ਵਿਚਲੀ ਗੱਲ
ਖੇਤਾਂ ਦਾ ਏਹ ਬੰਦਾ..!
ਚਰਨਜੀਤ ਭੁੱਲਰ
ਚੰਡੀਗੜ੍ਹ : ਟਿਕ ਜਾਏ ਤਾਂ ਟਿਕੈਤ, ਬੈਠ ਜਾਏ ਤਾਂ ‘ਪੰਚੈਤ’। ਜੋ ਸਿਦਕੋਂ ਥਿੜਕ ਜਾਏ, ਉਹ ‘ਨਲੈਕ’ ਅਖਵਾਉਂਦੈ। ਇਸ ਭਲੇਮਾਣਸ ਨੂੰ ਕੀ ਆਖੀਏ? ਪਹਿਲਾਂ ਸ਼ੇਅਰ ਸੁਣੋ! ‘ਇਸ ਘਰ ਕੋ ਆਗ ਲਗ ਗਈ, ਘਰ ਕੇ ਚਿਰਾਗ ਸੇ।’ ਕਿੱਧਰੋਂ ਆਵਾਜ਼ ਗੂੰਜੀ, ਇਸ ਨੂੰ ਦਿੱਲੀ-ਮਾਰਕਾ ਦੀਵਾ ਆਖੋ। ਪਹਿਲਾ ਦੀਵਾ ਦੇਖਿਆ, ਜਿਹੜਾ ‘ਕਿਸਾਨਪੁਰੀ’ ’ਚ ਹੀ ਹਨੇਰ ਵਰਤਾ ਚੱਲਿਆ ਸੀ। ਸ਼ੁਕਰੀਆ! ਟਿਕੈਤ ਭਾਈ, ਜਿਨ੍ਹਾਂ ਹੰਝੂਆਂ ਦੀ ਲੱਪ ਪਾਈ, ਅੰਦੋਲਨੀ ਮਸ਼ਾਲ ਮੁੜ ਜਲੌਅ ’ਚ ਆਈ।‘ਡਿੱਗਣਾ ਹਾਰ ਨਹੀਂ, ਉੱਠਣੋ ਇਨਕਾਰੀ ਹੋਣਾ ਹਾਰ ਹੁੰਦਾ ਹੈ।’ ਜ਼ਮੀਰਾਂ ਦੇ ਮਹਾਂਪੁਰਖ ਮੁੜ ਗੱਜੇ ਨੇ। ਦਾਗਦਾਰ ਛੂ ਮੰਤਰ ਹੋ ਗਏ। ਆਓ ਗਾਜ਼ੀਪੁਰ ਸਰਹੱਦ ਚੱਲੀਏ, ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਅੱਖ ਫਰਕੀ। ਛਪੰਜਾ ਇੰਚੀ ਵਾਲੇ ਗੱਜੇ... ਚੁੱਕੋ ਜੁੱਲੀ ਤਪੜਾ। ਇੱਕ ਇੰਚ ਪਿਛੇ ਨਹੀਂ ਹਟਾਂਗੇ, ਟਿਕੈਤ ਨੇ ਲਲਕਾਰ ਮਾਰੀ। ਉਨ੍ਹਾਂ ਬਿਜਲੀ ਕੱਟ ਦਿੱਤੀ, ਟਿਕੈਤੀ ਆਤਮਾ ਦਾ ਲਾਟੂ ਜਗਿਆ। ਹਾਕਮ ਉਤੋਂ ਦੀ ਪੈ ਨਿਕਲੇ। ਪਰਲੋਕ ’ਚ ਮਹੇਂਦਰ ਟਿਕੈਤ ਹੱਸਿਆ। ‘ਨੀਤ ਸਾਫ, ਕੰਮ ਰਾਸ’। ਰਾਕੇਸ਼ ਟਿਕੈਤ ਬਾਪ ਨੂੰ ਧਿਆ ਕੇ ਬੋਲਿਆ, ‘ਕਿਸਾਨ ਕੋ ਮਰਨੇ ਨਹੀਂ ਦੂੰਗਾ।’
