Friday, July 27, 2018

                    ‘ਗੁੰਡਾ ਟੈਕਸ’ ਦਾ ਖ਼ੌਫ਼ 
  ਏਮਜ਼ ਲਈ ਰੇਲ ਰਸਤੇ ਪੁੱਜਾ ਰੇਤਾ ਬਜਰੀ
                        ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ’ਚ ਹੁਣ ਏਮਜ਼ ਉਸਾਰੀ ਲਈ ਵੀ ਰੇਤਾ ਬਜਰੀ ਰੇਲ ਰਸਤੇ ਪੁੱਜਾ ਹੈ। ‘ਗੁੰਡਾ ਟੈਕਸ’ ਦਾ ਖ਼ੌਫ਼ ਜਾਪਦਾ ਹੈ ਕਿ ਮੱੁਢਲੇ ਪੜਾਅ ’ਤੇ ਹੀ ਰੇਤਾ ਬਜਰੀ ਰੇਲ ਰੂਟ ਦੇ ਜ਼ਰੀਏ ਪੁੱਜਾ ਹੈ। ਪਹਿਲੋਂ ‘ਗੁੰਡਾ ਟੈਕਸ’ ਤੋਂ ਖ਼ਫ਼ਾ ਹੋ ਕੇ ਪ੍ਰਬੰਧਕਾਂ ਨੇ  ਰਿਫ਼ਾਈਨਰੀ ’ਚ ਰੇਤਾ ਬਜਰੀ ਰੇਲ ਰਸਤੇ 27 ਮਾਰਚ ਨੂੰ ਮੰਗਵਾਇਆ ਸੀ। ਰਿਫ਼ਾਈਨਰੀ ਲਾਗਿਓਂ ਤਾਂ ‘ਗੁੰਡਾ ਟੈਕਸ’ ਦੇ ਭੈਅ ਦਾ ਯੱੁਗ ਖ਼ਤਮ ਹੋਇਆ ਹੈ ਤੇ ਏਮਜ਼ ਉਸਾਰੀ ਸ਼ੁਰੂ ਹੋਣ ਕਰਕੇ ਇੱਥੇ ‘ਗੁੰਡਾ ਟੈਕਸ’ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਭਾਵੇਂ ਕਿਧਰੇ ਵੀ ‘ਗੁੰਡਾ ਟੈਕਸ’ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪ੍ਰੰਤੂ ਇਸ ਦੇ ਖ਼ੌਫ਼ ਤੋਂ ਠੇਕੇਦਾਰ ਮੁਕਤ ਨਹੀਂ ਜਾਪਦੇ ਹਨ। ਸੂਤਰਾਂ ਅਨੁਸਾਰ ਬਠਿੰਡਾ-ਡਬਵਾਲੀ ਮਾਰਗ ’ਤੇ ਏਮਜ਼ ਉਸਾਰੀ ਦਾ ਕੰਮ ਸ਼ੁਰੂ ਹੋਇਆ ਹੈ ਜਿਸ ਵਾਸਤੇ ਰੇਤਾ ਬਜਰੀ ਦੀ ਪਹਿਲੀ ਖੇਪ ਰੇਲ ਰਸਤੇ ਮੰਗਵਾਈ ਗਈ ਹੈ। ਅੱਜ ਬਠਿੰਡਾ ਜੰਕਸ਼ਨ ’ਤੇ ਸਵੇਰ ਵਕਤ ਪਠਾਨਕੋਟ ਤੋਂ ਰੇਤਾ ਬਜਰੀ ਰੇਲ ਰਸਤੇ ਇੱਥੇ ਪੁੱਜਾ ਹੈ। ਸੂਤਰਾਂ ਅਨੁਸਾਰ ਪਠਾਨਕੋਟ ਦੀ ਕੰਪਨੀ ਏ.ਪੀ.ਮਾਈਲਜ਼ ਪ੍ਰਾਈਵੇਟ ਲਿਮਟਿਡ ਨੇ ਇਹ ਰੈਕ  ਉਸਾਰੀ ਪ੍ਰੋਜੈਕਟ ਖ਼ਾਤਰ ਲਿਆਂਦਾ ਹੈ ਜਿਸ ਨੂੰ ਹੁਣ ਟਰੱਕਾਂ ਜਰੀਏ ਅਣਲੋਡ ਕੀਤਾ ਜਾ ਰਿਹਾ ਹੈ।
                  ਰੇਲਵੇ ਤਰਫ਼ੋਂ ਅਣਲੋਡ ਲਈ 11 ਘੰਟਿਆਂ ਦਾ ਸਮਾਂ ਮਿਲਿਆ ਹੈ।  ਵੇਰਵਿਆਂ ਅਨੁਸਾਰ ਰੇਤਾ ਬਜਰੀ ਦੇ 59 ਡੱਬਿਆਂ ਵਾਲਾ ਰੈਕ ਪੁੱਜਾ ਹੈ ਜਿਸ ਵਿਚ ਰੇਤਾ ਵੀ ਹੈ ਤੇ ਬਜਰੀ ਵੀ। ਜੇ.ਸੀ.ਬੀ ਮਸ਼ੀਨਾਂ ਨਾਲ ਰੈਕ ਨੂੰ ਅਣਲੋਡ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਫ਼ਰਮ ਨੂੰ ਰੇਲ ਰਸਤੇ ਰੈਕ ਮੰਗਵਾਉਣ ’ਤੇ ਕਰੀਬ 15 ਲੱਖ ਰੁਪਏ ਦਾ ਰੇਲ ਭਾੜਾ ਪਿਆ ਹੈ। ਨਿਸ਼ਚਿਤ ਸਮੇਂ ਅੰਦਰ ਰੈਕ ਅਣਲੋਡ ਨਾ ਹੋਇਆ ਤਾਂ ਫ਼ਰਮ ਨੂੰ ਜੁਰਮਾਨਾ ਵੀ ਪੈਣਾ ਸ਼ੁਰੂ ਹੋ ਜਾਵੇਗਾ। ਉਸਾਰੀ ਦੇ ਟੈਂਡਰ ਹੋਣ ਮਗਰੋਂ ਕੰਮ ਸ਼ੁਰੂ ਹੋਇਆ ਹੈ। ਇੱਥੇ 700 ਬੈੱਡ ਦੀ ਸਮਰੱਥਾ ਵਾਲੀ ਏਮਜ਼ ਇੰਸਟੀਚੂਟ 925 ਕਰੋੜ ਦੀ ਲਾਗਤ ਨਾਲ ਬਣਨੀ ਹੈ ਜਿਸ ਦੇ ਮੁਕੰਮਲ ਹੋਣ ਦਾ ਟੀਚਾ ਜੂਨ 2020 ਮਿਥਿਆ ਗਿਆ ਹੈ। ਇਸ ਦੀ ਉਸਾਰੀ ’ਚ ਵੱਡੀ ਮਾਤਰਾ ’ਚ ਰੇਤੇ ਬਜਰੀ ਦੀ ਖਪਤ ਹੋਣੀ ਹੈ।  ਟਰੱਕ ਸਨਅਤ ਨੂੰ ਇਸ ਰੈਕ ਨੇ ਚਿੰਤਤ ਕਰ ਦਿੱਤਾ ਹੈ। ਟਰੱਕ ਤੇ ਟਰਾਲਾ ਮਾਲਕ ਆਖਦੇ ਹਨ ਕਿ ਰੇਲ ਰਸਤੇ ਰੇਤਾ ਬਜਰੀ ਕਾਫ਼ੀ ਮਹਿੰਗਾ ਪੈਂਦਾ ਹੈ। ਟਰੱਕ ਮਾਲਕ ਆਖਦੇ ਹਨ ਕਿ ਅਗਰ ਰੇਤਾ ਬਜਰੀ ਰੇਲ ਰਸਤੇ ਹੀ ਆਉਣ ਲੱਗ ਪਿਆ ਤਾਂ ਟਰੱਕ ਸਨਅਤ ਦਾ ਲੱਕ ਟੁੱਟ ਜਾਵੇਗਾ।
                   ਬਠਿੰਡਾ ਜੰਕਸ਼ਨ ਦੇ ਰੇਲਵੇ ਸੁਪਰਡੈਂਟ ਸ੍ਰੀ ਆਰ.ਐਸ.ਮੀਨਾ ਨੇ ਪੁਸ਼ਟੀ ਕੀਤੀ ਕਿ ਪਠਾਨਕੋਟ ਤੋਂ ਬਠਿੰਡਾ ਲਈ ਰੇਤੇ ਬਜਰੀ ਦਾ ਇੱਕ ਰੈਕ ਅੱਜ ਪੁੱਜਾ ਹੈ। ਰੇਲਵੇ ਦੇ ਮਾਲ ਗੁਦਾਮ ਦੇ ਸੀਨੀਅਰ ਅਧਿਕਾਰੀ ਸ੍ਰੀ ਮਨੋਜ ਰਾਣਾ ਦਾ ਕਹਿਣਾ ਸੀ ਕਿ ਬਠਿੰਡਾ ’ਚ ਪਹਿਲੀ ਵਾਰ ਰੇਲ ਰਸਤੇ ਰੇਤਾ ਬਜਰੀ ਪੁੱਜਾ ਹੈ ਜਿਸ ਨੂੰ ਅਣਲੋਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਅੰਦਾਜ਼ਨ ਰੇਲ ਭਾੜਾ 15 ਲੱਖ ਰੁਪਏ ਬਣਦਾ ਹੈ ਅਤੇ ਇਹ ਰੇਤਾ ਬਜਰੀ ਏਮਜ਼ ਵਾਸਤੇ ਮੰਗਵਾਇਆ ਦੱਸਿਆ ਜਾ ਰਿਹਾ ਹੈ। ਦੂਸਰੀ ਤਰਫ਼ ਬਠਿੰਡਾ ਰਿਫ਼ਾਈਨਰੀ ’ਚ ਹੁਣ ਟਰੱਕਾਂ ਤੇ ਟਰਾਲਿਆਂ ਰਾਹੀਂ ਰੇਤਾ ਬਜਰੀ ਆ ਰਿਹਾ ਹੈ। ਰਿਫ਼ਾਈਨਰੀ ’ਚ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ’ਚ ਜੁਟੇ ਠੇਕੇਦਾਰ ਹੁਣ ਤਸੱਲੀ ਵਿਚ ਜਾਪਦੇ ਹਨ। ਸੂਤਰ ਆਖਦੇ ਹਨ ਕਿ ਕਿਸੇ ਕਿਸਮ ਦੇ ਖ਼ੌਫ਼ ਵਿਚ ਨਹੀਂ ਬਲਕਿ ਸੁਵਿਧਾ ਦੀ ਨਜ਼ਰ ਤੋਂ ਰੇਲ ਰਸਤੇ ਨੂੰ ਤਰਜੀਹ ਦਿੱਤੀ ਗਈ ਹੈ। ਵਿਰੋਧੀ ਧਿਰ ਦੇ ਚਰਚੇ ਹਨ ਕਿ ਹਾਕਮ ਧਿਰ ਦੇ ਨੇੜਲਿਆਂ ਦੀ ਅੱਖ ਹੁਣ ਏਮਜ਼ ਉਸਾਰੀ ’ਤੇ ਹੈ।
                       ਅਜ਼ਮਾਇਸ਼ੀ ਤੌਰ ਤੇ ਰੈਕ ਮੰਗਾਇਆ : ਡਾਇਰੈਕਟਰ
ਪ੍ਰਾਈਵੇਟ ਕੰਪਨੀ ਏ.ਪੀ ਮਾਈਲਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਨਿਲ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਜ਼ਮਾਇਸ਼ੀ ਤੌਰ ਤੇ ਰੇਤਾ ਬਜਰੀ ਰੇਲ ਰਸਤੇ ਮੰਗਵਾਇਆ ਹੈ ਜੋ ਉਸਾਰੀ ਪ੍ਰੋਜੈਕਟਾਂ ਦੀ ਮੰਗ ਅਨੁਸਾਰ ਸਪਲਾਈ ਕੀਤਾ ਜਾਵੇਗਾ। ਪੰਜ ਸੱਤ ਦਿਨਾਂ ਵਿਚ ਅਜ਼ਮਾਇਸ਼ ਦੇ ਨਤੀਜੇ ਸਾਹਮਣੇ ਆ ਜਾਣਗੇ। ਉਨ੍ਹਾਂ ਇਨਕਾਰ ਕੀਤਾ ਕਿ ਏਮਜ਼ ਉਸਾਰੀ ਲਈ ਰੈਕ ਮੰਗਵਾਇਆ ਹੈ ਪ੍ਰੰਤੂ ਉਨ੍ਹਾਂ ਆਖਿਆ ਕਿ ਜੋ ਵੀ ਰੇਤਾ ਬਜਰੀ ਦੀ ਮੰਗ ਰੱਖੇਗਾ, ਸਪਲਾਈ ਦਿੱਤੀ ਜਾਵੇਗਾ।


Wednesday, July 25, 2018

               ਖਜ਼ਾਨਾ ਸਰਕਾਰੀ ਏ..
    ਚੁੱਪ ਚੁਪੀਤੇ ਵਿਧਾਇਕ ਹੁੰਦੇ ਨੇ ਨੌਂ ਬਰ ਨੌ
                           ਚਰਨਜੀਤ ਭੁੱਲਰ
ਬਠਿੰਡਾ : ‘ਤੰਦਰੁਸਤ ਪੰਜਾਬ’ ਦੇ ਨਾਅਰੇ ਦੇ ਜਿਥੇ ਢੋਲ ਵੱਜੇ ਹਨ ਉਥੇ ‘ਤੰਦਰੁਸਤ ਵਿਧਾਇਕ’ ਮਿਸ਼ਨ ਚੱੁਪ ਚੁਪੀਤੇ ਚੱਲਦਾ ਹੈ। ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਤੋਂ ਬਿਨਾਂ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ’ਤੇ ਖ਼ਰਚ ਦੀ ਕੋਈ ਸੀਮਾ ਨਹੀਂ। ਚੋਣਾਂ ਮੌਕੇ ਆਮ ਆਦਮੀ ਦੇ ਸਿਹਤ ਬਜਟ ਦੇ ਦਮਗਜੇ ਵੱਜਦੇ ਹਨ,ਵਿਧਾਇਕਾਂ ਦੇ ਸਿਹਤ ਖ਼ਰਚ ਦੀ ਕਿਧਰੇ ਚਰਚਾ ਨਹੀਂ ਹੁੰਦੀ। ਦੂਸਰੀ ਤਰਫ਼ ਸਰਕਾਰੀ ਅਫ਼ਸਰਾਂ/ਮੁਲਾਜ਼ਮਾਂ ਦੇ ਸਿਹਤ ਖ਼ਰਚ ਵੀ ਬੱਝਵਾਂ ਹੈ। ਦਿਲਚਸਪ ਤੱਥ ਹੈ ਕਿ ਜੇਲ੍ਹਾਂ ਦੇ ਬੰਦੀਆਂ ਦੇ ਸਿਹਤ ਖ਼ਰਚ ਕਰਨ ਦੀ ਖੁੱਲ੍ਹੀ ਛੁੱਟੀ ਹੈ। ਕੈਪਟਨ ਹਕੂਮਤ ਦੇ ਪਹਿਲੇ ਵਰੇ੍ਹ ਦੌਰਾਨ ਵਿਧਾਇਕਾਂ/ਸਾਬਕਾ ਵਿਧਾਇਕਾਂ ਦਾ ਸਿਹਤ ਖ਼ਰਚ 23.69 ਲੱਖ ਰੁਪਏ ਰਿਹਾ ਹੈ। ਭਾਵ ਪ੍ਰਤੀ ਵਿਧਾਇਕ ਕਰੀਬ ਡੇਢ ਲੱਖ ਰੁਪਏ ਦੇ ਇਲਾਜ ਖ਼ਰਚੇ ਰਹੇ ਹਨ। ਇਕੱਲੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਪਰਿਵਾਰ ਦਾ ਸਿਹਤ ਖਰਚਾ 14.15 ਲੱਖ ਰੁਪਏ ਰਿਹਾ ਹੈ ਜੋ ਕੁੱਲ ਖ਼ਰਚ ਦਾ 59.73 ਫ਼ੀਸਦੀ ਬਣਦਾ ਹੈ।  ਵਿਧਾਇਕ ਸਿਮਰਜੀਤ ਬੈਂਸ ਆਖਦੇ ਹਨ ਕਿ ਉਨ੍ਹਾਂ ਦੇ ਮਾਤਾ ਪਿਤਾ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਨੇ ਨਿਯਮਾਂ ਅਨੁਸਾਰ ਹੀ ਬਣਦਾ ਸਿਹਤ ਖ਼ਰਚ ਕੀਤਾ ਹੈ ਜਿਸ ’ਚ ਕੋਈ ਵੀ ਕੋਤਾਹੀ ਨਹੀਂ ਹੈ।
                  ਵਿਧਾਨ ਸਭਾ ਸਕੱਤਰੇਤ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਸਾਬਕਾ ਵਿਧਾਇਕ ਗੁਰਚਰਨ ਸਿੰਘ ਬੋਪਾਰਾਏ ਦਾ ਇੱਕ ਵਰੇ੍ਹ ਦਾ ਇਲਾਜ ਖਰਚਾ 2.29 ਲੱਖ ਰੁਪਏ ਰਿਹਾ ਹੈ ਜਦੋਂ ਕਿ ‘ਆਪ’ ਵਿਧਾਇਕ ਬੁੱਧ ਰਾਮ ਦਾ ਇਲਾਜ ਖਰਚਾ 1.77 ਲੱਖ ਰੁਪਏ ਆਇਆ ਹੈ। ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਰੀੜ੍ਹ ਦੀ ਹੱਡੀ ਦੇ ਮਣਕੇ ਹਿੱਲ ਗਏ ਸਨ ਜਿਸ ਦੇ ਪੀ.ਜੀ.ਆਈ ਚੋਂ ਕਰਾਏ ਇਲਾਜ ’ਤੇ ਖਰਚਾ ਆਇਆ ਹੈ। ਵੇਰਵਿਆਂ ਅਨੁਸਾਰ ਕਾਂਗਰਸੀ ਵਿਧਾਇਕ ਨੱਥੂ ਰਾਮ ਦਾ ਸਿਹਤ ਖ਼ਰਚ 1.58 ਲੱਖ ਰੁਪਏ ਅਤੇ ਵਿਧਾਇਕ ਮਦਨ ਲਾਲ ਦਾ ਇਲਾਜ ਖਰਚਾ ਵੀ 1.58 ਰੁਪਏ ਰਿਹਾ ਹੈ। ਐਮ.ਐਲ.ਏ ਦਰਸ਼ਨ ਬਰਾੜ ਨੇ ਵੀ ਸਿਹਤ ਤੇ 1.49 ਲੱਖ ਰੁਪਏ ਖ਼ਰਚੇ ਹਨ। ਭਾਵੇਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਧਨਾਢ ਕਾਰੋਬਾਰੀ ਹਨ ਪ੍ਰੰਤੂ ਉਨ੍ਹਾਂ ਨੇ ਮਹਿਜ਼ 2784 ਰੁਪਏ ਦਾ ਇਲਾਜ ਬਿੱਲ ਵੀ ਸਰਕਾਰੀ ਖ਼ਜ਼ਾਨੇ ਚੋਂ ਲਿਆ ਹੈ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ 4111 ਰੁਪਏ ਦਾ ਬਿੱਲ ਵੀ ਸਰਕਾਰ ਤੋਂ ਲਿਆ ਹੈ। ਸਭ ਤੋਂ ਛੋਟਾ ਇਲਾਜ ਬਿੱਲ ਸੁਖਪਾਲ ਸਿੰਘ ਭੁੱਲਰ ਦਾ ਰਿਹਾ ਜਿਨ੍ਹਾਂ ਨੇ 1750 ਰੁਪਏ ਵੀ ਸਰਕਾਰ ਤੋਂ ਲਏ ਹਨ। ਵਿਧਾਨ ਸਭਾ ਨੇ ਇਨ੍ਹਾਂ ਵਿਧਾਇਕਾਂ ਦੇ 35 ਬਿੱਲਾਂ ਦਾ ਭੁਗਤਾਨ ਕੀਤਾ ਹੈ।
        ਕੈਪਟਨ ਹਕੂਮਤ ਨੇ ਸਭ ਤੋਂ ਵੱਡਾ ਬਿੱਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਭੁਗਤਾਨ ਕੀਤਾ ਹੈ। ਅਮਰੀਕਾ ਵਿਚ ਸ੍ਰੀ ਬਾਦਲ ਨੇ 8 ਫਰਵਰੀ ਤੋਂ 20 ਫਰਵਰੀ ਤੱਕ ਆਪਣੇ ਦਿਲ ਦਾ ਇਲਾਜ ਕਰਾਇਆ ਜਿਸ ਦਾ ਬਿੱਲ ਸਮੇਤ ਹਵਾਈ ਟਿਕਟਾਂ ਕਰੀਬ 1 ਕਰੋੜ ਖ਼ਜ਼ਾਨੇ ਚੋਂ ਤਾਰਿਆ ਗਿਆ। ਮਰਹੂਮ ਵਿਧਾਇਕ ਕੰਵਰਜੀਤ ਸਿੰਘ ਬਰਾੜ ਦੇ ਇਲਾਜ ਦਾ ਬਿੱਲ ਵੀ 3.43 ਕਰੋੜ ਖ਼ਜ਼ਾਨੇ ਚੋਂ ਭੁਗਤਾਇਆ ਗਿਆ ਸੀ। ਗੱਠਜੋੜ ਸਰਕਾਰ ਸਮੇਂ ਕਈ ਅਕਾਲੀ ਵਜ਼ੀਰਾਂ ਨੇ ਵਿਦੇਸ਼ਾਂ ਚੋਂ ਆਪਣਾ ਇਲਾਜ ਕਰਾਇਆ ਸੀ। ਮੌਜ ਇਹੋ ਹੈ ਕਿ ਵਿਧਾਇਕ ਕਿਤੋਂ ਵੀ ਇਲਾਜ ਕਰਾ ਸਕਦੇ ਹਨ। ਏਦਾ ਦੀ ਸਹੂਲਤ ਹੀ ਜੇਲ੍ਹਾਂ ਵਿਚ ਬੰਦੀਆਂ ਹਨ। ਦੱਸਦੇ ਹਨ ਕਿ ਜੇਲ੍ਹਾਂ ਦਾ ਸਿਹਤ ਬਜਟ ਕਰੀਬ ਪੰਜ ਕਰੋੜ ਰੁਪਏ ਸਲਾਨਾ ਰਿਹਾ ਹੈ। ਬੰਦੀ ਦੇ ਇਲਾਜ ਤੇ ਆਇਆ ਪੂਰਾ ਖਰਚਾ ਸਰਕਾਰੀ ਖ਼ਜ਼ਾਨੇ ਚੋਂ ਹੁੰਦਾ ਹੈ।
                ਇਲਾਜ ਖ਼ਰਚ ਦੇ ਨਿਯਮ 
ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼(ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 1977 ਅਨੁਸਾਰ 1 ਜਨਵਰੀ 1998 ਤੋਂ 22 ਅਪਰੈਲ 2003 ਤੱਕ ਵਿਧਾਇਕਾਂ ਨੂੰ ਨਿਸ਼ਚਿਤ ਭੱਤਾ ਮਿਲਦਾ ਸੀ। ਕਰੀਬ ਢਾਈ ਸੌ ਰੁਪਏ ਪ੍ਰਤੀ ਮਹੀਨਾ ਮੈਡੀਕਲ ਭੱਤਾ ਦਿੱਤਾ ਜਾਂਦਾ ਸੀ। ਪੰਜਾਬ ਸਰਕਾਰ ਵੱਲੋਂ 20 ਫਰਵਰੀ 2004 ਨੂੰ ਵਿਧਾਇਕਾਂ ਨੂੰ ਖੁੱਲ੍ਹਾ ਮੈਡੀਕਲ ਭੱਤਾ ਦੇਣ ਦੀ ਹਦਾਇਤ ਕਰ ਦਿੱਤੀ ਸੀ। ਮੈਡੀਕਲ ਭੱਤਾ ਵਿਧਾਇਕ ਅਤੇ ਉਸ ਦੇ ਚਾਰ ਆਸਰਿਤ ਪਰਵਾਰਿਕ ਮੈਂਬਰਾਂ ਨੂੰ ਦਿੱਤੇ ਜਾਣ ਦੀ ਵਿਵਸਥਾ ਹੈ ਅਤੇ ਮੈਡੀਕਲ ਖ਼ਰਚ ਤੇ ਕੋਈ ਸੀਮਾ ਨਹੀਂ ਹੈ। 



