Sunday, August 25, 2019

                              ਵਿਚਲੀ ਗੱਲ                     
              ਮਾੜੇ ਦਾ ਕੀ ਜ਼ੋਰ ਮੁਹੰਮਦਾ..!
                             ਚਰਨਜੀਤ ਭੁੱਲਰ
ਬਠਿੰਡਾ : ਹੁਣੇ ਲੰਘਿਆ ‘ਵਿਸ਼ਵ ਮੱਛਰ ਦਿਵਸ’। ਦਿਹਾੜਾ ਮਨਾ ਲੈਂਦੇ, ਘਟਣਾ ਕੁਝ ਨਹੀਂ ਸੀ। ਦਿਲ ਪਤਲਾ ਪੈ ਜਾਂਦੈ, ਜਦੋਂ ਡਾਕਟਰ ਆਖਦੈ… ਸੈੱਲ ਘਟਗੇ ਭਾਈ..! ਘਟੀ ਦਾ ਕੌਣ ਰਾਖਾ। ਦਿਹਾੜੀ ਵਾਲੇ ਫਿਰ ਬਾਗੀ ਹੁੰਦੇ ਨੇ। ਦਿਹਾੜਾ ਕਿਥੋਂ ਮਨਾਉਣ, ਦਿਹਾੜੀ ਤਾਂ ਲੱਗੇ। ਚੰਗਾ ਭਲਾ ਬੰਦਾ ਡਿੱਗ ਪੈਂਦੈ, ਜਦੋਂ ਡੇਂਗੂ ਦਾ ਨਾਮ ਸੁਣਦੈ। ਦਿਹਾੜੀ ਵਾਲੇ ਦੀ ਕੀ ਅੌਕਾਤ। ਗਰੀਬ ਬੰਦਾ ਤਾਂ ਬੱਕਰੀ ਦਾ ਦੁੱਧ ਪੀਂਦੈ। ਖੌਰੇ, ਚਾਰ ਸੈੱਲ ਹੀ ਵਧ ਜਾਣ। ਘਟੇ ਹੋਏ ਸੈੱਲਾਂ (ਪਲੇਟਲੈੱਟਸ) ਦੇ ਘਰ ਦੂਰ ਲੱਗਦੇ ਨੇ। ਮਹਿੰਗੇ ਇਲਾਜ ਤੋਂ ਵੀ ਕਿਤੇ ਦੂਰ। ਫਿਰ ਤਾਂ ਨੇੜੇ ਪਤਾਲਪੁਰੀ ਲੱਗਦੀ ਹੈ। ਮੌਤ ਨੂੰ ਮਖੌਲਾਂ ਕਰਨ ਵਾਲੇ। ਨਾ ਟੁੰਡੀ ਲਾਟ ਤੋਂ ਡਰਨ ਵਾਲੇ। ਹੁਣ ਕਾਹਦੇ ਪੰਜਾਬੀ! ਮੱਛਰ ਤੋਂ ਡਰੀਂ ਜਾਂਦੇ ਨੇ। ਪਟਿਆਲੇ ਵਾਲੇ ਮੰਤਰੀ ਨੇ ਦਿਲ ਕਰੜਾ ਕੀਤੈ। ਇਕੱਲੇ ਹੜ੍ਹ ਨਹੀਂ ਆਏ, ਮੱਛਰਾਂ ਦੀ ਫੌਜ ਵੀ ਆਊ। ਤਾਹੀਓਂ ਬ੍ਰਹਮ ਮਹਿੰਦਰਾ ਨੇ ਹੋਕਾ ਦਿੱਤਾ। ‘ਪੰਜਾਬੀਓ! ਆਓ ਮੱਛਰ ਮਾਰੀਏ।’ ਉਹ ਵੇਲਾ ਯਾਦ ਕਰੋ, ਜਦੋਂ ਪਸ਼ੂਆਂ ਕੋਲ ਧੂੰਆਂ ਕਰਦੇ ਹੁੰਦੇ ਸੀ। ਮੱਛਰ ਉਦੋਂ ਪਸ਼ੂਆਂ ਦਾ ਵੈਰੀ ਸੀ। ਬੰਦਾ ਲੰਮੀਆਂ ਤਾਣ ਕੇ ਸੌਂਦਾ ਸੀ। ਅੱਕੇ ਪਸ਼ੂ ਕਦੇ ਪੂਛ ਹਿਲਾਉਂਦੇ, ਛੜਾਂ ਵੀ ਮੱਛਰਾਂ ਦੇ ਮਾਰਦੇ। ਹੁਣ ਪਸ਼ੂ ਤਾਂ ਬਚ ਗਏ, ਬੰਦੇ ਅੜਿੱਕੇ ਆ ਗਏ। ਪੁਰਾਣੇ ਜਨਮਾਂ ਦਾ ਬਦਲਾ ਮੱਛਰ ਹੁਣ ਛੱਜੂ ਰਾਮ ਤੋਂ ਲੈ ਰਹੇ ਨੇ। ਪੂਛ ਹੁੰਦੀ ਤਾਂ ਹਿਲਾ ਲੈਂਦਾ।
                ਨਰਿੰਦਰ ਮੋਦੀ ‘ਤੇ ਮੱਛਰਾਂ ਦੇ ਪੁੱਤ ਪੋਤੇ ਵੀ ਹੱਸੇ। ਜਦੋਂ ਸਰਜੀਕਲ ਸਟ੍ਰਾਈਕ ਕੀਤਾ। ਕਿੰਨੇ ਮਰੇ, ਕੋਈ ਪਤਾ ਨਹੀਂ। ਮੱਛਰਾਂ ਨੇ ਕਿੰਨੇ ਢੇਰ ਕੀਤੇ ਨੇ, ਸਭ ਨੂੰ ਪਤੈ। ਸਿਆਣੇ ਗੱਲਾਂ ਦੱਸਦੇ ਨੇ। ਦੁਨੀਆਂ ’ਚ ਮੱਛਰਾਂ ਦੀ 3500 ਪ੍ਰਜਾਤੀਆਂ ਹਨ। ਛੇ ਫ਼ੀਸਦ ਪ੍ਰਜਾਤੀ ਇਨਸਾਨੀ ਖੂਨ ਪੀਂਦੀ ਹੈ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਫਿਕਰਮੰਦ ਹੈ। ਵਿਗਿਆਨੀ ਮੱਛਰਾਂ ਦਾ ਜੀਨ ਬਦਲਣ ’ਚ ਜੁਟੇ ਨੇ। ਮਾੜੇ ਮੱਛਰਾਂ ਦੀ ਪੀੜ੍ਹੀ ਹੀ ਖ਼ਤਮ ਹੋ ਜਾਊ। ਮੱਛਰ ਕੋਈ ਅੱਜ ਨਹੀਂ ਮੱਛਰਿਐ। ਮਲੇਰੀਏ ਨੂੰ ਮੱਛਰ ਲੈ ਕੇ ਆਇਆ। 1958 ’ਚ ਮਲੇਰੀਏ ਦਾ ਖ਼ਾਤਮੇ ਦਾ ਪਹਿਲਾ ਪ੍ਰੋਗਰਾਮ ਬਣਿਐ। ਏਨੇ ਵਰ੍ਹੇ ਲੰਘ ਗਏ। ਮੱਛਰ ਦਾ ਵਾਲ ਵਿੰਗਾ ਨਹੀਂ ਕਰ ਸਕੇ। ਲੰਘੇ ਤਿੰਨ ਸਾਲਾਂ ’ਤੇ ਨਜ਼ਰ ਘੁੰਮਾਓ। ਮਲੇਰੀਏ ਨੇ ਦੇਸ਼ ’ਚ 621 ਜਾਨਾਂ ਲਈਆਂ। ਗੱਦੀ ’ਤੇ ਕੋਈ ਵੀ ਬੈਠੇ। ਮੱਛਰਾਂ ਨੂੰ ਸਭ ਮਾਸੀ ਦੇ ਪੁੱਤ ਹੀ ਲੱਗਦੇ ਨੇ। ਹੁਣ ਡੇਂਗੂ ਲੈ ਆਏ ਨੇ। ਅੱਧਾ ਵਰ੍ਹਾ ਸੈੱਲ ਵਧਾਉਣ ’ਚ ਲੰਘ ਜਾਂਦੈ। ਗਰੀਬ ਬੰਦਾ ਫੌਤ ਹੋ ਜਾਂਦੈ। ਕੋਟਸ਼ਮੀਰ (ਬਠਿੰਡਾ) ਦੀ ਇੱਕ ਕੁੜੀ ਹੁਣੇ ਡੇਂਗੂ ਨੇ ਡੰਗੀ ਹੈ। ਹਰ ਵਰ੍ਹੇ ਅੌਸਤਨ 15 ਹਜ਼ਾਰ ਡੇਂਗੂ ਦੇ ਸਤਾਏ ਹਸਪਤਾਲ ਭਰਤੀ ਹੁੰਦੇ ਨੇ। ਚਿਕੁਨਗੁਨੀਆ ਤੋਂ ਹਾਲੇ ਪੰਜਾਬੀ ਬਚੇ ਨੇ।
                ਮਾਝੇ ਵਾਲੇ ਪਾਸੇ ਹੜ੍ਹ ਆ ਗਏ। ਸਨੀ ਦਿਓਲ ਫਿਰ ਨਹੀਂ ਆਇਆ। ਕਿਸੇ ਨੇ ਦੱਸਿਐ, ਅਖੇ ਮੱਛਰਾਂ ਤੋਂ ਡਰਦੈ। ਹੇਮਾ ਮਾਲਿਨੀ ਨੇ ਦਿੱਲੀ ’ਚ ‘ਸਵੱਛ ਭਾਰਤ’ ਦਾ ਝਾੜੂ ਲਾਇਆ। ਬੇਖ਼ੌਫ ਹੋਏ ਫਿਰਦੇ ਨੇ ਮੱਛਰ। ਅਮਿਤ ਸ਼ਾਹ ਕੀਹਦਾ ਵਿਚਾਰਾ। ‘ਸ਼ੇਰ ਤੇ ਮੱਛਰ’ ਵਾਲੀ ਕਹਾਣੀ ਸੁਣੀ ਹੋਊ। ਮੱਛਰ ਦਾਦਾ ਅੱਗੇ ਲੱਗਿਆ, ਮੱਛਰ ’ਕੱਠੇ ਹੋਏ, ਹੰਕਾਰੀ ਸ਼ੇਰ ਢਾਹ ਲਿਆ। ਦਹਾੜ ਵੀ ਨਿਕਲੀ ਤੇ ਹੰਕਾਰ ਵੀ। ਛੱਜੂ ਰਾਮਾ ! ਹੰਕਾਰ ਨੂੰ ਮਾਰ ਕਿੰਨੇ ਸਮੇਂ ’ਚ ਪਊ, ਮੈਂ ਨਹੀਂ, ਦੇਸ਼ ਵਾਸੀ ਪੁੱਛਦੇ ਨੇ। ਇੱਧਰ, ਪੰਜਾਬ ਦੇ ਕਿਸਾਨ ਅੱਜ ਵੀ ਪੁੱਛਾਂ ਲੈਂਦੇ ਫਿਰਦੇ ਨੇ। ਚਾਰ ਵਰ੍ਹੇ ਪਹਿਲਾਂ ‘ਚਿੱਟਾ ਮੱਛਰ’ ਆਇਆ। ਖੇਤ ਖਾਲੀ ਕਰ ਗਿਐ। ਪੱਟੇ ਅੱਜ ਤੱਕ ਰਾਸ ਨਹੀਂ ਆਏ।‘ਵਿਸ਼ਵ ਮੱਛਰ ਦਿਵਸ’ ਹਰ ਵਰ੍ਹੇ 20 ਅਗਸਤ ਨੂੰ ਹੁੰਦੈ। ਪੰਜਾਬ ਪੁਲੀਸ ਹੈ ਤਾਂ ਮੁਮਕਿਨ ਹੈ। ‘ਵਿਸ਼ਵ ਮੱਛਰ ਦਿਵਸ’ ਤੋਂ ਐਨ ਪਹਿਲਾਂ ‘ਮੱਛਰ’ ਫੜ ਲਿਆ। ਸਿਹਤ ਮਹਿਕਮੇ ਦੇ ਅਫਸਰ ਐਵੇਂ ਬਾਗੋ ਬਾਗ ਹੋ ਗਏ। ਮਗਰੋਂ ਪਤਾ ਲੱਗਾ ਕਿ ਪੰਮਾ ਉਰਫ ਮੱਛਰ ਮਮਦੋਟ ਪੁਲੀਸ ਨੇ ਫੜਿਐ, ਨਾਲੇ ਪੰਜ ਗਰਾਮ ਹੈਰੋਇਨ ਵੀ। ‘ਮੱਛਰ’ ਗੈਂਗਸਟਰ ਨੂੰ ਪਹਿਲੋਂ ਫੜ ਲਿਆ ਸੀ। ਪੁਰਾਣੇ ਗੀਤਾਂ ਦੇ ਸ਼ੌਕੀਨ ਭੁੱਲੇ ਨਹੀਂ ਹੋਣੇ।
