Sunday, August 18, 2019

                       ਵਿਚਲੀ ਗੱਲ
      ਕੀਹਦੀ ਮਾਂ ਨੂੰ ਮਾਸੀ ਕਹੀਏ..!
                      ਚਰਨਜੀਤ ਭੁੱਲਰ
ਬਠਿੰਡਾ : ਰਾਮੇ ਵਾਲੀ ਭੂਆ ਨੂੰ ਬੱਚਾ ਬੱਚਾ ਜਾਣਦੈ। ਬਠਿੰਡੇ ਵਾਲੀ ਮਾਮੀ ਨੂੰ ਕੌਣ ਭੁੱਲਿਐ। ਮਾਸੀ ਦਾ ਨਾਂ ਪਠਾਨਕੋਟ ’ਚ ਚੱਲਦੈ। ਮਾਨਸਾ ’ਚ ਦਰਾਣੀ-ਜੇਠਾਣੀ, ਕਿਸੇ ਨੂੰਹ-ਧੀ ਨਾਲੋਂ ਘੱਟ ਨਹੀਂ। ਰੂਹਾਂ ਵਾਲੇ ਏਹ ਰਿਸ਼ਤੇ ਖੜਸੁੱਕ ਹੋ ਗਏ। ਕਿੰਨਾ ਕੁ ਚਿਰ ਮੁੱਠੀ ਬੰਦ ਰੱਖੋਗੇ। ਸ਼ਹਿਰ ਭੰਬੋਰ ਤਾਂ ਲੁੱਟਿਆ ਗਿਆ। ਕਦੋਂ ਹੋਸ਼ ’ਚ ਆਓਗੇ। ਜ਼ਮੀਰ ਮਰ ਜਾਏ, ਇਖ਼ਲਾਕ ਠਰ ਜਾਏ, ਫਿਰ ਕਿਸੇ ਦੀ ਮਾਂ ਨੂੰ ਵੀ ਮਾਸੀ ਕਹਿ ਲੈਣਾ। ਕਿੰਨੇ ਘਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ। ਮਾਸੀ ਪਠਾਨਕੋਟ ਵਾਲੀ ਨੇ। ਚਰਸ ਲੈਣੀ ਹੋਵੇ ਤੇ ਚਾਹੇ ਚਿੱਟਾ। ਏਸ ਮਾਸੀ ਨੂੰ ਯਾਦ ਕਰੋ। ਵੇਲਾ ਉਹ ਵੀ ਯਾਦ ਕਰੋ, ਜਦੋਂ ਮਾਂ ਦਾ ਦੂਜਾ ਰੂਪ ਮਾਸੀ ਸੀ। ਹੁਣ ਰਿਸ਼ਤੇ ਨਾਤੇ ਅੌੜ ਝੱਲ ਰਹੇ ਨੇ। ਸਜੇ ਬਾਜ਼ਾਰ ’ਚ ਕੌਣ ਪਿੱਛੇ ਰਹਿੰਦੈ। ਪੰਜਾਬ ਦੀ ਟੇਲ ’ਤੇ ਰਾਮਾਂ ਮੰਡੀ। ਨੇੜੇ ਪੈਂਦਾ ਇੱਕ ਪਿੰਡ। ਜਿਥੋਂ ਦੀ ਭੂਆ ਦੇ ਕੋਹਾਂ ਤੱਕ ਚਰਚੇ ਨੇ। ਭੂਆ ਨੂੰ ਜੋ ਮੱਥਾ ਟੇਕਦੈ, ਫਿਰ ਝੂਮਦਾ ਹੀ ਜਾਂਦੈ। ਭੂਆ ਤੋਂ ਛੁੱਟ ਭਲਾਈ ਸਭ ਕੁਝ ਮਿਲਦੈ। ਸੈਂਕੜੇ ਭਤੀਜੇ ਗਾਲ ਦਿੱਤੇ ਨੇ। ਪਿੰਡ ਸ਼ਰਮ ‘ਚ ਤਾਂ ਡੁੱਬਿਐ। ਭੂਆ ਖ਼ਿਲਾਫ਼ ਕੌਣ ਬੋਲੂ, ਕਿਸੇ ਦਾ ਹੀਆ ਨਹੀਂ ਪੈਂਦਾ। ਬਠਿੰਡੇ ਵਾਲੀ ਮਾਮੀ ਦਾ ਵੀ ਸਿੱਕਾ ਚੱਲਦੈ। ਭਾਵੇਂ ਮਾਲ ਲਓ ਤੇ ਚਾਹੇ ਮਲਾਈ। ਫਿਰੋਜ਼ਪੁਰ ਵਾਲੀ ਭਾਬੀ ਦੀ ਧਮਕ ਜਲੰਧਰ ਤੱਕ ਪੈਂਦੀ ਸੀ। ਵੱਡੀ ਭਾਬੀ ਹੁਣ ਮਾਂ ਵਰਗੀ ਨਹੀਂ ਰਹੀ। ਭਲੇ ਵੇਲੇ ਤਾਂ ਡੁੱਬ ਗਏ ਨੇ। ਜਦੋਂ ਤੋਟ ਲੱਗਦੀ ਸੀ, ਮੁੰਡੇ ਭਾਬੀ ਨੂੰ ਯਾਦ ਕਰਦੇ ਸਨ। ਬਰਨਾਲਾ-ਮੋਗਾ ਸੜਕ ’ਤੇ ਪੈਂਦਾ ਇੱਕ ਪਿੰਡ, ‘ਸਕੂਟਰੀ ਵਾਲੀ ਆਂਟੀ’ ਨੇ ਮਸ਼ਹੂਰ ਕਰ ’ਤਾ। ਫੋਨ ਦੀ ਘੰਟੀ ਮਾਰੋ, ‘ਚਿੱਟੇ’ ਦੀ ਹੋਮ ਡਲਿਵਰੀ ਮਿਲਦੀ ਹੈ।
                  ਜਦੋਂ ਰਿਸ਼ਤੇ ਜੰਗਾਲੇ ਜਾਣ, ਖੂਨ ਦਾ ਰੰਗ ਸਫ਼ੈਦ ਹੋ ਜਾਂਦੈ। ਜ਼ਿੰਦਗੀ ‘ਚਿੱਟਾ’ ਹੋ ਜਾਂਦੀ ਹੈ। ਨਾਤੇ ਹੁਣ ਨਿੱਘ ਨਹੀਂ ਦਿੰਦੇ, ਬੱਸ ਸੇਕਦੇ ਹਨ, ਸਿਵਿਆਂ ਦੀ ਅੱਗ ’ਚ ਨਵਾਂ ਖੂਨ ਲਟ ਲਟ ਬਲਦੈ। ਬਲਦੀ ’ਤੇ ਤੇਲ ਬੇਗਾਨੇ ਨਹੀਂ, ਪੁਲੀਸ ਵਾਲੇ ‘ਮਾਮੇ’ ਪਾਉਂਦੇ ਨੇ। ਮਾਨਸਾ (ਸਦਰ) ਥਾਣੇ ਦੇ ਇੱਕ ਪਿੰਡ ’ਚ ਦਰਾਣੀ-ਜੇਠਾਣੀ ਕਿੱਕਲੀ ਪਾ ਰਹੀਆਂ ਹਨ। ਦਰਾਣੀ ਸ਼ਰਾਬ ਵੇਚਦੀ ਹੈ, ਜੇਠਾਣੀ ਭੁੱਕੀ ਤੇ ਚਿੱਟਾ। ਕੋਈ ਸਾਂਝ ਪਿੰਡ ਨਾਲ ਹੁੰਦੀ, ਦਰਾਣੀ-ਜੇਠਾਣੀ ਦਾ ਧੰਦਾ ਸਾਂਝਾ ਨਹੀਂ ਚੱਲਣਾ ਸੀ। ਜਵਾਨੀ ਸੁੰਗੜਨ ਤੋਂ ਕਿਵੇਂ ਰੁੱਕ ਸਕਦੀ ਹੈ। ਆਲਮ ਲੁਹਾਰ ਗਾਉਂਦਾ ਮਰ ਗਿਆ, ‘ਏਹ ਜਵਾਨੀ ਚਾਰ ਦਿਹਾੜੇ, ਖੁਸ਼ੀਆਂ ਨਾਲ ਹੰਢਾਈਏ’। ਜਿਥੇ ਰਾਜੇ ਲੰਮੀਆਂ ਤਾਣ ਕੇ ਸੌ ਜਾਣ, ਉਥੇ ਚੁੱਲ੍ਹੇ ਚੌਂਕੇ ਵੀ ਸੁੰਨੇ ਹੋ ਜਾਂਦੇ ਹਨ। ਧੀਆਂ ਪੁੱਤਾਂ ਨੂੰ ਕਦੇ ਇਨ੍ਹਾਂ ਚੁੱਲ੍ਹਿਆਂ ਤੋਂ ਨਿੱਘ ਮਿਲਦਾ ਸੀ। ਚੁੱਲ੍ਹਿਆਂ ਦੀ ਰਾਣੀ ਨੇ ਹੁਣ ਨਸ਼ੇ ਦੇ ਭੱਠ ਤਪਾ ਲਏ ਹਨ। ਪੰਜਾਬ ਦਾ ਭੱਠਾ ਐਵੇਂ ਤਾਂ ਨਹੀਂ ਬੈਠਿਆ। ਉਹ ਸਮਾਂ ਦੂਰ ਗਿਆ, ਜਦੋਂ ਕੁੜੀ ਪੂਰੇ ਪਿੰਡ ਦੀ ਧੀ ਹੁੰਦੀ ਸੀ। ਮੁਕਤਸਰ ਨੇੜਲਾ ਪਿੰਡ। ਪਿੰਡ ਦੇ ਨਾਮ ’ਚ ਤਾਂ ਭਲਾਈ ਛੁਪੀ ਹੈ। ਜ਼ਮਾਨਤ ’ਤੇ ਆਈ ਧੀ ’ਤੇ ਪਿੰਡ ਕਿਵੇਂ ਮਾਣ ਕਰੇ। ਨਸ਼ਾ ਵੇਚਦੀ ਹੁਣ ਫਿਰ ਫੜੀ ਗਈ, ਪਿੰਡ ਸ਼ਰਮ ’ਚ ਡੁੱਬਿਐ। ਗਿੱਦੜਬਾਹੇ ਕੋਲੋਂ ਇੱਕ ਮੇਮਣਾ ਚੋਰੀ ਹੋਇਆ। ਉਦੋਂ ਵੀ ਇਹੋ ਕੁੜੀ ਦਬੋਚੀ ਗਈ। ਮੁਕਤਸਰ ਦਾ ਪਿੰਡ ਝੋਰੜ ਕਦੇ ਮਸ਼ਹੂਰ ਸੀ ਨਰਮੇ ਦੀ ਝੋਰੜ ਕਿਸਮ ਕਰ ਕੇ। ਝੋਰੜ ਪਿੰਡ ਹੁਣ ਸ਼ਰਮਸਾਰ ਹੈ। ਦੋ ਦਰਜਨ ਅੌਰਤਾਂ ’ਤੇ ਨਸ਼ੇ ਦੇ ਪਰਚੇ ਹਨ। ਹੁਸ਼ਿਆਰਪੁਰ ਦਾ ਪਿੰਡ ਦੋਨਾ ਖੁਰਦ। ਝੰਡੀ ਲੈ ਗਿਐ ਪੰਜਾਬ ’ਚੋਂ। ਇੱਥੋਂ ਦੀਆਂ ਅੌਰਤਾਂ ’ਤੇ ਨਸ਼ਿਆਂ ਦੇ 70 ਕੇਸ ਦਰਜ ਹਨ।
