Wednesday, July 25, 2018

               ਖਜ਼ਾਨਾ ਸਰਕਾਰੀ ਏ..
    ਚੁੱਪ ਚੁਪੀਤੇ ਵਿਧਾਇਕ ਹੁੰਦੇ ਨੇ ਨੌਂ ਬਰ ਨੌ
                           ਚਰਨਜੀਤ ਭੁੱਲਰ
ਬਠਿੰਡਾ : ‘ਤੰਦਰੁਸਤ ਪੰਜਾਬ’ ਦੇ ਨਾਅਰੇ ਦੇ ਜਿਥੇ ਢੋਲ ਵੱਜੇ ਹਨ ਉਥੇ ‘ਤੰਦਰੁਸਤ ਵਿਧਾਇਕ’ ਮਿਸ਼ਨ ਚੱੁਪ ਚੁਪੀਤੇ ਚੱਲਦਾ ਹੈ। ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਤੋਂ ਬਿਨਾਂ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ’ਤੇ ਖ਼ਰਚ ਦੀ ਕੋਈ ਸੀਮਾ ਨਹੀਂ। ਚੋਣਾਂ ਮੌਕੇ ਆਮ ਆਦਮੀ ਦੇ ਸਿਹਤ ਬਜਟ ਦੇ ਦਮਗਜੇ ਵੱਜਦੇ ਹਨ,ਵਿਧਾਇਕਾਂ ਦੇ ਸਿਹਤ ਖ਼ਰਚ ਦੀ ਕਿਧਰੇ ਚਰਚਾ ਨਹੀਂ ਹੁੰਦੀ। ਦੂਸਰੀ ਤਰਫ਼ ਸਰਕਾਰੀ ਅਫ਼ਸਰਾਂ/ਮੁਲਾਜ਼ਮਾਂ ਦੇ ਸਿਹਤ ਖ਼ਰਚ ਵੀ ਬੱਝਵਾਂ ਹੈ। ਦਿਲਚਸਪ ਤੱਥ ਹੈ ਕਿ ਜੇਲ੍ਹਾਂ ਦੇ ਬੰਦੀਆਂ ਦੇ ਸਿਹਤ ਖ਼ਰਚ ਕਰਨ ਦੀ ਖੁੱਲ੍ਹੀ ਛੁੱਟੀ ਹੈ। ਕੈਪਟਨ ਹਕੂਮਤ ਦੇ ਪਹਿਲੇ ਵਰੇ੍ਹ ਦੌਰਾਨ ਵਿਧਾਇਕਾਂ/ਸਾਬਕਾ ਵਿਧਾਇਕਾਂ ਦਾ ਸਿਹਤ ਖ਼ਰਚ 23.69 ਲੱਖ ਰੁਪਏ ਰਿਹਾ ਹੈ। ਭਾਵ ਪ੍ਰਤੀ ਵਿਧਾਇਕ ਕਰੀਬ ਡੇਢ ਲੱਖ ਰੁਪਏ ਦੇ ਇਲਾਜ ਖ਼ਰਚੇ ਰਹੇ ਹਨ। ਇਕੱਲੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਪਰਿਵਾਰ ਦਾ ਸਿਹਤ ਖਰਚਾ 14.15 ਲੱਖ ਰੁਪਏ ਰਿਹਾ ਹੈ ਜੋ ਕੁੱਲ ਖ਼ਰਚ ਦਾ 59.73 ਫ਼ੀਸਦੀ ਬਣਦਾ ਹੈ।  ਵਿਧਾਇਕ ਸਿਮਰਜੀਤ ਬੈਂਸ ਆਖਦੇ ਹਨ ਕਿ ਉਨ੍ਹਾਂ ਦੇ ਮਾਤਾ ਪਿਤਾ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਨੇ ਨਿਯਮਾਂ ਅਨੁਸਾਰ ਹੀ ਬਣਦਾ ਸਿਹਤ ਖ਼ਰਚ ਕੀਤਾ ਹੈ ਜਿਸ ’ਚ ਕੋਈ ਵੀ ਕੋਤਾਹੀ ਨਹੀਂ ਹੈ।
                  ਵਿਧਾਨ ਸਭਾ ਸਕੱਤਰੇਤ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਸਾਬਕਾ ਵਿਧਾਇਕ ਗੁਰਚਰਨ ਸਿੰਘ ਬੋਪਾਰਾਏ ਦਾ ਇੱਕ ਵਰੇ੍ਹ ਦਾ ਇਲਾਜ ਖਰਚਾ 2.29 ਲੱਖ ਰੁਪਏ ਰਿਹਾ ਹੈ ਜਦੋਂ ਕਿ ‘ਆਪ’ ਵਿਧਾਇਕ ਬੁੱਧ ਰਾਮ ਦਾ ਇਲਾਜ ਖਰਚਾ 1.77 ਲੱਖ ਰੁਪਏ ਆਇਆ ਹੈ। ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਰੀੜ੍ਹ ਦੀ ਹੱਡੀ ਦੇ ਮਣਕੇ ਹਿੱਲ ਗਏ ਸਨ ਜਿਸ ਦੇ ਪੀ.ਜੀ.ਆਈ ਚੋਂ ਕਰਾਏ ਇਲਾਜ ’ਤੇ ਖਰਚਾ ਆਇਆ ਹੈ। ਵੇਰਵਿਆਂ ਅਨੁਸਾਰ ਕਾਂਗਰਸੀ ਵਿਧਾਇਕ ਨੱਥੂ ਰਾਮ ਦਾ ਸਿਹਤ ਖ਼ਰਚ 1.58 ਲੱਖ ਰੁਪਏ ਅਤੇ ਵਿਧਾਇਕ ਮਦਨ ਲਾਲ ਦਾ ਇਲਾਜ ਖਰਚਾ ਵੀ 1.58 ਰੁਪਏ ਰਿਹਾ ਹੈ। ਐਮ.