ਗੱਚ ਭਰ ਆਇਆ, ਅੱਖਾਂ ਦੇ ਹੰਝੂ ਵਹਿ ਤੁਰੇ। ਕਣਕਾਂ ਦੀ ਧਾਹ ਨਿਕਲ ਗਈ। ਉੱਤਰ ਪ੍ਰਦੇਸ਼ ਦੀ ‘ਜਾਟਲੈਂਡ’ ਜਾਗ ਪਈ, ‘ਭਰਾਵਾਂ ਨਾਲ ਬਾਹਵਾਂ।’ ਗਾਜ਼ੀਪੁਰ ’ਚ ਮੁੜ ਜਨ-ਸੈਲਾਬ ਆਇਐ। ਪੰਜਾਬ-ਹਰਿਆਣਾ ’ਚ ਹੇਕ ਲੱਗੀ, ਆਓ ਮੌਕਾ ਸਾਂਭੀਏ। ‘ਅੰਧੇਰ ਗਿਆ, ਚਾਨਣ ਹੋਇਆ’, ਕਿਸਾਨਪੁਰੀ ’ਚ ਜਗਮਗ ਹੈ। ਅਜਮੇਰ ਔਲਖ ਜ਼ਿੰਦਗੀ ਭਰ ਗੁਣਗੁਣਾਏ ‘ਇਹ ਤਾਂ ਦੂਹਰੀਆਂ ਪੁਸ਼ਾਕਾਂ ਪਾਉਂਦੇ, ਤੈਨੂੰ ਫਿੱਡੇ ਛਿੱਤਰ ਨਾ ਥਿਆਉਂਦੇ/ਹੁਣ ਹੋ ਹੁਸ਼ਿਆਰ! ਕਰ ਜੱਟਾ ਮਾਰੋ ਮਾਰ। ਦਸੌਂਧਾ ਸਿਓਂ ਬੋਲਿਐ, ‘ਬਈ! ਅੱਠੋ ਅੱਠ ਮਾਰਨ ਲੱਗੇ ਹਾਂ। ਜੱਟ, ਜਾਟ ਤੇ ਗੁੱਜਰ ਤਿੰਨਾਂ ਦੀ ਰਾਸ਼ੀ ਮਿਲੀ ਐ।‘ਹੰਝੂਆਂ ਦਾ ਬਜਟ’ ਧਰਤ ਹਿਲਾ ਗਿਆ। ਮਹੇਂਦਰ ਟਿਕੈਤ ਨੇ ਪਗਡੰਡੀ ਬਣਾਈ। ਟਿਕੈਤ ਪੁੱਤ ਜੋਟੀ ਪਾ ਤੁਰੇ। ਪਿੰਡ ਸਿਸੌਲੀ ਦਾ ਸਿਰ ਉੱਚਾ ਹੋਇਐ। ਰਾਕੇਸ਼ ਟਿਕੈਤ ਮਸਾਂ ਅੱਠ ਸਾਲਾਂ ਦਾ ਸੀ ਜਦੋਂ ‘ਬਲਿਆਨ ਖਾਪ’ ਦੇ ਮੁਖੀ ਵਜੋਂ ‘ਖਾਪ-ਤਿਲਕ’ ਹੋਇਆ। ਸਾਲ ’ਚ ਚਾਰ ਵਾਰ ਖੂਨਦਾਨ ਕਰਦੈ, ਜੇਲ੍ਹ 42 ਵਾਰ ਕੱਟੀ ਹੈ। ਹਾਕਮ ਭਰਮ ’ਚ ਰਹੇ ਕਿ ਬਿਜਲੀ ਕੱਟਣ ਨਾਲ ਜੋਤ ਬੁਝੇਗੀ।
