ਕੀ ਮੇਰਾ, ਕੀ ਤੇਰਾ
ਏਹ ਨੇ ਦਿਲਾਂ ਦੇ ਰਾਜੇ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪਿੰਡ ਭੋਤਨਾ ਦਾ ਕਿਸਾਨ ਰਾਜਾ ਸਿੰਘ ਆਪਣੇ ਖੇਤ ਸੰਭਾਲ ਰਿਹਾ ਹੈ ਜਦੋਂ ਕਿ ਉਸ ਦਾ ਟਰੈਕਟਰ ‘ਦਿੱਲੀ ਮੋਰਚੇ’ ’ਚ ਸੀਰ ਪਾ ਰਿਹਾ ਹੈ। ਰਾਜਾ ਸਿੰਘ ਛੋਟੀ ਕਿਸਾਨੀ ’ਚੋਂ ਹੈ ਅਤੇ ਸਿਰਫ ਦੋ ਏਕੜ ਜ਼ਮੀਨ ਦਾ ਮਾਲਕ ਹੈ। ਉਹ ਘਰੇਲੂ ਸਮੱਸਿਆ ਕਰਕੇ ‘ਕਿਸਾਨ ਮੋਰਚਾ’ ਨੂੰ ਆਪਣਾ ਪੂਰਾ ਸਮਾਂ ਨਹੀਂ ਦੇ ਸਕਿਆ। ਅਖੀਰ ਉਸ ਨੇ ਆਪਣਾ ਟਰੈਕਟਰ ਪੱਕੇ ਤੌਰ ’ਤੇ ਟਿੱਕਰੀ ਹੱਦ ’ਤੇ ਖੜ੍ਹਾ ਕਰ ਦਿੱਤਾ ਹੈ। ਉਹ ਆਖਦਾ ਹੈ ਕਿ ਜਦੋਂ ਤੱਕ ਜੰਗ ਜਾਰੀ ਰਹੇਗੀ, ਟਰੈਕਟਰ ਵਾਪਸ ਨਹੀਂ ਆਵੇਗਾ। ਸਿੰਘੂ ਤੇ ਟਿੱਕਰੀ ਹੱਦ ’ਤੇ ਹਜ਼ਾਰਾਂ ਟਰੈਕਟਰ ਖੜ੍ਹੇ ਹਨ। ਸੈਂਕੜੇ ਮਾਲਕ ਕਿਸੇ ਨਾ ਕਿਸੇ ਮਜਬੂਰੀ ਕਾਰਨ ‘ਕਿਸਾਨ ਮੋਰਚੇ’ ’ਚੋਂ ਤਾਂ ਗੈਰਹਾਜ਼ਰ ਹਨ ਪਰ ਉਨ੍ਹਾਂ ਦੀ ਹਾਜ਼ਰੀ ਟਰੈਕਟਰ ਭਰ ਰਹੇ ਹਨ। ਬਰਨਾਲਾ ਦੇ ਪਿੰਡ ਨੈਣੇਵਾਲ ਦੇ ਕਿਸਾਨ ਜਿੰਦਰ ਸਿੰਘ ਕੋਲ ਦੋ ਟਰੱਕ ਹਨ। ਉਸ ਨੇ ਆਪਣਾ ਪਹਿਲਾਂ ਪੁਰਾਣਾ ਟਰੱਕ ਅਤੇ ਹੁਣ ਨਵਾਂ ਟਰੱਕ ‘ਕਿਸਾਨ ਮੋਰਚੇ’ ’ਚ ਖੜ੍ਹਾ ਕੀਤਾ ਹੋਇਆ ਹੈ। ਸੰਘਰਸ਼ੀ ਕਿਸਾਨਾਂ ਨੇ ਇਸ ਟਰੱਕ ’ਚ ਬਿਸਤਰੇ ਲਾਏ ਹੋਏ ਹਨ।
ਫਤਿਹਗੜ੍ਹ ਛੰਨਾਂ ਦਾ ਕਿਸਾਨ ਟਰਾਲਾ ਭਰ ਕੇ ਦਿੱਲੀ ਮੋਰਚੇ ’ਚ ਲੱਕੜਾਂ ਛੱਡ ਆਇਆ ਹੈ। ਗਿੱਦੜਬਾਹਾ ਨੇੜਲੇ ਡੇਰਾ ਲੰਗ ਦੇ ਪ੍ਰਬੰਧਕਾਂ ਨੇ ‘ਕਿਸਾਨ ਮੋਰਚਾ’ ’ਚ ਪੱਕੇ ਤੌਰ ’ਤੇ ਇੱਕ ਟਰੈਕਟਰ ਤੇ ਟਰਾਲਾ ਖੜ੍ਹਾ ਕਰ ਦਿੱਤਾ ਹੈ। ਪਿੰਡ ਸਰਦਾਰਗੜ੍ਹ ਦੇ ਕਿਸਾਨ ਇਹ ਟਰੈਕਟਰ ਟਰਾਲਾ ਲੈ ਕੇ ਗਏ ਹਨ। ਕਿਸਾਨ ਆਗੂ ਰਾਮ ਸਿੰਘ ਨਿਰਮਾਣ ਆਖਦਾ ਹੈ ਕਿ ਹਰ ਕੋਈ ਕਿਸਾਨ ਮੋਰਚੇ ’ਚ ਸੀਰ ਪਾਉਣਾ ਹੁਣ ਇਖਲਾਕੀ ਫਰਜ਼ ਸਮਝਦਾ ਹੈ। ਪਿੰਡ ਭੱਠਲਾਂ ਦਾ ਕਿਸਾਨ ਪਰਮਿੰਦਰ ਸਿੰਘ ਖੁਦ ਨਹੀਂ ਜਾ ਸਕਿਆ ਪਰ ਉਸ ਨੇ ਆਪਣੇ ਭਤੀਜੇ ਜੋਬਨਪ੍ਰੀਤ ਨੂੰ ਦਿੱਲੀ ਭੇਜਿਆ ਹੈ। ਬਠਿੰਡਾ ਦੇ ਪਿੰਡ ਘੁੰਮਣ ਕਲਾਂ ਦਾ ਕੁਲਦੀਪ ਸਿੰਘ ਘਰ ’ਚ ਇਕੱਲਾ ਹੈ। ਲੜਕੀ ਵਿਆਹੀ ਹੋਈ ਹੈ ਅਤੇ ਪਤਨੀ ਬਿਮਾਰ ਰਹਿੰਦੀ ਹੈ। ਉਹ ਦਿੱਲੀ ਮੋਰਚੇ ’ਚ ਨਹੀਂ ਜਾ ਸਕਿਆ।
ਕੁਲਦੀਪ ਸਿੰਘ ਨੇ ਦਿੱਲੀ ਮੋਰਚੇ ਲਈ ਪੰਜ ਹਜ਼ਾਰ ਰੁਪਏ ਭੇਜੇ ਹਨ। ਇਵੇਂ ਪਿੰਡ ਰਾਏਸਰ ਦੇ ਲੋਕਾਂ ਨੇ ਦੋ ਟਰਾਲੀਆਂ ਲੱਕੜਾਂ ਭੇਜੀਆਂ ਹਨ। ਹੁਸ਼ਿਆਰਪੁਰ ਦੇ ਕਿਸਾਨ ਜਰਨੈਲ ਸਿੰਘ ਨੇ ਡੇਢ ਮਹੀਨੇ ਤੋਂ ਆਪਣੀ ਬੱਸ ਪੱਕੇ ਤੌਰ ’ਤੇ ‘ਦਿੱਲੀ ਮੋਰਚਾ’ ’ਚ ਖੜ੍ਹੀ ਕੀਤੀ ਹੋਈ ਸੀ ਜਿਸ ਵਿਚ ਕਿਸਾਨ ਰਾਤ ਨੂੰ ਸੌਂਦੇ ਸਨ। ਤਰਨ ਤਾਰਨ ਜ਼ਲ੍ਹਿੇ ’ਚੋਂ ਕਈ ਸਕੂਲ ਵੈਨਾਂ ਵੀ ਮੋਰਚੇ ਵਿਚ ਹਨ ਜਨ੍ਹਿਾਂ ਦੇ ਮਾਲਕ ਵੀ ਕੋਲ ਨਹੀਂ ਹਨ। ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦੇ ਕਿਸਾਨ ਨਿਰਮਲ ਸਿੰਘ ਨੇ ਪੱਕੇ ਤੌਰ ’ਤੇ ਟਰੈਕਟਰ ਟਰਾਲੀ ‘ਦਿੱਲੀ ਮੋਰਚਾ’ ’ਚ ਛੱਡ ਦਿੱਤਾ ਹੈ। ਇਸੇ ਤਰ੍ਹਾਂ ਖੜ੍ਹਕ ਸਿੰਘ ਵਾਲਾ ਦੇ ਕਿਸਾਨ ਦਰਸ਼ਨ ਸਿੰਘ ਨੇ ਆਪਣੇ ਟਰਕੈਟਰ ਟਰਾਲੀ ਨੂੰ ਕਿਸਾਨ ਮੋਰਚੇ ਦੇ ਲੇਖੇ ਲਾਇਆ ਹੈ।
