Tuesday, September 14, 2021

                                             ਸਰਕਾਰੀ ਮਹੂਰਤ
                             ਇਮਾਰਤ ਵੀ ਉਧਾਰੀ, ਸਟਾਫ਼ ਵੀ ਉਧਾਰਾ
                                              ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਸਰਕਾਰ ਨੇ ਹਲਕਾ ਬੱਲੂਆਣਾ ਦੇ ਪਿੰਡ ਖੁੰਬਣ ਵਿੱਚ ਇੱਕ ਨਿੱਜੀ ਸਕੂਲ ਦੀ ਇਮਾਰਤ ’ਚ ਹੀ ਸਰਕਾਰੀ ਕਾਲਜ ਸ਼ੁਰੂ ਕਰ ਦਿੱਤਾ ਹੈ। ਉਚੇਰੀ ਸਿੱਖਿਆ ਵਿਭਾਗ ਨੇ ਇਸ ਹਲਕੇ ਦੇ ਪਿੰਡ ਸੁਖਚੈਨ ’ਚ ਨਵਾਂ ਸਰਕਾਰੀ ਕਾਲਜ ਖੋਲ੍ਹਿਆ ਹੈ ਪਰ ਇੱਥੇ ਇਮਾਰਤ ਨਾ ਬਣੀ ਹੋਣ ਕਰਕੇ ਨੇੜਲੇ ਪਿੰਡ ਖੁੰਬਣ ’ਚ ਨਵੇਂ ਦਾਖ਼ਲੇ ਸ਼ੁਰੂ ਕਰ ਦਿੱਤੇ ਹਨ। ਪਿੰਡ ਖੁੰਬਣ ਦੇ ਨਿੱਜੀ ਸਕੂਲ ’ਚ ਇੱਕ ਪਾਸੇ ਸਕੂਲ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਸਰਕਾਰੀ ਕਾਲਜ ਸ਼ੁਰੂ ਹੋ ਗਿਆ ਹੈ। ਇਮਾਰਤ ਵੀ ਉਧਾਰੀ ਹੈ ਅਤੇ ਸਟਾਫ਼ ਵੀ ਉਧਾਰਾ।ਚੋਣਾਂ ਮੌਕੇ ਕਾਂਗਰਸ ਨੇ ਚੋਣ ਮਨੋਰਥ ਪੱਤਰ ’ਚ ਪੰਜਾਬ ਵਿੱਚ ਸਰਕਾਰ ਬਣਨ ’ਤੇ 50 ਨਵੇਂ ਸਰਕਾਰੀ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਲੰਘੇ ਤਿੰਨ ਵਰ੍ਹਿਆਂ ਦੌਰਾਨ ਸਿਰਫ਼ ਛੇ ਨਵੇਂ ਕਾਲਜ ਚਾਲੂ ਕੀਤੇ ਜਦਕਿ ਦਰਜਨ ਸਰਕਾਰੀ ਕਾਲਜ ਹੁਣ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਨਵੇਂ ਕਾਲਜਾਂ ਲਈ ਕਰੀਬ 200 ਕਰੋੜ ਰੁਪਏ ਜਾਰੀ ਕੀਤੇ ਗਏ ਹਨ। 

            ਵਿਰੋਧੀ ਆਖ ਰਹੇ ਹਨ ਕਿ ਚੋਣਾਂ ਸਿਰ ’ਤੇ ਹੋਣ ਕਰਕੇ ਸਰਕਾਰ ਨੇ ਨਵੇਂ ਕਾਲਜ ਬਿਨਾਂ ਇਮਾਰਤਾਂ ਅਤੇ ਸਟਾਫ਼ ਤੋਂ ਕਾਹਲ ’ਚ ਚਲਾ ਦਿੱਤੇ ਹਨ ਤਾਂ ਜੋ ਸਿਆਸੀ ਮੁੱਲ ਵੱਟਿਆ ਜਾ ਸਕੇ।ਅਬੋਹਰ ਦੇ ਸਰਕਾਰੀ ਸਕੂਲ ਦੀ ਇਮਾਰਤ ’ਚ ਨਵਾਂ ਕਾਲਜ ਚਾਲੂ ਕਰ ਦਿੱਤਾ ਗਿਆ ਹੈ, ਜਿੱਥੇ ਹੁਣ ਤੱਕ 45 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਅਬੋਹਰ ਅਤੇ ਪਿੰਡ ਸੁਖਚੈਨ ਦੇ ਨਵੇਂ ਸਰਕਾਰੀ ਕਾਲਜ ਵਿੱਚ ਜੋ ਕਰੀਬ 10 ਲੈਕਚਰਾਰ ਭੇਜੇ ਗਏ ਹਨ, ਉਹ ਫ਼ਾਜ਼ਿਲਕਾ ਦੇ ਸਰਕਾਰੀ ਕਾਲਜ ’ਚੋਂ ਸ਼ਿਫ਼ਟ ਕੀਤੇ ਗਏ ਹਨ। ਸ਼ਿਫ਼ਟ ਕੀਤੇ ਜਾਣ ਮਗਰੋਂ ਫ਼ਾਜ਼ਿਲਕਾ ਦੇ ਸਰਕਾਰੀ ਕਾਲਜ ਵਿੱਚ ਪਿੱਛੇ 12 ਗੈਸਟ ਫੈਕਲਟੀ ਲੈਕਚਰਾਰ ਰਹਿ ਗਏ ਹਨ। ਇਸ ਕਾਲਜ ਵਿਚ ਕਰੀਬ 2600 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਲਈ ਲੈਕਚਰਾਰਾਂ ਦੀ ਘਾਟ ਪੈ ਗਈ ਹੈ। ਨਵੇਂ ਕਾਲਜਾਂ ਵਿਚ ਵੀ ਗੈਸਟ ਫੈਕਲਟੀ ਲੈਕਚਰਾਰ ਭੇਜੇ ਗਏ ਹਨ। ਅਬੋਹਰ ਅਤੇ ਪਿੰਡ ਸੁਖਚੈਨ ਦੇ ਨਵੇਂ ਕਾਲਜ ਅਤੇ ਫ਼ਾਜ਼ਿਲਕਾ ਦੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਦਾ ਵਾਧੂ ਚਾਰਜ ਉੜਮੜ ਟਾਂਡਾ ਦੇ ਪ੍ਰਿੰਸੀਪਲ ਨੂੰ ਦਿੱਤਾ ਗਿਆ ਹੈ।

