Showing posts with label Drugs. Show all posts
Showing posts with label Drugs. Show all posts

Monday, June 16, 2025

                                       ਅਸਾਂ ਨੂੰ ਸਹੁੰ ਲੱਗੇ...!
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਵੈਲ ਤਾਂ ਚਾਹ ਦਾ ਵੀ ਮਾੜੈ। ਦੌਲਤ ਦਾ ਨਸ਼ਾ ਤੌਬਾ ਕਰਵਾ ਦਿੰਦੈ। ਸੱਤਾ ਦਾ ਨਸ਼ਾ ਕਿਸੇ ਪਾਸੇ ਦਾ ਨੀ ਛੱਡਦਾ। ਇਸ਼ਕੇ ਦਾ ਨਸ਼ਾ ‘ਦੇਵਦਾਸ’ ਬਣਾ ਦਿੰਦੈ। ਅਕਲ ਦਾ ਨਸ਼ਾ ਸਿਰ ਚੜ੍ਹ ਜਾਏ, ਬੰਦਾ ਖਾਂਸੀ ਤੱਕ ਦੀ ਪ੍ਰਵਾਹ ਨੀ ਕਰਦਾ। ਏਦਾਂ ਦੇ ਸੱਜਣਾਂ ਨੂੰ ਕੁਤਬ ਮੀਨਾਰ ਤੱਕ ਨੀ ਦੀਂਹਦੀ, ਪੰਜਾਬ ਦੀ ਕੰਧ ’ਤੇ ਲਿਖਿਆ, ਭਲਾ ਉਹ ਕਿਥੋਂ ਪੜ੍ਹਨਗੇ। ਸਰਦਾਰ ਪੰਛੀ ਸੱਚ ਆਖਦੈ, ‘ਜੋ ਭੀ ਨਸ਼ੇ ਮੇ ਚੂਰ ਹੋਤਾ ਹੈ, ਰੂਹ ਆਪਣੀ ਸੇ ਦੂਰ ਹੋਤਾ ਹੈ।’ ਪੰਜਾਬ ’ਚੋਂ ਗੂੰਜ ਪਈ, ਆਹ ਚੁੱਕੋ ਬਰੈਂਡ ਨਿਊ ਗਾਰੰਟੀ, ‘ਪੂਰੀ ਪੰਜਾਬ ਕੈਬਨਿਟ ਸੋਫ਼ੀ ਹੈ, ਮਜ਼ਾਲ ਐ ਕੋਈ ਦਾਰੂ ਨੂੰ ਹੱਥ ਲਾ’ਜੇ ।’

        ਸਰਦੂਲ ਸਿਕੰਦਰ ਕੰਨ ’ਤੇ ਹੱਥ ਰੱਖ ਹੇਕ ਲਾ ਰਿਹੈ, ‘ਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਚੋਂ ਗਿਰ ਗਈ, ਕੀ ਕਰੀਏ..। ਉਹ ਵੇਲੇ ਭਲੇ ਸਨ, ਜਦ ਬੰਦੇ ਨੇਕ ਸਨ, ਵਚਨਾਂ ’ਤੇ ਉਮਰਾਂ ਪੁਗਾ ਜਾਂਦੇ। ‘ਜਾਨ ਜਾਏ ਪਰ ਵਚਨ ਨਾ ਜਾਏ’। ਮਾਮਲਾ ਚੋਰੀ ਦਾ ਹੁੰਦਾ ਜਾਂ ਕੋਈ ਘਰਾਂ ਦਾ ਰੌਲਾ ਰੱਪਾ। ਕੋਈ ਪਿੱਪਲ ਦਾ ਪੱਤਾ ਤੋੜ ਸਹੁੰ ਖਾਂਦਾ, ਕੋਈ ਗਊ ਦੀ ਪੂਛ ਫੜ੍ਹ। ਪਾਣੀ ਸਿਰੋਂ ਲੰਘ ਜਾਂਦਾ ਤਾਂ ਗੁਰੂ ਘਰ ਵੱਲ ਹੱਥ ਕਰਾਏ ਜਾਂਦੇ। ਗੱਲ ਸਹੁੰ ਨਾਲ ਨਿੱਬੜ ਜਾਂਦੀ। ਸੱਚ ਜਾਣਿਓਂ, ਸਹੁੰ ਦੀ ਪਿਉਂਦ ਤਾਂ ਵੈਦਿਕ ਕਾਲ ਤੋਂ ਚੜ੍ਹੀ ਹੋਈ ਹੈ।

        ਸ਼ਰਾਬੀ ਬੰਦਾ, ਸਭ ਤੋਂ ਵੱਧ ਕੁੱਤੇ-ਖਾਣੀ ਸਹੁੰ ਨਾਲ ਕਰਦੈ। ਸਪੀਕਰਾਂ ’ਚ ਗਾਣਾ ਵੱਜਦਾ ਹੁੰਦਾ ਸੀ, ‘ਕਦੇ ਬੰਦੇ ਦੀ ਮਾਣਕਾ ਆਦਤ ਨਾ ਜਾਵੇ।’ ਫੈਮਿਲੀ ਪਲੈਨਿੰਗ ਦੇ ਯੁੱਗ ’ਚ ਨੇਤਾ ਚਾਹੇ ਪੰਜ ਪੰਜ ਵਾਰ ਮੁੱਖ ਮੰਤਰੀ ਸਜ ਜਾਣ, ਸੱਤਾ ਦਾ ਲੋਭ ਘਟਦਾ ਨਹੀਂ। ਲੋਭ ਖ਼ਾਤਰ ਤਾਂ ਅਮਰਿੰਦਰ ਨੇ ਹੱਥ ’ਚ ਗੁਟਕਾ ਸਾਹਿਬ ਫੜ ਸਹੁੰ ਖਾ ਲਈ ਸੀ। ਸੱਤਾ ਦਾ ਪਟਿਆਲਾ ਪੈੱਗ ਲਾ ਮਹਾਰਾਜਾ ਪੌਣੇ ਪੰਜ ਸਾਲ ਗਲਾਸੀਕਲ ਗਾਣ ’ਚ ਡੁੱਬੇ ਰਹੇ। ਮਗਰੋਂ ਬੀਬੀਆਂ ਗਾਉਣੋਂ ਨਾ ਹਟਣ, ‘ਵੱਸ ਨੀ ਰਾਜਿਆ ਤੇਰੇ, ਸਹੁੰਆਂ ਖਾ ਕੇ ਮੁੱਕਰ ਗਿਆ।’

        ਸੱਤਾ ਦਾ ਨਸ਼ਾ ਅਫ਼ੀਮ ਤੋਂ ਭੈੜਾ। ਤਾਹੀਂ ਚੋਣਾਂ ’ਚ ਸਭ ਜਾਇਜ਼ ਹੁੰਦੈ। ਨੇਤਾ ਜੀ ਨੇ ਅਮਲੀ ਅੱਗੇ ਝੁਕਦਿਆਂ ਹੱਥ ਜੋੜੇ, ਬਾਬਿਓ! ਵੋਟ ਜ਼ਰੂਰ ਪਾਇਓ। ਬਿਨਾਂ ਅੱਖ ਖੋਲ੍ਹੇ ਅਮਲੀ ਨੇ ਬੁੱਲ੍ਹ ਹਿਲਾਏ, ‘ਪਹਿਲਾਂ ਵੋਟ ਪਾਉਣ ਜੋਗਾ ਕਰ ਤਾਂ ਦਿਓ।’ ਕੁਰਸੀ ’ਤੇ ਸਜਣ ਮਗਰੋਂ ਹਰ ਨੇਤਾ ਆਖਦੈ, ‘ਸੁੱਖ ਦੇਣੀ ਨੀ, ਖਜੂਰ ’ਤੇ ਚੜ੍ਹਨਾ ਨੀ’, ਪੰਜਾਬ ਜ਼ਰੂਰ ਟਿੰਡੀਂ ਦੇ ਬੀਅ ’ਤੇ ਚੜਿਆ। ਇੱਕ ਲੰਮ ਸਲੰਮਾ ਗੱਭਰੂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਸਹੁੰ ਖਾ ਆਇਆ ਸੀ। ਯੋਗਰਾਜ ਦਾ ਡਾਇਲਾਗ ਹੈ, ‘ਤਾਕਤ ਤੇ ਸਿਆਸਤ ਦਾ ਨਸ਼ਾ ਅਫ਼ੀਮ ਵਰਗਾ ਹੁੰਦਾ ਹੈ।’

        ‘ਇਨਕਲਾਬ’ ਅਤੇ ‘ਬਦਲਾਅ’ ਦੋਵੇਂ ਜੌੜੇ ਭਰਾ ਨੇ, ਜਿਹੜੇ ਬੋਹੜ ਥੱਲੇ ਵਰਿ੍ਹਆਂ ਤੋਂ ਘੂਕ ਸੁੱਤੇ ਪਏ ਨੇ, ਜਦੋਂ ਚੋਣਾਂ ਆਉਂਦੀਆਂ ਹਨ, ਨੇਤਾ ਲੋਕ ਇਨ੍ਹਾਂ ਨੂੰ ਹੁੱਝਾਂ ਮਾਰਨੋਂ ਨੀ ਹਟਦੇ। ਜਿਵੇਂ ਬੇਬੀ ਨੂੰ ਬੇਸ ਪਸੰਦ ਐ, ਉਵੇਂ ਦਿੱਲੀ ਆਲੇ ਸੱਜਣਾਂ ਨੂੰ ਪੰਜਾਬ ਪਸੰਦ ਐ। ਮੰਤਰੀ ਜਣ ਭੋਲੂ ਪ੍ਰਸ਼ਾਦ ਬਣੇ ਨੇ, ਜਿਨ੍ਹਾਂ ਪੱਲੇ ਇਕੱਲੀ ਝੰਡੀ ਵਾਲੀ ਕਾਰ ਐ ਜਾਂ ਦੋ ਚਾਰ ਕਿੱਲੋ ਬਦਨਾਮੀ ਦੀਆਂ ਮੀਂਗਣਾਂ। ਵਿਧਾਤਾ ਸਿੰਘ ਤੀਰ ਸੱਚ ਸੁਣਾ ਰਿਹੈ, ‘ਮੈਂ ਗੂੰਗਾ, ਮੇਰੀ ਦੁਨੀਆ ਗੂੰਗੀ, ਤਾਹੀਓਂ ਗਾਏ ਗੂੰਗੇ ਗੀਤ।’ ਵਜ਼ੀਰਾਂ ਦੀ ਦੁਖਦੀ ਰਗ ’ਤੇ ਹੱਥ ਰੱਖੋਗੇ, ਅੱਗਿਓ ਮਰਫੀ ਦੇ ਰੇਡੀਓ ਵਾਂਗੂ ਟੁਣਕਦੇ ਨੇ, ‘ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ..।’

         ਵੈਸੇ ਵਜ਼ੀਰਾਂ ਦੀ ਦਾਦ ਦੇਣੀ ਬਣਦੀ ਹੈ। ਏਨੇ ਸਾਊ ਪੁੱਤ ਕਿਤੇ ਲੱਭਦੇ ਨੇ। ਮੰਤਰੀ ਜਣ ਧੁੱਪਾਂ ’ਚ ਕਬਾੜੀਆਂ ਵਾਂਗੂ ਪਿੰਡੋਂ ਪਿੰਡ ਘੁੰਮਦੇ ਪਏ ਨੇ, ਸਹੁੰਆਂ ਚੁਕਾ ਰਹੇ ਨੇ। ‘ਜਿਹੜੇ ਸੱਚ ਦੀ ਸਲੀਬ ਚੁੱਕਦੇ ਨੇ, ਉਨ੍ਹਾਂ ਨੂੰ ਸਹੁੰ ਚੁੱਕਣ ਦੀ ਲੋੜ ਨਹੀਂਓ ਰਹਿੰਦੀ।’ ਇੱਕ ਪਿੰਡ ਦਾ ਕਿੱਸਾ ਅਰਜ਼ ਹੈ। ਮੰਤਰੀ ਜੀ ਜਦ ਰਾਤ ਦੇ ਸੱਤ ਵਜੇ ਤੱਕ ਸਹੁੰ ਚੁਕਾਉਣ ਲਈ ਤਸ਼ਰੀਫ਼ ਨਾ ਲਿਆਏ ਤਾਂ ਪਿੰਡ ਦੇ ਅੱਕੇ ਹੋਏ ਸਰਪੰਚ ਨੇ ਮੰਤਰੀ ਨੂੰ ਫ਼ੋਨ ਖੜਕਾ ਦਿੱਤਾ, ਜਨਾਬ! ਆਉਣਾ ਹੈ ਤਾਂ ਦਸ ਮਿੰਟ ’ਚ  ਆਜੋ, ਨਹੀਂ ਫਿਰ ਇੱਥੇ ਕੋਈ ਸਹੁੰ ਚੁੱਕਣ ਜੋਗਾ ਨੀ ਰਹਿਣਾ। ਗੱਲ ਸੌ ਫ਼ੀਸਦੀ ਸੱਚੀ ਹੈ, ਤਸਦੀਕ ਹਰਭਜਨ ਮਾਨ ਕਰ ਰਿਹੈ..‘ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਏ..।’

         ਜਿਵੇਂ ਪੰਜਾਬੀ ਅੱਜ ਕੱਲ੍ਹ ਥੋਕ ’ਚ ਸਹੁੰਆਂ ਚੁੱਕ ਰਹੇ ਨੇ, ਉਸ ਲਿਹਾਜ਼ ਨਾਲ ਤਾਂ ਰੱਬ ਨੂੰ ਵੀ ਆਪਣੀ ਲੇਖਾ ਬਰਾਂਚ ’ਚ ਹਜ਼ਾਰਾਂ ਮੁਨਸ਼ੀ ਭਰਤੀ ਕਰਨੇ ਪੈਣਗੇ। ਭਮੱਕੜ ਦਾਸੋ! ਮੁਨਸ਼ੀ ਲੱਗਣੈ ਤਾਂ ਦੱਸੋ, ਫਿਰ ਨਾ ਉਲਾਂਭਾ ਦੇਣਾ ਕਿ ਰੱਬ ਨੇ ਗੈਰ ਪੰਜਾਬੀ ਭਰਤੀ ਕਰ ਲਏ। ਸਿਆਣੇ ਆਖਦੇ ਨੇ,‘ਜਿਹੜੀ ਸਰਕਾਰ ਪਰਜਾ ਨੂੰ ਜੁਆਬ ਦੇਣਾ, ਹਿਸਾਬ ਦੇਣਾ ਮੁਨਾਸਬ ਨਾ ਸਮਝੇ, ਉਹ ਸਭ ਤੋਂ ਭੈੜੀ ਹੁੰਦੀ ਹੈ।’ ਸੱਤਾ ਦਾ ਨਸ਼ਾ ਪਹਿਲੇ ਤੋੜ ਦੀ ਦਾਰੂ ਵਰਗਾ ਹੁੰਦੈ। ਕਿਤੇ ਨੇਤਾ ਦੇ ਦੋ ਹਾੜੇ ਲੱਗੇ ਹੋਣ, ਉੱਪਰੋਂ ਮੱਛਰ ਲੜ ਜਾਏ ਤਾਂ ਮੱਛਰ ਵੀ ਟੱਲੀ ਹੋ ਜਾਂਦੈ, ਉਹੀ ਮੱਛਰ ਫਿਰ ਮੁੜ ਘਿੜ ਕੁਰਸੀ ’ਤੇ ਬੈਠਣ ਲੱਗਦੈ।

       ਅਮਰਿੰਦਰੀ ਹਕੂਮਤ ਵੇਲੇ ਸੱਤਾ ਦੇ ਨਸ਼ੇ ’ਚ ਟੁੰਨ ਭੂਸ਼ਣ ਲੁਧਿਆਣਵੀ ਇੱਕ ਡੀਐੱਸਪੀ ’ਤੇ ਇੰਜ ਗੱਜੇ ਸਨ, ‘ਮਿੱਧ ਕੇ ਰੱਖ ਦਿਆਂਗੇ’। ਅਮਰਿੰਦਰ ਦਾ ਦਵਿੰਦਰ ਵੀ ਥਾਣੇਦਾਰ ਬੀਬੀ ਨੂੰ ਪੈ ਨਿੱਕਲਿਆ ਸੀ, ‘ਆਪਣਾ ਜੁੱਲੀ ਬਿਸਤਰਾ ਬੰਨ੍ਹ ਲਓ।’ ਅਸਲ ’ਚ ਧਰਤੀ ਗੋਲ ਹੈ, ਲੋਕ ਜਲਦ ਬਿਸਤਰਾ ਬੰਨ੍ਹ ਦਿੰਦੇ ਨੇ। ਪੰਝੀ ਸਾਲ ਰਾਜ ਦਾ ਨਾਅਰਾ ਦੇਣ ਵਾਲੇ ਹੁਣ ਸਹੁੰ ਚੁੱਕਣ ਨੂੰ ਤਰਸੇ ਪਏ ਨੇ। ਅਖਾਣ ਐਵੇਂ ਨੀ ਬਣਦੇ, ‘ਅੰਨ੍ਹੇ ਨੂੰ ਨਜ਼ਰ ਨੀ ਆਉਂਦਾ, ਹੰਕਾਰੀ ਵੇਖਣਾ ਨੀ ਚਾਹੁੰਦਾ।’

      ਪੰਜਾਬ ਤਾਂ ਚਾਹੁੰਦੈ ਕਿ ਸੁੱਖ ਦਾ ਸਾਹ ਆਵੇ ਜਿਨ੍ਹਾਂ ਦੀ ਸੰਦੂਕੜੀ ਭਰ ਕੇ ਸੰਵਿਧਾਨ ਦੀ ਸਹੁੰ ਚੁਕਾਈ, ਹੁਣ ਉਹੀ ਮੁੜ ਲੋਕਾਂ ਨੂੰ ਸਹੁੰਆਂ ਪਰੋਸ ਰਹੇ ਨੇ। ਪੰਜਾਬ ਤਾਂ ਬੋਦੇ ਕੱਪੜੇ ਵਰਗਾ ਹੋਇਐ। ‘ਬਦਲਾਅ’ ਦੇ ਟਰੇਲਰ ’ਚੋਂ ਸਵਰਗ ਦਿਖਿਆ, ਅੰਦਰ ਦੀਦਾਰ-ਏ-ਨਰਕ ਹੋਇਆ। ਘਰ ਬਾਰ ਛੱਡ, ਦਿੱਲੀ ਦੇ ਜਾਏ, ਪੰਜਾਬ ਦੀ ਸੇਵਾ ’ਚ ਆਏ। ਵਿਰੋਧ ਮੱਲ ਨਿਮਾਣਾ ਤੋਂ ‘ਰੰਗਲਾ ਪੰਜਾਬ’ ਝੱਲ ਨਹੀਂ ਹੋ ਰਿਹੈ। ਤਾਹੀਂ ਤੂੰਬੀ ’ਤੇ ਗਾਉਂਦਾ ਪਿਐ, ‘ਤੇਰੀ ਫੀਏਟ ’ਤੇ ਜੇਠ ਨਜ਼ਾਰੇ ਲੈਂਦਾ।’ ਪ੍ਰਤਾਪ ਸਿੰਘ ਕੈਰੋਂ ਆਖਦਾ ਹੁੰਦਾ ਸੀ, ‘ਜੱਟ ਤਾਂ ਸੁਹਾਗੇ ’ਤੇ ਚੜਿਆ ਮਾਣ ਨੀ ਹੁੰਦਾ।’

         ਧੰਨੇ ਭਗਤ ਨੇ ਸਹੁੰ ਖਾਧੀ, ਪੱਥਰਾਂ ’ਚੋਂ ਰੱਬ ਪਾਇਆ। ਪਿੰਡਾਂ ਵਾਲੇ ਸਹੁੰ ਚੁੱਕੀਏ ਵੀ ਥੋੜ੍ਹਾ ਧੀਰਜ ਰੱਖਣ। ਜ਼ਮਾਨਾ ਕੇਹਾ ਹੈ, ਦਾਨਸ਼ਮੰਦ ਲੱਭਦੇ ਨਹੀਂ ਪਏ, ਕਾਲੇ ਕੱਛੇ ਆਲਿਆਂ ਵਾਂਗੂ ਲੀਡਰ ਹਰ ਮੋੜ ’ਤੇ ਖੜ੍ਹੇ ਨੇ। ਆਖਦੇ ਨੇ ..‘ਦਿਲ ਮਾਂਗੇ ਮੋਰ’, ਸੱਤਾ ਦੇ ਨਸ਼ੇ ਦਾ ਰੋਗ ਭੈੜਾ। ਵੋਟਰ ਪਾਤਸ਼ਾਹ ਵੀ ਖ਼ਾਨਦਾਨੀ ਵੈਦਾਂ ਤੋਂ ਘੱਟ ਨੀ ਹੁੰਦੇ, ਇੱਕੋ ਦਿਨ ’ਚ ਪੀੜਤਾਂ ਦਾ ਕੁਰਸੀ ਰੋਗ ਕੱਟ ਦਿੰਦੇ ਨੇ। ਕਿਸੇ ਭਲੇ ਪੁਰਸ਼ ਨੇ ਠੀਕ ਕਿਹੈ, ਰਿਟਾਇਰੀ ਬੰਦੇ ਆਲਾ ਮਿਜ਼ਾਜ ਰੱਖਣ ਵਾਲੇ ਨੇਤਾ ਕਦੇ ਰਿਟਾਇਰ ਨਹੀਂ ਹੁੰਦੇ। ਜਿਵੇਂ ਜਯੋਤੀ ਬਾਸੂ ਆਖਦੇ ਹੁੰਦੇ ਸਨ ਕਿ ਕਾਮਰੇਡ ਕਦੇ ਰਿਟਾਇਰ ਨੀਂ ਹੁੰਦਾ।

          ਨੈਲਸਨ ਮੰਡੇਲਾ ਨੂੰ ਜਦੋਂ ਲੋਕਾਂ ਨੇ ਦੁਬਾਰਾ ਗੱਦੀ ਦੇਣੀ ਚਾਹੀ, ਉਸ ਨੇ ਨਾਂਹ ਕਰਤੀ। ਕਾਮਰਾਜ ਤਾਮਿਲਨਾਡੂ ’ਚ ਮੁੱਖ ਮੰਤਰੀ ਦੀ ਟਰਮ ਪੂਰੀ ਕਰਕੇ ਸਿੱਧਾ ਨਹਿਰੂ ਕੋਲ ਗਿਆ, ‘ਜੋ ਕਰਨਾ ਸੀ, ਉਹ ਪੰਜ ਸਾਲ ’ਚ ਕਰ’ਤਾ, ਦੁਬਾਰਾ ਮੁੱਖ ਮੰਤਰੀ ਨੀ ਬਣਨਾ।’ ‘ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ’, ਹੁਣ ਇਨਕਲਾਬ ਪੰਜਾਬ ਦੀ ਬਾਂਹ ਨਹੀਂ ਛੱਡ ਰਿਹਾ। ‘ਧੇਲਾ ਨਹੀਂ ਪੱਲੇ, ਸੈਰ ਬਾਗ਼ ਦੀ ਚੱਲੇ।’

         ਸ਼ਾਇਦ ਗੱਲ ਸਹੁੰ ਤੋਂ ਤੁਰੀ ਸੀ। ਗਵਾਹੀ ਦੇਣ ਆਏ ਅਮਲੀ ਨੂੰ ਜੱਜ ਸਾਹਿਬ ਨੇ ਪੁੱਛਿਆ, ਕੀ ਸਹੁੰ ਖਾਉਗੇ। ਨਿਮਰਤਾ ਦੇ ਮੁਜੱਸਮੇ ਅਮਲੀ ਸਿੰਘ ਨੇ ਕਿਹਾ ਕਿ,‘ ਜਨਾਬ ! ਤੁਸੀਂ ਕਹਿੰਦੇ ਹੋ ਤਾਂ ਛਕ ਲਵਾਂਗੇ ।’ ਹੂਟਰਾਂ ਆਲੇ ਵਜ਼ੀਰ ਥੋਕ ਦੇ ਭਾਅ ਸਹੁੰਆਂ ਛਕਾ ਰਹੇ ਨੇ। ‘ਰੰਗਲਾ ਪੰਜਾਬ’ ਬਣਾਉਣ ਲਈ ਦਿੱਲੀ ਦੇ ਮਸ਼ਹੂਰ ਪੇਂਟਰ ਲੱਗੇ ਹੋਏ ਨੇ। ਬਾਕੀ ਲੱਛੀ ਦੇ ਭਾਗ। ਪੁਰਾਣੇ ਦਾਗ਼ ਹੌਲੀ ਹੌਲੀ ਲਹਿਣਗੇ। ਪੰਜਾਬ ਦੋਖੀ ਨਿੰਦਣੋਂ ਨੀ ਹਟ ਰਹੇ। ਪੰਜਾਬੀਓ! ਸੰਤ ਕਬੀਰ ਨੂੰ ਧਿਆਓ, ..ਨਦੀ ਨਾ ਘੱਟਿਓਂ ਨੀਰ। ਪੁਰਾਣੀ ਰੀਤ ਐ, ਬਾਦਸ਼ਾਹ ਹੁਕਮ ਦਿੰਦੈ, ਵਜ਼ੀਰ ਸੱਤ ਵਚਨ ਆਖਦੇ ਨੇ। ਤੁਸੀਂ ਆਖਦੇ ਪਏ ਹੋ..‘ਬੁਲੇਟ ਤਾਂ ਰੱਖਿਐ ਪਟਾਕੇ ਪਾਉਣ ਨੂੰ ।’

        ਅਖੀਰ ’ਚ ਵਾਇਆ ਵਰਿਆਮ ਸੰਧੂ ਪੁੱਜੀ ਗੱਲ, ਕੇਰਾਂ ਪ੍ਰੋ. ਮੋਹਨ ਸਿੰਘ ਟੱਲੀ ਹੋਏ ਘਰ ਪਰਤੇ, ਬੀਵੀ ਨੇ ਪੁੱਛਿਆ, ਮੀਆਂ ਜੀ ਇਹ ਕੀ? ਪ੍ਰੋਫੈਸਰ ਸਾਹਿਬ ਦੇ ਅੱਖਾਂ ’ਚ ਅੱਥਰੂ, ਭਰੇ ਮਨ ਨਾਲ ਆਖਣ ਲੱਗੇ, ‘ਬੱਸ ਅੱਜ ਬੈਡ ਕੰਪਨੀ ਨੇ ਮਰਵਾ’ਤਾ।’ ਉਹ ਕਿਵੇਂ? ਪ੍ਰੋ. ਮੋਹਨ ਸਿੰਘ ਦਾ ਜੁਆਬ ਸੁਣੋ, ‘ਅੱਜ ਦੋ ਦੋਸਤ ਤਸ਼ਰੀਫ਼ ਲਿਆਏ, ਦਾਸ ਸੇਵਾ-ਪਾਣੀ ਲਈ ਬੋਤਲ ਲੈ ਆਇਆ, ਅੱਗਿਓ ਉਹ ਦੋਵੇਂ ਸੋਫ਼ੀ ਨਿਕਲੇ, ਬੱਸ ਕਸ਼ਟ ’ਕੱਲੇ ਨੂੰ ਝੱਲਣਾ ਪਿਆ।’



Tuesday, June 10, 2025

                                                        ਯੁੱਧ ਨਸ਼ੇ ਵਿਰੁੱਧ 
                                  ਧੂੰਆਂ-ਧੂੰਆਂ ਹੋਈਆਂ ਡਰੇਨਾਂ..! 
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਪੁਲੀਸ ਦਾ ਨਸ਼ਾ ਤਸਕਰੀ ਖ਼ਿਲਾਫ਼ ਐਕਸ਼ਨ ਦੇਖ ਕੇ ਇੰਜ ਜਾਪਦਾ ਹੈ ਕਿ ਜਿਵੇਂ ਸਮੁੱਚੇ ਪੰਜਾਬ ਦੇ ਹੀ ਮੁਖ਼ਬਰਾਂ ਦੀ ਜਾਗ ਖੁੱਲ੍ਹ ਗਈ ਹੋਵੇ। ‘ਯੁੱਧ ਨਸ਼ੇ ਵਿਰੁੱਧ’ ਦੀ ਕਾਮਯਾਬੀ ’ਚ ਮੁਖ਼ਬਰਾਂ ਦੀ ਭੂਮਿਕਾ ਕਮਾਲ ਦੀ ਲੱਗਦੀ ਹੈ। ਜਦੋਂ ਨਸ਼ਿਆਂ ਨੂੰ ਲੈ ਕੇ ਦਰਜ ਪੁਲੀਸ ਕੇਸਾਂ ਦੀ ਫਰੋਲਾ-ਫਰੋਲਾ ਕੀਤੀ ਤਾਂ ਪੁਲੀਸ ਦੀ ਕਾਰਜਸ਼ੈਲੀ ਦਾ ਅਨੋਖਾ ਨਮੂਨਾ ਦੇਖਣ ਨੂੰ ਮਿਲਿਆ। ਚਾਹੇ ਨਸ਼ੇੜੀਆਂ ਖ਼ਿਲਾਫ਼ ਪੰਜਾਬ ਦੇ ਕਿਸੇ ਵੀ ਕੋਨੇ ’ਚ ਕੇਸ ਦਰਜ ਹੋਇਆ ਹੈ ਪ੍ਰੰਤੂ ਸਭ ਪੁਲੀਸ ਕੇਸਾਂ ਦੀ ਇਬਾਰਤ ਇੱਕੋ ਜਿਹੀ ਹੈ। ਪੰਜਾਬ ਪੁਲੀਸ ਨੇ ਪਹਿਲੀ ਮਾਰਚ ਤੋਂ ‘ਯੁੱਧ ਨਸ਼ੇ ਵਿਰੁੱਧ’ ਤਹਿਤ ਹੁਣ ਤੱਕ 16,492 ਤਸਕਰ ਗ੍ਰਿਫ਼ਤਾਰ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ ਔਸਤਨ 163 ਤਸਕਰਾਂ ਦੀ ਗ੍ਰਿਫ਼ਤਾਰੀ ਹੋ ਰਹੀ ਹੈ। ਇਨ੍ਹਾਂ ਕੇਸਾਂ ’ਚ ਹਜ਼ਾਰਾਂ ਨਸ਼ੇੜੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਫੜ੍ਹ ਕੇ ਜੇਲ੍ਹ ਭੇਜਿਆ ਗਿਆ ਹੈ ਜਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕੀਤੇ ਗਏ ਹਨ। ਪੰਜਾਬੀ ਟ੍ਰਿਬਿਊਨ ਵੱਲੋਂ ਅਲੱਗ ਅਲੱਗ ਜ਼ਿਲ੍ਹਿਆਂ ਦੇ ਥਾਣਿਆਂ ’ਚ ਦਰਜ ਕੇਸਾਂ ਦੀ ਕੀਤੀ ਘੋਖ ’ਚ ਕਈ ਨੁਕਤੇ ਨਿਕਲੇ ਹਨ। 

         ਪੰਜਾਬ ’ਚ ਵੱਡੀ ਗਿਣਤੀ ’ਚ ਫੜੇ ਨਸ਼ੇੜੀਆਂ ’ਤੇ  ਐੱਨਡੀਪੀਐੱਸ ਐਕਟ ਦੀ ਧਾਰਾ 27/61/85 ਤਹਿਤ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ’ਚ ਨਸ਼ੇ ਦੀ ਕੋਈ ਰਿਕਵਰੀ ਨਹੀਂ ਹੋਈ ਹੈ। ਬਹੁਤੇ ਕੇਸਾਂ ’ਚ ਮੁਖ਼ਬਰ ਦੀ ਇਤਲਾਹ ’ਤੇ ਪੁਲੀਸ ਪਾਰਟੀ ਨੇ ਛਾਪਾਮਾਰੀ ਕੀਤੀ ਹੈ। ਪੁਲੀਸ ਕੇਸਾਂ ਅਨੁਸਾਰ ਨਸ਼ੇੜੀ ਝਾੜੀਆਂ ’ਚ, ਖ਼ਾਲੀ ਪਲਾਂਟਾਂ ’ਚ, ਸੁੰਨੀਆਂ ਡਰੇਨਾਂ ’ਚ ਬੈਠੇ ਸਨ ਜਿਨ੍ਹਾਂ ਕੋਲੋਂ ਪੁਲੀਸ ਨੇ ਦਸ ਦਸ ਦੇ ਨੋਟ, ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਕੀਤੇ ਹਨ। ਆਓ ਕੁਝ ਕੇਸਾਂ ’ਤੇ ਨਜ਼ਰ ਮਾਰਦੇ ਹਾਂ। ਚਾਟੀਵਿੰਡ ਥਾਣੇ ’ਚ 27 ਮਈ ਨੂੰ ਦਰਜ ਕੇਸ ’ਚ ਮੜ੍ਹੀਆਂ ਦੇ ਅੰਦਰ ਇੱਕ ਨੌਜਵਾਨ ਦਸ ਰੁਪਏ ਦੇ ਨੋਟ ਨਾਲ ਧੂੰਆਂ ਖਿੱਚਦਾ ਫੜਿਆ ਗਿਆ। ਉਸ ਕੋਲੋਂ ਇੱਕ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ। 28 ਮਈ ਨੂੰ ਮੱਤੇਵਾਲ ਥਾਣੇ ’ਚ ਦਰਜ ਕੇਸ ਅਨੁਸਾਰ ਪਿੰਡ ਝਾਮਕਾ ਦੇ ਲਾਗੇ ਝਾੜੀਆਂ ਚੋਂ ਇੱਕ ਵਿਅਕਤੀ ਫੜਿਆ ਗਿਆ ਜਿਸ ਕੋਲੋਂ ਇੱਕ ਅੱਧ ਜਲਿਆ ਦਸ ਰੁਪਏ ਦਾ ਨੋਟ, ਇੱਕ ਲਾਈਟਰ ਅਤੇ ਇੱਕ ਸਿਲਵਰ ਪੰਨੀ ਫੜਿਆ ਗਿਆ। 

