Showing posts with label New Vichli gall. Show all posts
Showing posts with label New Vichli gall. Show all posts

Thursday, May 21, 2026

 ਦੌਲਤ, ਦਲਾਲ ਤੇ ਦਲੇਰ ਸਿੰਘ
  ਚਰਨਜੀਤ ਭੁੱਲਰ  

ਚੰਡੀਗੜ੍ਹ : ਗੁਰਮੁਖੋ ! ਪੈਸਾ ਤਾਂ ਹੱਥਾਂ ਦੀ ਮੈਲ ਹੈ। ਮੁਹਾਲੀ ’ਚ ਐਸੀ ਕਲਾ ਵਰਤੀ, ਰੱਬ ਨੇ ਮੈਲ ਦੇ ਭਰੇ ਬੈਗ ਵਗਾਹ ਮਾਰੇ। ਫਲੈਟਾਂ ’ਚ ਲੁਕੇ ਇਨਕਲਾਬ ਨੇ ਬੁੱਚ ਲਏ। ਨਾਗਣੀ ਮਾਇਆ ਕਿਤੇ ਡੱਸ ਨਾ ਲਵੇ, ਨਵੇਂ ਫਲੈਟਪੁਰੀਏ ਨੇ ਨੌਵੀਂ ਮੰਜ਼ਿਲ ਤੋਂ ਬੈਗ ਏਅਰ ਲਿਫ਼ਟ ਕਰ’ਤੇ।ਜਵਾਨਾ! ਫਲੈਟਾਂ ’ਚ ਲਿਫ਼ਟ ਝੂਟੇ ਲੈਣ ਲਈ ਨੀ ਹੁੰਦੀ। ਲੱਛਮੀ ਨੂੰ ਕੋਈ ਇੰਜ ਧੱਕੇ ਮਾਰਦੈ, ਅਦਬ ਕਰਨਾ ਸਿੱਖੋ। ਸੰਜੀਵ ਅਰੋੜਾ ਸੱਚ ਆਖਦੈ, ਬਈ! ਧੱਕੇ ਨੀ ਮਾਰਨੇ। ਦੌਲਤ ਦੀ ਏਨੀ ਬੇਅਦਬੀ, ਰਹੇ ਰੱਬ ਦਾ ਨਾਂ। ਥੋਡੇ ਨਾਲੋਂ ਤਾਂ ਚੰਨੀ ਦਾ ਭਤੀਜਾ ਸੌ ਗੁਣਾ ਚੰਗੈ। ਕਸ਼ਟ ਝੱਲ ਗਿਆ, ਦੌਲਤ ਨੂੰ ਧੱਕੇ ਨੀ ਮਾਰੇ।

       ਵੱਡੇ ਬਾਦਲ ਆਖਦੇ ਹੁੰਦੇ ਸੀ, ‘ਮੈਂ ਤਾਂ ਤੁਰੀ ਜਾਂਦੀ ਕੀੜੀ ਦੇਖ ਲੈਨਾਂ।’ ਅਨਾੜੀਓ, ਥੋਨੂੰ ਫਲੈਟਾਂ ਚੋਂ ਏਡੀ ਵੱਡੀ ਈਡੀ ਨੀ ਦਿਖੀ। ਚੋਣਾਂ ਵੀ ਕੇਹੀ ਸ਼ੈਅ ਨੇ, ਬਲਵੀਰ ਬੋਪਾਰਾਏ ਨੇ ਹੇਕ ਲਾਈ ‘ਦੇ ਲੈ ਗੇੜਾ..’, ਕੇਂਦਰੀ ਏਜੰਸੀਆਂ ਨੇ ਬੋਲ ਪੁਗਾ’ਤੇ। ਅਖੇ, ਪੰਜਾਬ ਚੰਬਲ ਦੀ ਘਾਟੀ ਵਰਗੈ। ਨਾਲੇ ਘਾਟੀ ’ਚ ਮੈਲ ਦਾ ਕਾਹਦਾ ਘਾਟਾ। ਡੱਡਾਂ ਕਦੋਂ ਕਦੋਂ ਪਾਣੀ ਪੀਂਦੀਆਂ ਨੇ, ਸੀਬੀਆਈ ਤੇ ਈਡੀ ਨੂੰ ਸਭ ਪਤੈ। ਪਤੰਦਰ ਸਿੱਧੇ ਵਿਜੀਲੈਂਸ ਦੇ ਛੱਪੜ ’ਚ ਜਾ ਵੜੇ। ‘ਤੇਰੇ ਮੇਰੇ ਪਿਆਰ ਦੀਆਂ, ਗੱਲਾਂ ਹੋਣ ਸੰਤਾਂ ਦੇ ਡੇਰੇ।’

        ਜਿਵੇਂ ਮੋਟਰ ਤੇ ਵੋਟਰ ਦਾ ਇੱਕੋ ਸੁਭਾਅ ਐ, ਉਵੇਂ ਰੀਡਰ ਤੇ ਲੀਡਰ ਵੀ ਸਾਂਢੂ ਹੀ ਹੁੰਦੇ ਨੇ। ਵਿਜੀਲੈਂਸ ਮੁਖੀ ਦਾ ਰੀਡਰ, ਏਨਾ ਬੀਬਾ ਰਾਣਾ, ਨਹੀਂ ਕਿਸੇ ਗੱਲੋਂ ਕਾਣਾ, ਫਿਰ ਵੀ ਸੀਬੀਆਈ ਆਲੇ ਪੈ ਨਿਕਲੇ। ਉੱਪਰੋਂ ਫਾਰਮੈਲਿਟੀ ਕਰ ਰਹੇ ਨੇ, ‘ਮੁੱਝ ਕੋ ਰਾਣਾ ਜੀ ਮਾਫ਼ ਕਰਨਾ..।’ ਸੰਘੀ ਏਜੰਸੀ ਨੂੰ ਹੱਥ ਜੋੜ ਅਰਜੋਈ, ਭਾਈ ਸੰਘੀਓ! ਕਾਹਤੋਂ ਮਾਇਆਵਾਦ ਦੀ ਸੰਘੀ ਨੂੰ ਹੱਥ ਪਾਇਐ। ਇੱਕ ਨਾਟਕ ਵਿਚਲਾ ਪਾਤਰ ਆਖਦੈ, ‘ਹਮ ਏਸ ਨਾਗਣੀ ਮਾਇਆ ਕੋ ਹਾਥ ਨਹੀਂ ਲਗਾਤੇ, ਇਸ ਕੋ ਸੰਤੋਂ ਕੀ ਝੋਲੀ ਮੇ ਡਾਲ ਦੋ।’ ਸ਼ਹਿਦ ਖਾਣਾ ਹੋਵੇ ਤਾਂ ਡੰਗ ਸਹਿਣਾ ਪੈਂਦੈ।

       ਅਸਲ ’ਚ ਸਾਰਾ ਪੁਆੜਾ ਰੱਬ ਨੇ ਪਾਇਐ। ਸ੍ਰਿਸ਼ਟੀ ਸਾਜ ਕੇ ਜਦੋਂ ਰੱਬ ਲੁਕਣ ਲੱਗਿਆ ਤਾਂ ਅੱਗਿਓ ਨੇਤਾ ਜਣਾਂ ਨੇ ਵਲ ਲਿਆ। ਰੱਬ ਨੇ ਗਾਜਰਾਂ ਦਾ ਟੋਕਰਾ ਵਗਾਹ ਮਾਰਿਆ। ਓਹ ਦਿਨ ਤੇ ਆਹ ਦਿਨ, ਨੇਤਾ ਜੀ ਰੰਬਾ ਗਾਜਰਾਂ ਚੋਂ ਨੀ ਕੱਢ ਰਹੇ। ‘ਤੂੜੀ ਗਲੀ ਪਈ ਸੀ, ਬਲਦ ਵੀ ਭੁੱਖਾ ਸੀ, ਦੋਵਾਂ ਦਾ ਸਰ ਗਿਆ।’ ਪੰਜਾਬੀ ਮੋਰਚਾ ਵੇਲੇ ਭਾਸ਼ਾ ਨੂੰ ਲੈ ਕੇ ਰੌਲਾ ਪਿਆ ਸੀ। ਨਾਅਰੇ ਲੱਗੇ ਸਨ, ‘ਊੜਾ ਈੜੀ ਨਹੀਂ ਪੜ੍ਹਾਂਗੇ।’ ਉਸੇ ਈਡੀ ਨੇ ਹੁਣ ਪੰਜਾਬ ਨੂੰ ਪੜ੍ਹਨੇ ਪਾਇਐ। ਲਾਲਚ ਦੀ ਵਰਨਮਾਲਾ ਕੀ ਨੇਤਾ, ਕੀ ਅਫ਼ਸਰ, ਸਭ ਪੜ੍ਹ ਰਹੇ ਨੇ।

       ਨੇਤਾਵਾਂ ਦੇ ਮਨਾਂ ’ਚ ਮਾਇਆ ਦਾ ਮੋਹ ਪੈਲਾਂ ਪਾਉਣੋਂ ਨਹੀਂ ਹਟਦਾ। ਤਾਹੀਂ ਆਖਦੇ ਨੇ, ‘ਦਿਲ ਮਾਂਗੇ ਮੋਰ’। ਸੀਬੀਆਈ ਨੇ ਪਿੰਜਰਾ ਚੰਡੀਗੜ੍ਹ ’ਚ ਲਾਇਐ। ਕਦੇ ਕ੍ਰਿਸ਼ਾਨੂ ਫਸ ਜਾਂਦੈ ਅਤੇ ਕਦੇ ਮਲੋਟ ਆਲੇ ਪਿਉ ਪੁੱਤ। ਸੰਘੀ ਏਜੰਸੀਆਂ ਨੇ ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾਇਐ। ਕਦੇ ਇਮਾਨ ਦੇ ਕਿਤੋਂ ਨਮੂਨੇ ਭਰਦੇ ਨੇ ਕਦੇ ਕਿਤੋਂ। ਅਮਿਤਾਭ ਬਚਨ ਹਾਮੀ ਭਰਦੈ, ‘ਇਨਸਾਨ ਕਿਤਨਾ ਗਿਰ ਗਯਾ ਹੈ, ਦੌਲਤ ਕੇ ਸਾਮਨੇ ।’ ਪੰਜਾਬੀ ਸ਼ਾਇਰੋ ਸ਼ਾਇਰੀ ਕਰ ਰਹੇ ਨੇ, ‘ਦਿਲ ਦੀ ਬਸਤੀ ਭੀ ਸ਼ਹਿਰੇ ਦਿੱਲੀ ਹੈ, ਜੋ ਭੀ ਗੁਜ਼ਰਤਾ ਹੈ, ਉਸ ਨੇ ਲੂਟਾ ਹੈ।’

        ਢਾਕੇ ਦੀ ਮਲਮਲ ਵਾਂਗੂ ਅਰੋੜੇ ਵੀ ਵਾਹਵਾ ਮਸ਼ਹੂਰ ਹੋਏ ਨੇ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਜੀਹਨੇ ਕਿੰਨੀ ਭੀੜ ਝੱਲੀ। ਈਡੀ ਅਮਨ ਅਰੋੜਾ ਨੂੰ ਵੀ ਪੈ ਨਿੱਕਲੀ। ‘ਵਾਰਸ ਸ਼ਾਹ ਨਾ ਭੇਤ ਸੰਦੂਕ ਖੁੱਲ੍ਹੇ, ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਵੇ।’ ‘ਪਾਵਰਫੁੱਲ’ ਸੰਜੀਵ ਅਰੋੜਾ, ਬਿਨਾਂ ਮੂੰਹ ਧੋਤੇ ਸਵਖਤੇ ਹੀ ਈਡੀ ਦੇ ਅੱਗੇ ਲੱਗ ਤੁਰੇ। ਪੰਜਾਬ ਗੂੰਜ ਉੱਠਿਆ, ‘ਅਰੋੜਾ ਸਾਬ੍ਹ ਤੇਰੀ ਸੋਚ ’ਤੇ..।’ ਸੰਜੀਵ ਲੁਧਿਆਣਵੀ ਤਾਂ ਮਜ਼ਦੂਰਾਂ ਦਾ ਮਸੀਹਾ ਕਹੋ ਜਿਸ ਨੇ ਦਿਹਾੜੀਦਾਰ ਮਜ਼ਦੂਰ ਦੀ ਫ਼ਰਮ ’ਚ 28 ਕਰੋੜ ਪਾ’ਤੇ। ਹੋਰ ਤੁਸੀਂ ਛਿੱਕੂ ਭਾਲਦੇ ਹੋ।

       ਸਤਿੰਦਰ ਸਰਤਾਜ ਨੇ ਰਾਗ ਛੇੜਿਐ, ‘ਦੌਲਤਾਂ ਤਾਂ ਜੱਗ ’ਤੇ ਬਥੇਰੀਆਂ, ਸਭ ਤੋਂ ਜ਼ਰੂਰੀ ਹੁੰਦੀ ਪੱਤ ਜੀ..।’ ਦਲਾਲੀ ਕਲਾ ਦਾ ਪੁਰਾਤਨ ਨਮੂਨਾ ਵੇਖਣਾ ਹੋਵੇ ਤਾਂ ਨਾਭੇ ਤੇ ਮਲੋਟ ਦਾ ਗੇੜਾ ਲਾਓ। ਅਜੰਤਾ ਅਲੋਰਾ ਦੀਆਂ ਗੁਫਾਵਾਂ ਚੋਂ ਨਾਭੇ ਆਲਾ ਕ੍ਰਿਸ਼ਾਨੂ ਪ੍ਰਗਟ ਹੋਇਆ। ਲਾਲਚੀ ਬੰਦੇ ਨੂੰ ਨਾ ਅਸਮਾਨ ਦਿਸਦਾ, ਨਾ ਪਹਾੜ ਤੇ ਨਾ ਹੀ ਸੀਬੀਆਈ। ਮੁਹੰਮਦ ਸਦੀਕ ਦੀ ਤੂੰਬੀ ਟੁਣਕੀ ,‘ਬੱਗੀ ਤਿੱਤਰੀ ਕਮਾਦੋਂ ਨਿਕਲੀ ਤੇ ਉੱਡਦੀ ਨੂੰ ਬਾਜ ਪੈ ਗਿਆ।’ ਸਕਾਈਲੈਬ ਵਾਂਗੂ ਮੁਹਾਲੀ ਆਲੇ ਫਲੈਟਾਂ ਚੋਂ ਬੈਗ ਕੀ ਡਿੱਗੇ, ਈਡੀ ਆਲੇ ਇੱਕ ਹੋਰ ਨਾਭੇ ਆਲੇ ਵਿਚੋਲੇ ਦੇ ਪਿੱਛੇ ਪੈ ਗਏ।

       ਲੁਧਿਆਣੇ ’ਚ ਖ਼ਬਰ ਫਲੈਸ਼ ਹੋਈ, ‘ਈਡੀ ਦੀ ਵਿਚੋਲਿਆਂ ’ਤੇ ਰੇਡ।’ ਭਾਜੜ ਮੱਚ ਗਈ, ਕਿੰਨੇ ਹੀ ਮੈਰਿਜ ਬਿਊਰੋ ਆਲੇ ਜਿੰਦਰੇ ਮਾਰ ਕੇ ਪੱਤਰੇ ਵਾਚ ਗਏ। ਜੋ ਜਾਗਿਆ, ਉਹੀ ਸਿਆਣਾ। ਪੁਰਾਣੀ ਗੱਲ ਚੇਤੇ ਆਈ ਹੈ। ਉਨ੍ਹਾਂ ਦਿਨਾਂ ’ਚ ਡੇਰਾ ਸਿਰਸਾ ਦੇ ਪ੍ਰੇਮੀਆਂ ਤੇ ਸਿੱਖ ਪੈਰੋਕਾਰਾਂ ਦਾ ਕਲੇਸ਼ ਸਿਖ਼ਰਾਂ ’ਤੇ ਸੀ। ਮੁਖ਼ਬਰ ਨੇ ਸੂਹ ਦਿੱਤੀ ਕਿ ਬਠਿੰਡਾ ਆਲੇ ਚੇਤਕ ਪਾਰਕ ’ਚ ਪ੍ਰੇਮੀ ਬੈਠੇ ਨੇ। ਸਿੰਘਾਂ ਨੇ ਛੱਡ’ਤੇ ਜੈਕਾਰੇ, ਪਾਰਕ ’ਚ ਜਾ ਮਾਰੇ ਲਲਕਾਰੇ, ਬਾਹਰ ਨਿਕਲੋ ਵੱਡੇ ਪ੍ਰੇਮੀਓ। ਪਾਰਕ ਦੀਆਂ ਝਾੜੀਆਂ ’ਚ ਕਿੰਨੇ ਹੀ ਜਵਾਨ ਜੋੜੇ ਹੱਥ ਜੋੜ ਨਿਕਲੇ। ਖ਼ਾਲਸਾ ਜੀ! ਅਸੀਂ ਤਾਂ ਹੀਰ ਰਾਂਝੇ ਦੇ ਵਾਰਸ ਹਾਂ, ਸਿਰਸੇ ਆਲੇ ਦੇ ਨਹੀਂ।

       ਮਲੋਟ ਵੀ ਹੁਣ ਦਲਾਲਗੜ੍ਹ ਬਣਿਐ। ਮਲੋਟ ਆਲੇ ਪਿਉ ਪੁੱਤਾਂ ਨੇ ਰਾਗ ਦਲਾਲਵੀ ਛੇੜਿਆ, ਵਿਜੀਲੈਂਸ ਨੇ ਖੁੱਲ੍ਹ ਕੇ ਦਾਦ ਦਿੱਤੀ। ਪੰਜਾਬੀ ਫ਼ਿਲਮ ਦਾ ਡਾਇਲਾਗ ਐ, ‘ਕਾਕਾ ਜੀ ਪੁਲੀਸ ’ਚ ਨੇ, ਬੱਸ ਇਸ ਨੌਕਰੀ ਦੀ ਕੋਈ ਰੀਸ ਨਹੀਂ, ਚਾਹੇ ਦਿਨਾਂ ’ਚ ਮਹਿਲ ਖੜ੍ਹੇ ਕਰ ਲੋ।’ ਸੰਘੀ ਏਜੰਸੀਆਂ ਦੀ ਮੱਚਦੀ ਅੱਗ ’ਚ ਵੀ ਨਾ ਟਲਣ ਵਾਲੇ ਅਸਲ ’ਚ ਦਲੇਰ ਸਿੰਘ ਹੀ ਹੁੰਦੇ ਨੇ। ਅਗਲਿਆਂ ਨੇ ਵਿਜੀਲੈਂਸ ਦੇ ਵਿਚੋਲੇ ਹੀ ਡੁੱਕ ਲਏ। ਅਕਸ਼ੈ ਕੁਮਾਰ ਇੱਕ ਫ਼ਿਲਮ ’ਚ ਆਖਦੈ, ‘ਕਿਸ ਕੀ ਮਜਾਲ ਜੋ ਛੇੜੇ ਦਲੇਰ ਕੋ, ਗਰਦਿਸ਼ ਮੇ ਘੇਰ ਲੇਤੇ ਹੈ, ਗੀਦੜ ਭੀ ਸ਼ੇਰ ਕੋ।’

       ਜਦੋਂ ਸੋਚਾਂ ਨੂੰ ਸੁੰਡੀ ਪੈ ਜਾਵੇ ਤੇ ਜ਼ਮੀਰਾਂ ਦਾ ਪਾਵਰਕੱਟ ਲੱਗ ਜਾਏ ਤਾਂ ਕਾਲਾ ਧੰਨ ਪੌਸ਼ਟਿਕ ਅਹਾਰ ਬਣਦੈ ਤੇ ਕਿਸੇ ਲਈ ਸਹਾਇਕ ਧੰਦਾ। ਚੋਣਾਂ ਮੌਕੇ ਨੇਤਾ ਜਣ ਕਬੀਰ ਦੇ ਚੇਲੇ ਬਣਦੇ ਨੇ,‘ ਕਬੀਰਾ ਖੜ੍ਹਾ ਬਾਜ਼ਾਰ ਮੇ, ਮਾਂਗੇ ਸਭ ਕੀ ਖ਼ੈਰ।’ ਵੋਟਰਾਂ ਪੱਲੇ ਪੈਂਦੀਆਂ ‘ਸ਼ੁਭ ਇੱਛਾਵਾਂ’ ਹੀ ਨੇ। ਚੋਣ ਜਲਸੇ ’ਚ ਲੱਡੂਆਂ ਦਾ ਲੰਗਰ ਸੀ। ਨਲੈਕ ਪ੍ਰਸ਼ਾਦ ਬੁੱਧੀਜੀਵੀ ਨੇ ਪੁੱਛਿਆ, ਬਈ! ਐਤਕੀਂ ਕੌਣ ਜਿੱਤੂਗਾ। ਅੱਗਿਓਂ ਮਹਾਤੜ ਦਾਸ ਮੂੰਹ ’ਚ ਲੱਡੂ ਪਾਉਂਦਿਆਂ ਬੋਲਿਆ, ਸਾਲਾ ਕੋਈ ਮਰਜ਼ੀ ਜਿੱਤੇ ਪਰ ਆਹ ਕੰਮ ਬੰਦ ਨੀ ਹੋਣਾ ਚਾਹੀਦਾ।

        ਨੇਤਾ ਲੋਕ ਪੰਜ ਸਾਲ ਦਾ ਰੀਚਾਰਜ ਕੂਪਨ ਲੈਂਦੇ ਨੇ, ਫਿਰ ਢੋਲੇ ਦੀਆਂ ਲਾਉਂਦੇ ਨੇ। ਯੂਨਾਈਟਿਡ ਨੇਸ਼ਨਜ਼ ਨੂੰ ਇੱਕ ‘ਢਿੱਡ ਕਮਿਸ਼ਨ’ ਬਣਾਉਣਾ ਚਾਹੀਦੈ ਤਾਂ ਜੋ ਭਾਰਤੀ ਨੇਤਾਵਾਂ ਦੇ ਹਾਜ਼ਮੇ ਦਾ ਰਾਜ਼ ਪਤਾ ਲੱਗ ਸਕੇ। ਕਿੰਨਾ ਕੁੱਝ ਹੀ ਛੱਕ ਜਾਂਦੇ ਨੇ। ਕਾਮਰੇਡ ਹਰਦੇਵ ਅਰਸ਼ੀ ਅੱਕਿਆ ਬੈਠੈ, ‘ਅਖੇ, ਕਾਮਰੇਡ ਕੀ ਕਰਨ, ਸਿਆਸਤ ’ਚ ਤਾਂ ਵਪਾਰੀ ਆ ਵੜੇ।’ ਸ਼ੁਕਰ ਐ, ਲਲਾਰੀ ਨੀ ਕਿਹਾ, ਨਹੀਂ ਤਾਂ ਦਿੱਲੀ ਆਲਿਆਂ ਨੇ ਗ਼ੁੱਸਾ ਮਨਾਉਣਾ ਸੀ।

       ਨੇਤਾ ਲੋਕ ਸੇਵਾ ਵੀ ਸੰਸਾਰੀ ਮੱਲ ਵਾਂਗੂ ਕਰਦੇ ਨੇ। ਮਾਲਕ ਨੇ ਨੌਕਰ ਨੂੰ ਪੁੱਛਿਆ, ਕਾਕਾ ਏਨੀ ਲੇਟ ਆਇਐਂ। ਅੱਗਿਓ ਸੰਸਾਰੀ ਮੱਲ ਬੋਲਿਆ, ਇੱਕ ਅੰਨ੍ਹੇ ਵਿਅਕਤੀ ਨੂੰ ਸੜਕ ਪਾਰ ਕਰੇਂਦਾ ਪਿਆ ਸੀ। ਫਿਰ ਏਨਾ ਟਾਈਮ ਕਿਵੇਂ ਲੱਗ ਗਿਆ। ਸਾਬ੍ਹ! ਅਸਲ ’ਚ ਓਹ ਸੂਰਮਾ ਸਿੰਘ ਸੜਕ ਪਾਰ ਨੀ ਕਰਨਾ ਚਾਹੁੰਦਾ ਸੀ ਪਰ ਦਾਸ ਨੇ ਹਾਰ ਨੀ ਮੰਨੀ। ਭਾਊ ਜੀ! ਵਰਿ੍ਹਆਂ ਤੋਂ ਇਹੋ ਧੱਕਾ ਪੰਜਾਬ ਝੱਲਦਾ ਪਿਐ। ਜਾਂਦੇ ਜਾਂਦੇ ਗੁਰਦਾਸ ਮਾਨ ਨੂੰ ਵੀ ਦਿਓ ਦਾਦ, ‘ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ..ਆਪਣਾ ਪੰਜਾਬ ਹੋਵੇ..।


Wednesday, May 6, 2026

             ਫੇਅਰ ਐਂਡ ਲਵਲੀ..!          
      ਚਰਨਜੀਤ ਭੁੱਲਰ 

ਚੰਡੀਗੜ੍ਹ : ਬਈ ! ਹੁਣ ਕਿਵੇਂ ਭੁੱਲੀਏ ਰਾਘਵ ਦਾ ਰਾਗ। ਚੱਢਾ ਕੋਠੀ ਵੀ ਕਿਸੇ ਵੇਲੇ ਲੱਢਾ ਕੋਠੀ ਵਾਂਗੂ ਛਾਈ ਸੀ। ਜਿਵੇਂ ਕੋਈ ਜ਼ਮਾਨਾ ‘ਫੇਅਰ ਐਂਡ ਲਵਲੀ’ ਦਾ ਸੀ, ਉਵੇਂ ਚੱਢਾ ਕੋਠੀ ਦਾ ਰਾਘਵੀ ਯੁੱਗ ਸੀ। ਤਸੀਹਾਪੁਰ ਦੀ ਲੱਢਾ ਕੋਠੀ ’ਚ, ਪੁਲੀਸ ਦੀ ਮੇਜ਼ਬਾਨੀ ਕੋਈ ਟਾਵਾਂ ਹੀ ਝੱਲ ਪਾਉਂਦਾ ਸੀ। ਇਵੇਂ ਚੰਡੀਗੜ੍ਹ ਦੀ ਕੋਠੀ ਨੰਬਰ ਪੰਜਾਹ..ਜਿੱਥੇ ਯੁਵਰਾਜ ਰਾਘਵ ਸਿੰਘਾਸਣ ’ਤੇ ਬੈਠਦੇ, ਪੰਜਾਬੀ ਨੇਤਾ ਜਣ ਅਤੇ ਉੱਚ ਅਫ਼ਸਰ ਫ਼ਰਿਆਦੀ ਬਣਦੇ। ਭਮੱਕੜ ਜਣੋ! ਹੁਣ ਚੱਢਾ ਕੋਠੀ ਦੀ ਕੁੱਤੇ-ਖਾਣੀ ਨੂੰ ਕਿਵੇਂ ਭੁੱਲੀਏ। ਰਾਘਵ ਦੀ ਜੇਬ ’ਚ ਰੱਬ ਸੀ, ਟੁੱਕ ’ਤੇ ਡੇਲੇ ਵਾਲਾ ਹਾਲ ਪੰਜਾਬ ਦਾ ਸੀ। ਕੋਠੀ ’ਚ ਗਾਣਾ ਵੱਜਿਆ, ‘ਅਰੇ ਦੀਵਾਨੋ, ਮੁਝੇ ਪਹਿਚਾਣੋ, ਮੈਂ ਹੂੰ ਕੌਣ..।’

        ਪੰਜਾਬ ਦਾ ਮਰਨ, ਰਾਘਵ ਦਾ ਹਾਸਾ। ਹਾਸੇ ਦਾ ਤਮਾਸ਼ਾ ਸੰਦੀਪ ਪਾਠਕ ਦਾ ਬਣਿਐ। ਕੇਹਾ ਪਾਠਕ, ਆਇਆ ਪੰਜਾਬ ਨੂੰ ਪੜ੍ਹਨ ਸੀ, ਕੁੱਛੜ ’ਚ ਬੈਠਿਆਂ ਤੋਂ ਖ਼ਤਾ ਖਾ ਬੈਠਾ। ਰਾਘਵ ਐਂਡ ਕੰਪਨੀ ਇਕੱਲੀ ਨਹੀਂ, ਨਾਲ ਇਨਕਲਾਬ ਨੂੰ ਵੀ ਗਿੱਚੀਓਂ ਫੜ੍ਹ ਕੇ ਲਿਆਈ ਸੀ। ਕਮਾਲ ਦਾ ਅੰਦਾਜ਼ ਸੀ..‘ਯੇ ਦੋਸਤੀ ਹਮ ਨਹੀਂ ਤੋੜੇਂਗੇ।’ ਹਰਿਆਣਵੀ ਅਰਵਿੰਦ ਦੇ ਲਾਡਲੇ ਸਨ।  ਖੁਰਪਾ ਤੇ ਮੁੰਡਾ, ਚੰਡੇ ਹੀ ਸੂਤ ਵਹਿੰਦੇ ਨੇ। ਚੱਢਾਗਿਰੀ ਚੋਂ ਜਿਉਂ ਹੀ ਦਾਦਾਗਿਰੀ ਓਵਰ ਫਲੋਅ ਹੋਈ, ਰਾਘਵੀ ਮੁਖਾਰਬਿੰਦ ਚੋਂ ਫੁੱਲ ਕਿਰਨ ਲੱਗੇ..‘ਕਮਿਸ਼ਨਰ! ਏਸ ਇਲਾਕੇ ਮੇ ਏਕ ਹੀ ਆਦਮੀ ਪਾਵਰਫੁੱਲ ਹੈ..।’

       ਧੀਦੋ ਰਾਂਝਾ ਤਾਂ ਨਿਰਾ ਡੰਗਰ ਸੀ, ਐਵੇਂ ਡੰਗਰ ਚਾਰਦਾ ਮਰ ਗਿਆ। ਰਾਘਵ ਲੰਡਨੋਂ ਪੜ੍ਹਿਐ। ਅੰਗਰੇਜ਼ਾਂ ਵਾਂਗੂ ਪੰਜਾਬ ਨੂੰ ਚਾਰ ਕੇ ਅਹੁ ਗਿਆ। ਖ਼ੌਫ਼ ਦੇ ਝੰਬੇ ਮੰਤਰੀ ਸੰਤਰੀ ਇਹੋ ਆਖ ਛੱਡਦੇ..‘ਆਲ ਇਜ਼ ਵੈੱਲ’। ‘ਪਿਸ਼ੌਰੀ ਯਾਰ ਕਿਸ ਦੇ, ਭੱਤ ਖਾ ਕੇ ਖਿਸਕੇ।’ ਪ੍ਰਭੂ ਦੀ ਲੀਲ੍ਹਾ ਵੀ ਬੇਅੰਤ ਹੈ, ਰਾਜਨੀਤੀ ਨਾਲ ਪਰਨੀਤੀ ਵੀ ਮਿਲ ਗਈ। ‘ਚਾਰ ਚੁਫੇਰੇ ਵਿੱਚ ਪੰਜਾਬੇ, ਪੈ ਗਈ ਹਾਹਾਕਾਰ’। ਬਾਬਿਓ! ਮਤ ਭੁੱਲਣਾ, ਪੰਜਾਬੀ ਜੁੱਤੀ ਪਾਉਣ ਵੀ ਜਾਣਦੇ ਨੇ, ਨਾਲੇ ਵਾਹੁਣ ਵੀ। ਅਸਮਾਨੋਂ ਆਵਾਜ਼ ਆਈ..‘ਬਿਗ ਬੌਸ ਚਾਹਤੇ ਹੈ..।’ ਅੱਖ ਦੇ ਫੋਰੇ ਪਿਆਰੇ ਰਾਘਵ ਲੰਡਨ ਵੱਲ ਪੱਤਰੇ ਵਾਚ ਗਏ।

       ਸਰਦੂਲ ਸਿਕੰਦਰ ਨੇ ਹੇਕ ਲਾਈ,..‘ਨੀ ਤੂੰ ਟਿਕਟ ਕਰਾ ਲਈ ਚੋਰੀ ਚੋਰੀ..।’ ਕਸੂਰਵਾਰ ਰਾਘਵ ਨਹੀਂ, ਸਾਰਾ ਪੁਆੜਾ ਅੱਖਾਂ ਨੇ ਪਾਇਐ। ਲੰਡਨੋਂ ਅਪਰੇਸ਼ਨ ਕਰਾਇਆ, ਅੱਖਾਂ ਚਿਰਾਗ਼ਾਂ ਵਾਂਗੂ ਜਗੀਆਂ, ਫਿਰ ਭਾਜਪਾ ਐਨ ਨਿਰੀ ਦੁੱਧ ਧੋਤੀ ਦਿੱਖੀ। ਪਹਿਲਾਂ ਆਲਾ ਪ੍ਰਵਚਨ ਚੇਤੇ ਹੋਊ, ‘ਕੋਈ ਰਕਮ ਨਹੀਂ ਬਣੀ ਜੋ ਰਾਘਵ ਨੂੰ ਖ਼ਰੀਦ ਸਕੇ।’ ਅੱਖਾਂ ਦੇ ਅਪਰੇਸ਼ਨ ਮਗਰੋਂ ਰਾਘਵਵਾਦੀ ਦ੍ਰਿਸ਼ਟੀਕੋਣ ਹੀ ਬਦਲ ਗਿਆ। ਪਰਨੀਤੀ ਚੋਪੜਾ ਨੇ ਮੁਲੱਠੀ ਖੁਆਈ, ਰਾਘਵ ਤੇ ਪਾਠਕ ਨੇ ਸਮੂਹ ਗਾਣ ਛੇੜਿਆ, ‘ਮਿਲੇ ਸੁਰ ਮੇਰਾ ਤੁਮ੍ਹਾਰਾ।’ ਪਾਠਕ ’ਚ ਸੁੱਚੇ ਸੂਰਮੇ ਦੀ ਰੂਹ ਪ੍ਰਵੇਸ਼ ਕਰ ਗਈ, ‘ਭਾਜਪਾਈ, ਸਾਨੂੰ ਤੋੜ ਕੇ ਦਿਖਾਉਣ।’

         ਮੁਹੰਮਦ ਰਫ਼ੀ ਢਾਰਸ ਬੰਨ੍ਹ ਰਹੇ ਨੇ, ‘ਆਦਮੀ ਮੁਸਾਫ਼ਰ ਹੈ, ਆਤਾ ਹੈ ਜਾਤਾ ਹੈ’। ਸੰਤੋਖ ਸਿੰਘ ਧੀਰ ਦੀ ਕਹਾਣੀ ‘ਕੋਈ ਇੱਕ ਸਵਾਰ’ ਦੇ ਬਾਰੂ ਤਾਂਗੇ ਨੇ ਹੋਕਰਾ ਦਿੱਤਾ, ‘ਜਾਂਦਾ ਕੋਈ ਸਵਾਰ ਦਿੱਲੀ ਦਾ ਬਈ ਓ..।’ ਰਾਘਵ ਚੱਢਾ, ਸਿਰ ਤੇ ਗਠੜੀ ਚੁੱਕ, ਝੱਟ ਤਾਂਗੇ ’ਚ ਸਜ ਗਿਆ। ਬਾਰੂ ਨੇ ਰੇਡੀਓ ਆਨ ਕੀਤਾ, ‘ਚੱਲ ਉੱਡ ਜਾ ਰੇ ਪੰਛੀ, ਯੇ ਦੇਸ਼ ਹੂਆ ਬੇਗਾਨਾ..।’ ਰਾਘਵ ਦਾ ਫ਼ੋਨ ਵੱਜਿਆ, ਅੱਗਿਓ ਪਾਠਕ ਬੋਲੇ, ‘ਜਿੱਥੇ ਚੱਲੇਂਗਾ, ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈ।’ ਚੱਢੇ ਨਾਲ ਤਾਂਗੇ ’ਚ ਪਾਠਕ ਤਸ਼ਰੀਫ਼ ਲੈ ਆਏ। ਦਗੜ ਦਗੜ ਤੇਜ਼ ਹੋਈ, ਬਾਰੂ ਬਾਦਸ਼ਾਹ ਗੁਣਗੁਣਾਏ..‘ ਮੈਂ ਹੂੰ ਮਰਦ ਤਾਂਗੇ ਵਾਲਾ..।’

        ਬਿੱਟੂ ਲੁਧਿਆਣਵੀ ਭਲੇ ਬੰਦਿਆਂ ਦੇ ਐਵੇਂ ਪਿੱਛੇ ਪਿਐ। ‘ਰਾਘਵ ਦੀ ਕੈਟ ਵਾਕ ਤਾਂ ਅਸੀਂ ਕਰਾਵਾਂਗੇ।’ ਉੱਧਰ ਬਾਰੂ ਨੇ ਤਾਂਗਾ ਐਨ ਟਰਾਈਡੈਂਟ ’ਤੇ ਗੇਟ ’ਤੇ ਠੱਲਿਐ, ਰਜਿੰਦਰ ਗੁਪਤਾ ਵੀ ਤਾਂਗੇ ਦੀ ਸਵਾਰੀ ਬਣ ਗਏ। ਬਰਨਾਲੇ ਆਲੇ ਹੁੱਬਕੋ ਹੁੱਬਕੀ ਰੋਏ, ‘ਕੋਈ ਪੁੱਟ ਕੇ ਸਿਆਲ਼ੋਂ ਬੂਟਾ, ਖੇੜਿਆਂ ਨੂੰ ਲਈ ਜਾਂਦਾ ਏ। ਤਾਂਗਾ ਹਾਲੇ ਸ਼ੰਭੂ ਬਾਰਡਰ ’ਤੇ ਸੀ, ਉਧਰੋਂ ਈਡੀ ਆਲੇ ਵਾਹੋਦਾਹੀ ਭੱਜੇ। ਅਸ਼ੋਕ ਮਿੱਤਲ ਨੂੰ ਦੁਨੀਆ ਪਿੱਤਲ ਦੀ ਜਾਪੀ। ਜਲੰਧਰੋਂ ਗੱਡੀ ਫੜੀ, ਅਸ਼ੋਕ ਮਿੱਤਲ ਨੇ ਚਾਲੇ ਪਾ’ਤੇ। ਸੰਤ ਸੀਚੇਵਾਲ ਨੇ ਮਨ ਸਮਝਾਇਆ, ‘ਅਬ ਤੇਰੇ ਬਿਨ ਜੀਅ ਲੇਂਗੇ ਹਮ।’

      ਦਿੱਲੀਓਂ ਲਲਾਰੀ ਆਏ ਤਾਂ ‘ਰੰਗਲਾ ਪੰਜਾਬ’ ਬਣਾਉਣ ਸੀ, ਮੁੜ ਚੱਲੇ ਤਾਂਗੇ ਦੀ ਸਵਾਰੀ ਬਣ ਕੇ। ਭਾਜਪਾਈ ਅੱਗੇ ਤੇਲ ਚੋਣ ਲਈ ਤਿਆਰ ਖੜ੍ਹੇ ਸਨ, ‘ਆਜਾ ਮੇਰੇ ਬਾਲਮਾ ਤੇਰਾ ਇੰਤਜ਼ਾਰ ਹੈ।’ ਬਾਰੂ ਦਾ ਤਾਂਗਾ ਦਿੱਲੀ ਪਹੁੰਚ ਗਿਆ, ਪਾਠਕ ਨੇ ਆਵਾਜ਼ ਮਾਰੀ, ਭੱਜੀ ਭੱਜ ਕੇ ਆਣ ਬੈਠਾ, ਸਾਹਨੀ ਤੇ ਬੀਬੀ ਮਾਲੀਵਾਲ ਵੀ ਸਜ ਗਏ। ‘ਬਿੱਗ ਬੌਸ’ ਨੂੰ ਤਾਂਗਾ ਦੇਖ ਕੁਲਦੀਪ ਮਾਣਕ ਚੇਤੇ ਆਇਆ,‘ ਕੀੜੇ ਪੈਣਗੇ ਮਰੇਂਗੀ ਸੱਪ ਲੜਕੇ ਮਿੱਤਰਾਂ ਨੂੰ ਧੋਖਾ ਦੇਣੀਏ। ਚਿੱਤ ਚੇਤੇ ਨਹੀਂ ਸੀ ਕਿ  ਇਨਕਲਾਬੀ ਵੀਰਾਂ ਦਾ ਧੁੱਸੀ ਬੰਨ੍ਹ ਇੰਜ ਟੁੱਟ ਜਾਊਗਾ।

       ਬਾਰੂ ਨੇ ਭਾਜਪਾਈ ਦਫ਼ਤਰ ਕੋਲ ਤਾਂਗਾ ਠੱਲਿ੍ਹਆ। ਸਿਆਸੀ ਸਤਮਾਹੇ ਇੱਕੋ ਸੁਰ ਲੱਗੇ ਗਾਉਣ, ‘ਛੋਡ ਆਏ ਹਮ ਵੋਹ ਗਲੀਆਂ..।’ ਲਿੱਬੜੀਆਂ ਰੂਹਾਂ ਨੂੰ ਦੇਖ ਕੇ ਅਮਿਤ ਸ਼ਾਹ ਚੌਂਕ ਗਏ। ਬਾਰੂ ਦੇ ਕੰਨ ’ਚ ਫੂਕ ਮਾਰੀ। ਫਿਰ ਤਾਂਗਾ ਸਿੱਧਾ ਗੰਗਾ ਘਾਟ ’ਤੇ ਜਾ ਰੁਕਿਆ। ਗੰਗਾ ਘਾਟ ਦੇ ਗਠੜੀ ਘਰ ’ਚ ਹਯਾ ਸ਼ਰਮ ਦੀਆਂ ਗੱਠੜੀਆਂ ਸਭਨਾਂ ਨੇ ਜਮ੍ਹਾਂ ਕਰਾ ਦਿੱਤੀਆਂ। ਜਦੋਂ ਸੱਤੇ ਮਹਾਪੁਰਸ਼ਾਂ ਨੂੰ ਗੰਗਾ ’ਚ ਡੁਬਕੀ ਲਵਾਈ, ਰੱਬ ਖੁੱਲ੍ਹ ਕੇ ਹੱਸਿਆ। ਚੇਲਿਆਂ ਨੇ ਸੁਰ ਲਾਈ, ‘ਰਾਮ ਤੇਰੀ ਗੰਗਾ ਮੈਲੀ ਹੋ ਗਈ..।’ ਪੰਜਾਬੀਆਂ ਨੇ ਉਦੋਂ ਵੀ ਕਚੀਚੀਆਂ ਵੱਟੀਆਂ ਸਨ ਜਦੋਂ ਇਹ ਮੈਲਖ਼ੋਰੇ ਰਾਜ ਸਭਾ ਦੀ ਪੌੜੀ ਚੜ੍ਹਾਏ ਸਨ। ਪੰਜਾਬ ਨੂੰ ਟਿੱਚ ਜਾਣਿਆ ਸੀ। ਸਿਸੋਦੀਆ ਹੁਣ ਮਨੋ ਮਨੀ ਆਖਦਾ ਪਿਐ..‘ਮਿੱਤਰਾਂ ਦੀ ਛਤਰੀ ਤੋਂ ਉੱਡ ਗਈ..।’

       ਤੁਫੈਲ ਹੁਸ਼ਿਆਰਪੁਰੀ ਫਰਮਾ ਰਿਹੈ, ‘ਜੈਸੀ ਕਰਨੀ ਵੈਸੀ ਭਰਨੀ, ਕੁਦਰਤ ਯੇ ਬਤਲਾਏ/ਕਾਂਟੇ ਬੋਨੇ ਵਾਲਾ ਜੱਗ ਮੇ, ਫੂਲ ਕਹਾਂ ਸੇ ਪਾਏ।’ ਰੱਬ ਦੀ ਐਸੀ ਕਰਨੀ, ਏਨੀ ਛੇਤੀ ਤਾਂ ਕੋਈ ਜੱਟ ਨਾਲ ਸੀਰੀ ਨੀ ਰਲਦਾ, ਜਿੰਨੀ ਛੇਤੀ ਚੱਢਾ ਐਂਡ ਕੰਪਨੀ ਰਲੀ ਹੈ। ਜ਼ਰਾ ਓਧਰ ਦੇਖੋ, ਬਾਰੂ ਦਾ ਤਾਂਗਾ ਮੁੜ ਭਾਜਪਾ ਦਫ਼ਤਰ ਆਣ ਪੁੱਜਿਐ। ਸਤਨਾਜੇ ਹੀ ਲੱਗਦੇ ਨੇ, ਭਗਵਾ ਰੰਗ ਕਿੰਨਾ ਜਚਿਐ। ਭਾਜਪਾ ਨੇ ਢੇਰ ਸਾਰਾ ਪਿਆਰ ਦਿੱਤਾ, ਨਾਲੇ ਸ਼ਗਨ। ‘ਆਪ ਆਏ, ਬੰਗਾਲ ਆਇਆ’, ਜਿੱਤ ਦੇ ਚਾਅ ’ਚ ਰਾਘਵ ਐਂਡ ਕੰਪਨੀ ਦਾ ਅਮਿਤ ਸ਼ਾਹ ਨੇ ਵਾਰੋ ਵਾਰ ਸਿਰ ਪਲੋਸਿਆ।  

       ਪੰਜਾਬ ਚੋਣਾਂ ਹੁਣ ਦੂਰ ਨਹੀਂ, ਤਾਹੀਂ ਬਾਰੂ ਨੇ ਤਾਂਗੇ ਪਿੱਛੇ ਲਿਖਿਐ, ‘ਦਲ ਬਦਲੂ ਐਕਸਪ੍ਰੈੱਸ’। ਵੈਦ ਮਰੀਜ਼ ਦਾਸ ਦੱਸਦਾ ਪਿਐ, ਵਪਾਰੀ ਵੀਰਾਂ ਦਾ ਕਾਹਦਾ ਕਸੂਰ ਜਿੱਥੋਂ ਚਾਰ ਛਿੱਲੜਾਂ ਦਾ ਮੁਨਾਫ਼ਾ ਦਿਸੂ, ਪੱਲੜਾ ਉੱਧਰ ਹੀ ਝੁਕੂ। ‘ਜਦੋਂ ਵੇਖਿਆ ਰੰਡੀ ਦੇ ਘਰ ਵੜਦਾ, ਮੈਂ ਮੱਚ ਗਈ ਤੰਦੂਰ ’ਤੇ ਖੜ੍ਹੀ।’ ਇੱਧਰ, ‘ਆਪ’ ਦੇ ਵੱਡਿਆਂ ਨੂੰ ਭਮੱਕੜਾਂ ਨੇ ਖਰੀ ਸੁਣਾਈ..‘ਸਭ ਨਾਲ ਵਾਰਤਾਲਾਪ ਕਰਦੇ ਤਾਂ ਅੱਜ ਵਿਰਲਾਪ ਨਾ ਕਰਨਾ ਪੈਂਦਾ।’ ਧੋਬੀ ਘਾਟ ਦਾ ਬੂਹਾ ਹਾਲੇ ‘ਆਪ’ ਨੇ ਵੀ ਬੰਦ ਨੀ ਕੀਤਾ। ਪਾਰਟੀ ਆਲੇ ਬੋਲੇ, ‘ਇਹ ਸਭ ਗ਼ੱਦਾਰ ਨੇ, ਪੰਜਾਬ ਦੀ ਪਿੱਠ ’ਚ ਛੁਰਾ ਮਾਰਿਐ।’ ਪੰਜਾਬੀ ਹੱਸ ਹੱਸ ਦੂਹਰੇ ਹੋ ਗਏ।

         ਜਦੋਂ ਪੰਜਾਬ ਪੁਲੀਸ ਦੇ ਲੰਮੇ ਹੱਥ ਦਿੱਲੀ ਤੱਕ ਪਹੁੰਚੇ ਤਾਂ ਉਦੋਂ ਇਲਮ ਹੋਇਆ ਕਿ ਆਪਣਾ ਸੰਦੀਪ ਪਾਠਕ ਕਿਹੜਾ ਮਿਲਖਾ ਸਿਓ ਨਾਲੋਂ ਘੱਟ ਹੈ। ‘ਆਪ’ ਆਲਿਆਂ ਨੂੰ ਹੁਣ ਰਾਘਵਾਂ-ਪਾਠਕਾਂ ਚੋਂ ਪਹਾੜਾ ਸਿੰਘ ਨਜ਼ਰ ਆਉਂਦੈ। ਸ਼ਾਹ ਮੁਹੰਮਦ ਚੇਤੇ ਆਇਐ, ‘ਪਹਾੜਾ ਸਿੰਘ ਯਾਰ ਫ਼ਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗੈਰਸਾਲੀ।’ ਕਿਤੇ ਸਵੀਡਨ ਆਲੀ ਨੋਬੇਲ ਕਮੇਟੀ ਪਹਾੜਾ ਸਿੰਘ ਦੀ ਯਾਦ ’ਚ ਐਵਾਰਡ ਸ਼ੁਰੂ ਕਰੇ, ਫਿਰ ਦੇਖਣਾ ਭਾਰਤ ਆਲੇ ਕਿਵੇਂ ਛਾਉਂਦੇ ਨੇ। ਬਿਨਾਂ ਮੰਗੀ ਸਲਾਹ ਹੈ, ਪੰਜਾਬ ਸਰਕਾਰ ਵੀ ਜਿਊਣੇ ਮੌੜ ਦੀ ਰੂਹ ਤੋਂ ਮੁਆਫ਼ੀ ਮੰਗ ‘ਅਹਿਮਦ ਡੋਗਰ ਲੀਗ’ ਸ਼ੁਰੂ ਕਰੇ। ਫਿਰ ਦੇਖਣਾ ਕਿਵੇਂ ਵਿਕਦੇ ਨੇ ਸਿਆਸੀ ਖਿਡਾਰੀ।