ਸੰਗਰੂਰ ਜ਼ਲ੍ਹਿੇ ਦੇ ਪਿੰਡ ਗੰਡੂਆਂ ਦੇ ਗੁਰਲਾਲ ਸਿੰਘ ਨੇ ੨੭ ਨਵੰਬਰ ਤੋਂ ਆਪਣਾ ਟਰੈਕਟਰ ਟਰਾਲੀ ਦਿੱਲੀ ਮੋਰਚਾ ਨੂੰ ਦਿੱਤਾ ਹੋਇਆ ਹੈ। ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਪਿੰਡਾਂ ਦੇ ਲੋਕ ‘ਕਿਸਾਨ ਮੋਰਚਾ’ ’ਚ ਯੋਗਦਾਨ ਪਾ ਕੇ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਹਨ। ਗੋਨਿਆਣਾ ਨੇੜਲੇ ਪਿੰਡ ਮਹਿਮਾ ਸਰਕਾਰੀ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਬਰਾੜ ਨੇ ਪੱਕੇ ਤੌਰ ’ਤੇ ਹਰ ਹਫਤੇ ਪਿੰਡ ’ਚੋਂ ਇੱਕ ਗੱਡੀ ਆਪਣੇ ਖਰਚੇ ’ਤੇ ਦਿੱਲੀ ਭੇਜਣ ਦਾ ਫੈਸਲਾ ਕੀਤਾ ਹੈ। ਉਹ ਅੱਜ ਖੁਦ ਅਗਵਾਈ ਕਰਕੇ ਪਿੰਡ ਦੇ ਕਿਸਾਨਾਂ ਦੇ ਜਥੇ ਨਾਲ ਦਿੱਲੀ ਗਿਆ ਹੈ। ਇਸੇ ਤਰ੍ਹਾਂ ਪਿੰਡ ਸੇਲਬਰਾਹ ਦੇ ਕਿਸਾਨ ਮਨਜੀਤ ਸਿੰਘ ਬਿੱਟੀ (ਰਾਮਪੁਰਾ) ਨੇ ਦਿੱਲੀ ਮੋਰਚਾ ਲਈ ਗੱਡੀਆਂ ਲਈ ਆਪਣੇ ਪੰਪ ਤੋਂ ਮੁਫਤ ਤੇਲ ਪਾਉਣਾ ਸ਼ੁਰੂ ਕੀਤਾ ਹੈ।
ਹਰ ਚੀਜ਼ ‘ਕਿਸਾਨ ਮੋਰਚੇ’ ਨੂੰ ਸਮਰਪਿਤ : ਬੁਰਜਗਿੱਲ
ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਜਨ੍ਹਿਾਂ ਕਿਸਾਨਾਂ ਦੇ ਟਰੈਕਟਰ ਦਿੱਲੀ ਮੋਰਚੇ ਵਿਚ ਹਨ, ਉਨ੍ਹਾਂ ਦੇ ਖੇਤਾਂ ਵਿਚ ਕੰਮ ਧੰਦੇ ਲਈ ਪਿੰਡਾਂ ਦੇ ਦੂਸਰੇ ਕਿਸਾਨ ਮਦਦ ਕਰ ਰਹੇ ਹਨ। ਦੇਖਿਆ ਜਾਵੇ ਤਾਂ ਕਿਸਾਨ ਨੂੰ ਆਪਣਾ ਟਰੈਕਟਰ ਜਾਨ ਤੋਂ ਪਿਆਰਾ ਹੁੰਦਾ ਹੈ ਪਰ ਹੁਣ ਜਦੋਂ ਖੇਤ ਦਾਅ ’ਤੇ ਲੱਗੇ ਹਨ ਤਾਂ ਕਿਸਾਨਾਂ ਨੇ ਆਪਣੀ ਹਰ ਚੀਜ਼ ‘ਕਿਸਾਨ ਮੋਰਚਾ’ ਨੂੰ ਸਮਰਪਿਤ ਕਰ ਦਿੱਤੀ ਹੈ।
No comments:
Post a Comment