Saturday, September 11, 2021

                                              ਕਿਧਰ ਜਾਵੇ ਪੰਜਾਬ 
                         ਜਹਾਜ਼ ਉੱਡੇ ਅਸਮਾਨੀਂ, ਭੁੰਜੇ ਲਾਹ ਖ਼ਜ਼ਾਨੇ ਨੂੰ..! 
                                                ਚਰਨਜੀਤ ਭੁੱਲਰ       

ਚੰਡੀਗੜ੍ਹ : ਢਾਈ ਦਹਾਕੇ ਤੋਂ ਹੈਲੀਕਾਪਟਰ ਦੀ ਸਵਾਰੀ ਖ਼ਜ਼ਾਨੇ 'ਤੇ ਭਾਰੀ ਪੈ ਰਹੀ ਹੈ | ਹਕੂਮਤਾਂ ਨੇ ਸੜਕੀਂ ਰਸਤਾ ਨਹੀਂ ਚੁਣਿਆ, ਅਸਮਾਨੀ ਉੱਡਣ ਨੂੰ ਤਰਜੀਹ ਦਿੱਤੀ | ਇਹ ਉਡਾਣਾਂ 24 ਵਰਿ੍ਹਆਂ 'ਚ ਸਰਕਾਰੀ ਖ਼ਜ਼ਾਨੇ ਨੂੰ 166.23 ਕਰੋੜ 'ਚ ਪਈਆਂ | ਇਸ ਸਮੇਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਨੰਬਰ ਵਨ ਰਿਹਾ ਜਿਸ ਦਾ ਹੈਲੀਕਾਪਟਰ ਖਰਚਾ 119.35 ਕਰੋੜ ਰਿਹਾ ਜਦੋਂ ਕਾਂਗਰਸ ਹਕੂਮਤਾਂ ਦੌਰਾਨ ਇਹੋ ਖ਼ਰਚ 46.88 ਕਰੋੜ ਰਿਹਾ | ਬਾਦਲ ਪਰਿਵਾਰ ਨੇ ਤਾਂਘੇ ਵਾਂਗੂ ਹੈਲੀਕਾਪਟਰ ਵਰਤਿਆ | ਵਰ੍ਹਾ 2007-12 ਦੌਰਾਨ ਬਾਦਲਾਂ ਦੇ 426 ਗੇੜੇ ਇਕੱਲੇ ਪਿੰਡ ਬਾਦਲ ਦੇ ਰਹੇ | ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਨਵੰਬਰ 1997 ਤੋਂ ਜੁਲਾਈ 2021 ਤੱਕ ਦੇ ਸਮੇਂ (ਕਰੀਬ 24 ਸਾਲ) ਦੌਰਾਨ ਹੈਲੀਕਾਪਟਰ ਦਾ ਖਰਚਾ 166.23 ਕਰੋੜ  ਰਿਹਾ ਹੈ | ਮੌਜੂਦਾ ਹਕੂਮਤ ਤੋਂ ਗੱਲ ਸ਼ੁਰੂ ਕਰੀਏ ਤਾਂ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਦੌਰੇ ਉਂਗਲਾਂ 'ਤੇ ਗਿਣੇ ਜਾਣ ਜੋਗੇ ਹਨ ਪਰ ਪਹਿਲੀ ਅਪਰੈਲ 2017 ਤੋਂ 31 ਜੁਲਾਈ 2021 ਤੱਕ ਸਰਕਾਰੀ ਹੈਲੀਕਾਪਟਰ ਦੇ ਅਪਰੇਸ਼ਨ/ਮੈਂਟੀਨੈਸ ਦਾ ਖਰਚਾ ਅਤੇ ਪ੍ਰਾਈਵੇਟ ਹੈਲੀਕਾਪਟਰਾਂ ਦੇ ਭਾੜੇ ਦਾ ਖਰਚਾ 14.58 ਕਰੋੜ ਰੁਪਏ ਰਿਹਾ ਹੈ | 

