Monday, February 22, 2021

                                                              ਵਿਚਲੀ ਗੱਲ
                                                        ਏਹ ਪਿੰਡ ਨਗੌਰੀ..!
                                                            ਚਰਨਜੀਤ ਭੁੱਲਰ             

ਚੰਡੀਗੜ੍ਹ : ਏਹ ਅਸਮਾਨ, ਰੱਬ ਦਾ ਵਿਹੜਾ। ਏਹ ਕਿਸਾਨ, ਧਰਤ ਦਾ ਜੇਰਾ। ਏਹ ਖੇਤ, ਪਿੱਤਰਾਂ ਦਾ ਚਿਹਰਾ। ਏਹ ਪਿੰਡ, ਅਣਖ ਦਾ ਡੇਰਾ। ਹਾਲੇ ਪੁੱਛਦੇ ਹੋ, ਈਰੀਏ ਭੰਮੀਰੀਏ! ਤੇਰਾ ਘਰ ਕਿਹੜਾ? ਨਵਾਂ ਸਿਰਨਾਵਾਂ ਹਰ ਬੀਬਾ ਦਾ, ਸਿੰਘੂ ਪੇਕਾ, ਟਿਕਰੀ ਸਹੁਰਾ। ਨਵ-ਵਿਆਹੀ ਸਰਵੀਰ ਨੂੰ ਟਿਕਰੀ ’ਚੋਂ ਗਰਾਂ ਦਿਸਦੈ। ਤਰੇਲੀ ਮਹਿੰਦੀ ਨੂੰ ਆਈ, ਤੌਣੀ ਚੂੜੇ ਨੂੰ ਚੜ੍ਹੀ, ਤੁਸਾਂ ਨੇ ਸੁਆਲ ਕੀਤੈ, ਕਾਹਤੋਂ ਏਥੇ ਆਣ ਖੜ੍ਹੀ ?ਸੁਰਜੀਤ ਪਾਤਰ ਤੋਂ ਪੁੱਛਦੇ ਹਾਂ! ‘ਇਹ ਬਾਤ ਨਿਰੀ ਏਨੀ ਹੀ ਨਹੀਂ, ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ, ਇਹ ਪਿੰਡ ਦੇ ਵਸਦੇ ਰਹਿਣ ਦਾ ਏ, ਜਿਹਨੂੰ ਤੌਖਲਾ ਉੱਜੜ ਜਾਣ ਦਾ ਏ।’ ਹਜ਼ਾਰਾਂ ਧੀਆਂ ਨੇ, ਜਿਨ੍ਹਾਂ ਦੀ ਡੋਲੀ ’ਚ, ਬਾਪ ਦੀ ਪੱਗ ਵੀ ਆਈ, ਨਾਲੇ ਖੇਤਾਂ ਦੇ ਫ਼ਿਕਰ। ਮਾਂ ਦੇ ਹੰਝੂ ਪਿੱਛਾ ਨਹੀਓਂ ਛੱਡਦੇ। ਪੈਲ਼ੀਆਂ ਦੀ ਸੁੱਖ, ਨਗਰ ਦੀ ਖੈਰ, ਸੌਣ ਤੋਂ ਪਹਿਲੋਂ, ਧੀਆਂ ਦੀਆਂ ਨਿੱਤ ਏਹੋ ਅਰਦਾਸਾਂ। ਦਿੱਲੀ ਨੂੰ ਸਮਝ ਫੇਰ ਨਹੀਂ ਪੈਂਦੀ। ‘ਛਾਂ ਵਾਲੇ ਦਰੱਖ਼ਤ ਨੂੰ ਛਾਂਗਣਾ ਨਹੀਂ ਚਾਹੀਦਾ।’ਹਰ ਪਿੰਡ, ਹਰ ਘਰ, ਸੱਥਾਂ ਤੇ ਖੇਤ, ਕੋਈ ਸਿੰਘੂ ਤੇ ਕੋਈ ਟਿਕਰੀ ਬੈਠੈ। ‘ਲੱਤਾਂ ਲਈ ਕੋਈ ਪੰਧ ਲੰਮਾ ਨਹੀਂ ਹੁੰਦਾ’। ਦਾਦੀਆਂ ਤੇ ਨਾਨੀਆਂ, ਓਹ ਮੇਰੇ ਮਾਲਕਾ! ਆਖ ਤਖ਼ਤ ਦੇ ਪਾਵੇ ਨਾਲ ਬੈਠੀਆਂ ਨੇ। ਪੇਂਡੂ ਸੁਰਤ ਅੰਦੋਲਨ ’ਚ ਲੱਗੀ ਹੋਈ ਐ। ਓਧਰ ਕੁਰਸੀ ਦੀ ਅੜੀ, ਇੱਧਰ ਸੰਘਰਸ਼ ਦੀ ਝੜੀ ਐ। ਪੌਣੇ ਛੇ ਮਹੀਨੇ ਹੋ ਚੱਲੇ ਨੇ। ਖੇਤਾਂ ਦੇ ਅਹਿਲਕਾਰ ਗੱਜੇ ਨੇ, ‘ਫ਼ਸਲਾਂ ਦੀ ਵਾਢੀ ਤੇ ਸੰਘਰਸ਼, ਨਾਲੋ-ਨਾਲ ਕਰਾਂਗੇ।’

               ਕਾਲੇ ਖੇਤੀ ਕਾਨੂੰਨ, ਖੇਤਾਂ ਦੀ ਮਾਣਹਾਨੀ ਨੇ। ‘ਦਿੱਲੀ ਮੋਰਚਾ’ ਇੱਜ਼ਤ ਹੱਤਕ ਦਾ ਦਾਅਵੈ। ਏਹ ਬੜੇ ਸੰਤੋਖੀ ਪਿੰਡ ਨੇ, ਮੁਗ਼ਲ ਝੱਲੇ, ਨਾਲੇ ਅੰਗਰੇਜ਼, ਜੇਠ ਹਾੜ੍ਹ ਕੀ, ਹਰ ਆਫ਼ਤ ਝੱਲੀ। ਜ਼ਿੰਦਗੀ ਨਾਲ ਸੁਲ੍ਹਾ ਕਰ ਕੇ ਜਿਊਂਦੇ ਰਹੇ। ਪੈਲ਼ੀਆਂ ਦੇ ਵਾਰਸ, ਲੇਬਰ ਚੌਕਾਂ ’ਚ ਨਾ ਖੜ੍ਹਨ, ਏਹ ਝੱਲ ਨਹੀਓਂ ਹੋਣਾ। ਕਿਸਾਨ ਪੋਤਿਆਂ ਨੂੰ ਕੰਧਾੜੇ ਚੁੱਕ ਐਵੇਂ ਗਾਜ਼ੀਪੁਰ ਨਹੀਂ ਆਏ। ਜਦੋਂ ਭੁੱਖਮਰੀ ਢਿੱਡ-ਧ੍ਰੋਹੀ ਬਣੀ, ਉਦੋਂ ਪਿੰਡਾਂ ਨੇ ਤਪ ਕੀਤਾ। ਅਗਨੀ ਕੁੰਡ ’ਚ ਸੜ ਗਏ, ਭਗੌੜੇ ਨਹੀਂ ਹੋਏ। ਕੁਦਰਤ ਨਾਲ ਆਢਾ ਲਾਇਆ, ਖ਼ਰੇ ਰਾਸ਼ਟਰਵਾਦੀ ਨੇ। ਸਰਾਭਾ ਪਿੰਡ ਕਦੇ ਟਿਕਰੀ, ਕਦੇ ਸਿੰਘੂ ਜਾਂਦੈ। ਸਰਾਭੇ ਵਾਲੇ ਅਜੀਤ ਸਿੰਘ ਤੇ ਭੁਪਿੰਦਰ ਸਿੰਘ ਆਖਦੇ ਨੇ, ‘ਸੁਆਲ ਬਾਬੇ ਕਰਤਾਰ ਦੀ ਪੱਗ ਦਾ ਐ’। ਪਿੰਡ ਰਾਏਸਰ (ਬਰਨਾਲਾ) ਦਾ ਦਲਿਤ ਵਿਹੜਾ, ਦਿੱਲੀ ਘੋਲ ’ਚ ਨਿੱਤ ਚੌਕੀ ਭਰਦੈ। ਇਹ ਸੰਤ ਰਾਮ ਉਦਾਸੀ ਦਾ ਪਿੰਡ ਐ, ਜਿੱਥੋਂ ਦਾ ਅਵਤਾਰ ਆਖਦੈ, ‘ਉਦਾਸੀ ਦੇ ਬੋਲ ਅੱਜ ਸੱਚ ਹੋਏ ਨੇ।’ ਪਿੰਡ ਅਟਾਰੀ (ਅੰਮ੍ਰਿਤਸਰ) ਦੇ ਜਵਾਨ ਤੇ ਕਿਸਾਨ ਦਿੱਲੀ ਗਏ ਨੇ। ਖ਼ਾਲਸਾ ਫ਼ੌਜ ਦੇ ਕਮਾਂਡਰ ਸ਼ਾਮ ਸਿੰਘ ਅਟਾਰੀਵਾਲਾ ਦੀ ਰੂਹ ਨੇ ਜ਼ਰੂਰ ਹਲੂਣਾ ਦਿੱਤਾ ਹੋਊ। ‘ਤਿੰਨ ਫੁੱਟ ਬਰਫ਼ ਇੱਕ ਦਿਨ ’ਚ ਨਹੀਂ ਜੰਮਦੀ’।

              ਖਿਦਰਾਣੇ ਦੀ ਢਾਬ ਨੇ ਤਾਅਨਾ ਮਾਰਿਆ, ਮੁਕਤਸਰੀ ਪਿੰਡਾਂ ’ਚ ਔਰਤਾਂ ਨੇ ਮੰਡਾਸੇ ਮਾਰ ਲਏ। ਮਾਨਸਾ ਦਾ ਪਿੰਡ ਕਿਸ਼ਨਗੜ੍ਹ, ਕਦੇ ਮੁਜ਼ਾਰਾ ਲਹਿਰ ਦਾ ‘ਸਿੰਘੂ’ ਸੀ। ਮੁਜ਼ਾਰਿਆਂ ਨੇ ਬਗ਼ਾਵਤ ਕੀਤੀ, ਅੰਗਰੇਜ਼ ਨੇ ਬੰਬਾਰੀ। ਚਾਰ ਕਿਸਾਨ ਸ਼ਹੀਦ ਕੀਤੇ। ਬਿਸਵੇਦਾਰਾਂ ਨੂੰ ਮੁਜ਼ਾਰਿਆਂ ਨੇ ਭਜਾ ਕੇ ਦਮ ਲਿਆ। ਕੁਲਵੰਤ ਆਖਦੈ, ‘ਹੁਣ ਦਿੱਲੀ ਨੂੰ ਦਮੋਂ ਕੱਢਾਂਗੇ।’ ਤਾਹੀਓਂ ਪਿੰਡ ਦਾ ਸੌ ਕਿਸਾਨ ਦਿੱਲੀ ਬੈਠੈ। ਦੁਆਬੇ ਦਾ ਪਿੰਡ ਭਕਨਾ, ਜਿੱਥੋਂ ਦੇ ਬਾਬੇ ਸੋਹਣ ਸਿਓਂ ਨੇ ਅੰਗਰੇਜ਼ ਦੇ ਕੁੱਬ ਪਾਇਆ। ਕਿਤੇ ਹੁਣ ਗੋਰਿਆਂ ਦੇ ਜਮਾਤੀ ਨਾ ਆ ਜਾਣ, ਭਕਨਾ ਪਿੰਡ ਬਾਬੇ ਦੇ ਬੋਲ ਪੁਗਾ ਰਿਹੈ। ਖਟਕੜ ਕਲਾਂ ਦੇ ਨੌਜਵਾਨਾਂ ਨੇ ਭਗਤ ਸਿੰਘ ਨੂੰ, ਬਜ਼ੁਰਗਾਂ ਨੇ ਚਾਚਾ ਅਜੀਤ ਸਿੰਘ ਨੂੰ ਧਿਆ ਕੇ ਦਿੱਲੀ ਫੇਰਾ ਪਾਇਐ। ਕਿਸਾਨ ਮੋਰਚੇ ’ਚ ਇਨ੍ਹਾਂ ਰੂਹਾਂ ਦਾ ਵਾਸੈ। ‘ਬਿਪਤਾ ਦੀ ਘੜੀ ’ਚ ਬਹੁਤੇ ਆਪਣੀ ਕਿਸਮਤ ਬਣਾ ਲੈਂਦੇ ਨੇ।’ ਇਹੋ ਸੋਚਾਂ ਸੋਚ ਸੁੱਚਾ ਸਿੰਘ ਸੂਰਮਾ ਦੇ ਪਿੰਡ ਸਮਾਓਂ ਦਾ ‘ਅੰਨਦਾਤਾ’ ਦਿੱਲੀ ਸਮੈਸਟਰ ਦੇਣ ਗਿਐ। ਸੁੱਚਾ ਸੂਰਮਾ ਪੇਂਡੂ ਅਣਖ ਲਈ ਲੜਿਆ। ਦਿੱਲੀ ਦੇ ਚਹੁੰ ਪਾਸੀਂ, ਹੁਣ ਸੰਘਰਸ਼ੀ ਗੁਹਾਰੇ ਲੱਗੇ ਨੇ, ਦਿੱਲੀ ਪਛਾਣ ਨਹੀਂ ਰਹੀ। ਸ਼ਾਇਦ ਅੰਧਰਾਤਾ ਹੋਵੇ, ਮਧੇ ਕੇ ਵਾਲੇ ਵੈਦਾਂ ਨੂੰ ਦਿਖਾਉਣਾ ਪੈਣੈ।

              ਭਾਜਪਾਈ ਮਨਾਂ ’ਚ ਭੋਰਾ ਕਿਸਾਨੀਅਤ ਨਹੀਂ। ਇੱਕ ਅਖਾਣ ਐ, ‘ਤੀਜਾ ਰਲਿਆ, ਕੰਮ ਗਲਿਆ’, ਸ਼ਾਇਦ ਏਹਦਾ ਸਹੀ ਮਤਲਬ ‘ਹਮ ਦੋ, ਹਮਾਰੇ ਦੋ’ ਵਾਲੇ ਜਾਣਨੋ ਖੁੰਝੇ ਨੇ। ਚਾਣਕਿਆ ਆਖਦਾ ਹੈ, ‘ਜਿਸ ਦੇ ਮਾੜੇ ਦਿਨ ਆਉਂਦੇ ਨੇ, ਉਸ ਨੂੰ ਚੰਗੀ ਗੱਲ ਨਹੀਂ ਸੁੱਝਦੀ।’ ਕੋਈ ਤਾਂ ਅਕਲ ਨੂੰ ਹੱਥ ਮਾਰੋ, ਏਹ ‘ਕਿਸਾਨੀ ਘੋਲ’ ਚੁੱਲ੍ਹੇ ਤੇ ਵੱਟ ਦੇ ਵਜੂਦ ਦਾ ਮਸਲੈ। ਇਨ੍ਹਾਂ ਹਾਕਮਾਂ ਨੇ ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਪੜ੍ਹੀ ਹੁੰਦੀ, ਫੇਰ ਪਿੰਡਾਂ ਨੂੰ ਠਿੱਠ ਨਾ ਕਰਦੇ। ਜਿਨ੍ਹਾਂ ਦੇ ਪਿੰਡ ਨਗੌਰੀ, ਉਨ੍ਹਾਂ ਦੀ ਮੜਕ ਬਲੌਰੀ। ਨਗਰ ਕੌਂਸਲ ਚੋਣ ਨਤੀਜੇ ਦੱਸ ਗਏ, ਪਿਸ਼ੌਰੀ ਮੱਲ ਵੀ ‘ਕਿਸਾਨ ਘੋਲ’ ਦੇ ਨਾਲ ਖੜ੍ਹੈ। ਉਰਦੂ ਸ਼ਾਇਰ ਰਾਹਤ ਇੰਦੌਰੀ ਦੇ ਬੋਲ ਗੂੰਜੇ ਨੇ, ‘ਸਭੀ ਕਾ ਖ਼ੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ।’ ਸ਼ਰਧਾ ਰਾਮ ਫਿਲੌਰੀ ਕੌਣ ਸੀ? ‘ਟੂਲਕਿੱਟ’ ਵਾਲੀ ਬੀਬਾ ਰਵੀ ਦਿਸ਼ਾ ਧਿਆਨ ਦੇਵੇ। ਕਿਸੇ ਨੇ ਕੰਨ ਭਰੇ, ਫਿਲੌਰੀ ਬਗ਼ਾਵਤ ਦਾ ਪਾਠ ਪੜ੍ਹਾਉਂਦੈ। ਅੰਗਰੇਜ਼ਾਂ ਨੇ ਗ੍ਰਿਫ਼ਤਾਰ ਕੀਤਾ, ਉਪਰੋਂ ਫਿਲੌਰ ’ਚ ਦਾਖ਼ਲ ਹੋਣ ’ਤੇ ਪਾਬੰਦੀ ਲਾ’ਤੀ।

           ਜਿਨ੍ਹਾਂ ਪਿੰਡਾਂ ਨੇ ਦਿੱਲੀ ’ਚ ਸੰਘਰਸ਼ੀ ਖੜਵੰਜੇ ਲਾਏ ਨੇ, ਉਨ੍ਹਾਂ ’ਚ ਰਾਜੇਵਾਲ, ਉਗਰਾਹਾਂ, ਢੁੱਡੀਕੇ, ਡੱਲੇਵਾਲ, ਬੁਰਜ ਗਿੱਲ, ਜੇਠੂਕੇ, ਦੀਪ ਸਿੰਘ ਵਾਲਾ, ਫੂਲ, ਲੱਖੋਵਾਲ, ਚੜੂਨੀ ਤੇ ਟਿਕੈਤ ਦਾ ਸਿਸੌਲੀ ਆਦਿ ਸ਼ਾਮਲ ਨੇ। ਟਰੈਕਟਰ ਦੀ ‘ਟੂਲਕਿੱਟ’ ਤਾਂ ਸਭ ਨੂੰ ਪਤੈ। ਆਹ ਨਵੀਂ ‘ਟੂਲਕਿੱਟ’ ਕੱਢ ਮਾਰੀ, ਅਖ਼ੇ ਕੌਮਾਂਤਰੀ ਸਾਜ਼ਿਸ਼ ਐ। ਗਰੇਟਾ ਥਨਬਰਗ, ਦਿਸ਼ਾ ਰਵੀ, ਨਿਕਿਤਾ ਜੈਕਬ, ਇਨ੍ਹਾਂ ਬੀਬੀਆਂ ਲਈ ਪੁਲੀਸ ਸ਼ਨਿਚਰ ਬਣ ਬਹੁੜੀ। ਮੁਕਤਸਰ ਦੀ ਨੌਦੀਪ ਕੌਰ ਜਦੋਂ ਨਿੱਕੀ ਹੁੰਦੀ ਸੀ, ਮਾਪੇ ਆਖਦੇ, ਕੁੜੀਏ! ਸੁਆਲ ਕਰਿਆ ਕਰ। ਜਦੋਂ ਹੁਣ ਸੁਆਲ ਉਠਾਏ, ਪੁਲੀਸ ਨੇ ਜੇਲ੍ਹ ਭੇਜਤਾ।‘ਪਿੰਜਰਾ ਤੋੜ’ ਵਾਲੀ ਨਤਾਸ਼ਾ ਨਰਵਾਲ ਜੇਲ੍ਹ ਵੇਖ ਚੁੱਕੀ ਹੈ। ਬੁੰਦੇਲਖੰਡ ਵਾਲੀ ਠਾਕੂ ਪੁਜਾਰੀ ਵੀ ਬਚੇ। ਜ਼ਰੂਰ ਇਹ ਕੁੜੀਆਂ, ਪਿਛਲੇ ਜਨਮ ’ਚ ‘ਝਾਂਸੀ ਦੀ ਰਾਣੀ’ ਦੀਆਂ ਗੁਆਂਢਣਾਂ ਰਹੀਆਂ ਹੋਣਗੀਆਂ। ਤਾਹੀਓਂ ਸੱਤਾ ਦੇ ਗੁਆਂਢੀ ਰਟ ਲਾ ਰਹੇ ਨੇ, ‘ਏਹ ਸਭ ਦੇਸ਼ ਧ੍ਰੋਹੀ ਨੇ। ਰਾਜ ਸੱਤਾ ਸਵੇਰ ਦੀ ਭੁੱਲੀ ਸ਼ਾਮ ਨੂੰ ਮੁੜਦੀ ਦਿਖਦੀ ਨਹੀਂ। ਨੇਕ-ਚਲਣੀ ਦੇ ਸਰਟੀਫਿਕੇਟ ਹੁਣ ਪੁਲੀਸ ਦੇ ਝੋਲੇ ’ਚ ਨੇ।

