Showing posts with label vidhan sabha. Show all posts
Showing posts with label vidhan sabha. Show all posts

Wednesday, June 24, 2026

  ਵਿਧਾਨ ਸਭਾ ਕਮੇਟੀ 
ਨਕੋਦਰ ਕਾਂਡ ਦੀ ਜਾਂਚ ਸ਼ੁਰੂ
ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ 1986 ’ਚ ਵਾਪਰੇ ਨਕੋਦਰ ਗੋਲੀ ਕਾਂਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮੇਟੀ ਨੇ ਪੰਜਾਬ ਦੇ ਗ੍ਰਹਿ ਵਿਭਾਗ ਤੋਂ ਇਸ ਕਾਂਡ ਨਾਲ ਸਬੰਧਤ ਰਿਕਾਰਡ ਵੀ ਤਲਬ ਕਰ ਲਿਆ ਹੈ। ਵਿਧਾਨ ਸਭਾ ਕਮੇਟੀ ਨੇ ਬੇਅਦਬੀ ਨਾਲ ਜੁੜੇ ਇਸ ਮਾਮਲੇ ਦੇ ਸਬੰਧ ’ਚ ਸਾਬਕਾ ਆਈ ਏ ਐੱਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਦੇ ਬਿਆਨ ਕਲਮਬੰਦ ਕੀਤੇ ਹਨ। ਨਕੋਦਰ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਗੁਰਨਾਮ ਸਿੰਘ ਦੇ ਭਾਣਜੇ ਰਮੇਸ਼ਇੰਦਰ ਸਿੰਘ (ਸਾਬਕਾ ਮੁੱਖ ਸਕੱਤਰ) ਤੋਂ ਵੀ ਇਸ ਮਾਮਲੇ ’ਚ ਸਹਿਯੋਗ ਮੰਗਿਆ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਕਰ ਕੇ ਸੂਬੇ ’ਚ ਮੁੜ ਬੇਅਦਬੀ ਮਾਮਲਿਆਂ ਸਬੰਧੀ ਸਿਆਸਤ ਭਖ ਗਈ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਕੋਦਰ ਗੋਲੀ ਕਾਂਡ ਦੀ ਜਾਂਚ ਲਈ ਬਣੇ ‘ਜਸਟਿਸ ਗੁਰਨਾਮ ਸਿੰਘ ਕਮਿਸ਼ਨ’ ਦੀ ਰਿਪੋਰਟ ਦਾ ਅੱਧਾ ਹਿੱਸਾ ਸਰਕਾਰੀ ਰਿਕਾਰਡ ’ਚੋਂ ਗੁੰਮ ਹੋਣ ਦਾ ਮਾਮਲਾ ਚੁੱਕਿਆ ਸੀ। 

        ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰੀ ਰਿਕਾਰਡ ’ਚੋਂ ਗੁੰਮ ਹੋਏ ਹਿੱਸੇ (ਐਕਸ਼ਨ ਟੇਕਨ ਰਿਪੋਰਟ) ਦੀ ਭਾਲ ਅਤੇ ਜਾਂਚ ਦਾ ਮਾਮਲਾ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ’ਚ ਵਿਧਾਨ ਸਭਾ ਦੀ ਕਮੇਟੀ ਨੂੰ ਸੌਂਪ ਦਿੱਤਾ ਸੀ। ਪੰਜਾਬ ਵਿਧਾਨ ਸਭਾ ਕਮੇਟੀ ਨੇ ਅੱਜ ਉਪਰੋਕਤ ਮਾਮਲੇ ਦੇ ਮੁਤੱਲਕ ਜਲੰਧਰ ਦੇ ਤਤਕਾਲੀ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਬਿਆਨ ਕਲਮਬੰਦ ਕੀਤੇ ਹਨ ਜਦੋਂ ਕਿ ਸਾਬਕਾ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ ਤੋਂ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਰਿਪੋਰਟ ਬਾਰੇ ਜਾਣਕਾਰੀ ਹਾਸਲ ਕੀਤੀ। ਰਮੇਸ਼ਇੰਦਰ ਸਿੰਘ ਨੇ ਕਮੇਟੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਜਾਂਚ ਰਿਪੋਰਟ ਦਾ ਕੋਈ ਵੱਖਰਾ ਰਿਕਾਰਡ ਨਹੀਂ ਹੈ। ਦੱਸਣਯੋਗ ਹੈ ਕਿ 2 ਫਰਵਰੀ 1986 ਨੂੰ ਸ਼ਰਾਰਤੀ ਅਨਸਰਾਂ ਨੇ ਨਕੋਦਰ ਦੇ ਗੁਰਦੁਆਰਾ ਸ੍ਰੀ ਅਰਜਨ ਦੇਵ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਅਗਨ ਭੇਟ ਕਰ ਕੇ ਬੇਅਦਬੀ ਕੀਤੀ ਸੀ।

       ਉਸ ਮਗਰੋਂ ਜਦੋਂ ਚਾਰ ਫਰਵਰੀ 1986 ਨੂੰ ਸਿੱਖ ਸ਼ਰਧਾਲੂ ਰੋਸ ਜ਼ਾਹਰ ਕਰਨ ਲਈ ਸ਼ਾਂਤਮਈ ਢੰਗ ਨਾਲ ਮਾਰਚ ਕਰ ਰਹੇ ਸਨ ਤਾਂ ਪੁਲੀਸ ਨੇ ਬਿਨਾਂ ਕਿਸੇ ਚਿਤਾਵਨੀ ਦੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਨਾਲ ਚਾਰ ਸਿੱਖ ਨੌਜਵਾਨ ਫ਼ੌਤ ਹੋ ਗਏ ਸਨ। ਇਸ ਮਾਮਲੇ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ’ਚ ਕਮਿਸ਼ਨ ਬਣਾਇਆ ਗਿਆ ਜਿਸ ਨੇ ਪੁਲੀਸ ਫਾਇਰਿੰਗ ਨੂੰ ਗ਼ੈਰ-ਕਾਨੂੰਨੀ ਦੱਸਿਆ ਸੀ। ਜਸਟਿਸ ਗੁਰਨਾਮ ਸਿੰਘ ਦੀ ਜਾਂਚ ਰਿਪੋਰਟ ਦਾ ਦੂਸਰਾ ਹਿੱਸਾ ਜਿਸ ’ਚ ਦੋਸ਼ੀ ਅਫਸਰਾਂ ਆਦਿ ਦੇ ਬਿਆਨ ਦਰਜ ਹਨ, ਸਰਕਾਰੀ ਰਿਕਾਰਡ ’ਚੋਂ ਗੁੰਮ ਹੈ। ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਅੱਜ ਰਮੇਸ਼ਇੰਦਰ ਸਿੰਘ ਤੋਂ ਜਾਂਚ ਕਮਿਸ਼ਨ ਦੀ ਰਿਪੋਰਟ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਸਾਬਕਾ ਆਈ ਏ ਐੱਸ ਅਧਿਕਾਰੀ ਜਸਟਿਸ ਗੁਰਨਾਮ ਸਿੰਘ ਦੇ ਭਾਣਜੇ ਹਨ। ਨਿੱਜਰ ਨੇ ਦੱਸਿਆ ਕਿ ਪੁਰਾਣਾ ਰਿਕਾਰਡ ਹਾਸਲ ਕਰਨ ਲਈ ਗ੍ਰਹਿ ਵਿਭਾਗ ਨੂੰ ਵੀ ਲਿਖਿਆ ਹੈ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਇਸ ਦਾ ਨਿਬੇੜਾ ਜਲਦ ਕਰ ਦਿੱਤਾ ਜਾਵੇ।

Tuesday, June 16, 2026

ਪੰਜਾਬ ਚੋਣਾਂ
ਫਰਵਰੀ ’ਚ ਨਹੀਂ ਸਜੇਗਾ ਚੋਣ ਮੇਲਾ..! 
ਚਰਨਜੀਤ ਭੁੱਲਰ 

ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਚੋਣਾਂ ਦੀ ਸਿਆਸੀ ਧਮਾਲ ਆਮ ਤੌਰ ’ਤੇ ਫਰਵਰੀ ਮਹੀਨੇ ’ਚ ਹੀ ਪੈਂਦੀ ਰਹੀ ਹੈ ਪ੍ਰੰਤੂ ਐਤਕੀਂ ਵਿਧਾਨ ਸਭਾ ਚੋਣਾਂ ਅਗੇਤੀਆਂ ਹੋਣ ਦਾ ਰੌਲਾ ਰੱਪਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਨੇ ਤਾਂ ਨਵੰਬਰ ਮਹੀਨੇ ’ਚ ਚੋਣਾਂ ਹੋਣ ਦਾ ਕਿਆਸ ਕੀਤਾ ਹੈ ਜਦੋਂ ਕਿ ਚੋਣਾਂ ਦੇ ਐਲਾਨ ਤੱਕ ਕੁੱਝ ਵੀ ਪੱਕਾ ਨਹੀਂ ਹੈ। ਪਿਛਾਂਹ ਨਜ਼ਰ ਮਾਰੀਏ ਤਾਂ ਪੰਜਾਬ ’ਚ 1952 ਤੋਂ ਲੈ ਕੇ ਹੁਣ ਤੱਕ 16ਵਾਂ ਅਸੈਂਬਲੀ ਚੋਣਾਂ ਹੋ ਚੁੱਕੀਆਂ ਹਨ ਜਿਨ੍ਹਾਂ ’ਚ 9 ਵਾਰੀ ਅਸੈਂਬਲੀ ਚੋਣਾਂ ਫਰਵਰੀ ਮਹੀਨੇ ’ਚ ਹੀ ਹੋਈਆਂ ਹਨ ਜਦੋਂ ਕਿ ਤਿੰਨ ਵਾਰ ਵਿਧਾਨ ਸਭਾ ਚੋਣਾਂ ਮਾਰਚ ਮਹੀਨੇ ’ਚ ਹੋਈਆਂ।ਵੇਰਵਿਆਂ ਅਨੁਸਾਰ ਸਾਲ 1992 ਦੀਆਂ ਵਿਧਾਨ ਸਭਾ ਚੋਣਾਂ ਤੋਂ ਹੁਣ ਤੱਕ ਹੋਈਆਂ ਚੋਣਾਂ ਫਰਵਰੀ ਮਹੀਨੇ ’ਚ ਹੀ ਹੋਈਆਂ ਅਤੇ ਸਿਰਫ਼ 2012 ਦੀਆਂ ਚੋਣਾਂ 30 ਜਨਵਰੀ 2012 ਨੂੰ ਹੋਈਆਂ ਸਨ। ਪਹਿਲੀ ਵਿਧਾਨ ਸਭਾ ਚੋਣ 1952 ’ਚ 26 ਮਾਰਚ ਨੂੰ ਹੋਈ ਸੀ ਅਤੇ ਦੂਜੀ ਚੋਣ 1957 ’ਚ ਮੁੜ ਮਾਰਚ ਮਹੀਨੇ ’ਚ ਹੋਈ ਸੀ।

      ਉਸ ਮਗਰੋਂ ਲਗਾਤਾਰ 1962, 1967 ਅਤੇ 1969 ਦੀ ਚੋਣ ਮਾਰਚ ਮਹੀਨੇ ’ਚ ਹੋਈ ਸੀ। ਪੰਜਾਬ ’ਚ ਕੇਵਲ 1985 ਦੀ ਵਿਧਾਨ ਸਭਾ ਚੋਣ ਸੀ ਜੋ ਸਾਲ ਦੇ ਅੱਧ ਤੋਂ ਬਾਅਦ ਸਤੰਬਰ ਮਹੀਨੇ ’ਚ ਹੋਈ ਸੀ।ਹੁਣ ਚਰਚੇ ਹਨ ਕਿ 17ਵੀਂ ਵਿਧਾਨ ਸਭਾ ਦੀ ਚੋਣ ਨਵੰਬਰ ’ਚ ਹੋ ਸਕਦੀ ਹੈ। ਜੇ ਇਹ ਕਿਆਸ ਸੱਚ ਹੋਇਆ ਤਾਂ ਫਰਵਰੀ ਮਹੀਨੇ ਦੇ ਹੱਥੋਂ ਚੋਣ ਪਿੜ ਖੁੱਸ ਜਾਣਾ ਹੈ। ਵੈਸੇ ਪੰਜਾਬ ’ਚ ਚੋਣਾਂ ਫਰਵਰੀ ਮਾਰਚ ਮਹੀਨੇ ’ਚ ਹੋਣ ਕਰਕੇ ਇਸ ਦਾ ਅਸਰ ਪੋÇਲੰਗ ਫ਼ੀਸਦੀ ’ਤੇ ਵੀ ਪੈਂਦਾ ਹੈ। ਹੁਣ ਅਗੇਤੀਆਂ ਚੋਣਾਂ ਪਿੱਛੇ ਤਰਕ ਦਿੱਤਾ ਜਾ ਰਿਹਾ ਹੈ ਕਿ ਮਰਦਮਸ਼ੁਮਾਰੀ ਦਾ ਪੰਜਾਬ ’ਚ ਦੂਜਾ ਪੜਾਅ 9 ਫਰਵਰੀ ਤੋਂ 28 ਫਰਵਰੀ ਤੱਕ ਚੱਲਣਾ ਹੈ ਜਿਸ ’ਚ ਕਰੀਬ 67 ਹਜ਼ਾਰ ਮੁਲਾਜ਼ਮਾਂ ਦੀ ਤਾਇਨਾਤੀ ਹੋਣੀ ਹੈ। ਚੋਣ ਮਾਹੌਲ ਦੇ ਦੌਰਾਨ ਜਿੱਥੇ ਮਰਦਮਸ਼ੁਮਾਰੀ ਪ੍ਰਭਾਵਿਤ ਹੋਵੇਗੀ, ਉੱਥੇ ਚੋਣ ਅਮਲੇ ਦੀ ਕਿੱਲਤ ਵੀ ਬਣੇਗੀ।ਦੇਖਿਆ ਜਾਵੇ ਤਾਂ ਸਾਲ 2017 ’ਚ ਵਿਧਾਨ ਸਭਾ ਚੋਣਾਂ 4 ਫਰਵਰੀ ਨੂੰ ਖ਼ਤਮ ਹੋ ਗਈਆਂ ਸਨ ਅਤੇ 2007 ’ਚ ਚੋਣਾਂ ਦਾ ਕੰਮ 30 ਜਨਵਰੀ ਨੂੰ ਸਮਾਪਤ ਹੋ ਗਿਆ ਸੀ।

       ਹਾਲਾਂਕਿ ਐਤਕੀਂ ਮਰਦਮਸ਼ੁਮਾਰੀ ਦਾ ਕੰਮ 9 ਫਰਵਰੀ ਤੋਂ ਸ਼ੁਰੂ ਹੋਣਾ ਹੈ। ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਅਗਰ ਮਰਦਮਸ਼ੁਮਾਰੀ ਵੱਡਾ ਕਾਰਨ ਹੈ ਤਾਂ ਚੋਣਾਂ ਹਫ਼ਤਾ ਜਾਂ ਦੋ ਹਫ਼ਤੇ ਅਗੇਤ ਨਾਲ ਵੀ ਹੋ ਸਕਦੀਆਂ ਹਨ। ਦੂਜੀ ਦਲੀਲ ਉੱਤਰ ਪ੍ਰਦੇਸ਼ ’ਚ ਜਨਵਰੀ ਮਹੀਨੇ ’ਚ ਸ਼ੁਰੂ ਹੋਣ ਵਾਲੇ ਮਹਾਂ ਕੁੰਭ ਦੇ ਮੇਲੇ ਦੀ ਹੈ ਕਿਉਂਕਿ ਉੱਥੇ ਵੱਡੀ ਗਿਣਤੀ ’ਚ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਹੋਣੀ ਹੈ।ਪੰਜਾਬ ਚੋਣਾਂ ਲਈ ਉਸ ਮੌਕੇ ’ਤੇ ਕੇਂਦਰੀ ਬਲਾਂ ਦੀ ਕਿੱਲਤ ਬਣਨ ਦੀ ਗੱਲ ਕਹੀ ਜਾ ਰਹੀ ਹੈ। ਆਮ ਆਦਮੀ ਪਾਰਟੀ ਅਗੇਤੀਆਂ ਚੋਣਾਂ ਹੋਣ ’ਤੇ ਕਿਆਸ ਲਾਉਣ ’ਚ ਸਭ ਤੋਂ ਅੱਗੇ ਹਨ ਜਦੋਂ ਕਿ ਭਾਜਪਾ ਦੇ ਕੁੱਝ ਆਗੂ ਇਸ ਭਵਿੱਖਬਾਣੀ ਨੂੰ ਰੱਦ ਵੀ ਕਰ ਚੁੱਕੇ ਹਨ। ਆਮ ਆਦਮੀ ਪਾਰਟੀ ਇਸ ਮੌਕੇ ਸੂਬੇ ’ਚ ਬਣੇ ਸਿਆਸੀ ਮਾਹੌਲ ਦਾ ਲਾਹਾ ਵੀ ਚੁੱਕਣ ਦੀ ਤਾਕ ਵਿੱਚ ਹੈ। ਹਾਲ ’ਚ ਹੋਈਆਂ ਨਗਰ ਕੌਂਸਲ ਚੋਣਾਂ ’ਚ ‘ਆਪ’ ਦੀ ਝੋਲੀ 954 ਵਾਰਡ ਪਏ ਹਨ।

       ਇਸੇ ਤਰ੍ਹਾਂ ਜੁਲਾਈ ਤੋਂ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨੇ ਮਾਣ ਭੱਤਾ ਦੇਣਾ ਵੀ ਸ਼ੁਰੂ ਕੀਤਾ ਜਾਣਾ ਹੈ।ਵਿਸਲੇਸ਼ਕਾਂ ਦਾ ਕਹਿਣਾ ਹਨ ਕਿ ਅਗੇਤੀ ਚੋਣ ਹੋਣ ਦੀ ਸੂਰਤ ’ਚ ਸੱਤਾਧਾਰੀ ਧਿਰ ਨੂੰ ਮੁੱਢਲੇ ਪੜਾਅ ’ਤੇ ਤਿੰਨ ਮਹੀਨੇ ਲਈ ਮਾਣ ਭੱਤੇ ਦੇ ਬਜਟ ਦਾ ਪ੍ਰਬੰਧ ਕਰਨਾ ਸੌਖਾ ਹੋਵੇਗਾ। ਅਗੇਤੀਆਂ ਚੋਣਾਂ ਹੋਣ ਦੀ ਸੂਰਤ ’ਚ ਚੋਣ ਜ਼ਾਬਤਾ ਵੀ ਅਕਤੂਬਰ ’ਚ ਲੱਗ ਸਕਦਾ ਹੈ। ਆਪ ਆਗੂ ਆਖ ਰਹੇ ਹਨ ਕਿ ਕਾਂਗਰਸ ਪਾਰਟੀ ਧੜੇਬੰਦੀ ਵਿੱਚ ਉਲਝੀ ਹੋਈ ਹੈ ਅਤੇ ਅਗੇਤੀਆਂ ਚੋਣਾਂ ਦੇ ਐਲਾਨ ਕਾਰਨ ਵਿਰੋਧੀ ਧਿਰਾਂ ਫ਼ੌਰੀ ਉੱਭਰ ਨਹੀਂ ਸਕਣਗੀਆਂ। ਸਿਆਸੀ ਚਿੰਤਕ ਆਖਦੇ ਹਨ ਕਿ ਪੰਜਾਬ ਚੋਣਾਂ ਦੀ ਅਗੇਤ ਪਿਛੇਤ ਭਾਜਪਾ ਦੀ ਰਣਨੀਤੀ ’ਤੇ ਨਿਰਭਰ ਕਰੇਗੀ। ਉਂਜ, ਪੰਜਾਬ ’ਚ ਜਿੱਥੇ ‘ਆਪ’ ਨੇ ਰੋਡ ਸ਼ੋਅ ਕਰਕੇ ਚੋਣ ਮੈਦਾਨ ਭਖਾ ਦਿੱਤਾ ਹੈ, ਉੱਥੇ ਭਾਜਪਾ ਨੇ ਵੀ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਪਾਰਟੀ ਦੇ ਅਜਬਰਵਰਾਂ ਦੀ ਤਿੱਕੜੀ ਸੂਬੇ ਚੋਂ ਫੀਡ ਬੈਕ ਲੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਸਿਆਸੀ ਗਠਜੋੜ ਲਈ ਭਾਜਪਾ ਦੀ ਰਾਹ ਦੇਖ ਰਿਹਾ ਹੈ।


Tuesday, April 14, 2026

ਵਿਸ਼ੇਸ਼ ਇਜਲਾਸ 
ਸ਼ਰਧਾ ਦੇ ਰੰਗ ’ਚ ਰੰਗਿਆ ਸਦਨ
ਚਰਨਜੀਤ ਭੁੱਲਰ 

ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਦਾ ਸਦਨ ਅੱਜ ਪੂਰੀ ਤਰ੍ਹਾਂ ਸ਼ਰਧਾ ਅਤੇ ਆਸਥਾ ਦੇ ਰੰਗ ’ਚ ਰੰਗਿਆ ਗਿਆ। ਸਦਨ ਦੇ ਮੈਂਬਰ ਅੱਜ ਵਿਹਾਰ, ਬੋਲ-ਬਾਣੀ ਅਤੇ ਸਲੀਕੇ ਵਜੋਂ ਬਦਲੇ-ਬਦਲੇ ਨਜ਼ਰ ਆਏ। ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਸਦਨ ’ਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026’ ਪੇਸ਼ ਕਰਨ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੂਲ ਮੰਤਰ ਦਾ ਜਾਪ ਕੀਤਾ, ਜਦੋਂ ਬਿੱਲ ਨਾਲ ਪਾਸ ਹੋਇਆ ਤਾਂ ਚੜ੍ਹਦੀਕਲਾ ਦੇ ਪ੍ਰਗਟਾਅ ਵਜੋਂ ਸਦਨ ’ਚ ਜੈਕਾਰੇ ਛੱਡੇ ਗਏ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਗੁਰਬਾਣੀ ਚੱਲ ਰਹੀ ਸੀ। ਸਿਆਸੀ ਰੰਗ ਵੀ ਅੱਜ ਸਦਨ ’ਚ ਨਾਲੋ-ਨਾਲ ਉੱਘੜਦੇ ਰਹੇ। ਸਪੀਕਰ ਨੇ ਸਦਨ ਵਿੱਚ ਬਹਿਸ ਦੀ ਸ਼ੁਰੂਆਤ ’ਚ ਤਖ਼ਤ ਸਾਹਿਬਾਨ ਨਾਲ ਜੁੜੇ ਵਿਧਾਨ ਸਭਾ ਹਲਕਿਆਂ ਦੇ ਚੁਣੇ ਨੁਮਾਇੰਦਿਆਂ ਨੂੰ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਦਿੱਤਾ। ਸ੍ਰੀ ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ, ਅੰਮ੍ਰਿਤਸਰ ਤੋਂ ਇੰਦਰਬੀਰ ਸਿੰਘ ਨਿੱਝਰ ਅਤੇ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਬਹਿਸ ’ਚ ਸਭ ਤੋਂ ਪਹਿਲਾਂ ਬੋਲੇ। 

        ਸਦਨ ਦੀ ਗਵਰਨਰ ਗੈਲਰੀ ’ਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਇਲਾਵਾ ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਆਗੂ ਮੌਜੂਦ ਸਨ। ਸਪੀਕਰ ਨੇ ਬਹਿਸ ’ਚ ਗੁਰਸਿੱਖ ਮੈਂਬਰਾਂ ਨੂੰ ਤਰਜੀਹੀ ਆਧਾਰ ’ਤੇ ਬੋਲਣ ਦਾ ਮੌਕਾ ਦਿੱਤਾ। ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰ ਸੁਖਪਾਲ ਸਿੰਘ ਖਹਿਰਾ ਨੂੰ ਬੋਲਣ ਲਈ ਸਮਾਂ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਅੱਜ ਅਦਬ ਭਰੇ ਰੌਂਅ ’ਚ ਸਨ ਪਰ ਉਹ ਸਿਆਸੀ ਚੋਭਾਂ ਲਾਉਣਾ ਨਾ ਭੁੱਲੇ। ਮੁੱਖ ਮੰਤਰੀ ਨੇ ‘ਗੁਰੂ ਮਾਨਿਓ ਗ੍ਰੰਥ’ ਦੀ ਤੁਕ ਨਾਲ ਭਾਸ਼ਣ ਸ਼ੁਰੂ ਕੀਤਾ, ਜਦੋਂਕਿ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਗੁਰਬਾਣੀ ਦੇ ਹਵਾਲੇ ਦਿੱਤੇ। ਬਹੁਤੇ ਵਿਧਾਇਕਾਂ ਤੇ ਵਜ਼ੀਰਾਂ ਨੇ ਗੁਰਬਾਣੀ ਦੀ ਓਟ ਨਾਲ ਬਹਿਸ ’ਚ ਹਿੱਸਾ ਲਿਆ। ਸੀਨੀਅਰ ਮੈਂਬਰਾਂ ਨੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਵੀ ਦਿੱਤੀ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਵਾਰ ਵਾਰ ਨਿਸ਼ਾਨੇ ’ਤੇ ਲਿਆ। ਬਸਪਾ ਵਿਧਾਇਕ ਅੱਜ ਸਦਨ ’ਚ ਅਦਬ ਵਜੋਂ ਸਿਰ ’ਤੇ ਰੁਮਾਲ ਬੰਨ੍ਹ ਕੇ ਬੈਠੇ।

       ਵਿਰੋਧੀ ਧਿਰ ਨੇ ਬੇਅਦਬੀ ਨਾਲ ਜੁੜੇ ਮੁੱਦਿਆਂ ਦੀ ਗੱਲ ਕੀਤੀ। ਮੁੱਖ ਮੰਤਰੀ ਨੇ ‘ਫ਼ਖ਼ਰ-ਏ-ਕੌਮ’ ਦਾ ਹਵਾਲਾ ਦਿੰਦਿਆਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਲਈ ਸ਼੍ਰੋਮਣੀ ਅਕਾਲੀ ਦਲ ’ਤੇ ਹੱਲੇ ਬੋਲੇ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਿਲੈਕਟ ਕਮੇਟੀ ਦੀ ਰਿਪੋਰਟ ਅਤੇ ਸ਼੍ਰੋਮਣੀ ਕਮੇਟੀ ਤੋਂ ਮਸ਼ਵਰਾ ਲੈਣ ਦੀ ਗੱਲ ਕਹੀ ਤਾਂ ਮੁੱਖ ਮੰਤਰੀ ਖ਼ਫ਼ਾ ਹੋ ਗਏ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਕੋਦਰ ਕਾਂਡ ਦਾ ਜ਼ਿਕਰ ਕਰਦਿਆਂ ਪਿਛਲੀਆਂ ਸਰਕਾਰਾਂ ਨੂੰ ਘੇਰਿਆ। ਸਦਨ ’ਚੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਗ਼ੈਰਹਾਜ਼ਰ ਰਹੇ।ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਮੌਜੂਦ ਨਹੀਂ ਸਨ ਜੋ ਹਰ ਸੈਸ਼ਨ ’ਚ ਬੇਅਦਬੀ ਮਾਮਲਿਆਂ ਦਾ ਮੁੱਦਾ ਚੁੱਕਦੇ ਰਹੇ ਹਨ। ਬੇਸ਼ੱਕ ਅੱਜ ਬੇਅਦਬੀ ਵਿਰੁੱਧ ਬਿੱਲ ’ਤੇ ਬਹਿਸ ਚੱਲ ਰਹੀ ਸੀ ਪ੍ਰੰਤੂ ਪੂਰਾ ਸਮਾਂ ਬਹਿਸ ’ਚ ਟਾਵੇਂ ਹੀ ਮੈਂਬਰ ਬੈਠੇ। ਮੁੱਖ ਮੰਤਰੀ ਅੱਜ ਸਦਨ ’ਚ ਸਭ ਤੋਂ ਪਹਿਲਾਂ ਪੁੱਜੇ ਪ੍ਰੰਤੂ ਜਦੋਂ ਬਹਿਸ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਵਾਰ ਵਾਰ ਉੱਠ ਉੱਠ ਕੇ ਸਦਨ ਚੋਂ ਬਾਹਰ ਜਾਂਦੇ ਰਹੇ। ਅੱਜ ਸਦਨ ’ਚ ਨੋਕ ਝੋਕ, ਨਾਅਰੇਬਾਜ਼ੀ, ਤੁਹਮਤਬਾਜ਼ੀ ਅਤੇ ਵਾਕਆਊਟ ਸਮੇਤ ਅਜਿਹਾ ਕੁੱਝ ਦੇਖਣ ਨੂੰ ਨਹੀਂ ਮਿਲਿਆ।

Wednesday, March 11, 2026

 ਵਿਧਾਨ ਸਭਾ 
 ਸੰਵਾਦ ਚੁੱਪ, ਭਾਸ਼ਣ ਜਾਰੀ...! 
ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਦਨ ’ਚ ਵਿਧਾਇਕ ਬਹਿਸ ਤੇ ਸੰਵਾਦ ਤੋਂ ਦੂਰ ਹੋਣ ਲੱਗੇ ਹਨ, ਜਦੋਂ ਸਦਨ ’ਚ ਹਾਕਮ ਧਿਰ ਅਤੇ ਵਿਰੋਧੀ ਧਿਰ ’ਚ ਮਾਹੌਲ ਤਲਖ਼ ਹੁੰਦਾ ਹੈ ਤਾਂ ਵਿਧਾਇਕਾਂ ਦੀ ਹਾਜ਼ਰੀ ਸਿਖ਼ਰਾਂ ’ਤੇ ਹੁੰਦੀ ਹੈ। ਜਿਉਂ ਹੀ ਕਿਸੇ ਮਾਮਲੇ ’ਤੇ ਗੰਭੀਰ ਬਹਿਸ ਦਾ ਮੁੱਢ ਬੱਝਦਾ ਹੈ ਤਾਂ ਸਦਨ ਦੇ ਖਾਲੀ ਬੈਂਚ ਖੜਕਨ ਲੱਗਦੇ ਹਨ। ਭਾਵੇਂ ਹਾਕਮ ਧਿਰ ਦੇ ਵਿਧਾਇਕ ਹੋਣ ਜਾਂ ਵਿਰੋਧੀ ਧਿਰ ਦੇ, ਹਰ ਕੋਈ ਬਹਿਸ ਦੇ ਮੌਕੇ ਆਪਣੀ ਗੱਲ ਆਖ ਸਦਨ ਛੱਡ ਕੇ ਚਲਾ ਜਾਂਦਾ ਹੈ।ਇੰਝ ਲੱਗਦਾ ਹੈ ਕਿ ਸਦਨ ਦੇ ਬਹੁਤੇ ਮੈਂਬਰ ਭਾਸ਼ਣ ਦੇਣ ਲਈ ਤਾਂ ਕਾਹਲੇ ਰਹਿੰਦੇ ਹਨ, ਜਦੋਂ ਸੁਣਨ ਦੀ ਵਾਰੀ ਆਉਂਦੀ ਹੈ ਤਾਂ ਬੈਂਚ ਖ਼ਾਲੀ ਹੋ ਜਾਂਦੇ ਹਨ। ਮੌਜੂਦਾ ਬਜਟ ਸੈਸ਼ਨ ਦੌਰਾਨ ਵੀ ਇਹ ਰੁਝਾਨ ਸਾਹਮਣੇ ਆਇਆ ਹੈ। ਲੰਘੇ ਕੱਲ੍ਹ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦੀ ਮਤੇ ’ਤੇ ਬਹਿਸ ਹੋਈ ਅਤੇ ਅੱਜ ਬਜਟ ’ਤੇ ਬਹਿਸ ਹੋਈ। ਅੱਜ ਹੀ ਅਮਰੀਕਾ ਭਾਰਤ ਵਪਾਰਕ ਸਮਝੌਤੇ ’ਤੇ ਸਦਨ ’ਚ ਬਹਿਸ ਚੱਲਦੀ ਰਹੀ। ਸਭ ਬਹਿਸਾਂ ’ਚ ਇੱਕੋ ਜਿਹਾ ਰੰਗ ਹੀ ਨਜ਼ਰ ਆਇਆ।