            ਪਿੰਡ ਸੁਖਚੈਨ ਦੇ ਸਰਕਾਰੀ ਕਾਲਜ ਵਿੱਚ ਹੁਣ ਤੱਕ 12 ਵਿਦਿਆਰਥੀ ਦਾਖਲ ਹੋਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਮੁਖਲਿਆਣਾ ਵਿੱਚ ਨਵਾਂ ਸਰਕਾਰੀ ਕਾਲਜ ਸ਼ੁਰੂ ਕੀਤਾ ਗਿਆ ਹੈ, ਜੋ ਕਿ ਇਸ ਪਿੰਡ ਤੋਂ ਥੋੜੀ ਦੂਰ ਪੈਂਦੇ ਕਸਬਾ ਰਾਜਪੁਰਾ ਦੇ ਸਰਕਾਰੀ ਸਕੂਲ ਦੀ ਇਮਾਰਤ ਵਿੱਚ ਚੱਲ ਰਿਹਾ ਹੈ। ਸਰਕਾਰੀ ਸਕੂਲ ਦੀ ਇਮਾਰਤ ਵਿੱਚ ਇੱਕੋ ਵੇਲੇ ਸਕੂਲ ਅਤੇ ਕਾਲਜ ਚੱਲ ਰਹੇ ਹਨ। ਦਾਖ਼ਲੇ ਸ਼ੁਰੂ ਹੋ ਚੁੱਕੇ ਹਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਇਸ ਕਾਲਜ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਹੈ। ਇਸੇ ਤਰ੍ਹਾਂ ਮਾਲੇਰਕੋਟਲਾ ਵਿੱਚ ਜੋ ਲੜਕੀਆਂ ਦਾ ਨਵਾਂ ਸਰਕਾਰੀ ਕਾਲਜ ਬਣਾਇਆ ਗਿਆ ਹੈ, ਉਹ ਵੀ ਉਰਦੂ ਅਕੈਡਮੀ ਦੀ ਇਮਾਰਤ ਵਿੱਚ ਸ਼ੁਰੂ ਕੀਤਾ ਗਿਆ ਹੈ। ਨਵਾਂ ਸ਼ਹਿਰ ਦੇ ਪਿੰਡ ਜਾਡਲਾ ਵਿੱਚ ਨਵਾਂ ਕਾਲਜ ਖੋਲ੍ਹਿਆ ਗਿਆ ਹੈ, ਜਿੱਥੇ 140 ਵਿਦਿਆਰਥੀ ਦਾਖਲ ਹੋਏ ਹਨ। ਮਲੋਟ ਦੇ ਪਿੰਡ ਦਾਨੇਵਾਲਾ ’ਚ ਨਵੇਂ ਸਰਕਾਰੀ ਕਾਲਜ ਦੀ ਇਮਾਰਤ ਤਿਆਰ ਹੋ ਗਈ ਹੈ। ਲੁਧਿਆਣਾ ਈਸਟ ਵਿੱਚ ਵੀ ਨਵੇਂ ਕਾਲਜ ਦੀ ਇਮਾਰਤ ਤਿਆਰ ਹੋ ਗਈ ਹੈ। ਸੂਤਰ ਦੱਸਦੇ ਹਨ ਕਿ ਨਵੇਂ ਕਾਲਜਾਂ ਵਿੱਚ ਸਟਾਫ਼ ਨੇੜਲੇ ਪੁਰਾਣੇ ਕਾਲਜਾਂ ’ਚੋਂ ਸ਼ਿਫ਼ਟ ਕੀਤਾ ਗਿਆ ਹੈ।