Tuesday, July 24, 2018

                          ਪੰਜਾਬ ਦੇ ਤਸਕਰ
          ਹੁਣ ਰਾਜਸਥਾਨ ’ਚ ਲਾਹੇ ‘ਜਹਾਜ਼’  
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਨਸ਼ਾ ਤਸਕਰ ਹੁਣ ਰਾਜਸਥਾਨ ’ਚ ਪ੍ਰਵਾਸ ਕਰ ਗਏ ਹਨ। ਜਿਨ੍ਹਾਂ ਦੇ ਪਿੱਛੇ ਪਿੱਛੇ ਪੰਜਾਬ ਦੇ ਨਸ਼ੇੜੀ ਵੀ ਪੁੱਜਣ ਲੱਗੇ ਹਨ। ਕੈਪਟਨ ਸਰਕਾਰ ਦੀ ਸਖ਼ਤੀ ਮਗਰੋਂ ਪੰਜਾਬ ਵਿਚ ਪੋਸਤ ਦੇ ਭਾਅ ਵਧ ਗਏ ਹਨ। ਪੰਜਾਬ ਦੇ ਸੀਮਾ ਲਾਗਲੇ ਰਾਜਸਥਾਨੀ ਪਿੰਡਾਂ ਵਿਚ ਨਸ਼ਾ ਤਸਕਰੀ ਰੁਕੀ ਨਹੀਂ ਹੈ। ਮੁਕਤਸਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਨਾਲ ਲੱਗਦੇ ਅੱਧੀ ਦਰਜਨ ਰਾਜਸਥਾਨੀ ਪਿੰਡਾਂ ਵਿਚ ਭੁੱਕੀ ਦੀ ਵਿੱਕਰੀ ਵਧੀ ਹੈ। ਮਾਲਵਾ ਖ਼ਿੱਤੇ ਦੇ ਨਸ਼ੇੜੀ ਹੁਣ ਬੱਸਾਂ ਅਤੇ ਟਰੇਨ ਵਿਚ ਰਾਜਸਥਾਨ ਦੇ ਪਿੰਡਾਂ ਵਿਚ ਜਾਂਦੇ ਹਨ। ਰਾਜਸਥਾਨ ਦੇ ਪਿੰਡ ਢਾਬਾਂ, ਹਰੀਪੁਰਾ ਅਤੇ ਮਾਹਲਾ ਰਾਮਪੁਰ ਵਿਚ ਪੰਜਾਬ ਦੇ ਨਸ਼ੇੜੀ ਚੱਕਰ ਕੱਟਣ ਲੱਗੇ ਹਨ ਜਿੱਥੋਂ ਉਨ੍ਹਾਂ ਨੂੰ 3500-4000 ਰੁਪਏ ਪ੍ਰਤੀ ਕਿੱਲੋ ਭੁੱਕੀ ਮਿਲਦੀ ਹੈ। ਵੇਰਵਿਆਂ ਅਨੁਸਾਰ ਰਾਜਸਥਾਨ ’ਚ ਭੁੱਕੀ ਦਾ ਭਾਅ ਕਰੀਬ 3000 ਰੁਪਏ ਪ੍ਰਤੀ ਕਿੱਲੋ ਚੱਲ ਰਿਹਾ ਸੀ ਜੋ ਕਿ ਪੰਜਾਬ ’ਚ ਚਾਰ ਹਜ਼ਾਰ ਰੁਪਏ ਵਿਕਦੀ ਸੀ। ਹੁਣ ਰਾਜਸਥਾਨ ਵਿਚ ਇਹੋ ਭਾਅ 3500 ਤੋਂ 4000 ਰੁਪਏ ਤੱਕ ਪੁੱਜ ਗਿਆ ਹੈ ਜਿਸ ਕਰਕੇ ਪੰਜਾਬ ਵਿਚ ਭੁੱਕੀ ਦਾ ਭਾਅ ਛੇ ਹਜ਼ਾਰ ਰੁਪਏ ਤੱਕ ਪੁੱਜ ਗਿਆ ਹੈ। ਰਾਜਸਥਾਨ ਵਿਚ ਸੌ ਗਰਾਮ ਦੀ ਪੁੜੀ ਹੁਣ 400 ਰੁਪਏ ਦੀ ਮਿਲਦੀ ਹੈ।
                   ਬਹੁਤੇ ਨਸ਼ੇੜੀ ਤਾਂ ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਭਰਤੀ ਹੋਣ ਲੱਗੇ ਹਨ ਜਦੋਂ ਕਿ ਬਾਕੀ ਰਾਜਸਥਾਨੀ ਪਿੰਡਾਂ ਵਿਚ ਗੇੜੇ ਮਾਰਨ ਲੱਗੇ ਹਨ। ਰਾਜਸਥਾਨੀ ਪਿੰਡਾਂ ਵਿਚਲੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਫਿਰਨੀ ਅਤੇ ਖੇਤਾਂ ਵਿਚ ਹੁਣ ਪੰਜਾਬ ਦੇ ਨਸ਼ੇੜੀ ਆਮ ਦੇਖਣ ਨੂੰ ਮਿਲਣ ਲੱਗੇ ਹਨ। ਸੂਤਰ ਦੱਸਦੇ ਹਨ ਕਿ ਪੰਜਾਬ ਦੇ ਬਹੁਤੇ ਨਸ਼ਾ ਤਸਕਰਾਂ ਨੇ ਹੁਣ ਆਪਣੇ ਟਿਕਾਣੇ ਹਨੂਮਾਨਗੜ੍ਹ ਤੇ ਰਾਜਸਥਾਨ ਵਿਚ ਬਣਾ ਲਏ ਹਨ ਜੋ ਪੰਜਾਬ ਪੁਲੀਸ ਦੀ ਢਿੱਲ ਦੀ ਉਡੀਕ ਕਰ ਰਹੇ ਹਨ। ਰਾਜਸਥਾਨ ਦੇ ਪਿੰਡ ਹਰੀਪੁਰਾ ਵਿਚ ਕਰੀਬ ਦਰਜਨ ਤੋਂ ਉਪਰ ਤਸਕਰ ਇਹ ਕਾਰੋਬਾਰ ਕਰ ਰਹੇ ਹਨ। ਹਰਿਆਣਾ ਚੋਂ ਭੁੱਕੀ ਹੁਣ ਪੰਜ ਹਜ਼ਾਰ ਰੁਪਏ ਪ੍ਰਤੀ ਕਿੱਲੋ ਮਿਲਣ ਲੱਗੀ ਹੈ ਜੋ ਕਿ ਪਹਿਲਾਂ ਤਿੰਨ ਹਜ਼ਾਰ ਰੁਪਏ ਵਿਚ ਮਿਲਦੀ ਸੀ। ਇਸੇ ਤਰ੍ਹਾਂ ਅਫ਼ੀਮ ਦਾ ਭਾਅ ਹੁਣ 700 ਰੁਪਏ ਤੋਂ ਵੱਧ ਕੇ 1500 ਰੁਪਏ ਪ੍ਰਤੀ ਤੋਲਾ ਹੋ ਗਿਆ ਹੈ। ਹਰਿਆਣਾ ਦੀ ਸੀਮਾ ਨਾਲ ਲੱਗਦੇ ਪਿੰਡਾਂ ਦੇ ਨਸ਼ੇੜੀ ਵੀ ਹੁਣ ਹਰਿਆਣਾ ਦੇ ਪਿੰਡਾਂ ਵਿਚ ਨਸ਼ੇ ਖ਼ਾਤਰ ਚਲੇ ਜਾਂਦੇ ਹਨ। ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਦੇ ਨਸ਼ੇੜੀ ਆਖਦੇ ਹਨ ਕਿ ਸਖ਼ਤੀ ਮਗਰੋਂ ਭੁੱਕੀ ’ਚ ਮਿਲਾਵਟ ਆਉਣ ਲੱਗੀ ਹੈ ਅਤੇ ਭਾਅ ਇਕਦਮ ਵਧ ਗਏ ਹਨ।
                 ਅੰਤਰਰਾਜੀ ਸੀਮਾ ਤੇ ਪੈਂਦੇ ਪਿੰਡ ਵਜੀਦਪੁਰ ਭੋਮਾ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਦੇ ਨਸ਼ੇੜੀ ਹੁਣ ਰਾਜਸਥਾਨ ਦੇ ਪਿੰਡਾਂ ਵਿਚ ਪੋਸਤ ਦੀ ਪੁੜੀ ਤੇ ਲੱਗ ਗਏ ਹਨ ਜਿਸ ਦਾ ਰੇਟ ਹੁਣ 400 ਤੋਂ 500 ਰੁਪਏ ਤੱਕ ਪੁੱਜ ਗਿਆ ਹੈ। ਰਾਜਸਥਾਨ ਵਿਚ 31 ਮਾਰਚ 2016 ਤੋਂ ਭੁੱਕੀ ਦੇ ਸਰਕਾਰੀ ਠੇਕੇ ਬੰਦ ਹੋ ਗਏ ਹਨ ਜਿਨ੍ਹਾਂ ਤੋਂ ਰਾਜਸਥਾਨ ਦੇ 22 ਹਜ਼ਾਰ ਨਸ਼ੇੜੀ ਪਰਮਿਟ ਤੇ ਭੁੱਕੀ ਲੈਂਦੇ ਸਨ। ਹੁਣ ਰਾਜਸਥਾਨ ’ਚ ਦੋ ਨੰਬਰ ਦੀ ਭੁੱਕੀ ਵਿਕ ਰਹੀ ਹੈ।  ਪੰਜਾਬ ਪੁਲੀਸ ਨੂੰ ਅੰਤਰਰਾਜੀ ਬੱਸਾਂ ਦੀ ਚੈਕਿੰਗ ਦੀ ਹਦਾਇਤ ਹੈ।। ਬਠਿੰਡਾ ਕੇਂਦਰ ’ਚ ਨਸ਼ਾ ਛੱਡਣ ਵਾਲੇ ਨਸ਼ੇੜੀਆਂ ਦੀ ਗਿਣਤੀ 40 ਫ਼ੀਸਦੀ ਵਧ ਗਈ ਹੈ। ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਬਹੁਤੇ ਨਸ਼ੇੜੀ ਭੁੱਕੀ ਦੇ ਭਾਅ ਵਧਣ ਦੀ ਗੱਲ ਕਰ ਰਹੇ ਹਨ ਜਿਸ ਦੇ ਵਜੋਂ ਓ.ਪੀ.ਡੀ ਵਿਚ ਕਾਫ਼ੀ ਵਾਧਾ ਹੋ ਗਿਆ ਹੈ।
                 ਪੰਜਾਬ ਪੁਲੀਸ ਦਾ ਮਾੜਾ ਪੱਖ ਇਹ ਹੈ ਕਿ ਮੁਕਤਸਰ ਪੁਲੀਸ ਨੇ ਪਿੰਡ ਕੰਦੂਖੇੜਾ ’ਚ ਅੰਤਰਰਾਜੀ ਸੀਮਾ ’ਤੇ ਸਥਾਪਿਤ ਕੀਤੇ ਪੱਕੇ ਪੁਲੀਸ ਨਾਕੇ ਨੂੰ ਹਟਾ ਦਿੱਤਾ ਹੈ ਜਿਸ ਕਰਕੇ ਨਸ਼ੇੜੀਆਂ ਨੂੰ ਹੁਣ ਰਾਜਸਥਾਨ ਆਉਣ ਜਾਣ ਦੀ ਕਾਫ਼ੀ ਖੁੱਲ੍ਹ ਹੈ। ਪਿੰਡ ਕੰਦੂਖੇੜਾ ਦੇ ਨੇੜਲੇ ਖੇਤਾਂ ਦੇ ਲੋਕਾਂ ਨੇ ਦੱਸਿਆ ਕਿ ਪੁਲੀਸ ਨਾਕਾ ਚੁੱਕਣ ਮਗਰੋਂ ਨਸ਼ੇੜੀਆਂ ਦੀ ਚਹਿਲ ਪਹਿਲ ਵਧੀ ਹੈ। ਲੋਕਾਂ ਦੀ ਮੰਗ ਸੀ ਕਿ ਅੰਤਰਰਾਜੀ ਸੀਮਾ ਵੀ ਸੀਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਮਾਨਸਾ ਦੇ ਪਿੰਡ ਸੰਘਾ ਕੋਲ ਡਿੰਗ ਰੋਡ ’ਤੇ ਪੁਲੀਸ ਨਾਕਾ ਪਹਿਲਾਂ ਲੱਗਦਾ ਸੀ ਜੋ ਹੁਣ ਗ਼ਾਇਬ ਹੈ।
                           ਗੁਆਂਢੀ ਪੁਲੀਸ ਦੀ ਪਕੜ ਢਿੱਲੀ : ਫਾਰੂਕੀ
ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਐਮ.ਐਫ.ਫਾਰੂਕੀ ਦਾ ਕਹਿਣਾ ਸੀ ਗੁਆਂਢੀ ਸੂਬਿਆਂ ਨੇ ਹਾਲੇ ਨਸ਼ਾ ਕੰਟਰੋਲ ਨਹੀਂ ਕੀਤਾ ਹੈ ਅਤੇ ਉਹ ਜਲਦੀ ਬਠਿੰਡਾ ਵਿਚ ਅੰਤਰਰਾਜੀ ਮੀਟਿੰਗ ਬੁਲਾ ਰਹੇ ਹਨ ਜਿਸ ’ਚ ਰਣਨੀਤੀ ਘੜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਦੀ ਸਖ਼ਤੀ ਵਜੋਂ ਨਸ਼ੇ ਮਹਿੰਗੇ ਹੋ ਗਏ ਹਨ ਅਤੇ ਨਸ਼ੇੜੀ ਨਸ਼ਾ ਛੱਡਣ ਵਾਸਤੇ ਆਉਣ ਲੱਗੇ ਹਨ। ਉਨ੍ਹਾਂ ਨੇ ਹਰਿਆਣਾ ਤੇ ਰਾਜਸਥਾਨ ਪੁਲੀਸ ਦੇ ਉੱਚ ਅਫ਼ਸਰਾਂ ਨਾਲ ਤਾਲਮੇਲ ਬਣਾਇਆ ਹੋਇਆ ਹੈ।








Saturday, July 21, 2018

                                   ਛਾਣਬੀਣ
             ਮੋਢਾ ਰੌਕੀ ਦਾ, ਨਿਸ਼ਾਨੇ ’ਤੇ ਮਲੂਕਾ
                                ਚਰਨਜੀਤ ਭੁੱਲਰ
ਬਠਿੰਡਾ : ਵਿਜੀਲੈਂਸ ਅਫ਼ਸਰਾਂ ਨੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਕਰੀਬ ਇੱਕ ਦਰਜਨ ਜਾਇਦਾਦਾਂ ਦੀ ਸ਼ਨਾਖ਼ਤ ਕੀਤੀ ਹੈ। ਵਿਜੀਲੈਂਸ ਹੁਣ ਉਨ੍ਹਾਂ ਦੀ ਘੇਰਾਬੰਦੀ ਲਈ ਸਾਬਕਾ ਅਕਾਲੀ ਚੇਅਰਮੈਨ ਰੌਕੀ ਕਾਂਸਲ ਦੀ ਜਾਇਦਾਦ ਛਾਣਨ ਲੱਗੀ ਹੈ। ਹੁਣ ਮਲੂਕਾ ਦੇ ਅਹਿਮ ਨੇੜਲਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਸਾਬਕਾ ਮੰਤਰੀ ਮਲੂਕਾ ਦਾ ਸਭ ਤੋਂ ਨੇੜਲਾ ਰਾਮਪੁਰਾ ਦਾ ਪ੍ਰਵੀਨ ਕਾਂਸਲ ਉਰਫ਼ ਰੌਕੀ ਕਾਂਸਲ ਹੈ ਜਿਸ ਦੇ ਰਾਮਪੁਰਾ ਤੋਂ ਇਲਾਵਾ ਜ਼ੀਰਕਪੁਰ ਤੇ ਚੰਡੀਗੜ੍ਹ ਵਿਚ ਕਈ ਕਾਰੋਬਾਰ ਹਨ। ਰੌਕੀ ਕਾਂਸਲ ਨੇ ਪਹਿਲਾਂ ਹੀ ਖ਼ਤਰਾ ਭਾਂਪਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੋਂ ਬਲੈਕਟ ਬੇਲ ਲੈ ਲਈ ਹੈ। ਕੋਈ ਵੀ ਕੇਸ ਦਰਜ ਕਰਨ ਤੋਂ ਪਹਿਲਾਂ ਉਸ ਨੂੰ ਸੱਤ ਦਿਨਾਂ ਦਾ ਨੋਟਿਸ ਦੇਣਾ ਪਵੇਗਾ। ਅਹਿਮ ਸੂਤਰਾਂ ਅਨੁਸਾਰ ਵਿਜੀਲੈਂਸ ਦੇ ਹੱਥ ਸਾਬਕਾ ਮੰਤਰੀ ਮਲੂਕਾ ਦਾ ਕੋਈ ਵੱਡਾ ਕਾਰੋਬਾਰ ਨਹੀਂ ਲੱਗਾ ਹੈ। ਵਿਜੀਲੈਂਸ ਨੇ ਸਾਬਕਾ ਮੰਤਰੀ ਮਲੂਕਾ ਅਤੇ ਉਨ੍ਹਾਂ ਦੀ ਧਰਮਪਤਨੀ ਦੇ ਨਾਮ ’ਤੇ ਮਲੂਕਾ,ਕੋਠਾ ਗੁਰੂ, ਭਗਤਾ ਭਾਈਕਾ, ਰਾਈਆ,ਮਾਜਰੀ, ਚੰਡੀਗੜ੍ਹ, ਮੋਹਾਲੀ ਜ਼ਿਲ੍ਹੇ ’ਚ ਦੋ ਵਪਾਰਿਕ ਤੇ ਤਿੰਨ ਰਿਹਾਇਸ਼ੀ ਜਾਇਦਾਦਾਂ ਤੋਂ ਇਲਾਵਾ ਮੁੱਲਾਪੁਰ ਵਿਚ ਜਾਇਦਾਦ ਦੀ ਸ਼ਨਾਖ਼ਤ ਕੀਤੀ ਹੈ।
                     ਸੂਤਰਾਂ ਨੇ ਦੱਸਿਆ ਕਿ ਵਿਜੀਲੈਂਸ ਹੁਣ ਬੇਨਾਮੀ ਸੰਪਤੀ ਦੀ ਤਲਾਸ਼ ਹੈ। ਮਲੂਕਾ ਦੇ ਅਹਿਮ ਨੇੜਲੇ ਰੌਕੀ ਕਾਂਸਲ ਦੀਆਂ ਰਾਮਪੁਰਾ ਅਤੇ ਚੰਡੀਗੜ੍ਹ ਵਿਚ 7 ਰਿਹਾਇਸ਼ੀ ਕਲੋਨੀਆਂ ਹਨ। ਰੌਕੀ ਕਾਂਸਲ ਮਾਰਕੀਟ ਕਮੇਟੀ ਰਾਮਪੁਰਾ ਦਾ 22 ਦਸੰਬਰ 2008 ਤੋਂ 9 ਦਸੰਬਰ 2012 ਤੱਕ ਚੇਅਰਮੈਨ ਰਿਹਾ ਹੈ। ਗੱਠਜੋੜ ਸਰਕਾਰ ਸਮੇਂ ਰੌਕੀ ਦੀ ਤੂਤੀ ਬੋਲਦੀ ਰਹੀ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਰੌਕੀ ਕਾਂਸਲ ਦੇ ਕਾਰੋਬਾਰੀ ਲੇਖਾਕਾਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਵਿਜੀਲੈਂਸ ਰੌਕੀ ਦੇ ਕੰਧਾੜੇ ਚੜਕੇ ਮਲੂਕਾ ਤੇ ਨਿਸ਼ਾਨਾ ਲਾਉਣਾ ਚਾਹੁੰਦੀ ਹੈ। ਰੌਕੀ ਦੇ ਸਾਰੇ ਬੈਂਕ ਖਾਤਿਆਂ ਦੀਆਂ ਪਿਛਲੇ 15 ਵਰ੍ਹਿਆਂ ਦੀਆਂ ਸਟੇਟਮੈਂਟਸ ਵੀ ਵਿਜੀਲੈਂਸ ਨੇ ਲਈਆਂ ਹਨ। ਉਸ ਦੀਆਂ ਰਿਹਾਇਸ਼ੀ ਕਲੋਨੀਆਂ ਦੇ ਗ੍ਰਾਹਕਾਂ ਦੇ ਵੇਰਵੇ ਤੱਕ ਹਾਸਲ ਕੀਤੇ ਗਏ ਹਨ। ਪਤਾ ਲੱਗਾ ਹੈ ਕਿ ਮੋਹਾਲੀ ਦੇ ਪਿੰਡ ਕਾਂਸਲ ’ਚ ਰੌਕੀ ਕਾਂਸਲ ਅਤੇ ਸਾਬਕਾ ਮੰਤਰੀ ਮਲੂਕਾ ਦਾ ਸਿਰਫ਼ ਦੋ ਕਨਾਲ ਦਾ ਸਾਂਝਾ ਪਲਾਂਟ ਮਿਲਿਆ ਹੈ । ਇਸ ਤੋਂ ਬਿਨਾਂ ਰੌਕੀ ਨਾਲ ਮਲੂਕਾ ਦੀ ਕੋਈ ਵੀ ਸਾਂਝ ਜਾਂ ਟਰਾਂਜਕਸ਼ਨ ਸਾਹਮਣੇ ਨਹੀਂ ਆਈ ਹੈ।
            ਸਾਬਕਾ ਚੇਅਰਮੈਨ ਰੌਕੀ ਕਾਂਸਲ ਦਾ ਕਹਿਣਾ ਸੀ ਕਿ ਵਿਜੀਲੈਂਸ ਵਲੋਂ ਬਿਨਾਂ ਵਜਾ ਉਸ ਨੂੰ ਕਾਫ਼ੀ ਸਮੇਂ ਤੋਂ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਕਿ ਉਸ ਦੀ ਮਲੂਕਾ ਨਾਲ ਕਿਸੇ ਕਿਸਮ ਦੀ ਵੀ ਕੋਈ ਕਾਰੋਬਾਰੀ ਸਾਂਝ ਨਹੀਂ ਹੈ। ਉਨ੍ਹਾਂ ਚੁਨੌਤੀ ਦਿੱਤੀ ਕਿ ਉਸ ਨੇ ਕਿਸੇ ਵੀ ਕਿਸਮ ਦਾ ਸਰਕਾਰ ਤੋਂ ਫ਼ਾਇਦਾ ਲਿਆ ਹੋਵੇ ਜਾਂ ਫਿਰ ਮਲੂਕਾ ਨਾਲ ਕੋਈ ਕਾਰੋਬਾਰੀ ਸਾਂਝ ਹੋਵੇ, ਵਿਜੀਲੈਂਸ ਸਾਬਤ ਕਰ ਦੇਵੇ, ਉਹ ਸਭ ਕੱੁਝ ਸਰਕਾਰ ਨੂੰ ਸੌਂਪ ਦੇ ਦੇਣਗੇ। ਉਸ ਦਾ ਬਿਜ਼ਨਸ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਸ ਦੇ ਕਿਸੇ ਵੀ ਕਾਰੋਬਾਰ ’ਚ ਕੋਈ ਮੋਰੀ ਨਹੀਂ ਹੈ। ਉਸ ਨੇ ਕੱੁਝ ਅਰਸਾ ਪਹਿਲਾਂ ਇਸੇ ਕਰਕੇ ਹਾਈਕੋਰਟ ਤੋਂ ਬਲੈਕਟ ਬੇਲ ਹਾਸਲ ਕੀਤੀ ਸੀ। ਰੌਕੀ ਕਾਂਸਲ ਨੇ ਦਸੰਬਰ 2017 ਦੇ ਪਹਿਲੇ ਹਫ਼ਤੇ ਡੀ.ਜੀ.ਪੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਸੰਗਰੂਰ ਦੇ ਮਿੱਤਲ ਭਰਾਵਾਂ ਤੇ ਵੀ ਅੱਖ ਰੱਖੀ ਹੋਈ ਹੈ ਜਿਨ੍ਹਾਂ ’ਤੇ ਪਹਿਲਾਂ ਹੀ ਵਿਜੀਲੈਂਸ ਪਿੰਡ ਝਿਊਰਹੇੜੀ ਦੇ ਮਾਮਲੇ ਵਿਚ ਇੱਕ ਕੇਸ ਦਰਜ ਕਰ ਚੁੱਕੀ ਹੈ। ਸੂਤਰ ਆਖਦੇ ਹਨ ਕਿ ਮਿੱਤਲ ਭਰਾਵਾਂ ਦੀ ਨੇੜਤਾ ਸਾਬਕਾ ਮੰਤਰੀ ਨਾਲ ਰਹੀ ਹੈ ਪ੍ਰੰਤੂ ਵਿਜੀਲੈਂਸ ਕੋਲ ਹਾਲੇ ਕੋਈ ਠੋਸ ਸਬੂਤ ਨਹੀਂ ਹੈ। ਦੂਸਰੀ ਤਰਫ਼ ਕੋਈ ਵੀ ਵਿਜੀਲੈਂਸ ਅਧਿਕਾਰੀ ਇਸ ਮਾਮਲੇ ਤੇ ਗੱਲ ਨੂੰ ਤਿਆਰ ਨਹੀਂ ਸੀ।
                            ਸਨਾਖਤ ਕੀਤੀ ਜਾਇਦਾਦ
ਵਿਜੀਲੈਂਸ ਨੇ ਸਨਾਖਤ ਕੀਤੀ ਜਾਇਦਾਦ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਪਤਨੀ ਦੇ ਨਾਮ ’ਤੇ ਮਲੂਕਾ ਪਿੰਡ ਵਿਚ 13 ਏਕੜ ਜ਼ਮੀਨ ਤੇ ਤਿੰਨ ਕਨਾਲ ਦਾ ਘਰ, ਜ਼ਿਲ੍ਹਾ ਮੋਹਾਲੀ ਵਿਚ ਪੰਜ ਪਲਾਟ ਤੇ ਇਮਾਰਤਾਂ, ਭਗਤਾ ਭਾਈਕਾ ਤੋਂ ਇਲਾਵਾ ਪੰਜਾਬੀ ਕੋਆਪਰੇਟਿਵ ਸੁਸਾਇਟੀ ਵਿਚ 2 ਕਨਾਲ ਦਾ ਪਲਾਟ ਹੈ। ਮਲੂਕਾ ਪ੍ਰਵਾਰ ਨੇ ਇਨ੍ਹਾਂ ਸੰਪਤੀਆਂ ਨੂੰ ਪਹਿਲਾਂ ਹੀ ਆਮਦਨ ਕਰ ਵਿਭਾਗ ਕੋਲ ਜਨਤਿਕ ਕੀਤਾ ਹੋਇਆ ਹੈ। ਸਾਬਕਾ ਮੰਤਰੀ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਜੋ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਰਹੇ ਹਨ, ਦੇ ਨਾਮ ਅੱਠ ਜਾਇਦਾਦਾਂ ਸਾਹਮਣੇ ਆਈਆਂ ਹਨ ਜਦੋਂ ਕਿ ਉਨ੍ਹਾਂ ਦੀ ਆਈ.ਏ.ਐਸ ਪਤਨੀ ਦੇ ਨਾਮ ’ਤੇ ਕੋਈ ਜਾਇਦਾਦ ਨਹੀਂ ਹੈ। ਗੁਰਪ੍ਰੀਤ ਦੇ ਨਾਮ ਤੇ ਕੋਠਾ ਗੁਰੂ ਵਿਚ 35 ਕਨਾਲ 7 ਮਰਲੇ ਖੇਤੀ ਵਾਲੀ ਜ਼ਮੀਨ ਹੈ ਜੋ ਉਨ੍ਹਾਂ ਨੇ ਕੇਸਰ ਸਿੰਘ ਤੋਂ ਸਾਲ 1999 ਵਿਚ ਖ਼ਰੀਦ ਕੀਤੀ ਸੀ। ਵੇਰਵਿਆਂ ਅਨੁਸਾਰ ਗੁਰਪ੍ਰੀਤ ਨੇ ਕੋਠਾ ਗੁਰੂ ਵਿਚ ਹੀ ਹੋਰ 38 ਕਨਾਲ 8 ਮਰਲੇ ਜ਼ਮੀਨ ਸਾਲ 2004 ਵਿਚ ਦਰਸ਼ਨ ਸਿੰਘ ਤੋਂ ਖ਼ਰੀਦ ਕੀਤੀ ਸੀ। ਬਠਿੰਡਾ ਦੇ ਮਾਡਲ ਟਾਊਨ ਵਿਚ ਕਨਾਲ ਦੀ ਕੋਠੀ ਸਾਲ 2007 ਵਿਚ ਰਮਨਦੀਪ ਸਿੰਘ ਤੋਂ ਅਤੇ ਪਿੰਡ ਜਿਉਂਦ ਵਿਚ 2.3 ਮਰਲੇ ਦੀ ਇਮਾਰਤ ਸਾਲ 2014 ਵਿਚ ਰਾਧੇ ਸ਼ਿਆਮ ਤੋਂ ਖ਼ਰੀਦ ਕੀਤੀ ਸੀ।
          ਇਵੇਂ ਪਥਰਾਲਾ ਪਿੰਡ ’ਚ 3.25 ਮਰਲੇ ਦੀ ਇਮਾਰਤ ਸਾਲ 2015 ਵਿਚ ਗੁਰਤੇਜ ਸਿੰਘ ਤੇ ਗੁਰਜੰਟ ਸਿੰਘ ਤੋਂ ਅਤੇ ਰਾਮਪੁਰਾ ਵਿਚ 150 ਵਰਗ ਗਜ ਦਾ ਪਲਾਟ ਸਾਲ 2012 ਵਿਚ ਕੁਲਵੀਰ ਸਿੰਘ ਤੋਂ ਖ਼ਰੀਦ ਕੀਤਾ ਸੀ। 2008 ਵਿਚ ਬਠਿੰਡਾ ਦੇ ਟਰਾਂਸਪੋਰਟ ਨਗਰ ਵਿਚਲੇ 374 ਵਰਗ ਦੇ ਰਿਹਾਇਸ਼ੀ ਪਲਾਟ ਵਿਚ ਉਨ੍ਹਾਂ ਦੀ ਅੱਧੀ ਹਿੱਸੇਦਾਰੀ ਹੈ। ਇਵੇਂ ਲਹਿਰਾ ਧੂਰਕੋਟ ਵਿਚ ਗੁਰਪ੍ਰੀਤ ਨੇ ਸਾਲ 2001-02 ’ਚ 8 ਕਨਾਲ ਦੀ ਇਮਾਰਤ ਖ਼ਰੀਦ ਕੀਤੀ ਸੀ। ਇਨ੍ਹਾਂ ਜਾਇਦਾਦਾਂ ਨੂੰ ਪਹਿਲਾਂ ਹੀ ਆਮਦਨ ਕਰ ਵਿਭਾਗ ਕੋਲ ਆਪਣਾ ਸੰਪਤੀ ਦਾ ਹਿੱਸਾ ਦਿਖਾਇਆ ਹੈ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਬੇਨਾਮੀ ਸੰਪਤੀ ਦੀ ਤਲਾਸ਼ ਵਿਚ ਜੁਟੀ ਹੋਈ ਹੈ।
                             ਕੱੁਝ ਵੀ ਗ਼ਲਤ ਨਹੀਂ ਕੀਤਾ : ਮਲੂਕਾ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਹੋਈ ਹੈ ਅਤੇ ਨਸ਼ਿਆਂ ਦੇ ਮੁੱਦੇ ਤੇ ਬੁਰੀ ਤਰ੍ਹਾਂ ਘਿਰੀ ਹੈ। ਹੁਣ ਸਰਕਾਰ ਲੋਕਾਂ ਦਾ ਧਿਆਨ ਲਾਂਭੇ ਕਰਨ ਵਾਸਤੇ ਵਿਜੀਲੈਂਸ ਨੂੰ ਵਰਤਣ ਲੱਗੀ ਹੈ। ਹੋਰ ਵੀ ਕਈ ਸਾਬਕਾ ਵਜ਼ੀਰਾਂ ਨੂੰ ਵਿਜੀਲੈਂਸ ਨਿਸ਼ਾਨਾ ਬਣਾਉਣ ਦੀ ਤਿਆਰੀ ਕਰੀ ਬੈਠੀ ਹੈ। ਉਨ੍ਹਾਂ ਨੇ ਕੱੁਝ ਵੀ ਗ਼ਲਤ ਨਹੀਂ ਕੀਤਾ ਹੈ  ਅਤੇ ਸਰਕਾਰ ਜੋ ਮਰਜ਼ੀ ਪੜਤਾਲ ਕਰ ਲਵੇ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਦੀਆਂ ਜਾਇਦਾਦਾਂ ਦੀ ਵਿਜੀਲੈਂਸ ਕਈ ਕਈ ਗੁਣਾ ਜ਼ਿਆਦਾ ਮਾਰਕੀਟ ਕੀਮਤ ਦਿਖਾਉਣ ਦੇ ਰਾਹ ਤੇ ਹੈ ਪ੍ਰੰਤੂ ਉਹ ਪੇਸ਼ਕਸ਼ ਕਰਦੇ ਹਨ ਕਿ ਸਰਕਾਰ 25 ਕਰੋੜ ’ਚ ਉਨ੍ਹਾਂ ਦੀ ਸਾਰੀ ਜਾਇਦਾਦ ਲੈ ਲਵੇ ਜਿਸ ਨੂੰ ਵਿਜੀਲੈਂਸ ਅਰਬਾਂ ਦੀ ਸੰਪਤੀ ਵਜੋਂ ਦੇਖ ਰਹੀ ਹੈ।












