Friday, March 7, 2025

                                     ਜੈਲੀ ਮਲੰਗ, ਵੈਲੀ ਟਰੰਪ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਅਮਰੀਕਾ ’ਚੋਂ ਹੁਣ ‘ਵੈਲੀਫੋਰਨੀਆ’ ਦਾ ਝਉਲਾ ਪੈਂਦੈ। ਇੰਜ ਜਾਪਦੈ ਜਿਵੇਂ ਟਰੰਪ ’ਚ ਬਠਿੰਡੇ ਵਾਲਾ ਦਿਓ ਪ੍ਰਵੇਸ਼ ਕਰ ਗਿਆ ਹੋਵੇ। ਜਦੋਂ ਤੋਂ ਟਰੰਪ ਤਸ਼ਰੀਫ਼ ਲਿਆਏ ਨੇ, ਸਭ ਆਪੋ ਆਪਣੇ ਡੰਗਰ ਵੱਛੇ ਸਾਂਭਣ ਲੱਗੇ ਨੇ। ਟਰੰਪ ਦਾ ਸੁਭਾਅ ਉਸ ਵੈਲੀ ਵਰਗੈ ਜਿਹੜਾ ਜਣੇ ਖਣੇ ਦੇ ਗਲ ਪੈਂਦਾ ਫਿਰਦੈ। ਅਮਰੀਕੀ ਹੰਕਾਰ ਜਮਾਂਦਰੂ ਹੈ, ਤਾਹੀਓਂ ਕਦੇ ਵੀਅਤਨਾਮ ਤੇ ਕਦੇ ਇਰਾਕ ’ਚ ਟਕੂਏ ’ਤੇ ਟਕੂਏ ਖੜਕਿਆ। ਵਿਸ਼ਵ ਦੇ ‘ਥਾਣੇਦਾਰ’ ਨੂੰ ਵੀਅਤਨਾਮ ’ਚ ਮੂੰਹ ਦੀ ਖਾਣੀ ਪਈ। ਅਮਰੀਕਪੁਰੀ ਨੇ ਜੰਗ ਮੌਕੇ ਆਪਣੇ ਸੈਨਿਕਾਂ ਲਈ ਥਾਈਲੈਂਡ ਨੂੰ ਐਸ਼ਗਾਹ ਬਣਾ ਧਰਿਆ।

        ਸੱਜਣ ਜਣੋ! ਆਓ ਵਾਈਟ ਹਾਊਸ ਚੱਲੀਏ। ਔਹ ਦੇਖੋ, ਪੀੜ੍ਹੀ ’ਤੇ ਬੈਠਾ ਟਰੰਪ ਮੁਹੰਮਦ ਸਦੀਕ ਦੇ ਗਾਣੇ ’ਤੇ ਕਿਵੇਂ ਮਸਤੀ ’ਚ ਝੂਮਦਾ ਪਿਐ, ‘ਅਸੀਂ ਵੈਲੀਆਂ ਨੇ ਵੈਲ ਕਮਾਉਣੇ, ਸਾਡੀ ਕਿਹੜਾ ਮੰਗ ਛੁੱਟ ਜੂ।’ ਬਈ! ਸਦਕੇ ਜਾਈਏ ਇਹੋ ਜੇਹੇ ਵੈਲੀ ਦੇ। ਦੁਨੀਆ ਦੇ ਵਿਹੜੇ ’ਚ ਲਲਕਾਰੇ ਮਾਰਨੋ ਨੀਂ ਹਟ ਰਿਹਾ। ‘ਅਕਲਾਂ ਬਾਝੋਂ, ਅਮਰੀਕਾ ਖ਼ਾਲੀ।’ ਭਲਵਾਨ ਜੀ! ਜੇ ਕੋਈ ਪੰਜ ਤਿੰਨ ਕਰੇ ਤਾਂ ‘ਜੱਟ ਐਂਡ ਜੂਲੀਅਟ’ ਵਾਲੇ ਹੌਲਦਾਰ ਦਿਲਜੀਤ ਦੁਸਾਂਝ ਨੂੰ ਜ਼ਰੂਰ ਦੱਸਣਾ, ਉਹਨੂੰ ‘ਪਟਾਤੰਤਰ’ ਦੀ ਖਾਸ ਮੁਹਾਰਤ ਐ। 

       ਇਬਰਾਹਿਮ ਲਿੰਕਨ ਕੱਦ ਦਾ ਲੰਮਾ ਸੀ, ਟਰੰਪ ਦੀ ਜੀਭ ਲੰਮੀ ਹੈ। ‘ਵਾਸ਼ਿੰਗਟਨ ਪੋਸਟ’ ਵਾਲੇ ਆਖਦੇ ਹਨ ਕਿ ਟਰੰਪ ਝੂਠ ਬਹੁਤ ਬੋਲਦੈ। ਭਲਿਓ, ਇਹ ਤਾਂ ਮਾਣ ਵਾਲੀ ਗੱਲ ਹੈ। ‘ਗਪੌੜਸੰਖ’ ਵਾਲਾ ਨੋਬੇਲ ਪੁਰਸਕਾਰ ਸਿੱਧਾ ਥੋਡੀ ਝੋਲੀ ਪਊ। ਸਿਆਣੇ ਜੋ ਮਰਜ਼ੀ ਆਖੀ ਜਾਣ ਕਿ ‘ਚੰਗੇ ਫਲਾਂ ਦੀ, ਮਾੜੇ ਰੁੱਖਾਂ ਤੋਂ ਆਸ ਨਾ ਕਰੋ।’ ਆਓ ਹੁਣ ਮਲੰਗਾਂ ਦੇ ਵਿਹੜੇ ਚੱਲੀਏ। ਯੂਕਰੇਨ, ਤਿੰਨ ਵਰਿ੍ਹਆਂ ਤੋਂ ਰੂਸ ਆਲਾ ਪੂਤਿਨ ਲਤਾੜੀ ਜਾ ਰਿਹੈ। ਪਹਿਲੋਂ ਕਾਮੇਡੀਅਨ ਸੀ, ਹੁਣ ਯੂਕਰੇਨ ਦਾ ਰਾਸ਼ਟਰਪਤੀ ਐ ਜ਼ੇਲੈਂਸਕੀ, ਤਿੰਨ ਵਰਿ੍ਹਆਂ ਤੋਂ ਨੰਗੇ ਧੜ ਡਟਿਐ। 

       ਜਿਵੇਂ ਸਾਹਿਬਾਂ ਦੇ ਭਰਾਵਾਂ ਨੇ ਮਿਰਜ਼ੇ ਨੂੰ ਜੰਡ ਹੇਠਾਂ ਘੇਰਿਆ ਸੀ, ਉਵੇਂ ਰੂਸ ਨੇ ਜ਼ੇਲੈਂਸਕੀ ਨਾਲ ਕੀਤੀ। ਜ਼ੇਲੈਂਸਕੀ ਦਾ ਮੜੰ੍ਹਗਾ ਪਿੰਡ ਆਲੇ ਜੈਲੀ ਮਲੰਗ ’ਤੇ ਪੈਂਦੈ, ਜੀਹਦੇ ਕੋਲ ਮਲੰਗਪੁਣਾ ਵੀ ਹੈ, ਦੀਵਾਨਗੀ ਵੀ, ਨਾਲੇ ਫ਼ਕੀਰੀ ਵਾਲਾ ਝੋਲਾ ਵੀ। ‘ਮਰਨ ਗ਼ਰੀਬਾਂ ਦੀ, ਡਾਢੇ ਦੀ ਸਰਦਾਰੀ।’ ਜ਼ੇਲੈਂਸਕੀ ਉਰਫ਼ ‘ਜੈਲੀ ਮਲੰਗ’, ਅਣਖ ਦੀ ਸਲੀਬ ਮੋਢੇ ’ਤੇ ਚੁੱਕ ਸਿੱਧਾ ਵਾਈਟ  ਹਾਊਸ ਆਣ ਵੜਿਆ। ਲਓ ਜੀ! ਫਿਰ ਕੀ ਸੀ, ‘ਲੜ ਗਿਆ ਪੇਚਾ, ਸੋਹਣੇ ਸੱਜਣਾਂ ਦੇ ਨਾਲ।’ ਇੱਕ ਪੀੜ੍ਹੀ ’ਤੇ ਵੈਲੀ ਬੈਠਾ ਸੀ, ਦੂਜੀ ’ਤੇ ਮਲੰਗ। 

