Monday, July 12, 2021

                                                    ਵਿਚਲੀ ਗੱਲ
                                           ਯੈੱਸ ਮੈਨ ਦੀ ਲਾਲਟੈਨ..!
                                                  ਚਰਨਜੀਤ ਭੁੱਲਰ    

ਚੰਡੀਗੜ੍ਹ : ‘ਦੇਸ਼ ਕਾ ਨੇਤਾ’ ਏਨਾ ਟੁੱਟ ਪੈਣੇ, ਜ਼ਰਾ ਵੀ ਹੱਸੋਗੇ, ਦੰਦ ਗਿਣੇਗਾ। ਠਹਾਕਾ ਮਾਰ ਹੱਸੋਗੇ ਤਾਂ ਵੇਲਾ ਹੱਥ ਨਹੀਂ ਆਏਗਾ। ਬਿਨਾਂ ਪੈਰ ਜੁੱਤੀ ਪਾਏ, ਕੋਈ ਗੜਗੱਜ ‘ਦਰਬਾਰੀ’ ਜਾਏਗਾ। ਸਿਆਸੀ ਬੱਘੀ ਦੀ ਲਗਾਮ ਫੜ, ਇੰਜ ਫਰਮਾਏਗਾ... ਬਾਦਸ਼ਾਹੋ! ਫਕੀਰਪੁਰੇ ’ਚ ਕੋਈ ਹਾਸੜ ਮਚਾਏ, ਅਸਾਂ ਤੋਂ ਝੱਲ ਨਹੀਓਂ ਹੁੰਦਾ। ਦਰਬਾਰੀ ਪੁੱਤ ‘ਗੁੱਡ ਮੈਨ ਦੀ ਲਾਲਟੈਨ’ ਅਖਵਾਏਗਾ। ਇੱਧਰ ਹਾਸੜ ਮੱਲ, ਬਾਗੀ ਦਾ ਰੁਤਬਾ ਪਾਏਗਾ, ਜਦ ਜੇਲ੍ਹ ਜਾਏਗਾ, ਹੱਸਣਾ ਤਾਂ ਛੱਡੋ, ਰੋਣਾ ਵੀ ਨਹੀਂ ਆਏਗਾ। ਬੱਸ ਸੁਰਖ਼ੀ ਹੀ ਛਪੇਗੀ ‘ਸਟੈਨ ਸਵਾਮੀ ਨਹੀਂ ਰਹੇ।’ਅਮਰੀਕਨ ਬੀਬੀ ਫਰਾਂਸੈਸਕਾ ਗਿਨੋ ਦੀ ਕਿਤਾਬ ਐ ‘ਰੈਬਲ ਟੇਲੈਂਟ’ (ਬਾਗੀ ਪ੍ਰਤਿਭਾ)। ਮੱਤ ਦਿੰਦੀ ਐ, ਪਾਣੀ ਦੇ ਵਹਾਅ ਦੇ ਉਲਟ ਤੈਰੋ, ਕੰਮ ਤੇ ਜ਼ਿੰਦਗੀ ’ਚ ਉਸਾਰੂ ਬਾਗੀਪੁਣਾ ਦਿਖਾਓਂ, ਅਸਹਿਮਤੀ ਨੂੰ ਮੋਢੇ ਬਿਠਾਓ। ਕਿਤਾਬੀ ਕਵਰ ’ਤੇ ਭੇਡਾਂ ਦੀ ਤਸਵੀਰ ਐ। ਕਿਸੇ ਠੀਕ ਕਿਹੈ, ‘ਹੁਕਮ ਚਲਾਉਣਾ ਵੀ ਇੱਕ ਕਲਾ ਹੈ, ਭਾਵੇਂ ਭੇਡਾਂ ਦੇ ਇੱਜੜ ’ਤੇ ਹੀ ਚਲਾਉਣਾ ਹੋਵੇ।’ ਮਿੱਤਰੋ! ਮਹਾਮਾਰੀ ਮੇ ਸਭ ਕਾ ਸਾਥ ਚਾਹੀਏ। ਦਸੌਂਧਾ ਸਿੰਘ ਕਿਧਰੋਂ ਵਿੱਚ ਭੇਡਾਂ ਲੈ ਵੜਿਐ, ਅਖ਼ੇ ਨਵੀਂ ਕੈਬਨਿਟ ਦਾ ਚਾਅ ਐ।

             ਭੇਡਪੁਣਾ ਛੱਡੋ, ਨਵੇਂ ਵਜ਼ੀਰਾਂ ਦੀ ਥਾਹ ਪਾਈਏ। ਕਾਕਾ ਅਨੁਰਾਗ ਠਾਕੁਰ, ਹੁਣੇ ਖੇਡ ਮੰਤਰੀ ਬਣਿਐ, ਚੋਣਾਂ ਮੌਕੇ ਭਾਜਪਾਈ ਕਿੰਨਾ ਨੱਚੇ, ਜਦੋਂ ਠਾਕੁਰ ਬਾਬੂ ਫਰਮਾਏ... ‘ਦੇਸ਼ ਕੇ ਗੱਦਾਰੋ ਕੋ...।’ ਅੱਗੇ ਕਿੰਨਾ ਨਚਾਉਣਗੇ, ਜੁਝਾਰੂ ਕਵੀ ਜਗਸੀਰ ਜੀਦਾ ਦੱਸ ਰਿਹੈ, ‘ਅਸੀਂ ਉਂਗਲਾਂ ’ਤੇ ਸਿੱਖ ਗਏ ਨਚਾਉਣਾ, ਜਦੋਂ ਦੇ ਬਣੇ ਖੇਡ ਮੰਤਰੀ।’ ਨਵੇਂ ਪੰਚਾਇਤ ਮੰਤਰੀ ਗਿਰੀਰਾਜ ਚੋਣਾਂ ’ਚ ਗੱਜੇ ਸਨ, ਅਖੇ ‘ਪਾਕਿਸਤਾਨ ਚਲੇ ਜਾਓ...।’ ‘ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ।’ ਹਵਾਬਾਜ਼ੀ ਮੰਤਰੀ ਮਹਾਰਾਜਾ ਸਿੰਧੀਆਂ, ਹੁਣ ਹਵਾ ’ਚ ਉੱਡਣਗੇ। ਕਾਂਗਰਸੀ ਜਹਾਜ਼ ਮੱਧ ਪ੍ਰਦੇਸ਼ ’ਚ ਲੈਂਡ ਕਰਾਇਐ, ਮੋਦੀ ਨੇ ਸੇਫ ਲੈਂਡਿੰਗ ਦਾ ਮੁੱਲ ਪਾਇਐ। ਅਮਰਿੰਦਰੀ ਜਹਾਜ਼ ‘ਬਾਦਲਗੜ੍ਹ’ ਵਿੱਚ ਫਸਿਐ। ਸਿਆਸਤ ’ਚ ਕੁਝ ਸਥਾਈ ਨਹੀਂ ਹੁੰਦਾ। ਅੰਗਰੇਜ਼ ਦੇ ਜ਼ਮਾਨੇ ’ਚ, ਗੁੱਡਮੈਨ ਕੰਪਨੀ ਦੀ ਲਾਲਟੈਨ ਆਈ। ਭਾਰਤੀ ਫ਼ੌਜ ’ਚ ਸਾਬਾਸ਼ ਦੇਣੀ ਹੋਵੇ, ਅਫ਼ਸਰ ਜਵਾਨਾਂ ਨੂੰ ‘ਗੁੱਡਮੈਨ ਦੀ ਲਾਲਟੈਨ’ ਆਖਦੇ। ਸਿਆਸਤ ਦੇ ਮੁਹਾਂਦਰੇ ਬਦਲੇ ਨੇ। ਹੁਣ ‘ਯੈੱਸ ਮੈਨ ਦੀ ਲਾਲਟੈਨ’ ਦਾ ਵੇਲਾ ਆਇਐ। ਚੰਗਿਆਂ ਨੂੰ ਕੌਣ ਪੁੱਛਦੈ।

             ‘ਯੈੱਸ ਮੈਨ’ ਦਾ ਸਿੱਕਾ ਚੱਲਦੈ। ਅੱਗੇ-ਅੱਗੇ ਨੇਤਾ ਚੱਲਦੇ ਨੇ, ਪਿੱਛੇ-ਪਿੱਛੇ ਮਹਿਮਾ ਗਾਇਣ। ‘ਮੋਦੀ ਹੈ ਤਾਂ ਮੁਮਕਿਨ ਐ’, ‘ਸਬ ਦਾ ਨਾਅਰਾ, ਕੈਪਟਨ ਦੁਬਾਰਾ’, ‘ਕੇਜਰੀਵਾਲ ਤੇਰੇ ਨਾਲ’। ਰਾਗ ਦਰਬਾਰੀ ਸਭ ਨੂੰ ਭਾਉਂਦੈ। ਔਹ ਦੇਖੋ, ਦਸੌਂਧਾ ਸਿੰਘ ਜਾ ਰਿਹੈ, ਪਿੱਛੇ-ਪਿੱਛੇ ਭੇਡਾਂ ਨੇ। ਸਾਥੀ ਆਜੜੀ ਨੂੰ ਦੱਸਦਾ ਪਿਐ, ਬਈ! ਭੇਡਾਂ ਪਾਲਣ ਦਾ ਕੋਰਸ ਨਾਗਪੁਰੋਂ ਕੀਤੈ।ਇੱਕ ਖ਼ਬਰ, ‘ਸਹਿਕਾਰਤਾ ਮੰਤਰਾਲਾ ਵੱਖਰਾ ਕੀਤਾ, ਮੰਤਰੀ ਅਮਿਤ ਸ਼ਾਹ ਬਣਾਏ ਨੇ।’ ਸ਼ਾਇਦ ਭੇਡਾਂ ਪਾਲਣ ਲਈ ਪੈਕੇਜ ਮਿਲੂ। ਲੱਗਦੇ ਹੱਥ ਇੱਕ ਹੋਰ ਲਤੀਫ਼ਾ। ‘ਸਿਆਸੀ ਪਾਰਟੀ ‘ਤਾਲੀ ਦਲ’ ਵਿੱਚ ਗੱਲ ਤੁਰੀ, ਜਸਟਿਸ ਫੁਰਮਾਨ ਸਿੰਘ ਨੂੰ ਮੁੱਖ ਮੰਤਰੀ ਬਣਾਓ। ਰੌਲਾ ਪੈ ਗਿਆ, ਅਖੇ, ਉਹ ਤਾਂ ਪੜ੍ਹਿਆ ਲਿਖਿਐ। ਲਓ ਜੀ, ਫੁਰਮਾਨ ਸਿੰਘ ਨੇ ਮਸਾਂ ਤਸੱਲੀ ਕਰਾਈ। ਬਈ! ਕਿੰਨੇ ਵਰ੍ਹੇ ਹੋ ਗਏ ਦਲ ’ਚ ਆਏ ਨੂੰ, ਹੁਣ ਕਾਹਦਾ ਪੜ੍ਹਿਆ ਰਹਿ ਗਿਆ, ਛੇਤੀ ਕਰੋ, ਸਹੁੰ ਚੁਕਾਓ।