Monday, May 3, 2021

                                                                  ਵਿਚਲੀ ਗੱਲ
                                                        ਹਨੇਰ ਸਾਈਂ ਦਾ..!
                                                                ਚਰਨਜੀਤ ਭੁੱਲਰ  

ਚੰਡੀਗੜ੍ਹ : ਬੱਦਲ ਗਰਜੇ, ਬਿਜਲੀ ਲਿਸ਼ਕੀ। ਅੰਬਰੋਂ ਗੈਬੀ ਆਵਾਜ਼ ਗੂੰਜੀ। ਇੰਜ ਲੱਗਾ ਜਿਵੇਂ ਜ਼ਮੀਰ ਜਾਗ ਪਈ। ਦੁਆਬੀਏ ਪਰਗਟ ਸਿੰਘ ਨੇ ਘਰੇ ਹਾਕੀ ਰੱਖ, ਪਿੰਡ ਬਾਦਲ ਜਾ ਅਲਖ ਜਗਾਈ। ਨਰਾਇਣ ਦੇ ਘਰ ਕੀੜੀ, ਪ੍ਰਧਾਨ ਜੀ ਧੰਨ ਹੋ ਗਏ। ਸਿਆਸੀ ਅਸੀਸਾਂ ਦਾ ਗੱਫਾ ਲੈ ਜਲੰਧਰ ਆ ਮੁੜੇ। ਅੱਗੇ ਘਰ ਜੁੜੀ ਸੰਗਤ ਨੇ ਜੈਕਾਰੇ ਛੱਡ ’ਤੇ, ‘ਜਥੇਦਾਰ ਪਰਗਟ ਸਿੰਘ! ਜ਼ਿੰਦਾਬਾਦ।’ ਲੋਕਾਂ ਦੀ ਗਠੜੀ ਚੁੱਕ ਅਸੈਂਬਲੀ ਜਾ ਬੈਠੇ। ਜ਼ਮੀਰ ਦਾ ਜਥੇਦਾਰੀ ਦੀਵਾ, ਕੋਈ ਪੱਲਾ ਮਾਰ ਬੁਝਾ ਗਈ। ਪਰਗਟ ਬੌਂਦਲ ਗਿਆ, ਚਾਰੇ ਕੂਟ ਹਨੇਰਾ ਦਿਸੇ।‘ਸੱਚ ਬੋਲੋ ਤੇ ਭੱਜ ਜਾਓ।’ ਪਰਗਟ ਸਿੰਘ ਨੇ ਮੁੜ ਅੱਡੀ ਲਾਈ। ਦੀਵੇ ’ਚ ਪਾ ਕਾਂਗਰਸੀ ਤੇਲ, ਬੱਤੀ ਜ਼ਮੀਰ ਦੀ ਮੁੜ ਜਗਾਈ। ‘ਮੂਸਾ ਡਰਿਆ ਮੌਤ ਤੋਂ, ਅੱਗੇ ਮੌਤ ਖੜ੍ਹੀ।’ ਜ਼ਮੀਰ ਦਾ ਦੀਵਾ ਫੜ ਫੜ ਕਰੇ। ਲੀਰਾਂ ਦੀ ਕਾਂਗਰਸੀ ਖਿੱਦੋ, ਹੱਥ ਲਾਇਆ ਉੱਧੜ ਗਈ। ਸਿਸਵਾਂ ਫਾਰਮ ਹਾਊਸ ’ਚ ਜ਼ਮੀਰ ਚੁੱਪ ਰਹੀ, ਸੱਚ ਪ੍ਰਗਟ ਹੋਇਆ, ‘ਰਾਜਾ ਸਾਹਬ! ਏਹ ਤਾਂ ‘ਦੋਸਤਾਨਾ ਮੈਚ’ ਐ।’ ਪਰਗਟ ਦਾ ਆੜੀ ਨਵਜੋਤ ਸਿੱਧੂ, ਬ੍ਰਹਮ ਅਸਤਰ ਹੋਣ ਦਾ ਰੌਲਾ ਪਾਉਂਦੈ। ਨਵਜੋਤ ਨੇ ਪਹਿਲਾਂ ਖਾਕੀ ਨਿੱਕਰ ਪਾਈ, ਗੁਰੂ ਨੂੰ ਮੇਚੇ ਨਾ ਆਈ। ਮੁੱਖ ਮੰਤਰੀ ਬਣਨ ਲਈ ਕਾਂਗਰਸੀ ਪਤਲੂਨ ਚੜ੍ਹਾਈ। ‘ਅੱਤ ਨਾ ਭਲਾ ਬੋਲਣਾ, ਅੱਤ ਨਾ ਭਲੀ ਚੁੱਪ।’

             ਏਹ ਗੁਰੂ ਹੁਣ ਟਵੀਟਾਂ ਦਾ ਨਿੱਤਨੇਮ ਕਰਦੈ। ਮੰਤਰੀ ਸੁਖਜਿੰਦਰ ਰੰਧਾਵਾ ਦਾ ਅੰਦਰਲਾ ਭਾਊਪੁਣਾ ਜਾਗਿਆ ‘ਮਹਾਰਾਜਾ ਸਾਹਿਬ! ਹੱਟੀ ਭੱਠੀ ਚਰਚੇ ਨੇ, ਬਈ! ਏਹ ਤਾਂ ਰਲ ਗਏ, ਬੇਅਦਬੀ ਦਾ ਇਨਸਾਫ਼ ਕੌਣ ਦੇਊ।’ ‘ਹੜ੍ਹਾਂ ਤੋਂ ਬਾਅਦ ਡੈਮ ਉਸਾਰੀ ਦਾ ਕੀ ਫਾਇਦਾ।’ ਭਰੇ ਪੀਤੇ ਮਝੈਲੀ ਵਿਧਾਇਕ ਵੀ ਗੜ੍ਹਕੇ, ‘ਕਸੂਰਵਾਰ ਨਾ ਫੜੇ ਤਾਂ ਕਿਸੇ ਨੇ ਥੜ੍ਹੇ ਨਹੀਂ ਚੜ੍ਹਨ ਦੇਣਾ।’ ‘ਆਪ’ ਦੇ ਰੇਡੀਓ ’ਤੇ ਗਾਣਾ ਵੱਜਿਐ, ‘ਲੁਕ ਲੁਕ ਲਾਈਆਂ ਪ੍ਰਗਟ ਹੋਈਆਂ।’ ਕਾਂਗਰਸੀ ਵੀਰਾਂ ਦੀ ਮਨੋਦਸ਼ਾ ਵੇਖ, ‘ਆਪ’ ਦੇ ਅਮਨ ਅਰੋੜਾ ਗੁਣਗੁਣਾਏ, ‘ਯੇ ਦੋਸਤੀ ਹਮ ਨਹੀਂ ਛੋੜੇਂਗੇ।’ ਸੁਨੀਲ ਜਾਖੜ ਸੌ ਹੱਥ ਰੱਸਾ ਵੀ, ਨਾਲੇ ਸਿਰੇ ਵਾਲੀ ਗੰਢ ਵੀ ਦਿਖਾ ਆਏ, ਅੱਗੇ ਬਾਦਸ਼ਾਹੀ ਮਨ ਦੀ ਮੌਜ।‘ਕਾਗਜ਼ ਦੇ ਘੋੜੇ, ਕਦ ਤੱਕ ਦੌੜੇ’, ਪੰਜਾਬ ਅਰਦਲੀ ਬਣਿਐ, ਇਨਸਾਫ਼ ਮਸਤਾਨਾ ਹੋਇਐ। ਪੰਜਾਬੀ ਕਿਵੇਂ ਭੁੱਲਣ, ਰਾਜੇ ਦੇ ਓਹ ਬੋਲ, ‘ਗੋਲੀ ਦੇ ਹੁਕਮ ਦੇਣ ਵਾਲੇ ਸਭ ਤੋਂ ਪਹਿਲਾਂ ਫੜੂੰ।’ ਬਾਣੀ ਦੇ ਪੱਤਰੇ ਕਿਸ ਨੇ ਪਾੜੇ? ਹਾਲੇ ਤੱਕ ਭੇਤ ਬਣਿਐ। ਕਦੇ ਪੇਂਡੂ ਸ਼ਰਧਾ ਵੇਖਣਾ। ਲੋਕ ਗਲੀ ’ਚ ਪਿਆ ਗੁਰਮੁਖੀ ਦਾ ਟੁਕੜਾ ਵੀ ਚੁੱਕ ਮੱਥੇ ਲਾਉਂਦੇ, ਫੇਰ ਕਿਸੇ ਕੰਧ ਦੀ ਵਿਰਲ ’ਚ ਪਾਉਂਦੇ। ਪਤਾ ਨਹੀਂ, ਬਾਬੇ ਦੀ ਬਾਣੀ ਨੂੰ ਹੱਥ ਪਾਉਣ ਵਾਲੇ ਕਿਹੜੇ ਪਾਪੀ ਹੱਥ ਹੋਣਗੇ।