Friday, July 20, 2018

                           ਖ਼ੁਸ਼ ਖ਼ਬਰ 
  ਜਦੋਂ ਦੋਨਾ ਨਾਨਕਾ ’ਚ ਖ਼ੁਸ਼ੀ ਦੇ ਢੋਲ ਵੱਜੇ..
                         ਚਰਨਜੀਤ ਭੁੱਲਰ
ਬਠਿੰਡਾ  : ਸਰਹੱਦੀ ਪਿੰਡ ਦੋਨਾ ਨਾਨਕਾ ’ਚ ਪਹਿਲੀ ਦਫ਼ਾ ਖ਼ੁਸ਼ੀ ਦੇ ਢੋਲ ਵੱਜੇ। ਸਰਹੱਦੀ ਖ਼ਿੱਤੇ ’ਚ ਹਮੇਸ਼ਾ ਉਦੋਂ ਢੋਲ ਵੱਜਦੇ ਰਹੇ ਹਨ ਜਦੋਂ ਸਤਲੁਜ ’ਚ ਹੜ੍ਹ ਆਉਂਦਾ ਸੀ। ਸਰਹੱਦ ਤੇ ਤਣਾਓ ਮੌਕੇ ਚੌਕਸੀ ਦੇ ਢੋਲ ਖੜਕਦੇ ਰਹੇ ਹਨ। ਆਫ਼ਤਾਂ ’ਚ ਹੀ ਇਨ੍ਹਾਂ ਪਿੰਡਾਂ ’ਚ ਢੋਲ ਖੜਕਦਾ ਰਿਹਾ ਹੈ। ਸਰਹੱਦੀ ਪਿੰਡਾਂ ’ਚ ਪਹਿਲੀ ਵਾਰ ਕਿਧਰੋਂ ਕੋਈ ਖ਼ੁਸ਼ੀ ਦੀ ਹਵਾ ਰੁਮਕੀ ਹੈ। ਦੋਨਾ ਨਾਨਕਾ ਦੀ ਧੀਅ ਦਾ ਵੈਟਰਨਰੀ ਡਾਕਟਰ ਬਣਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ’ਚ ਦਾਖਲਾ ਹੋਇਆ ਹੈ। ਸਤਲੁਜ ਤੋਂ ਪਾਰ ਦੇ ਸਰਹੱਦੀ ਪਿੰਡਾਂ ਚੋਂ ਮੈਡੀਕਲ ਵਿੱਦਿਆ ਲੈਣ ਵਾਲੀ ਇਹ ਪਹਿਲੀ ਲੜਕੀ ਸਤਨਾਮ ਕੌਰ ਹੈ। ਮੈਡੀਕਲ ਦੇ ਮੁਕਾਬਲੇ ਦੀ ਪ੍ਰਵੇਸ਼ ਪ੍ਰੀਖਿਆ ‘ਨੀਟ’ ਦੇ ਰਾਖਵੇਂ ਵਰਗ ਚੋਂ ਪੰਜਾਬ ਚੋਂ ਇਸ ਲੜਕੀ ਦਾ 72ਵਾਂ ਰੈਂਕ ਹੈ।   ਫ਼ਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਦੀ ਇਸ ਧੀਅ ਨੇ ਨਵੇਂ ਰਾਹ ਖੋਲ੍ਹੇ ਹਨ। ਸਤਨਾਮ ਕੌਰ ਉਰਫ਼ ਸੰਤੋ ਬਾਈ ਨੇ ਸਰਹੱਦੀ ਖ਼ਿੱਤੇ ਦੀਆਂ ਹੋਰਨਾਂ ਧੀਆਂ ਲਈ ਉਮੀਦ ਦੀ ਖਿੜਕੀ ਖੋਲ੍ਹੀ ਹੈ ਜਿਨ੍ਹਾਂ ਨੂੰ ਪਿੰਡ ਦੀ ਜੂਹ ਚੋਂ ਬਾਹਰ ਨਿਕਲਣ ਦਾ ਕਦੇ ਚੇਤਾ ਵੀ ਨਹੀਂ ਆਇਆ।
                ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਦਾ ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਜਦੋਂ ਯੂਨੀਵਰਸਿਟੀ ’ਚ ਦਾਖਲਾ ਹੋਣ ਮਗਰੋਂ ਇਸ ਲੜਕੀ ਨੂੰ ਲੈ ਕੇ ਪਿੰਡ ਪੁੱਜਾ ਤਾਂ ਪਿੰਡ ਦੇ ਲੋਕਾਂ ਨੇ ਖ਼ੁਸ਼ੀ ’ਚ ਢੋਲ ਵਜਾਏ। ਰਾਏ ਸਿੱਖ ਬਰਾਦਰੀ ਦੇ ਲੋਕਾਂ ਨੂੰ ਸਿਰਫ਼ ਏਨਾ ਕੁ ਪਤਾ ਸੀ ਕਿ ਪਿੰਡ ਦੀ ਲੜਕੀ ਡਾਕਟਰ ਬਣੇਗੀ। ਉਨ੍ਹਾਂ ਲੜਕੀ ਦੇ ਗਲ ਵਿਚ ਨੋਟਾਂ ਦੇ ਹਾਰ ਪਾਏ।  ਲੜਕੀ ਦਾ ਬਜ਼ੁਰਗ ਬਾਪ ਬੰਤਾ ਸਿੰਘ ਤੋਂ ਖ਼ੁਸ਼ੀ ਚੁੱਕੀ ਨਹੀਂ ਜਾ ਰਹੀ ਸੀ। ਮਾਂ ਮਾਇਆ ਬਾਈ ਏਨੀ ਬਾਗੋ ਬਾਗ਼ ਸੀ ਜਿਵੇਂ ਕੋਈ ਖ਼ਜ਼ਾਨਾ ਲੱਭ ਗਿਆ ਹੋਵੇ। ਸਰਹੱਦੀ ਪਿੰਡਾਂ ਦੇ ਹਰ ਸਹੂਲਤ ਤੋਂ ਵਿਰਵੇ ਪਿੰਡ ਚੋਂ ਇਹ ਧੀਅ ਹੁਣ ‘ਰੋਲ ਮਾਡਲ’ ਬਣਨ ਲੱਗੀ ਹੈ। ਵੇਰਵਿਆਂ ਅਨੁਸਾਰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਟੈਸਟ ਚੋਂ ਇਸ ਲੜਕੀ ਨੇ 12ਵਾਂ ਸਥਾਨ ਹਾਸਲ ਕੀਤਾ। ਜਦੋਂ ਇਹ ਬੱਚੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਦੀ ਸੀ ਤਾਂ ਅਧਿਆਪਕਾਂ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ।
                ਮੁੱਖ ਅਧਿਆਪਕ ਲਵਜੀਤ ਗਰੇਵਾਲ ਨੂੰ ਇਸ ਲੜਕੀ ਚੋਂ ਇੱਕ ਉਮੀਦ ਬੱਝੀ। ਪਹਿਲੀ ਕਾਮਯਾਬੀ ਉਦੋਂ ਹੱਥ ਲੱਗੀ ਜਦੋਂ ਇਸ ਲੜਕੀ ਨੇ ਪੰਜਵੀਂ ਦੀ ਪ੍ਰੀਖਿਆ ਚੋਂ ਪੰਜਾਬ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸ ਨੇ 450 ਅੰਕਾਂ ਚੋਂ 446 ਅੰਕ ਹਾਸਲ ਕੀਤੇ। ਪ੍ਰਵਾਸੀ ਭਾਰਤੀ ਗੁਰਜੀਤ ਸਿੰਘ ਢੀਂਡਸਾ ਅਤੇ ਲਖਵਿੰਦਰ ਸਿੰਘ ਗਿੱਲ ਨੇ ਇਸ ਲੜਕੀ ਦੀ ਪੜਾਈ ਦਾ ਸਾਰਾ ਖਰਚਾ ਚੁੱਕਣ ਦਾ ਭਰੋਸਾ ਦਿੱਤਾ। ਅਕਾਲ ਅਕੈਡਮੀ ਬੜੂ ਸਾਹਿਬ ਵਿਚ ਇਸ ਲੜਕੀ ਨੂੰ ਛੇਵੀਂ ਕਲਾਸ ਵਿਚ ਦਾਖਲ ਕਰਾਇਆ ਗਿਆ। ਉਸ ਨੇ ਮੈਡੀਕਲ ਵਰਗ ਵਿਚ ਜਮ੍ਹਾ ਦੋ ਦੀ ਪ੍ਰੀਖਿਆ ਚੋਂ 93 ਫ਼ੀਸਦੀ ਅੰਕ ਹਾਸਲ ਕੀਤੇ। ਉਸ ਮਗਰੋਂ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਲਈ ਚੰਡੀਗੜ੍ਹ ’ਚ ਲੜਕੀ ਨੂੰ ਦੋਨਾ ਨਾਨਕਾ ਸਕੂਲ ਦੇ ਅਧਿਆਪਕਾਂ ਨੇ ਕੋਚਿੰਗ ਦਿਵਾਉਣੀ ਸ਼ੁਰੂ ਕੀਤੀ। ਕੋਚਿੰਗ ਦਾ ਸਾਰਾ ਖਰਚਾ ਸਕੂਲ ਦੇ ਅਧਿਆਪਕਾਂ ਨੇ ਚੁੱਕਿਆ। ਆਖ਼ਰ ਇਸ ਲੜਕੀ ਲਈ ਰਾਹ ਖੁੱਲ੍ਹਣੇ ਸ਼ੁਰੂ ਹੋ ਗਏ ਹਨ।
                 ਸਤਲੁਜ ਪਾਰ ਦੇ ਪਿੰਡਾਂ ਦਾ ਇਹ ਹਾਲ ਹੈ ਕਿ ਦੋ ਵਰੇ੍ਹ ਪਹਿਲਾਂ ਹੀ ਸਾਰੇ ਪਿੰਡਾਂ ਨੂੰ ਇੱਕ ਸੀਨੀਅਰ ਸੈਕੰਡਰੀ ਸਕੂਲ ਨਸੀਬ ਹੋਇਆ ਹੈ। ਲੋਕਾਂ ਨੂੰ ਨਾ ਹੀ ਕੋਈ ਬੌਧਿਕ ਸੋਝੀ ਹੈ ਅਤੇ ਨਾ ਹੀ ਕੋਈ ਸੁਵਿਧਾ ਹੈ। ਕਿਸੇ ਲੜਕੀ ਨੇ ਪਹਿਲਾਂ ਕਦੇ ਬਾਰ੍ਹਵੀਂ ਤੱਕ ਦੀ ਪੜਾਈ ਕਰਨ ਦਾ ਸੁਪਨਾ ਵੀ ਨਹੀਂ ਦੇਖਿਆ ਸੀ। ਦੋਨਾ ਨਾਨਕਾ ਦੇ ਪ੍ਰਾਇਮਰੀ ਸਕੂਲ ਦੀ ਝੰਡੀ ਹੋਣ ਮਗਰੋਂ ਲੜਕੀਆਂ ਨੇ ਸੁਪਨੇ ਲੈਣੇ ਸ਼ੁਰੂ ਕੀਤੇ। ਇੱਕ ਲੜਕੀ ਬੀ.ਐਸ.ਸੀ ਨਰਸਿੰਗ ਕਰਨ ਲੱਗੀ ਹੈ। ਲੋਕ ਦੱਸਦੇ ਹਨ ਕਿ ਇਨ੍ਹਾਂ ਪਿੰਡਾਂ ਵਿਚ ਕੋਈ ਟਾਵਾ ਹੀ ਪੋਸਟ ਗਰੈਜੂਏਟ ਹੋਵੇਗਾ। ਸਤਨਾਮ ਕੌਰ ਦੇ ਮਾਪੇ ਵੀ ਕਾਫ਼ੀ ਗ਼ਰੀਬ ਹੈ। ਕਰਜ਼ਾ ਚੁੱਕ ਕੇ ਮਾਪਿਆਂ ਨੇ ਹੁਣ ਦੋ ਕਮਰੇ ਬਣਾਏ ਹਨ। ਇਸ ਲੜਕੀ ਦੀ ਪੜਾਈ ਦਾ ਖਰਚਾ ਹੁਣ ਵੀ ਸਕੂਲ ਅਧਿਆਪਕ ਹੀ ਚੁੱਕਣਗੇ।


Thursday, July 19, 2018

                            ਬਾਲਾਸਰ ’ਚ ਡੇਰੇ
         ਵੱਡੀ ਉਮਰ ਬਾਦਲ ਨੂੰ ਲੱਗੀ ਹੰਭਾਉਣ
                             ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਵੱਡੀ ਉਮਰ ਹੰਭਾਉਣ ਲੱਗੀ ਹੈ। ਡਾਕਟਰੀ ਟੀਮ ਨੇ ਬਾਦਲ ਨੂੰ ਗਰਮੀ ’ਚ ਘੱਟ ਨਿਕਲਣ ਦਾ ਮਸ਼ਵਰਾ ਦਿੱਤਾ ਹੈ। ਭਾਵੇਂ ਬਾਦਲ ਨੇ ਉਮਰ ਤੋਂ ਕਦੇ ਹਾਰ ਨਹੀਂ ਮੰਨੀ ਪ੍ਰੰਤੂ ਹੁਣ ਆਖ਼ਰੀ ਮੋੜ ’ਤੇ ਉਮਰ ਹਾਵੀ ਹੋਣ ਲੱਗੀ ਹੈ। ਪਹਿਲਾਂ ਬਾਦਲ ਨੇ ਆਪਣੇ ਆਪ ਨੂੰ ਲੰਬੀ ਤੱਕ ਸੀਮਤ ਕੀਤਾ ਸੀ। ਰੋਜ਼ਾਨਾ ਪਿੰਡਾਂ ’ਚ ਦੁੱਖ ਸੁੱਖ ਵੰਡਾਉਂਦੇ ਸਨ। ਉਨ੍ਹਾਂ 12 ਜੂਨ ਤੋਂ ਪਿੰਡਾਂ ’ਚ ਜਾਣਾ  ਬੰਦ ਕਰ ਦਿੱਤਾ ਤੇ ਸਿਆਸੀ ਸਰਗਰਮੀ ਵੀ ਘਟਾ ਦਿੱਤੀ। ਹੁਣ ਦੋ ਦਿਨਾਂ ਤੋਂ ਬਾਦਲ ਬਾਲਾਸਰ ਫਾਰਮ ਹਾਊਸ ’ਚ ਆਰਾਮ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਡਾਕਟਰੀ ਟੀਮ ਗਈ ਹੋਈ ਹੈ। ‘ਅਭੀ ਤੋਂ ਮੈਂ ਜਵਾਨ ਹੂੰ’ ਬਾਦਲ ਹਮੇਸ਼ਾ ਇਹੋ ਪ੍ਰਭਾਵ ਦਿੰਦੇ ਰਹੇ ਹਨ । ਉਮਰ ਦੇ ਤਕਾਜ਼ੇ ਨੇ  ਹੁਣ ਉਨ੍ਹਾਂ ਨੂੰ ਵਰਜਿਆ ਲੱਗਦਾ ਹੈ। ਅੱਠ ਦਸੰਬਰ 1927 ਨੂੰ ਜਨਮੇ ਬਾਦਲ ਹੁਣ ਕਰੀਬ 91 ਵਰ੍ਹਿਆਂ ਦੇ ਹੋ ਗਏ ਹਨ। ਸਿਆਸਤ ’ਚ ਪੰਜਾਹ ਵਰ੍ਹਿਆਂ ਤੋਂ ਉੱਪਰ ਦਾ ਸਫ਼ਰ ਤੈਅ ਕਰ ਲਿਆ ਹੈ। ਹਕੂਮਤ ਬਦਲੀ ਮਗਰੋਂ ਬਾਦਲ ਨੇ ਜਨਤਿਕ ਸਿਆਸੀ ਸਮਾਗਮਾਂ ਤੋਂ ਕਿਨਾਰਾ ਕੀਤਾ ਹੈ। ਉਨ੍ਹਾਂ ਸ਼ਾਹਕੋਟ ਦੀ ਜ਼ਿਮਨੀ ਚੋਣ ’ਚ ਇੱਕ ਵੀ ਗੇੜਾ ਨਹੀਂ ਲਾਇਆ ਸੀ। ਭੋਗਾਂ ਤੇ ਵਿਆਹਾਂ ਤੇ ਜਾਣ ਤੋਂ ਗੁਰੇਜ਼ ਕਰਦੇ ਹਨ। ਸਿਰਫ਼ ਆਪਣੀ ਚਾਚੀ ਦੇ ਭੋਗ ਸਮਾਗਮਾਂ ਵਿਚ ਜ਼ਰੂਰ ਪੁੱਜੇ ਸਨ।
                 ਮਹੀਨੇ ’ਚ ਉਹ ਦੋ ਦਿਨ ਚੰਡੀਗੜ੍ਹ ਜਾਂਦੇ ਸਨ ਪ੍ਰੰਤੂ ਐਤਕੀਂ ਹੁਣ ਮਹੀਨੇ ਦੇ ਅੱਧ ’ਚ ਚੰਡੀਗੜ੍ਹ ਵੀ ਨਹੀਂ ਗਏ। ਅਕਾਲੀ ਦਲ ਨੂੰ ਸਿਆਸੀ ਮਾਹੌਲ ਫ਼ਿਲਹਾਲ ਹੁਲਾਰਾ ਦੇਣ ਵਾਲਾ ਨਹੀਂ ਜਾਪਦਾ। ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਬਾਦਲਾਂ ਖ਼ਿਲਾਫ਼ ਆਨੀ ਬਹਾਨੀ ਛਿੱਕੇ ਲਾਉਣ ਤੋਂ ਪਿੱਛੇ ਨਹੀਂ ਹਟ ਰਹੇ। ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਬਹੁਤਾ ਸਮਾਂ ਪਿੰਡ ਬਾਦਲ ’ਚ ਆਪਣੀ ਰਿਹਾਇਸ਼ ’ਤੇ ਗੁਜ਼ਾਰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਇੱਕ ਅੱਖ ’ਚ ਗੁਜ਼ਾਰਨੀ ਅਤੇ ਆਈ ਫਲੂ ਕਰਕੇ ਸਮੱਸਿਆ ਆਈ ਸੀ। ਉਨ੍ਹਾਂ ਨੇ ਬਠਿੰਡਾ ਤੋਂ ਇਲਾਜ ਕਰਾਇਆ ਸੀ।  ਕੈਪਟਨ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬਾਦਲ ਨਾਲ ਤਿੰਨ ਡਾਕਟਰ ਅਤੇ ਇੱਕ ਫਰਮਾਸ਼ਿਸਟ ਦੀ ਟੀਮ ਪੱਕੇ ਤੌਰ ਤੇ ਤਾਇਨਾਤ ਕੀਤੀ ਹੋਈ ਹੈ। ਪਿੰਡ ਬਾਦਲ ਦੇ ਹਸਪਤਾਲ ਦੇ ਡਾ.ਪ੍ਰਭਜੀਤ ਸਿੰਘ ਗੁਲਾਟੀ ਅਤੇ ਫਰਮਾਸਿਸਟ ਰਿਸ਼ੀ ਦੀ ਆਰਜ਼ੀ ਡਿਊਟੀ ਲਾਈ ਹੋਈ ਹੈ। ਫਿਜੋਥਰੈਪਿਸਟ ਬਾਦਲ ਨੂੰ ਸੇਵਾਵਾਂ ਦੇ ਰਹੇ ਹਨ। ਸਰਕਾਰੀ ਤੱਥਾਂ ਅਨੁਸਾਰ ਐਸਐਮਓ ਡਾ.ਅਨੁਰਾਗ ਵਸ਼ਿਸ਼ਟ ਨੂੰ 31 ਮਾਰਚ 2017 ਅਤੇ ਐਸਐਮਓ ਡਾ.ਜਸਤੇਜ ਸਿੰਘ ਕੁਲਾਰ ਨੂੰ 11 ਨਵੰਬਰ 2017 ਤੋਂ ਬਾਦਲ ਨਾਲ ਤਾਇਨਾਤ ਕੀਤਾ ਹੈ। ਡਾ. ਗੁਰਪ੍ਰੀਤ ਸਿੰਘ ਤੋਂ ਇਲਾਵਾ ਫਾਰਮਾਸਿਸਟ ਅਮਨ ਪ੍ਰਭਾਕਰ ਨੂੰ ਮਾਰਚ 2017 ਤੋਂ ਤਾਇਨਾਤ ਕੀਤਾ ਹੈ।
                 ਸੂਤਰਾਂ ਅਨੁਸਾਰ ਪੀ.ਜੀ.ਆਈ ਦੇ ਡਾ. ਤਲਵਾੜ ਸ੍ਰੀ ਬਾਦਲ ਦੀ ਸਿਹਤ ਸਬੰਧੀ ਮੈਡੀਕਲ ਟੀਮ ਨੂੰ ਹਦਾਇਤਾਂ ਦਿੰਦੇ ਹਨ। ਸ੍ਰੀ ਬਾਦਲ ਨੇ ਕੁਝ ਸਮਾਂ ਪਹਿਲਾਂ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਤੋਂ ਵੀ ਚੈੱਕਅਪ ਕਰਾਇਆ ਹੈ। ਬਾਦਲ ਨਾਲ ਤਾਇਨਾਤ ਡਾ.ਜਸਤੇਜ ਸਿੰਘ ਦਾ ਕਹਿਣਾ ਸੀ ਕਿ ਸਾਬਕਾ ਮੁੱਖ ਮੰਤਰੀ ਦਾ ਰੋਜ਼ਾਨਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕ ਕੀਤਾ ਜਾ ਰਿਹਾ ਹੈ ਅਤੇ ਲੋੜ ਪੈਣ ਤੇ ਹੋਰ ਟੈੱਸਟ ਵੀ ਕੀਤੇ ਜਾਂਦੇ ਹਨ। ਸਭ ਕੁ ਨਾਰਮਲ ਹੈ ਅਤੇ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ। ਗਰਮੀ ਕਰਕੇ ਥੋੜ੍ਹਾ ਖ਼ਿਆਲ ਰੱਖਣ ਲੱਗੇ ਹਨ।  ਸੂਤਰ ਦੱਸਦੇ ਹਨ ਕਿ ਡਾਕਟਰਾਂ ਨੇ ਬਾਦਲ ਨੂੰ ਹੁਣ ਸਿਹਤ ਨੂੰ ਤਰਜੀਹ ਦੇਣ ਲਈ ਆਖਿਆ ਹੈ। ਪਿੰਡ ਬਾਲਾਸਰ (ਹਰਿਆਣਾ) ਦੇ ਸਰਪੰਚ ਧਰਮਪਾਲ ਨੇ ਦੱਸਿਆ ਕਿ ਇੱਥੇ ਸਾਬਕਾ ਮੁੱਖ ਮੰਤਰੀ ਰੋਜ਼ਾਨਾ ਹਲਕੀ ਵਰਜ਼ਿਸ਼ ਕਰ ਰਹੇ ਹਨ ਅਤੇ ਪਿੰਡ ਦੇ ਲੋਕਾਂ ਨੂੰ ਵੀ ਮਿਲਦੇ ਹਨ। ਲੰਬੀ ਦੇ ਆਗੂ ਆਖਦੇ ਹਨ ਕਿ ਬਾਦਲ ਸਾਦਾ ਖਾਣਾ ਲੈਂਦੇ ਹਨ ਅਤੇ ਰਿਹਾਇਸ਼ ਤੇ ਲੋਕਾਂ ਨੂੰ ਮਿਲਦੇ ਹਨ। ਉਂਜ, ਜਦੋਂ ਬਾਦਲ ਚੱਲਦੇ ਹਨ ਤਾਂ ਦੋ ਮੁਲਾਜ਼ਮ ਸਹਾਰਾ ਦਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਵਾਲੇ ਦਿਨ ਬਾਦਲ ਦੇ ਭਾਸ਼ਣ ਚੋਂ ਟੋਟਕੇ ਗ਼ਾਇਬ ਸਨ ਤੇ ਭਾਸ਼ਣ ਵੀ ਸੰਖੇਪ ਸੀ।
               ਅਕਸਰ ਵੀ.ਆਈ.ਪੀ ਨਾਲ ਸਟੇਜ ਤੇ ਆਉਣ ਵਾਲੇ ਬਾਦਲ ਮਲੋਟ ਰੈਲੀ ਦੀ ਸਟੇਜ ਤੇ ਪਹਿਲਾਂ ਹੀ ਆ ਕੇ ਬੈਠ ਗਏ ਸਨ। ਪਿੰਡ ਬਾਦਲ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਬਾਦਲ ਵਿਚ ਹੁਣ ਸਭ ਤੋਂ ਵੱਡੀ ਉਮਰ ਦੇ ਮਲਾਗਰ ਸਨ ਜੋ ਸ੍ਰੀ ਬਾਦਲ ਦੇ ਦੋਸਤ ਹਨ। ਮਲਾਗਰ ਤੋਂ ਮਗਰੋਂ ਸ੍ਰੀ ਬਾਦਲ ਪਿੰਡ ਦੇ ਸਭ ਤੋਂ ਵੱਡੀ ਉਮਰ ਦੇ ਬਾਸ਼ਿੰਦੇ ਹਨ।  ਬਾਦਲ ਪਰਿਵਾਰ ਦੇ ਨੇੜਲੇ ਅਤੇ ਸਾਬਕਾ ਸਰਕਲ ਜਥੇਦਾਰ ਅਵਤਾਰ ਬਣਵਾਲੀ ਦਾ ਪ੍ਰਤੀਕਰਮ ਸੀ ਕਿ ਬਾਦਲ ਸਿਹਤ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਪਿਛਲੇ ਦਿਨਾਂ ਵਿਚ ਅੱਖਾਂ ਦੀ ਤਕਲੀਫ਼ ਜ਼ਰੂਰ ਆਈ ਸੀ ਜਿਸ ਕਰਕੇ ਸਰਗਰਮੀ ਥੋੜ੍ਹੀ ਘਟਾਈ ਸੀ। ਉਨ੍ਹਾਂ ਦੱਸਿਆ ਕਿ ਬਾਦਲ ਰੋਜ਼ਾਨਾ ਰਿਹਾਇਸ਼ ਤੇ ਆਗੂਆਂ ਤੇ ਵਰਕਰਾਂ ਨੂੰ ਮਿਲਦੇ ਹਨ ਅਤੇ ਆਉਂਦੇ ਦਿਨਾਂ ਵਿਚ ਮੁੜ ਸਰਗਰਮੀ ਸ਼ੁਰੂ ਕਰਨਗੇ।