    ਕੈਪਟਨ ਸਰਕਾਰ ਨੇ ਸਵਾ ਚਾਰ ਵਰਿ੍ਹਆਂ ਦੌਰਾਨ ਪ੍ਰਾਈਵੇਟ ਹੈਲੀਕਾਪਟਰ ਦੇ ਭਾੜੇ 'ਤੇ 3.66 ਕਰੋੜ ਰੁਪਏ ਖਰਚ ਕੀਤੇ ਹਨ ਜਦੋਂ ਕਿ ਸਰਕਾਰੀ ਹੈਲੀਕਾਪਟਰ ਦਾ ਖਰਚਾ 10.92 ਕਰੋੜ ਰੁਪਏ ਰਿਹਾ ਹੈ | ਇਸ ਲਿਹਾਜ਼ ਨਾਲ ਕੈਪਟਨ ਸਰਕਾਰ ਦਾ ਰੋਜ਼ਾਨਾ ਦਾ ਔਸਤਨ ਹੈਲੀਕਾਪਟਰ ਖਰਚਾ 94064 ਰੁਪਏ ਰਿਹਾ ਹੈ | ਚਰਚੇ ਹਨ ਕਿ ਪੰਜਾਬ ਕਾਂਗਰਸ ਦੀ ਖਿੱਚੋਤਾਣ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਸਰਕਾਰੀ ਹੈਲੀਕਾਪਟਰ ਵਰਤਿਆ ਹੈ | ਪੰਜਾਬ ਸਰਕਾਰ ਨੇ ਆਰ.ਟੀ.ਆਈ ਤਹਿਤ ਸਰਕਾਰੀ ਹੈਲੀਕਾਪਟਰ ਦੇ ਦੂਸਰੇ ਸੂਬਿਆਂ ਦੇ ਦੌਰਿਆਂ ਦਾ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਹਿਮਾਚਲ ਪ੍ਰਦੇਸ਼ ਦੇ ਗੇੜੇ ਵੀ ਹੈਲੀਕਾਪਟਰ ਦੇ ਕਾਫ਼ੀ ਰਹੇ ਹਨ | ਵਿਰੋਧੀ ਉਂਗਲ ਉਠਾ ਰਹੇ ਹਨ ਕਿ ਕੋਵਿਡ ਮਹਾਂਮਾਰੀ ਦੇ ਡੇਢ ਵਰ੍ਹੇ ਦੌਰਾਨ ਸਭ ਕੁਝ ਰੁਕਿਆ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਹੈਲੀਕਾਪਟਰ ਦੀ ਵਰਤੋਂ ਕਿਥੇ ਕੀਤੀ ਗਈ ਹੈ, ਮਾਮਲਾ ਜਨਤਿਕ ਹੋਣਾ ਚਾਹੀਦਾ ਹੈ | ਦੇਖਿਆ ਜਾਵੇ ਤਾਂ ਏਨਾ ਜਰੂਰ ਹੈ ਕਿ ਗਠਜੋੜ ਸਰਕਾਰ ਦੇ ਮੁਕਾਬਲੇ ਕਾਂਗਰਸ ਹਕੂਮਤ ਦਾ ਹੈਲੀਕਾਪਟਰ ਖਰਚਾ ਕਾਫ਼ੀ ਘੱਟ ਹੈ | 