                   ਪਿੰਡ ਦੌਲੇਵਾਲਾ (ਮੋਗਾ) ਕਿਸੇ ਨਾਲੋਂ ਘੱਟ ਐ। 70 ਅੌਰਤਾਂ ’ਤੇ ਭੁੱਕੀ ਤੇ ਚਿੱਟੇ ਦੇ ਪਰਚੇ ਦਰਜ ਨੇ। ਪੰਜਾਬ ’ਚ ਵੱਡੇ ਘਰ ਵੀ ਪਿੱਛੇ ਨਹੀਂ। ਵੱਡੇ ਘਰਾਂ ਦੀਆਂ ਨੂੰਹਾਂ ਤੇ ਧੀਆਂ ਦੇ ਨਾਮ ’ਤੇ ਸ਼ਰਾਬ ਦੇ ਠੇਕੇ ਹਨ। ਅਰਨੀਵਾਲਾ ਪੁਲੀਸ ਨੇ ਇੱਕ ਤਿੱਕੜੀ ਫੜੀ ਹੈ, ਨਾਲੇ ਗੋਲੀਆਂ। ਨਿੰਮੋ, ਨਸੀਬੋ ਤੇ ਚੰਨੋ। ਇੱਕ ਮੋਟਰਸਾਈਕਲ ਰੱਖਿਐ। ਘਰੋ ਘਰੀ ਮਾਲ ਦਿੰਦੀਆਂ ਨੇ। ਪੰਜ ਹਜ਼ਾਰ ਅੌਰਤਾਂ ਇਸ ਮੰਡੀ ’ਚ ਕੁੱਦੀਆਂ ਨੇ। ਪੰਜਾਬ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ। ਇਖ਼ਲਾਕ ਗੁਆਚਿਆ ਹੈ ਤੇ ਰਿਸ਼ਤੇ ਨਾਤੇ ਖੁਰੇ ਹਨ। ਰੂਹਾਂ ਦੇ ਰਿਸ਼ਤੇ, ਪੈਸੇ ਦੀ ਤੱਕੜੀ ’ਚ ਤੁਲੇ ਨੇ। ਅੱਜ ਦੀ ਇੱਛਰਾਂ ਧਾਹਾਂ ਮਾਰ ਰਹੀ ਹੈ। ਰੱਬਾ, ਕਿਵੇਂ ਬਚਾਈਏ ਏਹ ਰਿਸ਼ਤੇ। ਆਤਮਜੀਤ ਜੀ, ਤੁਸੀਂ ਹੀ ਦੱਸ ਦਿਓ ਕੋਈ ਗੁਰ। ਸਮਾਂ ਲੱਗੇ ਤਾਂ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂਅ’ ਨਾਟਕ ਦਾ ਦੂਜਾ ਭਾਗ ਵੀ ਲਿਖਿਓ। ਪੰਜਾਬ ਦੀ ਰਗ-ਰਗ ਤੋਂ ਜਾਣੂ ਹੋ। ਲੰਮਾ ਘੁੰਡ ਕਦੇ ਸ਼ਰਮ ਦਾ ਪ੍ਰਤੀਕ ਸੀ। ਪਤੀ ਦਾ ਨਾਮ ਲੈਣਾ ਉਦੋਂ ਤੌਹੀਨ ਸੀ। ਅੌਰਤਾਂ ਘਰ ਦੀ ਦੌਲਤ ਸਨ। ਜ਼ਮਾਨੇ ਬਦਲੋ, ਤਰੱਕੀਆਂ ਮਾਣੋ, ਰਿਸ਼ਤੇ ਤਾਂ ਪਾਕ ਰਹਿਣ ਦਿਓ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਜੋ ਪੁੱਠੇ ਰਾਹ ਪਈਆਂ ਹਨ, ਉਨ੍ਹਾਂ ਨੂੰ ਇਤਿਹਾਸ ਮੁਆਫ਼ ਨਹੀਂ ਕਰੇਗਾ। ਪੰਜਾਬ ਦੇ ਮੱਥੇ ਪਹਿਲਾਂ ਕੁੜੀਮਾਰ ਦਾ ਦਾਗ ਲੱਗਿਆ।
