Tuesday, July 24, 2018

                          ਪੰਜਾਬ ਦੇ ਤਸਕਰ
          ਹੁਣ ਰਾਜਸਥਾਨ ’ਚ ਲਾਹੇ ‘ਜਹਾਜ਼’  
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਨਸ਼ਾ ਤਸਕਰ ਹੁਣ ਰਾਜਸਥਾਨ ’ਚ ਪ੍ਰਵਾਸ ਕਰ ਗਏ ਹਨ। ਜਿਨ੍ਹਾਂ ਦੇ ਪਿੱਛੇ ਪਿੱਛੇ ਪੰਜਾਬ ਦੇ ਨਸ਼ੇੜੀ ਵੀ ਪੁੱਜਣ ਲੱਗੇ ਹਨ। ਕੈਪਟਨ ਸਰਕਾਰ ਦੀ ਸਖ਼ਤੀ ਮਗਰੋਂ ਪੰਜਾਬ ਵਿਚ ਪੋਸਤ ਦੇ ਭਾਅ ਵਧ ਗਏ ਹਨ। ਪੰਜਾਬ ਦੇ ਸੀਮਾ ਲਾਗਲੇ ਰਾਜਸਥਾਨੀ ਪਿੰਡਾਂ ਵਿਚ ਨਸ਼ਾ ਤਸਕਰੀ ਰੁਕੀ ਨਹੀਂ ਹੈ। ਮੁਕਤਸਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਨਾਲ ਲੱਗਦੇ ਅੱਧੀ ਦਰਜਨ ਰਾਜਸਥਾਨੀ ਪਿੰਡਾਂ ਵਿਚ ਭੁੱਕੀ ਦੀ ਵਿੱਕਰੀ ਵਧੀ ਹੈ। ਮਾਲਵਾ ਖ਼ਿੱਤੇ ਦੇ ਨਸ਼ੇੜੀ ਹੁਣ ਬੱਸਾਂ ਅਤੇ ਟਰੇਨ ਵਿਚ ਰਾਜਸਥਾਨ ਦੇ ਪਿੰਡਾਂ ਵਿਚ ਜਾਂਦੇ ਹਨ। ਰਾਜਸਥਾਨ ਦੇ ਪਿੰਡ ਢਾਬਾਂ, ਹਰੀਪੁਰਾ ਅਤੇ ਮਾਹਲਾ ਰਾਮਪੁਰ ਵਿਚ ਪੰਜਾਬ ਦੇ ਨਸ਼ੇੜੀ ਚੱਕਰ ਕੱਟਣ ਲੱਗੇ ਹਨ ਜਿੱਥੋਂ ਉਨ੍ਹਾਂ ਨੂੰ 3500-4000 ਰੁਪਏ ਪ੍ਰਤੀ ਕਿੱਲੋ ਭੁੱਕੀ ਮਿਲਦੀ ਹੈ। ਵੇਰਵਿਆਂ ਅਨੁਸਾਰ ਰਾਜਸਥਾਨ ’ਚ ਭੁੱਕੀ ਦਾ ਭਾਅ ਕਰੀਬ 3000 ਰੁਪਏ ਪ੍ਰਤੀ ਕਿੱਲੋ ਚੱਲ ਰਿਹਾ ਸੀ ਜੋ ਕਿ ਪੰਜਾਬ ’ਚ ਚਾਰ ਹਜ਼ਾਰ ਰੁਪਏ ਵਿਕਦੀ ਸੀ। ਹੁਣ ਰਾਜਸਥਾਨ ਵਿਚ ਇਹੋ ਭਾਅ 3500 ਤੋਂ 4000 ਰੁਪਏ ਤੱਕ ਪੁੱਜ ਗਿਆ ਹੈ ਜਿਸ ਕਰਕੇ ਪੰਜਾਬ ਵਿਚ ਭੁੱਕੀ ਦਾ ਭਾਅ ਛੇ ਹਜ਼ਾਰ ਰੁਪਏ ਤੱਕ ਪੁੱਜ ਗਿਆ ਹੈ। ਰਾਜਸਥਾਨ ਵਿਚ ਸੌ ਗਰਾਮ ਦੀ ਪੁੜੀ ਹੁਣ 400 ਰੁਪਏ ਦੀ ਮਿਲਦੀ ਹੈ।
