Showing posts with label women. Show all posts
Showing posts with label women. Show all posts

Wednesday, January 15, 2025

                                                           ਕਰਜ਼ੇ ਦਾ ਜਾਲ
                                      ਮੋਇਆਂ ਨੂੰ ਚੈਨ ਨਾ ਆਵੇ..!
                                                           ਚਰਨਜੀਤ ਭੁੱਲਰ  

ਚੰਡੀਗੜ੍ਹ : ਕਿਸਾਨ ਬੋਹੜ ਸਿੰਘ ਇਸ ਜਹਾਨੋਂ ਚਲਾ ਗਿਆ ਪਰ ਫਿਰ ਵੀ ਕਰਜ਼ੇ ਨੇ ਪਿੱਛਾ ਨਹੀਂ ਛੱਡਿਆ। ਫ਼ਿਰੋਜ਼ਪੁਰ ਦੇ ਪਿੰਡ ਬੱਸੀ ਰਾਮ ਲਾਲ ਦਾ ਇਹ ਕਿਸਾਨ ਪੰਜ ਸਾਲ ਪਹਿਲਾਂ ਫ਼ੌਤ ਹੋ ਚੁੱਕਾ ਸੀ। ਉਸ ਦੇ ਦੋ ਲੜਕੇ ਹਨ ਜਿਨ੍ਹਾਂ ਨੂੰ ਵਿਰਾਸਤ ’ਚ ਕਰਜ਼ਾ ਹੀ ਮਿਲਿਆ ਹੈ। ਬੋਹੜ ਸਿੰਘ ਨੇ ਸਾਲ 2004 ਵਿਚ ਖੇਤੀ ਵਿਕਾਸ ਬੈਂਕ ਤੋਂ ਕਰੀਬ 17 ਲੱਖ ਦਾ ਕਰਜ਼ਾ ਲਿਆ ਜੋ ਹੁਣ ਵੱਧ ਕੇ 50 ਲੱਖ ਨੂੰ ਪਾਰ ਕਰ ਗਿਆ ਹੈ। ਬੋਹੜ ਸਿੰਘ ਦੀ ਪਤਨੀ ਬਲਜਿੰਦਰ ਕੌਰ ਆਖਦੀ ਹੈ ਕਿ ਉਸ ਦੇ ਪਤੀ ਦੀ ਜ਼ਿੰਦਗੀ ਤਾਂ ਬੈਂਕ ਅਫ਼ਸਰਾਂ ਦੇ ਦਬਕੇ ਸੁਣਦੇ ਹੀ ਲੰਘ ਗਈ। ਹਾਲੇ ਵੀ ਕਰਜ਼ਾ ਸਿਰ ਖੜ੍ਹਾ ਹੈ।ਬੋਹੜ ਸਿੰਘ ਦਾ ਲੜਕਾ ਮਨਜਿੰਦਰ ਸਿੰਘ ਦੱਸਦਾ ਹੈ ਕਿ ਪੈਲੀ ਸਤਲੁਜ ਦਰਿਆ ਨੇੜੇ ਹੋਣ ਕਾਰਨ ਪਰਿਵਾਰ ਦੀਆਂ ਆਸਾਂ ਉਮੀਦਾਂ ਤਾਂ ਹਰ ਵਰ੍ਹੇ ਪਾਣੀ ’ਚ ਹੀ ਵਹਿ ਜਾਂਦੀਆਂ ਹਨ। ਟਾਵੇਂ ਸਾਲ ਹੋਣਗੇ ਜਦੋਂ ਉਹ ਫ਼ਸਲ ਕੱਟ ਸਕੇ ਹਨ। ਉਹ ਦੱਸਦਾ ਹੈ ਕਿ ਫ਼ਸਲਾਂ ਪਾਣੀ ’ਚ ਰੁੜ੍ਹਨ ਕਰਕੇ ਸਮੇਂ ਸਿਰ ਕਰਜ਼ੇ ਦੀ ਕਿਸ਼ਤ ਤਾਰੀ ਨਹੀਂ ਜਾ ਸਕੀ। 

           ਉਸ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕੋਈ ਰਿਆਇਤ ਦੇਵੇ ਤਾਂ ਹੀ ਕਰਜ਼ੇ ਦੀ ਪੰਡ ਹੌਲੀ ਹੋ ਸਕਦੀ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਕਪਿਆਲ ਦੇ ਦੋ ਸਕੇ ਭਰਾ ਵੀ ਇਸ ਦੁਨੀਆ ’ਚੋਂ ਰੁਖ਼ਸਤ ਹੋ ਚੁੱਕੇ ਹਨ। ਦੋਵੇਂ ਭਰਾਵਾਂ ਨੇ ਸਾਲ 2008-09 ਵਿਚ 20 ਲੱਖ ਦਾ ਕਰਜ਼ਾ ਲਿਆ ਸੀ ਜੋ ਹੁਣ ਵੱਧ ਕੇ 47.32 ਲੱਖ ਹੋ ਗਿਆ ਹੈ। ਕੋਈ ਸਮਾਂ ਸੀ ਜਦੋਂ ਇਨ੍ਹਾਂ ਭਰਾਵਾਂ ਦੇ ਬਾਪ ਦਾ ਇਲਾਕੇ ’ਚ ਨਾਮ ਚੱਲਦਾ ਹੁੰਦਾ ਸੀ। ਖੇਤੀ ਸੰਕਟ ਨੇ ਪਰਿਵਾਰ ਨੂੰ ਵਿੱਤੀ ਤੌਰ ’ਤੇ ਝੰਬ ਦਿੱਤਾ। ਗੜ੍ਹਸ਼ੰਕਰ ’ਚ ਪੈਂਦੇ ਪਿੰਡ ਮਨਸੋਵਾਲ ਦਾ ਇੱਕ ਕਿਸਾਨ ਆਪਣੇ ਜਿਊਂਦੇ ਜੀਅ ਸਿਰ ਚੜ੍ਹਿਆ 60 ਲੱਖ ਦਾ ਕਰਜ਼ਾ ਨਹੀਂ ਉਤਾਰ ਸਕਿਆ। ਉਹ ਹੁਣ ਫ਼ੌਤ ਹੋ ਚੁੱਕਾ ਹੈ ਪਰ ਪਰਿਵਾਰ ਲਈ ਵਿਰਾਸਤ ’ਚ ਮਿਲਿਆ ਕਰਜ਼ਾ ਉਤਾਰਨਾ ਔਖਾ ਹੈ। ਇਸੇ ਤਰ੍ਹਾਂ ਹੀ ਗੁਰਾਇਆ ਦੇ ਬੜਾ ਪਿੰਡ ਦੇ ਦੋ ਭੈਣ-ਭਰਾ ਤਾਂ ਹੁਣ ਕਰਜ਼ਾ ਲਾਹੁਣ ਦੀ ਪਹੁੰਚ ’ਚ ਹੀ ਨਹੀਂ ਰਹੇ ਜਿਨ੍ਹਾਂ ਸਿਰ 50 ਲੱਖ ਦਾ ਕਰਜ਼ਾ ਹੈ।

          ਖੇਤੀ ਵਿਕਾਸ ਬੈਂਕ ਵੱਲੋਂ ਚੋਟੀ ਦੇ 100 ਡਿਫਾਲਟਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਉਨ੍ਹਾਂ ਵਿੱਚ ਫ਼ੌਤ ਹੋਏ ਕਿਸਾਨਾਂ ਦੇ ਨਾਮ ਵੀ ਬੋਲਦੇ ਹਨ। ਖੇਤੀ ਵਿਕਾਸ ਬੈਂਕ ਦੇ ਕਰੀਬ ਅੱਠ ਹਜ਼ਾਰ ਅਜਿਹੇ ਡਿਫਾਲਟਰ ਕਿਸਾਨ ਹਨ ਜੋ ਇਸ ਜਹਾਨੋਂ ਚਲੇ ਗਏ ਹਨ। ਇਨ੍ਹਾਂ ਅੱਠ ਹਜ਼ਾਰ ਕਿਸਾਨਾਂ ਦੇ ਪਰਿਵਾਰ ਨੂੰ ਵਿਰਸੇ ’ਚ ਮਿਲਿਆ 350 ਕਰੋੜ ਰੁਪਏ ਦਾ ਕਰਜ਼ਾ ਉਤਾਰਨਾ ਔਖਾ ਹੋ ਗਿਆ। ਉਂਜ, ਖੇਤੀ ਵਿਕਾਸ ਬੈਂਕ ਦੇ ਕੁੱਲ 55,574 ਡਿਫਾਲਟਰ ਹਨ ਜਿਨ੍ਹਾਂ ਤੋਂ ਬੈਂਕ ਨੇ 3006 ਕਰੋੜ ਦਾ ਕਰਜ਼ਾ ਲੈਣਾ ਹੈ। ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਡੁੱਬੇ ਹੋਏ ਕਰਜ਼ਿਆਂ ਦਾ ਜਾਇਜ਼ਾ ਲੈ ਰਹੀ ਹੈ। ਖੇਤੀ ਵਿਕਾਸ ਬੈਂਕ ਦਾ 366.96 ਕਰੋੜ ਦਾ ਕਰਜ਼ਾ ਰਸੂਖ਼ਵਾਨਾਂ ਵੱਲ ਫਸਿਆ ਪਿਆ ਹੈ ਜਿਹੜੇ ਕਿਸੇ ਨਾ ਕਿਸੇ ਸਿਆਸੀ ਧਿਰ ਨਾਲ ਜੁੜੇ ਹੋਏ ਹਨ। ਸਹਿਕਾਰਤਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਬਣਾਂਵਾਲੀ ਬੈਂਕ ਅਧਿਕਾਰੀਆਂ ਨੂੰ ਆਖ ਚੁੱਕੇ ਹਨ ਕਿ ਛੋਟੇ ਤੇ ਦਰਮਿਆਨੀ ਕਿਸਾਨੀ ਦੇ ਕਰਜ਼ਿਆਂ ਨੂੰ ਯਕਮੁਸ਼ਤ ਸਕੀਮ ਦੇ ਦਾਇਰੇ ਵਿਚ ਲੈ ਕੇ ਆਉਣ। 

         ਪੰਜਾਬ ਵਿਚ ਖੇਤੀ ਵਿਕਾਸ ਬੈਂਕ ਦੀਆਂ 89 ਬਰਾਂਚਾਂ ਹਨ। ਸੂਤਰ ਦੱਸਦੇ ਹਨ ਕਿ ਸਾਲ 2016-17 ਦੇ ਕਰਜ਼ਾ ਮੁਆਫ਼ੀ ਦੇ ਸਿਆਸੀ ਹੋਕੇ ਨੇ ਇਨ੍ਹਾਂ ਬੈਂਕ ਦੀ ਵਸੂਲੀ ਦਰ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਐਤਕੀਂ ਵੀ ਖੇਤੀ ਵਿਕਾਸ ਬੈਂਕ ਨੇ ਸਿਰਫ਼ 140 ਕਰੋੜ ਹੀ ਵਸੂਲ ਕੀਤੇ ਹਨ ਜੋ ਸਿਰਫ਼ ਛੇ ਫ਼ੀਸਦੀ ਬਣਦੇ ਹਨ। ਅਧਿਕਾਰੀ ਆਖਦੇ ਹਨ ਕਿ ਉਹ ਨਬਾਰਡ ਤੋਂ ਕਰਜ਼ਾ ਚੁੱਕਣ ਦੀ ਪ੍ਰਕਿਰਿਆ ਵਿਚ ਹਨ ਤਾਂ ਜੋ ਅਗਲੇ ਸਾਲ ਤੋਂ ਐਡਵਾਂਸਮੈਂਟ ਸ਼ੁਰੂ ਕਰ ਸਕਣ। ਮੁੱਖ ਮੰਤਰੀ ਭਗਵੰਤ ਮਾਨ ਨੇ 5 ਸਤੰਬਰ 2024 ਨੂੰ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਡਿਫਾਲਟਰ ਹੋਏ ਛੋਟੇ ਕਿਸਾਨਾਂ ਲਈ ਯਕਮੁਸ਼ਤ ਸਕੀਮ ਲਿਆਉਣ ਨੂੰ ਹਰੀ ਝੰਡੀ ਦਿੱਤੀ ਸੀ ਜਿਸ ਬਾਰੇ ਸਹਿਕਾਰਤਾ ਵਿਭਾਗ ਨੇ ਲੰਘੇ ਸਾਲ 9 ਸਤੰਬਰ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਸੀ।

Monday, November 18, 2024

                                                    ਸਿਆਸਤ ’ਚ ਐਂਟਰੀ 
                     ਜਿਨ੍ਹਾਂ ਬੀਬੀਆਂ ਦੇ ਭਾਗ ਜ਼ਿਮਨੀ ਚੋਣਾਂ ਨੇ ਖੋਲ੍ਹੇ..!
                                                       ਚਰਨਜੀਤ ਭੁੱਲਰ  

ਚੰਡੀਗੜ੍ਹ: ਪੰਜਾਬ ’ਚ ਹੁਣ ਤੱਕ ਹੋਈਆਂ ਜ਼ਿਮਨੀ ਚੋਣਾਂ ’ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ’ਚ ਜਿੱਤ ਸਿਰਫ਼ ਅੱਧੀ ਦਰਜਨ ਔਰਤਾਂ ਦੇ ਹਿੱਸੇ ਹੀ ਆਈ ਹੈ। ਜ਼ਿਮਨੀ ਚੋਣਾਂ ਦੇ ਦਰਵਾਜ਼ੇ ਇਨ੍ਹਾਂ ਔਰਤਾਂ ਨੇ ਸਿਆਸਤ ’ਚ ਐਂਟਰੀ ਲਈ ਹੈ। ਮੌਜੂਦਾ ਜ਼ਿਮਨੀ ਚੋਣਾਂ ਵਿੱਚ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਸੀਟ ’ਤੇ ਦੋ ਬੀਬੀਆਂ ਕਿਸਮਤ ਅਜ਼ਮਾ ਰਹੀਆਂ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਹਲਕੇ ਤੋਂ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਉਤਾਰਿਆ ਹੈ ਜੋ ਲੋਕ ਸਭਾ ਚੋਣਾਂ ਮੌਕੇ ਹਲਕਾ ਬਠਿੰਡਾ ਤੋਂ ਕਾਂਗਰਸ ਦੀ ਟਿਕਟ ਤੋਂ ਖੁੰਝ ਗਏ ਸਨ। ਉਨ੍ਹਾਂ ਲਈ ਇਹ ਚੋਣ ਵੱਕਾਰੀ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਚੋਣ ਮੈਦਾਨ ’ਚ ਹਨ। ਸੁਖਜਿੰਦਰ ਕੌਰ ਰੰਧਾਵਾ ਲਈ ਜ਼ਿਮਨੀ ਚੋਣ ਅਹਿਮ ਹੈ। ਇਨ੍ਹਾਂ ਦੋ ਔਰਤਾਂ ਤੋਂ ਇਲਾਵਾ ਹੋਰ ਕਿਸੇ ਵੀ ਹਲਕੇ ਤੋਂ ਕੋਈ ਔਰਤ ਉਮੀਦਵਾਰ ਚੋਣ ਮੈਦਾਨ ’ਚ ਨਹੀਂ ਨਿੱਤਰੀ।

          ਸੰਨ 1952 ਤੋਂ ਲੈ ਕੇ ਹੁਣ ਤੱਕ 61 ਸੀਟਾਂ ’ਤੇ ਜਾਂ 61 ਵਾਰ ਜ਼ਿਮਨੀ ਚੋਣ ਹੋਈ ਹੈ ਜਿਨ੍ਹਾਂ ’ਚ ਸਿਰਫ਼ ਛੇ ਔਰਤਾਂ ਨੂੰ ਹੀ ਕਾਮਯਾਬੀ ਮਿਲੀ ਹੈ। ਪੰਜਾਬ ਦੇ ਰਾਜਸੀ ਇਤਿਹਾਸ ਅਨੁਸਾਰ ਜ਼ਿਮਨੀ ਚੋਣ ਰਾਹੀਂ ਸਿਆਸਤ ਵਿੱਚ ਸਭ ਤੋਂ ਪਹਿਲੀ ਐਂਟਰੀ ਹਲਕਾ ਡਕਾਲਾ ਤੋਂ ਜੇਤੂ ਰਹੀ ਮਹਿੰਦਰ ਕੌਰ ਦੀ ਹੋਈ ਸੀ। ਸੰਨ 1970 ’ਚ ਡਕਾਲਾ ਹਲਕੇ ਦੀ ਜ਼ਿਮਨੀ ਚੋਣ ਹੋਈ ਸੀ ਕਿਉਂਕਿ ਹਲਕੇ ਦੇ ਤਤਕਾਲੀ ਵਿਧਾਇਕ ਬਸੰਤ ਸਿੰਘ ਦਾ ਕਤਲ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਹਕੂਮਤ ਦੌਰਾਨ ਹੋਈ ਇਸ ਚੋਣ ਵਿੱਚ ਅਕਾਲੀ ਦਲ ਨੇ ਮਰਹੂਮ ਵਿਧਾਇਕ ਦੀ ਪਤਨੀ ਮਹਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਮਹਿੰਦਰ ਕੌਰ ਨੇ ਆਪਣੀ ਵਿਰੋਧੀ ਕਾਂਗਰਸ ਦੀ ਉਮੀਦਵਾਰ ਵੀਰਪਾਲ ਕੌਰ ਨੂੰ ਹਰਾਇਆ ਸੀ ਜੋ ਕਿ ਸੰਸਦ ਮੈਂਬਰ ਅਮਰਜੀਤ ਕੌਰ ਦੀ ਮਾਤਾ ਸੀ। ਹਲਕਾ ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਜਗਦੀਸ਼ ਕੌਰ ਨੇ ਆਪਣੇ ਵਿਰੋਧੀ ਕਾਂਗਰਸੀ ਟੀ.ਐੱਸ. ਰਿਆਸਤੀ ਨੂੰ ਮਾਤ ਦਿੱਤੀ ਸੀ। 

          ਫ਼ਰੀਦਕੋਟ ਤੋਂ ਪਹਿਲਾਂ ਵਿਧਾਇਕ ਜਸਮਤ ਸਿੰਘ ਢਿੱਲੋਂ ਹੁੰਦੇ ਸਨ ਜਿਨ੍ਹਾਂ ਦੀ ਮੌਤ ਕਾਰਨ ਹਲਕੇ ’ਚ ਜ਼ਿਮਨੀ ਚੋਣ ਹੋਈ ਸੀ। ਅਕਾਲੀ ਦਲ ਨੇ ਮਰਹੂਮ ਵਿਧਾਇਕ ਦੀ ਪਤਨੀ ਜਗਦੀਸ਼ ਕੌਰ ਨੂੰ ਟਿਕਟ ਦਿੱਤੀ ਸੀ। ਕਾਬਿਲੇਗੌਰ ਹੈ ਕਿ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ 1982 ਦੀ ਜ਼ਿਮਨੀ ਚੋਣ ’ਚ ਜੇਤੂ ਰਹੀ ਜਗਦੀਸ਼ ਕੌਰ ਦੇ ਪੁੱਤਰ ਹਨ। ਹਲਕਾ ਸ਼ਾਮ ਚੁਰਾਸੀ ਦੀ ਜ਼ਿਮਨੀ ਚੋਣ ਅਕਾਲੀ ਦਲ ਦੀ ਉਮੀਦਵਾਰ ਮਹਿੰਦਰ ਕੌਰ ਜੋਸ਼ ਨੇ ਸਾਲ 1998 ਵਿੱਚ ਜਿੱਤੀ ਸੀ। ਅਕਤੂਬਰ 2004 ਵਿੱਚ ਕਪੂਰਥਲਾ ਹਲਕੇ ਦੀ ਜ਼ਿਮਨੀ ਚੋਣ ਹੋਈ ਸੀ ਜਿਸ ਵਿੱਚ ਕਾਂਗਰਸ ਦੀ ਸੁਖਜਿੰਦਰ ਕੌਰ ਉਰਫ਼ ਸੁੱਖੀ ਰਾਣਾ ਨੇ ਚੋਣ ਜਿੱਤੀ ਸੀ। ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਨੂੰ ਹਰਾਇਆ ਸੀ। ਇਸ ਮਗਰੋਂ ਸਾਲ 2012 ਵਿੱਚ ਦਸੂਹਾ ਹਲਕੇ ਦੀ ਜ਼ਿਮਨੀ ਚੋਣ ਹੋਈ ਸੀ ਕਿਉਂਕਿ ਹਲਕੇ ਦੇ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਦੀ ਮੌਤ ਹੋ ਗਈ ਸੀ ਜੋ ਕਿ ਦੋ ਵਾਰ ਵਿਧਾਇਕ ਰਹੇ ਸਨ। 

         ਭਾਜਪਾ ਨੇ ਅਮਰਜੀਤ ਸ਼ਾਹੀ ਦੀ ਮੌਤ ਮਗਰੋਂ ਉਨ੍ਹਾਂ ਦੀ ਪਤਨੀ ਸੁਖਜੀਤ ਕੌਰ ਨੂੰ ਜ਼ਿਮਨੀ ਚੋਣ ਵਿੱਚ ਉਤਾਰਿਆ। ਭਾਜਪਾ ਉਮੀਦਵਾਰ ਸੁਖਜੀਤ ਕੌਰ ਸ਼ਾਹੀ ਨੇ ਆਪਣੇ ਕਾਂਗਰਸੀ ਵਿਰੋਧੀ ਅਰੁਣ ਡੋਗਰਾ ਨੂੰ ਹਰਾ ਕੇ ਚੋਣ ਜਿੱਤ ਲਈ ਸੀ। ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਸ਼ਾਹੀ ਮੁੱਖ ਸੰਸਦੀ ਸਕੱਤਰ ਵੀ ਰਹੇ ਸਨ। ਹੁਣ ਦੇਖਣਾ ਹੋਵੇਗਾ ਕਿ ਅੰਮ੍ਰਿਤਾ ਵੜਿੰਗ ਅਤੇ ਜਤਿੰਦਰ ਕੌਰ ਜ਼ਿਮਨੀ ਚੋਣਾਂ ਵਿੱਚ ਔਰਤਾਂ ਦੀ ਚੱਲ ਰਹੀ ਜੇਤੂ ਲੜੀ ਨੂੰ ਅੱਗੇ ਤੋਰਦੀਆਂ ਹਨ ਜਾਂ ਨਹੀਂ। ਪੰਜਾਬ ਵਿੱਚ ਹੁਣ ਤੱਕ ਜ਼ਿਮਨੀ ਚੋਣ ’ਚ ਆਖ਼ਰੀ ਸਮੇਂ ਜਿੱਤ ਹਾਸਲ ਕਰਨ ਵਾਲੀ ਔਰਤ ਪ੍ਰਨੀਤ ਕੌਰ ਹੈ। ਸਾਲ 2014 ਵਿੱਚ ਹਲਕਾ ਪਟਿਆਲਾ ਦੀ ਜ਼ਿਮਨੀ ਚੋਣ ਹੋਈ ਸੀ ਅਤੇ ਉਸ ਵਕਤ ਪ੍ਰਨੀਤ ਕੌਰ ਨੇ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਭਗਵਾਨ ਦਾਸ ਜੁਨੇਜਾ ਨੂੰ ਹਰਾਇਆ ਸੀ। ਇਸ ਮਗਰੋਂ ਕਦੇ ਵੀ ਕਿਸੇ ਜ਼ਿਮਨੀ ਚੋਣ ਵਿੱਚ ਔਰਤ ਨੂੰ ਜਿੱਤ ਨਸੀਬ ਨਹੀਂ ਹੋਈ ਹੈ।

Friday, April 19, 2024

                                                        ਦਮਦਾਰ ਚਿਹਰੇ
                                   ਜਿਨ੍ਹਾਂ ਨੇ ਆਪਣੀ ਥਾਲ਼ੀ ਆਪ ਪਰੋਸੀ..!
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪਹਿਲੇ ਸਮਿਆਂ ’ਚ ਲੋਕ ਸਭਾ ਲਈ ਚੁਣੀਆਂ ਔਰਤਾਂ ਦੀ ਸਿਆਸਤ ’ਚ ਧਾਕ ਹੁੰਦੀ ਸੀ। ਸੰਸਦ ਮੈਂਬਰ ਬਣਨ ਦਾ ਜਿਨ੍ਹਾਂ ਨੂੰ ਸੁਭਾਗ ਮਿਲਿਆ, ਉਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਲੇਖੇ ਲਾਈ। ਅਸੂਲਾਂ ’ਤੇ ਜਿਉਣ ਵਾਲੀਆਂ ਇਨ੍ਹਾਂ ਔਰਤਾਂ ’ਚੋਂ ਝਾਂਸੀ ਦੀ ਰਾਣੀ ਦਾ ਝਉਲਾ ਪੈਂਦਾ ਸੀ। ਕਿਸੇ ਔਰਤ ਨੇ ਜੇਲ੍ਹਾਂ ’ਚ ਜ਼ਿੰਦਗੀ ਕੱਟੀ ਅਤੇ ਕੋਈ ਲੋਕ ਘੋਲਾਂ ਨੂੰ ਪ੍ਰਣਾਈ ਰਹੀ। ਪਹਿਲੀ ਲੋਕ ਸਭਾ ਤੋਂ 17ਵੀਂ ਲੋਕ ਸਭਾ ਤੱਕ ਦੇਸ਼ ਭਰ ’ਚੋਂ ਕੁੱਲ 5146 ਸੰਸਦ ਮੈਂਬਰ ਬਣੇ ਹਨ, ਜਿਨ੍ਹਾਂ ’ਚੋਂ ਬਹੁਤਿਆਂ ਨੂੰ ਇੱਕ ਤੋਂ ਜ਼ਿਆਦਾ ਵਾਰ ਐੱਮਪੀ ਬਣਨ ਦਾ ਮੌਕਾ ਮਿਲਿਆ। ਇਨ੍ਹਾਂ ’ਚੋਂ 406 ਔਰਤਾਂ ਸਨ, ਜੋ ਸੰਸਦ ਮੈਂਬਰ ਬਣੀਆਂ। ਪੰਜਾਬ ’ਚੋਂ 1952 ਤੋਂ ਲੈ ਕੇ ਹੁਣ ਤੱਕ 148 ਸੰਸਦ ਮੈਂਬਰ ਬਣੇ ਹਨ, ਜਿਨ੍ਹਾਂ ’ਚੋਂ ਮੌਜੂਦਾ ਪੰਜਾਬ ਦੀਆਂ 11 ਔਰਤਾਂ ਵੀ ਹਨ। ਪੰਜਾਬ ’ਚੋਂ ਪਹਿਲੀ ਵਾਰ 1967 ਵਿਚ ਸੰਗਰੂਰ ਤੋਂ ਨਿਰਲੇਪ ਕੌਰ ਅਤੇ ਪਟਿਆਲਾ ਤੋਂ ਮਹਿੰਦਰ ਕੌਰ ਸੰਸਦ ਮੈਂਬਰ ਬਣੀਆਂ ਸਨ। ਵੇਰਵਿਆਂ ਅਨੁਸਾਰ ਪਹਿਲੀ ਲੋਕ ਸਭਾ ਲਈ ਹਿਮਾਚਲ ਦੇ ਮੰਡੀ ਹਲਕੇ ਤੋਂ ਰਾਜ ਕੁਮਾਰੀ ਅੰਮ੍ਰਿਤ ਕੌਰ ਚੁਣੀ ਗਈ ਸੀ, ਜੋ ਦੇਸ਼ ਦੀ ਪਹਿਲੀ ਸਿਹਤ ਮੰਤਰੀ ਬਣੀ। 

          ਉਹ ਰਾਜਾ ਹਰਨਾਮ ਸਿੰਘ ਕਪੂਰਥਲਾ ਦੀ ਧੀ ਸੀ। ਕੇਰਲਾ ਦੀ ਸੁਸ਼ੀਲਾ ਗੋਪਾਲਨ ਵਿਦਿਆਰਥੀ ਸੰਘਰਸ਼ ਦੌਰਾਨ 1965 ਵਿਚ ਜੇਲ੍ਹ ਵਿਚ ਸੀ ਅਤੇ ਜੇਲ੍ਹ ’ਚੋਂ ਹੀ ਚੋਣ ਜਿੱਤ ਗਈ। ਉਹ ਚੌਥੀ, ਸੱਤਵੀਂ ਅਤੇ ਦਸਵੀਂ ਲੋਕ ਸਭਾ ਦੀ ਮੈਂਬਰ ਬਣੀ। ਪੱਛਮੀ ਬੰਗਾਲ ਦੀ ਰੇਣੂ ਚੱਕਰਵਰਤੀ 1952 ਤੋਂ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਬਣੀ। ਰੇਣੂ ਚੱਕਰਵਰਤੀ ਮਜ਼ਦੂਰ ਸਭਾ ਅਤੇ ਮਿਨਰਲ ਵਰਕਰਜ਼ ਯੂਨੀਅਨ ਦੀ ਪ੍ਰਧਾਨ ਸੀ। ਮਹਾਰਾਸ਼ਟਰ ’ਚੋਂ ਸੱਤਵੀਂ ਲੋਕ ਸਭਾ ਦੀ ਮੈਂਬਰ ਬਣੀ ਪ੍ਰੋਮਿਲਾ ਦੰਡਵਤੇ ਨੂੰ ਡੇਢ ਵਰ੍ਹੇ ਮੀਸਾ ਤਹਿਤ ਪੁਣੇ ਜੇਲ੍ਹ ਵਿਚ ਕੈਦ ਕੱਟਣੀ ਪਈ ਸੀ। ਜਨਤਾ ਪਾਰਟੀ ਦੀ ਇਸ ਆਗੂ ਨੇ ਐਂਟੀ ਪ੍ਰਾਈਸ ਰਾਈਜ਼ ਮੂਵਮੈਂਟ ਦੀ ਅਗਵਾਈ ਕੀਤੀ। ਉੱਤਰ ਪ੍ਰਦੇਸ਼ ਦੀ ਕਮਲਾ ਚੌਧਰੀ 1930 ਵਿਚ ਸਿਵਲ ਨਾਫ਼ਰਮਾਨੀ ਮੂਵਮੈਂਟ ਵਿਚ ਕਈ ਵਾਰ ਜੇਲ੍ਹ ਗਈ। ਲੋਕਾਂ ਨੇ ਫ਼ਤਵਾ ਦੇ ਕੇ ਉਸ ਨੂੰ ਤੀਜੀ ਲੋਕ ਸਭਾ ਵਿਚ ਭੇਜਿਆ। ਗਾਂਧੀਅਨ ਤੇ ਸਮਾਜ ਸੁਧਾਰਕ ਜ਼ੋਹਰਾਬੇਨ ਅਕਬਰਭਾਈ ਕਰੀਬ ਸੱਤ ਸਾਲ ਮਹਾਤਮਾ ਗਾਂਧੀ ਦੇ ਸੰਗ ਰਹੀ ਅਤੇ ਉਸ ਨੇ ਸਮਾਜ ਸੁਧਾਰਕ ਪ੍ਰੋਗਰਾਮ ਚਲਾਇਆ। ਉਹ ਕਾਂਗਰਸੀ ਟਿਕਟ ’ਤੇ ਤੀਜੀ ਲੋਕ ਸਭਾ ਚੋਣਾਂ ਵਿਚ ਜਿੱਤੀ। 

           ਆਜ਼ਾਦੀ ਦੀ ਲੜਾਈ ਵਿਚ ਕੁੱਦਣ ਵਾਲੀ ਸੁਚੇਤਾ ਕ੍ਰਿਪਲਾਨੀ ਨੂੰ ਕੌਣ ਭੁੱਲਿਆ ਹੈ। ਉਹ 1963 ਵਿੱਚ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ। ਉਹ ਉੱਤਰ ਪ੍ਰਦੇਸ਼ ਵਿਚ 1943-50 ਵਿਚ ਵਿਧਾਇਕਾ ਰਹੀ ਅਤੇ ਪਹਿਲੀ, ਦੂਜੀ ਅਤੇ ਚੌਥੀ ਲੋਕ ਸਭਾ ਲਈ ਵੀ ਚੁਣੀ ਗਈ। ਉਸ ਦਾ ਪੰਜਾਬੀ ’ਵਰਸਿਟੀ ਨਾਲ ਵੀ ਸਬੰਧ ਦੱਸਿਆ ਜਾਂਦਾ ਹੈ। ਮੋਤੀ ਲਾਲ ਨਹਿਰੂ ਦੀ ਧੀ ਵਿਜੈ ਲਕਸ਼ਮੀ ਪੰਡਿਤ ਪਹਿਲਾਂ ਉਤਰ ਪ੍ਰਦੇਸ਼ ਵਿਚ ਮੰਤਰੀ ਵੀ ਰਹੀ ਅਤੇ ਉੱਤਰ ਪ੍ਰਦੇਸ਼ ’ਚੋਂ ਪਹਿਲੀ, ਤੀਜੀ ਅਤੇ ਚੌਥੀ ਲੋਕ ਸਭਾ ਦੀ ਚੋਣ ਜਿੱਤੀ। ਉਹ 1962 ਵਿਚ ਮਹਾਰਾਸ਼ਟਰ ਦੀ ਗਵਰਨਰ ਵੀ ਰਹੀ। ਇਸੇ ਤਰ੍ਹਾਂ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵੱਲਭਭਾਈ ਪਟੇਲ ਦੀ ਧੀ ਮਨੀਬੇਨ ਆਜ਼ਾਦੀ ਦੀ ਲੜਾਈ ਵਿਚ ਕਈ ਵਾਰ ਜੇਲ੍ਹ ਗਈ ਅਤੇ 1975 ਵਿਚ ਸੱਤਿਆਗ੍ਰਹਿ ਕੀਤਾ। ਉਹ ਰਾਜ ਸਭਾ ਮੈਂਬਰ ਵੀ ਬਣੀ ਅਤੇ ਚਾਰ ਵਾਰ ਲੋਕ ਸਭਾ ਮੈਂਬਰ ਵੀ ਚੁਣੀ ਗਈ। ਮੁੱਢਲੇ ਦੌਰ ਵਿਚ ਅਜਿਹੀਆਂ ਔਰਤਾਂ ਦੀ ਘਾਲਣਾ ਦਾ ਮੁੱਲ ਲੋਕਾਂ ਨੇ ਵੋਟਾਂ ਪਾ ਕੇ ਮੋੜਿਆ। ਇਨ੍ਹਾਂ ਨੂੰ ਸਭ ਕੁਝ ਥਾਲ਼ੀ ’ਚ ਪਰੋਸ ਕੇ ਨਹੀਂ ਮਿਲਿਆ।

                                            ਜਿਨ੍ਹਾਂ ਔਰਤਾਂ ਨੇ ਰਿਕਾਰਡ ਬਣਾਏ

ਰਿਕਾਰਡ ਤੋੜ ਵੋਟਾਂ ਹਾਸਲ ਕਰਨ ਵਾਲੀਆਂ ’ਚ ਵਿਜੈ ਰਾਜੇ ਸਿੰਧੀਆ, ਸੁਮਿੱਤਰਾ ਮਹਾਜਨ ਅਤੇ ਮੇਨਕਾ ਗਾਂਧੀ ਨੇ ਅੱਠ ਵਾਰ ਚੋਣ ਜਿੱਤੀ। ਗੀਤਾ ਮੁਖਰਜੀ ਅਤੇ ਮਮਤਾ ਬੈਨਰਜੀ ਨੇ ਸੱਤ ਵਾਰ ਚੋਣ ਜਿੱਤੀ, ਜਦੋਂਕਿ ਉਮਾ ਭਾਰਤੀ ਛੇ ਵਾਰ ਕਾਮਯਾਬ ਹੋਈ। ਇਸੇ ਤਰ੍ਹਾਂ ਮੀਰਾ ਕੁਮਾਰ, ਵਸੁੰਦਰਾ ਰਾਜੇ, ਸੁਖਬੰਸ ਕੌਰ ਭਿੰਡਰ ਅਤੇ ਗੰਗਾ ਦੇਵੀ ਨੂੰ ਪੰਜ ਵਾਰ ਮੌਕਾ ਮਿਲਿਆ।