       ਟਰੰਪ ਫ਼ਰਮਾਏ, ਕਾਕਾ! ਤੂੰ ਸ਼ੁਕਰ ਕਰ ਅਸਾਡਾ। ਕਿਉਂ ਕਰਾਂ, ਅੱਗਿਓਂ ਜੁਆਬ ਮਿਲਿਆ। ਪੱਤੇ ਥੋਡੇ ਹੱਥ ਨਹੀਂ, ਬਾਬਾ ਟਰੰਪ ਬੋਲੇ। ਮਲੰਗ ਜੀ ਤਪ ਗਏ, ‘ਮੈਂ ਯੁੱਧ ਦੀ ਸਥਿਤੀ ’ਚ ਹਾਂ, ਕੋਈ ਪੱਤੇ ਨਹੀਂ ਖੇਡ ਰਿਹਾ।’ ਕਿੰਨਾ ਸਮਾਂ ਨਹਿਲੇ ’ਤੇ ਦਹਿਲਾ ਵੱਜਦਾ ਰਿਹਾ, ਦੁਨੀਆ ਦੇਖਦੀ ਰਹੀ। ਜੈਲੀ ਮਲੰਗ ਨੇ ਵੈਲੀ ਦੀ ਅੱਖ ’ਚ ਅੱਖ ਪਾਈ। ਨਾ ਸੌਰੀ ਕਿਹਾ, ਨਾ ਥੈਂਕ ਯੂ। ਰੂਸ ਆਲੇ ਬੋਲੇ, ‘ਅਸੀਂ ਹੈਰਾਨ ਹਾਂ, ਟਰੰਪ ਨੇ ਮਲੰਗ ਦੇ ਥੱਪੜ ਕਿਉਂ ਨਹੀਂ ਮਾਰਿਆ।’ ਟਰੰਪ ਦੀ ਧੌਂਸ ਤੇ ਮਲੰਗ ਦੀ ਅਣਖ, ਵਾਈਟ ਹਾਊਸ ’ਚ ਗੁੱਥਮਗੁੱਥਾ ਹੋ ਗਈਆਂ। 

       ਜੈਲੀ ਦਾ ਮੜਕ ਸ਼ਾਸਤਰ, ਵੈਲੀ ਦੇ ਅਰਥਸ਼ਾਸਤਰ ਦੇ ਕੰਨ ਰਗੜਦਾ ਰਿਹਾ। ਟਰੰਪ ਨੂੰ ਹੰਕਾਰ ਦੇ ਦੌਰੇ ਵਾਰ ਵਾਰ ਪਏ, ਜੈਲੀ ਵੈਲੀ ਜੁੱਤੀ ਸੁੰਘਾਉਂਦਾ ਰਿਹਾ। ਯੂਰਪ ਦੇ ਚੁਬਾਰੇ ’ਤੇ ਗਾਣਾ ਵੱਜਿਆ, ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ..।’ ਸਾਹਿਰ ਲੁਧਿਆਣਵੀ ਫ਼ਰਮਾ ਰਹੇ ਨੇ, ‘ਏਕ ਸਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ, ਹਮ ਗਰੀਬੋਂ ਦੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ।’ ਐਰੇ ਗੈਰੇ ਦੀ ਇਹ ਮਜਾਲ! ਅਮਰੀਕਾ ਨੇ ਇਹ ਸੋਚ ਯੂਕਰੇਨੀ ਮਦਦ ਲਈ ਦਰਵਾਜ਼ੇ ਬੰਦ ਕਰ ਦਿੱਤੇ। ਭਾਈ ਟਰੰਪ ‘ਟੈਰਿਫ਼ ਕਿੰਗ’ ਹੈ, ਚਾਹੇ ਕੈਨੇਡਾ ਤੇ ਚੀਨ ਨੂੰ ਪੁੱਛ ਕੇ ਦੇਖ ਲਵੋ। 

