Monday, June 21, 2021

                                                   ਵਿਚਲੀ ਗੱਲ
                                          ਤੇਲੀਆਂ ਵਾਲੀ ਸਰਕਾਰ
                                                 ਚਰਨਜੀਤ ਭੁੱਲਰ    

ਚੰਡੀਗੜ੍ਹ :  ਭਲਿਓ ! ਭਲਾ ਇੰਜ ਕੌਣ ਕਰੇਂਦਾ। ਨਾ ਬਣੋ ਮੂਰਖਾਂ ਦੇ ਜ਼ੈਲਦਾਰ। ਸਿਆਣਿਆਂ ਐਵੇਂ ਨਹੀਂ ਕਿਹਾ, ਸਰਕਾਰ ਦੇ ਘਰੋਂ ਤੇਲ ਮਿਲੇਂਦਾ ਹੋਵੇ, ਉਹ ਵੀ ਕੱਚੀ ਘਾਣੀ ਦਾ, ਨਾਲੇ ਮੁਫਤੋ ਮੁਫਤ। ਕੋਲੋਂ ਲੰਘਦੇ ਪਏ ਹੋਵੋੋ, ਭਾਂਡਾ ਕੋਲ ਨਾ ਵੀ ਹੋਵੇ, ਜੁੱਤੀ ’ਚ ਪਵਾ ਛੱਡੋ। ਦਸੌਂਧਾ ਸਿੰਘ ਪੁੱਛਦਾ ਪਿਐ, ‘ਜੇ ਪੈਰੋਂ ਨੰਗੇ ਹੋਈਏ’। ਮੂਰਖਦਾਸੋ! ਫੇਰ ਝੋਲੀ ਕਦੋਂ ਕੰਮ ਆਊ। ‘ਮੁਫ਼ਤ ਦੀ ਗਾਂ ਦੇ ਕੌਣ ਦੰਦ ਗਿਣਦੈ’। ਮਾਰ ਛੜੱਪੇ ਘਰ ਮੁੜ ਆਓ। ਜਿੰਨਾ ਕੁ ਬਚਿਆ, ਨਾਲੇ ਗਾਂ ਦੇ ਸਿੰਗ ਚਮਕਾਓ, ਬਾਕੀ ਜੁਆਕਾਂ ਦੀਆਂ ਬੋਦੀਆਂ ਨੂੰ ਲਾਓ। ‘ਈਦ ਹਰ ਰੋਜ਼ ਨਹੀਂ ਹੁੰਦੀ।’ ਬਜ਼ੁਰਗ ਲੱਖ ਪਏ ਆਖਣ, ‘ਮੁਫ਼ਤ ਨਾਲੋਂ ਮਹਿੰਗਾ ਕੁਝ ਨਹੀਂ ਹੁੰਦਾ।’ ਲੰਡੇ ਲਾਟ ਦੀ ਪ੍ਰਵਾਹ ਨਹੀਂਓ ਕਰਦੇ ਬਾਜਵੇ। ਸੱਚ ਪੁੱਛੋ ਤਾਂ ਦਿਲ ਕਾਦੀਆਂ ਜਾਣ ਨੂੰ ਕਰਦੈ। ਕਿਤੇ ਅੱਗਿਓਂ ਟੱਕਰ ਜਾਣ ਫਤਹਿਜੰਗ ਬਾਜਵਾ। ਪਹਿਲਾਂ ਸਾਹਮਣੇ ਖੜ੍ਹ ਨਿਹਾਰਾ, ਫੇਰ ਏਸ ਰੰਗਲੇ ਵਿਧਾਇਕ ਦੇ ਵਾਰੇ-ਵਾਰੇ ਜਾਵਾਂ। ਚੁੱਕ ਚਰਨਾਂ ਦੀ ਧੂੜ, ਸੌ ਵਾਰ ਮੱਥੇ ਨਾਲ ਲਾਵਾਂ। ਫਤਹਿਜੰਗ ਦੀ ਝੋਲੀ ਨੁਚੜਦੀ ਵੇਖ, ਅਸਾਂ ਲੱਖਣ ਲਾਇਆ, ਏਹ ਸੱਜਣ ਅਮਰਿੰਦਰ ਦੇ ਘਰੋਂ ਆਇਐ। ਮੁੰਡੇ ਟਾਵਰਾਂ ’ਤੇ ਚੜ੍ਹੇ ਰਹਿ ਗਏ। ਜੰਗ ਕੋਈ ਹੋਰ ਹੀ ਫ਼ਤਿਹ ਕਰ ਗਿਐ। ਕਾਦੀਆਂ ਦੀ ਸੱਥ ’ਚ ਢੋਲ ਵੱਜਿਐ। ਲਓ ਜੀ! ਬਾਜਵੇ ਦਾ ਮੁੰਡਾ ਥਾਣੇਦਾਰ ਜੋ ਸਜਿਐ।

             ‘ਪੀੜੇ ਬਿਨਾਂ ਤੇਲ ਨਹੀਂ ਨਿਕਲਦਾ।’ ਬਗਾਵਤ ਕਾਂਗਰਸ ਦੇ ਵਿਹੜੇ ਉੱਠ ਕੇ ਕਾਹਦਾ ਬੈਠੀ ਹੋਈ। ਕੋਹਲੂ ਸਿਸਵਾਂਪੁਰ ’ਚ ਚਲਾਉਣਾ ਪੈ ਗਿਆ। ਬਾਜਵਿਆਂ ਦਾ ਕਾਹਦਾ ਕਸੂਰ! ਮਜੀਠੀਏ ਐਵੇਂ ਚਿੱਕੜ ਸੁੱਟਦੇ ਨੇ। ਬਾਜਵੇ ਕੋਲੋਂ ਲੰਘਦੇ ਪਏ ਸਨ, ਹਕੂਮਤ ਦਾ ‘ਤੇਲੂ ਰਾਮ’ ਹੱਟੀ ਬੈਠਾ ਸੀ। ਬੱਸ ਫੇਰ ਕੀ ਸੀ, ਮੁਫ਼ਤ ਦੇ ਤੇਲ ਨੇ ਝੋਲੀ ਦਾ ਦਮ ਘੁੱਟ’ਤਾ। ਬਾਜਵੇ ਦੀ ਝੋਲੀ ਵੇਖ, ਲੁਧਿਆਣਵੀ ਵਿਧਾਇਕ ਰਾਕੇਸ਼ ਪਾਂਡੇ ਵੀ ਦੌੜਿਆ। ਸ਼ੁਕਰ ਐ! ਕੋਹਲੂ ਚੱਲਦਾ ਪਿਆ ਸੀ, ਜਨਾਬ ਪਾਂਡੇ ਨੇ ਖੀਸਾ ਅੱਗੇ ਕਰ’ਤਾ। ‘ਤੇਲੀਆਂ ਵਾਲੀ ਸਰਕਾਰ’ ਨੇ ਤੇਲ ਨਾਲ ਬੋਝਾ ਭਰ’ਤਾ।ਗੁਰ ਨਾਲ ਪ੍ਰੀਤ ਰੱਖਣ ਵਾਲਾ ਮੰਤਰੀ ਵਕਤੋਂ ਖੁੰਝ ਗਿਆ। ਝੋਲੀ ਅੱਡੀ ਰਹਿ ਗਈ..! ਮਾਲ ਬਿਨਾਂ ਕਾਹਦੇ ਮੰਤਰੀ। ਹੁਣ ਏਸ ਨੂੰ ਝੋਰਾ ਵੱਢ-ਵੱਢ ਖਾਂਦੈ, ਕਿਤੇ ਜਵਾਈ ਭਾਈ ਨਾ ਰੁੱਸ ਜਾਵੇ। ਮੁਫ਼ਤ ’ਚ ਵੰਡੇ ਤੇਲ ਦੀ ਬਿਨਾਂ ਧਾਰ ਵੇਖੇ, ਅਕਾਲੀਆਂ ਸਿਰ ’ਤੇ ਛੱਤ ਚੁੱਕ ਲਈ। ਪ੍ਰਧਾਨ ਜੀ ਛੱਤ ’ਤੇ ਚੜ੍ਹ ਲੱਗੇ ਰੌਲਾ ਪਾਉਣ। ਅਖ਼ੇ, ਵਿਧਾਇਕ ਫਤਹਿਜੰਗ ਬਾਜਵਾ ਦੇ ਮੁੰਡੇ ਨੂੰ ਥਾਣੇਦਾਰ, ਰਾਕੇਸ਼ ਪਾਂਡੇ ਦੇ ਮੁੰਡੇ ਨੂੰ ਨਾਇਬ ਤਹਿਸੀਲਦਾਰ ਕਾਹਤੋਂ ਲਾਇਐ। ‘ਜਿਸ ਦੀ ਤੇਗ, ਉਸ ਦੀ ਦੇਗ।’ ਅਮਰਿੰਦਰ ਦਬਦਾ ਕਿਥੇ ਐ..! ਜੁਆਬ ਸੁਣ ਕੇ ਜਾਇਓ, ਅਤਿਵਾਦ ਦੇ ਦੌਰ ’ਚ ਇਨ੍ਹਾਂ ਵਿਧਾਇਕਾਂ ਨੇ ਪਿਓ ਗੁਆਏ, ਤਾਹੀਂ ਦੋਵਾਂ ਦੇ ਲਾਡਲੇ ਨੌਕਰੀ ਲਾਏ।

              ਕੋਈ ਗਾਉਂਦਾ ਲੰਘ ਰਿਹੈ...‘ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਓ ਨੀਰ/ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ।’ ਭਰਾਵੋਂ! ਅਕਲਾਂ ਨੂੰ ਹੱਥ ਮਾਰੋ, ਸਰਕਾਰ ਦਾ ਏਡਾ ਵੱਡਾ ਭੰਡਾਰੈ, ਦੋ ਚਾਰ ਪੀਪੇ ਤੇਲ ਦੇ ਵੰਡ’ਤੇ, ਥੋਡਾ ਕਿਉਂ ਢਿੱਡ ਦੁੱਖਦੈ। ਵਿਰੋਧਦਾਸੋ! ਕੰਨ ਧਰ ਸੁਣੋ। ਭਾਈ! ਏਹ ਕਿਸਮਤ ਦੇ ਕੜਛੇ ਨੇ। 14 ਵਰ੍ਹੇ ਕੁ ਪਹਿਲਾਂ ਫਤਹਿਜੰਗ ਦੀ ਗਠੜੀ ’ਚ 17.71 ਕਰੋੜ ਦੀ ਮਾਇਆ ਸੀ। ਫੇਰ ਵੀ ਲੱਛਮੀ ਪਿੱਛਾ ਕਰਨਾ ਨਾ ਹਟੀ। ਅੱਜ ਏਸ ਲੋਕ ਸੇਵਕ ਕੋਲ 33.31 ਕਰੋੜ ਦੀ ਜਾਇਦਾਦ ਹੈ। ਹੁਣ ਬੱਕਰੀ ਵੀ ਨੋਟ ਨਹੀਂ ਖਾਂਦੀ। ‘ਕੌੜੀ ਨਿੰਮ ਨੂੰ ਲੱਗਣ ਪਤਾਸੇ, ਵਿਹੜੇ ਹਾਕਮਾਂ ਦੇ।’ ਪੁਰਾਣੇ ਵੇਲਿਆਂ ’ਚ ਸੁਣਦੇ ਸੀ ਕਿ ਵਿਆਹ ਮੌਕੇ ਕੁੜੀਆਂ ਸਿਹਰਾ ਪੜ੍ਹਦੀਆਂ। ਵਿਆਂਹਦੜ ਦੇ ਪਰਲੋਕ ਬੈਠੇ ਵਡੇਰਿਆਂ ਦੀ ਸਿਹਰੇ ’ਚ ਸਿਫ਼ਤ ਹੁੰਦੀ, ‘ਦਾਦਾ ਬੈਠ ਸਵਰਗ ਦੀ ਖਿੜਕੀ, ਵੇਖੋ ਕਿਵੇਂ ਫੁੱਲ ਵਰਸਾਂਵਦਾ ਏ।’ ਪਰਲੋਕ ’ਚ ਇਨ੍ਹਾਂ ਦਾਦਿਆਂ ਨੇ ਜ਼ਰੂਰ ਫੁੱਲ ਵਾਰੇ ਹੋਣਗੇ, ਆਖਰ ਪੋਤੇ ਅਫ਼ਸਰ ਜੋ ਬਣੇ ਨੇ। ਮਾਰਟਿਨ ਲੂਥਰ ਕਿੰਗ ਦੀ ਆਵਾਜ਼ ਕੰਨੀਂ ਪਈ ਐ... ‘ਨਾਇਨਸਾਫ਼ੀ ਕਿਤੇ ਵੀ ਹੋ ਰਹੀ ਹੋਵੇ, ਉਹ ਦੁਨੀਆ ਭਰ ਦੇ ਇਨਸਾਫ ਲਈ ਖ਼ਤਰਾ ਹੁੰਦੀ ਹੈ।’

            ਔਹ ਨਵਜੋਤ ਸਿੱਧੂ ਕਿਧਰੋਂ ਆ ਟਪਕੇ, ਓ ਗੁਰੂ! ਏਹ ਕੋਹਲੂ ਐਵੇਂ ਨਹੀਂ ਹੋਇਆ ਸ਼ੁਰੂ। ਦਸੌਂਧਾ ਸਿੰਘ ਚੁੱਪ ਨਹੀਂ ਰਹਿ ਸਕਦਾ... ਭਾਈ ਗੁਰੂ! ਫੱਤੋ ਦੇ ਭੈੜੇ-ਭੈੜੇ ਯਾਰਾਂ ਬਾਰੇ ਤਾਂ ਚਾਣਨਾ ਪਾਓ। ਪਰਗਟ ਸਿੰਘ ਕੰਨ ’ਚ ਦੱਸ ਰਿਹੈ, ‘ਏਹ ਸਾਰਾ ਸਾਧ ਦੀ ਭੂਰੀ ’ਤੇ ’ਕੱਠ ਹੈ।’ ਕਿਤੇ ਹਾਜ਼ਰ ਹੁੰਦੇ, ਵੱਡੇ ਬਾਦਲ ਜ਼ਰੂਰ ਆਖਦੇ... ਚਲੋ ਛੱਡੋ ਜੀ! ਅਮਰਿੰਦਰ ਜ਼ਿੱਦ ਛੱਡ ਕੇ, ਅਕਾਲੀਆਂ ਤੋਂ ਹੀ ਸਿੱਖ ਲੈਂਦੇ, ਰੌਲਾ ਤਾਂ ਨਾ ਪੈਂਦਾ। ਗੱਠਜੋੜ ਸਰਕਾਰ ਦੇ ਆਖਰੀ ਵਰ੍ਹੇ। ਨੇੜਲਿਆਂ ਦੇ ਕਈ ਜੁਆਕਾਂ ਨੂੰ ਚੋਰ ਦਰਵਾਜ਼ੇ ਏਐੱਸਆਈ/ਸਬ ਇੰਸਪੈਕਟਰ ਬਣਾ’ਤਾ ਸੀ। ਕਿੱਧਰੇ ਕੋਈ ਭਾਫ ਨਹੀਂ ਨਿਕਲੀ। ਮੁਨਸ਼ੀ ਪ੍ਰੇਮ ਚੰਦ ਦਾ ਪ੍ਰੇਮ ਵਾਕ ਸੁਣੋ...‘ਪ੍ਰਸਿੱਧੀ ਸਫ਼ੈਦ ਪਹਿਰਾਵੇ ਵਰਗੀ ਹੁੰਦੀ ਹੈ ਜਿਸ ’ਤੇ ਪਿਆ ਛੋਟਾ ਜੇਹਾ ਦਾਗ ਵੀ ਛੁਪਾਇਆ ਨਹੀਂ ਜਾ ਸਕਦਾ।’ ਕੈਪਟਨ ਦੀ ਚਿੱਟੀ ਚਾਦਰ ’ਤੇ ਪਹਿਲਾਂ ਛਿੱਟਾ ਉਦੋਂ ਪਿਆ, ਜਦੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਸਿੱਧਾ ਡੀਐੱਸਪੀ ਬਣਾ’ਤਾ। ਐਵਰੈਸਟ ਚੋਟੀ ਦੇ ਖਿਡਾਰੀ ਆਖ, ਇੱਕ ਪੀਸੀਐੱਸ ਅਫਸਰ ਦੇ ਮੁੰਡੇ, ਦੂਜਾ ਪਟਿਆਲੇ ਦੇ ਕਾਂਗਰਸੀ ਦੇ ਮੁੰਡੇ ਨੂੰ ਵੀ ਡੀਐੱਸਪੀ ਲਾ’ਤਾ। ਹੁਣ ਚੱਲ ਸੋ ਚੱਲ, ਨਵਾਂ ਕੋਹਲੂ ਕਾਹਦਾ ਚੱਲਿਐ, ਚਾਦਰ ਸਤਰੰਗੀ ਹੋ ਗਈ। ਪ੍ਰਸ਼ਾਂਤ ਕਿਸ਼ੋਰ ਨੇ ਸੁਨੇਹਾ ਲਾਇਐ, ਬਾਦਸ਼ਾਹੋ! ਫਿਕਰ ਛੱਡੋ, ਨਿਰਮਾ ਪਾਊਡਰ ਲੈ ਕੇ ਆ ਰਿਹਾ।

              ਛੱਜੂ ਰਾਮ ਕੀਰਤਨ ਸੁਣ ਰਿਹੈ...‘ਰੱਜਿਆਂ ਨੂੰ ਭਰਦੀ ਦੁਨੀਆ, ਪੁੱਛਦਾ ਕੌਣ ਗਰੀਬਾਂ ਨੂੰ।’ ਪਿੰਡ ਮੰਡਾਲੀ (ਮਾਨਸਾ) ਦਾ ਹਰਭਜਨ ਸਿੰਘ 21 ਵਰ੍ਹੇ ਪਹਿਲਾਂ ਕਸ਼ਮੀਰ ’ਚ ਸ਼ਹੀਦ ਹੋਇਆ। ਉਦੋਂ ਸ਼ਹੀਦ ਦਾ ਬੱਚਾ ਰਣਜੀਤ ਤਿੰਨ ਵਰ੍ਹਿਆਂ ਦਾ ਸੀ। ਐੱਮਏ, ਈਟੀਟੀ ਤੇ ਟੈੱਟ ਪਾਸ ਰਣਜੀਤ ਨੇ ਹੁਣ ਜਦੋਂ ਨੌਕਰੀ ਮੰਗੀ। ‘ਤੇਲੀਆਂ ਦੀ ਸਰਕਾਰ’ ਦਾ ਤਰਕ ਸੁਣੋ, ਬਾਪ ਦੀ ਸ਼ਹੀਦੀ ਨੂੰ ਲੰਮਾ ਸਮਾਂ ਹੋ ਗਿਆ, ਹੁਣ ਨਹੀਂ ਦੇ ਸਕਦੇ ਨੌਕਰੀ। ਕਾਸ਼! ਰਣਜੀਤ ਵੀ ਕਿਸੇ ਬਾਜਵੇ ਦਾ ਮੁੰਡਾ ਹੁੰਦਾ। ਯਾਦਾਂ ’ਚ ਮਹਾਰਾਜਾ ਰਣਜੀਤ ਸਿੰਘ ਆ ਘੁੰਮੇ ਨੇ। ਆਓ ਪਹਿਲਾਂ ਕਿੱਸਾ ਸੁਣਾਈਏ। ਕੇਰਾਂ ਰਾਜਾ ਰਣਜੀਤ ਸਿੰਘ, ਹਾਥੀ ’ਤੇ ਚੜ੍ਹ ਕਿਸੇ ਪਿੰਡ ’ਚੋਂ ਲੰਘ ਰਹੇ ਸਨ। ਇੱਕ ਪਰਚੂਨ ਦੀ ਹੱਟੀ ’ਤੇ ਬੈਠਾ ਮੁੰਡਾ ਦੇਖਿਆ। ਸ਼ੇਰ-ਏ-ਪੰਜਾਬ ਤੱਕੜੀ ਤੋਲਦੇ ਮੁੰਡੇ ਦਾ ਸਰੀਰ ਦੇਖ ਬੋਲੋ, ਜਵਾਨਾ! ਤੇਰੇ ਡੌਲੇ ਬੜੇ ਮਜ਼ਬੂਤ ਨੇ, ਤੂੰ ਜਰਨੈਲ ਬਣ ਸਕਦੈ। ਬਾਣੀਆਂ ਦੇ ਮੁੰਡੇ ਨੇ ਹੱਥ ਜੋੜੇ, ਬਾਦਸ਼ਾਹ ਸਲਾਮਤ! ਐਵੇਂ ਥੋਨੂੰ ਭੁਲੇਖਾ ਲੱਗ ਗਿਆ। ਉਹ ਜਰਨੈਲ ਮੋਹਕਮ ਚੰਦ ਸੀ ਜਿਸ ਨੇ ਮਹਾਰਾਜੇ ਦੀ ਮੌਤ ਪਿੱਛੋਂ, ਫਿਲੌਰ ਦੇ ਕਿਲੇ ’ਤੇ ਬੈਠ ਅੰਗਰੇਜ਼ ਖੰਘਣ ਨਹੀਂ ਦਿੱਤੇ ਸਨ।

             ਅੱਜ ਪੰਜਾਬ ਕਪਲਾ ਗਊ ਬਣਿਐ। ਸਿਆਸੀ ਜੌਹਰੀ ‘ਸੂਰਮਾ ਸਿੰਘ’ ਬਣੇ ਨੇ। ‘ਅੰਨ੍ਹਾ ਵੰਡੇ ਸ਼ੀਰਨੀ..!’ ਕਿਸੇ ਵਜ਼ੀਰ ਦਾ ਮੁੰਡਾ ਚੇਅਰਮੈਨ ਬਣਿਐ, ਕਿਸੇ ਦਾ ਐੱਮਡੀ। ‘ਘਰ-ਘਰ ਨੌਕਰੀ’ ਦੇ ਹੱਕਦਾਰ, ਕੂਕਦੇ ਪਏ ਨੇ। ਹੱਕ ਲਈ ਪਟਿਆਲਾ ’ਚ ਨੇਤਰਹੀਨਾਂ ਨੇ ਵੀ ਛੈਣੇ ਖੜਕਾਏ। ਇਨ੍ਹਾਂ ਵਾਰੀ ਰੁਜ਼ਗਾਰ ਵਾਲਾ ਲੰਗਰ ਮਸਤਾਨਾ ਹੋਇਐ। ਕਿਸਾਨ ਬਾਪ ਬਿਨਾਂ ਗੱਲੋਂ ਦਿੱਲੀ ’ਚ ਨਹੀਂ ਗੱਜ ਰਹੇ। ਸਿਆਣੇ ਆਖਦੇ ਹਨ, ‘ਜਿਹੜਾ ਪਹਿਲਾਂ ਹੀ ਗਿੱਲਾ ਹੋਵੇ, ਉਸ ਨੂੰ ਮੀਂਹ ਦੀ ਪ੍ਰਵਾਹ ਨਹੀਂ ਹੁੰਦੀ।’ ‘ਤਰਸ ਦਾ ਆਧਾਰ’ ਕਿਸੇ ਲਈ ਮਿੱਟੀ, ਕਿਸੇ ਲਈ ਸੋਨਾ ਬਣਦੈ। ਸਰਕਾਰੀ ਮੁਲਾਜ਼ਮਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਵੰਡਣ ਵੇਲੇ, ਮੰਤਰੀ ਢੋਲ ਵਜਾਉਂਦੇ ਨੇ। ਸਮਾਰੋਹ ਰਚਾਉਂਦੇ ਨੇ, ਚੌਕੀਦਾਰੀ ਤੇ ਬੇਲਦਾਰੀ ਦੇ ਪੱਤਰ ਫੜਾਉਂਦੇ ਨੇ। ਕੋਈ ਸਿਆਸੀ ਕਾਨੂੰਗੋ ਨਹੀਂ ਦੱਸੇਗਾ, ਬਈ! ਜਦੋਂ ਰਾਕੇਸ਼ ਪਾਂਡੇ ਸਾਬਕਾ ਵਿਧਾਇਕ ਬਣੂ, ਉਸ ਨੂੰ ਪੌਣੇ ਤਿੰਨ ਲੱਖ ਚੜ੍ਹੇ ਮਹੀਨੇ ਪੈਨਸ਼ਨ ਮਿਲੂ। ਮੁੰਡਾ ਨਾਇਬ ਤਹਿਸੀਲਦਾਰ ਬਣਿਐ। ਪਾਂਡੇ ਪਰਿਵਾਰ ਲਈ ਤਾਂ ਇਨਕਲਾਬ ਆ ਗਿਐ। ਕਾਮਰੇਡ ਆਖਦੇ ਨੇ, ਉੱਚੀਆਂ ਸਟੇਜਾਂ ’ਤੇ ਚੜ੍ਹ ਕੇ ਵੀ ਨਾਅਰੇ ਬਹੁਤ ਮਾਰੇ, ਇਨਕਲਾਬ ਕਿਤੇ ਨਜ਼ਰ ਨਹੀਂ ਪਿਆ। ਕਿਸੇ ਨੇ ਮਸ਼ਵਰਾ ਦਿੱਤਾ, ਕਾਮਰੇਡੋ! ਹਾਥੀ ’ਤੇ ਚੜ੍ਹ ਕੇ ਦੇਖ ਲਓ। ਕਿਸੇ ਬੰਨ੍ਹਿਓ ਹੇਕ ਗੂੰਜਣ ਲੱਗੀ ਹੈ...‘ਨਿੱਤ ਬਰ੍ਹਮੇ ਜਲ ਪਾਵਾਂ, ਵੇ ਵੀਰਾ ਤੇਰੀ ਜੜ੍ਹ ਲੱਗ ਜਾਏ।’

4 comments:

  1. ਬਾਈ ਜੀ, ਤਸੱਲੀ ਕਰਾਈ ਪਈ ਐ।👍👍👍

    ReplyDelete
  2. ਮੁਫ਼ਤ ਨਾਲ਼ੋਂ ਮਹਿੰਗਾ ਕੁਝ ਨੀ ਹੁੰਦਾ ਬਹੁਤ ਵਧੀਆਂ ਵੀਰ

    ReplyDelete
  3. ਬਹੁਤ ਵਧੀਆ ਭੁੱਲਰ ਸਾਹਿਬ, ਤੁਹਾਡੀ ਕਲਮ ਤੋਂ ਹੀ ਇਹ ਉਮੀਦ ਸੀ। ਸ਼ਰਮ ਹਯਾ ਦੀ ਵੀ ਕੋਈ ਹੱਦ ਹੁੰਦੀ ਐ ਪਰ ਇਨ੍ਹਾਂ ਨੇ ਤਾਂ ਸ਼ਰਮ ਦੀ ਲੋਈ ਲਾਹ ਕੇ ਰੱਖੀ ਹੋਈ ਐ। ਪਰ ਲੋਕਾਂ ਕੋਲ ਹੁਣ ਬਿਨ੍ਹਾਂ ਖੰਡਾ ਖੜਕਾਉਣ ਦੇ ਕੋਈ ਚਾਰਾ ਨਹੀਂ ਰਹਿ ਗਿਆ। ਪਰ ਦਰੀਆਂ ਬਿਛਾਉਣ ਵਾਲੀ ਜਨਤਾ ਨਹੀਂ ਸੁਧਰ ਸਕਦੀ। ਉਹਨਾਂ ਨੂੰ ਲਗਦੈ ਬੀ ਸ਼ਾਇਦ ਕਦੇ ਨਾ ਕਦੇ ਤਾਂ ਭਲਾ ਹੋਵੇਗਾ ਪਰ ਉਹ ਇਨ੍ਹਾਂ ਦੀਆਂ ਗਿੱਦੜ ਚਾਲਾਂ ਨੂੰ ਨਹੀਂ ਜਾਣਦੇ। ਛੋਟੀ ਛੋਟੀ ਉਮਰ ਦੇ ਫੌਜੀ ਭਰਾ ਬਾਡਰਾਂ ਤੇ ਸ਼ਹੀਦ ਹੋ ਰਹੇ ਹਨ ਉਨ੍ਹਾਂ ਦੇ ਵਾਰਸਾਂ ਦਾ ਹੱਕ ਪਹਿਲਾਂ ਹੋਣਾ ਚਾਹੀਦਾ ਪਰ ਇਹ ਰਾਜਨੀਤਕ ਲੋਕ ਆਪਣਾ ਭਲਾ ਪਹਿਲਾਂ ਕਰਦੇ ਆ। ਰੱਬ ਭਲੀ ਕਰੇ ਇਹਨਾਂ ਨੂੰ ਸੁਮੱਤ ਬਖਸ਼ੇ।

    ReplyDelete