Friday, November 29, 2019

                                                          ਮਾਫੀਏ ਦਾ ਸਿੱਕਾ 
                                ਜ਼ਮੀਨਾਂ ਨੱਪਣ ’ਚ ‘ਨੰਬਰ ਵਨ’ ਬਣੇ ਪੰਜਾਬੀ
                                                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਹੁਣ ਜ਼ਮੀਨਾਂ ਨੱਪਣ ’ਚ ਝੰਡੀ ਲੈ ਗਿਆ ਹੈ। ਲੈਂਡ ਮਾਫੀਏ ਦੀ ਬਦੌਲਤ ਇਹ ਬਦਨਾਮੀ ਪੰਜਾਬ ਦੀ ਝੋਲੀ ਪਈ ਹੈ। ਜਦੋਂ ਹਕੂਮਤ ਦੀ ਥਾਪੀ ਹੋਵੇ, ਫਿਰ ਸਿਆਸੀ ਪਹੁੰਚ ਵਾਲੇ ਟਲਦੇ ਨਹੀਂ ਹਨ ਜਿਨ੍ਹਾਂ ਨੇ ਵੱਡੇ ਕਾਰੋਬਾਰ ਇਨ੍ਹਾਂ ਜ਼ਮੀਨਾਂ ’ਤੇ ਖੜ੍ਹੇ ਕਰ ਲਏ ਹਨ। ਭਾਵੇਂ ਸਰਕਾਰੀ ਮਹਿਕਮੇ ਵੀ ਇਸ ਮਾਮਲੇ ’ਚ ਪਿਛੇ ਨਹੀਂ ਰਹੇ ਹਨ। ਦੇਸ਼ ਭਰ ਚੋਂ ਪੰਜਾਬ ‘ਨੰਬਰ ਵਨ’ ਸਿਰਫ ਲੈਂਡ ਮਾਫੀਏ ਵੱਲੋਂ ਨੱਪੀ ਸੰਪਤੀ ਦੇ ਮਾਮਲੇ ’ਚ ਬਣਿਆ ਹੈ। ਪ੍ਰਾਈਵੇਟ ਲੋਕਾਂ/ਸੰਸਥਾਵਾਂ ਵੱਲੋਂ ਸਭ ਤੋਂ ਵੱਧ ਵਕਫ ਬੋਰਡ ਦੀ ਸੰਪਤੀ ਪੰਜਾਬ ’ਚ ਨੱਪੀ ਗਈ ਹੈ। ਕੇਂਦਰੀ ਘੱਟ ਗਿਣਤੀ ਮੰਤਰਾਲੇ ਨੇ ਤਾਜਾ ਖੁਲਾਸਾ ਕੀਤਾ ਹੈ ਕਿ ਪੰਜਾਬ ’ਚ ਵਕਫ ਬੋਰਡ ਦੀ ਪ੍ਰਾਪਰਟੀ ’ਤੇ ਸਭ ਤੋਂ ਵੱਧ ਨਜਾਇਜ਼ ਕਬਜ਼ੇ ਹਨ। ਦੱਸਿਆ ਹੈ ਕਿ ਵਕਫ ਬੋਰਡ ਦੀਆਂ 5610 ਸੰਪਤੀਆਂ ’ਤੇ ਪ੍ਰਾਈਵੇਟ ਲੋਕ/ਸੰਸਥਾਵਾਂ ਨੇ ਗੈਰਕਾਨੂੰਨੀ ਕਬਜ਼ੇ ਜਮਾਏ ਹੋਏ ਹਨ ਜਦੋਂ ਕਿ ਮੱਧ ਪ੍ਰਦੇਸ਼ ਵਿਚ 3240 ਜਾਇਦਾਦਾਂ ’ਤੇ ਪ੍ਰਾਈਵੇਟ ਲੋਕਾਂ ਤੇ ਸੰਸਥਾਵਾਂ ’ਦੇ ਨਜਾਇਜ਼ ਕਬਜ਼ੇ ਹਨ। ਪੰਜਾਬ ’ਚ ਨਜਾਇਜ਼ ਕਬਜ਼ੇ ਹੇਠਲੀ ਇਸ ਸੰਪਤੀ ਦੀ ਕੀਮਤ ਅਰਬਾਂ ਰੁਪਏ ਬਣਦੀ ਹੈ। ਪੱਛਮੀ ਬੰਗਾਲ ’ਚ 3082 ਸੰਪਤੀਆਂ ’ਤੇ ਨਜਾਇਜ਼ ਕਬਜ਼ੇ ਹਨ ਜੋ ਦੇਸ਼ ਚੋਂ ਤੀਜੇ ਨੰਬਰ ’ਤੇ ਹੈ। ਇਵੇਂ ਹਰਿਆਣਾ ਰਾਜ ’ਚ 753, ਰਾਜਸਥਾਨ ਵਿਚ 164, ਮਹਾਰਾਸ਼ਟਰ ਵਿਚ 81, ਬਿਹਾਰ ਵਿਚ 180 ਅਤੇ ਤਾਮਿਲਨਾਡੂ ਵਿਚ 1335 ਸੰਪਤੀਆਂ ’ਤੇ ਨਜਾਇਜ਼ ਕਬਜ਼ੇ ਹਨ।
                  ਉਂਜ ਦੇਸ਼ ਭਰ ਵਿਚ 5.94 ਲੱਖ ਵਕਫ ਸੰਪਤੀਆਂ ਦੀ ਸਨਾਖਤ ਹੋਈ ਹੈ ਜਿਨ੍ਹਾਂ ਚੋਂ 24,540 ਸੰਪਤੀਆਂ ਇਕੱਲੇ ਪੰਜਾਬ ਵਿਚ ਹਨ। ਬਠਿੰਡਾ ਸ਼ਹਿਰ ਵਿਚ ਕਈ ਕਾਂਗਰਸੀ ਅਤੇ ਅਕਾਲੀ ਦਲ ਨਾਲ ਸਬੰਧਿਤ ਲੋਕਾਂ ਨੇ ਵਕਫ ਬੋਰਡ ਦੀ ਸੰਪਤੀ ਨੱਪ ਕੇ ਕਾਰੋਬਾਰ ਖੜ੍ਹੇ ਕੀਤੇ ਹਨ। ਏਦਾਂ ਪੂਰੇ ਪੰਜਾਬ ਵਿਚ ਧੰਦਾ ਚੱਲ ਰਿਹਾ ਹੈ। ਵਕਫ ਬੋਰਡ ਦੇ ਰਾਖੇ ਖੁਦ ਸਰਕਾਰੀ ਹੱਥਾਂ ਵਿਚ ਖੇਡਦੇ  ਹਨ। ਉੱਤਰ ਪ੍ਰਦੇਸ਼ ਦੇ ਮੂਲ ਨਿਵਾਸੀ ਜਨੈਦ ਰਜ਼ਾ ਖ਼ਾਨ ਇਸ ਵੇਲੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਹਨ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੱਸੇ ਜਾ ਰਹੇ ਹਨ।ਪੰਜਾਬ ਵਿਚ ਵਕਫ ਬੋਰਡ ਦੇ 16 ਦਫਤਰ ਹਨ  ਜਦੋਂ ਕਿ ਵਕਫ ਬੋਰਡ ਦੇ ਨਾਮਜ਼ਦ ਕੀਤੇ 9 ਮੈਂਬਰ ਹਨ। ਵਕਫ ਬੋਰਡ ਦੇ ਮੈਂਬਰ ਸਾਜਿਦ ਹੁਸੈਨ ਨੇ ਸਪੱਸ਼ਟ ਆਖਿਆ ਕਿ ਵਕਫ ਸੰਪਤੀ ’ਤੇ ਸਿਆਸੀ ਧਿਰਾਂ ਨਾਲ ਜੁੜੇ ਲੋਕਾਂ ਨੇ ਨਜਾਇਜ਼ ਕਬਜ਼ੇ ਜਮਾਏ ਹਨ ਜਿਸ ਵਿਚ ਵਕਫ ਬੋਰਡ ਦੇ ਅਫਸਰਾਂ / ਮੁਲਾਜ਼ਮਾਂ ਦੀ ਵੀ  ਕਿਤੇ ਭੂਮਿਕਾ ਹੁੰਦੀ ਹੈ। ਸਰਕਾਰ ਨੇ ਹੁਣ ਪੰਜ ਵਿਸ਼ੇਸ਼ ਟ੍ਰਿਬਿਊਨਲ ਬਣਾਏ ਹਨ ਤਾਂ ਜੋ ਵਕਫ ਪ੍ਰਾਪਰਟੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਵਕਫ ਐਕਟ 1995 ਜਿਸ ਵਿਚ ਸਾਲ 2013 ਵਿਚ ਸੋਧ ਕੀਤੀ ਗਈ ਹੈ, ਦੇ ਤਹਿਤ ਸਟੇਟ ਵਕਫ ਬੋਰਡਜ਼ ਨੂੰ ਵਕਫ ਸੰਪਤੀ ਦੀ ਰਖਵਾਲੀ ਅਤੇ ਕਬਜ਼ੇ ਹਟਾਉਣ ਦੇ ਅਧਿਕਾਰ ਦਿੱਤੇ ਗਏ ਹਨ। ਨਵੀਂ ਸੋਧ ਵਿਚ ਬੋਰਡਾਂ ਨੂੰ ਵਧੇਰੇ ਤਾਕਤੀ ਬਣਾਇਆ ਗਿਆ ਹੈ।
                 ਸੂਤਰ ਦੱਸਦੇ ਹਨ ਕਿ ਸਿਆਸੀ ਧਿਰਾਂ ਨਾਲ ਜੁੜੇ ਲੋਕਾਂ ਨੇ ਵੱਡੇ ਸ਼ਹਿਰਾਂ ਵਿਚ ਵਕਫ ਸੰਪਤੀਆਂ ’ਤੇ ਸ਼ੋਅ ਰੂਮ ਬਣਾ ਲਏ ਹਨ। ਪੰਜਾਬ ਭਰ ਚੋਂ ਕਰੀਬ 518 ਸੰਪਤੀਆਂ ਦੇ ਕੇਸ ਅਦਾਲਤਾਂ ਵਿਚ ਵੀ ਚੱਲ ਰਹੇ ਹਨ। ਏਦਾਂ ਦੇ ਮਾਮਲੇ ਵੀ ਹਨ ਜਦੋਂ ਕਿ ਕੋਈ ਕੇਸ ਵਕਫ ਬੋਰਡ ਹਾਰਦਾ ਹੈ ਤਾਂ ਉਸ ਦੀ ਅਪੀਲ ਕਰਨ ਤੋਂ ਅਧਿਕਾਰੀ ਪਾਸਾ ਵੱਟਦੇ ਹਨ। ਸਭ ਕੁਝ ਮਿਲੀਭੁਗਤ ਨਾਲ ਚੱਲਦਾ ਹੈ। ਅਸਲ ਵਿਚ ਇਹ ਵਕਫ ਸੰਪਤੀ ਮੁਸਲਿਮ ਭਾਈਚਾਰੇ ਦੇ ਭਲਾਈ ਕੰਮਾਂ ਵਾਸਤੇ ਰਾਖਵੀਂ ਰੱਖੀ ਗਈ ਸੀ ਜੋ ਬਟਵਾਰੇ ਵੇਲੇ ਅਣਕਲੇਮਿਡ ਰਹਿ ਗਈ ਸੀ।  ਕੇਂਦਰ ਅਤੇ ਪੰਜਾਬ ਸਰਕਾਰ ਖੁਦ ਵੀ ਇਸ ਮਾਮਲੇ ਵਿਚ ਪਿਛੇ ਨਹੀਂ ਹੈ। ਕਬਰਾਂ ’ਤੇ ਸਕੂਲ ਤੇ ਹਸਪਤਾਲ ਉਗੇ ਹਨ ਜਦੋਂ ਕਿ ਮਸਜਿਦਾਂ ਵਾਲੀ ਥਾਂ ’ਤੇ ਪੁਲੀਸ ਚੌਂਕੀਆਂ ਅਤੇ ਦਾਣਾ ਮੰਡੀਆਂ ਬਣ ਗਈਆਂ ਹਨ। ਬਠਿੰਡਾ ਵਿਚ ਖਾਨਗਾਹ ਵਾਲੀ ਜਗਾ ’ਤੇ ਸਲਾਟਰ ਹਾਊਸ ਬਣਿਆ ਹੈ। ਤਲਵੰਡੀ ਸਾਬੋ ਵਿਚ ਮਸਜਿਦ ਵਾਲੀ ਜਗ੍ਹਾ ’ਤੇ ਤਹਿਸੀਲਦਾਰ ਦਫਤਰ ਹੈ। ਕਪੂਰਥਲਾ ਵਿਚ ਮਸਜਿਦ ਵਾਲੀ ਜਗਾਂ ’ਤੇ ਸ਼ਾਪਿੰਗ ਕੰਪਲੈਕਸ ਹੈ ਜਦੋਂ ਕਿ ਬੁਢਲਾਡਾ ਵਿਚ ਕਬਰਾਂ ਵਾਲੀ ਥਾਂ ’ਤੇ ਬੱਸ ਸਟੈਂਡ ਬਣਿਆ ਹੈ। ਸੰਗਰੂਰ ਤੇ ਬਠਿੰਡਾ ਵਿਚ ਖੇਡ ਸਟੇਡੀਅਮ ਬਣਾ ਦਿੱਤਾ ਗਿਆ ਹੈ।
     ਬਠਿੰਡਾ ’ਚ ਕਬਰਾਂ ਵਾਲੀ ਥਾਂ ਤੇ ਹਾਕੀ ਦਾ ਮੈਦਾਨ ਹੈ। ਜਦੋਂ ਮੈਦਾਨ ਵਿਚ ਪਾਣੀ ਭਰ ਦਿੱਤਾ ਜਾਂਦਾ ਹੈ ਤਾਂ ਕਈ ਥਾਵਾਂ ਤੋਂ ਜਗ੍ਹਾ ਕਬਰਾਂ ਕਰਕੇ ਹੇਠਾਂ ਬੈਠ ਜਾਂਦੀ ਹੈ। ਦੂਸਰੀ ਤਰਫ ਮੁਸਲਿਮ ਭਾਈਚਾਰੇ ਕੋਲ ਕਬਰਸਤਾਨ ਵਾਸਤੇ ਵੀ ਜਗ੍ਹਾ ਨਹੀਂ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ 60 ਸਕੂਲ ਵਕਫ ਬੋਰਡ ਦੀ ਸੰਪਤੀ ’ਤੇ ਨਜਾਇਜ਼ ਕਬਜ਼ਾ ਕਰਕੇ ਬਣੇ ਹੋਏ ਹਨ। ਪੰਜਾਬ ਵਕਫ ਬੋਰਡ ਦੀ 16 ਨਵੰਬਰ ਨੂੰ ਹੀ ਮੀਟਿੰਗ ਹੋਈ ਹੈ ਅਤੇ ਇਨ੍ਹਾਂ ਮੀਟਿੰਗਾਂ ਵਿਚ ਮੁੱਦੇ ਵਿਚਾਰੇ ਜਾਂਦੇ ਹਨ ਪ੍ਰੰਤੂ ਹਕੀਕਤ ਕਿਧਰੇ ਦਿਖਦੀ ਨਹੀਂ ਹੈ। ਵਕਫ ਬੋਰਡ ਦੇ ਚੇਅਰਮੈਨ ਨੇ ਰੁਝੇਵੇਂ ਵਿਚ ਹੋਣ ਦੀ ਗੱਲ ਆਖੀ।
                        ਚੁਣੀ ਹੋਈ ਬਾਡੀ ਬਣੇ : ਖ਼ਾਨ
ਪੰਜਾਬ ਰਾਜਨੀਤੀ ਸਾਸਤਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬੀ ’ਵਰਸਿਟੀ ਦੇ ਸਾਬਕਾ ਡੀਨ ਡਾ. ਜਮਸ਼ੀਦ ਅਲੀ ਖ਼ਾਨ (ਸਾਬਕਾ ਪ੍ਰੋਫੈਸਰ) ਦਾ ਪ੍ਰਤੀਕਰਮ ਸੀ ਕਿ ਪੰਜਾਬ ’ਚ ਵਕਫ ਬੋਰਡ ਦੀ ਸੰਪਤੀ ਨੂੰ ਬਚਾਉਣ ਅਤੇ ਢੁਕਵੀਂ ਵਰਤੋਂ ਲਈ ਸ਼੍ਰੋਮਣੀ ਕਮੇਟੀ ਦੀ ਤਰਜ਼ ’ਤੇ ਵਕਫ ਬੋਰਡ ਦੀ ਚੁਣੇ ਹੀ ਬਾਡੀ ਬਣਨੀ ਚਾਹੀਦੀ ਹੈ। ਜੁਆਬਦੇਹੀ ਦੀ ਕਮੀ ਕਰਕੇ ਬੋਰਡ ਕਠਪੁਤਲੀ ਬਣ ਕੇ ਹੀ ਰਹਿ ਜਾਂਦਾ ਹੈ। ਬੋਰਡ ਦੇ ਅਫਸਰਾਂ/ਮੁਲਾਜ਼ਮਾਂ ਦੀ ਮਿਲੀਭੁਗਤ ਵਜੋਂ ਹੀ ਵਕਫ ਸੰਪਤੀ ਹੱਥੋਂ ਨਿਕਲੀ ਹੈ।
                           ਸਰਕਾਰਾਂ ਨੇ ਵੀ ਨੱਪੀ ਜ਼ਮੀਨ
ਸਰਕਾਰੀ ਤੇ ਪ੍ਰਾਈਵੇਟ ਨਜਾਇਜ਼ ਕਬਜ਼ੇ ਜੋੜੀਏ ਤਾਂ ਕਰੀਬ 10,864 ਸੰਪਤੀਆਂ ਨੱਪੀਆਂ ਹੋਈਆਂ ਹਨ। 235 ਸੰਪਤੀਆਂ ’ਤੇ ਰਾਜ ਸਰਕਾਰ ਅਤੇ 26 ਸੰਪਤੀਆਂ ’ਤੇ ਕੇਂਦਰ ਸਰਕਾਰ ਦੇ ਨਜਾਇਜ਼ ਕਬਜ਼ੇ ਹਨ। 198 ਪਿੰਡਾਂ ਵਿਚ ਗਰਾਮ ਪੰਚਾਇਤਾਂ ਦੇ ਕਬਜ਼ੇ ਹਨ। ਇਸੇ ਤਰ੍ਹਾਂ 1391 ਸੰਪਤੀਆਂ ’ਤੇ ਗੁਰਦੁਆਰੇ ਅਤੇ 144 ਥਾਵਾਂ ’ਤੇ ਮੰਦਰ ਬਣੇ ਹੋਏ ਹਨ। ਫਰੀਦਕੋਟ ਦੇ ਹਸਨ ਭੱਟੀ ਦੀ ਮਸਜਿਦ ਵਾਲੀ ਜਗ੍ਹਾ ’ਤੇ ਸਕੂਲ ਅਤੇ ਮੋਗਾ ਦੇ ਪਿੰਡ ਧੂਰਕੋਟ ਚੜ੍ਹਤ ਸਿੰਘ ਵਾਲਾ ’ਚ ਕਬਰਾਂ ’ਤੇ ਸੀਨੀਅਰ ਸੈਕੰਡਰੀ ਸਕੂਲ ਹੈ। ਸਮਾਨਾ ਵਿਚ ਸੀ.ਆਈ.ਏ ਸਟਾਫ ਦਾ ਦਫਤਰ ਅਤੇ ਰਾਜਪੁਰਾ ਵਿਚ ਪੁਲੀਸ ਚੌਂਕੀ ਬਣੀ ਹੋਈ ਹੈ।



Wednesday, November 27, 2019

                    ‘ਸਿੰਗਲ ਮੈਨ ਆਰਮੀ’ 
        ਸਰਪੰਚ ਨੇ ਤਸਕਰ ਵਾਹਣੀ ਪਾਏ
                         ਚਰਨਜੀਤ ਭੁੱਲਰ
ਬਠਿੰਡਾ : ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦਾ ਦਲਿਤ ਸਰਪੰਚ ‘ਸਿੰਗਲ ਮੈਨ ਆਰਮੀ’ ਹੈ ਜਿਸ ਨੇ ਨਸ਼ਾ ਤਸਕਰ ਵਾਹਣੀ ਪਾ ਲਏ ਹਨ। ਸਰਪੰਚ ਗੁਰਜੰਟ ਸਿੰਘ ਸਾਬਕਾ ਫੌਜੀ ਹੈ ਜੋ ਨਸ਼ਿਆਂ ਖਿਲਾਫ ਇਕੱਲਾ ਮੋਰਚੇ ’ਤੇ ਡਟਿਆ ਹੈ। ਸਮੁੱਚੀ ਪੰਚਾਇਤ ਸਾਬਕਾ ਫੌਜੀ ਦੀ ਪਿੱਠ ’ਤੇ ਖੜ੍ਹੀ ਹੈ ਜਦੋਂ ਕਿ ਪਿੰਡ ਦਾ ਥਾਪੜਾ ਹੈ। ਜਦੋਂ ਪਿੰਡ ਦੀ ਸਰਪੰਚੀ ਰਾਖਵੀਂ ਹੋ ਗਈ ਤਾਂ ਮੋਹਤਬਾਰਾਂ ਨੇ ਸਾਬਕਾ ਫੌਜੀ ਗੁਰਜੰਟ ਸਿੰਘ ਨੂੰ ਉਮੀਦਵਾਰੀ ਲਈ ਰਜਾਮੰਦ ਕੀਤਾ। ਦੋ ਲੱਖ ਰੁਪਏ ਲੋਕਾਂ ਨੇ ਪੱਲਿਓ ਦਿੱਤੇ। ਚੋਣਾਂ ’ਚ ਨਾ ਨਸ਼ਾ ਵੰਡਿਆ ਤੇ ਨਾ ਹੀ ਪੈਸਾ। ਬਹਿਣੀਵਾਲ ਪਿੰਡ ਦੀ ਕਰੀਬ 2850 ਵੋਟ ਹੈ ਅਤੇ ਨੌ ਮੈਂਬਰੀ ਪੰਚਾਇਤ ਹੈ। ਅਰਸਾ ਪਹਿਲਾਂ ਸਰਪੰਚ ਦੇ ਦੋ ਚਚੇਰੇ ਭਰਾ ਨਸ਼ੇ ’ਚ ਜਾਨ ਗੁਆ ਬੈਠੇ। ਗੁਰਜੰਟ ਸਿੰਘ ਨੇ ਗੋਦ ਲਏ ਪੁੱਤਰ ਅਮਰਿੰਦਰ ਨੂੰ ਇਹ ਹਵਾ ਤੋਂ ਬਚਾਉਣ ਲਈ ਬਠਿੰਡਾ ਰਿਹਾਇਸ਼ ਕਰ ਲਈ। ਜਦੋਂ ਹੁਣ ਲੋਕਾਂ ਨੇ ਸਾਬਕਾ ਫੌਜੀ ਨੂੰ ਪਿੰਡ ਦਾ ਮੁਖੀਆ ਥਾਪ ਦਿੱਤਾ ਤਾਂ ਉਸ ਨੇ ਨਸ਼ਾ ਤਸਕਰਾਂ ਨੂੰ ਲਲਕਾਰ ਮਾਰੀ। ਤਿੰਨ ਨਸ਼ਾ ਤਸਕਰ ਪਿਛਲੇ ਸਮੇਂ ਦੌਰਾਨ ਉਸ ਨੇ ਜੇਲ੍ਹ ਭਿਜਵਾਏ ਹਨ। ਕਰੀਬ ਇੱਕ ਦਰਜਨ ਨਸ਼ਾ ਤਸਕਰਾਂ ਨੇ ਸਰਪੰਚ ਅੱਗੇ ਤਸਕਰੀ ਤੋਂ ਤੌਬਾ ਕਰ ਲਈ ਹੈ। ਸਰਪੰਚ ਗੁਰਜੰਟ ਸਿੰਘ ਨੇ ਘਰੋ ਘਰੀ ਜਾ ਕੇ ਨਸ਼ਿਆਂ ਖਿਲਾਫ ਪ੍ਰਚਾਰ ਕੀਤਾ ਅਤੇ ਨੰਗਾ ਚਿੱਟਾ ਐਲਾਨ ਕੀਤਾ ਕਿ ਉਹ ਨਸ਼ਾ ਬਰਦਾਸ਼ਿਤ ਨਹੀਂ ਕਰੇਗਾ। ਪੁਲੀਸ ਪਿਛੇ ਹਟੀ ਤਾਂ ਖੁਦ ਟੱਕਰੇਗਾ।
                ਪਹਿਲੀ ਅਪਰੈਲ ਤੋਂ ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਚਲਾ ਜਾਵੇਗਾ। ਸਰਪੰਚ ਗੁਰਜੰਟ ਸਿੰਘ ਆਖਦਾ ਹੈ ਕਿ ਉਸ ਨੇ ਪਹਿਲਾਂ ਖੁਦ ਸ਼ਰਾਬ ਨੂੰ ਹੱਥ ਲਾਉਣਾ ਬੰਦ ਕੀਤਾ। ਐਸ.ਐਸ.ਪੀ ਮਾਨਸਾ ਡਾ.ਨਰਿੰਦਰ ਭਾਰਗਵ ਖੁਦ ਇਸ ਸਰਪੰਚ ਨੂੰ ਹੱਲਾਸ਼ੇਰੀ ਦੇਣ ਲਈ ਪਿੰਡ ਬਹਿਣੀਵਾਲ ਪਹੁੰਚੇ। ਸਰਪੰਚ ਆਖਦਾ ਹੈ ਕਿ ਬਹਿਣੀਵਾਲ ’ਚ ਨਸ਼ਾ ਰਹੇਗਾ ਜਾਂ ਫਿਰ ਸਰਪੰਚ।ਬਹਿਣੀਵਾਲ ਦੀ ਮਹਿਲਾ ਨੰਬਰਦਾਰ ਸਿਮਰਜੀਤ ਕੌਰ ਦੱਸਦੀ ਹੈ ਕਿ ਮੌਜੂਦਾ ਸਰਪੰਚ ਨੇ ਕਿੰਨੀਆਂ ਧੀਆਂ ਭੈਣਾਂ ਦੇ ਘਰੇਲੂ ਝਗੜੇ ਰਜਾਮੰਦੀ ਨਾਲ ਸਿਰੇ ਲਾ ਦਿੱਤੇ ਹਨ। ਜਲਦੀ ਕੋਈ ਮਾਮਲਾ ਹੁਣ ਪੁਲੀਸ ’ਚ ਨਹੀਂ ਜਾਂਦਾ। ਜਾਣਕਾਰੀ ਅਨੁਸਾਰ ਵੱਡੀ ਗੱਲ ਇਹ ਕਿ ਸਾਬਕਾ ਫੌਜੀ ਨੇ ਪਿੰਡ ਦੇ ਸ਼ਹੀਦ ਫੌਜੀਆਂ ਅਤੇ ਸਾਬਕਾ ਸੈਨਿਕਾਂ ਦੀ ਯਾਦ ਤਾਜਾ ਕਰ ਦਿੱਤੀ ਹੈ। ਪਹਿਲੀ ਸੰਸਾਰ ਜੰਗ ’ਚ ਕੁੱਦੇ ਸੂਬੇਦਾਰ ਮੇਜਰ ਕਿਸ਼ਨ ਸਿੰਘ ਦੀ ਯਾਦ ਵਿਚ ਚੌਂਕ ਦਾ ਨਾਮਕਰਨ ਕੀਤਾ ਹੈ ਜਿਸ ਨੇ ਬੰਗਲੇ ਨੂੰ ਲੱਗੀ ਅੱਗ ਦੌਰਾਨ ਅੰਗਰੇਜ ਦੇ ਬੱਚਿਆਂ ਨੂੰ ਬਚਾਇਆ ਸੀ। ਕਿਸ਼ਨ ਸਿੰਘ ਨੂੰ ‘ਸਰਦਾਰ ਬਹਾਦਰ’ ਦਾ ਖਿਤਾਬ ਮਿਲਿਆ ਸੀ।
       ਏਸ਼ੀਅਨ ਗੋਲਡ ਮੈਡਲਿਸਟ ਸੂਬੇਦਾਰ ਗੋਬਿੰਦ ਸਿੰਘ ਦੀ ਯਾਦ ਨੂੰ ਵੀ ਇੱਕ ਹੋਰ ਚੌਂਕ ਤਾਜਾ ਕਰਦਾ ਹੈ। ਸੂਬੇਦਾਰ ਮੇਜਰ ਹੰਸਾ ਸਿੰਘ ਦੀ ਯਾਦ ਵਿਚ ਇੱਕ ਚੌਂਕ ਬਣਿਆ ਹੈ। ਪਿੰਡ ਦੀਆਂ ਗਲੀਆਂ ਦੇ ਨਾਮ ਸਾਬਕਾ ਫੌਜੀਆਂ ਦੇ ਨਾਵਾਂ ’ਤੇ ਰੱਖੇ ਗਏ ਹਨ। ਜਿਵੇਂ ਜੰਗ ਸਿੰਘ ਵਾਲੀ ਗਲੀ, ਸੌਦਾਗਰ ਸਿੰਘ ਵਾਲੀ ਗਲੀ ਆਦਿ। ਇੱਕ ਗਲੀ ਦਾ ਨਾਮ ਮਾਸਟਰ ਮਿਠੂ ਸਿੰਘ ਦੇ ਨਾਮ ’ਤੇ ਰੱਖਿਆ ਹੈ। ਬਹਿਣੀਵਾਲ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਪੰਚ ਹੱਕ ਸੱਚ ’ਤੇ ਪਹਿਰਾ ਦੇ ਰਿਹਾ ਹੈ ਜਿਸ ਕਰਕੇ ਹੁਣ 80 ਫੀਸਦੀ ਮਾਮਲੇ ਪਿੰਡ ਵਿਚ ਹੀ ਨਿਪਟ ਜਾਂਦੇ ਹਨ। ਬਠਿੰਡਾ ਤੋਂ ਰੋਜ਼ਾਨਾ ਪਿੰਡ ਆ ਕੇ ਰੈਗੂਲਰ ਵਿਕਾਸ ਕੰਮ ਕਰਾ ਰਿਹਾ ਹੈ।
             ਉਹ ਦੱਸਦਾ ਹੈ ਕਿ ਪਿੰਡ ਚੋਂ ਹੱਡਾ ਰੋੜੀ ਬਾਹਰ ਕੱਢੀ ਜਾਵੇਗੀ। ਜਦੋਂ ਸਰਪੰਚ ਨੂੰ ਪੁੱਛਿਆ ਕਿ ਤਸਕਰਾਂ ਤੋਂ ਡਰ ਨਹੀਂ ਲੱਗਦਾ, ਉਸ ਦਾ ਜੁਆਬ ਸੀ, ‘ਸੱਚੇ ਮਾਰਗ ਚੱਲਦਿਆ…..।’ ਪੰਚਾਇਤ ਮੈਂਬਰ ਜੁਗਰਾਜ ਸਿੰਘ ਦੱਸਦਾ ਹੈ ਕਿ ਸਰਪੰਚ ਨੇ ਤਾਂ ਭੁੱਲੇ ਵਿਰਸੇ ਬਜ਼ੁਰਗ ਫੌਜੀ ਪਿੰਡ ਨੂੰ ਯਾਦ ਕਰਾ ਦਿੱਤੇ ਹਨ। ਸਕੂਲ ਵਿਚ ਪਾਰਕ ਬਣਾਇਆ ਜਾ ਰਿਹਾ ਹੈ ਅਤੇ ਨਸ਼ੇ ਦੇ ਵਿਰੁਧ ਡਟਣ ਕਰਕੇ ਪਿੰਡ ਸਾਥ ਦੇ ਰਿਹਾ ਹੈ। ਪਤਾ ਲੱਗਾ ਹੈ ਕਿ ਕੁਝ ਵੱਡੇ ਲੋਕਾਂ ਨੂੰ ਸਰਪੰਚ ਹਜ਼ਮ ਵੀ ਨਹੀਂ ਹੋ ਰਿਹਾ ਹੈ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਮੇਜਰ ਸਿੰਘ ਕਮਾਲੂ ਵੀ ਪਿੰਡ ਬਹਿਣੀਵਾਲ ਵਿਚ ਗਏ ਹਨ ਅਤੇ ਇੱਕ ਪ੍ਰੋਗਰਾਮ ਵੀ ਨਸ਼ਿਆਂ ਖਿਲਾਫ ਕਰਾਇਆ ਹੈ।
                       ਦਲਿਤ ਸਰਪੰਚ ਦਾ ਅਨੋਖਾ ਐਲਾਨ
ਸਰਪੰਚ ਗੁਰਜੰਟ ਸਿੰਘ ਨੇ ਵੱਖਰਾ ਐਲਾਨ ਕੀਤਾ ਹੈ ਕਿ ਉਹ ਢਾਈ ਵਰ੍ਹਿਆਂ ਦੇ ਕਾਰਜਕਾਲ ਮਗਰੋਂ ਸਮੁੱਚੇ ਪਿੰਡ ਦਾ ਇਕੱਠ ਕਰੇਗਾ। ਆਪਣੇ ਸਾਰੇ ਕੰਮਾਂ ਦਾ ਵੇਰਵਾ ਲੋਕਾਂ ਵਿਚ ਰੱਖੇਗਾ। ਉੁਹ ਆਖਦਾ ਹੈ ਕਿ ਅਗਰ ਲੋਕਾਂ ਨੂੰ ਉਸ ਦੇ ਕੰਮ ਪਸੰਦ ਨਾ ਹੋਏ ਤਾਂ ਉਹ ਸਰਪੰਚੀ ਛੱਡ ਦੇਵੇਗਾ ਅਤੇ ਨਵੇਂ ਸਰਪੰਚ ਨੂੰ ਮੌਕਾ ਦੇਵੇਗਾ। ਪੰਚਾਇਤੀ ਲੋਕ ਰਾਜ ਵਿਚ ਇਹ ਇੱਕ ਨਵਾਂ ਤਜ਼ਰਬਾ ਹੈ ਅਤੇ ਕਈ ਪੱਛਮੀ ਮੁਲਕਾਂ ਵਿਚ ਇਸ ਤਰ੍ਹਾਂ ਦਾ ‘ਰੀਕਾਲ ਸਿਸਟਮ’ ਮੌਜੂਦ ਹੈ।
   






Tuesday, November 26, 2019

                                                       ਸਿੰਗਲ ਬੱਤੀ ਕੁਨੈਕਸ਼ਨ !
              ਸਾਹਬਾਂ ਦੇ ਚਾਨਣ ਅੱਗੇ ਖਜ਼ਾਨੇ ’ਚ ਨੇਰ੍ਹਾ 
                                                          ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਮਾਲਕਾਂ ਦੇ ਘਰਾਂ ਦਾ ਬਿਜਲੀ ਲੋਡ ਨੌਕਰਾਂ ਦੇ ਘਰਾਂ ਤੋਂ ਛੋਟਾ ਹੋਵੇ, ਗੱਲ ਪਚਾਉਣੀ ਅੌਖੀ ਹੋ ਜਾਂਦੀ ਹੈ। ਵੱਡੇ ਸਾਹਿਬਾਂ ਦੇ ਘਰਾਂ ਦੇ ਬਿਜਲੀ ਲੋਡ ਤਾਂ ਛੋਟੇ ਹਨ ਜਦੋਂ ਕਿ ਘਰਾਂ ਵਿਚਲੇ ਕੈਂਪ ਦਫਤਰਾਂ ਦੇ ਲੋਡ ਤੇ ਬਿੱਲ ਵੱਡੇ ਹਨ। ਕੈਂਪ ਦਫਤਰ ਦਾ ਬਿੱਲ ਖਜ਼ਾਨਾ ਤਾਰਦਾ ਹੈ ਜਦੋਂ ਕਿ ਘਰਾਂ ਦਾ ਬਿਜਲੀ ਬਿੱਲ ਅਫਸਰਾਂ ਨੇ ਜੇਬ ਚੋਂ ਭਰਨਾ ਹੁੰਦਾ ਹੈ। ਅਫਸਰੀ ਜੁਗਤ ਜਾਪਦੀ ਹੈ ਕਿ ਜੇਬ ਬਚਾਉਣ ਖਾਤਰ ਘਰਾਂ ਦੇ ਤਾਰ ਕੈਂਪ ਦਫਤਰਾਂ ਦੇ ਮੀਟਰਾਂ ਨਾਲ ਜੁੜੇ ਹਨ। ਫਿਰ ਵੀ ਪੰਜਾਬ ਦੇ ਕਮਿਸ਼ਨਰਾਂ/ਡਿਪਟੀ ਕਮਿਸ਼ਨਰਾਂ ਦੇ 45 ਬਿਜਲੀ ਮੀਟਰ, ਐਸ.ਐਸ.ਪੀਜ ਦੇ 45 ਮੀਟਰ ਅਤੇ ਡੀ.ਆਈ. ਜੀ/ ਆਈ. ਜੀ ਦੇ 14 ਮੀਟਰ 1.46 ਕਰੋੜ ਦੇ ਡਿਫਾਲਟਰ ਹਨ। ਪੰਜਾਬੀ ਟ੍ਰਿਬਿਊਨ ਤਰਫੋਂ ‘ਪਾਵਰਫੁੱਲ’ (ਵਿਸ਼ੇਸ਼ ਲੜੀ) ਤਹਿਤ ਜੋ ਤੱਥ ਉਜਾਗਰ ਕੀਤੇ ਗਏ ਸਨ, ਉਸ ਮਗਰੋਂ ਪਾਵਰਕੌਮ ਨੇ ਸਮੁੱਚੇ ਪੰਜਾਬ ਵਿਚਲੇ ਆਈ.ਏ.ਐਸ ਅਤੇ ਆਈ.ਪੀ.ਐਸ ਅਫਸਰਾਂ ਦੇ ਘਰਾਂ/ਕੈਂਪ ਦਫਤਰਾਂ ਦੀ (30 ਜੂਨ 2019 ਤੱਕ ਦੀ) ਬਿਜਲੀ ਖਪਤ/ਲੋਡ/ਬਕਾਇਆ ਰਾਸ਼ੀ ਆਦਿ ਦੇ ਵੇਰਵੇ ਇਕੱਠੇ ਕੀਤੇ ਜਿਨ੍ਹਾਂ ’ਚ ਰੌਚਕ ਮਾਮਲੇ ਸਾਹਮਣੇ ਆਏ ਹਨ।
               ਇਸ ਰਿਪੋਰਟ ਅਨੁਸਾਰ ਐਸ.ਐਸ.ਪੀ ਖੰਨਾ ਦੇ ਘਰ ਦਾ ਬਿਜਲੀ ਲੋਡ 0.2 ਕਿਲੋਵਾਟ ਹੈ ਜੋ ਕਿਸੇ ਗਰੀਬ ਦੀ ਢਾਰੇ ਨਾਲੋਂ ਵੀ ਘੱਟ ਜਾਪਦਾ ਹੈ ਜਿਸ ਦਾ ਸਾਲ 2018-19 ਦੌਰਾਨ ਕੋਈ ਬਿੱਲ ਨਹੀਂ ਆਇਆ। ਇਸ ਉੱਚ ਅਫਸਰ ਦੇ ਕੈਂਪ ਦਫਤਰ ’ਚ ਦੋ ਮੀਟਰ ਹਨ ਜਿਨ੍ਹਾਂ ਦਾ ਲੋਡ 15 ਕਿਲੋਵਾਟ ਅਤੇ 10.74 ਕਿਲੋਵਾਟ ਹੈ ਜਿਨ੍ਹਾਂ ਦਾ 2.34 ਲੱਖ ਦਾ ਬਕਾਇਆ ਹਾਲੇ ਖੜ੍ਹਾ ਹੈ। ਲੁਧਿਆਣਾ ਦੇ ਡੀ.ਆਈ.ਜੀ ਦੀ ਰਿਹਾਇਸ਼ ਦਾ ਬਿਜਲੀ ਲੋਡ 0.98 ਕਿਲੋਵਾਟ ਹੈ ਜਿਸ ਦੀ ਸਾਲ 2018-19 ਦੌਰਾਨ 1448 ਯੂਨਿਟ ਖਪਤ ਰਹੀ ਜਦੋਂ ਕਿ ਕੈਂਪ ਦਫਤਰ ਦਾ ਲੋਡ 8 ਕਿਲੋਵਾਟ ਹੈ ਜਿਸ ਦਾ ਬਿਜਲੀ 1.87 ਲੱਖ ਬਣਿਆ ਹੈ ਜੋ ਹਾਲੇ ਬਕਾਇਆ ਖੜ੍ਹਾ ਹੈ। ਪਟਿਆਲੇ ਦੇ ਡੀ.ਆਈ.ਜੀ ਦੇ ਘਰ ਦਾ ਲੋਡ 0.7 ਕਿਲੋਵਾਟ ਹੈ ਜਦੋਂ ਕਿ ਕੈਂਪ ਦਫਤਰ ਦਾ ਲੋਡ ਢਾਈ ਕਿਲੋਵਾਟ ਹੈ। ਫਾਜ਼ਿਲਕਾ ਦੇ ਐਸ.ਐਸ.ਪੀ ਦੇ ਘਰ ਦਾ 1.76 ਕਿਲੋਵਾਟ ਤੇ ਕੈਂਪ ਦਫਤਰ ਦਾ 2 ਕਿਲੋਵਾਟ ਲੋਡ ਹੈ। ਐਸ.ਐਸ.ਪੀ ਰੋਪੜ ਦੇ ਘਰ ਦਾ ਲੋਡ 3 ਕਿਲੋਵਾਟ ਤੇ ਕੈਂਪ ਦਫਤਰ ਦਾ 6 ਕਿਲੋਵਾਟ ਹੈ।
       ਸਰਕਾਰੀ ਰਿਪੋਰਟ (ਜੂਨ 2019) ਅਨੁਸਾਰ ਡਿਪਟੀ ਕਮਿਸ਼ਨਰ ਮੁਕਤਸਰ ਦੇ ਘਰ ਦਾ ਬਿਜਲੀ ਲੋਡ 2.96 ਕਿਲੋਵਾਟ ਹੈ ਜਦੋਂ ਕਿ ਕੈਂਪ ਦਫਤਰ ਦਾ ਲੋਡ 18.74 ਕਿਲੋਵਾਟ ਹੈ। ਕਪੂਰਥਲਾ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਲੋਡ 3 ਕਿਲੋਵਾਟ ਤੇ ਕੈਂਪ ਦਫਤਰ ਦਾ 17.5 ਕਿਲੋਵਾਟ ਹੈ। ਇਵੇਂ ਹੁਸ਼ਿਆਰਪੁਰ ਦੇ ਡੀ.ਸੀ ਦੀ ਰਿਹਾਇਸ਼ ਦਾ 7.44 ਕਿਲੋਵਾਟ ਲੋਡ ਹੈ ਜਦੋਂ ਕਿ ਕੈਂਪ ਦਫਤਰ ਦਾ ਲੋਡ 13.0 ਕਿਲੋਵਾਟ ਹੈ। ਡਿਪਟੀ ਕਮਿਸ਼ਨਰ (ਲੁਧਿਆਣਾ) ਦੀ ਕੋਠੀ ਦਾ 4.2 ਕਿਲੋਵਾਟ ਲੋਡ ਹੈ ਅਤੇ ਕੈਂਪ ਦਫਤਰ ਦਾ ਲੋਡ 7.88 ਕਿਲੋਵਾਟ ਹੈ। ਨਵਾਂ ਸ਼ਹਿਰ ਦੇ ਡੀ.ਸੀ ਦੇ ਕੈਂਪ ਦਫਤਰ ਦਾ ਲੋਡ 9.0 ਕਿਲੋਵਾਟ ਹੈ ਜਦ ਕਿ ਘਰ ਦਾ ਲੋਡ 7.44 ਕਿਲੋਵਾਟ ਹੀ ਹੈ। ਦੂਸਰੀ ਤਰਫ ਸੰਗਰੂਰ, ਬਰਨਾਲਾ ਤੇ ਮੋਗਾ ਦੇ ਡਿਪਟੀ ਕਮਿਸ਼ਨਰਾਂ ਦੇ ਘਰਾਂ ਦੇ ਲੋਡ ਜਿਆਦਾ ਹਨ ਜਦੋਂ ਕਿ ਕੈਂਪ ਦਫਤਰਾਂ ਦੇ ਘੱਟ ਹਨ।
             ਕੈਪਟਨ ਸਰਕਾਰ ਨੇ ਸਭ ਅਫਸਰਾਂ ਨੂੰ ਸ਼ੁਰੂ ’ਚ ਹਦਾਇਤ ਕੀਤੀ ਕਿ ਉਹ ਕੈਂਪ ਦਫਤਰਾਂ ਦੀ ਬਜਾਏ ਸਰਕਾਰੀ ਦਫਤਰਾਂ ਵਿਚ ਬੈਠ ਕੇ ਕੰਮ ਕਰਨ ਤਾਂ ਜੋ ਕੈਂਪ ਦਫਤਰਾਂ ਦੇ ਖਰਚੇ ਘਟਾਏ ਜਾ ਸਕਣ। ਕਿਸੇ ਅਫਸਰ ਦੇ ਕੰਨ ’ਤੇ ਜੂੰਅ ਨਹੀਂ ਸਰਕੀ। ਨਤੀਜਾ ਇਹ ਨਿਕਲਿਆ ਹੈ ਕਿ ਅਫਸਰਾਂ ਦੇ ਘਰ/ਕੈਂਪ ਦਫਤਰ ਪਾਵਰਕੌਮ ਦੇ ਡਿਫਾਲਟਰ ਬਣ ਗਏ ਹਨ। ਪਾਵਰਕੌਮ ਦੇ ਉੱਚ ਅਫਸਰਾਂ ਨੇ ਲੰਮੇ ਅਰਸੇ ਮਗਰੋਂ ਜ਼ਿਲ੍ਹਾ ਮਾਲਕਾਂ ਦੇ ਬੂਹੇ ਖੜਕਾਏ ਹਨ। ਹਾਲਾਂਕਿ ਕੈਂਪ ਦਫਤਰ ਬਹੁਤ ਛੋਟੇ ਹਹਨ ਅਤੇ ਘਰ ਖੁੱਲ੍ਹੇ ਡੁੱਲੇ ਹਨ। ਰਿਪੋਰਟ ਅਨੁਸਾਰ ਡੀ.ਸੀ ਅੰਮ੍ਰਿਤਸਰ ਦੀ ਰਿਹਾਇਸ਼ ਵੱਲ ਕਰੀਬ 13 ਲੱਖ ਦਾ ਬਕਾਇਆ,ਡੀ.ਸੀ ਲੁਧਿਆਣਾ ਦੀ ਰਿਹਾਇਸ਼ ਵੱਲ 1.03 ਲੱਖ ਅਤੇ ਕੈਂਪ ਦਫਤਰ ਵੱਲ 1.16 ਲੱਖ ਦਾ ਬਕਾਇਆ, ਡੀ.ਸੀ ਬਠਿੰਡਾ ਦੀ ਰਿਹਾਇਸ਼ ਵੱਲ 1.52 ਲੱਖ ਤੇ ਕੈਂਪ ਦਫਤਰ ਵੱਲ 3.26 ਲੱਖ ਦਾ ਬਕਾਇਆ,ਫਰੀਦਕੋਟ ਦੇ ਡੀ.ਸੀ ਦੀ ਰਿਹਾਇਸ਼ ਵੱਲ 2.14 ਲੱਖ ਦਾ ਬਕਾਇਆ,ਡੀ.ਸੀ ਫਾਜ਼ਿਲਕਾ ਦੇ ਕੈਂਪ ਦਫਤਰ ਵੱਲ 2.71 ਲੱਖ ਦਾ ਬਕਾਇਆ ਖੜ੍ਹਾ ਹੈ।
               ਇਵੇਂ ਐਸ.ਐਸ.ਪੀ ਅੰਮ੍ਰਿਤਸਰ ਦੀ ਰਿਹਾਇਸ਼ ਵੱਲ 4.64 ਲੱਖ, ਐਸ.ਐਸ.ਪੀ ਬਠਿੰਡਾ ਦੀ ਰਿਹਾਇਸ਼ ਵੱਲ 1.78 ਲੱਖ ਤੇ ਕੈਂਪ ਦਫਤਰ ਵੱਲ 1.02 ਲੱਖ ਦਾ ਬਕਾਇਆ ਖੜ੍ਹਾ ਹੈ। ਐਸ.ਐਸ.ਪੀ ਲੁਧਿਆਣਾ ਦੇ ਕੈਂਪ ਦਫਤਰ ਵੱਲ 1.35 ਲੱਖ, ਐਸ. ਐਸ. ਪੀ ਮੋਹਾਲੀ ਦੇ ਕੈਂਪ ਦਫਤਰ ਵੱਲ 2.89 ਲੱਖ, ਐਸ.ਐਸ.ਪੀ ਪਠਾਨਕੋਟ ਦੇ ਕੈਂਪ ਦਫਤਰ ਵੱਲ 1.06 ਲੱਖ, ਡੀ.ਆਈ.ਜੀ ਪਟਿਆਲਾ ਦੀ ਰਿਹਾਇਸ਼ ਵੱਲ 4.10 ਲੱਖ ਤੇ ਕੈਂਪ ਦਫਤਰ ਵੱਲ 4.32 ਲੱਖ ਦਾ ਬਕਾਇਆ ਖੜ੍ਹਾ ਹੈ। ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਦਾ ਪ੍ਰਤੀਕਰਮ ਸੀ ਕਿ ਆਮ ਖਪਤਕਾਰ ਡਿਫਾਲਟਰ ਹੋ ਜਾਵੇ ਤਾਂ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ ਪ੍ਰੰਤੂ ਅਫਸਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਪਾਵਰਕੌਮ ਇਨ੍ਹਾਂ ਅਫਸਰਾਂ ਦੇ ਲੋਡ ਚੈੱਕ ਕਰੇ ਅਤੇ ਕਾਨੂੰਨੀ ਦਾਇਰੇ ਵਿਚ ਲਵੇ।
                       ਅਫਸਰਾਂ ਦੇ ਘਰਾਂ ਚੋਂ ਮੀਟਰ ਬਾਹਰ ਕੱਢੇ
ਪੰਜਾਬੀ ਟ੍ਰਿਬਿਊਨ ਦੀ ਖਬਰ ਰੰਗ ਲਿਆਈ ਹੈ ਜਿਸ ਮਗਰੋਂ ਪਾਵਰਕੌਮ ਨੇ ਵੱਡੇ ਅਫਸਰਾਂ ਨੂੰ ਹੱਥ ਪਾਉਣ ਦੀ ਜਰੁਅਤ ਕੀਤੀ ਹੈ। ਪਾਵਰਕੌਮ ਨੇ ਇੱਕ ਵਿਸ਼ੇਸ਼ ਮੁਹਿੰਮ ਤਹਿਤ ਡਿਪਟੀ ਕਮਿਸ਼ਨਰਾਂ/ਐਸ.ਐਸ.ਪੀਜ਼ ਦੇ ਘਰਾਂ ਚੋਂ ਕਰੀਬ 40 ਮੀਟਰ ਬਾਹਰ ਕੱਢ ਦਿੱਤੇ ਹਨ ਜੋ ਪਹਿਲਾਂ ਘਰਾਂ ਅੰਦਰ ਲੱਗੇ ਹੋਏ ਸਨ। ਗੁਰਦਾਸਪੁਰ, ਪਠਾਨਕੋਟ,ਫਤਹਿਗੜ੍ਹ ਸਾਹਿਬ,ਕਪੂਰਥਲਾ, ਰੋਪੜ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰਾਂ ਦੇ ਘਰਾਂ ਅਤੇ ਕੈਂਪ ਦਫਤਰਾਂ ਅਤੇ ਇਵੇਂ ਹੀ ਅੰਮ੍ਰਿਤਸਰ, ਗੁਰਦਾਸਪੁਰ, ਫਤਹਿਗੜ੍ਹ ਸਾਹਿਬ, ਕਪੂਰਥਲਾ, ਜਲੰਧਰ,ਹਿੁਸ਼ਆਰਪੁਰ ਅਤੇ ਲੁਧਿਆਣਾ ਦੇ ਐਸ.ਐਸ.ਪੀਜ਼ ਦੇ ਘਰਾਂ/ਕੈਂਪ ਦਫਤਰਾਂ ਚੋਂ ਬਿਜਲੀ ਮੀਟਰ ਬਾਹਰ ਕੱਢ ਦਿੱਤੇ ਗਏ ਹਨ।
                       ਬਕਾਏ ਵਸੂਲੇ ਜਾ ਰਹੇ ਹਨ : ਡਾਇਰੈਕਟਰ
ਪਾਵਰਕੌਮ ਦੇ ਡਾਇਰੈਕਟਰ (ਵੰਡ) ਸ੍ਰੀ ਐਨ.ਕੇ.ਸ਼ਰਮਾ ਦਾ ਕਹਿਣਾ ਸੀ ਕਿ ਉੱਚ ਅਫਸਰਾਂ ਦੇ ਬਿਜਲੀ ਮੀਟਰ ਬਾਹਰ ਕੱਢ ਦਿੱਤੇ ਗਏ ਹਨ ਅਤੇ ਬਕਾਇਆ ਰਾਸ਼ੀ ਵਸੂਲਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦਫਤਰਾਂ ਦੇ ਬਕਾਏ ਤਾਂ ਸਰਕਾਰ ਪੱਧਰ ’ਤੇ ਭਰੇ ਜਾਣੇ ਹਨ। ਉੁਨ੍ਹਾਂ ਦੱਸਿਆ ਕਿ ਕੁਝ ਬਕਾਏ ਕਲੀਅਰ ਵੀ ਹੋਏ ਹਨ ਜਦੋਂ ਕਿ ਬਾਕੀ ਜਲਦੀ ਭਰਨ ਦਾ ਭਰੋਸਾ ਦਿੱਤਾ ਗਿਆ ਹੈ।


