Sunday, February 24, 2019

                                                            ਵਿਚਲੀ ਗੱਲ 
                        ਤੇਰਾ ਇਮਾਨ, ਕਰੇ ਪ੍ਰੇਸ਼ਾਨ, ਆ ਮਿਲ ਸੱਜਣ ਪਿਆਰੇ !
                                                           ਚਰਨਜੀਤ ਭੁੱਲਰ
ਬਠਿੰਡਾ : ਏਸ ਮੰਤਰੀ ਦੇ ਤਾਂ ਵਾਰੇ ਵਾਰੇ ਜਾਣ ਨੂੰ ਦਿਲ ਕਰਦੈ। ਮੰਤਰੀ ਨੇ ਨਵੇਂ ਮੁਲਾਜ਼ਮਾਂ ਨੂੰ ਨੌਕਰੀ ਦੇ ਗੁਰ ਏਨੀ ਪ੍ਰੀਤ ਨਾਲ ਦੱਸੇ ਕਿ ਉਹ ਬਾਗੋ ਬਾਗ ਹੋ ਗਏ। ਆਖਣ ਲੱਗੇ, ਸੁਣੋ ਇੱਕ ਇਮਾਨਦਾਰ ਅਫ਼ਸਰ ਦੀ ਗੱਲ। ਉਸ ’ਤੇ ਈਮਾਨ ਦਾ ਏਡਾ ਭੂਤ ਸਵਾਰ ਕਿ ਕਿਸੇ ਲੀਡਰ ਦੀ ਗੱਲ ਹੀ ਨਾ ਸੁਣੇ। ਜਦੋਂ ਪੰਜਾਬ ਦੀ ਹੱਦ ਟਪਾ ’ਤਾ, ਉਦੋਂ ਆਈ ਨਾਨੀ ਚੇਤੇ। ਫਿਰ ਕੱਢੇ ਲੇਲ੍ਹੜੀਆਂ ‘ਸਾਹਬ, ਬਦਲੀ ਨੇੜੇ ਦੀ ਕਰ ਦਿਓ।’ ਵਜ਼ੀਰ ਨੇ ਚੋਭ ਲਾਈ, ‘ਥੋਨੂੰ ਇਮਾਨਦਾਰਾਂ ਨੂੰ ਕੀ ਫਰਕ ਪੈਂਦੇ ਦੂਰ ਨੇੜੇ ਦਾ।’ ਮੰਤਰੀ ਨੇ ‘ਰੱਖੋ ਇਮਾਨਦਾਰੀ, ਸਾਡੇ ਕੰਮ ਤਾਂ ਕਰੋ’ ਆਖ ਕੇ ਸਮਾਗਮੀ ਭਾਸ਼ਨ ਖ਼ਤਮ ਕਰ ਦਿੱਤਾ। ਤੁਸੀਂ ਦੱਸੋ, ਮੰਤਰੀ ਦਾ ਇਸ ‘ਚ ਕੀ ਗੁਨਾਹ। ‘ਧੀਏ ਗੱਲ ਸੁਣ, ਨੂੰਹੇ ਕੰਨ ਕਰ’, ਮੰਤਰੀ ਦਾ ਇਸ਼ਾਰਾ ਕਿਤੇ ਹੋਰ ਸੀ। ਜਦੋਂ ਆਵਾ ਊਤਦੈ, ਫਿਰ ਹਰ ਮੰਤਰੀ ਸੰਤਰੀ ਲਈ ਈਮਾਨ ਕੰਡਾ ਬਣਦਾ ਹੈ। ਇਕੱਲਾ ਚੌਕੀਦਾਰ ਹੀ ਚੋਰ ਨਹੀਂ, ਚੁੱਪ ਹੀ ਭਲੀ ਹੈ। ਭਾਰਤ ਨੂੰ ਹੁਣ ਬੇਈਮਾਨੀ ਦਾ ਕੰਬਲ ਨਹੀਂ ਛੱਡਦਾ। ਗੱਲ ਇੰਗਲੈਂਡ ਤੋਂ 1948 ‘ਚ ਖ਼ਰੀਦੀਆਂ ਜੀਪਾਂ ਦੇ ਘਪਲੇ ਤੋਂ ਸ਼ੁਰੂ ਹੋਈ, ਰਾਫਾਲ ਤੱਕ ਐਵੇਂ ਨਹੀਂ ਪੁੱਜੀ। ਹੁਣ ਤਾਂ ਲੀਡਰਾਂ ‘ਚੋਂ ਪਾਰਖੂ ਲੋਕਾਂ ਨੂੰ ਗ਼ਜ਼ਨੀ ਤੇ ਅਬਦਾਲੀ ਦੀ ਰੂਹ ਦਿੱਖਦੀ ਹੈ। ਹਰਦੇਵ ਅਰਸ਼ੀ ਨੇ ਗੱਲ ਸੋਲ੍ਹਾਂ ਆਨੇ ਸੱਚ ਆਖੀ ‘ਕਾਮਰੇਡ ਕੀ ਕਰਨ, ਸਿਆਸਤ ‘ਚ ਤਾਂ ਵਪਾਰੀ ਆ ਵੜੇ।’ ਕਾਂਗਰਸੀ ਦਸ ਵਰ੍ਹਿਆਂ ਮਗਰੋਂ ਆਏ ਨੇ। ਬੜਾ ਲੰਮਾ ਸੋਕਾ ਝੱਲਿਆ। ਕਈ ਬਾਹਰੋਂ ਬੀਬੇ ਰਾਣੇ ਨੇ, ਅੰਦਰੋਂ ਮਾਇਆ ਨੂੰ ਜ਼ਰਬਾਂ ਦੇ ਰਹੇ ਹਨ। ਇੱਕ ਕਾਹਲੇ ਦੀ ਕੁਰਸੀ ਤਾਂ ਇੱਕ ਖ਼ਾਨਸਾਮਾ ਹੀ ਲੈ ਬੈਠਾ।
                  ਕੈਪਟਨ ਦਾ ਐਤਕੀਂ ਖੂੰਡਾ ਗੁਆਚਿਆ ਲੱਗਦੈ। ਸਿੰਜਾਈ ਘਪਲੇ ਵਾਲਾ ਭਾਪਾ ਤਾਂ ਅੰਦਰ ਕਰਤਾ, ‘ਪਿਉ ਦਾਦੇ‘ ਬਚੇ ਹੋਏ ਨੇ। ਇਵੇਂ ‘ਭਲਵਾਨ‘ ਨੂੰ ਤਾਂ ਲੋਟਣੀ ਲਵਾਤੀ, ਉਸਤਾਦਾਂ ਨੂੰ ਹੱਥ ਨਹੀਂ ਦਿਖਾਏ। ਸਰਕਾਰ ਬਣਨ ਮਗਰੋਂ ਇੱਕ ਅੱਧਾ ਕੋਲਾ ਤਪਾ ਕੇ ਹੀ ਸਾਰ ਦਿੱਤਾ। ਸਾਬਕਾ ਮੰਤਰੀ ਨੂੰ ਹੱਥ ਪਾਉਣ ਦਾ ਇਰਾਦਾ ਵੀ ਬਦਲ ਗਿਆ। ਇੱਕ ਸਾਬਕਾ ਮੰਤਰੀ ਦੇ ਭੇਤੀ ਨੇ ਦੱਸਿਆ ਕਿ ‘ਸਾਹਿਬ ਦੀ ਜਾਇਦਾਦ ਦਾ ਪਤਾ ਨਹੀਂ ਪਰ ਰਜਿਸਟਰੀਆਂ ਦੀਆਂ ਤਿੰਨ ਬੋਰੀਆਂ ਭਰੀਆਂ ਪਈਆਂ ਨੇ।‘ ਚੋਣ ਕਮਿਸ਼ਨ ਨੇ ਚੰਗਾ ਕੀਤਾ ਕਿ ਚਿੱਟੇ ਧੰਨ ਦਾ ਚੋਣਾਂ ਵੇਲੇ ਖੁਲਾਸਾ ਕਰਨਾ ਪੈਂਦੇ। ਸਵਿੱਸ ਬੈਂਕਾਂ ਨਾਲ ਗੱਲ ਹੋ ਗਈ, ਚੌਕੀਦਾਰ ਨੂੰ ਇੱਕ ਮੌਕਾ ਹੋਰ ਦਿਓਗੇ ਤਾਂ ‘ਕਾਲਾ ਧੰਨ‘ ਵੀ ਆ ਜਾਊ। ਹੁਣ ਵੋਟਾਂ ਦੀ ਨਹੀਂ, ਨੋਟਾਂ ਦੀ ਤਾਕਤ ਦੇਖਿਓ। ਘਾਹੀ ਵੇਲੇ ਸਿਰ ਚਲੇ ਜਾਣ ਕਿਤੇ ਉਨ੍ਹਾਂ ਦੀ ਵੋਟ ਕੋਈ ਹੋਰ ਹੀ ਨਾ ਪਾ ਜਾਏ। ਅਗਲਿਆਂ ਨੇ ਤਾਂ ਤਾਬੂਤ ਨਹੀਂ ਬਖ਼ਸ਼ੇ, ਅੰਨਾ ਹਜ਼ਾਰੇ ਕੀ ਭਾਲਦੈ। ਯੂਪੀ ਸਰਕਾਰ ਨੇ ਹੁਣੇ ਸਿਵਿਆਂ ਦੀ ਪੜਤਾਲ ਕਰਾਈ। ਕਿਤੇ ਸਿਵਿਆਂ ਦੀਆਂ ਕੰੰਧਾਂ ‘ਚ ਘਪਲਾ ਤੇ ਕਿਤੇ ਅੰਗੀਠਿਆਂ ‘ਚ। ਕਮਾਲ ਦੇਖੋ, ਮਾਇਆਵਤੀ ਦੇ ਹਾਥੀ ਦਾ ਮੁੱਲ 5 ਲੱਖ, ਲਵਾਈ 47 ਲੱਖ। ਚੌਟਾਲਾ ਸਾਹਿਬ, ਵੀ ਅਪੀਲਾਂ ਕਰ ਰਹੇ ਨੇ ਕਿ ਹੁਣ ਤਾਂ ਬਹੁਤ ਹੋਗੀ। ਤਿਹਾੜ ਜੇਲ੍ਹ ‘ਚ ਟੂ-ਜੀ ਵਾਲਾ ਏ.ਰਾਜਾ, ਕਰੁਨਾਨਿਧੀ ਦੀ ਧੀ ਕੰਨੀਮੋਜ਼ੀ, ਸੁਰੇਸ਼ ਕਲਮਾਡੀ ਨੇ ਵੀ ਗੇੜਾ ਕੱਢਿਆ। ਦੱਖਣ ਵਾਲਾ ਬੀ.ਐਸ. ਯੇਦੀਯੁਰੱਪਾ, ਸੁਖਰਾਮ ਪਹਿਲਾਂ, ਹੁਣ ਸ਼ਸ਼ੀ ਕਲਾ ਤੇ ਲਾਲੂ ਯਾਦਵ ਜੇਲ੍ਹਾ ’ਚ ਨੇ।
                 ਟਰਾਂਸਪਰੈਂਸੀ ਇੰਟਰਨੈਸ਼ਨਲ ਨੇ ਕੁਰੱਪਸ਼ਨ ਇੰਡੈਕਸ ‘ਚ ਭਾਰਤ ਨੂੰ 180 ਚੋਂ 78 ਵਾਂ ਰੈਂਕ ਦਿੱਤਾ ਹੈ। ਵਿੱਤ ਮੰਤਰਾਲੇ ਅਨੁਸਾਰ ਚਾਰ ਸਾਲਾਂ ‘ਚ ਭਾਰਤ 100 ਕਰੋੜ ਤੋਂ ਜ਼ਿਆਦਾ ਆਮਦਨ ਵਾਲੇ ਵਿਅਕਤੀ (ਕੰਪਨੀ ਨਹੀਂ) 24 ਤੋਂ ਹੁਣ 61 ਹੋ ਗਏ ਹਨ। ਤਾਹੀਓਂ ਕਾਮਰੇਡ ਆਖਦੇ ਨੇ ‘ਸਾਥੀਓ, ਇੱਕ ਆਦਮੀ ਦੀ ਅਮੀਰੀ ਪਿਛੇ ਲੱਖਾਂ ਲੋਕਾਂ ਦੀ ਗਰੀਬੀ ਹੁੰਦੀ ਐ, ਹੋਰਾਂ ਦਾ ਹੱਕ ਮਾਰ ਕੇ ਹੀ ਕੋਈ ਅਮੀਰ ਬਣਦਾ।‘ਮਾਇਆ ਕੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ।’ ਤੁਹਾਡੀ ਪਛਾਣ ਤੁਹਾਡੇ ਕੱਪੜੇ ਹਨ। ਬਠਿੰਡਾ ਦਾ ਇੱਕ ਪੁਰਾਣਾ ਡੀਸੀ ਜਿਥੇ ਵੀ ਤਾਇਨਾਤ ਰਿਹਾ, ਦੌਲਤ ਸਾਂਭਣ ਵਾਲਾ ਬੰਦਾ ਨਾਲ ਜਾਂਦਾ ਸੀ। ਇਹ ਡੀ.ਸੀ ਆਪਣੀ ਅਦਾਲਤ ਵਿਚ ‘ਰੱਬ ਦੀ ਸਹੁੰ’ ਖੁਆ ਕੇ ਫੈਸਲਾ ਕਰਦਾ ਸੀ। ਫੈਲੇ ਚਿੱਕੜ ‘ਚੋਂ ਰੱਬ ਵੀ ਨਹੀਂ ਬਚਦਾ। ਸ਼੍ਰੋਮਣੀ ਕਮੇਟੀ ਦੇ ਗੁਰੂ ਘਰਾਂ ਵਿਚ ਗੋਲਕ ਗਿਣਨ ਲਈ ਇੰਸਪੈਕਟਰ ਸਿਫਾਰਸ਼ੀ ਲੱਗਦੇ ਨੇ। ਅਰਸਾ ਪਹਿਲਾਂ ਮਾਝੇ ਦੇ ਗੁਰੂ ਘਰ ਵਿਚ ਇੱਕ ਮੁਲਾਜ਼ਮ ਦੇ ਕਛਹਿਰੇ ‘ਚੋਂ ਮਾਇਆ ਫੜੀ ਗਈ ਸੀ। ਉਹ ਭੁੱਲ ਬੈਠਾ ਸੀ ਕਿ ‘ਮਾਇਆ ਛਾਇਆ ਹੈ।‘ ਹਰਿਆਣੇ ਵਾਲੇ ਅਸ਼ੋਕ ਖੇਮਕਾ ਨੂੰ ਕੌਣ ਭੁੱਲਿਆ, ਜਿਸ ਦੀ ਬਦਲੀ ਸਰਕਾਰਾਂ ਨੇ 51 ਵਾਰ ਕੀਤੀ। ਯੂਪੀ ‘ਚ ਰੇਤ ਮਾਫੀਏ ਨੂੰ ਹੱਥ ਪਾਇਆ ਤਾਂ ਦੁਰਗਾ ਸ਼ਕਤੀ ਤੇ ਉਸ ਦੇ ਪਤੀ ਨੂੰ ਮੁਅੱਤਲ ਹੋਣਾ ਪਿਆ। ਕਰਨਾਟਕਾ ਦੇ ਕੋਲਾਰ ‘ਚ ਸੋਨੇ ਵਰਗੇ ਅਫਸਰ ਡੀ.ਕੇ. ਰਵੀ ਨੇ ਮਾਫੀਏ ਨੂੰ ਤਾਂ ਨੱਥ ਪਾਈ, ਸਰਕਾਰਾਂ ਨੇ ਮੁੱਲ ਨਾ ਪਾਇਆ। ਆਖਰ ਖੁਦਕੁਸ਼ੀ ਕਰ ਗਿਆ। ਲੋਕ ਮੁੱਲ ਨਾ ਪਾਉਂਦੇ ਤਾਂ ਰਾਜਸਥਾਨ ਦੇ ਜ਼ਿਲ੍ਹੇ ਕਲੈੱਕਟਰ ਸੁਮਿਤ ਸ਼ਰਮਾ ਦੀ ਬਦਲੀ ਰੁਕਵਾਉਣ ਲਈ 12 ਹਜ਼ਾਰ ਮੁਲਾਜ਼ਮ ਸਮੂਹਿਕ ਛੁੱਟੀ ‘ਤੇ ਨਾ ਜਾਂਦੇ।
                 ਫਰੀਦਕੋਟ ਵਾਲੇ ਨਿਰਮਲ ਤੇ ਸੇਖਾ ਕਲਾਂ (ਮੋਗਾ) ਵਾਲੇ ਗੁਰਚਰਨ ਚੀਦਾ ਪਟਵਾਰੀ ਨੂੰ ਸਲਾਮ, ਜਿਨ੍ਹਾਂ ਤੋਂ ਲੋਕ ਜਾਨ ਵਾਰਦੇ ਨੇ। ਕਈ ਵਾਰੀ ਈਮਾਨ ਦੀ ਲਾਈਨ ‘ਚ ਖੜ੍ਹਨ ਵਾਲਿਆਂ ਨੂੰ ਖੁੱਡੇ ਲਾਈਨ ਵੀ ਲੱਗਣਾ ਪੈਂਦਾ। 1997 ‘ਚ ਤਤਕਾਲੀ ਮੁੱਖ ਮੰਤਰੀ ਬਾਦਲ ਨੇ ਇਮਾਨਦਾਰ ਅਫ਼ਸਰਾਂ ਨੂੰ ਇੱਕ ਲੱਖ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਦਾ ਐਲਾਨ ਕੀਤਾ। ਭ੍ਰਿਸ਼ਟਾਂ ਨੂੰ ਫੜਾਉਣ ਵਾਲਿਆਂ ਨੂੰ ਇਨਾਮ ਵੱਖਰਾ। ਸਾਲ 2002 ਵਿੱਚ ਕੈਪਟਨ ਸਰਕਾਰ ਦੇ ਇੱਕ ਮੰਤਰੀ ਨੇ ਗੱਲ ਸੁਣਾਈ ‘ਜਦੋਂ ਅਮਰਿੰਦਰ ਆਪਣੇ ਦਫ਼ਤਰ ਪਹਿਲੇ ਦਿਨ ਗਏ, ਉਥੇ ਇੱਕ ਧੂੜ ਜੰਮੀ ਟਰਾਫੀ ਪਈ, ਜਦੋਂ ਧੋਤੀ ਤਾਂ ਵਿੱਚੋਂ ਉਹੀ ਟਰਾਫੀ ਨਿਕਲੀ, ਜੋ ਬਾਦਲ ਸਰਕਾਰ ਨੇ ਇਮਾਨਦਾਰ ਅਫਸਰਾਂ ਨੂੰ ਦੇਣੀ ਸੀ। ਬਾਦਲਾਂ ਨੂੰ ਕੋਈ ਇਮਾਨਦਾਰ ਅਫ਼ਸਰ ਹੀ ਨਹੀਂ ਲੱਭਿਆ’। ਮੰਤਰੀ ਜੀ, ਕਈਆਂ ਦਾ ਈਮਾਨ ਡੋਲਿਆ ਵੀ ਹੈ। ਚਿੱਕੜ ਦੇ ਗਲੇ ਲੱਗ ਗਏ। ਬਚੇ ਹੋਏ ਵਜ਼ੀਰਾਂ ਦੀ ਅੱਖ ਵਿਚ ਰੜਕਦੇ ਨੇ। ਵਿਜੀਲੈਂਸ ਨੇ ਪੰਜ ਵਰ੍ਹਿਆਂ ਵਿੱਚ ਭ੍ਰਿਸ਼ਟਾਚਾਰ ਵਾਲੇ 1404 ਕੇਸ ਦਰਜ ਕੀਤੇ। ਸਿਰਫ਼ 11.53 ਫੀਸਦੀ ਹੀ ਗਜ਼ਟਿਡ ਅਫਸਰਾਂ ‘ਤੇ ਦਰਜ ਹੋਏ। ਦੌਲਤ ਦੇ ਪੁੱਤ ਬਾਬੇ ਨਾਨਕ ਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਵਚਨਾਂ ਨੂੰ ਭੁੱਲ ਬੈਠੇ ਹਨ। ਚੰਗਾ ਹੋਵੇ, ਬਾਬੇ ਨਾਨਕ ਦੇ 550 ਸਾਲਾਂ ਸ਼ਤਾਬਦੀ ਮੌਕੇ ਹੱਕ ਦੀ ਰੋਟੀ ਖਾਣ ਦੀ ਸਹੁੰ ਚੁੱਕ ਲੈਣ, ਦੇਖਿਓ ਫਿਰ ਨਨਕਾਣਾ ਵੀ ਦੂਰ ਨਹੀਂ ਰਹਿਣਾ।


