ਸਰਕਾਰੀ ਤਰਸ
ਕਰੋੜਪਤੀ ਜਵਾਈ ਇੰਜ ਬਣਿਆ ‘ਇੰਸਪੈਕਟਰ’
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਵਿਸ਼ੇਸ਼ ਰਿਆਇਤ ਦੇ ਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਗੁਰਸ਼ੇਰ ਸਿੰਘ ਨੂੰ ਬਤੌਰ ‘ਆਬਕਾਰੀ ਤੇ ਕਰ ਇੰਸਪੈਕਟਰ’ ਦੀ ਨਿਯੁਕਤੀ ਲਈ ਹਰੀ ਝੰਡੀ ਦੇਣ ਮਗਰੋਂ ਪੰਜਾਬ ਸਰਕਾਰ ਅੱਜ ਮੁੜ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਆ ਗਈ ਹੈ| ਗੁਰਸ਼ੇਰ ਸਿੰਘ ਦਾ ਪਿਤਾ ਭੂਪਜੀਤ ਸਿੰਘ ਆਬਕਾਰੀ ਤੇ ਕਰ ਵਿਭਾਗ ਵਿੱਚ ਈਟੀਓ ਵਜੋਂ ਤਾਇਨਾਤ ਸੀ, ਜਿਸ ਦਾ 28 ਸਤੰਬਰ 2011 ਨੂੰ ਦੇਹਾਂਤ ਹੋ ਗਿਆ ਸੀ। ਭੂਪਜੀਤ ਸਿੰਘ ਦੇ ਦੇਹਾਂਤ ਮੌਕੇ ਗੁਰਸ਼ੇਰ ਸਿੰਘ ਕਾਮਰਸ ਵਿੱਚ ਗਰੈਜੂਏਟ ਸੀ| ਮਰਹੂਮ ਭੂਪਜੀਤ ਸਿੰਘ ਦੀ ਪਤਨੀ ਜਸਬੀਰ ਕੌਰ ਨੇ 26 ਜੂਨ, 2020 ਨੂੰ ਦਿੱਤੀ ਦਰਖਾਸਤ ਰਾਹੀਂ (ਆਪਣੇ ਪਤੀ ਦੀ ਮੌਤ ਤੋਂ ਅੱਠ ਸਾਲ ਬਾਅਦ) ਆਪਣੇ ਪੁੱਤਰ ਗੁਰਸ਼ੇਰ ਸਿੰਘ ਲਈ ਨੌਕਰੀ ਦੀ ਮੰਗ ਕੀਤੀ ਸੀ, ਜਿਸ ’ਤੇ ਅੱਜ ਕੈਬਨਿਟ ਨੇ ਮੋਹਰ ਲਗਾ ਦਿੱਤੀ ਹੈ|
ਕੈਪਟਨ ਹਕੂਮਤ ਪਹਿਲਾਂ ਵੀ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੇ ਜਾਣ ਤੋਂ ਵਿਵਾਦਾਂ ਵਿਚ ਘਿਰ ਗਈ ਸੀ। ਆਬਕਾਰੀ ਤੇ ਕਰ ਵਿਭਾਗ ਵੱਲੋਂ 10 ਸਤੰਬਰ ਨੂੰ ਜੋ ਕੈਬਨਿਟ ਮੀਟਿੰਗ ਲਈ ਗੁਪਤ ਮੈਮੋਰੈਂਡਮ ਭੇਜਿਆ ਗਿਆ ਹੈ, ਉਸ ਦੀ ਘੋਖ ’ਚ ਕਾਫੀ ਕੁਝ ਬੇਪਰਦ ਹੁੰਦਾ ਹੈ। 