Showing posts with label wakf board. Show all posts
Showing posts with label wakf board. Show all posts

Friday, November 29, 2019

                                                          ਮਾਫੀਏ ਦਾ ਸਿੱਕਾ 
                                ਜ਼ਮੀਨਾਂ ਨੱਪਣ ’ਚ ‘ਨੰਬਰ ਵਨ’ ਬਣੇ ਪੰਜਾਬੀ
                                                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਹੁਣ ਜ਼ਮੀਨਾਂ ਨੱਪਣ ’ਚ ਝੰਡੀ ਲੈ ਗਿਆ ਹੈ। ਲੈਂਡ ਮਾਫੀਏ ਦੀ ਬਦੌਲਤ ਇਹ ਬਦਨਾਮੀ ਪੰਜਾਬ ਦੀ ਝੋਲੀ ਪਈ ਹੈ। ਜਦੋਂ ਹਕੂਮਤ ਦੀ ਥਾਪੀ ਹੋਵੇ, ਫਿਰ ਸਿਆਸੀ ਪਹੁੰਚ ਵਾਲੇ ਟਲਦੇ ਨਹੀਂ ਹਨ ਜਿਨ੍ਹਾਂ ਨੇ ਵੱਡੇ ਕਾਰੋਬਾਰ ਇਨ੍ਹਾਂ ਜ਼ਮੀਨਾਂ ’ਤੇ ਖੜ੍ਹੇ ਕਰ ਲਏ ਹਨ। ਭਾਵੇਂ ਸਰਕਾਰੀ ਮਹਿਕਮੇ ਵੀ ਇਸ ਮਾਮਲੇ ’ਚ ਪਿਛੇ ਨਹੀਂ ਰਹੇ ਹਨ। ਦੇਸ਼ ਭਰ ਚੋਂ ਪੰਜਾਬ ‘ਨੰਬਰ ਵਨ’ ਸਿਰਫ ਲੈਂਡ ਮਾਫੀਏ ਵੱਲੋਂ ਨੱਪੀ ਸੰਪਤੀ ਦੇ ਮਾਮਲੇ ’ਚ ਬਣਿਆ ਹੈ। ਪ੍ਰਾਈਵੇਟ ਲੋਕਾਂ/ਸੰਸਥਾਵਾਂ ਵੱਲੋਂ ਸਭ ਤੋਂ ਵੱਧ ਵਕਫ ਬੋਰਡ ਦੀ ਸੰਪਤੀ ਪੰਜਾਬ ’ਚ ਨੱਪੀ ਗਈ ਹੈ। ਕੇਂਦਰੀ ਘੱਟ ਗਿਣਤੀ ਮੰਤਰਾਲੇ ਨੇ ਤਾਜਾ ਖੁਲਾਸਾ ਕੀਤਾ ਹੈ ਕਿ ਪੰਜਾਬ ’ਚ ਵਕਫ ਬੋਰਡ ਦੀ ਪ੍ਰਾਪਰਟੀ ’ਤੇ ਸਭ ਤੋਂ ਵੱਧ ਨਜਾਇਜ਼ ਕਬਜ਼ੇ ਹਨ। ਦੱਸਿਆ ਹੈ ਕਿ ਵਕਫ ਬੋਰਡ ਦੀਆਂ 5610 ਸੰਪਤੀਆਂ ’ਤੇ ਪ੍ਰਾਈਵੇਟ ਲੋਕ/ਸੰਸਥਾਵਾਂ ਨੇ ਗੈਰਕਾਨੂੰਨੀ ਕਬਜ਼ੇ ਜਮਾਏ ਹੋਏ ਹਨ ਜਦੋਂ ਕਿ ਮੱਧ ਪ੍ਰਦੇਸ਼ ਵਿਚ 3240 ਜਾਇਦਾਦਾਂ ’ਤੇ ਪ੍ਰਾਈਵੇਟ ਲੋਕਾਂ ਤੇ ਸੰਸਥਾਵਾਂ ’ਦੇ ਨਜਾਇਜ਼ ਕਬਜ਼ੇ ਹਨ। ਪੰਜਾਬ ’ਚ ਨਜਾਇਜ਼ ਕਬਜ਼ੇ ਹੇਠਲੀ ਇਸ ਸੰਪਤੀ ਦੀ ਕੀਮਤ ਅਰਬਾਂ ਰੁਪਏ ਬਣਦੀ ਹੈ। ਪੱਛਮੀ ਬੰਗਾਲ ’ਚ 3082 ਸੰਪਤੀਆਂ ’ਤੇ ਨਜਾਇਜ਼ ਕਬਜ਼ੇ ਹਨ ਜੋ ਦੇਸ਼ ਚੋਂ ਤੀਜੇ ਨੰਬਰ ’ਤੇ ਹੈ। ਇਵੇਂ ਹਰਿਆਣਾ ਰਾਜ ’ਚ 753, ਰਾਜਸਥਾਨ ਵਿਚ 164, ਮਹਾਰਾਸ਼ਟਰ ਵਿਚ 81, ਬਿਹਾਰ ਵਿਚ 180 ਅਤੇ ਤਾਮਿਲਨਾਡੂ ਵਿਚ 1335 ਸੰਪਤੀਆਂ ’ਤੇ ਨਜਾਇਜ਼ ਕਬਜ਼ੇ ਹਨ।
