Sunday, January 21, 2018

                                                        ਮਾਮਲਾ ਸਪੀਕਰ ਦਾ
                             ਵਿਧਾਨ ਸਭਾ ਕਮੇਟੀ ਕਰੇਗੀ ਸੁਖਬੀਰ ਨੂੰ ਤਲਬ
                                                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਧਾਨ ਸਭਾ ਦੀ ‘ਵਿਸ਼ੇਸ਼ ਅਧਿਕਾਰ ਕਮੇਟੀ’ ਹੁਣ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰੇਗੀ। ਮਾਮਲਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਖ਼ਿਲਾਫ਼ ਲਾਏ ਇਲਜ਼ਾਮਾਂ ਦਾ ਹੈ। ਸਪੀਕਰ ’ਤੇ ਲਾਏ ਇਲਜ਼ਾਮਾਂ ਦੇ ਕੇਸ ਦਾ ਹਾਲੇ ਨਿਪਟਾਰਾ ਨਹੀਂ ਹੋਇਆ ਸੀ ਕਿ ਮਾਘੀ ਮੇਲੇ ’ਤੇ ਸੁਖਬੀਰ ਸਿੰਘ ਬਾਦਲ ਨੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੂੰ ਨਿਸ਼ਾਨਾ ’ਤੇ ਰੱਖਿਆ। ਮਾਘੀ ਮੇਲੇ ਤੇ ਕੀਤੀ ਸਿਆਸੀ ਬੋਲਬਾਣੀ ਮਗਰੋਂ ਸੁਖਬੀਰ ਬਾਦਲ ਤੇ ਡਿਪਟੀ ਸਪੀਕਰ ਅਜੈਬ ਭੱਟੀ ਦਰਮਿਆਨ ਖੜਕ ਪਈ ਹੈ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਆਖਿਆ ਹੈ ਕਿ ਉਹ ਸੁਖਬੀਰ ਬਾਦਲ ਖ਼ਿਲਾਫ਼ ਮਾਮਲਾ ਵਿਧਾਨ ਸਭਾ ਦੀ ‘ਵਿਸ਼ੇਸ਼ ਅਧਿਕਾਰ ਕਮੇਟੀ’ ਵਿਚ ਲਿਜਾਣਗੇ। ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਪ੍ਰੈਸ ਗੈਲਰੀ ’ਚ ਸਪੀਕਰ ਰਾਣਾ ਕੇ.ਪੀ.ਸਿੰਘ ਖ਼ਿਲਾਫ਼ ਸਿਆਸੀ ਰੰਗ ਵਾਲੀ ਮੰਦੀ ਭਾਸ਼ਾ ਬੋਲੀ ਸੀ ਜਿਸ ਤੋਂ ਸਪੀਕਰ ਖ਼ਫ਼ਾ ਹੋਏ ਸਨ। ਉਦੋਂ ਹਾਊਸ ਨੇ ਸਪੀਕਰ ਖ਼ਿਲਾਫ਼ ਬੋਲੀ ਭਾਸ਼ਾ ਨੂੰ ਲੈ ਕੇ ਸੁਖਬੀਰ ਬਾਦਲ ਖ਼ਿਲਾਫ਼ ਮਾਮਲਾ ਵਿਧਾਨ ਸਭਾ ਦੀ ‘ਵਿਸ਼ੇਸ਼ ਅਧਿਕਾਰ ਕਮੇਟੀ’ ਨੂੰ ਸੌਂਪ ਦਿੱਤਾ ਸੀ।
                  ਵਿਸ਼ੇਸ਼ ਅਧਿਕਾਰ ਕਮੇਟੀ ਨੇ ਇਸ ਕੇਸ ਤੇ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ। ਸਪੀਕਰ ਵਾਲਾ ਮਾਮਲਾ ਹਾਲੇ ਨਿਪਟਿਆ ਨਹੀਂ ਸੀ ਕਿ ਡਿਪਟੀ ਸਪੀਕਰ ਵਲੋਂ ਸੁਖਬੀਰ ਬਾਦਲ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਮਾਮਲਾ ਲਿਜਾਣ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਸੂਤਰ ਦੱਸਦੇ ਹਨ ਕਿ ਮੇਲਾ ਮਾਘੀ ਤੇ ਸੁਖਬੀਰ ਬਾਦਲ ਨੇ ਭੱਟੀ ਤੇ ਬਦਲੀਆਂ ਵਿਚ ਕਥਿਤ ਤੌਰ ਤੇ ਛੋਟੀਆਂ ਰਿਸ਼ਵਤਾਂ ਲੈਣ ਦੇ ਇਲਜ਼ਾਮ ਲਾਏ ਸਨ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਸੁਖਬੀਰ ਬਾਦਲ ਮਾਯੂਸੀ ਤੇ ਬੌਖਲਾਹਟ ਵਿਚ ਹਨ ਜਿਸ ਦੇ ਵਜੋਂ ਉਨ੍ਹਾਂ ਨੇ ਬੇਬੁਨਿਆਦ ਤੇ ਝੂਠੀ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਆਖਿਆ ਕਿ ‘ਮੈਨੂੰ ਕਿਸੇ ਗੱਪੀ ਤੋਂ ਫਤਵਾ ਲੈਣ ਦੀ ਲੋੜ ਨਹੀਂ, ਲੋਕਾਂ ਨੇ ਮੈਨੂੰ ਫਤਵਾ ਦਿੱਤਾ ਹੈ।’ ਭੱਟੀ ਨੇ ਆਖਿਆ ਕਿ ਉਹ ਸੁਖਬੀਰ ਬਾਦਲ ਖ਼ਿਲਾਫ਼ ਵਿਧਾਨ ਸਭਾ ਦੀ ‘ਵਿਸ਼ੇਸ਼ ਅਧਿਕਾਰ ਕਮੇਟੀ’ ਕੋਲ ਜਾਣਗੇ ਅਤੇ ਉਸ ਤੋਂ ਪਹਿਲਾਂ ਨਿਯਮਾਂ ਆਦਿ ਦੀ ਵੀ ਸਟੱਡੀ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਆਪਣੀ ਗਲਤੀ ਮਹਿਸੂਸ ਕਰਨ।
                   ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ.ਦਲਜੀਤ ਚੀਮਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਸੇ ਦੀ ਕਾਨੂੰਨੀ ਚਾਰਾਜੋਈ ਤੇ ਕੋਈ ਇਤਰਾਜ਼ ਨਹੀਂ ਹੈ ਪ੍ਰੰਤੂ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਜੋ ਕੁਝ ਵੀ ਆਖਿਆ ਜਾਂਦਾ ਹੈ, ਉਹ ਵਾਜਬ ਤੇ ਕਿਸੇ ਠੋਸ ਅਧਾਰ ਤੇ ਆਖਿਆ ਜਾਂਦਾ ਹੈ। ਜੋ ਮਾਘੀ ਮੇਲੇ ਦੀ ਸਟੇਜ ਤੋਂ ਗੱਲ ਹੋਈ ਹੈ, ਉਸ ਕਾਂਗਰਸ ਲੀਡਰਾਂ ਵਾਂਗ ਤੱਥਹੀਣ ਨਹੀਂ ਹੋਵੇਗੀ। ‘ਵਿਸ਼ੇਸ਼ ਅਧਿਕਾਰ ਕਮੇਟੀ’ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਸਪੀਕਰ ਮਾਮਲੇ ’ਚ ਕਮੇਟੀ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਜਾਵੇਗਾ। ਮੰਗਲਵਾਰ ਨੂੰ ਕਮੇਟੀ ਦੀ ਮੀਟਿੰਗ ਵਿਚ ਕਾਫ਼ੀ ਕੇਸਾਂ ਦਾ ਨਿਪਟਾਰਾ ਹੋ ਜਾਣਾ  ਹੈ ਅਤੇ ਉਸ ਮਗਰੋਂ ਬਾਦਲ ਨੂੰ ਸੱਦਿਆ ਜਾਵੇਗਾ। ਉਨ੍ਹਾਂ ਆਖਿਆ ਕਿ ਡਿਪਟੀ ਸਪੀਕਰ ਕੋਲ ਸੰਵਿਧਾਨਿਕ ਅਹੁਦਾ ਹੈ ਅਤੇ ਉਨ੍ਹਾਂ ਦਾ ਕੇਸ ਵੀ ਕਮੇਟੀ ਦੇ ਦਾਇਰੇ ਵਿਚ ਆਉਂਦਾ ਹੈ। ਅਗਰ ਭੱਟੀ ਲਿਖਤੀ ਤੌਰ ਤੇ ਕਮੇਟੀ ਕੋਲ ਮਾਮਲਾ ਭੇਜਦੇ ਹਨ ਤਾਂ ਕਾਰਵਾਈ ਕੀਤੀ ਜਾਵੇਗੀ।



No comments:

Post a Comment