        ਜੈਲੀ ਕਹਿੰਦਾ, ‘ਮੈਂ ਵੀ ਕੋਈ ਗੁੜ ਦੀ ਰੋੜੀ ਨਹੀਂ।’ ਜੈਲੀ ਦੇ ਮਨ ’ਚ ਗੂੰਜ ਪਈ, ‘ਚੱਲ ਉੱਡ ਜਾ ਰੇ ਪੰਛੀ, ਯੇਹ ਦੇਸ਼ ਹੂਆ ਬੇਗਾਨਾ..।’ ਟਰੰਪ ਦੀ ਸ਼ਬਦਾਂ ਨਾਲ ਛਿਤਰੌਲ ਕਰ ਜੈਲੀ ਬੇਰੰਗ ਚਿੱਠੀ ਵਾਂਗੂ ਮੁੜ ਆਇਆ। ਵੈਲੀ ਨੂੰ ਇੱਕ ਚੜ੍ਹੇ, ਇੱਕ ਉੱਤਰੇ, ਕਿਤੇ ਬਿੰਨੂ ਢਿੱਲੋਂ ਕੋਲ ਹੁੰਦਾ ਤਾਂ ਜ਼ਰੂਰ ਆਖਦਾ, ‘ਬਾਹਲਾ ਕੱਬਾ ਸੁਭਾਅ ਚੁੱਕੀ ਫਿਰਦੈ।’ ਕਈ ਜੈਲੀ ਨੂੰ ਨਿੰਦ ਵੀ ਰਹੇ ਨੇ, ਅਖੇ! ਯੂਕਰੇਨ ਨੂੰ ਬਲਦੀ ਦੇ ਬੂਥੇ ਦੇ ਦਿੱਤਾ। ਉਂਜ, ਅਮਰੀਕਾ ਨੂੰ ਅੱਖਾਂ ਦਿਖਾ ਦੁਨੀਆ ਦੇ ਕਾਲਜੇ ਠੰਢ ਪਾ ਗਿਆ ਜੈਲੀ। 

        ਸਿਆਣੇ ਆਖਦੇ ਨੇ, ‘ਤਲਵਾਰ ਦਾ ਫੱਟ ਭਰ ਜਾਂਦੈ, ਜੀਭ ਦਾ ਨਹੀਂ।’ ਕਿਸੇ ਨੇ ਸਹੇ ਨੂੰ ਪੁੱਛਿਆ ਕਿ ਮਾਸ ਖਾਣੈ, ਅੱਗਿਓਂ ਸਹੇ ਨੇ ਹੱਥ ਜੋੜ ਕਿਹਾ, ਭਰਾਵਾ ! ਆਪਦਾ ਹੀ ਬਚਿਆ ਰਹੇ, ਇਹੋ ਕਾਫ਼ੀ ਐ। ਜੈਲੀ ਮਲੰਗ ਨੇ ਸਾਈਕਲ ਚੁੱਕਿਆ, ਯੂਰਪ ਦੇ ਪਹੇ ’ਤੇ ਪਾ ਲਿਆ ਤੇ ਰੇਡੀਓ ਕਰ ਲਿਆ ਆਨ,..‘ਬੇਕਦਰੇ ਲੋਕਾਂ ’ਚ ਕਦਰ ਗੁਆ ਲਏਂਗਾ..।’ ਯੂਰਪ ਆਲਿਆਂ ਨੇ ਪਹਿਲੋਂ ਤੇਲ ਚੋਇਆ, ਫਿਰ ਜੈਲੀ ਮਲੰਗ ਦੇ ਸਿਰ ’ਤੇ ਹੱਥ ਰੱਖ ਆਖਿਆ, ‘ਹਮੇ ਤੁਮਸੇ ਪਿਆਰ ਕਿਤਨਾ..।’ ਪੋਲੈਂਡ ਵਾਲੇ ਨੇ ਮੱਥਾ ਚੁੰਮ ਇੱਥੋਂ ਤਕ ਆਖ ਦਿੱਤਾ, ‘ਨਾ ਰੋ ਧੀਏ ਸੱਸੀਏ, ਪੰਨੂ ਵਰਗੇ ਬਲੋਚ ਬਥੇਰੇ।’ 