              ਪੁਰਾਣੇ ਰਾਜ ਭਾਗ ’ਚ, ਪੱਤਰੇ ਪਾੜੇ ਗਏ। ਨਵੇਂ ਰਾਜ ’ਚ ਇਨਸਾਫ਼ ਪੱਤਰੇ ਵਾਚ ਗਿਆ। ਅਮਰਿੰਦਰ ਦਾ ਕਾਨੂੰਨ ਕੱਛੂਕੁੰਮੇ ’ਤੇ ਬੈਠੈ। ਗੋਰਡਨ ਹੇਵਾਰਟ ਦਾ ਕਥਨ ਐ, ‘ਨਿਆਂ ਕਰਨਾ ਕਾਫ਼ੀ ਨਹੀਂ ਹੁੰਦਾ, ਸਗੋਂ ਪ੍ਰਤੱਖ ਰੂਪ ’ਚ ਦਿਖਣਾ ਵੀ ਚਾਹੀਦੈ।’ ਗੁਰੂ ਗ੍ਰੰਥ ਸਾਹਿਬ ਨੂੰ ਦਸਮ ਪਿਤਾ ਨੇ ਗੁਰੂ ਮੰਨਿਐ। ਬਰਗਾੜੀ ਦੀਆਂ ਗਲੀਆਂ ’ਚ ਜਿਉਂਦੀ ਰੂਹ ਦਾ ਅਪਮਾਨ ਹੋਇਐ। ਕੁਰਸੀ ਪ੍ਰੇਮੀ ਪਿੱਟਣ ਡਹੇ ਨੇ, ‘ਲੋਕਾਂ ਨੂੰ ਕਿਹੜਾ ਮੂੰਹ ਦਿਖਾਈਏ’। ਵੋਟਾਂ ਵਾਲੀ ਪੋਟਲੀ ਕਿਤੇ ਸੰਤੋਖੀ ਨਾ ਜਾਵੇ। ਪੰਜਾਬ ਆਖਦੈ, ‘ਕਲਯੁਗ ਐ ਭਾਈ! ਗੁਰੂ ਨੂੰ ਵੀ ਹੱਥ ਪਾ ਲਿਐ।’‘ਚਾਹ ਥੱਲੇ ਦੀ, ਲੜਾਈ ਹੱਲੇ ਦੀ’। ਅਮਰਿੰਦਰ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਸਜੇ, ਕਪਤਾਨ ਨੇ ਰਵੀ ਸਿੱਧੂ ਦੇ ਖੂੰਡਾ ਵਗਾਹ ਮਾਰਿਆ, ਬਾਕੀ ਤੁਸੀਂ ਸਿਆਣੇ ਹੋ। ਜੇ ਹੁਣ ਸੋਚਦੇ ਹੋ, ਕੋਈ ਕਲਾ ਵਰਤੂ ਤਾਂ ਸੱਚਮੁਚ ਤੁਸੀਂ ਕਮਲੇ ਹੋ। ਰਲੀ-ਮਿਲੀ ਸਬਜ਼ੀ ਬਾਰੇ ਦਸੌਂਧਾ ਸਿੰਘ ਕੀਹਨੂੰ ਪੁੱਛੇ। ਭਗਵੰਤ ਮਾਨ ਦੱਸਦੈ, ‘ਅਕਾਲੀ ਤੇ ਕਾਂਗਰਸੀ ‘ਮਿਕਸ-ਵੈੱਜ’ ਬਣ ਗਏ’। ਲੁਧਿਆਣੇ ਵਾਲੇ ਬੈਂਸ ਤੋਹਮਤਾਂ ਲਾਉਂਦੇ ਨੇ ‘ਏਹ ਤਾਂ ਫਰੈਂਡਲੀ ਮੈਚ ਹੈ।’ ਮਾਸਾ ਫ਼ਰਕ ਨਹੀਂ ਲੱਗਦਾ।