‘ਹਿੰਮਤ ਡਰ ਦੀ ਕੁੱਖ ’ਚੋਂ ਜੰਮਦੀ ਐ’। ਰਣਤੱਤੇ ’ਚ ਸਭ ਕੁੱਦੇ ਨੇ। ਪੁਲੀਸ ਕੇਸ, ਲੁੱਕ ਆਊਟ ਨੋਟਿਸ, ਅੱਥਰੂ ਗੈਸ, ਬੁਛਾੜਾਂ, ‘ਕਿਸਾਨਪੁਰੀ’ ਸਭ ਤੋਂ ਬੇਪ੍ਰਵਾਹ ਹੈ। ਟਿਕੈਤੀ ਹੰਝੂਆਂ ਦਾ ਪ੍ਰਤਾਪ ਐ, ਅੰਦੋਲਨੀ ਖੇਤ ਨਿੱਸਰੇ ਨੇ। ਬਾਕੀ ਮੁਨੱਵਰ ਰਾਣਾ ਤੋਂ ਸੁਣੋ, ‘ਏਕ ਆਂਸੂ ਭੀ ਹਕੂਮਤ ਕੇ ਲੀਏ ਖ਼ਤਰਾ ਹੈ, ਤੁਮ ਨੇ ਦੇਖਾ ਨਹੀਂ ਆਖੋਂ ਕਾ ਸਮੁੰਦਰ ਹੋਨਾ।’ ਸਿੰਘੂ/ਟਿਕਰੀ ’ਤੇ ਹੰਝੂ ਫੌਲਾਦ ਬਣੇ ਨੇ। ਪੰਡਾਲ ਨੂੰ ਸੁਰਜੀਤ ਪਾਤਰ ਚੇਤੇ ਆਇਐ, ‘ਕਿਸੇ ਦਾ ਹਾਥੀ, ਕਿਸੇ ਦਾ ਘੋੜਾ, ਕਿਸੇ ਦਾ ਤੀਰ ਕਮਾਨ/ ਸਾਡੀ ਅੱਖ ’ਚੋਂ ਡਿੱਗਦਾ ਹੰਝੂ, ਸਾਡਾ ਚੋਣ ਨਿਸ਼ਾਨ।’ ਸਿਆਸੀ ਕੋਏ ਐਨ ਸੁੱਕੇ ਪਏ ਨੇ, ਹਾਕਮ ‘ਟੀਅਰ ਡਰੌਪਸ’ ਹੀ ਪਾ ਲੈਣ। ਵੱਡਾ ਨਾਮ ਹੁਣ ਟਿਕੈਤ ਦਾ ਬਣਿਐ, ਜਿਵੇਂ ਟਿਊਨੀਸ਼ੀਆ ਦੇ ‘ਮੁਹੰਮਦ ਬੁਆਜ਼ਿਜ਼ੀ’ ਦਾ ਸੀ। ਬੁਆਜ਼ਿਜ਼ੀ ਫ਼ਲਾਂ ਦੀ ਰੇਹੜੀ ਲਾਉਂਦਾ ਸੀ। ਵੱਢੀਖੋਰ ਪੁਲੀਸ ਫ਼ਲਾਂ ਨੂੰ ਝਪਟੀ। ਰੇਹੜੀ ਮਾਲਕ ਨੇ ਤੱਕੜੀ ਨਾ ਦਿੱਤੀ, ਪੁਲੀਸ ਨੇ ਥੱਪੜ ਜੜ ਦਿੱਤਾ। ਅਨਿਆਂ ਹੋਇਆ, ਆਤਮਦਾਹ ਕਰ ਗਿਆ। ਏਸ ਥੱਪੜ ਦੀ ਐਸੀ ਗੂੰਜ ਪਈ, ਹਕੂਮਤੀ ਤਖ਼ਤਾ ਪਲਟ ਗਿਆ। ਤਾਨਾਸ਼ਾਹ ਬੇਨਅਲੀ ਜਲਾਵਤਨ ਹੋਇਆ।
