Sunday, August 25, 2019

                              ਵਿਚਲੀ ਗੱਲ                     
              ਮਾੜੇ ਦਾ ਕੀ ਜ਼ੋਰ ਮੁਹੰਮਦਾ..!
                             ਚਰਨਜੀਤ ਭੁੱਲਰ
ਬਠਿੰਡਾ : ਹੁਣੇ ਲੰਘਿਆ ‘ਵਿਸ਼ਵ ਮੱਛਰ ਦਿਵਸ’। ਦਿਹਾੜਾ ਮਨਾ ਲੈਂਦੇ, ਘਟਣਾ ਕੁਝ ਨਹੀਂ ਸੀ। ਦਿਲ ਪਤਲਾ ਪੈ ਜਾਂਦੈ, ਜਦੋਂ ਡਾਕਟਰ ਆਖਦੈ… ਸੈੱਲ ਘਟਗੇ ਭਾਈ..! ਘਟੀ ਦਾ ਕੌਣ ਰਾਖਾ। ਦਿਹਾੜੀ ਵਾਲੇ ਫਿਰ ਬਾਗੀ ਹੁੰਦੇ ਨੇ। ਦਿਹਾੜਾ ਕਿਥੋਂ ਮਨਾਉਣ, ਦਿਹਾੜੀ ਤਾਂ ਲੱਗੇ। ਚੰਗਾ ਭਲਾ ਬੰਦਾ ਡਿੱਗ ਪੈਂਦੈ, ਜਦੋਂ ਡੇਂਗੂ ਦਾ ਨਾਮ ਸੁਣਦੈ। ਦਿਹਾੜੀ ਵਾਲੇ ਦੀ ਕੀ ਅੌਕਾਤ। ਗਰੀਬ ਬੰਦਾ ਤਾਂ ਬੱਕਰੀ ਦਾ ਦੁੱਧ ਪੀਂਦੈ। ਖੌਰੇ, ਚਾਰ ਸੈੱਲ ਹੀ ਵਧ ਜਾਣ। ਘਟੇ ਹੋਏ ਸੈੱਲਾਂ (ਪਲੇਟਲੈੱਟਸ) ਦੇ ਘਰ ਦੂਰ ਲੱਗਦੇ ਨੇ। ਮਹਿੰਗੇ ਇਲਾਜ ਤੋਂ ਵੀ ਕਿਤੇ ਦੂਰ। ਫਿਰ ਤਾਂ ਨੇੜੇ ਪਤਾਲਪੁਰੀ ਲੱਗਦੀ ਹੈ। ਮੌਤ ਨੂੰ ਮਖੌਲਾਂ ਕਰਨ ਵਾਲੇ। ਨਾ ਟੁੰਡੀ ਲਾਟ ਤੋਂ ਡਰਨ ਵਾਲੇ। ਹੁਣ ਕਾਹਦੇ ਪੰਜਾਬੀ! ਮੱਛਰ ਤੋਂ ਡਰੀਂ ਜਾਂਦੇ ਨੇ। ਪਟਿਆਲੇ ਵਾਲੇ ਮੰਤਰੀ ਨੇ ਦਿਲ ਕਰੜਾ ਕੀਤੈ। ਇਕੱਲੇ ਹੜ੍ਹ ਨਹੀਂ ਆਏ, ਮੱਛਰਾਂ ਦੀ ਫੌਜ ਵੀ ਆਊ। ਤਾਹੀਓਂ ਬ੍ਰਹਮ ਮਹਿੰਦਰਾ ਨੇ ਹੋਕਾ ਦਿੱਤਾ। ‘ਪੰਜਾਬੀਓ! ਆਓ ਮੱਛਰ ਮਾਰੀਏ।’ ਉਹ ਵੇਲਾ ਯਾਦ ਕਰੋ, ਜਦੋਂ ਪਸ਼ੂਆਂ ਕੋਲ ਧੂੰਆਂ ਕਰਦੇ ਹੁੰਦੇ ਸੀ। ਮੱਛਰ ਉਦੋਂ ਪਸ਼ੂਆਂ ਦਾ ਵੈਰੀ ਸੀ। ਬੰਦਾ ਲੰਮੀਆਂ ਤਾਣ ਕੇ ਸੌਂਦਾ ਸੀ। ਅੱਕੇ ਪਸ਼ੂ ਕਦੇ ਪੂਛ ਹਿਲਾਉਂਦੇ, ਛੜਾਂ ਵੀ ਮੱਛਰਾਂ ਦੇ ਮਾਰਦੇ। ਹੁਣ ਪਸ਼ੂ ਤਾਂ ਬਚ ਗਏ, ਬੰਦੇ ਅੜਿੱਕੇ ਆ ਗਏ। ਪੁਰਾਣੇ ਜਨਮਾਂ ਦਾ ਬਦਲਾ ਮੱਛਰ ਹੁਣ ਛੱਜੂ ਰਾਮ ਤੋਂ ਲੈ ਰਹੇ ਨੇ। ਪੂਛ ਹੁੰਦੀ ਤਾਂ ਹਿਲਾ ਲੈਂਦਾ।
                ਨਰਿੰਦਰ ਮੋਦੀ ‘ਤੇ ਮੱਛਰਾਂ ਦੇ ਪੁੱਤ ਪੋਤੇ ਵੀ ਹੱਸੇ। ਜਦੋਂ ਸਰਜੀਕਲ ਸਟ੍ਰਾਈਕ ਕੀਤਾ। ਕਿੰਨੇ ਮਰੇ, ਕੋਈ ਪਤਾ ਨਹੀਂ। ਮੱਛਰਾਂ ਨੇ ਕਿੰਨੇ ਢੇਰ ਕੀਤੇ ਨੇ, ਸਭ ਨੂੰ ਪਤੈ। ਸਿਆਣੇ ਗੱਲਾਂ ਦੱਸਦੇ ਨੇ। ਦੁਨੀਆਂ ’ਚ ਮੱਛਰਾਂ ਦੀ 3500 ਪ੍ਰਜਾਤੀਆਂ ਹਨ। ਛੇ ਫ਼ੀਸਦ ਪ੍ਰਜਾਤੀ ਇਨਸਾਨੀ ਖੂਨ ਪੀਂਦੀ ਹੈ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਫਿਕਰਮੰਦ ਹੈ। ਵਿਗਿਆਨੀ ਮੱਛਰਾਂ ਦਾ ਜੀਨ ਬਦਲਣ ’ਚ ਜੁਟੇ ਨੇ। ਮਾੜੇ ਮੱਛਰਾਂ ਦੀ ਪੀੜ੍ਹੀ ਹੀ ਖ਼ਤਮ ਹੋ ਜਾਊ। ਮੱਛਰ ਕੋਈ ਅੱਜ ਨਹੀਂ ਮੱਛਰਿਐ। ਮਲੇਰੀਏ ਨੂੰ ਮੱਛਰ ਲੈ ਕੇ ਆਇਆ। 1958 ’ਚ ਮਲੇਰੀਏ ਦਾ ਖ਼ਾਤਮੇ ਦਾ ਪਹਿਲਾ ਪ੍ਰੋਗਰਾਮ ਬਣਿਐ। ਏਨੇ ਵਰ੍ਹੇ ਲੰਘ ਗਏ। ਮੱਛਰ ਦਾ ਵਾਲ ਵਿੰਗਾ ਨਹੀਂ ਕਰ ਸਕੇ। ਲੰਘੇ ਤਿੰਨ ਸਾਲਾਂ ’ਤੇ ਨਜ਼ਰ ਘੁੰਮਾਓ। ਮਲੇਰੀਏ ਨੇ ਦੇਸ਼ ’ਚ 621 ਜਾਨਾਂ ਲਈਆਂ। ਗੱਦੀ ’ਤੇ ਕੋਈ ਵੀ ਬੈਠੇ। ਮੱਛਰਾਂ ਨੂੰ ਸਭ ਮਾਸੀ ਦੇ ਪੁੱਤ ਹੀ ਲੱਗਦੇ ਨੇ। ਹੁਣ ਡੇਂਗੂ ਲੈ ਆਏ ਨੇ। ਅੱਧਾ ਵਰ੍ਹਾ ਸੈੱਲ ਵਧਾਉਣ ’ਚ ਲੰਘ ਜਾਂਦੈ। ਗਰੀਬ ਬੰਦਾ ਫੌਤ ਹੋ ਜਾਂਦੈ। ਕੋਟਸ਼ਮੀਰ (ਬਠਿੰਡਾ) ਦੀ ਇੱਕ ਕੁੜੀ ਹੁਣੇ ਡੇਂਗੂ ਨੇ ਡੰਗੀ ਹੈ। ਹਰ ਵਰ੍ਹੇ ਅੌਸਤਨ 15 ਹਜ਼ਾਰ ਡੇਂਗੂ ਦੇ ਸਤਾਏ ਹਸਪਤਾਲ ਭਰਤੀ ਹੁੰਦੇ ਨੇ। ਚਿਕੁਨਗੁਨੀਆ ਤੋਂ ਹਾਲੇ ਪੰਜਾਬੀ ਬਚੇ ਨੇ।
                ਮਾਝੇ ਵਾਲੇ ਪਾਸੇ ਹੜ੍ਹ ਆ ਗਏ। ਸਨੀ ਦਿਓਲ ਫਿਰ ਨਹੀਂ ਆਇਆ। ਕਿਸੇ ਨੇ ਦੱਸਿਐ, ਅਖੇ ਮੱਛਰਾਂ ਤੋਂ ਡਰਦੈ। ਹੇਮਾ ਮਾਲਿਨੀ ਨੇ ਦਿੱਲੀ ’ਚ ‘ਸਵੱਛ ਭਾਰਤ’ ਦਾ ਝਾੜੂ ਲਾਇਆ। ਬੇਖ਼ੌਫ ਹੋਏ ਫਿਰਦੇ ਨੇ ਮੱਛਰ। ਅਮਿਤ ਸ਼ਾਹ ਕੀਹਦਾ ਵਿਚਾਰਾ। ‘ਸ਼ੇਰ ਤੇ ਮੱਛਰ’ ਵਾਲੀ ਕਹਾਣੀ ਸੁਣੀ ਹੋਊ। ਮੱਛਰ ਦਾਦਾ ਅੱਗੇ ਲੱਗਿਆ, ਮੱਛਰ ’ਕੱਠੇ ਹੋਏ, ਹੰਕਾਰੀ ਸ਼ੇਰ ਢਾਹ ਲਿਆ। ਦਹਾੜ ਵੀ ਨਿਕਲੀ ਤੇ ਹੰਕਾਰ ਵੀ। ਛੱਜੂ ਰਾਮਾ ! ਹੰਕਾਰ ਨੂੰ ਮਾਰ ਕਿੰਨੇ ਸਮੇਂ ’ਚ ਪਊ, ਮੈਂ ਨਹੀਂ, ਦੇਸ਼ ਵਾਸੀ ਪੁੱਛਦੇ ਨੇ। ਇੱਧਰ, ਪੰਜਾਬ ਦੇ ਕਿਸਾਨ ਅੱਜ ਵੀ ਪੁੱਛਾਂ ਲੈਂਦੇ ਫਿਰਦੇ ਨੇ। ਚਾਰ ਵਰ੍ਹੇ ਪਹਿਲਾਂ ‘ਚਿੱਟਾ ਮੱਛਰ’ ਆਇਆ। ਖੇਤ ਖਾਲੀ ਕਰ ਗਿਐ। ਪੱਟੇ ਅੱਜ ਤੱਕ ਰਾਸ ਨਹੀਂ ਆਏ।‘ਵਿਸ਼ਵ ਮੱਛਰ ਦਿਵਸ’ ਹਰ ਵਰ੍ਹੇ 20 ਅਗਸਤ ਨੂੰ ਹੁੰਦੈ। ਪੰਜਾਬ ਪੁਲੀਸ ਹੈ ਤਾਂ ਮੁਮਕਿਨ ਹੈ। ‘ਵਿਸ਼ਵ ਮੱਛਰ ਦਿਵਸ’ ਤੋਂ ਐਨ ਪਹਿਲਾਂ ‘ਮੱਛਰ’ ਫੜ ਲਿਆ। ਸਿਹਤ ਮਹਿਕਮੇ ਦੇ ਅਫਸਰ ਐਵੇਂ ਬਾਗੋ ਬਾਗ ਹੋ ਗਏ। ਮਗਰੋਂ ਪਤਾ ਲੱਗਾ ਕਿ ਪੰਮਾ ਉਰਫ ਮੱਛਰ ਮਮਦੋਟ ਪੁਲੀਸ ਨੇ ਫੜਿਐ, ਨਾਲੇ ਪੰਜ ਗਰਾਮ ਹੈਰੋਇਨ ਵੀ। ‘ਮੱਛਰ’ ਗੈਂਗਸਟਰ ਨੂੰ ਪਹਿਲੋਂ ਫੜ ਲਿਆ ਸੀ। ਪੁਰਾਣੇ ਗੀਤਾਂ ਦੇ ਸ਼ੌਕੀਨ ਭੁੱਲੇ ਨਹੀਂ ਹੋਣੇ।
                 ਸੁਰਿੰਦਰ ਕੌਰ ਦਾ ਗਾਣਾ ‘ਮੱਛਰਦਾਨੀ ਲੈ ਦੇ ਵੇ, ਮੱਛਰ ਨੇ ਖਾ ਲਈ ਤੋੜ ਕੇ’। ਉਦੋਂ ਮੱਛਰਦਾਨੀ ਦਾ ਮੁੱਲ 12 ਰੁਪਏ ਸੀ। ਮਾੜਾ ਬੰਦੇ ਦੀ ਪਹੁੰਚ ਤੋਂ ਉਦੋਂ ਵੀ ਬਾਹਰ ਸੀ। ਤਾਹੀਓਂ ਥਰੀਕੇ ਵਾਲੇ ਨੇ ਗੀਤ ’ਚ ਵਾਸਤਾ ਪਾਇਆ, ‘ਆਰਾਮ ਨਾਲ ਸੌਂ ਜਾ ਨੀਂ, ਚਾਦਰ ਦਾ ਪੱਲਾ ਮੋੜ ਕੇ’। ਮਾਓ-ਜੇ-ਤੁੰਗ ਦੀ ਮੱਛਰਦਾਨੀ ਸਭ ਤੋਂ ਵੱਡੀ ਅਯਾਸ਼ੀ ਮੰਨੀ ਜਾਂਦੀ ਸੀ। ਲੋਕਾਂ ਲਈ ਜੋ ਤਿਆਗ ਕਰਦੇ ਨੇ, ਲੰਮਾ ਸਮਾਂ ਦਿਲਾਂ ’ਚ ਉਹੀ ਟਿਕਦੇ ਨੇ। ਜਦੋਂ ਹਕੂਮਤ ਅਯਾਸ਼ ਹੋਵੇ। ਉਦੋਂ ਲੋਕ ਭੁਗਤਦੇ ਨੇ। ਮੱਛਰ ਬਾਘੀਆਂ ਪਾਉਂਦੇ ਨੇ। ਵਿੰਨ੍ਹਿਆ ਗਰੀਬ ਜਾਂਦੈ। ਡੇਂਗੂ ਤੋਂ ਬਚਦੈ, ਕੈਂਸਰ ਢਾਹ ਲੈਂਦੈ। ਜ਼ਿੰਦਗੀ ਦਾ ਘੋਲ ਖੇਡ ਪੂਰੀ ਉਮਰ ਚੱਲਦੈ। ਜਿਨ੍ਹਾਂ ਪੱਲੇ ਛਿੱਲੜ ਨੇ, ਉਨ੍ਹਾਂ ਨੂੰ ਕੌਣ ਢਾਹੂ। ਮਹਾਤੜਾਂ ਨਾਲੋਂ ਤਾਂ ਡਾਢਿਆਂ ਦੇ ਘਰੇਲੂ ਪਸ਼ੂ ਕਿਤੇ ਚੰਗੇ ਨੇ। ਗਰੀਬ ਬੰਦੇ ਦਾ ਕੋਈ ਦਾਰੂ ਨਹੀਂ। ਚੇਤਿਓਂ ਵਿੱਸਰ ਗਈ ਤਾਂ ਪੁਰਾਣੀ ਗੱਲ ਸੁਣੋ। ਪਿੰਡ ਬਾਦਲ ’ਚ ਪਹਿਲਾਂ ਜ਼ਿਲ੍ਹਾ ਪਸ਼ੂ ਕਲੀਨਿਕ ਬਣਿਆ, ਮਗਰੋਂ ਪੌਣੇ ਦੋ ਕਰੋੜ ਨਾਲ ਘੋੜਿਆਂ ਦਾ ਹਸਪਤਾਲ। ਏਮਜ਼ ਤਾਂ ਬਠਿੰਡੇ ਹੁਣ ਬਣਿਐ। ਪਹਿਲੋਂ ਘੋੜਿਆਂ ਦੀ ਚਿੰਤਾ ਨੇ ਸਾਹ ਨਹੀਂ ਲੈਣ ਦਿੱਤਾ। ਏਨਾ ਸ਼ੁਕਰ ਐ, ਘੋੜੇ ਮੱਛਰਾਂ ਤੋਂ ਬਚੇ ਨੇ।
