Showing posts with label Job. Show all posts
Showing posts with label Job. Show all posts

Monday, December 25, 2023

                                                      ਕਲਯੁਗੀ ‘ਕ੍ਰਿਸ਼ਮਾ’ 
                                           ਹੰਸ ਨੇ ਚੁਗੇ ਸਰਕਾਰੀ ਮੋਤੀ ! 
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦੇ ਇੱਕ ਮੁਲਾਜ਼ਮ ਪਰਿਵਾਰ ਨੇ ਸੱਚਮੁੱਚ ‘ਕ੍ਰਿਸ਼ਮਾ’ ਕਰ ਦਿਖਾਇਆ ਹੈ ਜਿਨ੍ਹਾਂ ਦਾ ਮੁਖੀਆ ਮੈਂਬਰ ਇੱਕੋ ਵੇਲੇ ਦੋ-ਦੋ ਵਿਭਾਗਾਂ ’ਚ ਨੌਕਰੀ ਕਰਦਾ ਰਿਹਾ। ਉਸ ਨੇ ਇੱਕ ਸਮੇਂ ਦੋ-ਦੋ ਤਨਖ਼ਾਹਾਂ ਲਈਆਂ। ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਦੇ ਪਰਿਵਾਰ ਨੇ ਤਰਸ ਦੇ ਆਧਾਰ ’ਤੇ ਦੋ ਸਰਕਾਰੀ ਨੌਕਰੀਆਂ ਵੀ ਲਈਆਂ। ਨਾਲੇ ਇੱਕੋ ਵੇਲੇ ਦੋ ਪੈਨਸ਼ਨਾਂ ਲਈਆਂ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਕੀਤੀ ਪੜਤਾਲ ’ਚ ਇਹ ਘਪਲੇਬਾਜ਼ੀ ਬੇਪਰਦ ਹੋਈ ਹੈ ਜਿਸ ’ਚ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਵੀ ਲੱਗਿਆ ਹੈ।

         ਗੁਰਦਾਸਪੁਰ ਦੇ ਪਿੰਡ ਤਾਰਾਗੜ੍ਹ ਦੇ ਕੁਲਦੀਪ ਸਿੰਘ ਨੇ ਪਹਿਲੀ ਅਪਰੈਲ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਭੇਜ ਕੇ ਇਸ ਘਪਲੇ ’ਤੇ ਉਂਗਲ ਧਰੀ ਸੀ। ਵਿਜੀਲੈਂਸ ਬਿਊਰੋ ਨੇ 2 ਜੂਨ 2023 ਨੂੰ ਪੱਤਰ ਨੰਬਰ 23042 ਤਹਿਤ ਇਹ ਸ਼ਿਕਾਇਤ ਜਲ ਸਰੋਤ ਵਿਭਾਗ ਨੂੰ ਪੜਤਾਲ ਲਈ ਭੇਜ ਦਿੱਤੀ ਸੀ। ਜਲ ਸਰੋਤ ਵਿਭਾਗ ਦੀ ਸ਼ਿਕਾਇਤ ਸ਼ਾਖਾ ਦੇ ਕਾਰਜਕਾਰੀ ਇੰਜੀਨੀਅਰ ਨੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਅਤੇ 14 ਨਵੰਬਰ ਨੂੰ ਪੜਤਾਲ ਪ੍ਰਮੁੱਖ ਸਕੱਤਰ ਨੂੰ ਸੌਂਪ ਦਿੱਤੀ।

         ਜਲ ਸਰੋਤ ਵਿਭਾਗ ਨੇ 15 ਦਸੰਬਰ 2023 ਨੂੰ ਟਰਾਂਸਪੋਰਟ ਵਿਭਾਗ ਨੂੰ ਵੀ ਪੜਤਾਲ ਦਾ ਹਵਾਲਾ ਦੇ ਕੇ ਕਾਰਵਾਈ ਲਈ ਲਿਖ ਦਿੱਤਾ। ਪੜਤਾਲ ਰਿਪੋਰਟ ਅਨੁਸਾਰ ਗੁਰਦਾਸਪੁਰ ਦੇ ਮਹੱਲਾ ਸੁੰਦਰ ਨਗਰ ਦੇ ਹੰਸ ਰਾਜ ਨੇ ਜਲ ਸਰੋਤ ਵਿਭਾਗ ਦੀ ਮਾਧੋਪੁਰ ਡਵੀਜ਼ਨ ਵਿਚ 1 ਮਈ 1975 ਨੂੰ ਜੁਆਇਨ ਕੀਤਾ ਸੀ ਅਤੇ ਉਹ 14 ਜਨਵਰੀ 2002 (ਮੌਤ ਹੋਣ ਤੱਕ) ਤੱਕ ਸਰਕਾਰੀ ਨੌਕਰੀ ’ਤੇ ਬਤੌਰ ਮੇਟ ਕੰਮ ਕਰਦਾ ਰਿਹਾ। ਇਸੇ ਤਰ੍ਹਾਂ ਹੰਸ ਰਾਜ ਨੇ 21 ਜਨਵਰੀ 1997 ਨੂੰ ਪੰਜਾਬ ਰੋਡਵੇਜ਼ ਦੇ ਜਲੰਧਰ ਡਿਪੂ-1 ਵਿਚ ਨੌਕਰੀ ਜੁਆਇਨ ਕੀਤੀ ਅਤੇ ਉਹ ਮੌਤ ਹੋਣ ਤੱਕ ਡਿਊਟੀ ਕਰਦਾ ਰਿਹਾ।

         ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਗੁਰਦਾਸਪੁਰ ਨੇ ਵੀ 9 ਨਵੰਬਰ 2023 ਨੂੰ ਪੱਤਰ ਭੇਜ ਕੇ ਸਪਸ਼ਟ ਕੀਤਾ ਕਿ ਹੰਸ ਰਾਜ ਇੱਕੋ ਸਮੇਂ ਦੋ ਜਗ੍ਹਾ ਨੌਕਰੀ ਕਰਦਾ ਰਿਹਾ, ਇੱਕ ਨੌਕਰੀ ਜਲ ਸਰੋਤ ਵਿਭਾਗ ’ਚ ਅਤੇ ਦੂਸਰੀ ਨੌਕਰੀ ਟਰਾਂਸਪੋਰਟ ਵਿਭਾਗ ਵਿਚ। ਪੱਤਰ ਅਨੁਸਾਰ ਜਦੋਂ ਹੰਸ ਰਾਜ ਦੀ ਮੌਤ ਹੋ ਗਈ ਤਾਂ ਪਰਿਵਾਰ ਦੋਵਾਂ ਵਿਭਾਗਾਂ ਤੋਂ ਪੈਨਸ਼ਨ ਦੇ ਲਾਭ ਵੀ ਲੈ ਰਿਹਾ ਹੈ। ਪੜਤਾਲ ਤੋਂ ਪਤਾ ਲੱਗਦਾ ਹੈ ਕਿ ਹੰਸ ਰਾਜ ਦੇ ਦੋ ਵਿਆਹ ਸਨ।

       ਜਦੋਂ ਹੰਸ ਰਾਜ ਦੀ ਮੌਤ ਹੋ ਗਈ ਤਾਂ ਉਸ ਦੀ ਪਤਨੀ ਸ਼ਾਨੋ ਦੇਵੀ ਨੇ ਤਰਸ ਦੇ ਆਧਾਰ ’ਤੇ 27 ਜੁਲਾਈ 2005 ਨੂੰ ਜਲ ਸਰੋਤ ਵਿਭਾਗ ਵਿਚ ਬੇਲਦਾਰ ਦੀ ਅਸਾਮੀ ’ਤੇ ਜੁਆਇਨ ਕਰ ਲਿਆ ਅਤੇ ਇਸ ਵੇਲੇ ਸ਼ਾਨੋ ਦੇਵੀ ਕੰਡੀ ਏਰੀਆ ਡੈਮ ਮੈਂਟੀਨੈੱਸ ਡਵੀਜ਼ਨ ਨੰਬਰ-ਇੱਕ ਵਿਚ ਤਾਇਨਾਤ ਹੈ। ਇਸੇ ਤਰ੍ਹਾਂ ਮਰਹੂਮ ਹੰਸ ਰਾਜ ਦੇ ਪੁੱਤਰ ਗੁਰਪਾਲ ਸਿੰਘ ਜੋ ਕਿ ਪਹਿਲੀ ਪਤਨੀ ਦਾ ਪੁੱਤਰ ਹੈ, ਨੇ ਸਾਲ 2009 ਵਿਚ ਆਪਣੇ ਬਾਪ ਹੰਸ ਰਾਜ ਦੀ ਥਾਂ ’ਤੇ ਤਰਸ ਦੇ ਆਧਾਰ ’ਤੇ ਟਰਾਂਸਪੋਰਟ ਵਿਭਾਗ ’ਚ ਬਤੌਰ ਕੰਡਕਟਰ ਨੌਕਰੀ ਲੈ ਲਈ।

          ਰਿਪੋਰਟ ਅਨੁਸਾਰ ਗੁਰਪਾਲ ਸਿੰਘ ਇਸ ਵੇਲੇ ਪੰਜਾਬ ਰੋਡਵੇਜ਼ ਦੇ ਬਟਾਲਾ ਡਿਪੂ ਵਿਚ ਬਤੌਰ ਕੰਡਕਟਰ/ਸਬ ਇੰਸਪੈਕਟਰ ਨੌਕਰੀ ਕਰ ਰਿਹਾ ਹੈ। ਪੜਤਾਲ ਅਨੁਸਾਰ ਇਹ ਪਰਿਵਾਰ ਦੋ ਫੈਮਲੀ ਪੈਨਸ਼ਨਾਂ ਵੀ ਲੈ ਰਿਹਾ ਹੈ। ਪੜਤਾਲ ਦੌਰਾਨ ਗੁਰਪਾਲ ਸਿੰਘ ਨੂੰ ਸੱਦਿਆ ਗਿਆ ਪ੍ਰੰਤੂ ਉਹ ਹਾਜ਼ਰ ਨਹੀਂ ਹੋਇਆ। ਪੜਤਾਲ ਵਿਚ ਸ਼ਿਕਾਇਤਕਰਤਾ ਵੱਲੋਂ ਲਗਾਏ ਦੋਸ਼ ਸਾਬਤ ਹੋ ਗਏ ਹਨ। ਦੇਖਣ ਵਾਲੀ ਗੱਲ ਹੈ ਕਿ ਸਰਕਾਰ ਦੇ ਕਿਸੇ ਆਡੀਟਰ ਦੇ ਇਹ ਮਾਮਲਾ ਧਿਆਨ ਵਿਚ ਨਹੀਂ ਆਇਆ।

                                 ਡਬਲ ਤਨਖ਼ਾਹ ਦੀ ਰਿਕਵਰੀ ਹੋਵੇ : ਪ੍ਰਮੁੱਖ ਸਕੱਤਰ

ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਟਰਾਂਸਪੋਰਟ ਵਿਭਾਗ ਨੂੰ ਲਿਖਿਆ ਹੈ ਕਿ ਹੰਸ ਰਾਜ ਦੇ ਪਰਿਵਾਰ ਦੀ ਪੈਨਸ਼ਨ ਬੰਦ ਕਰਾਈ ਜਾਵੇ ਅਤੇ ਗ਼ਲਤ ਤਰੀਕੇ ਨਾਲ ਗੁਰਪਾਲ ਸਿੰਘ ਹਾਸਲ ਕੀਤੀ ਨੌਕਰੀ ਦੇ ਬਦਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇ। ਇਹ ਵੀ ਕਿਹਾ ਹੈ ਕਿ ਹੰਸ ਰਾਜ ਦੀ ਟਰਾਂਸਪੋਰਟ ਵਿਭਾਗ ਵਿਚ ਗ਼ਲਤ ਨਿਯੁਕਤੀ ਹੋਈ ਅਤੇ ਡਬਲ ਤਨਖ਼ਾਹ ਲਈ ਗਈ, ਦੀ ਵਿਭਾਗ ਰਿਕਵਰੀ ਕਰੇ।