            ਦਸ ਵਰ੍ਹਿਆਂ ’ਚ ਦੇਸ਼ ਧ੍ਰੋਹ ਦੇ 10,938 ਕੇਸ ਦਰਜ ਕੀਤੇ, ਪੰਜਾਬ ’ਚ 400 ਜਣਿਆਂ ’ਤੇ, ਸਜ਼ਾ ਸਿਰਫ਼ ਦੋ ਨੂੰ ਹੋਈ। ਯਮਲਾ ਜੱਟ ਦੇ ਬੋਲ ਕੰਨੀਂ ਪਏ ਨੇ, ‘ਚਾਰੇ ਕੂਟ ਹਨੇਰਾ, ਜੋਤ ਜਗਾ ਜਾਵੀਂ।’ ਖੇਤੀ ਕਾਨੂੰਨ ਕਾਹਦੇ ਆਏ, ਪਿੰਡ ਖ਼ਤਰੇ ’ਚ ਪਏ ਹਨ। ਕੀ ਬੀਬੀਆਂ, ਕੀ ਬੱਚੇ, ਸਭਨਾਂ ਨੇ ਹੱਥਾਂ ’ਚ ਹੱਥ ਪਾਏ ਨੇ। ਸੂਰਜ ਦਾ ਤਪ ਹੁਣ ਫ਼ਸਲਾਂ ਨੂੰ ਨਹੀਂ, ਸਗੋਂ ਘੋਲ ਨੂੰ ਵੀ ਪਕਾਉਂਦੈ। ਚੰਦਰਮਾ ਅੰਦੋਲਨ ’ਚ ਰਸ ਭਰਦੈ। ਢਾਡੀਆਂ ਨੇ ਜੋਸ਼ ਭਰਿਐ। ਬਾਬੂ ਰਜਬ ਅਲੀ ਜਿਊਂਦਾ ਹੁੰਦਾ, ਸਨੀ ਦਿਓਲ ਦੇ ਪਿੰਡ ਸਾਹਨੇਵਾਲ ’ਤੇ ਵੀ ਕਵਿੱਤ ਜੋੜਦਾ।ਛੱਜੂ ਰਾਮਾਂ! ਤੋਮਰ ਨੂੰ ਫੈਵੀਕੋਲ ਦੇ ਕੇ ਆ। ਤੋੜਨ ਦੀ ਨਹੀਂ, ਲੋੜ ਜੋੜਨ ਦੀ ਹੈ। ਮਸਲਾ ਰੂਹਾਂ ਤੇ ਜੂਹਾਂ ਦਾ ਹੈ। ਸੁਆਲ ਪਿੰਡਾਂ ਦੇ ਮੁੜ ਵਸੇਬੇ ਦਾ ਹੈ। ਅਖ਼ੀਰ ’ਚ ਪਵਨਦੀਪ ਖੰਨਾ ਦਾ ਗੀਤ, ਭਗਤੇ ਵਾਲੇ ਹੰਸ ਸੋਹੀ ਨੇ ਬਹੁਤ ਗਾਇਐ। ਮਾਵਾਂ-ਧੀਆਂ ਦੇ ਮੋਹ ਤੇ ਫਿਕਰਾਂ ਦੀ ਗੱਲ, ‘ਪੈਂਦਾ ਛੱਡਣਾ ਬਾਬਲ ਵਿਹੜਾ, ਮਾਂ ਦੀਆਂ ਗਲੀਆਂ ਨਗਰ ਖੇੜਾ/ ਕੇਰਾਂ ਉੱਜੜ ਕੇ ਜੋ ਵਸਦੀ, ਉਸ ਦਾ ਕੀ ਏ ਨਾਂਅ ਵੇ! ਦੱਸ ਵੀਰਨਾ ਵੇ ਜਦੋਂ ਤੁਰਿਆ ਸੀ ਤੂੰ, ਕੀ ਕਰਦੀ ਸੀ ਮੇਰੀ ਮਾਂ ਵੇ।’

Thursday, February 18, 2021

                                                            ਚੋਣ ਨਤੀਜੇ
                                        ਖੇਤੀ ਕਾਨੂੰਨਾਂ ਦਾ ਪਿਆ ਪਰਛਾਵਾਂ
                                                          ਚਰਨਜੀਤ ਭੁੱਲਰ       

ਚੰਡੀਗੜ੍ਹ :ਪੰਜਾਬ ’ਚ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਬਣੇ ਸੰਘਰਸ਼ੀ ਮਾਹੌਲ ਦਾ ਪਰਛਾਵਾਂ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ’ਤੇ ਵੀ ਪਿਆ ਹੈ। ਭਾਵੇਂ ਕਿਸਾਨ ਧਿਰਾਂ ਇਨ੍ਹਾਂ ਚੋਣਾਂ ਤੋਂ ਕੋਹਾਂ ਦੂਰ ਸਨ ਅਤੇ ਇਹ ਚੋਣਾਂ ਸ਼ਹਿਰੀ ਖਿੱਤੇ ਦੀਆਂ ਸਨ ਪਰ ਖੇਤੀ ਕਾਨੂੰਨਾਂ ਦੇ ਪ੍ਰਭਾਵ ਹਰ ਤਬਕੇ ’ਤੇ ਪੈਣੇ ਹਨ। ਸ਼ਹਿਰ ਦੇ ਕਾਰੋਬਾਰੀਆਂ ਅਤੇ ਮਜ਼ਦੂਰ ਵਰਗ ਨੇ ਖੇਤੀ ਕਾਨੂੰਨਾਂ ਨਾਲ ਰੋਜ਼ੀ ਰੋਟੀ ਦਾ ਮਸਲਾ ਜੁੜਿਆ ਹੋਣ ਕਰਕੇ ਚੋਣਾਂ ਮੌਕੇ ਮਨ ਬਣਾਇਆ। ਭਾਜਪਾ ਦੀ ਧਰੁਵੀਕਰਨ ਦਾ ਜਲਵਾ ਇਨ੍ਹਾਂ ਚੋਣਾਂ ਵਿੱਚ ਨਹੀਂ ਚੱਲ ਸਕਿਆ। ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰਾਂ ਦੇ ਪੱਖ ’ਚ ਭੁਗਤਣਾ ਇਸੇ ਦੀ ਕੜੀ ਸਮਝਿਆ ਜਾ ਸਕਦਾ ਹੈ।ਬੁਢਲਾਡਾ ’ਚ ਸਭ ਤੋਂ ਵੱਧ ਆਜ਼ਾਦ ਉਮੀਦਵਾਰਾਂ ਦਾ ਜਿੱਤਣਾ ਅਤੇ ਬੋਹਾ ਤੇ ਬਰੇਟਾ ਵਿੱਚ ਵੀ ਆਜ਼ਾਦ ਉਮੀਦਵਾਰਾਂ ਦਾ ਹੱਥ ਉੱਪਰ ਰਹਿਣਾ ਇਸ ਪ੍ਰਭਾਵ ਵੱਲ ਇਸ਼ਾਰਾ ਕਰਦਾ ਹੈ। ਆਦਮਪੁਰ ਕੌਂਸਲ ’ਚ ਸਾਰੇ ਆਜ਼ਾਦ ਉਮੀਦਵਾਰ ਜਿੱਤੇ ਹਨ ਅਤੇ ਕਰਤਾਰਪੁਰ ਕੌਂਸਲ ਵਿੱਚ 15 ’ਚੋਂ 9 ਵਾਰਡਾਂ ’ਚ ਆਜ਼ਾਦ ਉਮੀਦਵਾਰਾਂ ਦਾ ਹੱਥ ਉੱਪਰ ਰਿਹਾ ਹੈ। ਨੂਰਮਹਿਲ ਵਿੱਚ 13 ਚੋਂ 12 ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਾਰੇ 13 ਵਾਰਡਾਂ ’ਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ। ਪੱਟੀ ਕੌਂਸਲ ਵਿੱਚ ਭਾਜਪਾ ਦੇ ਸਾਰੇ ਉਮੀਦਵਾਰਾਂ ਨੂੰ 81 ਵੋਟਾਂ ਮਿਲੀਆਂ ਹਨ ਜਦਕਿ ਨੋਟਾ ਨੂੰ 164 ਵੋਟਾਂ ਪ੍ਰਾਪਤ ਹੋਈਆਂ ਹਨ।

            ਸਥਾਨਕ ਸਰਕਾਰਾਂ ਚੋਣਾਂ ’ਚ ਆਜ਼ਾਦ ਉਮੀਦਵਾਰ ਦੂਜੀ ਵੱਡੀ ਧਿਰ ਬਣ ਕੇ ਉੱਭਰੇ ਹਨ, ਜੋ ਖੇਤੀ ਕਾਨੂੰਨਾਂ ਦੇ ਪ੍ਰਭਾਵ ਵੱਲ ਸੰਕੇਤ ਕਰਦੇ ਹਨ। ਵੇਰਵਿਆਂ ਅਨੁਸਾਰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ’ਚ 392 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚੋਂ ਨਗਰ ਨਿਗਮਾਂ ਵਿੱਚ 18 ਅਤੇ ਕੌਂਸਲਾਂ ਵਿੱਚ 374 ਉਮੀਦਵਾਰ ਜਿੱਤੇ ਹਨ। ਜ਼ਿਲ੍ਹਾ ਜਲੰਧਰ ਵਿੱਚ ਸਭ ਤੋਂ ਵੱਧ 59 ਅਜ਼ਾਦ ਉਮੀਦਵਾਰ ਅਤੇ ਦੂਜੇ ਨੰਬਰ ’ਤੇ ਜ਼ਿਲ੍ਹਾ ਮਾਨਸਾ ਵਿੱਚ 53 ਅਜ਼ਾਦ ਉਮੀਦਵਾਰ ਜਿੱਤੇ ਹਨ। ਇਸੇ ਤਰ੍ਹਾਂ ਰੋਪੜ ਵਿੱਚ 39, ਸੰਗਰੂਰ ਵਿੱਚ 31, ਬਰਨਾਲਾ ਵਿੱਚ 31, ਬਠਿੰਡਾ ਵਿੱਚ 29, ਨਵਾਂ ਸ਼ਹਿਰ ਵਿੱਚ 18, ਮੁਹਾਲੀ ਵਿੱਚ 20 ਅਤੇ ਫ਼ਤਹਿਗੜ੍ਹ ਸਾਹਿਬ ਵਿੱਚ 15 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਪ੍ਰੋ. ਰੌਣਕੀ ਰਾਮ ਆਖਦੇ ਹਨ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਮਾਹੌਲ ਨੇ ਅਜਿਹਾ ਬਿਰਤਾਂਤ ਸਿਰਜਿਆ ਜਿਸ ਨਾਲ ਸ਼ਹਿਰਾਂ ਦੇ ਖੇਤੀ ਆਧਾਰਤ ਵਪਾਰੀਆਂ ਨੇ ਸੋਝੀ ਨਾਲ ਵੋਟ ਪਾਈ ਹੈ। ਇਨ੍ਹਾਂ ਕਾਨੂੰਨਾਂ ਕਾਰਨ ਮਜ਼ਦੂਰ ਵੀ ਪ੍ਰਭਾਵਿਤ ਹੋਣੇ ਹਨ ਤੇ ਉਨ੍ਹਾਂ ਨੇ ਵੀ ਖੇਤੀ ਕਾਨੂੰਨਾਂ ਵਿੱਚ ਸਿੱਧੇ ਅਤੇ ਅਸਿੱਧੇ ਤੌਰ ’ਤੇ ਭੂਮਿਕਾ ਨਿਭਾਉਣ ਵਾਲੀ ਹਰ ਧਿਰ ਨੂੰ ਨਕਾਰਿਆ ਹੈ।

             ਵਿਰੋਧੀ ਧਿਰਾਂ ਦੇ ਦਾਅਵੇ ਸੱਚੇ ਵੀ ਹਨ ਕਿ ਹਾਕਮ ਧਿਰ ਨੇ ਇਨ੍ਹਾਂ ਚੋਣਾਂ ਵਿੱਚ ਧਾਂਦਲੀਆਂ ਅਤੇ ਧੱਕੇਸ਼ਾਹੀਆਂ ਕੀਤੀਆਂ ਹਨ, ਜਿਸ ਵਜੋਂ ਇੱਕਪਾਸੜ ਜਿੱਤ ਹਾਸਲ ਕੀਤੀ ਹੈ। ਪਾਤੜਾਂ ਅਤੇ ਸਮਾਣਾ ਵਿੱਚ ਮੁੜ ਪੋਲਿੰਗ ਕਰਾਉਣਾ ਇਸ ਦਾ ਸਬੂਤ ਵੀ ਹੈ। ਦੇਖਿਆ ਜਾਵੇ ਤਾਂ ਪਹਿਲਾਂ ਭਾਰਤ ਬੰਦ ਮੌਕੇ ਪੰਜਾਬ ਦੇ ਸ਼ਹਿਰੀ ਤਬਕੇ ਨੇ ਵੱਡਾ ਹੁੰਗਾਰਾ ਭਰਿਆ ਸੀ। ਹੁਣ ਸ਼ਹਿਰੀ ਤਬਕੇ ਨੇ ਭਾਜਪਾ ਤੋਂ ਪਾਸਾ ਵੱਟ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਬਣੇ ਜਨ ਅੰਦੋਲਨ ’ਤੇ ਮੋਹਰ ਲਾ ਦਿੱਤੀ ਹੈ।ਚੋਣ ਨਤੀਜਿਆਂ ਅਨੁਸਾਰ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਜੱਦੀ ਹਲਕੇ ਪਠਾਨਕੋਟ ਵਿੱਚ ਭਾਜਪਾ ਨੂੰ 50 ’ਚੋਂ ਸਿਰਫ਼ 11 ਸੀਟਾਂ ਮਿਲੀਆਂ ਹਨ ਅਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਹੁਸ਼ਿਆਰਪੁਰ ਵਿੱਚ ਨਗਰ ਨਿਗਮ ਦੀ ਚੋਣ ਵਿੱਚ 50 ਵਿੱਚੋਂ ਸਿਰਫ਼ ਚਾਰ ਸੀਟਾਂ ਮਿਲਣਾ ਇਸੇ ਰੁਝਾਨ ਵੱਲ ਇਸ਼ਾਰਾ ਹੈ। ਸਾਬਕਾ ਮੰਤਰੀ ਸੁਰਜੀਤ ਜਿਆਣੀ ਦੇ ਜ਼ਿਲ੍ਹਾ ਫਾਜ਼ਿਲਕਾ ਦੀ ਅਬੋਹਰ ਨਗਰ ਨਿਗਮ ਵਿੱਚ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ, ਜਿੱਥੋਂ ਭਾਜਪਾ ਦੇ ਵਿਧਾਇਕ ਵੀ ਹਨ। ਫਾਜ਼ਿਲਕਾ ਵਿੱਚ ਚਾਰ ਵਾਰਡਾਂ ’ਤੇ ਭਾਜਪਾ ਜਿੱਤੀ ਹੈ।

            ਭਾਜਪਾ ਦੇ ਸੀਨੀਅਰ ਆਗੂ ਦਿਆਲ ਸੋਢੀ ਆਖਦੇ ਹਨ ਕਿ ਹਾਕਮ ਧਿਰ ਨੇ ਇਹ ਚੋਣਾਂ ਲੁੱਟੀਆਂ ਹਨ ਅਤੇ ਭਾਜਪਾ ਨੂੰ ਪ੍ਰਚਾਰ ਕਰਨ ਹੀ ਨਹੀਂ ਦਿੱਤਾ, ਉਲਟਾ ਭਾਜਪਾ ਆਗੂਆਂ ’ਤੇ ਸਰਕਾਰ ਨੇ ਹੱਲੇ ਕਰਾਏ। ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ ਦਾ ਕਹਿਣਾ ਸੀ ਕਿ ਖੇਤੀ ਕਾਨੂੰਨਾਂ ਦੀ ਮਾਰ ਇਕੱਲੇ ਪੇਂਡੂ ਖਿੱਤੇ ’ਤੇ ਨਹੀਂ ਪੈਣੀ ਸਗੋਂ ਸ਼ਹਿਰ ਵੀ ਪ੍ਰਭਾਵਿਤ ਹੋਣੇ ਹਨ, ਜਿਸ ਕਰਕੇ ਸ਼ਹਿਰੀ ਲੋਕ ਜਾਗਰੂਕ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਫਿਰਕੂ ਏਜੰਡੇ ਨੂੰ ਪੰਜਾਬ ਵਿੱਚ ਕੋਈ ਥਾਂ ਨਹੀਂ ਮਿਲੀ।ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੀ ਆਰਥਿਕ ਨਾਕੇਬੰਦੀ ਕਰ ਕੇ ਸ਼ਹਿਰੀ ਅਤੇ ਦਿਹਾਤੀ ਆਬਾਦੀ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਸੀ ਪਰ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਪੂਰੀ ਤਰ੍ਹਾਂ ਨਾਲ ਇਕਜੁੱਟ ਹੈ। ਪੰਜਾਬ ਦੇ ਲੋਕਾਂ ਨੇ ਲੋਕਤੰਤਰੀ ਤਰੀਕੇ ਨਾਲ ਭਾਜਪਾ ਨੂੰ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਉਹ ਆਪਣਾ ਹੰਕਾਰ ਛੱਡੇ ਅਤੇ ਲੋਕਾਂ ਦੀ ਆਵਾਜ਼ ਸੁਣ ਕੇ ਆਪਣੀਆਂ ਨੀਤੀਆਂ ਬਣਾਵੇ। 

Wednesday, February 17, 2021

                                                             ਚੰਗਿਆੜੀ ਦਾ ਖ਼ੌਫ
                                       ਗੁਜਰਾਤ ਦੀ ਅੱਖ ਪੰਜਾਬੀ ਕਿਸਾਨਾਂ ’ਤੇ
                                                                ਚਰਨਜੀਤ ਭੁੱਲਰ      

ਚੰਡੀਗੜ੍ਹ : ਗੁਜਰਾਤ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ’ਤੇ ਕਰੜੀ ਅੱਖ ਰੱਖੀ ਹੈ ਤਾਂ ਜੋ ਇੱਥੇ ਵੀ ਵਿਰੋਧ ਦੀ ਚੰਗਿਆੜੀ ਨਾ ਭੜਕ ਸਕੇ। ਪੰਜਾਬ-ਹਰਿਆਣਾ ਦੇ ਵਰ੍ਹਿਆਂ ਤੋਂ ਗੁਜਰਾਤ ’ਚ ਵਸੇ ਹੋਏ ਹਜ਼ਾਰਾਂ ਕਿਸਾਨ ਹੁਣ ਖੱਜਲ ਹੋ ਰਹੇ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਗੁਜਰਾਤ ਦੀ ਨਰਮਾ ਪੱਟੀ ’ਚ ਹਲਚਲ ਜ਼ਰੂਰ ਸ਼ੁਰੂ ਹੋਈ ਹੈ। ਕੱਛ ਖਿੱਤੇ ’ਚ ਪੰਜਾਬ-ਹਰਿਆਣਾ ਦੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਤਾਲਮੇਲ ਬਿਠਾਉਣ ਲੱਗੇ ਹਨ। ਭੁੱਜ ਦੇ ਕੁਠਾਰਾ ਇਲਾਕੇ ਦੇ ਪਿੰਡਾਂ ’ਚ ਸੈਂਕੜੇ ਪੰਜਾਬੀ ਕਿਸਾਨ ਹਨ ਜਿਨ੍ਹਾਂ ਨੂੰ ਸਸਤੇ ਭਾਅ ਵਪਾਰੀਆਂ ਕੋਲ ਜਿਣਸ ਵੇਚਣੀ ਪੈਂਦੀ ਹੈ। ਪਿੰਡ ਬਾਂਕੂ ਦੇ ਕਿਸਾਨ ਪ੍ਰਿਥੀ ਸਿੰਘ ਨੇ ਦੱਸਿਆ ਕਿ ਕੁਠਾਰਾ ਦੇ ਸੈਂਕੜੇ ਪੰਜਾਬੀ ਕਿਸਾਨਾਂ ਤੋਂ ਪਹਿਲਾਂ ਵਪਾਰੀਆਂ ਨੇ 1400 ਰੁਪਏ ਪ੍ਰਤੀ ਕੁਇੰਟਲ ਕਣਕ ਖਰੀਦ ਕੀਤੀ। ਇੱਕ ਵਪਾਰੀ ਨੇ ਜੋ ਚੈੱਕ ਦਿੱਤੇ, ਉਹ ਬਾਊਂਸ ਹੋ ਗਏ। ਕਰੀਬ ਪੰਜਾਹ ਕਿਸਾਨਾਂ ਨਾਲ 60 ਲੱਖ ਦੀ ਠੱਗੀ ਮਾਰ ਵਪਾਰੀ ਫਰਾਰ ਹੋ ਗਿਆ ਹੈ। ਕਿਸਾਨ ਗੁਰਮੇਲ ਸਿੰਘ ਤੇ ਜਰਨੈਲ ਸਿੰਘ ਨੇ ਦੱਸਿਆ ਕਿ ਵੇਚੀ ਜਿਣਸ ਦੀ ਕਰੀਬ 13 ਲੱਖ ਰੁਪਏ ਦੀ ਰਾਸ਼ੀ ਵਪਾਰੀ ਲੈ ਕੇ ਲਾਪਤਾ ਹੋ ਗਿਆ ਹੈ। 

             ਇਵੇਂ ਨਰਮਾ ਵਪਾਰੀ ਵੀ ਕਰੀਬ 25 ਲੱਖ ਦੀ ਰਾਸ਼ੀ ਲੈ ਕੇ ਭੱਜ ਗਏ ਹਨ। ਦੋ ਤਿੰਨ ਵਰ੍ਹਿਆਂ ਤੋਂ ਵਪਾਰੀ ਪੈਸੇ ਮਾਰ ਰਹੇ ਹਨ ਜਿਸ ਕਾਰਨ ਖੇਤੀ ਕਾਨੂੰਨਾਂ ਦਾ ਡਰ ਵਧਿਆ ਹੈ। ਕਿਸਾਨ ਜਸਵਿੰਦਰ ਸਿੰਘ ਆਖਦਾ ਹੈ ਕਿ ਪ੍ਰਧਾਨ ਮੰਤਰੀ ਕੋਈ ਵੀ ਦਾਅਵੇ ਕਰਨ ਪ੍ਰੰੰਤੂ ਗੁਜਰਾਤ ਵਿਚ ਨਾ ਮੰਡੀ ਪ੍ਰਬੰਧ ਹੈ ਅਤੇ ਨਾ ਹੀ ਸਰਕਾਰੀ ਖਰੀਦ। ਉਨ੍ਹਾਂ ਦੱਸਿਆ ਕਿ ਨਲੀਆ ਤਹਿਸੀਲ ਦੇ 350 ਪਿੰਡਾਂ ਲਈ ਸਿਰਫ ਇੱਕ ਖਰੀਦ ਕੇਂਦਰ ਹੈ। ਉਨ੍ਹਾਂ ਦੱਸਿਆ ਕਿ ਗੁਜਰਾਤ ਸਰਕਾਰ ਕਿਸਾਨਾਂ ਨੂੰ ਪੂਰੀ ਫਸਲ ’ਤੇ ਸਰਕਾਰੀ ਭਾਅ ਨਹੀਂ ਦਿੰਦੀ। ਪੰਜ ਹੈਕਟੇਅਰ ਵਾਲੇ ਕਿਸਾਨ ਨੂੰ ਕਣਕ ਦੀ ਐੱਮਐੱਸਪੀ ਸਿਰਫ ਇੱਕ ਹੈਕਟੇਅਰ ਦੀ ਫਸਲ ’ਤੇ ਹੀ ਮਿਲੇਗੀ।ਮਾਂਡਵੀ ਸ਼ਹਿਰ ਦੇ ਪੰਜਾਬੀ ਕਿਸਾਨ ਸੁਰਿੰਦਰ ਭੁੱਲਰ ਨੇ ਦੱਸਿਆ ਕਿ ਪੂਰੀ ਫਸਲ ’ਤੇ ਨਹੀਂ ਬਲਕਿ ਸਿਰਫ ਪ੍ਰਤੀ ਏਕੜ ਪਿੱਛੇ ਨਿਸ਼ਚਿਤ ਬੋਰੀਆਂ ’ਤੇ ਹੀ ਕਿਸਾਨ ਨੂੰ ਗੁਜਰਾਤ ਸਰਕਾਰ ਸਰਕਾਰੀ ਭਾਅ ਦਿੰਦੀ ਹੈ। ਇਸ ਵੇਲੇ ਗੁਜਰਾਤ ਵਿਚ ਬਾਜਰਾ ਸਰਕਾਰੀ ਭਾਅ ਤੋਂ ਕਰੀਬ ਇੱਕ ਹਜ਼ਾਰ ਰੁਪਏ ਹੇਠਾਂ ਵਿਕ ਰਿਹਾ ਹੈ। ਕਿਸਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਨੌਂ ਮਹੀਨੇ ਤੋਂ ਬਾਜਰਾ ਭੰਡਾਰ ਕਰੀ ਬੈਠਾ ਸੀ ਪਰ ਹੁਣ ਵੀ ਵਪਾਰੀ ਸਿਰਫ 1200 ਰੁਪਏ ਹੀ ਕੁਇੰਟਲ ਦਾ ਭਾਅ ਦੇ ਰਹੇ ਹਨ। ਸਰਕਾਰੀ ਭਾਅ ਲਈ ਫਸਲ ਦੀ ਜਮ੍ਹਾਂਬੰਦੀ ਵੀ ਦੇਣੀ ਪੈਂਦੀ ਹੈ।

             ਦੱਸਣਯੋਗ ਹੈ ਕਿ ਪੰਜਾਬੀ ਕਿਸਾਨਾਂ ਦਾ ਕੇਸ ਹੁਣ ਸੁਪਰੀਮ ਕੋਰਟ ’ਚ ਹੈ ਅਤੇ ਇਨ੍ਹਾਂ ਕਿਸਾਨਾਂ ’ਤੇ ਉਜਾੜੇ ਦੀ ਤਲਵਾਰ ਹਾਲੇ ਵੀ ਲਟਕੀ ਹੋਈ ਹੈ। ਨਰੌਣਾ ਪਿੰਡ ਦੇ ਕਿਸਾਨ ਬਿੱਕਰ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਿੱਚ ਵੱਡਾ ਰੋਸ ਹੈ ਪਰ ਗੁਜਰਾਤ ਸਰਕਾਰ ਨੇ ਸਿਵਲ ਵਰਦੀ ’ਚ ਪੁਲੀਸ ਕਿਸਾਨਾਂ ’ਤੇ ਨਜ਼ਰ ਰੱਖਣ ਲਈ ਲਾਈ ਹੋਈ ਹੈ। ਗਾਂਧੀ ਧਾਮ ਵਿੱਚ ਕਿਸਾਨ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਇਕੱਠੇ ਹੋਏ ਸਨ। ਭੁੱਜ ਜ਼ਿਲ੍ਹੇ ਵਿਚ ਕਿਸਾਨ ਸੇਵਾ ਟਰੱਸਟ ਸਰਗਰਮ ਹੈ ਅਤੇ ਕਿਸਾਨਾਂ ਨੇ ਆਪਸੀ ਤਾਲਮੇਲ ਵੀ ਕੀਤਾ ਪਰ ਪੁਲੀਸ ਦੇ ਦਾਬੇ ਕਰਕੇ ਕਿਸਾਨ ਡਰੇ ਹੋਏ ਹਨ। ਭਾਜਪਾ ਨੇ ਆਪਣੇ ਬਲਾਕ ਪੱਧਰੀ ਆਗੂਆਂ ਦੀ ਡਿਊਟੀ ਵੀ ਪੰਜਾਬ ਹਰਿਆਣਾ ਦੇ ਕਿਸਾਨਾਂ ਨੇ ਨਿਗਾਹ ਰੱਖਣ ਲਈ ਲਾਈ ਹੋਈ ਹੈ। ਲੋਰੀਆ ਤਹਿਸੀਲ ’ਚ ਕਿਸਾਨ ਇਕੱਠੇ ਹੋਏ ਸਨ। ਕੁਠਾਰਾ ਦੇ ਗੁਰੂ ਘਰ ਵਿਚ ਵੀ ਕਿਸਾਨਾਂ ਦੀ ਸਰਗਰਮੀ ਦੇਖਣ ਨੂੰ ਮਿਲੀ ਸੀ। ਉੱਤਰੀ ਗੁਜਰਾਤ ਜੋ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਹੈ, ਉਥੋਂ ਦੇ ਕਰੀਬ ਸੱਤ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਖੇਤੀ ਕਾਨੂੰਨਾਂ ਖ਼ਿਲਾਫ਼ ਹਿਲਜੁਲ ਸ਼ੁਰੂ ਹੋਈ ਹੈ। ਕਾਂਗਰਸ ਵੱਲੋਂ ਵੀ ਕਿਸਾਨਾਂ ਦੀ ਲਾਮਬੰਦੀ ਕੀਤੀ ਗਈ ਹੈ। ਭਾਰਤੀ ਕਿਸਾਨ ਸੰਘ ਸਰਕਾਰਾਂ ਕੋਲ ਅਪੀਲਾਂ ਕਰਨ ਤੱਕ ਸੀਮਿਤ ਹੈ।

                                  ਖੇਤੀ ਕਾਨੂੰਨਾਂ ’ਤੇ ਚਰਚੇ ਸ਼ੁਰੂ : ਪ੍ਰੋ. ਸੁਖਪਾਲ ਸਿੰਘ

ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐੱਮ) ਅਹਿਮਦਾਬਾਦ ਦੇ ਪ੍ਰੋ. ਸੁਖਪਾਲ ਸਿੰਘ ਦਾ ਕਹਿਣਾ ਸੀ ਕਿ ਗੁਜਰਾਤ ’ਚ ਖੇਤੀ ਕਾਨੂੰਨ ਖ਼ਿਲਾਫ਼ ਚਰਚਾ ਤਾਂ ਸ਼ੁਰੂ ਹੋਈ ਹੈ ਪ੍ਰੰਤੂ ਜ਼ਮੀਨੀ ਪੱਧਰ ’ਤੇ ਕੋਈ ਐਕਸ਼ਨ ਨਜ਼ਰ ਨਹੀਂ ਆ ਰਿਹਾ ਹੈ। ਸਰਕਾਰੀ ਦਬਾਓ ਦਾ ਪ੍ਰਭਾਵ ਵੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ‘ਜਤਨ’ ਨਾਮ ਦੀ ਐੱਨਜੀਓ ਦੇ ਪ੍ਰਧਾਨ ਕਪਿਲ ਸ਼ਾਹ ਵੱਲੋਂ ਵੈਬੀਨਾਰ ਕਰਾਏ ਗਏ ਹਨ। ਮਹਿਲਾ ਕਿਸਾਨ ਸ਼ਿਲਪਾ ਵੱਲੋਂ ਵੀ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਗਿਆ ਹੈ।

Tuesday, February 16, 2021

                                                             ‘ਮਿੰਨੀ ਪੰਜਾਬ’ 
                                         ਤਰਾਈ ’ਚ ਨਿੱਸਰੀ ਕਿਸਾਨੀ ਲਹਿਰ
                                                            ਚਰਨਜੀਤ ਭੁੱਲਰ                   

ਚੰਡੀਗੜ੍ਹ : ਉੱਤਰਾਖੰਡ ਦੇ ਤਰਾਈ ਖ਼ਿੱਤੇ ਦੀ ਕਿਸਾਨ ਲਹਿਰ ਨੇ ‘ਗਾਜ਼ੀਪੁਰ ਮੋਰਚੇ’ ਨੂੰ ਤਾਕਤ ਬਖ਼ਸ਼ ਦਿੱਤੀ ਹੈ ਜਿਸ ’ਚ ਮੋਹਰੀ ਪੰਜਾਬੀ ਕਿਸਾਨ ਬਣੇ ਹਨ। ਜ਼ਿਲ੍ਹਾ ਊਧਮ ਸਿੰਘ ਨਗਰ ਅਤੇ ਹਰਿਦੁਆਰ ਦੇ ਕਰੀਬ ਸੌ ਪਿੰਡਾਂ ਵਿਚ ਪੰਜਾਬੀ ਕਿਸਾਨਾਂ ਦੀ ਵੱਡੀ ਵਸੋਂ ਹੈ ਜਿਨ੍ਹਾਂ ਉੱਤਰਾਖੰਡ-ਉੱਤਰ ਪ੍ਰਦੇਸ਼ ਦੇ ਸਰਹੱਦੀ ਖ਼ਿੱਤੇ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕ ਕੰਧ ਖੜ੍ਹੀ ਕਰ ਦਿੱਤੀ ਹੈ। ਗਣਤੰਤਰ ਦਿਵਸ ਮੌਕੇ ਸ਼ਹੀਦ ਹੋਏ ਨਵਰੀਤ ਸਿੰਘ ਦੀ ਮੌਤ ਮਗਰੋਂ ਨੌਜਵਾਨਾਂ ਨੇ ਵੀ ਕਿਸਾਨੀ ਨਾਲ ਮੋਢਾ ਜੋੜਿਆ ਹੈ। ਵੇਰਵਿਆਂ ਅਨੁਸਾਰ ਤਰਾਈ ਖੇਤਰ ’ਚ ਕਰੀਬ 45 ਫ਼ੀਸਦੀ ਆਬਾਦੀ ਪੰਜਾਬੀ ਕਿਸਾਨਾਂ ਦੀ ਹੈ ਜਿਨ੍ਹਾਂ ਨੇ ਜਾਨ ਹੂਲ ਕੇ ਇਸ ਖ਼ਿੱਤੇ ਨੂੰ ਆਬਾਦ ਕੀਤਾ ਹੈ। ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਤਰਾਈ ਦੇ ਕਿਸਾਨਾਂ ਨੂੰ ਹਲੂਣ ਕੇ ਰੱਖ ਦਿੱਤਾ। ਤਰਾਈ ਦੇ ਸਥਾਨਕ ਯਾਦਵ, ਪਾਂਡੇ, ਤਿਵਾੜੀ ਤੇ ਮੁਸਲਿਮ ਭਾਈਚਾਰੇ ਨੇ ਪੰਜਾਬੀ ਕਿਸਾਨਾਂ ਨਾਲ ਜੋਟੀ ਪਾਈ ਹੈ। ਕਿਸਾਨ ਆਗੂ ਹਰਭਜਨ ਸਿੰਘ ਦੱਸਦੇ ਹਨ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਤਰਾਈ ਵਿੱਚ ਮਾਹੌਲ ‘ਮਿੰਨੀ ਪੰਜਾਬ’ ਦਾ ਭੁਲੇਖਾ ਪਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਦਫ਼ਾ ਹੈ ਕਿ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਘਰਾਂ ’ਚੋਂ ਬਾਹਰ ਨਿਕਲੀਆਂ ਹਨ। ਸਾਰਿਆਂ ਨੂੰ ਜ਼ਮੀਨਾਂ ਹੱਥੋਂ ਨਿਕਲਣ ਦਾ ਡਰ ਹੈ ਜਿਸ ਕਰਕੇ ਬਹੁਤੇ ਪਿੰਡਾਂ ਵਿਚ ਤਾਂ ਭਾਜਪਾ ਆਗੂਆਂ ਦੇ ਦਾਖ਼ਲੇ ’ਤੇ ਰੋਕ ਵਾਲੇ ਪੋਸਟਰ ਅਤੇ ਬੈਨਰ ਵੀ ਲੱਗ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹੋਇਆ ਹੈ ਕਿ ਸਾਰੇ ਫਿਰਕਿਆਂ ਦੀਆਂ ਔਰਤਾਂ ਇਕੱਠੀਆਂ ਗਾਜ਼ੀਪੁਰ ਪੁੱਜੀਆਂ ਹਨ।

             ਕਿਸਾਨ ਆਗੂ ਕਰਮ ਸਿੰਘ ਪੱਡਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੇ ਸਮੁੱਚੀ ਕਿਸਾਨੀ ਨੂੰ ਜਗਾ ਦਿੱਤਾ ਹੈ। ਹਰ ਪਿੰਡ ’ਚੋਂ ਹੁਣ ਪੰਜ-ਪੰਜ, ਦਸ-ਦਸ ਟਰੈਕਟਰ-ਟਰਾਲੀਆਂ ਵਾਰੋ ਵਾਰੀ ਗਾਜ਼ੀਪੁਰ ਜਾ ਰਹੀਆਂ ਹਨ। ਇਸੇ ਹਫ਼ਤੇ ਕਿਸਾਨ ਆਗੂ ਪਿੰਡਾਂ ਵਿਚ ਇੱਕ ਟਰੈਕਟਰ ਮਾਰਚ ਕੱਢ ਰਹੇ ਹਨ ਤਾਂ ਜੋ ਖੇਤ ਮਜ਼ਦੂਰਾਂ ਨੂੰ ਵੀ ਘੋਲ ’ਚ ਹਿੱਸੇਦਾਰ ਬਣਾਇਆ ਜਾ ਸਕੇ। ਤਰਾਈ ਕਿਸਾਨ ਸਭਾ ਦੇ ਪ੍ਰਧਾਨ ਤੇਜਿੰਦਰ ਸਿੰਘ ਵਿਰਕ ਵੀ ਰੋਜ਼ਾਨਾ ਲਾਮਬੰਦੀ ਲਈ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਹਨ।ਜ਼ਿਲ੍ਹਾ ਊਧਮ ਸਿੰਘ ਨਗਰ ਦੀ ਤਹਿਸੀਲ ਬਾਜ਼ਪੁਰ ਦੇ ਕਿਸਾਨ ਦਲਜੀਤ ਸਿੰਘ ਰੰਧਾਵਾ ਮੁਤਾਬਕ ਪਹਿਲ ਪੰਜਾਬੀ ਕਿਸਾਨਾਂ ਨੇ ਕੀਤੀ ਹੈ ਅਤੇ ਹੁਣ ਤਰਾਈ ਦੇ ਬਾਕੀ ਕਿਸਾਨ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਕੁੱਦ ਪਏ ਹਨ। ਜਾਣਕਾਰੀ ਅਨੁਸਾਰ ਉੱਤਰਾਖੰਡ ਦੇ 13 ਜ਼ਿਲ੍ਹਿਆਂ ’ਚ ਰਾਜ ਦੀ 42 ਫ਼ੀਸਦੀ ਅਨਾਜ ਪੈਦਾਵਾਰ ਹੁੰਦੀ ਹੈ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਪਿੰਡਾਂ ਦੇ ਬਾਹਰ ਪੰਜਾਬ ਦੇ ਪਿੰਡਾਂ ਵਾਂਗ ਬੈਨਰ ਲਟਕ ਰਹੇ ਹਨ ਜਿਨ੍ਹਾਂ ਵਿਚ ਭਾਜਪਾ ਆਗੂਆਂ ਦੀ ਪਿੰਡ ’ਚ ਦਾਖ਼ਲੇ ਦੀ ਮਨਾਹੀ ਬਾਰੇ ਲਿਖਿਆ ਹੋਇਆ ਹੈ। ਗਦਰਪੁਰ ਦੇ ਕਿਸਾਨ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਨੇ ਤਰਾਈ ਖ਼ਿੱਤੇ ਵਿਚ ਵਿਤਕਰੇ ਦੀ ਹਰ ਕੰਧ ਢਾਹ ਦਿੱਤੀ ਹੈ ਅਤੇ ਸਾਰੇ ਖੇਤੀ ਬਚਾਉਣ ਲਈ ਅੱਗੇ ਆ ਗਏ ਹਨ। ਉਨ੍ਹਾਂ ਦੱਸਿਆ ਕਿ ਏਨੀ ਚੇਤਨਾ ਪਹਿਲੀ ਦਫ਼ਾ ਵੇਖਣ ਨੂੰ ਮਿਲੀ ਹੈ। ਦੇਹਰਾਦੂਨ ਜ਼ਿਲ੍ਹੇ ਦੇ ਕਰੀਬ ਦਰਜਨ ਕਸਬਿਆਂ ਵਿਚ 30 ਫ਼ੀਸਦੀ ਤੱਕ ਆਬਾਦੀ ਪੰਜਾਬੀ ਕਿਸਾਨਾਂ ਦੀ ਹੈ। 

