Monday, August 7, 2023

                                                      ‘ ਉੱਡਤਾ ਪੰਜਾਬ ’ 
                                   ਆਖ਼ਰ ‘ਚਿੱਟੇ’ ਖ਼ਿਲਾਫ਼ ਜਾਗ ਉੱਠੇ ਪਿੰਡ !
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਮਾਲਵੇ ਦੇ ਪਿੰਡਾਂ ’ਚ ਲੋਕ ਨਸ਼ਿਆਂ ਖ਼ਿਲਾਫ਼ ਡਟ ਗਏ ਹਨ। ਬਠਿੰਡਾ ਦੇ ਪਿੰਡ ਦੁੱਲੇਵਾਲਾ ’ਚ ਨਸ਼ਾ ਤਸਕਰਾਂ ਦੇ ਰਾਹ ਰੋਕਣ ਲਈ ਦਿਨ-ਰਾਤ ਦਾ ਪਹਿਰਾ ਸ਼ੁਰੂ ਹੋ ਗਿਆ ਹੈ। ਬਰਨਾਲਾ ਦੇ ਪਿੰਡ ਢਿਲਵਾਂ ਦੇ ਲੋਕਾਂ ਨੇ ‘ਚਿੱਟਾ ਮੁਕਤ ਕਮੇਟੀ’ ਬਣਾ ਲਈ ਹੈ ਜਦੋਂ ਕਿ ਮੋਗਾ ਦੇ ਪਿੰਡ ਘੱਲ ਕਲਾਂ ਦੇ ਸਰਪੰਚ ਨੇ ਨਸ਼ੇੜੀਆਂ ਦੇ ਟਿਕਾਣੇ ਢਾਹ ਦਿੱਤੇ ਹਨ। ਮਾਨਸਾ ਜ਼ਿਲ੍ਹੇ ’ਚ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ 14 ਅਗਸਤ ਨੂੰ ਵੱਡਾ ਇਕੱਠ ਸੱਦਿਆ ਹੈ। ਕਿਸਾਨ ਯੂਨੀਅਨ ਨੇ ਪਿੰਡ-ਪਿੰਡ ਮਾਰਚ ਸ਼ੁਰੂ ਕਰ ਦਿੱਤੇ ਹਨ। ਮਾਲਵੇ ਦੇ ਕਰੀਬ ਅੱਠ ਜ਼ਿਲ੍ਹਿਆਂ ’ਚ ਇਹ ਨਵੀਂ ਤਸਵੀਰ ਉੱਭਰੀ ਹੈ ਜੋ ਸੂਬੇ ਲਈ ਇੱਕ ਸ਼ੁੱਭ ਸੁਨੇਹਾ ਵੀ ਹੈ ਕਿ ਆਖ਼ਰ ਲੋਕ ‘ਚਿੱਟੇ’ ਖ਼ਿਲਾਫ਼ ਜਾਗ ਪਏ ਹਨ ਜਿਨ੍ਹਾਂ ‘ਉੱਡਤਾ ਪੰਜਾਬ’ ਦੇ ਦਾਗ਼ ਧੋਣ ਲਈ ਨਵੀਂ ਜਾਗ ਲਾਈ ਹੈ। ਲੋਕ ਦਬਾਓ ਪਿੱਛੋਂ ਪੁਲੀਸ ਨੇ ਵੀ ਆਪਣਾ ਰੁਖ਼ ਬਦਲਿਆ ਹੈ। ਹਾਲਾਂਕਿ ਫ਼ਰੀਦਕੋਟ ਦੇ ਪਿੰਡ ਢਿਲਵਾਂ ਖ਼ੁਰਦ ਵਿਚ ‘ਨਸ਼ਾ ਵਿਰੋਧੀ ਕਮੇਟੀ’ ਦੇ ਇੱਕ ਮੈਂਬਰ ਨੂੰ ਨਸ਼ਾ ਤਸਕਰਾਂ ਨੇ ਕਤਲ ਜਦਕਿ ਪਿੰਡ ਭੁੱਚੋ ਕਲਾਂ ਦੇ ਨਸ਼ੇੜੀਆਂ ਨੂੰ ਰੋਕਣ ਵਾਲੇ ਇੱਕ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤਾ ਹੈ। 