                   ਬਹੁਤੇ ਨਸ਼ੇੜੀ ਤਾਂ ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਭਰਤੀ ਹੋਣ ਲੱਗੇ ਹਨ ਜਦੋਂ ਕਿ ਬਾਕੀ ਰਾਜਸਥਾਨੀ ਪਿੰਡਾਂ ਵਿਚ ਗੇੜੇ ਮਾਰਨ ਲੱਗੇ ਹਨ। ਰਾਜਸਥਾਨੀ ਪਿੰਡਾਂ ਵਿਚਲੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਫਿਰਨੀ ਅਤੇ ਖੇਤਾਂ ਵਿਚ ਹੁਣ ਪੰਜਾਬ ਦੇ ਨਸ਼ੇੜੀ ਆਮ ਦੇਖਣ ਨੂੰ ਮਿਲਣ ਲੱਗੇ ਹਨ। ਸੂਤਰ ਦੱਸਦੇ ਹਨ ਕਿ ਪੰਜਾਬ ਦੇ ਬਹੁਤੇ ਨਸ਼ਾ ਤਸਕਰਾਂ ਨੇ ਹੁਣ ਆਪਣੇ ਟਿਕਾਣੇ ਹਨੂਮਾਨਗੜ੍ਹ ਤੇ ਰਾਜਸਥਾਨ ਵਿਚ ਬਣਾ ਲਏ ਹਨ ਜੋ ਪੰਜਾਬ ਪੁਲੀਸ ਦੀ ਢਿੱਲ ਦੀ ਉਡੀਕ ਕਰ ਰਹੇ ਹਨ। ਰਾਜਸਥਾਨ ਦੇ ਪਿੰਡ ਹਰੀਪੁਰਾ ਵਿਚ ਕਰੀਬ ਦਰਜਨ ਤੋਂ ਉਪਰ ਤਸਕਰ ਇਹ ਕਾਰੋਬਾਰ ਕਰ ਰਹੇ ਹਨ। ਹਰਿਆਣਾ ਚੋਂ ਭੁੱਕੀ ਹੁਣ ਪੰਜ ਹਜ਼ਾਰ ਰੁਪਏ ਪ੍ਰਤੀ ਕਿੱਲੋ ਮਿਲਣ ਲੱਗੀ ਹੈ ਜੋ ਕਿ ਪਹਿਲਾਂ ਤਿੰਨ ਹਜ਼ਾਰ ਰੁਪਏ ਵਿਚ ਮਿਲਦੀ ਸੀ। ਇਸੇ ਤਰ੍ਹਾਂ ਅਫ਼ੀਮ ਦਾ ਭਾਅ ਹੁਣ 700 ਰੁਪਏ ਤੋਂ ਵੱਧ ਕੇ 1500 ਰੁਪਏ ਪ੍ਰਤੀ ਤੋਲਾ ਹੋ ਗਿਆ ਹੈ। ਹਰਿਆਣਾ ਦੀ ਸੀਮਾ ਨਾਲ ਲੱਗਦੇ ਪਿੰਡਾਂ ਦੇ ਨਸ਼ੇੜੀ ਵੀ ਹੁਣ ਹਰਿਆਣਾ ਦੇ ਪਿੰਡਾਂ ਵਿਚ ਨਸ਼ੇ ਖ਼ਾਤਰ ਚਲੇ ਜਾਂਦੇ ਹਨ। ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਦੇ ਨਸ਼ੇੜੀ ਆਖਦੇ ਹਨ ਕਿ ਸਖ਼ਤੀ ਮਗਰੋਂ ਭੁੱਕੀ ’ਚ ਮਿਲਾਵਟ ਆਉਣ ਲੱਗੀ ਹੈ ਅਤੇ ਭਾਅ ਇਕਦਮ ਵਧ ਗਏ ਹਨ।
