ਵਿਚਲੀ ਗੱਲ
ਏਹ ਪਿੰਡ ਨਗੌਰੀ..!
ਚਰਨਜੀਤ ਭੁੱਲਰ
ਚੰਡੀਗੜ੍ਹ : ਏਹ ਅਸਮਾਨ, ਰੱਬ ਦਾ ਵਿਹੜਾ। ਏਹ ਕਿਸਾਨ, ਧਰਤ ਦਾ ਜੇਰਾ। ਏਹ ਖੇਤ, ਪਿੱਤਰਾਂ ਦਾ ਚਿਹਰਾ। ਏਹ ਪਿੰਡ, ਅਣਖ ਦਾ ਡੇਰਾ। ਹਾਲੇ ਪੁੱਛਦੇ ਹੋ, ਈਰੀਏ ਭੰਮੀਰੀਏ! ਤੇਰਾ ਘਰ ਕਿਹੜਾ? ਨਵਾਂ ਸਿਰਨਾਵਾਂ ਹਰ ਬੀਬਾ ਦਾ, ਸਿੰਘੂ ਪੇਕਾ, ਟਿਕਰੀ ਸਹੁਰਾ। ਨਵ-ਵਿਆਹੀ ਸਰਵੀਰ ਨੂੰ ਟਿਕਰੀ ’ਚੋਂ ਗਰਾਂ ਦਿਸਦੈ। ਤਰੇਲੀ ਮਹਿੰਦੀ ਨੂੰ ਆਈ, ਤੌਣੀ ਚੂੜੇ ਨੂੰ ਚੜ੍ਹੀ, ਤੁਸਾਂ ਨੇ ਸੁਆਲ ਕੀਤੈ, ਕਾਹਤੋਂ ਏਥੇ ਆਣ ਖੜ੍ਹੀ ?ਸੁਰਜੀਤ ਪਾਤਰ ਤੋਂ ਪੁੱਛਦੇ ਹਾਂ! ‘ਇਹ ਬਾਤ ਨਿਰੀ ਏਨੀ ਹੀ ਨਹੀਂ, ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ, ਇਹ ਪਿੰਡ ਦੇ ਵਸਦੇ ਰਹਿਣ ਦਾ ਏ, ਜਿਹਨੂੰ ਤੌਖਲਾ ਉੱਜੜ ਜਾਣ ਦਾ ਏ।’ ਹਜ਼ਾਰਾਂ ਧੀਆਂ ਨੇ, ਜਿਨ੍ਹਾਂ ਦੀ ਡੋਲੀ ’ਚ, ਬਾਪ ਦੀ ਪੱਗ ਵੀ ਆਈ, ਨਾਲੇ ਖੇਤਾਂ ਦੇ ਫ਼ਿਕਰ। ਮਾਂ ਦੇ ਹੰਝੂ ਪਿੱਛਾ ਨਹੀਓਂ ਛੱਡਦੇ। ਪੈਲ਼ੀਆਂ ਦੀ ਸੁੱਖ, ਨਗਰ ਦੀ ਖੈਰ, ਸੌਣ ਤੋਂ ਪਹਿਲੋਂ, ਧੀਆਂ ਦੀਆਂ ਨਿੱਤ ਏਹੋ ਅਰਦਾਸਾਂ। ਦਿੱਲੀ ਨੂੰ ਸਮਝ ਫੇਰ ਨਹੀਂ ਪੈਂਦੀ। ‘ਛਾਂ ਵਾਲੇ ਦਰੱਖ਼ਤ ਨੂੰ ਛਾਂਗਣਾ ਨਹੀਂ ਚਾਹੀਦਾ।’