Monday, January 15, 2018

                                                         ਅਨੋਖਾ ਫੈਸਲਾ..
                              ਮਾਂ ਭੈਣ ਦੀ ਗਾਲ੍ਹ ਕੱਢੀ ਤਾਂ ਹੋਵੇਗਾ ਜੁਰਮਾਨਾ !
                                                          ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ’ਚ ਹੁਣ ਕੋਈ ਮਾਂ ਭੈਣ ਦੀ ਗਾਲ੍ਹ ਕੱਢਣ ਦੀ ਹਿੰਮਤ ਨਹੀਂ ਕਰ ਸਕੇਗਾ। ਪਿੰਡ ਦੀ ਪੰਚਾਇਤ ਨੇ ਲੋਹੜੀ ਮੌਕੇ ਅੱਜ ਇਹ ਪਵਿੱਤਰ ਸੌਗਾਤ ਅੌਰਤਾਂ ਦੀ ਝੋਲੀ ਪਾਈ ਹੈ। ਸਮੁੱਚੇ ਪਿੰਡ ਨੇ ਪੰਚਾਇਤ ਦੀ ਹਾਜ਼ਰੀ ’ਚ ਇਹ ਸਹਿਮਤੀ ਦਿੱਤੀ ਕਿ ਅਗਰ ਕੋਈ ਮਾਂ ਭੈਣ ਦੀ ਗਾਲ੍ਹ ਕੱਢੇਗਾ ਤਾਂ ਉਸ ਨੂੰ ਪੰਜ ਸੌ ਰੁਪਏ ਜੁਰਮਾਨਾ ਕੀਤਾ ਜਾਵੇਗਾ। ਪੰਚਾਇਤੀ ਮਤਾ ਪਾਸ ਕੀਤਾ ਗਿਆ ਕਿ ਅਗਰ ਕੋਈ ਅਜਨਬੀ ਮਾਂ ਭੈਣ ਦੀ ਗਾਲ੍ਹ ਕੱਢਦਾ ਹੈ ਤਾਂ ਉਸ ਤੋਂ ਜੁਰਮਾਨਾ ਵਸੂਲ ਕੀਤਾ ਜਾਵੇਗਾ। ਜੇਕਰ ਅਜਨਬੀ ਦੂਸਰੀ ਦਫ਼ਾ ਗਾਲ੍ਹ ਕੱਢੇਗਾ ਤਾਂ ਉਸ ਦੇ ਪਿੰਡ ’ਚ ਦਾਖ਼ਲੇ ਤੇ ਪਾਬੰਦੀ ਲੱਗੇਗੀ। ਪੰਜਾਬ ਦਾ ਇਹ ਪਹਿਲਾ ਪਿੰਡ ਹੋਵੇਗਾ ਜਿਸ ਨੇ ਅੌਰਤਾਂ ਦੇ ਮਾਣ ਸਤਿਕਾਰ ’ਚ ਇਹ ਅਨੋਖਾ ਕਦਮ ਚੁੱਕਿਆ ਹੈ। ਪਿੰਡ ਦੇ ਹਰ ਪੁਰਸ਼ ਨੇ ਅੱਗੇ ਹੋਏ ਸਹਿਮਤੀ ਦਿੱਤੀ। ਪਿੰਡ ਹਿੰਮਤਪੁਰਾ ਵਿਚ ਪੰਜ ਮੈਂਬਰੀ ਪੰਚਾਇਤ ਹੈ ਜਿਸ ਵਿਚ ਤਿੰਨ ਅੌਰਤਾਂ ਸ਼ਾਮਲ ਹਨ। ਬਹੁਗਿਣਤੀ ਵੋਟਰ ਮਹਿਲਾਵਾਂ ਹਨ। ਅੱਜ ਪੰਚਾਇਤ ਨੇ ਪਿੰਡ ’ਚ ਧੀਆਂ ਦੀ ਲੋਹੜੀ ਮੌਕੇ ਸਮਾਗਮ ਕੀਤਾ ਜਿਸ ’ਚ ਇਹ ਫੈਸਲਾ ਲਏ ਗਏ ਹਨ। ਪੰਚਾਇਤ ਤਰਫ਼ੋਂ 11 ਮੈਂਬਰੀ ਅੌਰਤਾਂ ਦੀ ਕਮੇਟੀ ਬਣਾਈ ਗਈ ਹੈ ਜਿਸ ਦੀ ਚੇਅਰਮੈਨ ਪਿੰਡ ਦੀ ਸਰਪੰਚ ਹੋਵੇਗੀ। ਅੱਜ ਸਮਾਰੋਹਾਂ ਵਿਚ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ ਕਿ ਕੋਈ ਵੀ ਮਾਂ ਭੈਣ ਦੀ ਗਾਲ੍ਹ ਨਹੀਂ ਕੱਢੇਗਾ।
                 ਇਸ ਮੌਕੇ ਪੰਚਾਇਤ ਤਰਫ਼ੋਂ ‘ਸ਼ਗਨ ਸਕੀਮ’ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪੰਚਾਇਤ ਹਰ ਲੜਕੀ ਨੂੰ ਵਿਆਹ ਮੌਕੇ 5100 ਰੁਪਏ ਦਾ ਸ਼ਗਨ ਦੇਵੇਗੀ ਅਤੇ ਨਵਜੰਮੀ ਬੱਚੀ ਨੂੰ 1100 ਰੁਪਏ ਦਾ ਸ਼ਗਨ ਦਿੱਤਾ ਜਾਵੇਗਾ। ਦਾਨੀ ਸੱਜਣਾਂ ਨੇ ਇਨ੍ਹਾਂ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਫੌਰੀ ਮਾਲੀ ਮਦਦ ਦੇਣੀ ਸ਼ੁਰੂ ਕਰ ਦਿੱਤੀ। 11 ਮੈਂਬਰੀ ਕਮੇਟੀ ਨੂੰ ਅੱਜ ਮੌਕੇ ’ਤੇ ਸ਼ਗਨ ਸਕੀਮ ਲਈ ਬਾਬਾ ਅਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਨੇ 5100 ਰੁਪਏ,ਬਾਬੂ ਸਿੰਘ ਨੇ 5100 ਰੁਪਏ, ਹਰਮੀਤ ਸਿੰਘ ਤੇ ਗੁਰਮੇਲ ਸਿੰਘ ਨੇ ਗਿਆਰਾਂ ਗਿਆਰਾਂ ਸੌ ਰੁਪਏ,ਗੁਰਤੇਜ ਸਿੰਘ ਇੱਕ ਹਜ਼ਾਰ ਰੁਪਏ ਅਤੇ ਗੁਰਜੰਟ ਸਿੰਘ ਨੇ 500 ਰੁਪਏ ਵਿੱਤੀ ਮਦਦ ਵਜੋਂ ਦਿੱਤੇ। ਧੀਆਂ ਦੀ ਲੋਹੜੀ ਦੇ ਸਮਾਰੋਹਾਂ ’ਚ ਪੁੱਜੇ ਮੁੱਖ ਮਹਿਮਾਨ ਜਸਵੰਤ ਰਾਏ ਬੱਲ੍ਹੋ ਨੇ ਪੰਚਾਇਤ ਨੂੰ 11 ਹਜ਼ਾਰ ਅਤੇ ਅਗਾਂਹਵਧੂ ਮੱਛੀ ਪਾਲਕ ਰਾਜਬੀਰ ਸਿੰਘ ਰਾਜਾ ਨੇ ਵੀ 11 ਹਜ਼ਾਰ ਦੀ ਵਿੱਤੀ ਮਦਦ ਪੰਚਾਇਤ ਨੂੰ ਦਿੱਤੀ।ਦੱਸਣਯੋਗ ਹੈ ਕਿ ਇਸ ਪਿੰਡ ਦੇ ਹਰ ਘਰ ਦੇ ਬੂਹੇ ਅੱਗੇ ਅੌਰਤਾਂ ਦੇ ਨਾਮ ਦੀ ਨੇਮਪਲੇਟ ਲੱਗੀ ਹੋਈ ਹੈ। ਮਹਿਲਾ ਸਰਪੰਚ ਮਲਕੀਤ ਕੌਰ ਨੇ ਦੱਸਿਆ ਕਿ ਪਿੰਡ ਦਾ ਕਦੇ ਕੋਈ ਕੇਸ ਥਾਣੇ ਕਚਹਿਰੀ ਨਹੀਂ ਗਿਆ ਹੈ ਅਤੇ ਅੌਰਤਾਂ ਦੇ ਸਤਿਕਾਰ ’ਚ ਵਾਧੇ ਲਈ ਜੁਰਮਾਨਾ ਰੱਖਿਆ ਗਿਆ ਹੈ ਤਾਂ ਜੋ ਕਿਸੇ ਅੌਰਤ ਨੂੰ ਵੀ ਕੋਈ ਪੁਰਸ਼ ਮਾਂ ਭੈਣ ਦੀ ਗਾਲ੍ਹ ਨਾ ਕੱਢ ਸਕੇ।