                ਕਿਸਾਨ ਆਗੂ ਦੱਸਦੇ ਹਨ ਕਿ ਕਰੀਬ ਅੱਠ ਹਜ਼ਾਰ ਕਿਸਾਨਾਂ ਨੂੰ ਸੂਬਾ ਸਰਕਾਰਾਂ ਵੱਲੋਂ ਨੋਟਿਸ ਦਿੱਤੇ ਗਏ ਹਨ ਅਤੇ ਕਿਸਾਨਾਂ ਦੀ ਜ਼ਮੀਨ ਮਾਲਕੀ ’ਤੇ ਉਂਗਲ ਉਠਾਈ ਗਈ ਹੈ। ਉਨ੍ਹਾਂ ਨੂੰ ਗਾਜ਼ੀਪੁਰ ਜਾਣ ਤੋਂ ਰੋਕਣ ਲਈ ਡਰਾਇਆ ਜਾ ਰਿਹਾ ਹੈ। ਗਰੀਬ ਕਿਸਾਨ ਅਤੇ ਮਜ਼ਦੂਰ ਭੈਅ ਵਿਚ ਹਨ ਜਿਨ੍ਹਾਂ ਦਾ ਡਰ ਕੱਢਣ ਲਈ ਹੁਣ ਪਿੰਡਾਂ ਵਿਚ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ।ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ, ਬਰੇਲੀ, ਬਿਜਨੌਰ ਅਤੇ ਪੀਲੀਭੀਤ ਆਦਿ ਵਿਚ ਵੀ ਕਿਸਾਨ ਲਹਿਰ ਜ਼ੋਰ ਫੜ ਗਈ ਹੈ। ਕਿਸਾਨੀ ਮੀਟਿੰਗਾਂ ਜਾਂ ਛੋਟੀਆਂ ਰੈਲੀਆਂ ਵਿਚ ਹੁਣ ਲੰਗਰ ਦੇ ਪ੍ਰਬੰਧ ਵੀ ਹੋਣ ਲੱਗ ਪਏ ਹਨ ਜਦਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ। ਤਰਾਈ ਖ਼ਿੱਤੇ ਦੇ ਗੁਰੂ ਘਰਾਂ ਵਿਚ ਕਿਸਾਨਾਂ ਦੇ ਇਕੱਠ ਵੀ ਜੁੜਨ ਲੱਗ ਪਏ ਹਨ। ਬਹੁਤੇ ਕਿਸਾਨ ਆਗੂ ਇਹੋ ਆਖਦੇ ਹਨ ਕਿ ਕਿਸਾਨ ਮੋਰਚੇ ਨੇ ਸਾਰੀਆਂ ਦੂਰੀਆਂ ਮਿਟਾ ਦਿੱਤੀਆਂ ਹਨ ਅਤੇ ਉੱਤਰਾਖੰਡ ਦੀ ਕਿਸਾਨੀ ਉੱਠ ਖੜ੍ਹੀ ਹੋਈ ਹੈ ਜੋ ਕਿਸੇ ਤਰ੍ਹਾਂ ਵੀ ਪੰਜਾਬ ਨਾਲੋਂ ਘੱਟ ਨਹੀਂ ਹੈ। ਤਰਾਈ ਖ਼ਿੱਤੇ ਵਿਚ ਵੀ ਹੁਣ ਮਹਾਪੰਚਾਇਤ ਕਰਾਏ ਜਾਣ ਦੀ ਯੋਜਨਾ ਚੱਲ ਰਹੀ ਹੈ।

Monday, February 15, 2021

                                                             ਵਿਚਲੀ ਗੱਲ    
                                                   ਫ਼ਕੀਰਾ! ਹੁਣ ਮੋੜਾ ਪਾ..
                                                           ਚਰਨਜੀਤ ਭੁੱਲਰ      

ਚੰਡੀਗੜ੍ਹ : ਲੋਕ ਰਾਜ ਦਾ ਮੰਦਰ ਆਖੋ, ਚਾਹੇ ਸੰਸਦ ਭਵਨ ਦਾ ਪਵਿੱਤਰ ਸਦਨ। ਏਨਾ ਦੁੱਧ ਧੋਤਾ, ਰਹੇ ਰੱਬ ਦਾ ਨਾਂ। ਇੰਝ ਭੁਲੇਖਾ ਪੈਂਦਾ ਜਿਵੇਂ ਢਾਕੇ ਦੀ ਮਲਮਲ ਦੀ ਪੰਡ ਖੁੱਲ੍ਹੀ ਹੋਵੇ। ਦੁੱਧ ਦੀਆਂ ਘੁੱਟਾਂ ਵਰਗੇ ਪੁਜਾਰੀ, ਨਾ ਅੱਖ ’ਚ ਟੀਰ, ਨਾ ਦਿਲਾਂ ’ਚ ਮੈਲ। ਸੰਸਦੀ ਸੈਸ਼ਨਾਂ ’ਚ ਮਾਹੌਲ ਹੱਜ ਵਰਗਾ ਬਣਦਾ। ਨਾ ਧੂਫ ਬੱਤੀ, ਨਾ ਅਗਰਬੱਤੀ, ਬੱਸ ਸੰਵਿਧਾਨ ਦੀ ਰੂਹ ਪਰਕਰਮਾ ਕਰਦੀ। ‘ਜਦੋਂ ਦਲੀਲ ਦਾ ਰਾਜ ਹੋਵੇ, ਸ਼ਾਂਤੀ ਪੈਲਾਂ ਪਾਉਂਦੀ ਹੈ।’ ਐਡਵਿਨ ਲੁਟੀਅਨਜ਼ ਤੇ ਹਰਬਰਟ ਬੇਕਰ, ਦੋਵੇਂ ਸੰਸਦ ਭਵਨ ਦੇ ਇਮਾਰਤ ਸਾਜੀ। ਮਾਣਮੱਤਾ ਭਵਨ 93ਵੇਂ ਵਰੇ੍ਹ ਨੂੰ ਢੁੱਕਿਐ। ਜਦੋਂ ਸਦਨ ਨਿਆਣਾ ਸੀ, ਸਾਜਿੰਦੇ ਸਿਆਣੇ ਸਨ। ‘ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹੀ’। ਲੋਕ ਰਾਜ ਦੇ ਪੁੱਤਾਂ ਦੀ ਮੁੱਛ ਫੁੱਟੀ, ਤਾਂ ਭਵਨ ਦੀ ਆਤਮਾ ਕੰਬੀਂ। ਤਾਜ਼ਾ ਬਜਟ ਸੈਸ਼ਨ ! ਜਿਵੇਂ ਸਦਨ ’ਚ ਝੂਠ ਦੀ ਪੰਡ ਖੁੱਲ੍ਹੀ ਹੋਵੇ। ਹੁਣ ਕੌਣ ਆਖੇ ! ਬੇਬੇ ਪੰਡ ਬਨ੍ਹਾ। ਨਵਾਂ ਯੁੱਗ ਤੇ ਨਵੇਂ ਰੰਗ ਰਾਗ। ਨਵਾਂ ਸੰਸਦ ਭਵਨ ਬਣੇਗਾ। ਮੌਜੂਦਾ ਸੰਸਦ ਭਵਨ, ਬੁੱਢਾ ਹੋ ਗਿਐ। ਝੂਠ-ਤੂਫਾਨ ਕੰਧਾਂ ’ਤੇ ਵੇਲਾਂ ਵਾਂਗੂ ਜੋ ਚੜ੍ਹਿਐ। ਗਲੀਚੇ ਸ਼ਰਮ ਨਾਲ ਭਿੱਜੇ ਨੇ। ਸਿਆਸੀ ਵੈਦ ਅੱਖੀਂ ਘੱਟਾ ਪਾ ਗਏ। ਭਵਨ ਨੂੰ ਭੰਬੂਤਾਰੇ ਦਿਖਣੋਂ ਨਹੀਂ ਹਟਦੇ, ਸੈਨੇਟਾਈਜ਼ਰ ਬੇਅਸਰ ਹੋਇਐ, ਵੈਕਿਊਮ ਕਲੀਨਰ ਵੀ ਫ਼ਿਊਜ਼ ਉਡਾ ਰਿਹੈ। ਸਦਨ ’ਚ ਕੁਫ਼ਰ ਏਨੇ ਜੰਮ ਗਏ ਨੇ। ਲੱਗਦੈ ਹੁਣ ਕਾਰ ਸੇਵਾ ਕਰਾਉਣੀ ਪਊ। ਸਿਆਸੀ ਪੁਜਾਰੀ, ਮਦਾਰੀ ਬਣੇ ਨੇ। ਹੁਣ ਕੌਣ ਆਖੇ! ਬੇਬੇ ਖੇਡਾ ਰੁਕਵਾ।

    ‘ਮਾੜੇ ਦਾ ਕੋਈ ਦੇਸ਼ ਨਹੀਂ ਹੁੰਦਾ’। ਕਿਸਾਨਾਂ ਨੇ ਮੁੜ ਲੰਗੋਟ ਕਸੇ ਨੇ। ਮਹਾਂ ਪੰਚਾਇਤਾਂ ਦਾ ਝਾੜ, ਬੱਸ ਪੁੱਛੋ ਕੋਈ ਨਾ। ਕਿਸਾਨੀ ਸੰਘਰਸ਼ ਨੂੰ ਸਾਜ਼ਿਸ਼ੀ ਠੁੱਡੇ ਵੀ ਵੱਜੇ। ਕੱਪੜੇ ਝਾੜ ਕੇ ਘੋਲ ਮੁੜ ਖੜ੍ਹਾ ਹੋਇਐ। ਦਿੱਲੀ ਹੱਦ ’ਚ ਕਿਸਾਨ ਮੋਰਚਾ 82ਵੇਂ ਦਿਨ ’ਚ ਅੱਪੜਿਐ। ਸ਼ਹਾਦਤਾਂ 228 ਕਿਸਾਨ ਪਾ ਗਏ ਹਨ। ਤੋਮਰ ਬਾਬੂ ਆਖਦੇ ਨੇ, ‘ਸਾਨੂੰ ਮੋਇਆ ਦਾ ਕੀ ਇਲਮ।’ ਪ੍ਰਧਾਨ ਮੰਤਰੀ ਨੂੰ ਸਭ ਪਤੈ.. ‘ਕਿਸਾਨ ਅੰਦੋਲਨ-ਜੀਵੀ..’ਤੇ ਪਰਜੀਵੀ ਨੇ। ਸਦਨ ਦੀ ਰੂਹ ਮੱਥੇ ’ਤੇ ਹੱਥ ਮਾਰ ਕੂਕੀ, ‘ਰੱਬਾ! ਆਹ ਦਿਨ ਵੀ ਵੇਖਣੇ ਸੀ। ਕਿਸਾਨ ਇੱਕੋ ਸੁਰ ਗੂੰਜੇ..‘ਅਸੀਂ ਖੇਤਾਂ ਦੇ ਡਰਨੇ ਨਹੀਂ’। ਦੱਸੋ, ਹੁਣ ਕੌਣ ਆਖੂ! ਬੇਬੇ ਖਿਆਲ ਰੱਖੀ।  ਅੰਦੋਲਨ ਪਹੇ ਚੋਂ ਨਿਕਲ, ਜਰਨੈਲੀ ਸੜਕ ਚੜਿਐ। ਬਜਟ ਸੈਸ਼ਨ ਨੇ ਬਰੇਕ ਲਈ ਐ। ਕੰਨ ਗੂੰਜਣੋਂ ਨਹੀਂ ਹਟ ਰਹੇ। ਭੈਣੋ ਔਰ ਭਾਈਓ! ‘ਫਾਈਵ ਟ੍ਰਿਲੀਅਨ ਇਕੌਨਮੀ’। ਦਸੌਂਧਾ ਸਿਓ ਪੁੱਛਦਾ ਫਿਰਦੈ, ਬੀਬਾ! ਟ੍ਰਿਲੀਅਨ ਕੀ ਬਲਾ ਐ। ਬੀਬੀ ਨਿਰਮਲਾ ਇੰਝ ਬੋਲੀ.. ਮੂਰਖ ਲਾਲ! ਬਲਾ ਨੂੰ ਛੱਡ, ਖੇਤੀ ਕਾਨੂੰਨਾਂ ਦੀ ਮੌਜ ਲੁੱਟ। ਪੌਣੇ ਅੱਠ ਕਰੋੜ ਖਰਚੇ ਨੇ ਭਲਾਈ ਪ੍ਰਚਾਰ ’ਤੇ। ਅੰਦੋਲਨੀ ਸ਼ਹੀਦਾਂ ਲਈ ਮੁਆਵਜ਼ਾ ਕਿੱਥੇ। ‘ਅੰਨ੍ਹੇ ਨੂੰ ਨਜ਼ਰ ਨਾ ਆਵੇ ਤਾਂ ਖੰਭੇ ਦਾ ਕਾਹਦਾ ਕਸੂਰ’। ਜਰਨੈਲ ਨੇ ਤਾਂ ਸਿਰਾ ਹੀ ਲਾਤਾ..ਏਹ ਕਿਸਾਨ ਪਰਜੀਵੀ ਨੇ। ਕੋਈ ਲਾਲਗੜ੍ਹ ਨੂੰ ‘ਚੰਦਾ-ਚੋਰ’ ਆਖ ਰਿਹੈ।

    ਸਾਰਤਰ ਕੀ ਆਖਦੈ, ਉਹ ਸੁਣੋ..‘ਸ਼ਬਦ ਤਾਂ ਕਾਰਤੂਸਾਂ ਨਾਲ ਭਰੇ ਪਿਸਤੌਲਾਂ ਵਰਗੇ ਹੁੰਦੇ ਨੇ।’ ਹਾਕਮ ਸ਼ਬਦਾਂ ਦੇ ਲਲਾਰੀ ਨੇ। ਅੰਦਾਜ਼-ਏ-ਮਾਵਾ ਵੀ ਚਾੜ੍ਹਦੇ ਨੇ। ਸੰਵਿਧਾਨ ਦੀ ਸਹੁੰ ਚੁੱਕ, ਸਦਨ ’ਚ ਗੱਦੀ ਲਾ, ਲੱਛੇਦਾਰ ਪ੍ਰਵਚਨ ਸੁਣਾਉਂਦੇ ਨੇ। ਮੌਜੂਦਾ ਲੋਕ ਸਭਾ ’ਤੇ ਵੀ ਇੱਕ ਝਾਤ ; 267 ਐਮ.ਪੀ ਸੰਸਦੀ ਪੌੜੀ ਪਹਿਲੀ ਵਾਰ ਚੜ੍ਹੇ ਨੇ, 230 ਐਮ.ਪੀ ਦੂਜੀ ਵਾਰ। ਖੇਤੀ ਨਾਲ ਜੁੜੇ 38 ਫੀਸਦੀ ਐਮ.ਪੀ ਨੇ। ਏਹ ਵੀ ਘੂਕ ਸੁੱਤੇ ਨੇ। ਕੋਈ ਤਾਂ ਆਖੇ ! ਬੇਬੇ ਏਹਨਾਂ ਨੂੰ ਜਗਾ। 170 ਸਾਬਕਾ ਵਿਧਾਇਕ, ਹੁਣ ਸੰਸਦ ਮੈਂਬਰ ਨੇ। ਖ਼ਜ਼ਾਨੇ ਚੋਂ ਡਬਲ ਗੱਫਾ ਮਿਲਦੈ। ਜਿਉਂ ਹੀ ਸੈਸ਼ਨ ਚੱਲਦੈ, ਫੈਸ਼ਨ ਸ਼ੁਰੂ ਹੁੰਦੈ, ਤੁਹਮਤਾਂ ਤੇ ਗਪੌੜਾਂ ਦਾ, ਭੰਨ੍ਹ ਤੋੜ ਤੇ ਵਾਕ ਆਊਟ। ਸਦਨ ਦੀ ਆਤਮਾ ਨੂੰ ਮੂੰਹ ਲੁਕੋਣਾ ਪੈਂਦੈ। ਐਤਕੀਂ ਅੰਨਦਾਤਾ ’ਤੇ ਵਿੰਨ ਵਿੰਨ ਤੀਰ ਮਾਰੇ, ਲੋਕ ਰਾਜ ਦੇ ਮੰਦਰ ਚੋਂ। ਖੇਤ ਛਲਣੀ ਹੋ ਗਏ, ਭਵਨ ਦਾ ਸੀਨਾ ਲੀਰੋ ਲੀਰ। ਸਦਨ ’ਚ ‘ਜਿੱਦ ਤੇ ਹੱਠ’ ਨੇ ਕਿੱਕਲੀ ਪਾਈ, ਸੋਚਾਂ ਦੇ ਗਿਠਮੁਠੀਏ ਖਿੜ ਕੇ ਹੱਸੇ। ਭਲਾ ਹਾਸੇ ਕਿੰਨੇ ’ਚ ਪਏ, ਆਓ ਤੈਰਵੀਂ ਨਜ਼ਰ ਮਾਰੀਏ। ਸੈਸ਼ਨ ਦਾ ਇੱਕ ਮਿੰਟ ਖ਼ਜ਼ਾਨੇ ਨੂੰ ਢਾਈ ਲੱਖ ’ਚ ਪੈਂਦਾ ਹੈ। ਝੂਠ ਦਾ ਵਾਜਾ ਸਰਾਲ ਬਣਦੈ। ਗਾਜੀਪੁਰੀਏ ਖ਼ਜ਼ਾਨਾ ਭਰਦੇ ਮਰ ਜਾਂਦੇ ਨੇ।