Sunday, November 24, 2019

                       ਵਿਚਲੀ ਗੱਲ 
             ਅਜੇ ਹਨੇਰਾ ਗਾੜ੍ਹਾ ਏ..!
                        ਚਰਨਜੀਤ ਭੁੱਲਰ
ਬਠਿੰਡਾ: ਛੱਜੂ ਰਾਮ ਪੁੱਛ ਰਿਹਾ ਹੈ, ‘ਬੁੱਧ ਕਿੱਥੇ ਮਿਲਣਗੇ’। ਕਿਸੇ ਗੱਲੋਂ ਪ੍ਰੇਸ਼ਾਨ ਜਾਪ ਰਿਹਾ ਹੈ। ਕਿਧਰੋਂ ਆਇਆ, ਕਿਧਰ ਜਾਣਾ। ਲੱਖਣ ਵੀ ਕਿਵੇਂ ਲਾਈਏ। ਨਾਲੇ ਕਿੰਝ ਸਮਝਾਈਏ ਕਿ ‘ਬੁੱਧਾਂ ਦੇ ਘਰ ਬੜੇ ਦੂਰ ਨੇ’। ਮੈਰਾਥਨ ਵਾਲੇ ਟਲਦੇ ਕਿੱਥੇ ਨੇ। ਛੱਜੂ ਕਠੋਰ ਜ਼ਰੂਰ ਹੈ, ਦਿਲ ਦਾ ਮਾੜਾ ਨਹੀਂ। ਲੋੜੋਂ ਵੱਧ ਕਾਹਲਾ ਨਹੀਂ, ਦਿਲ ’ਚ ਸਾੜਾ ਨਹੀਂ। ਥੋੜ੍ਹਾ ਜ਼ਿੱਦੀ ਜ਼ਰੂਰ ਹੈ, ਬੇਕਿਰਕ ਜੋ ਹਜ਼ੂਰ ਹੈ। ਉਦਾਸ ਜ਼ਰੂਰ ਹੈ ਪਰ ਨਿਰਾਸ਼ ਨਹੀਂ। ਤਾਹੀਂ ਬੁੱਧ ਦਾ ਰਾਹ ਪੁੱਛ ਰਿਹੈ। ਛੱਜੂ ਰਾਮਾ, ਪਹਿਲਾਂ ਤੂੰ ਦੱਸ, ਕਿਧਰੋਂ ਆਇਐ, ਚਾਹੇ ਕੰਨ ’ਚ ਦੱਸ ਦੇ। ਮਾਜਰਾ ਕੀ ਹੈ, ਸਾਨੂੰ ਵੀ ਦੱਸੋ। ਠਰੰਮਾ ਰੱਖੋ, ਜ਼ਰੂਰ ਦੱਸਾਂਗੇ। ਪਹਿਲੋਂ ਛੋਟੀ ਜੇਹੀ ਕਥਾ। ਸਾਧ ਸੰਗਤ ਜੀ, ਜਦੋਂ ਉਹ ਸੰਨਿਆਸੀ ਤੋਂ ਹੱਤਿਆਰਾ ਬਣਿਆ, ਪਹਾੜ ਦੇ ਸਿਖਰ ’ਤੇ ਚੜ੍ਹ ਬੈਠਾ। ਡਰਦੇ ਲੋਕ ਪਹਾੜ ਵੱਲ ਮੂੰਹ ਨਾ ਕਰਦੇ। ਨਾਲੇ ਕਤਲ ਕਰਦਾ, ਨਾਲੇ ਉਂਗਲਾਂ ਕੱਟ ਲੈਂਦਾ। ਮਨੁੱਖੀ ਉਂਗਲਾਂ ਦੀ ਮਾਲਾ ਗਲੋਂ ਨਾ ਲਾਹੁਦਾ। ਤਾਹੀਂਓ ਨਾਮ ਪਿਆ ਉਂਗਲੀਮਾਲ। ਸ਼ਿਸ਼ਾਂ ਨੇ ਰੋਕਿਆ, ਮਹਾਤਮਾ ਬੁੱਧ ਨਾ ਰੁਕੇ। ਬੁੱਧ ਦੇਖ ਉਂਗਲੀਮਾਲ ਦਹਾੜਿਆ। ‘ਟੋਟੇ ਟੋਟੇ ਕਰ ਦਿਆਂਗਾ’। ਬੁੱਧ ਬੋਲੇ, ਪਹਿਲਾਂ ਅੌਹ ਟਾਹਣੀ ਕੱਟੋ। ਜਿਉਂ ਹੀ ਟਾਹਣੀ ਕੱਟੀ। ਬੁੱਧ ਬੋਲੇ, ‘ਉਂਗਲੀਮਾਲ, ਹੁਣ ਟਾਹਣੀ ਨੂੰ ਜੋੜ ਦਿਓ।’
ਖਾਨੇ ਪੈ ਗਈ ਉਂਗਲੀਮਾਲ ਦੇ। ਬੁੱਧ ਨੇ ਜਦੋਂ ਕਿਹਾ, ‘ਕੱਟਣਾ ਸੌਖਾ, ਜੋੜਨਾ ਅੌਖਾ, ਨਹੀਂ ਜੋੜ ਸਕਦੇ ਤਾਂ ਫਿਰ ਤੋੜੋ ਵੀ ਨਾ।’ ਉਂਗਲੀਮਾਲ ਸੁਧਰ ਕੇ ਮੁੜ ਸੰਨਿਆਸੀ ਬਣ ਗਿਆ। ਐਵੇਂ ਨਹੀਂ ਪ੍ਰੇਸ਼ਾਨ ਛੱਜੂ ਰਾਮ। ਸੰਗਰੂਰ ਜ਼ਿਲ੍ਹੇ ’ਚੋਂ ਮੁੜਿਐ।                                                                                                                              ਉਂਗਲੀਮਾਲ ਪਤਾ ਨਹੀਂ ਕਿਹੜੀ ਜੂਨੇ ਹਾਲੇ ਵੀ ਭਟਕ ਰਿਹੈ। ਚੰਗਾਲੀਵਾਲਾ ਨੇ ਉਂਗਲੀਮਾਲ ਚੰਗਾ ਅਖਵਾ ਦਿੱਤਾ। ਜਗਮੇਲ ਪਹਿਲਾਂ ਲੱਤਾਂ ਗੁਆ ਬੈਠਾ, ਫਿਰ ਜਾਨ। ਚਾਰ ਸਾਲ ਪਿਛਾਂਹ ਝਾਕੋ। ਅਬੋਹਰ ’ਚ ਜੋ ਹੋਇਆ। ਭੀਮ ਟਾਂਕ ਦੇ ਹੱਥ ਪੈਰ ਵੱਢੇ, ਗੁਰਜੰਟ ਦਾ ਸੱਜਾ ਹੱਥ। ਮਾਂ ਕੁਸ਼ੱਲਿਆ ਦੇ ਹੱਥ ਖਾਲੀ ਨੇ। ਪੁੱਤ ਜੋ ਗੁਆ ਬੈਠੀ। ਥੋੜ੍ਹਾ ਹੋਰ ਪਿੱਛੇ ਦੇਖੋ। ਲੱਤਾਂ ਬਾਹਾਂ ਬੰਤ ਸਿੰਘ ਝੱਬਰ ਗੁਆ ਬੈਠਾ। ਜਲੂਰ ਵਾਲੀ ਮਾਈ ਗੁਰਦੇਵ ਕੌਰ ਵੀ ਬਚ ਨਾ ਸਕੀ। ਸਰਾਏਨਾਗਾ ਵਿਚ ਇੱਕ ਸਿਰਫਿਰੇ ਨੇ ਕਾਪੇ ਨਾਲ ਵਾਰ ਕੀਤੇ। ਲੜਕੀ ਦੇ ਹੱਥ ਵੱਢ ਦਿੱਤੇ। ਮਸਾਂ ਹੀ ਬਚੇ ਧਿਆਣੀ ਦੇ ਹੱਥ। ਭਾਗੀ ਵਾਂਦਰ ’ਚ ਇੱਕ ਤਸਕਰ ਦੇ ਹੱਥ ਪੈਰ ਵੱਢੇ ਸਨ।ਪੰਜਾਬ ਦੇ ਕੋਠੇ ਚੜ੍ਹ ਕੇ ਦਰਿੰਦਗੀ ਨੱਚ ਰਹੀ ਹੈ। ਉਹ ਵੀ ਵਰ੍ਹਿਆਂ ਤੋਂ। ਨੱਕ ਪੰਜਾਬ ਦਾ ਵੱਢਿਆ ਗਿਐ। ਬੁੱਧ ਦੇ ਹੁਣ ਵਸ ਦਾ ਰੋਗ ਨਹੀਂ। ਉਂਗਲੀਮਾਲ ਦੀ ਰੂਹ ਖਹਿੜਾ ਨਹੀਂ ਛੱਡ ਰਹੀ। ਜਗਦੀਸ਼ ਜੀਦਾ ਦੀ ਪੁਰਾਣੀ ਬੋਲੀ ਚੇਤੇ ਹੋਊ। ‘ਅਸੀਂ ਉਂਗਲਾਂ ’ਤੇ ਸਿੱਖ ਗਏ ਨਚਾਉਣਾ, ਜਦੋਂ ਦੇ ਬਣੇ ਖੇਡ ਮੰਤਰੀ।’ ਜ਼ੋਰਾਵਰ ਹੱਸ ਰਿਹਾ ਹੈ, ਦੇਸ਼ ਨੱਚ ਰਿਹਾ ਹੈ। ਬੁਲਡੋਜ਼ਰ ਲੈ ਕੇ ਹਾਕਮ ਨਿਕਲੇ ਨੇ, ਸਿੱਧੀ ਉਂਗਲ ਘਿਉ ਨਹੀਂ ਨਿਕਲ ਰਿਹਾ। ਜੇ.ਐਨ.ਯੂ ਦਾ ਨੇਤਰਹੀਣ ਸ਼ਸ਼ੀ ਭੂਸ਼ਣ ਖਤਾ ਕਰ ਬੈਠਾ। ਦਿੱਲੀ ਪੁਲੀਸ ਨੇ ਪੁੜੇ ਸੇਕ ਦਿੱਤੇ। ਸੰਗਰੂਰ ਪੁਲੀਸ ਨੇ ਬੇਰੁਜ਼ਗਾਰ ਮੁੰਡੇ ਝੰਬ ਦਿੱਤੇ। ਪਰਲੋਕ ’ਚ ਬੈਠੇ ਉਂਗਲੀਮਾਲ ਨੇ ਮੱਥੇ ’ਤੇ ਹੱਥ ਮਾਰਿਐ।
                ਦਿੱਲੀ ’ਚ ਸਿਕੰਦਰ ਲੋਧੀ ਦੇ ਜੈਕਾਰੇ ਗੂੰਜੇ ਨੇ। ਸੈਸ਼ਨ ਪਾਰਲੀਮੈਂਟ ’ਚ ਚੱਲ ਰਿਹੈ। ਹਾਕਮ ਬੋਲੇ ਕੁੱਕੜ ਬਣੇ ਨੇ। ਜੰਤਰ ਮੰਤਰ ’ਤੇ ਆਦਿ ਵਾਸੀ ਗੂੰਜ ਰਹੇ ਨੇ। ਪੁਲਾਂ ਦਾ ਕੰਮ ਜੋੜਨਾ ਹੁੰਦਾ ਹੈ। ਮਜ਼ਦੂਰਾਂ ਦਾ ਦਮ ਟੁੱਟਿਐ, ਕਿਸਾਨਾਂ ਦਾ ਲੱਕ। ਕਿਤੇ ਬੁੱਤ ਟੁੱਟਿਐ ਤੇ ਕਿਤੇ ਭਰੋਸਾ। ਰਾਜ ਭਾਗ ਚੁੱਪ ਕਦੋਂ ਤੋੜੇਗਾ। ਬਾਪ ਰਮਜ਼ਾਨ ਖ਼ਾਨ ਭਜਨ ਗਾ ਰਿਹਾ ਹੈ। ਪੁੱਤਰ ਫਿਰੋਜ਼ ਖਾਨ ਕਿੱਧਰ ਜਾਏ। ਸੰਸਕ੍ਰਿਤ ਨਾਲ ਪਿਆਰ ਕਰ ਬੈਠਾ। ਬਨਾਰਸ ਹਿੰਦੂ ’ਵਰਸਿਟੀ ’ਚ ਨਾਅਰੇ ਉੱਠੇ ਨੇ। ਅਖੇ, ਅਸੀਂ ਕਿਉਂ ਪੜ੍ਹੀਏ ਮੁਸਲਿਮ ਤੋਂ ਸੰਸਕ੍ਰਿਤ। ਘੋਲ ਖੇਡ ਭਾਸ਼ਾ ਤੇ ਧਰਮ ਦਾ ਹੋ ਰਿਹਾ ਹੈ।ਜਦੋਂ ਸੋਚ ਨੂੰ ਅਧਰੰਗ ਹੋ ਜਾਏ। ਫਿਰ ਦੀਵਾਰ ਖੜ੍ਹੀ ਹੁੰਦੀ ਹੈ। ‘ਸਟੈਚੂ ਆਫ ਯੂਨਿਟੀ’ ਤੋਂ ਵੀ ਵੱਡੀ। ਦੀਵਾਰ ਤੋਂ ਬਾਹਰ ਕਿਵੇਂ ਆਉਣ ਫਾਰੂਕ ਅਬਦੁੱਲਾ। ਚਾਹੇ ਸੰਤ ਰਾਮ ਉਦਾਸੀ ਹੌਸਲਾ ਦੇ ਰਿਹਾ। ‘ਅਜੇ ਨਾ ਆਈ ਮੰਜ਼ਿਲ ਤੇਰੀ, ਅਜੇ ਵਡੇਰਾ ਪਾੜਾ ਏ, ਹਿੰਮਤ ਰੱਖ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਏ।’ ਅਲੀਗੜ੍ਹ ਮੁਸਲਿਮ ’ਵਰਸਿਟੀ ਦੀ ਅਧਿਆਪਕਾ ਹੁਮਾ ਪ੍ਰਵੀਨ ਹਨੇਰੇ ’ਚ ਹੀ ਰਹੀ। ਹੁਮਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸ਼ੇਅਰ ਕੀਤੀ। ਇਬਾਰਤ ਇੰਝ ਸੀ ‘ਸਚ ਮੇ ਸੰਪਰਕ ਟੂਟ ਜਾਨਾ ਕਿਤਨਾ ਖਤਰਨਾਕ ਅੌਰ ਦੁਖਦ ਹੋਤਾ ਹੈ? ਚਾਹੇ ਚੰਦਰਯਾਨ ਹੋ ਜਾਂ ਕਸ਼ਮੀਰ।’ ਹਿੰਦੂ ਮਹਾਂ ਸਭਾ ਨੇ ਕਿਹਾ, ਦੇਸ਼ ਦੀ ਏਕਤਾ ਨੂੰ ਖਤਰਾ ਖੜ੍ਹਾ ਕੀਤੈ। ਅਲੀਗੜ੍ਹ ਪੁਲੀਸ ਨੇ ਹੁਮਾ ’ਤੇ ਪਰਚਾ ਦਰਜ ਕੀਤਾ।
                ਪੱਛਮੀ ਬੰਗਾਲ ’ਚ ਦੋ ਜਣੇ ਮਾਰ ਦਿੱਤੇ ਨੇ। ਭੀੜ ਭੜਕੀ ਹੋਈ ਸੀ, ਗਊ ਚੋਰੀ ਦਾ ਸ਼ੱਕ ਸੀ। ਉਂਗਲੀਮਾਲ ਦੀ ਸੋਚ ਅੱਜ ਵੀ ਉਪਜਾਊ ਹੈ। ਬੁਲਡੋਜ਼ਰ ਦਾ ਸਫਰ ਜਾਰੀ ਹੈ। ਹੁਣ ਹੈਰਾਨੀ ਨਹੀਂ ਹੁੰਦੀ ਦਵੇਂਦਰ ਫੜਨਵੀਸ ਦੇ ਮੁੜ ਮੁੱਖ ਮੰਤਰੀ ਬਣਨ ’ਤੇ। ਸਾਧਵੀ ਪ੍ਰਗਿਆ ਦੇ ਰੱਖਿਆ ਕਮੇਟੀ ਦੀ ਮੈਂਬਰ ਬਣਨ ’ਤੇ। ਖ਼ਰੇ ਸਿੱਕੇ ਹੁਣ ਕਿੱਥੇ ਚੱਲਦੇ ਨੇ। ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੋਂ ਸੁੱਕੇ ਹੀ ਮੁੜੇ ਹੋਣੇ ਨੇ। ਵਾਲ ਵਿੰਗਾ ਨਹੀਂ ਹੋਇਆ ਸਿਆਸੀ ਸੋਚ ਦਾ। ਹਜ਼ੂਮੀ ਹਿੰਸਾ ਦੇ ਭੰਨੇ ਨਿਆਂ ਮੰਗਦੇ ਨੇ। 80 ਫੀਸਦੀ ਅਦਾਲਤਾਂ ’ਚੋਂ ਬਰੀ ਹੋ ਰਹੇ ਹਨ। ਸਿਆਸੀ ਮੱਲ ਮੋੜੇ ਨਹੀਂ ਮੁੜਦੇ। ਅਮਰਿੰਦਰ ਕਿਹੜਾ ਵਿਦੇਸ਼ੋਂ ਹਾਲੇ ਮੁੜਿਆ। ਮਨਪ੍ਰੀਤ ਬਾਦਲ ਦਾ ਖਜ਼ਾਨਾ ਖੁਸ਼ਕ ਹੈ। ਬਠਿੰਡਾ ਵਾਲੇ ਆਖਦੇ ਨੇ, ਐਤਕੀਂ ਖੁਸ਼ਕੀ ਚੱਕ ਦੇਣੀ ਹੈ। ਦੱਸਾਂਗੇ ਮੌਕੇ ’ਤੇ।ਗਰੀਬ ਦੀ ਜਾਨ ਮੁੱਠੀ ’ਚ ਹੈ। ਲੀਡਰ ਕੱਛਾਂ ਵਜਾ ਰਹੇ ਨੇ। ਬੋਲਣਾ ਗੁਨਾਹ ਹੋ ਗਿਆ ਹੈ। ਜ਼ੋਰਾਵਰ ਮਾਰ ਵੀ ਰਿਹਾ ਤੇ ਰੋਣ ਵੀ ਨਹੀਂ ਦਿੰਦਾ। ਗੁਜਰਾਤ ’ਚ ਪੰਜਾਬੀ ਕਿਸਾਨ ਚੀਕ ਰਹੇ ਨੇ। ਕਿਸਾਨ ਬਿੱਕਰ ਸਿਓਂ ਆਖਦੈ, ‘ਮੋਦੀ ਨੇ ਸਾਨੂੰ ਕਾਹਦੀ ਸਜ਼ਾ ਦਿੱਤੀ ਹੈ।’ ਨਾ ਜ਼ਮੀਨ ਵੇਚ ਸਕਦੇ ਹਾਂ ਤੇ ਨਾ ਕੋਈ ਕਰਜ਼ਾ ਮਿਲਦੈ। ਮਾਫੀਆ ਪਿੱਛੇ ਪੈ ਜਾਂਦੈ, ਗੁਜਰਾਤ ਪੁਲੀਸ ਕੋਈ ਰਾਹ ਨਹੀਂ ਦਿੰਦੀ।
               ਘੱਟ ਪੰਜਾਬ ਪੁਲੀਸ ਵੀ ਨਹੀਂ। ਬਠਿੰਡਾ ਜ਼ਿਲ੍ਹੇ ਦੇ ਦੋ ਕਿਸਾਨ ਪਰਲੋਕ ’ਚ ਬੈਠੇ ਹਨ। ਪੁਲੀਸ ਨੇ ਇਨ੍ਹਾਂ ’ਤੇ ਪਰਚਾ ਦਰਜ ਕੀਤੈ। ਅਖੇ, ਪਰਾਲੀ ਨੂੰ ਅੱਗ ਲਾਈ ਹੈ। ਮੌੜ ਖੁਰਦ ਦਾ ਬ੍ਰਿਛ ਭਾਨ ਟੈਂਕੀ ’ਤੇ ਚੜ੍ਹਿਆ। ਦੱਸਣ ਲਈ ਕਿ ਉਹ ਜ਼ਿੰਦਾ ਹੈ। ਪੁਲੀਸ ਦੇਖ ਨਹੀਂ ਰਹੀ, ਪਰਿਵਾਰ ਵਾਲਿਆਂ ਨੇ ਮਰਿਆ ਸਾਬਿਤ ਕੀਤੈ।ਦੇਸ਼ ’ਚ 14 ਲੱਖ ਘਰਾਂ ’ਚ ਬਿਜਲੀ ਨਹੀਂ, ਦੀਵੇ ਜਗਾਉਣੇ ਪੈਂਦੇ ਨੇ। 37 ਫੀਸਦੀ ਸਕੂਲਾਂ ’ਚ ਇਹੋ ਹਾਲ ਹੈ। ਮੁਲਕ ’ਚ ਸੱਤ ਲੱਖ ਅਸਾਮੀਆਂ ਖਾਲੀ ਹਨ। ਅਕਲਾਂ ਬਾਝੋ ਵੀ ਖੂਹ ਖਾਲੀ ਨੇ। ਲੋਕ ਭਰੇ ਪੀਤੇ ਬੈਠੇ ਨੇ, ਝੱਖੜ ਝੁੱਲਦੇ ਦੇਰ ਨਹੀਂ ਲੱਗਦੀ। ਹਾਕਮ ਇਹ ਗੱਲ ਚੇਤੇ ਰੱਖਣ। ਕੋਈ ਰੁਜ਼ਗਾਰ ਮੰਗ ਰਿਹਾ ਹੈ ਤੇ ਕੋਈ ਛੱਤ। ਹੇਮਾ ਮਾਲਿਨੀ ‘ਬਾਂਦਰ ਸਫਾਰੀ’ ਮੰਗ ਰਹੀ ਹੈ। ਮਥੁਰਾ ਦੇ ਬਾਂਦਰਾਂ ਤੋਂ ਤੰਗ ਹੈ। ‘ਬਸੰਤੀ ਦੀ ਇੱਜ਼ਤ ਦਾ ਸੁਆਲ ਜਾਪਦੈ।’ ਝਾਰਖੰਡ ਪੁਲੀਸ ਨੂੰ ਕੌਣ ਸੁਆਲ ਪੁੱਛੇਗਾ। ਖੂੰਟੀ ਜ਼ਿਲ੍ਹੇ ’ਚ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤੈ। ਅਣਪਛਾਤੇ 10 ਹਜ਼ਾਰ ਆਦੀ ਵਾਸੀਆਂ ’ਤੇ।
               ਛੱਜੂ ਰਾਮ ਗੁੱਸੇ ਹੋ ਗਿਆ ਹੈ। ਅਖੇ, ਪੁੱਛਿਆ ਬੁੱਧ ਬਾਰੇ ਸੀ। ਵਿਚੋਂ ਹੀਰ ਕੋਈ ਹੋਰ ਹੀ ਛੇੜ ਲਈ। ਰਹਿਣ ਦੇ ਛੱਜੂਆ, ਨਾ ਛੇੜ ਛੇੜੇ। ਨਾਲੇ ਪਤੈ ਕਿ ਗੱਲ ਹੁਣ ਬੁੱਧ ਨਾਲ ਨਹੀਂ ਬਣਨੀ। ਅਕਲਾਂ ਨਾਲ ਸੋਧਾ ਲਾਉਣਾ ਪਊ। ਦੇਰ ਹੈ, ਅੰਧੇਰ ਨਹੀਂ। ਅੱਲ੍ਹਾ ਖੈਰ ਕਰੇ, ਕਿਤੇ ਲੋਕਾਂ ਦੀ ਬੁੱਧ ਨੂੰ ਸੁੱਧ ਆ ਜਾਵੇ। ਖਾਈ ਪਾਉਣ ਵਾਲੇ ਫਿਰ ਡਿੱਗਦੇ ਦੇਖੀ। ਯਮਦੂਤ ਕੋਲ ਬੈਠਾ ਉਂਗਲੀਮਾਲ ਹੱਸ ਰਿਹੈ। ਅਖੀਰ ’ਚ ਮਿਰਜ਼ਾ ਗਾਲਿਬ ਦਾ ਸ਼ੇਅਰ, ‘ਹਮ ਕੋ ਮਾਲੂਮ ਹੈ ਜੰਨਤ ਦੀ ਹਕੀਕਤ ਲੇਕਿਨ ਦਿਲ ਕੇ ਬਹਿਲਾਨੇ ਕੋ ਗਾਲਿਬ ਯੇ ਖਿਆਲ ਅੱਛਾ ਹੈ।’

