ਸਨਅਤੀ ਪਲਾਟ ਘਪਲਾ ਈ ਡੀ ਜਾਂਚ ’ਚ ਵੱਡੀਆਂ ਹਸਤੀਆਂ ਦੀ ਗੂੰਜਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ’ਚ ਉਦਯੋਗਿਕ ਪਲਾਟਾਂ ਦੀ ਵਰਤੋਂ ’ਚ ਤਬਦੀਲੀ (ਸੀ ਐੱਲ ਯੂ) ਤੇ ਉਨ੍ਹਾਂ ਨੂੰ ਹੋਰਨਾਂ ਕੰਮਾਂ ਲਈ ਵਰਤਣ ਦੇ ਕਥਿਤ ਘੁਟਾਲੇ ਦੀ ਜਾਂਚ ਦੌਰਾਨ ਵੱਡੇ ਉਦਯੋਗਿਕ ਘਰਾਣਿਆਂ ਅਤੇ ਇੱਕ ਉੱਚ ਪੱਧਰੀ ਸਿਆਸੀ ਅਧਿਕਾਰੀ ਦੇ ਨਾਲ ਜੁੜੇ ਵਿਅਕਤੀਆਂ ਦੇ ਨਾਮ ਦੀ ਗੂੰਜ ਪਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਰਮਿਆਨ ਸਨਅਤੀ ਪਲਾਟਾਂ ਦੀ ਅਲਾਟਮੈਂਟ ਦੇ ਘਪਲੇ ਨੂੰ ਲੈ ਕੇ ਮੁਹਾਲੀ, ਲੁਧਿਆਣਾ ਤੇ ਚੰਡੀਗੜ੍ਹ ’ਚ ਮੌਜੂਦਾ ਤੇ ਸਾਬਕਾ ਉੱਚ ਅਫ਼ਸਰਾਂ ਤੋਂ ਇਲਾਵਾ ਕੁਝ ਪ੍ਰਾਪਰਟੀ ਡੀਲਰਾਂ ਨਾਲ ਜੁੜੇ ਦਰਜਨ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।
ਈ ਡੀ ਦੀ ਤਾਜ਼ਾ ਕਾਰਵਾਈ ਦਾ ਸੇਕ ਹੁਣ ਲੁਧਿਆਣਾ ਦੇ ਵੱਡੇ ਸਨਅਤੀ ਘਰਾਣਿਆਂ ਤੱਕ ਵੀ ਜਾ ਪਹੁੰਚਿਆ ਹੈ। ਸੰਘੀ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਲੁਧਿਆਣਾ ’ਚ ਅਲਾਟ ਕੀਤੇ ਉਦਯੋਗਿਕ ਪਲਾਟਾਂ ਦੀ ਵਰਤੋਂ ’ਚ ਤਬਦੀਲੀ (ਸੀ ਐੱਲ ਯੂ) ਅਤੇ ਇਸ ਦੀ ਗ਼ਲਤ ਵਰਤੋਂ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਨ੍ਹਾਂ ਪਲਾਟਾਂ ਨਾਲ ਜੁੜੇ ਰੀਅਲ ਅਸਟੇਟ ਡਿਵੈਲਪਰਾਂ ’ਚ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ, ਹੀਰੋ ਸਾਈਕਲਜ਼, ਵਰਧਮਾਨ ਅਮਰਾਂਤੇ ਅਤੇ ਨਾਹਰ ਗਰੁੱਪ ਸ਼ਾਮਲ ਹਨ। ਇਨ੍ਹਾਂ ਡਿਵੈਲਪਰਾਂ ’ਤੇ ਕਥਿਤ ਤੌਰ ’ਤੇ ਉਦਯੋਗਿਕ ਪਲਾਟਾਂ ਨੂੰ ਰਿਹਾਇਸ਼ੀ ਵਰਤੋਂ ’ਚ ਤਬਦੀਲ ਕਰਨ ਦਾ ਇਲਜ਼ਾਮ ਹੈ।