       ਜੈਲੀ ਅੱਖਾਂ ਭਰ ਆਇਆ, ‘ਮੇਰੇ ਲਹਿਜ਼ੇ ਮੇਂ ਜੀ ਹਜ਼ੂਰ ਨਾ ਥਾ, ਔਰ ਮੇਰਾ ਕਸੂਰ ਨਾ ਥਾ।’ ਓਹ ਦਿਨ ਵੀ ਹੁਣ ਕਿਵੇਂ ਭੁੱਲੀਏ, ਜਦੋਂ ਨਾਅਰੇ ਦੀ ਗੂੰਜ ਪਈ ਸੀ, ‘ਅਬਕੀ ਬਾਰ ਟਰੰਪ ਸਰਕਾਰ’। ਟਰੰਪ ਪਹਿਲੀ ਵਾਰ ਰਾਸ਼ਟਰਪਤੀ ਸਜੇ ਤਾਂ ਨਰਿੰਦਰ ਮੋਦੀ ਨਾਲ ਘਿਓ ਖਿਚੜੀ ਹੋਏ ਸਨ। ‘ਸ਼ੋਅਲੇ’ ਫ਼ਿਲਮ ਵਾਲੇ ਬੰਬੂਕਾਟ ’ਚ ਬੈਠ ਗੇੜੀ ਵੀ ਲਾਈ, ‘ਯੇ ਦੋਸਤੀ, ਹਮ ਨਹੀਂ ਛੋੜੇਗੇ।’ ਟਰੰਪ ਨੇ ਆਪਣੀ ਬੀਵੀ ਮਿਲੇਨੀਆ ਨਾਲ ਅਹਿਮਦਾਬਾਦ ’ਚ ਵੀ ਚਰਨ ਕਮਲ ਪਾਏ ਸਨ। ਗ਼ਰੀਬੀ ਲੁਕੋਣ ਲਈ ਜਿਵੇਂ ਮੋਦੀ ਨੇ ਗ਼ਰੀਬ ਬਸਤੀ ਅੱਗੇ ਕੰਧ ਕੱਢੀ ਸੀ, ਉਹੀ ਹਾਲ ਹੁਣ ਮੈਕਸਿਕੋ ਦੀ ਕੰਧ ਦਾ ਹੈ। 

       ਟਰੰਪ ਬੰਦਿਆ! ਹੁਣ ਕਿਉਂ ਅੱਖਾਂ ਫੇਰ ਗਿਆ। ਤੇਰਾ ਕੀ ਘਟਣਾ ਸੀ, ਜੇ ‘ਵਿਸ਼ਵ ਗੁਰੂ’ ਨੂੰ ਸਹੁੰ ਚੁੱਕ ਸਮਾਗਮਾਂ ’ਤੇ ਬੁਲਾ ਲੈਂਦਾ। ਉਦੋਂ ਪੱਗ ਵੱਟ ਭਰਾ ਬਣੇ ਸਨ, ਹੁਣ ਮੂੰਹ ਫੱਟ ਭਰਾ ਲੱਗਦੇ ਨੇ। ਪੰਜਾਬੀ ਫ਼ਿਲਮ ਦਾ ਡਾਇਲਾਗ ਢੁਕਵਾਂ ਜਾਪਦੈ, ‘ਉਨ੍ਹਾਂ ਰੱਜ ਕੇ ਜਲੀਲ ਕੀਤਾ, ਅਸਾਂ ਮਾਸਾ ਨਾ ਫ਼ੀਲ ਕੀਤਾ।’ ਅਮਰੀਕੀ ਜਹਾਜ਼ ਜਦੋਂ ਅੰਮ੍ਰਿਤਸਰ ਲੈਂਡ ਹੋਏ ਤਾਂ ਪੈਰਾਂ ’ਚ ਬੇੜੀਆਂ ਤੇ ਹੱਥਕੜੀਆਂ ’ਚ ਜਕੜੇ ਮੁੰਡੇ, ਜਲਾਲਤ ਦਾ ਸਿਖਰ ਸੀ। ਡਿਪੋਰਟ ਹੋਏ ਗੁਜਰਾਤੀ ਰਾਤੋ ਰਾਤ ‘ਗੁਜਰਾਤ ਮਾਡਲ’ ਦੇ ਕੰਧਾੜੇ ਚੜ੍ਹ ਮਾਪਿਆਂ ਕੋਲ ਜਾ ਪੁੱਜੇ। 