                  ਉਂਜ ਦੇਸ਼ ਭਰ ਵਿਚ 5.94 ਲੱਖ ਵਕਫ ਸੰਪਤੀਆਂ ਦੀ ਸਨਾਖਤ ਹੋਈ ਹੈ ਜਿਨ੍ਹਾਂ ਚੋਂ 24,540 ਸੰਪਤੀਆਂ ਇਕੱਲੇ ਪੰਜਾਬ ਵਿਚ ਹਨ। ਬਠਿੰਡਾ ਸ਼ਹਿਰ ਵਿਚ ਕਈ ਕਾਂਗਰਸੀ ਅਤੇ ਅਕਾਲੀ ਦਲ ਨਾਲ ਸਬੰਧਿਤ ਲੋਕਾਂ ਨੇ ਵਕਫ ਬੋਰਡ ਦੀ ਸੰਪਤੀ ਨੱਪ ਕੇ ਕਾਰੋਬਾਰ ਖੜ੍ਹੇ ਕੀਤੇ ਹਨ। ਏਦਾਂ ਪੂਰੇ ਪੰਜਾਬ ਵਿਚ ਧੰਦਾ ਚੱਲ ਰਿਹਾ ਹੈ। ਵਕਫ ਬੋਰਡ ਦੇ ਰਾਖੇ ਖੁਦ ਸਰਕਾਰੀ ਹੱਥਾਂ ਵਿਚ ਖੇਡਦੇ  ਹਨ। ਉੱਤਰ ਪ੍ਰਦੇਸ਼ ਦੇ ਮੂਲ ਨਿਵਾਸੀ ਜਨੈਦ ਰਜ਼ਾ ਖ਼ਾਨ ਇਸ ਵੇਲੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਹਨ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੱਸੇ ਜਾ ਰਹੇ ਹਨ।ਪੰਜਾਬ ਵਿਚ ਵਕਫ ਬੋਰਡ ਦੇ 16 ਦਫਤਰ ਹਨ  ਜਦੋਂ ਕਿ ਵਕਫ ਬੋਰਡ ਦੇ ਨਾਮਜ਼ਦ ਕੀਤੇ 9 ਮੈਂਬਰ ਹਨ। ਵਕਫ ਬੋਰਡ ਦੇ ਮੈਂਬਰ ਸਾਜਿਦ ਹੁਸੈਨ ਨੇ ਸਪੱਸ਼ਟ ਆਖਿਆ ਕਿ ਵਕਫ ਸੰਪਤੀ ’ਤੇ ਸਿਆਸੀ ਧਿਰਾਂ ਨਾਲ ਜੁੜੇ ਲੋਕਾਂ ਨੇ ਨਜਾਇਜ਼ ਕਬਜ਼ੇ ਜਮਾਏ ਹਨ ਜਿਸ ਵਿਚ ਵਕਫ ਬੋਰਡ ਦੇ ਅਫਸਰਾਂ / ਮੁਲਾਜ਼ਮਾਂ ਦੀ ਵੀ  ਕਿਤੇ ਭੂਮਿਕਾ ਹੁੰਦੀ ਹੈ। ਸਰਕਾਰ ਨੇ ਹੁਣ ਪੰਜ ਵਿਸ਼ੇਸ਼ ਟ੍ਰਿਬਿਊਨਲ ਬਣਾਏ ਹਨ ਤਾਂ ਜੋ ਵਕਫ ਪ੍ਰਾਪਰਟੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਵਕਫ ਐਕਟ 1995 ਜਿਸ ਵਿਚ ਸਾਲ 2013 ਵਿਚ ਸੋਧ ਕੀਤੀ ਗਈ ਹੈ, ਦੇ ਤਹਿਤ ਸਟੇਟ ਵਕਫ ਬੋਰਡਜ਼ ਨੂੰ ਵਕਫ ਸੰਪਤੀ ਦੀ ਰਖਵਾਲੀ ਅਤੇ ਕਬਜ਼ੇ ਹਟਾਉਣ ਦੇ ਅਧਿਕਾਰ ਦਿੱਤੇ ਗਏ ਹਨ। ਨਵੀਂ ਸੋਧ ਵਿਚ ਬੋਰਡਾਂ ਨੂੰ ਵਧੇਰੇ ਤਾਕਤੀ ਬਣਾਇਆ ਗਿਆ ਹੈ।
                 ਸੂਤਰ ਦੱਸਦੇ ਹਨ ਕਿ ਸਿਆਸੀ ਧਿਰਾਂ ਨਾਲ ਜੁੜੇ ਲੋਕਾਂ ਨੇ ਵੱਡੇ ਸ਼ਹਿਰਾਂ ਵਿਚ ਵਕਫ ਸੰਪਤੀਆਂ ’ਤੇ ਸ਼ੋਅ ਰੂਮ ਬਣਾ ਲਏ ਹਨ। ਪੰਜਾਬ ਭਰ ਚੋਂ ਕਰੀਬ 518 ਸੰਪਤੀਆਂ ਦੇ ਕੇਸ ਅਦਾਲਤਾਂ ਵਿਚ ਵੀ ਚੱਲ ਰਹੇ ਹਨ। ਏਦਾਂ ਦੇ ਮਾਮਲੇ ਵੀ ਹਨ ਜਦੋਂ ਕਿ ਕੋਈ ਕੇਸ ਵਕਫ ਬੋਰਡ ਹਾਰਦਾ ਹੈ ਤਾਂ ਉਸ ਦੀ ਅਪੀਲ ਕਰਨ ਤੋਂ ਅਧਿਕਾਰੀ ਪਾਸਾ ਵੱਟਦੇ ਹਨ। ਸਭ ਕੁਝ ਮਿਲੀਭੁਗਤ ਨਾਲ ਚੱਲਦਾ ਹੈ। ਅਸਲ ਵਿਚ ਇਹ ਵਕਫ ਸੰਪਤੀ ਮੁਸਲਿਮ ਭਾਈਚਾਰੇ ਦੇ ਭਲਾਈ ਕੰਮਾਂ ਵਾਸਤੇ ਰਾਖਵੀਂ ਰੱਖੀ ਗਈ ਸੀ ਜੋ ਬਟਵਾਰੇ ਵੇਲੇ ਅਣਕਲੇਮਿਡ ਰਹਿ ਗਈ ਸੀ।  