Sunday, June 20, 2021

                                              ਕੌਣ ਸੁਣੇ ਅਰਜੋਈ
                             ਧੀਆਂ ਕਿਉਂ ਜੰਮੀਆਂ ਨੀਂ ਮਾਏ..!
                                                ਚਰਨਜੀਤ ਭੁੱਲਰ     

ਚੰਡੀਗੜ੍ਹ : ਵੀਰਪਾਲ ਕੌਰ ਨੂੰ ਬੇਕਾਰੀ ਨੇ ਕਈ ਥਾਣੇ ਦਿਖਾ ਦਿੱਤੇ ਹਨ। ਉਮਰ ਤੋਂ ਲੰਮੇਰਾ ਉਸ ਨੇ ਸੰਘਰਸ਼ ਕੀਤਾ ਹੈ, ਜਿਸ ਦਾ ਕੋਈ ਮੁੱਲ ਨਹੀਂ ਪਿਆ। ਇੰਨੇ ਲਾਠੀਚਾਰਜ ਝੱਲ ਚੁੱਕੀ ਹੈ ਕਿ ਗਿਣਤੀ ਦਾ ਚੇਤਾ ਨਹੀਂ। ਗੱਠਜੋੜ ਹਕੂਮਤ ਨੇ ਇਸ ਧੀ ’ਤੇ ਇਰਾਦਾ ਕਤਲ ਦਾ ਪਰਚਾ ਪਾਇਆ। ਕੈਪਟਨ ਸਰਕਾਰ ਤੋਂ ਰੁਜ਼ਗਾਰ ਮੰਗਣ ਗਈ, ਅੱਗਿਓਂ ਲਾਠੀਆਂ ਦੀ ਬੁਛਾੜ ਮਿਲੀ। ਵੀਰਪਾਲ ਦੇ ਪਿਓ-ਦਾਦੇ ਨੇ ਤਾਂ ਕਦੇ ਥਾਣੇ ਕਚਹਿਰੀ ਦਾ ਮੂੰਹ ਨਹੀਂ ਵੇਖਿਆ ਸੀ। ਮਾਂ ਮਹਿੰਦਰ ਕੌਰ ਨੂੰ ਗਸ਼ ਪੈ ਜਾਂਦਾ, ਜਦੋਂ ਧੀ ਨੂੰ ਹਵਾਲਾਤ ’ਚ ਵੇਖਦੀ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਧਾਣਾ ਦੀ ਵੀਰਪਾਲ ਕੌਰ ਪੋਸਟ ਗਰੈਜੂਏਟ ਹੈ। ਉਸ ਕੋਲ ਈਟੀਟੀ ਅਤੇ ਬੀ.ਐੱਡ ਦੀ ਡਿਗਰੀ ਹੈ। ਸਾਲ 2003 ਵਿੱਚ ਉਸ ਨੇ ਈਜੀਐੱਸ ਵਜੋਂ ਇੱਕ ਹਜ਼ਾਰ ਰੁਪਏ ’ਤੇ ਕੰਮ ਸ਼ੁਰੂ ਕੀਤਾ। 16 ਸਾਲ ਸੰਘਰਸ਼ ਕਰਨ ਮਗਰੋਂ ਅੱਜ ਤਨਖਾਹ ਛੇ ਹਜ਼ਾਰ ਰੁਪਏ ਹੈ ਤੇ ਉਹ ਮਹਿਕਮੇ ਦੀ ਕੱਚੀ ਮੁਲਾਜ਼ਮ ਹੈ। ਪਿਤਾ ਦੀ ਮੌਤ ਹੋ ਗਈ ਹੈ ਅਤੇ ਕਿਰਾਏ ਦੇ ਮਕਾਨ ’ਚ ਜ਼ਿੰਦਗੀ ਬਸਰ ਕਰ ਰਹੀ ਹੈ। ਵੀਰਪਾਲ ਆਖਦੀ ਹੈ ਕਿ ਉਸ ਕੋਲ ਵਿੱਦਿਅਕ ਯੋਗਤਾ ਤਾਂ ਹੈ ਪਰ ਸਿਆਸੀ ਸਿਫਾਰਸ਼ ਨਹੀਂ। ਉਸ ਨੇ ਆਪਣੀ ਜ਼ਿੰਦਗੀ ਦਾ ਸੁਨਹਿਰੀ ਕਾਲ ਸੜਕਾਂ ’ਤੇ ਕੂਕ ਕੂਕ ਕੱਢ ਲਿਆ ਹੈ। ਉਸ ’ਤੇ ਦਸ ਦਫ਼ਾ ਪੁਲੀਸ ਦੀ ਡਾਂਗ ਵਰ੍ਹੀ ਹੈ। ਉਹ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੀ ਹੈ।