       ਡਬਲ ਇੰਜਣ ਸਰਕਾਰ ਦਾ ਕਿੰਨਾ ਫਾਇਦੈ, ਕੋਈ ਗੁਪਤਾ ਤੇ ਮਿੱਤਲ ਨੂੰ ਪੁੱਛ ਕੇ ਦੇਖੋ। ਡਬਲ ਇੰਜਣ ਹਕੂਮਤ ਹੁੰਦੀ ਤਾਂ ਈਡੀ ਤੇ ਵਿਜੀਲੈਂਸ ਵਿਚਾਲੇ ਸੈਂਡਵਿੱਚ ਨਾ ਬਣਨਾ ਪੈਂਦਾ। ‘ਰੱਬਾ ਵਿੱਚ ਟਰੱਕਾਂ ਦੇ ਮੈਂ ਫੀਅਟ ਵਰਗੀ ਫਸਗੀ’। ਉੱਧਰ ਪਿਆਰੇ ਕੇਜਰੀਵਾਲ, ਆਏ ਤਾਂ ਭਗਤ ਸਿੰਘ ਦੀ ਉਂਗਲ ਫੜ ਕੇ ਸੀ, ਹੁਣ ਧੋਬੀਘਾਟ ਤੋਂ ਸਿੱਧੇ ਰਾਜਘਾਟ ਪਹੁੰਚ ਗਏ। ਬਾਪੂ ਗਾਂਧੀ ਨੂੰ ਨੀਂਦ ’ਚੋਂ ਉਠਾ ਲਿਆ। ਪੰਜਾਬੀ ਵੀ ਹੁਣ ਹੱਥ ਮਲਣ ਦੀ ਤਿਆਰੀ ’ਚ ਨੇ।

       ਅਖੀਰ ’ਚ ਝਾੜੂ ਦੀ ਕਹਾਣੀ। ਅੰਗਰੇਜ਼ਾਂ ਦਾ ਜ਼ਮਾਨਾ ਸੀ। ਕਲਕੱਤਾ ਦੇ ਇੱਕ ਸਫ਼ਾਈ ਸੇਵਕ ਨੂੰ ਕਰੋੜਾਂ ਪੌਂਡ ਦੀ ਲਾਟਰੀ ਨਿਕਲੀ। ਸਫ਼ਾਈ ਸੇਵਕ ਨੇ ਬੰਗਲਾ ਤੇ ਵੱਡੀ ਕਾਰ ਖ਼ਰੀਦੀ, ਕਾਰੋਬਾਰ ਚਮਕਾ ਲਿਆ। ਜਦੋਂ ਕਿਧਰੇ ਕਾਰ ’ਚ ਜਾਂਦਾ ਤਾਂ ਆਪਣੇ ਨਾਲ ਚਾਂਦੀ ਦਾ ਬੱਠਲ ਤੇ ਝਾੜੂ ਰੱਖਣਾ ਨਾ ਭੁੱਲਦਾ। ਕਿਸੇ ਸੱਜਣ ਨੇ ਝਾੜੂ ਵੱਲ ਦੇਖ ਪੁੱਛਿਆ, ਇਹ ਕਿਉਂ? ‘ਕਿਤੇ ਮੈਂ ਆਪਣੀ ਔਕਾਤ ਨਾ ਭੁੱਲ ਜਾਵਾਂ’, ਇਹ ਜੁਆਬ ਸਫਾਈ ਸੇਵਕ ਦਾ ਸੀ।

( 4 ਮਈ 2026)

Saturday, April 25, 2026

 ਟਰਾਲੀਦਾਨ, ਮਹਾਂ ਕਲਿਆਣ !
      ਚਰਨਜੀਤ ਭੁੱਲਰ 

ਚੰਡੀਗੜ੍ਹ : ਜ਼ੈਲਦਾਰੋ! ਤੁਸੀਂ ਬੱਸ ਕੰਮ ਕਰੋ, ਫਲ ਦੀ ਇੱਛਾ ਮਤ ਰੱਖੋ। ਏਡੀ ਵੱਡੀ ਭੁੱਲ! ਕੋਈ ਗੀਤਾ ਉਪਦੇਸ਼ ਵੀ ਭੁੱਲਦੈ। ਗੱਲ ਪੱਲੇ ਬੰਨ੍ਹ ਲਓ, ‘ਟਰਾਲੀ ਬਣਾਓ, ਪ੍ਰਭੂ ਦੇ ਗੁਣ ਗਾਓ।’ ਧਰਤੀ ’ਤੇ ਦੂਜਾ ਰੱਬ ਹੁੰਦੈ ਮੰਤਰੀ, ਫਲ਼ ਦੇਣਾ ਜਾਂ ਨਾ ਦੇਣਾ, ਜਨਾਬ ਦੀ ਮਰਜ਼ੀ। ਰੱਬ ਦੇ ਗੁਮਾਸ਼ਤੇ ਨੇ ਜੈਕਾਰਾ ਛੱਡਿਐ ‘ਦੇਸ਼ ਕਾ ਨੇਤਾ ਕੈਸਾ ਹੋ। ਪੰਜਾਬ ਗੂੰਜ ਉੱਠਿਆ, ਹਰਦੀਪ ਮੁੰਡੀਆਂ ਜੈਸਾ ਹੋ। ਮੁੰਡੀਆਂ ਨੂੰ ਦਾਣਾ ਪਾਣੀ ਪਿੰਡੋਂ ਖਿੱਚ ਲਿਆਇਆ। ਚਾਚੇ ਇਨਕਲਾਬ ਸਿਓਂ ਨੇ ਸੱਤਾ ਦੀ ਪੌੜੀ ਲਾਈ, ਕੈਬਨਿਟੀ ਚੁਬਾਰੇ ’ਚ ਮੁੰਡੀਆਂ ਜਾ ਬੈਠਾ। ‘ਕੀ ਖੱਟ ਲਿਆ ਠੋਡੀ ਨੂੰ ਹੱਥ ਲਾ ਕੇ, ਲਾਲਾ ਲਾਲਾ ਹੋਗੀ ਮਿੱਤਰਾ।’

       ਪੰਜਾਬ ਹੁਣ ‘ਟਰਾਲੀ ਯੁੱਗ’ ਚੋਂ ਗੁਜ਼ਰ ਰਿਹੈ ਪਰ ਜਗਮੋਹਨ ਕੌਰ ਨੂੰ ਕਾਹਦਾ ਚਾਅ ਚੜ੍ਹਿਐ,‘ਨੱਚਾਂ ਮੈਂ ਲੁਧਿਆਣੇ ’ਤੇ ਮੇਰੀ ਧਮਕ ਜਲੰਧਰ ਪੈਂਦੀ।’ ਯੰਗਮੈਨ ਦੀਆਂ ਬੁਨੈਣਾਂ ਨਾਲੋਂ ਵੱਧ ਅੱਜ ਕੱਲ੍ਹ ਮੁੰਡੀਆਂ ਮਸ਼ਹੂਰ ਹੋਇਐ। ਚਿੱਕੜਦਾਸਾਂ ਨੇ ਮੁੰਡੀਆਂ ਦੀ ਚਿੱਟੀ ਚਾਦਰ ਲਿਬੇੜ ਦਿੱਤੀ। ਗ਼ਲਤੀ ਦਾ ਪੁਤਲਾ ਮਲਕੀਤ ਜ਼ੈਲਦਾਰ ਆਪਣੇ ਗਰਾਈਂ ਮੁੰਡੀਆਂ ਤੋਂ ਟਰਾਲੀ ਦੀ ਭੇਟਾ ਮੰਗ ਕੇ ਭੁੱਲ ਕਰ ਬੈਠਾ। ਮੁੰਡੀਆਂ ਦੇ ਮੁਖਾਰਬਿੰਦ ਚੋਂ ਬਿਨਾਂ ਜੀਐੱਸਟੀ ਤੋਂ ਇਉਂ ਗਾਲ੍ਹਾਂ ਡਿੱਗੀਆਂ, ਜਿਵੇਂ ਮਾਈਨਿੰਗ ਆਲੀ ਟਰਾਲੀ ਸਾਹਨੇਵਾਲ ਦੇ ਖੱਡੇ ’ਚ ਡਿੱਗਦੀ ਐ। ਜ਼ੈਲਦਾਰਾਂ ਨੇ ਫ਼ੌਰੀ ਪਰਮੀਸ਼ ਵਰਮਾ ਧਿਆਇਆ, ‘ਵੀਰੇ ! ਗਾਲ੍ਹ ਨੀਂ ਕੱਢਣੀ..।’

       ਅੱਗਿਓਂ ਮੁੰਡੀਆਂ ਨੇ ਵੀ ਨਰਿੰਦਰ ਬੀਬਾ ਨੂੰ ਮੱਥਾ ਟੇਕਿਐ, ‘ਗੱਲ ਸੋਚ ਕੇ ਕਰੀ ਤੂੰ ਜ਼ੈਲਦਾਰਾ, ਅਸਾਂ ਨੀ ਕਨੌੜ ਝੱਲਣੀ।’ ਸ਼ੇਕਸਪੀਅਰ ਆਖਦੈ, ਜਿਸ ਦੇ ਸਿਰ ’ਤੇ ਤਾਜ, ਉਸ ਦੇ ਸਿਰ ’ਤੇ ਖਾਜ। ਭੀੜਾਂ ਦਰਵੇਸ਼ਾਂ ’ਤੇ ਹੀ ਪੈਂਦੀਆਂ ਨੇ। ਜਿਵੇਂ ਅਮਲੀ ਨੂੰ ਮਾਲ, ਬੰਗਾਲੀਆਂ ਨੂੰ ਕਾਲ, ਉਵੇਂ ਪੰਜਾਬੀਆਂ ਨੂੰ ਧਾਲੀਵਾਲ ਕਦੇ ਨੀ ਭੁੱਲੇਗਾ। ਚੰਗਾ ਭਲਾ ਕੈਲੇਫੋਰਨੀਆ ਬੈਠਾ ਸੀ, ਸੁੱਤੇ ਪਏ ਦੀ ਵੱਖੀ ’ਚ ਕ੍ਰਾਂਤੀ ਨੇ ਐਸੀ ਹੁੱਝ ਮਾਰੀ, ਕੁਲਦੀਪ ਧਾਲੀਵਾਲ ਸਿੱਧਾ ਵੈਲੀਫੋਰਨੀਆ ਆ ਵੜਿਆ। ਅੱਗਿਓ ਮੁੰਡੀਆਂ ਨੇ ਪੈਰੀਂ ਹੱਥ ਲਾ ਗੁਰੂ ਧਾਰ ਲਿਆ। ‘ਜੋ ਰੰਨਾਂ ਤੋਂ ਵਰਜਦੇ ਚੇਲਿਆਂ ਨੂੰ, ਉਹ ਗੁਰੂ ਕੀ ਬੰਨ੍ਹ ਕੇ ਚੋਵਣੇ ਨੇ।’ ਆਖ਼ਰ ਚੇਲਾਗਿਰੀ ਨੇ ਗੁਰੂ ਨੂੰ ਪੀਸਾ ਦੇ ਮੀਨਾਰ ਵਾਂਗੂ ਟੇਢਾ ਕਰਤਾ। ਉੱਪਰੋਂ ਰਣਜੀਤ ਮਣੀ ਨੇ ਹੇਕ ਲਾ’ਤੀ, ‘ਚੰਨ ਵਰਗਾ ਸੀ ਤੇਰਾ ਯਾਰ ਵੈਰਨੈ..।’

        ਵੈਦਿਕ ਕਾਲ ਤੋਂ ‘ਗੁਰੂ ਦਕਸ਼ਣਾ’ ਦੀ ਪਰੰਪਰਾ ਚੱਲੀ ਆ ਰਹੀ ਹੈ। ਪਵਿੱਤਰ ਭੇਟ ਗੁਰੂ ਚੇਲੇ ਦੀ ਰਿਸ਼ਤੇ ਦੀ ਪਾਕਿ ਤੰਦ ਜੋੜਦੀ ਹੈ। ਮਹਾਂਭਾਰਤ ਦਾ ਪ੍ਰਸੰਗ ਹੈ ਕਿ ਏਕਲਵਿਆ ਨੇ ‘ਗੁਰੂ ਦਕਸ਼ਣਾ’ ’ਚ ਆਪਣੇ ਗੁਰੂ ਦਰੋਣਾਚਾਰੀਆ ਨੂੰ ਹੱਥ ਦਾ ਅੰਗੂਠਾ ਕੱਟ ਕੇ ਭੇਟ ਕੀਤਾ ਸੀ। ਜ਼ੈਲਦਾਰੋ! ਅੰਗੂਠਾ ਨਾ ਸਹੀ, ਜੇ ਮੁੰਡੀਆਂ ਨੇ ਗੁਰੂ ਦਕਸ਼ਣਾ ਵਜੋਂ ਕਾਮਰੇਡ ਧਾਲੀਵਾਲ ਨੂੰ ਟਰਾਲੀ ਭੇਟ ਕਰ ਹੀ ਦਿੱਤੀ ਤਾਂ ਥੋਡਾ ਕਿਉਂ ਢਿੱਡ ਦੁੱਖਦੈ। ਥੋਡੀ ਟਰਾਲੀ ਨੇਕ ਕੰਮ ’ਚ ਲੇਖੇ ਲੱਗ ਗਈ, ਹੁਣ ਹੋਰ ਦੱਸੋ ਕੀ ਭਾਲਦੇ ਹੋ। ਟਰਾਲੀਦਾਨ, ਮਹਾਂ ਕਲਿਆਣ। ‘ਚੁੰਘੀ ਬੱਕਰੀ ਬਣਾ’ਤਾ ਡਾਕਾ, ਮਾੜੀ ਹੋਈ ਅਮਲੀ ਨਾਲ।’

        ਮੂੰਹ ’ਕੱਲਾ ਕੁਲਚੇ ਖਾਣ ਲਈ ਨਹੀਂ ਹੁੰਦਾ। ਤਾਹੀਂ ਜਾਖੜ, ਮਜੀਠੀਏ ਤੇ ਖਹਿਰੇ, ਬਿਨਾਂ ਹੱਥ ਧੋਤੇ ਹੀ ਰੱਬ ਦੇ ਬੰਦੇ ਨੂੰ ਪੈ ਨਿਕਲੇ। ਮੁੰਡੀਆਂ ਨੂੰ ਮੁੰਨੀ ਤੋਂ ਵੱਧ ਬਦਨਾਮ ਕਰ’ਤਾ। ਏਨਾ ਭਲਾ ਬੰਦਾ! ਬਈ ਬਲਿਹਾਰੇ ਜਾਣ ਨੂੰ ਦਿਲ ਕਰਦੈ। ਲਹਿਰੀ ਆਲਾ ਸ਼ਮਸ਼ੇਰ ਆਖਦੈ, ‘ਕਿਸੇ ਤੋਂ ਮਾਫ਼ੀ ਮੰਗ ਲਈਏ ਤੇ ਕਿਸੇ ਨੂੰ ਮਾਫ਼ ਕਰੀਏ..।’ ਮੁੰਡੀਆਂ ਬਾਈ ਕੋਰਾ ਲੱਠੇ ਵਰਗੈ, ਕੋਈ ਲੱਠਮਾਰ ਥੋੜੈ। ਨਿਮਰਤਾ ਦਾ ਪੁੰਜ ਮਾਫ਼ੀ ਮੰਗ ਔਹ ਗਿਆ। ਜ਼ੈਲਦਾਰ ਬਿਨਾਂ ਗੱਲੋਂ ਹਿੰਡ ਫੜ ਬੈਠੇ। ਆਮਿਰ ਖ਼ਾਨ ਆਖਦੈ, ‘ਮਾਫ਼ ਕਰਕੇ ਅੱਗੇ ਵਧਣਾ ਚਾਹੀਦੈ..।’ ਵੈਸੇ ਗੁਰੂ ਪਾਲਣੇ ਕਿਹੜਾ ਸੌਖੇ ਨੇ..। ਮੁਫ਼ਤ ਸ਼ਾਸਤਰ ’ਤੇ ਬੜ੍ਹਕ ਸ਼ਾਸਤਰ ਏਨਾ ਭਾਰੂ ਪਊ, ਮੁੰਡੀਆਂ ਦੇ ਵੀ ਚਿੱਤ ਚੇਤੇ ਨਹੀਂ ਸੀ।

       ਅਜਨਾਲੇ ਆਲੇ ਕਾਮਰੇਡ ਦੇ ਰੇਡੀਓ ’ਤੇ ਗੂੰਜ ਪਈ, ‘ਦੌਲਤਾਂ ਤਾਂ ਜੱਗ ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ..।’ ਨਾਲੇ ਪੈਸਾ ਤਾਂ ਹੱਥਾਂ ਦੀ ਮੈਲ ਐ। ਕੁਲਦੀਪ ਧਾਲੀਵਾਲ ਨੇ ਜ਼ੈਲਦਾਰਾਂ ਦੇ ਮੂੰਹ ’ਤੇ ਵਗਾਹ ਮਾਰੇ ਸਾਢੇ ਛੇ ਲੱਖ। ਭਾਊ ਨੇ ਜ਼ੈਲਪੁਣਾ ਕੱਢ’ਤਾ। ਬਈ! ਸਾਥੀ ਨੇ ਚੇਲੇ ਦੀ ਪਿੱਠ ਨੀ ਲੱਗਣ ਦਿੱਤੀ। ਐਨ ਮੌਕੇ ’ਤੇ ਅਖਾੜੇ ’ਚ ਗੌਣ ਵੱਜਿਆ, ‘ਝੋਨੇ ਦੀ ਟਰਾਲੀ ਸਿੱਟੀ ਮੰਡੀ ’ਚ ਸਵੇਰੇ, ਮੁੱਕਦੇ ਨਾ ਨੋਟ ਪਏ ਬੈਂਕਾਂ ’ਚ ਬਥੇਰੇ..।’ ਭਲੇ ਵੇਲਿਆਂ ’ਚ ਹਰੀ ਕ੍ਰਾਂਤੀ ਦਾ ਪ੍ਰਤੀਕ ਟਰਾਲੀ ਵੀ ਬਣੀ। ਸਾਹਨੇਵਾਲ ਦੇ ਕ੍ਰਾਂਤੀਵੀਰ ਨੇ ਜ਼ਰੂਰ ਸੁਭਾਸ਼ ਚੰਦਰ ਬੋਸ ਨੂੰ ਧਿਆ ਕਿਹਾ ਹੋਊ, ‘ਤੁਸੀਂ ਮੈਨੂੰ ਟਰਾਲੀ ਦਿਓ,ਮੈਂ ਤੁਹਾਨੂੰ ਆਸ਼ੀਰਵਾਦ ਦਿਆਂਗਾ।’        

        “ਦੁਬਿਧਾ ਮੇ ਦੋਨੋ ਗਏ, ਮਾਇਆ ਮਿਲੀ ਨਾ ਰਾਮ।’ ਖਿਡਾਰੀ ਨਹੀਂ, ਅਨਾੜੀ ਨਿੱਕਲੇ। ਕਾਹਦੇ ਮਾਲ ਮੰਤਰੀ ਹੋ, ਇੱਕ ਟਰਾਲੀ ਨੀ ਗ਼ਾਇਬ ਕਰ ਸਕੇ। ਦਸੌਂਦਾ ਸਿੰਘ ਦਸਵੰਧੀ ਆਖਦਾ ਪਿਐ, ‘ਨੇਤਾ ਮਰਦ ਲੋਕ ਹੁੰਦੇ ਨੇ, ਸ਼ਰਮ ਦੀ ਕੀ ਮਜਾਲ, ਇਨ੍ਹਾਂ ਨੂੰ ਮਾਰ ਸਕੇ।’ ਜਦੋਂ ਕਿਤੇ ਸਤਜੁਗ ਆਏਗਾ, ਸਾਹਨੇਵਾਲ ’ਚ ‘ਗੁਰੂ ਦਕਸ਼ਣਾ’ ਮਿਊਜ਼ੀਅਮ ਤਸ਼ਰੀਫ਼ ਲਿਆਏਗਾ। ਟਰਾਲੀ ਮੰਤਰਾਲਾ ਇਸ ਵਿਰਾਸਤੀ ਭਵਨ ਨੂੰ ਚਲਾਏਗਾ। ਫਿਰ ਥਾਂ ਥਾਂ ਟਰਾਲੀ ਸੰਮੇਲਨ ਹੋਣਗੇ। ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਅਰਾ ਦਿੱਤਾ, ਜੈ ਜਵਾਨ ਜੈ ਕਿਸਾਨ। ਪੁਰਾਣੇ ਦਿਨਾਂ ’ਚ ਲੋਕਾਂ ਨੇ ਟਰਾਲੀਆਂ ਦੇ ਡਾਲੇ ’ਤੇ ‘ਕਿਸਾਨ ਤੇ ਜਵਾਨ’ ਦੀ ਤਸਵੀਰ ਵਾਹ ਕੇ ਨਾਅਰੇ ਸਜਾਏ।

        ਵੀਰੋ! ਕਿਤੇ ਡਾਲਿਆਂ ’ਤੇ ਅੱਜ ਦੇ ਬਹਾਦਰਾਂ ਦੀਆਂ ਫ਼ੋਟੋਆਂ ਨਾ ਸਜਾ ਦੇਣਾ। ਡਾ.ਮਸ਼ਹੂਰ ਗੁਲ੍ਹਾਟੀ ਆਖਦਾ ਪਿਐ,..ਕੈਸਾ ਲਗਾ ਮੇਰਾ ਮਜ਼ਾਕ। ਜ਼ੈਲਦਾਰੋ, ਤੁਸੀਂ ਨਰਕ ਦੇ ਭਾਗੀ ਬਣੋਗੇ। ਕੀ ਖੱਟਿਆ, ਗੰਗਾ ਗਏ ਫੁੱਲ ਮੋੜ ਕੇ। ਉਹ ਵੀ ਦਿਨ ਸਨ, ਕਿਸਾਨ ਦਿੱਲੀਓਂ ਹਕੂਮਤ ਨੂੰ ਝੁਕਾ ਕੇ ਮੁੜੇ ਸੀ। ਟਰਾਲੀ ਨਾਲ ਟਰਾਲੀ ਜੋੜ ਬੈਠੇ ਸੀ। ਮਗਰੋਂ ਘਨੌਰ ’ਚ ਸ਼ੰਕਰ ਜਾਦੂਗਰ ਦੇ ਚੇਲੇ ਆ ਬੈਠੇ। ਸ਼ੰਭੂ ਬਾਰਡਰ ਤੋਂ ਅੱਖ ਦੇ ਫੋਰੇ ਟਰਾਲੀਆਂ ਗ਼ਾਇਬ, ਜਮੂਰੇ ਦੇਖਦੇ ਰਹਿ ਗਏ। ਘਨੌਰ ਆਲੀ ਪੁਲੀਸ ਕਿਹੜਾ ਕੋਲੰਬਸ ਤੋਂ ਘੱਟ ਹੈ, ਤਿੰਨੋਂ ਟਰਾਲੀਆਂ ਨੂੰ ਲੱਭ ਕੇ ਦਮ ਲਿਆ।

       ਸਲਮਾਨ ਖ਼ਾਨ ਦਾ ਡਾਇਲਾਗ ਐ, ‘ਅੰਮੀ ਜਾਨ ਕਹਿਤੀ ਥੀ ਕੋਈ ਧੰਦਾ ਛੋਟਾ ਨਹੀਂ ਹੋਤਾ।’ ਨਾਭੇ ਆਲੇ ਪ੍ਰਧਾਨ ਸਾਹਿਬ ਨੇ ਖ਼ਾਨ ਬਾਦਸ਼ਾਹ ਦੀ ਗੱਲ ਪੱਲੇ ਬੰਨ੍ਹ ਲਈ। ਬੰਦੂਕਾਂ ਬੀਜਣ ਆਲਿਆਂ ਦੀ ਸੋਚ ਦਾ ਟਿੱਕਾ ਲਾ ਕੇ ਟਰਾਲੀਆਂ ਬੀਜ ਦਿੱਤੀਆਂ। ਪੁਲੀਸ ਨੇ ਖ਼ੁਦਾਈ ਕੀਤੀ ਤਾਂ ਨਾਭਾ ਚੋਂ ਟਰਾਲੀਆਂ ਦੇ ਭਰੂਣ ਮਿਲੇ। ਜਦੋਂ ਬਦਲਾਅ ਮੀਰਾਂ ਵਾਂਗੂ ਨੱਚਣ ਲੱਗਦੈ, ਕੋਈ ਨਾ ਕੋਈ ਜਵਾਰਭਾਟਾ ਬਦਲਾਅ ਦਾ ਹਾਲ ਹਾਰੇ ਜੁਆਰੀਏ ਵਰਗਾ ਕਰ ਜਾਂਦੈ। ਢਾਰਸ ਗੁਰਦਾਸ ਮਾਨ ਨੂੰ ਦੇਣੀ ਪੈਂਦੀ ਹੈ, ‘ਬੱਸ ਰਹਿਣ ਦੇ, ਛੇੜ ਨਾ ਦਰਦਾਂ ਨੂੰ।

       ਜਦੋਂ ਸਤੌਜ ਆਲੇ ਨੂੰ ਪਾਣੀ ਸਿਰੋਂ ਲੰਘਦਾ ਜਾਪਿਆ। ਜਲੰਧਰ ’ਚ ਕੀ ਗੁਰੂ ਕੀ ਚੇਲਾ, ਸਾਰੇ ਧੂਣੇ ’ਤੇ ਬਿਠਾ ਲਏ। ਤੱਤੇ ਤੱਤੇ ਚਿਮਟੇ ਲਾਏ। ‘ਆਪ’ ਆਲੇੇ ਲੋਕ ਸੇਵਕਾਂ ਦਾ ‘ਬਿਪਤਾ ਸਪਤਾਹ’ ਚੱਲਦਾ ਜਾਪਦੈ। ਨਾਲੇ ਝਾੜੇ, ਨਾਲ ਝੰਬੇ। ਮੰਤਰੀ ਤੇ ਵਿਧਾਇਕ ਜਦੋਂ ਜਲੰਧਰ ਦੀ ਜੂਹ ਚੋਂ ਬਾਹਰ ਨਿਕਲੇ। ਅੱਗਿਓ ਕਿਸੇ ਕਾਫ਼ਲੇ ਚੋਂ ਗਾਣੇ ਦੀ ਗੂੰਜ ਪਈ, ‘ਵੇ ਹੁਣ ਪਹਿਲਾਂ ਵਰਗਾ ਹਾਸਾ ਮੂੰਹ ’ਤੇ ਦਿਸਦਾ ਨੀ ਸੱਜਣਾ।’ ਸਿਆਣੇ ਆਖਦੇ ਨੇ, ਹਾਕਮ ਦੇ ਝਿੜਕੇ ਦਾ, ਮੀਂਹ ’ਚ ਤਿਲਕੇ ਦਾ, ਕਾਹਦਾ ਗਿਲਾ। ਨੇਤਾ ਲੋਕਾਂ ਦੀ ਨਸਲ ਵੱਖਰੀ ਹੁੰਦੀ ਹੈ, ਗਧੇ ਵਾਂਗੂ ਦਿਨ ਰਾਤ ਲੋਕ ਸੇਵਾ ’ਚ ਜੁਟੇ ਰਹਿੰਦੇ ਨੇ, ਤਾਹੀਂ ਦੁਲੱਤੇ ਮਾਰਨ ਦੀ ਆਦਤ ਪੈ ਜਾਂਦੀ ਹੈ।

        ਕੇਰਾਂ ਪਿੰਡ ਵਾਸੀਆਂ ਨੇ ਨੇਤਾ ਜੀ ਦੀ ਸੇਵਾ ਤੋਂ ਅੱਕ ਕੇ ਸ਼ਰੇਆਮ ਪਿੰਡ ’ਚ ਭੁਗਤ ਸਵਾਰ ਦਿੱਤੀ। ਗਧੇ ਦੀ ਸਵਾਰੀ ਦਾ,ਨਾਲੇ ਬੈਂਡ ਵਾਜੇ ਦਾ ਬੰਦੋਬਸਤ ਕੀਤਾ। ਗਧੇ ’ਤੇ ਬਿਠਾ ਪਿੰਡ ਦਾ ਚੱਕਰ ਲਵਾਇਆ। ਨਿੱਕੇ ਬੱਚਿਆਂ ਨੇ ਤਾੜੀਆਂ ਮਾਰੀਆਂ। ਪਹਿਲਾਂ ਗਧੇ ਤੋਂ ਹੇਠਾਂ ਤਸ਼ਰੀਫ਼ ਰੱਖੀ, ਫਿਰ ਨੇਤਾ ਜੀ ਬੋਲੇ, ਪਿਆਰੇ ਬੱਚਿਓ! ਤੁਹਾਡਾ ਦਿਲੋਂ ਧੰਨਵਾਦ, ਦਾਸ ਦੀ ਏਨੀ ਹੌਸਲਾ ਅਫ਼ਜ਼ਾਈ ਕੀਤੀ। ਜਾਂਦੇ ਜਾਂਦੇ ਤਾਏ ਗ਼ਾਲਿਬ ਦੀ ਵੀ ਸੁਣਦੇ ਜਾਓ, ‘ਕਾਬਾ ਕਿਸ ਮੂੰਹ ਸੇ ਜਾਓਗੇ ਗ਼ਾਲਿਬ, ਸ਼ਰਮ ਤੁਮਕੋ ਮਗਰ ਨਹੀਂ ਆਤੀ।”

(20 ਅਪਰੈਲ 2026)

Wednesday, April 8, 2026

 ਪੱਟੀ ਆਲੇ ਲਾਲ..!

ਚਰਨਜੀਤ ਭੁੱਲਰ 

ਚੰਡੀਗੜ੍ਹ : ਕਿਸੇ ਜ਼ਮਾਨੇ ’ਚ ਪੱਟੀ ਆਲੇ ਵੈਦਾਂ ਦੀ ਮਸ਼ਹੂਰੀ ਸੀ। ਜਿੱਧਰ ਵੀ ਦੇਖੋ, ਵੈਦਗਿਰੀ ਦੀ ਮਹਿਮਾ ਨਾਲ ਕੰਧਾਂ ਲਿਪੀਆਂ ਦਿਸਦੀਆਂ। ‘ਮਰਦਾਨਾ ਕਮਜ਼ੋਰੀ ਦਾ ਸ਼ਰਤੀਆ ਇਲਾਜ।’ ਹੁਣ ਦੌਰ ‘ਪੱਟੀ ਕੇ ਲਾਲ’ ਦਾ ਹੈ। ਲਾਲਜੀਤ ਭੁੱਲਰ, ਬੱਸ ਨਾਮ ਹੀ ਕਾਫ਼ੀ ਹੈ। ਵੈਸੇ ਸੱਤਾ ਦਾ ਟਾਨਿਕ ਵੀ ਕੋਈ ਕਮਜ਼ੋਰੀ ਨੀ ਛੱਡਦਾ। ਲਾਲ ਸਿਓ ਨੇ ਜ਼ਰੂਰ ਡੀਕ ਲਾ ਟਾਨਿਕ ਪੀਤਾ ਹੋਊ। ਬਿਨਾਂ ਕੋਈ ਸਾਈਡ ਇਫੈਕਟ ਜਾਣੇ। ‘ਮਾੜੇ ਦਿਨ ਚੱਲਦੇ ਹੋਣ ਤਾਂ ਟਾਵਰ ’ਤੇ ਚੜ੍ਹੇ ਦਾ ਸਿਗਨਲ ਟੁੱਟ ਜਾਂਦੈ।’ ਪਰ ਨਸੀਬੋ ਲਾਲ..! ਲੈਅ ਨੀ ਟੁੱਟਣ ਦਿੰਦੀ, ‘ਜਿੱਥੇ ਐਨੇ ਫੱਟ ਖਾਧੇ, ਇਹ ਪੀੜਾ ਵੀ ਜਰ ਜਾਊ..।’

        ਜਥੇਦਾਰ ਬਦਲਾਅ ਸਿੰਘ ਦੇ ਬਲਿਹਾਰੇ ਜਾਵਾਂ। ਜਿਨ੍ਹਾਂ ਆਮ ਘਰਾਂ ਚੋਂ ਖਿੱਚ ਖਿੱਚ ਮੁੰਡੇ ਬਾਹਰ ਕੱਢੇ। ਉਂਗਲੀ ਫੜ੍ਹ ਸਿਆਸੀ ਰਾਹ ’ਤੇ ਪਾਏ। ਗੋਦੜੀ ਦੇ ਲਾਲ ਨੇ, ਕੋਈ ਕਿਸਮਤ ਪੁੜੀ ’ਚੋਂ ਤਾਂ ਨਿਕਲੇ ਨੀ। ‘ਆਪ’ ਦੇ ਖ਼ਜ਼ਾਨੇ ’ਚ ਏਨੇ ਲਾਲ ਨੇ, ਚਾਹੇ ਲਾਲ ਫ਼ੌਜ ਬਣਾ ਲਵੇ। ਕਟਾਰੂਚੱਕ ਆਲਾ ਲਾਲ, ਮਨਜਿੰਦਰ ਲਾਲਪੁਰਾ ਤੇ ਪੱਟੀ ਆਲਾ ਲਾਲ। ਪੰਜਾਬ ਐਵੇਂ ਥੋੜ੍ਹਾ ਰੰਗਲਾ ਬਣਿਐ। ਗੁੜ ਖਾਣਾ ਹੋਵੇ ਤਾਂ ਸੱਤਾ ਦੇ ਕੜਾਹੇ ਨੂੰ ਹੱਥ ਪਾਉਣਾ ਹੀ ਪੈਂਦੈ। ਦਿਲ ਲੁਭਾਏਮਾਨ ਐ, ਪੱਟੀ ਆਲੇ ਲਾਲ ਦੀ ਨੇਕ ਕਮਾਈ ਕਿਸੇ ਤੋਂ ਝੱਲ ਨੀ ਹੋਈ। ਚੰਦਰਾ ਜ਼ਮਾਨਾ ਰੰਗ ’ਚ ਭੰਗ ਪਾ ਗਿਆ।

         ਲਾਲ ਜੀ! ਨੇਕ ਰੂਹਾਂ ’ਤੇ ਭੀੜਾਂ ਪੈਂਦੀਆਂ ਹੀ ਨੇ। ਬੱਸ ਮੂਸੇਵਾਲਾ ਨੂੰ ਧਿਆਓ, ‘ਮੁਸੀਬਤ ਤਾਂ ਮਰਦਾਂ ’ਤੇ ਪੈਂਦੀ ਰਹਿੰਦੀ ਐ..।’ ਜਦੋਂ ਦਿੱਲੀ ਅੰਦੋਲਨ ਚੱਲਿਆ, ਬਾਈ ਲਾਲ ਸਿੱਧਾ ਲਾਲ ਕਿਲੇ ’ਤੇ ਜਾ ਚੜਿਆ। ਉਦੋਂ ਝੰਡਾ ਤਾਂ ਚੜ੍ਹਾ ਨਾ ਸਕਿਆ, ਹੁਣ ਚੰਦ ਕੁ ਦਿਨ ਪਹਿਲਾਂ ਚੰਦ ਜ਼ਰੂਰ ਚਾੜਿਐ। ਜਦੋਂ ਲਾਲ ਸਿਓਂ ਨੇ ਸਹੁੰ ਚੁੱਕੀ, ਪੱਟੀ ਆਲੇ ਮੋਗੈਂਬੋ ਤੋਂ ਵੱਧ ਖ਼ੁਸ਼ ਹੋਏ। ‘ਕੱਲ ਹੋ ਨਾ ਹੋ..’, ਨਿਸ਼ਕਾਮ ਸੇਵਕ ਇਹੋ ਸੋਚ ਪੱਟੀ ਦੀ ਸੇਵਾ ’ਚ ਜੁਟਿਆ ਰਿਹਾ। ਸੇਵਾ ’ਤੇ ਸ਼ੱਕ ਹੋਵੇ ਤਾਂ ਪੱਟੀ ਹਲਕੇ ਚੋਂ ਪੁੱਛ ਲੈਣਾ। ‘ਜੇ ਮੈਂ ਜਾਣਦੀ ਤਿਲ੍ਹਾਂ ਨੇ ਡੁੱਲ੍ਹ ਜਾਣਾ, ਸੰਭਲ ਕੇ ਬੁੱਕ ਭਰਦੀ।’

        ਬਾਬਾ ਇਨਕਲਾਬ ਸਿਓਂ ਬਿਗਾਨੇ ਖੇਤ ’ਚ ਭੇਡਾਂ ਛੱਡ ਆਪ ਲੈਨਿਨ ਦੀ ਕਿਤਾਬ ਪੜ੍ਹਨ ਬੈਠ ਗਿਆ। ਖੇਤ ਦੇ ਮਾਲਕ ਨੇ ਝਾੜ ਪਾਈ, ਬਾਬੇ ! ਸ਼ਰਮ ਨੀ ਆਉਂਦੀ, ਪੜ੍ਹਨਾ ਲੈਨਿਨ, ਉਜਾੜਨੇ ਖੇਤ। ‘ਸਾਥੀ! ਹੁਣ ਭੇਡਾਂ ਨੂੰ ਮੈਂ ਲੈਨਿਨ ਚਾਰ ਦਿਆਂ’, ਇਹ ਆਖ ਬਾਬਾ ਅੱਗੇ ਤੁਰ ਪਿਆ, ਪਿੱਛੇ ਪਿੱਛੇ ਭੇਡਾਂ। ਵੱਡੇ ਬਾਦਲ ਅੱਜ ਜਿਉਂਦੇ ਹੁੰਦੇ ਤਾਂ ਜ਼ਰੂਰ ਆਖਦੇ, ‘ਛੱਡੋ ਜੀ! ਕਿਉਂ ਭੇਡਾਂ ਦੇ ਪਿੱਛੇ ਪਏ ਹੋ।’ ਪਰ ਆਪਣੇ ਲਾਲਜੀਤ ਨੂੰ ਬਦਨਾਮੀ ਆਲਾ ਕੰਬਲ ਛੱਡ ਨੀ ਰਿਹਾ। ਫ਼ਿਕਰ ਲਾਲ ਫ਼ੱਕਰ ਆਖਦੈ, ਬਈ! ਲਾਲਜੀਤ ਸਰਵਣ ਪੁੱਤ ਆ, ਕੋਈ ਅਹਿਸਾਨ ਫ਼ਰਾਮੋਸ਼ ਨਹੀਂ।

      ਬਾਪ ਦੀ ਝੋਲੀ ਪਾਉਣ ਤਾਂ ਗੁਦਾਮਾਂ ਦੇ ਟੈਂਡਰ ਲੱਗਿਆ ਸੀ, ਜ਼ਮਾਨੇ ਤੋਂ ਜਰਿਆ ਨਾ ਗਿਆ, ਝੋਲੀ ’ਚ ਬਦਨਾਮੀ ਦੀਆਂ ਮੀਂਗਣਾ ਪਾ ਬੈਠਾ। ਲਾਲਪੁਰੀ ਤੰਦੂਰ ਏਨਾ ਤਪਿਆ ਹੋਇਆ ਸੀ, ਵੇਅਰ ਹਾਊਸ ਆਲਾ ਰੰਧਾਵਾ ਸੇਕ ਝੱਲ ਨਾ ਸਕਿਆ। ਇੱਕ ਫ਼ਿਲਮ ’ਚ ਥਾਣੇਦਾਰ ਜਸਵਿੰਦਰ ਭੱਲਾ ਆਖਦੈ,‘ ਐੱਫ਼ ਆਈ ਆਰ ਤਾਂ ਅਸੀਂ ਕਤਲ ਕੇਸ ਦੀ ਨੀ ਲਿਖਦੇ, ਜਿਨ੍ਹਾਂ ਸਮਾਂ ਮੁਰਦਾ ਖ਼ੁਦ ਨੀ ਕਹਿੰਦਾ।’ ਮਝੈਲ ਭਾਊ ’ਤੇ ਬਿਪਤਾ ਮਿਜ਼ਾਈਲ ਵਾਂਗੂ ਡਿੱਗੀ। ਭਾਊਵਾਦ ਦੀ ਲਹਿਰ ਦੀ ਕਹਿਰ ਬਣ ਗਈ। ‘ਤੁਰੀ ਵਜ਼ੀਰ ਨਾਲ, ਮੁੜੀ ਫ਼ਕੀਰ ਨਾਲ।’ ਮੰਤਰੀਪੁਣਾ ਵੀ ਗਿਆ, ਉੱਪਰੋਂ ਜੇਲ੍ਹ ਦਾ ਰਾਹ ਦਿਖਾ ਦਿੱਤਾ। ਭਲੇ ਪੁਰਸ਼ ਨੇ ਅਖੀਰ ਤੱਕ ਨਿਮਰਤਾ ਦਾ ਪੱਲਾ ਨੀ ਛੱਡਿਆ, ਜੇਲ੍ਹ ਪ੍ਰਵੇਸ਼ ਵੇਲੇ ਵੀ ਹੱਥ ਜੋੜੇ ਹੋਏ ਸਨ। ਲਾਂਗੜੀਆਂ ਨੇ ਨਾਅਰੇ ਮਾਰੇ..‘ਬਾਈ ਤੇਰੀ ਸੋਚ ’ਤੇ..।’

       ਲਾਲ ਸਿਓਂ ਉਸ ਬਾਬੇ ਦਾ ਚੇਲਾ ਹੈ ਜਿਸ ਨੇ ਸੰਗਤਾਂ ਨੂੰ ਗੁੜ੍ਹ ਛੱਡਣ ਦੇ ਪ੍ਰਵਚਨ ਦੇਣ ਤੋਂ ਪਹਿਲਾਂ ਖ਼ੁਦ ਗੁੜ ਤਿਆਗਿਆ ਸੀ। ਲਾਲਜੀਤ ਨੇ ਬਤੌਰ ਜੇਲ੍ਹ ਮੰਤਰੀ, ਜੇਲ੍ਹਾਂ ’ਚ ਬਥੇਰੇ ਉਦਘਾਟਨੀ ਫੀਤੇ ਕੱਟੇ। ਲਾਲ ਜੀ ਲਈ ਉਦੋਂ ਮਹਿਜ਼ ਇਹ ਫੋਕੀ ਰਸਮ ਸੀ। ਹੁਣ ਜਦੋਂ ਅਦਾਲਤ ਚੋਂ ਸਿੱਧੇ ਜੇਲ੍ਹ ਪੁੱਜੇ, ਉਨ੍ਹਾਂ ਨੂੰ ਅਸਲੀ ਰਸਮ ਹੁਣ ਪੂਰੀ ਹੁੰਦੀ ਜਾਪੀ ਹੋਵੇਗੀ। ਜੇਲ੍ਹ ਮੰਤਰੀ ਹੁੰਦਿਆਂ ਬਾਈ ਲਾਲ ’ਚ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦਾ ਜਨੂੰਨ ਸੀ। ਹੁਣ ਖ਼ੁਦ ਕੈਦੀਆਂ ਲਈ ਮਿਸਾਲ ਬਣਨਗੇ। ਜੇਲ੍ਹ ਦੇ ਅੰਨ ਪਾਣੀ ਨੂੰ ਖ਼ੁਦ ਨੇੜਿਓ ਚੱਖਣਗੇ। ਲਾਈਵ ਰਿਫ਼ਾਰਮ ਕਰਨਗੇ।

       ਪੱਟੀ ਦੇ ਬੱਸ ਅੱਡੇ ’ਤੇ ਗਾਣਾ ਵੱਜਦਾ ਪਿਐ, ‘ਪਾਪਾ ਕਹਿਤੇ ਥੇ ਬੜਾ ਨਾਮ ਕਰੇਗਾ।’ ਪ੍ਰਵਾਹ ਨੀ ਕਰਨੀ ਭਾਊ। ਜੇਲ੍ਹ ਡਾਇਰੀ ਜ਼ਰੂਰ ਲਿਖਣੀ। ਸਮਾਂ ਮਿਲੇ ਤਾਂ ਮਾਓ ਦੀ ਲਾਲ ਕਿਤਾਬ ਪੜ੍ਹ ਲੈਣਾ। ਵੱਡੇ ਬਾਦਲ ਨਸੀਹਤਾਂ ਦਿੰਦੇ ਹੁੰਦੇ ਸਨ, ‘ਜੇਲ੍ਹਾਂ ਤੋਂ ਨਾ ਡਰਿਆ ਕਰੋ, ਮੈਂ ਜੇਲ੍ਹਾਂ ਕੱਟ ਕੇ ਪੰਜ ਵਾਰੀ ਮੁੱਖ ਮੰਤਰੀ ਬਣਿਐਂ।’ ਨਾਲੇ ਲਾਲ ਵੀਰ, ਤੁਸਾਂ ਖ਼ੁਦ ਨੇ ਤਾਂ ਜੇਲ੍ਹਾਂ ਦਾ ਨਕਸ਼ਾ ਬਦਲਿਐ। ਗੱਜਣਮਾਜਰੇ ਆਲੇ ਜਸਵੰਤ ਸਿੰਘ ਨੇ ਵੀ ਜੇਲ੍ਹ ਦਾ ਮੁਆਇਨਾ ਕੀਤਾ ਸੀ। ਜਸਵੰਤ ਸਿਓਂ ਤਜਰਬੇ ਚੋਂ ਇੰਜ ਬੋਲੇ ਸਨ, ‘ਬਈ! ਜੇਲ੍ਹਾਂ ਦਾ ਪ੍ਰਬੰਧ ਲਾਜਵਾਬ, ਰੋਟੀ-ਪਾਣੀ ਨੰਬਰ ਵੰਨ’।

        ਗੁਰਮੁਖੋ! ਏਨਾ ਆਦਰ ਤਾਂ ਫੁੱਫੜ ਨੂੰ ਨੀ ਮਿਲਦਾ, ਜਿਨ੍ਹਾਂ ਜੇਲ੍ਹ ਚੋਂ ਨਿਕਲਦੇ ਨੇਤਾ ਨੂੰ ਮਿਲਦੈ। ਸਿਰੋਪੇ ਪੈਂਦੇ ਨੇ, ਫੁੱਲਾਂ ਦੀ ਵਰਖਾ ਵੱਖਰੀ। ਲਓ ਫੁੱਫੜ ਤੋਂ ਆਪਣਾ ਹਰਮੀਤ ਸਿੰਘ ਪਠਾਣਮਾਜਰਾ ਚੇਤੇ ਆਇਐ। ਸਿਆਸਤ ਨਿਰ੍ਹਾ ਗਾਜਰਾਂ ਦਾ ਹਲਵਾ ਵੀ ਨੀ ਹੁੰਦੀ, ਕਦੇ ਕਦੇ ਤਰੀ ਵਾਲਾ ਬੈਂਗਣ ਵੀ ਬਣਦੀ ਹੈ। ਸਨੌਰ ਆਲੇ ਪਠਾਣ ਦੀ ਪਹਿਲਾਂ ਕਿੰਨੀ ਚੜ੍ਹਾਈ ਸੀ, ਅਦਾਕਾਰ ਬਿਨੂੰ ਢਿੱਲੋਂ ਤੋਂ ਹੀ ਸੁਣ ਲਵੋ, ‘ਮੇਰੇ ਚਾਚੇ ਦੀ ਏਨੀ ਚੜ੍ਹਾਈ ਐ ਕਿ ਨੈਣਾਂ ਦੇਵੀ ਦੇ ਕੋਲ ਪਲਾਟ ਲਿਐ।’ ਚੰਗੇ ਭਲੇ ਪਠਾਣ ਪੁਰਸ਼ ਨੂੰ ਬੱਸ ਆਹ ਗਾਣੇ ਨੇ ਮਰਵਾ’ਤਾ..‘ਵੈਲੀ ਬਣ ਮਿੱਤਰਾ ਬੜੇ ਡਰਾਵੇ ਜਰ ਲੇ..’।

