Thursday, July 19, 2018

                            ਬਾਲਾਸਰ ’ਚ ਡੇਰੇ
         ਵੱਡੀ ਉਮਰ ਬਾਦਲ ਨੂੰ ਲੱਗੀ ਹੰਭਾਉਣ
                             ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਵੱਡੀ ਉਮਰ ਹੰਭਾਉਣ ਲੱਗੀ ਹੈ। ਡਾਕਟਰੀ ਟੀਮ ਨੇ ਬਾਦਲ ਨੂੰ ਗਰਮੀ ’ਚ ਘੱਟ ਨਿਕਲਣ ਦਾ ਮਸ਼ਵਰਾ ਦਿੱਤਾ ਹੈ। ਭਾਵੇਂ ਬਾਦਲ ਨੇ ਉਮਰ ਤੋਂ ਕਦੇ ਹਾਰ ਨਹੀਂ ਮੰਨੀ ਪ੍ਰੰਤੂ ਹੁਣ ਆਖ਼ਰੀ ਮੋੜ ’ਤੇ ਉਮਰ ਹਾਵੀ ਹੋਣ ਲੱਗੀ ਹੈ। ਪਹਿਲਾਂ ਬਾਦਲ ਨੇ ਆਪਣੇ ਆਪ ਨੂੰ ਲੰਬੀ ਤੱਕ ਸੀਮਤ ਕੀਤਾ ਸੀ। ਰੋਜ਼ਾਨਾ ਪਿੰਡਾਂ ’ਚ ਦੁੱਖ ਸੁੱਖ ਵੰਡਾਉਂਦੇ ਸਨ। ਉਨ੍ਹਾਂ 12 ਜੂਨ ਤੋਂ ਪਿੰਡਾਂ ’ਚ ਜਾਣਾ  ਬੰਦ ਕਰ ਦਿੱਤਾ ਤੇ ਸਿਆਸੀ ਸਰਗਰਮੀ ਵੀ ਘਟਾ ਦਿੱਤੀ। ਹੁਣ ਦੋ ਦਿਨਾਂ ਤੋਂ ਬਾਦਲ ਬਾਲਾਸਰ ਫਾਰਮ ਹਾਊਸ ’ਚ ਆਰਾਮ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਡਾਕਟਰੀ ਟੀਮ ਗਈ ਹੋਈ ਹੈ। ‘ਅਭੀ ਤੋਂ ਮੈਂ ਜਵਾਨ ਹੂੰ’ ਬਾਦਲ ਹਮੇਸ਼ਾ ਇਹੋ ਪ੍ਰਭਾਵ ਦਿੰਦੇ ਰਹੇ ਹਨ । ਉਮਰ ਦੇ ਤਕਾਜ਼ੇ ਨੇ  ਹੁਣ ਉਨ੍ਹਾਂ ਨੂੰ ਵਰਜਿਆ ਲੱਗਦਾ ਹੈ। ਅੱਠ ਦਸੰਬਰ 1927 ਨੂੰ ਜਨਮੇ ਬਾਦਲ ਹੁਣ ਕਰੀਬ 91 ਵਰ੍ਹਿਆਂ ਦੇ ਹੋ ਗਏ ਹਨ। ਸਿਆਸਤ ’ਚ ਪੰਜਾਹ ਵਰ੍ਹਿਆਂ ਤੋਂ ਉੱਪਰ ਦਾ ਸਫ਼ਰ ਤੈਅ ਕਰ ਲਿਆ ਹੈ। ਹਕੂਮਤ ਬਦਲੀ ਮਗਰੋਂ ਬਾਦਲ ਨੇ ਜਨਤਿਕ ਸਿਆਸੀ ਸਮਾਗਮਾਂ ਤੋਂ ਕਿਨਾਰਾ ਕੀਤਾ ਹੈ। ਉਨ੍ਹਾਂ ਸ਼ਾਹਕੋਟ ਦੀ ਜ਼ਿਮਨੀ ਚੋਣ ’ਚ ਇੱਕ ਵੀ ਗੇੜਾ ਨਹੀਂ ਲਾਇਆ ਸੀ। ਭੋਗਾਂ ਤੇ ਵਿਆਹਾਂ ਤੇ ਜਾਣ ਤੋਂ ਗੁਰੇਜ਼ ਕਰਦੇ ਹਨ। ਸਿਰਫ਼ ਆਪਣੀ ਚਾਚੀ ਦੇ ਭੋਗ ਸਮਾਗਮਾਂ ਵਿਚ ਜ਼ਰੂਰ ਪੁੱਜੇ ਸਨ।
