Saturday, July 15, 2023

ਹੱਸਦੀ ਨੇ ਫੁੱਲ ਮੰਗਿਆ..
ਚਰਨਜੀਤ ਭੁੱਲਰ

ਚੰਡੀਗੜ੍ਹ : ਅੱਸੀਵੇਂ ਦਹਾਕੇ ਵਾਲੀ ਪ੍ਰੈਸ਼ਰ ਕੁੱਕਰ ਦੀ ਟੀਵੀ ਮਸ਼ਹੂਰੀ ਨੂੰ ਕੌਣ ਭੁੱਲਿਐ , ‘ਜੋ ਬੀਵੀ ਸੇ ਕਰੇ ਪਿਆਰ, ਵੋਹ ਕੈਸੇ ਕਰੇ ਇਨਕਾਰ’। ਪ੍ਰੇਮੀ ਜਣੋ! ਉਨ੍ਹਾਂ ਦਿਨਾਂ ’ਚ ਅਕਸਰ ਪ੍ਰੈਸ਼ਰ ਕੁੱਕਰ ਫਟ ਜਾਂਦੇ ਸਨ, ਬੀਵੀ ਦੀ ਸੁਰੱਖਿਆ ਦਾ ਖ਼ਿਆਲ ਰੱਖਣ ਵਾਲੇ ਉਸੇ ਕੰਪਨੀ ਦਾ ਕੁੱਕਰ ਖ਼ਰੀਦਦੇ ਸਨ। ਅੱਜ ਦੀ ਬੀਵੀ ਦੀ ਮਥਰਾ ਜੱਗੋਂ ਨਿਆਰੀ ਹੈ। ਜਦੋਂ ਸਿਰ ਦਾ ਸਾਈਂ ਡੀਸੀ ਹੋਵੇ ਤਾਂ ਫਿਰ ਬੀਵੀ ਨੇ ਕੁੱਕਰ ਕੀ ਸਿਰ ’ਚ ਮਾਰਨੈ, ਪ੍ਰੈਸ਼ਰ ਹੀ ਕਾਫ਼ੀ ਹੈ। ‘ਤੈਨੂੰ ਤਾਪ ਚੜ੍ਹੇ, ਮੈਂ ਹੂੰਗਾਂ’ ਵਾਲੇ ਜ਼ਮਾਨੇ ਹੁਣ ਕਿਥੇ ਰਹੇ ਨੇ। ਹੁਣ ਤਾਂ ਬਾਗ਼ਾਂ ’ਤੇ ਬਹਾਰਾਂ ਦੀ ਰੁੱਤ ਹੈ।
ਆਓ ਪਹਿਲਾਂ ਮਾਜਰਾ ਸਮਝੀਏ। ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ‘ਮੋਤੀਆਂ ਵਾਲੀ ਸਰਕਾਰ’ ਸੀ ਜੀਹਨੇ ਮੁਹਾਲੀ ’ਚ ਜ਼ਮੀਨ ਐਕੁਆਇਰ ਕਰਨੀ ਸੀ। ਜਿਹੜੇ ਅਫ਼ਸਰ ਭੋਂ ਪ੍ਰਾਪਤੀ ਵਾਲੇ ਫ਼ੈਸਲੇ ਦਾ ਹਿੱਸਾ ਬਣੇ, ਓਨਾਂ ਜਨਾਬਾਂ ਨੇ ਪਹਿਲਾਂ ਰਾਤੋਂ ਰਾਤ ਬੀਵੀਆਂ ਦੇ ਨਾਮ ’ਤੇ ਜ਼ਮੀਨ ਖਰੀਦੀ, ਫਿਰ ਲੱਗਦੇ ਹੱਥ ਜ਼ਮੀਨ ’ਤੇ ਅਮਰੂਦਾਂ ਦੇ ਬਾਗ਼ ਵੀ ਲਾ’ਤੇ। ਲਓ ਜੀ, ਸਾਡੇ ਪੰਜਾਬੀ ਅਫ਼ਸਰ ਰੱਬ ਤਾਂ ਨਹੀਂ ਪਰ ਰੱਬ ਤੋਂ ਘੱਟ ਵੀ ਨਹੀਂ। ਦੇਖੋ ਪ੍ਰਭੂ ਦਾ ਕ੍ਰਿਸ਼ਮਾ! ਜਿੰਨੇ ਪੌਦੇ 20 ਏਕੜ ’ਚ ਲੱਗਦੇ ਨੇ, ਓਨ੍ਹੇ ਪੌਦੇ ਇਨ੍ਹਾਂ ਇੱਕ ਇੱਕ ਏਕੜ ’ਚ ਲਾ ਦਿੱਤੇ। ਜਿੰਨੇ ਪੌਦੇ, ਓੁਨਾ ਮੁਆਵਜ਼ਾ ਤੇ ਰੰਗ ਚੋਖਾ।
ਕਰੂੰਬਲਾਂ ਫੁੱਟਣ ਤੋਂ ਪਹਿਲੋਂ ਹੀ ਬਾਗ਼ ਐਕੁਆਇਰ ਹੋ ਗਏ। ਬੀਵੀਆਂ ਤੋਂ ਚਾਅ ਨਾ ਚੁੱਕਿਆ ਜਾਵੇ, ਜਦੋਂ ਪਤੀ ਦੇਵ ਬਾਗ਼ਾਂ ਦੇ ਮੁਆਵਜ਼ੇ ਦੀਆਂ ਪੰਡਾਂ ਸਿਰ ’ਤੇ ਚੁੱਕੀ ਆਉਣ। ਹੁਣ ਵਿਜੀਲੈਂਸ ਆਖਦੀ ਪਈ ਐ ਕਿ ਚੌਕੀਦਾਰ ਤਾਂ ਚੋਰਾਂ ਨਾਲ ਰਲਿਆ ਸੀ। ਵਰਿੰਦਰ ਕੁਮਾਰ ਜੀ, ਮੰਨਿਆ ਤੁਸੀਂ ਵਿਜੀਲੈਂਸ ਮੁਖੀ ਹੋ, ਪਰ ਬੋਲੋ ਤਾਂ ਸ਼ੁੱਭ ਸ਼ੁੱਭ, ਅੰਮ੍ਰਿਤਕਾਲ ’ਚ ਕੋਈ ਇੰਜ ਬੋਲਦੈ। ਏਹ ਅਧਿਕਾਰੀ ਜਨ ਵੀ ਆਪਣੇ ਭਰਾ ਨੇ। ਪਤਾ ਨਹੀਂ ਕਿਹੜੀ ਮਜਬੂਰੀ ’ਚ ਬਾਗ਼ ਲਾਏ ਹੋਣਗੇ। ਤੁਸੀਂ ਆਖਦੇ ਪਏ ਹੋ ਕਿ ਬਾਗ਼ ਫ਼ਰਜ਼ੀ ਸੀ। ਗਾਇਕਾ ਪ੍ਰਕਾਸ਼ ਕੌਰ ਤੋਂ ਜਾਣੋਂ ਬਾਗਾਂ ਦੀ ਰਮਜ਼, ‘ਤੂੰ ਕਾਹਦਾ ਪਟਵਾਰੀ, ਮੁੰਡਾ ਮੇਰਾ ਰੋਵੇਂ ਅੰਬ ਨੂੰ।’
ਇਨ੍ਹਾਂ ਬੀਵੀਆਂ ਨੇ ਜ਼ਰੂਰ ਮਿਹਣਾ ਮਾਰਿਆ ਹੋਊ, ‘ਮੁੰਡਾ ਮੇਰਾ ਰੋਵੇ ਅੰਬ ਨੂੰ, ਕਿਤੇ ਬਾਗ਼ ਨਜ਼ਰ ਨਾ ਆਵੇ।’ ਅੱਗਿਓਂ ਮੀਆਂ ਜੀ ਨੇ ਅਲਾਦੀਨ ਦੇ ਚਿਰਾਗ਼ ਵਾਂਗੂ ਬਾਗ਼ ਪ੍ਰਗਟ ਕਰ ਦਿੱਤੇ। ਸੱਸ-ਜਾਈਆਂ ਬਾਗੋ ਬਾਗ਼ ਹੋ ਗਈਆਂ। ਸਤੌਜ ਵਾਲਿਓ! ਜੇ ਰਾਂਝਾ 12 ਸਾਲ ਮੱਝੀਆਂ ਚਾਰ ਸਕਦੈ, ਲਾਲਾ ਇੰਦਰ ਮੱਲ ਰਾਵੀ ’ਚ ਛਾਲ ਮਾਰ ਸਕਦੈ, ਮਹੀਵਾਲ ਪੱਟ ਚੀਰ ਸਕਦੈ, ਫ਼ਰਹਾਦ ਪਹਾੜ ਚੀਰ ਸਕਦੈ, ਹੁਣ ਦੱਸੋ ਭਲਾ! ਕੀ ਲੋਹੜਾ ਆ ਗਿਆ ਜੇ ਇਨ੍ਹਾਂ ਅਫ਼ਸਰਾਂ ਨੇ ਬੀਵੀਆਂ ਦੇ ਪਿਆਰ ’ਚ ਚਾਰ ਬੂਟੇ ਲਾ’ਤੇ। ਪੂਰੇ ਪੰਜਾਬ ਨੇ ਅਸਮਾਨ ਸਿਰ ’ਤੇ ਚੁੱਕਿਐ, ਅਖੇ ਬਾਗ਼ਾਂ ਦਾ ਘਪਲਾ ਹੋ ਗਿਆ। ਆਖ਼ਰ ਗਿੱਠ ਗਿੱਠ ਦੇ ਬੂਟਿਆਂ ਨੇ ਭਰਵਾਂ ਬਾਗ਼ ਤਾਂ ਇੱਕ ਦਿਨ ਬਣਨਾ ਹੀ ਸੀ। ਇੱਕ ਤਾਂ ਏਹ ਸਰਕਾਰ ਕਾਹਲੀ ਬਹੁਤ ਐ!
ਪ੍ਰੋ.ਪੂਰਨ ਸਿੰਘ ਨੇ ਸੱਚ ਆਖਿਐ, ‘ਪਿਆਰ ਨਾਲ ਇਹ ਕਰਨ ਗ਼ੁਲਾਮੀ’। ਇਨ੍ਹਾਂ ਅਫ਼ਸਰੀ ਘਰਾਂ ’ਚ ਕੋਈ ਲੱਛਮੀ ਦਾ ਘਾਟੈ, ਬੱਸ ਇਨ੍ਹਾਂ ਨੇ ਤਾਂ ਬੀਵੀਆਂ ਦੀ ਫ਼ਰਮਾਇਸ਼ ਪੂਰੀ ਕੀਤੀ ਹੈ। ‘ਹੱਸਦੀ ਨੇ ਫੁੱਲ ਮੰਗਿਆ, ਸਾਰਾ ਬਾਗ਼ ਹਵਾਲੇ ਤੇਰੇ’। ਜਨਾਬ ਹੋਰਾਂ ਨੇ ਬਾਗ਼ਾਂ ਨੂੰ ਲੈ ਕੇ ਪਤਾ ਨਹੀਂ ਕੀ ਕੀ ਸੁਪਨੇ ਲਏ ਸਨ। ਔਹ ਦੇਖੋ, ਧਰਮਿੰਦਰ ਵੀ ਇਹੋ ਤਰਜ਼ ਲਾ ਰਿਹੈ, ‘ਚੱਲ ਚਮੇਲੀ ਬਾਗ਼ ਮੇਂ, ਮੇਵਾ ਖਿਲਾਊਂਗਾ।’ ਸੱਚ ਪੁੱਛੋ ਤਾਂ ਜਦੋਂ ਤੋਂ ਗਲੇਸ਼ੀਅਰ ਪਿਘਲਣੇ ਸ਼ੁਰੂ ਹੋਏ ਨੇ, ਇਨ੍ਹਾਂ ਅਫ਼ਸਰਾਂ ਨੂੰ ਕਦੇ ਨੀਂਦ ਨਹੀਂ ਆਈ। ‘ਇੱਕ ਰੁੱਖ ਲਾਓ, ਸੌ ਸੁੱਖ ਪਾਓ’ ਦੀ ਸੋਚ ’ਚ ਇਨ੍ਹਾਂ ਬਾਗ਼ ਲਾਏ। ਸਰਕਾਰ ਨੇ ਬਾਗ਼ ਐਕੁਆਇਰ ਕਰਕੇ ਰੰਗ ਵਿਚ ਭੰਗ ਪਾ ਦਿੱਤੀ। ਦੇਰ ਸਵੇਰ ਆਲਮੀ ਤਪਸ਼ ਵਧੀ ਤਾਂ ਫੇਰ ਇਨ੍ਹਾਂ ਨੂੰ ਉਲਾਂਭਾ ਨਾ ਦੇਣਾ।
ਕਿੰਨਾ ਖ਼ੂਨ ਪਸੀਨਾ ਵਹਾ ਕੇ ਇਨ੍ਹਾਂ ਬਾਗ਼ ਚਲਾਏ ਸਨ। ਸਰਕਾਰ ਨੇ ਇਸ ਮੁੜ੍ਹਕੇ ਦਾ ਮੁੱਲ ਵੀ ਨਹੀਂ ਪਾਇਆ। ‘ਰੱਬ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ’, ਜਨਾਬ ਬਾਗ਼ ਲਾਉਣ ਦੀ ਭੁੱਲ ਕਰ ਬੈਠੇ। ਕਿਸੇ ਸੱਚ ਆਖਿਐ, ‘ਰੱਬ ਨੇੜੇ ਕਿ ਘਸੁੰਨ’। ਬੀਵੀਆਂ ਨੂੰ ਤਾਂ ਇਨ੍ਹਾਂ ਸਾਹਿਬਾਂ ਨੇ ਖ਼ੁਸ਼ ਕਰ’ਤਾ, ਰੱਬ ਰੁੱਸ ਗਿਆ ਹੋਣੈ। ਐਸੀ ਰੱਬ ਦੀ ਕਰਨੀ, ਵਿਜੀਲੈਂਸ ਨੇ ਦੱਬੇ ਮੁਰਦੇ ਕੱਢ ਮਾਰੇ। ਹੁਣ ਸਾਰਾ ਕੱਠ ਹੀ ਸਾਧ ਦੀ ਭੂਰੀ ’ਤੇ ਲੱਗਦੈ। ਕਿਸੇ ਡੇਰਿਓਂ ਬੋਲ ਗੂੰਜੇ ਨੇ, ‘ਮਿੱਠੇ ਬੇਰ ਨੇ ਬੇਰੀਏ ਤੇਰੇ, ਸੰਗਤਾਂ ਨੇ ਇੱਟ ਮਾਰਨੀ’। ਹਰੇ ਭਰੇ ਬਾਗ਼ਾਂ ਨੂੰ ਰੋੜੇ ਮਾਰਨ ਵਾਲਿਆਂ ਦਾ ਕੱਖ ਨਾ ਰਹੇ।
ਬੀਵੀਆਂ ਦੇ ਬੋਲ ਪੁਗਾਉਣ ਵਾਲੇ ਹੁਣ ਡੀਸੀ ਤੇ ਕਮਿਸ਼ਨਰ ਲੱਗੇ ਹੋਏ ਨੇ। ਇਨ੍ਹਾਂ ਭਲੇ ਪੁਰਸ਼ਾਂ ਨੇ ਤਾਂ ਕਰਵਾ ਚੌਥ ਦਾ ਹੀ ਮੁੱਲ ਮੋੜਿਆ ਸੀ, ਵਿਜੀਲੈਂਸ ਤੋਂ ਜਰ ਨਾ ਹੋਇਆ। ‘ਸਬਰ ਦੀ ਜੜ੍ਹ ਕੌੜੀ, ਫਲ ਮਿੱਠਾ ਹੁੰਦਾ ਹੈ।’ ਪਿਆਰਿਓ! ਘਬਰਾਉਣਾ ਨਹੀਂ, ਸਿਸਟਮ ਵਿਚ ਬੈਠੇ ਸਭ ਥੋਡੇ ਆਪਣੇ ਹੀ ਤਾਂ ਹਨ, ਮੁਖੌਟਿਆਂ ’ਤੇ ਨਾ ਜਾਓ। ਔਖੇ ਸੌਖੇ ਚਾਰ ਦਿਨ ਕੱਢ ਲੈਣਾ, ਫ਼ੁਰਸਤ ਮਿਲੇ ਤਾਂ ਰੇਡੀਉ ਵਜਾ ਲੈਣਾ, ‘ਜਬ ਕੋਈ ਬਾਤ ਬਿਗੜ ਜਾਏ, ਜਬ ਕੋਈ ਮੁਸ਼ਕਲ ਪੜ ਜਾਏ, ਤੁਮ ਦੇਨਾ ਸਾਥ ਮੇਰਾ’। ਔਹ ਦੇਖੋ, ਰੱਬ ਹਾਲੇ ਵੀ ਬੰਦੇ ਦੀਆਂ ਸਕੀਮਾਂ ’ਤੇ ਹੱਸਦਾ ਪਿਆ ਏ। ਦੁਨੀਆ ਸਾਜਣ ਵਾਲੇ ਨੂੰ ਇਹ ਨਹੀਂ ਪਤਾ ਕਿ ਜੇ ਉਹ ਰੱਬ ਹੈ ਤਾਂ ਧਰਤੀ ’ਤੇ ਇਹ ਰੱਬ ਨੇ। ਅਰਥਾਤ ਧਰਤੀ ’ਤੇ ਇਨ੍ਹਾਂ ਦਾ ਰਾਜ ਐ।
ਜੇ ਸਰਕਾਰ ਦੇ ਘਰੋਂ ਮੁਫ਼ਤ ’ਚ ਤੇਲ ਮਿਲਦਾ ਹੋਵੇ ਤਾਂ ਜੁੱਤੀ ’ਚ ਪਵਾ ਲੈਣਾ ਚਾਹੀਦਾ ਹੈ। ਇਨ੍ਹਾਂ ਅਫ਼ਸਰਾਂ ਨੇ ਚਾਰ ਛਿੱਲੜ ਕੀ ਲੈ ਲਏ , ਰੱਬ ਦਾ ਢਿੱਡ ਦੁੱਖਣ ਲੱਗ ਗਿਆ। ਕਦੇ ਰੱਬ ਇਨ੍ਹਾਂ ਦੇ ਅੜਿੱਕੇ ਆਇਆ, ਫੇਰ ਕੱਢਣਗੇ ਰੱਬਗਿਰੀ। ਲੱਗਦੈ ਰੱਬ ਨੇ ਉਹ ਮਸ਼ਹੂਰੀ ਨਹੀਂ ਦੇਖੀ ਹੋਣੀ, ‘ਖ਼ੂਬ ਜੰਮੇਗਾ ਰੰਗ, ਜਬ ਮਿਲ ਬੈਠੇਂਗੇ ਤੀਨ ਯਾਰ’। ਵਿਜੀਲੈਂਸ ਦੀ ਐਫਆਈਆਰ ’ਚ ਤਿੱਕੜੀ ਦਾ ਸਿੱਧਾ ਅਸਿੱਧਾ ਨਾਮ ਬੋਲਦੈ। ਸਾਡੇ ਤਾਂ ’ਕੱਲਾ ਪਟਵਾਰੀ ਮਾਣ ਨਹੀਂ ਹੁੰਦਾ, ਸੁੱਖ ਨਾਲ ਇਸ ਮਾਮਲੇ ’ਚ ਤਾਂ ਪਟਵਾਰੀ ਦੇ ਨਾਲ ਡੀਸੀ ਵੀ ਹੈ ਤੇ ਕਮਿਸ਼ਨਰ ਵੀ। ਅਮਰੂਦਾਂ ਨੇ ਐਵੇਂ ਥੋੜ੍ਹਾ ਮਹਿਕਾਂ ਛੱਡੀਆਂ ਨੇ।