               ਬਲਾਕ ਮਲੋਟ ਦੇ ਪਿੰਡ ਰਾਣੀਵਾਲਾ ਦੀ ਰਾਜਵੀਰ ਕੌਰ ਕਿਸ ਮਹਾਰਾਜੇ ਦੇ ਦਰ ’ਤੇ ਜਾ ਕੇ ਰੋਵੇ। ਜਿੱਥੇ ਵੀ ਮੰਗ ਰੱਖੀ, ਲਾਠੀਆਂ ਮਿਲੀਆਂ। ਭਰਾ ਹਰਭਜਨ ਅੱਜ ਜਿਊਂਦਾ ਹੁੰਦਾ ਤਾਂ ਆਖਦਾ, ‘ਭੈਣੇ! ਤੈਨੂੰ ਪੁਲੀਸ ਦੀ ਕੁੱਟ ਖਾਣ ਲਈ ਨਹੀਂ ਪੜ੍ਹਾਇਆ।’ ਰਾਜਵੀਰ ਕੌਰ ਨੇ 16 ਜੂਨ ਨੂੰ ਮੁਹਾਲੀ ’ਚ ਸਿੱਖਿਆ ਬੋਰਡ ਦੀ ਇਮਾਰਤ ’ਤੇ ਸਲਫਾਸ ਖਾ ਲਈ ਸੀ। ਉਸ ਦੀ ਮਾਂ ਜਿਊਂਦੀ ਹੁੰਦੀ ਤਾਂ ਜ਼ਰੂਰ ਆਖਦੀ, ‘ਧੀਏ! ਤੈਨੂੰ ਸਲਫਾਸ ਖਾਣ ਲਈ ਨਹੀਂ ਜੰਮਿਆ ਸੀ।’ ਰਾਜਵੀਰ ਕੌਰ ਨੇ ਪਹਿਲਾਂ ਭੋਖੜਾ ’ਚ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ।ਰਾਜਵੀਰ ਦੇ ਪੇਟ ’ਚ ਅੱਠ ਮਹੀਨੇ ਦਾ ਬੱਚਾ ਸੀ, ਜਦੋਂ ਉਹ ਤਿੰਨ ਦਿਨ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਰਹੀ ਸੀ। ਉਹ ਗਰੈਜੂਏਟ ਹੈ ਤੇ ਈਟੀਟੀ ਤੇ ਐੱਨਟੀਟੀ ਪਾਸ ਹੈ। ਕਈ ਵਾਰ ਪਤੀ ਅੱਕ ਕੇ ਆਖ ਦਿੰਦੈ, ‘ਰਾਜਵੀਰ! ਥੋਡੀ ਕੋਈ ਸੁਣਦਾ ਤਾਂ ਹੈ ਨਹੀਂ, ਨਿੱਤ ਤੁਰ ਜਾਂਦੇ ਹੋ, ਇਵੇਂ ਚੱਲੇਗਾ ਤਾਂ ਘਰੇ ਨਾ ਆਇਓ।’ ਰੁਜ਼ਗਾਰ ਖ਼ਾਤਰ ਜਲੰਧਰ ਦੀ ਹਰਪ੍ਰੀਤ ਕੌਰ ਦੋ ਦਫ਼ਾ ਜੇਲ੍ਹ ਵੇਖ ਚੁੱਕੀ ਹੈ। ਪਾਣੀ ਦੀਆਂ ਬੁਛਾੜਾਂ ਅੱਗੇ ਕਈ ਵਾਰ ਅੜ ਚੁੱਕੀ ਹੈ। ਜਦੋਂ ਪੁਲੀਸ ਨੇ ਚੁਣੌਤੀ ਦਿੱਤੀ ਤਾਂ ਇਸ ਧੀ ਨੇ ਸਾਲ 2015 ਵਿੱਚ ਬਠਿੰਡਾ ਨਹਿਰ ਵਿੱਚ ਛਾਲ ਮਾਰ ਦਿੱਤੀ। 