ਸੰਘੀ ਏਜੰਸੀ ਦੇ ਅਧਿਕਾਰੀ ਆਖਦੇ ਹਨ ਕਿ ਬੇਸ਼ੱਕ ਉਦਯੋਗਿਕ ਮੰਤਵ ਲਈ ਜ਼ਮੀਨ ਰਿਆਇਤੀ ਦਰਾਂ ’ਤੇ ਪ੍ਰਾਪਤ ਕੀਤੀ ਪ੍ਰੰਤੂ ਆਖ਼ਰੀ ਖ਼ਰੀਦਦਾਰਾਂ ਨੂੰ ਇਸ ਦਾ ਕੋਈ ਲਾਭ ਨਹੀਂ ਦਿੱਤਾ ਗਿਆ। ਈ ਡੀ ਵੱਲੋਂ ਕਾਰਪੋਰੇਸ਼ਨ ਦੇ ਕੁਝ ਪਲਾਟਾਂ ਨੂੰ ਨਿਤਿਨ ਗੋਹਲ ਅਤੇ ਬੀਰ ਦਵਿੰਦਰ ਨੂੰ ਤਬਦੀਲ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੋਵੇਂ ਨੂੰ ਮੁੱਖ ਮੰਤਰੀ ਦਫਤਰ ਦੇ ਇੱਕ ਉੱਚ ਪੱਧਰੀ ਸਿਆਸੀ ਅਧਿਕਾਰੀ ਦੇ ਨੇੜਲੇ ਦੱਸਿਆ ਜਾ ਰਿਹਾ ਹੈ।
ਈ ਡੀ ਦੀਆਂ ਟੀਮਾਂ ਨੇ ਮਨੀ ਲਾਂਡਰਿੰਗ ਮਾਮਲੇ ’ਚ ਅੱਜ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਮੌਜੂਦਾ ਕਾਰਜਕਾਰੀ ਨਿਰਦੇਸ਼ਕ ਭਾਈ ਸੁਖਦੀਪ ਸਿੰਘ, ਸੇਵਾ ਮੁਕਤ ਚੀਫ਼ ਜਨਰਲ ਮੈਨੇਜਰ ਸੁਰਿੰਦਰ ਪਾਲ ਸਿੰਘ, ਸੇਵਾ ਮੁਕਤ ਜਨਰਲ ਮੈਨੇਜਰ ਜਸਵਿੰਦਰ ਸਿੰਘ ਰੰਧਾਵਾ ਅਤੇ ਸੇਵਾ ਮੁਕਤ ਉਪ ਮੰਡਲ ਇੰਜੀਨੀਅਰ ਸਵਤੇਜ ਸਿੰਘ ਤੋਂ ਇਲਾਵਾ ਹੋਰ ਅਧਿਕਾਰੀਆਂ ਤੇ ਪ੍ਰਾਈਵੇਟ ਡੀਲਰਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਈ ਡੀ ਟੀਮ ਨੇ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ’ਚ ਪਹੁੰਚ ਕੇ ਇਸ ਬਾਬਤ ਰਿਕਾਰਡ ਵੀ ਤਲਬ ਕੀਤਾ ।
ਅਹਿਮ ਸੂਤਰਾਂ ਅਨੁਸਾਰ ਸੰਘੀ ਏਜੰਸੀ ਵੱਲੋਂ 2012 ਤੋਂ ਮੋਹਾਲੀ ਅਤੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਦਰਜਨ ਉਦਯੋਗਿਕ ਪਲਾਟਾਂ ਦੀ ਕਥਿਤ ਧੋਖਾਧੜੀ ਵਾਲੀ ਅਲਾਟਮੈਂਟ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਵੱਲੋਂ 6 ਮਾਰਚ 2024 ’ਚ ਦਰਜ ਕੀਤੀ ਐੱਫ਼ ਆਈ ਆਰ (ਨੰਬਰ ਚਾਰ) ਦੇ ਅਧਾਰ ’ਤੇ ਹੀ ਹੁਣ ਈ ਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਇਲਜ਼ਾਮ ਸਨ ਕਿ ਕਾਰਪੋਰੇਸ਼ਨ ਦੇ ਉੱਚ ਅਫ਼ਸਰਾਂ ਨੂੰ ਫ਼ਾਇਦਾ ਦੇਣ ਲਈ ਪਲਾਟਾਂ ਦੀ ਅਲਾਟਮੈਂਟ ਕੀਤੀ ਗਈ ਸੀ।