                 ਸੁਰਿੰਦਰ ਕੌਰ ਦਾ ਗਾਣਾ ‘ਮੱਛਰਦਾਨੀ ਲੈ ਦੇ ਵੇ, ਮੱਛਰ ਨੇ ਖਾ ਲਈ ਤੋੜ ਕੇ’। ਉਦੋਂ ਮੱਛਰਦਾਨੀ ਦਾ ਮੁੱਲ 12 ਰੁਪਏ ਸੀ। ਮਾੜਾ ਬੰਦੇ ਦੀ ਪਹੁੰਚ ਤੋਂ ਉਦੋਂ ਵੀ ਬਾਹਰ ਸੀ। ਤਾਹੀਓਂ ਥਰੀਕੇ ਵਾਲੇ ਨੇ ਗੀਤ ’ਚ ਵਾਸਤਾ ਪਾਇਆ, ‘ਆਰਾਮ ਨਾਲ ਸੌਂ ਜਾ ਨੀਂ, ਚਾਦਰ ਦਾ ਪੱਲਾ ਮੋੜ ਕੇ’। ਮਾਓ-ਜੇ-ਤੁੰਗ ਦੀ ਮੱਛਰਦਾਨੀ ਸਭ ਤੋਂ ਵੱਡੀ ਅਯਾਸ਼ੀ ਮੰਨੀ ਜਾਂਦੀ ਸੀ। ਲੋਕਾਂ ਲਈ ਜੋ ਤਿਆਗ ਕਰਦੇ ਨੇ, ਲੰਮਾ ਸਮਾਂ ਦਿਲਾਂ ’ਚ ਉਹੀ ਟਿਕਦੇ ਨੇ। ਜਦੋਂ ਹਕੂਮਤ ਅਯਾਸ਼ ਹੋਵੇ। ਉਦੋਂ ਲੋਕ ਭੁਗਤਦੇ ਨੇ। ਮੱਛਰ ਬਾਘੀਆਂ ਪਾਉਂਦੇ ਨੇ। ਵਿੰਨ੍ਹਿਆ ਗਰੀਬ ਜਾਂਦੈ। ਡੇਂਗੂ ਤੋਂ ਬਚਦੈ, ਕੈਂਸਰ ਢਾਹ ਲੈਂਦੈ। ਜ਼ਿੰਦਗੀ ਦਾ ਘੋਲ ਖੇਡ ਪੂਰੀ ਉਮਰ ਚੱਲਦੈ। ਜਿਨ੍ਹਾਂ ਪੱਲੇ ਛਿੱਲੜ ਨੇ, ਉਨ੍ਹਾਂ ਨੂੰ ਕੌਣ ਢਾਹੂ। ਮਹਾਤੜਾਂ ਨਾਲੋਂ ਤਾਂ ਡਾਢਿਆਂ ਦੇ ਘਰੇਲੂ ਪਸ਼ੂ ਕਿਤੇ ਚੰਗੇ ਨੇ। ਗਰੀਬ ਬੰਦੇ ਦਾ ਕੋਈ ਦਾਰੂ ਨਹੀਂ। ਚੇਤਿਓਂ ਵਿੱਸਰ ਗਈ ਤਾਂ ਪੁਰਾਣੀ ਗੱਲ ਸੁਣੋ। ਪਿੰਡ ਬਾਦਲ ’ਚ ਪਹਿਲਾਂ ਜ਼ਿਲ੍ਹਾ ਪਸ਼ੂ ਕਲੀਨਿਕ ਬਣਿਆ, ਮਗਰੋਂ ਪੌਣੇ ਦੋ ਕਰੋੜ ਨਾਲ ਘੋੜਿਆਂ ਦਾ ਹਸਪਤਾਲ। ਏਮਜ਼ ਤਾਂ ਬਠਿੰਡੇ ਹੁਣ ਬਣਿਐ। ਪਹਿਲੋਂ ਘੋੜਿਆਂ ਦੀ ਚਿੰਤਾ ਨੇ ਸਾਹ ਨਹੀਂ ਲੈਣ ਦਿੱਤਾ। ਏਨਾ ਸ਼ੁਕਰ ਐ, ਘੋੜੇ ਮੱਛਰਾਂ ਤੋਂ ਬਚੇ ਨੇ।