               ਹਰਪ੍ਰੀਤ ਨਿੱਕੇ ਹੁੰਦੇ ਟੱਬ ਦੇ ਪਾਣੀ ਤੋਂ ਵੀ ਡਰ ਜਾਂਦੀ ਸੀ। ਸਿਰ ’ਤੇ ਆਣ ਪਈ ਤਾਂ ਨਹਿਰ ’ਚ ਕੁੱਦ ਪਈ। ਹਰਪ੍ਰੀਤ ਗਰੈਜੂਏਟ ਤੇ ਈਟੀਟੀ ਤੋਂ ਇਲਾਵਾ ਐੱਨਟੀਟੀ ਪਾਸ ਵੀ ਹੈ। ਉਹ 2008 ’ਚ ਬਤੌਰ ਏਆਈਈ ਭਰਤੀ ਹੋਈ। ਅੱਜ ਛੇ ਹਜ਼ਾਰ ਮਹੀਨੇ ’ਤੇ ਕੰਮ ਕਰ ਰਹੀ ਹੈ। ਉਸ ਦੀ ਧੀ ਪ੍ਰਨੀਤ ਕੌਰ ਵੀ ਪੰਦਰਾਂ ਵਰ੍ਹਿਆਂ ਦੀ ਹੈ। ਮਾਂ ਨੂੰ ਹਾਲੇ ਸਰਕਾਰ ਨੇ ਰੈਗੂਲਰ ਨਹੀਂ ਕੀਤਾ। ਬੱਚੀ ਪ੍ਰਨੀਤ ਨੂੰ ਜੁਆਕ ਸੁਆਲ ਕਰਦੇ ਨੇ, ‘ਤੇਰੀ ਮੰਮੀ ਜੇਲ੍ਹ ਕਿਉਂ ਗਈ ਸੀ।’ ਹਰਪ੍ਰੀਤ ਦੱਸਦੀ ਹੈ ਕਿ ਉਸ ਦੇ ਪੁਰਖਿਆਂ ’ਚੋਂ ਕੋਈ ਥਾਣੇ ਕਚਹਿਰੀ ਅੱਗਿਓਂ ਨਹੀਂ ਲੰਘਿਆ ਸੀ ਪਰ ਹਕੂਮਤਾਂ ਨੇ ਪਿਓ-ਦਾਦੇ ਦੀ ਵਿਰਾਸਤ ਨੂੰ ਦਾਗ਼ ਲਾ ਦਿੱਤਾ। ਹਰਪ੍ਰੀਤ ਕੌਰ ਅੱਜ ਵੀ ਮੁਹਾਲੀ ’ਚ ਸਿੱਖਿਆ ਵਿਭਾਗ ਦੀ ਇਮਾਰਤ ’ਤੇ ਸੰਘਰਸ਼ ਕਰਦੀ ਉੱਤਰੀ ਹੈ। ਹਰਪ੍ਰੀਤ ਕੌਰ ਦੀ ਮਾਂ ਤੀਰਥ ਕੌਰ ਕਹਿੰਦੀ ਹੈ, ‘ਮੈਂ ਮਰ ਕਿਉਂ ਨਹੀਂ ਗਈ, ਏਹ ਦਿਨ ਵੇਖਣ ਤੋਂ ਪਹਿਲਾਂ।’

               ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੀ ਕਿਰਨਜੀਤ ਕੌਰ ਦਾ ਦੁੱਖ ਏਨਾ ਵੱਡਾ ਹੈ ਕਿ ਉਸ ਨੂੰ ਜ਼ਿੰਦਗੀ ਭਰ ਆਪਣੇ ਹੱਥੋਂ ਕਿਰੀ ਬੱਚੀ ਦਾ ਮਲਾਲ ਰਹੇਗਾ। ਕਿਰਨਜੀਤ ਕੌਰ ਈਜੀਐੱਸ ਵਜੋਂ ਕੰਮ ਕਰ ਰਹੀ ਹੈ। ਹਰ ਸਰਕਾਰ ਦਾ ਉਸ ਨੇ ਲਾਠੀਚਾਰਜ ਝੱਲਿਆ ਹੈ। ਕਈ ਵਰ੍ਹੇ ਪਹਿਲਾਂ ਉਹ ਆਪਣੀ 14 ਮਹੀਨੇ ਦੀ ਧੀ ਰੂਥ ਨੂੰ ਗੋਦ ਵਿੱਚ ਬਿਠਾ ਕੇ ਧਰਨੇ ’ਤੇ ਬੈਠ ਗਈ ਸੀ। ਠੰਢੀਆਂ ਰਾਤਾਂ ਨੇ ਰੂਥ ਨੂੰ ਝਟਕਾ ਦੇ ਦਿੱਤਾ। ਮ੍ਰਿਤਕ ਬੱਚੀ ਦੀ ਦੇਹ ਸੜਕ ’ਤੇ ਰੱਖ ਇਨ੍ਹਾਂ ਅਧਿਆਪਕਾਂ ਨੇ ਸਰਕਾਰ ਨੂੰ ਹਲੂਣਾ ਦਿੱਤਾ। ਕਿਰਨਜੀਤ ਕੌਰ ਆਖਦੀ ਹੈ ਕਿ ਇੱਕ ਬੱਚੀ ਗੁਆ ਕੇ ਵੀ ਉਹ ਜ਼ਿੰਦਾ ਹੈ ਤਾਂ ਜੋ ਸਰਕਾਰਾਂ ਦਾ ਕਰੂਰ ਚਿਹਰਾ ਵੇਖ ਸਕੇ। ਉਹ ਆਖਦੀ ਹੈ ਕਿ ਜਿੰਨਾ ਸਮਾਂ ਜ਼ਿੰਦਗੀ ਹੈ, ਬੱਚੀ ਰੂਥ ਦਾ ਦੁੱਖ ਨਾਲ ਹੀ ਚੁੱਕਾਂਗੀ। ਇਸੇ ਤਰ੍ਹਾਂ ਦੀ ਕਹਾਣੀ ਹਜ਼ਾਰਾਂ ਧੀਆਂ ਦੀ ਹੈ, ਜਿਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਲਈ ਸਰਕਾਰ ਨੇ ਹੁਣ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਹੈ।