Wednesday, February 20, 2019

                           ਆਫਤ ’ਚ ਅੰਨਦਾਤਾ 
        ਕਿਹੜੇ ਖੂਹ ਵਿੱਚ ਡਿੱਗੀਏ ਸਰਕਾਰੇ !
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਭਰ ਦੇ ਕਰੀਬ ਪੰਦਰਾਂ ਹਜ਼ਾਰ ਡਿਫਾਲਟਰ ਕਿਸਾਨਾਂ ਨੂੰ ਜੇਲ੍ਹ ਦਿਖਾਉਣ ਦੀ ਤਿਆਰੀ ਜਾਪਦੀ ਹੈ ਜਿਨ੍ਹਾਂ ਨੂੰ ਕਰਜ਼ਾ ਮੁਆਫੀ ਦੀ ਉਡੀਕ ਬਣੀ ਹੋਈ ਸੀ। ਕਰਜ਼ਾ ਮੁਆਫੀ ਦੇ ਦੌਰ ’ਚ ਇਹ ਕਿਸਾਨ ਕਿਹੜੇ ਖੂਹ ਵਿਚ ਡਿੱਗਣ। ਪੰਜਾਬ ਸਰਕਾਰ ਏਦਾਂ ਹੀ ਅਵੇਸਲੀ ਰਹੀ ਤਾਂ ਆਉਂਦੇ ਦਿਨਾਂ ’ਚ ਡਿਫਾਲਟਰ ਕਿਸਾਨਾਂ ਦੇ ਟਿਕਾਣੇ ਜੇਲ੍ਹਾਂ ਵਿਚ ਬਣ ਜਾਣੇ ਹਨ। ਇਕੱਲੇ ਸਹਿਕਾਰੀ ਬੈਂਕ ਹੀ ਨਹੀਂ, ਪਬਲਿਕ ਤੇ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਵੱਲੋਂ ਚੈੱਕ ਬਾਊਂਸ ਦੇ ਕੇਸ ਧੜਾਧੜ ਅਦਾਲਤਾਂ ਵਿਚ ਪਾਏ ਜਾ ਰਹੇ ਹਨ। ਵੇਰਵਿਆਂ ਅਨੁਸਾਰ ਬੈਂਕਾਂ ਵੱਲੋਂ ਕਰਜ਼ਾ ਦੇਣ ਮੌਕੇ ਲਏ ਚੈੱਕਾਂ ਨੂੰ ਪਹਿਲਾਂ ਬੈਂਕ ’ਚ ਲਾਇਆ ਜਾਂਦਾ ਹੈ। ਜਦੋਂ ਚੈੱਕ ਬਾਊਂਸ ਹੋੋ ਜਾਂਦਾ ਹੈ ਤਾਂ ਬੈਂਕਾਂ ਵੱਲੋਂ ਕਿਸਾਨਾਂ ’ਤੇ ਦਬਾਓ ਲਈ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ 1938 ਦੀ ਧਾਰਾ 138 ਤਹਿਤ ਅਦਾਲਤ ’ਚ ਕੇਸ ਦਾਇਰ ਕੀਤਾ ਜਾਂਦਾ ਹੈ। ਕਿਸਾਨਾਂ ਤੋਂ ਖ਼ਾਲੀ ਚੈੱਕ ਲੈਣ ਦਾ ਰੌਲਾ ਵੱਖਰਾ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਜੋ ਅਲੱਗ ਅਲੱਗ ਸਰੋਤਾਂ ਤੋਂ ਵੇਰਵੇ ਇਕੱਠੇ ਕੀਤੇ ਗਏ ਹਨ, ਉਨ੍ਹਾਂ ਮੁਤਾਬਿਕ ਬੈਂਕਾਂ ਵੱਲੋਂ ਚੈੱਕ ਬਾਊਂਸ ਹੋਣ ਮਗਰੋਂ ਕਰੀਬ 15 ਹਜ਼ਾਰ ਕੇਸ ਕਿਸਾਨਾਂ ਖ਼ਿਲਾਫ਼ ਅਦਾਲਤਾਂ ਵਿਚ ਪਾਏ ਹੋਏ ਹਨ।
                ਇਕੱਲੇ ਖੇਤੀ ਵਿਕਾਸ ਬੈਂਕਾਂ ਦੇ ਕਰੀਬ ਅੱਠ ਹਜ਼ਾਰ ਕੇਸ ਹਨ ਜਿਨ੍ਹਾਂ ਤਹਿਤ ਕਿਸਾਨਾਂ ਨੂੰ ਅਦਾਲਤੀ ਗੇੜ ਵਿਚ ਪਾਇਆ ਗਿਆ ਹੈ। ਕਰੀਬ ਢਾਈ ਦਰਜਨ ਕੇਸਾਂ ਵਿਚ ਕਿਸਾਨਾਂ ਨੂੰ ਸਜ਼ਾ ਹੋ ਚੁੱਕੀ ਹੈ ਜਦੋਂ ਕਿ ਕਰੀਬ 100 ਕਰਜ਼ਾਈ ਕਿਸਾਨਾਂ ਨੂੰ ਅਦਾਲਤਾਂ ਨੇ ਭਗੌੜੇ ਵੀ ਕਰਾਰ ਦਿੱਤਾ ਹੈ। ਡੇਢ ਸਾਲ ਪਹਿਲਾਂ ਪਿੰਡ ਸਾਹਨੇਵਾਲੀ (ਮਾਨਸਾ) ਦੇ ਕਿਸਾਨ ਹਰਦੀਪ ਸਿੰਘ ਨੂੰ ਚੈੱਕ ਬਾਊਂਸ ਕੇਸ ਵਿਚ ਸਜ਼ਾ ਹੋਈ। ਜੇਲ੍ਹ ਜਾਣ ਮਗਰੋਂ ਕਿਸਾਨ ਤਣਾਓ ਵਿਚ ਚਲਾ ਗਿਆ। ਜਦੋਂ ਜ਼ਮਾਨਤ ਤੇ ਬਾਹਰ ਆਇਆ ਤਾਂ ਉਸ ਨੇ ਭਾਖੜਾ ਨਹਿਰ ਦੇ ਕੰਢੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਤਾਜ਼ਾ ਕੇਸ ਬਠਿੰਡਾ ਦੇ ਪਿੰਡ ਝੁੰਬਾਂ ਦੇ ਕਿਸਾਨ ਉਜਾਗਰ ਸਿੰਘ ਦਾ ਹੈ ਜਿਸ ਨੂੰ ਅਦਾਲਤ ਨੇ ਚੈੱਕ ਬਾਊਂਸ ’ਚ ਡੇਢ ਸਾਲ ਦੀ ਸਜ਼ਾ ਸੁਣਾਈ ਹੈ। ਸਹਿਕਾਰੀ ਬੈਂਕਾਂ ਨੇ ਉਸ ਖ਼ਿਲਾਫ਼ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ।  ਮਾਨਸਾ ਦੇ ਪਿੰਡ ਨੰਗਲ ਕਲਾਂ ਦਾ ਕਿਸਾਨ ਤੇਜਾ ਸਿੰਘ ਏਦਾਂ ਦੇ ਕੇਸ ਵਿਚ ਹੀ ਜੇਲ੍ਹ ਵਿਚ ਬੰਦ ਹੈ। ਉਸ ਨੇ ਕਰਜ਼ਾ ਵੀ ਤਾਰ ਦਿੱਤਾ ਹੈ। ਬੈਂਕਾਂ ਦੀ ਬਦੌਲਤ ਮਾਨਸਾ ਦੇ ਪਿੰਡ ਵਾਜੇਵਾਲਾ ਦਾ ਮਨਜੀਤ ਸਿੰਘ ਅਤੇ ਸਾਹਨੇਵਾਲੀ ਦਾ ਜਗਸੀਰ ਸਿੰਘ ਸਜ਼ਾ ਯਾਫਤਾ ਬਣ ਗਏ ਹਨ।
                ਸਾਹਨੇਵਾਲੀ ਦੇ ਤਿੰਨ ਹੋਰ ਕਿਸਾਨਾਂ ਦੇ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ। ਪਿੰਡ ਖੋਖਰ ਖੁਰਦ ਦਾ ਕਿਸਾਨ ਜਸਕਰਨ ਸਿੰਘ ਅਦਾਲਤੀ ਗੇੜ ਵਿਚ ਫਸਿਆ ਹੋਇਆ ਹੈ। ਬਠਿੰਡਾ ਦੇ ਪਿੰਡ ਕੋਟਗੁਰੂ ਦੇ ਕਿਸਾਨ ਰਾਮ ਸਿੰਘ ਖ਼ਿਲਾਫ਼ ਪ੍ਰਾਈਵੇਟ ਬੈਂਕ ਨੇ ਕੇਸ ਦਾਇਰ ਕੀਤਾ। ਹੁਣ ਪੁਲੀਸ ਨੇ ਉਸ ਦੇ ਗ੍ਰਿਫਤਾਰੀ ਵਰੰਟ ਲਏ ਹਨ। ਜੋਧਪੁਰ ਪਾਖਰ ਦੇ ਕਿਸਾਨ ਰਣਜੀਤ ਸਿੰਘ ਨੂੰ ਸ਼ਾਹੂਕਾਰਾਂ ਵੱਲੋਂ ਪਾਏ ਕੇਸ ਵਿਚ ਡੇਢ ਸਾਲ ਦੀ ਸਜ਼ਾ ਹੋਈ ਹੈ। ਜਦੋਂ ਪੇਸ਼ ਨਾ ਹੋਇਆ ਤਾਂ ਹੁਣ ਉਸ ਦੇ ਦਾਦੇ ਜੋਗਿੰਦਰ ਸਿੰਘ ਦੇ ਗ੍ਰਿਫਤਾਰੀ ਵਰੰਟ ਕੱਢੇ ਗਏ ਹਨ। ਚਨਾਰਥਲ ਦੇ ਕਿਸਾਨ ਕੁਲਦੀਪ ਸਿੰਘ ਅਤੇ ਗੁਰਤੇਜ ਸਿੰਘ ਤੋਂ ਇਲਾਵਾ ਝੁੰਬਾ ਪਿੰਡ ਦੇ ਸੁਖਪ੍ਰੀਤ ਸਿੰਘ ਦਾ ਕੇਸ ਵੀ ਅਦਾਲਤ ਵਿਚ ਸੁਣਵਾਈ ਅਧੀਨ ਹੈ। ਖੇਤੀ ਵਿਕਾਸ ਬੈਂਕਾਂ ਦੇ ਕਰੀਬ 72 ਹਜ਼ਾਰ ਡਿਫਾਲਟਰ ਹਨ ਅਤੇ ਇਸ ਬੈਂਕ ਨੂੰ ਕਰਜ਼ਾ ਮੁਆਫੀ ਦੇ ਲਾਭ ਦੇ ਘੇਰੇ ਚੋਂ ਬਾਹਰ ਰੱਖਿਆ ਹੋਇਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੱਨਾ ਦੇ 12 ਡਿਫਾਲਟਰ ਕਿਸਾਨਾਂ ਦੇ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ ਜਾਂ ਫਿਰ ਬੈਂਕਾਂ ਨੇ ਨੋਟਿਸ ਦੇ ਦਿੱਤੇ ਹਨ। ਬਰਨਾਲਾ ਦੇ ਤਿੰਨ ਪਿੰਡਾਂ ਦੇ ਕਰੀਬ 25 ਕਿਸਾਨ ਇਸ ਗੇੜ ਵਿਚ ਫਸੇ ਹਨ।
              ਬਹੁਤੇ ਕਿਸਾਨ ਤਾਂ ਸਜ਼ਾ ਹੋੋਣ ਮਗਰੋਂ ਲੁਕ ਛਿੱਪ ਕੇ ਦਿਨ ਕੱਟ ਰਹੇ ਹਨ। ਪਰਿਵਾਰਾਂ ਕੋਲ ਕਿਸ਼ਤਾਂ ਤਾਰਨ ਲਈ ਕੋਈ ਪੈਸਾ ਨਹੀਂ ਹੈ। ਫੂਲ ਅਦਾਲਤ ਨੇ ਅਗਸਤ 2018 ਵਿਚ ਕਿਸਾਨ ਜਗਤਾਰ ਸਿੰਘ ਅਤੇ ਅਜੈਬ ਸਿੰਘ ਨੂੰ ਅਤੇ ਬਠਿੰਡਾ ਅਦਾਲਤ ਨੇ ਕਿਸਾਨ ਬਖਸ਼ੀਸ਼ ਸਿੰਘ ਅਤੇ ਮਲਕੀਤ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਹੈ। ਜ਼ਿਲ੍ਹਾ ਫਿਰੋਜ਼ਪੁਰ ਤੇ ਫਾਜ਼ਿਲਕਾ ਵਿਚ ਕਰੀਬ ਤਿੰਨ ਦਰਜਨ ਡਿਫਾਲਟਰ ਕਿਸਾਨ ਭਗੌੜੇ ਐਲਾਨੇ ਗਏ ਹਨ। ਪੰਜਾਬ ਨੈਸ਼ਨਲ ਬੈਂਕ ਨੇ ਦਸੰਬਰ 2018 ਦੇ ਮਹੀਨੇ ਵਿਚ ਤਿੰਨ ਕਿਸਾਨਾਂ ਨੂੰ ਫਿਰੋਜ਼ਪੁਰ ਅਦਾਲਤ ਚੋਂ ਭਗੌੜੇ ਕਰਾਰ ਦਿਵਾਇਆ ਹੈ। ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਪਿੰਡ ਬੰਡਲਾ,ਕਮਲ ਬੋਦਲਾ,ਚੱਕ ਬੰਗੇ,ਸੋਢੀਵਾਲਾ,ਮੱਲਾਂਵਾਲਾ,ਮੱਲੀਆਂ,ਬਾਰੇ ਕੇ,ਨੌ ਬਹਿਰਾਮ ਸਿੰਘ,ਮੱੜੇ ਖਾਨ,ਚੱਕ ਦੋਨਾ ਦੇ ਦਰਜਨਾਂ ਕਿਸਾਨ ਇਸ ਵੇਲੇ ਭਗੌੜੇ ਕਰਾਰ ਦਿੱਤੇ ਹੋਏ ਹਨ। ਜ਼ਿਲ੍ਹਾ ਮੁਕਤਸਰ ਦੇ ਪਿੰਡ ਸੀਰੇਵਾਲਾ ਅਤੇ ਪਟਿਆਲਾ ਦੇ ਪਿੰਡ ਸੈਦੀਪੁਰ ਦੇ ਕਿਸਾਨ ਵੀ ਭਗੌੜੇ ਐਲਾਨੇ ਗਏ ਹਨ। ਮੋਗਾ ਜ਼ਿਲ੍ਹੇ ਦੇ ਕਰੀਬ ਢਾਈ ਦਰਜਨ ਕਿਸਾਨ ਭਗੌੜੇ ਐਲਾਨੇ ਹਨ।
                             ਸਰਕਾਰ ਜ਼ਖ਼ਮਾਂ ਤੇ ਮੱਲਮ ਲਾਏ : ਭੈਣੀ ਬਾਘਾ
ਸੱਤ ਕਿਸਾਨ ਧਿਰਾਂ ਤਰਫੋਂ ਚੈੱਕ ਬਾਊਂਸ ਦੇ ਮਾਮਲੇ ਨੂੰ ਲੈ ਕੇ ਲੁਧਿਆਣਾ ਵਿਚ ਸੰਘਰਸ਼ ਵਿੱਢ ਦਿੱਤਾ ਹੈ। ਉੱਧਰ, ਸਹਿਕਾਰੀ ਬੈਂਕਾਂ ਨੇ ਅਦਾਲਤੀ ਕੇਸਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਬੀ.ਕੇ.ਯੂ (ਉਗਰਾਹਾਂ) ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦਾ ਕਹਿਣਾ ਸੀ ਕਿ ਸਰਕਾਰ ਨੇ ਕਰਜ਼ਾਈ ਕਿਸਾਨਾਂ ਦੇ ਜ਼ਖ਼ਮਾਂ ਤੇ ਮਲ੍ਹਮ ਦੀ ਥਾਂ ਲੂਣ ਭੁੱਕਣਾ ਸ਼ੁਰੂ ਕਰ ਦਿੱਤਾ ਹੈ।
                     ਕਿਸਾਨ ਧਿਰਾਂ ਨਾਲ ਮੀਟਿੰਗ ਅੱਜ
ਰਜਿਸਟਰਾਰ (ਸਹਿਕਾਰਤਾ) ਸ੍ਰੀ ਵਿਕਾਸ ਗਰਗ ਦਾ ਕਹਿਣਾ ਸੀ ਕਿ ਭਲਕੇ ਚੰਡੀਗੜ੍ਹ ਵਿਚ ਸਹਿਕਾਰਤਾ ਮੰਤਰੀ ਦੀ ਪ੍ਰਧਾਨਗੀ ਹੇਠ ਕਿਸਾਨ ਧਿਰਾਂ ਅਤੇ ਬੈਂਕ ਅਧਿਕਾਰੀਆਂ ਦੀ ਮੀਟਿੰਗ ਹੋਵੇਗੀ ਜਿਸ ਵਿਚ ਚੈੱਕ ਬਾਊਂਸ ਦੇ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਹੋਵੇਗਾ। ਖੇਤੀ ਵਿਕਾਸ ਬੈਂਕਾਂ ਦੇ ਐਮ.ਡੀ ਸ੍ਰੀ ਜੇ.ਕੇ.ਜੈਨ ਦਾ ਕਹਿਣਾ ਸੀ ਕਿ ਪੀ.ਏ.ਡੀ.ਬੀ ਬੈਂਕਾਂ ਵੱਲੋਂ ਖਾਲੀ ਚੈੱਕ ਨਹੀਂ ਲਏ ਜਾਂਦੇ ਹਨ ਅਤੇ ਇਹ ਚੈੱਕ ਸਿਰਫ਼ ਸਕਿਊਰਿਟੀ ਵਜੋਂ ਲਏ ਜਾਂਦੇ ਹਨ। ਭਲਕੇ ਮੀਟਿੰਗ ਵਿਚ ਸਰਕਾਰ ਨੇ ਆਖਰੀ ਫੈਸਲਾ ਕਰਨਾ ਹੈ।



Tuesday, February 19, 2019

                            ‘ਉੱਡਤਾ ਪੰਜਾਬ’ 
      ਪੁਲੀਸ ਜਾਲ ਚੋਂ ਉੱਡੇ ਛੇ ਹਜ਼ਾਰ ਤਸਕਰ 
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੇ ‘ਨਸ਼ਾ ਮੁਕਤ ਪੰਜਾਬ’ ਦੇ ਜਾਲ ਚੋਂ ਕਰੀਬ ਛੇ ਹਜ਼ਾਰ ਨਸ਼ਾ ਤਸਕਰ ਬਚ ਨਿਕਲੇ ਹਨ ਜੋ ਲੰਘੇ ਪੰਜ ਵਰ੍ਹਿਆਂ ਦੌਰਾਨ ਅਦਾਲਤਾਂ ਚੋਂ ਸਾਫ ਬਰੀ ਹੋ ਗਏ ਹਨ। ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਕਾਮਯਾਬੀ ਦੇ ਖੰਭ ਲਾਉਣ ਲਈ ਪੁਲੀਸ ਨੇ ਧੜਾਧੜ ਨਸ਼ਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤੇ। ਮਗਰੋਂ ਪੁਲੀਸ ਨੇ ਲੰਮੇ ਹੱਥ ਢਿੱਲੇ ਕਰ ਦਿੱਤੇ। ਫਾਇਦਾ ਨਸ਼ਾ ਤਸਕਰਾਂ ਨੂੰ ਮਿਲਿਆ ਹੈ। ਉੱਡਤਾ ਪੰਜਾਬ ਦੇ ਨਾਇਕ ਤਸਕਰ ਢਿੱਲੀ ਪੁਲੀਸ ਨੂੰ ਝਕਾਨੀ ਦੇਣ ਵਿਚ ਸਫਲ ਰਹੇ ਹਨ। ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਇਸ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਵਿਚ ਘੇਰਿਆ ਹੈ। ਗ੍ਰਹਿ ਵਿਭਾਗ ਪੰਜਾਬ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਵਿਚ 1 ਜਨਵਰੀ 2014 ਤੋਂ 31 ਦਸੰਬਰ 2018 ਤੱਕ ਨਸ਼ਾ ਤਸਕਰੀ ਦੇ 52,742 ਪੁਲੀਸ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਚੋਂ 23,572 ਕੇਸਾਂ ਦਾ ਅਦਾਲਤਾਂ ਚੋਂ ਨਿਪਟਾਰਾ ਹੋ ਚੁੱਕਾ ਹੈ। ਇਨ੍ਹਾਂ ਕੇਸਾਂ ਚੋਂ 5858 ਕੇਸਾਂ (24.85 ਫੀਸਦੀ) ਵਿਚ ਨਸ਼ਾ ਤਸਕਰ ਅਦਾਲਤਾਂ ਚੋਂ ਬਰੀ ਹੋ ਗਏ ਹਨ ਜਦੋਂ ਕਿ 17,714 ਕੇਸਾਂ ਵਿਚ ਤਸਕਰਾਂ ਨੂੰ ਸਜ਼ਾ ਹੋਈ ਹੈ। ਕੈਪਟਨ ਸਰਕਾਰ ਦੌਰਾਨ ਨਸ਼ਾ ਤਸਕਰੀ ਦੇ 23,410 ਕੇਸ ਦਰਜ ਹੋਏ ਹਨ ਅਤੇ ਕਾਂਗਰਸ ਸਰਕਾਰ ਦੌਰਾਨ 7489 ਕੇਸਾਂ ਦਾ ਅਦਾਲਤਾਂ ਚੋਂ ਫੈਸਲਾ ਹੋਇਆ ਹੈ।
           ਕਾਂਗਰਸ ਸਰਕਾਰ ਦੇ ਦੋ ਵਰ੍ਹਿਆਂ ਦੌਰਾਨ 1941 ਕੇਸਾਂ (25.91 ਫੀਸਦੀ) ਵਿਚ ਤਸਕਰ ਬਰੀ ਹੋਏ ਹਨ ਜਦੋਂ ਕਿ 5548 ਕੇਸਾਂ ਵਿਚ ਸਜ਼ਾ ਹੋਈ ਹੈ। ਸੂਤਰ ਦੱਸਦੇ ਹਨ ਕਿ ਸਰਕਾਰਾਂ ਵੱਲੋਂ ਅੰਕੜਾ ਦਿਖਾਉਣ ਲਈ ਗੈਰ ਵਪਾਰਿਕ ਮਾਤਰਾ ਵਾਲੇ ਕੇਸ ਜਿਆਦਾ ਦਰਜ ਕੀਤੇ ਹਨ ਜੋ ਅਦਾਲਤਾਂ ਵਿਚ ਟਿਕਦੇ ਨਹੀਂ ਹਨ। ਪਹਿਲਾਂ ਗੱਠਜੋੜ ਸਰਕਾਰ ਸਮੇਂ ਬਿਨਾਂ ਨਸ਼ਾ ਬਰਾਮਦ ਕੀਤੇ ਹੀ ਕੇਸ ਦਰਜ ਕਰ ਦਿੱਤੇ ਗਏ ਸਨ। ਇਵੇਂ ਹੁਣ ਨਸ਼ਾ ਤਸਕਰਾਂ ਨੂੰ ਬਿਨਾਂ ਦੇਰੀ ਤੋਂ ਜ਼ਮਾਨਤਾਂ ਮਿਲ ਗਈਆਂ ਹਨ। ਬਹੁਤੇ ਕੇਸਾਂ ਵਿਚ ਪੁਲੀਸ ਨੇ ਵੇਲੇ ਸਿਰ ਚਲਾਨ ਹੀ ਪੇਸ਼ ਨਹੀਂ ਕੀਤਾ। ਵੇਰਵਿਆਂ ਅਨੁਸਾਰ ਪੰਜ ਵਰ੍ਹਿਆਂ ਦੌਰਾਨ ਪੁਲੀਸ ਨੇ ਨਸ਼ਾ ਤਸਕਰੀ ਦੇ 1268 ਕੇਸ ਕੈਂਸਲ ਕੀਤੇ ਹਨ ਜਦੋਂ ਕਿ ਕੈਪਟਨ ਸਰਕਾਰ ਦੋ ਵਰ੍ਹਿਆਂ ਦੌਰਾਨ 516 ਕੇਸ ਕੈਂਸਲ ਕੀਤੇ ਗਏ ਹਨ। ਕੈਂਸਲ ਦਾ ਸਿੱਧਾ ਮਤਲਬ ਇਹੋ ਨਿਕਲਦਾ ਹੈ ਕਿ ਪੁਲੀਸ ਨੇ ਗਲਤ ਕੇਸ ਦਰਜ ਕੀਤੇ ਸਨ।
                  ਦਿਲਚਸਪ ਤੱਥ ਹਨ ਕਿ ਵਰ੍ਹਾ 2018 ਦੌਰਾਨ ਪੁਲੀਸ ਨੇ ਨਸ਼ਾ ਤਸਕਰੀ ਦੇ ਜੋ 11352 ਨਵੇਂ ਕੇਸ ਦਰਜ ਕੀਤੇ ,ਉਨ੍ਹਾਂ ਚੋਂ 195 ਕੇਸ ਅਣਟਰੇਸ ਹਨ ਜਦੋਂ ਕਿ 110 ਕੇਸ ਕੈਂਸਲ ਕੀਤੇ ਗਏ ਹਨ। ਕਾਂਗਰਸ ਸਰਕਾਰ ਨੇ 2017 ਦੇ ਪੁਰਾਣੇ ਕੇਸਾਂ ਚੋਂ 222 ਨਸ਼ਾ ਤਸਕਰੀ ਦੇ ਕੇਸ ਕੈਂਸਲ ਕਰ ਦਿੱਤੇ ਹਨ ਜਦੋਂ ਕਿ 299 ਅਣਟਰੇਸ ਪਾਏ ਗਏ ਹਨ। ਸਾਲ 2018 ਦੇ ਨਵੇਂ ਕੇਸਾਂ ਚੋਂ 1822 ਕੇਸਾਂ ਦਾ ਅਦਾਲਤਾਂ ਚੋਂ ਨਿਪਟਾਰਾ ਹੋਇਆ ਜਿਨ੍ਹਾਂ ਚੋਂ 568 ਕੇਸਾਂ ਮਤਲਬ ਕਿ 31.27 ਫੀਸਦੀ ਕੇਸਾਂ ਵਿਚ ਨਸ਼ਾ ਤਸਕਰ ਅਦਾਲਤਾਂ ਚੋਂ ਬਰੀ ਹੋਣ ਵਿਚ ਕਾਮਯਾਬ ਹੋਏ ਹਨ। ‘ਆਪ’ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੀ ‘ਨਸ਼ਾ ਮੁਕਤ ਪੰਜਾਬ’ ਦੀ ਮੁਹਿੰਮ ਗੱਠਜੋੜ ਸਰਕਾਰ ਵਾਂਗ ਮਹਿਜ ਖਾਨਾਪੂਰਤੀ ਹੈ। ਸਿਰਫ਼ ਵਿਖਾਵੇ ਲਈ ਕੇਸ ਦਰਜ ਹੁੰਦੇ ਹਨ ਅਤੇ ਉਸ ਮਗਰੋਂ ਪੁਲੀਸ ਦਾ ਹੱਥ ਤਸਕਰਾਂ ’ਤੇ ਢਿੱਲਾ ਹੋ ਜਾਂਦਾ ਹੈ। ਜੋ ਸਰਕਾਰ ਨੇ ਖੁਦ ਅੰਕੜੇ ਦਿੱਤੇ ਹਨ, ਉਹ ਇਸ ਦਾ ਪ੍ਰਤੱਖ ਗਵਾਹ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਅੰਕੜਾ ਨਹੀਂ ਚਾਹੁੰਦੇ, ਹਕੀਕਤ ਵਿਚ ਨਸ਼ੇ ਦਾ ਖਾਤਮਾ ਚਾਹੁੰਦੇ ਹਨ।