               ਮਹਿਲਾਂ ਵਾਲੇ ਤਬੇਲੇ ਦਾ ਵੀ ਫਿਕਰ ਹੁਣ ਘੱਟ ਨਹੀਂ। ਗੜਵਾਸੂ ਯੂਨੀਵਰਸਿਟੀ ਦੇ ਡਾਕਟਰ ਹਰ ਮਹੀਨੇ ਤਬੇਲੇ ਦਾ ਗੇੜਾ ਮਾਰਦੇ ਨੇ। ਸਰਕਾਰ ਨੇ ਮਹਿਲਾਂ ’ਚ ਡੈਪੂਟੇਸ਼ਨ ’ਤੇ ਇੱਕ ਵੈਟਰਨਰੀ ਇੰਸਪੈਕਟਰ ਵੀ ਲਾਇਆ। ਕੇਰਾਂ ਬਾਦਲਾਂ ਦੇ ‘ਗਲੋਬਲ ਵਾੜੇ’ ਦੀ ਖੱਚਰ ਨੂੰ ਨਿਮੋਨੀਆ ਹੋ ਗਿਆ ਸੀ। ਉਦੋਂ ਵੀ ਡਾਕਟਰਾਂ ਦੀ ਜਾਨ ਮੁੱਠੀ ’ਚ ਆਈ ਰਹੀ ਸੀ। ਰਾਜਪਾਲ ਪੰਜਾਬ ਦੀ ਰਿਹਾਇਸ਼ ’ਤੇ ਦੇਸੀ ਗਾਵਾਂ ਨੇ ਜਿਥੇ ਨਾ ਕੋਈ ਮੱਖੀ ਹੈ ਤੇ ਨਾ ਮੱਛਰ। ਡਾਕਟਰਾਂ ਦੀ ਪੂਰੀ ਨਜ਼ਰ ਹੈ। ‘ਮਿਸ਼ਨ ਤੰਦਰੁਸਤ ਪੰਜਾਬ’ ਵਿਹੜਿਆਂ ਤੋਂ ਹਾਲੇ ਦੂਰ ਹੈ। ਵੱਡਿਆਂ ਲਈ ਸਭ ਕੁਝ ਦਰਾਂ ’ਤੇ ਹੈ। ਵੈਟਰਨਰੀ ਯੂਨੀਵਰਸਿਟੀ ਵਿਚਲਾ ਪਸ਼ੂ ਹਸਪਤਾਲ। ਜਿਥੇ ਹਰ ਮਹੀਨੇ ਪੰਜ-ਸੱਤ ਵੀਆਈਪੀ ਜਾਨਵਰ ਆਉਂਦੇ ਹਨ। ਵੱਡੇ ਅਫ਼ਸਰਾਂ ਦੇ ਜਾਨਵਰ ਵੀ। ਵੱਡੇ ਘਰਾਂ ਦੇ ਕੁੱਤਿਆਂ ਤੇ ਘੋੜਿਆਂ ਦਾ ਖਰਚਾ ਆਮ ਪਰਿਵਾਰਾਂ ਨਾਲੋਂ ਕਿਤੇ ਜ਼ਿਆਦਾ ਹੈ। ਬਠਿੰਡਾ ਦੇ ਇੱਕ ਪੁਰਾਣੇ ਡੀਸੀ ਨੇ ਮੱਝ ਰੱਖੀ ਹੋਈ ਸੀ। ਵੀਆਈਪੀ ਮੱਝ ਦੀ ਸੇਵਾ ’ਤੇ ਛੇ ਸੇਵਾਦਾਰ ਲੱਗੇ ਸਨ। ਹਲਕਾ ਪਟਵਾਰੀ ਨਿੱਤ ਹਰਾ ਚਾਰਾ ਭੇਜਦਾ ਸੀ। ਸਿੱਖਿਆ ਮਹਿਕਮੇ ਦਾ ਸੇਵਾਦਾਰ ਧਾਰਾਂ ਕੱਢਦਾ ਸੀ। ਚੰਡੀਗੜ੍ਹ ਪ੍ਰਸ਼ਾਸਨ ਕਿਤੇ ਸਖ਼ਤ ਨਾ ਹੁੰਦਾ। ਸਭ ਵਜ਼ੀਰਾਂ ਨੇ ਘਰਾਂ ’ਚ ਮੱਝਾਂ ਬੰਨ੍ਹ ਲੈਣੀਆਂ ਸਨ। ਭਾਵੇਂ ਮੱਛਰ ਬੁਰੇ ਦੇ ਘਰ ਤੱਕ ਆ ਜਾਂਦੇ।