Sunday, November 17, 2019

                          ਵਿਚਲੀ ਗੱਲ
         ਸਾਡੇ ਪਿੰਡ ਦੇ ਮੁੰਡੇ ਦੇਖ ਲਓ..!
                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦਾ ਤਬੇਲਾ ਖਾਲੀ ਪਿਆ ਹੈ। ਗਦੌੜਾ ਫੇਰਨ ਦੀ ਗੁੰਜਾਇਸ਼ ਵੀ ਨਹੀਂ ਬਚੀ। ਕੋਈ ਵੀ ਉਂਗਲ ਘਿਉ ’ਚ ਨਹੀਂ। ਪੰਜੇ ਤਾਂ ਦੂਰ ਦੀ ਗੱਲ, ਪਰਿੰਦੇ ਮੁੱਕ ਗਏ, ਦਰੱਖਤ ਸੁੱਕ ਗਏ, ਦੇਹ ਝੁਕ ਗਏ। ਭੱਠੀ ਵਾਲੀ ਹੁਣ ਕੀ ਭੁੰਨੇ। ਪੰਜਾਬ ਦੀ ਝੋਲੀ ’ਚ ਦਾਣੇ ਨਹੀਂ। ਜਦੋਂ ਮਾਲ ਮਾਤਾ ਦਾ ਹੋਵੇ। ਹੇਕ ਕਿਵੇਂ ਲੱਗੇ, ‘ਸਾਡੇ ਪਿੰਡ ਦੇ ਮੁੰਡੇ ਦੇਖ ਲਓ..!’ ਧਨੀ ਰਾਮ ਚਾਤ੍ਰਿਕ ਨੂੰ ਵੀ ਹੌਲ ਪੈ ਜਾਂਦਾ। ਜੇ ਕਿਤੇ ਅੱਜ ‘ਐ ਪੰਜਾਬ! ਕਰਾਂ ਕੀ ਸਿਫਤ ਤੇਰੀ’ ਲਿਖਦਾ। ਕਾਮਰੇਡ ਹੀ ਪਿਛੇ ਪੈ ਜਾਂਦੇ। ਮਿਰਚਾਂ ਵਾਰ ਉਤਾਰ ਦਿੰਦੇ, ਨਜ਼ਰ ਲੱਗੀ ਹੁੰਦੀ, ਜੋਕਾਂ ਦਾ ਇਲਾਜ ਨਹੀਂ।  ਬਠਿੰਡੇ ਵਾਲੇ ਮਰਹੂਮ ਪ੍ਰੋ. ਕਰਮ ਸਿੰਘ ਨੂੰ ਪੁਰਾਣੇ ਬਾਬੇ ਭੁੱਲੇ ਨਹੀਂ। ਪਹਿਲਵਾਨੀ ’ਚ ਜ਼ਿੰਦਗੀ ਕੱਢ ਗਿਆ। ਚਾਰ ਨਵੇਂ ਮੁੰਡੇ ਜੁੜਦੇ। ਗੱਠੜੀ ’ਚੋਂ ਪੁਰਾਣਾ ਪੰਜਾਬ ਕੱਢ ਬੈਠਦਾ। ਮੁੰਡਿਓ… ਛੰਨਾ ਦੁੱਧ ਦਾ ਇੱਕੋ ਸਾਹ ਡਕਾਰ ਜਾਂਦੇ। ਕੋਠੇ ਰੋਹੀ ਰਾਹ (ਸੰਗਰੂਰ) ਵਾਲਾ ਰੋਹੀ ਰਾਮ, ਹਲਟ ਗੇੜ ਕੇ ਕਿੱਲਾ ਭਰ ਦਿੰਦਾ। ਮੁੱਦਕਰ ਚੁੱਕਣੇ, ਮੂੰਗਲੀਆਂ ਫੇਰਨੀਆਂ, ਜੁੱਸਾ ਤੇ ਗੁੱਸਾ, ਰਹੇ ਰੱਬ ਦਾ ਨਾਮ। ਅਣਖ ਏਨੀ, ਕੋਈ ਅੱਖ ’ਚ ਅੱਖ ਕੀ ਪਾ ਜਾਏ। ਖੁਰਾਕਾਂ ਸ਼ੁੱਧ ਤੇ ਸਾਦੀਆਂ। ਮਿੱਥ ਕੇ ਡੰਡ ਬੈਠਕਾਂ ਮਾਰਦੇ। ਸ਼ਰਤਾਂ ਲਾ ਕੇ ਘਿਉ ਪੀਂਦੇ। ਦਰਸ਼ਨੀ ਜਵਾਨਾਂ ਨੂੰ ਦੂਰੋਂ ਦੂਰੋਂ ਦੇਖਣ ਆਉਂਦੇ। ਆਹ ਦਾਰੇ ਤਾਂ ਪਿੱਛੋਂ ਆਏ ਨੇ।
                 ਜੈਤੋ ਵਾਲੇ ਪ੍ਰੋ. ਗੁਰਦਿਆਲ ਸਿੰਘ ਵੀ ਤੁਰ ਗਏ। ਨਾਵਲ ‘ਪਰਸਾ’ ਦਾ ਨਾਇਕ, ਡਾਕੀਏ ਨੂੰ ਆਖਦੈ ‘ਦੁੱਧ ਹਜ਼ਮ ਕਰ ਲਵੇਗਾਂ ਜਾਂ ਚਾਹ ਲਿਆਂਵਾ’। ਤਾਹੀਓਂ ਪੰਜਾਬ ਨੂੰ ਗਸ਼ ਪਿਐ ਤੇ ਬਾਬਿਆਂ ਨੂੰ ਹੌਲ। ਮੱਧ ਕਾਲ ਵਾਲੇ ਦਿਨ ਕਿਥੇ । ਭਾਲਦੇ ਹੋ ਪੰਜਾਬ ਦੇ ਘਰੋਂ ਲੱਸੀ। ਨੰਦ ਲਾਲ ਨੂਰਪੁਰੀ ਨੇ ਕਦੇ ਵਡਿਆਈ ਕੀਤੀ ਸੀ। ‘ਬੱਲੇ ਜੱਟਾ ਬੱਲੇ, ਅੱਜ ਤੇਰਾ ਸਿੱਕਾ ਸਾਰੇ ਦੇਸ਼ ਵਿਚ ਚੱਲੇ’। ਨੰਦ ਸਿਓਂ ਜੀ, ਸਭ ਸਿੱਕੇ ਖੋਟੇ ਹੋ ਗਏ ਨੇ। ਕਦੇ ਗੱਲਾਂ ਜੁੜੀਆਂ ਸਨ। ‘ਤੇਲ ਹੱਟੀ ਦਾ, ਘਿਓ ਜੱਟੀ ਦਾ’, ‘ਪੰਜਾਬ ਦੇ ਜਵਾਨ, ਸ਼ੇਰ ਦੀ ਸੰਤਾਨ’, ‘ਪੰਜਾਬੀ ਨਾ ਪਿੜ ਛੱਡਣ, ਨਾ ਹੱਥ ਅੱਡਣ’। ਆਹ ਮੁੰਡੇ ਹੁਣ ਪੰਜਾਬ ਹੀ ਛੱਡ ਰਹੇ ਨੇ। ਅਖੇ, ‘ਜਹਾਂ ਦਾਣੇ ਤਹਾਂ ਖਾਣੇ’। ਬਿਹਾਰੀ ਹੱਸ ਹੱਸ ਦੂਹਰੇ ਹੋ ਰਹੇ ਨੇ। ਏਨਾ ਮਾੜਾ ਤਾਂ ਨਹੀਂ ਪੰਜਾਬ। ਕੋਈ ਘਾਟਾ ਨਹੀਂ ਕਿਧਰੇ। ਕੋਈ ਸ਼ੱਕ ਨਾ ਰਹੇ, ਆਓ ਮੇਰੇ ਨਾਲ ਤੁਰੋ। ਪੰਜਾਬ ਦਾ ਕੁੰਡਾ ਖੜਕਾ ਕੇ ਦੇਖੀਏ। ਪੰਜਾਬ ’ਚ ਕਰੀਬ 55 ਲੱਖ ਪਰਿਵਾਰ ਹਨ। ਤੈਰਵੀਂ ਨਜ਼ਰ ਅੌਸਤਨ ’ਤੇ ਮਾਰਦੇ ਹਾਂ। ਹਰ 14ਵੇਂ ਪਰਿਵਾਰ ਕੋਲ ਅਸਲਾ ਲਾਇਸੈਂਸ। ਹਰ ਘਰ ’ਚ ਸੱਤ ਮੋਬਾਈਲ/ ਲੈਂਡਲਾਈਨ ਫੋਨ। ਫੋਨ ਖਰਚਾ 2300 ਕਰੋੜ ਸਾਲ ਦਾ। ਸ਼ਰਾਬ ਦਾ ਠੇਕਾ 1950 ਵੋਟਾਂ ਪਿਛੇ ਇੱਕ।
                ਠੇਕੇ ਦੀ ਸ਼ਰਾਬ ’ਤੇ 17 ਵਰ੍ਹਿਆਂ ‘ਚ 52 ਹਜ਼ਾਰ ਕਰੋੜ ਉਡਾਏ। ਹਰ ਕਿਸਾਨ ’ਤੇ ਢਾਈ ਲੱਖ ਦਾ ਕਰਜ਼। ਆਟਾ ਦਾਲ ਵਾਲੇ ਕਾਰਡ ਹਰ ਤਿੰਨ ’ਚੋਂ ਦੋ ਘਰਾਂ ਕੋਲ।ਵਿਆਹਾਂ ’ਤੇ ਸਾਲਾਨਾ ਸ਼ਰਾਬ ਖਰਚ 500 ਕਰੋੜ ਰੁਪਏ। ਦੇਸ਼ ਭਰ ’ਚੋਂ ਤਲਾਕ ਪਟੀਸ਼ਨਾਂ ’ਚ ਝੰਡੀ। ਨੱਕ ਜਗਦੀਸ਼ ਭੋਲੇ ਨੇ ਵਢਾ ਦਿੱਤੀ। ਝੰਡੀ ਫੜੀ ਤਾਂ ਅਰਜਨ ਐਵਾਰਡੀ ਬਣਿਆ। ਪੁੱਠਾ ਰਾਹ ਫੜਿਆ ਤਾਂ ਬਦਨਾਮੀ ਦਾ ਘਰ ਬਣਿਆ। ਮੁਆਫ਼ੀ ਮੰਗ ਕੇ ਕੇਜਰੀਵਾਲ ਨੇ ਦਿੱਲੀ ਦਾ ਰਾਹ ਫੜਿਐ। ਮੁਸ਼ਕਰੀ ਨੀਲੇ ਚਿੱਟੇ ਹੱਸ ਰਹੇ ਹਨ। ਜਦੋਂ ਰਿਸ਼ਤੇ ਤਜਾਰਤੀ ਹੋ ਜਾਣ, ਖੂਨ ਸਫ਼ੈਦ ਹੋ ਜਾਂਦੈ। ਫਿਰ ਮਾਵਾਂ ਨੂੰ ਪੁੱਤ ਨਹੀਂ ਪਛਾਣਦੇ। ਹੁਣ ਤਾਂ ਪੰਜਾਬੀ ਪਛਾਣਨੇ ਅੌਖੇ ਨੇ। ਕੱਦ ਮਧਰੇ, ਇਕਹਿਰੇ ਸਰੀਰ, ਫਰੈਂਚ ਕੱਟ ਦਾੜ੍ਹੀ, ਕੰਨਾਂ ’ਚ ਮੁੰਦਰਾਂ, ਸਿਰਾਂ ’ਤੇ ਛੱਤੇ। ਪੰਮੀ ਬਾਈ ਨੂੰ ਭੰਗੜੇ ਲਈ ਗੱਭਰੂ ਨਹੀਂ ਲੱਭਦੇ। ਫੌਜੀ ਅਫ਼ਸਰ ਪੰਜਾਬ ’ਚੋਂ ਜੁੱਸਾ ਭਾਲੀ ਜਾ ਰਹੇ ਹਨ। ਛਾਤੀ ਫੁੱਲਦੀ ਨਹੀਂ, ਅਖੇ ਸਾਹ ਫੁੱਲ ਜਾਂਦੈ। ਮਾਲਵਾ, ਮੱਲਾਂ ਦੀ ਧਰਤੀ ਸੀ। ਇਸੇ ਮਿੱਟੀ ’ਚੋਂ ਜਿਊਣੇ ਮੌੜ ਤੇ ਸੁੱਚੇ ਸੂਰਮੇ ਜਨਮੇ। ਹੁਣ ਮਿੱਟੀ ਜਰਖੇਜ਼ ਨਹੀਂ ਰਹੀ। ਜ਼ਹਿਰਾਂ ਨੇ ਅੜ ਭੰਨ੍ਹ ਦਿੱਤੀ ਹੈ। ਬੈਂਕਾਂ ਵਾਲੇ ਕਿਸਾਨਾਂ ਨੂੰ ਧੂਹੀ ਫਿਰਦੇ ਨੇ।
              ਅਰਦਲੀ ਪੰਜਾਬ ਨੂੰ ਨਿੱਤ ਆਵਾਜ਼ਾਂ ਸੁਪਰੀਮ ਕੋਰਟ ’ਚ ਮਾਰ ਰਹੇ ਨੇ। ਮਿੱਟੀ ਪਾਣੀ ਪਲੀਤ ਹੋ ਗਿਐ। ‘ਜਵਾਨ ਤੇ ਕਿਸਾਨ’ ਮਰ ਰਹੇ ਨੇ। ਭਗਵੰਤ ਮਾਨ ਦਾ ਪਤਾ ਨਹੀਂ ਕਿਉਂ ਢਿੱਡ ਦੁੱਖਦੈ। ਅਖੇ, ਅਮਰਿੰਦਰ ਸਿਓਂ, ਵਿਦੇਸ਼ ਸ਼ਿਕਾਰ ਖੇਡਣ ਕਿਉਂ ਗਏ ਨੇ। ਨਰਿੰਦਰ ਮੋਦੀ ਜਾਣੀ ਜਾਣ ਨੇ। ਕੋਈ ਸ਼ੱਕ ਹੈ ਤਾਂ ਲਲਕਾਰਾ ਮਾਰ ਕੇ ਦੇਖ ਲਓ, ‘ਮਾਂ ਦਾ ਦੁੱਧ ਪੀਤੈ ਤਾਂ ਬਾਹਰ ਨਿਕਲ’, ਪੰਜਾਬ ਦਾ ਕੋਈ ਬੂਹਾ ਨਹੀਂ ਖੁੱਲ੍ਹਣਾ। ਕੇਂਦਰੀ ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਹੁਣੇ ਖੁੱਲ੍ਹੀ ਹੈ। ਪੰਜਾਬ ’ਚ 47 ਫੀਸਦੀ ਨੂੰ ਬਚਪਨ ’ਚ ਮਾਂ ਦਾ ਦੁੱਧ ਨਸੀਬ ਨਹੀਂ ਹੋਇਆ। ਸ਼ਹਿਰੀ ਮਾਵਾਂ ਨੂੰ ਫਿਗਰ ਦਾ ਫਿਕਰ ਵੱਧ ਹੈ। 39.7 ਫੀਸਦੀ ਮਾਵਾਂ ਦੇ ਵੱਡੇ ਅਪਰੇਸ਼ਨਾਂ ਨਾਲ ਬੱਚੇ ਜਨਮੇ ਨੇ। ਚਾਰ ਕੁ ਵਰ੍ਹੇ ਪਹਿਲਾਂ ਖ਼ਬਰ ਆਈ ਸੀ ਪੰਜਾਬੀ ਮਾਵਾਂ ਦੇ ਦੁੱਧ ’ਚ ਕੀਟਨਾਸ਼ਕ ਮਿਲਣ ਦੀ। ਸ਼ੁੱਧ ਪਦਾਰਥ ਕਿਧਰੇ ਮਿਲਦੇ ਨਹੀਂ। ‘ਮਿਸ਼ਨ ਤੰਦਰੁਸਤ ਪੰਜਾਬ’ ਕਿੰਨਾ ਕੁ ਸ਼ੁੱਧ ਹੈ। ਹਾਲੇ ਦੇਖਣਾ ਪੈਣੈ। ਕਦੇ ਲੋਕ ਬੋਲੀ ਗੂੰਜਦੀ ਸੀ, ‘ਗੋਰੇ ਰੰਗ ’ਤੇ ਮਲਾਈਆਂ ਆਈਆਂ, ਕੱਚਾ ਦੁੱਧ ਪੀਣ ਵਾਲੀਏ’। ਨਾ ਕੱਚਾ ਦੁੱਧ ਰਿਹਾ, ਨਾ ਰੰਗ-ਰੂਪ। ਹੁਣੇ ਰਿਪੋਰਟ ਆਈ ਹੈ। ਸੁੰਦਰਤਾ ਉਤਪਾਦਾਂ (ਕਾਸਮੈਟਿਕਸ) ਦੀ ਵਿਕਰੀ। ਭਾਰਤ ’ਚ ਪੰਜ ਸਾਲਾਂ ’ਚ 60 ਫੀਸਦੀ ਵਧੀ ਹੈ।
               ਇੱਧਰ, ਪੰਜਾਬ ’ਚ ਮੱਝਾਂ ਦੀ ਗਿਣਤੀ ਘਟੀ ਹੈ। ਸੱਤ ਸਾਲਾਂ ’ਚ 11.59 ਲੱਖ ਮੱਝਾਂ ਘੱਟ ਗਈਆਂ। ਬੂਰੀਆਂ ਕਿਥੋਂ ਚੁੰਘਣਗੇ। ਡੇਅਰੀ ਮਹਿਕਮੇ ਵਾਲੇ ਇੰਦਰਜੀਤ ਸਿੰਘ ਨੇ ਦੱਸਿਐ, ‘ਪੰਜਾਬ ’ਚ ਦੁੱਧ ਦੀ ਘਰੇਲੂ ਖ਼ਪਤ 40 ਫੀਸਦੀ ਰਹਿ ਗਈ ਹੈ’। ਹੁਣ ਪੇਂਡੂ ਘਰਾਂ ਦੀ ਮਜਬੂਰੀ ਹੈ, ਦੁੱਧ ਵੇਚਣਾ, ਪੁੱਤ ਪ੍ਰਦੇਸ ਭੇਜਣਾ। ਜ਼ਮੀਨਾਂ ਤੇ ਪਸ਼ੂ ਵੀ ਵੇਚ ਰਹੇ ਨੇ। ਹੁਣ ਤਿਲਾਂ ’ ਚ ਤੇਲ ਨਹੀਂ। ਨਾ ਪੁਰਾਣੇ ਵੇਲੇ ਰਹੇ ਨੇ, ਨਾ ਲੋਕ। ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ‘ਕੱਚੇ ਦੁੱਧ ਵਰਗੇ ਲੋਕ’ ਪੜ੍ਹ ਕੇ ਦੇਖਿਓ। ਪਤਾ ਲੱਗੂ, ਪੰਜਾਬ ਦੇ ਪੁਰਾਣੇ ਸਟੱਫ ਦਾ। ਪੰਜਾਬੀ ਸਰੀਰ ਖੜਸੁੱਕ ਬਣ ਗਿਆ ਹੈ। ਨਾ ਦਿਲ ਗੁਰਦਾ ਰਿਹੈ, ਨਾ ਸਰੀਰ ਖੁਰਾਕ ਝੱਲਦੇ ਨੇ। ਜਣਨ ਤਾਕਤ ਵੀ ਘਟੀ ਹੈ। ਹਸਪਤਾਲਾਂ ਦਾ ਕਾਰੋਬਾਰ ਵਧਿਆ ਹੈ। ਹੁਣ ਸਰੀਰ ਫਰਕਦੇ ਨੇ, ਡੌਲੇ ਨਹੀਂ। ਪੰਜਾਬ ਦੀ ਅੱਖ ਕਦੋਂ ਦੀ ਫਰਕ ਰਹੀ ਹੈ। ਕੋਈ ਚੰਗਾ ਸਰਜਨ ਨਹੀਂ ਮਿਲ ਰਿਹਾ। ਸਿਆਸੀ ਭਲਵਾਨ ‘ਉਤਰ ਕਾਟੋ ਮੈਂ ਚੜ੍ਹਾ’ ਖੇਡ ਰਹੇ ਨੇ। ਰਸ ਮਲਾਈ ਖਾਣ ਵਾਲਿਆਂ ਪੱਲੇ ਕਚੀਚੀਆਂ ਨੇ। ਖਹਿੜਾ ‘ਚਿੱਟੇ’ ਤੋਂ ਛੁੱਟ ਨਹੀਂ ਰਿਹਾ। ਬਜ਼ੁਰਗਾਂ ਦਾ ਪਸੀਨਾ ਛੁੱਟ ਰਿਹੈ, ਸੋਚ ਸੋਚ ਕੇ ‘ਪੰਜਾਬ ਬੱਚੂ, ਤੇਰਾ ਬਣੂ ਕੀ’।
               ਪਹਿਲਾਂ ਅਕਾਲੀ ਆਖਦੇ ਰਹੇ ਪੰਜਾਬ ਤਾਂ ‘ਨੰਬਰ ਵਨ’ਸੂਬੈ। ਹੁਣ ਕਾਂਗਰਸੀ ਰਟ ਹੈ ਕਿ ਪੰਜਾਬ ਨੂੰ ‘ਨੰਬਰ ਵਨ’ ਬਣਾ ਦਿਆਂਗੇ। ਬਾਬਾ ਬੜਬੋਲਾ ਆਖਦੈ, ‘ਬੱਸ ਕਰੋ, ਪੰਜਾਬ ’ਤੇ ਰਹਿਮ ਕਰੋ।’ ਪ੍ਰੋ. ਨਿਰਮਲ ਜੌੜਾ ਦੇ ਨਾਟਕ ‘ਸੌਦਾਗਰ’ ਦਾ ਜਾਗਰ ਅਮਲੀ ਚੇਤੇ ਆ ਗਿਆ। ਨਾਟਕ ’ਚ ਜਾਗਰ ਆਖਦੈ ‘ਖਾਧੀ ਹੋਵੇ ਭੋਰਾ, ਫਿਰ ਬਿਆਨ ਦੇਣ ਨੂੰ ਦਿਲ ਕਰਦੈ।’ ਸੰਘ ਹੇਠੋਂ ਉਤਰੀ ਤਾਂ ਜਾਗਰ ਅਮਲੀ ਸ਼ੁਰੂ ਹੋ ਗਿਆ, ‘ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਂਗੇ, ਨਦੀਆਂ ’ਚ ਬੱਸਾਂ ਚਲਾ ਦਿਆਂਗੇ, ਮਣਾਂ ਮੂੰਹੀ ਸੜਕਾਂ ਬਣਾ ਦਿਆਂਗੇ’। ਪੰਡਾਲ ’ਚ ਸਭ ਵੱਖੀਆਂ ਫੜ ਕੇ ਬੈਠ ਗਏ। ਜਿਹੋ ਜੇਹੀ ਕੋਕੋ, ਓਹੋ ਜੇਹੇ ਬੱਚੇ। ਰਾਜ ਭਾਗ ਨੂੰ ਰੱਬ ਚੇਤੇ ਨਹੀਂ। ਸਾਢੇ ਚਾਰ ਹੱਥ ਸੀਮਾ ਤਾਂ ਦੂਰ ਦੀ ਗੱਲ। ਮਨਜੀਤ ਧਨੇਰ ਕਾਹਦਾ ਜੇਲ੍ਹ ’ਚੋਂ ਬਾਹਰ ਆਇਐ, ਛੱਜੂ ਰਾਮ ਦੇ ਕਿਤੇ ਪੱਬ ਨਹੀਂ ਲੱਗ ਰਹੇ। ਵੱਟ ਖਾ ਗਿਆ ਹੈ, ਨਾਲੇ ਸਣ ਦੇ ਰੱਸੇ ਵੱਟੀ ਜਾ ਰਹੈ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪੰਜਾਬੀ ਫੱਟੜ ਵੀ ਨੀ ਮਾਣ, ਦਿਲ ਨਾ ਹੌਲਾ ਕਰੋ। ਛੱਡ ਦਿਓ ਜੈਕਾਰੇ ਤੇ ਚੁੱਕ ਲਓ ਰੱਸੇ। ਜਦੋਂ ਧੂਹੋਂਗੇ, ਫਿਰ ਦੇਖਿਓ, ਕੁਰਸੀ ਦੀ ਪਦੀੜ ਪੈਂਦੀ।