Wednesday, July 18, 2018

                     ਹਾਸ਼ੀਏ ’ਤੇ ਜ਼ਿੰਦਗੀ 
       ਜਿਥੇ ਹਾਰ ਮੰਨ ਲਈ ਚਾਵਾਂ ਨੇ...
                       ਚਰਨਜੀਤ ਭੁੱਲਰ
ਦੋਨਾ ਨਾਨਕਾ (ਫ਼ਾਜ਼ਿਲਕਾ) : ਦੋਦਾ ਨਾਨਕਾ ਦੀ ਪ੍ਰੀਤੋ ਬਾਈ ਨੂੰ ਕੱਚਾ ਢਾਰਾ ਵੀ ਪੂਰਾ ਨਹੀਂ ਜੁੜਿਆ। ਸਿਰਫ਼ ਇੱਕ ਕੱਚਾ ਕਮਰਾ ਉਸ ਦਾ ਰੈਣ ਬਸੇਰਾ ਹੈ ਜਿਸ ਦੀ ਅੱਧੀ ਛੱਤ ਉੱਡੀ ਹੋਈ ਹੈ। ਨਾ ਬਿਜਲੀ, ਨਾ ਪਾਣੀ ਤੇ ਨਾ ਕੋਈ ਪਖਾਨਾ ਹੈ। ਇੱਕ ਗੁਆਂਢਣ ਉਸ ਨੂੰ ਮਾਚਸ ਦੇ ਜਾਂਦੀ ਹੈ ਤੇ ਦੂਸਰੀ ਤੇਲ, ਬੱਸ ਫਿਰ ਇਸ ਤਰ੍ਹਾਂ ਇਹ ਅੌਰਤ ਜ਼ਿੰਦਗੀ ਦਾ ਦੀਵਾ ਬਾਲਦੀ ਹੈ। ਪਤੀ ਨੇ ਛੱਡ ਦਿੱਤਾ ਤੇ ਜਵਾਨ ਪੁੱਤ ਜਹਾਨੋਂ ਚਲਾ ਗਿਆ। ਦਿਨ ਭਰ ਖੇਤਾਂ ’ਚ ਦਿਹਾੜੀ ਕਰਦੀ ਹੈ। ਉਸ ਨੇ ਦੁੱਖਾਂ ਨੂੰ ਗੰਢ ਦੇ ਲਈ ਹੈ। ਆਖ਼ਰ ਉਹ ਕਿਸ ਕੋਲ ਦਾਦ ਫ਼ਰਿਆਦ ਕਰੇ। ਉਸ ਦੇ ਕੱਚੇ ਕਮਰੇ ’ਚ ਸਜੀ ਇੱਕ ਡੇਰਾ ਗੁਰੂ ਦੀ ਤਸਵੀਰ ਵਿਹੜੇ ਸੁੱਖ ਨਾ ਹੋਣ ਦਾ ਪ੍ਰਮਾਣ ਹੈ।ਸਰਹੱਦ ਤੇ ਪੈਂਦੇ ਇਨ੍ਹਾਂ ਪਿੰਡਾਂ ਦੀ ਗ਼ਰੀਬੀ ਕਿਸੇ ਤੋਂ ਲੁਕੀ ਨਹੀਂ। ਹਰ ਪਿੰਡ ਵਿਚ ਕੱਚੇ ਘਰ ਹਨ ਤੇ ਟਾਵੇਂ ਘਰ ਹੀ ਚੁਬਾਰਿਆਂ ਵਾਲੇ ਹਨ। ਰਾਏ ਸਿੱਖ ਬਰਾਦਰੀ ਦੇ ਇਹ ਲੋਕ ਰੁੱਖੀ ਜ਼ਿੰਦਗੀ ਜੀਅ ਰਹੇ ਹਨ ਜਿਨ੍ਹਾਂ ਨੂੰ ਸਰਕਾਰਾਂ ਦੀ ਡਰਾਉਣੀ ਚੁੱਪ ਰੜਕਦੀ ਰਹਿੰਦੀ ਹੈ। ਇਨ੍ਹਾਂ ਲੋਕਾਂ ਨੂੰ ਫ਼ਰਿਸ਼ਤੇ ਦੀ ਤਾਂਘ ਹੈ ਜੋ ਤੰਦ ਜੋੜ ਦੇਵੇ। ਦਰਿਆਈ ਪਾਣੀ ਜਦੋਂ ਮਾਰ ਕਰਦੇ ਹਨ ਤਾਂ ਉਹ ਨਾ ਘਰ ਦੇ ਰਹਿੰਦੇ ਹਨ ਤੇ ਨਾ ਘਾਟ ਦੇ। ਦੋਦਾ ਨਾਨਕਾ ਦੀ ਵਿਧਵਾ ਪਾਸੋ ਬਾਈ ਦੇ ਕੱਚੇ ਕਮਰੇ ਦੀ ਛੱਤ ’ਚ ਮਘੋਰੇ ਹਨ। ਮਿੰਦਰ ਸਿੰਘ ਤੇ ਦਲੀਪ ਸਿੰਘ ਆਪਣੇ ਬਿਨਾਂ ਛੱਤ ਵਾਲੇ ਦੋ ਕਮਰੇ ਦਿਖਾਉਂਦੇ ਹਨ। ਅਕਸਰ ਹੜ੍ਹ ਇਨ੍ਹਾਂ ਦੇ ਸਿਰਾਂ ਦੀ ਛੱਤ ਵੀ ਖੋਹ ਲੈਂਦੇ ਹਨ।
                 ਝੰਗੜ ਭੈਣੀ ਦਾ ਮਨਜੀਤ ਸਿੰਘ ਦਾ ਕਮਰੇ ਕਿਸੇ ਵੀ ਡਿੱਗ ਸਕਦਾ ਹੈ। ਮਨਜੀਤ ਦੀ ਤਿੰਨ ਕਨਾਲ ਜ਼ਮੀਨ ਇਕਲੌਤੇ ਪੁੱਤ ਦੇ ਇਲਾਜ ’ਚ ਗਿਰਵੀ ਹੋ ਗਈ। ਹੁਣ ਉਹ ਦਿਹਾੜੀ ਕਰਦਾ ਹੈ ਤਾਂ ਜੋ 25 ਹਜ਼ਾਰ ਦਾ ਕਰਜ਼ਾ ਉਤਾਰਿਆ ਜਾ ਸਕੇ। ਤੇਜਾ ਰੁਹੇਲਾ ਦੇ ਮੁਖ਼ਤਿਆਰ ਸਿੰਘ ਦਾ ਪ੍ਰਤੀਕਰਮ ਸੀ ਕਿ ਲੀਡਰ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਚੋਣਾਂ ਵੇਲੇ ਮਿੱਠੀ ਗੋਲੀ ਦੇ ਜਾਂਦੇ ਹਨ। ਸਰਕਾਰ ਦੀ ਕੋਈ ਸਕੀਮ ਇਨ੍ਹਾਂ ਲਈ ਸਿਰ ਦੀ ਛੱਤ ਨਹੀਂ ਦੇ ਸਕੀ। ਪਿੰਡ ਦੀ ਸਾਬਕਾ ਮਹਿਲਾ ਸਰਪੰਚ ਸ਼ੀਲਾ ਬਾਈ ਖ਼ੁਦ ਗਲੀ ਦੀ ਨਾਲੀ ਸਾਫ਼ ਕਰ ਰਹੀ ਸੀ। ਇੱਕੋ ਕੱਚਾ ਕਮਰਾ ਡਿੱਗ ਪਿਆ ਹੈ ਤੇ ਉਹ ਆਖਦੀ ਹੈ ਕਿ ਹੁਣ ਕਿਸ ਬੂਹੇ ’ਤੇ ਜਾਈਏ। ਰੇਤੇ ਵਾਲੀ ਭੈਣੀ ’ਚ ਅੌਰਤਾਂ ਨੇ ਆਖਿਆ ਕਿ ਉਨ੍ਹਾਂ ਨੂੰ ਦਿਨ ਰਾਤ ਗ਼ਰੀਬੀ ਨਾਲ ਨੰਗੇ ਧੜ ਲੜਨਾ ਪੈਂਦਾ ਹੈ। ਕਿਸੇ ਘਰ ’ਚ ਕੋਈ ਬਰਕਤ ਨਹੀਂ ਦਿਸਦੀ। ਮੜਕ ਦੀ ਜ਼ਿੰਦਗੀ ਤਾਂ ਉਨ੍ਹਾਂ ਦੇ ਜ਼ਿਹਨ ਵਿਚ ਹੀ ਨਹੀਂ। ਰਾਮ ਸਿੰਘ ਭੈਣੀ ਦਾ ਜੋਗਿੰਦਰ ਸਿੰਘ ਕਦੇ ਬਿਮਾਰ ਲੜਕੀ ਵੱਲ ਵੇਖਦਾ ਹੈ ਤੇ ਕਦੇ ਕੱਚੇ ਘਰ ਦੇ ਸ਼ਤੀਰ ਵੇਖਦਾ ਹੈ।  ਪਿੰਡ ਮੁਹਾਰ ਜਮਸ਼ੇਰ ਦਾ ਗੁਰਦੀਪ ਸਿੰਘ ਆਖਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਤਾਂ ਸਤਲੁਜ ਨਾਲ ਬੱਝੀ ਹੋਈ ਹੈ।
                 ਕਦੋਂ ਪਾਣੀ ਦੀ ਮਾਰ ਪੈ ਜਾਵੇ, ਪਤਾ ਨਹੀਂ ਲੱਗਦਾ। ਪਲਾਂ ’ਚ ਆਲ੍ਹਣੇ ਖਿੱਲਰ ਜਾਂਦੇ ਹਨ। ਜਦੋਂ ਸਰਕਾਰੀ ਦਰਬਾਰ ਚੋਂ ਕਿਧਰੋਂ ਕੋਈ ਮਦਦ ਦਾ ਹੱਥ ਨਹੀਂ ਉੱਠਦਾ ਤਾਂ ਇਹ ਲੋਕ ਰੱਬ ਤੇ ਡੋਰੀਆਂ ਛੱਡ ਦਿੰਦੇ ਹਨ। ਜੋ ਬੁਰੇ ਦਿਨਾਂ ਵਿਚ ਬਹੁੜਦਾ ਹੈ, ਉਸ ਦਾ ਹੱਥ ਹੀ ਇਹ ਲੋਕ ਫੜ ਲੈਂਦੇ ਹਨ। ਤਾਹੀਓ ਸਰਹੱਦੀ ਪਿੰਡਾਂ ’ਚ ਸਿੱਖੀ ਦੀ ਥਾਂ ਡੇਰਿਆਂ ਦਾ ਪਸਾਰ ਹੋ ਰਿਹਾ ਹੈ। ਸਰਹੱਦੀ ਪਿੰਡਾਂ ਦੇ ਲੋਕ ਡੇਰਿਆਂ ਦੇ ਲੜ ਲੱਗਣ ਹਨ। ਕੱੁਝ ਅਰਸੇ ਤੋਂ ਈਸਾਈ ਮਤ ਨੇ ਇਨ੍ਹਾਂ ਪਿੰਡਾਂ ਵਿਚ ਪੈਰ ਜਮਾਏ ਹਨ। ਡੇਰਾ ਬਿਆਸ ਅਤੇ ਡੇਰਾ ਸਿਰਸਾ ਦੇ ਪੈਰੋਕਾਰ ਹੁਣ ਘਰ ਘਰ ਹਨ। ਗ਼ਰੀਬ ਲੋਕਾਂ ਦਾ ਇੱਕੋ ਤਰਕ ਸੀ ਕਿ ਜਦੋਂ ਦਰਿਆਈ ਪਾਣੀ ਸ਼ੂਕਦੇ ਹਨ ਤਾਂ ਇਨ੍ਹਾਂ ਡੇਰਿਆਂ ਦੇ ਵਲੰਟੀਅਰ ਸਭ ਤੋਂ ਪਹਿਲਾਂ ਪੁੱਜਦੇ ਹਨ। ਇਨ੍ਹਾਂ ਪਿੰਡਾਂ ਕੋਲ ਡੇਰਾ ਬਿਆਸ ਬਣਿਆ ਹੋਇਆ ਹੈ। ਇਨ੍ਹਾਂ ਪਿੰਡਾਂ ਦੀਆਂ ਦੁਕਾਨਾਂ ’ਤੇ ਡੇਰਾ ਗੁਰੂਆਂ ਦੀਆਂ ਤਸਵੀਰਾਂ ਆਮ ਨਜ਼ਰ ਪੈਂਦੀਆਂ ਹਨ। ਈਸਾਈ ਮਤ ਦੇ ਚਰਚ ਖੱੁਲ੍ਹਣੇ ਲੋਕਾਂ ਦੇ ਹੁੰਗਾਰੇ ਵੱਲ ਇਸ਼ਾਰਾ ਕਰਦੇ ਹਨ। ਦੋਨਾ ਨਾਨਕਾ ਵਿਚ ਤਾਂ ਕਈ ਘਰਾਂ ਨੇ ਈਸਾਈ ਮਤ ਗ੍ਰਹਿਣ ਕਰ ਲਿਆ ਹੈ। ਇਸ ਪਿੰਡ ਦੇ ਸਕੂਲ ਦੇ ਰਜਿਸਟਰ ਹੁਣ ਦਾਖਲ ਹੋਣ ਵਾਲੇ ਬੱਚਿਆਂ ਦੇ ਨਾਮ ਹੁਣ ‘ਐਲਿਸ, ਸੂਜ਼ਲ,ਸੈਮਲ,ਮਰਕਸ’ ਆਦਿ ਦਰਜ ਹਨ।
                 ਟਰਾਲੀਆਂ ਉੱਪਰ ਮਸੀਹ ਦੀ ਸ਼ਰਧਾ ਵਾਲੇ ਤੁਕ ਆਮ ਨਜ਼ਰ ਪੈਣ ਲੱਗੇ ਹਨ। ਲੋਕਾਂ ਨੇ ਦੱਸਿਆ ਕਿ ਐਤਵਾਰ ਨੂੰ ਈਸਾਈ ਮਤ ਦੇ ਪ੍ਰੋਗਰਾਮ ਹੁੰਦੇ ਹਨ ਜਿਨ੍ਹਾਂ ’ਚ ਲੋਕਾਂ ਦੀ ਗਿਣਤੀ ਵਧਣ ਲੱਗੀ ਹੈ। ਪਿੰਡ ਝੰਗੜ ਭੈਣੀ ਵਿਚ ਛੋਟਾ ਜੇਹਾ ਚਰਚ ਵੀ ਬਣ ਗਿਆ ਹੈ। ਪਿੰਡ ਦਾ ਗੁਰਮੇਲ ਸਿੰਘ ਦੱਸਦਾ ਹੈ ਕਿ ਪਿੰਡ ਦੇ ਦਰਜਨ ਕੁ ਘਰ ਚਰਚ ਜਾਂਦੇ ਹਨ ਜਦੋਂ ਕਿ ਲਾਗਲੇ ਪਿੰਡਾਂ ਤੋਂ 60 ਦੇ ਕਰੀਬ ਘਰ ਚਰਚ ਨਾਲ ਜੁੜੇ ਹੋਏ ਹਨ। ਪਿੰਡ ਤੇਜਾ ਰੁਹੇਲਾ ਵਿਚ ਕਰੀਬ 20 ਕੁ ਘਰ ਈਸਾਈ ਮਤ ਨੂੰ ਮੰਨਣ ਲੱਗੇ ਹਨ। ਹਰ ਸਰਹੱਦੀ ਪਿੰਡ ’ਚ ਈਸਾਈ ਮਤ ਨੂੰ ਮੰਨਣ ਵਾਲੇ ਘਰ ਹਨ। ਢਾਣੀ ਸੱਦਾ ਸਿੰਘ ਵਾਲਾ ਦੇ ਲੋਕਾਂ ਨੇ ਦੱਸਿਆ ਕਿ ਉਹ ਫਿਰ ਕਿਸ ਦਾ ਆਸਰਾ ਤੱਕਣ। ਦੇਖਿਆ ਕਿ ਮਾਨਸਿਕ ਠੁੰਮ੍ਹਣੇ ਲਈ ਇਹ ਲੋਕ ਕਿਤੇ ਡੇਰੇ ਨਾਲ ਜੁੜੇ ਹੋਏ ਹਨ ਅਤੇ ਕਿਤੇ ਚਰਚ ਨਾਲ। ਇਨ੍ਹਾਂ ਪਿੰਡਾਂ ਦੇ ਸਕੂਲਾਂ ਵਿਚ ਹੁਣ ਨਵੇਂ ਬੱਚਿਆਂ ਦੇ ਨਾਮ ਈਸਾਈ ਮਤ ਵਾਲੇ ਦਰਜ ਹੋ ਰਹੇ ਹਨ। ਭਾਵੇਂ ਇਨ੍ਹਾਂ ਪਿੰਡਾਂ ਵਿਚ ਰਾਏ ਸਿੱਖ ਬਰਾਦਰੀ ਹੈ ਪ੍ਰੰਤੂ ਕਿਧਰੇ ਵੀ ਸਿੱਖੀ ਨਜ਼ਰ ਨਹੀਂ ਪੈ ਰਹੀ ਹੈ।
                ਸ਼੍ਰੋਮਣੀ ਕਮੇਟੀ ਦੇ ਏਜੰਡੇ ਤੇ ਇਹ ਪਿੰਡ ਜਾਂ ਇਹ ਗ਼ਰੀਬ ਲੋਕ ਨਹੀਂ ਹਨ। ਨਾ ਧਰਮ ਦਾ ਪਸਾਰ ਹੈ ਅਤੇ ਨਾ ਮਰਯਾਦਾ ਦਾ। ਹਰ ਪਿੰਡ ਦੇ ਗੁਰੂ ਘਰ ਵਿਚ ਆਪਣੀ ਹੀ ਮਰਯਾਦਾ ਹੈ। ਮੁਹਾਰ ਜਮਸ਼ੇਰ ਦਾ ਗੁਰੂ ਘਰ ਸਿਰਫ਼ ਇੱਕ ਕਮਰੇ ਵਿਚ ਹੈ। ਪਹਿਲਾਂ ਤਾਂ ਇਹ ਕਮਰਾ ਵੀ ਕੱਚਾ ਸੀ। ਬਹੁਤੇ ਪਿੰਡਾਂ ਵਿਚ ਗੁਰੂ ਘਰ ਦੋ ਦੋ ਕਮਰਿਆਂ ਦੇ ਹਨ। ਹਰ ਪਿੰਡ ਵਿਚ ਦੋ ਦੋ ਚਾਰ ਚਾਰ ਘਰ ਹੀ ਸਿੱਖੀ ਨੂੰ ਪਰਨਾਏ ਹੋਏ ਹਨ। ਬਜ਼ੁਰਗ ਦੱਸਦੇ ਹਨ ਕਿ ਸ਼੍ਰੋਮਣੀ ਕਮੇਟੀ ਤਰਫ਼ੋਂ ਸਰਹੱਦੀ ਪਿੰਡਾਂ ਵਿਚ ਕਦੇ ਧਰਮ ਪ੍ਰਚਾਰ ਦੀ ਲਹਿਰ ਨਹੀਂ ਚਲਾਈ ਗਈ। ਸ਼੍ਰੋਮਣੀ ਕਮੇਟੀ ਦੀ ਕੋਈ ਮਦਦ ਇਨ੍ਹਾਂ ਪਿੰਡਾਂ ਦੀ ਜੂਹ ਤੱਕ ਨਹੀਂ ਪੁੱਜੀ।
                       ਲੋਕ ਰੁਚੀ ਨਹੀਂ ਦਿਖਾਉਂਦੇ : ਡੱਬਵਾਲਾ
ਫ਼ਾਜ਼ਿਲਕਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸੂਬਾ ਸਿੰਘ ਡੱਬਵਾਲਾ ਦਾ ਪ੍ਰਤੀਕਰਮ ਸੀ ਕਿ ਸਰਹੱਦੀ ਪਿੰਡਾਂ ਵਿਚ ਲੋਕਾਂ ਦੀ ਕੋਈ ਰੁਚੀ ਨਾ ਹੋਣ ਕਰਕੇ ਧਰਮ ਪ੍ਰਚਾਰ ਦਾ ਕੰਮ ਘੱਟ ਹੈ ਅਤੇ ਲੋਕ ਧਾਰਮਿਕ ਸਮਾਗਮ ਰਖਾਉਣ ਵਿਚ ਰੁਚੀ ਨਹੀਂ ਦਿਖਾਉਂਦੇ। ਡੇਰਿਆਂ ਦਾ ਇਸ ਖੇਤਰ ਵਿਚ ਕਾਫ਼ੀ ਪਸਾਰ ਹੋਇਆ ਹੈ। ਗ਼ਰੀਬ ਲੋਕ ਹਨ ਜਿਸ ਕਰਕੇ ਡੇਰਾਵਾਦ ਪ੍ਰਫੁੱਲਿਤ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਈਸਾਈ ਮਤ ਦੇ ਨੇੜੇ ਵੀ ਲੋਕ ਜਾ ਰਹੇ ਹੋਣਗੇ।


Tuesday, July 17, 2018

                                                          ਹਾਸ਼ੀਏ ਤੇ ਜ਼ਿੰਦਗੀ
                                       ਜ਼ੀਰੋ ਲਾਈਨ ਨੇ ਕਿਸਾਨ ਕੀਤੇ ‘ਜ਼ੀਰੋ’
                                                            ਚਰਨਜੀਤ ਭੁੱਲਰ
ਗੁਲਾਬਾ ਭੈਣੀ (ਫ਼ਾਜ਼ਿਲਕਾ) : ਕੌਮਾਂਤਰੀ ਸਰਹੱਦ ’ਤੇ ਪੈਂਦੇ ਇਸ ਪਿੰਡ ਦੇ ਕਿਸਾਨ ਹਰਦੀਪ ਸਿੰਘ ਲਈ ਜ਼ੀਰੋ ਲਾਈਨ ਕੋਲ ਖੇਤੀ ਕਰਨਾ ਜੰਗ ਤੋਂ ਘੱਟ ਨਹੀਂ। ‘ਜੈ ਕਿਸਾਨ’ ਦਾ ਨਾਅਰਾ ਉਸ ਨੂੰ ਚੁੱਭਦਾ ਹੈ। ਆਪਣੇ ਖੇਤ ਹੀ ਉਸ ਲਈ ਬਿਗਾਨੇ ਹਨ। ਜ਼ਿੰਦਗੀ ਦੇ ਇਸ ਜਾਏ ਦੀ ਆਸਾਂ ਦੀ ਤੰਦ ਕੰਡਿਆਲੀ ਤਾਰ ’ਚ ਉਲਝ ਗਈ ਹੈ। ਤਾਰ ਤੋਂ ਪਾਰ ਖਾਮੋਸ ਖੇਤ ਹਨ ਜਿਨ੍ਹਾਂ ’ਚ ਫਸਲਾਂ ਨੂੰ ਕਦੇ ਕਦੇ ਜੋਬਨ ਰੁੱਤੇ ਮਰਨਾ ਪੈਂਦਾ ਹੈ। ਕਿਸਾਨ ਹਰਦੀਪ ਸਿੰਘ ਨੂੰ ਤਾਰ ਤੋਂ ਪਾਰ ਆਪਣੇ ਹੀ ਖੇਤ ’ਚ ਸਿਰਫ ਅੱਠ ਘੰਟੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਪਾਕਿਸਤਾਨ ਦੇ ਜੰਗਲੀ ਸੂਰ ਤੇ ਪਸ਼ੂ ਇਨ੍ਹਾਂ ਕਿਸਾਨਾਂ ਦੇ ਖੇਤ ਚਰ ਜਾਂਦੇ ਹਨ। ਸੁੰਨੇ ਖੇਤਾਂ ਦੇ ‘ਰਾਜੇ’ ਦੇਖਦੇ ਰਹਿ ਜਾਂਦੇ ਹਨ। ਗੁਲਾਬਾ ਭੈਣੀ ਦੇ ਐਨ ਨਾਲ ਕੰਡਿਆਲੀ ਤਾਰ ਹੈ ਜਿਸ ਦੇ ਇੱਕ ਗੇਟ ਤੇ ਬੀ.ਐਸ.ਐਫ ਦਾ ਪਹਿਰਾ ਹੈ। ਸਵਰੇ 9 ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਕਿਸਾਨ ਤਾਰ ਤੋਂ ਪਾਰ ਪਾਸ ਦਿਖਾ ਕੇ ਖੇਤੀ ਲਈ ਜਾਂਦੇ ਹਨ। ਕਿਸਾਨ ਸੁਖਦੇਵ ਸਿੰਘ ਨੇ ਬੇਵਸੀ ਬਿਆਨੀ ਕਿ ‘ਅੌਹ ਸਾਹਮਣੇ ਖੇਤਾਂ ’ਚ ਪਾਕਿਸਤਾਨ ਬੰਨਿਓ ਪਸ਼ੂ ਆ ਕੇ ਖੇਤ ਖਾਲੀ ਕਰ ਜਾਂਦੇ ਹਨ, ਉਨ੍ਹਾਂ ਕੋਲ ਕੋਈ ਚਾਰਾ ਨਹੀਂ ਬਚਦਾ।’ ਇਸ ਪੱਤਰਕਾਰ ਨੇ ਦੇਖਿਆ ਕਿ ਬੀ.ਐਸ.ਐਫ ਜਵਾਨਾਂ ਨੇ ਇੱਕ ਕਿਸਾਨ ਦੀ ਪੰਡ ਖੋਲ ਕੇ ਝੋਨੇ ਦੀ ਪਨੀਰੀ ਦੀ ਤਲਾਸ਼ੀ ਲਈ ,ਫਿਰ ਉਸ ਨੂੰ ਤਾਰ ਤੋਂ ਪਾਰ ਜਾਣ ਦਿੱਤਾ। ਦੂਸਰੇ ਕਿਸਾਨ ਦਾ ਚਾਹ ਵਾਲਾ ਡੋਲੂ ਖੁਲਵਾ ਕੇ ਚੈੱਕ ਕੀਤਾ। ਇਹ ਕਿਸਾਨ ਤਾਂ ਆਪਣਿਆਂ ਹੱਥੋਂ ਖੱਜਲ ਹੋ ਰਹੇ ਹਨ।
          ਜ਼ਿੰਦਗੀ ਦੀ ਮੌਜ ਪਿੰਡ ਮੌਜ਼ਮ ਦੇ ਕਿਸਾਨਾਂ ਦੇ ਹਿੱਸੇ ਨਹੀਂ ਆਈ। ਜਦੋਂ ਸਤਲੁਜ ਵਗਦਾ ਹੈ ਤਾਂ ਇਨ੍ਹਾਂ ਕਿਸਾਨਾਂ ਨੂੰ ਬੇੜੇ ਵਿਚ ਖੇਤਾਂ ਨੂੰ ਜਾਣਾ ਪੈਂਦਾ ਹੈ। ਜਦੋਂ ਪਾਣੀ ਘਟ ਜਾਂਦਾ ਹੈ ਤਾਂ ਉਹ ਦਰਿਆ ਵਿਚੋਂ ਦੀ ਲੰਘਦੇ ਹਨ। ਬਹੁਤੇ ਵਾਰ ਤਾਂ ਦਰਿਆ ਦੀ ਸ਼ੂਕ ਇਨ੍ਹਾਂ ਕਿਸਾਨਾਂ ਦੀ ਚੀਕ ਕਢਾ ਦਿੰਦੀ ਹੈ ਜੋ ਸਰਕਾਰਾਂ ਦੇ ਕੰਨੀਂ ਨਹੀਂ ਪੈਂਦੀ। ਪੰਜਾਬ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ਦੇ 220 ਪਿੰਡਾਂ ਦੀ 21 ਹਜ਼ਾਰ ਏਕੜ ਜ਼ਮੀਨ ਜ਼ੀਰੋ ਲਾਈਨ ਤੇ ਕੰਡਿਆਲੀ ਤਾਰ ਵਿਚਾਲੇ ਹੈ। ਫਾਜ਼ਿਲਕਾ ਦੇ 43 ਪਿੰਡਾਂ ਦੀ 4477 ਏਕੜ ਜ਼ਮੀਨ ਤਾਰ ਤੋਂ ਪਾਰ ਹੈ। ਸਤਲੁਜ ਤੋਂ ਪਾਰ ਦੇ ਪਿੰਡ ਝੰਗੜ ਭੈਣੀ ਦੇ ਕਿਸਾਨ ਜੰਗੀਰ ਸਿੰਘ ਦੀ ਛੇ ਏਕੜ ਜ਼ਮੀਨ ਤਾਰ ਤੋਂ ਪਾਰ ਹੈ। ਉਹ ਦੱਸਦਾ ਹੈ ਕਿ ਸਰਹੱਦੀ ਕਿਸਾਨਾਂ ਦੇ ਆਲ੍ਹਣੇ ਤਾਂ ਨਿੱਤ ਖਿਲਰਦੇ ਹਨ। ਇਸ ਪਿੰਡ ਦੇ 35 ਕਿਸਾਨਾਂ ਦੀ ਜ਼ਮੀਨ ਤਾਰ ਤੋਂ ਪਾਰ ਹੈ। ਨਹਿਰੀ ਪਾਣੀ ਦੀ ਮੁਸ਼ਕਲ ਵੱਡੀ ਹੈ। ਬੀ.ਐਸ.ਐਫ ਦੇ ਜਵਾਨਾਂ ਦੇ ਦਬਕੇ ਕਿਸਾਨਾਂ ਨੂੰ ਅੌਕਾਤ ਦੱਸਦੇ ਹਨ। ਫਾਜਿਲਕਾ ਦੇ ਖੇਤੀ ਵਿਕਾਸ ਅਫਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਤਾਰ ਤੋਂ ਪਾਰ ਖੇਤਾਂ ਵਿਚ ਤਿੰਨ ਚਾਰ ਫੁੱਟ ਤੋਂ ਉੱਚੀ ਫਸਲ ਤੇ ਪਾਬੰਦੀ ਹੈ। ਮਜਬੂਰੀ ’ਚ ਕਿਸਾਨਾਂ ਨੂੰ ਝੋਨੇ ਤੇ ਕਣਕ ਦੇ ਗੇੜ ਵਿਚ ਉਲਝਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਤਾਰ ਤੋਂ ਪਾਰ ਜ਼ਮੀਨਾਂ ਦੇ ਬਹੁਤੇ ਝਾੜ ਨਹੀਂ ਨਿਕਲਦੇ। ਤੇਜਾ ਰੁਹੇਲਾ ਦੇ ਅੱਧੇ ਕਿਸਾਨਾਂ ਦੀ ਜ਼ਮੀਨ ਤਾਰ ਤੋਂ ਪਾਰ ਹੈ।
                   ਕਿਸਾਨ ਜੋਗਿੰਦਰ ਸਿੰਘ ਦੱਸਦਾ ਹੈ ਕਿ ਤਾਰ ਤੋਂ ਪਾਰ ਜ਼ਮੀਨ ਕੋਈ ਠੇਕਾ ਤੇ ਲੈਣ ਨੂੰ ਤਿਆਰ ਨਹੀਂ ਹੁੰਦਾ। ਜਾਇਜ਼ਾ ਲਿਆ ਤਾਂ ਪਤਾ ਲੱਗਾ ਹੈ ਕਿ ਸਤਲੁਜ ਪਾਰ ਪਿੰਡਾਂ ’ਚ ਛੋਟੀ ਕਿਸਾਨੀ ਬਹੁਗਿਣਤੀ ’ਚ ਹੈ ਜਿਨ੍ਹਾਂ ਕੋਲ ਇੱਕ ਤੋਂ ਤਿੰਨ ਏਕੜ ਤੱਕ ਜ਼ਮੀਨ ਹੈ। ਇਨ੍ਹਾਂ ਜ਼ਮੀਨਾਂ ਦਾ ਕੋਈ ਖਰੀਦਦਾਰ ਨਹੀਂ ਕਿਉਂਕਿ ਦਰਿਆਈ ਪਾਣੀ ਮਾਰ ਕਰਦਾ ਹੈ ਤੇ ਉਪਰੋਂ ਕੰਡਿਆਲੀ ਤਾਰ ਦੇ ਨੇੜੇ ਹਨ। ਬੈਂਕਾਂ ਵਾਲੇ ਛੇਤੀ ਕਿਤੇ ਕਰਜ਼ਾ ਨਹੀਂ ਦਿੰਦੇ ਹਨ। ਮੁਹਾਰ ਜਮਸ਼ੇਰ ਦਾ ਕਿਸਾਨ ਗੁਰਦਾਸ ਸਿੰਘ ਆਖਦਾ ਹੈ ਹਰ ਕਿਸਾਨ ਹਨੇਰੀ ਗੁਫਾ ਵਿਚ ਭਟਕਦਾ ਹੈ, ਕਿਸੇ ਨੂੰ ਕੋਈ ਰਾਹ ਨਹੀਂ ਲੱਭਦਾ। ਦਰਿਆ ਪਾਰ ਦੇ ਸਿਰਫ ਤਿੰਨ ਚਾਰ ਪਿੰਡਾਂ ਲਈ ਪਿੰਡ ਮਹਾਤਮ ਨਗਰ ਵਿਚ ਖਰੀਦ ਕੇਂਦਰ ਬਣਦਾ ਹੈ। ਬਾਕੀ ਸਾਰੇ ਪਿੰਡਾਂ ਨੂੰ ਜਿਨਸ ਫਾਜ਼ਿਲਕਾ ਲਿਜਾਣੀ ਪੈਂਦੀ ਹੈ। ਇਨ੍ਹਾਂ ਸਾਰੇ ਪਿੰਡਾਂ ਲਈ ਪਿੰਡ ਮਹਾਤਮ ਨਗਰ ਇੱਕ ਸੇਵਾ ਕੇਂਦਰ ਖੋਲ੍ਹਿਆ ਗਿਆ ਸੀ ਜੋ ਹੁਣ ਬੰਦ ਹੋ ਗਿਆ ਹੈ।  ਕੇਂਦਰ ’ਚ ਜਦੋਂ ਵਾਜਪਾਈ ਸਰਕਾਰ ਸੀ ਤਾਂ ਉਦੋਂ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਜੋ ਫਿਰ ਵਧਾ ਕੇ 3300 ਰੁਪਏ ਪ੍ਰਤੀ ਏਕੜ ਕਰ ਦਿੱਤਾ।
                ਜਨਵਰੀ 2015 ਵਿਚ ਇਹ ਮੁਆਵਜ਼ਾ ਰਾਸ਼ੀ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਏਕੜ ਕਰ ਦਿੱਤੀ ਜਿਸ ਵਿਚ ਪੰਜਾਹ ਪੰਜਾਹ ਫੀਸਦੀ ਹਿੱਸੇਦਾਰੀ ਕੇਂਦਰ ਤੇ ਰਾਜ ਸਰਕਾਰ ਨੇ ਪਾਉਣੀ ਹੁੰਦੀ ਹੈ। ਪੱਕਾ ਚਿਸ਼ਤੀ ਦੇ ਕਿਸਾਨ ਕਾਰਜ ਸਿੰਘ ਨੇ ਦੱਸਿਆ ਕਿ ਕਦੇ ਵੇਲੇ ਸਿਰ ਕੋਈ ਮੁਆਵਜ਼ਾ ਰਾਸ਼ੀ ਨਹੀਂ ਮਿਲੀ। ਪਿੰਡ ਮਹਾਤਮ ਨਗਰ ਦੀ ਸਹਿਕਾਰੀ ਸਭਾ ਦੇ ਮੁਲਾਜ਼ਮ ਹੰਸ ਰਾਜ ਨੇ ਦੱਸਿਆ ਕਿ ਤਿੰਨ ਚਾਰ ਪਿੰਡਾਂ ਦੇ ਕਿਸਾਨਾਂ ਨੂੰ ਹੁਣ 90 ਲੱਖ ਦੀ ਕਰਜ਼ਾ ਮੁਆਫੀ ਆਈ ਹੈ। ਉਹ ਦੱਸਦਾ ਹੈ ਕਿ ਦਰਿਆਈ ਪਾਣੀ ਨੇ ਖੇਤ ਦਮੋਂ ਕੱਢ ਰੱਖੇ  ਹਨ। ਕੋਈ ਵਰ੍ਹਾ ਹੀ ਸੁੱਕਾ ਲੰਘਦਾ ਹੈ। ਇਨ੍ਹਾਂ ਕਿਸਾਨਾਂ ਦੀ ਜੰਗ ਦਿਨ ਰਾਤ ਜਾਰੀ ਰਹਿੰਦੀ ਹੈ। ਪੰਜਾਬ ਦੇ ਛੇ ਸਰਹੱਦੀ ਜ਼ਿਲ੍ਹਿਆਂ ਦੇ 5.59 ਲੱਖ ਕਿਸਾਨਾਂ ਨੂੰ 22168 ਕਰੋੜ ਦਾ ਫਸਲੀ ਕਰਜ਼ਾ ਵੰਡਿਆ ਗਿਆ ਹੈ ਜਿਨ੍ਹਾਂ ਚੋਂ ਫਾਜ਼ਿਲਕਾ ਜ਼ਿਲ੍ਹੇ ਦੇ ਕਰੀਬ 1.24 ਲੱਖ ਕਿਸਾਨਾਂ ਨੂੰ ਫਸਲੀ ਕਰਜ਼ਾ ਦਿੱਤਾ ਗਿਆ ਹੈ। ਸਰਹੱਦੀ ਕਿਸਾਨ ਕਰਜ਼ਾਈ ਜਰੂਰ ਹੈ ਪ੍ਰੰਤੂ ਖੁਦਕੁਸ਼ੀ ਦੇ ਰਾਹ ਤੋਂ ਦੂਰ ਹੈ। ਕਿਸਾਨ ਆਖਦੇ ਹਨ ਕਿ ਹਕੂਮਤਾਂ ਦੇ ਚੀੜ੍ਹੇਪਣ ਨੇ ਉਨ੍ਹਾਂ ਨੂੰ ਕੁਦਰਤ ਦੀ ਰਜ਼ਾ ’ਚ ਰਹਿਣਾ ਸਿਖਾ ਦਿੱਤਾ ਹੈ। ਰਾਏ ਸਿੱਖ ਬਰਾਦਰੀ ਖੇਤੀ ਵੀ ਕਰਦੀ ਹੈ ਤੇ ਮਜ਼ਦੂਰੀ ਵੀ। ਟਿਊਬਵੈਲ ਕੁਨੈਕਸ਼ਨਾਂ ਦੀ ਕੋਈ ਘਾਟ ਨਹੀਂ।
                    ਕੇਂਦਰ ਕੋਲ ਮਾਮਲਾ ਚੁੱਕਾਂਗੇ : ਐਮ.ਪੀ
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਸਹੂਲਤ ਲਈ ਮਹਾਤਮ ਨਗਰ ਵਿਚ ਫੋਕਲ ਪੁਆਇੰਟ ਬਣਾਇਆ ਗਿਆ ਸੀ ਅਤੇ ਉਸ ਮਗਰੋਂ ਸੜਕੀ ਸੰਪਰਕ ਬਣਾਇਆ ਗਿਆ। ਦਰਿਆ ਉਪਰ ਪੁਲ ਉਸਾਰੇ ਗਏ। ਕਿਸਾਨਾਂ ਦੇ ਬਾਕੀ ਮਸਲਿਆਂ ਦਾ ਹੱਲ ਵੀ ਕੀਤਾ ਜਾਵੇਗਾ। ਜੋ ਤਾਰ ਪਾਰਲੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਮਿਲਦੀ ਹੈ, ਉਹ ਸਮੇਂ ਸਿਰ ਨਹੀਂ ਮਿਲਦੀ ਜਿਸ ਕਰਕੇ ਉਹ ਮਾਮਲਾ ਵੀ ਕੇਂਦਰ ਸਰਕਾਰ ਕੋਲ ਉਠਾਉਣਗੇ।

