Tuesday, June 2, 2026

 ਸਿਆਸੀ ਕਿਸਮਤ
 ਇੱਕ-ਇੱਕ ਪਰਿਵਾਰ ’ਚ ਦੋ-ਦੋ ਕੌਂਸਲਰ
ਚਰਨਜੀਤ ਭੁੱਲਰ 

ਚੰਡੀਗੜ੍ਹ : ਨਗਰ ਨਿਗਮ ਤੇ ਕੌਂਸਲਾਂ ’ਚ ਕਈ ਪਰਿਵਾਰ ਇੱਕ-ਇੱਕ ਮੈਂਬਰ ਦੀ ਜਿੱਤ ਨੂੰ ਤਰਸ ਗਏ, ਜਦਕਿ ਕਿੰਨੇ ਹੀ ਪਰਿਵਾਰਾਂ ਦੇ ਹਿੱਸੇ ਦੋ-ਦੋ ਜਿੱਤਾਂ ਆਈਆਂ ਹਨ। ਕਿਤੇ ਪਿਤਾ-ਪੁੱਤਰ, ਕਿਤੇ ਸਕੇ ਭਰਾ ਤੇ ਕਿਤੇ ਨੂੰਹ-ਸੱਸ ਨੂੰ ਜਿੱਤ ਹਾਸਲ ਹੋਈ ਹੈ। ਕੋਟਕਪੂਰਾ ਦੇ ਜੋਸ਼ੀ ਪਰਿਵਾਰ ਨੂੰ ਤੀਹਰੀ ਜਿੱਤ ਨਸੀਬ ਹੋਈ ਹੈ। ਇਸ ਪਰਿਵਾਰ ਦੇ ਤਿੰਨ ਮੈਂਬਰ ਕੌਂਸਲਰ ਬਣੇ ਹਨ। ਕੋਟਕਪੂਰਾ ਕੌਂਸਲ ਦੇ ਵਾਰਡ ਨੰਬਰ 10 ’ਚੋਂ ਸਵਤੰਤਰ ਜੋਸ਼ੀ, ਵਾਰਡ ਨੰਬਰ 11 ’ਚੋਂ ਅਰੁਣ ਜੋਸ਼ੀ ਅਤੇ ਵਾਰਡ ਨੰਬਰ 19 ’ਚੋਂ ਵਿਜੈਪ੍ਰੀਤ ਜੋਸ਼ੀ ਕੌਂਸਲਰ ਚੁਣੇ ਗਏ ਹਨ। ਨਗਰ ਕੌਂਸਲ ਲੌਂਗੋਵਾਲ ’ਚ ਨੂੰਹ-ਸੱਸ ਦੀ ਜੋੋੜੀ ਕੌਂਸਲਰ ਬਣੀ ਹੈ। ਸੱਸ ਅਮਰਜੀਤ ਕੌਰ ਵਾਰਡ ਨੰਬਰ 9 ਅਤੇ ਨੂੰਹ ਰਛਪਾਲ ਕੌਰ ਵੀ 347 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ। ਨੂੰਹ-ਸੱਸ ਨੇ ਬਤੌਰ ‘ਆਪ’ ਉਮੀਦਵਾਰ ਚੋਣ ਜਿੱਤੀ। ਨਗਰ ਪੰਚਾਇਤ ਮਹਿਰਾਜ ’ਚ ਵੀ ਦੋ ਸਕੇ ਭਰਾ ਕੌਂਸਲਰੀ ਦੀ ਕੁਰਸੀ ਲੈਣ ’ਚ ਸਫ਼ਲ ਹੋਏ ਹਨ।

       ਸਿਆਸੀ ਆਗੂ ਆਖਦੇ ਹਨ ਕਿ ਜਿਨ੍ਹਾਂ ਪਰਿਵਾਰਾਂ ਦੀ ਸਮਾਜਿਕ ਤੇ ਸਿਆਸੀ ਤੌਰ ’ਤੇ ਪੈਂਠ ਬਣੀ ਹੁੰਦੀ ਹੈ, ਉਨ੍ਹਾਂ ਪਰਿਵਾਰਾਂ ਦੀ ਸ਼ੁਹਰਤ ਦਾ ਲਾਹਾ ਲੈਣ ਲਈ ਸਿਆਸੀ ਧਿਰਾਂ ਵੱਲੋਂ ਇੱਕੋ ਪਰਿਵਾਰ ’ਚੋਂ ਦੋ-ਦੋ ਜੀਆਂ ਨੂੰ ਮੈਦਾਨ ’ਚ ਉਤਾਰ ਦਿੱਤਾ ਜਾਂਦਾ ਹੈ। ਬੁਢਲਾਡਾ ਨਗਰ ਕੌਂਸਲ ’ਚ ਕਰਮਜੀਤ ਸਿੰਘ ਮਾਘੀ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਨੇ ਚੋਣ ਜਿੱਤੀ ਹੈ। ਇਸੇ ਤਰ੍ਹਾਂ ਨਗਰ ਕੌਂਸਲ ਭਦੌੜ ’ਚ ਜਗਦੀਪ ਜੱਗੀ ਤੇ ਉਸ ਦੀ ਪਤਨੀ ਹਰਮਨਜੀਤ ਕੌਰ ਵੀ ਚੋਣ ’ਚ ਸਫਲ ਹੋਏ ਹਨ। ਦੇਖਿਆ ਜਾਵੇ ਤਾਂ ਜਿਨ੍ਹਾਂ ਪਰਿਵਾਰਾਂ ਕੋਲ ਵੱਧ ਕੌਂਸਲਰ ਹਨ, ਉਨ੍ਹਾਂ ਦੀ ਕੌਂਸਲ ’ਚ ਸਿਆਸੀ ਵੁੱਕਤ ਵੀ ਜ਼ਿਆਦਾ ਰਹੇਗੀ। ਫ਼ਰੀਦਕੋਟ ਕੌਂਸਲ ’ਚ ਵੀ ਨੂੰਹ-ਸੱਸ ਦੇ ਹਿੱਸੇ ਕੌਂਸਲਰੀ ਆਈ ਹੈ। ਸੱਸ ਉਮਾ ਗਰੋਵਰ ਅਤੇ ਉਸ ਦੀ ਨੂੰਹ ਮੁਸਕਾਨ ਗਰੋਵਰ ਦੀ ਝੋਲੀ ਜਿੱਤ ਪਈ ਹੈ। ਫ਼ਿਰੋਜ਼ਪੁਰ ਕੌਂਸਲ ਦੀ ਚੋਣ ’ਚ ਵਾਰਡ ਨੰਬਰ ਛੇ ’ਚੋਂ ਰਿਸ਼ੀ ਸ਼ਰਮਾ ਅਤੇ ਉਸ ਦੀ ਪਤਨੀ ਈਸ਼ਾ ਸ਼ਰਮਾ ਨੇ ਵਾਰਡ ਨੰਬਰ 9 ’ਚੋਂ ਚੋਣ ਜਿੱਤੀ ਹੈ।

       ਮੁਹਾਲੀ ਨਿਗਮ ਦੇ ਵਾਰਡ ਨੰਬਰ 20 ’ਚੋਂ ਗੌਰਵ ਜੈਨ ਅਤੇ ਵਾਰਡ ਨੰਬਰ 21 ’ਚੋਂ ਉਸ ਦੀ ਮਾਤਾ ਰਾਜ ਰਾਣੀ ਸਫਲ ਹੋਈ ਹੈ। ਮੁਹਾਲੀ ਦੇ ਵਾਰਡ ਨੰਬਰ 4 ’ਚੋਂ ਹਰਬਿੰਦਰ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਵਾਰਡ ਨੰਬਰ 3 ’ਚੋਂ ਕਾਮਯਾਬ ਹੋਈ ਹੈ। ਇਸੇ ਤਰ੍ਹਾਂ ਬਰਨਾਲਾ ਨਿਗਮ ਦੇ ਵਾਰਡ ਨੰਬਰ ਅੱਠ ’ਚੋਂ ‘ਆਪ’ ਦਾ ਕੁਲਦੀਪ ਧਰਮਾ ਅਤੇ ਉਸ ਦੀ ਪਤਨੀ ਰੇਣੂ ਧਰਮਾ ਵਾਰਡ ਨੰਬਰ 9 ’ਚੋਂ ਚੋਣ ਜਿੱਤੀ ਹੈ। ਬਰਨਾਲਾ ਦੇ ਹੀ ਵਾਰਡ ਨੰਬਰ 28 ’ਚੋਂ ਭਾਜਪਾ ਦਾ ਧਰਮ ਸਿੰਘ ਫ਼ੌਜੀ ਅਤੇ ਉਸ ਦੀ ਪਤਨੀ ਸੁਖਦਿਆਲ ਕੌਰ ਵਾਰਡ ਨੰਬਰ 21 ’ਚੋਂ ਚੋਣ ਜਿੱਤੀ ਹੈ। ਬਰਨਾਲਾ ’ਚ ਵਾਰਡ ਨੰਬਰ 41 ’ਚੋਂ ਭਾਜਪਾ ਦੀ ਮਮਤਾ ਗਰਗ ਸਫਲ ਹੋਈ ਹੈ, ਜਦਕਿ ਉਸ ਦੇ ਪਰਿਵਾਰ ਦੇ ਦੋ ਜੀਅ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੱਸ ਹਰਬੰਸ ਕੌਰ ਬਠਿੰਡਾ ਨਿਗਮ ਦੇ ਵਾਰਡ ਨੰਬਰ 5 ’ਚੋਂ ਚੋਣ ਜਿੱਤੀ ਹੈ। ਬਠਿੰਡਾ ਨਿਗਮ ਦੇ ਹੀ ਵਾਰਡ ਨੰਬਰ 35 ’ਚ ਦਰਾਣੀ ਬੇਬੀ ਸੈਣੀ ਨੇ ਜੇਠਾਣੀ ਮਮਤਾ ਸੈਣੀ ਨੂੰ ਹਰਾਇਆ ਹੈ।





 ਈ ਡੀ ਦਾ ਖੁਲਾਸਾ 
ਕਾਂਸਲ ਭਰਾਵਾਂ ਨੇ ਡਿਜੀਟਲ ਸਬੂਤ ਮਿਟਾਏ
  ਚਰਨਜੀਤ ਭੁੱਲਰ   

ਚੰਡੀਗੜ੍ਹ : ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਅੜਿੱਕੇ ਆਏ ਬਿਲਡਰ ਪਰਵੀਨ ਕਾਂਸਲ ਉਰਫ਼ ਰੌਕੀ ਕਾਂਸਲ ਅਤੇ ਨੀਰਜ ਕਾਂਸਲ (ਦੋਵੇਂ ਭਰਾ) ਅਹਿਮ ਡਿਜੀਟਲ ਸਬੂਤ ਨਸ਼ਟ ਕਰਨ ’ਚ ਸਫਲ ਹੋ ਗਏ ਹਨ। ਈ ਡੀ ਨੇ ਮੁਹਾਲੀ ਅਦਾਲਤ ’ਚ ਇਹ ਖੁਲਾਸਾ ਕੀਤਾ ਹੈ ਜਿਸ ਮਗਰੋਂ ਅਦਾਲਤ ਨੇ ਰੌਕੀ ਕਾਂਸਲ ਅਤੇ ਨੀਰਜ ਕਾਂਸਲ ਨੂੰ 5 ਜੂਨ ਤੱਕ ਈ ਡੀ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਈ ਡੀ ਨੇ ਅਦਾਲਤ ’ਚ ਦਲੀਲ ਦਿੱਤੀ ਕਿ ਜੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਨਾ ਲਿਆ ਗਿਆ ਤਾਂ ਉਹ ਮਨੀ ਲਾਂਡਰਿੰਗ ਦੀ ਜਾਂਚ ਲਈ ਲੋੜੀਂਦੇ ਸਬੂਤ ਵੀ ਨਸ਼ਟ ਕਰ ਸਕਦੇ ਹਨ। ਇਹ ਬਿਲਡਰ ਰਾਮਪੁਰਾ ਫੂਲ ਦੇ ਜੱਦੀ ਵਸਨੀਕ ਹਨ ਅਤੇ ਸ਼ੁਰੂਆਤੀ ਪੜਾਅ ’ਤੇ ਚਾਹ ਦੇ ਕਾਰੋਬਾਰ ’ਚ ਸਨ। ਈ ਡੀ ਨੇ ਬਿਲਡਰ ਰੌਕੀ ਕਾਂਸਲ ਤੇ ਨੀਰਜ ਕਾਂਸਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਈ ਡੀ ਨੇ ਮੈਸਰਜ਼ ਚੰਡੀਗੜ੍ਹ ਰੌਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਹਿੱਸੇਦਾਰਾਂ ਪਰਵੀਨ ਕਾਂਸਲ ਅਤੇ ਨੀਰਜ ਕਾਂਸਲ ਖਿਲਾਫ 9 ਸਤੰਬਰ 2025 ਨੂੰ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਸੀ।

        ਈ ਡੀ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੂੰ ਜਾਂਚ ਲਈ ਸੰਮਨ ਭੇਜੇ ਗਏ ਸਨ ਪਰ ਉਨ੍ਹਾਂ ਨੇ ਜਾਂਚ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ ਅਤੇ ਡਿਜੀਟਲ ਸਬੂਤਾਂ ਨੂੰ ਵੀ ਨਸ਼ਟ ਕਰ ਦਿੱਤਾ। ਮਿਲੇ ਵੇਰਵਿਆਂ ਅਨੁਸਾਰ ਮੁਲਜ਼ਮਾਂ ’ਤੇ ਨਿਊ ਚੰਡੀਗੜ੍ਹ ਵਿੱਚ ਕੀਮਤੀ ਜ਼ਮੀਨ ਦੇ ਫ਼ਰਜ਼ੀ ਤਬਾਦਲੇ ਅਤੇ ਹੇਰਾਫੇਰੀ ਕਰਨ ਦੇ ਗੰਭੀਰ ਦੋਸ਼ ਹਨ। ਈ ਡੀ ਅਨੁਸਾਰ ਮੁਲਜ਼ਮ ਪਹਿਲਾਂ ਹੀ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੇਸ ਵਿੱਚ ਫ਼ਰਾਰ ਚੱਲੇ ਆ ਰਹੇ ਸਨ। ਈ ਡੀ ਨੇ ਦੋਵੇਂ ਬਿਲਡਰਾਂ ਖਿਲਾਫ ਪਹਿਲਾਂ ਤੋਂ ਦਰਜ ਦੋ ਐੱਫ਼ ਆਈ ਆਰਜ਼ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ। ਵਿਜੀਲੈਂਸ ਬਿਊਰੋ ਲੁਧਿਆਣਾ ਨੇ ਜਾਅਲਸਾਜ਼ੀ ਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ਾਂ ਤਹਿਤ 11 ਜੂਨ 2025 ਨੂੰ ਐੱਫ਼ ਆਈ ਆਰ ਨੰਬਰ 10 ਦਰਜ ਕੀਤੀ ਸੀ। ਉਸ ਤੋਂ ਪਹਿਲਾਂ ਨਵੀਂ ਦਿੱਲੀ ਦੇ ਥਾਣਾ ਓਖਲਾ ਇੰਡਸਟਰੀਅਲ ਏਰੀਆ ਵਿੱਚ 7 ਮਾਰਚ 2023 ਨੂੰ ਐੱਫ ਆਈ ਆਰ ਨੰਬਰ 129 ਦਰਜ ਹੋਈ ਸੀ ਜੋ ਧੋਖਾਧੜੀ ਦੇ ਮਾਮਲੇ ਨਾਲ ਸਬੰਧਤ ਸੀ। ਇਨ੍ਹਾਂ ਪੁਲੀਸ ਕੇਸਾਂ ਦੇ ਆਧਾਰ ’ਤੇ ਹੀ ਈ ਡੀ ਨੇ ਇਨ੍ਹਾਂ ਬਿਲਡਰਾਂ ਖਿਲਾਫ ਕਾਰਵਾਈ ਆਰੰਭੀ ਸੀ।