                  ਗਰੀਬ ਘਰਾਂ ਦੇ ਭਾਗ ਵੀ ਚੰਗੇ ਕਿਥੇ। ਸੀਮਾ ਨੇੜਲੇ ਪਿੰਡਾਂ ਦੇ ਲੋਕ ਇਲਾਜ ਲਈ ਹਰਿਆਣੇ ’ਚ ਜਾਂਦੇ ਨੇ। ਬੁਢਲਾਡੇ ਨੇੜੇ ਬੇਰੁਜ਼ਗਾਰ ਨੌਜਵਾਨ ਮੇਹਰ ਸਿੰਘ ਦੋ ਦਿਨ ਪਹਿਲਾਂ ਖੁਦਕੁਸ਼ੀ ਕਰ ਗਿਆ। ਜਦੋਂ ਪਤਾ ਲੱਗਿਆ ਕਿ ਬਾਪੂ ਨੂੰ ਗੋਡੇ ਦੇ ਅਪਰੇਸ਼ਨ ਲਈ ਵੀ ਕਰਜ਼ਾ ਚੁੱਕਣਾ ਪਿਐ। ਮੇਹਰ ਭਰੇ ਹੱਥ ਉੱਠਣੋਂ ਕਿਉਂ ਬੰਦ ਹੋ ਗਏ ਨੇ। ਪੰਜਾਬ ਸਰਕਾਰ ਨੇ ‘ਸਰਬੱਤ ਸਿਹਤ ਬੀਮਾ ਯੋਜਨਾ’ ਦੀ ਘੁੰਡ ਚੁਕਾਈ ਕਰ ਕੇ ਨਵੀਂ ਮਿਹਰ ਕੀਤੀ ਹੈ। ਦਾਅਵਾ ਹੈ ਕਿ 75 ਫੀਸਦੀ ਆਬਾਦੀ ਪੰਜ ਲੱਖ ਤੱਕ ਦਾ ਇਲਾਜ ਕਿਤੋਂ ਵੀ ਮੁਫ਼ਤ ਕਰਾ ਲਏ। ਮੁਫ਼ਤ ‘ਚ ਫੌਗਿੰਗ ਤਾਂ ਕਰੋ।ਪੇਂਡੂ ਡਿਸਪੈਂਸਰੀਆਂ ਲਈ ਦਵਾਈਆਂ ਨਹੀਂ। ਪੰਚਾਇਤੀ ਮਹਿਕਮੇ ਨੇ ਸਿਹਤ ਕਾਰਪੋਰੇਸ਼ਨ ਦੇ ਪੁਰਾਣੇ 20 ਕਰੋੜ ਦੇ ਬਿੱਲ ਤਾਰੇ ਨਹੀਂ। ਕਾਰਪੋਰੇਸ਼ਨ ਆਖਦੀ ਹੈ, ਪਹਿਲਾਂ ਪੈਸੇ ਦਿਓ। ਜਦੋਂ ਗਰੀਬ ਦੀ ਵਾਰੀ ਆਉਂਦੀ ਹੈ। ਖਜ਼ਾਨਾ ਭਾਫਾਂ ਛੱਡਣ ਲੱਗ ਜਾਂਦਾ ਹੈ। ਹਾਕਮ ਐਵੇਂ ਤਾਂ ਨਹੀਂ ਬੁੱਲੇ ਲੁੱਟ ਰਹੇ। ਅਖੀਰ ’ਚ ਛੱਜੂ ਰਾਮ ਦਾ ਪ੍ਰਵਚਨ, ‘ਸਿਆਸੀ ਜ਼ੈਲਦਾਰੋ, ਚੇਤੇ ਰੱਖਿਓ, ਮੌਤ ਤਾਂ ਸੱਤ ਸੰਦੂਕਾਂ ’ਚ ਵੀ ਆ ਜਾਂਦੀ ਹੈ, ਮੱਛਰ ਤਾਂ ਫਿਰ ਐਵੇਂ ਬਹਾਨੇ ਬਣਦੇ ਨੇ।’


No comments:

Post a Comment