Sunday, January 14, 2018

                        ਤੇਰਾ ਕੌਣ ਵਿਚਾਰਾ..
     ਬਾਦਲ ਦੇ ਸਹੁਰੇ ਪਿੰਡ ਦੇ ਹੋਣਗੇ ਟੋਟੇ !
                           ਚਰਨਜੀਤ ਭੁੱਲਰ
ਬਠਿੰਡਾ : ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਾਲਿਆਂ ਨੂੰ ਖੁਸ਼ ਕਰਨ ਲਈ ਆਪਣੇ ਸਹੁਰੇ ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਦੋ ਟੋਟੇ ਕਰ ਦਿੱਤੇ ਸਨ, ਹੁਣ ਕੈਪਟਨ ਹਕੂਮਤ ਉਸੇ ਰਾਹ ’ਤੇ ਪੈ ਗਈ ਹੈ। ਬਠਿੰਡਾ ਦਾ ਚੱਕ ਫਤਹਿ ਸਿੰਘ ਵਾਲਾ ਬਹੁਤਾ ਵੱਡਾ ਪਿੰਡ ਨਹੀਂ ਹੈ। ਉਂਜ, ਬਾਦਲ ਦਾ ਸਹੁਰਾ ਪਿੰਡ ਹੋਣ ਕਰਕੇ ‘ਛੋਟਾ’ ਵੀ ਨਹੀਂ। ਪਿਛੇ ਝਾਤ ਮਾਰੀਏ ਤਾਂ ਵਰ੍ਹਾ 1998 ’ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਦੋ ਸਾਲਿ਼ਆਂ ਨੂੰ ਸਰਪੰਚ ਬਣਾਉਣ ਲਈ ਰਾਤੋਂ ਰਾਤ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਚੋਂ ਇੱਕ ਨਵੀਂ ਪੰਚਾਇਤ ਭਾਈ ਹਰਜੋਗਿੰਦਰ ਨਗਰ ਬਣਾ ਦਿੱਤੀ ਸੀ। ਦੋਹਾਂ ਪੰਚਾਇਤਾਂ ’ਤੇ ਬਾਦਲ ਦੇ ਰਿਸ਼ਤੇਦਾਰ ਕਾਬਜ਼ ਹੋਏ ਸਨ। ਉਦੋਂ ਇਸ ਗੱਲ ਦੇ ਕਾਫ਼ੀ ਸਿਆਸੀ ਚਰਚੇ ਹੋਏ ਸਨ। ਕਾਂਗਰਸ ਸਰਕਾਰ ਹੁਣ ਚੱਕ ਫ਼ਤਿਹ ਸਿੰਘ ਵਾਲਾ ਚੋਂ ਇੱਕ ਹੋਰ ਨਵੀਂ ਪੰਚਾਇਤ ਬਣਾਉਣ ਦੀ ਤਿਆਰੀ ’ਚ ਹੈ। ਭਾਵੇਂ ਹੁਣ ਚੱਕ ਫ਼ਤਿਹ ਸਿੰਘ ਵਾਲਾ ਦੀ ਮੌਜੂਦਾ ਪੰਚਾਇਤ ਨੇ ਮਤਾ ਪਾਸ ਕਰਕੇ ਸਹਿਮਤੀ ਦਿੱਤੀ ਹੈ ਪ੍ਰੰਤੂ ਮਹਿਲਾ ਸਰਪੰਚ ਹਰਦੀਪ ਕੌਰ ਦਾ ਕਹਿਣਾ ਸੀ ਕਿ ਉਹ ਇਸ ਹੱਕ ’ਚ ਨਹੀਂ ਕਿ ਪਿੰਡ ਚੋਂ ਇੱਕ ਹੋਰ ਨਵੀਂ ਪੰਚਾਇਤ ਬਣੇ, ਇਸ ਨਾਲ ਧੜੇਬੰਦੀ ਵਧੇਗੀ।
