Wednesday, July 11, 2018

                                                      ਕਿਸਾਨ ਕਲਿਆਣ ਰੈਲੀ
                     ਮੋਦੀ ਦੀ ਗੋਦੀ ’ਚ ਬੈਠ ਕੇ ਸਿਆਸੀ ਭੱਲ ਮਾਪਣਗੇ ਅਕਾਲੀ
                                             ਚਰਨਜੀਤ ਭੁੱਲਰ
ਬਠਿੰਡਾ  : ਸ਼੍ਰੋਮਣੀ ਅਕਾਲੀ ਦਲ ਭਲਕੇ ‘ਕਿਸਾਨ ਕਲਿਆਣ ਰੈਲੀ’ ਨਾਲ ਆਪਣੀ ਸਿਆਸੀ ਭੱਲ ਨੂੰ ਮਾਪੇਗਾ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜ ਰਹੇ ਹਨ। ਅਕਾਲੀਆਂ ਲਈ ਪ੍ਰਧਾਨ ਮੰਤਰੀ ਦੀ ਮਲੋਟ ਰੈਲੀ ਅਗਨੀ ਪ੍ਰੀਖਿਆ ਬਣੇਗੀ ਕਿਉਂਕਿ ਝੋਨੇ ਦੀ ਲੁਆਈ ਮੁੱਕੀ ਨਹੀਂ ਤੇ ਉੱਪਰੋਂ ਤਾਪਮਾਨ ਅੱਜ ਇਕਦਮ ਵਧ ਗਿਆ ਹੈ। ਏਦਾ ਦੇ ਮਾਹੌਲ ’ਚ ਰੈਲੀ ਲਈ ਕਿਸਾਨ ਇਕੱਠ ਜੁਟਾਉਣਾ ਖਾਲਾ ਜੀ ਦਾ ਵਾੜਾ ਨਹੀਂ ਹੈ। ਉੱਪਰ ਲੋਕਾਂ ਦੀ ਦੂਰੀ ਵੀ ਹਾਲੇ ਘਟੀ ਨਹੀਂ। ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਸ਼ਾਮ ਤੱਕ ਹਰਿਆਣਾ ਤੇ ਰਾਜਸਥਾਨ ਚੋਂ ਕਿਸਾਨਾਂ ਦੇ ਪੁੱਜਣ ਦਾ ਕੋਈ ਸੁਨੇਹਾ ਨਹੀਂ ਪੁੱਜਾ ਹੈ ਜਿਸ ਕਰਕੇ ਅਕਾਲੀ ਦਲ ਦੇ ਸਾਹ ਸੂਤੇ ਪਏ ਹਨ। ਸ਼੍ਰੋਮਣੀ ਅਕਾਲੀ ਦਲ ਇਹ ਰੈਲੀ ਕਰਕੇ ਜਿਨਸਾਂ ਦੇ ਭਾਅ ਵਿਚ ਕੀਤੇ ਵਾਧੇ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦਾ ਹੈ। ਚਰਚੇ ਤਾਂ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਦੇ ਇਕੱਠ ਪੁੱਜਣ ਦੇ ਵੀ ਹਨ ਪ੍ਰੰਤੂ ਅਕਾਲੀ ਦਲ ਇਸ ਤੋਂ ਬਹੁਤਾ ਆਸਵੰਦ ਨਹੀਂ ਹੈ। ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀ ਤਾਂ ਪੁੱਜ ਰਹੇ ਹਨ ਪ੍ਰੰਤੂ ਦੂਸਰੇ ਸੂਬਿਆਂ ਚੋਂ ਕਿਸਾਨਾਂ ਦਾ ਪੁੱਜਣਾ ਹਾਲੇ ਬਹੁਤ ਸੰਭਵ ਨਹੀਂ ਜਾਪ ਰਿਹਾ ਹੈ। ਗੁਆਂਢੀ ਸੂਬਿਆਂ ਦੇ ਨੇੜਲੇ ਜ਼ਿਲ੍ਹਿਆਂ ਦੇ ਕਿਸਾਨ ਪੁੱਜ ਸਕਦੇ ਹਨ।