Saturday, March 25, 2023

                                                          ਨਹੀਂ ਮੁੱਕੀ ਝਾਕ
                          ਐਲਾਨੇ ਰੁਜ਼ਗਾਰ ’ਚੋਂ 17 ਫ਼ੀਸਦੀ ਨੂੰ ਨੌਕਰੀ
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ‘ਆਪ’ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਵਰ੍ਹੇ ਦੌਰਾਨ ਪ੍ਰਕਾਸ਼ਿਤ ਅਸਾਮੀਆਂ ’ਚੋਂ ਸਿਰਫ਼ 17 ਫ਼ੀਸਦੀ ਨੂੰ ਹੀ ਨਿਯੁਕਤੀ ਪੱਤਰ ਜਾਰੀ ਹੋਏ ਹਨ। ਸਰਕਾਰ ਨੇ 5 ਮਈ 2022 ਨੂੰ ਸੂਬੇ ਦੇ ਵੱਖ-ਵੱਖ 25 ਵਿਭਾਗਾਂ ’ਚ 26,454 ਅਸਾਮੀਆਂ ਦਾ ਇੱਕ ਸਾਂਝਾ ਇਸ਼ਤਿਹਾਰ ਦਿੱਤਾ ਸੀ। ਇਨ੍ਹਾਂ ਅਸਾਮੀਆਂ ’ਚੋਂ 57 ਫ਼ੀਸਦੀ ਵਾਸਤੇ ਤਾਂ ਹਾਲੇ ਤੱਕ ਕੋਈ ਪ੍ਰੀਖਿਆ ਵੀ ਨਹੀਂ ਹੋਈ ਹੈ, ਜਦੋਂਕਿ 13,981 ਅਸਾਮੀਆਂ ਲਈ ਪ੍ਰੀਖਿਆ ਹੋ ਚੁੱਕੀ ਹੈ। ਜਿਨ੍ਹਾਂ ਅਸਾਮੀਆਂ ਦੀ ਪ੍ਰੀਖਿਆ ਹੋ ਚੁੱਕੀ ਹੈ, ਉਨ੍ਹਾਂ ’ਚੋਂ ਸਿਰਫ਼ 40 ਫ਼ੀਸਦੀ ਦਾ ਨਤੀਜਾ ਐਲਾਨਿਆ ਗਿਆ ਹੈ, ਜੋ ਕਿ 5478 ਅਸਾਮੀਆਂ ਦਾ ਬਣਦਾ ਹੈ। ਅੱਗੇ 5478 ਅਸਾਮੀਆਂ ਦੇ ਐਲਾਨੇ ਨਤੀਜੇ ’ਚੋਂ 4588 ਨਿਯੁਕਤੀ ਪੱਤਰ ਦਿੱਤੇ ਗਏ ਹਨ। ਕੁੱਲ 25 ਵਿਭਾਗਾਂ ਦੀਆਂ ਅਸਾਮੀਆਂ ਪ੍ਰਕਾਸ਼ਿਤ ਹੋਈਆਂ ਸਨ, ਜਿਨ੍ਹਾਂ ’ਚੋਂ 10 ਵਿਭਾਗਾਂ ਦੀ ਪ੍ਰਕਿਰਿਆ ਹੀ ਸ਼ੁਰੂ ਨਹੀਂ ਹੋਈ ਹੈ।

         ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹ ਉਕਤ ਜਾਣਕਾਰੀ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ। ਸੂਤਰ ਆਖਦੇ ਹਨ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਤਰਸ ਦੇ ਆਧਾਰ ’ਤੇ ਵੱਖ-ਵੱਖ ਵਿਭਾਗਾਂ ਦੇ ਨਿਯੁਕਤੀ ਪੱਤਰ ਮੁੱਖ ਮੰਤਰੀ ਤੇ ਵਜ਼ੀਰਾਂ ਨੇ ਲੰਘੇ ਇੱਕ ਵਰ੍ਹੇ ਦੌਰਾਨ ਵੰਡੇ ਹਨ। ਪੰਜਾਬ ਚੋਣਾਂ 2022 ਲਈ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਜੋ ਭਰਤੀ ਪ੍ਰਕਿਰਿਆ ਅਧੀਨ ਸੀ, ਉਸ ’ਚੋਂ ਵੀ ਕਾਫ਼ੀ ਅਸਾਮੀਆਂ ਭਰੀਆਂ ਗਈਆਂ ਹਨ।ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਪ੍ਰਾਪਤੀ ਵਜੋਂ ਰੁਜ਼ਗਾਰ ਦੇਣ ਨੂੰ ਉਭਾਰਿਆ ਜਾ ਰਿਹਾ ਹੈ। ਕਾਰਜਕਾਲ ਦੇ ਪਹਿਲੇ ਵਰ੍ਹੇ ਹੀ ਨੌਕਰੀਆਂ ਕੱਢੇ ਜਾਣ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।

         ‘ਆਪ’ ਸਰਕਾਰ ਵੱਲੋਂ ਪ੍ਰਕਾਸ਼ਿਤ ਸਾਂਝੇ ਇਸ਼ਤਿਹਾਰ ਦੀਆਂ 26,454 ਅਸਾਮੀਆਂ ’ਚੋਂ ਇਸ ਵੇਲੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੀਆਂ 230 ਅਸਾਮੀਆਂ ਅਤੇ ਗ੍ਰਹਿ ਵਿਭਾਗ ਦੀਆਂ 4588 ਅਸਾਮੀਆਂ ਲਈ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਇਹ ਸਾਰੀਆਂ ਅਸਾਮੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਐੱਸਐੱਸਐੱਸ ਬੋਰਡ ਤੇ ਵਿਭਾਗੀ ਕਮੇਟੀਆਂ ਵੱਲੋਂ ਭਰੀਆਂ ਜਾ ਰਹੀਆਂ ਹਨ। ਬਿਜਲੀ ਵਿਭਾਗ ’ਚ ਸਹਾਇਕ ਲਾਈਨਮੈਨਾਂ ਦੀਆਂ 1690 ਅਸਾਮੀਆਂ ਲਈ 30 ਸਤੰਬਰ 2022 ਨੂੰ ਟੈਸਟ ਹੋਇਆ ਸੀ ਪਰ ਕਰੀਬ ਛੇ ਮਹੀਨੇ ਮਗਰੋਂ ਵੀ ਇਸ ਦਾ ਨਤੀਜਾ ਨਹੀਂ ਐਲਾਨਿਆ ਗਿਆ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀਆਂ 95 ਅਸਾਮੀਆਂ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 24 ਸਤੰਬਰ 2022 ਨੂੰ ਪ੍ਰੀਖਿਆ ਲਈ ਗਈ ਸੀ ਪਰ ਨਤੀਜਾ ਨਹੀਂ ਐਲਾਨਿਆ ਗਿਆ।

        ਇਸੇ ਤਰ੍ਹਾਂ 1156 ਸਿਪਾਹੀਆਂ, 560 ਸਬ-ਇੰਸਪੈਕਟਰਾਂ ਅਤੇ 787 ਹੌਲਦਾਰਾਂ ਦੀ ਭਰਤੀ ਲਈ ਪ੍ਰੀਖਿਆ 14 ਅਕਤੂਬਰ ਤੋਂ 16 ਅਕਤੂਬਰ 2022 ਤੱਕ ਹੋ ਚੁੱਕੀ ਹੈ ਪਰ ਇਸ ਦਾ ਨਤੀਜਾ ਵੀ ਉਡੀਕਿਆ ਜਾ ਰਿਹਾ ਹੈ।200 ਜੰਗਲਾਤ ਗਾਰਡਾਂ ਦੀ ਪ੍ਰੀਖਿਆ 13 ਨਵੰਬਰ 2022 ਨੂੰ ਹੋਈ ਸੀ, ਜਿਸ ਦਾ ਨਤੀਜਾ ਵੀ ਆ ਚੁੱਕਾ ਹੈ ਪਰ ਇਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ। ਸਹਿਕਾਰਤਾ ਵਿਭਾਗ ਵਿਚ ਰੱਖੇ ਜਾਣ ਵਾਲੇ 738 ਕਲਰਕਾਂ ਲਈ ਪ੍ਰੀਖਿਆ ਲੰਮੇ ਸਮੇਂ ਮਗਰੋਂ 12 ਮਾਰਚ ਨੂੰ ਹੋਈ ਹੈ।

                                ਸਾਰਾ ਜ਼ੋਰ ਪ੍ਰਚਾਰ ’ਤੇ ਹੀ ਲਾਇਆ: ਰੰਧਾਵਾ

ਸਾਬਕਾ ਉੱਪ ਮੁੱਖ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਸਰਕਾਰ ਨੇ ਖ਼ੁਦ ਹੀ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਪਹਿਲੇ ਵਰ੍ਹੇ ਵਿਚ 4588 ਉਮੀਦਵਾਰਾਂ ਨੂੰ ਹੀ ਨਿਯੁਕਤੀ ਪੱਤਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੌਕਰੀਆਂ ਦੇਣ ਲਈ ਪ੍ਰਚਾਰ ਕਰਨ ’ਤੇ ਹੀ ਸਾਰਾ ਜ਼ੋਰ ਲਗਾ ਦਿੱਤਾ, ਜਦੋਂ ਕਿ ਇਨ੍ਹਾਂ ਅਸਾਮੀਆਂ ਲਈ ਪ੍ਰੀਖਿਆ ਅਤੇ ਇੰਟਰਵਿਊ ਲੈਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜੋ ਪ੍ਰਕਿਰਿਆ ਆਖ਼ਰੀ ਪੜਾਅ ’ਤੇ ਸੀ, ਉਨ੍ਹਾਂ ਨੂੰ ਹੀ ਨਿਯੁਕਤੀ ਪੱਤਰ ਵੰਡੇ ਹਨ।

Tuesday, December 14, 2021

                                                ਕਿਸਾਨ ਘੋਲ
                                 ਸ਼ਹੀਦਾਂ ਦੇ ਵਾਰਸ ਨੌਕਰੀ ਨੂੰ ਤਰਸੇ ! 
                                              ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਸਰਕਾਰ ਕਿਸਾਨ ਅੰਦੋਲਨ 'ਚ ਸ਼ਹੀਦ ਹੋਣ ਵਾਲੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਤੋਂ ਕਿਨਾਰਾ ਕਰਨ ਲੱਗੀ ਹੈ | ਘਰਾਂ ਦੇ ਕਮਾਊ ਜੀਆਂ ਨੂੰ ਗੁਆਉਣ ਵਾਲੇ ਪਰਿਵਾਰਾਂ 'ਚ ਬੇਚੈਨੀ ਹੈ ਅਤੇ ਉਹ ਸਰਕਾਰੀ ਦਫ਼ਤਰਾਂ 'ਚ ਖੱਜਲ ਹੋ ਰਹੇ ਹਨ | ਉਨ੍ਹਾਂ ਨੂੰ ਚੋਣ ਜ਼ਾਬਤਾ ਲੱਗਣ ਦਾ ਡਰ ਸਤਾ ਰਿਹਾ ਹੈ |  ਦਿੱਲੀ ਦੇ ਕਿਸਾਨ ਮੋਰਚੇ 'ਚ ਹੁਣ ਤੱਕ 720 ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਜਿਨ੍ਹਾਂ ਚੋਂ ਪੰਜਾਬ ਦੇ ਕਰੀਬ 605 ਕਿਸਾਨ ਤੇ ਮਜ਼ਦੂਰ ਹਨ | ਇਨ੍ਹਾਂ ਪਰਿਵਾਰਾਂ ਚੋਂ ਪੰਜਾਬ ਦੇ ਸਿਰਫ਼ 113 ਨੌਜਵਾਨਾਂ ਨੇ ਸਰਕਾਰੀ ਨੌਕਰੀ 'ਤੇ ਜੁਆਇੰਨ ਕੀਤਾ ਹੈ ਜੋ ਕਿ ਸਿਰਫ਼ 18.67 ਫੀਸਦੀ ਬਣਦੇ ਹਨ | ਵੇਰਵਿਆਂ ਅਨੁਸਾਰ ਮੌਜੂਦਾ ਸਰਕਾਰ ਨੇ ਪਹਿਲੇ ਪੜਾਅ 'ਤੇ 147 ਜਣਿਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਸਨ ਜਿਨ੍ਹਾਂ ਚੋਂ ਹੁਣ ਤੱਕ 113 ਜਣਿਆਂ ਨੇ ਨੌਕਰੀ ਜੁਆਇੰਨ ਕੀਤੀ ਹੈ | ਬਹੁਤੇ ਦਫ਼ਤਰਾਂ ਦੇ ਗੇੜ ਵਿਚ ਫਸੇ ਹੋਏ ਹਨ |