                                      ਪੰਜਾਬ ’ਚੋਂ ਸੁਖਬੰਸ ਕੌਰ ਭਿੰਡਰ ਦੀ ਝੰਡੀ

ਪੰਜਾਬ ਦਾ ਰਿਕਾਰਡ ਸੰਸਦ ਮੈਂਬਰ ਸੁਖਬੰਸ ਕੌਰ ਭਿੰਡਰ ਦੇ ਨਾਮ ਹੈ, ਜੋ ਮੌਜੂਦਾ ਪੰਜਾਬ ਦੀ ਪਹਿਲੀ ਮਹਿਲਾ ਹੈ, ਜਿਸ ਨੂੰ ਪੰਜ ਵਾਰ ਜਿੱਤ ਹਾਸਲ ਹੋਈ। ਦੂਜੇ ਨੰਬਰ ’ਤੇ ਪ੍ਰਨੀਤ ਕੌਰ ਹਨ ਜਿਨ੍ਹਾਂ ਨੇ ਚਾਰ ਵਾਰ ਚੋਣ ਜਿੱਤੀ। ਸੰਤੋਸ਼ ਚੌਧਰੀ ਅਤੇ ਹਰਸਿਮਰਤ ਕੌਰ ਬਾਦਲ ਨੇ ਤਿੰਨ-ਤਿੰਨ ਵਾਰ ਸਫਲਤਾ ਹਾਸਲ ਕੀਤੀ ਹੈ। ਇਵੇਂ ਹੀ ਪਰਮਜੀਤ ਕੌਰ ਗੁਲਸ਼ਨ ਅਤੇ ਸਤਵਿੰਦਰ ਕੌਰ ਧਾਲੀਵਾਲ ਨੂੰ ਦੋ-ਦੋ ਵਾਰ ਮੌਕਾ ਮਿਲਿਆ।

                                 ਸ਼ਾਹੀ ਘਰਾਣਿਆਂ ’ਚੋਂ ਆਈਆਂ ਸੰਸਦ ਮੈਂਬਰਾਂ

ਸ਼ਾਹੀ ਘਰਾਣਿਆਂ ਦੀਆਂ ਔਰਤਾਂ ਦੀ ਵੀ ਸੰਸਦ ਵਿਚ ਤੂਤੀ ਬੋਲਦੀ ਰਹੀ ਹੈ। ਮਹਾਰਾਣੀ ਦਿਵਿਆ ਸਿੰਘ 11ਵੀਂ ਲੋਕ ਸਭਾ ਲਈ ਚੁਣੀ ਗਈ ਅਤੇ ਜੈਪੁਰ ਦੀ ਰਾਜ-ਮਾਤਾ ਗਾਇਤਰੀ ਦੇਵੀ ਵੀ ਸੰਸਦ ਵਿਚ ਬੈਠੀ। ਤ੍ਰਿਪੁਰਾ ’ਚੋਂ ਦਸਵੀਂ ਲੋਕ ਸਭਾ ਲਈ ਮਹਾਰਾਣੀ ਬਿਭੂ ਕੁਮਾਰੀ ਦੇਵੀ ਚੋਣ ਜਿੱਤੀ। ਉੱਤਰ ਪ੍ਰਦੇਸ਼ ’ਚੋਂ ਰਾਜ ਮਾਤਾ ਕਮਲੇਂਦੁਮਤੀ ਸ਼ਾਹ ਨੇ ਆਜ਼ਾਦ ਉਮੀਦਵਾਰ ਵਜੋਂ ਉੱਤਰ ਪ੍ਰਦੇਸ਼ ’ਚੋਂ ਚੋਣ ਜਿੱਤੀ ਸੀ। ਮੱਧ ਪ੍ਰਦੇਸ਼ ’ਚੋਂ ਵਿਜੈ ਰਾਜੇ ਸਿੰਧੀਆ ਨੇ ਅੱਠ ਵਾਰ ਚੋਣ ਜਿੱਤੀ ਸੀ ਅਤੇ ਵਸੁੰਧਰਾ ਰਾਜੇ ਨੇ ਪੰਜ ਵਾਰ ਚੋਣ ਜਿੱਤੀ।

Friday, April 12, 2024

                                                      ਚੋਣ ਸਿਆਸਤ
                              ਵੱਡਿਆਂ ਰਾਹ ਬਣਾਏ, ਨੂੰਹਾਂ ਕਦਮ ਵਧਾਏ..!
                                                      ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਚੋਣਾਂ ਦਾ ਪਿੜ ਵੱਡੇ ਘਰਾਂ ਦੀਆਂ ਨੂੰਹਾਂ ਲਈ ਕਦੇ ਓਪਰਾ ਨਹੀਂ ਰਿਹਾ। ਚੋਣ ਛੋਟੀ ਹੋਵੇ ਤੇ ਚਾਹੇ ਵੱਡੀ, ਚੋਣ ਮੈਦਾਨ ਵਿਚ ਸਿਰਫ਼ ਨੂੰਹਾਂ ਦਾ ਨਹੀਂ, ਪਹਿਲਾਂ ਦਾ ਸੱਸਾਂ ਵੀ ਚੋਣ ਸਿਆਸਤ ਨਾਲ ਗਹਿਰਾ ਰਿਸ਼ਤਾ ਰਿਹਾ ਹੈ। ਕਈ ਵੱਡੇ ਪਰਿਵਾਰਾਂ ’ਚ ਜਿੱਤ ਦਾ ਤਾਜ ਪਹਿਲਾਂ ਸੱਸ ਸਿਰ ਸਜਿਆ ਅਤੇ ਮਗਰੋਂ ਨੂੰਹਾਂ ਨੂੰ ਇਹੋ ਤਾਜ ਨਸੀਬ ਹੋਇਆ। ਲੋਕ ਸਭਾ ਚੋਣਾਂ ’ਚ ਐਤਕੀਂ ਪ੍ਰਨੀਤ ਕੌਰ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਹਨ। ਉਹ ਪਹਿਲਾਂ ਵੀ ਚਾਰ ਦਫ਼ਾ ਪਟਿਆਲਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਪਹਿਲਾਂ ਉਨ੍ਹਾਂ ਪੰਜੇ ਦੇ ਨਿਸ਼ਾਨ ’ਤੇ ਚੋਣ ਲੜੀ ਅਤੇ ਇਸ ਵਾਰ ਹੱਥ ਦੀ ਥਾਂ ਕਮਲ ਦਾ ਫੁੱਲ ਉਨ੍ਹਾਂ ਦਾ ਚੋਣ ਨਿਸ਼ਾਨ ਹੈ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਸੱਸ ਮਹਿੰਦਰ ਕੌਰ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ ਸਨ, 1967 ਵਿਚ ਪਟਿਆਲਾ ਹਲਕੇ ਤੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਨ। ਰਾਜ ਮਾਤਾ ਮਹਿੰਦਰ ਕੌਰ 1964-67 ’ਚ ਰਾਜ ਸਭਾ ਮੈਂਬਰ ਰਹੇ। ਸਾਲ 1977 ’ਚ ਉਹ ਜਨਤਾ ਦਲ ਵਿਚ ਸ਼ਾਮਲ ਹੋ ਗਏ ਸਨ ਅਤੇ 1978-84 ਤੱਕ ਰਾਜ ਸਭਾ ਦੇ ਮੁੜ ਮੈਂਬਰ ਰਹੇ। 

         ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜ ਰਹੀ ਹਰਸਿਮਰਤ ਕੌਰ ਬਾਦਲ ਵੀ ਬਾਦਲ ਪਰਿਵਾਰ ਦੀ ਨੂੰਹ ਹੈ ਜੋ ਤਿੰਨ ਦਫ਼ਾ ਪਹਿਲਾਂ ਇਸ ਹਲਕੇ ਤੋਂ ਚੋਣ ਜਿੱਤ ਚੁੱਕੇ ਹਨ। ਪਹਿਲੀ ਦਫ਼ਾ ਉਹ ਭਾਜਪਾ ਦੇ ਸਾਥ ਬਿਨਾਂ ਚੋਣ ਮੈਦਾਨ ਵਿਚ ਉੱਤਰੇ ਹਨ। ਹਰਸਿਮਰਤ ਕੌਰ ਬਾਦਲ ਦੀ ਚੋਣ ਵਿਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਭੂਮਿਕਾ ਹੁੰਦੀ ਸੀ ਪਰ ਇਸ ਵਾਰ ਵੱਡੇ ਬਾਦਲ ਦੀ ਕਮੀ ਵੀ ਉਨ੍ਹਾਂ ਨੂੰ ਰੜਕੇਗੀ। ਬੇਸ਼ੱਕ ਹਰਸਿਮਰਤ ਕੌਰ ਦੀ ਸੱਸ ਨੇ ਕੋਈ ਚੋਣ ਤਾਂ ਨਹੀਂ ਲੜੀ ਪਰ ਉਨ੍ਹਾਂ ਦੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਨੇ 1977 ਵਿਚ ਸੰਸਦ ਵਿਚ ਪੈਰ ਪਾਏ ਸਨ ਅਤੇ ਕੇਂਦਰੀ ਮੰਤਰੀ ਵੀ ਬਣੇ ਸਨ। ਸਰਾਏਨਾਗਾ ਵਾਲੇ ਬਰਾੜ ਪਰਿਵਾਰ ਵਿਚ ਨੂੰਹਾਂ ਨੂੰ ਵੀ ਲੋਕ ਫ਼ਤਵਾ ਮਿਲਿਆ। ਮਰਹੂਮ ਹਰਚਰਨ ਸਿੰਘ ਬਰਾੜ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਰਹੇ, ਦੀ ਨੂੰਹ ਕਰਨ ਕੌਰ ਬਰਾੜ ਸਾਲ 2012 ਵਿਚ ਵਿਧਾਇਕਾ ਬਣੀ ਸੀ। ਕਰਨ ਕੌਰ ਬਰਾੜ ਦੀ ਸੱਸ ਗੁਰਬਿੰਦਰ ਕੌਰ ਬਰਾੜ ਵੀ ਸੰਸਦ ਮੈਂਬਰ ਰਹੀ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਵੀ ਬਣੀ।

         ਮਜੀਠੀਆ ਪਰਿਵਾਰ ਦੀ ਨੂੰਹ ਗਨੀਵ ਕੌਰ ਮਜੀਠੀਆ ਵੀ ਹੁਣ ਐੱਮਐੱਲਏ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਦਾਦਾ ਸੁਰਜੀਤ ਸਿੰਘ ਮਜੀਠੀਆ ਵੀ ਨਹਿਰੂ ਵਜ਼ਾਰਤ ਵਿਚ ਮੰਤਰੀ ਰਹੇ ਹਨ। ਬਾਜਵਾ ਪਰਿਵਾਰ ਦੀ ਨੂੰਹ ਚਰਨਜੀਤ ਕੌਰ ਬਾਜਵਾ ਵੀ ਵਿਧਾਨ ਸਭਾ ਮੈਂਬਰ ਰਹਿ ਚੁੱਕੀ ਹੈ। ਚਰਨਜੀਤ ਕੌਰ ਬਾਜਵਾ ਦਾ ਸਹੁਰਾ ਸਤਨਾਮ ਸਿੰਘ ਬਾਜਵਾ ਮੰਤਰੀ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਪਤੀ ਪ੍ਰਤਾਪ ਸਿੰਘ ਬਾਜਵਾ ਇਸ ਵੇਲੇ ਵਿਰੋਧੀ ਧਿਰ ਦੇ ਨੇਤਾ ਹਨ। ਚੌਧਰੀ ਪਰਿਵਾਰ ਦੀ ਨੂੰਹ ਕਰਮਜੀਤ ਕੌਰ ਨੇ ਜਲੰਧਰ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਵਜੋਂ ਕਿਸਮਤ ਅਜ਼ਮਾਈ ਸੀ ਪਰ ਕਾਮਯਾਬੀ ਨਹੀਂ ਮਿਲੀ ਸੀ। ਮਾਸਟਰ ਗੁਰਬੰਤਾ ਸਿੰਘ ਕੈਰੋਂ ਵਜ਼ਾਰਤ ਵਿਚ ਮੰਤਰੀ ਸਨ ਜਿਨ੍ਹਾਂ ਦੀ ਨੂੰਹ ਕਰਮਜੀਤ ਕੌਰ ਨੂੰ ਜਲੰਧਰ ਦੀ ਜ਼ਿਮਨੀ ਚੋਣ ’ਚ ਉਤਾਰਿਆ ਗਿਆ ਸੀ। ਮਲੂਕਾ ਪਰਿਵਾਰ ਦੀ ਨੂੰਹ ਪਰਮਪਾਲ ਕੌਰ ਮਲੂਕਾ ਦੇ ਵੀ ਐਤਕੀਂ ਚੋਣ ਮੈਦਾਨ ਵਿਚ ਕੁੱਦਣ ਦੀ ਸੰਭਾਵਨਾ ਹੈ ਜਿਨ੍ਹਾਂ ਨੇ ਆਪਣੇ ਅਹੁਦਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੇ ਕਿਆਸ ਹਨ।

         ਫ਼ਰੀਦਕੋਟ ਦਾ ਢਿੱਲੋਂ ਪਰਿਵਾਰ ਵੀ ਸਿਆਸਤ ’ਚ ਮੋਹਰੀ ਰਿਹਾ ਹੈ। ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੇ ਪਿਤਾ ਜਸਮੱਤ ਸਿੰਘ ਢਿੱਲੋਂ ਅਤੇ ਮਾਤਾ ਜਗਦੀਸ਼ ਕੌਰ ਢਿੱਲੋਂ ਵੀ ਵਿਧਾਇਕ ਰਹੇ ਹਨ। ਗੁਆਂਢੀ ਸੂਬੇ ਹਰਿਆਣਾ ਵਿਚ ਚੌਟਾਲਾ ਪਰਿਵਾਰ ਦੀ ਨੂੰਹ ਨੈਨਾ ਸਿੰਘ ਚੌਟਾਲਾ ਵਿਧਾਇਕ ਬਣਨ ਵਿਚ ਸਫਲ ਹੋਈ ਅਤੇ ਮਰਹੂਮ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਵੀ ਵਿਧਾਇਕਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਮੁਲਾਇਮ ਯਾਦਵ ਦੀ ਨੂੰਹ ਡਿੰਪਲ ਯਾਦਵ ਵੀ ਸੰਸਦ ਮੈਂਬਰ ਰਹਿ ਚੁੱਕੀ ਹੈ। ਮਹਾਰਾਸ਼ਟਰ ਦੇ ਆਗੂ ਸ਼ਿਵ ਰਾਜ ਪਾਟਿਲ ਦੀ ਨੂੰਹ ਅਰਚਨਾ ਪਾਟਿਲ ਵੀ ਹੁਣ ਚੋਣ ਮੈਦਾਨ ਵਿਚ ਹਨ। 

                                 ਪਹਿਲੀ ਮਹਿਲਾ ਐਮਪੀ ਸੁਭਦਰਾ ਜੋਸ਼ੀ

ਸਾਂਝੇ ਪੰਜਾਬ ’ਚੋਂ ਪਹਿਲੀ ਮਹਿਲਾ ਸੰਸਦ ਮੈਂਬਰ ਬਣਨ ਦਾ ਮਾਣ ਸੁਭਦਰਾ ਜੋਸ਼ੀ ਨੂੰ ਰਿਹਾ ਹੈ। ਆਜ਼ਾਦੀ ਦੀ ਲਹਿਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਇਹ ਮਹਿਲਾ ਫਿਰ ਅੰਬਾਲਾ ਅਤੇ ਦਿੱਲੀ ਤੋਂ ਵੀ ਸੰਸਦ ਮੈਂਬਰ ਬਣੀ। ਉਹ ਪਹਿਲੀ ਦਫ਼ਾ ਕਰਨਾਲ ਤੋਂ ਜਿੱਤੇ ਸਨ। ਔਰਤਾਂ ’ਚੋਂ ਸਿਰਫ਼ ਸੁਖਬੰਸ ਕੌਰ ਭਿੰਡਰ ਅਜਿਹੀ ਮਹਿਲਾ ਹੈ ਜਿਸ ਨੇ ਗੁਰਦਾਸਪੁਰ ਤੋਂ ਪੰਜ ਦਫ਼ਾ ਚੋਣ ਜਿੱਤੀ। ਪ੍ਰਨੀਤ ਕੌਰ ਨੇ ਚਾਰ ਦਫ਼ਾ ਚੋਣ ਜਿੱਤੀ ਹੈ ਜਦੋਂਕਿ ਹਰਸਿਮਰਤ ਕੌਰ ਬਾਦਲ ਨੇ ਤਿੰਨ ਵਾਰ ਚੋਣ ਜਿੱਤੀ ਹੈ।

                                 ਭੱਠਲ ਸਿਰ ਸਜਿਆ ਮੁੱਖ ਮੰਤਰੀ ਦਾ ਤਾਜ

ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦਾ ਤਾਜ ਬੀਬੀ ਰਜਿੰਦਰ ਕੌਰ ਭੱਠਲ ਦੇ ਸਿਰ ਸਜਿਆ ਹੈ ਜਿਹੜੇ ਲਹਿਰਾਗਾਗਾ ਤੋਂ ਪੰਜ ਦਫ਼ਾ ਵਿਧਾਇਕਾ ਬਣੇ। ਅਮਰਿੰਦਰ ਸਰਕਾਰ ਵਿਚ ਵੀ ਬੀਬੀ ਭੱਠਲ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। ਪੰਜਾਬ ਦੇ ਸਿਆਸੀ ਇਤਿਹਾਸ ਵਿਚ 1971 ਅਤੇ 1977 ਵਿਚ ਦੋ ਅਜਿਹੇ ਮੌਕੇ ਵੀ ਆਏ ਜਦੋਂ ਕਿ ਪੰਜਾਬ ’ਚੋਂ ਕੋਈ ਵੀ ਮਹਿਲਾ ਪਾਰਲੀਮੈਂਟ ਵਿਚ ਨਹੀਂ ਪੁੱਜੀ ਸੀ। ਸਾਲ 2009 ਵਿਚ ਸਭ ਤੋਂ ਵੱਧ ਚਾਰ ਮਹਿਲਾ ਸੰਸਦ ਮੈਂਬਰ ਬਣੀਆਂ ਸਨ।

                                            ਧੀਆਂ ਨੂੰ ਵੀ ਮਾਣ ਮਿਲਿਆ

ਦੂਸਰੇ ਪਾਸੇ ਧੀਆਂ ਦੀ ਗੱਲ ਕਰੀਏ ਤਾਂ ਕੇਂਦਰੀ ਮੰਤਰੀ ਰਹਿ ਚੁੱਕੇ ਧੰਨਾ ਸਿੰਘ ਗੁਲਸ਼ਨ ਦੀ ਧੀ ਪਰਮਜੀਤ ਕੌਰ ਗੁਲਸ਼ਨ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਅਕਾਲੀ ਦਲ ਦੀ ਟਿਕਟ ’ਤੇ ਮਹਿੰਦਰ ਕੌਰ ਜੋਸ਼ ਤਿੰਨ ਦਫ਼ਾ ਵਿਧਾਇਕ ਬਣੇ ਹਨ ਜਿਨ੍ਹਾਂ ਦਾ ਪਿਤਾ ਅਰਜਨ ਸਿੰਘ ਜੋਸ਼ ਵੀ ਵਿਧਾਇਕ ਰਹੇ ਹਨ। ਅਕਾਲੀ ਵਜ਼ਾਰਤ ਵਿਚ ਮੰਤਰੀ ਰਹੇ ਆਤਮਾ ਸਿੰਘ ਦੀ ਬੇਟੀ ਉਪਿੰਦਰਜੀਤ ਕੌਰ ਵੀ ਮੰਤਰੀ ਰਹੇ ਹਨ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਵੀ ਸਾਲ 2002 ਵਿਚ ਜਲੰਧਰ ਕੈਂਟ ਤੋਂ ਵਿਧਾਇਕ ਬਣੀ ਸੀ।

Thursday, March 21, 2024

                                                         ਸ਼ੌਕ ਬੰਦੂਕਾਂ ਦਾ
                                           ਪੰਜਾਬਣਾਂ ਦੇ ਕਿਆ ਕਹਿਣੇ..!
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਜਦੋਂ ਹਥਿਆਰਾਂ ਦੀ ਗੱਲ ਚੱਲਦੀ ਹੈ ਤਾਂ ਪੰਜਾਬਣਾਂ ਵੀ ਕਿਸੇ ਤੋਂ ਘੱਟ ਨਹੀਂ ਅਖਵਾਉਂਦੀਆਂ। ਇਸ ਨੂੰ ਪਹਿਲੀ ਨਜ਼ਰੇ ਸ਼ੌਕ ਕਹੋ ਜਾਂ ਫਿਰ ਸੁਰੱਖਿਆ ਦਾ ਮਾਮਲਾ, ਏਨਾ ਜ਼ਰੂਰ ਹੈ ਕਿ ਪੰਜਾਬ ’ਚ ਔਰਤਾਂ ਵੱਲੋਂ ਅਸਲਾ ਲਾਇਸੈਂਸ ਬਣਾਉਣ ਦਾ ਰੁਝਾਨ ਵਧਿਆ ਹੈ। ਪੰਜਾਬੀ ਗੀਤਾਂ ਤੇ ਫਿਲਮਾਂ ਨੇ ਇਸ ਸ਼ੌਕ ਨੂੰ ਹਵਾ ਦਿੱਤੀ ਹੈ। ਪੰਜਾਬ ਸਰਕਾਰ ਦੇ ਤਾਜ਼ਾ ਅੰਕੜੇ ਹਨ ਕਿ ਸੂਬੇ ਵਿਚ 3784 ਔਰਤਾਂ ਕੋਲ ਅਸਲਾ ਲਾਇਸੈਂਸ ਹਨ, ਜਿਨ੍ਹਾਂ ਦੇ ਆਧਾਰ ’ਤੇ 4328 ਹਥਿਆਰ ਰੱਖੇ ਹੋਏ ਹਨ। ਚੋਣਾਂ ਕਰ ਕੇ ਇਨ੍ਹਾਂ ਔਰਤਾਂ ਨੂੰ ਵੀ ਹੁਣ ਆਪਣੇ ਹਥਿਆਰ ਜਮ੍ਹਾਂ ਕਰਾਉਣੇ ਪੈਣੇ ਹਨ। ਪੰਜਾਬ ਵਿਚ ਇਸ ਵੇਲੇ 2.38 ਲੱਖ ਅਸਲਾ ਲਾਇਸੈਂਸ ਹਨ, ਜਿਨ੍ਹਾਂ ’ਤੇ 2.87 ਲੱਖ ਹਥਿਆਰ ਚੜ੍ਹੇ ਹੋਏ ਹਨ। ਆਰਮਜ਼ ਐਕਟ 1959 ਦੇ ਸਾਲ 2016 ਵਿਚ ਸੋਧੇ ਹੋਏ ਨਿਯਮਾਂ ਅਨੁਸਾਰ ਆਮ ਵਿਅਕਤੀ ਇੱਕ ਅਸਲਾ ਲਾਇਸੈਂਸ ’ਤੇ ਦੋ ਹਥਿਆਰ ਰੱਖਣ ਦਾ ਹੱਕਦਾਰ ਹੈ, ਜਦੋਂਕਿ ਸਪੋਰਟਸ ਕਰਨ ਵਾਲਿਆਂ ਨੂੰ ਇੱਕੋ ਲਾਇਸੈਂਸ ’ਤੇ ਦੋ ਤੋਂ ਜ਼ਿਆਦਾ ਹਥਿਆਰ ਰੱਖਣ ਦੀ ਸੁਵਿਧਾ ਹੈ।

        ਸੂਬੇ ’ਚੋਂ ਬਠਿੰਡਾ ਜ਼ਿਲ੍ਹਾ ਲਾਇਸੈਂਸਾਂ ’ਚ ਪਹਿਲੇ ਨੰਬਰ ’ਤੇ ਹੈ, ਜਿਥੇ 20,184 ਅਸਲਾ ਲਾਇਸੈਂਸ ਹਨ ਅਤੇ ਜ਼ਿਲ੍ਹੇ ਵਿਚ 26,229 ਲਾਇਸੈਂਸੀ ਹਥਿਆਰ ਹਨ। ਔਰਤਾਂ ਕੋਲ ਲਾਇਸੈਂਸਾਂ ਦੀ ਗੱਲ ਕਰੀਏ ਤਾਂ ਪਟਿਆਲਾ ਜ਼ਿਲ੍ਹੇ ਵਿਚ ਸਭ ਤੋਂ ਵੱਧ 375 ਔਰਤਾਂ ਕੋਲ ਲਾਇਸੈਂਸ ਹਨ, ਜਿਨ੍ਹਾਂ ’ਤੇ 453 ਹਥਿਆਰ ਦਰਜ ਹਨ। ਦੂਜਾ ਨੰਬਰ ਜ਼ਿਲ੍ਹਾ ਮੁਕਤਸਰ ਸਾਹਿਬ ਦਾ ਹੈ, ਜਿਥੇ ਔਰਤਾਂ ਕੋਲ 323 ਲਾਇਸੈਂਸਾਂ ’ਤੇ 383 ਹਥਿਆਰ ਦਰਜ ਹਨ। ਤੀਜਾ ਨੰਬਰ ਬਠਿੰਡਾ ਜ਼ਿਲ੍ਹੇ ਦਾ ਆਉਂਦਾ ਹੈ, ਜਿਥੇ ਔਰਤਾਂ ਕੋਲ 314 ਲਾਇਸੈਂਸ ਹਨ, ਜਦੋਂਕਿ ਹਥਿਆਰਾਂ ਦੀ ਗਿਣਤੀ 400 ਹੈ। ਫਿਰੋਜ਼ਪੁਰ ਵਿਚ ਔਰਤਾਂ ਕੋਲ 245 ਅਤੇ ਗੁਰਦਾਸਪੁਰ ’ਚ 241 ਕੋਲ ਲਾਇਸੈਂਸ ਹਨ।ਪੰਜਾਬੀ ’ਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੀ ਡਾ. ਸੁਖਮਿੰਦਰ ਕੌਰ ਦਾ ਕਹਿਣਾ ਹੈ ਕਿ ਔਰਤਾਂ ਸਮਾਜ ਵਿਚ ਵਾਪਰ ਰਹੀਆਂ ਦਿਲ ਹਿਲਾਊ ਘਟਨਾਵਾਂ ਦੇ ਮੱਦੇਨਜ਼ਰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ, ਜਿਸ ਕਰਕੇ ਉਨ੍ਹਾਂ ਨੇ ਲਾਇਸੈਂਸ ਲੈਣ ਵੱਲ ਕਦਮ ਵਧਾਏ ਹਨ। 

       ਵੇਰਵਿਆਂ ਅਨੁਸਾਰ ਪੰਜਾਬ ਦੀ ਆਰਥਿਕ ਰਾਜਧਾਨੀ ਸਮਝੇ ਜਾਂਦੇ ਜ਼ਿਲ੍ਹਾ ਲੁਧਿਆਣਾ ’ਚ ਸਿਰਫ 104 ਔਰਤਾਂ ਕੋਲ ਲਾਇਸੈਂਸ ਹਨ। ਜ਼ਿਲ੍ਹਾ ਸੰਗਰੂਰ ’ਚ ਔਰਤਾਂ ਕੋਲ 227 ਤੇ ਬਰਨਾਲਾ _ਚ 77 ਔਰਤਾਂ ਕੋਲ ਲਾਇਸੈਂਸ ਹਨ। ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੀ ਸੂਬਾ ਕਨਵੀਨਰ ਹਰਪਾਲ ਕੌਰ ਕੋਟਲਾ ਨੇ ਕਿਹਾ ਕਿ ਸਵੈ-ਰੱਖਿਆ ਲਈ ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਔਰਤਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜਾਬ ਵਿਚ ਕੁੱਲ ਲਾਇਸੈਂਸਾਂ ਚੋਂ ਕਰੀਬ 60,144 ਅਸਲਾ ਲਾਇਸੈਂਸਾਂ ’ਤੇ 1,21,845 ਹਥਿਆਰ ਦਰਜ ਹਨ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਲੋਕਾਂ ਕੋਲ ਦੋ-ਦੋ ਹਥਿਆਰ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ 5057 ਲਾਇਸੈਂਸਾਂ ’ਤੇ 10,206 ਹਥਿਆਰ ਚੜ੍ਹੇ ਹੋਏ ਹਨ, ਜਦੋਂਕਿ ਤਰਨ ਤਾਰਨ ਜ਼ਿਲ੍ਹੇ ਵਿਚ 4096 ਲਾਇਸੈਂਸਾਂ ’ਤੇ 8281 ਹਥਿਆਰ ਦਰਜ ਹਨ। ਫਰੀਦਕੋਟ ’ਚ 3232 ਲਾਇਸੈਂਸਾਂ ’ਤੇ 6520 ਹਥਿਆਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ 3732 ਲੋਕਾਂ ਕੋਲ 7668 ਹਥਿਆਰ ਹਨ।

       ਕਲਚਰ ਦਾ ਪ੍ਰਭਾਵ ਦੇਖੀਏ ਤਾਂ ਪੰਜਾਬੀ ਫਿਲਮ ‘ਨਿੱਕਾ ਜੈਲਦਾਰ’ ਦੀ ਬੇਬੇ ਨਿਰਮਲ ਰਿਸ਼ੀ ਪ੍ਰਤੱਖ ਮਿਸਾਲ ਹੈ ਜੋ ਪਿਸਤੌਲ ਗਲ ’ਚ ਲਟਕਾ ਕੇ ਰੱਖਦੀ ਹੈ ਅਤੇ ਗੱਲ ਗੱਲ ’ਤੇ ਗੋਲੀ ਚਲਾਉਣ ਦੀ ਗੱਲ ਕਰਦੀ ਹੈ। ਇੱਕ ਪੱਖ ਇਹ ਵੀ ਹੈ ਕਿ ਪੰਜਾਬ ਵਿਚ ਸ਼ੂਟਿੰਗ ਗੇਮ ਦਾ ਕਾਫੀ ਰੁਝਾਨ ਵਧਿਆ ਹੈ ਜਿਸ ਕਰਕੇ ਖਿਡਾਰਣਾਂ ਨੇ ਵੀ ਕਾਫੀ ਲਾਇਸੈਂਸ ਲਏ ਹੋ ਸਕਦੇ ਹਨ। ਦਿੱਲੀ ’ਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ.ਰਵਿੰਦਰ ਰਵੀ ਅਲੱਗ ਨਜ਼ਰੀਏ ਤੋਂ ਦੇਖਦੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਕਲਚਰ ’ਚ ਗੀਤਾਂ ਤੇ ਫਿਲਮਾਂ ਨੇ ਗੰਨ ਨੂੰ ਵੀ ਸਟੇਟਸ ਸਿੰਬਲ ਬਣਾ ਦਿੱਤਾ ਹੈ। ਆਰਥਿਕ ਖੇਤਰ ਵਿਚ ਔਰਤ ਦਾ ਦਬਦਬਾ ਵਧਿਆ ਹੈ ਅਤੇ ਉਹ ਬਰਾਬਰ ਦੀ ਭਾਗੀਦਾਰ ਬਣਨ ਲੱਗੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਪੱਖੋਂ ਲਾਇਸੈਂਸ ਲੈਣ ਵਾਲੀਆਂ ਔਰਤਾਂ ਦੀ ਗਿਣਤੀ ਘੱਟ ਹੋਵੇਗੀ, ਜਦੋਂਕਿ ਜ਼ਿਆਦਾ ਮਸਲਾ ਸਟੇਟਸ ਸਿੰਬਲ ਦਾ ਜਾਪਦਾ ਹੈ।

Thursday, December 14, 2023

                                                         ਨਸ਼ਾ ਤਸਕਰੀ 
                                       ਪੰਜਾਬੀ ਔਰਤਾਂ ਦੀ ਏਹ ਕੇਹੀ ਮੱਲ !
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬੀ ਔਰਤਾਂ ਦੇਸ਼ ਚੋਂ ਨਸ਼ਾ ਤਸਕਰੀ ਦੇ ਕਾਰੋਬਾਰ ’ਚ ਸਿਖਰ ’ਤੇ ਹਨ। ਸਮੁੱਚੇ ਮੁਲਕ ਚੋਂ ਸਭ ਤੋਂ ਵੱਧ ਨਸ਼ਾ ਤਸਕਰੀ ’ਚ ਪੰਜਾਬੀ ਔਰਤਾਂ ਦੀ ਗ੍ਰਿਫ਼ਤਾਰੀ ਹੋ ਰਹੀ ਹੈ। ਲੰਘੇ ਤਿੰਨ ਵਰਿ੍ਹਆਂ ਵਿਚ ਦੇਸ਼ ਭਰ ਚੋਂ 9631 ਔਰਤਾਂ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ’ਚ 3164 ਪੰਜਾਬੀ ਔਰਤਾਂ ਫੜੀਆਂ ਹਨ ਅਤੇ ਇਹ ਦਰ 32.85 ਫ਼ੀਸਦੀ ਬਣਦੀ ਹੈ। ਪੰਜਾਬ ਦੇ ਦਰਜਨਾਂ ਪਿੰਡ ਅਜਿਹੇ ਹਨ ਜਿੱਥੇ ਔਰਤਾਂ ’ਤੇ ਨਸ਼ਾ ਤਸਕਰੀ ਦੇ ਜ਼ਿਆਦਾ ਮਾਮਲੇ ਦਰਜ ਹਨ। ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੇ ਤੱਥਾਂ ਅਨੁਸਾਰ ਸਾਲ 2022 ਵਿਚ ਦੇਸ਼ ਭਰ ਵਿਚ ਐੱਨਡੀਪੀਐੱਸ ਐਕਟ ਤਹਿਤ ਚਾਰ ਹਜ਼ਾਰ ਔਰਤਾਂ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਪੰਜਾਬ ਵਿਚ ਇਹ ਅੰਕੜਾ 1448 ਔਰਤਾਂ ਦਾ ਹੈ। ਦੂਸਰੇ ਨੰਬਰ ’ਤੇ ਤਾਮਿਲਨਾਡੂ ਵਿਚ 490 ਅਤੇ ਹਰਿਆਣਾ ਵਿਚ 337 ਔਰਤਾਂ ਫੜੀਆਂ ਗਈਆਂ ਹਨ। 

          ਸਾਲ 2021 ਵਿਚ ਸਮੁੱਚੇ ਮੁਲਕ ਵਿਚ 3104 ਔਰਤਾਂ ਪ੍ਰੰਤੂ ਪੰਜਾਬ ’ਚ ਨਸ਼ਾ ਤਸਕਰੀ ’ਚ 928 ਔਰਤਾਂ ਦੀ ਗ੍ਰਿਫ਼ਤਾਰੀ ਹੋਈ ਸੀ। ਇਸੇ ਤਰ੍ਹਾਂ ਹੀ ਸਾਲ 2020 ਵਿਚ ਦੇਸ਼ ਵਿਚ ਗ੍ਰਿਫ਼ਤਾਰ ਹੋਈਆਂ 2527 ਔਰਤਾਂ ਚੋਂ ਪੰਜਾਬ ਵਿਚ ਫੜੀਆਂ ਔਰਤਾਂ ਦਾ ਅੰਕੜਾ 788 ਸੀ। ਤਿੰਨਾਂ ਵਰਿ੍ਹਆਂ ਤੋਂ ਸਭ ਤੋਂ ਵੱਧ ਪੰਜਾਬੀ ਔਰਤਾਂ ਦੀ ਗ੍ਰਿਫ਼ਤਾਰੀ ਹੋਈ ਹੈ। ਪੰਜਾਬ ਵਿਚ ਕੁੱਲ ਔਰਤਾਂ ਦੀ ਆਬਾਦੀ ਦੇ ਲਿਹਾਜ਼ ਨਾਲ ਇਹ ਅੰਕੜਾ ਮਾਮੂਲੀ ਹੈ। ਇਸ ਤੋਂ ਪਹਿਲਾਂ ਔਰਤਾਂ ਸਰਕਾਰੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਵਿਚ ਵੀ ਕੁੱਦੀਆਂ ਹਨ। ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਜੇਲ੍ਹਾਂ ’ਚ ਬੰਦ ਔਰਤਾਂ ਚੋਂ ਬਹੁਗਿਣਤੀ ਐੱਨਡੀਪੀਐੱਸ ਕੇਸਾਂ ਵਾਲੀਆਂ ਔਰਤਾਂ ਦੀ ਹੈ।ਪੰਜਾਬ ਦੀਆਂ ਜੇਲ੍ਹਾਂ ਦੀ ਸਮਰੱਥਾ ਇਸ ਵੇਲੇ 26556 ਬੰਦੀਆਂ ਦੀ ਹੈ ਜਦੋਂ ਕਿ ਇਨ੍ਹਾਂ ਜੇਲ੍ਹਾਂ ਵਿੱਚ 31218 ਬੰਦੀ ਬੰਦ ਹਨ ਜੋ ਕਿ 117.55 ਫ਼ੀਸਦੀ ਬਣਦੇ ਹਨ।