       ਸਭ ਕੁੱਝ ਦੇਖ ਦਿੱਲੀ ਵਿਯੋਗ ’ਚ ਕੂਕਣ ਲੱਗੀ, ‘ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ...।’ ਔਹ ਕਾਕਾ ਰਾਹੁਲ ਗਾਂਧੀ ਐਵੇਂ ਖ਼ੁਸ਼ੀਆਂ ਲੱਭਦਾ ਫਿਰਦੈ। ਪਾਰਕ ’ਚ ਬੈਠਾ ਦਿਲ ਬਹਿਲਾ ਰਿਹਾ ਹੈ, ‘ਜਿਨ੍ਹਾਂ ਪਿੱਛੇ ਤੂੰ ਫਿਰਦੈ, ਸਾਡੀ ਜੁੱਤੀ ਦੀਆਂ ਨੋਕਾਂ ਨੇ।’ ਭੇਤੀ ਦੱਸਦੇ ਨੇ ਕਿ ਜਦੋਂ ਰੱਬ ਅਕਲ ਦੇ ਗੱਫੇ ਵਰਤਾ ਰਿਹਾ ਸੀ ਤਾਂ ਰਾਹੁਲ ਗਾਂਧੀ ਰੁੱਸ ਕੇ ਚੰਦ ਭਾਨ ਦੇ ਟੇਸ਼ਨ ’ਤੇ ਜਾ ਬੈਠਾ ਸੀ। ‘ਸਬ ਕੋ ਸਨਮਤੀ ਦੇ ਭਗਵਾਨ।’ ਆਪਾਂ ਗੱਲ ਅਮਰੀਕਾ ਦੀ ਕਰਦੇ ਪਏ ਸੀ ਕਿ ਕਿਵੇਂ ਹਾਸਰਸ ਕਲਾਕਾਰ ਜੈਲੀ ਦੁਨੀਆ ਨੂੰ ਆਪਣੀ ਹਸਤੀ ਦਿਖਾ ਗਿਆ। ਪੰਜਾਬ ਦੇ ਨੇਤਾਵਾਂ ਦਾ ਜਦੋਂ ਵੀ ਕਿਸੇ ਟਰੰਪ ਵਰਗੇ ਨਾਲ ਵਾਹ ਪਏ, ਬੱਸ ਜੈਲੀ ਮਲੰਗ ਨੂੰ ਧਿਆ ਲਿਆ ਕਰਨ।

       ਕਾਮਰੇਡ ਆਖਦੇ ਨੇ ਕਿ ਹੱਲਾ ਵੱਡਾ ਐ, ਲੜਾਈ ਸਾਮਰਾਜੀ ਤੇ ਪੂੰਜੀਵਾਦੀ ਤਾਕਤਾਂ ਦੀ ਹੈ। ਸਭ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਅਖੀਰ ’ਚ ਇੱਕ ਲਤੀਫ਼ਾ। ਅੱਧੀ ਰਾਤ ਦਾ ਵੇਲਾ ਸੀ, ਟਰੇਨ ’ਚ ਪੰਜ ਸੱਤ ਕਾਮਰੇਡ ਗੰਭੀਰ ਸੰਵਾਦ ’ਚ ਉਲਝੇ ਹੋਏ ਸਨ। ਇੱਕ ਆਖਦਾ ਪਿਆ ਸੀ ਕਿ ਏਹ ਸਾਮਰਾਜਵਾਦ ਹੈ, ਦੂਜਾ ਆਖਣ ਲੱਗਾ, ਪੁਆੜਾ ਪੂੰਜੀਵਾਦ ਹੈ, ਤੀਜਾ ਬੋਲਿਆ ਇਹ ਦੌਰ ਫਾਸ਼ੀਵਾਦ ਦਾ ਹੈ, ਚੌਥਾ ਆਖਣ ਲੱਗਾ ਤਾਂ ਫਿਰ ਸਮਾਜਵਾਦ ਕਿਥੇ ਹੈ। ਉਪਰਲੇ ਬਰਥ ’ਚ ਸੁੱਤਾ ਪਿਆ ਯਾਤਰੀ ਅੱਖਾਂ ਮੱਲਦਾ ਉੱਠਿਆ, ਆਖਣ ਲੱਗਾ, ਸਾਥੀਓ! ਜਦੋਂ ਗਾਜ਼ੀਆਬਾਦ ਆਇਆ ਤਾਂ ਉਦੋਂ ਜ਼ਰੂਰ ਦੱਸਣਾ, ਮੈਂ ਉਤਰਨੈ।

(5 ਮਾਰਚ 2025)

No comments:

Post a Comment