             ਅੱਜ ਦੂਸਰੇ ਪੜਾਅ ਦੀ ਮੀਟਿੰਗ ਵਿਚ ਸਰਕਾਰ ਨੇ 33 ਹੋਰ ਨੌਜਵਾਨਾਂ ਨੂੰ ਨੌਕਰੀ ਲਈ ਹਰੀ ਝੰਡੀ ਦਿੱਤੀ ਹੈ | ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 381 ਸ਼ਹੀਦਾਂ ਦੇ ਪਰਿਵਾਰਾਂ ਦੀ ਸੂਚੀ ਹੈ | ਇਸ ਲਿਹਾਜ਼ ਨਾਲ ਵੀ ਕਰੀਬ 200 ਪਰਿਵਾਰਾਂ ਨੂੰ ਨੌਕਰੀ ਦੇਣ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ |ਮੋਰਚੇ 'ਚ ਸ਼ਹੀਦਾਂ ਦਾ ਵੇਰਵਾ ਇਕੱਠਾ ਕਰਨ ਵਾਲੇ ਸਕਾਲਰ ਹਰਿੰਦਰ ਹੈਪੀ ਨੇ ਦੱਸਿਆ ਕਿ ਕਿਸਾਨ ਘੋਲ ਦੌਰਾਨ ਪੰਜਾਬ ਦੇ 605 ਅਤੇ ਹਰਿਆਣਾ ਦੇ 85 ਕਿਸਾਨ/ਮਜ਼ਦੂਰ ਸ਼ਹੀਦ ਹੋਏ ਹਨ ਅਤੇ ਹਾਲੇ ਇਨ੍ਹਾਂ ਵਿਚ ਕੁਝ ਵੇਰਵੇ ਸ਼ਾਮਿਲ ਕਰਨੇ ਬਾਕੀ ਹੈ | ਇਸ ਅੰਕੜੇ ਨੂੰ ਅਧਾਰ ਮੰਨੀਏ ਤਾਂ ਸਰਕਾਰ ਨੇ ਹੁਣ ਤੱਕ ਪੰਜਾਬ ਦੇ ਸਿਰਫ਼ 29.75 ਫੀਸਦੀ ਪਰਿਵਾਰ ਹੀ ਨੌਕਰੀ ਲਈ ਯੋਗ ਮੰਨੇ ਹਨ | ਬਹੁਤੇ ਕੇਸਾਂ ਵਿਚ ਪੇਚ ਫਸਿਆ ਹੈ ਕਿ ਸ਼ਹੀਦ ਕਿਸਾਨਾਂ ਦੇ ਲੜਕੇ ਅਨਪੜ੍ਹ ਹਨ ਜਦੋਂ ਕਿ ਪੋਤਰੇ ਪੜੇ ਲਿਖੇ ਹਨ | ਇਸੇ ਤਰ੍ਹਾਂ ਕਈ ਕੇਸਾਂ ਵਿਚ ਸ਼ਹੀਦ ਕਿਸਾਨ ਬੇਔਲਾਦ ਵੀ ਹਨ |

           ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੌਰਾਨ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦਾ ਅੰਕੜਾ ਸਦਨ ਵਿਚ ਰੱਖਿਆ ਹੈ | ਇੱਧਰ, ਪੰਜਾਬ ਸਰਕਾਰ ਕੋਲ ਸਿਰਫ਼ 381 ਸ਼ਹੀਦ ਕਿਸਾਨਾਂ/ਮਜ਼ਦੂਰਾਂ ਦਾ ਵੇਰਵਾ ਪੁੱਜਾ ਹੈ | ਦੇਖਿਆ ਜਾਵੇ ਤਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵੀ ਸੰਸਦ ਵਿਚ ਆਖ ਚੁੱਕੇ ਹਨ ਕਿ ਉਨ੍ਹਾਂ ਕੋਲ ਸ਼ਹੀਦ ਕਿਸਾਨਾਂ ਦਾ ਕੋਈ ਵੇਰਵਾ ਨਹੀਂ ਹੈ | ਕਿਸਾਨ ਆਗੂ ਆਖਦੇ ਹਨ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਾਜ ਭਰ ਵਿਚ ਨੌਕਰੀ ਦੇਣ ਦੇ ਵੱਡੇ ਫਲੈਕਸ ਤਾਂ ਲਗਾ ਦਿੱਤੇ ਹਨ ਪਰ ਬਹੁਤੇ ਪਰਿਵਾਰਾਂ ਕੋਲ ਆਫਰ ਲੈਟਰ ਵੀ ਨਹੀਂ ਪੁੱਜੇ ਹਨ |

            ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਆਖਦੇ ਹਨ ਕਿ ਜਿਨ੍ਹਾਂ ਕੇਸਾਂ ਵਿਚ ਸ਼ਹੀਦ ਪਰਿਵਾਰਾਂ ਦੇ ਵਾਰਸ ਓਵਰਏਜ ਹੋ ਚੁੱਕੇ ਹਨ ਜਾਂ ਬੇਔਲਾਦ ਹਨ, ਉਨ੍ਹਾਂ ਨੂੰ ਕੈਬਨਿਟ ਵਿਚ ਛੋਟਾਂ ਦਿੱਤੀਆਂ ਜਾਣ | ਜਾਣਕਾਰੀ ਅਨੁਸਾਰ ਇਨ੍ਹਾਂ ਪਰਿਵਾਰਾਂ ਵਿਚ ਸਰਕਾਰ ਪ੍ਰਤੀ ਕਾਫ਼ੀ ਰੋਸ ਫੈਲ ਗਿਆ ਹੈ ਅਤੇ ਕਿਸਾਨ ਧਿਰਾਂ ਨੇ ਇਸ ਦਾ ਨੋਟਿਸ ਲਿਆ ਹੈ | ਬੀ.ਕੇ.ਯੂ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਆਖਦੇ ਹਨ ਕਿ ਸਰਕਾਰ ਫੌਰੀ ਨਿਯੁਕਤੀ ਪੱਤਰ ਜਾਰੀ ਕਰੇ ਅਤੇ ਕੀਤੇ ਐਲਾਨਾਂ 'ਤੇ ਪਹਿਰਾ ਦੇਵੇ | 

                                  ਮੰਡੀ ਕਲਾਂ ਦੇ ਛੇ ਜੀਅ ਘੋਲ ਦੇ ਲੇਖੇ  ਲੱਗੇ

ਪੰਜਾਬ ਦਾ ਪਿੰਡ ਮੰਡੀ ਕਲਾਂ (ਬਠਿੰਡਾ) ਇਕਲੌਤਾ ਪਿੰਡ ਹੈ ਜਿਥੋਂ ਦੇ ਕਿਸਾਨ ਘੋਲ ਦੌਰਾਨ ਸਭ ਤੋਂ ਵੱਧ ਕਿਸਾਨ/ਮਜ਼ਦੂਰ ਸ਼ਹੀਦ ਹੋਏ ਹਨ | ਇਸ ਇਕੱਲੇ ਪਿੰਡ ਦੇ ਅੱਧੀ ਦਰਜਨ ਪਰਿਵਾਰਾਂ ਦੇ ਜੀਅ ਕਿਸਾਨ ਘੋਲ ਦੇ ਲੇਖੇ ਲੱਗੇ ਹਨ ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਿਲ ਹਨ | ਸ਼ਹੀਦ ਜਸਪਾਲ ਕੌਰ, ਸ਼ਹੀਦ ਮਨਪ੍ਰੀਤ ਸਿੰਘ ਅਤੇ ਸ਼ਹੀਦ ਨਛੱਤਰ ਸਿੰਘ ਦੇ ਪਰਿਵਾਰ ਨੂੰ ਨੌਕਰੀ ਦੇਣੀ ਤਾਂ ਦੂਰ ਦੀ ਗੱਲ, ਸਰਕਾਰ ਨੇ ਬਾਤ ਵੀ ਨਹੀਂ ਪੁੱਛੀ | ਬਾਕੀ ਤਿੰਨ ਪਰਿਵਾਰਾਂ ਨੂੰ ਨਿਯੁਕਤੀ ਮਿਲ ਚੁੱਕੇ ਹਨ | ਨੌਕਰੀ ਤੋਂ ਵਾਂਝੇ ਪਰਿਵਾਰ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੇ ਹਨ | 

              ਸਭ ਯੋਗ ਵਾਰਸਾਂ ਨੂੰ ਨੌਕਰੀ ਦਿਆਂਗੇ: ਖੇਤੀ ਮੰਤਰੀ

ਖੇਤੀ ਮੰਤਰੀ ਪੰਜਾਬ ਰਣਦੀਪ ਸਿੰਘ ਨਾਭਾ ਦਾ ਕਹਿਣਾ ਸੀ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਭਨਾਂ ਸ਼ਹੀਦਾਂ ਦੇ ਯੋਗ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇਗੀ | ਜੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਹਨ, ਉਨ੍ਹਾਂ ਲਈ ਨੌਕਰੀ ਦੇਣਾ ਮੁਸ਼ਕਲ ਹੋਵੇਗਾ | ਉਨ੍ਹਾਂ ਦੱਸਿਆ ਕਿ ਹੁਣ ਤੱਕ 168 ਪਰਿਵਾਰਾਂ ਨੂੰ ਨੌਕਰੀ ਦੇਣ ਦੇ ਕੇਸ ਕਲੀਅਰ ਹੋ ਚੁੱਕੇ ਹਨ ਅਤੇ ਜਿਆਦਾ ਗਿਣਤੀ ਵਿਚ ਨੌਕਰੀ ਜੁਆਇੰਨ ਵੀ ਕਰ ਚੁੱਕੇ ਹਨ | ਖੇਤੀ ਮੰਤਰੀ ਨੇ ਕਿਹਾ ਕਿ ਸਿਰਫ਼ ਖੂਨ ਦੇ ਰਿਸ਼ਤੇ ਹੀ ਨੌਕਰੀ ਦਿੱਤੀ ਜਾ ਸਕਦੀ ਹੈ | ਜੋ ਮੋਰਚਾ ਸਮਾਪਤੀ ਮਗਰੋਂ ਕਿਸਾਨ ਰਸਤੇ ਵਿਚ ਸ਼ਹੀਦ ਹੋਏ ਹਨ, ਉਨ੍ਹਾਂ ਬਾਰੇ ਮੁੱਖ ਮੰਤਰੀ ਦੇ ਪੱਧਰ 'ਤੇ ਫੈਸਲਾ ਹੋਵੇਗਾ |

  


Saturday, September 18, 2021

                                                ਸਰਕਾਰੀ ਤਰਸ
                        ਕਰੋੜਪਤੀ ਜਵਾਈ ਇੰਜ ਬਣਿਆ ‘ਇੰਸਪੈਕਟਰ’
                                                ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਵਿਸ਼ੇਸ਼ ਰਿਆਇਤ ਦੇ ਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਗੁਰਸ਼ੇਰ ਸਿੰਘ ਨੂੰ ਬਤੌਰ ‘ਆਬਕਾਰੀ ਤੇ ਕਰ ਇੰਸਪੈਕਟਰ’ ਦੀ ਨਿਯੁਕਤੀ ਲਈ ਹਰੀ ਝੰਡੀ ਦੇਣ ਮਗਰੋਂ ਪੰਜਾਬ ਸਰਕਾਰ ਅੱਜ ਮੁੜ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਆ ਗਈ ਹੈ| ਗੁਰਸ਼ੇਰ ਸਿੰਘ ਦਾ ਪਿਤਾ ਭੂਪਜੀਤ ਸਿੰਘ ਆਬਕਾਰੀ ਤੇ ਕਰ ਵਿਭਾਗ ਵਿੱਚ ਈਟੀਓ ਵਜੋਂ ਤਾਇਨਾਤ ਸੀ, ਜਿਸ ਦਾ 28 ਸਤੰਬਰ 2011 ਨੂੰ ਦੇਹਾਂਤ ਹੋ ਗਿਆ ਸੀ। ਭੂਪਜੀਤ ਸਿੰਘ ਦੇ ਦੇਹਾਂਤ ਮੌਕੇ ਗੁਰਸ਼ੇਰ ਸਿੰਘ ਕਾਮਰਸ ਵਿੱਚ ਗਰੈਜੂਏਟ ਸੀ| ਮਰਹੂਮ ਭੂਪਜੀਤ ਸਿੰਘ ਦੀ ਪਤਨੀ ਜਸਬੀਰ ਕੌਰ ਨੇ 26 ਜੂਨ, 2020 ਨੂੰ  ਦਿੱਤੀ ਦਰਖਾਸਤ ਰਾਹੀਂ (ਆਪਣੇ ਪਤੀ ਦੀ ਮੌਤ ਤੋਂ ਅੱਠ ਸਾਲ ਬਾਅਦ) ਆਪਣੇ ਪੁੱਤਰ ਗੁਰਸ਼ੇਰ ਸਿੰਘ ਲਈ ਨੌਕਰੀ ਦੀ ਮੰਗ ਕੀਤੀ ਸੀ, ਜਿਸ ’ਤੇ ਅੱਜ ਕੈਬਨਿਟ ਨੇ ਮੋਹਰ ਲਗਾ ਦਿੱਤੀ ਹੈ| 