        ਉਹ ਦਿਨ ਤੇ ਆਹ ਦਿਨ। ਪਠਾਣ ’ਚ ਅਮਿਤਾਭ ਬਚਨ ਦੀ ਰੂਹ ਆ ਵੜੀ ਸੀ.‘ ਡੌਨ ਕੋ ਪਕੜਨਾ ਮੁਸ਼ਕਲ ਹੀ ਨਹੀਂ, ਨਾ ਮੁਮਕਿਨ ਭੀ ਹੈ’। ਵੈਸੇ ਫੁੱਫੜ ਤੇ ਕੁੱਕੜ ਦੀ ਰਾਸ਼ੀ ਇੱਕੋ ਹੁੰਦੀ ਹੈ ਪਰ ਗੁਰਨਾਮ ਭੁੱਲਰ ਸਹਿਮਤ ਨਹੀਂ ਲੱਗਦਾ,‘ ਫੁੱਫੜਾਂ ਦੀ ਟੌਹਰ ਹੈ ਮਿਸਾਲ ਮੁੱਢ ਤੋਂ..’। ਜਦੋਂ ਤਾਕਤ ਦਾ ਹੈਂਗਓਵਰ ਹੋ ਜਾਏ ਤਾਂ ਮੀਸ਼ਾ ਦੇ ਬੋਲ ਚੇਤੇ ਆਉਂਦੇ ਨੇ, ‘ਪਾਜ ਖੁੱਲ੍ਹ ਜੇ ਘਾਲੇ ਮਾਲਿਆਂ ਦਾ, ਬਹਿ ਕੇ ਲੋਕੀ ਜੇ ਕਰਨ ਹਿਸਾਬ ਦੀ ਗੱਲ।’ ‘ਆਪ’ ਦੇ ਘਰ ਅਨਮੋਲ ਰਤਨਾਂ ਦਾ ਕੋਈ ਘਾਟਾ ਨਹੀਂ। ਮਾਨਸਾ ਆਲੇ ਵਿਜੇ ਸਿੰਗਲਾ ਨੇ ਮੂਸੇਵਾਲਾ ਨੂੰ ਹਰਾ ਪੱਟਾਂ ’ਤੇ ਥਾਪੀ ਮਾਰੀ ਸੀ। ਮਗਰੋਂ ਭੁਲੇਖੇ ’ਚ ਜੇਲ੍ਹ ਤੋਰ ਦਿੱਤੇ।

       ਵਿਧਾਇਕ ਅਮਿਤ ਰਤਨ ਦੀ ਸੇਵਾ ਨੂੰ ਵੀ ‘ਆਪ’ ਆਲਿਆਂ ਨੇ ਟਿੱਚ ਕਰਕੇ ਜਾਣਿਆ। ਸਿਆਣੇ ਆਖਦੇ ਹਨ ਕਿ ਭੱਠੇ ਦੀ ਵੀ ਕੋਈ ਨਾ ਕੋਈ ਇੱਟ ਤਾਂ ਪਿੱਲੀ ਨਿਕਲ ਹੀ ਜਾਂਦੀ ਹੈ। ਇਸ ਨੂੰ ਗ੍ਰਹਿ ਚਾਲ ਹੀ ਸਮਝੋ ਕਿ ਨੇਕ ਰੂਹਾਂ ’ਤੇ ਭੀੜ ਅਚਿੰਤੇ ਬਾਜ਼ਾਂ ਵਾਂਗੂ ਆ ਪਈ। ਸ਼ਨੀ ਨਰਾਜ਼ ਹੋ ਜਾਵੇ ਤਾਂ ਜੋਤਸ਼ੀ ਜੇਲ੍ਹ ਦੀ ਰੋਟੀ ਖਾਣ ਦੀ ਸਲਾਹ ਦਿੰਦੇ ਨੇ। ਸਿਆਸਤ ਦੇ ਮੰਗਲ ਪਾਂਡੇ ਕਾਲੇ ਕੁੱਤਿਆਂ ਨੂੰ ਚਾਰ ਦਿਨ ਰੋਟੀ ਛਕਾਉਂਦੇ ਤਾਂ ‘ਪੱਟੀ ਦੀ ਕ੍ਰਾਂਤੀ’ ਮੱਠੀ ਨੀ ਪੈਣੀ ਸੀ। ਖ਼ੈਰ! ਜੋ ਰੱਬ ਦੀ ਰਜ਼ਾ। ਹਰਭਜਨ ਮਾਨ ਵੀ ਇਹੋ ਢਾਰਸ ਦਿੰਦੈ..‘ਪਤਾ ਨੀ ਰੱਬ ਕਿਹੜਿਆਂ ਰੰਗਾਂ ’ਚ ਰਾਜ਼ੀ’..।

(4 ਅਪਰੈਲ 2026)


Saturday, March 14, 2026

ਕੁਰਸੀ ਨਾਚ ਨਚਾਏ..!
ਚਰਨਜੀਤ ਭੁੱਲਰ   

ਚੰਡੀਗੜ੍ਹ : ਚੋਣਾਂ ਦਾ ਫ਼ੈਸ਼ਨ ਸਦਾ ਬਹਾਰ ਹੈ। ਧੰਨ ਹਮਾਰੇ ਨੇਤਾ, ਜਿਨ੍ਹਾਂ ਫ਼ੈਸ਼ਨ ਦੀ ਗੁੱਡੀ ਚੜ੍ਹਾਈ। ਤਾਹੀਂ ਹੁਣ ਕੋਈ ਗੋਡੇ ਬਦਲਾ ਰਿਹੈ, ਕੋਈ ਮੁਫ਼ਤ ਰਾਸ਼ਨ ਛਕਾ ਰਿਹੈ, ਕੋਈ ਬੈਂਡ ਵਜਾ ਰਿਹੈ ਤੇ ਔਹ ਭਾਈ ਹੰਝੂ ਵਹਾ ਰਿਹੈ। ਖ਼ਾਮੋਸ਼! ਰਾਹਤ ਇੰਦੌਰੀ ਇੰਜ ਫ਼ਰਮਾ ਰਿਹੈ, ‘ਸਰਹੱਦੋਂ ਪਰ ਬਹੁਤ ਤਣਾਵ ਹੈ ਕਯਾ, ਕੁਛ ਪਤਾ ਕਰੋ ਕਹੀਂ ਚੁਣਾਵ ਹੈ ਕਯਾ’। ਸ਼ੁਰੂਆਤ ਪਟਿਆਲੇ ਵਾਲੇ ਮਹਾਰਾਜੇ ਤੋਂ। ਚੋਣਾਂ ’ਚ ਖੜ੍ਹਾ ਹੋਣਾ ਹੋਊ, ਅਮਰਿੰਦਰ ਨੇ ਸ਼ਾਇਦ ਤਾਹੀਂ ਗੋਡੇ ਬਦਲਾਏ ਨੇ। ਦਿਨ ਦੇਖਿਆ ਨਾ ਰਾਤ, ਪੰਜਾਬ ਦੀ ਸੇਵਾ ’ਚ ਗੋਡੇ ਘਸਾ ਬੈਠਾ। ਨਸ਼ਿਆਂ ਦਾ ਲੱਕ ਟੁੱਟਿਆ ਨੀ, ਗੋਡਿਆਂ ਦਾ ਗਰੀਸ ਮੁਕਾ ਬੈਠਾ।

       ਸਿਸਵਾਂ ਮਹਿਲ ’ਚ ਹੁਣ ਇਕੱਲੇ ਬੈਠੇ ਨੇ, ਰੇਡੀਓ ਕੋਲ ਵੱਜਦਾ ਪਿਐ, ‘ਕਹਾਂ ਗਏ ਵੋਹ ਦਿਨ..’। ‘ਧੰਨ ਪੰਜਾਬੀ ਮਾਵਾਂ ਦੇ ਜਾਏ, ਜਿਨ੍ਹਾਂ ਵੱਡੇ ਕੋਟ ਨਿਵਾਏ।’ ਗੋਡਿਆਂ ਤੋਂ ਵਾਜਪਾਈ ਦਾ ਚੇਤਾ ਆਇਐ। ਅਮਰੀਕੀ ਡਾਕਟਰਾਂ ਤੋਂ ਵਾਜਪਾਈ ਨੇ ਗੋਡੇ ਬਦਲਾਏ। ਨੌ ਬਰ ਨੌ ਹੋਣ ’ਤੇ ਵਾਜਪਾਈ ਬੋਲੇ, ‘ਚਲੋ ਗੋਡੇ ਦੇਸ਼ ਦਾ ਭਾਰ ਝੱਲਣ ਜੋਗੇ ਤਾਂ ਹੋਏ’। ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਕਾਇਦਾ ਦਫ਼ਤਰ ’ਚ ਮਾਟੋ ਲਾਇਆ ਸੀ, ‘ਮਾਈ-ਭਾਈ ਫ਼ਤਿਹ ਬੁਲਾਓ, ਗੋਡੀਂ ਹੱਥ ਨਾ ਲਾਓ।’ ਚਾਪਲੂਸੀਏ ਕਿਥੇ ਟਲਦੇ ਨੇ, ਗੋਡੀਂ ਹੱਥ ਲਾ ਲਾ ਵਿਚਾਰੇ ਦੇ ਗੋਡੇ ਘਸਾ’ਤੇ। ਆਖ਼ਰ ਤ੍ਰਿਪਤ ਬਾਜਵੇ ਨੂੰ ਗੋਡੇ ਬਦਲਾਉਣੇ ਪਏ।

       ਲਕਸ਼ਮੀ ਕਾਂਤ-ਪਿਆਰੇ ਲਾਲ ਤੋਂ ਵੱਧ ਕੇਰਾਂ ‘ਕਾਂਗੜ ਦਾ ਗੋਡਾ ਤੇ ਸਦੀਕ ਦਾ ਮੋਢਾ’ ਮਸ਼ਹੂਰ ਹੋਇਆ ਸੀ। ਗੁਰਪ੍ਰੀਤ ਕਾਂਗੜ ਨੇ ਵੇਲੇ ਸਿਰ ਗੋਡੇ ਬਦਲਾਏ ਸਨ। ਗੋਡਿਆਂ ਨੂੰ ਛੱਡੀਏ, ਚੋਣਾਂ ਦੀ ਰੁੱਤ ਐ, ਸਿਆਸੀ ਗਿਰਝਾਂ ’ਤੇ ਫੋਕਸ ਕਰਦੇ ਹਾਂ। ‘ਲੱਕ ਲੱਕ ਹੋ ਗਏ ਬਾਜਰੇ, ਰੁੱਤ ਯਾਰੀਆਂ ਲਾਉਣ ਦੀ ਆਈ।’ ਸਿਆਸੀ ਅੰਬਾਂ ਨੂੰ ਬੂਰ ਪਿਐ, ਕੋਇਲਾਂ ਕੂਕਣ ਲੱਗੀਆਂ ਨੇ। ਫ਼ਿਲਮ ਨਿੱਕਾ ਜ਼ੈਲਦਾਰ ਦਾ ਇੱਕ ਅਦਾਕਾਰ ਮੁੱਢ ਬੰਨਦੈ, ‘ਬੇਬੇ! ਹੱਥ ਜੋੜ ਕੇ ਫ਼ੋਟੋ ਖਿਚਵਾ, ਆਖ਼ਰ ਨੂੰ ਵੋਟਾਂ ਮੰਗਣੀਆਂ ਨੇ।’ ਕੋਲੰਬਸ ਦੀ ਰੂਹ ਹੁਣ ’ਕੱਲੇ ’ਕੱਲੇ ਵੋਟਰ ਨੂੰ ਲੱਭੇਗੀ। ਚੋਣਾਂ ਦੇ ਮੌਸਮ ’ਚ ਕਹਿਣਗੇ, ‘ਹਮ ਸਾਥ ਸਾਥ ਹੈਂ । ‘ਸੱਤਾ ਮਿਲਣ ’ਤੇ ਆਖਣਗੇ,‘ਹਮ ਆਪ ਕੇ ਹੈਂ ਕੌਣ।’

       ਧੰਨੇ ਭਗਤ ਵਾਂਗੂ ਵੋਟਰ ਵੀ ਭੋਲਾ ਪਾਤਸ਼ਾਹ ਐ ਜਿਹੜਾ ਸੋਚਦੈ ਕਿ ਨੇਤਾ ਜਣ ਉਸ ਦੀਆਂ ਗਊਆਂ ਚਾਰਨਗੇ। ਭੋਲਿਆ! ਇਹ ਤਾਂ ਬੰਦੇ ਚਾਰਦੇ ਨੇ। ਜਰਾ ਸੰਭਲ ਕੇ! ਨੇਤਾਵਾਂ ਦੇ ਵੱਗ ਆਉਣਗੇ, ਜੱਫੀਆਂ ਪਾਉਣਗੇ, ਨਾਲੇ ਗਾਉਣਗੇ,‘ ਛੋੜੇਂਗੇ  ਨਾ ਹਮ ਤੇਰਾ ਸਾਥ, ਸਾਥੀ ਮਰਤੇ ਦਮ ਤੱਕ।’ ਬਾਅਦ ’ਚ ਤੈਨੂੰ ਸੰਘ ਸੁਕਾਉਣਾ ਪੈਣਾ,‘ਕਿਆ ਹੂਆ ਤੇਰਾ ਵਾਅਦਾ..।’ ਚੌਣਾਂ ਮੌਕੇ ਮਾਫ਼ੀਵੀਰ ਬਣ ਨਵੇਂ ਪ੍ਰਿੰਟਾਂ ’ਚ ਆਉਂਦੇ ਨੇ, ਪੈਰੀਂ ਹੱਥ ਲਾ ਆਖਦੇ ਨੇ, ‘ਇੱਕ ਮੌਕਾ ਦੇ ਸਾਨੂੰ ਭੁੱਲਾਂ ਬਖ਼ਸ਼ਾਉਣ ਦਾ।’ ਆਪਣਾ ਵੀਰ ਸੁਖਬੀਰ, ਪਿੰਡ-ਪਿੰਡ ਜਾ ਰਿਹੈ, ਵਾਅਦੇ ਵਿਛਾ ਰਿਹੈ, ‘ਗੁਰਮੁਖੋ! ਸੱਥਾਂ ’ਚ ਸੀਪ ਦੇ ਮੁਕਾਬਲੇ ਕਰਾਵਾਂਗੇ।’

      ਬਿਕਰਮ ਮਜੀਠੀਆ ਮੁੱਛਾਂ ਨੂੰ ਤਾਅ ਚੜ੍ਹਾ ਰਿਹੈ। ‘ਅੱਡੀ ਵੱਜਦੀ ਜੈ ਕੁਰੇ ਤੇਰੀ, ਲੋਕਾਂ ਦੇ ਚੁਬਾਰੇ ਹਿੱਲਦੇ।’ ‘ਬੰਬ, ਬੈਂਡ ਤੇ ਬਾਜਵਾ’, ਇਹ ਥ੍ਰੀ ਇੰਨ ਵਨ ਰਿਸ਼ਤੈ। ਪਹਿਲੋਂ ਬੰਬ ਆਲੇ ਬਿਆਨ ’ਤੇ ਫਸਗੇ। ਫਿਰ ਪ੍ਰਤਾਪ ਬਾਜਵਾ ਆਖ ਬੈਠੇ ‘ਬੈਂਡ ਵਜਾ ਦਿਆਂਗੇ’। ਇਨਕਲਾਬੀ ਵੀਰ ਬਾਜਵੇ ਦੇ ਘਰ ਅੱਗੇ ਪੁੱਜ ਗਏ, ਗਲਾਂ ’ਚ ਬੈਂਡ ਵਾਜੇ ਪਾ ਕੇ। ਵੀਰੋ! ਸ਼ੁਕਰ ਕਰੋ ਬਾਜਵਾ ਨੇ ਇਹ ਨੀ ਕਿਹਾ ਕਿ ‘ਹਾਕਮਾਂ ਨੂੰ ਨੰਗੇ ਕਰਾਂਗੇ’। ਦੇਖ ਲਓ ਫਿਰ ਥੋਨੂੰ ਨੰਗੇ ਧੜ ਆਉਣਾ ਪੈਂਦਾ, ਅੱਗਿਓ ਪਾਣੀ ਦੀਆਂ ਬੁਛਾੜਾਂ ਨੇ ਭੰਨ ਦੇਣਾ ਸੀ। ‘ਨਰਮ ਸਰੀਰਾਂ ਨੂੰ, ਪੈ ਗਏ ਮਾਮਲੇ ਭਾਰੀ।’

      ਪੁਰਾਣੀ ਗੱਲ ਐ, ਕਾਂਗਰਸੀ ਨੇਤਾ ਨੇ ਆਪਣੇ ਨੇੜਲੇ ਸੱਜਣ ਕੋਲ ਢਿੱਡ ਫਰੋਲਿਆ, ‘ਪਿਆਰੇ, ਜਦੋਂ ਦਾਸ ਰਾਹੁਲ ਗਾਂਧੀ ਨੂੰ ਮਿਲਦੈ, ਲੱਤਾਂ ਕੰਬਣ ਲੱਗ ਜਾਂਦੀਆਂ ਨੇ, ਕੀ ਕਰਾਂ। ਬੇਝਿਝਕ ਸੱਜਣ ਨੇ ਹੌਸਲਾ ਦਿੱਤਾ, ਪ੍ਰਵਾਹ ਨਾ ਕਰੋ, ਜਦੋਂ ਰਾਹੁਲ ਨੇ ਵੱਢ’ਤੀਆਂ, ਹਟ ਜਾਣਗੀਆਂ।’ ਆਖਰ ਨੇਤਾ ਜੀ ਦੀ ਟਿਕਟ ਕੱਟੀ ਗਈ, ਫਿਰ ਗਲੀਆਂ ’ਚ ਗਾਉਂਦਾ ਫਿਰੇ, ‘ਪੱਲੇ ਸਾਡੇ ਕੱਖ ਨਾ ਰਿਹਾ..।’ ਸੱਤਾ ਦਾ ਟਾਨਿਕ ਅਜਿਹਾ ਹੈ, ਚਾਹੇ ਕਬਰ ’ਚ ਲੱਤਾਂ ਹੋਣ, ਬਚਾਈ ਰੱਖਦੈ। ਪੰਜਾਬ ਖ਼ੁਸ਼ੀ ’ਚ ਖੀਵਾ ਹੈ, ਜਸ਼ਨ ਮਨਾ ਰਿਹੈ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ। ਅਦਾਲਤੀ ਫੈਸਲੇ ਮਗਰੋਂ ਕੇਜਰੀਵਾਲ ਦੀ ਚਿੱਟੀ ਚਾਦਰ ਦਿਖਾਉਂਦਾ ਫਿਰਦੈ।

       ਜਿਵੇਂ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਕਿਸਾਨ ਅੰਦੋਲਨ ਨੂੰ ਬਚਾ ਲਿਆ ਸੀ, ਠੀਕ ਉਵੇਂ ਹੁਣ ਕੇਜਰੀਵਾਲ ਦੇ ਹੰਝੂ ਰੰਗ ਦਿਖਾਉਣਗੇ। ਏਸ਼ੀਅਨ ਤੇ ਨੈਰੋਲੱਕ ਪੇਂਟ ਵਾਲੇ ਪੰਜਾਬ ਦੀ ਗਲੋਬ ’ਤੇ ਛਾਏ ਨੇ। ਪੰਜਾਬ ਹਾਲੇ ਡੱਬ ਖੜੱਬਾ ਬਣਿਐ, ਪੂਰਾ ਰੰਗਲਾ ਬਣਾਉਣੈ ਤਾਂ ‘ਬਦਲਾਅ’ ਨੂੰ ਹੋਰ ਮੌਕਾ ਦੇ ਦਿਓ। ਬਠਿੰਡੇ ਵਾਲੀ ਐੱਸਐੱਸਪੀ ਬੀਬੀ ਵੀ ਕਿਸੇ ਲਲਾਰੀ ਤੋਂ ਘੱਟ ਨੀਂ, ਜੀਹਨੇ ਏਨੀ ਦੂਰੋਂ ਕਿਸਾਨਾਂ ਚੋਂ ਪੀਲਾ ਪਰਨਾ ਪਛਾਣ ਲਿਆ। ਸੰਘਰਸ਼ ’ਚ ਕੁੱਦਿਆ ਪੀਲੇ ਪਰਨੇ ਵਾਲਾ ਪੁਲੀਸ ਤੋਂ ਲੱਤਾਂ ਤੁੜਵਾਈ ਪਿਐ। ਨਾਲੇ ਜ਼ਿੱਦ ਕਰਦਾ ਪਿਐ ਅਖੇ! ‘ਮੁੱਖ ਮੰਤਰੀ ਤੀਰਥ ਯਾਤਰਾ’ ਵਾਲੀ ਬੱਸ ’ਤੇ ਚੜਨੈ।

       ਆ ਚੁੱਕੋ ਗਰੰਟੀ! ਪੀਲੇ ਪਰਨੇ ਵਾਲੇ ਦੇ ਪਰਿਵਾਰ ਨੂੰ ਸਭ ਸਹੂਲਤਾਂ ਦੇਏਗੀ ਸਰਕਾਰ। ਮੁਫ਼ਤ ’ਚ ਰਾਸ਼ਨ ਦੇਵੇਗੀ, ਬਿਜਲੀ ਦਾ ਬਿੱਲ ਜ਼ੀਰੋ ਭੇਜੇਗੀ, ਹਜ਼ਾਰ ਦਾ ਸ਼ਗਨ ਵੱਖਰਾ। ਉਗਰਾਹਾਂ ਵਾਲਿਓ! ਥੋਨੂੰ ਤਾਂ ਰੱਬ ਵੀ ਖ਼ੁਸ਼ ਨੀ ਕਰ ਸਕਦਾ। ਹੋਰ ਦੱਸੋ ਕੀ ਭਾਲਦੇ ਹੋ। ਅਦਾਕਾਰ ਗੱਗੂ ਗਿੱਲ ਚੋਂ ਜੋਗਿੰਦਰ ਉਗਰਾਹਾਂ ਬੋਲਦਾ ਜਾਪਦੈ, ‘ਸਿਆਣੇ ਬੰਦੇ ਦੀ ਸਮਝ ਸਾਨੂੰ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ੍ਹ ਲੈਂਦੇ ਹਾਂ।’ ਜਥੇਦਾਰ ਇਨਕਲਾਬ ਸਿੰਘ ਤੋਂ ਵੱਧ ਹੁਣ ਪੰਜਾਬ ਕਾਹਲਾ ਪਿਐ। ਭਾਜਪਾ ਆਲੇ ‘ਡਬਲ ਇੰਜਣ’ ਦਾ ਹੋਕਾ ਦਿੰਦੇ ਪਏ ਨੇ। ‘ਆਪ’ ਆਲੇ ਆਖਦੇ ਨੇ, ‘ਪੀਟਰ ਇੰਜਣ’ ਚਲਾਓ।

       ਰੰਗਲਾ ਪੰਜਾਬ ਲਹਿੰਗਾ ਪਾਈ ਖੜ੍ਹੈ, ਨੇਤਾਵਾਂ ਤਰਫੋਂ ਦਲਜੀਤ ਦੁਸਾਂਝ ਹੇਕ ਲਾ ਰਿਹੈ, ‘ਲਹਿੰਗੇ ’ਤੇ ਸ਼ਰਾਬ ਡੋਲ ਦੂ’ । ਝੂਠ ਸ਼ਾਸਤਰ ਖ਼ੂਬ ਚੱਲੇਗਾ, ਸੱਤਾ ਦਾ ਰੀਚਾਰਜ ਪਵਾਉਣ ਲਈ ਕਤਾਰ ਬੰਨ੍ਹ ਆਉਣਗੇ। ਚੋਣਾਂ ਵੇਲੇ ਮਾਮੇ ਬਣਦੇ ਨੇ, ਜਿੱਤਣ ਪਿੱਛੋ ਫੁੱਫੜ। ਪੰਜਾਬੀ ਯਮਲੇ ਜੱਟ ਨੂੰ ਧਿਆ ਰਹੇ ਨੇ, ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ।’ ਪੰਜਾਬ ਨਿਹੰਗਾਂ ਦੇ ਡੋਲੂ ਵਾਂਗੂ ਮਾਂਜਿਆ ਗਿਐ। ਮਰਹੂਮ ਮੰਤਰੀ ਕੁੰਦਨ ਸਿੰਘ ਪਤੰਗ ਹੁੰਦੇ ਸਨ। ਵੱਡੇ ਬਾਦਲ ਮੰਜੇ ’ਚ ਬਿਮਾਰ ਪਏ ਕੁੰਦਨ ਦਾ ਮਿਜ਼ਾਜ ਪੁੱਛਣ ਆਏ। ਅੱਗਿਓਂ ਪਤੰਗ ਨੇ ਹੱਥ ਜੋੜ ਫ਼ਰਮਾਏ, ‘ਬਾਦਲ ਸਾਹਿਬ, ਬਿਮਾਰੀ ਨੂੰ ਮਾਰੋ ਗੋਲੀ, ਤੁਸੀਂ ਟਿਕਟ ਐਲਾਨੋ, ਘੋੜੇ ਵਰਗਾ ਹੋਜੂ।’

      ਦੋ ਟੰਗੇ ਕੀ ਭਾਲਣ..ਆਹ ਚਾਰ ਟੰਗੀ ਕੁਰਸੀ। ਜਿਹੜੇ ‘ਆਪ’ ਵਿਧਾਇਕਾਂ ਦੇ ਘਰਾਂ ’ਚ ਇਨਕਲਾਬ ਆਇਐ, ਉਨ੍ਹਾਂ ਦੀ ਟਿਕਟ ’ਤੇ ਗ੍ਰਹਿ ਹੈ। ਸਿਆਸਤਦਾਨ ਆਲੂਆਂ ਵਰਗੇ ਹੁੰਦੇ ਨੇ ਜਿਨ੍ਹਾਂ ਦਾ ਆਪਣਾ ਕੋਈ ਕਿਰਦਾਰ ਨੀ ਹੁੰਦਾ। ਟਿਕਟ ਇੱਧਰੋਂ ਨਾ ਮਿਲੀ ਤਾਂ ਗੁਆਂਢੀ ਤਸ਼ਰੀਫ ਲੈ ਜਾਂਦੇ ਨੇ। ‘ਪਿਸ਼ੌਰੀ ਯਾਰ ਕਿਸ ਦੇ, ਭੱਤ ਖਾ ਕੇ ਖਿਸਕੇ।’ ਅਦਾਕਾਰਾ ਰੁਪਿੰਦਰ ਰੂਪੀ ਇੱਕ ਡਾਇਲਾਗ ਬੋਲਦੀ ਹੈ, ਲੱਗਦੈ ਇੰਜ ਹੈ ਜਿਵੇਂ ਰੰਗਲਾ ਪੰਜਾਬ ਬੋਲਦਾ ਹੋਵੇ, ‘ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦੈ, ਗ਼ਰੀਬੀ ਰੇਖਾ ਤੋਂ ਥੱਲੇ ਹੀ ਹਾਂ ਪੁੱਤ, ਤੂੰ ਇਹ ਸਮਝ ਲੈ ਕਿ ਰੇਖਾ ਮੇਰੀ ਘੰਡੀ ’ਤੇ ਚੜ੍ਹੀ ਬੈਠੀ ਹੈ।’

      ਸਿਆਣੇ ਆਖਦੇ ਨੇ, ‘ਹੁਕਮ ਚਲਾਉਣਾ ਵੀ ਇੱਕ ਕਲਾ ਹੁੰਦੀ ਹੈ, ਚਾਹੇ ਭੇਡਾਂ ’ਤੇ ਇੱਜੜ ’ਤੇ ਹੀ ਚਲਾਉਣਾ ਹੋਵੇ।’ ਤਰਸੇਮ ਜੱਸੜ ਗਰੰਟੀ ਨਾਲ ਆਖਦੈ, ‘ਇਹ ਦਿਲ ਰੱਬ ਦਾ ਰੇਡੀਓ ਹੈ, ਇਹ ਗ਼ਲਤ ਸਟੇਸ਼ਨ ਨੀ ਫੜਦਾ’। ਜਿਹੜਾ ਕੋਈ ਦਿਲ ਦੀ ਸੁਣਨੇਗਾ, ਉਹ ਆਹ ਪ੍ਰਵਚਨ ਧਿਆਏਗਾ, ‘ਹੁਣ ਨੀ ਮੂਰਖ ਬਣਦੇ ਸਰਪੰਚਾਂ, ਹੁਣ ਨੀ ਲੱਗਦੇ ਤੇਰੇ ਮਗਰ।’ ਹਰਿਆਣੇ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਸਤਾਰ ਸਜਾ ਪੰਜਾਬ ਦੇ ਵਿਹੜੇ ਆਉਂਦੈ। ਸੈਣੀ ਪੰਜਾਬ ’ਚ ਡਬਲ ਇੰਜਣ ਬੰਨ੍ਹਣਾ ਚਾਹੁੰਦੇ ਨੇ। ਐੱਸ ਵਾਈ ਐੱਲ ਦਾ ਨਹਿਰੀ ਪਾਣੀ ਖ਼ੁਦ ਲਾਉਣਾ ਚਾਹੁੰਦੇ ਹਨ।

       ਚੋਣਾਂ ਦੇ ਪਿੜ ’ਚ ਬਿਨਾਂ ਘੁੰਡ ਕੱਢੇ ਨੱਚਦੇ ਨੇ ਨੇਤਾ, ਮਜਮਾ ਲਾਉਂਦੇ ਨੇ, ਤਮਾਸ਼ਾ ਦਿਖਾਉਂਦੇ ਨੇ, ਤਾੜੀਆਂ ਮਾਰਦੇ ਲੋਕ ਹੱਥ ਸੁਜਾ ਬੈਠਦੇ ਨੇ। ਗੁਰਪ੍ਰੀਤ ਘੁੱਗੀ ਠੀਕ ਆਖਦੈ, ‘ਹੁਣ ਤਾਂ ਅਸੀਂ ਆਪ ਹੀ ਛੋਟੇ ਛੋਟੇ ਰੱਬ ਬਣ ਬੈਠੇ ਹਾਂ, ਕੌਣ ਚੰਗਾ ਕੌਣ ਮਾੜਾ, ਫ਼ਤਵਾ ਜਾਰੀ ਕਰ ਦਿੰਦੇ ਹਾਂ।’ ਚੋਣਾਂ ਮੌਕੇ ਲੀਡਰ ਚੀਨੇ ਕਬੂਤਰ ਹੁੰਦੇ ਹਨ, ਬਾਜ਼ੀ ਜਿੱਤਣ ਲਈ ਦਾਅ ਮਾਰਨਾ ਨੀ ਭੁੱਲਦੇ।

       ਬਾਬੂ ਸਿੰਘ ਮਾਨ ਤਸ਼ਰੀਫ਼ ਲਿਆਏ ਨੇ, ‘ਅਸੀਂ ਅਕਾਲੀ ਦਲ ’ਚ ਲਈਆਂ ਪੀੜੀਆਂ ਗਾਲ, ਕੱਲ੍ਹ ਆਇਆ ਅੱਜ ਟਿਕਟ ਮਾਂਜ ਕੇ ਔਹ ਜਾਂਦਾ ਗੁਜਰਾਲ।’ ਖ਼ੈਰ ਪੰਜਾਬੀਆਂ ਦਾ ਭੇਤ ਤਾਂ ਪੰਜਾਬ ਆਲੇ ਨੀ ਪਾ ਸਕੇ, ਦਿੱਲੀ ਦੱਖਣ ਵਾਲੇ ਕਿਵੇਂ ਪਾ ਲੈਣਗੇ। ਸੱਥਾਂ ’ਚ ਬੈਠੇ ਬਜ਼ੁਰਗ ਆਖਦੇ ਨੇ ਕਿ ਭਾਈ!ਲੁਹਾਰਾਂ ਦੇ ਬੱਚੇ ਚੰਗਿਆੜੀ ਤੋਂ ਨੀਂ ਡਰਦੇ। ਖਿਮਾ ਦਾ ਜਾਚਕ ਹਾਂ,ਦਿਓ ਆਗਿਆ ਤੇ ਸੁਣੋ ਅਖੀਰ ’ਚ ਬਲਬੀਰ ਲੌਂਗੋਵਾਲ ਦੇ ਜਥੇ ਨੂੰ, ‘ਜਿਊਂਦੀ ਹੈ ਪੰਜਾਬੀਆਂ ਦੀ ਅਣਖ ਸਦਾ, ਵੱਸਦੇ ਨੇ ਅੜ ਕੇ।’

(1 ਮਾਰਚ 2026)

Saturday, January 31, 2026

 ਦੋ ਦੂਣੀ ਪੰਜ…
ਚਰਨਜੀਤ ਭੁੱਲਰ 

ਚੰਡੀਗੜ੍ਹ : ਕਾਸ਼ ! ਪੰਜਾਬੀ ਬੰਦਾ ਕੈਲਕੁਲੇਟਰ ਵਰਗਾ ਹੁੰਦਾ। ਨਾ ਕੱਲ੍ਹ ਦੇ ਨੇਤਾ ਅੱਜ ਦੇ ਬੱਚੇ ਬਣਦੇ, ਨਾ ਦਿਮਾਗ ਨੂੰ ਖੇਚਲਾ ਦੇਣੀ ਪੈਂਦੀ। ਜਿਵੇਂ ਆਰੀਆ ਭੱਟ, ਭਾਰਤੀ ਗਣਿਤ ਦੇ ਕਲਾਸੀਕਲ ਯੁੱਗ ਦੇ ਪਿਤਾਮਾ ਅਖਵਾਏ, ਉਵੇਂ ਗਣਿਤ ਦੇ ਸਿਆਸੀਕਲ ਦੌਰ ਦੇ ਅਲਾਮਾ ਆਪਣੇ ਛੋਟੇ ਰਾਜਾ ਜੀ ਬਣੇ ਨੇ। ਚੇਤਿਆਂ ਨੂੰ ਘੁੰਮਾਓ, ਇੱਕ ਵੱਡਾ ਰਾਜਾ ਹੁੰਦਾ ਸੀ, ਜਿਹੜਾ ਪਹਾੜਾਂ ’ਚ ਫਸਿਆ ਰਿਹਾ, ਇੱਕ ਆਹ ਛੋਟਾ ਰਾਜਾ ਜਿਹੜਾ ਹੁਣ ਪਹਾੜੇ ’ਚ ਫਸਿਐ। ਗੱਲ ਜ਼ੁਬਾਨ ਚੋਂ, ਤੀਰ ਕਮਾਨ ਚੋਂ ਨਿਕਲ ਜਾਏ, ਫਿਰ ਹਾਈ ਕਮਾਨ ਵੀ ਕੀ ਕਰੂ। ‘ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਬ੍ਹਾਨ ਅੱਲਾ।’

        ਜਦੋਂ ਤੋਂ ਗੱਦੀ ’ਤੇ ਭਗਵੰਤ ਮਾਨ ਸੁਭਾਇਮਾਨ ਹੋਏ ਨੇ, ਵਿਰੋਧੀ ਨੇਤਾਜਣ ਵੀ ‘ਸਟੈਂਡ ਅੱਪ ਕਾਮੇਡੀ’ ’ਤੇ ਹੱਥ ਅਜ਼ਮਾਉਣ ਲੱਗੇ ਨੇ। ਸਿਆਣੇ ਆਖਦੇ ਨੇ, ਲੋੜ ਨੰਗੇ ਨੂੰ ਕੱਤਣਾ ਸਿਖਾ ਦਿੰਦੀ ਐ। ਕਾਮੇਡੀਅਨ ਕੜਾਕਾ ਸਿੰਘ ਨੂੰ ਖੜਾਕਾ ਪ੍ਰਸ਼ਾਦ ਨੇ ਨਸੀਹਤ ਦਿੱਤੀ, ਭਲਿਆ! ਏਨੀ ਮਧੁਰ ਆਵਾਜ਼, ਗਾਉਣ ਕਿਉਂ ਨੀ ਲੱਗ ਜਾਂਦਾ। ਕੜਾਕਾ ਸਿਓ ਮੁੱਛਾਂ ’ਤੇ ਹੱਥ ਫੇਰ ਬੋਲੇ, ਭੋਲੇ ਦਾਸ ਜੀ, ‘ਜਦ ਗੱਲਾਂ ਬਾਤਾਂ ਨਾਲ ਸਰਦਾ ਹੋਵੇ, ਫਿਰ ਜ਼ਰੂਰ ਸੰਘ ਪਾੜਣੈ। ਖ਼ੈਰ, ਸੋਚਣਾ ਪਏਗਾ ਕਿ ਕਦੋਂ ਤੱਕ ਪੰਜਾਬੀ ਭੌ ਦੇ ਭਾਅ ਵਿਕਦੇ ਰਹਿਣਗੇ।

      ਤਾਰਿਕ ਮਹਿਤਾ ਵਾਲੇ ਸੀਰੀਅਲ ਦੇ ਜੇਠਾ ਲਾਲ ਵਾਂਗ ਅੱਜ ਕੱਲ੍ਹ ਇੱਕ ਮੁਕਤਸਰੀ ਲਾਲ ਕਸੂਤਾ ਫਸਿਐ। ‘ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹਲ ਚਲਦੇ’। ਚੋਣਾਂ ਵਾਲਾ ਵਰ੍ਹਾ ਹੈ, ਪੰਜਾਬ ਨੂੰ ਹਰ ਛੋਟਾ ਵੱਡਾ ਰਾਜਾ ਅਚਿੰਤੇ ਬਾਜਾਂ ਵਾਂਗੂੰ ਪਵੇਗਾ। ਕੋਈ ਵੋਟਰਾਂ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਏਗਾ, ਕੋਈ ਪਰਲੋਕ ’ਚ ਬੈਠੇ ਪੜਦਾਦੇ ਦਾ ਹਾਲ ਪੁੱਛੇਗਾ। ਆਹ ਗੀਤ ਵਾਂਗੂੰ ਨਿਛਾਵਰ ਹੋਣਗੇ,‘ਜੋ ਤੁਮਕੋ ਹੋ ਪਸੰਦ, ਵੋਹੀ ਬਾਤ ਕਹੇਂਗੇ’। ਭੁਲਾਇਆਂ ਨੀ ਭੁੱਲਦਾ ਪਟਿਆਲੇ ਆਲਾ ਰਾਜਾ, ਜਿਹੜਾ ਸਾਢੇ ਚਾਰ ਸਾਲ ਪਹਾੜਾਂ ’ਤੇ ਬੈਠ ਪੰਜਾਬ ਬਾਰੇ ਠੰਢੇ ਦਿਮਾਗ ਨਾਲ ਸੋਚਦਾ ਰਿਹਾ। ਤਾਹੀਂ ਬੀਬੀਆਂ ਨੂੰ ਜਸ ਗਾਇਣ ਕਰਨਾ ਪਿਆ, ‘ਸਹੁੰਆਂ ਖਾ ਕੇ ਮੁੱਕਰ ਗਿਆ, ਵੱਸ ਨੀ ਰਾਜਿਆ ਤੇਰੇ।’

      ਆਸਮਾਨ ਦੇ ਹੰਝੂ ਵਹਿ ਤੁਰੇ, ਧਰਤੀ ਦੀ ਹਿੱਕ ਪਾਟ ਗਈ ਜਦੋਂ ਛੋਟੇ ਰਾਜਾ ਨੇ ਗੱਚ ਭਰ ਇੰਜ ਸ਼ੁਰੂ ਕੀਤਾ ਵਿਰਾਗਮਈ ਰਾਗ, ‘ਤੁਸੀਂ ਸਾਡੇ ਨਾਲ ਧੱਕਾ ਕੀਤਾ ਬੀਬੀਓ, ਥੋਡਾ ਕਿਰਾਇਆ ਮੁਫ਼ਤ ਕਰਕੇ ਬਾਪੂ ਰੁਸਾ ਲਏ।’ ਪੰਡਾਲ ’ਚ ਬੈਠੀਆਂ ਬੀਬੀਆਂ ਤੋਂ ਰਾਜੇ ਦਾ ਦਰਦ ਝੱਲਿਆ ਨੀ ਗਿਆ। ਗਿੱਦੜਬਾਹੇ ਆਲੇ ਗੁਰਦਾਸ ਮਾਨ ਨੂੰ ਆਹ ਹੇਕ ਲਾਉਣੀ ਪੈ ਗਈ, ‘ਬੱਸ ਰਹਿਣ ਦੇ ਛੇੜ ਨਾ ਦਰਦਾਂ ਨੂੰ..।’ ਸੱਜਣੋਂ, ਇਹ ਤਾਂ ਟਰੇਲਰ ਐ, ਚੋਣਾਂ ’ਚ ਫਿਲਮ ਵੀ ਦਿਖਾਵਾਂਗੇ, ਨਾਲੇ ਕਾਮੇਡੀ ਸਰਕਸ ਵੀ।

       ਅੰਬਾਨੀਆਂ ਦੇ ਕੁੱਤੇ ਜਦੋਂ ਪੰਜ ਕਰੋੜ ਦੀ ਕਾਰ ’ਚ ਬਰਾਤੀ ਬਣ ਬੈਠੇ, ਉਦੋਂ ਕੀ ਹੋਇਆ, ਰਾਜਾ ਜੀ ਤੋਂ ਸੁਣੋ, ‘ਮੇਰੇ ਕਾਲਜੇ ਚੋਂ ਰੁੱਗ ਭਰਿਆ ਗਿਆ।’ ਮੇਲਾ ਲੁੱਟਣਾ ਹੋਵੇ, ਚਾਹੇ ਫਕੀਰ ਦੀ ਹੀਰ, ਨੇਤਾਵਾਂ ਦੇ ਭਾਸ਼ਣ ਤੂਫਾਨ ਮੇਲ ਬਣਦੇ ਨੇ, ਨਾਲੇ ਅੰਤਾਂ ਦਾ ਜੋਸ਼ ਭਰਦੇ ਨੇ। ਆਹ ਦੇਖੋ, ਮੁਕਸਰੀ ਵੜਿੰਗ ਕਿਵੇਂ ਮਾਰਫੀਨ ਦਾ ਟੀਕਾ ਲਾ ਰਿਹੈ, ‘ਹੁਣ ਚੱਕ ਦਿਓ ਝਾੜੂ, ਖਿਲਾਰ ਦਿਓ ਝਾੜੂ, ਐਤਕੀਂ ਕੰਮ ਮੁਕਾ ਦਿਓ।’ ਕਿਸੇ ਕਮਲੇ ਨੇ ਕਿਹਾ ਕਿ ਨੀਤੀਵਾਨ ਬੋਲਣ ਤੋਂ ਪਹਿਲਾਂ ਦੋ ਵਾਰ ਸੋਚਦਾ ਹੈ।

         ਪੰਜਾਬੀ ਵੀ ਬਾਤ ਦਾ ਵੜਿੰਗੜ ਬਣਾ ਦਿੰਦੇ ਨੇ। ਭੱਪੀ ਲਹਿਰੀ ਦੇ ਸੰਗੀਤ ਵਾਂਗੂੰ ਛੋਟੇ ਰਾਜੇ ਦੇ ਪਹਾੜੇ ਵੀ ਸੁਪਰ ਹਿੱਟ ਹੋਏ ਨੇ। ਵੜਿੰਗ ਦਾ ਇੱਕ ਰੈਲੀ ’ਚ ਪਹਾੜੇ ’ਤੇ ਗੇਅਰ ਅੜ ਗਿਆ, ਬਾਡੀ ਹਿੱਲਣ ਲੱਗ ਗਈ। ਗਲਤੀ ਦਾ ਪੁਤਲਾ ‘ਬਾਰਾਂ ਪਾਂਜੇ 48 ’ਆਖ ਬੈਠਾ। ਪੰਜਾਬ ਹੱਸ ਹੱਸ ਦੂਹਰਾ ਹੋਇਐ। ਹੋਰ ਪਰਜਾ ਨੂੰ ਕੀ ਚਾਹੀਦਾ, ਸਤਿੰਦਰ ਸਰਤਾਜ ਵੀ ਇਹੋ ਆਖਦਾ ਪਿਐ, ‘ਹੋਰ ਦੱਸ ਕੀ ਭਾਲਦੀ’। ਰੁਮਾਂਟਿਕ ਫਿਲਮਾਂ ਦਾ ਦੌਰ ਗਿਆ, ਹੁਣ ਕਾਮੇਡੀ ਫਿਲਮਾਂ ਛਾਈਆਂ ਨੇ।

       ਗੁਰਪ੍ਰੀਤ ਘੁੱਗੀ ਤੇ ਬੀਨੂੰ ਢਿਲੋਂ ਦਾ ਜ਼ਰੂਰ ਮੱਥਾ ਠਣਕਿਆ ਹੋਊ, ‘ਏਹ ਤਾਂ ਸਾਡੀ ਰੋਜ਼ੀ ਰੋਟੀ ਨੂੰ ਪੈ ਨਿਕਲੇ। ਬੀਬੀ ਭੱਠਲ ਦੇ ਮੁੰਡੇ ਨੇ ‘ਬਾਰਾਂ ਪਾਂਜੇ 56’ ਆਖ ਤਿਲ ਫੁੱਲ ਭੇਟ ਕੀਤੇ। ਹਰਪਾਲ ਸਿੰਘ ਚੀਮਾ ਨੇ ਦਿੜ੍ਹਬੇ ਦਾ ਅੰਕ ਵਿਗਿਆਨ ਪੇਸ਼ ਕੀਤਾ। ਪੇਸ਼ਕਾਰੀ ਅਮਰ ਚਮਕੀਲਾ ਵੀ ਕਰ ਗਿਆ, ‘ਤੂੰ ਇੱਕ ਅੱਧੇ ਨੂੰ ਰੋਂਦੀ, ਊਤਿਆ ਫਿਰਦਾ ਆਵਾ ਨੀ।’ ਸੌ ਹੱਥ ਰੱਸਾ, ਸਿਰੇ ’ਤੇ ਗੰਢ। ਪੁਰਾਣੀ ਸਕਿੱਟ ’ਚ ਭਗਵੰਤ ਮਾਨ ਆਖਦੈ, ‘ਮਾਸਟਰ ਜੀ, ਪਹਾੜਾ ਤਾਂ ਛੇ ਤੱਕ ਦਾ, ਤਰਜ਼ ਸਾਰੀ ਆਉਂਦੀ ਐ।’

       ਪਹਾੜਾ ਸ਼ਾਸਤਰ ’ਚ ਫਸੇ ਨੇਤਾ ਜਣ ਕਿਤੇ ਤਰਜ਼ ਹੀ ਕੱਢ ਲੈਂਦੇ, ਤੋਏ ਤੋਏ ਤੋਂ ਬਚ ਜਾਣਾ ਸੀ। ‘ਗੋਰਾ ਰੰਗ ਨਾ ਕਿਸੇ ਨੂੰ ਦੇਵੇ, ਸਾਰਾ ਪਿੰਡ ਵੈਰ ਪਿਆ।’ ਅਮਰੀਕਾ ਦੀ ਚੋਣ ’ਚ ਕੇਰਾਂ ਉਮੀਦਵਾਰ ਅਲ ਗੋਰ ਨੇ ਸਟੇਜ ਤੋਂ ਆਪਣੀ ਬੀਵੀ ਦੀ ਚੁੰਮੀ ਲੈ ਲਈ, ਉਹਦਾ ਰਾਤੋ ਰਾਤ ਵੋਟ ਗਰਾਫ ਵਧ ਗਿਆ। ਵਿਰੋਧੀ ਜਾਰਜ ਬੁਸ਼ ਨੇ ਦੂਜੇ ਦਿਨ ਆਪਣੀ ਬੀਵੀ ਸਟੇਜ ’ਤੇ ਬੁਲਾਈ, ਚੁੰਮੀਆਂ ਲੈ ਲੈ ਬੁਰਾ ਹਾਲ ਕਰ’ਤਾ। ਚੁੰਮੀ ਮੁਕਾਬਲੇ ਨੇ ਅਮਰੀਕੀ ਚੋਣ ਨੂੰ ਰੰਗਲਾ ਬਣਾ ਦਿੱਤਾ।