                 ਮਹੀਨੇ ’ਚ ਉਹ ਦੋ ਦਿਨ ਚੰਡੀਗੜ੍ਹ ਜਾਂਦੇ ਸਨ ਪ੍ਰੰਤੂ ਐਤਕੀਂ ਹੁਣ ਮਹੀਨੇ ਦੇ ਅੱਧ ’ਚ ਚੰਡੀਗੜ੍ਹ ਵੀ ਨਹੀਂ ਗਏ। ਅਕਾਲੀ ਦਲ ਨੂੰ ਸਿਆਸੀ ਮਾਹੌਲ ਫ਼ਿਲਹਾਲ ਹੁਲਾਰਾ ਦੇਣ ਵਾਲਾ ਨਹੀਂ ਜਾਪਦਾ। ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਬਾਦਲਾਂ ਖ਼ਿਲਾਫ਼ ਆਨੀ ਬਹਾਨੀ ਛਿੱਕੇ ਲਾਉਣ ਤੋਂ ਪਿੱਛੇ ਨਹੀਂ ਹਟ ਰਹੇ। ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਬਹੁਤਾ ਸਮਾਂ ਪਿੰਡ ਬਾਦਲ ’ਚ ਆਪਣੀ ਰਿਹਾਇਸ਼ ’ਤੇ ਗੁਜ਼ਾਰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਇੱਕ ਅੱਖ ’ਚ ਗੁਜ਼ਾਰਨੀ ਅਤੇ ਆਈ ਫਲੂ ਕਰਕੇ ਸਮੱਸਿਆ ਆਈ ਸੀ। ਉਨ੍ਹਾਂ ਨੇ ਬਠਿੰਡਾ ਤੋਂ ਇਲਾਜ ਕਰਾਇਆ ਸੀ।  ਕੈਪਟਨ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬਾਦਲ ਨਾਲ ਤਿੰਨ ਡਾਕਟਰ ਅਤੇ ਇੱਕ ਫਰਮਾਸ਼ਿਸਟ ਦੀ ਟੀਮ ਪੱਕੇ ਤੌਰ ਤੇ ਤਾਇਨਾਤ ਕੀਤੀ ਹੋਈ ਹੈ। ਪਿੰਡ ਬਾਦਲ ਦੇ ਹਸਪਤਾਲ ਦੇ ਡਾ.ਪ੍ਰਭਜੀਤ ਸਿੰਘ ਗੁਲਾਟੀ ਅਤੇ ਫਰਮਾਸਿਸਟ ਰਿਸ਼ੀ ਦੀ ਆਰਜ਼ੀ ਡਿਊਟੀ ਲਾਈ ਹੋਈ ਹੈ। ਫਿਜੋਥਰੈਪਿਸਟ ਬਾਦਲ ਨੂੰ ਸੇਵਾਵਾਂ ਦੇ ਰਹੇ ਹਨ। ਸਰਕਾਰੀ ਤੱਥਾਂ ਅਨੁਸਾਰ ਐਸਐਮਓ ਡਾ.ਅਨੁਰਾਗ ਵਸ਼ਿਸ਼ਟ ਨੂੰ 31 ਮਾਰਚ 2017 ਅਤੇ ਐਸਐਮਓ ਡਾ.ਜਸਤੇਜ ਸਿੰਘ ਕੁਲਾਰ ਨੂੰ 11 ਨਵੰਬਰ 2017 ਤੋਂ ਬਾਦਲ ਨਾਲ ਤਾਇਨਾਤ ਕੀਤਾ ਹੈ। ਡਾ. ਗੁਰਪ੍ਰੀਤ ਸਿੰਘ ਤੋਂ ਇਲਾਵਾ ਫਾਰਮਾਸਿਸਟ ਅਮਨ ਪ੍ਰਭਾਕਰ ਨੂੰ ਮਾਰਚ 2017 ਤੋਂ ਤਾਇਨਾਤ ਕੀਤਾ ਹੈ।
                 ਸੂਤਰਾਂ ਅਨੁਸਾਰ ਪੀ.ਜੀ.ਆਈ ਦੇ ਡਾ. ਤਲਵਾੜ ਸ੍ਰੀ ਬਾਦਲ ਦੀ ਸਿਹਤ ਸਬੰਧੀ ਮੈਡੀਕਲ ਟੀਮ ਨੂੰ ਹਦਾਇਤਾਂ ਦਿੰਦੇ ਹਨ। ਸ੍ਰੀ ਬਾਦਲ ਨੇ ਕੁਝ ਸਮਾਂ ਪਹਿਲਾਂ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਤੋਂ ਵੀ ਚੈੱਕਅਪ ਕਰਾਇਆ ਹੈ। ਬਾਦਲ ਨਾਲ ਤਾਇਨਾਤ ਡਾ.ਜਸਤੇਜ ਸਿੰਘ ਦਾ ਕਹਿਣਾ ਸੀ ਕਿ ਸਾਬਕਾ ਮੁੱਖ ਮੰਤਰੀ ਦਾ ਰੋਜ਼ਾਨਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕ ਕੀਤਾ ਜਾ ਰਿਹਾ ਹੈ ਅਤੇ ਲੋੜ ਪੈਣ ਤੇ ਹੋਰ ਟੈੱਸਟ ਵੀ ਕੀਤੇ ਜਾਂਦੇ ਹਨ। ਸਭ ਕੁ ਨਾਰਮਲ ਹੈ ਅਤੇ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ। ਗਰਮੀ ਕਰਕੇ ਥੋੜ੍ਹਾ ਖ਼ਿਆਲ ਰੱਖਣ ਲੱਗੇ ਹਨ।  