            ਸਾਧ ਸੰਗਤ ਜੀ! ਮਹਾਰਾਜਾ ਰਣਜੀਤ ਸਿੰਘ ਦੇ ਸ਼ਰਧਾਲੂਆਂ ਤੋਂ ਮੁਆਫ਼ੀ ਚਾਹੁੰਨਾ। ਮੂਰਖ ਨੰਦੋ! ਨਾ ਅਕਾਲੀ ਦਲ ਦਾ ਕਸੂਰ ਐ, ਨਾ ਹੀ ਕਾਂਗਰਸ ਦਾ, ਏਹ ਸਭ ਕਸੂਰ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਦਾ ਐ। ਗੱਲ ਪਹਿਲਾਂ ਸਮਝੋ, ਮੁੱਖ ਮੰਤਰੀ ਦਫ਼ਤਰ ’ਚ ਕਮੇਟੀ ਰੂਮ ਐ, ਜਿੱਥੇ ਕੈਬਨਿਟ ਜੁੜਦੀ ਐ। ਮੁੱਖ ਮੰਤਰੀ ਦੀ ਕੁਰਸੀ ਦੇ ਐਨ ਪਿੱਛੇ, ਰਣਜੀਤ ਸਿੰਘ ਦੀ ਤਸਵੀਰ ਸੁਸ਼ੋਭਿਤ ਐ। 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਗੱਜੇ ਸਨ, ‘ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦਿਆਂਗੇ।’ ਪੰਜਾਬ ਦੇ ਮਨੀਰਾਮ ਨੇ ਲੱਖਣ ਲਾਇਐ। ਪਹਿਲੀ ਕੈਬਨਿਟ ਮਿਲਣੀ ’ਚ ਵੱਡੇ ਬਾਦਲ ਸਭ ਤੋਂ ਪਹਿਲਾਂ ਪਧਾਰੇ ਹੋਣਗੇ। ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਹੱਥ ਜੋੜ ਮੱਥਾ ਟੇਕਿਆ ਹੋਵੇਗਾ। ਅੱਗਿਓਂ ਰਣਜੀਤ ਸਿੰਘ ਦੀ ਫੋਟੋ ਨੇ ਜ਼ਰੂਰ ਚੌਕਸ ਕੀਤਾ ਹੋਊ, ‘ਭਗਤਾ! ਜੇ ਅਸਾਂ ਦੇ ਨਾਮ ’ਤੇ ਰਾਜ ਕਰਨੈਂ ਤਾਂ ਕੁਰਸੀ ਦੀਆਂ ਖੜਾਵਾਂ ਬਣ ਕੇ ਕਰਨਾ। ਮਹਾਰਾਜੇ ਦੇ ਬੋਲ ਖੰਡਿਤ ਹੋ ਗਏ, ਆਖ਼ਰ ਰਣਜੀਤ ਸਿਓਂ ਖ਼ੁਦ ਖੜਾਵਾਂ ਬਣ ਕੇ ਰਹਿ ਗਿਆ। ਫਿਰ ਅਮਰਿੰਦਰ ਸਿਓਂ ਨੇ ਚਰਨ ਪਾਏ, ਉਹੀ ਪੁਰਾਣਾ ਕਮੇਟੀ ਰੂਮ, ਕੈਬਨਿਟ ਮਿਲਾਪ ਹੋਇਆ, ਰਣਜੀਤ ਸਿੰਘ ਦੀ ਫੋਟੋ ਦੀ ਝਾੜ ਪੂੰਝ ਹੋਈ।

               ਸ਼ੇਰ-ਏ-ਪੰਜਾਬ ਦੀ ਤਸਵੀਰ ਵੇਂਹਦੀ ਰਹੀ, ਪੰਜ ਪੰਜ ਸਾਲਾਂ ਪਿੱਛੋਂ, ਕਦੇ ਨੀਲੇ ਕਦੇ ਚਿੱਟੇ। ਇੱਕ ਸੇਵਾਦਾਰ ਨੇ ਰੱਬ ਨੂੰ ਉਲਾਂਭਾ ਦਿੱਤਾ, ‘ਤੇਰੇ ਸੰਦਾਂ ਦਾ ਭੇਤ ਨਾ ਆਇਆ।’ ਵੱਡੇ ਬਾਦਲ ਪਛਤਾਉਂਦੇ ਹੋਣਗੇ ਕਿ ਫੋਟੋ ਲਾਹ ਕਿਉਂ ਨਹੀਂ ਲਿਆਏ। ਘੱਟੋ-ਘੱਟ ਲੋਕਾਂ ਨੂੰ ਤਾਂ ਸਾਫ਼ ਹੁੰਦਾ, ਬਈ ਰਾਜ ਕੀਹਦਾ ਹੈ। ਰਣਜੀਤ ਸਿਆਂ, ਤੇਰੇ ਬੋਲ ਵੀ ਪੁਗਾ ਰਹੇ ਨੇ। ਚੋਣਾਂ ਤੋਂ ਪਹਿਲਾਂ ਖੜਾਵਾਂ ਪਾਉਂਦੇ ਨੇ, ਸੰਗਤ ਦੇ ਚਰਨਾਂ ਦੀ ਧੂੜ ਬਣਦੇ ਹਨ। ਫੇਰ, ‘ਚਾਰੋ ਖਾਨੇ ਚਿੱਤ, ਕੋਈ ਨਾ ਬਣਿਆ ਮਿੱਤ।ਕੇਰਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਨੂੰ ਦਿਲ ਦੀ ਦੱਸੀ, ‘ਵਾਹਿਗੁਰੂ ਚਾਹੁੰਦੈ, ਮੈਂ ਸਭ ਨੂੰ ਇੱਕ ਅੱਖ ਨਾਲ ਵੇਖਾਂ, ਤਾਹੀਂ ਮੈਨੂੰ ਇੱਕ ਅੱਖ ਦਿੱਤੀ ਹੈ।’ ਆਹ ਇੱਕ ਸ਼ਾਇਰ ਦੀ ਵੀ ਸੁਣੋ, ‘ਇੱਕ ਸਦੀ ਪਹਿਲਾਂ ਸੀ ਅਸੀਂ ਸ਼ੇਰ-ਏ-ਪੰਜਾਬ/ਇੱਕ ਸਦੀ ਪਿੱਛੋਂ ਬਣ ਗਏ ਹਾਜ਼ਰ ਜਨਾਬ।’ ਹੁਕਮਰਾਨ ਅੱਖ ਦੀ ਸ਼ਰਮ ਮੰਨਦੇ, ਪੰਜਾਬ ਦੁਹੱਥੜ ਨਾ ਮਾਰਦਾ। ਕੈਪਟਨ ਦੀ ਪ੍ਰਾਪਤੀ ਭੂਤਾਂ ਵਰਗੀ ਐ, ਚਾਰੇ ਪਾਸੇ ਰੌਲਾ ਐ, ਦਿਖਦੀ ਕਿੱਧਰੇ ਨਹੀਂ।

              ਰੱਬ ਨੇ ਆਗੂਆਂ ਦੀ ਤਾਂ ਝੜੀ ਲਾ’ਤੀ, ਅਕਲ ਦੇਣ ਵਾਰੀ ਕੰਜੂਸੀ ਵਰਤ ਗਿਆ। ਮੁੱਖ ਮੰਤਰੀ ਵਾਲੀ ਕੁਰਸੀ ’ਤੇ ਸਭ ਦੀ ਅੱਖ ਹੈ। ਨਵਜੋਤ ਸਿੱਧੂ ਤੇ ਭਗਵੰਤ ਮਾਨ ਟੇਢੀ ਅੱਖ ਨਾਲ ਝਾਕ ਰਹੇ ਨੇ। ਅਮਰਿੰਦਰ ਆਪਣਾ ਹੱਕ ਸਮਝਦੈ। ਸੁਖਬੀਰ ਬਾਦਲ ਭੁਲੇਖੇ ਕੱਢ ਰਹੇ ਨੇ। ਚੌਥੀ ਧਿਰ ਵਾਲਾ ਸਿਆਸੀ ਸਤਨਾਜਾ ਵੀ ਵੇਖ ਲਓ। ‘ਬੰਦਾ ਪਰਖਣਾ ਹੋਵੇ, ਕੁਰਸੀ ’ਤੇ ਬਿਠਾ ਦਿਓ।’ ਸਭ ਇੰਦਰ ਦਾ ਅਖਾੜਾ ਲੁੱਟਣਾ ਲੋਚਦੇ ਨੇ। ਪ੍ਰਵਚਨ ਲੋਕਾਂ ਲਈ ਨੇ, ‘ਕੰਮ ਕਰੋ, ਫ਼ਲ ਦੀ ਇੱਛਾ ਨਾ ਰੱਖੋ।’ ਛੱਜੂ ਰਾਮ ਪ੍ਰੋ. ਨਰ ਸਿੰਘ ਦਿਆਲ ਦੀ ਕਿਤਾਬ ‘ਜੈਵ ਸਾਮਰਾਜਵਾਦ’ ਪੜ੍ਹ ਰਿਹੈ। ਵਿੱਚੋਂ ਲੱਭ ਰਿਹੈ ਕਿ ਜਿਵੇਂ ਪੌਦਿਆਂ ’ਚ ਜੀਨਗਿਰੀ ਨਾਲ ਨਦੀਨ ਵਿਰੋਧੀ ਤੱਤ ਪੈਂਦੇ ਨੇ, ਉਵੇਂ ਕਿਤੇ ਲੋਕ ਪੱਖੀ ਜੀਨ ਨੇਤਾਵਾਂ ’ਚ ਪਾਉਣ ਦੀ ਕੋਈ ਵਿਧੀ ਹੋਵੇ?’ ਕਾਸ਼! ਬੀਟੀ ਲੀਡਰ ਹੁੰਦੇ, ਘੱਟੋ ਘੱਟ ਵਰਕਰਾਂ ਨੂੰ ਵੀ ਮੌਕਾ ਮਿਲਦਾ। ਨਾਲੇ ਮਹਾਮਾਰੀ ਤੋਂ ਸਬਕ ਲੈਂਦੇ। ਮੋਦੀ ਭਰਮ ਨੇ ਜ਼ਿੰਦਗੀ ਕਰੰਡ ਕਰ ’ਤੀ। ਅਮੀਰ ਦੇ ਵੱਛੇ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਕਸਾਈ ਕਿੰਜ ਮਾਰਦੈ।

              ਦੇਸ਼ ਕਾ ਨੇਤਾ ਭਾਸ਼ਣ ਸੁਣਾ ਰਿਹਾ ਹੈ। ਗ਼ਰੀਬ ਨੂੰ ਭਾਸ਼ਣ ਦੀ ਨਹੀਂ, ਰਾਸ਼ਨ ਦੀ ਲੋੜ ਹੈ। ਆਫ਼ਤਾਂ ਸਿਰਾਂ ’ਤੇ ਨੇ, ਕੋਈ ਬੈੱਡ ਲੱਭ ਰਿਹੈ, ਕੋਈ ਆਕਸੀਜਨ, ਵੈਂਟੀਲੇਟਰਾਂ ਦੀ ਥੋੜ੍ਹ ਐ, ਇਲਾਜ ਲੱਭਦਾ ਨਹੀਂ। ਮੋਇਆ ਨੇ ਵੀ ਆਹ ਦਿਨ ਵੇਖਣੇ ਸਨ। ਬਲਦੇ ਸਿਵੇ ਵੇਖ ਫੇਰ ਵੀ ਅੱਖ ਨਾ ਖੁੱਲ੍ਹੇ, ਨਾ ਖੁੱਲ੍ਹਣ ਵਾਲੀ ਅੱਖ ਫੇਰ ਰੜਕੇਗੀ। ਪੱਗ ਕਿਸੇ ਰੰਗ ਦੀ ਬੰਨ੍ਹੋ, ਰੱਬ ਦੇ ਰੰਗਾਂ ਨੂੰ ਨਾ ਭੁੱਲਣਾ। ਲੋਕ ਰਜ਼ਾ ’ਚ ਰਹੋਗੇ, ਫੇਰ ਬਾਣੀ ਦੇ ਪੱਤਰੇ ਵੀ ਮਹਿਫ਼ੂਜ਼ ਰਹਿਣਗੇ। ਜਿਹਨੂੰ ਮਹਾਮਾਰੀ ਦੇ ਦੌਰ ’ਚ ਕੁਰਸੀ ਦਿਖਦੀ ਐ। ਉਹ ਜ਼ਰਾ ਧਿਆਨ ਦੇਣ, ‘ਸ਼ਾਹ ਮੁਹੰਮਦਾ ਹੋਈ ਮੌਤ ਸਸਤੀ, ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ।’