         ਇਸੇ ਦਿਨ ਹੀ ਖਲਚੀਆ ਥਾਣੇ ਦੀ ਪਾਰਟੀ ਨੇ ਗਸ਼ਤ ਦੌਰਾਨ ਡਰੇਨ ਤੋਂ ਦੋ ਜਣੇ ਫੜੇ ਜਿਨ੍ਹਾਂ ਕੋਲੋਂ ਦਸ ਰੁਪਏ ਦਾ ਨੋਟ, ਇੱਕ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ। ਭਿੰਡੀਸੈਦਾ ਥਾਣਾ ’ਚ 29 ਮਈ ਨੂੰ ਦਰਜ ਕੇਸ ’ਚ ਪੁਲੀਸ ਨੇ ਪਿੰਡ ਵਜ਼ੀਦ ਦੇ ਇੱਕ ਬੰਦ ਪਏ ਸੂਏ ਚੋਂ ਦੋ ਮੁੰਡੇ ਫੜੇ ਜਿਨ੍ਹਾਂ ਕੋਲੋਂ ਦਸ ਦਾ ਨੋਟ, ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ। ਕਿਸੇ ਵੀ ਕੇਸ ’ਚ ਨਸ਼ੇ ਦੀ ਬਰਾਮਦਗੀ ਨਹੀਂ ਹੋਈ। ਇਵੇਂ ਬਿਆਸ ਥਾਣੇ ’ਚ 28 ਮਈ ਨੂੰ ਦਰਜ ਕੇਸ ਅਨੁਸਾਰ ਪੁਲੀਸ ਪਾਰਟੀ ਨੇ ਝਾੜੀਆਂ ਚੋਂ ਦੋ ਨੌਜਵਾਨ ਫੜੇ ਜਿਨ੍ਹਾਂ ਕੋਲੋਂ ਦੋ ਨੋਟ, ਲਾਈਟਰ ਤੇ ਸਿਲਵਰ ਪੇਪਰ ਮਿਲਿਆ। ਰਾਜਾਸਾਂਸੀ ਪੁਲੀਸ ਨੇ ਵੀ 28 ਮਈ ਨੂੰ ਹੀ ਡਰੇਨ ਕੋਟਲੀ ਸਿੱਕਾ ਦੇ ਇੱਕ ਪਾਸਿਓਂ ਨਸ਼ਾ ਕਰਦਾ ਨੌਜਵਾਨ ਫੜਿਆ ਜਿਸ ਤੋਂ ਉਪਰੋਕਤ ਸਾਜੋ ਸਮਾਨ ਮਿਲਿਆ। ਸਦਰ ਬਠਿੰਡਾ ਦੀ ਪੁਲੀਸ ਨੇ 27 ਮਈ ਨੂੰ ਵਿਰਕ ਖ਼ੁਰਦ ਦੇ ਸੂਏ ਦੀ ਪਟੜੀ ਤੋਂ ਦੋ ਨਸ਼ੇੜੀ ਨੌਜਵਾਨ ਫੜੇ ਜਿਨ੍ਹਾਂ ਤੋਂ ਇੱਕ ਮੋਮੀ ਕਾਗ਼ਜ਼ ਅਤੇ ਇੱਕ ਲਾਈਟਰ ਫੜਿਆ ਗਿਆ। 

        ਮੁਖ਼ਬਰ ਦੀ ਇਤਲਾਹ ’ਤੇ ਸਿਟੀ ਰਾਮਪੁਰਾ ਥਾਣਾ ਨੇ 28 ਮਈ ਨੂੰ ਇੱਕ ਨਸ਼ੇੜੀ ਨੌਜਵਾਨ ਲਾਈਟਰ ਤੇ ਸਰਿੰਜ ਸਮੇਤ ਫੜਿਆ ਜਿਸ ਨੂੰ ਪਰਚਾ ਦਰਜ ਕਰਕੇ ਨਸ਼ਾ ਛੁਡਾਊ ਕੇਂਦਰ ਭਰਤੀ ਕਰਾ ਦਿੱਤਾ। ਨਥਾਣਾ ਪੁਲੀਸ ਨੇ 25 ਮਈ ਨੂੰ ਪਿੰਡ ਪੂਹਲਾ ਦੇ ਇੱਕ ਨਸ਼ੇੜੀ ਨੂੰ ਲਾਈਟਰ ਤੇ ਸਿਲਵਰ ਪੇਪਰ ਸਮੇਤ ਫੜਿਆ। ਮੌੜ ਪੁਲੀਸ ਨੇ 23 ਮਈ ਨੂੰ ਮੌੜ ਚੜ੍ਹਤ ਸਿੰਘ ਵਾਲਾ ਦੇ ਇੱਕ ਨਸ਼ੇੜੀ ਨੂੰ ਦਸ ਰੁਪਏ ਦੇ ਨੋਟ ਅਤੇ ਲਾਈਟਰ ਤੋਂ ਇਲਾਵਾ ਸਿਲਵਰ ਪੇਪਰ ਸਮੇਤ ਗ੍ਰਿਫ਼ਤਾਰ ਕੀਤਾ। ਜਮਾਲਪੁਰ ਥਾਣੇ ’ਚ 29 ਮਈ ਨੂੰ ਦਰਜ ਕੇਸ ਮੁਤਾਬਿਕ ਪੁਲੀਸ ਨੇ ਗਸ਼ਤ ਦੌਰਾਨ ਪਿੰਡ ਭਾਮੀਆਂ ਕਲਾਂ ਦੇ ਟੋਇਆਂ ਚੋਂ ਬੈਠਾ ਇੱਕ ਨਸ਼ੇੜੀ ਕਾਬੂ ਕੀਤਾ ਜਿਸ ਕੋਲੋਂ ਇੱਕ ਦਸ ਦਾ ਨੋਟ, ਲਾਈਟਰ ਅਤੇ ਸਿਲਵਰ ਪੇਪਰ ਮਿਲਿਆ। ਇਸੇ ਤਰ੍ਹਾਂ ਲੁਧਿਆਣਾ ਥਾਣਾ ਡਵੀਜ਼ਨ ਦੋ ਦੀ ਪੁਲੀਸ ਨੇ ਪੁੱਡਾ ਗਰਾਊਂਡ ਦੀਆਂ ਝਾੜੀਆਂ ਚੋਂ ਇੱਕ ਨਸ਼ੇੜੀ ਨੌਜਵਾਨ ਨੂੰ ਦਸ ਦੇ ਨੋਟ, ਸਿਲਵਰ ਵਰਕ, ਲਾਈਟਰ ਅਤੇ ਬੀੜੀਆਂ ਦੇ ਬੰਡਲ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਝੁਨੀਰ ਤੇ ਭੀਖੀ ਦੀ ਪੁਲੀਸ ਨੇ 28 ਮਈ ਨੂੰ ਦੋ ਕੇਸਾਂ ’ਚ ਦੋ ਨਸ਼ੇੜੀਆਂ ਦਾ ਡੋਪ ਟੈੱਸਟ ਕਰਾ ਕੇ ਪਰਚਾ ਦਰਜ ਕੀਤਾ ਹੈ।

        ਥਾਣਾ ਮੂਨਕ ਦੀ ਪੁਲੀਸ ਨੇ 29 ਮਈ ਨੂੰ ਪਿੰਡ ਕੜੈਲ ਦੇ ਵਿਅਕਤੀ ਨੂੰ ਸੜਕ ਦੇ ਇੱਕ ਪਾਸਿਓ ਦਸ ਰੁਪਏ ਦੇ ਨੋਟ, ਸਿਲਵਰ ਪੇਪਰ ਤੇ ਲਾਈਟਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਪਰੋਕਤ ਕੇਸ ਇੱਕ ਨਮੂਨਾ ਹਨ ਅਤੇ ਰੋਜ਼ਾਨਾ ਦਰਜ ਹੋ ਰਹੇ ਪੁਲੀਸ ਕੇਸਾਂ ਵਿੱਚ ਅਜਿਹੇ ਨਸ਼ੇੜੀਆਂ ’ਤੇ ਦਰਜ ਕੇਸ ਵੀ ਸ਼ਾਮਲ ਹਨ। ਇਨ੍ਹਾਂ ਨਸ਼ੇੜੀਆਂ ਨੂੰ ਪੁਲੀਸ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜ ਰਹੀ ਹੈ। ਫ਼ੌਜਦਾਰੀ ਕੇਸਾਂ ਦੇ ਮਾਹਿਰ ਵਕੀਲ ਰਾਜੇਸ਼ ਸ਼ਰਮਾ ਆਖਦੇ ਹਨ ਕਿ ਐੱਨਡੀਪੀਐੱਸ ਦੀ ਧਾਰਾ 27/61/85 ਤਹਿਤ ਦਰਜ ਕੇਸ ਜ਼ਮਾਨਤਯੋਗ ਹੁੰਦੇ ਹਨ ਜੋ ਅਕਸਰ ਨਸ਼ੇੜੀਆਂ  ’ਤੇ ਦਰਜ ਹੁੰਦੇ ਹਨ। ਜੋ ਨਸ਼ੇੜੀ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੋਸੀਕਿਊਸ਼ਨ ਤੋਂ ਛੋਟ ਹੈ। 

                                 ਥਾਣਿਆਂ ’ਚ ਲੱਗੇ ਨੋਟਾਂ ਦੇ ‘ਢੇਰ’

ਪੁਲੀਸ ਵੱਲੋਂ ਦਰਜ ਕੇਸਾਂ ’ਚ ਜੋ ਰਿਕਵਰੀ ਹੁੰਦੀ ਹੈ, ਉਹ ਕੇਸਾਂ ਦੇ ਨਿਪਟਾਰੇ ਤੱਕ ਕੇਸ ਪ੍ਰਾਪਰਟੀ ਬਣ ਜਾਂਦੀ ਹੈ। ਜਿਸ ਲਿਹਾਜ਼ ਨਾਲ ਨਸ਼ੇੜੀਆਂ ਤੋਂ ਸਾਜੋ ਸਮਾਨ ਫੜਿਆ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਥਾਣਿਆਂ ਦੇ ਮਾਲਖ਼ਾਨਿਆਂ ਵਿੱਚ ਹੁਣ ਦਸ ਦਸ ਦੇ ਨੋਟਾਂ, ਲਾਈਟਰਾਂ ਅਤੇ ਸਿਲਵਰ ਪੇਪਰਾਂ ਦੇ ਢੇਰ ਲੱਗ ਗਏ ਹੋਣੇ ਹਨ। ਕਾਫ਼ੀ ਜਲੇ ਹੋਏ ਨੋਟਾਂ ਦੀ ਰਿਕਵਰੀ ਵੀ ਹੋਈ ਹੈ। 

                                ਸਪਲਾਈ ਲਾਈਨ ਤੋੜ ਰਹੇ ਹਾਂ : ਚੀਮਾ

ਨਸ਼ਿਆਂ ਖ਼ਿਲਾਫ਼ ਮੁਹਿੰਮ ਬਾਰੇ ਕੈਬਨਿਟ ਕਮੇਟੀ ਦੇ ਮੁਖੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਫੜੇ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਨਸ਼ੇੜੀਆਂ ਦੇ ਫੜਨ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਵੀ ਟੁੱਟ ਰਹੀ ਹੈ। ਗ੍ਰਾਹਕ ਖ਼ਤਮ ਹੋਣ ਨਾਲ ਤਸਕਰ ਵੀ ਖ਼ਤਮ ਹੋ ਰਹੇ ਹਨ। 


Friday, July 12, 2024

                                                        ਮੁਫ਼ਤ ਦੀ ਗੋਲੀ
                      ਸਾਢੇ ਪੰਜ ਸੌ ਕਰੋੜ ਦੀ ਦਵਾਈ ਛਕ ਗਏ ਨਸ਼ੇੜੀ !
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿਚ ਨਸ਼ੇੜੀ ਹੁਣ ‘ਮੁਫ਼ਤ ਦੀ ਗੋਲੀ’ ਦੀ ਚਾਟ ’ਤੇ ਲੱਗ ਗਏ ਹਨ। ਸਿਹਤ ਵਿਭਾਗ ਵੱਲੋਂ ਖੋਲ੍ਹੇ ਓਟ ਕਲੀਨਿਕਾਂ ’ਚ ਲੱਖਾਂ ਨੌਜਵਾਨ ਆ ਰਹੇ ਹਨ ਪਰ ਉਨ੍ਹਾਂ ਵਿੱਚੋਂ ਨਸ਼ਾ ਛੱਡਣ ਵਾਲੇ ਟਾਵੇਂ ਹੀ ਹਨ। ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕੇਂਦਰਾਂ ਵਿੱਚੋਂ ਲੰਘੇ ਸਾਢੇ ਪੰਜ ਵਰ੍ਹਿਆਂ ਵਿੱਚ 127.64 ਕਰੋੜ ਗੋਲੀਆਂ ਨਸ਼ੇੜੀਆਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ ਜਿਸ ’ਤੇ ਕਰੀਬ 550 ਕਰੋੜ ਰੁਪਏ ਖ਼ਰਚੇ ਗਏ ਹਨ। ਪੰਜਾਬ ਸਰਕਾਰ ਵੱਲੋਂ 282.51 ਕਰੋੜ ਰੁਪਏ ਪੰਜ ਵਰ੍ਹਿਆਂ ਵਿਚ ਬੁਪਰੋਨੋਰਫਿਨ ਜੋ ਮੁਫ਼ਤ ਦੀ ਗੋਲੀ ਵਜੋਂ ਮਸ਼ਹੂਰ ਹੈ, ’ਤੇ ਖ਼ਜ਼ਾਨੇ ਵਿੱਚੋਂ ਖ਼ਰਚ ਕੀਤੇ ਜਾ ਚੁੱਕੇ ਹਨ। ਪੰਜਾਬ ’ਚ ਨਸ਼ੇੜੀਆਂ ਵੱਲੋਂ ਟੀਕੇ ਲਗਾ ਕੇ ਨਸ਼ਾ ਲਏ ਜਾਣ ਨਾਲ ਹੋਈਆਂ ਮੌਤਾਂ ਦੇ ਕੇਸ ਸਾਹਮਣੇ ਆਏ ਤਾਂ ਸਰਕਾਰ ਨੇ ਓਟ ਕਲੀਨਿਕਾਂ ਵਿੱਚ ਨਸ਼ਾ ਛੱਡਣ ਵਾਲੀ ਦਵਾਈ ਮੁਫ਼ਤ ਦੇਣੀ ਸ਼ੁਰੂ ਕੀਤੀ ਸੀ ਜਿਸ ਵਿਚ ਬੁਪਰੋਨੋਰਫਿਨ ਗੋਲੀ ਮੁੱਖ ਹੈ।

      ਸ਼ੁਰੂ ਵਿੱਚ ਓਟ ਕਲੀਨਿਕਾਂ ਵਿੱਚ ਇਹ ਗੋਲੀ ਡਾਕਟਰਾਂ ਦੀ ਹਾਜ਼ਰੀ ਵਿੱਚ ਨਸ਼ੇੜੀ ਨੂੰ ਦਿੱਤੀ ਜਾਂਦੀ ਸੀ। ਮਗਰੋਂ ਹਫ਼ਤੇ-ਹਫ਼ਤੇ ਦੀ ਦਵਾਈ ਇਕੱਠੀ ਦਿੱਤੀ ਜਾਣ ਲੱਗੀ। ਫੇਰ ਨਸ਼ੇੜੀ ਗੋਲੀ ਨੂੰ ਅੱਗੇ ਬਲੈਕ ਵਿੱਚ ਵੇਚਣ ਲੱਗੇ। ਪ੍ਰਾਈਵੇਟ ਕੇਂਦਰਾਂ ਦਾ ਇਹ ਵਪਾਰ ਚੰਗਾ ਨਿਖਰਨ ਲੱਗਿਆ ਹੈ।ਪੰਜਾਬ ਵਿੱਚ ਇਸ ਵੇਲੇ 529 ਸਰਕਾਰੀ ਓਟ ਕਲੀਨਿਕ, ਨਸ਼ਾ ਛੁਡਾਊ ਕੇਂਦਰ ਹਨ ਜਦੋਂਕਿ 2019 ਵਿੱਚ ਇਨ੍ਹਾਂ ਦੀ ਗਿਣਤੀ 193 ਸੀ। 2019 ਵਿੱਚ ਪ੍ਰਾਈਵੇਟ ਕੇਂਦਰ 105 ਸਨ, ਜਿਹੜੇ ਹੁਣ 177 ਹੋ ਗਏ ਹਨ। ਓਟ ਕਲੀਨਿਕਾਂ ਦੇ ਬਾਹਰ ਹਫ਼ਤੇ ਵਿੱਚੋਂ ਛੇ ਦਿਨ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਸੂਤਰ ਦੱਸਦੇ ਹਨ ਕਿ ਨਸ਼ੇੜੀ ਹੁਣ ਇਸ ਗੋਲੀ ਦੀ ਚਾਟ ’ਤੇ ਲੱਗ ਗਏ ਹਨ ਅਤੇ ਮੁਫ਼ਤ ਦੀ ਗੋਲੀ ਹੁਣ ਮਾਰਕੀਟ ਵਿੱਚ ਵੇਚੀ ਵੀ ਜਾਣ ਲੱਗੀ ਹੈ। 

       ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ’ਚ ਅੰਕੜਾ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ’ਚ ਲੰਘੇ ਸਵਾ ਛੇ ਵਰ੍ਹਿਆਂ ’ਚ 8.82 ਲੱਖ ਮਰੀਜ਼ ਪੁੱਜੇ ਪਰ ਇਨ੍ਹਾਂ ਵਿੱਚੋਂ ਸਿਰਫ਼ 4106 ਨਸ਼ੇੜੀਆਂ ਨੇ ਹੀ ਨਸ਼ਾ ਛੱਡਿਆ।26 ਅਕਤੂਬਰ 2017 ਤੋਂ ਨਸ਼ਾ ਛੁਡਾਊ ਕੇਂਦਰਾਂ ’ਚ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਦਾ ਰਿਕਾਰਡ ਰੱਖਿਆ ਜਾਣ ਲੱਗਿਆ ਹੈ। ਤਾਜ਼ਾ ਵੇਰਵਿਆਂ ਅਨੁਸਾਰ ਸਰਕਾਰ ਵੱਲੋਂ ਇਨ੍ਹਾਂ ਗੋਲੀਆਂ ’ਤੇ 2019 ਵਿੱਚ 20.97 ਕਰੋੜ, ਜਦੋਂਕਿ 2023 ਵਿੱਚ 85.95 ਕਰੋੜ ਰੁਪਏ ਖਰਚੇ ਗਏ। ਸਰਕਾਰ ਔਸਤਨ ਰੋਜ਼ਾਨਾ 23.54 ਲੱਖ ਰੁਪਏ ਨਸ਼ੇੜੀਆਂ ’ਤੇ ਖ਼ਰਚ ਰਹੀ ਹੈ। ਸਰਕਾਰ ਜਨਵਰੀ 2019 ਤੋਂ ਜੂਨ 2024 ਤੱਕ 46.73 ਕਰੋੜ ਬੁਪਰੋਨੋਰਫਿਨ ਗੋਲੀ ਦੀ ਸਪਲਾਈ ਕਰ ਚੁੱਕੀ ਹੈ। ਉਧਰ, ਪ੍ਰਾਈਵੇਟ ਕੇਂਦਰਾਂ ਵੱਲੋਂ ਇਨ੍ਹਾਂ ਸਾਢੇ ਪੰਜ ਵਰ੍ਹਿਆਂ ਵਿੱਚ 80.91 ਕਰੋੜ ਗੋਲੀਆਂ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ। 

      ਲੁਧਿਆਣਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦਾ ਕਹਿਣਾ ਸੀ ਕਿ ਓਟ ਕਲੀਨਿਕਾਂ ਦੀ ਦਵਾਈ ਨਾਲ ਟੀਕਿਆਂ ਜ਼ਰੀਏ ਨਸ਼ਾ ਲੈਣ ਨੂੰ ਠੱਲ੍ਹ ਪਈ ਹੈ ਅਤੇ ਜਾਨੀ ਨੁਕਸਾਨ ਘਟਿਆ ਹੈ। ਇਸ ਨਾਲ ਕਾਲਾ ਪੀਲੀਆ ਵਗ਼ੈਰਾ ਦਾ ਪਸਾਰ ਵੀ ਘਟਿਆ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਸੂਬੇ ਵਿੱਚ ਓਟ ਕਲੀਨਿਕਾਂ ਦੀ ਦਵਾਈ ਦੇ ਬਾਵਜੂਦ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਕਮੀ ਨਹੀਂ ਆਈ ਹੈ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਰੁਪਿੰਦਰਜੀਤ ਸਿੰਘ ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਓਟ ਕਲੀਨਿਕਾਂ ਵਿੱਚ ਮਿਲਦੀ ਗੋਲੀ ਦੀ ਦੁਰਵਰਤੋਂ ਵਧ ਗਈ ਹੈ ਅਤੇ ਇਸ ਗੋਲੀ ਦੀ ਵਿਕਰੀ ਹੋਣ ਲੱਗੀ ਹੈ। ਬਹੁਤੇ ਨਸ਼ੇੜੀ ਤਾਂ ਹੁਣ ਗੋਲੀ ਨੂੰ ਟੀਕੇ ਨਾਲ ਲੈਣ ਲੱਗੇ ਹਨ। 

       ਉਨ੍ਹਾਂ ਮੰਗ ਕੀਤੀ ਕਿ ਇਸ ਦੀ ਦੁਰਵਰਤੋਂ ਫ਼ੌਰੀ ਰੋਕੀ ਜਾਣੀ ਚਾਹੀਦੀ ਹੈ। ਪੰਜਾਬ ’ਚ 26 ਸਰਕਾਰੀ ਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ’ਚ ਦਿੱਤੀ ਜਾਂਦੀ ਹੈ ਦਵਾਈ ਪੰਜਾਬ ’ਚ 26 ਸਰਕਾਰੀ ਅਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ। ਇਸ ਤੋਂ ਬਿਨਾਂ 19 ਸਰਕਾਰੀ ਅਤੇ 75 ਪ੍ਰਾਈਵੇਟ ਮੁੜ ਵਸੇਬਾ ਸੈਂਟਰ ਹਨ। ਓਟ ਕਲੀਨਿਕਾਂ ਅਤੇ ਕੇਂਦਰਾਂ ’ਚ ਨਸ਼ੇੜੀਆਂ ਨੂੰ ਬੁਪਰੋਨੋਰਫਿਨ, ਨਾਲੇਕਸਨ, ਟਰਾਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਮਾਹਿਰ ਆਖਦੇ ਹਨ ਕਿ ਨਸ਼ੇੜੀਆਂ ਦੇ ਇਲਾਜ ਲਈ ਜੋ ਬੁਪਰੋਨੋਰਫਿਨ ਦਿੱਤੀ ਜਾਂਦੀ ਹੈ ਉਸ ਨਾਲ ਨਸ਼ੇੜੀ ਨਸ਼ਿਆਂ ਵਿੱਚੋਂ ਬਾਹਰ ਤਾਂ ਆਉਂਦੇ ਹਨ ਪਰ ਕਈ ਵਾਰ ਨਸ਼ੇੜੀ ਇਸ ਗੋਲੀ ਦੀ ਚਾਟ ’ਤੇ ਲੱਗ ਜਾਂਦੇ ਹਨ।

Tuesday, August 8, 2023

                                                        ਕੇਹੀ ਰੁੱਤ ਆਈ 
                                         ਅਸੀਂ ਆਪਣੇ ਲਾਲ ਗੁਆ ਬੈਠੇ..! 
                                                         ਚਰਨਜੀਤ ਭੁੱਲਰ 

ਚੰਡੀਗੜ੍ਹ :ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਵਿਚਲਾ ਪਿੰਡ ਹੁਣ ਪੰਜਾਬ ਚੋਂ ਰੁਖ਼ਸਤ ਹੋ ਗਿਆ ਜਾਪਦਾ ਹੈ। ਜਦੋਂ ਅੱਜ ਦੇ ਪਿੰਡ ਦੇਖਦੇ ਹਾਂ ਤਾਂ ਸਿਵਿਆਂ ’ਤੇ ਭੀੜਾਂ ਅਤੇ ਸੱਥਾਂ ’ਚ ਪਸਰੀ ਸੁੰਨ ਨਜ਼ਰ ਪੈਂਦੀ ਹੈ। ਪੰਜਾਬ ਅੱਜ ਉਦਾਸ ਹੈ, ਪ੍ਰੇਸ਼ਾਨ ਹੈ ਅਤੇ ਬੇਚੈਨ ਵੀ ਹੈ। ਬਿਨਾਂ ਰੂਹ ਤੋਂ ਵੈਰਾਨ ਪਿੰਡ ਹੁਣ ਝੱਲੇ ਨਹੀਂਓ ਜਾ ਰਹੇ। ਪੰਜਾਬ ਤੋਂ ਝੱਲ ਨਹੀਓਂ ਹੁੰਦੇ, ਮਾਵਾਂ ਦੀਆਂ ਵੈਣ ਅਤੇ ਨਿੱਤ ਦਿਨ ਪਿੰਡੋਂ ਪਿੰਡ ਵਿਛਦੇ ਸੱਥਰ। ਪੰਜਾਬ ਦਾ ਗੱਚ ਭਰਦਾ ਹੈ ਜਦੋਂ ਜਵਾਨ ਪੁੱਤ ਦੀ ਲਾਸ਼ ਮੋਢੇ ’ਤੇ ਚੁੱਕ ਸਿਵਿਆਂ ਵੱਲ ਜਾਂਦੇ ਬਾਪ ਨੂੰ ਦੇਖਦਾ ਹੈ। ਬਰਨਾਲਾ ਦੇ ਪਿੰਡ ਢਿਲਵਾਂ ਦੀ ਪਰਮਜੀਤ ਕੌਰ ਡੇਢ ਸਾਲ ਪਹਿਲਾਂ ਵਿਧਵਾ ਹੋ ਗਈ ਸੀ ਅਤੇ ਹੁਣ ਨੌਜਵਾਨ ਪੁੱਤ ਗੁਆ ਬੈਠੀ ਹੈ। ਇਕਲੌਤਾ ਪੁੱਤ ਨਸ਼ੇ ਦੇ ਰਾਹ ਚਲਾ ਗਿਆ ਅਤੇ ਹੁਣ ਉਸ ਕੋਲ ਸਿਰਫ਼ ਸੁੰਨਾ ਘਰ ਬਚਿਆ ਹੈ। ਚਿੱਟੇ ਦੀ ਹਨੇਰੀ ’ਚ ਉਹ ਆਪਣਾ ਲਾਲ ਗੁਆ ਬੈਠੀ ਹੈ। ਉਸ ਨੇ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਡਟਣ ਦਾ ਫ਼ੈਸਲਾ ਕੀਤਾ ਹੈ। ਉਹ ਪਿੰਡ ਦੀ ‘ਚਿੱਟਾ ਮੁਕਤ ਕਮੇਟੀ’ ਦੀ ਕਮਾਂਡ ਵਿਚ ਸੰਘਰਸ਼ੀ ਰੌਂਅ ਵਿਚ ਹੈ। ਉਸ ਨੇ ਅਹਿਦ ਲਿਆ ਹੈ ਕਿ ਉਹ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਡਟੇਗੀ।

          ਬਠਿੰਡਾ ਦੇ ਪਿੰਡ ਘੁੰਮਣ ਕਲਾਂ ਦੀ ਬਜ਼ੁਰਗ ਮਾਂ ਮਨਜੀਤ ਕੌਰ ਦੀ ਜ਼ਮੀਨ ਵੀ ਚਲੀ ਗਈ ਅਤੇ ਦੋ ਪੁੱਤ ਵੀ ਨਸ਼ਿਆਂ ’ਚ ਜਹਾਨੋਂ ਚਲੇ ਗਏ ਹਨ। ਪਹਿਲੋਂ ਉਸ ਦੇ ਪਤੀ ਨੂੰ ਭਰ ਜਵਾਨੀ ਵਿਚ ਬਿਮਾਰੀ ਖਾ ਗਈ। ਉਸ ਦੇ ਦੋ ਪੁੱਤਰ ਰਣਜੀਤ ਸਿੰਘ ਤੇ ਹਰਜਿੰਦਰ ਸਿੰਘ ਇੱਕੋ ਵਰੇ੍ਹ ’ਚ ਚਿੱਟੇ ਕਾਰਨ ਮੌਤ ਦੇ ਮੂੰਹ ਜਾ ਪਏ। ਉਸ ਦੇ ਘਰ ਵਿਚ ਦੋ ਨੂੰਹਾਂ ਤੇ ਤਿੰਨ ਪੋਤੀਆਂ ਬਚੀਆਂ ਹਨ। ਉਹ ਆਖਦੀ ਹੈ ਕਿ ਹੁਣ ਤਾਂ ਰੋਣਾ ਪੱਲੇ ਰਹਿ ਗਿਆ ਹੈ। ਉਸ ਦੇ ਪੱਲੇ ਜਵਾਨ ਪੁੱਤਾਂ ਦੀਆਂ ਤਸਵੀਰਾਂ ਬਚੀਆਂ ਹਨ। ਘੁੰਮਣ ਕਲਾਂ ਵਿਚ ਔਰਤਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਅੰਮ੍ਰਿਤਸਰ ਦੇ ਪਿੰਡ ਬਰਾੜ ਦੀ ਮਜ਼ਦੂਰ ਔਰਤ ਸੁਖਵਿੰਦਰ ਕੌਰ ਆਪਣੇ ਚਾਰੋ ਪੁੱਤਰ ਗੁਆ ਬੈਠੀ ਹੈ। ਤਿੰਨ ਪੁੱਤ ਚਿੱਟੇ ਦੀ ਲਤ ਕਾਰਨ ਹੱਥੋਂ ਇੱਕ ਇੱਕ ਕਰਕੇ ਕਿਰ ਗਏੇ ਹਨ ਤੇ ਚੌਥਾ ਬਿਮਾਰੀ ਨੇ ਲਪੇਟ ਵਿਚ ਲੈ ਲਿਆ। ਉਸ ਦਾ ਘਰ ਸੁੰਨਾ ਹੋ ਗਿਆ ਅਤੇ ਹੁਣ ਪੋਤੀਆਂ ਹੀ ਉਸ ਦੀ ਢਾਰਸ ਹਨ। ਇਸ ਮਾਂ ਦੀਆਂ ਝੁਰੜੀਆਂ ਵਿਚ ਰੁਕੇ ਹੰਝੂ ਉਸ ਦੇ ਦੁੱਖਾਂ ਦੀ ਗਵਾਹੀ ਭਰਦੇ ਸਨ। ਭੁੱਚੋ ਕਲਾਂ ਨੇੜਲੇ ਪਿੰਡ ਤੁੰਗਵਾਲੀ ਦਾ ਚੌਕੀਦਾਰ ਗੁਰਦਾਸ ਸਿੰਘ ਆਪਣੇ ਘਰ ਨੂੰ ਚਿੱਟੇ ਦੀ ਮਾਰ ਤੋਂ ਬਚਾ ਨਹੀਂ ਸਕਿਆ। ਗੁਰਦਾਸ ਸਿੰਘ ਆਪਣਾ ਇੱਕ ਪੁੱਤ ਅਰਸ਼ਦੀਪ ਅਤੇ ਇੱਕ ਭਤੀਜਾ ਗੁਆ ਬੈਠਾ ਹੈ। ਅਰਸ਼ਦੀਪ ਦੀ ਮਾਂ ਪਰਮਜੀਤ ਕੌਰ ਕੋਲ ਹੁਣ ਸਿਵਾਏ ਹੰਝੂਆਂ ਤੋਂ ਕੁੱਝ ਨਹੀਂ ਬਚਿਆ।

           ਇਸ ਪਿੰਡ ਵਿਚ ਹੁਣ ਨਸ਼ਿਆਂ ਖ਼ਿਲਾਫ਼ ਲਹਿਰ ਬਣੀ ਹੈ। ਇਸ ਪਿੰਡ ਦਾ ਨੌਜਵਾਨ ਜਗਦੀਪ ਕਾਲਾ ਆਖਦਾ ਹੈ ਕਿ ਕੋਈ ਮਹੀਨਾ ਹੁਣ ਸੁੱਕਾ ਨਹੀਂ ਲੰਘਦਾ, ਆਏ ਮਹੀਨੇ ਪਿੰਡ ਦਾ ਜਵਾਨ ਗੱਭਰੂ ਨਸ਼ਿਆਂ ਦੀ ਭੇਟ ਚੜ੍ਹ ਜਾਂਦਾ ਹੈ। ਮਾਨਸਾ ਦੇ ਪਿੰਡ ਜੋਗਾ ਦਾ ਨੌਜਵਾਨ ਰਵੀ ਕੁਮਾਰ ਵੀ ਇਸੇ ਰਾਹ ਚਲਾ ਗਿਆ ਹੈ। ਉਸ ਦੀ ਵਿਧਵਾ ਪਤਨੀ ਜਸਪ੍ਰੀਤ ਕੌਰ ਹੁਣ ਕਿਧਰ ਨੂੰ ਜਾਏ।ਜਸਪ੍ਰੀਤ ਕੌਰ ਕੋਲ ਸਿਰਫ਼ ਦੁੱਖਾਂ ਦੀ ਗਠੜੀ ਬਚੀ ਹੈ। ਸੈਂਕੜੇ ਔਰਤਾਂ ਹਨ ਜਿਨ੍ਹਾਂ ਦੇ ਪੁੱਤ ਜਾਂ ਪਤੀ ਨਸ਼ਿਆਂ ਦੇ ਤੂਫ਼ਾਨ ਵਿਚ ਰੁੜ੍ਹ ਗਏ ਹਨ। ਇਨ੍ਹਾਂ ਔਰਤਾਂ ਨੇ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਮੈਦਾਨ ਵਿਚ ਡਟਣ ਦਾ ਫ਼ੈਸਲਾ ਕੀਤਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਮਨਾਵਾਂ ਵਿਚ ਔਰਤਾਂ ਨੇ ਨਸ਼ਿਆਂ ਖ਼ਿਲਾਫ਼ ਇੱਕ ਇਕੱਠ ਕੀਤਾ ਸੀ ਜਿਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਲੜਨ ਦਾ ਮਨ ਬਣਾਇਆ ਹੈ। ਫ਼ਿਰੋਜ਼ਪੁਰ ਦੇ ਮੁਦਕੀ ਦੀ ਪਰਮਜੀਤ ਕੌਰ ਨੇ ਔਰਤਾਂ ਦਾ ਬ੍ਰਿਗੇਡ ਬਣਾ ਕੇ ਨਸ਼ਾ ਤਸਕਰਾਂ ਖ਼ਿਲਾਫ਼ ਜੰਗ ਛੇੜਨ ਦਾ ਫ਼ੈਸਲਾ ਕੀਤਾ ਹੈ। ਇਸ ਔਰਤ ਆਗੂ ਨੇ ਕੁੱਝ ਸਮਾਂ ਪਹਿਲਾਂ ਮੁਦਕੀ ਵਿਚ ਔਰਤਾਂ ਨੂੰ ਨਾਲ ਲੈ ਕੇ ਠੀਕਰੀ ਪਹਿਰਾ ਵੀ ਲਾਇਆ ਸੀ ਤਾਂ ਜੋ ਨਸ਼ਾ ਤਸਕਰ ਪਿੰਡ ਵਿਚ ਦਾਖਲ ਲਾ ਹੋ ਸਕਣ। ਉਹ ਆਖਦੀ ਹੈ ਕਿ ਮੁੜ ਮੈਦਾਨ ਵਿਚ ਕੁੱਦਾਂਗੇ। 