Sunday, February 17, 2019

                                                             ਵਿਚਲੀ ਗੱਲ 
         ਕੌਣ ਸੁਣੇ ਮਮਟੀ ਦੀਆਂ ਹੂਕਾਂ, ਸਭ ਮਿੱਟੀ ਦੇ ਬਾਵੇ..!
                                                            ਚਰਨਜੀਤ ਭੁੱਲਰ
ਬਠਿੰਡਾ : ਬਾਪ ਦੇ ਕੰਧਾੜੇ ਚੜ੍ਹਨ ਤੋਂ ਜੋ ਧੀ ਡਰਦੀ ਸੀ। ਹੁਣ ਉਹ ਛੇਵੀਂ ਮੰਜ਼ਲ ਦੀ ਮਮਟੀ ’ਤੇ ਚੜ੍ਹੀ ਹੈ, ਜਿਥੋਂ ਮੋਤੀ ਮਹਿਲ ਦਿੱਖਦਾ ਹੈ। ਸਟਾਫ ਨਰਸ ਕਰਮਜੀਤ ਕੌਰ ਅੌਲਖ ਨੂੰ ਅਖੀਰ ਜ਼ਿੰਦਗੀ ਨਾਲ ਆਢਾ ਲਾਉਣਾ ਪਿਆ। ਪਾਣੀ ਦਾ ਡਰ ਏਨਾ ਕਿ ਕਦੇ ਸੂਏ ਦੀ ਪਟੜੀ ’ਤੇ ਨਹੀਂ ਤੁਰੀ ਸੀ। ਜਦੋਂ ਸਿਹਤ ਮੰਤਰੀ ਨੇ ਬਾਂਹ ਨਾ ਫੜੀ ਤਾਂ ਭਾਖੜਾ ’ਚ ਛਾਲ ਮਾਰ ਦਿੱਤੀ। ਕਿਸੇ ਰਾਹਗੀਰ ਨੇ ਕਿਹਾ, ਏਸ ਕੁੜੀ ਨੇ ਮੌਤ ਨੂੰ ਮਾਖੌਲ ਬਣਾ ਰੱਖਿਐ। ਪਹਿਲੋਂ ਮਰਨ ਵਰਤ ’ਤੇ ਜਦੋਂ ਇਹ ਬੈਠੀ ਤਾਂ ਮਾਂ ਨੇ ਸੁੱਖ ਮੰਗੀ ‘ਵਾਹਿਗੁਰੂ, ਧੀ ਨੂੰ ਤੱਤੀ ਵਾ ਤੋਂ ਬਚਾਈ’। ਨੌ ਸੌ ਸਟਾਫ ਨਰਸਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੀ, ਮੌਜੂਦਾ ਦਿਹਾੜੀ ’ਤੇ ਹੀ ਰੈਗੂਲਰ ਹੋਣ ਦੀ ਮੰਗ ਹੈ, ਪੂਰੇ 13 ਵਰ੍ਹਿਆਂ ਤੋਂ। ਰਜਿੰਦਰਾ ਹਸਪਤਾਲ ਪਟਿਆਲਾ ਦੀ ਮਮਟੀ ਦਾ ਵੀ ਤ੍ਰਾਹ ਨਿਕਲਿਐ। ਕਰਮਜੀਤ ਤੇ ਉਸ ਦਾ ਮੋਢਾ ਬਣੀ ਬਲਜੀਤ ਕੌਰ ਨੇ ਸਭ ਪਰਖੇ ਨੇ, ਨੀਲੇ ਵੀ ਤੇ ਚਿੱਟੇ ਵੀ। ਕੁੜੀਓ, ਦੇਖਿਓ ਕਿਤੇ ਛਾਲ ਮਾਰ ਦਿਓ, ਵਿਧਾਨ ਸਭਾ ਦੇ ਪਵਿੱਤਰ ਸੈਸ਼ਨ ’ਚ ਭੰਗ ਪੈ ਜਾਊ, ਬੱਸ ਥੋੜਾ ਮਿਹਣੋ ਮਿਹਣੀ ਹੋ ਲੈਣ, ਥੋਡੀ ਵੀ ਗੱਲ ਕਰਨਗੇ। ਸੈਸ਼ਨ ਛੋਟਾ ਹੈ ਪਰ ਚੱਲ ਤਾਂ ਰਿਹੈ।
                  ਅਧਿਆਪਕ ਸਰਬਜੀਤ ਥੋੜਾ ਸਬਰ ਕਰਦਾ ਤਾਂ ਕੰਨ ਦਾ ਪਰਦਾ ਨਾ ਪਾਟਦਾ। ਪੀ.ਐਚ.ਡੀ ਕਰ ਰਿਹਾ ਹੈ। ਦੋ ਵਿਸ਼ਿਆਂ ’ਚ ਐਮ.ਏ ਹੈ। ਪਰਸ਼ੀਅਨ ਭਾਸ਼ਾ ਵੀ ਜਾਣਦਾ ਹੈ ਪਰ ਬੁਛਾੜਾਂ ਦੀ ਭਾਸ਼ਾ ਸਮਝਣੋਂ ਅਣਜਾਣ ਰਿਹਾ। ਪੁਲੀਸ ਦੀ ਡਾਂਗ ਵਿਤਕਰਾ ਕਰਦੀ ਤਾਂ ਅਧਿਆਪਕ ਕਰਮਜੀਤ ਨਿਦਾਮਪੁਰ ਦੇ ਸਿਰ ’ਚ ਛੇ ਟਾਂਕੇ ਨਾ ਲੱਗਦੇ। ਸਕੂਲ ’ਚ ਬੱਚੇ ਪੁੱਛਦੇ ਨੇ ‘ਮਾਸਟਰ ਜੀ, ਪੁਲੀਸ ਤਾਂ ਚੋਰਾਂ ਨੂੰ ਕੁੱਟਦੀ ਹੈ, ਤੁਸੀਂ ਵੀ...’। ਲੱਦ ਗਏ ਦਿਨਾਂ ਨੂੰ ਆਲ਼ੇ ਭੋਲੇ ਕੀ ਜਾਣਨ। ਅਧਿਆਪਕਾ ਮਨਪ੍ਰੀਤ ਕੌਰ ਦਾ ਪੁਲੀਸ ਨੇ ਇਕੱਲਾ ਪੈਰ ਨਹੀਂ ਤੋੜਿਆ, ਅਰਮਾਨ ਵੀ ਝੰਬ ਸੁੱਟੇੇ। ਹੁਣ ਪੈਰ ਤੇ ਪਲੱਸਤਰ ਹੈ, ਸੱਧਰਾਂ ਜ਼ਖ਼ਮੀ। ਅਧਿਆਪਕ ਸੰਘਰਸ਼ ਕਮੇਟੀ ਅੱਗੇ ਲੱਗੀ ਤਾਂ ਸਭ ਮੋਤੀ ਮਹਿਲ ਵੱਲ ਹੋ ਤੁਰੇ। ਇਹ ਦੱਸਣ ਲਈ ਕਿ ਹੁਣ ਸੱਤ ਹਜ਼ਾਰ ਨਾਲ ਘਰ ਨਹੀਂ ਚੱਲਦਾ। ਅੱਗਿਓਂ ਪੁਲੀਸ ਸ਼ਰੀਕਾਂ ਵਾਂਗੂ ਟੱਕਰੀ। ਦਿਖਾ ਦਿੱਤੇ ਹਕੂਮਤੀ ਹੱਥ। ਅਧਿਆਪਕ ਸਾਥਿਓ, ਕਾਹਲ ਨਾ ਕਰੋ, ਸਦਨ ’ਚ ਪ੍ਰਸ਼ਨ ਕਾਲ ਚੱਲ ਰਿਹੈ, ਥੋੜਾ ਜੂਤ ਪਤਾਣ ਕਰ ਲੈਣ, ਥੋਡਾ ਮਸਲਾ ਵੀ ਚੁੱਕਣਗੇ। ਨਾਲੇ ਥੋਡੇ ਟਾਂਕੇ ਆਠਰ ਜਾਣਗੇ। ਖਾਮੋਸ਼, ਸੈਸ਼ਨ ਚੱਲ ਰਿਹੈ ਤੇ ਬਹਿਸ ਭਖੀ ਹੈ।
         ਸੰਧੂ ਖੁਰਦ (ਬਰਨਾਲਾ) ਦਾ ਕਿਸਾਨ ਸਾਧੂ ਸਿੰਘ ਨਹੀਂ ਰਿਹਾ। ਪਹਿਲਾਂ ਪਤਨੀ ਨਹੀਂ ਰਹੀ। ਕਰਜ਼ ਵੀ ਕੈਂਸਰ ਅੱਗੇ ਛੋਟਾ ਪੈ ਗਿਆ। ਸਵਾ ਲੱਖ ਰਿਸ਼ਵਤ ਦੇ ਕੇ ਪੈਲੀ ’ਚ ਲਾਈ ਮੋਟਰ ਜਾਅਲੀ ਨਿਕਲੀ। ਕਰਜ਼ ਚੁੱਕ ਕੇ ਪੁੱਤ ਮਲੇਸ਼ੀਆ ਭੇਜਿਆ। ਕੋਈ ਅੱਕ ਚੱਭਿਆ ਰਾਸ ਨਾ ਆਇਆ। ਜ਼ਮੀਨ ਗਈ ਤੇ ਖੁਦ ਖੇਤਾਂ ਦਾ ਰਾਖਾ ਵੀ। ਜ਼ਿੰਦਗੀ ਦੀ ਵੱਟ ਤੇ ਬੈਠੇ ਕਿੰਨੇ ਹੀ ਕਿਸਾਨ ਮੌਤ ਉਡੀਕ ਰਹੇ ਹਨ। ਕੋਈ ਉਠਾਉਣ ਵਾਲਾ ਨਹੀਂ। ਤਾਹੀਂ ਪਾਤਰ ਲਿਖਦੈ ‘ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸਨੂੰ ਬੁੱਝਣ ਨਾ ਦੇਈਏ’। ਹਰ ਪੁੱਤ ਚਾਹੁੰਦਾ ਹਾਂ ਕਿ ਮਾਂ ਲੱਕੜਾਂ ਨੂੰ ਘੱਲੇ। ਹਰ ਕਿਸਾਨ ਮਜ਼ਦੂਰ ਦੀ ਇੱਕੋ ਕਹਾਣੀ ਹੈ, ਉਲਝੀ ਤੰਦ ਪੁਰਾਣੀ ਹੈ। ਕਿਸਾਨ ਵੀਰੋਂ ,ਬੱਸ ਸਦਨ ’ਚ ਕੁਝ ਵਿਧਾਇਕਾਂ ਦੇ ਨਗ ਲੁਹਾ ਦੇਖੀਏ, ਫਿਰ ਥੋਡੇ ਦੁੱਖਾਂ ਦੀ ਗੱਲ ਵੀ ਕਰਾਂਗੇ। ਥੋੜਾ ਵਕਤ ਦਿਓ, ਕੱਲ ਨੂੰ ਨਾਲੇ ਬਜਟ ਸੁਣਿਓ, ਨਾਲੇ ਸ਼ਾਇਰੋ ਸ਼ਾਇਰੀ। ਸੈਸ਼ਨ ਛੋਟਾ ਹੈ ਪਰ ਜਾਰੀ ਹੈ। ਸਮੂਹਿਕ ਜਬਰ ਜ਼ਿਨਾਹ ਨੇ ਈਸੇਵਾਲ (ਲੁਧਿਆਣਾ) ਦੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਦੀ ਰੂਹ ਝੰਜੋੜੀ ਹੈ। ਕਦੇ ਪਿੰਡ ਦੇ ਨੇੜੇ ਕੋਈ ਖੰਘਿਆ ਨਹੀਂ ਸੀ, ਕਿਸੇ ਧੀ ਦੀ ਇੱਜ਼ਤ ਨੂੰ ਹੱਥ ਪੈਣਾ ਪਿੰਡ ਦੀ ਅੱਖ ’ਚ ਰੜਕਣ ਲੱਗਾ ਹੈ। ਸਿਆਸੀ ਰਾਖੇ ਪੱਟੀ ਬੰਨ੍ਹ ਲੈਣ ਤਾਂ ਪੰਜਾਬ ਦੀ ਪੱਤ ਕੌਣ ਬਚਾ ਸਕਦੈ।
                  ਲਹਿਰਾ ਬੇਗਾ ਦੇ ਧੀ ਨੂੰ ਕੋਈ ਰਾਹ ਨਹੀਂ ਲੱਭਦਾ। ਅੱਜ ਦੇ ਜੱਗਿਆ ਨੇ ਜ਼ਿੰਦਗੀ ਘੁਲਾੜ ਵਿਚ ਪੀੜ ਦਿੱਤੀ। ਅਣਚਾਹੀ ਅੌਲਾਦ ਨੂੰ ਲੈ ਕੇ ਕਿਧਰ ਜਾਏ। ਜਦੋਂ ਤਖਤਾਂ ’ਚ ਮੜਕ ਨਾ ਰਹੇ, ਉਦੋਂ ਧੀਆਂ ਦੀ ਜ਼ਿੰਦਗੀ ਸੁੰਨੇ ਘਰਾਂ ਵਾਂਗ ਹੋ ਜਾਂਦੀ ਹੈ। ਬੱਚੀਓ, ਦਿਲ ਛੋਟਾ ਨਾ ਕਰੋ, ਸੈਸ਼ਨ ’ਚ ਹਾਲੇ ਸਿਫ਼ਰ ਕਾਲ ਵੀ ਚੱਲਣਾ ਹੈ, ਪਹਿਲਾਂ ਵਾਕ ਆਊਟ ਕਰ ਲਈਏ, ਥੋਡੇ ਦਰਦ ਵੀ ਫਲੋਰ ’ਤੇ ਰੱਖਾਂਗੇ। ਸੈਸ਼ਨ ਚੱਲ ਰਿਹੈ, ਮੁੱਕਿਆ ਨਹੀਂ। ਜਵਾਨੀ ਨੂੰ ਨਾ ਸਮਾਰਟ ਫੋਨ ਮਿਲਿਆ ਤੇ ਨਾ ਬੇਕਾਰੀ ਭੱਤਾ। ਕਈ ‘ਨੌਕਰੀ ਮੇਲੇ’ ਵੇਖਣ ਲਈ ਰੁਕ ਗਏ। ਜੋ ਭੇਤੀ ਸਨ, ਉਨ੍ਹਾਂ ਨੇ ਸਟੱਡੀ ਵੀਜ਼ੇ ਲੈ ਲਏ। ਪਿੰਡ ਕੈਰੋਂ (ਤਰਨਤਾਰਨ) ਦੀ ਕੁੜੀ ਸੁਖਜੀਵਨ ਦੇ ਜਦੋਂ ਪੰਜ ਬੈਂਡ ਆਏ ਤਾਂ ਖੁਦਕੁਸ਼ੀ ਕਰ ਗਈ। ਪਹਿਲਾਂ ਚਿੱਟੇ ਨੇ ਚਿੱਟੀਆਂ ਚੁੰਨੀਆਂ ਦਾ ਹੜ੍ਹ ਵਗਾਇਆ। ਹੁਣ ਸਟੱਡੀ ਵੀਜ਼ੇ ਨੇ ਜ਼ਮੀਨ ਵਿਕਾ ਦਿੱਤੀਆਂ ਹਨ। ਕਿੰਨੀਆਂ ਮਾਂਵਾਂ ਨੂੰ ਅਰਮਾਨ ਗਹਿਣੇ ਕਰਨੇ ਪਏ। ਜਵਾਨੀ ਦਾ ਨਛੱਤਰ ਹੀ ਮਾੜਾ ਲੱਗਦੈ। ਘਬਰਾਓ ਨਾ ਪੁੱਤਰੋਂ, ਸਦਨ ਮੁੜ ਜੁੜ ਗਿਆ ਹੈ, ਪਹਿਲਾਂ ਆਪਣੇ ਭੱਤੇ ਵਧਾ ਲੈਣ, ਫਿਰ ਥੋਡਾ ਬਜਟ ਪਾਸ ਕਰਨਗੇ। ਸੈਸ਼ਨ ਛੋਟਾ ਹੈ ਪਰ ਹੈ ਤਾਂ ਹੰਗਾਮੇਦਾਰ।
        ਵਿਧਾਨ ਸਭਾ ਦਾ ਸਭ ਤੋਂ ਪਹਿਲਾ ਸਪੀਕਰ ਸ਼ਹਾਬ-ਉਦ-ਦੀਨ (1937-1945) ਸਦਨ ’ਚ ਪੱਗਾਂ ਉੱਛਲਦੀਆਂ ਦੇਖ ਕੇ ਧਰਮਰਾਜ ਦੀ ਕਚਹਿਰੀ ’ਚ ਬੈਠਾ ਕਚੀਚੀਆਂ ਵੱਟਦਾ ਹੋਊ। ਸੋਚਦਾ ਇਹ ਵੀ ਹੋਊ ਕਿ ਵਿਧਾਇਕਾਂ ਦੀ ਕਮਾਈ ਵੱਡੀ ਹੋ ਰਹੀ ਹੈ, ਵਿਧਾਨ ਸਭਾ ਦੇ ਸੈਸ਼ਨ ਛੋਟੇ। ਗਿਆਨੀ ਜੈਲ ਸਿੰਘ ਦੀ ਸਰਕਾਰ ਵੇਲੇ ਵਿਧਾਨ ਸਭਾ ਦੀਆਂ 148 ਬੈਠਕਾਂ ਹੋਈਆਂ। ਲੰਘੇ ਦਸ ਵਰ੍ਹਿਆਂ ਵਿਚ ਸਿਰਫ਼ 159 ਬੈਠਕਾਂ। ਪੰਜਾਹ ਫੀਸਦੀ ਵਿਧਾਇਕ ਤਾਂ ਸੈਸ਼ਨ ਚੋਂ ਸੁੱਚੇ ਮੂੰਹ ਹੀ ਮੁੜਦੇ ਹਨ।ਵਿਧਾਨ ਸਭਾ ਦਾ ਪਿਛਲੇ ਗਿਆਰਾਂ ਵਰ੍ਹਿਆਂ ਦਾ ਖਰਚਾ 300 ਕਰੋੜ ਰਿਹਾ ਹੈ। ਲੋਕ ਮਸਲਿਆਂ ਲਈ ਸਦਨ ਹੀ ਸੱਚਾ ਦਰਬਾਰ ਹੁੰਦਾ ਹੈ। ਹੁਣ ਬਹਿਸ ਦਾ ਮਿਆਰ ਡਿੱਗਿਆ ਹੈ ਪਰ ਨੇਤਾ ਉੱਠੇ ਹਨ। 27 ਮਾਰਚ 2012 ਨੂੰ ਸਦਨ ’ਚ ਵੱਡੇ ਬਾਦਲ ਨੇ ਵਿਰੋਧੀਆਂ ਵੱਲ ਮੂੰਹ ਕਰਕੇ ਇੰਝ ਫਰਮਾਇਆ ‘ਘਰੇ ਜਦੋਂ ਮਰਜ਼ੀ ਆਓ, ਰੋਟੀ ਵਧੀਆ ਮੁਰਗੇ ਨਾਲ ਖੁਆਵਾਂਗੇ, ਮੈਂ ਤਾਂ ਹੁਣ ਮੁਰਗਾ ਖਾਂਦਾ ਨਹੀਂ, ਥੋਨੂੰ ਖਾਣ ਦੀ ਆਦਤ ਐ’। ਵਿਧਾਇਕਾਂ ਨੂੰ ਲੋਕ ਅਸੈਂਬਲੀ ’ਚ ਟਿੱਚਰਾਂ ਵਾਸਤੇ ਨਹੀਂ ਭੇਜਦੇ। ਨੇਤਾਵਾਂ ਨੇ ਝੋਕੇ ਲਾਉਣੇ ਬੰਦ ਨਾ ਕੀਤੇ ਤਾਂ ਇੱਕ ਦਿਨ ਜਰਵਾਣੇ ਪੁੱਤ ਉਬਾਲ ਖਾਣਗੇ। ਫਿਰ ਕੋਈ ਸੁੱਕਾ ਨਹੀਂ ਬਚਣਾ। ਮਮਟੀ ’ਤੇ ਚੜ੍ਹਨਾ ਕਿਸੇ ਦਾ ਸ਼ੌਕ ਨਹੀਂ, ਨਾ ਮਾਪਿਆਂ ਨੇ ਪੁੱਤ ਬੁਛਾੜਾਂ ਖਾਣ ਨੂੰ ਜੰਮੇ ਨੇ।