       ਸੋ ਪੰਜਾਬ ਦੇ ਹਰ ਮਾਈ ਭਾਈ ਨੂੰ ਇਹੋ ਹੱਥ ਜੋੜ ਅਰਜੋਈ, ਕਿਤੇ ਪਹਾੜਾਗਿਰੀ ’ਚ ਫਸ ਕੇ ਵੋਟਾਂ ਆਲੇ ਕੋ ਠੇ ਨੂੰ ਸੰਨ੍ਹ ਨਾ ਲਵਾ ਬੈਠਿਓ। ਦਿੱਲੀ ਤੋਂ ਲਲਾਰੀ ਵੀ ਆਉਣਗੇ, ਹੇਕ ਲਾਉਣਗੇ ‘ਦਿਲ ਮਾਂਗੇ ਮੋਰ’। ਪੰਜਾਬੀ ’ਵਰਸਿਟੀ ਆਲਾ ਲਾਲੀ ਬਾਬਾ ਹਾਜ਼ਰ ਹੋਇਆ। ਕੌਫੀ ਹਾਊਸ ਦੇ ਬਾਹਰ ਇੱਕ ਸ਼ਲਾਰੂ ਕਵੀ ਕੱਚਘਰੜ ਕਵਿਤਾ ਸੁਣਾ ਵਾਰ ਵਾਰ ਪੁੱਛੇ, ਕਿਵੇਂ ਲੱਗੀ..। ਲਾਲੀ ਬਾਬਾ ਜੁੱਤੀ ਪਾ ਤੁਰਨ ਲੱਗਿਆ ਤਾਂ ਅੱਗਿਓਂ ਕਵੀ ਪਾਤਸ਼ਾਹ ਘੇਰ ਕੇ ਪੁੱਛਣ ਲੱਗਿਆ, ਕਿਵੇਂ ਲੱਗੀ..। ਲਾਲੀ ਬਾਬਾ ਆਖਣ ਲੱਗੇ, ਪਿਆਰੇ! ‘ਜੇ ਜੁੱਤੀ ਪਾ ਲਈ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਲਾਹ ਨੀ ਸਕਦਾ।’

      ਪੰਜਾਬ ਵੀ ਹੁਣ ਇਸੇ ਮੂਡ ’ਚ ਐ। ਦੇਖਿਓ ਕਿਤੇ ਹਾਸੇ ਦਾ ਤਮਾਸ਼ਾ ਬਣ ਜੇ। ਭੁੱਲ ਕੇ ਵੀ ਨਾ ਕਹਿਣਾ,‘..ਸਾਰਾ ਪੰਜਾਬ ਤੇਰੇ ਨਾਲ।’ ਵਾਰਿਸ ਲੁਧਿਆਣਵੀ ਆਖਦੈ, ‘ਦਿਲਾਂ ਦੀਆਂ ਮੈਲੀਆਂ ਨੇ ਚੰਨ ਜੇਹੀਆਂ ਸੂਰਤਾਂ, ਇਨ੍ਹਾਂ ਨਾਲੋਂ ਚੰਗੀਆਂ ਨੇ ਮਿੱਟੀ ਦੀਆਂ ਮੂਰਤਾਂ।’ ਹਰੀਕੇ ਪੱਤਣ ਤੋਂ ਸਾਈਬੇਰੀਅਨ ਕੂੰਜਾਂ ਵਾਪਸ ਚੱਲੀਆਂ ਨੇ। ਚੋਣਾਂ ਦੇ ਮੌਸਮ ’ਚ ਹੁਣ ਸਿਆਸੀ ਗਿਰਝਾਂ ਪੈਣਗੀਆਂ। ਤਾਹੀਂ ਨੰਦ ਲਾਲ ਨੂਰਪੁਰੀ ਹੇਕ ਲਾ ਰਿਹੈ, ‘ਇੱਥੋ ਉੱਡ ਜਾ ਭੋਲਿਆ ਪੰਛੀਆ, ਤੇਰਾ ਮਾਸ ਜਾਣਗੇ ਖਾਹ।’

     ‘ਪੰਜਾਬ ਸਕੂਲ ਆਫ ਡਰਾਮਾ’ ਹੁਣ ਦਿੱਲੀ ਆਲੇ ‘ਨੈਸ਼ਨਲ ਸਕੂਲ ਆਫ ਡਰਾਮਾ’ ਨੂੰ ਮਾਤ ਪਾਏਗਾ।’ ਕੋਈ ਹਰੀਸ਼ ਚੰਦਰ ਦੀ ਔਲਾਦ ਅਖਵਾਏਗਾ, ਕੋਈ ਵਿਕਰਮਾਦਿੱਤ ਦਾ ਝਉਲਾ ਪਾਏਗਾ।’ ਪੰਜਾਬੀ ਐਤਕੀਂ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ‘ਮਿਸ ਯੂ’ ਆਖ ਰਹੇ ਨੇ। ਹੁਣ ਪੰਜਾਬ ਦੀ ਭੂਰੀ ’ਤੇ ਮੁੜ ’ਕੱਠ ਹੋਵੇਗਾ। ਸ਼ਰੀਫਗੜ੍ਹ ਦੇ ਨੇਤਾ ਸ਼ਹਿਰ-ਗਰਾਂ ਆਉਣਗੇ, ਡੱਡੂ ਗੀਤ ਗਾਉਣਗੇ, ਗੱਬਰ ਵਾਂਗ ਡਰਾਉਣਗੇ। ਭੋਲੇ ਵਰਕਰਾਂ ਨੂੰ ਮੱਖਣ ਵੀ ਲਾਉਣਗੇ, ‘ਚੱਲ ਧੰਨੋ! ਅੱਜ ਤੇਰੀ ਬਸੰਤੀ ਕੀ ਇੱਜ਼ਤ ਕਾ ਸਵਾਲ ਐ।’ ਰੱਤ ਦੇਣ ਨੂੰ ਮਜਨੂੰ, ਚੂਰੀ ਖਾਣ ਨੂੰ ਹੋਰ। ਜਨਤਾ ਜਨਾਰਦਨ ਵੀ ਅਦਾਕਾਰ ਰਾਜ ਕੁਮਾਰ ਨੂੰ ਧਿਆ ਜੁਆਬ ਦੇਵੇ ‘ਹਮੇਂ ਉੱਚੀ ਆਵਾਜ਼ ਸੁਣਨਾ ਪਸੰਦ ਨਹੀਂ..।’

      ਸੂਰਜ ਦਾਸ ਹਨੇਰਾ ਆਖਦਾ ਪਿਐ, ਜੇ ਚੋਣ ਨਾ ਲੜੀ ਤਾਂ ਪਾਗਲ ਹੋ ਜਾਵਾਂਗਾ। ਸ਼ਹਿਦ ਖਾਣਾ ਹੋਵੇ ਤਾਂ ਡੰਗ ਸਹਿਣਾ ਪੈਂਦੈ। ਖਿਆਲ ਰੱਖਣਾ, ਪੰਜਾਬ ਦੇ ਨੇਤਾ ਬੜੇ ਟੁੱਟ ਪੈਣੇ ਨੇ, ਦੰਦ ਗਿਣਨਗੇ ਤੇ ਨਾਲੇ ਵੋਟਾਂ। ਸਮਝ ਨਾ ਪਏ ਤਾਂ ਰੱਬ ਨੂੰ ਧਿਆ ਲੈਣਾ, ਆਪਣਾ ਸ਼ਹਿਰ ਭੰਬੋਰ ਬਚਾ ਲੈਣਾ। ਇਹ ਨੇਤਾ ਨਹੀਂ, ਅਭਿਨੇਤਾ ਨੇ, ਕਿਤੇ ਹਾਸਿਆਂ ’ਚ ਝੁੱਗਾ ਚੌੜ ਨਾ ਕਰਾ ਲੈਣਾ। ਕੋਈ ਪੱਗ ਬਦਲ ਕੇ ਆਏਗਾ, ਕੋਈ ਦਲ ਬਦਲ ਕੇ। ਤੁਸੀਂ ਪੁੱਤ ਪੋਤੇ ਪਹਾੜੇ ਸੁਣਨ ਲਈ ਨੀ ਜੰਮੇ।

      ਪਹਾੜੇ ਤੋਂ ਮੁੜ ਵੜਿੰਗ ਚੇਤਿਆਂ ’ਚ ਵੱਜਿਆ। ਥੋੜ੍ਹੇ ਦਿਨ ਪਹਿਲਾਂ ਉਹਦਾ ਗੁਰੂ, ਮੇਰੀ ਮੁਰਾਦ ਜਗਮੀਤ ਬਰਾੜ, ਵੀ ਗੱਜਿਆ। ’ਕੱਲਾ ਬਰਾੜ ਕਿਉਂ, ਇਥੇ ਤਾਂ ਸਾਰੇ ਨੇਤਾ ਹੀ ਤੁਰ ਫਿਰ ਕੇ ਮੇਲਾ ਦੇਖਦੇ ਨੇ। ਓਹ ਵੀ ਦਿਨ ਸਨ ਜਦ ਬਰਾੜ ਆਵਾਜ਼-ਏ-ਪੰਜਾਬ ਅਖਵਾਏ। ਅਖੀਰ ’ਚ ਬਾਬੂ ਸਿੰਘ ਮਾਨ ਦੇ ਮੁੱਖ ਕਮਲ ਚੋਂ ਬਰਾੜ ਦੀ ਤਾਰੀਫ ’ਚ ਦੋ ਸ਼ਬਦ, ‘ਸ਼ਰੇਆਮ ਜਗਮੀਤ ਸਿਆਂ ਆਖ ਰਹੇ ਨੇ ਲੋਕ, ਜਿੰਨੀ ਤਕੜੀ ਬੜ੍ਹਕ ਮਾਰਦੈ, ਓਨੀ ਤਕੜੀ ਮੋਕ।’

(24 ਜਨਵਰੀ 2026)

Monday, January 5, 2026

 ਏਨਾ ਸਰੀਫ਼ ! ਜੇਬ ਕਤਰਾ..  
ਚਰਨਜੀਤ ਭੁੱਲਰ  

ਚੰਡੀਗੜ੍ਹ : ‘ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ..’, ਸੁਰਜੀਤ ਪਾਤਰ ਤਾਂ ਇਹ ਆਖ ਤੁਰ ਗਏ। ਹੁਣ ਜੇ ਕੇ ਬੌਸ ਨੂੰ ਕੌਣ ਆਖੇ, ਜਿਹੜਾ ਸੱਚ ਨੂੰ ਕੰਧੇੜੇ ਚੁੱਕ ਕੋਠੇ ਚੜ੍ਹਿਐ, ਨੱਚ ਨੱਚ ਕਮਲਾ ਹੋਇਐ। ਬਈ! ਨੱਚੋ ਚਾਹੇ ਗਾਓ, ਭਲਾ ਇਹ ਤਾਂ ਦੱਸੋ, ਏਹ ਜੇ ਕੇ ਬੌਸ ਹੈ ਕੀ ਬਲਾ। ਜੇ ਕੇ ਬੌਸ ਹਿਮਾਚਲ ਦਾ ਮਸ਼ਹੂਰ ਜੇਬ ਕਤਰਾ, ਲਿਖਣਾ ਤਾਂ ਚਾਹੁੰਦਾ ਸੀ ਆਪਣੀ ਆਤਮ ਕਥਾ। ਧੰਦਾ ਐਸਾ ਕਿ ਵਿਹਲ ਹੀ ਨੀ ਕੱਢ ਸਕਿਆ। ਜਦ ਨਾਹਨ ਜੇਲ੍ਹ ’ਚ ਬੰਦ ਸੀ, ਇਕੱਲਾ ਮੁੱਖਬੰਦ ਹੀ ਲਿਖ ਸਕਿਆ।

       ‘ਭੈਣੋ ਔਰ ਭਾਈਓ! ਅਸੀਂ ਜੇਬਾਂ ਕੱਟਦੇ ਹਾਂ, ਤਾਹੀਓਂ ਜੇਲ੍ਹ ’ਚ ਹਾਂ, ਜੋ ਜੇਲ੍ਹ ਤੋਂ ਬਾਹਰ ਵਾਲੇ ਨੇ, ਉਹ ਵੀ ਕਿਹੜਾ ਘੱਟ ਨੇ। ਅਸੀਂ ਤਾਂ ਕੁੱਝ ਜੇਬਾਂ ਦੀ, ਉਹ ਪੂਰੇ ਸਮਾਜ ਦੀਆਂ ਜੇਬਾਂ ਦੀ ਸਫਾਈ ਕਰਦੇ ਨੇ। ਕੋਈ ਟੈਕਸ ਚੋਰ, ਕੋਈ ਰਿਸ਼ਵਤਖ਼ੋਰ, ਕੋਈ ਵੋਟਾਂ ਲੁੱਟਦੈ, ਕੋਈ ਚਾਹ-ਪਾਣੀ ਬਹਾਨੇ ਜੇਬਾਂ ਕੱਟਦੈ। ਜਿੱਥੋਂ ਦਾ ਲੂਣ ਪਾਣੀ ਛਕਿਆ, ਕਦੇ ਉੱਥੇ ਅਸੀਂ ਹੁਨਰ ਨੀ ਦਿਖਾਇਆ।’ ਅਸੂਲੀ ਬੌਸ ਹਕੂਮਤਾਂ ਦੇ ਐਨ ਹੱਡ ’ਤੇ ਮਾਰ ਗਿਆ। ‘ਡੁੱਬਦਾ ਬੰਦਾ ਮੀਂਹ ਦੀ ਪ੍ਰਵਾਹ ਨੀ ਕਰਦਾ।’

       ਨੇਤਾਵਾਦੀ ਜ਼ੁਬਾਨ ਤੇ ਜੇਬ ਕਤਰੇ ਦਾ ਹੱਥ, ਇੱਕੋ ਸਪੀਡ ’ਤੇ ਚੱਲਦੇ ਨੇ। ਧੰਦੇ ਦਾ ਸੁਭਾਅ ਵੀ ਇੱਕੋ, ਮਿਸ਼ਨ ਵੀ ਇੱਕਮਿੱਕ ਹੈ। ਚਾਹੇ ਸਰਤਾਜ ਨੂੰ ਪੁੱਛ ਲਓ, ‘ਹੋਏ ਮੈਂ ਤੇ ਸੱਜਣ ਇੱਕੋ ਮਿੱਕੇ..।’ ਜਿਵੇਂ ਸਿਆਸਤ ਕਲਾ ਹੈ, ਇਵੇਂ ਹੱਥ ਦੀ ਸਫ਼ਾਈ ਵੀ ਪ੍ਰਾਚੀਨ ਖਾਜਨੀਤੀ ਹੈ। ਨੇਤਾ ਠਾਠਾਂ ਮਾਰਦਾ ਪੰਡਾਲ ਦੇਖ ਕੇ ਚਾਂਭਲਦੈ, ਜੇਬ ਕਤਰਾ ਭੀੜਾਂ ਦੇਖ ਕੇ। ਸ਼ਿਲਪ ਕਲਾ ਦਾ ਪ੍ਰਤੱਖ ਨਮੂਨਾ ਹੈ, ਇੱਕ ਕਰ ਕਮਲਾਂ ਨਾਲ ਜੇਬ ਕੱਟਦੈ, ਦੂਜਾ ਸਮਾਗਮਾਂ ’ਚ ਫੀਤਾ। ਮਾਇਆ ਨਾਗਣੀ ਹੈ, ਤਾਹੀਂ ਜੋਗੀਆਂ ਨੂੰ ਪਹਾੜਾਂ ਤੋਂ ਉੱਤਰਨਾ ਪੈਂਦੈ। ਸਰਤਾਜ ਵਾਂਗੂ ਹੇਕਾਂ ਲਾਉਂਦੇ ਹੋਏ, ‘ਕੋਈ ਚੱਲਦਾ ਨਾ ਚਾਰਾ ਏ, ਤੇਰਾ ਬਿਨਾਂ ਨਾ ਗੁਜ਼ਾਰਾ ਏ।’

        ਜੋਗੀ ਨਾਥ ਸਪੋਲੀਆ ਆਖਦਾ ਪਿਐ ਕਿ ਕਿੱਤੇ ਦੀ ਤਾਸੀਰ ਤੋਂ ਨੇਤਾ ਤੇ ਜੇਬ ਕਤਰੇ ਬਿਲਕੁਲ ਸਾਢੂ ਜਾਪਦੇ ਨੇ। ਭੁੱਖੇ ਸਾਨ੍ਹ ਨੂੰ ਮੱਕੀ ਦੇ ਖੇਤ ’ਚ ਛੱਡੋਗੇ ਤਾਂ ਫਿਰ ਕਿਥੇ ਖੈਰਾਂ। ਖ਼ੈਰ, ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਜਜ਼ਬਾ ਹੋਣਾ ਚਾਹੀਦੈ। ਜੇਬ ਕਤਰੇ ਇਸੇ ਸੋਚ ’ਤੇ ਪਹਿਰਾ ਠੋਕ ਕੇ ਰਹੇ ਨੇ। ਜਦੋਂ ਚੋਰਾਂ ਨੂੰ ਮੋਰ ਪੈਣ, ਫਿਰ ਪਰਲੋ ਨੂੰ ਕੌਣ ਰੋਕੂ। ਰੈਲੀ ਸਿਆਸੀ ਹੋਵੇ ਤੇ ਚਾਹੇ ਰੋਡ ਸ਼ੋਅ, ਜੇਬ ਕਤਰੇ ਚੰਗਾ ਝਾੜ ਲੈਂਦੇ ਨੇ। ਪੁਰਾਣੀ ਫ਼ਿਲਮ ‘ਹਮ ਸਭ ਚੋਰ ਹੈ’ ਦਾ ਗਾਣਾ ਅੱਜ ਵੀ ਢੁੱਕਵੈਂ, ‘ਚੋਰ ਬਣੋ ਜਾਂ ਮੋਰ ਯਹਾਂ ਸਭ ਚਲਤਾ ਹੈ।’

       ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ’ਚ ਇੱਕ ਸਕੂਲ ਚੱਲਦੈ ਜਿੱਥੇ ਜੇਬਾਂ ਕੱਟਣ ਦੀ ਕਲਾ ਸਿਖਾਈ ਜਾਂਦੀ ਹੈ। ਅਪਰਾਧ ਦੀ ਨਰਸਰੀ ’ਚ ਸਿੱਧੀ ਗਰੈਜੂਏਸ਼ਨ ਹੁੰਦੀ ਹੈ। ਸਕੂਲ ਦੀ ਮੈਗਾ ਪੀਟੀਐਮ ’ਚ ਮਾਪਿਆਂ ਨੂੰ ਆਹ ਆਸਾ ਸਿੰਘ ਮਸਤਾਣਾ ਆਲੇ ਗਾਣੇ ਵਰਗਾ ਜੁਆਬ ਮਿਲਦੈ, ‘ਇਹ ਮੁੰਡਾ ਨਿਰਾ ਸ਼ਨਿੱਚਰੀ ਏ..।’ ਜੇਬ ਕੱਟਣ ਦੇ ਆਧੁਨਿਕ ਤਰੀਕੇ, ਪੁਲੀਸ ਤੋਂ ਬਚਾਓ ਲਈ ‘ਫ਼ਰਾਰ ਤੰਤਰ’ ਆਦਿ ਸਕੂਲ ਦੇ ਪਾਠਕ੍ਰਮ ’ਚ ਸ਼ਾਮਲ ਹਨ। ਕਈਆਂ ਦੇ ਪ੍ਰੈਕਟੀਕਲ ਵੀ ਕੁੰਭ ਦੇ ਮੇਲੇ ’ਚ ਹੁੰਦੇ ਨੇ।

        ਇੱਕ ਸਰਵੇ ਮੁਤਾਬਿਕ ਬੈਂਕਾਕ ਤੇ ਪੈਰਿਸ ਤੋਂ ਇਲਾਵਾ ਆਗਰਾ ਤੇ ਮੁੰਬਈ ’ਚ ਜੇਬਾਂ ਕਤਰਨ ਦਾ ਵੱਖਰਾ ਰਿਕਾਰਡ ਹੈ। ਕਿਸੇ ਸਮੇਂ ਬਨਾਰਸੀ ਠੱਗਾਂ ਦੀ ਪੈਂਠ ਹੁੰਦੀ ਸੀ। ਨਾਲੇ ਠੱਗਾਂ ਦੇ ਕਿਹੜਾ ਹਲ ਚੱਲਦੇ ਨੇ। ਜਿੰਨਾਂ ਦੀ ਜ਼ੁਬਾਨ ਚੱਲਦੀ ਹੈ, ਉਨ੍ਹਾਂ ਦੇ ਸੱਚਮੁੱਚ ਸੱਤ ਹਲ ਚੱਲਦੇ ਨੇ। ਜੇਬ ਕਤਰੇ ਹੱਥਾਂ ’ਤੇ ਸਰ੍ਹੋਂ ਜਮਾਉਣ ਵਾਲੇ ਤੇਲੀ ਨੇ। ਲੋਕਾਂ ਦਾ ਕਿਵੇਂ ਤੇਲ ਕੱਢਣੈ, ਇਹ ਹੁਨਰ ਨੇਤਾ ਜਣਾਂ ਦੇ ਹਿੱਸੇ ਆਇਐ। ਜਦ ਲੋਕ ਰਾਜ ਤੇ ਜੰਗਲ ਰਾਜ ’ਚ ਜੱਫੀ ਪੈ ਜਾਵੇ ਤਾਂ ਫਿਰ ਕਲਪਨਾ ਦੇ ਤਖ਼ਤ ’ਤੇ ਬੈਠਾ ਰਾਮ ਰਾਜ ਹੱਸਦੈ। ਸੂਬਾ ਸਿੰਘ ਲਿਖਦੈ, ‘ਯਾਰੋ! ਬੇ ਵਿਸਾਹੀ ਦੀ ਹੱਦ ਹੋ ਗਈ, ਮਜਨੂੰ ਲੈਲਾ ’ਤੇ ਨਹੀਂ ਇਤਬਾਰ ਕਰਦੇ।’

       ਜੇਬ ਕਤਰੇ ਅੰਤਰਯਾਮੀ ਹੁੰਦੇ ਹਨ, ਦੂਰੋਂ ਅੰਦਾਜ਼ਾ ਲਾਉਂਦੇ ਹਨ ਕਿ ਬੱਸ ਦੀ ਕਿਹੜੀ ਸੀਟ ’ਤੇ ਪ੍ਰੋਲੋਤਾਰੀ ਬੈਠੈ ਤੇ ਕਿਹੜੀ ’ਤੇ ਪੂੰਜੀਵਾਦ ਦਾ ਭਤੀਜਾ। ਜਦੋਂ ਬੱਸ ’ਚ ਝਾੜੂ ਫਿਰਦੈ, ਗੁਰਦਾਸ ਮਾਨ ਕੁਰਲਾ ਉੱਠਦੈ, ‘ਚੋਰੀ ਹੋ ਗਈ ਚੋਰੀ ਲੋਕੋ ਚੋਰੀ ਹੋ ਗਈ ਚੋਰੀ..।’ ਦਰਬਾਰਾ ਸਰਕਾਰ ’ਚ ਲੁਧਿਆਣੇ ਵੱਲ ਦਾ ਇੱਕ ਮੰਤਰੀ ਸੀ। ਉਸ ਦੀ ਲੁੱਟ ਤੋਂ ਅੱਕੇ ਲੋਕਾਂ ਨੇ ਮੰਤਰੀ ਦੇ ਪਿੰਡ ਆਲੀ ਲਿੰਕ ਸੜਕ ਦੇ ਮੀਲ ਪੱਥਰ ’ਤੇ ‘ਲੁਟੇਰਗੜ੍ਹ’ ਲਿਖ ਦਿੱਤਾ ਸੀ।

       ‘ਚੱਲਿਆ ਸਿਕੰਦਰ, ਦੋਵੇਂ ਹੱਥ ਖ਼ਾਲੀ’। ਨਾਲੇ ਇਹ ਪਤੈ ਕਿ ਕਫ਼ਨ ਦੇ ਜੇਬ ਨਹੀਂ ਹੁੰਦੀ। ਹਟਦੇ ਫਿਰ ਨੀ ਜੇਬ ਮਦਾਰੀ। ਅਮਰਿੰਦਰ ਗਿੱਲ ਵੀ ਕਿਹੜਾ ਹਟਦੈ, ਜੀਹਨੂੰ ਜੇਬ ਦੀ ਲੋੜ ਹੀ ਨਹੀਂ, ‘ਗੱਲ ਸੁਣ ਲੈ ਦਰਜ਼ੀਆ ਓਏ, ਮੈਨੂੰ ਕੁੜਤਾ ਸਿਉਂ ਦੇ ਸੂਹਾ।’ ਪੁਰਾਣੇ ਸਮਿਆਂ ’ਚ ਸਿਨੇਮਾ ਘਰਾਂ ਦੀ ਭੀੜ ਹੀ ਜੇਬ ਕਤਰਿਆਂ ਦੀ ਰੋਜ਼ੀ ਰੋਟੀ ਦਾ ਵਸੀਲਾ ਸੀ। ਜੇ ਕੇ ਬੌਂਸ ਵਾਂਗੂ ਜੇਬ ਕਤਰੇ ਹੁੰਦੇ ਤਾਂ ਅਸੂਲੀ ਨੇ। ਐਨ ਸੈਕੂਲਰ ਸੋਚ, ਜਾਤ ਪਾਤ ਤੋਂ ਮੁਕਤ। ਸ਼ਿਕਾਰ ਦਾ ਨਾ ਧਰਮ ਦੇਖਣ ਨਾ ਜਾਤ।

        ਅੱਜ ਦੇ ਨੇਤਾ ਜ਼ਰੂਰ ਰੈਫਕਲਿੱਫ ਦੇ ਰੂਮਮੇਟ ਬਣੇ ਨੇ, ਜ਼ਰੀਬਾਂ ਚੁੱਕ ਨਿੱਤ ਲਕੀਰਾਂ ਖਿੱਚਦੇ ਨੇ। ਜੇਬ ਕਤਰਾ ਸਮਾਜਵਾਦੀ ਸੋਚ ਰੱਖਦੈ, ਹਰ ਦੁੱਖ ਆਪਣੇ ਪਿੰਡੇ ਝੱਲਦੈ। ਜੇਬ ਦੇ ਅਮੀਰਾਂ ਨੂੰ ਪਲਾਂ ’ਚ ਪ੍ਰੋਲੋਤਾਰੀ ਬਣਾ ਦਿੰਦੈ। ਦੂਜੇ ਬੰਨੇ ਨੇਤਾਜਣ, ਭਾਵੇਂ ਦਸ ਵਾਰ ਮੰਤਰੀ ਬਣ ਜਾਣ, ਮਜਾਲ ਐ ਕਦੇ ਹੈਂਗਓਵਰ ਹੋ ਜਾਏ। ਜੇਬ ਕਤਰਿਆਂ ਤੋਂ ਸਾਵਧਾਨ! ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਇਹ ਇੱਜ਼ਤ ਮਾਣ ਵਾਲੇ ਮਸ਼ਹੂਰੀ ਬੋਰਡ ਦੂਰੋਂ ਚਮਕਦੇ ਨੇ। ਬਠਿੰਡੇ ਆਲਾ ਟੋਨੀ ਵੀ ਸ਼ੋਅਲੇ ਤੋਂ ਵੱਧ ਮਸ਼ਹੂਰ ਸੀ। ਹੁਣ ਤਾਂ ਪ੍ਰਮਾਤਮਾ ਦੇ ਚਰਨਾਂ ’ਚ ਜਾ ਨਿਵਾਜਿਆ। ਕੇਰਾਂ ਜੇਲ੍ਹ ’ਚ ਉਸ ਨਾਲ ਇੰਟਰਵਿਊ ਕੀਤੀ। ਜੱਫੀ ਪਾ ਮੋਹ ਨਾਲ ਮਿਲਿਆ। ਪਹਿਲਾਂ ਸੁਆਲ, ਟੋਨੀ ਜੀ! ਦਿਖਾਓ ਕੋਈ ਅਕਲ ਦੀ ਵੰਨਗੀ? ਅੱਗਿਓ ਖਚਰੀ ਹਾਸੀ ਹੱਸਿਆ, ‘ਵੰਨਗੀ ਬਾਅਦ ’ਚ ਦੇਖਿਓ, ਪਹਿਲਾਂ ਆਪਦਾ ਆਹ ਪਰਸ ਲੈ ਲੋ।’

        ਟੋਨੀ ਸਹਿਕਾਰੀ ਸੁਭਾਅ ਦਾ ਸੀ, ਪੁਲੀਸ ਦੇ ਔਖੇ ਵੇਲੇ ਕੰਮ ਆਉਂਦਾ। ਟੋਨੀ ਜ਼ਿੰਦਗੀ ਭਰ ਕੁੱਟ ਝੱਲਦਾ ਰਿਹਾ। ਆਖ਼ਰ ਥੱਕ ਹਾਰ ਗਿਆ, ਤਾਹੀਂ ਵਿਸਾਖੀ ਆਲਾ ਮੇਲਾ ਸਬ ਲੈੱਟ ਕਰਦਾ ਸੀ। ਜਦੋਂ ਸ਼ਹੀਦੀ ਜੋੜ ਮੇਲੇ ਆਉਂਦੇ ਨੇ, ਪੁਲੀਸ ਜਾਣੂ ਜੇਬ ਕਤਰਿਆਂ ਤੋਂ ਪਹਿਲਾਂ ਹੀ ਖਿਮਾ ਮੰਗਦੀ ਹੈ। ਹੁਣ ਤਾਂ ਜੇਬ ਕਤਰੇ ਕੱਪੜਿਆਂ ਤੋਂ ਪਛਾਣੇ ਨਹੀਂ ਜਾਂਦੇ। ਹੁਨਰ ਦੇ ਬਲਬੂਤੇ ਕਮਾਇਆ ਸੋਨਾ ਗਿਰਵੀ ਰੱਖ ਕੇ ਬੈਂਕਾਂ ਤੋਂ ਗੋਲਡ ਲੋਨ ਵੀ ਲੈਂਦੇ ਨੇ। ‘ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ।’

      ਬਾਬਾ ਆਲਮ ਆਮ ਆਦਮੀ ਬਣਿਐ, ‘ਤੇਰੇ ਘਰ ਬੰਡਲ ਨੋਟਾਂ ਦੇ, ਤੇਰੇ ਹੱਥ ਬਕਸੇ ਵੋਟਾਂ ਦੇ, ਅਸੀਂ ਮਾਰੇ ਪਏ ਹਾਂ ਤੋਟਾਂ ਦੇ..।’ ਜੇਬ ਕਤਰੇ ਜੇਬ ਕੱਟਦੇ ਨੇ, ਵੋਟਾਂ ਦੀ ਫ਼ਸਲ ਨੇਤਾ ਕੱਟਦੇ ਨੇ, ਮਹਾਤੜ ਗ਼ਰੀਬੀ ਕੱਟਦੇ ਨੇ। ਕੌਣ ਸਾਹਿਬ ਨੂੰ ਆਖੇ ਕਿ ਬਈ! ਲੋਕਾਂ ਦੇ ਦੁੱਖ ਕੱਟ। ਕੇਹਾ ਭੁਚੱਲਿਆ ਅਰਥ ਸ਼ਾਸਤਰ ਹੈ, ਕਰਜ਼ੇ ਦੇ ਡਾਇਨਾਸੋਰ ਨੇ ਪੰਜਾਬ ਦੱਬ ਲਿਆ, ਨੇਤਾਵਾਂ ਦੀ ਪੂੰਜੀ ਛੜੱਪੇ ਮਾਰਦੀ ਪਈ ਏ। ਰਿਤਿਕ ਰੌਸ਼ਨ ਵੀ ਕਿਥੇ ਟਲਦੈ, ‘ਲੋਗ ਭੂਲ ਜਾਤੇ ਹੈਂ ਸਰ, ਕਯਾ ਲੇਕਰ ਆਏ ਥੇ, ਕਯਾ ਲੇਕਰ ਜਾਓਗੇ।’

       ਵਿਹਲ ਮਿਲੇ ਤਾਂ ਮੰਟੋ ਦਾ ਨਾਟਕ ‘ਜੇਬ ਕਤਰਾ’ ਪੜ੍ਹਨਾ, ਲੱਗਦੇ ਹੱਥ ਫ਼ਿਲਮ ‘ਪਾਕੇਟਮਾਰ’ ਦੇ ਸ਼ੰਕਰ ਦੇ ਵੀ ਦਰਸ਼ਨ ਕਰਨੇ। ਵੈਸੇ ਤਾਂ ਅੱਕੇ ਹੋਏ ਪਤੀਆਂ ਨੂੰ ਆਪਣੀ ਬੀਵੀ ਚੋਂ ਹੀ ਸ਼ੰਕਰ ਦਾ ਝਉਲਾ ਪੈਂਦੈ। ਬੇਅੰਤ ਸਿੰਘ ਦੀ ਹਕੂਮਤ ’ਚ ਅੰਮ੍ਰਿਤਸਰ ਪੁਲੀਸ ਨੇ ਜੇਬਾਂ ਦੀ ਸਫ਼ਾਈ ਮੁਹਿੰਮ ਦੇ ਇਲਜ਼ਾਮ ’ਚ ਚਾਰ ਔਰਤਾਂ ਨੂੰ ਸਲਾਖ਼ਾਂ ਪਿੱਛੇ ਕੀਤਾ। ਥਾਣੇਦਾਰ ਪੰਜਾਬੀ ਪ੍ਰੇਮੀ ਨਿਕਲਿਆ ਜਿਸ ਨੇ ਤੱਤੇ ਚਿਮਟੇ ਨਾਲ ਮਾਂ ਬੋਲੀ ’ਚ ਚਾਰੋ ਔਰਤਾਂ ਦੇ ਮੱਥੇ ’ਤੇ ‘ਜੇਬ ਕਤਰੀ’ ਉੱਕਰ ਦਿੱਤਾ।

      ਪੰਜਾਬ ਸਰਕਾਰ ਨੇ ਪਲਾਸਟਿਕ ਸਰਜਰੀ ਕਰਾਈ, ਮੱਥਿਆਂ ਤੋਂ ਦਾਗ਼ ਮਿਟਾਏ। ਪੰਜਾਬੀ ਪ੍ਰੇਮੀ ਪੁਲਸੀਆਂ ਸੱਜਣਾਂ ਨੂੰ 2016 ’ਚ ਕੈਦ ਬੋਲ ਗਈ। ਪੁਲੀਸ ਦੇ ਹੱਥ ਲੰਮੇ ਹੀ ਨਹੀਂ ਬਲਕਿ ਤੱਤੇ ਵੀ ਹੁੰਦੇ ਨੇ, ਬਚ ਕੇ ਰਿਹਾ ਕਰੋ। ਪੰਜਾਬ ਚੋਣਾਂ ਨੇੜੇ ਨੇ, ਅੱਜ ਕੱਲ੍ਹ ਹਰ ਨੇਤਾ ਕਰੰਟ ਮਾਰਦੈ। ਅਜੰਤਾ ਅਲੋਰਾ ਦੀਆਂ ਗੁਫਾਵਾਂ ਚੋਂ ਹੁਣ ਨੇਤਾ ਬਾਹਰ ਨਿਕਲਣਗੇ ਜਿਵੇਂ ਮੀਂਹ ਦੇ ਦਿਨਾਂ ’ਚ ਡੱਡੂ। ਕਾਦਰ ਖ਼ਾਨ ਮੁਫ਼ਤ ’ਚ ਸਲਾਹ ਵਰਤਾ ਰਿਹੈ, ‘ਦੇਸ਼ ਕੋ ਸੁਧਾਰਨਾ ਹੈ ਤਾਂ ਸਿਰਫ਼ ਦੋ ਲੋਗੋਂ ਕੋ ਸੁਧਾਰਨਾ ਹੋਗਾ, ਇੱਕ ਵੋ ਜੋ ਵੋਟ ਦੇਤਾ ਹੈ, ਇੱਕ ਵੋਹ ਜੋ ਵੋਟ ਲੇਤਾ ਹੈ।’

       ਕੰਵਰ ਗਰੇਵਾਲ ਪੁੱਛਣੋਂ ਨੀ ਹਟਦਾ, ‘ਬੜਾ ਤੁਸੀਂ ਲੈ ਲਿਆ ਸਵਾਦ ਨੇਤਾ ਜੀ, ਇੱਕ ਦੋ ਤਾਂ ਦੇ ਦਿਓ ਜੁਆਬ ਨੇਤਾ ਜੀ।’ ਰੇਲ ਮੰਤਰੀ ਚੌਧਰੀ ਜਗਜੀਵਨ ਰਾਮ ਜੀ ਨੇ ਵੀ ਕੇਰਾਂ ਜੁਆਬ ਦਿੱਤਾ ਸੀ। ਪਾਰਲੀਮੈਂਟ ’ਚ ਸੰਸਦ ਮੈਂਬਰਾਂ ਦੀ ਪਤਨੀਆਂ ਦਾ ਰੇਲ ਭਾੜਾ ਮੁਆਫ਼ ਕਰਨ ਦਾ ਐਲਾਨ ਹੋਇਆ। ਅਟਲ ਬਿਹਾਰੀ ਵਾਜਪਾਈ ਸੀਟ ’ਤੇ ਖੜ੍ਹੇ ਹੋ ਪੁੱਛਣ ਲੱਗੇ, ਜਗਜੀਵਨ ਰਾਮ ਜੀ! ਕੀ ਛੜਾ ਮੁਫ਼ਤ ਦੇ ਭਾੜੇ ’ਤੇ ਆਪਣੀ ਸਾਥਣ ਨੂੰ ਨਾਲ ਲਿਜਾ ਸਕਦੈ? ਜਗਜੀਵਨ ਬਾਬੂ ਦਾ ਜੁਆਬ ਸੁਣੋ, ਭਾੜਾ ਮੁਆਫ਼ੀ ਦਾ ਕਾਨੂੰਨ ਜੀਵਨ ਸਾਥਣ ਲਈ ਹੈ, ਚੋਹਲ ਮੋਹਲ ਲਈ ਨਹੀਂ।

(31 ਦਸੰਬਰ 2025)

Monday, December 15, 2025

ਉੱਚੇ ਬੋਲ ਨਾ ਬੋਲੀਏ..
ਚਰਨਜੀਤ ਭੁੱਲਰ  

ਚੰਡੀਗੜ੍ਹ : ਜੀਭ ਕਲਾ ਦਾ ਆਧੁਨਿਕ ਨਮੂਨਾ ਦੇਖਣਾ ਹੋਵੇ, ਬਹੁਤਾ ਦੂਰ ਜਾਣ ਦੀ ਲੋੜ ਨਹੀਂ। ਸਿਆਸੀ ਨਾਰਾਇਣ ਕੀੜੀ ਦੇ ਘਰ ਖ਼ੁਦ ਮਜਮਾ ਲਾਉਂਦੇ ਨੇ। ਕੋਈ ਜੀਭ ਤੋਂ ਕੱਥਕ ਕਰਾਉਂਦੈ, ਕੋਈ ਗਤਕਾ ਖਿਡਾਉਂਦੈ। ਚੋਣਾਂ ਦੇ ਮੌਕੇ ਜਣਾ-ਖਣਾ ਢੋਲੇ ਦੀਆਂ ਲਾਉਂਦੈ। ਰੰਗਲੇ ਪੰਜਾਬ ’ਚ ਅੱਜ ਕੱਲ੍ਹ ਬੀਬਾ ਨਵਜੋਤ ਕੌਰ ਸਿੱਧੂ ਨੇ ਚੰਗੇ ਰੰਗ ਭਾਗ ਲਾਏ ਨੇ। ਚਾਰੋਂ ਕੂਟਾਂ ਨੂੰ ਕਾਂਬਾ ਛੇੜ ਦਿੱਤੈ। ਸਿਆਸਤ ਬੜੀ ਗੰਧਲੀ ਚੀਜ਼ ਐ, ਬੀਬਾ ਜੀ ਫਿਰ ਚਿੱਕੜ ’ਚ ਕਿਉਂ ਨਾ ਖੇਡਣ। ਓਹ ਗੁਰੂ! ਹੁਣ ਬੀਵੀ ਵੀ ਹੋ ਗਈ ਸ਼ੁਰੂ।

      ‘ਆਪਣੀ ਕੁਰਸੀ ਦੀ ਪੇਟੀ ਬੰਨ੍ਹ ਲੋ, ਮੌਸਮ ਵਿਗੜਨ ਵਾਲਾ ਹੈ’। ਬੀਬੀ ਨਵਜੋਤ ਕੌਰ ਸਿੱਧੂ, ਰਾਜ ਭਵਨ ਗਏ ਤਾਂ ਸ਼ਾਂਤ ਪਾਣੀ ਵਾਂਗ ਪਰ ਅੰਦਰੋਂ ਸੁਨਾਮੀ ਬਣ ਕੇ ਨਿੱਕਲੇ। ਬੀਬਾ ਜੀ ਮੁਖਾਰਬਿੰਦ ’ਚੋਂ ਇੰਜ ਫ਼ਰਮਾਏ, ‘ਮੁੱਖ ਮੰਤਰੀ ਦੀ ਕੁਰਸੀ ਲਈ ਪੰਜ ਸੌ ਕਰੋੜੀ ਸੂਟਕੇਸ ਚੱਲਦੈ’। ਜਨਾਬ ਸ਼ੈਰੀ ਨੇ ਕਿਹਾ ਤਾਂ ਤਾਲੀ ਠੋਕਣ ਨੂੰ ਸੀ, ਬੀਵੀ ਨੇ ਕਾਂਗਰਸ ਹੀ ਠੋਕਤੀ। ਬੀਬਾ ਜੀ ਦੇ ਰਸ-ਭਿੰਨੇ ਬੋਲ ਰਸ ਘੋਲ ਗਏ, ਜਦੋਂ ਪੈ ਨਿਕਲੇ, ‘ਰਾਜਾ ਵੜਿੰਗ! ਆਪਣੇ ਕੁੱਤਿਆਂ ਦੀ ਵਰਤੋਂ ਨਾ ਕਰੋ।’ ਸਿੱਧੂਪੁਰੀ ਪ੍ਰਵਚਨਾਂ ਨੇ ਕਾਂਗਰਸ ਦੀ ਬਾਡੀ ਹਿਲਾ’ਤੀ।

       ਹਰਭਜਨ ਮਾਨ ਮੱਤਾਂ ਦੇ ਰਿਹੈ, ‘ਉੱਚੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ।’ ਕੋਲੰਬਸ ਤੋਂ ਘੱਟ ਨੀ ਸ਼ੈਰੀ ਭਾ’ਜੀ ਵੀ ਜਿਨ੍ਹਾਂ ਰਾਹੁਲ ਗਾਂਧੀ ਚੋਂ ‘ਪੱਪੂ’ ਖ਼ੋਜਿਆ, ਕਾਂਗਰਸ ਚੋਂ ‘ਮੁੰਨੀ’ ਤੇ ਡਾ. ਮਨਮੋਹਨ ਸਿੰਘ ਚੋਂ ‘ਮੋਨੀ ਬਾਬਾ’। ਜਦੋਂ ਸ਼ੈਰੀ ਪਟਿਆਲਵੀ ਕਾਂਗਰਸ ਦੇ ਪ੍ਰਧਾਨ ਸਜੇ ਤਾਂ ਉਨ੍ਹਾਂ ਆਪਣਾ ਬਿਸਤਰਾ ਕਾਂਗਰਸ ਭਵਨ ’ਚ ਲਾਇਆ ਸੀ। ਸਿਰਹਾਣੇ ਥੱਲੇ ‘ਪੰਜਾਬ ਏਜੰਡਾ’ ਰੱਖਿਆ। ਔਹ ਦੇਖੋ, ਹੁਣ ਬੀਬਾ ਜੀ ਕਿੰਨੇ ਸੇਵਾ ਭਾਵ ਨਾਲ ਕਾਂਗਰਸੀ ਬਿਸਤਰਾ ਗੋਲ ਕਰਦੇ ਪਏ ਨੇ। ਇੱਕ ਵਾਰੀ ਸਟੇਜ ਸਕੱਤਰ ਨੇ ਪ੍ਰਸਿੱਧ ਢਾਡੀ ਸੋਹਣ ਸਿੰਘ ਸੀਤਲ ਨੂੰ ਪੁੱਛਿਆ, ਕਿੰਨਾ ਸਮਾਂ ਗਾਉਗੇ। ਅੱਗਿਓ ਸੀਤਲ ਬੋਲੇ, ‘ਸੌਦਾ ਵਿਕਦਾ ਦੇਖ ਕੇ ਸੋਚਾਂਗਾ।’ ਸਿੱਧੂ ਜੋੜਾ ਵੀ ਸ਼ਾਇਦ ਇਨ੍ਹਾਂ ਸੋਚਾਂ ’ਚ ਹੀ ਡੁੱਬਿਐ।

        ਕਾਂਗਰਸੀ ਨੇਤਾ ਸੁੰਨ ਨੇ। ਸ਼ੋਅਲੇ ਫ਼ਿਲਮ ਆਲਾ ਰਹੀਮ ਚਾਚਾ ਪੁੱਛਦਾ ਪਿਐ, ‘ਇਤਨਾ ਸੰਨਾਟਾ ਕਿਉਂ ਹੈ ਭਾਈ’। ਚਾਚਾ ਜੀ! ਕੀ ਦੱਸੀਏ, ਦੱਸਣ ਜੋਗੇ ਛੱਡੇ ਹੀ ਨਹੀਂ। ਲੌਂਗੋਵਾਲ ਆਲੇ ਸਾਧ ਨੂੰ ਕਿਸੇ ਨੇ ਕਿਹਾ, ਬਾਬਾ! ਤੈਨੂੰ ਅੱਧਾ ਲੌਂਗੋਵਾਲ ਟਿੱਚ ਜਾਣਦੈ। ਜੁਆਬ ਸੁਣੋ, ਭੁਜੰਗੀਆ! ਫ਼ਿਕਰ ਕਾਹਦੇ, ਆਪਾਂ ਪੂਰੇ ਲੌਂਗੋਵਾਲ ਨੂੰ ਟਿੱਚ ਜਾਣਦੇ ਹਾਂ। ਸਿੱਧੂ ਜੋੜਾ ਵੀ ਲੌਂਗੋਵਾਲੀਏ ਸਾਧ ਦੇ ਬੋਲ ਪੁਗਾ ਰਿਹੈ। ਵੈਸੇ, ਇੱਕ ਟੱਲਾਂ ਵਾਲਾ ਸਾਧ ਵੀ ਹੁੰਦਾ ਸੀ, ਜਿਹੜੇ ਕਿਤੇ ਨੀ ਟਿਕਦਾ ਸੀ। ਗੁਰਮੁਖੋ ! ਇੱਕ ਅਕਲ ਦਾ ਨਸ਼ਾ, ਉੱਪਰੋਂ ਕੁਰਸੀ ਦਾ ਨਸ਼ਾ, ਕਿਸੇ ਪਾਸੇ ਦਾ ਨੀ ਛੱਡਦਾ।

        ਸਿੱਧੂ ਸਾਹਿਬ ਦਾ ਅੰਦਾਜ਼ ਨਿਰਾਲੈ, ‘ਹਮ ਕੋ ਮਿਟਾ ਸਕੇ, ਜ਼ਮਾਨੇ ਮੇ ਦਮ ਨਹੀਂ।’ ਮਨੋਂ-ਮਨੀ ਪ੍ਰਤਾਪ ਬਾਜਵਾ ਬੋਲਿਆ ਹੋਊ, ‘ਤੇਰੀ ਜ਼ੁਬਾਨ ਬਹੁਤ ਚਲਤੀ ਹੈ ਸੂਰਿਆ..।’ ਕੈਪਟਨ ਅਮਰਿੰਦਰ ਸਿੰਘ ਨੇ ਨਿਚੋੜ ਕੱਢਿਐ ਕਿ ਸਿੱਧੂ ਜੋੜੇ ਨੂੰ ਬੜਾ ਪੁਰਾਣਾ ਜਾਣਦੈਂ, ਦੋਵੇਂ ਬੇਪੈਂਦੇ ਨੇ। ‘ਅੱਤ ਭਲਾ ਨਾ ਬੋਲਣਾ, ਅੱਤ ਭਲੀ ਨਾ ਚੁੱਪ’। ਭਲੇ ਨੇਤਾ ਮਾਂ ਸਰਸਵਤੀ ਨੂੰ ਜੀਭ ਦੇ ਨੇੜੇ ਨੀ ਢੁੱਕਣ ਦਿੰਦੇ, ਉਨ੍ਹਾਂ ਦਾ ਕੋਈ ਕੰਟਰੋਲ ਰੂਮ ਹੀ ਨਹੀਂ ਹੁੰਦਾ। ਜੀਭ ਨੂੰ ਕਾਬੂ ’ਚ ਰੱਖਣ ਵਾਲਿਆਂ ਨੂੰ ਸੁਰੱਖਿਆ ਲੈਣ ਲਈ ਮੁੱਖ ਮੰਤਰੀ ਕੋਲ ਨੀ ਜਾਣਾ ਪੈਂਦਾ।