ਕੇਂਦਰ ਅਤੇ ਪੰਜਾਬ ਸਰਕਾਰ ਖੁਦ ਵੀ ਇਸ ਮਾਮਲੇ ਵਿਚ ਪਿਛੇ ਨਹੀਂ ਹੈ। ਕਬਰਾਂ ’ਤੇ ਸਕੂਲ ਤੇ ਹਸਪਤਾਲ ਉਗੇ ਹਨ ਜਦੋਂ ਕਿ ਮਸਜਿਦਾਂ ਵਾਲੀ ਥਾਂ ’ਤੇ ਪੁਲੀਸ ਚੌਂਕੀਆਂ ਅਤੇ ਦਾਣਾ ਮੰਡੀਆਂ ਬਣ ਗਈਆਂ ਹਨ। ਬਠਿੰਡਾ ਵਿਚ ਖਾਨਗਾਹ ਵਾਲੀ ਜਗਾ ’ਤੇ ਸਲਾਟਰ ਹਾਊਸ ਬਣਿਆ ਹੈ। ਤਲਵੰਡੀ ਸਾਬੋ ਵਿਚ ਮਸਜਿਦ ਵਾਲੀ ਜਗ੍ਹਾ ’ਤੇ ਤਹਿਸੀਲਦਾਰ ਦਫਤਰ ਹੈ। ਕਪੂਰਥਲਾ ਵਿਚ ਮਸਜਿਦ ਵਾਲੀ ਜਗਾਂ ’ਤੇ ਸ਼ਾਪਿੰਗ ਕੰਪਲੈਕਸ ਹੈ ਜਦੋਂ ਕਿ ਬੁਢਲਾਡਾ ਵਿਚ ਕਬਰਾਂ ਵਾਲੀ ਥਾਂ ’ਤੇ ਬੱਸ ਸਟੈਂਡ ਬਣਿਆ ਹੈ। ਸੰਗਰੂਰ ਤੇ ਬਠਿੰਡਾ ਵਿਚ ਖੇਡ ਸਟੇਡੀਅਮ ਬਣਾ ਦਿੱਤਾ ਗਿਆ ਹੈ।
     ਬਠਿੰਡਾ ’ਚ ਕਬਰਾਂ ਵਾਲੀ ਥਾਂ ਤੇ ਹਾਕੀ ਦਾ ਮੈਦਾਨ ਹੈ। ਜਦੋਂ ਮੈਦਾਨ ਵਿਚ ਪਾਣੀ ਭਰ ਦਿੱਤਾ ਜਾਂਦਾ ਹੈ ਤਾਂ ਕਈ ਥਾਵਾਂ ਤੋਂ ਜਗ੍ਹਾ ਕਬਰਾਂ ਕਰਕੇ ਹੇਠਾਂ ਬੈਠ ਜਾਂਦੀ ਹੈ। ਦੂਸਰੀ ਤਰਫ ਮੁਸਲਿਮ ਭਾਈਚਾਰੇ ਕੋਲ ਕਬਰਸਤਾਨ ਵਾਸਤੇ ਵੀ ਜਗ੍ਹਾ ਨਹੀਂ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ 60 ਸਕੂਲ ਵਕਫ ਬੋਰਡ ਦੀ ਸੰਪਤੀ ’ਤੇ ਨਜਾਇਜ਼ ਕਬਜ਼ਾ ਕਰਕੇ ਬਣੇ ਹੋਏ ਹਨ। ਪੰਜਾਬ ਵਕਫ ਬੋਰਡ ਦੀ 16 ਨਵੰਬਰ ਨੂੰ ਹੀ ਮੀਟਿੰਗ ਹੋਈ ਹੈ ਅਤੇ ਇਨ੍ਹਾਂ ਮੀਟਿੰਗਾਂ ਵਿਚ ਮੁੱਦੇ ਵਿਚਾਰੇ ਜਾਂਦੇ ਹਨ ਪ੍ਰੰਤੂ ਹਕੀਕਤ ਕਿਧਰੇ ਦਿਖਦੀ ਨਹੀਂ ਹੈ। ਵਕਫ ਬੋਰਡ ਦੇ ਚੇਅਰਮੈਨ ਨੇ ਰੁਝੇਵੇਂ ਵਿਚ ਹੋਣ ਦੀ ਗੱਲ ਆਖੀ।
                        ਚੁਣੀ ਹੋਈ ਬਾਡੀ ਬਣੇ : ਖ਼ਾਨ
ਪੰਜਾਬ ਰਾਜਨੀਤੀ ਸਾਸਤਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬੀ ’ਵਰਸਿਟੀ ਦੇ ਸਾਬਕਾ ਡੀਨ ਡਾ. ਜਮਸ਼ੀਦ ਅਲੀ ਖ਼ਾਨ (ਸਾਬਕਾ ਪ੍ਰੋਫੈਸਰ) ਦਾ ਪ੍ਰਤੀਕਰਮ ਸੀ ਕਿ ਪੰਜਾਬ ’ਚ ਵਕਫ ਬੋਰਡ ਦੀ ਸੰਪਤੀ ਨੂੰ ਬਚਾਉਣ ਅਤੇ ਢੁਕਵੀਂ ਵਰਤੋਂ ਲਈ ਸ਼੍ਰੋਮਣੀ ਕਮੇਟੀ ਦੀ ਤਰਜ਼ ’ਤੇ ਵਕਫ ਬੋਰਡ ਦੀ ਚੁਣੇ ਹੀ ਬਾਡੀ ਬਣਨੀ ਚਾਹੀਦੀ ਹੈ। ਜੁਆਬਦੇਹੀ ਦੀ ਕਮੀ ਕਰਕੇ ਬੋਰਡ ਕਠਪੁਤਲੀ ਬਣ ਕੇ ਹੀ ਰਹਿ ਜਾਂਦਾ ਹੈ। ਬੋਰਡ ਦੇ ਅਫਸਰਾਂ/ਮੁਲਾਜ਼ਮਾਂ ਦੀ ਮਿਲੀਭੁਗਤ ਵਜੋਂ ਹੀ ਵਕਫ ਸੰਪਤੀ ਹੱਥੋਂ ਨਿਕਲੀ ਹੈ।
                           ਸਰਕਾਰਾਂ ਨੇ ਵੀ ਨੱਪੀ ਜ਼ਮੀਨ