     ਅਜਬ ਤੇਰੀ ਨਗਰੀ। ਕਿਸਾਨ ਸੱਚ ਬੋਲਣ ਤਾਂ ਸਜ਼ਾ ਦਾ ਤੋਹਫ਼ਾ। ਨੇਤਾ ਨੂੰ ਇੱਥੇ ਝੂਠ ਬੋਲਣ ਦਾ ਵੀ ਪੈਸਾ ਮਿਲਦੈ, ਅਮਰੀਕਾ ’ਚ ਪਤਾ ਨਹੀਂ। ‘ਟਰੰਪ ਰੋਜ਼ਾਨਾ 12 ਝੂਠ ਬੋਲਦੇ ਸਨ।’ ਆਪਣੇ ਪ੍ਰਧਾਨ ਮੰਤਰੀ? ਕੋਈ ਬੋਲਿਆ ਤਾਂ ਭਾਜਪਾਈ ਕਹਿਣਗੇ..ਏਹ ਕੌਮਾਂਤਰੀ ਸਾਜ਼ਿਸ਼ ਐ। ਅਰਨਬਪੁਰ ਚੀਕ ਉੱਠੇਗਾ। ਰਾਜ-ਭਾਗ ਦਾ ‘ਪੰਜ ਕਲਿਆਣੀ’ ਮੀਡੀਆ ਕਿਸਾਨਪੁਰਾ ’ਤੇ ਟੁੱਟ ਪਏਗਾ। ਸਦਨ ’ਚ ਹਾਸਾ ਨਹੀਂ ਟੁੱਟ ਰਿਹਾ। ਕੁਫ਼ਰ ਦਾ ਧੂੰਆਂ ਸਦਨ ਦੀਆਂ ਕੰਧਾਂ ’ਤੇ ਜੰਮਿਐ। ਵਾਸ਼ਿੰਗ ਪਾਊਡਰ ਦੇ ਵੱਸ ਦਾ ਰੋਗ ਨਹੀਂ। ਤਾਹੀਓਂ ਹੁਣ ਨਵਾਂ ਸੰਸਦ ਭਵਨ ਬਣਨੈ। ਕੋਈ ਤਾਂ ਆਖੋ, ਬੇਬੇ! ਖਰਚ ਘਟਵਾ। ਰਾਹੁਲ ਗਾਂਧੀ ਨੇ ਆਖਿਆ ‘ਹਮ ਦੋ ਹਮਾਰੇ ਦੋ’। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਸੁਣਦੇ ਰਹੇ। ਕਾਕੇ ਨੇ ਗੱਲ ਤਾਂ ਖ਼ਰੀ ਕੀਤੀ, ‘ਮਾਵਾਂ-ਧੀਆਂ ਮੇਲਣਾਂ, ਪਿਉ ਪੁੱਤ ਜਾਂਞੀ’। ਕਾਰਪੋਰੇਟ ਕੋਈ ਨਵੇਂ ਨਵੇਲੇ ਨਹੀਂ। ਪਹਿਲਾਂ ਟਾਟੇ ਬਿਰਲੇ, ਹੁਣ ਆਨੀ ਬਾਨੀ ਨੇ, ਹੁਕਮ ਤਾਂ ਕਰਨ..‘ਤੈਨੂੰ ਤਾਪ ਚੜ੍ਹੇ, ਮੈਂ ਹੂੰਗਾਂ।’ ਭਾਜਪਾ ਕੋਲ 303 ਐਮ.ਪੀ ਨੇ, ਰੱਬ ਚੇਤੇ ਨਹੀਂ। ਡਾ. ਜਗਤਾਰ ਚੇਤੇ ਆਏ ਨੇ..‘ਇੱਕ ਦਿਨ ਹਿਸਾਬ ਮੰਗਣਾ, ਲੋਕਾਂ ਨੇ ਏਸ ਲਹੂ ਦਾ/ਤਾਕਤ ’ਚ ਮਸਤ ਦਿੱਲੀ, ਹਾਲੇ ਤਾਂ ਬੇਖ਼ਬਰ ਹੈ।’ 

             ਮੋਦੀ ਜੀ ਤਾਂ ਫਕੀਰ ਨੇ, ਕਿਸਾਨ ਮਸਤ ਹਾਥੀ। ਯੱਕਾ ਰਿਕੇਸ਼ ਟਿਕੈਤ ਨੇ ਜੋੜਿਐ। ਨਾਲ ਪੰਜਾਬ ਵਾਲੇ ਬਿਠਾਏ ਨੇ। ਕਸਰ ਜਗਰਾਓ ਵਾਲੀ ਮਹਾਂ-ਪੰਚਾਇਤ ਨੇ ਕੱਢ’ਤੀ। ਮੁਹੱਬਤਾਂ ਦੀਆਂ ਕੰਧਾਂ ਕਿਸਾਨ ਚਿਣ ਰਹੇ ਨੇ। ਹਕੂਮਤ ਵੱਟਾਂ ਪਾਉਣ ਲੱਗੀ ਹੈ। ਮੋਤੀਆ ਬਿੰਦ ਅੱਖਾਂ ’ਚ ਉਤਰਿਐ। ਛੱਜੂ ਰਾਮ ਸੁਰਮਚੂ ਚੁੱਕੀ ਫਿਰਦੈ, ਕੋਲ ਮਮੀਰੇ ਵਾਲਾ ਸੁਰਮੈ। ‘ਲੋੜ ਨੰਗੇ ਨੂੰ ਵੀ ਕੱਤਣਾ ਸਿਖਾ ਦਿੰਦੀ ਹੈ।’ ‘ਕਿਸਾਨ ਮੋਰਚੇ’ ’ਚ ਮੋਹ ਦੇ ਤੰਦ ਬੀਬੀਆਂ ਨੇ ਪਾਏ ਨੇ। ਨਿੱਕੇ ਹੁੰਦੇ ‘ਮਾੳਂੂ’ ਤੋਂ ਡਰਨ ਵਾਲੇ, ਹੁਣ ‘ਤੂਫਾਨ ਸਿੰਘ’ ਬਣੇ ਨੇ। ‘ਕਪਾਲ ਮੋਚਨ’ ਜਾਣ ਵਾਲੇ ਬਾਬਿਆਂ ਲਈ  ਸਿੰਘੂ/ਟਿੱਕਰੀ ਹੁਣ ਤੀਰਥ ਬਣੇ ਨੇ। ਕੌਣ ਆਖੇ, ਬਾਬਿਓ! ਪੰਜਾਬ ਨੂੰ ਮੁੜੋ।ਟਿਕੈਤ ਨੇ ਦੋ ਹੰਝੂ ਕਾਹਦੇ ਪਾਏ, ਅੰਦੋਲਨ ਦੀਆਂ ਲਗਰਾਂ ਪੱਕ ਕੇ ਬੂਟਾ ਬਣੀਆਂ ਨੇ। ਝੂਠ ਦੇ ਬਗੀਚੇ ’ਚ ਵੀ ਇੱਕ ਫੁੱਲ ਖਿੜਿਐ। ਦੂਜੇ ਬੰਨੇ, ਵਰਿ੍ਹਆਂ ਮਗਰੋਂ ਪੰਜਾਬ ਦੀ ‘ਛੇਵੀਂ ਇੰਦਰੀ’ ਖੁੱਲ੍ਹੀ ਹੈ। ਨੰਦ ਲਾਲ ਨੂਰਪੁਰੀ ਦੇ ਬੋਲਾਂ ਨੂੰ ਮੌਜੂਦਾ ਸੰਦਰਭ ’ਚ ਸੁਣਦੇ ਹਾਂ, ‘ਬੱਲੇ ਜੱਟਾ ਬੱਲੇ, ਕੱਲ੍ਹ ਕੌਡੀ ਨਹੀਂ ਸੀ ਪੱਲੇ, ਅੱਜ ਤੇਰਾ ਸਿੱਕਾ ਸਾਰੇ ਦੇਸ਼ ਵਿਚ ਚੱਲੇ।’ ਜਿਨ੍ਹਾਂ ਕੋਲ ਗੱਦੀ ਐ, ਉਨ੍ਹਾਂ ਕੋਲ ਚੰਮ ਦੇ ਸਿੱਕੇ ਨੇ। ਵਿੱਤ ਮੰਤਰੀ ਸੀਤਾਰਮਨ ਤਾਂ ਆਪਣੀ ਚਲਾ ਗਈ..ਅਖ਼ੇ, ‘ਸਰਕਾਰ ਬਾਰੇ ਝੂਠੇ ਬਿਰਤਾਂਤ ਨਾ ਸਿਰਜੋ।’

    ਕਿਸਾਨ ਘੋਲ ਨੂੰ ਹੁਣ ਵਿਸ਼ਰਾਮ ਚਿੰਨ੍ਹ ਲੱਗਣਾ ਮੁਸ਼ਕਲ ਹੈ। ਹਕੂਮਤ ਨੇ ਬੂਹੇ ਭੇੜ ਲਏ ਨੇ। ‘ਰਾਜਾ ਕੀ ਜਾਣਾ, ਭੁੱਖੇ ਦੀ ਸਾਰ।’ ਭਾਜਪਾਈ ਧਨੰਤਰ ਵੀ ‘ਹਮ ਦੋ ਹਮਾਰੇ ਦੋ’ ਦੇ ਨੇੜੇ ਨਹੀਂਓ ਢੁੱਕਦੇ। ਅਖੀਰ ’ਚ ਪੁਰਾਣੇ ਪੰਜਾਬ ਦੀ ਇੱਕ ਗੱਲ ਸੁਣੋ। ਜਦੋਂ ਪਹਿਲਾਂ ਪਿੰਡਾਂ ’ਚ ਕੋਈ ਮੌਤ ਹੁੰਦੀ। ਕੀਰਨੇ ਪਿਆਰੋ ਮਰਾਸਣ ਪਾਉਂਦੀ। ਧੁੰਨ ’ਚ ਗੁਆਚੀ ਪਿਆਰੋ, ਕੀਰਨੇ ਸਿਖ਼ਰ ’ਤੇ ਲੈ ਜਾਂਦੀ, ਹੰਝੂਆਂ ਦੇ ਹੜ੍ਹ ਵਗਾਉਂਦੀ, ਤਾਂ ਵਿਚੋਂ ਕੋਈ ਬੀਬੀ ਵਿਚੋਂ ਮਰਾਸਣ ਨੂੰ ਟੋਕਦੀ.. ਨੀਂ ਬੇਬੇ! ਹੁਣ ਮੋੜਾ ਪਾ। ਸੋ ਹੁਣ ਕੌਣ ਦਿੱਲੀ ਨੂੰ ਆਖੇ, ਬਈ! ਮੋੜਾ ਪਾਓ।



Wednesday, February 10, 2021

                                                                ਖੇਤੀ ਕਰਜ਼ਾ
                                          ਕੇਂਦਰ ਨੇ ਪੰਜਾਬ ਲਈ ਹੱਥ ਘੁੱਟਿਆ
                                                             ਚਰਨਜੀਤ ਭੁੱਲਰ       

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਰਜ਼ਾ ਦੇਣ ਤੋਂ ਹੱਥ ਘੁੱਟਿਆ ਜਾਣ ਲੱਗਾ ਹੈ ਹਾਲਾਂਕਿ ਕੇਂਦਰ ਸਰਕਾਰ ਹਰ ਵਰ੍ਹੇ ਬਜਟ ਵਿੱਚ ਖੇਤੀ ਕਰਜ਼ੇ ’ਚ ਵਾਧਾ ਐਲਾਨਦੀ ਹੈ ਪਰ ਜ਼ਮੀਨੀ ਹਕੀਕਤ ਇਸ ਨਾਲ ਮੇਲ ਨਹੀਂ ਖਾ ਰਹੀ ਹੈ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਕਿਸਾਨਾਂ ਲਈ ਖੇਤੀ ਕਰਜ਼ਾ ਤਿੰਨ ਵਰ੍ਹਿਆਂ ਤੋਂ ਲਗਾਤਾਰ ਘਟ ਰਿਹਾ ਹੈ। ਬੈਂਕਾਂ ਨੇ ਵੀ ਖੇਤੀ ਲਈ ਕਰਜ਼ੇ ਦੇਣ ਤੋਂ ਕਿਨਾਰਾ ਕਰਨਾ ਸ਼ੁਰੂ ਕੀਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਬੈਂਕਾਂ ਵੱਲੋਂ ਚਾਲੂ ਮਾਲੀ ਸਾਲ ਦੌਰਾਨ (ਦਸੰਬਰ ਤੱਕ) ਪ੍ਰਤੀ ਖਾਤੇ ਪਿੱਛੇ ਔਸਤਨ 1.87 ਲੱਖ ਰੁਪਏ ਦਾ ਖੇਤੀ ਕਰਜ਼ਾ ਦਿੱਤਾ ਹੈ ਜਦਕਿ ਸਾਲ 2018-19 ਵਿੱਚ ਇਹ ਕਰਜ਼ਾ ਪ੍ਰਤੀ ਖਾਤਾ 2.22 ਲੱਖ ਰੁਪਏ ਸੀ ਤੇ ਸਾਲ 2019-20 ਵਿਚ ਇਹ ਖੇਤੀ ਕਰਜ਼ਾ ਪ੍ਰਤੀ ਖਾਤਾ ਔਸਤਨ 2.13 ਲੱਖ ਰੁਪਏ ਕਰ ਦਿੱਤਾ। ਪੰਜਾਬ ਦੇ ਕਿਸਾਨਾਂ ਨੇ ਕਈ ਕਈ ਬੈਂਕਾਂ ਵਿੱਚ ਖਾਤੇ ਖੁਲਵਾ ਰੱਖੇ ਹਨ। ਚਾਲੂ ਵਿੱਤੀ ਸਾਲ ਦੌਰਾਨ ਬੈਂਕਾਂ ਵੱਲੋਂ ਖੇਤੀ ਕਰਜ਼ ਵਾਲੇ 25.69 ਲੱਖ ਖਾਤਾਧਾਰਕਾਂ ਨੂੰ 48,061 ਕਰੋੜ ਦਾ ਕਰਜ਼ਾ ਜਾਰੀ ਕੀਤਾ ਹੈ ਜਦਕਿ ਸਾਲ 2019-20 ਵਿੱਚ ਪੰਜਾਬ ਦੇ 37.64 ਲੱਖ ਖਾਤਾਧਾਰਕਾਂ ਨੂੰ 80,448 ਕਰੋੜ ਦਾ ਖੇਤੀ ਕਰਜ਼ਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸਾਲ 2018-19 ਵਿੱਚ ਪੰਜਾਬ ਦੇ 34.77 ਲੱਖ ਖਾਤਾਧਾਰਕਾਂ ਨੂੰ 77,456 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ।

              ਚਾਲੂ ਵਰ੍ਹੇ ਦੇ ਅਖੀਰਲੇ ਤਿੰਨ ਮਹੀਨਿਆਂ ਦੌਰਾਨ ਪਿਛਲੇ ਸਾਲ ਮੁਕਾਬਲੇ ਕਰੀਬ 12 ਲੱਖ ਖਾਤਾਧਾਰਕਾਂ ਨੂੰ ਹਾਲੇ ਹੋਰ ਕਰਜ਼ ਦੇਣ ਦੀ ਯੋਜਨਾ ਹੈ ਜਿਸ ’ਤੇ ਸੁਆਲੀਆ ਨਿਸ਼ਾਨ ਲੱਗਾ ਹੋਇਆ ਹੈ। ਸਰਕਾਰੀ ਤੱਥਾਂ ਅਨੁਸਾਰ ਕੌਮੀ ਔਸਤਨ ਦੇਖੀਏ ਤਾਂ ਉਸ ਵਿਚ ਕਟੌਤੀ ਦਾ ਵੱਡਾ ਅੰਕੜਾ ਸਾਹਮਣੇ ਨਹੀਂ ਆਇਆ ਹੈ ਪਰ ਪੰਜਾਬ ’ਚ ਪ੍ਰਤੀ ਖਾਤਾ ਔਸਤਨ ਖੇਤੀ ਕਰਜ਼ਾ ਘੱਟ ਰਿਹਾ ਹੈ।  ਕਿਸਾਨ ਆਗੂ ਕਾਕਾ ਸਿੰਘ ਕੋਟੜਾ ਆਖਦੇ ਹਨ ਕਿ ਕੋਵਿਡ ਦੌਰਾਨ ਖੇਤੀ ਸੈਕਟਰ ਦੀ ਵਿਕਾਸ ਦਰ ਉੱਚੀ ਰਹੀ ਹੈ ਜਦਕਿ ਬਾਕੀ ਖੇਤਰ ਲੁੜਕ ਗਏ ਹਨ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਥਾਪੀ ਤਾਂ ਕੀ ਦੇਣੀ ਸੀ ਬਲਕਿ ਖੇਤੀ ਕਰਜ਼ ਦੇਣ ਵਿਚ ਵੀ ਹੱਥ ਪਿਛਾਂਹ ਖਿੱਚਣੇ ਸ਼ੁਰੂ ਕਰ ਲਏ ਹਨ। ਸੂਤਰ ਆਖਦੇ ਹਨ ਕਿ ਕਰਜ਼ਾ ਮੁਆਫੀ ਸਕੀਮਾਂ ਕਰਕੇ ਬੈਂਕਾਂ ਵੱਲੋਂ ਖੇਤੀ ਕਰਜ ਦੇਣ ਵਿਚ ਸੰਜਮ ਵਰਤਿਆ ਜਾਣ ਲੱਗਾ ਹੈ।

            ਬੀ.ਕੇ.ਯੂ ਆਗੂ ਫੁਰਮਾਨ ਸਿੰਘ ਸੰਧੂ ਆਖਦੇ ਹਨ ਕਿ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਪਹਿਲਾਂ ਹੀ ਖੇਤੀ ਕਾਨੂੰਨਾਂ ਲੈ ਕੇ ਆਰ ਪਾਰ ਦੀ ਲੜਾਈ ਲੜ ਰਹੇ ਹਨ ਅਤੇ ਹੁਣ ਕੇਂਦਰ ਨੇ ਦੂਸਰੇ ਪਾਸਿਆਂ ਤੋਂ ਵੀ ਕਿਸਾਨਾਂ ਨੂੰ ਮਾਰ ਪਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਹਰ ਤਬਕੇ ਨੂੰ ਕੇਂਦਰ ਨੇ ਰਾਹਤ ਦਿੱਤੀ ਹੈ ਪ੍ਰੰਤੂ ਕਿਸਾਨਾਂ ਤੋਂ ਕੇਂਦਰ ਨੇ ਪਾਸਾ ਵੱਟਿਆ ਹੈ।ਕੇਂਦਰੀ ਵਿੱਤ ਮੰਤਰਾਲੇ ਨੇ ਇਹ ਵੀ ਸਾਫ ਕੀਤਾ ਹੈ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਕੋਈ ਤਜਵੀਜ਼ ਵੀ ਨਹੀਂ ਹੈ ਪਰ ਕਿਸਾਨਾਂ ਤੋਂ ਕਰਜ਼ੇ ਦਾ ਬੋਝ ਘਟਾਉਣ ਲਈ ਹੋਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਹਰਿਆਣਾ ’ਚ ਚਾਲੂ ਮਾਲੀ ਵਰ੍ਹੇ ਦੌਰਾਨ 21.66 ਲੱਖ ਖਾਤਾਧਾਰਕਾਂ ਨੂੰ 38,365 ਕਰੋੜ ਰੁਪਏ ਦਾ ਖੇਤੀ ਕਰਜ਼ਾ ਦਿੱਤਾ ਹੈ ਜਦਕਿ ਪਿਛਲੇ ਵਰ੍ਹੇ 35.83 ਲੱਖ ਖਾਤਾਧਾਰਕਾਂ ਨੂੰ 64,294 ਕਰੋੜ ਦਾ ਖੇਤੀ ਲੋਨ ਦਿੱਤਾ ਗਿਆ ਸੀ। 

Tuesday, February 9, 2021

                                                         ਕੀ ਮੇਰਾ, ਕੀ ਤੇਰਾ
                                                ਏਹ ਨੇ ਦਿਲਾਂ ਦੇ ਰਾਜੇ..!
                                                         ਚਰਨਜੀਤ ਭੁੱਲਰ     