      ਕੰਗਣਾ ਰਣੌਤ ਦੀ ਜੀਭ ਵੀ ਨ੍ਰਿਤ ਕਰਦੀ ਹੈ। ਕੰਗਣਾ ਨੇ ਪੰਜਾਬ ਦੀ ਬੇਬੇ ਨੂੰ ਭਾੜੇ ਦੀ ਔਰਤ ਆਖ’ਤਾ। ਬੇਬੇ ਮਹਿੰਦਰ ਕੌਰ ਨੇ ਵੀ ਕਚੀਚੀ ਵੱਟੀ, ਅਸਾਂ ਨੀ ਕਨੌੜ ਝੱਲਣੀ..। ਕੰਗਣਾ ਬਠਿੰਡੇ ਦੀ ਅਦਾਲਤ ਆਈ, ਤਾਂ ਜੀਭ ਰਸ ਚੋਂਦਾ ਪਿਆ ਸੀ। ਜ਼ੁਬਾਨ ਚਲਾਉਣੀ ਸੌਖੀ, ਸੰਭਾਲਣੀ ਔਖੀ ਹੈ। ਗੀਤਾ ਦਾ ਪ੍ਰਵਚਨ ਹੈ, ‘ਕੰਮ ਕਰੋ, ਫ਼ਲ ਦੀ ਆਸ ਨਾ ਰੱਖੋ।’ ਜ਼ੁਬਾਨ ਰਸ ਇਕਲੌਤਾ ਐਲੋਵੈਰਾ ਹੈ ਜੋ ਬਿਨਾਂ ਦੇਰੀ ਫਲ ਬਖਸ਼ਦੈ। ‘ਪਹਿਲਾ ਤੋਲੋ, ਫਿਰ ਬੋਲੋ’, ਵੱਡੇ ਬਾਦਲ ਬੋਲਣ ’ਚ ਕੰਜੂਸ ਸਨ। ਅੱਜ ਦੇ ਨੇਤਾ ਥੋਕ ਦੇ ਵਪਾਰੀ ਨੇ। ਸ਼ਾਇਦ ਸ਼ੂਗਰ ਦੇ ਡਰੋਂ ਮਿੱਠਾ ਬੋਲਣ ਤੋਂ ਟਲਦੇ ਨੇ।

      ‘ਘੱਟ ਬੋਲੀਏ ਤੇ ਬਹੁਤਾ ਸ਼ਰਮਾਈਏ, ਪੇਕਿਆਂ ਦੇ ਪਿੰਡ ਕੁੜੀਏ।’ ਪੰਜਾਬ ਦੇ ਬੀਬੇ ਬੱਚੇ ਸਿਆਸੀ ਪਿੜ ’ਚ ਧੂੜਾਂ ਪੁੱਟ ਰਹੇ ਨੇ। ਬੀਬੀਆਂ ਵੀ ਕਿਹੜਾ ਘੱਟ ਨੇ। ਤਾਹੀਂ ਫ਼ਿਲਮ ਨਿੱਕਾ ਜ਼ੈਲਦਾਰ ’ਚ ਕਰਮਜੀਤ ਅਨਮੋਲ ਨੂੰ ਵੀ ਆਖਣਾ ਪਿਐ, ‘ਪਤਾ ਨੀ ਕੀ ਭਰਿੰਡਾਂ ਖਾ ਲੈਂਦੀ ਐ, ਬਹੁਤ ਕੌੜਾ ਬੋਲਦੀ ਹੈ।’ ਵਾਰੇ ਵਾਰੇ ਜਾਣ ਨੂੰ ਦਿਲ ਕਰਦੈ ਮਨੀਸ਼ ਸਿਸੋਦੀਆ ਦੇ ਵੀ। ਭਲਾ ਇਸ ਸਵਾਰਥੀ ਜ਼ਮਾਨੇ ’ਚ ਕੌਣ ਘਰੋਂ ਖਾ ਕੇ ਅਕਲ ਵੰਡਦੈ।

      ਸਿਸੋਦੀਆ ਨੇ ‘ਸਾਮ, ਦਾਮ, ਦੰਡ, ਭੇਦ’ ਆਲੇ ਫ਼ਾਰਮੂਲੇ ਦੀ ਘੁੰਢ ਚੁਕਾਈ ਕੀਤੀ। ਖੁੱਲ੍ਹ ਦਿੱਲੇ ਪੰਜਾਬੀ, ਤਾੜੀ ਤੱਕ ਨੀ ਮਾਰ ਸਕੇ, ਬੜੇ ਅਹਿਸਾਨ ਫ਼ਰਾਮੋਸ਼ ਨੇ। ਬਾਪੂ ਗਾਂਧੀ ਦਾ ਇੱਕ ਬਾਂਦਰ ਜ਼ਰੂਰ ਟਪੂਸੀ ਮਾਰ ਗਿਆ। ਡੇਰਾ ਬਾਬਾ ਨਾਨਕ ਆਲੇ ਵਿਧਾਇਕ ਗੁਰਦੀਪ ਸਿਓ ਨੇ ਵੀ ਬੜੀ ਸੋਭਾ ਖੱਟੀ ਹੈ, ਮਣਾਂ ਮੂੰਹੀਂ ਇਲਮ ਵੰਡ ਕੇ, ‘ਬਈ! ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਨੇ, ਬੱਝਦੀਆਂ ਵੀ ਨੇ, ਲੱਥਦੀਆਂ ਵੀ ਨੇ।’ ਦੁਸਾਝਾਂ ਵਾਲਾ ਦਿਲਜੀਤ ਆਖਦੈ ‘ਜਿਨ੍ਹਾਂ ਨੂੰ ਪੱਗਾਂ ਬੰਨ੍ਹਣੀਆਂ ਆਉਂਦੀਆਂ ਨੇ, ਉਨ੍ਹਾਂ ਨੂੰ ਪੱਗਾਂ ਸਾਂਭਣੀਆਂ ਵੀ ਆਉਂਦੀਆਂ ਨੇ।’

        ਅਜਨਾਲੇ ਆਲੇ ਚੌਂਕ ’ਚ ਪੋਚਵੀਂ ਪੱਗ ਬੰਨ੍ਹ ਕੁਲਦੀਪ ਧਾਲੀਵਾਲ ਨੇ ਇੱਕ ਥਾਣੇਦਾਰ ’ਤੇ ਏਨੀ ਕਿਰਪਾ ਕੀਤੀ ਕਿ ਉਹ ਭੁੱਲ ਬੈਠੇ ਕਿ ਪੰਜਾਬ ਧੀਆਂ ਭੈਣਾਂ ਆਲੈ। ਲਲਕਾਰਾ ਸਿੰਘ ਖ਼ਾਮੋਸ਼ ਆਖਦੈ ਕਿ ਆਮ ਘਰਾਂ ਦੇ ਬੱਚਿਆਂ ਤੋਂ ਜ਼ਰਾ ਬਚ ਕੇ! ਸਾਰੇ ਜੀਭ ਨੂੰ ਗਰੀਸ ਕਰੀ ਫਿਰਦੇ ਨੇ। ਜਿਵੇਂ ਗਾਂਧੀ ਦੀ ਟੋਪੀ, ਨਹਿਰੂ ਦੀ ਜੈਕੇਟ, ਚਾਰਲੀ ਚੈਪਲਿਨ ਦੀ ਖੂੰਡੀ ਤੇ ਅਰਜਨ ਵੈਲੀ ਦੀ ਗੰਡਾਸੀ ਮਸ਼ਹੂਰ ਐ, ਉਵੇਂ ਪੰਜਾਬੀ ਲੀਡਰਾਂ ਦੇ ਜ਼ੁਬਾਨ ਰਸ ਆਲੀ ਗਲਾਸੀ ਬਹੁਤ ਮਸ਼ਹੂਰ ਹੈ।

       ਜੀਵਨ ਸਫਲਾ ਕਰਨਾ ਹੈ ਤਾਂ ‘ਆਪ’ ਵਿਧਾਇਕ ਮਨਵਿੰਦਰ ਗਿਆਸਪੁਰਾ ਨੂੰ ਜ਼ਰੂਰ ਧਿਆਓ ਜੋ ਮੁਖਾਰਬਿੰਦ ਚੋਂ ਇੰਜ ਫ਼ਰਮਾਏ, ‘ਜਿਹੜਾ ਅੱਖ ਚੱਕੂ, ਅੱਖ ਕੱਢ ਦਿਆਂਗੇ, ਜਿਹੜਾ ਉਂਗਲ ਚੱਕੂ, ਉਂਗਲ ਵੱਢ ਦਿਆਂਗੇ।’ ਇੰਜ ਲੱਗਦੈ ਕਿ ਜਿਵੇਂ ਭਲੇ ਸੱਜਣ ਕੁਰਸੀ ’ਤੇ ਨਹੀਂ, ਲੱਕੜਾਂ ਆਲੇ ਆਰੇ ’ਤੇ ਬੈਠੇ ਹੋਣ। ਵਾਰਸ ਸ਼ਾਹ ਅਰਜ਼ ਕਰਦੇ ਪਏ ਨੇ, ‘ਮਾਫ਼ ਕਰਨਾ ਜੀ ਅਸੀਂ ਨਿਮਾਣਿਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ।’ ਸ਼ਾਹ ਜੀ, ਉਨਾਂ ਦਾ ਕੀ ਕਰੀਏ, ਜੋ ਜੀਭ ਦੀ ਕਮਾਨ ਕਸੀ ਫਿਰਦੇ ਨੇ। ਸਟੈਂਡਰਡ ਵਿਧਾਇਕ ਡਾ.ਚਰਨਜੀਤ ਸਿਓ ਦਾ ਵੀ ਘੱਟ ਨਹੀਂ, ਜਿਹੜੇ ਦਸਵੀਂ ਪਾਸ ਨਾਲ ਵੀ ਦੁਆ ਸਲਾਮ ਨੀ ਕਰਦੇ।

        ਜਿਵੇਂ ਗਿੱਦੜਬਾਹੀ ਨਸਵਾਰ ਦੀ ਚੂੰਢੀ ਦਿਮਾਗ਼ ਖੋਲ੍ਹਦੀ ਐ, ਇਉਂ ਹੀ ਰਾਜਾ ਵੜਿੰਗ ਦੀ ਮਿੱਠੀ ਬੋਲੀ ਵੀ ਮਿਸਰੀ ਘੋਲਦੀ ਐ। ਤਰਨ ਤਾਰਨ ਦੀ ਉਪ ਚੋਣ ’ਚ ਵੜਿੰਗਵਾਦ ਨੇ ਤਾਰੀਆਂ ਲਾਈਆਂ। ਤਾਹੀਂ ਨਛੱਤਰ ਸੱਤੇ ਨੂੰ ਹੇਕ ਲਾਉਣੀ ਪਈ, ‘ਮੰਦੜੇ ਬੋਲ ਨਾ ਬੋਲ ਵੇ ਸੱਜਣਾ..।’ ਜਦੋਂ ਰੱਬ ਅਕਲ ਦੇ ਗੱਫੇ ਵਰਤਾ ਰਿਹਾ ਸੀ ਤਾਂ ਲਾਈਨ ’ਚ ਸਭ ਤੋਂ ਪਿੱਛੇ ਨੇਤਾ ਜਣ ਖੜ੍ਹੇ ਸਨ। ਰੱਬ ਦੇ ਅਰਦਲੀ ਨੇ ’ਵਾਜ ਮਾਰੀ, ਅੱਗੇ ਲੰਘ ਆਓ। ਸਭ ਇੱਕੋ ਸੁਰ ’ਚ ਬੋਲੇ, ‘ਹਮ ਯਹਾਂ ਖੜੇ ਹੋ ਜਾਤੇ ਹੈ, ਲਾਈਨ ਵਹੀਂ ਸੇ ਸ਼ੁਰੂ ਹੋਤੀ ਹੈ।’

        ਭਲਿਓ, ਰੱਬ ਨਾਲ ਮਸ਼ਕਰੀਆਂ। ਅੱਕੇ ਖ਼ੁਦਾ ਨੇ ਇਨ੍ਹਾਂ ਦੀਆਂ ਜੀਭਾਂ ਤੇ ਕੌੜਤੁੰਮੀ ਰਸ ਦੀਆਂ ਦੋ ਦੋ ਬੂੰਦਾਂ ਪਾ’ਤੀਆਂ। ਕਾਂਗਰਸੀ ਯੁੱਗ ’ਚ ਭਾਰਤ ਭੂਸ਼ਨ ਆਸ਼ੂ ਦੀ ਜ਼ੁਬਾਨ ਵੀ ਫ਼ਰਹਾਦ ਦੇ ਤੇਸੇ ਵਾਂਗੂ ਪਹਾੜ ਚੀਰਦੀ ਹੁੰਦੀ ਸੀ। ਕੁਲਦੀਪ ਮਾਣਕ ਗਾਉਂਦਾ ਮਰ ਗਿਆ, ‘ਛੱਡਿਆ ਤੀਰ ਕਮਾਨ ਚੋਂ, ਨਿਕਲੀ ਗੱਲ ਜ਼ੁਬਾਨ ਚੋਂ, ਵਾਪਸ ਨਾ ਆਵੇ.।’ ਅਮਰੀਕਾ ਆਲਾ ਟਰੰਪ, ਕੱਬਾ ਸੁਭਾਅ ਚੁੱਕੀ ਫਿਰਦੈ। ਕਿਸੇ ਗੱਲ ’ਤੇ ਨੀ ਟਿਕਦਾ, ਨਾ ਬੋਲਣ ਲੱਗਿਆ ਅੱਗੇ ਪਿੱਛਾ ਦੇਖੇ। ਬਠਿੰਡੇ ਆਲੇ ਦਿਓ ਵਾਂਗੂ ਭੂਚਾਲ ਲਿਆ ਰੱਖਿਐ। ਇੱਕ ਗੱਲੋਂ ਟਰੰਪ ਚੰਗੈ, ਜੋ ਖ਼ੁਦ ਕਬੂਲ ਕਰਦੈ, ‘ਨਾਇਕ ਨਹੀਂ, ਖਲਨਾਇਕ ਹੂੰ ਮੈਂ..।’

       ਸ਼ੁਕਰ ਕਰੋ ਪੰਜਾਬੀਆਂ ਦਾ, ਜਿਹੜੇ ਲੋਨ ਪਾਸ ਹੋਣ ’ਤੇ ਵੀ ਦੋ ਹਾੜੇ ਲਾ ਲੈਂਦੇ ਨੇ, ਸ਼ਾਮ ਵੇਲੇ ਪੰਜਾਬ ਦਾ ‘ਹੈਪੀਨੈੈੱਸ ਇੰਡੈੱਕਸ’ ਦੇਖਣ ਵਾਲਾ ਹੁੰਦੈ। ਇੱਕ ਵਾਰੀ ਸਰਦਾਰ ਪਟੇਲ ਪਟਿਆਲਾ ਆਏ। ਲੱਗੇ ਮਹਾਰਾਜੇ ਦੀ ਤਾਰੀਫ਼ ਕਰਨ, ‘ਮੇਰੀ ਦਿੱਲੀ ਇੱਛਾ ਹੈ ਕਿ ਪਟਿਆਲੇ ਆਲੇ ਰਾਜੇ ਦੀ ਪਰਜਾ ਬਣਾਂ।’ ਕਿਸੇ ਸੱਜਣ ਨੇ ਪੁੱਛਿਆ, ਪਟੇਲ ਸਾਹਿਬ ਏਨੀ ਚਾਪਲੂਸੀ ਕਿਉਂ? ਪਟੇਲ ਨੇ ਕੰਨ ’ਚ ਦੱਸਿਆ, ‘ਪੰਜਾਬੀਆਂ ਤੋਂ ਕੰਮ ਲੈਣਾ ਹੋਵੇ, ਇਨ੍ਹਾਂ ਨੂੰ ਹਸਾ ਲਓ, ਅਕਲ ਦੀ ਗੱਲ ਕਰੋਗੇ ਤਾਂ ਸਿਰ ਪਾੜ ਦੇਣਗੇ, ਪੰਜਾਬੀ ਅਕਲ ਆਲੇ ਨੂੰ ਆਪਣੇ ਤੋਂ ਵੱਡਾ ਨੀ ਸਮਝਦੇ।’

       ਪੰਜਾਬੀ ਭਾਲਦੇ ਤਾਂ ਕੰਪਾਸ ਵਰਗੇ ਨੇਤਾ ਨੇ। ਮਿਲਦੇ ਲਖਨਊ ਦੇ ਭੁੱਲ ਭੁਲੱਈਆ ਵਰਗੇ ਨੇ। ਚੋਣਾਂ ਮੌਕੇ ਇਹੋ ਨੇਤਾ ਪੀਸਾ ਦੀ ਮੀਨਾਰ ਵਾਂਗੂ ਝੁਕ ਜਾਂਦੇ ਨੇ, ਕੁਰਸੀ ਮਿਲਦੇ ਹੀ ਕੁਤਬ ਮੀਨਾਰ ਬਣ ਜਾਂਦੇ ਨੇ। ਲੋਕਾਂ ਦਾ ਵਕੀਲ ਬਾਬਾ ਆਲਮ ਬਣਿਐ, ‘ਹੰਝੂ ਰੁੱਸ ਗਏ, ਰੁੱਸ ਗਏ ਹਾਸੇ, ਅਸੀਂ ਜਾਈਏ ਕਿਹੜੇ ਪਾਸੇ।’ ਕਿਸੇ ਮਰਜ਼ੀ ਪਾਸੇ ਜਾਇਓ, ਜਾਣ ਤੋਂ ਪਹਿਲੋਂ ਆਹ ਸੁਣਦੇ ਜਾਇਓ..‘ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ..।’

(14 ਦਸੰਬਰ 2025)


Thursday, November 20, 2025

  ਬਈ ! ਤੈਨੂੰ ਸੱਤ ਸਲਾਮਾਂ..
 ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਕਿੰਨਾ ਭਾਗਾਂ ਵਾਲੈ। ਜਿਨ੍ਹਾਂ ਰੰਗ ਭਾਗ ਲਾਏ, ਸੱਤ ਸਲਾਮਾਂ ਐਸੇ ਪ੍ਰਤਾਪੀ ਬੰਦਿਆਂ ਨੂੰ। ਹਰਿਆਣਾ ਦਾ ‘ਖੱਟਰ ਯੁੱਗ’, ਪੰਜਾਬ ਦਾ ‘ਕੱਟੜ ਯੁੱਗ’, ਰਹਿੰਦੀ ਦੁਨੀਆ ਤੱਕ ਯਾਦ ਰਹੇਗਾ। ‘ਕੀ ਖੱਟਿਆ ਠੋਡੀ ਨੂੰ ਹੱਥ ਲਾ ਕੇ, ਲਾਲਾ-ਲਾਲਾ ਹੋਗੀ ਮਿੱਤਰਾ’, ਹਰਿਆਣਾ ਦੀ ਲੀਲਾ ਛੱਡੋ, ਪੰਜਾਬ ਤਾਂ ਮਗੈਂਬੋ ਤੋਂ ਵੱਧ ਖ਼ੁਸ਼ ਹੈ। ਹੁਣ ਪੰਜਾਬ ਦੇ ਸ਼ਾਲੀਮਾਰ ਬਾਗ਼ ’ਚ ਇਮਾਨਦਾਰੀ ਦੀ ਕਾਟੋ ਫੁੱਲਾਂ ’ਤੇ ਖੇਡ ਰਹੀ ਹੈ। ਬਿੰਨੂ ਢਿੱਲੋਂ ਇੱਕ ਪੰਜਾਬੀ ਫ਼ਿਲਮ ’ਚ ਪੁੱਛਣੋਂ ਨੀ ਹਟਦਾ, ‘ਕਾਟੋ ਕਾਹਤੋਂ’। ਬਈ! ਇਹ ਕਾਟੋ ਦੀ ਨਿੱਜਤੈ, ਉਹ ਫੁੱਲਾਂ ’ਤੇ ਖੇਡੇ, ਚਾਹੇ ਕੰਡਿਆਂ ’ਤੇ।

       ਸਰਕਾਰੀ ਇਮਾਨ ਏਨਾ ਕੱਟੜ ਹੈ ਕਿ ਰਹੇ ਰੱਬ ਦਾ ਨਾਮ। ਚੌਵੀ ਕੈਰੇਟ ਸੋਨੇ ਵਰਗਾ,ਐਨ ਸ਼ੁੱਧ ’ਤੇ ਖਰਾ। ਕੋਈ ਸ਼ੱਕ ਹੋਵੇ ਤਾਂ ਚਾਹੇ ਡੀਆਈਜੀ ਹਰਚਰਨ ਸਿਓਂ ਨੂੰ ਪੁੱਛ ਕੇ ਦੇਖ ਲੈਣਾ। ਸੰਘੀ ਏਜੰਸੀ ਸੀਬੀਆਈ ਦਾ ਕੱਖ ਨਾ ਰਹੇ, ਜੀਹਨੇ ਇਮਾਨ ਨੂੰ ਮੇਕਅਪ ਵੀ ਨੀ ਕਰਨ ਦਿੱਤਾ। ਮੁੰਨੀ ਤੋਂ ਵੱਧ ਬਦਨਾਮ ਕਰ’ਤਾ, ਸਾਢੇ ਸੱਤ ਕਰੋੜ ਦੀ ਮਾਇਆ, ਨਾਲੇ ਢਾਈ ਕਿੱਲੋ ਸੋਨਾ ਅਬਦਾਲੀ ਵਾਂਗੂ ਚੁੱਕ ਕੇ ਅਹੁ ਗਏ। ਕੰਵਰ ਗਰੇਵਾਲ ਨਸੀਹਤਾਂ ਦੀ ਪੰਡ ਖੋਲ੍ਹੀ ਬੈਠਾ, ‘ਮੈਂ ਉਹਦੀਆਂ ਗਠੜੀਆਂ ਬੰਨ੍ਹ ਬੈਠਾ, ਜਿਹੜਾ ਨਾਲ ਨਹੀਂ ਜਾਣਾ।’ ਭਲਾ ਪੁਰਸ਼ ਕ੍ਰਿਸ਼ਨੂੰ ਪ੍ਰਸ਼ਾਦ, ਕੋਲਿਆਂ ਦੀ ਦਲਾਲੀ ’ਚ ਮੂੰਹ ਕਾਲਾ ਕਰਾ ਬੈਠਾ।

        ਅਦਲਾ ਬਦਲੀ ਸਰਕਾਰਾਂ ਦੀ ਹੁੰਦੀ ਹੈ, ਦਲਾਲਾਂ ਦੀ ਨਹੀਂ, ਇਹ ਪ੍ਰਜਾਤੀ ਅਮਰ ਰਹਿੰਦੀ ਹੈ। ਦਲਾਲਪੁਰੀਏ ਨਾ ਹੋਣ ਤਾਂ ਦਫ਼ਤਰੀ ਫਾਈਲਾਂ ਨੂੰ ਸਿਉਂਕ ਛਕ’ਜੇ, ਖੱਜਲ ਜਣੋ! ਇਹੋ ਤਾਂ ਫਾਈਲਾਂ ਨੂੰ ਧੱਕਾ ਲਾਉਂਦੇ ਨੇ। ਇੰਜ ਲੱਗਦੈ ਜਿਵੇਂ ਕ੍ਰਿਸ਼ਨੂੰ ਪ੍ਰਸ਼ਾਦ ਦਲਾਲ ਨੀ, ਐੱਚਆਰ ਮੈਨੇਜਰ ਹੋਵੇ, ਉਹ ਵੀ ਸਦਾਬਹਾਰ। ਹੁਣ ਨੇਕ ਅਫ਼ਸਰਾਂ ਨੂੰ ਧੁੜਕੂ ਲੱਗਿਐ, ਜਿਨ੍ਹਾਂ ਦੇ ਰੈਣ ਬਸੇਰੇ ’ਚ ਕ੍ਰਿਸ਼ਨੂੰ ਪ੍ਰਸ਼ਾਦ ਜੀ ਦੇ ਚਰਨ ਪਏ ਨੇ। ਵਿਜੀਲੈਂਸ ਨੂੰ ‘ਖ਼ੁਦਾਈ’ ਮੌਕੇ ਇੱਕ ਆਈਏਐੱਸ ਅਫ਼ਸਰ ਦੇ ਘਰੋਂ ਸੋਨੇ ਦੀਆਂ ਨੌ ਇੱਟਾਂ ਮਿਲੀਆਂ। ਇਨ੍ਹਾਂ ਅਫ਼ਸਰਾਂ ਦੀ ਨਿਸ਼ਕਾਮ ਸੇਵਾ ਦਾ ਕਲਯੁਗੀ ਬੰਦਿਆਂ ਨੇ ਧੇਲਾ ਮੁੱਲ ਨੀ ਪਾਇਆ। ‘ਇਵੇਂ ਹੋਣੀ ਸੀ ਕਿ ਦੋਸ਼ ਨਣਦ ਨੂੰ ਦੇਵਾਂ’। ਪਰਮੀਸ਼ ਵਰਮਾ ਗਾਰੰਟੀ ਦੇ ਰਿਹੈ, ‘ਫ਼ਿਕਰ ਨਾ ਕਰੋ, ਸਭ ਫੜੇ ਜਾਣਗੇ।’

       ਕੋਈ ਨਹੀਂ ਫੜੇਗਾ, ਜੇ ਹਰੀ ਸ਼ੰਕਰ ਪਰਸਾਈ ਦੀ ਗੱਲ ਮੰਨੋਗੇ, ‘ਰਿਸ਼ਵਤ ਲੇਤਾ ਪਕੜਾ ਜਾਏ ਤੋ ਰਿਸ਼ਵਤ ਦੇ ਕੇ ਛੂਟ।’ ਉੜੀਸਾ ਦੇ ਰੇਲਵੇ ਅਫ਼ਸਰ ਦੇ ਘਰੋਂ ਸੰਘੀ ਏਜੰਸੀ ਨੇ 17 ਕਿੱਲੋ ਸੋਨਾ ਵਸੂਲ ਪਾਇਆ ਸੀ। ਸੰਸਦ ਮੈਂਬਰ ਧੀਰਜ ਪ੍ਰਸ਼ਾਦ ਸਾਹ ਦੀ ਕੁਟੀਆ ਚੋਂ 60 ਕਿੱਲੋ ਸੋਨਾ ਮਿਲਿਆ ਸੀ। ਏਧਰ, ਪੰਜਾਬ ਨੂੰ ਰਾਮ ਰਾਜ ਲੱਭਿਐ। ਅਮਿਤਾਭ ਬਚਨ ਪੁੱਛਦਾ ਪਿਐ, ਕੌਣ ਬਣੇਗਾ ਕਰੋੜਪਤੀ। ਮਾਹਤੜਾਂ ਨਾਲ ਤਾਂ ਲੱਛਮੀ ਦੀ ਅਣਬਣ ਐ, ਇਕੱਲੀ ਸਾਹਾਂ ਦੀ ਪੂੰਜੀ ਬਚੀ ਹੈ। ਸ਼ੁੱਧ ਸੋਨੇ ਦੀ ਮਾਲਕੀ ਕ੍ਰਿਸ਼ਨੂੰ ਦੇ ਬੌਸਾਂ ਕੋਲ ਐ। ਕਾਮਰੇਡੀ ਪ੍ਰਵਚਨ ਐ, ਇੱਕ ਬੰਦੇ ਦੀ ਅਮੀਰੀ ਪਿੱਛੇ ਲੱਖਾਂ ਲੋਕਾਂ ਦੀ ਗ਼ਰੀਬੀ ਹੁੰਦੀ ਹੈ।

       ਬਾਬਾ ਆਲਮ ਵੀ ਸੱਚ ਆਖਦੈ, ‘ਸਾਨੂੰ ਆਟੇ ਦਾ ਵੀ ਘਾਟਾ, ਤੇਰੇ ਕੁੱਤਿਆਂ ਨੂੰ ਖੀਰ, ਤੇਰੇ ਰੇਸ਼ਮੀ ਦੁਸ਼ਾਲੇ, ਸਾਡੇ ਤਨ ’ਤੇ ਨਾ ਲੀਰ।’ ਬਾਬਿਓ! ਚਿੰਤਾ ਛੱਡੋ, ਬੱਸ ਸਮਾਜਵਾਦ ਸ਼ੰਭੂ ਬਾਰਡਰ ਟੱਪ ਆਇਐ। ਤੁਸੀਂ ਸ਼ੁਕਰਾਨੇ ਕਰੋ ਕ੍ਰਾਂਤੀਵੀਰਾਂ ਦੇ। ਏਨੀ ਤਾਂ ਪੰਜਾਬੀ ਔਰਤ ਬਜਾਜੀ ਦੀ ਦੁਕਾਨ ਤੇ ਨਹੀਂ ਖਿੜਦੀ ਜਿਨ੍ਹਾਂ ਅੱਜ ਕੱਲ੍ਹ ਪੰਜਾਬ ’ਚ ਇਨਕਲਾਬੀ ਫੁੱਲ ਖਿੜਿਐ। ਥਾਮਸ ਐਡੀਸਨ ਨੇ ਬੱਲਬ ਦੀ ਖੋਜ ਕੀਤੀ, ਹਨੇਰਾ ਦੂਰ ਕੀਤਾ। ਇਵੇਂ ਕੇਜਰੀਵਾਲ ਬਦਲਾਅ ਆਲੀ ਕਰੇਨ ਨਾਲ ਕੁਰੱਪਸ਼ਨ ਨੂੰ ਜੜ੍ਹੋਂ ਪੁੱਟ ਰਿਹੈ। ਮਨੀਸ਼ ਸਿਸੋਦੀਆ ਪੰਜਾਬ ਖ਼ਾਤਰ ਘਰ ਬਾਰ ਛੱਡ ਆਇਆ। ਕਿੰਨੇ ਪਿਆਰ ਨਾਲ ‘ਸਾਮ, ਦਾਮ ਤੇ ਦੰਡ’ ਦੀ ਪਰਿਭਾਸ਼ਾ ਸਮਝਾ ਰਿਹੈ।

        ਪੇਂਡੂ ਬਾਬਾ ਆਖਦੈ, ਭਾਈ! ਅਸੀਂ ਚਾਰ ਸਾਲ ਪਹਿਲਾਂ ਛੱਲੀਆਂ ਆਲੇ ਖੇਤ ’ਚ ਡਰਨਾ ਗੱਡਿਆ ਸੀ, ਡਰਨਾ ਹੀ ਛੱਲੀਆਂ ਲੈ ਕੇ ਭੱਜ ਗਿਆ, ਹੁਣ ਕੀ ਕਰੀਏ। ਕਰਨਾ ਕੀ ਐ, ਸ਼ਾਹਰੁਖ਼ ਖ਼ਾਨ ਨੂੰ ਸੁਣੋ, ‘ਬੜੇ ਬੜੇ ਦੇਸ਼ੋਂ ਮੇ ਛੋਟੀ ਛੋਟੀ ਬਾਤੇਂ ਹੋਤੀ ਰਹਿਤੀ ਹੈਂ।’ ਜੇ ਫਿਰ ਵੀ ਦਿਲ ਨਾ ਟਿਕੇ, ਸਤਿੰਦਰ ਸਰਤਾਜ ਨੂੰ ਧਿਆ ਲੈਣਾ, ‘ਛੱਡ ਮਾਲਕ ’ਤੇ ਡੋਰਾਂ, ਬਹੁਤਾ ਸੋਚੀਂ ਨਾ’। ਸੰਧਵਾਂ ਆਲਾ ਕੁਲਤਾਰ ਸੋਚੀ ਜਾਂਦੈ, ਨਾਲੇ ‘ਕਾਲੀਆਂ ਭੇਡਾਂ’ ਆਲੀ ਸੂਚੀ ਉਡੀਕੀ ਜਾਂਦੈ।

         ਵੱਡੇ ਬਾਦਲ ਨੇ ਫ਼ਰਮਾਨ ਕੀਤਾ, ਕਾਲੀਆਂ ਭੇਡਾਂ ਦੀ ਲਿਸਟ ਬਣਾਓ। ਸਿਆਣੇ ਅਫ਼ਸਰਾਂ ਨੇ ਜੁਆਬੀ ਮਸ਼ਵਰਾ ਦਿੱਤਾ, ‘ਚਿੱਟੀਆਂ ਦੀ ਬਣਾ ਲੈਂਦੇ ਹਾਂ, ਨਾਲੇ ਜਲਦੀ ਬਣਜੂ।’ ਕੱਟੜ ਇਮਾਨੀ ਅਫ਼ਸਰਾਂ ਦਾ ਕੀ ਕਸੂਰ, ਰੱਬ ਦਾ ਦਿੱਤਾ ਛਕ ਰਹੇ ਨੇ, ਇਕੱਲੇ ਨਹੀਂ, ਵੰਡ ਕੇ। ਸੱਤਿਆ ਫ਼ਿਲਮ ਦਾ ਡਾਇਲਾਗ ਢੁਕਵੈਂ, ‘ਇਸ ਸ਼ਹਿਰ ਮੇ ਪੁਲੀਸ ਕੇ ਬਿਨਾਂ ਪੱਤਾ ਨਹੀਂ ਹਿਲਤਾ, ਸਭ ਕੀ ਹਿੱਸੇਦਾਰੀ ਤੈਅ ਹੈ।’ ਜਿਨ੍ਹਾਂ ਦਾ ਕਿਤੇ ਹੱਥ ਨੀ ਪੈਂਦਾ, ਉਹ ‘ਅੱਜ ਦੇ ਰਾਂਝੇ’ ਫਿਲਮ ਦੇ ਸਿਪਾਹੀ ਵਾਂਗੂ ਬੀਵੀ ਨੂੰ ਪੈ ਨਿਕਲਦੇ ਨੇ ‘ਕਿਥੋਂ ਲਿਆ ਦਿਆਂ ਰਾਣੀ ਹਾਰ, ਮੈਂ ਸਿਪਾਹੀ ਹਾਂ, ਕੋਈ ਡੀਆਈਜੀ ਨਹੀਂ।’

        ਡੀਆਈਜੀ ਹਰਚਰਨ ਸਿਓਂ ਦੇ ਘਰ ਰੱਬ ਦਾ ਦਿੱਤਾ ਸਭ ਕੁੱਝ ਸੀ। ਸੰਘੀ ਏਜੰਸੀ ਨੇ ਸਿੱਧਾ ਰੱਬ ਦੇ ਕੰਮ ’ਚ ਦਖਲ ਦੇਤਾ। ‘ਚੱਲ ਉੱਡ ਜਾ ਰੇ ਪੰਛੀ, ਅਬ ਯੇ ਦੇਸ਼ ਹੂਆ ਬਿਗਾਨਾ’। ਜਿੰਨੇ ਵੀ ਸੋਨਾਮੁਖੀ ਨੇ, ਜਦੋਂ ਭੀੜ ਪਈ, ਫਿਰ ਦੇਸ਼ ਚੇਤੇ ਕਰੇਗਾ। ਖ਼ੁਦਾ ਨਖਾਸਤਾ, ਕਦੇ ਜੰਗ ਲੱਗ ਜਾਏ। ਚੀਨ ਦੀ ਜੰਗ ਤਾਂ ਯਾਦ ਹੋਊ, ਜਦੋਂ ਲੋਕਾਂ ਨੇ ਦੇਸ਼ ਖ਼ਾਤਰ ਸੋਨਾ ਦਾਨ ਕੀਤਾ ਸੀ। ਮੂਰਖ ਦਾਸੋ! ਅੱਜ ਦੇ ਦੇਸ਼ ਭਗਤਾਂ ਨੇ ਕੌਮੀ ਸੁਰੱਖਿਆ ਵਾਸਤੇ ਹੀ ਤਾਂ ਘਰਾਂ ’ਚ ਸੋਨਾ ਰੱਖਿਐ। ਭਾਰਤ ਮਾਂ ਦੇ ਇਹ ਸਪੂਤ ਜੇਲ੍ਹਾਂ ਤੋਂ ਕਿੱਥੇ ਡਰਨ ਵਾਲੇ ਨੇ। ਸੰਘੀ ਏਜੰਸੀ ਨੇ ਐਵੇਂ ਬਾਤ ਦਾ ਬਤੰਗੜ ਬਣਾ’ਤਾ। ਰਾਂਝਾ ਜੀ ਠੀਕ ਆਖਦੇ ਸਨ, ‘ਜੋ ਰੰਨਾਂ ਤੋਂ ਵਰਜਦੇ ਚੇਲਿਆਂ ਨੂੰ, ਉਹ ਗੁਰੂ ਕੀ ਬੰਨ੍ਹ ਕੇ ਚੋਵਣੇਂ ਨੇ।’

        ਪੰਜਾਬ ਪੁਲੀਸ ਕੋਲ ਪੰਜ ਸੱਤ ਅਨਮੋਲ ਰਤਨ ਨੇ ਜਿਨ੍ਹਾਂ ਦੀ ਤੂਤੀ ਹਮੇਸ਼ਾ ਬੋਲਦੀ ਐ। ਬੱਸ ਇੱਕੋ ਅਸੂਲ ‘ਹਾਂਜੀ ਹਾਂਜੀ ਕਹਿਣਾ, ਸਦਾ ਸੁਖੀ ਰਹਿਣਾ।’ ਜਿਉਂ ਹੀ ਨਵੀਂ ਸਰਕਾਰ ਸਹੁੰ ਚੁੱਕਦੀ ਹੈ, ਇਹ ਐਨੂਅਲ ਪੈਕ ਲੈਂਦੇ ਨੇ, ਫਿਰ ਹਰ ਵਰ੍ਹੇ ਰਿਨਿਊ ਕਰਾਉਂਦੇ ਰਹਿੰਦੇ ਨੇ। ਅੱਜ ਕੱਲ੍ਹ ਤਾਂ ਬਿਜਲੀ ਮਹਿਕਮੇ ਦੇ ਵਿਹੜੇ ਵੀ ਬਸੰਤ-ਬਹਾਰ ਹੈ। ਪਹਿਲਾਂ ਆਨੰਦ ਫਿਲਮ ਦਾ ਡਾਇਲਾਗ ਸੁਣੋ, ‘ਲੋਗ ਕਹਿਤੇ ਹੈਂ ਇਮਾਨਦਾਰੀ ਮੇ ਕਿਆ ਮਿਲਤਾ ਹੈ,ਮੈਨੇ ਕਹਾ ਸਕੂਨ। ’ਪਾਵਰਕੌਮ ਦੇ ਡਾਇਰੈਕਟਰ ਹਰਜੀਤ ਸਿਓਂ ਵੀ ਇਸੇ ਸਕੂਨ ਦੇ ਆਸ਼ਕ ਨੇ। ਨਵੇਂ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਪਹਿਲੇ ਝਟਕੇ ਹਰਜੀਤ ਨੂੰ ਘਰੇ ਤੋਰ’ਤਾ। ਅਖੇ ਆਸ਼ਕਾਂ ਦਾ ਏਥੇ ਕੀ ਕੰਮ।

        ਪੰਜਾਬ ਜਣੋ! ਰਾਹਾਂ ਚੋਂ ਰੋੜੇ ਹਟਾਉਣੇ, ਕੋਈ ਅਰੋੜਾ ਸਾਹਿਬ ਤੋਂ ਸਿੱਖੇ। ਬਦਲਾਅ ਨੂੰ ਹੁਣ ਅੰਮ੍ਰਿਤਸਰ (ਦਿਹਾਤੀ) ਆਲੇ ਐੱਸਐੱਸਪੀ ਮਨਿੰਦਰ ਤੋਂ ਐਲਰਜੀ ਹੋ ਗਈ। ਮਨਿੰਦਰ ਅਖੀਰ ਤੱਕ ਗੈਂਗਸਟਰਾਂ ਨਾਲ ਭਿੜਿਆ। ਉਪ ਚੋਣ ਵੇਲੇ ਸਿਆਸਤ ਨਾਲ ਭਿੜ ਬੈਠਾ। ਮਨਿੰਦਰ ਹੁਣ ਉਸ ਬੈਂਚ ਤੇ ਬੈਠੇਗਾ ਜਿੱਥੇ ਪਹਿਲਾਂ ਗੁਰਕੀਰਤ ਕਿਰਪਾਲ ਹੋਰੀਂ ਬੈਠੇ ਨੇ। ਇਹ ਸਾਰੇ ਇਮਾਨਦਾਰੀ ਦਾ ਟੈਂਡਰ ਚੁੱਕਣਾ ਚਾਹੁੰਦੇ ਸੀ। ਗੋਨਿਆਣੇ ਆਲਾ ਹੇਮ ਰਾਜ ਮਿੱਤਲ, ਗਿਆਨੀ ਜ਼ੈਲ ਸਿੰਘ ਨੇ ਐੱਸਐੱਸਐੱਸ ਬੋਰਡ ਦਾ ਚੇਅਰਮੈਨ ਲਾ’ਤਾ। ਸਾਈਕਲ ’ਤੇ ਦਫ਼ਤਰ ਜਾਂਦਾ।

        ਆਖ਼ਰੀ ਸਾਹ ਤੱਕ ਗੋਨਿਆਣੇ ਆਪਣੀ ਆਟਾ ਚੱਕੀ ’ਤੇ ਬੈਠਿਆ। ਕਿਸੇ ਨੇ ਪੁੱਛਿਆ, ‘ਚਾਰ ਛਿੱਲੜ ਕਮਾ ਲੈਂਦਾ, ਅੱਜ ਇੱਥੇ ਨਾ ਬੈਠਣਾ ਪੈਂਦਾ।’ ਅੱਗਿਓ ਜੁਆਬ ਮਿਲਿਆ, ‘ਜੇਬਾਂ ਭਰਦਾ ਤਾਂ ਅੱਜ ਜੇਲ੍ਹ ਦੀ ਚੱਕੀ ’ਤੇ ਬੈਠਾ ਹੋਣਾ ਸੀ।’ ਪੈਪਸੂ ਸਰਕਾਰ ’ਚ ਜੈਤੋ ਦਾ ਸੇਠ ਰਾਮ ਨਾਥ ਮੰਤਰੀ ਬਣਿਆ। ਬੱਸ ਤੇ ਬੈਠ ਸਹੁੰ ਚੁੱਕਣ ਪਹੁੰਚ ਗਿਆ ਪਟਿਆਲੇ। ਪਟਿਆਲੇ ਆਲਾ ਰਾਜਾ ਕਹਿੰਦਾ, ਸਹੁੰ ਚੁੱਕਣੀ ਹੈ ਤਾਂ ਅਚਕਨ ਪਹਿਨ ਕੇ ਆਵੋ, ਧੋਤੀ ਨਹੀਂ ਚੱਲੇਗੀ। ‘ਮੈਨੂੰ ਨੀ ਚਾਹੀਦੀ ਇਹੋ ਜੇਹੀ ਵਜ਼ੀਰੀ’, ਆਖ ਸੇਠ ਜੀ ਤੁਰ ਪਏ। ਮਗਰੋਂ ਮਸਾਂ ਮੋੜ ਕੇ ਲਿਆਏ।

        ਸਾਦਗੀ ਤੇ ਇਮਾਨਦਾਰੀ ਦੇ ਵੇਲੇ ਹੁਣ ਕਿਥੇ ਰਹੇ ਨੇ। ਪੰਜਾਬ ਦਾ ਸਿਰ ਉੱਚਾ ਹੁਣ ਇਨਕਲਾਬੀ ਵੀਰਾਂ ਨੇ ਕੀਤੈ। ਤਰੱਕੀ ਦੇ ਰਾਹ ’ਚ ਜਿੰਨੇ ਵੀ ਅੜਿੱਕਾ ਸਿੰਘ ਰੋੜਾ ਬਣੇ, ਉਨ੍ਹਾਂ ਨੂੰ ‘ਪਰਚਾ ਸਿੰਘ’ ਨਾਲ ਸਾਈਕਲ ’ਤੇ ਬਿਠਾ ਜੇਲ੍ਹ ਨਾਥ ਦੇ ਡੇਰੇ ਛੱਡ ਆਏ। ਸਦੀਆਂ ਬਾਅਦ ਜਦ ਕੋਈ ਬ੍ਰਹਿਮੰਡ ਦਾ ਖ਼ੋਜੀ ਪੰਜਾਬ ਆਏਗਾ, ਬੌਂਦਲ ਜਾਏਗਾ ਜਦ ਜਾਣ ਜਾਏਗਾ ਕਿ ‘ਕੱਟੜ ਘਾਟੀ ਦੀ ਸਭਿਅਤਾ’ ਦੇ ਬਾਸ਼ਿੰਦੇ ਪੰਜਾਬੀ ਸਨ। ਜਦ ਘੱਗਰ ਤੋਂ ਰਾਵੀ ਤੱਕ ਥੇਹਾਂ ਦੀ ਖ਼ੁਦਾਈ ਹੋਵੇਗੀ ਤਾਂ ‘ਕ੍ਰਾਂਤੀ ਯੋਜਨਾ’ ਦੇ ਨਮੂਨੇ ਖੰਡਰਾਤਾਂ ਚੋਂ ਮਿਲਣਗੇ। ਇਮਾਨ ਦੀ ਤੜਾਗੀ ਦੇ ਚਿੰਨ੍ਹ ਲੱਭਣਗੇ।

        ਅਖੀਰ ’ਚ ਚਾਨਣ ਸਿੰਘ ਹਨੇਰਾ ਲਤੀਫ਼ਾ ਲੈ ਕੇ ਹਾਜ਼ਰ ਹੈ। ਪ੍ਰਤਾਪ ਸਿੰਘ ਕੈਰੋਂ ਦੀ ਜਾਂਚ ਲਈ ਕੇਂਦਰ ਨੇ ‘ਦਾਸ ਕਮਿਸ਼ਨ’ ਬਿਠਾ’ਤਾ। ਕੈਰੋਂ ਨੂੰ ਅਸਤੀਫ਼ਾ ਦੇਣਾ ਪਿਆ। ਜਦੋਂ ਹਲਕੇ ’ਚ ਗਏ ਤਾਂ ਕੋਈ ਪੁਰਾਣਾ ਚੇਲਾ ਗੋਡੀਂ ਹੱਥ ਲਾ ਆਖਣ ਲੱਗਿਆ, ‘ਜੀ! ਮੈਂ ਥੋਡਾ ਦਾਸ ਹਾਂ’। ਕੈਰੋਂ ਸਾਹਿਬ ਭੜਕ ਉੱਠੇ, ‘ਪਹਿਲੇ ਦਾਸ ਦਾ ਪੱਟਿਆ ਤਾਬ ਨੀ ਆਇਆ, ਹੁਣ ਤੂੰ ਕਿਹੜਾ ਦਾਸ ਆ ਗਿਆ।’

(20 ਨਵੰਬਰ 2025)



Sunday, April 13, 2025

                                           ਅਸਾਡਾ ਇੰਦਰ, ਤੇਰਾ ਖੁਆਜਾ
                                                           ਚਰਨਜੀਤ ਭੁੱਲਰ 

ਚੰਡੀਗੜ੍ਹ: ਸਿਆਣਪ ਕਿਤੋਂ ਵੀ ਮਿਲੇ, ਲੈ ਲੈਣੀ ਚਾਹੀਦੀ ਹੈ। ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਵਿਧਾਨ ਸਭਾ ’ਚ ਗਿਆਨ ਦੀ ਗੰਗਾ ਵਗਾ ਦਿੱਤੀ। ਜੇ ਕੋਈ ਵਗਦੀ ਗੰਗਾ ’ਚ ਹੱਥ ਨਾ ਧੋਵੇ, ਫਿਰ ਗੋਇਲ ਵਿਚਾਰਾ ਕੀ ਕਰੇ? ਮੰਤਰੀ ਜਨ ਇੰਜ ਫ਼ਰਮਾਏ, ‘‘ਮੈਂ ਤੀਹ ਸਾਲਾਂ ਤੋਂ ਅੱਧੀ ਬਾਲਟੀ ਪਾਣੀ ਨਾਲ ਨਹਾਉਂਦਾ, ਹਫ਼ਤੇ ’ਚੋਂ ਇੱਕ ਦਿਨ ਸਾਬਣ ਲਾਈਦੀ ਐ, ਓਦਣ ਪੌਣੀ ਬਾਲਟੀ ਨਾਲ ਨਹਾਉਂਦਾ।’’ ‘‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ’’, ਪਾਤਰ ਨੂੰ ਧਿਆ ਕੇ ਗੋਇਲ ਸਾਹਿਬ ‘ਬਾਲਟੀ ਨੁਸਖਾ’ ਰੱਖ ਤੁਰਦੇ ਬਣੇ। ਨਾਲੇ ਪਾਣੀ ਦੀ ਬੱਚਤ, ਨਾਲੇ ਸਾਬਣ ਦੀ।