         ਕੱਲ੍ਹ ਰਾਜਪਾਲ ਦੇ ਭਾਸ਼ਣ ਦੇ ਧੰਨਵਾਦੀ ਮਤੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਬੋਲ ਰਹੇ ਸਨ ਤਾਂ ਉਸ ਵਕਤ ਹਾਕਮ ਧਿਰ ਦੇ ਕੁੱਲ 46 ਮੈਂਬਰ ਸਦਨ ’ਚ ਹਾਜ਼ਰ ਸਨ, ਜਦੋਂ ਕਿ ‘ਆਪ’ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਰੀਬ 94 ਬਣਦੀ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਉਸ ਵਕਤ ਸਦਨ ’ਚ ਆਏ ਜਦੋਂ ਮੁੱਖ ਮੰਤਰੀ ਆਪਣਾ ਭਾਸ਼ਣ ਖ਼ਤਮ ਕਰ ਚੁੱਕੇ ਸਨ। ਕੱਲ੍ਹ ਬਹਿਸ ਮੌਕੇ ਬਾਅਦ ਦੁਪਹਿਰ 12.17 ਵਜੇ ਸਦਨ ’ਚ ਸਿਰਫ਼ ਸੱਤ ਮੰਤਰੀ ਅਤੇ ਕੁੱਲ 28 ਮੈਂਬਰ ਹੀ ਸੱਤਾਧਾਰੀ ਧਿਰ ਦੇ ਹਾਜ਼ਰ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਣੀ ਗੱਲ ਕਹਿਣ ਮਗਰੋਂ ਸਾਰੇ ਕਾਂਗਰਸੀ ਮੈਂਬਰਾਂ ਸਮੇਤ ਸਦਨ ’ਚੋਂ ਵਾਕਆਊਟ ਕਰ ਗਏ ਸਨ। ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਤਾਂ ਗ਼ੈਰਹਾਜ਼ਰ ਹੀ ਰਹੇ ਹਨ। ਜੋ ਸਦਨ ’ਚ ਮੈਂਬਰ ਬੈਠਦੇ ਹਨ, ਉਨ੍ਹਾਂ ’ਚੋਂ ਬਹੁਤੇ ਮੋਬਾਈਲ ਫੋਨਾਂ ’ਤੇ ਰੁੱਝੇ ਰਹਿੰਦੇ ਹਨ। ਅੱਜ ਸਦਨ ’ਚ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਦਿਨੇਸ਼ ਚੱਢਾ ਅਤੇ ਗੁਰਲਾਲ ਸਿੰਘ ਘਨੌਰ ਮੋਬਾਈਲ ਫ਼ੋਨ ’ਤੇ ਗੱਲ ਕਰਦੇ ਨਜ਼ਰ ਆਏ।

         ਅੱਜ ਜਦੋਂ ਸਦਨ ’ਚ ਅਮਰੀਕਾ ਭਾਰਤ ਵਪਾਰਕ ਸਮਝੌਤੇ ’ਤੇ ਬਹਿਸ ਚੱਲ ਰਹੀ ਸੀ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਣਾ ਪੱਖ ਰੱਖਣ ਮਗਰੋਂ ਹੀ ਸਦਨ ’ਚੋਂ ਚਲੇ ਗਏ। ਸਦਨ ’ਚ ਅੱਜ ਜਦੋਂ ਬਾਅਦ ਦੁਪਹਿਰ ਪੌਣੇ ਇੱਕ ਵਜੇ ਬਜਟ ’ਤੇ ਬਹਿਸ ਸ਼ੁਰੂ ਹੋਈ ਤਾਂ ਉਸ ਮੌਕੇ ਪ੍ਰਤਾਪ ਸਿੰਘ ਬਾਜਵਾ ਗ਼ੈਰਹਾਜ਼ਰ ਸਨ। ਕਾਂਗਰਸ ਦੇ ਸਿਰਫ਼ ਅੱਠ ਵਿਧਾਇਕ ਹੀ ਸਦਨ ’ਚ ਬੈਠੇ ਨਜ਼ਰ ਆਏ ਜਦੋਂ ਕਿ ‘ਆਪ’ ਦੇ 32 ਵਿਧਾਇਕ ਹੀ ਹਾਜ਼ਰ ਸਨ ਜਿਨ੍ਹਾਂ ’ਚ ਸੱਤ ਕੈਬਨਿਟ ਮੰਤਰੀ ਵੀ ਸ਼ਾਮਲ ਹਨ। ਸਦਨ ’ਚ ਅੱਜ ਸੁਖਪਾਲ ਖਹਿਰਾ ਖ਼ਿਲਾਫ਼ ਨਿੰਦਾ ਮਤਾ ਪਾਸ ਹੋਣ ਮਗਰੋਂ ਇੱਕ ਵਾਰ ਤਾਂ ਸੱਤਾਧਾਰੀ ਧਿਰ ਦੀਆਂ ਸਾਰੀਆਂ ਮਹਿਲਾ ਵਿਧਾਇਕਾਂ ਸਦਨ ’ਚੋਂ ਗ਼ਾਇਬ ਹੋ ਗਈਆਂ ਸਨ। ਬਹੁਤੇ ਵਿਧਾਇਕ ਆਪਣਾ ਭਾਸ਼ਣ ਦੇਣ ਮਗਰੋਂ ਹੀ ਸਦਨ ਛੱਡਦੇ ਹਨ। ਹੁਣ ਬਹਿਸ ਅਤੇ ਸੰਵਾਦ ਵਿਧਾਇਕਾਂ ’ਚ ਜੋਸ਼ ਨਹੀਂ ਭਰਦਾ। ਖੜਕਾ ਦੜਕਾ ਹੋਣ ਸਮੇਂ ਹਾਜ਼ਰੀ ਇਕਦਮ ਭਰਦੀ ਹੈ।

Monday, March 9, 2026

 ਬਜਟ ਇਜਲਾਸ
 ਮਾਂ ਬੋਲੀ ਦੀ ਝੋਲੀ ਨਾ ਮਾਣ ਪਿਆ,ਨਾ ਭੱਤਾ
ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ’ਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬਜਟ ਭਾਸ਼ਣ ’ਚ ਪੰਜਾਬੀ ਮਾਂ ਬੋਲੀ ਦੀ ਝੋਲੀ ਨਾ ਮਾਣ ਪਿਆ ਅਤੇ ਨਾ ਹੀ ਕੋਈ ਭੱਤਾ। ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿੱਤ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਮਾਤ ਭਾਸ਼ਾ ਦੇ ਵਿਕਾਸ ਦਾ ਵੇਰਵਾ ਹਿੱਸਾ ਨਹੀਂ ਬਣ ਸਕਿਆ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਮੁੱਦਈ ਹਨ। ‘ਆਪ’ ਸਰਕਾਰ ਦੌਰਾਨ ਪੰਜ ਬਜਟ ਭਾਸ਼ਣਾਂ ’ਚ ਮਾਂ ਬੋਲੀ ਪੰਜਾਬੀ ਦੇ ਵਿਕਾਸ ਤੇ ਪਸਾਰ ਦਾ ਜ਼ਿਕਰ ਗ਼ਾਇਬ ਰਿਹਾ। ਭਾਸ਼ਾ ਵਿਭਾਗ ਨੂੰ ਮਿਲਣ ਵਾਲੇ ਬਜਟ ’ਤੇ ਵੀ ਕੈਂਚੀ ਚੱਲਣ ਲੱਗੀ ਹੈ। ਪੰਜਾਬੀ ਬੋਲੀ ’ਤੇ ਆਧਾਰ ਉੱਤੇ ਬਣੇ ਪੰਜਾਬੀ ਸੂਬੇ ਦੇ ਬਜਟ ਭਾਸ਼ਣ ’ਚ ਟਾਵੇਂ ਮੌਕਿਆਂ ’ਤੇ ਹੀ ਮਾਂ ਬੋਲੀ ਦੇ ਪਸਾਰ ਅਤੇ ਸਤਿਕਾਰ ਲਈ ਅੱਖਰ ਉੱਕਰੇ ਹਨ। 

      ਪੰਜਾਬ ਬਜਟ 2023-24 ਅਤੇ 2024-25 ’ਚ ਭਾਸ਼ਾ ਵਿਭਾਗ ਨੂੰ ਕਿਤਾਬਾਂ ਦੀ ਪ੍ਰਕਾਸ਼ਨਾਂ ਲਈ ਦੋ-ਦੋ ਕਰੋੜ ਰੁਪਏ ਦਾ ਬਜਟ ਮਿਲਿਆ ਸੀ ਜੋ ਬਾਅਦ ’ਚ ਲੈਪਸ ਹੋ ਗਿਆ ਕਿਉਂਕਿ ਪ੍ਰਕਾਸ਼ਨਾਂ ਦੇ ਟੈਂਡਰ ਵਾਸਤੇ 3.25 ਕਰੋੜ ਰੁਪਏ ਲੋੜੀਂਦੇ ਸਨ। ‘ਆਪ’ ਸਰਕਾਰ ਨੇ ਸਾਲ 2025-26 ਦੇ ਬਜਟ ’ਚ ਕਿਤਾਬਾਂ ਦੀ ਪ੍ਰਕਾਸ਼ਨਾਂ ਵਾਸਤੇ ਬਜਟ ਦੋ ਕਰੋੜ ਤੋਂ ਘਟਾ ਕੇ 10 ਲੱਖ ਰੁਪਏ ਕਰ ਦਿੱਤਾ ਸੀ। ਭਾਸ਼ਾ ਵਿਭਾਗ ਪ੍ਰਵਾਨਿਤ ਹੋਈਆਂ 60 ਕਿਤਾਬਾਂ ਦੀ ਪ੍ਰਕਾਸ਼ਨਾਂ ਕਰਾਉਣ ਤੋਂ ਬੇਵੱਸ ਹੈ ਅਤੇ ਮੈਗਜ਼ੀਨਾਂ ਦੀ ਪ੍ਰਕਾਸ਼ਨਾਂ ਦੇ ਕਰੀਬ 15 ਲੱਖ ਦੇ ਬਕਾਏ ਹਾਲੇ ਵੀ ਭਾਸ਼ਾ ਵਿਭਾਗ ਤਾਰ ਨਹੀਂ ਸਕਿਆ। ਕਾਂਗਰਸ ਸਰਕਾਰ ਨੇ ਆਪਣੇ ਆਖ਼ਰੀ ਬਜਟ ’ਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ ਹਿੱਤ ਬਜਟ ਭਾਸ਼ਣ ’ਚ ਇਸ ਮਦ ਨੂੰ ਵੱਖਰੀ ਥਾਂ ਦਿੱਤੀ ਸੀ।

      ਸਾਲ 2021-22 ਦੇ ਬਜਟ ’ਚ ਪੰਜਾਬੀ ਸਾਹਿਤ ਰਤਨ ਪੁਰਸਕਾਰ ਦੀ ਰਾਸ਼ੀ 10 ਲੱਖ ਤੋਂ ਵਧਾ ਕੇ 20 ਲੱਖ ਅਤੇ ਸ਼੍ਰੋਮਣੀ ਪੁਰਸਕਾਰ ਦੀ ਰਕਮ 5 ਤੋਂ ਵਧਾ ਕੇ 10 ਲੱਖ ਕੀਤੀ ਗਈ ਸੀ। ਇਸੇ ਤਰ੍ਹਾਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਦੀ ਇਨਾਮੀ ਰਕਮ 21 ਤੋਂ ਵਧਾ ਕੇ 31 ਹਜ਼ਾਰ ਕੀਤੀ ਗਈ ਸੀ। ਇਸੇ ਤਰ੍ਹਾਂ ਵੱਖ-ਵੱਖ ਭਾਸ਼ਾਵਾਂ ਦੇ ਸਰਵੋਤਮ ਛਪਾਈ ਪੁਸਤਕ ਪੁਰਸਕਾਰ ਤਹਿਤ ਪ੍ਰਕਾਸ਼ਕਾਂ ਤੇ ਛਾਪਕਾਂ ਨੂੰ ਇਨਾਮੀ ਰਕਮ 11 ਤੋਂ ਵਧਾ ਕੇ 21 ਹਜ਼ਾਰ ਕੀਤੀ ਗਈ ਸੀ। ਸਾਲ 2018-19 ਦੀ ਬਜਟ ਸਪੀਚ ’ਚ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਦੇ ਵਿਕਾਸ ਲਈ 25.01 ਕਰੋੜ ਦੀ ਰਕਮ ਰੱਖੀ ਗਈ ਸੀ। 

      ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਸਮੇਂ 2017-18 ਦੇ ਬਜਟ ਭਾਸ਼ਣ ’ਚ ਪੰਜਾਬੀ ਭਾਸ਼ਾ ਦੀ ਤਰੱਕੀ ਤੇ ਪਸਾਰ ਲਈ ਤਲਵੰਡੀ ਸਾਬੋ ਵਿੱਚ ਕੇਂਦਰੀ ਸੰਸਥਾ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ ਜੋ ਪੂਰੀ ਤਰ੍ਹਾਂ ਹਕੀਕਤ ਨਹੀਂ ਬਣ ਸਕਿਆ। ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਆਖ਼ਰੀ ਬਜਟ 2016-17 ’ਚ ਸੱਭਿਆਚਾਰ, ਸੰਗੀਤ ਅਤੇ ਥੀਏਟਰ ਸ਼ੋਅ ’ਤੇ ਮਨੋਰੰਜਨ ਕਰ ਮੁਆਫ਼ ਕਰ ਦਿੱਤਾ ਸੀ। ਇਸ ਬਜਟ ਸਪੀਚ ’ਚ ਤਤਕਾਲੀ ਵਿੱਤ ਮੰਤਰੀ ਨੇ ਹਰ ਥੀਏਟਰ ਲਈ ਹਫ਼ਤੇ ’ਚ ਇੱਕ ਵਾਰ ਪੰਜਾਬੀ ਫ਼ਿਲਮ ਦਿਖਾਏ ਜਾਣ ਨੂੰ ਲਾਜ਼ਮੀ ਕਰਾਰ ਦਿੱਤਾ ਸੀ। ਉਸ ਤੋਂ ਪਹਿਲਾਂ ਸਾਲ 2013-14 ਦੇ ਬਜਟ ’ਚ ਪੰਜਾਬੀ ਭਾਸ਼ਾ ਤੇ ਸਾਹਿਤਕ ਗਤੀਵਿਧੀਆਂ ਲਈ ਤਿੰਨ ਕਰੋੜ ਦੀ ਰਾਸ਼ੀ ਰੱਖੀ ਗਈ ਸੀ।

Sunday, March 8, 2026

ਪਵਿੱਤਰ ਸਦਨ 
 ਕਾਲੇ ਚੋਲਿਆਂ ਤੋਂ ਬੈਂਡ ਵਾਜਿਆਂ ਤੱਕ..
ਚਰਨਜੀਤ ਭੁੱਲਰ 

ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਦੌਰਾਨ ਹੁਣ ਸਿਆਸੀ ਧਿਰਾਂ ਦੇ ਵਿਰੋਧ ਕਰਨ ਦੇ ਢੰਗ ਤਰੀਕੇ ਵੀ ਬਦਲਣ ਲੱਗੇ ਹਨ। ਸਦਨ ਦੇ ਅੰਦਰ ਤੇ ਬਾਹਰ, ਪ੍ਰਦਰਸ਼ਨਾਂ ’ਚ ਹੁਣ ਵਿਰੋਧੀ ਧਿਰ ਹੀ ਨਹੀਂ, ਹੁਕਮਰਾਨ ਧਿਰ ਵੀ ਕੁੱਦਣ ਲੱਗੀ ਹੈ। ਕਿਸੇ ਜ਼ਮਾਨੇ ’ਚ ਸੈਸ਼ਨ ਦੌਰਾਨ ਵਿਰੋਧੀ ਧਿਰ ਸਿਰਫ਼ ਸੰਕੇਤਕ ਵਾਕਆਊਟ ਅਤੇ ਨਾਅਰੇਬਾਜ਼ੀ ਕਰਦੀ ਸੀ। ਹਾਕਮ ਧਿਰ ਹਮੇਸ਼ਾ ਸੈਸ਼ਨ ਬਿਨਾਂ ਕਿਸੇ ਰੌਲ਼ੇ ਰੱਪੇ ਚੱਲੇ ਅਤੇ ਸਦਨ ਦੀ ਕਾਰਵਾਈ ਨੂੰ ਵਿਘਨਮਈ ਬਣਨ ਤੋਂ ਰੋਕਣ ਲਈ ਪੂਰੀ ਵਾਹ ਲੱਗਦੀ ਸੀ। ਹੁਣ ਸੈਸ਼ਨਾਂ ਦੌਰਾਨ ਨਵੇਂ ਰੰਗ ਦੇਖਣ ਨੂੰ ਮਿਲਣ ਲੱਗੇ ਹਨ।ਆਮ ਆਦਮੀ ਪਾਰਟੀ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਦੌਰਾਨ ਹੁਕਮਰਾਨ ਧਿਰ ਹੋਣ ਦੇ ਬਾਵਜੂਦ ਖ਼ੁਦ ਵੀ ਪ੍ਰਦਰਸ਼ਨਾਂ ’ਚ ਕੁੱਦਣ ਲੱਗੀ ਹੈ। ਪੁਰਾਣੇ ਸਾਬਕਾ ਵਿਧਾਇਕ ਦੱਸਦੇ ਹਨ ਕਿ ਪਹਿਲਾਂ ਸੰਕੇਤਕ ਵਾਕਆਊਟ ਮੁੱਦਿਆਂ ’ਤੇ ਹੁੰਦਾ ਸੀ ਅਤੇ ਫ਼ੌਰੀ ਮੁੜ ਵਿਰੋਧੀ ਧਿਰ ਸਦਨ ’ਚ ਆ ਜਾਂਦੀ ਸੀ। ਕਿਸੇ ਖ਼ਾਸ ਮੌਕਿਆਂ ’ਤੇ ਹੀ ਨਾਅਰੇਬਾਜ਼ੀ ਹੁੰਦੀ ਸੀ। ਲੰਘੇ ਕੱਲ੍ਹ ‘ਆਪ’ ਦੇ ਆਗੂਆਂ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ’ਚ ਬਕਾਇਦਾ ਬੈਂਡ ਵਾਜਿਆਂ ਨਾਲ ਸਦਨ ਦੇ ਬਾਹਰ ਪ੍ਰਦਰਸ਼ਨ ਕੀਤਾ। 

       ‘ਆਪ’ ਆਗੂਆਂ ਦਾ ਗਿਲਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਪਰਿਵਾਰਕ ਕਿੱਤੇ ਬਾਰੇ ਅਪਸ਼ਬਦ ਬੋਲੇ ਗਏ ਜਿਸ ਦੇ ਰੋਸ ਵਜੋਂ ਬਾਜਵਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਸੱਤਾਧਾਰੀ ਧਿਰ ਨੇ ਹੀ ਸੈਸ਼ਨ ਦੌਰਾਨ ਇਸ ਤਰ੍ਹਾਂ ਦਾ ਨਿਵੇਕਲਾ ਪ੍ਰਦਰਸ਼ਨ ਕੀਤਾ ਹੋਵੇ। ਪਿਛਾਂਹ ਦੇਖੀਏ ਤਾਂ ਵਿਰੋਧੀ ਧਿਰ ਦੇ ਵਿਧਾਇਕ ਤਖ਼ਤੀਆਂ ਜਾਂ ਕਾਲੇ ਚੋਲੇ ਪਹਿਨ ਕੇ ਸੈਸ਼ਨ ਦੌਰਾਨ ਰੋਸ ਜ਼ਾਹਿਰ ਕਰਦੇ ਰਹੇ ਹਨ।ਕਾਂਗਰਸ ਸਰਕਾਰ ਦੇ ਆਖ਼ਰੀ ਬਜਟ ਇਜਲਾਸ ਮੌਕੇ ‘ਆਪ’ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਮਾਰਚ 2021 ’ਚ ਸਿਰ ’ਤੇ ਕਰਜ਼ੇ ਦੀ ਪੰਡ ਰੱਖ ਕੇ ਪੁੱਜੇ ਸਨ। ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਸਤੇ ਤਤਕਾਲੀ ਅਕਾਲੀ ਵਿਧਾਇਕ ਬਲਦ ਗੱਡਾ ਲੈ ਕੇ ਵਿਧਾਨ ਸਭਾ ਵੱਲ ਵਧੇ ਸਨ। ਮਾਰਚ 2024 ’ਚ ਤਤਕਾਲੀ ਕਾਂਗਰਸੀ ਵਿਧਾਇਕ ਡਾ.ਰਾਜ ਕੁਮਾਰ ਚੱਬੇਵਾਲ ਕਰਜ਼ੇ ਦੀ ਪੰਡ ਸਿਰ ’ਤੇ ਚੁੱਕ ਕੇ ਸਦਨ ਦੇ ਬਾਹਰ ਪੁੱਜੇ ਸਨ। ਉਨ੍ਹਾਂ ਵੱਲੋਂ ਪਹਿਨੇ ਕਾਲੇ ਚੋਲੇ ’ਤੇ ਕਰਜ਼ੇ ਦਾ ਵਰਣਨ ਕੀਤਾ ਹੋਇਆ ਸੀ। 

       ਡਾ.ਚੱਬੇਵਾਲ ਮਾਰਚ 2024 ਦੇ ਸੈਸ਼ਨ ਦੌਰਾਨ ਹੀ ਸੰਗਲ਼ ਲੈ ਕੇ ਪੁੱਜੇ ਸਨ। ਕਾਂਗਰਸੀ ਵਿਧਾਇਕਾਂ ਨੇ 13 ਸਤੰਬਰ 2016 ਨੂੰ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਹੀ ਰੋਸ ਵਜੋਂ ਰਾਤ ਕੱਟੀ ਸੀ ਅਤੇ ਇਸੇ ਤਰ੍ਹਾਂ ‘ਆਪ’ ਵਿਧਾਇਕ ਵੀ 19 ਅਕਤੂਬਰ 2020 ਨੂੰ ਸਪੈਸ਼ਲ ਸੈਸ਼ਨ ਦੌਰਾਨ ਦੇਰ ਸ਼ਾਮ ਤੱਕ ਪ੍ਰਦਰਸ਼ਨ ਕਰਦੇ ਰਹੇ। ਪੰਜਾਬ ਵਿਧਾਨ ਸਭਾ ’ਚ ਬੈੱਸਟ ਵਿਧਾਨਕਾਰ ਰਹਿ ਚੁੱਕੇ ਕਾਮਰੇਡ ਹਰਦੇਵ ਅਰਸ਼ੀ ਆਖਦੇ ਹਨ ਕਿ ਪਵਿੱਤਰ ਸਦਨ ਦੀ ਸੋਭਾ ਤੇ ਮਰਯਾਦਾ ਕਾਇਮ ਰੱਖਣ ਲਈ ਹਾਕਮ ਤੇ ਵਿਰੋਧੀ ਧਿਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕਾਮਰੇਡ ਅਰਸ਼ੀ ਦਾ ਕਹਿਣਾ ਸੀ ਕਿ ਸੱਤਾਧਾਰੀ ਧਿਰ ਦੀ ਸੰਜੀਦਗੀ ਤੇ ਗੰਭੀਰਤਾ ਹੀ ਸਦਨ ਦੀ ਕਾਰਵਾਈ ਨੂੰ ਨਿਰਵਿਘਨ ਚਲਾਉਣ ਲਈ ਸਹਾਈ ਹੁੰਦੀ ਹੈ। ਦੱਸਣਯੋਗ ਹੈ ਕਿ ‘ਆਪ’ ਸਰਕਾਰ ਵੱਲੋਂ ਥੋੜ੍ਹਾ ਸਮਾਂ ਪਹਿਲਾਂ ਮਗਨਰੇਗਾ ਸਕੀਮ ਦੇ ਮਾਮਲੇ ’ਤੇ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ ਅਤੇ ਚੱਲਦੇ ਸੈਸ਼ਨ ’ਚ ‘ਆਪ’ ਵਿਧਾਇਕ ਖ਼ੁਦ ਹੀ ਕੇਂਦਰ ਸਰਕਾਰ ਦੇ ਵਿਰੋਧ ਵਾਲੇ ਬੈਨਰ ਦਿਖਾਉਂਦੇ ਹੋਏ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਸਨ। 

       ਸਕੱਤਰੇਤ ਦੇ ਪੁਰਾਣੇ ਅਧਿਕਾਰੀ ਦੱਸਦੇ ਹਨ ਕਿ ਅਜਿਹਾ ਕਦੇ ਨਹੀਂ ਹੁੰਦਾ ਹੈ ਕਿ ਸੱਤਾਧਾਰੀ ਧਿਰ ਹੀ ਸਦਨ ’ਚ ਕੋਈ ਪ੍ਰਦਰਸ਼ਨ ਕਰੇ। ਸੈਸ਼ਨ ਦੌਰਾਨ ਵਿਰੋਧੀ ਧਿਰ ਜਾਂ ਹੋਰਨਾਂ ਸੰਘਰਸ਼ੀ ਧਿਰਾਂ ਵੱਲੋਂ ਵੀ ਪ੍ਰਦਰਸ਼ਨ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਵਿਧਾਨ ਸਭਾ ਵੱਲ ਵਧਣ ਤੋਂ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਵੀ ਅਕਸਰ ਚੱਲਦੀਆਂ ਹਨ ਸਿਆਸੀ ਟਿੱਪਣੀਕਾਰ ਪ੍ਰੋ.ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਪੰਜਾਬ ਦੀ ਸਿਆਸਤ ਹੁਣ ‘ਨੌਟੰਕੀ ਸਿਆਸਤ’ ਵੱਲ ਵਧਣ ਲੱਗੀ ਹੈ ਜਦੋਂ ਕਿ ਪਹਿਲਾਂ ਮੁੱਦਿਆਂ ਦੀ ਸਿਆਸਤ ਹੁੰਦੀ ਸੀ ਅਤੇ ਸਿਆਸੀ ਧਿਰਾਂ ਦੀ ਪ੍ਰਤੀਬੱਧਤਾ ਹੁੰਦੀ ਸੀ।  ਹੁਣ ਸਿਆਸੀ ਵਰਤਾਰਾ ਬਦਲ ਗਿਆ ਹੈ ਅਤੇ ਸਿਆਸਤ ਦੇ ਮਕਸਦ ਵੀ ਬਦਲ ਗਏ ਹਨ। 


Saturday, December 6, 2025

 ਕਿਤਾਬੀ ਖਜ਼ਾਨਾ 
ਵਿਧਾਇਕਾਂ ਦਾ ਖਾਤਾ ਖਾਲੀ..! 
ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦੇ ਵਿਧਾਇਕ ਤੇ ਵਜ਼ੀਰ ਹੁਣ ਕਿਤਾਬਾਂ ਤੋਂ ਦੂਰ ਹੋਣ ਲੱਗੇ ਹਨ। ਕੋਈ ਵੇਲਾ ਸੀ ਜਦੋਂ ਨੇਤਾ ਜਣਾਂ ’ਤੇ ਕਿਤਾਬੀ ਮੋਹ ਭਾਰੂ ਹੁੰਦਾ ਸੀ ਪ੍ਰੰਤੂ ਹੁਣ ਕਿਤਾਬਾਂ ਦੀ ਥਾਂ ਵਪਾਰ ਨੇ ਲੈ ਲਈ ਹੈ। ਪੰਜਾਬ ਦੇ ਮੁੱਖ ਮੰਤਰੀ ਵੀ ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਚੋਂ ਕਿਤਾਬਾਂ ਲੈਣੋਂ ਹਟ ਗਏ ਹਨ। ਸਾਲ 2007 ਤੋਂ ਬਾਅਦ ਵਿਧਾਨ ਸਭਾ ਲਾਇਬ੍ਰੇਰੀ ਚੋਂ ਕਿਸੇ ਵੀ ਮੁੱਖ ਮੰਤਰੀ ਨੇ ਅੱਜ ਤੱਕ ਕੋਈ ਕਿਤਾਬ ਜਾਰੀ ਨਹੀਂ ਕਰਾਈ। ਪ੍ਰਤਾਪ ਸਿੰਘ ਕੈਰੋਂ ਬਾਰੇ ਮਸ਼ਹੂਰ ਸੀ ਕਿ ਉਹ ਕਿਤਾਬਾਂ ਸਿਰਹਾਣੇ ਰੱਖ ਕੇ ਸੌਂਦੇ ਸਨ। ਮਰਹੂਮ ਸੰਸਦ ਮੈਂਬਰ ਜਗਦੇਵ ਸਿੰਘ ਖੁੱਡੀਆਂ ਕਿਤਾਬਾਂ ਗੱਡੀ ’ਚ ਰੱਖ ਕੇ ਤੁਰਦੇ ਸਨ। ਗਿਆਨੀ ਗੁਰਮੁਖ ਸਿੰਘ ਜੋ ਖ਼ੁਦ ਕਈ ਪੁਸਤਕਾਂ ਦੇ ਰਚੇਤਾ ਤੇ ਕਵੀ ਸਨ, ਪੰਜਾਬੀ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣੇ। ਸਾਹਿਤ ਅਕਾਦਮੀ ਅਵਾਰਡ ਜੇਤੂ ਸਨ। ਗਿਆਨੀ ਗੁਰਮੁਖ ਸਿੰਘ ਦੀ ਕਹਾਣੀ ’ਤੇ ਬਣੀ ਫ਼ਿਲਮ ‘ਬਾਗ਼ੀ ਦੀ ਧੀ’ ਨੇ ਹਾਲ ਹੀ ਵਿਚ ਕੌਮੀ ਐਵਾਰਡ ਜਿੱਤਿਆ ਹੈ।  

          ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਕਿਤਾਬਾਂ ਪੜ੍ਹਨ ਤੇ ਲਿਖਣ ਦੇ ਵੀ ਸ਼ੌਕੀਨ ਵੀ ਸਨ। ਬਰਨਾਲਾ ਨੇ ਬਤੌਰ ਮੁੱਖ ਮੰਤਰੀ ਵਿਧਾਨ ਸਭਾ ਦੀ ਲਾਇਬ੍ਰੇਰੀ ਚੋਂ 9 ਕਿਤਾਬਾਂ ਜਾਰੀ ਕਰਾਈਆਂ ਸਨ। ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਨਿੱਜੀ ਲਾਇਬ੍ਰੇਰੀ ਵੀ ਹੈ ਅਤੇ ਉਨ੍ਹਾਂ ਖੁਦ ਵੀ ਕਿਤਾਬਾਂ ਲਿਖੀਆਂ ਹਨ। ਅਮਰਿੰਦਰ ਸਿੰਘ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 11 ਕਿਤਾਬਾਂ ਵਿਧਾਨ ਸਭਾ ਲਾਇਬ੍ਰੇਰੀ ਚੋਂ ਜਾਰੀ ਕਰਾਈਆਂ ਜਦੋਂ ਕਿ ਦੂਸਰੇ ਕਾਰਜਕਾਲ ਦੌਰਾਨ ਕੋਈ ਕਿਤਾਬ ਜਾਰੀ ਨਹੀਂ ਕਰਾਈ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1977-1980 ਦੌਰਾਨ ਵਿਧਾਨ  ਸਭਾ ਲਾਇਬ੍ਰੇਰੀ ਚੋਂ 23 ਕਿਤਾਬਾਂ ਅਤੇ 1997-2002 ਵਾਲੇ ਦੌਰਾਨ ਪੰਜ ਕਿਤਾਬਾਂ ਜਾਰੀ ਕਰਾਈਆਂ। ਫਿਰ ਉਨ੍ਹਾਂ ਨੇ ਵਿਧਾਨ ਸਭਾ ਲਾਇਬ੍ਰੇਰੀ ਵੱਲ ਮੂੰਹ ਨਹੀਂ ਕੀਤਾ। ਦਰਬਾਰਾ ਸਿੰਘ ਨੇ ਬਤੌਰ ਮੁੱਖ ਮੰਤਰੀ ਸਾਲ 1980 ਤੋਂ 1983 ਦੌਰਾਨ 10 ਕਿਤਾਬਾਂ ਜਾਰੀ ਕਰਾਈਆਂ ਜਦੋਂ ਕਿ ਬੇਅੰਤ ਸਿੰਘ ਨੇ ਲਾਇਬ੍ਰੇਰੀ ਚੋਂ 10 ਕਿਤਾਬਾਂ ਜਾਰੀ ਕਰਾਈਆਂ ਸਨ। 

        ਹਰਚਰਨ ਸਿੰਘ ਬਰਾੜ ਨੇ ਬਤੌਰ ਮੁੱਖ ਮੰਤਰੀ ਸਿਰਫ਼ ਇੱਕ ਕਿਤਾਬ ਜਾਰੀ ਕਰਾਈ ਜਦੋਂ ਰਜਿੰਦਰ ਕੌਰ ਭੱਠਲ ਦਾ ਲਾਇਬਰੇਰੀ ’ਚ ਖਾਤਾ ਖਾਲੀ ਰਿਹਾ।ਗਿਆਨੀ ਜ਼ੈਲ ਸਿੰਘ ਨੇ ਮੁੱਖ ਮੰਤਰੀ ਹੁੰਦੇ ਹੋਏ 1972 ਤੋਂ 1977 ਤੱਕ 9 ਕਿਤਾਬਾਂ ਵਿਧਾਨ ਸਭਾ ਲਾਇਬ੍ਰੇਰੀ ਚੋਂ ਲਈਆਂ ਸਨ। ਚਰਨਜੀਤ ਸਿੰਘ ਚੰਨੀ ਨੇ ਵੀ ਲਾਇਬ੍ਰੇਰੀ ਚੋਂ ਕੋਈ ਕਿਤਾਬ ਨਹੀਂ ਲਈ। ਹਾਲਾਂ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਪੀ ਐੱਚ ਡੀ ਮੁਕੰਮਲ ਕੀਤੀ ਹੈ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਭਾਸ਼ਾ, ਸਾਹਿਤ ਤੇ ਸਭਿਆਚਾਰ ਪ੍ਰੇਮੀ ਨੇ ਅਤੇ ਕਵਿਤਾ ਵੀ ਲਿਖਦੇ ਹਨ ਪ੍ਰੰਤੂ ਉਨ੍ਹਾਂ ਨੇ ਵਿਧਾਨ ਸਭਾ ਲਾਇਬ੍ਰੇਰੀ ਚੋਂ ਕੋਈ ਕਿਤਾਬ ਜਾਰੀ ਨਹੀਂ ਕਰਾਈ। ਪੁਰਾਣੇ ਨੇਤਾ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ। ਹੁਣ ਜ਼ਿਆਦਾ ਕਾਰੋਬਾਰੀ ਲੋਕ ਆ ਗਏ ਹਨ। ਪੁਰਾਣੇ ਵਿਧਾਨਕਾਰ ਹਰਦੇਵ ਅਰਸ਼ੀ ਆਖਦੇ ਹਨ ਕਿ ਜਦੋਂ ਸਿਆਸੀ ਆਗੂ ਵਪਾਰੀ ਹੋਣ ਤਾਂ ਫਿਰ ਪੜ੍ਹਨ ਲਿਖਣ ਦੀ ਕੀ ਲੋੜ।

        ਸਾਹਿਤ ਰਸੀਏ ਵਿਧਾਇਕਾਂ ’ਚ ਅੱਠ ਵਾਰ ਵਿਧਾਇਕ ਬਣੇ ਡਾ. ਕੇਵਲ ਕ੍ਰਿਸ਼ਨ, ਅਕਾਲੀ ਮੰਤਰੀ ਜਸਦੇਵ ਸਿੰਘ ਸੰਧੂ, ਆਤਮਾ ਸਿੰਘ, ਚਰਨਜੀਤ ਸਿੰਘ ਅਟਵਾਲ, ਬੀਰਦਵਿੰਦਰ ਸਿੰਘ, ਜਗਮੀਤ ਸਿੰਘ ਬਰਾੜ, ਮਨਪ੍ਰੀਤ ਸਿੰਘ ਬਾਦਲ, ਸੰਗਰੂਰ ਤੋਂ ਸਾਬਕਾ ਮੰਤਰੀ ਜਸਵੀਰ ਸਿੰਘ, ਗੁਰਦੀਪ ਸਿੰਘ ਭੈਣੀ, ਬਲਬੀਰ ਸਿੰਘ ਬਾਠ, ਸਮੇਤ ਕਿੰਨੇ ਵੀ ਸਿਆਸੀ ਆਗੂ ਸਨ ਜਿਨ੍ਹਾਂ ਦਾ ਕਿਤਾਬਾਂ ਬਿਨਾਂ ਸਰਦਾ ਨਹੀਂ ਸੀ।ਮੌਜੂਦਾ ਵਿਧਾਇਕਾਂ ’ਤੇ ਨਜ਼ਰ ਮਾਰੀਏ ਤਾਂ ਪਹਿਲੀ ਅਪਰੈਲ 2022 ਤੋਂ ਹੁਣ ਤੱਕ ਪੰਜਾਬ ਦੇ ਦੋ ਤਿਹਾਈ ਵਿਧਾਇਕਾਂ ਨੇ ਵਿਧਾਨ ਸਭਾ ਦੀ ਲਾਇਬ੍ਰੇਰੀ ਦਾ ਮੂੰਹ ਨਹੀਂ ਦੇਖਿਆ। ਮੁੱਖ ਮੰਤਰੀ ਤੇ ਵਜ਼ੀਰਾਂ ਸਮੇਤ 81 ਵਿਧਾਇਕ ਅਜਿਹੇ ਹਨ ਜਿਨ੍ਹਾਂ ਨੇ ਲਾਇਬ੍ਰੇਰੀ ਚੋਂ ਕੋਈ ਕਿਤਾਬ ਨਹੀਂ ਲਈ। ਵਿਧਾਨ ਸਭਾ ਸਕੱਤਰੇਤ ਦੀ ਲਾਇਬ੍ਰੇਰੀ ’ਚ ਦੁਰਲੱਭ ਖ਼ਜ਼ਾਨਾ ਪਿਆ ਹੈ। ਲਾਇਬ੍ਰੇਰੀ ਚੋਂ ਕਿਤਾਬਾਂ ਲੈਣ ਵਾਲੇ ਸਿਰਫ਼ ਚਾਰ ਮੰਤਰੀ ਬਰਿੰਦਰ ਕੁਮਾਰ ਗੋਇਲ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈਟੀਓ ਤੇ ਹਰਦੀਪ ਸਿੰਘ ਮੁੰਡੀਆਂ ਹਨ।

          ਵਿਧਾਇਕ ਫੌਜਾ ਸਿੰਘ ਸਰਾਰੀ ਨੇ ਸਭ ਤੋਂ ਵੱਧ 16 ਕਿਤਾਬਾਂ ਅਤੇ ਦੂਜੇ ਨੰਬਰ ’ਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ 15 ਕਿਤਾਬਾਂ ਲਈਆਂ ਹਨ। ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਰਜਨ ਕਿਤਾਬਾਂ ਲਈਆਂ ਹਨ। ਚਾਰ ਵਿਧਾਇਕ ਔਰਤਾਂ ਨਰਿੰਦਰ ਕੌਰ ਭਰਾਜ ਨੇ 12 ਕਿਤਾਬਾਂ, ਪ੍ਰੋ. ਬਲਜਿੰਦਰ ਕੌਰ ਨੇ ਇੱਕ, ਇੰਦਰਜੀਤ ਕੌਰ ਮਾਨ ਨੇ ਦੋ ਅਤੇ ਸਰਵਜੀਤ ਕੌਰ ਮਾਣੂਕੇ ਨੇ ਸੱਤ ਕਿਤਾਬਾਂ ਜਾਰੀ ਕਰਾਈਆਂ ਹਨ। ਇਵੇਂ ਹੀ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ 9, ਗੁਰਪ੍ਰੀਤ ਸਿੰਘ ਵਣਾਂਵਾਲੀ ਨੇ ਇੱਕ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਪੰਜ ਅਤੇ ਡਾ. ਵਿਜੇ ਸਿੰਗਲਾ ਨੇ ਚਾਰ ਕਿਤਾਬਾਂ ਜਾਰੀ ਕਰਾਈਆਂ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਕਿਤਾਬ ਅਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਚਾਰ ਕਿਤਾਬਾਂ ਲਈਆਂ ਹਨ। ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਵਿਧਾਇਕ ਵੱਲੋਂ ਕੋਈ ਕਿਤਾਬ ਨਹੀਂ ਲਈ ਹੈ।

        ਐਤਕੀਂ ਵਿਧਾਨ ਸਭਾ ’ਚ 68 ਵਿਧਾਇਕ ਤਾਂ ਗਰੈਜੂਏਟ ਜਾਂ ਇਸ ਤੋਂ ਜ਼ਿਆਦਾ ਪੜੇ ਲਿਖੇ ਹਨ। ‘ਆਪ’ ਦੇ ਕੁੱਲ ਵਿਧਾਇਕਾਂ ਚੋਂ 18.48 ਫ਼ੀਸਦੀ ਪੋਸਟ ਗਰੈਜੂਏਟ 23.91 ਫ਼ੀਸਦੀ ਗਰੈਜੂਏਟ ਹਨ। ‘ਆਪ’ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਵਿਧਾਨ ਸਭਾ ਲਾਇਬਰੇਰੀ ਤੋਂ ਪਾਸਾ ਹੀ ਵੱਟੀ ਰੱਖਿਆ।

                             ਸਿਆਸੀ ਬੁਨਿਆਦ ’ਚ ਵਿਗਾੜ ਪੈਦਾ ਹੋਏ : ਭੱਟੀ

ਪੰਜਾਬੀ ’ਵਰਸਿਟੀ ਦੇ ਸਮਾਜ ਵਿਗਿਆਨ ਦੇ ਸਾਬਕਾ ਪ੍ਰੋ. ਹਰਵਿੰਦਰ ਭੱਟੀ ਆਖਦੇ ਹਨ ਕਿ ਅਸਲ ’ਚ ਸਿਆਸਤ ’ਚ ਹੁਣ ਕਾਰੋਬਾਰੀ ਲੋਕਾਂ ਦੀ ਭੀੜ ਬਣ ਗਈ ਹੈ ਜਦੋਂ ਕਿ ਪਹਿਲਾਂ ਸਮਾਜ ਦੇ ਹਰ ਤਬਕੇ ਚੋਂ ਸਿਆਸਤ ’ਚ ਪ੍ਰਤੀਨਿਧਤਾ ਹੁੰਦੀ ਸੀ। ਇਹੋ ਵਜ੍ਹਾ ਹੈ ਕਿ ਵਿਧਾਇਕਾਂ ਦਾ ਕਿਤਾਬਾਂ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਵਿਧਾਨ ਸਭਾ ਦੀ ਬਹਿਸ ’ਚ ਇਲਜ਼ਾਮਤਰਾਸੀ ਜ਼ਿਆਦਾ ਅਤੇ ਸੰਵਾਦ ਘਟਦਾ ਜਾ ਰਿਹਾ ਹੈ। ਸਿਆਸਤ ਦੀਆਂ ਤਰਜੀਹਾਂ ਬਦਲੀਆਂ ਹਨ ਜਿਸ ਨੇ ਨੇਤਾਵਾਂ ਦੀ ਸੋਚ ਤੇ ਪਹੁੰਚ ’ਤੇ ਪ੍ਰਭਾਵ ਛੱਡਿਆ ਹੈ।  

                                      ਕਿਤਾਬਾਂ ਦੇ ਨਾਮ ਰੱਖ ਲਏ ‘ਗੁਪਤ’

ਪੰਜਾਬ ਵਿਧਾਨ ਸਭਾ ਸਕੱਤਰੇਤ ’ਚ ਇਹ ਨਵਾਂ ਬਦਲਾਅ ਦੇਖਣ ਨੂੰ ਮਿਲਿਆ ਹੈ ਕਿ ਵਿਧਾਨ ਸਭਾ ਨੇ ਵਿਧਾਇਕਾਂ ਨੂੰ ਜਾਰੀ ਕਿਤਾਬਾਂ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੂਚਨਾ ਦੇ ਅਧਿਕਾਰ ਤਹਿਤ ਸਕੱਤਰੇਤ ਨੇ ਕਿਤਾਬਾਂ ਦੀ ਗਿਣਤੀ ਤਾਂ ਦੇ ਦਿੱਤੀ ਹੈ ਪ੍ਰੰਤੂ ਕਿਤਾਬਾਂ ਦੇ ਨਾਮ ਇਹ ਤਰਕ ਦੇ ਕੇ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਜੇ ਵਿਧਾਇਕਾਂ ਨੂੰ ਜਾਰੀ ਹੋਈਆਂ ਕਿਤਾਬਾਂ ਦੀ ਨਿੱਜੀ ਸੂਚਨਾ ਦੇ ਦਿੱਤੀ ਤਾਂ ਇਹ ਵਿਧਾਇਕ ਲਈ ਖ਼ਤਰਾ ਬਣ ਸਕਦੀ ਹੈ। ਹਾਲਾਂਕਿ ਸਕੱਤਰੇਤ ਪਹਿਲਾਂ ਕਈ ਵਾਰ ਕਿਤਾਬਾਂ ਦੀ ਸੂਚਨਾ ਦੇ ਚੁੱਕਿਆ ਹੈ।


Monday, November 24, 2025

 ਅਤੀਤ ’ਤੇ ਝਾਤ 
 ਜਦੋਂ ਸਕੂਲ ’ਚ ਹੋਇਆ ਵਿਧਾਨ ਸਭਾ ਸੈਸ਼ਨ !
ਚਰਨਜੀਤ ਭੁੱਲਰ 

ਚੰਡੀਗੜ੍ਹ :ਇੱਕ ਜ਼ਮਾਨਾ ਉਹ ਵੀ ਸੀ ਜਦੋਂ ਪੰਜਾਬ ਵਿਧਾਨ ਸਭਾ ਦੇ ਇਜਲਾਸ ਚੰਡੀਗੜ੍ਹ ਦੇ ਸਰਕਾਰੀ ਸਕੂਲ ’ਚ ਹੁੰਦੇ ਸਨ। ਮੌਜੂਦਾ ਵਿਧਾਨ ਸਭਾ ਦੀ ਉਸਾਰੀ ਤੋਂ ਪਹਿਲਾਂ ਵੀ ਅਤੇ ਮਗਰੋਂ ਵੀ, ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਦੇ ਸੈਕਟਰ 10 ਦੇ ਜੂਨੀਅਰ ਸੈਕੰਡਰੀ ਸਕੂਲ ਦੇ ਹਾਲ ’ਚ ਜੁੜਦੀ ਰਹੀ ਹੈ। ਆਜ਼ਾਦੀ ਮਗਰੋਂ ਜਿਨ੍ਹਾਂ ਸਮਾਂ ਪੰਜਾਬ ਵਿਧਾਨ ਸਭਾ ਦਾ ਸਥਾਈ ਸਕੱਤਰੇਤ ਨਹੀਂ ਬਣਿਆ ਸੀ, ਉਨ੍ਹਾਂ ਸਮਾਂ ਵਿਧਾਨ ਸਭਾ ਦੇ ਸੈਸ਼ਨਾਂ ਦਾ ਸਥਾਨ ਵੀ ਬਦਲਦਾ ਰਿਹਾ। ਪੰਜਾਬ ਵਿਧਾਨ ਸਭਾ ਦਾ ਆਖ਼ਰੀ ਇਜਲਾਸ ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਹਾਲ ’ਚ 20 ਸਤੰਬਰ 1961 ਤੋਂ 28 ਸਤੰਬਰ 1961 ਤੱਕ ਹੋਇਆ ਸੀ। ਉਸ ਮਗਰੋਂ ਮੌਜੂਦਾ ਵਿਧਾਨ ਭਵਨ ’ਚ ਹੀ ਸੈਸ਼ਨ ਹੋ ਰਹੇ ਹਨ। ਵੇਰਵਿਆਂ ਅਨੁਸਾਰ ਸਤੰਬਰ 1961 ਤੋਂ ਬਾਅਦ ਹੁਣ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅਨੰਦਪੁਰ ਸਾਹਿਬ ਵਿਖੇ ਭਲਕੇ ਹੋ ਰਿਹਾ ਹੈ ਜੋ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗਾ। 

        ਅਜ਼ਾਦੀ ਤੋਂ ਫ਼ੌਰੀ ਮਗਰੋਂ ਪੰਜਾਬ ਵਿਧਾਨ ਸਭਾ ਦੀ ਕੋਈ ਇਮਾਰਤ ਨਾ ਹੋਣ ਕਰਕੇ ਸ਼ਿਮਲਾ ਅਤੇ ਚੰਡੀਗੜ੍ਹ ਦੇ ਸਕੂਲਾਂ ਕਾਲਜਾਂ ’ਚ ਵਿਧਾਨ ਸਭਾ ਜੁੜਦੀ ਰਹੀ। ਪਹਿਲੀ ‘ਈਸਟ ਪੰਜਾਬ ਵਿਧਾਨ ਸਭਾ’ ਦੇ ਇਜਲਾਸ 1 ਨਵੰਬਰ 1947 ਤੋਂ 25 ਅਕਤੂਬਰ 1949 ਤੱਕ ਸ਼ਿਮਲਾ ’ਚ ਗਵਰਨਰ ਜਨਰਲ ਲੌਂਜ ਦੇ ਕੌਂਸਲ ਚੈਂਬਰ ’ਚ ਹੋਏ। ਪਹਿਲੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵੀ 6 ਮਾਰਚ 1950 ਤੋਂ 18 ਅਪਰੈਲ 1953 ਤੱਕ ਅਸੈਂਬਲੀ ਚੈਂਬਰ ਸ਼ਿਮਲਾ ਵਿਖੇ ਹੋਏ। ਉਸ ਤੋਂ ਬਾਅਦ ਅਸੈਂਬਲੀ ਸੈਸ਼ਨ 28 ਸਤੰਬਰ 1953 ਤੋਂ 25 ਫਰਵਰੀ 1961 ਤੱਕ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਹਾਲ ਅਤੇ ਜੂਨੀਅਰ ਸੈਕੰਡਰੀ ਸਕੂਲ ਦੇ ਹਾਲ ’ਚ ਹੁੰਦੇ ਰਹੇ। ਆਖ਼ਰ 6 ਮਾਰਚ 1961 ਨੂੰ ਪੰਜਾਬ ਵਿਧਾਨ ਸਭਾ ਦੀ ਮੌਜੂਦਾ ਇਮਾਰਤ ਸਥਾਈ ਹਾਊਸ ਬਣ ਗਈ। ਵਿਧਾਨ ਸਭਾ ਦੀ ਮੌਜੂਦਾ ਇਮਾਰਤ ’ਚ ਪਹਿਲਾ ਸੈਸ਼ਨ 6 ਮਾਰਚ 1961 ਤੋਂ 30 ਮਾਰਚ 1961 ਤੱਕ ਚੱਲਿਆ। 

        ਉਸ ਤੋਂ ਬਾਅਦ ਮੁੜ ਕਈ ਬੈਠਕਾਂ ਸਰਕਾਰੀ ਸਕੂਲ ਦੇ ਹਾਲ ’ਚ ਵਿਧਾਨ ਸਭਾ ਦੀਆਂ ਹੋਈਆਂ। ਇਮਾਰਤ ਬਣਨ ਮਗਰੋਂ ਵੀ ਸਰਕਾਰੀ ਸਕੂਲ ਦੀ ਚੋਣ ਅਸੈਂਬਲੀ ਸੈਸ਼ਨ ਲਈ ਕਿਉਂ ਹੋਈ, ਇਸ ਦਾ ਠੋਸ ਕਾਰਨ ਪਤਾ ਨਹੀਂ ਲੱਗ ਸਕਿਆ। ਮੌਜੂਦਾ ਇਮਾਰਤ ਬਣਨ ਮਗਰੋਂ ਵੀ 20 ਸਤੰਬਰ 1961 ਤੋਂ 28 ਸਤੰਬਰ 1961 ਤੱਕ ਪੰਜਾਬ ਵਿਧਾਨ ਸਭਾ ਦੀਆਂ ਕੁੱਝ ਬੈਠਕਾਂ ਚੰਡੀਗੜ੍ਹ ਦੇ ਸੈਕਟਰ 10 ਦੇ ਜੂਨੀਅਰ ਸੈਕੰਡਰੀ ਸਕੂਲ ’ਚ ਹੋਈਆਂ। 13 ਮਾਰਚ 1962 ਤੋਂ ਮੌਜੂਦਾ ਸਮੇਂ ਤੱਕ ਪੰਜਾਬ ਵਿਧਾਨ ਸਭਾ ਦੇ ਇਜਲਾਸ ਮੌਜੂਦਾ ਵਿਧਾਨ ਸਭਾ ਸਕੱਤਰੇਤ ’ਚ ਹੀ ਹੋਏ। ਹੁਣ ਏਨੇ ਲੰਮੇ ਅਰਸੇ ਮਗਰੋਂ ਵਿਧਾਨ ਸਭਾ ਦਾ ਇੱਕ ਦਿਨਾਂ ਇਜਲਾਸ ਅਨੰਦਪੁਰ ਸਾਹਿਬ ’ਚ ਜੁੜ ਰਿਹਾ ਹੈ। ਜਾਣਕਾਰੀ ਅਨੁਸਾਰ ਸਾਲ 1952 ਤੋਂ 1970 ਤੱਕ ਪੰਜਾਬ ਵਿਧਾਨ ਸਭਾ ਦੇ ਦੋ ਸਦਨ ਰਹੇ ਹਨ। ਪਹਿਲੀ ਜਨਵਰੀ 1970 ਨੂੰ ਵਿਧਾਨ ਸਭਾ ਦਾ ਉੱਪਰਲਾ ਸਦਨ ਖ਼ਤਮ ਕਰ ਦਿੱਤਾ।

       ਪੰਜਾਬੀ ਸੂਬਾ ਬਣਨ ਮਗਰੋਂ 1966 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ 154 ਤੋਂ ਘੱਟ ਕੇ 87 ਰਹਿ ਗਈ ਸੀ। 1967 ਦੀਆਂ ਚੋਣਾਂ ਮਗਰੋਂ ਇਹ ਅੰਕੜਾ ਮੁੜ 104 ਹੋ ਗਿਆ। ਮੌਜੂਦਾ ਸਮੇਂ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ 117 ਹੈ। ਅਨੰਦਪੁਰ ਸਾਹਿਬ ’ਚ ਹੋ ਰਹੇ ਵਿਸ਼ੇਸ਼ ਇਜਲਾਸ ’ਚ ਭਾਗ ਲੈਣ ਵਾਲੇ ਮੈਂਬਰਾਂ ਚੋਂ ਬਹੁਤੇ ਅੱਜ ਅਨੰਦਪੁਰ ਸਾਹਿਬ ਵਿਖੇ ਟੈਂਟ ਸਿਟੀ ’ਚ ਪਹੁੰਚ ਗਏ ਹਨ। ਹਰ ਵਿਧਾਇਕ ਨੂੰ ਇੱਕ ਟੈਂਟ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵਾਟਰ ਪਰੂਫ਼ ਟੈਂਟ ’ਚ ਹੋ ਰਿਹਾ ਹੈ ਜਿਸ ’ਚ ਨਿਰੋਲ ਰੂਪ ’ਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਿਧਾਂਤਾਂ ਦੀ ਹੀ ਗੱਲ ਹੋਵੇਗੀ।

Thursday, October 30, 2025

                                                       ਆਰਜ਼ੀ ਵਿਧਾਨ ਸਭਾ
                            ਸੈਸ਼ਨ ਲਈ ਲੱਗੇਗਾ ਵਾਟਰ ਪਰੂਫ ਟੈਂਟ
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨਾਲ ਸਬੰਧਤ ਸਮਾਗਮਾਂ ਨੂੰ ਸਮਰਪਿਤ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾ ਵਿਸ਼ੇਸ਼ ਇਜਲਾਸ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਟਰ ਪਰੂਫ਼ ਟੈਂਟ ’ਚ ਹੋਵੇਗਾ। ਪਹਿਲੀ ਵਾਰ ਸੈਸ਼ਨ ਪੰਜਾਬ ਵਿਧਾਨ ਸਭਾ ਦੇ ਕੰਪਲੈਕਸ ਤੋਂ ਬਾਹਰ ਕਰਾਇਆ ਜਾ ਰਿਹਾ ਹੈ ਜਿਸ ਦੀ ਤਿਆਰੀ ’ਚ ਸਰਕਾਰ ਜੁਟ ਗਈ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਸ੍ਰੀ ਆਨੰਦਪੁਰ ਸਾਹਿਬ ਦੇ ਬਾਬਾ ਜੀਵਨ ਸਿੰਘ ਯਾਦਗਾਰੀ ਪਾਰਕ ’ਚ ਵਿਸ਼ੇਸ਼ ਇਜਲਾਸ ਹੋਵੇਗਾ ਅਤੇ ਪਾਰਕ ਦੀਆਂ ਗੈਲਰੀਆਂ ਨੂੰ ਵਿਧਾਨ ਸਭਾ ਦੇ ਹਿੱਸੇ ਵਜੋਂ ਵਰਤਿਆ ਜਾਵੇਗਾ। ਸੂਬਾ ਸਰਕਾਰ ਨੇ ‘ਈਵੈਂਟ ਮੈਨੇਜਮੈਂਟ’ ਲਈ ਟੈਂਡਰ ਜਾਰੀ ਕੀਤੇ ਸਨ ਅਤੇ ਪੰਜ ਕੰਪਨੀਆਂ ਨੇ ਇਸ ਲਈ ਅਪਲਾਈ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਪੈਟਰਨ ’ਤੇ ਹੀ ਆਨੰਦਪੁਰ ਸਾਹਿਬ ’ਚ ਕੰਪਲੈਕਸ ਤਿਆਰ ਹੋਵੇਗਾ ਜਿਸ ’ਚ ਵਿਧਾਇਕਾਂ ਲਈ 120 ਸੀਟਾਂ ਦਾ ਇੰਤਜ਼ਾਮ ਕੀਤਾ ਜਾਵੇਗਾ।

          ਸਰਕਾਰ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ ਨਾਲ ਦੀਵਾਲੀ ਤੋਂ ਪਹਿਲਾਂ ਕਈ ਮੀਟਿੰਗਾਂ ਦਾ ਗੇੜ ਮੁਕੰਮਲ ਕਰ ਲਿਆ ਹੈ ਅਤੇ ਸਕੱਤਰੇਤ ਨੇ ਵਿਧਾਨ ਸਭਾ ਦਾ ਡਿਜ਼ਾਈਨ ਆਦਿ ਦੇ ਦਿੱਤਾ ਹੈ। ਬਾਬਾ ਜੀਵਨ ਸਿੰਘ ਯਾਦਗਾਰੀ ਪਾਰਕ ਵਿਚਲਾ ਅਲੌਕਿਕ ਖੰਡਾ ਵੀ ਆਰਜ਼ੀ ਵਿਧਾਨ ਸਭਾ ਦਾ ਹਿੱਸਾ ਬਣਾਇਆ ਜਾਵੇਗਾ। ਸਪੀਕਰ ਦੀ ਕੁਰਸੀ ਉੱਚੀ ਰੱਖੀ ਜਾਵੇਗੀ ਜਦੋਂ ਕਿ ਹੇਠਾਂ ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਬੈਂਚ ਵੱਖੋ-ਵੱਖਰੇ ਹੋਣਗੇ। ਪਹਿਲੀ ਵਾਰ ਵਿਧਾਨ ਸਭਾ ਦਾ ਸੈਸ਼ਨ ਰਾਜਧਾਨੀ ਤੋਂ ਬਾਹਰ ਕਰਾਇਆ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਵਿਧਾਨ ਸਭਾ ਦੇ ਇਜਲਾਸ ਦੀ ਜਗ੍ਹਾ ਕੋਈ ਵੀ ਹੋ ਸਕਦੀ ਹੈ ਅਤੇ ਰਾਜਪਾਲ ਸੈਸ਼ਨ ਸੱਦਣਗੇ। ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਸੈਸ਼ਨ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਾਇਆ ਜਾ ਰਿਹਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ’ਚ ਸੈਸ਼ਨ ਲਈ ਬੁਨਿਆਦੀ ਢਾਂਚਾ ਸਥਾਪਿਤ ਕਰਨ ਦਾ ਕੰਮ 12 ਨਵੰਬਰ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ। ਮੁੱਖ ਆਰਕੀਟੈਕਟ ਤੋਂ ਇਸ ਬਾਰੇ ਮਸ਼ਵਰਾ ਲਿਆ ਜਾ ਰਿਹਾ ਹੈ। 

         ਜਾਣਕਾਰੀ ਮੁਤਾਬਕ ਵਿਧਾਨ ਸਭਾ ਸਕੱਤਰੇਤ ਨੇ ਸੈਸ਼ਨ ਵਾਲੇ ਦਿਨ ਵਿਧਾਇਕਾਂ ਦੇ ਠਹਿਰਨ ਦਾ ਪ੍ਰਬੰਧ ਕੀਤੇ ਜਾਣ ਦਾ ਮਸ਼ਵਰਾ ਵੀ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵਿਧਾਨ ਸਭਾ ਕੰਪਲੈਕਸ ’ਚ ਹੀ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਤਰਕ ਦਿੱਤਾ ਕਿ ਵਿਧਾਨ ਸਭਾ ਦਾ ਸੈਸ਼ਨ ਬਾਹਰ ਕਿਸੇ ਹੋਰ ਥਾਂ ’ਤੇ ਕਰਵਾਏ ਜਾਣ ਦੀ ਰਵਾਇਤ ਨਹੀਂ ਅਤੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਮੌਕੇ ਸੰਗਤ ਦਾ ਭਾਰੀ ਇਕੱਠ ਹੋਵੇਗਾ ਜਿਸ ਕਰ ਕੇ ਵਿਧਾਇਕਾਂ, ਅਫਸਰਾਂ ਤੇ ਮੀਡੀਆ ਨੂੰ ਦਿੱਕਤਾਂ ਆਉਣਗੀਆਂ; ਪੁਲੀਸ ਅਤੇ ਸਿਵਲ ਪ੍ਰਸ਼ਾਸਨ ’ਤੇ ਵੀ ਦਬਾਅ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸੈਸ਼ਨ ’ਤੇ ਕਰੋੜਾਂ ਰੁਪਏ ਦਾ ਵਾਧੂ ਖ਼ਰਚਾ ਆਵੇਗਾ ਜੋ ਸੰਗਤ ਲਈ ਪ੍ਰਬੰਧਾਂ ’ਤੇ ਖ਼ਰਚ ਕੀਤਾ ਜਾ ਸਕਦਾ ਹੈ।

Wednesday, December 18, 2024

                                                          ਖੇਤੀ ਖਰੜਾ
                                   ਮਤਾ ਲਿਆਉਣ ਦੀ ਤਿਆਰੀ
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ ’ਤੇ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਚਰਚਾ ਕਰਾਏ ਜਾਣ ਦੀ ਯੋਜਨਾ ਹੈ। ਵਿਧਾਨ ਸਭਾ ਦਾ ਇਜਲਾਸ ਜਨਵਰੀ ਦੇ ਦੂਜੇ ਹਫ਼ਤੇ ਸੱਦੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਕੌਮੀ ਖੇਤੀ ਖਰੜੇ ਬਾਰੇ ਲੰਮੀ ਚਰਚਾ ਕੀਤੀ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ 19 ਦਸੰਬਰ ਦੀ ਮੀਟਿੰਗ ’ਚ ਕਿਸਾਨ ਅਤੇ ਮਜ਼ਦੂਰ ਆਗੂਆਂ ਨਾਲ ਕੇਂਦਰੀ ਖਰੜੇ ਬਾਰੇ ਮਸ਼ਵਰਾ ਕੀਤਾ ਜਾਵੇ ਅਤੇ ਉਸ ਦੇ ਭਵਿੱਖ ’ਚ ਪੈਣ ਵਾਲੇ ਮਾਰੂ ਪ੍ਰਭਾਵਾਂ ਤੋਂ ਵੀ ਉਨ੍ਹਾਂ ਨੂੰ ਜਾਣੂ ਕਰਾਇਆ ਜਾਵੇ। ਖੇਤੀ ਮਹਿਕਮੇ ਨੇ ਸਾਰੇ ਕਿਸਾਨ ਅਤੇ ਮਜ਼ਦੂਰ ਆਗੂਆਂ ਨੂੰ ਮੀਟਿੰਗ ਲਈ ਸੱਦਾ ਪੱਤਰ ਭੇਜ ਦਿੱਤੇ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਇਸ ਨਵੇਂ ਖਰੜੇ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਉਨ੍ਹਾਂ ਅੱਜ ਦੀ ਮੀਟਿੰਗ ਵਿਚ ਪੰਜਾਬ ਤੇ ਕਿਸਾਨੀ ਲਈ ਡਟ ਕੇ ਸਟੈਂਡ ਲੈਣ ਦਾ ਪੈਂਤੜਾ ਲਿਆ ਹੈ। 