                                    ਇਮਾਰਤਾਂ ਦੀ ਉਸਾਰੀ ਚੱਲ ਰਹੀ ਹੈ: ਬਰਾੜ

ਸਹਾਇਕ ਡੀਪੀਆਈ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਜੋ ਤਿੰਨ ਕੁ ਸਰਕਾਰੀ ਕਾਲਜ ਟਰਾਂਜ਼ਿਟ ਇਮਾਰਤਾਂ ਵਿਚ ਸ਼ੁਰੂ ਕੀਤੇ ਗਏ ਹਨ, ਉਨ੍ਹਾਂ ਦੀ ਇਮਾਰਤਾਂ ਦੀ ਉਸਾਰੀ ਚੱਲ ਰਹੀ ਹੈ। ਬਾਕੀ ਸਾਰੀਆਂ ਇਮਾਰਤਾਂ ਮੁਕੰਮਲ ਹੋ ਕੇ ਕਾਲਜ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਕਾਲਜਾਂ ਲਈ ਸਟਾਫ਼ ਦੇਣ ਵਾਸਤੇ 931 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ 160 ਅਸਾਮੀਆਂ ਵੱਖਰੇ ਤੌਰ ’ਤੇ ਪ੍ਰਵਾਨ ਕੀਤੀਆਂ ਹਨ। ਇਨ੍ਹਾਂ ਕਾਲਜਾਂ ਵਿਚ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਇਸੇ ਦੌਰਾਨ ਹੁਣ ਸਰਕਾਰ ਨੇ ਕਰੀਬ 30 ਪੁਰਾਣੇ ਕਾਲਜਾਂ ਵਿੱਚ ਚੱਲਦੇ ਸੈੱਲਫ ਫਾਈਨਾਂਸ ਕੋਰਸ ਵੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਕਰੀਬ ਇੱਕ ਹਜ਼ਾਰ ਲੈਕਚਰਾਰਾਂ ਹੱਥੋਂ ਨੌਕਰੀ ਖੁੱਸ ਜਾਣੀ ਹੈ।

                                ਪੰਜਾਹ ਫੀਸਦ ਕਾਲਜਾਂ ਕੋਲ ਪੱਕੇ ਪ੍ਰਿੰਸੀਪਲ ਨਹੀਂ

ਪੰਜਾਬ ’ਚ ਜੋ ਪੁਰਾਣੇ 47 ਸਰਕਾਰੀ ਕਾਲਜ ਚੱਲ ਰਹੇ ਹਨ, ਉਨ੍ਹਾਂ ਵਿਚ ਕਰੀਬ 50 ਫ਼ੀਸਦ ਕੋਲ ਪੱਕੇ ਪ੍ਰਿੰਸੀਪਲ ਹੀ ਨਹੀਂ ਹਨ। ਜਾਣਕਾਰੀ ਅਨੁਸਾਰ ਮਾਲਵੇ ਵਿੱਚ ਇੱਕ ਪੱਕੇ ਪ੍ਰਿੰਸੀਪਲ ਕੋਲ ਛੇ ਕਾਲਜਾਂ ਦਾ ਵਾਧੂ ਚਾਰਜ ਹੈ। ਇਨ੍ਹਾਂ 47 ਕਾਲਜਾਂ ਵਿੱਚ 1610 ਰੈਗੂਲਰ ਅਸਾਮੀਆਂ ਖਾਲੀ ਪਈਆਂ ਹਨ ਅਤੇ ਇਸ ਵੇਲੇ ਇਨ੍ਹਾਂ ਪੁਰਾਣੇ ਕਾਲਜਾਂ ਵਿੱਚ ਸਿਰਫ਼ 308 ਪੱਕੇ ਲੈਕਚਰਾਰ ਤਾਇਨਾਤ ਹਨ ਜਦਕਿ 39 ਪੱਕੇ ਲੈਕਚਰਾਰ ਚੰਡੀਗੜ੍ਹ ਯੂਟੀ ਵਿੱਚ ਡੈਪੂਟੇਸ਼ਨ ’ਤੇ ਹਨ। ਇਨ੍ਹਾਂ ਕਾਲਜਾਂ ਵਿਚ 962 ਗੈਸਟ ਫੈਕਲਟੀ ਅਤੇ 245 ਪਾਰਟ ਟਾਈਮ ਲੈਕਚਰਾਰ ਕੰਮ ਕਰਦੇ ਹਨ। ਪੁਰਾਣੇ ਕਾਲਜਾਂ ਵਿੱਚ ਪੰਜਾਬੀ ਦੇ ਸਿਰਫ਼ ਡੇਢ ਦਰਜਨ ਰੈਗੂਲਰ ਲੈਕਚਰਾਰ ਹਨ|

No comments:

Post a Comment