Monday, July 19, 2021

                                                ਵਿਚਲੀ ਗੱਲ
                                     ਤੈਨੂੰ ਕਾਹਦਾ ਚਾਅ ਚੜ੍ਹਿਆ..!
                                               ਚਰਨਜੀਤ ਭੁੱਲਰ    

ਚੰਡੀਗੜ੍ਹ : ਕੋਈ ਕਹੇਗਾ, ਗੁਰੂ ਛਾਇਆ, ਕੋਈ ਕਹੇਗਾ, ਸਿੱਧੂ ਆਇਆ, ਨਵੀਆਂ ਗੁੱਡੀਆਂ ਨਵੇਂ ਪਟੋਲੇ, ਨਵਾਂ ਐਡੀਸ਼ਨ ਲੈ ਕੇ ਆਇਆ। ਦਿੱਲੀਓਂ ਆਈ ਖ਼ਬਰ, ਦਸੌਂਧਾ ਸਿਓਂ ਨੇ ਭੰਗੜਾ ਪਾਇਆ, ਖਿਝ ਕੇ ਘਰ ਵਾਲੀ ਬੋਲੀ, ‘ਤੈਨੂੰ ਕਾਹਦਾ ਚਾਅ ਚੜ੍ਹਿਆ।’ ਦਸੌਂਧਾ ਸਿੰਘ ਉਦੋਂ ਵੀ ਮੀਰਾ ਤੋਂ ਵੱਧ ਨੱਚਿਆ ਸੀ, ਜਦ ਹੱਥ ’ਚ ਖੂੰਡਾ ਲੈ ਅਮਰਿੰਦਰ ਗੱਜਿਆ ਸੀ। ਜੈਕਾਰੇ ਉਦੋਂ ਵੀ ਛੱਡੇ, ਜਦੋਂ ਅਮਰਿੰਦਰ ਬੋਲੇ ਸੀ, ‘ਆਹ ਗੁਟਕਾ ਸਾਹਿਬ ਦੀ ਸਹੁੰ..!’ ਰਾਜਨੇਤਾ ਹਮੇਸ਼ਾ ਅਗਲੀ ਚੋਣ ਬਾਰੇ ਸੋਚਦੈ, ਭਲਾ ਨੇਤਾ ਅਗਲੀ ਪੀੜੀ ਬਾਰੇ। ਪ੍ਰਸ਼ਾਂਤ ਕਿਸ਼ੋਰ ਨੇ, ਜ਼ਰੂਰ ਕੁਝ ਸੋਚ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਐ। ਲਓ ਜੀ! ਹੁਣ ਸ਼ੇਰ ਨਹੀਂ, ਬੱਬਰ ਸ਼ੇਰ ਆਇਐ। ਜਤਿੰਦਰ ਪੰਨੂ ਖਿਝ ਕੇ ਬੋਲੇ, ‘ਪੰਜਾਬ ਕੋਈ ਜੰਗਲ ਨਹੀਂ।’ ਪਹਿਲਾਂ ਇੱਕ ਲਤੀਫ਼ਾ ਹੋ ਜੇ। ਲਾਲੂ ਪ੍ਰਸ਼ਾਦ ਉਦੋਂ ਮੁੱਖ ਮੰਤਰੀ ਸਨ। ਜਾਪਾਨੀ ਆਗੂ ਪੂਰਾ ਬਿਹਾਰ ਘੁੰਮ ਕੇ ਬੋਲੇ, ‘ਮਿਸਟਰ ਲਾਲੂ! ਸਾਨੂੰ ਸਿਰਫ਼ ਛੇ ਮਹੀਨੇ ਲਈ ਬਿਹਾਰ ਦਿਓ, ਅਸੀਂ ਜਾਪਾਨ ਬਣਾ ਦਿਆਂਗੇ।’ ਲਾਲੂ ਦਾ ਆਤਮਵਿਸ਼ਵਾਸ ਵੇਖੋ, ‘ਜਾਪਾਨੀ ਬਾਬੂ! ਸਾਨੂੰ ਛੇ ਦਿਨਾਂ ਲਈ ਹੀ ਜਾਪਾਨ ਦੇ ਦਿਓ, ਅਸੀਂ ਬਿਹਾਰ ਬਣਾ ਦਿਆਂਗੇ।’ ‘ਬੱਦਲ ਚੜ੍ਹਿਆ ਚੰਬਲੋਂ, ਡੰਗਰ ਵੱਛੇ ਸਾਂਭ’ਲੋ।’

             ਨਵੇਂ ਪ੍ਰਧਾਨ ਸਿੱਧੂ ਨੂੰ ਕੰਨ ’ਚ ਦੱਸੋ, ਪੰਜਾਬ ਕਿਹੋ ਜੇਹਾ ਬਣਾਉਣੈ। ਫੇਰ ਚਾਹੇ ਘੁਰਾੜੇ ਮਾਰਿਓਂ। ਅਠਾਰਾਂ ਮੁੱਦੇ ਆਹ ਛੇਆਂ ਮਹੀਨਿਆਂ ’ਚ ਪੂਰੇ ਕਰਾਊਂ। ਸਰਦਾਰ ਭਗਵੰਤ ਸਿੰਘ ਦਾ ਇਮਾਨੀ ਮੁੰਡਾ ਸਭ ਨੂੰ ਭਾਜੜ ਪਾਊ। ਬੱਸ ਹੁਣ ਸਿਹਰਾਬੰਦੀ ਹੋਣੀ ਐ। ਕਾਂਗਰਸੀ ਵਿਹੜੇ ਕੜਾਹੀ ਚੜ੍ਹੀ ਹੈ। ਦਿਨ ਸ਼ਗਨਾਂ ਦਾ ਆਇਐ, ਨਾਲੇ ਪਰੀਹੇ ਵੀ। ਬਰਾਤ ਦੀ ਤਿਆਰੀ ਸੀ, ਆਹ ਅਮਰਿੰਦਰ ਸਿਓਂ ਐਵੇਂ ‘ਫੁੱਫੜ’ ਬਣ ਬੈਠਾ ਸੀ। ਅਖ਼ੇ, ਪਹਿਲਾਂ ਸਿੱਧੂ ਮੁਆਫ਼ੀ ਮੰਗੇ, ਐਂ ਬਰਾਤ ਕਿਵੇਂ ਚੜੂ। ‘ਰੱਬ ਬੰਦੇ ਦੀਆਂ ਸਕੀਮਾਂ ’ਤੇ ਹੱਸਦੈ।’ ਪ੍ਰਤਾਪ ਬਾਜਵਾ ਸਿੱਧੇ ਅਮਰਿੰਦਰ ਕੋਲ ਘਰੇ ਗਏ। ਦੋਹੇਂ ਆਗੂ ਖੁਸ਼ਨੁਮਾ ਅੰਦਾਜ਼ ’ਚ ਬੈਠੇ, ਚਿੱਟੇ ਦੁੱਧ ਵਰਗੇ ਲਿਬਾਸ, ਮਜ਼ਾਲ ਐ ਕੋਈ ਦਾਗ਼ ਦਿਖ’ਜੇ। ‘ਬੇਰੀਆਂ ਦੇ ਬੇਰ ਪੱਕਗੇ, ਰੁੱਤ ਯਾਰੀਆਂ ਲਾਉਣ ਦੀ ਆਈ।’ ਕੋਈ ਲੱਖ ਕਹੇ, ਸਿੱਧੂ ਨੂੰ ਮਿਲਣੈ ਔਖੇ। ਔਹ ਦੇਖੋ, ਕਿਵੇਂ ਸ਼ਰੀਕੇ ਕਬੀਲੇ ’ਚ ਪੈਰੀਂ ਹੱਥ ਲਾਉਂਦਾ ਫਿਰਦੈ। ਏਨੀ ਨਿਮਰਤਾ, ਰਹੇ ਰੱਬ ਦਾ ਨਾਂ। ਮਸੀਹਾ ਬਣਨਾ ਹੋਵੇ, ਸਲੀਬ ਆਪ ਚੁੱਕਣੀ ਪੈਂਦੀ ਹੈ। ਟਕਸਾਲੀ ਬਾਬੇ ‘ਸਿੱਧੂ’ ਦੇ ਦਰਸ਼ਨ-ਦੀਦਾਰੇ ਕਰ ਧੰਨ ਹੋ ਗਏ। ਅਮਰਿੰਦਰ ਕਹਿੰਦਾ, ‘ਪਹਿਲਾਂ ਮੁਆਫ਼ੀ ਮੰਗੋ, ਮਗਰੋਂ ਦਰਸ਼ਨ ਦਿਆਂਗੇ।’

             ਨਵਜੋਤ ਨੂੰ ਸੁਰਮਾ ਪਾਉਣਾ, ਨਾਲੇ ਮਟਕਾਉਣਾ ਵੀ ਆਉਂਦੈ। ਸੁਰਮਚੂ ਪਰਗਟ ਸਿੰਘ ਫੜੀ ਖੜ੍ਹੈ, ਲੱਗਦੇ ਹੁਣ ਰੁੱਸੇ ‘ਫੁੱਫੜ’ ਨੂੰ ਕੀਹਨੇ ਮਨਾਉਣੈ। ਗਲੀ ’ਚ ਭਗਵੰਤ ਮਾਨ ਗੇੜੇ ਮਾਰਦਾ ਫਿਰਦੈ, ਹੱਥ ’ਚ ਖੁਰਚਣੈ, ਅਖ਼ੇ ਟਵੀਟਾਂ ਦਾ ਹਿਸਾਬ ਲਵਾਂਗੇ। ਲੜਾਈ ਸਿੱਧੂਆਂ ਦੀ, ਮਾਨ ਐਵੇਂ ਟੰਗ ਅੜਾ ਰਿਹੈ। ਨਵਜੋਤ ਵੀ ਸਿੱਧੂ, ਅਮਰਿੰਦਰ ਵੀ ਸਿੱਧੂ, ਦੋਵੇਂ ਪਟਿਆਲੇ ਦੇ, ਇੱਕ ਪਜਾਮੀ ਪਾਉਂਦੈ, ਦੂਜਾ ਸਲਵਾਰ। ਇੱਕ ਕੁਰਸੀ ਬਚਾਉਣ ਲਈ, ਦੂਜਾ ਪਾਉਣ ਲਈ ਲੜ ਰਿਹੈ। ਇੱਕ ਸਿੱਧੂ ਘੱਟ ਬੋਲਦੈ, ਦੂਜਾ ਬੋਲਣੋਂ ਨਹੀਂ ਹਟਦਾ।ਜਦੋਂ ਨਵਜੋਤ ਕਾਂਗਰਸੀ ਸਜੇ, ਉਦੋਂ ਅਮਰਿੰਦਰ ਕੋਲ ਝੁਕ ਕੇ ਬੋਲੇ ‘ਡੈਡੀ ਜੀ ਪੈਰੀਂ ਪੈਣੈ।’ ਵੱਡੇ ਬਾਦਲ ਫੌਰੀ ਬੋਲੇ, ‘ਸਿੱਧੂ ਮੈਨੂੰ ਵੀ ਪਿਓ ਕਹਿੰਦਾ ਹੁੰਦਾ ਸੀ।’ ਬਾਦਲਾਂ ਨੂੰ ਸਿੱਧੂ ਬਹੁਤ ਪੈਂਦੈ, ਪੈਰੀਂ ਪੈਣ ਵਾਲਾ ਸਿੱਧੂ ਕਦੇ ਕੁਰਸੀ ਨੂੰ ਪਊ, ਅਮਰਿੰਦਰ ਦੇ ਕਿੱਥੇ ਚੇਤੇ ਸੀ। ‘ਸ਼ਰੀਕ ਤਾਂ ਮਿੱਟੀ ਦਾ ਮਾਣ ਨਹੀਂ ਹੁੰਦਾ।’ ਢੋਲੀ ਆਖਦੇ ਨੇ, ਸਾਨੂੰ ਘਾਟਾ ਪੈ ਰਿਹੈ, ਬਰਾਤ ਚੜ੍ਹਾਓ, ਗੱਲ ਮੁਕਾਓ। ਹਾਈਕਮਾਨ ਨੇ ਤਾਂ ਮੁਕਾ’ਤੀ, ਹੁਣ ਵਜਾਓ ਢੋਲ। ‘ਤੁਹਾਡੀ ਬੁੱਧੀ ਹੀ ਤੁਹਾਡੀ ਗੁਰੂ ਹੁੰਦੀ ਹੈ।’ 

            ਟਵੀਟਾਂ ’ਤੇ ਨਵਜੋਤ ਨੇ ਮੁਆਫ਼ੀ ਮੰਗੀ ਤਾਂ ਕਿਤੇ ਪੰਗਾ ਨਾ ਪੈ ਜਾਏ। ਪੰਜਾਬ ਜ਼ਰੂਰ ਗਲ਼ ਪੈ ਸਕਦੈ, ਮੁਆਫ਼ੀ ਦਾ ਮਤਲਬ ਬੇਅਦਬੀ ਦੇ ਮਾਮਲੇ, ਨਸ਼ਿਆਂ ਅਤੇ ਮਾਫੀਏ ਦੇ ਖ਼ਾਤਮੇ ਤੋਂ ਮੁਕਰਨਾ। ਖੁਸ਼ੀ ਦੀ ਲਹਿਰ ਸ਼ੰਭੂ ਖੜ੍ਹੀ ਐ, ਅਖ਼ੇ ਕਰੋ ਸਿਹਰਾਬੰਦੀ, ਮੈਂ ਦੌੜਨੈ। ਕਿਸੇ ਪੇਂਡੂ ਘਰ ’ਚ ਪੋਤਰਾ ਟੀਵੀ ’ਤੇ ਸਿੱਧੂ ਨੂੰ ਵੇਖ ਬੋਲਿਆ, ਦਾਦੀ-ਦਾਦੀ! ਔਹ ਵੇਖੋ ‘ਟਵੀਟਾਂ ਵਾਲਾ’। ਅਨਪੜ੍ਹ ਦਾਦੀ, ਸਿੱਧੂ ਦੇ ਹੱਥਾਂ ਤੇ ਲਾਲ ਖੰਬਣੀਆਂ ਦੇਖ ਬੋਲੀ... ‘ਏਹ ਤਬੀਤਾਂ ਵਾਲਾ ਬਾਬਾ ਕੌਣ ਐ।’ ਕੋਲ ਖੜ੍ਹ ਅਮਲੀ ਨੇ ਮਸ਼ਕਰੀ ਕੀਤੀ। ਅੰਬੋ! ਪੰਜਾਬ ਨੇ ਜਦੋਂ ਤੋਂ ਟੂਣਾ ਟੱਪਿਐ, ਓਪਰੀ ਕਸਰ ਚਿੰਬੜੀ ਐ, ਸੁੱਕ ਕੇ ਤੀਲਾ ਬਣਿਐ। ਹੁਣ ਤਬੀਤਾਂ ਵਾਲਾ ਯਾਨਿ ਕਿ ਨਵਾਂ ਪ੍ਰਧਾਨ ਨਵਜੋਤ ਸਿੱਧੂ ਹਥੌਲ਼ਾ ਪਾਊ। ‘ਅੱਗੇ ਤੇਰੇ ਭਾਗ ਲੱਛੀਏ। ਐਸ.