       ਲੇਖਕ ਗੁਲਜ਼ਾਰ ਸੰਧੂ ਆਖਦੇ ਨੇ, ‘‘ਸਾਡੀ ਬੇਬੇ ਇੱਕ ਗੜਵੀ ਪਾਣੀ ਨਾਲ ਨਹਾ ਲੈਂਦੀ ਸੀ।’’ ਅਸੀਂ ਆਪਣਾ ਖ਼ਾਸਾ ਹੀ ਭੁੱਲ ਬੈਠੇ ਹਾਂ। ਪਿਛਾਂਹ ਚੱਲਦੇ ਹਾਂ ਜਦੋਂ ਗੂੰਜ ਪੈਂਦੀ ਹੁੰਦੀ ਸੀ: ਸ਼ਰਬਤ ਵਰਗਾ ਪਾਣੀ, ਸੰਤਾਂ ਦੀ ਖੂਹੀ ਦਾ। ਪਾਣੀ ਘੱਟ ਡੂੰਘੇ ਸਨ, ਸੋਚ ਡੂੰਘੀ ਸੀ। ਗੁਰਦਾਸ ਮਾਨ ਨੇ ਸੱਚ ਗਾਇਆ, ‘ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਣ ਦੀਆਂ’। ਛੱਪੜਾਂ ’ਚ ਨਾਲੇ ਮਸਤੀ, ਨਾਲੋ ਨਾਲ ਨਹਾਉਣ ਹੋ ਜਾਂਦਾ। ਜਿਨ੍ਹਾਂ ਨੂੰ ਮੂੰਹ-ਹੱਥ ਧੋਣ ਦਾ ਵੈਲ ਸੀ ਉਹ ਆਖਦੇ, ‘‘ਨ੍ਹਾਵੇ ਨਰਕ ਨੂੰ ਜਾਵੇ।’’ ਗ਼ਰੀਬ ਬੰਦੇ ਆਖਦੇ, ‘‘ਮੂੰਹ ਧੋਵੇ, ਰੋਜੀ ਖੋਵੇ।’’

        ਸੁਸਤ ਪ੍ਰਸ਼ਾਦ ਦੋਵੇਂ ਪੈਰ ਤੇ ਦੋਵੇਂ ਹੱਥ ਧੋ ਕੇ, ਮੂੰਹ ’ਤੇ ਛਿੱਟੇ ਮਾਰ ਆਖਦੇ ਨੇ, ‘‘ਪੰਜ ਇਸ਼ਨਾਨਾਂ ਕਿਹੜਾ ਸੌਖੈ।’’ ਪੰਜ ਇਸ਼ਨਾਨਾਂ-ਮਹਾਂ ਗਿਆਨਾ, ਨਿੱਤ ਨ੍ਹਾਵੇ ਦਲਿੱਦਰੀ। ਇਕੇਰਾਂ ਮੀਂਹ ਪੁਆਉਣ ਲਈ ਬੀਬੀ ਰਾਜਿੰਦਰ ਕੌਰ ਭੱਠਲ ਨੇ ਔਰਤਾਂ ਨੂੰ ਨਾਲ ਲੈ ਕੇ ਗੁੱਡੀ ਫੂਕੀ ਸੀ। ਇੰਦਰ ਦੇਵਤਾ ਮਿਹਰਬਾਨ ਹੋਇਆ ਜਾਂ ਨਹੀਂ ਇਹ ਤਾਂ ਪਤਾ ਨਹੀਂ, ਪਰ ਬਰਿੰਦਰ ਗੋਇਲ ਨੇ ਲਹਿਰੇਗਾਗੇ ਤੋਂ ਬੀਬੀ ਦੀ ਝੋਲੀ ਆਪਣੇ ਕਰ ਕਮਲਾਂ ਨਾਲ ‘ਹਾਰ’ ਪਾਈ। ਛੁਪੇ ਰੁਸਤਮ ਨਹੀਂ, ਗੋਇਲ ਸਾਹਬ ਬੱਚਤਖੋਰੇ ਜ਼ਰੂਰ ਨਿਕਲੇ ਜਿਨ੍ਹਾਂ ਦੀ ਘਾਲਣਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਹੁਣ ‘ਤੁਪਕਾ ਨਹਾਈ ਯੋਜਨਾ’ ਸ਼ੁਰੂ ਕਰਨੀ ਚਾਹੀਦੀ ਹੈ।

       ਪਾਣੀ ਖਾਰੇ ਤੇ ਕਾਲੇ ਹੋਏ ਨੇ। ਕਦੇ ਇਹ ਪਾਣੀ ਨਹਿਰੀ ਹੁੰਦੇ ਸਨ। ਸਤਿੰਦਰ ਸਰਤਾਜ ਵੀ ਇਹੋ ਆਖਦੈ, ‘ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ…।’ ਹਮਾਮ ’ਚ ਸਭ ਨੰਗ ਧੜੰਗੇ ਨੇ, ਜਿਹੜੇ ਅਕਲ ਦੇ ਵੈਰੀ ਨੇ ਉਹ ਸਰੀਰ ਦੇ ਵੀ ਨੇ। ਮਲ ਮਲ ਕੇ ਨਹਾਉਂਦੇ ਨੇ, ਹੜ੍ਹ ਵਾਂਗ ਪਾਣੀ ਵਹਾਉਂਦੇ ਨੇ। ‘ਪਾਣੀ ਭਗਤ’ ਨਾ ਬਣੇ ਤਾਂ ਲਹਿਰਾਗਾਗਾ ਵਾਲਾ ਬਰਿੰਦਰ ਚੇਤੇ ਆਇਆ ਕਰੂ। ਸਰਕਾਰ ਜੀ! ਲੱਗਦੇ ਹੱਥ ਇੱਕ ‘ਗੜਵੀ ਗਾਰੰਟੀ’ ਵੀ ਸ਼ੁਰੂ ਕਰੋ। ਗੜਵੀ ਪਾਣੀ ਨਾਲ ਨਹਾਓ, ਸਰਕਾਰੀ ਘਰੋਂ ਮੁਫ਼ਤ ’ਚ ਗੜਵੀ ਪਾਓ।

       ਜੇ ਸਰਕਾਰ ਟੇਲਾਂ ਤੱਕ ਪਾਣੀ ਪਹੁੰਚਾਉਂਦੀ ਐ ਤਾਂ ਸਿਆਣਾ ਬੰਦਾ ਗੜਵੀ ਪਾਣੀ ਦੀ ਗਿੱਟਿਆਂ ਤੱਕ ਤਾਂ ਪਹੁੰਚਾ ਹੀ ਸਕਦੈ। ਕਿਤੇ ਗੜਵੀ ਯੁੱਗ ਆ ਗਿਆ ਤਾਂ ਯੁਗਾਂਤਰਾਂ ਤੱਕ ਸਰਕਾਰ ਦੀ ਬੱਲੇ ਬੱਲੇ ਹੋਊ। ਅਮਿਤਾਭ ਬਚਨ ਇੱਕ ਮਸ਼ਹੂਰੀ ’ਚ ਆਖਦੈ, ‘‘ਇਨਸਾਨ ਪਾਣੀ ਬਨਾ ਤੋ ਨਹੀਂ ਸਕਤਾ, ਬਚਾ ਸਕਤਾ ਹੈ।’’ ਅਕਲਾਂ ਬਾਝੋਂ ਖੂਹ ਖ਼ਾਲੀ। ਬਰਿੰਦਰ ਗੋਇਲ ਨੇ ਸਦਨ ’ਚ ਅਕਲਾਂ ਦੇ ਖੁੱਲ੍ਹੇ ਗੱਫੇ ਵਰਤਾਏ। ਜੇ ਕਿਸੇ ਨੇ ਹੱਥ ਪਿੱਛੇ ਖਿੱਚ ਲਏ ਤਾਂ ਗੋਇਲ ਦਾ ਕੀ ਕਸੂਰ? ਗੱਲ ਹੈ ਤਾਂ ਸੋਲ੍ਹਾਂ ਆਨੇ ਸੱਚ ਪਰ ਕੋਈ ਕਦਰ ਵੀ ਤਾਂ ਕਰੇ।

       ਆਹ ਗਾਣਾ ਠੀਕ ਢੁਕਦੈ, ‘ਬੇਕਦਰੇ ਲੋਕਾਂ ਵਿੱਚ ਕਦਰ ਗੁਆ ਲੇਂਗਾ’। ਵਿਸ਼ਵੀ ਪੁਰਖੇ ਦੱਸਦੇ ਹਨ ਕਿ ਵਿਗਿਆਨੀ ਆਇੰਸਟਾਈਨ ਕਈ-ਕਈ ਦਿਨ ਨਹਾਉਂਦਾ ਨਹੀਂ ਸੀ, ‘ਮੋਨਾਲਿਜ਼ਾ’ ਤਸਵੀਰ ਦਾ ਰਚੇਤਾ ਲਿਓਨਾਰਡੋ ਦਿ ਵਿੰਚੀ ਤਾਂ ਅਕਸਰ ਨਹਾਉਣਾ ਭੁੱਲ ਜਾਂਦਾ ਸੀ। ਬਰਨਾਰਡ ਸ਼ਾਅ ਆਖਦਾ ਹੁੰਦਾ ਸੀ ਕਿ ਯਾਦ ਨਹੀਂ ਆਖ਼ਰੀ ਵਾਰ ਕਦੋਂ ਨ੍ਹਾਇਆ ਸੀ। ਜਦੋਂ ਠੰਢ ਸਿਖ਼ਰਾਂ ’ਤੇ ਹੁੰਦੀ ਹੈ, ਵੈਸੇ ਉਦੋਂ ਅਸਾਡੇ ਬਹੁਤੇ ਪੰਜਾਬੀ ਵੀ ‘ਬਰਨਾਰਡ ਸ਼ਾਅ’ ਹੀ ਬਣੇ ਹੁੰਦੇ ਨੇ। ‘ਜੱਟ ਐਂਡ ਜੂਲੀਅਟ’ ’ਚ ਦਿਲਜੀਤ ਦੁਸਾਂਝ ਆਖਦੈ, ‘‘ਬਈ! ਗੋਰੇ ਬਰਫ਼ ਪੈਣ ਕਰਕੇ ਨ੍ਹੀਂ ਨਹਾਉਂਦੇ, ਇੱਧਰ ਸਾਡੇ ਬਰਫ਼ ਵੀ ਨ੍ਹੀਂ ਪੈਂਦੀ ਅਸੀਂ ਫੇਰ ਵੀ ਨ੍ਹੀਂ ਨਹਾਉਂਦੇ।’ ਗਿਆਨੀ ਲੋਕ ਨਸੀਹਤਾਂ ਦੇ ਰਹੇ ਨੇ ‘ਠੰਡੇ ਠੰਡੇ ਪਾਨੀ ਸੇ ਨਹਾਨਾ ਚਾਹੀਏ…।’

        ਭਾਰਤੀ ਸੰਸਕ੍ਰਿਤੀ ’ਚ ਇਸ਼ਨਾਨ ਨੂੰ ‘ਪਵਿੱਤਰ ਕਾਰਜ’ ਸਮਝਿਆ ਜਾਂਦਾ ਹੈ। ਬੁੱਲੇ ਸ਼ਾਹ ਦੀ ਮਸੀਤ ਵੱਖਰੀ ਹੈ, ’‘ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ, ਮਿਲਦਾ ਡੱਡੂਆਂ ਮੱਛੀਆਂ…।’’ ਅਧਿਆਤਮ ’ਚ ਕਿਹਾ ਜਾਂਦਾ ਹੈ ਕਿ ਇਸ਼ਨਾਨ ਨਾਲ ਸਰੀਰ ਦੀ ਮੈਲ ਹੀ ਨਹੀਂ, ਮਨ ਦੀ ਮੈਲ ਵੀ ਧੋਤੀ ਜਾਂਦੀ ਹੈ, ਤਾਂ ਹੀ ਲੋਕ ਕੁੰਭ ਨਹਾਉਣ ਜਾਂਦੇ ਨੇ। ਸਿਆਸਤ ’ਚ ਮਾਇਆ ਦੀ ਨਦੀ ’ਚ ਚੁੱਭੀਆਂ ਲਾਉਣ ਦਾ ਰੋਗ ਪੁਰਾਣਾ ਹੈ। ਟਾਵੇਂ ਵਿਰਲੇ ਹੁੰਦੇ ਨੇ, ਜਿਹੜੇ ਮਾਇਆ ਦੇ ਸਮੁੰਦਰ ਕਿਨਾਰੇ ਤੋਂ ਫੋਕੀਆਂ ਲਹਿਰਾਂ ਦੇਖ ਪਰਤ ਆਉਂਦੇ ਨੇ। ਸਿਆਸੀ ਪੱਤਣਾਂ ਦੇ ਤਾਰੂ ਜਦ ਮਾਇਆ ਦੀ ਨਦੀ ਦੇ ਚਿੱਕੜ ’ਚ ਫਸ ਜਾਂਦੇ ਨੇ ਤਾਂ ਵਿਜੀਲੈਂਸ ਨੂੰ ਉਨ੍ਹਾਂ ਦੇ ਹੱਥ ਧੁਆਉਣੇ ਪੈਂਦੇ ਨੇ।

        ਵਿਜੀਲੈਂਸ ਦੇ ਗਲਾਸ ਦਾ ਪਾਣੀ ਰੰਗ ਬਦਲਦੈ। ‘ਪਾਨੀ ਰੇ ਪਾਨੀ ਤੇਰਾ ਰੰਗ ਕੈਸਾ..।’ ਸਦਨ ’ਚ ਮੰਤਰੀ ਗੋਇਲ ‘ਬਾਲਟੀ ਗੁਰ’ ਤਾਂ ਦੱਸ ਗਏ ਪਰ ਇਹ ਨ੍ਹੀਂ ਦੱਸ ਕੇ ਗਏ ਕਿ ਸਿਆਸੀ ਛੱਪੜ ’ਚੋਂ ਸੁੱਟੇ ਜਾਂਦੇ ਚਿੱਕੜ ਨੂੰ ਅੱਧੀ ਬਾਲਟੀ ਨਾਲ ਕਿਵੇਂ ਧੋਈਏ। ਜਿਸ ਹਮਾਮ ’ਚ ਨੇਤਾ ਨਹਾਉਂਦੇ ਨੇ, ਉਸ ਪਾਣੀ ਦਾ ਰੰਗ ਦੇਖ ਆਪਮੁਹਾਰੇ ਮੂੰਹੋਂ ਨਿਕਲਦੈ, ‘‘ਪਾਣੀ ਦਾ ਰੰਗ ਵੇਖ ਕੇ, ਅੱਖੀਆਂ ’ਚੋਂ ਹੰਝੂ ਰੁੜ੍ਹ ਗਏ।’’ ਜੇ ਹਾਲੇ ਵੀ ਨਾ ਸਮਝੇ ਤਾਂ ਕੁਦਰਤ ਸਮਝਾ ਦੇਵੇਗੀ। ਭਵਿੱਖ ਦੇ ਲੋਕ ਸਾਹਿਤ ਦਾ ਇਹ ਨਵਾਂ ਰੰਗ ਹੋਵੇਗਾ, ‘‘ਮਾਹੀ ਮੇਰੇ ਦੀ ਇਹੋ ਨਿਸ਼ਾਨੀ, ਮੋਢੇ ਪਰਨਾ ਲੱਭੇ ਪਾਣੀ।’’ ਨੇਤਾ ਲੋਕ ਅਕਸਰ ਹਰਿਆਣਾ ਵੱਲ ਮੂੰਹ ਕਰ ਆਖਦੇ ਨੇ, ‘‘ਇੱਕ ਬੂੰਦ ਪਾਣੀ ਨਹੀਂ ਜਾਣ ਦਿਆਂਗੇ।’’ ਵੈਸੇ ਡੁੱਬ ਮਰਨ ਲਈ ਚੂਲੀ ਭਰ ਪਾਣੀ ਹੀ ਕਾਫ਼ੀ ਹੁੰਦਾ ਹੈ। ਦੱਰਾ ਖ਼ੈਬਰ ਤੋਂ ਮਾਊਂਟ ਐਵਰੈਸਟ ਤੱਕ ਜਿੰਨੇ ਵੀ ਨੇਤਾ ਨੇ, ਸਭ ਦੀ ਰਾਸ਼ੀ ਇੱਕੋ ਹੈ।

         ਜਿਸ ਦਿਨ ਬਰਿੰਦਰ ਗੋਇਲ ਹੋਰਾਂ ਨੇ ‘ਬਾਲਟੀ ਮੰਤਰ’ ਦੱਸਿਆ, ਉਸ ਦਿਨ ਅਸਾਂ ਨੂੰ ਛੱਜੂ ਰਾਮ ਆਖਣ ਲੱਗਿਆ ਕਿ ਮੰਤਰੀ ਨੂੰ ਪੁੱਛ ਕੇ ਦੱਸਣਾ ਕਿ ਉਨ੍ਹਾਂ ’ਚ ਬਾਲਟੀ ’ਚੋਂ ਚਮਚੇ ਭਰ ਭਰ ਕੇ ਡੋਲ੍ਹਣ ਦੀ ਹਿੰਮਤ ਕਿੱਥੋਂ ਆਉਂਦੀ ਹੈ? ਬਚਪਨ ’ਚ ਚਮਚਾਗਿਰੀ ਦੀਆਂ ਦੋ ਬੂੰਦਾਂ ਛਕੀਆਂ ਹੁੰਦੀਆਂ ਤਾਂ ਸੰਘਰਸ਼ੀ ਲੋਕ ਵੀ ਨਹਾਉਣਾ ਨਾ ਭੁੱਲਦੇ। ਤਾਹੀਓਂ ਪੁਲੀਸ ਨੂੰ ਹੁਣ ਬੁਛਾੜਾਂ ਮਾਰ ਕੇ ‘ਸਮੂਹਿਕ ਇਸ਼ਨਾਨ’ ਕਰਾਉਣਾ ਪੈਂਦੈ। ਫਿਰ ਇਕੱਲੇ ਬੈਰੀਕੇਡ ਨਹੀਂ ਭਿੱਜਦੇ, ਹੱਕ ਵੀ ਜਲ ਪ੍ਰਵਾਹ ਹੋ ਜਾਂਦੇ ਨੇ। ਕੱਪੜੇ ਨਿਚੋੜ ਕੇ ਮੁੜ ਸੰਘਰਸ਼ੀ ਸੱਜਣ ਨਿੱਤ ਨਵੇਂ ਇਸ਼ਨਾਨ ਲਈ ਨਿਕਲ ਪੈਂਦੇ ਨੇ। ਲਤਾ ਦੇ ਬੋਲ ਹਿੰਮਤ ਦਿੰਦੇ ਨੇ, ‘‘ਜ਼ਿੰਦਗੀ ਹਰ ਕਦਮ ਇਕ ਨਈ ਜੰਗ ਹੈ…।’’

       ਲੰਮੀਆਂ ਸੋਚਾਂ ਵਾਲੇ ਆਖਦੇ ਨੇ ਕਿ ਅਗਲੀ ਜੰਗ ਪਾਣੀ ਨੂੰ ਲੈ ਕੇ ਹੋਵੇਗੀ। ਕੈਂਸਰ ਕਾਹਦਾ ਆਇਆ, ਗਿਆਨੀ ਦੇ ਡਿਪੂ ’ਤੇ ਚਿੱਟੀਆਂ ਚੁੰਨੀਆਂ ਦੀ ਵਿਕਰੀ ਹੀ ਵਧ ਗਈ। ਰੱਬ ਖ਼ੈਰ ਕਰੇ! ਯਾਦ ਆਇਆ, ਰੱਬ ਕਿਉਂ ਮਿਹਰਬਾਨ ਹੋਊ। ਮੰਤਰੀ ਗੋਇਲ ਤਾਂ ਇੰਦਰ ਦੇਵਤਾ ਦਾ ਕਾਰੋਬਾਰ ਠੱਪ ਕਰਨ ਨੂੰ ਫਿਰਦੇ ਨੇ। ਭਲਿਆ ਲੋਕਾ, ਜੇ ਸਭ ਮੰਤਰੀ ਸੰਤਰੀ ਅੱਧੀ ਬਾਲਟੀ ਨਾਲ ਪਿੰਡਾ ਧੋਣ ਲੱਗ ਗਏ ਤਾਂ ਇੰਦਰ ਦੇਵਤਾ ਦੇ ਹਾੜੇ ਕੱਢਣ ਦੀ ਲੋੜ ਹੀ ਨਹੀਂ ਪੈਣੀ। ਹੈ ਨਾ ਰੱਬ ਦੇ ਕੰਮ ’ਚ ਸਿੱਧੀ ਦਖਲ-ਅੰਦਾਜ਼ੀ। ਪਾਣੀਓ-ਪਾਣੀ ਹੋਣ ਦੀ ਥਾਂ ਹੁਣ ਬੱਚਤੋ-ਬੱਚਤੀ ਹੋਣ ਦਾ ਸਮਾਂ ਹੈ।

       ਅਖੀਰ ’ਚ ਦੋ ਭੰਡਾਂ ਦਾ ਮਜਮਾ ਦੇਖਦੇ ਹਾਂ। ‘‘ਓ ਨਿਆਰੇ, ਅਸਾਂ ਦਾ ਜਦ ਵਿਆਹ ਹੋਇਆ ਤਾਂ ਵਟਣਾ ਮਲਣ ਸਾਡੀਆਂ ਚਾਚੀਆਂ ਆਈਆਂ, ਤਾਈਆਂ ਆਈਆਂ, ਆਂਢ ਗੁਆਂਢੋਂ ਵੀ ਆਈਆਂ।’’ ਨਿਆਰਾ ਪੁੱਛਣ ਲੱਗਾ, ‘‘ਹਲਾ ਵੀ ਫੇਰ?’’ ਪਿਆਰਾ ਬੋਲਿਆ, ‘‘ਦੱਬ ਦੱਬ ਵਟਣਾ ਮਲੀ ਗਈਆਂ… ਮਲੀ ਗਈਆਂ… ਮਲੀ ਗਈਆਂ।’’ ‘‘ਓ ਫੇਰ ਕੀ ਹੋਇਆ?’’ ‘‘ਹੋਣਾ ਕੀ ਸੀ, ਥੱਲਿਓ ਬਨੈਣ ਨਿਕਲ ਆਈ।’’

(13 ਅਪਰੈਲ 2025)


Wednesday, March 19, 2025

                                    ਭਾਈਆ ਜੀ ! ਥੋਡੀ ਖ਼ੈਰ ਹੋਵੇ..
                                                         ਚਰਨਜੀਤ ਭੁੱਲਰ

ਚੰਡੀਗੜ੍ਹ : ਜੱਟਾਂ ਆਲੇ ਘਾਲੇ-ਮਾਲੇ ’ਚ ਜਿਵੇਂ ‘ਭਾਈਆ ਜੀ’ ਉਲਝੇ ਪਏ ਨੇ, ਠੀਕ ਉਵੇਂ ਪੰਥ ਵੀ ਗੁੰਝਲਾਂ ’ਚ ਫਸਿਆ ਪਿਐ। ਹਰਦਿਲ ਅਜ਼ੀਜ਼, ਸੰਗਤ ਦੇ ਚਰਨਾਂ ਦੀ ਧੂੜ, ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਜੇ ਕਿਤੇ ਪੁਰਾਣੇ ਕਾਵਿ-ਕਿੱਸੇ ਪੜ੍ਹੇ ਹੁੰਦੇ ਤਾਂ ਆਹ ਨੌਬਤ ਨਾ ਆਉਂਦੀ। ਪੰਜਾਬੀ ਪਰੰਪਰਾ ’ਚ ਮਕਬੂਲ ਕਿੱਸੇ ‘ਜੀਜਾ-ਸਾਲੀ’ ਦੀ ਮੋਹ-ਮੁਹੱਬਤ ਨਾਲ ਭਰੇ ਪਏ ਨੇ। ਕੋਈ ਵੀ ਕਿੱਸਾ ‘ਜੀਜੇ-ਸਾਲੇ’ ਦੇ ਪਿਆਰ ਦੀ ਬਾਤ ਨਹੀਂ ਪਾਉਂਦਾ। ਗੁਰਮੁਖੋ! ਸੋ ਇਹੋ ਸਿੱਖਿਆ ਮਿਲਦੀ ਹੈ ਕਿ ‘ਜੀਜੇ-ਸਾਲੇ’ ਦੇ ਰਿਸ਼ਤੇ ’ਚ ਮੁੱਢ ਕਦੀਮ ਤੋਂ ਹੀ ਕੌੜ ਬਣਿਆ ਹੋਇਆ ਹੈ।

        ਯਮਲਾ ਜੱਟ ਠੀਕ ਫ਼ਰਮਾ ਰਿਹੈ, ‘ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ...’ ਆਓ ਮਾਜਰਾ ਸਮਝੀਏ! ਅਸਾਂ ਜਥੇਦਾਰ ਕੀ ਹਟਾਏ, ਤੁਸਾਂ ਪੰਥ ਦੀ ਛੱਤ ਹੀ ਸਿਰ ’ਤੇ ਚੁੱਕ ਲਈ। ਵੱਡੇ ਬਾਦਲ ਨੂੰ ਅੱਜ ਪੰਥ ‘ਮਿਸ ਯੂ’ ਆਖ ਰਿਹੈ। ਰੌਲਾਪੁਰੀਓ, ਪਹਿਲੋਂ ਜਦ ਜਥੇਦਾਰ ਹਟਦੇ ਸਨ, ਉਦੋਂ ਤੁਸਾਂ ਚੂੰ ਨਹੀਂ ਕੀਤੀ, ਹੁਣ ਚੀਕ ਚਿਹਾੜਾ ਪਾਇਐ। ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਬਾਦਲ ਦੀ ਮਾਂ ਪਾਰਟੀ ਵੀ ਹੈ ਅਤੇ ਪਿਓ ਪਾਰਟੀ ਵੀ। ਵੱਡਿਆਂ ਦੀ ਸੋਚ ’ਤੇ ਪਹਿਰਾ ਦੇਣਾ ਕਦੋਂ ਤੋਂ ਗੁਨਾਹ ਹੋ ਗਿਆ।

        ਅਮਿਤਾਭ ਬੱਚਨ ਨਿੱਤ ਟੇਵੇ ਲਾਉਂਦੈ, ‘ਕੌਣ ਬਣੇਗਾ ਕਰੋੜਪਤੀ’। ਲੰਬੂ ਭਾਈ! ਅਸਾਨੂੰ ਵੀ ਦੱਸ ਛੱਡੋ, ਅਕਾਲੀ ਦਲ ਦੀ ‘ਹੌਟ ਸੀਟ’ ’ਤੇ ਕੌਣ ਸਜੇਗਾ।  ਮਜੀਠੀਆ ਪਰਿਵਾਰ ਨੂੰ ਪੁਰਾਣੀ ਪੰਥਕ ਗੁੜ੍ਹਤੀ ਐ। ‘ਟੈਮ ਹੋ ਗਿਆ, ਬਦਲ ਗਏ ਕਾਂਟੇ’, ਜਦੋਂ ਪੰਥ ’ਚ ਤਿੰਨ ਜਥੇਦਾਰਾਂ ਨੂੰ ਲਾਹੇ ਜਾਣ ਦੀ ਗੂੰਜ ਪਈ ਤਾਂ ਬਿਕਰਮ ਸਿੰਘ ਮਜੀਠੀਆ ਪੰਥ ਆਲੀ ਗੱਡੀ ਚੜ੍ਹ ਗਏ, ਭਾਈਆ ਜੀ ਟੇਸ਼ਨ ’ਤੇ ਖੜ੍ਹੇ ਰਹਿ ਗਏ। ਜ਼ਮੈਟੋ ਆਲੀ ਡਲਿਵਰੀ ਵਾਂਗੂੰ ਬਲਵਿੰਦਰ ਸਿੰਘ ਭੂੰਦੜ ਨੇ ਭੱਥੇ ਵਿੱਚੋਂ ਝੱਟ ਬਿਆਨ ਕੱਢ ਮਾਰਿਆ, ਅਖੇ ਮਜੀਠੀਆ ਨੇ ਸੁਖਬੀਰ ਦੀ ਪਿੱਠ ’ਚ ਛੁਰਾ ਮਾਰਿਐ।

         ਲੰਮੇ ਬੰਦਿਆਂ ਨਾਲ ਵੀਰ ਸੁਖਬੀਰ ਦੀ ਰਾਸ਼ੀ ਘੱਟ ਹੀ ਮਿਲਦੀ ਹੈ। ਪਹਿਲੋਂ ਮਨਪ੍ਰੀਤ ਬਾਦਲ ਨੇ ਛੁਰਾ ਮਾਰਿਆ ਸੀ, ਹੁਣ ਮਜੀਠੀਆ ਨੇ। ਅਕਾਲੀ ਦਲ ਦੇ ਵਿਹੜੇ ’ਚ ਖ਼ਾਲੀ ਘੋੜੀ ਹਿਣਕੀ ਹੈ, ਚਾਹੇ ਮੁਹੰਮਦ ਸਦੀਕ ਨੂੰ ਪੁੱਛ ਲਓ,‘ ਖ਼ਾਲੀ ਘੋੜੀ ਹਿਣਕਦੀ, ਉੱਤੇ ਨਾ ਦੀਂਹਦਾ ਵੀਰ।’ ਇੱਕ ਵੇਲਾ ਉਹ ਸੀ ਜਦੋਂ ਰੇਡੀਓ ਦੇ ਦਿਹਾਤੀ ਪ੍ਰੋਗਰਾਮ ’ਚ ‘ਭਾਈਆ ਜੀ’ ਰੰਗ ਬੰਨ੍ਹਦੇ ਸਨ। ਸੁਖਬੀਰ ਬਾਦਲ ਉਰਫ਼ ‘ਭਾਈਆ ਜੀ’ ਦੇ ਰੰਗ ’ਚ ਤਾਂ ਮਜੀਠੀਆ ਜੀ ਭੰਗ ਪਾ ਗਏ। ਉੱਪਰੋਂ ਪੁੱਛਦੇ ਪਏ ਨੇ, ‘ਹਮ ਆਪ ਕੇ ਹੈਂ ਕੌਨ!’

       ‘ਮੂੰਹਾਂ ਨੂੰ ਮੁਲਾਹਜ਼ੇ, ਸਿਰਾਂ ਨੂੰ ਸਲਾਮਾਂ’। ਵਿਰੋਧੀਆਂ ਨੇ ਪੱਥਰ ਚੁੱਕੇ, ਸੁਖਬੀਰ ਨੂੰ ਰਤਾ ਪੀੜ ਨਾ ਹੋਈ। ਮਜੀਠੀਆ ਇੰਜ ਕਰੇਗਾ, ਚਿੱਤ ਚੇਤੇ ਨਹੀਂ ਸੀ, ‘ਸੱਜਣਾ ਨੇ ਫੁੱਲ ਮਾਰਿਆ..।’ ਸਰਦੂਲ ਸਿਕੰਦਰ ਮਜੀਠੀਏ ਦਾ ਵਕੀਲ ਬਣਿਐ , ‘ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ..।’ ਜਥੇਦਾਰ ਟੌਹੜਾ ਆਖਦੇ ਹੁੰਦੇ ਸਨ, ਖ਼ਾਲਸਾ ਜੀ! ਅਕਾਲੀ ਤਾਂ ਹੱਥ ’ਚ ਆਇਆ ਕੜਾਹ ਆਲਾ ਕੌਲਾ ਨੀ ਛੱਡਦੇ, ਪ੍ਰਧਾਨਗੀ ਤਾਂ ਦੂਰ ਦੀ ਗੱਲ। ਸੁਖਬੀਰ ਦੀ ਪਿੱਠ ਸੁਣਦੀ ਪਈ ਐ, ਉਹਨੇ ਪੰਜਾਬ ਖ਼ਾਤਰ ਪਹਿਲਾਂ ਨਹੁੰ ਮਾਸ ਦਾ ਰਿਸ਼ਤਾ ਛੱਡਿਆ, ਫਿਰ ਵਜ਼ੀਰੀ ਵਗਾਹ ਮਾਰੀ।

        ਪ੍ਰਧਾਨਗੀ ਨੂੰ ਲੱਤ ਮਾਰ’ਤੀ, ਸਿਰ ਨਿਵਾ ਗੁਨਾਹ ਕਬੂਲ ਲਏ। ਚੰਦੂਮਾਜਰਾ ਹਾਲੇ ਵੀ ਖੁਸ਼ ਨਹੀਂ। ਨਵੇਂ ਪ੍ਰਿੰਟਾਂ ’ਚ ਆਇਆ ਸੁੱਚਾ ਸਿੰਘ ਲੰਗਾਹ ਬਾਗੋ ਬਾਗ਼ ਹੈ, ਅਕਾਲੀ ਦਲ ਦਾ ਵਕੀਲ ਜੋ ਬਣਿਐ। ਅਕਾਲੀ ਦਲ ਦੀ ਛੱਤ ਹੇਠ ਥੰਮ੍ਹੀਆਂ ਦੇ ਰਿਹਾ ਹੈ। ਛੁਰੇ ਕਰਕੇ ਸੁਖਬੀਰ ਦੇ ਚੀਸ ਪਈ ਹੈ। ਪੁਰਾਣੇ ਸਮਿਆਂ ’ਚ ਖ਼ਾਲਸਾਈ ਫ਼ੌਜਾਂ ਬਚਾਅ ਲਈ ਗੈਂਡੇ ਦੀ ਖੱਲ ਦੀ ਢਾਲ ਰੱਖਦੀਆਂ ਸਨ। ਕਿਤੇ ਸੁਖਬੀਰ ਜੀ ਪਹਿਲੇ ਦਿਨੋਂ ‘ਖ਼ਾਲਸਾਈ ਢਾਲ’ ਪਹਿਨ ਕੇ ਰੱਖਦੇ, ਵਾਲ ਵਿੰਗਾ ਨਹੀਂ ਹੋਣਾ ਸੀ। ਸੋਨੇ ’ਤੇ ਸੁਹਾਗਾ ਹੋਣਾ ਸੀ ਪਰ ਕਰੀਏ ਕੀ, ਬਹੁਤੇ ਅਕਾਲੀ ਤਾਂ ਸੁਹਾਗੇ ਦੇ ਡਰੋਂ ਹੀ ਤਾਂ ਲੀਡਰ ਬਣੇ ਨੇ। ਵੈਸੇ ਇੱਕ ਗੱਲ ਮੰਨਣੀ ਪਊ, ਪੰਜਾਬ ’ਚ ਨਾਂ ਸੁਖਬੀਰ ਦਾ ਹੀ ਚੱਲਦੈ। ਹਰਜੀਤ ਹਰਮਨ ਵੀ ਹਾਮੀ ਭਰ ਰਿਹੈ, ‘ਮਿੱਤਰਾਂ ਦਾ ਨਾਂ ਚੱਲਦੈ..।’

        ਪੰਜਾਬ ਸਾਧ ਦੀ ਭੂਰੀ ’ਤੇ ’ਕੱਠਾ ਹੋਇਐ। ਵਡਾਲਾ ਨੇ ਪਤਾ ਨੀ ਕੀ ਨਿੰਮ ਦੇ ਪੱਤੇ ਘੋਟ ਕੇ ਪੀਤੇ ਨੇ, ਇੱਕੋ ਰਟ ਲਾਈ ਹੈ, ਪੰਥਕ ਮਰਯਾਦਾ ’ਤੇ ਪਹਿਰਾ ਦਿਆਂਗੇ। ਧੰਨ ਨੇ ਉਹ ਜਿਹੜੇ ਹਾਲੇ ਵੀ ਸੁਖਬੀਰ ਦੀ ਸੋਚ ’ਤੇ ਪਹਿਰਾ ਦੇ ਰਹੇ ਨੇ। ਢੀਂਡਸਾ ਟਰਾਂਸਪੋਰਟ ਸੁਖਬੀਰ ਦੇ ਪਿੱਛੇ ਪਈ ਐ, ‘ਇੱਕ ਤੇਰੀ ਅੜ ਭੰਨਣੀ..।’ ਸਿਆਣੇ ਆਖਦੇ ਨੇ, ‘ਧੁਨ ਦਾ ਪੱਕਾ ਸਵਰਗ ਹਿਲਾ ਸਕਦਾ ਹੈ।’ ਸੁਖਬੀਰ ਸਾਹਬ ਪਿਛਾਂਹ ਨਾ ਹਟਿਓ ਪੰਥ ਦੀ ਸੇਵਾ ਤੋਂ, ਚਾਹੇ ’ਕੱਲੇ ਰਹਿ ਜਾਓ।

        ਬਾਦਲ ਵਿਰੋਧੀ ਆਖਦੇ ਨੇ, ਤਿੰਨੋਂ ਜਥੇਦਾਰਾਂ ਨੂੰ ਹਟਾਉਣ ਪਿੱਛੇ ਸੁਖਬੀਰ ਦਾ ਹੱਥ ਹੈ। ਭਲੇਮਾਣਸੋਂ, ਜਥੇਦਾਰ ਸੁਖਬੀਰ ਦਾ ਹੱਥ ਕਿਵੇਂ ਹੋ ਸਕਦੈ, ਉਹ ਤਾਂ ਕਈ ਦਿਨਾਂ ਬਾਂਹ ਬੰਨ੍ਹੀ ਫਿਰਦੈ। ਵੈਸੇ ਪੰਥ ਗ਼ੁੱਸੇ ’ਚ ਲਾਲ ਸੁਰਖ਼ ਹੋਇਆ ਪਿਐ। ਪੰਥ ਦਰਦੀ ਠੀਕ ਫ਼ਰਮਾ ਰਹੇ ਨੇ ਕਿ ਬਈ! ਇਵੇਂ ਤਾਂ ਕੋਈ ਕਿਸੇ ਨੂੰ ਵੀ ਨੀ ਹਟਾਉਂਦਾ, ਜਿਵੇਂ ਜਥੇਦਾਰਾਂ ਦੀ ਛੁੱਟੀ ਕੀਤੀ ਹੈ। ਆਮ ਸਿੱਖ ਵੀ ਚਾਹੁੰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਮਾਣ ਮਰਯਾਦਾ ਕਾਇਮ ਰਹੇ।

        ਹੱਲਾ ਵੱਡਾ ਹੈ, ਤਾਹੀਂ ਪੰਥ ਹੁਣ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਮੂੰਹ ਵੱਲ ਵੇਖ ਰਿਹੈ ਪਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਦੀ ਵਾਰੰਟੀ ਕੁੰਭਕਰਨ ਦੇਈ ਜਾ ਰਿਹੈ। ਸ਼ਾਹ ਮੁਹੰਮਦ ਦੀ ਰੂਹ ਨੇ ਜ਼ਰੂਰ ਮੱਥੇ ’ਤੇ ਹੱਥ ਮਾਰਿਆ ਹੋਊ। ‘ਸਭ ਜੱਗ ਰੂਠੇ, ਇੱਕ ਰਾਮ ਨਾ ਰੂਠੇ’, ਅਸਾਨੂੰ ਤਾਂ ਸੁਖਬੀਰ ਪਿਆਰਾ ਐ। ਸੱਜਣਾ ਕਿਵੇਂ ਭੁੱਲੀਏ, ਤੇਰੀਆਂ ਬੰਬਾਂ ਵਾਲੀਆਂ ਸੜਕਾਂ, ਪਾਣੀ ’ਚ ਚੱਲਦੀਆਂ ਬੱਸਾਂ, ਨਾਲੇ ਚੰਨ ’ਤੇ ਰੈਲੀ ਕਰਨ ਦਾ ਜਜ਼ਬਾ। ਵਿਸ਼ਵ ਕਬੱਡੀ ਕੱਪ ਤਾਂ ਚੇਤਿਆਂ ਚੋਂ ਨਹੀਂ ਨਿਕਲਦਾ, ਕਿੰਨੇ ਰੰਗਲੇ ਦਿਨ ਸਨ ਜਦੋਂ ਸੁਖਬੀਰ ਜੀ ਪੰਥ ਨੂੰ ਕਦੇ ਪ੍ਰਿਅੰਕਾ ਚੋਪੜਾ ਦੇ ਦਰਸ਼ਨ ਕਰਾਉਂਦੇ ਸਨ ਤੇ ਕਦੇ ਕੈਟਰੀਨਾ ਕੈਫ਼ ਦੇ।

        ‘ਮਿੱਠੇ ਬੇਰ ਨੀ ਬੇਰੀਏ ਤੇਰੇ, ਸੰਗਤਾਂ ਨੇ ਇੱਟ ਮਾਰਨੀ।’ ਸੁਖਬੀਰ ਜੀ, ਪ੍ਰਵਾਹ ਨਹੀਂ ਕਰਨੀ, ਸੱਚ ਨੂੰ ਹਮੇਸ਼ਾ ਸੂਲੀ ਚੜ੍ਹਨਾ ਹੀ ਪੈਂਦੈ। ਓਹ ਗਾਣਾ ਤਾਂ ਸੁਣਿਆ ਹੋਊ, ‘ਆਉਣ ਵਾਲਾ ਟਾਈਮ ਤੇਰੇ ਬਾਈ ਦਾ..।’ ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਐ ਭਾਈ। ਜਦੋਂ ਵੀ ਪੰਥ ਖ਼ਤਰੇ ’ਚ ਪਿਐ, ਮੋਰਚਿਆਂ ’ਚ ਅਕਾਲੀ ਲੱਕ ਬੰਨ੍ਹ ਕੁੱਦਦੇ ਸਨ। ਕੇਰਾਂ ਵੱਡੇ ਬਾਦਲ ਨੇ ਗੱਲ ਸੁਣਾਈ। ਅਕਾਲੀ ਸਰਕਾਰ ਹਾਲੇ ਬਣੀ ਹੀ ਸੀ, ਬਾਦਲ ਨੂੰ ਇੱਕ ਪੇਂਡੂ ਜਥੇਦਾਰ ਆਖਣ ਲੱਗਿਆ, ਮੋਰਚਾ ਕਦੋਂ ਲਾਉਣਾ ਜੀ?