          ਜੇਲ੍ਹਾਂ ਵਿਚ 1497 ਔਰਤਾਂ ਬੰਦ ਹਨ। ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਬਹੁਤੀਆਂ ਔਰਤਾਂ ਦੇ ਪਤੀ ਨਸ਼ੇੜੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਮਜਬੂਰੀ ਵਿਚ ਇਸ ਕਾਰੋਬਾਰ ਵਿਚ ਉੱਤਰਨਾ ਪੈਂਦਾ ਹੈ। ਬਹੁਤੇ ਕੇਸਾਂ ਵਿਚ ਨਸ਼ਾ ਤਸਕਰੀ ਦਾ ਕੰਮ ਪਤੀ ਪਤਨੀ ਦੋਵੇਂ ਕਰਦੇ ਹੁੰਦੇ ਹਨ।ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੋਨਾਖੁਰਦ, ਮੁਕਤਸਰ ਦੇ ਪਿੰਡ ਝੋਰੜ, ਬਠਿੰਡਾ ਦੇ ਪਿੰਡ ਬੀੜ ਤਲਾਬ ਆਦਿ ’ਚ ਕਈ ਔਰਤਾਂ ’ਤੇ ਦੋ ਤੋਂ ਜ਼ਿਆਦਾ ਕੇਸ ਦਰਜ ਹਨ। ਪੰਜਾਬ ਵਿਚ ਨਾਬਾਲਗ ਬੱਚੇ ਵੀ ਨਸ਼ਾ ਤਸਕਰੀ ਦੇ ਰਾਹ ਪਏ ਹਨ। ਲੰਘੇ ਤਿੰਨ ਸਾਲਾਂ ਵਿਚ 78 ਨਾਬਾਲਗ ਬੱਚਿਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਲ 2022 ਵਿਚ 37 ਨਾਬਾਲਗ ਬੱਚੇ, ਸਾਲ 2021 ਵਿਚ 25 ਅਤੇ ਸਾਲ 2020 ਵਿਚ 16 ਨਾਬਾਲਗ ਬੱਚਿਆਂ ਨੂੰ ਪੰਜਾਬ ਪੁਲੀਸ ਨੇ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਵਿਚ ਤਿੰਨ ਸਾਲਾਂ ਵਿਚ 55 ਨਾਬਾਲਗ ਬੱਚਿਆਂ ਦੀ ਗ੍ਰਿਫ਼ਤਾਰੀ ਹੋਈ ਹੈ।

           ਇਸ ਤੋਂ ਇਲਾਵਾ ਪੰਜਾਬ ਪੁਲੀਸ ਨੇ ਇਨ੍ਹਾਂ ਉਪਰੋਕਤ ਤਿੰਨ ਵਰਿ੍ਹਆਂ ਦੌਰਾਨ 12085 ਮੁਕੱਦਮੇ ਇਕੱਲੇ ਨਸ਼ੇੜੀਆਂ ’ਤੇ ਹੀ ਦਰਜ ਕੀਤੇ ਹਨ। ਇਨ੍ਹਾਂ ਕੋਲ ਗ੍ਰਿਫ਼ਤਾਰੀ ਮੌਕੇ ਸਿਰਫ਼ ਆਪਣੀ ਨਿੱਜੀ ਵਰਤੋਂ ਜੋਗਾ ਨਸ਼ਾ ਸੀ। ਸਾਲ 2022 ਵਿਚ 5009 ਕੇਸ ਨਸ਼ੇੜੀਆਂ ’ਤੇ ਦਰਜ ਕੀਤੇ ਗਏ ਹਨ ਜਦੋਂ ਕਿ ਸਾਲ 2021 ਵਿਚ 4206 ਕੇਸ ਨਸ਼ੇੜੀਆਂ ’ਤੇ ਦਰਜ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਵਿਚ ਕਿਹਾ ਸੀ ਕਿ ਨਸ਼ੇੜੀਆਂ ਦੀ ਥਾਂ ਤਸਕਰਾਂ ਨੂੰ ਨਿਸ਼ਾਨੇ ’ਤੇ ਰੱਖਿਆ ਜਾਵੇ। ਚੇਤੇ ਰਹੇ ਕਿ ਜਦੋਂ ਵੀ ਪੰਜਾਬ ਵਿਚ ਨਸ਼ਾ ਤਸਕਰੀ ਦਾ ਮਾਮਲਾ ਉੱਭਰਦਾ ਹੈ ਤਾਂ ਪੰਜਾਬ ਪੁਲੀਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ। ਅਜਿਹਾ ਹਰ ਸਿਆਸੀ ਪਾਰਟੀ ਦੇ ਰਾਜ ਭਾਗ ਸਮੇਂ ਹੋਇਆ ਹੈ।                               

Tuesday, August 8, 2023

                                                        ਕੇਹੀ ਰੁੱਤ ਆਈ 
                                         ਅਸੀਂ ਆਪਣੇ ਲਾਲ ਗੁਆ ਬੈਠੇ..! 
                                                         ਚਰਨਜੀਤ ਭੁੱਲਰ 

ਚੰਡੀਗੜ੍ਹ :ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਵਿਚਲਾ ਪਿੰਡ ਹੁਣ ਪੰਜਾਬ ਚੋਂ ਰੁਖ਼ਸਤ ਹੋ ਗਿਆ ਜਾਪਦਾ ਹੈ। ਜਦੋਂ ਅੱਜ ਦੇ ਪਿੰਡ ਦੇਖਦੇ ਹਾਂ ਤਾਂ ਸਿਵਿਆਂ ’ਤੇ ਭੀੜਾਂ ਅਤੇ ਸੱਥਾਂ ’ਚ ਪਸਰੀ ਸੁੰਨ ਨਜ਼ਰ ਪੈਂਦੀ ਹੈ। ਪੰਜਾਬ ਅੱਜ ਉਦਾਸ ਹੈ, ਪ੍ਰੇਸ਼ਾਨ ਹੈ ਅਤੇ ਬੇਚੈਨ ਵੀ ਹੈ। ਬਿਨਾਂ ਰੂਹ ਤੋਂ ਵੈਰਾਨ ਪਿੰਡ ਹੁਣ ਝੱਲੇ ਨਹੀਂਓ ਜਾ ਰਹੇ। ਪੰਜਾਬ ਤੋਂ ਝੱਲ ਨਹੀਓਂ ਹੁੰਦੇ, ਮਾਵਾਂ ਦੀਆਂ ਵੈਣ ਅਤੇ ਨਿੱਤ ਦਿਨ ਪਿੰਡੋਂ ਪਿੰਡ ਵਿਛਦੇ ਸੱਥਰ। ਪੰਜਾਬ ਦਾ ਗੱਚ ਭਰਦਾ ਹੈ ਜਦੋਂ ਜਵਾਨ ਪੁੱਤ ਦੀ ਲਾਸ਼ ਮੋਢੇ ’ਤੇ ਚੁੱਕ ਸਿਵਿਆਂ ਵੱਲ ਜਾਂਦੇ ਬਾਪ ਨੂੰ ਦੇਖਦਾ ਹੈ। ਬਰਨਾਲਾ ਦੇ ਪਿੰਡ ਢਿਲਵਾਂ ਦੀ ਪਰਮਜੀਤ ਕੌਰ ਡੇਢ ਸਾਲ ਪਹਿਲਾਂ ਵਿਧਵਾ ਹੋ ਗਈ ਸੀ ਅਤੇ ਹੁਣ ਨੌਜਵਾਨ ਪੁੱਤ ਗੁਆ ਬੈਠੀ ਹੈ। ਇਕਲੌਤਾ ਪੁੱਤ ਨਸ਼ੇ ਦੇ ਰਾਹ ਚਲਾ ਗਿਆ ਅਤੇ ਹੁਣ ਉਸ ਕੋਲ ਸਿਰਫ਼ ਸੁੰਨਾ ਘਰ ਬਚਿਆ ਹੈ। ਚਿੱਟੇ ਦੀ ਹਨੇਰੀ ’ਚ ਉਹ ਆਪਣਾ ਲਾਲ ਗੁਆ ਬੈਠੀ ਹੈ। ਉਸ ਨੇ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਡਟਣ ਦਾ ਫ਼ੈਸਲਾ ਕੀਤਾ ਹੈ। ਉਹ ਪਿੰਡ ਦੀ ‘ਚਿੱਟਾ ਮੁਕਤ ਕਮੇਟੀ’ ਦੀ ਕਮਾਂਡ ਵਿਚ ਸੰਘਰਸ਼ੀ ਰੌਂਅ ਵਿਚ ਹੈ। ਉਸ ਨੇ ਅਹਿਦ ਲਿਆ ਹੈ ਕਿ ਉਹ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਡਟੇਗੀ।

          ਬਠਿੰਡਾ ਦੇ ਪਿੰਡ ਘੁੰਮਣ ਕਲਾਂ ਦੀ ਬਜ਼ੁਰਗ ਮਾਂ ਮਨਜੀਤ ਕੌਰ ਦੀ ਜ਼ਮੀਨ ਵੀ ਚਲੀ ਗਈ ਅਤੇ ਦੋ ਪੁੱਤ ਵੀ ਨਸ਼ਿਆਂ ’ਚ ਜਹਾਨੋਂ ਚਲੇ ਗਏ ਹਨ। ਪਹਿਲੋਂ ਉਸ ਦੇ ਪਤੀ ਨੂੰ ਭਰ ਜਵਾਨੀ ਵਿਚ ਬਿਮਾਰੀ ਖਾ ਗਈ। ਉਸ ਦੇ ਦੋ ਪੁੱਤਰ ਰਣਜੀਤ ਸਿੰਘ ਤੇ ਹਰਜਿੰਦਰ ਸਿੰਘ ਇੱਕੋ ਵਰੇ੍ਹ ’ਚ ਚਿੱਟੇ ਕਾਰਨ ਮੌਤ ਦੇ ਮੂੰਹ ਜਾ ਪਏ। ਉਸ ਦੇ ਘਰ ਵਿਚ ਦੋ ਨੂੰਹਾਂ ਤੇ ਤਿੰਨ ਪੋਤੀਆਂ ਬਚੀਆਂ ਹਨ। ਉਹ ਆਖਦੀ ਹੈ ਕਿ ਹੁਣ ਤਾਂ ਰੋਣਾ ਪੱਲੇ ਰਹਿ ਗਿਆ ਹੈ। ਉਸ ਦੇ ਪੱਲੇ ਜਵਾਨ ਪੁੱਤਾਂ ਦੀਆਂ ਤਸਵੀਰਾਂ ਬਚੀਆਂ ਹਨ। ਘੁੰਮਣ ਕਲਾਂ ਵਿਚ ਔਰਤਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਅੰਮ੍ਰਿਤਸਰ ਦੇ ਪਿੰਡ ਬਰਾੜ ਦੀ ਮਜ਼ਦੂਰ ਔਰਤ ਸੁਖਵਿੰਦਰ ਕੌਰ ਆਪਣੇ ਚਾਰੋ ਪੁੱਤਰ ਗੁਆ ਬੈਠੀ ਹੈ। ਤਿੰਨ ਪੁੱਤ ਚਿੱਟੇ ਦੀ ਲਤ ਕਾਰਨ ਹੱਥੋਂ ਇੱਕ ਇੱਕ ਕਰਕੇ ਕਿਰ ਗਏੇ ਹਨ ਤੇ ਚੌਥਾ ਬਿਮਾਰੀ ਨੇ ਲਪੇਟ ਵਿਚ ਲੈ ਲਿਆ। ਉਸ ਦਾ ਘਰ ਸੁੰਨਾ ਹੋ ਗਿਆ ਅਤੇ ਹੁਣ ਪੋਤੀਆਂ ਹੀ ਉਸ ਦੀ ਢਾਰਸ ਹਨ। ਇਸ ਮਾਂ ਦੀਆਂ ਝੁਰੜੀਆਂ ਵਿਚ ਰੁਕੇ ਹੰਝੂ ਉਸ ਦੇ ਦੁੱਖਾਂ ਦੀ ਗਵਾਹੀ ਭਰਦੇ ਸਨ। ਭੁੱਚੋ ਕਲਾਂ ਨੇੜਲੇ ਪਿੰਡ ਤੁੰਗਵਾਲੀ ਦਾ ਚੌਕੀਦਾਰ ਗੁਰਦਾਸ ਸਿੰਘ ਆਪਣੇ ਘਰ ਨੂੰ ਚਿੱਟੇ ਦੀ ਮਾਰ ਤੋਂ ਬਚਾ ਨਹੀਂ ਸਕਿਆ। ਗੁਰਦਾਸ ਸਿੰਘ ਆਪਣਾ ਇੱਕ ਪੁੱਤ ਅਰਸ਼ਦੀਪ ਅਤੇ ਇੱਕ ਭਤੀਜਾ ਗੁਆ ਬੈਠਾ ਹੈ। ਅਰਸ਼ਦੀਪ ਦੀ ਮਾਂ ਪਰਮਜੀਤ ਕੌਰ ਕੋਲ ਹੁਣ ਸਿਵਾਏ ਹੰਝੂਆਂ ਤੋਂ ਕੁੱਝ ਨਹੀਂ ਬਚਿਆ।

           ਇਸ ਪਿੰਡ ਵਿਚ ਹੁਣ ਨਸ਼ਿਆਂ ਖ਼ਿਲਾਫ਼ ਲਹਿਰ ਬਣੀ ਹੈ। ਇਸ ਪਿੰਡ ਦਾ ਨੌਜਵਾਨ ਜਗਦੀਪ ਕਾਲਾ ਆਖਦਾ ਹੈ ਕਿ ਕੋਈ ਮਹੀਨਾ ਹੁਣ ਸੁੱਕਾ ਨਹੀਂ ਲੰਘਦਾ, ਆਏ ਮਹੀਨੇ ਪਿੰਡ ਦਾ ਜਵਾਨ ਗੱਭਰੂ ਨਸ਼ਿਆਂ ਦੀ ਭੇਟ ਚੜ੍ਹ ਜਾਂਦਾ ਹੈ। ਮਾਨਸਾ ਦੇ ਪਿੰਡ ਜੋਗਾ ਦਾ ਨੌਜਵਾਨ ਰਵੀ ਕੁਮਾਰ ਵੀ ਇਸੇ ਰਾਹ ਚਲਾ ਗਿਆ ਹੈ। ਉਸ ਦੀ ਵਿਧਵਾ ਪਤਨੀ ਜਸਪ੍ਰੀਤ ਕੌਰ ਹੁਣ ਕਿਧਰ ਨੂੰ ਜਾਏ।ਜਸਪ੍ਰੀਤ ਕੌਰ ਕੋਲ ਸਿਰਫ਼ ਦੁੱਖਾਂ ਦੀ ਗਠੜੀ ਬਚੀ ਹੈ। ਸੈਂਕੜੇ ਔਰਤਾਂ ਹਨ ਜਿਨ੍ਹਾਂ ਦੇ ਪੁੱਤ ਜਾਂ ਪਤੀ ਨਸ਼ਿਆਂ ਦੇ ਤੂਫ਼ਾਨ ਵਿਚ ਰੁੜ੍ਹ ਗਏ ਹਨ। ਇਨ੍ਹਾਂ ਔਰਤਾਂ ਨੇ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਮੈਦਾਨ ਵਿਚ ਡਟਣ ਦਾ ਫ਼ੈਸਲਾ ਕੀਤਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਮਨਾਵਾਂ ਵਿਚ ਔਰਤਾਂ ਨੇ ਨਸ਼ਿਆਂ ਖ਼ਿਲਾਫ਼ ਇੱਕ ਇਕੱਠ ਕੀਤਾ ਸੀ ਜਿਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਲੜਨ ਦਾ ਮਨ ਬਣਾਇਆ ਹੈ। ਫ਼ਿਰੋਜ਼ਪੁਰ ਦੇ ਮੁਦਕੀ ਦੀ ਪਰਮਜੀਤ ਕੌਰ ਨੇ ਔਰਤਾਂ ਦਾ ਬ੍ਰਿਗੇਡ ਬਣਾ ਕੇ ਨਸ਼ਾ ਤਸਕਰਾਂ ਖ਼ਿਲਾਫ਼ ਜੰਗ ਛੇੜਨ ਦਾ ਫ਼ੈਸਲਾ ਕੀਤਾ ਹੈ। ਇਸ ਔਰਤ ਆਗੂ ਨੇ ਕੁੱਝ ਸਮਾਂ ਪਹਿਲਾਂ ਮੁਦਕੀ ਵਿਚ ਔਰਤਾਂ ਨੂੰ ਨਾਲ ਲੈ ਕੇ ਠੀਕਰੀ ਪਹਿਰਾ ਵੀ ਲਾਇਆ ਸੀ ਤਾਂ ਜੋ ਨਸ਼ਾ ਤਸਕਰ ਪਿੰਡ ਵਿਚ ਦਾਖਲ ਲਾ ਹੋ ਸਕਣ। ਉਹ ਆਖਦੀ ਹੈ ਕਿ ਮੁੜ ਮੈਦਾਨ ਵਿਚ ਕੁੱਦਾਂਗੇ। 

           ਫ਼ਿਰੋਜ਼ਪੁਰ ਜ਼ਿਲ੍ਹੇ ਦੀ ਵਿਧਵਾ ਔਰਤ ਰਮਨਦੀਪ ਕੌਰ ਮਰਖਾਈ ਵੀ ਕਈ ਵਰਿ੍ਹਆਂ ਤੋਂ ਨਸ਼ਿਆਂ ਖ਼ਿਲਾਫ਼ ਔਰਤਾਂ ਨੂੰ ਲਾਮਬੰਦ ਕਰ ਰਹੀ ਹੈ। ਜਦੋਂ ਨਸ਼ਿਆਂ ਨੇ ਉਸ ਦੇ ਪਤੀ ਨੂੰ ਖੋਹ ਲਿਆ ਸੀ ਤਾਂ ਉਸ ਨੇ ਸਿਰ ’ਤੇ ਚਿੱਟੀ ਚੁੰਨੀ ਲੈ ਲਈ ਸੀ। ਚਿੱਟੀਆਂ ਚੁੰਨੀਆਂ ਹੋਰਨਾਂ ਔਰਤਾਂ ਦਾ ਨਸੀਬ ਨਾ ਬਣਨ, ਇਹ ਸੋਚ ਕੇ ਉਸ ਨੇ ਹੁਣ ਸਿਰ ’ਤੇ ਕਾਲੀ ਚੁੰਨੀ ਲਈ ਹੈ ਜੋ ਸਰਕਾਰਾਂ ਖ਼ਿਲਾਫ਼ ਰੋਸ ਦਾ ਪ੍ਰਤੀਕ ਹੈ। ਉਹ ਹੁਣ ਪਿੰਡਾਂ ਨੂੰ ਜਾਗਣ ਦਾ ਹੋਕਾ ਦੇ ਰਹੀ ਹੈ। ਮੱਖੂ ਦੀ ਬਲਜੀਤ ਕੌਰ ਵੀ ਨਸ਼ਿਆਂ ਖ਼ਿਲਾਫ਼ ਜੰਗ ਦੇ ਮੋਰਚੇ ਵਿਚ ਡਟੀ ਹੈ। ਚੇਤੇ ਰਹੇ ਕਿ ਦੋ ਹਫ਼ਤਿਆਂ ਤੋਂ ਮਾਲਵਾ ਖ਼ਿੱਤੇ ਵਿਚ ‘ਚਿੱਟੇ’ ਖ਼ਿਲਾਫ਼ ਇੱਕ ਲਹਿਰ ਖੜ੍ਹੀ ਹੋਣ ਲੱਗੀ ਹੈ ਜਿਸ ਵਿਚ ਹੁਣ ਬੀਬੀਆਂ ਦੀ ਸ਼ਮੂਲੀਅਤ ਵਿਚ ਵਧਣ ਲੱਗੀ ਹੈ। ਨੌਜਵਾਨ ਭਾਰਤ ਸਭਾ ਮੁਕਤਸਰ ਦਾ ਆਗੂ ਮੰਗਾ ਸਿੰਘ ਆਖਦਾ ਹੈ ਕਿ ਜਦੋਂ ਸਰਕਾਰਾਂ ਤੋਂ ਲੋਕਾਂ ਦੀ ਝਾਕ ਮੁੱਕ ਜਾਂਦੀ ਹੈ ਤਾਂ ਲਹਿਰਾਂ ਦਾ ਮੁੱਢ ਬੱਝਦਾ ਹੈ। ਉਨ੍ਹਾਂ ਕਿਹਾ ਕਿ ਮਾਲਵੇ ਚੋਂ ਚਿੱਟੇ ਖ਼ਿਲਾਫ਼ ਉੱਠ ਰਿਹਾ ਲੋਕ ਰੋਹ ਜ਼ਰੂਰ ਸਰਕਾਰਾਂ ਨੂੰ ਮਜਬੂਰ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਭਾ ਤਰਫ਼ੋਂ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਮੁਕਤਸਰ ਦੇ ਪਿੰਡਾਂ ਵਿਚ ਡਾਂਗ ਮਾਰਚ ਵੀ ਸ਼ੁਰੂ ਕੀਤਾ ਸੀ।

                                       ਪ੍ਰਭਾਵਿਤ ਘਰਾਂ ਚੋਂ ਉੱਠਣ ਲੱਗੀ ਆਵਾਜ਼..

ਸਰਕਾਰਾਂ ਦਾ ਬਦਲ ਵੀ ਪੰਜਾਬ ਵਿਚ ਸਿਵਿਆਂ ਦੀ ਅੱਗ ਠੰਢੀ ਨਹੀਂ ਕਰ ਸਕਿਆ। ਨਾ ਘਰਾਂ ਵਿਚ ਸੱਥਰ ਵਿਛਣੋਂ ਰੁਕੇ ਨੇ ਅਤੇ ਨਾ ਹੀ ਮਾਵਾਂ ਦੇ ਵੈਣ ਪੈਣੋਂ ਹਟ ਰਹੇ ਹਨ। ਪੰਜਾਬ ਵਿਚ ਹਰ ਹਫ਼ਤੇ ਦੋ ਤਿੰਨ ਨੌਜਵਾਨ ਚਿੱਟੇ ਕਾਰਨ ਜ਼ਿੰਦਗੀ ਤੋਂ ਵਿਦਾ ਹੋ ਰਹੇ ਹਨ। ਜਿਨ੍ਹਾਂ ਘਰਾਂ ਨੂੰ ਚਿੱਟੇ ਦਾ ਸੇਕ ਲੱਗਿਆ ਹੈ, ਉਨ੍ਹਾਂ ਘਰਾਂ ਚੋਂ ਹੁਣ ਆਵਾਜ਼ ਉੱਠੀ ਹੈ ਜਿਸ ਤੋਂ ਢਾਰਸ ਬੱਝਣ ਲੱਗਾ ਹੈ ਕਿ ਪਿੰਡਾਂ ਚੋਂ ਨਸ਼ਿਆਂ ਖ਼ਿਲਾਫ਼ ਉੱਠੀ ਲਹਿਰ ਹੁਣ ਜ਼ਰੂਰ ਕਿਸੇ ਤਣ ਪੱਤਣ ਲੱਗੇਗੀ।


Saturday, December 24, 2022

                                                        ਮੁੜ ਜੁੜੇ ਸਿਰ
                                 ਪਹਿਲਾਂ ਰੋਟੀ ਲਈ, ਹੁਣ ਪਾਣੀ ਲਈ..!
                                                       ਚਰਨਜੀਤ ਭੁੱਲਰ   

ਚੰਡੀਗੜ੍ਹ: ਜਿਨ੍ਹਾਂ ਬੀਬੀਆਂ ਨੇ ਇੱਕੋ ਸਾਹ ਨਾਲ ‘ਦਿੱਲੀ ਮੋਰਚਾ’ ਫ਼ਤਿਹ ਕੀਤਾ ਸੀ, ਉਹ ਹੁਣ ਜ਼ੀਰਾ ਮੋਰਚਾ ’ਚ ਵੀ ਕੁੱਦ ਪਈਆਂ ਹਨ। ਸ਼ਰਾਬ ਸਨਅਤ ਦੇ ਪ੍ਰਦੂਸ਼ਣ ਖ਼ਿਲਾਫ਼ ਬਣੇ ਸਾਂਝੇ ਮੋਰਚੇ ਦੀ ਅਗਵਾਈ ’ਚ ਇਹ ਬੀਬੀਆਂ ਦਿਨ ਚੜ੍ਹਦੇ ਹੀ ਹਾਜ਼ਰ ਹੁੰਦੀਆਂ ਹਨ।ਬਿਰਧ ਔਰਤਾਂ ਨੂੰ ਪਾਣੀ ਦਾ ਮਸਲਾ ਰੋਟੀ ਤੋਂ ਵੀ ਵੱਡਾ ਜਾਪਦਾ ਹੈ। ਜਿਵੇਂ ਸਿੰਘੂ ਤੇ ਟਿਕਰੀ ਦਾ ਮਾਹੌਲ ਸੀ, ਉਸੇ ਤਰ੍ਹਾਂ ਦੇ ਦ੍ਰਿਸ਼ ‘ਜ਼ੀਰਾ ਮੋਰਚਾ’ ’ਚ ਬਣਨ ਲੱਗੇ ਹਨ। ਪਿੰਡ ਮਸੂਰਵਾਲਾ ਕਲਾਂ ਦੀ ਰਣਜੀਤ ਕੌਰ ਉਰਫ਼ ਜੀਤੋ ਮਾਈ ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਹੈ। 81 ਸਾਲਾਂ ਦੀ ਜੀਤੋ ਮਾਈ ਪਹਿਲਾਂ ‘ਦਿੱਲੀ ਮੋਰਚਾ’ ’ਚ ਲੜੀ। ਲੰਮਾ ਸਮਾਂ ਟਿਕਰੀ ਸੀਮਾ ’ਤੇ ਬੈਠੀ ਤਾਂ ਜੋ ਕਿਸਾਨੀ ਦੀ ਰੋਟੀ ਨੂੰ ਬਚਾਇਆ ਜਾ ਸਕੇ। ਉਸ ਨੂੰ ਹੁਣ ਲੱਗਦਾ ਹੈ ਕਿ ‘ਜਲ ਹੈ ਤਾਂ ਕੱਲ੍ਹ ਹੈ’। ਜੀਤੋ ਮਾਈ ਦਾ ਪੁੱਤ ਸੜਕ ਹਾਦਸੇ ’ਚ ਚਲਾ ਗਿਆ ਤੇ ਮਗਰੋਂ ਨੂੰਹ ਪੰਜ ਦਿਨਾਂ ਦੀ ਕੁੜੀ ਛੱਡ ਕੁਦਰਤੀ ਮੌਤ ਦੇ ਮੂੰਹ ਜਾ ਪਈ। ਜੀਤੋ ਮਾਈ ਪੰਜ ਸਾਲ ਦੀ ਪੋਤੀ ਨੈਨਸੀ ਨਾਲ ਨਿੱਤ ਜ਼ੀਰਾ ਮੋਰਚਾ ’ਚ ਬੈਠਦੀ ਹੈ। 

          ਜੀਤੋ ਮਾਈ ਨੂੰ ਸੰਘਰਸ਼ ਪਿੜ ’ਚ ਕੁੱਦਣ ਬਾਰੇ ਸੁਆਲ ਕੀਤਾ ਤਾਂ ਅੱਗਿਓਂ ਕਿਹਾ ਕਿ ‘ਗੰਦਾ ਪਾਣੀ ਪੀਣ ਨਾਲੋਂ ਮਰੇ ਚੰਗੇ’। ਮਾਈ ਨੇ ਗੰਦੇ ਪਾਣੀ ਦੀ ਅਲਾਮਤ ਦੇ ਇੱਕ-ਇੱਕ ਨੁਕਸਾਨ ਬਾਰੇ ਦੱਸਿਆ। ਇਸ ਮਾਈ ਦਾ ਸਿੱਧ-ਪੱਧਰਾ ਫ਼ਾਰਮੂਲਾ ਹੈ, ‘ਸਰਕਾਰ ਤੇ ਅਫ਼ਸਰ ਇੱਥੇ ਆਉਣ, ਹਫ਼ਤਾ ਪਾਣੀ ਪੀ ਕੇ ਦਿਖਾ ਦੇਣ, ਕੁੱਝ ਨਹੀਂ ਮੰਗਾਂਗੇ।’ ਵੱਡਾ ਮਹੀਆ ਵਾਲੀ ਦੀ ਬਿਰਧ ਔਰਤ ਸਰਬਜੀਤ ਕੌਰ ਦਾ ਪ੍ਰਤੀਕਰਮ ਸੀ ਕਿ ‘ਦਿੱਲੀ ਵਾਲਾ ਮਾਹੌਲ ਹੀ ਇੱਥੇ ਬਣ ਗਿਆ।’ ਉਹ ਦੱਸਦੀ ਹੈ ਕਿ ‘ਇਲਾਕਾ ਬਿਮਾਰੀਆਂ ਦਾ ਘਰ ਬਣ ਗਿਆ ਹੈ ਤੇ ਸਾਨੂੰ ਦਵਾਈਆਂ ਪੱਲੇ ਬੰਨ੍ਹ ਕੇ ਤੁਰਨਾ ਪੈਂਦਾ ਹੈ। ਬੀਬੀਆਂ ਦੇ ਇੱਕ ਗਰੁੱਪ ਦੀ ਪ੍ਰਦੂਸ਼ਣ ਨੂੰ ਲੈ ਕੇ ਇੱਕੋ ਸੁਰ ਸੀ ਅਤੇ ਇੱਕੋ ਸਾਂਝ ਸੀ, ਜੋ ਸੰਘਰਸ਼ੀ ਪਿੜ ’ਚ ਉਨ੍ਹਾਂ ਨੂੰ ਇੱਕ ਧਾਗੇ ’ਚ ਪਰੋ ਰਹੀ ਹੈ। ਇਹੋ ਕਹਿਣਾ ਬੀਬੀ ਗੁਰਮੀਤ ਕੌਰ ਦਾ ਸੀ ਕਿ ‘ਉਹ ਕਿਹੜਾ ਨੁਕਸਾਨ ਐ, ਜਿਹੜਾ ਸਾਡੇ ਪਿੰਡਾਂ ਨੇ ਝੱਲਿਆ ਨਹੀਂ।’ ਉਹ ਚਮੜੀ ਰੋਗ ਨਾਲ ਪੀੜਤ ਲੋਕਾਂ ਅਤੇ ਨੁਕਸਾਨੇ ਗਏ ਪਸ਼ੂ ਧਨ ਦੀ ਗੱਲ ਵੀ ਨਾਲੋ ਨਾਲ ਕਰਦੀ ਹੈ।

          ਮੋਰਚੇ ’ਚ ਬੈਠੀ ਮਾਈ ਹਰਦਿਆਲ ਕੌਰ ਆਖਦੀ ਹੈ ਕਿ ਪਹਿਲਾਂ ਦਿੱਲੀ ਨੇ ਸਾਨੂੰ ਪਰਖਿਆ, ਹੁਣ ਉਸੇ ਰਾਹ ’ਤੇ ਪੰਜਾਬ ਸਰਕਾਰ ਪਈ ਹੈ। ਪਿੰਡ ਰਟੋਲ ਦਾ ਪ੍ਰੀਤਮ ਸਿੰਘ ਦੱਸਦਾ ਹੈ ਕਿ ਪ੍ਰਦੂਸ਼ਿਤ ਪਾਣੀ ਨੇ ਪਿੰਡਾਂ ਦੀ ਸਮਾਜਿਕ ਜ਼ਿੰਦਗੀ ਨੂੰ ਵੀ ਰੋਲ ਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡਾਂ ’ਚ ਕੋਈ ਰਿਸ਼ਤੇਦਾਰ ਰਹਿਣ ਨੂੰ ਤਿਆਰ ਨਹੀਂ। ਕੋਈ ਰਿਸ਼ਤਾ ਕਰਨ ਨੂੰ ਤਿਆਰ ਨਹੀਂ। ਮੱਖੀ-ਮੱਛਰ ਦਾ ਕੋਈ ਅੰਤ ਨਹੀਂ। ਪ੍ਰੀਤਮ ਸਿੰਘ ਚਾਰ ਮਹੀਨੇ ਤੋਂ ਮੋਰਚੇ ਵਿਚ ਡਟਿਆ ਹੋਇਆ ਹੈ। ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਦਾ 70 ਸਾਲਾਂ ਦਾ ਗੁਲਜ਼ਾਰ ਸਿੰਘ ਆਖਦਾ ਹੈ ਕਿ ਜਿਵੇਂ ਦਿੱਲੀ ਜਿੱਤੀ ਹੈ, ਉਸੇ ਤਰ੍ਹਾਂ ਇੱਥੇ ਹੰਭਲਾ ਮਾਰਾਂਗੇ। ਉਹ ਆਖਦਾ ਹੈ ਕਿ ਲੋਕ ਤਾਕਤ ਅੱਗੇ ਕੋਈ ਤੀਸ ਮਾਰ ਖਾਂ ਨਹੀਂ ਟਿਕਦਾ। ਲੰਗਰ ’ਚ ਬੈਠੀਆਂ ਬੀਬੀਆਂ ਨੇ ਮੁੜ ਚੁਣੌਤੀ ਦੁਹਰਾਈ, ‘ਸਰਕਾਰ ਹਫ਼ਤਾ ਇਲਾਕੇ ਦਾ ਪਾਣੀ ਪੀ ਲਵੇ, ਫਿਰ ਕਿਸੇ ਪਰਖ਼ ਦੀ ਲੋੜ ਹੀ ਨਹੀਂ ਰਹਿਣੀ।’ ਸ਼ਰਾਬ ਫ਼ੈਕਟਰੀ ਖ਼ਿਲਾਫ਼ ਜ਼ੀਰਾ ਮੋਰਚਾ 24 ਜੁਲਾਈ ਤੋਂ ਸ਼ੁਰੂ ਹੋਇਆ ਸੀ ਅਤੇ ਭਲਕੇ ਇਸ ਦੇ ਪੰਜ ਮਹੀਨੇ ਪੂਰੇ ਹੋ ਜਾਣੇ ਹਨ। 