             ਕੈਪਟਨ ਹਕੂਮਤ ਪਹਿਲਾਂ ਵੀ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੇ ਜਾਣ ਤੋਂ ਵਿਵਾਦਾਂ ਵਿਚ ਘਿਰ ਗਈ ਸੀ। ਆਬਕਾਰੀ ਤੇ ਕਰ ਵਿਭਾਗ ਵੱਲੋਂ 10 ਸਤੰਬਰ ਨੂੰ ਜੋ ਕੈਬਨਿਟ ਮੀਟਿੰਗ ਲਈ ਗੁਪਤ ਮੈਮੋਰੈਂਡਮ ਭੇਜਿਆ ਗਿਆ ਹੈ, ਉਸ ਦੀ ਘੋਖ ’ਚ ਕਾਫੀ ਕੁਝ ਬੇਪਰਦ ਹੁੰਦਾ ਹੈ। 21 ਨਵੰਬਰ 2002 ਦੀ ਸਰਕਾਰੀ ਨੀਤੀ ਅਤੇ 28 ਦਸੰਬਰ 2005 ਨੂੰ  ਇੱਕ ਪੱਤਰ ਰਾਹੀਂ ਹੋਈ ਸੋਧ ਮੁਤਾਬਕ ਮ੍ਰਿਤਕ ਕਰਮਚਾਰੀ/ਅਫਸਰ ਦੇ ਵਾਰਸਾਂ ਲਈ ਮੌਤ ਦੀ ਮਿਤੀ ਤੋਂ ਇੱਕ ਸਾਲ ਅੰਦਰ ਨੌਕਰੀ ਲਈ ਅਰਜ਼ੀ ਦੇਣਾ ਜ਼ਰੂਰੀ ਹੁੰਦਾ ਹੈ। ਜੇਕਰ ਦੇਰੀ ਦਾ ਕੋਈ ਵਾਜਬ ਕਾਰਨ ਹੋਵੇ ਤਾਂ ਉਮੀਦਵਾਰ ਦੀ ਅਰਜ਼ੀ ਪੰਜ ਸਾਲ ਬਾਅਦ ਵੀ ਪ੍ਰਵਾਨ ਕੀਤੀ ਜਾ ਸਕਦੀ ਹੈ ਪਰ ਗੁਰਸ਼ੇਰ ਸਿੰਘ ਦੇ ਕੇਸ ਵਿੱਚ ਕਿਤੇ ਵੀ ਅੱਠ ਸਾਲ ਦੀ ਦੇਰੀ ਦਾ ਯੋਗ ਕਾਰਨ ਨਹੀਂ ਦੱਸਿਆ ਗਿਆ। 

            ਪੰਜਾਬ ਸਰਕਾਰ ਦੇ 17 ਮਾਰਚ 2017 ਦੇ ਪੱਤਰ ਅਨੁਸਾਰ ਗਰੈਜੂਏਟ ਉਮੀਦਵਾਰ ਨੂੰ ਸਿਰਫ ਕਲਰਕ ਦੀ ਅਸਾਮੀ ਲਈ ਵਿਚਾਰਿਆ ਜਾਂਦਾ ਹੈ। ਗੁਰਸ਼ੇਰ ਸਿੰਘ ਕਾਮਰਸ ਵਿੱਚ ਗਰੈਜੂਏਟ ਹੋਣ ਦੇ ਬਾਵਜੂਦ ‘ਆਬਕਾਰੀ ਤੇ ਕਰ ਇੰਸਪੈਕਟਰ’ ਲੱਗੇਗਾ। ਕਰ ਕਮਿਸ਼ਨਰ ਦਫਤਰ ਕੋਲ ਤਰਸ ਦੇ ਆਧਾਰ ’ਤੇ ਨੌਂ ਹੋਰ ਗਰੈਜੂਏਟ ਉਮੀਦਵਾਰਾਂ ਨੇ ‘ਆਬਕਾਰੀ ਤੇ ਕਰ ਇੰਸਪੈਕਟਰ’ ਲੱਗਣ ਲਈ ਅਪਲਾਈ ਕੀਤਾ ਪਰ ਵਿਭਾਗ ਨੇ  ਇਨ੍ਹਾਂ ਸਾਰੇ ਉਮੀਦਵਾਰਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ। ਮੰਤਰੀ ਮੰਡਲ ਦਾ ਤਰਕ ਹੈ ਕਿ ਗੁਰਸ਼ੇਰ ਸਿੰਘ ਦੇ ਪਿਤਾ ਭੂਪਜੀਤ ਸਿੰਘ ਨੇ ਜੋ ਆਪਣੀ ਨੌਕਰੀ ਦੌਰਾਨ ਯੋਗਦਾਨ ਪਾਇਆ ਹੈ, ਉਸ ਦੇ ਮੱਦੇਨਜ਼ਰ ਵਿਸ਼ੇਸ਼ ਕੇਸ ਵਜੋਂ ਗੁਰਸ਼ੇਰ ਸਿੰਘ ਨੂੰ ‘ਆਬਕਾਰੀ ਤੇ ਕਰ ਇੰਸਪੈਕਟਰ’ ਦੀ ਨੌਕਰੀ ਲਈ ਯੋਗ ਸਮਝਿਆ ਜਾਂਦਾ ਹੈ।

            ਇਵੇਂ ਪੰਜਾਬ ਸਰਕਾਰ ਦੀ 21 ਨਵੰਬਰ 2002 ਦੀ ਪਾਲਿਸੀ ਦੇ ਪੈਰ੍ਹਾ 6(ਏ) ਮੁਤਾਬਕ ਮ੍ਰਿਤਕ ਮੁਲਾਜ਼ਮ ਦੀ ਮੌਤ ਮਗਰੋਂ ਜੇ ਪਰਿਵਾਰ ਕੋਲ ਗੁਜ਼ਾਰੇ ਲਈ ਸਾਧਨ ਨਹੀਂ ਹਨ ਅਤੇ ਮੌਤ ਮਗਰੋਂ ਪਰਿਵਾਰ ਲਈ ਵਿੱਤੀ ਸੰਕਟ ਬਣ ਗਿਆ ਹੈ ਤਾਂ ਉਹ ਤਰਸ ਦੇ ਆਧਾਰ ’ਤੇ ਆਸਾਮੀ ਲਈ ਯੋਗ ਹੈ।  ਗੁਰਸ਼ੇਰ ਸਿੰਘ ਦੇ ਮਾਮਲੇ ’ਤੇ ਨਜ਼ਰ ਮਾਰੀਏ ਤਾਂ ਗੁਪਤ ਮੈਮੋਰੈਂਡਮ ਦੇ ਲੜੀ ਨੰਬਰ 1.4 ਵਿੱਚ ਗੁਰਸ਼ੇਰ ਸਿੰਘ ਨੇ ਜਾਇਦਾਦ ਬਾਰੇ ਜੋ ਹਲਫੀਆ ਬਿਆਨ ਦਿੱਤਾ ਹੈ, ਉਸ ਮੁਤਾਬਕ ਉਸ ਕੋਲ ਅਤੇ ਉਸ ਦੇ ਪਰਿਵਾਰ ਕੋਲ ਕਰੋੜਾਂ ਰੁਪਏ ਦੀ ਸੰਪਤੀ ਹੈ, ਜਿਸ ਵਿੱਚ 35 ਏਕੜ ਵਾਹੀਯੋਗ ਜ਼ਮੀਨ, ਇੱਕ 1000 ਵਰਗ ਦਾ ਪਟਿਆਲਾ ਵਿੱਚ ਰਿਹਾਇਸ਼ੀ ਮਕਾਨ, ਲੁਧਿਆਣਾ ਵਿੱਚ 800 ਵਰਗ ਗਜ ਦੇ ਦੋ ਰਿਹਾਇਸ਼ੀ ਪਲਾਟ ਅਤੇ ਇੱਕ ਰਿਹਾਇਸ਼ੀ ਫਲੈਟ ਚੰਡੀਗੜ੍ਹ ਵਿੱਚ ਹੈ। ਇਸ ਤੋਂ ਇਲਾਵਾ ਇਕ ਗੋਦਾਮ ਵੀ ਹੈ। ਮੁੱਖ ਮੰਤਰੀ ਨੇ ਵਿੱਤੀ ਸਥਿਤੀ ਦੇ ਮਾਮਲੇ ਵਿਚ ਗੁਰਸ਼ੇਰ ਸਿੰਘ ਨੂੰ ਇੱਕ ਦਫਾ ਛੋਟ ਦੇ ਦਿੱਤੀ ਹੈ ਪਰ ਇਸ ਕੇਸ ਨੂੰ ਭਵਿੱਖ ਵਿਚ ਨਜ਼ੀਰ ਨਹੀਂ ਸਮਝਿਆ ਜਾਵੇਗਾ। 

                                ਪਿਤਾ ਭੂਪਜੀਤ ਨੂੰ ਵੀ ਝੱਲਣਾ ਪਿਆ ਸੀ ਮਾਨਸਿਕ ਦਬਾਅ

ਗੁਰਸ਼ੇਰ ਸਿੰਘ ਦਾ ਈਟੀਓ ਪਿਤਾ ਭੂਪਜੀਤ ਸਿੰਘ ਮੌਤ ਤੋਂ ਪਹਿਲਾਂ ਰਵੀ ਸਿੱਧੂ ਨੌਕਰੀ ਘਪਲੇ ਦੇ ਮਾਮਲੇ ਸਬੰਧੀ ਮਾਨਸਿਕ ਦਬਾਅ ਹੇਠ ਸਨ। ਜਦੋਂ ਨੌਕਰੀਆਂ ਦਾ ਸਕੈਂਡਲ ਫੜਿਆ ਗਿਆ ਸੀ ਤਾਂ ਰਵੀ ਸਿੱਧੂ ਦੇ ਸਮੇਂ ਦੌਰਾਨ ਕੀਤੀਆਂ ਗਈਆਂ ਗਲਤ ਨਿਯੁਕਤੀਆਂ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸੇ ਕੇਸ ਦੇ ਸਿੱਟੇ ਵਜੋਂ ਭੂਪਜੀਤ ਸਿੰਘ ਮਾਨਸਿਕ ਦਬਾਅ ਥੱਲੇ ਰਹੇ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਕਿ ਭੂਪਜੀਤ ਸਿੰਘ ਨੇ ਰਵੀ ਸਿੱਧੂ ਦੇ ਸਮੇਂ ਹੋਏ ਪੰਜਾਬ ਪਬਲਿਕ ਸਰਵਿਸ ਕਮਿਸ਼ਨ ’ਚ ਨੌਕਰੀ ਘੁਟਾਲੇ ਦਾ ਪਰਦਾਫਾਸ਼ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ।

Friday, September 17, 2021

                                              ਕਾਂਗੜ ਬਾਗੋ ਬਾਗ
                             ਕਰੋੜਪਤੀ ਜਵਾਈ ਨੂੰ ਨੌਕਰੀ ਦਾ 'ਤੋਹਫਾ' !
                                               ਚਰਨਜੀਤ ਭੁੱਲਰ     

ਚੰਡੀਗੜ੍ਹ : ਕੈਪਟਨ ਸਰਕਾਰ ਵੱਲੋਂ ਹੁਣ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਨੂੰ ਤਰਸ ਦੇ ਅਧਾਰ 'ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ | ਪੰਜਾਬ ਕੈਬਨਿਟ 'ਚ ਸ਼ੁੱਕਰਵਾਰ ਇਸ ਵੀ.ਆਈ.ਪੀ ਹਸਤੀ ਨੂੰ ਸਰਕਾਰੀ ਰੁਜ਼ਗਾਰ ਲਈ ਹਰੀ ਝੰਡੀ ਦਿੱਤੇ ਜਾਣ ਦੀ ਪੂਰਨ ਸੰਭਾਵਨਾ ਹੈ | ਆਬਕਾਰੀ ਤੇ ਕਰ ਵਿਭਾਗ ਪੰਜਾਬ ਤਰਫੋਂ ਮੰਤਰੀ ਮੰਡਲ ਦੀ ਮੀਟਿੰਗ ਲਈ ਇਸ ਨੌਕਰੀ ਦਾ ਏਜੰਡਾ ਭੇਜਿਆ ਗਿਆ ਹੈ | ਪੰਜਾਬ ਸਰਕਾਰ ਵੱਲੋਂ ਮਾਲ ਮੰਤਰੀ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਆਬਕਾਰੀ ਤੇ ਕਰ ਅਫਸਰ ਜਾਂ ਆਬਕਾਰੀ ਇੰਸਪੈਕਟਰ ਲਾਏ ਜਾਣ ਦੇ ਚਰਚੇ ਹਨ |

    ਚਰਚੇ ਛਿੜੇ ਹਨ ਕਿ ਐਨ ਜਦੋਂ ਪੰਜਾਬ ਚੋਣਾਂ 'ਚ ਬਹੁਤਾ ਸਮਾਂ ਬਾਕੀ ਨਹੀਂ ਹੈ ਤਾਂ ਉਸ ਵਕਤ ਸਰਕਾਰ ਤਰਫੋਂ ਆਪਣੇ ਵਜ਼ੀਰਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਵੰਡੀਆਂ ਜਾ ਰਹੀਆਂ ਹਨ | ਪਹਿਲਾਂ ਵੀ ਪੰਜਾਬ ਸਰਕਾਰ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੇ ਜਾਣ ਤੋਂ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਈ ਸੀ | ਵੇਰਵਿਆਂ ਅਨੁਸਾਰ ਗੁਰਸ਼ੇਰ ਸਿੰਘ ਕਾਮਰਸ ਗਰੈਜੂਏਟ ਹੈ ਅਤੇ ਉਨ੍ਹਾਂ ਦੇ ਪਿਤਾ ਭੂਪਜੀਤ ਸਿੰਘ ਦਾ 28 ਸਤੰਬਰ 2011 'ਚ ਦੇਹਾਂਤ ਹੋ ਗਿਆ ਸੀ | ਉਦੋਂ ਭੂਪਜੀਤ ਸਿੰਘ ਆਬਕਾਰੀ ਤੇ ਕਰ ਵਿਭਾਗ 'ਚ ਈ.ਟੀ.ਓ ਵਜੋਂ ਤਾਇਨਾਤ ਸਨ |

   ਦੱਸਣਯੋਗ ਹੈ ਕਿ ਵਰ੍ਹਾ 2002 ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਖਿਲਾਫ ਸ਼ਿਕਾਇਤਕਰਤਾ ਵੀ ਭੂਪਜੀਤ ਸਿੰਘ ਸਨ | ਉਦੋਂ ਭੂਪਜੀਤ ਸਿੰਘ ਨੇ 25 ਮਾਰਚ 2002 ਨੂੰ ਰਵੀ ਸਿੱਧੂ ਨੂੰ ਪੰਜ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਾਇਆ ਸੀ | ਕੈਪਟਨ ਸਰਕਾਰ ਨੇ ਵਰ੍ਹਾ 2005 ਵਿਚ ਭੂਪਜੀਤ ਸਿੰਘ ਨੂੰ ਪੀ.ਸੀ.ਐਸ ਵਜੋਂ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਜੋ ਸਿਰੇ ਨਹੀਂ ਲੱਗ ਸਕੀ ਸੀ | ਹੁਣ ਕੈਬਨਿਟ ਵੱਲੋਂ ਪਾਲਿਸੀ ਵਿਚ ਛੋਟਾਂ ਦੇ ਕੇ ਗੁਰਸ਼ੇਰ ਸਿੰਘ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਹੈ | 

   ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ ਤਰਸ ਦੇ ਅਧਾਰ 'ਤੇ ਨੌਕਰੀ ਵਾਰਸ ਨੂੰ ਉਦੋਂ ਨਹੀਂ ਦਿੱਤੀ ਜਾ ਸਕਦੀ ਹੈ ਜਦੋਂ ਕਿ ਨੌਕਰੀ ਕਰਨ ਵਾਲੇ ਮਿ੍ਤਕ ਦੀ ਮੌਤ ਨੂੰ ਕਾਫੀ ਅਰਸਾ ਬੀਤ ਚੁੱਕਾ ਹੋਵੇ | ਗੁਰਸ਼ੇਰ ਸਿੰਘ ਦੇ ਪਿਤਾ ਦੀ ਮੌਤ ਨੂੰ ਵੀ ਕਰੀਬ ਦਸ ਸਾਲ ਦਾ ਅਰਸਾ ਹੋ ਗਿਆ ਹੈ | ਦੂਸਰਾ ਅਧਾਰ ਇਹ ਦੇਖਿਆ ਜਾਂਦਾ ਹੈ ਕਿ ਅਗਰ ਮਿ੍ਤਕ ਦੇ ਪਰਿਵਾਰ ਕੋਲ ਗੁਜਾਰੇ ਲਾਇਕ ਸਾਧਨ ਨਹੀਂ ਹੈ ਤਾਂ ਉਸ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੀ ਜਾ ਸਕਦੀ ਹੈ | ਕੈਬਨਿਟ ਵੱਲੋਂ ਹੁਣ ਵਿਸ਼ੇਸ਼ ਛੋਟਾਂ ਦੇ ਕੇ ਇਹ ਨੌਕਰੀ ਦਿੱਤੀ ਜਾਣੀ ਹੈ | 

    ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸ਼ੁਰੂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਹੋਏ ਹਨ | ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦੀ ਆਪਸੀ ਖਿੱਚੋਤਾਣ ਦੌਰਾਨ ਕਾਂਗੜ ਦੂਸਰੇ ਕੈਂਪ ਵਿਚ ਚਲੇ ਗਏ ਸਨ | ਪਤਾ ਲੱਗਾ ਹੈ ਕਿ ਹੁਣ ਕਾਂਗੜ ਮੁੜ ਕੈਪਟਨ ਕੈਂਪ ਵਿਚ ਪਰਤ ਆਏ ਹਨ | 

                                  ਜਾਇਦਾਦ 'ਚ 35 ਏਕੜ ਜ਼ਮੀਨ ਵੀ..

  ਜਾਣਕਾਰੀ ਅਨੁਸਾਰ ਗੁਰਸ਼ੇਰ ਸਿੰਘ ਅਤੇ ਉਸ ਦੇ ਪਰਿਵਾਰ ਕੋਲ ਮੌਜੂਦਾ ਸਮੇਂ 35 ਏਕੜ ਵਾਹੀਯੋਗ ਜ਼ਮੀਨ ਹੈ ਅਤੇ ਪਟਿਆਲਾ ਵਿਚ ਇੱਕ ਹਜ਼ਾਰ ਗਜ ਦਾ ਰਿਹਾਇਸ਼ੀ ਮਕਾਨ ਵੀ ਹੈ | ਇਸੇ ਤਰ੍ਹਾਂ ਲੁਧਿਆਣਾ ਵਿਚ ਅੱਠ ਅੱਠ ਸੌ ਗਜ ਦੇ ਦੋ ਰਿਹਾਇਸ਼ੀ ਪਲਾਟ ਵੀ ਹਨ ਅਤੇ ਇੱਕ ਰਿਹਾਇਸ਼ੀ ਫਲੈਟ ਚੰਡੀਗੜ੍ਹ ਵਿਚ ਵੀ ਹੈ | ਇਸ ਤੋਂ ਇਲਾਵਾ ਇਸ ਪਰਿਵਾਰ ਦਾ ਇੱਕ ਐਫਸੀਆਈ ਦਾ ਗੁਦਾਮ ਵੀ ਹੈ | ਹੁਣ ਸਰਕਾਰ ਨੇ ਇਸ ਪਰਿਵਾਰ ਦੇ ਗੁਰਸ਼ੇਰ ਸਿੰਘ ਨੂੰ ਤਰਸ਼ ਦੇ ਅਧਾਰ 'ਤੇ ਨੌਕਰੀ ਦੇਣ ਦੀ ਤਿਆਰੀ ਖਿੱਚ ਲਈ ਹੈ | 

                        ਏਹਨਾਂ ਦਾ ਕੀ ਕਸੂਰ ਏ..

ਦੂਸਰੀ ਤਰਫ ਨਜ਼ਰ ਮਾਰੀਏ ਤਾਂ ਪੰਜਾਬ ਵਿਚ ਰੁਜ਼ਗਾਰ ਲਈ ਜਵਾਨੀ ਸੜਕਾਂ 'ਤੇ ਮੁਜ਼ਾਹਰੇ ਕਰ ਰਹੀ ਹੈ, ਕਿਸੇ ਨੂੰ ਟੈਂਕੀਆਂ 'ਤੇ ਚੜਨਾ ਪੈਂਦਾ ਹੈ ਅਤੇ ਰੁਜ਼ਗਾਰ ਲਈ ਕਈ ਭਾਖੜਾ ਵਿਚ ਵੀ ਛਾਲਾਂ ਮਾਰ ਚੁੱਕੇ ਹਨ | ਇਕੱਲੇ ਪਾਵਰਕੌਮ 'ਤੇ ਨਜ਼ਰ ਮਾਰੀਏ ਤਾਂ ਵਰ੍ਹਾ 2002-2010 ਦੌਰਾਨ ਦੇ ਕਰੀਬ 6200 ਕੇਸ ਅਜਿਹੇ ਹਨ ਜਿਨ੍ਹਾਂ ਦੇ ਵਾਰਸਾਂ ਨੂੰ ਹਾਲੇ ਤੱਕ ਤਰਸ ਦੇ ਅਧਾਰ 'ਤੇ ਨੌਕਰੀ ਨਹੀਂ ਮਿਲੀ ਹੈ | ਜਿਨ੍ਹਾਂ ਨੂੰ ਮਿਲਦੀ ਹੈ, ਉਨ੍ਹਾਂ ਨੂੰ ਵੀ ਦਰਜਾ ਚਾਰ ਦਾ ਰੁਜ਼ਗਾਰ ਪ੍ਰਾਪਤ ਹੁੰਦਾ ਹੈ | 



Monday, June 21, 2021

                                                   ਵਿਚਲੀ ਗੱਲ
                                          ਤੇਲੀਆਂ ਵਾਲੀ ਸਰਕਾਰ
                                                 ਚਰਨਜੀਤ ਭੁੱਲਰ    