ਇਵੇਂ ਮਿਸਰ ’ਚ ਹੋਇਆ। ਪੁਲੀਸ ਹਿਰਾਸਤ ’ਚ ਖਾਲਿਦ ਸਈਦ ਦੀ ਮੌਤ ਹੋਈ। ਇਸ ਮੌਤ ਨੇ ਮਿਸਰ ’ਚ ਮਸ਼ਾਲ ਬਾਲ ਦਿੱਤੀ। ਆਖ਼ਰ ਹੋਸਨੀ ਮੁਬਾਰਕ ਨੂੰ ਹਕੂਮਤ ਛੱਡਣੀ ਪਈ। ਭਾਰਤੀ ਹਕੂਮਤ ਅੜੀ ਕਦੋਂ ਛੱਡੂ? ਦਿੱਲੀ ਪੁਲੀਸ ਕਿਤੇ ਹੀਰਾ ਸਿੰਘ ਦਰਦ ਦੀ ਕਵਿਤਾ ‘ਉਪਕਾਰੀ ਹੰਝੂ’ ਪੜ੍ਹਦੀ। ਨਵਾਂ ਸ਼ਹਿਰ ਦੇ ਨੌਜਵਾਨ ਦੀ ਧੌਣ ਨੂੰ ਬੂਟ ਨਾਲ ਨਾ ਨੱਪਦੀ। ਜੌਰਜ ਫਲਾਇਡ ਦੀ ਰੂਹ ਜ਼ਰੂਰ ਕੰਬੀ ਹੋਊ। ਚਾਰਲੀ ਚੈਪਲਿਨ ਦੇ ਬੋਲ ਨੇ, ‘ਜੇ ਤੁਸੀਂ ਹੇਠਾਂ ਵੱਲ ਹੀ ਦੇਖੀ ਜਾਓਗੇ ਤਾਂ ਸਤਰੰਗੀ ਪੀਂਘ ਕਦੇ ਨਹੀਂ ਵੇਖ ਸਕੋਗੇ।’ ਕਿਸਾਨਾਂ ਨੇ ਬਹੁਤ ਰੰਗ ਵੇਖੇ ਨੇ, ਹੁਣ ਮੁਸਤੈਦ ਨੇ। ਬੱਸ, ਹਕੂਮਤ ਦੀ ਅੱਖ ’ਚ ਟੀਰ ਐ, ਲੱਗਦੈ ਘੋਲ ਵੀ ਰੜਕ ਰਿਹੈ। ਤੋਮਰ ਜੀ! ਚੰਗੇ ਸਰਜਨ ਦੀ ਸਲਾਹ ਲਓ। ਜੋ ਨਵੀਆਂ ਪੈੜਾਂ ਪਾਉਣ, ਉਹ ਟਿਕੈਤ ਬਣਦੇ ਨੇ। ਘਰ ਜਲਾਉਣ ਵਾਲੇ ਦੀਵੇ ਕਬਾੜ ਬਣਦੇ ਨੇ। ਇਤਿਹਾਸ ’ਚ ਹਾਜ਼ਰੀ ‘ਮਸ਼ਾਲ’ ਦੀ ਲੱਗੂ, ਚੰਦਰੇ ਦੀਵੇ ਦੀ ਨਹੀਂ। ਕਹਾਣੀ ਸੁਣੀ ਹੋਏਗੀ, ਕੇਰਾਂ ਜੰਗਲ ’ਚ ਅੱਗ ਲੱਗੀ। ਜਾਨਵਰ ਹੰਭ ਗਏ, ਨਾ ਬੁਝੀ। ਇੱਕ ਚਿੜੀ ਚੁੰਝ ’ਚ ਪਾਣੀ ਭਰ ਭਰ ਅੱਗ ’ਤੇ ਪਾਵੇ। ਪਹਿਲਾਂ ਚਿੜੀ ’ਤੇ ਹੱਸੇ, ਫਿਰ ਸਭ ਜਨੌਰ ਛੱਡ ਤੁਰੇ। ਚਿੜੀ ਬੋਲੀ, ਭਰਾਵੋ! ਭਾਵੇਂ ਮੈਥੋਂ ਅੱਗ ਨਾ ਵੀ ਬੁਝੇ ਪਰ ਜਦੋਂ ਕੋਈ ਲੇਖਾ ਕਰੇਗਾ, ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ’ਚ ਹੋਊ। ਹੁਣ ਟਿਕੈਤ ਦੇ ਹੰਝੂਆਂ ’ਚੋਂ ਸਾਨੂੰ ਚਿੜੀ ਦੀ ਚੁੰਝ ਦਿੱਖਦੀ ਐ। ‘ਤ੍ਰੇਲ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਮਿਲ ਕੇ ਨਦੀ ਬਣ ਜਾਂਦੀਆਂ ਨੇ’। ਹਕੂਮਤੀ ਨੱਕਾ ਬਣਨ ਵਾਲਿਆਂ ਨੂੰ ਕੌਣ ਸਮਝਾਏ।
ਤੋਮਰ ਦੀ ਇੱਕੋ ਰੱਟ ਐ, ਅਖੇ ਵੱਟ ਵਾਲੇ ਸਮਝਦੇ ਨਹੀਂ। ਜਨ੍ਹਿਾਂ ਜ਼ਮੀਨਾਂ ਬਚਾਉਣ ਲਈ ਘਰ ਬਾਰ ਛੱਡੇ ਨੇ, ਉਨ੍ਹਾਂ ਲਈ ਕੋਈ ਹਠ ਛੱਡਣ ਨੂੰ ਤਿਆਰ ਨਹੀਂ। ਕਾਸ਼! ਅੱਜ ਕੋਈ ‘ਲੇਡੀ ਗੋਡੀਵਾ’ ਹੁੰਦੀ। ਇੰਗਲੈਂਡ ਦੀ ਕਥਾ ਐ, ਸੈਂਕੜੇ ਸਾਲ ਪੁਰਾਣੀ। ਟੈਕਸਾਂ ਦਾ ਨਵਾਂ ਬੋਝ ਪਿਆ, ਕਿਸਾਨ ’ਕੱਠੇ ਹੋ ਬਾਦਸ਼ਾਹ ਕੋਲ ਗਏ। ਅੱਗਿਓ ਰਾਜੇ ਨੇ ਸ਼ਰਤ ਸੁਣਾਈ, ‘ਤੁਹਾਡੀ ਕੋਈ ਔਰਤ ਪਹਿਲਾਂ ਨਗਨ ਹੋ ਕੇ ਸ਼ਹਿਰ ਦਾ ਗੇੜਾ ਲਾਵੇ, ਫਿਰ ਮਿਲੇਗੀ ਟੈਕਸਾਂ ਤੋਂ ਮੁਕਤੀ।’ ਬੇਵੱਸ ਕਿਸਾਨ ਮਹਿਲਾਂ ’ਚ ਰਾਣੀ ‘ਲੇਡੀ ਗੋਡੀਵਾ’ ਕੋਲ ਗਏ। ਦਾਸਤਾ ਸੁਣ ਸੁੰਨ ਹੋ ਗਈ, ਗੋਡੀਵਾ ਹੰਝੂ ਨਾ ਰੋਕ ਸਕੀ। ਗੋਡੀਵਾ ਪਹਿਲਾਂ ਨਗਨ ਹੋਈ, ਫਿਰ ਘੋੜੇ ਤੇ ਸਵਾਰ ਹੋ ਸ਼ਹਿਰ ਦਾ ਚੱਕਰ ਕੱਟਿਆ। ਬਾਦਸ਼ਾਹ ਕੋਲ ਪੇਸ਼ ਹੋਈ, ‘ਤੁਹਾਡੀ ਸ਼ਰਤ ਪੂਰੀ ਕਰ ਦਿੱਤੀ, ਏਹ ਖੇਤਾਂ ਦੇ ਜਾਏ ਨੇ, ਇਨ੍ਹਾਂ ਤੋਂ ਟੈਕਸ ਹਟਾਓ’.