       

Monday, July 16, 2018

                                                           ਹਾਸ਼ੀਏ ਤੇ ਜ਼ਿੰਦਗੀ
                              ‘ਡਿਜੀਟਲ ਇੰਡੀਆ’ ਤੋਂ ਦੂਰ ਦਰਦਾਂ ਦਾ ‘ਟਾਪੂ’
                                                            ਚਰਨਜੀਤ ਭੁੱਲਰ
ਮੁਹਾਰ ਜਮਸ਼ੇਰ (ਫ਼ਾਜ਼ਿਲਕਾ) : ‘ਡਿਜੀਟਲ ਇੰਡੀਆ’ ਤੋਂ ਦੂਰ ਪਿੰਡ ਮੁਹਾਰ ਜਮਸ਼ੇਰ ਦੀ ਕੋਈ ਮੁਹਾਰ ਫੜਨ ਵਾਲਾ ਨਹੀਂ। ਪਾਕਿਸਤਾਨ ਨੇ ਤਿੰਨ ਪਾਸਿਓ ਇਸ ਪਿੰਡ ਨੂੰ ਵਲਿਆ ਹੋਇਆ। ਚੌਥੇ ਪਾਸਿਓ ਸਤਲੁਜ ਦਰਿਆ ਦੀ ਵਲਗਣ ਹੈ। ਦੋ ਵਰ੍ਹੇ ਪਹਿਲਾਂ ਤੱਕ ਇੱਕੋ ਬੇੜੀ ਦਾ ਸਹਾਰਾ ਪਿੰਡ ਨੂੰ ਸੀ। ਪੁਲ ਬਣਨ ਮਗਰੋਂ ਪਿੰਡ ਦੇ ਰਾਹ ਮੋਕਲੇ ਤਾਂ ਹੋਏ ਪ੍ਰੰਤੂ ਥੋੜਾਂ ਤੇ ਲੋੜਾਂ ਤੋਂ ਪਿੰਡ ਦਾ ਖਹਿੜਾ ਨਾ ਛੁੱਟਿਆ। ਸਰਕਾਰਾਂ ਲਈ ਇਹ ਸੱਤ ਬਿਗਾਨੇ ਹਨ। ਤਾਹੀਓ ਪਿੰਡ ਦੀ ਤਰੱਕੀ ਦੀ ਇੱਕੋ ਵੱਡੀ ਨਿਸ਼ਾਨੀ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ਨੂੰ ਛੇ ਵਰ੍ਹਿਆਂ ਤੋਂ ਚਾਰਦੀਵਾਰੀ ਨਹੀਂ ਜੁੜ ਸਕੀ। ਇਨ੍ਹਾਂ ਲੋਕਾਂ ਨੂੰ ਬੱਸ ਜਿਊਂਦੇ ਹੋਣ ਦਾ ਭਰਮ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਡਿਜੀਟਲ ਭਾਰਤ’ ਇਨ੍ਹਾਂ ਨੂੰ ਬੇਗਾਨਗੀ ਤੇ ਅਲਹਿਦਗੀ ਦਾ ਅਹਿਸਾਸ ਕਰਾ ਰਿਹਾ ਹੈ। ਮੁਹਾਰ ਜਮਸ਼ੇਰ ਕੋਲ ਨਾ ਜਲ ਘਰ ਹੈ ਤੇ ਨਾ ਆਰ.ਓ ਪਲਾਂਟ, ਨਾ ਡਿਸਪੈਂਸਰੀ ਹੈ, ਨਾ ਕੋਈ ਪੱਕੀ ਗਲੀ ਨਾਲੀ ਹੈ ਤੇ ਨਾ ਪਿੰਡ ’ਚ ਕੋਈ ਛੱਪੜ। ਬੱਸ ਤਾਂ ਕਦੇ ਵੇਖੀ ਹੀ ਨਹੀਂ, ਸਿਰਫ਼ ਟੈਂਪੂ ਦੀ ਸੁਵਿਧਾ ਹੈ, ਟੈਂਪੂ ਲੈਣ ਲਈ ਵੀ ਲੋਕ ਪਹਿਲਾਂ ਢਾਈ ਕਿਲੋਮੀਟਰ ਪੈਦਲ ਚੱਲਦੇ ਹਨ। ਪਿੰਡ ਦਾ ਨਾ ਕੋਈ ਸਰਕਾਰੀ ਮੁਲਾਜ਼ਮ ਹੈ ਤੇ ਨਾ ਕੋਈ ਐਨ.ਆਰ.ਆਈ। ਪਖਾਨੇ ਵੀ ਹੁਣੇ ਬਣਨ ਲੱਗੇ ਹਨ। 
                 ਏਦਾ ਦਾ ਹਾਲ ਸਤਲੁਜ ਪਾਰ ਕਰੀਬ ਪੰਦਰਾਂ ਪਿੰਡਾਂ ਦਾ ਹੈ ਜੋ ਚਮਕਦੇ ਭਾਰਤ ’ਚ ਦੁੱਖਾਂ ਦਾ ਟਾਪੂ ਜਾਪਦੇ  ਹਨ। ਇਨ੍ਹਾਂ ਪਿੰਡਾਂ ’ਚ ਬਹੁਗਿਣਤੀ ਦਲਿਤ ਭਾਈਚਾਰੇ ਦੀ ਹੈ। ਬੱਸ ਸਰਵਿਸ ਕਿਸੇ ਪਿੰਡ ’ਚ ਨਹੀਂ। ਕਰੀਬ 20 ਤਿੰਨ ਪਹੀਆਂ ਟੈਂਪੂ ਹੀ ਇਨ੍ਹਾਂ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੇ ਹਨ। ਮਹਾਤਮ ਨਗਰ ’ਚ ਸਿਰਫ਼ ਇੱਕ ਸਹਿਕਾਰੀ ਬੈਂਕ ਹੈ ਜੋ ਘਾਟੇ ਵਿਚ ਹੈ। ਹੋਰ ਕੋਈ ਬੈਂਕ ਨਹੀਂ ਹੈ, ਨਾ ਕਿਸੇ ਪਿੰਡ ’ਚ ਏ.ਟੀ.ਐਮ ਹੈ। ਇੱਥੋਂ ਤੱਕ ਇਸ ਟਾਪੂ ’ਚ ਕੋਈ ਤੇਲ ਪੰਪ ਵੀ ਨਹੀਂ ਹੈ। ਕਰਿਆਨੇ ਦੀਆਂ ਦੁਕਾਨਾਂ ਤੇ ਬੋਤਲਾਂ ਵਿਚ ਪੈਟਰੋਲ ਵਿਕਦਾ ਹੈ। ਸਰਕਾਰ ਨੇ ਸ਼ਰਾਬ ਦਾ ਠੇਕਾ ਤਕਰੀਬਨ ਹਰ ਪਿੰਡ ਖੋਲ੍ਹਿਆ ਹੈ। ਸਿਰਫ਼ ਪਿੰਡ ਝੰਗੜ ਭੈਣੀ ’ਚ ਸੀਨੀਅਰ ਸੈਕੰਡਰੀ ਸਕੂਲ ਤੇ ਮੁਹਾਰ ਸੋਨਾ ’ਚ ਹਾਈ ਸਕੂਲ ਹੈ। ਬਾਕੀ ਪਿੰਡਾਂ ਵਿਚ ਪ੍ਰਾਇਮਰੀ ਸਕੂਲ ਹਨ। ਨਾ ਕੋਈ ਖੇਡ ਸਟੇਡੀਅਮ ਹੈ ਅਤੇ ਨਾ ਕਿਸੇ ਪਿੰਡ ਵਿਚ ਪੱਕੀ ਕੋਈ ਗਲੀ ਨਾਲੀ ਹੈ। ਗੁਲਾਬਾ ਭੈਣੀ ਦਾ ਨੌਜਵਾਨ ਮਨਜੀਤ ਸਿੰਘ ਆਖਦਾ ਹੈ ਕਿ ਗ਼ਰੀਬੀ ਨੇ ਲੋਕਾਂ ਨੂੰ ਗ਼ਸ਼ ਪਾ ਦਿੱਤੇ ਹਨ।
                 ਲੋਕਾਂ ਨੇ ਗਿਲਾ ਕੀਤਾ ਕਿ ਇਕੱਲੀ ਸਰਕਾਰ ਨਹੀਂ, ਉਨ੍ਹਾਂ ਦੀ ਵਾਰੀ ਤਾਂ ਰੱਬ ਵੀ ਲੰਮੀਆਂ ਤਾਣ ਕੇ ਸੌ ਗਿਆ ਜਾਪਦਾ ਹੈ। ਪਿੰਡ ਰਾਮ ਸਿੰਘ ਭੈਣੀ ਤੇ ਝੰਗੜ ਭੈਣੀ ਦੇ ਸਰਪੰਚ ਨੇ ਵਿਕਾਸ ਲਈ ਪੰਜਾਹ ਲੱਖ ਦੇ ਫ਼ੰਡਾਂ ਦੀ ਲੋੜ ਦੱਸੀ। ਦਰਿਆਈ ਪਾਣੀ ਦੀ ਮਾਰ ਤੋਂ ਕੋਈ ਸਾਲ ਮਸਾਂ ਸੁੱਕਾ ਲੱਗਦਾ ਹੈ। ਟੈਂਪੂ ਚਾਲਕ ਮਹਿੰਦਰ ਸਿੰਘ ਆਖਦਾ ਹੈ ਕਿ ਇਹ ਟਾਪੂ 20 ਸਾਲ ਪਿੱਛੇ ਹੈ। ਰਾਏ ਸਿੱਖ ਬਰਾਦਰੀ ਏਨੀ ਬਹਾਦਰ ਕੌਮ ਹੈ ਕਿ ਖ਼ੁਦਕੁਸ਼ੀ ਦੇ ਰਾਹ ਤੋਂ ਦੂਰ ਹੈ। ਉਨ੍ਹਾਂ ਦੀ ਖੁਆਹਿਸ਼ ਤੇ ਸੁਪਨੇ ਜ਼ਰੂਰ ਹਰ ਦਿਨ ਖ਼ੁਦਕੁਸ਼ੀ ਕਰਦੇ ਹਨ। ਇਨ੍ਹਾਂ ਪਿੰਡਾਂ ’ਚ ਪੰਜ ਆਂਗਣਵਾੜੀ ਸੈਂਟਰ ਹਨ। ਪਿੰਡ ਰਾਮ ਸਿੰਘ ਭੈਣੀ ’ਚ ਆਂਗਣਵਾੜੀ ਸੈਂਟਰ ਗੁਰੂ ਘਰ ਵਿਚ ਚੱਲਦਾ ਹੈ। ਨਾ ਬਿਜਲੀ ਹੈ ਤੇ ਨਾ ਕੋਈ ਪੱਖਾ। ਜਦੋਂ ਸਤਲੁਜ ’ਚ ਹੜ੍ਹ ਆਉਂਦਾ ਹੈ ਤਾਂ ਸਭ ਸਕੂਲਾਂ ’ਚ ਛੁੱਟੀ ਹੋ ਜਾਂਦੀ ਹੈ। ਦੋਨਾ ਨਾਨਕਾ ਸਮੇਤ ਹੋਰਨਾਂ ਪਿੰਡਾਂ ਦੀਆਂ ਗਲੀਆਂ ਵਿਚ ਥਾਂ ਥਾਂ ਗੋਬਰ ਕੰਧਾਂ ਤੇ ਚੜ੍ਹਿਆ ਨਜ਼ਰ ਪੈਂਦਾ ਹੈ। ਇਕਲੌਤੀ ਲਿੰਕ ਸੜਕ ’ਤੇ ਥਾਂ ਥਾਂ ਚਿੱਕੜ ਹੈ।
                ਇਨ੍ਹਾਂ ਪਿੰਡਾਂ ’ਚ ਟਾਵੇਂ ਸਰਕਾਰੀ ਮੁਲਾਜ਼ਮ ਹਨ। ਫ਼ੌਜ ਵਿਚ ਹਨ ਜਾਂ ਫਿਰ ਕੋਈ ਪੁਲੀਸ ਮੁਲਾਜ਼ਮ। ਰੇਤੇ ਵਾਲੀ ਭੈਣੀ ਦੇ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਪੰਦਰਾਂ ਪਿੰਡਾਂ ਵਿਚ ਤਾਂ ਬਾਹਰੋ ਕੋਈ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਹੁੰਦਾ। ਅਖੀਰ ਇਨ੍ਹਾਂ ਪਿੰਡਾਂ ਦੇ ਰਿਸ਼ਤੇ ਨਾਤੇ ਆਪਸ ਵਿਚ ਹੀ ਤੈਅ ਹੁੰਦੇ ਹਨ। ਮਜਬੂਰੀ ’ਚ ਕਈ ਦਫ਼ਾ ਨੇੜਲੇ ਰਿਸ਼ਤਿਆਂ ’ਚ ਵਿਆਹ ਕਰਨੇ ਪੈਂਦੇ ਹਨ। ਗੁਲਾਬਾ ਭੈਣੀ ’ਚ ਨੌਜਵਾਨ ਹਰਪ੍ਰੀਤ ਸਿੰਘ ਨੇ ਇਸ ਨੂੰ ਵੱਡੀ ਸਮੱਸਿਆ ਦੱਸਿਆ ਕਿ ਇੱਥੇ ਕਿਸੇ ਮੋਬਾਈਲ ਦੀ ਕੋਈ ਰੇਂਜ ਨਹੀਂ ਆਉਂਦੀ। ਮਨਸ਼ਾ ਪਿੰਡ ਦੇ ਲੋਕ ਦੱਸਦੇ ਹਨ ਕਿ ਮਜਬੂਰੀ ਦਾ ਅੱਕ ਚੱਬਦੇ ਚੱਬਦੇ ਬੁੱਢੇ ਹੋ ਗਏ ਹਾਂ। ਇਨ੍ਹਾਂ ਪਿੰਡਾਂ ’ਚ ਕਿਤੇ ਜ਼ਿੰਦਗੀ ਦੀ ਧੜਕਣ ਨਹੀਂ ਸੁਣੀ। ਕਿਸੇ ਦੇ ਚਿਹਰੇ ਤੇ ਕੋਈ ਉਤਸ਼ਾਹ ਨਹੀਂ ਵੇਖਣ ਨੂੰ ਮਿਲਿਆ। ਏਦਾ ਜਾਪਿਆ ਕਿ ਲੋਕ ਬੱਸ ਜੀਅ ਰਹੇ ਹਨ। ਫ਼ਿਕਰਾਂ ਦੇ ਕੌੜੇ ਘੁੱਟ ਮਿੱਠੇ ਸਮਝ ਕੇ ਪੀ ਰਹੇ ਹਨ।
       ਤੇਜਾ ਰੁਹੇਲਾ ਦੇ ਨੌਜਵਾਨ ਦੁਕਾਨਦਾਰ ਅੰਗਰੇਜ਼ ਸਿੰਘ ਨੇ ਟਿੱਚਰ ’ਚ ਆਖਿਆ ਕਿ ਇਨ੍ਹਾਂ ਪਿੰਡਾਂ ਦੀ ਪਿੱਠ ਪਾਕਿਸਤਾਨ ਨਾਲ ਲੱਗਦੀ ਹੈ, ਸ਼ਾਇਦ ਮੋਦੀ ਸਰਕਾਰ ਇਸ ਕਰਕੇ ਪਿੰਡਾਂ ਨਾਲ ਕਿੜ ਕੱਢ ਰਹੀ ਹੈ। ਉਸ ਦੇ ਸਾਥੀ ਦੱਸਦੇ ਹਨ ਕਿ ਜਦੋਂ ਹੜ੍ਹ ਆਉਂਦੇ ਹਨ ਤਾਂ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਦੋ ਤਿੰਨ ਦਿਨ ਪਹਿਲਾਂ ਇਨ੍ਹਾਂ ਪਿੰਡਾਂ ਵਿਚ ਪਟਵਾਰੀ ਹੋਕਾ ਦਿਵਾ ਗਏ ਹਨ ਕਿ ਉੱਪਰੋਂ ਪਾਣੀ ਚੜ੍ਹ ਗਿਆ ਹੈ, ਹੜ੍ਹ ਦਾ ਖ਼ੌਫ਼ ਮੁੜ ਇਨ੍ਹਾਂ ਨੂੰ ਬਣ ਗਿਆ ਹੈ। ਪੁਲੀਸ ਅਧਿਕਾਰੀ ਦੱਸਦੇ ਹਨ ਕਿ ਇਨ੍ਹਾਂ ਪਿੰਡ ਦੇ ਲੋਕ ਸ਼ਰਾਬ ਕੱਢਦੇ ਹਨ ਪ੍ਰੰਤੂ ਬਾਕੀ ਨਸ਼ਿਆਂ ਤੋਂ ਬਚਾਓ ਹੈ। ਇਨ੍ਹਾਂ ਪਿੰਡਾਂ ਵਿਚ ਕੋਈ ਵੱਡਾ ਕਮਿਊਨਿਟੀ ਸੈਂਟਰ ਵੀ ਨਹੀਂ ਹੈ। 
                ਇਨ੍ਹਾਂ ਪਿੰਡਾਂ ’ਚ ਸਿਰਫ਼ ਵੋਟਾਂ ਵੇਲੇ ਲੀਡਰ ਦਿੱਖਦੇ ਹਨ। ਰਾਏ ਸਿੱਖ ਆਗੂ ਇਨ੍ਹਾਂ ਤੋਂ ਵੋਟਾਂ ਤਾਂ ਲੈਂਦੇ ਹਨ ਪਰ ਇਨ੍ਹਾਂ ਦਾ ਜੀਵਨ ਪੱਧਰ ਕਦੇ ਛਲਾਂਗ ਨਹੀਂ ਲਾ ਸਕਿਆ। ਗੱਠਜੋੜ ਸਰਕਾਰ ਸਮੇਂ ਇਨ੍ਹਾਂ ਪਿੰਡਾਂ ’ਚ ਸਤਲੁਜ ਦਰਿਆ ਤੇ ਦੋ ਪੁਲ ਬਣੇ ਹਨ ਜਿਸ ਨਾਲ ਇਨ੍ਹਾਂ ਪਿੰਡਾਂ ਦਾ ਸੰਪਰਕ ਜੁੜਿਆ ਹੈ। ਦੋਨਾ ਨਾਨਕਾ ਦੇ ਲੋਕਾਂ ਨੇ ਮੰਗ ਰੱਖੀ ਕਿ ਉਨ੍ਹਾਂ ਦੇ ਨੇੜਲਾ ਇੱਕ ਹੋਰ ਪੁਲ ਬਣ ਜਾਵੇ ਤਾਂ ਫ਼ਾਜ਼ਿਲਕਾ ਦੀ ਵਾਟ ਸਿਰਫ਼ ਛੇ ਕਿੱਲੋਮੀਟਰ ਰਹਿ ਜਾਵੇਗੀ। ਪੰਚਾਇਤਾਂ ਦੀ ਮੰਗ ਹੈ ਕਿ ਇਨ੍ਹਾਂ ਪਿੰਡਾਂ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਅਤੇ ਕੇਂਦਰ ਸਰਕਾਰ ਸਰਹੱਦੀ ਨੌਜਵਾਨਾਂ ਲਈ ਨੌਕਰੀਆਂ ਵਿਚ ਰਾਖਵਾਂਕਰਨ ਕਰੇ। ਨੈਸ਼ਨਲ ਐਵਾਰਡੀ ਅਧਿਆਪਕ ਲਵਜੀਤ ਗਰੇਵਾਲ ਦਾ ਪ੍ਰਤੀਕਰਮ ਸੀ ਕਿ ਥੋੜੇ੍ਹ ਅਰਸੇ ਤੋਂ ਹੁਣ ਨਵੀਂ ਪੀੜੀ ਉਚੇਰੀ ਵਿੱਦਿਆ ਲਈ ਫ਼ਾਜ਼ਿਲਕਾ ਦੇ ਕਾਲਜਾਂ ਵਿਚ ਜਾਣ ਲੱਗੀ ਹੈ।
               ਮਹਾਤਮ ਨਗਰ ਦੀ ਸਹਿਕਾਰੀ ਬੈਂਕ ਦੇ ਅਧਿਕਾਰੀ ਆਖਦੇ ਹਨ ਕਿ ਬੈਂਕ ਤਾਂ ਘਾਟੇ ਵਿਚ ਹੈ ਪ੍ਰੰਤੂ ਲੋਕ ਸੇਵਾ ਲਈ ਚਲਾ ਰਹੇ ਹਨ। ਬੈਂਕ ਵਿਚ ਸਿਰਫ਼ ਮਗਨਰੇਗਾ ਵਰਕਰਾਂ ਅਤੇ ਬੁਢਾਪਾ ਪੈਨਸ਼ਨਾਂ ਦੇ ਖਾਤੇ ਹਨ। ਸਭਨਾਂ ਦੇ ਖਾਤੇ ਖ਼ਾਲੀ ਖੜਕ ਰਹੇ ਹਨ। ਇਹ ਚਾਰ ਪਿੰਡਾਂ ਦਾ ਬੈਂਕ ਹੈ ਜਿਸ ’ਚ ਹੋਰ ਕੋਈ ਲੈਣ ਦੇਣ ਹੀ ਨਹੀਂ ਹੁੰਦਾ ਹੈ। ਦੋ ਪਹੀਆ ਵਾਹਨ ਕੱੁਝ ਲੋਕਾਂ ਕੋਲ ਹਨ ਪਰ ਇਨ੍ਹਾਂ ਪਿੰਡਾਂ ਦੀ ਜ਼ਿੰਦਗੀ ਫਿਰ ਵੀ ਲੀਹ ’ਤੇ ਨਹੀਂ ਪੈ ਸਕੀ ਹੈ। ਵੱਡੇ ਲੀਡਰਾਂ ਚੋਂ ਸਾਬਕਾ ਮੱੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਪਿੰਡਾਂ ਵਿਚ ਆ ਚੁੱਕੇ ਹਨ। ਸੰਸਦ ਮੈਂਬਰ ਭਗਵੰਤ ਮਾਨ ਤਾਂ ਪੰਜ ਗੇੜੇ ਲਾ ਚੁੱਕਾ ਹੈ ਅਤੇ ਤੇਜਾ ਰੁਹੇਲਾ ਵਿਚ ਅਰਵਿੰਦ ਕੇਜਰੀਵਾਲ ਵੀ ਚੋਣਾਂ ਵੇਲੇ ਆਇਆ ਸੀ।
                             ਵਿਕਾਸ ਦਾ ਖਾਕਾ ਵਾਹਿਆ ਹੈ : ਘੁਬਾਇਆ
ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਪ੍ਰਤੀਕਰਮ ਸੀ ਕਿ ਦਸ ਵਰ੍ਹਿਆਂ ’ਚ ਐਮ.ਪੀ ਘੁਬਾਇਆ ਵਲੋਂ ਦਿੱਤੇ ਫੰਡਾਂ ਨਾਲ ਕੁਝ ਮੂੰਹ ਮੱਥਾ ਇਨ੍ਹਾਂ ਪਿੰਡਾਂ ਦਾ ਬਣਿਆ ਹੈ ਪ੍ਰੰਤੂ ਹੁਣ ਇਨ੍ਹਾਂ ਪਿੰਡਾਂ ਦੇ ਵਿਕਾਸ ਦਾ ਖਾਕਾ ਵਾਹਿਆ ਹੈ ਜਿਸ ਤਹਿਤ ਦੋ ਪੁੱਲ ,ਸਕੂਲ ,ਪੀਣ ਵਾਲੇ ਪਾਣੀ, ਸਿਹਤ ਸਹੂਲਤਾਂ ਤੇ ਗਲੀਆਂ ਨਾਲੀਆਂ ਬਣਾਈਆਂ ਜਾਣਗੀਆਂ। ਸੜਕੀਂ ਸੰਪਰਕ ’ਚ ਸੁਧਾਰ ਕੀਤਾ ਜਾਵੇਗਾ।


