Thursday, September 9, 2021

                                                 ਸਰਪੰਚ ਦਾ ਹੋਕਾ
                                      ਪੌਦੇ ਲੈ ਜਾਓ, ਨਾਲੇ ਪੈਸੇ ਵੀ..!
                                                 ਚਰਨਜੀਤ ਭੁੱਲਰ   

ਚੰਡੀਗੜ੍ਹ :  ਪਿੰਡ ਰਣਸੀਹ ਕਲਾਂ ਦੀ ਮਹਿਲਾ ਸਰਪੰਚ ਕੁਲਦੀਪ ਕੌਰ ਨੇ ਨਵੀਂ ਪੈੜ ਪਾਈ ਹੈ, ਜੋ ਪੰਜਾਬ ਲਈ ਨਵਾਂ ਰਾਹ ਬਣ ਸਕਦੀ ਹੈ। ਉਸ ਨੂੰ ਧਰਤੀ ਦੀ ਕੁੱਖ ਤੇ ਪੌਦਿਆਂ ਦੇ ਪਾਲਣ ਪੋਸ਼ਣ ਦਾ ਇੱਕੋ ਜਿੰਨਾ ਫਿਕਰ ਹੈ। ਮੋਗਾ ਜ਼ਿਲ੍ਹੇ ਦੇ ਇਸ ਪਿੰਡ ਦੀ ਮਹਿਲਾ ਸਰਪੰਚ ਇਕੱਲੇ ਪੌਦੇ ਨਹੀਂ ਵੰਡ ਰਹੀ, ਸਗੋਂ ਚੈੱਕ ਵੀ ਵੰਡ ਰਹੀ ਹੈ ਤਾਂ ਜੋ ਪੌਦਿਆਂ ਦੀ ਦੇਖਭਾਲ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਗਰਾਮ ਪੰਚਾਇਤ ਨੇ ਪਹਿਲੀ ਸਤੰਬਰ ਤੋਂ ਪਿੰਡ ’ਚ ਨਵਾਂ ਨਾਅਰਾ ਦਿੱਤਾ ਹੈ, ‘ਰੁੱਖ ਲਗਾਓ, ਵਾਤਾਵਰਨ ਬਚਾਓ ਤੇ ਪੈਸੇ ਕਮਾਓ।’ ਅੱਗੇ ਇਹ ਵੀ ਕਿਹਾ ਹੈ ਕਿ ‘ਮਿੱਠੇ ਫਲ ਵੀ ਖਾਓ।’  ਨੌਂ ਮੈਂਬਰੀ ਪੰਚਾਇਤ ਦੀ ਅਗਵਾਈ ਕਰ ਰਹੀ ਸਰਪੰਚ ਕੁਲਦੀਪ ਕੌਰ ਕੋਲ ਨਜ਼ਰੀਆ ਹੈ ਤੇ ਪਿੰਡ ਦੇ ਦਾਨੀ ਸੱਜਣਾਂ ਕੋਲ ਖਜ਼ਾਨਾ। ਸਰਪੰਚ ਵੱਲੋਂ ਹਰ ਚਾਹਵਾਨ ਨੂੰ ਪ੍ਰਤੀ ਪੌਦਾ ਸੌ ਰੁਪਏ ਦਾ ਚੈੱਕ ਮੌਕੇ ’ਤੇ ਦਿੱਤਾ ਜਾਂਦਾ ਹੈ। ਪਿੰਡ ਦੇ ਕਰੀਬ 2700 ਵਸਨੀਕ ਹਨ, ਜਿਨ੍ਹਾਂ ’ਚੋਂ ਬਹੁਤਿਆਂ ਨੇ 2 ਤੋਂ 10 ਪੌਦੇ ਤੱਕ ਵੀ ਲਏ ਹਨ। ਸਾਰੇ ਪੌਦੇ ਮਿੱਠੇ ਫਲਾਂ ਵਾਲੇ ਹਨ। ਕਿਸਾਨ ਸੁਖਮੰਦਰ ਸਿੰਘ ਨੇ 14 ਫਲਦਾਰ ਬੂਟੇ ਲਏ। 