          ਸਾਂਝੇ ਮੋਰਚੇ ਦਾ ਪਹਿਲਾਂ ਨਾਅਰਾ ਸੀ, ‘ਸਾਡੀ ਇੱਕੋ ਮੰਗ, ਫ਼ੈਕਟਰੀ ਬੰਦ’।ਜਦੋਂ ਲੋਕਾਂ ਦਾ ਹੜ੍ਹ ਬਣਨ ਲੱਗਾ ਹੈ ਕਿ ਤਾਂ ਨਾਅਰਾ ਗੂੰਜਣ ਲੱਗਾ ਹੈ, ‘ਫ਼ੈਕਟਰੀ ਬੰਦ ਕਰਾ ਕੇ ਰਹਾਂਗੇ।’ ਦਿੱਲੀ ਦੀ ਤਰਜ਼ ’ਤੇ ਜ਼ੀਰਾ ਮੋਰਚਾ ’ਚ ਅੱਠ ਮਜ਼ਦੂਰ ਧਿਰਾਂ ਨੇ ਵੀ ਹਮਾਇਤ ਦੇ ਦਿੱਤੀ ਹੈ। ਸਭ ਕਿਸਾਨ ਧਿਰਾਂ ਨੇ ਵਾਤਾਵਰਨ ਦੇ ਮੁੱਦੇ ’ਤੇ ਸਾਂਝੇ ਮੋਰਚੇ ਨਾਲ ਜੋਟੀ ਪਾ ਲਈ ਹੈ। ਬੁੱਧੀਜੀਵੀ ਵਰਗ ਤੇ ਮੁਲਾਜ਼ਮ ਧਿਰਾਂ ਨੇ ਵੀ ਹੱਥ ਨਾਲ ਹੱਥ ਜੋੜ ਲਏ ਹਨ। ਗੱਲ ਸ਼ਰਾਬ ਫ਼ੈਕਟਰੀ ਤੱਕ ਸੀਮਤ ਨਹੀਂ ਰਹੀ, ਸਭ ਨੂੰ ਹੁਣ ਇਹ ਪੰਜਾਬ ਦਾ ਮਸਲਾ ਜਾਪਣ ਲੱਗਾ ਹੈ। ਠੀਕ ਉਸੇ ਤਰ੍ਹਾਂ ਦਾ ਮਾਹੌਲ ਤੇ ਭਰੋਸਾ, ਨਾਲੇ ਸਿਰੜ, ਜਿਸ ਤਰ੍ਹਾਂ ਦਿੱਲੀ ਦੀਆਂ ਬਰੂਹਾਂ ’ਤੇ ਸੀ। ਟਰਾਲੀ ਨਾਲ ਟਰਾਲੀ ਜੁੜੀ ਹੈ ਅਤੇ ਸਿਰਾਂ ਨਾਲ ਸਿਰ।

Wednesday, February 23, 2022

                                                       ਸਿਆਸੀ ਮਾਅਰਕਾ
                                           ਪੋਲਿੰਗ ’ਚ ਪੰਜਾਬਣਾਂ ਦੀ ਝੰਡੀ..!
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ਐਤਕੀਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਪਾਉਣ ਦੇ ਮਾਮਲੇ ’ਚ ਪੰਜਾਬਣਾਂ ਦੀ ਝੰਡੀ ਰਹੀ ਹੈ। ਇਨ੍ਹਾਂ ਚੋਣਾਂ ’ਚ ਪੁਰਸ਼ਾਂ ਦੀ ਪੋਲਿੰਗ ਦਰ ਘੱਟ ਰਹੀ ਹੈ, ਜਦਕਿ ਔਰਤਾਂ ਨੇ ਮਾਅਰਕਾ ਮਾਰਿਆ ਹੈ। ਹਾਲਾਂਕਿ ਰਾਜਸੀ ਧਿਰਾਂ ਨੇ ਔਰਤਾਂ ਨੂੰ ਟਿਕਟਾਂ ਦੇਣ ਮੌਕੇ ਹੱਥ ਘੁੱਟਿਆ ਹੈ ਪਰ ਔਰਤਾਂ ਨੇ ਆਪਣੀ ਤਰਫ਼ੋਂ ਖੁੱਲ੍ਹੇ ਹੱਥ ਨਾਲ ਵੋਟਾਂ ਪਾਈਆਂ ਹਨ। ਚੋਣ ਮੈਦਾਨ ਵਿੱਚ ਕੁੱਲ 1304 ਉਮੀਦਵਾਰਾਂ ਵਿੱਚੋਂ ਸਿਰਫ਼ 93 ਮਹਿਲਾ ਉਮੀਦਵਾਰ ਹਨ, ਜਿਸ ਦੀ ਦਰ 7.13 ਫ਼ੀਸਦੀ ਬਣਦੀ ਹੈ। ਹੈਰਾਨੀ ਵਾਲੇ ਤੱਥ ਹਨ ਕਿ ਦੁਆਬਣਾਂ ਨੇ ਤਾਂ ਦਰਜਨ ਹਲਕਿਆਂ ਵਿੱਚ ਆਪਣਾ ਪੂਰਾ ਦਬਦਬਾ ਬਣਾਇਆ ਹੈ।

            ਚੋਣ ਕਮਿਸ਼ਨ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 79.90 ਫ਼ੀਸਦੀ ਔਰਤਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ, ਜਦੋਂ ਕਿ 71.99 ਫ਼ੀਸਦੀ ਪੁਰਸ਼ਾਂ ਨੇ ਵੋਟਾਂ ਪਾਈਆਂ ਹਨ। ਪੰਜਾਬ ਦੇ ਕੁੱਲ੍ਹ 2.14 ਕਰੋੜ ਵਿੱਚੋਂ 1.54 ਕਰੋੜ ਵੋਟਰਾਂ ਨੇ ਮਤਦਾਨ ਕੀਤਾ ਹੈ, ਜਿਨ੍ਹਾਂ ਵਿੱਚ 73.35 ਲੱਖ ਔਰਤਾਂ ਅਤੇ 81.33 ਲੱਖ ਪੁਰਸ਼ ਸ਼ਾਮਲ ਹਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਦੁਆਬੇ ਦੇ 12 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੇ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੇ ਵੱਧ ਵੋਟਾਂ ਪਾਈਆਂ ਹਨ। ਉਂਝ ਮਾਲਵੇ ਵਿੱਚ ਪੋਲਿੰਗ ਸਭ ਤੋਂ ਵੱਧ ਰਹੀ ਹੈ।

           ਪਿੱਛੇ ਝਾਤੀ ਮਾਰੀਏ ਤਾਂ 1952 ਤੋਂ 2002 ਤੱਕ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਦੀ ਪੋਲਿੰਗ ਦਰ ਪੁਰਸ਼ਾਂ ਮੁਕਾਬਲੇ ਘੱਟ ਰਹੀ ਹੈ। 2007 ਦੀਆਂ ਚੋਣਾਂ ਵਿੱਚ ਪਹਿਲੀ ਦਫ਼ਾ ਔਰਤਾਂ ਦੀ ਪੋਲਿੰਗ ਦਰ 75.47 ਫ਼ੀਸਦੀ ਰਹੀ, ਜਦੋਂ ਕਿ ਪੁਰਸ਼ਾਂ ਦੀ ਪੋਲਿੰਗ ਦਰ 75.36 ਸੀ। 2012 ਦੀਆਂ ਚੋਣਾਂ ਵਿੱਚ ਔਰਤਾਂ ਦੀ 78.96 ਫ਼ੀਸਦੀ ਅਤੇ ਪੁਰਸ਼ਾਂ ਦੀ ਪੋਲਿੰਗ ਦਰ 77.58 ਫ਼ੀਸਦੀ ਸੀ। ਇਵੇਂ 2017 ਦੀਆਂ ਚੋਣਾਂ ਵਿੱਚ ਔਰਤਾਂ ਦੀ 77.72 ਫ਼ੀਸਦੀ ਪੋਲਿੰਗ ਸੀ, ਜਦੋਂ ਕਿ ਪੁਰਸ਼ਾਂ ਦੀ ਪੋਲਿੰਗ ਦਰ 76.99 ਫ਼ੀਸਦੀ ਸੀ।

           ਮੌਜੂਦਾ ਚੋਣਾਂ ਵਿੱਚ ਔਰਤਾਂ ਦੀ ਪੋਲਿੰਗ ਦਰ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ, ਜੋ ਕਿ ਪੁਰਸ਼ਾਂ ਨਾਲੋਂ 7.91 ਫ਼ੀਸਦੀ ਜ਼ਿਆਦਾ ਬਣਦੀ ਹੈ। ਦੁਆਬੇ ਦੇ ਹਲਕਾ ਭੁਲੱਥ, ਸ਼ਾਹਕੋਟ, ਆਦਮਪੁਰ, ਦਸੂਹਾ, ਉੜਮੜ, ਸ਼ਾਮ ਚੁਰਾਸੀ, ਚੱਬੇਵਾਲ, ਗੜ੍ਹਸ਼ੰਕਰ, ਨਵਾਂ ਸ਼ਹਿਰ, ਬਲਾਚੌਰ, ਬੰਗਾ ਤੋਂ ਇਲਾਵਾ ਆਨੰਦਪੁਰ ਸਾਹਿਬ ਹਲਕੇ ਵਿੱਚ ਔਰਤਾਂ ਨੇ ਪੁਰਸ਼ਾਂ ਨਾਲੋਂ ਵਧੇਰੇ ਵੋਟਾਂ ਪਾਈਆਂ ਹਨ। ਮਿਸਾਲ ਦੇ ਤੌਰ ’ਤੇ ਹਲਕਾ ਭੁਲੱਥ ਵਿੱਚ 43,658 ਪੁਰਸ਼ਾਂ ਨੇ ਵੋਟ ਪਾਈ, ਜਦੋਂ ਕਿ 46,781 ਪੁਰਸ਼ਾਂ ਨੇ ਮਤਦਾਨ ਕੀਤਾ ਹੈ। ਹਾਲਾਂਕਿ ਇਨ੍ਹਾਂ ਕਈ ਹਲਕਿਆਂ ਵਿੱਚ ਕੋਈ ਮਹਿਲਾ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨਹੀਂ ਸੀ। 

           ਬਲਾਚੌਰ ਤੋਂ ‘ਆਪ’ ਦੀ ਸੰਤੋਸ਼ ਕੁਮਾਰੀ ਅਤੇ ਅਕਾਲੀ ਦਲ ਦੀ ਉਮੀਦਵਾਰ ਸੁਨੀਤਾ ਰਾਣੀ ਚੋਣ ਮੈਦਾਨ ਵਿੱਚ ਸਨ। ਇੱਥੇ ਔਰਤ ਵੋਟਰਾਂ ਨੇ ਪੁਰਸ਼ਾਂ ਨੂੰ ਪੋਲਿੰਗ ਵਿੱਚ ਪਿਛਾਂਹ ਛੱਡਿਆ ਹੈ। ਗੜ੍ਹਸ਼ੰਕਰ ਹਲਕੇ ਵਿੱਚ ਇੱਕੋ ਮਹਿਲਾ ਭਾਜਪਾ ਉਮੀਦਵਾਰ ਨਿਮਿਸ਼ਾ ਮਹਿਤਾ ਸੀ, ਜਿੱਥੇ ਔਰਤਾਂ ਦੀ ਪੋਲਿੰਗ ਜ਼ਿਆਦਾ ਰਹੀ ਹੈ। ਟਿਕਟਾਂ ’ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਨੇ 12 ਮਹਿਲਾਵਾਂ ਨੂੰ ਟਿਕਟ ਦਿੱਤੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ। ਇਸੇ ਤਰ੍ਹਾਂ ਭਾਜਪਾ ਨੇ 6 ਅਤੇ ਕਾਂਗਰਸ ਨੇ 11 ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ। ਬਸਪਾ ਨੇ ਇੱਕ ਮਹਿਲਾ ਉਮੀਦਵਾਰ ਬਣਾਈ ਹੈ, ਜਦੋਂ ਕਿ ਪੰਜਾਬ ਲੋਕ ਕਾਂਗਰਸ ਨੇ ਦੋ ਟਿਕਟਾਂ ਔਰਤਾਂ ਨੂੰ ਦਿੱਤੀਆਂ ਹਨ।

           ਇਵੇਂ ਸੰਯੁਕਤ ਅਕਾਲੀ ਦਲ ਨੇ ਇੱਕ ਮਹਿਲਾ ਅਤੇ ਲੋਕ ਇਨਸਾਫ਼ ਪਾਰਟੀ ਨੇ ਵੀ ਇੱਕ ਮਹਿਲਾ ਨੂੰ ਟਿਕਟ ਦਿੱਤੀ ਹੈ। 29 ਆਜ਼ਾਦ ਮਹਿਲਾ ਉਮੀਦਵਾਰ ਮੈਦਾਨ ਵਿੱਚ ਸਨ। ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ) ਦੀ ਅਧਿਆਪਕਾ ਤੇ ਕਵਿੱਤਰੀ ਨੀਤੂ ਅਰੋੜਾ ਨੇ ਕਿਹਾ ਕਿ ਸਾਖਰ ਦਰ ਵਿੱਚ ਸੁਧਾਰ ਕਾਰਨ ਮਹਿਲਾਵਾਂ ’ਚ ਸਿਆਸੀ ਚੇਤਨਾ ਵਧੀ ਹੈ, ਜਿਸ ਕਾਰਨ ਉਨ੍ਹਾਂ ਦੀ ਸਿਆਸਤ ਵਿੱਚ ਰੁਚੀ ਪ੍ਰਬਲ ਹੋਈ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਸਿਆਸੀ ਮੁੱਦਿਆਂ ਪ੍ਰਤੀ ਵਧੇਰੇ ਚੌਕਸ ਹਨ ਤੇ ਉਨ੍ਹਾਂ ਦੀ ਜਮਹੂਰੀਅਤ ਵਿੱਚ ਵਧ ਰਹੀ ਭਾਗੀਦਾਰੀ ਸ਼ੁੱਭ ਸੰਕੇਤ ਹੈ। 

                                           ਮਾਲਵਾ ਵਿੱਚ ਸਭ ਤੋਂ ਵੱਧ ਪੋਲਿੰਗ

ਸਮੁੱਚੇ ਪੰਜਾਬ ’ਤੇ ਨਿਗ੍ਹਾ ਮਾਰੀਏ ਤਾਂ ਮਾਲਵਾ ਖੇਤਰ ਵਿੱਚ ਸਭ ਤੋਂ ਵੱਧ ਪੋਲਿੰਗ ਰਹੀ ਹੈ। ਮਾਲਵੇ ਵਿੱਚ 69 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗਿੱਦੜਬਾਹਾ ਵਿੱਚ 84.93 ਫ਼ੀਸਦੀ ਪੋਲਿੰਗ ਰਹੀ, ਜਦੋਂ ਕਿ ਮਾਲਵੇ ਵਿੱਚ ਸਭ ਤੋਂ ਘੱਟ ਪੋਲਿੰਗ ਹਲਕਾ ਲੁਧਿਆਣਾ ਦੱਖਣੀ ਵਿੱਚ 59.04 ਫ਼ੀਸਦੀ ਰਹੀ ਹੈ। ਇਸੇ ਤਰ੍ਹਾਂ ਮਾਝੇ ਦੇ 25 ਹਲਕਿਆਂ ਵਿੱਚੋਂ ਸਭ ਤੋਂ ਵੱਧ ਪੋਲਿੰਗ ਹਲਕਾ ਅਜਨਾਲਾ ਵਿੱਚ 77.29 ਫ਼ੀਸਦੀ ਰਹੀ, ਜਦਕਿ ਸਭ ਤੋਂ ਘੱਟ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ 55.40 ਫ਼ੀਸਦੀ ਰਹੀ। ਇਸ ਤੋਂ ਇਲਾਵਾ ਦੋਆਬੇ ਦੇ 23 ਹਲਕਿਆਂ ਵਿੱਚੋਂ ਸਭ ਤੋਂ ਵੱਧ ਪੋਲਿੰਗ ਬਲਾਚੌਰ ਹਲਕੇ ਵਿੱਚ 73.77 ਫ਼ੀਸਦੀ ਰਹੀ ਅਤੇ ਸਭ ਤੋਂ ਘੱਟ ਹਲਕਾ ਜਲੰਧਰ ਕੈਂਟ ਵਿੱਚ 64.02 ਫ਼ੀਸਦੀ ਰਹੀ।

Sunday, January 23, 2022

                                                          ਪੰਜਾਬ ਚੋਣਾਂ
                             ਸਿਆਸਤ ਦੇ ਪਿੜ ’ਚ ਔਰਤਾਂ ਨੇ ਵਧਾਏ ਕਦਮ
                                                         ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦਾ ਰਾਜਸੀ ਇਤਿਹਾਸ ਇਸ ਰੁਝਾਨ ’ਤੇ ਮੋਹਰ ਲਾਉਂਦਾ ਹੈ ਕਿ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਹਿੱਸੇਦਾਰੀ ਤਾਂ ਵਧੀ ਹੈ ਪਰ ਉਨ੍ਹਾਂ ਦੇ ਹਿੱਸੇ ਬਹੁਤੀ ਕਾਮਯਾਬੀ ਨਹੀਂ ਆ ਸਕੀ ਹੈ। ਰਾਜਸੀ ਧਿਰਾਂ ਨੇ ਤਾਂ ਕਦੇ ਵੀ ਮਹਿਲਾ ਉਮੀਦਵਾਰਾਂ ਦਾ ਅੰਕੜਾ ਵਧਾਉਣ ਵਿਚ ਫਰਾਖਦਿਲੀ ਨਹੀਂ ਦਿਖਾਈ ਹੈ, ਜਿਸ ਤਹਿਤ ਆਜ਼ਾਦ ਉਮੀਦਵਾਰ ਵਜੋਂ ਹੀ ਮਹਿਲਾ ਉਮੀਦਵਾਰ ਚੋੋਣ ਮੈਦਾਨ ਵਿੱਚ ਕੁੱਦੀਆਂ ਹਨ। 1957 ਦੀਆਂ ਚੋਣਾਂ ਤੋਂ 2017 ਦੀਆਂ ਚੋੋਣਾਂ ਤੱਕ 507 ਔਰਤਾਂ ਨੇ ਚੋਣ ਮੈਦਾਨ ਵਿੱਚ ਪੈਰ ਪਾਇਆ ਹੈ, ਜਿਨ੍ਹਾਂ ਵਿੱਚੋਂ 86 ਔਰਤਾਂ ਵਿਧਾਇਕ ਬਣੀਆਂ ਹਨ।

               ਕੋਈ ਜ਼ਮਾਨਾ ਸੀ ਜਦੋਂ ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਲਕਸ਼ਮੀ ਕਾਂਤਾ ਚਾਵਲਾ, ਵਿਮਲਾ ਡਾਂਗ, ਸਤਵੰਤ ਕੌਰ ਸੰਧੂ, ਰਜਿੰਦਰ ਕੌਰ ਭੱਠਲ, ਉਪਿੰਦਰਜੀਤ ਕੌਰ, ਮਾਲਤੀ ਥਾਪਰ, ਸੁਸ਼ੀਲ ਮਹਾਜਨ ਜਿਹੀਆਂ ਹਸਤੀਆਂ ਦੀ ਧਾਕ ਪੈਂਦੀ ਰਹੀ ਹੈ। ਸਤਵੰਤ ਕੌਰ ਸੰਧੂ ਹਲਕਾ ਚਮਕੌਰ ਸਾਹਿਬ ਤੋਂ ਪੰਜ ਦਫਾ ਵਿਧਾਇਕ ਰਹੇ ਹਨ ਅਤੇ ਦੋ ਵਾਰ ਮੰਤਰੀ ਵੀ ਰਹੇ ਸਨ। ਲਕਸ਼ਮੀ ਕਾਂਤਾ ਚਾਵਲਾ ਵੀ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। 2017 ਚੋਣਾਂ ਵਿੱਚ ਛੇ ਮਹਿਲਾ ਵਿਧਾਇਕ ਚੁਣੀਆਂ ਗਈਆਂ ਸਨ।

             ਸਿਆਸੀ ਮੁਲਾਂਕਣ ਕਰੀਏ ਤਾਂ 1969 ਦੀਆਂ ਚੋਣਾਂ ਵਿੱਚ ਕੋਈ ਵੀ ਮਹਿਲਾ ਉਮੀਦਵਾਰ ਜੇਤੂ ਨਹੀਂ ਰਹੀ ਸੀ ਅਤੇ ਉਦੋਂ ਅੱਠ ਔਰਤਾਂ ਚੋਣ ਮੈਦਾਨ ਵਿੱਚ ਸਨ। ਦੂਜੇ ਪਾਸੇ ਸਾਲ 2012 ਵਿੱਚ ਸਭ ਤੋਂ ਵੱਧ ਮਹਿਲਾ ਉਮੀਦਵਾਰਾਂ ਚੋਣ ਜਿੱਤੀਆਂ ਸਨ, ਜਿਨ੍ਹਾਂ ਦੀ ਗਿਣਤੀ 14 ਬਣਦੀ ਹੈ। ਉਸ ਵੇਲੇ ਕੁੱਲ 93 ਮਹਿਲਾ ਉਮੀਦਵਾਰ ਮੈਦਾਨ ਵਿੱਚ ਸਨ। ਕੋਈ ਸਮਾਂ ਸੀ ਜਦੋਂ ਕੁਝ ਕੁ ਹਲਕਿਆਂ ਵਿੱਚ ਹੀ ਮਹਿਲਾ ਉਮੀਦਵਾਰ ਨਜ਼ਰ ਪੈਂਦੀਆਂ ਸਨ, ਹੁਣ ਦੇਖੀਏ ਤਾਂ ਪਿਛਲੀ 2017 ਦੀ ਚੋਣ ਵਿੱਚ 51 ਹਲਕਿਆਂ ’ਚ ਔਰਤ ਉਮੀਦਵਾਰਾਂ ਦੀ ਮੌਜੂਦਗੀ ਸੀ ਜਦਕਿ 1967 ਵਿੱਚ ਸਿਰਫ ਅੱਠ ਹਲਕਿਆਂ ਤੋਂ ਹੀ ਔਰਤ ਉਮੀਦਵਾਰਾਂ ਨੇ ਚੋਣ ਲੜੀ ਸੀ।

            ਐੱਸਡੀ ਕਾਲਜ ਬਰਨਾਲਾ ਦੇ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਸ਼ੋਇਬ ਜ਼ਫਰ ਆਖਦੇ ਹਨ ਕਿ ਹਰ ਖੇਤਰ ਦੀਆਂ ਔਰਤਾਂ ਦੀ ਚੋਣ ਪ੍ਰਕਿਰਿਆ ਵਿੱਚ ਹਿੱਸੇਦਾਰੀ ਵਧੀ ਹੈ। ਔਰਤਾਂ ਲਈ ਹੁਣ ਚੋਣਾਂ ਦਾ ਮੈਦਾਨ ਓਪਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਵੱਲੋਂ ਹਾਲੇ ਵੀ ਔਰਤ ਉਮੀਦਵਾਰ ਬਣਾਏ ਜਾਣ ਵਿੱਚ ਕੰਜੂਸੀ ਵਰਤੀ ਜਾਂਦੀ ਹੈ। ਵੇਰਵਿਆਂ ਅਨੁਸਾਰ 2012 ਵਿੱਚ 67 ਹਲਕਿਆਂ ’ਚ 93 ਮਹਿਲਾ ਉਮੀਦਵਾਰ ਸਨ, ਜਿਨ੍ਹਾਂ ਵਿੱਚੋਂ 14 ਜੇਤੂ ਰਹੀਆਂ। ਉਦੋਂ ਜੈਤੋ ਹਲਕੇ ਤੋਂ ਸਭ ਤੋਂ ਵੱਧ 4 ਮਹਿਲਾ ਉਮੀਦਵਾਰ ਸਨ।

            ਇਵੇਂ ਹੀ 2007 ਦੀਆਂ ਚੋਣਾਂ ਵਿੱਚ 47 ਹਲਕਿਆਂ ਤੋਂ 56 ਮਹਿਲਾ ਉਮੀਦਵਾਰ ਸਨ, ਜਿਨ੍ਹਾਂ ਵਿੱਚੋਂ 7 ਔਰਤਾਂ ਜੇਤੂ ਰਹੀਆਂ। 2002 ਦੀਆਂ ਚੋਣਾਂ ਵਿੱਚ 50 ਹਲਕਿਆਂ ਤੋਂ ਚੋਣ ਲੜ ਰਹੀਆਂ 71 ਮਹਿਲਾਵਾਂ ਵਿੱਚੋਂ 8 ਔਰਤਾਂ ਨੂੰ ਜਿੱਤ ਹਾਸਲ ਹੋਈ ਸੀ। ਉਸ ਵੇਲੇ ਜਲੰਧਰ ਕੈਂਟ ਅਤੇ ਧਰਮਕੋਟ ਹਲਕੇ ਤੋਂ ਸਭ ਤੋਂ ਵੱਧ ਚਾਰ ਚਾਰ ਔਰਤਾਂ ਨੇ ਚੋਣ ਲੜੀ ਸੀ। 1997 ਵਿੱਚ 44 ਹਲਕਿਆਂ ਤੋਂ 52 ਔਰਤਾਂ ਨੇ ਚੋਣ ਲੜੀ, ਜਿਨ੍ਹਾਂ ਵਿੱਚੋਂ 7 ਔਰਤਾਂ ਸਫ਼ਲ ਹੋਈਆਂ, ਜਦੋਂ ਕਿ 1992 ਵਿੱਚ ਚੋਣ ਲੜਨ ਵਾਲੀਆਂ 22 ਔਰਤਾਂ ਵਿੱਚੋਂ 6 ਮਹਿਲਾ ਉਮੀਦਵਾਰ ਸਫ਼ਲ ਹੋਈਆਂ ਸਨ। 

           1985 ਦੀਆਂ ਚੋਣਾਂ ਵਿੱਚ 29 ਹਲਕਿਆਂ ਤੋਂ 33 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 4 ਔਰਤਾਂ ਨੂੰ ਹੀ ਕਾਮਯਾਬੀ ਮਿਲੀ ਸੀ। ਅੱਗੇ ਅੰਕੜਾ ਦੇਖੀਏ ਤਾਂ 1980 ਦੀਆਂ ਚੋਣਾਂ ਵਿੱਚ 16 ਹਲਕਿਆਂ ਤੋਂ 19 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ ਇਨ੍ਹਾਂ ਵਿੱਚੋਂ 6 ਔਰਤਾਂ ਜੇਤੂ ਰਹੀਆਂ ਸਨ। 1977 ਵਿੱਚ 17 ਹਲਕਿਆਂ ਤੋਂ 18 ਔਰਤਾਂ ਮੈਦਾਨ ਵਿੱਚ ਡਟੀਆਂ, ਜਿਨ੍ਹਾਂ ਵਿੱਚੋਂ ਸਿਰਫ 3 ਔਰਤਾਂ ਹੀ ਵਿਧਾਇਕ ਬਣ ਸਕੀਆਂ ਸਨ। 1972 ਵਿੱਚ ਸਿਰਫ 11 ਹਲਕਿਆਂ ਤੋਂ 12 ਔਰਤਾਂ ਉਮੀਦਵਾਰ ਸਨ, ਉਦੋਂ ਪੰਜਾਹ ਫੀਸਦੀ ਸਫ਼ਲ ਦਰ ਰਹੀ ਸੀ। 1969 ਵਿੱਚ ਅੱਠ ਹਲਕਿਆਂ ਤੋਂ ਅੱਠ ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 2 ਔਰਤਾਂ ਹੀ ਜੇਤੂ ਰਹੀਆਂ ਸਨ।

            ਮੌਜੂਦਾ ਪੰਜਾਬ ਚੋਣਾਂ ਵਿੱਚ ਵੀ ਕਾਂਗਰਸ ਤਰਫੋਂ ਹਾਲੇ ਤੱਕ 9 ਔਰਤਾਂ ਨੂੰ ਟਿਕਟ ਦਿੱਤੀ ਗਈ ਹੈ। ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਵੱਲੋਂ 40 ਫੀਸਦੀ ਟਿਕਟਾਂ ਔਰਤਾਂ ਨੂੰ ਦਿੱਤੇ ਜਾਣ ਦੀ ਵਕਾਲਤ ਕੀਤੀ ਜਾ ਰਹੀ ਹੈ। ਉਪਿੰਦਰਜੀਤ ਕੌਰ 1997 ਤੋਂ 2012 ਤੱਕ ਵਿਧਾਇਕ ਰਹੇ ਅਤੇ ਉਹ ਤਤਕਾਲੀ ਸਰਕਾਰ ਵਿੱਚ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਵਿਭਾਗ ਦੇ ਮੰਤਰੀ ਵੀ ਰਹੇ। ਜ਼ਿਕਰਯੋਗ ਹੈ ਕਿ ਹੁਣ ਤੱਕ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨ ਜਥੇਬੰਦੀਆਂ ਦੀਆਂ ਪਾਰਟੀਆਂ ਨੇ ਵੀ ਜੋ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਦਾ ਐਲਾਨ ਕੀਤਾ ਹੈ ਕਿ ਉਨ੍ਹਾਂ ’ਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਘੱਟ ਹੈ। 

                                     ਮੌਜੂਦਾ ਦੌਰ ਵਿੱਚ ਸਫ਼ਲ ਮਹਿਲਾ ਵਿਧਾਇਕ 

ਮੌਜੂਦਾ ਦੌਰ ਵਿੱਚ ਵਿਧਾਨ ਸਭਾ ਦੀ ਪੌੜੀ ਚੜਨ ਵਾਲੀਆਂ ਮਹਿਲਾ ਉਮੀਦਵਾਰਾਂ ਵਿੱਚ ਬੀਬੀ ਜਗੀਰ ਕੌਰ, ਅਰੁਨਾ ਚੌਧਰੀ, ਰਜ਼ੀਆ ਸੁਲਤਾਨਾ, ਸਰਵਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਡਾ. ਨਵਜੋਤ ਕੌਰ ਸਿੱਧੂ, ਮਹਿੰਦਰ ਕੌਰ ਜੋਸ਼ ਸ਼ਾਮਲ ਹਨ। ਬੀਬੀ ਰਾਜਿੰਦਰ ਕੌਰ ਭੱਠਲ ਤਾਂ ਪਹਿਲੀ ਮਹਿਲਾ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ।

Wednesday, September 1, 2021

                                            ‘ਪਾਵਰਫੁੱਲ’ ਚਾਲ 
                              ਬੀਬੀਆਂ ਨੂੰ ਖੰਭੇ ’ਤੇ ਚੜ੍ਹਨੋਂ ਕੌਣ ਰੋਕੂ ! 
                                              ਚਰਨਜੀਤ ਭੁੱਲਰ    

ਚੰਡੀਗੜ੍ਹ : ਬਿਜਲੀ ਮਹਿਕਮੇ ਨੂੰ ਅੱਜ ਦੇ ਜ਼ਮਾਨੇ ’ਚ ਇੰਝ ਲੱਗਦਾ ਹੈ ਕਿ ਕੁੜੀਆਂ ਖੰਭੇ ’ਤੇ ਨਹੀਂ ਚੜ੍ਹ ਸਕਦੀਆਂ। ਪਾਵਰਕੌਮ ਮਹਿਲਾ ਯੋਗਤਾ ਨੂੰ ਘਟਾ ਕੇ ਦੇਖਣ ਲੱਗਾ ਹੈ। ਇਸੇ ਤਹਿਤ ਸਵਾਲ ਉੱਠੇ ਹਨ ਕਿ ਜੇ ਕੁੜੀਆਂ ਚੰਨ ’ਤੇ ਜਾ ਸਕਦੀਆਂ ਹਨ, ਐਵਰੈਸਟ ’ਤੇ ਚੜ੍ਹ ਸਕਦੀਆਂ ਹਨ ਤਾਂ ਖੰਭੇ ’ਤੇ ਚੜ੍ਹਨਾ ਕਿਵੇਂ ਔਖਾ ਹੈ, ਪਾਵਰਕੌਮ ਕੋਲ ਇਸ ਦਾ ਕੋਈ ਜਵਾਬ ਨਹੀਂ। ਪੰਜਾਬ ਸਰਕਾਰ ਨੇ ਨੌਕਰੀਆਂ ’ਚ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਿੱਤਾ ਹੈ ਜਦਕਿ ਬਿਜਲੀ ਮਹਿਕਮਾ ਹੁਣ ਆਖ ਰਿਹਾ ਹੈ ਕਿ ਸਹਾਇਕ ਲਾਈਨਮੈਨਾਂ ਦੀ ਭਰਤੀ ’ਚ ਲੜਕੀਆਂ ਨੂੰ 33 ਫ਼ੀਸਦੀ ਰਾਖਵੇਂਕਰਨ ਤੋਂ ਛੋਟ ਦਿੱਤੀ ਜਾਵੇ।

          ਪਾਵਰਕੌਮ ਦੇ ਮੁੱਖ ਇੰਜਨੀਅਰ (ਐੱਚਆਰਡੀ) ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ ਕਿ ਪਾਵਰਕੌਮ ਵੱਲੋਂ ਸਹਾਇਕ ਲਾਈਨਮੈਨ ਦੀਆਂ 1700 ਅਸਾਮੀਆਂ ਦੀ ਭਰਤੀ ਲਈ 21 ਫਰਵਰੀ, 2021 ਨੂੰ ਜਨਤਕ ਨੋਟਿਸ ਦਿੱਤਾ ਗਿਆ ਸੀ ਅਤੇ ਹੁਣ ਵਿਸਥਾਰ ਵਿੱਚ ਵਿਗਿਆਪਨ ਦਿੱਤਾ ਜਾਣਾ ਹੈ। ਪੱਤਰ ’ਚ ਲਿਖਿਆ ਹੈ ਕਿ ਸਹਾਇਕ ਲਾਈਨਮੈਨ ਦੀ ਅਸਾਮੀ ਟੈਕਨੀਕਲ ਹੈ, ਜਿਸ ਵਿੱਚ ਮੁਲਾਜ਼ਮ ਨੇ ਹਾਈ ਵੋਲਟੇਜ ਲਾਈਨਾਂ ’ਤੇ ਕੰਮ ਕਰਨਾ ਹੁੰਦਾ ਹੈ। ਇਸ ਅਸਾਮੀ ’ਤੇ ਮਹਿਲਾ ਮੁਲਾਜ਼ਮਾਂ ਲਈ ਕੰਮ ਕਰਨਾ ਸੌਖਾ ਨਹੀਂ ਹੈ ਭਾਵ ਸਹਾਇਕ ਲਾਈਨਮੈਨ ਨੂੰ ਖੰਭੇ ’ਤੇ ਚੜ੍ਹਨਾ ਪੈਂਦਾ ਹੈ, ਜੋ ਕੁੜੀਆਂ ਦੇ ਵੱਸ ਦਾ ਰੋਗ ਨਹੀਂ।

            ਪਾਵਰਕੌਮ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾਵਾਂ ਲਈ 33 ਫ਼ੀਸਦੀ ਰਾਖਵੇਂਕਰਨ ਲਈ 26 ਅਕਤੂਬਰ, 2020 ਨੂੰ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਔਰਤਾਂ ਲਈ 33 ਫ਼ੀਸਦੀ ਰਾਖਵੇਕਰਨ ਤੋਂ ਛੋਟ ਦੀ ਮੰਗ ਕੀਤੀ ਹੈ। ਇੱਕ ਵੱਖਰੇ ਪੱਤਰ ’ਚ ਪਾਵਰਕੌਮ ਨੇ ਖ਼ੁਦ ਖੁਲਾਸਾ ਕੀਤਾ ਹੈ ਕਿ ਸਾਲ 2016 ਅਤੇ ਸਾਲ 2019 ਵਿੱਚ ਸਹਾਇਕ ਲਾਈਨਮੈਨ ਦੀ ਭਰਤੀ ਮੌਕੇ 23 ਲੜਕੀਆਂ ਨੂੰ ਵੀ ਭਰਤੀ ਕੀਤਾ ਗਿਆ ਸੀ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਊਰਜਾ ਵਿਭਾਗ ਨੂੰ ਹੁਣ 16 ਅਗਸਤ ਨੂੰ ਜਵਾਬ ਭੇਜਿਆ ਹੈ, ਜਿਸ ਵਿੱਚ ਸਪੱਸ਼ਟ ਆਖਿਆ ਹੈ ਕਿ ਜੇ ਲੜਕੀਆਂ ਕੋਲ ਲਾਈਨਮੈਨ ਦੀ ਯੋਗਤਾ ਹੈ ਤਾਂ ਉਹ ਕੰਮ ਕਿਉਂ ਨਹੀਂ ਕਰ ਸਕਦੀਆਂ? ਇਹ ਵੀ ਆਖਿਆ ਕਿ ਜੇ ਮਹਿਲਾ ਉਮੀਦਵਾਰਾਂ ਦੀਆਂ ਘੱਟ ਦਰਖਾਸਤਾਂ ਆਉਂਦੀਆਂ ਹਨ ਤਾਂ ਇਨ੍ਹਾਂ ਅਸਾਮੀਆਂ ਨੂੰ ਪੁਰਸ਼ ਅਸਾਮੀਆਂ ਵਿੱਚ ਬਦਲਿਆ ਜਾ ਸਕਦਾ ਹੈ। ਲਾਈਨਮੈਨ ਦੀ ਭਰਤੀ ਲਈ ਆਈਟੀਆਈ (ਇਲੈਕਟ੍ਰੀਕਲ ਤੇ ਵਾਇਰਮੈਨ) ਵਿੱਦਿਅਕ ਯੋਗਤਾ ਹੈ ਅਤੇ ਦੋ ਸਾਲ ਦੀ ਅਪਰੈਂਟਸ਼ਿਪ ਲਾਜ਼ਮੀ ਹੈ।

           ‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜੇ ਸਰਕਾਰ ਵੱਲੋਂ ਲੜਕੀਆਂ ਨੂੰ ਲਾਈਨਮੈਨ ਦਾ ਕੋਰਸ ਕਰਾਇਆ ਜਾ ਰਿਹਾ ਹੈ ਤਾਂ ਲੜਕੀਆਂ ਨੂੰ ਨੌਕਰੀ ਦੇਣ ਤੋਂ ਸਰਕਾਰ ਕਿਵੇਂ ਇਨਕਾਰ ਕਰ ਸਕਦੀ ਹੈ। ਪਾਵਰਕੌਮ ਦੇ ਸਾਬਕਾ ਮੁੱਖ ਇੰਜਨੀਅਰ ਕਰਨੈਲ ਸਿੰਘ ਮਾਨ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਤਾਂ ਸਹਾਇਕ ਲਾਈਨਮੈਨ ਨੇ ਖੰਭੇ ’ਤੇ ਵੀ ਨਹੀਂ ਚੜ੍ਹਨਾ ਹੁੰਦਾ ਅਤੇ ਸਿਰਫ਼ ਲਾਈਨਮੈਨ ਹੀ ਖੰਭੇ ’ਤੇ ਚੜ੍ਹ ਸਕਦਾ ਹੈ, ਜਿਸ ਦੀ ਮਦਦ ਸਹਾਇਕ ਲਾਈਨਮੈਨ ਕਰਦਾ ਹੈ।

            ਵੇਰਵਿਆਂ ਅਨੁਸਾਰ ਪਾਵਰਕੌਮ ਨੇ ਸਾਲ 2017 ਵਿੱਚ ਲਾਈਨਮੈਨ ਦੀ ਭਰਤੀ ਹੀ ਬੰਦ ਕਰ ਦਿੱਤੀ ਸੀ ਅਤੇ ਸਹਾਇਕ ਲਾਈਨਮੈਨ ਹੀ ਭਰਤੀ ਕਰਨੇ ਸ਼ੁਰੂ ਕੀਤੇ ਹਨ। ਇਨ੍ਹਾਂ ਹਾਲਾਤ ’ਚ ਲਾਈਨਮੈਨ ਘਟ ਗਏ ਹਨ। ਪਾਵਰਕੌਮ ਦੇ ਐਕਸੀਅਨ ਕੋਲ ਇਹ ਅਧਿਕਾਰ ਹੈ ਕਿ ਉਹ ਸਹਾਇਕ ਲਾਈਨਮੈਨ ਨੂੰ ਖੰਭੇ ’ਤੇ ਚੜ੍ਹਨ ਲਈ ਆਥੋਰਾਈਜ਼ ਕਰ ਸਕਦਾ ਹੈ। ਪੰਜਾਬ ’ਚ ਪਿਛਲੇ ਸਮੇਂ ਦੌਰਾਨ ਦੋ ਸਹਾਇਕ ਲਾਈਨਮੈਨ ਹਾਦਸੇ ਦਾ ਸ਼ਿਕਾਰ ਹੋ ਗਏ। ਰੌਲਾ ਪੈਣ ਮਗਰੋਂ ਉਨ੍ਹਾਂ ਅਧਿਕਾਰੀਆਂ ’ਤੇ ਕੇਸ ਦਰਜ ਹੋ ਗਿਆ, ਜਿਨ੍ਹਾਂ ਨੇ ਸਹਾਇਕ ਲਾਈਨਮੈਨਾਂ ਨੂੰ ਲਾਈਨਮੈਨ ਦਾ ਕੰਮ ਕਰਨ ਲਈ ਆਥੋਰਾਈਜ਼ ਕੀਤਾ ਸੀ।

            ਪਾਵਰਕੌਮ ਨੇ ਥੋੜ੍ਹਾ ਸਮਾਂ ਪਹਿਲਾਂ ਸਾਰੇ ਸਹਾਇਕ ਲਾਈਨਮੈਨਾਂ ਨੂੰ ਜਦੋਂ ਲਾਈਨਮੈਨ ਦਾ ਕੰਮ ਕਰਨ ਲਈ ਆਥੋਰਾਈਜ਼ ਕਰ ਦਿੱਤਾ ਤਾਂ ਸਹਾਇਕ ਲਾਈਨਮੈਨਾਂ ਨੇ ਮੰਗ ਚੁੱਕੀ ਸੀ ਕਿ ਉਨ੍ਹਾਂ ਨੂੰ ਤਨਖਾਹ ਵੀ ਲਾਈਨਮੈਨਾਂ ਵਾਲੀ ਦਿੱਤੀ ਜਾਵੇ। ਪੰਜਾਬ ਵਿੱਚ ਕਰੀਬ 450 ਲਾਈਨਮੈਨ ਭਰਤੀ ਵਾਲੀ ਉਡੀਕ ਸੂਚੀ ਵਿੱਚ ਹਨ। ਕੋਈ ਅੜਿੱਕਾ ਨਾ ਪਿਆ ਤਾਂ ਆਉਣ ਵਾਲੀ ਸਹਾਇਕ ਲਾਈਨਮੈਨ ਦੀ ਭਰਤੀ ਵਿੱਚ ਮਹਿਲਾਵਾਂ ਨੂੰ ਨਿਯੁਕਤ ਹੋਣ ਤੋਂ ਕੋਈ ਰੋਕ ਨਹੀਂ ਸਕੇਗਾ।

                                       ਤਿਲੰਗਾਨਾ ਵਿੱਚ ਔਰਤਾਂ ਲਾਈਨਮੈਨ

ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਵਿੱਚ ਕਾਫ਼ੀ ਗਿਣਤੀ ਵਿੱਚ ਔਰਤਾਂ ਲਾਈਨਮੈਨ ਹਨ। ਤਿਲੰਗਾਨਾ ਵਿੱਚ ਵੀ ਜਦੋਂ ਸਾਲ 2019 ਵਿੱਚ ਲੜਕੀਆਂ ਨੂੰ ਭਰਤੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਤਾਂ ਉਦੋਂ ਹਾਈ ਕੋਰਟ ਦੇ ਦਖ਼ਲ ਮਗਰੋਂ ਲੜਕੀਆਂ ਨੂੰ ਲਾਈਨਮੈਨ ਭਰਤੀ ਕਰਨਾ ਪਿਆ ਸੀ। ਉਸ ਵੇਲੇ ਦੋ ਲੜਕੀਆਂ ਵੀ. ਭਾਰਥੀ ਤੇ ਬਾਬੁਰੀ ਸਿਰਿਸ਼ਾ ਨੇ ਬਿਜਲੀ ਦੇ ਖੰਭੇ ’ਤੇ ਚੜ੍ਹਨ ਦੀ ਪ੍ਰੀਖਿਆ ਵੀ ਪਾਸ ਕੀਤੀ ਸੀ।

                                  ਭਰਤੀ ਤੋਂ ਰੋਕਣਾ ਸਿੱਧੀ ਜ਼ਿਆਦਤੀ: ਪਿਰਮਲ ਸਿੰਘ

ਲਾਈਨਮੈਨ ਯੂਨੀਅਨ ਦੀ ਅਗਵਾਈ ਕਰਨ ਵਾਲੇ ਅਤੇ ਮੌਜੂਦਾ ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੜਕੀਆਂ ਕੋਲ ਲਾਈਨਮੈਨ ਦੀ ਯੋਗਤਾ ਹੈ ਅਤੇ ਪਾਵਰਕੌਮ ਨੇ ਅਪਰੈਂਟਸ਼ਿਪ ਵੀ ਕਰਾਈ ਹੈ, ਉਨ੍ਹਾਂ ਨੂੰ ਭਰਤੀ ਹੋਣ ਤੋਂ ਰੋਕਣਾ ਸਿੱਧੀ ਜ਼ਿਆਦਤੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਵੀ ਹਕੀਕਤ ਹੈ ਕਿ ਲਾਈਨਮੈਨ ਦਾ ਕੋਰਸ ਕਰਨ ਵਾਲੀਆਂ ਲੜਕੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ।

Sunday, June 20, 2021

                                              ਕੌਣ ਸੁਣੇ ਅਰਜੋਈ
                             ਧੀਆਂ ਕਿਉਂ ਜੰਮੀਆਂ ਨੀਂ ਮਾਏ..!
                                                ਚਰਨਜੀਤ ਭੁੱਲਰ     

ਚੰਡੀਗੜ੍ਹ : ਵੀਰਪਾਲ ਕੌਰ ਨੂੰ ਬੇਕਾਰੀ ਨੇ ਕਈ ਥਾਣੇ ਦਿਖਾ ਦਿੱਤੇ ਹਨ। ਉਮਰ ਤੋਂ ਲੰਮੇਰਾ ਉਸ ਨੇ ਸੰਘਰਸ਼ ਕੀਤਾ ਹੈ, ਜਿਸ ਦਾ ਕੋਈ ਮੁੱਲ ਨਹੀਂ ਪਿਆ। ਇੰਨੇ ਲਾਠੀਚਾਰਜ ਝੱਲ ਚੁੱਕੀ ਹੈ ਕਿ ਗਿਣਤੀ ਦਾ ਚੇਤਾ ਨਹੀਂ। ਗੱਠਜੋੜ ਹਕੂਮਤ ਨੇ ਇਸ ਧੀ ’ਤੇ ਇਰਾਦਾ ਕਤਲ ਦਾ ਪਰਚਾ ਪਾਇਆ। ਕੈਪਟਨ ਸਰਕਾਰ ਤੋਂ ਰੁਜ਼ਗਾਰ ਮੰਗਣ ਗਈ, ਅੱਗਿਓਂ ਲਾਠੀਆਂ ਦੀ ਬੁਛਾੜ ਮਿਲੀ। ਵੀਰਪਾਲ ਦੇ ਪਿਓ-ਦਾਦੇ ਨੇ ਤਾਂ ਕਦੇ ਥਾਣੇ ਕਚਹਿਰੀ ਦਾ ਮੂੰਹ ਨਹੀਂ ਵੇਖਿਆ ਸੀ। ਮਾਂ ਮਹਿੰਦਰ ਕੌਰ ਨੂੰ ਗਸ਼ ਪੈ ਜਾਂਦਾ, ਜਦੋਂ ਧੀ ਨੂੰ ਹਵਾਲਾਤ ’ਚ ਵੇਖਦੀ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਧਾਣਾ ਦੀ ਵੀਰਪਾਲ ਕੌਰ ਪੋਸਟ ਗਰੈਜੂਏਟ ਹੈ। ਉਸ ਕੋਲ ਈਟੀਟੀ ਅਤੇ ਬੀ.ਐੱਡ ਦੀ ਡਿਗਰੀ ਹੈ। ਸਾਲ 2003 ਵਿੱਚ ਉਸ ਨੇ ਈਜੀਐੱਸ ਵਜੋਂ ਇੱਕ ਹਜ਼ਾਰ ਰੁਪਏ ’ਤੇ ਕੰਮ ਸ਼ੁਰੂ ਕੀਤਾ। 16 ਸਾਲ ਸੰਘਰਸ਼ ਕਰਨ ਮਗਰੋਂ ਅੱਜ ਤਨਖਾਹ ਛੇ ਹਜ਼ਾਰ ਰੁਪਏ ਹੈ ਤੇ ਉਹ ਮਹਿਕਮੇ ਦੀ ਕੱਚੀ ਮੁਲਾਜ਼ਮ ਹੈ। ਪਿਤਾ ਦੀ ਮੌਤ ਹੋ ਗਈ ਹੈ ਅਤੇ ਕਿਰਾਏ ਦੇ ਮਕਾਨ ’ਚ ਜ਼ਿੰਦਗੀ ਬਸਰ ਕਰ ਰਹੀ ਹੈ। ਵੀਰਪਾਲ ਆਖਦੀ ਹੈ ਕਿ ਉਸ ਕੋਲ ਵਿੱਦਿਅਕ ਯੋਗਤਾ ਤਾਂ ਹੈ ਪਰ ਸਿਆਸੀ ਸਿਫਾਰਸ਼ ਨਹੀਂ। ਉਸ ਨੇ ਆਪਣੀ ਜ਼ਿੰਦਗੀ ਦਾ ਸੁਨਹਿਰੀ ਕਾਲ ਸੜਕਾਂ ’ਤੇ ਕੂਕ ਕੂਕ ਕੱਢ ਲਿਆ ਹੈ। ਉਸ ’ਤੇ ਦਸ ਦਫ਼ਾ ਪੁਲੀਸ ਦੀ ਡਾਂਗ ਵਰ੍ਹੀ ਹੈ। ਉਹ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੀ ਹੈ।

               ਬਲਾਕ ਮਲੋਟ ਦੇ ਪਿੰਡ ਰਾਣੀਵਾਲਾ ਦੀ ਰਾਜਵੀਰ ਕੌਰ ਕਿਸ ਮਹਾਰਾਜੇ ਦੇ ਦਰ ’ਤੇ ਜਾ ਕੇ ਰੋਵੇ। ਜਿੱਥੇ ਵੀ ਮੰਗ ਰੱਖੀ, ਲਾਠੀਆਂ ਮਿਲੀਆਂ। ਭਰਾ ਹਰਭਜਨ ਅੱਜ ਜਿਊਂਦਾ ਹੁੰਦਾ ਤਾਂ ਆਖਦਾ, ‘ਭੈਣੇ! ਤੈਨੂੰ ਪੁਲੀਸ ਦੀ ਕੁੱਟ ਖਾਣ ਲਈ ਨਹੀਂ ਪੜ੍ਹਾਇਆ।’ ਰਾਜਵੀਰ ਕੌਰ ਨੇ 16 ਜੂਨ ਨੂੰ ਮੁਹਾਲੀ ’ਚ ਸਿੱਖਿਆ ਬੋਰਡ ਦੀ ਇਮਾਰਤ ’ਤੇ ਸਲਫਾਸ ਖਾ ਲਈ ਸੀ। ਉਸ ਦੀ ਮਾਂ ਜਿਊਂਦੀ ਹੁੰਦੀ ਤਾਂ ਜ਼ਰੂਰ ਆਖਦੀ, ‘ਧੀਏ! ਤੈਨੂੰ ਸਲਫਾਸ ਖਾਣ ਲਈ ਨਹੀਂ ਜੰਮਿਆ ਸੀ।’ ਰਾਜਵੀਰ ਕੌਰ ਨੇ ਪਹਿਲਾਂ ਭੋਖੜਾ ’ਚ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ।ਰਾਜਵੀਰ ਦੇ ਪੇਟ ’ਚ ਅੱਠ ਮਹੀਨੇ ਦਾ ਬੱਚਾ ਸੀ, ਜਦੋਂ ਉਹ ਤਿੰਨ ਦਿਨ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਰਹੀ ਸੀ। ਉਹ ਗਰੈਜੂਏਟ ਹੈ ਤੇ ਈਟੀਟੀ ਤੇ ਐੱਨਟੀਟੀ ਪਾਸ ਹੈ। ਕਈ ਵਾਰ ਪਤੀ ਅੱਕ ਕੇ ਆਖ ਦਿੰਦੈ, ‘ਰਾਜਵੀਰ! ਥੋਡੀ ਕੋਈ ਸੁਣਦਾ ਤਾਂ ਹੈ ਨਹੀਂ, ਨਿੱਤ ਤੁਰ ਜਾਂਦੇ ਹੋ, ਇਵੇਂ ਚੱਲੇਗਾ ਤਾਂ ਘਰੇ ਨਾ ਆਇਓ।’ ਰੁਜ਼ਗਾਰ ਖ਼ਾਤਰ ਜਲੰਧਰ ਦੀ ਹਰਪ੍ਰੀਤ ਕੌਰ ਦੋ ਦਫ਼ਾ ਜੇਲ੍ਹ ਵੇਖ ਚੁੱਕੀ ਹੈ। ਪਾਣੀ ਦੀਆਂ ਬੁਛਾੜਾਂ ਅੱਗੇ ਕਈ ਵਾਰ ਅੜ ਚੁੱਕੀ ਹੈ। ਜਦੋਂ ਪੁਲੀਸ ਨੇ ਚੁਣੌਤੀ ਦਿੱਤੀ ਤਾਂ ਇਸ ਧੀ ਨੇ ਸਾਲ 2015 ਵਿੱਚ ਬਠਿੰਡਾ ਨਹਿਰ ਵਿੱਚ ਛਾਲ ਮਾਰ ਦਿੱਤੀ। 

               ਹਰਪ੍ਰੀਤ ਨਿੱਕੇ ਹੁੰਦੇ ਟੱਬ ਦੇ ਪਾਣੀ ਤੋਂ ਵੀ ਡਰ ਜਾਂਦੀ ਸੀ। ਸਿਰ ’ਤੇ ਆਣ ਪਈ ਤਾਂ ਨਹਿਰ ’ਚ ਕੁੱਦ ਪਈ। ਹਰਪ੍ਰੀਤ ਗਰੈਜੂਏਟ ਤੇ ਈਟੀਟੀ ਤੋਂ ਇਲਾਵਾ ਐੱਨਟੀਟੀ ਪਾਸ ਵੀ ਹੈ। ਉਹ 2008 ’ਚ ਬਤੌਰ ਏਆਈਈ ਭਰਤੀ ਹੋਈ। ਅੱਜ ਛੇ ਹਜ਼ਾਰ ਮਹੀਨੇ ’ਤੇ ਕੰਮ ਕਰ ਰਹੀ ਹੈ। ਉਸ ਦੀ ਧੀ ਪ੍ਰਨੀਤ ਕੌਰ ਵੀ ਪੰਦਰਾਂ ਵਰ੍ਹਿਆਂ ਦੀ ਹੈ। ਮਾਂ ਨੂੰ ਹਾਲੇ ਸਰਕਾਰ ਨੇ ਰੈਗੂਲਰ ਨਹੀਂ ਕੀਤਾ। ਬੱਚੀ ਪ੍ਰਨੀਤ ਨੂੰ ਜੁਆਕ ਸੁਆਲ ਕਰਦੇ ਨੇ, ‘ਤੇਰੀ ਮੰਮੀ ਜੇਲ੍ਹ ਕਿਉਂ ਗਈ ਸੀ।’ ਹਰਪ੍ਰੀਤ ਦੱਸਦੀ ਹੈ ਕਿ ਉਸ ਦੇ ਪੁਰਖਿਆਂ ’ਚੋਂ ਕੋਈ ਥਾਣੇ ਕਚਹਿਰੀ ਅੱਗਿਓਂ ਨਹੀਂ ਲੰਘਿਆ ਸੀ ਪਰ ਹਕੂਮਤਾਂ ਨੇ ਪਿਓ-ਦਾਦੇ ਦੀ ਵਿਰਾਸਤ ਨੂੰ ਦਾਗ਼ ਲਾ ਦਿੱਤਾ। ਹਰਪ੍ਰੀਤ ਕੌਰ ਅੱਜ ਵੀ ਮੁਹਾਲੀ ’ਚ ਸਿੱਖਿਆ ਵਿਭਾਗ ਦੀ ਇਮਾਰਤ ’ਤੇ ਸੰਘਰਸ਼ ਕਰਦੀ ਉੱਤਰੀ ਹੈ। ਹਰਪ੍ਰੀਤ ਕੌਰ ਦੀ ਮਾਂ ਤੀਰਥ ਕੌਰ ਕਹਿੰਦੀ ਹੈ, ‘ਮੈਂ ਮਰ ਕਿਉਂ ਨਹੀਂ ਗਈ, ਏਹ ਦਿਨ ਵੇਖਣ ਤੋਂ ਪਹਿਲਾਂ।’

               ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੀ ਕਿਰਨਜੀਤ ਕੌਰ ਦਾ ਦੁੱਖ ਏਨਾ ਵੱਡਾ ਹੈ ਕਿ ਉਸ ਨੂੰ ਜ਼ਿੰਦਗੀ ਭਰ ਆਪਣੇ ਹੱਥੋਂ ਕਿਰੀ ਬੱਚੀ ਦਾ ਮਲਾਲ ਰਹੇਗਾ। ਕਿਰਨਜੀਤ ਕੌਰ ਈਜੀਐੱਸ ਵਜੋਂ ਕੰਮ ਕਰ ਰਹੀ ਹੈ। ਹਰ ਸਰਕਾਰ ਦਾ ਉਸ ਨੇ ਲਾਠੀਚਾਰਜ ਝੱਲਿਆ ਹੈ। ਕਈ ਵਰ੍ਹੇ ਪਹਿਲਾਂ ਉਹ ਆਪਣੀ 14 ਮਹੀਨੇ ਦੀ ਧੀ ਰੂਥ ਨੂੰ ਗੋਦ ਵਿੱਚ ਬਿਠਾ ਕੇ ਧਰਨੇ ’ਤੇ ਬੈਠ ਗਈ ਸੀ। ਠੰਢੀਆਂ ਰਾਤਾਂ ਨੇ ਰੂਥ ਨੂੰ ਝਟਕਾ ਦੇ ਦਿੱਤਾ। ਮ੍ਰਿਤਕ ਬੱਚੀ ਦੀ ਦੇਹ ਸੜਕ ’ਤੇ ਰੱਖ ਇਨ੍ਹਾਂ ਅਧਿਆਪਕਾਂ ਨੇ ਸਰਕਾਰ ਨੂੰ ਹਲੂਣਾ ਦਿੱਤਾ। ਕਿਰਨਜੀਤ ਕੌਰ ਆਖਦੀ ਹੈ ਕਿ ਇੱਕ ਬੱਚੀ ਗੁਆ ਕੇ ਵੀ ਉਹ ਜ਼ਿੰਦਾ ਹੈ ਤਾਂ ਜੋ ਸਰਕਾਰਾਂ ਦਾ ਕਰੂਰ ਚਿਹਰਾ ਵੇਖ ਸਕੇ। ਉਹ ਆਖਦੀ ਹੈ ਕਿ ਜਿੰਨਾ ਸਮਾਂ ਜ਼ਿੰਦਗੀ ਹੈ, ਬੱਚੀ ਰੂਥ ਦਾ ਦੁੱਖ ਨਾਲ ਹੀ ਚੁੱਕਾਂਗੀ। ਇਸੇ ਤਰ੍ਹਾਂ ਦੀ ਕਹਾਣੀ ਹਜ਼ਾਰਾਂ ਧੀਆਂ ਦੀ ਹੈ, ਜਿਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਲਈ ਸਰਕਾਰ ਨੇ ਹੁਣ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਹੈ।

                                        ਕਦੇ ਲਾਰੇ ਤੇ ਕਦੇ ਵਾਅਦੇ ਮਿਲੇ

ਕੱਚਾ ਅਧਿਆਪਕ ਯੂਨੀਅਨ (ਪੰਜਾਬ) ਰੈਗੂਲਰ ਸੇਵਾਵਾਂ ਲਈ ਸੰਘਰਸ਼ੀ ਰਾਹ ’ਤੇ ਹੈ, ਜਿਸ ਵਿੱਚ ਸਿੱਖਿਆ ਪ੍ਰੋਵਾਈਡਰ/ ਈਜੀਐੱਸ/ ਏਆਈਈ/ ਐੱਸਟੀਆਰ/ ਆਈਈਵੀ ਸ਼ਾਮਲ ਹਨ। ਉਹ ਸਿੱਖਿਆ ਵਿਭਾਗ ਤੋਂ ਰੈਗੂਲਰ ਹੋਣ ਦੀ ਮੰਗ ਕਰ ਰਹੇ ਹਨ ਅਤੇ ਇਨ੍ਹਾਂ ਸਾਰੇ ਅਧਿਆਪਕਾਂ ਦੀ ਗਿਣਤੀ ਕਰੀਬ 10,724 ਹੈ। ਇਨ੍ਹਾਂ ਨੂੰ ਕਦੇ ਲਾਰੇ ਤੇ ਵਾਅਦੇ ਮਿਲੇ ਹਨ ਅਤੇ ਕਦੇ ਪੈਨਲ ਮੀਟਿੰਗ। ਅਸਲੀ ਮੰਗ ਨੂੰ ਕਿਸੇ ਸਰਕਾਰ ਨੇ ਕਬੂਲ ਨਹੀਂ ਕੀਤਾ। ਹੁਣ ਇਹ ਕੱਚੇ ਅਧਿਆਪਕ ਮੁਹਾਲੀ ਵਿੱਚ ਸੰਘਰਸ਼ੀ ਰਾਹ ’ਤੇ ਹਨ।

Wednesday, December 16, 2020

                                                           ਜ਼ਮੀਨੀ ਪ੍ਰੀਖਿਆ
                                 ਲੋਹੇ ਦੀ ਲੱਠ ਨੇ ਏਹ ਮਾਵਾਂ..!
                                            ਚਰਨਜੀਤ ਭੁੱਲਰ                          

ਚੰਡੀਗੜ੍ਹ : ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਖੁਰਦ ਦੀ ਬੇਬੇ ਭਗਵਾਨ ਕੌਰ ਨੇ ਦੋ ਹੱਲੇ ਵੇਖੇ ਹਨ। ਜਦੋਂ ਥੋੜੀ ਸੁਰਤ ਸੰਭਲੀ, ਦੇਸ਼ ਦੇ ਦੋ ਟੋਟੇ ਵੇਖੇ। ਹੱਲਾ-ਗੁੱਲਾ ਅੱਖੀਂ ਦੇਖਿਆ। ਜ਼ਮੀਨਾਂ ਖੁਸੀਆਂ ਵੀ, ਮੁੜ ਮਿਲੀਆਂ ਵੀ। ਹੁਣ ਜਦੋਂ ਜ਼ਿੰਦਗੀ ਦੇ ਆਖਰੀ ਮੋੜ 'ਤੇ ਹੈ, ਉਹ ਦੂਸਰਾ ਹੱਲਾ ਵੇਖ ਰਹੀ ਹੈ। ਬਿਰਧ ਭਗਵਾਨ ਕੌਰ ਗੜ੍ਹਕ ਕੇ ਬੋਲੀ, 'ਅੰਬਾਨੀ ਕੋਈ ਰੱਬ ਨੇ।' ਪਹਿਲੇ ਦਿਨ ਤੋਂ ਉਹ ਦਿੱਲੀ ਮੋਰਚੇ 'ਚ ਬੈਠੀ ਹੋਈ ਹੈ। 80 ਵਰ੍ਹਿਆਂ ਦੀ ਇਸ ਮਾਂ ਨੇ ਵੰਡ ਵੇਲੇ ਸੂਏ ਦਾ ਲਾਲ ਪਾਣੀ ਵੇਖਿਆ ਸੀ।  ਬੇਬੇ ਭਗਵਾਨ ਕੌਰ ਦਾ ਤੌਖ਼ਲਾ ਹੈ ਕਿ 'ਜਾਂਦੀ ਉਮਰੇ ਮੁੜ ਕਿਤੇ ਲਾਲ ਪਾਣੀ ਨਾ ਵੇਖਣਾ ਪੈ ਜਾਵੇ।' ਉਹ ਸੁੱਖ ਮੰਗ ਰਹੀ ਹੈ। ਦਿੱਲੀ ਮੋਰਚੇ 'ਚ ਉਨ੍ਹਾਂ ਔਰਤਾਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਵੰਡ ਦੀ ਚੀਸ ਝੱਲੀ ਹੈ। ਹੁਣ ਉਮਰ ਅਤੇ ਠੰਢ ਨਾਲ ਵੀ ਭਿੜ ਰਹੀਆਂ ਹਨ। ਪਟਿਆਲਾ ਦੇ ਪਿੰਡ ਬੁਰੜ ਦੀ ਮਾਈ ਜੋਗਿੰਦਰ ਕੌਰ ਦੋ-ਤਿੰਨ ਵਰ੍ਹਿਆਂ ਦੀ ਸੀ ਜਦੋਂ ਦੇਸ਼ ਦੀ ਵੰਡ ਹੋਈ। ਹੋਸ਼ ਸੰਭਾਲੀ ਤਾਂ ਤਾਏ ਨੇ ਦੱਸਿਆ ਕਿ ਕਿਵੇਂ ਉਸ ਦਾ ਬਚਪਨ ਟੱਪਰੀਵਾਸਾਂ ਵਾਂਗ ਗੁਜ਼ਰਿਆ।
         ਜੋਗਿੰਦਰ ਕੌਰ ਨੇ ਬਚਪਨ ਉਮਰੇ ਵੱਡੇ ਫੱਟ ਵੇਖ ਲਏ। ਵੰਡ ਵੇਲੇ ਜੋਗਿੰਦਰ ਕੌਰ ਦਾ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਆ ਗਿਆ ਸੀ। ਛੇ ਮੁਰੱਬੇ ਜ਼ਮੀਨ ਛੱਡ ਕੇ ਪਰਿਵਾਰ ਭਾਰਤ ਪੁੱਜਾ। ਉਧਰੋਂ ਖੁੱਸੀ ਜ਼ਮੀਨ ਇੱਧਰ ਮਿਲ ਗਈ। ਬਿਰਧ ਮਾਂ ਆਖਦੀ ਹੈ ਕਿ ਹੁਣ ਜ਼ਮੀਨ ਖੁਸ ਗਈ ਤਾਂ ਪੁੱਤ-ਪੋਤੇ ਕਿਧਰ ਜਾਣਗੇ। ਪਿੰਡ ਬੁਰੜ ਦੀਆਂ ਛੇ ਔਰਤਾਂ 'ਚ ਇੱਕ ਉਹ ਵੀ ਹੈ, ਜੋ ਸਭਨਾਂ ਨੂੰ ਚੜ੍ਹਦੀ ਕਲਾ 'ਚ ਰੱਖਦੀ ਹੈ। ਕਿਸਾਨੀ ਤਾਕਤ 'ਤੇ ਏਨਾ ਮਾਣ ਹੈ ਕਿ ਹੁਣ ਉਸ ਨੂੰ ਜੰਗ ਜਿੱਤਣ ਦਾ ਹੌਸਲਾ ਹੈ। ਇਹ ਔਰਤਾਂ ਪਿੰਡੋਂ ਵੀ ਜ਼ਿੱਦ ਕਰਕੇ ਦਿੱਲੀ ਪੁੱਜੀਆਂ ਹਨ। ਮਹਿਲਾ ਕਿਸਾਨ ਆਗੂ ਗੁਰਪ੍ਰੀਤ ਕੌਰ ਬਰਾਸ ਦੱਸਦੀ ਹੈ ਕਿ ਜਦੋਂ ਉਹ ਪਿੰਡੋਂ ਤੁਰਨ ਲੱਗੇ ਤਾਂ ਇਹ ਛੇ ਬਿਰਧ ਔਰਤਾਂ ਨੇ ਵਾਸਤਾ ਪਾਇਆ, ਧੀਏ! ਸਾਨੂੰ ਦਿੱਲੀ ਲੈ ਜਾਓ। ਪਿੰਡ ਧੌਲਾ ਦੀ 80 ਸਾਲ ਦੀ ਬਜ਼ੁਰਗ ਬਸੰਤ ਕੌਰ ਹੁਣ ਵੀ ਵੰਡ ਦੇ ਸਮੇਂ ਨੂੰ ਯਾਦ ਕਰਕੇ ਅੱਖਾਂ ਨਮ ਕਰ ਲੈਂਦੀ ਹੈ। ਉਦੋਂ ਨਿੱਕੀ ਉਮਰੇ ਗਲੀਆਂ 'ਚ ਲਹੂ ਵਹਿੰਦਾ ਦੇਖਿਆ ਤਾਂ ਦਹਿਲ ਬੈਠ ਗਿਆ।
         ਦਿੱਲੀ ਮੋਰਚੇ 'ਚ ਹੁਣ ਜੋਸ਼ ਨੇ ਬਜ਼ੁਰਗ ਨੂੰ ਲੋਹੇ ਦੀ ਲੱਠ ਬਣਾ ਦਿੱਤਾ ਹੈ। ਉਹ ਆਖਦੀ ਹੈ ਕਿ ਇਹ ਦੂਸਰਾ ਹੱਲਾ ਵੇਖਣਾ ਪੈ ਰਿਹਾ ਹੈ।  ਬਸੰਤ ਕੌਰ ਆਖਦੀ ਹੈ,''ਜੇ ਅੱਜ ਘਰ ਬੈਠ ਜਾਂਦੇ ਤਾਂ ਪੁੱਤ-ਪੋਤਿਆਂ ਨੇ ਆਖਣਾ ਸੀ, ਬੇਬੇ! ਜਦੋਂ ਕਿਸਾਨ ਦਿੱਲੀ 'ਚ ਮੋਰਚੇ 'ਤੇ ਬੈਠੇ ਸਨ ਤਾਂ ਤੁਸੀਂ ਮੂੰਹ ਕਿਉਂ ਮੋੜੇ।'' 77 ਸਾਲ ਦੀ ਜਸਵੀਰ ਕੌਰ ਦਾ ਬਚਪਨ ਵੀ ਇਵੇਂ ਹੀ ਗੁਜ਼ਰਿਆ। ਉਹ ਆਖਦੀ ਹੈ ਕਿ ਜੇ ਅੱਜ ਡਰ ਗਏ ਤਾਂ ਜ਼ਮੀਨ ਕਿਵੇਂ ਬਚੂ। ਸਾਰੇ ਪਰਿਵਾਰ ਸਮੇਤ ਇਹ ਮਾਂ ਦਿੱਲੀ ਮੋਰਚੇ 'ਚ ਡਟੀ ਹੈ। ਸੰਗਰੂਰ ਦੇ ਪਿੰਡ ਡਸਕਾ ਦਾ 80 ਸਾਲ ਦਾ ਬਿਰਧ ਗੁਰਚਰਨ ਸਿੰਘ ਆਖਦਾ ਹੈ ਕਿ ਮੋਦੀ ਸਰਕਾਰ ਨੇ ਤਾਂ 1947 ਵਾਲਾ ਹੱਲਾ ਵੀ  ਭੁਲਾ ਦਿੱਤਾ ਹੈ। ਉਹ ਦੱਸਦਾ ਹੈ ਕਿ ਵੰਡ ਦੇ ਸਮੇਂ ਪਿੰਡ ਉਜੜਦੇ ਵੇਖੇ, ਮਾਵਾਂ ਦੇ ਕਤਲ ਵੇਖੇ, ਕੋਲ ਪਏ ਜਿਉਂਦੇ ਬੱਚੇ ਵੇਖੇ।  ਜਦੋਂ ਗੁਰਚਰਨ ਸਿੰਘ ਘਰੋਂ ਤੁਰਿਆ, ਪੋਤਿਆਂ ਨੇ ਰਾਹ ਰੋਕਣਾ ਚਾਹਿਆ। ਉਹ ਆਖਦਾ ਹੈ ਕਿ ਹੁਣ ਘਰ ਰੁਕ ਜਾਂਦਾ ਤਾਂ ਜ਼ਮੀਨਾਂ ਨੇ ਹੱਥੋਂ ਰੁਕਣਾ ਨਹੀਂ ਸੀ। ਉਹ ਜੰਗ ਜਿੱਤਣ ਦੀ ਗੱਲ ਕਰਦਾ ਹੈ।
         ਬਠਿੰਡਾ ਦੇ ਪਿੰਡ ਜੋਧਪੁਰ ਪਾਖਰ ਦੇ ਜੋਗਿੰਦਰ ਸਿੰਘ ਲਈ ਜ਼ਿੰਦਗੀ ਦੀ ਇਹ ਦੂਸਰੀ ਪ੍ਰੀਖਿਆ ਹੈ। ਉਮਰ 83 ਸਾਲ ਹੈ ਤੇ ਦੱਸਦਾ ਹੈ ਕਿ ਜਦੋਂ ਮੁਲਕ ਦਾ ਬਟਵਾਰਾ ਹੋਇਆ, ਉਦੋਂ ਉਸ ਨੇ ਆਪਣੇ ਗੁਆਂਢੀ ਮੁਸਲਿਮ ਦੋਸਤ ਨੂੰ ਬਾਜਰੇ ਦੇ ਖੇਤ 'ਚ ਲੁਕੋ ਲਿਆ ਸੀ।   ਉਹ ਦੱਸਦਾ ਹੈ ਕਿ ਉਸ ਵਕਤ ਏਨਾ ਕਹਿਰ ਵਰ੍ਹਿਆ ਕਿ ਦੋਸਤ ਨੂੰ ਬਚਾ ਨਾ ਸਕਿਆ। ਉਹ ਆਖਦਾ ਹੈ ਕਿ ਹੁਣ ਅੰਬਾਨੀ-ਅਡਾਨੀ ਦਾ ਵੀ ਹੱਲਾ ਵੱਡਾ ਹੈ, ਜੇ ਹੁਣ ਉਹ ਜ਼ਮੀਨ ਬਚਾ ਨਾ ਸਕਿਆ ਤਾਂ ਜ਼ਿੰਦਗੀ ਨੇ ਕਦੇ ਮੁਆਫ਼ ਨਹੀਂ ਕਰਨਾ। ਉਹ ਆਖਦਾ ਹੈ ਕਿ ਅਸਲ 'ਚ ਬਜ਼ੁਰਗਾਂ ਨੂੰ ਕੇਂਦਰ ਨੇ ਪਰਖਿਆ ਹੈ ਪ੍ਰੰਤੂ ਉਨ੍ਹਾਂ ਨੇ ਵੀ ਪੁਰਾਣੀਆਂ ਖੁਰਾਕਾਂ ਖਾਧੀਆਂ ਹਨ, ਜੰਗ ਜਿੱਤ ਕੇ ਹੀ ਮੁੜਨਗੇ। ਇੱਕ ਬਜ਼ੁਰਗ ਬੇਬੇ ਨੇ ਇਹ ਦੱਸਿਆ ਕਿ ਦੇਸ਼ ਦੇ ਬਟਵਾਰੇ ਸਮੇਂ ਉਸ ਦੀ ਉਮਰ 13 ਸਾਲ ਸੀ। ਉਦੋਂ ਉਸ ਨੇ ਔਰਤਾਂ ਵਿਚ ਇਕੱਠੇ ਬੈਠ ਕੇ ਰੋਟੀਆਂ ਲਾਹੀਆਂ ਸਨ। ਉਹ ਹੁਣ ਵੀ ਦਿੱਲੀ ਮੋਰਚੇ 'ਚ ਬੈਠੀ ਰੋਟੀਆਂ ਪਕਾ ਰਹੀ ਹੈ।