         ਬਾਦਲ ਨੇ ਜੁਆਬ ਦਿੱਤਾ, ਹਾਲੇ ਤਾਂ ਆਪਣੀ ਸਰਕਾਰ ਐ, ਜਦੋਂ ਟਾਈਮ ਆਇਆ, ਉਦੋਂ ਦੱਸਾਂਗੇ। ਲੱਗਦੇ ਹੱਥ ਚਾਚਾ ਚੰਡੀਗੜ੍ਹੀਏ ਦਾ ਲਤੀਫ਼ਾ ਵੀ ਸੁਣ ਲਓ। ਦੋ ਔਰਤਾਂ ਲੜ ਪਈਆਂ, ਇੱਕ ਔਰਤ ਦੂਜੀ ਨੂੰ ਕਹਿੰਦੀ , ‘ਰੱਬ ਕਰੇ ਤੂੰ ਵਿਧਵਾ ਹੋ’ਜੇ’, ਦੂਜੀ ਮੋੜਵੇਂ ਜੁਆਬ ’ਚ ਬੋਲੀ, ‘ਮੈਂ ਤਾਂ ਕਹਿਣੀ ਆ ਕਿ ਤੇਰਾ ਘਰ ਆਲਾ ਅਕਾਲੀ ਹੋ’ਜੇ।’ ਉਨ੍ਹਾਂ ਦਿਨਾਂ ’ਚ ਅਕਾਲੀ ਜ਼ਿਆਦਾ ਸਮਾਂ ਜੇਲ੍ਹਾਂ ’ਚ ਗੁਜ਼ਾਰਦੇ ਸਨ। ਗੱਲ ਹੋਰ ਪਾਸੇ ਹੀ ਤਿਲਕ ਗਈ, ਗੱਲ ਚੱਲੀ ਭਾਈਆ ਜੀ ਤੋਂ ਸੀ। ਹੁਣ ਚੀਮਾ ਐਂਡ ਕੰਪਨੀ ਮਜੀਠੀਆ ਨੂੰ ਮਨਾਉਂਦੀ ਫਿਰਦੀ ਹੈ। ਸੁਖਬੀਰ ਹਮਾਇਤੀ ਆਖਦੇ ਨੇ ਕਿ ਭਰਾਵੋ ! ਕੇਂਦਰ ਦੀ ਚਾਲ ਸਮਝੋ ਜੋ ਚੂਲਾਂ ਹਿਲਾਉਣ ਨੂੰ ਫਿਰਦੈ।

          ਹੰਸ ਰਾਜ ਹੰਸ ਮਸ਼ਵਰਾ ਦੇ ਰਿਹੈ, ‘ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ।’ ਅਸਲ ’ਚ ਰੱਬ ਪੰਥ ਦੀ ਸੇਵਾ ਸੁਖਬੀਰ ਹੱਥੋਂ ਕਰਾਉਣਾ ਚਾਹੁੰਦਾ ਹੈ। ਉਹ ਭਲਾ ਲੋਕ ਮਹਾਂ ਤਪੱਸਵੀ ਐ, ਕਿੰਨੇ ਤਪ ਕੀਤੇ ਨੇ, ਛੇਤੀ ਡੋਲਣ ਵਾਲਾ ਨਹੀਂ। ਲੋਕ ਚਾਹੇ ਲੱਖ ਨਘੋਚਾਂ ਕੱਢਣ ਕਿ ਭੱਦਰ ਪੁਰਸ਼ ਨੇ ਪੰਥ ਤਾਂ ਨਿਹੰਗਾਂ ਦੇ ਡੋਲੂ ਵਾਂਗੂ ਮਾਂਜ ਧਰਿਐ। ਆਖ਼ਰੀ ਗੱਲ ਆਖ ਕੇ ਖ਼ਿਮਾ ਚਾਹਾਂਗੇ। 1998 ’ਚ ਪੰਚਾਇਤ ਚੋਣਾਂ ਸਨ, ਸੁਖਬੀਰ ਦੇ ਦੋਵੇਂ ਮਾਮੇ ਆਪਣੇ ‘ਭਾਈਆ ਜੀ’ ਦੀ ਕਚਹਿਰੀ ਪੇਸ਼ ਹੋਏ, ਆਖਣ ਲੱਗੇ, ‘ਅਸਾਂ ਤਾਂ ਸਰਪੰਚ ਬਣਨੈ।’ ਪਿੰਡ ਇੱਕ, ਮਾਮੇ ਦੋ। ਮਾਮਿਆਂ ਖ਼ਾਤਰ ਚੱਕ ਫ਼ਤਿਹ ਸਿੰਘ ਵਾਲਾ ਨੂੰ ਦੋ ਟੋਟਿਆਂ ’ਚ ਵੰਡ’ਤਾ ਸੀ। ਦੇਖਦੇ ਹਾਂ ਕਿ ਹੁਣ ਪੰਥ ਦਾ ਕੀ ਬਣਦੈ।

(15 ਮਾਰਚ, 2025)


Friday, March 7, 2025

                                     ਜੈਲੀ ਮਲੰਗ, ਵੈਲੀ ਟਰੰਪ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਅਮਰੀਕਾ ’ਚੋਂ ਹੁਣ ‘ਵੈਲੀਫੋਰਨੀਆ’ ਦਾ ਝਉਲਾ ਪੈਂਦੈ। ਇੰਜ ਜਾਪਦੈ ਜਿਵੇਂ ਟਰੰਪ ’ਚ ਬਠਿੰਡੇ ਵਾਲਾ ਦਿਓ ਪ੍ਰਵੇਸ਼ ਕਰ ਗਿਆ ਹੋਵੇ। ਜਦੋਂ ਤੋਂ ਟਰੰਪ ਤਸ਼ਰੀਫ਼ ਲਿਆਏ ਨੇ, ਸਭ ਆਪੋ ਆਪਣੇ ਡੰਗਰ ਵੱਛੇ ਸਾਂਭਣ ਲੱਗੇ ਨੇ। ਟਰੰਪ ਦਾ ਸੁਭਾਅ ਉਸ ਵੈਲੀ ਵਰਗੈ ਜਿਹੜਾ ਜਣੇ ਖਣੇ ਦੇ ਗਲ ਪੈਂਦਾ ਫਿਰਦੈ। ਅਮਰੀਕੀ ਹੰਕਾਰ ਜਮਾਂਦਰੂ ਹੈ, ਤਾਹੀਓਂ ਕਦੇ ਵੀਅਤਨਾਮ ਤੇ ਕਦੇ ਇਰਾਕ ’ਚ ਟਕੂਏ ’ਤੇ ਟਕੂਏ ਖੜਕਿਆ। ਵਿਸ਼ਵ ਦੇ ‘ਥਾਣੇਦਾਰ’ ਨੂੰ ਵੀਅਤਨਾਮ ’ਚ ਮੂੰਹ ਦੀ ਖਾਣੀ ਪਈ। ਅਮਰੀਕਪੁਰੀ ਨੇ ਜੰਗ ਮੌਕੇ ਆਪਣੇ ਸੈਨਿਕਾਂ ਲਈ ਥਾਈਲੈਂਡ ਨੂੰ ਐਸ਼ਗਾਹ ਬਣਾ ਧਰਿਆ।

        ਸੱਜਣ ਜਣੋ! ਆਓ ਵਾਈਟ ਹਾਊਸ ਚੱਲੀਏ। ਔਹ ਦੇਖੋ, ਪੀੜ੍ਹੀ ’ਤੇ ਬੈਠਾ ਟਰੰਪ ਮੁਹੰਮਦ ਸਦੀਕ ਦੇ ਗਾਣੇ ’ਤੇ ਕਿਵੇਂ ਮਸਤੀ ’ਚ ਝੂਮਦਾ ਪਿਐ, ‘ਅਸੀਂ ਵੈਲੀਆਂ ਨੇ ਵੈਲ ਕਮਾਉਣੇ, ਸਾਡੀ ਕਿਹੜਾ ਮੰਗ ਛੁੱਟ ਜੂ।’ ਬਈ! ਸਦਕੇ ਜਾਈਏ ਇਹੋ ਜੇਹੇ ਵੈਲੀ ਦੇ। ਦੁਨੀਆ ਦੇ ਵਿਹੜੇ ’ਚ ਲਲਕਾਰੇ ਮਾਰਨੋ ਨੀਂ ਹਟ ਰਿਹਾ। ‘ਅਕਲਾਂ ਬਾਝੋਂ, ਅਮਰੀਕਾ ਖ਼ਾਲੀ।’ ਭਲਵਾਨ ਜੀ! ਜੇ ਕੋਈ ਪੰਜ ਤਿੰਨ ਕਰੇ ਤਾਂ ‘ਜੱਟ ਐਂਡ ਜੂਲੀਅਟ’ ਵਾਲੇ ਹੌਲਦਾਰ ਦਿਲਜੀਤ ਦੁਸਾਂਝ ਨੂੰ ਜ਼ਰੂਰ ਦੱਸਣਾ, ਉਹਨੂੰ ‘ਪਟਾਤੰਤਰ’ ਦੀ ਖਾਸ ਮੁਹਾਰਤ ਐ। 

       ਇਬਰਾਹਿਮ ਲਿੰਕਨ ਕੱਦ ਦਾ ਲੰਮਾ ਸੀ, ਟਰੰਪ ਦੀ ਜੀਭ ਲੰਮੀ ਹੈ। ‘ਵਾਸ਼ਿੰਗਟਨ ਪੋਸਟ’ ਵਾਲੇ ਆਖਦੇ ਹਨ ਕਿ ਟਰੰਪ ਝੂਠ ਬਹੁਤ ਬੋਲਦੈ। ਭਲਿਓ, ਇਹ ਤਾਂ ਮਾਣ ਵਾਲੀ ਗੱਲ ਹੈ। ‘ਗਪੌੜਸੰਖ’ ਵਾਲਾ ਨੋਬੇਲ ਪੁਰਸਕਾਰ ਸਿੱਧਾ ਥੋਡੀ ਝੋਲੀ ਪਊ। ਸਿਆਣੇ ਜੋ ਮਰਜ਼ੀ ਆਖੀ ਜਾਣ ਕਿ ‘ਚੰਗੇ ਫਲਾਂ ਦੀ, ਮਾੜੇ ਰੁੱਖਾਂ ਤੋਂ ਆਸ ਨਾ ਕਰੋ।’ ਆਓ ਹੁਣ ਮਲੰਗਾਂ ਦੇ ਵਿਹੜੇ ਚੱਲੀਏ। ਯੂਕਰੇਨ, ਤਿੰਨ ਵਰਿ੍ਹਆਂ ਤੋਂ ਰੂਸ ਆਲਾ ਪੂਤਿਨ ਲਤਾੜੀ ਜਾ ਰਿਹੈ। ਪਹਿਲੋਂ ਕਾਮੇਡੀਅਨ ਸੀ, ਹੁਣ ਯੂਕਰੇਨ ਦਾ ਰਾਸ਼ਟਰਪਤੀ ਐ ਜ਼ੇਲੈਂਸਕੀ, ਤਿੰਨ ਵਰਿ੍ਹਆਂ ਤੋਂ ਨੰਗੇ ਧੜ ਡਟਿਐ। 

       ਜਿਵੇਂ ਸਾਹਿਬਾਂ ਦੇ ਭਰਾਵਾਂ ਨੇ ਮਿਰਜ਼ੇ ਨੂੰ ਜੰਡ ਹੇਠਾਂ ਘੇਰਿਆ ਸੀ, ਉਵੇਂ ਰੂਸ ਨੇ ਜ਼ੇਲੈਂਸਕੀ ਨਾਲ ਕੀਤੀ। ਜ਼ੇਲੈਂਸਕੀ ਦਾ ਮੜੰ੍ਹਗਾ ਪਿੰਡ ਆਲੇ ਜੈਲੀ ਮਲੰਗ ’ਤੇ ਪੈਂਦੈ, ਜੀਹਦੇ ਕੋਲ ਮਲੰਗਪੁਣਾ ਵੀ ਹੈ, ਦੀਵਾਨਗੀ ਵੀ, ਨਾਲੇ ਫ਼ਕੀਰੀ ਵਾਲਾ ਝੋਲਾ ਵੀ। ‘ਮਰਨ ਗ਼ਰੀਬਾਂ ਦੀ, ਡਾਢੇ ਦੀ ਸਰਦਾਰੀ।’ ਜ਼ੇਲੈਂਸਕੀ ਉਰਫ਼ ‘ਜੈਲੀ ਮਲੰਗ’, ਅਣਖ ਦੀ ਸਲੀਬ ਮੋਢੇ ’ਤੇ ਚੁੱਕ ਸਿੱਧਾ ਵਾਈਟ  ਹਾਊਸ ਆਣ ਵੜਿਆ। ਲਓ ਜੀ! ਫਿਰ ਕੀ ਸੀ, ‘ਲੜ ਗਿਆ ਪੇਚਾ, ਸੋਹਣੇ ਸੱਜਣਾਂ ਦੇ ਨਾਲ।’ ਇੱਕ ਪੀੜ੍ਹੀ ’ਤੇ ਵੈਲੀ ਬੈਠਾ ਸੀ, ਦੂਜੀ ’ਤੇ ਮਲੰਗ। 

       ਟਰੰਪ ਫ਼ਰਮਾਏ, ਕਾਕਾ! ਤੂੰ ਸ਼ੁਕਰ ਕਰ ਅਸਾਡਾ। ਕਿਉਂ ਕਰਾਂ, ਅੱਗਿਓਂ ਜੁਆਬ ਮਿਲਿਆ। ਪੱਤੇ ਥੋਡੇ ਹੱਥ ਨਹੀਂ, ਬਾਬਾ ਟਰੰਪ ਬੋਲੇ। ਮਲੰਗ ਜੀ ਤਪ ਗਏ, ‘ਮੈਂ ਯੁੱਧ ਦੀ ਸਥਿਤੀ ’ਚ ਹਾਂ, ਕੋਈ ਪੱਤੇ ਨਹੀਂ ਖੇਡ ਰਿਹਾ।’ ਕਿੰਨਾ ਸਮਾਂ ਨਹਿਲੇ ’ਤੇ ਦਹਿਲਾ ਵੱਜਦਾ ਰਿਹਾ, ਦੁਨੀਆ ਦੇਖਦੀ ਰਹੀ। ਜੈਲੀ ਮਲੰਗ ਨੇ ਵੈਲੀ ਦੀ ਅੱਖ ’ਚ ਅੱਖ ਪਾਈ। ਨਾ ਸੌਰੀ ਕਿਹਾ, ਨਾ ਥੈਂਕ ਯੂ। ਰੂਸ ਆਲੇ ਬੋਲੇ, ‘ਅਸੀਂ ਹੈਰਾਨ ਹਾਂ, ਟਰੰਪ ਨੇ ਮਲੰਗ ਦੇ ਥੱਪੜ ਕਿਉਂ ਨਹੀਂ ਮਾਰਿਆ।’ ਟਰੰਪ ਦੀ ਧੌਂਸ ਤੇ ਮਲੰਗ ਦੀ ਅਣਖ, ਵਾਈਟ ਹਾਊਸ ’ਚ ਗੁੱਥਮਗੁੱਥਾ ਹੋ ਗਈਆਂ। 

       ਜੈਲੀ ਦਾ ਮੜਕ ਸ਼ਾਸਤਰ, ਵੈਲੀ ਦੇ ਅਰਥਸ਼ਾਸਤਰ ਦੇ ਕੰਨ ਰਗੜਦਾ ਰਿਹਾ। ਟਰੰਪ ਨੂੰ ਹੰਕਾਰ ਦੇ ਦੌਰੇ ਵਾਰ ਵਾਰ ਪਏ, ਜੈਲੀ ਵੈਲੀ ਜੁੱਤੀ ਸੁੰਘਾਉਂਦਾ ਰਿਹਾ। ਯੂਰਪ ਦੇ ਚੁਬਾਰੇ ’ਤੇ ਗਾਣਾ ਵੱਜਿਆ, ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ..।’ ਸਾਹਿਰ ਲੁਧਿਆਣਵੀ ਫ਼ਰਮਾ ਰਹੇ ਨੇ, ‘ਏਕ ਸਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ, ਹਮ ਗਰੀਬੋਂ ਦੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ।’ ਐਰੇ ਗੈਰੇ ਦੀ ਇਹ ਮਜਾਲ! ਅਮਰੀਕਾ ਨੇ ਇਹ ਸੋਚ ਯੂਕਰੇਨੀ ਮਦਦ ਲਈ ਦਰਵਾਜ਼ੇ ਬੰਦ ਕਰ ਦਿੱਤੇ। ਭਾਈ ਟਰੰਪ ‘ਟੈਰਿਫ਼ ਕਿੰਗ’ ਹੈ, ਚਾਹੇ ਕੈਨੇਡਾ ਤੇ ਚੀਨ ਨੂੰ ਪੁੱਛ ਕੇ ਦੇਖ ਲਵੋ। 

        ਜੈਲੀ ਕਹਿੰਦਾ, ‘ਮੈਂ ਵੀ ਕੋਈ ਗੁੜ ਦੀ ਰੋੜੀ ਨਹੀਂ।’ ਜੈਲੀ ਦੇ ਮਨ ’ਚ ਗੂੰਜ ਪਈ, ‘ਚੱਲ ਉੱਡ ਜਾ ਰੇ ਪੰਛੀ, ਯੇਹ ਦੇਸ਼ ਹੂਆ ਬੇਗਾਨਾ..।’ ਟਰੰਪ ਦੀ ਸ਼ਬਦਾਂ ਨਾਲ ਛਿਤਰੌਲ ਕਰ ਜੈਲੀ ਬੇਰੰਗ ਚਿੱਠੀ ਵਾਂਗੂ ਮੁੜ ਆਇਆ। ਵੈਲੀ ਨੂੰ ਇੱਕ ਚੜ੍ਹੇ, ਇੱਕ ਉੱਤਰੇ, ਕਿਤੇ ਬਿੰਨੂ ਢਿੱਲੋਂ ਕੋਲ ਹੁੰਦਾ ਤਾਂ ਜ਼ਰੂਰ ਆਖਦਾ, ‘ਬਾਹਲਾ ਕੱਬਾ ਸੁਭਾਅ ਚੁੱਕੀ ਫਿਰਦੈ।’ ਕਈ ਜੈਲੀ ਨੂੰ ਨਿੰਦ ਵੀ ਰਹੇ ਨੇ, ਅਖੇ! ਯੂਕਰੇਨ ਨੂੰ ਬਲਦੀ ਦੇ ਬੂਥੇ ਦੇ ਦਿੱਤਾ। ਉਂਜ, ਅਮਰੀਕਾ ਨੂੰ ਅੱਖਾਂ ਦਿਖਾ ਦੁਨੀਆ ਦੇ ਕਾਲਜੇ ਠੰਢ ਪਾ ਗਿਆ ਜੈਲੀ। 

        ਸਿਆਣੇ ਆਖਦੇ ਨੇ, ‘ਤਲਵਾਰ ਦਾ ਫੱਟ ਭਰ ਜਾਂਦੈ, ਜੀਭ ਦਾ ਨਹੀਂ।’ ਕਿਸੇ ਨੇ ਸਹੇ ਨੂੰ ਪੁੱਛਿਆ ਕਿ ਮਾਸ ਖਾਣੈ, ਅੱਗਿਓਂ ਸਹੇ ਨੇ ਹੱਥ ਜੋੜ ਕਿਹਾ, ਭਰਾਵਾ ! ਆਪਦਾ ਹੀ ਬਚਿਆ ਰਹੇ, ਇਹੋ ਕਾਫ਼ੀ ਐ। ਜੈਲੀ ਮਲੰਗ ਨੇ ਸਾਈਕਲ ਚੁੱਕਿਆ, ਯੂਰਪ ਦੇ ਪਹੇ ’ਤੇ ਪਾ ਲਿਆ ਤੇ ਰੇਡੀਓ ਕਰ ਲਿਆ ਆਨ,..‘ਬੇਕਦਰੇ ਲੋਕਾਂ ’ਚ ਕਦਰ ਗੁਆ ਲਏਂਗਾ..।’ ਯੂਰਪ ਆਲਿਆਂ ਨੇ ਪਹਿਲੋਂ ਤੇਲ ਚੋਇਆ, ਫਿਰ ਜੈਲੀ ਮਲੰਗ ਦੇ ਸਿਰ ’ਤੇ ਹੱਥ ਰੱਖ ਆਖਿਆ, ‘ਹਮੇ ਤੁਮਸੇ ਪਿਆਰ ਕਿਤਨਾ..।’ ਪੋਲੈਂਡ ਵਾਲੇ ਨੇ ਮੱਥਾ ਚੁੰਮ ਇੱਥੋਂ ਤਕ ਆਖ ਦਿੱਤਾ, ‘ਨਾ ਰੋ ਧੀਏ ਸੱਸੀਏ, ਪੰਨੂ ਵਰਗੇ ਬਲੋਚ ਬਥੇਰੇ।’ 

       ਜੈਲੀ ਅੱਖਾਂ ਭਰ ਆਇਆ, ‘ਮੇਰੇ ਲਹਿਜ਼ੇ ਮੇਂ ਜੀ ਹਜ਼ੂਰ ਨਾ ਥਾ, ਔਰ ਮੇਰਾ ਕਸੂਰ ਨਾ ਥਾ।’ ਓਹ ਦਿਨ ਵੀ ਹੁਣ ਕਿਵੇਂ ਭੁੱਲੀਏ, ਜਦੋਂ ਨਾਅਰੇ ਦੀ ਗੂੰਜ ਪਈ ਸੀ, ‘ਅਬਕੀ ਬਾਰ ਟਰੰਪ ਸਰਕਾਰ’। ਟਰੰਪ ਪਹਿਲੀ ਵਾਰ ਰਾਸ਼ਟਰਪਤੀ ਸਜੇ ਤਾਂ ਨਰਿੰਦਰ ਮੋਦੀ ਨਾਲ ਘਿਓ ਖਿਚੜੀ ਹੋਏ ਸਨ। ‘ਸ਼ੋਅਲੇ’ ਫ਼ਿਲਮ ਵਾਲੇ ਬੰਬੂਕਾਟ ’ਚ ਬੈਠ ਗੇੜੀ ਵੀ ਲਾਈ, ‘ਯੇ ਦੋਸਤੀ, ਹਮ ਨਹੀਂ ਛੋੜੇਗੇ।’ ਟਰੰਪ ਨੇ ਆਪਣੀ ਬੀਵੀ ਮਿਲੇਨੀਆ ਨਾਲ ਅਹਿਮਦਾਬਾਦ ’ਚ ਵੀ ਚਰਨ ਕਮਲ ਪਾਏ ਸਨ। ਗ਼ਰੀਬੀ ਲੁਕੋਣ ਲਈ ਜਿਵੇਂ ਮੋਦੀ ਨੇ ਗ਼ਰੀਬ ਬਸਤੀ ਅੱਗੇ ਕੰਧ ਕੱਢੀ ਸੀ, ਉਹੀ ਹਾਲ ਹੁਣ ਮੈਕਸਿਕੋ ਦੀ ਕੰਧ ਦਾ ਹੈ। 

       ਟਰੰਪ ਬੰਦਿਆ! ਹੁਣ ਕਿਉਂ ਅੱਖਾਂ ਫੇਰ ਗਿਆ। ਤੇਰਾ ਕੀ ਘਟਣਾ ਸੀ, ਜੇ ‘ਵਿਸ਼ਵ ਗੁਰੂ’ ਨੂੰ ਸਹੁੰ ਚੁੱਕ ਸਮਾਗਮਾਂ ’ਤੇ ਬੁਲਾ ਲੈਂਦਾ। ਉਦੋਂ ਪੱਗ ਵੱਟ ਭਰਾ ਬਣੇ ਸਨ, ਹੁਣ ਮੂੰਹ ਫੱਟ ਭਰਾ ਲੱਗਦੇ ਨੇ। ਪੰਜਾਬੀ ਫ਼ਿਲਮ ਦਾ ਡਾਇਲਾਗ ਢੁਕਵਾਂ ਜਾਪਦੈ, ‘ਉਨ੍ਹਾਂ ਰੱਜ ਕੇ ਜਲੀਲ ਕੀਤਾ, ਅਸਾਂ ਮਾਸਾ ਨਾ ਫ਼ੀਲ ਕੀਤਾ।’ ਅਮਰੀਕੀ ਜਹਾਜ਼ ਜਦੋਂ ਅੰਮ੍ਰਿਤਸਰ ਲੈਂਡ ਹੋਏ ਤਾਂ ਪੈਰਾਂ ’ਚ ਬੇੜੀਆਂ ਤੇ ਹੱਥਕੜੀਆਂ ’ਚ ਜਕੜੇ ਮੁੰਡੇ, ਜਲਾਲਤ ਦਾ ਸਿਖਰ ਸੀ। ਡਿਪੋਰਟ ਹੋਏ ਗੁਜਰਾਤੀ ਰਾਤੋ ਰਾਤ ‘ਗੁਜਰਾਤ ਮਾਡਲ’ ਦੇ ਕੰਧਾੜੇ ਚੜ੍ਹ ਮਾਪਿਆਂ ਕੋਲ ਜਾ ਪੁੱਜੇ। 

       ਸਭ ਕੁੱਝ ਦੇਖ ਦਿੱਲੀ ਵਿਯੋਗ ’ਚ ਕੂਕਣ ਲੱਗੀ, ‘ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ...।’ ਔਹ ਕਾਕਾ ਰਾਹੁਲ ਗਾਂਧੀ ਐਵੇਂ ਖ਼ੁਸ਼ੀਆਂ ਲੱਭਦਾ ਫਿਰਦੈ। ਪਾਰਕ ’ਚ ਬੈਠਾ ਦਿਲ ਬਹਿਲਾ ਰਿਹਾ ਹੈ, ‘ਜਿਨ੍ਹਾਂ ਪਿੱਛੇ ਤੂੰ ਫਿਰਦੈ, ਸਾਡੀ ਜੁੱਤੀ ਦੀਆਂ ਨੋਕਾਂ ਨੇ।’ ਭੇਤੀ ਦੱਸਦੇ ਨੇ ਕਿ ਜਦੋਂ ਰੱਬ ਅਕਲ ਦੇ ਗੱਫੇ ਵਰਤਾ ਰਿਹਾ ਸੀ ਤਾਂ ਰਾਹੁਲ ਗਾਂਧੀ ਰੁੱਸ ਕੇ ਚੰਦ ਭਾਨ ਦੇ ਟੇਸ਼ਨ ’ਤੇ ਜਾ ਬੈਠਾ ਸੀ। ‘ਸਬ ਕੋ ਸਨਮਤੀ ਦੇ ਭਗਵਾਨ।’ ਆਪਾਂ ਗੱਲ ਅਮਰੀਕਾ ਦੀ ਕਰਦੇ ਪਏ ਸੀ ਕਿ ਕਿਵੇਂ ਹਾਸਰਸ ਕਲਾਕਾਰ ਜੈਲੀ ਦੁਨੀਆ ਨੂੰ ਆਪਣੀ ਹਸਤੀ ਦਿਖਾ ਗਿਆ। ਪੰਜਾਬ ਦੇ ਨੇਤਾਵਾਂ ਦਾ ਜਦੋਂ ਵੀ ਕਿਸੇ ਟਰੰਪ ਵਰਗੇ ਨਾਲ ਵਾਹ ਪਏ, ਬੱਸ ਜੈਲੀ ਮਲੰਗ ਨੂੰ ਧਿਆ ਲਿਆ ਕਰਨ।

       ਕਾਮਰੇਡ ਆਖਦੇ ਨੇ ਕਿ ਹੱਲਾ ਵੱਡਾ ਐ, ਲੜਾਈ ਸਾਮਰਾਜੀ ਤੇ ਪੂੰਜੀਵਾਦੀ ਤਾਕਤਾਂ ਦੀ ਹੈ। ਸਭ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਅਖੀਰ ’ਚ ਇੱਕ ਲਤੀਫ਼ਾ। ਅੱਧੀ ਰਾਤ ਦਾ ਵੇਲਾ ਸੀ, ਟਰੇਨ ’ਚ ਪੰਜ ਸੱਤ ਕਾਮਰੇਡ ਗੰਭੀਰ ਸੰਵਾਦ ’ਚ ਉਲਝੇ ਹੋਏ ਸਨ। ਇੱਕ ਆਖਦਾ ਪਿਆ ਸੀ ਕਿ ਏਹ ਸਾਮਰਾਜਵਾਦ ਹੈ, ਦੂਜਾ ਆਖਣ ਲੱਗਾ, ਪੁਆੜਾ ਪੂੰਜੀਵਾਦ ਹੈ, ਤੀਜਾ ਬੋਲਿਆ ਇਹ ਦੌਰ ਫਾਸ਼ੀਵਾਦ ਦਾ ਹੈ, ਚੌਥਾ ਆਖਣ ਲੱਗਾ ਤਾਂ ਫਿਰ ਸਮਾਜਵਾਦ ਕਿਥੇ ਹੈ। ਉਪਰਲੇ ਬਰਥ ’ਚ ਸੁੱਤਾ ਪਿਆ ਯਾਤਰੀ ਅੱਖਾਂ ਮੱਲਦਾ ਉੱਠਿਆ, ਆਖਣ ਲੱਗਾ, ਸਾਥੀਓ! ਜਦੋਂ ਗਾਜ਼ੀਆਬਾਦ ਆਇਆ ਤਾਂ ਉਦੋਂ ਜ਼ਰੂਰ ਦੱਸਣਾ, ਮੈਂ ਉਤਰਨੈ।

(5 ਮਾਰਚ 2025)

Friday, February 21, 2025

                                          ਭਾਂਡੇ ਕਲੀ ਕਰਾ ਲੋ...        
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਉਦੋਂ ਜ਼ਮਾਨਾ ਅੰਗਰੇਜ਼ਾਂ ਦਾ ਸੀ ਜਦੋਂ ਕਲਕੱਤਾ ਦੇ ਇੱਕ ਸਫ਼ਾਈ ਸੇਵਕ ਦੀ ਲੱਖਾਂ ਪੌਂਡਾਂ ਦੀ ਲਾਟਰੀ ਨਿਕਲੀ। ਲੱਛਮੀ ਦੀ ਐਸੀ ਕਿਰਪਾ ਹੋਈ, ਝਾੜੂ ਬਰਦਾਰ ਨੇ ਕਾਰ ਕੋਠੀ ਸਭ ਕੁਝ ਬਣਾ ਲਿਆ। ਚਾਂਦੀ ਦਾ ਝਾੜੂ ਤੇ ਬੱਠਲ ਵੀ ਬਣਾਇਆ ਜਿਹਨੂੰ ਉਹ ਹਮੇਸ਼ਾ ਆਪਣੀ ਕਾਰ ’ਚ ਰੱਖਦਾ ਤਾਂ ਜੋ ਆਪਣੀ ਔਕਾਤ ਨਾ ਭੁੱਲ ਬੈਠੇ। ਆਪਣਾ ਅਰਵਿੰਦ ਕੇਜਰੀਵਾਲ ਇਹੋ ਭੁੱਲ ਕਰ ਬੈਠਾ। ਝੁੱਗੀ ਝੌਂਪੜੀ ਨੂੰ ਛੱਡ ਸ਼ੀਸ਼ ਮਹਿਲ ਜਾ ਬੈਠਾ। ਬੱਸ ਫਿਰ ਓਹੀ ਮਹਿਲ ਜੋੜਾਂ ’ਚ ਬੈਠ ਗਿਆ। ਆਲੀਸ਼ਾਨ ਗੱਡੀਆਂ ਦੇ ਕਾਫ਼ਲੇ ’ਚ ਕਿਤੇ ਵੈਗਨ ਆਰ ਵੀ ਚੱਲਦੀ, ਆਹ ਨੌਬਤ ਨਹੀਓਂ ਆਉਣੀ ਸੀ। 

       ‘ਪੈ ਗਏ ਮਾਮਲੇ ਭਾਰੀ, ਨਰਮ ਸਰੀਰਾਂ ਨੂੰ’। ਕੋਈ ਗ਼ੁੱਸਾ ਕਰੇ ਚਾਹੇ ਗਿਲਾ, ਅਸਾਂ ਨੂੰ ਆਹ ਗਾਣਾ ਪਸੰਦ ਹੈ, ‘ਭੋਲੀ ਸੀ ਸੂਰਤ, ਆਂਖੋਂ ਮੇਂ ਮਸਤੀ’। ਕੇਜਰੀਵਾਲ ਦੀ ਪੈਰ ਪੈਰ ’ਤੇ ਲਾਟਰੀ ਨਿਕਲੀ। ਸਾਦਗੀ ਤੇ ਈਮਾਨ ਨਾਲ ਅਣਬਣ ਕੀ ਹੋਈ, ਉੱਪਰੋਂ ਯਮੁਨਾ ਮਈਆ ਨੇ ਸਰਾਪ ਦੇ ਦਿੱਤਾ, ਸਾਰਾ ਖੇਲਾ ਹੀ ਖ਼ਰਾਬ ਹੋ ਗਿਆ। ਇਸ਼ਕ-ਏ-ਦਿੱਲੀ ’ਚ ਫ਼ੱਕਰਾਂ ਵਾਂਗੂੰ ਗਾਉਂਦਾ ਫਿਰਦੈ.. ‘ਜੀਨਾ ਯਹਾਂ, ਮਰਨਾ ਯਹਾ...!’ ਪਹਿਲੋਂ ਕੇਜਰੀਵਾਲ ਐਵਰਗਰੀਨ ਲੱਗਦਾ ਸੀ। ਲੋਕਾਂ ਦੀ ਅਕਲ ’ਤੇ ਐਸਾ ਪਰਦਾ ਪਿਆ, ਕਹਿੰਦੇ ‘ਅਸੀਂ ਨਹੀਂ ਬਣਨਾ ਮੰਡੀ ਦਾ ਮਾਲ’। ਵੈਲ ਤਾਂ ਚਾਹ ਦਾ ਮਾੜੈ, ਇੱਕ ਅਕਲ ਦਾ ਨਸ਼ਾ, ਉੱਪਰੋਂ ਸੱਤਾ ਦਾ ਨਸ਼ਾ। 

      ‘ਏਵੇਂ ਹੋਣੀ ਸੀ, ਕੀ ਦੋਸ਼ ਨਣਦ ਨੂੰ ਦੇਵਾਂ। ਐਵੇਂ ਦਿਲ ਹੌਲਾ ਨਾ ਕਰੋ ਕੇਜਰੀਵਾਲ ਜੀ। ਬੰਦਿਆਂ ’ਤੇ ਹੀ ਭੀੜਾਂ ਪੈਂਦੀਆਂ ਨੇ। ਬੱਸ ਆਹ ਕਾਕਾ ਇਨਕਲਾਬ ਸਿੰਘ ਦਾ ਖ਼ਿਆਲ ਜ਼ਰੂਰ ਰੱਖਿਓ, ਜੇ ਰੋਵੇ ਤਾਂ ਮੂੰਹ ’ਚ ਚੁੰਘਣੀ ਪਾ ਦਿਓ, ਜੇ ਗੱਲ ਨਾ ਬਣੇ ਤਾਂ ਚਾਰ ਰਿਊੜੀਆਂ ਮੂੰਹ ’ਚ ਪਾ ਦਿਓ। ਕਾਕਾ ਜੀ ਦੀ ਨਿਆਣੀ ਉਮਰ ਹੈ, ਥੋੜ੍ਹੀ ਰੈਸਟ ਵੀ ਕਰਨ ਦਿਓ। ਅਰਵਿੰਦ ਜੀ, ਥੋਡੀ ਕੁਰਬਾਨੀ ਨੂੰ ਸੱਤ ਸਲਾਮਾਂ। ਲੋਕਾਂ ਖ਼ਾਤਰ ਆਪਣੀ ਖੰਘ ਤੱਕ ਦੀ ਪ੍ਰਵਾਹ ਨਹੀਂ ਕੀਤੀ। ਆਪਣੇ ਹਾਸੇ ਤਕ ਵਾਰ ਦਿੱਤੇ। ਜਨਾਬ ਨੂੰ ਲੱਗਦਾ ਸੀ ਜੇ ਕਿਤੇ ਹੱਸ ਪਿਆ ਤਾਂ ਇਨਕਲਾਬ ਨਹੀਂ ਆਉਣਾ।  

      ਕਿਵੇਂ ਭੁੱਲੀਏ ਉਹ ਦਿਨ ਜਦੋਂ ‘ਆਪ’ ਦੇ ਘਰ ਕਾਕਾ ਇਨਕਲਾਬ ਸਿੰਘ ਨੇ ਜਨਮ ਲਿਆ ਸੀ। ‘ਤੈਂ ਘਰ ਜੰਮਿਆ ਪੁੱਤ ਵੀ ਨਿਰੰਜਨਾ’। ਉਦੋਂ ਪੰਜਾਬ ਤੋਂ ਚਾਅ ਨਹੀਂ ਚੁੱਕਿਆ ਗਿਆ ਸੀ। ਬਾਬਾ ਪੰਜਾਬ ਸਿਓਂ ਵੀ ਗੱਜਿਆ ਸੀ, ’...ਸਾਰਾ ਪੰਜਾਬ ਤੇਰੇ ਨਾਲ।’ ਅੱਜ ਬਾਬਾ ਵੀ ਉਦਾਸ ਹੈ। ‘ਬਾਪੂ ਤੇਰੇ ਕੁੜਮਾਂ ਨੇ ਮੇਰੇ ਕੰਮ ਦੀ ਕਦਰ ਨਾ ਪਾਈ।’ ਪੁਰਾਣੀ ਫ਼ਿਲਮ ਐ ‘ਸਗੀਨਾ’ ਜਿਸ ਦੇ ਹੀਰੋ ਮਜ਼ਦੂਰ ਨੇਤਾ ਨੂੰ ਪਟਾਉਣ ਲਈ ਫ਼ੈਕਟਰੀ ਦਾ ਸੇਠ ਉਸ ਨੂੰ ਪਹਿਲੋਂ ਵੱਖਰਾ ਦਫ਼ਤਰ ਦਿੰਦੈ, ਸਭ ਸੁਖ ਸਹੂਲਤਾਂ ਦਿੰਦੈ, ਨਾਇਕ ਨੂੰ ਸੂਟ ਬੂਟ ਪਵਾਉਂਦੈ ਜਿਨ੍ਹਾਂ ਦੇ ਚਾਅ ’ਚ ਓਹ ਗਾਉਂਦਾ ਫਿਰਦੈ..‘ਸਾਲਾ ਮੈਂ ਤੋਂ ਸਾਹਬ ਬਨ ਗਿਆ...।’ ਦਿੱਲੀ ’ਚ ਜੋ ਬਣਿਆ, ਸਭ ਭੁੱਲ ਜਾਓ। ਹਿੰਮਤ ਰੱਖੋ, ਤੁਸੀਂ ਕਿਸੇ ਨਪੋਲੀਅਨ ਜਾਂ ਸਿਕੰਦਰ ਤੋਂ ਘੱਟ ਹੋ, ਦਿਨਾਂ ’ਚ ਦੁਨੀਆ ਫ਼ਤਿਹ ਕਰ ਲਵੋਗੇ। 

         ਜਦੋਂ ਪੰਜਾਬ ਫ਼ਤਿਹ ਕੀਤਾ ਸੀ, ਉਦੋਂ ਕੇਜਰੀਵਾਲ ਦੀ ਆਵਾਜ਼ ਆਲ ਇੰਡੀਆ ਰੇਡੀਓ ਵਰਗੀ ਸੀ, ਦਿੱਲੀ ਕਾਹਦੀ ਹਾਰੇ, ਧੀਮੀ ਗਤੀ ਦਾ ਸਮਾਚਾਰ ਹੀ ਬਣ ਬੈਠੇ। ਪ੍ਰਵਾਹ ਨਹੀਓਂ ਕਰਨੀ, ਬੰਦਾ ਔਗੁਣਾਂ ਦਾ ਪੁਤਲੈ। ਤੁਸੀਂ ‘ਝਾੜੂ ਮੋਰਚਾ’ ਐਲਾਨੋ, ਪੰਜਾਬੀ ਜੇਲ੍ਹਾਂ ਭਰ ਦੇਣਗੇ। ਜਿਹੜਾ ਪਾਰਟੀ ਦਫ਼ਤਰ ’ਚ ‘ਚਾਪਲੂਸੀ ਦਾ ਮਹਾਂਕਾਵਿ’ ਪਿਐ, ਉਸ ਨੂੰ ਵੀ ਸੰਤੋਖ ਦੇਵੋ। ਸਿਆਣੇ ਆਖਦੇ ਨੇ ਕਿ ਸਾਦਾ ਬੰਦਾ ਦਲੇਰ ਹੁੰਦੈ, ਚਲਾਕ ਬੰਦਾ ਤਾਂ ਗਿਣਤੀ ਮਿਣਤੀ ’ਚ ਪੈ ਜਾਂਦੈ। ਹੁਣ ਕਰੀਏ ਕੀ, ਪੇਂਡੂ ਘਰਾਂ ’ਚ ਜਿਵੇਂ ਮੱਝ ਕਿਸੇ ਦੇ ਹੱਥ ਪੈ ਜਾਂਦੀ ਹੈ, ਇਵੇਂ ‘ਬਦਲਾਅ’ ਵੀ ਕੇਜਰੀਵਾਲ ਦੇ ਹੱਥ ਪਿਆ ਲੱਗਦੈ। ਜਦੋਂ ਰੁਤਬੇ ਹੀ ਨਹੀਂ ਰਹੇ ਤਾਂ ਹੁਣ ਸਭ ਨੂੰ ਹੱਸ ਕੇ ਬੁਲਾਵੋ, ਗਲ ਨਾਲ ਲਾਓ। ਨਾਲੇ ਗਾਣਾ ਧਿਆਓ, ‘ਕਿਤੇ ਨੀਂ ਤੇਰਾ ਰੁਤਬਾ ਘੱਟਦਾ, ਜੇ ਹੱਸ ਕੇ ਬੁਲਾ ਲਵੇਂ ਕਿਧਰੇ।’ 

        ਕਿਤੇ ਭੁੱਲ ਨਾ ਜਾਇਓ, ਜੇ ਕਾਕਾ ਇਨਕਲਾਬ ਸਿੰਘ ਜ਼ਿੱਦ ਕਰੇ ਤਾਂ ਉਸ ਨੂੰ ਗਿੱਚੀਓਂ ਫੜ ਕੇ ਪੰਜਾਬ ਲਿਆਇਓ। ਪੰਜਾਬੀਆਂ ਨੇ ਤਾਂ ਹਾਲੇ ਕਾਕੇ ਦਾ ਚੰਗੀ ਤਰ੍ਹਾਂ ਮੂੰਹ ਹੀ ਨਹੀਂ ਵੇਖਿਆ। ਦਿੱਲੀ ਚੋਣਾਂ ’ਚ ਤੁਸੀਂ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਤਾਂ ਵੇਖ ਹੀ ਲਏ, ਘਰੋਂ ਪ੍ਰਸ਼ਾਦੇ ਲੋਡ ਕੇ ਦਿੱਲੀ ’ਚ ਦਿਨ ਰਾਤ ਤੁਰੇ ਫਿਰਦੇ ਰਹੇ। ‘ਸੁੱਤੀ ਵਜ਼ੀਰ ਨਾਲ, ਉਠੀ ਫ਼ਕੀਰ ਨਾਲ’। ਬੱਸ ਇਸੇ ਗੱਲੋਂ ਡਰਦੇ ਨੇ ਕਿ ਕਿਤੇ ਫ਼ਕੀਰੀ ਪੱਲੇ ਨਾ ਪੈ ਜਾਵੇ। ਥੋਨੂੰ ਤਾਂ ਲੱਗਦਾ ਹੋਊ ਕਿ ਇਹ ਗੂੰਗੇ ਨੇ, ਦੇਖੋ ਗਾਉਂਦੇ ਕਿੰਨਾ ਸੋਹਣਾ ਨੇ, ‘ਕੀ ਪੁੱਛਦੇ ਹੋ, ਹਾਲ ਫ਼ਕੀਰਾਂ ਦਾ।’ 

       ਕਾਂਗਰਸੀ ਐਵੇਂ ਖ਼ੁਸ਼ ਹੋਈ ਜਾਂਦੇ ਨੇ, ਦਿੱਲੀ ’ਚ ਜ਼ੀਰੋ ਦਾ ਰਿਕਾਰਡ ਕਾਂਗਰਸ ਦੇ ਹਿੱਸੇ ਆਇਐ। ਮਨੁੱਖੀ ਸੁਭਾਅ ਹੈ ਕਿ ਬੰਦਾ ਬਿਗਾਨੀ ਬੱਕਰੀ ਮਾਰਨ ਲਈ ਆਪਣਾ ਕੰਧ ਢਾਹੁਣ ਲਈ ਤਿਆਰ ਹੋ ਜਾਂਦੈ। ਹਰਿਆਣਾ ’ਚ ਭੁਪਿੰਦਰ ਹੁੱਡਾ ਦਾ ਮੇਮਣਾ ਮਾਰਨ ਲਈ ਕੇਜਰੀਵਾਲ ਨੇ ਆਪਣੀ ਕੰਧ ਮਲਬਾ ਕਰ ਲਈ, ਉਵੇਂ ਦਿੱਲੀ ’ਚ ਕੇਜਰੀਵਾਲ ਦੀ ਬੱਕਰੀ ਮਾਰਨ ਲਈ ਰਾਹੁਲ ਗਾਂਧੀ ਨੇ ਆਪਣੀ ਕੰਧ ਢਾਹ ਸੁੱਟੀ। ‘ਤੇਰਾ ਕੱਖ ਨੀ ਬਚਨੀਏ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।’ ਦੇਖਿਓ ਕਿਤੇ ਹੁਣ ਪੰਜਾਬ ਦੀ ਕੰਧ ਨੂੰ ਦਾਅ ’ਤੇ ਨਾ ਲਾ ਦਿਓ।

         ਖ਼ੈਰ ਪੰਜਾਬ ਕੋਲ ਕੰਧਾਂ ਵੀ ਨੇ, ਕੰਨ ਵੀ ਨੇ, ਪਹਿਰੇ ਵੀ ਨੇ, ਚਾਹੇ ਮੁਗ਼ਲਾਂ ਅੰਗਰੇਜ਼ਾਂ ਨੂੰ ਪੁੱਛ ਲਓ। ਜੱਟ ਐਂਡ ਜੂਲੀਅਟ ਫ਼ਿਲਮ ਦਾ ਇੱਕ ਡਾਇਲਾਗ ਚੇਤੇ ਆਇਆ, ‘ਚੰਡੀਗੜ੍ਹ ਢਹਿਜੂ ਪਿੰਡਾਂ ਜੋਗਾ ਤਾਂ ਰਹਿਜੂ..।’ ਪੰਜਾਬ ਦੀ ਤਾਸੀਰ ਵੱਖਰੀ ਤੇ ਆਲਮ ਨਿਰਾਲਾ ਹੈ। ਨਿੱਤ ਦਿਨ ਦੇ ਹੱਲੇ ਤਾਂ ਪੰਜਾਬ ਦੇ ਰੂਮਮੇਟ ਹੀ ਰਹੇ ਨੇ। ਦਿੱਲੀ ਚੋਣਾਂ ’ਚ ਹਾਰ ਨੂੰ ਦੇਖ ਕੇ ਪੰਜਾਬ ਮੋਗੇੰਬੋ ਤੋਂ ਵੱਧ ਖ਼ੁਸ਼ ਹੋਇਆ। ਪੰਜਾਬੀ ਮਾਵਾਂ ਨੇ ਪੁੱਤ ਗੁੱਲੀ ਡੰਡਾ ਖੇਡਣ ਨੂੰ ਨਹੀਂ ਜੰਮੇ। ‘ਖ਼ਬਰਦਾਰ ਰਹਿਣਾ ਜੀ, ਚੌਂਕੀ ਹਾਕਮਾਂ ਦੀ ਆਈ’। ਹੁਣ ‘ਪੰਜਾਬ ਮਾਡਲ’ ਦਾ ਰੌਲਾ ਪਿਐ। ਤੁਸੀਂ ਦੱਸੋ ਹੁਣ ਫਿਰ, ਕਿਵੇਂ ਕਰਨੈ, ‘ਪੰਜਾਬ ਮਾਡਲ’ ਬਣਾਉਣੈ ਜਾਂ ਰੰਗਲਾ ਬਣਾਉਣੈ।

       ਜਿਹੜੇ ਲੋਕ ਉਮੀਦਾਂ ਲੈ ਕੇ ਉੱਡੇ ਸੀ, ਉਹ ਭਰੋਸਿਆਂ ਦੀ ਗੱਠੜੀ ਨਾਲ ਲੈਂਡ ਹੋਏ ਹਨ। ਪੰਜਾਬ ਦੀ ਮਸੀਤ ਹੀ ਵੱਖਰੀ ਹੈ। ਖ਼ੁਸ਼ ਹੋਣ ਤਾਂ ਸਾਰਾ ਬਾਗ਼ ਹਵਾਲੇ ਕਰਦੇ ਨੇ, ਨਾਰਾਜ਼ ਹੋਣ ਤਾਂ ਫਿਰ ਕੀ ਮਜਾਲ ਐ ਕਿਸੇ ਕਾਂ ਦਾ ਆਲ੍ਹਣਾ ਅੰਬ ਦੇ ਬੂਟੇ ’ਤੇ ਪੈ ਜਾਵੇ। ਲੰਡੇ ਲਾਟ ਦੀ ਪ੍ਰਵਾਹ ਨਹੀਓਂ ਕਰਦੇ, ਆਹ ਗਾਣੇ ਵਾਂਗੂੰ, ‘ਅਸਾਂ ਨੀਂ ਕਨੌੜ ਝੱਲਣੀ, ਗੱਲ ਸੋਚ ਕਰੀਂ ਤੂੰ ਜ਼ੈਲਦਾਰਾ’।

        ਦੀਵਾਲੀ ਵੇਲੇ ਕਲੀ-ਕੂਚੀ ਤਾਂ ਪੰਜਾਬੀ ਖ਼ੁਦ ਹੀ ਘਰਾਂ ਨੂੰ ਕਰ ਲੈਂਦੇ ਹਨ, ਜੇ ਘਰ ਨੂੰ ਰੰਗਲਾ ਬਣਾਉਣਾ ਹੋਵੇ ਤਾਂ ਵੀ ਪਿੰਡੋਂ ਹੀ ਪੇਂਟਰ ਬੁਲਾਉਂਦੇ ਨੇ। ਬਾਹਰਲੇ ਪੇਂਟਰ ਰਾਸ ਨਹੀਂ ਆਉਂਦੇ। ਪਿੰਡਾਂ ’ਚ ਹੋਕੇ ਵੱਜਦੇ ਹੁੰਦੇ ਸਨ, ‘ਭਾਂਡੇ ਕਲੀ ਕਰਾ ਲਓ।’ ਮੁਨੀਸ਼ ਸਿਸੋਦੀਆ ਨੂੰ ਪੰਜਾਬ ਦੀਆਂ ਗਲੀਆਂ ’ਚ ਮੇਲਦੇ ਦੇਖ ਕੇ ਇੰਜ ਲੱਗਦੈ ਜਿਵੇਂ ਕਹਿੰਦੇ ਹੋਣ ‘ਰੰਗਲਾ ਪੰਜਾਬ ਬਣਾ ਲਓ।’ ਸ਼ਾਇਦ ਦਿੱਲੀ ਦੇ ‘ਇਨਕਲਾਬੀ’ ਵੀਰਾਂ ਨੂੰ ਆਪਣੀ ਅਕਲ ਮੱਝ ਤੋਂ ਵੱਡੀ ਲੱਗਦੀ ਹੈ। ਪੰਜਾਬੀਆਂ ਨੇ ਬੂਰੀਆਂ ਮੱਝਾਂ ਚੁੰਘੀਆਂ ਨੇ, ਐਨੇ ਲੋਲ੍ਹੇ ਵੀ ਨਾ ਸਮਝੋ। ਸ਼ੇਖ਼ ਸਾਅਦੀ ਦਾ ਕਥਨ ਐ, ‘ਜੇ ਚਿੜੀਆਂ ਏਕਾ ਕਰ ਲੈਣ ਤਾਂ ਸ਼ੇਰ ਦੀ ਖੱਲ ਉਧੇੜ ਦਿੰਦੀਆਂ ਨੇ।’ ਬਾਕੀ ਤੁਸੀਂ ਸਿਆਣੇ ਹੋ। 

(21 ਫਰਵਰੀ 2025) 



Tuesday, January 21, 2025

                                        ਟੋਏ-ਟੋਏ ’ਤੇ ਤੋਏ-ਤੋਏ
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਬੋਲਣਾ ਇੱਕ ਕਲਾ ਹੈ, ਚੁੱਪ ਰਹਿਣਾ ਉਸ ਤੋਂ ਵੱਡੀ ਕਲਾ। ਕਿਤੇ ਇਹ ਗੱਲ ਭਾਜਪਾਈ ਰਮੇਸ਼ ਬਿਧੂੜੀ ਪੱਲੇ ਬੰਨ੍ਹ ਲੈਂਦਾ ਤਾਂ ਦਿੱਲੀ ਚੋਣਾਂ ’ਚ ਤੋਏ-ਤੋਏ ਨਹੀਂ ਹੋਣੀ ਸੀ। ਆਖ਼ਰ ਬਿਧੂੜੀਪੁਣਾ ਦਿਖਾ ਹੀ ਗਿਆ। ਦਿੱਲੀ ਦੀਆਂ ਸੜਕਾਂ ’ਤੇ ਟੋਏ ਹੀ ਟੋਏ ਨੇ, ਚਰਤੋ ਦੇਵੀ ਦੇ ਮੁੰਡੇ ਬਿਧੂੜੀ ਤੋਂ ਰਿਹਾ ਨਾ ਗਿਆ। ਮੁਖਾਰਬਿੰਦ ਤੋਂ ਇੰਜ ਫ਼ਰਮਾਏ, ਪਿਆਰੇ ਵੋਟਰੋ! ਤੁਸੀਂ ਦਾਸ ਨੂੰ ਜਿਤਾਓ, ਸੜਕਾਂ ਪ੍ਰਿਅੰਕਾ ਗਾਂਧੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦਿਆਂਗਾ। ਬਿਧੂੜੀ ਦੇ ਮੂੰਹ ’ਚੋਂ ਕਿਰੇ ਫੁੱਲਾਂ ਨੇ ਨਵੀਂ ਭਸੂੜੀ ਪਾ ਦਿੱਤੀ।