ਸਰਕਾਰੀ ਤੇ ਪ੍ਰਾਈਵੇਟ ਨਜਾਇਜ਼ ਕਬਜ਼ੇ ਜੋੜੀਏ ਤਾਂ ਕਰੀਬ 10,864 ਸੰਪਤੀਆਂ ਨੱਪੀਆਂ ਹੋਈਆਂ ਹਨ। 235 ਸੰਪਤੀਆਂ ’ਤੇ ਰਾਜ ਸਰਕਾਰ ਅਤੇ 26 ਸੰਪਤੀਆਂ ’ਤੇ ਕੇਂਦਰ ਸਰਕਾਰ ਦੇ ਨਜਾਇਜ਼ ਕਬਜ਼ੇ ਹਨ। 198 ਪਿੰਡਾਂ ਵਿਚ ਗਰਾਮ ਪੰਚਾਇਤਾਂ ਦੇ ਕਬਜ਼ੇ ਹਨ। ਇਸੇ ਤਰ੍ਹਾਂ 1391 ਸੰਪਤੀਆਂ ’ਤੇ ਗੁਰਦੁਆਰੇ ਅਤੇ 144 ਥਾਵਾਂ ’ਤੇ ਮੰਦਰ ਬਣੇ ਹੋਏ ਹਨ। ਫਰੀਦਕੋਟ ਦੇ ਹਸਨ ਭੱਟੀ ਦੀ ਮਸਜਿਦ ਵਾਲੀ ਜਗ੍ਹਾ ’ਤੇ ਸਕੂਲ ਅਤੇ ਮੋਗਾ ਦੇ ਪਿੰਡ ਧੂਰਕੋਟ ਚੜ੍ਹਤ ਸਿੰਘ ਵਾਲਾ ’ਚ ਕਬਰਾਂ ’ਤੇ ਸੀਨੀਅਰ ਸੈਕੰਡਰੀ ਸਕੂਲ ਹੈ। ਸਮਾਨਾ ਵਿਚ ਸੀ.ਆਈ.ਏ ਸਟਾਫ ਦਾ ਦਫਤਰ ਅਤੇ ਰਾਜਪੁਰਾ ਵਿਚ ਪੁਲੀਸ ਚੌਂਕੀ ਬਣੀ ਹੋਈ ਹੈ।



Wednesday, June 7, 2017

                                  ਵਕਫ਼ ਜ਼ਮੀਨਾਂ
              ਪੰਜਾਬ 'ਚ ਕਬਰਾਂ ਤੇ ਬਣੇ ਸਕੂਲ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਕਰੀਬ ਢਾਈ ਸੌ ਕਬਰਾਂ 'ਤੇ ਸਕੂਲ ਕਾਲਜ ਬਣੇ ਹੋਏ ਹਨ ਜਿਨ•ਾਂ 'ਚ ਹੁਣ ਬੱਚੇ ਕਬਰਾਂ ਤੇ ਬੈਠ ਕੇ ਪੜ•ਦੇ ਹਨ। ਇਵੇਂ ਪੁਲੀਸ ਥਾਣੇ, ਰੈਸਟ ਹਾਊਸ ਤੇ ਸਟੇਡੀਅਮ ਵੀ ਇਨ•ਾਂ ਕਬਰਾਂ 'ਤੇ ਬਣੇ ਹੋਏ ਹਨ। ਪੰਜਾਬ 'ਚ ਵਕਫ ਬੋਰਡ ਦੀਆਂ ਕਰੀਬ 16 ਹਜ਼ਾਰ ਜਾਇਦਾਦਾਂ 'ਤੇ ਨਜਾਇਜ਼ ਕਬਜ਼ੇ ਹੋ ਚੁੱਕੇ ਹਨ ਜਿਨ•ਾਂ 'ਚ ਇਹ ਕਬਰਾਂ ਵੀ ਸ਼ਾਮਿਲ ਹਨ। ਭੌਂ ਮਾਫੀਏ ਲਈ ਮੁਸਲਿਮ ਭਾਈਚਾਰੇ ਦੀ ਇਹ ਸੰਪਤੀ ਸੋਨਾ ਬਣੀ ਹੋਈ ਹੈ ਜਿਨ•ਾਂ ਨੇ ਨਜਾਇਜ਼ ਕਬਜ਼ੇ ਕੇ ਕਲੋਨੀਆਂ ਵੀ ਕੱਟ ਦਿੱਤੀਆਂ ਹਨ। ਬਠਿੰਡਾ ਵਿਚ ਹੁਣ ਜਦੋਂ ਰਜਵਾਹਾ ਟੁੱਟਿਆ ਤਾਂ ਉਦੋਂ ਭੇਤ ਖੁੱਲ•ਾ ਕਿ ਪਾਣੀ 'ਚ ਡੁੱਬਣ ਵਾਲੀ ਕਲੋਨੀ ਤਾਂ ਵਕਫ ਬੋਰਡ ਦੀ ਜਾਇਦਾਦ 'ਤੇ ਬਣੀ ਹੋਈ ਸੀ। ਪੜਤਾਲ ਮਗਰੋਂ ਹੁਣ ਪੁਲੀਸ ਕਾਰਵਾਈ ਹੋਣ ਲੱਗੀ ਹੈ। ਬਠਿੰਡਾ 'ਚ ਗਣਪਤੀ ਕਲੋਨੀ ਦੇ ਪਿਛਵਾੜੇ ਜਦੋਂ ਰਜਵਾਹੇ ਦਾ ਪਾਣੀ ਭਰ ਗਿਆ ਤਾਂ ਕਬਰਾਂ ਬੈਠ ਗਈਆਂ। ਵੇਰਵਿਆਂ ਅਨੁਸਾਰ ਪੰਜਾਬ ਵਿਚ 90 ਸਕੂਲ ਤੇ ਕਾਲਜ ਇਸ ਵੇਲੇ ਕਬਰਾਂ 'ਤੇ ਨਜਾਇਜ਼ ਉਸਰੇ ਹੋਏ ਹਨ ਜਿਨ•ਾਂ ਚੋਂ ਕਿਸੇ ਦਾ ਕਬਜ਼ਾ ਹਟਾਇਆ ਨਹੀਂ ਜਾ ਸਕਿਆ ਹੈ। ਕਈ ਕਬਰਾਂ ਤੇ ਖਾਲਸਾ ਸਕੂਲ ਬਣ ਗਏ ਹਨ ਜਦੋਂ ਕਿ ਰਾਮਾਂ ਮੰਡੀ ਤੇ ਬੁਢਲਾਡਾ ਤੋਂ ਇਲਾਵਾ ਕੁਲਾਣਾ (ਮਾਨਸਾ) ਵਿਚ ਕਬਰਾਂ ਤੇ ਸਰਕਾਰੀ ਸਕੂਲ ਬਣੇ ਹੋਏ ਹਨ।