Sunday, November 10, 2019

                           ਵਿਚਲੀ ਗੱਲ
      ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ..!
                          ਚਰਨਜੀਤ ਭੁੱਲਰ
ਬਠਿੰਡਾ : ਫ਼ਕੀਰਾ! ਨਾਨਕੀ ਦੇ ਵੀਰਾ। ਏਦਾਂ ਜਾਣ ਨਹੀਂ ਦੇਣਾ। ਆ ਚੜ੍ਹ ਮਿੱਟੀ ਦੇ ਟਿੱਲੇ ‘ਤੇ। ਗੁਟਕੇ ਦੀ ਸਹੁੰ ਤਾਂ ਨਹੀਂ ਖਾਵਾਂਗਾ। ਬੱਸ ਮੌਨ ਹੀ ਰਹਾਂਗਾ, ਨਾ ਬੋਲਾਂਗਾ, ਨਾ ਡੋਲਾਂਗਾ। ਏਹ ਤਾਂ ਭਾਗਾਂ ਵਾਲਾ ਟਿੱਲੈ, ਜਿਨ੍ਹਾਂ ਦਰਸ਼ਨ ਦੀਦਾਰੇ ਕੀਤੇ, ਵਡਭਾਗੇ ਬਣ ਗਏ। ਟਿੱਲਾ ਵੀ ਪੁਰਾਣਾ ਤੇ ਦੂਰਬੀਨ ਵੀ। ਜ਼ੀਰੋ ਲਾਈਨ ਉਸ ਤੋਂ ਵੀ ਪੁਰਾਣੀ। ਡੇਰਾ ਬਾਬਾ ਨਾਨਕ ਜਿਥੋਂ ਨਾਨਕ ਦੇ ਖੇਤ ਦੂਰ ਨਹੀਂ। ਦੂਰਬੀਨ ’ਚੋਂ ਹੀ ਦੇਖਦੇ ਰਹੇ। ਲਾਂਘਾ ਤਾਂ ਹੁਣ ਖੁੱਲ੍ਹਿਐ। ਦਿਲਾਂ ਦਾ ਪਤਾ ਨਹੀਂ। ਮਾਲਕਾ ਸ਼ੁਕਰ ਐ, ਅਰਦਾਸ ਪੂਰੀ ਹੋ ਗਈ। ਗੈਲੀਲੀਓ, ਤੇਰਾ ਕਿਵੇਂ ਧੰਨਵਾਦ ਕਰਾਂ। ਧੰਨ ਕਰ ਦਿੱਤਾ, ਦੂਰਬੀਨ ਜੋ ਬਣਾਈ। ਅੱਖੀਆਂ ਨੂੰ ਰੱਜ ਆ ਗਿਆ। ਹੁਣ ਚੁੱਪ ਦਾ ਦਾਨ ਵੀ ਬਖਸ਼ੋ। ਪ੍ਰਾਹੁਣੇ ਮੁੱਦਤਾਂ ਬਾਅਦ ਆਏ ਨੇ। ਫਕੀਰਾ, ਦੇਖ ਕਿੰਨਾ ਉੱਚਾ ਟਿੱਲੈ। ਦੂਰਬੀਨ ਆਪਣੇ ਖੇਤਾਂ ਤੋਂ ਹਟਾ। ਫੜ ਲੈ ਮੁੱਠਾ, ਰੱਖ ਲੈ ਅੱਖ, ਹੁਣ ਥੋੜ੍ਹੀ ਜੇਹੀ ਘੁੰਮਾ। ਤੈਨੂੰ ਵਚਨ ਦਿੱਤੈ।ਅੱਜ ਮੂੰਹ ਨਹੀਂ ਖੋਲਾਂਗਾ। ਆ ਤੈਨੂੰ ਦੂਰਬੀਨ ’ਚੋਂ ਦਿਖਾਵਾਂ। ਸੱਜਣ ਨਾਲੋਂ ਵੱਡੇ ਠੱਗ। ਕੌਡੇ ਰਾਖ਼ਸ਼ਾਂ ਦੇ ਵੱਗ। ਠਰ੍ਹੰਮੇ ਨਾਲ ਵੇਖੀ, ਵਲੀ ਕੰਧਾਰੀ ਕਰਦੇ ਜੱਗ। ਕੱਤਕ ਮਹੀਨਾ, ਤਾਂਹੀ ਠਰੀ ਏ, ਉਂਝ ਦੂਰਬੀਨ ਦੀ ਰੇਂਜ ਬੜੀ ਏ। ਅੌਹ ਦੇਖ, ਬਠਿੰਡੇ ਵਾਲਾ ਕਿਲਾ। ਥੋੜੀ ਕੁ ਘੁੰਮਾ, ਅੌਹ ਐ ਪਿੰਡ ਬਾਦਲ। ਵੀਆਈਪੀ ਸ਼ਮਸ਼ਾਨਘਾਟ ਦੇਖ ਕਿੰਨਾ ਸੋਹਣੈ।। ਵੱਡੇ ਸਰਦਾਰਾਂ ਲਈ ਰਾਖਵਾਂ ਹੈ।
               ਭਾਗਾਂ ਵਾਲੈ ਪਿੰਡ ਬਾਦਲ। ਕੌਣ ਕਹਿੰਦੈ, ਵੀਆਈਪੀ ਯੁੱਗ ਨਹੀਂ ਰਿਹਾ। ਪਿੰਡ ਬਾਦਲ ’ਚ ਇੱਕ ਹੋਰ ਸ਼ਮਸ਼ਾਨਘਾਟ ਹੈ।। 24 ਘੰਟੇ ਖੁੱਲ੍ਹੇ ਰਹਿੰਦਾ ਹੈ। ਉਹ ਆਮ ਲੋਕਾਂ ਦਾ ਹੈ। ਚਾਰ ਗੁਰਦੁਆਰੇ, ਦੋ ਮੰਦਰ ਤੇ ਇੱਕ ਮਸੀਤ ਵੀ ਹੈ। ਕੋਈ ਵਾਲ ਵਿੰਗਾ ਨਹੀਂ ਕਰ ਸਕਿਆ, ਕੁਣੱਖੀ ਸੋਚ ਦਾ। ਹੁਣ ਦੂਜੇ ਪਾਸੇ ਘੁੰਮਾ। ਪਟਿਆਲਾ ਸ਼ਾਹੀ ਸ਼ਹਿਰ। ਸ਼ਾਹੀ ਸਮਾਧਾਂ ਵੀ ਵੇਖ।। ਫਕੀਰਾ ਬੋਲੀ ਨਾ, ਬੱਸ ਵੇਖੀ ਜਾ। ਅੌਹ ਤਾਂ ਪਿੰਡ ਲੌਂਗੋਵਾਲ ਐ। ਆਪਣੇ ਸ਼੍ਰੋਮਣੀ ਕਮੇਟੀ ਵਾਲੇ ਪ੍ਰਧਾਨ ਸਾਹਿਬ ਦਾ। ਸੱਤ ਸ਼ਮਸ਼ਾਨਘਾਟ ਨੇ, ਗੁਰਦੁਆਰੇ ਛੇ। ਅੌਹ ਬੇਗੋਵਾਲ ਵੀ ਵੇਖ, 10 ਗੁਰਦੁਆਰੇ ਨੇ, ਤਿੰਨ ਸ਼ਮਸ਼ਾਨਘਾਟ। ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਰਹੇ ਨੇ। ਤੇਰੇ ਜ਼ਮਾਨੇ ਲੱਦ ਗਏ। ਜਾਤ ਪਾਤ, ਊਚ ਨੀਚ। ਨਹੁੰਆਂ ’ਚੋਂ ਕਿਵੇਂ ਕੱਢੀਏ। ਦੂਰਬੀਨ ਥੋੜ੍ਹੀ ਨੀਵੀਂ ਕਰ। ਅੌਹ ਦੇਖ, ਪਿੰਡ ਮਾਝਾ (ਸੰਗਰੂਰ) ਵਾਲੇ, ਪਟਿਆਲਾ ਦੇ ਅਬਲੋਵਾਲ ਤੇ ਗੋਬਿੰਦਪੁਰ ਵਾਲੇ ਵੀ। ਤੈਨੂੰ ਧਿਆਇਆ, ਫਰਕ ਮਿਟਾਇਆ, ਸ਼ਮਸ਼ਾਨਘਾਟ ਇੱਕ ਕਰ ਲਏ। ਕਿਤੇ ਫਕੀਰਾ, ਪਹਿਲਾਂ ਆਉਂਦਾ, ਤੈਨੂੰ ਦਿਖਾਉਂਦਾ, ਡਾ. ਧਰਮਵੀਰ ਗਾਂਧੀ ਰੌਲਾ ਪਾਉਂਦਾ। ਸ਼ਮਸ਼ਾਨਘਾਟ ਇੱਕ ਬਣਾਓ, ਫੰਡ ਲੈ ਜਾਓ। 140 ਪਿੰਡ ਜਾਗ ਪਏ। ਜਿਉਂਦੇ ਜੀਅ ਇਕੱਠੇ ਹੋ ਗਏ। ਫਫੜੇ ਭਾਈਕੇ (ਮਾਨਸਾ) ਦੇ ਖਾਨੇ ਫਿਰ ਨਹੀਂ ਪਈ।
              ਮਾਪੇ ਬਿਮਾਰ ਪੈ ਗਏ, ਦਲਿਤ ਕੁੜੀ ਗੁਰੂ ਘਰ ਗਈ।  ਡੋਲੂ ’ਚ ਲੰਗਰ ਲੈ ਕੇ ਮੁੜੀ, ਭਾਈ ਜੀ, ਪੈ ਨਿਕਲਿਐ। ਥਾਏਂ ਢੇਰੀ ਕਰਾ ਲਿਆ। ‘ਸਾਡਾ ਵੀ ਕੋਈ ਜੀਣਾ ਏ’ ਇਹ ਸੋਚ ਕੁੜੀ ਜ਼ਿੰਦਗੀ ਤੋਂ ਖ਼ਫਾ ਹੋ ਗਈ। ਡਾਕਟਰਾਂ ਨੇ ਮਸਾਂ ਬਚਾਈ। ਹੁਣ ਮਾਪੇ ਪਿੰਡ ਹੀ ਛੱਡ ਗਏ। ਫਕੀਰਾ, ਤੇਰਾ ਕਿਹਾ ਸਿਰ ਮੱਥੇ। ਗੁਰੂ ਦੀ ਗੋਲਕ ਤਾਂ ਹੈ। ਅੰਤਰਯਾਮੀ ਐਂ, ਤੂੰ ਦੱਸ ਮੂੰਹ ਕਿਸਦੈ। ਚੁੱਪ ’ਚ ਭਲੀ ਐ। ਯਮਲੇ ਜੱਟ ਦੀ ਤੂੰਬੀ ਅਖੀਰ ਤੱਕ ਤੁਣਕੀ ‘ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ’। ਕਿੱਥੇ ਕਿੱਥੇ ਚਾਨਣ ਵੰਡੇਗਾ। ਏਹ ਤਾਂ ਜਵਾਰਭਾਟੇ ਨੇ। ਸੁਲਤਾਨਪੁਰ ਵੱਲ ਘੁੰਮਾਈ ਦੂਰਬੀਨ। ਦੋ ਦਿਨਾਂ ਮਗਰੋਂ, ਸਟੇਜਾਂ ’ਤੇ ਸਜ ਧੱਜ ਕੇ ਬੈਠੇ ਹੋਣਗੇ। ਰੌਲਾ ਮੇਲਾ ਲੁੱਟਣ ਦਾ ਹੈ। ਪੂਰੀ ਵਾਹ ਤਾਂ ਲਾਉਣਗੇ ਪਰ ਥਾਹ ਨਹੀਂ ਪਾਉਣਗੇ, ਤੇਰੀ ਸੋਚ ਦਾ। ਅੌਹ ਦੇਖ ਫਕੀਰਾ, ਪੂਰੇ ਪੰਜਾਬ ’ਚ ਥਾਂ ਥਾਂ ਫਲੈਕਸ ਲਾ ਦਿੱਤੇ ਨੇ, ‘ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ।’‘ਉੱਡਦੇ ਪੰਛੀ‘ ਨੇ ਮੱਤ ਦਿੱਤੀ ਐ। ਏਨਾ ਖਰਚਾ ਕਰਨ ਦੀ ਕੀ ਲੋੜ ਸੀ। ਇਕੱਲੇ ਹਾਕਮਾਂ ਦੇ ਘਰਾਂ ਅੱਗੇ ਫਲੈਕਸ ਸਜਾ ਦਿੰਦੇ। ਆਮ ਲੋਕਾਂ ਨੂੰ ਪਤਾ ਹੀ ਹੈ ਗੰਢਿਆਂ ਦਾ ਭਾਅ। ਗੁਰਬਤ ਨਿੱਤ ਹੁੱਜਾਂ ਮਾਰਦੀ ਹੈ। ਭੁੱਖਿਆਂ ਨੀਂਦ ਨਾ ਆਂਵਦੀ, ਜੇ ਕੋਈ ਆਖੇ ਸੌਂ, ਨੀਂਦਾਂ ਫਿਰ ਕਿਥੇ। ਅੱਕੀਂ ਪਲਾਹੀ ਹੱਥ ਨਿਰਮਲਾ ਸੀਤਾਰਾਮਨ ਮਾਰ ਰਹੀ ਹੈ। ਮਹਿੰਗਾਈ ਕੋਠੇ ਚੜ੍ਹੀ ਐ। ਢਿੱਡਾਂ ਵਿਚ ਚੂਹੇ ਨੱਚ ਰਹੇ ਨੇ।
                ਸੰਤ ਰਾਮ ਉਦਾਸੀ ਵੀ ਖ਼ਬਰਦਾਰ ਕਰ ਰਿਹੈ ‘ਇੱਥੇ ਕਲਾ ਤੇ ਕਿਰਤ ’ਤੇ ਪਏ ਲੋਟੀ, ਬਾਣੀ ਸੁਣਨ ਤੋਂ ਲੋਕਾਂ ਜਵਾਬ ਦੇਣੈ, ਤੂੰ ਵੀ ਮਹਿੰਗਾਈ ਦੀ ਤੰਗੀ ਤੋਂ ਤੰਗ ਆ ਕੇ, ਰੋਟੀ ਲਈ ਅੱਜ ਵੇਚ ਰਬਾਬ ਦੇਣੈ।’ ਅੌਹ ਤਾਂ ਹਵਾਈ ਅੱਡੈ ਫਕੀਰਾ। ਦੇਖ ਕਿੰਨੇ ਢਾਡੀ, ਕਥਾ ਵਾਚਕ ਤੇ ਕਿੰਨੇ ਗੁਰੂ ਘਰਾਂ ਦੇ ਸੇਵਕ ਬੈਠੇ ਨੇ। ਥੋੜ੍ਹਾ ਜ਼ੂਮ ਕਰਕੇ ਦੇਖ। ਮਾਇਆ ਛਾਇਆ ਹੋ ਗਈ, ਲੱਭਣ ਵਿਦੇਸ਼ ਚੱਲੇ ਨੇ। ਸੁਆਸਾਂ ਦੀ ਪੂੰਜੀ ਨਾਲ ਗੱਲ ਨਹੀਂ ਬਣ ਰਹੀ। ਕਾਂਗਰਸੀ ਆਖਦੇ ਨੇ, ਦਸ ਸਾਲ ਸੁੱਕੇ ਲੰਘੇ, ਸਾਡੀ ਗੱਲ ਹੁਣ ਬਣੀ ਐ। ਦੂਰਬੀਨ ਦਾ ਮੁੱਠਾ ਜ਼ਰਾ ਇਨ੍ਹਾਂ ਦੇ ਦੌਲਤਖਾਨੇ ਵੱਲ ਘੁੰਮਾ। ਪੰਜਾਬ ਦੇ 117 ਦਾਸ ਹਨ। ਇਨ੍ਹਾਂ ਦੀ ਕੁੱਲ ਸੰਪਤੀ ਵੇਖੋ। 1359.62 ਕਰੋੜ ਰੁਪਏ ਬਣਦੀ ਹੈ। ਏਹ ਸਿਰਫ ਇੱਕ ਨੰਬਰ ਵਾਲੀ ਕਮਾਈ ਹੈ। ਕਮਾਈ ਤਾਂ ਅਮਿਤ ਸ਼ਾਹ ਦੇ ਮੁੰਡੇ ਦੀ ਵੀ ਵਧੀ ਐ ਅਮਰਵੇਲ ਵਾਂਗੂ।  25 ਕਰੋੜ ਲੋਕਾਂ ਦਾ ਗਰੀਬੀ ਰੇਖਾ ਨੂੰ ਹੱਥ ਨਹੀਂ ਪੈ ਰਿਹਾ। ਦਿਨ ਦੀ ਆਮਦਨ 120 ਰੁਪਏ ਤੋਂ ਘੱਟ ਹੈ. ਫਕੀਰਾ, ਇਹ ਕਿਥੋਂ ਦਾ ਨਿਆਂ ਐ। ਦੁੱਧ ਨੂੰ ਮੱਝੀਆਂ ਦੇ ਪਾਲੀ ਤਰਸਦੇ ਨੇ। ਮਲਾਈਆਂ ਕੋਈ ਹੋਰ ਛਕ ਰਹੇ ਨੇ।
               ਮੱਝਾਂ ਦੀ ਗੱਲ ਛੱਡੋ, ਦੇਸੀ ਗਾਂ ਤਾਂ ਨਿਰਾ ਸੋਨਾ ਐ। ਕੋਈ ਭੁਲੇਖਾ ਹੈ ਤਾਂ ਦਲੀਪ ਘੋਸ਼ ਨੂੰ ਪੁੱਛ ਲਓ। ਪੱਛਮੀ ਬੰਗਾਲ ਦਾ ਭਾਜਪਾ ਪ੍ਰਧਾਨ।  ਘੋਸ਼ ਸਾਹਿਬ ਆਖਦੇ ਨੇ, ਦੇਸੀ ਗਾਂ ਮਾਂ ਹੈ, ਵਲੈਤੀ ਗਾਂ ਆਂਟੀ। ਦੇਸੀ ਗਾਂ ਸੋਨਾ ਹੈ। ਦੁੱਧ ਦਾ ਰੰਗ ਜੋ ਪੀਲੀ ਮਹਿਕ ਵਾਲਾ। ਬੰਗਾਲ ਦਾ ਇੱਕ ਕਿਰਤੀ ਗੋਲਡ ਲੋਨ ਕੰਪਨੀ ਕੋਲ ਪਹੁੰਚ ਗਿਆ। ਗਾਵਾਂ ਬਦਲੇ ਸੋਨਾ ਮੰਗਣ ਲੱਗਾ। ਫਕੀਰਾ ਤੂੰ ਹੀ ਦੱਸ, ਸੋਚ ਖ਼ਰੀ ਹੋਵੇ, ਫਿਰ ਸੋਨੇ ਦੀ ਕੀ ਲੋੜ। ਲੀਡਰਾਂ ਦੇ ਹੱਥਾਂ ਵਿਚ ਪਾਏ ਨਗ਼ ਨਾ ਦੇਖ। ਇਨ੍ਹਾਂ ਦੇ ਡੰਗ ਵੇਖ, ਕੋਬਰਾ ਰਾਹ ਛੱਡ ਦਿੰਦੈ।ਨਸ਼ੇ ਦੇ ਸੌਦਾਗਰ ਰਾਹ ਨਹੀਂ ਛੱਡ ਰਹੇ। ਅੌਰਤਾਂ ਨੂੰ ਵੀ ਕਿਸ ਰਾਹ ਪਾ ਦਿੱਤਾ ਹੈ। ਸੋਚਿਆ ਸੀ ਕਦੇ, ਸ਼ਰਾਬ ਦੇ ਠੇਕਿਆਂ ਦੀ ਮਾਲਕੀ ਅੌਰਤਾਂ ਹੱਥ ਹੋਵੇਗੀ। ‘ਚਿੱਟਾ’ ਅੌਰਤਾਂ ਨੂੰ ਵੀ ਡੰਗੇਗਾ। ਮੁਨਾਫੇ ਖਾਤਰ ਜਗ ਜਨਣੀ ਨੂੰ ਵੀ ਨਹੀਂ ਬਖਸ਼ਿਆ। ਬਾਬੇ ਦੇ ਫਲਸਫੇ ਤੋਂ ਸਭ ਦੂਰ ਨੇ। ਭਾਸ਼ਨ ਕਰਨ ਵਾਲੇ ਦੇਖੋ, ਕਿੰਨਾ ਸਵੈ-ਭਰੋਸੇ। ਸਟੇਜਾਂ ਤੋਂ ਗੱਜ ਰਹੇ ਨੇ, ਮੋਹ ਮਾਇਆ ਦੇ ਉਪਦੇਸ਼ ਦੇ ਰਹੇ ਹਨ। ਹੁਣ ਕੌਣ ਸਾਹਿਬ ਨੂੰ ਆਖੇ..! ਜਵਾਹਰ ਲਾਲ ਨਹਿਰੂ ’ਵਰਸਿਟੀ ਦੇ ਸਮਾਜ ਵਿਗਿਆਨੀ ਪ੍ਰੋ. ਸੁਰਿੰਦਰ ਸਿੰਘ ਜੋਧਕਾ ਨੇ ਕੀ ਆਖਿਆ, ਉਹ ਵੀ ਸੁਣੋ। ਹੁਣ ਬਿਮਾਰੀ ਦੇ ਇਲਾਜ ਲਈ ਬਾਬੇ ਨੂੰ ਹੀ ਮੁੜ ਆਉਣਾ ਪਊ, ਕੋਈ ਹਉਮੈ ਛੱਡਣ ਨੂੰ ਤਿਆਰ ਹੀ ਨਹੀਂ।