                 ਪੰਚਾਇਤ ਮੈਂਬਰਾਂ ਸਮੇਤ ਕਈ ਮੋਹਤਬਾਰ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦੇ ਮੰਗ ਕੀਤੀ ਹੈ ਕਿ ਪਿੰਡ ਨੂੰ ਹੋਰ ਟੋਟੇ ਨਾ ਕੀਤਾ ਜਾਵੇ। ਮਤਲਬ ਕਿ ਨਵੀਂ ਪੰਚਾਇਤ ਨਾ ਬਣੇ। ਪੰਚਾਇਤ ਮੈਂਬਰ ਬੂਟਾ ਸਿੰਘ ਆਖਦਾ ਹੈ ਕਿ ਚੱਕ ਬਖਤੂ ਰੋਡ ’ਤੇ ਕੁਝ ਆਬਾਦੀ ਹੈ ਜੋ ਅਲੱਗ ਪੰਚਾਇਤ ਬਣਾਉਣਾ ਚਾਹੁੰਦੀ ਹੈ। ਸਾਬਕਾ ਪੰਚਾਇਤ ਮੈਂਬਰ ਗੁਰਜੀਤ ਮਾਨ ਦਾ ਕਹਿਣਾ ਸੀ ਕਿ ਪਹਿਲੋਂ ਪਿੰਡ ਨੂੰ ਦੋ ਟੋਟਿਆਂ ਵਿਚ ਵੰਡ ਦਿੱਤਾ ਗਿਆ ਸੀ ਅਤੇ ਹੁਣ ਉਹ ਹੋਰ ਟੋਟਾ ਨਹੀਂ ਹੋਣ ਦੇਣਗੇ। ਉਹ ਇਸ ਮਾਮਲੇ ਤੇ ਹਲਕਾ ਵਿਧਾਇਕ ਪ੍ਰੀਤਮ ਕੋਟਭਾਈ ਤੇ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਸਨ ਕਿ ਨਵਾਂ ਪਿੰਡ ਨਾ ਬਣਾਇਆ ਜਾਵੇ। ਉਨ੍ਹਾਂ ਤਰਕ ਦਿੱਤਾ ਕਿ ਜਦੋਂ ਚੱਕ ਫ਼ਤਿਹ ਸਿੰਘ ਵਾਲਾ ਚੋਂ ਜੋ ਭਾਈ ਹਰਜੋਗਿੰਦਰ ਨਗਰ ਪੰਚਾਇਤ ਬਣੀ ਸੀ, ਉਸ ਨੂੰ ਕੋਈ ਜ਼ਮੀਨ ਨਹੀਂ ਦਿੱਤੀ ਗਈ ਸੀ। ਹੁਣ ਨਵੀਂ ਪੰਚਾਇਤ ਬਣੀ ਤਾਂ ਕੋਈ ਵਿਕਾਸ ਨਹੀਂ ਹੋਣਾ ਕਿਉਂਕਿ ਉਨ੍ਹਾਂ ਦੇ ਹਿੱਸੇ ਤਾਂ ਸ਼ਮਸ਼ਾਨਘਾਟ ਵੀ ਨਹੀਂ ਆਉਣਾ। ਪੰਚਾਇਤ ਮੈਂਬਰ ਮੱਖਣ ਸਿੰਘ ਦਾ ਕਹਿਣਾ ਸੀ ਕਿ ਪਿੰਡ ਦਾ ਹੋਰ ਟੋਟਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਮੌਜੂਦਾ ਪਿੰਡ ਦੇ ਵਿਕਾਸ ਤੇ ਅਸਰ ਪਵੇਗਾ।
         ਨੰਬਰਦਾਰ ਵਿਸਾਖਾ ਸਿੰਘ ਨੇ ਕਿਹਾ ਕਿ ਉਹ ਸਮਾਜਿਕ ਤੇ ਭਾਵੁਕ ਤੌਰ ਤੇ ਚੱਕ ਫ਼ਤਿਹ ਸਿੰਘ ਵਾਲਾ ਨਾਲ ਜੁੜੇ ਹੋਏ ਹਨ ਪ੍ਰੰਤੂ ਕੁਝ ਲੋਕਾਂ ਨੇ ਜਾਲ੍ਹਸਾਜੀ ਕਰਕੇ ਨਵੀਂ ਪੰਚਾਇਤ ਬਣਾਏ ਜਾਣ ਦੀਆਂ ਦਰਖਾਸਤਾਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਵੀ ਮੰਗੀ ਹੈ ਜਿਸ ਬਾਰੇ ਬੀ.ਡੀ.ਪੀ.