           ਫ਼ਿਰੋਜ਼ਪੁਰ ਜ਼ਿਲ੍ਹੇ ਦੀ ਵਿਧਵਾ ਔਰਤ ਰਮਨਦੀਪ ਕੌਰ ਮਰਖਾਈ ਵੀ ਕਈ ਵਰਿ੍ਹਆਂ ਤੋਂ ਨਸ਼ਿਆਂ ਖ਼ਿਲਾਫ਼ ਔਰਤਾਂ ਨੂੰ ਲਾਮਬੰਦ ਕਰ ਰਹੀ ਹੈ। ਜਦੋਂ ਨਸ਼ਿਆਂ ਨੇ ਉਸ ਦੇ ਪਤੀ ਨੂੰ ਖੋਹ ਲਿਆ ਸੀ ਤਾਂ ਉਸ ਨੇ ਸਿਰ ’ਤੇ ਚਿੱਟੀ ਚੁੰਨੀ ਲੈ ਲਈ ਸੀ। ਚਿੱਟੀਆਂ ਚੁੰਨੀਆਂ ਹੋਰਨਾਂ ਔਰਤਾਂ ਦਾ ਨਸੀਬ ਨਾ ਬਣਨ, ਇਹ ਸੋਚ ਕੇ ਉਸ ਨੇ ਹੁਣ ਸਿਰ ’ਤੇ ਕਾਲੀ ਚੁੰਨੀ ਲਈ ਹੈ ਜੋ ਸਰਕਾਰਾਂ ਖ਼ਿਲਾਫ਼ ਰੋਸ ਦਾ ਪ੍ਰਤੀਕ ਹੈ। ਉਹ ਹੁਣ ਪਿੰਡਾਂ ਨੂੰ ਜਾਗਣ ਦਾ ਹੋਕਾ ਦੇ ਰਹੀ ਹੈ। ਮੱਖੂ ਦੀ ਬਲਜੀਤ ਕੌਰ ਵੀ ਨਸ਼ਿਆਂ ਖ਼ਿਲਾਫ਼ ਜੰਗ ਦੇ ਮੋਰਚੇ ਵਿਚ ਡਟੀ ਹੈ। ਚੇਤੇ ਰਹੇ ਕਿ ਦੋ ਹਫ਼ਤਿਆਂ ਤੋਂ ਮਾਲਵਾ ਖ਼ਿੱਤੇ ਵਿਚ ‘ਚਿੱਟੇ’ ਖ਼ਿਲਾਫ਼ ਇੱਕ ਲਹਿਰ ਖੜ੍ਹੀ ਹੋਣ ਲੱਗੀ ਹੈ ਜਿਸ ਵਿਚ ਹੁਣ ਬੀਬੀਆਂ ਦੀ ਸ਼ਮੂਲੀਅਤ ਵਿਚ ਵਧਣ ਲੱਗੀ ਹੈ। ਨੌਜਵਾਨ ਭਾਰਤ ਸਭਾ ਮੁਕਤਸਰ ਦਾ ਆਗੂ ਮੰਗਾ ਸਿੰਘ ਆਖਦਾ ਹੈ ਕਿ ਜਦੋਂ ਸਰਕਾਰਾਂ ਤੋਂ ਲੋਕਾਂ ਦੀ ਝਾਕ ਮੁੱਕ ਜਾਂਦੀ ਹੈ ਤਾਂ ਲਹਿਰਾਂ ਦਾ ਮੁੱਢ ਬੱਝਦਾ ਹੈ। ਉਨ੍ਹਾਂ ਕਿਹਾ ਕਿ ਮਾਲਵੇ ਚੋਂ ਚਿੱਟੇ ਖ਼ਿਲਾਫ਼ ਉੱਠ ਰਿਹਾ ਲੋਕ ਰੋਹ ਜ਼ਰੂਰ ਸਰਕਾਰਾਂ ਨੂੰ ਮਜਬੂਰ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਭਾ ਤਰਫ਼ੋਂ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਮੁਕਤਸਰ ਦੇ ਪਿੰਡਾਂ ਵਿਚ ਡਾਂਗ ਮਾਰਚ ਵੀ ਸ਼ੁਰੂ ਕੀਤਾ ਸੀ।

                                       ਪ੍ਰਭਾਵਿਤ ਘਰਾਂ ਚੋਂ ਉੱਠਣ ਲੱਗੀ ਆਵਾਜ਼..

ਸਰਕਾਰਾਂ ਦਾ ਬਦਲ ਵੀ ਪੰਜਾਬ ਵਿਚ ਸਿਵਿਆਂ ਦੀ ਅੱਗ ਠੰਢੀ ਨਹੀਂ ਕਰ ਸਕਿਆ। ਨਾ ਘਰਾਂ ਵਿਚ ਸੱਥਰ ਵਿਛਣੋਂ ਰੁਕੇ ਨੇ ਅਤੇ ਨਾ ਹੀ ਮਾਵਾਂ ਦੇ ਵੈਣ ਪੈਣੋਂ ਹਟ ਰਹੇ ਹਨ। ਪੰਜਾਬ ਵਿਚ ਹਰ ਹਫ਼ਤੇ ਦੋ ਤਿੰਨ ਨੌਜਵਾਨ ਚਿੱਟੇ ਕਾਰਨ ਜ਼ਿੰਦਗੀ ਤੋਂ ਵਿਦਾ ਹੋ ਰਹੇ ਹਨ। ਜਿਨ੍ਹਾਂ ਘਰਾਂ ਨੂੰ ਚਿੱਟੇ ਦਾ ਸੇਕ ਲੱਗਿਆ ਹੈ, ਉਨ੍ਹਾਂ ਘਰਾਂ ਚੋਂ ਹੁਣ ਆਵਾਜ਼ ਉੱਠੀ ਹੈ ਜਿਸ ਤੋਂ ਢਾਰਸ ਬੱਝਣ ਲੱਗਾ ਹੈ ਕਿ ਪਿੰਡਾਂ ਚੋਂ ਨਸ਼ਿਆਂ ਖ਼ਿਲਾਫ਼ ਉੱਠੀ ਲਹਿਰ ਹੁਣ ਜ਼ਰੂਰ ਕਿਸੇ ਤਣ ਪੱਤਣ ਲੱਗੇਗੀ।


Monday, August 7, 2023

                                                      ‘ ਉੱਡਤਾ ਪੰਜਾਬ ’ 
                                   ਆਖ਼ਰ ‘ਚਿੱਟੇ’ ਖ਼ਿਲਾਫ਼ ਜਾਗ ਉੱਠੇ ਪਿੰਡ !
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਮਾਲਵੇ ਦੇ ਪਿੰਡਾਂ ’ਚ ਲੋਕ ਨਸ਼ਿਆਂ ਖ਼ਿਲਾਫ਼ ਡਟ ਗਏ ਹਨ। ਬਠਿੰਡਾ ਦੇ ਪਿੰਡ ਦੁੱਲੇਵਾਲਾ ’ਚ ਨਸ਼ਾ ਤਸਕਰਾਂ ਦੇ ਰਾਹ ਰੋਕਣ ਲਈ ਦਿਨ-ਰਾਤ ਦਾ ਪਹਿਰਾ ਸ਼ੁਰੂ ਹੋ ਗਿਆ ਹੈ। ਬਰਨਾਲਾ ਦੇ ਪਿੰਡ ਢਿਲਵਾਂ ਦੇ ਲੋਕਾਂ ਨੇ ‘ਚਿੱਟਾ ਮੁਕਤ ਕਮੇਟੀ’ ਬਣਾ ਲਈ ਹੈ ਜਦੋਂ ਕਿ ਮੋਗਾ ਦੇ ਪਿੰਡ ਘੱਲ ਕਲਾਂ ਦੇ ਸਰਪੰਚ ਨੇ ਨਸ਼ੇੜੀਆਂ ਦੇ ਟਿਕਾਣੇ ਢਾਹ ਦਿੱਤੇ ਹਨ। ਮਾਨਸਾ ਜ਼ਿਲ੍ਹੇ ’ਚ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ 14 ਅਗਸਤ ਨੂੰ ਵੱਡਾ ਇਕੱਠ ਸੱਦਿਆ ਹੈ। ਕਿਸਾਨ ਯੂਨੀਅਨ ਨੇ ਪਿੰਡ-ਪਿੰਡ ਮਾਰਚ ਸ਼ੁਰੂ ਕਰ ਦਿੱਤੇ ਹਨ। ਮਾਲਵੇ ਦੇ ਕਰੀਬ ਅੱਠ ਜ਼ਿਲ੍ਹਿਆਂ ’ਚ ਇਹ ਨਵੀਂ ਤਸਵੀਰ ਉੱਭਰੀ ਹੈ ਜੋ ਸੂਬੇ ਲਈ ਇੱਕ ਸ਼ੁੱਭ ਸੁਨੇਹਾ ਵੀ ਹੈ ਕਿ ਆਖ਼ਰ ਲੋਕ ‘ਚਿੱਟੇ’ ਖ਼ਿਲਾਫ਼ ਜਾਗ ਪਏ ਹਨ ਜਿਨ੍ਹਾਂ ‘ਉੱਡਤਾ ਪੰਜਾਬ’ ਦੇ ਦਾਗ਼ ਧੋਣ ਲਈ ਨਵੀਂ ਜਾਗ ਲਾਈ ਹੈ। ਲੋਕ ਦਬਾਓ ਪਿੱਛੋਂ ਪੁਲੀਸ ਨੇ ਵੀ ਆਪਣਾ ਰੁਖ਼ ਬਦਲਿਆ ਹੈ। ਹਾਲਾਂਕਿ ਫ਼ਰੀਦਕੋਟ ਦੇ ਪਿੰਡ ਢਿਲਵਾਂ ਖ਼ੁਰਦ ਵਿਚ ‘ਨਸ਼ਾ ਵਿਰੋਧੀ ਕਮੇਟੀ’ ਦੇ ਇੱਕ ਮੈਂਬਰ ਨੂੰ ਨਸ਼ਾ ਤਸਕਰਾਂ ਨੇ ਕਤਲ ਜਦਕਿ ਪਿੰਡ ਭੁੱਚੋ ਕਲਾਂ ਦੇ ਨਸ਼ੇੜੀਆਂ ਨੂੰ ਰੋਕਣ ਵਾਲੇ ਇੱਕ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤਾ ਹੈ। 

        ਨਵੀਂ ਮੁਹਿੰਮ ਤਸਕਰਾਂ ਨੂੰ ਰਾਸ ਨਹੀਂ ਆ ਰਹੀ ਹੈ। ਫ਼ਰੀਦਕੋਟ ਦੇ ਸਾਦਿਕ ਵਿਚ 31 ਮੈਂਬਰੀ ਨਸ਼ਾ ਵਿਰੋਧੀ ਕਮੇਟੀ ਨੇ ਅੱਜ ਮਾਰਚ ਕੱਢਿਆ। ਕਮੇਟੀ ਨੇ ਦਰਜਨ ਤਸਕਰਾਂ ਦੇ ਨਾਮ ਪੁਲੀਸ ਕੋਲ ਜਨਤਕ ਕੀਤੇ ਹਨ ਜਿਨ੍ਹਾਂ ’ਚੋਂ ਦੋ ਨੂੰ ਪੁਲੀਸ ਨੇ ਫੜ ਲਿਆ ਹੈ। ਨੌਜਵਾਨ ਗੁਰਪ੍ਰੀਤ ਨੇ ਕਿਹਾ ਕਿ ਪਹਿਲੀ ਦਫ਼ਾ ਲੋਕਾਂ ਦਾ ਏਡਾ ਵੱਡਾ ਹੁੰਗਾਰਾ ਮਿਲਿਆ ਹੈ। ਮੋਗਾ ਦੇ ਪਿੰਡ ਘੱਲ ਕਲਾਂ ਦੇ ਸਰਪੰਚ ਸਿਮਰਨਜੀਤ ਸਿੰਘ ਨੇ ਵੀਰਵਾਰ ਨੂੰ ਇਕੱਠ ਕਰਕੇ ਐਲਾਨ ਕੀਤਾ ਕਿ ਉਹ ਕਿਸੇ ਵੀ ਨਸ਼ਾ ਤਸਕਰ ਦੀ ਪੈਰਵੀ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਇੱਥੇ ਪੁਰਾਣੀ ਨਹਿਰੀ ਕੋਠੀ ਦਾ ਕਮਰਾ ਸੀ ਜਿੱਥੇ ਨਸ਼ੇੜੀ ਜੁੜਦੇ ਸਨ, ਉਸ ਨੂੰ ਢਾਹ ਦਿੱਤਾ ਗਿਆ ਹੈ। ਬਠਿੰਡਾ ਦੇ ਦਰਜਨਾਂ ਪਿੰਡਾਂ ਨੇ ਇਸ ਪਾਸੇ ਪਹਿਲ ਕੀਤੀ ਹੈ। ਪਿੰਡ ਘੁੰਮਣ ਕਲਾਂ ਵਿਚ ਅੱਜ ਵੱਡਾ ਮਾਰਚ ਹੋਇਆ ਹੈ। ਅਗਵਾਈ ਕਰਨ ਵਾਲਾ ਸਾਬਕਾ ਫ਼ੌਜੀ ਪਹਿਲਾਂ ਸਰਹੱਦ ’ਤੇ ਲੜਿਆ ਅਤੇ ਹੁਣ ‘ਚਿੱਟੇ’ ਖ਼ਿਲਾਫ਼ ਮੋਰਚੇ ’ਚ ਉਤਰਿਆ ਹੈ। ਬਠਿੰਡਾ ਦੇ ਜਿਸ ਪਿੰਡ ਢਪਾਲੀ ਨੇ ਅੰਗਰੇਜ਼ਾਂ ਦੇ ਰਾਜ ਸਮੇਂ ਵੀ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦਿੱਤਾ ਸੀ, ਉਸ ਪਿੰਡ ਦੇ ਲੋਕਾਂ ਨੇ ਵੀ ਨਸ਼ਿਆਂ ਖ਼ਿਲਾਫ਼ ਹੁਣ ਕਮੇਟੀ ਬਣਾਈ ਹੈ। 

          ਪਿੰਡ ਭਾਈਰੂਪਾ ਦੇ ਲੋਕਾਂ ਨੇ ਕਮੇਟੀ ਬਣਾ ਕੇ ਪਿੰਡ ਵਿਚ ਤਸਕਰਾਂ ਦੀ ਆਮਦ ਰੋਕ ਦਿੱਤੀ ਹੈ। ਭਗਤਾ ਭਾਈਕਾ ਵਿਚ ਤਾਂ ਦੋ ਤਸਕਰ ਮੁੱਢਲੇ ਦਿਨਾਂ ਵਿਚ ਹੀ ਫੜ ਲਏ ਗਏ ਸਨ। ਮੋਗਾ-ਦੋ ਬਲਾਕ ਦੇ ਸਰਪੰਚਾਂ ਨੇ ਇਕੱਠ ਕਰਕੇ 21 ਮੈਂਬਰੀ ਕਮੇਟੀ ਬਣਾਈ ਹੈ। ਬਰਨਾਲਾ ਦੇ ਪਿੰਡ ਢਿਲਵਾਂ ਵਿਚ ‘ਚਿੱਟਾ ਮੁਕਤ ਕਮੇਟੀ’ ਬਣੀ ਹੈ ਜਿਸ ਦੇ ਆਗੂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ 15 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸੇ ਜ਼ਿਲ੍ਹੇ ਦੇ ਪਿੰਡ ਜੰਗੀਆਣਾ ਵਿਚ ਅੱਜ ਕਮੇਟੀ ਬਣੀ ਹੈ। ਪਿੰਡ ਹਮੀਰਗੜ੍ਹ ਵਿਚ ਵੀ ਕਮੇਟੀ ਬਣ ਗਈ ਹੈ। ਸ਼ਹੀਦ ਊਧਮ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਰੁਪਿੰਦਰ ਸਿੰਘ ਨੇ ਕਿਹਾ ਕਿ ਹੁਣ ਚਿੱਟੇ ਖ਼ਿਲਾਫ਼ ਲੋਕ ਉੱਠ ਖੜ੍ਹੇ ਹੋਏ ਹਨ ਅਤੇ ਲੋਕ ਲਹਿਰ ਬਿਨਾਂ ਨਸ਼ੇ ਦਾ ਖ਼ਾਤਮਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਸੇਦਾਰੀ ਨਾਲ ਹੀ ਇਸ ਅਲਾਮਤ ਤੋਂ ਖਹਿੜਾ ਛੁੱਟਣ ਦੀ ਸੰਭਾਵਨਾ ਹੈ। ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਨਸ਼ਿਆਂ ਖ਼ਿਲਾਫ਼ ਪਿੰਡ-ਪਿੰਡ ਮਾਰਚ ਕਰ ਰਹੇ ਹਨ ਅਤੇ 10 ਅਗਸਤ ਨੂੰ ਇਸ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਦੇਣਗੇ।

         ਸੰਗਰੂਰ ਜ਼ਿਲ੍ਹੇ ਵਿਚ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕੀਤੇ ਹਨ। ਮੁਕਤਸਰ ਜ਼ਿਲ੍ਹੇ ਦੇ ਪਿੰਡ ਖੋਖਰ, ਪਿੰਡ ਹਰਾਜ ਕਲਾਂ ਅਤੇ ਕੋਟਲੀ ਅਬਲੂ ਵਿਚ ਲੋਕ ਚਿੱਟੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ। ਫ਼ਾਜ਼ਿਲਕਾ ਦੇ ਪਿੰਡ ਚੱਕ ਲਮੋਚੜ ਵਿਚ ਕਮੇਟੀ ਬਣੀ ਹੈ। ਇਸ ਜ਼ਿਲ੍ਹੇ ਦੇ ਇੱਕ ਗੁਰਸਿੱਖ ਬਲਵੰਤ ਸਿੰਘ ਨੇ ਕਮੇਟੀਆਂ ਬਣਾਉਣ ਦਾ ਬੀੜਾ ਚੁੱਕਿਆ ਹੈ। ਮਾਨਸਾ ਜ਼ਿਲ੍ਹੇ ਵਿਚ ਨਸ਼ਿਆਂ ਖ਼ਿਲਾਫ਼ ਪਰਮਿੰਦਰ ਸਿੰਘ ਝੋਟਾ ਦੀ ਸਰਗਰਮੀ ਮਗਰੋਂ ਮਾਹੌਲ ਬਣਨ ਲੱਗਾ ਹੈ ਜਿਸ ਨੂੰ ਪੁਲੀਸ ਨੇ ਜੇਲ੍ਹ ’ਚ ਬੰਦ ਕੀਤਾ ਹੋਇਆ ਹੈ। ਪਿੰਡ ਤੁੰਗਵਾਲੀ ਦੇ ਨੰਬਰਦਾਰਾਂ ਨੇ ਮਤਾ ਪਾਸ ਕਰਕ ਨਸ਼ਾ ਤਸਕਰਾਂ ਦੀ ਜ਼ਮਾਨਤ ਨਾ ਕਰਾਉਣ ਦਾ ਫ਼ੈਸਲਾ ਕੀਤਾ ਹੈ। ਹਮੀਦੀ ਪਿੰਡ ਦੀ ਪੰਚਾਇਤ ਨੇ ਵੀ ਨਸ਼ਾ ਤਸਕਰਾਂ ਦੀ ਪੈਰਵੀ ਨਾ ਕਰਨ ਦਾ ਮਤਾ ਪਾਇਆ ਹੈ।

                                           ਘੱਟ ਨਹੀਂ ਰਿਹਾ ‘ਚਿੱਟੇ’ ਦਾ ਕਹਿਰ

ਪੰਜਾਬ ’ਚ ਨਿੱਤ ਦਿਨ ‘ਚਿੱਟਾ’ ਸੱਥਰ ਵਿਛਾ ਰਿਹਾ ਹੈ। ‘ਆਪ’ ਸਰਕਾਰ ਨੇ ਪੁਲੀਸ ਕੇਸਾਂ ਦਾ ਅੰਕੜਾ ਤਾਂ ਪੇਸ਼ ਕੀਤਾ ਹੈ ਪ੍ਰੰਤੂ ਮੌਤ ਦੇ ਮੂੰਹ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਹਾਲੇ ਘਟੀ ਨਹੀਂ ਹੈ। ਵਿਰੋਧੀ ਧਿਰ ਵਿਚ ਹੁੰਦਿਆਂ ‘ਆਪ’ ਨੇ ‘ਚਿੱਟੇ’ ਨੂੰ ਮੁੱਖ ਮੁੱਦਾ ਬਣਾਇਆ ਸੀ। ਪੰਜਾਬ ਸਰਕਾਰ ਨੇ ਇਸ ਪਾਸੇ ਬੱਝਵੇਂ ਉਪਰਾਲੇ ਨਾ ਕੀਤੇ ਤਾਂ ਸੁਆਲ ਉੱਠਣੇ ਸੁਭਾਵਿਕ ਹੋਣਗੇ।

                                     ਕਿਸਾਨਾਂ ਦੇ ਦਿੱਲੀ ਮੋਰਚੇ ਤੋਂ ਮਿਲੀ ਪ੍ਰੇਰਣਾ

ਬੇਸ਼ੱਕ ਪੰਜਾਬ ’ਚ ਨਸ਼ਿਆਂ ਦਾ ਬੋਲਬਾਲਾ ਸਿਆਸੀ ਮੁੱਦੇ ਵਜੋਂ ਕਾਫ਼ੀ ਸਮੇਂ ਤੋਂ ਉੱਭਰਿਆ ਹੋਇਆ ਹੈ ਪ੍ਰੰਤੂ ਲੋਕ ਲਹਿਰ ਪਹਿਲੀ ਦਫ਼ਾ ਉੱਠੀ ਹੈ। ਮਾਲਵੇ ਦੇ ਕਰੀਬ ਅੱਠ ਜ਼ਿਲ੍ਹਿਆਂ ਵਿਚ ਜੁਲਾਈ ਦੇ ਅੱਧ ਤੋਂ ਬਾਅਦ ਲੋਕਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਬਿਗਲ ਵਜਾਇਆ ਹੈ। ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਵੱਲੋਂ ਲੜੀ ਜੰਗ ਇਸ ਨਵੀਂ ਲਹਿਰ ਲਈ ਰਾਹ ਦਸੇਰਾ ਹੈ। ਜਦੋਂ ਸਰਕਾਰ ਤੋਂ ਵੀ ਝਾਕ ਮੁੱਕ ਗਈ ਅਤੇ ਪਿੰਡਾਂ ਵਿਚ ਚਿੱਟੇ ਦਾ ਕਹਿਰ ਜਾਰੀ ਰਿਹਾ ਤਾਂ ਲੋਕ ਆਪ ਮੁਹਾਰੇ ਉੱਠੇ ਹਨ।

Monday, March 13, 2023

                                                         ‘ ਉੱਡਤਾ ਪੰਜਾਬ ’ 
                                     ਹੁਣ ਪੱਲਾ ਨਹੀਂ ਛੱਡ ਰਿਹਾ
                                                          ਚਰਨਜੀਤ ਭੁੱਲਰ   

ਚੰਡੀਗੜ੍ਹ :  ‘ਉੱਡਤਾ ਪੰਜਾਬ ’ ਦੇ ਦਾਗ਼ ਧੋਣ ਲਈ ਰਾਜ ਦੇ ਲੱਖਾਂ ਨੌਜਵਾਨ ਅੱਗੇ ਆਏ ਪਰ ਨਸ਼ਿਆਂ ਤੋਂ ਪਿੱਛਾ ਟਾਵੇਂ ਹੀ ਛੁਡਾ ਸਕੇ। ਨਵਾਂ ਅੰਕੜਾ ਫ਼ਿਕਰ ਖੜ੍ਹੇ ਕਰਨ ਵਾਲਾ ਹੈ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ’ਚ ਲੰਘੇ ਸਵਾ ਛੇ ਵਰ੍ਹਿਆਂ ’ਚ 8.82 ਲੱਖ ਮਰੀਜ਼ ਪੁੱਜੇ ਪ੍ਰੰਤੂ ਇਨ੍ਹਾਂ ਚੋਂ ਨਸ਼ੇ ਨੂੰ ਸਿਰਫ਼ 4106 ਵਿਅਕਤੀ ਹੀ ਅਲਵਿਦਾ ਆਖ ਸਕੇ। ਅੱਧਾ ਫ਼ੀਸਦੀ ਤੋਂ ਵੀ ਘੱਟ ਵਿਅਕਤੀ ਨਸ਼ਾ ਛੱਡਣ ’ਚ ਸਫਲ ਹੋਏ ਹਨ। ਵੱਡੀ ਗਿਣਤੀ ਉਨ੍ਹਾਂ ਦੀ ਹੈ ਜਿਨ੍ਹਾਂ ਨਸ਼ਾ ਛੱਡ ਦਿੱਤਾ ਲੇਕਿਨ ਉਹ ਓਟ ਸੈਂਟਰਾਂ ’ਚ ਮਿਲਦੀ ਗੋਲੀ ਦੀ ਚਾਟ ਤੇ ਲੱਗ ਗਏ ਹਨ। ਪੰਜਾਬ ’ਚ ਇਸ ਵਕਤ 26 ਸਰਕਾਰੀ ਅਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ। ਇਸ ਤੋਂ ਬਿਨਾਂ 19 ਸਰਕਾਰੀ ਅਤੇ 75 ਪ੍ਰਾਈਵੇਟ ਮੁੜ ਵਸੇਬਾ ਸੈਂਟਰ ਹਨ। 26 ਅਕਤੂਬਰ 2017 ਤੋਂ ਇਨ੍ਹਾਂ ਕੇਂਦਰਾਂ ’ਚ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਦਾ ਰਿਕਾਰਡ ਮੇਨਟੇਨ ਕਰਨਾ ਸ਼ੁਰੂ ਕੀਤਾ ਸੀ। ਅਕਤੂਬਰ 2017 ਤੋਂ ਫਰਵਰੀ 2023 ਤੱਕ ਇਨ੍ਹਾਂ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ/ਓਟ ਕਲੀਨਿਕਾਂ ’ਚ 8.82 ਲੱਖ ਮਰੀਜ਼ ਰਜਿਸਟਰਡ ਹੋਏ ਹਨ ਜਿਨ੍ਹਾਂ ਚੋਂ 2.63 ਲੱਖ ਸਰਕਾਰੀ ਅਤੇ 6.19 ਲੱਖ ਮਰੀਜ਼ ਪ੍ਰਾਈਵੇਟ ਕੇਂਦਰਾਂ ਵਿਚ ਰਜਿਸਟਰਡ ਹੋਏ।   

        ਓਟ ਕਲੀਨਿਕਾਂ ਅਤੇ ਇਨ੍ਹਾਂ ਕੇਂਦਰਾਂ ਵਿਚ ਡਾਕਟਰਾਂ ਵੱਲੋਂ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਨੂੰ ਬੁਪਰੋਨੋਰਫਿਨ, ਨਾਲੇਕਸਨ, ਟਰਾਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਅਧਿਕਾਰੀ ਦੱਸਦੇ ਹਨ ਕਿ ਬਹੁਤੇ ਨਸ਼ੇੜੀ ਤਾਂ ਇਨ੍ਹਾਂ ਦਵਾਈਆਂ ’ਤੇ ਲੱਗ ਗਏ ਹਨ। ਪੰਜਾਬ ਵਿਧਾਨ ਸਭਾ ’ਚ ਵੀ ਇਹ ਮਸਲਾ ਉੱਠਿਆ ਸੀ ਕਿ ਓਟ ਕਲੀਨਿਕਾਂ ’ਚ ਮਿਲਦੀ ਗੋਲੀ ਨੂੰ ਬਤੌਰ ਨਸ਼ਾ ਹੀ ਮਰੀਜ਼ ਲੈ ਰਹੇ ਹਨ ਅਤੇ ਇਸ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ’ਚ ਸਿਆਸੀ ਸੱਤਾ ਦੇ ਬਦਲਾਓ ਪਿੱਛੋਂ ਵੀ ਇਨ੍ਹਾਂ ਕੇਂਦਰਾਂ ਵਿਚ ਮਰੀਜ਼ਾਂ ਦੇ ਅੰਕੜੇ ਵਿਚ ਕੋਈ ਫ਼ਰਕ ਨਹੀਂ ਆਇਆ ਹੈ। ਵਿਧਾਨ ਸਭਾ ’ਚ ਬਸਪਾ ਵਿਧਾਇਕ ਡਾ. ਨਛੱਤਰ ਪਾਲ ਦੇ ਲਿਖਤੀ ਸੁਆਲ ਦੇ ਜੁਆਬ ਵਿਚ ਪੰਜਾਬ ਸਰਕਾਰ ਨੇ ਦੱਸਿਆ ਕਿ ਵਰ੍ਹਾ 2023 ਦੇ ਪਹਿਲੇ ਦੋ ਮਹੀਨਿਆਂ ਵਿਚ ਇਨ੍ਹਾਂ ਕੇਂਦਰਾਂ ਵਿਚ 15978 ਮਰੀਜ਼ ਪੁੱਜੇ ਹਨ। ਕਾਂਗਰਸੀ ਰਾਜ ਭਾਗ ਆਉਣ ਸਮੇਂ ਪਹਿਲੇ ਵਰ੍ਹੇ 2017 ਵਿਚ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ 1790 ਰਹੀ।

          ਸਰਕਾਰੀ ਤੱਥਾਂ ਅਨੁਸਾਰ ਸਾਲ 2018 ਵਿਚ ਇਨ੍ਹਾਂ ਮਰੀਜ਼ਾਂ ਦੀ ਗਿਣਤੀ 1.20 ਲੱਖ, ਸਾਲ 2019 ਵਿਚ 2.43 ਲੱਖ, ਵਰ੍ਹਾ 2020 ਵਿਚ 2.47 ਲੱਖ, ਸਾਲ 2021 ਵਿਚ 1.26 ਲੱਖ ਅਤੇ ਸਾਲ 2022 ਵਿਚ ਇਹ ਅੰਕੜਾ 1.05 ਲੱਖ ਦੀ ਰਹੀ। ਸਰਕਾਰੀ ਨਸ਼ਾ ਛੁਡਾਊ ਕੇਂਦਰਾਂ/ਓਟ ਕਲੀਨਿਕਾਂ ’ਤੇ ਨਜ਼ਰ ਮਾਰੀਏ ਤਾਂ ਬਠਿੰਡਾ ਜ਼ਿਲ੍ਹੇ ਦਾ ਪਹਿਲਾ ਨੰਬਰ ਹੈ ਜਿੱਥੇ ਇਨ੍ਹਾਂ ਸਵਾ ਛੇ ਸਾਲਾਂ ਵਿਚ 24,328 ਮਰੀਜ਼ ਪੁੱਜੇ, ਦੂਸਰਾ ਨੰਬਰ ਤਰਨਤਾਰਨ ਦਾ ਹੈ ਜਿੱਥੇ 23,648 ਮਰੀਜ਼ ਰਜਿਸਟਰਡ ਹੋਏ। ਅੰਮ੍ਰਿਤਸਰ ਵਿਚ 20379, ਗੁਰਦਾਸਪੁਰ ਵਿਚ 20901, ਮੋਗਾ ਵਿਚ 19622 ਅਤੇ ਫ਼ਰੀਦਕੋਟ ਵਿਚ 11636 ਮਰੀਜ਼ ਇਨ੍ਹਾਂ ਕੇਂਦਰਾਂ ’ਚ ਪੁੱਜੇ। 

          ਬਦਨਾਮੀ ਦੇ ਡਰੋਂ ਬਹੁਤੇ ਨਸ਼ੇੜੀ ਪ੍ਰਾਈਵੇਟ ਕੇਂਦਰਾਂ ਨੂੰ ਤਰਜ਼ੀਹ ਦਿੰਦੇ ਹਨ ਜਿਸ ਕਰਕੇ ਸਰਕਾਰੀ ਨਾਲੋਂ ਚਾਰ ਗੁਣਾ ਵੱਧ ਭੀੜ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਰਹੀ ਹੈ। ਮੁਹਾਲੀ ਦੇ ਸਰਕਾਰੀ ਕੇਂਦਰਾਂ ਵਿਚ ਸਵਾ ਛੇ ਸਾਲਾਂ ਵਿਚ ਸਿਰਫ਼ 3246 ਮਰੀਜ਼ ਪੁੱਜੇ ਜਦੋਂ ਕਿ ਪ੍ਰਾਈਵੇਟ ਕੇਂਦਰਾਂ ਵਿਚ 31709 ਮਰੀਜ਼ ਪੁੱਜੇ ਹਨ। ਮਿਸਾਲ ਦੇ ਤੌਰ ’ਤੇ ਰੋਪੜ ਦੇ ਸਰਕਾਰੀ ਕੇਂਦਰਾਂ ਵਿਚ ਸਿਰਫ਼ 4716 ਮਰੀਜ਼ ਪੁੱਜੇ ਜਦੋਂ ਕਿ ਪ੍ਰਾਈਵੇਟ ਕੇਂਦਰਾਂ ਵਿਚ 11254 ਮਰੀਜ਼ ਇਲਾਜ ਲਈ ਰਜਿਸਟਰਡ ਹੋਏ। 