ਵੇਲੇ ਗਏ ਜਦੋਂ ਪੰਥਕ ਟਿਕਟ ਉਸ ਦੀ ਝੋਲੀ ਪੈਂਦੀ, ਜੀਹਨੇ ਵੱਧ ਜੇਲ੍ਹ ਕੱਟੀ ਹੁੰਦੀ। ਕਾਂਗਰਸੀ ਟਿਕਟ ਪੁਰਾਣੇ ਖੱਦਰਧਾਰੀ ਨੂੰ ਮਿਲਦੀ। ਹੁਣ ‘ਯੈੱਸ ਮੈਨ’ ਦਾ ਯੁੱਗ ਹੈ। ਕਿਸੇ ਦੌਲਤ ਮੱਲ ਨੂੰ ਟਿਕਟ ਮਿਲ ਜਾਵੇ, ਫੇਰ ਹਾਲ-ਏ-ਪਰਜਾ ਨੁੱਚੜੇ ਹੋਏ ਨਿੰਬੂ ਵਰਗਾ ਹੁੰਦੈ। ਪੰਜਾਬ ਚੋਣਾਂ ਦੂਰ ਨਹੀਂ, ਪੱਗਾਂ ਦੇ ਰੰਗ ਬਦਲਣਗੇ। ਢੋਲੇ ਦੀਆਂ ‘ਯੈੱਸ ਮੈਨ’ ਲਾਉਣਗੇ, ਬਾਕੀ ਬਾਗੀ ਅਖਵਾਉਣਗੇ। ਟੌਹੜਾ ਸਾਹਿਬ ਪੰਥ ’ਚੋਂ ਬਾਹਰ ਹੋਏ, ਕਾਂਗਰਸ ਦੀ ਬੀ-ਟੀਮ ਅਖਵਾਏ। ਕਾਂਗਰਸ ਦੀ ਬੀ-ਟੀਮ ਦਾ ਟੈਗ ਕਦੇ ਬਰਨਾਲੇ ਦੇ, ਕਦੇ ਤਲਵੰਡੀ ਦੇ ਮੋਢੇ ’ਤੇ, ਕਦੇ ਚੰਦੂਮਾਜਰਾ ਦੇ ਮੋਢੇ ’ਤੇ ਲੱਗਾ, ਹੁਣ ਢੀਂਡਸੇ ਦਾ ਮੋਢਾ ਤਿਆਰ ਰਹੇ। ‘ਹੱਥ ਖਾਲੀ, ਰੱਬ ਬਾਲੀ।’

           ‘ਗੁੱਡ ਮੈਨ ਦੀ ਲਾਲਟੈਨ’ ਕੌਣ ਨੇ? ਧਰਤ ਨੂੰ ਗੁਲਜ਼ਾਰ ਬਣਾਉਣਾ ਲੋਚਣ ਵਾਲੇ। ਅਦਾਕਾਰ ਰਣਬੀਰ ਰਾਣਾ, ਵਿਦੇਸ਼ਾਂ ’ਚ ‘ਗੁੱਡ ਮੈਨ ਦੀ ਲਾਲਟੈਨ’ ਦੇ ਸ਼ੋਅ ਕਰਦਾ ਫਿਰਦੈ। ਦੇਸ਼ ਪੰਜਾਬ ’ਚ, ਅਕਾਲੀ ‘ਬਾਦਲਾਂ’ ਦੀ, ਕਾਂਗਰਸੀ ‘ਕੈਪਟਨ’ ਦੀ, ‘ਆਪ’ ਵਾਲੇ ‘ਕੇਜਰੀਵਾਲ’ ਦੀ ਢੱਡ ਖੜਕਾ ਰਹੇ ਨੇ। ਯਹੂਦੀ ਵਾਕ ਐ, ‘ਸਨਮਾਨ ਦੀਆਂ ਕੁਰਸੀਆਂ ’ਤੇ ਬੈਠਣ ਵਾਲੇ ਸਾਰੇ ਮਾਣਯੋਗ ਨਹੀਂ ਹੁੰਦੇ।’ ਜ਼ਰੂਰ ਮਸੂਰੀ ਅਕੈਡਮੀ ’ਚ ਅਫ਼ਸਰਾਂ ਨੇ ‘ਯੈੱਸ ਸਰ’ ਵਾਲਾ ਪਾਠ ਪੜ੍ਹਿਆ ਹੋਊ। ਐਵੇਂ ਨਹੀਂ ਡੁੱਬਿਆ ਪੰਜਾਬ ਦਾ ਬੇੜਾ।ਜਦੋਂ ਸਰਕਾਰ ਬਣੀ, ਅਮਰਿੰਦਰ ਨੇ ਪੰਜਾਬ ਨੂੰ ਪੰਡ ’ਚ ਵਲ੍ਹੇਟ ਕੇ, ਪਾਸੇ ਰੱਖ’ਤਾ। ‘ਯੈੱਸ ਮੈਨ’ ਦੀ ਦੌਲਤ ਪਰਬਤ ਬਣ ਗਈ, ਲੋਕਾਂ ਦੀ ਗਰੀਬੀ ਪਤਾਲ। ਹੁਣ ਮੁੜ ਪੰਡ ਖੋਲ੍ਹੀ ਹੈ, ਅਖੇ ਨਵਾਂ ਪੰਜਾਬ ਬਣਾਉਣੈ। ਏਹ ਸਭ ਢਵੱਈਏ ਨੇ! ਪੰਜਾਬ, ਉਸਰਈਏ ਲੱਭਦਾ ਪਿਐ। ਸੁਨੀਲ ਜਾਖੜ ਰਾਜੇ ਦੇ ਸਲਾਹਕਾਰਾਂ ਨੂੰ ਮਾੜਾ ਆਖ ਬੈਠਾ, ਪਤਾ ਨਹੀਂ ਹੁਣ ਕੀ ਬਣੂ। ਅਮਰਿੰਦਰ ਦੇ ਗੜਵਈ, ਗੱਜੇ ਨੇ ‘ਦੁਬਾਰਾ ਸਰਕਾਰ ਬਣੂ।’ ਨਾਮ ਕੋਈ ਵੀ ਦਿਓ,‘ਯੈੱਸ ਮੈਨ’, ਚਾਪਲੂਸ, ਖੁਸ਼ਾਮਦੀਏ ਜਾਂ ਫੇਰ ਚਮਚੇ। ਮਜਾਲ ਐ ਪਿੱਠ ਲੱਗਣ ਦੇਣ। ‘ਬੁੱਢੇ ਲੂੰਬੜਾਂ ਨੂੰ ਉਸਤਾਦਾਂ ਦੀ ਲੋੜ ਨਹੀਂ ਹੁੰਦੀ।’

            ਇੱਕ ਲਤੀਫ਼ਾ ਹੋਰ...। ਅਕਬਰ ਆਖਣ ਲੱਗਾ, ਬੈਂਗਣਾਂ ਦਾ ਕੋਈ ਤੋੜ ਨਹੀਂ। ਅੱਗਿਓਂ ਬੀਰਬਲ ਬੋਲਿਆ, ਮਹਾਰਾਜ! ਜੋ ਹੋਇਆ ਹੀ ਬਹੁਗੁਣਾ, ਉਹ ਦੀ ਕਾਹਦੀ ਰੀਸ। ਅਕਬਰ ਮੁੜ ਬੋਲੇ, ਬੈਂਗਣ ਐਸੇ ਚੰਦਰੇ ਨੇ, ਅੰਦਰੋਂ ਸੁੰਡੀਆਂ ਹੀ ਮਿਲਦੀਆਂ ਨੇ। ਬੀਰਬਾਲ ਦੀ ਹਾਜ਼ਰ-ਜੁਆਬੀ, ਹਜ਼ੂਰ! ਬੈਂਗਣ ਤਾਂ ਹੈ ਹੀ ਬੇ-ਗੁਣਾ, ਸਬਜ਼ੀ ਸੁਆਹ ਬਣਨੀ ਸੀ। ਅਕਬਰ ਪੁੱਛਣ ਲੱਗੇ, ਬੀਰਬਲ! ਪਹਿਲਾਂ ਤੂੰ ਬੈਂਗਣਾਂ ਨੂੰ ਗੁਣਾਕਾਰੀ ਦੱਸਿਆ, ਮਗਰੋਂ ਬੇਗੁਣਾ। ਬਾਦਸ਼ਾਹ ਸਲਾਮਤ! ਅਸਾਂ ਨੌਕਰੀ ਥੋਡੀ ਕਰਨੀ ਐ, ਬੈਂਗਣਾਂ ਦੀ ਨਹੀਂ। ਮੁਕੇਸ਼ ਗਾ ਰਿਹੈ, ‘ਜੋ ਤੁਮ ਕੋ ਹੋ ਪਸੰਦ ਵੋ ਹੀ ਬਾਤ ਕਰੇਂਗੇ...। ‘ਯੈੱਸ ਮੈਨ’ ਦੀ ਕੀ-ਕੀ ਸਿਫ਼ਤ ਕਰਾਂ! ਹਰ ਮੌਸਮ ਦੇ ਅਨੁਕੂਲ, ਪਹਾੜਾਂ ’ਚ ਵੀ, ਮੈਦਾਨੀ ’ਚ ਵੀ, ਨਾ ਤਪੱਸਿਆ ਦੀ ਲੋੜ, ਨਾ ਵਿਟਾਮਿਨ ਖਾਣ ਦੀ। ਕੇਰਾਂ ਬੰਗਲਾ ਦੇਸ਼ ’ਚ ਨਵੇਂ ਉਮੀਦਵਾਰ ਨੇ ਚੋਣ ਨਿਸ਼ਾਨ ‘ਚਮਚਾ’ ਲਿਆ, ਸਿਰਫ਼ ਜ਼ਮੀਰਾਂ ਝੰਜੋੜਨ ਲਈ। ਚੋਣ ਪਿੜ ’ਚ ਕੜਛੇ ਸਨ, ‘ਚਮਚਾ’ ਜ਼ਮਾਨਤ ਜ਼ਬਤ ਕਰਾ ਬੈਠਾ। ਬੰਗਾਲ ’ਚ ਮਮਤਾ ਨੇ ਕਰੰਟ ਮਾਰਿਐ। ਦੇਸ਼ ਦਾ ਪਤਾ ਨਹੀਂ, ਪੰਜਾਬ ਜ਼ਰੂਰ ਫਿਊਜ਼ ਉਡਾਏਗਾ, ਨੇਤਾ ਨੰਗੇ ਪੈਰੀਂ ਪਿੰਡਾਂ ’ਚ ਜਾਣੋਂ ਡਰਦੇ ਨੇ। ਕਿਸਾਨਾਂ ਦੀ ਬੈਟਰੀ ਦੀ ਤਾਰ ਅੰਦੋਲਨੀ ਡਾਇਨਮੋ ਨਾਲ ਕਾਹਦੀ ਜੁੜੀ ਐ, ਫਾਰਚੂਨਰਾਂ ਨੂੰ ਬਜਾਜ ਚੇਤਕ ਹੀ ਰੋਕਣ ਲੱਗੇ ਨੇ। ਜਿਨ੍ਹਾਂ ਘਰਾਂ ’ਚ ਜ਼ਮੀਰਾਂ ਦੇ ਸੱਥਰ ਵਿਛੇ ਨੇ, ਉਥੇ ਹਾਲੇ ਵੀ ਹਾਕਮਾਂ ਦੀ ਕੁਰਸੀ ਨੂੰ ਮੋਢਾ ਮਿਲ ਰਿਹੈ।

            