               ਮਹਿਲਾਂ ਵਾਲੇ ਤਬੇਲੇ ਦਾ ਵੀ ਫਿਕਰ ਹੁਣ ਘੱਟ ਨਹੀਂ। ਗੜਵਾਸੂ ਯੂਨੀਵਰਸਿਟੀ ਦੇ ਡਾਕਟਰ ਹਰ ਮਹੀਨੇ ਤਬੇਲੇ ਦਾ ਗੇੜਾ ਮਾਰਦੇ ਨੇ। ਸਰਕਾਰ ਨੇ ਮਹਿਲਾਂ ’ਚ ਡੈਪੂਟੇਸ਼ਨ ’ਤੇ ਇੱਕ ਵੈਟਰਨਰੀ ਇੰਸਪੈਕਟਰ ਵੀ ਲਾਇਆ। ਕੇਰਾਂ ਬਾਦਲਾਂ ਦੇ ‘ਗਲੋਬਲ ਵਾੜੇ’ ਦੀ ਖੱਚਰ ਨੂੰ ਨਿਮੋਨੀਆ ਹੋ ਗਿਆ ਸੀ। ਉਦੋਂ ਵੀ ਡਾਕਟਰਾਂ ਦੀ ਜਾਨ ਮੁੱਠੀ ’ਚ ਆਈ ਰਹੀ ਸੀ। ਰਾਜਪਾਲ ਪੰਜਾਬ ਦੀ ਰਿਹਾਇਸ਼ ’ਤੇ ਦੇਸੀ ਗਾਵਾਂ ਨੇ ਜਿਥੇ ਨਾ ਕੋਈ ਮੱਖੀ ਹੈ ਤੇ ਨਾ ਮੱਛਰ। ਡਾਕਟਰਾਂ ਦੀ ਪੂਰੀ ਨਜ਼ਰ ਹੈ। ‘ਮਿਸ਼ਨ ਤੰਦਰੁਸਤ ਪੰਜਾਬ’ ਵਿਹੜਿਆਂ ਤੋਂ ਹਾਲੇ ਦੂਰ ਹੈ। ਵੱਡਿਆਂ ਲਈ ਸਭ ਕੁਝ ਦਰਾਂ ’ਤੇ ਹੈ। ਵੈਟਰਨਰੀ ਯੂਨੀਵਰਸਿਟੀ ਵਿਚਲਾ ਪਸ਼ੂ ਹਸਪਤਾਲ। ਜਿਥੇ ਹਰ ਮਹੀਨੇ ਪੰਜ-ਸੱਤ ਵੀਆਈਪੀ ਜਾਨਵਰ ਆਉਂਦੇ ਹਨ। ਵੱਡੇ ਅਫ਼ਸਰਾਂ ਦੇ ਜਾਨਵਰ ਵੀ। ਵੱਡੇ ਘਰਾਂ ਦੇ ਕੁੱਤਿਆਂ ਤੇ ਘੋੜਿਆਂ ਦਾ ਖਰਚਾ ਆਮ ਪਰਿਵਾਰਾਂ ਨਾਲੋਂ ਕਿਤੇ ਜ਼ਿਆਦਾ ਹੈ। ਬਠਿੰਡਾ ਦੇ ਇੱਕ ਪੁਰਾਣੇ ਡੀਸੀ ਨੇ ਮੱਝ ਰੱਖੀ ਹੋਈ ਸੀ। ਵੀਆਈਪੀ ਮੱਝ ਦੀ ਸੇਵਾ ’ਤੇ ਛੇ ਸੇਵਾਦਾਰ ਲੱਗੇ ਸਨ। ਹਲਕਾ ਪਟਵਾਰੀ ਨਿੱਤ ਹਰਾ ਚਾਰਾ ਭੇਜਦਾ ਸੀ। ਸਿੱਖਿਆ ਮਹਿਕਮੇ ਦਾ ਸੇਵਾਦਾਰ ਧਾਰਾਂ ਕੱਢਦਾ ਸੀ। ਚੰਡੀਗੜ੍ਹ ਪ੍ਰਸ਼ਾਸਨ ਕਿਤੇ ਸਖ਼ਤ ਨਾ ਹੁੰਦਾ। ਸਭ ਵਜ਼ੀਰਾਂ ਨੇ ਘਰਾਂ ’ਚ ਮੱਝਾਂ ਬੰਨ੍ਹ ਲੈਣੀਆਂ ਸਨ। ਭਾਵੇਂ ਮੱਛਰ ਬੁਰੇ ਦੇ ਘਰ ਤੱਕ ਆ ਜਾਂਦੇ।
                  ਗਰੀਬ ਘਰਾਂ ਦੇ ਭਾਗ ਵੀ ਚੰਗੇ ਕਿਥੇ। ਸੀਮਾ ਨੇੜਲੇ ਪਿੰਡਾਂ ਦੇ ਲੋਕ ਇਲਾਜ ਲਈ ਹਰਿਆਣੇ ’ਚ ਜਾਂਦੇ ਨੇ। ਬੁਢਲਾਡੇ ਨੇੜੇ ਬੇਰੁਜ਼ਗਾਰ ਨੌਜਵਾਨ ਮੇਹਰ ਸਿੰਘ ਦੋ ਦਿਨ ਪਹਿਲਾਂ ਖੁਦਕੁਸ਼ੀ ਕਰ ਗਿਆ। ਜਦੋਂ ਪਤਾ ਲੱਗਿਆ ਕਿ ਬਾਪੂ ਨੂੰ ਗੋਡੇ ਦੇ ਅਪਰੇਸ਼ਨ ਲਈ ਵੀ ਕਰਜ਼ਾ ਚੁੱਕਣਾ ਪਿਐ। ਮੇਹਰ ਭਰੇ ਹੱਥ ਉੱਠਣੋਂ ਕਿਉਂ ਬੰਦ ਹੋ ਗਏ ਨੇ। ਪੰਜਾਬ ਸਰਕਾਰ ਨੇ ‘ਸਰਬੱਤ ਸਿਹਤ ਬੀਮਾ ਯੋਜਨਾ’ ਦੀ ਘੁੰਡ ਚੁਕਾਈ ਕਰ ਕੇ ਨਵੀਂ ਮਿਹਰ ਕੀਤੀ ਹੈ। ਦਾਅਵਾ ਹੈ ਕਿ 75 ਫੀਸਦੀ ਆਬਾਦੀ ਪੰਜ ਲੱਖ ਤੱਕ ਦਾ ਇਲਾਜ ਕਿਤੋਂ ਵੀ ਮੁਫ਼ਤ ਕਰਾ ਲਏ। ਮੁਫ਼ਤ ‘ਚ ਫੌਗਿੰਗ ਤਾਂ ਕਰੋ।ਪੇਂਡੂ ਡਿਸਪੈਂਸਰੀਆਂ ਲਈ ਦਵਾਈਆਂ ਨਹੀਂ। ਪੰਚਾਇਤੀ ਮਹਿਕਮੇ ਨੇ ਸਿਹਤ ਕਾਰਪੋਰੇਸ਼ਨ ਦੇ ਪੁਰਾਣੇ 20 ਕਰੋੜ ਦੇ ਬਿੱਲ ਤਾਰੇ ਨਹੀਂ। ਕਾਰਪੋਰੇਸ਼ਨ ਆਖਦੀ ਹੈ, ਪਹਿਲਾਂ ਪੈਸੇ ਦਿਓ। ਜਦੋਂ ਗਰੀਬ ਦੀ ਵਾਰੀ ਆਉਂਦੀ ਹੈ। ਖਜ਼ਾਨਾ ਭਾਫਾਂ ਛੱਡਣ ਲੱਗ ਜਾਂਦਾ ਹੈ। ਹਾਕਮ ਐਵੇਂ ਤਾਂ ਨਹੀਂ ਬੁੱਲੇ ਲੁੱਟ ਰਹੇ। ਅਖੀਰ ’ਚ ਛੱਜੂ ਰਾਮ ਦਾ ਪ੍ਰਵਚਨ, ‘ਸਿਆਸੀ ਜ਼ੈਲਦਾਰੋ, ਚੇਤੇ ਰੱਖਿਓ, ਮੌਤ ਤਾਂ ਸੱਤ ਸੰਦੂਕਾਂ ’ਚ ਵੀ ਆ ਜਾਂਦੀ ਹੈ, ਮੱਛਰ ਤਾਂ ਫਿਰ ਐਵੇਂ ਬਹਾਨੇ ਬਣਦੇ ਨੇ।’


Saturday, August 24, 2019

                                                              ਪੁੱਠਾ ਗੇੜ
                                  ਉਮਰਾਂ ਦਾ ਸਾਥ ਨਿਭਾਉਣਾ ਭੁੱਲੇ ਪੰਜਾਬੀ
                                                             ਚਰਨਜੀਤ ਭੁੱਲਰ
ਬਠਿੰਡਾ : ਕੋਈ ਵੇਲਾ ਸੀ ਜਦੋਂ ਪੰਜਾਬੀ ਰਿਸ਼ਤੇ ਪੁਗਾਉਣ ’ਚ ਨਾਢੂ ਖਾਂ ਸਨ। ਹੁਣ ਪੰਜਾਬੀ ਵਿਆਹ ਦਾ ਬੰਧਨ ਤੋੜਨ ’ਚ ਅੱਗੇ ਹਨ। ਸਮਾਜੀ ਚਿਹਰੇ ’ਤੇ ਨਵੀਂ ਚਪੇੜ ਹੈ ਕਿ ਪੰਜਾਬੀ ਉਮਰਾਂ ਦਾ ਸਾਥ ਨਿਭਾਉਣ ਤੋਂ ਭੱਜਣ ਲੱਗੇ ਹਨ। ਦੇਸ਼ ਭਰ ਚੋਂ ਅੱਜ ਇਕਲੌਤਾ ਰਾਜ ਪੰਜਾਬ ਹੈ ਜਿਥੋਂ ਦੀਆਂ ਅਦਾਲਤਾਂ ’ਚ ‘ਵਿਆਹ ਪਟੀਸ਼ਨਾਂ’ ਦੀ ਦਰ ਸਭ ਤੋਂ ਉੱਚੀ ਹੈ। ਤੋੜ ਨਿਭਾਉਣ ਵਾਲੇ ਪੰਜਾਬੀ ਹੁਣ ਦੋ ਪੁਲਾਂਘਾਂ ਪੁੱਟ ਕੇ ਹਾਰਨ ਲੱਗੇ ਹਨ। ਛੋਟੇ ਵੱਡੇ ਕਾਰਨ ਕੋਈ ਵੀ ਹੋਣ, ਸ਼ਰਮ ਵਾਲੀ ਖ਼ਬਰ ਹੈ ਕਿ ਮੀਆਂ ਬੀਵੀ ਅਦਾਲਤਾਂ ’ਚ ਆਹਮੋ ਸਾਹਮਣੇ ਭਿੜ ਰਹੇ ਹਨ। ਪੰਜਾਬ ਵਿਚ 16 ਪਰਵਾਰਿਕ ਅਦਾਲਤਾਂ ਬਣਾਈਆਂ ਗਈਆਂ ਹਨ ਜੋ ਨਿਰੋਲ ਰੂਪ ਵਿਚ ‘ਵਿਆਹ ਪਟੀਸ਼ਨਾਂ’ ਨੂੰ ਦੇਖਦੀਆਂ ਹਨ। ਵੇਰਵਿਆਂ ਅਨੁਸਾਰ ਕੌਮੀ ਅੌਸਤ ਦੇਖੀਏ ਤਾਂ ਦੇਸ਼ ਦੀਆਂ ਅਦਾਲਤਾਂ ’ਚ 6.12 ਫੀਸਦੀ ‘ਵਿਆਹ ਪਟੀਸ਼ਨਾਂ’  ਹਨ ਜਿਨ੍ਹਾਂ ਦੀ ਗਿਣਤੀ 3.95 ਲੱਖ ਬਣਦੀ ਹੈ। ਪੰਜਾਬ ’ਚ ਅਦਾਲਤਾਂ ’ਚ ਕੁੱਲ ਪਟੀਸ਼ਨਾਂ ਚੋਂ ‘ਮੈਰਿਜ ਪਟੀਸ਼ਨਾਂ’ ਦੀ ਇਹੋ ਦਰ 14.65 ਫੀਸਦੀ ਹੈ ਜੋ ਸਭਨਾਂ ਸੂਬਿਆਂ ਚੋਂ ਸਿਖਰ ’ਤੇ ਹੈ। ਗੁਆਂਢੀ ਸੂਬੇ ਹਰਿਆਣਾ ’ਚ ਇਹ ਦਰ 10.95 ਫੀਸਦੀ ਅਤੇ ਰਾਜਸਥਾਨ ’ਚ 7.21 ਫੀਸਦੀ ਹੈ। ਉੱਤਰ ਪ੍ਰਦੇਸ਼ ’ਚ 5.75 ਫੀਸਦੀ, ਮੱਧ ਪ੍ਰਦੇਸ਼ ’ਚ 9.34 ਫੀਸਦੀ ਅਤੇ ਬਿਹਾਰ ’ਚ 7.74 ਫੀਸਦੀ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ’ਚ ਪੈਂਡਿੰਗ ਵਿਆਹ ਪਟੀਸ਼ਨਾਂ ਦੀ ਦਰ 8.63 ਫੀਸਦੀ ਅਤੇ ਪੱਛਮੀ ਬੰਗਾਲ ਦੀ 8.95 ਫ਼ੀਸਦੀ ਹੈ।