          ਪੰਜਾਬ ਦੇ ਪ੍ਰਾਈਵੇਟ ਕੇਂਦਰਾਂ ਦਾ ਅੰਕੜਾ ਵੇਖੀਏ ਤਾਂ ਜ਼ਿਲ੍ਹਾ ਲੁਧਿਆਣਾ ਵਿਚ ਲੰਘੇ ਸਵਾ ਛੇ ਸਾਲਾਂ ਵਿਚ 1.21 ਲੱਖ ਮਰੀਜ਼ ਰਜਿਸਟਰਡ ਹੋਏ ਹਨ ਜਦੋਂ ਕਿ ਪਟਿਆਲਾ ਜ਼ਿਲ੍ਹੇ ਵਿਚ 54933 ਮਰੀਜ਼ ਪੁੱਜੇ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਪ੍ਰਾਈਵੇਟ ਕੇਂਦਰਾਂ ਵਿਚ 25682, ਮੁਕਤਸਰ ਵਿਚ 42380, ਹੁਸ਼ਿਆਰਪੁਰ ਵਿਚ 31104 ਅਤੇ ਬਰਨਾਲਾ ਵਿਚ 19779 ਮਰੀਜ਼ ਰਜਿਸਟਰਡ ਹੋਏ ਹਨ। ਨਸ਼ਿਆਂ ਨੂੰ ਛੱਡਣ ਵਾਲੇ ਮਰੀਜ਼ਾਂ ਦੀ ਗਿਣਤੀ ਸਿਰਫ਼ 4106 ਹੈ ਜਿਸ ਚੋਂ ਸਰਕਾਰੀ ਕੇਂਦਰਾਂ ਵਿਚ 3810 ਅਤੇ ਪ੍ਰਾਈਵੇਟ ਕੇਂਦਰਾਂ ਵਿਚ 296 ਲੋਕਾਂ ਨੇ ਨਸ਼ਿਆਂ ਨੂੰ ਅਲਵਿਦਾ ਕਿਹਾ ਹੈ। 

                       ਸਮਾਜਿਕ ਦਬਾਓ ਵੀ ਵੱਡਾ ਕਾਰਨ : ਡਾ.ਨਿਧੀ ਗੁਪਤਾ

ਬਠਿੰਡਾ ਦੀ ਮਾਨਸਿਕ ਰੋਗਾਂ ਦੇ ਮਾਹਿਰ ਡਾ. ਨਿਧੀ ਗੁਪਤਾ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਉੱਚ ਤਬਕੇ ਦੇ ਮਰੀਜ਼ ਸਮਾਜਿਕ ਦਬਾਓ ਕਰਕੇ ਆਪਣੀ ਪਛਾਣ ਜੱਗ ਜ਼ਾਹਿਰ ਹੋਣ ਦੇ ਡਰੋਂ ਸਰਕਾਰੀ ਕੇਂਦਰਾਂ ਵਿਚ ਨਹੀਂ ਜਾਂਦੇ ਹਨ ਜਿਸ ਕਰਕੇ ਉਹ ਪ੍ਰਾਈਵੇਟ ਸੈਂਟਰਾਂ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ੇੜੀਆਂ ਦੇ ਇਲਾਜ ਲਈ ਬੁਪਰੋਨੋਰਫਿਨ ਦਿੱਤੀ ਜਾਂਦੀ ਹੈ ਜਿਸ ਨਾਲ ਭਿਆਨਕ ਨਸ਼ਿਆਂ ਦੀ ਲਤ ਤੋਂ ਛੁਟਕਾਰਾ ਤਾਂ ਮਿਲਦਾ ਹੈ ਪ੍ਰੰਤੂ ਕਈ ਵਾਰ ਮਰੀਜ਼ ਇਸ ਗੋਲੀ ’ਤੇ ਲੱਗ ਜਾਂਦਾ ਹੈ। 

                                   ‘ਮੁਫ਼ਤ ਦੀ ਗੋਲੀ’ ਦੀ ਚਾਟ ’ਤੇ ਲੱਗੇ

ਸਿਹਤ ਵਿਭਾਗ ਦੇ ਕਈ ਫ਼ੀਲਡ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਓਟ ਕਲੀਨਿਕਾਂ ਵਿਚ ‘ਬੁਪਰੋਨੋਰਫਿਨ’ ਮੁਫ਼ਤ ਵਿਚ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਚਾਟ ’ਤੇ ਹੀ ਬਹੁਤੇ ਲੱਗ ਗਏ ਹਨ। ਦਿਹਾਤੀ ਪੰਜਾਬ ’ਚ ਇਹ ‘ਮੁਫ਼ਤ ਦੀ ਗੋਲੀ’ ਵਜੋਂ ਮਸ਼ਹੂਰ ਹੈ। ਚਰਚੇ ਹਨ ਕਿ ਕਈ ਲੋਕਾਂ ਨੇ ਤਾਂ ਮੁਫ਼ਤ ਦੀ ਗੋਲੀ ਸਰਕਾਰ ਤੋਂ ਲੈ ਕੇ ਅੱਗੇ ਵੇਚਣੀ ਵੀ ਸ਼ੁਰੂ ਕਰ ਦਿੱਤੀ ਹੈ। ਸਿਹਤ ਮਹਿਕਮਾ ਇਸ ਗੋਲੀ ’ਤੇ ਕਰੋੜਾਂ ਰੁਪਏ ਖ਼ਰਚ ਰਿਹਾ ਹੈ। 

 


Wednesday, October 16, 2019

                         ਅਪਰੇਸ਼ਨ ਕਲੀਨ
     ‘ਚਿੱਟੇ’ ਖਿਲਾਫ ਦਿਲ ਵੀ ਜੁੜੇ ਤੇ ਹੱਥ ਵੀ
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ ’ਚ ‘ਅਪਰੇਸ਼ਨ ਕਲੀਨ’ ਸ਼ੁਰੂ ਹੈ ਜਿਸ ਦਾ ਮਿਸ਼ਨ ਤੇ ਟੀਚਾ ਸੈਂਕੜੇ ਪਿੰਡਾਂ ਚੋਂ ‘ਚਿੱਟਾ’ ਖਤਮ ਕਰਨਾ ਹੈ। ‘ਸਾਂਝਾ ਅਪਰੇਸ਼ਨ’ ਚਲਾਉਣ ਵਾਲੇ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਹਨ। ਜਦੋਂ ਜਵਾਨੀ ਸਿਰੜ ਦਾ ਪੱਲਾ ਫੜਦੀ ਹੈ ਤਾਂ ਫਿਰ ਰਾਹ ਆਪਣੇ ਆਪ ਬਣਦੇ ਹਨ। ਨਸ਼ਾ ਤਸਕਰਾਂ ਖ਼ਿਲਾਫ਼ ਜਵਾਨੀ ਦਾ ਇਹ ਬਿਗਲ ਹੈ ਜੋ ‘ਚਿੱਟੇ’ ਦੇ ਧੰੂਏਂ ’ਚ ਉਲਝੇ ਨੌਜਵਾਨਾਂ ਲਈ ਨਵੀਂ ਸਵੇਰ ਬਣੇਗਾ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਪਹਿਲਾਂ ਤੋਂ ਹੀ ਮੋਰਚੇ ’ਤੇ ਸੀ। ਹੁਣ ਨਵੀਂ ਪਹਿਲ ਹੋਈ ਹੈ ਕਿ ਦੋਵਾਂ ਸੂਬਿਆਂ ਦੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੇ ਸਾਂਝਾ ਮੰਚ ਬਣਾ ਲਿਆ ਹੈ ਤਾਂ ਜੋ ‘ਸਾਂਝਾ ਅਪਰੇਸ਼ਨ’ ਕੀਤਾ ਜਾ ਸਕੇ। ‘ਅਪਰੇਸ਼ਨ ਕਲੀਨ’ ਤਹਿਤ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਕੱਟਣਾ ਅਤੇ ਨਸ਼ੇੜੀ ਨੌਜਵਾਨਾਂ ਨੂੰ ਮੁੜ ਮੁੱਖ ਧਾਰਾ ਵਿਚ ਲਿਆਉਣਾ ਹੈ। ਇਨ੍ਹਾਂ ਨੌਜਵਾਨਾਂ ਨੇ ਆਪੋ ਆਪਣੇ ਪਿੰਡਾਂ ਵਿਚ ‘ਖੁਫ਼ੀਆ ਵਿੰਗ’ ਤਿਆਰ ਕੀਤੇ ਹਨ ਜੋ ਤਸਕਰਾਂ ’ਤੇ ਅੱਖ ਰੱਖਦੇ ਹਨ। ਅੱਜ ਹੀ ਹਰਿਆਣਾ ਦੇ ਪਿੰਡ ਦੇਸੂ ਮਲਕਾਣਾ ਦੇ ਖੁਫ਼ੀਆ ਵਿੰਗ ਨੇ ਪੰਜਾਬ ’ਚ ਦਾਖਲ ਹੋਏ ਤਸਕਰਾਂ ਦੀ ਪੈੜ ਨੱਪੀ। ਇੱਧਰ ਪੰਜਾਬ ਦੇ ਮੈਂਬਰਾਂ ਨੇ ਫੌਰੀ ਬਠਿੰਡਾ ਪੁਲੀਸ ਨੂੰ ਸੂਚਨਾ ਦੇ ਦਿੱਤੀ। ਸੂਤਰ ਦੱਸਦੇ ਹਨ ਕਿ ਤਿੰਨੋਂ ਤਸਕਰ ਪੁਲੀਸ ਨੇ ਫੜ ਲਏ ਹਨ।
                ਦੇਸੂ ਜੋਧਾ ਪਿੰਡ ਦਾ ਨਸ਼ਾ ਤਸਕਰਾਂ ਦਾ ਘਰ ਹੈ ਜਿਥੇ ਪਿਛਲੇ ਦਿਨੀਂ ਬਠਿੰਡਾ ਪੁਲੀਸ ’ਤੇ ਹਮਲਾ ਵੀ ਹੋਇਆ ਸੀ।ਹਰਿਆਣਾ ਦੇ ਪਿੰਡ ਦੇਸੂ ਮਲਕਾਣਾ ਦੇ ਲਵਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਦੋਵੇਂ ਸੂਬਿਆਂ ਦੀ ਪੁਲੀਸ ਨਸ਼ਿਆਂ ਦੇ ਮਾਮਲੇ ’ਤੇ ਇੱਕ ਦੂਸਰੇ ਦੇ ਪਾਲੇ ਵਿਚ ਗੇਂਦ ਸੁੱਟ ਦਿੰਦੀ ਹੈ ਪ੍ਰੰਤੂ ਹਕੀਕਤ ਇਹ ਹੈ ਕਿ ਦੋਵੇਂ ਸੂਬਿਆਂ ਦੀ ਜਵਾਨੀ ਨਸ਼ਿਆਂ ’ਚ ਗਰਕ ਹੋ ਰਹੀ ਹੈ। ਉਨ੍ਹਾਂ ਨੇ ਹੁਣ ਪੰਜਾਬ ਦੇ ਨੌਜਵਾਨਾਂ ਨਾਲ ਸਿਰ ਜੋੜ ਲਏ ਹਨ। ‘ਅਪਰੇਸ਼ਨ ਕਲੀਨ’ ਤਹਿਤ ਪਿੰਡਾਂ ਨੂੰ ਮੁੜ ਮਹਿਕਣ ਲਾਵਾਂਗੇ। ਹਰਿਆਣਾ ਦੇ ਪਿੰਡ ਕਿਉਲ ਦਾ ਮੱਖਣ ਸਿੰਘ ਦੱਸਦਾ ਹੈ ਕਿ ਕੋਸ਼ਿਸ਼ ਕਰਨ ਵਾਲੇ ਕਦੇ ਹਾਰਦੇ ਨਹੀਂ। ਉਨ੍ਹਾਂ ਆਖਿਆ ਕਿ ਪੁਲੀਸ ਨੇ ਸਾਥ ਦਿੱਤਾ ਤਾਂ ਤਸਕਰਾਂ ਦੇ ਦਿਨ ਪੁਗਾ ਦਿਆਂਗੇ। ਵੇਰਵਿਆਂ ਅਨੁਸਾਰ ਹਰਿਆਣਾ ਦੇ ਪਿੰਡ ਦੇਸੂ ਮਲਕਾਣਾ, ਹੱਸੂ, ਦੇਸੂ ਜੋਧਾ, ਨਾਰੰਗ, ਅਸੀਰ, ਮਾਖਾ, ਪਿਪਲੀ, ਖੋਖਰ, ਟੱਪੀ, ਜਗਮਾਲ ਵਾਲੀ, ਚੋਰਮਾਰ, ਜਲਾਲਆਣਾ, ਤਰਲੋਕੇਵਾਲਾ, ਦਾਦੂ ਤੇ ਕਿਉਲ ਪਿੰਡ ਵਿਚ ਨੌਜਵਾਨਾਂ ਦੇ ਮੰਚਾਂ ਦਾ ਗਠਨ ਹੋ ਚੁੱਕਾ ਹੈ। ਹਰਿਆਣਾ ਦੇ ਇਨ੍ਹਾਂ ਪਿੰਡਾਂ ਵਿਚ ਲੋਕਾਂ ਨੂੰ ਚੇਤੰਨ ਕਰਨ ਵਾਸਤੇ ਦੋਵਾਂ ਸੂਬਿਆਂ ਦੇ ਨੌਜਵਾਨਾਂ ਨੇ ਸਾਂਝਾ ਮਾਰਚ ਵੀ ਕੱਢਿਆ ਹੈ।
               ਭਲਕੇ 16 ਅਕਤੂੁਬਰ ਨੂੰ ਇਸ ਮੰਚ ਨੇ ਸਰਹੱਦੀ ਪਿੰਡ ਗਾਟਵਾਲੀ ਵਿਚ ਇੱਕ ਵੱਡਾ ਸਮਾਗਮ ਰੱਖਿਆ ਹੈ ਜਿਥੇ ਪੰਜਾਬ ਤੇ ਹਰਿਆਣਾ ਦੇ ਪਿੰਡਾਂ ਦੀਆਂ ਪੰਚਾਇਤਾਂ ਜੁੜਨਗੀਆਂ। ਐਸ.ਐਸ.ਪੀ ਡਾ. ਨਾਨਕ ਸਿੰਘ ਖੁਦ ਇਨ੍ਹਾਂ ਸਮਾਗਮਾਂ ਵਿਚ ਜਾ ਰਹੇ ਹਨ ਅਤੇ ਉਧਰ ਹਰਿਆਣਾ ਦੇ ਪੁਲੀਸ ਅਫਸਰ ਵੀ ਪੁੱਜ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪੁਲੀਸ ਨੇ ਬਹੁਤਾ ਸਾਥ ਨਹੀਂ ਦਿੱਤਾ। ਹੁਣ ਜਦੋਂ ਲਹਿਰ ਬਣਨ ਲੱਗੀ ਹੈ ਤਾਂ ਪੁਲੀਸ ਵੀ ਨਿੱਤਰੀ ਹੈ। ਨਸ਼ਾ ਵਿਰੋਧੀ ਮੰਚ ਤੇ ਪੁਲੀਸ ਦਾ ਆਪਸੀ ਤਾਲਮੇਲ ਬਣਿਆ ਹੈ। ਤਲਵੰਡੀ ਸਾਬੋ ਦੇ ਨੌਜਵਾਨ ਰੁਪਿੰਦਰਜੀਤ ਸਿੰਘ ਆਖਦੇ ਹਨ ਕਿ ਤਸਕਰਾਂ ਨਾਲ ਮੱਥਾ ਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਪ੍ਰੰਤੂ ਨੌਜਵਾਨਾਂ ਦਾ ਜੋਸ਼ ਚੰਗੇ ਨਤੀਜੇ ਆਉਣ ਦੀ ਗਵਾਹੀ ਭਰ ਰਿਹਾ ਹੈ। ਤਲਵੰਡੀ ਸਾਬੋ ਖ਼ਿੱਤੇ ਦੇ ਨੌਜਵਾਨ ਲਾਭ ਸਿੰਘ ਰਾਮਾਂ, ਜਸਪਾਲ ਸਿੰਘ ਬਾਘਾ ਅਤੇ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਦੋਵਾਂ ਸੂਬਿਆਂ ਦੇ ਨੌਜਵਾਨਾਂ ਦਾ ਸਾਂਝਾ ਮੰਚ ਬਣਨ ਮਗਰੋਂ ਆਪਸੀ ਤਾਲਮੇਲ ਬਣ ਗਿਆ ਹੈ ਅਤੇ ਪਿੰਡ ਪਿੰਡ ਖੁਫ਼ੀਆ ਵਿੰਗ ਅਤੇ ਕਮੇਟੀਆਂ ਬਣਾ ਦਿੱਤੀਆਂ ਹਨ ਜਿਨ੍ਹਾਂ ਵੱਲੋਂ ਮੌਕੇ ’ਤੇ ਪੁਲੀਸ ਨੂੰ ਸੂਚਨਾ ਦਿੱਤੀ ਜਾਇਆ ਕਰੇਗੀ।
              ਵੇਰਵਿਆਂ ਅਨੁਸਾਰ ਹਰਿਆਣਾ ਚੋ ਪੰਜ ਨੌਜਵਾਨ ਨਸ਼ਾ ਛੱਡਣ ਵਾਸਤੇ ਰਾਮਾਂ ਮੰਡੀ ਪੁੱਜੇ ਹਨ ਜਿਥੇ ਨਸ਼ਾ ਛੁਡਾਊ ਗਰੁੱਪ ਚੱਲ ਰਿਹਾ ਹੈ।ਨਸ਼ੇੜੀਆਂ ਦੀ ਕੌਸਲਿੰਗ ਲਈ ਵੀ ਨੌਜਵਾਨਾਂ ਨੇ ਗਰੁੱਪ ਬਣਾਏ ਹੋਏ ਹਨ। ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ੇੜੀਆਂ ਨੂੰ ਭਰਤੀ ਕਰਾਉਣਾ ਵੀ ਇਸ ਮੰਚ ਦਾ ਏਜੰਡਾ ਹੈ। ਹਰਿਆਣਾ ਦੇ ਪਿੰਡ ਦੇਸੂ ਜੋਧਾ ਵਿਚ ਪੁਲੀਸ ’ਤੇ ਹਮਲਾ ਹੋਣ ਕਰਕੇ ਮਾਹੌਲ ਕਾਫ਼ੀ ਗਰਮ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਾਲਾਂਵਾਲੀ ਰੈਲੀ ਵਿਚ ਦੇਸੂ ਜੋਧਾ ਦਾ ਜ਼ਿਕਰ ਕੀਤਾ ਹੈ। ਇਸ ਪਿੰਡ ਦੇ ਨੌਜਵਾਨ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ 60 ਦੇ ਕਰੀਬ ਘਰ ਚਿੱਟਾ ਵੇਚਦੇ ਹਨ। ਨਾ ਸਰਕਾਰ ਕੁੱਝ ਕਰਦੀ ਹੈ ਅਤੇ ਨਾ ਹੀ ਹਰਿਆਣਾ ਪੁਲੀਸ ਤਸਕਰਾਂ ਨੂੰ ਹੱਥ ਪਾਉਂਦੀ ਹੈ। ਪਤਾ ਲੱਗਾ ਹੈ ਕਿ ਹਰਿਆਣਾ ਦੇ ਆਮ ਲੋਕ ਵੀ ਨਸ਼ਿਆਂ ਖ਼ਿਲਾਫ਼ ਨਿੱਤਰੇ ਨੌਜਵਾਨਾਂ ਨੂੰ ਸਾਥ ਦੇਣ ਲੱਗੇ ਹਨ।
                   ਹਿਫ਼ਾਜ਼ਤ ਲਈ ਲਾਇਸੈਂਸ ਬਣਾਏ ਜਾਣ : ਕਮਾਲੂ
ਨਸ਼ਾ ਵਿਰੋਧੀ ਮੰਚ ਦੇ ਨੌਜਵਾਨ ਆਪਣੀ ਹਿਫਾਜਤ ਲਈ ਅਸਲਾ ਲਾਇਸੈਂਸ ਬਣਾਉਣਾ ਚਾਹੁੰਦੇ ਹਨ। ਬਠਿੰਡਾ ਪੁਲੀਸ ਤੇ ਹਮਲਾ ਹੋਣ ਮਗਰੋਂ ਨੌਜਵਾਨਾਂ ਨੇ ਇਹ ਵਿਚਾਰ ਬਣਾਈ ਹੈ ਕਿ ਤਾਕਤ ਰੱਖਣ ਵਾਲੇ ਤਸਕਰ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਨਸ਼ਾ ਵਿਰੋਧੀ ਮੰਚ ਦੇ ਮੋਹਰੀ ਆਗੂ ਮੇਜਰ ਸਿੰਘ ਕਮਾਲੂ ਦਾ ਕਹਿਣਾ ਸੀ ਕਿ ਉਹ ਭਲਕੇ ਹਿਫਾਜਤ ਖਾਤਰ ਐਸ.ਐਸ.ਪੀ ਕੋਲ ਅਸਲਾ ਲਾਇਸੈਂਸ ਬਣਾਏ ਜਾਣ ਦੀ ਮੰਗ ਰੱਖਣਗੇ।
                          ਆਂਚ ਨਹੀਂ ਆਉਣ ਦਿੱਤੀ ਜਾਵੇਗੀ : ਐਸ.ਐਸ.ਪੀ
ਐਸ.ਐਸ.ਪੀ ਬਠਿੰਡਾ ਡਾ.ਨਾਨਕ ਸਿੰਘ ਦਾ ਕਹਿਣਾ ਸੀ ਕਿ ਉਹ ਭਲਕੇ ਪਿੰਡ ਗਾਟਵਾਲੀ ਵਿਚ ਜਾਣਗੇ ਜਿਥੇ ਹਰਿਆਣਾ ਚੋਂ 24-25 ਪਿੰਡਾਂ ਦੀਆਂ ਪੰਚਾਇਤਾਂ ਪੁੱਜ ਰਹੀਆਂ ਹਨ। ਇਹ ਮੰਚ ਵਾਲੇ ਨੌਜਵਾਨ ਚੰਗਾ ਕੰਮ ਕਰ ਰਹੇ ਹਨ ਅਤੇ ਜਦੋਂ ਵੀ ਮੰਚ ਦੇ ਮੈਂਬਰ ਕੋਈ ਸੂਚਨਾ ਦਿੰਦੇ ਹਨ, ਪੁਲੀਸ ਫੌਰੀ ਕਾਰਵਾਈ ਕਰਦੀ ਹੈ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਪੂਰਨ ਸੁਰੱਖਿਆ ਮਿਲੇਗੀ ਅਤੇ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ।



Thursday, September 26, 2019

                        ਸੱਜਰੀ ਹਵਾ 
      ਉੱਡਤਾ ਪੰਜਾਬ ‘ਮੋਹ ਦੀ ਜੱਫੀ’ ’ਚ
                        ਚਰਨਜੀਤ ਭੁੱਲਰ
ਬਠਿੰਡਾ : ‘ਉੱਡਤਾ ਪੰਜਾਬ’ ਦੇ ਵਿਹੜੇ ’ਚ ਹਵਾ ਦਾ ਰੁਖ ਬਦਲਿਆ ਹੈ। ਪੰਜਾਬ ’ਚ ‘ਮੋਹ ਦੀ ਜੱਫੀ’ ਨਾਲ ਨੌਜਵਾਨ ਨਸ਼ੇੜੀ ਆਪਣੇ ਦਾਗ ਧੋ ਰਹੇ ਹਨ ਜਿਨ੍ਹਾਂ ਤੋਂ ਸਭ ਬੇਖ਼ਬਰ ਹਨ। ਇਹ ਖੁਦ ਹੀ ਡਾਕਟਰ ਤੇ ਖੁਦ ਹੀ ਮਰੀਜ਼ ਬਣਦੇ ਹਨ। ਕਿਸੇ ਤੀਸਰੀ ਧਿਰ ਦੇ ਦਾਖਲ ਤੋਂ ਕੋਹਾਂ ਦੂਰ ਹਨ। ਪਹਿਲੋਂ ਖੁਦ ਨਸ਼ਾ ਛੱਡਦੇ ਹਨ, ਫਿਰ ਨਵੇਂ ਨਸ਼ੇੜੀਆਂ ਨੂੰ ਰਾਹ ਦਿਖਾਉਂਦੇ ਹਨ। ਕੋਈ ਫੀਸ ਨਹੀਂ, ਕੋਈ ਦਵਾਈ ਨਹੀਂ, ਸਿਰਫ਼ ‘ਇੱਛਾ ਸ਼ਕਤੀ’ ਜਲਵਾ ਦਿਖਾਉਂਦੀ ਹੈ। ਪੰਜਾਬ ਭਰ ’ਚ ਕਰੀਬ 600 ਨੌਜਵਾਨ ‘ਮੋਹ ਦੀ ਜੱਫੀ’ ਨਾਲ ‘ਚਿੱਟੇ’ ਨੂੰ ਅਲਵਿਦਾ ਆਖ ਚੁੱਕਾ ਹੈ। ਵਿਸ਼ਵ ਭਰ ’ਚ ਬੜੀ ਪੁਰਾਣੀ ਲਹਿਰ ‘ ਅਗਿਆਤ ਨਸ਼ੇੜੀ’ (ਨਾਰਕੋਟਿਕਸ ਅਨੋਨੀਮੱਸ) ਚੱਲ ਰਿਹਾ ਹੈ ਜਿਸ ਦੇ ਪੈਰ ਕੁਝ ਅਰਸੇ ਤੋਂ ਪੰਜਾਬ ’ਚ ਵੀ ਪਏ ਹਨ।ਪੰਜਾਬ ਦੇ 25 ਵੱਡੇ ਛੋਟੇ ਸ਼ਹਿਰਾਂ ’ਚ ਵੱਖ ਵੱਖ ਬੈਨਰ ਹੇਠ ਇਹ ਗਰੁੱਪ ਗੁਪਤ ਰੂਪ ਵਿਚ ਚੱਲ ਰਹੇ ਹਨ। ਹਫਤੇ ਚੋਂ ਦੋ ਦਿਨ ਨਿਸ਼ਚਿਤ ਥਾਂ ’ਤੇ ‘ਸੁਧਰਦੇ ਹੋਏ ਅਮਲੀ’ ਦੀ ਮੀਟਿੰਗ ਹੁੰਦੀ ਹੈ। ਜੋ ਨਸ਼ਾ ਰਹਿਤ ਹੋ ਜਾਂਦੇ ਹਨ, ਉਹ ਆਪੋ ਆਪਣੇ ਸ਼ਹਿਰਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਨ। ਬਠਿੰਡਾ ਸ਼ਹਿਰ ਵਿਚ ਪੰਜ ਵਰ੍ਹਿਆਂ ਤੋਂ ਇਹ ‘ਰੋਡ ਟੂ ਰਿਕਵਰੀ’ ਗਰੁੱਪ ਚੱਲ ਰਿਹਾ ਹੈ। ਹੁਣ ਤੱਕ 60 ਨਸੇੜੀ ਨਸ਼ਾ ਰਹਿਤ ਹੋ ਚੁੱਕੇ ਹਨ। ਹੁਣ ਇਸ ਗਰੁੱਪ ਵੱਲੋਂ ਪੰਜ ਵਰੇ੍ਹ ਪੂਰੇ ਹੋਣ ’ਤੇ ਜਸ਼ਨ ਪ੍ਰੋਗਰਾਮ ਵੀ ਰੱਖੇ ਗਏ ਹਨ। ਰਾਮਾਂ ਮੰਡੀ ਵਿਚ ‘ਪ੍ਰਭੂ ਦੀ ਇੱਛਾ’ ਗਰੁੱਪ ਚੱਲ ਰਿਹਾ ਹੈ।
        ‘ਅਗਿਆਤ ਨਸ਼ੇੜੀ’ ਪ੍ਰੋਗਰਾਮ ਦੀ ਇੱਕੋ ਸ਼ਰਤ ਹੈ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਸੰਸਾ ਤੇ ਪ੍ਰਚਾਰ ਤੋਂ ਦੂਰ ਰਹਿਣਾ ਹੈ। ਇੱਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਉਹ ਪਹਿਲੋਂ ਚੰਡੀਗੜ੍ਹ ਤੋਂ ਖੁਦ ਨਸ਼ੇ ਤੋਂ ਰਹਿਤ ਹੋ ਕੇ ਆਇਆ। ਫਿਰ ਬਠਿੰਡਾ ਵਿਚ ਗਰੁੱਪ ਚਲਾਇਆ। ਪਹਿਲੋਂ ਨਸ਼ਾ ਛੱਡਣ ਵਾਲੇ ਮੈਂਬਰ ਨਵੇਂ ਨਸ਼ੇੜੀਆਂ ਦੀ ਸ਼ਨਾਖ਼ਤ ਕਰਦੇ ਹਨ। ਫਿਰ ਉਨ੍ਹਾਂ ਨਾਲ ਮੀਟਿੰਗਾਂ ਹੁੰਦੀਆਂ ਹਨ। ਇਨ੍ਹਾਂ ਮੀਟਿੰਗਾਂ ਵਿਚ ਉਹ ਆਪਣੇ ਤਜਰਬੇ ਸਾਂਝੇ ਕਰਦੇ ਹਨ। ਅਤੀਤ ਤੇ ਭਵਿੱਖ ਦੀ ਗੱਲ ਕਰਦੇ ਹਨ। ਨਵੇਂ ਮੈਂਬਰ ਨੂੰ ਸਭ ਤੋਂ ਵੱਧ ਸਤਿਕਾਰ ਮਿਲਦਾ ਹੈ। ਉਸ ਨਾਲ ਦਿਨ ਰਾਤ ਬਿਤਾਉਂਦੇ ਹਨ। ਮਾਪਿਆਂ ਦੇ ਸੰਪਰਕ ਵਿਚ ਰਹਿੰਦੇ ਹਨ। ਸਭ ਤੋਂ ਪਹਿਲਾਂ ‘ਇੱਛਾ ਸ਼ਕਤੀ’ ਮਜ਼ਬੂਤ ਕਰਦੇ ਹਨ। ‘ਸ਼ੇਅਰਿੰਗ ਤੇ ਕੇਅਰਿੰਗ’ ਦਾ ਫੰਡਾ ਮੁੱਖ ਹੁੰਦਾ ਹੈ। ਬਠਿੰਡਾ ਦੇ ਇੱਕ ਹੋਰ ਸ਼ਹਿਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਹ ਇੱਕ ਦੂਸਰੇ ਨੂੰ ਉਮੀਦ ਦਾ ਰਾਹ ਦਿਖਾਉਂਦੇ ਹਨ। ਜੱਫੀਆਂ ਪਾਉਂਦੇ ਹਨ। ਇਹ ਪੂਰੀ ਤਰ੍ਹਾਂ ਇਮਾਨਦਾਰੀ ਦਾ ਪ੍ਰੋਗਰਾਮ ਹੈ।  ਪ੍ਰੋਗਰਾਮ ਦਾ ਇਹ ਅਸੂਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਿਆਸਤ ਅਤੇ ਹੋਰਨਾਂ ਗਤੀਵਿਧੀਆਂ ਤੋਂ ਦੂਰ ਰਹਿਣਾ ਹੈ।
                ਬਠਿੰਡਾ ਸ਼ਹਿਰ ਵਿਚ ਹੁਣ ਤੱਕ 60 ਨਸ਼ੇੜੀ ਨਸ਼ਾ ਰਹਿਤ ਹੋ ਚੁੱਕੇ ਹਨ। ਹਰ ਮੈਂਬਰ ਨੂੰ ਪ੍ਰੋਗਰਾਮ ਦੀਆਂ ਬਾਰਾਂ ਪਰੰਪਰਾਵਾਂ ਨਿਭਾਉਣੀਆਂ ਪੈਂਦੀਆਂ ਹਨ ਜਿਨ੍ਹਾਂ ਦਾ ਚਾਰਟਰ ਦਿੱਤਾ ਜਾਂਦਾ ਹੈ। ਕੋਈ ਸਖ਼ਤੀ ਦਾ ਪ੍ਰੋਗਰਾਮ ਨਹੀਂ ਅਤੇ ਨਾ ਹੀ ਕਿਸੇ ਨੂੰ ਰੋਕ ਕੇ ਰੱਖਿਆ ਜਾਂਦਾ ਹੈ। ਇਹ ਮੁਨਾਫ਼ਾ ਰਹਿਤ ਭਾਈਚਾਰਾ ਹੈ। ਪੰਜਾਬ ਵਿਚ ਜਦੋਂ ਕਿ ਹੁਣ ‘ਚਿੱਟਾ’ ਲੈਣ ਵਾਲੇ ਖਲਨਾਇਕ ਬਣੇ ਹੋਏ ਹਨ ਤਾਂ ਠੀਕ ਉਸ ਵੇਲੇ ਇਸ ਪ੍ਰੋਗਰਾਮ ਦੇ ਗਰੁੱਪ ’ਚ ਆਉਣ ਵਾਲਾ ਹਰ ਨਸ਼ੇੜੀ ਸਭ ਤੋਂ ਵੱਡਾ ਨਾਇਕ ਬਣਦਾ ਹੈ।ਹਫਤੇ ਵਿਚ ਇਹ ਗਰੁੱਪ ਦੋ ਦਿਨ ਜੁੜਦੇ ਹਨ। ਬਿਨਾਂ ਕਿਸੇ ਸਰਕਾਰੀ ਤੇ ਗ਼ੈਰਸਰਕਾਰੀ ਮਦਦ ਤੋਂ,ਖੁਦ ਨਸ਼ੇੜੀਆਂ ਨੇ ਇਹ ਹੰਭਲਾ ਮਾਰਿਆ ਹੈ। ਗਰੁੱਪ ਮੈਂਬਰ ਦੱਸਦੇ ਹਨ ਕਿ ਸੈਂਕੜੇ ਘਰ ਅੱਜ ਘੁੱਗ ਵਸਦੇ ਹਨ ਜਿਨ੍ਹਾਂ ਨੇ ਇਨ੍ਹਾਂ ਗਰੁੱਪਾਂ ਨੂੰ ਜੁਆਇੰਨ ਕੀਤਾ। ਸੀਨੀਅਰ ਗਰੁੱਪ ਮੈਂਬਰ ਪਿੰਡਾਂ ਸ਼ਹਿਰਾਂ ਚੋਂ ਨਸ਼ੇੜੀਆਂ ਦੀ ਸ਼ਨਾਖ਼ਤ ਕਰਦੇ ਹਨ,ਉਨ੍ਹਾਂ ਨੂੰ ਪ੍ਰੇਰਦੇ ਹਨ। ਆਖਦੇ ਹਨ ਕਿ ਦੁਨੀਆਂ ਵਿਚ ਕਿਤੇ ਵੀ ਅਜਿਹੀ ਕੋਈ ਦਵਾ ਨਹੀਂ ਜੋ ਨਸ਼ਾ ਛੱਡਣ ਲਈ ਬਣੀ ਹੋਈ। ਇੱਕੋ ਦਵਾ ਹੈ ,ਉਹ ਹੈ ਮਜ਼ਬੂਤ ਇੱਛਾ ਸ਼ਕਤੀ।
                  ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸੰਚਾਲਕ ਮੇਜਰ ਸਿੰਘ ਕਮਾਲੂ ਦਾ ਕਹਿਣਾ ਹੈ ਕਿ ਅਸਲ ਵਿਚ ਸਮਾਜ ਜਦੋਂ ਨਸ਼ੇੜੀਆਂ ਨੂੰ ਦੁਰਕਾਰ ਦਿੰਦਾ ਹੈ ਤਾਂ ਉਨ੍ਹਾਂ ਨਸ਼ੇ ਤੋਂ ਬਿਨਾਂ ਕਿਧਰੋਂ ਕੋਈ ਢਾਰਸ ਨਹੀਂ ਮਿਲਦੀ। ਇਕੱਲੀ ਦਵਾਈ ਨਹੀਂ, ਨਸ਼ੇੜੀਆਂ ਨੂੰ ਮੋਹ ਤੇ ਪਿਆਰ ਨਾਲ ਮੋੜਾ ਦੇਣ ਦੀ ਲੋੜ ਹੈ। ਸੂਤਰ ਆਖਦੇ ਹਨ ਕਿ ਪੰਜਾਬ ਪੁਲੀਸ ਜਦੋਂ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਲੈ ਕੇ ਆਉਂਦੀ ਹੈ ਤਾਂ ਉਦੋਂ ਪਿਆਰ ਨਹੀਂ, ਡੰਡੇ ਦਾ ਡਰ ਹੁੰਦਾ ਹੈ ਜਿਸ ਦੇ ਨਤੀਜੇ ਸੁਖਾਵੇਂ ਨਹੀਂ ਨਿਕਲਦੇ।
                    ਜ਼ਿੰਦਗੀ ਨੂੰ ਮੋੜਾ ਦਿੰਦੇ ‘ਹਾਣੀ ਸਮੂਹ’
ਮੌੜ ਮੰਡੀ ’ਚ ਹੁਣ ਨਵਾਂ ਗਰੁੱਪ ਸ਼ੁਰੂ ਹੋਇਆ ਹੈ ਜਦੋਂ ਕਿ ਮਾਨਸਾ ’ਚ ‘ਹੋਪ ਐਂਡ ਸਟਰੈਂਥ’ ਗਰੁੱਪ ਚੱਲ ਰਿਹਾ ਹੈ। ਲੁਧਿਆਣਾ ਵਿਚ ਦੋ ਜਗ੍ਹਾ ’ਤੇ ‘ਓਪਨ ਹਰਟ ਗਰੁੱਪ’ ਚੱਲ ਰਹੇ ਹਨ ਅਤੇ ਮੁਕਤਸਰ ’ਚ ‘ਅਲਾਈਵ ਐਂਡ ਫਰੀ’ ਗਰੁੱਪ ਚੱਲ ਰਿਹਾ ਹੈ। ਅੰਮ੍ਰਿਤਸਰ ’ਚ ‘ਵਿਸ਼ਵਾਸ ਗਰੁੱਪ’ ਅਤੇ ਮਾਹਿਲਪੁਰ ’ਚ ‘ਗੁੱਡ ਕੰਪਨੀ ਗਰੁੱਪ’ ਚੱਲ ਰਿਹਾ ਹੈ। ਇਵੇਂ ਹੀ ਕੋਟਕਪੂਰਾ ’ਚ ‘ਫਰੀ ਟੂ ਫਲਾਈ’ ਗਰੁੱਪ ਚੱਲ ਰਿਹਾ ਹੈ। ਮਲੋਟ, ਮੋਗਾ, ਫਤਹਿਗੜ ਪੰਜਤੂਰ,ਬਟਾਲਾ ਤੇ ਸਰਹਿੰਦ ਵਿਚ ਵੀ ਇਹ ਗਰੁੱਪ ਚੱਲ ਰਹੇ ਹਨ।