                           ਗੁਰਦਾਸਪੁਰ ਜ਼ਿਲ•ੇ ਵਿਚ 18 ਕਬਰਾਂ,ਅੰਮ੍ਰਿਤਸਰ 'ਚ 10 ਕਬਰਾਂ ਅਤੇ ਫਿਰੋਜ਼ਪੁਰ ਫਾਜਿਲਕਾ ਵਿਚ ਵੀ 10 ਕਬਰਾਂ ਤੇ ਸਕੂਲ ਕਾਲਜ ਬਣ ਗਏ ਹਨ। ਬੁਢਲਾਡਾ ਦਾ ਬੱਸ ਅੱਡਾ ਵੀ ਕਬਰਾਂ ਤੇ ਬਣਿਆ ਹੋਇਆ ਹੈ ਜਿਸ ਦਾ ਕੇਸ ਹਾਈਕੋਰਟ ਵਿਚ ਪੈਂਡਿੰਗ ਹੈ। ਮਾਲਵੇ 'ਚ 28 ਕਬਰਾਂ 'ਤੇ ਸਕੂਲ ਕਾਲਜਾਂ ਚੱਲ ਰਹੇ ਹਨ। ਬਠਿੰਡਾ ਵਿਚ ਤਾਂ ਨਰਸਿੰਗ ਟਰੇਨਿੰਗ ਸੈਂਟਰ ਅਤੇ ਜਲੰਧਰ ਜ਼ਿਲ•ੇ ਵਿਚ ਲੋਕ ਨਿਰਮਾਣ ਵਿਭਾਗ ਦਾ ਰੈਸਟ ਹਾਊਸ ਵੀ ਕਬਰਾਂ ਤੇ ਨਜਾਇਜ਼ ਬਣਿਆ ਹੋਇਆ ਹੈ। ਜਲੰਧਰ ਤੇ ਬਠਿੰਡਾ ਦੇ ਖੇਡ ਸਟੇਡੀਅਮ ਵੀ ਇਨ•ਾਂ ਕਬਰਾਂ ਤੇ ਬਣੇ ਹੋਏ ਹਨ ਜਿਨ•ਾਂ ਦੇ ਕੇਸ ਅਦਾਲਤਾਂ ਵਿਚ ਹਨ। ਹਠੂਰ ਅਤੇ ਢੋਲੇਵਾਲਾ ਦਾ ਪੁਲੀਸ ਥਾਣਾ,ਅੰਮ੍ਰਿਤਸਰ ਤੇ ਗੋਰਾਇਆ ਵਿਚ ਪੁਲੀਸ ਚੌਂਕੀ ਤੋਂ ਇਲਾਵਾ ਫਿਰੋਜ਼ੁਪਰ ਦੀ ਇੱਕ ਪੁਲੀਸ ਚੌਂਕੀ ਵੀ ਕਬਰਾਂ ਤੇ ਬਣੀ ਹੋਈ ਹੈ। ਬਠਿੰਡਾ ਵਿਚ ਇੱਕ ਪਟਵਾਰਖਾਨਾ ਵੀ ਕਬਰਾਂ ਤੇ ਬਣਾ ਦਿੱਤਾ ਗਿਆ ਹੈ।  ਮੁਸਲਿਮ ਭਾਈਚਾਰੇ ਦੀਆਂ ਮਸੀਤਾਂ,ਮਸਜਿਦਾਂ ਤੇ ਕਬਰਸਤਾਨਾਂ ਦੀ ਇਸ ਜਗ•ਾ ਤੋਂ ਨਜਾਇਜ਼ ਕਬਜ਼ਾ ਹਟਾਉਣਾ ਕਾਫੀ ਮੁਸ਼ਕਲ ਹੈ। ਪੰਜਾਬ 'ਚ ਸਭ ਤੋਂ ਵੱਧ ਜ਼ਿਲ•ਾ ਹੁਸ਼ਿਆਰਪੁਰ ਵਿਚ ਵਕਫ ਬੋਰਡ ਦੀਆਂ 3154 ਸੰਪਤੀਆਂ ਤੇ ਨਜਾਇਜ਼ ਕਬਜ਼ੇ ਹਨ ਜਦੋਂ ਕਿ ਫਿਰੋਜ਼ਪੁਰ ਵਿਚ 2304 ਸੰਪਤੀਆਂ ਤੇ ਕਬਜ਼ੇ ਕੀਤੇ ਹੋਏ ਹਨ।
                         ਇਸੇ ਤਰ•ਾਂ ਸੰਗਰੂਰ ਵਿਚ 349,ਜਲੰਧਰ ਵਿਚ 1114,ਅੰਮ੍ਰਿਤਸਰ ਵਿਚ 909,ਲੁਧਿਆਣਾ ਵਿਚ 1900,ਮਾਨਸਾ ਵਿਚ 73,ਮੁਕਤਸਰ ਵਿਚ 197,ਪਟਿਆਲਾ ਵਿਚ 180,ਬਠਿੰਡਾ ਵਿਚ 369 ਅਤੇ ਮੋਗਾ ਵਿਚ 430 ਸੰਪਤੀਆਂ 'ਤੇ ਨਜਾਇਜ਼ ਕਬਜ਼ੇ ਹਨ। ਸਿਆਸੀ ਰਸੂਖ ਵਾਲੇ ਬਹੁਤੇ ਲੋਕਾਂ ਨੇ ਵਕਫ ਬੋਰਡ ਨੂੰ ਸੰਨ• ਲਾਈ ਹੈ। ਗਿੱਦੜਬਹੇ ਦੇ ਅਕਾਲੀ ਕੌਂਸਲਰ ਨੇ ਵਕਫ ਜਾਇਦਾਦ ਤੇ ਬਠਿੰਡਾ ਵਿਚ ਕਲੋਨੀ ਕੱਟ ਦਿੱਤੀ ਹੈ। ਮੁਸਲਿਮ ਹਿਊਮਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਖਾਨ ਦਾ ਕਹਿਣਾ ਸੀ ਕਿ ਮੁਸਲਿਮ ਬਰਾਦਰੀ ਦੇ ਗਰੀਬ ਲੋਕ ਤਾਂ ਸੜਕਾਂ ਤੇ ਹਨ ਜਦੋਂ ਕਿ ਰਸੂਖਵਾਨਾਂ ਨੇ ਵਕਫ ਬੋਰਡ ਦੀ ਹਜਾਰਾਂ ਏਕੜ ਜ਼ਮੀਨ ਨੱਪ ਲਈ ਹੈ। ਗਰੀਬ ਮੁਸਲਿਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਅਤੇ ਤਕੜੇ ਲੋਕ ਹੀ ਇਸ ਭਾਈਚਾਰੇ ਦੀ ਜਾਇਦਾਦ ਨੂੰ ਛਕ ਰਹੇ ਹਨ। ਉਨ•ਾਂ ਕਰੁਪਸ਼ਨ ਦਾ ਬੋਲਬਾਲਾ ਹੋਣ ਦੀ ਗੱਲ ਵੀ ਆਖੀ ਅਤੇ ਵਕਫ ਬੋਰਡ ਦੇ ਅਫਸਰਾਂ ਦੀ ਮਿਲੀਭੁਗਤ ਦੱਸੀ।
                                            ਕਬਜ਼ੇ ਛੁਡਵਾ ਰਹੇ ਹਾਂ : ਲਤੀਫ ਅਹਿਮਦ
ਪੰਜਾਬ ਵਕਫ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਸ੍ਰੀ ਲਤੀਫ ਅਹਿਮਦ ਦਾ ਕਹਿਣਾ ਸੀ ਕਿ ਬੋਰਡ ਤਰਫੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਅਦਾਲਤਾਂ ਵਿਚ ਕੇਸ ਦਾਇਰ ਕੀਤੇ ਹੋਏ ਹਨ ਪ੍ਰੰਤੂ ਅਦਾਲਤੀ ਫੈਸਲਿਆਂ ਮਗਰੋਂ ਕਬਜ਼ੇ ਛੁਡਵਾਉਣ ਵਿਚ ਵੱਡੀ ਦਿੱਕਤ ਆ ਰਹੀ ਹੈ। ਉਨ•ਾਂ ਦੱਸਿਆ ਕਿ ਸਟਾਫ ਦੀ ਵੱਡੀ ਕਮੀ ਹੈ ਪ੍ਰੰਤੂ ਫਿਰ ਵੀ ਕਾਫੀ ਲੀਜ ਮਨੀ ਆ ਰਹੀ ਹੈ। ਇਸ ਮਾਮਲੇ ਤੇ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਹੈ। 

Thursday, May 24, 2012

                    ਕਿਆਮਤ ਦੇ ਦਿਨ
            ਕਬਰਾਂ 'ਤੇ ਉਘੇ ਸਕੂਲ
                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਹਲਕੇ ਵਿੱਚ ਕਬਰਾਂ 'ਤੇ ਸਕੂਲ ਤੇ ਮਸਜਿਦਾਂ ਵਾਲੀ ਥਾਂ 'ਤੇ ਸਿਹਤ ਕੇਂਦਰ ਚੱਲ ਰਹੇ ਹਨ। ਹੋਰ ਤਾਂ ਹੋਰ ਕਬਰਸਤਾਨਾਂ 'ਤੇ ਆਲੀਸ਼ਾਨ ਖੇਡ ਸਟੇਡੀਅਮ ਬਣਿਆ ਹੋਇਆ ਹੈ। ਮੁਸਲਮਾਨ ਭਾਈਚਾਰਾ ਆਪਣੀ ਜਾਇਦਾਦ ਮੰਗ ਰਿਹਾ ਹੈ ਪਰ ਉਨ੍ਹਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਹੀ ਨਹੀਂ। ਬਹੁਤੇ ਮਾਮਲੇ ਅਦਾਲਤਾਂ ਵਿੱਚ ਪਏ ਹਨ ਪਰ ਫਿਰ ਵੀ ਵਕਫ ਬੋਰਡ ਦੇ ਨਾਂ ਬੋਲਦੀ ਸੰਪਤੀ 'ਤੇ ਸਰਕਾਰੀ ਪੈਸਾ ਖਰਚ ਕੇ ਉਸਾਰੀ ਕੀਤੀ ਜਾ ਰਹੀ ਹੈ।ਖੇਡ ਸਟੇਡੀਅਮ 'ਚ ਤਾਂ ਹੁਣ ਵੀ ਕਬਰਾਂ ਵਾਲੀ ਥਾਂ ਹੇਠਾਂ ਧਸ ਜਾਂਦੀ। ਤਕਰੀਬਨ 50 ਵਰ੍ਹਿਆਂ ਤੋਂ ਵਕਫ ਬੋਰਡ ਦੀ ਜਾਇਦਾਦ 'ਤੇ ਕਬਜ਼ੇ ਚਲੇ ਆ ਰਹੇ ਹਨ। ਸ਼ਹਿਰ ਦੇ ਐਨ ਵਿਚਕਾਰ ਜਿਥੇ ਪੁਰਾਣੇ ਕਬਰਸਤਾਨ ਸਨ, ਉਥੇ ਹੁਣ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ਹਨ ਤੇ ਸਕੂਲ ਚੱਲ ਰਹੇ ਹਨ। ਬਠਿੰਡਾ ਤੇ ਮਾਨਸਾ ਜ਼ਿਲ੍ਹੇ 'ਚ ਵਕਫ ਬੋਰਡ ਦੀਆਂ 41 ਸੰਪਤੀਆਂ ਹਨ ਜਿਨ੍ਹਾਂ 'ਤੇ ਕਬਜ਼ੇ ਹੋਏ ਹਨ। ਸੰਸਦੀ ਹਲਕਾ ਬਠਿੰਡਾ ਵਿੱਚ ਅੱਠ ਕਬਰਸਤਾਨ ਹਨ ਜਿਨ੍ਹਾਂ 'ਤੇ ਹੁਣ ਸਕੂਲ-ਕਾਲਜ ਚੱਲ ਰਹੇ ਹਨ।