          ਦੂਸਰੀ ਤਰਫ਼ ਹਿਮਾਚਲ ਪ੍ਰਦੇਸ਼ ’ਚ ਸਿਰਫ਼ 00.4 ਫ਼ੀਸਦੀ ਕੇਸ ਹਨ ਅਤੇ ਗੁਜਰਾਤ ਵਿਚ ਇਹੋ ਦਰ ਸਿਰਫ਼ 3.84 ਫ਼ੀਸਦੀ ਹੈ। ਇਵੇਂ ਹੀ ਕੇਰਲਾ ਵਿਚ ਪੈਂਡਿੰਗ ਵਿਆਹ ਪਟੀਸ਼ਨਾਂ ਦੀ ਦਰ 0.66 ਫੀਸਦ ਹੀ ਹੈ। ਫੌਜਦਾਰੀ ਕੇਸਾਂ ਦੇ ਐਡਵੋਕੇਟ ਰਾਜੇਸ਼ ਸ਼ਰਮਾ ਬਠਿੰਡਾ ਨੇ ਦੱਸਿਆ ਕਿ ‘ਵਿਆਹ ਪਟੀਸ਼ਨਾਂ ’ ’ਚ ਤਲਾਕ ਨਾਲ ਸਬੰਧਿਤ ਕੇਸ ਆਉਂਦੇ ਹਨ ਅਤੇ ਹਿੰਦੂ ਮੈਰਿਜ ਐਕਟ ਧਾਰਾ 9 ਤਹਿਤ ਉਹ ਕੇਸ ਵੀ ਇਨ੍ਹਾਂ ’ਚ ਸ਼ਾਮਿਲ ਹਨ ਜਿਨ੍ਹਾਂ ’ਚ ਇੱਕ ਧਿਰ ਵਸਣ ਲਈ ਰਾਜੀ ਹੁੰਦੀ ਹੈ, ਦੂਸਰੀ ਛੱਡਣ ਲਈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਅਰਸੇ ਤੋਂ ਵਿਆਹੁਤਾ ਕੇਸਾਂ ਦੀ ਗਿਣਤੀ ਅਦਾਲਤਾਂ ਵਿਚ ਵਧੀ ਹੈ। ਤੱਥਾਂ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਚੋਂ ਸਭ ਤੋਂ ਸਿਖਰ ’ਤੇ ਜ਼ਿਲ੍ਹਾ ਮੋਗਾ ਹੈ ਜਿਥੇ ਅਦਾਲਤਾਂ ’ਚ ਪੈਂਡਿੰਗ ਵਿਆਹ ਪਟੀਸ਼ਨਾਂ ਦੀ ਦਰ ਸਭ ਤੋਂ ਉੱਚੀ 21.76 ਫ਼ੀਸਦੀ ਹੈ ਜਦੋਂ ਕਿ ਦੂਜੇ ਨੰਬਰ ’ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ 19.52 ਫ਼ੀਸਦੀ ਹੈ। ਤੀਜਾ ਨੰਬਰ ਇਸ ਮਾਮਲੇ ’ਚ ਫਰੀਦਕੋਟ ਜ਼ਿਲ੍ਹੇ ਦਾ ਹੈ ਜਿਥੇ ਵਿਆਹ ਪਟੀਸ਼ਨਾਂ ਦੇ ਪੈਂਡਿੰਗ ਕੇਸਾਂ ਦੀ ਦਰ 17.68 ਫੀਸਦੀ ਹੈ। ਬਠਿੰਡਾ ਜ਼ਿਲ੍ਹੇ ਵਿਚ ਇਹੋ ਦਰ 17.60 ਫ਼ੀਸਦੀ ਹੈ।
        ਦੂਸਰੀ ਤਰਫ਼ ਰੋਪੜ ਤੇ ਫਿਰੋਜ਼ਪੁਰ ਇਸ ਮਾਮਲੇ ’ਚ ਚੰਗਾ ਸੁਨੇਹਾ ਦੇ ਰਹੇ ਹਨ ਜਿਥੇ ਵਿਆਹ ਪਟੀਸ਼ਨਾਂ ਦੀ ਦਰ 10 ਫ਼ੀਸਦੀ ਤੋਂ ਘੱਟ ਹੈ। ਪੰਜਾਬ ਚੋਂ ਫੈਮਿਲੀ ਕੋਰਟਸ ਹਨ, ਉਨ੍ਹਾਂ ਵਿਚ 31 ਮਾਰਚ 2019 ਨੂੰ 29,471 ਕੇਸ ਪੈਂਡਿੰਗ ਸਨ। ਐਸ.ਐਸ.ਪੀ ਮਾਨਸਾ ਸ੍ਰੀ ਨਰਿੰਦਰ ਭਾਰਗਵ ਆਖਦੇ ਹਨ ਕਿ ਮਹਿਲਾ ਥਾਣਿਆਂ ’ਚ ਵਿਆਹੁਤਾ ਜੀਵਨ ਦੇ ਬਿਖੇੜੇ ਵਾਲੇ ਜਿਆਦਾ ਕੇਸ ਆਉਂਦੇ ਹਨ। ਪੁਲੀਸ ਬਹੁਤੇ ਕੇਸਾਂ ਵਿਚ ਰਾਜੀਨਾਮੇ ਕਰਾਉਣ ਵਿਚ ਸਫਲ ਵੀ ਹੁੰਦੀ ਹੈ। ਖੋਖਲੇ ਅਧਾਰ ਵਾਲੇ ਕੇਸ ਦਫਤਰ ਦਾਖਲ ਕਰ ਦਿੱਤੇ ਜਾਂਦੇ ਹਨ। ਵੇਰਵਿਆਂ ਅਨੁਸਾਰ ਬਠਿੰਡਾ ਦੇ  ਮਹਿਲਾ ਥਾਣੇ ਵਿਚ ਪਿਛਲੇ ਸੱਤ ਵਰ੍ਹਿਆਂ ਵਿਚ ਪ੍ਰਵਾਰਿਕ ਝਗੜੇ ਵਾਲੇ 5614 ਕੇਸ ਆਏ ਹਨ।                         
ਖ਼ਾਹਿਸ਼ਾਂ ਦੇ ਬੰਨ੍ਹ ਟੱਪੇ ਪੰਜਾਬੀ : ਡਾ. ਰਵੀ 
 ਸਮਾਜਿਕ ਵਰਤਾਰੇ ਨੂੰ ਨੇੜਿਓਂ ਦੇਖਣ ਵਾਲੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਲਾ. ਰਵੀ ਰਵਿੰਦਰ ਦਾ ਪ੍ਰਤੀਕਰਮ ਸੀ ਕਿ ਵਿਸ਼ਵੀਕਰਨ ਅਤੇ ਸੰਚਾਰ ਕਰਾਂਤੀ ਨੇ ਪੰਜਾਬ ਦੇ ਸਮਾਜਿਕ ਢਾਂਚੇ ਨੂੰ ਹਲੂਣਾ ਦਿੱਤਾ ਹੈ। ਖ਼ਾਹਿਸ਼ਾਂ ਦੇ ਬੰਨ ਟੁੱਟੇ ਹਨ ਤੇ ਦਿਖਾਵੇ ਦੀ ਚੌਧਰ ਵਧੀ ਹੈ ਜਿਸ ਨੇ ਵਿਆਹੁਤਾ ਜ਼ਿੰਦਗੀ ਦੁਫਾੜ ਕੀਤੀ ਹੈ। ਜਦੋਂ ਪੰਜਾਬੀ ਭੌਤਿਕ ਤੇ ਮਾਨਸਿਕ ਇੱਛਾਵਾਂ ਦੇ ਸਬਰ ’ਚ ਬੰਨੇ ਹੋਏ ਸਨ, ਉਦੋਂ ਰਿਸ਼ਤੇ ਜਿਉਂਦੇ ਸਨ। ਨਵੇਂ ਦੌਰ ਦਾ ਵੱਡਾ ਹੱਲਾ ਪੰਜਾਬ ’ਤੇ ਹੀ ਵੱਜਿਆ ਹੈ, ਨਤੀਜੇ ਵਜੋਂ ਰਿਸ਼ਤਿਆਂ ਨੂੰ ਭੁਗਤਣਾ ਪੈ ਰਿਹਾ ਹੈ।

Sunday, August 18, 2019

                       ਵਿਚਲੀ ਗੱਲ
      ਕੀਹਦੀ ਮਾਂ ਨੂੰ ਮਾਸੀ ਕਹੀਏ..!
                      ਚਰਨਜੀਤ ਭੁੱਲਰ
ਬਠਿੰਡਾ : ਰਾਮੇ ਵਾਲੀ ਭੂਆ ਨੂੰ ਬੱਚਾ ਬੱਚਾ ਜਾਣਦੈ। ਬਠਿੰਡੇ ਵਾਲੀ ਮਾਮੀ ਨੂੰ ਕੌਣ ਭੁੱਲਿਐ। ਮਾਸੀ ਦਾ ਨਾਂ ਪਠਾਨਕੋਟ ’ਚ ਚੱਲਦੈ। ਮਾਨਸਾ ’ਚ ਦਰਾਣੀ-ਜੇਠਾਣੀ, ਕਿਸੇ ਨੂੰਹ-ਧੀ ਨਾਲੋਂ ਘੱਟ ਨਹੀਂ। ਰੂਹਾਂ ਵਾਲੇ ਏਹ ਰਿਸ਼ਤੇ ਖੜਸੁੱਕ ਹੋ ਗਏ। ਕਿੰਨਾ ਕੁ ਚਿਰ ਮੁੱਠੀ ਬੰਦ ਰੱਖੋਗੇ। ਸ਼ਹਿਰ ਭੰਬੋਰ ਤਾਂ ਲੁੱਟਿਆ ਗਿਆ। ਕਦੋਂ ਹੋਸ਼ ’ਚ ਆਓਗੇ। ਜ਼ਮੀਰ ਮਰ ਜਾਏ, ਇਖ਼ਲਾਕ ਠਰ ਜਾਏ, ਫਿਰ ਕਿਸੇ ਦੀ ਮਾਂ ਨੂੰ ਵੀ ਮਾਸੀ ਕਹਿ ਲੈਣਾ। ਕਿੰਨੇ ਘਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ। ਮਾਸੀ ਪਠਾਨਕੋਟ ਵਾਲੀ ਨੇ। ਚਰਸ ਲੈਣੀ ਹੋਵੇ ਤੇ ਚਾਹੇ ਚਿੱਟਾ। ਏਸ ਮਾਸੀ ਨੂੰ ਯਾਦ ਕਰੋ। ਵੇਲਾ ਉਹ ਵੀ ਯਾਦ ਕਰੋ, ਜਦੋਂ ਮਾਂ ਦਾ ਦੂਜਾ ਰੂਪ ਮਾਸੀ ਸੀ। ਹੁਣ ਰਿਸ਼ਤੇ ਨਾਤੇ ਅੌੜ ਝੱਲ ਰਹੇ ਨੇ। ਸਜੇ ਬਾਜ਼ਾਰ ’ਚ ਕੌਣ ਪਿੱਛੇ ਰਹਿੰਦੈ। ਪੰਜਾਬ ਦੀ ਟੇਲ ’ਤੇ ਰਾਮਾਂ ਮੰਡੀ। ਨੇੜੇ ਪੈਂਦਾ ਇੱਕ ਪਿੰਡ। ਜਿਥੋਂ ਦੀ ਭੂਆ ਦੇ ਕੋਹਾਂ ਤੱਕ ਚਰਚੇ ਨੇ। ਭੂਆ ਨੂੰ ਜੋ ਮੱਥਾ ਟੇਕਦੈ, ਫਿਰ ਝੂਮਦਾ ਹੀ ਜਾਂਦੈ। ਭੂਆ ਤੋਂ ਛੁੱਟ ਭਲਾਈ ਸਭ ਕੁਝ ਮਿਲਦੈ। ਸੈਂਕੜੇ ਭਤੀਜੇ ਗਾਲ ਦਿੱਤੇ ਨੇ। ਪਿੰਡ ਸ਼ਰਮ ‘ਚ ਤਾਂ ਡੁੱਬਿਐ। ਭੂਆ ਖ਼ਿਲਾਫ਼ ਕੌਣ ਬੋਲੂ, ਕਿਸੇ ਦਾ ਹੀਆ ਨਹੀਂ ਪੈਂਦਾ। ਬਠਿੰਡੇ ਵਾਲੀ ਮਾਮੀ ਦਾ ਵੀ ਸਿੱਕਾ ਚੱਲਦੈ। ਭਾਵੇਂ ਮਾਲ ਲਓ ਤੇ ਚਾਹੇ ਮਲਾਈ। ਫਿਰੋਜ਼ਪੁਰ ਵਾਲੀ ਭਾਬੀ ਦੀ ਧਮਕ ਜਲੰਧਰ ਤੱਕ ਪੈਂਦੀ ਸੀ। ਵੱਡੀ ਭਾਬੀ ਹੁਣ ਮਾਂ ਵਰਗੀ ਨਹੀਂ ਰਹੀ। ਭਲੇ ਵੇਲੇ ਤਾਂ ਡੁੱਬ ਗਏ ਨੇ। ਜਦੋਂ ਤੋਟ ਲੱਗਦੀ ਸੀ, ਮੁੰਡੇ ਭਾਬੀ ਨੂੰ ਯਾਦ ਕਰਦੇ ਸਨ। ਬਰਨਾਲਾ-ਮੋਗਾ ਸੜਕ ’ਤੇ ਪੈਂਦਾ ਇੱਕ ਪਿੰਡ, ‘ਸਕੂਟਰੀ ਵਾਲੀ ਆਂਟੀ’ ਨੇ ਮਸ਼ਹੂਰ ਕਰ ’ਤਾ। ਫੋਨ ਦੀ ਘੰਟੀ ਮਾਰੋ, ‘ਚਿੱਟੇ’ ਦੀ ਹੋਮ ਡਲਿਵਰੀ ਮਿਲਦੀ ਹੈ।
                  ਜਦੋਂ ਰਿਸ਼ਤੇ ਜੰਗਾਲੇ ਜਾਣ, ਖੂਨ ਦਾ ਰੰਗ ਸਫ਼ੈਦ ਹੋ ਜਾਂਦੈ। ਜ਼ਿੰਦਗੀ ‘ਚਿੱਟਾ’ ਹੋ ਜਾਂਦੀ ਹੈ। ਨਾਤੇ ਹੁਣ ਨਿੱਘ ਨਹੀਂ ਦਿੰਦੇ, ਬੱਸ ਸੇਕਦੇ ਹਨ, ਸਿਵਿਆਂ ਦੀ ਅੱਗ ’ਚ ਨਵਾਂ ਖੂਨ ਲਟ ਲਟ ਬਲਦੈ। ਬਲਦੀ ’ਤੇ ਤੇਲ ਬੇਗਾਨੇ ਨਹੀਂ, ਪੁਲੀਸ ਵਾਲੇ ‘ਮਾਮੇ’ ਪਾਉਂਦੇ ਨੇ। ਮਾਨਸਾ (ਸਦਰ) ਥਾਣੇ ਦੇ ਇੱਕ ਪਿੰਡ ’ਚ ਦਰਾਣੀ-ਜੇਠਾਣੀ ਕਿੱਕਲੀ ਪਾ ਰਹੀਆਂ ਹਨ। ਦਰਾਣੀ ਸ਼ਰਾਬ ਵੇਚਦੀ ਹੈ, ਜੇਠਾਣੀ ਭੁੱਕੀ ਤੇ ਚਿੱਟਾ। ਕੋਈ ਸਾਂਝ ਪਿੰਡ ਨਾਲ ਹੁੰਦੀ, ਦਰਾਣੀ-ਜੇਠਾਣੀ ਦਾ ਧੰਦਾ ਸਾਂਝਾ ਨਹੀਂ ਚੱਲਣਾ ਸੀ। ਜਵਾਨੀ ਸੁੰਗੜਨ ਤੋਂ ਕਿਵੇਂ ਰੁੱਕ ਸਕਦੀ ਹੈ। ਆਲਮ ਲੁਹਾਰ ਗਾਉਂਦਾ ਮਰ ਗਿਆ, ‘ਏਹ ਜਵਾਨੀ ਚਾਰ ਦਿਹਾੜੇ, ਖੁਸ਼ੀਆਂ ਨਾਲ ਹੰਢਾਈਏ’। ਜਿਥੇ ਰਾਜੇ ਲੰਮੀਆਂ ਤਾਣ ਕੇ ਸੌ ਜਾਣ, ਉਥੇ ਚੁੱਲ੍ਹੇ ਚੌਂਕੇ ਵੀ ਸੁੰਨੇ ਹੋ ਜਾਂਦੇ ਹਨ। ਧੀਆਂ ਪੁੱਤਾਂ ਨੂੰ ਕਦੇ ਇਨ੍ਹਾਂ ਚੁੱਲ੍ਹਿਆਂ ਤੋਂ ਨਿੱਘ ਮਿਲਦਾ ਸੀ। ਚੁੱਲ੍ਹਿਆਂ ਦੀ ਰਾਣੀ ਨੇ ਹੁਣ ਨਸ਼ੇ ਦੇ ਭੱਠ ਤਪਾ ਲਏ ਹਨ। ਪੰਜਾਬ ਦਾ ਭੱਠਾ ਐਵੇਂ ਤਾਂ ਨਹੀਂ ਬੈਠਿਆ। ਉਹ ਸਮਾਂ ਦੂਰ ਗਿਆ, ਜਦੋਂ ਕੁੜੀ ਪੂਰੇ ਪਿੰਡ ਦੀ ਧੀ ਹੁੰਦੀ ਸੀ। ਮੁਕਤਸਰ ਨੇੜਲਾ ਪਿੰਡ। ਪਿੰਡ ਦੇ ਨਾਮ ’ਚ ਤਾਂ ਭਲਾਈ ਛੁਪੀ ਹੈ। ਜ਼ਮਾਨਤ ’ਤੇ ਆਈ ਧੀ ’ਤੇ ਪਿੰਡ ਕਿਵੇਂ ਮਾਣ ਕਰੇ। ਨਸ਼ਾ ਵੇਚਦੀ ਹੁਣ ਫਿਰ ਫੜੀ ਗਈ, ਪਿੰਡ ਸ਼ਰਮ ’ਚ ਡੁੱਬਿਐ। ਗਿੱਦੜਬਾਹੇ ਕੋਲੋਂ ਇੱਕ ਮੇਮਣਾ ਚੋਰੀ ਹੋਇਆ। ਉਦੋਂ ਵੀ ਇਹੋ ਕੁੜੀ ਦਬੋਚੀ ਗਈ। ਮੁਕਤਸਰ ਦਾ ਪਿੰਡ ਝੋਰੜ ਕਦੇ ਮਸ਼ਹੂਰ ਸੀ ਨਰਮੇ ਦੀ ਝੋਰੜ ਕਿਸਮ ਕਰ ਕੇ। ਝੋਰੜ ਪਿੰਡ ਹੁਣ ਸ਼ਰਮਸਾਰ ਹੈ। ਦੋ ਦਰਜਨ ਅੌਰਤਾਂ ’ਤੇ ਨਸ਼ੇ ਦੇ ਪਰਚੇ ਹਨ। ਹੁਸ਼ਿਆਰਪੁਰ ਦਾ ਪਿੰਡ ਦੋਨਾ ਖੁਰਦ। ਝੰਡੀ ਲੈ ਗਿਐ ਪੰਜਾਬ ’ਚੋਂ। ਇੱਥੋਂ ਦੀਆਂ ਅੌਰਤਾਂ ’ਤੇ ਨਸ਼ਿਆਂ ਦੇ 70 ਕੇਸ ਦਰਜ ਹਨ।
                   ਪਿੰਡ ਦੌਲੇਵਾਲਾ (ਮੋਗਾ) ਕਿਸੇ ਨਾਲੋਂ ਘੱਟ ਐ। 70 ਅੌਰਤਾਂ ’ਤੇ ਭੁੱਕੀ ਤੇ ਚਿੱਟੇ ਦੇ ਪਰਚੇ ਦਰਜ ਨੇ। ਪੰਜਾਬ ’ਚ ਵੱਡੇ ਘਰ ਵੀ ਪਿੱਛੇ ਨਹੀਂ। ਵੱਡੇ ਘਰਾਂ ਦੀਆਂ ਨੂੰਹਾਂ ਤੇ ਧੀਆਂ ਦੇ ਨਾਮ ’ਤੇ ਸ਼ਰਾਬ ਦੇ ਠੇਕੇ ਹਨ। ਅਰਨੀਵਾਲਾ ਪੁਲੀਸ ਨੇ ਇੱਕ ਤਿੱਕੜੀ ਫੜੀ ਹੈ, ਨਾਲੇ ਗੋਲੀਆਂ। ਨਿੰਮੋ, ਨਸੀਬੋ ਤੇ ਚੰਨੋ। ਇੱਕ ਮੋਟਰਸਾਈਕਲ ਰੱਖਿਐ। ਘਰੋ ਘਰੀ ਮਾਲ ਦਿੰਦੀਆਂ ਨੇ। ਪੰਜ ਹਜ਼ਾਰ ਅੌਰਤਾਂ ਇਸ ਮੰਡੀ ’ਚ ਕੁੱਦੀਆਂ ਨੇ। ਪੰਜਾਬ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ। ਇਖ਼ਲਾਕ ਗੁਆਚਿਆ ਹੈ ਤੇ ਰਿਸ਼ਤੇ ਨਾਤੇ ਖੁਰੇ ਹਨ। ਰੂਹਾਂ ਦੇ ਰਿਸ਼ਤੇ, ਪੈਸੇ ਦੀ ਤੱਕੜੀ ’ਚ ਤੁਲੇ ਨੇ। ਅੱਜ ਦੀ ਇੱਛਰਾਂ ਧਾਹਾਂ ਮਾਰ ਰਹੀ ਹੈ। ਰੱਬਾ, ਕਿਵੇਂ ਬਚਾਈਏ ਏਹ ਰਿਸ਼ਤੇ। ਆਤਮਜੀਤ ਜੀ, ਤੁਸੀਂ ਹੀ ਦੱਸ ਦਿਓ ਕੋਈ ਗੁਰ। ਸਮਾਂ ਲੱਗੇ ਤਾਂ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂਅ’ ਨਾਟਕ ਦਾ ਦੂਜਾ ਭਾਗ ਵੀ ਲਿਖਿਓ। ਪੰਜਾਬ ਦੀ ਰਗ-ਰਗ ਤੋਂ ਜਾਣੂ ਹੋ। ਲੰਮਾ ਘੁੰਡ ਕਦੇ ਸ਼ਰਮ ਦਾ ਪ੍ਰਤੀਕ ਸੀ। ਪਤੀ ਦਾ ਨਾਮ ਲੈਣਾ ਉਦੋਂ ਤੌਹੀਨ ਸੀ। ਅੌਰਤਾਂ ਘਰ ਦੀ ਦੌਲਤ ਸਨ। ਜ਼ਮਾਨੇ ਬਦਲੋ, ਤਰੱਕੀਆਂ ਮਾਣੋ, ਰਿਸ਼ਤੇ ਤਾਂ ਪਾਕ ਰਹਿਣ ਦਿਓ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਜੋ ਪੁੱਠੇ ਰਾਹ ਪਈਆਂ ਹਨ, ਉਨ੍ਹਾਂ ਨੂੰ ਇਤਿਹਾਸ ਮੁਆਫ਼ ਨਹੀਂ ਕਰੇਗਾ। ਪੰਜਾਬ ਦੇ ਮੱਥੇ ਪਹਿਲਾਂ ਕੁੜੀਮਾਰ ਦਾ ਦਾਗ ਲੱਗਿਆ।
               ਅਣਖ ਲਈ ਗਾਟੇ ਵੀ ਲਾਹ ਰਹੇ ਨੇ। ਜਬਰ-ਜਨਾਹ ਵੇਲੇ ਸਭ ਕੁਝ ਭੁੱਲ ਜਾਂਦੇ ਨੇ। ਇਕੱਲੇ ਮਿੱਟੀ ਪਾਣੀ ਪਲੀਤ ਨਹੀਂ ਹੋਏ, ਰਿਸ਼ਤੇ ਵੀ ਜੈਵਿਕ ਨਹੀਂ ਰਹੇ। ਇਵੇਂ ਦੇ ਚੌਗਿਰਦੇ ’ਚ ਰਿਸ਼ਤੇ ਮੌਲਣ ਲਈ ਥਾਂ ਨਹੀਂ ਬਚਦੀ। ਬਟਾਲਾ ਕੋਲ ਇੱਕ ਪਿੰਡ ’ਚ ਹੁਣੇ ਘਟਨਾ ਵਾਪਰੀ ਹੈ। ਅੱਠਵੀਂ ’ਚ ਪੜ੍ਹਦੀ ਬੱਚੀ ਭੂਆ ਨੂੰ ਮਿਲਣ ਗਈ। ਫੁੱਫੜ ਨੇ ਹੀ ਰਿਸ਼ਤਾ ਦਾਗਦਾਰ ਕਰ ਦਿੱਤਾ । ਪੁੱਤਾਂ ਲਈ ਮਾਪੇ ਝਟਕਾਉਣੇ ਖੱਬੇ ਹੱਥ ਦਾ ਖੇਡ ਹੋ ਗਿਆ। ਮਾਵਾਂ ਹੁਣ ਪੁੱਤਾਂ ਨੂੰ ਨਹੀਂ ਸਿਆਣਦੀਆਂ। ਵਿਦੇਸ਼ਾਂ ’ਚ ਤਾਂ ਰਿਸ਼ਤੇ ਕਿੱਥੇ ਬਚਣੇ ਸਨ, ਸੂਲੀ ਚਾੜ੍ਹ ਦਿੱਤੇ ਨੇ। ਕੋਈ ਸ਼ੱਕ ਹੋਵੇ ਤਾਂ ਗੁਰਬਚਨ ਦੀ ‘ਮਹਾਂਯਾਤਰਾ’ ਪੜ੍ਹ ਲੈਣਾ। ‘ਬੈਂਡਾਂ ਦੀ ਮੰਡੀ’ ਵੀ ਰਿਸ਼ਤਿਆਂ ਦਾ ਬੈਂਡ ਵਜਾ ਰਹੀ ਹੈ। ਮਜਬੂਰੀ ਕਹੋ ਜਾਂ ਸਮੇਂ ਦਾ ਤਕਾਜ਼ਾ। ਸਭ ਨੇ ਅੱਖਾਂ ਮੀਚ ਲਈਆਂ ਹਨ। ‘ਚਿੱਟੇ’ ਤੋਂ ਵੱਡਾ ਕਾਰੋਬਾਰ ਹੈ। ਪਹਿਲਾਂ ਰਿਸ਼ਤੇ, ਟੱਬਰ ਤੇ ਖਾਨਦਾਨ ਦੇਖ ਕੇ ਹੁੰਦੇ ਸਨ। ਹੁਣ ਬੈਂਡ ਵੇਖੇ ਜਾਂਦੇ ਹਨ। ਪਹਿਲਾਂ, ਕੱਚੇ ਘਰਾਂ ’ਚ ਪੱਕੇ ਵਿਆਹ ਹੁੰਦੇ ਸਨ। ਹੁਣ ਘਰ ਪੱਕੇ ਨੇ ਤੇ ਵਿਆਹ ਕੱਚੇ। ਬਾਲਿਆਂ ਵਾਲੀ (ਬਠਿੰਡਾ) ਥਾਣੇ ਨੂੰ ਧਰਤੀ ਵਿਹਲ ਨਾ ਦੇਵੇ। ਜਦੋਂ ਪਤਾ ਲੱਗਾ ਕਿ ਭੈਣ ਨੇ ਸਕੇ ਭਰਾ ਨਾਲ ਵਿਆਹ ਕਰਾ ਲਿਆ। ਸਿਰਫ਼ ਵਲੈਤ ਜਾਣ ਲਈ। ਮਾਪੇ ਤਾਂ ਬੁੱਢੇ ਕੰਤ ਸਹੇੜ ਰਹੇ ਨੇ।
              ਕੁਝ ਵਰ੍ਹੇ ਪਹਿਲਾਂ ਦੀ ਗੱਲ ਸੁਣੋ। ਬਰਨਾਲੇ ਦੀ 20 ਸਾਲ ਦੀ ਕੁੜੀ ਦਾ 51 ਸਾਲ ਦੇ ਗੋਰੇ ਨਾਲ ਵਿਆਹ ਹੋਇਐ। ਮਕਸਦ ਜਰਮਨ ਜਾਣ ਦਾ ਸੀ। ਖਮਾਣੋਂ ਤਹਿਸੀਲ ’ਚ 29 ਸਾਲ ਦੇ ਮੁੰਡੇ ਨੇ 53 ਸਾਲ ਦੀ ਗੋਰੀ ਨਾਲ ਵਿਆਹ ਰਚਾਇਆ। ਸੰਗਰੂਰ ਜ਼ਿਲ੍ਹੇ ’ਚ 34 ਸਾਲ ਦੀ ਕੁੜੀ ਨੇ 62 ਸਾਲ ਦੇ ਵਿਅਕਤੀ ਨਾਲ ਲਾਵਾਂ ਲਈਆਂ। ਕੁੜੀਆਂ ਵਿਦੇਸ਼ ਉਡਾਰੀ ਮਾਰ ਰਹੀਆਂ ਨੇ। ਇੱਧਰ, ਮੁੰਡੇ ਓਵਰਏਜ ਹੋ ਰਹੇ ਨੇ। ਨਾ ਨੌਕਰੀ ਤੇ ਨਾ ਛੋਕਰੀ ਮਿਲ ਰਹੀ ਹੈ। ‘ਮਾਂ ਨੇ ਜੰਮੇ ਚੰਦਰ ਭਾਨ, ਚੁੱਲ੍ਹੇ ਅੱਗ ਨਾ ਮੰਜੇ ਵਾਣ’, ਕਿਸੇ ’ਤੇ ਕਾਹਦਾ ਗਿਲਾ। ਕੈਪਟਨ ਦਾ ਖੂੰਡਾ ਪਤਾ ਨਹੀਂ ਕਿਥੇ ਗੁਆਚਿਐ। ਹਰਿਆਣੇ ਦੇ ਮੁੱਖ ਮੰਤਰੀ ਨੇ ਜੀਂਦ ’ਚ ਅਮਿਤ ਸ਼ਾਹ ਨੂੰ ਲੱਠ ਦਿੱਤੀ ਐ। ਅਕਾਲੀ ਆਖ ਰਹੇ ਨੇ, ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤੈ। ਸ਼ਵੇਤ ਮਲਿਕ ਕਹਿੰਦਾ ਫਿਰਦੈ, 2022 ’ਚ ਦੱਸਾਂਗੇ। ਪੰਜਾਬੀਆਂ ਨੂੰ ਸੰਮਾਂ ਵਾਲੀ ਡਾਂਗ ਨਹੀਂ ਲੱਭ ਰਹੀ। ਛੱਜੂ ਰਾਮ ਦਾ ਖੂਨ ਖੌਲਿਐ, ‘ਸਾਧ ਦੇ ਬਚਨਾਂ ’ਤੇ ਨਾ ਰਹੋ, ਮੁੱਠੀ ਤਾਂ ਖੁੱਲ੍ਹ ਹੀ ਗਈ, ਫੜੋ ਡਾਂਗ ਤੇ ਭੰਨੋ ਮੌਰ, ਫਿਰ ਦੇਖਿਓ ਪਦੀੜ ਪੈਂਦੀ ‘ਮਾਸੀ’ ਤੇ ‘ਭੂਆ’ ਦੀ।’


Saturday, August 17, 2019

                                                          ਚੰਦੇ ਦਾ ਟੋਟਾ
                             ਸ਼੍ਰੋਮਣੀ ਅਕਾਲੀ ਦਲ ਨੂੰ ਔਰਬਿਟ ਦਾ ਸਹਾਰਾ !