Thursday, February 14, 2019

                       ਬਾਦਸ਼ਾਹੀ ਕਦਮ 
    ‘ਏਅਰ ਐਂਬੂਲੈਂਸ’ ਖੁਆਏਗੀ ਗੇੜਾ
                         ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਨੇ ਹੁਣ ਮੌਜੂਦਾ ਤੇ ਸਾਬਕਾ ਜੱਜਾਂ ਨੂੰ ‘ਏਅਰ ਐਂਬੂਲੈਂਸ’ ਦੀ ਸਹੂਲਤ ਦੇਣ ਦੀ ਤਿਆਰੀ ਖਿੱਚ ਲਈ ਹੈ। ਏਦਾਂ ਜਾਪਦਾ ਹੈ ਕਿ ਸਰਕਾਰੀ ਖ਼ਜ਼ਾਨਾ ਤੰਗੀ ਵਿਚ ਹੋਣ ਦਾ ਵਾਧੂ ਰੌਲਾ ਹੀ ਹੈ। ਗੱਲ ਕਿਸੇ ਤਣ ਪੱਤਣ ਲੱਗੀ ਤਾਂ ‘ਏਅਰ ਐਂਬੂਲੈਂਸ’ ਦਾ ਪੂਰਾ ਬੋਝ ਸਰਕਾਰੀ ਖ਼ਜ਼ਾਨਾ ਝੱਲੇਗਾ। ਮੁੱਖ ਮੰਤਰੀ ਪੰਜਾਬ ਤਰਫ਼ੋਂ ‘ਏਅਰ ਐਂਬੂਲੈਂਸ’ ਦੀ ਸਹੂਲਤ ਦੇਣ ਵਾਲੇ ਮੈਮੋਰੰਡਮ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ ਪੰਜਾਬ ਕੈਬਨਿਟ ਦੀ ਕਿਸੇ ਮੀਟਿੰਗ ਵਿਚ ਵੀ ‘ਏਅਰ ਐਂਬੂਲੈਂਸ’ ਦੀ ਸਹੂਲਤ ਦੇਣ ਦਾ ਫੈਸਲਾ ਹੋ ਸਕਦਾ ਹੈ। ਦੂਸਰੀ ਤਰਫ਼ ਨਜ਼ਰ ਮਾਰੀਏ ਤਾਂ ਪੰਜਾਬ ਦੇ ਆਮ ਮਰੀਜ਼ਾਂ ਨੂੰ ਸੁਵਿਧਾ ਲਈ ‘ਐਂਬੂਲੈਂਸ 108’ ਮੌਜੂਦ ਹੈ ਜਿਨ੍ਹਾਂ ਚੋਂ 90 ਫੀਸਦੀ ਐਂਬੂਲੈਂਸਾਂ ਦੀ ਮਿਆਦ ਪੁੱਗ ਚੁੱਕੀ ਹੈ। ਅਹਿਮ ਸੂਤਰਾਂ ਅਨੁਸਾਰ ਸਿਹਤ ਵਿਭਾਗ ਪੰਜਾਬ ਤਰਫ਼ੋਂ ਇੱਕ ਮੈਮੋਰੰਡਮ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਮੈਡੀਕਲ ਰੂਲਜ਼ ਵਿਚ ਨਵੀਂ ਸੋੋਧ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਅਤੇ ਸਾਬਕਾ ਜੱਜਾਂ ਤੋਂ ਇਲਾਵਾ ਉਨ੍ਹਾਂ ਦੇ ਆਸ਼ਰਿਤਾਂ ਨੂੰ ‘ਏਅਰ ਐਂਬੂਲੈਂਸ’ ਦੀ ਸਹੂਲਤ ਦਿੱਤੀ ਜਾਣੀ ਹੈ। ਮੁੱਖ ਮੰਤਰੀ ਪੰਜਾਬ ਤਰਫ਼ੋਂ ਵੀ ਇਸ ਮੈਮੋਰੰਡਮ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਸੰਭਾਵਨਾ ਹੈ ਕਿ ਕੈਬਨਿਟ ਦੀ ਅਗਲੀ ਮੀਟਿੰਗ ਵਿਚ ਇਹ ਮੈਮੋਰੰਡਮ ਲੱਗ ਜਾਵੇ। ਕੋਈ ਵੱਡੀ ਅੜਚਨ ਨਾ ਖੜੀ ਹੋਈ ਤਾਂ ਸਰਕਾਰੀ ਖ਼ਜ਼ਾਨੇ ’ਤੇ ‘ਏਅਰ ਐਂਬੂਲੈਂਸ’ ਦਾ ਨਵਾਂ ਮਾਲੀ ਬੋਝ ਪੈਣਾ ਤੈਅ ਹੈ। ਕੈਪਟਨ ਸਰਕਾਰ ਇਸ ਰਾਹ ਉਦੋਂ ਪਈ ਹੈ ਜਦੋਂ ਖ਼ਜ਼ਾਨੇ ਦੇ ਸੰਕਟ ਦਾ ਸੇਕ ਪੂਰਾ ਪੰਜਾਬ ਝੱਲ ਰਿਹਾ ਹੈ।
         ਵੇਰਵਿਆਂ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ 85 ਜੱਜਾਂ ਦੀਆਂ ਅਸਾਮੀਆਂ ਪ੍ਰਵਾਨਿਤ ਹਨ ਜਦੋਂ ਕਿ 7 ਮਹਿਲਾ ਜੱਜਾਂ ਸਮੇਤ 53 ਜੱਜ ਤਾਇਨਾਤ ਹਨ। ਪਤਾ ਲੱਗਾ ਹੈ ਕਿ ਕਿਸੇ ਵੀ ਮੌਜੂਦਾ ਅਤੇ ਸਾਬਕਾ ਜੱਜ ਤਰਫੋਂ ਏਦਾਂ ਦੀ ਸਹੂਲਤ ਦੀ ਕਦੇ ਕੋਈ ਮੰਗ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਵਿਚ ਜੱਜਾਂ ਦੀਆਂ 675 ਪ੍ਰਵਾਨਿਤ ਅਸਾਮੀਆਂ ਹਨ ਜਿਨ੍ਹਾਂ ਚੋਂ 527 ਅਸਾਮੀਆਂ ਭਰੀਆਂ ਹੋਈਆਂ ਹਨ। ਸੂਤਰਾਂ ਅਨੁਸਾਰ ‘ਏਅਰ ਐਂਬੂਲੈਂਸ’ ਦਾ ਖਰਚਾ 50 ਹਜ਼ਾਰ ਤੋਂ ਸ਼ੁਰੂ ਹੁੰਦਾ ਹੈ ਅਤੇ ਦੂਰੀ ਦੇ ਹਿਸਾਬ ਨਾਲ ਖਰਚਾ ਨਿਸ਼ਚਿਤ ਹੁੰਦਾ ਹੈ। ਚੰਡੀਗੜ੍ਹ ਵਿਚ ਵੀ ਪ੍ਰਾਈਵੇਟ ਤੌਰ ’ਤੇ ਐਮਰਜੈਂਸੀ ਲਈ ਹਵਾਈ ਕੰਪਨੀਆਂ ਤਰਫ਼ੋਂ ‘ਏਅਰ ਐਂਬੂਲੈਂਸ’ ਦੀ ਸਹੂਲਤ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸਰਦੇ ਪੁੱਜਦੇ ਮਰੀਜ਼ਾਂ ਨੂੰ ਐਮਰਜੈਂਸੀ ਮੌਕੇ ਦੂਸਰੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਵਿਚ ‘ਏਅਰ ਐਂਬੂਲੈਂਸ’ ਦੇ ਜਰੀਏ ਹੀ ਸ਼ਿਫਟ ਕੀਤਾ ਜਾਂਦਾ ਹੈ। ਦੂਸਰੀ ਤਰਫ਼ ਆਮ ਲੋਕਾਂ ਨੂੰ ਤਾਂ ਲੋੜ ਪੈਣ ’ਤੇ ਸਰਕਾਰੀ ਐਂਬੂਲੈਂਸ ਵੀ ਨਸੀਬ ਨਹੀਂ ਹੁੰਦੀ ਹੈ। ‘ਏਅਰ ਐਂਬੂਲੈਂਸ’ ਤਾਂ ਦੂਰ ਦੀ ਗੱਲ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਸਪੱਸ਼ਟ ਕੀਤਾ ਹੈ ਕਿ ਦੇਸ਼ ਦੇ ਵੱਡੇ ਸ਼ਹਿਰਾਂ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਐਮਰਜੈਂਸੀ ਮੌਕੇ ਆਮ ਮਰੀਜ਼ਾਂ ਨੂੰ ਸ਼ਿਫਟ ਕਰਨ ਵਾਸਤੇ ‘ਏਅਰ ਐਂਬੂਲੈਂਸ’ ਦੀ ਸੁਵਿਧਾ ਦੇਣ ਦੀ ਕੋਈ ਯੋਜਨਾ ਨਹੀਂ ਹੈ।
                ਮੰਤਰਾਲੇ ਨੇ ਇਹ ਦੱਸਿਆ ਹੈ ਕਿ ਪੰਜਾਬ ਵਿਚ ‘108 ਐਂਬੂਲੈਂਸ’ ਸੇਵਾ ਆਮ ਮਰੀਜ਼ਾਂ ਲਈ ਚਲਾਈ ਜਾ ਰਹੀ ਹੈ ਅਤੇ ਇਸ ਲਈ ਸਾਲ 2018-19 ਵਿਚ ਪੰਜਾਬ ਸਰਕਾਰ ਨੂੰ 3.50 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਪੰਜਾਬ ਵਿਚ ਸਾਲ 2011 ਵਿਚ ਐਮਰਜੈਂਸੀ ਲਈ 242 ਸਰਕਾਰੀ ਐਂਬੂਲੈਂਸਾਂ ( ‘ਐਂਬੂਲੈਂਸ-108’) ਸ਼ੁਰੂ ਕੀਤੀਆਂ ਗਈਆਂ ਸਨ ਜਿਨ੍ਹਾਂ ਚੋਂ 90 ਫੀਸਦੀ ਐਂਬੂਲੈਂਸਾਂ ਦੀ ਮਿਆਦ ਟੱਪ ਚੁੱਕੀ ਹੈ। ਮਤਲਬ ਕਿ ਉਹ ਨਿਰਧਾਰਤ 3 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੀਆਂ ਹਨ। ਜਦੋਂ ਸਰਕਾਰੀ ਐਂਬੂਲੈਂਸਾਂ ਦੀ ਮੰਦੀ ਹਾਲਤ ਦਾ ਰੌਲਾ ਪਿਆ ਸੀ ਤਾਂ ਵਿਜੀਲੈਂਸ ਅਫਸਰਾਂ ਨੇ ਅਚਨਚੇਤ ਛਾਪੇ ਮਾਰ ਕੇ ਇਨ੍ਹਾਂ ਐਂਬੂਲੈਂਸਾਂ ਦੀ ਚੈਕਿੰਗ ਵੀ ਕੀਤੀ ਸੀ ਜਿਸ ਦੌਰਾਨ ਪੁਸ਼ਟੀ ਹੋਈ ਸੀ ਕਿ ਐਂਬੂਲੈਂਸ ਸੇਵਾ ਰੱਬ ਆਸਰੇ ਚੱਲ ਰਹੀ ਹੈ। ਪੰਜਾਬ ਵਿਚ ਬਹੁਤੇ ਲੋਕ ਤਾਂ ਐਂਬੂਲੈਂਸ ਦੀ ਕਮੀ ਵਜੋਂ ਹੀ ਦਮ ਤੋੜ ਜਾਂਦੇ ਹਨ। ਪੇਂਡੂ ਪੰਜਾਬ ਨੂੰ ਤਾਂ ਇਹ ਦੁੱਖ ਹੋਰ ਵੀ ਨੇੜਿਓਂ ਝੱਲਣਾ ਪੈਂਦਾ ਹੈ।
                ਮਾਮਲਾ ਕੈਬਨਿਟ ’ਚ ਨਹੀਂ ਗਿਆ : ਵਧੀਕ ਮੁੱਖ ਸਕੱਤਰ
ਵਧੀਕ ਮੁੱਖ ਸਕੱਤਰ (ਸਿਹਤ) ਸ੍ਰੀ ਸਤੀਸ਼ ਚੰਦਰਾ ਨੇ ਸੰਕੋਚ ਵਿਚ ਏਨੀ ਕੁ ਪੁਸ਼ਟੀ ਕੀਤੀ ਕਿ ਹਾਈਕੋਰਟ ਦੇ ਜੱਜਾਂ ਨੂੰ  ‘ਏਅਰ ਐਂਬੂਲੈਂਸ’ ਦੀ ਸਹੂਲਤ ਦੇਣ ਦੀ ਸਕੀਮ ਹੈ ਜਿਸ ਬਾਰੇ ਉਹ ਕੁਝ ਨਹੀਂ ਦੱਸ ਸਕਦੇ। ਉਨ੍ਹਾਂ ਆਖਿਆ ਕਿ ਜਦੋਂ ਮਾਮਲਾ ਕੈਬਨਿਟ ਵਿਚ ਆਏਗਾ,ਉਦੋਂ ਪਤਾ ਲੱਗ ਹੀ ਜਾਏਗਾ। ਹਾਲੇ ਕੈਬਨਿਟ ਵਿਚ ਨਹੀਂ ਗਿਆ ਹੈ। ਸਪੈਸ਼ਲ ਸਕੱਤਰ (ਸਿਹਤ) ਪੁਨੀਤ ਗੋਇਲ ਨੇ ਪਹਿਲਾਂ ਆਖਿਆ ਕਿ ਉਹ ਕੋਈ ਟਿੱਪਣੀ ਨਹੀਂ ਕਰਨਗੇ ਅਤੇ ਮਗਰੋਂ ਉਨ੍ਹਾਂ ਹਾਈਕੋਰਟ ਦੇ ਮੌਜੂਦਾ ਅਤੇ ਸਾਬਕਾ ਜੱਜਾਂ ਨੂੰ ਇਹ ਸਹੂਲਤ ਦੇਣ ਦੀ ਯੋਜਨਾ ਦੀ ਹਾਮੀ ਭਰੀ।