          ਵਕਫ ਬੋਰਡ ਦੀ ਕਬਰਸਤਾਨ ਦੀ 29 ਬਿਘੇ 11 ਬਿਸਵੇ ਜਗ੍ਹਾ ਖਸਰਾ ਨੰਬਰ 2468/2 ਤਹਿਤ ਹੈ ਜਿਸ 'ਤੇ ਹੁਣ ਬਹੁਮੰਤਵੀ ਖੇਡ ਸਟੇਡੀਅਮ ਬਣਿਆ ਹੋਇਆ ਹੈ। ਖੇਡ ਵਿਭਾਗ ਵੱਲੋਂ ਇਨ੍ਹਾਂ ਕਬਰਸਤਾਨਾਂ 'ਤੇ 1957 ਤੋਂ ਕਬਜ਼ਾ ਕੀਤਾ ਹੋਇਆ ਹੈ। ਵਕਫ ਬੋਰਡ ਨੇ 3 ਜਨਵਰੀ, 1998 ਨੂੰ ਪ੍ਰਵਾਨਗੀ ਲੈਣ ਮਗਰੋਂ ਇਸ ਜਗ੍ਹਾ ਦੇ ਕਬਜ਼ੇ ਲਈ ਅਦਾਲਤ ਵਿੱਚ ਪਟੀਸ਼ਨ ਪਾਈ ਸੀ। ਕਬਰਾਂ ਦੇ ਐਨ ਉਪਰ ਹਾਕੀ ਗਰਾਊਡ ਬਣਿਆ ਹੋਇਆ ਸੀ। ਸਟੇਡੀਅਮ ਦੇ ਐਨ ਨਾਲ ਕਬਰਾਂ ਵਾਲੀ 500 ਗਜ ਜਗ੍ਹਾ ਉਪਰ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਹੈ ਤੇ ਇਸ ਜਗ੍ਹਾ 'ਤੇ ਸਿੱਖਿਆ ਮਹਿਕਮੇ ਦਾ ਸਾਲ 1971 ਤੋਂ ਕਬਜ਼ਾ ਹੈ। ਲੜੀ ਨੰਬਰ 261 ਮਿਤੀ 7 ਅਗਸਤ,1971 ਦੇ ਨੋਟੀਫਿਕੇਸ਼ਨ ਮੁਤਾਬਕ ਇਹ ਜਗ੍ਹਾ ਵਕਫ ਬੋਰਡ ਦੇ ਨਾਂ ਹੈ। ਕਬਰਾਂ ਵਾਲੀ ਜਗ੍ਹਾ 'ਤੇ ਐਮ.ਐਸ.ਡੀ ਸਕੂਲ ਬਣਿਆ ਹੋਇਆ ਹੈ ਤੇ ਇਹ ਜਗ੍ਹਾ 6 ਬਿਘੇ 8 ਬਿਸਵੇ ਹੈ। ਸਾਲ 1962 ਤੋਂ ਇਸ ਅਦਾਰੇ ਦਾ ਵਕਫ ਬੋਰਡ ਦੀ ਜਗ੍ਹਾ 'ਤੇ ਕਬਜ਼ਾ ਹੈ। ਇਸੇ ਤਰ੍ਹਾਂ ਕਬਰਾਂ ਵਾਲੀ 1000 ਗਜ ਜਗ੍ਹਾ 'ਤੇ ਚਾਰ ਕਮਰਿਆਂ ਦਾ ਪਟਵਾਰ ਭਵਨ ਉਸਾਰ ਦਿੱਤਾ ਗਿਆ ਹੈ ਤੇ ਪਟਵਾਰ ਯੂਨੀਅਨ ਇਸ ਜਗ੍ਹਾ 'ਤੇ ਸਾਲ 1988 ਤੋਂ ਕਾਬਜ਼ ਹੈ।
           ਕਬਰਾਂ ਵਾਲੀ 3 ਬਿਘੇ 16 ਬਿਸਵੇ ਜਗ੍ਹਾ 'ਤੇ ਪੰਚਾਇਤ ਭਵਨ ਉਸਰਿਆ ਹੋਇਆ ਹੈ ਤੇ ਪੰਚਾਇਤ ਵਿਭਾਗ ਦਾ ਇਸ ਜਗ੍ਹਾ 'ਤੇ 1962 ਦਾ ਕਬਜ਼ਾ ਹੈ। ਵਕਫ ਬੋਰਡ ਨੇ 3 ਫਰਵਰੀ, 2002 ਨੂੰ ਇਸ ਦਾ ਕਬਜ਼ਾ ਲੈਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਸਨ ਪਰ ਪੰਚਾਇਤ ਵਿਭਾਗ ਨੇ ਇਹ ਜਗ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਸ ਤੋਂ ਇਲਾਵਾ ਨਗਰ ਨਿਗਮ ਬਠਿੰਡਾ ਨੇ ਵੀ ਕਬਰਾਂ ਵਾਲੀ ਜਗ੍ਹਾ 'ਤੇ ਦੋ ਕਮਰੇ ਪਾ ਕੇ ਟਿਊਬਵੈੱਲ ਲਾ ਲਏ ਹਨ ਤੇ ਇਸੇ ਤਰ੍ਹਾਂ ਕੁਸ਼ਟ ਆਸ਼ਰਮ ਵੀ ਕਬਰਾਂ ਵਾਲੀ ਥਾਂ 'ਤੇ ਹੀ ਬਣਿਆ ਹੋਇਆ ਹੈ। ਪਿੰਡ ਕੋਟਸ਼ਮੀਰ 'ਚ ਕਬਰਾਂ ਵਾਲੀ 1157 ਗਜ ਜਗ੍ਹਾ 'ਤੇ ਹੁਣ ਵੈਟਰਨਰੀ ਹਸਪਤਾਲ ਬਣਿਆ ਹੋਇਆ ਹੈ। ਪਿੰਡ ਰਾਮਾਂ ਵਿੱਚ ਕਬਰਾਂ ਵਾਲੀ 6 ਕਨਾਲ ਜਗ੍ਹਾ 'ਤੇ ਹੁਣ ਸਰਕਾਰੀ ਹਾਈ ਸਕੂਲ ਚੱਲ ਰਿਹਾ ਹੈ। ਬਠਿੰਡਾ ਦਾ ਪੁਰਾਣਾ ਸਰਕਾਰੀ ਰਜਿੰਦਰਾ ਕਾਲਜ ਵੀ ਵਕਫ ਬੋਰਡ ਦੀ ਜਾਇਦਾਦ 'ਤੇ ਬਣਿਆ ਹੋਇਆ ਹੈ। ਇਹ ਜਗ੍ਹਾ 223 ਕਨਾਲਾ 15 ਮਰਲੇ ਬਣਦੀ ਹੈ। ਡੀ.