ਚੰਡੀਗੜ੍ਹ : ਪਿੰਡ ਭੋਤਨਾ ਦਾ ਕਿਸਾਨ ਰਾਜਾ ਸਿੰਘ ਆਪਣੇ ਖੇਤ ਸੰਭਾਲ ਰਿਹਾ ਹੈ ਜਦੋਂ ਕਿ ਉਸ ਦਾ ਟਰੈਕਟਰ ‘ਦਿੱਲੀ ਮੋਰਚੇ’ ’ਚ ਸੀਰ ਪਾ ਰਿਹਾ ਹੈ। ਰਾਜਾ ਸਿੰਘ ਛੋਟੀ ਕਿਸਾਨੀ ’ਚੋਂ ਹੈ ਅਤੇ ਸਿਰਫ ਦੋ ਏਕੜ ਜ਼ਮੀਨ ਦਾ ਮਾਲਕ ਹੈ। ਉਹ ਘਰੇਲੂ ਸਮੱਸਿਆ ਕਰਕੇ ‘ਕਿਸਾਨ ਮੋਰਚਾ’ ਨੂੰ ਆਪਣਾ ਪੂਰਾ ਸਮਾਂ ਨਹੀਂ ਦੇ ਸਕਿਆ। ਅਖੀਰ ਉਸ ਨੇ ਆਪਣਾ ਟਰੈਕਟਰ ਪੱਕੇ ਤੌਰ ’ਤੇ ਟਿੱਕਰੀ ਹੱਦ ’ਤੇ ਖੜ੍ਹਾ ਕਰ ਦਿੱਤਾ ਹੈ। ਉਹ ਆਖਦਾ ਹੈ ਕਿ ਜਦੋਂ ਤੱਕ ਜੰਗ ਜਾਰੀ ਰਹੇਗੀ, ਟਰੈਕਟਰ ਵਾਪਸ ਨਹੀਂ ਆਵੇਗਾ। ਸਿੰਘੂ ਤੇ ਟਿੱਕਰੀ ਹੱਦ ’ਤੇ ਹਜ਼ਾਰਾਂ ਟਰੈਕਟਰ ਖੜ੍ਹੇ ਹਨ। ਸੈਂਕੜੇ ਮਾਲਕ ਕਿਸੇ ਨਾ ਕਿਸੇ ਮਜਬੂਰੀ ਕਾਰਨ ‘ਕਿਸਾਨ ਮੋਰਚੇ’ ’ਚੋਂ ਤਾਂ ਗੈਰਹਾਜ਼ਰ ਹਨ ਪਰ ਉਨ੍ਹਾਂ ਦੀ ਹਾਜ਼ਰੀ ਟਰੈਕਟਰ ਭਰ ਰਹੇ ਹਨ। ਬਰਨਾਲਾ ਦੇ ਪਿੰਡ ਨੈਣੇਵਾਲ ਦੇ ਕਿਸਾਨ ਜਿੰਦਰ ਸਿੰਘ ਕੋਲ ਦੋ ਟਰੱਕ ਹਨ। ਉਸ ਨੇ ਆਪਣਾ ਪਹਿਲਾਂ ਪੁਰਾਣਾ ਟਰੱਕ ਅਤੇ ਹੁਣ ਨਵਾਂ ਟਰੱਕ ‘ਕਿਸਾਨ ਮੋਰਚੇ’ ’ਚ ਖੜ੍ਹਾ ਕੀਤਾ ਹੋਇਆ ਹੈ। ਸੰਘਰਸ਼ੀ ਕਿਸਾਨਾਂ ਨੇ ਇਸ ਟਰੱਕ ’ਚ ਬਿਸਤਰੇ ਲਾਏ ਹੋਏ ਹਨ।

             ਫਤਿਹਗੜ੍ਹ ਛੰਨਾਂ ਦਾ ਕਿਸਾਨ ਟਰਾਲਾ ਭਰ ਕੇ ਦਿੱਲੀ ਮੋਰਚੇ ’ਚ ਲੱਕੜਾਂ ਛੱਡ ਆਇਆ ਹੈ। ਗਿੱਦੜਬਾਹਾ ਨੇੜਲੇ ਡੇਰਾ ਲੰਗ ਦੇ ਪ੍ਰਬੰਧਕਾਂ ਨੇ ‘ਕਿਸਾਨ ਮੋਰਚਾ’ ’ਚ ਪੱਕੇ ਤੌਰ ’ਤੇ ਇੱਕ ਟਰੈਕਟਰ ਤੇ ਟਰਾਲਾ ਖੜ੍ਹਾ ਕਰ ਦਿੱਤਾ ਹੈ। ਪਿੰਡ ਸਰਦਾਰਗੜ੍ਹ ਦੇ ਕਿਸਾਨ ਇਹ ਟਰੈਕਟਰ ਟਰਾਲਾ ਲੈ ਕੇ ਗਏ ਹਨ। ਕਿਸਾਨ ਆਗੂ ਰਾਮ ਸਿੰਘ ਨਿਰਮਾਣ ਆਖਦਾ ਹੈ ਕਿ ਹਰ ਕੋਈ ਕਿਸਾਨ ਮੋਰਚੇ ’ਚ ਸੀਰ ਪਾਉਣਾ ਹੁਣ ਇਖਲਾਕੀ ਫਰਜ਼ ਸਮਝਦਾ ਹੈ। ਪਿੰਡ ਭੱਠਲਾਂ ਦਾ ਕਿਸਾਨ ਪਰਮਿੰਦਰ ਸਿੰਘ ਖੁਦ ਨਹੀਂ ਜਾ ਸਕਿਆ ਪਰ ਉਸ ਨੇ ਆਪਣੇ ਭਤੀਜੇ ਜੋਬਨਪ੍ਰੀਤ ਨੂੰ ਦਿੱਲੀ ਭੇਜਿਆ ਹੈ। ਬਠਿੰਡਾ ਦੇ ਪਿੰਡ ਘੁੰਮਣ ਕਲਾਂ ਦਾ  ਕੁਲਦੀਪ ਸਿੰਘ ਘਰ ’ਚ ਇਕੱਲਾ ਹੈ। ਲੜਕੀ ਵਿਆਹੀ ਹੋਈ ਹੈ ਅਤੇ ਪਤਨੀ ਬਿਮਾਰ ਰਹਿੰਦੀ ਹੈ। ਉਹ ਦਿੱਲੀ ਮੋਰਚੇ ’ਚ ਨਹੀਂ ਜਾ ਸਕਿਆ।

            ਕੁਲਦੀਪ ਸਿੰਘ ਨੇ ਦਿੱਲੀ ਮੋਰਚੇ ਲਈ ਪੰਜ ਹਜ਼ਾਰ ਰੁਪਏ ਭੇਜੇ ਹਨ। ਇਵੇਂ ਪਿੰਡ ਰਾਏਸਰ ਦੇ ਲੋਕਾਂ ਨੇ ਦੋ ਟਰਾਲੀਆਂ ਲੱਕੜਾਂ ਭੇਜੀਆਂ ਹਨ। ਹੁਸ਼ਿਆਰਪੁਰ ਦੇ ਕਿਸਾਨ ਜਰਨੈਲ ਸਿੰਘ ਨੇ ਡੇਢ ਮਹੀਨੇ ਤੋਂ ਆਪਣੀ ਬੱਸ ਪੱਕੇ ਤੌਰ ’ਤੇ ‘ਦਿੱਲੀ ਮੋਰਚਾ’ ’ਚ ਖੜ੍ਹੀ ਕੀਤੀ ਹੋਈ ਸੀ ਜਿਸ ਵਿਚ ਕਿਸਾਨ ਰਾਤ ਨੂੰ ਸੌਂਦੇ ਸਨ। ਤਰਨ ਤਾਰਨ ਜ਼ਲ੍ਹਿੇ ’ਚੋਂ ਕਈ ਸਕੂਲ ਵੈਨਾਂ ਵੀ ਮੋਰਚੇ ਵਿਚ ਹਨ ਜਨ੍ਹਿਾਂ ਦੇ ਮਾਲਕ ਵੀ ਕੋਲ ਨਹੀਂ ਹਨ। ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦੇ ਕਿਸਾਨ ਨਿਰਮਲ ਸਿੰਘ ਨੇ ਪੱਕੇ ਤੌਰ ’ਤੇ ਟਰੈਕਟਰ ਟਰਾਲੀ ‘ਦਿੱਲੀ ਮੋਰਚਾ’ ’ਚ ਛੱਡ ਦਿੱਤਾ ਹੈ। ਇਸੇ ਤਰ੍ਹਾਂ ਖੜ੍ਹਕ ਸਿੰਘ ਵਾਲਾ ਦੇ ਕਿਸਾਨ ਦਰਸ਼ਨ ਸਿੰਘ ਨੇ ਆਪਣੇ ਟਰਕੈਟਰ ਟਰਾਲੀ ਨੂੰ ਕਿਸਾਨ ਮੋਰਚੇ ਦੇ ਲੇਖੇ ਲਾਇਆ ਹੈ।

            ਸੰਗਰੂਰ ਜ਼ਲ੍ਹਿੇ ਦੇ ਪਿੰਡ ਗੰਡੂਆਂ ਦੇ ਗੁਰਲਾਲ ਸਿੰਘ ਨੇ ੨੭ ਨਵੰਬਰ ਤੋਂ ਆਪਣਾ ਟਰੈਕਟਰ ਟਰਾਲੀ ਦਿੱਲੀ ਮੋਰਚਾ ਨੂੰ ਦਿੱਤਾ ਹੋਇਆ ਹੈ। ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਪਿੰਡਾਂ ਦੇ ਲੋਕ ‘ਕਿਸਾਨ ਮੋਰਚਾ’ ’ਚ ਯੋਗਦਾਨ ਪਾ ਕੇ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਹਨ। ਗੋਨਿਆਣਾ ਨੇੜਲੇ ਪਿੰਡ ਮਹਿਮਾ ਸਰਕਾਰੀ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਬਰਾੜ ਨੇ ਪੱਕੇ ਤੌਰ ’ਤੇ ਹਰ ਹਫਤੇ ਪਿੰਡ ’ਚੋਂ ਇੱਕ ਗੱਡੀ ਆਪਣੇ ਖਰਚੇ ’ਤੇ ਦਿੱਲੀ ਭੇਜਣ ਦਾ ਫੈਸਲਾ ਕੀਤਾ ਹੈ। ਉਹ ਅੱਜ ਖੁਦ ਅਗਵਾਈ ਕਰਕੇ ਪਿੰਡ ਦੇ ਕਿਸਾਨਾਂ ਦੇ ਜਥੇ ਨਾਲ ਦਿੱਲੀ ਗਿਆ ਹੈ। ਇਸੇ ਤਰ੍ਹਾਂ ਪਿੰਡ ਸੇਲਬਰਾਹ ਦੇ ਕਿਸਾਨ ਮਨਜੀਤ ਸਿੰਘ ਬਿੱਟੀ (ਰਾਮਪੁਰਾ) ਨੇ ਦਿੱਲੀ ਮੋਰਚਾ ਲਈ ਗੱਡੀਆਂ ਲਈ ਆਪਣੇ ਪੰਪ ਤੋਂ ਮੁਫਤ ਤੇਲ ਪਾਉਣਾ ਸ਼ੁਰੂ ਕੀਤਾ ਹੈ।

                               ਹਰ ਚੀਜ਼ ‘ਕਿਸਾਨ ਮੋਰਚੇ’ ਨੂੰ ਸਮਰਪਿਤ : ਬੁਰਜਗਿੱਲ

ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਜਨ੍ਹਿਾਂ ਕਿਸਾਨਾਂ ਦੇ ਟਰੈਕਟਰ ਦਿੱਲੀ ਮੋਰਚੇ ਵਿਚ ਹਨ, ਉਨ੍ਹਾਂ ਦੇ ਖੇਤਾਂ ਵਿਚ ਕੰਮ ਧੰਦੇ ਲਈ ਪਿੰਡਾਂ ਦੇ ਦੂਸਰੇ ਕਿਸਾਨ ਮਦਦ ਕਰ ਰਹੇ ਹਨ। ਦੇਖਿਆ ਜਾਵੇ ਤਾਂ ਕਿਸਾਨ ਨੂੰ ਆਪਣਾ ਟਰੈਕਟਰ ਜਾਨ ਤੋਂ ਪਿਆਰਾ ਹੁੰਦਾ ਹੈ ਪਰ ਹੁਣ ਜਦੋਂ ਖੇਤ ਦਾਅ ’ਤੇ ਲੱਗੇ ਹਨ ਤਾਂ ਕਿਸਾਨਾਂ ਨੇ ਆਪਣੀ ਹਰ ਚੀਜ਼ ‘ਕਿਸਾਨ ਮੋਰਚਾ’ ਨੂੰ ਸਮਰਪਿਤ ਕਰ ਦਿੱਤੀ ਹੈ। 

Monday, February 8, 2021

                                                           ਵਿਚਲੀ ਗੱਲ
                                                ਅਸਾਂ ਤਾਂ ਪਹਾੜ ਚੀਰਨੇ..!
                                                          ਚਰਨਜੀਤ ਭੁੱਲਰ        

ਚੰਡੀਗੜ੍ਹ :ਕਾਸ਼! ਕੋਈ ਅਰਬੀ ਘੋੜਾ ਹੁੰਦਾ। ਰਣੌਤਪੁਰ ਦੀ ਕੰਗਨਾ, ਕਾਠੀ ਪਾ ਸਿੱਧੀ ਸਵੀਡਨ ਜਾਂਦੀ। ਬੂਹੇ ’ਤੇ ਗਰੇਟਾ ਥਨਬਰਗ ਮਿਲਦੀ। ਮੁਖਾਰਬਿੰਦ ’ਚੋਂ ਇੰਝ ਬੋਲਦੀ... ‘ਛੋਕਰੀਏ! ਤੇਰੀ ਏਹ ਮਜਾਲ।’ ਤੂੰ ਹੁੰਨੀ ਕੌਣ ਐਂ ‘ਕਿਸਾਨੀ-ਵਾਕ’ ਲੈਣ ਵਾਲੀ। ਗਰੇਟਾ ਪਹਿਲੋਂ ਥਰ-ਥਰ ਕੰਬੀ, ਫੇਰ ਕੰਗਨਾ ਨੂੰ ਪੈ ਨਿਕਲੀ, ‘ਕੋਈ ਧਮਕੀ ਨਹੀਂ ਝੁਕਾ ਸਕੇਗੀ।’ਕੌਣ ਐ ਗਰੇਟਾ ਥਨਬਰਗ? ਬੇਸਮਝੋ! ਏਹ ਬੱਚੀ ਹੁਣ ‘ਕਿਸਾਨੀ ਦਰ’ ਦੀ ਕੂਕਰ ਐ। ਪਹਿਲਾਂ ਖੂਬ ਲੜੀ ਮਰਦਾਨੀ, ਪੌਣ-ਪਾਣੀ ’ਤੇ ਜ਼ਮੀਨ ਲਈ। ਕੌਮਾਂਤਰੀ ਮੰਚ ’ਤੇ ਸਭ ਸਜੇ ਸਨ। ਟਰੰਪ ਵੱਲ ਟੇਢਾ ਝਾਕ, ਗਰੇਟਾ ਚੀਕ ਉੱਠੀ, ‘ਥੋਡੀ ਏਹ ਮਜਾਲ! ਤੁਸੀਂ ਸੁਪਨੇ ਖੋਹੇ, ਬਚਪਨ ਖੋਹੇ, ਵਿਨਾਸ਼ ਦਿੱਤਾ, ਵਿਕਾਸੀ ਕਿੱਸੇ ਸੁਣਾਏ, ਅਸੀਂ ਲਕੀਰ ਖਿੱਚ ਰਹੇ ਹਾਂ, ਦੁਨੀਆ ਜਾਗੀ ਹੈ।’ ਗਰੇਟਾ ਦੀ ਧੰਨ-ਧੰਨ ਹੋ ਗਈ। ਚਿੜੀਆਂ ਖੰਭ ਖਿਲਾਰੇ। ਗਰੇਟਾ ਦੀਏ ਬੱਚੀਏ! ਕਿਤੇ ਭਾਰਤ ਹੁੰਦੀ, ਸਭ ਖੰਭ ਝੜ ਜਾਂਦੇ। ਜੇਲ੍ਹ ’ਚ ਸੁਧਾ ਭਾਰਦਵਾਜ ਦੇ ਗਲ ਲੱਗ ਰੋਂਦੀ। ਅਮਰੀਕੀ ਪੌਪ ਗਾਇਕਾ ਰਿਹਾਨਾ, ਕਿਸਾਨਾਂ ਲਈ ਹੰਝੂ ਵਹਾ ਬੈਠੀ। ਅੱਥਰਾ ਘੋੜਾ, ਰਿਹਾਨਾ ਦੇ ਬੂਹੇ ਜਾ ਖੜ੍ਹਾ ਹੋਇਆ। ਘੋੜੇ ਨੇ ਅਗਲਾ ਪੜਾਅ ਮੀਨਾ ਹੈਰਿਸ ਦੀ ਦੇਹਲੀ ਕੀਤਾ। ਅੱਗਿਓਂ ਮੀਨਾ ਤਪੀ ਬੈਠੀ ਸੀ, ‘ਨਾ ਡਰਾਂਗੀ, ਨਾ ਹਰਾਂਗੀ, ਕਿਸਾਨਾਂ ਸੰਗ ਖੜ੍ਹਾਂਗੀ।’ ਉੱਚੇ ਪਹਾੜ, ਉੱਚੀਆਂ ਪੌਣਾਂ। ਦੇਖ ਕੇ ਪਹਾੜਨ ਬੀਬੀ ਕੱਚੀ ਜੇਹੀ ਹੋਗੀ।

             ਸਾਡੀਆਂ ਗੱਲ਼੍ਹਾਂ ’ਤੇ ਅਮਰੀਕੀ ਹੰਝੂ ਡਿੱਗਣ। ਝੱਲ ਨਹੀਂਓ ਹੁੰਦਾ ਹੇਮਾ ਮਾਲਿਨੀ ਤੋਂ। ਕਿੰਨੇ ਖਿਡਾਰੀ, ਨਾਲੇ ਅਦਾਕਾਰ, ਸਭ ਦਾ ਇੱਕੋ ਸੁਰ, ‘ਕੌਮਾਂਤਰੀ ਕੂਕਰੋ! ਆਪਣੀ ਸੀਮਾ ’ਚ ਰਹੋ।’ ਜਿਹੜੇ ਕੌਮਾਂਤਰੀ ਦਿਲਾਂ ’ਚੋਂ ਕਿਸਾਨੀ ਹੂਕ ਪਈ, ਉਨ੍ਹਾਂ ਵੱਲ ਝਾਕ ‘ਦਿੱਲੀ ਮੋਰਚਾ’ ਗੂੰਜਿਆ...‘ਗੁਰਮੁਖੋ! ਕੋਟਿ-ਕੋਟਿ ਧੰਨਵਾਦ। ਹਕੂਮਤੀ ਗੜਵਈ ਚਾਂਭਲੇੇ ਫਿਰਦੇ ਨੇ। ‘ਬੱਕਰਾ ਰੋਵੇ ਜਾਨ ਨੂੰ, ਕਸਾਈ ਮਾਸ ਨੂੰ।’ ਮੁੱਕੇਬਾਜ਼ ਮੁਹੰਮਦ ਅਲੀ ਨੂੰ ਕੌਣ ਭੁੱਲਿਐ। ਵੀਅਤਨਾਮ ਯੁੱਧ ’ਚ ਅਮਰੀਕੀ ਪਿਆਦਾ ਬਣਨੋ ਨਾਂਹ ਕੀਤੀ, ਅਖ਼ੇ ‘ਲੋਕ ਮਾਰੂ ਜੰਗ ਪ੍ਰਵਾਨ ਨਹੀਂ।’ ਗੁਸੈਲ ਸਰਕਾਰ ਨੇ ਪੁਰਸਕਾਰ ਖੋਹ ਲਏ। ਸਿਤਾਰ ਵਾਦਕ ਰਵੀ ਸ਼ੰਕਰ ਪ੍ਰਸ਼ਾਦ, ਕਿੰਨੇ ਪ੍ਰੋਗਰਾਮ ਕੀਤੇ, ਪਾਕਿ ਸੈਨਾ ਤੋਂ ਪੀੜਤਾਂ ਦੀ ਮਦਦ ਲਈ। ਰਿਹਾਨਾ ਦੇ ਹੰਝੂ ਫ਼ਲਸਤੀਨ ’ਚ ਵੀ ਡਿੱਗੇ ਸਨ। ਦੇਸ਼ ਭਗਤੀ ਨੂੰ ਭੋਰਾ ਕਾਣ ਨਹੀਂ ਪਿਆ। ਬਾਕੀ ਚੀ-ਗਵੇਰਾ ਤੋਂ ਸੁਣੋ,‘ਜੇ ਅਨਿਆਂ ਦੇਖ ਤੁਹਾਡੇ ਅੰਦਰੋਂ ਰੋਹ ਵਾਲਾ ਕਾਂਬਾ ਛਿੜਦੈ ਤਾਂ ਸਮਝੋ ਤੁਸੀਂ ਮੇਰੇ ਸਕੇ ਹੋ।’ ਇਹੋ ਕੰਬਣੀ ਕਿਸਾਨਾਂ ਨੂੰ ਛਿੜੀ ਐ। ਸੰਸਦ ’ਚ ਤੋਮਰ ਬਾਬੂ ਹੱਸੇ। ‘ਗੜਬੜ ਦਾਸੋ! ਦੱਸੋ ਕਾਨੂੰਨਾਂ ’ਚ ਕੀ ਕਾਲੈ’। ਦਸੌਂਧਾ ਸਿਓਂ ਭੜਕਿਐ, ‘ਪੂਰੀ ਦਾਲ ਹੀ ਕਾਲੀ ਹੈ।’ ਆਰਐੱਸਐੱਸ ਨੇਤਾ ਰਘੂਨੰਦਨ ਸ਼ਰਮਾ ਆਖਣ ਲੱਗੇ, ‘ਦਸੌਂਧਾ ਮੱਲਾ! ਨਾ ਕਰ ਗੁੱਸਾ, ਤੋਮਰ ਨੂੰ ਸੱਤਾ ਦਾ ਨਸ਼ਾ ਚੜ੍ਹਿਐ।’ ਇੱਧਰ, ਕਿਤੇ ਮਹਾਂ-ਪੰਚਾਇਤ, ਕਿਤੇ ਖਾਪ ਪੰਚਾਇਤ, ਸਭ ਭਾਈ-ਭਾਈ ਬਣਗੇ। ‘ਬੁਰਾ ਮਤ ਬੋਲੋ, ਬੁਰਾ ਮਤ ਸੁਣੋ ਤੇ ਬੁਰਾ ਮਤ ਦੇਖੋ’, ਇਹ ਮੰਤਰ ਕਿਸਾਨਾਂ ਨੇ ਡੌਲ਼ੇ ਨਾਲ ਬੰਨ੍ਹਿਐ। ਹਾਕਮਾਂ ਦੇ ਤਿੰਨੋਂ ਬਾਂਦਰ ਗੁਆਚ ਗਏ, ਫਿਰਕੂ ਭਬੂਤੀ ਕੋਲ ਐ।