Friday, December 4, 2020

                                                       ਬਦਲੇ ਨਕਸ਼
                             ਨਾ ਹੁਣ ਕੁੰਜੀ,ਨਾ ਕੋਈ ਤਾਲਾ
                                       ਚਰਨਜੀਤ ਭੁੱਲਰ                

ਚੰਡੀਗੜ੍ਹ : ਦਿੱਲੀ ਅੰਦੋਲਨ ਨੇ ਸੱਚਮੁੱਚ ਅਵੇਸਲੇ ਯੁੱਧਾਂ ਦੀ ਨਾਇਕਾਂ ਦਾ ਤੀਜਾ ਨੇਤਰ ਖੋਲ੍ਹ ਦਿੱਤਾ ਹੈ। ਘਰੇਲੂ ਰਿਸ਼ਤਿਆਂ 'ਚ ਲੀਕਾਂ ਮਿੱਟਣ ਲੱਗੀਆਂ ਹਨ। ਪਰਿਵਾਰਾਂ 'ਚ ਫਾਸਲੇ ਘਟਣ ਲੱਗੇ ਹਨ। ਕਿਸਾਨ ਅੰਦੋਲਨ 'ਚ ਬੈਠੀ ਨਾਇਕਾਵਾਂ ਨੂੰ ਨਵੀਂ ਜੰਗ ਦੀ ਪਛਾਣ ਹੋਈ ਹੈ। ਦਿੱਲੀ ਦੇ ਮੋਰਚੇ 'ਚ ਨਵੇਂ ਰੰਗ ਉਭਰੇ ਹਨ। ਕਿਤੇ ਸੱਸ ਦਾ ਹੁੰਗਾਰਾ ਨੂੰਹ ਭਰ ਰਹੀ ਹੈ ਅਤੇ ਕਿਤੇ ਜੇਠਾਣੀ ਦਾ ਦਰਾਣੀ। ਕਿਸਾਨ ਘੋਲ ਵਿੱਚ ਬਰਨਾਲਾ ਦੀ ਕਮਲਜੀਤ ਕੌਰ ਆਪਣੀ ਨੂੰਹ ਸਰਵੀਰ ਕੌਰ ਨਾਲ ਇੱਕੋ ਸੁਰ 'ਚ ਹੇਕ ਲਾ ਰਹੀ ਹੈ। ਕਦੇ ਨੂੰਹ-ਸੱਸ ਜਾਗੋ ਕੱਢਦੀਆਂ ਹਨ ਅਤੇ ਜਦੋਂ ਕਿਸਾਨ ਅਖਾੜਾ ਭਖਦਾ ਹੈ ਤਾਂ ਨਾਅਰੇ ਮਾਰਦੀਆਂ ਹਨ। ਸਰਵੀਰ ਕੌਰ ਦਾ ਥੋੜ੍ਹੇ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ। ਉਹ ਆਖਦੀ ਹੈ ਕਿ ਸੰਘਰਸ਼ੀ ਸਾਂਝ ਪੁਰਾਣੀ ਹੈ ਅਤੇ ਰਿਸ਼ਤਾ ਨਵਾਂ ਹੈ। ਸੱਸ ਕਮਲਜੀਤ ਇਉਂ ਆਖਦੀ ਹੈ ਕਿ ਲੋਕ ਘੋਲਾਂ 'ਚ ਰਿਸ਼ਤੇ ਵੀ ਜਿੱਤੇ ਜਾਂਦੇ ਹਨ। ਦੋਵਾਂ ਦਾ ਖਿਆਲ ਹੈ ਕਿ ਜਦੋਂ ਖੇਤੀ ਕਾਨੂੰਨਾਂ ਵੱਲ ਦੇਖਦੇ ਹਾਂ ਤਾਂ ਆਮ ਪਰਿਵਾਰਾਂ ਦੇ ਟਕਰਾਓ ਛੋਟੇ ਲੱਗਦੇ ਹਨ।
            ਜ਼ਿਲ੍ਹਾ ਸੰਗਰੂਰ ਦੇ ਪਿੰਡ ਤਰੇਜੀਖੇੜਾ ਦੀ ਰਜਿੰਦਰ ਕੌਰ ਇਕੱਲੀ ਨਹੀਂ, ਆਪਣੀਆਂ ਦੋ ਨੂੰਹਾਂ ਨੂੰ ਵੀ ਨਾਲ ਲਿਆਈ ਹੈ। ਇਨ੍ਹਾਂ ਦਾ ਆਪਸੀ ਮਿਲਾਪ ਹੋਰਨਾਂ ਨੂੰ ਵੀ ਨਿੱਘ ਦਿੰਦਾ ਹੈ। ਮਹਿਲਾ ਆਗੂ ਪਰਮਜੀਤ ਕੌਰ ਪਿੱਥੋ ਆਖਦੀ ਹੈ ਕਿ ਕਿਸਾਨ ਅੰਦੋਲਨ ਦੇ ਏਕੇ ਅਤੇ ਜਜ਼ਬੇ ਨੇ ਘਰੇਲੂ ਵਿੱਥਾਂ ਨੂੰ ਮਿਟਾ ਦਿੱਤਾ ਹੈ। ਪਿੰਡ ਸੰਗਰੇੜੀ ਦੀ 70 ਵਰ੍ਹਿਆਂ ਦੀ ਗੁਰਦੇਵ ਕੌਰ ਆਪਣੀ ਨੂੰਹ ਬਲਵਿੰਦਰ ਕੌਰ ਨਾਲ ਟਿਕਰੀ ਬਾਰਡਰ 'ਤੇ ਨਾਅਰੇ ਮਾਰ ਰਹੀ ਹੈ। ਕਿਸਾਨ ਅੰਦੋਲਨ ਨੇ ਇਸ ਨੂੰਹ ਸੱਸ ਦੀ ਸੁਰ ਨੂੰ ਇੱਕ ਕਰ ਦਿੱਤਾ ਹੈ। ਪਿੰਡ ਸ਼ੇਰੋ ਦੀ ਜੇਠਾਣੀ ਗੁਰਦੇਵ ਕੌਰ 70 ਸਾਲ ਦੀ ਹੈ ਜਦੋਂ ਕਿ ਦਰਾਣੀ ਸੁਰਜੀਤ ਕੌਰ 65 ਸਾਲ ਦੀ ਹੈ। ਦੋਵਾਂ ਦੀ ਹੁਣ ਇੱਕੋ ਬਾਤ ਬਣ ਗਈ ਹੈ। ਵੇਖਣ ਨੂੰ ਮਿਲ ਰਿਹਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਨੇ ਰਿਸ਼ਤਿਆਂ ਵਿੱਚ ਨਵਾਂ ਨਿੱਘ ਭਰ ਦਿੱਤਾ ਹੈ। ਜਿਨ•ਾਂ ਘਰਾਂ ਵਿਚ ਆਪਸੀ ਅੰਦਰੂਨੀ ਵਿਵਾਦ ਸੀ, ਉਹ ਵੀ ਅੰਦੋਲਨ 'ਚ ਸਭ ਖਤਮ ਹੋ ਗਏ ਹਨ। ਬਠਿੰਡਾ ਦੇ ਪਿੰਡ ਜਿਉਂਦ ਦੀ ਜੇਠਾਣੀ ਗੁਰਦੇਵ ਕੌਰ ਅਤੇ ਦਰਾਣੀ ਜਗਦੇਵ ਕੌਰ ਹੁਣ ਅੰਦੋਲਨ 'ਚ ਇਕੱਠੀਆਂ ਇਨਕਲਾਬੀ ਬੋਲੀਆਂ ਪਾ ਰਹੀਆਂ ਹਨ ਜਦੋਂ ਕਿ ਪਿੰਡ ਉਨ੍ਹਾਂ ਦੇ ਘਰ ਅਲੱਗ-ਅਲੱਗ ਹਨ।
           ਪਿੰਡ ਪਿੱਥੋ ਦੀ ਦਾਦੀ ਜਸਮੇਲ ਕੌਰ ਆਪਣੀ ਸਕੂਲ ਪੜ੍ਹਦੀ ਪੋਤੀ ਨੂੰ ਲੈ ਕੇ ਸੱਤ ਦਿਨਾਂ ਤੋਂ ਦਿੱਲੀ ਮੋਰਚੇ ਵਿੱਚ ਹਾਜ਼ਰੀ ਭਰਦੀ ਰਹੀ। ਇਸ ਮਾਈ ਦੇ ਤਿੰਨ ਲੜਕੇ ਹਨ ਪਰ ਇਹ ਬਿਰਧ ਮਾਈ ਆਖਦੀ ਹੈ ਕਿ ਜ਼ਮੀਨ ਬਚ ਗਈ, ਸਮਝ ਲਓ ਇਸ ਧੀ ਧਿਆਣੀ ਨੂੰ ਨਵਾਂ ਜਨਮ ਮਿਲ ਗਿਆ। ਇਸੇ ਪਿੰਡ ਦੀ ਦਾਦੀ ਅੰਗਰੇਜ਼ ਕੌਰ ਆਪਣੇ ਪੋਤੇ ਦਲਜੀਤ ਨੂੰ ਨਾਲ ਲੈ ਕੇ ਦਿੱਲੀ ਪੁੱਜੀ ਹੋਈ ਹੈ। ਉਹ ਆਖਦੀ ਹੈ ਕਿ ਜੁਆਕਾਂ ਲਈ ਇੱਥੇ ਬੈਠੀ ਹਾਂ। ਜ਼ਮੀਨਾਂ ਹੱਥੋਂ ਨਿਕਲ ਗਈਆਂ ਤਾਂ ਪੋਤੇ ਆਖਣਗੇ ਕਿ ਦਾਦੀ ਨੇ ਸਾਡਾ ਕੀ ਸੋਚਿਆ? ਬਰਨਾਲਾ ਦੇ ਪਿੰਡ ਭੈਣੀ ਜੱਸਾ ਦੀ ਸੁਖਦੀਪ ਕੌਰ ਆਪਣੀ ਧੀ ਕਰਮਜੀਤ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਨਾਲ ਦਿੱਲੀ ਮੋਰਚੇ ਵਿੱਚ ਡਟੀ ਹੋਈ ਹੈ। ਹਰਿਆਣਾ ਦੇ ਰੋਹਤਕ ਤੋਂ ਜੇਠਾਣੀ ਸੁਸ਼ੀਲਾ ਰਾਠੀ ਅਤੇ ਦਰਾਣੀ ਮੀਨਾ ਰਾਠੀ ਦਿੱਲੀ ਬਾਰਡਰ 'ਤੇ ਭਾਸ਼ਣ ਦੇ ਕੇ ਆਈਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਅੰਨਦਾਤਾ ਲਈ ਉਹ ਦੋਵੇਂ ਮੈਦਾਨ ਵਿੱਚ ਕੁੱਦੀਆਂ ਹਨ। ਕਿੰਨੇ ਹੀ ਮਾਂ ਪੁੱਤਰ ਇਕੱਠੇ ਨਾਅਰਿਆਂ ਦੀ ਗੂੰਜ ਪਾਉਂਦੇ ਹਨ। ਪਿੰਡ ਗੋਬਿੰਦਪੁਰਾ (ਲਹਿਰਾਗਾਗਾ) ਦੇ ਤਿੰਨ ਸਕੇ ਭਰਾ ਜਗਦੇਵ, ਹਰਦੇਵ ਤੇ ਗੁਰਤੇਜ ਹੁਣ ਇੱਕੋ ਮੋਰੀ ਨਿਕਲ ਰਹੇ ਹਨ।
                        ਹੁਣ ਘਰਾਂ ਦੇ ਮਸਲੇ ਲੱਗਣ ਲੱਗ ਪਏ ਛੋਟੇ
ਔਰਤ ਆਗੂਆਂ ਦਾ ਕਹਿਣਾ ਹੈ ਕਿ ਅਸਲ 'ਚ ਹੁਣ ਪੇਂਡੂ ਔਰਤਾਂ ਨੇ ਆਪਣੇ ਅਸਲ ਦੁਸ਼ਮਣ ਦੀ ਪਛਾਣ ਕਰ ਲਈ ਹੈ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਦੇ ਮਸਲੇ ਛੋਟੇ ਲੱਗਣ ਲੱਗੇ ਹਨ। ਰਿਸ਼ਤਿਆਂ ਵਿੱਚ ਖੱਟਾਸ ਅਤੇ ਮੰਦੇ ਬੋਲਾਂ ਦਾ ਵਰਤਾਰਾ ਕਿਸਾਨ ਅੰਦੋਲਨ ਨੇ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ। ਵੱਡੇ ਸੰਕਟਾਂ ਨੂੰ ਵੇਖ ਘਰੇਲੂ ਔਰਤਾਂ ਨੇ ਆਪਣੀ ਸਾਂਝ ਨੂੰ ਪਕੇਰਾ ਕਰਨਾ ਸ਼ੁਰੂ ਕਰ ਦਿੱਤਾ ਹੈ।

Wednesday, January 9, 2019

                         ਬਦਲਦਾ ਜ਼ਮਾਨਾ 
       ਇੱਕ ਧੀ ਮੁਨਸ਼ੀ ਤੇ ਦੂਜੀ ਪਟਵਾਰੀ
                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੀਆਂ ਧੀਆਂ ਨੇ ਇਹ ਨਵੀਂ ਪੁਲਾਂਘ ਪੁੱਟੀ ਹੈ। ਇੱਕ ਧੀ ਮੁਨਸ਼ੀ ਤੇ ਇੱਕ ਪਟਵਾਰੀ। ਧੀਆਂ ਪਾਈਲਟ ਤਾਂ ਬਣੀਆਂ ਹੀ ਹਨ। ਹੁਣ ਜ਼ਮੀਨਾਂ ਦੀ ਮਿਣਤੀ ਤੇ ਤਕਸੀਮਾਂ ਦਾ ਖ਼ਾਕਾ ਵੀ ਕੁੜੀਆਂ ਵਾਹੁਣਗੀਆਂ। ਪੰਜਾਬ ਦੇ ਪਟਵਾਰ ਘਰਾਂ ਵਿਚ ਹੁਣ ਕੁੜੀਆਂ ਬੈਠਣਗੀਆਂ। ਉਹ ਵੀ ਉਚੇਰੀ ਪੜਾਈ ਵਾਲੀਆਂ। ਪੰਜਾਬ ਸਰਕਾਰ ਤਰਫ਼ੋਂ ਜੋ ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਗਈ ਹੈ, ਉਸ ਵਿਚ 110 ਕੁੜੀਆਂ ਪਟਵਾਰੀ ਵਜੋਂ ਭਰਤੀ ਹੋਈਆਂ ਹਨ। ਕੋਈ ਕੁੜੀ ਐਮ.ਟੈੱਕ ਹੈ ਤੇ ਕੋਈ ਪੀ.ਐਚ.ਡੀ ਕਰ ਰਹੀ ਹੈ। ਇਨ੍ਹਾਂ ਕੁੜੀਆਂ ਨੂੰ ਸਿਖਲਾਈ ਮੁਕੰਮਲ ਹੋਣ ਮਗਰੋਂ ਨਿਯੁਕਤੀ ਪੱਤਰ ਮਿਲ ਗਏ ਹਨ। ਆਉਂਦੇ ਦਿਨਾਂ ’ਚ ਕਈ ਪਿੰਡਾਂ ਦੇ ਪਟਵਾਰ ਘਰਾਂ ਵਿਚ ਕੁੜੀਆਂ ਨਜ਼ਰ ਪੈਣਗੀਆਂ। ਪੁਰਾਣੇ ਵੇਲਿਆਂ ’ਚ ਇਹ ਬੋਲ ਕੰਨਾਂ ’ਚ ਗੂੰਜਦੇ ਹੁੰਦੇ ਸਨ ‘ ਦੋ ਵੀਰ ਦੇਈਂ ਵੇ ਰੱਬਾ, ਇੱਕ ਮੁਨਸ਼ੀ ਤੇ ਇੱਕ ਪਟਵਾਰੀ’। ਵਕਤ ਨੇ ਮੁਹਾਣ ਬਦਲੇ ਹਨ ਤੇ ਮੁਟਿਆਰਾਂ ਨੇ ਵੀ ਨਵੇਂ ਰਾਹਾਂ ’ਤੇ ਪੈਰ ਰੱਖਣੇ ਸ਼ੁਰੂ ਕੀਤੇ ਹਨ। ਪੰਜਾਬ ਵਿਚ ਪਹਿਲੀ ਦਫ਼ਾ ਪਟਵਾਰੀ ਲੱਗਣ ਵਾਸਤੇ ਕੁੜੀਆਂ ਨਿੱਤਰੀਆਂ ਹਨ। ਉਂਜ, ਤਰਸ ਦੇ ਆਧਾਰ ’ਤੇ ਕੱੁਝ ਕੁੜੀਆਂ ਪਹਿਲਾਂ ਵੀ ਪਟਵਾਰ ਘਰਾਂ ਵਿਚ ਪੁੱਜੀਆਂ ਸਨ। ਨਵੀਂ ਭਰਤੀ ਵਜੋਂ ਕੁੜੀਆਂ ਪਹਿਲੀ ਵਾਰ ਪਟਵਾਰ ਘਰਾਂ ਵੱਲ ਤੁਰੀਆਂ ਹਨ।
                ਪੰਜਾਬ ਸਰਕਾਰ ਵੱਲੋਂ 1227  ਪਟਵਾਰੀ ਨਿਯੁਕਤ ਕਰਨ ਵਾਸਤੇ 2016 ’ਚ ਪ੍ਰਕਿਰਿਆ ਸ਼ੁਰੂ ਕੀਤੀ ਗਈ। ਕਰੀਬ 65000 ਉਮੀਦਵਾਰਾਂ ਦੀ ਮੈਰਿਟ ਸੂਚੀ ਬਣੀ। ਨਿਯੁਕਤੀ ਮਗਰੋਂ ਇਨ੍ਹਾਂ ਉਮੀਦਵਾਰਾਂ ਨੇ ਇੱਕ ਵਰ੍ਹਾ ‘ਸਟੇਟ ਪਟਵਾਰ ਸਕੂਲ ਜਲੰਧਰ’ ਅਤੇ ਦਰਜਨ ਜ਼ਿਲ੍ਹਿਆਂ ਵਿਚ ਬਣਾਏ ਆਰਜ਼ੀ ਪਟਵਾਰ ਸਕੂਲਾਂ ਵਿਚ ਸਿਖਲਾਈ ਲਈ। ਉਸ ਮਗਰੋਂ ਛੇ ਮਹੀਨੇ ਫ਼ੀਲਡ ਵਿਚ ਸਿਖਲਾਈ ਲਈ। ਹੁਣ ਇਨ੍ਹਾਂ ਉਮੀਦਵਾਰਾਂ ਨੂੰ ਸਟੇਸ਼ਨਾਂ ਦੀ ਅਲਾਟਮੈਂਟ ਕੀਤੀ ਜਾਣ ਲੱਗੀ ਹੈ। ਇਨ੍ਹਾਂ ਉਮੀਦਵਾਰਾਂ ਵਿਚ 110 ਕੁੜੀਆਂ ਵੀ ਸ਼ਾਮਿਲ ਹਨ, ਜੋ ਉੱਚ ਸਿੱਖਿਆ ਹਾਸਲ ਹਨ। ਬਠਿੰਡਾ ਜ਼ਿਲ੍ਹੇ ਵਿਚ 11 ਅਤੇ ਮੋਗਾ ਜ਼ਿਲ੍ਹੇ ਵਿਚ ਤਿੰਨ ਕੁੜੀਆਂ ਨੂੰ ਨਿਯੁਕਤੀ ਪੱਤਰ ਮਿਲੇ ਹਨ। ਬਠਿੰਡਾ ਦੀ ਗਲੈਕਸੀ ਬਾਂਸਲ ਹੁਣ ਪੀ.ਐੱਚ.ਡੀ ਕਰ ਰਹੀ ਹੈ ਜੋ ਪਟਵਾਰੀ ਵਜੋਂ ਤਾਇਨਾਤ ਕੀਤੀ ਗਈ ਹੈ। ਪੋਸਟ ਗਰੈਜੂਏਟ ਲੜਕੀ ਅਨੂਪਜੀਤ ਕੌਰ ਨੇ ਹੁਣ ਸਿਖਲਾਈ ਮੁਕੰਮਲ ਕੀਤੀ ਹੈ। ਮੁਕਤਸਰ ਦੇ ਪਿੰਡ ਕਾਉਣੀ ਦਾ ਨਵ ਨਿਯੁਕਤ ਪਟਵਾਰੀ ਰੁਪਿੰਦਰ ਸਿੰਘ ਵੀ ਪੀ.ਐੱਚ.ਡੀ ਕਰ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦਾ ਨਵ ਨਿਯੁਕਤ ਪਟਵਾਰੀ ਸ੍ਰੀ ਮਹਾਜਨ ਵੀ ਜਲੰਧਰ ਤੋਂ ਪੀ.ਐੱਚ.ਡੀ ਕਰ ਰਿਹਾ ਹੈ।
               ਮਾਲ ਰਿਕਾਰਡ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਸੰਜੀਵ ਸ਼ਰਮਾ ਨੇ ਮੋਟੇ ਅੰਦਾਜ਼ੇ ਨਾਲ ਦੱਸਿਆ ਕਿ ਨਵੀਂ ਭਰਤੀ ਵਿਚ ਕਰੀਬ 65 ਫ਼ੀਸਦੀ ਤਾਂ ਬੀ.ਟੈੱਕ ਅਤੇ ਐਮ.ਟੈੱਕ ਨਵ ਨਿਯੁਕਤ ਪਟਵਾਰੀ ਹਨ। ਕਰੀਬ ਢਾਈ ਦਹਾਕੇ ਮਗਰੋਂ ਨਵੀਂ ਭਰਤੀ ਹੋਈ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਕਰੀਬ 110 ਕੁੜੀਆਂ ਵੀ ਹਨ।  ਸੇਵਾ ਮੁਕਤ ਕਾਨੂੰਗੋ ਨਿਰਮਲ ਸਿੰਘ ਜੰਗੀਰਾਣਾ ਨੇ ਦੱਸਿਆ ਕਿ ਪੁਰਾਣੇ ਸਮਿਆਂ ਵਿਚ ਏਦਾ ਨਹੀਂ ਹੁੰਦਾ ਸੀ। ਹੁਣ ਜ਼ਮਾਨਾ ਬਦਲ ਗਿਆ ਹੈ ਤੇ ਕੁੜੀਆਂ ਲਈ ਹਰ ਪਾਸੇ ਰਾਹ ਖੁੱਲ੍ਹੇ ਹਨ। ਮਹਿਲਾ ਆਗੂ ਮੁਖ਼ਤਿਆਰ ਕੌਰ ਬੱਲ੍ਹੋ ਨੇ ਇਸ ਨੂੰ ਚੰਗੀ ਸ਼ੁਰੂਆਤ ਦੱਸਿਆ ਕਿ ਪਟਵਾਰ ਘਰਾਂ ਵਿਚ ਹੁਣ ਪੇਂਡੂ ਅੌਰਤਾਂ ਨੂੰ ਵੀ ਕੰਮ ਕਾਰਾਂ ਲਈ ਥੋੜ੍ਹੀ ਸੌਖ ਹੋਵੇਗੀ। ਦੱਸਣਯੋਗ ਹੈ ਕਿ ਪੰਜਾਬ ਪੁਲੀਸ ਨੇ ਵੀ ਥਾਣਿਆਂ ’ਚ ਮੱੁਢਲੇ ਪੜਾਅ ’ਤੇ ਸਹਾਇਕ ਮੁਨਸ਼ੀ ਵਜੋਂ ਮਹਿਲਾ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੈ।
       ਬਹੁਤੇ ਥਾਣਿਆਂ ਵਿਚ ਨਵੀਆਂ ਮਹਿਲਾਂ ਮੁਲਾਜ਼ਮਾਂ ਸਹਾਇਕ ਮੁਨਸ਼ੀ ਵਜੋਂ ਕੰਮ ਕਰ ਰਹੀਆਂ ਹਨ। ਬਠਿੰਡਾ ਦੇ ਦਰਜਨ ਥਾਣਿਆਂ ਵਿਚ ਮਹਿਲਾ ਮੁਲਾਜ਼ਮ ਸਹਾਇਕ ਮੁਨਸ਼ੀ ਵਜੋਂ ਤਾਇਨਾਤ ਹਨ। ਵੇਖਣ ਵਿਚ ਮਿਲਿਆ ਹੈ ਕਿ ਪਟਵਾਰੀ ਅਤੇ ਮਹਿਲਾ ਪੁਲੀਸ ਮੁਲਾਜ਼ਮ ਵਜੋਂ ਤਾਇਨਾਤ ਕੁੜੀਆਂ ਆਮ ਘਰਾਂ ਦੀਆਂ ਹਨ ਜਿਨ੍ਹਾਂ ਨੂੰ ਮੁਨਸ਼ੀ ਤੇ ਪਟਵਾਰੀ ਲੱਗਣ ਦਾ ਮਾਣ ਵੀ ਮਿਲਿਆ ਹੈ। ਵੱਡੀ ਗੱਲ ਕਿ ਬਹੁਤੀਆਂ ਲੜਕੀਆਂ ਉਚੇਰੀ ਸਿੱਖਿਆ ਹਾਸਲ ਹਨ।
                           ਢਾਈ ਸੌ ਨੇ ਨੌਕਰੀ ਛੱਡੀ
ਭਰਤੀ ਕੀਤੇ ਨਵ ਨਿਯੁਕਤ ਪਟਵਾਰੀਆਂ ਚੋਂ ਕਰੀਬ 250 ਪਟਵਾਰੀ ਸਿਖਲਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਨੌਕਰੀ ਛੱਡ ਗਏ ਹਨ। ਪੰਜਾਬ ਸਰਕਾਰ ਨੇ ਕਰੀਬ ਤਿੰਨ ਵਰੇ੍ਹ ਤਾਂ ਪ੍ਰਕਿਰਿਆ ਵਿਚ ਹੀ ਕੱਢ ਦਿੱਤੇ ਅਤੇ ਇਸੇ ਦੌਰਾਨ ਬਹੁਤੇ ਉਮੀਦਵਾਰਾਂ ਨੇ ਹੋਰਨਾਂ ਵਿਭਾਗਾਂ ਵਿਚ ਨੌਕਰੀਆਂ ਹਾਸਲ ਕਰ ਲਈਆਂ। ਉਨ੍ਹਾਂ ਨੇ ਪਟਵਾਰੀ ਦੀ ਨੌਕਰੀ ਨੂੰ ਤਰਜੀਹ ਨਹੀਂ ਦਿੱਤੀ।