        ਪੁਆੜੇ ਦੀ ਅਸਲ ਜੜ੍ਹ ਲਾਲੂ ਪ੍ਰਸ਼ਾਦ ਯਾਦਵ ਨੇ। ਯਾਦ ਕਰੋ ਉਹ ਦਿਨ ਜਦੋਂ ਕਿਸੇ ਨੇ ਲਾਲੂ ਨੂੰ ਕਿਹਾ ਕਿ ਨੇਤਾ ਜੀ! ਬਿਹਾਰ ’ਚ ਸੜਕਾਂ ਦਾ ਹਾਲ ਓਮਪੁਰੀ ਦੀਆਂ ਗੱਲ੍ਹਾਂ ਵਰਗਾ ਹੋਇਆ ਪਿਐ, ਕੁਝ ਤਾਂ ਕਰੋ। ਅੱਗਿਓਂ ਬਿਹਾਰੀ ਬਾਬੂ ਨੇ ਆਪਣਾ ਇਸ਼ਟ ਧਿਆ ਵਾਅਦਾ ਕਰ’ਤਾ ਕਿ ‘ਬਿਹਾਰੀ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਣਗੇ।’ ‘ਕੋਠਾ ਉੱਸਰਿਆ, ਤਰਖਾਣ ਵਿੱਸਰਿਆ’। ‘ਢੂਡਤੇ ਰਹਿ ਜਾਓਗੇ’ ਵਾਂਗ ਜਨਤਾ ਟੋਇਆ ਵਿਚੋਂ ਸੜਕਾਂ ਲੱਭਦੀ ਘੁੰਮ ਰਹੀ ਹੈ।

       ਲਾਲੂ ਦੀ ਹਾਜ਼ਰ ਜੁਆਬੀ ਦੇਖੋ, ਭਲਿਓ! ਹੇਮਾ ਮਾਲਿਨੀ ਦੀਆਂ ਗੱਲ੍ਹਾਂ ’ਚ ਵੀ ਤਾਂ ਟੋਏ ਹੀ ਨੇ। ਅਸਾਂ ਤਾਂ ਤੁਸਾਂ ਦੇ ਹੀ ਬੋਲ ਪੁਗਾਏ ਨੇ। ਕੋਈ ਸ਼ੱਕ ਹੋਵੇ ਤਾਂ ਹਰਭਜਨ ਮਾਨ ਦਾ ਗਾਣਾ ਵਜਾ ਲੈਣਾ..‘ਗੱਲ੍ਹਾਂ ਗੋਰੀਆਂ, ਦੇ ਵਿਚ ਟੋਏ..।’ ਲਾਲੂ ਨੂੰ ਕੋਈ ਪੁੱਛਣ ਵਾਲਾ ਪੁੱਛੇ ਕਿ ਬਈ! ਕਿਥੇ ਹੇਮਾ ਮਾਲਿਨੀ, ਕਿਥੇ ਓਮਪੁਰੀ ਦੀਆਂ ਗੱਲ੍ਹਾਂ। ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ। ਜਮਹੂਰੀ ਦਰਬਾਰ ਦਾ ਗੰਗੂ ਤੇਲੀ ਤਾਂ ਸੜਕਾਂ ਨੂੰ ਹੀ ਤਰਸ ਗਿਐ। ਨੇਤਾ ਜਣਾਂ ਨੇ ਉਹਦੀ ਜ਼ਿੰਦਗੀ ਦਾ ਤੇਲ ਜੋ ਕੱਢ ਰੱਖਿਐ।

       ਜਦੋਂ ਅਗਲੀ ਚੋਣ ਤਸ਼ਰੀਫ਼ ਲਿਆਉਂਦੀ ਹੈ ਤਾਂ ਆਖਦੇ ਨੇ, ‘ਤੇਲ ਦੇਖੋ, ਤੇਲ ਦੀ ਧਾਰ ਦੇਖੋ।’ ਦੇਸ਼ ਹੁਣ ਦਿੱਲੀ ਚੋਣਾਂ ਨੂੰ ਦੇਖ ਰਿਹਾ ਹੈ। ਬਿਧੂੜੀ ਵਰਗੇ ਸੱਜਣ ਤਾਂ ਦੀਵਾ ਲੈ ਕੇ ਭਾਲਣੇ ਪੈਂਦੇ ਨੇ, ਭਾਜਪਾ ਨੇ ਪਤਾ ਨੀ ਕਿਵੇਂ ਲੱਭੇ ਨੇ। ਦਿੱਲੀ ਚੋਣਾਂ ’ਚ ਕਾਹਦਾ ਕੁੱਦਿਆ, ਬਿਧੂੜੀ ਤਾਂ ਹੁਣ ਮਿਰਜ਼ੇ ਦਾ ਸਾਢੂ ਬਣਿਆ ਫਿਰਦੈ। ਆਪਣੇ ਤਰਕਸ਼ ਵਿਚੋਂ ਕੱਢ ਪਹਿਲਾ ਤੀਰ ਆਤਿਸ਼ੀ ’ਤੇ, ਦੂਜਾ ਪ੍ਰਿਅੰਕਾ ਗਾਂਧੀ ਵੱਲ ਚਲਾ ਦਿੱਤਾ। ਬਿਧੂੜੀ ਨੂੰ ਕੌਣ ਆਖੇ, ‘ਧੀਆਂ ਭੈਣਾਂ ਵਾਲਾ ਘਰ ਐ, ਭਾਈ! ਮੂੰਹ ਸੰਭਾਲ ਕੇ ਬੋਲ। ਮਨੋ ਮਨੀ ਜ਼ਰੂਰ ਕਿਸੇ ਮਾਈ ਨੇ ਕਿਹਾ ਹੋਊ, ‘ਦੇਖ ਕਿਵੇਂ ਲੁਤਰੋ ਚੱਲਦੀ ਐ।’

       ਮਾਈ ਇੱਥੇ ਤਾਂ ਆਵਾ ਹੀ ਊਤਿਆ ਪਿਐ। ਰਾਜਸਥਾਨ ਦੇ ਇੱਕ ਮੰਤਰੀ ਨੇ ਥੋੜ੍ਹੇ ਸਾਲ ਪਹਿਲਾਂ ਜਦੋਂ ਲੋਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ ਬਣਾਏ ਜਾਣ ਦੀ ਗੱਲ ਕੀਤੀ ਤਾਂ ਵਿਚੋਂ ਕਿਸੇ ਨੇ ਟੋਕ ਦਿੱਤਾ, ‘ਹੇਮਾ ਮਾਲਿਨੀ ਤਾਂ ਬੁੱਢੀ ਹੋ ਗਈ ਐ।’ ਚਲੋ ਫਿਰ ਕੈਟਰੀਨਾ ਕੈਫ ਦੀਆਂ ਗੱਲਾਂ ਵਰਗੀਆਂ ਬਣਾ ਦਿੰਦੇ ਹਾਂ, ਮੰਤਰੀ ਇੰਨਾ ਆਖ ਤੁਰਦੇ ਬਣੇ। ਇੱਕ ਵਾਰੀ ਮਹਾਰਾਸ਼ਟਰ ਦੇ ਭਾਜਪਾਈ ਮੰਤਰੀ ਵਿਜੇ ਕੁਮਾਰ ਗਾਇਤ ਨੇ ਬਿਨਾਂ ਮੰਗਿਆ ਮਸ਼ਵਰਾ ਲੋਕਾਂ ਨੂੰ ਦਿੱਤਾ, ‘ਐਸ਼ਵਰਿਆ ਰਾਏ ਰੋਜ਼ਾਨਾ ਮੱਛੀ ਖਾਂਦੀ ਹੈ, ਤੁਸੀਂ ਖਾਉਗੇ ਤਾਂ ਥੋਡੀਆਂ ਅੱਖਾਂ ਵੀ ਐਸ਼ਵਰਿਆ ਵਰਗੀਆਂ ਹੋ ਜਾਣਗੀਆਂ।’

        ਸਿਆਣੇ ਆਖਦੇ ਨੇ, ਚਰਿੱਤਰ ਅਜਿਹੀ ਸ਼ੈਅ ਹੈ ਜਿਹੜੀ ਕਿਸੇ ਵੀ ਧੋਬੀ ਘਾਟ ’ਤੇ ਨਹੀਂ ਧੋਤੀ ਜਾ ਸਕਦੀ। ਚੁਣਾਵੀਂ ਮਾਹੌਲ ਲੋਹੜੀ ਵਰਗਾ ਹੁੰਦੈ, ਜਿੱਥੇ ਨੇਤਾ ਰਿਉੜੀਆਂ ਵੰਡਦੇ ਨੇ, ਜਨਤਾ ਲੱਪ ਭਰ ਭਰ ਛਕਦੀ ਹੈ। ਉੱਪਰੋਂ ਨੇਤਾਵਾਂ ਦੇ ਬਿਧੂੜੀ ਪ੍ਰਵਚਨ ਮੁਫਤੋਂ ਮੁਫ਼ਤ ’ਚ ਮਿਲਦੇ ਨੇ। ਇਨ੍ਹਾਂ ਨਾਲੋਂ ਤਾਂ ਅਸਾਡਾ ਜਥੇਦਾਰ ਸੁਖਬੀਰ ਬਾਦਲ ਸੌ ਗੁਣਾ ਚੰਗੈ, ਪਹਿਲਾਂ ਜਰਨੈਲੀ ਸੜਕਾਂ ਬਣਾਈਆਂ, ਫਿਰ ਜੈਕਾਰਾ ਛੱਡ ਕੇ ਇੰਜ ਗੱਜੇ ਸਨ, ‘ਆਹ ਚੁੱਕੋ ਬੰਬਾਂ ਵਾਲੀਆਂ ਸੜਕਾਂ, ਮਜਾਲ ਐ ਕੋਈ ਸੜਕ ਟੁੱਟ ਜਾਏ।’ ਪੰਜਾਬ ਦੀ ‘ਆਪ’ ਸਰਕਾਰ ਦੇ ਇੱਕ ਮੰਤਰੀ ਨੂੰ ਕਿਸੇ ਨੇ ਟੁੱਟੀਆਂ ਸੜਕਾਂ ਦਿਖਾਈਆਂ ਤਾਂ ਅੱਗਾ ਪਿੱਛਾ ਦੇਖ ਕੇ ਮੰਤਰੀ ਜੀ ਫ਼ਰਮਾਏ, ‘ਭਾਊ ਦੇਖਦੇ ਜਾਇਓ, ਸੜਕਾਂ ਬਣਾਵਾਂਗੇ ਰਾਘਵ ਚੱਢੇ ਦੀਆਂ ਗੱਲ੍ਹਾਂ ਵਰਗੀਆਂ।’

        ਸਿਆਸੀ ਨੇਤਾ ਮਰਦ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਨਾ ਸ਼ਰਮ ਲੱਗਦੀ ਹੈ ਅਤੇ ਨਾ ਹੀ ਠੰਢ। ਦਿੱਲੀ ਚੋਣਾਂ ’ਚ ਕਾਵਾਂ ਰੌਲੀ ਪਈ ਹੋਈ ਹੈ, ਦਿੱਲੀ ਦੀ ਜਨਤਾ ਦੀ ਹਾਲਤ ਗ਼ਾਲਿਬ ਦੇ ਸ਼ੇਅਰ ਵਰਗੀ ਹੋਈ ਪਈ ਐ, ‘ਮੈਂ ਭੀ ਮੂੰਹ ਮੇਂ ਜ਼ੁਬਾਨ ਰਖਤਾ ਹੂੰ, ਕਾਸ਼! ਪੂਛੋ ਕਿ ਮੁੱਦਾ ਕਿਆ ਹੈ।’ ਸਿਆਸੀ ਲੋਕ ਕੁੱਛੜ ’ਚ ਲੱਕੜ ਦੇ ਮੁੰਡੇ ਚੁੱਕੀ ਫਿਰਦੇ ਨੇ। ਦਿੱਲੀ ’ਚ ਪੇਚ ਫਸਿਐ। ਕੇਜਰੀਵਾਲ ਦੀ ਜਿੰਦ ਕੁੜਿੱਕੀ ’ਚ ਫਸੀ ਹੋਈ ਐ। ਕਦੇ ਪੇਂਟ ਵਾਲਾ ਡੱਬਾ ਚੁੱਕ ਪੰਜਾਬ ਨੂੰ ਰੰਗਲਾ ਬਣਾਉਣ ਲਈ ਦੌੜਨਾ ਪੈਂਦੈ, ਕਦੇ ਦਿੱਲੀ ’ਚ ਰਿਉੜੀਆਂ ਵਾਲਾ ਝੋਲਾ ਚੁੱਕਣਾ ਪੈਂਦੈ।

       ਦਿੱਲੀ ਦੀ ਕੱਟੜ ਇਮਾਨਦਾਰੀ ਨੂੰ ਪੰਜਾਬ ਨੀਝ ਨਾਲ ਦੇਖਦਾ ਪਿਐ। ਮਾੜੇ ਬੰਦੇ ਕੋਲ ਇੱਕ ‘ਬਦਲਾ’ ਹੀ ਹੁੰਦਾ ਹੈ ਜੋ ਜਮਹੂਰੀ ਵਰਕਸ਼ਾਪ ਦਾ ਸਭ ਤੋਂ ਘਾਤਕ ਸੰਦ ਹੁੰਦਾ ਹੈ ਪਰ ਵਰਤਿਆ ਚੋਣਾਂ ’ਚ ਹੀ ਜਾਂਦੈ। ਪੜ੍ਹੇ ਲਿਖੇ ਇਸ ਨੂੰ ਸੰਦ ਨਹੀਂ, ਵੋਟ ਆਖਦੇ ਨੇ। ਪੰਜਾਬ ਤੰਦੂਰ ਵਾਂਗੂ ਤਪਣ ਲੱਗਿਐ, ਪਤਾ ਨਹੀਂ ਕਿਹੜੇ ਵੇਲੇ ਕੀਹਦਾ ਵਹਿਮ ਕੱਢ ਦੇਵੇ। ਦਿੱਲੀ ਤੇ ਪੰਜਾਬ ’ਚ ਇੱਕੋ ‘ਇਨਕਲਾਬੀ’ ਸਾਂਝ ਹੈ ਕਿ ਦੋਵਾਂ ਦੀਆਂ ਸੜਕਾਂ ਦੇ ਟੋਇਆ ਦਾ ਸਾਈਜ਼ ਇੱਕੋ ਜੇਹਾ ਹੈ। ਸੁਰਿੰਦਰ ਕੌਰ ਪਤਾ ਨੀ ਕਿਹੜੀ ਸੜਕ ਦੀ ਗੱਲ ਪਈ ਕਰਦੀ ਐ, ‘ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ..।’

        ਕਿਸੇ ਜਲਸੇ ’ਚ ਸੰਤੋਖ ਸਿੰਘ ਧੀਰ ਵਾਂਗੂ ਉਂਗਲ ਸਿੱਧੀ ਕਰ ਕੇ ਪ੍ਰਤਾਪ ਬਾਜਵਾ ਬੋਲੇ, ‘ਦਿਖਾਓ ਕਿਥੇ ਹੈ ਵਿਕਾਸ’। ਪਿੱਛੇ ਖੜੀ ਇੱਕ ਪ੍ਰਵਾਸੀ ਦੀ ਪਤਨੀ ਨੇ ਕੁੱਛੜ ਚੁੱਕੇ ਮੁੰਡੇ ਨੂੰ ਉਪਰ ਹਵਾ ’ਚ ਉਛਾਲਿਆ,‘ਆਹ ਦੇਖ ਲੋ ਵਿਕਾਸ’। ਅਸਲ ’ਚ ਬੀਬੀ ਦੇ ਬੱਚੇ ਦਾ ਨਾਮ ਹੀ ਵਿਕਾਸ ਯਾਦਵ ਸੀ। ਹਾਸੜ ਉਦੋਂ ਮੱਚਿਆ ਜਦੋਂ ਮਝੈਲ ਬਾਜਵੇ ਨੇ ਮੋੜਵੇਂ ਜੁਆਬ ’ਚ ਕਿਹਾ ਕਿ ‘ਬੀਬਾ ਜੀ! ਵਿਕਾਸ ਹਾਲੇ ਨਿਆਣੈ।’   ਗੱਲ ਦਿੱਲੀ ਦੀ ਕਰਦੇ ਪਏ ਸੀ, ਹੋਰ ਪਾਸੇ ਹੀ ਤਿਲਕ ਗਈ, ਅਸਲ ’ਚ ਮਲਾਈਦਾਰ ਸੜਕਾਂ ’ਤੇ ਤਿਲ੍ਹਕਣ ਹੀ ਲੋਹੜੇ ਦੀ ਹੈ।

        ਚੋਣਾਂ ਮੌਕੇ ਮਜਮਾ ਹੀ ਬੱਝਦੈ। ਲੀਡਰਾਂ ਦੀਆਂ ਸਿਆਸੀ ਲੋਰੀਆਂ ਸੁਣ ਸੁਣ ਕੇ ਮੁੱਦੇ ਸੌਂ ਹੀ ਜਾਂਦੇ ਨੇ। ਜਦੋਂ ਜਾਗ ਖੁੱਲ੍ਹਦੀ ਹੈ, ਉਦੋਂ ਕੋਈ ਨਵਾਂ ਜਣਾ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਰਿਹਾ ਹੁੰਦਾ ਹੈ। ਨੇਤਾ ਲੋਕ ਹਰ ਕਲਾਬਾਜ਼ੀ ਤੋਂ ਜਾਣੂ ਹੁੰਦੇ ਨੇ, ਤੁਸੀਂ ਇਨ੍ਹਾਂ ਨੂੰ ਸ਼ਾਹਰੁੱਖ਼ ਖ਼ਾਨ ਵਾਲੀ ਫ਼ਿਲਮ ਬਾਜ਼ੀਗਰ ਦੇ ਨਾਇਕ ਹੀ ਸਮਝੋ। ਕਦੇ ਗੁਰਸ਼ਰਨ ਭਾ’ਜੀ ਦਾ ਨਾਟਕ ‘ਟੋਆ’ ਵੀ ਦੇਖਿਓ। ਟੋਏ ’ਚ ਡਿੱਗਿਆ ਆਮ ਆਦਮੀ ਲੇਲ੍ਹੜੀਆਂ ਕੱਢਦੈ ਕਿ ਬਈ ਕੋਈ ਤਾਂ ਮੈਨੂੰ ਬਾਹਰ ਕੱਢੋ। ਕਦੇ ਸਾਧੂ ਆਉਂਦਾ ਤੇ ਕਦੇ ਨੇਤਾ, ਜੋ ਟੋਏ ਵਿਚਲੀ ਆਵਾਜ਼ ਸੁਣ ਆਸ਼ੀਰਵਾਦ ਦੇ ਛੱਡਦੇ ਨੇ, ਬੱਚਾ! ਜਿੱਥੇ ਵੀ ਰਹੋ, ਖ਼ੁਸ਼ ਰਵੋਂ। ਟੋਏ ਵਿਚੋਂ ਉਦਾਸਮਈ ਆਵਾਜ਼ ਆਈ, ‘ਚਾਹੇ ਟੋਏ ’ਚ ਹੀ ਰਵਾਂ।’ ਹਾਂ ਬੱਚਾ, ਅੱਗਿਓਂ ਜੁਆਬ ਮਿਲਦੈ।

       ਦਿੱਲੀ ਦੀ ਕੱਟੜ ਇਮਾਨਦਾਰੀ ਤਰਫ਼ੋਂ ਇੱਕ ਬਾਬਾ ਹੱਥ ਜੋੜ ਮੁਆਫ਼ੀ ਮੰਗ ਰਿਹਾ ਹੈ, ‘ਮਾਫ਼ ਕਰਨਾ ਜੀ ਅਸੀਂ ਨਿਮਾਣਿਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ।’ ਚੋਣਾਂ ਅਤੇ ਵਿਆਹ ਦਾ ਮਾਹੌਲ ਇੱਕੋ ਜੇਹਾ ਜਾਪਦੈ। ਜਿਵੇਂ ਵਿਆਹ ’ਚ ਫੁੱਫੜ ਅਬਾ ਤਬਾ ਬੋਲਦੈ, ਉਵੇਂ ਨੇਤਾ ਜਣ ਚੋਣਾਂ ਮੌਕੇ ਚਾਂਭਲ ਜਾਂਦੇ ਨੇ। ਚੋਣਾਂ ਮੌਕੇ ਨਫ਼ਰਤ ਦੀ ਦੁਕਾਨ ਦਿਨ ਰਾਤ ਖੁੱਲ੍ਹਦੀ ਹੈ। ਬਿਧੂੜੀ ਭਈਆ! ਨਿਰਾਸ਼ ਨਹੀਂ ਹੋਣਾ, ਤੇਰਾ ਬਿਨਾਂ ਅਪਮਾਨ ਵੀ ਨਹੀਂ ਹੋਣਾ। ਬੀਬਾ ਆਤਿਸ਼ੀ ਹੋਵੇ ਤੇ ਚਾਹੇ ਪ੍ਰਿਅੰਕਾ, ਕਿਸੇ ਦੀ ਕੀ ਮਜਾਲ ਹੈ। ਤੇਰਾ ਵਾਲ ਵਿੰਗਾਂ ਨਹੀਂ ਹੋਣ ਦਿਆਂਗੇ। ਅਪਮਾਨ ਦੀ ਕਲੋਰੋਫ਼ਾਰਮ ਕਿੰਨਾ ਕੁ ਕੰਮ ਕਰਦੀ ਹੈ, ਦਿੱਲੀ ਦੀ ਜਨਤਾ ਵੋਟਾਂ ਵਾਲੇ ਦਿਨ ਦੱਸੇਗੀ। ਨਗਰੀ ਵੱਸਦੀ ਭਲੀ, ਸਾਧੂ ਚੱਲਦੇ ਭਲੇ। ਛੱਡੋ ਜੈਕਾਰਾ! ਬਿਧੂੜੀ ਤੇਰੀ ਸੋਚ ’ਤੇ...।

(16 ਜਨਵਰੀ 2025)

Monday, November 4, 2024

                               ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ…!          
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ’ਚ ਜ਼ਿਮਨੀ ਚੋਣਾਂ ਦਾ ਤੰਦੂਰ ਤਪਿਐ। ਦੋ ਚਾਰ ਫੁਲਕੇ ਲਾਹੁਣ ਲਈ, ਰਾਜਸੀ ਤੰਦੂਰੀਏ ਕਾਹਲੇ ਪਏ ਨੇ। ਸਿਆਸੀ ਤੰਦੂਰਗਿਰੀ ਐਨਾ ਸੌਖਾ ਧੰਦਾ ਨਹੀਂ, ਬੜੇ ਹੀ ਪਾਪੜ ਵੇਲਣੇ ਪੈਂਦੇ ਨੇ। ਗਿੱਦੜਬਾਹਾ, ਪਹਿਲੋਂ ਨਸਵਾਰ ਕਰਕੇ, ਫਿਰ ਮਿਹਰ ਮਿੱਤਲ ਤੇ ਗੁਰਦਾਸ ਮਾਨ ਕਰਕੇ, ਮਗਰੋਂ ਜ਼ਿਮਨੀ ਚੋਣ ਕਰਕੇ ਮਸ਼ਹੂਰ ਹੋਇਆ। ਵੈਦ ਭੁਲੱਕੜ ਦਾਸ ਦੱਸਦਾ ਪਿਐ, ਬਈ ! ਜਦੋਂ ਕਿਸੇ ਨੂੰ ਨਜ਼ਲਾ ਹੁੰਦਾ, ਨਸਵਾਰ ਦੀ ਚੂੰਢੀ ਕੰਮ ਆਉਂਦੀ। ਸਭ ਛੜਾਕੇ ਛੂਹ-ਮੰਤਰ ਹੋ ਜਾਂਦੇ। ਇੰਜ ‘ਪੰਜ ਫ਼ੋਟੋ ਨਸਵਾਰ’ ਦੀ ਮੋਹੜੀ ਗਿੱਦੜਬਾਹੇ ’ਚ ਗੱਡੀ ਗਈ।

       ਕਵੀਸ਼ਰ ਹੇਕ ਲਾਉਂਦੇ ਹੁੰਦੇ ਸਨ, ‘ਚਾਹ ਤੇ ਅਫ਼ੀਮ ਦਾ ਬੜਾ ਹੈ ਮੇਲ ਜੀ, ਚੂੰਢੀ ਨਸਵਾਰ ਦੀ ਚੜ੍ਹਾਵੇ ਰੇਲ ਜੀ’। ਸਮਝ ਲਓ ਕਿ ਐਤਕੀਂ ਜ਼ਿਮਨੀ ਚੋਣਾਂ ਮੈਟਰੋ ਟਰੇਨ ਹੀ ਨੇ। ਵੋਟਰ ਪਾਤਸ਼ਾਹ ਕੋਈ ਪਹਿਲੀ ਵਾਰ ਛੁਕ ਛੁਕ ਨਹੀਂ ਸੁਣ ਰਹੇ। ਤਾਇਆ ਬਾਦਲ, ਕਦੇ ਟਰੇਨ ਦਾ ਟਕਸਾਲੀ ਸਵਾਰ ਸੀ, ਉਸੇ ਸੀਟ ’ਤੇ ਭਤੀਜ ਮਨਪ੍ਰੀਤ ਸਜਿਆ। ਔਹ ਦੇਖੋ, ਹੁਣ ਵੜਿੰਗਾਂ ਦਾ ਮੁੰਡਾ ਗਾਉਂਦਾ ਪਿਐ, ‘ਪਰੇ ਹੋਜਾ ਸੋਹਣੀਏ, ਸਾਡੀ ਰੇਲ ਗੱਡੀ ਆਈ।’ ਜਦੋਂ ਗੱਡੀ ਘਰ ਦੀ ਹੋਵੇ, ਪਾਇਲਟ ਸੀਟ ’ਤੇ ਪਤੀ ਦੇਵ ਬਿਰਾਜਮਾਨ ਹੋਵੇ, ਫਿਰ ਅੰਮ੍ਰਿਤਾ ਵੜਿੰਗ ਕਿਉਂ ਨਾ ਸਵਾਰ ਬਣੇ। ‘ਵੱਡੇ ਸਿਰਾਂ ਦੀਆਂ ਵੱਡੀਆਂ ਪੀੜਾਂ’।

       ਮਿਹਰ ਮਿੱਤਲ ਇੱਕ ਫ਼ਿਲਮ ’ਚ ਇੰਜ ਹੁੱਝਾਂ ਮਾਰ ਜਗਾਉਂਦਾ ਹੈ,‘ ਭਰਾਵੋ! ਤੁਸੀਂ ਲੁੱਚਿਆ ਲਫ਼ੰਗਿਆਂ ਤੋਂ ਬਚ ਕੇ ਵੋਟ ਪਾਇਓ, ਵੋਟਾਂ ਵੇਲੇ ਇਹ ਗਧੇ ਨੂੰ ਵੀ ਬਾਪ ਬਣਾ ਲੈਂਦੇ ਨੇ, ਤੁਸੀਂ ਤਾਂ ਫਿਰ ਵੀ ਬੰਦੇ ਹੋ, ਲੱਗਦੇ ਬੜੇ ਚੰਗੇ ਹੋ।’ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਮਜਮਾ ਸੱਜਿਐ। ਗਿੱਦੜਬਾਹਾ ਹੌਟ ਸੀਟ ਹੈ, ਕੋਈ ਸ਼ੱਕ ਹੋਵੇ ਤਾਂ ਤੰਦੂਰ ’ਚ ਹੱਥ ਪਾ ਕੇ ਦੇਖ ਲਓ। ਸਤੌਜਪੁਰ ਦੇ ਭਗਵੰਤ ਮਾਨ ਨੇ, ਡਿੰਪੀ ਢਿੱਲੋਂ ਨੂੰ ‘ਔਰਬਿਟ ਬੱਸ ਕੰਪਨੀ’ ’ਚੋਂ ਲਾਹ ਕੇ ‘ਕੇਜਰੀਵਾਲ ਬੱਸ ਸਰਵਿਸ’ ’ਚ ਬਿਠਾਇਐ।

       ਮਨਪ੍ਰੀਤ ਬਾਦਲ ਭਾਜਪਾਈ ਜੌਂਗਾ ਲੈ ਕੇ ਗਿੱਦੜਬਾਹੇ ਨਵੇਂ ਪ੍ਰਿੰਟਾਂ ’ਚ ਪੁੱਜਿਐ। ਰਾਜਾ ਵੜਿੰਗ ਵੀ ਏਨੀ ਜ਼ੋਰ ਦੀ ਗਰਜੇ ਨੇ, ਕੋਲ ਖੜ੍ਹੀਆਂ ਬੱਸਾਂ ਦੀਆਂ ਬਾਡੀਆਂ ਤਕ ਹਿੱਲ ਗਈਆਂ ਨੇ। ਅੰਮ੍ਰਿਤਾ ਵੜਿੰਗ ਤਸ਼ਰੀਫ਼ ਲਿਆਏ ਨੇ ਜਿਨ੍ਹਾਂ ਹੱਥ ਜੋੜ ਅਰਜੋਈ ਕੀਤੀ ਐ,‘ ਗਿੱਦੜਬਾਹੇ ਦੀ ਸੇਵਾ ਮੁੜ ਸਾਨੂੰ ਬਖ਼ਸ਼ੋ।’ ਇੱਧਰ ਗੁਰਦਾਸ ਮਾਨ ਨੇ ਐਵੇਂ ਵਿਆਹ ’ਚ ਬੀ ਦਾ ਲੇਖਾ ਪਾ ਦਿੱਤੈ, ‘ਜਿੰਨੇ ਮਿਲੇ ਸਾਨੂੰ, ਸਭ ਮਿਲੇ ਦੁੱਖ ਦੇਣ ਵਾਲੇ, ਇੱਕ ਨੇ ਨਾ ਪੁੱਛੀ ਸਾਡੀ ਖ਼ੈਰ।’ ਬਾਦਲਾਂ ਤੇ ਵੜਿੰਗਾਂ ਦੇ ਵਾਅਦੇ ਲੀਰੋ ਲੀਰ ਹੋਏ ਪਏ ਨੇ, ਗਿੱਦੜਬਾਹੇ ਵਾਲੇ ਤੋਪੇ ਲਾ ਲਾ ਸਿਊਂ ਰਹੇ ਨੇ। ‘ਸੱਜਣਾ ਬੇਕਦਰਾ, ਦੁੱਖ ਵੰਡਿਆਂ ਨਾ ਆ ਕੇ ਮੇਰਾ।’ ਦੁੱਖਾਂ ਨੂੰ ਛੱਡੋ, ਲਾਲਾ ਕਮਜ਼ੋਰੀ ਮੱਲ ਤੋਂ ਪਹਿਲਾਂ ਆਹ ਟੋਟਕਾ ਸੁਣੋ।

       ‘ਕੇਰਾਂ ਵਾਅਦੇ ਤੋਂ ਮੁੱਕਰੇ ਨੇਤਾ ਦਾਸ ਦੀ ਪਿੰਡ ਦੇ ਲੋਕਾਂ ਨੇ ਭੁਗਤ ਸਵਾਰ ਦਿੱਤੀ। ਅੱਕੇ ਲੋਕਾਂ ਨੇ ਨੇਤਾ ਨੂੰ ਗਧੇ ’ਤੇ ਬਿਠਾ ਪਿੰਡ ਦਾ ਗੇੜਾ ਲਵਾਇਆ, ਜੁਆਕਾਂ ਨੇ ਨੇਤਾ ਉਤੇ ਟਮਾਟਰ ਸੁੱਟੇ। ਆਖ਼ਰ ’ਚ ਹੱਥ ਜੋੜ ਕੇ  ਪਿਆਰੇ ਨੇਤਾ ਇੰਜ ਫ਼ਰਮਾਏ, ਸ਼ੁਕਰੀਆ! ਪਿਆਰੇ ਬੱਚਿਓ, ਤੁਸਾਂ ਨੇ ਏਨੀ ਹੌਸਲਾ ਅਫ਼ਜ਼ਾਈ ਕੀਤੀ।’ ਕਿਤੇ ਸ਼ਰਮ ਹਯਾ ਨਾਂ ਦੀ ਬੀਮਾਰੀ ਨਾਲ ਨੇਤਾ ਮਰਦੇ ਤਾਂ ਪਲੇਗ ਨੂੰ ਵੀ ਮਾਤ ਪੈ ਜਾਣੀ ਸੀ। ਜਦੋਂ ਮਨਪ੍ਰੀਤ ਬਾਦਲ ਵਿਦੇਸ਼ੋਂ ਪੜ੍ਹ ਕੇ ਆਏ। ਵੱਡੇ ਬਾਦਲ, ਭਤੀਜ ਨੂੰ ਅੰਮ੍ਰਿਤਸਰੋਂ ਅੰਮ੍ਰਿਤ ਛਕਾ ਲਿਆਏ। 1995 ਵਾਲੀ ਜ਼ਿਮਨੀ ਚੋਣ ’ਚ ਗਿੱਦੜਬਾਹਾ ਦੀ ਧਰਤੀ ਤੋਂ ਮਨਪ੍ਰੀਤ ਨੂੰ ਲਾਂਚ ਕਰ ਦਿੱਤਾ।

       ਪੁਰਾਣੇ ਵੇਲਿਆਂ ’ਚ ਕਿਸੇ ਪਿੰਡ ਦੀ ਓਹ ਮੋਹੜੀ ਗੱਡੀ ਜਾਂਦੀ ਜੋ ਮਗਰੋਂ ਹਰੀ ਭਰੀ ਹੋ ਕੇ ਦਰਖ਼ਤ ਬਣਦੀ। ਇਹ ਦਰਖ਼ਤ ਹੀ ਪੇਂਡੂ ਲੋਕਾਂ ਨੂੰ ਪੁਰਖਿਆਂ ਦਾ ਚੇਤਾ ਕਰਾਉਂਦੇ। ਠੀਕ ਇਵੇਂ ਹੀ ਵੱਡੇ ਬਾਦਲ ਨੇ ਪੰਜਾਬ ਦੀ ਸਿਆਸਤ ’ਚ ਗਿੱਦੜਬਾਹਾ ਤੋਂ ਭਾਈ-ਭਤੀਜਾਵਾਦ ਦੀ ਐਸੀ ਮੋਹੜੀ ਗੱਡੀ ਕਿ ਲੀਡਰਾਂ ਦੇ ਘਰਾਂ ’ਚ ਲੀਡਰ ਹੀ ਜੰਮਣ ਲੱਗ ਪਏ। ਇਸ ਮੋਹੜੀ ਨੂੰ ਹਰ ਸਿਆਸੀ ਮਾਲੀ ਨੇ ਪਾਣੀ ਦਿੱਤਾ। ਅੱਜ ਓਹੀ ਮੋਹੜੀ ਤਣਾਧਾਰੀ ਰੁੱਖ ਬਣ ਗਈ ਹੈ। ਝਾੜੂ ਆਲੀ ਪਾਰਟੀ ਵੀ ਇਸੇ ਦਰਖ਼ਤ ਦੀ ਛਾਵੇਂ ਮਿਰਜ਼ੇ ਵਾਂਗ ਘੂਕ ਸੌਂ ਗਈ ਹੈ। 

        ਮੋਹੜੀਵਾਦ ਤੋਂ ਗੱਲ ਹੁਣ ਪਤਨੀਵਾਦ ਤਕ ਆਣ ਪੁੱਜੀ ਹੈ। ਜਦੋਂ ਸੁਖਬੀਰ ਬਾਦਲ ਚੋਣ ਲੜਦੇ ਸਨ ਤਾਂ ਚੋਣ ਪ੍ਰਚਾਰ ਹਰਸਿਮਰਤ ਬਾਦਲ ਕਰਦੀ। ਰੱਬ ਨੇ ਮਿਹਨਤ ਨੂੰ ਭਾਗ ਲਾਏ, ਬੀਬਾ ਬਾਦਲ ਚੌਥੀ ਵਾਰ ਚੋਣ ਜਿੱਤੀ ਹੈ। ਲੱਡੂ ਅੰਮ੍ਰਿਤਾ ਵੜਿੰਗ ਦੇ ਮਨ ਵਿਚ ਵੀ ਭੁਰਦੇ ਹੋਣਗੇ,ਨਾਲੇ ਉਹਨੇ ਕਿਹੜਾ ਰੱਬ ਦੇ ਮਾਂਹ ਮਾਰੇ ਨੇ। ਕਿਸੇ ਦਿਨ ਰਾਜਾ ਵੜਿੰਗ ਨੂੰ ਜ਼ਰੂਰ ਅੱਕੀ ਹੋਈ ਅੰਮ੍ਰਿਤਾ ਨੇ ਮਿਹਣਾ ਮਾਰਿਆ ਹੋਊ, ‘ਸੱਜਣਾ! ਸਾਡੇ ਪੱਲੇ ਕੀ ਪਿਐ, ਮੈਂ ਤਾਂ ਚਾਹਾਂ ਫੜਾਉਣ ਜੋਗੀ ਹੀ ਰਹਿ ਗਈ।’ ‘ਅੱਗਾ ਨੇੜਾ ਆਇਆ, ਪਿੱਛਾ ਰਹਿ ਗਿਆ ਦੂਰ’।

        ਬੰਦਾ ਚਾਹੇ ਬਾਹਰ ਕਿੰਨਾ ਵੀ ਸ਼ਹਿਨਸ਼ਾਹ ਹੋਵੇ, ਘਰ ਆ ਕੇ ਜੁਆਬ ਸ਼ਾਹ ਬਣਨਾ ਹੀ ਪੈਂਦੈ। ਸੋ ਅੰਮ੍ਰਿਤਾ ਦੇ ਮਨ ਦੀ ਮੁਰਾਦ ਵੀ ਪੂਰੀ ਹੋ ਗਈ, ਹੁਣ ਬਾਕੀ ਗਿੱਦੜਬਾਹੇ ਵਾਲਿਆਂ ਦੇ ਹੱਥ ਹੈ ਕਿ ਉਨ੍ਹਾਂ ਨੇ ਪੰਜੇ ’ਤੇ ਮੋਹਰ ਲਾਉਣੀ ਹੈ ਜਾਂ ਨਹੀਂ। ‘ਬੀਵੀ ਦਾ ਕੱਦ ਛੋਟਾ, ਖਿੱਚ ਕੇ ਮੇਚ ਦੀ ਕਰਲੀ’, ਵੈਦ ਜਣੋ! ਦਿਓ ਕੋਈ ਨੁਸਖ਼ਾ, ਤਾਂ ਜੋ ਅੰਮ੍ਰਿਤਾ ਦਿਨਾਂ ’ਚ ਸਿਆਸੀ ਕੱਦ ਕਰ’ਜੇ। ‘ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ਇਕੱਲੀ’। ਮਝੈਲਪੁਰੀਏ ਸੁਖਜਿੰਦਰ ਰੰਧਾਵਾ ਨੇ ਵੀ ਆਪਣੀ ਬੀਵੀ ਜਤਿੰਦਰ ਕੌਰ ਦੇ ਹਲਕਾ ਡੇਰਾ ਬਾਬਾ ਨਾਨਕ ਦਾ ਸਾਰਾ ਬਾਗ਼ ਹੀ ਹਵਾਲੇ ਕਰ’ਤਾ। ਟਲਣ ਵਾਲੀ ਸ਼ੈਅ ਦਾ ਨਾਂ ਕੇਜਰੀਵਾਲ ਨਹੀਂ। ‘ਆਪ’ ਨੇ ਵੀ ਮੋਹੜੀਵਾਦ ਦੀ ਸੋਚ ’ਤੇ ਠੋਕ ਕੇ ਪਹਿਰਾ ਦਿੱਤੈ। ਸੰਸਦ ਮੈਂਬਰ ਡਾ. ਚੱਬੇਵਾਲ ਦੇ ਫ਼ਰਜ਼ੰਦ ਨੂੰ ਚੱਬੇਵਾਲ ਦੇ ਮੈਦਾਨ ’ਚ ਉਤਾਰ ਕੇ ਰੀਤ ਨਿਭਾ ਦਿੱਤੀ।

       ਅਨਿਲ ਕਪੂਰ ਖ਼ੁਸ਼ੀ ’ਚ ਝੂਮ ਉੱਠਿਐ, ‘ਜ਼ਿੰਦਗੀ ਕੀ ਯਹੀ ਰੀਤ ਹੈ, ਹਾਰ ਕੇ ਬਾਅਦ ਹੀ ਜੀਤ ਹੈ।’ ਆਪਣੇ ਅਮਿਤ ਸ਼ਾਹ ਦਾ ਗੜਵਈ, ਕਾਕਾ ਰਵਨੀਤ ਬਿੱਟੂ ਉਲਟੀ ਗੰਗਾ ਵਹਾ ਰਿਹਾ ਹੈ। ਇੱਕ ਓਹ ਵੇਲਾ ਸੀ ਜਦੋਂ 1995 ’ਚ ਦਾਦਾ ਬੇਅੰਤ ਸਿੰਘ ਅਕਾਲੀਆਂ ਦੇ ਨਵ-ਜਨਮੇ ਉਮੀਦਵਾਰ ਮਨਪ੍ਰੀਤ ਨੂੰ ਹਰਾਉਣ ਲਈ ਗਿੱਦੜਬਾਹੇ ’ਚ ਡੇਰਾ ਲਾ ਕੇ ਬੈਠ ਗਿਆ ਸੀ। ਵਰਿ੍ਹਆਂ ਮਗਰੋਂ ਗਿੱਦੜਬਾਹਾ ਦੀ ਜ਼ਿਮਨੀ ਚੋਣ ਮੁੜ ਹਾਜ਼ਰ ਹੈ ਅਤੇ ਹੁਣ ਪੋਤਰਾ ਰਵਨੀਤ ਬਿੱਟੂ ਉਸੇ ਮਨਪ੍ਰੀਤ ਨੂੰ ਜਿਤਾਉਣ ਲਈ ਮੈਦਾਨ-ਏ-ਜੰਗ ’ਚ ਉਤਰਿਐ। ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’।

         ਅਕਾਲੀ ਦਲ ਦਾ ਕਿਹਾ ਸਿਰ ਮੱਥੇ। ਅਖੇ, ਜਰਨੈਲ ਬਿਨਾਂ ਜੰਗ ਕਿਵੇਂ ਲੜੀਏ। ਉੱਡਦੇ ਪੰਛੀ ਦੱਸ ਰਹੇ ਨੇ ਕਿ ਮਨਪ੍ਰੀਤ ਲਈ ਅਕਾਲੀ ਦਲ ਵੋਟਾਂ ਦਾ ‘ਗੁਪਤ-ਦਾਨ’ ਕਰਾਏਗਾ। ਪਿੰਡ ਬਾਦਲ ’ਚ ਗੂੰਜ ਪੈ ਰਹੀ ਹੈ, ‘ਅਪਨੇ ਤੋ ਅਪਨੇ ਹੋਤੇ ਹੈਂ...।’ ਰਣਤੱਤੇ ’ਚ ਜੂਝਣ ਵਾਲੀ ਸਿੱਖ ਕੌਮ ਦੇ ਵਾਰਸ ਅੱਜ ਚੋਣਾਂ ਦਾ ਮੈਦਾਨ ਛੱਡ ਕੇ ਹੀ ਤਿੱਤਰ ਹੋ ਗਏ ਨੇ। ਬਾਜ਼ਾਂ ਵਾਲੇ ਦੀ ਗੁੜ੍ਹਤੀ ਦੀ ਲਾਜ ਹੀ ਰੱਖ ਲੈਂਦੇ। ਐਨਾ ਤਾਂ ਮਿਲਖਾ ਸਿੰਘ ਨ੍ਹੀਂ ਦੌੜਿਆ, ਜਿੰਨੇ ਅਕਾਲੀ ਭਰਾ ਦੌੜੇ ਨੇ। ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਸਮੁੱਚਾ ਪੰਜਾਬ ‘ਮਿਸ ਜੂ’ ਆਖ ਰਿਹੈ। ਗਿੱਦੜਬਾਹੇ ਵਾਲਾ ਹਾਕਮ ਸੂਫ਼ੀ ਵੀ ਸੁਖਬੀਰ ਦੇ ਉਦਰੇਵੇਂ ’ਚ ਗਾਉਂਦਾ ਪਿਐ, ‘ਕਿਉਂ ਭੁੱਲ ਗਿਆ ਪਾਉਣੇ ਫੇਰੇ, ਕਿਥੇ ਲਾਏ ਨੇ ਸੱਜਣਾ ਡੇਰੇ।’

          ਉੱਧਰ, ਬਰਨਾਲੇ ਆਲੇ ਸੁਲੇਮਾਨੀ ਸੁਰਮਾ ਪਾ ਪਹਿਲੀ ਵਾਰ ਜ਼ਿਮਨੀ ਰੰਗ ਨੂੰ ਨੀਝ ਲਾ ਦੇਖ ਰਹੇ ਨੇ। ‘ਚੱਲ ਬਰਨਾਲੇ ਚੱਲੀਏ, ਮੋਟਰ ਮਿੱਤਰਾਂ ਦੀ’। ਗ੍ਰਹਿ ਮੰਤਰੀ ਮਰਹੂਮ ਪਟੇਲ ਕੇਰਾਂ ਬਰਨਾਲਾ ਨਹੀਂ, ਪਟਿਆਲਾ ਆਏ ਸਨ, ਕਿਸੇ ਦੇ ਕੰਨ ’ਚ ਇੰਜ ਫ਼ਰਮਾਏ, ‘ਪੰਜਾਬੀਆਂ ਤੋਂ ਕੰਮ ਲੈਣਾ ਹੋਵੇ, ਇਨ੍ਹਾਂ ਨੂੰ ਹਸਾ ਲਓ, ਅਕਲ ਦੀ ਗੱਲ ਕਰੋਗੇ ਤਾਂ ਸਿਰ ਪਾੜ ਦੇਣਗੇ, ਇਹ ਅਕਲ ਵਾਲੇ ਨੂੰ ਆਪਣੇ ਤੋਂ ਵੱਡਾ ਨਹੀਂ ਸਮਝਦੇ।’ ਇੰਜ ਲੱਗਦੇ ਜਿਵੇਂ ਭਗਵੰਤ ਮਾਨ ਨੇ ਪਟੇਲ ਦੀ ਗੱਲ ਲੜ ਬੰਨ੍ਹ ਲਈ ਹੋਵੇ।

          ਗੁਰਦੀਪ ਬਾਠ, ‘ਆਪ’ ਦਾ ਪੁਰਾਣਾ ਬੰਦੈ। ਆਜ਼ਾਦ ਭਗਤ ਬਣ ਕੇ ਹੇਕਾਂ ਲਾ ਰਿਹੈ, ‘ਇੱਕ ਤੇਰੀ ਅੜ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ।’ ਜ਼ਿਮਨੀ ਚੋਣਾਂ ’ਚ ਵੋਟਰ ਖੱਦਰ ਬਣੇ ਨੇ, ਨੇਤਾ ਜਣ ਢਾਕੇ ਦੀ ਮਲਮਲ। ਲਾਰੇ ਤੇ ਵਾਅਦੇ ਜਥਿਆਂ ’ਚ ਆ ਰਹੇ ਨੇ। ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।’ ਅਖੀਰ ’ਚ ਜ਼ਿਮਨੀ ਚੋਣਾਂ ਦੇ ਪਿੜ ’ਚ ਮੁਫ਼ਤ ਦੀ ਲਾਲ ਪਰੀ ਛਕ ਰਹੇ ਸ਼ਰਾਬੀਆਂ ਦੀ ਵਾਰਤਾ; ਇੱਕ ਸ਼ਰਾਬੀ ਨੇ ਦੂਜੇ ਨੂੰ ਪੁੱਛਿਆ, ‘‘ਭਾਈ ਸਾਹਬ! ਜਿੱਤੂਗਾ ਕੌਣ।’ ਦੂਜੇ ਸ਼ਰਾਬੀ ਨੇ ਵੱਡਾ ਸਾਰਾ ਪੈੱਗ ਇੱਕੋ ਹਾੜੇ ਅੰਦਰ ਸੁੱਟਦਿਆਂ ਆਖਿਆ, ‘ਸਾਲਾ ਕੋਈ ਜਿੱਤੇ, ਕੋਈ ਹਾਰੇ ਪਰ ਆਹ ਵਾਲਾ ਸਤਯੁਗੀ ਕੰਮ ਬੰਦ ਨਹੀਂ ਹੋਣਾ ਚਾਹੀਦਾ।’’

(2 ਨਵੰਬਰ, 2024)