                                        ਕਦੇ ਲਾਰੇ ਤੇ ਕਦੇ ਵਾਅਦੇ ਮਿਲੇ

ਕੱਚਾ ਅਧਿਆਪਕ ਯੂਨੀਅਨ (ਪੰਜਾਬ) ਰੈਗੂਲਰ ਸੇਵਾਵਾਂ ਲਈ ਸੰਘਰਸ਼ੀ ਰਾਹ ’ਤੇ ਹੈ, ਜਿਸ ਵਿੱਚ ਸਿੱਖਿਆ ਪ੍ਰੋਵਾਈਡਰ/ ਈਜੀਐੱਸ/ ਏਆਈਈ/ ਐੱਸਟੀਆਰ/ ਆਈਈਵੀ ਸ਼ਾਮਲ ਹਨ। ਉਹ ਸਿੱਖਿਆ ਵਿਭਾਗ ਤੋਂ ਰੈਗੂਲਰ ਹੋਣ ਦੀ ਮੰਗ ਕਰ ਰਹੇ ਹਨ ਅਤੇ ਇਨ੍ਹਾਂ ਸਾਰੇ ਅਧਿਆਪਕਾਂ ਦੀ ਗਿਣਤੀ ਕਰੀਬ 10,724 ਹੈ। ਇਨ੍ਹਾਂ ਨੂੰ ਕਦੇ ਲਾਰੇ ਤੇ ਵਾਅਦੇ ਮਿਲੇ ਹਨ ਅਤੇ ਕਦੇ ਪੈਨਲ ਮੀਟਿੰਗ। ਅਸਲੀ ਮੰਗ ਨੂੰ ਕਿਸੇ ਸਰਕਾਰ ਨੇ ਕਬੂਲ ਨਹੀਂ ਕੀਤਾ। ਹੁਣ ਇਹ ਕੱਚੇ ਅਧਿਆਪਕ ਮੁਹਾਲੀ ਵਿੱਚ ਸੰਘਰਸ਼ੀ ਰਾਹ ’ਤੇ ਹਨ।

1 comment:

  1. ਗੱਲਾਂ ਕਰਦੇ ਹਨ ਪਤਾਲ ਦੀਆਂ ਜਮੀਨ ਵਿਚ ਏਨਾ ਦੀ ਜੜ ਕੋਈ ਨਾ ਹੁਣ ਤੱਕ 1947 ਤੋਂ ਲੈ ਕੇ ਇਹ ਸਰਮਾਇਦਾਰ ਲੋਕ ਲੋਕਾਂ ਨੂੰ ਝੂਠ ਮਾਰ ਕੇ ਲੁੱਟਦੇ ਵੀ ਰਹੇ ਤੇ ਠੱਗਦੇ ਵੀ ਰਹੇ ਅਸੀਂ ਲੋਕ ਮੂਰਖ ਸੀ ਮੂਰਖ ਹੈ ਤੇ ਮੂਰਖ ਹੀ ਰਹਾਂਗੇ ਜਿਨ੍ਹਾਂ ਚਿਰ ਸਾਡੇ ਵਿਚ ਸਾਡੀ ਜਮੀਰ ਨਹੀਂ ਜਾਗਦੀ ਕਿ ਕੁੱਛ ਨਹੀਂ ਹੋਣ ਵਾਲਾ

    ReplyDelete