Friday, October 26, 2018

                              ਮੁੱਖ ਮੰਤਰੀ ਜੀ !
            ਅਸੀਂ ਲੀਰਾਂ ਦੀਆਂ ਗੁੱਡੀਆਂ ਨਹੀਂ...
                            ਚਰਨਜੀਤ ਭੁੱਲਰ
ਬਠਿੰਡਾ  : ‘ਘਰ ਘਰ ਨੌਕਰੀ’ ਦਾ ਨਾਅਰਾ ਦੇਣ ਵਾਲੇ ਖ਼ਾਮੋਸ਼ ਹਨ। ਜਵਾਨ ਧੀਆਂ ਦਾ ਜੇਰਾ ਵੇਖ ਰਹੇ ਹਨ ਜਿਨ੍ਹਾਂ ਨੇ ਪਟਿਆਲੇ ਦੀ ਜੂਹ ’ਚ ਮਸ਼ਾਲ ਬਾਲੀ ਹੈ। ਮਹਿਲਾਂ ਵਾਲੇ ਕਿਸ ਮਿੱਟੀ ਦੇ ਬਣੇ ਹੋਏ ਹਨ, ਇਹ ਸਮਝੋ ਬਾਹਰ ਹੈ। ਬਜ਼ੁਰਗ ਮਾਪੇ ਜ਼ਰੂਰ ਜਾਣੀ ਜਾਣ ਹਨ ਜਿਨ੍ਹਾਂ ਨੂੰ ਜਵਾਨ ਧੀਆਂ ਦਾ ਫ਼ਿਕਰ ਰਾਤਾਂ ਨੂੰ ਸੌਣ ਨਹੀਂ ਦਿੰਦਾ। ‘ਅਸੀਂ ਲੀਰਾਂ ਦੀਆਂ ਗੁੱਡੀਆਂ ਨਹੀਂ ’, ਪਟਿਆਲਾ ਮੋਰਚਾ ’ਚ ਮਹਿਲਾ ਅਧਿਆਪਕਾਂ ਦਾ ਜੋਸ਼ ਤਖ਼ਤਾਂ ਨੂੰ ਇਹ ਸੁਨੇਹਾ ਦੇਣ ਲਈ ਕਾਫ਼ੀ ਹੈ। ਜਦੋਂ ਉੱਚ ਡਿਗਰੀਆਂ ਲੈ ਕੇ ਘਰੀਂ ਪੁੱਜੀਆਂ ਤਾਂ ਮਾਪਿਆਂ ਨੇ ਧੀਆਂ ’ਤੇ ਮਾਣ ਕੀਤਾ ਸੀ। ਮਾਪੇ ਹੁਣ ਸੜਕਾਂ ’ਤੇ ਵੇਖ ਕੇ ਧੀਆਂ ’ਤੇ ਮਾਣ ਨਹੀਂ, ਤਰਸ ਕਰਨ ਲੱਗੇ ਹਨ। ਏਦਾਂ ਜਾਪਦਾ ਹੈ ਕਿ ਜਿਵੇਂ ਪੰਜਾਬ ’ਚ ਨੇ੍ਹਰ ਪੈ ਗਿਆ ਹੋਵੇ, ਲੋਕ ਰਾਜ ਦੇ ਰਾਜੇ ਖ਼ੁਦਾ ਬਣ ਗਏ ਹੋਣ। ਮੂਨਕ ਸ਼ਹਿਰ ਦੀ ਹਰਪ੍ਰੀਤ ਕੌਰ ਕੋਲ ਹਰ ਡਿਗਰੀ ਹੈ। ਉਹ ਐਜੂਕੇਸ਼ਨ ’ਚ ਪੀ.ਐੱਚ.ਡੀ ਹੈ। ਚਾਰ ਵਿਸ਼ਿਆਂ ਵਿਚ ਐਮ.ਏ ਹੈ, ਅੰਗਰੇਜ਼ੀ, ਐਜੂਕੇਸ਼ਨ ਤੇ ਰਾਜਨੀਤੀ ਸ਼ਾਸਤਰ ’ਚ ਐਮ.ਫਿੱਲ ਹੈ। ਟੈੱਟ ਪਾਸ ਹੈ ਤੇ ਡੀ.ਫਾਰਮੇਸੀ ਵੀ ਕੀਤੀ ਹੈ। ਡਿਗਰੀਆਂ ਦੀ ਟੀਸੀ ਉਸ ਨੇ ਵੇਖ ਲਈ ਹੈ। ਪ੍ਰਾਈਵੇਟ ਕਾਲਜ ਚੋਂ ਪ੍ਰਿੰਸੀਪਲ ਦੀ ਨੌਕਰੀ ਛੱਡ ਕੇ ਉਸ ਨੇ ਸਰਕਾਰੀ ਅਧਿਆਪਕ ਦੀ ਨੌਕਰੀ ਜੁਆਇਨ ਕਰ ਲਈ। ਉਮੀਦ ਬਣੀ ਤੇ ਸਰਕਾਰੀ ਭਰੋਸਾ ਵੀ ਦਿੱਤਾ ਗਿਆ ਕਿ ਤਿੰਨ ਵਰ੍ਹਿਆਂ ਮਗਰੋਂ ਰੈਗੂਲਰ ਕਰ ਦਿੱਤਾ ਜਾਏਗਾ।
                  ਉਸ ਨੇ ਤਾਂ ਦੁੱਖਾਂ ਨੂੰ ਗੰਢ ਦੇ ਲਈ ਪਰ ਸਰਕਾਰ ਮੁੱਕਰ ਗਈ। ਬਾਪ ਜਹਾਨੋਂ ਚਲਾ ਗਿਆ, ਤਿੰਨ ਭੈਣਾਂ ਚੋਂ ਸਭ ਤੋਂ ਵੱਡੀ ਹੈ। ਵਿਧਵਾ ਭੈਣ ਲਈ ਵੀ ਉਹੀ ਇੱਕੋ ਸਹਾਰਾ ਹੈ।  ਹਰਪ੍ਰੀਤ ਕੌਰ ਕਦੇ ਹੁਣ ਡਿਗਰੀਆਂ ਵੱਲ ਵੇਖਦੀ ਹੈ ਤੇ ਕਦੇ ਸਰਕਾਰਾਂ ਕੋਲੋਂ ਵੱਜੀ ਠੱਗੀ ’ਤੇ ਝੂਰਦੀ ਹੈ। ਉਹ ਸਰਕਾਰਾਂ ਨੂੰ ਸਿਰਫ਼ ਆਪਣਾ ਕਸੂਰ ਪੁੱਛਦੀ ਹੈ। ਮੋਗਾ ਸ਼ਹਿਰ ਦੀ ਕਿਰਨਦੀਪ ਕੌਰ ਦੇ ਘਰ ਵੱਲ ਵੀ ਸਰਕਾਰ ਨਜ਼ਰ ਮਾਰੇ। ਕਿਰਨਦੀਪ ਕੌਰ ਪੰਜਾਬ ਯੂਨੀਵਰਸਿਟੀ ਦੀ ਐਮ.ਏ (ਹਿੰਦੀ) ਦੀ ਟਾਪਰ ਹੈ, ਨਾਲ ਐਮ.ਐਸ.ਸੀ ਮੈਥ ਵੀ ਹੈ। ਟੈੱਟ ਵੀ ਪਾਸ ਕੀਤਾ ਤੇ ਨੈੱਟ ਜੇ.ਆਰ.ਐਫ ਵੀ ਕਲੀਅਰ ਕੀਤਾ। ਪੀ.ਐਚ.ਡੀ ਦੀ ਇਨਰੋਲਮੈਂਟ ਹੋ ਗਈ ਸੀ ਤੇ ਪ੍ਰਾਈਵੇਟ ਕਾਲਜ ’ਚ ਰੈਗੂਲਰ ਲੈਕਚਰਾਰ ਵੀ ਬਣ ਗਈ ਸੀ। ਦੋਵੇਂ ਮੌਕੇ ਗੁਆ ਕੇ ਇਸ ਝਾਕ ’ਚ ਸਰਕਾਰੀ ਅਧਿਆਪਕਾਂ ਦੀ ਨੌਕਰੀ ਜੁਆਇਨ ਕੀਤੀ ਕਿ ਤਿੰਨ ਵਰ੍ਹਿਆਂ ਮਗਰੋਂ ਰੈਗੂਲਰ ਹੋ ਜਾਵਾਂਗੀ। ਮਾਂ ਬਲਵਿੰਦਰ ਕੌਰ ਨੇ ਧੀ ਲਈ ਹਰ ਖ਼ੁਸ਼ੀ ਦਾ ਬਲੀਦਾਨ ਦਿੱਤਾ। ਰੈਗੂਲਰ ਹੋਣ ਦੀ ਝਾਕ ’ਚ ਕਿਰਨਦੀਪ ਵਿਆਹ ਵੀ ਪਿੱਛੇ ਪਾਈ ਬੈਠੀ ਹੈ। ਸਿਆਸੀ ਜੌਹਰੀ ਇਨ੍ਹਾਂ ਧੀਆਂ ਦੇ ਹੰਝੂ ਨਹੀਂ ਸਮਝ ਸਕੇ।
         ਪਟਿਆਲਾ ਦੇ ਪਿੰਡ ਫ਼ਤਿਹਪੁਰ ਦੀ ਪਾਲ ਕੌਰ ਦੀ ਮਾਂ ਜ਼ਿੰਦਗੀ ਨੂੰ ਅਲਵਿਦਾ ਆਖ ਗਈ ਤੇ ਬਾਪ ਦਾ ਅਪਰੇਸ਼ਨ ਹੋਇਆ ਹੈ ਜਿਸ ’ਤੇ ਇੱਕ ਲੱਖ ਦਾ ਖਰਚਾ ਆਇਆ ਹੈ। ਬਾਪ ਦੇ ਮੰਜੇ ’ਚ ਪੈਣ ਮਗਰੋਂ ਅਧਿਆਪਕਾ ਪਾਲ ਕੌਰ ਨੇ ਖ਼ੁਦ ਘਰੇਲੂ ਡੇਅਰੀ ਦਾ ਕੰਮ ਸੰਭਾਲ ਲਿਆ। ਘਰ ਚੋਂ ਵੱਡੀ ਹੋਣ ਦੇ ਨਾਤੇ ਉਹ ਪੀੜਾਂ ਦੇ ਝੱਖੜਾਂ ਨਾਲ ਟੱਕਰ ਰਹੀ ਹੈ। ਛੇ ਹਜ਼ਾਰ ਦੀ ਨੌਕਰੀ ਛੋਟੀ ਹੈ, ਉਸ ਦੇ ਮਾਪਿਆਂ ਦੇ ਦੁੱਖ ਵੱਡੇ ਹਨ। ਸਮੇਂ ਦੇ ਹਾਕਮ ਦੀ ਕਲਮ ਦੀ ਇੱਕ ਝਰੀਟ ਉਸ ਦੀ ਜ਼ਿੰਦਗੀ ਬਦਲ ਸਕਦੀ ਹੈ। ਤਿੰਨ ਵਰ੍ਹਿਆਂ ਮਗਰੋਂ ਵੀ ਰੈਗੂਲਰ ਨਹੀਂ ਹੋ ਸਕੀ। ਬਲਬੇੜਾ ਸਕੂਲ ਦੀ ਅੰਮ੍ਰਿਤਬੀਰ ਕੌਰ ਨੇ ਬੁਟੀਕ ਬੰਦ ਕਰਕੇ ਨੌਕਰੀ ਜੁਆਇਨ ਕੀਤੀ। ਜਦੋਂ ਸਰਕਾਰੀ ਨੀਅਤ ’ਚ ਖੋਟ ਦਿੱਖਿਆ ਤਾਂ ਮੁੜ ਸਿਲਾਈ ਮਸ਼ੀਨ ਉਸ ਦਾ ਸਾਥ ਦੇਣ ਲੱਗੀ।  ਇਨ੍ਹਾਂ ਧੀਆਂ ਦਾ ਜੇਰਾ ਵੇਖਣ ਵਾਲਾ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਤਾਂ ਰੱਬ ਵੀ ਲੰਮੀਆਂ ਤਾਣ ਕੇ ਸੌ ਗਿਆ ਹੈ। ਬਠਿੰਡਾ ਦੇ ਪਿੰਡ ਭੋਡੀਪੁਰਾ ’ਚ ਪੜ੍ਹਾ ਰਹੀ ਜਸਵੀਰ ਕੌਰ ਕੋਲ ਕੋਈ ਰਾਹ ਨਹੀਂ ਬਚਿਆ। ਉਸ ਦਾ ਪਤੀ ਮੰਜੇ ’ਤੇ ਹੈ ਜੋ ਨਾ ਬੋਲਦਾ ਹੈ ਤੇ ਨਾ ਹੀ ਖ਼ੁਦ ਖਾ ਪੀ ਰਿਹਾ ਹੈ। ਕੌਮਾਂ ਵਰਗੀ ਹਾਲਤ ਹੈ। ਹਾਦਸੇ ਮਗਰੋਂ ਸਭ ਕੱੁਝ ਪਤੀ ਦੇ ਇਲਾਜ ’ਤੇ ਲੱਗ ਗਿਆ।
                 ਪੱਕੇ ਹੋਣ ਦੀ ਉਮੀਦ ’ਚ ਬਠਿੰਡਾ ਦੀ ਨਿਰਮਲਜੀਤ ਕੌਰ 39 ਵਰ੍ਹਿਆਂ ਦੀ ਹੋ ਗਈ ਹੈ। ਠੇਕੇ ਦੀ ਨੌਕਰੀ ਉਸ ਦੀ ਨਵੀਂ ਜ਼ਿੰਦਗੀ ਦੇ ਰਾਹ ਵਿਚ ਅੜਿੱਕਾ ਬਣੀ ਹੋਈ ਹੈ। ਏਦਾਂ ਦੇ ਸੈਂਕੜੇ ਕੇਸ ਹਨ ਕਿ ਠੇਕੇ ਦੀ ਨੌਕਰੀ ਨੇ ਮਹਿਲਾ ਅਧਿਆਪਕਾਂ ਦੀ ਜ਼ਿੰਦਗੀ ਪਹਾੜ ਬਣਾ ਦਿੱਤੀ ਹੈ। ‘ਪਹਾੜਾਂ’ ’ਤੇ ਜਾਣ ਵਾਲੇ ਇਨ੍ਹਾਂ ਦੇ ਦੁੱਖ ਨੂੰ ਆਪਣਾ ਸਮਝਦੇ ਤਾਂ ਸ਼ਾਇਦ ਅੱਜ ਪਟਿਆਲਾ ਵਿਚ ਨਾਅਰੇ ਨਾ ਗੂੰਜਦੇ। ‘ਪਟਿਆਲਾ ਮੋਰਚਾ ’ ਵਿਚ ਪੰਜ ਮਹਿਲਾ ਅਧਿਆਪਕਾਂ ਜਸਪ੍ਰੀਤ ਕੌਰ,ਨਮਿਤਾ, ਪ੍ਰਦੀਪ ਵਰਮਾ, ਕੁਲਜੀਤ ਕੌਰ ਤੇ ਰਜਿੰਦਰ ਕੌਰ ਨੂੰ ਮਰਨ ਵਰਤ ਵੀ ਰੱਖਣਾ ਪਿਆ। ਮੋਰਚੇ ਦੇ ਆਗੂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਤੁਰਕੀ ਤੋਂ ਵਾਪਸੀ ਦੀ ਉਡੀਕ ਵਿਚ ਹਨ। ਦੱਸਣਯੋਗ ਹੈ ਕਿ ਸਰਕਾਰ ਨੇ ਟੈੱਟ ਪਾਸ ਅਧਿਆਪਕਾਂ ਚੋਂ 5178 ਅਸਾਮੀਆਂ ਚੋਂ ਸਿਰਫ਼ 2500 ਅਧਿਆਪਕ ਭਰਤੀ ਕੀਤੇ ਸਨ ਜਿਨ੍ਹਾਂ ਨੂੰ ਤਿੰਨ ਵਰ੍ਹਿਆਂ ਮਗਰੋਂ ਰੈਗੂਲਰ ਕੀਤਾ ਜਾਣਾ ਸੀ। ‘5178 ਮਾਸਟਰ ਕਾਡਰ ਯੂਨੀਅਨ’ ਪੰਜਾਬ ਦੇ ਪ੍ਰਧਾਨ ਜਸਵਿੰਦਰ ਅੌਜਲਾ ਤੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਕੋਠਾ ਗੁਰੂ ਦਾ ਪ੍ਰਤੀਕਰਮ ਸੀ ਕਿ ਸਰਕਾਰ ਹੁਣ ਨਿਯਮਾਂ ਤੇ ਕੀਤੇ ਵਾਅਦੇ ਮੁਤਾਬਿਕ ਨਵੰਬਰ 2017 ਤੋਂ ਉਨ੍ਹਾਂ ਨੂੰ ਰੈਗੂਲਰ ਕਰੇ।
                                     ਹੀਰੇ ਮੋਤੀਆਂ ਦਾ ਨਾ ਪਿਆ ਮੁੱਲ
ਠੇਕੇ ਵਾਲੇ ਅਧਿਆਪਕ ਵੀ ਦੋ ਹੱਥ ਕਰਨ ਲਈ ਸੜਕਾਂ ’ਤੇ ਨਿਕਲੇ ਹਨ। ਮਾਨਸਾ ਦੇ ਬੀਰੋਕੇ ਕਲਾਂ ਦਾ ਅਧਿਆਪਕ ਗੁਰਪ੍ਰੀਤ ਸਿੰਘ ਐਮ.ਫਿੱਲ (ਅੰਗਰੇਜ਼ੀ) ਵਿਚ ਯੂਨੀਵਰਸਿਟੀ ਟਾਪਰ ਹੈ। ਬਾਪ ਦੀਆਂ ਦੋਵੇਂ ਕਿਡਨੀਆਂ ਖ਼ਰਾਬ ਹਨ ਤੇ ਪਤਨੀ ਨੂੰ ਪੀਲੀਆ ਹੈ। ਇਲਾਜ ਲਈ ਛੇ ਹਜ਼ਾਰ ਕਿਤੇ ਨਹੀਂ ਟਿਕਦਾ। ਕਪੂਰਥਲਾ ਦੇ ਪਿੰਡ ਖੇੜਾ ਦੇ ਅੰਗਹੀਣ ਅਧਿਆਪਕ ਕੁਲਦੀਪ ਰਾਮ ਨੇ ਤਾਂ ਰਾਤ ਵਕਤ ਚੌਕੀਦਾਰੀ ਕਰਨੀ ਵੀ ਸ਼ੁਰੂ ਕੀਤੀ ਪਰ ਹੁਣ ਉਹ ਕਿਸੇ ਦੁਕਾਨ ’ਤੇ ਮੁਨੀਮੀ ਕਰਨ ਲੱਗਾ ਹੈ। ਨਰੂਆਣਾ (ਬਠਿੰਡਾ) ਦਾ ਅਮਰਜੀਤ ਸਿੰਘ ਅਤੇ ਫ਼ਰੀਦਕੋਟ ਦਾ ਪ੍ਰਦੁਮਣ ਸਿੰਘ ਰੈਗੂਲਰ ਹੋਣ ਦੀ ਝਾਕ ’ਚ ਵਿਆਹੁਤਾ ਸਫ਼ਰ ਹੀ ਨਹੀਂ ਸ਼ੁਰੂ ਕਰ ਸਕੇ।




Tuesday, May 8, 2018

                             ਦਰਦ ਪੈਲੀ ਦੇ   
      ਨਾ ਵਿਕਣ ਜ਼ਮੀਨਾਂ, ਬਾਬਲ ਦੇ ਵਿਹੜੇ.. 
                            ਚਰਨਜੀਤ ਭੁੱਲਰ
ਬਠਿੰਡਾ  : ‘ਜ਼ਮੀਨਾਂ ਤਾਹੀਂ ਵਿਕਦੀਆਂ ਨੇ ਜਦੋਂ ਪੈਲੀ ਸਾਥ ਛੱਡ ਦੇਵੇ, ਟਿਊਬਵੈੱਲ ਪਾਣੀ ਛੱਡ ਗਿਆ ਤਾਂ ਖੇਤ ਬਰਾਨ ਹੋ ਗਏ। ਕੈਂਸਰ ਨੇ ਪਤੀ ਖੋਹ ਲਿਆ ਤੇ ਕਰਜ਼ੇ ਨੇ ਜ਼ਮੀਨਾਂ। ਜਦੋਂ ਸ਼ਾਹੂਕਾਰਾਂ ਦੇ ਦਬਕੇ ਝੱਲਣੇ ਵਿੱਤੋਂ ਬਾਹਰੇ  ਹੋ ਗਏ ਤਾਂ ਪੁੱਤ ਖ਼ੁਦਕੁਸ਼ੀ ਵਾਲੇ ਰਾਹ ਤੁਰ ਗਿਆ।’  ਬਜ਼ੁਰਗ ਬਲਵੀਰ ਕੌਰ ਜਦੋਂ ਆਪਣੇ ਘਰ ਦੀ ਇਹ ਹੋਣੀ ਬਿਆਨਦੀ ਹੈ ਤਾਂ ਮੈਗਾਸਾਸੇ ਐਵਾਰਡ ਜੇਤੂ ਪੱਤਰਕਾਰ ਡਾ.ਪੀ.ਸਾਈਨਾਥ (ਦਿਹਾਤੀ ਸੰਪਾਦਕ) ਗੰਭੀਰ ਹੋ ਜਾਂਦਾ ਹੈ। ਉਸ ਨੂੰ ਬਜ਼ੁਰਗ ਮਹਿਲਾ ਦੇ ਚਿਹਰੇ ਤੋਂ ਪੰਜਾਬ ਦੇ ਖੇਤੀ ਸੰਕਟ ਦੇ ਨਕਸ਼ ਨਜ਼ਰ ਪੈਣ ਲੱਗਦੇ ਹਨ। ਕੋਠਾ ਗੁਰੂ ਦੀ ਇਹ ਮਹਿਲਾ ਦੱਸਦੀ ਹੈ ਕਿ ਕਿਵੇਂ ਹੱਥੋਂ ਜ਼ਮੀਨ ਕਿਰੀ ਤੇ ਕਿਵੇਂ ਜ਼ਿੰਦਗੀ। ਬਠਿੰਡਾ ਦੇ ਪਿੰਡ ਜੇਠੂਕੇ ਤੋਂ ਡਾ.ਸਾਈਨਾਥ ਨੇ ਪੰਜਾਬ ਦੇ ਖੇਤੀ ਸੰਕਟ ਨੂੰ ਨੇੜਿਓ ਵੇਖਣ ਲਈ ਸ਼ੁਰੂਆਤ ਕੀਤੀ। ਇਕੱਲਾ ਸਿੱਧਾ ਸੰਵਾਦ ਹੀ ਨਹੀਂ ਸੀ, ਸਾਈਨਾਥ ਨੇ ਦੁੱਖਾਂ ਹੱਥੋਂ ਹਾਰੀ ਹਰ ਅੌਰਤ ਦੇ ਹੰਝੂਆਂ ਤੇ ਹੌਕਿਆਂ ਚੋਂ ‘ਖੇਤੀ ਸੰਕਟ’ ਦੀ ਗਹਿਰਾਈ ਨੂੰ ਵੀ ਮਾਪਿਆ। ਲਹਿਰਾ ਖਾਨਾ ਦੀ ਬਿਰਧ ਮੁਕੰਦ ਕੌਰ ਦੱਸਦੀ ਹੈ ਕਿ ਨੂੰਹ ਦੇ ਇਲਾਜ ’ਚ ਜਦੋਂ ਜ਼ਮੀਨ ਵਿਕ ਗਈ ਤਾਂ ਜ਼ਿੰਦਗੀ ਦੀ ਲੈਅ ਗੁਆਚ ਗਈ।
                    ਲੜਕਾ ਗੁਰਬਿੰਦਰ ਆਪਣਾ ਪਤਨੀ ਦਾ ਇਲਾਜ ਕਰਾਉਣੋਂ ਬੇਵੱਸ ਹੋ ਗਿਆ ਤਾਂ ਪਤਨੀ ਛੱਡ ਕੇ ਚਲੀ ਗਈ। ਗੁਰਬਿੰਦਰ ਜ਼ਿੰਦਗੀ ਦਾ ਕੌੜਾ ਘੁੱਟ ਨਾ ਭਰ ਸਕਿਆ, ਖ਼ੁਦਕੁਸ਼ੀ ਦੇ ਰਾਹ ਤੁਰ ਗਿਆ। ਇਸ ਮਾਂ ਦਾ ਛੋਟਾ ਪੁੱਤ ਥਰਮਲ ’ਚ ਦਿਹਾੜੀ ਕਰਦਾ ਅਪਾਹਜ ਹੋ ਗਿਆ। ਜਦੋਂ ਮਾਂ ਮੁਕੰਦ ਕੌਰ ਦੱਸਦੀ ਹੈ ਕਿ ਅਪਾਹਜ ਪੁੱਤ ਹੁਣ ਰਾਈਸ ਸ਼ੈਲਰ ’ਚ ਚੌਕੀਦਾਰੀ ਕਰਦਾ ਹੈ ਤਾਂ ਸਾਈਨਾਥ ਦਾ ਗੱਚ ਭਰ ਜਾਂਦਾ ਹੈ। ਉਹ ਅਤੀਤ ਦੇ ਧਾਗਿਆਂ ’ਚ ਉਲਝ ਜਾਂਦਾ ਹੈ ਤੇ ਉਸ ਨੂੰ ਕਿਸੇ ਮਾਂ ਦੇ ਹੱਥਾਂ ਤੇ ‘ਖ਼ੁਸ਼ਹਾਲ ਪੰਜਾਬ’ ਦੀ ਲੀਕ ਨਹੀਂ ਦਿੱਖਦੀ। ਮਾਂਵਾਂ ਦੇ ਹੱਥਾਂ ਤੇ ਪਏ ਅੱਟਣ ਉਸ ਨੂੰ ਪੰਜਾਬ ਦਾ ਸੱਚ ਦਿਖਾਉਂਦੇ ਹਨ। ਡਾ. ਸਾਈਨਾਥ ਨੇ ਕਈ ਸੂਬਿਆਂ ਦੇ ਘਾਹ ਉੱਗੇ ਚੁੱਲ੍ਹੇ ਵੇਖੇ ਹਨ। ਉਸ ’ਚ ਖ਼ੁਦਕੁਸ਼ੀ ਪੀੜਤਾਂ ਦੇ ਘਰਾਂ ਦੇ ਸੱਥਰਾਂ ਚੋਂ ਕਿਧਰੇ ‘ਚਮਕਦਾ ਭਾਰਤ’ ਨਜ਼ਰ ਨਹੀਂ ਪਿਆ। ਜਦੋਂ ਅੱਜ ਇਕੱਠ ਚੋਂ ਇੱਕ ਅੌਰਤ ਖ਼ੁਦਕੁਸ਼ੀ ਕਰ ਗਏ ਪੁੱਤ ਦੀ ਤਸਵੀਰ ਦਿਖਾਉਂਦੀ ਹੈ ਤਾਂ ਉਸ ਨੂੰ ਉਹ ਆਪਣੇ ਕੈਮਰੇ ’ਚ ਕੈਦ ਕਰਦਾ ਹੈ।
          ਮਾਂ ਆਖਦੀ ਹੈ ਕਿ ‘ ਪੁੱਤ ਦੀ ਫ਼ੋਟੋ ਹਰ ਮੁਜ਼ਾਹਰੇ ’ਚ ਲੈ ਕੇ ਗਈ, ਹਕੂਮਤ ਨੂੰ ਨਜ਼ਰ ਨਹੀਂ ਪਈ।’  ਕੋਠਾ ਗੁਰੂ ਦੀ ਮਨਜੀਤ ਕੌਰ ਕੋਲ ਹੁਣ ਗੁਆਉਣ ਨੂੰ ਕੱੁਝ ਨਹੀਂ ਬਚਿਆ। ਨਰਮੇ ਨੂੰ ਸੁੰਡੀ ਪੈ ਗਈ ਤੇ ਜ਼ਮੀਨਾਂ ਨੂੰ ਬੈਂਕ ਪੈ ਗਏ। ਕਰਜ਼ੇ ਨੇ ਪਤੀ ਨੂੰ ਜੇਲ੍ਹ ਵੀ ਵਿਖਾ ਦਿੱਤੀ ਤੇ ਆਖ਼ਰ ਦੋ ਏਕੜ ਜ਼ਮੀਨ ਵਿਕ ਗਈ। ਮੁਆਵਜ਼ਾ ਮਿਲਿਆ ਨਹੀਂ ਪ੍ਰੰਤੂ ਦਬਕੇ ਨਿੱਤ ਸੁਣਨੇ ਪਏ। ਜਦੋਂ ਉਹ ਆਖਦੀ ਹੈ ਕਿ ਉਹ ਖਾਣ ਜੋਗੇ ਦਾਣੇ ਵੀ ਨਹੀਂ ਤਾਂ ਸਾਈਨਾਥ ਉਸ ਦੇ ਤੀਲਾ ਤੀਲਾ ਹੋਏ ਘਰ ਦੇ ਹਰ ਬਿਰਤਾਂਤ ਨੂੰ ਆਪਣੀ ਡਾਇਰੀ ’ਚ ਨੋਟ ਕਰਦਾ ਹੈ। ਜੇਠੂਕੇ ’ਚ ਅੱਜ ਕਈ ਘੰਟੇ ਦਰਦਾਂ ਦਾ ਹੜ੍ਹ ਵਗਿਆ।
               ਉਦੋਂ ਉਹ ਚੁੱਪ ਹੋ ਜਾਂਦਾ ਹੈ ਜਦੋਂ ਰਾਮਨਵਾਸ ਦੀਆਂ ਦੋ ਬਿਰਧ ਅੌਰਤਾਂ ਦੀ ਦਾਸਤਾ ਸੁਣਦਾ ਹੈ। ਇਨ੍ਹਾਂ ਦੋਵਾਂ ਅੌਰਤਾਂ ’ਚ ਸਭ ਕੱੁਝ ਸਾਂਝਾ ਹੈ। ਦੁੱਖ ਸਾਂਝੇ ਹਨ, ਚੀਸ ਸਾਂਝੀ ਹੈ ਤੇ ਦੋਹਾਂ ਦੀ ਅਰਥੀ ਨੂੰ ਮੋਢਾ ਦੇਣ ਲਈ ਪੁੱਤ ਨਹੀਂ। ਬਿਰਧ ਜਰਨੈਲ ਕੌਰ ਦੇ ਘਰ ਨੂੰ ਹਕੂਮਤਾਂ ਦਾ ਕੋਈ ‘ਕੈਪਟਨ’ ਨਹੀਂ ਬਚਾ ਸਕਿਆ। ਜਦੋਂ ਜਰਨੈਲ ਕੌਰ ਵਿਆਹ ਕੇ ਪਿੰਡ ਰਾਮਨਵਾਸ ਆਈ ਤਾਂ ਪੰਜ ਏਕੜ ਜ਼ਮੀਨ ਸੀ। ਹੁਣ ਉਸ ਕੋਲ ਖੇਤ ਨਹੀਂ ਰਹੇ। ਬੇਟੇ ਜਗਸੀਰ ਦੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਪੈਲੀ ਸ਼ਾਹੂਕਾਰਾਂ ਦੀ ਹੋ ਗਈ। ਜਗਸੀਰ ਦੇ ਬਾਪ ਨੇ ਤਾਂ ਵਿਆਜ ਨੂੰ ਜ਼ਰਬਾਂ ਦਿੰਦੇ ਸ਼ਾਹੂਕਾਰ ਹੀ ਵੇਖੇ,ਭਲੇ ਦਿਨ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ।
       ਆਖ਼ਰ ਜਗਸੀਰ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ। ਭੈਣ ਸ਼ਿੰਦਰਪਾਲ ਕੌਰ ਨੇ ਆਪਣੇ ਬਾਬਲ ਦੇ ਘਰ ਲਈ ਅਰਦਾਸਾਂ ਕੀਤੀਆਂ। ਹੁਣ ਜਰਨੈਲ ਕੌਰ ਘਰ ’ਚ ਇਕੱਲੀ ਹੈ। ਗੁਆਂਢ ’ਚ ਬਲਵੀਰ ਕੌਰ ਦਾ ਘਰ ਤਾਂ ਹੈ ਪ੍ਰੰਤੂ ਬਰਕਤ ਇਸ ਨਾਲ ਵੀ ਰੁੱਸੀ ਰਹੀ। ਚਾਰ ਏਕੜ ਜ਼ਮੀਨ ਵਿਕ ਗਈ, ਨੂੰਹ ਛੱਡ ਕੇ ਚਲੀ ਗਈ। ਪੁੱਤ ਜਹਾਨੋਂ ਚਲਾ ਗਿਆ। ਉਹ ਆਖਦੀ ਹੈ ਕਿ ‘ ਕਦੇ ਪੈਲੀ ਨਾਲ ਸਬਾਤਾਂ ਭਰਦੀਆਂ  ਸਨ, ਹੁਣ ਆਹ ਫਿਰਦੇ ਹਾਂ ਧੱਕੇ ਖਾਂਦੇ।’ ਇਨ੍ਹਾਂ ਦੋਵਾਂ ਕੋਲ ਪਾਣੀ ਤੱਕ ਦਾ ਪ੍ਰਬੰਧ ਨਹੀਂ। ਸੰਨਾਟੇ ਵਰਗੀ ਚੁੱਪ ਕਦੇ ਟੁੱਟਦੀ ਨਹੀਂ। ਜਦੋਂ ਰਾਤਾਂ ਨੂੰ ਹੌਲ ਪੈਂਦੇ ਹਨ ਤਾਂ ਇਹ ਦੋਵੇਂ ਇੱਕੋ ਘਰ ਵਿਚ ਪੈਂਦੀਆਂ ਹਨ ਕਿਉਂਕਿ ਕੱੁਝ ਵੀ ਵੱਖਰਾ ਨਹੀਂ।
        ਸਾਈਨਾਥ ਆਖਦਾ ਹੈ, ਜੋ ਬਾਹਰੋਂ ਪੰਜਾਬ ਦਾ ਨਕਸ਼ਾ ਦਿਖਦਾ ਹੈ, ਉਸ ਚੋਂ ਇਨ੍ਹਾਂ ਅੌਰਤਾਂ ਦੇ ਦੁੱਖ ਮਨਫ਼ੀ ਹਨ। ‘ਗਾਉਂਦਾ ਨੱਚਦਾ ਪੰਜਾਬ’ ਤੇ ‘ਖ਼ੁਸ਼ਹਾਲ ਪੰਜਾਬ’ ਦੇ ਨਾਅਰੇ ਸਿਰਫ਼ ਅੱਠ ਫ਼ੀਸਦੀ ਦੀ ਤਰਜਮਾਨੀ ਕਰਦੇ ਹਨ, ਸਮੁੱਚੇ ਪੰਜਾਬ ਦੀ ਨਹੀਂ। ਸਾਈਨਾਥ ਨੇ ਲੰਘੇ ਕੱਲ੍ਹ ਪਿੰਡ ਧੌਲ਼ਾ ਵਿਚ ਕਿਸਾਨ ਧਿਰਾਂ ਦੀ ਸੰਘਰਸ਼ੀ ਗਾਥਾ ਦੀ ਪੜਚੋਲ ਕੀਤੀ ਅਤੇ 9 ਮਈ ਨੂੰ ਉਹ ਲੰਬੀ ਦੇ ਪਿੰਡ ਸਿੰਘੇਵਾਲਾ ਵਿਚ ਮਜ਼ਦੂਰਾਂ ਤੋਂ ਉਨ੍ਹਾਂ ਦੇ ਵਿਹੜਿਆਂ ਦੇ ਦੁੱਖ ਸੁਣਨਗੇ। ਅੱਜ ਉਨ੍ਹਾਂ ਨਾਲ ਡਾ.ਨਵਸ਼ਰਨ ਕੌਰ, ਡਾ.ਪਰਮਿੰਦਰ ਸਿੰਘ, ਖੋਜਾਰਥੀ ਪ੍ਰੀਤਨਮੋਲ,ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਮਹਿਲਾ ਆਗੂ ਹਰਿੰਦਰ ਬਿੰਦੂ ਤੇ ਸ਼ਿੰਗਾਰਾ ਸਿੰਘ ਮਾਨ ਵੀ ਸਨ।
     