ਏ.ਕਾਲਜ ਵਾਲੀ ਜਗ੍ਹਾ ਵੀ ਵਕਫ ਬੋਰਡ ਦੀ ਹੈ। ਪਸ਼ੂ ਪਾਲਣ ਮਹਿਕਮਾ ਇਸ ਜਗ੍ਹਾ 'ਤੇ ਸਾਲ 1962 ਦਾ ਕਾਬਜ਼ ਹੈ। ਪਿੰਡਾਂ 'ਚ  ਪੁਰਾਣੀਆਂ ਮਸਜਿਦਾਂ 'ਤੇ ਵੀ ਹੁਣ ਸਰਕਾਰੀ ਦਫਤਰ ਬਣ ਗਏ ਹਨ। ਪਿੰਡ ਦਿਆਲਪੁਰਾ ਵਿੱਚ ਮਸਜਿਦ ਵਾਲੀ 2475 ਗਜ ਜਗ੍ਹਾ 'ਤੇ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ ਤੇ ਸਾਲ 1962 ਤੋਂ ਇੱਥੇ ਸਿੱਖਿਆ ਮਹਿਕਮੇ ਦਾ ਕਬਜ਼ਾ ਹੈ। ਪਿੰਡ ਪੂਹਲਾ ਵਿੱਚ ਮਸਜਿਦ ਵਾਲੀ 1753 ਗਜ ਜਗ੍ਹਾ 'ਤੇ ਪਟਵਾਰ ਖਾਨਾ ਚੱਲ ਰਿਹਾ ਹੈ। ਇਸੇ ਤਰ੍ਹਾਂ ਪਿੰਡ ਨਥਾਣਾ ਵਿੱਚ ਮਸਜਿਦ ਵਾਲੀ 857 ਗਜ ਜਗ੍ਹਾ 'ਤੇ ਪਾਵਰਕੌਮ ਦਾ ਦਫਤਰ ਚੱਲ ਰਿਹਾ ਹੈ। ਪਿੰਡ ਹਾਕਮ ਸਿੰਘ ਵਾਲਾ ਵਿੱਚ 1671 ਗਜ ਜਗ੍ਹਾ ਮਸਜਿਦ ਦੀ ਹੈ ਜਿਸ 'ਤੇ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ। ਪਿੰਡ ਕੋਠਾ ਗੁਰੂ ਵਿੱਚ ਵੀ ਮਸਜਿਦ ਵਾਲੀ 1260 ਗਜ ਜਗ੍ਹਾ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ। ਇਨ੍ਹਾਂ 'ਚੋਂ ਕੁਝ ਕੇਸਾਂ ਵਿੱਚ ਪਿਛਲੇ ਸਮੇਂ ਦੌਰਾਨ ਫੈਸਲੇ ਵੀ ਹੋਏ ਹਨ ਪਰ ਬਹੁਤੇ ਮਾਮਲਿਆਂ ਵਿੱਚ ਹਾਲੇ ਵੀ ਨਾਜਾਇਜ਼ ਕਬਜ਼ੇ ਹੀ ਚੱਲੇ ਆ ਰਹੇ ਹਨ।
                                                    ਢਿੱਲਾ ਚੱਲ ਰਿਹੈ ਵਕਫ਼ ਬੋਰਡ
ਪੰਜਾਬ ਵਕਫ ਬੋਰਡ ਆਪਣੀ ਸੰਪਤੀ ਦੇ ਮਾਮਲੇ ਵਿੱਚ ਢਿੱਲਾ ਚੱਲ ਰਿਹਾ ਹੈ। ਹਾਲਾਂਕਿ ਸਮੇਂ-ਸਮੇਂ 'ਤੇ ਵਕਫ ਬੋਰਡ ਵੱਲੋਂ ਗ੍ਰਹਿ ਮੰਤਰਾਲੇ ਨੂੰ ਵੀ ਇਨ੍ਹਾਂ ਜਾਇਦਾਦਾਂ ਦੀ ਸੂਚੀ ਭੇਜੀ ਗਈ ਹੈ ਪਰ ਵਕਫ ਬੋਰਡ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੱਢ ਸਕਿਆ। ਵਕਫ ਬੋਰਡ ਦੀ ਕਾਫੀ ਜਗ੍ਹਾ ਪ੍ਰਾਈਵੇਟ ਵਿਅਕਤੀਆਂ ਦੇ ਕਬਜ਼ੇ ਹੇਠ ਵੀ ਹੈ। ਪੰਜਾਬ ਸਰਕਾਰ ਵੀ ਵਕਫ ਬੋਰਡ ਦੀ ਥਾਂ 'ਤੇ ਬਣੇ ਅਦਾਰਿਆਂ ਦੀ ਪੱਕੀ ਮਾਲਕੀ ਕਰਨ ਵਾਸਤੇ ਕੋਈ ਸਥਾਈ ਹੱਲ ਨਹੀਂ ਕੱਢ ਸਕੀ। ਵਕਫ ਬੋਰਡ ਦੇ ਕਾਰਜਸਾਧਕ ਅਫਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਸੂਤਰ ਆਖਦੇ ਹਨ ਕਿ ਸਰਕਾਰ ਤੇ ਵਕਫ ਬੋਰਡ ਮਿਲ ਕੇ ਇਸ ਸੰਪਤੀ ਦੇ ਪੱਕੇ ਹੱਲ ਬਾਰੇ ਸੋਚੇ।