ਚੰਡੀਗੜ੍ਹ :  ਭਲਿਓ ! ਭਲਾ ਇੰਜ ਕੌਣ ਕਰੇਂਦਾ। ਨਾ ਬਣੋ ਮੂਰਖਾਂ ਦੇ ਜ਼ੈਲਦਾਰ। ਸਿਆਣਿਆਂ ਐਵੇਂ ਨਹੀਂ ਕਿਹਾ, ਸਰਕਾਰ ਦੇ ਘਰੋਂ ਤੇਲ ਮਿਲੇਂਦਾ ਹੋਵੇ, ਉਹ ਵੀ ਕੱਚੀ ਘਾਣੀ ਦਾ, ਨਾਲੇ ਮੁਫਤੋ ਮੁਫਤ। ਕੋਲੋਂ ਲੰਘਦੇ ਪਏ ਹੋਵੋੋ, ਭਾਂਡਾ ਕੋਲ ਨਾ ਵੀ ਹੋਵੇ, ਜੁੱਤੀ ’ਚ ਪਵਾ ਛੱਡੋ। ਦਸੌਂਧਾ ਸਿੰਘ ਪੁੱਛਦਾ ਪਿਐ, ‘ਜੇ ਪੈਰੋਂ ਨੰਗੇ ਹੋਈਏ’। ਮੂਰਖਦਾਸੋ! ਫੇਰ ਝੋਲੀ ਕਦੋਂ ਕੰਮ ਆਊ। ‘ਮੁਫ਼ਤ ਦੀ ਗਾਂ ਦੇ ਕੌਣ ਦੰਦ ਗਿਣਦੈ’। ਮਾਰ ਛੜੱਪੇ ਘਰ ਮੁੜ ਆਓ। ਜਿੰਨਾ ਕੁ ਬਚਿਆ, ਨਾਲੇ ਗਾਂ ਦੇ ਸਿੰਗ ਚਮਕਾਓ, ਬਾਕੀ ਜੁਆਕਾਂ ਦੀਆਂ ਬੋਦੀਆਂ ਨੂੰ ਲਾਓ। ‘ਈਦ ਹਰ ਰੋਜ਼ ਨਹੀਂ ਹੁੰਦੀ।’ ਬਜ਼ੁਰਗ ਲੱਖ ਪਏ ਆਖਣ, ‘ਮੁਫ਼ਤ ਨਾਲੋਂ ਮਹਿੰਗਾ ਕੁਝ ਨਹੀਂ ਹੁੰਦਾ।’ ਲੰਡੇ ਲਾਟ ਦੀ ਪ੍ਰਵਾਹ ਨਹੀਂਓ ਕਰਦੇ ਬਾਜਵੇ। ਸੱਚ ਪੁੱਛੋ ਤਾਂ ਦਿਲ ਕਾਦੀਆਂ ਜਾਣ ਨੂੰ ਕਰਦੈ। ਕਿਤੇ ਅੱਗਿਓਂ ਟੱਕਰ ਜਾਣ ਫਤਹਿਜੰਗ ਬਾਜਵਾ। ਪਹਿਲਾਂ ਸਾਹਮਣੇ ਖੜ੍ਹ ਨਿਹਾਰਾ, ਫੇਰ ਏਸ ਰੰਗਲੇ ਵਿਧਾਇਕ ਦੇ ਵਾਰੇ-ਵਾਰੇ ਜਾਵਾਂ। ਚੁੱਕ ਚਰਨਾਂ ਦੀ ਧੂੜ, ਸੌ ਵਾਰ ਮੱਥੇ ਨਾਲ ਲਾਵਾਂ। ਫਤਹਿਜੰਗ ਦੀ ਝੋਲੀ ਨੁਚੜਦੀ ਵੇਖ, ਅਸਾਂ ਲੱਖਣ ਲਾਇਆ, ਏਹ ਸੱਜਣ ਅਮਰਿੰਦਰ ਦੇ ਘਰੋਂ ਆਇਐ। ਮੁੰਡੇ ਟਾਵਰਾਂ ’ਤੇ ਚੜ੍ਹੇ ਰਹਿ ਗਏ। ਜੰਗ ਕੋਈ ਹੋਰ ਹੀ ਫ਼ਤਿਹ ਕਰ ਗਿਐ। ਕਾਦੀਆਂ ਦੀ ਸੱਥ ’ਚ ਢੋਲ ਵੱਜਿਐ। ਲਓ ਜੀ! ਬਾਜਵੇ ਦਾ ਮੁੰਡਾ ਥਾਣੇਦਾਰ ਜੋ ਸਜਿਐ।

             ‘ਪੀੜੇ ਬਿਨਾਂ ਤੇਲ ਨਹੀਂ ਨਿਕਲਦਾ।’ ਬਗਾਵਤ ਕਾਂਗਰਸ ਦੇ ਵਿਹੜੇ ਉੱਠ ਕੇ ਕਾਹਦਾ ਬੈਠੀ ਹੋਈ। ਕੋਹਲੂ ਸਿਸਵਾਂਪੁਰ ’ਚ ਚਲਾਉਣਾ ਪੈ ਗਿਆ। ਬਾਜਵਿਆਂ ਦਾ ਕਾਹਦਾ ਕਸੂਰ! ਮਜੀਠੀਏ ਐਵੇਂ ਚਿੱਕੜ ਸੁੱਟਦੇ ਨੇ। ਬਾਜਵੇ ਕੋਲੋਂ ਲੰਘਦੇ ਪਏ ਸਨ, ਹਕੂਮਤ ਦਾ ‘ਤੇਲੂ ਰਾਮ’ ਹੱਟੀ ਬੈਠਾ ਸੀ। ਬੱਸ ਫੇਰ ਕੀ ਸੀ, ਮੁਫ਼ਤ ਦੇ ਤੇਲ ਨੇ ਝੋਲੀ ਦਾ ਦਮ ਘੁੱਟ’ਤਾ। ਬਾਜਵੇ ਦੀ ਝੋਲੀ ਵੇਖ, ਲੁਧਿਆਣਵੀ ਵਿਧਾਇਕ ਰਾਕੇਸ਼ ਪਾਂਡੇ ਵੀ ਦੌੜਿਆ। ਸ਼ੁਕਰ ਐ! ਕੋਹਲੂ ਚੱਲਦਾ ਪਿਆ ਸੀ, ਜਨਾਬ ਪਾਂਡੇ ਨੇ ਖੀਸਾ ਅੱਗੇ ਕਰ’ਤਾ। ‘ਤੇਲੀਆਂ ਵਾਲੀ ਸਰਕਾਰ’ ਨੇ ਤੇਲ ਨਾਲ ਬੋਝਾ ਭਰ’ਤਾ।ਗੁਰ ਨਾਲ ਪ੍ਰੀਤ ਰੱਖਣ ਵਾਲਾ ਮੰਤਰੀ ਵਕਤੋਂ ਖੁੰਝ ਗਿਆ। ਝੋਲੀ ਅੱਡੀ ਰਹਿ ਗਈ..! ਮਾਲ ਬਿਨਾਂ ਕਾਹਦੇ ਮੰਤਰੀ। ਹੁਣ ਏਸ ਨੂੰ ਝੋਰਾ ਵੱਢ-ਵੱਢ ਖਾਂਦੈ, ਕਿਤੇ ਜਵਾਈ ਭਾਈ ਨਾ ਰੁੱਸ ਜਾਵੇ। ਮੁਫ਼ਤ ’ਚ ਵੰਡੇ ਤੇਲ ਦੀ ਬਿਨਾਂ ਧਾਰ ਵੇਖੇ, ਅਕਾਲੀਆਂ ਸਿਰ ’ਤੇ ਛੱਤ ਚੁੱਕ ਲਈ। ਪ੍ਰਧਾਨ ਜੀ ਛੱਤ ’ਤੇ ਚੜ੍ਹ ਲੱਗੇ ਰੌਲਾ ਪਾਉਣ। ਅਖ਼ੇ, ਵਿਧਾਇਕ ਫਤਹਿਜੰਗ ਬਾਜਵਾ ਦੇ ਮੁੰਡੇ ਨੂੰ ਥਾਣੇਦਾਰ, ਰਾਕੇਸ਼ ਪਾਂਡੇ ਦੇ ਮੁੰਡੇ ਨੂੰ ਨਾਇਬ ਤਹਿਸੀਲਦਾਰ ਕਾਹਤੋਂ ਲਾਇਐ। ‘ਜਿਸ ਦੀ ਤੇਗ, ਉਸ ਦੀ ਦੇਗ।’ ਅਮਰਿੰਦਰ ਦਬਦਾ ਕਿਥੇ ਐ..! ਜੁਆਬ ਸੁਣ ਕੇ ਜਾਇਓ, ਅਤਿਵਾਦ ਦੇ ਦੌਰ ’ਚ ਇਨ੍ਹਾਂ ਵਿਧਾਇਕਾਂ ਨੇ ਪਿਓ ਗੁਆਏ, ਤਾਹੀਂ ਦੋਵਾਂ ਦੇ ਲਾਡਲੇ ਨੌਕਰੀ ਲਾਏ।

              ਕੋਈ ਗਾਉਂਦਾ ਲੰਘ ਰਿਹੈ...‘ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਓ ਨੀਰ/ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ।’ ਭਰਾਵੋਂ! ਅਕਲਾਂ ਨੂੰ ਹੱਥ ਮਾਰੋ, ਸਰਕਾਰ ਦਾ ਏਡਾ ਵੱਡਾ ਭੰਡਾਰੈ, ਦੋ ਚਾਰ ਪੀਪੇ ਤੇਲ ਦੇ ਵੰਡ’ਤੇ, ਥੋਡਾ ਕਿਉਂ ਢਿੱਡ ਦੁੱਖਦੈ। ਵਿਰੋਧਦਾਸੋ! ਕੰਨ ਧਰ ਸੁਣੋ। ਭਾਈ! ਏਹ ਕਿਸਮਤ ਦੇ ਕੜਛੇ ਨੇ। 14 ਵਰ੍ਹੇ ਕੁ ਪਹਿਲਾਂ ਫਤਹਿਜੰਗ ਦੀ ਗਠੜੀ ’ਚ 17.71 ਕਰੋੜ ਦੀ ਮਾਇਆ ਸੀ। ਫੇਰ ਵੀ ਲੱਛਮੀ ਪਿੱਛਾ ਕਰਨਾ ਨਾ ਹਟੀ। ਅੱਜ ਏਸ ਲੋਕ ਸੇਵਕ ਕੋਲ 33.31 ਕਰੋੜ ਦੀ ਜਾਇਦਾਦ ਹੈ। ਹੁਣ ਬੱਕਰੀ ਵੀ ਨੋਟ ਨਹੀਂ ਖਾਂਦੀ। ‘ਕੌੜੀ ਨਿੰਮ ਨੂੰ ਲੱਗਣ ਪਤਾਸੇ, ਵਿਹੜੇ ਹਾਕਮਾਂ ਦੇ।’ ਪੁਰਾਣੇ ਵੇਲਿਆਂ ’ਚ ਸੁਣਦੇ ਸੀ ਕਿ ਵਿਆਹ ਮੌਕੇ ਕੁੜੀਆਂ ਸਿਹਰਾ ਪੜ੍ਹਦੀਆਂ। ਵਿਆਂਹਦੜ ਦੇ ਪਰਲੋਕ ਬੈਠੇ ਵਡੇਰਿਆਂ ਦੀ ਸਿਹਰੇ ’ਚ ਸਿਫ਼ਤ ਹੁੰਦੀ, ‘ਦਾਦਾ ਬੈਠ ਸਵਰਗ ਦੀ ਖਿੜਕੀ, ਵੇਖੋ ਕਿਵੇਂ ਫੁੱਲ ਵਰਸਾਂਵਦਾ ਏ।’ ਪਰਲੋਕ ’ਚ ਇਨ੍ਹਾਂ ਦਾਦਿਆਂ ਨੇ ਜ਼ਰੂਰ ਫੁੱਲ ਵਾਰੇ ਹੋਣਗੇ, ਆਖਰ ਪੋਤੇ ਅਫ਼ਸਰ ਜੋ ਬਣੇ ਨੇ। ਮਾਰਟਿਨ ਲੂਥਰ ਕਿੰਗ ਦੀ ਆਵਾਜ਼ ਕੰਨੀਂ ਪਈ ਐ... ‘ਨਾਇਨਸਾਫ਼ੀ ਕਿਤੇ ਵੀ ਹੋ ਰਹੀ ਹੋਵੇ, ਉਹ ਦੁਨੀਆ ਭਰ ਦੇ ਇਨਸਾਫ ਲਈ ਖ਼ਤਰਾ ਹੁੰਦੀ ਹੈ।’