               ਸੰਤ ਰਾਮ ਉਦਾਸੀ ਮੁੜ ਚੇਤੇ ਆਏ ਨੇ ‘ਤੰਗ ਆਏ ਮਜ਼ਦੂਰ ਲੋਟੂਆਂ ਤੋਂ, ਤੇਰੇ ਵਰਗੇ ਦੀ ਅਗਵਾਈ ਉਡੀਕਦੇ ਨੇ, ਕੇਰਾਂ ਕੱਢੀਂ ਉਦਾਸੀ ਤੂੰ ਪੰਜਵੀਂ ਨੂੰ, ਤੇਰੇ ਲਾਲੋ ਦੇ ਭਾਈ ਉਡੀਕਦੇ ਨੇ।’ ਫਕੀਰਾ, ਉਦਾਸ ਨਾ ਹੋ, ਦੂਰਬੀਨ ਸਮੁੱਚੇ ਜਗਤ ਦੇ ਕਿਰਤੀਆਂ ਵੱਲ ਕਰ, ਸੋਚ ਦੇ ਅਸਲ ਵਾਰਸਾਂ ਨੂੰ ਵੇਖ। ਗੁਰਦਾਸਪੁਰ ਜ਼ਿਲ੍ਹੇ ਵਾਲੇ ਡਾ. ਸ਼ਿਵ ਸਿੰਘ ਨੂੰ ਸਲਾਮ। ਮੋਦੀਖਾਨਾ ਚਲਾ ਰਿਹੈ, ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਵੰਡ ਰਿਹੈ। ਉਹ ਵੀ ਕਈ ਵਰ੍ਹਿਆਂ ਤੋਂ। ਅਸਲ ਵਾਰਸ ਕਿੰਨੇ ਬਾਗੋ ਬਾਗ ਨੇ, ਲਾਘਾਂ ਖੁੱਲ੍ਹ ਗਿਐ । ਕੋਈ ਦੀਵਾ ਜਗਾ ਰਿਹਾ, ਕੋਈ ਦੀਪਮਾਲਾ ਕਰ ਰਿਹੈ। ਸਾਂਝ ਦਾ ਬੂਹਾ ਖੁੱਲ੍ਹਾ ਹੈ, ਦਿਲ ਜੁੜੇ ਨੇ। ਹੁਣ ਸਭ ਦੇਖ ਸਕਣਗੇ ਤੇਰੇ ਖੇਤਾਂ ਦੀ ਜੂਹ। ਅੱਖਾਂ ਦਾ ਤਰਸੇਂਵਾ ਮੁੱਕਿਐ। ਦੂਰਬੀਨ ਦੀ ਵੀ ਹੁਣ ਲੋੜ ਨਹੀਂ ਪੈਣੀ। ਅੱਖੀਂ ਵੇਖ ਲਿਆ ਤੂੰ ਜਗਤ ਤਮਾਸ਼ਾ। ਕਦੇ ਫੇਰਾ ਵੀ ਪਾਵੀਂ।  ਛੱਜੂ ਰਾਮ ਲਾਂਘੇ ਦੇ ਪਹਿਲੇ ਜਥੇ ਨਾਲ ਤੁਰ ਚੱਲਿਐ। ਆਖਦਾ ਹੈ ਕਿ ਬਾਬੇ ਨੂੰ ਵਚਨ ਦਿੱਤਾ, ਅੱਜ ਨਹੀਂ ਕੁਝ ਬੋਲਣਾ, ਭਾਗਾਂ ਵਾਲਾ ਦਿਨ ਐ।

Thursday, November 7, 2019

                        ਪੰਜਾਹ ਸਾਲ ਪਹਿਲਾਂ
       ਵਿਧਾਨ ਸਭਾ ’ਚ ਪਈ ਬਾਬੇ ਦੀ ਗੂੰਜ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਧਾਨ ਸਭਾ ’ਚ ਠੀਕ ਪੰਜਾਹ ਵਰੇ੍ਹ ਪਹਿਲਾਂ ਵੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੂੰਜ ਪਈ ਸੀ। ਬਾਬੇ ਨਾਨਕ ਦੀ ਇਲਾਹੀ ਬਾਣੀ ਦੇ ਅਮਲਾਂ ਦੀ ਗੱਲ ਹੋਈ ਸੀ ਅਤੇ ਉਦੋਂ ਵਿਧਾਇਕਾਂ ਨੇ ਸਰਕਾਰ ਦੀ ਆਤਮਾ ਝੰਜੋੜਨ ਲਈ ਟਕੋਰਾਂ ਕੀਤੀਆਂ ਸਨ। ਉਸ ਵਕਤ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਸਨ। ਅੱਜ ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਪਹਿਲੀ ਪਾਤਸ਼ਾਹੀ ਨੂੰ ਸਮਰਪਿਤ ਹੋਇਆ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ। ਬਾਬੇ ਨਾਨਕ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਕਰੀਬ ਪੰਜਾਹ ਵਰੇ੍ਹ ਪਹਿਲਾਂ 24 ਅਕਤੂਬਰ, 1969 ਨੂੰ ਵਿਸ਼ੇਸ਼ ਮਤਾ ਪਾਸ ਹੋਇਆ ਸੀ। ਪਹਿਲੇ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਸਮਾਰੋਹ ਹੋਏ ਅਤੇ ਤਤਕਾਲੀ ਰਾਸ਼ਟਰਪਤੀ ਵੀ.ਵੀ. ਗਿਰੀ ਵੀ ਸਮਾਰੋਹਾਂ ਵਿਚ ਸ਼ਾਮਿਲ ਹੋਏ ਸਨ। ਆਓ, ਉਦੋਂ ਵਿਧਾਨ ਸਭਾ ’ਚ ਪਹਿਲੇ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਮਤੇ ਮੌਕੇ ਹੋਈ ਚਰਚਾ ਦੇ ਸੰਖੇਪ ਅੰਸ਼ਾਂ ’ਤੇ ਨਜ਼ਰ ਮਾਰੀਏ। ਭਾਵੇਂ ਪੰਜਾਹ ਵਰ੍ਹਿਆਂ ਮਗਰੋਂ ਵੀ ਹਕੂਮਤਾਂ ਨੇ ਆਪਣੀ ਚਾਲ ਤੇ ਸੋਚ ਨਹੀਂ ਬਦਲੀ ਪ੍ਰੰਤੂ ਉਦੋਂ ਵਿਧਾਨ ਸਭਾ ’ਚ ਵਿਧਾਇਕਾਂ ਨੇ ਰਾਜ ਭਾਗ ਨੂੰ ਬਾਬੇ ਨਾਨਕ ਦੀ ਸੋਚ ’ਤੇ ਪਹਿਰਾ ਦੇਣ ਦੀ ਨਸੀਹਤ ਦਿੱਤੀ ਸੀ।
         ਉਦੋਂ ਦੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨੇ ਮਤਾ ਪੇਸ਼ ਕਰਦੇ ਹੋਏ ਬਾਬੇ ਨਾਨਕ ਨੂੰ ਸ਼ਰਧਾ ਭੇਟ ਕੀਤੀ। ਬਾਬੇ ਦੀ ਬਾਣੀ ਦੀਆਂ ਤੁਕਾਂ ਦਾ ਵਿਖਿਆਣ ਕੀਤਾ। ਮੁੱਖ ਮੰਤਰੀ ਨੇ ਸੱਦਾ ਦਿੱਤਾ ਕਿ ਇਸ ਪ੍ਰਕਾਸ਼ ਪੁਰਬ ਮੌਕੇ ਸਭਨਾਂ ਨੂੰ ਆਪਣੇ ਆਪ ਨੂੰ ਗੰਭੀਰ ਸੁਆਲ ਪੁੱਛਣੇ ਚਾਹੀਦੇ ਹਨ। ਅੰਤਰਝਾਤ ਮਾਰਨ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਜਿਥੇ ਭਾਰਤੀ ਵਿਚਾਰ ਦਾ ਨਵਾਂ ਸੁਮੇਲ ਪੇਸ਼ ਕੀਤਾ ਉਥੇ ਨਵੀਆਂ ਉਭਰ ਰਹੀਆਂ ਕੀਮਤਾਂ ਲਈ ਨਵੀਂ ਦਾਰਸ਼ਨਿਕ ਭੂਮੀ ਵੀ ਤਿਆਰ ਕੀਤੀ। ਸਿਰਦਾਰ ਕਪੂਰ ਸਿੰਘ ਨੇ ਅਸੈਂਬਲੀ ਵਿਚ ਮਤੇ ਦਾ ਸਮਰਥਨ ਕੀਤਾ ਅਤੇ ਬਾਬੇ ਦੀ ਬਾਣੀ ਦਾ ਹਵਾਲਾ ਦਿੱਤਾ। ਅਚਾਨਕ ਸਿਰਦਾਰ ਕਪੂਰ ਦਾ ਮਾਈਕ ਬੰਦ ਹੋ ਗਿਆ। ਕਾਮਰੇਡ ਵਿਧਾਇਕ ਮਾਸਟਰ ਬਾਬੂ ਸਿੰਘ ਨੇ ਫੌਰੀ ਆਖਿਆ ਕਿ ਕਪੂਰ ਸਿੰਘ ਜੀ, ਨਾਲ ਦੇ ਮਾਈਕ ਤੋਂ ਬੋਲੋ। ਜਦੋਂ ਸਿਰਦਾਰ ਕਪੂਰ ਸਿੰਘ ਨਵਾਬ ਸਾਹਿਬ ਮਲੇਰਕੋਟਲਾ ਦੀ ਸੀਟ ਵਾਲੇ ਮਾਈਕ ’ਤੇ ਚਲੇ ਗਏ ਤਾਂ ਮਾਸਟਰ ਬਾਬੂ ਸਿੰਘ ਨੇ ਤੰਜ਼ ਕਸੀ ‘ ਆਖਰ ਤੁਸੀਂ ਮਲਿਕ ਭਾਗੋ ਵੱਲ ਹੀ ਚਲੇ ਗਏ’। ਹਰ ਵਿਧਾਇਕ ਤੇ ਵਜ਼ੀਰ ਨੇ ਬਾਬੇ ਦੀ ਬਾਣੀ ਦੇ ਹਵਾਲੇ ਨਾਲ ਗੱਲ ਕੀਤੀ।
        ਤਤਕਾਲੀ ਮਾਲ ਮੰਤਰੀ ਆਤਮਾ ਸਿੰਘ ਦੀ ਚੇਅਰਮੈਨੀ ਵਾਲੇ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦੇ ਲਾਏ ਪ੍ਰਿੰਸੀਪਲ ਦਾ ਮਾਮਲਾ ਵੀ ਉਠਿਆ। ਇਹ ਪ੍ਰਿੰਸੀਪਲ ਆਤਮਾ ਸਿੰਘ ਦਾ ਜਵਾਈ ਸੀ। ਮਗਰੋਂ ਆਤਮਾ ਸਿੰਘ ਨੇ ਇਸ ਮਾਮਲੇ ’ਤੇ ਸਫਾਈ ਵੀ ਦਿੱਤੀ। ਮਾਸਟਰ ਬਾਬੂ ਸਿੰਘ ਨੇ ਇਸ ਮਤੇ ’ਤੇ ਬੋਲਦਿਆਂ ਆਖਿਆ ਕਿ ਬਾਬੇ ਨਾਨਕ ਨੇ ਪਾਖੰਡਵਾਦ ਦਾ ਵਿਰੋਧ ਕੀਤਾ। ਮਾਸਟਰ ਜੀ ਨੇ ਆਖਿਆ ਕਿ ‘ ਤੁਹਾਡਾ ਇੱਕ ਵਜ਼ੀਰ ਪ੍ਰਚਾਰ ਕਰਦਾ ਫਿਰਦਾ ਹੈ ਕਿ ਉਹ ਦਾੜ੍ਹੀ ਕੱਟੀ ਵਾਲੇ ਸਿਪਾਹੀ ਤੋਂ ਸਲੂਟ ਨਹੀਂ ਲਵੇਗਾ’। ਨਾਲ ਹੀ ਉਨ੍ਹਾਂ ਆਖਿਆ ਕਿ ਅੱਜ ਸਦਨ ਵਿਚ 104 ਵਿਧਾਇਕਾਂ ’ਚੋਂ ਕੋਈ ਵੀ ਮਹਿਲਾ ਨਹੀਂ ਹੈ ਜੋ ਬਾਬੇ ਦੀ ਸੋਚ ਦੀ ਤਰਜ਼ਮਾਨੀ ਨਹੀਂ। ਸ੍ਰ. ਸੰਤੋਖ ਸਿੰਘ ਫਤਹਿਗੜ੍ਹ ਨੇ ਉਦੋਂ ਸੈਸ਼ਨ ਵਿਚ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ ਕਿ ਪਾਕਿਸਤਾਨ ਤੋਂ ਜਗ੍ਹਾ ਲੈਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇ। ਨਾਲ ਹੀ ਉਨ੍ਹਾਂ ਆਖਿਆ ਸੀ ਕਿ ਡੇਰਾ ਬਾਬਾ ਨਾਨਕ ਨੂੰ ਮੁੱਖ ਕੇਂਦਰ ਵਜੋਂ ਵਿਕਸਿਤ ਕਰਨਾ ਚਾਹੀਦਾ ਹੈ। ਜਿਥੇ ਚਾਰ ਗੁਰਦੁਆਰੇ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦਾ ਪੱਤਰਾ ਚੜ੍ਹਾਇਆ ਸੀ। ਕਾਮਰੇਡ ਹਰਦਿੱਤ ਸਿੰਘ ਭੱਠਲ ਨੇ ਟਕੋਰ ਮਾਰੀ ਸੀ ਕਿ ਬਾਬੇ ਦੇ ਅੱਜ ਦੇ ਪੈਰੋਕਾਰ ਮਾਇਆ ਇਕੱਠੀ ਕਰਨ ਵਿਚ ਉਲਝੇ ਹੋਏ ਹਨ ਅਤੇ ਗ਼ਰੀਬਾਂ ’ਤੇ ਟੈਕਸ ਲਾਏ ਜਾ ਰਹੇ ਹਨ।
    ਕਾਮਰੇਡ ਭੱਠਲ ਨੇ ਸੰਗਰੂਰ ਪੁਲੀਸ ਦਾ ਹਵਾਲਾ ਦਿੱਤਾ ਕਿ ਉਹ ਗ਼ਰੀਬ ਲੋਕਾਂ ਨੂੰ ਖ਼ਤ ਲਿਖ ਕੇ ਮਾਇਆ ਇਕੱਠੀ ਕਰ ਰਹੀ ਹੈ। ਉਨ੍ਹਾਂ ਕਾਰੂ ਦੇ ਖ਼ਜ਼ਾਨੇ ਦੀ ਗੱਲ ਵੀ ਸੁਣਾਈ ਸੀ। ਵਿਧਾਇਕਾਂ ਨੇ ਇਹ ਗੱਲ ਵੀ ਕੀਤੀ ਸੀ ਕਿ ਬੇਈਮਾਨੀ ਨਾਲ 10 ਲੱਖ ਇਕੱਠੇ ਕਰੋ, ਪੰਜ ਲੱਖ ਗੁਰਦੁਆਰੇ ਨੂੰ ਦੇ ਦਿਓ, ਗੁਰੂ ਨੇ ਅਜਿਹਾ ਕਿਤੇ ਨਹੀਂ ਆਖਿਆ ਸੀ। ਜਦੋਂ ਸਭਨਾਂ ਨੇ ਬਾਬੇ ਦੀ ਗੁਰਬਾਣੀ ਦੀਆਂ ਤੁਕਾਂ ਬੋਲੀਆਂ ਤਾਂ ਵੈਦ ਕਰਤਾਰ ਸਿੰਘ ਨੇ ਵਿਚੋਂ ਟੋਕਦੇ ਹੋਏ ਆਖਿਆ ਸੀ ਕਿ ਬਾਣੀ ਸ਼ੱੁਧ ਬੋਲੀ ਜਾਵੇ, ਗੁਰਬਾਣੀ ਦੀਆਂ ਗ਼ਲਤ ਤੁਕਾਂ ਨਾ ਆਖੀਆਂ ਜਾਣ। ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਸ੍ਰ ਕਿਰਪਾਲ ਸਿੰਘ ਨੇ ਉਦੋਂ ਆਖਿਆ ਸੀ ਕਿ ਗੁਰੂ ਦਾ ਸੰਦੇਸ਼ ਦਿਲਾਂ ਵਿਚ ਰੱਖ ਕੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾਵੇ। ਚੌਧਰੀ ਸੁੰਦਰ ਸਿੰਘ ਨੇ ਮੁੱਖ ਮੰਤਰੀ ਗੁਰਨਾਮ ਸਿੰਘ ਨੂੰ ਸਪੱਸ਼ਟਤਾ ਨਾਲ ਆਖਿਆ ਕਿ ਮੁੱਖ ਮੰਤਰੀ ਜੀ, ਅਜਿਹੇ ਕੰਮ ਕਰੋ ਕਿ ਗ਼ਰੀਬ ਖ਼ੁਸ਼ ਹੋਣ, ਗੁਰੂ ਫਿਰ ਹੀ ਪ੍ਰਸੰਨ ਹੋਵੇਗਾ। ਗ਼ਰੀਬਾਂ ਨੂੰ ਪਿੱਛੇ ਨਾ ਬਿਠਾਓ, ਤਾਕਤ ਵਿਚ ਹਿੱਸੇਦਾਰ ਬਣਾਓ। ਇਹ ਵੀ ਆਖਿਆ ਸੀ ਕਿ ‘ਸਾਡੇ ਆਦਮੀਆਂ ਨੂੰ ਬੇਇੱਜ਼ਤ ਨਾ ਕਰੋ, ਵਾਹਿਗੁਰੂ ਸਜ਼ਾ ਦੇਵੇਗਾ।’
             ਚੌਧਰੀ ਬਲਵੀਰ ਸਿੰਘ, ਭਗਤ ਗਰਾਂਦਾਸ ਹੰਸ ਅਤੇ ਡਾ. ਭਗਤ ਸਿੰਘ ਨੇ ਵੀ ਮਤੇ ਦੇ ਸਮਰਥਨ ਵਿਚ ਬਾਬੇ ਦੀਆਂ ਸਿੱਖਿਆਵਾਂ ਤੋਂ ਜਾਣੰੂ ਕਰਾਇਆ ਸੀ। ਬੇਸ਼ੱਕ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਅਜਲਾਸ ਨਹੀਂ ਸੱਦਿਆ ਗਿਆ ਸੀ ਪ੍ਰੰਤੂ ਉਦੋਂ ਪੂਰਾ ਦਿਨ ਸੈਸ਼ਨ ਦੌਰਾਨ ਮਤੇ ਦੇ ਸਮਰਥਨ ਵਿਚ ਬਾਬੇ ਦੀ ਬਾਣੀ ’ਤੇ ਅਮਲ ਦੀ ਗੱਲ ਚੱਲੀ ਸੀ।

