Tuesday, July 13, 2021

                                               ਇੰਜ ਕਰੋ ਸਰਫ਼ਾ
                              ਵਿਧਾਇਕ ਬੀਬੀ ਦਾ ਬਿਜਲੀ ਬਿੱਲ ਜ਼ੀਰੋ ! 
                                                ਚਰਨਜੀਤ ਭੁੱਲਰ    

ਚੰਡੀਗੜ੍ਹ :  ਕਾਂਗਰਸੀ ਵਿਧਾਇਕਾ ਬੀਬੀ ਸਤਕਾਰ ਕੌਰ ਦੀ ਕੋਠੀ ਦਾ ਬਿਜਲੀ ਬਿੱਲ ਜ਼ੀਰੋ ਯੂਨਿਟ ਆ ਰਿਹਾ ਹੈ। ਇਸ ਕੋਠੀ ਤੱਕ ਮਹਿੰਗੀ ਬਿਜਲੀ ਦਾ ਸੇਕ ਨਹੀਂ ਪੁੱਜਾ ਹੈ। ਫਿਰੋਜ਼ਪੁਰ (ਦਿਹਾਤੀ) ਤੋਂ ਇਸ ਵਿਧਾਇਕਾ ਦੀ ਕੋਠੀ ’ਚ ਬਿਜਲੀ ਲੋਡ 4.98 ਕਿਲੋਵਾਟ ਹੈ। ਰਿਹਾਇਸ਼ ਦੇ ਬਾਵਜੂਦ ਇਸ ਕੋਠੀ ਦੀ ਬਿਜਲੀ ਖ਼ਪਤ ਦਸੰਬਰ 2020 ਤੋਂ ਹੁਣ ਤੱਕ ਜ਼ੀਰੋ ਯੂਨਿਟ ਹੀ ਹੈ। ਫਿਰੋਜ਼ਪੁਰ ਦੇ ਆਲੇਵਾਲਾ ’ਚ ਵਿਧਾਇਕਾ ਦੀ ਰਿਹਾਇਸ਼ ਹੈ ਜਿਥੇ ਬਿਜਲੀ ਮੀਟਰ ਲਾਉਣ ਲਈ 2500 ਰੁਪਏ ਦੀ 2 ਜੁਲਾਈ 2019 ਨੂੰ ਸਕਿਊਰਿਟੀ ਭਰੀ ਗਈ ਸੀ।  ਪਾਵਰਕੌਮ ਤੋਂ ਪ੍ਰਾਪਤ ਰਿਕਾਰਡ ਅਨੁਸਾਰ ਇਹ ਬਿਜਲੀ ਮੀਟਰ ਵਿਧਾਇਕਾਂ ਦੇ ਪਤੀ ਜਸਮੇਲ ਸਿੰਘ ਦੇ ਨਾਮ ’ਤੇ ਲੱਗਾ ਹੋਇਆ ਹੈ। ਸ਼ੁਰੂ ਤੋਂ ਲੈ ਕੇ ਹੁਣ ਜੁਲਾਈ 2021 ਤੱਕ ਇਸ ਕੋਠੀ ਦਾ ਬਿਜਲੀ ਬਿੱਲ ਇੱਕ ਦਫਾ ਅੱਠ ਹਜ਼ਾਰ ਰੁਪਏ ਭਰਿਆ ਗਿਆ ਹੈ। ਆਖਰੀ ਬਿੱਲ ਹੁਣ 14 ਜੁਲਾਈ ਤੱਕ 1190 ਰੁਪਏ ਭਰਿਆ ਜਾਣਾ ਹੈ। ਨਵੰਬਰ 2019 ਤੋਂ ਸਤੰਬਰ 2020 ਦੌਰਾਨ ਇਸ ਕੋਠੀ ’ਚ ਬਿਜਲੀ ਖਪਤ ਕੁੱਲ 258 ਯੂਨਿਟ ਰਹੀ ਹੈ, ਔਸਤਨ ਪ੍ਰਤੀ ਦਿਨ ਪੌਣਾ ਯੂਨਿਟ।