Wednesday, February 13, 2019

                                                           ਵਿਚਲੀ ਗੱਲ
                       ਬੇਖ਼ਬਰ ਹੋਈ ਤੂੰ ਸੱਸੀਏ, ਤੇਰਾ ਲੁੱਟਿਆ ਸ਼ਹਿਰ ਭੰਬੋਰ... 
                                                          ਚਰਨਜੀਤ ਭੁੱਲਰ
ਬਠਿੰਡਾ : ਮੁਗਲ ਗਾਰਡਨ ਦੇ ਵਿਹੜੇ ’ਚ ਹੁਣ ਫੁੱਲ ਖਿੜੇ ਹਨ। ਡਿਜੀਟਲ ਪ੍ਰੇਮੀ ਵੀ ਇਨ੍ਹਾਂ ਦਿਨਾਂ ’ਚ ਹੀ ਖਿੜਦੇ ਹਨ। ਇਜ਼ਹਾਰ-ਏ-ਮੁਹੱਬਤ ਦੇ ਇਸ ਹਫਤੇ ’ਚ ਸਭ ਤੋਂ ਵੱਧ ਪ੍ਰੇਮੀ ਹੀ ਰੁਝੇ ਹੁੰਦੇ ਹਨ। ਕੋਈ ਤਾਰੇ ਤੋੜ ਰਿਹਾ ਹੁੰਦਾ ਹੈ ਤੇ ਕੋਈ ਜਾਨ ਵਾਰ ਰਿਹਾ ਹੁੰਦਾ ਹੈ। ਪ੍ਰੇਮਿਕਾ ਦੇ ਨਾਮ ਪੂਰੇ ਬਾਗ ਦਾ ਇੰਤਕਾਲ ਕਰਨ ਲਈ ਇਸ਼ਕ ਦੇ ਭੌਰੇ ਇਸੇ ਹਫਤੇ ਨੂੰ ਸ਼ੁੱਭ ਮੰਨਦੇ ਹਨ। ਗਰੀਬ ਤੋਂ ਗਰੀਬ ਆਸ਼ਕ ਵੀ 14 ਫਰਵਰੀ ਨੂੰ ਕੋਈ ਗਿਣਤੀ ਮਿਣਤੀ ਨਹੀਂ ਕਰਦਾ। ਆਧੁਨਿਕ ਪ੍ਰੇਮੀ ਇਸ ਦਿਨ ਨੂੰ ‘ਪ੍ਰੇਮ ਦਿਵਸ’ ਵਜੋਂ ਮਨਾਉਂਦੇ ਨੇ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੁਗਲ ਗਾਰਡਨ ਦੀ ਹਰ ਕਿਆਰੀ ਚੋਂ ਸਤਰੰਗਾ ਭਾਰਤ ਦਿਖਦਾ ਹੈ। ਜਿਨਾਂ ਨੂੰ ਇਸ਼ਕੇ ਦੀ ਸੱਟ ਲੱਗੀ ਹੈ, ਉਹ ਵੱਖਰਾ ਮਤ ਰੱਖਦੇ ਹਨ। ਜਿੱਧਰ ਦੇਖਾਂ ਤੂੰ ਹੀ ਤੂੰ...। ਉਨ੍ਹਾਂ ਨੂੰ ਹਰ ਪਾਸੇ ਪਿਆਰਾ ਹੀ ਦਿਖਦਾ ਹੈ। ਜਵਾਨੀ ਨੂੰ ਇਸ ਪਹਿਰ ਰੱਬ ਚੇਤੇ ਨਹੀਂ ਰਹਿੰਦਾ। ਹੱਥਾਂ ਪੈਰਾਂ ’ਚ ਆਏ ਆਸ਼ਕ ਰੱਬ ਨੂੰ ਵੀ ਫੁੱਫੜ ਦੱਸਦੇ ਹਨ। ਤੋਹਫਿਆਂ ਦਾ ਹੜ ਆਉਂਦਾ ਹੈ। ਕਦੇ ਕਦੇ ਲੁਕ ਲੁਕ ਲਾਈਆਂ ਦੇ ਢੋਲ ਵੀ ਵੱਜਦੇ ਨੇ । ਜਦੋਂ ਨੇਤਾ ਉਦਾਰ ਚਿੱਤ ਹੋਏ ਤਾਂ ਬਾਹਰੋਂ ਨਿਵੇਸ਼ ਨਾਲ , ‘ਪ੍ਰੇਮ ਦਿਵਸ’ ਵੀ ਦਬੇ ਪੈਰ ਨਾਲ ਹੀ ਆ ਗਿਆ।ਕਈ ਅਰਬ ਮੁਲਕਾਂ ’ਚ ਵੈਲੇਨਟਾਈਨ ਡੇਅ ’ਤੇ ਪਾਬੰਦੀ ਹੈ। ਪਾਕਿਸਤਾਨ ਦੀ ਫ਼ੈਸਲਾਬਾਦ ਖੇਤੀ ਯੂਨੀਵਰਸਿਟੀ ਨੇ ਐਤਕੀਂ ਇਹ ਦਿਨ ‘ਭੈਣ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਰੋਮ ਦਾ ਪਾਦਰੀ ਵੈਲੇਨਟਾਈਨ ਪ੍ਰੇਮੀਆਂ ਦਾ ਸੰਤ ਹੈ।
                ਹੁਣ ਹੈਦਰਾਬਾਦ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸ ਪਾਦਰੀ ਨੂੰ ‘ਰੋਮ ਦਾ ਗੱਦਾਰ’ ਦੱਸਿਆ। ਜਨ ਸੰਘੀ ‘ਪ੍ਰੇਮ ਦਿਵਸ’ ਨੂੰ ਪੱਛਮ ਦਾ ਭਾਰਤੀ ਸੰਸਕ੍ਰਿਤੀ ’ਤੇ ਹੱਲਾ ਦੱਸਦੇ ਹਨ। ਪਾਰਕਾਂ ’ਚ ਇਨ੍ਹਾਂ ਭਗਤਾਂ ਦੇ ਥੱਪੜ ਖਾਣ ਵਾਲਿਆਂ ਨੂੰ ਇਸ ਲਾਣੇ ਚੋਂ ਸ਼ਮੀਰਾਂ ਦਾ ਭੁਲੇਖਾ ਪੈਂਦਾ ਹੈ। ‘ਪ੍ਰੇਮ ਦਿਵਸ ’ ਤੇ ਵੀ ਪੁਲੀਸ ਪਹਿਰਾ ਲੱਗਦਾ ਹੈ ਤਾਂ ਜੋ ਕਿਸੇ ‘ਦਾਨਾਬਾਦ’ ’ਚ ਕੋਈ ਅਣਹੋਣੀ ਨਾ ਵਾਪਰ ਜਾਵੇ। ਜ਼ਮਾਨਾ ਆਪਣੀ ਤੋਰ ਤੁਰਦਾ ਹੈ। ਜਵਾਨੀ ਨੂੰ ਹੁਣ ਹਾਸ਼ਿਮ ਦੀ ਸੱਸੀ, ਵਾਰਿਸ ਦੀ ਹੀਰ ਤੇ ਪੀਲੂ ਦਾ ਮਿਰਜ਼ਾ ਚੱਲੇ ਕਾਰਤੂਸ ਲੱਗਦੇ ਨੇ। ਅੱਲੜ ਉਮਰੇ ਹਰ ਕਿਸੇ ਦੇ ਅੰਦਰਲਾ ਧੀਦੋ ਜਾਗਦਾ ਹੈ। ਹਰ ਮੁਟਿਆਰ ਨੂੰ ਆਪਣੇ ’ਚੋਂ ਗੜ ਮੁਗਲਾਣੇ ਦੀ ਮਲਕੀ ਦਾ ਝਾਉਲਾ ਪੈਂਦਾ ਹੈ। ਇਸ਼ਕ ਦੀ ਬਾਜ਼ੀ ਹਾਰਨ ਵਾਲਿਆਂ ਦੇ ਹੱਡਾਂ ਲਈ ਪ੍ਰੇਮ ਦੀ ਹਵਾ ਪੱਛੋਂ ਬਣਦੀ ਹੈ। ਜਿਨ੍ਹਾਂ ਦਾ ਸ਼ਹਿਰ ਭੰਬੋਰ ਲੁੱਟਿਆ ਜਾਂਦਾ ਹੈ, ਉਨ੍ਹਾਂ ਨੂੰ ਭਮੱਕੜ ਬਣਨਾ ਪੈਂਦਾ। ਜਦੋਂ ਲਾਲਚ ਭਾਰੂ ਹੋਵੇ ਤਾਂ ਫਿਰ ਇੰਦਰ ਦੀ ਹੱਟੀ ’ਚ ਵਣਜ ਇਸ਼ਕ ਦਾ ਨਹੀਂ ਹੁੰਦਾ। ਨਾ ਸੱਚੇ ਇਸ਼ਕ ਲਈ ਢਾਈ ਅੱਖਰ ਪੜ੍ਹਨ ਦੀ ਲੋੜ ਪੈਂਦੀ ਹੈ। ਐਤਕੀਂ ਫਿਰ ਪ੍ਰੇਮੀ ਕੈਦੋਆਂ ਤੋਂ ਡਰੇ ਹੋਏ ਹਨ। ਕੈਦੋਂ ਆਖਦੇ ਹਨ ਕਿ ਉਹ ਪਿਆਰ ਦੇ ਨਹੀਂ, ਪੱਛਮੀ ਹੱਲੇ ਦੇ ਖ਼ਿਲਾਫ਼ ਹਨ। ਵੈਸੇ ਪ੍ਰੇਮੀਆਂ ਦੀ ਰਾਖੀ ਲਈ ‘ਲਵ ਕਮਾਂਡੋਜ਼’ ਵੀ ਹਨ। ‘ਲਵ ਜਹਾਦ’ ਦਾ ਰੌਲਾ ਪਹਿਲਾਂ ਹੀ ਬਹੁਤ ਹੈ।
                ਜਗਰਾਓਂ ਦਾ ਸੁਖਵਿੰਦਰ ਮਿੱਠੂ ਐਤਕੀਂ ‘ਪ੍ਰੇਮ ਦਿਵਸ’ ਮੌਕੇ 18 ਵਰ੍ਹੇ ਪਹਿਲਾਂ ਵਿਛੜੀ ਰੂਹ ਨੂੰ ਜ਼ਰੂਰ ਫੁੱਲ ਅਰਪਿਤ ਕਰੇਗਾ। ਵਿਦੇਸ਼ੋਂ ਆ ਕੇ ਮਿੱਠੂ ਨਾਲ ਪ੍ਰੇਮ ਵਿਆਹ ਕਰਾਉਣ ਵਾਲੀ ਜੱਸੀ ਨੂੰ ਮਾਂ ਤੇ ਮਾਮੇ ਨੇ ਕਤਲ ਕਰਾਇਆ ਜੋ ਹੁਣ ਸਲਾਖਾਂ ਪਿਛੇ ਗਏ ਹਨ। ਜਿਸ ਤਨ ਲੱਗੇ , ਸੋ ਹੀ ਜਾਣੇ..। ਮਿੱਠੂ ਦੀ ਮੁਹੱਬਤ ਜਿੱਤੀ ਹੈ। ਬਹੁਤੇ ਇਸ਼ਕ ’ਚ ਦੇਵਦਾਸ ਵੀ ਬਣਦੇ ਹਨ। ਬਠਿੰਡਾ ’ਚ ਪੱਕੀ ਉਮਰ ਦੇ ਇੱਕ ਆਸ਼ਕ ਨੇ ਪ੍ਰੇਮਿਕਾ ਤੋਂ ਉੱਲੂ ਹੀ ਵਾਰ ਦਿੱਤੇ। ਪ੍ਰੇਮਿਕਾ ਦੀ ਖ਼ੁਸ਼ੀ ਤੋਂ ਉੱਲੂ ਛੋਟੇ ਜਾਪੇ। ਸਰਕਾਰ ਚੋਰੀ ਹੋਏ ਉੱਲੂ ਲੱਭ ਰਹੀ ਹੈ। ਬੰਗਾਲ ’ਚ ਲੰਘੇ ਨਵੰਬਰ ਮਮਤਾ ਬੈਨਰਜੀ ਨੇ ਆਪਣੇ ਵਜ਼ੀਰ ਸੋਵਨ ਚੈਟਰਜੀ ਦੋ ਟੁੱਕ ਲਫ਼ਜਾਂ ’ਚ ਆਖਿਆ, ‘ਪ੍ਰੇਮਿਕਾ ਛੱਡ ਜਾਂ ਵਜ਼ੀਰੀ’। ਬੰਗਾਲੀ ਬਾਬੂ ਨੇ ਵਜ਼ੀਰੀ ਨੂੰ ਲੱਤ ਮਾਰ ਦਿੱਤੀ।ਅਸੀਂ ਆਧੁਨਿਕ ਹੋ ਗਏ ਹਾਂ ਪਰ ਸੋਚ ਨਹੀਂ। ਤਾਹੀਓਂ ਰਿਸ਼ਤਿਆਂ ‘ਚੋਂ ਜ਼ਿੰਦਗੀ ਧੜਕਣੋਂ ਹਟੀ ਹੈ। ਲੋੜ ਤਾਂ ਪੂਰੇ ਭਾਰਤ ਨੂੰ ਹੀ ਮੁਗਲ ਗਾਰਡਨ ਬਣਾਉਣ ਦੀ ਹੈ। ਹਰ ਦਿਨ ਹੀ ਮੁਹੱਬਤ ਵਾਲਾ ਹੋਵੇ। ਗੱਦੀ ‘ਤੇ ਬੈਠੇ ਹਾਕਮਾਂ ਦੀ ਅੱਖ ਨੂੰ ‘ਭੰਬੋਰ’ ਚੁਭਦਾ ਹੈ। ਨਫਰਤ ਦੇ ਇੰਦਰ ਵਪਾਰੀ ਵੋਟਾਂ ਖਾਤਰ ਕਿਤੇ ਵੀ ਛਾਲ ਮਾਰ ਸਕਦੇ ਹਨ। ਜਦੋਂ ਮੁਲਕ ਦੇ ਬਗੀਚੇ ‘ਚ ਨਫਰਤ ਦੇ ਤਣੇ ਫੈਲਦੇ ਹਨ ਉਦੋਂ ਫਿਰ ਹਰਿਆਣਾ ਦੀ ਖਾਪ ਪੰਚਾਇਤ ਦਾ ਫੈਸਲਾ ਦੈਵੀ ਬਣਦਾ ਹੈ। ਹਉਮੈ ਫੱਟੜ ਹੁੰਦੀ ਹੈ ਤਾਂ ਉਦੋਂ ਬੋਹਾ ਇਲਾਕੇ ਦੀ 80 ਫੀਸਦੀ ਅੰਕ ਲੈਣ ਵਾਲੇ ਧੀਅ ਦੇ ਟੋਟੇ ਕਰ ਦਿੱਤੇ ਜਾਂਦੇ ਹਨ।
                ਮੁਲਕ ਵਿਚ ਲੰਘੇ ਚਾਰ ਵਰ੍ਹਿਆਂ ਵਿਚ 600 ਕਤਲ ਸਿਰਫ ਅਣਖ ਕਰਕੇ ਹੋਏ ਹਨ। ਉੱਤਰ ਪ੍ਰਦੇਸ਼,ਮੱਧ ਪ੍ਰਦੇਸ਼ ,ਹਰਿਆਣਾ  ਅਤੇ   ਪੰਜਾਬ ਦੀ ਅਣਖ ਨੇ ਸਭ ਤੋਂ ਵੱਧ ਲਹੂ ਡੋਲਿਆ। ਕਿਸੇ ਵੇਲੇ ਮਿਰਜ਼ਾ ਸਾਹਿਬਾਂ ਤੇ ਸੋਹਣੀ ਮਹੀਂਵਾਲ ਵੀ ਅਣਖ ਦੀ ਬਲੀ ਚੜ੍ਹੇ ਸਨ। ਸਭ ਕੁਝ ਬਦਲ ਗਿਆ, ਅਣਖ ਦੇ ਮੁਖੌਟੇ ਨਹੀਂ ਬਦਲੇ। ਲੋੜ ਤਾਂ ਨਫਰਤ ਦੇ ਖੇਤਾਂ ਨੂੰ ਮੁਹੱਬਤ ਦਾ ਪਾਣੀ ਲਾਉਣ ਦੀ ਹੈ। ਚੋਣਾਂ ਮੌਕੇ ਤਾਂ ਕੋਈ ‘ਦੀਦੀ’ ਸਕੀ ਨਹੀਂ ਰਹਿੰਦੀ। ਨਫਰਤ ਚੋਂ ਕੀ ਖੱਟਿਆ। ਜਿਨਾਂ ਦੇ ਕਮਾਊ ਦੰਗਾਬਾਜ਼ੀ ਦੀ ਭੇਟ ਚੜ੍ਹ ਗਏ, ਉਨ੍ਹਾਂ ਨੂੰ ਪੁੱਛ ਕੇ ਦੇਖੋ, ਕੀ ਕੀ ਗੁਆਇਆ। ਤਿੰਨ ਵਰ੍ਹਿਆਂ ਵਿਚ ਦੰਗਿਆਂ ਦੀਆਂ 2276 ਘਟਨਾਵਾਂ ਹੋਈਆਂ ਜਿਨ੍ਹਾਂ ‘‘ਚ 294 ਲੋਕ ਮਾਰੇ ਗਏ, 6969 ਲੋਕ ਜ਼ਖਮੀ ਹੋਏ। ਇਕੱਲੇ ਯੂ.ਪੀ ‘‘ਚ 95 ਘਰਾਂ ਵਿਚ ਸੱਥਰ ਵਿਛੇ। ਲਾਲੂ ਯਾਦਵ ਨੇ ਕੇਰਾਂ ਰਾਬੜੀ ਨੂੰ ਫੁੱਲ ਦੇ ਕੇ ਆਖਿਆ ‘ ਅਭੀ ਤੋਂ ਮੈਂ ਜਵਾਨ ਹੂੰ’। ਅਖਿਲੇਸ਼ ਯਾਦਵ ਨੇ ਵੀ ਡਿੰਪਲ ਨਾਲ ਪ੍ਰੇਮ ਵਿਆਹ ਕਰਵਾਇਆ। ਪ੍ਰੇਮ ਪ੍ਰਸੰਗ ਦਾ ਪੱਥਰ ਆਗੂ ਦਿਗਵਿਜੈ ਸਿੰਘ, ਚੰਦਰ ਮੋਹਨ, ਸ਼ਸ਼ੀ ਥਰੂਰ ਨੇ ਵੀ ਚੱਟਿਆ ਹੈ। ਅਰੂਸਾ ਤਾਂ ਸਾਡੇ ਗੁਆਂਢ ‘ਚੋਂ ਹੀ ਹੈ। ਇਹ ਸਿਆਸੀ ਪ੍ਰੇਮੀ ਮੋਦੀ ਨੂੰ ਟਿੱਚਰਾਂ ਕਰਦੇ ਹਨ । ਕਿਸੇ ਨੇ ਕਿਹਾ ‘‘ ਛੜਾ ਕੀ ਜਾਣੇ ..ਅਦਰਕ ਦਾ ਸੁਆਦ। ਹਰਿਆਣਾ ਵਾਲੇ ਮਨੋਹਰ ਲਾਲ ਖੱਟਰ,ਯੂ.ਪੀ ਵਾਲੇ ਯੋਗੀ ਆਦਿੱਤਿਆ ਨਾਥ,ਉੜੀਸਾ ਵਾਲੇ ਨਵੀਨ ਪਟਨਾਇਕ, ਬੰਗਾਲ ਵਾਲੀ ਬੀਬੀ ਮਮਤਾ ਬੈਨਰਜੀ, ਉਮਾ ਭਾਰਤੀ ਇਸੇ ਕਤਾਰ ’ਚੋਂ ਹਨ। ਪਿੰਡ ਨਰਿੰਦਰਪੁਰਾ (ਮਾਨਸਾ) ਦੇ ਛੜੇ ਬਾਬੇ ਭੰਗੇ ਦੀ ਟਿੱਪਣੀ ਸੁਣੋ ‘ਛੜਿਆਂ ਨੂੰ ਤਾਂ ਕੋਈ ਪਾਣੀ ਦਾ ਗਿਲਾਸ ਨਹੀਂ ਦਿੰਦਾ, ਪਤਾ ਨਹੀਂ ਲੋਕ ਕਿਵੇਂ ਇਨ੍ਹਾਂ ਨੂੰ ਵੋਟਾਂ ਪਾਈ ਜਾਂਦੇ ਨੇ’।     

Tuesday, February 5, 2019

                             ਤੋਰਾ ਫੇਰਾ
       ਭਾਜਪਾ ਪ੍ਰਧਾਨ ਦੇ ਆਏ ‘ਅੱਛੇ ਦਿਨ’ 
                         ਚਰਨਜੀਤ ਭੁੱਲਰ
ਬਠਿੰਡਾ :  ਭਾਜਪਾ ਪ੍ਰਧਾਨ ਤੇ ਐਮ.ਪੀ ਸ਼ਵੇਤ ਮਲਿਕ ਦੇ ‘ਅੱਛੇ ਦਿਨ’ ਦਿਨ ਆ ਗਏ ਹਨ ਜਿਨ੍ਹਾਂ ਦਾ ਤੋਰਾ ਫੇਰਾ (ਟੀ.ਏ/ਡੀ.ਏ) ਕਰੀਬ 45 ਲੱਖ ਰੁਪਏ ’ਚ ਪਿਆ ਹੈ। ਐਮ.ਪੀ ਮਲਿਕ ਨੇ ਭੱਤੇ ਲੈਣ ’ਚ ਤਾਂ ਪੁਰਾਣੇ ਰਾਜ ਸਭਾ ਮੈਂਬਰ ਵੀ ਪਿੱਛੇ ਛੱਡ ਦਿੱਤੇ ਹਨ। ਢਾਈ ਵਰ੍ਹਿਆਂ ਦੌਰਾਨ ਸ਼ਵੇਤ ਮਲਿਕ ਨੇ ਬਤੌਰ ਰਾਜ ਸਭਾ ਮੈਂਬਰ ਅੌਸਤਨ ਰੋਜ਼ਾਨਾ 4775 ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ ਜਦੋਂ ਕਿ ਵਰ੍ਹਾ 2016-17 ਦੌਰਾਨ ਉਨ੍ਹਾਂ ਦਾ ਅੌਸਤਨ ਰੋਜ਼ਾਨਾ ਦਾ ਟੀ.ਏ/ਡੀ.ਏ ਖਰਚਾ 7216 ਰੁਪਏ ਰਿਹਾ ਹੈ।  2017 ਦੇ ਸਤੰਬਰ ਮਹੀਨੇ ’ਚ ਉਨ੍ਹਾਂ ਨੇ ਇੱਕੋ ਮਹੀਨੇ ਦਾ 6.02 ਲੱਖ ਰੁਪਏ ਟੀ.ਏ/ਡੀ.ਏ ਵਸੂਲ ਕੀਤਾ ਹੈ। ਐਮ.ਪੀ ਮਲਿਕ ਨੇ ਬਤੌਰ ਰਾਜ ਸਭਾ ਮੈਂਬਰ ਨਵੇਂ ਰਿਕਾਰਡ ਕਾਇਮ ਕੀਤੇ ਹਨ। ਵੇਰਵਿਆਂ ਅਨੁਸਾਰ ਰਾਜ ਸਭਾ ਮੈਂਬਰ ਨੂੰ ਇਸ ਵੇਲੇ ਪ੍ਰਤੀ ਮਹੀਨਾ ਇੱਕ ਲੱਖ ਰੁਪਏ ਤਨਖ਼ਾਹ, 70 ਹਜ਼ਾਰ ਰੁਪਏ ਹਲਕਾ ਭੱਤਾ, 20 ਹਜ਼ਾਰ ਰੁਪਏ ਦਫ਼ਤਰੀ ਖਰਚਾ ਅਤੇ 40 ਹਜ਼ਾਰ ਰੁਪਏ ਪੀ.ਏ ਦੀ ਤਨਖ਼ਾਹ ਮਿਲਦੀ ਹੈ। ਐਮ.ਪੀ ਸ਼ਵੇਤ ਮਲਿਕ ਨੇ ਢਾਈ ਵਰ੍ਹਿਆਂ ਦੌਰਾਨ ਹੁਣ ਤੱਕ ਤਨਖ਼ਾਹ ਤੇ ਭੱਤਿਆਂ ਵਜੋਂ 82.69 ਲੱਖ ਰੁਪਏ ਵਸੂਲੇ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਅੌਸਤਨ ਪ੍ਰਤੀ ਦਿਨ ਖ਼ਜ਼ਾਨੇ ਚੋਂ 8891 ਰੁਪਏ ਵਸੂਲ ਪਾਏ ਹਨ।
                   ਐਮ. ਪੀ ਮਲਿਕ ਜੁਲਾਈ 2016 ਤੋਂ ਭੱਤੇ ਲੈ ਰਹੇ ਹਨ। ਮਲਿਕ ਨੇ ਸਾਲ 2016-17 ਦੌਰਾਨ 8.80 ਲੱਖ ਰੁਪਏ, ਸਾਲ 2017-18 ਵਿਚ 26.34 ਲੱਖ ਅਤੇ ਸਾਲ 2018-19 (ਜਨਵਰੀ 2019 ਤੱਕ) ਵਿਚ 9.26 ਲੱਖ ਰੁਪਏ ਟੀ.ਏ/ਡੀ.ਏ ਵਜੋਂ ਮਿਲੇ ਹਨ। ਭਾਜਪਾ ਪ੍ਰਧਾਨ ਨੇ ਅਪਰੈਲ 2017 ਦੇ ਇੱਕੋ ਮਹੀਨੇ ਵਿਚ 4.27 ਲੱਖ ਰੁਪਏ ਅਤੇ ਨਵੰਬਰ 2017 ਦੇ ਇੱਕ ਮਹੀਨੇ ਵਿਚ 3.27 ਲੱਖ ਰੁਪਏ ਟੀ.ਏ/ਡੀ.ਏ ਵਜੋਂ ਪ੍ਰਾਪਤ ਕੀਤੇ ਹਨ। ਪੰਜਾਬ ਤੋਂ ਰਾਜ ਸਭਾ ਦੇ ਸੱਤ ਐਮ.ਪੀ ਹਨ ਜਿਨ੍ਹਾਂ ਚੋਂ ਸਭ ਤੋਂ ਨਵੇਂ ਐਮ.ਪੀ ਸ਼ਵੇਤ ਮਲਿਕ ਹੀ ਹਨ। ਪੁਰਾਣੇ ਰਾਜ ਸਭਾ ਮੈਂਬਰਾਂ ਚੋਂ ਸਭ ਤੋਂ ਵੱਡਾ ਸਰਕਾਰੀ ਮੇਵਾ ਦਾ ਗੱਫਾ ਐਮ.ਪੀ ਨਰੇਸ਼ ਗੁਜਰਾਲ ਨੂੰ ਮਿਲਿਆ ਹੈ ਜਿਨ੍ਹਾਂ ਨੇ ਪੁਰਾਣੇ ਛੇ ਐਮ.ਪੀਜ਼ ਚੋਂ ਸਭ ਤੋਂ ਵੱਧ ਭੱਤੇ ਹਾਸਲ ਕੀਤੇ ਹਨ। ਕਰੀਬ ਪੌਣੇ ਛੇ ਵਰ੍ਹਿਆਂ ਦੌਰਾਨ ਐਮ.ਪੀ ਨਰੇਸ਼ ਗੁਜਰਾਲ ਨੇ 49.90 ਲੱਖ ਰੁਪਏ ਦਾ ਟੀ.ਏ/ਡੀ.ਏ ਲਿਆ ਹੈ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਅੌਸਤਨ ਹਰ ਮਹੀਨੇ 76,782 ਰੁਪਏ ਦਾ ਭੱਤਾ ਲਿਆ। ਨਰੇਸ਼ ਗੁਜਰਾਲ ਅਗਸਤ 2013 ਵਿਚ ਐਮ.ਪੀ ਬਣੇ ਸਨ। ਨਰੇਸ਼ ਗੁਜਰਾਲ ਨੇ ਆਪਣੇ ਸੰਸਦੀ ਕੋਟੇ ਦੇ ਫ਼ੰਡਾਂ ਦਾ ਵੱਡਾ ਗੱਫਾ ਬਾਦਲਾਂ ਦੇ ਹਲਕੇ ਵਿਚ ਵੰਡਿਆ ਹੈ ਜਦੋਂ ਕਿ ਇੱਧਰ ਭੱਤੇ ਵਸੂਲਣ ਵਿਚ ਝੰਡੀ ਲੈ ਲਈ।
                ਐਮ.ਪੀ ਨਰੇਸ਼ ਗੁਜਰਾਲ ਨੇ ਇਨ੍ਹਾਂ ਵਰ੍ਹਿਆਂ ਦੌਰਾਨ ਸਾਲ 2016-17 ਦੌਰਾਨ ਸਭ ਤੋਂ ਵੱਧ ਭੱਤੇ 10.52 ਲੱਖ ਰੁਪਏ ਦੇ ਵਸੂਲ ਕੀਤੇ। ਜੋ ਤਨਖ਼ਾਹ ਅਤੇ ਹੋਰ ਭੱਤੇ ਹਨ, ਉਹ ਵੱਖਰੇ ਹਨ। ਕਾਂਗਰਸੀ  ਐਮ.ਪੀ ਅੰਬਿਕਾ ਸੋਨੀ ਦੇ ਟੀ.ਏ/ਡੀ.ਏ ਦਾ ਖਰਚਾ 45.71 ਲੱਖ ਰੁਪਏ ਹੈ। ਅੰਬਿਕਾ ਸੋਨੀ ਨੇ ਸਭ ਤੋਂ ਵੱਧ ਭੱਤੇ ਸਾਲ 2015-16 ਦੌਰਾਨ ਵਸੂਲੇ ਜੋ ਕਿ ਇੱਕੋ ਵਰੇ੍ਹ ਦੇ 12.81 ਲੱਖ ਰੁਪਏ ਬਣਦੇ ਹਨ। ਉਨ੍ਹਾਂ ਦੇ ਟੀ.ਏ/ਡੀ.ਏ ਦੀ ਅੌਸਤਨ ਪ੍ਰਤੀ ਮਹੀਨਾ 70,327 ਰੁਪਏ ਰਹੀ ਹੈ। ਲੋਕ ਸਭਾ ਮੈਂਬਰਾਂ ਚੋਂ ਸਭ ਤੋਂ ਵੱਧ ਝੰਡੀ ਐਮ.ਪੀ ਹਰਿੰਦਰ ਖ਼ਾਲਸਾ ਦੀ ਹੁਣ ਤੱਕ ਰਹੀ ਹੈ ਜਿਨ੍ਹਾਂ ਨੇ 47.65 ਲੱਖ ਰੁਪਏ ਟੀ.ਏ/ਡੀ.ਏ ਦੇ ਲਏ ਹਨ। ਨਰੇਸ਼ ਗੁਜਰਾਲ ਨੇ ਉਨ੍ਹਾਂ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਟਕਸਾਲੀ ਅਕਾਲੀ ਆਗੂ ਅਤੇ ਐਮ.ਪੀ ਸੁਖਦੇਵ ਸਿੰਘ ਢੀਂਡਸਾ ਨੇ ਟੀ.ਏ/ਡੀ.ਏ ਵਜੋਂ 43.14 ਲੱਖ ਰੁਪਏ ਵਸੂਲ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਪ੍ਰਤੀ ਮਹੀਨਾ 66,373 ਰੁਪਏ ਇਕੱਲੇ ਟੀ.ਏ/ਡੀ.ਏ ਦੇ ਮਿਲੇ।
                ਢੀਂਡਸਾ ਨੇ ਸਾਲ 2015-16 ਦੌਰਾਨ ਸਭ ਤੋਂ ਵੱਧ 15.31 ਲੱਖ ਟੀ.ਏ/ਡੀ.ਏ ਵਸੂਲ ਕੀਤਾ। ਐਮ.ਪੀ ਬਲਵਿੰਦਰ ਸਿੰਘ  ਭੂੰਦੜ ਨੇ ਵੀ ਅਗਸਤ 2013 ਤੋਂ ਹੁਣ ਤੱਕ 23.92 ਲੱਖ ਰੁਪਏ ਟੀ.ਏ /ਡੀ.ਏ ਵਜੋਂ ਵਸੂਲ ਕੀਤੇ ਹਨ। ਰਾਜ ਸਭਾ ਮੈਂਬਰ ਨੂੰ ਪਾਰਲੀਮੈਂਟ ਸੈਸ਼ਨ ਅਤੇ ਪਾਰਲੀਮੈਂਟ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਸ਼ਾਮਿਲ ਹੋਣ ਮੌਕੇ ਟੀ.ਏ/ਡੀ.ਏ ਦਿੱਤਾ ਜਾਂਦਾ ਹੈ ਜਿਸ ਵਿਚ ਹਵਾਈ ਸਫ਼ਰ ਦੀਆਂ ਟਿਕਟਾਂ ਵੀ ਸ਼ਾਮਿਲ ਹਨ। ਕਾਂਗਰਸੀ ਐਮ.ਪੀ ਅਤੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ 34 ਮਹੀਨਿਆਂ ਦੌਰਾਨ 17.85 ਲੱਖ ਰੁਪਏ ਟੀ.ਏ/ਡੀ.ਏ ਦੇ ਤੌਰ ਤੇ ਪ੍ਰਾਪਤ ਕੀਤੇ ਹਨ ਜਦੋਂ ਕਿ ਸ਼ਮਸ਼ੇਰ ਸਿੰਘ ਦੂਲੋ ਨੇ ਇਹੋ ਭੱਤੇ 24.64 ਲੱਖ ਦੇ ਵਸੂਲੇ ਹਨ। ਪੰਜਾਬ ਦੇ ਇਨ੍ਹਾਂ ਸੱਤ ਐਮ.ਪੀਜ਼ ਦੇ ਇਕੱਲੇ ਟੀ.ਏ/ਡੀ.ਏ ਦਾ ਖਰਚਾ ਕਰੀਬ ਢਾਈ ਕਰੋੜ ਰੁਪਏ ਰਿਹਾ ਹੈ। ਐਮ.ਪੀ ਤਰਕ ਦਿੰਦੇ ਹਨ ਕਿ ਉਨ੍ਹਾਂ ਨੇ ਜ਼ਿਆਦਾ ਕੰਮ ਕੀਤਾ ਹੈ ਜਿਸ ਕਰਕੇ ਉਨ੍ਹਾਂ ਦੇ ਭੱਤੇ ਜ਼ਿਆਦਾ ਬਣੇ ਹਨ। ਪੱਖ ਜਾਣਨਾ ਚਾਹਿਆ ਪਰ ਐਮ.ਪੀ ਸ਼ਵੈਤ ਮਲਿਕ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ।
                                       ਪੰਜ ਵਰ੍ਹਿਆਂ ਮਗਰੋਂ ਵਧਣਗੇ ਭੱਤੇ
ਕੇਂਦਰ ਸਰਕਾਰ ਨੇ ਪਹਿਲੀ ਅਪਰੈਲ 2018 ਤੋਂ ਹੀ ਰਾਜ ਸਭਾ ਮੈਂਬਰਾਂ ਦੀ ਤਨਖ਼ਾਹ ਅਤੇ ਭੱਤਿਆਂ ਤੋਂ ਇਲਾਵਾ ਪੈਨਸ਼ਨ ਵਿਚ ਵਾਧਾ ਕੀਤਾ ਹੈ। ਤਨਖ਼ਾਹ 50 ਹਜ਼ਾਰ ਤੋਂ ਵਧਾ ਕੇ ਇੱਕ ਲੱਖ ਰੁਪਏ, ਹਲਕਾ ਭੱਤਾ 45 ਹਜ਼ਾਰ ਤੋਂ ਵਧਾ ਕੇ 70 ਹਜ਼ਾਰ ਰੁਪਏ, ਦਫ਼ਤਰੀ ਖਰਚਾ 15 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਅਤੇ ਪੀ.ਏ ਦੀ ਤਨਖ਼ਾਹ 30 ਹਜ਼ਾਰ ਤੋਂ ਵਧਾ ਕੇ 40 ਹਜ਼ਾਰ ਰੁਪਏ ਕੀਤੀ ਗਈ ਹੈ। ਇਹ ਵੀ ਨਿਸ਼ਚਿਤ ਕੀਤਾ ਹੈ ਕਿ ਹੁਣ ਤਨਖ਼ਾਹਾਂ ਵਿਚ ਅਗਲਾ ਵਾਧਾ 2023 ਵਿਚ ਹੋਵੇਗਾ।



