Thursday, January 4, 2018

                       ਬਠਿੰਡਾ ਥਰਮਲ
          ਨੰਨ੍ਹੀਆਂ ਜਿੰਦਾਂ ,ਅੌਖੇ ਰਾਹ....
                        ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਥਰਮਲ ਨੇ ਹੁਣ ਲੋਕ ਸੰਘਰਸ਼ ਨੂੰ ਨਵਾਂ ਝੋਕਾ ਲਾ ਦਿੱਤਾ ਹੈ ਕਿ ਬੱਚਿਆਂ ਦੇ ਮਨ ਵੀ ਉਬਾਲੇ ਖਾਣ ਲੱਗੇ ਹਨ। ਦਰਜਨਾਂ ਬੱਚੇ ਹੁਣ ਸਕੂਲ ਨਹੀਂ ਜਾਂਦੇ, ਉਹ ਬਠਿੰਡਾ ਸਕੱਤਰੇਤ ਦੇ ਅੱਗੇ ਲੱਗੇ ‘ਪੱਕੇ ਮੋਰਚੇ’ ’ਚ ਬੈਠਦੇ ਹਨ। ਇਹ ਬੱਚੇ ਇੱਕ ਤਾਂ ਹਕੂਮਤ ਦੀ ਪ੍ਰੀਖਿਆ ਚੋਂ ਲੰਘ ਰਹੇ ਹਨ ਤੇ ਦੂਜਾ ਹੱਡ ਚੀਰਵੀਂ ਠੰਢ ਵੀ ਉਨ੍ਹਾਂ ਲਈ ਛੋਟਾ ਇਮਤਿਹਾਨ ਨਹੀਂ ਹੈ। ਦਿਨੇ ਇਹ ਬੱਚੇ ਮਾਪਿਆਂ ਨਾਲ ਸੰਘਰਸ਼ ’ਚ ਕੁੱਦਦੇ ਹਨ ਤੇ ਰਾਤ ਨੂੰ ਮੋਰਚੇ ਵਾਲੀ ਥਾਂ ’ਤੇ ਹੀ ਸਕੂਲੀ ਪੜਾਈ ਦਾ ਵਕਫ਼ਾ ਪੂਰਾ ਕਰਦੇ ਹਨ। ਬਠਿੰਡਾ ਥਰਮਲ ’ਚ ਸੈਂਕੜੇ ਮੁਲਾਜ਼ਮ ਠੇਕੇ ਤੇ ਕੰਮ ਕਰਦੇ ਸਨ ਜਿਨ੍ਹਾਂ ਨੂੰ ਹੁਣ ਥਰਮਲ ਬੰਦ ਹੋਣ ਮਗਰੋਂ ਨੌਕਰੀ ਖੱੁਸਣ ਦਾ ਡਰ ਹੈ। ਇਨ੍ਹਾਂ ਮੁਲਾਜ਼ਮਾਂ ਨੇ ਸਕੱਤਰੇਤ ਅੱਗੇ ‘ਥਰਮਲ ਬਚਾਓ ਮੋਰਚਾ’ ਲਾ ਦਿੱਤਾ ਹੈ। ਜਦੋਂ ਛੇ ਵਰ੍ਹਿਆਂ ਦਾ ਯਾਦਵਿੰਦਰ ਨਾਅਰੇ ਮਾਰਨ ਵੇਲੇ ਮੁੱਕਾ ਤਣਦਾ ਹੈ ਤਾਂ ਉਸ ਤੋਂ ਜਾਪਦਾ ਹੈ ਕਿ ਬਾਲ ਮਨਾਂ ’ਚ ਥਰਮਲ ਨੇ ਚੰਗਿਆੜੀ ਸੁਲਗਾਈ ਹੈ, ਜੋ ਕਦੇ ਭਾਂਬੜ ਵੀ ਬਣ ਸਕਦੀ ਹੈ। ਯਾਦਵਿੰਦਰ ਸਕੂਲ ਛੱਡ ਕੇ ਠੰਢ ਦੇ ਮੌਸਮ ’ਚ ਬਾਪ ਜਗਸੀਰ ਸਿੰਘ ਨਾਲ ਮੋਰਚੇ ’ਚ ਡਟ ਗਿਆ ਹੈ। ਤੀਸਰੀ ਕਲਾਸ ’ਚ ਪੜ੍ਹਦਾ ਅਵੀਜੋਤ ਹੁਣ ਸਕੂਲੀ ਕੰਮ ਮੋਰਚੇ ਦੇ ਟੈਂਟ ਵਿਚ ਕਰਦਾ ਹੈ। ਤਖਤੀਆਂ ਫੜ ਕੇ ਉਹ ਬਾਕੀ ਬੱਚਿਆਂ ਨਾਲ ਸੜਕਾਂ ਤੇ ਵੀ ਉਤਰ ਰਿਹਾ ਹੈ। ਭਾਵੇਂ ਉਹ ਪੇਟ ਦੀ ਅੱਗ ਤੋਂ ਵਾਕਫ਼ ਨਹੀਂ ਹਨ ਲੇਕਿਨ ਸਮੇਂ ਦੀ ਹਕੂਮਤ ਨੇ ਉਨ੍ਹਾਂ ਨੂੰ ਛੋਟੀ ਉਮਰੇ ਸੰਘਰਸ਼ੀ ਪਹੇ ਤੇ ਪਾ ਦਿੱਤਾ ਹੈ।
                    ਬਾਪ ਦੀ ਨੌਕਰੀ ਸਲਾਮਤ ਰਹੇ, ਇਸੇ ਕਰਕੇ ਬੱਚਾ ਸਿਮਰਨਜੀਤ ਆਪਣੀ ਮਾਂ ਨਾਲ ਮੋਰਚੇ ਦੀ ਦਰੀ ’ਤੇ ਬੈਠਦਾ ਹੈ। ਸਤਵੀਰ ਤੇ ਲਵਦੀਪ ਦੋਵੇਂ ਭਰਾ ਹਨ ਜੋ ਆਪਣੀ ਮਾਂ ਨਾਲ ਸੰਘਰਸ਼ ਵਿਚ ਖੜ੍ਹੇ ਹਨ ਜਿਨ੍ਹਾਂ ਦੇ ਰੌਂਅ ‘ਲੜਾਂਗੇ ਸਾਥੀ..’ ਦੇ ਪ੍ਰਮਾਣ ਹਨ। ਇਨ੍ਹਾਂ ਬੱਚਿਆਂ ਦੇ ਬਾਪ ਸੁਖਵੰਤ ਸਿੰਘ ਨੂੰ ਹੁਣ ਰੋਟੀ ਤੋਂ ਲਾਲੇ ਪੈਣ ਦਾ ਡਰ ਹੈ। ਕਈ ਬੱਚਿਆਂ ਦੀ ਉਮਰ ਛੋਟੀ ਹੈ, ਗੱਲਾਂ ਉਹ ਉਮਰ ਤੋਂ ਵੱਡੀਆਂ ਕਰ ਰਹੇ ਹਨ। ਵਕਤ ਦੀ ਡੋਰ ਨੇ ਉਨ੍ਹਾਂ ਨੂੰ ਝਟਕਾ ਦਿੱਤਾ ਹੈ। ਜਦੋਂ ਇਹ ਵੱਡੇ ਹੋਣਗੇ ਤਾਂ ਇਹ ਸੁਆਲ ਕਰਨਗੇ, ਸਮੇਂ ਦੇ ਤਖਤਾਂ ਨੂੰ। ਹਿਸਾਬ ਮੰਗਣਗੇ ਆਪਣੇ ਬਚਪਨ ਦੇ ਗੁਆਚੇ ਦਿਨਾਂ ਦਾ। ਇਨ੍ਹਾਂ ਦੀਆਂ ਮਾਂਵਾਂ ਨੂੰ ਉਦੋਂ ਸੱਤੀਂ ਕੱਪੜੇ ਅੱਗ ਲੱਗੀ ਜਦੋਂ ਥਰਮਲ ਬੰਦ ਕਰਨ ਦਾ ਫੈਸਲਾ ਹੋਇਆ ਸੀ। ਥਰਮਲ ਬਚਾਓ ਮੋਰਚੇ ਦਾ ਅੰਤ ਨਤੀਜਾ ਕੋਈ ਵੀ ਹੋਵੇ ਪ੍ਰੰਤੂ ਇਸ ਸੰਘਰਸ਼ ਚੋਂ ਧੰੂਆਂ ਨਹੀਂ , ਭਾਂਬੜ ਸੁਲਗ ਰਿਹਾ ਹੈ।
           ਬੱਚਾ ਸਿਮਰਨਜੀਤ ਆਪਣੀ ਮਾਂ ਨਾਲ ਸੰਘਰਸ਼ ਦੀ ਇਸ ਪਾਠਸ਼ਾਲਾ ’ਚ ਨਿੱਤ ਪੁੱਜਦਾ ਹੈ, ਸਕੂਲ ਉਹ ਜਾ ਨਹੀਂ ਰਿਹਾ। ਗੁਰਜੀਤ ਸਿੰਘ ਦੇ ਮੋਢੇ ਨਾਲ ਉਸ ਦੀ ਪਤਨੀ ਤੇ ਬੱਚੇ ਨੇ ਵੀ ਮੋਢਾ ਜੋੜਿਆ ਹੈ। ਕੋਈ ਵੀ ਸਰਕਾਰੀ ਨਜ਼ਰ ਏਨਾ ਬੱਚਿਆਂ ’ਤੇ ਨਹੀਂ ਪਈ। ਕੋਈ ਢਾਰਸ ਦਾ ਹੱਥ ਇਨ੍ਹਾਂ ਨਿੱਕਿਆਂ ਦੇ ਮੋਢਿਆਂ ਤੱਕ ਨਹੀਂ ਪੁੱਜਿਆ। ਇਹ ਬੱਚੇ ਇਸ ਮੋਰਚੇ ’ਚ ਸਿਆਸੀ ਚਾਲਾਂ ਦੀ ਲੀਲ੍ਹਾ ਵੀ ਸਮਝਣ ’ਚ ਲੱਗੇ ਹੋਏ ਹਨ। ਹੱਥਾਂ ਵਿਚ ਤਖਤੀਆਂ ਲੈ ਕੇ ਇਹ ਬੱਚੇ ਤਿੰਨ ਦਿਨਾਂ ਤੋਂ ਰੋਜ਼ਾਨਾ ਸੜਕਾਂ ਤੇ ਨਿਕਲ ਰਹੇ ਹਨ। ਬੇਖ਼ਬਰ ਵੀ ਹਨ ਪ੍ਰੰਤੂ ਏਨੀ ਕੁ ਸੋਝੀ ਜਰੂਰ ਹੈ ਕਿ ਮਾਪਿਆਂ ਦੇ ਵਿਹੜੇ ਖੈਰ ਨਹੀਂ ਹੈ। ਪੁਲੀਸ ਦਾ ਘੇਰਾ ਉਨ੍ਹਾਂ ਨੂੰ ਵੱਡੀ ਫੇਟ ਦਾ ਅਹਿਸਾਸ ਕਰਾ ਰਿਹਾ ਹੈ। ਮਾਂਵਾਂ ਫਿਕਰਮੰਦ ਵੀ ਹਨ ਕਿ ਅੱਗੇ ਇਨ੍ਹਾਂ ਬੱਚਿਆਂ ਦੀ ਸਕੂਲਾਂ ਵਿਚ ਪ੍ਰੀਖਿਆ ਹੈ।

No comments:

Post a Comment