       ਮੁਹਾਲੀ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ’ਚ ਉਪਰੋਕਤ ਤੱਥ ਮੌਜੂਦ ਹਨ। ਇਨ੍ਹਾਂ ਬਿਲਡਰਾਂ ’ਤੇ ਦੋਸ਼ ਹਨ ਕਿ ਉਨ੍ਹਾਂ ਨੇ ਗਮਾਡਾ ਨੂੰ ਜ਼ਰੂਰੀ ਭੁਗਤਾਨ ਨਹੀਂ ਕੀਤੇ ਅਤੇ ਇੱਕ ਕੰਪਨੀ ਤੋਂ ਗਰੁੱਪ ਦੀਆਂ ਦੂਸਰੀਆਂ ਕੰਪਨੀਆਂ ’ਚ ਪੈਸਾ ਘੁਮਾਇਆ ਗਿਆ। ਅਖੀਰ ਇਹ ਪੈਸਾ ਰੀਅਲ ਅਸਟੇਟ ਦੇ ਕਾਰੋਬਾਰ ’ਚ ਲਗਾ ਦਿੱਤਾ ਗਿਆ। ਈ ਡੀ ਨੇ ਅਦਾਲਤ ਵਿੱਚ ਦੱਸਿਆ ਕਿ ਇਹ ਬਿਲਡਰ ਪਹਿਲਾਂ ਦਰਜ ਹੋਏ ਕੇਸਾਂ ’ਚ ਗ੍ਰਿਫਤਾਰੀ ਤੋਂ ਬਚ ਰਹੇ ਸਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇਨ੍ਹਾਂ ਬਿਲਡਰਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 1 ਅਪਰੈਲ 2026 ਨੂੰ ਖਾਰਜ ਕਰ ਦਿੱਤੀ ਗਈ ਸੀ।ਮੁਹਾਲੀ ਦੀ ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਦੌਰਾਨ ਐਡਵੋਕੇਟ ਅਮਨਦੀਪ ਸ਼ਰਮਾ ਅਤੇ ਗਗਨਦੀਪ ਜੰਮੂ ਨੂੰ ਦੋਵੇਂ ਬਿਲਡਰਾਂ ਨੂੰ ਰੋਜ਼ਾਨਾ ਇੱਕ ਘੰਟਾ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਨ੍ਹਾਂ ਬਿਲਡਰਾਂ ਦੀ ਰਿਹਾਈ ਹੋਵੇਗੀ ਤਾਂ ਉਸ ਮਗਰੋਂ ਵਿਜੀਲੈਂਸ ਬਿਊਰੋ ਵੀ ਉਨ੍ਹਾਂ ਨੂੰ ਹਿਰਾਸਤ ’ਚ ਲੈ ਸਕਦੀ ਹੈ, ਕਿਉਂਕਿ ਵਿਜੀਲੈਂਸ ਮਾਮਲੇ ਵਿੱਚ ਦਰਜ ਕੇਸ ’ਚ ਦੋਵੇਂ ਬਿਲਡਰਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ’ਚੋਂ ਰੱਦ ਹੋ ਚੁੱਕੀ ਹੈ।