਵਰਗ ਨਰਕ ਦੀ ਦਸਤਾਵੇਜ਼ੀ ਦਿਖਾ, ਹਕੂਮਤਾਂ ਲਈ ਜਰਨੈਲੀ ਰਾਹ ਬਣਾਉਂਦੇ ਨੇ। ਰੱਬ ਦੀ ਰਜ਼ਾ, ਰੱਬ ਦਾ ਭਾਣਾ, ਤਕਦੀਰਾਂ ਦੀ ਖੇਡ, ਏਹ ਵੀ ਦੱਸਦੇ ਹਨ ਕਿ ਕਿਸਮਤ ਧੁਰ ਦਰਗਾਹੋਂ ਲਿਖੀ ਸ਼ੈਅ ਹੈ। ਸਿਆਸੀ ਜਾਲ ਚ ਫਸਿਆ ਗਰੀਬ ਬੰਦਾ ਭਾਗਾਂ ਨੂੰ ਕੋਸਦੈ। ਏਨੀ ਸੋਚਣ ਦੀ ਵਿਹਲ ਕਿਥੇ ਕਿ ਉਹ ਗਰੀਬ ਕਿਉਂ ਹੈ? ਕੌਣ ਜ਼ਿੰਮੇਵਾਰ ਹੈ ਏਸ ਗਰੀਬੀ ਲਈ? ਢਾਰਿਆਂ ਦਾ ਗਰੀਬੀ ਜਨਮ ਸਿੱਧ ਅਧਿਕਾਰ ਕਿਉਂ ਹੈ।

           ਭਲੇ ਵੇਲਿਆਂ ਚ ਪੰਜਾਬ ਸੋਨੇ ਦੀ ਚਿੜੀ ਸੀ। ਏਸ ਚਿੜੀ ਤੇ ਵਿੰਨ੍ਹ ਵਿੰਨ੍ਹ ਨਿਸ਼ਾਨੇ ਲਾਏ। ਹਾਲੇ ਸਿਆਸੀ ਸ਼ਿਕਾਰੀ ਹੰਭੇ ਨਹੀਂ, ਚਿੜੀ ਦੀ ਜਾਨ ਤੇ ਬਣੀ ਐ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਗੱਚ ਭਰਕੇ ਦੱਸਣਾ ਪੈਂਦੈ, ‘ਪੌਣੇ ਤਿੰਨ ਲੱਖ ਕਰੋੜ ਦਾ ਕਰਜ਼ਈ ਐ ਪੰਜਾਬ।ਬਹੁਤ ਹੀ ਭਾਵੁਕ ਇਨਸਾਨ ਨੇ ਮਨਪ੍ਰੀਤ। ਦੇਖੋਂ ਕਿਵੇਂ ਉਨ੍ਹਾਂ ਦੀਆਂ ਅੱਖਾਂ, ਬਠਿੰਡਾ ਥਰਮਲ ਦੀਆਂ ਬੰਦ ਚਿਮਨੀਆਂ ਵੇਖ ਭਿੱਜੀਆਂ ਸਨ। ਚੋਣ ਜਿੱਤਣ ਪਿੱਛੋਂ ਸਭ ਤੋਂ ਪਹਿਲਾਂ ਚਿਮਨੀਆਂ ਚੋਂ ਧੂੰਆਂ ਕੱਢੂ।ਚਿਮਨੀਆਂ ਵੱਲ ਲੋਕ ਵੇਂਹਦੇ ਰਹੇ, ਇੱਧਰ ਪੰਜਾਬ ਧੂੰਆਂਧਾਰ ਹੋ ਗਿਆ। ਰੋਟੀ ਦਾ ਸੁਆਲ ਉਠਣ ਤੋਂ ਪਹਿਲਾਂ, ਨੇਤਾ ਲੋਕ ਨਵੇਂ ਮਸਲੇ ਨਾਲ ਹਾਜ਼ਰ ਹੁੰਦੇ ਨੇ। ਭਾਵੁਕ ਸੁਰਾਂ ਛੇੜਦੇ ਹਨ। ਲੋਕ ਵਾਰੋ ਵਾਰੀ ਸੱਤਾ ਪਰੋਸਦੇ ਹਨ। ਏਸ ਆਸ ਨਾਲ ਕਿ ਭਲੇ ਦਿਨ ਆਵਣਗੇ, ਜ਼ਿੰਦਗੀ ਕੱਟ ਜਾਂਦੀ ਹੈ, ਦੁੱਖ ਨਹੀਂ। ਚੋਣਾਂ ਮੌਕੇ ਇੰਝ ਝਉਲਾ ਪੈਂਦਾ, ਜਿਵੇਂ ਸਭ ਗਰੀਬ ਦੇ ਦਰਦੀ ਨੇ। ਆਓ ਪਟਿਆਲੇ ਵੀ ਗੇੜਾ ਮਾਰੀਏ। ਦੱਸਦੇ ਨੇ ਜਦੋਂ ਪਟਿਆਲਾ ਨਦੀ ਚ ਪਾਣੀ ਚੜ੍ਹਦੈ, ਲੋਕ ਰਾਜੇ ਨੂੰ ਅਰਜ਼ੋਈ ਕਰਦੇ ਨੇ। ਮਹਾਰਾਜਾ ਪਟਿਆਲਾ ਨਦੀ ਦੇ ਬੈਠ ਕਿਨਾਰੇ, ਸੋਨੇ ਦੀ ਨੱਥ ਨਦੀ ਨੂੰ ਚੜਾਉਂਦੈ, ਇਉਂ ਨਦੀ ਦਾ ਪਾਣੀ ਥੱਲੇ ਆਉਂਦੈ, ਖੇਤ ਡੋਬੇ ਤੋਂ ਬਚਦੇ ਨੇ। ਵਿਗਿਆਨ ਕੁਝ ਵੀ ਆਖੇ, ਇਹ ਲੋਕਾਂ ਦਾ ਭਰੋਸਾ ਹੈ ਕਿ ਮਹਾਰਾਜਾ ਹੀ ਬਚਾ ਸਕਦੈ।