ਸਿਆਣੇ ਆਖਦੇ ਨੇ ਕਿ ਜਦੋਂ ਚੂਹੇ ਤੇ ਬਿੱਲੀ ’ਚ ਸਮਝੌਤਾ ਹੋ ਜਾਵੇ ਤਾਂ ਸਮਝੋ ਹੱਟੀ ਵਾਲੇ ਦੀ ਸ਼ਾਮਤ ਆ ਗਈ। ਹਜ਼ੂਰ ਏ ਆਲਾ! ਭਲੇ ਦਿਨ ਆਉਣਗੇ ਨਹੀਂ, ਆ ਗਏ ਨੇ। ਆਰਾਮ ਨਾਲ ਕੁਰਸੀਆਂ ਮਾਣੋ, ਤੱਤੀ ਵਾਅ ਨਹੀਂ ਲੱਗੇਗੀ। ਸੱਚੇ ਪ੍ਰੇਮੀਆਂ ਦੇ ਘਰਾਂ ਤੋਂ ਵਿਜੀਲੈਂਸ ਦਾ ਪਰਛਾਵਾਂ ਵੀ ਡਰਦੈ। ਜੇਲ੍ਹ ਭੇਜਣ ਵਾਸਤੇ ਹੋਰ ਬਹੁਤ ਨੇ। ਇਸੇ ਘਪਲੇ ਵਿਚ ਇੱਕ ਬਿਰਧ ਮਾਈ ਵੀ ਜੇਲ੍ਹ ਜਾ ਆਈ। ਘਰੇ ਜਾ ਕੇ ਉਹ ਜ਼ਰੂਰ ਪਤੀ ਪਰਮੇਸ਼ਰ ਨਾਲ ਲੜੀ ਹੋਵੇਗੀ ਕਿ ‘ਢਹਿ ਜਾਣਿਆਂ, ਤੂੰ ਵੀ ਚਾਰ ਜਮਾਤਾਂ ਪੜ੍ਹ ਕੇ ਡੀਸੀ ਲੱਗ ਜਾਂਦਾ, ਮੈਂ ਤਾਂ ਜੇਲ੍ਹ ਤੋਂ ਬਚਦੀ। ’
ਮੁਆਫ਼ ਕਰਨਾ, ਅਸਾਂ ਐਵੇਂ ਸਰਕਾਰੀ ਕੰਮ ਵਿਚ ਦਖ਼ਲ ਦੇ ਦਿੱਤਾ। ਬਾਤ ਦਾ ਬਤੰਗੜ ਬਣਦਿਆਂ ਦੇਰ ਨਹੀਓਂ ਲੱਗਦੀ। ਨਾਲੇ ਹੁਣ ਰੱਬ ਵੀ ਤਾਂ ਬੰਦਿਆਂ ਵਰਗਾ ਹੋ ਗਿਐ, ਕੀ ਪਤੈ ਕੱਲ੍ਹ ਨੂੰ ਉਹ ਵੀ ਸਰਕਾਰ ਨਾਲ ਜਾ ਖੜ੍ਹੇ। ਸਾਨੂੰ ਤਾਂ ਭਗਤ ਕਬੀਰ ਦੇ ਲੜ ਹੀ ਲੱਗਣਾ ਪੈਣੈ, ‘ਕਬੀਰਾ ਤੇਰੀ ਝੌਪੜੀ ਗਲ ਕਟਿਅਨ ਕੇ ਪਾਸ, ਕਰਨਗੇ ਸੋ ਭਰਨਗੇ, ਤੁਮ ਕਿਉਂ ਭਏ ਉਦਾਸ।’
(10 July 2023)

No comments:

Post a Comment