Friday, September 13, 2019

                              ਨਸੀਬ ਹੋਏ ਕਾਲੇ
                    ਮੇਰਾ ਪੁੱਤ ਤਾਂ ਲੱਗ ਗਿਐ..
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੀ ਟੇਲ ’ਤੇ ਪੈਂਦੀ ਰਾਮਾਂ ਮੰਡੀ। ਮੰਡੀ ਦੀ ਕਮਾਲੂ ਰੋਡ ’ਤੇ ਛੋਟੀ ਜੇਹੀ ਦੁਕਾਨ। ਦੁਕਾਨ ਦੇ ਫੱਟੇ ’ਤੇ ਬੈਠੀ ਇੱਕ ਬਜ਼ੁਰਗ ਮਾਂ। ਜਦੋਂ ਮੇਜਰ ਸਿੰਘ ਕਮਾਲੂ ਨੇ ਇਸ ਮਾਂ ਨੂੰ ਇੱਕ ਪੈਂਫ਼ਲਿਟ ਫੜਾਇਆ। ਉਹ ਪੜ੍ਹ ਤਾਂ ਨਾ ਸਕੀ ਤੇ ਪੈਂਫ਼ਲਿਟ ਦੇ ਅੱਖਰਾਂ ਚੋ ਇੱਕ ਆਸ ਦਿੱਖੀ। ਨੌਜਵਾਨ ਕਮਾਲੂ ਨੇ ਹੱਥ ਜੋੜ ਅਰਜੋਈ ਕੀਤੀ, ‘ਸਾਥ ਦਿਓ ਬੇਬੇ, ਤਾਂ ਜੋ ਪੁੱਤ ਚਿੱਟੇ ’ਤੇ ਨਹੀਂ, ਰੁਜ਼ਗਾਰ ’ਤੇ ਲੱਗਣ’। ਬਜ਼ੁਰਗ ਮਾਂ ਨੇ ਹੌੌੌੌਂਕਾ ਭਰਿਆ, ‘ਮੇਰਾ ਪੁੱਤ ਤਾਂ ਲੱਗ ਗਿਐ’। ਕਮਾਲੂ ਨੂੰ ਥੋੜਾ ਧਰਵਾਸ ਬੱਝਾ, ‘ਕਿੰਨੀ ਕੁ ਤਨਖਾਹ ਐ, ਮੁੰਡੇ ਕਿਥੇ ਲੱਗਾ ਬੇਬੇ’। ਮਾਂ ਨੇ ਹੂੰਗਰ ਮਾਰੀ, ‘‘ਚਿੱਟੇ’ ਤੇ ਲੱਗਾ, ਨਾ ਛੇੜੇ ਛੇੜੋ’। ਇੱਕੋ ਪੁੱਤ ਹੈ, ਹੁਣ ਨਸ਼ਾ ਛੁਡਾਊ ਕੇਂਦਰ ’ਚ ਪਿਐ। ਇਕੱਲਾ ਕਮਾਲੂ ਨਹੀਂ, ਉਸ ਦੇ ਸਾਥੀ ਵੀ ਸੁਣ ਕੇ ਸੁੰਨ ਹੋ ਗਏ। ਚੇਤੰਨ ਮੁੰਡਿਆਂ ਦੀ ਟੋਲੀ ਨੇ ਅਗਲੇ ਘਰ ਦਾ ਬੂਹਾ ਖੜਕਾਇਆ। ਬੂਹਾ ਖੁੱਲ੍ਹਾ, ਅੰਦਰੋਂ ਅੌਰਤ ਆਈ। ਪੈਂਫ਼ਲਿਟ ਫੜਨ ਤੋਂ ਪਹਿਲਾਂ ਅੰਦਰਲਾ ਫਰੋਲ ਦਿੱਤਾ, ‘ ਦੋ ਪੁੱਤ ਨੇ ਮੇਰੇ, ਇੱਕ ਚਿੱਟੇ ਤੇ ਲੱਗ ਗਿਆ, ਕੇਂਦਰ ’ਚ ਇਲਾਜ ਕਰਾਉਣ ਚਲੀ ਗਈ, ਪਿਛੋਂ ਦੂਜਾ ਵੀ ਲੱਗ ਗਿਆ’। ਹੁਣ ਧੂਹ ਇਨ੍ਹਾਂ ਮੁੰਡਿਆਂ ਦੇ ਅੰਦਰ ਤੱਕ ਪਈ। ਦੂਸਰੀ ਗਲੀ ’ਚ ਦੋ ਅੌਰਤਾਂ ਨੇ ਇੱਕੋ ਸਾਹ ਇਸ ਟੋਲੀ ਨੂੰ ਦੱਸਿਆ, ਸ਼ਰੇਆਮ ਵਿਕਦੈ ਚਿੱਟਾ, ਗਲੀ ’ਚ ਪਈਆਂ ਸਰਿੰਜਾਂ ਵੀ ਦਿਖਾਈਆਂ। ਨੇੜਲੇ ਰਜਵਾਹੇ ’ਤੇ ਖੜ੍ਹੇ 8 ਨਸ਼ੇੜੀ ਮੁੰਡੇ ਇਸ ਟੋਲੀ ਨੂੰ ਦੇਖ ਕੇ ਪਹਿਲਾਂ ਖਿਸਕਣ ਲੱਗੇ, ਫਿਰ ਬਾਂਹਾਂ ’ਤੇ ਲੱਤਾਂ ਦਿਖਾਉਣ ਲੱਗੇ, ਸਰਿੰਜਾਂ ਨਾਲ ਵਿੰਨੇ ਹੋਏ ਸਨ।
        ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਕਾਰਕੁੰਨ ਇਸੇ ਹਫਤੇ ਰਾਮਾਂ ਮੰਡੀ ਦੇ ਘਰੋਂ ਘਰੀਂ ਗਏ। ਨਸ਼ਿਆਂ ਤੋਂ ਜਗਾਉਣ ’ਤੇ ਲਾਮਬੰਦ ਕਰਨ ਵਾਸਤੇ। ਕਾਰਕੁੰਨ ਪੁਨੀਤ ਬਾਂਸਲ ਤੇ ਲਾਭ ਰਾਮਾਂ ਦੱਸਦੇ ਹਨ ਕਿ ਜਦੋਂ ਉਹ ਨਵੀਂ ਬਸਤੀ ਪੁੱਜੇ। ਤਿੰੰਨ ਮੁੰਡੇ ਚਿੱਟੇ ਲੈ ਰਹੇ ਸਨ, ਦੋ ਦੇਖ ਕੇ ਭੱਜ ਗਏ, ਤੀਸਰੇ ਦੀ ਹਿੰਮਤ ਦਾ ਰਾਹ ਚਿੱਟੇ ਨੇ ਰੋਕ ਲਿਆ। ਦੂਸਰੀ ਗਲੀ ਵਿਚ ਗਏ ਜਿਥੇ ਦੋ ਅੌਰਤਾਂ ਬੈਠੀਆਂ ਸਨ। ਜਦੋਂ ਕਾਰਕੁੰਨਾਂ ਨੇ ਗੱਲ ਤੋਰੀ ਤਾਂ ਬਜ਼ੁਰਗ ਮਾਂ ਹੱਥ ਜੋੜ ਤਰਲੇ ਮਾਰਨ ਲੱਗੀ। ਨੇੜੇ ਹੀ ਮੰਜੇ ’ਤੇ ਇੱਕ ਲੜਕੀ ਨਸ਼ੇ ’ਚ ਟੁੰਨ ਮੇਲ ਰਹੀ ਸੀ। ਬਜ਼ੁਰਗ ਮਾਂ ਨੇ ਦੱਸਿਆ ‘ਕੁਝ ਨਹੀਂ ਛੱਡਦੀ, ਪੈਂਚਰ ਲਾਉਣ ਵਾਲੇ ਸਲੋਸ਼ਨ ਦੀਆਂ ਕਈ ਕਈ ਟਿਊਬਾਂ ਪੀ ਜਾਂਦੀ ਹੈ।’ ਮਾਂ ਨੇ ਧੀ ਦੇ ਇਲਾਜ ਦਾ ਵਾਸਤਾ ਪਾਇਆ। ਇੱਕ ਹੋਰ ਲੜਕੀ ਦੇ ਮਾਪਿਆਂ ਨੇ ਇਹੋ ਗੱਲ ਆਖੀ, ‘ਸਰੀਰ ਸਰਿੰਜਾਂ ਨਾਲ ਵਿੰਨ੍ਹਿਆ ਪਿੱਟ’। ਰਾਮਾਂ ਮੰਡੀ ਵਿਚ ਇੱਕ ਨਾਬਾਲਗ ਕੁੜੀ ਚਿੱਟਾ ਲੈਂਦੀ ਹੈ ਜੋ ਐਚ.ਆਈ.ਵੀ ਪੀੜਤ ਹੈ। ਕਰੀਬ ਸੱਤ ਅੱਠ ਕੁੜੀਆਂ ‘ਚਿੱਟੇ’ ਦੀ ਲਪੇਟ ’ਚ ਹਨ। ਨਸ਼ਾ ਵਿਰੋਧੀ ਮੰਚ ਦੇ ਜਸਵੀਰ ਚੱਠਾ ਤੇ ਸੁਖਮੰਦਰ ਗੁਰੂਸਰ ਦਾ ਤਰਕ ਠੀਕ ਜਾਪਿਆ, ਰਾਮਾਂ ਮੰਡੀ ’ਚ ਏਨਾ ਚਿੱਟਾ ਵਿਕਦੈ, ਫਿਰ ਵੀ ਥਾਣੇ ’ਚ ਚਿੱਟੇ ਦੇ ਪਰਚੇ ਦਰਜ ਕਿਉਂ ਨਹੀਂ ਹੁੰਦੇ।’
                   ਲੰਘੇ ਐਤਵਾਰ ਬਠਿੰਡਾ ਰੇਂਜ ਦੇ ਆਈ.ਜੀ ਸ੍ਰੀ ਐਮ.ਐਫ.ਫਾਰੂਕੀ ਨੇ ਰਾਮਾਂ ਮੰਡੀ ’ਚ ਨਸ਼ਾ ਵਿਰੋਧੀ ਦਰਬਾਰ ਲਾਇਆ। ਜਦੋਂ ਮੰਡੀ ਦੀ ਤਰਾਸ਼ਦੀ ਦਾ ਪਤਾ ਲੱਗਾ, ਫੌਰੀ ਐਸ.ਐਚ.ਓ ਮੁਅੱਤਲ ਕਰ ਦਿੱਤਾ। ਕੈਪਟਨ ਸਰਕਾਰ ਦੀ ਵੀ ਫੁਰਤੀ ਦੇਖੋ, ਉਦੋਂ ਹੀ ਆਈ.ਜੀ ਫਾਰੂਕੀ ਨੂੰ ਬਦਲ ਦਿੱਤਾ। ਨੌਜਵਾਨ ਕਾਰਕੁੰਨ ਵਿਨੋਦ ਜੈਨ ਦੱਸਦਾ ਹੈ ਕਿ ਰਿਫਾਈਨਰੀ ਕਰਕੇ ਬਾਹਰੋਂ ਬਹੁਤ ਲੇਬਰ ਆਈ ਹੈ, ਨਾਲ ਹੀ ਨਸ਼ਿਆਂ ਦੇ ਅੱਡੇ ਤੇ ਜੂਏ ਦੇ ਅੱਡੇ ਵੀ ਆ ਗਏ। ਪੂਰੀ ਮੰਡੀ ਚਿੱਟੇ ਦਾ ਦਰਦ ਹੰਢਾ ਰਹੀ ਹੈ। ਸ਼ਹਿਰ ’ਚ ਸੇਠਾਂ ਦੇ ਮੁੰਡੇ ਵੀ ਇਸ ਤੋਂ ਬਚ ਨਹੀਂ ਸਕੇ। ਕੁਝ ਸ਼ਹਿਰੀ ਲੋਕ ਦੱਸਦੇ ਹਨ ਕਿ ਰਾਮਾਂ ਮੰਡੀ ਚੋਂ ਕਰੀਬ ਪੰਜ ਛੇ ਫੀਸਦੀ ਪਰਿਵਾਰ ਆਪਣੇ ਬੱਚਿਆਂ ਨੂੰ ਚਿੱਟੇ ਤੋਂ ਬਚਾਉਣ ਤੇ ਪੜਾਉਣ ਲਈ ਬਠਿੰਡਾ ਸ਼ਿਫਟ ਕਰ ਗਏ ਹਨ। ਨਵੀਂਆਂ ਕੋਠੀਆਂ ਦੀ ਉਸਾਰੀ ਘੱਟ ਗਈ ਹੈ। ਦੋ ਹਫਤੇ ਪਹਿਲਾਂ ਸ਼ਹਿਰ ’ਚ ਸਭ ਨੇ ਅੱਖੀਂ ਦੇਖਿਆ। ਇੱਕ ਨਸ਼ੇੜੀ ਅੱਗੇ ਅੱਗੇ ਤੇ ਮਾਂ ਪਿਛੇ ਪਿਛੇ ਭੱਜੀ। ਪਤਾ ਲੱਗਾ ਕਿ ਨਸ਼ੇੜੀ ਪੁੱਤ ਘਰੋਂ ਮਾਂ ਦੇ ਸੂਟ ਲੈ ਕੇ ਭੱਜ ਆਇਆ। ਮਾਂ ਨੇ ਪਿਛੇ ਪੈ ਕੇ ਸੂਟ ਖੋਹੇ। ਰਾਮਾਂ ਮੰਡੀ ਦੇ ਸਾਬਕਾ ਐਮ.ਸੀ ਅਤੇ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਕ੍ਰਿਸ਼ਨ ਕਾਲਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਹੋਰ ਕੁਝ ਨਹੀਂ ਤਾਂ ਮੰਡੀ ਦੇ ਹਸਪਤਾਲ ’ਚ ਨਸ਼ਾ ਛੁਡਾਊ ਕੇਂਦਰ ਹੀ ਖੋਲ ਦਿਓ। ਨਸ਼ੇ ਨੇ ਮੰਡੀ ਖੋਖਲੀ ਕਰ ਦਿੱਤੀ ਤੇ ਉਪਰੋਂ ਚੋਰੀਆਂ ਸ਼ਰੇਆਮ ਵਧ ਗਈਆਂ ਹਨ। ਉਨ੍ਹਾਂ ਆਖਿਆ ਕਿ ਪੁਲੀਸ ਤਾਂ ਚਿੱਟਾ ਹਾਥੀ ਹੈ।
       ਦੱਸਦੇ ਹਨ ਕਿ ਰਾਮਾਂ ਮੰਡੀ ਤੋਂ ਸਿੱਧੀ ਲਿੰਕ ਸੜਕ ਦਾ ਰਾਹ ਹਰਿਆਣਾ ’ਚ ਖੁੱਲ੍ਹਦਾ ਹੈ। ਲਿੰਕ ਸੜਕ ’ਤੇ ਏਨੀ ਭੀੜ ਹੁੰਦੀ ਹੈ ਕਿ ਪੁਲੀਸ ਦੇ ਵੀ ਨਜ਼ਰ ਨਹੀਂ ਪੈਂਦੀ। ਲੋਕ ਚਰਚਾ ਕਰਦੇ ਹਨ ਕਿ ਹਾਕਮ ਧਿਰ ਦੇ ਲੀਡਰਾਂ ਦੀ ਨੀਅਤ ਵਿਚ ਖੋਟ ਹੈ ਅਤੇ ਪੁਲੀਸ ਅਫਸਰਾਂ ਦੇ ਦਿਲ ਵੀ ਕਾਲੇ ਹਨ। ਤਸਵੀਰ ਦਾ ਦੂਸਰਾ ਪਾਸਾ ਵੀ ਧੁੰਦਲਾ ਹੈ। ਰਾਮਾਂ ਮੰਡੀ ਵਿਚ ਮੁੰਡਿਆਂ ਦਾ ਕੋਈ ਸੀਨੀਅਰ ਸੈਕੰਡਰੀ ਸਕੂਲ ਨਹੀਂ। ਖੇਡਣ ਲਈ ਮੈਦਾਨ ਨਹੀਂ। ਸਟੇਡੀਅਮ ਕਈ ਵਰ੍ਹਿਆਂ ਤੋਂ ਅੱਧ ਵਿਚਾਲੇ ਪਿਆ ਹੈੈੈੈੈੈੈੈੈੈੈੈੈੈੈੈੈੈੈ। ਮੰਡੀ ’ਚ ਹਸਪਤਾਲ ਤਾਂ ਹੈ,ਜਿਥੇ ਵਰ੍ਹਿਆਂ ਮਗਰੋਂ ਹੁਣ ਡਾਕਟਰ ਪੁੱਜੇ ਹਨ। ਮੰਡੀ ਨਾ ਸਬ ਤਹਿਸੀਲ ਬਣ ਸਕੀ ਹੈ ਅਤੇ ਨਾ ਹੀ ਬਲਾਕ। ਬੱਸ ਅੱਡਾ ਤਾਂ ਹੈ ਪ੍ਰੰਤੂ ਹੁਣ ਬੱਸਾਂ ਦੀ ਗਿਣਤੀ ਘੱੱੱੱੱੱੱੱੱੱੱੱੱੱੱੱੱੱੱੱਟ ਰਹਿ ਗਈ ਹੈ।  ਰਾਮਾਂ ਮੰਡੀ ਦਾ ਪੁਰਾਣਾ ਨਕਸ਼ਾ ਦੇਖੀਏ ਤਾਂ ਸਾਲ 1986 ਤੋਂ ਪਹਿਲਾਂ ਅੰਗੂਰਾਂ ਦੀ ਮੰਡੀ ਵਜੋਂ ਮਸ਼ਹੂਰ ਸੀ। ਫਿਰ 1998 ਤੋਂ ਪਹਿਲਾਂ ‘ਚਿੱਟੇ ਸੋਨੇ’ ਦੀ ਮੰਡੀ ਵਜੋਂ ਉਭਰੀ। ਅੱਠ ਕਪਾਹ ਮਿੱਲਾਂ ਸਨ ਅਤੇ ਮਾਰਕਫੈਡ ਦੀ ਸਰਕਾਰੀ ਮਿੱਲ ਵੀ। ਹੁਣ ਇੱਕ ਕਪਾਹ ਮਿੱੱੱੱੱੱੱੱੱੱੱੱੱੱੱੱੱਲ ਬਚੀ ਹੈ। ਕੋਈ ਸਰਕਾਰੀ ਜਿੰਮ ਵੀ ਨਹੀਂ। ਲੀਡਰ ਸਿਰਫ਼ ਚੋਣਾਂ ਵੇਲੇ ਆਉਂਦੇ ਹਨ। ਸੀਵਰੇਜ ਦਾ ਪਾਣੀ ਮਿਕਸ ਹੋ ਕੇ ਟੂਟੀਆਂ ’ਚ ਪੁੱਜ ਰਿਹੈ। ਕਾਰੋਬਾਰੀ ਲੋਕ ਆਖਦੇ ਹਨ ਕਿ ਉਨ੍ਹਾਂ ਨੇ ਵਿਕਾਸ ਦੀ ਪੁੜੀ ਮੰਗੀ ਸੀ, ਵਿਕਣ ਚਿੱਟੇ ਦੀ ਪੁੜੀ ਲੱਗ ਗਈ। ਟੇਲ ਤੇ ਪੈਣ ਕਰਕੇ ਇਹ ਮੰਡੀ ਹੁਣ ਚੰਡੀਗੜੋਂ ਦਿਖਦੀ ਨਹੀਂ। ਲੋਕਾਂ ’ਚ ਸ਼ਹਿਮ ਹੈ ਅਤੇ ਪੀੜਤ ਮਾਪੇ ਬੇਵੱਸ ਹਨ। ਪੁਲੀਸ ਕਾਹਤੋਂ ਬੇਵੱਸ ਹੈ, ਲੋਕ ਜੁਆਬ ਤਲਾਸ਼ ਰਹੇ ਹਨ।
   