ਸੂਤਰ ਦੱਸਦੇ ਹਨ ਕਿ ਡਾਕਟਰਾਂ ਨੇ ਬਾਦਲ ਨੂੰ ਹੁਣ ਸਿਹਤ ਨੂੰ ਤਰਜੀਹ ਦੇਣ ਲਈ ਆਖਿਆ ਹੈ। ਪਿੰਡ ਬਾਲਾਸਰ (ਹਰਿਆਣਾ) ਦੇ ਸਰਪੰਚ ਧਰਮਪਾਲ ਨੇ ਦੱਸਿਆ ਕਿ ਇੱਥੇ ਸਾਬਕਾ ਮੁੱਖ ਮੰਤਰੀ ਰੋਜ਼ਾਨਾ ਹਲਕੀ ਵਰਜ਼ਿਸ਼ ਕਰ ਰਹੇ ਹਨ ਅਤੇ ਪਿੰਡ ਦੇ ਲੋਕਾਂ ਨੂੰ ਵੀ ਮਿਲਦੇ ਹਨ। ਲੰਬੀ ਦੇ ਆਗੂ ਆਖਦੇ ਹਨ ਕਿ ਬਾਦਲ ਸਾਦਾ ਖਾਣਾ ਲੈਂਦੇ ਹਨ ਅਤੇ ਰਿਹਾਇਸ਼ ਤੇ ਲੋਕਾਂ ਨੂੰ ਮਿਲਦੇ ਹਨ। ਉਂਜ, ਜਦੋਂ ਬਾਦਲ ਚੱਲਦੇ ਹਨ ਤਾਂ ਦੋ ਮੁਲਾਜ਼ਮ ਸਹਾਰਾ ਦਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਵਾਲੇ ਦਿਨ ਬਾਦਲ ਦੇ ਭਾਸ਼ਣ ਚੋਂ ਟੋਟਕੇ ਗ਼ਾਇਬ ਸਨ ਤੇ ਭਾਸ਼ਣ ਵੀ ਸੰਖੇਪ ਸੀ।
               ਅਕਸਰ ਵੀ.ਆਈ.ਪੀ ਨਾਲ ਸਟੇਜ ਤੇ ਆਉਣ ਵਾਲੇ ਬਾਦਲ ਮਲੋਟ ਰੈਲੀ ਦੀ ਸਟੇਜ ਤੇ ਪਹਿਲਾਂ ਹੀ ਆ ਕੇ ਬੈਠ ਗਏ ਸਨ। ਪਿੰਡ ਬਾਦਲ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਬਾਦਲ ਵਿਚ ਹੁਣ ਸਭ ਤੋਂ ਵੱਡੀ ਉਮਰ ਦੇ ਮਲਾਗਰ ਸਨ ਜੋ ਸ੍ਰੀ ਬਾਦਲ ਦੇ ਦੋਸਤ ਹਨ। ਮਲਾਗਰ ਤੋਂ ਮਗਰੋਂ ਸ੍ਰੀ ਬਾਦਲ ਪਿੰਡ ਦੇ ਸਭ ਤੋਂ ਵੱਡੀ ਉਮਰ ਦੇ ਬਾਸ਼ਿੰਦੇ ਹਨ।  ਬਾਦਲ ਪਰਿਵਾਰ ਦੇ ਨੇੜਲੇ ਅਤੇ ਸਾਬਕਾ ਸਰਕਲ ਜਥੇਦਾਰ ਅਵਤਾਰ ਬਣਵਾਲੀ ਦਾ ਪ੍ਰਤੀਕਰਮ ਸੀ ਕਿ ਬਾਦਲ ਸਿਹਤ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਪਿਛਲੇ ਦਿਨਾਂ ਵਿਚ ਅੱਖਾਂ ਦੀ ਤਕਲੀਫ਼ ਜ਼ਰੂਰ ਆਈ ਸੀ ਜਿਸ ਕਰਕੇ ਸਰਗਰਮੀ ਥੋੜ੍ਹੀ ਘਟਾਈ ਸੀ। ਉਨ੍ਹਾਂ ਦੱਸਿਆ ਕਿ ਬਾਦਲ ਰੋਜ਼ਾਨਾ ਰਿਹਾਇਸ਼ ਤੇ ਆਗੂਆਂ ਤੇ ਵਰਕਰਾਂ ਨੂੰ ਮਿਲਦੇ ਹਨ ਅਤੇ ਆਉਂਦੇ ਦਿਨਾਂ ਵਿਚ ਮੁੜ ਸਰਗਰਮੀ ਸ਼ੁਰੂ ਕਰਨਗੇ।


No comments:

Post a Comment