                                                          ਚਰਨਜੀਤ ਭੁੱਲਰ
ਬਠਿੰਡਾ :  ਸ਼੍ਰੋਮਣੀ ਅਕਾਲੀ ਦਲ ਦਾ ਖ਼ਜ਼ਾਨਾ ਫੰਡਾਂ ਦਾ ਸੋਕਾ ਝੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਾਹਰੋਂ ਚੰਦਾ ਨਹੀਂ ਮਿਲ ਰਿਹਾ ਹੈ। ਬਾਦਲ ਪਰਿਵਾਰ ਖੁਦ ਹੀ ਅਕਾਲੀ ਦਲ ਨੂੰ ਦਾਨ ਦੇ ਖੁੱਲ੍ਹੇ ਗੱਫੇ ਵਰਤਾ ਰਿਹਾ ਹੈ। ਰੌਚਿਕ ਗੱਲ ਹੈ ਕਿ ਬਾਦਲ ਪਰਿਵਾਰ ਦੀ ਡਬਵਾਲੀ ਟਰਾਂਸਪੋਰਟ ਅਤੇ ਅੌਰਬਿਟ ਰਿਜਾਰਟ ਕੰਪਨੀ ਵੱਲੋਂ ਅਕਾਲੀ ਦਲ ਨੂੰ ਇੱਕ ਹੱਥ ਚੰਦਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਬੰਨੇ ਅੌਰਬਿਟ ਐਵੀਏਸ਼ਨ ਨੂੰ ਅਕਾਲੀ ਦਲ ਕਰੋੜਾਂ ਦਾ ਕਿਰਾਇਆ ਤਾਰ ਰਿਹਾ ਹੈ। ਦੱਸਣਯੋਗ ਹੈ ਕਿ ਕੰਪਨੀਜ਼ ਐਕਟ 2013 ਤਹਿਤ ਜੋ ਕੰਪਨੀ ਸਿਆਸੀ ਧਿਰਾਂ ਨੂੰ ਚੰਦਾ ਦਿੰਦੀ ਹੈ, ਉਸ ਨੂੰ ਆਮਦਨ ਕਰ ਤੋਂ ਛੋਟ ਮਿਲ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਜੋ ਹੁਣ ਤਾਜ਼ਾ ਸੂਚਨਾ ਭੇਜੀ ਹੈ, ਉਸ ਅਨੁਸਾਰ ਸਾਲ 2018-19 ਵਿਚ ਅਕਾਲੀ ਦਲ ਨੂੰ 1.75 ਕਰੋੜ ਚੰਦੇ ਵਜੋਂ ਪ੍ਰਾਪਤ ਹੋਏ ਹਨ ਜਿਸ ਚੋਂ ਪੰਜਾਹ ਫੀਸਦੀ ਤੋਂ ਵੱਧ ਦਾਨ ਬਾਦਲ ਪਰਿਵਾਰ ਵੱਲੋਂ ਦਿੱਤਾ ਗਿਆ ਹੈ। ਮੈਸਰਜ ਡਬਵਾਲੀ ਟਰਾਂਸਪੋਰਟ ਦੇ ਡਾਇਰੈਕਟਰ ਲਖਵੀਰ ਸਿੰਘ ਨੇ ਅਕਾਲੀ ਦਲ ਨੂੰ 45 ਲੱਖ ਰੁਪਏ ਅਤੇ ਅੌਰਬਿਟ ਰਿਜਾਰਟ ਪ੍ਰਾਈਵੇਟ ਲਿਮਟਿਡ ਗੁੜਗਾਓਂ ਦੇ ਐਮ.ਡੀ ਸ੍ਰੀ ਲਖਵੀਰ ਸਿੰਘ ਨੇ 59 ਲੱਖ ਰੁਪਏ ਚੰਦੇ ਵਜੋਂ ਦਿੱਤੇ ਹਨ।
                ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਰਟੀ ਨੂੰ 5.60 ਲੱਖ ਰੁਪਏ ਦਿੱਤੇ ਹਨ ਜਦੋਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 60 ਹਜ਼ਾਰ ਦਾ ਪਾਰਟੀ ਨੂੰ ਦਾਨ ਦਿੱਤਾ ਹੈ। ਵੇਰਵਿਆਂ ਅਨੁਸਾਰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ 60 ਹਜ਼ਾਰ ਅਤੇ ਬਿਕਰਮ ਸਿੰਘ ਮਜੀਠੀਆ ਨੇ ਵੀ 60 ਹਜ਼ਾਰ ਚੰਦੇ ਵਜੋਂ ਪਾਰਟੀ ਨੂੰ ਦਿੱਤੇ ਹਨ। ਬਰਨਾਲਾ ਦੇ ਰੁਪਿੰਦਰ ਗੁਪਤਾ ਨੇ 6 ਲੱਖ ਦਿੱਤੇ ਹਨ ਜਦੋਂ ਕਿ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਇੱਕ ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਚੰਦਾ ਦੇਣ ਵਾਲੇ ਜਿਆਦਾ ਪਾਰਟੀ ਆਗੂ ਹੀ ਹਨ। ਬਾਹਰੋਂ ਮਿਲਣ ਵਾਲੇ ਚੰਦੇ ਨੂੰ ਫਿਲਹਾਲ ਬਰੇਕ ਲੱਗੀ ਹੋਈ ਹੈ। ਅਕਾਲੀ ਦਲ ਨੂੰ ਹਕੂਮਤ ਦੇ ਆਖਰੀ ਵਰੇ੍ਹ ਸਾਲ 2016-17 ਵਿਚ 115 ਲੋਕਾਂ ਤੇ ਕੰਪਨੀਆਂ ਤੋਂ 15.45 ਕਰੋੜ ਦਾ ਚੰਦਾ ਪ੍ਰਾਪਤ ਹੋਇਆ ਸੀ ਅਤੇ ਸਾਲ 2009-10 ਵਿਚ ਪਾਰਟੀ ਨੂੰ 7.14 ਕਰੋੜ ਦਾ ਚੰਦਾ ਮਿਲਿਆ ਸੀ। ਹਕੂਮਤ ਸਮੇਂ ਤਾਂ ਅਕਾਲੀ ਦਲ ਨੂੰ ਸ਼ਰਾਬ ਕੰਪਨੀਆਂ ਅਤੇ ਰੀਅਲ ਅਸਟੇਟ ਕੰਪਨੀਆਂ ਤੋਂ ਮੋਟਾ ਗੱਫਾ ਮਿਲ ਜਾਂਦਾ ਸੀ।
              ਲੰਘੇ ਮਾਲੀ ਵਰੇ੍ਹ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ (ਪੀ.ਟੀ.ਸੀ) ਤੋਂ 25 ਲੱਖ ਰੁਪਏ ਦਾ ਚੰਦਾ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਸਾਲ 2017-18 ਵਿਚ 3.91 ਕਰੋੜ ਦੀ ਆਮਦਨ ਹੋਈ ਸੀ ਅਤੇ ਇਕੱਲੀ ਭਰਤੀ ਮੁਹਿੰਮ ਤੋਂ 1.06 ਕਰੋੜ ਰੁਪਏ ਕਮਾ ਲਏ ਸਨ। ਹੁਣ ਅਕਾਲੀ ਦਲ ਨੂੰ ਬਾਹਰੋ ਮਿਲਣ ਵਾਲਾ ਚੰਦਾ ਘੱਟ ਗਿਆ ਹੈ ਅਤੇ ਬਾਦਲ ਪਰਿਵਾਰ ਦੀਆਂ ਕੰਪਨੀਆਂ ਹੀ ਚੰਦਾ ਦੇਣ ਲਈ ਮੋਹਰੀ ਬਣੀਆਂ ਹਨ। ਨਜ਼ਰ ਮਾਰੀਏ ਤਾਂ ਸਾਲ ਪੰਜਾਬ ਚੋਣਾਂ 2017 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਅੌਰਬਿਟ ਐਵੀਏਸ਼ਨ ਦਾ ਹੈਲੀਕਾਪਟਰ ਵਰਤਿਆ ਸੀ ਜਿਸ ਦੇ 1.37 ਕਰੋੜ ਦਲ ਨੇ ਤਾਰੇ ਸਨ। ਸਾਲ 2017-18 ਦੀ ਆਡਿਟ ਰਿਪੋਰਟ ਅਨੁਸਾਰ ਸ਼੍ਰੋਮਣੀ ਅਕਾਲੀ ਦਲ 1.87 ਕਰੋੜ ਦਾ ਕਰਜ਼ਦਾਰ ਇਕੱਲੀ ਅੌਰਬਿਟ ਐਵੀਏਸ਼ਨ ਦਾ ਸੀ ਅਤੇ ਪੀ.ਟੀ.ਸੀ ਦੇ ਵੀ ਦਲ ਵੱਲ 57.50 ਲੱਖ ਖੜ੍ਹੇ ਸਨ।
                          ਮੈਂਬਰਸ਼ਿਪ ਫੀਸ ਵਧਾਈ ਹੈ : ਖ਼ਜ਼ਾਨਚੀ
ਸ਼੍ਰ੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਵਿਧਾਇਕ ਸ੍ਰੀ ਐਨ.ਕੇ.ਸ਼ਰਮਾ ਦਾ ਕਹਿਣਾ ਸੀ ਕਿ ਪਾਰਟੀ ਤਰਫ਼ੋਂ ਹੁਣ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਮੈਂਬਰਸ਼ਿਪ ਫੀਸ 5 ਰੁਪਏ ਤੋਂ ਵਧਾ ਕੇ ਐਤਕੀਂ 10 ਰੁਪਏ ਕਰ ਦਿੱਤੀ ਹੈ ਜਿਸ ਨਾਲ ਦਲ ਕੋਲ ਕਾਫ਼ੀ ਪੈਸਾ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦਲ ਨੂੰ ਕੋਈ ਮਾਲੀ ਸਮੱਸਿਆ ਨਹੀਂ ਹੈ। ਜਦੋਂ ਪਾਰਟੀ ਨੂੰ ਜਰੂਰਤ ਪੈਂਦੀ ਹੈ ਤਾਂ ਉਦੋਂ ਫੰਡ ਇਕੱਠਾ ਕਰ ਲਿਆ ਜਾਂਦਾ ਹੈ। ਐਤਕੀਂ ਪਾਰਟੀ ਦਾ 50 ਲੱਖ ਮੈਂਬਰਸ਼ਿਪ ਦਾ ਟੀਚਾ ਰੱਖਿਆ ਗਿਆ ਹੈ।


Sunday, August 11, 2019

                         ਵਿਚਲੀ ਗੱਲ
        ਇੱਕ ਦੂਣੀ-ਦੂਣੀ, ਦੋ ਦੂਣੀ ਪੰਜ…
                        ਚਰਨਜੀਤ ਭੁੱਲਰ
