‘ਪਾਵਰਫੁੱਲ’ ਚਾਲ
ਬੀਬੀਆਂ ਨੂੰ ਖੰਭੇ ’ਤੇ ਚੜ੍ਹਨੋਂ ਕੌਣ ਰੋਕੂ !
ਚਰਨਜੀਤ ਭੁੱਲਰ
ਚੰਡੀਗੜ੍ਹ : ਬਿਜਲੀ ਮਹਿਕਮੇ ਨੂੰ ਅੱਜ ਦੇ ਜ਼ਮਾਨੇ ’ਚ ਇੰਝ ਲੱਗਦਾ ਹੈ ਕਿ ਕੁੜੀਆਂ ਖੰਭੇ ’ਤੇ ਨਹੀਂ ਚੜ੍ਹ ਸਕਦੀਆਂ। ਪਾਵਰਕੌਮ ਮਹਿਲਾ ਯੋਗਤਾ ਨੂੰ ਘਟਾ ਕੇ ਦੇਖਣ ਲੱਗਾ ਹੈ। ਇਸੇ ਤਹਿਤ ਸਵਾਲ ਉੱਠੇ ਹਨ ਕਿ ਜੇ ਕੁੜੀਆਂ ਚੰਨ ’ਤੇ ਜਾ ਸਕਦੀਆਂ ਹਨ, ਐਵਰੈਸਟ ’ਤੇ ਚੜ੍ਹ ਸਕਦੀਆਂ ਹਨ ਤਾਂ ਖੰਭੇ ’ਤੇ ਚੜ੍ਹਨਾ ਕਿਵੇਂ ਔਖਾ ਹੈ, ਪਾਵਰਕੌਮ ਕੋਲ ਇਸ ਦਾ ਕੋਈ ਜਵਾਬ ਨਹੀਂ। ਪੰਜਾਬ ਸਰਕਾਰ ਨੇ ਨੌਕਰੀਆਂ ’ਚ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਿੱਤਾ ਹੈ ਜਦਕਿ ਬਿਜਲੀ ਮਹਿਕਮਾ ਹੁਣ ਆਖ ਰਿਹਾ ਹੈ ਕਿ ਸਹਾਇਕ ਲਾਈਨਮੈਨਾਂ ਦੀ ਭਰਤੀ ’ਚ ਲੜਕੀਆਂ ਨੂੰ 33 ਫ਼ੀਸਦੀ ਰਾਖਵੇਂਕਰਨ ਤੋਂ ਛੋਟ ਦਿੱਤੀ ਜਾਵੇ।
ਪਾਵਰਕੌਮ ਦੇ ਮੁੱਖ ਇੰਜਨੀਅਰ (ਐੱਚਆਰਡੀ) ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ ਕਿ ਪਾਵਰਕੌਮ ਵੱਲੋਂ ਸਹਾਇਕ ਲਾਈਨਮੈਨ ਦੀਆਂ 1700 ਅਸਾਮੀਆਂ ਦੀ ਭਰਤੀ ਲਈ 21 ਫਰਵਰੀ, 2021 ਨੂੰ ਜਨਤਕ ਨੋਟਿਸ ਦਿੱਤਾ ਗਿਆ ਸੀ ਅਤੇ ਹੁਣ ਵਿਸਥਾਰ ਵਿੱਚ ਵਿਗਿਆਪਨ ਦਿੱਤਾ ਜਾਣਾ ਹੈ। ਪੱਤਰ ’ਚ ਲਿਖਿਆ ਹੈ ਕਿ ਸਹਾਇਕ ਲਾਈਨਮੈਨ ਦੀ ਅਸਾਮੀ ਟੈਕਨੀਕਲ ਹੈ, ਜਿਸ ਵਿੱਚ ਮੁਲਾਜ਼ਮ ਨੇ ਹਾਈ ਵੋਲਟੇਜ ਲਾਈਨਾਂ ’ਤੇ ਕੰਮ ਕਰਨਾ ਹੁੰਦਾ ਹੈ। ਇਸ ਅਸਾਮੀ ’ਤੇ ਮਹਿਲਾ ਮੁਲਾਜ਼ਮਾਂ ਲਈ ਕੰਮ ਕਰਨਾ ਸੌਖਾ ਨਹੀਂ ਹੈ ਭਾਵ ਸਹਾਇਕ ਲਾਈਨਮੈਨ ਨੂੰ ਖੰਭੇ ’ਤੇ ਚੜ੍ਹਨਾ ਪੈਂਦਾ ਹੈ, ਜੋ ਕੁੜੀਆਂ ਦੇ ਵੱਸ ਦਾ ਰੋਗ ਨਹੀਂ।