Sunday, August 18, 2019

                       ਵਿਚਲੀ ਗੱਲ
      ਕੀਹਦੀ ਮਾਂ ਨੂੰ ਮਾਸੀ ਕਹੀਏ..!
                      ਚਰਨਜੀਤ ਭੁੱਲਰ
ਬਠਿੰਡਾ : ਰਾਮੇ ਵਾਲੀ ਭੂਆ ਨੂੰ ਬੱਚਾ ਬੱਚਾ ਜਾਣਦੈ। ਬਠਿੰਡੇ ਵਾਲੀ ਮਾਮੀ ਨੂੰ ਕੌਣ ਭੁੱਲਿਐ। ਮਾਸੀ ਦਾ ਨਾਂ ਪਠਾਨਕੋਟ ’ਚ ਚੱਲਦੈ। ਮਾਨਸਾ ’ਚ ਦਰਾਣੀ-ਜੇਠਾਣੀ, ਕਿਸੇ ਨੂੰਹ-ਧੀ ਨਾਲੋਂ ਘੱਟ ਨਹੀਂ। ਰੂਹਾਂ ਵਾਲੇ ਏਹ ਰਿਸ਼ਤੇ ਖੜਸੁੱਕ ਹੋ ਗਏ। ਕਿੰਨਾ ਕੁ ਚਿਰ ਮੁੱਠੀ ਬੰਦ ਰੱਖੋਗੇ। ਸ਼ਹਿਰ ਭੰਬੋਰ ਤਾਂ ਲੁੱਟਿਆ ਗਿਆ। ਕਦੋਂ ਹੋਸ਼ ’ਚ ਆਓਗੇ। ਜ਼ਮੀਰ ਮਰ ਜਾਏ, ਇਖ਼ਲਾਕ ਠਰ ਜਾਏ, ਫਿਰ ਕਿਸੇ ਦੀ ਮਾਂ ਨੂੰ ਵੀ ਮਾਸੀ ਕਹਿ ਲੈਣਾ। ਕਿੰਨੇ ਘਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ। ਮਾਸੀ ਪਠਾਨਕੋਟ ਵਾਲੀ ਨੇ। ਚਰਸ ਲੈਣੀ ਹੋਵੇ ਤੇ ਚਾਹੇ ਚਿੱਟਾ। ਏਸ ਮਾਸੀ ਨੂੰ ਯਾਦ ਕਰੋ। ਵੇਲਾ ਉਹ ਵੀ ਯਾਦ ਕਰੋ, ਜਦੋਂ ਮਾਂ ਦਾ ਦੂਜਾ ਰੂਪ ਮਾਸੀ ਸੀ। ਹੁਣ ਰਿਸ਼ਤੇ ਨਾਤੇ ਅੌੜ ਝੱਲ ਰਹੇ ਨੇ। ਸਜੇ ਬਾਜ਼ਾਰ ’ਚ ਕੌਣ ਪਿੱਛੇ ਰਹਿੰਦੈ। ਪੰਜਾਬ ਦੀ ਟੇਲ ’ਤੇ ਰਾਮਾਂ ਮੰਡੀ। ਨੇੜੇ ਪੈਂਦਾ ਇੱਕ ਪਿੰਡ। ਜਿਥੋਂ ਦੀ ਭੂਆ ਦੇ ਕੋਹਾਂ ਤੱਕ ਚਰਚੇ ਨੇ। ਭੂਆ ਨੂੰ ਜੋ ਮੱਥਾ ਟੇਕਦੈ, ਫਿਰ ਝੂਮਦਾ ਹੀ ਜਾਂਦੈ। ਭੂਆ ਤੋਂ ਛੁੱਟ ਭਲਾਈ ਸਭ ਕੁਝ ਮਿਲਦੈ। ਸੈਂਕੜੇ ਭਤੀਜੇ ਗਾਲ ਦਿੱਤੇ ਨੇ। ਪਿੰਡ ਸ਼ਰਮ ‘ਚ ਤਾਂ ਡੁੱਬਿਐ। ਭੂਆ ਖ਼ਿਲਾਫ਼ ਕੌਣ ਬੋਲੂ, ਕਿਸੇ ਦਾ ਹੀਆ ਨਹੀਂ ਪੈਂਦਾ। ਬਠਿੰਡੇ ਵਾਲੀ ਮਾਮੀ ਦਾ ਵੀ ਸਿੱਕਾ ਚੱਲਦੈ। ਭਾਵੇਂ ਮਾਲ ਲਓ ਤੇ ਚਾਹੇ ਮਲਾਈ। ਫਿਰੋਜ਼ਪੁਰ ਵਾਲੀ ਭਾਬੀ ਦੀ ਧਮਕ ਜਲੰਧਰ ਤੱਕ ਪੈਂਦੀ ਸੀ। ਵੱਡੀ ਭਾਬੀ ਹੁਣ ਮਾਂ ਵਰਗੀ ਨਹੀਂ ਰਹੀ। ਭਲੇ ਵੇਲੇ ਤਾਂ ਡੁੱਬ ਗਏ ਨੇ। ਜਦੋਂ ਤੋਟ ਲੱਗਦੀ ਸੀ, ਮੁੰਡੇ ਭਾਬੀ ਨੂੰ ਯਾਦ ਕਰਦੇ ਸਨ। ਬਰਨਾਲਾ-ਮੋਗਾ ਸੜਕ ’ਤੇ ਪੈਂਦਾ ਇੱਕ ਪਿੰਡ, ‘ਸਕੂਟਰੀ ਵਾਲੀ ਆਂਟੀ’ ਨੇ ਮਸ਼ਹੂਰ ਕਰ ’ਤਾ। ਫੋਨ ਦੀ ਘੰਟੀ ਮਾਰੋ, ‘ਚਿੱਟੇ’ ਦੀ ਹੋਮ ਡਲਿਵਰੀ ਮਿਲਦੀ ਹੈ।
                  ਜਦੋਂ ਰਿਸ਼ਤੇ ਜੰਗਾਲੇ ਜਾਣ, ਖੂਨ ਦਾ ਰੰਗ ਸਫ਼ੈਦ ਹੋ ਜਾਂਦੈ। ਜ਼ਿੰਦਗੀ ‘ਚਿੱਟਾ’ ਹੋ ਜਾਂਦੀ ਹੈ। ਨਾਤੇ ਹੁਣ ਨਿੱਘ ਨਹੀਂ ਦਿੰਦੇ, ਬੱਸ ਸੇਕਦੇ ਹਨ, ਸਿਵਿਆਂ ਦੀ ਅੱਗ ’ਚ ਨਵਾਂ ਖੂਨ ਲਟ ਲਟ ਬਲਦੈ। ਬਲਦੀ ’ਤੇ ਤੇਲ ਬੇਗਾਨੇ ਨਹੀਂ, ਪੁਲੀਸ ਵਾਲੇ ‘ਮਾਮੇ’ ਪਾਉਂਦੇ ਨੇ। ਮਾਨਸਾ (ਸਦਰ) ਥਾਣੇ ਦੇ ਇੱਕ ਪਿੰਡ ’ਚ ਦਰਾਣੀ-ਜੇਠਾਣੀ ਕਿੱਕਲੀ ਪਾ ਰਹੀਆਂ ਹਨ। ਦਰਾਣੀ ਸ਼ਰਾਬ ਵੇਚਦੀ ਹੈ, ਜੇਠਾਣੀ ਭੁੱਕੀ ਤੇ ਚਿੱਟਾ। ਕੋਈ ਸਾਂਝ ਪਿੰਡ ਨਾਲ ਹੁੰਦੀ, ਦਰਾਣੀ-ਜੇਠਾਣੀ ਦਾ ਧੰਦਾ ਸਾਂਝਾ ਨਹੀਂ ਚੱਲਣਾ ਸੀ। ਜਵਾਨੀ ਸੁੰਗੜਨ ਤੋਂ ਕਿਵੇਂ ਰੁੱਕ ਸਕਦੀ ਹੈ। ਆਲਮ ਲੁਹਾਰ ਗਾਉਂਦਾ ਮਰ ਗਿਆ, ‘ਏਹ ਜਵਾਨੀ ਚਾਰ ਦਿਹਾੜੇ, ਖੁਸ਼ੀਆਂ ਨਾਲ ਹੰਢਾਈਏ’। ਜਿਥੇ ਰਾਜੇ ਲੰਮੀਆਂ ਤਾਣ ਕੇ ਸੌ ਜਾਣ, ਉਥੇ ਚੁੱਲ੍ਹੇ ਚੌਂਕੇ ਵੀ ਸੁੰਨੇ ਹੋ ਜਾਂਦੇ ਹਨ। ਧੀਆਂ ਪੁੱਤਾਂ ਨੂੰ ਕਦੇ ਇਨ੍ਹਾਂ ਚੁੱਲ੍ਹਿਆਂ ਤੋਂ ਨਿੱਘ ਮਿਲਦਾ ਸੀ। ਚੁੱਲ੍ਹਿਆਂ ਦੀ ਰਾਣੀ ਨੇ ਹੁਣ ਨਸ਼ੇ ਦੇ ਭੱਠ ਤਪਾ ਲਏ ਹਨ। ਪੰਜਾਬ ਦਾ ਭੱਠਾ ਐਵੇਂ ਤਾਂ ਨਹੀਂ ਬੈਠਿਆ। ਉਹ ਸਮਾਂ ਦੂਰ ਗਿਆ, ਜਦੋਂ ਕੁੜੀ ਪੂਰੇ ਪਿੰਡ ਦੀ ਧੀ ਹੁੰਦੀ ਸੀ। ਮੁਕਤਸਰ ਨੇੜਲਾ ਪਿੰਡ। ਪਿੰਡ ਦੇ ਨਾਮ ’ਚ ਤਾਂ ਭਲਾਈ ਛੁਪੀ ਹੈ। ਜ਼ਮਾਨਤ ’ਤੇ ਆਈ ਧੀ ’ਤੇ ਪਿੰਡ ਕਿਵੇਂ ਮਾਣ ਕਰੇ। ਨਸ਼ਾ ਵੇਚਦੀ ਹੁਣ ਫਿਰ ਫੜੀ ਗਈ, ਪਿੰਡ ਸ਼ਰਮ ’ਚ ਡੁੱਬਿਐ। ਗਿੱਦੜਬਾਹੇ ਕੋਲੋਂ ਇੱਕ ਮੇਮਣਾ ਚੋਰੀ ਹੋਇਆ। ਉਦੋਂ ਵੀ ਇਹੋ ਕੁੜੀ ਦਬੋਚੀ ਗਈ। ਮੁਕਤਸਰ ਦਾ ਪਿੰਡ ਝੋਰੜ ਕਦੇ ਮਸ਼ਹੂਰ ਸੀ ਨਰਮੇ ਦੀ ਝੋਰੜ ਕਿਸਮ ਕਰ ਕੇ। ਝੋਰੜ ਪਿੰਡ ਹੁਣ ਸ਼ਰਮਸਾਰ ਹੈ। ਦੋ ਦਰਜਨ ਅੌਰਤਾਂ ’ਤੇ ਨਸ਼ੇ ਦੇ ਪਰਚੇ ਹਨ। ਹੁਸ਼ਿਆਰਪੁਰ ਦਾ ਪਿੰਡ ਦੋਨਾ ਖੁਰਦ। ਝੰਡੀ ਲੈ ਗਿਐ ਪੰਜਾਬ ’ਚੋਂ। ਇੱਥੋਂ ਦੀਆਂ ਅੌਰਤਾਂ ’ਤੇ ਨਸ਼ਿਆਂ ਦੇ 70 ਕੇਸ ਦਰਜ ਹਨ।
                   ਪਿੰਡ ਦੌਲੇਵਾਲਾ (ਮੋਗਾ) ਕਿਸੇ ਨਾਲੋਂ ਘੱਟ ਐ। 70 ਅੌਰਤਾਂ ’ਤੇ ਭੁੱਕੀ ਤੇ ਚਿੱਟੇ ਦੇ ਪਰਚੇ ਦਰਜ ਨੇ। ਪੰਜਾਬ ’ਚ ਵੱਡੇ ਘਰ ਵੀ ਪਿੱਛੇ ਨਹੀਂ। ਵੱਡੇ ਘਰਾਂ ਦੀਆਂ ਨੂੰਹਾਂ ਤੇ ਧੀਆਂ ਦੇ ਨਾਮ ’ਤੇ ਸ਼ਰਾਬ ਦੇ ਠੇਕੇ ਹਨ। ਅਰਨੀਵਾਲਾ ਪੁਲੀਸ ਨੇ ਇੱਕ ਤਿੱਕੜੀ ਫੜੀ ਹੈ, ਨਾਲੇ ਗੋਲੀਆਂ। ਨਿੰਮੋ, ਨਸੀਬੋ ਤੇ ਚੰਨੋ। ਇੱਕ ਮੋਟਰਸਾਈਕਲ ਰੱਖਿਐ। ਘਰੋ ਘਰੀ ਮਾਲ ਦਿੰਦੀਆਂ ਨੇ। ਪੰਜ ਹਜ਼ਾਰ ਅੌਰਤਾਂ ਇਸ ਮੰਡੀ ’ਚ ਕੁੱਦੀਆਂ ਨੇ। ਪੰਜਾਬ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ। ਇਖ਼ਲਾਕ ਗੁਆਚਿਆ ਹੈ ਤੇ ਰਿਸ਼ਤੇ ਨਾਤੇ ਖੁਰੇ ਹਨ। ਰੂਹਾਂ ਦੇ ਰਿਸ਼ਤੇ, ਪੈਸੇ ਦੀ ਤੱਕੜੀ ’ਚ ਤੁਲੇ ਨੇ। ਅੱਜ ਦੀ ਇੱਛਰਾਂ ਧਾਹਾਂ ਮਾਰ ਰਹੀ ਹੈ। ਰੱਬਾ, ਕਿਵੇਂ ਬਚਾਈਏ ਏਹ ਰਿਸ਼ਤੇ। ਆਤਮਜੀਤ ਜੀ, ਤੁਸੀਂ ਹੀ ਦੱਸ ਦਿਓ ਕੋਈ ਗੁਰ। ਸਮਾਂ ਲੱਗੇ ਤਾਂ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂਅ’ ਨਾਟਕ ਦਾ ਦੂਜਾ ਭਾਗ ਵੀ ਲਿਖਿਓ। ਪੰਜਾਬ ਦੀ ਰਗ-ਰਗ ਤੋਂ ਜਾਣੂ ਹੋ। ਲੰਮਾ ਘੁੰਡ ਕਦੇ ਸ਼ਰਮ ਦਾ ਪ੍ਰਤੀਕ ਸੀ। ਪਤੀ ਦਾ ਨਾਮ ਲੈਣਾ ਉਦੋਂ ਤੌਹੀਨ ਸੀ। ਅੌਰਤਾਂ ਘਰ ਦੀ ਦੌਲਤ ਸਨ। ਜ਼ਮਾਨੇ ਬਦਲੋ, ਤਰੱਕੀਆਂ ਮਾਣੋ, ਰਿਸ਼ਤੇ ਤਾਂ ਪਾਕ ਰਹਿਣ ਦਿਓ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਜੋ ਪੁੱਠੇ ਰਾਹ ਪਈਆਂ ਹਨ, ਉਨ੍ਹਾਂ ਨੂੰ ਇਤਿਹਾਸ ਮੁਆਫ਼ ਨਹੀਂ ਕਰੇਗਾ। ਪੰਜਾਬ ਦੇ ਮੱਥੇ ਪਹਿਲਾਂ ਕੁੜੀਮਾਰ ਦਾ ਦਾਗ ਲੱਗਿਆ।
               ਅਣਖ ਲਈ ਗਾਟੇ ਵੀ ਲਾਹ ਰਹੇ ਨੇ। ਜਬਰ-ਜਨਾਹ ਵੇਲੇ ਸਭ ਕੁਝ ਭੁੱਲ ਜਾਂਦੇ ਨੇ। ਇਕੱਲੇ ਮਿੱਟੀ ਪਾਣੀ ਪਲੀਤ ਨਹੀਂ ਹੋਏ, ਰਿਸ਼ਤੇ ਵੀ ਜੈਵਿਕ ਨਹੀਂ ਰਹੇ। ਇਵੇਂ ਦੇ ਚੌਗਿਰਦੇ ’ਚ ਰਿਸ਼ਤੇ ਮੌਲਣ ਲਈ ਥਾਂ ਨਹੀਂ ਬਚਦੀ। ਬਟਾਲਾ ਕੋਲ ਇੱਕ ਪਿੰਡ ’ਚ ਹੁਣੇ ਘਟਨਾ ਵਾਪਰੀ ਹੈ। ਅੱਠਵੀਂ ’ਚ ਪੜ੍ਹਦੀ ਬੱਚੀ ਭੂਆ ਨੂੰ ਮਿਲਣ ਗਈ। ਫੁੱਫੜ ਨੇ ਹੀ ਰਿਸ਼ਤਾ ਦਾਗਦਾਰ ਕਰ ਦਿੱਤਾ । ਪੁੱਤਾਂ ਲਈ ਮਾਪੇ ਝਟਕਾਉਣੇ ਖੱਬੇ ਹੱਥ ਦਾ ਖੇਡ ਹੋ ਗਿਆ। ਮਾਵਾਂ ਹੁਣ ਪੁੱਤਾਂ ਨੂੰ ਨਹੀਂ ਸਿਆਣਦੀਆਂ। ਵਿਦੇਸ਼ਾਂ ’ਚ ਤਾਂ ਰਿਸ਼ਤੇ ਕਿੱਥੇ ਬਚਣੇ ਸਨ, ਸੂਲੀ ਚਾੜ੍ਹ ਦਿੱਤੇ ਨੇ। ਕੋਈ ਸ਼ੱਕ ਹੋਵੇ ਤਾਂ ਗੁਰਬਚਨ ਦੀ ‘ਮਹਾਂਯਾਤਰਾ’ ਪੜ੍ਹ ਲੈਣਾ। ‘ਬੈਂਡਾਂ ਦੀ ਮੰਡੀ’ ਵੀ ਰਿਸ਼ਤਿਆਂ ਦਾ ਬੈਂਡ ਵਜਾ ਰਹੀ ਹੈ। ਮਜਬੂਰੀ ਕਹੋ ਜਾਂ ਸਮੇਂ ਦਾ ਤਕਾਜ਼ਾ। ਸਭ ਨੇ ਅੱਖਾਂ ਮੀਚ ਲਈਆਂ ਹਨ। ‘ਚਿੱਟੇ’ ਤੋਂ ਵੱਡਾ ਕਾਰੋਬਾਰ ਹੈ। ਪਹਿਲਾਂ ਰਿਸ਼ਤੇ, ਟੱਬਰ ਤੇ ਖਾਨਦਾਨ ਦੇਖ ਕੇ ਹੁੰਦੇ ਸਨ। ਹੁਣ ਬੈਂਡ ਵੇਖੇ ਜਾਂਦੇ ਹਨ। ਪਹਿਲਾਂ, ਕੱਚੇ ਘਰਾਂ ’ਚ ਪੱਕੇ ਵਿਆਹ ਹੁੰਦੇ ਸਨ। ਹੁਣ ਘਰ ਪੱਕੇ ਨੇ ਤੇ ਵਿਆਹ ਕੱਚੇ। ਬਾਲਿਆਂ ਵਾਲੀ (ਬਠਿੰਡਾ) ਥਾਣੇ ਨੂੰ ਧਰਤੀ ਵਿਹਲ ਨਾ ਦੇਵੇ। ਜਦੋਂ ਪਤਾ ਲੱਗਾ ਕਿ ਭੈਣ ਨੇ ਸਕੇ ਭਰਾ ਨਾਲ ਵਿਆਹ ਕਰਾ ਲਿਆ। ਸਿਰਫ਼ ਵਲੈਤ ਜਾਣ ਲਈ। ਮਾਪੇ ਤਾਂ ਬੁੱਢੇ ਕੰਤ ਸਹੇੜ ਰਹੇ ਨੇ।
              ਕੁਝ ਵਰ੍ਹੇ ਪਹਿਲਾਂ ਦੀ ਗੱਲ ਸੁਣੋ। ਬਰਨਾਲੇ ਦੀ 20 ਸਾਲ ਦੀ ਕੁੜੀ ਦਾ 51 ਸਾਲ ਦੇ ਗੋਰੇ ਨਾਲ ਵਿਆਹ ਹੋਇਐ। ਮਕਸਦ ਜਰਮਨ ਜਾਣ ਦਾ ਸੀ। ਖਮਾਣੋਂ ਤਹਿਸੀਲ ’ਚ 29 ਸਾਲ ਦੇ ਮੁੰਡੇ ਨੇ 53 ਸਾਲ ਦੀ ਗੋਰੀ ਨਾਲ ਵਿਆਹ ਰਚਾਇਆ। ਸੰਗਰੂਰ ਜ਼ਿਲ੍ਹੇ ’ਚ 34 ਸਾਲ ਦੀ ਕੁੜੀ ਨੇ 62 ਸਾਲ ਦੇ ਵਿਅਕਤੀ ਨਾਲ ਲਾਵਾਂ ਲਈਆਂ। ਕੁੜੀਆਂ ਵਿਦੇਸ਼ ਉਡਾਰੀ ਮਾਰ ਰਹੀਆਂ ਨੇ। ਇੱਧਰ, ਮੁੰਡੇ ਓਵਰਏਜ ਹੋ ਰਹੇ ਨੇ। ਨਾ ਨੌਕਰੀ ਤੇ ਨਾ ਛੋਕਰੀ ਮਿਲ ਰਹੀ ਹੈ। ‘ਮਾਂ ਨੇ ਜੰਮੇ ਚੰਦਰ ਭਾਨ, ਚੁੱਲ੍ਹੇ ਅੱਗ ਨਾ ਮੰਜੇ ਵਾਣ’, ਕਿਸੇ ’ਤੇ ਕਾਹਦਾ ਗਿਲਾ। ਕੈਪਟਨ ਦਾ ਖੂੰਡਾ ਪਤਾ ਨਹੀਂ ਕਿਥੇ ਗੁਆਚਿਐ। ਹਰਿਆਣੇ ਦੇ ਮੁੱਖ ਮੰਤਰੀ ਨੇ ਜੀਂਦ ’ਚ ਅਮਿਤ ਸ਼ਾਹ ਨੂੰ ਲੱਠ ਦਿੱਤੀ ਐ। ਅਕਾਲੀ ਆਖ ਰਹੇ ਨੇ, ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤੈ। ਸ਼ਵੇਤ ਮਲਿਕ ਕਹਿੰਦਾ ਫਿਰਦੈ, 2022 ’ਚ ਦੱਸਾਂਗੇ। ਪੰਜਾਬੀਆਂ ਨੂੰ ਸੰਮਾਂ ਵਾਲੀ ਡਾਂਗ ਨਹੀਂ ਲੱਭ ਰਹੀ। ਛੱਜੂ ਰਾਮ ਦਾ ਖੂਨ ਖੌਲਿਐ, ‘ਸਾਧ ਦੇ ਬਚਨਾਂ ’ਤੇ ਨਾ ਰਹੋ, ਮੁੱਠੀ ਤਾਂ ਖੁੱਲ੍ਹ ਹੀ ਗਈ, ਫੜੋ ਡਾਂਗ ਤੇ ਭੰਨੋ ਮੌਰ, ਫਿਰ ਦੇਖਿਓ ਪਦੀੜ ਪੈਂਦੀ ‘ਮਾਸੀ’ ਤੇ ‘ਭੂਆ’ ਦੀ।’


Sunday, June 30, 2019

                            ਵਿਚਲੀ ਗੱਲ
        ਬੱਕਰੀ ਦਾ ਦੁੱਧ ਤੇ ਸੱਪ ਵਾਲਾ ਸੁਰਮਾ
                            ਚਰਨਜੀਤ ਭੁੱਲਰ
ਬਠਿੰਡਾ : ਨਾ ਆਜੜੀ ਦੀ ਬੱਕਰੀ, ਨਾ ਸੱਪਾਂ ਦੀ ਪਟਾਰੀ। ਨਾ ਭਿਖਾਰੀ ਦੀ ਪੋਟਲੀ, ਨਾ ਮਾਂ ਦੀ ਗੁੱਤ ਵਿਚਾਰੀ। ਇਹੋ ਹੈ ਪੰਜਾਬ ਦਾ ਸੱਚ। ਗੱਲ ਦੀ ਸ਼ੁਰੂਆਤ ਥਰੀਕੇ ਪਿੰਡ ਤੋਂ। ਨੇੜੇ ਕਿਤੇ ਜੋਗੀਆਂ ਦੀ ਢਾਣੀ ਸੀ। ਸੱਪਾਂ ਦੀ ਪਟਾਰੀ ਚੁੱਕ, ਦੋ ਜੋਗੀ ਮੰਗਣ ਨਿਕਲੇ। ਅੱਗਿਓਂ ਟੱਕਰੇ ਛੈਲ ਛਬੀਲੇ। ਪਟਾਰੀ ਖੋਹ ਕੇ ਪੱਤਰੇ ਵਾਚ ਗਏ। ਜੋਗੀ ਪ੍ਰੇਸ਼ਾਨ ਨਹੀਂ, ਹੈਰਾਨ ਵੀ ਹੋਏ। ਕੌਣ ਨੇ ਜਿਨ੍ਹਾਂ ਸੱਪਾਂ ਨੂੰ ਹੱਥ ਪਾਇਆ। ਉਧਰ, ਜੋਗੀਆਂ ਦੀ ਢਾਣੀ ਪੁੱਜੇ ਗੱਭਰੂ। ਕਿੰਨੇ ਪੈਸੇ ਦਿਓਗੇ, ਲੱਗੇ ਸੱਪਾਂ ਦਾ ਸੌਦਾ ਕਰਨ। ਜਦੋਂ ਚਿੱਟਾ ਭੰਨ ਦੇਵੇ, ਉਦੋਂ ਨਾਗਾਂ ਨੂੰ ਵੀ ਹੱਥ ਪੈਂਦੇ ਨੇ। ਹੁਣ ਤਾਂ ਇਹੋ ਹੈ, ਪੰਜਾਬ ਦਾ ਸੱਚ। ਅੱਗੇ ਘੱਟ ਨਹੀਂ ਗੁਜ਼ਰੀ। ਜੋਗੀਆਂ ਨੇ ਮੁੰਡੇ ਘੇਰ ਲਏ। ਮਾਪਿਆਂ ਨੇ ਫਿਰ ਤਰਲੇ ਪਾਏ ,ਹੱਥ ਜੋੜੇ ਤਾਂ ਮੁੰਡਿਆਂ ਦਾ ਖਹਿੜਾ ਛੁੱਟਿਆ। ਜਦੋਂ ਗੱਲ ਮੁੱਕੀ ਤਾਂ ਬਜ਼ੁਰਗ ਜੋਗੀ ਨੇ ਮੱਤ ਦਿੱਤੀ। ‘ਕੱਲਾ ਕਾਨੂੰਨ ਨਹੀਂ, ਸੱਪਾਂ ਨੂੰ ਵੀ ਹੱਥ ’ਚ ਲੈਂਦੇ ਨੇ, ਬਚ ਕੇ ਰਿਹਾ ਕਰੋ ਭਾਈ। ਹੁਣ ਚੱਲੋ 70ਵੇਂ ਦਹਾਕੇ ‘ਚ, ਜਿਨ੍ਹਾਂ ਸੱਪਾਂ ਦੀਆਂ ਸਿਰੀਆਂ ਮਿੱਧੀਆਂ, ਉਹ ਵੀ ਖੇਤਾਂ ਦੇ ਪੁੱਤ ਸਨ। ਹਰੀ ਕ੍ਰਾਂਤੀ ਤਾਹੀਓਂ ਆਈ, ਭੁੱਖੇ ਵੀ ਰਜਾ ਦਿੱਤੇ। ਸੱਪ ਦੀ ਸਿਰੀ ਤੋਂ ਨੋਟ ਚੁੱਕਣੇ ਸੌਖੇ ਨਹੀਂ। ਚੇਤਿਓਂ ਬਾਹਰ ਹੈ, ‘ਚਿੱਟੀ‘ ਕ੍ਰਾਂਤੀ ਵਾਲੇ ਸੱਪਾਂ ‘ਤੇ ਅੱਖ ਰੱਖਣਗੇ। ਅਮੀਰ ਵਿਰਾਸਤ, ਰੱਜੀ-ਪੁੱਜੀ ਨੀਤ, ਕਦੇ ਇਹ ਪਛਾਣ ਪੰਜਾਬ ਦੀ ਸੀ।
              ਕਿਸੇ ਘਰੋਂ ਕਦੇ ਕੋਈ ਮੰਗਤਾ ਖਾਲੀ ਨਹੀਂ ਮੁੜਦਾ ਸੀ। ਗੱਲ ਥੋੜ੍ਹੀ ਪੁਰਾਣੀ ਐ। ਸ਼ਹਿਣੇ ਨੇੜੇ ਗਰੀਬ ਮੰਗਤੇ ਨੇ ਦਿਨ ਭਰ ਮੰਗਿਆ। ਹੱਥ ’ਚ ਸੁੱਕੀ ਰੋਟੀ, ਪੋਟਲੀ ਵਿਚ ਆਟਾ, ਜਿਉਂ ਹੀ ਪਿੰਡੋਂ ਬਾਹਰ ਆਇਆ। ਦੋ ਮੁੰਡਿਆਂ ਨੇ ਮੋਟਰਸਾਈਕਲ ਪਿੱਛੇ ਲਾ ਲਿਆ। ਮੰਗਤੇ ਦੀ ਆਟੇ ਵਾਲੀ ਪੋਟਲੀ ਖੋਹੀ। ਪਤਾ ਹੀ ਨਹੀਂ ਲੱਗਾ, ਕਦੋਂ ਫਰਾਰ ਹੋ ਗਏ। ਖਾਲੀ ਹੱਥ ਤੇ ਭਰੇ ਮਨ ਨਾਲ ਭਿਖਾਰੀ ਪਰਤ ਗਿਆ । ਦੱਸੋ ਕਿਥੇ ਰਪਟ ਲਿਖਾਈਏ, ਇਹੋ ਹੈ ਪੰਜਾਬ ਦਾ ਸੱਚ। ਗੱਲ ਬਟਾਲੇ ਵਾਲੀ ਵੀ ਬਹੁਤੀ ਪੁਰਾਣੀ ਨਹੀਂ। ਸ਼ਾਮ ਨੂੰ ਝੁੱਗੀ ਵੱਲ ਮੁੜਦਾ ਅਪਾਹਜ ਮੰਗਤਾ ਜਵਾਨ ਮੁੰਡੇ ਦੇ ਅੜਿੱਕੇ ਚੜ੍ਹ ਗਿਆ। ਮੰਗਤੇ ਦੇ ਪੈਸੇ ਖੋਹ ਕੇ ਭੱਜਣ ਲੱਗਾ ਮੁੰਡਾ ਰੱਬ ਬਣ ਕੇ ਬਹੁੜੇ ਲੋਕਾਂ ਨੇ ਫੜ ਲਿਆ ਤੇ ਪੈਸੇ ਵਾਪਸ ਕਰਾਏ। ਨਸ਼ੇ ਦਾ ਭੰਨਿਆ ਮੁੰਡਾ ਫਿਰ ਤਰਲੇ ਪਾਉਣ ਲੱਗਾ। ਕੁੱਤੀ ਚੋਰਾਂ ਨਾਲ ਰਲ ਗਈ ਐ। ਤਾਹੀਂ ਇਹ ਦਿਨ ਆਏ ਨੇ। ਭਲਾ ਤੁਸੀਂ ਦੱਸੋ, ਪੰਜਾਬ ਨੂੰ ਕੌਣ ਸਮਝਾਏ।‘ਚਿੱਟੇ’ ਨੇ ਕਾਲੇ ਕੱਛਿਆਂ ਵਾਲੇ ਭੁਲਾ ਦਿੱਤੇ। ਸਿਰਫ਼ ਨੌਂ ਦਿਨ ਪੁਰਾਣਾ ਵਾਕਿਆ ਸੁਣੋ। ਆਜੜੀ ਗੁਲਾਬ ਰਾਮ ਨਾਲ ਜੋ ਹੋਈ। ਨਵੀਂ ਉਮਰ ਦੇ ਮੁੰਡੇ ਆਏ। ਘੇਰਿਆ ਇੱਜੜ, ਬੱਕਰੀ ਚੁੱਕ ਲਈ।
              ਆਜੜੀ ਦਰਸ਼ਨ ਨਾਲ ਵੀ ਇਉਂ ਹੀ ਹੋਇਆ। ਅੱਠ ਜੂਨ ਨੂੰ ਮੋਟਰਸਾਈਕਲ ਵਾਲੇ ਆਏ। ਇੱਜੜ ਰੋਕਿਆ, ਬੱਕਰੀ ਚੁੱਕ ਕੇ ਪੱਤਰੇ ਵਾਚ ਗਏ। ਹੁਣ ਦੋਵਾਂ ਨੇ ਥਾਣਾ ਮੌੜ ’ਚ ਅਰਜ਼ੀ ਲਾਈ ਹੈ। ਭਲਾ ਦਾਈ ਕੋਲੋਂ ਪੇਟ ਲੁਕੇ ਨੇ, ਫਿਰ ਵੀ ਜਨਾਬ ਆਖਣ ਲੱਗੇ। ਗੁਲਾਬ ਰਾਮਾ ਹੁਲੀਆ ਦੱਸ। ਕਿਸੇ ਦੇ ਪੁੱਤ ਰੁਲ ਗਏ, ਕਿਸੇ ਦੇ ਮੇਮਣੇ, ਇਹੋ ਹੈ ਪੰਜਾਬ ਦਾ ਸੱਚ। ਚੋਣ ਮੇਲੇ ’ਚ ਲੀਡਰ ਰੁਲਦੇ ਨੇ। ਦਿੱਲੀਓਂ ਕੇਜਰੀਵਾਲ ਆਇਆ ਮੋਗਾ ਦੇ ਪਿੰਡ। ਇੱਕ ਮਾਂ-ਭੈਣ ਦਾ ਤਰਲਾ ਦਿਲ ਹਿਲਾਊ ਸੀ, ਹਉਕੇ ਧੂਹ ਪਾਉਣ ਵਾਲੇ। ਚੁੰਨੀਆਂ ਨਾਲ ਸਿਰ ਬੰਨ੍ਹੇ ਹੋਏ ਸਨ। ਨਸ਼ੇੜੀ ਪੁੱਤ ਨੇ ਮਾਂ ਤੇ ਭੈਣ ਦੀ ਗੁੱਤ ਨੂੰ ਵੀ ਨਹੀਂ ਬਖ਼ਸ਼ਿਆ। ਵਾਲਾਂ ਦਾ ਭਾਅ ਹੁਣ ਦੋ ਹਜ਼ਾਰ ਰੁਪਏ ਹੈ। ਮਾਂ ਦੇ ਤੁੰਗਲ ਨੂੰ ਖਤਰਾ। ਭੈਣ ਦੀ ਗੁੱਤ ਨੂੰ ਖ਼ਤਰਾ। ਪਹਿਲਾਂ ਮੁਗਲਾਂ, ਫਿਰ ਫਿਰੰਗੀ ਤੇ ਹੁਣ ਚਿੱਟੇ ਦਾ ਖ਼ਤਰੈ। ਭਗਵੰਤ ਮਾਨ ਆਖਦੈ, ਪੰਜਾਬ ‘ਚ ਤਾਂ ਪਖਾਨਿਆਂ ਨੂੰ ਵੀ ਖਤਰੈ। ਤਾਹੀਓਂ ਤਾਲੇ ਲਟਕਦੇ ਨੇ। ਨਸ਼ੇ ਦੀ ਲਤ ਲਈ ਮਾਂ-ਭੈਣ ਨੂੰ ਕੁੱਟਣਾ ਹੁਣ ਆਮ ਹੈ। ਸ਼ਹਿਰਾਂ ’ਚ ਕੁੱਤੇ ਤੇ ਸੂਰ ਵੀ ਚੋਰੀ ਹੁੰਦੇ ਨੇ।
               ਨਸ਼ਾ ਵਿਰੋਧੀ ਕੌਮਾਂਤਰੀ ਦਿਵਸ ਹੁਣੇ ਲੰਘਿਆ। ਨਸ਼ਿਆਂ ਦਾ ਲੱਕ ਟੁੱਟਿਆ ਨਹੀਂ। ਤਸਕਰ ਪੱਕੇ ਪੈਰੀਂ ਖੜ੍ਹੇ ਨੇ। ਜਿਨ੍ਹਾਂ ਦੇ ਰਾਜ ’ਚ ਪੈਰ-ਪੈਰ ‘ਤੇ ‘ਚਿੱਟਾ’ ਵਿਕਿਆ। ਉਹ ਰਾਜੇ ਨੂੰ ਗੁਟਕਾ ਸਾਹਿਬ ਦੀ ਸਹੁੰ ਦਾ ਚੇਤਾ ਕਰਾਉਂਦੇ ਨੇ। ਪੇਸ਼ ਹੈ ਮੁੱਖ ਮੰਤਰੀ ਦਾ ਰਿਪੋਰਟ ਕਾਰਡ। ਢਾਈ ਵਰ੍ਹਿਆਂ ’ਚ 26,254 ਪੁਲੀਸ ਕੇਸ ਦਰਜ ਕੀਤੇ, 31642 ਨਸ਼ਾ ਤਸਕਰ ਫੜੇ, 388 ਭਗੌੜੇ ਤਸਕਰ ਫੜੇ। 4.70 ਲੱਖ ਨਸ਼ਾ ਪੀੜਤਾਂ ਦਾ ਇਲਾਜ ਕਰਾਇਆ। ਗੌਰ ਨਾਲ ਵੇਖੋ। ਇਹੋ ਰਿਪੋਰਟ ਕਾਰਡ ਗੱਠਜੋੜ ਦਾ ਸੀ। ਜਿਨ੍ਹਾਂ ਦੇ ਤਨ ’ਤੇ ਲੱਗੀ, ਉਨ੍ਹਾਂ ਲਈ ਚਿੱਟਾ-ਨੀਲਾ ਇੱਕ ਬਰਾਬਰ। ਰਾਜਾ ਕੀ ਜਾਣੇ, ਸਰਿੰਜਾਂ ਦੀ ਮਾਰ। ਪੰਜਾਬ ਉੱਡ ਰਿਹੈ, ਘਰ-ਘਰ ਸੱਥਰ ਵਿੱਛ ਗਏ। ਜਵਾਨੀ ਵਿੰਨ੍ਹੀ ਪਈ ਐ। ਸ਼੍ਰੋਮਣੀ ਕਮੇਟੀ ਦੇ ਕੰਨਾਂ ’ਚ ਰੂੰ ਹੈ। ਤਖ਼ਤਾਂ ਵਾਲੇ ਕਦੋਂ ਬਣਨਗੇ ਜ਼ਮੀਰ ਦੇ ਜਥੇਦਾਰ। ਦਮਦਮੇ ਦੀ ਧਰਤੀ ਉਦੋਂ ਰੋਈ ਜਦੋਂ 14 ਵਰ੍ਹਿਆਂ ਦੀ ਕੁੜੀ ਨਸ਼ੇੜੀ ਬਣੀ। ਪੰਜਾਬ ਦੀ ਟੇਲ ’ਤੇ ਪੈਂਦੀ ਮੰਡੀ ਰਾਮਾਂ। ਸੱਤ ਧੀਆਂ ਚਿੱਟਾ ਲੈਂਦੀਆਂ ਨੇ। ਕਦੇ ਸੋਚਿਆ ਸੀ, ਭੈਣ ਭਰਾ ਇੱਕੋ ਸਰਿੰਜ ਵਰਤਣਗੇ। ਬਠਿੰਡਾ ਜ਼ਿਲ੍ਹੇ ’ਚ ਇਵੇਂ ਹੋਇਐ।
               ਤਸਕਰ ਡੱਬਵਾਲੀ ਬੈਠੇ ਨੇ। ਸਪਲਾਈ ’ਚ ਕੋਈ ਵਲ ਫੇਰ ਨਹੀਂ। ਤਿੰਨ ਸਾਲ ਪੁਰਾਣੀ ਗੱਲ ਚੇਤੇ ਆਈ। ਜਦੋਂ ਸੁਖਬੀਰ ਦੀ ਜਲ ਬੱਸ ਚੱਲੀ। ਉਦੋਂ ਤਸਕਰਾਂ ਨੇ ਪਾਣੀ ’ਚ ਲਿਫਾਫੇ ਚਲਾਏ ਸਨ। ਤਸਕਰਾਂ ਦੇ ਫੋਨ ਨੂੰ ਨਸ਼ੇੜੀ ਰੀਚਾਰਜ ਕਰਾਉਂਦੇ। ਬਦਲੇ ‘ਚ ਰਜਵਾਹੇ ’ਚ ਤੈਰਦਾ ਲਿਫਾਫਾ ਮਿਲਦਾ। ਪੁਲੀਸ ਤੋਂ ਬਚਣ ਲਈ ਨਵਾਂ ਤਰੀਕਾ ਸੀ। ਪੁਲੀਸ ਵੀ ਚਿੱਚੜ ਮਾਰਦੀ ਐ, ਝੋਟਾ ਨਹੀਂ, ਜਿਨ੍ਹਾਂ ਦੇ ਚਿੱਟੇ ’ਚ ਰੁੜ੍ਹ ਗਏ, ਕਿਹੜੇ ਹੌਸਲੇ ਨਾਲ ਆਖਣ, ਇਹ ਪੰਜਾਬ ਵੀ ਮੇਰਾ ਏ..! ਤਸਕਰਾਂ ਨੇ ਘਰ ਭਰੇ ਨੇ, ਸਰਿੰਜਾਂ ਨਾਲ ਸਿਵੇ। ਤਸਕਰਾਂ ਦੇ ਮੋਢਿਆਂ ’ਤੇ ਰਾਖੇ ਚੜ੍ਹੇ ਨੇ। ਪੰਜਾਬ ਦੇ ਵਿਹੜੇ ਸੁੱਖ ਹੁੰਦੀ ਤਾਂ ਹਵਾਈ ਅੱਡਿਆਂ ’ਤੇ ਭੀੜ ਨੀ ਹੋਣੀ ਸੀ। ਅੱਕੇ ਹੋਏ ਪਿੰਡ ਹੁਣ ਖੁਦ ਉੱਠੇ ਨੇ। ਕੋਟਲੀ (ਮੁਕਤਸਰ) ਦੇ ਤੀਹ ਜਵਾਨਾਂ ਨੇ ਠੀਕਰੀ ਪਹਿਰਾ ਸ਼ੁਰੂ ਕੀਤੈ। ਦੋ ਨਸ਼ੇੜੀ ਰੱਸੇ ਨਾਲ ਵੀ ਨੂੜੇ। ਕਈ ਪੁਲੀਸ ਨੂੰ ਫੜਾਏ। ਹਵਾ ਰੁਮਕੀ ਹੈ। ਜੱਸੀ ਬਾਗ ਵਾਲੀ ਦੇ ਲੋਕ ਸੜਕਾਂ ’ਤੇ ਉੱਤਰੇ। ਗੁੜੇ (ਜਗਰਾਓਂ) ਵਾਲਿਆਂ ਨੇ ਪਿੰਡ ਨਸ਼ਾ ਮੁਕਤ ਬਣਾਇਐ। ਪਿੰਡ ਸੀਹਾਂ ਦੌਦ (ਪਾਇਲ) ਦਾ ਪੰਚ ਚਰਨਪ੍ਰੀਤ ਨਸ਼ੇੜੀਆਂ ਦਾ ਇਲਾਜ ਕਰਾਉਂਦਾ ਫਿਰਦੈ।
              ਕਮਾਲੂ (ਮੌੜ) ਦੇ ਮੇਜਰ ਸਿੰਘ ਨੇ ਨਸ਼ਾ ਵਿਰੋਧੀ ਮੰਚ ਬਣਾਇਆ। ਮੰਚ ਵਾਲੇ 25 ਪਿੰਡਾਂ ਦੇ ਮੁੰਡੇ ਨਸ਼ਿਆਂ ਖ਼ਿਲਾਫ਼ ਕੂਕਦੇ ਨੇ। ਮੰਚ ਆਖਦੈ, ਨਸ਼ਾ ਗੁੜ ਵਾਂਗੂ ਵਿਕਦੈ। ਪੰਜਾਬ ਦੀ ਕੁੰਦਨ ਦੇਹੀ ਕਿਧਰ ਗਈ। ਕਿਧਰ ਗਏ ਉਹ ਸੂਰਮੇ। ਅਬਦਾਲੀ ਹਰਾ ਦਿੱਤੇ ਸਨ। ਦਿੱਲੀ ਲਾਹੌਰ ਸੜਕ ’ਤੇ ਖੜ੍ਹੇ। ਬਾਬਾ ਬੋਤਾ ਸਿਓਂ ਤੇ ਬਾਬਾ ਗਰਜਾ ਸਿਓਂ। ‘ਮੈਂ ਹਾਂ ਬਾਬਾ ਬੋਤਾ, ਰਾਹ ’ਚ ਖਲੋਤਾ, ਹੱਥ ’ਚ ਸੋਟਾ’। ਬਾਬਿਓ ਤੁਸੀਂ ਹੀ ਸੋਟਾ ਲੈ ਕੇ ਗੇੜਾ ਮਾਰ ਜਾਓ। ਬਾਬਰ ਹੱਥੋਂ ਨਿਕਲੇ ਫਿਰਦੇ ਨੇ। ਨਲੂਏ ਦੇ ਵਾਰਸਾਂ ’ਚ ਤੰਤ ਨਹੀਂ। ਬਾਬੇ ਨਾਨਕ ਨੇ ਨਾਮ ਦੀ ਖੁਮਾਰੀ ਦੱਸੀ। ਪੰਜਾਬ ਕਿਸੇ ਹੋਰ ਖੁਆਰ ’ਚ ਐ। ਅਖੀਰ ’ਚ ਛੱਜੂ ਰਾਮ ਦੀ ਨੇਕ ਸਲਾਹ, ’ਦੰਦਾਂ ’ਚੋਂ ਜੀਭ ਕੱਢੋ, ਸਰਕਾਰ ਨੂੰ ਛੱਡੋ, ਖੁਦ ਹੀ ਡਟੋ, ਨਾਲੇ ਭੁੱਲਿਓ ਨਾ, ‘ਮੁੰਡਾ ਤੇ ਰੰਬਾ ਜਿੰਨਾ ਚੰਡੀਏ, ਓਨਾ ਚੰਗਾ।’