Sunday, July 15, 2018

                                                         ਹਾਸ਼ੀਏ ਤੇ ਜ਼ਿੰਦਗੀ
                          ਪਿੱਪਲ ਦਿਆ ਪੱਤਿਆ ਵੇ, ਸਾਡੇ ਕਰਮੀਂ ਦਰਦ ਬੜਾ...
                                                           ਚਰਨਜੀਤ ਭੁੱਲਰ
ਤੇਜਾ ਰੁਹੇਲਾ (ਫ਼ਾਜ਼ਿਲਕਾ) : ਭਾਰਤ-ਪਾਕਿ ਸੀਮਾ ’ਤੇ ਪੈਂਦੇ ਇਸ ਪਿੰਡ ਦੇ ਨਿਆਣੇ ਤੇ ਸਿਆਣੇ ਬਿਨਾਂ ਕਸੂਰੋਂ ਸਜ਼ਾ ਭੁਗਤ ਰਹੇ ਹਨ। ਬੱਚਿਆਂ ਦੇ ਚਿੱਟੇ ਸਿਰਾਂ ਤੋਂ ਬੁਢਾਪੇ ਦਾ ਝਉਲਾ ਪੈਂਦਾ ਹੈ। ਜਵਾਨ ਕੁੜੀਆਂ ਉਮਰੋਂ ਪਹਿਲਾਂ ਹੀ ਢਲ ਰਹੀਆਂ ਹਨ। ਕੋਈ ਚਮੜੀ ਦੇ ਰੋਗ ਦਾ ਭੰਨਿਆ ਪਿਆ ਹੈ ਤੇ ਕਿਸੇ ਤੋਂ ਪਥਰੀ ਦੀ ਪੀੜ ਝੱਲੀ ਨਹੀਂ ਜਾ ਰਹੀ। ਕੋਈ ਸਤਲੁਜ ਨੂੰ ਕੋਸਦਾ ਹੈ ਤੇ ਕੋਈ ਸਰਕਾਰਾਂ ਨੂੰ ਉਲਾਂਭੇ ਦਿੰਦਾ ਹੈ ਜਿਨ੍ਹਾਂ ਨੇ ਪਿੰਡ ਨੂੰ ਪੰਜੀ ਦਾ ਭੌਣ ਦਿਖਾ ਦਿੱਤਾ ਹੈ। ਚੰਡੀਗੜ੍ਹੋਂ ਕਦੇ ਕੋਈ ਠੰਢਾ ਬੁੱਲ੍ਹਾ ਇਸ ਪਿੰਡ ਨਹੀਂ ਪੁੱਜਾ। 45 ਵਰ੍ਹਿਆਂ ਦਾ ਚਿਮਨ ਸਿੰਘ ਚਮੜੀ ਰੋਗ ਤੋਂ ਪੀੜਤ ਹੈ। ਦਰਜਨਾਂ ਹੋਰ ਚਮੜੀ ਰੋਗ ਦੀ ਦਵਾਈ ਖਾ ਰਹੇ ਹਨ। ਵੀਹ ਕੁ ਬੱਚਿਆਂ ਦੇ ਸਿਰਾਂ ਦੇ ਵਾਲ ਚਿੱਟੇ ਹੋ ਗਏ ਹਨ।  ਕੌਮਾਂਤਰੀ ਸੀਮਾ ਤੇ ਕਰੀਬ ਪੰਦਰਾਂ ਕੁ ਪਿੰਡ ਦਾ ਕਲਸਟਰ ਹੈ ਜਿਨ੍ਹਾਂ ਨੂੰ ਵਰ੍ਹਿਆਂ ਤੋਂ ਜ਼ਿੰਦਗੀ ਦੇ ਝੱਖੜ ਝੱਲਣੇ ਪੈ ਰਹੇ ਹਨ। ਇੱਕ ਬੰਨ੍ਹੇ ਕੌਮਾਂਤਰੀ ਸੀਮਾ ਦੀ ਕੰਡਿਆਲੀ ਤਾਰ ਦੀ ਵਲਗਣ ਹੈ ਤੇ ਦੂਸਰੇ ਪਾਸੇ ਸਤਲੁਜ ਦਰਿਆ ਸ਼ੂਕਦਾ ਹੈ। ਅੱਧ ਵਿਚਾਲੇ ਰਾਏ ਸਿੱਖ ਬਰਾਦਰੀ ਦੇ ਲੱਖਾਂ ਲੋਕਾਂ ਦੀ ਬੇੜੀ ਫਸੀ ਹੋਈ ਹੈ ਜਿਨ੍ਹਾਂ ਨੂੰ ਲੰਮੇ ਅਰਸੇ ਤੋਂ ਸਿਆਸੀ ਮਲਾਹ ਦੀ ਉਡੀਕ ਹੈ।
                 ਪੰਜਾਬ ਦੀ ਟੇਲ ਤੇ ਪੈਂਦੇ ਪਿੰਡ ਤੇਜਾ ਰੁਹੇਲਾ ’ਚ ਪੂਰੀ ਆਬਾਦੀ ਦਲਿਤ ਭਾਈਚਾਰੇ ਦੀ ਹੈ। ਪਿੰਡ ’ਚ 169 ਘਰ ਤੇ 971 ਦੀ ਆਬਾਦੀ ਹੈ। ਜਲ ਸਪਲਾਈ ਮਹਿਕਮੇ ਨੇ ਪਾਣੀ ਟੈੱਸਟ ਕੀਤਾ ਤਾਂ ਪਾਣੀ ’ਚ ਪ੍ਰਤੀ ਲੀਟਰ 82.2 ਐਮ.ਜੀ ਯੂਰੇਨੀਅਮ ਨਿਕਲਿਆ। ਯੂਰੇਨੀਅਮ ਨੂੰ ਬੰਬ ਦੱਸਣ ਵਾਲੇ ਘਰਾਂ ਦੀ ਕੋਈ ਕਮੀ ਨਹੀਂ। ਤੇਜਾ ਰੁਹੇਲਾ ਦੇ 12-13 ਬੱਚੇ ਪਹਿਲਾਂ ਹੀ ਅਪੰਗਤਾ ਦਾ ਸ਼ਿਕਾਰ ਹਨ ਜਿਨ੍ਹਾਂ ਲਈ ਅਪੰਗਤਾ ਕੇਂਦਰ ਚੱਲ ਰਿਹਾ ਹੈ। ਪੰਜਵੀਂ ’ਚ ਪੜ੍ਹਦੀ ਸਿਮਰਨ ਅੱਖਾਂ ਦੀ ਜੋਤ ਗੁਆ ਚੁੱਕੀ ਹੈ। ਨੈਣਾਂ ਨੂੰ ਤਰਸਦੀ ਇੱਕ ਬੱਚੀ ਮੌਤ ਦੇ ਮੂੰਹ ਜਾ ਪਈ ਹੈ। ਦੋ ਬੱਚੀਆਂ ਦੇ ਇਲਾਜ ਲਈ ਜਸਮੀਰ ਸਿੰਘ ਹਰ ਕੋਨੇ ’ਤੇ ਗਿਆ। ਤਿੰਨ ਵਰ੍ਹਿਆਂ ਦੇ ਬੱਚੇ ਪ੍ਰਿੰਸ ਅਤੇ19 ਵਰ੍ਹਿਆਂ ਦੇ ਨੌਜਵਾਨ ਦਾਰਾ ਸਿੰਘ ਵੀ ਸਿਰ ਚਿੱਟਾ ਹੋਣ ਲੱਗਾ ਹੈ। ਸਤਲੁਜ ਤੋਂ ਪਾਰ ਪੈਂਦੇ ਹਰ ਪਿੰਡ ਦੀ ਇੱਕੋ ਕਹਾਣੀ ਹੈ। ਪਿੰਡ ਦੋਦਾ ਨਾਨਕਾ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਦੇ ਕਰੀਬ 25 ਬੱਚਿਆਂ ਦੇ ਸਿਰ ਚਿੱਟੇ ਹੋਣ ਲੱਗੇ ਹਨ। ਬੱਚੀ ਪੂਨਮ ਰਾਣੀ ਸਿਰ ਢੱਕ ਕੇ ਰੱਖਦੀ ਹੈ। ਮੁੱਖ ਅਧਿਆਪਕ ਲਵਜੀਤ ਗਰੇਵਾਲ ਦੱਸਦੇ ਹਨ ਕਿ ਅੱਠ ਦਸ ਬੱਚੇ ਤਾਂ ਵਾਲਾਂ ਨੂੰ ਰੰਗ ਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਚਮੜੀ ਰੋਗ ਤੇ ਦੰਦਾਂ ਦੀ ਖ਼ਰਾਬੀ ਉਸ ਤੋਂ ਵੀ ਮਾੜੀ ਹੈ।
         ਪੰਜਾਬੀ ਟ੍ਰਿਬਿਊਨ ਦੀ ਟੀਮ ਨੇ ਇਨ੍ਹਾਂ ਪਿੰਡਾਂ ਦੇ ਦੁੱਖਾਂ ਤੇ ਭੁੱਖਾਂ ਨੂੰ ਨੇੜਿਓ ਵੇਖਣ ਦੀ ਕੋਸ਼ਿਸ਼ ਕੀਤੀ। ਦੋਨਾ ਨਾਨਕਾ ਦੇ ਖੇਤਾਂ ’ਚ ਝੋਨਾ ਲਾਉਂਦੀ ਰਾਜੋ ਸ਼ਕਲੋਂ ਵੇਖਣ ਨੂੰ ਵੱਡੀ ਉਮਰੇ ਦੀ ਜਾਪਦੀ ਸੀ। ਉਸ ਨੇ ਆਪਣੀ ਉਮਰ 18 ਸਾਲ ਦੱਸੀ ਪ੍ਰੰਤੂ ਬਜ਼ੁਰਗੀ ਝਉਲਾ ਉਸ ਦੇ ਚਿਹਰੇ ਤੋਂ ਨਜ਼ਰ ਪੈਂਦਾ ਸੀ। ਮਹਿਲਾ ਸੁਰਜੀਤ ਕੌਰ ਤੇ ਕਸ਼ਮੀਰ ਕੌਰ ਨੇ ਆਖਿਆ ਕਿ ‘ਜ਼ਿੰਦਾ ਰੂਹਾਂ ਭਟਕ ਰਹੀਆਂ ਹਾਂ, ਹੁਣ ਤਾਂ ਮੌਤ ਹੀ ਮਿਲ ਜਾਏ।’ ਮਦਨ ਸਿੰਘ ਦੱਸਦਾ ਹੈ ਕਿ ਦਸ ਮਹੀਨੇ ਸਤਲੁਜ ਦਾ ਜ਼ਹਿਰੀਲਾ ਪਾਣੀ ਰੰਜ ਕੱਢਣਾ ਹੈ ਤੇ ਦੋ ਮਹੀਨੇ ਹੜ੍ਹ ਖੇਤ ਵਿਛਾਉਂਦੇ ਹਨ। ਅੌਰਤਾਂ ਨੇ ਆਖਿਆ ਕਿ ਉਨ੍ਹਾਂ ਦੇ ਹਿੱਸੇ ਤਾਂ ਕੋਈ ਦਵਾਖ਼ਾਨਾ ਨਹੀਂ ਆਇਆ। ਆਰ.ਐਮ.ਪੀ ਡਾ. ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿੰਡ ’ਚ ਕਰੀਬ 30 ਚਮੜੀ ਰੋਗਾਂ ਦੇ ਕੇਸ ਹਨ। ਕੈਲਾਸ਼ ਰਾਣੀ ਨੇ ਪਿੱਤੇ ’ਚ ਪਥਰੀ ਹੋਣ ਦੀ ਗੱਲ ਦੱਸੀ। ਇਨ੍ਹਾਂ 15 ਪਿੰਡਾਂ ਵਿਚ ਸਿਰਫ਼ ਮਹਾਤਮ ਨਗਰ ’ਚ ਇੱਕੋ ਇੱਕ ਡਿਸਪੈਂਸਰੀ ਹੈ ਜੋ ਬੰਦ ਪਈ ਹੈ। ਇਨ੍ਹਾਂ ਲੋਕਾਂ ਦੀ ਜ਼ਿੰਦਗੀ ਆਰ.ਐਮ.ਪੀ ਡਾਕਟਰਾਂ ਸਹਾਰੇ ਹੈ। ਜਦੋਂ ਕੋਈ ਐਮਰਜੈਂਸੀ ਪੈਂਦੀ ਹੈ ਤਾਂ ਫ਼ਾਜ਼ਿਲਕਾ ਜਾਣਾ ਪੈਂਦਾ ਹੈ।
                ਐਮਰਜੈਂਸੀ ਕੇਸਾਂ ਮੌਕੇ ਫ਼ਾਜ਼ਿਲਕਾ ਦਾ ਰੇਲ ਫਾਟਕ ਵੀ ਪ੍ਰੀਖਿਆ ਲੈਂਦਾ ਹੈ। ਗੱਠਜੋੜ ਸਰਕਾਰ ਸਮੇਂ ਫ਼ਾਜ਼ਿਲਕਾ ਹਲਕੇ ਦਾ ਵਿਧਾਇਕ ਹੀ ਸਿਹਤ ਮੰਤਰੀ ਦੀ ਕੁਰਸੀ ਤੇ ਬੈਠਾ ਸੀ ਜਿਸ ਨੂੰ ਇਹ ਪਿੰਡ ਨਜ਼ਰ ਨਹੀਂ ਪਏ। ਪਿੰਡ ਮੁਹਾਰ ਸੋਨਾ ਦੇ ਪਾਣੀ ਦੀ ਟੈਸਟਿੰਗ ਮੌਕੇ ਯੂਰੇਨੀਅਮ ਸਾਹਮਣੇ ਆਇਆ। ਇਹੋ ਪਾਣੀ ਲੋਕ ਪੀਂਦੇ ਹਨ। ਇਨ੍ਹਾਂ ਪਿੰਡਾਂ ’ਚ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੇ ਵੱਡੇ ਵੱਡੇ ਪੋਸਟਰ ਥਾਂ ਥਾਂ ਲੱਗੇ ਹੋਏ ਹਨ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਫ਼ਾਜ਼ਿਲਕਾ2) ਸ਼ਾਮ ਸ਼ੁੰਦਰ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਬਲਾਕ ਦੇ 22 ਸਕੂਲਾਂ ਦੇ ਪਾਣੀ ਦੇ ਨਮੂਨੇ ਫ਼ੇਲ੍ਹ ਆਏ ਹਨ ਜਿਨ੍ਹਾਂ ਚੋਂ ਜ਼ਿਆਦਾ ਸਤਲੁਜ ਤੋਂ ਪਾਰ ਪੈਂਦੇ ਸਕੂਲਾਂ ਦੇ ਨਮੂਨੇ ਹਨ। ਪਿੰਡ ਮੁਹਾਰ ਜਮਸ਼ੇਰ ਸਿੰਘ ਨਾ ਜਲ ਘਰ ਹੈ ਅਤੇ ਨਾ ਹੀ ਕੋਈ ਆਰ.ਓ ਪਲਾਂਟ। ਸਰਪੰਚ ਛੀਨਾ ਸਿੰਘ ਦੱਸਦਾ ਹੈ ਕਿ ਕੱੁਝ ਘਰ ਲਾਗਲੇ ਪਿੰਡ ਦੇ ਆਰ.ਓ ਤੋਂ ਚਾਰ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪਾਣੀ ਲੈ ਆਉਂਦੇ ਹਨ,ਬਾਕੀ ਲਈ ਨਲਕਿਆਂ ਦਾ ਪਾਣੀ ਪੀਣਾ ਮਜਬੂਰੀ ਹੈ। ਸਕੂਲ ਅਧਿਆਪਕ ਸਵੀਕਾਰ ਗਾਂਧੀ ਨੇ ਦੱਸਿਆ ਕਿ ਅਕਸਰ ਬੱਚੇ ਪੇਟ ਦਰਦ ਤੇ ਚੱਕਰ ਆਉਣ ਦੀ ਸ਼ਿਕਾਇਤ ਰੱਖਦੇ ਹਨ ਤੇ ਮੀਂਹਾਂ ਦੇ ਸਮੇਂ ਖ਼ਾਰਸ਼ ਦੀ ਸਮੱਸਿਆ ਆਉਂਦੀ ਹੈ।
                  ਤੀਸਰੀ ਕਲਾਸ ਦੀ ਬੱਚੀ ਮਨੀਸ਼ਾ ਰਾਣੀ ਦੇ ਪੰਜਾਹ ਫ਼ੀਸਦੀ ਸਿਰ ਚਿੱਟਾ ਹੈ। ਸਕੂਲ ਦੇ ਕਰੀਬ 12 ਬੱਚਿਆਂ ਦੇ ਵਾਲ ਚਿੱਟੇ ਹਨ। ਪਿੰਡ ਗੁਲਾਬਾ ਭੈਣੀ ਦੇ ਇੱਕ ਹੇਅਰ ਡਰੈਸਰ ਕੋਲ ਦਸਵੀਂ ਕਲਾਸ ਦਾ ਬੱਚਾ ਲਵਪ੍ਰੀਤ ਆਪਣੇ ਚਿੱਟੇ ਵਾਲਾਂ ਨੂੰ ਰੰਗਾ ਰਿਹਾ ਸੀ। ਹੇਅਰ ਡਰੈਸਰ ਮਲਕੀਤ ਸਿੰਘ ਨੇ ਦੱਸਿਆ ਕਿ ਛੋਟੇ ਬੱਚਿਆਂ ਦੇ ਵਾਲ ਤੇ ਦੰਦ ਜਲਦੀ ਖ਼ਰਾਬ ਹੋ ਜਾਂਦੇ ਹਨ। ਪਿੰਡ ਮਹਾਤਮ ਨਗਰ ਦੇ ਪੰਜਵੀਂ ਕਲਾਸ ਦੇ ਬੱਚੇ ਇੰਜਨੀਤ ਨੇ ਗੁਰਦੇ ਵਿਚ ਪਥਰੀ ਹੋਣ ਦੀ ਗੱਲ ਦੱਸੀ। ਪਿੰਡ ਝੰਗੜ ਭੈਣੀ ਦੀ ਆਂਗਣਵਾੜੀ ਮੁਲਾਜ਼ਮ ਸਮਿੱਤਰਾ ਦੇਵੀ ਨੇ ਦੱਸਿਆ ਕਿ ਸੁਰਤ ਸੰਭਲਣ ਤੋਂ ਪਹਿਲਾਂ ਬੱਚਿਆਂ ਦੇ ਵਾਲ ਭੂਰੇ ਹੋਣੇ ਸ਼ੁਰੂ ਹੋ ਜਾਂਦੇ ਹਨ। ਕੈਂਸਰ ਤੇ ਟੀ.ਬੀ ਦੇ ਮਰੀਜ਼ ਵੀ ਇਨ੍ਹਾਂ ਪਿੰਡਾਂ ਵਿਚ ਹਨ।  ਪਿੰਡ ਰਾਮ ਸਿੰਘ ਭੈਣੀ ਦੇ ਲੋਕਾਂ ਨੇ ਦੱਸਿਆ ਕਿ ਸਤਲੁਜ ਤੋਂ ਪਾਰ ਦੇ ਪਿੰਡਾਂ ਲਈ ਸਰਕਾਰ ਵੱਖਰਾ ਹਸਪਤਾਲ ਬਣਾਏ। ਸਭਨਾਂ ਪਿੰਡਾਂ ਨੂੰ ਇੱਕੋ ਉਡੀਕ ਹੈ ਕਿ ਕੋਈ ਸਿਆਸੀ ਮਲਾਹ ਆਏਗਾ ?
                                ਖੁਰਾਕੀ ਤੱਤਾਂ ਦੀ ਕਮੀ : ਸਿਵਲ ਸਰਜਨ
ਸਿਵਲ ਸਰਜਨ ਫ਼ਾਜ਼ਿਲਕਾ ਡਾ.ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਾਬੰਦੀ ਦੇ ਬਾਵਜੂਦ ਇਨ੍ਹਾਂ ਪਿੰਡਾਂ ਦੇ ਲੋਕ ਧਰਤੀ ਹੇਠਲਾ ਪਾਣੀ ਵਰਤ ਲੈਂਦੇ ਹਨ ਜਿਸ ਕਰਕੇ ਸਮੱਸਿਆ ਆਉਂਦੀ ਹੈ। ਹਾਲਾਂਕਿ ਇਨ੍ਹਾਂ ਪਿੰਡਾਂ ਵਿਚ ਆਰ.ਓ ਪਲਾਂਟ ਅਤੇ ਜਲ ਘਰ ਹਨ ਅਤੇ ਮਹਿਕਮੇ ਤਰਫ਼ੋਂ ਮੈਡੀਕਲ ਕੈਂਪ ਵੀ ਲਾਏ ਜਾਂਦੇ ਹਨ। ਖੁਰਾਕੀ ਤੱਤਾ ਦੀ ਕਮੀ ਕਰਕੇ ਵਾਲ ਚਿੱਟੇ ਹੋਣ ਦੀ ਸਮੱਸਿਆ ਹੈ। ਡਿਸਪੈਂਸਰੀਆਂ ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਹਨ ਜਿਸ ’ਤੇ ਉਹ ਕੋਈ ਟਿੱਪਣੀ ਨਹੀਂ ਸਕਦੇ।


Friday, July 13, 2018

                          ਸਿਆਸੀ ਮੋਹ
 ਕੈਪਟਨ ਸਾਹਿਬ ਕੋ ਮੇਰਾ ਸਲਾਮ ਕਹਿਨਾ...
                         ਚਰਨਜੀਤ ਭੁੱਲਰ
ਬਠਿੰਡਾ : ਅਕਾਲੀ-ਭਾਜਪਾ ਗੱਠਜੋੜ ਦੀ ਮਲੋਟ ਰੈਲੀ ਵਿੱਚ ਕੱਲ੍ਹ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਦੁਆ ਸਲਾਮ ਭੇਜਣੀ ਨਹੀਂ ਭੁੱਲੇ। ਪ੍ਰਧਾਨ ਮੰਤਰੀ ਦੇ ਕੈਪਟਨ ਮੋਹ ਤੋਂ ਨਵੀਂ ਚਰਚਾ ਜਨਮੀਂ ਹੈ। ਭਿਸੀਆਣਾ ਦੇ ਹਵਾਈ ਅੱਡੇ ’ਤੇ ਸਵਾਗਤ ਲਈ ਪੁੱਜੇ ਪੰਜਾਬ ਦੇ ਦੋ ਵਜ਼ੀਰਾਂ ਹੱਥ ਨਰਿੰਦਰ ਮੋਦੀ ਨੇ ਸੁਨੇਹਾ ਦਿੱਤਾ ਕਿ ‘ ਕੈਪਟਨ ਸਾਹਿਬ ਕੋ ਮੇਰਾ ਸਲਾਮ ਕਹਿਨਾ’। ਪਹਿਲਾਂ ਚਰਚਾ ਉਦੋਂ ਛਿੜੀ ਸੀ ਜਦੋਂ ਨਰਿੰਦਰ ਮੋਦੀ ਨੇ ਤ੍ਰਿਪੁਰਾ ਚੋਣ ਨਤੀਜੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਆਜ਼ਾਦ ਸਿਪਾਹੀ’ ਆਖਿਆ ਸੀ। ਹੁਣ ਦੂਸਰਾ ਮੌਕਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰ ਅਮਰਿੰਦਰ ਸਿੰਘ ਪ੍ਰਤੀ ਮੋਹ ਭਰੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਦਰੋਂ ਅੰਦਰੀਂ ਨਾਖ਼ੁਸ਼ ਹੈ ਜਦੋਂ ਕਿ ਕਾਂਗਰਸੀ ਖੇਮਾ ਆਪੋ ਆਪਣੇ ਮਾਅਨੇ ਕੱਢ ਰਿਹਾ ਹੈ।  ਵੇਰਵਿਆਂ ਅਨੁਸਾਰ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਪ੍ਰੋਟੋਕਾਲ ਨਾਤੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਭਿਸੀਆਣਾ ਹਵਾਈ ਅੱਡੇ ਤੇ ਪੁੱਜੇ। ਜਦੋਂ ਪ੍ਰਧਾਨ ਮੰਤਰੀ ਆਏ ਤਾਂ ਇਨ੍ਹਾਂ ਵਜ਼ੀਰਾਂ ਨੇ ਫੁੱਲ ਭੇਟ ਕੀਤੇ ਅਤੇ ਆਪਣੀ ਜਾਣ ਪਹਿਚਾਣ ਕਰਾਈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਵਜ਼ੀਰਾਂ ਨੂੰ ਆਖਿਆ ਕਿ ਉਹ ਕੈਪਟਨ ਸਾਹਿਬ ਨੂੰ ਮੇਰੀ ਸਲਾਮ ਕਹਿਣ।
                 ਵਜ਼ੀਰਾਂ ਨੇ ਇਸ ਨੂੰ ਸਹਿਜ ਵਿਚ ਲਿਆ ਪ੍ਰੰਤੂ ਜਦੋਂ ਮਲੋਟ ਰੈਲੀ ਦੀ ਸਮਾਪਤੀ ਮਗਰੋਂ ਭਿਸੀਆਣਾ ਹਵਾਈ ਅੱਡੇ ਤੋਂ ਵਿਦਾ ਹੋਣ ਲੱਗੇ ਤਾਂ ਪ੍ਰਧਾਨ ਮੰਤਰੀ ਨੇ ਵਜ਼ੀਰਾਂ ਕੋਲ ਮੁੜ ਗੱਲ ਦੁਹਰਾ ਦਿੱਤੀ ਤਾਂ ਵਜ਼ੀਰਾਂ ਦਾ ਮੱਥਾ ਠਣਕਿਆ। ਸੂਤਰ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਦੇ ਰੈਲੀ ਮਗਰੋਂ ਵਿਦਾ ਹੋਣ ਮੌਕੇ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਵਜ਼ੀਰਾਂ ਦੀ ਪਹਿਚਾਣ ਨਰਿੰਦਰ ਮੋਦੀ ਕੋਲ ਕਰਾਉਣ ਲੱਗੇ ਤਾਂ ਮੋਦੀ ਨੇ ਮੁੜ ਦੁਹਰਾਇਆ, ‘ਮੈਂ ਜਾਣਦਾ ਹਾਂ ਅਤੇ ਮੈਂ ਕੈਪਟਨ ਸਾਹਿਬ ਨੂੰ ਸਲਾਮ ਕਹਿਣ ਲਈ ਵੀ ਇਨ੍ਹਾਂ ਨੂੰ ਆਖਿਆ ਹੈ। ’ ਸੂਤਰ ਦੱਸਦੇ ਹਨ ਕਿ ਉਸ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੁੱਪ ਹੋ ਗਏ। ਸ਼੍ਰੋਮਣੀ ਅਕਾਲੀ ਤਰਫ਼ੋਂ ਭਿਸੀਆਣਾ ਹਵਾਈ ਅੱਡੇ ਤੇ ਮੋਦੀ ਦੇ ਸਵਾਗਤ ਲਈ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਬੀਬੀ ਜੰਗੀਰ ਕੌਰ,ਹੀਰਾ ਸਿੰਘ ਗਾਬੜੀਆ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਪੁੱਜੇ ਹੋਏ ਸਨ। ਸਰੂਪ ਸਿੰਗਲਾ ਨੇ ਦੱਸਿਆ ਕਿ ਸਭਨਾਂ ਦੀ ਹਾਜ਼ਰੀ ’ਚ ਕਾਂਗਰਸੀ ਵਜ਼ੀਰਾਂ ਨੂੰ ਕੈਪਟਨ ਅਮਰਿੰਦਰ ਨੂੰ ਉਨ੍ਹਾਂ ਤਰਫ਼ੋਂ ਫ਼ਤਿਹ ਬੁਲਾਉਣ ਲਈ ਆਖਿਆ। ਜਦੋਂ ਤ੍ਰਿਪੁਰਾ ਚੋਣਾਂ ਮੌਕੇ ਮੋਦੀ ਨੇ ਅਮਰਿੰਦਰ ਸਿੰਘ ਨੂੰ ‘ ਸੁਤੰਤਰ ਫ਼ੌਜੀ’ ਆਖਿਆ ਸੀ ਤਾਂ ਉਦੋਂ ਕਾਂਗਰਸ ’ਚ ਕਾਫ਼ੀ ਘੁਸਰ ਮੁਸਰ ਹੋਈ ਸੀ।
                ਉਦੋਂ ਹੀ ਅਮਰਿੰਦਰ ਸਿੰਘ ਨੇ ਪ੍ਰਤੀਕਰਮ ਦਿੰਦੇ ਹੋਏ ਆਖਿਆ ਸੀ ਕਿ ਉਸ ਦੇ ਅਤੇ ਹਾਈਕਮਾਨ ਦਰਮਿਆਨ ਇੱਕ ਤਰੇੜ ਪਾਉਣ ਦੀ ਇਹ ਮੋਦੀ ਦੀ ਫ਼ਜ਼ੂਲ ਦੀ ਕੋਸ਼ਿਸ਼ ਹੈ। ਉਂਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੂੰਹੋਂ ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਇਹ ਗੱਲ ਨਹੀਂ ਸੁਣੀ ਗਈ ਕਿ ਕੇਂਦਰ  ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਬੀਤੇ ਕੱਲ੍ਹ ਮਲੋਟ ਦੀ ‘ਕਿਸਾਨ ਕਲਿਆਣ ਰੈਲੀ’ ਦੌਰਾਨ ਇੱਕ ਦਫ਼ਾ ਵੀ ਅਮਰਿੰਦਰ ਸਿੰਘ ਦਾ ਨਾਮ ਲੈ ਕੇ ਕੋਈ ਸਿਆਸੀ ਹੱਲਾ ਨਹੀਂ ਬੋਲਿਆ। ਉਨ੍ਹਾਂ ਅਮਰਿੰਦਰ ਸਿੰਘ ਦੀ ਥਾਂ ਸਿਰਫ਼ ਪੰਜਾਬ ਦੀ ਕਾਂਗਰਸ ਸਰਕਾਰ ਲਫ਼ਜ਼ਾਂ ਦੀ ਵਰਤੋਂ ਕੀਤੀ। ਹਾਲਾਂ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਸਟੇਜ ਤੋਂ ਆਖਿਆ ਸੀ ਕਿ ਕੈਪਟਨ ਜਿਨਸਾਂ ਦੇ ਭਾਅ ਵਧਾਏ ਜਾਣ ਮਗਰੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਵੀ ਨਹੀਂ ਗਏ ਪ੍ਰੰਤੂ ਮੋਦੀ ਦੀ ਕੈਪਟਨ ਪ੍ਰਤੀ ਸੁਰ ਮੱਠੀ ਰਹੀ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਮਸਲਿਆਂ ਤੇ ਪ੍ਰਧਾਨ ਮੰਤਰੀ ਤੋਂ ਜਦੋਂ ਵੀ ਸਮਾਂ ਮੰਗਿਆ ਤਾਂ ਉਹ ਮਿਲਿਆ ਹੈ।
                   ਗ਼ਲਤ ਮਾਅਨੇ ਨਾ ਕੱਢੇ ਜਾਣ : ਕਾਂਗੜ
ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪ੍ਰੋਟੋਕਾਲ ਨਾਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਵਿਦਾਇਗੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਏਨਾ ਜ਼ਰੂਰ ਆਖਿਆ ਸੀ ਕਿ ਕੈਪਟਨ ਸਾਹਿਬ ਨੂੰ ਉਨ੍ਹਾਂ ਦਾ ਸਲਾਮ ਕਹਿਣਾ, ਜੋ ਪ੍ਰਧਾਨ ਮੰਤਰੀ ਨੇ ਮਹਿਜ਼ ਇੱਕ ਰੁਤਬੇ ਦੀ ਨਜ਼ਰ ਅਤੇ ਪ੍ਰੋਟੋਕਾਲ ਵਜੋਂ ਆਖਿਆ ਜਿਸ ’ਚ ਕੱੁਝ ਵੀ ਗ਼ਲਤ ਨਹੀਂ ਸੀ। ਉਨ੍ਹਾਂ ਆਖਿਆ ਕਿ ਇਸ ਦਾ ਕੋਈ ਗ਼ਲਤ ਮਤਲਬ ਨਹੀਂ ਕੱਢਿਆ ਜਾਣਾ।