ਐਲ.ਏ ਦਰਸ਼ਨ ਬਰਾੜ ਨੇ ਵੀ ਸਿਹਤ ਤੇ 1.49 ਲੱਖ ਰੁਪਏ ਖ਼ਰਚੇ ਹਨ। ਭਾਵੇਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਧਨਾਢ ਕਾਰੋਬਾਰੀ ਹਨ ਪ੍ਰੰਤੂ ਉਨ੍ਹਾਂ ਨੇ ਮਹਿਜ਼ 2784 ਰੁਪਏ ਦਾ ਇਲਾਜ ਬਿੱਲ ਵੀ ਸਰਕਾਰੀ ਖ਼ਜ਼ਾਨੇ ਚੋਂ ਲਿਆ ਹੈ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ 4111 ਰੁਪਏ ਦਾ ਬਿੱਲ ਵੀ ਸਰਕਾਰ ਤੋਂ ਲਿਆ ਹੈ। ਸਭ ਤੋਂ ਛੋਟਾ ਇਲਾਜ ਬਿੱਲ ਸੁਖਪਾਲ ਸਿੰਘ ਭੁੱਲਰ ਦਾ ਰਿਹਾ ਜਿਨ੍ਹਾਂ ਨੇ 1750 ਰੁਪਏ ਵੀ ਸਰਕਾਰ ਤੋਂ ਲਏ ਹਨ। ਵਿਧਾਨ ਸਭਾ ਨੇ ਇਨ੍ਹਾਂ ਵਿਧਾਇਕਾਂ ਦੇ 35 ਬਿੱਲਾਂ ਦਾ ਭੁਗਤਾਨ ਕੀਤਾ ਹੈ।
        ਕੈਪਟਨ ਹਕੂਮਤ ਨੇ ਸਭ ਤੋਂ ਵੱਡਾ ਬਿੱਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਭੁਗਤਾਨ ਕੀਤਾ ਹੈ। ਅਮਰੀਕਾ ਵਿਚ ਸ੍ਰੀ ਬਾਦਲ ਨੇ 8 ਫਰਵਰੀ ਤੋਂ 20 ਫਰਵਰੀ ਤੱਕ ਆਪਣੇ ਦਿਲ ਦਾ ਇਲਾਜ ਕਰਾਇਆ ਜਿਸ ਦਾ ਬਿੱਲ ਸਮੇਤ ਹਵਾਈ ਟਿਕਟਾਂ ਕਰੀਬ 1 ਕਰੋੜ ਖ਼ਜ਼ਾਨੇ ਚੋਂ ਤਾਰਿਆ ਗਿਆ। ਮਰਹੂਮ ਵਿਧਾਇਕ ਕੰਵਰਜੀਤ ਸਿੰਘ ਬਰਾੜ ਦੇ ਇਲਾਜ ਦਾ ਬਿੱਲ ਵੀ 3.43 ਕਰੋੜ ਖ਼ਜ਼ਾਨੇ ਚੋਂ ਭੁਗਤਾਇਆ ਗਿਆ ਸੀ। ਗੱਠਜੋੜ ਸਰਕਾਰ ਸਮੇਂ ਕਈ ਅਕਾਲੀ ਵਜ਼ੀਰਾਂ ਨੇ ਵਿਦੇਸ਼ਾਂ ਚੋਂ ਆਪਣਾ ਇਲਾਜ ਕਰਾਇਆ ਸੀ। ਮੌਜ ਇਹੋ ਹੈ ਕਿ ਵਿਧਾਇਕ ਕਿਤੋਂ ਵੀ ਇਲਾਜ ਕਰਾ ਸਕਦੇ ਹਨ। ਏਦਾ ਦੀ ਸਹੂਲਤ ਹੀ ਜੇਲ੍ਹਾਂ ਵਿਚ ਬੰਦੀਆਂ ਹਨ। ਦੱਸਦੇ ਹਨ ਕਿ ਜੇਲ੍ਹਾਂ ਦਾ ਸਿਹਤ ਬਜਟ ਕਰੀਬ ਪੰਜ ਕਰੋੜ ਰੁਪਏ ਸਲਾਨਾ ਰਿਹਾ ਹੈ। ਬੰਦੀ ਦੇ ਇਲਾਜ ਤੇ ਆਇਆ ਪੂਰਾ ਖਰਚਾ ਸਰਕਾਰੀ ਖ਼ਜ਼ਾਨੇ ਚੋਂ ਹੁੰਦਾ ਹੈ।
                ਇਲਾਜ ਖ਼ਰਚ ਦੇ ਨਿਯਮ 
ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼(ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 1977 ਅਨੁਸਾਰ 1 ਜਨਵਰੀ 1998 ਤੋਂ 22 ਅਪਰੈਲ 2003 ਤੱਕ ਵਿਧਾਇਕਾਂ ਨੂੰ ਨਿਸ਼ਚਿਤ ਭੱਤਾ ਮਿਲਦਾ ਸੀ। ਕਰੀਬ ਢਾਈ ਸੌ ਰੁਪਏ ਪ੍ਰਤੀ ਮਹੀਨਾ ਮੈਡੀਕਲ ਭੱਤਾ ਦਿੱਤਾ ਜਾਂਦਾ ਸੀ। ਪੰਜਾਬ ਸਰਕਾਰ ਵੱਲੋਂ 20 ਫਰਵਰੀ 2004 ਨੂੰ ਵਿਧਾਇਕਾਂ ਨੂੰ ਖੁੱਲ੍ਹਾ ਮੈਡੀਕਲ ਭੱਤਾ ਦੇਣ ਦੀ ਹਦਾਇਤ ਕਰ ਦਿੱਤੀ ਸੀ। ਮੈਡੀਕਲ ਭੱਤਾ ਵਿਧਾਇਕ ਅਤੇ ਉਸ ਦੇ ਚਾਰ ਆਸਰਿਤ ਪਰਵਾਰਿਕ ਮੈਂਬਰਾਂ ਨੂੰ ਦਿੱਤੇ ਜਾਣ ਦੀ ਵਿਵਸਥਾ ਹੈ ਅਤੇ ਮੈਡੀਕਲ ਖ਼ਰਚ ਤੇ ਕੋਈ ਸੀਮਾ ਨਹੀਂ ਹੈ। 