              ਸਰਪੰਚ ਕੁਲਦੀਪ ਕੌਰ ਦੱਸਦੀ ਹੈ ਕਿ ਪੰਜਾਬ ’ਚ ਪੌਦੇ ਸਿਰਫ਼ ਦਿਖਾਵੇ ਲਈ ਲੱਗਦੇ ਹਨ ਤੇ ਬਹੁਤੇ ਪੌਦੇ ਜੋਬਨ ਰੁੱਤੇ ਮਰ ਜਾਂਦੇ ਹਨ। ਉਹ ਆਖਦੀ ਹੈ ਕਿ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਚੁੱਕੇ ਬਿਨਾਂ ਪੌਦਾ ਲਾਉਣਾ ਬੇਅਰਥ ਹੈ। ਲੋਕਾਂ ਨੂੰ ਚੇਟਕ ਲਾਉਣ ਲਈ ਉਸ ਨੇ ਪ੍ਰਤੀ ਪੌਦਾ ਸੌ ਰੁਪਏ ਦੇਣਾ ਸ਼ੁਰੂ ਕੀਤਾ ਹੈ।ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਖੇਤੀ ’ਵਰਸਿਟੀ ਤੋਂ ਪੌਣੇ ਦੋ ਲੱਖ ਰੁਪਏ ਵਿੱਚ ਇੱਕ ਹਜ਼ਾਰ ਫਲਦਾਰ ਪੌਦੇ ਲਿਆਂਦੇ ਸਨ, ਜਿਸ ਚੋਂ 700 ਪੌਦੇ ਉਹ ਵੰਡ ਚੁੱਕੇ ਹਨ। ਇਨ੍ਹਾਂ ਵਿੱਚੋਂ 600 ਪੌਦਿਆਂ ਨਾਲ 60 ਹਜ਼ਾਰ ਰੁਪਏ ਦੇ ਚੈੱਕ ਵੀ ਦਿੱਤੇ ਗਏ ਹਨ, ਜਦਕਿ ਸੌ ਪੌਦੇ ਲੈਣ ਵਾਲਿਆਂ ਨੇ ਇਸ ਨੂੰ ਧਰਮ ਦਾ ਕੰਮ ਮੰਨ ਕੇ ਪੈਸੇ ਲੈਣ ਤੋਂ ਨਾਂਹ ਕਰ ਦਿੱਤੀ। ਪੰਚਾਇਤ ਨੇ ਜਨਮ ਦਿਨ ’ਤੇ ਵੀ ਪੌਦੇ ਵੰਡਣੇ ਸ਼ੁਰੂ ਕੀਤੇ ਹਨ। ਪਿੰਡ ਦੇ ਸਾਬਕਾ ਸਰਪੰਚ ਪ੍ਰੀਤ ਮਹਿੰਦਰਪਾਲ ਸਿੰਘ ਮਿੰਟੂ, ਹਾਂਗਕਾਂਗ ਵਾਸੀ ਕਰਮਪਾਲ ਸਿੰਘ, ਕੈਨੇਡਾ ਵਾਸੀ ਮਨਜਿੰਦਰ ਸਿੰਘ ਤੇ ਇੰਦਰਪਾਲ ਸਿੰਘ ਸਮੇਤ ਦਾਨੀ ਸੱਜਣਾਂ ਨੇ ਇਨ੍ਹਾਂ ਪੌਦਿਆਂ ਦੇ ਪਾਲਣ-ਪੋਸ਼ਣ ਦਾ ਸਾਰਾ ਖਰਚਾ ਚੁੱਕਣ ਦਾ ਫੈ਼ਸਲਾ ਕੀਤਾ ਹੈ। ਹਰ ਵਿਅਕਤੀ ਦਾ ਨਾਮ ਤੇ ਦਿੱਤੇ ਪੌਦਿਆਂ ਦੀ ਗਿਣਤੀ ਦਾ ਰਿਕਾਰਡ ਰੱਖਿਆ ਗਿਆ ਹੈ। 