ਪਾਵਰਕੌਮ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾਵਾਂ ਲਈ 33 ਫ਼ੀਸਦੀ ਰਾਖਵੇਂਕਰਨ ਲਈ 26 ਅਕਤੂਬਰ, 2020 ਨੂੰ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਔਰਤਾਂ ਲਈ 33 ਫ਼ੀਸਦੀ ਰਾਖਵੇਕਰਨ ਤੋਂ ਛੋਟ ਦੀ ਮੰਗ ਕੀਤੀ ਹੈ। ਇੱਕ ਵੱਖਰੇ ਪੱਤਰ ’ਚ ਪਾਵਰਕੌਮ ਨੇ ਖ਼ੁਦ ਖੁਲਾਸਾ ਕੀਤਾ ਹੈ ਕਿ ਸਾਲ 2016 ਅਤੇ ਸਾਲ 2019 ਵਿੱਚ ਸਹਾਇਕ ਲਾਈਨਮੈਨ ਦੀ ਭਰਤੀ ਮੌਕੇ 23 ਲੜਕੀਆਂ ਨੂੰ ਵੀ ਭਰਤੀ ਕੀਤਾ ਗਿਆ ਸੀ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਊਰਜਾ ਵਿਭਾਗ ਨੂੰ ਹੁਣ 16 ਅਗਸਤ ਨੂੰ ਜਵਾਬ ਭੇਜਿਆ ਹੈ, ਜਿਸ ਵਿੱਚ ਸਪੱਸ਼ਟ ਆਖਿਆ ਹੈ ਕਿ ਜੇ ਲੜਕੀਆਂ ਕੋਲ ਲਾਈਨਮੈਨ ਦੀ ਯੋਗਤਾ ਹੈ ਤਾਂ ਉਹ ਕੰਮ ਕਿਉਂ ਨਹੀਂ ਕਰ ਸਕਦੀਆਂ? ਇਹ ਵੀ ਆਖਿਆ ਕਿ ਜੇ ਮਹਿਲਾ ਉਮੀਦਵਾਰਾਂ ਦੀਆਂ ਘੱਟ ਦਰਖਾਸਤਾਂ ਆਉਂਦੀਆਂ ਹਨ ਤਾਂ ਇਨ੍ਹਾਂ ਅਸਾਮੀਆਂ ਨੂੰ ਪੁਰਸ਼ ਅਸਾਮੀਆਂ ਵਿੱਚ ਬਦਲਿਆ ਜਾ ਸਕਦਾ ਹੈ। ਲਾਈਨਮੈਨ ਦੀ ਭਰਤੀ ਲਈ ਆਈਟੀਆਈ (ਇਲੈਕਟ੍ਰੀਕਲ ਤੇ ਵਾਇਰਮੈਨ) ਵਿੱਦਿਅਕ ਯੋਗਤਾ ਹੈ ਅਤੇ ਦੋ ਸਾਲ ਦੀ ਅਪਰੈਂਟਸ਼ਿਪ ਲਾਜ਼ਮੀ ਹੈ।
‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜੇ ਸਰਕਾਰ ਵੱਲੋਂ ਲੜਕੀਆਂ ਨੂੰ ਲਾਈਨਮੈਨ ਦਾ ਕੋਰਸ ਕਰਾਇਆ ਜਾ ਰਿਹਾ ਹੈ ਤਾਂ ਲੜਕੀਆਂ ਨੂੰ ਨੌਕਰੀ ਦੇਣ ਤੋਂ ਸਰਕਾਰ ਕਿਵੇਂ ਇਨਕਾਰ ਕਰ ਸਕਦੀ ਹੈ। ਪਾਵਰਕੌਮ ਦੇ ਸਾਬਕਾ ਮੁੱਖ ਇੰਜਨੀਅਰ ਕਰਨੈਲ ਸਿੰਘ ਮਾਨ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਤਾਂ ਸਹਾਇਕ ਲਾਈਨਮੈਨ ਨੇ ਖੰਭੇ ’ਤੇ ਵੀ ਨਹੀਂ ਚੜ੍ਹਨਾ ਹੁੰਦਾ ਅਤੇ ਸਿਰਫ਼ ਲਾਈਨਮੈਨ ਹੀ ਖੰਭੇ ’ਤੇ ਚੜ੍ਹ ਸਕਦਾ ਹੈ, ਜਿਸ ਦੀ ਮਦਦ ਸਹਾਇਕ ਲਾਈਨਮੈਨ ਕਰਦਾ ਹੈ।
ਵੇਰਵਿਆਂ ਅਨੁਸਾਰ ਪਾਵਰਕੌਮ ਨੇ ਸਾਲ 2017 ਵਿੱਚ ਲਾਈਨਮੈਨ ਦੀ ਭਰਤੀ ਹੀ ਬੰਦ ਕਰ ਦਿੱਤੀ ਸੀ ਅਤੇ ਸਹਾਇਕ ਲਾਈਨਮੈਨ ਹੀ ਭਰਤੀ ਕਰਨੇ ਸ਼ੁਰੂ ਕੀਤੇ ਹਨ। ਇਨ੍ਹਾਂ ਹਾਲਾਤ ’ਚ ਲਾਈਨਮੈਨ ਘਟ ਗਏ ਹਨ। ਪਾਵਰਕੌਮ ਦੇ ਐਕਸੀਅਨ ਕੋਲ ਇਹ ਅਧਿਕਾਰ ਹੈ ਕਿ ਉਹ ਸਹਾਇਕ ਲਾਈਨਮੈਨ ਨੂੰ ਖੰਭੇ ’ਤੇ ਚੜ੍ਹਨ ਲਈ ਆਥੋਰਾਈਜ਼ ਕਰ ਸਕਦਾ ਹੈ। ਪੰਜਾਬ ’ਚ ਪਿਛਲੇ ਸਮੇਂ ਦੌਰਾਨ ਦੋ ਸਹਾਇਕ ਲਾਈਨਮੈਨ ਹਾਦਸੇ ਦਾ ਸ਼ਿਕਾਰ ਹੋ ਗਏ। ਰੌਲਾ ਪੈਣ ਮਗਰੋਂ ਉਨ੍ਹਾਂ ਅਧਿਕਾਰੀਆਂ ’ਤੇ ਕੇਸ ਦਰਜ ਹੋ ਗਿਆ, ਜਿਨ੍ਹਾਂ ਨੇ ਸਹਾਇਕ ਲਾਈਨਮੈਨਾਂ ਨੂੰ ਲਾਈਨਮੈਨ ਦਾ ਕੰਮ ਕਰਨ ਲਈ ਆਥੋਰਾਈਜ਼ ਕੀਤਾ ਸੀ।
ਪਾਵਰਕੌਮ ਨੇ ਥੋੜ੍ਹਾ ਸਮਾਂ ਪਹਿਲਾਂ ਸਾਰੇ ਸਹਾਇਕ ਲਾਈਨਮੈਨਾਂ ਨੂੰ ਜਦੋਂ ਲਾਈਨਮੈਨ ਦਾ ਕੰਮ ਕਰਨ ਲਈ ਆਥੋਰਾਈਜ਼ ਕਰ ਦਿੱਤਾ ਤਾਂ ਸਹਾਇਕ ਲਾਈਨਮੈਨਾਂ ਨੇ ਮੰਗ ਚੁੱਕੀ ਸੀ ਕਿ ਉਨ੍ਹਾਂ ਨੂੰ ਤਨਖਾਹ ਵੀ ਲਾਈਨਮੈਨਾਂ ਵਾਲੀ ਦਿੱਤੀ ਜਾਵੇ। ਪੰਜਾਬ ਵਿੱਚ ਕਰੀਬ 450 ਲਾਈਨਮੈਨ ਭਰਤੀ ਵਾਲੀ ਉਡੀਕ ਸੂਚੀ ਵਿੱਚ ਹਨ। ਕੋਈ ਅੜਿੱਕਾ ਨਾ ਪਿਆ ਤਾਂ ਆਉਣ ਵਾਲੀ ਸਹਾਇਕ ਲਾਈਨਮੈਨ ਦੀ ਭਰਤੀ ਵਿੱਚ ਮਹਿਲਾਵਾਂ ਨੂੰ ਨਿਯੁਕਤ ਹੋਣ ਤੋਂ ਕੋਈ ਰੋਕ ਨਹੀਂ ਸਕੇਗਾ।
ਤਿਲੰਗਾਨਾ ਵਿੱਚ ਔਰਤਾਂ ਲਾਈਨਮੈਨ
ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਵਿੱਚ ਕਾਫ਼ੀ ਗਿਣਤੀ ਵਿੱਚ ਔਰਤਾਂ ਲਾਈਨਮੈਨ ਹਨ। ਤਿਲੰਗਾਨਾ ਵਿੱਚ ਵੀ ਜਦੋਂ ਸਾਲ 2019 ਵਿੱਚ ਲੜਕੀਆਂ ਨੂੰ ਭਰਤੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਤਾਂ ਉਦੋਂ ਹਾਈ ਕੋਰਟ ਦੇ ਦਖ਼ਲ ਮਗਰੋਂ ਲੜਕੀਆਂ ਨੂੰ ਲਾਈਨਮੈਨ ਭਰਤੀ ਕਰਨਾ ਪਿਆ ਸੀ। ਉਸ ਵੇਲੇ ਦੋ ਲੜਕੀਆਂ ਵੀ. ਭਾਰਥੀ ਤੇ ਬਾਬੁਰੀ ਸਿਰਿਸ਼ਾ ਨੇ ਬਿਜਲੀ ਦੇ ਖੰਭੇ ’ਤੇ ਚੜ੍ਹਨ ਦੀ ਪ੍ਰੀਖਿਆ ਵੀ ਪਾਸ ਕੀਤੀ ਸੀ।
ਭਰਤੀ ਤੋਂ ਰੋਕਣਾ ਸਿੱਧੀ ਜ਼ਿਆਦਤੀ: ਪਿਰਮਲ ਸਿੰਘ
ਲਾਈਨਮੈਨ ਯੂਨੀਅਨ ਦੀ ਅਗਵਾਈ ਕਰਨ ਵਾਲੇ ਅਤੇ ਮੌਜੂਦਾ ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੜਕੀਆਂ ਕੋਲ ਲਾਈਨਮੈਨ ਦੀ ਯੋਗਤਾ ਹੈ ਅਤੇ ਪਾਵਰਕੌਮ ਨੇ ਅਪਰੈਂਟਸ਼ਿਪ ਵੀ ਕਰਾਈ ਹੈ, ਉਨ੍ਹਾਂ ਨੂੰ ਭਰਤੀ ਹੋਣ ਤੋਂ ਰੋਕਣਾ ਸਿੱਧੀ ਜ਼ਿਆਦਤੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਵੀ ਹਕੀਕਤ ਹੈ ਕਿ ਲਾਈਨਮੈਨ ਦਾ ਕੋਰਸ ਕਰਨ ਵਾਲੀਆਂ ਲੜਕੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ।
No comments:
Post a Comment