ਕਾਰਪੋਰੇਸ਼ਨ ਦੇ ਅਧਿਕਾਰੀਆਂ ’ਤੇ ਦੋਸ਼ ਹਨ ਕਿ ਉਨ੍ਹਾਂ ਨੇ ਕਾਰੋਬਾਰੀ ਲੋਕਾਂ ਨਾਲ ਮਿਲ ਕੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਨਾਮ ’ਤੇ ਸਨਅਤੀ ਪਲਾਟ ਅਲਾਟ ਕੀਤੇ। ਈ ਡੀ ਵੱਲੋਂ ਇਸ ਗੱਠਜੋੜ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕੀਮਤੀ ਸਨਅਤੀ ਜ਼ਮੀਨ ਨੂੰ ਘੱਟ ਕੀਮਤ ’ਤੇ ਹਥਿਆਇਆ ਹੈ। ਅਧਿਕਾਰੀ ਦੱਸਦੇ ਹਨ ਕਿ ਪ੍ਰਾਈਵੇਟ ਵਿਅਕਤੀਆਂ ਨੇ ਸਨਅਤੀ ਪਲਾਟਾਂ ਲਈ ਅਰਜ਼ੀ ਦੇਣ ਵੇਲੇ ਫ਼ਰਜ਼ੀ ਫ਼ਰਮਾਂ ਅਤੇ ਫ਼ਰਜ਼ੀ ਪਤਿਆ ਦੀ ਵਰਤੋਂ ਕੀਤੀ।
ਤਰੀਕਾਕਾਰ ਇਹ ਰਿਹਾ ਕਿ ਪਲਾਟ ਨਵੇਂ ਅਲਾਟੀ ਨੂੰ ਮਾਰਕੀਟ ਰੇਟ ’ਤੇ ਵੇਚ ਦਿੱਤੇ ਜਾਂਦੇ ਸਨ ਪਰ ਕਾਰਪੋਰੇਸ਼ਨ ਦੇ ਰਿਕਾਰਡ ’ਚ ਇਨ੍ਹਾਂ ਪਲਾਟਾਂ ਨੂੰ ਪੁਰਾਣੀਆਂ ਅਲਾਟਮੈਂਟ ਦਰਾਂ ’ਤੇ ਹੀ ਤਬਦੀਲ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗਿਆ ਅਤੇ ਅਲਾਟੀਆਂ ਨੂੰ ਨਜਾਇਜ਼ ਲਾਭ ਮਿਲਿਆ।
ਈ ਡੀ ਨੇ ਮੁਹਾਲੀ ਦੀ ਮੈਸਰਜ਼ ਆਈਕੋਨਿਕ ਸਪੇਸ ਕਰੀਏਟਰ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕੰਪਨੀ ਨੂੰ ਫ਼ਾਇਦਾ ਪਹੁੰਚਾਉਣ ਲਈ ਨਿਲਾਮੀ ਦੀਆਂ ਸ਼ਰਤਾਂ ਕਿਵੇਂ ਤਬਦੀਲ ਕੀਤੀਆਂ ਗਈਆਂ। ਜਾਂਚ ’ਚ ਸਾਹਮਣੇ ਆਇਆ ਕਿ ਇਸ ਕੰਪਨੀ ਦੇ ਇੱਕ ਭਾਈਵਾਲ ਨੇ ਇੱਕ ਵੀ ਆਈ ਪੀ ਗੱਡੀ ਦਾ ਫੈਂਸੀ ਨੰਬਰ ਖ਼ਰੀਦਿਆ ਸੀ, ਜੋ ਕਾਰਪੋਰੇਸ਼ਨ ਦਾ ਮੌਜੂਦਾ ਕਾਰਜਕਾਰੀ ਨਿਰਦੇਸ਼ਕ ਵਰਤ ਰਿਹਾ ਹੈ।
ਕੇਂਦਰੀ ਏਜੰਸੀ ਦੇ ਅਧਿਕਾਰੀ ਦੋਸ਼ ਲਾ ਰਹੇ ਹਨ ਕਿ ਜਸਵਿੰਦਰ ਸਿੰਘ ਨੇ ਆਪਣੇ ਇੱਕ ਕਰੀਬੀ ਸਾਥੀ ਤੋਂ ਇੱਕ ਉਦਯੋਗਪਤੀ ਨੂੰ ਪਲਾਟ ਤਬਦੀਲ ਕਰਨ ’ਚ ਮਦਦ ਕਰਨ ਬਦਲੇ ਦੋ ਕਰੋੜ ਦੀ ਕਥਿਤ ਰਿਸ਼ਵਤ ਲਈ ਸੀ। ਸਵਤੇਜ ਸਿੰਘ ਅਤੇ ਜਸਵਿੰਦਰ ਸਿੰਘ ਰੰਧਾਵਾ ਨੇ ਆਪਣੇ ਕਰੀਬੀ ਸਾਥੀਆਂ ਦੇ ਨਾਂ ’ਤੇ ਪਲਾਟ ਖਰੀਦੇ ਅਤੇ ਉਨ੍ਹਾਂ ਨੂੰ ਬਾਅਦ ’ਚ ਮਾਰਕੀਟ ਕੀਮਤ ’ਤੇ ਵੇਚ ਦਿੱਤਾ ਜਦੋਂ ਕਿ ਕਾਰਪੋਰੇਸ਼ਨ ਕੋਲ ਸਿਰਫ਼ ਪੁਰਾਣੀਆਂ ਅਲਾਟਮੈਂਟ ਦਰਾਂ ਹੀ ਜਮ੍ਹਾਂ ਕਰਵਾਈਆਂ।
ਚਰਚੇ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ’ਤੇ ਹੱਲੇ ਵਧਾਏ ਹੋਏ ਹਨ ਜਿਸ ਕਰਕੇ ਸੰਘੀ ਏਜੰਸੀਆਂ ਦੀ ਸਰਗਰਮੀ ਵੀ ਆਉਂਦੇ ਦਿਨਾਂ ’ਚ ਹੋਰ ਵੀ ਤੇਜ਼ ਹੋ ਸਕਦੀ ਹੈ।
ਭਾਜਪਾ ਬਦਲਾਖੋਰੀ ਦੇ ਰਾਹ ਪਈ : ‘ਆਪ’
ਆਮ ਆਦਮੀ ਪਾਰਟੀ ਨੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ’ਤੇ ਈ ਡੀ ਦੀ ਛਾਪੇਮਾਰੀ ਦੇ ਹਵਾਲੇ ਨਾਲ ਕਿਹਾ ਕਿ ਜੰਤਰ ਮੰਤਰ ’ਤੇ ਹੋਏ ਪ੍ਰਦਰਸ਼ਨ ਤੋਂ ਘਬਰਾਈ ‘ਈ ਡੀ ਪਾਰਟੀ’ (ਭਾਜਪਾ) ਨੇ ਹੁਣ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਅਤੇ ਵਿਰੋਧੀਆਂ ਖ਼ਿਲਾਫ਼ ਸਿਆਸੀ ਬਦਲਾਖੋਰੀ ਦਾ ਰਾਹ ਚੁਣਿਆ ਹੈ। ‘ਆਪ’ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਜਰੀਏ ਜਾਂਚ ਕਰਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਕੋਈ ਸਬੂਤ ਲੱਭਣ ’ਚ ਅਸਫਲ ਰਹੀ ਭਾਜਪਾ ਹੁਣ ਮੁੱਖ ਮੰਤਰੀ ਨਾਲ ਜੁੜੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਬਦਨਾਮ ਕਰਾਉਣ ’ਤੇ ਉਤਾਰੂ ਹੋ ਗਈ ਹੈ ਜੋ ਇੱਕ ਨਿਰਾਸ਼ਾਜਨਕ ਕੋਸ਼ਿਸ਼ ਤੋਂ ਵੱਧ ਕੁੱਝ ਨਹੀਂ। ‘ਆਪ’ ਨੇ ਭਾਜਪਾ ਦੀ ਬਦਲਾਖੋਰੀ ਵਾਲੀ ਸਿਆਸਤ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਤੇ ਲੋਕ ਸਾਫ਼ ਦੇਖ ਰਹੇ ਹਨ ਕਿ ਭਾਜਪਾ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ।
.jpg)
No comments:
Post a Comment