         ਮੁੱਖ ਮੰਤਰੀ ਨੇ ਖਰੜੇ ਦਾ ਅਧਿਐਨ ਕਰਨ ਮਗਰੋਂ ਕਿਹਾ ਕਿ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦਾ ਇਹ ਖਰੜਾ ਇੱਕ ਤਰੀਕੇ ਨਾਲ ਕੇਂਦਰ ਵੱਲੋਂ ਪਹਿਲਾਂ ਹੀ ਰੱਦ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਪੁਨਰ ਜਨਮ ਵਾਂਗ ਹੈ ਜੋ ਪੰਜਾਬ ਨੂੰ ਕਦੇ ਵੀ ਪ੍ਰਵਾਨ ਨਹੀਂ ਹੋਵੇਗਾ। ਜਾਣਕਾਰੀ ਮੁਤਾਬਕ ਨਗਰ ਨਿਗਮਾਂ ਅਤੇ ਕੌਂਸਲ ਚੋਣਾਂ ਤੋਂ ਤੁਰੰਤ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੇ ਜਾਣ ਦੀ ਸੰਭਾਵਨਾ ਹੈ। ਕੈਬਨਿਟ ਮੀਟਿੰਗ ’ਚ ਸਰਦ ਰੁੱਤ ਸੈਸ਼ਨ ਦੀਆਂ ਤਰੀਕਾਂ ਤੈਅ ਹੋ ਸਕਦੀਆਂ ਹਨ ਅਤੇ ਉਸ ’ਚ ਕੇਂਦਰੀ ਕੌਮੀ ਖੇਤੀ ਖਰੜੇ ਨੂੰ ਰੱਦ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਖੇਤੀ ਮੰਤਰੀ ਖੁੱਡੀਆਂ ਨੇ ਨਵੇਂ ਕੌਮੀ ਖੇਤੀ ਖਰੜੇ ਦੇ ਪੰਜਾਬ ਅਤੇ ਕਿਸਾਨੀ ’ਤੇ ਪੈਣ ਵਾਲੇ ਪ੍ਰਭਾਵਾਂ ਤੋਂ ਮੁੱਖ ਮੰਤਰੀ ਨੂੰ ਜਾਣੂ ਕਰਾਇਆ। ਖੁੱਡੀਆਂ ਨੇ ਦੱਸਿਆ ਕਿ ਨਵੀਂ ਖਰੜੇ ’ਚ ਅਨਾਜ ਖ਼ਰੀਦ ਅਤੇ ਅਨਾਜ ਭੰਡਾਰਨ ਦੇ ਕੰਮਾਂ ਵਿਚ ਨਿੱਜੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਮੰਡੀ ਬੋਰਡ ਦੀਆਂ ਫ਼ੀਸਾਂ ਨੂੰ ਘਟਾਉਣ ਦਾ ਜ਼ਿਕਰ ਹੈ ਜੋ ਫ਼ਸਲੀ ਖ਼ਰੀਦ ’ਤੇ ਲੱਗਦੀਆਂ ਹਨ। 

         ਸੂਤਰਾਂ ਅਨੁਸਾਰ ਸੂਬਾ ਸਰਕਾਰ ਹੁਣ ਇਸ ਬਾਰੇ ਪੰਜਾਬ ਵਿਧਾਨ ਸਭਾ ਵਿਚ ਮੈਮੋਰੰਡਮ ਲਿਆ ਕੇ ਕੇਂਦਰ ਖ਼ਿਲਾਫ਼ ਸਟੈਂਡ ’ਤੇ ਮੋਹਰ ਵੀ ਲਾਉਣ ਦੇ ਰੌਂਅ ਵਿਚ ਜਾਪਦੀ ਹੈ। ਪੰਜਾਬ ਸਰਕਾਰ ਨੇ ਸੋਮਵਾਰ ਨੂੰ ਕੌਮੀ ਖੇਤੀ ਖਰੜੇ ’ਤੇ ਟਿੱਪਣੀ ਦੇਣ ਲਈ ਕੇਂਦਰ ਤੋਂ ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਖੇਤੀ ਵਿਭਾਗ ਨੇ 19 ਦਸੰਬਰ ਨੂੰ ਕਿਸਾਨ ਅਤੇ ਮਜ਼ਦੂਰ ਆਗੂਆਂ ਤੋਂ ਇਲਾਵਾ ਬੁੱਧੀਜੀਵੀਆਂ ਦੀ ਮੀਟਿੰਗ ਵੀ ਸੱਦੀ ਹੈੇ। ਕਿਸਾਨ ਆਗੂਆਂ ਦੇ ਤੌਖਲੇ ਹਨ ਕਿ ਕੇਂਦਰ ਸਰਕਾਰ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦਾ ਖਰੜਾ ਲਿਆ ਕੇ ਦਿੱਲੀ ਅੰਦੋਲਨ ਕਾਰਨ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਨਵੇਂ ਰੂਪ ਵਿਚ ਲਿਆ ਸਕਦੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਬਾਰੇ ਆਪਣਾ ਸੰਘਰਸ਼ੀ ਪ੍ਰੋਗਰਾਮ ਉਲੀਕ ਦਿੱਤਾ ਹੈ।

                                   ਖੇਤੀ ਖਰੜੇ ਬਾਰੇ ਚਰਚਾ ਹੋਈ: ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਉਨ੍ਹਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੇ ਨੁਕਤਿਆਂ ਤੋਂ ਜਾਣੂ ਕਰਾਇਆ ਹੈ ਅਤੇ 19 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਖਰੜਾ ਮੌਜੂਦਾ ਮੰਡੀ ਪ੍ਰਣਾਲੀ ਨੂੰ ਤਬਾਹ ਕਰਨਾ ਵਾਲਾ ਹੈ ਜੋ ਸੂਬੇ ਦੀ ਖੇਤੀ ਆਧਾਰਿਤ ਆਰਥਿਕਤਾ ਨੂੰ ਸੱਟ ਮਾਰੇਗਾ।

Wednesday, March 8, 2023

                                                          ਬਜਟ ਇਜਲਾਸ
               ਪੰਜਾਬ ਦਾ ਅਮਨ ਭੰਗ ਨਹੀਂ ਹੋਣ ਦੇਵਾਂਗੇ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ’ਚ ਬਜਟ ਸੈਸ਼ਨ ਮੌਕੇ ਰਾਜਪਾਲ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਹੋਈ ਬਹਿਸ ਦੀ ਸਮਾਪਤੀ ਦੌਰਾਨ ਹਾਕਮ ਧਿਰ ਨੇ ਅੱਜ ਹਮਲਾਵਰ ਰੁਖ਼ ਰੱਖਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਨੂੰ ਸਮੇਟਦਿਆਂ ਜਿੱਥੇ ਪੰਜਾਬ ਦੀ ਤ੍ਰਾਸਦੀ ਲਈ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ, ਉੱਥੇ ਉਨ੍ਹਾਂ ਨੇ ‘ਆਪ’ ਸਰਕਾਰ ਦੇ ਇੱਕ ਵਰ੍ਹੇ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ। ਉਧਰ ਮੁੱਖ ਵਿਰੋਧੀ ਧਿਰ ਕਾਂਗਰਸ ਮੁੱਖ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਹੀ ਸਦਨ ’ਚੋਂ ਵਾਕਆਊਟ ਕਰ ਗਈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਧਾਇਕ ਨੇ ਬਹਿਸ ਨੂੰ ਗਹੁ ਨਾਲ ਸੁਣਿਆ। ਵਿਰੋਧੀ ਧਿਰ ਵੱਲੋਂ ਚੁੱਕੇ ਮੁੱਦਿਆਂ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀ ਗੈਰਮੌਜੂਦਗੀ ਵਿੱਚ ਪੰਜਾਬ ਦੀ ਦੁਰਦਸ਼ਾ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਬਹਿਸ ਦੇ ਆਖ਼ਰੀ ਪੜਾਅ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਿੰਜਾਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਭ੍ਰਿਸ਼ਟਾਚਾਰ, ਪੰਚਾਇਤੀ ਜ਼ਮੀਨਾਂ ’ਤੇ ਕਬਜ਼ਿਆਂ, ਗ਼ੈਰਕਾਨੂੰਨੀ ਮਾਈਨਿੰਗ ਅਤੇ ‘ਗ਼ਲਤ ਸੂਚਨਾ ਨਾਲ ਗੁਮਰਾਹ ਕਰਨ ਨੂੰ ਲੈ ਕੇ ਨਿਸ਼ਾਨੇ ’ਤੇ ਰੱਖਿਆ।

         ਮਾਨ ਨੇ ਅੱਜ ਜਵਾਬੀ ਹਮਲੇ ’ਚ ਖੇਤੀ, ਕਾਨੂੰਨ ਵਿਵਸਥਾ, ਬੇਅਦਬੀ ਮਾਮਲੇ, ਸਨਅਤੀ ਵਿਕਾਸ, ਸਿੱਖਿਆ ਆਦਿ ’ਤੇ ਫੋਕਸ ਕੀਤਾ। ਮੁੱਖ ਮੰਤਰੀ ਨੇ ‘ਵਾਰਿਸ ਪੰਜਾਬ ਦੇ’ ਆਗੂ ਅੰਮ੍ਰਿਤਪਾਲ ਸਿੰਘ ਅਤੇ ਅਜਨਾਲਾ ਘਟਨਾ ਬਾਰੇ ਬੇਸ਼ੱਕ ਕੋਈ ਸ਼ਬਦ ਨਹੀਂ ਬੋਲਿਆ ਪ੍ਰੰਤੂ ਉਨ੍ਹਾਂ ਪੰਜਾਬ ਵਿਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਅਮਨ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਨੂੰ ਵੰਗਾਰਦਿਆਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖੀ ਜਾਵੇਗੀ ਅਤੇ ਇਸ ਨਾਲ ਕਿਸੇ ਨੂੰ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ। ਉਨ੍ਹਾਂ ‘ਇੰਡੀਆ ਟੂਡੇ’ ਰਸਾਲੇ ਦੇ ਜਨਵਰੀ ਅੰਕ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਭਾਜਪਾ ਤੇ ਕਾਂਗਰਸ ਦੇ ਸ਼ਾਸਨ ਵਾਲੇ ਕਈ ਸੂਬਿਆਂ ਨਾਲੋਂ ਕਿਤੇ ਬਿਹਤਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਆਗੂ ਕਾਨੂੰਨ ਵਿਵਸਥਾ ਬਾਰੇ ਗੁੰਮਰਾਹਕੁਨ ਪ੍ਰਚਾਰ ਤੋਂ ਬਾਜ਼ ਆਉਣ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਜਿਸ ਨਾਲ ਲੋਕਾਂ ਦੇ ਹਿਰਦੇ ਠਰਨਗੇ। ਉਨ੍ਹਾਂ ਕਿਹਾ ਕਿ ਸੂੁਬਾ ਸਰਕਾਰ ਨੇ ਕੇਂਦਰ ਨੂੰ ਲਿਖਿਆ ਹੈ ਕਿ ਭਵਿੱਖ ’ਚ ਬੇਅਦਬੀ ਕਰਨ ਵਾਲਿਆਂ ਲਈ ਫਾਂਸੀ ਜਾਂ 20 ਸਾਲ ਦੀ ਸਜ਼ਾ ਦੀ ਵਿਵਸਥਾ ਕੀਤੀ ਜਾਵੇ। 

         ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਐੱਸਵਾਈਐੱਲ ਸਮੇਤ ਲੋਕ ਵਿਰੋਧੀ ਫ਼ੈਸਲੇ ਲਏ, ਉਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਜਾਂਚ ਏਜੰਸੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਇਨ੍ਹਾਂ ਏਜੰਸੀਆਂ ਦੀ ਦੁਰਵਰਤੋਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਬਾਦਲ ਪਰਿਵਾਰ ਨੂੰ ਵੀ ਨਿਸ਼ਾਨੇ ’ਤੇ ਰੱਖਿਆ। ਉਨ੍ਹਾਂ ਕਿਹਾ ਕਿ ਜਦੋਂ ਪੂਰਾ ਪੰਜਾਬ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਹੋ ਗਿਆ ਤਾਂ ਇਸ ਪਰਿਵਾਰ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਆਪਣਾ ਪੈਂਤੜਾ ਬਦਲ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਧਿਰਾਂ ਨੂੰ ਹੁਣ ਆਮ ਘਰ ਦੇ ਪੁੱਤ ਵੱਲੋਂ ਸੂਬੇ ਨੂੰ ਚਲਾਉਣਾ ਹਜ਼ਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖ਼ੂਨ ਦਾ ਹਰ ਕਤਰਾ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਨੂੰ ਸਮਰਪਿਤ ਹੈ। ਉਨ੍ਹਾਂ ਅਫ਼ਸੋਸ ਕੀਤਾ ਕਿ ਪਹਿਲਾਂ ਇਹ ਵਾਗਡੋਰ ਅਜਿਹੇ ਲੋਕਾਂ ਦੇ ਹੱਥਾਂ ਵਿਚ ਸੀ, ਜੋ ਸੂਬੇ ਨੂੰ ਲੁੱਟਣ ਵਿੱਚ ਅੰਗਰੇਜ਼ਾਂ ਤੋਂ ਵੀ ਅੱਗੇ ਨਿਕਲ ਗਏ। ਉਨ੍ਹਾਂ ਵਾਅਦਾ ਕੀਤਾ ਕਿ ਸੂਬੇ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

                                     ਜਦੋਂ ਕਾਂਗਰਸ ਕਸੂਤੀ ਸਥਿਤੀ ’ਚ ਫਸੀ..

ਵਿਧਾਨ ਸਭਾ ’ਚ ਵਿਰੋਧੀ ਧਿਰ ਕਾਂਗਰਸ ਦੀ ਸਥਿਤੀ ਉਦੋਂ ਕਸੂਤੀ ਬਣ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖ ਦਿੱਤਾ ਕਿ ‘ਹੁਣ ਤੁਸੀਂ ਆਪਣੇ ਲਏ ਫ਼ੈਸਲੇ ਮੁਤਾਬਿਕ ਸਦਨ ’ਚੋਂ ਗਏ ਕਿਉਂ ਨਹੀਂ।’ ਚੇਤੇ ਰਹੇ ਕਿ ਕਾਂਗਰਸ ਨੇ ਫ਼ੈਸਲਾ ਕੀਤਾ ਸੀ ਕਿ ਜਦੋਂ ਮੁੱਖ ਮੰਤਰੀ ਸਦਨ ਵਿਚ ਆਉਣਗੇ ਤਾਂ ਉਹ ਸਦਨ ’ਚੋਂ ਵਾਕਆਊਟ ਕਰਨਗੇ। ਮੁੱਖ ਮੰਤਰੀ ਆਏ ਤਾਂ ਬਹੁਤੇ ਕਾਂਗਰਸੀ ਵਾਕਆਊਟ ਦੇ ਰੌਂਅ ਵਿਚ ਨਹੀਂ ਜਾਪਦੇ ਸਨ। ਮੁੱਖ ਮੰਤਰੀ ਦੇ ਕਹਿਣ ਮਗਰੋਂ ਕਾਂਗਰਸੀ ਵਿਧਾਇਕ ਸਦਨ ’ਚੋਂ ਬਾਹਰ ਜਾਣੇ ਸ਼ੁਰੂ ਹੋ ਗਏ। ਸੁਖਪਾਲ ਖਹਿਰਾ ਪੰਚਾਇਤੀ ਜ਼ਮੀਨਾਂ ਦੇ ਮੁੱਦੇ ’ਤੇ ਹਾਲੇ ਜੁਆਬ ਦੇਣਾ ਚਾਹੁੰਦੇ ਸਨ ਪ੍ਰੰਤੂ ਉਨ੍ਹਾਂ ਨੂੰ ਇਕੱਲੇ ਨੂੰ ਖੜ੍ਹਾ ਛੱਡ ਕੇ ਬਾਕੀ ਕਾਂਗਰਸੀ ਵਿਧਾਇਕ ਬਾਹਰ ਚਲੇ ਗਏ। ਖਹਿਰਾ ਸਮਾਂ ਲੈਣ ਵਾਸਤੇ ਸਪੀਕਰ ਦੇ ਆਸਣ ਅੱਗੇ ਵੀ ਆਏ। ਜਦੋਂ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਖਹਿਰਾ ਸੀਟ ’ਤੇ ਆ ਗਏ। ਮੁੱਖ ਮੰਤਰੀ ਨੇ ਕਿਹਾ ਕਿ ‘ਖਹਿਰਾ ਆਪਣਾ ਸਮਾਨ ਚੁੱਕਣ ਲੱਗ ਪਏ ਹਨ’। ਜਦੋਂ ਸਪੀਕਰ ਤੋਂ ਖਹਿਰਾ ਸਮਾਂ ਮੰਗ ਰਹੇ ਸਨ ਤਾਂ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ‘ਤੁਸੀਂ ਵਾਅਦਾ ਕਰੋ ਕਿ ਬੋਲਣ ਮਗਰੋਂ ਸਦਨ ’ਚੋਂ ਨਹੀਂ ਜਾਵੋਗੇ।’ ਆਖ਼ਰ ਖਹਿਰਾ ਵਾਕਆਊਟ ਕਰ ਗਏ।

Tuesday, March 7, 2023

                                                       ਬਜਟ ਇਜਲਾਸ
                       ਮਿਹਣੋ-ਮਿਹਣੀ ਹੋਏ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ
                                                       ਚਰਨਜੀਤ ਭੁੱਲਰ    

ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਅੱਜ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਭ੍ਰਿਸ਼ਟਾਚਾਰ’ ਦੇ ਮੁੱਦੇ ’ਤੇ ਖਹਿਬੜ ਪਏ। ਦੋਵੇਂ ਆਗੂ ਪਹਿਲਾਂ ਮਿਹਣੋ-ਮਿਹਣੀ ਹੋਏ ਅਤੇ ਪਿੱਛੋਂ ਮਾਹੌਲ ਤਿੱਖੀ ਤਕਰਾਰ ਵਿੱਚ ਬਦਲ ਗਿਆ। ਦੋਵਾਂ ਨੇ ਇਕ ਦੂਜੇ ’ਤੇ ਜੰਮ ਕੇ ਹੱਲੇ ਬੋਲੇ। ਸਦਨ ਵਿੱਚ ਦੁਪਹਿਰ ਤੱਕ ਸ਼ਾਂਤਮਈ ਸੁਰ ’ਚ ਚੱਲ ਰਹੀ ਬਹਿਸ ਪਲਾਂ ’ਚ ਗਰਮਾ ਗਈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦਾ ਪੈਸਾ ਖਾਣ ਵਾਲਿਆਂ ਤੋਂ ਇਕ ਇਕ ਪੈਸੇ ਦਾ ਹਿਸਾਬ ਲੈਣਗੇ। ਉਧਰ ਬਾਜਵਾ ਨੇ ਮੁੱਖ ਮੰਤਰੀ ’ਤੇ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਨੂੰ ਧਮਕਾਉਣ ਤੇ ਮਾੜੀ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ। ਉਨ੍ਹਾਂ ਸਪੀਕਰ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਲਈ ਸਦਨ ਵਿੱਚ ਮੁਆਫ਼ੀ ਮੰਗਣ। ਬਾਜਵਾ ਨੇ ਇੱਥੋਂ ਤੱਕ ਆਖ ਦਿੱਤਾ ਕਿ ਭਵਿੱਖ ’ਚ ਕਿਸੇ ਮੈਂਬਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ। ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕਿਸੇ ਕੇਸ ਦੇ ਪਹਿਲਾਂ ਹੀ ਸਾਰੇ ਮੈਂਬਰਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਅਕਾਲੀ ਦਲ, ਬਸਪਾ ਅਤੇ ਭਾਜਪਾ ਦੇ ਵਿਧਾਇਕ ਨੇ ਇਹ ਸਾਰਾ ਸਿਆਸੀ ਤਮਾਸ਼ਾ ਚੁੱਪਚਾਪ ਦੇਖਿਆ। ਵਿਰੋਧੀ ਧਿਰ ਦੀ ਗੈਰਹਾਜ਼ਰੀ ਵਿਚ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਦੇਰ ਸ਼ਾਮ ਤੱਕ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਬਾਰੇ ਚਰਚਾ ਕੀਤੀ।

         ਇਸ ਤੋਂ ਪਹਿਲਾਂ ਕਰੀਬ ਪੌਣੇ ਇੱਕ ਵਜੇ ਮੁੱਖ ਮੰਤਰੀ ਸਦਨ ਵਿਚ ਆਏ, ਉਦੋਂ ਪ੍ਰਿੰਸੀਪਲ ਬੁੱਧ ਰਾਮ ਬਹਿਸ ’ਤੇ ਬੋਲ ਰਹੇ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਹਿਸ ਮੱਠੇ ਸੁਰ ਨਾਲ ਸ਼ੁਰੂ ਕੀਤੀ ਤੇ ਕੇਂਦਰੀ ਵਿਤਕਰੇ ਖ਼ਿਲਾਫ਼ ਸਰਕਾਰ ਨਾਲ ਕਦਮ ਮਿਲਾ ਕੇ ਚੱਲਣ ਦੀ ਗੱਲ ਕੀਤੀ। ਉਨ੍ਹਾਂ ਜਿਉਂ ਹੀ ‘ਆਪ’ ਆਗੂ ਰਾਘਵ ਚੱਢਾ ਦੇ ਕੇਂਦਰੀ ਜਾਂਚ ਏਜੰਸੀਆਂ ਦੇ ਦਫ਼ਤਰਾਂ ’ਤੇ ਭਾਜਪਾ ਦਾ ਝੰਡਾ ਲਗਾਉਣ ਦੇ ਟਵੀਟ ਦੇ ਹਵਾਲੇ ਨਾਲ ਵਿਜੀਲੈਂਸ ਦਫ਼ਤਰ ’ਤੇ ‘ਆਪ’ ਦਾ ਝੰਡਾ ਲਾਉਣ ਦੀ ਗੱਲ ਕਹੀ ਤਾਂ ਸਦਨ ਵਿੱਚ ਤਿੱਖੀ ਬਹਿਸ ਦਾ ਮੁੱਢ ਬੱਝ ਗਿਆ। ਸਦਨ ਵਿੱਚ ਬੇਰੋਕ ਚੱਲੀ ਬਹਿਸ ‘ਤੂੰ ਤੂੰ ਮੈਂ ਮੈਂ’ ਉੱਤੇ ਉੱਤਰ ਆਈ। ਮੁੱਖ ਮੰਤਰੀ ਨੇ ਤਾਂ ਬਾਜਵਾ ਅੱਗੇ ‘ਕੁਰੱਪਟ’ ਲੋਕਾਂ ਨਾਲ ਨਜਿੱਠਣ ਦਾ ਰੋਡ ਮੈਪ ਹੀ ਰੱਖ ਦਿੱਤਾ। ਦੋਵਾਂ ਨੇ ਇੱਕ ਦੂਜੇ ਉੱਤੇ ਧਮਕੀ ਦਿੱਤੇ ਜਾਣ ਦੇ ਇਲਜ਼ਾਮ ਵੀ ਲਾਏ। ਮਾਨ ਨੇ ਤਿੱਖੇ ਅੰਦਾਜ਼ ’ਚ ਕਿਹਾ ਕਿ ਜਨਤਾ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਅਮਰਿੰਦਰ ਸਿੰਘ 40 ਜਣਿਆਂ ਦੀ ਸੂਚੀ ਸੋਨੀਆ ਗਾਂਧੀ ਕੋਲ ਲੈ ਕੇ ਗਏ ਸਨ ਤਾਂ ਅੱਗਿਓਂ ਪਾਰਟੀ ਦੀ ਬਦਨਾਮੀ ਦੇ ਡਰੋਂ ਚੁੱਪ ਕਰਾ ਦਿੱਤਾ ਗਿਆ ਸੀ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਬਦਨਾਮੀ ਦੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਜਦੋਂ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਬੈਂਚਾਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ‘ਤੁਸੀਂ ਆਪਣੀ ਪਾਰਟੀ ਬਚਾ ਲਓ, ਪਹਿਲੀ ਕਤਾਰ ਵਾਲੇ ਜਾਖੜ, ਮਨਪ੍ਰੀਤ ਬਾਦਲ, ਫਤਹਿਜੰਗ ਬਾਜਵਾ, ਕਾਂਗੜ ਤੇ ਬਲਬੀਰ ਸਿੱਧੂ ਅੱਜ ਕਿੱਥੇ ਨੇ।’ 

         ਅੱਗਿਓਂ ਬਾਜਵਾ ਨੇ ਆਖ ਦਿੱਤਾ ਕਿ ‘ਚੰਦ ਦਿਨ ਹੀ ਲੱਗਣੇ ਨੇ, ਦਿੱਲੀ ਆਲ਼ੇ ਤੁਹਾਡੇ ਗੁਆਂਢ ਬਹਿਣ ਵਾਲੇ ਨੇ ਤੇ ਤੁਸੀਂ ਵੀ ਆਪਣੀ ਤਿਆਰੀ ਰੱਖੋ।’ ਮੁੱਖ ਮੰਤਰੀ ਨੇ ਇਸ ’ਤੇ ਕਿਹਾ ਕਿ ‘ਸਾਡੀ ਕਮੀਜ਼ ’ਤੇ ਕੋਈ ਧੱਬੇ ਨਹੀਂ’। ਜਵਾਬ ’ਚ ਬਾਜਵਾ ਨੇ ਕਿਹਾ ਕਿ ‘ਤੁਹਾਡੀ ਕਮੀਜ਼ ਹੀ ਪਾਟ ਜਾਣੀ ਹੈ।’ ਸਰਾਰੀ ਦਾ ਮੁੱਦਾ ਉੱਠਿਆ ਤਾਂ ਮਾਨ ਨੇ ਕਿਹਾ ਕਿ ‘ਜਾਂਚ ’ਚ ਸਮਾਂ ਤਾਂ ਲੱਗਦਾ ਹੀ, ਸਬਰ ਕਰੋ, ਸਭ ਦੀ ਵਾਰੀ ਆਵੇਗੀ, ਪੰਜਾਬ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।’ ਬਾਜਵਾ ਨੇ ਰੇਤਾ ਬਜਰੀ ’ਚੋਂ 20 ਹਜ਼ਾਰ ਕਰੋੜ ਦੀ ਕਮਾਈ ਦੇ ਦਾਅਵੇ ’ਤੇ ਸੁਆਲ ਚੁੱਕਿਆ ਤਾਂ ਅੱਗਿਓਂ ਮੁੱਖ ਮੰਤਰੀ ਨੇ ਕਿਹਾ ਕਿ ‘ਕਿਹੜੇ ਕਿਹੜੇ ਮਾਫ਼ੀਆ ਫੜੇ ਨੇ, ਚਿੱਠੇ ਵੱਡੇ ਵੱਡੇ ਨੇ, ਚੰਨੀ ਦਾ ਵੀ ਨਾਮ ਹੈ।’ ਮੁੱਖ ਮੰਤਰੀ ਨੇ ਬਾਜਵਾ ਨੂੰ ਕਿਹਾ ਕਿ ‘ਤੁਸੀਂ ਭ੍ਰਿਸ਼ਟਾਚਾਰੀਆਂ ਨੂੰ ਬਚਾ ਰਹੇ ਹੋ।’ ਮੁੱਖ ਮੰਤਰੀ ਨੇ ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਦੇ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਕਿ ‘ਤੁਸੀਂ ਚਾਹੇ ਬੀਜੇਪੀ ’ਚ ਚਲੇ ਜਾਓ, ਕੋਈ ਬਖ਼ਸ਼ਿਆ ਨਹੀਂ ਜਾਵੇਗਾ।’ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਰਾਜਸਥਾਨ ਤੇ ਛੱਤੀਸਗੜ੍ਹ ਵਿਚ ਕਾਂਗਰਸੀ ਸਰਕਾਰਾਂ ਨੇ ਅਡਾਨੀ ਨੂੰ ਠੇਕੇ ਦੇ ਰੱਖੇ ਹਨ। ਬਾਜਵਾ ਨੇ ਕਿਹਾ ਕਿ ‘ਇੱਥੇ ਤੁਸੀਂ ਰੇਤ ਦੇ ਠੇਕੇ ਦੇ ਰੱਖੇ ਹਨ।’ ਮਾਹੌਲ ਉਦੋਂ ਭਖ ਗਿਆ ਜਦੋਂ ਬਾਜਵਾ ਦੇ ਪਿੱਛੇ ਸੁਖਪਾਲ ਸਿੰਘ ਖਹਿਰਾ ਖੜ੍ਹੇ ਹੋ ਕੇ ਬੋਲਣ ਲੱਗੇ। ਸੱਤਾਧਾਰੀ ਬੈਂਚ ਤੋਂ ਸਾਰੇ ਵਿਧਾਇਕ ਤੇ ਵਜ਼ੀਰ ਖਹਿਰਾ ਨੂੰ ਇਕਦਮ ਪੈ ਨਿਕਲੇ ਅਤੇ ਮੁੱਖ ਮੰਤਰੀ ਨੇ ਕਿਹਾ ਕਿ ‘ਖਹਿਰਾ ਟਵੀਟੋ ਟਵੀਟੀ ਖੇਡ ਲਵੇ, ਇਸ ਨਾਲ ਕੋਈ ਗੱਲ ਨਹੀਂ’।

        ਸਪੀਕਰ ਕੁਲਤਾਰ ਸਿੰਘ ਸੰਧਵਾਂ ਵਾਰ ਵਾਰ ਰੋਕਦੇ ਰਹੇ। ਅਖੀਰ ਜਦੋਂ ਮਾਹੌਲ ਸ਼ਾਂਤ ਹੋਇਆ ਤਾਂ ਬਾਜਵਾ ਮੁੜ ਬੋਲਣ ਲੱਗੇ। ਸਪੀਕਰ ਨੇ ਕਿਹਾ ਕਿ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਹੈ ਤੇ ਜਵਾਬ ’ਚ ਬਾਜਵਾ ਨੇ ਕਿਹਾ ਕਿ ‘ਮਾਹੌਲ ਤੋਂ ਤਾਂ ਹੁਣ ਕੋਈ ਲੰਚ ਵਾਲਾ ਪ੍ਰੋਗਰਾਮ ਲੱਗਦਾ ਨਹੀਂ।’ ਦੁਪਹਿਰ ਦੇ ਖਾਣੇ ਮਗਰੋਂ ਢਾਈ ਵਜੇ ਮੁੜ ਸਦਨ ’ਚ ਪ੍ਰਤਾਪ ਸਿੰਘ ਬਾਜਵਾ ਬੋਲਣ ਲੱਗੇ। ਬਾਜਵਾ ਨੇ ਸਪਸ਼ਟ ਲਫ਼ਜ਼ਾਂ ’ਚ ਆਖ ਦਿੱਤਾ ਕਿ ‘ਅੱਜ ਮੁੱਖ ਮੰਤਰੀ ਵੱਲੋਂ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਵੱਲ ਇਸ਼ਾਰਾ ਕਰਕੇ ਧਮਕੀ ਦਿੱਤੀ ਗਈ ਹੈ ਅਤੇ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ। ਮੁੱਖ ਮੰਤਰੀ ਦਾ ਲਹਿਜ਼ਾ ਧਮਕੀ ਵਾਲਾ ਸੀ।’ ਬਾਜਵਾ ਨੇ ਮੰਗ ਕੀਤੀ ਕਿ ਜਿੰਨਾ ਸਮਾਂ ਮੁੱਖ ਮੰਤਰੀ ਸਦਨ ਵਿਚ ਆ ਕੇ ਮੁਆਫ਼ੀ ਨਹੀਂ ਮੰਗ ਲੈਂਦੇ, ਉਸ ਸਮੇਂ ਤੱਕ ਉਨ੍ਹਾਂ ਦਾ ਸਦਨ ’ਚ ਬੈਠਣਾ ਔਖਾ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਸ਼ਬਦ ਵਾਪਸ ਲੈਣ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਭਵਿੱਖ ’ਚ ਕਿਸੇ ਮੈਂਬਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ। ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਸਾਰੇ ਮੈਂਬਰਾਂ ਨੂੰ ਨਾਮਜ਼ਦ ਕਰ ਦਿੱਤਾ। ਸਪੀਕਰ ਸੰਧਵਾ ਨੇ ਮੁੱਖ ਮੰਤਰੀ ਤਰਫ਼ੋਂ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਰੋਹ ਵਿਚ ਵਿਰੋਧੀ ਧਿਰ ਸਪੀਕਰ ਦੇ ਆਸਣ ਦੇ ਸਾਹਮਣੇ ਆ ਗਈ। 