1 comment:

  1. ਬਾਦਲਾ ਨੇ ਤਾ ਸ਼ਰਮ ਹੀ ਲਾਹ ਦਿਤੀ ਹੈ ਤੇ ਬਰਾੜ ਦੇ ਘਰਦੇ ਕਹਿੰਦਾ ਨ੍ਗੰਗ ਸੀ!!! ਪਰ ਇਹ ਲੋਕ ਬੇਸ਼ਰਮ ਹਨ. ਲੋਕ ਫਿਰ ਇਨਾ ਨੂ ਵੋਟਾ ਪਾ ਦਿੰਦੇ ਹਨ.

    ਸੁਣਿਆ ਹੈ ਬੈਂਸ ਵੀ ਅਮੀਰ ਹਨ ਤੇ ਖ਼ਜ਼ਾਨੇ ਨੂ ਚੂਨਾ ਇਨਾ ਚੂਨਾ ਲਾਓਨਾ ਮਾੜੀ ਗਲ ਹੀ ਹੈ ...

    ਸਾਡਾ ਰੰਗਲਾ ਪੰਜਾਬ ਜਿਥੇ ਆਮ ਆਦਮੀ ਚੁਣਦਾ ਹੈ ਨੋਮਾਏਦੇ ਜੋ ਉਨਾ ਨੂ ਹੀ ਲੁਟ ਲੈਂਦੇ ਹਨ...

    ReplyDelete