        ਨਵੀਂ ਮੁਹਿੰਮ ਤਸਕਰਾਂ ਨੂੰ ਰਾਸ ਨਹੀਂ ਆ ਰਹੀ ਹੈ। ਫ਼ਰੀਦਕੋਟ ਦੇ ਸਾਦਿਕ ਵਿਚ 31 ਮੈਂਬਰੀ ਨਸ਼ਾ ਵਿਰੋਧੀ ਕਮੇਟੀ ਨੇ ਅੱਜ ਮਾਰਚ ਕੱਢਿਆ। ਕਮੇਟੀ ਨੇ ਦਰਜਨ ਤਸਕਰਾਂ ਦੇ ਨਾਮ ਪੁਲੀਸ ਕੋਲ ਜਨਤਕ ਕੀਤੇ ਹਨ ਜਿਨ੍ਹਾਂ ’ਚੋਂ ਦੋ ਨੂੰ ਪੁਲੀਸ ਨੇ ਫੜ ਲਿਆ ਹੈ। ਨੌਜਵਾਨ ਗੁਰਪ੍ਰੀਤ ਨੇ ਕਿਹਾ ਕਿ ਪਹਿਲੀ ਦਫ਼ਾ ਲੋਕਾਂ ਦਾ ਏਡਾ ਵੱਡਾ ਹੁੰਗਾਰਾ ਮਿਲਿਆ ਹੈ। ਮੋਗਾ ਦੇ ਪਿੰਡ ਘੱਲ ਕਲਾਂ ਦੇ ਸਰਪੰਚ ਸਿਮਰਨਜੀਤ ਸਿੰਘ ਨੇ ਵੀਰਵਾਰ ਨੂੰ ਇਕੱਠ ਕਰਕੇ ਐਲਾਨ ਕੀਤਾ ਕਿ ਉਹ ਕਿਸੇ ਵੀ ਨਸ਼ਾ ਤਸਕਰ ਦੀ ਪੈਰਵੀ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਇੱਥੇ ਪੁਰਾਣੀ ਨਹਿਰੀ ਕੋਠੀ ਦਾ ਕਮਰਾ ਸੀ ਜਿੱਥੇ ਨਸ਼ੇੜੀ ਜੁੜਦੇ ਸਨ, ਉਸ ਨੂੰ ਢਾਹ ਦਿੱਤਾ ਗਿਆ ਹੈ। ਬਠਿੰਡਾ ਦੇ ਦਰਜਨਾਂ ਪਿੰਡਾਂ ਨੇ ਇਸ ਪਾਸੇ ਪਹਿਲ ਕੀਤੀ ਹੈ। ਪਿੰਡ ਘੁੰਮਣ ਕਲਾਂ ਵਿਚ ਅੱਜ ਵੱਡਾ ਮਾਰਚ ਹੋਇਆ ਹੈ। ਅਗਵਾਈ ਕਰਨ ਵਾਲਾ ਸਾਬਕਾ ਫ਼ੌਜੀ ਪਹਿਲਾਂ ਸਰਹੱਦ ’ਤੇ ਲੜਿਆ ਅਤੇ ਹੁਣ ‘ਚਿੱਟੇ’ ਖ਼ਿਲਾਫ਼ ਮੋਰਚੇ ’ਚ ਉਤਰਿਆ ਹੈ। ਬਠਿੰਡਾ ਦੇ ਜਿਸ ਪਿੰਡ ਢਪਾਲੀ ਨੇ ਅੰਗਰੇਜ਼ਾਂ ਦੇ ਰਾਜ ਸਮੇਂ ਵੀ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦਿੱਤਾ ਸੀ, ਉਸ ਪਿੰਡ ਦੇ ਲੋਕਾਂ ਨੇ ਵੀ ਨਸ਼ਿਆਂ ਖ਼ਿਲਾਫ਼ ਹੁਣ ਕਮੇਟੀ ਬਣਾਈ ਹੈ। 