         ਸਪੀਕਰ ਨੂੰ ਕਹਿਣਾ ਪਿਆ ਕਿ ਉਹ ਸਦਨ ਦੀ ਕਾਰਵਾਈ ਦੀ ਰਿਕਾਰਡਿੰਗ ਤੋਂ ਤਸਦੀਕ ਕਰ ਲੈਣਗੇ ਪ੍ਰੰਤੂ ਵਿਰੋਧੀ ਧਿਰ ਨਾ ਮੰਨੀ। ਅਖੀਰ ਸਪੀਕਰ ਨੂੰ ਸਦਨ ਤਿੰਨ ਵਜੇ ਤੱਕ ਮੁਲਤਵੀ ਕਰਨਾ ਪਿਆ। ਜਦੋਂ ਸਦਨ ਮੁੜ ਜੁੜਿਆ ਤਾਂ ਉਦੋਂ ਨਾ ਤਾਂ ਮੁੱਖ ਮੰਤਰੀ ਵਾਪਸ ਆਏ ਅਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਆਗੂ ਆਇਆ। ਵਿਰੋਧੀ ਧਿਰ ਦੀ ਗੈਰਹਾਜ਼ਰੀ ਵਿਚ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਦੇਰ ਸ਼ਾਮ ਤੱਕ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਬਾਰੇ ਚਰਚਾ ਕੀਤੀ। ਵਿਧਾਇਕ ਜੀਵਨਜੋਤ ਕੌਰ ਨੇ ਬਹਿਸ ਦੇ ਸ਼ੁਰੂ ਵਿਚ ਪ੍ਰਸਤਾਵ ਪੇਸ਼ ਕੀਤਾ ਅਤੇ ਕਿਹਾ ਕਿ ਰਾਜਪਾਲ ਵਿਰੋਧੀਆਂ ਦੀਆਂ ਹਲਕੀਆਂ ਗੱਲਾਂ ਵਿਚ ਨਹੀਂ ਆਏ। ਪ੍ਰਿੰਸੀਪਲ ਬੁੱਧ ਰਾਮ ਨੇ ਬੇਅਦਬੀ ਮਾਮਲੇ, ਗੈਂਗਸਟਰਾਂ ਦੇ ਖ਼ਾਤਮੇ, ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਦੀ ਗੱਲ ਕੀਤੀ। ਵਿਧਾਇਕ ਜਗਰੂਪ ਗਿੱਲ, ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ, ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ, ਸਰਵਜੀਤ ਕੌਰ ਮਾਣੂਕੇ, ਮਨਜੀਤ ਬਿਲਾਸਪੁਰ, ਕੁਲਜੀਤਪਾਲ ਰੰਧਾਵਾ, ਸ਼ੈਰੀ ਕਲਸੀ, ਜਗਦੀਪ ਗੋਲਡੀ ਆਦਿ ਨੇ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਜਦੋਂ ਕਿ ਬਸਪਾ ਵਿਧਾਇਕ ਨਛੱਤਰਪਾਲ, ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਅਕਾਲੀ ਵਿਧਾਇਕ ਡਾ.ਸੁਖਵਿੰਦਰ ਕੁਮਾਰ ਨੇ ਸਰਕਾਰ ਦੇ ਕੰਮਕਾਰ ’ਤੇ ਉਂਗਲ ਉਠਾਈ।

                                     ਰਾਜਪਾਲ ਨੂੰ ਅੱਜ ਮਿਲਣਗੇ ਬਾਜਵਾ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਦਾ ਵਫ਼ਦ ਮੰਗਲਵਾਰ ਨੂੰ ਦੁਪਹਿਰੇ 12:30 ਵਜੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇਗਾ। ਬਾਜਵਾ ਨੇ ਦੱਸਿਆ ਕਿ ਉਹ ਰਾਜਪਾਲ ਤੋਂ ਪੰਜਾਬ ਦੀ ਆਬਕਾਰੀ ਨੀਤੀ ਦੀ ਈਡੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕਰਨਗੇ। ਇਸੇ ਤਰ੍ਹਾਂ ਰੇਤ ਮਾਫ਼ੀਏ ਦੇ ਪੁਰਾਣੇ ਬੰਦਿਆਂ ਨੂੰ ਕੰਮ ਦੇਣ, ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫ਼ਤਾਰੀ ਅਤੇ ਦੋ ਸੰਸਦ ਮੈਂਬਰਾਂ ਵੱਲੋਂ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਦੀ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਦੱਸਿਆ ਕਿ ਭਲਕੇ ਸਦਨ ਦੀ ਬੈਠਕ ਤੋਂ ਪਹਿਲਾਂ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ। ਬਾਜਵਾ ਨੇ ਸਪੀਕਰ ਨੂੰ ਮਿਲ ਕੇ ਸਦਨ ’ਚੋਂ ਮੁੱਖ ਮੰਤਰੀ ਦੀ ਤਕਰੀਰ ਵਾਲਾ ਰਿਕਾਰਡ ਕਢਾਉਣ ਦੀ ਮੰਗ ਕੀਤੀ।

                              ਕੁੰਵਰ ਵਿਜੈ ਪ੍ਰਤਾਪ ਨੇ ‘ਸਿਟ’ ਉੱਤੇ ਉਠਾਈ ਉਂਗਲ

ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੌਰਾਨ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ’ਤੇ ਹੀ ਉਂਗਲ ਉਠਾ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚਾਰਜਸ਼ੀਟ ਦਾਇਰ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ ਪ੍ਰੰਤੂ ਜਾਂਚ ਟੀਮ ਪੁਰਾਣੀ ਸਰਕਾਰ ਨੇ ਬਣਾਈ ਹੋਈ ਹੈ ਜਿਸ ਤੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੁਰਾਣੀ ‘ਸਿਟ’ ਉੱਤੇ ਟੇਕ ਨਹੀਂ ਰੱਖਣੀ ਚਾਹੀਦੀ। ਵਿਧਾਇਕ ਨੇ ਦਫਤਰਾਂ ਵਿਚ ਅਜੇ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਦਾ ਦਾਅਵਾ ਕੀਤਾ।

                                    ਬਜਟ ਇਜਲਾਸ ਦੇ ਕੁਝ ਦਿਲਚਸਪ ਮੌਕੇ

* ਵਿਧਾਇਕ ਜੰਗੀ ਲਾਲ ਮਹਾਜਨ ਜਦੋਂ ਪ੍ਰਸ਼ਨ ਕਾਲ ’ਚ ਆਪਣੀ ਸੀਟ ਤੋਂ ਉੱਠ ਕੇ ਖੜ੍ਹੇ ਹੋਏ ਤਾਂ ਸਪੀਕਰ ਨੇ ਕਿਹਾ ਕਿ ਆਪਣਾ ਪ੍ਰਸ਼ਨ ਨੰਬਰ ਪੜ੍ਹੋ, ਅੱਗਿਓਂ ਮਹਾਜਨ ਨੇ ਜਦੋਂ ‘ਪ੍ਰਸ਼ਨ ਨੰਬਰ 420’ ਪੜਿ੍ਹਆ ਤਾਂ ਸਾਰੇ ਹਾਸਾ ਮੱਚ ਗਿਆ।

* ‘ਆਪ’ ਸਰਕਾਰ ਬਣਨ ਮਗਰੋਂ ਪਹਿਲੇ ਸੈਸ਼ਨ ’ਚ ਪੁੱਜੇ ਵਿਧਾਇਕ ਪੀਲੀਆਂ ਪੱਗਾਂ ਵਿੱਚ ਸਜੇ ਹੋਏ ਸਨ, ਪਰ ਅੱਜ ਸੈਸ਼ਨ ਵਿੱਚ ਪੁੱਜੇ ਵਿਧਾਇਕਾਂ ’ਚੋਂ ਸਿਰਫ਼ 9 ਵਿਧਾਇਕਾਂ ਨੇ ਹੀ ਪੀਲੀ ਪੱਗ ਬੰਨ੍ਹੀ ਹੋਈ ਸੀ।

* ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੇ ਲਾਈਵ ਪ੍ਰਸਾਰਨ ਦੀ ਗੱਲ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਤਾਂ ਦਿਖਾਇਆ ਹੀ ਨਹੀਂ ਜਾ ਰਿਹਾ, ਕੈਮਰੇ ਦੀ ਅੱਖ ਹੀ ਬੰਦ ਕਰ ਰੱਖੀ ਹੈ। ਜਦੋਂ ਬਾਜਵਾ ਇਹ ਗੱਲ ਰੱਖ ਰਹੇ ਸਨ ਤਾਂ ਸਾਹਮਣੇ ਸਕਰੀਨ ’ਤੇ ਬਾਜਵਾ ਦੀ ਕਲੋਜ਼ ਫ਼ੋਟੋ ਦਿਖ ਰਹੀ ਸੀ।

* ਰਾਜਾ ਵੜਿੰਗ ਸਦਨ ਵਿੱਚ ਪੁਰਾਣਾ ਜੋਸ਼ ਨਹੀਂ ਦਿਖਾ ਰਹੇ। ਜਦੋਂ ਬਾਜਵਾ ਭਿੜ ਰਹੇ ਸਨ ਤਾਂ ਰਾਜਾ ਵੜਿੰਗ ਮੋਹਰੀ ਭੂਮਿਕਾ ’ਚ ਨਜ਼ਰ ਨਹੀਂ ਆਏ। ਉਨ੍ਹਾਂ ਦੀ ਅਸਿੱਧੀ ਚੁੱਪ ਸਿਆਸੀ ਹਲਕਿਆਂ ’ਚ ਰੜਕੀ।

* ਸਪੀਕਰ ਵੱਲੋਂ ਦਿੱਤੇ ਦੁਪਹਿਰ ਦੇ ਖਾਣੇ ਵਿੱਚ ਕੋਈ ਕਾਂਗਰਸੀ ਵਿਧਾਇਕ ਨਾ ਪੁੱਜਿਆ। ਸਦਨ ਵਿੱਚ ਹੋਈ ਤਕਰਾਰ ਮਗਰੋਂ ਵਿਰੋਧੀ ਧਿਰ ਨੇ ਦੁਪਹਿਰ ਦੇ ਖਾਣੇ ਦਾ ਹੀ ਬਾਈਕਾਟ ਕਰ ਦਿੱਤਾ।

* ਵਿਧਾਇਕ ਦਿਨੇਸ਼ ਚੱਢਾ ਨੂੰ ਆਪਣੀ ਸੀਟ ਛੱਡ ਕੇ ਦੂਸਰੀ ਸੀਟ ’ਤੇ ਬੈਠਣਾ ਨਮੋਸ਼ੀ ਦਾ ਕਾਰਨ ਬਣਿਆ। ਸਪੀਕਰ ਨੇ ਬਿਗਾਨੀ ਸੀਟ ’ਤੋਂ ਉਸ ਨੂੰ ਬੋਲਣ ਨਾ ਦਿੱਤਾ।

* ਮਾਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ, ‘ਪੰਜਾਬੀ ਭਾਸ਼ਾ ਮੇਰੀ ਮਾਂ ਬੋਲੀ ਹੈ ਤੇ ਊਰਦੂ ਮੇਰੀ ਮਹਿਬੂਬਾ।’ ਉਨ੍ਹਾਂ ਉਰਦੂ ਜ਼ਬਾਨ ਲਈ ਬਣਦਾ ਹੱਕ ਮੰਗਿਆ।

* ਅੱਜ ਸਦਨ ਵਿੱਚ ਸ਼ੇਅਰੋ-ਸ਼ਾਇਰੀ ’ਚ ਸਪੀਕਰ ਨੇ ਵਿਸ਼ੇਸ਼ ਦਿਲਚਸਪੀ ਦਿਖਾਈ। ਸਪੀਕਰ ਕੁਲਤਾਰ ਸੰਧਵਾਂ ਨੇ ਸ਼ੇਅਰ ਸੁਣਨ ਲਈ ਉਚੇਚੇ ਤੌਰ ’ਤੇ ਵਜ਼ੀਰ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸੱਦਾ ਦਿੱਤਾ।

* ਪ੍ਰਸ਼ਨ ਕਾਲ ਦੌਰਾਨ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਪੰਜਾਬ ਦੇ ਡਾਕਟਰਾਂ ਦੇ ਹਰਿਆਣਾ ਵਿੱਚ ਨੌਕਰੀ ਕਰਨ ’ਤੇ ਵਿਅੰਗ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਡਾਕਟਰ ਪੰਜਾਬ ’ਚੋਂ ਬਾਹਰ ਜਾਂਦੇ ਸਨ ਤੇ ਸ਼ਰਾਬ ਬਾਹਰੋਂ ਪੰਜਾਬ ’ਚ ਆਉਂਦੀ ਸੀ।

Saturday, March 4, 2023

                                                         ਬਜਟ ਇਜਲਾਸ
                                          ਰਾਜਪਾਲ ਦੇ ਭਾਸ਼ਣ ਮੌਕੇ ਹੰਗਾਮਾ
                                                          ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਦੌਰਾਨ ਹੀ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਮੌਕੇ ਹੰਗਾਮਾ ਖੜ੍ਹਾ ਹੋ ਗਿਆ। ਜਿਉਂ ਹੀ ਰਾਜਪਾਲ ‘ਮੇਰੀ ਸਰਕਾਰ’ ਆਖ ਕੇ ਸਦਨ ਦੇ ਮੁਖ਼ਾਤਬ ਹੋਏ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਨੂੰ ‘ਮੇਰੀ ਸਰਕਾਰ’ ਕਹਿਣ ’ਤੇ ਇਤਰਾਜ਼ ਕਰ ਦਿੱਤਾ। ਹੰਗਾਮੇ ਭਰੇ ਮਾਹੌਲ ’ਚ ਰਾਜਪਾਲ ਨੂੰ ਭਾਸ਼ਣ ਰੋਕਣਾ ਪਿਆ। ਬਾਜਵਾ ਨੇ ਇਸ਼ਾਰਾ ਕਰਕੇ ਕਿਹਾ ਕਿ ‘ਆਪ’ ਸਰਕਾਰ ‘ਤੁਹਾਨੂੰ ‘ਸਿਲੈੱਕਟਿਡ’ ਆਖਦੀ ਹੈ ਤੇ ਤੁਹਾਡਾ ਸਤਿਕਾਰ ਨਹੀਂ ਕਰਦੀ ਤਾਂ ਤੁਸੀਂ ਵੀ ‘ਮੇਰੀ ਸਰਕਾਰ’ ਸ਼ਬਦ ਨਾ ਵਰਤੋ। ਸਦਨ ’ਚ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਬੈਂਚਾਂ ਨੇ ਇੱਕ ਦੂਸਰੇ ਖ਼ਿਲਾਫ਼ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ। ਬਾਜਵਾ ਨੇ ਇੱਥੋਂ ਤੱਕ ਆਖ ਦਿੱਤਾ ਕਿ ‘ਜਿਹੜਾ ਪੁੱਤਰ ਆਪਣੇ ਬਾਪ ਨੂੰ ਕਬੂਲਣ ਲਈ ਤਿਆਰ ਨਹੀਂ, ਉਸ ਪੁੱਤਰ ਨੂੰ ਬੇਦਖ਼ਲ ਹੀ ਕਰ ਦੇਣਾ ਚਾਹੀਦਾ ਹੈ।’ ਰਾਜਪਾਲ ਪੁਰੋਹਿਤ ਨੇ ਬਾਜਵਾ ਦੀ ਗੱਲ ਸਵੀਕਾਰੀ ਅਤੇ ਕਿਹਾ ਕਿ ‘ਠੀਕ ਹੈ, ਮੈਂ ਸਰਕਾਰ ਕਹਾਂਗਾ, ਮੇਰੀ ਸਰਕਾਰ ਨਹੀਂ’। 

          ਉਧਰ ਰਾਜਪਾਲ ਨੇ ਵਿਰੋਧੀ ਧਿਰ ਦੇ ਨੇਤਾ ਦੀ ਸਲਾਹ ’ਤੇ ‘ਮੇਰੀ ਸਰਕਾਰ’ ਨਾ ਕਹੇ ਜਾਣ ਦੀ ਹਾਮੀ ਭਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੈਸ਼ ਵਿਚ ਆ ਗਏ ਅਤੇ ਸੱਤਾਧਾਰੀ ਧਿਰ ਨੇ ਰਾਜਪਾਲ ਨੂੰ ਨਿਸ਼ਾਨੇ ’ਤੇ ਲੈ ਲਿਆ। ਹਾਕਮ ਧਿਰ ਨੇ ਉਦੋਂ ਤੱਕ ਦਬਾਓ ਬਣਾਇਆ ਜਦੋਂ ਤੱਕ ਰਾਜਪਾਲ ਨੇ ਮੋੜਾ ਨਾ ਕੱਟਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦੀ ਪ੍ਰਣਾਲੀ ਦੇ ਹਵਾਲਿਆਂ ਨਾਲ ਰਾਜਪਾਲ ਨੂੰ ਸੰਬੋਧਿਤ ਹੋ ਕੇ ਕਿਹਾ ਕਿ ‘ਭਾਸ਼ਣ’ ਕੈਬਨਿਟ ਨੇ ਪ੍ਰਵਾਨ ਕੀਤਾ ਹੈ ਅਤੇ ਉਹ (ਰਾਜਪਾਲ) ‘ਮੇਰੀ ਸਰਕਾਰ’ ਕਹਿਣ ਲਈ ਪਾਬੰਦ ਹਨ। ਇਸ ਦੌਰਾਨ ਰਾਜਪਾਲ ਨੇ ਥੋੜ੍ਹੀ ਤਲਖ਼ੀ ਦਿਖਾਈ ਕਿ ਉਹ ਪਹਿਲੀ ਵਾਰ ਗਵਰਨਰ ਨਹੀਂ ਬਣੇ ਬਲਕਿ ਪਹਿਲਾਂ ਅਸਾਮ, ਮੇਘਾਲਿਆ ਤੇ ਤਾਮਿਲਨਾਡੂ ਵਿਚ ਰਾਜਪਾਲ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਸ਼ਣ ਵਿੱਚ ‘ਮੇਰੀ ਸਰਕਾਰ’ ਅਤੇ ਕਿਤੇ ‘ਸਰਕਾਰ’ ਦਾ ਵੀ ਜ਼ਿਕਰ ਹੈ। ਭਗਵੰਤ ਮਾਨ ਨੇ ਰਾਜਪਾਲ ਨੂੰ ਕਿਹਾ ਕਿ ਉਹ ਵਿਰੋਧੀਆਂ ਦੀਆਂ ਗੱਲਾਂ ਵਿਚ ਨਾ ਆਉਣ। ਰਾਜਪਾਲ ਨੇ ਸੰਵਿਧਾਨਕ ਰਵਾਇਤਾਂ ਨੂੰ ਚੇਤੇ ਕਰਦਿਆਂ ਮੌਕਾ ਸੰਭਾਲਦਿਆਂ ਕਿਹਾ ਕਿ ਜੋ ਕੈਬਨਿਟ ਨੇ ਪਾਸ ਕੀਤਾ ਹੈ, ਉਹ ਠੀਕ ਹੈ। 

         ਰਾਜਪਾਲ ਨੂੰ ਫ਼ੌਰੀ ਹਾਕਮ ਧਿਰ ਅੱਗੇ ਝੁਕਣਾ ਪਿਆ ਅਤੇ ਰਾਜਪਾਲ ਨੇ ਮੁੜ ਭਾਸ਼ਣ ’ਚ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਸੱਤਾਧਾਰੀ ਧਿਰ ਇਸ ਮੌਕੇ ਜੇਤੂ ਅੰਦਾਜ਼ ’ਚ ਨਜ਼ਰ ਆਈ। ਜਦੋਂ ਰਾਜਪਾਲ ‘ਮੇਰੀ ਸਰਕਾਰ’ ਆਖ ਕੇ ‘ਆਪ’ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ ਤਾਂ ਸੱਤਾਧਾਰੀ ਧਿਰ ਵਾਰ ਵਾਰ ਮੇਜ਼ ਥਾਪੜਦੀ ਰਹੀ। ਉਂਜ, ਅੱਜ ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਤਾਮਿਲਨਾਡੂ ਵਿਧਾਨ ਸਭਾ ਵਾਲਾ ਇਤਿਹਾਸ ਦੁਹਰਾਏ ਜਾਣ ਤੋਂ ਬਚਾਓ ਹੋ ਗਿਆ ਜਿੱਥੋਂ ਦੇ ਰਾਜਪਾਲ ਨੇ ਪ੍ਰਵਾਨਿਤ ਭਾਸ਼ਣ ’ਚੋਂ ਕੁਝ ਹਿੱਸੇ ਨੂੰ ਹੀ ਛੱਡ ਦਿੱਤਾ ਸੀ। ਅੱਜ ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਣ ’ਚ ਮੁੜ ਉਦੋਂ ਅੜਿੱਕਾ ਖੜ੍ਹਾ ਹੋ ਗਿਆ ਜਦੋਂ ਰਾਜਪਾਲ ਨੇ ‘ਮੇਰੀ ਸਰਕਾਰ’ ਆਖ ਕੇ ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਨੂੰ ਇੱਕ ਪ੍ਰਾਪਤੀ ਵਜੋਂ ਚਿਤਵਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੁੜ ਉੱਠ ਖੜ੍ਹੇ ਹੋਏ ਤੇ ਇਸ ’ਤੇ ਇਤਰਾਜ਼ ਕਰਦਿਆਂ ਸੁਆਲ ਕੀਤਾ ਕਿ ਕੀ ਉਨ੍ਹਾਂ (ਰਾਜਪਾਲ) ਨੂੰ ਸੂਬਾ ਸਰਕਾਰ ਨੇ ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਦੀ ਚੋਣ ਤੇ ਖ਼ਰਚੇ ਬਾਰੇ ਜਵਾਬ ਦੇ ਦਿੱਤੇ ਹਨ?

          ਇਸ ’ਤੇ ਰਾਜਪਾਲ ਨੇ ਕਿਹਾ ਕਿ ‘ਜਦੋਂ ਮੈਂ ਹੁਣ ‘ਮੇਰੀ ਸਰਕਾਰ’ ਆਖ ਰਿਹਾ ਹਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਜੋ ਵੀ ਜਾਣਕਾਰੀ ਮੰਗਾਂਗਾ, ਉਹ ਮੈਨੂੰ ਦੇਣਗੇ।’ ਇਹ ਵੀ ਕਿਹਾ ਕਿ ‘ਮੈਨੂੰ ਭਾਸ਼ਣ ਪੜ੍ਹਨ ਦਿਓ, ਇਹ ਸਦਨ ਤੋਂ ਬਾਹਰ ਦਾ ਮਾਮਲਾ ਹੈ।’ ਵਿਰੋਧੀ ਧਿਰ ਇਸ ਮੌਕੇ ਉੱਠ ਖੜ੍ਹੀ ਤੇ ਸਦਨ ’ਚੋਂ ਵਾਕ ਆਊਟ ਕਰ ਗਈ। ਹਾਲਾਂਕਿ ਰਾਜਪਾਲ ਨੇ ਉਨ੍ਹਾਂ ਨੂੰ ਰੋਕਿਆ ਵੀ ਅਤੇ ਕਿਹਾ ਵੀ ਕਿ ਇਨ੍ਹਾਂ ਗੱਲਾਂ ਬਾਰੇ ਚਰਚਾ ਕਰਨ ਲਈ ਬਾਕੀ ਦਿਨ ਪਏ ਹਨ। ਵਾਕਆਊਟ ਮਗਰੋਂ ਰਾਜਪਾਲ ਨੇ ਸਰਕਾਰੀ ਪ੍ਰਾਪਤੀਆਂ ਨੂੰ ‘ਮੇਰੀ ਸਰਕਾਰ’ ਦੇ ਸੰਬੋਧਨ ਨਾਲ ਨਿਰਵਿਘਨ ਪੜ੍ਹਿਆ। ਅੱਜ ਰਾਜਪਾਲ ਦੇ ਭਾਸ਼ਣ ’ਚ ਪਏ ਵਿਘਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਰਾਜਪਾਲ ਕੋਲ ਜਾ ਕੇ ਉਚੇਚੇ ਤੌਰ ’ਤੇ ਕੁਝ ਕਿਹਾ। ਇਸ ਤੋਂ ਪਹਿਲਾਂ ਬਜਟ ਇਜਲਾਸ ਦਾ ਆਗਾਜ਼ ਰਾਸ਼ਟਰੀ ਗਾਣ ਨਾਲ ਹੋਇਆ ਅਤੇ ਰਾਜਪਾਲ ਨੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਆਖ ਕੇ ਆਪਣਾ ਭਾਸ਼ਣ ਸਮਾਪਤ ਕੀਤਾ। 16ਵੀਂ ਵਿਧਾਨ ਸਭਾ ਦਾ ਇਹ ਬਜਟ ਸੈਸ਼ਨ ਉਦੋਂ ਹੋ ਰਿਹਾ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਸਬੰਧ ਸੁਖਾਵੇਂ ਨਹੀਂ ਹਨ। 

         ਪੰਜਾਬ ਸਰਕਾਰ ਨੂੰ ਬਜਟ ਸੈਸ਼ਨ ਦੀ ਪ੍ਰਵਾਨਗੀ ਲਈ ਸੁਪਰੀਮ ਕੋਰਟ ਦਾ ਰੁਖ਼ ਕਰਨਾ ਪਿਆ ਹੈ। ਅੱਜ ਸੈਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਬਸਪਾ ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਨੂੰ ਨੀਝ ਲਾ ਕੇ ਸੁਣਿਆ।‘ਆਪ’ ਸਰਕਾਰ ਨੇ ਮੁੱਖ ਮੰਤਰੀ ਅਤੇ ਰਾਜਪਾਲ ਦਰਮਿਆਨ ਚੱਲ ਰਹੀ ਠੰਢੀ ਜੰਗ ਦਰਮਿਆਨ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਲਈ ਵਿਧਾਨ ਸਭਾ ’ਚ ਰੈੱਡ ਕਾਰਪੈੱਟ ਵਿਛਾਇਆ। ਆਮ ਤੌਰ ’ਤੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਹੀ ਰਾਜਪਾਲ ਨੂੰ ਰਿਸੀਵ ਕਰਦੇ ਹਨ ਪ੍ਰੰਤੂ ਅੱਜ ਮੁੱਖ ਮੰਤਰੀ ਤੇ ਸਪੀਕਰ ਤੋਂ ਇਲਾਵਾ ਕਈ ਵਜ਼ੀਰਾਂ ਨੇ ਵੀ ਰਾਜਪਾਲ ਨੂੰ ‘ਜੀ ਆਇਆਂ’ ਆਖਿਆ। ਹਾਕਮ ਧਿਰ ਨੇ ਰਾਜਪਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

                               ਰਾਜਪਾਲ ਦੀ ਗੁੱਝੇ ਮਾਅਨੇ ਵਾਲੀ ਨਸੀਹਤ

ਰਾਜਪਾਲ ਨੇ ਆਪਣੇ ਭਾਸ਼ਣ ਦੇ ਅਖੀਰ ਵਿੱਚ ਨਸੀਹਤ ਦਿੱਤੀ ਕਿ ਸਦਨ ’ਚ ਉਸਾਰੂ ਬਹਿਸ ਕੀਤੀ ਜਾਵੇ ਅਤੇ ਗੈਰ-ਸੰਸਦੀ ਅਤੇ ਨਿੱਜੀ ਹਮਲਿਆਂ ਵਾਲੀ ਭਾਸ਼ਾ ਤੋਂ ਗੁਰੇਜ਼ ਕੀਤਾ ਜਾਵੇ। ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਥਾਂ ਇੱਕ ਦੂਸਰੇ ਦਾ ਸਤਿਕਾਰ ਕੀਤਾ ਜਾਵੇ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਦੋਵੇਂ ਧਿਰਾਂ ਉਨ੍ਹਾਂ ਦੀ ਸਲਾਹ ਦੀ ਪਾਲਣਾ ਕਰਨਗੀਆਂ। ਰਾਜਪਾਲ ਨੇ ਗੁੱਝੇ ਤਰੀਕੇ ਨਾਲ ਇੱਥੋਂ ਤੱਕ ਕਿਹਾ ਕਿ ਨਿੱਜੀ ਜ਼ਿੰਦਗੀ ’ਚ ਵੀ ਪਾਰਦਰਸ਼ਤਾ ਬਣੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਜੇ ਤੁਹਾਡੇ ’ਚ ਖ਼ਰਾਬ ਆਦਤਾਂ ਵੀ ਹਨ, ਉਨ੍ਹਾਂ ਨੂੰ ਵੀ ਦੋਸਤਾਂ ਨਾਲ ਸਾਂਝਾ ਕਰੋ। ਫਿਰ ਹੀ ਉਹ ਰੋਕਣਗੇ।’’

                                     ਰਵਾਇਤ ਤੋਂ ਲਾਂਭੇ ਹੋਏ ਰਾਜਪਾਲ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਭਾਸ਼ਣ ਮੌਕੇ ਕਈ ਰਵਾਇਤਾਂ ਨੂੰ ਵੀ ਖੋਰਾ ਲਾਇਆ। ਪੁਰਾਣਾ ਇਤਿਹਾਸ ਦੇਖੀਏ ਤਾਂ ਪਹਿਲਾਂ ਕਦੇ ਵੀ ਕਿਸੇ ਰੌਲ਼ੇ-ਰੱਪੇ ਦੌਰਾਨ ਰਾਜਪਾਲ ਨੇ ਭਾਸ਼ਣ ਨਹੀਂ ਰੋਕਿਆ ਸੀ। ਨਾ ਹੀ ਕਿਸੇ ਰਾਜਪਾਲ ਨੇ ਵਿਰੋਧੀ ਧਿਰ ਦੇ ਕਹੇ ’ਤੇ ਕੈਬਨਿਟ ਵੱਲੋਂ ਪਾਸ ਕੀਤੇ ਭਾਸ਼ਣ ਵਿਚ ਫੇਰਬਦਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਜਪਾਲ ਨੇ ਅੱਜ ਆਪਣੇ ਭਾਸ਼ਣ ਦੌਰਾਨ ਵਿਰੋਧੀ ਤੇ ਹਾਕਮ ਧਿਰ ਨਾਲ ਇੱਕ ਤਰੀਕੇ ਨਾਲ ਗੱਲਬਾਤ ਵੀ ਜਾਰੀ ਰੱਖੀ।




Thursday, August 25, 2022

                                                        ਦੀਵੇ ਥੱਲੇ ਹਨੇਰਾ
                        ਕਿਤਾਬਾਂ ਦੇ ਪਰਛਾਵੇਂ ਤੋਂ ਦੂਰ ਹੋਏ ਵਿਧਾਇਕ..!
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ਬੇਸ਼ੱਕ ‘ਆਪ’ ਵਿਧਾਇਕਾਂ ਦੀ ਪੜ੍ਹਾਈ-ਲਿਖਾਈ ’ਚ ਝੰਡੀ ਹੈ, ਪਰ ਅੱਜਕੱਲ੍ਹ ਵੱਡੀ ਗਿਣਤੀ ‘ਆਪ’ ਵਿਧਾਇਕ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਪਾਸਾ ਵੱਟ ਕੇ ਲੰਘ ਰਹੇ ਹਨ। ਮੌਜੂਦਾ ਸਰਕਾਰ ਦੇ ਪੜ੍ਹਨ ਲਿਖਣ ਦੇ ਮਾਮਲੇ ਵਿੱਚ ਪੰਜ ਮਹੀਨਿਆਂ ਦੇ ਰਿਪੋਰਟ ਕਾਰਡ ’ਤੇ ਨਜ਼ਰ ਮਾਰੀਏ ਤਾਂ ਬਹੁਗਿਣਤੀ ਵਿਧਾਇਕਾਂ ਨੇ ਵਿਧਾਨ ਸਭਾ ਦੀ ਲਾਇਬਰੇਰੀ ’ਚ ਪੈਰ ਵੀ ਨਹੀਂ ਪਾਇਆ। ਪੰਜਾਬ ਦੇ ਪੰਦਰਾਂ ਕੈਬਨਿਟ ਵਜ਼ੀਰਾਂ ’ਚੋਂ ਸਿਰਫ ਫੌਜਾ ਸਿੰਘ ਸਰਾਰੀ ਹੀ ਇਕਲੌਤੇ ਮੰਤਰੀ ਹਨ, ਜਿਨ੍ਹਾਂ ਨੇ ਵਿਧਾਨ ਸਭਾ ਲਾਇਬਰੇਰੀ ’ਚੋਂ ਪੰਜ ਪੁਸਤਕਾਂ ਜਾਰੀ ਕਰਾਈਆਂ ਹਨ। ਸਭ ਤੋਂ ਵੱਧ ਪੁਸਤਕਾਂ ਜਾਰੀ ਕਰਵਾਉਣ ਵਾਲੇ ਵਜ਼ੀਰ ਵੀ ਫੌਜਾ ਸਿੰਘ ਸਰਾਰੀ ਹੀ ਹਨ।ਵੇਰਵਿਆਂ ਅਨੁਸਾਰ ਵਿਧਾਨ ਸਭਾ ਦੀ ਲਾਇਬਰੇਰੀ ਵਿੱਚ ਅਨਮੋਲ ਬੌਧਿਕ ਭੰਡਾਰ ਪਿਆ ਹੈ। ਉਮੀਦ ਸੀ ਕਿ ‘ਆਪ’ ਦੇ ਨਵੇਂ ਵਿਧਾਇਕਾਂ ਨੂੰ ਲਾਇਬਰੇਰੀ ਦਾ ਚਾਅ ਹੋਵੇਗਾ, ਪਰ ਲੰਘੇ ਪੰਜ ਮਹੀਨਿਆਂ ’ਚ ਕਿਤਾਬਾਂ ਪ੍ਰਤੀ ‘ਆਪ’ ਵਿਧਾਇਕਾਂ ਦੀ ਰੁਚੀ ਵੀ ਬਹੁਤੀ ਨਿਖਰ ਕੇ ਸਾਹਮਣੇ ਨਹੀਂ ਆਈ ਹੈ।

          ‘ਆਪ’ ਦੇ 92 ਵਿਧਾਇਕਾਂ/ਵਜ਼ੀਰਾਂ ਚੋਂ ਹੁਣ ਤੱਕ ਸਿਰਫ਼ ਇੱਕ ਮੰਤਰੀ ਅਤੇ ਸੱਤ ਵਿਧਾਇਕਾਂ ਨੇ ਹੀ ਲਾਇਬਰੇਰੀ ’ਚੋਂ ਕਿਤਾਬਾਂ ਲਈਆਂ ਹਨ। ਇਸੇ ਤਰ੍ਹਾਂ ਕਾਂਗਰਸ ਦੇ ਡੇਢ ਦਰਜਨ ਵਿਧਾਇਕਾਂ ’ਚੋਂ ਸਿਰਫ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਗੁਰਜੀਤ ਸਿੰਘ ਨੇ ਇੱਕ ਇੱਕ ਕਿਤਾਬ ਲਈ ਹੈ। ‘ਆਪ’ ਵਿਧਾਇਕਾਂ ’ਚੋਂ ਨਰਿੰਦਰ ਕੌਰ ਭਰਾਜ ਨੇ ਤਿੰਨ ਪੁਸਤਕਾਂ ਜਾਰੀ ਕਰਾਈਆਂ ਹਨ ਜਿਨ੍ਹਾਂ ਵਿਚ ‘ਅਗਨਿ-ਪੰਥ’, ‘ਮਾਸਟਰ ਤਾਰਾ ਸਿੰਘ’ ਅਤੇ ਵਿਧਾਨ ਸਭਾ ਦੀਆਂ ਡਿਬੇਟਸ ਸ਼ਾਮਲ ਹਨ। ਪ੍ਰੋ. ਬਲਜਿੰਦਰ ਕੌਰ ਨੇ ‘ਪੰਚਾਇਤੀ ਰਾਜ ਐਕਟ 1994’ ਇਸ਼ੂ ਕਰਾਇਆ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਗੁਰਵਿੰਦਰ ਸਿੰਘ ਗੈਰੀ ਵੜਿੰਗ, ਦਿਨੇਸ਼ ਕੁਮਾਰ ਚੱਢਾ ਅਤੇ ਰੁਪਿੰਦਰ ਸਿੰਘ ਬੱਸੀ ਪਠਾਣਾ ਨੇ ਲਾਇਬਰੇਰੀ ’ਚੋਂ ਕਿਤਾਬਾਂ ਲੈਣ ਦਾ ਮਹੂਰਤ ਕੀਤਾ ਹੈ। ਇਨ੍ਹਾਂ ਪੰਜ ਮਹੀਨਿਆਂ ਵਿਚ ਅੱਠ ਸਾਬਕਾ ਵਿਧਾਇਕਾਂ ਨੇ ਵੀ ਕਿਤਾਬਾਂ ਲਈਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਚਾਰ ਕਿਤਾਬਾਂ ਲਈਆਂ ਹਨ। ਦੇਖਿਆ ਜਾਵੇ ਤਾਂ ਵਜ਼ੀਰਾਂ ਵਿਚੋਂ ਅਮਨ ਅਰੋੜਾ, ਮੀਤ ਹੇਅਰ, ਹਰਪਾਲ ਚੀਮਾ ਅਤੇ ਹਰਜੋਤ ਸਿੰਘ ਬੈਂਸ ਪੁਸਤਕ ਪ੍ਰੇਮੀ ਜਾਪਦੇ ਹਨ ਪ੍ਰੰਤੂ ਇਨ੍ਹਾਂ ਵਜ਼ੀਰਾਂ ਨੇ ਕੋਈ ਕਿਤਾਬ ਹਾਲੇ ਤੱਕ ਇਸ਼ੂ ਨਹੀਂ ਕਰਾਈ।

          ਪੰਜਾਬ ਦੇ 117 ਵਿਧਾਨ ਸਭਾ ਮੈਂਬਰਾਂ ’ਚੋਂ 1.71 ਫੀਸਦੀ ਪੀਐਚ.ਡੀ. ਹਨ ਜਦੋਂ ਕਿ 17.95 ਫੀਸਦੀ ਪੋਸਟ ਗਰੈਜੂਏਟ ਹਨ। 19.66 ਫੀਸਦੀ ਗਰੈਜੂਏਟ ਪ੍ਰੋਫੈਸ਼ਨਲ ਹਨ ਅਤੇ 17.95 ਫੀਸਦੀ ਗਰੈਜੂਏਟ ਹਨ। ‘ਆਪ’ ਦੇ 92 ਵਿਧਾਇਕਾਂ ਦੀ ਵਿਦਿਅਕ ਪ੍ਰੋਫਾਈਲ ਦੇਖੀਏ ਤਾਂ ਇਨ੍ਹਾਂ ਚੋਂ 18.48 ਫੀਸਦੀ ਪੋਸਟ ਗਰੈਜੂਏਟ ਹਨ ਅਤੇ 23.91 ਫੀਸਦੀ ਗਰੈਜੂਏਟ ਪ੍ਰੋਫੈਸ਼ਨਲ ਹਨ। ਇਸੇ ਤਰ੍ਹਾਂ 13.04 ਫੀਸਦੀ ਗਰੈਜੂਏਟ ਹਨ ਅਤੇ 2.17 ਫੀਸਦੀ ਪੀਐਚ.ਡੀ. ਹਨ। ‘ਆਪ’ ਦੇ ਦਸ ਵਿਧਾਇਕ ਤਾਂ ਡਾਕਟਰ ਹੀ ਹਨ ਅਤੇ ਕਈ ਵਕੀਲ ਵੀ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੀਆਂ ਪੁਰਾਣੀਆਂ ਡਿਬੇਟਸ ਪੜ੍ਹੀਆਂ ਜਾ ਰਹੀਆਂ ਹਨ। ਸੰਧਵਾਂ ਨੇ ਕਿਹਾ ਕਿ ਵਿਧਾਨ ਸਭਾ ਦੀ ਲਾਇਬਰੇਰੀ ਦੀ ਸਾਰੇ ਮੈਂਬਰਾਂ ਨੂੰ ਸਹੂਲਤ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਵਿਧਾਇਕ ਨਵੇਂ ਹਨ ਅਤੇ ਉਨ੍ਹਾਂ ਲਈ ਸਿਖਲਾਈ ਪ੍ਰੋਗਰਾਮ ਉਲੀਕਿਆ ਗਿਆ ਸੀ, ਜੋ ਰੱਦ ਕਰਨਾ ਪੈ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਸਾਰੇ ਮੈਂਬਰਾਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਨਗੇ।

                                   ਲਾਇਬਰੇਰੀ ਕਮੇਟੀ ਵੀ ਕਿਤਾਬਾਂ ਤੋਂ ਦੂਰ

ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਕਮੇਟੀ ਦੇ ਚੇਅਰਮੈਨ ਜਗਦੀਪ ਸਿੰਘ ਗੋਲਡੀ ਹਨ ਅਤੇ ਅੱਠ ਮੈਂਬਰ ਹਨ। ਦਿਲਚਸਪ ਗੱਲ ਇਹ ਹੈ ਕਿ ਲਾਇਬਰੇਰੀ ਕਮੇਟੀ ਦੇ ਚੇਅਰਮੈਨ ਅਤੇ ਕਿਸੇ ਵੀ ਮੈਂਬਰ ਨੇ ਹਾਲੇ ਤੱਕ ਕੋਈ ਕਿਤਾਬ ਜਾਰੀ ਨਹੀਂ ਕਰਾਈ ਹੈ। ਲਾਇਬਰੇਰੀ ਕਮੇਟੀ ਨੇ ਲਾਇਬਰੇਰੀ ਲਈ ਕਿਤਾਬਾਂ ਖਰੀਦਣ ਵਾਸਤੇ ਸਲਾਹ ਦੇਣੀ ਹੁੰਦੀ ਹੈ। ਇਸ ਕਮੇਟੀ ਦੀਆਂ ਮੀਟਿੰਗਾਂ ਵੀ ਰੈਗੂਲਰ ਹੁੰਦੀਆਂ ਹਨ ਪ੍ਰੰਤੂ ਇਸ ਕਮੇਟੀ ਦੇ ਕਿਸੇ ਮੈਂਬਰ ਨੇ ਵਿਧਾਨ ਸਭਾ ਦੀ ਲਾਇਬਰੇਰੀ ’ਚੋਂ ਕਿਤਾਬਾਂ ਲੈਣ ਵਿਚ ਕੋਈ ਰੁਚੀ ਨਹੀਂ ਦਿਖਾਈ ਹੈ।

Monday, July 11, 2022

                                                      ਕਿਫ਼ਾਇਤੀ ਮੁਹਿੰਮ
                                  ਹੁਣ ‘ਇੱਕ ਮੀਟਿੰਗ-ਇੱਕ ਟੀਏ’ ਫ਼ਾਰਮੂਲਾ 

                                                      ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਹੁਣ ‘ਇੱਕ ਮੀਟਿੰਗ-ਇੱਕ ਟੀਏ’ ਫ਼ਾਰਮੂਲਾ ਲਾਗੂ ਕਰਨ ਦੀ ਤਿਆਰੀ ਖਿੱਚੀ ਜਾ ਰਹੀ ਹੈ। ‘ਆਪ’ ਸਰਕਾਰ ਨੇ ਪਹਿਲਾਂ ਕਿਫ਼ਾਇਤੀ ਮੁਹਿੰਮ ਤਹਿਤ ਸਾਬਕਾ ਵਿਧਾਇਕਾਂ ਨੂੰ ਇੱਕ ਟਰਮ ਦੀ ਪੈਨਸ਼ਨ ਦੇਣ ਦੀ ਵਿਵਸਥਾ ਕੀਤੀ ਹੈ। ਹੁਣ ਅਗਲੇ ਪੜਾਅ ਵਜੋਂ ਮੌਜੂਦਾ ਵਿਧਾਇਕਾਂ ਦੇ ਟੀਏ (ਸਫਰ ਭੱਤਾ) ’ਤੇ ਕੱਟ ਲਾਉਣ ਦੀ ਤਿਆਰੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਇਸ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਹੈ ਅਤੇ ਜੇਕਰ ਗੱਲ ਸਿਰੇ ਚੜ੍ਹਦੀ ਹੈ ਤਾਂ ਸਾਲਾਨਾ ਕਰੀਬ 2.70 ਕਰੋੜ ਰੁਪਏ ਦੀ ਬੱਚਤ ਹੋਵੇਗੀ। ਵੇਰਵਿਆਂ ਅਨੁਸਾਰ ਪੰਜਾਬ ਵਿਧਾਨ ਸਭਾ ਦੀਆਂ ਕਰੀਬ 15 ਕਮੇਟੀਆਂ ਹਨ ਜਿਨ੍ਹਾਂ ਦੀਆਂ ਮੀਟਿੰਗਾਂ ਹਰ ਮੰਗਲਵਾਰ ਤੇ ਸ਼ੁੱਕਰਵਾਰ ਹੁੰਦੀਆਂ ਹਨ। ਇੱਕ ਇੱਕ ਵਿਧਾਇਕ ਦੋ ਦੋ ਕਮੇਟੀਆਂ ਦੇ ਮੈਂਬਰ ਹਨ। 

          ਕਰੀਬ 100 ਵਿਧਾਇਕ ਇਸ ਵੇਲੇ ਵਿਧਾਨ ਸਭਾ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰ ਹਨ। ਪਹਿਲਾਂ ਇੱਕ ਮੀਟਿੰਗ ’ਚ ਹਾਜ਼ਰ ਹੋਣ ਬਦਲੇ ਵਿਧਾਇਕ ਨੂੰ ਤਿੰਨ ਦਿਨਾਂ ਦਾ ਟੀਏ ਮਿਲਦਾ ਹੈ। ਮਤਲਬ ਕਿ ਮੀਟਿੰਗ ਲਈ ਚੰਡੀਗੜ੍ਹ ਆਉਣ, ਦੂਸਰੇ ਦਿਨ ਮੀਟਿੰਗ ਅਟੈਂਡ ਕਰਨ ਅਤੇ ਤੀਜੇ ਦਿਨ ਵਾਪਸ ਜਾਣ ਦਾ ਟੀਏ ਦਿੱਤਾ ਜਾਂਦਾ ਹੈ। ਮੌਜੂਦਾ ਸਮੇਂ ਪ੍ਰਤੀ ਦਿਨ 1500 ਰੁਪਏ ਟੀਏ ਦਿੱਤਾ ਜਾਂਦਾ ਹੈ। ਇੱਕ ਮੀਟਿੰਗ ਅਟੈੈਂਡ ਕਰਨ ’ਤੇ ਵਿਧਾਇਕ ਨੂੰ ਤਿੰਨ ਦਿਨਾਂ ਦਾ ਟੀਏ ਭਾਵ 4500 ਰੁਪਏ ਮਿਲਦੇ ਸਨ। ਹੁਣ ਨਵਾਂ ਫ਼ੈਸਲਾ ਲਿਆ ਜਾ ਰਿਹਾ ਹੈ ਕਿ ਇੱਕ ਵਿਧਾਇਕ ਨੂੰ ਇੱਕ ਮੀਟਿੰਗ ਅਟੈਂਡ ਕਰਨ ਬਦਲੇ ਸਿਰਫ਼ ਇੱਕ ਦਿਨ ਦਾ ਟੀਏ ਭਾਵ 1500 ਰੁਪਏ ਹੀ ਦਿੱਤਾ ਜਾਵੇ। ਤਿੰਨ ਦਿਨਾਂ ਦਾ ਟੀਏ ਦੇਣ ਦੀ ਵਿਵਸਥਾ ਉਨ੍ਹਾਂ ਦਿਨਾਂ ਦੀ ਹੈ ਜਦੋਂ ਵਿਧਾਇਕ ਬੱਸਾਂ ’ਤੇ ਸਫ਼ਰ ਕਰਦੇ ਸਨ। 

          ਪਹਿਲਾਂ ਟੀਏ ਪ੍ਰਤੀ ਦਿਨ ਇੱਕ ਹਜ਼ਾਰ ਰੁਪਏ ਹੁੰਦਾ ਸੀ। ਗੱਠਜੋੜ ਸਰਕਾਰ ਨੇ ਵਰ੍ਹਾ 2016 ਵਿਚ ਇਹ ਟੀਏ ਵਧਾ ਕੇ ਪ੍ਰਤੀ ਮੀਟਿੰਗ 1500 ਰੁਪਏ ਕਰ ਦਿੱਤਾ ਸੀ।  ਦੱਸਦੇ ਹਨ ਕਿ ਇੱਕ ਵਿਧਾਇਕ ਦੋ ਦੋ ਕਮੇਟੀਆਂ ਦਾ ਮੈਂਬਰ ਹੋਣ ਕਰਕੇ ਹਫ਼ਤੇ ’ਚ ਛੇ ਦਿਨ ਟੀਏ ਲੈਣ ਦਾ ਹੱਕਦਾਰ ਬਣ ਜਾਂਦਾ ਸੀ। ਪ੍ਰਤੀ ਮਹੀਨਾ 24 ਦਿਨ ਦਾ ਟੀਏ ਪ੍ਰਤੀ ਵਿਧਾਇਕ ਮਿਲ ਜਾਂਦਾ ਸੀ। ਨਵੇਂ ਫ਼ਾਰਮੂਲੇ ਤਹਿਤ ਪ੍ਰਤੀ ਵਿਧਾਇਕ ਪ੍ਰਤੀ ਮਹੀਨਾ 24 ਲੱਖ ਰੁਪਏ ਦੀ ਬੱਚਤ ਹੋਵੇਗੀ ਅਤੇ ਇਸ ਲਿਹਾਜ਼ ਨਾਲ ਕਰੀਬ 2.64 ਕਰੋੜ ਦੀ ਖ਼ਜ਼ਾਨੇ ਨੂੰ ਸਾਲਾਨਾ ਬੱਚਤ ਹੋਵੇਗੀ। ਹਰ ਵਿਧਾਇਕ ਨੂੰ ਮੀਟਿੰਗ ਅਟੈਂਡ ਕਰਨ ਬਦਲੇ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਤੇਲ ਖ਼ਰਚ ਵੱਖਰਾ ਮਿਲਦਾ ਹੈ। ਪੰਜਾਬ ਸਰਕਾਰ ਦੀ ਸਮਝ ਹੈ ਕਿ ਵਿਧਾਇਕ ਮੀਟਿੰਗ ਵਾਲੇ ਦਿਨ ਹੀ ਚੰਡੀਗੜ੍ਹ ਆਉਂਦੇ ਹਨ ਅਤੇ ਉਸੇ ਦਿਨ ਵਾਪਸ ਚਲੇ ਜਾਂਦੇ ਹਨ ਪਰ ਉਹ ਟੀਏ ਤਿੰਨ ਦਿਨਾਂ ਦਾ ਕਲੇਮ ਕਰ ਲੈਂਦੇ ਹਨ। 

         ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫ਼ੈਸਲੇ ’ਤੇ ਆਖ਼ਰੀ ਮੋਹਰ ਹਾਲੇ ਨਹੀਂ ਲਾਈ ਹੈ ਪਰ ਇਹ ਫ਼ੈਸਲਾ ਵਿਧਾਇਕਾਂ ਨੂੰ ਨਾਖ਼ੁਸ਼ ਕਰਨ ਵਾਲਾ ਜ਼ਰੂਰ ਹੋਵੇਗਾ। ਇਸ ਤੋਂ ਪਹਿਲਾਂ ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਕਰਨ ਨਾਲ ਸਾਲਾਨਾ 19.53 ਕਰੋੜ ਦੀ ਬੱਚਤ ਹੋਣ ਦਾ ਗੱਲ ਆਖੀ ਗਈ ਹੈ। ਵਿਰੋਧੀ ਧਿਰਾਂ ਵੱਲੋਂ ‘ਆਪ’ ਸਰਕਾਰ ਨੂੰ ਪਹਿਲਾਂ ਹੀ ਨਿਸ਼ਾਨੇ ’ਤੇ ਲਿਆ ਗਿਆ ਹੈ ਕਿ ਇੱਕ ਬੰਨ੍ਹੇ ਪੰਜਾਬ ਸਰਕਾਰ ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਤੇ ਕੱਟ ਲਾ ਰਹੀ ਹੈ ਅਤੇ ਦੂਸਰੇ ਪਾਸੇ ਸੂਬਾ ਸਰਕਾਰ ਦੂਸਰੇ ਸੂਬਿਆਂ ਵਿੱਚ ਇਸ਼ਤਿਹਾਰਬਾਜ਼ੀ ਕਰਕੇ ਕਰੋੜਾਂ ਰੁਪਏ ਰੋੜ੍ਹ ਰਹੀ ਹੈ। 

                               ਨਵੇਂ ਸੁਧਾਰਾਂ ਲਈ ਵਿਉਂਤਬੰਦੀ ਜਾਰੀ: ਸਪੀਕਰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਜੋ ਕਿਫ਼ਾਇਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦੇ ਮੱਦੇਨਜ਼ਰ ਵਿਧਾਨ ਸਭਾ ਵਿੱਚ ਵੀ ਨਵੇਂ ਸੁਧਾਰ ਕਰਨ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਇੱਕ ਮੀਟਿੰਗ ਇੱਕ ਟੀਏ’ ਲਾਗੂ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਸਾਰਿਆਂ ਦੇ ਮਸ਼ਵਰੇ ਮਗਰੋਂ ਫ਼ੈਸਲਾ ਲਿਆ ਜਾਵੇਗਾ ਤਾਂ ਜੋ ਖ਼ਜ਼ਾਨੇ ਦਾ ਪੈਸਾ ਬਚਾਇਆ ਜਾ ਸਕੇ।  

Thursday, November 7, 2019

                        ਪੰਜਾਹ ਸਾਲ ਪਹਿਲਾਂ
       ਵਿਧਾਨ ਸਭਾ ’ਚ ਪਈ ਬਾਬੇ ਦੀ ਗੂੰਜ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਧਾਨ ਸਭਾ ’ਚ ਠੀਕ ਪੰਜਾਹ ਵਰੇ੍ਹ ਪਹਿਲਾਂ ਵੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੂੰਜ ਪਈ ਸੀ। ਬਾਬੇ ਨਾਨਕ ਦੀ ਇਲਾਹੀ ਬਾਣੀ ਦੇ ਅਮਲਾਂ ਦੀ ਗੱਲ ਹੋਈ ਸੀ ਅਤੇ ਉਦੋਂ ਵਿਧਾਇਕਾਂ ਨੇ ਸਰਕਾਰ ਦੀ ਆਤਮਾ ਝੰਜੋੜਨ ਲਈ ਟਕੋਰਾਂ ਕੀਤੀਆਂ ਸਨ। ਉਸ ਵਕਤ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਸਨ। ਅੱਜ ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਪਹਿਲੀ ਪਾਤਸ਼ਾਹੀ ਨੂੰ ਸਮਰਪਿਤ ਹੋਇਆ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ। ਬਾਬੇ ਨਾਨਕ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਕਰੀਬ ਪੰਜਾਹ ਵਰੇ੍ਹ ਪਹਿਲਾਂ 24 ਅਕਤੂਬਰ, 1969 ਨੂੰ ਵਿਸ਼ੇਸ਼ ਮਤਾ ਪਾਸ ਹੋਇਆ ਸੀ। ਪਹਿਲੇ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਸਮਾਰੋਹ ਹੋਏ ਅਤੇ ਤਤਕਾਲੀ ਰਾਸ਼ਟਰਪਤੀ ਵੀ.ਵੀ. ਗਿਰੀ ਵੀ ਸਮਾਰੋਹਾਂ ਵਿਚ ਸ਼ਾਮਿਲ ਹੋਏ ਸਨ। ਆਓ, ਉਦੋਂ ਵਿਧਾਨ ਸਭਾ ’ਚ ਪਹਿਲੇ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਮਤੇ ਮੌਕੇ ਹੋਈ ਚਰਚਾ ਦੇ ਸੰਖੇਪ ਅੰਸ਼ਾਂ ’ਤੇ ਨਜ਼ਰ ਮਾਰੀਏ। ਭਾਵੇਂ ਪੰਜਾਹ ਵਰ੍ਹਿਆਂ ਮਗਰੋਂ ਵੀ ਹਕੂਮਤਾਂ ਨੇ ਆਪਣੀ ਚਾਲ ਤੇ ਸੋਚ ਨਹੀਂ ਬਦਲੀ ਪ੍ਰੰਤੂ ਉਦੋਂ ਵਿਧਾਨ ਸਭਾ ’ਚ ਵਿਧਾਇਕਾਂ ਨੇ ਰਾਜ ਭਾਗ ਨੂੰ ਬਾਬੇ ਨਾਨਕ ਦੀ ਸੋਚ ’ਤੇ ਪਹਿਰਾ ਦੇਣ ਦੀ ਨਸੀਹਤ ਦਿੱਤੀ ਸੀ।
         ਉਦੋਂ ਦੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨੇ ਮਤਾ ਪੇਸ਼ ਕਰਦੇ ਹੋਏ ਬਾਬੇ ਨਾਨਕ ਨੂੰ ਸ਼ਰਧਾ ਭੇਟ ਕੀਤੀ। ਬਾਬੇ ਦੀ ਬਾਣੀ ਦੀਆਂ ਤੁਕਾਂ ਦਾ ਵਿਖਿਆਣ ਕੀਤਾ। ਮੁੱਖ ਮੰਤਰੀ ਨੇ ਸੱਦਾ ਦਿੱਤਾ ਕਿ ਇਸ ਪ੍ਰਕਾਸ਼ ਪੁਰਬ ਮੌਕੇ ਸਭਨਾਂ ਨੂੰ ਆਪਣੇ ਆਪ ਨੂੰ ਗੰਭੀਰ ਸੁਆਲ ਪੁੱਛਣੇ ਚਾਹੀਦੇ ਹਨ। ਅੰਤਰਝਾਤ ਮਾਰਨ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਜਿਥੇ ਭਾਰਤੀ ਵਿਚਾਰ ਦਾ ਨਵਾਂ ਸੁਮੇਲ ਪੇਸ਼ ਕੀਤਾ ਉਥੇ ਨਵੀਆਂ ਉਭਰ ਰਹੀਆਂ ਕੀਮਤਾਂ ਲਈ ਨਵੀਂ ਦਾਰਸ਼ਨਿਕ ਭੂਮੀ ਵੀ ਤਿਆਰ ਕੀਤੀ। ਸਿਰਦਾਰ ਕਪੂਰ ਸਿੰਘ ਨੇ ਅਸੈਂਬਲੀ ਵਿਚ ਮਤੇ ਦਾ ਸਮਰਥਨ ਕੀਤਾ ਅਤੇ ਬਾਬੇ ਦੀ ਬਾਣੀ ਦਾ ਹਵਾਲਾ ਦਿੱਤਾ। ਅਚਾਨਕ ਸਿਰਦਾਰ ਕਪੂਰ ਦਾ ਮਾਈਕ ਬੰਦ ਹੋ ਗਿਆ। ਕਾਮਰੇਡ ਵਿਧਾਇਕ ਮਾਸਟਰ ਬਾਬੂ ਸਿੰਘ ਨੇ ਫੌਰੀ ਆਖਿਆ ਕਿ ਕਪੂਰ ਸਿੰਘ ਜੀ, ਨਾਲ ਦੇ ਮਾਈਕ ਤੋਂ ਬੋਲੋ। ਜਦੋਂ ਸਿਰਦਾਰ ਕਪੂਰ ਸਿੰਘ ਨਵਾਬ ਸਾਹਿਬ ਮਲੇਰਕੋਟਲਾ ਦੀ ਸੀਟ ਵਾਲੇ ਮਾਈਕ ’ਤੇ ਚਲੇ ਗਏ ਤਾਂ ਮਾਸਟਰ ਬਾਬੂ ਸਿੰਘ ਨੇ ਤੰਜ਼ ਕਸੀ ‘ ਆਖਰ ਤੁਸੀਂ ਮਲਿਕ ਭਾਗੋ ਵੱਲ ਹੀ ਚਲੇ ਗਏ’। ਹਰ ਵਿਧਾਇਕ ਤੇ ਵਜ਼ੀਰ ਨੇ ਬਾਬੇ ਦੀ ਬਾਣੀ ਦੇ ਹਵਾਲੇ ਨਾਲ ਗੱਲ ਕੀਤੀ।
        ਤਤਕਾਲੀ ਮਾਲ ਮੰਤਰੀ ਆਤਮਾ ਸਿੰਘ ਦੀ ਚੇਅਰਮੈਨੀ ਵਾਲੇ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦੇ ਲਾਏ ਪ੍ਰਿੰਸੀਪਲ ਦਾ ਮਾਮਲਾ ਵੀ ਉਠਿਆ। ਇਹ ਪ੍ਰਿੰਸੀਪਲ ਆਤਮਾ ਸਿੰਘ ਦਾ ਜਵਾਈ ਸੀ। ਮਗਰੋਂ ਆਤਮਾ ਸਿੰਘ ਨੇ ਇਸ ਮਾਮਲੇ ’ਤੇ ਸਫਾਈ ਵੀ ਦਿੱਤੀ। ਮਾਸਟਰ ਬਾਬੂ ਸਿੰਘ ਨੇ ਇਸ ਮਤੇ ’ਤੇ ਬੋਲਦਿਆਂ ਆਖਿਆ ਕਿ ਬਾਬੇ ਨਾਨਕ ਨੇ ਪਾਖੰਡਵਾਦ ਦਾ ਵਿਰੋਧ ਕੀਤਾ। ਮਾਸਟਰ ਜੀ ਨੇ ਆਖਿਆ ਕਿ ‘ ਤੁਹਾਡਾ ਇੱਕ ਵਜ਼ੀਰ ਪ੍ਰਚਾਰ ਕਰਦਾ ਫਿਰਦਾ ਹੈ ਕਿ ਉਹ ਦਾੜ੍ਹੀ ਕੱਟੀ ਵਾਲੇ ਸਿਪਾਹੀ ਤੋਂ ਸਲੂਟ ਨਹੀਂ ਲਵੇਗਾ’। ਨਾਲ ਹੀ ਉਨ੍ਹਾਂ ਆਖਿਆ ਕਿ ਅੱਜ ਸਦਨ ਵਿਚ 104 ਵਿਧਾਇਕਾਂ ’ਚੋਂ ਕੋਈ ਵੀ ਮਹਿਲਾ ਨਹੀਂ ਹੈ ਜੋ ਬਾਬੇ ਦੀ ਸੋਚ ਦੀ ਤਰਜ਼ਮਾਨੀ ਨਹੀਂ। ਸ੍ਰ. ਸੰਤੋਖ ਸਿੰਘ ਫਤਹਿਗੜ੍ਹ ਨੇ ਉਦੋਂ ਸੈਸ਼ਨ ਵਿਚ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ ਕਿ ਪਾਕਿਸਤਾਨ ਤੋਂ ਜਗ੍ਹਾ ਲੈਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇ। ਨਾਲ ਹੀ ਉਨ੍ਹਾਂ ਆਖਿਆ ਸੀ ਕਿ ਡੇਰਾ ਬਾਬਾ ਨਾਨਕ ਨੂੰ ਮੁੱਖ ਕੇਂਦਰ ਵਜੋਂ ਵਿਕਸਿਤ ਕਰਨਾ ਚਾਹੀਦਾ ਹੈ। ਜਿਥੇ ਚਾਰ ਗੁਰਦੁਆਰੇ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦਾ ਪੱਤਰਾ ਚੜ੍ਹਾਇਆ ਸੀ। ਕਾਮਰੇਡ ਹਰਦਿੱਤ ਸਿੰਘ ਭੱਠਲ ਨੇ ਟਕੋਰ ਮਾਰੀ ਸੀ ਕਿ ਬਾਬੇ ਦੇ ਅੱਜ ਦੇ ਪੈਰੋਕਾਰ ਮਾਇਆ ਇਕੱਠੀ ਕਰਨ ਵਿਚ ਉਲਝੇ ਹੋਏ ਹਨ ਅਤੇ ਗ਼ਰੀਬਾਂ ’ਤੇ ਟੈਕਸ ਲਾਏ ਜਾ ਰਹੇ ਹਨ।
    ਕਾਮਰੇਡ ਭੱਠਲ ਨੇ ਸੰਗਰੂਰ ਪੁਲੀਸ ਦਾ ਹਵਾਲਾ ਦਿੱਤਾ ਕਿ ਉਹ ਗ਼ਰੀਬ ਲੋਕਾਂ ਨੂੰ ਖ਼ਤ ਲਿਖ ਕੇ ਮਾਇਆ ਇਕੱਠੀ ਕਰ ਰਹੀ ਹੈ। ਉਨ੍ਹਾਂ ਕਾਰੂ ਦੇ ਖ਼ਜ਼ਾਨੇ ਦੀ ਗੱਲ ਵੀ ਸੁਣਾਈ ਸੀ। ਵਿਧਾਇਕਾਂ ਨੇ ਇਹ ਗੱਲ ਵੀ ਕੀਤੀ ਸੀ ਕਿ ਬੇਈਮਾਨੀ ਨਾਲ 10 ਲੱਖ ਇਕੱਠੇ ਕਰੋ, ਪੰਜ ਲੱਖ ਗੁਰਦੁਆਰੇ ਨੂੰ ਦੇ ਦਿਓ, ਗੁਰੂ ਨੇ ਅਜਿਹਾ ਕਿਤੇ ਨਹੀਂ ਆਖਿਆ ਸੀ। ਜਦੋਂ ਸਭਨਾਂ ਨੇ ਬਾਬੇ ਦੀ ਗੁਰਬਾਣੀ ਦੀਆਂ ਤੁਕਾਂ ਬੋਲੀਆਂ ਤਾਂ ਵੈਦ ਕਰਤਾਰ ਸਿੰਘ ਨੇ ਵਿਚੋਂ ਟੋਕਦੇ ਹੋਏ ਆਖਿਆ ਸੀ ਕਿ ਬਾਣੀ ਸ਼ੱੁਧ ਬੋਲੀ ਜਾਵੇ, ਗੁਰਬਾਣੀ ਦੀਆਂ ਗ਼ਲਤ ਤੁਕਾਂ ਨਾ ਆਖੀਆਂ ਜਾਣ। ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਸ੍ਰ ਕਿਰਪਾਲ ਸਿੰਘ ਨੇ ਉਦੋਂ ਆਖਿਆ ਸੀ ਕਿ ਗੁਰੂ ਦਾ ਸੰਦੇਸ਼ ਦਿਲਾਂ ਵਿਚ ਰੱਖ ਕੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾਵੇ। ਚੌਧਰੀ ਸੁੰਦਰ ਸਿੰਘ ਨੇ ਮੁੱਖ ਮੰਤਰੀ ਗੁਰਨਾਮ ਸਿੰਘ ਨੂੰ ਸਪੱਸ਼ਟਤਾ ਨਾਲ ਆਖਿਆ ਕਿ ਮੁੱਖ ਮੰਤਰੀ ਜੀ, ਅਜਿਹੇ ਕੰਮ ਕਰੋ ਕਿ ਗ਼ਰੀਬ ਖ਼ੁਸ਼ ਹੋਣ, ਗੁਰੂ ਫਿਰ ਹੀ ਪ੍ਰਸੰਨ ਹੋਵੇਗਾ। ਗ਼ਰੀਬਾਂ ਨੂੰ ਪਿੱਛੇ ਨਾ ਬਿਠਾਓ, ਤਾਕਤ ਵਿਚ ਹਿੱਸੇਦਾਰ ਬਣਾਓ। ਇਹ ਵੀ ਆਖਿਆ ਸੀ ਕਿ ‘ਸਾਡੇ ਆਦਮੀਆਂ ਨੂੰ ਬੇਇੱਜ਼ਤ ਨਾ ਕਰੋ, ਵਾਹਿਗੁਰੂ ਸਜ਼ਾ ਦੇਵੇਗਾ।’
             ਚੌਧਰੀ ਬਲਵੀਰ ਸਿੰਘ, ਭਗਤ ਗਰਾਂਦਾਸ ਹੰਸ ਅਤੇ ਡਾ. ਭਗਤ ਸਿੰਘ ਨੇ ਵੀ ਮਤੇ ਦੇ ਸਮਰਥਨ ਵਿਚ ਬਾਬੇ ਦੀਆਂ ਸਿੱਖਿਆਵਾਂ ਤੋਂ ਜਾਣੰੂ ਕਰਾਇਆ ਸੀ। ਬੇਸ਼ੱਕ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਅਜਲਾਸ ਨਹੀਂ ਸੱਦਿਆ ਗਿਆ ਸੀ ਪ੍ਰੰਤੂ ਉਦੋਂ ਪੂਰਾ ਦਿਨ ਸੈਸ਼ਨ ਦੌਰਾਨ ਮਤੇ ਦੇ ਸਮਰਥਨ ਵਿਚ ਬਾਬੇ ਦੀ ਬਾਣੀ ’ਤੇ ਅਮਲ ਦੀ ਗੱਲ ਚੱਲੀ ਸੀ।