Monday, March 26, 2018

                       ਵੱਡਿਆਂ ਘਰਾਂ ਦੀਆਂ ਨੂੰਹਾਂ
     ਅੌਰਤਾਂ ਨੂੰ ਚੜ੍ਹਿਆ ‘ਲਾਲ ਪਰੀ’ ਦਾ ਸਰੂਰ
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਐਤਕੀਂ ਸ਼ਰਾਬ ਦੇ ਠੇਕੇ ਲੈਣ ਲਈ ਵੱਡੇ ਘਰਾਂ ਦੀਆਂ ਨੂੰਹਾਂ ਤੇ ਧੀਆਂ ਨੇ ਮੈਦਾਨ ਵਿਚ ਹਨ। ਸ਼ਰਾਬ ਦੇ ਕਰੀਬ 4200 ਠੇਕੇ ਲੈਣ ਲਈ ਅੌਰਤਾਂ ਨੇ ਇੱਛਾ ਪ੍ਰਗਟ ਕੀਤੀ ਹੈ। ਕੋਈ ਜ਼ਿਲ੍ਹਾ ਨਹੀਂ ਬਚਿਆ ਜਿੱਥੇ ਅੌਰਤਾਂ ਠੇਕੇ ਲੈਣ ਦੇ ਮੁਕਾਬਲੇ ’ਚ ਨਾ ਹੋਣ। ਆਬਕਾਰੀ ਮਹਿਕਮੇ ਨੇ ਪੰਜਾਬ ਭਰ ਚੋਂ ਸਾਲ 2018-19 ਦੇ ਸ਼ਰਾਬ ਦੇ ਠੇਕੇ ਲੈਣ ਦੇ ਚਾਹਵਾਨਾਂ ਤੋਂ 20 ਤੋਂ 23 ਮਾਰਚ ਤੱਕ ਦਰਖਾਸਤਾਂ ਮੰਗੀਆਂ ਸਨ। ਕਰੀਬ 38 ਹਜ਼ਾਰ ਲੋਕਾਂ ਨੇ ਸ਼ਰਾਬ ਦੇ ਠੇਕੇ ਲੈਣ ਵਿਚ ਦਿਲਚਸਪੀ ਦਿਖਾਈ ਹੈ। ਵੱਡੀ ਗੱਲ ਇਹ ਹੈ ਕਿ ਵੱਡੇ ਘਰਾਂ ਦੀਆਂ ਅੌਰਤਾਂ ਸ਼ਰਾਬ ਦੇ ਠੇਕੇ ਲੈਣ ਲਈ ਮੁਕਾਬਲੇ ਵਿਚ ਬਹੁਤੇ ਥਾਵਾਂ ਤੇ ਉੱਤਰੀਆਂ ਹਨ। ਵੇਰਵਿਆਂ ਅਨੁਸਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਹਰਵਿੰਦਰ ਸਿੰਘ ਸਰਨਾ ਦੀ ਲੜਕੀ ਜਸਦੀਪ ਕੌਰ ਚੱਡਾ ਇਨ੍ਹਾਂ ਅੌਰਤਾਂ ਵਿਚ ਸ਼ਾਮਲ ਹੈ ਜਿਸ ਨੇ ਸ਼ਰਾਬ ਦੇ ਠੇਕੇ ਲੈਣ ਲਈ ਕਈ ਜ਼ਿਲ੍ਹਿਆਂ ਵਿਚ ਦਰਖਾਸਤਾਂ ਪਾਈਆਂ ਹਨ।
                   ਭਾਵੇਂ ਚੱਡਾ ਪ੍ਰਵਾਰ ਦੇ ਸ਼ਰਾਬ ਕਾਰੋਬਾਰ ਤੋਂ ਕੋਈ ਅਣਜਾਣ ਨਹੀਂ ਹੈ ਪ੍ਰੰਤੂ ਐਤਕੀਂ ਜਸਦੀਪ ਕੌਰ ਚੱਡਾ ਨੇ ਖ਼ੁਦ ਸ਼ਰਾਬ ਦੇ ਠੇਕੇ ਲੈਣ ਲਈ ਪਹਿਲਕਦਮੀ ਕੀਤੀ ਹੈ। ਤੱਥਾਂ ਅਨੁਸਾਰ ਜਸਦੀਪ ਕੌਰ ਚੱਡਾ ਨੇ ਪੰਜਾਬ ਭਰ ਵਿਚ ਕਰੀਬ 636 ਐਪਲੀਕੇਸ਼ਨਾਂ ਠੇਕੇ ਲੈਣ ਲਈ ਪਾਈਆਂ ਹਨ ਤਾਂ ਜੋ ਕਈ ਜ਼ਿਲ੍ਹਿਆਂ ਦਾ ਸ਼ਰਾਬ ਕਾਰੋਬਾਰ ਲਿਆ ਜਾ ਸਕੇ। ਮੈਡਮ ਚੱਡਾ ਨੇ ਦੋ ਪ੍ਰਾਈਵੇਟ ਬੈਂਕਾਂ ਰਾਹੀਂ ਠੇਕਿਆਂ ਲਈ ਅਪਲਾਈ ਕੀਤਾ ਹੈ। ਇੱਕ ਸ਼ਰਾਬ ਕਾਰੋਬਾਰੀ ਨੇ ਆਪਣੇ ਪ੍ਰਵਾਰ ਦੀਆਂ ਦੋ ਅੌਰਤਾਂ ਨੂੰ ਫਿਰ ਮੈਦਾਨ ਵਿਚ ਉਤਾਰਿਆ ਹੈ। ਪੰਜਾਬ ਭਰ ਚੋਂ ਮਹਿਲਾ ਊਸ਼ਾ ਸਿੰਗਲਾ ਐਤਕੀਂ ਝੰਡੀ ਲੈ ਗਏ ਹਨ ਜਿਨ੍ਹਾਂ ਨੇ ਠੇਕੇ ਲੈਣ ਲਈ ਸਭ ਤੋਂ ਵੱਧ 1054 ਐਪਲੀਕੇਸ਼ਨਾਂ ਪਾਈਆਂ ਹਨ ਜਦੋਂ ਦੂਜੇ ਨੰਬਰ ਤੇ ਜਸਦੀਪ ਕੌਰ ਚੱਡਾ ਦਾ ਨਾਮ ਆਉਂਦਾ ਹੈ ਜਿਨ੍ਹਾਂ ਨੇ 636 ਦਰਖਾਸਤਾਂ ਪਾਈਆਂ ਹਨ। ਤੀਸਰਾ ਨੰਬਰ ਹਲਕਾ ਫ਼ਰੀਦਕੋਟ ਤੋਂ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਪਤਨੀ ਡਿੰਪੀ ਮਲਹੋਤਰਾ ਦਾ ਹੈ।
                  ਵੇਰਵਿਆਂ ਅਨੁਸਾਰ ਡਿੰਪੀ ਮਲਹੋਤਰਾ ਨੇ ਕਈ ਜ਼ਿਲ੍ਹਿਆਂ ਵਿਚ 632 ਐਪਲੀਕੇਸ਼ਨਾਂ ਠੇਕੇ ਲੈਣ ਲਈ ਪਾਈਆਂ ਹਨ। ਚੌਥਾ ਨੰਬਰ ਮਹਿਲਾ ਦਿਵਿਆ ਸਿੰਗਲਾ ਹੈ ਜਿਸ ਨੇ 611 ਦਰਖਾਸਤਾਂ ਪਾਈਆਂ ਹਨ। ਇਨ੍ਹਾਂ ਚਾਰ ਅੌਰਤਾਂ ਨੇ ਸਭ ਤੋਂ ਵੱਧ ਐਪਲੀਕੇਸ਼ਨਾਂ ਪਾਈਆਂ ਹਨ। ਆਬਕਾਰੀ ਵਿਭਾਗ ਤਰਫ਼ੋਂ 26 ਮਾਰਚ ਨੂੰ ਦੁਪਹਿਰ ਇੱਕ ਵਜੇ ਸਭ ਜ਼ਿਲ੍ਹਿਆਂ ਵਿਚ ਲਾਟਰੀ ਸਿਸਟਮ ਰਾਹੀਂ ਠੇਕਿਆਂ ਦੀ ਅਲਾਟਮੈਂਟ ਕੀਤੀ ਜਾਣੀ ਹੈ। ਦੋ ਪ੍ਰਾਈਵੇਟ ਬੈਂਕਾਂ ਰਾਹੀਂ 26,279 ਦਰਖਾਸਤਾਂ ਮਹਿਕਮੇ ਨੂੰ ਪ੍ਰਾਪਤ ਹੋਈਆਂ ਹਨ ਜਦੋਂ ਕਿ ਬਾਕੀ ਦਰਖਾਸਤਾਂ ਦਸਤੀ ਪ੍ਰਾਪਤ ਹੋਈਆਂ ਹਨ। ਇਸੇ ਤਰ੍ਹਾਂ ਜਲੰਧਰ ਵਿਚ ਅਰਪਨਾ ਗੁਪਤਾ ਨੇ 97 ਦਰਖਾਸਤਾਂ ਪਾਈਆਂ ਹਨ ਜਦੋਂ ਕਿ ਹਰਜਿੰਦਰ ਕੌਰ ਨੇ ਅੰਮ੍ਰਿਤਸਰ ਵਿਚ ਠੇਕੇ ਲੈਣ ਲਈ 31 ਦਰਖਾਸਤਾਂ ਪਾਈਆਂ ਹਨ।
                 ਬਠਿੰਡਾ ਵਿਚ ਮਹਿਲਾ ਅਨੀਤਾ ਨੇ 20 ਦਰਖਾਸਤਾਂ ਪਾਈਆਂ ਹਨ ਜਦੋਂ ਕਿ ਰਿਆ ਗਰਗ ਨੇ ਵੀ 20 ਐਪਲੀਕੇਸ਼ਨਾਂ ਪਾਈਆਂ ਹਨ। ਇਵੇਂ ਹੀ ਕਾਂਤਾ ਦੇਵੀ, ਰਵਨੀਤ ਕੌਰ,ਬਲਵਿੰਦਰ ਕੌਰ,ਜੋਤੀ, ਕੁਸ਼ਮ, ਪਰਮਿੰਦਰਜੀਤ ਕੌਰ ਗਿੱਲ, ਜਸ਼ਨਦੀਪ ਕੌਰ ,ਅਮਨਦੀਪ ਕੌਰ ਗਿੱਲ,ਮਨਪ੍ਰੀਤ ਕੌਰ, ਪ੍ਰਤਿਭਾ ਗੁਪਤਾ,ਪ੍ਰੇਰਨਾ ਸਿੰਗਲਾ,ਕਮਲਾ ਦੇਵੀ ਆਦਿ ਵੀ ਠੇਕੇ ਲੈਣ ਦੀਆਂ ਚਾਹਵਾਨ ਅੌਰਤਾਂ ਦੀ ਕਤਾਰ ਵਿਚ ਹਨ। ਇਨ੍ਹਾਂ ਅੌਰਤਾਂ ਵੱਲੋਂ ਜ਼ਿਆਦਾ ਸ਼ਹਿਰੀ ਠੇਕੇ ਲੈਣ ਲਈ ਰੁਚੀ ਦਿਖਾਈ ਗਈ ਹੈ। ਸੂਤਰ ਆਖਦੇ ਹਨ ਕਿ ਅਸਲ ਵਿਚ ਵੱਧ ਤੋਂ ਵੱਧ ਸ਼ਰਾਬ ਕਾਰੋਬਾਰ ਆਪਣੇ ਹੱਥ ਵਿਚ ਲੈਣ ਦੇ ਚੱਕਰ ਵਿਚ ਵੱਡੇ ਘਰ ਆਪਣੀਆਂ ਨੂੰਹਾਂ ਧੀਆਂ ਦੇ ਨਾਮ ਤੇ ਵੀ ਅਪਲਾਈ ਕਰ ਦਿੰਦੇ ਹਨ।
                    ਪੰਜਾਬ ਉਦੋਂ ਸ਼ਰਮਸਾਰ ਹੋਵੇਗਾ ਜਦੋਂ ਕਿ ਇਨ੍ਹਾਂ ਨੂੰਹਾਂ ਧੀਆਂ ਦੇ ਨਾਮ ਵੱਡੇ ਅੱਖਰਾਂ ਵਿਚ ਠੇਕਿਆਂ ਤੇ ਲਿਖੇ ਜਾਣਗੇ। ਐਤਕੀਂ ਬਠਿੰਡਾ ਜ਼ਿਲ੍ਹੇ ਵਿਚ 3474 ਦਰਖਾਸਤਾਂ ਪ੍ਰਾਪਤ ਹੋਈਆਂ ਹਨ ਜਦੋਂ ਕਿ ਮੁਕਤਸਰ ਵਿਚ 1900 ਅਰਜ਼ੀਆਂ ਆਈਆਂ ਹਨ। ਲੁਧਿਆਣਾ ਤੇ ਜਲੰਧਰ ਵਿਚ ਸਭ ਤੋਂ ਵੱਧ ਦੌੜ ਲੱਗੀ ਹੈ।
                       ਵੱਡਾ ਹੁੰਗਾਰਾ ਮਿਲਿਆ : ਵਧੀਕ ਕਮਿਸ਼ਨਰ
ਵਧੀਕ ਕਰ ਅਤੇ ਆਬਕਾਰੀ ਕਮਿਸ਼ਨਰ ਗੁਰਤੇਜ ਸਿੰਘ ਦਾ ਕਹਿਣਾ ਸੀ ਕਿ ਐਤਕੀਂ ਚੰਗਾ ਹੁੰਗਾਰਾ ਮਿਲਣ ਵਜੋਂ ਕਰੀਬ 40 ਹਜ਼ਾਰ ਦਰਖਾਸਤਾਂ ਠੇਕੇ ਲੈਣ ਲਈ ਪੁੱਜੀਆਂ ਹਨ ਅਤੇ ਇਨ੍ਹਾਂ ਤੋਂ ਐਪਲੀਕੇਸ਼ਨ ਫ਼ੀਸ ਦੇ ਰੂਪ ਵਿਚ ਕਰੀਬ 80 ਕਰੋੜ ਦੀ ਕਮਾਈ ਹੋਈ ਹੈ ਜੋ ਪਿਛਲੇ ਵਰੇ੍ਹ ਨਾਲੋਂ ਦੁੱਗਣੀ ਹੈ। ਉਨ੍ਹਾਂ ਦੱਸਿਆ ਕਿ ਵੱਡੀਆਂ ਫ਼ਰਮਾਂ ਵੱਲੋਂ ਆਪਣੇ ਘਰਾਂ ਦੀਆਂ ਅੌਰਤਾਂ ਤੇ ਅਰਜ਼ੀਆਂ ਪਾਏ ਜਾਣ ਦਾ ਰੁਝਾਨ ਵੀ ਵਧਿਆ ਹੈ।



         


Monday, March 5, 2018

                       ਰਾਹ ਬਣਦੇ ਗਏ..
       ਮਹਿਲਾ ਸੰਘਰਸ਼ ਦਾ ਕੇਂਦਰ ‘ਬਿੰਦੂ’
                         ਚਰਨਜੀਤ ਭੁੱਲਰ
ਬਠਿੰਡਾ  : ‘ਧੀਏ, ਮਸ਼ਾਲ ਬਾਲ ਕੇ ਰੱਖੀ, ਰਾਤ ਨੂੰ ਮਾਰਚ ਕਰਨੈ’। ਇਹ ਆਖ਼ਰੀ ਸ਼ਬਦ ਸਨ ਬਾਪ ਮੇਘ ਰਾਜ ਦੇ, ਜੋ ਉਸ ਨੇ ਆਪਣੀ ਅੱਠਵੀਂ ਕਲਾਸ ’ਚ ਪੜ੍ਹਦੀ ਬੱਚੀ ਬਿੰਦੂ ਨੂੰ ਆਖੇ। ਪਲਾਂ ਮਗਰੋਂ ਭਾਣਾ ਵਾਪਰ ਗਿਆ ਜੋ ਲੋਕ ਚੇਤਿਆਂ ’ਚ ‘ਸੇਵੇਵਾਲਾ ਕਾਂਡ’ ਵਜੋਂ ਅੱਜ ਵੀ ਯਾਦ ਹੈ। ਕਾਲੇ ਦੌਰ ਦੇ ਸਾਲ 1991 ਦੀ ਉਹ 9 ਅਪਰੈਲ ਨੂੰ ਮਾਰੇ 18 ਜਣਿਆਂ ’ਚ ਇੱਕ ਮੇਘ ਰਾਜ ਸੀ ਜਿਸ ਨੇ ਛਾਤੀ ’ਚ ਗੋਲੀ ਖਾਧੀ। ਤਪੇ ਹੋਏ ਮਾਹੌਲ ’ਚ ਫ਼ਰੀਦਕੋਟ ਦੇ ਪਿੰਡ ਸੇਵੇਵਾਲਾ ਦੀ 13 ਵਰ੍ਹਿਆਂ ਦੀ ਬੱਚੀ ਬਿੰਦੂ ਨੇ ਬਾਪ ਦੇ ਆਖ਼ਰੀ ਬੋਲ ਪੁਗਾਉਣ ਦੀ ਜ਼ਿੱਦ ਫੜ ਲਈ। ਮਾਪੇ ਤੇ ਰਿਸ਼ਤੇਦਾਰਾਂ ਨੇ ਬੱਚੀ ਨੂੰ ਤਾੜਿਆ, ‘ਹੁਣ ਤੂੰ ਹੋਰ ਛਿੰਗੜੀ ਨਾ ਛੇੜ ਦੇਵੀਂ’। ਉਸਨੂੰ ਖ਼ੌਫ਼ ਕਦੇ ਬਿਗਾਨਾ ਨਾ ਲੱਗਿਆ ਤੇ ਉਸ ਦੇ ਰੋਹ ਦਾ ਲਾਵਾ ਖੌਲਣ ਲੱਗਾ। ਅੱਜ ਉਹੋ ਬੱਚੀ ਕਰੀਬ 30 ਵਰ੍ਹਿਆਂ ਦੀ ਹਰਿੰਦਰ ਬਿੰਦੂ ਵਜੋਂ ਜਾਣੀ ਜਾਂਦੀ ਹੈ ਜੋ ਬਾਪ ਦੇ ਆਖ਼ਰੀ ਬੋਲ ਪੁਗਾਉਣ ਲਈ ‘ਮਸ਼ਾਲ’ ਲੈ ਕੇ ਪਿੰਡ ਪਿੰਡ ਘੁੰਮ ਰਹੀ ਹੈ। ਕਿਸਾਨ ਤੇ ਮਜ਼ਦੂਰ ਅੌਰਤਾਂ ਦੀ ਚੀਸ ਉਸ ਨੂੰ ਆਪਣੀ ਲੱਗਦੀ ਹੈ।
                    ਜਦੋਂ ਇਹੋ ਅਣਹੋਣੀ ਚੀਸ ਬਾਪ ਦੇ ਛਲਨੀ ਹੋਏ ਚਿਹਰੇ ਨੂੰ ਦੇਖ ਕੇ ਪਈ ਸੀ ਤਾਂ ਉਦੋਂ ਬਾਪ ਵੱਲੋਂ ਕਹੇ ਲਫ਼ਜ਼ ‘ਮੇਰੀ ਮੌਤ ਤੇ ਨਾ ਰੋਇਓ’ ਬਿੰਦੂ ਦੇ ਜ਼ਿਹਨ ’ਚ ਆਏ। ਬਿੰਦੂ ਨੇ 1996 ਤੋਂ ਲੈ ਕੇ ਹੁਣ ਤੱਕ ਪੇਂਡੂ ਅੌਰਤਾਂ ਨੂੰ ਚੇਤਨਤਾ ਦਾ ਜਾਗ ਲਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਦਿਨ ਤੇ ਰਾਤ ਉਸ ਲਈ ਇੱਕੋ ਹੈ। ਇੱਕੋ ਮਿਸ਼ਨ ਹੈ, ਤਬਦੀਲੀ ਦਾ ਪੁੜ ਘੁਮਾਉਣਾ। ਦੱਸਦੀ ਹੈ ਕਿ ਜਦੋਂ ਪੁੜ ਘੁੰਮੇਗਾ ਤਾਂ ਅੌਰਤ ਜਾਗੇਗੀ, ਅਰਜ਼ਾਂ ਕਰਨ ਵਾਲੇ ਹੱਥ ਫਿਰ ਮੁੱਕੇ ਬਣ ਜਾਣਗੇ। ਮੁਕਤੀ ਦਾ ਅਹਿਸਾਸ ਪੀੜਤ ਅੌਰਤਾਂ ਨੂੰ ਸੰਘਰਸ਼ੀ ਪਹੇ ਤੇ ਲੈ ਕੇ ਜਾਵੇਗਾ। ਖੋਟੇ ਭਾਗਾਂ ਦੀ ਥਾਂ ਉਹ ਹਕੂਮਤ ਨੂੰ ਕਟਹਿਰੇ ’ਚ ਖੜ੍ਹਾ ਕਰਨਗੀਆਂ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਹਿਲਾ ਵਿੰਗ ਦੀ ਹਰਿੰਦਰ ਬਿੰਦੂ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਹੈ। ਜਦੋਂ ਸੰਘਰਸ਼ੀ ਇਕੱਠਾ ’ਚ ਉਹ ਬੋਲਦੀ ਹੈ ਤਾਂ ਸੁਣਨ ਵਾਲੀਆਂ ਅੌਰਤਾਂ ਦੇ ਅੰਦਰ ਲਾਵਾ ਫੁੱਟਣ ਲੱਗਦਾ ਹੈ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੀਆਂ ਵਿਧਵਾਵਾਂ ਨੂੰ ਪਿੰਡ ਪਿੰਡ ਇਕੱਠਾ ਕਰਕੇ ਉਨ੍ਹਾਂ ਨੂੰ ਇੱਕ ਲੜੀ ’ਚ ਪਰੋਣ ਦਾ ਯਤਨ ਕਰਦੀ ਹੈ।
                  ਉਹ ਹੰਝੂਆਂ ਨੂੰ ਛੱਡ ਕੇ ਹਕੂਮਤਾਂ ਤੋਂ ਹੱਕ ਮੰਗਣ ਦੇ ਗੁਰ ਵੀ ਸਿਖਾਉਂਦੀ ਹੈ।  ਪੰਜਾਬ ਦੇ ਬਹੁਤੇ ਪਿੰਡਾਂ ਦੀ ਜੂਹ ਬਿੰਦੂ ਲਈ ਹੁਣ ਓਪਰੀ ਨਹੀਂ ਹੈ। ਫ਼ਰੀਦਕੋਟ ਦੇ ‘ਸਰੂਤੀ ਕਾਂਡ’ ’ਚ ਬਿੰਦੂ ਨੇ ਅੌਰਤਾਂ ਦੀ ਲਾਮਬੰਦੀ ਕੀਤੀ ਸੀ। ਕੋਈ ਥਾਣਾ ਤੇ ਕੋਈ ਜੇਲ੍ਹ ਉਸ ਲਈ ਡਰ ਨਹੀਂ ਬਣਦੀ। ਕਿਸਾਨ ਧਿਰ ਵੱਲੋਂ ਬਿੰਦੂ ਨੂੰ ਇੱਕ ਮਾਰੂਤੀ ਕਾਰ ਦਿੱਤੀ ਹੋਈ ਹੈ ਜਿਸ ਤੇ ਇੱਕ ਸਪੀਕਰ ਲੱਗਾ ਹੋਇਆ ਹੈ। ਵਰ੍ਹਿਆਂ ਤੋਂ ਉਹ ਖ਼ੁਦ ਕਾਰ ਚਲਾ ਕੇ ਪੇਂਡੂ ਪੰਜਾਬ ਦੇ ਹਰ ਗਲੀ ਮਹੱਲੇ ਘੁੰਮ ਰਹੀ ਹੈ। ਬਿੰਦੂ ਦੱਸਦੀ ਹੈ ਕਿ ਉਸ ਨੇ ਕਾਫ਼ੀ ਇਨਕਲਾਬੀ ਸਹਿਤ ਪੜ੍ਹਿਆ ਹੈ ਜਿਸ ਨੇ ਉਸ ਦੇ ਰਾਹ ਮੋਕਲੇ ਕੀਤੇ ਹਨ। ਪੁਲੀਸ ਦੇ ਲਾਠੀਚਾਰਜ ਵੀ ਬਿੰਦੂ ਨੇ ਝੱਲੇ ਹਨ। ਜਦੋਂ ਅੰਮ੍ਰਿਤਸਰ ਇੰਗਲੈਂਡ ਦੀ ਮਹਾਰਾਣੀ ਆਈ ਸੀ ਤਾਂ ਉਦੋਂ ਬਿੰਦੂ ਦਾ ਸਿੱਧਾ ਪੇਚਾ ਪੁਲੀਸ ਨਾਲ ਪਿਆ। ਪੁਲੀਸ ਵੱਲੋਂ ਵਿਰੋਧ ’ਚ ਵਰ੍ਹਾਈ ਡਾਂਗ ਬਿੰਦੂ ਨੇ ਆਪਣੇ ਹੱਥ ਵਿਚ ਫੜ ਲਈ। ਉਸ ਨੇ ਪੁਲੀਸ ਨੂੰ ਲਲਕਾਰ ਮਾਰੀ ‘ ਮਹਾਰਾਣੀ ਲਈ ਰੈੱਡ ਕਾਰਪੈਟ ਤੇ ਪੰਜਾਬ ਦੀਆਂ ਧੀਆਂ ਲਈ ਡਾਂਗਾਂ।’ ਮਾਹੌਲ ਬਿੰਦੂ ਦੇ ਪੱਖ ’ਚ ਹੋ ਗਿਆ।
                   ਚਾਰ ਭੈਣਾਂ ਤੇ ਇੱਕ ਭਰਾ ਦੀ ਭੈਣ ਬਿੰਦੂ ਕੋਲ ਜਜ਼ਬਾ ਹੈ ਜੋ ਜਬਰ ਅੱਗੇ ਲਿਫਣ ਨਹੀਂ ਦਿੰਦਾ। ਉਸ ਨੇ ਕਰੀਬ ਦੋ ਦਰਜਨ ਪੇਂਡੂ ਅੌਰਤਾਂ ਨੂੰ ਚੰਗੇ ਬੁਲਾਰੇ ਬਣਾ ਦਿੱਤਾ ਹੈ। ਇਸ ਤੋਂ ਬਿਨ੍ਹਾਂ ਅੌਰਤਾਂ ਦੇ ਘਰੇਲੂ ਮਸਲੇ ਜਦੋਂ ਪੰਚਾਇਤਾਂ ਤੋਂ ਅੜ ਜਾਂਦੇ ਹਨ ਤਾਂ ਬਿੰਦੂ ਉਨ੍ਹਾਂ ਦੀ ਤੰਦ ਵੀ ਸੁਲਝਾ ਦਿੰਦੀ ਹੈ। ਬਿੰਦੂ ਨੇ ਆਪਣਾ ਦਿਨ ਤੇ ਰਾਤ ਵੀ, ਲੋਕ ਲਹਿਰ ਦੇ ਲੇਖੇ ਲਾਈ ਹੈ। ਉਸ ਦਾ ਬੇਟਾ ਅਜੀਬ ਪੰਜਵੀਂ ਕਲਾਸ ’ਚ ਪੜ੍ਹ ਰਿਹਾ ਹੈ। ਕਿਸਾਨ ਤੇ ਮਜ਼ਦੂਰ ਧਿਰਾਂ ਨੇ ਜਦੋਂ ਪੁਲੀਸ ਨੂੰ ਪੋਲਾ ਪਾਉਣਾ ਹੁੰਦਾ ਹੈ ਤਾਂ ਅੌਰਤਾਂ ਬਿੰਦੂ ਦੀ ਅਗਵਾਈ ’ਚ ਢਾਲ ਬਣਦੀਆਂ ਹਨ।  ‘ਉਹ ਮਾਈ ਭਾਗੋ ਦੀਆਂ ਵਾਰਸ ਹਨ ਤੇ ਰਾਣੀ ਝਾਂਸੀ ਵੀ ਬਣਨਾ ਜਾਣਦੀਆਂ ਹਨ।’ ਭਾਸ਼ਣਾਂ ’ਚ ਜਦੋਂ ਬਿੰਦੂ ਇਹ ਹਵਾਲੇ ਦਿੰਦੀ ਹੈ ਤਾਂ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਹਨ। ਨਰਮਾ ਪੱਟੀ ਵਿਚ ਖ਼ੁਦਕੁਸ਼ੀ ਪੀੜਤ ਪ੍ਰਵਾਰਾਂ ਦੀਆਂ ਅੌਰਤਾਂ ਦੀ ਲਾਮਬੰਦੀ ’ਚ ਇਸ ਮਹਿਲਾ ਵਿੰਗ ਦਾ ਵੱਡਾ ਯੋਗਦਾਨ ਹੈ। ਉਹ ਆਖਦੀ ਹੈ ਕਿ ਅੌਰਤਾਂ ਨੂੰ ਘਰਾਂ ਦੀ ਚਾਰਦੀਵਾਰੀ ਚੋਂ ਕੱਢ ਕੇ ਸੰਘਰਸ਼ੀ ਗੁਰ ਸਿਖਾ ਕੇ ਉਨ੍ਹਾਂ ਨੂੰ ਆਪਣੀ ਮੁਕਤੀ ਦੀ ਜ਼ਿੰਦਗੀ ਜੀਣ ਸਿਖਾਉਣਾ, ਇੱਕੋ ਮਿਸ਼ਨ ਹੈ। ਪੇਂਡੂ ਅੌਰਤਾਂ ਦਾ ਬਿੰਦੂ ’ਤੇ ਵੱਡਾ ਭਰੋਸਾ, ਇਸ ਮਿਸ਼ਨ ਦੀ ਇੱਕ ਵੱਡੀ ਪ੍ਰਾਪਤੀ ਵੀ ਹੈ।



Monday, January 15, 2018

                                                         ਅਨੋਖਾ ਫੈਸਲਾ..
                              ਮਾਂ ਭੈਣ ਦੀ ਗਾਲ੍ਹ ਕੱਢੀ ਤਾਂ ਹੋਵੇਗਾ ਜੁਰਮਾਨਾ !
                                                          ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ’ਚ ਹੁਣ ਕੋਈ ਮਾਂ ਭੈਣ ਦੀ ਗਾਲ੍ਹ ਕੱਢਣ ਦੀ ਹਿੰਮਤ ਨਹੀਂ ਕਰ ਸਕੇਗਾ। ਪਿੰਡ ਦੀ ਪੰਚਾਇਤ ਨੇ ਲੋਹੜੀ ਮੌਕੇ ਅੱਜ ਇਹ ਪਵਿੱਤਰ ਸੌਗਾਤ ਅੌਰਤਾਂ ਦੀ ਝੋਲੀ ਪਾਈ ਹੈ। ਸਮੁੱਚੇ ਪਿੰਡ ਨੇ ਪੰਚਾਇਤ ਦੀ ਹਾਜ਼ਰੀ ’ਚ ਇਹ ਸਹਿਮਤੀ ਦਿੱਤੀ ਕਿ ਅਗਰ ਕੋਈ ਮਾਂ ਭੈਣ ਦੀ ਗਾਲ੍ਹ ਕੱਢੇਗਾ ਤਾਂ ਉਸ ਨੂੰ ਪੰਜ ਸੌ ਰੁਪਏ ਜੁਰਮਾਨਾ ਕੀਤਾ ਜਾਵੇਗਾ। ਪੰਚਾਇਤੀ ਮਤਾ ਪਾਸ ਕੀਤਾ ਗਿਆ ਕਿ ਅਗਰ ਕੋਈ ਅਜਨਬੀ ਮਾਂ ਭੈਣ ਦੀ ਗਾਲ੍ਹ ਕੱਢਦਾ ਹੈ ਤਾਂ ਉਸ ਤੋਂ ਜੁਰਮਾਨਾ ਵਸੂਲ ਕੀਤਾ ਜਾਵੇਗਾ। ਜੇਕਰ ਅਜਨਬੀ ਦੂਸਰੀ ਦਫ਼ਾ ਗਾਲ੍ਹ ਕੱਢੇਗਾ ਤਾਂ ਉਸ ਦੇ ਪਿੰਡ ’ਚ ਦਾਖ਼ਲੇ ਤੇ ਪਾਬੰਦੀ ਲੱਗੇਗੀ। ਪੰਜਾਬ ਦਾ ਇਹ ਪਹਿਲਾ ਪਿੰਡ ਹੋਵੇਗਾ ਜਿਸ ਨੇ ਅੌਰਤਾਂ ਦੇ ਮਾਣ ਸਤਿਕਾਰ ’ਚ ਇਹ ਅਨੋਖਾ ਕਦਮ ਚੁੱਕਿਆ ਹੈ। ਪਿੰਡ ਦੇ ਹਰ ਪੁਰਸ਼ ਨੇ ਅੱਗੇ ਹੋਏ ਸਹਿਮਤੀ ਦਿੱਤੀ। ਪਿੰਡ ਹਿੰਮਤਪੁਰਾ ਵਿਚ ਪੰਜ ਮੈਂਬਰੀ ਪੰਚਾਇਤ ਹੈ ਜਿਸ ਵਿਚ ਤਿੰਨ ਅੌਰਤਾਂ ਸ਼ਾਮਲ ਹਨ। ਬਹੁਗਿਣਤੀ ਵੋਟਰ ਮਹਿਲਾਵਾਂ ਹਨ। ਅੱਜ ਪੰਚਾਇਤ ਨੇ ਪਿੰਡ ’ਚ ਧੀਆਂ ਦੀ ਲੋਹੜੀ ਮੌਕੇ ਸਮਾਗਮ ਕੀਤਾ ਜਿਸ ’ਚ ਇਹ ਫੈਸਲਾ ਲਏ ਗਏ ਹਨ। ਪੰਚਾਇਤ ਤਰਫ਼ੋਂ 11 ਮੈਂਬਰੀ ਅੌਰਤਾਂ ਦੀ ਕਮੇਟੀ ਬਣਾਈ ਗਈ ਹੈ ਜਿਸ ਦੀ ਚੇਅਰਮੈਨ ਪਿੰਡ ਦੀ ਸਰਪੰਚ ਹੋਵੇਗੀ। ਅੱਜ ਸਮਾਰੋਹਾਂ ਵਿਚ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ ਕਿ ਕੋਈ ਵੀ ਮਾਂ ਭੈਣ ਦੀ ਗਾਲ੍ਹ ਨਹੀਂ ਕੱਢੇਗਾ।
                 ਇਸ ਮੌਕੇ ਪੰਚਾਇਤ ਤਰਫ਼ੋਂ ‘ਸ਼ਗਨ ਸਕੀਮ’ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪੰਚਾਇਤ ਹਰ ਲੜਕੀ ਨੂੰ ਵਿਆਹ ਮੌਕੇ 5100 ਰੁਪਏ ਦਾ ਸ਼ਗਨ ਦੇਵੇਗੀ ਅਤੇ ਨਵਜੰਮੀ ਬੱਚੀ ਨੂੰ 1100 ਰੁਪਏ ਦਾ ਸ਼ਗਨ ਦਿੱਤਾ ਜਾਵੇਗਾ। ਦਾਨੀ ਸੱਜਣਾਂ ਨੇ ਇਨ੍ਹਾਂ ਫੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਫੌਰੀ ਮਾਲੀ ਮਦਦ ਦੇਣੀ ਸ਼ੁਰੂ ਕਰ ਦਿੱਤੀ। 11 ਮੈਂਬਰੀ ਕਮੇਟੀ ਨੂੰ ਅੱਜ ਮੌਕੇ ’ਤੇ ਸ਼ਗਨ ਸਕੀਮ ਲਈ ਬਾਬਾ ਅਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਨੇ 5100 ਰੁਪਏ,ਬਾਬੂ ਸਿੰਘ ਨੇ 5100 ਰੁਪਏ, ਹਰਮੀਤ ਸਿੰਘ ਤੇ ਗੁਰਮੇਲ ਸਿੰਘ ਨੇ ਗਿਆਰਾਂ ਗਿਆਰਾਂ ਸੌ ਰੁਪਏ,ਗੁਰਤੇਜ ਸਿੰਘ ਇੱਕ ਹਜ਼ਾਰ ਰੁਪਏ ਅਤੇ ਗੁਰਜੰਟ ਸਿੰਘ ਨੇ 500 ਰੁਪਏ ਵਿੱਤੀ ਮਦਦ ਵਜੋਂ ਦਿੱਤੇ। ਧੀਆਂ ਦੀ ਲੋਹੜੀ ਦੇ ਸਮਾਰੋਹਾਂ ’ਚ ਪੁੱਜੇ ਮੁੱਖ ਮਹਿਮਾਨ ਜਸਵੰਤ ਰਾਏ ਬੱਲ੍ਹੋ ਨੇ ਪੰਚਾਇਤ ਨੂੰ 11 ਹਜ਼ਾਰ ਅਤੇ ਅਗਾਂਹਵਧੂ ਮੱਛੀ ਪਾਲਕ ਰਾਜਬੀਰ ਸਿੰਘ ਰਾਜਾ ਨੇ ਵੀ 11 ਹਜ਼ਾਰ ਦੀ ਵਿੱਤੀ ਮਦਦ ਪੰਚਾਇਤ ਨੂੰ ਦਿੱਤੀ।ਦੱਸਣਯੋਗ ਹੈ ਕਿ ਇਸ ਪਿੰਡ ਦੇ ਹਰ ਘਰ ਦੇ ਬੂਹੇ ਅੱਗੇ ਅੌਰਤਾਂ ਦੇ ਨਾਮ ਦੀ ਨੇਮਪਲੇਟ ਲੱਗੀ ਹੋਈ ਹੈ। ਮਹਿਲਾ ਸਰਪੰਚ ਮਲਕੀਤ ਕੌਰ ਨੇ ਦੱਸਿਆ ਕਿ ਪਿੰਡ ਦਾ ਕਦੇ ਕੋਈ ਕੇਸ ਥਾਣੇ ਕਚਹਿਰੀ ਨਹੀਂ ਗਿਆ ਹੈ ਅਤੇ ਅੌਰਤਾਂ ਦੇ ਸਤਿਕਾਰ ’ਚ ਵਾਧੇ ਲਈ ਜੁਰਮਾਨਾ ਰੱਖਿਆ ਗਿਆ ਹੈ ਤਾਂ ਜੋ ਕਿਸੇ ਅੌਰਤ ਨੂੰ ਵੀ ਕੋਈ ਪੁਰਸ਼ ਮਾਂ ਭੈਣ ਦੀ ਗਾਲ੍ਹ ਨਾ ਕੱਢ ਸਕੇ।
                 ਸਮੁੱਚੇ ਪਿੰਡ ਦੇ ਸਹਿਯੋਗ ਨਾਲ ਸ਼ਗਨ ਸਕੀਮ ਦੀ ਸ਼ੁਰੂਆਤ ਕੀਤੀ ਹੈ। ਵਿਲੇਜ ਡਿਵੈਲਮੈਂਟ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਲੋਹੜੀ ਮੌਕੇ ਪੰਚਾਇਤ ਤਰਫ਼ੋਂ ਪੰਜ ਧੀਆਂ ਨੂੰ ਤੋਹਫ਼ੇ ਦਿੱਤੇ ਗਏ ਹਨ ਜਦੋਂ ਕਿ ਕਲੱਬ ਨੇ ਮਾਂ ਜਾਂ ਬਾਪ ਤੋਂ ਵਿਰਵੀਆਂ ਪੰਜ ਬੱਚੀਆਂ ਨੂੰ ਤੋਹਫ਼ੇ ਭੇਟ ਕੀਤੇ ਹਨ। ਸਾਬਕਾ ਸਰਪੰਚ ਹਮੀਰ ਕੌਰ ਅਤੇ ਪੰਚ ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਫੈਸਲੇ ਉਨ੍ਹਾਂ ਲੋਕਾਂ ਨੂੰ ਖ਼ਬਰਦਾਰ ਕਰਨਗੇ ਜੋ ਕਿ ਗੱਲ ਗੱਲ ’ਤੇ ਆਪਸੀ ਲੜਾਈ ਮੌਕੇ ਮਾਂ ਭੈਣ ਦੀ ਗਾਲ੍ਹ ਕੱਢਦੇ ਹਨ। ਪਿੰਡ ਦੇ ਕਲੱਬ ਆਗੂ ਸੁਖਪਾਲ ਸੁੱਖੀ ਤੇ ਦਲਬੀਰ ਸਿੰਘ ਨੇ ਦੱਸਿਆ ਕਿ ਗਾਲ੍ਹ ਤੇ ਪਾਬੰਦੀ ਲਾਏ ਜਾਣ ਨਾਲ ਲੜਾਈ ਝਗੜੇ ਟਲਣ ਵਿਚ ਮਦਦ ਮਿਲੇਗੀ ਅਤੇ ਪਿੰਡ ਦਾ ਮਾਹੌਲ ਹੋਰ ਸੁਖਾਵਾਂ ਬਣੇਗਾ। ਵੇਰਵਿਆਂ ਅਨੁਸਾਰ ਪਿੰਡ ਹਿੰਮਤਪੁਰਾ ਦੇ ਉਸਾਰੂ ਕਦਮਾਂ ਦੀ ਬਦੌਲਤ ਇੱਕ ਬੀਮਾ ਕੰਪਨੀ ਨੇ ਵੀ ਪਿੰਡ ਨੂੰ ਗੋਦ ਲੈਣ ਲਈ ਪਹੁੰਚ ਕੀਤੀ ਹੈ।