ਬਠਿੰਡਾ : ਪ੍ਰਨੀਤ ਕੌਰ ਇਕੱਲੀ ਐਮ.ਪੀ ਨਹੀਂ। ਪਟਿਆਲੇ ਦੀ ਮਹਾਰਾਣੀ ਵੀ ਹੈ। ਰਾਂਚੀ ਵਾਲੇ ਨੂੰ ਪਤਾ ਨਹੀਂ ਸੀ। ਨਾ ਮਹਾਰਾਣੀ ਦਾ, ਨਾ ਪੰਜਾਬ ਪੁਲੀਸ ਦਾ। ਬਨਾਰਸੀ ਠੱਗਾਂ ਦਾ ਪ੍ਰਾਹੁਣਾ ਭੁੱਲ ਕਰ ਬੈਠਾ। ਜਦੋਂ ਮਹਾਰਾਣੀ ਦੇ ਖਾਤੇ ਚੋਂ 23 ਲੱਖ ਉੱਡੇ। ਪਹਿਲਾਂ ਤਾਂ ਮੱਥੇ ਤੇ ਹੱਥ ਮਾਰਿਆ, ਫਿਰ ਇਕਦਮ ਘਬਰਾਈ। ਏਨੇ ਨੂੰ ਚੇਤੇ ਆਏ ਪੰਜਾਬ ਪੁਲੀਸ ਦੇ ਲੰਮੇ ਹੱਥ। ਜੋ ਹੁਕਮ ਮੇਰੇ ਆਕਾ, ਫਿਰ ਫਰੋਲ ਦਿੱਤੇ ਠੱਗਾਂ ਦੇ ਪੋਤੜੇ। ਬਨਾਰਸੀ ਪ੍ਰਾਹੁਣਾ ਹੁਣ ਪਟਿਆਲੇ ਬੈਠਾ। ਠੀਕ ਉਸੇ ਜਗ੍ਹਾ ’ਤੇ, ਜਿਥੇ ਕਦੇ ਦਲੇਰ ਮਹਿੰਦੀ ਤਸ਼ਰੀਫ਼ ਲਿਆਏ ਸਨ। ਰਾਂਚੀ ਵਾਲਾ ਹੁਣ ਡਰਦਾ ਰੱਬ ਰੱਬ ਕਰੀ ਜਾਂਦੈ। ਪੰਜਾਬ ਪੁਲੀਸ ਤਾਂ ਰੱਬ ਦੀ ਵੀ ਫੁੱਫੜ ਹੈ, ਉਹਨੂੰ ਏਨਾ ਪਤਾ ਹੁੰਦਾ ਤਾਂ ਮਹਿਲਾਂ ਵੱਲ ਨਾ ਵੇਖਦਾ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਸਭ ਪਤੈ। ਬਠਿੰਡੇ ਅੱਡੇ ’ਚ ਖੜ੍ਹੀ ਬੱਸ ਚੋਂ ਐਲ.ਸੀ.ਡੀ ਚੋਰੀ ਹੋ ਗਈ। ਬੱਸ ਖ਼ਜ਼ਾਨਾ ਮੰਤਰੀ ਦੀ ਸੀ। ਚੋਰ ਇਸ ਤੋਂ ਅਣਜਾਣ ਸੀ। ਬਠਿੰਡਾ ਪੁਲੀਸ ਜਾਣੀ ਜਾਣ। ਤਾਹੀਂ ਦਸ ਘੰਟਿਆਂ ’ਚ ਕਾਬੂ ਕਰ ਲਏ। ਇਵੇਂ ਬਾਲਾਸਰ ਫਾਰਮ ਹਾਊਸ ’ਚ ਚੋਰੀ ਹੋਈ। ਦੋ ਚਾਰ ਗੱਟੇ ਕਿੰਨੂ ਚੋਰੀ ਹੋ ਗਏ। ਪੁਲੀਸ ਨੇ ‘ਗਿੱਟੇ’ ਛਾਂਗ ਦਿੱਤੇ। ਤਰੀਕਾਂ ਭੁਗਤੀ ਜਾਂਦੇ ਨੇ। ਇੱਧਰ, ਗਰੀਬ ਮਾਲੀ ਨੇ ਵੀ ਘੱਟ ਨਹੀਂ ਭੁਗਤੀ। ਜਦੋਂ ਤੋਂ ਮੋਗਾ ਪੁਲੀਸ ਵੇਖੀ ਐ, ਪਹਾੜੇ ਹੀ ਭੁੱਲ ਗਿਐ। ਅਖੇ, ਇੱਕ ਦੂਣੀ ਦੂਣੀ, ਦੋ ਦੂਣੀ ਦਸ ਮੁਰਗੇ। ਮਾਲੀ ਮੁਗਲੂ ਸਿੰਘ ਦੀ ਮਹਿਲਾਂ ਵਾਲੀ ਕਿਸਮਤ ਕਿਥੇ। ਚੋਰਾਂ ਨੇ ਮਾਲੀ ਦੇ ਦਸ ਮੁਰਗੇ ਚੋਰੀ ਕਰ ਲਏ।
                 ਸਮਾਧ ਭਾਈ ਦਾ ਮੁਗਲੂ ਥਾਣੇ ਪੁੱਜਾ। ਪੁਲੀਸ ਪੁੱਜੀ ਨਾ, ਚੋਰ ਪੁੱਜ ਗਏ, ਜਿਨ੍ਹਾਂ ਮਾਲੀ ਦੇ ਪੁੜੇ ਸੇਕ ਦਿੱਤੇ। ਹਸਪਤਾਲ ’ਚੋਂ ਹੁਣੇ ਛੁੱਟੀ ਮਿਲੀ ਐ। ਮੁਖਤਿਆਰ ਇਸ ਗੱਲੋਂ ਪ੍ਰੇਸ਼ਾਨ ਹੈ ਕਿ ਪੁਲੀਸ ਤੋਂ ਜਾਨ ਕਦੋਂ ਛੁੱਟੂ। ਇੱਕੋ ਰਟ ਲਾਈ ਬੈਠਾ, ਆਖਦੈ, ਦੋ ਦੂਣੀ ਚਾਰ ਰੋਟੀਆਂ। ਮੁਖਤਿਆਰ ਸਿਓਂ ਦਾ ਪਿੰਡ ਖੰਬੇ (ਮੋਗਾ) ’ਚ ਪਕੌੜਿਆਂ ਦਾ ਖੋਖਾ ਸੀ। ਖੋਖਾ ਨਾਜਾਇਜ਼ ਜਗ੍ਹਾ ’ਚ ਐ। ਇਹ ਆਖ ਪੁਲੀਸ ਨੇ ਪਹਿਲਾਂ ਖੋਖਾ ਚੁਕਾ ਦਿੱਤਾ। ਫਿਰ ਪੁਲੀਸ ਕੇਸ ਪਾ ਦਿੱਤਾ। ਬਠਿੰਡਾ ਪੁਲੀਸ ਕਦੋਂ ਹੱਥ ਪਾਊ। ਅਮੀਰਾਂ ਦੇ ਸਿਵਲ ਲਾਈਨ ਕਲੱਬ, ਅਫਸਰਾਂ ਦੇ ਡੂਨਜ਼ ਕਲੱਬ ਨੂੰ। ਮੈਜਿਸਟਰੇਟੀ ਜਾਂਚ ਕਈ ਵਰ੍ਹੇ ਪਹਿਲਾਂ ਹੋਈ। ਗੱਲ ਸਾਫ ਹੋਈ ਕਿ ਦੋਵੇਂ ਕਲੱਬ ਬਿਗਾਨੀ ਜਗ੍ਹਾ ’ਤੇ ਬਣੇ ਨੇ। ਲੱਗਦੈ ਪੁਲੀਸ ਦੇ ਲੰਮੇ ਹੱਥ ਸੁੰਗੜ ਗਏ ਨੇ। ਖੋਖੇ ਵਾਲਾ ਐਵੇਂ ਖਿਝੀ ਜਾਂਦੈ। ਭਰਮ ਤਾਂ ਪਰਮਿੰਦਰ ਕਿਤਨਾ ਵੀ ਪਾਲੀ ਬੈਠਾ। ਪੁਲੀਸ ਨੂੰ ਜੋ ਚਿੱਠੀਆਂ ਲਿਖ ਰਿਹੈ। ਗ੍ਰਿਫ਼ਤਾਰ ਕਰੋ ਸੁਖਬੀਰ ਤੇ ਮਜੀਠੀਏ ਨੂੰ, ਸੜਕ ਜਾਮ ਵਾਲੇ ਕੇਸਾਂ ’ਚ। ਪੰਜਾਬ ਪੁਲੀਸ ਏਨੀ ਵਿਹਲੀ ਨਹੀਂ। ਕੋਈ ਕਿਸਾਨ ਬੀਬੀ ਅੰਦਰ ਕਰਾਉਣੀ ਐ, ਤਾਂ ਦੱਸ। ਕੋਈ ਹਵਾਲਾਤ ’ਚ ਗੱਡੀ ਚੜ੍ਹਾਉਣੈ, ਤਾਾਂ ਦੱਸ। ‘ਤੱਕੜੇ ਦਾ ਸੱਤੀ ਵੀਹੀਂ ਸੌ।’ ਗੱਲ ਸੌ ਦੀ ਹੁੰਦੀ ਤਾਂ ਥਾਣੇਦਾਰ ਚੁੱਪ ਵੱਟ ਲੈਂਦਾ। ਮੱਝ ਪੂਰੇ 70 ਹਜ਼ਾਰ ਦੀ ਸੀ। ਚੋਰ ਥਾਣੇਦਾਰ ਦੇ ਘਰੋਂ ਲੈ ਕੇ ਡੰਡੀ ਪਏ। ਗੱਲ ਹੈ ਤਾਂ ਪੁਰਾਣੀ ਪਰ ਦਿਲਚਸਪ ਹੈ।
                ਪਤਾ ਨਹੀਂ ਕਿੰਨੇ ਚੋਰਾਂ ਦੇ ਪੁੜੇ ਸੇਕੇ ਗਏ। ਅਖੀਰ ਚੋਰਾਂ ਨੇ ਪੈਸੇ ਇਕੱਠੇ ਕੀਤੇ। ਮੱਝ ਥਾਣੇਦਾਰ ਦੇ ਕਿੱਲੇ ਤੇ ਬੰਨ੍ਹ ਆਏ। ਛੱਜੂ ਰਾਮ, ਇਸ਼ਾਰੇ ਕਰ ਰਿਹੈ, ਪੁਲੀਸ ਨਾਲ ਮਸਖਰੀ ਮਹਿੰਗੀ ਪਊ। ਗੱਲ ਤਾਂ ਠੀਕ ਐ। ਆਪਾਂ ਹੋਰ ਬੂਹਾ ਖੜਕਾ ਲੈਂਦੇ ਹਾਂ। ਪਹਿਲਾਂ ਪੰਜਾਬ ਦੀ ਸੱਥ ’ਚ ਚੱਲਦੇ ਹਾਂ। ਬਾਬੇ ਪੁੱਛ ਰਹੇ ਨੇ, ਬੁਢਾਪਾ ਪੈਨਸ਼ਨ ਕਦੋਂ ਵਧੂ। ਏਹ ਤਾਂ ਪਤਾ ਨਹੀਂ ਬਜ਼ੁਰਗੋ। ਬੱਸ ਏਨਾ ਕੁ ਪਤੈ, ਸੰਨ 1995 ’ਚ ਬੁਢਾਪਾ ਪੈਨਸ਼ਨ 200 ਰੁਪਏ ਸੀ। ਸਾਬਕਾ ਵਿਧਾਇਕਾਂ ਦੀ ਪੈਨਸ਼ਨ 500 ਰੁਪਏ। ਬਜ਼ੁਰਗੋ, ਥੋਡੀ ਪੈਨਸ਼ਨ ਵਧੀ ਹੁਣ ਤੱਕ ਸਾਢੇ ਤਿੰਨ ਗੁਣਾ। ਸਾਬਕਾ ਵਿਧਾਇਕਾਂ ਦੀ ਪੈਨਸ਼ਨ 150 ਗੁਣਾ ਜੋ ਹੁਣ 75 ਹਜ਼ਾਰ ਰੁਪਏ ਮਹੀਨਾ ਹੈ। ਬਾਬਿਓ ਕਾਹਲੇ ਨਾ ਪਓ, ਕੈਪਟਨ ਸਾਹਿਬ ਨੂੰ ਬਹੁਤ ਫਿਕਰ ਹੈ ਥੋਡਾ। ਆ ਵਿਧਾਨ ਸਭਾ ਸੈਸ਼ਨ ’ਚ ਵਿਧਾਇਕਾਂ ਦੇ ਆਮਦਨ ਕਰ ਦਾ ਫੈਸਲਾ ਨਿਬੇੜ ਲਿਐ। ਹੁਣ ਲੱਗਦੈ, ਮੁੱਖ ਮੰਤਰੀ ਦੇ ਛੇ ਸਲਾਹਕਾਰ, ਤਿੰਨ ਸਿਆਸੀ ਸਕੱਤਰ ਅਤੇ 10 ਓ.ਐਸ.ਡੀ ਥੋਡੀ ਪੈਨਸ਼ਨ ਦਾ ਹੱਲ ਕੱਢਣਗੇ। ਹਾਲੇ ਉਹ ‘ਘਰ ਘਰ ਨੌਕਰੀ’ ਵਾਲੇ ਪੱਤਰਾਂ ’ਚ ਵੀ ਉਲਝੇ ਹੋਏ ਨੇ। ਕਿਸੇ ਨੂੰ ਵਿਹਲ ਮਿਲੇ ਤਾਂ ਮਾਨਸਾ ਦੇ ਪਿੰਡ ਚੱਕ ਭਾਈਕੇ ਦਾ ਗੇੜਾ ਮਾਰਨਾ। ਮਜ਼ਦੂਰ ਗੱਗੀ ਨੇ ‘ਇੱਕ ਸਾਹ ਮੇਰਾ, ਇੱਕ ਸਾਹ ਤੇਰਾ’ ਦਾ ਸਬੂਤ ਦਿੱਤੈ। ਖੁਦ ਦਿਹਾੜੀਆਂ ਕੀਤੀਆਂ, ਭਰਾ ਜਗਸੀਰ ਨੂੰ ਪੜ੍ਹਾਇਆ।
               ਗੱਗੀ ਨੇ ਵਿਆਹ ਨਾ ਕਰਾਇਆ ਤਾਂ ਜੋ ਜਗਸੀਰ ਤਣ ਪੱਤਣ ਲੱਗ ਜਾਏ। ਕੁਦਰਤ ਨੇ ਅਪਾਹਜ ਜਗਸੀਰ ਦੀ ਲਾਜ ਤਾਂ ਨਹੀਂ ਰੱਖੀ। ਜਗਸੀਰ ਦਿਨ ਰਾਤ ਜਾਗਿਆ, ਭਰਾ ਦੀ ਲਾਜ ਰੱਖਣ ਲਈ। ਐਮ.ਏ,ਬੀ.ਐਡ ਸਭ ਕੁਝ ਕੀਤਾ। ਟੈੱਟ ਵੀ ਤੇ ਨੈੱਟ ਵੀ। ਉਸ ਦੇ ਬੂਹੇ ਨੌਕਰੀ ਤਾਂ ਪੁੱਜੀ ਨਹੀਂ, ਮੌਤ ਪੁੱਜ ਗਈ। ਫਾਹਾ ਲੈ ਸਰਕਾਰ ਦਾ ਫਿਕਰ ਮੁਕਾ ਗਿਆ। ਤਿੰਨ ਭੈਣਾਂ, ਐਤਕੀਂ ਜਗਸੀਰ ਦੀ ਤਸਵੀਰ ’ਤੇ ਰੱਖੜੀ ਬੰਨ੍ਹਣਗੀਆਂ। ਬੇਕਾਰੀ ਦੀ ਮਰਜ਼ ਦਾ ਇਲਾਜ ਕੌਣ ਕਰੂ। ਸਰਕਾਰੀ ਹਸਪਤਾਲਾਂ ’ਚ ਹੁਣ ਕੱਫ਼ਣ ਮੁਫ਼ਤ ਮਿਲੂ, ਮੈਨੂੰ ਤਾਂ ਏਨਾ ਕੁ ਪਤੈ। ਇਲਾਜ ਦੀ ਕੋਈ ਗਾਰੰਟੀ ਨਹੀਂ। ਤਾਹੀਓ ਤਾਂ ਅਰੁਣ ਜੇਤਲੀ ਤੇ ਸੋਨੀਆ ਗਾਂਧੀ ਅਮਰੀਕਾ ਜਾਂਦੇ ਨੇ। ਇਲਾਜ ਦਾ ਫਿਕਰ ਉਹ ਕਰਨ, ਜਿਨ੍ਹਾਂ ਦੇ ਦੋ ਦੂਣੀ ਚਾਰ ਨੇ, ਦੋ ਦੂਣੀ ਪੰਜ ਵਾਲਿਆਂ ਨੂੰ ਕੀ ਘਾਟੈ। ਕਹਾਵਤ ਐਵੇਂ ਨਹੀਂ ਬਣੀ, ‘ਦੌਲਤ ਹੈ ਮੇਹਰਬਾਨ ਤਾਂ ਗਧਾ ਵੀ ਪਹਿਲਵਾਨ’। ਗਰੀਬ ਬੰਦੇ ਦੀ ਜੂਨ ਤਾਂ ਗਧੇ ਤੋਂ ਵੀ ਭੈੜੀ ਐ। ਮਰ ਕੇ ਮਿੱਟੀ ਨਸੀਬ ਨਹੀਂ ਹੁੰਦੀ। ਸੰਘਰਸ਼ੀ ਇਕੱਠਾਂ ’ਚ ਇਕੱਲੇ ਲੋਕ ਨਹੀਂ, ਸੜਕਾਂ ’ਤੇ ਲਾਸ਼ਾਂ ਵੀ ਰੁਲਦੀਆਂ ਨੇ। ਕੇਵਲ ਨਿਆਂ ਲੈਣ ਲਈ। ਹਸਪਤਾਲਾਂ ’ਚ ਫਰੀਜ਼ਰ ਇੱਕ ਇੱਕ ਹੁੰਦੈ, ਮ੍ਰਿਤਕ ਦੇਹਾਂ ਤਿੰਨ ਤਿੰਨ। ਤੁਸੀਂ ਆਪ ਹੀ ਸਿਆਣੇ ਹੋ। ਗਰੀਬ ਨੂੰ ਤਾਂ ਲੋੜਾਂ ’ਤੇ ਥੁੜਾਂ ਹੀ ਸਾਹ ਨਹੀਂ ਲੈਣ ਦਿੰਦੀਆਂ।