Sunday, February 17, 2019

                                                             ਵਿਚਲੀ ਗੱਲ 
         ਕੌਣ ਸੁਣੇ ਮਮਟੀ ਦੀਆਂ ਹੂਕਾਂ, ਸਭ ਮਿੱਟੀ ਦੇ ਬਾਵੇ..!
                                                            ਚਰਨਜੀਤ ਭੁੱਲਰ
ਬਠਿੰਡਾ : ਬਾਪ ਦੇ ਕੰਧਾੜੇ ਚੜ੍ਹਨ ਤੋਂ ਜੋ ਧੀ ਡਰਦੀ ਸੀ। ਹੁਣ ਉਹ ਛੇਵੀਂ ਮੰਜ਼ਲ ਦੀ ਮਮਟੀ ’ਤੇ ਚੜ੍ਹੀ ਹੈ, ਜਿਥੋਂ ਮੋਤੀ ਮਹਿਲ ਦਿੱਖਦਾ ਹੈ। ਸਟਾਫ ਨਰਸ ਕਰਮਜੀਤ ਕੌਰ ਅੌਲਖ ਨੂੰ ਅਖੀਰ ਜ਼ਿੰਦਗੀ ਨਾਲ ਆਢਾ ਲਾਉਣਾ ਪਿਆ। ਪਾਣੀ ਦਾ ਡਰ ਏਨਾ ਕਿ ਕਦੇ ਸੂਏ ਦੀ ਪਟੜੀ ’ਤੇ ਨਹੀਂ ਤੁਰੀ ਸੀ। ਜਦੋਂ ਸਿਹਤ ਮੰਤਰੀ ਨੇ ਬਾਂਹ ਨਾ ਫੜੀ ਤਾਂ ਭਾਖੜਾ ’ਚ ਛਾਲ ਮਾਰ ਦਿੱਤੀ। ਕਿਸੇ ਰਾਹਗੀਰ ਨੇ ਕਿਹਾ, ਏਸ ਕੁੜੀ ਨੇ ਮੌਤ ਨੂੰ ਮਾਖੌਲ ਬਣਾ ਰੱਖਿਐ। ਪਹਿਲੋਂ ਮਰਨ ਵਰਤ ’ਤੇ ਜਦੋਂ ਇਹ ਬੈਠੀ ਤਾਂ ਮਾਂ ਨੇ ਸੁੱਖ ਮੰਗੀ ‘ਵਾਹਿਗੁਰੂ, ਧੀ ਨੂੰ ਤੱਤੀ ਵਾ ਤੋਂ ਬਚਾਈ’। ਨੌ ਸੌ ਸਟਾਫ ਨਰਸਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੀ, ਮੌਜੂਦਾ ਦਿਹਾੜੀ ’ਤੇ ਹੀ ਰੈਗੂਲਰ ਹੋਣ ਦੀ ਮੰਗ ਹੈ, ਪੂਰੇ 13 ਵਰ੍ਹਿਆਂ ਤੋਂ। ਰਜਿੰਦਰਾ ਹਸਪਤਾਲ ਪਟਿਆਲਾ ਦੀ ਮਮਟੀ ਦਾ ਵੀ ਤ੍ਰਾਹ ਨਿਕਲਿਐ। ਕਰਮਜੀਤ ਤੇ ਉਸ ਦਾ ਮੋਢਾ ਬਣੀ ਬਲਜੀਤ ਕੌਰ ਨੇ ਸਭ ਪਰਖੇ ਨੇ, ਨੀਲੇ ਵੀ ਤੇ ਚਿੱਟੇ ਵੀ। ਕੁੜੀਓ, ਦੇਖਿਓ ਕਿਤੇ ਛਾਲ ਮਾਰ ਦਿਓ, ਵਿਧਾਨ ਸਭਾ ਦੇ ਪਵਿੱਤਰ ਸੈਸ਼ਨ ’ਚ ਭੰਗ ਪੈ ਜਾਊ, ਬੱਸ ਥੋੜਾ ਮਿਹਣੋ ਮਿਹਣੀ ਹੋ ਲੈਣ, ਥੋਡੀ ਵੀ ਗੱਲ ਕਰਨਗੇ। ਸੈਸ਼ਨ ਛੋਟਾ ਹੈ ਪਰ ਚੱਲ ਤਾਂ ਰਿਹੈ।
                  ਅਧਿਆਪਕ ਸਰਬਜੀਤ ਥੋੜਾ ਸਬਰ ਕਰਦਾ ਤਾਂ ਕੰਨ ਦਾ ਪਰਦਾ ਨਾ ਪਾਟਦਾ। ਪੀ.ਐਚ.ਡੀ ਕਰ ਰਿਹਾ ਹੈ। ਦੋ ਵਿਸ਼ਿਆਂ ’ਚ ਐਮ.ਏ ਹੈ। ਪਰਸ਼ੀਅਨ ਭਾਸ਼ਾ ਵੀ ਜਾਣਦਾ ਹੈ ਪਰ ਬੁਛਾੜਾਂ ਦੀ ਭਾਸ਼ਾ ਸਮਝਣੋਂ ਅਣਜਾਣ ਰਿਹਾ। ਪੁਲੀਸ ਦੀ ਡਾਂਗ ਵਿਤਕਰਾ ਕਰਦੀ ਤਾਂ ਅਧਿਆਪਕ ਕਰਮਜੀਤ ਨਿਦਾਮਪੁਰ ਦੇ ਸਿਰ ’ਚ ਛੇ ਟਾਂਕੇ ਨਾ ਲੱਗਦੇ। ਸਕੂਲ ’ਚ ਬੱਚੇ ਪੁੱਛਦੇ ਨੇ ‘ਮਾਸਟਰ ਜੀ, ਪੁਲੀਸ ਤਾਂ ਚੋਰਾਂ ਨੂੰ ਕੁੱਟਦੀ ਹੈ, ਤੁਸੀਂ ਵੀ...’। ਲੱਦ ਗਏ ਦਿਨਾਂ ਨੂੰ ਆਲ਼ੇ ਭੋਲੇ ਕੀ ਜਾਣਨ। ਅਧਿਆਪਕਾ ਮਨਪ੍ਰੀਤ ਕੌਰ ਦਾ ਪੁਲੀਸ ਨੇ ਇਕੱਲਾ ਪੈਰ ਨਹੀਂ ਤੋੜਿਆ, ਅਰਮਾਨ ਵੀ ਝੰਬ ਸੁੱਟੇੇ। ਹੁਣ ਪੈਰ ਤੇ ਪਲੱਸਤਰ ਹੈ, ਸੱਧਰਾਂ ਜ਼ਖ਼ਮੀ। ਅਧਿਆਪਕ ਸੰਘਰਸ਼ ਕਮੇਟੀ ਅੱਗੇ ਲੱਗੀ ਤਾਂ ਸਭ ਮੋਤੀ ਮਹਿਲ ਵੱਲ ਹੋ ਤੁਰੇ। ਇਹ ਦੱਸਣ ਲਈ ਕਿ ਹੁਣ ਸੱਤ ਹਜ਼ਾਰ ਨਾਲ ਘਰ ਨਹੀਂ ਚੱਲਦਾ। ਅੱਗਿਓਂ ਪੁਲੀਸ ਸ਼ਰੀਕਾਂ ਵਾਂਗੂ ਟੱਕਰੀ। ਦਿਖਾ ਦਿੱਤੇ ਹਕੂਮਤੀ ਹੱਥ। ਅਧਿਆਪਕ ਸਾਥਿਓ, ਕਾਹਲ ਨਾ ਕਰੋ, ਸਦਨ ’ਚ ਪ੍ਰਸ਼ਨ ਕਾਲ ਚੱਲ ਰਿਹੈ, ਥੋੜਾ ਜੂਤ ਪਤਾਣ ਕਰ ਲੈਣ, ਥੋਡਾ ਮਸਲਾ ਵੀ ਚੁੱਕਣਗੇ। ਨਾਲੇ ਥੋਡੇ ਟਾਂਕੇ ਆਠਰ ਜਾਣਗੇ। ਖਾਮੋਸ਼, ਸੈਸ਼ਨ ਚੱਲ ਰਿਹੈ ਤੇ ਬਹਿਸ ਭਖੀ ਹੈ।
         ਸੰਧੂ ਖੁਰਦ (ਬਰਨਾਲਾ) ਦਾ ਕਿਸਾਨ ਸਾਧੂ ਸਿੰਘ ਨਹੀਂ ਰਿਹਾ। ਪਹਿਲਾਂ ਪਤਨੀ ਨਹੀਂ ਰਹੀ। ਕਰਜ਼ ਵੀ ਕੈਂਸਰ ਅੱਗੇ ਛੋਟਾ ਪੈ ਗਿਆ। ਸਵਾ ਲੱਖ ਰਿਸ਼ਵਤ ਦੇ ਕੇ ਪੈਲੀ ’ਚ ਲਾਈ ਮੋਟਰ ਜਾਅਲੀ ਨਿਕਲੀ। ਕਰਜ਼ ਚੁੱਕ ਕੇ ਪੁੱਤ ਮਲੇਸ਼ੀਆ ਭੇਜਿਆ। ਕੋਈ ਅੱਕ ਚੱਭਿਆ ਰਾਸ ਨਾ ਆਇਆ। ਜ਼ਮੀਨ ਗਈ ਤੇ ਖੁਦ ਖੇਤਾਂ ਦਾ ਰਾਖਾ ਵੀ। ਜ਼ਿੰਦਗੀ ਦੀ ਵੱਟ ਤੇ ਬੈਠੇ ਕਿੰਨੇ ਹੀ ਕਿਸਾਨ ਮੌਤ ਉਡੀਕ ਰਹੇ ਹਨ। ਕੋਈ ਉਠਾਉਣ ਵਾਲਾ ਨਹੀਂ। ਤਾਹੀਂ ਪਾਤਰ ਲਿਖਦੈ ‘ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸਨੂੰ ਬੁੱਝਣ ਨਾ ਦੇਈਏ’। ਹਰ ਪੁੱਤ ਚਾਹੁੰਦਾ ਹਾਂ ਕਿ ਮਾਂ ਲੱਕੜਾਂ ਨੂੰ ਘੱਲੇ। ਹਰ ਕਿਸਾਨ ਮਜ਼ਦੂਰ ਦੀ ਇੱਕੋ ਕਹਾਣੀ ਹੈ, ਉਲਝੀ ਤੰਦ ਪੁਰਾਣੀ ਹੈ। ਕਿਸਾਨ ਵੀਰੋਂ ,ਬੱਸ ਸਦਨ ’ਚ ਕੁਝ ਵਿਧਾਇਕਾਂ ਦੇ ਨਗ ਲੁਹਾ ਦੇਖੀਏ, ਫਿਰ ਥੋਡੇ ਦੁੱਖਾਂ ਦੀ ਗੱਲ ਵੀ ਕਰਾਂਗੇ। ਥੋੜਾ ਵਕਤ ਦਿਓ, ਕੱਲ ਨੂੰ ਨਾਲੇ ਬਜਟ ਸੁਣਿਓ, ਨਾਲੇ ਸ਼ਾਇਰੋ ਸ਼ਾਇਰੀ। ਸੈਸ਼ਨ ਛੋਟਾ ਹੈ ਪਰ ਜਾਰੀ ਹੈ। ਸਮੂਹਿਕ ਜਬਰ ਜ਼ਿਨਾਹ ਨੇ ਈਸੇਵਾਲ (ਲੁਧਿਆਣਾ) ਦੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਦੀ ਰੂਹ ਝੰਜੋੜੀ ਹੈ। ਕਦੇ ਪਿੰਡ ਦੇ ਨੇੜੇ ਕੋਈ ਖੰਘਿਆ ਨਹੀਂ ਸੀ, ਕਿਸੇ ਧੀ ਦੀ ਇੱਜ਼ਤ ਨੂੰ ਹੱਥ ਪੈਣਾ ਪਿੰਡ ਦੀ ਅੱਖ ’ਚ ਰੜਕਣ ਲੱਗਾ ਹੈ। ਸਿਆਸੀ ਰਾਖੇ ਪੱਟੀ ਬੰਨ੍ਹ ਲੈਣ ਤਾਂ ਪੰਜਾਬ ਦੀ ਪੱਤ ਕੌਣ ਬਚਾ ਸਕਦੈ।
                  ਲਹਿਰਾ ਬੇਗਾ ਦੇ ਧੀ ਨੂੰ ਕੋਈ ਰਾਹ ਨਹੀਂ ਲੱਭਦਾ। ਅੱਜ ਦੇ ਜੱਗਿਆ ਨੇ ਜ਼ਿੰਦਗੀ ਘੁਲਾੜ ਵਿਚ ਪੀੜ ਦਿੱਤੀ। ਅਣਚਾਹੀ ਅੌਲਾਦ ਨੂੰ ਲੈ ਕੇ ਕਿਧਰ ਜਾਏ। ਜਦੋਂ ਤਖਤਾਂ ’ਚ ਮੜਕ ਨਾ ਰਹੇ, ਉਦੋਂ ਧੀਆਂ ਦੀ ਜ਼ਿੰਦਗੀ ਸੁੰਨੇ ਘਰਾਂ ਵਾਂਗ ਹੋ ਜਾਂਦੀ ਹੈ। ਬੱਚੀਓ, ਦਿਲ ਛੋਟਾ ਨਾ ਕਰੋ, ਸੈਸ਼ਨ ’ਚ ਹਾਲੇ ਸਿਫ਼ਰ ਕਾਲ ਵੀ ਚੱਲਣਾ ਹੈ, ਪਹਿਲਾਂ ਵਾਕ ਆਊਟ ਕਰ ਲਈਏ, ਥੋਡੇ ਦਰਦ ਵੀ ਫਲੋਰ ’ਤੇ ਰੱਖਾਂਗੇ। ਸੈਸ਼ਨ ਚੱਲ ਰਿਹੈ, ਮੁੱਕਿਆ ਨਹੀਂ। ਜਵਾਨੀ ਨੂੰ ਨਾ ਸਮਾਰਟ ਫੋਨ ਮਿਲਿਆ ਤੇ ਨਾ ਬੇਕਾਰੀ ਭੱਤਾ। ਕਈ ‘ਨੌਕਰੀ ਮੇਲੇ’ ਵੇਖਣ ਲਈ ਰੁਕ ਗਏ। ਜੋ ਭੇਤੀ ਸਨ, ਉਨ੍ਹਾਂ ਨੇ ਸਟੱਡੀ ਵੀਜ਼ੇ ਲੈ ਲਏ। ਪਿੰਡ ਕੈਰੋਂ (ਤਰਨਤਾਰਨ) ਦੀ ਕੁੜੀ ਸੁਖਜੀਵਨ ਦੇ ਜਦੋਂ ਪੰਜ ਬੈਂਡ ਆਏ ਤਾਂ ਖੁਦਕੁਸ਼ੀ ਕਰ ਗਈ। ਪਹਿਲਾਂ ਚਿੱਟੇ ਨੇ ਚਿੱਟੀਆਂ ਚੁੰਨੀਆਂ ਦਾ ਹੜ੍ਹ ਵਗਾਇਆ। ਹੁਣ ਸਟੱਡੀ ਵੀਜ਼ੇ ਨੇ ਜ਼ਮੀਨ ਵਿਕਾ ਦਿੱਤੀਆਂ ਹਨ। ਕਿੰਨੀਆਂ ਮਾਂਵਾਂ ਨੂੰ ਅਰਮਾਨ ਗਹਿਣੇ ਕਰਨੇ ਪਏ। ਜਵਾਨੀ ਦਾ ਨਛੱਤਰ ਹੀ ਮਾੜਾ ਲੱਗਦੈ। ਘਬਰਾਓ ਨਾ ਪੁੱਤਰੋਂ, ਸਦਨ ਮੁੜ ਜੁੜ ਗਿਆ ਹੈ, ਪਹਿਲਾਂ ਆਪਣੇ ਭੱਤੇ ਵਧਾ ਲੈਣ, ਫਿਰ ਥੋਡਾ ਬਜਟ ਪਾਸ ਕਰਨਗੇ। ਸੈਸ਼ਨ ਛੋਟਾ ਹੈ ਪਰ ਹੈ ਤਾਂ ਹੰਗਾਮੇਦਾਰ।
        ਵਿਧਾਨ ਸਭਾ ਦਾ ਸਭ ਤੋਂ ਪਹਿਲਾ ਸਪੀਕਰ ਸ਼ਹਾਬ-ਉਦ-ਦੀਨ (1937-1945) ਸਦਨ ’ਚ ਪੱਗਾਂ ਉੱਛਲਦੀਆਂ ਦੇਖ ਕੇ ਧਰਮਰਾਜ ਦੀ ਕਚਹਿਰੀ ’ਚ ਬੈਠਾ ਕਚੀਚੀਆਂ ਵੱਟਦਾ ਹੋਊ। ਸੋਚਦਾ ਇਹ ਵੀ ਹੋਊ ਕਿ ਵਿਧਾਇਕਾਂ ਦੀ ਕਮਾਈ ਵੱਡੀ ਹੋ ਰਹੀ ਹੈ, ਵਿਧਾਨ ਸਭਾ ਦੇ ਸੈਸ਼ਨ ਛੋਟੇ। ਗਿਆਨੀ ਜੈਲ ਸਿੰਘ ਦੀ ਸਰਕਾਰ ਵੇਲੇ ਵਿਧਾਨ ਸਭਾ ਦੀਆਂ 148 ਬੈਠਕਾਂ ਹੋਈਆਂ। ਲੰਘੇ ਦਸ ਵਰ੍ਹਿਆਂ ਵਿਚ ਸਿਰਫ਼ 159 ਬੈਠਕਾਂ। ਪੰਜਾਹ ਫੀਸਦੀ ਵਿਧਾਇਕ ਤਾਂ ਸੈਸ਼ਨ ਚੋਂ ਸੁੱਚੇ ਮੂੰਹ ਹੀ ਮੁੜਦੇ ਹਨ।ਵਿਧਾਨ ਸਭਾ ਦਾ ਪਿਛਲੇ ਗਿਆਰਾਂ ਵਰ੍ਹਿਆਂ ਦਾ ਖਰਚਾ 300 ਕਰੋੜ ਰਿਹਾ ਹੈ। ਲੋਕ ਮਸਲਿਆਂ ਲਈ ਸਦਨ ਹੀ ਸੱਚਾ ਦਰਬਾਰ ਹੁੰਦਾ ਹੈ। ਹੁਣ ਬਹਿਸ ਦਾ ਮਿਆਰ ਡਿੱਗਿਆ ਹੈ ਪਰ ਨੇਤਾ ਉੱਠੇ ਹਨ। 27 ਮਾਰਚ 2012 ਨੂੰ ਸਦਨ ’ਚ ਵੱਡੇ ਬਾਦਲ ਨੇ ਵਿਰੋਧੀਆਂ ਵੱਲ ਮੂੰਹ ਕਰਕੇ ਇੰਝ ਫਰਮਾਇਆ ‘ਘਰੇ ਜਦੋਂ ਮਰਜ਼ੀ ਆਓ, ਰੋਟੀ ਵਧੀਆ ਮੁਰਗੇ ਨਾਲ ਖੁਆਵਾਂਗੇ, ਮੈਂ ਤਾਂ ਹੁਣ ਮੁਰਗਾ ਖਾਂਦਾ ਨਹੀਂ, ਥੋਨੂੰ ਖਾਣ ਦੀ ਆਦਤ ਐ’। ਵਿਧਾਇਕਾਂ ਨੂੰ ਲੋਕ ਅਸੈਂਬਲੀ ’ਚ ਟਿੱਚਰਾਂ ਵਾਸਤੇ ਨਹੀਂ ਭੇਜਦੇ। ਨੇਤਾਵਾਂ ਨੇ ਝੋਕੇ ਲਾਉਣੇ ਬੰਦ ਨਾ ਕੀਤੇ ਤਾਂ ਇੱਕ ਦਿਨ ਜਰਵਾਣੇ ਪੁੱਤ ਉਬਾਲ ਖਾਣਗੇ। ਫਿਰ ਕੋਈ ਸੁੱਕਾ ਨਹੀਂ ਬਚਣਾ। ਮਮਟੀ ’ਤੇ ਚੜ੍ਹਨਾ ਕਿਸੇ ਦਾ ਸ਼ੌਕ ਨਹੀਂ, ਨਾ ਮਾਪਿਆਂ ਨੇ ਪੁੱਤ ਬੁਛਾੜਾਂ ਖਾਣ ਨੂੰ ਜੰਮੇ ਨੇ।