             ਸਾਬਕਾ ਸਰਪੰਚ ਮਿੰਟੂ ਦੱਸਦਾ ਹੈ ਕਿ ਇੱਕ ਮਹੀਨੇ ਮਗਰੋਂ ਵਿਸ਼ੇਸ਼ ਟੀਮ ਸਾਰੇ ਪੌਦਿਆਂ ਦੀ ਜਾਂਚ ਕਰੇਗੀ। ਪੰਚਾਇਤ ਵੱਲੋਂ ਲੋਕਾਂ ਨੂੰ ਅੰਬ, ਆਲੂ ਬੁਖਾਰਾ, ਲੀਚੀ, ਅਮਰੂਦ, ਜਾਮਣ, ਚੀਕੂ ਤੇ ਨਾਸ਼ਪਾਤੀ ਦੇ ਪੌਦੇ ਵੰਡੇ ਗਏ ਹਨ ਅਤੇ ਇਹ ਖੁੱਲ੍ਹ ਦਿੱਤੀ ਗਈ ਹੈ ਕਿ ਲੋਕ ਆਪੋ-ਆਪਣੇ ਘਰ ਜਾਂ ਖੇਤ ਵਿੱਚ ਇਹ ਪੌਦੇ ਲਗਾ ਸਕਦੇ ਹਨ। ਪਿੰਡ ਦੇ ਪਰਵਾਸੀ ਭਾਰਤੀ ਆਖਦੇ ਹਨ ਕਿ ਲੋਕਾਂ ਵਿਚ ਜਜ਼ਬਾ ਭਰਨ ਅਤੇ ਚੇਟਕ ਲਾਉਣ ਲਈ ਇਹ ਨਿਵੇਕਲੀ ਪਹਿਲ ਹੈ। ਪਿੰਡ ਦੀ ਪੰਚਾਇਤ ਵੱਲੋਂ ਪਹਿਲਾਂ ਵੀ ਪਲਾਸਟਿਕ ਤੇ ਕਬਾੜ ਬਦਲੇ ਚੀਨੀ ਅਤੇ ਗੁੜ ਦਿੱਤਾ ਜਾਂਦਾ ਸੀ। ਪਿੰਡ ਵਿੱਚ ਪਾਣੀ ਨੂੰ ਸਾਫ਼ ਕਰਕੇ ਮੁੜ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪਿੰਡ ਰਣਸੀਹ ਕਲਾਂ ਨੂੰ ਦੋ ਕੌਮੀ ਐਵਾਰਡ ਦਿੱਤੇ ਜਾ ਚੁੱਕੇ ਹਨ। ਖੂਬਸੂਰਤ ਪਿੰਡ ਵਜੋਂ ਅਤੇ ਇੱਕ ਐਵਾਰਡ ਗਰਾਮ ਸਭਾ ਲਈ ਦਿੱਤਾ ਗਿਆ ਸੀ। ਇਹ ਐਵਾਰਡ 2018-19 ਦੇ ਸਨ। ਜਦੋਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਲਿਆਂਦੇ ਤੇ ਕਿਸਾਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤੀ ਤਾਂ ਪਿੰਡ ਦਾ ਤਤਕਾਲੀ ਸਰਪੰਚ ਪ੍ਰੀਤ ਮਹਿੰਦਰ ਸਿੰਘ ਆਪਣੀ ਟੀਮ ਨਾਲ ਦੋਵੇਂ ਐਵਾਰਡ ਲੈ ਕੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਦੇ ਦਫ਼ਤਰ ਗਿਆ ਅਤੇ ਦੋਵੇਂ ਐਵਾਰਡ ਵਾਪਸ ਕਰ ਆਇਆ।

No comments:

Post a Comment