Friday, September 17, 2021

                                              ਕਾਂਗੜ ਬਾਗੋ ਬਾਗ
                             ਕਰੋੜਪਤੀ ਜਵਾਈ ਨੂੰ ਨੌਕਰੀ ਦਾ 'ਤੋਹਫਾ' !
                                               ਚਰਨਜੀਤ ਭੁੱਲਰ     

ਚੰਡੀਗੜ੍ਹ : ਕੈਪਟਨ ਸਰਕਾਰ ਵੱਲੋਂ ਹੁਣ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਨੂੰ ਤਰਸ ਦੇ ਅਧਾਰ 'ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ | ਪੰਜਾਬ ਕੈਬਨਿਟ 'ਚ ਸ਼ੁੱਕਰਵਾਰ ਇਸ ਵੀ.ਆਈ.ਪੀ ਹਸਤੀ ਨੂੰ ਸਰਕਾਰੀ ਰੁਜ਼ਗਾਰ ਲਈ ਹਰੀ ਝੰਡੀ ਦਿੱਤੇ ਜਾਣ ਦੀ ਪੂਰਨ ਸੰਭਾਵਨਾ ਹੈ | ਆਬਕਾਰੀ ਤੇ ਕਰ ਵਿਭਾਗ ਪੰਜਾਬ ਤਰਫੋਂ ਮੰਤਰੀ ਮੰਡਲ ਦੀ ਮੀਟਿੰਗ ਲਈ ਇਸ ਨੌਕਰੀ ਦਾ ਏਜੰਡਾ ਭੇਜਿਆ ਗਿਆ ਹੈ | ਪੰਜਾਬ ਸਰਕਾਰ ਵੱਲੋਂ ਮਾਲ ਮੰਤਰੀ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਆਬਕਾਰੀ ਤੇ ਕਰ ਅਫਸਰ ਜਾਂ ਆਬਕਾਰੀ ਇੰਸਪੈਕਟਰ ਲਾਏ ਜਾਣ ਦੇ ਚਰਚੇ ਹਨ |

    ਚਰਚੇ ਛਿੜੇ ਹਨ ਕਿ ਐਨ ਜਦੋਂ ਪੰਜਾਬ ਚੋਣਾਂ 'ਚ ਬਹੁਤਾ ਸਮਾਂ ਬਾਕੀ ਨਹੀਂ ਹੈ ਤਾਂ ਉਸ ਵਕਤ ਸਰਕਾਰ ਤਰਫੋਂ ਆਪਣੇ ਵਜ਼ੀਰਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਵੰਡੀਆਂ ਜਾ ਰਹੀਆਂ ਹਨ | ਪਹਿਲਾਂ ਵੀ ਪੰਜਾਬ ਸਰਕਾਰ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੇ ਜਾਣ ਤੋਂ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਈ ਸੀ | ਵੇਰਵਿਆਂ ਅਨੁਸਾਰ ਗੁਰਸ਼ੇਰ ਸਿੰਘ ਕਾਮਰਸ ਗਰੈਜੂਏਟ ਹੈ ਅਤੇ ਉਨ੍ਹਾਂ ਦੇ ਪਿਤਾ ਭੂਪਜੀਤ ਸਿੰਘ ਦਾ 28 ਸਤੰਬਰ 2011 'ਚ ਦੇਹਾਂਤ ਹੋ ਗਿਆ ਸੀ | ਉਦੋਂ ਭੂਪਜੀਤ ਸਿੰਘ ਆਬਕਾਰੀ ਤੇ ਕਰ ਵਿਭਾਗ 'ਚ ਈ.ਟੀ.ਓ ਵਜੋਂ ਤਾਇਨਾਤ ਸਨ |