Tuesday, February 19, 2019

                            ‘ਉੱਡਤਾ ਪੰਜਾਬ’ 
      ਪੁਲੀਸ ਜਾਲ ਚੋਂ ਉੱਡੇ ਛੇ ਹਜ਼ਾਰ ਤਸਕਰ 
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੇ ‘ਨਸ਼ਾ ਮੁਕਤ ਪੰਜਾਬ’ ਦੇ ਜਾਲ ਚੋਂ ਕਰੀਬ ਛੇ ਹਜ਼ਾਰ ਨਸ਼ਾ ਤਸਕਰ ਬਚ ਨਿਕਲੇ ਹਨ ਜੋ ਲੰਘੇ ਪੰਜ ਵਰ੍ਹਿਆਂ ਦੌਰਾਨ ਅਦਾਲਤਾਂ ਚੋਂ ਸਾਫ ਬਰੀ ਹੋ ਗਏ ਹਨ। ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਕਾਮਯਾਬੀ ਦੇ ਖੰਭ ਲਾਉਣ ਲਈ ਪੁਲੀਸ ਨੇ ਧੜਾਧੜ ਨਸ਼ਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤੇ। ਮਗਰੋਂ ਪੁਲੀਸ ਨੇ ਲੰਮੇ ਹੱਥ ਢਿੱਲੇ ਕਰ ਦਿੱਤੇ। ਫਾਇਦਾ ਨਸ਼ਾ ਤਸਕਰਾਂ ਨੂੰ ਮਿਲਿਆ ਹੈ। ਉੱਡਤਾ ਪੰਜਾਬ ਦੇ ਨਾਇਕ ਤਸਕਰ ਢਿੱਲੀ ਪੁਲੀਸ ਨੂੰ ਝਕਾਨੀ ਦੇਣ ਵਿਚ ਸਫਲ ਰਹੇ ਹਨ। ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਇਸ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਵਿਚ ਘੇਰਿਆ ਹੈ। ਗ੍ਰਹਿ ਵਿਭਾਗ ਪੰਜਾਬ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਵਿਚ 1 ਜਨਵਰੀ 2014 ਤੋਂ 31 ਦਸੰਬਰ 2018 ਤੱਕ ਨਸ਼ਾ ਤਸਕਰੀ ਦੇ 52,742 ਪੁਲੀਸ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਚੋਂ 23,572 ਕੇਸਾਂ ਦਾ ਅਦਾਲਤਾਂ ਚੋਂ ਨਿਪਟਾਰਾ ਹੋ ਚੁੱਕਾ ਹੈ। ਇਨ੍ਹਾਂ ਕੇਸਾਂ ਚੋਂ 5858 ਕੇਸਾਂ (24.85 ਫੀਸਦੀ) ਵਿਚ ਨਸ਼ਾ ਤਸਕਰ ਅਦਾਲਤਾਂ ਚੋਂ ਬਰੀ ਹੋ ਗਏ ਹਨ ਜਦੋਂ ਕਿ 17,714 ਕੇਸਾਂ ਵਿਚ ਤਸਕਰਾਂ ਨੂੰ ਸਜ਼ਾ ਹੋਈ ਹੈ। ਕੈਪਟਨ ਸਰਕਾਰ ਦੌਰਾਨ ਨਸ਼ਾ ਤਸਕਰੀ ਦੇ 23,410 ਕੇਸ ਦਰਜ ਹੋਏ ਹਨ ਅਤੇ ਕਾਂਗਰਸ ਸਰਕਾਰ ਦੌਰਾਨ 7489 ਕੇਸਾਂ ਦਾ ਅਦਾਲਤਾਂ ਚੋਂ ਫੈਸਲਾ ਹੋਇਆ ਹੈ।
           ਕਾਂਗਰਸ ਸਰਕਾਰ ਦੇ ਦੋ ਵਰ੍ਹਿਆਂ ਦੌਰਾਨ 1941 ਕੇਸਾਂ (25.91 ਫੀਸਦੀ) ਵਿਚ ਤਸਕਰ ਬਰੀ ਹੋਏ ਹਨ ਜਦੋਂ ਕਿ 5548 ਕੇਸਾਂ ਵਿਚ ਸਜ਼ਾ ਹੋਈ ਹੈ। ਸੂਤਰ ਦੱਸਦੇ ਹਨ ਕਿ ਸਰਕਾਰਾਂ ਵੱਲੋਂ ਅੰਕੜਾ ਦਿਖਾਉਣ ਲਈ ਗੈਰ ਵਪਾਰਿਕ ਮਾਤਰਾ ਵਾਲੇ ਕੇਸ ਜਿਆਦਾ ਦਰਜ ਕੀਤੇ ਹਨ ਜੋ ਅਦਾਲਤਾਂ ਵਿਚ ਟਿਕਦੇ ਨਹੀਂ ਹਨ। ਪਹਿਲਾਂ ਗੱਠਜੋੜ ਸਰਕਾਰ ਸਮੇਂ ਬਿਨਾਂ ਨਸ਼ਾ ਬਰਾਮਦ ਕੀਤੇ ਹੀ ਕੇਸ ਦਰਜ ਕਰ ਦਿੱਤੇ ਗਏ ਸਨ। ਇਵੇਂ ਹੁਣ ਨਸ਼ਾ ਤਸਕਰਾਂ ਨੂੰ ਬਿਨਾਂ ਦੇਰੀ ਤੋਂ ਜ਼ਮਾਨਤਾਂ ਮਿਲ ਗਈਆਂ ਹਨ। ਬਹੁਤੇ ਕੇਸਾਂ ਵਿਚ ਪੁਲੀਸ ਨੇ ਵੇਲੇ ਸਿਰ ਚਲਾਨ ਹੀ ਪੇਸ਼ ਨਹੀਂ ਕੀਤਾ। ਵੇਰਵਿਆਂ ਅਨੁਸਾਰ ਪੰਜ ਵਰ੍ਹਿਆਂ ਦੌਰਾਨ ਪੁਲੀਸ ਨੇ ਨਸ਼ਾ ਤਸਕਰੀ ਦੇ 1268 ਕੇਸ ਕੈਂਸਲ ਕੀਤੇ ਹਨ ਜਦੋਂ ਕਿ ਕੈਪਟਨ ਸਰਕਾਰ ਦੋ ਵਰ੍ਹਿਆਂ ਦੌਰਾਨ 516 ਕੇਸ ਕੈਂਸਲ ਕੀਤੇ ਗਏ ਹਨ। ਕੈਂਸਲ ਦਾ ਸਿੱਧਾ ਮਤਲਬ ਇਹੋ ਨਿਕਲਦਾ ਹੈ ਕਿ ਪੁਲੀਸ ਨੇ ਗਲਤ ਕੇਸ ਦਰਜ ਕੀਤੇ ਸਨ।
                  ਦਿਲਚਸਪ ਤੱਥ ਹਨ ਕਿ ਵਰ੍ਹਾ 2018 ਦੌਰਾਨ ਪੁਲੀਸ ਨੇ ਨਸ਼ਾ ਤਸਕਰੀ ਦੇ ਜੋ 11352 ਨਵੇਂ ਕੇਸ ਦਰਜ ਕੀਤੇ ,ਉਨ੍ਹਾਂ ਚੋਂ 195 ਕੇਸ ਅਣਟਰੇਸ ਹਨ ਜਦੋਂ ਕਿ 110 ਕੇਸ ਕੈਂਸਲ ਕੀਤੇ ਗਏ ਹਨ। ਕਾਂਗਰਸ ਸਰਕਾਰ ਨੇ 2017 ਦੇ ਪੁਰਾਣੇ ਕੇਸਾਂ ਚੋਂ 222 ਨਸ਼ਾ ਤਸਕਰੀ ਦੇ ਕੇਸ ਕੈਂਸਲ ਕਰ ਦਿੱਤੇ ਹਨ ਜਦੋਂ ਕਿ 299 ਅਣਟਰੇਸ ਪਾਏ ਗਏ ਹਨ। ਸਾਲ 2018 ਦੇ ਨਵੇਂ ਕੇਸਾਂ ਚੋਂ 1822 ਕੇਸਾਂ ਦਾ ਅਦਾਲਤਾਂ ਚੋਂ ਨਿਪਟਾਰਾ ਹੋਇਆ ਜਿਨ੍ਹਾਂ ਚੋਂ 568 ਕੇਸਾਂ ਮਤਲਬ ਕਿ 31.27 ਫੀਸਦੀ ਕੇਸਾਂ ਵਿਚ ਨਸ਼ਾ ਤਸਕਰ ਅਦਾਲਤਾਂ ਚੋਂ ਬਰੀ ਹੋਣ ਵਿਚ ਕਾਮਯਾਬ ਹੋਏ ਹਨ। ‘ਆਪ’ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੀ ‘ਨਸ਼ਾ ਮੁਕਤ ਪੰਜਾਬ’ ਦੀ ਮੁਹਿੰਮ ਗੱਠਜੋੜ ਸਰਕਾਰ ਵਾਂਗ ਮਹਿਜ ਖਾਨਾਪੂਰਤੀ ਹੈ। ਸਿਰਫ਼ ਵਿਖਾਵੇ ਲਈ ਕੇਸ ਦਰਜ ਹੁੰਦੇ ਹਨ ਅਤੇ ਉਸ ਮਗਰੋਂ ਪੁਲੀਸ ਦਾ ਹੱਥ ਤਸਕਰਾਂ ’ਤੇ ਢਿੱਲਾ ਹੋ ਜਾਂਦਾ ਹੈ। ਜੋ ਸਰਕਾਰ ਨੇ ਖੁਦ ਅੰਕੜੇ ਦਿੱਤੇ ਹਨ, ਉਹ ਇਸ ਦਾ ਪ੍ਰਤੱਖ ਗਵਾਹ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਅੰਕੜਾ ਨਹੀਂ ਚਾਹੁੰਦੇ, ਹਕੀਕਤ ਵਿਚ ਨਸ਼ੇ ਦਾ ਖਾਤਮਾ ਚਾਹੁੰਦੇ ਹਨ।


Friday, August 5, 2016

                            ਪੰਜਾਬ ਦੀ ਝੰਡੀ
            ਤਸਕਰਾਂ ਨੇ ਕਰਾਈ 'ਬੱਲੇ ਬੱਲੇ' !
                              ਚਰਨਜੀਤ ਭੁੱਲਰ
ਬਠਿੰਡਾ  : ਨਸ਼ਿਆਂ ਤੇ ਹਥਿਆਰਾਂ ਦੇ ਤਸਕਰਾਂ ਨੇ ਪੰਜਾਬ ਦੀ ਝੰਡੀ ਕਰ ਦਿੱਤੀ ਹੈ। ਦੇਸ਼ ਚੋਂ ਪੰਜਾਬ ਹੁਣ ਹੈਰੋਇਨ ਤੇ ਅਫ਼ੀਮ ਦੀ ਤਸਕਰੀ ਵਿਚ ਪਹਿਲੇ ਨੰਬਰ ਤੇ ਹੈ। ਸਾਢੇ ਤਿੰਨ ਵਰਿ•ਆਂ ਦਾ ਰੁਝਾਨ ਦੇਖੀਏ ਤਾਂ ਪੰਜਾਬ ਵਿਚ ਨਸ਼ਿਆਂ ਤੇ ਹਥਿਆਰਾਂ ਦੇ ਰੋਜ਼ਾਨਾ ਔਸਤਨ 28 ਤਸਕਰ ਫੜੇ ਜਾਂਦੇ ਹਨ। ਜੋ ਪੁਲੀਸ ਦੇ ਹੱਥ ਨਹੀਂ ਲੱਗਦੇ, ਉਨ•ਾਂ ਦੀ ਗਿਣਤੀ ਵੱਖਰੀ ਹੈ। ਇਨ•ਾਂ ਵਰਿ•ਆਂ ਵਿਚ ਦੇਸ਼ ਭਰ ਵਿਚ ਨਸ਼ਿਆਂ ਤੇ ਹਥਿਆਰਾਂ ਦੇ ਫੜੇ ਤਸਕਰਾਂ ਦੀ ਗਿਣਤੀ 96,771 ਹੈ ਜਿਨ•ਾਂ ਚੋਂ 36318 ਤਸਕਰ ਇਕੱਲੇ ਪੰਜਾਬ ਚੋਂ ਫੜੇ ਗਏ ਹਨ। ਹਾਕਮ ਧਿਰ ਨਸ਼ਿਆਂ ਦੇ ਮਾਮਲੇ ਤੇ ਮੁਨਕਰ ਹੋ ਰਹੀ ਹੈ ਜਦੋਂ ਕਿ ਵਿਰੋਧੀ ਧਿਰ ਰਗੜੇ ਲਾਉਣ ਤੋਂ ਨਹੀਂ ਖੁੰਝ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਤਾਜ਼ਾ ਤੱਥ ਹਨ ਕਿ ਪੰਜਾਬ ਵਿਚ 1 ਜਨਵਰੀ 2013 ਤੋਂ 30 ਜੂਨ 2016 ਤੱਕ ਨਸ਼ਿਆਂ ਅਤੇ ਹਥਿਆਰਾਂ ਦੇ 36318 ਤਸਕਰ ਫੜੇ ਗਏ ਹਨ ਜੋ ਕਿ ਦੇਸ਼ ਵਿਚ ਫੜੇ ਤਸਕਰਾਂ ਦਾ 37 ਫੀਸਦੀ ਬਣਦੇ ਹਨ। ਚਾਲੂ ਵਰੇ• ਦੌਰਾਨ 2723 ਤਸਕਰ ਫੜੇ ਗਏ ਹਨ। ਵਰ•ਾ 2015 ਵਿਚ ਪੰਜਾਬ ਵਿਚ 12,189 ਤਸਕਰ ਫੜੇ ਗਏ ਸਨ ਅਤੇ ਇਸੇ ਵਰੇ• ਦੌਰਾਨ ਨਸ਼ਿਆਂ ਦੀ ਤਸਕਰੀ ਦੇ 10233 ਪੁਲੀਸ ਕੇਸ ਦਰਜ ਹੋਏ ਸਨ। ਵਰ•ਾ 2014 ਵਿਚ 10141 ਅਤੇ ਸਾਲ 2013 ਵਿਚ ਪੰਜਾਬ ਵਿਚ 11265 ਨਸ਼ਿਆਂ ਤੇ ਹਥਿਆਰਾਂ ਦੇ ਤਸਕਰ ਫੜੇ ਗਏ ਸਨ।
                    ਦੱਸਣਯੋਗ ਹੈ ਕਿ ਪੰਜਾਬ ਨੇ ਨਸ਼ਿਆਂ ਦੇ ਮਾਮਲੇ ਵਿਚ ਯੂ.ਪੀ ਅਤੇ ਮੱਧ ਪ੍ਰਦੇਸ਼ ਵਰਗੇ ਵੱਡੇ ਸੂਬਿਆਂ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਕਹਿਣਾ ਸੀ ਕਿ ਪੁਲੀਸ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਕੇਵਲ ਨਸ਼ੇੜੀ ਹੀ ਫੜੇ ਹਨ ਜਦੋਂ ਕਿ ਵੱਡੇ ਤਸਕਰ ਤਾਂ ਹਾਲੇ ਵੀ ਆਪਣਾ ਧੰਦਾ ਚਲਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਬਲਕਾਰ ਸਿੰਘ ਗੋਨਿਆਣਾ ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਨੇ ਇਨ•ਾਂ ਵਰਿ•ਆਂ ਵਿਚ ਕੋਈ ਨਸ਼ਾ ਵਿਕਣ ਨਹੀਂ ਦਿੱਤਾ ਹੈ ਜਿਸ ਦੇ ਵਜੋਂ ਦੂਸਰੇ ਸੂਬਿਆਂ ਤੋਂ ਜਿਆਦਾ ਤਸਕਰ ਪੰਜਾਬ ਪੁਲੀਸ ਨੇ ਫੜੇ ਹਨ ਜਿਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਵਿਚ ਤਸਕਰੀ ਜਿਆਦਾ ਹੋਈ ਹੈ। ਸਰਕਾਰ ਨੇ ਨਸ਼ੇ ਰੋਕਣ ਵਾਸਤੇ ਵਿਸ਼ੇਸ਼ ਮੁਹਿੰਮ ਵੀ ਵਿੱਢੀ ਹੋਈ ਹੈ। ਉਨ•ਾਂ ਆਖਿਆ ਕਿ ਚੋਣਾਂ ਨੇੜੇ ਹੋਣ ਕਰਕੇ ਵਿਰੋਧੀ ਧਿਰਾਂ ਵਲੋਂ ਆਪਣੇ ਸਿਆਸੀ ਲਾਹੇ ਲਈ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਦੇਸ਼ ਭਰ ਵਿਚ ਐਨ.ਡੀ.ਪੀ. ਐਸ ਐਕਟ ਤਹਿਤ ਸਾਲ 2015 ਵਿਚ ਦਰਜ ਹੋਏ ਕੁੱਲ ਕੇਸਾਂ ਚੋਂ 37.57 ਫੀਸਦੀ ਪੁਲੀਸ ਕੇਸ ਇਕੱਲੇ ਪੰਜਾਬ ਵਿਚ ਦਰਜ ਹੋਏ ਹਨ ਜਦੋਂ ਕਿ ਸਾਲ 2014 ਵਿਚ ਇਹ ਦਰ 38 ਫੀਸਦੀ ਸੀ।
                   ਦੱਸਣਯੋਗ ਹੈ ਕਿ ਸਰਕਾਰ ਨੇ ਨਸ਼ਿਆਂ ਦਾ ਰੌਲਾ ਪੈਣ ਮਗਰੋਂ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦੇ ਤਹਿਤ ਰਾਜ ਦੀਆਂ ਜੇਲ•ਾਂ ਨੂੰ ਛੋਟੇ ਮੋਟੇ ਤਸਕਰਾਂ ਨਾਲ ਭਰ ਦਿੱਤਾ ਸੀ। ਉਸ ਮਗਰੋਂ ਜੇਲ•ਾਂ ਚੋਂ ਇਹ ਤਸਕਰ ਜ਼ਮਾਨਤਾਂ ਤੇ ਆ ਗਏ ਸਨ। ਭਾਵੇਂ ਗੁਆਂਢੀ ਸੂਬੇ ਰਾਜਸਥਾਨ ਵਿਚ ਪੋਸਤ ਦੀ ਵਿਕਰੀ ਤੇ ਰੋਕ ਲੱਗ ਗਈ ਹੈ ਪ੍ਰੰਤੂ ਇਸ ਦੀ ਸਪਲਾਈ ਲਾਈਨ ਟੁੱਟੀ ਨਹੀਂ ਹੈ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਲੰਘੇ ਸਾਢੇ ਤਿੰਨ ਵਰਿ•ਆਂ ਵਿਚ 16.04 ਕੁਇੰਟਲ ਹੈਰੋਇਨ ਅਤੇ 19.80 ਕੁਇੰਟਲ ਅਫ਼ੀਮ ਪੁਲੀਸ ਨੇ ਤਸਕਰਾਂ ਤੋਂ ਫੜੀ ਹੈ। ਚਾਲੂ ਵਰ•ੇ ਦੌਰਾਨ 30 ਜੂਨ ਤੱਕ 1.04 ਕੁਇੰਟਲ ਅਫ਼ੀਮ ਅਤੇ 97.78 ਕਿਲੋ ਹੈਰੋਇਨ ਫੜੀ ਜਾ ਚੁੱਕੀ ਹੈ। ਸਾਲ 2015 ਵਿਚ ਦੇਸ਼ ਭਰ ਚੋਂ ਸਭ ਤੋਂ ਜਿਆਦਾ 6.01 ਕੁਇੰਟਲ ਹੈਰੋਇਨ ਅਤੇ 4.20 ਕੁਇੰਟਲ ਅਫ਼ੀਮ ਪੰਜਾਬ ਚੋਂ ਹੀ ਫੜੀ ਗਈ ਸੀ। ਇਸੇ ਤਰ•ਾਂ ਸਾਲ 2014 ਵਿਚ 7.29 ਕੁਇੰਟਲ ਹੈਰੋਇਨ ਅਤੇ 3.92 ਕੁਇੰਟਲ ਅਫ਼ੀਮ ਪੰਜਾਬ ਵਿਚ ਤਸਕਰਾਂ ਤੋਂ ਪੁਲੀਸ ਨੇ ਫੜੀ ਸੀ। ਪੁਲੀਸ ਅਧਿਕਾਰੀ ਆਖਦੇ ਹਨ ਕਿ ਕੌਮਾਂਤਰੀ ਸੀਮਾ ਕਰਕੇ ਪੰਜਾਬ ਨਸ਼ਿਆਂ ਦਾ ਲਾਂਘਾ ਬਣ ਗਿਆ ਹੈ ਜਿਸ ਕਰਕੇ ਪੰਜਾਬ ਵਿਚ ਨਸ਼ਿਆਂ ਦੀ ਰਿਕਵਰੀ ਜਿਆਦਾ ਹੋਈ ਹੈ।
                    ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਆਈ. ਆਰ. ਬੀ ਦੀਆਂ ਪੰਜ ਵਾਧੂ ਬਟਾਲੀਅਨਾਂ ਦੀ ਮੰਗ ਕੀਤੀ ਹੈ। ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ੍ਰੀ ਛਿੰਦਰਪਾਲ ਸਿੰਘ ਬਰਾੜ ਦਾ ਪ੍ਰਤੀਕਰਮ ਸੀ ਕਿ ਜਿਥੇ ਨਸ਼ਾ ਜਿਆਦਾ ਵਿਕੇਗਾ ਉਥੇ ਪੁਲੀਸ ਦੀ ਰਿਕਵਰੀ ਵੀ ਜਿਆਦਾ ਹੋਵੇਗੀ। ਸਪੱਸ਼ਟ ਹੈ ਕਿ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਧਸ ਚੁੱਕਾ ਹੈ ਅਤੇ ਨਸ਼ਾ ਪੰਜਾਬ ਦੇ ਹਰ ਕੋਨੇ ਤੇ ਘੁੰਮ ਰਿਹਾ ਹੈ। ਕੇਂਦਰ ਸਰਕਾਰ ਦਾ ਤਰਕ ਹੈ ਕਿ ਦੱਖਣੀ ਪੱਛਮੀ ਏਸ਼ੀਆ ਅਫ਼ੀਮ ਦੀ ਪੈਦਾਵਾਰ ਕਰਦਾ ਹੈ ਜਿਸ ਕਰਕੇ ਭਾਰਤ ਪਾਕਿ ਕੌਮਾਂਤਰੀ ਸੀਮਾ ਪਾਰ ਤੋਂ ਆਏ ਨਸ਼ੇ ਪੰਜਾਬ ਅਤੇ ਰਾਜਸਥਾਨ ਵਿਚੋਂ ਦੀ ਜਾਂਦੇ ਹਨ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਮਿਲ ਕੇ ਇਸ ਨੂੰ ਠੱਲ•ਣ ਲਈ ਕੰਮ ਕਰਦੇ ਹਨ।
        

Sunday, January 10, 2016

                             ਤੀਰਥ ਯਾਤਰਾ 
             ਨਸ਼ੇੜੀਆਂ ਨੂੰ ਲੱਗੀ ਰਹੀ ਤੋੜ
                             ਚਰਨਜੀਤ ਭੁੱਲਰ
ਬਠਿੰਡਾ : ਤਖਤ ਸ੍ਰੀ ਹਜ਼ੂਰ ਸਾਹਿਬ ਦੀ ਤੀਰਥ ਯਾਤਰਾ ਦੌਰਾਨ ਪ੍ਰਾਹੁਣਿਆਂ ਵਾਂਗ ਹੋਈ ਸੇਵਾ ਤੋਂ ਹਲਕਾ ਤਲਵੰਡੀ ਸਾਬੋ ਦੇ ਪੇਂਡੂ ਲੋਕ ਬਾਗੋ ਬਾਗ ਹੋ ਗਏ ਹਨ। ਅੱਜ ਦੁਪਹਿਰ ਮਗਰੋਂ ਸ੍ਰੀ ਨਾਂਦੇੜ ਸਾਹਿਬ ਤੋਂ ਟਰੇਨ ਵਾਪਸ ਰਾਮਾਂ ਮੰਡੀ ਪੁੱਜ ਗਈ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 4 ਜਨਵਰੀ ਨੂੰ ਇਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ ਜਿਸ ਵਿਚ ਕਰੀਬ ਇੱਕ ਹਜ਼ਾਰ ਯਾਤਰੀ ਗਏ ਸਨ। ਜਿਥੇ ਪੇਂਡੂ ਲੋਕ ਰੇਲਵੇ ਦੀ ਖ਼ਾਤਰਦਾਰੀ ਦੇ ਕੀਲੇ ਹੋਏ ਸਨ, ਉਥੇ ਕੁਝ ਯਾਤਰੀ ਨਸ਼ੇ ਦੀ ਤੋੜ ਦੇ ਭੰਨੇ ਵਾਰ ਵਾਰ ਟਰੇਨ ਵਿਚ ਡਾਕਟਰਾਂ ਤੋਂ ਬਦਲ ਵਜੋਂ ਗੋਲੀਆਂ ਲੈਂਦੇ ਰਹੇ। ਡੱਬਾ ਨੰਬਰ ਪੰਜ ਵਿਚ ਤਿੰਨ ਡਾਕਟਰ ਅਤੇ ਦੋ ਪੈਰਾ ਮੈਡੀਕਲ ਸਟਾਫ ਦੇ ਮੈਂਬਰ ਸਨ ਜਿਨ•ਾਂ ਕੋਲ ਯਾਤਰੀਆਂ ਦੀ ਕਤਾਰ ਲੱਗੀ ਰਹੀ। ਵੱਡੀ ਮੁਸ਼ਕਲ ਇਹੋ ਰਹੀ ਕਿ ਨਸ਼ਿਆਂ ਦੇ ਆਦੀ ਯਾਤਰੀਆਂ ਨੂੰ ਅਨੁਸ਼ਾਸਨ ਵਿਚ ਬੰਨ•ਣ ਲਈ ਪ੍ਰਬੰਧਕਾਂ ਨੂੰ ਕਾਫ਼ੀ ਤਰੱਦਦ ਕਰਨਾ ਪਿਆ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਭੁੱਕੀ ਦੇ ਠੇਕੇ ਹਨ। ਵੱਡਾ ਡਰ ਸੀ ਕਿ ਕਿਤੇ ਨਸ਼ਿਆਂ ਦੇ ਕੁਝ ਆਦੀ ਯਾਤਰੀ ਰੰਗ ਵਿਚ ਭੰਗ ਨਾ ਪਾ ਦੇਣ। ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਬਾਬਾ ਕਾਕਾ ਸਿੰਘ ਨੇ ਹਰ ਡੱਬੇ ਵਿਚ ਜਾ ਕੇ ਯਾਤਰੀਆਂ ਨੂੰ ਵਾਰ ਵਾਰ ਅਪੀਲ ਕੀਤੀ ਕਿ ਉਹ ਯਾਤਰਾ ਦੌਰਾਨ ਅਨੁਸ਼ਾਸਨ ਵਿਚ ਰਹਿਣ ਅਤੇ ਕਿਸੇ ਤਰ•ਾਂ ਦੇ ਨਸ਼ੇ ਦਾ ਸੇਵਨ ਨਾ ਕਰਨ ਅਤੇ ਨਾ ਹੀ ਖਰੀਦ ਕਰਨ।
                  ਬਾਬਾ ਕਾਕਾ ਸਿੰਘ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਨਸ਼ੇ ਦੇ ਆਦੀ ਕੁਝ ਯਾਤਰੀਆਂ ਨੂੰ ਜ਼ਾਬਤੇ ਵਿਚ ਰੱਖਣ ਵਾਸਤੇ ਕਾਫ਼ੀ ਮਿਹਨਤ ਕਰਨੀ ਪਈ। ਬਾਬਾ ਕਾਕਾ ਸਿੰਘ ਦਾ ਕਹਿਣਾ ਸੀ ਕਿ ਅਜਿਹੇ ਯਾਤਰੀਆਂ ਨੂੰ ਨੀਂਦ ਨਹੀਂ ਆਉਂਦੀ ਸੀ ਅਤੇ ਤੋੜ ਲੱਗਦੀ ਸੀ ਜਿਸ ਕਰਕੇ ਅਜਿਹੇ ਯਾਤਰੀ ਤਾਂ ਡੱਬਾ ਨੰਬਰ ਪੰਜ ਵਿਚ ਬੈਠੇ ਡਾਕਟਰਾਂ ਤੋਂ ਗੋਲੀਆਂ ਵਗੈਰਾ ਲੈਂਦੇ ਰਹੇ। ਉਨ•ਾਂ ਆਖਿਆ ਕਿ ਸਰਕਾਰ ਦੀ ਯਾਤਰਾ ਸ਼ਲਾਘਾ ਵਾਲੀ ਹੈ ਅਤੇ ਹਰ ਸਾਰੇ ਯਾਤਰੀ ਬਾਗੋ ਬਾਗ ਹਨ। ਉਨ•ਾਂ ਆਖਿਆ ਕਿ ਭਾਰਤੀ ਰੇਲਵੇ ਦੇ ਪ੍ਰਬੰਧ ਕਮਾਲ ਦੇ ਸਨ ਅਤੇ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਸੀ। ਬਠਿੰਡਾ ਤੋਂ ਟਰੇਨ ਵਿਚ ਗਏ ਡਾ. ਰੋਹਿਤ ਬਾਂਸਲ ਦਾ ਕਹਿਣਾ ਸੀ ਕਿ ਸਫ਼ਰ ਲੰਮਾ ਹੋਣ ਕਰਕੇ ਨੀਂਦ ਵਗੈਰਾ ਦੀ ਕੁਝ ਯਾਤਰੀਆਂ ਨੂੰ ਸਮੱਸਿਆ ਆਈ ਸੀ ਜਿਸ ਕਰਕੇ ਉਨ•ਾਂ ਨੇ ਦਵਾਈ ਦੇ ਦਿੱਤੀ ਸੀ। ਉਨ•ਾਂ ਆਖਿਆ ਕਿ ਕਾਫ਼ੀ ਯਾਤਰੀਆਂ ਨੂੰ ਤੇਜ਼ਾਬ ਆਦਿ ਬਣਨ ਦੀ ਸਮੱਸਿਆ ਵੀ ਆਈ। ਉਨ•ਾਂ ਦੱਸਿਆ ਕਿ ਤੋੜ ਵਾਲੇ ਵੀ ਕਰੀਬ ਦੋ ਦਰਜਨ ਦੇ ਕਰੀਬ ਯਾਤਰੀ ਹੋਣਗੇ। ਯਾਤਰੀ ਇਸ ਗੱਲੋਂ ਖੁਸ਼ ਸਨ ਕਿ ਉਹ ਰੇਲਵੇ ਨੇ ਉਨ•ਾਂ ਦੀ ਖ਼ਾਤਰਦਾਰੀ ਬਹੁਤ ਕੀਤੀ। ਸਵੇਰ 6 ਵਜੇ ਚਾਹ ਮਿਲਦੀ ਸੀ ਅਤੇ ਫਿਰ ਬਰੇਕਫਾਸਟ ਮਿਲਦਾ ਸੀ।                                                                            ਦੁਪਹਿਰ ਦੇ ਖਾਣੇ ਅਤੇ ਡਿਨਰ ਵਿਚ ਦੋ ਸਬਜ਼ੀਆਂ ਤੇ ਇੱਕ ਦਾਲ ਮਿਲਦੀ ਸੀ। ਸ਼ਾਮ ਤੋਂ ਪਹਿਲਾਂ ਚਾਹ ਮਿਲਦੀ ਸੀ ਅਤੇ ਬੰਦ ਬੋਤਲ ਵਾਲਾ ਪਾਣੀ ਮਿਲਦਾ ਸੀ। ਰਾਤ ਨੂੰ ਸੌਣ ਵੇਲੇ ਦੁੱਧ ਮਿਲਦਾ ਸੀ। ਸੂਤਰ ਆਖਦੇ ਹਨ ਕਿ ਸ਼ੁਰੂ ਵਿਚ ਚਾਹ ਥੋੜੀ ਮਿਲਣ ਦੀ ਸ਼ਿਕਾਇਤ ਸੀ ਪ੍ਰੰਤੂ ਮਗਰੋਂ ਖੁੱਲ•ੀ ਚਾਹ ਮਿਲਣ ਲੱਗ ਪਈ ਸੀ। ਟਰੱਕ ਯੂਨੀਅਨ ਤਲਵੰਡੀ ਸਾਬੋ ਦੇ ਪ੍ਰਧਾਨ ਅਵਤਾਰ ਸਿੰਘ ਮੈਨੂੰਆਣਾ ਦਾ ਕਹਿਣਾ ਸੀ ਕਿ ਰੇਲਵੇ ਦੀ ਪ੍ਰਾਹੁਣਚਾਰੀ ਤੋਂ ਹਰ ਯਾਤਰੀ ਖੁਸ਼ ਸੀ। ਟਰੇਨ ਵਿਚ ਦਿਨ ਵਕਤ ਕਥਾ ਵਗੈਰਾ ਵੀ ਹੁੰਦੀ ਸੀ। ਉਨ•ਾਂ ਦੱਸਿਆ ਕਿ ਯਾਤਰੀਆਂ ਨੂੰ ਅਪੀਲ ਕਰ ਦਿੱਤੀ ਸੀ ਕਿ ਪੂਰੀ ਸ਼ਰਧਾ ਅਤੇ ਜ਼ਾਬਤੇ ਵਿਚ ਰਹਿੰਦੇ ਹੋਏ ਕੋਈ ਨਸ਼ਾ ਵਗੈਰਾ ਨਹੀਂ ਕਰਨਾ ਹੈ। ਦੱਸਣਯੋਗ ਹੈ ਕਿ ਜ਼ਿਲ•ਾ ਪ੍ਰਸ਼ਾਸਨ ਤਰਫ਼ੋਂ ਯਾਤਰਾ ਨਾਲ ਡੀ.ਟੀ.ਓ ਲਤੀਫ਼ ਅਹਿਮਦ,ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਰਘਬੀਰ ਸਿੰਘ ਤੁੰਗਵਾਲੀ ਅਤੇ ਪੰਚਾਇਤ ਸਕੱਤਰ ਗੁਰਜੀਵਨ ਸਿੰਘ ਆਦਿ ਗਏ ਸਨ।
                                ਬਜ਼ੁਰਗ ਯਾਤਰੀ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ
ਨਾਂਦੇੜ ਸਾਹਿਬ ਦੀ ਯਾਤਰਾ ਤੋਂ ਵਾਪਸੀ ਸਮੇਂ ਤਲਵੰਡੀ ਸਾਬੋ ਦੇ ਪਿੰਡ ਮੱਲਵਾਲਾ ਦੇ ਬਜ਼ੁਰਗ ਗੁਰਚਰਨ ਸਿੰਘ ਨੂੰ ਸਾਹ ਲੈਣ ਦੀ ਤਕਲੀਫ਼ ਹੋਣ ਕਰਕੇ ਫੌਰੀ ਦਿੱਲੀ ਦੇ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਹਾਲੇ ਟਰੇਨ ਦਿੱਲੀ ਤੋਂ ਦੂਰ ਸੀ ਕਿ 70 ਵਰਿ•ਆਂ ਦੇ ਬਜ਼ੁਰਗ ਨੂੰ ਸਾਹ ਲੈਣ ਵਿਚ ਮੁਸ਼ਕਲ ਆਉਣੀ ਸ਼ੁਰੂ ਹੋ ਗਈ। ਟਰੇਨ ਵਿਚਲੇ ਡਾਕਟਰਾਂ ਨੇ ਫੌਰੀ ਬਜ਼ੁਰਗ ਨੂੰ ਦਾਖਲ ਕਰਾਉਣ ਦੀ ਸਲਾਹ ਦਿੱਤੀ। ਦਿੱਲੀ ਪੁੱਜਦੇ ਹੀ ਬਜ਼ੁਰਗ ਨੂੰ ਸਕੂਰ ਬਸਤੀ ਦੇ ਲਾਰਡ ਮਹਾਂਵੀਰ ਹਸਪਤਾਲ ਵਿਚ ਅੱਜ ਸਵੇਰ 8.30 ਵਜੇ ਭਰਤੀ ਕਰਾ ਦਿੱਤਾ ਗਿਆ। ਸ਼ਾਮ ਵਕਤ ਬਜ਼ੁਰਗ ਦਾ ਲੜਕਾ ਇਕਬਾਲ ਸਿੰਘ ਵੀ ਪੁੱਜ ਗਿਆ ਸੀ। ਦੱਸਦੇ ਹਨ ਕਿ ਬਜ਼ੁਰਗ ਦੀ ਹਾਲਤ ਵਿਚ ਹਾਲੇ ਬਹੁਤਾ ਸੁਧਾਰ ਨਹੀਂ ਹੋਇਆ ਹੈ। 