Wednesday, July 11, 2018

                                                      ਕਿਸਾਨ ਕਲਿਆਣ ਰੈਲੀ
                     ਮੋਦੀ ਦੀ ਗੋਦੀ ’ਚ ਬੈਠ ਕੇ ਸਿਆਸੀ ਭੱਲ ਮਾਪਣਗੇ ਅਕਾਲੀ
                                             ਚਰਨਜੀਤ ਭੁੱਲਰ
ਬਠਿੰਡਾ  : ਸ਼੍ਰੋਮਣੀ ਅਕਾਲੀ ਦਲ ਭਲਕੇ ‘ਕਿਸਾਨ ਕਲਿਆਣ ਰੈਲੀ’ ਨਾਲ ਆਪਣੀ ਸਿਆਸੀ ਭੱਲ ਨੂੰ ਮਾਪੇਗਾ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜ ਰਹੇ ਹਨ। ਅਕਾਲੀਆਂ ਲਈ ਪ੍ਰਧਾਨ ਮੰਤਰੀ ਦੀ ਮਲੋਟ ਰੈਲੀ ਅਗਨੀ ਪ੍ਰੀਖਿਆ ਬਣੇਗੀ ਕਿਉਂਕਿ ਝੋਨੇ ਦੀ ਲੁਆਈ ਮੁੱਕੀ ਨਹੀਂ ਤੇ ਉੱਪਰੋਂ ਤਾਪਮਾਨ ਅੱਜ ਇਕਦਮ ਵਧ ਗਿਆ ਹੈ। ਏਦਾ ਦੇ ਮਾਹੌਲ ’ਚ ਰੈਲੀ ਲਈ ਕਿਸਾਨ ਇਕੱਠ ਜੁਟਾਉਣਾ ਖਾਲਾ ਜੀ ਦਾ ਵਾੜਾ ਨਹੀਂ ਹੈ। ਉੱਪਰ ਲੋਕਾਂ ਦੀ ਦੂਰੀ ਵੀ ਹਾਲੇ ਘਟੀ ਨਹੀਂ। ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਸ਼ਾਮ ਤੱਕ ਹਰਿਆਣਾ ਤੇ ਰਾਜਸਥਾਨ ਚੋਂ ਕਿਸਾਨਾਂ ਦੇ ਪੁੱਜਣ ਦਾ ਕੋਈ ਸੁਨੇਹਾ ਨਹੀਂ ਪੁੱਜਾ ਹੈ ਜਿਸ ਕਰਕੇ ਅਕਾਲੀ ਦਲ ਦੇ ਸਾਹ ਸੂਤੇ ਪਏ ਹਨ। ਸ਼੍ਰੋਮਣੀ ਅਕਾਲੀ ਦਲ ਇਹ ਰੈਲੀ ਕਰਕੇ ਜਿਨਸਾਂ ਦੇ ਭਾਅ ਵਿਚ ਕੀਤੇ ਵਾਧੇ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦਾ ਹੈ। ਚਰਚੇ ਤਾਂ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਦੇ ਇਕੱਠ ਪੁੱਜਣ ਦੇ ਵੀ ਹਨ ਪ੍ਰੰਤੂ ਅਕਾਲੀ ਦਲ ਇਸ ਤੋਂ ਬਹੁਤਾ ਆਸਵੰਦ ਨਹੀਂ ਹੈ। ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀ ਤਾਂ ਪੁੱਜ ਰਹੇ ਹਨ ਪ੍ਰੰਤੂ ਦੂਸਰੇ ਸੂਬਿਆਂ ਚੋਂ ਕਿਸਾਨਾਂ ਦਾ ਪੁੱਜਣਾ ਹਾਲੇ ਬਹੁਤ ਸੰਭਵ ਨਹੀਂ ਜਾਪ ਰਿਹਾ ਹੈ। ਗੁਆਂਢੀ ਸੂਬਿਆਂ ਦੇ ਨੇੜਲੇ ਜ਼ਿਲ੍ਹਿਆਂ ਦੇ ਕਿਸਾਨ ਪੁੱਜ ਸਕਦੇ ਹਨ।
                  ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਖਦੇ ਹਨ ਕਿ ਮਲੋਟ ਰੈਲੀ ਵਿਚ ਇੱਕ ਲੱਖ ਕਿਸਾਨਾਂ ਦਾ ਇਕੱਠ ਕਰਨ ਦਾ ਟੀਚਾ ਹੈ। ਸੂਤਰ ਦੱਸਦੇ ਹਨ ਕਿ ਰੈਲੀ ਦੇ ਪੰਡਾਲ ਵਿਚ ਕਰੀਬ 42 ਹਜ਼ਾਰ ਕੁਰਸੀ ਲਾਈ ਗਈ ਹੈ। ਕਰੀਬ 50 ਏਕੜ ਵਿਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਲਈ ਵਾਟਰ ਪਰੂਫ਼ ਏਸੀ ਸਟੇਜ ਬਣਾਈ ਗਈ ਹੈ। ਕੈਪਟਨ ਸਰਕਾਰ ਬਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਪਹਿਲੀ ਵੱਡੀ ਰੈਲੀ ਹੈ ਜਿਸ ਨਾਲ ਅਕਾਲੀ ਦਲ ਆਪਣਾ ਸਿਆਸੀ ਕੱਦ ਵੇਖੇਗਾ। ਸਿਆਸੀ ਹਲਕੇ ਆਖਦੇ ਹਨ ਕਿ ਕੈਪਟਨ ਹਕੂਮਤ ਦੀ ਸਿਆਸੀ ਭੱਲ ਨੂੰ ਖੋਰਾ ਜ਼ਰੂਰ ਲੱਗਾ ਹੈ ਪ੍ਰੰਤੂ ਅਕਾਲੀ ਦਲ ਨੂੰ ਹਾਲੇ ਸਿਆਸੀ ਹਵਾ ਨਹੀਂ ਮਿਲੀ ਹੈ। ਅਕਾਲੀ ਦਲ ਤੇ ਲੱਗੇ ਪੁਰਾਣੇ ਦਾਗ਼ ਉਵੇਂ ਹੀ ਚਮਕ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਤਪਸ਼ ਦਾ ਵੱਡਾ ਡਰ ਹੈ ਅਤੇ ਹਰ ਹਲਕੇ ਨੂੰ ਇਕੱਠ ਦੇ ਕੋਟੇ ਲਾਏ ਗਏ ਹਨ। ਪੰਡਾਲ ਵਿਚ 1500 ਪਾਣੀ ਵਾਲੇ ਪੱਖੇ ਲਾਏ ਗਏ ਹਨ ਅਤੇ ਹਰ ਵਿਅਕਤੀ ਨੂੰ ਕੁਰਸੀ ਤੇ ਬੋਤਲ ਵਾਲਾ ਪਾਣੀ ਦਿੱਤਾ ਜਾਣਾ ਹੈ। ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਹਨ। ਮਲੋਟ ਸ਼ਹਿਰ ਵਿਚ ਵੱਡੀ ਗਿਣਤੀ ਪੁਲੀਸ ਤਾਇਨਾਤ ਕੀਤੀ ਗਈ ਹੈ ਅਤੇ ਇਸ ਰੈਲੀ ਵਿਚ ਭਾਜਪਾ ਪ੍ਰਧਾਨ ਸਵੇਤ ਮਲਿਕ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ ਆਗੂ ਤੇ ਸਾਬਕਾ ਵਜ਼ੀਰ ਪੁੱਜ ਰਹੇ ਹਨ।
                ਪਿਛਲੇ ਅਰਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਲੋਟ ਖੇਤਰ ਦਾ ਜ਼ਿੰਮਾ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨੂੰ ਦਿੱਤਾ ਹੋਇਆ ਸੀ। ਹੁਣ ਕੋਲਿਆਂ ਵਾਲੀ ਤੇ ਵਿਜੀਲੈਂਸ ਨੇ ਕੇਸ ਦਰਜ ਕਰ ਲਿਆ ਹੈ ਜਿਸ ਕਰਕੇ ਕੋਲਿਆਂ ਵਾਲੀ ਕਿਧਰੇ ਵੀ ਰੈਲੀ ਦੇ ਇੰਤਜ਼ਾਮਾਂ ਵਿਚ ਨਜ਼ਰ ਨਹੀਂ ਆ ਰਹੇ ਹਨ। ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਇੱਕ ਲੱਖ ਦੇ ਇਕੱਠ ਦਾ ਟੀਚਾ ਹੈ ਅਤੇ ਲੰਗਰ ਤੇ ਪਾਣੀ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉਨ੍ਹਾਂ ਆਖਿਆ ਕਿ ਇਹ ਰੈਲੀ ਅਮਿੱਟ ਛਾਪ ਛੱਡੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦੇਰ ਸ਼ਾਮ ਤੱਕ ਪੰਡਾਲ ਸਜਾਉਣ ਦਾ ਕੰਮ ਚੱਲਦਾ ਰਿਹਾ। ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਰੈਲੀ ਵਾਲੀ ਥਾਂ ਤੇ ਕਰੀਬ 12 ਵਜੇ ਪੁੱਜਣਗੇ। ਪ੍ਰਧਾਨ ਮੰਤਰੀ ਪਹਿਲਾਂ ਭਿਸੀਆਣਾ ਹਵਾਈ ਅੱਡੇ ਤੇ ਪੁੱਜਣਗੇ ਜਿੱਥੋਂ ਵਿਸ਼ੇਸ਼ ਹੈਲੀਕਾਪਟਰ ਰਾਹੀਂ ਛਾਪਿਆਂ ਵਾਲੀ ਆਉਣਗੇ। ਉੱਥੋਂ ਸੜਕੀ ਰਸਤੇ ਰਾਹੀਂ ਮਲੋਟ ਵਿਚ ਰੈਲੀ ਵਾਲੀ ਥਾਂ ਤੇ ਪੁੱਜਣਗੇ। ਉਨ੍ਹਾਂ ਦੀ ਆਮਦ ਮੌਕੇ ਟਰੈਫ਼ਿਕ ਰੋਕਿਆ ਜਾਣਾ ਹੈ।
                  ਮਲੋਟ ਸ਼ਹਿਰ ਬਣਿਆ ਪੁਲੀਸ ਛਾਉਣੀ
ਮਲੋਟ ਸ਼ਹਿਰ ਅੱਜ ਦੇਰ ਸ਼ਾਮ ਤੱਕ ਪੁਲੀਸ ਛਾਉਣੀ ਵਿਚ ਤਬਦੀਲ ਹੋ ਗਿਆ ਅਤੇ ਕਰੀਬ ਪੰਜ ਹਜ਼ਾਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਅੱਜ ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਰੈਲੀ ਦੇ ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਏ.ਡੀ.ਜੀ.ਪੀ (ਲਾਅ ਐਂਡ ਆਰਡਰ) ਹਰਦੀਪ ਸਿੰਘ ਢਿੱਲੋਂ ਕਰ ਰਹੇ ਹਨ। ਰੈਲੀ ਮੌਕੇ ਚਾਰ ਆਈ.ਜੀ ਅਤੇ ਸੱਤ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਤੋਂ ਇਲਾਵਾ ਬੀ.ਐਸ.ਐਫ ਦੇ ਜਵਾਨ ਵੀ ਤਾਇਨਾਤ ਰਹਿਣਗੇ। ਪੁਲੀਸ ਦੀ ਇਹ ਨਾਲਾਇਕੀ ਆਖੀ ਜਾ ਸਕਦੀ ਹੈ ਕਿ ਸ਼ਾਮ ਤੱਕ ਟਰੈਫ਼ਿਕ ਦਾ ਰੂਟ ਪਲਾਨ ਵਗ਼ੈਰਾ ਤਿਆਰ ਨਹੀਂ ਹੋ ਸਕਿਆ ਸੀ।
                         ਪੁਲੀਸ ਵੱਲੋਂ ਸਾਬਕਾ ਸੈਨਿਕਾਂ ਦੇ ਘਰਾਂ ’ਚ ਛਾਪੇ
ਸਾਬਕਾ ਸੈਨਿਕ ਭਲਾਈ ਵਿੰਗ ਮੁਕਤਸਰ ਵੱਲੋਂ ਨਰਿੰਦਰ ਮੋਦੀ ਦੀ ਰੈਲੀ ਮੌਕੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਦਾ ਵਿਖਾਵਾ ਕੀਤਾ ਜਾਣਾ ਹੈ ਪ੍ਰੰਤੂ ਅੱਜ ਦੇਰ ਸ਼ਾਮ ਮੁਕਤਸਰ ਪੁਲੀਸ ਨੇ ਸਾਬਕਾ ਸੈਨਿਕਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ। ਬਹੁਤੇ ਸਾਬਕਾ ਸੈਨਿਕ ਪਹਿਲਾਂ ਹੀ ਘਰਾਂ ਤੋਂ ਰੂਪੋਸ਼ ਹੋ ਗਏ। ਪੁਲੀਸ ਨੇ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫੱਕਰਸਰ,ਪਿੰਡ ਦੌਲਾ ਦੇ ਇਕਬਾਲ ਸਿੰਘ ਅਤੇ ਹੁਸਨਰ ਦੀ ਦਲੀਪ ਕੌਰ ਦੇ ਘਰ ਛਾਪਾ ਮਾਰਿਆ ਪ੍ਰੰਤੂ ਉਸ ਮੌਕੇ ਪੁਲੀਸ ਨੂੰ ਕੁਝ ਹੱਥ ਨਾ ਲੱਗਾ।




Tuesday, July 10, 2018

                              ਕੇਂਦਰੀ ਹੱਲਾ 
        ਦਰਜਨਾਂ ਪੰਜਾਬੀ ਰਸਾਲੇ ਕੀਤੇ ‘ਆਊਟ’
                              ਚਰਨਜੀਤ ਭੁੱਲਰ
ਬਠਿੰਡਾ : ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ) ਨੇ ਹੁਣ ਪੰਜਾਬੀ ਭਾਸ਼ਾ ਤੇ ਧਰਮ ਨਾਲ ਜੁੜੇ ਦਰਜਨਾਂ ਰਸਾਲੇ ‘ਆਊਟ’ ਕਰ ਦਿੱਤੇ ਹਨ ਜੋ ਕੇਂਦਰ ਸਰਕਾਰ ਦਾ ਵਿਰਸੇ ਤੇ ਸਭਿਆਚਾਰ ਸਿੱਧਾ ਹੱਲਾ ਜਾਪਦਾ ਹੈ। ਯੂ.ਜੀ.ਸੀ ਨੇ ਕਈ ਦਹਾਕਿਆਂ ਤੋਂ ਚੱਲ ਰਹੇ ਰਸਾਲਿਆਂ (ਜਰਨਲ) ਦੀ ਪ੍ਰਵਾਨਗੀ ਰੱਦ ਕਰਕੇ ਖੇਤਰੀ ਭਾਸ਼ਾ ਨੂੰ ਰਗੜ ਮਾਰੀ ਹੈ ਜਿਸ ਨਾਲ ਸਕਾਲਰਾਂ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ। ਯੂ.ਜੀ.ਸੀ ਨੇ ਪੰਜਾਬੀ ਯੂਨੀਵਰਸਿਟੀ ਦੇ ਅੱਧੀ ਦਰਜਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 10 ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਤਿੰਨ ਰਸਾਲਿਆਂ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਹੈ। ਯੂ.ਜੀ.ਸੀ ਦਾ ਤਰਕ ਹੈ ਕਿ ਇਹ ਰਸਾਲੇ ਉਨ੍ਹਾਂ ਦੇ ਤਕਨੀਕੀ ਪੈਮਾਨੇ ਤੇ ਖਰੇ ਨਹੀਂ ਉੱਤਰਦੇ ਹਨ। ਯੂ.ਜੀ.ਸੀ ਦੀ ਸਟੈਂਡਿੰਗ ਕਮੇਟੀ ਨੇ ਹੁਣ ਦੇਸ਼ ਭਰ ਵਿਚ 32,659 ਰਸਾਲੇ ਪ੍ਰਵਾਨਿਤ ਹੋਣ ਦੀ ਗੱਲ ਆਖੀ ਹੈ। ਯੂ.ਜੀ.ਸੀ ਕੋਲ ਕਰੀਬ ਇੱਕ ਸਾਲ ਪਹਿਲਾਂ 141 ਯੂਨੀਵਰਸਿਟੀਆਂ ਨੇ 7255 ਨਵੇਂ ਰਸਾਲਿਆਂ ਦੀ ਸਿਫ਼ਾਰਸ਼ ਭੇਜੀ ਸੀ ਜਿਸ ਚੋਂ 2405 ਰਸਾਲਿਆਂ ਨੂੰ ਹੀ ਪ੍ਰਵਾਨਗੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ।
                 ਯੂ.ਜੀ.ਸੀ ਨੇ ਹੁਣ ਦੇਸ਼ ਭਰ ਵਿਚ 4305 ਰਸਾਲਿਆਂ ਦੀ ਪ੍ਰਵਾਨਗੀ ਰੱਦ ਕੀਤੀ ਹੈ ਜਿਸ ਵਿਚ ਮੁੱਖ ਨਿਸ਼ਾਨਾ ਖੇਤਰੀ ਭਾਸ਼ਾਵਾਂ ਨੂੰ ਬਣਾਇਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੀ ਪਬਲੀਕੇਸ਼ਨ ਬਿਊਰੋ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾਂ ਪ੍ਰਕਾਸ਼ ਪੁਰਬ ਉੱਪਰ ਸਾਲ 1969 ਵਿਚ ‘ਨਾਨਕ ਪ੍ਰਕਾਸ਼ ਪ੍ਰਤਿਕਾ’ ਜਰਨਲ ਸ਼ੁਰੂ ਕੀਤਾ ਗਿਆ ਸੀ। ਯੂ.ਜੀ.ਸੀ ਨੇ 49 ਵਰ੍ਹਿਆਂ ਮਗਰੋਂ ਹੁਣ ਇਸ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਹੈ ਜਦੋਂ ਕਿ ਇਹ ਉੱਚ ਪਾਏਦਾਰ ਰਸਾਲਾ ਹੈ। ਇਸੇ ਵਰਸਿਟੀ ਦਾ ‘ਖੋਜ ਪੱਤ੍ਰਿਕਾ’ ਰਸਾਲਾ ਵੀ ਆਊਟ ਕਰ ਦਿੱਤਾ ਹੈ। ‘ਸਮਾਜਿਕ ਵਿਗਿਆਨ ਪੱਤਰ’ ਅਤੇ ‘ਪੰਜਾਬੀ ਯੂਨੀਵਰਸਿਟੀ ਸਭਿਆਚਾਰ ਪੱਤ੍ਰਿਕਾ’ ਵੀ ਯੂ.ਜੀ.ਸੀ ਨੇ ਆਪਣੇ ਨਕਸ਼ੇ ਤੋਂ ਹਟਾ ਦਿੱਤਾ ਹੈ। ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਪ੍ਰੋ. ਸਰਬਜਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਸਾਰੇ ਰਸਾਲੇ ਖੋਜ ਮਿਆਰਾਂ ਤੇ ਖਰੇ ਉੱਤਰਦੇ ਸਨ ਅਤੇ ਬਹੁਤ ਪੁਰਾਣੇ ਸਨ। ਉਨ੍ਹਾਂ ਆਖਿਆ ਕਿ ਹੁਣ ਯੂ.ਜੀ.ਸੀ ਵੱਲੋਂ ਪ੍ਰਵਾਨਗੀ ਲਿਸਟ ਚੋਂ ਇਹ ਰਸਾਲੇ ਬਾਹਰ ਕਰ ਦਿੱਤੇ ਗਏ ਹਨ ਜਿਸ ਨਾਲ ਸਕਾਲਰਾਂ ਦਾ ਕੰਮ ਪ੍ਰਭਾਵਿਤ ਹੋਵੇਗਾ। ਉਹ ਯੂ.ਜੀ.ਸੀ ਨੂੰ ਮੁੜ ਪ੍ਰਵਾਨਗੀ ਲਈ ਲਿਖ ਰਹੇ ਹਨ।
                 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ‘ਪਰਖ’ ਤੇ ‘ਪਰੀਸ਼ੋਧ’ ਸਮੇਤ ਤਿੰਨ ਰਸਾਲੇ ਬੰਦ ਕੀਤੇ ਗਏ ਹਨ। ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਤੇ ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਡਾ.ਐਸ.ਐਸ.ਸੰਘਾ ਦਾ ਕਹਿਣਾ ਸੀ ਕਿ ਯੂ.ਜੀ.ਸੀ ਨੂੰ ਹਰ ਜਰਨਲ ਦਾ ਮਿਆਰ ਦੇਖਣਾ ਚਾਹੀਦਾ ਹੈ ,ਨਾ ਕਿ ਤਕਨੀਕੀ ਪੱਖਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਯੂ.ਜੀ.ਸੀ ਇਨ੍ਹਾਂ ਰਸਾਲਿਆਂ ਨੂੰ ਪ੍ਰਵਾਨਗੀ ਦੇਵੇ। ਵੇਰਵਿਆਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਸਬੰਧਿਤ ਛਪ ਰਹੇ ਜਰਨਲ ਤੋਂ ਇਲਾਵਾ ‘ਧਰਮ ਅਧਿਐਨ ਪੱਤ੍ਰਿਕਾ’ ਨੂੰ ਵੀ ਯੂ.ਜੀ.ਸੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।ਇਵੇਂ ਵਰਸਿਟੀ ਦੇ ‘ਗੁਰੂ ਨਾਨਕ ਜਰਨਲ’ ਦੀ ਪ੍ਰਵਾਨਗੀ ਵੀ ਰੱਦ ਕਰ ਦਿੱਤੀ ਹੈ। ‘ਪੰਜਾਬ ਜਰਨਲ ਆਫ਼ ਪਾਲੇਟਿਕਸ’, ‘ਲਾਅ ਜਰਨਲ ਆਫ਼ ਗੁਰੂ ਨਾਨਕ ਦੇਵ ਵਰਸਿਟੀ’, ‘ਪੰਜਾਬ ਜਰਨਲ ਆਫ਼ ਇੰਗਲਿਸ਼ ਸਟੱਡੀਜ਼’ ਤੋਂ ਇਲਾਵਾ ਇਕਨਾਮਿਕਸ ਦੇ ਵੀ ਦੋ ਰਸਾਲਿਆਂ ਨੂੰ ਪ੍ਰਵਾਨਗੀ ਸੂਚੀ ਚੋਂ ਬਾਹਰ ਕੀਤਾ ਹੈ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ‘ਸੰਵਾਦ’ ਰਸਾਲੇ ਨੂੰ ਵੀ ਪ੍ਰਵਾਨਗੀ ਨਹੀਂ ਦਿੱਤੀ ਹੈ।
                 ਯੂ.ਜੀ.ਸੀ ਦਾ ਤਰਕ ਹੈ ਕਿ ਬਹੁਤੇ ਸਾਰੇ ਜਾਅਲੀ ਜਨਰਲ ਆ ਰਹੇ ਹਨ ਜਿਨ੍ਹਾਂ ਦੇ ਰਾਹ ਰੋਕਣ ਲਈ ਸਿਰਫ਼ ਸ਼ਰਤਾਂ ਦੀ ਪੂਰਤੀ ਕਰਨ ਵਾਲੇ ਜਨਰਲ ਨੂੰ ਹੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਯੂ.ਜੀ.ਸੀ ਨੇ ‘ਆਈ.ਐਸ.ਐਸ.ਐਨ’ ਨੰਬਰ ਦੀ ਸ਼ਰਤ ਲਾਈ ਹੈ। ਦੂਸਰੀ ਤਰਫ਼ ਯੂ.ਜੀ.ਸੀ ਨੇ ਹੁਣ ਉਨ੍ਹਾਂ ਰਸਾਲਿਆਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਦੇ ‘ਆਈਐਸਐਸਐਨ’ ਨੰਬਰ ਹੀ ਨਹੀਂ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਪ੍ਰੋ.ਐਚ. ਐਸ.ਸੈਣੀ ਦਾ ਕਹਿਣਾ ਸੀ ਕਿ ਯੂ.ਜੀ ਸੀ ਨੇ ਆਪਣੇ ਮਾਪਦੰਡ ਬਣਾਏ ਹਨ ਜਿਨ੍ਹਾਂ ਦੇ ਆਧਾਰ ਤੇ ਕੱੁਝ ਜਰਨਲਾਂ ਦੀ ਪ੍ਰਵਾਨਗੀ ਰੱਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਹੀ ਮੀਟਿੰਗ ਕੀਤੀ ਹੈ ਜਿਸ ਵਿਚ ਸ਼ਰਤਾਂ ਦੀ ਪੂਰਤੀ ਕਰਨ ਸਬੰਧੀ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਯੂ.ਜੀ.ਸੀ ਨੇ ਸ਼ਰਤ ਲਾਈ ਹੈ ਕਿ ਹਰ ਜਰਨਲ ਦੀ ਵੈੱਬਸਾਈਟ ਬਣਾਈ ਜਾਵੇ ਅਤੇ ਸੰਪਾਦਕੀ ਅਮਲੇ ਦੇ ਪੂਰੇ ਅਡਰੈਸ ਵਗ਼ੈਰਾ ਹੋਣ। ਵਰਸਿਟੀ ਆਪਣੀ ਤਰਫ਼ੋਂ ਸ਼ਰਤਾਂ ਦੀ ਪੂਰਤੀ ਕਰਕੇ ਯੂ.ਜੀ.ਸੀ ਨੂੰ ਮੁੜ ਲਿਖੇਗੀ।
                           ਭਗਵੇਂ ਏਜੰਡੇ ਤਹਿਤ ਨਿਸ਼ਾਨਾ : ਜਨਰਲ ਸਕੱਤਰ
ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਆਰ.ਐਸ.ਐਸ ਦੇ ਏਜੰਡੇ ਤਹਿਤ ਪੰਜਾਬੀ ਭਾਸ਼ਾ ਤੇ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੋਦੀ ਸਰਕਾਰ ਹੁਣ ਰਾਸ਼ਟਰਵਾਦ ਦੇ ਰਾਹ ਵਿਚ ਖੇਤਰੀ ਭਾਸ਼ਾਵਾਂ ਨੂੰ ਅੜਿੱਕਾ ਸਮਝਦੀ ਹੈ ਜਿਸ ਤਹਿਤ ਪੰਜਾਬੀ ਭਾਸ਼ਾ ਤੇ ਸਿੱਖ ਧਰਮ ਤੇ ਏਦੇ ਦੇ ਹੱਲੇ ਬੋਲੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਯੂ.ਜੀ.ਸੀ ਇਨ੍ਹਾਂ ਰਸਾਲਿਆਂ ਨੂੰ ਪ੍ਰਵਾਨਗੀ ਦੇ ਕੇਸ ਮੁੜ ਵਿਚਾਰੇ।




Friday, July 6, 2018

                     ਡੋਪ ਟੈਸਟ ਦਾ ਡਰ
   ਸਵਾ ਲੱਖ ਨੌਜਵਾਨ ਮਾਰ ਗਏ ‘ਉਡਾਰੀ’
                       ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਪੁਲੀਸ ਦੀ ਭਰਤੀ ਸਮੇਂ ਡੋਪ ਟੈਸਟ ਦੇ ਡਰੋਂ 1.16 ਲੱਖ ਨੌਜਵਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ ਸੀ ਜੋ ਪੁਲੀਸ ਭਰਤੀ ਚੋਂ ਗ਼ੈਰਹਾਜ਼ਰ ਹੀ ਹੋ ਗਏ ਸਨ। ਉਦੋਂ ਗੱਠਜੋੜ ਸਰਕਾਰ ਨੇ ਡੋਪ ਟੈਸਟ ਦੇ ਮਾਮਲੇ ’ਚ ਬਹੁਤੇ ਤੱਥਾਂ ’ਤੇ ਪਰਦਾ ਪਾਇਆ ਸੀ ਜੋ ਹੁਣ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਨੇ ਚੁੱਕ ਦਿੱਤਾ ਹੈ। ਉੱਪਰੋਂ ਕੈਪਟਨ ਹਕੂਮਤ ਵੱਲੋਂ ਡੋਪ ਟੈਸਟ ਲਾਜ਼ਮੀ ਕਰਾਰ ਦਿੱਤੇ ਜਾਣ ਨੇ ਪੁਲੀਸ ਭਰਤੀ ਚੋਂ ਪਹਿਲਾਂ ਗ਼ੈਰਹਾਜ਼ਰ ਰਹੇ ਨੌਜਵਾਨਾਂ ਨੂੰ ਕਾਂਬਾ ਛੇੜਿਆ ਹੈ। ਪੰਜਾਬ ਪੁਲੀਸ ਨੇ ਸਰਕਾਰੀ ਸੂਚਨਾ ਵਿਚ ਕਾਫ਼ੀ ਤੱਥਾਂ ਨੂੰ ਗੋਲਮਾਲ ਕੀਤਾ ਹੈ ਪ੍ਰੰਤੂ ਏਨਾ ਕੁ ਸਪਸ਼ਟ ਹੋਇਆ ਹੈ ਕਿ ਗੱਠਜੋੜ ਸਰਕਾਰ ਸਮੇਂ ਸਿਪਾਹੀਆਂ ਦੀ ਭਰਤੀ ਮੌਕੇ ਲਈ ਡੋਪ ਟੈਸਟ ਚੋਂ 1,16,318 ਨੌਜਵਾਨ ਗ਼ੈਰਹਾਜ਼ਰ ਹੋ ਗਏ ਸਨ।  ਪੰਜਾਬ ਪੁਲੀਸ ਦੇ (ਐਡਮਿਨ ਵਿੰਗ) ਤਰਫੋਂ ਆਰ.ਟੀ.ਆਈ ’ਚ ਦਿੱਤੀ ਸੂਚਨਾ ਅਨੁਸਾਰ ਪੁਲੀਸ ਭਰਤੀ ਸਮੇਂ 4.42 ਲੱਖ ਉਮੀਦਵਾਰਾਂ ਦਾ ਡੋਪ ਟੈਸਟ ਹੋਇਆ ਸੀ ਜਿਨਂਾਂ ਚੋਂ 7552 ਉਮੀਦਵਾਰਾਂ ਦਾ ਡੋਪ ਟੈਸਟ ਪਾਜੇਟਿਵ ਆਇਆ ਸੀ। ਪਾਜੇਟਿਵ ਕੇਸਾਂ ਨੂੰ ਮੁੜ ਡੋਪ ਟੈਸਟ ਕਰਾਉਣ ਦਾ ਮੌਕਾ ਦੇ ਦਿੱਤਾ ਗਿਆ ਜਿਸ ਮਗਰੋਂ 1681 ਉਮੀਦਵਾਰਾਂ ਦਾ ਡੋਪ ਟੈਸਟ ਨੈਗੇਟਿਵ ਆ ਗਿਆ।
                  ਗੱਠਜੋੜ ਸਰਕਾਰ ਨੇ ਅਸੈਂਬਲੀ ਚੋਣਾਂ ਤੋਂ ਪਹਿਲਾਂ ਵਾਲੇ ਵਰੇਂ ਸਿਪਾਹੀਆਂ ਦੀ ਭਰਤੀ ਕੀਤੀ ਸੀ। ਇਸ ਭਰਤੀ ਵਿਚ ਕੁੱਲ 6,28,005 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਲੜਕੀਆਂ ਨੂੰ ਡੋਪ ਟੈਸਟ ਤੋਂ ਛੋਟ ਦਿੱਤੀ ਗਈ ਸੀ। ਭਰਤੀ ਦੌਰਾਨ ਉਨਂਾਂ ਉਮੀਦਵਾਰਾਂ ਦਾ ਹੀ ਫਿਜ਼ੀਕਲ ਟੈਸਟ ਲਿਆ ਜਾਂਦਾ ਸੀ, ਜੋ ਡੋਪ ਟੈਸਟ ਚੋਂ ਨੈਗੇਟਿਵ ਆਉਂਦਾ ਸੀ। ਮਾਹਿਰ ਦੱਸਦੇ ਹਨ ਕਿ ਜਦੋਂ ਬੇਰੁਜ਼ਗਾਰੀ ਦਾ ਚਾਰ ਚੁਫੇਰੇ ਆਲਮ ਹੋਵੇ ਤਾਂ ਉਦੋਂ ਪੁਲੀਸ ਭਰਤੀ ਦੇ ਡੋਪ ਟੈਸਟ ਚੋਂ 1.16 ਲੱਖ ਨੌਜਵਾਨ ਗ਼ੈਰਹਾਜ਼ਰ ਹੋ ਜਾਵੇ ਤਾਂ ਇਸ਼ਾਰਾ ਇਹੋ ਹੈ ਕਿ ‘ਸਭ ਅੱਛਾ’ ਨਹੀਂ। ਇਨਂਾਂ ਨੌਜਵਾਨਾਂ ਨੂੰ ਡੋਪ ਟੈਸਟ ਦੇ ਭੂਤ ਨੇ ਹੀ ਭਰਤੀ ਦੇ ਮੈਦਾਨ ਵਿਚ ਪੁੱਜਣ ਤੋਂ ਪਹਿਲਾਂ ਹੀ ਡਰਾ ਦਿੱਤਾ। ਪੰਜਾਬ ਪੁਲੀਸ ਦੀ ਪਿਛਲੇ ਤਿੰਨ ਵਰਿਂਆਂ ਦੌਰਾਨ ਹੋਈ ਭਰਤੀ ਵਿਚ ਸਫਲ ਹੋਏ ਕਾਫੀ ਨੌਜਵਾਨ ਮੁਲਾਜ਼ਮ ਨਸ਼ਾ ਲੈਂਦੇ ਹਨ। ਪੰਜਾਬ ਪੁਲੀਸ ਨੇ ਹੁਣ ਮੌਜੂਦਾ ਪੁਲੀਸ ਮੁਲਾਜ਼ਮਾਂ ਦੀ ਸ਼ਨਾਖ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਨਸ਼ਾ ਕਰਦੇ ਹਨ।
                ਪੁਲੀਸ ਅਫ਼ਸਰਾਂ ਨੇ ਅਜਿਹੇ ਮੁਲਾਜ਼ਮਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਕਰਾਉਣ ਦਾ ਫ਼ੈਸਲਾ ਕੀਤਾ ਹੈ। ਇਵੇਂ ਹੀ ਤਸਕਰਾਂ ਦੀ ਮਦਦ ਕਰਨ ਵਾਲੇ ਮੁਲਾਜ਼ਮਾਂ ਤੇ ਥਾਣੇਦਾਰਾਂ ’ਤੇ ਨਜ਼ਰ ਰੱਖੀ ਜਾਣੀ ਹੈ।  ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਐਮ.ਐਫ.ਫਾਰੂਕੀ ਦਾ ਕਹਿਣਾ ਸੀ ਕਿ ਜੋ ਪੁਲੀਸ ਮੁਲਾਜ਼ਮ ਨਸ਼ਾ ਕਰਦੇ ਹਨ, ਉਨਂਾਂ ਦੀ ਸ਼ਨਾਖ਼ਤ ਕਰਨੀ ਸ਼ੁਰੂ ਕੀਤੀ ਹੈ ਤਾਂ ਜੋ ਉਨਂਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਕਰਾਕੇ ਨਸ਼ੇ ਤੋਂ ਖਹਿੜਾ ਛਡਾਇਆ ਜਾ ਸਕੇ। ਉਨਂਾਂ ਦੱਸਿਆ ਕਿ ਜੋ ਨਸ਼ਾ ਤਸਕਰਾਂ ਦੀ ਮਦਦ ਕਰਦਾ ਫੜਿਆ ਗਿਆ, ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੇ ਮੁਲਾਜ਼ਮਾਂ ਤੇ ਹੋਰਨਾਂ ਦੀ ਨੌਕਰੀ ਵੀ ਜਾ ਸਕਦੀ ਹੈ। ਆਈ.ਜੀ ਫਾਰੂਕੀ ਨੇ ਦੱਸਿਆ ਕਿ ਜੋ ਬਦਨਾਮ ਤਸਕਰ ਹਨ, ਉਨਂਾਂ ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ ਅਤੇ ਨਜ਼ਰ ਰੱਖੀ ਜਾ ਰਹੀ ਹੈ।
              ਪੁਲੀਸ ਹੁਣ ‘ਮੁਖ਼ਬਰ’ ਲੱਭਣ ਲੱਗੀ
ਪੰਜਾਬ ਪੁਲੀਸ ਹੁਣ ‘ਨਸ਼ਾ ਮੁਕਤ ਪੰਜਾਬ’ ਬਣਾਉਣ ਲਈ ਮੁਖ਼ਬਰਾਂ ਦੀ ਤਲਾਸ਼ ਵਿਚ ਹੈ। ਸੂਤਰ ਦੱਸਦੇ ਹਨ ਕਿ ਪੁਰਾਣਾ ਮੁਖ਼ਬਰੀ ਢਾਂਚਾ ਪੁਲੀਸ ਬਹਾਲ ਕਰਨਾ ਚਾਹੁੰਦੀ ਹੈ ਜੋ ਪਿਛਲੇ ਅਰਸੇ ਦੌਰਾਨ ਖ਼ਤਮ ਹੋ ਚੁੱਕਾ ਹੈ। ਪੁਲੀਸ ਦੇ ਪਿੰਡਾਂ ’ਚ ਜੋ ਪੁਰਾਣੇ ਸਾਥੀ ਹਨ, ਉਨਂਾਂ ਨੂੰ ਚੋਗ਼ਾ ਪਾਇਆ ਜਾਣ ਲੱਗਾ ਹੈ। ਪੁਲੀਸ ਅਧਿਕਾਰੀ ਆਖਦੇ ਹਨ ਕਿ ਮੁਖ਼ਬਰੀ ਢਾਂਚਾ ਕਾਇਮ ਕਰਨ ਲਈ ਕੰਮ ਚੱਲ ਰਿਹਾ ਹੈ। ਅਜਿਹੇ ਲੋਕਾਂ ਦੀ ਭਾਲ ਹੈ ਜੋ ਤਸਕਰਾਂ ਬਾਰੇ ਜਾਣਦੇ ਹਨ।
 