          ਪਿੰਡ ਭਾਈਰੂਪਾ ਦੇ ਲੋਕਾਂ ਨੇ ਕਮੇਟੀ ਬਣਾ ਕੇ ਪਿੰਡ ਵਿਚ ਤਸਕਰਾਂ ਦੀ ਆਮਦ ਰੋਕ ਦਿੱਤੀ ਹੈ। ਭਗਤਾ ਭਾਈਕਾ ਵਿਚ ਤਾਂ ਦੋ ਤਸਕਰ ਮੁੱਢਲੇ ਦਿਨਾਂ ਵਿਚ ਹੀ ਫੜ ਲਏ ਗਏ ਸਨ। ਮੋਗਾ-ਦੋ ਬਲਾਕ ਦੇ ਸਰਪੰਚਾਂ ਨੇ ਇਕੱਠ ਕਰਕੇ 21 ਮੈਂਬਰੀ ਕਮੇਟੀ ਬਣਾਈ ਹੈ। ਬਰਨਾਲਾ ਦੇ ਪਿੰਡ ਢਿਲਵਾਂ ਵਿਚ ‘ਚਿੱਟਾ ਮੁਕਤ ਕਮੇਟੀ’ ਬਣੀ ਹੈ ਜਿਸ ਦੇ ਆਗੂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ 15 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸੇ ਜ਼ਿਲ੍ਹੇ ਦੇ ਪਿੰਡ ਜੰਗੀਆਣਾ ਵਿਚ ਅੱਜ ਕਮੇਟੀ ਬਣੀ ਹੈ। ਪਿੰਡ ਹਮੀਰਗੜ੍ਹ ਵਿਚ ਵੀ ਕਮੇਟੀ ਬਣ ਗਈ ਹੈ। ਸ਼ਹੀਦ ਊਧਮ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਰੁਪਿੰਦਰ ਸਿੰਘ ਨੇ ਕਿਹਾ ਕਿ ਹੁਣ ਚਿੱਟੇ ਖ਼ਿਲਾਫ਼ ਲੋਕ ਉੱਠ ਖੜ੍ਹੇ ਹੋਏ ਹਨ ਅਤੇ ਲੋਕ ਲਹਿਰ ਬਿਨਾਂ ਨਸ਼ੇ ਦਾ ਖ਼ਾਤਮਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਸੇਦਾਰੀ ਨਾਲ ਹੀ ਇਸ ਅਲਾਮਤ ਤੋਂ ਖਹਿੜਾ ਛੁੱਟਣ ਦੀ ਸੰਭਾਵਨਾ ਹੈ। ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਨਸ਼ਿਆਂ ਖ਼ਿਲਾਫ਼ ਪਿੰਡ-ਪਿੰਡ ਮਾਰਚ ਕਰ ਰਹੇ ਹਨ ਅਤੇ 10 ਅਗਸਤ ਨੂੰ ਇਸ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਦੇਣਗੇ।

         ਸੰਗਰੂਰ ਜ਼ਿਲ੍ਹੇ ਵਿਚ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕੀਤੇ ਹਨ। ਮੁਕਤਸਰ ਜ਼ਿਲ੍ਹੇ ਦੇ ਪਿੰਡ ਖੋਖਰ, ਪਿੰਡ ਹਰਾਜ ਕਲਾਂ ਅਤੇ ਕੋਟਲੀ ਅਬਲੂ ਵਿਚ ਲੋਕ ਚਿੱਟੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ। ਫ਼ਾਜ਼ਿਲਕਾ ਦੇ ਪਿੰਡ ਚੱਕ ਲਮੋਚੜ ਵਿਚ ਕਮੇਟੀ ਬਣੀ ਹੈ। ਇਸ ਜ਼ਿਲ੍ਹੇ ਦੇ ਇੱਕ ਗੁਰਸਿੱਖ ਬਲਵੰਤ ਸਿੰਘ ਨੇ ਕਮੇਟੀਆਂ ਬਣਾਉਣ ਦਾ ਬੀੜਾ ਚੁੱਕਿਆ ਹੈ। ਮਾਨਸਾ ਜ਼ਿਲ੍ਹੇ ਵਿਚ ਨਸ਼ਿਆਂ ਖ਼ਿਲਾਫ਼ ਪਰਮਿੰਦਰ ਸਿੰਘ ਝੋਟਾ ਦੀ ਸਰਗਰਮੀ ਮਗਰੋਂ ਮਾਹੌਲ ਬਣਨ ਲੱਗਾ ਹੈ ਜਿਸ ਨੂੰ ਪੁਲੀਸ ਨੇ ਜੇਲ੍ਹ ’ਚ ਬੰਦ ਕੀਤਾ ਹੋਇਆ ਹੈ। ਪਿੰਡ ਤੁੰਗਵਾਲੀ ਦੇ ਨੰਬਰਦਾਰਾਂ ਨੇ ਮਤਾ ਪਾਸ ਕਰਕ ਨਸ਼ਾ ਤਸਕਰਾਂ ਦੀ ਜ਼ਮਾਨਤ ਨਾ ਕਰਾਉਣ ਦਾ ਫ਼ੈਸਲਾ ਕੀਤਾ ਹੈ। ਹਮੀਦੀ ਪਿੰਡ ਦੀ ਪੰਚਾਇਤ ਨੇ ਵੀ ਨਸ਼ਾ ਤਸਕਰਾਂ ਦੀ ਪੈਰਵੀ ਨਾ ਕਰਨ ਦਾ ਮਤਾ ਪਾਇਆ ਹੈ।