      ਦਸੰਬਰ 2020 ਤੋਂ ਬਿਜਲੀ ਖਪਤ ਜ਼ੀਰੋ ਹੋ ਗਈ ਹੈ। ਬਿਜਲੀ ਦੇ ਮੀਟਰ ਵਿਚ ਨੁਕਸ ਵੀ ਕੋਈ ਨਹੀਂ ਹੈ। ਮੀਟਰ ਰੀਡਰ ਬਿਜਲੀ ਖਪਤ ਜ਼ੀਰੋ ਹੀ ਰਿਪੋਰਟ ਕਰ ਰਿਹਾ ਹੈ। ਦੂਸਰੀ ਤਰਫ ਫਿਰੋਜ਼ਪੁਰ ਦਿਹਾਤੀ ’ਚ ਗਰੀਬ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਬਿੱਲ ਤਾਰਨੇ ਔਖੇ ਹਨ। ਫਿਰੋਜ਼ਪੁਰ ਕੈਂਟ ਦੇ ਐਸ.ਡੀ.ਓ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਵਿਧਾਇਕਾ ਦੀ ਰਿਹਾਇਸ਼ ਆਲੇਵਾਲ ਵਿਚ ਹੈ ਪ੍ਰੰਤੂ ਉੁਨ੍ਹਾਂ ਦੀ ਬਿਜਲੀ ਖਪਤ ਘੱਟ ਹੋਣ ਬਾਰੇ ਕੋਈ ਪਤਾ ਨਹੀਂ ਹੈ। ਉਹ ਪਤਾ ਕਰਨਗੇ।  ਇਸੇ ਤਰ੍ਹਾਂ ਹੀ ਸਾਬਕਾ ਐਮ.ਪੀ ਸ਼ੇਰ ਸਿੰਘ ਘੁਬਾਇਆ ਅਤੇ ਮੌਜੂਦਾ ਵਿਧਾਇਕ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਪਿੰਡ ਘੁਬਾਇਆ ਵਿਚਲੀ ਰਿਹਾਇਸ਼ ’ਚ ਜੋ ਸ਼ੇਰ ਸਿੰਘ ਘੁਬਾਇਆ ਦੇ ਨਾਮ ’ਤੇ ਬਿਜਲੀ ਮੀਟਰ ਲੱਗਾ ਹੈ, ਉਸ ਦਾ ਬਿਜਲੀ ਲੋਡ 7.39 ਕਿਲੋਵਾਟ ਹੈ।   ਏਨਾ ਲੋਡ ਹੋਣ ਦੇ ਬਾਵਜੂਦ ਇਸ ਮੀਟਰ ਤੋਂ ਬਿਜਲੀ ਖਪਤ ਦਸੰਬਰ 2020 ਤੋਂ ਜੂਨ 2021 ਤੱਕ 267 ਯੂਨਿਟ ਹੀ ਰਹੀ ਹੈ ਜੋ ਔਸਤਨ ਕਰੀਬ ਇੱਕ ਯੂਨਿਟ ਪ੍ਰਤੀ ਦਿਨ ਬਣਦੀ ਹੈ।                                              ਇਸ ਬਿਜਲੀ ਮੀਟਰ ਦਾ ਦਸੰਬਰ ਮਹੀਨੇ ਦੇ 68 ਦਿਨਾਂ ਦਾ ਬਿੱਲ ਸਿਰਫ 16 ਯੂਨਿਟ ਖਪਤ ਦਾ ਆਇਆ ਜਦੋਂ ਕਿ ਅਗਲੇ 60 ਦਿਨਾਂ ਦਾ ਬਿੱਲ ਜ਼ੀਰੋ ਯੂਨਿਟ ਆਇਆ। ਅਪਰੈਲ 2021 ਵਾਲੇ ਬਿੱਲ ’ਚ 55 ਦਿਨਾਂ ਦੀ ਬਿਜਲੀ ਖਪਤ 13 ਯੂਨਿਟ ਹੀ ਰਹੀ ਹੈ। ਤਾਜਾ ਬਿੱਲ 73 ਦਿਨਾਂ ਦਾ 248 ਯੂਨਿਟ ਖਪਤ ਦਾ ਆਇਆ ਹੈ। ਪਿਛੇ ਦੇਖੀਏ ਤਾਂ ਇਸ ਮੀਟਰ ਦੀ ਬਿਜਲੀ ਖਪਤ ਅਪਰੈਲ 2019 ਵਿਚ 13 ਯੂਨਿਟ, ਨਵੰਬਰ 2019 ਵਿਚ ਜ਼ੀਰੋ ਯੂਨਿਟ ਅਤੇ ਫਰਵਰੀ 2020 ਵਿਚ ਵੀ ਜ਼ੀਰੋ ਯੂਨਿਟ ਖਪਤ ਰਹੀ ਹੈ।  ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਹ ਮੀਟਰ ਭੱਠੇ ’ਤੇ ਲੱਗਾ ਹੁੰਦਾ ਸੀ ਜੋ ਬੰਦ ਕਰਾ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਇਹ ਘਰੇਲੂ ਮੀਟਰ ਹੋਣ ਦੀ ਗੱਲ ਆਖੀ ਤਾਂ ਉਨ੍ਹਾਂ ਕਿਹਾ ਕਿ ਰਿਹਾਇਸ਼ ’ਤੇ ਹੋਰ ਮੀਟਰ ਲੱਗੇ ਹੋਏ ਹਨ। ਉਹ ਇੱਕ ਮੀਟਰ ਬੰਦ ਕਰਨ ਬਾਰੇ ਲਿਖਤੀ ਤੌਰ ’ਤੇ ਮਹਿਕਮੇ ਨੂੰ ਦੇ ਚੁੱਕੇ ਹਨ। 

                              ਬਿਜਲੀ ਘੱਟ ਹੀ ਬਾਲਦੇ ਹਾਂ : ਸਤਕਾਰ ਕੌਰ

ਵਿਧਾਇਕਾ ਸਤਕਾਰ ਕੌਰ ਦਾ ਕਹਿਣਾ ਸੀ ਕਿ ਉਹ ਇਥੇ ਕਾਫੀ ਘੱਟ ਰਹਿੰਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਬਿਜਲੀ ਜਿਆਦਾ ਬਾਲਣ ਤੋਂ ਪਰਹੇਜ਼ ਹੀ ਕਰਦੇ ਹਨ ਜਿਸ ਕਰਕੇ ਖਪਤ ਘਟੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਹੋਰ ਕਮਰੇ ਬਣਾਏ ਹਨ ਅਤੇ ਨਵਾਂ ਬਿਜਲੀ ਜਿਆਦਾ ਆਵੇਗਾ।


No comments:

Post a Comment