   ਦੱਸਣਯੋਗ ਹੈ ਕਿ ਵਰ੍ਹਾ 2002 ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਖਿਲਾਫ ਸ਼ਿਕਾਇਤਕਰਤਾ ਵੀ ਭੂਪਜੀਤ ਸਿੰਘ ਸਨ | ਉਦੋਂ ਭੂਪਜੀਤ ਸਿੰਘ ਨੇ 25 ਮਾਰਚ 2002 ਨੂੰ ਰਵੀ ਸਿੱਧੂ ਨੂੰ ਪੰਜ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਾਇਆ ਸੀ | ਕੈਪਟਨ ਸਰਕਾਰ ਨੇ ਵਰ੍ਹਾ 2005 ਵਿਚ ਭੂਪਜੀਤ ਸਿੰਘ ਨੂੰ ਪੀ.ਸੀ.ਐਸ ਵਜੋਂ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਜੋ ਸਿਰੇ ਨਹੀਂ ਲੱਗ ਸਕੀ ਸੀ | ਹੁਣ ਕੈਬਨਿਟ ਵੱਲੋਂ ਪਾਲਿਸੀ ਵਿਚ ਛੋਟਾਂ ਦੇ ਕੇ ਗੁਰਸ਼ੇਰ ਸਿੰਘ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਹੈ | 

   ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ ਤਰਸ ਦੇ ਅਧਾਰ 'ਤੇ ਨੌਕਰੀ ਵਾਰਸ ਨੂੰ ਉਦੋਂ ਨਹੀਂ ਦਿੱਤੀ ਜਾ ਸਕਦੀ ਹੈ ਜਦੋਂ ਕਿ ਨੌਕਰੀ ਕਰਨ ਵਾਲੇ ਮਿ੍ਤਕ ਦੀ ਮੌਤ ਨੂੰ ਕਾਫੀ ਅਰਸਾ ਬੀਤ ਚੁੱਕਾ ਹੋਵੇ | ਗੁਰਸ਼ੇਰ ਸਿੰਘ ਦੇ ਪਿਤਾ ਦੀ ਮੌਤ ਨੂੰ ਵੀ ਕਰੀਬ ਦਸ ਸਾਲ ਦਾ ਅਰਸਾ ਹੋ ਗਿਆ ਹੈ | ਦੂਸਰਾ ਅਧਾਰ ਇਹ ਦੇਖਿਆ ਜਾਂਦਾ ਹੈ ਕਿ ਅਗਰ ਮਿ੍ਤਕ ਦੇ ਪਰਿਵਾਰ ਕੋਲ ਗੁਜਾਰੇ ਲਾਇਕ ਸਾਧਨ ਨਹੀਂ ਹੈ ਤਾਂ ਉਸ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੀ ਜਾ ਸਕਦੀ ਹੈ | ਕੈਬਨਿਟ ਵੱਲੋਂ ਹੁਣ ਵਿਸ਼ੇਸ਼ ਛੋਟਾਂ ਦੇ ਕੇ ਇਹ ਨੌਕਰੀ ਦਿੱਤੀ ਜਾਣੀ ਹੈ | 

    ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸ਼ੁਰੂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਹੋਏ ਹਨ | ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦੀ ਆਪਸੀ ਖਿੱਚੋਤਾਣ ਦੌਰਾਨ ਕਾਂਗੜ ਦੂਸਰੇ ਕੈਂਪ ਵਿਚ ਚਲੇ ਗਏ ਸਨ | ਪਤਾ ਲੱਗਾ ਹੈ ਕਿ ਹੁਣ ਕਾਂਗੜ ਮੁੜ ਕੈਪਟਨ ਕੈਂਪ ਵਿਚ ਪਰਤ ਆਏ ਹਨ | 

                                  ਜਾਇਦਾਦ 'ਚ 35 ਏਕੜ ਜ਼ਮੀਨ ਵੀ..