             ਕੰਗਨਾ ਦਾ ਕੋਈ ਕਸੂਰ ਨਹੀਂ। ਮਾਪੇ ਵੇਲੇ ਸਿਰ ਕੰਨ ਪੁੱਟਦੇੇ, ਸਭ ਨੂੰ ਕਿਸਾਨਾਂ ’ਚੋਂ ਰੱਬ ਦਿਖਦਾ। ਪਹਿਲਾਂ ਬੇਬੇ ਮਹਿੰਦਰ ਕੁਰ ਨੂੰ, ਹੁਣ ਤਾਪਸੀ ਪੰਨੂ ਨੂੰ, ਕੰਗਨਾ ਵਹੁ ਵਰਗੀ ਲੱਗਦੀ ਐ। ਮੁਨਸ਼ੀ ਪ੍ਰੇਮ ਚੰਦ ਇੰਝ ਫ਼ਰਮਾ ਗਏ, ‘ਅਪਮਾਨ ਦਾ ਡਰ ਕਾਨੂੰਨ ਦੇ ਡਰ ਨਾਲੋਂ ਵਧੇਰੇ ਅਸਰ ਰੱਖਦਾ ਹੈ।’ ਭੋਲੇ ਬਾਦਸ਼ਾਹੋ! ਏਹ ਮਾਤ ਲੋਕ ਐ ਪਿਆਰੇ, ਜਿਥੇ ਡਰ ਦਾ ਪਹਿਰੈ, ਕਿੱਲਾਂ ਦੀ ਫ਼ਸਲ ਨਿੱਸਰੀ ਐ। ਕਣਕਾਂ ਨੂੰ ਤੌਣੀ ਚੜ੍ਹੀ ਐ। ਅੰਦੋਲਨ ’ਚ 204 ਕਿਸਾਨ ਫੌਤ ਹੋ ਗਏ। ਸੱਤਾ ਦੀ ਅੱਖ ਸੁੱਕੀ ਦੀ ਸੁੱਕੀ। ਖੇਤੀ ਕਾਨੂੰਨਾਂ ਦੇ ਕੰਡੇ ਨਾ ਬੀਜਦੇ, ਜ਼ਿੰਦਗੀ ਦੇ ਕੰਡੇ ਝੱਲ ਜਾਂਦੇ। ਜੰਮਦੀਆਂ ਸੂਲ਼ਾਂ ਦੇ ਮੂੰਹ ਕਿੰਨੇ ਕੁ ਤਿੱਖੇ ਨੇ, ਘੋਲ ’ਚ ਬੈਠੇ ਬੱਚੇ ਵੇਖ ਲਓ। ਕਦੇ ਭਗਤ ਸਿੰਘ ਨੇ ਬੰਦੂਕਾਂ ਬੀਜੀਆਂ ਸਨ। ਅਗਲਿਆਂ ਨੇ ਦਿੱਲੀ ’ਚ ਵਾਹਗਾ ਬਣਾਤਾ। ਕਿਸਾਨੀ ਅੱਖਾਂ ਦੀ ਚੋਭ ਨੇ ਏਹ ਸੂਲ਼ਾਂ।ਕਵੀ ਜੈਮਲ ਪੱਡਾ ਦੇ ਬੋਲ ਨੇ, ‘ਸਿਦਕ ਸਾਡੇ ਨੇ ਕਦੇ ਮਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ/ ਪੈਰ ਸੂਲ਼ਾਂ ਤੇ ਵੀ ਨਚਦੇ ਰਹਿਣਗੇ, ਬੁੱਤ ਬਣ ਕੇ ਪੀੜ ਨੂੰ ਜਰਨਾ ਨਹੀਂ।’ ਆਓ ਹੁਣ ਪਰਲੋਕ ਦਾ ਗੇੜਾ ਮਾਰੀਏ। ਔਹ ਦੇਖੋ, ਕੋਲੰਬਸ ਤਪਿਆ ਬੈਠੈ, ਗਲੈਲੀਓ ਨੂੰ ਕੋਲ ਸੱਦਿਐ। ਧਰਮਰਾਜ ਕੋਲ ਵਿਹਲ ਕਿਥੇ। ਗਲੈਲੀਓ ਤੋਂ ਦੂਰਬੀਨ ਫੜੀ, ਕੋਲੰਬਸ ਮਾਤਲੋਕ ਤੱਕਣ ਲੱਗਿਐ। ਗਲੈਲੀਓ ਨਾਥ ਨੇ ਲੰਮਾ ਸਾਹ ਲਿਆ, ਸ਼ੁਕਰ ਐ ਬਈ ਉਦੋਂ ਭਾਰਤ ਖੋਜਣ ਤੋਂ ਖੁੰਝਿਆ। ਨਾਲੇ ਬੈਰੀਕੇਡਾਂ ਦਾ ਭਵ ਸਾਗਰ ਹੁਣ ਕਿਵੇਂ ਪਾਰ ਕਰਦਾ।

               ਦੂਰਬੀਨ ’ਤੇ ਅੱਖ ਹੁਣ ਖੋਜੀ ਮਲਾਹ ਵਾਸਕੋ ਡਿ ਗਾਮਾ ਨੇ ਟਿਕਾਈ ਐ। ਇਕਦਮ ਬੋਲਿਆ, ‘ਅਸਾਂ ਵਪਾਰ ਲਈ ਸਮੁੰਦਰੀ ਰਸਤਾ ਖੋਜਿਆ, ਭਲੇ ਨਫਰਤੀ ਥੋਕ ਸਜਾਈ ਬੈਠੇ ਨੇ।’ ਗਲੈਲੀਓ ਹਾਸਾ ਨਾ ਰੋਕ ਸਕਿਆ। ਹੁਣ ਵਾਰੀ ਧੰਨੇ ਭਗਤ ਦੀ ਆਈ, ਦੂਰਬੀਨ ਨਾਲ ਸਿਸਤ ਲਾਈ, ਅੱਗਿਓਂ ਸੰਘਰਸ਼ੀ ਰਾਹਾਂ ’ਚ ਵੱਡੇ ਪੱਥਰ ਦਿਖੇ, ਅੱਖਾਂ ਭਰ ਆਇਆ। ਪਰਲੋਕ ’ਚ ਮਾਹੌਲ ਭਾਵੁਕ ਹੋ ਗਿਆ। ਉਸਤਾਦ ਦਾਮਨ ਨੇ ਮੌਕਾ ਸੰਭਾਲਿਆ,‘ਆਖਰ ਆਣ ਕੇ ਗਲੇ ਦਾ ਹਾਰ ਹੋਈਆਂ, ਲੀਰਾਂ ਜਦੋਂ ਹੋਈਆਂ ਮੇਰੀ ਪੱਗ ਦੀਆਂ ਨੇ/ਦਾਮਨ ਫੁੱਲਾਂ ਦੇ ਸੂਲ਼ਾਂ ਨੇ ਚਾਕ ਕੀਤੇ, ਵਾਵਰੋਲੀਆਂ ਨੇਰ੍ਹੀਆਂ ਵਗਦੀਆਂ ਨੇ।’ ਨੈਪੋਲੀਅਨ ਨੇ ਪਿੱਠ ਥਾਪੜੀ, ‘ਅਸੰਭਵ’ ਸ਼ਬਦ ਸਿਰਫ਼ ਮੂਰਖਾਂ ਦੀ ਡਿਕਸ਼ਨਰੀ ’ਚ ਹੁੰਦੈ, ਕਿਸਾਨ ਮਹਾਨ ਕੋਸ਼ ਬਣੇ ਨੇ। ਕਿਧਰੋਂ ਪ੍ਰਹਿਲਾਦ ਭਗਤ ਆ ਬਹੁੜਿਆ। ਦੂਰਬੀਨ ਫੜ ਕੇ ਵੇਖਣ ਲੱਗਾ ਤਾਂ ‘ਕਿਸਾਨ ਮੋਰਚਾ’ ਚੋਂ ਨਰ ਸਿੰਘ ਅਵਤਾਰ ਦਿੱਖਿਆ। ਰਾਜ ਗੱਦੀ ਚੋਂ ਹਰਨਾਖ਼ਸ਼ ਦਾ ਝਓਲਾ ਪਿਆ। ਥਮ੍ਹਲਾ ਨੁਮਾ ਪੱਥਰ ਦਿਖੇ ਤਾਂ ਉਹਨੂੰ ਆਪਣੇ ਦਿਨ ਚੇਤੇ ਆ ਗਏ। ਪਰਲੋਕ ’ਚ ਮਜਮਾ ਜੰਮਿਐ। ਦੂਰਬੀਨ ’ਚ ਮਾਤ ਲੋਕ ਵੇਖ ਫਰਹਾਦ ਦਲੇਰੀ ਫੜ ਗਿਆ, ‘ਧਰਮਰਾਜ ਤੋਂ ਮੁਕਤੀ ਦਿਵਾਓ, ਅਸਾਂ ਪਹਾੜ ਚੀਰੇ ਨੇ, ਕੰਕਰੀਟੀ ਕੰਧਾਂ ਕਿਹੜੀ ਬਲਾ ਨੇ।’ ਚਰਨ ਸਿੰਘ ‘ਸ਼ਹੀਦ’ ਨੇ ਪੀਲੂ ਤੇ ਦਮੋਦਰ ਨੂੰ ਦੂਰੋਂ ਦੇਖ ਕੇ ਟਿੱਚਰ ਕੀਤੀ। ‘ਇਨ੍ਹਾਂ ਮਸਤਾਂ ਨੂੰ ਭੇਜੋ, ਤਾਂ ਮੰਨੀਏ ਜੇ ਸੂਲ਼ਾਂ ’ਤੇ ਬੈਠ ‘ਮਿਰਜ਼ਾ ਸਾਹਿਬਾਂ’ ਤੇ ‘ਹੀਰ’ ਨੂੰ ਮੁੜ ਰਚਣ।’ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਵਿੱਚੇ ਆਪਣੀ ਹੀਰ ਛੇੜ ਬੈਠੇ ਨੇ।

            ਸੋਵੀਅਤ ਸੰਘ ਦਾ ਉਦੋਂ ਪੂਰਬੀ ਜਰਮਨੀ ’ਤੇ ਹੱਥ ਸੀ। 1987 ਵਿਚ ਰੋਨਾਲਡ ਰੀਗਨ ਨੇ ਮਸ਼ਵਰਾ ਦਿੱਤਾ, ‘ਮਿਸਟਰ ਗੋਰਬਾਚੇਵ, ਏਸ ਕੰਧ ਨੂੰ ਢਾਹ ਦਿਓ।’ ਰੀਗਨ ਦਾਸ ਜੀ! ਸਾਡੇ ਆਲ਼ੇ ਨੂੰ ਵੀ ਸਮਝਾਓ। ਯਮਦੂਤ ਰੌਲਾ ਰੱਪਾ ਸੁਣ ਗਰਜ਼ੇ। ‘ਖਾਮੋਸ਼! ਏਹ ਮਾਤ ਲੋਕ ਨਹੀਂ।’ ਸੱਚਮੁਚ ‘ਕਿਸਾਨ ਮੋਰਚਾ’ ’ਚ ਫੌਤ ਹੋਏ ਕਿਸਾਨਾਂ ਦੇ ਹਿੱਸੇ ਪਰਲੋਕ ’ਚ ਵੀ ਜ਼ੁਬਾਨਬੰਦੀ ਹੀ ਆਈ। ਧਰਮਰਾਜ ਨੂੰ ਪੁੱਛਣ ਲੱਗੇ, ਸਾਡਾ ਕਸੂਰ! ‘ਉਭਰੀ ਮੇਖ ’ਤੇ ਹੀ ਹਥੌੜੀ ਵੱਜਦੀ ਹੈ।’ ਕਿਸੇ ਗੱਲੋਂ ਹੀ ਛੱਜੂ ਰਾਮ ਹਥੌੜਾ ਚੁੱਕੀ ਫਿਰਦੈ।ਖੇਤੀ ਕਾਨੂੰਨ ਕਦੋਂ ਵਾਪਸ ਹੋਣਗੇ, ਏਹ ਕਿੱਲਾਂ ਵਾਲੀ ਸਰਕਾਰ ਦੀ ਮਰਜ਼ੀ। ਵੈਸੇ ‘ਚਿੜਚਿੜੇ ਬੰਦੇ ਨੂੰ ਦੁਕਾਨ ਨਹੀਂ ਖੋਲ੍ਹਣੀ ਚਾਹੀਦੀ।’ ਗੁਮਾਸ਼ਤੇ ਕੰਧ ’ਤੇ ਫਿਰਕੂ ਪਲੱਸਤਰ ਕਰਨ ’ਚ ਜੁਟੇ ਨੇ। ਟਿਕੈਤ ਗਾਜ਼ੀਪੁਰ ਸੀਮਾ ’ਤੇ ਖੜ੍ਹੈ, ਅੰਦੋਲਨ ਦੀ ਨੀਂਹ ਡੂੰਘੀ ਕਰਾ ਰਿਹੈ। ਡਾ. ਦਰਸ਼ਨ ਪਾਲ ਸਮਝਾ ਰਿਹੈ, ਹੌਲੀ ਬੋਲੋ! ਏਥੇ ਕੰਧਾਂ ਹੀ ਕੰਨ ਨੇ। ਤਖ਼ਤਪੁਰਾ ਦੇ ਕੰਨ ਹੱਸੇ ਨੇ। ਗਲੈਲੀਓ ਨੇ ਦੂਰਬੀਨ ਮੁੜ ਝੋਲੇ ’ਚ ਪਾ ਲਈ। ਕੰਗਨਾ ਦਾ ਘੋੜਾ ਹੰਭਿਐ। ਕਿੱਲਾਂ ਦਾ ਵਿਛੌਣੇ ਦੇਖ, ‘ਕਿਸਾਨ ਘੋਲ’ ਦੇ ਫੁੱਫੜ ਮੁਸਕਰਾਏ।ਚੱਕਾ ਜਾਮ ਸਫ਼ਲ ਹੋਇਐ, ਹੁਣ ਸਾਹਿਰ ਲੁਧਿਆਣਵੀ ਨੂੰ ਸੁਣਦੇ ਹਾਂ, ‘ਆਪਾਂ ਤਾਂ ਅਮਨ ਚਾਹੁੰਦੇ ਹਾਂ, ਪਰ ਜੰਗ ਦੇ ਖ਼ਿਲਾਫ਼, ਜੇ ਜੰਗ ਲਾਜ਼ਮੀ ਏ ਤਾਂ ਫਿਰ ਜੰਗ ਹੀ ਸਹੀ।’ 

Monday, February 1, 2021

                                                           ਵਿਚਲੀ ਗੱਲ
                                                    ਖੇਤਾਂ ਦਾ ਏਹ ਬੰਦਾ..!
                                                          ਚਰਨਜੀਤ ਭੁੱਲਰ      

ਚੰਡੀਗੜ੍ਹ : ਟਿਕ ਜਾਏ ਤਾਂ ਟਿਕੈਤ, ਬੈਠ ਜਾਏ ਤਾਂ ‘ਪੰਚੈਤ’। ਜੋ ਸਿਦਕੋਂ ਥਿੜਕ ਜਾਏ, ਉਹ ‘ਨਲੈਕ’ ਅਖਵਾਉਂਦੈ। ਇਸ ਭਲੇਮਾਣਸ ਨੂੰ ਕੀ ਆਖੀਏ? ਪਹਿਲਾਂ ਸ਼ੇਅਰ ਸੁਣੋ! ‘ਇਸ ਘਰ ਕੋ ਆਗ ਲਗ ਗਈ, ਘਰ ਕੇ ਚਿਰਾਗ ਸੇ।’ ਕਿੱਧਰੋਂ ਆਵਾਜ਼ ਗੂੰਜੀ, ਇਸ ਨੂੰ ਦਿੱਲੀ-ਮਾਰਕਾ ਦੀਵਾ ਆਖੋ। ਪਹਿਲਾ ਦੀਵਾ ਦੇਖਿਆ, ਜਿਹੜਾ ‘ਕਿਸਾਨਪੁਰੀ’ ’ਚ ਹੀ ਹਨੇਰ ਵਰਤਾ ਚੱਲਿਆ ਸੀ। ਸ਼ੁਕਰੀਆ! ਟਿਕੈਤ ਭਾਈ, ਜਿਨ੍ਹਾਂ ਹੰਝੂਆਂ ਦੀ ਲੱਪ ਪਾਈ, ਅੰਦੋਲਨੀ ਮਸ਼ਾਲ ਮੁੜ ਜਲੌਅ ’ਚ ਆਈ।‘ਡਿੱਗਣਾ ਹਾਰ ਨਹੀਂ, ਉੱਠਣੋ ਇਨਕਾਰੀ ਹੋਣਾ ਹਾਰ ਹੁੰਦਾ ਹੈ।’ ਜ਼ਮੀਰਾਂ ਦੇ ਮਹਾਂਪੁਰਖ ਮੁੜ ਗੱਜੇ ਨੇ। ਦਾਗਦਾਰ ਛੂ ਮੰਤਰ ਹੋ ਗਏ। ਆਓ ਗਾਜ਼ੀਪੁਰ ਸਰਹੱਦ ਚੱਲੀਏ, ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਅੱਖ ਫਰਕੀ। ਛਪੰਜਾ ਇੰਚੀ ਵਾਲੇ ਗੱਜੇ... ਚੁੱਕੋ ਜੁੱਲੀ ਤਪੜਾ। ਇੱਕ ਇੰਚ ਪਿਛੇ ਨਹੀਂ ਹਟਾਂਗੇ, ਟਿਕੈਤ ਨੇ ਲਲਕਾਰ ਮਾਰੀ। ਉਨ੍ਹਾਂ ਬਿਜਲੀ ਕੱਟ ਦਿੱਤੀ, ਟਿਕੈਤੀ ਆਤਮਾ ਦਾ ਲਾਟੂ ਜਗਿਆ। ਹਾਕਮ ਉਤੋਂ ਦੀ ਪੈ ਨਿਕਲੇ। ਪਰਲੋਕ ’ਚ ਮਹੇਂਦਰ ਟਿਕੈਤ ਹੱਸਿਆ। ‘ਨੀਤ ਸਾਫ, ਕੰਮ ਰਾਸ’। ਰਾਕੇਸ਼ ਟਿਕੈਤ ਬਾਪ ਨੂੰ ਧਿਆ ਕੇ ਬੋਲਿਆ, ‘ਕਿਸਾਨ ਕੋ ਮਰਨੇ ਨਹੀਂ ਦੂੰਗਾ।’