ਹਰ ਪਿੰਡ, ਹਰ ਘਰ, ਸੱਥਾਂ ਤੇ ਖੇਤ, ਕੋਈ ਸਿੰਘੂ ਤੇ ਕੋਈ ਟਿਕਰੀ ਬੈਠੈ। ‘ਲੱਤਾਂ ਲਈ ਕੋਈ ਪੰਧ ਲੰਮਾ ਨਹੀਂ ਹੁੰਦਾ’। ਦਾਦੀਆਂ ਤੇ ਨਾਨੀਆਂ, ਓਹ ਮੇਰੇ ਮਾਲਕਾ! ਆਖ ਤਖ਼ਤ ਦੇ ਪਾਵੇ ਨਾਲ ਬੈਠੀਆਂ ਨੇ। ਪੇਂਡੂ ਸੁਰਤ ਅੰਦੋਲਨ ’ਚ ਲੱਗੀ ਹੋਈ ਐ। ਓਧਰ ਕੁਰਸੀ ਦੀ ਅੜੀ, ਇੱਧਰ ਸੰਘਰਸ਼ ਦੀ ਝੜੀ ਐ। ਪੌਣੇ ਛੇ ਮਹੀਨੇ ਹੋ ਚੱਲੇ ਨੇ। ਖੇਤਾਂ ਦੇ ਅਹਿਲਕਾਰ ਗੱਜੇ ਨੇ, ‘ਫ਼ਸਲਾਂ ਦੀ ਵਾਢੀ ਤੇ ਸੰਘਰਸ਼, ਨਾਲੋ-ਨਾਲ ਕਰਾਂਗੇ।’
ਕਾਲੇ ਖੇਤੀ ਕਾਨੂੰਨ, ਖੇਤਾਂ ਦੀ ਮਾਣਹਾਨੀ ਨੇ। ‘ਦਿੱਲੀ ਮੋਰਚਾ’ ਇੱਜ਼ਤ ਹੱਤਕ ਦਾ ਦਾਅਵੈ। ਏਹ ਬੜੇ ਸੰਤੋਖੀ ਪਿੰਡ ਨੇ, ਮੁਗ਼ਲ ਝੱਲੇ, ਨਾਲੇ ਅੰਗਰੇਜ਼, ਜੇਠ ਹਾੜ੍ਹ ਕੀ, ਹਰ ਆਫ਼ਤ ਝੱਲੀ। ਜ਼ਿੰਦਗੀ ਨਾਲ ਸੁਲ੍ਹਾ ਕਰ ਕੇ ਜਿਊਂਦੇ ਰਹੇ। ਪੈਲ਼ੀਆਂ ਦੇ ਵਾਰਸ, ਲੇਬਰ ਚੌਕਾਂ ’ਚ ਨਾ ਖੜ੍ਹਨ, ਏਹ ਝੱਲ ਨਹੀਓਂ ਹੋਣਾ। ਕਿਸਾਨ ਪੋਤਿਆਂ ਨੂੰ ਕੰਧਾੜੇ ਚੁੱਕ ਐਵੇਂ ਗਾਜ਼ੀਪੁਰ ਨਹੀਂ ਆਏ। ਜਦੋਂ ਭੁੱਖਮਰੀ ਢਿੱਡ-ਧ੍ਰੋਹੀ ਬਣੀ, ਉਦੋਂ ਪਿੰਡਾਂ ਨੇ ਤਪ ਕੀਤਾ। ਅਗਨੀ ਕੁੰਡ ’ਚ ਸੜ ਗਏ, ਭਗੌੜੇ ਨਹੀਂ ਹੋਏ। ਕੁਦਰਤ ਨਾਲ ਆਢਾ ਲਾਇਆ, ਖ਼ਰੇ ਰਾਸ਼ਟਰਵਾਦੀ ਨੇ। ਸਰਾਭਾ ਪਿੰਡ ਕਦੇ ਟਿਕਰੀ, ਕਦੇ ਸਿੰਘੂ ਜਾਂਦੈ। ਸਰਾਭੇ ਵਾਲੇ ਅਜੀਤ ਸਿੰਘ ਤੇ ਭੁਪਿੰਦਰ ਸਿੰਘ ਆਖਦੇ ਨੇ, ‘ਸੁਆਲ ਬਾਬੇ ਕਰਤਾਰ ਦੀ ਪੱਗ ਦਾ ਐ’। ਪਿੰਡ ਰਾਏਸਰ (ਬਰਨਾਲਾ) ਦਾ ਦਲਿਤ ਵਿਹੜਾ, ਦਿੱਲੀ ਘੋਲ ’ਚ ਨਿੱਤ ਚੌਕੀ ਭਰਦੈ। ਇਹ ਸੰਤ ਰਾਮ ਉਦਾਸੀ ਦਾ ਪਿੰਡ ਐ, ਜਿੱਥੋਂ ਦਾ ਅਵਤਾਰ ਆਖਦੈ, ‘ਉਦਾਸੀ ਦੇ ਬੋਲ ਅੱਜ ਸੱਚ ਹੋਏ ਨੇ।’ ਪਿੰਡ ਅਟਾਰੀ (ਅੰਮ੍ਰਿਤਸਰ) ਦੇ ਜਵਾਨ ਤੇ ਕਿਸਾਨ ਦਿੱਲੀ ਗਏ ਨੇ। ਖ਼ਾਲਸਾ ਫ਼ੌਜ ਦੇ ਕਮਾਂਡਰ ਸ਼ਾਮ ਸਿੰਘ ਅਟਾਰੀਵਾਲਾ ਦੀ ਰੂਹ ਨੇ ਜ਼ਰੂਰ ਹਲੂਣਾ ਦਿੱਤਾ ਹੋਊ। ‘ਤਿੰਨ ਫੁੱਟ ਬਰਫ਼ ਇੱਕ ਦਿਨ ’ਚ ਨਹੀਂ ਜੰਮਦੀ’।
ਖਿਦਰਾਣੇ ਦੀ ਢਾਬ ਨੇ ਤਾਅਨਾ ਮਾਰਿਆ, ਮੁਕਤਸਰੀ ਪਿੰਡਾਂ ’ਚ ਔਰਤਾਂ ਨੇ ਮੰਡਾਸੇ ਮਾਰ ਲਏ। ਮਾਨਸਾ ਦਾ ਪਿੰਡ ਕਿਸ਼ਨਗੜ੍ਹ, ਕਦੇ ਮੁਜ਼ਾਰਾ ਲਹਿਰ ਦਾ ‘ਸਿੰਘੂ’ ਸੀ। ਮੁਜ਼ਾਰਿਆਂ ਨੇ ਬਗ਼ਾਵਤ ਕੀਤੀ, ਅੰਗਰੇਜ਼ ਨੇ ਬੰਬਾਰੀ। ਚਾਰ ਕਿਸਾਨ ਸ਼ਹੀਦ ਕੀਤੇ। ਬਿਸਵੇਦਾਰਾਂ ਨੂੰ ਮੁਜ਼ਾਰਿਆਂ ਨੇ ਭਜਾ ਕੇ ਦਮ ਲਿਆ। ਕੁਲਵੰਤ ਆਖਦੈ, ‘ਹੁਣ ਦਿੱਲੀ ਨੂੰ ਦਮੋਂ ਕੱਢਾਂਗੇ।’ ਤਾਹੀਓਂ ਪਿੰਡ ਦਾ ਸੌ ਕਿਸਾਨ ਦਿੱਲੀ ਬੈਠੈ। ਦੁਆਬੇ ਦਾ ਪਿੰਡ ਭਕਨਾ, ਜਿੱਥੋਂ ਦੇ ਬਾਬੇ ਸੋਹਣ ਸਿਓਂ ਨੇ ਅੰਗਰੇਜ਼ ਦੇ ਕੁੱਬ ਪਾਇਆ। ਕਿਤੇ ਹੁਣ ਗੋਰਿਆਂ ਦੇ ਜਮਾਤੀ ਨਾ ਆ ਜਾਣ, ਭਕਨਾ ਪਿੰਡ ਬਾਬੇ ਦੇ ਬੋਲ ਪੁਗਾ ਰਿਹੈ। ਖਟਕੜ ਕਲਾਂ ਦੇ ਨੌਜਵਾਨਾਂ ਨੇ ਭਗਤ ਸਿੰਘ ਨੂੰ, ਬਜ਼ੁਰਗਾਂ ਨੇ ਚਾਚਾ ਅਜੀਤ ਸਿੰਘ ਨੂੰ ਧਿਆ ਕੇ ਦਿੱਲੀ ਫੇਰਾ ਪਾਇਐ। ਕਿਸਾਨ ਮੋਰਚੇ ’ਚ ਇਨ੍ਹਾਂ ਰੂਹਾਂ ਦਾ ਵਾਸੈ। ‘ਬਿਪਤਾ ਦੀ ਘੜੀ ’ਚ ਬਹੁਤੇ ਆਪਣੀ ਕਿਸਮਤ ਬਣਾ ਲੈਂਦੇ ਨੇ।’ ਇਹੋ ਸੋਚਾਂ ਸੋਚ ਸੁੱਚਾ ਸਿੰਘ ਸੂਰਮਾ ਦੇ ਪਿੰਡ ਸਮਾਓਂ ਦਾ ‘ਅੰਨਦਾਤਾ’ ਦਿੱਲੀ ਸਮੈਸਟਰ ਦੇਣ ਗਿਐ। ਸੁੱਚਾ ਸੂਰਮਾ ਪੇਂਡੂ ਅਣਖ ਲਈ ਲੜਿਆ। ਦਿੱਲੀ ਦੇ ਚਹੁੰ ਪਾਸੀਂ, ਹੁਣ ਸੰਘਰਸ਼ੀ ਗੁਹਾਰੇ ਲੱਗੇ ਨੇ, ਦਿੱਲੀ ਪਛਾਣ ਨਹੀਂ ਰਹੀ। ਸ਼ਾਇਦ ਅੰਧਰਾਤਾ ਹੋਵੇ, ਮਧੇ ਕੇ ਵਾਲੇ ਵੈਦਾਂ ਨੂੰ ਦਿਖਾਉਣਾ ਪੈਣੈ।
ਭਾਜਪਾਈ ਮਨਾਂ ’ਚ ਭੋਰਾ ਕਿਸਾਨੀਅਤ ਨਹੀਂ। ਇੱਕ ਅਖਾਣ ਐ, ‘ਤੀਜਾ ਰਲਿਆ, ਕੰਮ ਗਲਿਆ’, ਸ਼ਾਇਦ ਏਹਦਾ ਸਹੀ ਮਤਲਬ ‘ਹਮ ਦੋ, ਹਮਾਰੇ ਦੋ’ ਵਾਲੇ ਜਾਣਨੋ ਖੁੰਝੇ ਨੇ। ਚਾਣਕਿਆ ਆਖਦਾ ਹੈ, ‘ਜਿਸ ਦੇ ਮਾੜੇ ਦਿਨ ਆਉਂਦੇ ਨੇ, ਉਸ ਨੂੰ ਚੰਗੀ ਗੱਲ ਨਹੀਂ ਸੁੱਝਦੀ।’ ਕੋਈ ਤਾਂ ਅਕਲ ਨੂੰ ਹੱਥ ਮਾਰੋ, ਏਹ ‘ਕਿਸਾਨੀ ਘੋਲ’ ਚੁੱਲ੍ਹੇ ਤੇ ਵੱਟ ਦੇ ਵਜੂਦ ਦਾ ਮਸਲੈ। ਇਨ੍ਹਾਂ ਹਾਕਮਾਂ ਨੇ ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਪੜ੍ਹੀ ਹੁੰਦੀ, ਫੇਰ ਪਿੰਡਾਂ ਨੂੰ ਠਿੱਠ ਨਾ ਕਰਦੇ। ਜਿਨ੍ਹਾਂ ਦੇ ਪਿੰਡ ਨਗੌਰੀ, ਉਨ੍ਹਾਂ ਦੀ ਮੜਕ ਬਲੌਰੀ। ਨਗਰ ਕੌਂਸਲ ਚੋਣ ਨਤੀਜੇ ਦੱਸ ਗਏ, ਪਿਸ਼ੌਰੀ ਮੱਲ ਵੀ ‘ਕਿਸਾਨ ਘੋਲ’ ਦੇ ਨਾਲ ਖੜ੍ਹੈ। ਉਰਦੂ ਸ਼ਾਇਰ ਰਾਹਤ ਇੰਦੌਰੀ ਦੇ ਬੋਲ ਗੂੰਜੇ ਨੇ, ‘ਸਭੀ ਕਾ ਖ਼ੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ।’ ਸ਼ਰਧਾ ਰਾਮ ਫਿਲੌਰੀ ਕੌਣ ਸੀ? ‘ਟੂਲਕਿੱਟ’ ਵਾਲੀ ਬੀਬਾ ਰਵੀ ਦਿਸ਼ਾ ਧਿਆਨ ਦੇਵੇ। ਕਿਸੇ ਨੇ ਕੰਨ ਭਰੇ, ਫਿਲੌਰੀ ਬਗ਼ਾਵਤ ਦਾ ਪਾਠ ਪੜ੍ਹਾਉਂਦੈ। ਅੰਗਰੇਜ਼ਾਂ ਨੇ ਗ੍ਰਿਫ਼ਤਾਰ ਕੀਤਾ, ਉਪਰੋਂ ਫਿਲੌਰ ’ਚ ਦਾਖ਼ਲ ਹੋਣ ’ਤੇ ਪਾਬੰਦੀ ਲਾ’ਤੀ।
ਜਿਨ੍ਹਾਂ ਪਿੰਡਾਂ ਨੇ ਦਿੱਲੀ ’ਚ ਸੰਘਰਸ਼ੀ ਖੜਵੰਜੇ ਲਾਏ ਨੇ, ਉਨ੍ਹਾਂ ’ਚ ਰਾਜੇਵਾਲ, ਉਗਰਾਹਾਂ, ਢੁੱਡੀਕੇ, ਡੱਲੇਵਾਲ, ਬੁਰਜ ਗਿੱਲ, ਜੇਠੂਕੇ, ਦੀਪ ਸਿੰਘ ਵਾਲਾ, ਫੂਲ, ਲੱਖੋਵਾਲ, ਚੜੂਨੀ ਤੇ ਟਿਕੈਤ ਦਾ ਸਿਸੌਲੀ ਆਦਿ ਸ਼ਾਮਲ ਨੇ। ਟਰੈਕਟਰ ਦੀ ‘ਟੂਲਕਿੱਟ’ ਤਾਂ ਸਭ ਨੂੰ ਪਤੈ। ਆਹ ਨਵੀਂ ‘ਟੂਲਕਿੱਟ’ ਕੱਢ ਮਾਰੀ, ਅਖ਼ੇ ਕੌਮਾਂਤਰੀ ਸਾਜ਼ਿਸ਼ ਐ। ਗਰੇਟਾ ਥਨਬਰਗ, ਦਿਸ਼ਾ ਰਵੀ, ਨਿਕਿਤਾ ਜੈਕਬ, ਇਨ੍ਹਾਂ ਬੀਬੀਆਂ ਲਈ ਪੁਲੀਸ ਸ਼ਨਿਚਰ ਬਣ ਬਹੁੜੀ। ਮੁਕਤਸਰ ਦੀ ਨੌਦੀਪ ਕੌਰ ਜਦੋਂ ਨਿੱਕੀ ਹੁੰਦੀ ਸੀ, ਮਾਪੇ ਆਖਦੇ, ਕੁੜੀਏ! ਸੁਆਲ ਕਰਿਆ ਕਰ। ਜਦੋਂ ਹੁਣ ਸੁਆਲ ਉਠਾਏ, ਪੁਲੀਸ ਨੇ ਜੇਲ੍ਹ ਭੇਜਤਾ।‘ਪਿੰਜਰਾ ਤੋੜ’ ਵਾਲੀ ਨਤਾਸ਼ਾ ਨਰਵਾਲ ਜੇਲ੍ਹ ਵੇਖ ਚੁੱਕੀ ਹੈ। ਬੁੰਦੇਲਖੰਡ ਵਾਲੀ ਠਾਕੂ ਪੁਜਾਰੀ ਵੀ ਬਚੇ। ਜ਼ਰੂਰ ਇਹ ਕੁੜੀਆਂ, ਪਿਛਲੇ ਜਨਮ ’ਚ ‘ਝਾਂਸੀ ਦੀ ਰਾਣੀ’ ਦੀਆਂ ਗੁਆਂਢਣਾਂ ਰਹੀਆਂ ਹੋਣਗੀਆਂ। ਤਾਹੀਓਂ ਸੱਤਾ ਦੇ ਗੁਆਂਢੀ ਰਟ ਲਾ ਰਹੇ ਨੇ, ‘ਏਹ ਸਭ ਦੇਸ਼ ਧ੍ਰੋਹੀ ਨੇ। ਰਾਜ ਸੱਤਾ ਸਵੇਰ ਦੀ ਭੁੱਲੀ ਸ਼ਾਮ ਨੂੰ ਮੁੜਦੀ ਦਿਖਦੀ ਨਹੀਂ। ਨੇਕ-ਚਲਣੀ ਦੇ ਸਰਟੀਫਿਕੇਟ ਹੁਣ ਪੁਲੀਸ ਦੇ ਝੋਲੇ ’ਚ ਨੇ।