  ਜਾਣਕਾਰੀ ਅਨੁਸਾਰ ਗੁਰਸ਼ੇਰ ਸਿੰਘ ਅਤੇ ਉਸ ਦੇ ਪਰਿਵਾਰ ਕੋਲ ਮੌਜੂਦਾ ਸਮੇਂ 35 ਏਕੜ ਵਾਹੀਯੋਗ ਜ਼ਮੀਨ ਹੈ ਅਤੇ ਪਟਿਆਲਾ ਵਿਚ ਇੱਕ ਹਜ਼ਾਰ ਗਜ ਦਾ ਰਿਹਾਇਸ਼ੀ ਮਕਾਨ ਵੀ ਹੈ | ਇਸੇ ਤਰ੍ਹਾਂ ਲੁਧਿਆਣਾ ਵਿਚ ਅੱਠ ਅੱਠ ਸੌ ਗਜ ਦੇ ਦੋ ਰਿਹਾਇਸ਼ੀ ਪਲਾਟ ਵੀ ਹਨ ਅਤੇ ਇੱਕ ਰਿਹਾਇਸ਼ੀ ਫਲੈਟ ਚੰਡੀਗੜ੍ਹ ਵਿਚ ਵੀ ਹੈ | ਇਸ ਤੋਂ ਇਲਾਵਾ ਇਸ ਪਰਿਵਾਰ ਦਾ ਇੱਕ ਐਫਸੀਆਈ ਦਾ ਗੁਦਾਮ ਵੀ ਹੈ | ਹੁਣ ਸਰਕਾਰ ਨੇ ਇਸ ਪਰਿਵਾਰ ਦੇ ਗੁਰਸ਼ੇਰ ਸਿੰਘ ਨੂੰ ਤਰਸ਼ ਦੇ ਅਧਾਰ 'ਤੇ ਨੌਕਰੀ ਦੇਣ ਦੀ ਤਿਆਰੀ ਖਿੱਚ ਲਈ ਹੈ | 

                        ਏਹਨਾਂ ਦਾ ਕੀ ਕਸੂਰ ਏ..

ਦੂਸਰੀ ਤਰਫ ਨਜ਼ਰ ਮਾਰੀਏ ਤਾਂ ਪੰਜਾਬ ਵਿਚ ਰੁਜ਼ਗਾਰ ਲਈ ਜਵਾਨੀ ਸੜਕਾਂ 'ਤੇ ਮੁਜ਼ਾਹਰੇ ਕਰ ਰਹੀ ਹੈ, ਕਿਸੇ ਨੂੰ ਟੈਂਕੀਆਂ 'ਤੇ ਚੜਨਾ ਪੈਂਦਾ ਹੈ ਅਤੇ ਰੁਜ਼ਗਾਰ ਲਈ ਕਈ ਭਾਖੜਾ ਵਿਚ ਵੀ ਛਾਲਾਂ ਮਾਰ ਚੁੱਕੇ ਹਨ | ਇਕੱਲੇ ਪਾਵਰਕੌਮ 'ਤੇ ਨਜ਼ਰ ਮਾਰੀਏ ਤਾਂ ਵਰ੍ਹਾ 2002-2010 ਦੌਰਾਨ ਦੇ ਕਰੀਬ 6200 ਕੇਸ ਅਜਿਹੇ ਹਨ ਜਿਨ੍ਹਾਂ ਦੇ ਵਾਰਸਾਂ ਨੂੰ ਹਾਲੇ ਤੱਕ ਤਰਸ ਦੇ ਅਧਾਰ 'ਤੇ ਨੌਕਰੀ ਨਹੀਂ ਮਿਲੀ ਹੈ | ਜਿਨ੍ਹਾਂ ਨੂੰ ਮਿਲਦੀ ਹੈ, ਉਨ੍ਹਾਂ ਨੂੰ ਵੀ ਦਰਜਾ ਚਾਰ ਦਾ ਰੁਜ਼ਗਾਰ ਪ੍ਰਾਪਤ ਹੁੰਦਾ ਹੈ | 



No comments:

Post a Comment