               ਅਣਖ ਲਈ ਗਾਟੇ ਵੀ ਲਾਹ ਰਹੇ ਨੇ। ਜਬਰ-ਜਨਾਹ ਵੇਲੇ ਸਭ ਕੁਝ ਭੁੱਲ ਜਾਂਦੇ ਨੇ। ਇਕੱਲੇ ਮਿੱਟੀ ਪਾਣੀ ਪਲੀਤ ਨਹੀਂ ਹੋਏ, ਰਿਸ਼ਤੇ ਵੀ ਜੈਵਿਕ ਨਹੀਂ ਰਹੇ। ਇਵੇਂ ਦੇ ਚੌਗਿਰਦੇ ’ਚ ਰਿਸ਼ਤੇ ਮੌਲਣ ਲਈ ਥਾਂ ਨਹੀਂ ਬਚਦੀ। ਬਟਾਲਾ ਕੋਲ ਇੱਕ ਪਿੰਡ ’ਚ ਹੁਣੇ ਘਟਨਾ ਵਾਪਰੀ ਹੈ। ਅੱਠਵੀਂ ’ਚ ਪੜ੍ਹਦੀ ਬੱਚੀ ਭੂਆ ਨੂੰ ਮਿਲਣ ਗਈ। ਫੁੱਫੜ ਨੇ ਹੀ ਰਿਸ਼ਤਾ ਦਾਗਦਾਰ ਕਰ ਦਿੱਤਾ । ਪੁੱਤਾਂ ਲਈ ਮਾਪੇ ਝਟਕਾਉਣੇ ਖੱਬੇ ਹੱਥ ਦਾ ਖੇਡ ਹੋ ਗਿਆ। ਮਾਵਾਂ ਹੁਣ ਪੁੱਤਾਂ ਨੂੰ ਨਹੀਂ ਸਿਆਣਦੀਆਂ। ਵਿਦੇਸ਼ਾਂ ’ਚ ਤਾਂ ਰਿਸ਼ਤੇ ਕਿੱਥੇ ਬਚਣੇ ਸਨ, ਸੂਲੀ ਚਾੜ੍ਹ ਦਿੱਤੇ ਨੇ। ਕੋਈ ਸ਼ੱਕ ਹੋਵੇ ਤਾਂ ਗੁਰਬਚਨ ਦੀ ‘ਮਹਾਂਯਾਤਰਾ’ ਪੜ੍ਹ ਲੈਣਾ। ‘ਬੈਂਡਾਂ ਦੀ ਮੰਡੀ’ ਵੀ ਰਿਸ਼ਤਿਆਂ ਦਾ ਬੈਂਡ ਵਜਾ ਰਹੀ ਹੈ। ਮਜਬੂਰੀ ਕਹੋ ਜਾਂ ਸਮੇਂ ਦਾ ਤਕਾਜ਼ਾ। ਸਭ ਨੇ ਅੱਖਾਂ ਮੀਚ ਲਈਆਂ ਹਨ। ‘ਚਿੱਟੇ’ ਤੋਂ ਵੱਡਾ ਕਾਰੋਬਾਰ ਹੈ। ਪਹਿਲਾਂ ਰਿਸ਼ਤੇ, ਟੱਬਰ ਤੇ ਖਾਨਦਾਨ ਦੇਖ ਕੇ ਹੁੰਦੇ ਸਨ। ਹੁਣ ਬੈਂਡ ਵੇਖੇ ਜਾਂਦੇ ਹਨ। ਪਹਿਲਾਂ, ਕੱਚੇ ਘਰਾਂ ’ਚ ਪੱਕੇ ਵਿਆਹ ਹੁੰਦੇ ਸਨ। ਹੁਣ ਘਰ ਪੱਕੇ ਨੇ ਤੇ ਵਿਆਹ ਕੱਚੇ। ਬਾਲਿਆਂ ਵਾਲੀ (ਬਠਿੰਡਾ) ਥਾਣੇ ਨੂੰ ਧਰਤੀ ਵਿਹਲ ਨਾ ਦੇਵੇ। ਜਦੋਂ ਪਤਾ ਲੱਗਾ ਕਿ ਭੈਣ ਨੇ ਸਕੇ ਭਰਾ ਨਾਲ ਵਿਆਹ ਕਰਾ ਲਿਆ। ਸਿਰਫ਼ ਵਲੈਤ ਜਾਣ ਲਈ। ਮਾਪੇ ਤਾਂ ਬੁੱਢੇ ਕੰਤ ਸਹੇੜ ਰਹੇ ਨੇ।