                 ਅੰਤਰਰਾਜੀ ਸੀਮਾ ਤੇ ਪੈਂਦੇ ਪਿੰਡ ਵਜੀਦਪੁਰ ਭੋਮਾ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਦੇ ਨਸ਼ੇੜੀ ਹੁਣ ਰਾਜਸਥਾਨ ਦੇ ਪਿੰਡਾਂ ਵਿਚ ਪੋਸਤ ਦੀ ਪੁੜੀ ਤੇ ਲੱਗ ਗਏ ਹਨ ਜਿਸ ਦਾ ਰੇਟ ਹੁਣ 400 ਤੋਂ 500 ਰੁਪਏ ਤੱਕ ਪੁੱਜ ਗਿਆ ਹੈ। ਰਾਜਸਥਾਨ ਵਿਚ 31 ਮਾਰਚ 2016 ਤੋਂ ਭੁੱਕੀ ਦੇ ਸਰਕਾਰੀ ਠੇਕੇ ਬੰਦ ਹੋ ਗਏ ਹਨ ਜਿਨ੍ਹਾਂ ਤੋਂ ਰਾਜਸਥਾਨ ਦੇ 22 ਹਜ਼ਾਰ ਨਸ਼ੇੜੀ ਪਰਮਿਟ ਤੇ ਭੁੱਕੀ ਲੈਂਦੇ ਸਨ। ਹੁਣ ਰਾਜਸਥਾਨ ’ਚ ਦੋ ਨੰਬਰ ਦੀ ਭੁੱਕੀ ਵਿਕ ਰਹੀ ਹੈ।  ਪੰਜਾਬ ਪੁਲੀਸ ਨੂੰ ਅੰਤਰਰਾਜੀ ਬੱਸਾਂ ਦੀ ਚੈਕਿੰਗ ਦੀ ਹਦਾਇਤ ਹੈ।। ਬਠਿੰਡਾ ਕੇਂਦਰ ’ਚ ਨਸ਼ਾ ਛੱਡਣ ਵਾਲੇ ਨਸ਼ੇੜੀਆਂ ਦੀ ਗਿਣਤੀ 40 ਫ਼ੀਸਦੀ ਵਧ ਗਈ ਹੈ। ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਬਹੁਤੇ ਨਸ਼ੇੜੀ ਭੁੱਕੀ ਦੇ ਭਾਅ ਵਧਣ ਦੀ ਗੱਲ ਕਰ ਰਹੇ ਹਨ ਜਿਸ ਦੇ ਵਜੋਂ ਓ.ਪੀ.ਡੀ ਵਿਚ ਕਾਫ਼ੀ ਵਾਧਾ ਹੋ ਗਿਆ ਹੈ।
                 ਪੰਜਾਬ ਪੁਲੀਸ ਦਾ ਮਾੜਾ ਪੱਖ ਇਹ ਹੈ ਕਿ ਮੁਕਤਸਰ ਪੁਲੀਸ ਨੇ ਪਿੰਡ ਕੰਦੂਖੇੜਾ ’ਚ ਅੰਤਰਰਾਜੀ ਸੀਮਾ ’ਤੇ ਸਥਾਪਿਤ ਕੀਤੇ ਪੱਕੇ ਪੁਲੀਸ ਨਾਕੇ ਨੂੰ ਹਟਾ ਦਿੱਤਾ ਹੈ ਜਿਸ ਕਰਕੇ ਨਸ਼ੇੜੀਆਂ ਨੂੰ ਹੁਣ ਰਾਜਸਥਾਨ ਆਉਣ ਜਾਣ ਦੀ ਕਾਫ਼ੀ ਖੁੱਲ੍ਹ ਹੈ। ਪਿੰਡ ਕੰਦੂਖੇੜਾ ਦੇ ਨੇੜਲੇ ਖੇਤਾਂ ਦੇ ਲੋਕਾਂ ਨੇ ਦੱਸਿਆ ਕਿ ਪੁਲੀਸ ਨਾਕਾ ਚੁੱਕਣ ਮਗਰੋਂ ਨਸ਼ੇੜੀਆਂ ਦੀ ਚਹਿਲ ਪਹਿਲ ਵਧੀ ਹੈ। ਲੋਕਾਂ ਦੀ ਮੰਗ ਸੀ ਕਿ ਅੰਤਰਰਾਜੀ ਸੀਮਾ ਵੀ ਸੀਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਮਾਨਸਾ ਦੇ ਪਿੰਡ ਸੰਘਾ ਕੋਲ ਡਿੰਗ ਰੋਡ ’ਤੇ ਪੁਲੀਸ ਨਾਕਾ ਪਹਿਲਾਂ ਲੱਗਦਾ ਸੀ ਜੋ ਹੁਣ ਗ਼ਾਇਬ ਹੈ।