            ਔਹ ਨਵਜੋਤ ਸਿੱਧੂ ਕਿਧਰੋਂ ਆ ਟਪਕੇ, ਓ ਗੁਰੂ! ਏਹ ਕੋਹਲੂ ਐਵੇਂ ਨਹੀਂ ਹੋਇਆ ਸ਼ੁਰੂ। ਦਸੌਂਧਾ ਸਿੰਘ ਚੁੱਪ ਨਹੀਂ ਰਹਿ ਸਕਦਾ... ਭਾਈ ਗੁਰੂ! ਫੱਤੋ ਦੇ ਭੈੜੇ-ਭੈੜੇ ਯਾਰਾਂ ਬਾਰੇ ਤਾਂ ਚਾਣਨਾ ਪਾਓ। ਪਰਗਟ ਸਿੰਘ ਕੰਨ ’ਚ ਦੱਸ ਰਿਹੈ, ‘ਏਹ ਸਾਰਾ ਸਾਧ ਦੀ ਭੂਰੀ ’ਤੇ ’ਕੱਠ ਹੈ।’ ਕਿਤੇ ਹਾਜ਼ਰ ਹੁੰਦੇ, ਵੱਡੇ ਬਾਦਲ ਜ਼ਰੂਰ ਆਖਦੇ... ਚਲੋ ਛੱਡੋ ਜੀ! ਅਮਰਿੰਦਰ ਜ਼ਿੱਦ ਛੱਡ ਕੇ, ਅਕਾਲੀਆਂ ਤੋਂ ਹੀ ਸਿੱਖ ਲੈਂਦੇ, ਰੌਲਾ ਤਾਂ ਨਾ ਪੈਂਦਾ। ਗੱਠਜੋੜ ਸਰਕਾਰ ਦੇ ਆਖਰੀ ਵਰ੍ਹੇ। ਨੇੜਲਿਆਂ ਦੇ ਕਈ ਜੁਆਕਾਂ ਨੂੰ ਚੋਰ ਦਰਵਾਜ਼ੇ ਏਐੱਸਆਈ/ਸਬ ਇੰਸਪੈਕਟਰ ਬਣਾ’ਤਾ ਸੀ। ਕਿੱਧਰੇ ਕੋਈ ਭਾਫ ਨਹੀਂ ਨਿਕਲੀ। ਮੁਨਸ਼ੀ ਪ੍ਰੇਮ ਚੰਦ ਦਾ ਪ੍ਰੇਮ ਵਾਕ ਸੁਣੋ...‘ਪ੍ਰਸਿੱਧੀ ਸਫ਼ੈਦ ਪਹਿਰਾਵੇ ਵਰਗੀ ਹੁੰਦੀ ਹੈ ਜਿਸ ’ਤੇ ਪਿਆ ਛੋਟਾ ਜੇਹਾ ਦਾਗ ਵੀ ਛੁਪਾਇਆ ਨਹੀਂ ਜਾ ਸਕਦਾ।’ ਕੈਪਟਨ ਦੀ ਚਿੱਟੀ ਚਾਦਰ ’ਤੇ ਪਹਿਲਾਂ ਛਿੱਟਾ ਉਦੋਂ ਪਿਆ, ਜਦੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਸਿੱਧਾ ਡੀਐੱਸਪੀ ਬਣਾ’ਤਾ। ਐਵਰੈਸਟ ਚੋਟੀ ਦੇ ਖਿਡਾਰੀ ਆਖ, ਇੱਕ ਪੀਸੀਐੱਸ ਅਫਸਰ ਦੇ ਮੁੰਡੇ, ਦੂਜਾ ਪਟਿਆਲੇ ਦੇ ਕਾਂਗਰਸੀ ਦੇ ਮੁੰਡੇ ਨੂੰ ਵੀ ਡੀਐੱਸਪੀ ਲਾ’ਤਾ। ਹੁਣ ਚੱਲ ਸੋ ਚੱਲ, ਨਵਾਂ ਕੋਹਲੂ ਕਾਹਦਾ ਚੱਲਿਐ, ਚਾਦਰ ਸਤਰੰਗੀ ਹੋ ਗਈ। ਪ੍ਰਸ਼ਾਂਤ ਕਿਸ਼ੋਰ ਨੇ ਸੁਨੇਹਾ ਲਾਇਐ, ਬਾਦਸ਼ਾਹੋ! ਫਿਕਰ ਛੱਡੋ, ਨਿਰਮਾ ਪਾਊਡਰ ਲੈ ਕੇ ਆ ਰਿਹਾ।

              ਛੱਜੂ ਰਾਮ ਕੀਰਤਨ ਸੁਣ ਰਿਹੈ...‘ਰੱਜਿਆਂ ਨੂੰ ਭਰਦੀ ਦੁਨੀਆ, ਪੁੱਛਦਾ ਕੌਣ ਗਰੀਬਾਂ ਨੂੰ।’ ਪਿੰਡ ਮੰਡਾਲੀ (ਮਾਨਸਾ) ਦਾ ਹਰਭਜਨ ਸਿੰਘ 21 ਵਰ੍ਹੇ ਪਹਿਲਾਂ ਕਸ਼ਮੀਰ ’ਚ ਸ਼ਹੀਦ ਹੋਇਆ। ਉਦੋਂ ਸ਼ਹੀਦ ਦਾ ਬੱਚਾ ਰਣਜੀਤ ਤਿੰਨ ਵਰ੍ਹਿਆਂ ਦਾ ਸੀ। ਐੱਮਏ, ਈਟੀਟੀ ਤੇ ਟੈੱਟ ਪਾਸ ਰਣਜੀਤ ਨੇ ਹੁਣ ਜਦੋਂ ਨੌਕਰੀ ਮੰਗੀ। ‘ਤੇਲੀਆਂ ਦੀ ਸਰਕਾਰ’ ਦਾ ਤਰਕ ਸੁਣੋ, ਬਾਪ ਦੀ ਸ਼ਹੀਦੀ ਨੂੰ ਲੰਮਾ ਸਮਾਂ ਹੋ ਗਿਆ, ਹੁਣ ਨਹੀਂ ਦੇ ਸਕਦੇ ਨੌਕਰੀ। ਕਾਸ਼! ਰਣਜੀਤ ਵੀ ਕਿਸੇ ਬਾਜਵੇ ਦਾ ਮੁੰਡਾ ਹੁੰਦਾ। ਯਾਦਾਂ ’ਚ ਮਹਾਰਾਜਾ ਰਣਜੀਤ ਸਿੰਘ ਆ ਘੁੰਮੇ ਨੇ। ਆਓ ਪਹਿਲਾਂ ਕਿੱਸਾ ਸੁਣਾਈਏ। ਕੇਰਾਂ ਰਾਜਾ ਰਣਜੀਤ ਸਿੰਘ, ਹਾਥੀ ’ਤੇ ਚੜ੍ਹ ਕਿਸੇ ਪਿੰਡ ’ਚੋਂ ਲੰਘ ਰਹੇ ਸਨ। ਇੱਕ ਪਰਚੂਨ ਦੀ ਹੱਟੀ ’ਤੇ ਬੈਠਾ ਮੁੰਡਾ ਦੇਖਿਆ। ਸ਼ੇਰ-ਏ-ਪੰਜਾਬ ਤੱਕੜੀ ਤੋਲਦੇ ਮੁੰਡੇ ਦਾ ਸਰੀਰ ਦੇਖ ਬੋਲੋ, ਜਵਾਨਾ! ਤੇਰੇ ਡੌਲੇ ਬੜੇ ਮਜ਼ਬੂਤ ਨੇ, ਤੂੰ ਜਰਨੈਲ ਬਣ ਸਕਦੈ। ਬਾਣੀਆਂ ਦੇ ਮੁੰਡੇ ਨੇ ਹੱਥ ਜੋੜੇ, ਬਾਦਸ਼ਾਹ ਸਲਾਮਤ! ਐਵੇਂ ਥੋਨੂੰ ਭੁਲੇਖਾ ਲੱਗ ਗਿਆ। ਉਹ ਜਰਨੈਲ ਮੋਹਕਮ ਚੰਦ ਸੀ ਜਿਸ ਨੇ ਮਹਾਰਾਜੇ ਦੀ ਮੌਤ ਪਿੱਛੋਂ, ਫਿਲੌਰ ਦੇ ਕਿਲੇ ’ਤੇ ਬੈਠ ਅੰਗਰੇਜ਼ ਖੰਘਣ ਨਹੀਂ ਦਿੱਤੇ ਸਨ।

             ਅੱਜ ਪੰਜਾਬ ਕਪਲਾ ਗਊ ਬਣਿਐ। ਸਿਆਸੀ ਜੌਹਰੀ ‘ਸੂਰਮਾ ਸਿੰਘ’ ਬਣੇ ਨੇ। ‘ਅੰਨ੍ਹਾ ਵੰਡੇ ਸ਼ੀਰਨੀ..!’ ਕਿਸੇ ਵਜ਼ੀਰ ਦਾ ਮੁੰਡਾ ਚੇਅਰਮੈਨ ਬਣਿਐ, ਕਿਸੇ ਦਾ ਐੱਮਡੀ। ‘ਘਰ-ਘਰ ਨੌਕਰੀ’ ਦੇ ਹੱਕਦਾਰ, ਕੂਕਦੇ ਪਏ ਨੇ। ਹੱਕ ਲਈ ਪਟਿਆਲਾ ’ਚ ਨੇਤਰਹੀਨਾਂ ਨੇ ਵੀ ਛੈਣੇ ਖੜਕਾਏ। ਇਨ੍ਹਾਂ ਵਾਰੀ ਰੁਜ਼ਗਾਰ ਵਾਲਾ ਲੰਗਰ ਮਸਤਾਨਾ ਹੋਇਐ। ਕਿਸਾਨ ਬਾਪ ਬਿਨਾਂ ਗੱਲੋਂ ਦਿੱਲੀ ’ਚ ਨਹੀਂ ਗੱਜ ਰਹੇ। ਸਿਆਣੇ ਆਖਦੇ ਹਨ, ‘ਜਿਹੜਾ ਪਹਿਲਾਂ ਹੀ ਗਿੱਲਾ ਹੋਵੇ, ਉਸ ਨੂੰ ਮੀਂਹ ਦੀ ਪ੍ਰਵਾਹ ਨਹੀਂ ਹੁੰਦੀ।’ ‘ਤਰਸ ਦਾ ਆਧਾਰ’ ਕਿਸੇ ਲਈ ਮਿੱਟੀ, ਕਿਸੇ ਲਈ ਸੋਨਾ ਬਣਦੈ। ਸਰਕਾਰੀ ਮੁਲਾਜ਼ਮਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਵੰਡਣ ਵੇਲੇ, ਮੰਤਰੀ ਢੋਲ ਵਜਾਉਂਦੇ ਨੇ। ਸਮਾਰੋਹ ਰਚਾਉਂਦੇ ਨੇ, ਚੌਕੀਦਾਰੀ ਤੇ ਬੇਲਦਾਰੀ ਦੇ ਪੱਤਰ ਫੜਾਉਂਦੇ ਨੇ। ਕੋਈ ਸਿਆਸੀ ਕਾਨੂੰਗੋ ਨਹੀਂ ਦੱਸੇਗਾ, ਬਈ! ਜਦੋਂ ਰਾਕੇਸ਼ ਪਾਂਡੇ ਸਾਬਕਾ ਵਿਧਾਇਕ ਬਣੂ, ਉਸ ਨੂੰ ਪੌਣੇ ਤਿੰਨ ਲੱਖ ਚੜ੍ਹੇ ਮਹੀਨੇ ਪੈਨਸ਼ਨ ਮਿਲੂ। ਮੁੰਡਾ ਨਾਇਬ ਤਹਿਸੀਲਦਾਰ ਬਣਿਐ। ਪਾਂਡੇ ਪਰਿਵਾਰ ਲਈ ਤਾਂ ਇਨਕਲਾਬ ਆ ਗਿਐ। ਕਾਮਰੇਡ ਆਖਦੇ ਨੇ, ਉੱਚੀਆਂ ਸਟੇਜਾਂ ’ਤੇ ਚੜ੍ਹ ਕੇ ਵੀ ਨਾਅਰੇ ਬਹੁਤ ਮਾਰੇ, ਇਨਕਲਾਬ ਕਿਤੇ ਨਜ਼ਰ ਨਹੀਂ ਪਿਆ। ਕਿਸੇ ਨੇ ਮਸ਼ਵਰਾ ਦਿੱਤਾ, ਕਾਮਰੇਡੋ! ਹਾਥੀ ’ਤੇ ਚੜ੍ਹ ਕੇ ਦੇਖ ਲਓ। ਕਿਸੇ ਬੰਨ੍ਹਿਓ ਹੇਕ ਗੂੰਜਣ ਲੱਗੀ ਹੈ...‘ਨਿੱਤ ਬਰ੍ਹਮੇ ਜਲ ਪਾਵਾਂ, ਵੇ ਵੀਰਾ ਤੇਰੀ ਜੜ੍ਹ ਲੱਗ ਜਾਏ।’