ਓ ਨੇ ਸਰਪੰਚ ਨੂੰ ਪੜਤਾਲ ਲਈ ਪੱਤਰ ਵੀ ਭੇਜਿਆ ਸੀ। ਦੱਸਣਯੋਗ ਹੈ ਕਿ ਚੱਕ ਫ਼ਤਿਹ ਸਿੰਘ ਵਾਲਾ ਦੀ ਇਸ ਵੇਲੇ ਕਰੀਬ 2100 ਵੋਟ ਹੈ ਜਦੋਂ ਕਿ ਭਾਈ ਹਰਜੋਗਿੰਦਰ ਨਗਰ ਦੀ 1300 ਦੇ ਕਰੀਬ ਵੋਟ ਹੈ। ਪਿੰਡ ਚੱਕ ਫ਼ਤਿਹ ਸਿੰਘ ਵਾਲਾ ਕੋਲ ਕਰੀਬ 70 ਏਕੜ ਪੰਚਾਇਤੀ ਜ਼ਮੀਨ ਹੈ। ਬਠਿੰਡਾ ਜ਼ਿਲ੍ਹੇ ਚੋਂ ਕਰੀਬ 10 ਨਵੀਆਂ ਪੰਚਾਇਤਾਂ ਬਣਾਏ ਜਾਣ ਦੇ ਕੇਸ ਗਏ ਹੋਏ ਹਨ।
                 ਬੀ.ਕੇ.ਯ ੂ(ਉਗਰਾਹਾਂ) ਦੇ ਸੀਨੀਅਰ ਆਗੂ ਅਤੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਵਸਨੀਕ ਹੁਸ਼ਿਆਰ ਸਿੰਘ ਦਾ ਕਹਿਣਾ ਸੀ ਕਿ ਕਾਂਗਰਸ ਹਕੂਮਤ ਸਿਆਸੀ ਲਾਹੇ ਖਾਤਰ ਪਿੰਡ ਦਾ ਇੱਕ ਹੋਰ ਟੋਟਾ ਕਰ ਰਹੀ ਹੈ ਜੋ ਨਹੀਂ ਹੋਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਸ ਪਿੰਡ ਚੋਂ ਨਵੀਂ ਪੰਚਾਇਤ ‘ਸ਼ਹੀਦ ਬਾਬਾ ਜੀਵਨ ਸਿੰਘ ਨਗਰ’ ਬਣਾਏ ਜਾਣ ਦਾ ਮਤਾ ਪਾਇਆ ਗਿਆ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਜੱਸਲ ਦਾ ਕਹਿਣਾ ਸੀ ਕਿ ਚੱਕ ਫ਼ਤਿਹ ਸਿੰਘ ਵਾਲਾ ਚੋਂ ਨਵੀਂ ਪੰਚਾਇਤ ਬਣਾਏ ਜਾਣ ਦਾ ਕੇਸ ਮੁੱਖ ਦਫ਼ਤਰ ਨੂੰ ਭੇਜਿਆ ਗਿਆ ਹੈ ਜਿਸ ਬਾਰੇ ਆਖਰੀ ਫੈਸਲੇ ਮੁੱਖ ਦਫ਼ਤਰ ਪੱਧਰ ਤੇ ਹੋਣਾ ਹੈ।



1 comment:

  1. ਆਮ ਜਨਤਾ ਇਨਾ politicians ਵਾਸਤੇ meat ਦੇ ਪੀਸ ਵਾਂਗ ਬਣ ਗਈ ਹੈ ਜਿਸ ਨੂ ਲੈ ਕੇ ਕੁਤੇ ਆਪਸ ਵਿਚ ਝਗੜਦੇ ਹਨ. ਕਾੰਗ੍ਰੇਸ ਤੇ ਕਾਲੀ bjp ਇਹ ਦੋ ਕੁਤੇ ਹਨ. ਪੰਜਾਬ, ਖਾਸ ਕਰਕੇ ਸਿਖਾ ਦੇ ਬਹੁਤ ਵਡੇ ਮੁਦੇ ਹਨ, ਤੇ bjp ਨੇ EVM ਸਾਰਾ ਦੇਸ਼ ਜਿਤ ਕੇ RSS ਸਾਡੇ ਬ੍ਹੂਹੇ ਲੈ ਆ ਖੜੀ ਕੀਤੀ, ਸਾਰੇ ਪੰਜਾਬ ਦੀ ਨੋਜਵਾਨੀ ਬਾਹਰ ਭਜ ਰਹੀ ਹੈ, ਸਿਖ ਜਮੀਨ ਤੋ ਬਗੈਰ ਬੇਘਰੇ ਹੋ ਜਾਣਗੇ jews ਦੀ ਤਰਾ

    ReplyDelete