                           ਗੁਆਂਢੀ ਪੁਲੀਸ ਦੀ ਪਕੜ ਢਿੱਲੀ : ਫਾਰੂਕੀ
ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਐਮ.ਐਫ.ਫਾਰੂਕੀ ਦਾ ਕਹਿਣਾ ਸੀ ਗੁਆਂਢੀ ਸੂਬਿਆਂ ਨੇ ਹਾਲੇ ਨਸ਼ਾ ਕੰਟਰੋਲ ਨਹੀਂ ਕੀਤਾ ਹੈ ਅਤੇ ਉਹ ਜਲਦੀ ਬਠਿੰਡਾ ਵਿਚ ਅੰਤਰਰਾਜੀ ਮੀਟਿੰਗ ਬੁਲਾ ਰਹੇ ਹਨ ਜਿਸ ’ਚ ਰਣਨੀਤੀ ਘੜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਦੀ ਸਖ਼ਤੀ ਵਜੋਂ ਨਸ਼ੇ ਮਹਿੰਗੇ ਹੋ ਗਏ ਹਨ ਅਤੇ ਨਸ਼ੇੜੀ ਨਸ਼ਾ ਛੱਡਣ ਵਾਸਤੇ ਆਉਣ ਲੱਗੇ ਹਨ। ਉਨ੍ਹਾਂ ਨੇ ਹਰਿਆਣਾ ਤੇ ਰਾਜਸਥਾਨ ਪੁਲੀਸ ਦੇ ਉੱਚ ਅਫ਼ਸਰਾਂ ਨਾਲ ਤਾਲਮੇਲ ਬਣਾਇਆ ਹੋਇਆ ਹੈ।








1 comment:

  1. Rajasthan ਭੁਕੀ ਦੇ ਠੇਕੇ ਹਨ ਜਿਵੇ ਸ਼ਾਰਾਬ ਦੀ ਤਰਾ. ਭੁਕੀ natural ਹੈ ਤੇ ਇਹ ਐਨੀ ਖਰਾਬ ਨਹੀ ਜਿਨਾ ਚਿਟਾ ਜਿਹੜਾ chemical ਤੇ synthetic ਹੈ. ਪੰਜਾਬ ਵਿਚ ਅਫੀਮ ਤੇ ਭੁਕੀ ਖੋਲ ਦੇਣੀ ਚਾਹੀਦੀ ਹੈ. ਜੋ ਸਾਰੀ ਦੁਨੀਆ ਵਿਚ ਜਿਆਦਾ ਵਿਕਦਾ ਹੈ ਤੇ legal ਹੈ..pain killers ਅਰਬਾ ਦੇ ਵਿਕਦੇ ਹਨ ਜਿਵੇ asprin, advil ਵਗੈਰਾ..ਲੋਕ ਕੈੰਡੀ ਦੀ ਤਰਾ ਹਰ ਰੋਜ west ਵਿਚ ਖਾਈ ਜਾਂਦੇ ਹਨ...ਅਫੀਮ ਤਾ ਬੁੜੇ ਤੇ ਬੀਮਾਰ ਖਾਂਦੇ ਹੀ ਸੀ. ਇਹ legal ਹੋਣੀ ਚਾਹੀਦੀ ਹੈ

    ReplyDelete