                  ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਖਦੇ ਹਨ ਕਿ ਮਲੋਟ ਰੈਲੀ ਵਿਚ ਇੱਕ ਲੱਖ ਕਿਸਾਨਾਂ ਦਾ ਇਕੱਠ ਕਰਨ ਦਾ ਟੀਚਾ ਹੈ। ਸੂਤਰ ਦੱਸਦੇ ਹਨ ਕਿ ਰੈਲੀ ਦੇ ਪੰਡਾਲ ਵਿਚ ਕਰੀਬ 42 ਹਜ਼ਾਰ ਕੁਰਸੀ ਲਾਈ ਗਈ ਹੈ। ਕਰੀਬ 50 ਏਕੜ ਵਿਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਲਈ ਵਾਟਰ ਪਰੂਫ਼ ਏਸੀ ਸਟੇਜ ਬਣਾਈ ਗਈ ਹੈ। ਕੈਪਟਨ ਸਰਕਾਰ ਬਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਪਹਿਲੀ ਵੱਡੀ ਰੈਲੀ ਹੈ ਜਿਸ ਨਾਲ ਅਕਾਲੀ ਦਲ ਆਪਣਾ ਸਿਆਸੀ ਕੱਦ ਵੇਖੇਗਾ। ਸਿਆਸੀ ਹਲਕੇ ਆਖਦੇ ਹਨ ਕਿ ਕੈਪਟਨ ਹਕੂਮਤ ਦੀ ਸਿਆਸੀ ਭੱਲ ਨੂੰ ਖੋਰਾ ਜ਼ਰੂਰ ਲੱਗਾ ਹੈ ਪ੍ਰੰਤੂ ਅਕਾਲੀ ਦਲ ਨੂੰ ਹਾਲੇ ਸਿਆਸੀ ਹਵਾ ਨਹੀਂ ਮਿਲੀ ਹੈ। ਅਕਾਲੀ ਦਲ ਤੇ ਲੱਗੇ ਪੁਰਾਣੇ ਦਾਗ਼ ਉਵੇਂ ਹੀ ਚਮਕ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਤਪਸ਼ ਦਾ ਵੱਡਾ ਡਰ ਹੈ ਅਤੇ ਹਰ ਹਲਕੇ ਨੂੰ ਇਕੱਠ ਦੇ ਕੋਟੇ ਲਾਏ ਗਏ ਹਨ। ਪੰਡਾਲ ਵਿਚ 1500 ਪਾਣੀ ਵਾਲੇ ਪੱਖੇ ਲਾਏ ਗਏ ਹਨ ਅਤੇ ਹਰ ਵਿਅਕਤੀ ਨੂੰ ਕੁਰਸੀ ਤੇ ਬੋਤਲ ਵਾਲਾ ਪਾਣੀ ਦਿੱਤਾ ਜਾਣਾ ਹੈ। ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਹਨ। ਮਲੋਟ ਸ਼ਹਿਰ ਵਿਚ ਵੱਡੀ ਗਿਣਤੀ ਪੁਲੀਸ ਤਾਇਨਾਤ ਕੀਤੀ ਗਈ ਹੈ ਅਤੇ ਇਸ ਰੈਲੀ ਵਿਚ ਭਾਜਪਾ ਪ੍ਰਧਾਨ ਸਵੇਤ ਮਲਿਕ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ ਆਗੂ ਤੇ ਸਾਬਕਾ ਵਜ਼ੀਰ ਪੁੱਜ ਰਹੇ ਹਨ।
                ਪਿਛਲੇ ਅਰਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਲੋਟ ਖੇਤਰ ਦਾ ਜ਼ਿੰਮਾ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨੂੰ ਦਿੱਤਾ ਹੋਇਆ ਸੀ। ਹੁਣ ਕੋਲਿਆਂ ਵਾਲੀ ਤੇ ਵਿਜੀਲੈਂਸ ਨੇ ਕੇਸ ਦਰਜ ਕਰ ਲਿਆ ਹੈ ਜਿਸ ਕਰਕੇ ਕੋਲਿਆਂ ਵਾਲੀ ਕਿਧਰੇ ਵੀ ਰੈਲੀ ਦੇ ਇੰਤਜ਼ਾਮਾਂ ਵਿਚ ਨਜ਼ਰ ਨਹੀਂ ਆ ਰਹੇ ਹਨ। ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਇੱਕ ਲੱਖ ਦੇ ਇਕੱਠ ਦਾ ਟੀਚਾ ਹੈ ਅਤੇ ਲੰਗਰ ਤੇ ਪਾਣੀ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉਨ੍ਹਾਂ ਆਖਿਆ ਕਿ ਇਹ ਰੈਲੀ ਅਮਿੱਟ ਛਾਪ ਛੱਡੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦੇਰ ਸ਼ਾਮ ਤੱਕ ਪੰਡਾਲ ਸਜਾਉਣ ਦਾ ਕੰਮ ਚੱਲਦਾ ਰਿਹਾ। ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਰੈਲੀ ਵਾਲੀ ਥਾਂ ਤੇ ਕਰੀਬ 12 ਵਜੇ ਪੁੱਜਣਗੇ। ਪ੍ਰਧਾਨ ਮੰਤਰੀ ਪਹਿਲਾਂ ਭਿਸੀਆਣਾ ਹਵਾਈ ਅੱਡੇ ਤੇ ਪੁੱਜਣਗੇ ਜਿੱਥੋਂ ਵਿਸ਼ੇਸ਼ ਹੈਲੀਕਾਪਟਰ ਰਾਹੀਂ ਛਾਪਿਆਂ ਵਾਲੀ ਆਉਣਗੇ। ਉੱਥੋਂ ਸੜਕੀ ਰਸਤੇ ਰਾਹੀਂ ਮਲੋਟ ਵਿਚ ਰੈਲੀ ਵਾਲੀ ਥਾਂ ਤੇ ਪੁੱਜਣਗੇ। ਉਨ੍ਹਾਂ ਦੀ ਆਮਦ ਮੌਕੇ ਟਰੈਫ਼ਿਕ ਰੋਕਿਆ ਜਾਣਾ ਹੈ।
                  ਮਲੋਟ ਸ਼ਹਿਰ ਬਣਿਆ ਪੁਲੀਸ ਛਾਉਣੀ
ਮਲੋਟ ਸ਼ਹਿਰ ਅੱਜ ਦੇਰ ਸ਼ਾਮ ਤੱਕ ਪੁਲੀਸ ਛਾਉਣੀ ਵਿਚ ਤਬਦੀਲ ਹੋ ਗਿਆ ਅਤੇ ਕਰੀਬ ਪੰਜ ਹਜ਼ਾਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਅੱਜ ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਰੈਲੀ ਦੇ ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਏ.ਡੀ.ਜੀ.ਪੀ (ਲਾਅ ਐਂਡ ਆਰਡਰ) ਹਰਦੀਪ ਸਿੰਘ ਢਿੱਲੋਂ ਕਰ ਰਹੇ ਹਨ। ਰੈਲੀ ਮੌਕੇ ਚਾਰ ਆਈ.ਜੀ ਅਤੇ ਸੱਤ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਤੋਂ ਇਲਾਵਾ ਬੀ.ਐਸ.ਐਫ ਦੇ ਜਵਾਨ ਵੀ ਤਾਇਨਾਤ ਰਹਿਣਗੇ। ਪੁਲੀਸ ਦੀ ਇਹ ਨਾਲਾਇਕੀ ਆਖੀ ਜਾ ਸਕਦੀ ਹੈ ਕਿ ਸ਼ਾਮ ਤੱਕ ਟਰੈਫ਼ਿਕ ਦਾ ਰੂਟ ਪਲਾਨ ਵਗ਼ੈਰਾ ਤਿਆਰ ਨਹੀਂ ਹੋ ਸਕਿਆ ਸੀ।
                         ਪੁਲੀਸ ਵੱਲੋਂ ਸਾਬਕਾ ਸੈਨਿਕਾਂ ਦੇ ਘਰਾਂ ’ਚ ਛਾਪੇ
ਸਾਬਕਾ ਸੈਨਿਕ ਭਲਾਈ ਵਿੰਗ ਮੁਕਤਸਰ ਵੱਲੋਂ ਨਰਿੰਦਰ ਮੋਦੀ ਦੀ ਰੈਲੀ ਮੌਕੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਦਾ ਵਿਖਾਵਾ ਕੀਤਾ ਜਾਣਾ ਹੈ ਪ੍ਰੰਤੂ ਅੱਜ ਦੇਰ ਸ਼ਾਮ ਮੁਕਤਸਰ ਪੁਲੀਸ ਨੇ ਸਾਬਕਾ ਸੈਨਿਕਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ। ਬਹੁਤੇ ਸਾਬਕਾ ਸੈਨਿਕ ਪਹਿਲਾਂ ਹੀ ਘਰਾਂ ਤੋਂ ਰੂਪੋਸ਼ ਹੋ ਗਏ। ਪੁਲੀਸ ਨੇ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫੱਕਰਸਰ,ਪਿੰਡ ਦੌਲਾ ਦੇ ਇਕਬਾਲ ਸਿੰਘ ਅਤੇ ਹੁਸਨਰ ਦੀ ਦਲੀਪ ਕੌਰ ਦੇ ਘਰ ਛਾਪਾ ਮਾਰਿਆ ਪ੍ਰੰਤੂ ਉਸ ਮੌਕੇ ਪੁਲੀਸ ਨੂੰ ਕੁਝ ਹੱਥ ਨਾ ਲੱਗਾ।




No comments:

Post a Comment