Monday, December 8, 2014

                                    ਜੇਤਲੀ ਪਟਕਾ
                      ਪੰਜਾਬ ਨੂੰ ਨਾ ਪਾਈ ਖੈਰ
                               ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਜੰਗ ਲਈ ਫੰਡਾਂ ਵਾਸਤੇ ਕੀਤੀ 'ਫਰਿਆਦ' ਨੂੰ ਕੇਂਦਰ ਸਰਕਾਰ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਸਾਢੇ ਤਿੰਨ ਮਹੀਨੇ ਮਗਰੋਂ ਵੀ ਐਲਾਨੀ ਰਕਮ ਪੰਜਾਬ ਨੂੰ ਨਹੀਂ ਦਿੱਤੀ। ਇਸ ਦੇ ਉਲਟ ਹੁਣ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਲਈ ਖੁਦ ਕਮਾਨ ਆਪਣੇ ਹੱਥ ਲੈ ਲਈ ਹੈ। ਪੰਜਾਬ ਭਾਜਪਾ ਵੱਲੋਂ ਜਿੱਥੇ ਨਸ਼ਾਮੁਕਤ ਪੰਜਾਬ ਦਾ ਹੋਕਾ ਦਿੱਤਾ ਜਾ ਰਿਹਾ ਹੈ, ਉਥੇ ਕੇਂਦਰ ਸਰਕਾਰ ਨੇ ਅਕਤੂਬਰ 2014 ਤੋਂ ਨਹਿਰੂ ਯੁਵਾ ਕੇਂਦਰਾਂ ਰਾਹੀਂ ਨਸ਼ਿਆਂ ਖ਼ਿਲਾਫ਼ ਵੱਖਰੀ ਮੁਹਿੰਮ ਆਰੰਭ ਦਿੱਤੀ ਹੈ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਆਰ.ਟੀ.ਆਈ. ਤਹਿਤ 13 ਨਵੰਬਰ 2014 ਨੂੰ ਦਿੱਤੀ ਸੂਚਨਾ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ 12 ਜੁਲਾਈ 2014 ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਪੰਜਾਬ ਦੀ ਜਵਾਨੀ ਅਤੇ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਬਚਾਉਣ ਲਈ ਕੇਂਦਰੀ ਬਜਟ ਵਿੱਚ ਸਾਲਾਨਾ 100 ਕਰੋੜ ਦੀ ਵਿਵਸਥਾ ਕੀਤੀ ਜਾਵੇ। ਸ੍ਰੀ ਜੇਤਲੀ ਨੇ 26 ਅਗਸਤ 2014 ਨੂੰ ਮੁੱਖ ਮੰਤਰੀ ਨੂੰ ਜੁਆਬੀ ਪੱਤਰ ਲਿਖ ਕੇ ਆਖਿਆ ਕਿ ਕੇਂਦਰ, ਪੰਜਾਬ 'ਚੋਂ ਨਸ਼ਿਆਂ ਦੇ ਖ਼ਾਤਮੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ 50 ਕਰੋੜ ਦੇਣ ਦੀ ਪੇਸ਼ਕਸ਼ ਕੀਤੀ। ਕੇਂਦਰ ਨੇ ਕੇਂਦਰੀ ਬਜਟ ਵਿੱਚ 100 ਕਰੋੜ ਦੀ ਵਿਵਸਥਾ ਰੱਖਣ ਦੀ ਮੰਗ ਠੁਕਰਾ ਦਿੱਤੀ ਅਤੇ 50 ਕਰੋੜ ਦੀ ਰਕਮ ਵੀ ਅਜੇ ਤਕ ਨਹੀਂ ਭੇਜੀ। ਦੱਸਣਯੋਗ ਹੈ ਕਿ ਨਸ਼ਿਆਂ ਦਾ ਮੁੱਦਾ ਜੇਤਲੀ ਦੀ ਹਾਰ ਦਾ ਵੱਡਾ ਕਾਰਨ ਬਣਿਆ ਸੀ।
                      ਮੁੱਖ ਮੰਤਰੀ ਨੇ ਆਪਣੇ ਪੱਤਰ ਵਿੱਚ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਜੰਗ ਵਿੱਢ ਦਿੱਤੀ ਹੈ ਅਤੇ ਨਸ਼ਾਮੁਕਤੀ ਲਈ 31 ਨਸ਼ਾ ਛੁਡਾਊ ਕੇਂਦਰ ਬਣਾਏ ਜਾ ਰਹੇ ਹਨ। ਪੰਜ ਸਰਕਾਰੀ ਹਸਪਤਾਲਾਂ ਵਿੱਚ ਉੱਚ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਆਧਾਰ 'ਤੇ 100 ਕਰੋੜ ਦੀ ਗਰਾਂਟ ਮੰਗੀ ਗਈ। ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਖੁਦ ਸਿੱਧੇ ਤੌਰ 'ਤੇ ਪੰਜਾਬ ਨੂੰ ਨਸ਼ਾਮੁਕਤ ਕਰਨ ਵਾਸਤੇ ਜੁਟ ਗਈ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਅਤੇ ਮਨੀਪੁਰ ਨਸ਼ਿਆਂ ਤੋਂ ਇੱਕੋ ਜਿੰਨੇ ਪੀੜਤ ਹਨ। ਕੇਂਦਰ ਸਰਕਾਰ ਨੇ ਕੌਮੀ ਅੰਕੜਾ ਕਮਿਸ਼ਨ ਦੇ ਵਰਕਿੰਗ ਗਰੁੱਪ ਦੀ ਸਿਫਾਰਸ਼ 'ਤੇ ਨਸ਼ਿਆਂ ਦੇ ਮਾਮਲੇ 'ਤੇ ਕੌਮੀ ਪੱਧਰ 'ਤੇ ਸਰਵੇ ਕਰਾਉਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਮੁੱਢਲੇ ਪੜਾਅ 'ਤੇ ਪੰਜਾਬ ਅਤੇ ਮਨੀਪੁਰ ਦੇ ਦੋ-ਦੋ ਜ਼ਿਲ੍ਹਿਆਂ ਵਿੱਚ ਪਾਇਲਟ ਸਰਵੇ ਕਰਾਇਆ ਜਾ ਰਿਹਾ ਹੈ। ਇਵੇਂ ਹੀ ਕੇਂਦਰ ਵੱਲੋਂ ਨੈਸ਼ਨਲ ਪਾਲਿਸੀ ਆਨ ਡਰੱਗਜ਼ ਡਿਮਾਂਡ ਰਿਡਕਸ਼ਨ ਵੀ ਬਣਾਈ ਜਾ ਰਹੀ ਹੈ। ਕੇਂਦਰੀ ਸਮਾਜ ਕਲਿਆਣ ਮੰਤਰਾਲੇ ਦੀ ਸੂਚਨਾ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਵਿੱਚ ਨਸ਼ਾ ਛੁਡਾਊ ਕੇਂਦਰ ਚਲਾਉਣ ਲਈ ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਹੈ। ਮੰਤਰਾਲੇ ਅਨੁਸਾਰ ਹੁਣ ਕੇਂਦਰ ਸਰਕਾਰ ਨੇ ਪਹਿਲਾਂ ਚੱਲ ਰਹੇ 9 ਨਸ਼ਾ ਛੁਡਾਊ ਕੇਂਦਰਾਂ ਵਾਸਤੇ ਸਾਲ 2014-15 ਲਈ 4.15 ਕਰੋੜ ਰੁਪਏ ਰੱਖੇ ਹਨ, ਜਿਨ੍ਹਾਂ 'ਚੋਂ 3.63 ਕਰੋੜ ਰੁਪਏ ਰਿਲੀਜ਼ ਕਰ ਦਿੱਤੇ ਗਏ ਹਨ। ਸਾਲ 2013-14 ਵਿੱਚ ਸਿਰਫ਼ ਚਾਰ ਕੇਂਦਰਾਂ ਲਈ 31.61 ਲੱਖ ਰੁਪਏ ਜਾਰੀ ਕੀਤੇ ਸਨ।
                      ਰੈੱਡ ਕਰਾਸ ਸੁਸਾਇਟੀ ਵੱਲੋਂ ਬਠਿੰਡਾ, ਫਰੀਦਕੋਟ, ਮੋਗਾ, ਮਾਨਸਾ, ਸੰਗਰੂਰ ਵਿੱਚ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ਨੂੰ ਕੇਂਦਰ ਸਰਕਾਰ ਨੇ ਪਿਛਲੇ ਮਾਲੀ ਵਰ੍ਹੇ ਦੌਰਾਨ ਕੋਈ ਪੈਸਾ ਜਾਰੀ ਨਹੀਂ ਕੀਤਾ। ਵਿੱਤ ਅਤੇ ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਦਾ ਕਹਿਣਾ ਸੀ ਕਿ ਕੇਂਦਰੀ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਨ ਵਿੱਚ ਪੰਜਾਬ ਨੂੰ 50 ਕਰੋੜ ਰੁਪਏ ਨਸ਼ਿਆਂ ਦੀ ਰੋਕਥਾਮ ਵਾਸਤੇ ਦੇਣ ਦੀ ਗੱਲ ਕੀਤੀ ਸੀ ਅਤੇ ਇਹ ਰਕਮ ਕੇਂਦਰ ਸਰਕਾਰ ਤੋਂ ਜਲਦੀ ਮਿਲ ਜਾਵੇਗੀ। ਪੰਜਾਬ ਸਰਕਾਰ ਨੇ ਪੂਰਾ ਵਿਸਥਾਰਤ ਕੇਸ ਬਣਾ ਕੇ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨਵੇਂ ਬਣਾਏ 31 ਨਸ਼ਾ ਛੁਡਾਊ ਕੇਂਦਰਾਂ ਨੂੰ ਚਲਾਉਣ ਵਾਸਤੇ ਵੀ ਕੇਂਦਰ ਤੋਂ ਵਿੱਤੀ ਮਦਦ ਮੰਗੀ ਗਈ ਹੈ ਅਤੇ ਇਸ ਦਾ ਕੇਸ ਕੇਂਦਰੀ ਸਮਾਜਿਕ ਮੰਤਰਾਲੇ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 26 ਨਸ਼ਾ ਛੁਡਾਊ ਕੇਂਦਰ ਚਾਲੂ ਹੋ ਗਏ ਹਨ ਅਤੇ 18 ਮੁੜ ਵਸੇਬਾ ਕੇਂਦਰ ਬਣਾਏ ਜਾ ਰਹੇ ਹਨ।

Tuesday, November 18, 2014

                                    ਵੱਡੇ ਛੱਡੇ
            ਪੰਜਾਬ ਪੁਲੀਸ ਦੀ ਨਹੀਂ ਕੋਈ ਰੀਸ…
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੇ ਅਫ਼ਸਰਾਂ ਵੱਲੋਂ ਸਿਆਸੀ ਸ਼ਾਬਾਸ਼ ਲੈਣ ਖ਼ਾਤਰ ਕਰੀਬ ਡੇਢ ਸੌ ਵਿਅਕਤੀਆਂ ਖ਼ਿਲਾਫ਼ ਨਸ਼ਾ ਤਸਕਰੀ ਦੇ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਅਕਤੀਆਂ ਤੋਂ ਨਾ ਨਸ਼ੇ ਦੀ ਰਿਕਵਰੀ ਹੋਈ ਹੈ ਤੇ ਨਾ ਹੀ ਕਿਸੇ ਦੀ ਗ੍ਰਿਫ਼ਤਾਰੀ ਹੋਈ ਹੈ। ਪੁਲੀਸ ਨੇ ਜਦੋਂ ਘਰ ਬੈਠੇ ਇਨ੍ਹਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤੇ ਤਾਂ ਇਨ੍ਹਾਂ ਨੇ ਅਦਾਲਤਾਂ ਦਾ ਸਹਾਰਾ ਲਿਆ, ਜਿੱਥੋਂ ਬਹੁਤਿਆਂ ਨੂੰ ਜ਼ਮਾਨਤ ਮਿਲ ਗਈ ਹੈ। ਪੁਲੀਸ ਅਫ਼ਸਰਾਂ ਨੇ ਤਾਂ ਸਰਕਾਰ ਦੀ ਨਜ਼ਰ ਵਿੱਚ ਸ਼ੌਹਰਤ ਖੱਟ ਲਈ ਪਰ ਇਨ੍ਹਾਂ ਲੋਕਾਂ ਨੂੰ ਹੁਣ ਕਈ-ਕਈ ਵਰ੍ਹੇ ਅਦਾਲਤਾਂ ਦੇ ਚੱਕਰ ਕੱਟਣੇ ਪੈਣਗੇ।ਆਰਟੀਆਈ ਤਹਿਤ ਪ੍ਰਾਪਤ ਸੂਚਨਾ ਨੇ ਪੰਜਾਬ ਸਰਕਾਰ ਵੱਲੋਂ ਮਈ 'ਚ ਵਿੱਢੀ ਨਸ਼ਾ ਛੁਡਾਊ ਮੁਹਿੰਮ ਦਾ ਸੱਚ ਉਜਾਗਰ ਕੀਤਾ ਹੈ। ਪੰਜਾਬ ਪੁਲੀਸ ਨੇ ਮਈ ਤੋਂ ਅੱਧ ਸਤੰਬਰ ਤੱਕ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਵੱਡੇ ਨਸ਼ਾ ਤਸਕਰਾਂ ਖ਼ਿਲਾਫ਼ ਸਿਰਫ਼ 21 ਕੇਸ ਦਰਜ ਕੀਤੇ ਹਨ, ਜਿਨ੍ਹਾਂ ਤੋਂ ਕਮਰਸ਼ੀਅਲ ਮਾਤਰਾ ਵਿੱਚ ਨਸ਼ੇ ਬਰਾਮਦ ਹੋਏ ਹਨ, ਜਦੋਂਕਿ 1353 ਕੇਸਾਂ ਵਿੱਚ ਨਾਨ ਕਮਰਸ਼ੀਅਲ ਮਾਤਰਾ ਵਿੱਚ ਨਸ਼ਾ ਮਿਲਿਆ ਹੈ। ਇਨ੍ਹਾਂ 'ਚੋਂ 30 ਫ਼ੀਸਦੀ ਕੇਸ ਅਜਿਹੇ ਹਨ, ਜਿਨ੍ਹਾਂ ਵਿੱਚ ਮਾਮੂਲੀ ਮਾਤਰਾ ਵਿੱਚ ਹੀ ਨਸ਼ਾ ਬਰਾਮਦ ਹੋਇਆ ਹੈ। ਥਾਣਾ ਨਥਾਣਾ ਵਿੱਚ 24 ਮਈ ਨੂੰ 20 ਵਿਅਕਤੀਆਂ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤਹਿਤ ਐਫਆਈਆਰ ਦਰਜ ਹੋਈ ਪਰ ਨਾ ਕਿਸੇ ਤੋਂ ਕੋਈ ਨਸ਼ਾ ਬਰਾਮਦ ਹੋਇਆ ਹੈ ਤੇ ਨਾ ਕਿਸੇ ਦੀ ਗ੍ਰਿਫ਼ਤਾਰੀ ਹੋਈ ਹੈ। ਇਸੇ ਦਿਨ ਹੀ ਤਲਵੰਡੀ ਸਾਬੋ ਥਾਣੇ ਵਿੱਚ ਬਿਨ੍ਹਾਂ ਰਿਕਵਰੀ ਤੋਂ ਪੰਜ ਵਿਅਕਤੀਆਂ ਖ਼ਿਲਾਫ਼ ਐਫਆਈਆਰ ਨੰਬਰ 111 ਦਰਜ ਹੋਈ ਹੈ।
                      ਥਾਣਾ ਫੂਲ ਦੀ ਪੁਲੀਸ ਨੇ 25 ਮਈ ਨੂੰ 35 ਵਿਅਕਤੀਆਂ ਤੇ ਐਫ. ਆਈ.ਆਰ ਨੰਬਰ 32 ਦਰਜ ਕਰ ਦਿੱਤੀ ਜਿਨ•ਾਂ ਤੋਂ ਕੋਈ ਨਸ਼ਾ ਰਿਕਵਰ ਨਹੀਂ ਹੋਇਆ। ਇਸ ਕੇਸ ਵਿਚ ਤਿੰਨ ਜਣਿਆ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਇਸ ਕੇਸ ਵਿਚ ਸਰਕਾਰੀ ਹਾਈ ਸਕੂਲ ਕੋਠਾ ਗੁਰੂ ਦੇ ਚੌਕੀਦਾਰ ਬਲਵੀਰ ਸਿੰਘ ਨੂੰ ਵੀ ਸ਼ਾਮਲ ਕਰ ਦਿੱਤਾ। ਥਾਣਾ ਮੌੜ ਦੀ ਪੁਲੀਸ ਨੇ ਦਰਜਨ ਵਿਅਕਤੀਆਂ ਤੇ ਐਫ.ਆਈ.ਆਰ 72 ਦਰਜ ਕਰ ਦਿੱਤੀ। ਥਾਣਾ ਲੰਬੀ ਵਿਚ ਏਦਾਂ ਹੀ ਤਿੰਨ ਜਣਿਆਂ ਤੇ ਬਿਨ•ਾਂ ਕਿਸੇ ਰਿਕਵਰੀ ਤੇ ਗ੍ਰਿਫਤਾਰੀ ਤੋਂ ਐਫ.ਆਈ.ਆਰ 59 ਦਰਜ ਕੀਤੀ ਗਈ ਹੈ। ਗਿੱਦੜਬਹਾ ਥਾਣੇ ਵਿਚ ਇਸੇ ਤਰ•ਾਂ ਦੇ ਫ.ਆਈ.ਆਰ ਨੰਬਰ 24 ਤੇ 37 ਤਹਿਤ ਕੇਸ ਦਰਜ ਕੀਤੇ ਗਏ ਹਨ। ਮੁਕਤਸਰ ਵਿਚ ਤਾਂ ਐਫ.ਆਈ.ਆਰ ਨੰਬਰ 25 ਦਰਜ ਕੀਤੀ ਹੈ ਜਿਸ ਵਿਚ ਦੋਸ਼ੀ ਨਾਮਾਲੂਮ ਹਨ ਅਤੇ ਰਿਕਵਰੀ ਦੋ ਕਿਲੋ ਪੋਸਤ ਦੀ ਦਿਖਾਈ ਹੈ। ਫਿਰੋਜ਼ਪੁਰ ਦੇ ਕੋਟ ਈਸੇ ਖਾਂ ਥਾਣੇ ਵਿਚ 12 ਜਣਿਆ ਤੇ 27 ਮਈ ਨੂੰ ਐਫ.ਆਈ.ਆਰ ਨੰਬਰ 75 ਦਰਜ ਕੀਤੀ ਹੈ। ਇਨ•ਾਂ ਤੋਂ ਵੀ ਕੁਝ ਬਰਾਮਦ ਨਹੀਂ ਹੋਇਆ। ਇਸੇ ਤਰ•ਾਂ ਥਾਣਾ ਲੱਖੇਵਾਲੀ ਵਿਚ ਐਫ. ਆਈ.ਆਰ ਨੰਬਰ 19,ਥਾਣਾ ਕੋਟਭਾਈ ਵਿਚ ਪੰਜ ਜਣਿਆ ਤੇ ਐਫ.ਆਈ.ਆਰ ਨੰਬਰ 48,ਥਾਣਾ ਸਦਰ ਫਾਜਿਲਕਾ ਵਿਚ ਐਫ.ਆਈ.ਆਰ ਨੰਬਰ 107 ਵਿਚ ਬਿਨ•ਾਂ ਬਰਾਮਦਗੀ ਤੋਂ ਕੇਸ ਦਰਜ ਹੋਏ ਹਨ। ਕਰੀਬ 30 ਪੁਲੀਸ ਕੇਸ ਏਦਾ ਦੇ ਦਰਜ ਹੋਏ ਹਨ। ਫੌਜਦਾਰੀ ਕੇਸਾਂ ਦੇ ਮਾਹਿਰ ਐਡਵੋਕੇਟ ਸ੍ਰੀ ਰਾਜੇਸ ਸ਼ਰਮਾ ਦਾ ਕਹਿਣਾ ਸੀ ਕਿ ਬਿਨ•ਾਂ ਰਿਕਵਰੀ ਤੋਂ ਦਰਜ਼ ਕੇਸ ਪੂਰੀ ਤਰ•ਾਂ ਗ਼ੈਰਕਨੂੰਨੀ ਕਾਰਵਾਈ ਹੈ। ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੇਸਾਂ ਵਿਚ ਰਿਕਵਰੀ ਲਾਜ਼ਮੀ ਹੈ। ਉਨ•ਾਂ ਆਖਿਆ ਕਿ ਅਜਿਹੇ ਕੇਸਾਂ ਵਿਚ ਅਦਾਲਤਾਂ ਵਿਚ ਕਾਨੂੰਨੀ ਪੱਖ ਤੋਂ ਮਾਰ ਖਾ ਜਾਣੀ ਹੈ ਅਤੇ ਪੁਲੀਸ ਨੂੰ ਕੋਈ ਠੋਸ ਨਤੀਜਾ ਨਹੀਂ ਮਿਲਣਾ।
                      ਪੁਲੀਸ ਨੇ ਸਿਰਫ਼ ਮੁਖ਼ਬਰੀ 'ਤੇ ਕੇਸ ਦਰਜ ਕਰ ਦਿੱਤੇ ਹਨ। ਇਸੇ ਤਰ੍ਹਾਂ ਵੱਖ ਵੱਖ ਥਾਣਿਆਂ ਵਿੱਚ ਅਜਿਹੇ ਕਈ ਕੇਸ ਦਰਜ ਹੋਏ ਹਨ। ਪੁਲੀਸ ਅਫ਼ਸਰਾਂ ਨੇ ਅਜਿਹੇ ਕੇਸਾਂ ਵਿੱਚ ਲਿਖਿਆ ਹੈ ਕਿ ਮੁਖ਼ਬਰੀ ਮਿਲੀ ਹੈ ਕਿ ਮੁਲਜ਼ਮ ਭੁੱਕੀ ਅਤੇ ਸਮੈਕ ਆਦਿ ਵੇਚਣ ਦਾ ਧੰਦਾ ਕਰਦੇ ਹਨ। ਜਾਣਕਾਰੀ ਅਨੁਸਾਰ ਢਾਈ ਕਿਲੋ ਮਾਤਰਾ ਤੋਂ ਜ਼ਿਆਦਾ ਅਫ਼ੀਮ ਅਤੇ 50 ਕਿਲੋ ਤੋਂ ਜ਼ਿਆਦਾ ਮਾਤਰਾ ਵਿੱਚ ਫੜੀ ਭੁੱਕੀ ਪੋਸਤ ਨੂੰ ਕਮਰਸ਼ੀਅਲ ਕੈਟਾਗਿਰੀ ਵਿੱਚ ਗਿਣਿਆ ਜਾਂਦਾ ਹੈ। ਪੰਜਾਬ ਪੁਲੀਸ ਨੇ ਕਮਰਸ਼ੀਅਲ ਮਾਤਰਾ ਦੀ ਰਿਕਵਰੀ ਵਾਲੇ ਨਸ਼ਿਆਂ ਵਿੱਚ ਸਿਰਫ਼ 21 ਕੇਸ ਦਰਜ ਕੀਤੇ ਹਨ, ਜਿਨ੍ਹਾਂ 'ਚੋਂ ਬਠਿੰਡਾ ਵਿੱਚ ਪੰਜ,ਮੋਗਾ ਵਿੱਚ ਛੇ,ਮੁਕਤਸਰ ਵਿੱਚ ਦੋ,ਫ਼ਾਜ਼ਿਲਕਾ ਵਿੱਚ ਪੰਜ ਤੇ ਫ਼ਰੀਦਕੋਟ ਵਿੱਚ ਦੋ ਕੇਸ ਦਰਜ ਹੋਏ ਹਨ। ਸਰਕਾਰੀ ਸੂਚਨਾ ਅਨੁਸਾਰ ਥਾਣਾ ਜੈਤੋ ਵਿੱਚ ਮੁਹਿੰਮ ਤਹਿਤ 11 ਕੇਸ ਦਰਜ ਹੋਏ, ਜਿਨ੍ਹਾਂ 'ਚੋਂ ਅੱਠ ਕੇਸਾਂ ਵਿੱਚ ਜ਼ਮਾਨਤ ਵੀ ਹੋ ਚੁੱਕੀ ਹੈ। ਇਵੇਂ ਹੀ ਗੁਰੂ ਹਰਸਹਾਏ ਥਾਣੇ ਵਿੱਚ 17 ਕੇਸਾਂ 'ਚੋਂ 13, ਮੋਗਾ ਦੇ ਅਜੀਤਵਾਲ ਥਾਣੇ ਵਿੱਚ 26 ਕੇਸਾਂ 'ਚੋਂ 19, ਬੱਧਨੀ ਕਲਾਂ ਥਾਣੇ ਵਿੱਚ ਦਰਜ 19 ਅਜਿਹੇ ਕੇਸਾਂ 'ਚੋਂ 12, ਫਿਰੋਜ਼ਪੁਰ ਦੇ ਮਮਦੋਟ ਥਾਣੇ ਵਿੱਚ ਦਰਜ 28 ਕੇਸਾਂ 'ਚੋਂ 25 ਕੇਸਾਂ ਵਿੱਚ ਜ਼ਮਾਨਤ ਹੋ ਚੁੱਕੀ ਹੈ। ਸਾਬਕਾ ਵਧੀਕ ਐਡਵੋਕੇਟ ਜਨਰਲ ਛਿੰਦਰਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਐਫਆਈਆਰ ਦਰਜ ਕਰਨ ਮਗਰੋਂ ਬਾਕਾਇਦਾ ਜਾਂਚ ਕੀਤੀ ਜਾਣੀ ਬਣਦੀ ਹੁੰਦੀ ਹੈ।
                                                      ਨਸ਼ਿਆਂ ਨੂੰ ਠੱਲ੍ਹ ਪਈ: ਉਮਰਾਨੰਗਲ
ਬਠਿੰਡਾ ਜ਼ੋਨ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦਾ ਕਹਿਣਾ ਹੈ ਕਿ ਪੁਲੀਸ ਨੇ ਮੁਖ਼ਬਰੀ 'ਤੇ ਪੁਰਾਣੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ ਤੇ ਕਈ ਕੇਸਾਂ ਵਿੱਚ ਰਿਕਵਰੀ ਹੋਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਨ੍ਹਾਂ ਤਸਕਰਾਂ ਨੂੰ ਕਾਬੂ ਕਰਨ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲੋਂ ਘੱਟ ਮਾਤਰਾ ਵਿੱਚ ਨਸ਼ੇ ਬਰਾਮਦ ਹੋਏ ਹਨ, ਉਹ ਲੋਕ ਖ਼ੁਦ ਨਸ਼ੇ ਕਰਦੇ ਹਨ ਤੇ ਨਾਲ ਹੀ ਨਸ਼ੇ ਵੇਚਣ ਦਾ ਧੰਦਾ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਜਾਰੀ ਹੈ। ਇਸ ਨਾਲ ਨਸ਼ਿਆਂ ਨੂੰ ਕਾਫ਼ੀ ਹੱਦ ਤੱਕ ਠੱਲ ਪੈ ਗਈ ਹੈ