   ਤੈਰਵੀਂ ਨਜ਼ਰ ਮਾਰੀਏ ਤਾਂ ਮੁੱਖ ਮੰਤਰੀ ਪਿਛਲੇ ਸਮਿਆਂ ਤੋਂ ਹੈਲੀਕਾਪਟਰ 'ਤੇ ਜਿਆਦਾ ਸਫ਼ਰ ਕਰਨ ਲੱਗੇ ਹਨ | ਪੰਜਾਬ ਸਰਕਾਰ ਵੱਲੋਂ ਨਵੰਬਰ 1995 ਤੋਂ ਭਾੜੇ ਦਾ ਹੈਲੀਕਾਪਟਰ ਵਰਤਣਾ ਸ਼ੁਰੂ ਕੀਤਾ ਗਿਆ ਸੀ | ਨਵੰਬਰ 1995 ਤੋਂ 31 ਮਾਰਚ 1997 ਤੱਕ ਹੈਲੀਕਾਪਟਰ ਦਾ ਖਰਚਾ 9.68 ਕਰੋੜ ਰੁਪਏ ਰਿਹਾ ਸੀ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ ਦਾ ਔਸਤਨ ਖਰਚਾ 1.87 ਲੱਖ ਰੁਪਏ ਹੈਲੀਕਾਪਟਰ 'ਤੇ ਕੀਤਾ ਗਿਆ | ਗਠਜੋੜ ਸਰਕਾਰ ਦੀ ਦਸ ਵਰਿ੍ਹਆਂ (2007-2017) ਦੌਰਾਨ ਹੈਲੀਕਾਪਟਰ ਦਾ ਖਰਚਾ 97.81 ਕਰੋੜ ਰੁਪਏ ਹੈ | ਇੱਕ ਅੰਦਾਜ਼ੇ ਅਨੁਸਾਰ ਇਨ੍ਹਾਂ ਦਸ ਵਰਿ੍ਹਆਂ 'ਚ ਰੋਜ਼ਾਨਾ ਔਸਤਨ 2 ਘੰਟੇ ਹੈਲੀਕਾਪਟਰ ਅਸਮਾਨੀ ਗੂੰਜਦਾ ਰਿਹਾ ਹੈ | ਗਠਜੋੜ ਸਰਕਾਰ ਦੀ ਪਹਿਲੀ ਪਾਰੀ (2007-2012) ਦੌਰਾਨ ਹੈਲੀਕਾਪਟਰ 53.81 ਕਰੋੜ ਰੁਪਏ ਰਿਹਾ ਸੀ | ਦੂਸਰੀ ਪਾਰੀ (2012-2017) ਦੌਰਾਨ ਇਹੋ ਖਰਚਾ 44 ਕਰੋੜ ਰੁਪਏ ਰਿਹਾ ਹੈ | ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲੀ ਦਫ਼ਾ ਮੁੱਖ ਮੰਤਰੀ ਬਣੇ ਸਨ ਤਾਂ ਉਦੋਂ (2002-07) ਦੌਰਾਨ ਹੈਲੀਕਾਪਟਰ ਖਰਚਾ 22.62 ਕਰੋੜ ਰੁਪਏ ਆਇਆ ਸੀ | ਐਤਕੀਂ ਦੂਸਰੀ ਪਾਰੀ 'ਚ ਅਮਰਿੰਦਰ ਸਿੰਘ ਨੇ ਜਿਆਦਾ ਸਮਾਂ ਸਿਸਵਾਂ ਫਾਰਮ ਹਾਊਸ 'ਤੇ ਹੀ ਕੱਢਿਆ ਹੈ |