ਤਰਸੇਮ ਨੇ ਠੀਕ ਫਰਮਾਇਐ, ‘ਨਾ ਰੋਸ਼ਨਦਾਨ, ਨਾ ਬੂਹਾ, ਨਾ ਖਿੜਕੀ ਬਣਾਉਂਦਾ ਹੈ, ਮੇਰੇ ਹੁਣ ਸ਼ਹਿਰ ਦਾ ਹਰ ਮਿਸਤਰੀ ਕੁਰਸੀ ਬਣਾਉਂਦਾ ਹੈ। ਬਿਨਾਂ ਮੰਗੀ ਸਲਾਹ ਹੈ, ਮੁੱਖ ਮੰਤਰੀ ਹੀ ਤਿੰਨ ਚਾਰ ਬਣਾ ਦਿਓ। ਮਾਲਵੇ ਦਾ, ਇੱਕ ਮਾਝੇ ਤੇ ਇੱਕ ਦੁਆਬੇ ਦਾ। ਪੰਜਾਬ ਦਾ ਕੋਈ ਸਕਾ ਬਣਦਾ, ਅੱਜ ਤਰਸ ਦਾ ਪਾਤਰ ਕਿਉਂ ਬਣਦਾ। ‘ਤੇਰੀ ਕੋਈ ਨਾ ਬੇਲੀ ਰਾਮ।’ ਤਾਹੀਂ ਲੋਕ ਦਿਲਾਂ ਦੇ ਤਖਤ ’ਤੇ ਨਹੀਂ ਬਿਠਾਉਂਦੇ। ਛੱਜੂ ਰਾਮ ਉਨ੍ਹਾਂ ’ਤੇ ਬਹੁਤ ਖ਼ਫੈ, ਜੋ ਸਿਆਸੀ ਰੈਲੀਆਂ ਦੀ ਭੀੜ ਬਣਦੇ ਨੇ, ਜੈਕਾਰੇ ਛੱਡਦੇ ਨੇ।

            ’ਪੰਜਾਬੀ ਮਾਵਾਂ ਨੇ ਪੁੱਤ ‘ਵਰਕਰ’ ਬਣਾਉਣ ਲਈ ਨਹੀਂ ਜੰਮੇ। ਹੁਣ ਕਹੋਗੇ ‘ਚੱਕ ਦਿਓ ਫੱਟੇ, ਨੱਪ ਦਿਓ ਕਿੱਲੀ।’ ਸਿੱਧੂ ਸਾਹਬ! ਫਿਕਰ ਛੱਡੋ, ਜ਼ਰੂਰ ਠੋਕਣਗੇ ਤਾਲੀ। ਪਿਆਰਿਓ! ਨਾਅਰੇ ਲਾਇਓ... ਜਦੋਂ ਸਸਤੀ ਬਿਜਲੀ ਦੇ ਲਾਟੂ ਜਗੇ। ਭੰਗੜੇ ਪਾਇਓ... ਜਦੋਂ ਹੱਥਾਂ ਨੂੰ ਰੁਜ਼ਗਾਰ ਮਿਲੇ। ਮਿੱਠਾ ਵੀ ਖਾਇਓ... ਜਦ ਨਸ਼ੇ ਮੁੱਕ ਗਏ। ਸ਼ੁਕਰ ਮਨਾਇਓ... ਜਦ ਬੇਅਦਬੀ ਦੇ ਦੋਸ਼ੀ ਫੜੇ। ਢੋਲੇ ਦੀਆਂ ਲਾਇਓ... ਜਦ ਸੱਥਰ ਵਿਛਣੋਂ ਰੁਕ ਗਏ। ਢੋਲ ਵਜਾਇਓ... ਜਦ ਰਾਮ ਰਾਜ ਆਇਐ। ‘ਰਾਹਾਂ ਨੂੰ ਉਲ੍ਹਾਮੇ ਦੇਣ ਨਾਲੋਂ ਆਪ ਤੇਜ਼ ਤੁਰੋ।’ ਪੰਜਾਬ ਤੋਂ ਭੁੱਲ ਹੋਈ ਐ, ਹੁਣ ਪਛਤਾ ਰਿਹੈ। ਕਿਤੇ ਪ੍ਰਧਾਨ ਜੀ ਨੂੰ 25 ਸਾਲ ਦਿੱਤੇ ਹੁੰਦੇ, ਨਕਸ਼ਾ ਬਦਲ ਜਾਂਦਾ। ਜਾਪਾਨੀ ਵੀ ਸੋੋਚਦੇ, ਬਈ! ਅਸੀਂ ਪੰਜਾਹ ਸਾਲ ਪਿੱਛੇ ਕਿਵੇਂ ਪੈ ਗਏ। ‘ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਐ।’ ਨਵਜੋਤ ਸਿੱਧੂ ਬਰੈਂਡ ਨਿਊ ਪ੍ਰਧਾਨ ਨੇ। ਅੰਤਾਂ ਦਾ ਜਜ਼ਬੈ, ਸੱਚੀ ਗੱਲ ਤੋਂ, ਮਜ਼ਾਲ ਐ ਪਿਛਾਂਹ ਹਟਣ। ਥੋਡੇ ਉਦੋਂ ਮੱਥੇ ਲੱਗਣਗੇ, ਜਦੋਂ ਟਵੀਟਾਂ ਵਾਲੇ 18 ਨੁਕਤੇ ਅਮਰਿੰਦਰ ਤੋਂ ਪੂਰੇ ਕਰਾ ਲਏ। ਕਿਸਾਨ ਜ਼ਿੰਦਗੀ ਦੀ ਜ਼ੀਰੋ ਲਾਈਨ ’ਤੇ ਬੈਠੈ। ਜੰਗ ਪੈਲ਼ੀਆਂ ਲਈ ਹੈ। ਉਪਰੋਂ ਘਰਾਂ ਦੇ ਉਜਾੜੇ ਦਾ ਤੌਖਲੈ, ਅੱਖਾਂ ਵਿੱਚ ਪਾ ਅੱਖਾਂ, ਦਿੱਲੀ ਵੱਲ ਦੇਖ ਰਿਹੈ। ਅੰਨਦਾਤਾ ਭਾਜੀ ਮੋੜਨ ਤੁਰਿਐ। ਜਾਗੇ ਲੋਕ ਦਿੱਲੀ ਬੈਠੇ ਨੇ। ਸੁੱਤਿਆਂ ਦਾ ਕਰੀਏ! ਜੋ ਸਿਆਸੀ ਰੈਲੀਆਂ ’ਚ ਹੇਕਾਂ ਲਾਉਣਗੇ... ਜਿੱਤੂਗਾ ਬਈ ਜਿੱਤੂਗਾ! ਕੋਈ ਗਾ ਰਿਹੈ... ‘ਤਖ਼ਤੇ ਨਹੀਂ ਪਲਟਾਉਣੇ ਸੱਜਣਾਂ, ਵਿਕੀਆਂ ਵੋਟਾਂ ਨੇ।’

             ਦਰਅਸਲ, ਜਦੋਂ ਰੱਬ ਨੇ ਅਕਲ ਵੰਡੀ, ਏਹ ਤਖ਼ਤੇ ਉਹਲੇ ਲੁਕ ਗਏ। ਕਿਤੇ ਅਕਲ ਬਦਾਮ ਛਕਣ ਨਾਲ ਆਉਂਦੀ, ਐੱਨਆਰਆਈ ਭਰਾਵਾਂ ਨੂੰ ਆਖਦਾ, ਬਈ! ਐਤਕੀ ਬਦਾਮਾਂ ਦੇ ਜਹਾਜ਼ ਭੇਜੋ। ਪੰਜਾਬ ਦੀ ਹਾਲਤ ਤਾਂ ਚੁੰਨੀ ਚੜ੍ਹਾਉਣ ਵਾਲੀ ਬਣੀ ਐ। ਕਾਂਗਰਸੀ ਹੁਣ ਸਿਹਰਾਬੰਦੀ ’ਚ ਜੁਟਣਗੇ। ਪ੍ਰਧਾਨ ਸਿੱਧੂ ਅੱਗੇ ਕੰਡੇ ਹੀ ਕੰਡੇ ਹਨ। ਦੋ ਦਿਨਾਂ ਤੋਂ ਚੁਗਣੇ ਸ਼ੁਰੂ ਕੀਤੇ ਨੇ। ਇੱਧਰ, ਘਾਹੀ ਘਾਹ ਖੋਤ ਰਹੇ ਨੇ। ਕਾਲੇ ਝੰਡਿਆਂ ਦਾ ਪਿੰਡਾਂ ’ਚ ਹੜ੍ਹ ਆਇਐ, ਨੇਤਾ ਕਿਧਰ ਜਾਣ। ਜਾਂਦੇ-ਜਾਂਦੇ ਇੱਕ ਲਤੀਫ਼ਾ ਹੋਰ ਜੋ ਕਿਸੇ ਦੋਸਤ ਨੇ ਸੁੁਣਾਇਐ। ‘ਕਿਸਾਨਾਂ ਦੀ ਕੁੱਟ ਤੋਂ ਅੱਕੇ ਗਿੱਦੜਾਂ ਨੇ ਸਭਾ ਬੁਲਾਈ। ਵੱਡੀ ਉਮਰ ਦੇ ਗਿੱਦੜ ਨੂੰ ਪ੍ਰਧਾਨ ਚੁਣਿਆ ਗਿਆ। ਪਛਾਣ ਵਜੋਂ ਪੂਛ ’ਤੇ ਛੱਜ ਬੰਨ’ਤਾ। ਖੇਤਾਂ ’ਤੇ ਹੱਲਾ ਬੋਲਿਆ, ਅੱਗਿਓਂ ਕਿਸਾਨ ਪੈ ਨਿਕਲੇ। ਗਿੱਦੜ ਖੱਡਾਂ ’ਚ ਵੜ ਗਏ। ਪ੍ਰਧਾਨ ਜੀ, ਖੁੱਡ ’ਚ ਵੜਨ ਲੱਗੇ, ਪਿੱਛੋਂ ਛੱਜ ਫਸ ਗਿਆ। ਕਿਸਾਨਾਂ ਨੇ ਪ੍ਰਧਾਨ ਨੂੰ ਛੱਜ ਤੋਂ ਫੜ ਕੇ ਧੂਹ ਲਿਆ, ਕੁੱਟ-ਕੁੱਟ ਕਰ’ਤਾ ਬੁਰਾ ਹਾਲ। ਕਿਸਾਨ ਗਏ ਤਾਂ ਖੁੱਡਾਂ ’ਚੋਂ ਨਿਕਲੇ ਗਿੱਦੜਾਂ ਨੇ ‘ਪ੍ਰਧਾਨ’ ਦਾ ਹਾਲ ਦੇਖ ਕਿਹਾ, ਜਨਾਬ! ਸਿਆਣੇ-ਬਿਆਣੇ ਹੋ, ਭੱਜ ਕੇ ਖੁੱਡ ’ਚ ਵੜਦੇ, ਆਹ ਕੀ ਹਾਲ ਬਣਾਇਐ। ਅੱਗਿਓਂ ਪ੍ਰਧਾਨ ਜੀ ਬੋਲੇ, ਵੜਦਾ ਕਿਵੇਂ, ਆਹ ਪਿੱਛੇ ਜਿਹੜਾ ਪ੍ਰਧਾਨਗੀ ਦਾ ਛੱਜ ਬੰਨਿਐ, ਏਹ ਵੜਨ ਨਹੀਂ ਦਿੰਦਾ।’

1 comment:

  1. ਪਰ ਲੱਡੂ ਵੰਡਣ ਵਾਲਿਆਂ ਨੂੰ ਅਕਲ ਨੀ ਆਉਂਦੀ। ।।ਪੰਜਾਬ ਦਾ ਬੇੜਾ ਬਿਠਾਉਣ ਚ ਲੱਡੂਆਂ ਵਾਲਿਆਂ ਦਾ ਵੀ ਪੂਰਾ ਹੱਥ ਐ।।

    ReplyDelete