Sunday, November 3, 2019

                        ਵਿਚਲੀ ਗੱਲ
             ਭਾਈ ਲਾਲੋ, ਬੂਹਾ ਖੋਲ੍ਹ !
                        ਚਰਨਜੀਤ ਭੁੱਲਰ
ਬਠਿੰਡਾ : ਲੰਘ ਆ ਬਾਬਾ, ਬੂਹੇ ਤਾਂ ਖੁੱਲ੍ਹੇ ਨੇ। ਖਿਦਮਤ ਕਿਵੇਂ ਕਰਾਂ, ਠੰਢੇ ਤਾਂ ਚੁੱਲ੍ਹੇ ਨੇ। ਕਿਵੇਂ ਝੱਲੇ ਨੇ ਦੁੱਖਾਂ ਦੇ ਸੇਕ, ਬੂਹਾ ਭੇੜ ਤੇ ਆਹ ਦੇਖ। ਬਾਬਾ! ਸੱਤ ਬੇਗਾਨੇ ਨਹੀਂ, ਤੇਰੇ ਕੁਝ ਤਾਂ ਲੱਗਦੇ ਹਾਂ। ਭੁੱਲ ਹੀ ਗਿਆ ਤੂੰ ਤਾਂ। ਚੰਗਾ ਫਿਰ ਤੂੰ ਹੀ ਦੱਸ, ਉਲਾਂਭੇ ਕਿਸ ਨੂੰ ਦੇਈਏ। ਅੌਹ ਮੰਜੇ ’ਤੇ ਬਾਪ ਪਿਐ। ਬਾਂਹ ਕੱਟੀ ਗਈ, ਰਿਕਸ਼ਾ ਇਕੋ ਹੱਥ ਚਲਾਇਆ। ਮਾਂ ਗੁਜ਼ਰ ਗਈ, ਛੋਟੇ ਨੂੰ ਢਾਬੇ ’ਤੇ ਲਾਇਐ। ਤੂੰ ਦੱਸ ਬਾਬਾ, ਕਿਵੇਂ ਅੱਜ ਰਾਹ ਭੁੱਲ ਆਇਆ। ਸੱਚ ਭੁੱਲ ਹੀ ਬੈਠਾ, ਬਾਬਾ ਤੇਰਾ 550ਵਾਂ ਪ੍ਰਕਾਸ਼ ਪੁਰਬ। ਮੁਬਾਰਕ ਹੋਵੇ..ਅੌਹ ਬਾਹਰ ਦੇਖ, ਪੰਥ ਤੇਰੇ ਦੀਆਂ ਗੂੰਜਾਂ। ਸੁਲਤਾਨਪੁਰ ਗੂੰਜਣ ਲਾ ਦਿੱਤੈ। ਅਮਰਿੰਦਰ ਕੋਲ ਸਰਕਾਰੀ ਖ਼ਜ਼ਾਨੈ। ਬਾਦਲਾਂ ਕੋਲ ਸ਼੍ਰੋਮਣੀ ਕਮੇਟੀ। ਯਮਲਾ ਜੱਟ ਗਾਉਂਦਾ ਮਰ ਗਿਆ। ‘ਸਤਿਗੁਰ ਨਾਨਕ ਆਜਾ, ਸੰਗਤ ਪਈ ਪੁਕਾਰਦੀ’। ਚੰਗਾ ਹੋਇਆ, ਤੂੰ ਅੱਜ ਆਇਐਂ। ਦੇਖ ਕਿਵੇਂ ਵੰਡ ਦਿੱਤੇ ਨੇ ਤੇਰੇ ਬਾਲੇ ਤੇ ਮਰਦਾਨੇ। ਬੋਲਣ ਤੋਂ ਪਹਿਲਾਂ ਹੀ ਜੇਲ੍ਹ ਵਿਖਾ ਦਿੰਦੇ ਨੇ ਅੱਜ ਦੇ ਬਾਬਰ। ਯੂਰਪੀ ਸੰਸਦ ਮੈਂਬਰ ਕੀ ਜਾਣਨ, ਕਿੰਨੀ ਮਨਹੂਸ ਏ ਕਸ਼ਮੀਰ ਵਾਦੀ ਦੀ ਸ਼ਾਂਤੀ। ਪਹਿਲੂ ਖਾਨ ਦਾ ਪਰਿਵਾਰ ਭੁਗਤ ਚੁੱਕੈ। ਹਜੂਮ ਹਰਲ ਹਰਲ ਕਰਦੇ ਫਿਰਦੇ ਨੇ। ਚੰਗਾ ਹੋਇਆ, ਤੂੰ ਭੇਸ ਵਟਾ ਕੇ ਆਇਐਂ। ਗ਼ਰੀਬਾਂ ਦੀ ‘ਮਨ ਦੀ ਬਾਤ’ ਕੌਣ ਸੁਣਦੈ, ਢਿੱਡ ਭਰੇ ਪਏ ਨੇ। ਹਾਕਮ ਚੀੜ੍ਹੇ ਬੜੇ ਨੇ, ਭਰੇ ਪੀਤੇ ਬੈਠੇ ਹਾਂ। ਏਨੇ ਲਿਫੇ ਹਾਂ, ਕੁੱਬ ਪੈ ਗਏ ਨੇ। ਪਤਾ ਨਹੀਂ, ਕਦੋਂ ਲੱਤ ਰਾਸ ਆਊ।
                 ਤੂੰ ਕਿਰਤ ਤੇ ਵੰਡ ਛਕਣ ਦਾ ਹੋਕਾ ਦਿੱਤਾ। ਬਾਬਾ, ਆ ਦਿਖਾਵਾਂ, ਤੈਨੂੰ ਤੇਰੇ ਲਾਲੋ, ਕਿਵੇਂ ਰੁਲਦੇ ਨੇ। ਢੋਲੇ ਦੀਆਂ ਮਲਕ ਭਾਗੋ ਲਾ ਰਹੇ ਨੇ। ਹੁਣ ਚੁੱਪ ਕਰ ਕੇ ਦੇਖਣਾ ਤੇ ਸੁਣਨਾ। ਪ੍ਰਕਾਸ਼ ਸਿੰਘ ਤੇ ਗੁਰਦਾਸ ਸਿੰਘ ਦੀ ਸੱਚੀ ਕਹਾਣੀ, ਸਭ ਤੋਂ ਪਹਿਲਾਂ। ਦੋਵੇਂ ਸਕੇ ਭਰਾ ਜਿਵੇਂ ਰਾਮ-ਲਛਮਣ ਦੀ ਜੋੜੀ। ਹਲ਼ ਤਾਂ ਨਹੀਂ ਵਾਹਿਆ, ਟਰੈਕਟਰ ਚਲਾਇਆ। ਬੁਰਾ ਵਕਤ ਆਇਆ। ਸੁਰ-ਲੈਅ ਜ਼ਿੰਦਗੀ ਦੀ ਗੁਆਚ ਗਈ। ਇਸੇ ਵਰ੍ਹੇ ਪ੍ਰਕਾਸ਼ ਸਿੰਘ ਖ਼ੁਦਕੁਸ਼ੀ ਕਰ ਗਿਆ। ਤਿੰਨ ਲੱਖ ਦੇ ਕਰਜ਼ੇ ’ਚ ਅਨਮੋਲ ਜਨਮ ਗੁਆ ਬੈਠਾ। ਪਿੰਡ ਝਲੂਰ (ਸੰਗਰੂਰ) ਦੇ ਪ੍ਰਕਾਸ਼ ਸਿੰਘ ਦੇ ਚਾਰ ਬੱਚੇ ਹੁਣ ਕਿੱਧਰ ਜਾਣ। ਕਿਰਤ ਦੇ ਸੱਚੇ ਸੇਵਕ ਬਣੇ, ਖੇਤ ਰਾਸ ਨਾ ਆਏ। ਅਮਰਿੰਦਰ ਸਿਓਂ ਕਿਹੜਾ ਬਾਜ਼ ਆਇਐ। ਢਾਈ ਵਰ੍ਹਿਆਂ ਦਾ ਹਾਲ ਦੇਖੋ। ਦੋ ਦਿਨਾਂ ’ਚ ਅੌਸਤਨ ਤਿੰਨ ਕਿਸਾਨ/ਮਜ਼ਦੂਰ ਖ਼ੁਦਕੁਸ਼ੀ ਕਰਦੇ ਨੇ। ਖੇਤਾਂ ਦੇ ਪ੍ਰਕਾਸ਼, ਖ਼ੁਦਕੁਸ਼ੀ ਦੇ ਰਾਹ ਪਏ ਨੇ, ਗੁਰਦਾਸ ਉਦਾਸੀ ਦੇ ਝੰਬੇ ਨੇ। ਭੁਲੇਖਾ ਨਾ ਖਾ ਜਾਈਂ, ਪਿੰਡ ਬਾਦਲ ਵਾਲੇ ‘ਦਾਸ’ ਤੇ ‘ਪਾਸ਼’ ਵਾਲੇ ਭਾਗ ਤੇਰੇ ਲਾਲੋ ਦੇ ਕਿੱਥੇ। ਬਾਦਲਾਂ ਦੇ ਘਰ ਕਾਹਦਾ ਘਾਟਾ। ਆਖਦੇ ਨੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ।
               ਵਿਛੜੇ ਧਾਮਾਂ ਦੇ ਦਰਸ਼ਨ ਜ਼ਰੂਰ ਕਰਾਂਗੇ। ਪਾਕਿ 20 ਡਾਲਰ ਫ਼ੀਸ ਮੁਆਫ਼ ਕਰੇ। ਬੀਬਾ ਹਰਸਿਮਰਤ ਬਾਦਲ ਨੇ ਵੀ ਆਖਿਐ। ‘ਉੱਡਦੇ ਪੰਛੀ’ ਦਾ ਇਸ਼ਾਰਾ ਸਮਝੋ। ਆਖ ਰਿਹੈ, ਬੀਬਾ ਜੀ, ਤੁਸੀਂ ਵੀ ਦਸਵੰਧ ਕੱਢੋ। ਚਲਾ ਦਿਓ ਅੌਰਬਿਟ ਬੱਸਾਂ ਮੁਫ਼ਤ ’ਚ। ਸਿਰਫ਼ ਦਸ ਦਿਨ ਸੰਗਤ ਲਈ। ਕਰੋ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ। ਨਾਲੇ ਪੁੰਨ ਨਾਲੇ ਫਲੀਆਂ। ਸ਼੍ਰੋਮਣੀ ਕਮੇਟੀ ਦਾ ਖ਼ਜ਼ਾਨਾ ਫਲਣਾ ਨਹੀਂ। ਦੱਸਦੇ ਨੇ, ਚੰਡੀਗੜ੍ਹ ਨੇੜੇ ਅਮਰਿੰਦਰ ਨੇ ਵੀ ਵੱਡਾ ਘਰ ਬਣਾਇਆ। ਹੁਣ ਵੱਡਾ ਦਿਲ ਵੀ ਦਿਖਾਵੇ। ਸੰਗਤ ਜਦੋਂ ਸੁਲਤਾਨਪੁਰ ਲੋਧੀ ਜਾਂਦੀ ਐ। ਰਸਤੇ ’ਚ ਬੜੇ ਟੌਲ ਪੈਂਦੇ ਨੇ। ਸਰਕਾਰੀ ਖ਼ਜ਼ਾਨੇ ਨੂੰ ਛੱਡੋ, ਮਹਿਲਾਂ ਦੀ ‘ਨੇਕ ਕਮਾਈ’ ਕਦੋਂ ਕੰਮ ਆਊ। ਜੇਬ ’ਚੋਂ ਭਰ ਦਿਓ ਟੌਲ। ਖੱਟੋ ਸੰਗਤ ਦਾ ਜਸ। ਬਾਬਾ ਤੂੰ ਤਾਂ ਤੇਰਾ ਤੇਰਾ ਤੋਲਿਆ। ਸੁਲਤਾਨਪੁਰ ’ਚ ਹੁਣ ਤੈਨੂੰ ਤੋਲਣਗੇ। ਦੋ ਸਟੇਜਾਂ ਐਵੇਂ ਨਹੀਂ ਸਜੀਆਂ। ਪੂਰੀ ਟਿੱਲ ਲਾਉਣਗੇ, ਆਖਣਗੇ ਸਾਥੋਂ ਬਿਨਾਂ ਬਾਬੇ ਦਾ ਕੋਈ ਕੁਝ ਨਹੀਂ ਲੱਗਦਾ। ਲੁਧਿਆਣੇ ਵਾਲਾ ਜਸਵੰਤ ਜ਼ਫ਼ਰ ਪੁੱਛਦੈ ਕਿ ਫਿਰ ‘ਅਸੀਂ ਨਾਨਕ ਦੇ ਕੀ ਲੱਗਦੇ ਹਾਂ’। ਹੁਣ ਦਿਓ ਜਵਾਬ। ਤਾਨਪੁਰ ਲੋਧੀ ਵਾਲਾ ਅਸ਼ਵਨੀ ਡਰਿਐ। ਮਜ਼ਦੂਰ ਅਸ਼ਵਨੀ ਕੋਲ ਇਕੋ ਕਮਰੈ। ਨਾ ਕੋਈ ਬੂਹਾ ਤੇ ਨਾ ਖਿੜਕੀ। ਕਦੋਂ ਡਿੱਗ ਪਏ, ਰੱਬ ਜਾਣਦੈ। ਜ਼ਿੰਦਗੀ ਦਾਅ ’ਤੇ ਲਾਈ ਐ, ਦਿਹਾੜੀ ਲੱਗਦੀ ਨਹੀਂ। ਜੁਆਬ ਕਿੱਥੋਂ ਦਿਆਂ।
            ਇੱਥੋਂ ਦੇ ਮਹਿਰਾ ਮਹੱਲੇ ਚੱਲਦੇ ਹਾਂ। ਵਿਧਵਾ ਕੌਸ਼ੱਲਿਆ ਕੋਲ ਆਪਣੀ ਛੱਤ ਨਹੀਂ। ਵਿਧਵਾ ਊਸ਼ਾ ਕੋਲ ਵਸੀਲਾ ਨਹੀਂ। ਪਿੰਡ ਬਾਦਲ ਵਾਲੇ ਮੰਗੂ ਦਾ ਹਾਲ ਵੀ ਇਹੋ ਹੈ। ਪੰਜਾਬ ਦੇ ਪਤਾ ਨਹੀਂ ਕੌਣ ਮੱਥੇ ਲੱਗਿਐ। ਜਦੋਂ ਗ੍ਰਹਿਣ ਲੱਗਾ ਹੋਵੇ, ਉਦੋਂ ਗ੍ਰਹਿ ਟਲਦੇ ਨਹੀਂ। ਚਾਹੇ ਪੰਜਾਬ ਦੇ ਸਿਰੋਂ ਲੱਖ ਕੌੜੀਆਂ ਮਿਰਚਾਂ ਵਾਰੋ। ਬਾਬਾ, ਤੂੰ ਤਾਂ ਵਲੀਆਂ ਦੇ ਵਲ ਕੱਢੇ। ਮਜ਼੍ਹਬਾਂ ਦੀ ਵਿੱਥ ਤੋੜੀ, ਕੁੜੱਤਣਾਂ ਦੀ ਵਲਗਣ। ਨਰਿੰਦਰ ਮੋਦੀ ਦੇ ਖ਼ਾਨੇ ਫਿਰ ਨਹੀਂ ਪੈਂਦੀ। ਪੈਰਾਂ ’ਤੇ ਪਾਣੀ ਅਮਿਤ ਸ਼ਾਹ ਨਹੀਂ ਪੈਣ ਦਿੰਦਾ। ਇਕੱਠ ਸਾਧ ਦੀ ਭੂਰੀ ’ਤੇ ਹੋਇਆ ਹੈ। ਸਿਆਣੇ ਆਖਦੇ ਨੇ ਮੁਸੀਬਤ ਕਦੇ ਕੱਲਿਆਂ ਨਹੀਂ ਆਉਂਦੀ। ਮੋਦੀ 9 ਨਵੰਬਰ ਨੂੰ ਸੁਲਤਾਨਪੁਰ ਆਉਣਗੇ। ਬਾਬੇ ਦੇ ਗ੍ਰਹਿਸਥੀ ਸਬਕ ਨੂੰ ਜ਼ਰੂਰ ਪੱਲੇ ਬੰਨ੍ਹਣ। ਪੰਜਾਬ ਦੇ ਲਾਲੋ ਆਖਦੇ ਨੇ, ਸਾਡੇ ਕੁਝ ਨਹੀਂ ਪੱਲੇ। ਇਮਰਾਨ ਭਾਅ ਬਖ਼ਸ਼ਦੈ, ਕਾਂਗਰਸੀ ਆਖਦੇ ਨੇ, ਨਵਜੋਤ ਸਿੱਧੂ ਦੇ ਕੁਝ ਨਹੀਂ ਪੱਲੇ। ਸੋਚਾਂ ’ਚ ਕੇਜਰੀਵਾਲ ਪਿਐ, ਅਖੇ ਪੰਜਾਬ ’ਚ ਕਾਠ ਦੀ ਹਾਂਡੀ ਕਿਵੇਂ ਚੜ੍ਹੂ। ਲੋਕਾਂ ਦਾ ਦਿਨ ਕਦੋਂ ਚੜ੍ਹੂ, ਬਾਬਾ ਸਾਨੂੰ ਤਾਂ ਏਹ ਦੱਸ। ਖੇਤੋਂ ਸੁੱਖ ਦਾ ਬੁੱਲਾ ਆਉਂਦੈ ਤਾਂ ਬਿਮਾਰੀ ਦਾ ਵਰੋਲਾ ਦੱਬ ਲੈਂਦੈ। ਪੰਜਾਬ ’ਚ ਕੈਂਸਰ ਨਾਲ 1.09 ਲੱਖ ਮੌਤਾਂ ਹੋਈਆਂ ਨੇ ਲੰਘੇ ਅੱਠ ਸਾਲਾਂ ਵਿਚ। ਹੁਣ ਪੰਜਾਬ ਅੱਠੋ ਅੱਠ ਨਹੀਂ ਮਾਰਦਾ।
                 ਸ਼ੁਕਰ ਐ ਬਾਬਾ, ਤੂੰ ਭਲੇ ਵੇਲੇ ਲੰਗਰ ਚਲਾ ਦਿੱਤਾ। ਕੋਈ ਜੀਅ ਭੁੱਖਾ ਨਹੀਂ ਸੌਂਦਾ। ਮਲਕ ਭਾਗੋ ਨੂੰ ਰੱਜ ਫਿਰ ਨਹੀਂ ਆਉਂਦਾ। ਸੁਖਜੀਤ ਸਿੰਘ ਨੂੰ ਵੱਜ ਨੇ ਮਾਰ ਦਿੱਤਾ। ਪਹਿਲਾਂ ਕੁਦਰਤ ਨੇ ਪ੍ਰੀਖਿਆ ਲਈ। ਹੁਣ ਅਮਰਿੰਦਰ ਲੈ ਰਿਹਾ। 60 ਦਿਨਾਂ ਤੋਂ ਸੰਗਰੂਰ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਐ। ਈਟੀਟੀ/ਟੈੱਟ ਪਾਸ ਹੈ। ਸਵਾ ਮਹੀਨਾ ਪਹਿਲਾਂ ਘਰ ਧੀ ਜਨਮੀ। ਹਾਲੇ ਮੂੰਹ ਨਹੀਂ ਦੇਖ ਸਕਿਆ। ਜਸਵੀਰ ਕੌਰ ਵੀ ਟੈਂਕੀ ’ਤੇ ਹੈ। ਮਾਂ ਦਾ ਅਪਰੇਸ਼ਨ ਹੋਇਐ, ਮੱਝ ਵੇਚਣੀ ਪਈ। ਜਦੋਂ ਅਰਮਾਨ ਗਿਰਵੀ ਰੱਖਣੇ ਪੈ ਜਾਣ, ਉਦੋਂ ਸਮਝ ਲਓ ਕਿ ਪੰਜਾਬ ਨੂੰ ਬਾਈਪਾਸ ਸਰਜਰੀ ਦੀ ਲੋੜ ਐ। ਗ਼ਰੀਬ ਆਖਦੇ ਨੇ ਸਾਨੂੰ ਆਟੇ ਦਾਲ ਦੀ ਨਹੀਂ, ਬਜ਼ੁਰਗ ਆਖਦੇ ਨੇ ਸਾਨੂੰ ਪੈਨਸ਼ਨ ਦੀ ਨਹੀਂ, ਧੀਆਂ ਆਖਦੀਆਂ ਨੇ ਸਾਨੂੰ ਸ਼ਗਨ ਦੀ ਨਹੀਂ, ਕਿਸਾਨ ਆਖਦੇ ਨੇ ਸਾਨੂੰ ਮੁਫ਼ਤ ਪਾਣੀ ਦੀ ਨਹੀਂ, ਕੁੜੀਆਂ ਆਖਦੀਆਂ ਨੇ ਸਾਨੂੰ ਸਾਈਕਲਾਂ ਦੀ ਨਹੀਂ, ਸਭ ਕਾਸੇ ਦੀ ਕੋਈ ਲੋੜ ਨਹੀਂ। ਸਾਨੂੰ ਤਾਂ ਮੌਕਿਆਂ ਤੇ ਸੁਖਾਵੇਂ ਹਾਲਾਤ ਦੀ ਲੋੜ ਹੈ, ਜਿਨ੍ਹਾਂ ’ਚ ਕਿਸੇ ਅੱਗੇ ਹੱਥ ਅੱਡਣੇ ਹੀ ਨਾ ਪੈਣ। ਪਿਆਰੇ ਲੋਕ ਰਾਜ, ਠੂਠਾ ਘੁੱਟ ਕੇ ਫੜ। ਕਿਤੇ ਕੋਈ ‘ਚਿੱਟੇ’ ਦਾ ਭੰਨਿਆ ਖੋਹ ਕੇ ਹੀ ਨਾ ਲੈ ਜਾਵੇ। ਬਾਬਾ, ਨਾਮ ਦੀ ਖੁਮਾਰੀ ਨੂੰ ਇਨ੍ਹਾਂ ਨੇ ਗਲੀਆਂ ’ਚ ਰੋਲ ਦਿੱਤੈ। ਸਭ ਸਿਆਸੀ ਠੂੰਹੇ ਨੇ। ਪੰਜਾਬ ਦਾ ਅੰਗ ਅੰਗ ਡੰਗਿਆ ਪਿਐ। ਇਨ੍ਹਾਂ ਨੇ ਤਾਂ ਵੇਈਂ ਨਹੀਂ ਬਖ਼ਸ਼ੀ। ਸੀਚੇਵਾਲ ਪਿੱਟ ਰਿਹੈ, ਕੋਈ ਸੁਣਦੈ।
               ਬਾਬਾ! ਦੇਖ, ਕਿਵੇਂ ਬੀਬੇ ਬੱਚੇ ਬਣੇ ਨੇ। ਪੰਡਾਲ ਸਜਾ ਰਹੇ ਨੇ। ਦੇਖੀ ਜਾਈਂ, ਏਦਾਂ ਗੱਲ ਕਰਨਗੇ ਜਿਵੇਂ ਉਹੀ ਤੇਰੇ ਸੱਚੇ ਵਾਰਸ ਨੇ। ਬਾਬਾ ਤੇਰੀ ਸੋਚ ਤਾਂ ਅੱਜ ਵੀ ਸਫ਼ਰ ’ਤੇ ਹੀ ਹੈ। ਕੋਈ ਗ਼ਦਰੀ ਬਾਬਿਆਂ ਨੂੰ ਯਾਦ ਕਰ ਰਿਹੈ। ਕੋਈ 34 ਦਿਨਾਂ ਤੋਂ ਬਰਨਾਲੇ ਜੇਲ੍ਹ ਅੱਗੇ ਡਟਿਐ। ਧੰਨ ਐ ਬਾਬਾ, ਏਨੇ ਠਰ੍ਹੰਮੇ ਨਾਲ ਸੁਣਦਾ ਰਿਹਾ, ਦੇਖਦਾ ਰਿਹਾ। ਆਖ਼ਰ ਬਾਬੇ ਨੇ ਵੀ ਮੱਥੇ ’ਤੇ ਹੱਥ ਮਾਰਿਐ। ਘਰ ਦੀ ਫਿਜ਼ਾ ਗੂੰਜ ਉੱਠੀ ‘ਕੂੜ ਨਿਖੁਟੇ ਨਾਨਕਾ, ੳੜਕਿ ਸਚਿ ਰਹੀ‘। ਕਿਸੇ ਨੇ ਹਜੂਮ ਨੂੰ ਖ਼ਬਰ ਕਰ ਦਿੱਤੀ। ਸੁਲਤਾਨਪੁਰ ਦੇ ਕਿਸੇ ਘਰ ’ਚ ਕੋਈ ਦੇਸ਼ ਵਿਰੋਧੀ ਘੁਸਿਆ। ਭੜਕੇ ਹਜੂਮ ਨੇ ਘਰ ਵੱਲ ਜ਼ੋਰ ਦੀ ਪੱਥਰ ਚਲਾ ਦਿੱਤੇ। ਜਿਉਂ ਹੀ ਪੱਥਰ ਵੱਜਿਆ, ਉੱਚੀ ਚੀਕ ਮਾਰੀ, ਇਕਦਮ ਮੰਜੇ ਤੋਂ ਉੱਠ ਕੇ ਬੈਠਾ ਹੋ ਗਿਆ। ਬਾਪੂ ਬੋਲਿਆ, ਪੁੱਤ ਛੱਜੂ ਰਾਮਾਂ, ਹਟ ਜਾ ਦਿਨੇ ਸੁਫ਼ਨੇ ਦੇਖਣੋਂ। ਜਾਹ ਮੂੰਹ ਧੋ ਲੈ, ਤੂੰ ਵੀ ਮੱਥਾ ਟੇਕ ਆ..। ਆਪੇ ਭਲੀ ਕਰੂ ਕਰਤਾਰ।

Friday, November 1, 2019

                         ਪੰਜਾਬੀ ਭਾਸ਼ਾ 
         ਆਪਣੇ ਭੁੱਲੇ, ਬਿਗਾਨੇ ਡੁੱਲੇ
                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਹੁਣ ਉਹ ਦਿਨ ਦੂਰ ਨਹੀਂ ਜਾਪਦੇ ਹਨ ਜਦੋਂ ਕੋਈ ਪ੍ਰ੍ਰਵਾਸੀ ਨੌਜਵਾਨ ‘ਮਿਸਟਰ ਪੰਜਾਬ’ ਦਾ ਖਿਤਾਬ ਸਟੇਜ ਤੋਂ ਲਵੇਗਾ। ਅੱਜ ਪੰਜਾਬ ਦਿਵਸ ਦੇ ਮੌਕੇ ਨਵੇਂ ਰੁਝਾਨ ਤੋਂ ਵਾਕਫ ਹੁੰਦੇ ਹਾਂ। ਸਰਕਾਰੀ ਸਕੂਲਾਂ ਦੀ ਗਿੱਧਾ ਤੇ ਭੰਗੜਾ ਟੀਮ ਵਿਚ ਪ੍ਰਵਾਸੀ ਬੱਚੇ ਨਿੱਤਰਨ ਲੱਗੇ ਹਨ। ਇੰਝ ਆਖ ਲਓ ਕਿ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਹੁਣ ਪੰਜਾਬੀ ਭਾਸ਼ਾ ਤੇ ਕਲਚਰ ਦੇ ‘ਜੈਲਦਾਰ’ ਬਣਨ ਲੱਗੇ ਹਨ। ਪ੍ਰਵਾਸੀ ਬੱਚੇ ਸਰਕਾਰੀ ਸਕੂਲਾਂ ਵਿਚ ਪੰਜਾਬੀ ’ਚ ਪੜ੍ਹ ਲਿਖ ਰਹੇ ਹਨ। ਬਹੁਤੇ ਪੰਜਾਬੀ ਮੁਹਾਂਦਰੇ ’ਚ ਹੀ ਰੰਗੇ ਗਏ ਹਨ। ਪੰਜਾਬ ਏਦਾਂ ਦੇ ਸਰਕਾਰੀ ਸਕੂਲ ਵੀ ਹਨ ਜਿਨ੍ਹਾਂ ’ਚ ਨਿਰੋਲ ਪ੍ਰਵਾਸੀ ਬੱਚੇ ਹੀ ਪੜ੍ਹ ਰਹੇ ਹਨ। ਖਾਸ ਕਰਕੇ ਲੁਧਿਆਣਾ ਸ਼ਹਿਰ ਵਿਚ। ਪੰਜਾਬੀ ਮਾਪਿਆਂ ਦਾ ਰੁਝਾਨ ਹੁਣ ਅੰਗਰੇਜ਼ੀ ਸਕੂਲਾਂ ਵੱਲ ਹੈ ਤੇ ਇੱਧਰ ਸਰਕਾਰੀ ਸਕੂਲਾਂ ਵਿਚ ਪ੍ਰਵਾਸੀ ਬੱਚਿਆਂ ਦਾ ਅੰਕੜਾ ਵਧਣ ਲੱਗਾ ਹੈ। ਸਰਕਾਰੀ ਸਕੂਲਾਂ ਦੇ ਜੋ ਮੁਕਾਬਲੇ ਹੁੰਦੇ ਹਨ, ਉਨ੍ਹਾਂ ’ਚ ਮੋਹਰੀ ਵੀ ਪ੍ਰਵਾਸੀ ਬੱਚੇ ਬਣਨ ਲੱਗੇ ਹਨ। ਬਠਿੰਡਾ ਦੇ ਐਨ.ਐਫ.ਐਲ ਸਕੂਲ ਦੀ ਪ੍ਰਵਾਸੀ ਬੱਚੀ ਸਪ੍ਰਿਯਾ ਨੇ ਲੋਕ ਗੀਤ ਮੁਕਾਬਲੇ ’ਚ ਕੀਤਾ ਸਥਾਨ ਲਿਆ ਹੈ ਜਦੋਂ ਕਿ ਰੋਸ਼ਨੀ ਨਾਮ ਦੀ ਪ੍ਰਵਾਸੀ ਲੜਕੀ ਭੰਗੜੇ ਵਿਚ ਮਾਹਿਰ ਹੈ।
                ਇੱਥੋਂ ਦੇ ਪਰਸ ਰਾਮ ਸਕੂਲ ਦੀ ਗਿੱਧਾ ਟੀਮ ਵਿਚ ਜਿਆਦਾ ਪ੍ਰਵਾਸੀ ਲੜਕੀਆਂ ਹਨ। ਬਠਿੰਡਾ ਦੇ ਗੁਰੂ ਨਾਨਕ ਸਕੂਲ ਦੀ ਪ੍ਰਵਾਸੀ ਬੱਚੇ ਮੁਸਕਾਨ ਤੇ ਖੁਸ਼ਬੂ ਨੇ ਸ਼ਬਦ ਗਾਇਣ ਮੁਕਾਬਲੇ ਵਿਚ ਮੱਲ ਮਾਰੀ ਹੈ। ਗਾਇਣ ਮੁਕਾਬਲੇ ’ਚ 80 ਫੀਸਦੀ ਬੱਚੇ ਪ੍ਰਵਾਸੀ ਹੁੰਦੇ ਹਨ।ਬਰਨਾਲਾ ਦੀ ਝੁੱਗੀ ਝੋਪੜੀ ’ਚ ਰਹਿਣ ਵਾਲਾ ਰੋਹਦਾਸ ਨਾਮ ਦਾ ਪ੍ਰਵਾਸੀ ਬੱਚਾ ਐਤਕੀਂ ਨੈੱਟਬਾਲ ਮੁਕਾਬਲੇ ਵਿਚ ਪੰਜਾਬ ਚੋਂ ਫਸਟ ਹੈ ਤੇ ਹੁਣ ਨੈਸ਼ਨਲ ਖੇਡਣ ਜਾਵੇਗਾ। ਮੋਹਾਲੀ ਦੇ ਪਿੰਡ ਬੜਮਾਜਰਾ ਦੀ ਪ੍ਰਵਾਸੀ ਲੜਕੀ ਮੁਸਕਾਨ ਕਰਾਟੇ ਦੇ ਮੁਕਾਬਲੇ ਵਿਚ ਬੰਬਈ ਤੱਕ ਜਾ ਆਈ ਹੈ। ਮੋਹਾਲੀ ਦੇ ਫੇਜ ਦੋ ਦੇ ਸਕੂਲ ਦੀ ਪ੍ਰਵਾਸੀ ਬੱਚੀ ਸਪਨਾ ਦੀ ਐਤਕੀਂ ਸਟੇਟ ਪੱਧਰੀ ਕਬੱਡੀ ਟੀਮ ਵਿਚ ਚੋਣ ਹੋਈ ਹੈ। ਬਰਨਾਲਾ ਦੇ ਆਨੰਦਪੁਰ ਬਸਤੀ ਦੇ ਸਕੂਲ ਦੇ ਪ੍ਰਵਾਸੀ ਬੱਚੇ ਨੇ ਕੁਸ਼ਤੀ ਮੁਕਾਬਲੇ ਵਿਚ ਜ਼ਿਲ੍ਹੇ ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਪਟਿਆਲਾ ਦੇ ਅਸਰਪੁਰ ਸਕੂਲ ਦਾ ਪ੍ਰਵਾਸੀ ਬੱਚਾ ਸੂਰਜ ਲੰਮੀ ਛਾਲ ਵਿਚ ਪਹਿਲੇ ਸਥਾਨ ’ਤੇ ਆਇਆ ਹੈ। ਮੋਹਾਲੀ ਦੇ ਪਿੰਡ ਨਿਬਰੂ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਕੋਰੀਓਗਰਾਫੀ ਨੇ ਪੰਜਾਬ ਚੋਂ ਪਿਛਲੇ ਸਾਲ ਪਹਿਲਾਂ ਸਥਾਨ ਪ੍ਰਾਪਤ ਕੀਤਾ। ਕੋਰੀਓਗਰਾਫੀ ਵਿਚ 50 ਫੀਸਦੀ ਬੱਚੇ ਪ੍ਰਵਾਸੀ ਸਨ।
                ਸਕੂਲ ਮੁਖੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਤਿੰਨ ਬੱਚਿਆਂ ਦੀ ਨਵੋਦਿਆ ਸਕੂਲ ਲਈ ਚੋਣ ਹੋਈ ਜਿਸ ਚੋਂ ਦੋ ਬੱਚੇ ਪ੍ਰਵਾਸੀ ਮਜ਼ਦੂਰਾਂ ਦੇ ਸਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮਜ਼ਦੂਰ ਜੋ ਪੰਜਾਬ ਵਿਚ ਲੰਮੇ ਸਮੇਂ ਤੋਂ ਰਹਿ ਰਹੇ ਹਨ, ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਮਾਧਿਅਮ ਵਿਚ ਪੜ੍ਹਨ ਪਾਇਆ ਹੈ।ਪਿੰਡ ਰਾਮਪੁਰਾ ਦੇ ਪ੍ਰਾਇਮਰੀ ਸਕੂਲ ਵਿਚ 40 ਦੇ ਕਰੀਬ ਪ੍ਰਵਾਸੀ ਬੱਚੇ ਹਨ। ਬਰਨਾਲਾ ਦੇ ਸੰਧੂ ਪੱਤੀ ਸਕੂਲ ਵਿਚ 30 ਫੀਸਦੀ ਬੱਚੇ ਪ੍ਰਵਾਸੀ ਹਨ। ਬਠਿੰਡਾ ਦੇ ਪ੍ਰਵਾਸੀ ਮਜ਼ਦੂਰ ਕੇਦਾਰ ਨਾਥ ਨੇ ਤਾਂ ਅੰਮ੍ਰਿਤ ਪਾਨ ਵੀ ਕੀਤਾ ਹੋਇਆ ਹੈ ਅਤੇ ਉਸ ਨੇ ਆਪਣਾ ਬੱਚਾ ਪੰਜਾਬੀ ਮਾਧਿਅਮ ਵਿਚ ਪੜ੍ਹਾਇਆ ਹੈ। ਬਿਹਾਰ ਦੀ ਅੰਜੂ ਦੇਵੀ ਨੇ ਦੋਵੇਂ ਬੱਚਿਆਂ ਦੇ ਪੰਜਾਬੀ ਨਾਮ ਰੱਖੇ ਹਨ। ਪ੍ਰਵਾਸੀ ਮਜ਼ਦੂਰ ਹਰੀਸ਼ ਨੇ ਆਪਣੀ ਲੜਕੀ ਦਾ ਨਾਮ ਸਿਮਰਨ ਕੌਰ ਰੱਖਿਆ ਹੈ। ਦਸਮੇਸ਼ ਸਕੂਲ ਬਠਿੰਡਾ ਦੇ ਪ੍ਰਿੰਸੀਪਲ ਡਾ.ਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਹੁਣ ਆਪਣੇ ਬੱਚਿਆਂ ਦੇ ਨਾਮ ਨਾਲ ਸਿੰਘ ਜਾਂ ਕੌਰ ਲਾਉਣ ਲੱਗੇ ਹਨ।
                ਪ੍ਰਵਾਸੀ ਮਜ਼ਦੂਰ ਤਾਂ ਹੁਣ ਪਿੰਡਾਂ ਸ਼ਹਿਰਾਂ ਵਿਚ ਗੁਰੂ ਘਰਾਂ ਵਿਚ ਗਰੰਥੀ ਦੀ ਸੇਵਾ ਵੀ ਨਿਭਾਉਣ ਲੱਗੇ ਹਨ। ਦਮਦਮਾ ਸਾਹਿਬ ਦੇ ਧਾਰਮਿਕ ਮਹਾਂ ਵਿਦਿਆਲਿਆ (ਸੰਤ ਅਤਰ ਸਿੰਘ ਮਸਤੂਆਣਾ) ’ਚ ਇਸ ਵੇਲੇ ਯੂ.ਪੀ ਅਤੇ ਬਿਹਾਰ ਦੇ ਕਰੀਬ 40 ਬੱਚੇ ਧਾਰਮਿਕ ਵਿਦਿਆ ਹਾਸਲ ਕਰ ਰਹੇ ਹਨ। ਬਾਬਾ ਕਾਕਾ ਸਿੰਘ ਨੇ ਦੱਸਿਆ ਕਿ ਲੰਘੇ ਵਰ੍ਹਿਆਂ ਵਿਚ ਕਰੀਬ 500 ਪ੍ਰਵਾਸੀ ਬੱਚਿਆਂ ਨੇ ਪੰਜਾਬੀ ਭਾਸ਼ਾ ਵਿਚ ਧਾਰਮਿਕ ਵਿਦਿਆ ਗ੍ਰਹਿਣ ਕੀਤੀ ਹੈ। ਮਾਨਸਾ ਦੇ ਪਿੰਡ ਮਾਖਾ ਦੇ ਗੁਰੂ ਘਰ ਵਿਚ ਪ੍ਰਵਾਸੀ ਰਾਜ ਸਿੰਘ ਗਰੰਥੀ ਬਣ ਗਿਆ ਹੈ। ਦਮਦਮਾ ਸਾਹਿਬ ਤੋਂ ਪੜ੍ਹ ਕੇ ਬਿਹਾਰੀ ਝੰਡੂ ਸਿੰਘ ਹੁਣ ਰਤੀਆ ਦੇ ਗੁਰੂ ਘਰ ਵਿਚ ਗਰੰਥੀ ਬਣਿਆ ਹੈ। ਇੱਥੋ ਪੜ੍ਹ ਕੇ ਪ੍ਰਵਾਸੀ ਤਖਤ ਪਟਨਾ ਸਾਹਿਬ ਤੇ ਕਥਾ ਵਾਚਕ ਬਣੇ ਹਨ।
                      ਨਵੀਂ ਪੀੜੀ ਲਈ ਪਛਾਣ ਦਾ ਮਸਲਾ ਹੈ : ਬੰਧੂ
ਪੰਜਾਬ ’ਵਰਸਿਟੀ ਦੇ ਸਾਬਕਾ ਸੈਨੇਟ ਮੈਂਬਰ ਅਤੇ ਪ੍ਰਿੰਸੀਪਲ ਤਰਲੋਕ ਬੰਧੂ ਆਖਦੇ ਹਨ ਕਿ ਅਸਲ ਮਸਲਾ ਤਾਂ ਪ੍ਰਵਾਸੀ ਮਜ਼ਦੂਰਾਂ ਦਾ ਰਿਜ਼ਕ ਦਾ ਹੈ ਪ੍ਰੰਤੂ ਹੁਣ ਉਹ ਪੰਜਾਬੀ ਸਮਾਜ ਵਿਚ ਆਪਣੀ ਨਵੀਂ ਪੀੜੀ ਨੂੰ ਪਛਾਣ ਦਿਵਾਉਣ ਲਈ ਪੰਜਾਬੀ ਭਾਸ਼ਾ ਤੇ ਕਲਚਰ ਦੇ ਅਨੁਆਈ ਬਣੇ ਹਨ। ਭਾਵੇਂ ਇਹ ਮਜਬੂਰੀ ਵਿਚ ਹੀ ਸਹੀ ਪ੍ਰੰਤੂ ਪੰਜਾਬੀ ਸਮਾਜ ਵਿਚ ਇਹ ਨਵਾਂ ਵਰਤਾਰਾ ਹੈ ਜਿਸ ਤੋਂ ਪੰਜਾਬੀ ਮਾਪਿਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।