Sunday, February 3, 2019

                                                              ਵਿਚਲੀ ਗੱਲ   
                                      ਕੰਧ ਉੱਤੇ ਮੋਦੀ ਬੈਠਾ, ਦੀਵੇ ਥੱਲੇ ਟਰੰਪ.!
                                                            ਚਰਨਜੀਤ ਭੁੱਲਰ
ਬਠਿੰਡਾ  :  ਹੁਣ ਡੋਨਲਡ ਟਰੰਪ ਨੂੰ ਉਲਾਂਭਾ ਕੌਣ ਦੇਵੇ। ਜਿਵੇਂ ਪਿੰਡ ਦੇ ਕਿਸੇ ਵੈਲੀ ਵੱਲ ਝਾਕਣਾ ਅੌਖਾ ਹੁੰਦੇ, ਉਵੇਂ ਕੌਣ ਟਰੰਪ ਨੂੰ ਆਖੇ ਕਿ ‘ਤੂੰ ਹੁੰਦਾ ਕੌਣ ਐ, ਮੋਦੀ ਨੂੰ ਮਖੌਲਾਂ ਕਰਨ ਵਾਲਾ’। ਤਿੰਨ ਬਿਲੀਅਨ ਡਾਲਰ ਦੀ ਰਾਸ਼ੀ ਕੋਈ ਛੋਟੀ ਨਹੀਂ ਹੁੰਦੀ। ਜੰਗ ਦੇ ਝੰਬੇ ਮੁਲਕ ’ਚ ‘ਅਫ਼ਗ਼ਾਨੀ ਲਾਇਬੇ੍ਰਰੀ’ ਖੁੱਲ੍ਹ ਜਾਊ, ਇਸ ਤੋਂ ਟਰੰਪ ਦੇ ਢਿੱਡ ਕਿਉਂ ਪੀੜ ਹੋਈ। ਅਖੇ ਅਫ਼ਗ਼ਾਨਿਸਤਾਨ ’ਚ ਵਰ੍ਹਦੀ ਅੱਗ ’ਚ ਕਿਹੜਾ ਜਾਊ ਲਾਇਬਰੇਰੀ, ਨਾਲੇ ਜਿੰਨੇ ਕੁ ਪੈਸੇ ਭਾਰਤ ਨੇ ਦਿੱਤੇ ਨੇ, ਅਮਰੀਕਾ ਪੰਜ ਘੰਟੇ ’ਚ ਉੱਨੇ ਖ਼ਰਚ ਦਿੰਦੈਂ। ਜਸ਼ੋਦਾ ਬੇਨ ਦਾ ਕਿਤੇ ਵੱਸ ਚੱਲਦਾ ਤਾਂ ਮਿਲੇਨੀਆ ਟਰੰਪ ਨੂੰ ਜ਼ਰੂਰ ਪੁੱਛਦੀ  ‘ਭੈਣੇ, ਤੇਰੇ ਆਲ਼ੇ ਨੂੰ ਕੀ ਸੱਪ ਸੁੰਘ ਗਿਆ, ਕਾਹਤੋਂ ਛਿੰਗੜੀਆਂ ਛੇੜਦੈ ’। ਟਰੰਪ-ਮੋਦੀ ਪਹਿਲੀ ਮਿਲਣੀ ਮੌਕੇ ਤਾਂ ਬੜੇ ਹੱਸ ਹੱਸ ਕੇ ਦੂਹਰੇ ਹੋਏ ਸਨ, ਪਤਾ ਨਹੀਂ ਕਿਉਂ। ਸ਼ਾਇਦ ਟਰੰਪ ਨੇ ਗੁੱਝੀ ਹੁੱਝ ਮਾਰੀ ਹੋਊ ਕਿ ‘ਮੇਰੇ ਆਲ਼ੀ ਲਈ ਕਸ਼ਮੀਰੀ ਸ਼ਾਲ ਚੁੱਕੀ ਫਿਰਦੈ, ਉਹਦੀ ਵੀ ਕਦੇ ਬਾਤ ਪੁੱਛ ਲੈ’। ਮੋਦੀ ਦੇ ਮਨ ’ਚ ਲਾਇਬਰੇਰੀ ਦਾ ਫੁਰਨਾ ਤਾਂ ਫੁਰਿਆ, ਚਾਹੇ ਬਿਗਾਨੇ ਮੁਲਕ ਲਈ ਸਹੀ। ਵਰਨਾ, ਗੱਲਾਂ ਦਾ ਕੜਾਹ ਕਿੰਨਾ ਕੁ ਖਾਦਾ ਜਾ ਸਕਦੇ। ਇੱਕ ਸਮਰੱਥਾ ਹੁੰਦੀ ਹੈ ‘ਮਨ ਕੀ ਬਾਤ’ ਸੁਣਨ ਦੀ ਵੀ। ਜੋ ਮਰਜ਼ੀ ਟਿੱਚਰਾਂ ਟਰੰਪ ਕਰੀ ਜਾਵੇ, ‘ਅਫਗਾਨੀ ਲਾਇਬਰੇਰੀ’ ਤਾਂ ਚੱਲੂ ਹੀ।
               ‘ਅਕਲ ਦਾੜ੍ਹ’ ਵਾਲੇ ਲੀਡਰ ਲੋਕਾਂ ਦੇ ਚਿਹਰੇ ਪੜ੍ਹਦੇ ਨੇ, ਕਿਤਾਬਾਂ ਨਹੀਂ। ਕਿਤਾਬਾਂ ਤੇ ਪੁਸਤਕ ਮੇਲੇ ਲੋਕਾਂ ਦਾ ਅੰਦਰਲਾ  ਜਗਾਉਂਦੇ ਨੇ। ਪ੍ਰਗਤੀ ਮੈਦਾਨ ’ਚ ਭੀੜਾਂ ਜੁੜਨ ਲੱਗੀਆਂ ਤਾਂ ਫਿਰ ਕੁੰਭ ਦੇ ਮੇਲੇ ’ਤੇ ਕੌਣ ਜਾਊ। ਨਾਲੇ ਅਯੱੁਧਿਆ ਵੀ ਜ਼ਰੂਰੀ ਹੈ। ਦੱਖਣੀ ਤੇ ਬੰਗਾਲੀ ਲੋਕਾਂ ਦਾ ਕਿਤਾਬਾਂ ਬਿਨਾਂ ਸਰਦਾ ਨਹੀਂ। ਪੰਜਾਬ ਦੇ ਹਾਕਮ ਬਿਨਾਂ ਕਿਤਾਬਾਂ ਤੋਂ ਢੋਲੇ ਦੀਆਂ ਲਾ ਰਹੇ ਨੇ। ‘ਜੇਹੋ ਜਿਹੀ ਕੋਕੋ, ਉਹੋਂ ਜਿਹੇ ਬੱਚੇ’। ਨਾ ਖੁਦ ਪੜ੍ਹਦੇ ਨੇ, ਨਾ ਪੰਜਾਬ ਨੂੰ ਅੱਖਾਂ ਖੋਲ੍ਹਣ ਦਿੰਦੇ ਨੇ। ਹਕੂਮਤ ਲੋਕਾਂ ਦੇ ਹੱਥਾਂ ਵਿਚ ਕਿਤਾਬਾਂ ਨਹੀਂ, ਠੂਠੇ ਫੜਾਉਂਦੀ ਹੈ। ਇਨ੍ਹਾਂ ਠੂਠਿਆਂ ਵਿਚ ਫਿਰ ਕੋਈ ਚਾਹ ਪੱਤੀ ਪਾਉਂਦੇ, ਕੋਈ ਆਟਾ ਦਾਲ। ਜਾਗਣ ਵਾਲੇ ਕਦੇ ਜੁਮਲੇ ਨਹੀਂ ਸੁਣਦੇ। ਸਰਕਾਰਾਂ ਨੇ ਤਾਂ ਵੱਡਾ ਘੁੰਡ ਕਿਤਾਬਾਂ ਤੋਂ ਹੀ ਕੱਢਿਆ, ‘ਘੁੰਡ ਚੁਕਾਈ’ ਤਾਂ ਵਿਖਾਵਾ ਹੈ। ਨਾਲੇ ਨੇਤਾ ਆਪਣੇ ਪੈਰ ਕਿਉਂ ਕੁਹਾੜਾ ਮਾਰਨਗੇ ਜਿਨ੍ਹਾਂ ਨੇ ਨਿਵੇਸ਼ ਹੀ ਸਿਆਸਤ ’ਚ ਕੀਤਾ। ਸਿਆਸੀ ਵਪਾਰੀ ਪੜ੍ਹਦੇ ਤਾਂ ਪੂਰਾ ਪੰਜਾਬ ਪੜ੍ਹਨੇ ਨਾ ਪੈਂਦਾ। ਨਵਾਬ ਬਣਨ ਲਈ ਪੜਾਈ ਦੀ ਲੋੜ ਨਹੀਂ। ‘ਕਿਤਾਬ ਘਪਲਾ’ ਕਰਨਾ ਕੋਈ ਇਨ੍ਹਾਂ ਤੋਂ ਸਿੱਖੇ। ਇਤਿਹਾਸ ’ਚ ਵਿਗਾੜ ਦਾ ਫੋਕਾ ਹੇਜ ਜਿਤਾਉਂਦੇ ਨੇ, ਧਰਨੇ ਲਾਉਂਦੇ ਨੇ ਪਰ ਕਿਤਾਬਾਂ ਲਈ ਫ਼ੰਡ ਫਿਰ ਵੀ ਨਹੀਂ ਦਿੰਦੇ।
                 75 ਫ਼ੀਸਦੀ ਮੌਜੂਦਾ ਲੋਕ ਸਭਾ ਮੈਂਬਰ ਗਰੈਜੂਏਟ ਜਾਂ ਵੱਧ ਪੜ੍ਹੇ ਲਿਖੇ ਨੇ। ਪਾਰਲੀਮੈਂਟ ਲਾਇਬਰੇਰੀ ’ਚ ਤਿੰਨ ਲੱਖ ਕਿਤਾਬਾਂ ਪਈਆਂ ਨੇ। ਸੈਂਟਰਲ ਹਾਲ ਦੀ ਕੰਟੀਨ ’ਚ ਐਮ.ਪੀ ਦਿੱਖਦੇ ਨੇ, ਲਾਇਬਰੇਰੀ ’ਚ ਨਹੀਂ। ਦੱਸਦੇ ਹਨ ਕਿ 800 ਪਾਰਲੀਮੈਂਟ ਮੈਂਬਰਾਂ ਚੋਂ ਮਸਾਂ 50 ਮੈਂਬਰਾਂ ਨੇ ਪਾਰਲੀਮੈਂਟ ਲਾਇਬਰੇਰੀ ਚੋਂ ਕਿਤਾਬਾਂ ਲਈਆਂ ਹਨ। ਇਵੇਂ ਪੰਜਾਬ ਦੇ 70 ਫ਼ੀਸਦੀ ਐਮ.ਐਲ.ਏ ਵਿਧਾਨ ਸਭਾ ਲਾਇਬਰੇਰੀ ਕੋਲੋਂ ਘੁੰਡ ਕੱਢ ਕੇ ਲੰਘਦੇ ਨੇ। ਲਾਇਬਰੇਰੀ ਕਮੇਟੀ ਦਾ  ਕਿਤਾਬਾਂ ਦੇ ਖ਼ਰੀਦ ਬਜਟ ਨਾਲੋਂ ਵੱਧ ਖ਼ਰਚਾ ਹੈ। ਕੇਂਦਰੀ ਕਲਚਰ ਮੰਤਰਾਲਾ ਦਾ ‘ਪਬਲਿਕ ਲਾਇਬਰੇਰੀ ਬਜਟ’  ਸਲਾਨਾ 53 ਕਰੋੜ ਤੋਂ ਘੱਟ ਕੇ 20 ਕਰੋੜ ਰਹਿ ਗਿਆ। ਪੰਜਾਬ ਨੂੰ ਇਹ ਵੀ ਨਸੀਬ ਨਹੀਂ। ਤਾਹੀਓਂ ਬਠਿੰਡਾ ਦੀ ਪਬਲਿਕ ਲਾਇਬਰੇਰੀ ਨੂੰ ਇੱਕ ਚੌਕੀਦਾਰ ਚਲਾ ਰਿਹਾ ਹੈ।ਲੀਡਰਾਂ ਲਈ ਦੌਲਤ ਹੱਥਾਂ ਦੀ ਮੈਲ ਨਹੀਂ। ਹਰ ਕੋਈ ਬਿੱਲ ਗੇਟਸ ਤੇ ਕਾਰੂ ਨੂੰ ਪਿੱਛੇ ਛੱਡਣਾ ਚਾਹੁੰਦਾ। ਬਿਲ ਗੇਟਸ ਤੋਂ ਕਿਤਾਬਾਂ ਪੜ੍ਹਨਾ ਨਹੀਂ ਸਿੱਖਦੇ। ਚੇਤਨਾ ਵਾਲੇ ਸਤੀਸ਼ ਗੁਲ੍ਹਾਟੀ ਆਖਦੇ ਨੇ ਕਿ ਪੁਸਤਕਾਂ ਦੀ ਵਿੱਕਰੀ ਘਟੀ ਜ਼ਰੂਰ ਹੈ ਪਰ ਪਾਠਕਾਂ ਦੇ ਪੈਰ ਰੁਕੇ ਨਹੀਂ। ਸਟੱਡੀ ਵੀਜ਼ੇ ਤੇ ਜੀ.ਐੱਸ.ਟੀ ਨੇ ਸਭ ਕੱੁਝ ਹੂੰਝ ਦਿੱਤਾ। ਕਿਤਾਬੀ ਸ਼ੌਕ ਵਾਲਿਆਂ ਵਿਚ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਬੀਰਦਵਿੰਦਰ ਸਿੰਘ, ਜਗਮੀਤ ਬਰਾੜ, ਚਰਨਜੀਤ ਅਟਵਾਲ, ਜਸਵੀਰ ਸੰਗਰੂਰ ਆਦਿ ਦਾ ਨਾਮ ਬੋਲਦਾ ਹੈ।
                ਮਰਹੂਮ ਐਮ.ਪੀ ਜਗਦੇਵ ਖੁੱਡੀਆਂ ਤਾਂ ਕਾਰ ’ਚ ਕਿਤਾਬਾਂ ਰੱਖ ਕੇ ਤੁਰਦੇ ਸਨ। ਮਰਹੂਮ ਪ੍ਰਤਾਪ ਸਿੰਘ ਕੈਰੋਂ,ਜਸਦੇਵ ਸੰਧੂ ਤੇ ਆਤਮਾ ਸਿੰਘ ਵਰਗੇ ਵੀ ਕਿਤਾਬਾਂ ਵਾਲੇ ਲਾਣੇ ਚੋਂ ਸਨ। ਵੱਡੇ ਤੇ ਛੋਟੇ ਬਾਦਲ ਨੇ ਲੰਘੇ ਦਸ ਵਰ੍ਹਿਆਂ ਦੌਰਾਨ ਵਿਧਾਨ ਸਭਾ ਲਾਇਬਰੇਰੀ ਚੋਂ ਕੋਈ ਪੁਸਤਕ ਨਹੀਂ ਲਈ ਜਦੋਂ ਕਿ ਵੱਡੇ ਬਾਦਲ ਨੇ 1977 ਵੇਲੇ 33 ਅਤੇ 1997 ਵੇਲੇ ਪੰਜ ਕਿਤਾਬਾਂ ਇਸ਼ੂ ਕਰਾਈਆਂ ਸਨ। ਅਮਰਿੰਦਰ ਨੇ ਪਹਿਲੀ ਪਾਰੀ ਦੌਰਾਨ 7 ਕਿਤਾਬਾਂ ਇਸੂ ਕਰਾਈਆਂ ਜਦੋਂ ਕਿ ਬੀਬੀ ਭੱਠਲ ਦਾ ਖਾਤਾ ਖ਼ਾਲੀ ਰਿਹਾ। ਇਵੇਂ ਹੀ ਹਰਚਰਨ ਬਰਾੜ ਨੇ ਇੱਕ, ਬੇਅੰਤ ਸਿੰਘ ਨੇ 7,ਸੁਰਜੀਤ ਸਿੰਘ ਬਰਨਾਲਾ ਨੇ 9,ਦਰਬਾਰਾ ਸਿੰਘ ਨੇ 10 ਅਤੇ ਗਿਆਨੀ ਜ਼ੈਲ ਸਿੰਘ ਨੇ 9 ਕਿਤਾਬਾਂ ਬਤੌਰ ਮੁੱਖ ਮੰਤਰੀ ਲਾਇਬਰੇਰੀ ਚੋਂ ਲਈਆਂ ਸਨ। ਬਾਦਲ ’ਚ ਸਿਵਾਏ ਲਾਇਬਰੇਰੀ ਤੋਂ ਹਰ ਸਹੂਲਤ ਹੈ। ਅਮਰਿੰਦਰ ਨੇ ਹੁਣੇ ਪਿੰਡ ਮਹਿਰਾਜ ਨੂੰ 28 ਕਰੋੜ ਦਿੱਤੇ ਹਨ, ਲਾਇਬਰੇਰੀ ਲਈ ਇੱਕ ਧੇਲਾ ਨਹੀਂ ਦਿੱਤਾ। ਰਣਜੀਤ ਸਿੰਘ ਬ੍ਰਹਮਪੁਰਾ ਨੇ ਲਾਇਬਰੇਰੀ ਲਈ ਡੇਢ ਲੱਖ, ਗਲੀਆਂ ਨਾਲੀਆਂ/ਸੜਕਾਂ ਲਈ 12.22 ਕਰੋੜ ਵੰਡੇ ਹਨ।
                ਭਗਵੰਤ ਮਾਨ ਨੇ ਜ਼ਰੂਰ 50 ਲੱਖ ਲਾਇਬਰੇਰੀਆਂ ਨੂੰ ਦਿੱਤੇ ਹਨ। ਭਾਸ਼ਾ ਵਿਭਾਗ ਨੂੰ ਤਾਂ ਫ਼ੰਡਾਂ ਲਈ ਲੇਲ੍ਹੜੀਆਂ ਕੱਢਣੀਆਂ ਪੈਂਦੀਆਂ ਹਨ। ਬਹੁਤੇ ਪਿੰਡਾਂ ’ਚ ਆਖ਼ਰ ਨੌਜਵਾਨਾਂ ਨੇ ਖੁਦ ਹੀ ਪੁਸਤਕ ਘਰ ਬਣਾਏ ਹਨ। ਸੀਕਰ ਦੇ ਮਾਸਟਰ ਧਰਮਪਾਲ ਨੇ ਬੇਟੀ ਦੇ ਵਿਆਹ ’ਚ ਕੁੜਮਾਂ ਨੂੰ ਕਿਤਾਬਾਂ ਦਾ ਦਾਜ ਦਿੱਤਾ। ਪੱਛਮੀ ਬੰਗਾਲ ਵਾਲੇ ਤੋਹਫ਼ੇ ’ਚ ਪੁਸਤਕਾਂ ਦਿੰਦੇ ਹਨ। ਜਾਂਦੇ ਜਾਂਦੇ, ਇੱਕ ਲਤੀਫ਼ਾ ਵੀ। ਕਾਮੇਡੀਅਨ  ਕਪਿਲ ਸ਼ਰਮਾ ਨੂੰ ਕਿਸੇ ਪੁੱਛਿਆ ‘ਪੰਡਤ ਜੀ, ਤੁਸੀਂ ਤਾਂ ਗਾ ਵੀ ਚੰਗੇ ਲੈਂਦੇ ਹੋ, ਗਾਉਣ ਕਿਉਂ ਨਹੀਂ ਲੱਗ ਜਾਂਦੇ’, ਅੱਗਿਓਂ ਕਪਿਲ ਨੇ ਆਖਿਆ ‘ਜਦੋਂ ਗੱਲਾਂ ਬਾਤਾਂ ਨਾਲ ਸਰੀ ਜਾਂਦੈ, ਤਾਂ ਜ਼ਰੂਰ ਸੰਘ ਪੜਾਉਣਾ।’ ਇਕੱਲੇ ਨਰਿੰਦਰ ਮੋਦੀ ਨਹੀਂ, ਸਭਨਾਂ ਲੀਡਰਾਂ ਦੇ ਮਨਾਂ ’ਚ ਇਹੋ ਫਿਰਕੀ ਹੈ। ਲੋਕਾਂ ਨੇ ਠੂਠੇ ਆਪਣੇ ਆਪ ਨਹੀਂ ਫੜੇ। ਮੱਥਾ ਠਣਕਿਆ, ਕਿ ਜੇ ਕਿਤੇ ਕਿਰਤੀ ਹੱਥਾਂ ਵਿਚ ਕਿਤਾਬਾਂ ਆ ਗਈਆਂ ਤਾਂ ਠੂਠੇ ਲੀਡਰਾਂ ਨੂੰ ਵੀ ਫੜਨੇ ਪੈ ਸਕਦੇ ਨੇ। ਟਰੰਪ ਜੀ, ਕਲਮਾਂ ’ਚ ਵੀ ਬਰੂਦ ਹੁੰਦੇ ਜੋ ਕੰਧਾਂ ਢਾਹੁਣ ਲਈ ਕਾਫ਼ੀ ਹੈ।