ਅੱਜ ਕੱਲ ਧਨੌਲੇ ਵਾਲੇ ਭਾਜਪਾਈ ਹਰਜੀਤ ਗਰੇਵਾਲ ਦੇ ਚਰਚੇ ਨੇ। ਪਹਿਲੋਂ ਧਨੌਲੇ ਦਾ ਮਨੋਰੋਗਾਂ ਦਾ ਹਸਪਤਾਲ ਬੜਾ ਮਸ਼ਹੂਰ ਸੀ। ਜੀਹਨੂੰ ਪਾਗਲਪਨ ਦੇ ਦੌਰੇ ਪੈਣੇ, ਸਭ ਆਖਦੇ, ਭਾਈ! ਏਹਨੂੰ ਧਨੌਲੇ ਲੈ ਜਾਓ। ਬਿਜਲੀਆਂ ਦੇ ਝਟਕੇ, ਮਰੀਜ਼ਾਂ ਨੂੰ ਟਣਕਣ ਲਾਉਂਦੇ। ਐਵੇਂ ਗੱਲ ਤਿਲਕ ਗਈ। ਗਰੇਵਾਲ ਨੇ ਕਿਸਾਨਾਂ ਨੂੰ ਅਤਿਵਾਦੀ ਕਿਹੈ। ਭਾਜਪਾਈ ਸੋਚ ਦੇ ਸੰਤਰੀ, ਕਦੇ ਕਿਸਾਨਾਂ ਨੂੰ ਨਕਸਲੀ ਆਖਦੇ ਨੇ, ਕਦੇ ਮਾਓਵਾਦੀ। ਕੇਂਦਰ ਦੇ ‘ਯੈੱਸ ਮੈਨ’ ਕਹਿਣੋਂ ਨਹੀਂ ਥੱਕਦੇ, ‘ਕਾਨੂੰਨ ਅੱਛੇ ਹਨ’। ਕਿਸਾਨ ਅੰਦੋਲਨ ਨੇ ਏਨਾ ਕਰੰਟ ਛੱਡਿਐ, ਪੂਰਾ ਪੰਜਾਬ ਧਨੌਲਾ ਬਣਿਐ। ਤਾਹੀ ਕਿਸਾਨ ਵਿਦਰੋਹੀ ਜਾਪਦੇ ਨੇ। ਦੇਸ਼ ’ਚ ਜੋ ਹਾਮੀ ਨਹੀਂ ਭਰਦਾ, ਬਾਗੀ ਅਖਵਾਉਂਦੈ। ਕਿਦਾਰ ਨਾਥ ਬਾਗੀ ਨੂੰ ਵੀ ਸੁਣੋ, ‘ਜੋ ਲੱਤਾਂ ਮਾਰੇ ਕਬਰਾਂ ’ਤੇ, ਮੈਂ ਉਸ ਤੈਮੂਰ ਤੋਂ ਬਾਗੀ ਹਾਂ/ਜੋ ਨਹੀਂ ਮਜ਼ਦੂਰੀ ਲੈ ਸਕਦਾ, ਮੈਂ ਉਸ ਮਜ਼ਦੂਰ ਤੋਂ ਬਾਗੀ ਹਾਂ।’ ਬੇਈਮਾਨੀ ਨੂੰ ਤਰੱਕੀ ਦਾ ਤਗ਼ਮਾ ਮਿਲਦੈ, ਇਮਾਨ ਦਾ ਤਬਾਦਲਾ ਹੁੰਦੈ। ਸਿਆਣੇ ਕਹਿੰਦੇ ਨੇ, ‘ਇਕੱਲਾ ਡਟਣ ਵਾਲਾ ਦੁਨੀਆ ਦਾ ਸਭ ਤੋਂ ਤਕੜਾ ਆਦਮੀ ਹੁੰਦੈ।’ ਕਿਸਾਨੀ ਡਟੀ ਐ, ਹਾਕਮ ਬਹੁਤ ਹਠੀ ਹੈ। ਛੱਜੂ ਰਾਮ ਧਨੌਲੇ ਗਿਐ, ਪੁਰਾਣੇ ਹਸਪਤਾਲ ਦਾ ਪਤਾ ਕਰਨ। ਸਟੈਨ ਸਵਾਮੀ ਦੀ ਰੂਹ ਦਾ ਹਾਸਾ ਨਹੀਂ ਰੁਕ ਰਿਹਾ।


2 comments:

  1. ਬਹੁਤ ਵਧੀਆ ਹੈ ਤੱਥ ਤੇ ਸੇਧ ਨਾਲ ਨਾਲ ਮਨ ਪਰਚਾਵਾ

    ReplyDelete