     ਪੰਜਾਬ ਸਰਕਾਰ ਨੇ ਜਿਆਦਾ ਸਮਾਂ ਭਾੜੇ ਦਾ ਹੈਲੀਕਾਪਟਰ ਹੀ ਵਰਤਿਆ ਹੈ | ਦਸੰਬਰ 2012 ਵਿਚ ਸਰਕਾਰ ਨੇ 'ਬੈੱਲ-429' ਹੈਲੀਕਾਪਟਰ 38 ਕਰੋੜ ਦੀ ਲਾਗਤ ਨਾਲ ਖਰੀਦ ਕੀਤਾ ਸੀ | ਪੰਜਾਬ ਸਰਕਾਰ ਦਾ ਇੱਕ ਹੈਲੀਕਾਪਟਰ ਅਪਰੈਲ 1994 ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿਚ ਪੰਜਾਬ ਦੇ ਰਾਜਪਾਲ ਸੁਰਿੰਦਰ ਨਾਥ ਆਦਿ ਮਾਰੇ ਗਏ ਸਨ | ਇਸੇ ਤਰ੍ਹਾਂ 'ਕਿੰਗ ਏਅਰ-90' ਵੀ ਅਕਤੂਬਰ 2008 ਵਿਚ ਲੁਧਿਆਣਾ ਵਿਚ ਹਾਦਸ਼ਾਗ੍ਰਸਤ ਹੋ ਗਿਆ ਸੀ ਪੰ੍ਰਤੂ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ ਸੀ |   ਆਡਿਟ ਇਤਰਾਜ਼ ਵੀ ਉੱਠਦੇ ਰਹੇ ਹਨ ਕਿ ਪੰਜਾਬ ਸਰਕਾਰ ਨੇ ਬਿਨਾਂ ਟੈਂਡਰ ਕੀਤੇ ਹੀ ਭਾੜੇ 'ਤੇ ਹੈਲੀਕਾਪਟਰ ਲਏ ਹਾਲਾਂਕਿ ਭੂਗੋਲਿਕ ਲਿਹਾਜ਼ ਤੋਂ ਪੰਜਾਬ ਬਹੁਤਾ ਲੰਮਾ ਚੌੜਾ ਨਹੀਂ ਹੈ ਪਰ ਫਿਰ ਵੀ ਸਰਕਾਰਾਂ ਤਰਫ਼ੋਂ ਸੜਕੀਂ ਰਸਤੇ ਦੀ ਥਾਂ ਹੈਲੀਕਾਪਟਰ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਸ ਦਾ ਬੋਝ ਆਮ ਲੋਕਾਂ ਨੂੰ ਚੁੱਕਣਾ ਪੈਂਦਾ ਹੈ | 

               ਹੈਲੀਕਾਪਟਰ ਦੀ ਪ੍ਰਾਈਵੇਟ ਵਰਤੋਂ ਬੰਦ ਹੋਵੇ : ਚੀਮਾ

ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਆਖਦੇ ਹਨ ਕਿ ਹੈਲੀਕਾਪਟਰ ਦਾ ਸਮੁੱਚੇ ਰੂਪ ਵਿਚ ਬੋਝ ਆਮ ਲੋਕਾਂ 'ਤੇ ਪੈਂਦਾ ਹੈ ਜਿਸ ਕਰਕੇ ਸਰਕਾਰਾਂ ਨੂੰ ਇਹ ਖਰਚਾ ਸੀਮਿਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਹੁਣ ਪੰਜਾਬ ਕਰਜ਼ ਵਿਚ ਜਕੜਿਆ ਪਿਆ ਹੈ ਤਾਂ ਬਹੁਤ ਹੰਗਾਮੀ ਹਾਲਾਤਾਂ 'ਚ ਹੀ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਪ੍ਰਾਈਵੇਟ ਕੰਮਾਂ ਲਈ ਹੈਲੀਕਾਪਟਰ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ |

     ਹੈਲੀਕਾਪਟਰ ਖਰਚਾ : ਇੱਕ ਨਜ਼ਰ 

ਟਰਮ ਪੀਰੀਅਡ          ਕੁੱਲ ਖਰਚਾ           ਔਸਤਨ ਪ੍ਰਤੀ ਦਿਨ ਖਰਚਾ

1995-1997    9.68 ਕਰੋੜ      1.87 ਲੱਖ

1997-2002   21.44 ਕਰੋੜ      1.17 ਲੱਖ

2002-2007   22.62 ਕਰੋੜ     1.23 ਲੱਖ

2007-2012   53.81 ਕਰੋੜ     2.94 ਲੱਖ

2012-2017   44.00 ਕਰੋੜ     2.41 ਲੱਖ

2017-2021    14.58 ਕਰੋੜ    94064 ਰੁਪਏ

 



No comments:

Post a Comment