21 ਨਵੰਬਰ 2002 ਦੀ ਸਰਕਾਰੀ ਨੀਤੀ ਅਤੇ 28 ਦਸੰਬਰ 2005 ਨੂੰ ਇੱਕ ਪੱਤਰ ਰਾਹੀਂ ਹੋਈ ਸੋਧ ਮੁਤਾਬਕ ਮ੍ਰਿਤਕ ਕਰਮਚਾਰੀ/ਅਫਸਰ ਦੇ ਵਾਰਸਾਂ ਲਈ ਮੌਤ ਦੀ ਮਿਤੀ ਤੋਂ ਇੱਕ ਸਾਲ ਅੰਦਰ ਨੌਕਰੀ ਲਈ ਅਰਜ਼ੀ ਦੇਣਾ ਜ਼ਰੂਰੀ ਹੁੰਦਾ ਹੈ। ਜੇਕਰ ਦੇਰੀ ਦਾ ਕੋਈ ਵਾਜਬ ਕਾਰਨ ਹੋਵੇ ਤਾਂ ਉਮੀਦਵਾਰ ਦੀ ਅਰਜ਼ੀ ਪੰਜ ਸਾਲ ਬਾਅਦ ਵੀ ਪ੍ਰਵਾਨ ਕੀਤੀ ਜਾ ਸਕਦੀ ਹੈ ਪਰ ਗੁਰਸ਼ੇਰ ਸਿੰਘ ਦੇ ਕੇਸ ਵਿੱਚ ਕਿਤੇ ਵੀ ਅੱਠ ਸਾਲ ਦੀ ਦੇਰੀ ਦਾ ਯੋਗ ਕਾਰਨ ਨਹੀਂ ਦੱਸਿਆ ਗਿਆ।
ਪੰਜਾਬ ਸਰਕਾਰ ਦੇ 17 ਮਾਰਚ 2017 ਦੇ ਪੱਤਰ ਅਨੁਸਾਰ ਗਰੈਜੂਏਟ ਉਮੀਦਵਾਰ ਨੂੰ ਸਿਰਫ ਕਲਰਕ ਦੀ ਅਸਾਮੀ ਲਈ ਵਿਚਾਰਿਆ ਜਾਂਦਾ ਹੈ। ਗੁਰਸ਼ੇਰ ਸਿੰਘ ਕਾਮਰਸ ਵਿੱਚ ਗਰੈਜੂਏਟ ਹੋਣ ਦੇ ਬਾਵਜੂਦ ‘ਆਬਕਾਰੀ ਤੇ ਕਰ ਇੰਸਪੈਕਟਰ’ ਲੱਗੇਗਾ। ਕਰ ਕਮਿਸ਼ਨਰ ਦਫਤਰ ਕੋਲ ਤਰਸ ਦੇ ਆਧਾਰ ’ਤੇ ਨੌਂ ਹੋਰ ਗਰੈਜੂਏਟ ਉਮੀਦਵਾਰਾਂ ਨੇ ‘ਆਬਕਾਰੀ ਤੇ ਕਰ ਇੰਸਪੈਕਟਰ’ ਲੱਗਣ ਲਈ ਅਪਲਾਈ ਕੀਤਾ ਪਰ ਵਿਭਾਗ ਨੇ ਇਨ੍ਹਾਂ ਸਾਰੇ ਉਮੀਦਵਾਰਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ। ਮੰਤਰੀ ਮੰਡਲ ਦਾ ਤਰਕ ਹੈ ਕਿ ਗੁਰਸ਼ੇਰ ਸਿੰਘ ਦੇ ਪਿਤਾ ਭੂਪਜੀਤ ਸਿੰਘ ਨੇ ਜੋ ਆਪਣੀ ਨੌਕਰੀ ਦੌਰਾਨ ਯੋਗਦਾਨ ਪਾਇਆ ਹੈ, ਉਸ ਦੇ ਮੱਦੇਨਜ਼ਰ ਵਿਸ਼ੇਸ਼ ਕੇਸ ਵਜੋਂ ਗੁਰਸ਼ੇਰ ਸਿੰਘ ਨੂੰ ‘ਆਬਕਾਰੀ ਤੇ ਕਰ ਇੰਸਪੈਕਟਰ’ ਦੀ ਨੌਕਰੀ ਲਈ ਯੋਗ ਸਮਝਿਆ ਜਾਂਦਾ ਹੈ।
ਇਵੇਂ ਪੰਜਾਬ ਸਰਕਾਰ ਦੀ 21 ਨਵੰਬਰ 2002 ਦੀ ਪਾਲਿਸੀ ਦੇ ਪੈਰ੍ਹਾ 6(ਏ) ਮੁਤਾਬਕ ਮ੍ਰਿਤਕ ਮੁਲਾਜ਼ਮ ਦੀ ਮੌਤ ਮਗਰੋਂ ਜੇ ਪਰਿਵਾਰ ਕੋਲ ਗੁਜ਼ਾਰੇ ਲਈ ਸਾਧਨ ਨਹੀਂ ਹਨ ਅਤੇ ਮੌਤ ਮਗਰੋਂ ਪਰਿਵਾਰ ਲਈ ਵਿੱਤੀ ਸੰਕਟ ਬਣ ਗਿਆ ਹੈ ਤਾਂ ਉਹ ਤਰਸ ਦੇ ਆਧਾਰ ’ਤੇ ਆਸਾਮੀ ਲਈ ਯੋਗ ਹੈ। ਗੁਰਸ਼ੇਰ ਸਿੰਘ ਦੇ ਮਾਮਲੇ ’ਤੇ ਨਜ਼ਰ ਮਾਰੀਏ ਤਾਂ ਗੁਪਤ ਮੈਮੋਰੈਂਡਮ ਦੇ ਲੜੀ ਨੰਬਰ 1.4 ਵਿੱਚ ਗੁਰਸ਼ੇਰ ਸਿੰਘ ਨੇ ਜਾਇਦਾਦ ਬਾਰੇ ਜੋ ਹਲਫੀਆ ਬਿਆਨ ਦਿੱਤਾ ਹੈ, ਉਸ ਮੁਤਾਬਕ ਉਸ ਕੋਲ ਅਤੇ ਉਸ ਦੇ ਪਰਿਵਾਰ ਕੋਲ ਕਰੋੜਾਂ ਰੁਪਏ ਦੀ ਸੰਪਤੀ ਹੈ, ਜਿਸ ਵਿੱਚ 35 ਏਕੜ ਵਾਹੀਯੋਗ ਜ਼ਮੀਨ, ਇੱਕ 1000 ਵਰਗ ਦਾ ਪਟਿਆਲਾ ਵਿੱਚ ਰਿਹਾਇਸ਼ੀ ਮਕਾਨ, ਲੁਧਿਆਣਾ ਵਿੱਚ 800 ਵਰਗ ਗਜ ਦੇ ਦੋ ਰਿਹਾਇਸ਼ੀ ਪਲਾਟ ਅਤੇ ਇੱਕ ਰਿਹਾਇਸ਼ੀ ਫਲੈਟ ਚੰਡੀਗੜ੍ਹ ਵਿੱਚ ਹੈ। ਇਸ ਤੋਂ ਇਲਾਵਾ ਇਕ ਗੋਦਾਮ ਵੀ ਹੈ। ਮੁੱਖ ਮੰਤਰੀ ਨੇ ਵਿੱਤੀ ਸਥਿਤੀ ਦੇ ਮਾਮਲੇ ਵਿਚ ਗੁਰਸ਼ੇਰ ਸਿੰਘ ਨੂੰ ਇੱਕ ਦਫਾ ਛੋਟ ਦੇ ਦਿੱਤੀ ਹੈ ਪਰ ਇਸ ਕੇਸ ਨੂੰ ਭਵਿੱਖ ਵਿਚ ਨਜ਼ੀਰ ਨਹੀਂ ਸਮਝਿਆ ਜਾਵੇਗਾ।
ਪਿਤਾ ਭੂਪਜੀਤ ਨੂੰ ਵੀ ਝੱਲਣਾ ਪਿਆ ਸੀ ਮਾਨਸਿਕ ਦਬਾਅ
ਗੁਰਸ਼ੇਰ ਸਿੰਘ ਦਾ ਈਟੀਓ ਪਿਤਾ ਭੂਪਜੀਤ ਸਿੰਘ ਮੌਤ ਤੋਂ ਪਹਿਲਾਂ ਰਵੀ ਸਿੱਧੂ ਨੌਕਰੀ ਘਪਲੇ ਦੇ ਮਾਮਲੇ ਸਬੰਧੀ ਮਾਨਸਿਕ ਦਬਾਅ ਹੇਠ ਸਨ। ਜਦੋਂ ਨੌਕਰੀਆਂ ਦਾ ਸਕੈਂਡਲ ਫੜਿਆ ਗਿਆ ਸੀ ਤਾਂ ਰਵੀ ਸਿੱਧੂ ਦੇ ਸਮੇਂ ਦੌਰਾਨ ਕੀਤੀਆਂ ਗਈਆਂ ਗਲਤ ਨਿਯੁਕਤੀਆਂ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸੇ ਕੇਸ ਦੇ ਸਿੱਟੇ ਵਜੋਂ ਭੂਪਜੀਤ ਸਿੰਘ ਮਾਨਸਿਕ ਦਬਾਅ ਥੱਲੇ ਰਹੇ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਕਿ ਭੂਪਜੀਤ ਸਿੰਘ ਨੇ ਰਵੀ ਸਿੱਧੂ ਦੇ ਸਮੇਂ ਹੋਏ ਪੰਜਾਬ ਪਬਲਿਕ ਸਰਵਿਸ ਕਮਿਸ਼ਨ ’ਚ ਨੌਕਰੀ ਘੁਟਾਲੇ ਦਾ ਪਰਦਾਫਾਸ਼ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ।
No comments:
Post a Comment