              ਕੁਝ ਵਰ੍ਹੇ ਪਹਿਲਾਂ ਦੀ ਗੱਲ ਸੁਣੋ। ਬਰਨਾਲੇ ਦੀ 20 ਸਾਲ ਦੀ ਕੁੜੀ ਦਾ 51 ਸਾਲ ਦੇ ਗੋਰੇ ਨਾਲ ਵਿਆਹ ਹੋਇਐ। ਮਕਸਦ ਜਰਮਨ ਜਾਣ ਦਾ ਸੀ। ਖਮਾਣੋਂ ਤਹਿਸੀਲ ’ਚ 29 ਸਾਲ ਦੇ ਮੁੰਡੇ ਨੇ 53 ਸਾਲ ਦੀ ਗੋਰੀ ਨਾਲ ਵਿਆਹ ਰਚਾਇਆ। ਸੰਗਰੂਰ ਜ਼ਿਲ੍ਹੇ ’ਚ 34 ਸਾਲ ਦੀ ਕੁੜੀ ਨੇ 62 ਸਾਲ ਦੇ ਵਿਅਕਤੀ ਨਾਲ ਲਾਵਾਂ ਲਈਆਂ। ਕੁੜੀਆਂ ਵਿਦੇਸ਼ ਉਡਾਰੀ ਮਾਰ ਰਹੀਆਂ ਨੇ। ਇੱਧਰ, ਮੁੰਡੇ ਓਵਰਏਜ ਹੋ ਰਹੇ ਨੇ। ਨਾ ਨੌਕਰੀ ਤੇ ਨਾ ਛੋਕਰੀ ਮਿਲ ਰਹੀ ਹੈ। ‘ਮਾਂ ਨੇ ਜੰਮੇ ਚੰਦਰ ਭਾਨ, ਚੁੱਲ੍ਹੇ ਅੱਗ ਨਾ ਮੰਜੇ ਵਾਣ’, ਕਿਸੇ ’ਤੇ ਕਾਹਦਾ ਗਿਲਾ। ਕੈਪਟਨ ਦਾ ਖੂੰਡਾ ਪਤਾ ਨਹੀਂ ਕਿਥੇ ਗੁਆਚਿਐ। ਹਰਿਆਣੇ ਦੇ ਮੁੱਖ ਮੰਤਰੀ ਨੇ ਜੀਂਦ ’ਚ ਅਮਿਤ ਸ਼ਾਹ ਨੂੰ ਲੱਠ ਦਿੱਤੀ ਐ। ਅਕਾਲੀ ਆਖ ਰਹੇ ਨੇ, ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤੈ। ਸ਼ਵੇਤ ਮਲਿਕ ਕਹਿੰਦਾ ਫਿਰਦੈ, 2022 ’ਚ ਦੱਸਾਂਗੇ। ਪੰਜਾਬੀਆਂ ਨੂੰ ਸੰਮਾਂ ਵਾਲੀ ਡਾਂਗ ਨਹੀਂ ਲੱਭ ਰਹੀ। ਛੱਜੂ ਰਾਮ ਦਾ ਖੂਨ ਖੌਲਿਐ, ‘ਸਾਧ ਦੇ ਬਚਨਾਂ ’ਤੇ ਨਾ ਰਹੋ, ਮੁੱਠੀ ਤਾਂ ਖੁੱਲ੍ਹ ਹੀ ਗਈ, ਫੜੋ ਡਾਂਗ ਤੇ ਭੰਨੋ ਮੌਰ, ਫਿਰ ਦੇਖਿਓ ਪਦੀੜ ਪੈਂਦੀ ‘ਮਾਸੀ’ ਤੇ ‘ਭੂਆ’ ਦੀ।’


No comments:

Post a Comment