             ਪੰਜਾਬੀਓ! ਐਵੇਂ ਢਹਿੰਦੀ ਕਲਾ ’ਚ ਨਾ ਰਿਹਾ ਕਰੋ। ਦੋ ਪਈਆਂ ਵਿਸਰ ਗਈਆਂ.. ਢੂਹੀ ਝਾੜੀ ਤੇ ਕੰਮ ਤੇ ਲੱਗੇ। ਹਕੂਮਤਾਂ ਦੀ ਸੋਚ ਵੀ ਵੱਡੀ ਤੇ ਕੰਮ ਵੀ ਵੱਡੇ ਹੁੰਦੇ ਨੇ। ਆਹ ਧਾਰਾ 370 ਵਾਲਾ ਕੰਮ ਕੋਈ ਛੋਟਾ ਸੀ। ਕੇਂਦਰ ਵਾਲੀ ਜੋੜੀ ’ਤੇ ਨਾ ਸੜੋ, ਬੱਸ ਧਰਵਾਸ ਕਰੋ ਤੇ ਦਿਲ ਵੱਡਾ ਕਰੋ। ਦਿਲ ਨਾ ਟਿਕੇ ਤਾਂ ਜਗਸੀਰ ਜੀਦੇ ਦੀ ਨਵੀਂ ਬੋਲੀ ਸੁਣ ਲੈਣਾ, ‘ਤੈਨੂੰ ਧੱਕੇ ਨਾਲ ਵਸਾਉਣਾ ਘਰ ਆਪਣੇ, ਜੰਮੂ ਕਸ਼ਮੀਰ ਦੀ ਤਰ੍ਹਾਂ।’ ਪੰਜਾਬ ਦੇ ਦਿਲ ਨੂੰ ਐਵੇਂ ਡੋਬੂ ਪਈ ਜਾਂਦੇ ਨੇ । ਕੁਝ ਨੀ ਹੋਣ ਲੱਗਾ, ਹਾਲੇ ਤੇਲ ਦੇਖੋ ਤੇਲ ਦੀ ਧਾਰ ਵੇਖੋ। ਅਕਾਲੀ ਦਲ ਦਾ ਕੀ ਸਟੈਂਡ ਐ, ਉਧਰ ਕਾਹਤੋਂ ਵੇਖਦੇ ਹੋ।
            ਅਖੀਰ ’ਚ ਅਚਾਰੀਆ ਰਜਨੀਸ਼ ਦੀ ਕਹਾਣੀ। ਇੱਕ ਜਾਦੂਗਰ ਭੇਡਾਂ ਪਾਲਣ ਦਾ ਸ਼ੌਕੀਨ ਸੀ ਤੇ ਭੇਡਾਂ ਖਾਣ ਦਾ ਵੀ। ਜਦੋਂ ਇੱਕ ਭੇਡ ਕੱਟਦਾ, ਦੂਜੀਆਂ ਭੱਜ ਜਾਂਦੀਆਂ। ਹੱਲ ਲਈ ਜਾਦੂਗਰ ਨੇ ਇੱਕ ਤਰਕੀਬ ਖੋਜੀ। ਸਭ ਭੇਡਾਂ ਨੂੰ ਸੰਮੋਹਿਤ ਕਰਕੇ ਸਮਝਾ ਦਿੱਤਾ। ਤੁਸੀਂ ਭੇਡਾਂ ਨਹੀਂ ਹੋ, ਜੋ ਕੱਟੀਆਂ ਜਾਂਦੀਆਂ ਨੇ ,ਉਹ ਭੇਡਾਂ ਹਨ, ਬਾਕੀ ਤੁਸੀਂ ਤਾਂ ਸ਼ੇਰ ਹੋ, ਚੀਤੇ ਹੋ ਤੇ ਇਨਸਾਨ ਵੀ। ਸੰਮੋਹਿਤ ਭੇਡਾਂ ਨੇ ਮੰਨ ਲਿਆ, ਜਾਦੂਗਰ ਦਾ ਕੰਮ ਸੌਖਾ ਹੋ ਗਿਆ। ਜਦੋਂ ਇੱਕ ਭੇਡ ਕੱਟੀ ਜਾ ਰਹੀ ਹੁੰਦੀ ਤਾਂ ਦੂਜੀਆਂ ਭੇਡਾਂ ਚਾਂਬੜਾਂ ਪਾਉਂਦੀਆਂ ਕਿ ਵਿਚਾਰੀ ਭੇਡ ਐ, ਜੋ ਕੱਟੀ ਜਾ ਰਹੀ ਹੈ, ਅਸੀਂ ਤਾਂ ਸ਼ੇਰ ਹਾਂ, ਇਨਸਾਨ ਹਾਂ, ਸਾਨੂੰ ਕੌਣ ਹੱਥ ਪਾਊ। ਜੋ ਭੇਡ ਕੱਟੀ ਜਾ ਰਹੀ ਸੀ, ਉਹੋ ਵੀ ਕੱਲ ਤੱਕ ਇਹੋ ਸੋਚ ਰਹੀ ਸੀ। ਸ਼ੇਰ ਹਾਂ, ਚੀਤਾ ਹਾਂ, ਕੌਣ ਨੇੜੇ ਲੱਗੂ। ਛੱਜੂ ਰਾਮ, ਮਨ ਸਮਝਾ ਰਿਹੈ, ‘ਸੂਰਜ ਇਕੱਲਾ ਚੜ੍ਹਦਾ ਨਾ ਵੇਖੋ, ਸ਼ਾਮ ਢਲਦੀ ਵੀ ਵੇਖਿਓ।’
   

Sunday, August 4, 2019

                           ਵਿਚਲੀ ਗੱਲ        
            ਲਾਹੌਰ ਤਾਂ ਐਵੇਂ ਬਦਨਾਮ ਐ…
                           ਚਰਨਜੀਤ ਭੁੱਲਰ
ਬਠਿੰਡਾ : ਪਿਆਰੇ ਗੋਇਬਲਜ਼ ਤੇਰੀ ਸੋਚ ’ਤੇ । ਪਹਿਰਾ ਦਿਆਂਗੇ, ਬਿਨਾਂ ਕੁਝ ਸੋਚੇ। ਫਿਰ ਨਾ ਦਿਨ ਦੇਖਾਂਗੇ ਤੇ ਨਾ ਹੀ ਰਾਤ। ਵਾਰੇ ਵਾਰੇ ਜਾਣ ਨੂੰ ਦਿਲ ਕਰਦਾ ਤੇਰੇ ਤੋਂ। ਡਰਾਂਗੇ ਨਹੀਂ, ਝੁਕਾਂਗੇ ਨਹੀਂ, ਲੜਾਂਗੇ ਤੇਰੀ ਸੋਚ ਲਈ। ਪੂਰਾ ਨਾਮ ‘ਪਾਲ ਜੋਸਫ ਗੋਇਬਲਜ਼’। ਹਿਟਲਰ ਵਜ਼ਾਰਤ ’ਚ ਪ੍ਰਚਾਰ ਮੰਤਰੀ ਸੀ। ਨਵਾਂ ਸਿਧਾਂਤ ਦਿੱਤਾ ਜਰਮਨ ਦੇ ਗੋਇਬਲਜ਼ ਨੇ। ‘ਵੱਡੇ ਤੋਂ ਵੱਡਾ ਝੂਠ ਬੋਲੋ, ਪੂਰੇ ਜ਼ੋਰ ਨਾਲ ਬੋਲੋ, ਵਾਰ ਵਾਰ ਬੋਲੋ, ਫਿਰ ਦੇਖਣਾ, ਦੁਨੀਆਂ ਸਹਿਜੇ ਸਹਿਜੇ ਸੱਚ ਮੰਨੇਗੀ।’ ਸਿਰਫ਼ 47 ਵਰ੍ਹੇ ਦੀ ਉਮਰ ਭੋਗੀ। ‘ਗੋਇਬਲਜ਼ ਫੰਡਾ’ ਅੱਜ ਵੀ ਅਮਰ ਹੈ। ਪਿਆਰੇ ਗੋਇਬਲਜ਼, ਆਪਣੇ ਵਾਰਸਾਂ ਤੇ ਮਾਣ ਕਰ, ਜੋ ਆਖ ਰਹੇ ਨੇ ‘ਸੌ ਜਨਮ ਤੇਰੇ ਤੋਂ ਵਾਰਾਂ’। ਨਰਿੰਦਰ ਮੋਦੀ ਸਵਾ ਕੁ ਸਾਲ ਪਹਿਲਾਂ ਜਰਮਨ ਗਏ। ਏਨਾ ਨਿੱਘਾ ਸਵਾਗਤ ਹੋਇਆ, ਗਦ ਗਦ ਹੋ ਉੱਠੇ। ਜਰਮਨੀ ਤੋਂ ਮੁੜੇ, ਆਉਂਦੇ ਚੋਣਾਂ ਦੀ ਤਿਆਰੀ ਵਿੱਢ ਦਿੱਤੀ। ਮੋਦੀ ਚਾਰ ਸਾਲ ਛੋਟੇ ਨੇ ਡੋਨਾਲਡ ਟਰੰਪ ਤੋਂ। ਕਿਤੇ ਗੋਇਬਲਜ਼ ਜਿਉਂਦਾ ਹੁੰਦਾ, ਵੱਡਾ ਥਾਪੜਾ ਟਰੰਪ ਨੂੰ ਦਿੰਦਾ। ਮਾਣ ਮੋਦੀ ’ਤੇ ਵੀ ਕਰਦਾ, ਨਾਲੇ ਆਖਦਾ, ‘ਕਾਕਾ, ਤੈਨੂੰ ਮਿਹਨਤ ਕਰਨੀ ਪਊ।’ ‘ਵਾਸ਼ਿੰਗਟਨ ਪੋਸਟ’ ਵਾਲੇ ਕਿਥੇ ਦੱਬਦੇ ਨੇ। ਜੋ ਹੁਣੇ ਬੋਲੇ ਨੇ ਕਿ ਟਰੰਪ ਨਿੱਤ 12 ਤੋਂ ਵੱਧ ਝੂਠ ਬੋਲਦੈ। ਕੁੱਲ ਝੂਠ 10,796 ਬੋਲੇ ਨੇ। ‘ਖੁਸ਼ ਕੀਤਾ ਏ ਪੁੱਤਰਾ’ ਗੋਇਬਲਜ਼ ਨੇ ਆਸ਼ੀਰਵਾਦ ਪ੍ਰਲੋਕ ’ਚੋਂ ਭੇਜਿਆ ਹੋਊ। ਖੈਰ, ਇਮਰਾਨ ਤਾਂ ਹਾਲੇ ਬੱਚਾ ਹੈ। ਉਹਦੇ ਵਡੇਰੇ ਭੁੱਲੇ ਨਹੀਂ, ਲਾਹੌਰ ਰੇਡੀਓ ਸਟੇਸ਼ਨ ਨੂੰ, ਜੋ ਜੰਗੀ ਦਿਨਾਂ ‘ਚ ‘ਟਰੰਪ’ ਨੂੰ ਵੀ ਮਾਤ ਪਾਉਂਦਾ ਸੀ।
                   ਪੁਰਾਣੀ ਛੱਡੋ, ਨਵੀਂ ਸੁਣੋ। ਕਸ਼ਮੀਰ ਮੁੱਦੇ ’ਤੇ ਪਹਿਲਾਂ ਟਰੰਪ ਬੋਲੇ, ‘ਵਿਚੋਲਾ ਬਣਨ ਨੂੰ ਕਹਿੰਦਾ ਸੀ ਮੋਦੀ’। ਰਾਜ ਨਾਥ ਆਖਣ ਲੱਗੇ, ਝੂਠ ਬੋਲਦੈ ਟਰੰਪ। ਲੋਕ ਸ਼ਸ਼ੋਪੰਜ ’ਚ ਪੈ ਗਏ। ਕਿਸ ’ਤੇ ਯਕੀਨ ਕਰੀਏ, ਚੇਲੇ ਦੋਵੇਂ ਜਰਮਨੀ ਵਾਲੇ ਦੇ ਨੇ। ਹੁਣ ਟਰੰਪ ਮੁੜ ਬੋਲਿਐ, ਅਖੇ ‘ਮੋਦੀ ਕਹੇ ਤਾਂ ਵਿਚੋਲਾ ਬਣਜੂੰ’। ਬਾਕੀ ਤਾਂ ਪਤਾ ਨਹੀਂ। ਪੰਜਾਬ ’ਚ ਵਿਚੋਲੇ ਵਾਧੂ ਨੇ। ਅਪਾਹਜਾਂ ਨੂੰ ਵੀ ਵਿਆਹ ਦਿੰਦੇ ਨੇ। ਕਿਤੇ ਵਿਚੋਲੇ ਨੂੰ ਛਾਪ ਪੈਂਦੀ ਐ ਤੇ ਕਿਤੇ ਛਿੱਤਰ। ਮੰਡੀ ਕਲਾਂ ਵਾਲਾ ਦੀਪਾ ਵਿਚੋਲਾ ਕਹਿੰਦਾ, ‘ਅੜੇ ਗੱਡੇ ਕੱਢ ਦਿੰਦੇ ਹਾਂ’। ਕਾਂਗਰਸੀ ਗੱਡਾ ਚਿੱਕੜ ‘ਚ ਫਸਿਐ, ਉਹਨੂੰ ਕੌਣ ਕੱਢੂ। ਰਾਹੁਲ ਧੂੜ ’ਚ ਟੱਟੂ ਭਜਾਈ ਫਿਰਿਐ। ‘ਇੰਜ ਲੱਗਦੈ ਜਿਵੇਂ ਸਭ ਨੇ ਗੋਇਬਲਜ਼ ਦਾ ਜੂਠਾ ਖਾਂਦਾ ਹੋਵੇ।’ ਸਿਆਸਤ ’ਚ ਝੂਠ ਦੀ ਖੈਅ ਹੈ। ਜੋ ਵੱਧ ਬੋਲਦੈ, ਉਹ ਰਾਜ ਭੋਗਦੈ। ਗੱਲ ਸੱਚੀ ਕਰਦੈ ਛੱਜੂ ਰਾਮ। ਤਾਹੀਂ ਸਿਰ ਹਿਲਾ ਕੇ ਬੋਲਿਐ ‘ਹਰਸਿਮਰਤ ਤਾਂ ਕੇਰਾਂ ਜਰਮਨ ਗਈ ਸੀ, ਸੁਖਬੀਰ ਦਾ ਪਤਾ ਨਹੀਂ।’ ਛੱਜੂ ਰਾਮਾ! ਅਮਰਿੰਦਰ ਦੀ ਪੱਤਰੀ ਵੀ ਖੋਲ੍ਹ। ਮਹਾਰਾਜਾ ਭੁਪਿੰਦਰ ਸਿੰਘ ਗਿਆ ਸੀ। ਹਿਟਲਰ ਨੇ ਉਦੋਂ ਤੋਹਫਾ ਦਿੱਤਾ ਸੀ। ਖੈਰ, ਅੱਜ-ਕੱਲ੍ਹ ‘ਜੈ ਸ੍ਰੀ ਰਾਮ’ ਅਖਾਉਣ ਲਈ ਜੋ ‘ਤੋਹਫੇ’ ਦਿੱਤੇ ਜਾ ਰਹੇ ਨੇ, ਰਹੇ ਰੱਬ ਦਾ ਨਾਮ। ਰੂਹ ਹਿਟਲਰ ਦੀ ਵੀ ਕੰਬੀ ਹੋਊ। ਚੋਣਾਂ ਵੇਲੇ ਲੋਕਾਂ ਦੀ ਜਾਨ ਮੁੱਠੀ ’ਚ ਆਉਂਦੀ ਹੈ। ਲੀਡਰ ਬਾਘੀਆਂ ਪਾਉਂਦੇ ਨੇ। ‘ਝੂਠ ਬੋਲੇ ਕਊਆ ਕਾਟੇ’। ਭੋਲੀਆਂ ਗੱਲ ਕਰਦੇ ਹੋ। ਖ਼ਤਰਾ ਤਾਂ ਸੱਪਾਂ ਨੂੰ ਵੀ ਹੋਇਐ। ਕਿਤੇ ਖੁੱਡਾਂ ’ਚ ਜ਼ਹਿਰ ਨਾ ਭਰ ਜਾਏ।