‘ਲੇਡੀ ਗੋਡੀਵਾ’ ਦਾ ਬੁੱਤ ਲੱਗਿਆ ਹੈ। ਕਾਸ਼! ਏਹ ਬੁੱਤ ਬੋਲ ਪੈਂਦਾ। ਭਾਰਤੀ ਕਿਸਾਨ ਕਿਸ ਬੂਹੇ ਦੇ ਫਰਿਆਦੀ ਬਣਨ। ਵਾਲਟੇਅਰ ਦਾ ਕਥਨ ਐ, ‘ਉਸ ਸਮੇਂ ਠੀਕ ਹੋਣਾ ਖ਼ਤਰਨਾਕ ਹੁੰਦਾ ਹੈ, ਜਦੋਂ ਸਰਕਾਰ ਗ਼ਲਤ ਹੋਵੇ।’ ਛੱਜੂ ਰਾਮ ਬਹਿ ਸਮਝਾ ਰਿਹੈ, ਤਮਾਸ਼ਾ ਦੇਖਣਾ ਹੋਵੇ ਤਾਂ ਘਰ ਆਪਣਾ ਫੂਕਣਾ ਪੈਂਦੇ। ਦੂਜੇ ਦੇ ਲੱਗੀ ਤਾਂ ਬਸੰਤਰ ਐ। ਘੋਲ ਸਿਰੜ ਤੇ ਸਿਦਕ ਨਾਲ ਲੜੇ ਜਾਂਦੇ ਨੇ, ਐਕਟਿੰਗ ਨਾਲ ਨਹੀਂ।
‘ਕਈ ਵਾਰੀ ਠੋਕਰ ਫਿਸਲਣ ਤੋਂ ਬਚਾਉਂਦੀ ਹੈ।’ ਜੋ ਹੁਣ ਦਿੱਲੀ ਵੱਲ ਮੁੜ ਤੁਰੇ ਨੇ। ਉਨ੍ਹਾਂ ਅਹਿਦ ਕੀਤੈ, ਹੰਝੂਆਂ ਨੂੰ ਦੇਸ਼ ਨਿਕਾਲ਼ਾ ਦਿਆਂਗੇ। ਜਦੋਂ ਸੂਰਜ ਚੜ੍ਹਦਾ ਹੈ, ‘ਦਿੱਲੀ ਮੋਰਚੇ’ ’ਚ ਬੈਠੀਆਂ ਮਾਵਾਂ ਦੇ ਹੱਥ ਜੁੜਦੇ ਨੇ, ‘ਸੁਖ ਦਾ ਚੜ੍ਹੀਂ, ਚੱਜ ਦਾ ਚੜ੍ਹੀਂ, ਅੰਦਰ ਭਰੀ, ਬਾਹਰ ਵੀ ਭਰੀਂ।’ ਧੀਆਂ ਮੂੰਹ ਵੱਲ ਵੇਖਦੀਆਂ ਨੇ। ‘ਸਬਰ ਦੀ ਜੜ ਕੌੜੀ, ਫ਼ਲ ਮਿੱਠਾ ਹੁੰਦਾ ਹੈ’, ਰਾਜੇਵਾਲ ਮੁੰਡਿਆਂ ਨੂੰ ਸਮਝਾ ਰਿਹਾ ਹੈ। ਹਕੂਮਤ ਨੂੰ ਸਮਝ ਨਹੀਂ ਆ ਰਿਹਾ ਕਿ ਕੋਈ ਨਵਾਂ ਦੀਵਾ ਕਿਥੋਂ ਲੱਭੂ।
No comments:
Post a Comment