             ਇਵੇਂ ਦੀ ਉਮੀਦ 2017 ’ਚ ਲਾਈ ਸੀ। ਪਾਵਰਕੱਟ ਤਾਂ ਬਹਾਨਾ ਐ, ਸਬਰ ਦੇ ਪਿਆਲੇ ਐਵੇਂ ਨਹੀਂ ਛਲਕੇ। ਚਾਰੋ ਖ਼ਾਨੇ ਚਿੱਤ, ਕੋਈ ਨਾ ਬਣਿਆ ਮਿੱਤ। ਨਿਆਣੇ ਸਿਆਣੇ, ਸਭ ਜਾਗੇ ਨੇ। ਖੇਤੀ ਕਾਨੂੰਨਾਂ ਨੇ ਅਕਲਦਾਨ ਬਖਸ਼ਿਐ। ਪੰਜਾਬ ਦੀ ਨਦੀ ਦੇ ਕੰਢੇ ਤੇ ਹੁਣ ਕਿਸਾਨ ਆਗੂ ਬੈਠੇ ਨੇ, ਰਾਜੇਵਾਲ, ਉਗਰਾਹਾਂ ਤੇ ਬਾਕੀ ਸਾਰੇ। ਏਹ ਹੁਣ ਨੱਥ ਨਹੀਂ ਚੜ੍ਹਾਉਣਗੇ ,ਸਿੱਧਾ ਬੱਸ ਚੜ੍ਹਾਉਣਗੇ । ਹੁਣ ਲੋਕ ਰਾਸ਼ੀ ਫਲ ਨਹੀਂ ਦੇਖਣਗੇ, ਨਾ ਕੋਈ ਪਾਰਟੀ ਵੇਖਣਗੇ, ਬੱਸ ਅੱਖਾਂ ਚ ਅੱਖਾਂ ਪਾ ਕੇ, ਸਿੱਧਾ ਵੇਖਣਗੇ। ਪਿੰਡਾਂ ਚ ਜਾਣ ਵੇਲੇ, ਹੁਣ  ਹਾਕਮਾਂ ਦਾ ਬਲੱਡ ਵਧਦੈ। ਜਾਂਦੇ ਜਾਂਦੇ ਇੱਕ ਲਤੀਫ਼ਾ ਵੀ ਸੁਣੋ। ਲੰਘੇ ਦਿਨੀਂ ਨਰੇਂਦਰ ਮੋਦੀ ਸਲੂਨ ਚ ਵਾਲ ਕਟਾਉਣ ਗਏ। ਕੁਰਸੀ ਤੇ ਤਸ਼ਰੀਫ ਰੱਖੀ ਸੀ ਕਿ ਕਟਿੰਗ ਵਾਲਾ ਮੰੁਡਾ ਬੋਲਿਆ, ਮੋਦੀ ਜੀ! ਪਤਾ ਲੱਗਿਐ, ਸਿੰਘੂ ਤੇ ਲੱਖ ਕਿਸਾਨ ਹੋਰ ਆ ਬਹੁੜਿਐ। ਨਰੇਂਦਰ ਆਪੇ ਤੋਂ ਬਾਹਰ ਹੋਏ, ਪੈਰ ਹਿਲਾਉਣ ਲੱਗੇ। ਮੁੰਡੂ ਬੋਲਿਆ, ਸੁਣਿਐ ਕਿਸਾਨਾਂ ਨੇ ਯੂ.ਪੀ ਵੱਲ ਵੀ ਚਾਲੇ ਪਾਤੇ, ਪ੍ਰਧਾਨ ਮੰਤਰੀ ਸਿਰ ਫੜ੍ਹ ਬੈਠ ਗਏ। ਲਾਗੇ ਬੈਠਾ ਭਾਜਪਾਈ ਆਗੂ ਚੀਕ ਉੱਠਿਆ, ‘ਐ ਦੇਸ਼ ਧਿਰੋਹੀ! ਕਟਿੰਗ ਵਾਲੇ ਮੁੰਡੇ ਨੇ ਹੱਥ ਜੋੜੇ, ‘ਭਗਤੋ! ਦਾਸ ਕੋਈ ਧਿਰੋਹੀ ਨਹੀਂ, ਬੱਸ ਜਦੋਂ ਮੈਂ ਏਹ ਗੱਲਾਂ ਕਰਦਾ, ਮੋਦੀ ਜੀ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਅਤੇ ਮੈਨੂੰ ਵਾਲ ਕੱਟਣੇ ਸੌਖੇ ਹੋ ਜਾਂਦੇ ਨੇ।ਸਮਝ ਨਾ ਵੀ ਲੱਗੇ, ਹੱਸਣ ਚ ਕੀ ਹਰਜ ਐ।