                  ‘ਸਜਨ ਰੇ ਝੂਠ ਮਤ ਬੋਲੋ, ਖੁਦਾ ਕੇ ਪਾਸ ਜਾਨਾ ਹੈ।’ ਗਾਣਾ ਪੁਰਾਣਾ ਹੈ ਪਰ ਗੱਲ ਦੋ ਸਾਲ ਪਹਿਲਾਂ ਦੀ ਹੈ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਆਏ, ਕੋਈ ਝੂਠ ਬੋਲ ਗਏ। ਕੈਨੇਡਾ ਮੁੜੇ, ਦੋਵੇਂ ਹੱਥ ਜੋੜ ਮੁਆਫ਼ੀ ਮੰਗੀ, ਸੰਸਦ ਦੇ ਅੰਦਰ ਤੇ ਬਾਹਰ ਵੀ। ਇੱਧਰ, ਸਾਡੇ ਆਲੇ ਏਨੇ ਢੀਠ ਨੇ, ਮਰਦੇ ਮਰ ਜਾਣਗੇ, ਮੁਆਫ਼ੀ ਨ੍ਹੀਂ ਮੰਗਦੇ। ਜਦੋਂ ਤੋਂ ਕੇਜਰੀਵਾਲ ਨੇ ਮਜੀਠੀਏ ਤੋਂ ਮੁਆਫ਼ੀ ਮੰਗੀ ਐ, ਉਦੋਂ ਤੋਂ ਪੰਜਾਬ ’ਚ ਸਿਆਸੀ ਤੌਰ ‘ਤੇ ਮਰ ਗਿਐ। ਕੋਈ ਆਖਦੈ, ਝੂਠ ਦੇ ਪੈਰ ਨਹੀਂ ਹੁੰਦੇ। ਕੋਈ ਆਖਦੈ, ਝੂਠ ਦੀ ਉਮਰ ਲੰਬੀ ਨਹੀਂ ਹੁੰਦੀ। ਕੁਝ ਮਰਜ਼ੀ ਆਖੀ ਜਾਓ, ਸਾਡੇ ਆਲੇ ਤਾਂ ਭੱਜੇ ਫਿਰਦੇ ਨੇ। ਅਮਰੀਕਨ ਯੂਨੀਵਰਸਿਟੀ ਦੀ ਖੋਜ ਦਾ ਨਤੀਜਾ ਦੇਖੋ, ‘ਸੱਚ ਬੋਲਣ ਵਾਲੇ ਕਦੇ ਬਿਮਾਰ ਨਹੀਂ ਹੁੰਦੇ।’ ਗੱਲ ਸੱਚੀ ਲੱਗਦੀ ਐ, ਸਾਡੇ ਤਾਂ ਕਿੰਨੇ ਨੇਤਾ ਅਮਰੀਕਾ ਤੋਂ ਇਲਾਜ ਕਰਾ ਕੇ ਆਏ ਨੇ। ਅਮਰੀਕਾ ਦੇ ਜੌਹਨ ਏ ਲਾਰਸਨ ਨੇ 1921 ਵਿਚ ‘ਝੂਠ ਫੜਨ ਵਾਲੀ ਮਸ਼ੀਨ’ (ਲਾਈ ਡਿਟੈਕਟਰ) ਬਣਾਈ। ਪਿਛੇ ਜਿਹੇ ਸੁਖਬੀਰ ਬਾਦਲ ਕਹਿੰਦਾ, ‘ਟਾਈਟਲਰ ਦਾ ਮਸ਼ੀਨ ‘ਤੇ ਟੈਸਟ ਕਰਾਓ’। ਪਤਾ ਲੱਗਾ ਕਿ ਦਿੱਲੀ ’ਚ ਇਹ ਮਸ਼ੀਨ ਹੀ ਜਾਮ ਹੋਈ ਪਈ ਹੈ। ਪਤੰਦਰੋਂ, ਤੁਸੀਂ ਤਾਂ ਮਸ਼ੀਨ ਹੀ ਫੇਲ੍ਹ ਕਰ ’ਤੀ।
                  ਝੂਠ ਦਾ ਬੋਲਬਾਲਾ ਵਧਿਐ। ਲੋੜ ਤਾਂ ਹੁਣ ‘ਸੱਚ ਫੜਨ ਵਾਲੀ ਮਸ਼ੀਨ’ ਦੀ ਪੈਣੀ ਹੈ। ਝੂਠ ਬੋਲਣਾ ਵੀ ਕਲਾ ਹੈ। ਵੱਡੇ ਬਾਦਲ ਦਾ ਤਾਂ ਪਤਾ ਨਹੀਂ। ਛੋਟੇ ਬਾਦਲ ਜਦੋਂ ਬੋਲਦੇ ਨੇ, ਫੜੇ ਜਾਂਦੇ ਨੇ। ਕਾਂਗਰਸ ਦਾ ‘ਮਿਰਜ਼ਾ ਗਾਲਿਬ’ ਹੱਥ ਨ੍ਹੀਂ ਪੈਣ ਦਿੰਦਾ। ਨੇੜਲੇ ਆਖਦੇ ਨੇ , ਸੁਖਬੀਰ ਦਿਲ ਦਾ ਮਾੜਾ ਨਹੀਂ। ਤਾਏ ਦੇ ਮੁੰਡੇ ਦਾ ਪਤਾ ਨਹੀਂ। ਫਿਰ ਤੁਰਾਂਗੇ ਅੱਗੇ, ਪਹਿਲਾਂ ਪੰਡਿਤ ਵਾਲੀ ਸੁਣੋ। ਪੰਡਿਤ ਦੀ ਤਪੱਸਿਆ ਤੋਂ ਦੇਵਤਾ ਖੁਸ਼ ਹੋਇਆ। ਸੰਖ ਦੇ ਦਿੱਤਾ, ਪੰਡਿਤ ਜੋ ਸੰਖ ਤੋਂ ਮੰਗੇ, ਸੰਖ ਹਾਜ਼ਰ ਕਰ ਦੇਵੇ। ਰਾਜੇ ਨੂੰ ਜਦੋਂ ਪਤਾ ਲੱਗਾ, ਰਾਜੇ ਨੇ ਪੰਡਿਤ ਤੋਂ ਸੰਖ ਲੈ ਲਿਆ। ਖਾਲੀ ਹੱਥ ਪੰਡਿਤ ਮੁੜ ਤਪੱਸਿਆ ‘ਤੇ ਬੈਠ ਗਿਆ। ਦੇਵਤੇ ਨੇ ਇੱਕ ਹੋਰ ਸੰਖ ਦੇ ਦਿੱਤਾ। ਪੰਡਿਤ ਬੋਲੇ, ਸੰਖ ਜੀ, ਇੱਕ ਘਰ ਬਣਾਓ, ਸੰਖ ਬੋਲਿਐ, ਇੱਕ ਕਿਉਂ, ਦੋ ਬਣਾਵਾਂਗੇ। ਚਲੋ ਬਣਾਓ ਤਾਂ ਸੰਖ ਬੋਲਿਆ, ਮੇਰੇ ਆਕਾ, ਦੋ ਕਿਉਂ ਤਿੰਨ ਬਣਾਵਾਂਗੇ। ਗੱਲੀਬਾਤੀਂ ਸਾਰੀ ਜਾਵੇ, ਕਰੇ ਕੁਝ ਨਾ। ਦੇਵਤਾ ਪ੍ਰਗਟ ਹੋਇਆ, ਪੰਡਿਤ ਜੀ, ਏਹ ਗਪੌੜ ਸੰਖ ਹੈ। ਅਕਾਲੀ ਆਖਦੇ ਨੇ ਕਿ ‘ਗਪੌੜ ਸੰਖ ਪੁਰਸਕਾਰ’ ਦੀ ਹੱਕਦਾਰ ਅਮਰਿੰਦਰ ਸਰਕਾਰ ਹੈ। ਚੇਤੇ ਹੋਊ, ਇੱਕ ਵਾਰੀ ਸੁਖਬੀਰ ਨੇ ਚੰਨ ’ਤੇ ਰੈਲੀ ਕਰਨ ਦੀ ਗੱਲ ਆਖੀ ਸੀ।
                  ਚੰਦਰਯਾਨ-2 ਚੰਦ ’ਤੇ ਪੁੱਜਣ ਵਾਲੈ। ਪ੍ਰੇਮੀ ਬੜੇ ਖੁਸ਼ ਨੇ, ਅਖੇ ਹੁਣ ਤੋੜ ਕੇ ਲਿਆਵਾਂਗੇ ਚੰਨ ਤੋਂ ਤਾਰੇ। ਜੇਹੋ ਜੇਹੀ ਕੋਕੋ..! ਲੀਡਰਾਂ ਨੂੰ ਦੇਖ ਕੇ ਖਰਬੂਜ਼ੇ ਵੀ ਰੰਗ ਫੜ ਗਏ। ਸਿਆਸਤ ਕੀ, ਸਭ ਪਾਸੇ ਝੂਠ ਚੌਧਰੀ ਹੈ। ਅਫ਼ਸਰ ਆਖਦੇ ਨੇ, ਸੱਚ ਬੋਲ ਕੇ ਮਰਨੈ। ਤਾਹੀਂ ਪਤੀ ਦੇਵ ਬੀਵੀ ਦੀ ਸਿਫਤ ਕਰਦੇ ਨੇ। ਸ਼ੀਸ਼ਾ ਝੂਠ ਨਹੀਂ ਬੋਲਦਾ, ਉਹਨੂੰ ਕਿਹੜਾ ਕੋਈ ਡਰ ਐ। ਲੀਡਰ ਕਦੇ ਨ੍ਹੀਂ ਡਰਦੇ। ਬਠਿੰਡਾ ਚੋਣ ’ਚ ਵੱਡੇ ਬਾਦਲ ਨੇ ਐਲਾਨਿਆ ‘ਛੋਟਾ ਰਾਜਾ ਵੱਡਾ ਗੱਪੀ ਐ।’ ਗੱਲ ਠੀਕ ਵੀ ਐ। ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਹੁਣ ਕਦੇ ਬਠਿੰਡੇ ਨਹੀਂ ਦੇਖੇ। ਗੱਲ ਅੱਗੇ ਤੋਰੀਏ, ਮਸ਼ਹੂਰ ਰਿਹੈ ਕਿ ਸਿੱਖ ਕਦੇ ਝੂਠ ਨਹੀਂ ਬੋਲਦੇ। ਹੁਣ ਮੈਂ ਕੀ ਆਖਾਂ। ਬਾਬੇ ਨਾਨਕ ਦਾ 550 ਸਾਲਾ ਵੀ ਮਨਾਈ ਜਾਂਦੇ ਨੇ, ਆਦਤੋਂ ਫਿਰ ਬਾਜ਼ ਨਹੀਂ ਆਉਂਦੇ। ਜਸਵੰਤ ਸਿੰਘ ਕੰਵਲ ਨੇ 1944 ‘ਚ ਪਹਿਲਾ ਨਾਵਲ ਲਿਖਿਆ ‘ਸੱਚ ਨੂੰ ਫਾਂਸੀ’। ਕੋਈ ਸ਼ੱਕ ਨਹੀਂ। ਸੱਚ ਨੂੰ ਸੂਲੀ ਵੀ ਚੜ੍ਹਨਾ ਪੈਂਦੇ। ਜ਼ਹਿਰ ਪਿਆਲਾ ਵੀ ਪੀਣਾ ਪੈਂਦਾ। ਬੰਦ ਬੰਦ ਵੀ ਕਟਾਉਣੇ ਪੈਂਦੇ ਨੇ। ਨੀਹਾਂ ’ਚ ਵੀ ਸੱਚ ਚਿਣਿਆ ਜਾਂਦੈ। ਮੰਜ਼ਿਲ ਉਨ੍ਹਾਂ ਨੂੰ ਨਸੀਬ ਹੁੰਦੀ ਹੈ, ਜੋ ਸੱਚ ਪੱਲੇ ਬੰਨ੍ਹ ਤੁਰਦੇ ਨੇ।
                 ਏਸ਼ੀਆ ਦਾ ਸਭ ਤੋਂ ਵੱਡਾ ‘ਰੇਮਨ ਮੈਗਸੇਸੇ’ ਪੁਰਸਕਾਰ। ਰਵੀਸ਼ ਕੁਮਾਰ ਦੀ ਝੋਲੀ ਪਿਐ, ਸਲਾਮ ਐ ਉਸ ਦੇ ਸਿਦਕ ਤੇ ਸਿਰੜ ਨੂੰ। ਸੱਚੀ-ਸੁੱਚੀ ਪੱਤਰਕਾਰੀ ਦਾ ਸੀਨਾ ਪੂਰੇ 56 ਇੰਚ ਦਾ ਹੋ ਗਿਆ ਹੈ। ਦੋਸਤੋ, ਜਿਊਣਾ ਝੂਠ ਤੇ ਮਰਨਾ ਸੱਚ ਹੈ। ਨਾ ਪਾਓ ਜ਼ਮੀਰਾਂ ’ਤੇ ਭਾਰ। ਕੋਈ ਸਹੁੰ ਖਾਣ ਜੋਗਾ ਨੇਤਾ ਵੀ ਨਹੀਂ ਬਚਿਆ। ਆਮਿਰ ਖਾਨ ਨੇ ਇੱਕ ਪ੍ਰੋਗਰਾਮ ‘ਸਤਯਮੇਵ ਜਯਤੇ’ ਚਲਾਇਆ ਸੀ। ਦੇਖਿਆ ਹੈ ਤਾਂ ਗੱਲ ਪੱਲੇ ਬੰਨ੍ਹੋ, ਜੈ ਸਦਾ ਸੱਚ ਦੀ ਹੁੰਦੀ ਹੈ। ਝੂਠ ਵਕਤੀ ਘੋੜਾ ਹੈ, ਸੱਚ ਲੰਮੀ ਰੇਸ ਦਾ।