Tuesday, September 18, 2018

                          ਪੁਰਾਣਾ ਵਹੀ ਖਾਤਾ
       ਕਰੋੜਾਂ ਦੇ ਫ਼ੰਡਾਂ ਦਾ ਕੌਣ ਹਿਸਾਬ ਦੇਊ ?
                           ਚਰਨਜੀਤ ਭੁੱਲਰ
ਬਠਿੰਡਾ : ਗੱਠਜੋੜ ਸਰਕਾਰ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਤਰਫ਼ੋਂ ਅਖ਼ਤਿਆਰੀ ਕੋਟੇ ਚੋਂ ਵੰਡੇ ਗਏ ਕਰੀਬ 10 ਕਰੋੜ ਦੇ ਫ਼ੰਡਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਉਦੋਂ ਦੇ ਸਪੀਕਰ ਡਾ.ਚਰਨਜੀਤ ਸਿੰਘ ਅਟਵਾਲ ਨੇ ਪੰਜ ਵਰ੍ਹਿਆਂ (2012-13 ਤੋਂ 2016-17) ਦੌਰਾਨ ਕਰੀਬ 10 ਕਰੋੜ ਰੁਪਏ ਦੇ ਫ਼ੰਡ ਵੰਡੇ ਸਨ ਜਿਨ੍ਹਾਂ ਦੇ ਖ਼ਰਚੇ ਜਾਣ ਦਾ ਕੋਈ ਥਹੁ ਪਤਾ ਨਹੀਂ ਲੱਗਾ ਹੈ। ਦਿਲਚਸਪ ਤੱਥ ਹਨ ਕਿ ਤਤਕਾਲੀ ਸਪੀਕਰ ਨੇ ਸਾਲ 2012-13 ਵਿਚ ਆਪਣੇ ਅਖ਼ਤਿਆਰੀ ਕੋਟੇ ਚੋਂ 2 ਕਰੋੜ ਦੇ ਫ਼ੰਡਾਂ ਦੀਆਂ 158 ਗਰਾਂਟਾਂ ਦੀ ਵੰਡ ਕੀਤੀ ਸੀ ਪ੍ਰੰਤੂ ਛੇ ਵਰ੍ਹਿਆਂ ਮਗਰੋਂ ਵੀ ਅੱਜ ਤੱਕ ਇਨ੍ਹਾਂ ਗਰਾਂਟਾਂ ਦਾ ‘ਵਰਤੋਂ ਸਰਟੀਫਿਕੇਟ’ ਵਿਧਾਨ ਸਭਾ ਕੋਲ ਨਹੀਂ ਪੁੱਜਾ ਹੈ। ਵਿਧਾਨ ਸਭਾ ਸਕੱਤਰੇਤ ਤੋਂ ਆਰਟੀਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਨੂੰ ਹਰ ਵਰੇ੍ਹ ਅਖ਼ਤਿਆਰੀ ਕੋਟੇ ਦੇ ਦੋ ਦੋ ਕਰੋੜ ਰੁਪਏ ਫ਼ੰਡ ਸਲਾਨਾ ਪ੍ਰਾਪਤ ਹੁੰਦੇ ਹਨ। ਸਪੀਕਰ ਨੂੰ ਪੰਜ ਵਰ੍ਹਿਆਂ ਦੌਰਾਨ ਅਖ਼ਤਿਆਰੀ ਕੋਟੇ ਦੇ 10 ਕਰੋੜ ਦੇ ਫ਼ੰਡ ਪ੍ਰਾਪਤ ਹੋਏ ਸਨ ਅਤੇ ਇਹ ਪੂਰੇ ਦੇ ਪੂਰੇ ਫ਼ੰਡ ਪੰਜ ਵਰ੍ਹਿਆਂ ਦੌਰਾਨ ਵੰਡੇ ਗਏ ਹਨ।
                ਦੱਸਣਯੋਗ ਹੈ ਕਿ ਵਿਧਾਨ ਸਭਾ ਦੇ ਇਸ ਸਮੇਂ ਦੌਰਾਨ 20 ਮਾਰਚ 2012 ਤੋਂ 27 ਮਾਰਚ 2017 ਤੱਕ ਸਪੀਕਰ ਡਾ.ਚਰਨਜੀਤ ਸਿੰਘ ਅਟਵਾਲ ਰਹੇ ਹਨ। ਉਨ੍ਹਾਂ ਨੇ ਅਖ਼ਤਿਆਰੀ ਕੋਟੇ ਦੇ ਫ਼ੰਡ ਤਾਂ ਵੰਡ ਦਿੱਤੇ ਪ੍ਰੰਤੂ ਇਨ੍ਹਾਂ ਫ਼ੰਡਾਂ ਨੂੰ ਖ਼ਰਚ ਕੀਤੇ ਜਾਣ ਦਾ ਸਰਕਾਰੀ ਤੌਰ ’ਤੇ ਕੋਈ ਇਲਮ ਨਹੀਂ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਇਨ੍ਹਾਂ ਗਰਾਂਟਾਂ ਦੇ ਖ਼ਰਚ ਹੋਣ ਮਗਰੋਂ ‘ਵਰਤੋਂ ਸਰਟੀਫਿਕੇਟ’ ਪੰਜਾਬ ਵਿਧਾਨ ਸਭਾ ਨੂੰ ਭੇਜਣੇ ਹੁੰਦੇ ਹਨ। ਸਰਕਾਰੀ ਤੱਥਾਂ ਅਨੁਸਾਰ ਤਤਕਾਲੀ ਸਪੀਕਰ ਨੇ ਪੰਜ ਵਰ੍ਹਿਆਂ ਦੌਰਾਨ 10 ਕਰੋੜ ਰੁਪਏ ਦੀਆਂ 633 ਗਰਾਂਟਾਂ ਦੀ ਵੰਡ ਕੀਤੀ ਜਿਨ੍ਹਾਂ ਚੋਂ ਸਿਰਫ਼ 12 ਗਰਾਂਟਾਂ ਦੇ ‘ਵਰਤੋਂ ਸਰਟੀਫਿਕੇਟ’ ਹੁਣ ਤੱਕ ਵਿਧਾਨ ਸਭਾ ਨੂੰ ਪ੍ਰਾਪਤ ਹੋਏ ਹਨ ਜਦੋਂ ਕਿ ਬਾਕੀ 621 ਗਰਾਂਟਾਂ ਦਾ ਸਰਕਾਰੀ ਤੌਰ ’ਤੇ ਵਿਧਾਨ ਸਭਾ ਨੂੰ ਕੋਈ ਪਤਾ ਨਹੀਂ ਹੈ। ਉਦੋਂ ਦੇ ਸਪੀਕਰ ਨੇ ਸਾਲ 2013-14 ’ਚ 127 ਗਰਾਂਟਾਂ ਵੰਡੀਆਂ ਜਿਨ੍ਹਾਂ ਚੋਂ ਸਿਰਫ਼ 10 ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਪ੍ਰਾਪਤ ਹੋਏ ਹਨ। ਸਾਲ 2014-15 ’ਚ ਵੰਡੀਆਂ 120 ਗਰਾਂਟਾਂ ਚੋਂ ਸਿਰਫ਼ ਇੱਕ ਗਰਾਂਟ ਦਾ ਵਰਤੋਂ ਸਰਟੀਫਿਕੇਟ ਹਾਸਲ ਹੋਇਆ ਹੈ।
                 ਇਵੇਂ ਸਾਲ 2015-16 ’ਚ ਵੰਡੀਆਂ 91 ਗਰਾਂਟਾਂ ਚੋਂ ਵੀ ਸਿਰਫ਼ ਇੱਕ ਗਰਾਂਟ ਦਾ ਯੂ.ਸੀ ਮਿਲਿਆ ਹੈ। ਆਖ਼ਰੀ ਵਰੇ੍ਹ ’ਚ ਵੰਡੀਆਂ 136 ਗਰਾਂਟਾਂ ਦਾ ਯੂ.ਸੀ ਵੀ ਬਕਾਇਆ ਪਏ ਹਨ। ਡਿਪਟੀ ਕਮਿਸ਼ਨਰਾਂ ਨੂੰ ਫ਼ੌਰੀ ਇਨ੍ਹਾਂ ਫ਼ੰਡਾਂ ਦੀ ਘੋਖ ਕਰਨੀ ਬਣਦੀ ਹੈ ਅਤੇ ਇਨ੍ਹਾਂ ਦੀ ਵਰਤੋਂ ਸਰਟੀਫਿਕੇਟ ਹਾਸਲ ਕਰਨੇ ਬਣਦੇ ਹਨ। ਸੂਤਰ ਇਨ੍ਹਾਂ ਫ਼ੰਡਾਂ ਤੇ ਹੁਣ ਉਂਗਲ ਉਠਾਉਣ ਲੱਗੇ ਹਨ। ਚਰਚੇ ਹਨ ਕਿ ਕਿਤੇ ਇਹ ਸਰਕਾਰੀ ਫ਼ੰਡ ਖੂਹ ਖਾਤੇ ਤਾਂ ਨਹੀਂ ਪੈ ਗਏ ਹਨ। ਗੱਠਜੋੜ ਸਰਕਾਰ ਸਮੇਂ ਦੇ ਡਿਪਟੀ ਸਪੀਕਰ ਵੱਲੋਂ ਵੀ ਪੰਜ ਵਰ੍ਹਿਆਂ ਦੌਰਾਨ 10 ਕਰੋੜ ਦੇ ਫ਼ੰਡਾਂ ਦੀਆਂ 1705 ਗਰਾਂਟਾਂ ਵੰਡੀਆਂ ਗਈਆਂ ਸਨ ਜਿਨ੍ਹਾਂ ਚੋਂ 741 ਗਰਾਂਟਾਂ ਦਾ ਕੋਈ ਥਹੁ ਪਤਾ ਨਹੀਂ ਹੈ। ਪੰਜਾਬ ਸਰਕਾਰ ਨੇ ਹੁਣ ਸਪੀਕਰ ਦਾ ਅਖ਼ਤਿਆਰੀ ਕੋਟਾ ਵਧਾ ਕੇ ਤਿੰਨ ਕਰੋੜ ਰੁਪਏ ਸਲਾਨਾ ਕਰ ਦਿੱਤਾ ਹੈ। ਮੌਜੂਦਾ ਸਪੀਕਰ ਨੇ ਸਾਲ 2017-18 ਦੌਰਾਨ 161 ਗਰਾਂਟਾਂ ਅਤੇ ਡਿਪਟੀ ਸਪੀਕਰ ਨੇ 110 ਗਰਾਂਟਾਂ ਵੰਡੀਆਂ ਹਨ। ਉਨ੍ਹਾਂ ਦੇ ਯੂ.ਸੀ ਵੀ ਪੈਂਡਿੰਗ ਹਨ।
                ਲਗਾਤਾਰ ਪੱਤਰ ਲਿਖ ਰਹੇ ਹਾਂ : ਮਿਸ਼ਰਾ
ਵਿਧਾਨ ਸਭਾ ਪੰਜਾਬ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰਾਂ ਤਰਫ਼ੋਂ ਅਖ਼ਤਿਆਰੀ ਫ਼ੰਡਾਂ ਦੇ ਯੂ.ਸੀ ਨਹੀਂ ਭੇਜੇ ਜਾ ਰਹੇ ਹਨ ਜਿਸ ਕਰਕੇ ਉਹ ਸਮੇਂ ਸਮੇਂ ਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਦੇ ਆ ਰਹੇ ਹਨ। ਆਡਿਟ ਇਤਰਾਜ਼ ਵੀ ‘ਵਰਤੋਂ ਸਰਟੀਫਿਕੇਟ’ ਨਾ ਮਿਲਣ ਕਰਕੇ ਉੱਠਦੇ ਹਨ ਪ੍ਰੰਤੂ ਉਨ੍ਹਾਂ ਕੋਲ ਪੱਤਰ ਲਿਖਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਦੂਸਰੀ ਤਰਫ਼ ਡਾ.ਅਟਵਾਲ ਨੂੰ ਵਾਰ ਵਾਰ ਫ਼ੋਨ ਕੀਤੇ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
                           ‘ਵਰਤੋਂ ਸਰਟੀਫਿਕੇਟ’ ਪ੍ਰਸ਼ਾਸਨ ਨੇ ਦੇਣੇ ਸਨ : ਅਟਵਾਲ
ਤਤਕਾਲੀ ਸਪੀਕਰ ਡਾ.ਚਰਨਜੀਤ ਅਟਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਖਤਿਆਰੀ ਕੋਟੇ ਤਹਿਤ ਗਰਾਂਟਾਂ ਦੇ ਚੈੱਕ ਵੰਡੇ ਸਨ ਅਤੇ ਜਿਨ੍ਹਾਂ ਦੇ ‘ਵਰਤੋਂ ਸਰਟੀਫਿਕੇਟ’ ਦੇਣ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਸੀ ਜਿਸ ’ਚ ਉਨ੍ਹਾਂ ਦਾ ਕੋਈ ਵੀ ਰੋਲ ਨਹੀਂ ਹੈ। ਉਨ੍ਹਾਂ ਨੇ ਨਿਯਮਾਂ ਅਨੁਸਾਰ ਸਭ ਗਰਾਂਟਾਂ ਸਹੀ ਵੰਡ ਕੀਤੀ ਜਿਸ ਵਿਚ ਕੁਝ ਵੀ ਗਲਤ ਨਹੀਂ। ਮੇਰੇ ਤੋਂ ਪਹਿਲੇ ਸਪੀਕਰਾਂ ਦੇ ਯੂ.ਸੀ ਪੈਂਡਿੰਗ ਹੋਣਗੇ ਅਤੇ ਸਪੀਕਰ ਦਾ ਯੂ.ਸੀ ਦੇੇਣ ’ਚ ਕੋਈ ਰੋਲ ਨਹੀਂ ਹੁੰਦਾ ਹੈ।




Sunday, January 21, 2018

                                                        ਮਾਮਲਾ ਸਪੀਕਰ ਦਾ
                             ਵਿਧਾਨ ਸਭਾ ਕਮੇਟੀ ਕਰੇਗੀ ਸੁਖਬੀਰ ਨੂੰ ਤਲਬ
                                                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਧਾਨ ਸਭਾ ਦੀ ‘ਵਿਸ਼ੇਸ਼ ਅਧਿਕਾਰ ਕਮੇਟੀ’ ਹੁਣ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰੇਗੀ। ਮਾਮਲਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਖ਼ਿਲਾਫ਼ ਲਾਏ ਇਲਜ਼ਾਮਾਂ ਦਾ ਹੈ। ਸਪੀਕਰ ’ਤੇ ਲਾਏ ਇਲਜ਼ਾਮਾਂ ਦੇ ਕੇਸ ਦਾ ਹਾਲੇ ਨਿਪਟਾਰਾ ਨਹੀਂ ਹੋਇਆ ਸੀ ਕਿ ਮਾਘੀ ਮੇਲੇ ’ਤੇ ਸੁਖਬੀਰ ਸਿੰਘ ਬਾਦਲ ਨੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੂੰ ਨਿਸ਼ਾਨਾ ’ਤੇ ਰੱਖਿਆ। ਮਾਘੀ ਮੇਲੇ ਤੇ ਕੀਤੀ ਸਿਆਸੀ ਬੋਲਬਾਣੀ ਮਗਰੋਂ ਸੁਖਬੀਰ ਬਾਦਲ ਤੇ ਡਿਪਟੀ ਸਪੀਕਰ ਅਜੈਬ ਭੱਟੀ ਦਰਮਿਆਨ ਖੜਕ ਪਈ ਹੈ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਆਖਿਆ ਹੈ ਕਿ ਉਹ ਸੁਖਬੀਰ ਬਾਦਲ ਖ਼ਿਲਾਫ਼ ਮਾਮਲਾ ਵਿਧਾਨ ਸਭਾ ਦੀ ‘ਵਿਸ਼ੇਸ਼ ਅਧਿਕਾਰ ਕਮੇਟੀ’ ਵਿਚ ਲਿਜਾਣਗੇ। ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਪ੍ਰੈਸ ਗੈਲਰੀ ’ਚ ਸਪੀਕਰ ਰਾਣਾ ਕੇ.ਪੀ.ਸਿੰਘ ਖ਼ਿਲਾਫ਼ ਸਿਆਸੀ ਰੰਗ ਵਾਲੀ ਮੰਦੀ ਭਾਸ਼ਾ ਬੋਲੀ ਸੀ ਜਿਸ ਤੋਂ ਸਪੀਕਰ ਖ਼ਫ਼ਾ ਹੋਏ ਸਨ। ਉਦੋਂ ਹਾਊਸ ਨੇ ਸਪੀਕਰ ਖ਼ਿਲਾਫ਼ ਬੋਲੀ ਭਾਸ਼ਾ ਨੂੰ ਲੈ ਕੇ ਸੁਖਬੀਰ ਬਾਦਲ ਖ਼ਿਲਾਫ਼ ਮਾਮਲਾ ਵਿਧਾਨ ਸਭਾ ਦੀ ‘ਵਿਸ਼ੇਸ਼ ਅਧਿਕਾਰ ਕਮੇਟੀ’ ਨੂੰ ਸੌਂਪ ਦਿੱਤਾ ਸੀ।
                  ਵਿਸ਼ੇਸ਼ ਅਧਿਕਾਰ ਕਮੇਟੀ ਨੇ ਇਸ ਕੇਸ ਤੇ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ। ਸਪੀਕਰ ਵਾਲਾ ਮਾਮਲਾ ਹਾਲੇ ਨਿਪਟਿਆ ਨਹੀਂ ਸੀ ਕਿ ਡਿਪਟੀ ਸਪੀਕਰ ਵਲੋਂ ਸੁਖਬੀਰ ਬਾਦਲ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਮਾਮਲਾ ਲਿਜਾਣ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਸੂਤਰ ਦੱਸਦੇ ਹਨ ਕਿ ਮੇਲਾ ਮਾਘੀ ਤੇ ਸੁਖਬੀਰ ਬਾਦਲ ਨੇ ਭੱਟੀ ਤੇ ਬਦਲੀਆਂ ਵਿਚ ਕਥਿਤ ਤੌਰ ਤੇ ਛੋਟੀਆਂ ਰਿਸ਼ਵਤਾਂ ਲੈਣ ਦੇ ਇਲਜ਼ਾਮ ਲਾਏ ਸਨ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਸੁਖਬੀਰ ਬਾਦਲ ਮਾਯੂਸੀ ਤੇ ਬੌਖਲਾਹਟ ਵਿਚ ਹਨ ਜਿਸ ਦੇ ਵਜੋਂ ਉਨ੍ਹਾਂ ਨੇ ਬੇਬੁਨਿਆਦ ਤੇ ਝੂਠੀ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਆਖਿਆ ਕਿ ‘ਮੈਨੂੰ ਕਿਸੇ ਗੱਪੀ ਤੋਂ ਫਤਵਾ ਲੈਣ ਦੀ ਲੋੜ ਨਹੀਂ, ਲੋਕਾਂ ਨੇ ਮੈਨੂੰ ਫਤਵਾ ਦਿੱਤਾ ਹੈ।’ ਭੱਟੀ ਨੇ ਆਖਿਆ ਕਿ ਉਹ ਸੁਖਬੀਰ ਬਾਦਲ ਖ਼ਿਲਾਫ਼ ਵਿਧਾਨ ਸਭਾ ਦੀ ‘ਵਿਸ਼ੇਸ਼ ਅਧਿਕਾਰ ਕਮੇਟੀ’ ਕੋਲ ਜਾਣਗੇ ਅਤੇ ਉਸ ਤੋਂ ਪਹਿਲਾਂ ਨਿਯਮਾਂ ਆਦਿ ਦੀ ਵੀ ਸਟੱਡੀ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਆਪਣੀ ਗਲਤੀ ਮਹਿਸੂਸ ਕਰਨ।
                   ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ.ਦਲਜੀਤ ਚੀਮਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਸੇ ਦੀ ਕਾਨੂੰਨੀ ਚਾਰਾਜੋਈ ਤੇ ਕੋਈ ਇਤਰਾਜ਼ ਨਹੀਂ ਹੈ ਪ੍ਰੰਤੂ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਜੋ ਕੁਝ ਵੀ ਆਖਿਆ ਜਾਂਦਾ ਹੈ, ਉਹ ਵਾਜਬ ਤੇ ਕਿਸੇ ਠੋਸ ਅਧਾਰ ਤੇ ਆਖਿਆ ਜਾਂਦਾ ਹੈ। ਜੋ ਮਾਘੀ ਮੇਲੇ ਦੀ ਸਟੇਜ ਤੋਂ ਗੱਲ ਹੋਈ ਹੈ, ਉਸ ਕਾਂਗਰਸ ਲੀਡਰਾਂ ਵਾਂਗ ਤੱਥਹੀਣ ਨਹੀਂ ਹੋਵੇਗੀ। ‘ਵਿਸ਼ੇਸ਼ ਅਧਿਕਾਰ ਕਮੇਟੀ’ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਸਪੀਕਰ ਮਾਮਲੇ ’ਚ ਕਮੇਟੀ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਜਾਵੇਗਾ। ਮੰਗਲਵਾਰ ਨੂੰ ਕਮੇਟੀ ਦੀ ਮੀਟਿੰਗ ਵਿਚ ਕਾਫ਼ੀ ਕੇਸਾਂ ਦਾ ਨਿਪਟਾਰਾ ਹੋ ਜਾਣਾ  ਹੈ ਅਤੇ ਉਸ ਮਗਰੋਂ ਬਾਦਲ ਨੂੰ ਸੱਦਿਆ ਜਾਵੇਗਾ। ਉਨ੍ਹਾਂ ਆਖਿਆ ਕਿ ਡਿਪਟੀ ਸਪੀਕਰ ਕੋਲ ਸੰਵਿਧਾਨਿਕ ਅਹੁਦਾ ਹੈ ਅਤੇ ਉਨ੍ਹਾਂ ਦਾ ਕੇਸ ਵੀ ਕਮੇਟੀ ਦੇ ਦਾਇਰੇ ਵਿਚ ਆਉਂਦਾ ਹੈ। ਅਗਰ ਭੱਟੀ ਲਿਖਤੀ ਤੌਰ ਤੇ ਕਮੇਟੀ ਕੋਲ ਮਾਮਲਾ ਭੇਜਦੇ ਹਨ ਤਾਂ ਕਾਰਵਾਈ ਕੀਤੀ ਜਾਵੇਗੀ।



Friday, October 3, 2014

                               ਕਾਰਗੁਜ਼ਾਰੀ
         ਸਵਾਲ  ਨਹੀਂ ਅਹੁੜਦੇ ਵਿਧਾਇਕਾਂ ਨੂੰ
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਕਰੀਬ 33 ਵਿਧਾਇਕਾਂ ਨੇ ਐਤਕੀਂ ਬਜਟ ਸੈਸ਼ਨ ਦੌਰਾਨ ਸੁਆਲਾਂ ਵਾਲਾ ਖਾਤਾ ਹੀ ਨਹੀਂ ਖੋਲ੍ਹਿਆ। ਉਨ੍ਹਾਂ ਇਸ ਸੈਸ਼ਨ ਵਿਚ ਲੋਕਾਂ ਦੇ ਮੁੱਦੇ ਲਿਖਤੀ ਰੂਪ ਵਿਚ ਉਠਾਉਣ ਦੀ ਖੇਚਲ ਹੀ ਨਹੀਂ ਕੀਤੀ। ਸੈਸ਼ਨ ਇਸ ਵਾਰ 15 ਜੁਲਾਈ ਤੋਂ 22  ਜੁਲਾਈ ਤੱਕ ਚੱਲਿਆ ਸੀ। ਸੈਸ਼ਨ ਦੌਰਾਨ ਸਿਰਫ਼ 49 ਵਿਧਾਇਕਾਂ ਨੇ ਹੀ ਲਿਖਤੀ ਸੁਆਲ ਪੁੱਛੇ ਸਨ ਜਦੋਂ ਕਿ 33 ਦੇ ਕਰੀਬ ਵਿਧਾਇਕਾਂ ਨੇ ਕੋਈ ਸਟਾਰਡ ਜਾਂ ਅਣਸਟਾਰਡ ਸੁਆਲ ਪੁੱਛਿਆ ਹੀ ਨਹੀਂ। ਖਾਤਾ ਨਾ ਖੋਲ੍ਹਣ ਵਾਲੇ ਵਿਧਾਇਕਾਂ ਵਿੱਚ ਸਭਨਾਂ ਸਿਆਸੀ ਧਿਰਾਂ ਦੇ ਪ੍ਰਤੀਨਿਧ ਸ਼ਾਮਲ ਹਨ। ਵਿਧਾਨ ਸਭਾ ਸਕੱਤਰੇਤ ਵਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਸੂਚਨਾ ਅਨੁਸਾਰ ਬਜਟ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਅਤੇ ਹਰਦਿਆਲ ਸਿੰਘ ਕੰਬੋਜ ਨੇ ਤਾਂ ਅਸੈਂਬਲੀ ਵਿਚ ਪੈਰ ਹੀ ਨਹੀਂ ਪਾਇਆ। ਉਹ ਪੂਰਾ ਸਮਾਂ ਗੈਰਹਾਜ਼ਰ ਰਹੇ। ਵਿਧਾਇਕਾਂ ਵੱਲੋਂ ਇਸ ਸੈਸ਼ਨ ਵਿਚ ਕੁੱਲ 319 ਸੁਆਲ ਪੁੱਛੇ ਗਏ ਸਨ ਜਿਨ੍ਹਾਂ ਚੋਂ 102 ਸਟਾਰਡ ਸੁਆਲ ਸਨ ਜਿਨ੍ਹਾਂ ਦਾ ਜੁਆਬ ਸੈਸ਼ਨ ਵਿਚ ਹੀ ਜ਼ੁਬਾਨੀ ਦਿੱਤਾ ਗਿਆ ਜਦੋਂ ਕਿ 71 ਸੁਆਲ ਅਣਸਟਾਰਡ ਸਨ ਜਿਨ੍ਹਾਂ ਦਾ ਜੁਆਬ ਲਿਖਤੀ ਰੂਪ ਵਿਚ ਦਿੱਤਾ ਗਿਆ। ਇਸੇ ਤਰ੍ਹਾਂ 146 ਸੀ.ਯੂ (ਕਨਵਰਟਡ ਅਣਸਟਾਰਡ) ਸੁਆਲ ਸਨ ਜਿਨ੍ਹਾਂ ਦਾ ਜੁਆਬ ਸੈਸ਼ਨ ਖਤਮ ਹੋਣ ਮਗਰੋਂ ਲਿਖਤੀ ਰੂਪ ਵਿਚ ਵਿਧਾਇਕਾਂ ਨੂੰ ਭੇਜਿਆ ਗਿਆ। ਸਭ ਤੋਂ ਜ਼ਿਆਦਾ ਸੁਆਲ ਪੁੱਛਣ ਪੱਖੋਂ ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਮੋਹਰੀ ਰਹੇ। ਇਨ੍ਹਾਂ ਨੇ 17 ਸੁਆਲ ਪੁੱਛੇ। ਦੂਸਰੇ ਨੰਬਰ 'ਤੇ ਮੁਕੇਰੀਆਂ ਦੇ ਵਿਧਾਇਕ ਰਜਨੀਸ਼ ਕੁਮਾਰ ਰਹੇ ਹਨ ਜਿਨ੍ਹਾਂ 16 ਸੁਆਲ ਪੁੱਛੇ। ਹਰਦਿਆਲ ਸਿੰਘ ਕੰਬੋਜ ਪੂਰਾ ਸਮਾਂ ਸੈਸ਼ਨ 'ਚੋਂ ਗੈਰਹਾਜ਼ਰ ਰਹੇ, ਪ੍ਰੰਤੂ ਉਨ੍ਹਾਂ ਲਿਖਤੀ ਰੂਪ ਵਿੱਚ 12 ਸੁਆਲ ਪੁੱਛੇ।
                     ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕੋਈ ਸੁਆਲ ਨਹੀਂ ਪੁੱਛਿਆ ਹੈ। ਲੁਧਿਆਣਾ ਸ਼ਹਿਰ 'ਚੋਂ ਅਜ਼ਾਦ ਚੋਣ ਜਿੱਤਣ ਵਾਲੇ ਬੈਂਸ ਭਰਾਵਾਂ ਨੇ ਵੀ ਇਸ ਸੈਸ਼ਨ ਵਿੱਚ ਕੋਈ ਲਿਖਤੀ ਸੁਆਲ ਨਹੀਂ ਪੁੱਛਿਆ ਹੈ। ਜਿਨ੍ਹਾਂ ਵਿਧਾਇਕਾਂ ਨੇ ਇਸ ਸੈਸ਼ਨ ਦੌਰਾਨ ਖਾਤਾ ਨਹੀਂ ਖੋਲ੍ਹਿਆ, ਉਨ੍ਹਾਂ ਵਿੱਚ ਮਾਨਸਾ ਤੋਂ ਪ੍ਰੇਮ ਮਿੱਤਲ, ਬਰਨਾਲਾ ਤੋਂ ਕੇਵਲ ਢਿੱਲੋਂ, ਮਹਿਲਾ ਕਲਾਂ ਤੋਂ ਹਰਚੰਦ ਕੌਰ, ਮੋਗਾ ਤੋਂ ਜੋਗਿੰਦਰ ਜੈਨ, ਨਿਹਾਲ ਸਿੰਘ ਵਾਲਾ ਤੋਂ ਰਾਜਵਿੰਦਰ ਕੌਰ,ਬਾਘਾ ਪੁਰਾਣਾ ਤੋਂ ਮਹੇਸ਼ਇੰਦਰ ਸਿੰਘ, ਧੂਰੀ ਤੋਂ ਅਰਵਿੰਦ ਖੰਨਾ, ਜ਼ੀਰਾ ਤੋਂ ਹਰੀ ਸਿੰਘ ਜੀਰਾ, ਲੁਧਿਆਣਾ ਜ਼ਿਲ੍ਹੇ ਤੋਂ  ਮਨਪ੍ਰੀਤ ਸਿੰਘ ਇਯਾਲੀ, ਅਮਰੀਕ ਸਿੰਘ ਸਮਰਾਲਾ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਹੁਸ਼ਿਆਰਪੁਰ ਤੋਂ ਸੁਰਜੀਤ ਕੌਰ ਸ਼ਾਹੀ, ਬਟਾਲਾ ਤੋਂ ਅਸ਼ਵਨੀ ਸੇਖੜੀ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਆਦਿ ਸ਼ਾਮਲ ਹਨ। ਇਵੇਂ ਹੀ ਪਠਾਨਕੋਟ ਦੇ ਭੋਆ ਹਲਕੇ ਤੋਂ ਸੀਮਾ ਕੁਮਾਰੀ,ਪਠਾਨਕੋਟ ਤੋਂ ਅਸ਼ਵਨੀ ਕੁਮਾਰ ਸ਼ਰਮਾ, ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ, ਜਲੰਧਰ ਛਾਉਣੀ ਤੋਂ ਪਰਗਟ ਸਿੰਘ, ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ, ਫਗਵਾੜਾ ਤੋਂ ਸੋਮ ਪ੍ਰਕਾਸ਼,ਅੰਮ੍ਰਿਤਸਰ ਕੇਂਦਰੀ ਤੋਂ ਓ.ਪੀ.ਸੋਨੀ,ਜੰਡਿਆਲਾ ਤੋਂ ਬਲਜੀਤ ਸਿੰਘ ,ਰਾਜਾਸਾਸੀਂ ਤੋਂ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਡਾ.ਰਾਜ ਕੁਮਾਰ ਆਦਿ ਵੀ ਲਿਖਤੀ ਸੁਆਲ ਨਾ ਪੁੱਛਣ ਵਾਲਿਆਂ ਵਿਚ ਸ਼ਾਮਲ ਰਹੇ। ਮਾਨਸਾ ਤੋਂ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੈਸ਼ਨ ਵਿਚ ਮਾਨਸਾ ਦੀ ਸਨਅਤ ਦਾ ਮਸਲਾ ਤਾਂ ਉਠਾਇਆ ਸੀ ਪ੍ਰੰਤੂ ਸੁਆਲ ਐਤਕੀ ਕੋਈ ਨਹੀਂ ਲਗਾਇਆ।
                  ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਉਹ ਬਜਟ ਸੈਸ਼ਨ ਤੋਂ ਪਹਿਲਾ ਵਿਦੇਸ਼ ਗਿਆ ਹੋਇਆ ਸੀ ਜਿਸ ਕਰਕੇ ਉਹ ਐਤਕੀਂ ਸੁਆਲ ਨਹੀਂ ਲਗਾ ਸਕਿਆ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਹਰ ਸੈਸ਼ਨ ਵਿਚ ਉਨ੍ਹਾਂ ਦੇ ਲਗਾਤਾਰ ਸੁਆਲ ਲੱਗਦੇ ਰਹੇ ਹਨ। ਇਵੇਂ ਹੀ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਸੀ ਕਿ ਉਨ੍ਹਾਂ ਦੋਵਾਂ ਵਿਧਾਇਕ ਭਰਾਵਾਂ ਨੇ ਐਤਕੀਂ ਸੈਸ਼ਨ ਲਈ ਅੱਠ ਸੁਆਲ ਭੇਜੇ ਸਨ ਪ੍ਰੰਤੂ ਸੈਸ਼ਨ ਵਿਚ ਲੱਗੇ ਨਹੀਂ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਆਪਣੀ ਤਰਫੋਂ ਡਿਊਟੀ ਨਿਭਾ ਦਿੱਤੀ ਸੀ। ਵੇਰਵਿਆਂ ਅਨੁਸਾਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਕੁਲਜੀਤ ਸਿੰਘ ਨਾਗਰਾ,ਦਰਸ਼ਨ ਸਿੰਘ ਕੋਟਫੱਤਾ,ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਮਨਜੀਤ ਸਿੰਘ ਮੀਆਂਵਿੰਡ ਨੇ ਸੈਸ਼ਨ ਵਿਚ ਦੋ ਦੋ ਹੀ ਲਿਖਤੀ ਸੁਆਲ ਪੁੱਛੇ। ਮਹਿਲਾ ਵਿਧਾਇਕਾਂ ਚੋਂ ਸਭ ਤੋਂ ਜ਼ਿਆਦਾ ਇਸ ਸੈਸ਼ਨ ਵਿਚ ਸੁਆਲ ਸ਼ੁਤਰਾਣਾ ਹਲਕੇ ਤੋਂ ਵਿਧਾਇਕਾ ਵਨਿੰਦਰ ਕੌਰ ਲੂੰਬਾ ਨੇ ਪੁੱਛੇ ਹਨ ਉਨ੍ਹਾਂ ਨੇ ਸੱਤ ਸੁਆਲ ਪੁੱਛੇ।
                 ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨਾਲ ਸੰਪਰਕ ਕੀਤਾ ਪ੍ਰੰਤੂ ਉਨ੍ਹਾਂ ਫੋਨ ਨਹੀਂ ਚੁੱਕਿਆ। ਪੰਜਾਬ ਵਿਧਾਨ ਸਭਾ ਵਲੋਂ ਪਿਛਲੇ ਸਮੇਂ ਵਿਚ ਸਰਵੋਤਮ ਵਿਧਾਨਕਾਰ ਐਲਾਨੇ ਹਰਦੇਵ ਅਰਸ਼ੀ (ਕਮਿਊਨਿਸਟ ਆਗੂ) ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਹੁਣ ਚੁਣੇ ਜਾਂਦੇ ਵਿਧਾਇਕਾਂ ਦੀ ਲੋਕ ਮੁੱਦਿਆਂ ਦੀ ਸਿਆਸਤ ਨਹੀਂ ਹੈ ਬਲਕਿ ਉਨ੍ਹਾਂ ਲਈ ਸਿਆਸਤ ਇੱਕ ਵਪਾਰ ਹੈ ਜਿਸ ਕਰਕੇ ਉਨ੍ਹਾਂ ਦੀ ਵਿਧਾਨ ਸਭਾ ਵਿਚ ਕੋਈ ਸੁਆਲ ਪੁੱਛਣ ਦੀ ਰੁਚੀ ਹੀ ਨਹੀਂ ਹੁੰਦੀ ਹੈ।
                                           ਵਿਧਾਇਕਾਂ ਦੀ ਸਵਾਲੀਆ ਕਾਰਗੁਜ਼ਾਰੀ
*  ਦੋ ਕਾਂਗਰਸੀ ਵਿਧਾਇਕਾਂ- ਅਰਵਿੰਦਰ ਖੰਨਾ ਤੇ ਹਰਦਿਆਲ ਸਿੰਘ ਕੰਬੋਜ ਨੇ ਬਜਟ ਸੈਸ਼ਨ ਦੌਰਾਨ ਹਾਜ਼ਰੀ ਭਰਨੀ ਵੀ ਜਾਇਜ਼ ਨਹੀਂ ਸਮਝੀ।
*  ਕੁੱਲ 319 ਸਵਾਲ ਪੁੱਛੇ ਗਏ। ਸਭ ਤੋਂ ਵੱਧ 17 ਸਵਾਲ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਪੁੱਛੇ।
*  ਮਹਿਲਾ ਵਿਧਾਇਕਾਂ ਵਿੱਚੋਂ 7 ਸਵਾਲ ਪੁੱਛ ਕੇ ਅਕਾਲੀ ਦਲ ਦੀ ਵਨਿੰਦਰ ਕੌਰ ਲੂੰਬਾ    ਰਹੀ ਮੋਹਰੀ।
*  ਸਵਾਲ ਨਾ ਪੁੱਛਣ ਵਾਲਿਆਂ ਵਿੱਚੋਂ ਬਹੁਗਿਣਤੀ ਕਾਂਗਰਸੀ ਵਿਧਾਇਕਾਂ ਦੀ।
*  ਬੀਬੀ ਭੱਠਲ ਨੇ ਨਾ ਕੋਈ ਸਵਾਲ ਪੁੱਛਿਆ ਅਤੇ ਨਾ ਹੀ ਕੋਈ ਹੋਰ ਸਰਗਰਮੀ ਦਿਖਾਈ।