Saturday, November 17, 2018

                     ਘਰ ਘਰ ਨੌਕਰੀ..
 ਮਨਪ੍ਰੀਤ ਦੇ ਖ਼ਜ਼ਾਨੇ ਦਾ ਹੀਰਾ ਚਮਕਿਆ
                       ਚਰਨਜੀਤ ਭੁੱਲਰ
ਬਠਿੰਡਾ : ਕੈਬਿਨਟ ਮੰਤਰੀ ਮਨਪ੍ਰੀਤ ਬਾਦਲ ਦੇ ਖ਼ਜ਼ਾਨੇ ਦਾ ਹੀਰਾ ਹੁਣ ਤਕਨੀਕੀ ’ਵਰਸਿਟੀ ਦੇ ਤਾਜ ਵਿਚ ਸਜ ਗਿਆ ਹੈ। ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਮੀਡੀਆ ਕੋਆਰਡੀਨੇਟਰ ਹਰਜੋਤ ਸਿੰਘ ਸਿੱਧੂ ਨੂੰ ਡਾਇਰੈਕਟਰ (ਟਰੇਨਿੰਗ ਐਂਡ ਪਲੇਸਮੈਂਟ) ਵਜੋਂ ਭਰਤੀ ਕਰ ਲਿਆ ਹੈ। ਹੁਣ ਯੂਨੀਵਰਸਿਟੀ ਦੇ ਖ਼ਜ਼ਾਨੇ ਚੋਂ ਇਸ ਨਵੇਂ ਡਾਇਰੈਕਟਰ ਨੂੰ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਵਰਸਿਟੀ ਦਾ ਤਰਕ ਹੈ ਕਿ ਡਾਇਰੈਕਟਰ ਦੇ ਅਹੁਦੇ ਲਈ ਉਮੀਦਵਾਰਾਂ ਚੋਂ ਸਭ ਤੋਂ ਯੋਗ ਹਰਜੋਤ ਸਿੰਘ ਹੀ ਸੀ। ਨਵੇਂ ਡਾਇਰੈਕਟਰ ਨੇ ਬੀਤੇ ਕੱਲ੍ਹ ਆਪਣਾ ਅਹੁਦਾ ਸੰਭਾਲ ਲਿਆ ਹੈ। ਵੇਰਵਿਆਂ ਅਨੁਸਾਰ ਬਠਿੰਡਾ ਦੇ ਪਿੰਡ ਸੰਗਤ ਕਲਾਂ ਦੇ ਹਰਜੋਤ ਸਿੰਘ ਸਿੱਧੂ ਨੇ ਆਪਣਾ ਸਿਆਸੀ ਜੀਵਨ ਸਾਲ 2010 ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ ਸ਼ੁਰੂ ਕੀਤਾ। ਉਹ 23 ਵਰ੍ਹਿਆਂ ਦੀ ਉਮਰ ਵਿਚ ਸਭ ਤੋਂ ਛੋਟੀ ਉਮਰ ਦਾ ਪਾਰਟੀ ਦੀ ਜਨਰਲ ਕੌਂਸਲ ਦਾ ਮੈਂਬਰ ਬਣਿਆ ਸੀ। ਮਨਪ੍ਰੀਤ ਬਾਦਲ ਨੇ ਖ਼ਜ਼ਾਨਾ ਮੰਤਰੀ ਬਣਨ ਮਗਰੋਂ ਹਰਜੋਤ ਸਿੱਧੂ ਨੂੰ 24 ਜੁਲਾਈ 2017 ਨੂੰ ਆਪਣਾ ਮੀਡੀਆ ਕੋਆਰਡੀਨੇਟਰ ਨਿਯੁਕਤ ਕਰ ਲਿਆ। ਉਨ੍ਹਾਂ ਨੇ ਬਤੌਰ ਮੀਡੀਆ ਕੋਆਰਡੀਨੇਟਰ ਕਰੀਬ ਸਵਾ ਸਾਲ ਕੰਮ ਕੀਤਾ ਅਤੇ ਉਹ ਖ਼ਜ਼ਾਨਾ ਮੰਤਰੀ ਦੇ ਨੇੜਲਿਆਂ ਚੋਂ ਸਨ। ਮੀਡੀਆ ਕੋਆਰਡੀਨੇਟਰ ਬਣਨ ਤੋਂ ਪਹਿਲਾਂ ਉਹ ਇੱਕ ਹੋਰ ਪ੍ਰਾਈਵੇਟ ਯੂਨੀਵਰਸਿਟੀ ਵਿਚ ਸਹਾਇਕ ਡਾਇਰੈਕਟਰ (ਮਾਰਕੀਟਿੰਗ ਐਂਡ ਐਡਮਿਸ਼ਨ) ਦੇ ਅਹੁਦੇ ਤੇ ਵੀ ਰਹੇ। ਉਨ੍ਹਾਂ ਦੀ ਯੋਗਤਾ ਐਮ.ਟੈੱਕ ਹੈ।
                    ਭਾਵੇਂ ਉਨ੍ਹਾਂ ਦੀ ਨਿਯੁਕਤੀ ਲਈ ਢੁਕਵੀਂ ਪ੍ਰਕਿਰਿਆ ਅਖ਼ਤਿਆਰ ਕੀਤੀ ਗਈ ਪੰ੍ਰਤੂ ਸਿਆਸੀ ਤੌਰ ’ਤੇ ਹਕੂਮਤ ਨਾਲ ਜੁੜੇ ਹੋਣ ਕਰਕੇਂ ਉਨ੍ਹਾਂ ਦੀ ਨਿਯੁਕਤੀ ’ਤੇ ਉਂਗਲ ਉੱਠੀ ਹੈ। ਯੂਨੀਵਰਸਿਟੀ ਨੇ ਡਾਇਰੈਕਟਰ (ਟਰੇਨਿੰਗ ਐਂਡ ਪਲੇਸਮੈਂਟ) ਦੀ ਅਸਾਮੀ ਲਈ 24 ਜੁਲਾਈ 2018 ਨੂੰ ਇੰਟਰਵਿਊ ਲਈ ਸੀ। ਵਰਸਿਟੀ ਨੇ 28 ਅਗਸਤ ਨੂੰ ਕੋਈ ਢੁਕਵਾਂ ਉਮੀਦਵਾਰ ਨਾ ਮਿਲਣ ਦਾ ਨੋਟਿਸ ਜਨਤਿਕ ਕੀਤਾ। ਦੁਬਾਰਾ 31 ਅਗਸਤ ਨੂੰ ਇਸ ਅਸਾਮੀ ਦਿੱਤੇ ਇਸ਼ਤਿਹਾਰ ਵਿਚ ਇਸ ਅਸਾਮੀ ਨੂੰ ਕੰਨਟਰੈਕਟ ਤੇ ਭਰਨ ਲਈ 60 ਫ਼ੀਸਦੀ ਅੰਕਾਂ ਨਾਲ ਐਮ.ਟੈੱਕ/ਐਮ.ਬੀ.ਏ ਅਤੇ ਪੰਜ ਸਾਲ ਦਾ ਤਜਰਬਾ ਮੰਗਿਆ। ਅਸਾਮੀ ਤਿੰਨ ਵਰ੍ਹਿਆਂ ਲਈ ਹੈ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਦੋ ਸਾਲ ਹੋਰ ਵਧਾਈ ਜਾ ਸਕਦੀ ਹੈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ’ਵਰਸਿਟੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ’ਤੇ 13 ਨਵੰਬਰ ਦੇ ਸ਼ੱੁਭ ਦਿਹਾੜੇ ਵਾਲੇ ਦਿਨ ਇਸ ਅਸਾਮੀ ਲਈ ਇੰਟਰਵਿਊ ਰੱਖੀ ਜੋ ਕਿ ਤਕਨੀਕੀ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਇਸ ਅਸਾਮੀ ਲਈ ਕਰੀਬ ਪੰਜ ਛੇ ਉਮੀਦਵਾਰ ਹੋਰ ਸਨ ਜੋ ਸਭ ਯੋਗਤਾ ਪੂਰੀ ਕਰਦੇ ਸਨ ਪ੍ਰੰਤੂ ਇੰਟਰਵਿਊ ਦੇ ਅੰਕ ਨਿਰਧਾਰਿਤ ਕੀਤੇ ਹੋਣ ਕਰਕੇ ਇਸ ਅਸਾਮੀ ਲਈ ਬਾਕੀ ਉਮੀਦਵਾਰ ਪਛੜ ਗਏ।
                   ਸੂਤਰ ਆਖਦੇ ਹਨ ਕਿ ਪਹਿਲਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦੀ ਲਾਟਰੀ ਲੱਗੀ ਸੀ ਅਤੇ ਹੁਣ ‘ਘਰ ਘਰ ਰੁਜ਼ਗਾਰ’ ਦਾ ਲਾਹਾ ਵਜ਼ੀਰਾਂ ਦੇ ਨੇੜਲਿਆਂ ਨੂੰ ਮਿਲਣ ਲੱਗਾ ਹੈ। ਪੱਖ ਜਾਣਨ ਲਈ ਹਰਜੋਤ ਸਿੱਧੂ ਨੂੰ ਫ਼ੋਨ ਕੀਤਾ ਜੋ ਉਨ੍ਹਾਂ ਚੱੁਕਿਆ ਨਹੀਂ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮੋਹਨ ਪਾਲ ਸਿੰਘ ਈਸ਼ਰ ਦਾ ਪੱਖ ਸੀ ਕਿ ’ਵਰਸਿਟੀ ਨੇ ਡਾਇਰੈਕਟਰ ਦੇ ਅਹੁਦੇ ਲਈ ਦੋ ਦਫ਼ਾ ਪਹਿਲਾਂ ਇੰਟਰਵਿਊ ਕੀਤੀ ਪ੍ਰੰਤੂ ਕੋਈ ਢੁਕਵਾਂ ਉਮੀਦਵਾਰ ਨਾ ਲੱਭਾ ਜਿਸ ਕਰਕੇ ਹੁਣ ਤੀਸਰੀ ਦਫ਼ਾ ਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ ਦੇ ਵਾਈਸ ਚੇਅਰਮੈਨ ਦੀ ਅਗਵਾਈ ਵਿਚ ਇੰਟਰਵਿਊ ਕੀਤੀ ਗਈ ਜਿਸ ਵਿਚ ਵਿਸ਼ਾ ਮਾਹਿਰ ਵੀ ਸਨ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੇ ਅੰਕ ਰੱਖੇ ਗਏ ਸਨ ਅਤੇ ਸਭ ਤੋਂ ਢੁਕਵੇਂ ਤੇ ਯੋਗ ਉਮੀਦਵਾਰ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਕੱੁਝ ਵੀ ਗ਼ਲਤ ਨਹੀਂ। ਬਾਕੀ ਸਭ  ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
                        ਫ਼ੌਰੀ ਨਿਯੁਕਤੀ ਰੱਦ ਹੋਵੇ : ਚੀਮਾ
ਵਿਰੋਧੀ ਧਿਰ ਦੇ ਨੇਤਾ ਸ੍ਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਸਰਕਾਰ ਨੌਕਰੀ ਮੇਲੇ ਲਗਾ ਕੇ ਪੰਜਾਬ ਦੇ ਮੁੰਡਿਆਂ ਨੂੰ ਤਾਂ ਅੱਠ ਅੱਠ ਰੁਪਏ ਦੀ ਮਾਮੂਲੀ ਤਨਖ਼ਾਹ ਤੇ ਦੂਸਰੇ ਸੂਬਿਆਂ ਵਿਚ ਧੱਕ ਰਹੀ ਹੈ ਜਦੋਂ ਕਿ ਨੇੜਲੇ ਸਿਆਸੀ ਲੋਕਾਂ ਨੂੰ ਚੰਗੀਆਂ ਅਸਾਮੀਆਂ ’ਤੇ ਨਿਵਾਜ ਰਹੀ ਹੈ। ਉਨ੍ਹਾਂ ਆਖਿਆ ਕਿ ’ਵਰਸਿਟੀ ਦੇ ਡਾਇਰੈਕਟਰ ਦੇ ਅਹੁਦੇ ਦੀ ਨਿਯੁਕਤੀ ਫ਼ੌਰੀ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਿੱਧੇ ਤੌਰ ’ਤੇ ਵਜ਼ੀਰ ਦੇ ਨੇੜਲੇ ਨੂੰ ਲਾਹਾ ਦਿੱਤਾ ਗਿਆ ਹੈ।