Wednesday, July 4, 2018

                       ਕਾਲੇ ਤਸਕਰਾਂ ਲਈ
          ਪੰਜਾਬ ‘ਚਿੱਟੇ ਦੀ ਮੰਡੀ’ ਬਣਿਆ
                          ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਹੁਣ ਕਾਲੇ ਤਸਕਰਾਂ ਲਈ ‘ਚਿੱਟੇ ਦੀ ਮੰਡੀ’ ਬਣ ਗਿਆ ਹੈ ਜਿਸ ’ਚ ਕਰੀਬ 150 ਵਿਦੇਸ਼ੀ ਵਪਾਰੀ ਬਣਕੇ ਕੁੱਦੇ ਹਨ। ਸਰਕਾਰੀ ਤੱਥ ਹਨ ਕਿ ‘ਕਾਲੇ ਨੌਜਵਾਨਾਂ’ ਲਈ ਪੰਜਾਬ ਸਭ ਤੋਂ ਚੰਗੀ ‘ਚਿੱਟੇ ਦੀ ਮੰਡੀ’ ਹੈ ਜਿੱਥੇ ਖ਼ਰੀਦਦਾਰਾਂ ਦੀ ਕੋਈ ਕਮੀ ਨਹੀਂ। ਪੰਜਾਬ ਦੀ ਪਟਿਆਲਾ, ਰੋਪੜ, ਜਲੰਧਰ ਤੇ ਅੰਮ੍ਰਿਤਸਰ ਜੇਲ੍ਹ ’ਚ ਨਾਈਜੀਰੀਅਨ ਤਸਕਰ ਕਾਫ਼ੀ ਗਿਣਤੀ ਵਿਚ ਆਉਣ ਲੱਗੇ ਹਨ। ਦਿੱਲੀ ਦਾ ਉੱਤਮ ਨਗਰ ਇਨ੍ਹਾਂ ਕਾਲੇ ਤਸਕਰਾਂ ਦਾ ਅੱਡਾ ਬਣ ਗਿਆ ਹੈ ਜਿੱਥੋਂ ਇਹ ਵਿਦੇਸ਼ੀ ਤਸਕਰ ਪੰਜਾਬ ’ਚ ‘ਚਿੱਟਾ’ ਸਪਲਾਈ ਕਰਦੇ ਹਨ। ਇਹ ਕਾਲੇ ਤਸਕਰ ਨਾਈਜੀਰੀਆ,ਕੀਨੀਆ ਤੇ ਅਫ਼ਰੀਕਾ ਦੇ ਬਾਸ਼ਿੰਦੇ ਹਨ ਜੋ ਬਿਜ਼ਨਸ ਵੀਜ਼ਾ ਅਤੇ ਵਿਦਿਆਰਥੀ ਵੀਜੇ ਤੇ ਭਾਰਤ ਆਉਂਦੇ ਹਨ।  ਆਰ.ਟੀ.ਆਈ ਵੇਰਵਿਆਂ ਅਨੁਸਾਰ ਰੋਪੜ ਜੇਲ੍ਹ ਵਿਚ ਅਪਰੈਲ 2017 ਤੋਂ ਹੁਣ ਤੱਕ 22 ਕਾਲੇ ਤਸਕਰ ਆ ਚੁੱਕੇ ਹਨ ਜਿਨ੍ਹਾਂ ਚੋਂ ਬਹੁਤੇ ਹਾਲੇ ਵੀ ਬੰਦ ਹਨ। ਇਨ੍ਹਾਂ ਚੋਂ ਸਿਰਫ਼ ਇੱਕ ਕੀਨੀਆ ਦਾ ਹੈ ਜਦੋਂ ਕਿ ਬਾਕੀ ਨਾਈਜੀਰੀਆ ਦੇ ਹਨ। ਸਭਨਾਂ ’ਤੇ ਐਨ.ਡੀ.ਪੀ.ਐਸ ਤਹਿਤ ਕੇਸ ਦਰਜ ਹਨ ਅਤੇ ਜੁਲੀਅਟ ਨਾਮ ਦੀ ਨਾਈਜੀਰੀਅਨ ਲੜਕੀ ਵੀ ਰੋਪੜ ਜੇਲ੍ਹ ਵਿਚ ਬੰਦ ਹੈ।
                  ਸਭ ਤੋਂ ਛੋਟੀ ਉਮਰ 22 ਸਾਲ ਦਾ ਦੂਮੀਲੈਲਾ ਸੈਮੂਅਲ ਵੀ ਜੇਲ੍ਹ ਵਿਚ ਬੰਦ ਹੈ। ਨਸ਼ੇ ਦੇ ਕਾਰੋਬਾਰ ’ਚ ਪੈਣ ਵਾਲੇ ਬਹੁਤੇ 25 ਤੋਂ 40 ਸਾਲ ਦੀ ਉਮਰ ਦੇ ਨਾਈਜੀਰੀਅਨ ਹਨ। ਰੋਪੜ ਜੇਲ੍ਹ ਵਿਚ ਸਾਲ 2017 ਵਿਚ 7 ਅਤੇ ਸਾਲ 2018 ਵਿਚ 15 ਨਾਈਜੀਰੀਅਨ ਨਸ਼ਾ ਤਸਕਰੀ ਦੇ ਸਬੰਧ ਵਿਚ ਆਏ ਹਨ। ਮੋਹਾਲੀ ਪੁਲੀਸ ਵੱਲੋਂ ਜਨਵਰੀ 2018 ਤੋਂ ਹੁਣ ਤੱਕ 18 ਨਾਈਜੀਰੀਅਨ ਤਸਕਰ ਫੜੇ ਜਾ ਚੁੱਕੇ ਹਨ ਜਿਨ੍ਹਾਂ ਚੋਂ 15 ਨਾਈਜੀਰੀਅਨ ਬਿਜ਼ਨਸ ਵੀਜੇ ਅਤੇ ਦੋ ਵਿਦਿਆਰਥੀ ਵੀਜੇ ਤੇ ਆਏ ਹੋਏ ਸਨ। ਐਸ.ਟੀ.ਐਫ ਮੋਹਾਲੀ ਦੇ ਐਸ.ਪੀ ਰਜਿੰਦਰ ਸਿੰਘ ਸੋਹਲ ਦਾ ਪ੍ਰਤੀਕਰਮ ਸੀ ਕਿ ਦਿੱਲੀ ਦਾ ਉੱਤਮ ਨਗਰ ਇਨ੍ਹਾਂ ਕਾਲੇ ਤਸਕਰਾਂ ਦਾ ਅੱਡਾ ਬਣ ਗਿਆ ਹੈ ਜਿੱਥੋਂ ਇਹ ਕਾਲੇ ਤਸਕਰ ਪੰਜਾਬ ਨੂੰ ਨਿਸ਼ਾਨਾ ਬਣਾਉਂਦੇ ਹਨ ਕਿਉਂਕਿ ਦੂਸਰੇ ਰਾਜਾਂ ਦੇ ਮੁਕਾਬਲੇ ਪੰਜਾਬ ਵਿਚ ਖ਼ਰੀਦਦਾਰ ਜ਼ਿਆਦਾ ਮਿਲ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੋ ਪੁਰਾਣੇ ਨਾਈਜੀਰੀਅਨ ਦਿੱਲੀ ਵਿਚ ਰਹਿੰਦੇ ਹਨ, ਉਹੀ ਨਵਿਆਂ ਨੂੰ ਚਿੱਟੇ ਦੇ ਕਾਰੋਬਾਰ ਵਿਚ ਉਤਾਰ ਰਹੇ ਹਨ।
                  ਸਰਕਾਰੀ ਤੱਥਾਂ ਅਨੁਸਾਰ ਪਟਿਆਲਾ ਜੇਲ੍ਹ ਵਿਚ ਇਕੱਲੇ ਸਾਲ 2018 ਵਿਚ 13 ਨਾਈਜੀਰੀਅਨ ਅਤੇ ਅਫ਼ਰੀਕਣ ਆਏ ਹਨ ਜਿਨ੍ਹਾਂ ’ਤੇ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਪਟਿਆਲਾ ਜੇਲ੍ਹ ਵਿਚ ਪੰਜ ਨਾਈਜੀਰੀਅਨ ਲੜਕੀਆਂ ਵੀ ਬੰਦ ਹਨ। ਪਟਿਆਲਾ ਜੇਲ੍ਹ ਵਿਚ ਦੋ ਨਾਈਜੀਰੀਅਨ ਕੈਦੀ ਵੀ ਹਨ ਜਿਨ੍ਹਾਂ ਨੂੰ ਅਦਾਲਤਾਂ ਚੋਂ ਸਜ਼ਾ ਸੁਣਾਈ ਜਾ ਚੁੱਕੀ ਹੈ।ਨਾਈਜੀਰੀਆ ਦਾ ਅਲੈਗਜੈਂਡਰ 32 ਵਰ੍ਹਿਆਂ ਦਾ ਹੈ ਜਿਸ ’ਤੇ ਪਟਿਆਲਾ, ਮੋਹਾਲੀ ਤੇ ਲੁਧਿਆਣਾ ਵਿਚ ਨਸ਼ਾ ਤਸਕਰੀ ਦੇ ਤਿੰਨ ਕੇਸ ਦਰਜ ਹਨ ਅਤੇ ਹੁਣ ਇਹ ਪਟਿਆਲਾ ਜੇਲ੍ਹ ਵਿਚ ਬੰਦ ਹੈ। ਜਲੰਧਰ ਦੀ (ਕਪੂਰਥਲਾ ਜੇਲ੍ਹ) ਵਿਚ 10 ਕਾਲੇ ਤਸਕਰ ਬੰਦ ਹਨ ਜਿਨ੍ਹਾਂ ਵਿਚ 5 ਨਾਈਜੀਰੀਅਨ, ਦੋ ਤਸਕਰ ਜਾਂਬੀਆ ਦੇ, ਇੱਕ ਰਵਾਂਡਾ ਦਾ, ਇੱਕ ਕੀਨੀਅਨ ਅਤੇ ਇੱਕ ਤਸਕਰ ਦੱਖਣੀ ਅਫ਼ਰੀਕਾ ਦਾ ਸ਼ਾਮਲ ਹੈ। ਦੋ ਨਾਈਜੀਰੀਅਨ ਲੜਕੀਆਂ ਵੀ ਇਨ੍ਹਾਂ ਵਿਚ ਸ਼ਾਮਲ ਹਨ। ਸਭਨਾਂ ਤੇ ਕਪੂਰਥਲਾ ਅਤੇ ਜਲੰਧਰ ਜ਼ਿਲ੍ਹੇ ਵਿਚ ਤਸਕਰੀ ਦੇ ਕੇਸ ਦਰਜ ਹੋਏ ਹਨ।
                 ਬਠਿੰਡਾ ਜੇਲ੍ਹ ਵਿਚ ਵੀ ਪਿਛਲੇ ਸਮੇਂ ਦੌਰਾਨ ਦੋ ਨਾਈਜ਼ੀਰੀਅਨ ਬੰਦ ਰਹੇ ਹਨ।  ਬਠਿੰਡਾ ਅਦਾਲਤ ਵਿਚੋਂ ਇੱਕ ਨਾਈਜੀਰੀਅਨ ਨੂੰ ਭਗੌੜਾ ਵੀ ਐਲਾਨ ਦਿੱਤਾ ਗਿਆ ਹੈ। ਅੰਮ੍ਰਿਤਸਰ ਸਮੇਤ ਹੋਰਨਾਂ ਜੇਲ੍ਹ ਵਿਚ ਕਾਫ਼ੀ ਗਿਣਤੀ ਵਿਚ ਕਾਫ਼ੀ ਕਾਲੇ ਤਸਕਰ ਬੰਦ ਹਨ। ਕਈ ਜੇਲ੍ਹਾਂ ਵਿਚ ਨੇਪਾਲੀ ਵੀ ਹੁਣ ਤਸਕਰੀ ਕੇਸਾਂ ਵਿਚ ਬੰਦ ਹਨ। ਫ਼ਤਿਹਗੜ੍ਹ ਸਾਹਿਬ ਪੁਲੀਸ ਵੱਲੋਂ ਇਸੇ ਜੂਨ ਮਹੀਨੇ ਵਿਚ ਨਸ਼ਾ ਤਸਕਰੀ ਵਿਚ ਚਾਰ ਮੈਂਬਰੀ ਗਿਰੋਹ ਫੜਿਆ ਹੈ ਜਿਸ ਵਿਚ ਨਾਈਜੀਰੀਅਨ ਵੀ ਸ਼ਾਮਿਲ ਸਨ। ਜਲੰਧਰ ਪੁਲੀਸ ਨੇ 14 ਜੂਨ ਨੂੰ ਇੱਕ 32 ਵਰ੍ਹਿਆਂ ਦਾ ਨਾਈਜੀਰੀਅਨ ਕਾਬੂ ਕੀਤਾ ਜੋ ਟੂਰਿਸਟ ਵੀਜੇ ਤੇ ਆਇਆ ਹੋਇਆ ਸੀ। ਸੂਤਰ ਦੱਸਦੇ ਹਨ ਕਿ ਵੱਡੀ ਗਿਣਤੀ ਵਿਚ ਨਾਈਜੀਰੀਅਨ ਦਿੱਲੀ ਦੇ ਉੱਤਮ ਨਗਰ ਅਤੇ ਕ੍ਰਿਸ਼ਨਾਪੁਰੀ ਵਿਚ ਰਹਿੰਦੇ ਹਨ। ਪੰਜਾਬ ਦੀ ਜਵਾਨੀ ਦਾ ਨਾਸ ਕਰਨ ਵਿਚ ਇਨ੍ਹਾਂ ਕਾਲੇ ਤਸਕਰਾਂ ਦਾ ਵੀ ਵੱਡਾ ਹੱਥ ਹੈ ਜੋ ਸਥਾਨਿਕ ਤਸਕਰਾਂ ਨਾਲ ਗੱਠਜੋੜ ਕਰਕੇ ਕਾਲਾ ਧੰਦਾ ਕਰਦੇ ਹਨ।
                         ਵੱਡੇ ਸ਼ਹਿਰ ਬਣਦੇ ਨੇ ਨਿਸ਼ਾਨਾ : ਪੁਲੀਸ ਕਮਿਸ਼ਨਰ
ਲੁਧਿਆਣਾ ਦੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਨਾਈਜੀਰੀਅਨ ਤਸਕਰ ਜ਼ਿਆਦਾ ਵੱਡੇ ਸ਼ਹਿਰਾਂ ਨੂੰ ਨਿਸ਼ਾਨੇ ਤੇ ਰੱਖਦੇ ਹਨ ਅਤੇ ਸਥਾਨਿਕ ਤਸਕਰਾਂ ਨਾਲ ਗੱਠਜੋੜ ਬਣਾ ਕੇ ਨਸ਼ੇ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਨਾਈਜੀਰੀਅਨ ਭਾਰਤ ਵਿਚ ਵਿਦਿਆਰਥੀ ਵੀਜੇ ਤੇ ਪੜ੍ਹਨ ਆਉਂਦੇ ਹਨ ਅਤੇ ਇੱਥੇ ਕਾਲੇ ਕਾਰੋਬਾਰ ਵਿਚ ਪੈ ਜਾਂਦੇ ਹਨ।


Sunday, July 1, 2018

                            ਹਕੂਮਤੀ ਚਾਲ
   ਬੱਸ ਮੁਸਾਫ਼ਰ ਹੀ ਚੁੱਕਣਗੇ ਟੌਲ ਦਾ ਭਾਰ
                            ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਨੇ ‘ਟੌਲ’ ਦਾ ਭਾਰ ਵੀ ਬੱਸ ਮੁਸਾਫ਼ਰਾਂ ’ਤੇ ਪਾ ਦਿੱਤਾ ਹੈ। ਇਸ ਦਾ ਸਿੱਧਾ ਫ਼ਾਇਦਾ ਸਰਕਾਰੀ ਅਤੇ ਪ੍ਰਾਈਵੇਟ ਬੱਸ ਮਾਲਕਾਂ ਨੂੰ ਮਿਲਿਆ ਹੈ। ਕੌਮੀ ਸ਼ਾਹਰਾਹਾਂ ਦੇ ਟੌਲ ਪਲਾਜ਼ਾ ਹੁਣ ਬੱਸ ਮੁਸਾਫ਼ਰਾਂ ਦੀ ਜੇਬ ਹਲਕੀ ਕਰ ਰਹੇ ਹਨ। ਬਠਿੰਡਾ-ਚੰਡੀਗੜ੍ਹ ਸ਼ਾਹਰਾਹ ’ਤੇ ਪੰਜ ਟੌਲ ਪਲਾਜ਼ਾ ਪੈਂਦੇ ਹਨ ਜਿਨ੍ਹਾਂ ਦਾ 25 ਰੁਪਏ ਰੁਪਏ ਦਾ ਟੌਲ ਮੁਸਾਫ਼ਰਾਂ ਨੂੰ ਚੁੱਕਣਾ ਪੈਂਦਾ ਹੈ। ਬਠਿੰਡਾ ਤੋਂ ਚੰਡੀਗੜ੍ਹ ਤੱਕ ਦਾ ਬੱਸ ਕਿਰਾਇਆ ਹੁਣ 280 ਰੁਪਏ ਤਾਰਨਾ ਪੈਂਦਾ ਹੈ ਜਿਸ ਵਿਚ 25 ਰੁਪਏ ਦਾ ਟੌਲ ਵੀ ਸ਼ਾਮਿਲ ਹੈ। ਪਹਿਲੇ ਪੜਾਅ ’ਤੇ ਇਸ ਮਾਰਗ ’ਤੇ ਦੋ ਟੌਲ ਪਲਾਜ਼ਾ ਚਾਲੂ ਹੋਏ ਸਨ ਤੇ ਉਦੋਂ ਹੀ ਕਿਰਾਏ ਵਿਚ 10 ਰੁਪਏ ਦਾ ਵਾਧਾ ਹੋ ਗਿਆ ਸੀ। ਪੀ.ਆਰ.ਟੀ.ਸੀ ਦੇ ਨੌ ਡਿਪੂ ਹਨ ਜਦੋਂ ਕਿ ਪੰਜਾਬ ਰੋਡਵੇਜ਼ ਦੇ 18 ਡਿਪੂ ਹਨ ਜਿਨ੍ਹਾਂ ਦੇ ਬੱਸ ਅਪਰੇਸ਼ਨ ਦੌਰਾਨ ਟੌਲ ਦਾ ਸਾਰਾ ਭਾਰ ਮੁਸਾਫ਼ਰ ਚੁੱਕਦੇ ਹਨ। ਪੰਜਾਬ ਭਰ ਵਿਚ ਸਭ ਤੋਂ ਵੱਧ ਟੌਲ ਪੀ.ਆਰ.ਟੀ.ਸੀ ਦਾ ਲੁਧਿਆਣਾ ਡਿਪੂ ਤਾਰਦਾ ਹੈ। ਸੂਤਰਾਂ ਅਨੁਸਾਰ ਇਸ ਡਿਪੂ ਨੂੰ ਚਾਰ ਚੁਫੇਰੇ ਟੌਲ ਪੈਂਦਾ ਹੈ। ਅੰਦਾਜ਼ਨ ਹਰ ਮਹੀਨੇ ਇਕੱਲੇ ਲੁਧਿਆਣਾ ਡਿਪੂ ਦਾ ਟੌਲ 32 ਲੱਖ ਰੁਪਏ ਬਣ ਜਾਂਦਾ ਹੈ। ਲੁਧਿਆਣਾ ਡਿਪੂ ਸਾਰਾ ਟੌਲ ਹਰ ਮਹੀਨੇ ਬੱਸ ਕਿਰਾਏ ਵਿਚ ਹੀ ਸਵਾਰੀਆਂ ਤੋਂ ਵਸੂਲਦਾ ਹੈ।
                 ਲੁਧਿਆਣਾ ਅੰਮ੍ਰਿਤਸਰ ਰੂਟ ਤੇ ਤਿੰਨ ਟੌਲ ਪਲਾਜ਼ਾ,ਲੁਧਿਆਣਾ ਬਠਿੰਡਾ ਰੂਟ ਤੇ ਤਿੰਨ, ਲੁਧਿਆਣਾ ਪਟਿਆਲਾ ਰੂਟ ਤੇ ਤਿੰਨ ਅਤੇ ਲੁਧਿਆਣਾ ਦਿੱਲੀ ਰੂਟ ਤੇ ਚਾਰ ਟੌਲ ਪਲਾਜ਼ਾ ਪੈਂਦੇ ਹਨ।  ਬਠਿੰਡਾ ਡਿਪੂ ਦੇ ਚੰਡੀਗੜ੍ਹ ਲਈ ਕਰੀਬ 22 ਟਾਈਮ ਚੱਲਦੇ ਹਨ ਜਦੋਂ ਕਿ ਸਰਕਾਰੀ ਪ੍ਰਾਈਵੇਟ ਬੱਸਾਂ ਦੇ ਟਾਈਮਾਂ ਦੀ ਗਿਣਤੀ ਸੈਂਕੜੇ ਬਣਦੀ ਹੈ। ਸਰਕਾਰੀ ਸੂਤਰ ਦੱਸਦੇ ਹਨ ਕਿ ਪ੍ਰਤੀ ਟੌਲ ਦਾ ਪ੍ਰਤੀ ਮੁਸਾਫ਼ਰ ’ਤੇ ਪੰਜ ਰੁਪਏ ਭਾਰ ਪਿਆ ਹੈ। ਹਾਲੇ ਥੋੜੇ੍ਹ ਦਿਨ ਪਹਿਲਾਂ ਹੀ ਸਰਕਾਰ ਨੇ ਬੱਸ ਕਿਰਾਏ ਵਿਚ ਵਾਧਾ ਕੀਤਾ ਸੀ। ਪੀ.ਆਰ.ਟੀ.ਸੀ ਤਰਫ਼ੋਂ ਹਰ ਟੌਲ ਪਲਾਜ਼ਾ ’ਤੇ ਟੌਲ ਤਾਰਿਆ ਜਾਂਦਾ ਹੈ ਅਤੇ ਕਿਰਾਏ ਦੇ ਰੂਪ ਵਿਚ ਸਵਾਰੀਆਂ ਤੋਂ ਵਸੂਲ ਕਰ ਲਿਆ ਜਾਂਦਾ ਹੈ। ਬਠਿੰਡਾ ਚੰਡੀਗੜ੍ਹ ਮਾਰਗ ’ਤੇ ਪਹਿਲੀ ਜੂਨ ਤੋਂ ਸਾਰੇ ਟੌਲ ਪਲਾਜ਼ਾ ਚਾਲੂ ਹੋ ਗਏ ਸਨ। ਵੱਡੇ ਘਰਾਂ ਦੀਆਂ ਮਰਸਡੀਜ਼ ਬੱਸਾਂ ਵੀ ਇਨ੍ਹਾਂ ਪਲਾਜ਼ਿਆਂ ਤੋਂ ਲੰਘਦੀਆਂ ਹਨ। ਬਠਿੰਡਾ-ਅੰਮ੍ਰਿਤਸਰ ਸ਼ਾਹਰਾਹ ਤੇ ਤਿੰਨ ਟੌਲ ਪਲਾਜ਼ਾ ਪੈਂਦੇ ਹਨ ਜਿਨ੍ਹਾਂ ਦਾ ਪ੍ਰਤੀ ਮੁਸਾਫ਼ਰ ਭਾਰ 15 ਰੁਪਏ ਪਿਆ ਹੈ।
                 ਵੇਰਵਿਆਂ ਅਨੁਸਾਰ ਪ੍ਰਾਈਵੇਟ ਬੱਸਾਂ ਮਾਲਕਾਂ ਨੇ ਵੀ ਕਿਰਾਏ ਵਿਚ ਵਾਧਾ ਕੀਤਾ ਹੈ। ਜੋ ਬੱਸਾਂ ਠੇਕੇ ਤੇ ਚੱਲਦੀਆਂ ਹਨ, ਉਨ੍ਹਾਂ ਵੱਲੋਂ ਕਿਰਾਏ ਵਿਚ ਵਾਧਾ ਘਾਟਾ ਕਰ ਲਿਆ ਜਾਂਦਾ ਹੈ। ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸ਼ਲਾ ਦਾ ਕਹਿਣਾ ਸੀ ਕਿ ਸਰਕਾਰ ਨੇ ਪਹਿਲਾਂ ਕਿਰਾਏ ਵਧਾਏ ਅਤੇ ਹੁਣ ਟੌਲ ਦਾ ਭਾਰ ਵੀ ਲੋਕਾਂ ਤੇ ਹੀ ਪਾ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਘੱਟੋ ਘੱਟ ਟੌਲ ਦਾ ਖਰਚਾ ਤਾਂ ਖ਼ੁਦ ਪੀ. ਆਰ.ਟੀ.ਸੀ ਨੂੰ ਚੁੱਕਣਾ ਬਣਦਾ ਹੈ। ਸੂਤਰ ਦੱਸਦੇ ਹਨ ਕਿ ਮਿੰਨੀ ਬੱਸਾਂ ਦੇ ਕਿਰਾਏ ਵਿਚ ਵੀ ਵਾਧਾ ਹੋ ਗਿਆ ਹੈ।  ਪੀ.ਆਰ.ਟੀ.ਸੀ ਦੇ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਚੰਡੀਗੜ੍ਹ ਡਿਪੂ ਦੀਆਂ ਬੱਸਾਂ ਇਨ੍ਹਾਂ ਟੌਲ ਪਲਾਜ਼ਿਆਂ ਤੋਂ ਲੰਘਦੀਆਂ ਹਨ। ਪਟਿਆਲਾ ਤੋਂ ਚੰਡੀਗੜ੍ਹ ਦੇ ਬੱਸ ਕਿਰਾਏ ਵਿਚ ਵੀ 10 ਰੁਪਏ ਦਾ ਵਾਧਾ ਹੋ ਗਿਆ ਹੈ ਕਿਉਂਕਿ ਇਸ ਮਾਰਗ ’ਤੇ ਦੋ ਟੌਲ ਪਲਾਜ਼ਾ ਪੈਂਦੇ ਹਨ। ਬਰਨਾਲਾ ਚੰਡੀਗੜ੍ਹ ਦੇ ਮੁਸਾਫ਼ਰਾਂ ਨੂੰ 20 ਰੁਪਏ ਟੌਲ ਵਜੋਂ ਕਿਰਾਏ ਵਿਚ ਤਾਰਨੇ ਪੈਂਦੇ ਹਨ। ਵੇਰਵਿਆਂ ਅਨੁਸਾਰ ਅੰਬਾਲਾ ਤੋਂ ਅੰਮ੍ਰਿਤਸਰ ਤੱਕ ਕਰੀਬ ਚਾਰ ਪੰਜ ਟੌਲ ਪਲਾਜ਼ਾ ਚੱਲ ਰਹੇ ਹਨ। ਕੌਮੀ ਮਾਰਗਾਂ ’ਚ ਅੰਮ੍ਰਿਤਸਰ ਪਠਾਨਕੋਟ, ਜਲੰਧਰ ਪਠਾਨਕੋਟ ਤੇ ਵੀ ਟੌਲ ਪੈਂਦੇ ਹਨ। ਸਟੇਟ ਹਾਈਵੇਅ ਤੇ ਕਰੀਬ 20 ਟੌਲ ਪਲਾਜ਼ਾ ਚੱਲ ਰਹੇ ਹਨ।
                    ਸਰਕਾਰ ਦਾ ਫ਼ੈਸਲਾ ਹੈ : ਜਨਰਲ ਮੈਨੇਜਰ 
ਪੀ.ਆਰ.ਟੀ.ਸੀ ਦੇ ਜਨਰਲ ਮੈਨੇਜਰ (ਅਪਰੇਸ਼ਨ) ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਹੀ ਟੌਲ ਦੀ ਰਾਸ਼ੀ ਬੱਸ ਕਿਰਾਏ ਵਿਚ ਸ਼ਾਮਿਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟੌਲ ਚਾਲੂ ਹੋਣ ਮਗਰੋਂ ਹਰ ਡਿਪੂ ’ਤੇ ਭਾਰ ਵਧਿਆ ਹੈ ਅਤੇ ਸਭ ਤੋਂ ਵੱਡਾ ਅਸਰ ਲੁਧਿਆਣਾ ਡਿਪੂ ਤੇ ਪਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਕਿਰਾਏ ਵਿਚ ਟੌਲ ਸ਼ਾਮਿਲ ਕੀਤਾ ਗਿਆ ਹੈ।