                                           ਘੱਟ ਨਹੀਂ ਰਿਹਾ ‘ਚਿੱਟੇ’ ਦਾ ਕਹਿਰ

ਪੰਜਾਬ ’ਚ ਨਿੱਤ ਦਿਨ ‘ਚਿੱਟਾ’ ਸੱਥਰ ਵਿਛਾ ਰਿਹਾ ਹੈ। ‘ਆਪ’ ਸਰਕਾਰ ਨੇ ਪੁਲੀਸ ਕੇਸਾਂ ਦਾ ਅੰਕੜਾ ਤਾਂ ਪੇਸ਼ ਕੀਤਾ ਹੈ ਪ੍ਰੰਤੂ ਮੌਤ ਦੇ ਮੂੰਹ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਹਾਲੇ ਘਟੀ ਨਹੀਂ ਹੈ। ਵਿਰੋਧੀ ਧਿਰ ਵਿਚ ਹੁੰਦਿਆਂ ‘ਆਪ’ ਨੇ ‘ਚਿੱਟੇ’ ਨੂੰ ਮੁੱਖ ਮੁੱਦਾ ਬਣਾਇਆ ਸੀ। ਪੰਜਾਬ ਸਰਕਾਰ ਨੇ ਇਸ ਪਾਸੇ ਬੱਝਵੇਂ ਉਪਰਾਲੇ ਨਾ ਕੀਤੇ ਤਾਂ ਸੁਆਲ ਉੱਠਣੇ ਸੁਭਾਵਿਕ ਹੋਣਗੇ।

                                     ਕਿਸਾਨਾਂ ਦੇ ਦਿੱਲੀ ਮੋਰਚੇ ਤੋਂ ਮਿਲੀ ਪ੍ਰੇਰਣਾ

ਬੇਸ਼ੱਕ ਪੰਜਾਬ ’ਚ ਨਸ਼ਿਆਂ ਦਾ ਬੋਲਬਾਲਾ ਸਿਆਸੀ ਮੁੱਦੇ ਵਜੋਂ ਕਾਫ਼ੀ ਸਮੇਂ ਤੋਂ ਉੱਭਰਿਆ ਹੋਇਆ ਹੈ ਪ੍ਰੰਤੂ ਲੋਕ ਲਹਿਰ ਪਹਿਲੀ ਦਫ਼ਾ ਉੱਠੀ ਹੈ। ਮਾਲਵੇ ਦੇ ਕਰੀਬ ਅੱਠ ਜ਼ਿਲ੍ਹਿਆਂ ਵਿਚ ਜੁਲਾਈ ਦੇ ਅੱਧ ਤੋਂ ਬਾਅਦ ਲੋਕਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਬਿਗਲ ਵਜਾਇਆ ਹੈ। ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਵੱਲੋਂ ਲੜੀ ਜੰਗ ਇਸ ਨਵੀਂ ਲਹਿਰ ਲਈ ਰਾਹ ਦਸੇਰਾ ਹੈ। ਜਦੋਂ ਸਰਕਾਰ ਤੋਂ ਵੀ ਝਾਕ ਮੁੱਕ ਗਈ ਅਤੇ ਪਿੰਡਾਂ ਵਿਚ ਚਿੱਟੇ ਦਾ ਕਹਿਰ ਜਾਰੀ ਰਿਹਾ ਤਾਂ ਲੋਕ ਆਪ ਮੁਹਾਰੇ ਉੱਠੇ ਹਨ।

No comments:

Post a Comment