                 ਸਮੁੱਚੇ ਪਿੰਡ ਦੇ ਸਹਿਯੋਗ ਨਾਲ ਸ਼ਗਨ ਸਕੀਮ ਦੀ ਸ਼ੁਰੂਆਤ ਕੀਤੀ ਹੈ। ਵਿਲੇਜ ਡਿਵੈਲਮੈਂਟ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਲੋਹੜੀ ਮੌਕੇ ਪੰਚਾਇਤ ਤਰਫ਼ੋਂ ਪੰਜ ਧੀਆਂ ਨੂੰ ਤੋਹਫ਼ੇ ਦਿੱਤੇ ਗਏ ਹਨ ਜਦੋਂ ਕਿ ਕਲੱਬ ਨੇ ਮਾਂ ਜਾਂ ਬਾਪ ਤੋਂ ਵਿਰਵੀਆਂ ਪੰਜ ਬੱਚੀਆਂ ਨੂੰ ਤੋਹਫ਼ੇ ਭੇਟ ਕੀਤੇ ਹਨ। ਸਾਬਕਾ ਸਰਪੰਚ ਹਮੀਰ ਕੌਰ ਅਤੇ ਪੰਚ ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਫੈਸਲੇ ਉਨ੍ਹਾਂ ਲੋਕਾਂ ਨੂੰ ਖ਼ਬਰਦਾਰ ਕਰਨਗੇ ਜੋ ਕਿ ਗੱਲ ਗੱਲ ’ਤੇ ਆਪਸੀ ਲੜਾਈ ਮੌਕੇ ਮਾਂ ਭੈਣ ਦੀ ਗਾਲ੍ਹ ਕੱਢਦੇ ਹਨ। ਪਿੰਡ ਦੇ ਕਲੱਬ ਆਗੂ ਸੁਖਪਾਲ ਸੁੱਖੀ ਤੇ ਦਲਬੀਰ ਸਿੰਘ ਨੇ ਦੱਸਿਆ ਕਿ ਗਾਲ੍ਹ ਤੇ ਪਾਬੰਦੀ ਲਾਏ ਜਾਣ ਨਾਲ ਲੜਾਈ ਝਗੜੇ ਟਲਣ ਵਿਚ ਮਦਦ ਮਿਲੇਗੀ ਅਤੇ ਪਿੰਡ ਦਾ ਮਾਹੌਲ ਹੋਰ ਸੁਖਾਵਾਂ ਬਣੇਗਾ। ਵੇਰਵਿਆਂ ਅਨੁਸਾਰ ਪਿੰਡ ਹਿੰਮਤਪੁਰਾ ਦੇ ਉਸਾਰੂ ਕਦਮਾਂ ਦੀ ਬਦੌਲਤ ਇੱਕ ਬੀਮਾ ਕੰਪਨੀ ਨੇ ਵੀ ਪਿੰਡ ਨੂੰ ਗੋਦ ਲੈਣ ਲਈ ਪਹੁੰਚ ਕੀਤੀ ਹੈ।


1 comment:

  1. ਬਹੁਤ ਉਸਾਰੂ ਕਦਮ.

    ਲੁਧਿਆਣਾ ਦੇ ਇੱਕ ਪਿੰਡ ਵਿਚ ਇੱਕ ਘਰ ਹੀ ਖਤਮ ਹੋ ਗਿਆ ਕਿਓ ਕਿ ਉਨਾ ਦਾ ਇਕਲੋਤਾ ਮੁੰਡਾ ਹੀ ਕਿਸੇ ਨੇ ਵੜ੍ਹ ਕੇ ਸੁਟਿਆ, ਦਾਦਾ ਦਾਦੀ, ਮਾ ਬਾਪ ਦਾ ਵੇੱਡਾ ਖਾਲੀ.....੨੧ਵੀ ਸਦੀ ਵਿਚ ਇਹ ਹਾਲ

    ReplyDelete