ਦਸ ਵਰ੍ਹਿਆਂ ’ਚ ਦੇਸ਼ ਧ੍ਰੋਹ ਦੇ 10,938 ਕੇਸ ਦਰਜ ਕੀਤੇ, ਪੰਜਾਬ ’ਚ 400 ਜਣਿਆਂ ’ਤੇ, ਸਜ਼ਾ ਸਿਰਫ਼ ਦੋ ਨੂੰ ਹੋਈ। ਯਮਲਾ ਜੱਟ ਦੇ ਬੋਲ ਕੰਨੀਂ ਪਏ ਨੇ, ‘ਚਾਰੇ ਕੂਟ ਹਨੇਰਾ, ਜੋਤ ਜਗਾ ਜਾਵੀਂ।’ ਖੇਤੀ ਕਾਨੂੰਨ ਕਾਹਦੇ ਆਏ, ਪਿੰਡ ਖ਼ਤਰੇ ’ਚ ਪਏ ਹਨ। ਕੀ ਬੀਬੀਆਂ, ਕੀ ਬੱਚੇ, ਸਭਨਾਂ ਨੇ ਹੱਥਾਂ ’ਚ ਹੱਥ ਪਾਏ ਨੇ। ਸੂਰਜ ਦਾ ਤਪ ਹੁਣ ਫ਼ਸਲਾਂ ਨੂੰ ਨਹੀਂ, ਸਗੋਂ ਘੋਲ ਨੂੰ ਵੀ ਪਕਾਉਂਦੈ। ਚੰਦਰਮਾ ਅੰਦੋਲਨ ’ਚ ਰਸ ਭਰਦੈ। ਢਾਡੀਆਂ ਨੇ ਜੋਸ਼ ਭਰਿਐ। ਬਾਬੂ ਰਜਬ ਅਲੀ ਜਿਊਂਦਾ ਹੁੰਦਾ, ਸਨੀ ਦਿਓਲ ਦੇ ਪਿੰਡ ਸਾਹਨੇਵਾਲ ’ਤੇ ਵੀ ਕਵਿੱਤ ਜੋੜਦਾ।ਛੱਜੂ ਰਾਮਾਂ! ਤੋਮਰ ਨੂੰ ਫੈਵੀਕੋਲ ਦੇ ਕੇ ਆ। ਤੋੜਨ ਦੀ ਨਹੀਂ, ਲੋੜ ਜੋੜਨ ਦੀ ਹੈ। ਮਸਲਾ ਰੂਹਾਂ ਤੇ ਜੂਹਾਂ ਦਾ ਹੈ। ਸੁਆਲ ਪਿੰਡਾਂ ਦੇ ਮੁੜ ਵਸੇਬੇ ਦਾ ਹੈ। ਅਖ਼ੀਰ ’ਚ ਪਵਨਦੀਪ ਖੰਨਾ ਦਾ ਗੀਤ, ਭਗਤੇ ਵਾਲੇ ਹੰਸ ਸੋਹੀ ਨੇ ਬਹੁਤ ਗਾਇਐ। ਮਾਵਾਂ-ਧੀਆਂ ਦੇ ਮੋਹ ਤੇ ਫਿਕਰਾਂ ਦੀ ਗੱਲ, ‘ਪੈਂਦਾ ਛੱਡਣਾ ਬਾਬਲ ਵਿਹੜਾ, ਮਾਂ ਦੀਆਂ ਗਲੀਆਂ ਨਗਰ ਖੇੜਾ/ ਕੇਰਾਂ ਉੱਜੜ ਕੇ ਜੋ ਵਸਦੀ, ਉਸ ਦਾ ਕੀ ਏ ਨਾਂਅ ਵੇ! ਦੱਸ ਵੀਰਨਾ ਵੇ ਜਦੋਂ ਤੁਰਿਆ ਸੀ ਤੂੰ, ਕੀ ਕਰਦੀ ਸੀ ਮੇਰੀ ਮਾਂ ਵੇ।’
No comments:
Post a Comment