              ਗੱਚ ਭਰ ਆਇਆ, ਅੱਖਾਂ ਦੇ ਹੰਝੂ ਵਹਿ ਤੁਰੇ। ਕਣਕਾਂ ਦੀ ਧਾਹ ਨਿਕਲ ਗਈ। ਉੱਤਰ ਪ੍ਰਦੇਸ਼ ਦੀ ‘ਜਾਟਲੈਂਡ’ ਜਾਗ ਪਈ, ‘ਭਰਾਵਾਂ ਨਾਲ ਬਾਹਵਾਂ।’ ਗਾਜ਼ੀਪੁਰ ’ਚ ਮੁੜ ਜਨ-ਸੈਲਾਬ ਆਇਐ। ਪੰਜਾਬ-ਹਰਿਆਣਾ ’ਚ ਹੇਕ ਲੱਗੀ, ਆਓ ਮੌਕਾ ਸਾਂਭੀਏ। ‘ਅੰਧੇਰ ਗਿਆ, ਚਾਨਣ ਹੋਇਆ’, ਕਿਸਾਨਪੁਰੀ ’ਚ ਜਗਮਗ ਹੈ। ਅਜਮੇਰ ਔਲਖ ਜ਼ਿੰਦਗੀ ਭਰ ਗੁਣਗੁਣਾਏ ‘ਇਹ ਤਾਂ ਦੂਹਰੀਆਂ ਪੁਸ਼ਾਕਾਂ ਪਾਉਂਦੇ, ਤੈਨੂੰ ਫਿੱਡੇ ਛਿੱਤਰ ਨਾ ਥਿਆਉਂਦੇ/ਹੁਣ ਹੋ ਹੁਸ਼ਿਆਰ! ਕਰ ਜੱਟਾ ਮਾਰੋ ਮਾਰ। ਦਸੌਂਧਾ ਸਿਓਂ ਬੋਲਿਐ, ‘ਬਈ! ਅੱਠੋ ਅੱਠ ਮਾਰਨ ਲੱਗੇ ਹਾਂ। ਜੱਟ, ਜਾਟ ਤੇ ਗੁੱਜਰ ਤਿੰਨਾਂ ਦੀ ਰਾਸ਼ੀ ਮਿਲੀ ਐ।‘ਹੰਝੂਆਂ ਦਾ ਬਜਟ’ ਧਰਤ ਹਿਲਾ ਗਿਆ। ਮਹੇਂਦਰ ਟਿਕੈਤ ਨੇ ਪਗਡੰਡੀ ਬਣਾਈ। ਟਿਕੈਤ ਪੁੱਤ ਜੋਟੀ ਪਾ ਤੁਰੇ। ਪਿੰਡ ਸਿਸੌਲੀ ਦਾ ਸਿਰ ਉੱਚਾ ਹੋਇਐ। ਰਾਕੇਸ਼ ਟਿਕੈਤ ਮਸਾਂ ਅੱਠ ਸਾਲਾਂ ਦਾ ਸੀ ਜਦੋਂ ‘ਬਲਿਆਨ ਖਾਪ’ ਦੇ ਮੁਖੀ ਵਜੋਂ ‘ਖਾਪ-ਤਿਲਕ’ ਹੋਇਆ। ਸਾਲ ’ਚ ਚਾਰ ਵਾਰ ਖੂਨਦਾਨ ਕਰਦੈ, ਜੇਲ੍ਹ 42 ਵਾਰ ਕੱਟੀ ਹੈ। ਹਾਕਮ ਭਰਮ ’ਚ ਰਹੇ ਕਿ ਬਿਜਲੀ ਕੱਟਣ ਨਾਲ ਜੋਤ ਬੁਝੇਗੀ।

              ‘ਹਿੰਮਤ ਡਰ ਦੀ ਕੁੱਖ ’ਚੋਂ ਜੰਮਦੀ ਐ’। ਰਣਤੱਤੇ ’ਚ ਸਭ ਕੁੱਦੇ ਨੇ। ਪੁਲੀਸ ਕੇਸ, ਲੁੱਕ ਆਊਟ ਨੋਟਿਸ, ਅੱਥਰੂ ਗੈਸ, ਬੁਛਾੜਾਂ, ‘ਕਿਸਾਨਪੁਰੀ’ ਸਭ ਤੋਂ ਬੇਪ੍ਰਵਾਹ ਹੈ। ਟਿਕੈਤੀ ਹੰਝੂਆਂ ਦਾ ਪ੍ਰਤਾਪ ਐ, ਅੰਦੋਲਨੀ ਖੇਤ ਨਿੱਸਰੇ ਨੇ। ਬਾਕੀ ਮੁਨੱਵਰ ਰਾਣਾ ਤੋਂ ਸੁਣੋ, ‘ਏਕ ਆਂਸੂ ਭੀ ਹਕੂਮਤ ਕੇ ਲੀਏ ਖ਼ਤਰਾ ਹੈ, ਤੁਮ ਨੇ ਦੇਖਾ ਨਹੀਂ ਆਖੋਂ ਕਾ ਸਮੁੰਦਰ ਹੋਨਾ।’ ਸਿੰਘੂ/ਟਿਕਰੀ ’ਤੇ ਹੰਝੂ ਫੌਲਾਦ ਬਣੇ ਨੇ। ਪੰਡਾਲ ਨੂੰ ਸੁਰਜੀਤ ਪਾਤਰ ਚੇਤੇ ਆਇਐ, ‘ਕਿਸੇ ਦਾ ਹਾਥੀ, ਕਿਸੇ ਦਾ ਘੋੜਾ, ਕਿਸੇ ਦਾ ਤੀਰ ਕਮਾਨ/ ਸਾਡੀ ਅੱਖ ’ਚੋਂ ਡਿੱਗਦਾ ਹੰਝੂ, ਸਾਡਾ ਚੋਣ ਨਿਸ਼ਾਨ।’ ਸਿਆਸੀ ਕੋਏ ਐਨ ਸੁੱਕੇ ਪਏ ਨੇ, ਹਾਕਮ ‘ਟੀਅਰ ਡਰੌਪਸ’ ਹੀ ਪਾ ਲੈਣ। ਵੱਡਾ ਨਾਮ ਹੁਣ ਟਿਕੈਤ ਦਾ ਬਣਿਐ, ਜਿਵੇਂ ਟਿਊਨੀਸ਼ੀਆ ਦੇ ‘ਮੁਹੰਮਦ ਬੁਆਜ਼ਿਜ਼ੀ’ ਦਾ ਸੀ। ਬੁਆਜ਼ਿਜ਼ੀ ਫ਼ਲਾਂ ਦੀ ਰੇਹੜੀ ਲਾਉਂਦਾ ਸੀ। ਵੱਢੀਖੋਰ ਪੁਲੀਸ ਫ਼ਲਾਂ ਨੂੰ ਝਪਟੀ। ਰੇਹੜੀ ਮਾਲਕ ਨੇ ਤੱਕੜੀ ਨਾ ਦਿੱਤੀ, ਪੁਲੀਸ ਨੇ ਥੱਪੜ ਜੜ ਦਿੱਤਾ। ਅਨਿਆਂ ਹੋਇਆ, ਆਤਮਦਾਹ ਕਰ ਗਿਆ। ਏਸ ਥੱਪੜ ਦੀ ਐਸੀ ਗੂੰਜ ਪਈ, ਹਕੂਮਤੀ ਤਖ਼ਤਾ ਪਲਟ ਗਿਆ। ਤਾਨਾਸ਼ਾਹ ਬੇਨਅਲੀ ਜਲਾਵਤਨ ਹੋਇਆ।

               ਇਵੇਂ ਮਿਸਰ ’ਚ ਹੋਇਆ। ਪੁਲੀਸ ਹਿਰਾਸਤ ’ਚ ਖਾਲਿਦ ਸਈਦ ਦੀ ਮੌਤ ਹੋਈ। ਇਸ ਮੌਤ ਨੇ ਮਿਸਰ ’ਚ ਮਸ਼ਾਲ ਬਾਲ ਦਿੱਤੀ। ਆਖ਼ਰ ਹੋਸਨੀ ਮੁਬਾਰਕ ਨੂੰ ਹਕੂਮਤ ਛੱਡਣੀ ਪਈ। ਭਾਰਤੀ ਹਕੂਮਤ ਅੜੀ ਕਦੋਂ ਛੱਡੂ? ਦਿੱਲੀ ਪੁਲੀਸ ਕਿਤੇ ਹੀਰਾ ਸਿੰਘ ਦਰਦ ਦੀ ਕਵਿਤਾ ‘ਉਪਕਾਰੀ ਹੰਝੂ’ ਪੜ੍ਹਦੀ। ਨਵਾਂ ਸ਼ਹਿਰ ਦੇ ਨੌਜਵਾਨ ਦੀ ਧੌਣ ਨੂੰ ਬੂਟ ਨਾਲ ਨਾ ਨੱਪਦੀ। ਜੌਰਜ ਫਲਾਇਡ ਦੀ ਰੂਹ ਜ਼ਰੂਰ ਕੰਬੀ ਹੋਊ। ਚਾਰਲੀ ਚੈਪਲਿਨ ਦੇ ਬੋਲ ਨੇ, ‘ਜੇ ਤੁਸੀਂ ਹੇਠਾਂ ਵੱਲ ਹੀ ਦੇਖੀ ਜਾਓਗੇ ਤਾਂ ਸਤਰੰਗੀ ਪੀਂਘ ਕਦੇ ਨਹੀਂ ਵੇਖ ਸਕੋਗੇ।’ ਕਿਸਾਨਾਂ ਨੇ ਬਹੁਤ ਰੰਗ ਵੇਖੇ ਨੇ, ਹੁਣ ਮੁਸਤੈਦ ਨੇ। ਬੱਸ, ਹਕੂਮਤ ਦੀ ਅੱਖ ’ਚ ਟੀਰ ਐ, ਲੱਗਦੈ ਘੋਲ ਵੀ ਰੜਕ ਰਿਹੈ। ਤੋਮਰ ਜੀ! ਚੰਗੇ ਸਰਜਨ ਦੀ ਸਲਾਹ ਲਓ। ਜੋ ਨਵੀਆਂ ਪੈੜਾਂ ਪਾਉਣ, ਉਹ ਟਿਕੈਤ ਬਣਦੇ ਨੇ। ਘਰ ਜਲਾਉਣ ਵਾਲੇ ਦੀਵੇ ਕਬਾੜ ਬਣਦੇ ਨੇ। ਇਤਿਹਾਸ ’ਚ ਹਾਜ਼ਰੀ ‘ਮਸ਼ਾਲ’ ਦੀ ਲੱਗੂ, ਚੰਦਰੇ ਦੀਵੇ ਦੀ ਨਹੀਂ। ਕਹਾਣੀ ਸੁਣੀ ਹੋਏਗੀ, ਕੇਰਾਂ ਜੰਗਲ ’ਚ ਅੱਗ ਲੱਗੀ। ਜਾਨਵਰ ਹੰਭ ਗਏ, ਨਾ ਬੁਝੀ। ਇੱਕ ਚਿੜੀ ਚੁੰਝ ’ਚ ਪਾਣੀ ਭਰ ਭਰ ਅੱਗ ’ਤੇ ਪਾਵੇ। ਪਹਿਲਾਂ ਚਿੜੀ ’ਤੇ ਹੱਸੇ, ਫਿਰ ਸਭ ਜਨੌਰ ਛੱਡ ਤੁਰੇ। ਚਿੜੀ ਬੋਲੀ, ਭਰਾਵੋ! ਭਾਵੇਂ ਮੈਥੋਂ ਅੱਗ ਨਾ ਵੀ ਬੁਝੇ ਪਰ ਜਦੋਂ ਕੋਈ ਲੇਖਾ ਕਰੇਗਾ, ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ’ਚ ਹੋਊ। ਹੁਣ ਟਿਕੈਤ ਦੇ ਹੰਝੂਆਂ ’ਚੋਂ ਸਾਨੂੰ ਚਿੜੀ ਦੀ ਚੁੰਝ ਦਿੱਖਦੀ ਐ। ‘ਤ੍ਰੇਲ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਮਿਲ ਕੇ ਨਦੀ ਬਣ ਜਾਂਦੀਆਂ ਨੇ’। ਹਕੂਮਤੀ ਨੱਕਾ ਬਣਨ ਵਾਲਿਆਂ ਨੂੰ ਕੌਣ ਸਮਝਾਏ।

               ਤੋਮਰ ਦੀ ਇੱਕੋ ਰੱਟ ਐ, ਅਖੇ ਵੱਟ ਵਾਲੇ ਸਮਝਦੇ ਨਹੀਂ। ਜਨ੍ਹਿਾਂ ਜ਼ਮੀਨਾਂ ਬਚਾਉਣ ਲਈ ਘਰ ਬਾਰ ਛੱਡੇ ਨੇ, ਉਨ੍ਹਾਂ ਲਈ ਕੋਈ ਹਠ ਛੱਡਣ ਨੂੰ ਤਿਆਰ ਨਹੀਂ। ਕਾਸ਼! ਅੱਜ ਕੋਈ ‘ਲੇਡੀ ਗੋਡੀਵਾ’ ਹੁੰਦੀ। ਇੰਗਲੈਂਡ ਦੀ ਕਥਾ ਐ, ਸੈਂਕੜੇ ਸਾਲ ਪੁਰਾਣੀ। ਟੈਕਸਾਂ ਦਾ ਨਵਾਂ ਬੋਝ ਪਿਆ, ਕਿਸਾਨ ’ਕੱਠੇ ਹੋ ਬਾਦਸ਼ਾਹ ਕੋਲ ਗਏ। ਅੱਗਿਓ ਰਾਜੇ ਨੇ ਸ਼ਰਤ ਸੁਣਾਈ, ‘ਤੁਹਾਡੀ ਕੋਈ ਔਰਤ ਪਹਿਲਾਂ ਨਗਨ ਹੋ ਕੇ ਸ਼ਹਿਰ ਦਾ ਗੇੜਾ ਲਾਵੇ, ਫਿਰ ਮਿਲੇਗੀ ਟੈਕਸਾਂ ਤੋਂ ਮੁਕਤੀ।’ ਬੇਵੱਸ ਕਿਸਾਨ ਮਹਿਲਾਂ ’ਚ ਰਾਣੀ ‘ਲੇਡੀ ਗੋਡੀਵਾ’ ਕੋਲ ਗਏ। ਦਾਸਤਾ ਸੁਣ ਸੁੰਨ ਹੋ ਗਈ, ਗੋਡੀਵਾ ਹੰਝੂ ਨਾ ਰੋਕ ਸਕੀ। ਗੋਡੀਵਾ ਪਹਿਲਾਂ ਨਗਨ ਹੋਈ, ਫਿਰ ਘੋੜੇ ਤੇ ਸਵਾਰ ਹੋ ਸ਼ਹਿਰ ਦਾ ਚੱਕਰ ਕੱਟਿਆ। ਬਾਦਸ਼ਾਹ ਕੋਲ ਪੇਸ਼ ਹੋਈ, ‘ਤੁਹਾਡੀ ਸ਼ਰਤ ਪੂਰੀ ਕਰ ਦਿੱਤੀ, ਏਹ ਖੇਤਾਂ ਦੇ ਜਾਏ ਨੇ, ਇਨ੍ਹਾਂ ਤੋਂ ਟੈਕਸ ਹਟਾਓ’.‘ਲੇਡੀ ਗੋਡੀਵਾ’ ਦਾ ਬੁੱਤ ਲੱਗਿਆ ਹੈ। ਕਾਸ਼! ਏਹ ਬੁੱਤ ਬੋਲ ਪੈਂਦਾ। ਭਾਰਤੀ ਕਿਸਾਨ ਕਿਸ ਬੂਹੇ ਦੇ ਫਰਿਆਦੀ ਬਣਨ। ਵਾਲਟੇਅਰ ਦਾ ਕਥਨ ਐ, ‘ਉਸ ਸਮੇਂ ਠੀਕ ਹੋਣਾ ਖ਼ਤਰਨਾਕ ਹੁੰਦਾ ਹੈ, ਜਦੋਂ ਸਰਕਾਰ ਗ਼ਲਤ ਹੋਵੇ।’ ਛੱਜੂ ਰਾਮ ਬਹਿ ਸਮਝਾ ਰਿਹੈ, ਤਮਾਸ਼ਾ ਦੇਖਣਾ ਹੋਵੇ ਤਾਂ ਘਰ ਆਪਣਾ ਫੂਕਣਾ ਪੈਂਦੇ। ਦੂਜੇ ਦੇ ਲੱਗੀ ਤਾਂ ਬਸੰਤਰ ਐ। ਘੋਲ ਸਿਰੜ ਤੇ ਸਿਦਕ ਨਾਲ ਲੜੇ ਜਾਂਦੇ ਨੇ, ਐਕਟਿੰਗ ਨਾਲ ਨਹੀਂ।

            ‘ਕਈ ਵਾਰੀ ਠੋਕਰ ਫਿਸਲਣ ਤੋਂ ਬਚਾਉਂਦੀ ਹੈ।’ ਜੋ ਹੁਣ ਦਿੱਲੀ ਵੱਲ ਮੁੜ ਤੁਰੇ ਨੇ। ਉਨ੍ਹਾਂ ਅਹਿਦ ਕੀਤੈ, ਹੰਝੂਆਂ ਨੂੰ ਦੇਸ਼ ਨਿਕਾਲ਼ਾ ਦਿਆਂਗੇ। ਜਦੋਂ ਸੂਰਜ ਚੜ੍ਹਦਾ ਹੈ, ‘ਦਿੱਲੀ ਮੋਰਚੇ’ ’ਚ ਬੈਠੀਆਂ ਮਾਵਾਂ ਦੇ ਹੱਥ ਜੁੜਦੇ ਨੇ, ‘ਸੁਖ ਦਾ ਚੜ੍ਹੀਂ, ਚੱਜ ਦਾ ਚੜ੍ਹੀਂ, ਅੰਦਰ ਭਰੀ, ਬਾਹਰ ਵੀ ਭਰੀਂ।’ ਧੀਆਂ ਮੂੰਹ ਵੱਲ ਵੇਖਦੀਆਂ ਨੇ। ‘ਸਬਰ ਦੀ ਜੜ ਕੌੜੀ, ਫ਼ਲ ਮਿੱਠਾ ਹੁੰਦਾ ਹੈ’, ਰਾਜੇਵਾਲ ਮੁੰਡਿਆਂ ਨੂੰ ਸਮਝਾ ਰਿਹਾ ਹੈ। ਹਕੂਮਤ ਨੂੰ ਸਮਝ ਨਹੀਂ ਆ ਰਿਹਾ ਕਿ ਕੋਈ ਨਵਾਂ ਦੀਵਾ ਕਿਥੋਂ ਲੱਭੂ।